Resurrection (Russian Novel in Punjabi) : Leo Tolstoy (Translator : Prof. Puran Singh)
ਮੋਇਆਂ ਦੀ ਜਾਗ (ਰੂਸੀ ਨਾਵਲ) : ਲਿਉ ਤਾਲਸਤਾਏ (ਅਨੁਵਾਦ : ਪ੍ਰੋ. ਪੂਰਨ ਸਿੰਘ)
ਮੋਇਆਂ ਦੀ ਜਾਗ-ਕਾਂਡ ੨੬. : ਲਿਉ ਤਾਲਸਤਾਏ
"ਹਜੂਰ ਵਾਲਾ! ਅੰਦਰ ਆਓ," ਕੋਰਚਾਗਿਨਾਂ ਦੇ ਮਹਿਲ ਦੇ ਵੱਡੇ ਤੇ ਮੋਟੇ ਤੇ ਉਹਦੇ ਪਛਾਣਨ ਵਾਲੇ ਦਵਾਰਪਾਲ ਨੇ ਉਹਨੂੰ ਦਰਵਾਜ਼ਾ ਖੋਲ ਕੇ ਆਖਿਆ। ਦਰਵਾਜ਼ਾ ਅੰਗਰੇਜ਼ੀ ਪੇਟੰਟ ਕਬਜਿਆਂ ਉੱਪਰ ਬਿਨਾਂ ਆਵਾਜ਼ ਦੇ ਖੁਲ੍ਹ ਗਏ। "ਆਪ ਦੀਆਂ ਉਡੀਕਾਂ ਹੋ ਰਹੀਆਂ ਹਨ, ਖਾਣੇ ਉੱਪਰ ਬਹਿ ਗਏ ਹਨ, ਪਰ ਹੁਕਮ ਹੈ ਜਿਸ ਵਕਤ ਆਪ ਆਓ ਆਪ ਨੂੰ ਅੰਦਰ ਲਿਆਂਦਾ ਜਾਏ," ਦਵਾਰਪਾਲ ਉਹਦੇ ਨਾਲ ਪੌੜੀਆਂ ਤਕ ਗਇਆ ਤੇ ਘੰਟੀ ਵਜਾਈ।
"ਕੋਈ ਓਪਰਾ ਬੰਦਾ ਵੀ ਮਹਿਮਾਨ ਹੈ?" ਨਿਖਲੀਊਧਵ ਨੇ ਆਪਣਾ ਉੱਪਰ ਦਾ ਕੋਟ, ਓਵਰ ਕੋਟ, ਲਾਂਹਦਿਆਂ ਲਾਂਹਦਿਆ ਪੁੱਛਿਆ।
"ਸਿਰਫ ਐਮ ਕੋਲੋਸੋਵ ਤੇ ਮਾਈਕਲ ਸੈਰਗੇਵਿਚ ਤੇ ਆਪਣਾ ਟੱਬਰ।"
ਉੱਪਰ ਜਾਂਦੀਆਂ ਸੀਹੜੀਆਂ ਦੇ ਲਾਂਘੇ ਤੇ ਇਕ ਬੜਾ ਸੋਹਣਾ ਹਜੂਰੀਆ ਅਬਾਬੀਲ ਦੇ ਦੁੱਮ ਵਾਲਾ ਕੋਟ ਚਿਟੇ ਦਸਤਾਨੇ ਪਾਈਖੜਾ ਹਿਠਾਹਾਂ ਨੂੰ ਵੇਖ ਰਹਿਆ ਸੀ।
"ਹਜ਼ੂਰ ਵਾਲਾ! ਉੱਪਰ ਆਓ," ਉਹ ਬੋਲਿਆਂ "ਆਪ ਦੀ ਉਡੀਕ ਹੋ ਰਹੀ ਹੈ।"
ਨਿਖਲੀਊਧਵ ਉੱਪਰ ਗਇਆ ਤੇ ਵੱਡੇ ਨਾਚ ਵਾਲੇ ਆਲੀਸ਼ਾਨ ਹਾਲ, ਜਿਹਨੂੰ ਉਹ ਚੰਗੀ ਤਰਾਂ ਜਾਣਦਾ ਸੀ, ਦੇ ਵਿੱਚੋਂ ਦੀ ਲੰਘ ਕੇ ਖਾਣ ਵਾਲੇ ਕਮਰੇ ਵਿੱਚ ਦਾਖਲ ਹੋਇਆ। ਅੱਗੇ ਕੋਰਚਾਗਿਨਾਂ ਦਾ ਸਾਰਾ ਟੱਬਰ—ਮਾਂ ਸੋਫੀਆ ਵੈਸੀਲਿਵਨਾ ਦੇ ਸਿਵਾ, (ਉਹ ਸਦਾ ਆਪਣੇ ਨਿਜ ਦੇ ਸੱਜੇ ਕਮਰੇ ਵਿੱਚ ਹੀ ਰਹਿੰਦੀ ਸੀ), ਮੇਜ਼ ਉੱਪਰ ਬੈਠੇ ਸਨ। ਮੇਜ਼ ਦੇ ਸਿਰ ਉੱਪਰ ਬੁੱਢਾ ਕੋਰਚਾਗਿਨ ਬੈਠਾ ਸੀ, ਉਹਦੇ ਖੱਬੇ ਡਾਕਟਰ, ਸੱਜੇ ਇਕ ਮਹਿਮਾਨ ਆਈਵਨ ਈਵਾਨਿਚ ਕੋਲੋਸੋਵ ਜਿਹੜਾ ਪਹਿਲਾਂ ਜ਼ਿਲੇ ਦਾ ਅਫਸਰ ਸੀ ਤੇ ਹੁਣ ਇਕ ਬੈਂਕ ਦਾ ਡਾਇਰੈਕਟਰ ਸੀ। ਉਹ ਕੋਰਚਾਗਿਨ ਦਾ ਮਿੱਤ੍ਰ ਤੇ ਲਿਬਰਲ ਸੀ। ਖੱਬੇ ਪਾਸੇ ਮਿਸ ਰੇਨਰ ਬੈਠੀ ਸੀ, ਮਿੱਸੀ ਦੀ ਛੋਟੀ ਭੈਣ ਦੀ ਗਵਰਨੈਸ ਤੇ ਉਹ ਛੋਟੀ ੪ ਸਾਲ ਦੀ ਮਿੱਸੀ ਦੀ ਭੈਣ ਕੁੜੀ ਆਪ, ਮਿੱਸੀ ਦਾ ਭਰਾ ਪਿਤਿਆ ਕੋਰਚਾਗਿਨਾਂ ਦਾ ਇੱਕੋ ਇੱਕ ਪੁੱਤਰ, ਪਬਲਿਕ ਸਕੂਲ ਵਿੱਚ ਪੜ੍ਹਨ ਵਾਲਾ ਮੁੰਡਾ ਛੇਵੀਂ ਜਮਾਤ, ਤੇ ਇਹਦੇ ਇਮਤਿਹਾਨ ਕਰ ਕੇ ਵੀ ਸਾਰਾ ਟੱਬਰ ਸ਼ਹਿਰ ਵਿੱਚ ਠਹਿਰਿਆ ਹੋਇਆ ਸੀ। ਉਹਦੇ ਨਾਲ ਇਕ ਯੂਨੀਵਰਸਟੀ ਦਾ ਲੜਕਾ ਜਿਹੜਾ ਉਹਨੂੰ ਘਰ ਆਣ ਕੇ ਪੜ੍ਹਾਉਂਦਾ ਹੁੰਦਾ ਸੀ, ਤੇ ਮਿੱਸੀ ਦੇ ਚਾਚੇ ਦਾ ਪੁੱਤਰ ਸੀ ਮਾਈਕਲ ਸੈਰਗੇਵਿਚ ਤਿਲੇਗਿਨ ਤੇ ਆਮ ਤੌਰ ਤੇ ਜਿਹਨੂੰ ਨਿੱਕਾ ਨਾਂ ਮਿਸ਼ਾ ਕਰਕੇ ਬੁਲਾਉਂਦੇ ਸਨ। ਉਹਦੇ ਸਾਹਮਣੇ ਕੈਥੀਰੀਨ ਅਲੈਗਜ਼ੀਵਨਾ ਇਕ ੪੦ ਸਾਲ ਦੀ ਕੰਵਾਰੀ ਕੁੜੀ, ਸਲੈਵ ਕੌਮ ਦੀ ਇਕ ਤੀਮੀ, ਤੇ ਮੇਜ਼ ਦੇ ਪੈਰਾਂ ਵਲ ਸੀ ਬੈਠੀ ਮਿੱਸੀ ਆਪ ਤੇ ਉਹਦੇ ਨਾਲ ਪਈ ਸੀ ਖਾਲੀ ਥਾਂ।
"ਆਹ! ਆਹ! ਠੀਕ! ਠੀਕ! ਆਓ ਬਹਿ ਜਾਓ। ਅਸੀਂ ਹਾਲੇ ਮੱਛੀ ਹੀ ਖਾਣ ਲੱਗੇ ਹਾਂ," ਬੁੱਢੇ ਕੋਰਚਾਗਿਨ ਨੇ ਮੁਸ਼ਕਲ ਨਾਲ ਉਚਾਰਿਆ, ਕਿਉਂਕਿ ਮੂੰਹ ਵਿੱਚ ਗਰਾਹੀ ਤੇ ਫਿਰ ਬਨਾਵਟੀ ਦੰਦ, ਤੇ ਉਨ੍ਹਾਂ ਨਾਲ ਵਿਚਾਰਾ ਮੁਸ਼ਕਲ ਨਾਲ ਗ੍ਰਾਹੀ ਨੂੰ ਚਿੱਥ ਰਹਿਆ ਸੀ, ਤੇ ਆਪਣੀਆਂ ਲਾਲ ਡੋਰੀਆਂ ਵਾਲੀਆਂ ਅੱਖਾਂ ਉੱਪਰ ਕਰਕੇ (ਜਿਨ੍ਹਾਂ ਅੱਖਾਂ ਉੱਪਰ ਕੋਈ ਨਜਰ ਆਉਂਦੇ ਛੱਪਰ ਨਹੀਂ ਸਨ) ਨਿਖਲੀਊਧਵ ਨੂੰ ਵੇਖਣ ਲੱਗ ਪਇਆ।
"ਸਟੀਫਨ" ਉਸ ਆਪਣਾ ਮੂੰਹ ਗਰਾਹੀ ਨਾਲ ਭਰਿਆ ਹੋਇਆ, ਅੱਖਾਂ ਵੇਹਲੀ ਥਾਂ ਵਲ ਕਰਕੇ ਆਪਣੇ ਮੋਟੇ ਤੇ ਪੂਰੇ ਚੌਧਰੀ ਬਣੇ ਬਟਲਰ ਨੂੰ ਮੁਖਾਤਿਬ ਹੋ ਕੇ ਕਹਿਆ।
ਭਾਵੇਂ ਨਿਖਲੀਊਧਵ ਕੋਰਚਾਗਿਨਾਂ ਨੂੰ ਚੰਗੀ ਤਰਾਂ ਜਾਣਦਾ ਸੀ ਤੇ ਕਈ ਵੇਰੀ ਖਾਣੇ ਉੱਪਰ ਵੀ ਮਿਲਿਆ ਸੀ, ਪਰ ਅੱਜ ਇਹ ਸੁਰਖ਼ ਚਿਹਰਾ ਤੇ ਉਹਦੇ ਵਿਸ਼ਈ ਜੇਹੇ ਸਵਾਦਾਂ ਦੇ ਪਟਾਕੇ ਲਾਣ ਵਾਲੇ ਹੋਠ, ਉਹਦੀ ਚਰਬੀ ਨਾਲ ਭਰੀ ਮੋਟੀ ਗਰਦਨ ਦੇਖ ਕੇ ਓਹਨੂੰ ਕਰੈਹਤ ਜੇਹੀ ਆਈ। ਨਿਖਲੀਊਧਵ ਨੂੰ ਏਵੇਂ ਹੀ ਅੱਜ ਉਹਦੀਆਂ ਸਾਰੀਆਂ ਕਰਤੂਤਾਂ ਵੀ ਯਾਦ ਆ ਗਈਆਂ, ਕਿ ਇਹ ਆਦਮੀ ਜਦ ਫੌਜ ਵਿੱਚ ਆਪਣੇ ਕਮਾਨ ਉੱਪਰ ਸੀ ਤਾਂ ਕਿਸ ਤਰਾਂ ਬਿਨਾਂ ਵਜਾ ਤੇ ਦਲੀਲ ਦੇ, ਬੰਦਿਆਂ ਨੂੰ ਫੜ ਫੜ ਬੈਂਤ ਮਰਵਾਂਦਾ ਸੀ ਤੇ ਕਈਆਂ ਨੂੰ ਫੜ ਕੇ ਫਾਂਸੀ ਚੜ੍ਹਾ ਦਿੰਦਾ ਸੀ, ਤੇ ਬੱਸ ਇਕ ਰੋਹਬ ਲਈ, ਸਮਝੋ ਇਸ ਲਈ ਕਿ ਉਹ ਕੁਛ ਘਰੋਂ ਅਮੀਰ ਹੈ ਤੇ ਉਹਨੂੰ ਕਿਸੀ ਦੀ ਰਿਆਇਤ ਕਰਨ ਦੀ ਲੋੜ ਨਹੀਂ ਤੇ ਨ ਉਹਨੂੰ ਕਿਸੇ ਪਾਸੋਂ ਰਿਆਇਤ ਮੰਗਣ ਦੀ ਲੋੜ ਹੈ ਤੇ ਨ ਕਿਸੀ ਦੀ ਖੁਸ਼ਾਮਦ ਕਰਨ ਦੀ ਉਹਨੂੰ ਜ਼ਰੂਰਤ ਹੈ।
"ਲੌ, ਹੁਣੇ ਹੀ—ਹਜ਼ੂਰ ਵਾਲਾ," ਸਟੀਫਨ ਨੇ ਆਖਿਆ ਤੇ ਪਾਸੇ ਦੀ ਅਲਮਾਰੀ ਥੀਂ ਇਕ ਵੱਡੀ ਸੂਪ ਦੀ ਕੜਛੀ ਫੜ ਲਈ। ਪਾਸੇ ਪਈ ਅਲਮਾਰੀ ਬੜੀ ਸਜੀ ਸੀ। ਕਈ ਇਕ ਚਾਂਦੀ ਦੇ ਫੁਲਦਾਨ ਉੱਥੇ ਧਰੇ ਸਨ, ਤੇ ਉਸ ਨੇ ਉਸ ਸੋਹਣੇ ਹਜੂਰੀਏ ਨੂੰ ਸਿਰ ਹਿਲਾ ਕੇ ਇਸ਼ਾਰਾ ਕੀਤਾ, ਤੇ ਉਹ ਝਟ ਪਟ ਅਣਛੋਹੀਆਂ ਛੁਰੀਆਂ ਕਾਂਟੇ, ਤੇ ਟੱਬਰ ਦੀ ਮੋਨੋਗ੍ਰਾਮ ਵਾਲੇ ਨੈਪਕਿਨ ਮਿੱਸੀ ਦੇ ਪਾਸ ਖਾਲੀ ਥਾਂ ਤੇ ਜੋੜਣ ਲੱਗ ਪਇਆ।
ਨਿਖਲੀਊਧਵ ਮੇਜ਼ ਦੇ ਚਾਰੇ ਪਾਸੇ ਹੱਥ ਮਿਲਾਂਦਾ ਘੁੰਮਿਆਂ, ਸਵਾਏ ਬੁੱਢੇ ਕੋਰਚਾਗਿਨ ਤੇ ਸਵਾਣੀਆਂ ਦੇ ਸਭ ਨੇ ਉੱਠ ਕੇ ਹੱਥ ਮਿਲਾਇਆ, ਤੇ ਇਉਂ ਉਹਦਾ ਮੇਜ਼ ਦੇ ਦਵਾਲੇ ਫਿਰਨਾ ਤੇ ਲੋਕਾਂ ਦੇ ਹੱਥਾਂ ਨਾਲ ਹੱਥ ਮਿਲਾਣਾ ਜਿਨ੍ਹਾਂ ਵਿੱਚੋਂ ਕਈਆਂ ਨਾਲ ਉਸ ਅੱਜ ਤਕ ਗਲ ਵੀ ਨਹੀਂ ਸੀ ਕੀਤੀ, ਕੁਛ ਨਾਗਵਾਰ ਤੇ ਕੁਥਾਵਾਂ ਜੇਹਾ ਕੰਮ ਦਿੱਸਿਆ। ਉਸ ਨੇ ਦੇਰੀ ਨਾਲ ਆਉਣ ਦੀ ਮਾਫੀ ਮੰਗੀ, ਤੇ ਮਿੱਸੀ ਤੇ ਕੈਥਰੀਨ ਅਲੈਗਜ਼ੀਵਨਾ ਦੇ ਵਿਚਾਲੇ ਬਹਿਣ ਲੱਗਾ ਹੀ ਸੀ ਕਿ ਬੁੱਢੇ ਕੋਰਚਾਗਿਨ ਨੇ ਜ਼ਿਦ ਕੀਤੀ ਕਿ ਉੱਠ ਕੇ ਜੇ ਓਸ ਵੋਧਕਾ ਸ਼ਰਾਬ ਦਾ ਗਲਾਸ ਨਹੀਂ ਵੀ ਪੀਣਾ ਤਾਂ ਵੀ ਉੱਥੇ ਪਰੇ ਪਈਆਂ ਚੀਜ਼ਾਂ ਵਿਚੋਂ ਜਰਾ ਇਕ ਕੋਈ ਨੁਕਲ ਕਰਕੇ ਆਪਣੀ ਭੁੱਖ ਨੂੰ ਜਗਾ ਲਵੇ। ਤੇ ਉਸ ਲਾਂਭੇ ਦੇ ਮੇਜ਼ ਉੱਪਰ ਛੋਟੀਆਂ ਰਕੇਬੀਆਂ ਧਰੀਆਂ ਹੋਈਆਂ ਸਨ ਕਿਸੀ ਵਿੱਚ ਲੌਬਸਟਰ ਮੱਛੀ, ਕਿਸੀ ਵਿੱਚ ਨਿਮਕ ਪਈਆਂ ਅਚਾਰੀ ਹੈਰਿੰਗ ਮੱਛੀਆਂ ਕਿਸੀ ਵਿੱਚ ਪਨੀਰ ਆਦਿ। ਨਿਖਲੀਉਧਵ ਨੇ ਜਦ ਉਹਦੀ ਇਹ ਗੱਲ ਮੰਨ ਕੇ ਕੁਛ ਪਨੀਰ ਤੇ ਰੋਟੀ ਦਾ ਟੁਕੜਾ ਨੁਕਲ ਕੀਤਾ ਤਦ ਉਸ ਨੂੰ ਪਤਾ ਲੱਗਾ ਕਿ ਦਰ ਹਕੀਕਤ ਉਹ ਕਿੰਨਾ ਭੁੱਖਾ ਸੀ ਤੇ ਫਿਰ ਉਹ ਰੋਟੀ ਬੜੇ ਹੀ ਸਵਾਦ ਨਾਲ ਖਾਣ ਲੱਗ ਪਇਆ।
"ਕਿਉਂ ਭਾਈ! ਅੱਜ ਆਪ ਸੁਸੈਟੀ ਦੀ ਜੜਾਂ ਨੂੰ ਤੇਲ ਦੇ ਆਏ ਹੋ?" ਕੋਲੋਸੋਵ ਨੇ ਪੁੱਛਿਆ, ਤੇ ਤਨਜ਼ਨ ਉਸ ਫਿਕਰਾ ਇਕ ਅਖਬਾਰ ਵਿੱਚੋਂ ਕਹਿ ਸੁਣਾਇਆ, ਜਿਹੜੀ ਅਖਬਾਰ ਸੋਸੈਟੀ ਦੀ ਤ੍ਰੱਕੀ ਦੇ ਬਰਖਲਾਫ ਸੀ ਤੇ ਜੂਰੀ ਦੇ ਰਾਹੀਂ ਮੁਕੱਦਮਿਆਂ ਦੇ ਫੈਸਲੇ ਹੋਣ ਦੇ ਅਸੂਲ ਉੱਪਰ ਕਈ ਹੱਲੇ ਕਰ ਚੁਕੀ ਸੀ- "ਦੋਸ਼ੀਆਂ ਨੂੰ ਬਰੀ, ਨਿਰਦੋਸ਼ਾਂ ਨੂੰ ਫਾਂਸੀ ਹੈ?"
"ਸੋਸੈਟੀ ਦੀ ਜੜੀਂ ਤੇਲ," ਕਹਿ ਕਹਿ ਕੇ ਕੋਰਚਾਗਿਨ ਹਸ ਹਸ ਕੇ ਦੁਹਰਾਈ ਗਇਆ। ਓਹਨੂੰ ਆਪਣੇ ਚੁਣੇ ਦੋਸਤ ਤੇ ਸਾਥੀ ਦੀ ਲਿਆਕਤ ਉੱਪਰ ਪੂਰਾ ਪੂਰਾ ਭਰੋਸਾ ਸੀ।
ਨਿਖਲੀਊਧਵ ਨੂੰ ਭਾਵੇਂ ਇਹ ਕੁਛ ਗੁਸਤਾਖੀ ਜੇਹੀ ਹੀ ਦਿੱਸੀ, ਉਸ ਕੋਲੋਸੇਵ ਦੀ ਤੋਰੀ ਗੱਲ ਦਾ ਕੋਈ ਉੱਤਰ ਨ ਦਿੱਤਾ, ਤੇ ਗਰਮ ਸੂਪ ਨੂੰ ਪੀਣ ਲੱਗ ਪਇਆ, ਤੇ ਮੁੜ ਖਾਣੇ ਵਲ ਧਿਆਨ ਕਰ ਦਿੱਤਾ।
"ਕਿਰਪਾ ਕਰਕੇ ਵਿਚਾਰੇ ਨੂੰ ਰੋਟੀ ਤਾਂ ਚੰਗੀ ਤਰਾਂ ਖਾਣ ਦਿਓ" ਮਿੱਸੀ ਬੋਲੀ ਤੇ ਮੁਸਕਰਾਈ। ਉਸ ਨੇ "ਵਿਚਾਰੇ" ਸ਼ਬਦ ਨੂੰ ਇਸ ਲਹਜ਼ੇ ਨਾਲ ਕਹਿਆ ਜਿਵੇਂ ਓਹ ਸੁਣਨ ਵਾਲਿਆਂ ਨੂੰ ਆਪਣੇ ਤੇ ਨਿਖਲੀਊਧਵ ਵਿੱਚ ਬੇਤਕੱਲਫੀ ਦਾ ਚੇਤਾ ਕਰਾ ਰਹੀ ਸੀ।
ਕੋਲੋਸੋਵ ਬੜੀ ਹੀ ਉੱਚੀ ਸੁਰ ਵਿੱਚ ਤੇ ਉਸੀ ਸਰਗਰਮ ਤ੍ਰੀਕੇ ਨਾਲ ਉਸ ਅਖਬਾਰ ਦੇ ਸਾਰੇ ਲੇਖ ਦਾ ਸਾਰ ਦੇਣ ਲੱਗ ਪਇਆ, ਜਿਹੜਾ ਜੂਰੀ ਦੀ ਮਦਦ ਨਾਲ ਮੁਕੱਦਮੇਂ ਕਰਨ ਦੇ ਬਰਖ਼ਲਾਫ ਲਿਖਿਆ ਸੀ, ਤੇ ਜਿਸਨੇ ਓਹਦਾ ਪਾਰਾ ਚੜ੍ਹਾ ਦਿੱਤਾ ਸੀ। ਮਿੱਸੀ ਦੇ ਚਾਚੇ ਦੇ ਲੜਕੇ ਮਾਈਕਲ ਸੈਰਗੇਵਿਚ ਨੇ ਕਈਆਂ ਗੱਲਾਂ ਦੀ ਪ੍ਰੋੜਤਾ ਕੀਤੀ ਤੇ ਇਕ ਹੋਰ ਓਹੋ ਜੇਹੇ ਲੇਖ ਵਿੱਚ ਲਿਖਿਆਂ ਨੁਕਤਿਆਂ ਦਾ ਜ਼ਿਕਰ ਕੀਤਾ।
ਮਿੱਸੀ ਨੇ ਤਾਂ ਬੜੀ ਫੜਕਦੀ ਪੋਸ਼ਾਕ ਸਜਾਈ ਹੋਈ ਸੀ ਤੇ ਓਸ ਵਿੱਚ ਓਹ ਬੜੀ ਚੋਣਵੀਂ ਕੁੜੀ ਲੱਗਦੀ ਸੀ।
"ਆਪ ਤਾਂ ਬੜੇ ਥੱਕ ਗਏ ਹੋਵੋਗੇ ਜੀ ਤੇ ਭੁੱਖ ਵੀ ਆਪ ਨੂੰ ਬੜੀ ਤੇਜ਼ ਲਗ ਗਈ ਹੋਣੀ ਹੈ," ਓਸ ਕਹਿਆ ਥੋੜਾ ਚਿਰ ਉਡੀਕ ਕੇ ਕਿ ਓਹ ਮੂੰਹ ਪਈ ਗਰਾਹੀ ਅੰਦਰ ਲੰਘਾ ਲਵੇ।
"ਕੋਈ ਖਾਸ ਤਾਂ ਨਹੀਂ, ਅਰ ਆਪ ਕੀ ਤਸਵੀਰਾਂ ਵੇਖਣ ਗਏ ਸੌ?" ਉਸ ਪੁੱਛਿਆ।
"ਨਹੀਂ-ਅਸਾਂ ਸਲਾਹ ਰਹਾ ਦਿੱਤੀ, ਸਾਲਾਮਾਤੋਵ ਹੋਰਾਂ ਦੇ ਟੈਨਸ ਖੇਡਣ ਚਲੇ ਗਏ ਸਾਂ, ਤੇ ਇਹ ਬਿਲਕੁਲ ਸੱਚ ਹੈ ਕਿ ਮਿਸਟਰ ਕ੍ਰੁਕਸ ਬੜਾ ਹੀ ਨਿਪੁੰਨ ਖਿਲਾਰੀ ਹੈ।"
ਨਿਖਲੀਊਧਵ ਆਪਣੇ ਮਨ ਵਿੱਚ ਤਾਂ ਇਹ ਵਿਚਾਰ ਕੇ ਆਇਆ ਸੀ ਕਿ ਇਨ੍ਹਾਂ ਦੇ ਜਾਕੇ ਓਹ ਆਪਣੀ ਮਨ ਦੀ ਵਿਖੇਪਤੀ ਨੂੰ ਕੁਛ ਦੂਰ ਕਰ ਸਕੇਗਾ ਕਿਉਂਕਿ ਇਥੇ ਹਮੇਸ਼ਾਂ ਓਹ ਦੋ ਗੱਲਾਂ ਲਈ ਆਉਂਦਾ ਹੁੰਦਾ ਸੀ, ਇਕ ਤਾਂ ਇਹ ਕਿ ਇਸ ਟੱਬਰ ਦੀ ਖੂਬ ਮੰਝੀ ਹੋਈ ਅਮੀਰੀ ਤੇ ਅਯਾਸ਼ ਜ਼ਿੰਦਗੀ ਦੇ ਪ੍ਰਭਾਵ ਦਾ ਉਸ ਉਪਰ ਚੰਗਾ ਅਸਰ ਪੈਂਦਾ ਸੀ, ਤੇ ਦੂਜੀ ਗੱਲ ਇਹ ਕਿ ਬੇਮਲੂਮੀ ਜੇਹੀ ਤਰਜ਼ ਨਾਲ ਇਕ ਖੁਸ਼ਾਮਦ ਤੇ ਖਾਤਰ ਤਵਾਜ਼ੇ ਦਾ ਵਾਯੂ ਮੰਡਲ ਉਸ ਦੇ ਅੱਗੇ ਪਿੱਛੇ ਆਪ ਮੁਹਾਰਾ ਘੁੰਮਣ ਲਗ ਜਾਂਦਾ ਸੀ। ਪਰ ਅਜੀਬ ਗੱਲ ਇਹ ਹੋਈ, ਕਿ ਅਜ ਉਸ ਘਰ ਦੀ ਹਰ ਇਕ ਚੀਜ਼ ਥੀਂ ਉਹਦਾ ਰੂਹ ਘ੍ਰਿਣਤ ਸੀ। ਹਰ ਇਕ ਚੀਜ਼, ਉਨ੍ਹਾਂ ਦਾ ਦਵਾਰਪਾਲ, ਉਨ੍ਹਾਂ ਦੀਆਂ ਬੜੀਆਂ ਚੌੜੀਆਂ ਉਪਰ ਚੜ੍ਹਣ ਦੀਆਂ ਪੌੜੀਆਂ, ਫੁਲ, ਓਹ ਵਰਦੀ ਪਾਈ ਖੜਾ ਉਨ੍ਹਾਂ ਦਾ ਹਜੂਰੀਆ ਮੇਜ਼ ਦੀਆਂ ਸਜਾਵਟਾਂ, ਮਿੱਸੀ ਸਾਖਿਆਤ ਆਪ ਵੀ ਅੱਜ ਓਹਨੂੰ ਕੁਛ ਬਨਾਵਟੀ ਜੇਹੀ ਬਣੀ ਤਣੀ ਕੁੜੀ ਜੇਹੀ ਲੱਗਦੀ ਸੀ, ਉਹਦੇ ਰੂਹ ਨੂੰ ਕੋਈ ਖਿਚ ਨਹੀਂ ਸੀ ਪਾ ਸੱਕਦੀ। ਕੈਲੋਸੋਵ ਦੀ ਆਪ-ਮਤੀ ਪਰ ਛਛੋਰੀ ਛਛੋਰੀ ਜੇਹੀ ਲਿਬਰਲ ਮਤ ਦੀ ਸੁਰ ਨਾਗਵਾਰ ਸੀ । ਤੇ ਹਾਏ ਨਾਲੇ ਓਸ ਵਿਸ਼ਈ ਤੇ ਆਪੇ-ਮੈਂ-ਰੱਜਿਆ ਕੱਜਿਆ-ਆਪੇ-ਮੇਰੇ-ਬੱਚੇ-ਜੀਣ ਜੇਹੇ ਮਦ ਵਾਲੇ, ਸਾਂਢ ਦਾਂਦ ਵਰਗੇ ਬੁੱਢੇ ਕੋਚਰਾਗਿਨ ਦੀ ਸ਼ਕਲ, ਤੇ ਹਾਏ,ਓਸ ਸਲੇਵ ਕੋਮ ਦੀ ਦੋਗਲੀ ਜੇਹੀ ਕੈਥਰੀਨ ਅਲੈਗਜ਼ੀਨਾ ਦੇ ਫਰਾਂਸੀਸੀ ਜ਼ਬਾਨ ਦੇ ਫਿਕਰੇ ਕਸਣੇ ਆਦਿ, ਸਭ ਕੁਛ ਇਕ ਕਰਹਿਤ ਤੇ ਤਮਾਸ਼ਾ ਦਿੱਸਦਾ ਸੀ। ਗਵਰਨੈਸ ਤੇ ਮੁੰਡੇ ਦੇ ਇਨ੍ਹਾਂ ਲੋਕਾਂ ਵਿੱਚ ਬੈਠੇ ਦਬੇ ਜੇਹੇ ਮੁਹਾਂਦਰੇ ਕਾਫੀ ਨਾਗਵਾਰ ਸਨ। ਪਰ ਸਭ ਥੀਂ ਨਾਗਵਾਰ ਮਿੱਸੀ ਸਾਹਿਬਾ ਦਾ ਉਹਨੂੰ "ਤੂੰ" “ਤੂੰ" ਕਰਕੇ ਸੱਦਣਾ ਲੱਗਿਆ ਸੀ। ਬਹੁਤ ਸਾਰੇ ਚਿਰ ਥੀਂ ਨਿਖਲੀਊਧਵ ਦੀ ਤਬੀਅਤ ਅਦਲਦੀ ਬਦਲਦੀ ਰਹਿੰਦੀ ਸੀ। ਮਿੱਸੀ ਨਾਲ ਕਿਸ ਪਾਸਿਓਂ ਤੇ ਕਿਸ ਤਰਾਂ ਸਲੂਕ ਕਰੇ। ਕਦੀ ਤਾਂ ਓਹ ਓਹਨੂੰ ਜਿਵੇਂ ਚੰਨ ਦੀ ਚਾਨਣੀ ਹੈ ਤੇ ਉਸ ਵਿੱਚ ਓਹ ਬੈਠੀ ਹੈ ਤੇ ਓਹ ਓਸ ਵਲ ਦੇਖ ਰਹਿਆ ਹੈ, ਤੇ ਕਹਿ ਰਹਿਆ ਹੈ ਕਿ ਹਾਏ ਇਹ ਕਿੰਨੀ ਪ੍ਰਭਜੋਤ ਸੋਹਣੀ ਹੈ ਤੇ ਉਹਦੀ ਬਾਬਤ ਇਸ ਸੁਫਨੇ ਵਰਗੀ ਉਪਮਾਂ ਥੀਂ ਵਧ ਉਹਨੂੰ ਹੋਰ ਕੁਛ ਨਹੀਂ ਸੀ ਸੁਝਦਾ। ਤੇ ਫਿਰ ਕੀ ਵੇਖਦਾ ਹੈ ਕਿ ਚੰਨ ਦੀ ਚਾਨਣੀ ਨਹੀਂ, ਸੂਰਜ ਦਾ ਦਿਨ ਦਿਹਾੜੀ ਪ੍ਰਕਾਸ਼ ਹੈ ਜਿਸ ਵਿੱਚ ਉਹਦੇ ਉਹਨੂੰ ਸਾਰੇ ਔਗਣ ਦਿੱਸ ਆ ਸੱਕਦੇ ਸਨ ਤੇ ਉਹਦੇ ਔਗਣਾਂ ਦੇ ਵੇਖੇ ਬਿਨਾਂ ਉਹ ਰਹਿ ਨਹੀਂ ਸੀ ਸਕਦਾ। ਅਜ ਉਹ ਦਿਨ ਸੀ ਜਦ ਉਹਨੂੰ ਉਹਦੇ ਸਾਰੇ ਐਬ ਦਿੱਸ ਰਹੇ ਸਨ, ਅੱਜ ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਤੇ ਦਾਗ ਦਿੱਸ ਰਹੇ ਸਨ। ਓਸ ਵੇਖਿਆ ਕਿ ਓਹਦੇ ਵਾਲ ਕਿਸ ਤਰਾਂ ਸੁਕੜੇ ਸੜੇ ਜੇਹੇ ਮੋਏ ਹੋਏ ਹਨ। ਓਹਦੀਆਂ ਆਰਕਾਂ ਕਿਸ ਤਰਾਂ ਚੁਭਵੀਆਂ ਹੱਡੀਆਂ ਵਾਂਗ ਬਾਹਰ ਨਿਕਲੀਆਂ ਹੋਈਆਂ ਹਨ ਤੇ ਖਾਸ ਕਰ ਉਹਦੇ ਅੰਗੂਠੇ ਦਾ ਨਹੁੰ ਬੇ ਧਹਾਂਤਾ ਚੌੜਾ ਸੀ, ਤੇ ਇਹ ਨਹੂੰ ਉਹਦੇ ਕਰੈਹਤੇ ਪਿਓ ਵਰਗਾ ਸੀ।
“ਟੈਨਿਸ ਤਾਂ ਬੜੀ ਬੇ ਰੰਗ ਜੇਹੀ ਖੇਡ ਹੈ", ਕੋਲੋਸੋਵ ਨੇ ਆਖਿਆ ‘‘ਜਦ ਅਸੀ ਨਿੱਕੇ ਨਿੱਕੇ ਹੁੰਦੇ ਸਾਂ ਲਾਪਟਾ ਦੀ ਖੇਡ ਖੇਡਦੇ ਸਾਂ ਓਹ ਖੇਡ ਬੜੀ ਹੀ ਦਿਲ ਲਾ ਦੇਣ ਵਾਲੀ ਸੀ।"
ਆਹ-ਟੈਨਿਸ ਆਪ ਕਦੀ ਖੇਡੇ ਨਹੀਂ, ਖੇਡੋ ਤਾਂ ਪਤਾ ਲੱਗੇ ਕਿੰਨੀ ਵੱਡੀ ਸਾਰੀ ਦਿਲ ਲਾਊ ਹੈ," ਮਿੱਸੀ ਜਵਾਬ ਦਿੱਤਾ। ਨਿਖਲੀਊਧਵ ਨੂੰ ਇਹ ਪ੍ਰਤੀਤ ਹੋਇਆ ਕਿ ਓਸ "ਕਿੰਨੀ ਵੱਡੀ" ਲਫਜ਼ਾਂ ਤੇ ਬਨਾਵਟੀ ਜੇਹਾ ਜੋਰ ਦਿੱਤਾ ਸੀ। ਇਸ ਉਪਰ ਫਿਰ ਲਗੀ ਆਪੇ ਵਿੱਚ ਬਹਿਸ, ਜਿਸ ਵਿੱਚ ਮਾਈਕਲ ਸੈਰਗੇਵਿਚ, ਕੈਥਰੀਨ ਅਲੈਗਜ਼ੀਵਨਾ ਤੇ ਹੋਰਨਾਂ ਨੇ ਹਿੱਸਾ ਲਇਆ, ਪਰ ਗਵਰਨੈਸ ਤੇ ਓਹ ਪੜ੍ਹਾਕੂ ਮੁੰਡਾ, ਤੇ ਬੱਚੇ ਸਾਰੇ ਚੁਪ ਚਾਪ ਸਨ, ਤੇ ਇਉਂ ਜਾਪਦਾ ਸੀ, ਕਿ ਇਹ ਛੋਟੇ ਇਨ੍ਹਾਂ ਬਹਿਸਾਂ ਵਹਿਮਾਂ ਕਰਕੇ ਤੰਗ ਆਏ ਬੈਠੇ ਸਨ।
"ਹਾਏ ਵੋ, ਤੁਹਾਡੇ ਇਹ ਕਦੀ ਨ ਮੁੱਕਣ ਵਾਲੇ ਝਗੜੇ," ਬੁੱਢੇ ਕੋਚਰਾਗਿਨ ਗਿਨ ਨੇ ਹੱਸ ਕੇ ਕਹਿਆ, ਤੇ ਆਪਣੀ ਵਾਸਕਟ ਵਿਚ ਦਬਾਏ ਨੈਪਕਿਨ ਨੂੰ ਕੱਢ ਦਿੱਤਾ, ਤੇ ਬਿਨਾਂ ਫਰਸ਼ ਨਾਲ ਕਰੀਚਨ ਦੀ ਆਵਾਜ਼ ਦੇ ਕੁਰਸੀ ਪਰੇ ਕਰ ਦਿੱਤੀ ਜਿਹੜੀ ਹਜੂਰੀਏ ਨੇ ਹੋਰ ਪਰੇ ਤੁਰਤ ਖਿੱਚ ਲਈ, ਤੇ ਮੇਜ਼ ਉੱਪਰੋਂ ਉੱਠ ਖਲੋਤਾ।
ਹਰ ਕਈ ਉਹਦੇ ਮਗਰ ਉੱਠ ਪਇਆ ਤੇ ਦੂਸਰੇ ਮੇਜ਼ ਉੱਪਰ ਚਲੇ ਗਏ ਜਿੱਥੇ ਕਟੋਰੀਆਂ ਵਿੱਚ ਖੁਸ਼ਬੂਦਾਰ ਪਾਣੀ ਉਂਗਲੀਆਂ ਧੋਣ ਨੂੰ ਰੱਖਿਆ ਹੋਇਆ ਸੀ। ਉਨ੍ਹਾਂ ਕੁਲੀਆਂ ਚੁਲੀਆਂ ਕੀਤੀਆਂ ਤੇ ਓਹੋ ਗੱਲਾਂ ਛੇੜ ਦਿੱਤੀਆਂ ਜਿਸ ਵਿੱਚ ਕਿਸੀ ਦਾ ਵੀ ਜੀ ਨਹੀਂ ਸੀ ਲੱਗਾ ਹੋਇਆ।
"ਕੀ ਇਹੋ ਆਪ ਦਾ ਖਿਆਲ ਨਹੀਂ?" ਮਿੱਸੀ ਨੇ ਨਿਖਲੀਊਧਵ ਨੂੰ ਇਸ ਲਹਿਜੇ ਵਿੱਚ ਪੁੱਛਿਆ ਜਿਵੇਂ ਓਹ ਉਸ ਪਾਸੋਂ ਆਪਣੀ ਰਾਏ ਦੀ ਤਾਈਦ ਕਰਾਉਣਾ ਚਾਹੁੰਦੀ ਹੈ ਜਿਹੜੀ ਓਸ ਆਪ ਇਸ ਬਾਰੇ ਵਿੱਚ ਪ੍ਰਗਟ ਕੀਤੀ ਸੀ ਕਿ ਇਨ੍ਹਾਂ ਖੇਡਾਂ ਵਿੱਚ ਪਇਆਂ ਹੀ ਆਦਮੀ ਦੇ ਅੰਦਰਲ ਆਚਰਣ ਦਾ ਸੁਖੈਨ ਪਤਾ ਲੱਗਦਾ ਹੈ। ਓਸ ਨਾਲੇ ਹੀ ਨਿਖਲੀਊਧਵ ਦੀ ਕੁਛ ਗ਼ਲਤਾਨ ਜੇਹੀ ਬੇਖਿਆਲੀ ਤੇ ਉਦਾਸ ਹਾਲਤ ਭਾਂਪ ਲਈ ਸੀ ਤੇ ਓਹ ਇਸ ਪਾਸੇ ਪਈ ਹੋਈ ਸੀ ਕਿ ਉਹਨੂੰ ਕਿਵੇਂ ਪਤਾ ਲੱਗੇ ਕਿ ਓਹ ਅੱਜ ਉਪਰਾਮ ਕਿਸ ਗੱਲੇ ਸੀ, ਉਹਨੂੰ ਓਹਦੇ ਇਸ ਰੂਪ ਥੀਂ ਸਦਾ ਭੈ ਜੇਹਾ ਲੱਗਦਾ ਹੁੰਦਾ ਸੀ।
"ਸੱਚੀਂ ਜੀ-ਮੈਂ ਇਸ ਬਾਰੇ ਕੁਛ ਕਹਿ ਨਹੀਂ ਸੱਕਦਾ, ਮੈਂ ਇਸ ਪਾਸੇ ਕਦੀ ਆਪਣਾ ਖਿਆਲ ਨਹੀਂ ਦਿੱਤਾ," ਨਿਖਲੀਊਧਵ ਨੇ ਉੱਤਰ ਵਿੱਚ ਆਖਿਆ।
"ਚੱਲੋ! ਮਾਮਾ ਪਾਸ ਚੱਲੀਏ,"। ਮਿੱਸੀ ਨੇ ਕਹਿਆ "ਹਾਂ ਹਾਂ ਚੱਲੋ," ਪਰ ਐਸੀ ਸੁਰ ਵਿੱਚ ਬੋਲਿਆ ਜਿਹੜੀ ਸਪਸ਼ਟ ਕਰ ਰਹੀ ਸੀ ਕਿ ਓਹ ਉਥੇ ਜਾਣਾ ਨਹੀਂ ਸੀ ਚਾਹੁੰਦਾ, ਤੇ ਓਸ ਆਪਣੀ ਸਿਗਰਟ ਕੱਢੀ।
ਮਿੱਸੀ ਨੇ ਓਸ ਵਲ ਇਓਂ ਹੈਰਾਨੀ ਨਾਲ ਤੱਕਿਆ ਜਿਵੇਂ ਓਹ ਕੀ ਕਹਿ ਰਹਿਆ ਹੈ। ਤੇ ਨਿਖਲੀਊਧਵ ਨੂੰ ਕੁਛ ਸ਼ਰਮ ਆਈ, "ਨਾਲੇ ਲੋਕਾਂ ਦੇ ਘਰ ਮਹਿਮਾਨ ਆਵਣਾ ਤੇ ਨਾਲੇ ਉਨ੍ਹਾਂ ਨਾਲ ਇਹੋ ਜੇਹਾ ਰੁੱਖਾ ਸਲੂਕ ਕਰਨਾ", ਆਪਣੇ ਵਤੀਰੇ ਬਾਬਤ ਸੋਚਣ ਲੱਗਾ, ਤੇ ਫਿਰ ਪਿਆਰੂਆ ਜੇਹਾ ਹੋਣ ਨੂੰ ਉਹਨੂੰ ਕਹਿਣ ਲੱਗਾ "ਹਾਂ ਬੜੀ ਖੁਸ਼ੀ ਨਾਲ ਚੱਲੋ ਮੈਂ ਤਾਂ ਇਸ ਵਿਸਵਿਸੇ ਵਿੱਚ ਸਾਂ ਕਿ ਸ਼ਾਹਜ਼ਾਦੀ ਸਾਹਿਬਾ ਮੇਰੇ ਜੇਹੇ ਨੂੰ ਆਪਣੇ ਪਾਸ ਢੁੱਕਣ ਦੇਵੇਗੀ।"
"ਆਹ ਆਹ! ਮਾਮਾ ਜੀ ਤਾਂ ਬੜੇ ਹੀ ਖੁਸ਼ ਹੋਸਣ ਆਪ ਉਨ੍ਹਾਂ ਪਾਸ ਭੀ ਸਿਗਰਟ ਪੀ ਸਕਦੇ ਹੋ ਆਈਵਨ ਈਵਾਨਿਚ ਉਨ੍ਹਾਂ ਪਾਸ ਹੀ ਅੱਗੇ ਬੈਠਾ ਹੈ।"
ਇਸ ਖਾਨਦਾਨ ਦੀ ਮਲਕਾ ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਇਕ ਪਲੰਘ ਲੇਟੂ ਸਵਾਣੀ ਸੀ। ਇਹ ਹੁਣ ਅੱਠਵਾਂ ਸਾਲ ਜਾ ਰਹਿਆ ਸੀ ਕਿ ਓਹ ਜਦ ਮਹਿਮਾਨ ਵੀ ਆਏ ਹੋਣ ਤਾਂ ਵੀ ਗੋਟੇ ਕਿਨਾਰੀ, ਫੀਤੇ ਕਿੰਗਰੀਆਂ ਵਿੱਚ ਸੱਜੀ ਹੋਈ ਸੇਜ ਉੱਪਰ ਲੇਟੀ ਰਹਿੰਦੀ ਸੀ। ਅੱਗੇ ਪਿੱਛੇ ਉਹਦੇ ਮਖਮਲ, ਦੰਦ ਖੰਡ, ਪਿੱਤਲ, ਲੈਕਰ ਦੀਆਂ ਚੀਜ਼ਾਂ (ਲਾਖ ਦੀਆਂ ਰੰਗੀਲੀਆਂ ਸੁਗਾਤਾਂ) ਚੁਣੀਆਂ ਰਹਿੰਦੀਆਂ ਸਨ, ਫੁੱਲ ਅੱਗੇ ਪਿੱਛੇ ਧਰੇ ਸਜੇ ਰਹਿੰਦੇ ਸਨ। ਕਦੀ ਓਹ ਘਰੋਂ ਬਾਹਰ ਨਹੀਂ ਸੀ ਜਾਂਦੀ ਤੇ ਸਿਰਫ ਉਨ੍ਹਾਂ ਮਹਿਮਾਨਾਂ ਨੂੰ ਮਿਲਦੀ ਸੀ ਜਿਨ੍ਹਾਂ ਨਾਲ ਉਹਦੀ ਬੇਤਕੱਲਫੀ ਹੋਵੇ, ਜਿਹੜੇ ਉਹਦੇ ਖਿਆਲ ਅਨੁਸਾਰ ਆਮ ਅੱਜੜ ਲੋਕਾਂ ਥੀਂ ਕੁਛ ਉੱਚੇ ਦਰਜੇ ਦੇ ਹੁੰਦੇ ਸਨ।
ਨਿਖਲੀਊਧਵ ਇਹੋ ਜੇਹੇ ਬੰਦਿਆਂ ਵਿੱਚੋਂ ਇਕ ਮੰਨਿਆ ਗਇਆ ਸੀ, ਕਿਉਂਕਿ ਓਹ ਅੱਜੜ-ਲੋਕਾਂ ਕੋਲੋਂ ਜ਼ਿਆਦਾ ਅਕਲ ਵਾਲਾ ਸੀ ਤੇ ਨਾਲੇ ਉਹਦੀ ਮਾਂ ਇਸ ਟੱਬਰ ਨਾਲ ਬਹੁਤ ਆਪਤਵੱਲੀ ਰੱਖਦੀ ਸੀ ਤੇ ਨਾਲੇ ਵਿਚਲੀ ਗਲ ਇਹ ਵੀ ਸੀ ਕਿ ਸਭ ਚਾਹੁੰਦੇ ਸਨ ਕਿ ਜੇ ਮਿੱਸੀ ਦਾ ਵਿਆਹ ਇਸ ਨਾਲ ਹੋ ਜਾਏ ਤਾਂ ਕੇਹੀ ਚੰਗੀ ਗੱਲ ਹੋਵੇ।
ਸੋਫੀਆ ਵੈਸੀਲਿਵਨਾ ਦਾ ਕਮਰਾ ਵੱਡੇ ਤੇ ਛੋਟੇ ਦੋਹਾਂ ਗੋਲ ਕਮਰਿਆਂ ਥੀਂ ਪਰੇ ਸੀ। ਜਦ ਮਿੱਸੀ ਤੇ ਇਹ ਦੋਵੇਂ ਵੱਡੇ ਡਰਾਇੰਗ ਕਮਰੇ ਵਿੱਚ ਪੁਜੇ ਤਾਂ ਮਿੱਸੀ ਓਥੇ ਪਈ ਹੋਈ ਇਕ ਸੋਨੇ ਦੀ ਕੁਰਸੀ ਦੀਆਂ ਬਾਹਾਂ ਫੜ ਕੇ ਉਹਦੇ ਮੂੰਹ ਵੱਲ ਆਪਣਾ ਮੂੰਹ ਕਰਕੇ ਕਿਸੇ ਖਾਸ ਦਲੇਰੀ ਨਾਲ ਉਹਦੇ ਸਾਹਮਣੇ ਖੜੀ ਨ ਹੋ ਗਈ।
ਮਿੱਸੀ ਦੀ ਬੜੀ ਖਾਹਿਸ਼ ਸੀ ਕਿ ਓਹਦੇ ਨਾਲ ਉਹਦਾ ਵਿਆਹ ਹੋਵੇ। ਓਹ ਓਸ ਲਈ ਇਕ ਜੋਗ ਵਰ ਸੀ। ਤੇ ਓਹ ਓਹਨੂੰ ਪਸੰਦ ਵੀ ਕਰਦੀ ਸੀ ਤੇ ਉਸ ਇਹ ਖਿਆਲ ਆਪਣੇ ਅੰਦਰ ਬੰਨ੍ਹ ਵੀ ਲਿਆ ਸੀ, ਕਿ ਓਹ ਉਹਦਾ ਹੋਵੇ ਭਾਵੇਂ ਓਹ ਆਪ ਉਹਦੀ ਹੋਵੇ ਨ ਹੋਵੇ। ਇਸ ਨਿਸ਼ਾਨੇ ਪਿੱਛੇ ਤੁਰੀ ਜਾਂਦੀ ਸੀ। ਓਹਨੂੰ ਇਸ ਗੱਲ ਦਾ ਪਿੱਛਾ ਕਰਨ ਦਾ ਕੋਈ ਖਾਸ ਤ੍ਰੀਕਾ ਪਤਾ ਨਹੀਂ ਸੀ, ਪਰ ਉਹ ਬੜੀ ਹੀ ‘ਨ-ਛੋੜੂੰਗੀ-ਤੁਝੇ-' ਵਾਲੀ ਲਾਲਸਾ ਵਿੱਚ ਇਸ ਗੱਲ ਪਿੱਛੇ ਪਈ ਹੋਈ ਸੀ। ਉਹਦੀ ਇਹ ਜ਼ਿਦ ਓਹੋ ਜੇਹੀ ਪ੍ਰਤੀਤ ਹੁੰਦੀ ਸੀ, ਜਿਹੋ ਜੇਹੀ ਧੁਨ ਨੀਮ ਪਾਗਲਾਂ ਵਿੱਚ ਆ ਜਾਂਦੀ ਹੈ ਤੇ ਹੁਣ ਓਹ ਉਸ ਨਾਲ ਗੱਲਾਂ ਕਰਨ ਲੱਗ ਪਈ ਕਿ ਓਹ ਓਹਨੂੰ ਆਪਣੇ ਅੰਦਰ ਦੇ ਇਰਾਦੇ ਦੱਸੇ।
"ਮੈਨੂੰ ਦਿੱਸਦਾ ਹੈ ਕਿ ਆਪ ਨੂੰ ਕੁਛ ਨ ਕੁਛ ਹੋਇਆ ਹੋਇਆ ਹੈ," ਓਸ ਕਹਿਆ "ਮੈਨੂੰ ਦੱਸੋ ਆਪ ਦਾ ਕੀ ਹਾਲ ਹੈ ਤੇ ਇਸ ਉਦਾਸੀਨਤਾ ਦਾ ਕੀ ਸਬੱਬ ਹੈ?"
ਕਾਨੂੰਨੀ ਅਦਾਲਤ ਵਿੱਚ ਜਿਹਨੂੰ ਅੱਜ ਵੇਖਿਆ ਸੀ ਓਹ ਯਾਦ ਆਈ, ਘੂਰ ਪਾਈ, ਤੇ ਨਿਖਲੀਊਧਵ ਸ਼ਰਮਾ ਗਇਆ।
"ਹਾਂ ਕੁਛ ਵਰਤਿਆ ਹੈ, ਓਸ ਕਹਿਆ। ਓਹ ਸੱਚ ਬੋਲਣਾ ਚਾਹੁੰਦਾ ਸੀ, "ਇਕ ਬੜੀ ਅਨੋਖੀ ਤੇ ਬੜਿਆਂ ਫਿਕਰਾਂ ਵਿੱਚ ਪਾ ਦੇਣ ਵਾਲੀ ਗੱਲ ਹੋਈ ਹੈ।"
"ਕੀ ਹੈ ਫਿਰ? ਕੀ ਆਪ ਮੈਨੂੰ ਦੱਸ ਨਹੀਂ ਸੱਕਦੇ? ਕੀ ਹੈ?
"ਹੁਣ ਨਹੀਂ-ਕਿਰਪਾ ਕਰਕੇ ਆਪ ਮੈਨੂੰ ਆਖੋ ਹੀ ਨਾਂਹ ਕਿ ਮੈਂ ਦੱਸਾਂ, ਮੈਨੂੰ ਓਸ ਗੱਲ ਉੱਪਰ ਪੂਰੀ ਪੂਰੀ ਵਿਚਾਰ ਕਰਨ ਦਾ ਸਮਾਂ ਹੀ ਹਾਲੇ ਨਹੀਂ ਮਿਲਿਆ," ਤੇ ਹੋਰ ਵੀ ਸ਼ਰਮਿੰਦਗੀ ਨਾਲ ਉਹਦਾ ਮੂੰਹ ਲਾਲ ਹੋ ਗਇਆ।
"ਤੇ ਫਿਰ ਆਪ ਮੈਨੂੰ ਨਹੀਂ ਦੱਸੋਗੇ?" ਓਹਦੇ ਚਿਹਰੇ ਉੱਪਰ ਇਕ ਲਾਡ ਦੇ ਰੋਸੇ ਦੇ ਰੰਗ ਵਿੱਚ ਓਹਦੇ ਮੂੰਹ ਦਾ ਪੱਠਾ ਹਿੱਲਿਆ ਤੇ ਘੂਰੀ ਵੱਟੀ ਤੇ ਕੁਰਸੀ ਪਰੇ ਕਰ ਦਿੱਤੀ।
"ਨਹੀਂ ਮੈਂ ਨਹੀਂ ਦੱਸ ਸਕਦਾ," ਉਸ ਉੱਤਰ ਦਿੱਤਾ ਤੇ ਅੰਦਰੋਂ ਇਹ ਪਇਆ ਪ੍ਰਤੀਤ ਕਰਦਾ ਸੀ ਕਿ ਇਨ੍ਹਾਂ ਕਹੇ ਲਫਜ਼ਾਂ ਵਿੱਚ ਓਹ ਆਪਣੇ ਆਪ ਨੂੰ ਵੀ ਇਕ ਉੱਤਰ ਦੇ ਰਹਿਆ ਸੀ ਤੇ ਇਹ ਮੰਨਣਾ ਪੈਂਦਾ ਸੀ ਕਿ ਹਾਂ ਕੁਛ ਬੜਾ ਹੀ ਆਹਮ ਮਾਮਲਾ ਸਾਹਮਣੇ ਹੈ।
"ਚੰਗਾ-ਨਹੀਂ ਦੱਸਣਾ ਤਾਂ ਨਾ ਸਹੀ, ਆਓ," ਓਸ ਆਪਣਾ ਸਿਰ ਇਉਂ ਹਿਲਾਇਆ ਜਿਵੇਂ ਓਹ ਓਸ ਵਿੱਚੋਂ ਭੀੜ ਪਾ ਕੇ ਆਏ ਕਈ ਨਿਕੰਮੇ ਖਿਆਲ ਬਾਹਰ ਕੱਢ ਰਹੀ ਹੈ ਤੇ ਉਹਦੇ ਅੱਗੇ ਅੱਗੇ ਮਾਮੂਲੀ ਥੀਂ ਵਧ ਤ੍ਰਿਖੇ ਕਦਮਾਂ ਨਾਲ ਤੁਰ ਪਈ।
ਇਸ ਨੂੰ ਇਹ ਭਾਸਿਆ ਕਿ ਉਸ ਨੇ ਆਪਣਾ ਮੂੰਹ ਕੜਾ ਤੇ ਖਿੱਚਿਆ ਜੇਹਾ ਤਾਂ ਕਰ ਲਇਆ ਹੈ ਮਤਾਂ ਓਹਦੇ ਅੱਥਰੂ ਨ ਨਿਕਲ ਜਾਣ ਉਹਦੇ ਮਨ ਨੂੰ ਦੇਖ ਇਉਂ ਦੇਣ ਲਈ ਆਪਣੇ ਮਨ ਵਿੱਚ ਓਹ ਬੜਾ ਸ਼ਰਮਿੰਦਾ ਸੀ। ਤੇ ਤਾਂ ਵੀ ਓਹਨੂੰ ਇਹ ਵੀ ਪਤਾ ਸੀ ਕਿ ਜੇ ਇਹ ਜਰਾ ਵੀ ਆਪਣੀ ਕਮਜੋਰੀ ਦੱਸਣ ਦੀ ਕਰੇ ਆਰ ਤਦ ਇਹਦੇ ਸਿਰ ਉੱਪਰ ਇਕ ਬੜਾ ਪਹਾੜ ਢਹਿ ਪੈਣਾ ਸੀ, ਕਿਉਂਕਿ ਫਿਰ ਇਹਨੂੰ ਉਸ ਨਾਲ ਵਿਆਹ ਕਰਨ ਦਾ ਇਕਰਾਰ ਕਰਨਾ ਪੈ ਜਾਵੇ, ਤੇ ਅੱਜ ਇਹਨੂੰ ਉਸ ਹਾਲ ਦਾ ਹੋਰ ਦਿਹਾੜਿਆਂ ਥੀਂ ਵੀ ਜ਼ਿਆਦਾ ਭੈ ਲਗ ਗਇਆ ਸੀ ਤੇ ਓਹ ਚੁੱਪ ਚਾਪ ਉਹਦੇ ਪਿੱਛੇ ਪਿੱਛੇ ਸਵਾਣੀ ਦੇ ਨਿਜ ਦੇ ਸੱਜੇ ਕਮਰੇ ਵਲ ਤੁਰੀ ਗਇਆ।
ਮੋਇਆਂ ਦੀ ਜਾਗ-ਕਾਂਡ ੨੭. : ਲਿਉ ਤਾਲਸਤਾਏ
ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਮਿੱਸੀ ਦੀ ਮਾਂ, ਆਪਣਾ ਬੜਾ ਵਿਸਥਾਰ ਵਾਲਾ ਤੇ ਚੰਗਾ ਚੋਖਾ, ਮਕੱਵੀ ਖਾਣਾ ਮੁਕਾ ਚੁੱਕੀ ਸੀ। (ਉਹ ਤਾਂ ਹਮੇਸ਼ਾਂ ਇਕੱਲੀ ਹੀ ਰੋਟੀ ਖਾਂਦੀ ਹੁੰਦੀ ਸੀ ਤੇ ਸਬਬ ਇਹ ਸੀ ਕਿ ਉਹ ਨਹੀਂ ਸੀ ਚਾਹੁੰਦੀ ਕਿ ਉਹਦਾ ਇਹ ਕਸੋਹਣਾ ਜੇਹਾ ਕੰਮ ਹੋਰ ਕਿਓਂ ਕੋਈ ਤੱਕੇ)। ਉਹਦੇ ਪਲੰਘ ਦੇ ਨਾਲ ਹੀ ਇਕ ਤਿਪਾਈ ਪਈ ਹੋਈ ਸੀ। ਉਸ ਉੱਪਰ ਕਾਫੀ ਰੱਖੀ ਹੋਈ ਸੀ—ਤੇ ਓਹ ਇਕ ਨਲੇਰ ਜੇਹੇ ਵਿੱਚ ਤਮਾਕੂ ਪੀ ਰਹੀ ਸੀ। ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਇਕ ਲੰਮੀ, ਪਤਲੀ ਜਨਾਨੀ ਸੀ-ਵਾਲ ਕਾਲੇ, ਅੱਖਾਂ ਮੋਟੀਆਂ ਮੋਟੀਆਂ, ਲੰਮੇ ਲੰਮੇ ਦੰਦ। ਅਤੇ ਓਹ ਇਸ ਬੁੱਢੀ ਉਮਰ ਵਿੱਚ ਵੀ ਜਵਾਨ ਹੋਣ ਦਾ ਕੂੜਾ ਮਾਨ ਕਰ ਰਹੀ ਸੀ।
ਓਹਦੀ ਡਾਕਟਰ ਨਾਲ ਬੇਤਕੱਲਫ ਖੁੱਲ੍ਹ ਬਾਬਤ ਲੋਕਾਂ ਵਿੱਚ ਗੱਲਾਂ ਚਲ ਰਹੀਆਂ ਸਨ। ਕੁਛ ਸਮੇਂ ਥੀਂ ਨਿਖਲੀਊਧਵ ਨੂੰ ਵੀ ਇਸ ਦਾ ਪਤਾ ਸੀ। ਪਰ ਜਦ ਡਾਕਟਰ ਨੂੰ ਓਹਦੇ ਪਲੰਘ ਦੇ ਲਾਗੇ ਬੈਠਿਆਂ ਦੇਖਿਆ, ਉਹ ਉਹਦੀ ਥਿੰਧੀ, ਅਧ ਵਿੱਚੋਂ ਚੀਰੀ ਚਮਕਦੀ ਦਾੜ੍ਹੀ-ਨ ਸਿਰਫ ਓਹਨੂੰ ਉਨ੍ਹਾਂ ਬਾਬਤ ਲੋਕਾਂ ਦੀਆਂ ਕੀਤੀਆਂ ਗੱਲਾਂ ਯਾਦ ਆਈਆਂ, ਪਰ ਓਹਨੂੰ ਆਪ ਅੰਦਰੋਂ ਇਕ ਕਰਹੈਤ ਜੇਹੀ ਪ੍ਰਤੀਤ ਹੋਈ। ਇਕ ਨੀਵੀਂ ਗਦੇਲੀ ਵਾਲੀ ਕੁਰਸੀ ਉੱਪਰ ਤਿਪਾਈ ਦੇ ਲਾਗੇ ਬੈਠਾ ਕੋਸੋਲੋਵ ਕਾਫ਼ੀ ਦੇ ਪਿਆਲੇ ਵਿੱਚ ਮਿੱਠਾ ਮਿਲਾ ਰਹਿਆ ਸੀ। ਸ਼ਰਾਬ (ਲਿਕਰ) ਦਾ ਇਕ ਗਲਾਸ ਮੇਜ਼ ਉੱਪਰ ਪਇਆ ਸੀ। ਮਿੱਸੀ ਨਿਖਲੀਉਧਵ ਨਾਲ ਆਈ ਸੀ, ਪਰ ਉੱਥੇ ਠਹਿਰੀ ਨਾਂਹ।
"ਜਦ ਮਾਮਾ ਆਪ ਲੋਕਾਂ ਥੀਂ ਦਿੱਕ ਆ ਜਾਵੇ ਤਦ ਤੁਸੀ ਮੇਰੇ ਪਾਸ ਆ ਜਾਣਾ", ਮਿੱਸੀ ਨੇ ਕੋਸੋਲੋਵ ਤੇ ਨਿਖਲੀਊਧਵ ਵਲ ਮੁਖਾਤਿਬ ਹੋਕੇ ਕਹਿਆ ਤੇ ਇਓਂ ਬੋਲੀ ਜਿਵੇਂ ਓਹਦੇ ਅੰਦਰ ਕੋਈ ਤ੍ਰੇੜ ਆ ਰਹੀ ਹੈ ਤੇ ਘਾਟ ਜੇਹੀ ਪੈ ਰਹੀ ਹੁੰਦੀ ਹੈ, ਤੇ ਓਹ ਖੁਸ਼ੀ ਖੁਸ਼ੀ ਮੁਸਕਰਾਂਦੀ ਮੋਟੇ ਗਲੀਚੇ ਉੱਪਰ ਪੈਰ ਧਰਦੀ ਚਲੀ ਗਈ।
"ਆਓ ਜੀ ਪਿਆਰੇ ਮਿਤ੍ਰ-ਬਹਿ ਜਾਓ ਤੇ ਗੱਲ ਬਾਤ ਕਰੋ," ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਨੇ ਆਪਣੇ ਲੰਮੇ ਦੰਦ ਦੱਸਦੀ ਹੋਈ, ਪ੍ਰਤੱਖ ਕੂੜੀ ਨਜ਼ਰ ਆਉਂਦੀ ਮੁਸਕਰਾਹਟ ਭਰ ਕੇ ਜਿਹੜਾ ਕੂੜ ਦਿਖਾਵਾ ਉਹਦੀ ਆਦਤ ਹੋ ਚੁੱਕਾ ਸੀ, ਕਹਿਆ—ਇਹਦੇ ਦੰਦ ਆਪਣੇ ਅਸਲੀ ਦੰਦਾਂ ਨਾਲ ਹੂ-ਬਹੂ ਮਿਲਦੇ ਸਨ।
"ਮੈਂ ਸੁਣਿਆ ਹੈ ਆਪ ਕਚਹਿਰੀ ਥੀਂ ਬੜੇ ਹੀ ਉਦਾਸ ਆਏ ਓ, ਮੇਰੀ ਜਾਚੇ ਆਪ ਜੇਹੇਆਂ ਦਿਲ ਵਾਲਿਆਂ ਬੰਦਿਆਂ ਲਈ ਏਹੋ ਜੇਹੀਆਂ ਥਾਵਾਂ ਤੇ ਜਾ ਕੇ ਮੁਕੱਦਮਿਆਂ ਦੇ ਫੈਸਲੇ ਕਰਨੇ ਬੜਾ ਹੀ ਦਬਾਊ ਅਸਰ ਰੱਖਦਾ ਹੋਣਾ ਹੈ", ਇਹ ਗੱਲ ਉਸ ਫਰਾਂਸੀਸੀ ਜ਼ਬਾਨ ਵਿੱਚ ਕਹੀ।
"ਹਾਂ ਜੀ-ਇਹ ਠੀਕ ਹੈ," ਨਿਖਲੀਊਧਵ ਨੇ ਉੱਤਰ ਦਿੱਤਾ "ਬੰਦੇ ਨੂੰ ਆਪਣੇ ਗੁਨਾਹ ਵੀ ਪ੍ਰਤੀਤ ਹੋਣ ਲਗ ਜਾਂਦੇ ਹਨ ਤੇ ਓਹਨੂੰ ਅਨੁਭਵ ਹੁੰਦਾ ਹੈ ਕਿ ਦੂਜਿਆਂ ਨੂੰ ਦੋਸੀ ਕਰਨ ਦਾ ਓਹਦਾ ਕੀ ਹੱਕ ਹੋ ਸਕਦਾ ਹੈ।"
"ਬਿਲਕੁਲ ਠੀਕ" ਉਸ ਉੱਚੀ ਦੇ ਕੇ ਕਹਿਆ ਜਿਵੇਂ ਓਹਨੂੰ ਵੀ ਉਹਦੀ ਕਹੀ ਗੱਲ ਦਾ ਸੱਚ ਪ੍ਰਤੀਤ ਹੁਣੇ ਹੀ ਹੋਇਆ ਹੈ। ਉਹਨੂੰ ਇਸ ਗੱਲ ਦਾ ਇਕ ਭੁੱਸ ਸੀ ਕਿ ਜਿਸ ਨਾਲ ਗੱਲ ਬਾਤ ਕਰਦੀ ਸੀ ਓਹਦੀ ਬੜੇ ਹੁਨਰ ਨਾਲ ਕੱਚੀ ਖੁਸ਼ਾਮਦ ਕੀਤਾ ਕਰਦੀ ਸੀ।
"ਭਾਈ, ਅੱਛਾ-ਓਸ ਤਸਵੀਰ ਦਾ ਕੀ ਹੋਇਆ ਜੋ ਆਪ ਬਣਾ ਰਹੇ ਸਓ, ਮੈਨੂੰ ਉਹ ਬੜੀ ਹੀ ਚੰਗੀ ਲਗਦੀ ਹੈ ਜੇ ਮੈਂ ਇਸ ਤਰਾਂ ਮਾੜੀ ਜੇਹੀ ਸਦਾ ਬੀਮਾਰ ਨ ਹੁੰਦੀ, ਮੈਂ ਕਦੀ ਦੀ ਓਥੇ ਪਹੁੰਚਦੀ ਤੇ ਓਸ ਤਸਵੀਰ ਨੂੰ ਵੇਖਦੀ।"
"ਮੈਂ ਤਸਵੀਰਾਂ ਬਣਾਉਣੀਆਂ ਕਦੀ ਦੀਆਂ ਛੱਡ ਦਿੱਤੀਆਂ ਹਨ," ਨਿਖਲੀਊਧਵ ਨੇ ਖੁਸ਼ਕ ਜੇਹਾ ਜਵਾਬ ਦਿੱਤਾ—ਉਹਦੀ ਉੱਪਰ ਉੱਪਰ ਦੀ ਕੂੜੀ, ਬਨਾਵਟੀ ਖੁਸ਼ਾਮਦ, ਅੱਜ ਓਹਨੂੰ ਵੈਸੀ ਹੀ ਸਾਫ ਦਿੱਸ ਰਹੀ ਸੀ, ਜਿਸ ਤਰ੍ਹਾਂ ਉਹਦੀ ਉਮਰ ਜਿਹਨੂੰ ਉਹ ਅੱਜ ਤਕ ਸਦਾ ਉਸ ਪਾਸੋਂ ਲੁਕਾਣ ਦੀ ਕਰਦੀ ਰਹੀ ਸੀ। ਤੇ ਇਸ ਕਰਕੇ ਓਹ ਕੁਛ ਠੀਕ ਚਿਤ ਨਾਲ ਓਥੇ ਨਿਠ ਕੇ ਬੈਠ ਨਹੀਂ ਸੀ ਸੱਕਦਾ ਕਿ ਅਜ ਮਤੇ ਓਹਦੇ ਅੰਦਰ ਦੀ ਜਿੱਤ ਦੀ ਘ੍ਰਿਣਾ ਦਾ ਪਾਜ ਖੁੱਲ੍ਹ ਹੀ ਨ ਜਾਵੇ। ਉਹਦੇ ਕੋਈ ਐਸਾ ਲਫਜ਼ ਮੂਹੋਂ ਨਿਕਲ ਹੀ ਨ ਜਾਵੇ।
"ਹਾਏ! ਇਹ ਕੀ ਕਹਿਆ ਜੇ—ਕੇਹੀ ਦੁਖੀ ਕਰਨ ਵਾਲੀ ਗੱਲ ਹੈ, ਕਿਉਂ? ਆਪ ਵਿੱਚ ਤਾਂ ਕੋਮਲ ਹੁਨਰਾਂ ਲਈ ਖਾਸ ਖੁਦਾਦਾਦ ਲਿਆਕਤ ਹੈ। ਮੈਂ ਰਿਪਨ ਦੇ ਆਪਣੇ ਮੂਹੋਂ ਆਪ ਦੀ ਉਸਤਤ ਸੁਣੀ ਹੈ," ਤਾਂ ਉਸ ਕੋਲੋਸੋਵ ਵਲ ਮੂੰਹ ਕਰਕੇ ਆਖਿਆ।
"ਇਹ ਫਾਫਾਂ ਬੁੱਢੀ ਝੂਠ ਬੋਲਣ ਥੀਂ ਵੀ ਨਹੀਂ ਸ਼ਰਮਾਉਂਦੀ," ਨਿਖਲੀਊਧਵ ਨੇ ਆਪਣੇ ਮਨ ਵਿੱਚ ਕਹਿਆ ਤੇ ਮੱਥੇ ਉੱਪਰ ਵੱਟ ਪਾਇਆ।
ਜਦ ਓਹਨੂੰ ਯਕੀਨ ਹੋ ਗਇਆ ਕਿ ਅਜ ਨਿਖਲੀਊਧਵ ਦੀ ਤਬੀਅਤ ਇੰਨੀ ਵਿਗੜੀ ਹੋਈ ਹੈ ਕਿ ਓਹ ਕਿਸੇ ਦੇ ਅੱਡੇ ਨਹੀਂ ਲਗੇਗਾ ਤੇ ਓਹਨੂੰ ਕਿਸੀ ਸੋਹਣੀ ਤੇ ਚਲਾਕ ਗੱਲ ਬਾਤ ਵਿੱਚ ਨਹੀਂ ਲਿਆ ਸੱਕੇਗੀ, ਤਦ ਉਹ ਸੋਫੀਆ ਵੈਸੀਲਿਵਨਾ ਕੋਲੋਸੋਵ ਵਲ ਮੁੜ ਕੇ ਇਕ ਨਵੇਂ ਛਪੇ ਨਾਟਕ ਬਾਬਤ ਓਹਦੀ ਰਾਏ ਪੁੱਛਣ ਲਗ ਪਈ। ਉਸ ਨੇ ਐਸੇ ਲਹਿਜੇ ਨਾਲ ਗੱਲ ਸ਼ੁਰੂ ਕੀਤੀ ਜਿਵੇਂ ਜੋ ਕੁਛ ਕੋਲੋਸੋਵ ਓਹਨੂੰ ਦੱਸੇਗਾ, ਉਸ ਨਾਲ ਓਹਦੇ ਉੱਠੇ ਸਾਰੇ ਸ਼ਕ ਸ਼ੁਬੇ ਨਵਿਰਤ ਹੋ ਜਾਣਗੇ ਤੇ ਓਹਦੀ ਅਮੋਲਕ ਰਾਏ ਦਾ ਹਰ ਇਕ ਲਫਜ਼ ਅਮਰ ਕਰਨ ਜੋਗ ਹੋਵੇਗਾ। ਕੋਲੋਸੋਵ ਨੇ ਡਰਾਮੇ ਤੇ ਉਹਦੇ ਲਿਖਣ ਵਾਲੇ ਪਰ ਆਪਣੀ ਨੁਕਤਾਚੀਨੀ ਸ਼ੁਰੂ ਕੀਤੀ, ਤੇ ਉਨ੍ਹਾਂ ਦੇ ਔਗਣ ਤੇ ਊਣਤਾਈਆਂ ਗਿਣ ਗਿਣ ਦੱਸੀਆਂ ਤੇ ਵਗਦਿਆਂ ਉਹ ਆਰਟ ਉੱਪਰ ਗੱਲਾਂ ਕਰਨ ਛਿੜ ਪਇਆ। ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਨਾਟਕ ਦੇ ਹੱਕ ਵਿੱਚ ਕੁਛ ਕਹਿੰਦੀ ਵੀ ਜਾਂਦੀ ਸੀ, ਪਰ ਓਹਦੀ ਰਾਏ ਜੋ ਉਲਟ ਸੀ ਓਹਨੂੰ ਵੀ ਮੰਨਦੀ ਜਾਂਦੀ ਦਿੱਸਦੀ ਸੀ। ਯਾ ਤਾਂ ਉਸ ਵੇਲੇ ਲਈ ਉਹਦੀ ਰਾਏ ਸੱਚ ਮਨ ਰਹੀ ਸੀ ਯਾ ਘੱਟੋ ਘੱਟ ਕੁਛ ਕੁਛ ਆਪਣੀ ਰਾਏ ਉਸ ਨਾਲ ਮੇਲੀ ਜਾਂਦੀ ਸੀ। ਨਿਖਲੀਊਧਵ ਬੱਸ ਵੇਖਦਾ ਤੇ ਸੁਣਦਾ ਦਿੱਸ ਰਹਿਆ ਸੀ, ਪਰ ਨਾ ਉਸ ਤੱਕਿਆ, ਨ ਉਸ ਵੇਖਿਆ, ਕਿ ਓਥੇ ਉਹਦੇ ਸਾਹਮਣੇ ਕੀ ਹੋ ਰਹਿਆ ਸੀ।
ਕਦੀ ਸੋਫੀਆ ਵੈਸੀਲਿਵਨਾ ਵਲ ਜਿਵੇਂ ਸੁਣਨ ਨੂੰ ਹੀ ਮੁੜਦਾ ਸੀ ਤੇ ਕਦੀ ਕੋਲੋਸੋਵ ਵਲ। ਤੇ ਨਿਖਲੀਊਧਵ ਇਹ ਦੇਖ ਰਹਿਆ ਸੀ ਕਿ ਦੋਹਾਂ ਵਿੱਚੋਂ ਕਿਸੀ ਨੂੰ ਵੀ ਨਾਟਕ ਦੀ ਮਾਹੀਅਤ ਨਾਲ ਤਾਂ ਕੋਈ ਅਸਲੀ ਦਿਲਚਸਪੀ ਸੀ ਹੀ ਨਹੀਂ—ਤੇ ਨਾਂ ਦੋਹਾਂ ਵਿੱਚ ਇਕ ਦੂਜੇ ਲਈ ਕੋਈ ਸਤਕਾਰ ਯਾ ਪ੍ਰਵਾਹ ਸੀ। ਉਹ ਗੱਲਾਂ ਜ਼ਰੂਰ ਆਪੇ ਵਿੱਚ ਕਰ ਰਹੇ ਸਨ ਪਰ ਮਤਲਬ ਇੰਨਾ ਹੀ ਸੀ ਕਿ ਦੋਹਾਂ ਨੂੰ ਰੋਟੀ ਖਾ ਕੇ ਗੱਲਾਂ ਕਰਨ ਦਾ ਭੁੱਸ ਜੇਹਾ ਸੀ ਤੇ ਇਓਂ ਇਸੇ ਤਰੀਕੇ ਨਾਲ ਗਲੇ ਤੇ ਮੂੰਹ ਦੇ ਪੱਠਿਆਂ ਨਸਾਂ ਨੂੰ ਹਿਲਾਉਣ ਦੀ ਆਦਤ ਪਈ ਹੋਈ ਸੀ। ਤੇ ਕੋਲੋਸੋਵ ਨੇ ਕੁਛ ਵੋਧਕਾ ਸ਼ਰਾਬ, ਲਿਕਰ ਆਦਿ ਸਭ ਛਕੀਆਂ ਹੋਈਆਂ ਸਨ, ਅੱਧਾ ਪਚੱਧਾ ਮਦ ਹੋਸ਼ ਭੀ ਸੀ। ਗਰਾਵਾਂ ਦੇ ਲੋਕਾਂ ਵਾਂਗ ਨਸ਼ਈ ਨਹੀਂ ਸੀ ਜਿਹੜੇ ਵਿਚਾਰੇ ਕਦੀ ਕਦੀ ਪੀਂਦੇ ਹਨ ਪਰ ਉਨ੍ਹਾਂ ਸ਼ਹਿਰੀਆਂ ਵਾਂਗ ਜਿਹੜੇ ਰੋਜ਼ ਪੀਣ ਦੇ ਆਦੀ ਹੁੰਦੇ ਹਨ। ਉਹਦਾ ਸਿਰ ਨਹੀਂ ਸੀ ਚਕਰਾ ਰਹਿਆ। ਓਹ ਬੇਹੂਦਾ ਫਜ਼ੂਲ ਬਕਵਾਸ ਕਰ ਰਹਿਆ ਸੀ ਜਿਵੇਂ ਗੈਰਮਾਮੂਲੀ ਜੋਸ਼ ਜੇਹੇ ਵਿੱਚ ਸੀ। ਕੁਛ ਤਾਂ ਨਸ਼ੇ ਦਾ ਚੱਕਿਆ ਹੋਇਆ ਤੇ ਕੁਛ ਮੇਰੇ ਜੇਹੇ ਹੋਰ ਕੋਈ ਨਹੀਂ ਦੇ ਮਾਨ ਸ਼ਾਨ ਵਿੱਚ। ਨਿਖਲੀਊਧਵ ਨੇ ਇਹ ਵੀ ਤੱਕਿਆ ਕਿ ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਗੱਲਾਂ ਕਰਦਿਆਂ ਵਿੱਚ ਵੀ ਸਾਹਮਣੀ ਇਕ ਬਾਰੀ ਵਲ ਵੇਖਦੀ ਸੀ। ਸ਼ਾਇਦ ਇਹ ਗੱਲ ਸੀ ਕਿ ਬਾਰੀ ਵਿੱਚੋਂ ਤਿਰਛੀ ਪੈਂਦੀ ਸੂਰਜ ਦੀ ਕਿਰਨ ਕਿਧਰੇ ਉਹਦੇ ਮੂੰਹ ਤੇ ਪੈ ਕੇ ਦੂਜਿਆਂ ਨੂੰ ਓਹਦੀ ਅਸਲੀ ਉਮਰ ਦਾ ਠੀਕ ਅੰਦਾਜ਼ਾ ਹੀ ਨ ਦੇ ਦੇਵੇ।
"ਹਾਂ, ਆਪ ਨੇ ਸੱਚ ਕਹਿਆ ਹੈ," ਕੋਲੋਸੋਵ ਦੀ ਕਹੀ ਗੱਲ ਨੂੰ ਇਓਂ ਗੌਲਦੀ ਨਾਲੇ ਹੀ ਓਸ ਇਕ ਆਪਣੇ ਪਲੰਘ ਦੇ ਨਾਲ ਲੱਗੇ ਬਿਜਲੀ ਦੀ ਘੰਟੀ ਦੇ ਬਟਨ ਨੂੰ ਦਬਾਇਆ। (ਇਹ ਨੌਕਰ ਬੁਲਾਣ ਵਾਲੀ ਘੰਟੀ ਸੀ)—ਡਾਕਟਰ ਉੱਠਿਆ ਤੇ ਇਕ ਐਸੇ ਪੁਰਸ਼ ਵਾਂਗ ਜਿਹਦੀ ਘਰ ਵਿੱਚ ਬੜੀ ਬੇਤਕੱਲਫੀ ਹੋਵੇ, ਉਸ ਕਮਰੇ ਥੀਂ ਚਲਾ ਗਇਆ ਤੇ ਫਿਰ ਮੁੜ ਆਇਆ। ਸੋਫੀਆ ਵੈਸੀਲਿਵਨਾ ਅੱਖਾਂ ਨਾਲ ਓਹਨੂੰ ਜਾਂਦੇ ਨੂੰ ਵੇਖਦੀ ਰਹੀ ਤੇ ਆਪਣੀ ਗੱਲ ਬਾਤ ਜਾਰੀ ਰਖੀ।
"ਫਿਲਪ! ਮਿਹਰਬਾਨੀ ਕਰਕੇ ਉਹ ਪਰਦੇ ਸੁੱਟਦੇ," ਜਦ ਘੰਟੀ ਦੀ ਅਵਾਜ਼ ਉੱਪਰ ਇਕ ਗੁਲ ਜੇਹਾ ਹਜੂਰੀਆ ਵਰਦੀ ਪਾਈ ਹੋਈ ਉੱਪਰ ਆਇਆ, ਉਸ ਨੇ ਉੱਸੇ ਬਾਰੀ ਵਲ ਇਸ਼ਾਰਾ ਕਰਕੇ ਹੁਕਮ ਦਿਤਾ।
"ਨਹੀਂ—ਭਾਵੇਂ ਤੂੰ ਕੁਛ ਕਹੇਂ ਉਸ ਵਿੱਚ ਫਕੀਰੀ ਦੇ ਭਾਵ ਜਰੂਰ ਹਨ। ਫਕੀਰੀ ਦੇ ਭਾਵ ਬਿਨਾ ਕਾਵਯ ਦੇ ਇਹ ਰਸ ਬਝ ਹੀ ਨਹੀਂ ਸੱਕਦੇ," ਉਸ ਕਹਿਆ, ਪਰ ਆਪਣੀਆਂ ਦੋਹਾਂ ਕਾਲੀਆਂ ਅੱਖਾਂ ਵਿੱਚੋਂ ਇਕ ਅੱਖ ਨਾਲ ਗੁੱਸੇ ਜੇਹੇ ਵਿੱਚ ਓਸ ਹਜੂਰੀਏ ਵਲ ਵੇਖਿਆ ਕਿ ਪਰਦੇ ਕਿਸ ਤਰਾਂ ਤਲੇ ਸੁੱਟ ਰਿਹਾ ਹੈ। "ਕਾਵਯ ਬਿਨਾਂ ਫਕੀਰੀ ਵੀ ਇਕ ਵਹਿਮ ਹੈ, ਤੇ ਬਿਨਾਂ ਫਕੀਰੀ ਦੇ ਨਜ਼ਮ ਬਸ ਨਸਰ ਹੈ," ਓਹ ਦੱਬੀ ਗਈ, ਇਕ ਉਦਾਸ ਹੱਸੀ ਜੇਹੀ ਹਸਦੇ ਪਰ ਨਿਗਾਹ ਓਹਦੀ ਉੱਪਰ ਆਪਣੇ ਨੌਕਰ ਤੇ ਬਾਰੀ ਵਲ ਹੀ ਗੱਡੀ ਰਹੀ। "ਫਿਲਪ! ਓਹ ਪਰਦਾ ਨਹੀਂ, ਉਹ ਦੂਆ ਵੱਡੀ ਬਾਰੀ ਵਾਲਾ," ਉਸ ਇਕ ਅਤਿ ਦੁਖੀ ਬੰਦੇ ਦੀ ਸੁਰ ਵਿੱਚ ਓਹਨੂੰ ਇਹ ਕਹਿਆ— ਸੋਫੀਆ ਵੈਸੀਲਿਵਨਾ ਅਪਣੇ ਆਪ ਵਿੱਚ ਇਸ ਕਰਕੇ ਦੁਖੀ ਹੋ ਰਹੀ ਸੀ ਕਿ ਹਾਏ ਉਹਨੂੰ ਇੰਨਾ ਵੀ ਹੁਕਮ ਦੇਣ ਦੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਸੀ, ਤੇ ਆਪਣਾ ਇਹ ਮਹਾਨ ਦੁਖ ਗਲਤ ਕਰਨ ਲਈ ਉਹ ਆਪਣੀ ਹੀਰੇ ਦੀਆਂ ਛਾਪਾਂ ਨਾਲ ਭਰੀ ਉਂਗਲ ਵਾਲੇ ਹੱਥ ਵਿੱਚ ਉਹ ਰੂਸੀ ਹੁੱਕੀ ਫੜ ਕੇ ਆਪਣੇ ਮੂੰਹ ਨਾਲ ਲਾ ਕੇ ਪੀਣ ਲਗ ਪੈਂਦੀ ਸੀ।
ਉਸ ਖੁੱਲ੍ਹੀ ਵੱਡੀ ਛਾਤੀ ਵਾਲੇ, ਪੱਕੇ ਕਮਾਏ ਪੱਠਿਆਂ ਵਾਲੇ, ਸੋਹਣੇ ਗੱਲ ਜੇਹੇ ਫਿਲਪ ਨੇ ਸਿਰ ਝੁਕਾਇਆ ਜਿਵੇਂ ਆਪਣੀ ਗਲਤੀ ਦੀ ਮਾਫ਼ੀ ਮੰਗ ਰਹਿਆ ਹੈ ਤੇ ਆਪਣੀਆਂ ਮੋਟੀਆਂ ਸੋਹਣੀਆਂ ਪਿੰਨੀਆਂ ਵਾਲੀਆਂ ਜੰਘਾਂ ਨੂੰ ਗਲੀਚੇ ਉੱਪਰ ਫੁਰਤੀ ਨਾਲ ਰੱਖ ਕੇ ਹੁਕਮ ਮੰਨਦਾ ਚੁਪ ਚਾਪ ਦੂਜੀ ਵੱਡੀ ਬਾਰੀ ਵਲ ਕੁਦ ਜੇਹਾ ਗਇਆ, ਤੇ ਸ਼ਾਹਜ਼ਾਦੀ ਵਲ ਤੱਕਦਾ, ਬੜੀ ਹੀ ਇਹਤਿਆਤ ਨਾਲ ਦੂਜੀ ਬਾਰੀ ਦਾ ਪਰਦਾ ਠੀਕ ਕਰਨ ਲੱਗ ਪਇਆ, ਜਿਵੇਂ ਸੂਰਜ ਦੀ ਇਕ ਕਿਰਨ ਓਹਦੇ ਮੂੰਹ ਉੱਪਰ ਆਣ ਕੇ ਪੈਣ ਦੀ ਦਲੇਰੀ ਦੀ ਨ ਹੀ ਨ ਕਰ ਸੱਕੇ। ਪਰ ਫਿਰ ਵੀ ਓਹਦੀ ਮਨਸ਼ਾ ਮੁਤਾਬਿਕ ਓਹ ਪਰਦਾ ਨਾ ਹੀ ਸੁੱਟ ਸੱਕਿਆ, ਤੇ ਮੁੜ ਓਸ ਨੂੰ ਆਪਣੀ ਫਕੀਰੀ ਉੱਪਰ ਗੱਲ ਬਾਤ ਵਿੱਚੋਂ ਹੀ ਤੋੜ ਕੇ ਉਸ ਅਸਮਝ ਫਿਲਪ ਨੂੰ ਫਿਰ ਦਰੁਸਤ ਕਰਨਾ ਪਇਆ। ਪਰ ਬੋਲੀ ਇਉਂ ਭੈੜੀ ਕਿ ਜਿਵੇਂ ਇੰਨੀ ਮੁਸ਼ੱਕਤ ਨਾਲ ਓਸ ਸ਼ਹੀਦ ਹੋ ਜਾਣ ਦੇ ਦੁਖ ਤਕ ਅੱਪੜੀ ਹੋਈ ਹੈ ਤੇ ਇਓਂ ਜਤਾ ਰਹੀ ਸੀ ਜਿਵੇਂ ਫਿਲਪ ਬੜੀ ਬੇਤਰਸੀ ਨਾਲ ਓਹਨੂੰ ਕੋਹ ਹੀ ਰਿਹਾ ਹੈ। ਛਿਨ ਦੀ ਛਿਨ ਲਈ ਫਿਲਪ ਦੀ ਅੱਖ ਵਿੱਚ ਗੁੱਸੇ ਦੀ ਅੱਗ ਦੀ ਚੰਗਾਰੀ ਚਮਕੀ।
"ਤੈਨੂੰ ਮਰ ਜਾਣੀਏ ਫਾਫਾਂ! ਸ਼ੈਤਾਨ ਖੜੇ! ਤੂੰ ਕਹਿੰਦੀ ਕੀ ਹੈਂ?" ਭਾਵੇਂ ਨੌਕਰ ਨੇ ਦਿਲ ਵਿੱਚ ਇਹੋ ਕਹਿਆ ਹੋਵੇ, ਨਿਖਲੀਊਧਵ ਜਿਹੜਾ ਇਹ ਸਾਰਾ ਤਮਾਸ਼ਾ ਦੇਖ ਰਹਿਆ ਸੀ, ਨੇ ਖਿਆਲ ਕੀਤਾ।
ਪਰ ਓਸ ਤਕੜੇ ਸੋਹਣੇ ਫਿਲਪ ਨੇ ਆਪਣੀ ਬੇਸਬਰੀ ਦੇ ਸਭ ਨਿਸ਼ਾਨ ਖੂਬ ਲੁਕਾ ਲਏ ਸਨ, ਤੇ ਚੁਪ ਚਾਪ ਸਿਰ ਨੀਵਾਂ ਕੀਤਾ ਉਸ ਘਸੀ ਮਿਸੀ ਕਮਜ਼ੋਰ ਤੇ ਕੂੜੀ ਸੋਫੀਆ ਵੈਸੀਲਿਵਨਾ ਦੀ ਹੁਕਮ ਬਰਦਾਰੀ ਵਿੱਚ ਤੁਰੀ ਗਇਆ।
"ਮੰਨਿਆ ਕਿ ਡਾਰਵਨ ਦੀ ਤਾਲੀਮ ਵਿੱਚ ਬਹੁਤ ਸਾਰਾ ਸੱਚ ਹੈ," ਕੋਲੋਸੋਵ ਆਪਣੀ ਨੀਵੀਂ ਕੁਰਸੀ ਦੇ ਪਿੱਛੇ ਜਰਾ ਢਾਸਣਾ ਲਾ ਕੇ ਤੇ ਨੀਂਦਰ ਭਰੀਆਂ ਅੱਖਾਂ ਨਾਲ ਸੋਫੀਆ ਵੈਸੀਲਿਵਨਾ ਵਲ ਵੇਖ ਕੇ ਬੋਲਿਆ, "ਪਰ ਓਹ ਨਿਸ਼ਾਨੇ ਥੀਂ ਪਰੇ ਲੰਘ ਗਇਆ ਹੈ ਓਹ ਹਾਂ ਜੀ! ਉਹ।"
"ਤੇ ਆਪ ਜੀ ਦੱਸੋ—ਕੀ ਆਪ ਖੂਨ ਵਿੱਚ ਆਏ ਨਸਲ ਦੇ ਅਸਰ ਨੂੰ ਮੰਨਦੇ ਹੋ?" ਸੋਫੀਆ ਵੈਸੀਲਿਵਨਾ ਨੇ ਨਿਖਲੀਊਧਵ ਵਲ ਮੁੜ ਕੇ ਪੁੱਛਿਆ, ਜਿਹਦੀ ਚੁੱਪ ਵੱਟੀ ਓਹਨੂੰ ਬੜਾ ਨਾਰਾਜ਼ ਕਰ ਰਹੀ ਸੀ।
"ਨਸਲ ਦਾ ਅਸਰ?" ਉਸ ਪੁੱਛਿਆ, "ਨਹੀਂ ਮੈਂ ਨਹੀਂ ਮੰਨਦਾ।" ਇਸ ਵੇਲੇ ਓਹਦਾ ਸਾਰਾ ਮਨ ਅਣੋਖੀਆਂ ਜੇਹੀਆਂ ਸ਼ਕਲਾਂ ਨਾਲ ਭਰਿਆ ਪਇਆ ਸੀ ਤੇ ਓਹ ਸ਼ਕਲਾਂ ਓਹਦੇ ਤਸੱਵਰ ਵਿੱਚ ਪਤਾ ਨਹੀਂ ਕਿਸ ਤਰਾਂ ਉਸ ਵੇਲੇ ਉੱਠ ਪਈਆਂ ਸਨ। ਓਧਰ ਤਕੜੇ ਤੇ ਸੋਹਣੇ ਗਭਰੂ ਫਿਲਪ ਦੇ ਨਾਲ ਧਰੀ, ਇਸ ਛਿਨ ਓਹਨੂੰ ਇਓਂ ਜਾਪਦਾ ਸੀ, ਜਿਵੇਂ ਨਾਲ ਹੀ ਇਕ ਆਰਟਿਸਟ ਨੇ ਮਿੱਟੀ ਦੇ ਬੁੱਤ ਵਾਂਗ ਕੋਲੋਸੋਵ ਦੀ ਭੈੜੀ ਨੰਗੀ ਸ਼ਕਲ ਖੜੀ ਕਰ ਦਿੱਤੀ ਸੀ—ਓਹਦਾ ਢਿੱਡ ਤਰਬੂਜ ਵਾਂਗ ਤੇ ਓਹ ਓਹਦਾ ਗੰਜਾ ਸਿਰ, ਉਹਦੀਆਂ ਪਿਲ ਪਿਲ ਕਰਦੀਆਂ ਬਾਹਾਂ ਜਿਨ੍ਹਾਂ ਵਿੱਚ ਪੱਠੇ ਨਦਾਰਦ ਸਨ—ਗੋਂਦ ਦੇ ਬਣੇ ਢੇਲਿਆਂ ਵਾਂਗ। ਉਸੀ ਤਰਾਂ ਉਨ੍ਹਾਂ ਉੱਠੀਆਂ ਸ਼ਕਲਾਂ ਦੀ ਧੁੰਧ ਜੇਹੀ ਵਿੱਚ, ਸੋਫੀਆ ਵੈਸੀਲਿਵਨਾ ਦੇ ਅੰਗ ਆਪਣੀ ਅਸਲੀ ਹਾਲਤ ਵਿੱਚ ਦਿੱਸੇ, ਭਾਵੇਂ ਓਹ ਉਸ ਵੇਲੇ ਰੇਸ਼ਮਾਂ ਤੇ ਮਖਮਲਾਂ ਨਾਲ ਕੱਜੇ ਹੋਏ ਸਨ, ਪਰ ਇਹ ਦਿਮਾਗੀ ਤਸਵੀਰ ਬੜੀ ਹੀ ਡਰਾਉਣੀ ਸੀ ਤੇ ਉਸ ਓਹਨੂੰ ਆਪਣੇ ਅੰਦਰ ਥੀਂ ਕੱਢਣ ਦੀ ਕੀਤੀ।
ਸੋਫੀਆ ਵੈਸੀਲਿਵਨਾ ਨੇ ਆਪਣੀਆਂ ਅੱਖਾਂ ਨਾਲ ਓਹਨੂੰ ਮਾਪਿਆ।
"ਭਾਈ-ਆਪ ਨੂੰ ਤਾਂ ਪਤਾ ਹੀ ਹੈ ਕਿ ਮਿੱਸੀ ਆਪ ਦੀ ਉਡੀਕ ਕਰ ਰਹੀ ਹੈ," ਉਸ ਕਹਿਆ, "ਜਾਓ ਤੇ ਓਹਨੂੰ ਮਿਲੋ ਉਹ ਆਪ ਨੂੰ ਗਰੀਗ ਦਾ ਇਕ ਨਵਾਂ ਗਾਉਣ ਸੁਣਾਣਾ ਚਾਹੁੰਦੀ ਹੈ, ਓਹ ਬੜਾ ਹੀ ਦਿਲਚਸਪ ਹੈ।"
"ਉਹ ਕੁਛਵੀ ਗਾਣਾ ਬਜਾਣਾ ਨਹੀਂ ਚਾਹੁੰਦੀ, ਇਹ ਤੀਮੀ ਨਿਰਾ ਕੂੜ ਕਿਸੀ ਨ ਕਿਸੀ ਵਜਾ ਕਰਕੇ ਬੋਲ ਰਹੀ ਹੈ" ਨਿਖਲੀਊਧਵ ਨੇ ਮਨ ਵਿੱਚ ਕਹਿਆ, ਉੱਠਿਆ ਤੇ ਸੋਫੀਆ ਵੈਸੀਲਿਵਨਾ ਦਾ ਸ਼ਫਾਫ ਤੇ ਹੱਡੀਆਂ ਵਾਲਾ ਤੇ ਛਾਪਾਂ ਵਾਲਾ ਹੱਥ ਆਪਣੇ ਹੱਥ ਨਾਲ ਦਬਾਇਆ।
ਕੈਥਰੀਨ ਅਲੈਗਜ਼ੀਵਨਾ ਓਹਨੂੰ ਗੋਲ ਕਮਰੇ ਵਿੱਚ ਮਿਲੀ ਤੇ ਫਰਾਂਸਸੀ ਵਿੱਚ ਝਟ ਗੱਲ ਬਾਤ ਕਰਨ ਲੱਗ ਗਈ, "ਮੈਂ ਵੇਖਦੀ ਹਾਂ ਕਿ ਜੂਰੀ ਉੱਪਰ ਹੋਣਾ ਆਪ ਲਈ ਬੜਾ ਦਬਾਊ ਹੈ।"
"ਹਾਂ ਜੀ-ਮੈਨੂੰ ਮਾਫ ਕਰਨਾ ਮੇਰਾ ਜੀ ਅੱਜ ਕੁਛ ਉਦਾਸ ਹੈ ਤੇ ਆਪਣੇ ਇੱਥੇ ਹੋਣ ਨਾਲ ਦੁਜਿਆਂ ਨੂੰ ਦੁਖੀ ਕਰਨਾ ਉੱਚਿਤ ਨਹੀਂ ਸਮਝਦਾ," ਨਿਖਲੀਊਧਵ ਨੇ ਕਹਿਆ।
"ਆਪ ਦਾ ਜੀ ਕਿਉਂ ਹਿਠਾਹਾਂ ਹੈ?"
"ਉਸ ਬਾਬਤ ਕੁਝ ਨ ਦੱਸਣ ਦੀ ਆਪ ਪਾਸੋਂ ਆਗਿਆ ਮੰਗਦਾ ਹਾਂ" ਨਿਖਲੀਊਧਵ ਨੇ ਕਹਿਆ ਤੇ ਆਪਣੀ ਟੋਪੀ ਟੋਲਣ ਲੱਗ ਗਇਆ।
"ਆਪ ਨੂੰ ਯਾਦ ਹੈ ਕਿ ਆਪ ਸਾਨੂੰ ਸਦਾ ਕਹਿੰਦੇ ਆਏ ਹੋ ਕਿ ਸਾਨੂੰ ਸਦਾ ਸੱਚ ਦੱਸ ਦੇਣਾ ਚਾਹੀਦਾ ਹੈ? ਤੇ ਆਪ ਕੇਹੇ ਬੇਤਰਸ ਸੱਚ ਤੁਸੀਂ ਸਾਨੂੰ ਸੁਣਾਂਦੇ ਹੁੰਦੇ ਹੋ। ਹੁਣ ਆਪ ਓਹ ਸੱਚ ਕਿਉਂ ਨਹੀਂ ਬੋਲਣਾ ਚਾਹੁੰਦੇ? ਕੀ ਆਪ ਨੂੰ ਮਿੱਸੀ ਯਾਦ ਹੀ ਨਹੀਂ?" ਉਸ ਕਹਿਆ ਮਿੱਸੀ ਵਲ ਮੁੜ ਕੇ ਜਿਹੜੀ ਉਸੀ ਵੇਲੇ ਉਸ ਅੰਦਰ ਆ ਗਈ ਸੀ।
"ਅਸੀਂ ਉਸ ਵਕਤ ਤਾਸ਼ ਖੇਡਦੇ ਸਾਂ," ਨਿਖਲੀਊਧਵ ਨੇ ਸਵਾਧਾਨ ਹੋ ਕੇ ਕਹਿਆ "ਤਾਸ਼ ਖੇਡਦਾ ਆਦਮੀ ਸੱਚ ਬੋਲ ਸੱਕਦਾ ਹੈ, ਪਰ ਅਸਲ ਵਿੱਚ ਅਸੀਂ ਇੰਨੇ ਭੈੜੇ ਹਾਂ, ਮੇਰਾ ਮਤਲਬ ਮੈਂ ਇੰਨਾ ਭੈੜਾ ਹਾਂ ਕਿ ਘੱਟੋ ਘੱਟ ਮੈਂ ਸੱਚ ਨਹੀਂ ਬੋਲ ਸੱਕਦਾ।"
"ਆਪਣੇ ਕਹੇ ਲਫਜ਼ "ਅਸੀਂ" ਨੂੰ ਇਓਂ ਸਹੀ ਨਾ ਕਰੋ, ਹੱਥੋਂ ਸਾਨੂੰ ਦੱਸੋ ਕਿ "ਅਸੀਂ" ਕਿਉਂ ਇੰਨੇ ਬੁਰੇ ਹਾਂ," ਕੈਥਰੀਨ ਅਲੈਗਜ਼ੀਵਨਾ ਲਫਜ਼ਾਂ ਦੇ ਉੱਪਰ ਖੇਡਦੀ ਨੇ ਕਹਿਆ ਤੇ ਕੂੜਾ ਜੇਹਾ ਦਿਖਾਵਾ ਇਹ ਕੀਤਾ ਜਿਵੇਂ ਨਿਖਲੀਊਧਵ ਦੀ ਉਪਰਾਮਤਾ ਮੰਨੋ ਗੋਲੀ ਹੀ ਨਹੀਂ ਸੀ।
"ਜੀ ਦਾ ਹਿਠਾਹਾਂ ਹੋਣਾ ਆਪਣੇ ਆਪ ਅੰਦਰ ਮੰਨ ਲੈਣਾ ਹੀ ਮਾੜੀ ਗੱਲ ਹੈ, ਮੈਂ ਕਦੀ ਉਦਾਸੀ ਨੂੰ ਮੰਨਦੀ ਹੀ ਨਹੀਂ। ਇਸ ਕਰਕੇ ਮੈਂ ਸਦਾ ਖੁਸ਼ ਰਹਿੰਦੀ ਹਾਂ," ਮਿੱਸੀ ਨੇ ਕਹਿਆ—"ਅੱਛਾ ਜੀ! ਆਓ ਸਾਡੇ ਨਾਲ ਆਓ, ਅਸੀਂ ਆਪ ਦਾ ਜੀ ਚੰਗਾ ਕਰ ਲਵਾਂਗੇ।"
ਨਿਖਲੀਊਧਵ ਦੀ ਓਹੋ ਹਾਲਤ ਸੀ ਜੋ ਉਸ ਘੋੜੇ ਦੀ ਹੁੰਦੀ ਹੈ ਜਿਹਨੂੰ ਸਿਰਫ ਇਸ ਲਈ ਪੁਚਕਾਰਿਆ ਜਾ ਰਹਿਆ ਹੋਵੇ ਕਿ ਓਹ ਕਿਸੀ ਤਰਾਂ ਲਗਾਮ ਆਪਣੇ ਮੂੰਹ ਵਿੱਚ ਪਾਣ ਦੇਵੇ ਤੇ ਅਜ ਓਹ ਹੋਰ ਦਿਨਾਂ ਥੀਂ ਵੀ ਵਧ ਲਗਾਮ ਮੂੰਹ ਵਿੱਚ ਲੈਣ ਥੀਂ ਉਪਰਾਮ ਸੀ। ਓਹ ਓਹਨਾਂ ਪਾਸੋਂ ਮਾਫ਼ੀ ਮੰਗਣ ਲਗ ਪਇਆ "ਮੈਨੂੰ ਛੁੱਟੀ ਦੇਵੋ ਕਿਉਂਕਿ ਮੈਂ ਜਰੂਰੀ ਘਰ ਪਹੁੰਚਣਾ ਹੈ।" ਮਿੱਸੀ ਨੇ ਉਹਦਾ ਹੱਥ ਆਪਣੇ ਹੱਥ ਵਿੱਚ ਮਾਮੂਲ ਥੀਂ ਜ਼ਿਆਦਾ ਕੁਝ ਦੇਰ ਰੱਖਿਆ।
"ਯਾਦ ਰੱਖਣਾ ਕਿ ਜਿਹੜੀ ਗੱਲ ਆਪ ਦੇ ਲਈ ਜਰੂਰੀ ਹੈ" ਓਹ ਗੱਲ ਓਨੀ ਹੀ ਆਪ ਦੇ ਮਿਤਰਾਂ ਲਈ ਜ਼ਰੂਰੀ ਹੈ," ਓਸ ਕਹਿਆ "ਕੀ ਆਪ ਕਲ ਆਵੋਗੇ।"
"ਅਗ਼ਲਬ ਨਹੀਂ," ਨਿਖਲੀਊਧਵ ਨੇ ਉੱਤਰ ਦਿੱਤਾ, ਤੇ ਕੁਛ ਸ਼ਰਮਸਾਰ ਹੋਇਆ; ਇਹ ਪਤਾ ਨਹੀਂ ਕਿ ਆਪਣੇ ਆਪ ਕਿਸੀ ਗੱਲ ਕਰਕੇ ਯਾ ਓਸ ਅੱਗੇ ਲਾਚਾਰ ਹੋਣ ਕਰਕੇ ਪਰ ਮੂੰਹ ਓਹਦਾ ਲਾਲ ਲਾਲ ਹੋ ਗਇਆ ਸੀ ਤੇ ਉਥੋਂ ਇਉਂ ਟੁਰ ਗਇਆ।
"ਇਹ ਗੱਲ ਕੀ ਹੈ? ਮੇਰੀ ਪੁੱਛ ਬਸ ਇਸ ਪਾਸੇ ਲੱਗੀ ਹੋਈ ਹੈ," ਕੈਥਰੀਨ ਅਲੈਗਜ਼ੀਵਨਾ ਨੇ ਕਹਿਆ "ਮੈਂ ਸਭ ਕੁਛ ਪਤਾ ਕਰਕੇ ਸਾਹ ਲਵਾਂਗੀ, ਮੇਰੀ ਜਾਚੇ ਇਹ ਗੱਲ ਤਾਂ ਕੋਈ ਐਸੀ ਹੈ, ਜਿਸ ਵਿੱਚ ਇਹਦੀ ਇਜ਼ਤ ਨੂੰ ਕੋਈ ਝਪਟਾ ਆਣ ਲੱਗਾ ਹੈ, ਇਹ ਬੜੀ ਚਮਕ ਖਾਣ ਵਾਲਾ ਬੰਦਾ ਹੈ ਇਹ ਸਾਡਾ ਮਿਤਿਆ, ਇਹਦੀ ਇਜ਼ਤ ਨੂੰ ਸੱਟ ਵੱਜੀ ਹੈ।"
"ਭਾਵੇਂ ਕਿਸੇ ਗੰਦੇ ਪਿਆਰ ਦੀ ਕਹਾਣੀ ਹੋਸੀ," ਮਿੱਸੀ ਕਹਿਣ ਹੀ ਲੱਗੀ ਸੀ, ਪਰ ਠਹਿਰ ਗਈ ਅਤੇ ਚੁਪ ਰਹੀ। ਉਹਦੇ ਚਿਹਰੇ ਥੀਂ ਸਾਰੀ ਰੌਣਕ ਉੱਡ ਗਈ ਸੀ, ਹੁਣ ਉਹਦਾ ਮੂੰਹ ਬਿਲਕੁਲ ਹੋਰ ਸੀ, ਜਿਸ ਮੂੰਹ ਨਾਲ ਓਹਨੂੰ ਮਿਲੀ ਓਹ ਹੋਰ ਸੀ। ਕੈਥਰੀਨ ਅਲੈਗਜ਼ੀਵਨਾ ਨਾਲ ਵੀ ਓਹ ਇੰਨਾ ਅਸੱਭਯ ਜੇਹਾ ਮਖੌਲ ਨਹੀਂ ਸੀ ਕਰਨਾ ਚਾਹੁੰਦੀ ਤੇ ਸਿਰਫ ਓਸ ਇਹ ਆਖਿਆ, "ਅਸਾਂ ਸਾਰਿਆਂ ਉੱਪਰ ਕੋਈ ਦਿਨ ਚੰਗੇ ਕੋਈ ਮੰਦੇ ਆਉਂਦੇ ਹਨ।"
"ਕੀ ਇਹ ਮੁਮਕਿਨ ਹੈ ਕਿ ਇਹ ਵੀ ਮੈਨੂੰ ਧੋਖਾ ਈ ਦੇਵੇਗਾ?" ਓਸ ਸੋਚਿਆ, "ਜੋ ਕੁਛ ਅਸਾਂ ਦੋਹਾਂ ਦੇ ਆਪੇ ਵਿੱਚ ਵਰਤ ਚੁਕਿਆ ਹੈ, ਓਸ ਥੀਂ ਬਾਹਦ ਜੇ ਓਹ ਐਸਾ ਕਰੇ ਤਦ ਓਹ ਕੇਹਾ ਭੈੜਾ ਆਦਮੀ ਹੋਵੇਗਾ।"
ਜੇ ਮਿੱਸੀ ਕੋਲੋਂ ਕੋਈ ਪੁੱਛ ਬਹਿੰਦਾ ਕਿ ਉਹਦੇ ਇਨ੍ਹਾਂ ਲਫਜ਼ਾਂ ਦੇ ਕੀ ਅਰਥ ਸਨ, "ਜੋ ਕੁਛ ਅਸਾਂ ਦੋਹਾਂ ਦੇ ਆਪੇ ਵਿਚ ਵਰਤ ਚੁਕਿਆ ਹੈ," ਤਦ ਉਹ ਕੋਈ ਖਾਸ ਗੱਲ ਨਹੀਂ ਦੱਸ ਸੱਕਦੀ ਸੀ। ਪਰ ਤਦ ਵੀ ਓਹ ਜਾਣਦੀ ਸੀ ਕਿ ਉਹਨੇ ਨ ਸਿਰਫ ਉਹਦੀਆਂ ਆਸਾਂ ਬਣਾਈਆਂ ਸਨ ਬਲਕਿ ਉਸ ਪੱਕਾ ਕੌਲ ਵੀ ਦਿੱਤਾ ਹੋਇਆ ਸੀ। ਕਿਤੇ ਖਾਸ ਲਫਜ਼ਾਂ ਵਿੱਚ ਤਾਂ ਇਹ ਕੌਲ ਇਕਰਾਰ ਨਹੀਂ ਹੋਏ ਸਨ, ਪਰ ਨਿਗਾਹ ਨਦਰਾਂ, ਤੇ ਮੁਸਕਰਾਹਟਾਂ ਤੇ ਇਸ਼ਾਰੇ ਕਿਨਾਰੇ ਹੋਏ ਸਨ। ਪਰ ਇਹ ਗੱਲਾਂ ਸੋਚਦਿਆਂ ਵੀ ਓਹ ਓਹਨੂੰ ਆਪਣਾ ਜਾਣ ਰਹੀ ਸੀ ਤੇ ਉਸਨੂੰ ਆਪ ਹਥੋਂ ਗਵਾ ਲੈਣਾ ਉਸ ਲਈ ਔਖਾ ਸੀ।
ਮੋਇਆਂ ਦੀ ਜਾਗ-ਕਾਂਡ ੨੮. : ਲਿਉ ਤਾਲਸਤਾਏ
"ਹਾਏ ਹਾਏ! ਕਿੱਡੀ ਸ਼ਰਮਨਾਕ ਗੱਲ, ਕਿੱਡੀ ਸ਼ਰਮਨਾਕ, ਕੇਹੀ ਭੈੜੀ, ਕੇਹੀ ਡਰਾਉਣੀ, ਕੇਹੀ ਸ਼ਰਮਨਾਕ!" ਨਿਖਲੀਊਧਵ ਇਹੋ ਜੇਹੇ ਲਫਜ਼ ਆਪੇ ਨੂੰ ਕਹਿੰਦਾ, ਓਹਨਾਂ ਖੂਬ ਪਛਾਤੀਆਂ ਗਲੀਆਂ ਵਿੱਚ ਦੀ ਲੰਘਦਾ ਘਰ ਨੂੰ ਤੁਰੀ ਗਇਆ। ਉਹ ਦਿਲ ਉਤੇ ਦਬਾ ਜਿਹੜਾ ਮਿੱਸੀ ਨਾਲ ਗੱਲਾਂ ਕਰਦਿਆਂ ਪਇਆ ਸੀ ਉਹ ਉੱਠਦਾ ਨਹੀਂ ਸੀ। ਜੇ ਬਾਹਰ ਦੀਆਂ ਗਲਾਂ ਵਲ ਜਾਈਏ ਤਦ ਇਹ ਠੀਕ ਸੀ, ਕਿਉਂਕਿ ਹਾਲੇ ਤਕ ਕੋਈ ਵੀ ਖਾਸ ਗੱਲ ਐਸੀ ਉਸ ਨੇ ਉਸ ਨੂੰ ਨਹੀਂ ਸੀ ਆਖੀ ਜਿਸ ਕਰਕੇ ਓਹ ਉਸ ਨਾਲ ਬੱਝ ਗਇਆ ਹੋਵੇ। ਕਦੀ ਉਹਨੂੰ ਉਸ ਨੇ ਵਿਆਹ ਲਈ ਨਹੀਂ ਕਹਿਆ ਸੀ। ਪਰ ਜੇ ਅੰਦਰ ਵਾਰ ਗਲਵਾਣ ਵਿੱਚ ਉਹ ਮੂੰਹ ਪਾ ਕੇ ਤੱਕੇ ਤਦ ਉਹਨੂੰ ਪਤਾ ਸੀ ਕਿ ਉਹ ਆਪਣੇ ਆਪ ਨੂੰ ਉਸ ਨਾਲ ਬਝਵਾ ਚੁਕਾ ਸੀ ਤੇ ਉਹਦਾ ਹੋਣ ਦਾ ਕੌਲ ਇਕਰਾਰ ਕਰ ਚੁਕਾ ਸੀ, ਤੇ ਇਸ ਗੱਲ ਨੂੰ ਚੰਗੀ ਤਰਾਂ ਜਾਣਦਿਆਂ ਵੀ ਅੱਜ ਉਸ ਪੱਕ ਪ੍ਰਤੀਤ ਕਰ ਲਇਆ ਸੀ ਕਿ ਉਹ ਕਿਸੀ ਸੂਰਤ ਵੀ ਉਸ ਨਾਲ ਵਿਆਹ ਨਹੀਂ ਕਰ ਸੱਕਦਾ।
"ਹਾਏ ਹਾਏ, ਕਿੰਨੀ ਸ਼ਰਮਨਾਕ ਗੱਲ ਏ! ਕਿੰਨੀ ਸ਼ਰਮਨਾਕ, ਕੇਹੀ ਭੈੜੀ ਡਰਾਉਣੀ ਤੇ ਸ਼ਰਮਨਾਕ!" ਉਹ ਆਪਣੇ ਆਪ ਨੂੰ ਕਹੀ ਜਾਂਦਾ ਸੀ, ਨ ਨਿਰਾ ਮਿੱਸੀ ਨਾਲ ਆਪਣੇ ਤਅੱਲਕਾਤ ਕਰਕੇ ਬਲਕਿ ਆਪਣੀ ਹਰ ਇਕ ਗੱਲ ਲਈ। "ਹਰ ਇਕ ਗੱਲ ਸ਼ਰਮਨਾਕ ਤੇ ਕਰੈਹਤ ਜੇਹੀ ਹੈ," ਤਾਂ ਉਸ ਮਨ ਵਿਚ ਕਹਿਆ ਜਦ ਓਹ ਆਪਣੇ ਘਰ ਦੇ ਪੋਰਚ ਹੇਠ ਪਹੁੰਚਾ। "ਮੈਂ ਹੁਣ ਅੱਧੀ ਰਾਤ ਦੀ ਰੋਟੀ, ਸੱਪਰ ਕੋਈ ਨਹੀਂ ਖਾਣੀ," ਉਸਨੇ ਆਪਣੇ ਨੌਕਰ ਕੋਰਨੇ ਨੂੰ ਕਹਿਆ ਜਿਹੜਾ ਉਹਦੇ ਪਿੱਛੇ ਪਿੱਛੇ ਖਾਣੇ ਵਾਲੇ ਕਮਰੇ ਤੱਕ ਗਇਆ ਜਿੱਥੇ ਸੱਪਰ ਦਾ ਖਾਣਾ ਤੇ ਚਾਹ ਦਾ ਸਾਰਾ ਸਾਮਾਨ ਚਾਦਰ ਵਿਛੀ ਮੇਜ਼ ਉਪਰ ਲੱਗਿਆ ਹੋਇਆ ਸੀ। ਤੇ ਉਨ੍ਹਾਂ ਉੱਪਰ ਕੱਪੜਾ ਪਾਇਆ ਹੋਇਆ ਸੀ।
"ਹੁਣ ਤੂੰ ਜਾ।"
"ਅੱਛਾ ਹਜੂਰ!" ਤੇ ਕੋਰਨੇ ਨੇ ਗਇਆ ਨਾਂਹ, ਉਹ ਮੇਜ਼ ਉਪਰ ਪਈਆਂ ਚੀਜ਼ਾਂ ਨੂੰ ਚੁੱਕਣ ਦੇ ਆਹਰ ਵਿੱਚ ਲੱਗ ਪਇਆ। ਨਿਖਲੀਊਧਵ ਨੇ ਕੋਰਨੇ ਵਲ ਕੁਛ ਨਾਰਾਜ਼ਗੀ ਦੀ ਨਜ਼ਰ ਵੇਖਿਆ, ਓਹ ਚਾਹੁੰਦਾ ਸੀ, ਕਿ ਓਹ ਇਕੱਲਾ ਹੋਵੇ ਤੇ ਓਹਨੂੰ ਮਹਿਸੂਸ ਹੋਇਆ ਕਿ ਹਰ ਕੋਈ ਨਿਰੀ ਜ਼ਿਦ ਕਰਕੇ ਓਹਨੂੰ ਦਿੱਕ ਕਰ ਰਹਿਆ ਹੈ।
ਸੱਪਰ ਦੀਆਂ ਸਭ ਚੀਜ਼ਾਂ ਲੈ ਕੇ ਕੋਰਨੇ ਜਦ ਚਲਾ ਗਇਆ ਤਦ ਨਿਖਲੀਊਧਵ ਸੋਮਾਵਾਰ ਵਲ ਗਇਆ ਤੇ ਆਪਣੇ ਲਈ ਆਪ ਚਾਹ ਬਣਾਉਣ ਲੱਗਾ ਹੀ ਸੀ ਕਿ ਉਧਰੋਂ ਅਗਰੇਫੈਨਾ ਪੈਤਰੋਵਨਾ ਦੇ ਕਦਮਾਂ ਦੀ ਆਵਾਜ਼ ਆਈ, ਤੇ ਛੇਤੀ ਦੇ ਕੇ ਆਪਣੇ ਗੋਲ ਕਮਰੇ ਵਿੱਚ ਵੜ ਗਇਆ, ਤੇ ਬੂਹਾ ਅੰਦਰੋਂ ਬੰਦ ਕਰ ਲੀਤਾ। ਓਹ ਨਹੀਂ ਸੀ ਚਾਹੁੰਦਾ ਕਿ ਉਸ ਵੇਲੇ ਉਹ ਪੈਤਰੋਵਨਾ ਨੂੰ ਮਿਲੇ। ਇਸੇ ਕਮਰੇ ਵਿੱਚ ਅੱਜ ਤਿੰਨ ਮਹੀਨੇ ਹੋਏ ਸਨ, ਕਿ ਉਹਦੀ ਮਾਂ ਮੋਈ ਸੀ। ਕਮਰੇ ਵਿੱਚ ਵੜਦਿਆਂ ਹੀ ਜਿੱਥੇ ਲੈਂਪ ਬਲ ਰਹੇ ਸਨ, ਇਕ ਲੈਂਪ ਦੀ ਰੋਸ਼ਨੀ ਉਹਦੀ ਮਾਂ ਦੀ ਤਸਵੀਰ ਉੱਪਰ ਪੈ ਰਹੀ ਸੀ, ਤੇ ਦੂਜੇ ਲੈਂਪ ਦੀ ਰੋਸ਼ਨੀ ਉਹਦੇ ਪਿਓ ਦੀ ਤਸਵੀਰ ਤੇ। ਤਸਵੀਰਾਂ ਵੇਖ ਕੇ ਓਹਨੂੰ ਮਾਂ ਯਾਦ ਆਈ। ਮਾਂ ਨਾਲ ਆਖਰੀ ਸਲੂਕ ਚੇਤੇ ਆਏ, ਤੇ ਉਹ ਵੀ ਕੇਹੇ ਬਨਾਵਟੀ, ਰਸਮੀ ਤੇ ਕਰੈਹਤ ਭਰੇ ਸਲੂਕ ਸਨ, ਤੇ ਇਹ ਗੱਲ ਵੀ ਕੇਹੀ ਸ਼ਰਮਨਾਕ ਤੇ ਡਰਾਉਣੀ ਤੇ ਭੈੜੀ ਕੋਝੀ ਕਰੂਪ ਸੀ। ਉਸ ਨੂੰ ਯਾਦ ਆਇਆ ਕਿ ਓਹਦੀ ਬੀਮਾਰੀ ਦੇ ਆਖਰੀ ਦਿਨਾਂ ਵਿੱਚ ਕਿਸ ਤਰਾਂ ਉਸਦੀ ਖਾਹਿਸ਼ ਇਹ ਹੁੰਦੀ ਸੀ ਕਿਸੀ ਤਰਾਂ ਉਹ ਛੇਤੀ ਮਰੇ; ਤੇ ਓਹ ਆਪਣੇ ਆਪ ਨੂੰ ਤਸੱਲੀ ਦਿੰਦਾਂ ਹੁੰਦਾ ਸੀ ਕਿ ਉਸਦੀ ਇਹ ਮਾਂ ਦੇ ਮਰਨ ਦੀ ਖ਼ਾਹਿਸ਼ ਮਾਂ ਦੇ ਫ਼ਾਇਦੇ ਲਈ ਹੀ ਹੈ, ਉਹਦਾ ਦੁੱਖ ਪੀੜ ਕੱਟੀ ਜਾਏ। ਪਰ ਦਰ ਅਸਲ ਗੱਲ ਇਉਂ ਸੀ ਕਿ ਉਹਦੇ ਦੁੱਖ ਦੇਖਣ ਦੀ ਤਕਲੀਫ਼ ਸਹਿਣ ਥੀਂ ਓਹ ਆਪ ਬਚਣਾ ਚਾਹੁੰਦਾ ਸੀ।
ਮਾਂ ਬਾਬਤ ਚੰਗੀਆਂ ਚੰਗੀਆਂ ਗੱਲਾਂ ਯਾਦ ਕਰਨ ਲਈ ਉਹ ਓਹਦੀ ਤਸਵੀਰ ਵਲ ਗਇਆ। ਇਹ ਤਸਵੀਰ ਇਕ ਬੜੇ ਉਸਤਾਦ ਨੇ ੫੦੦੦ ਰੂਬਲ ਲੈਕੇ ਬਣਾਈ ਸੀ। ਇਕ ਨੀਵੇਂ ਗਲੇ ਵਾਲੀ ਮਖ਼ਮਲ ਦੀ ਪੋਸ਼ਾਕ ਵਿੱਚ ਇਹ ਤਸਵੀਰ ਖਿੱਚੀ ਗਈ ਸੀ ਤੇ ਚਿਤਰਕਾਰ ਨੇ ਖਾਸ ਗੌਹ ਨਾਲ ਛਾਤੀਆਂ ਦੀ ਗੋਲਾਈ ਬਣਾਈ ਸੀ ਤੇ ਨਾਲ ਹੀ ਉਨ੍ਹਾਂ ਦੇ ਵਿਚ ਕਾਹੇ ਦੀ ਥਾਂ ਤੇ ਉਹ ਚੁੰਧਿਆ ਦੇਣ ਵਾਲੇ ਸੋਹਣੇ ਉਹਦੇ ਮੋਢੇ ਤੇ ਉਹਦੀ ਗਰਦਨ! ਇਹ ਗੱਲ ਬੜੀ ਭੈੜੀ ਤੇ ਪਾਗਲ ਕਰ ਦੇਣ ਵਾਲੀ ਸੀ, ਹਾਏ! ਉਹਦੀ ਮਾਂ ਨੂੰ ਅੱਧੀ ਨੰਗੀ ਸੁੰਦਰੀ ਜੇਹੇ ਦੇ ਰੂਪ ਵਿੱਚ ਚਿਤ੍ਰਨਾ ਉਹਦੇ ਰੂਹ ਨੂੰ ਬੜਾ ਹੀ ਭੈੜਾ ਲੱਗਾ। ਉਹ ਤੰਗ ਹੋਇਆ। ਇਹ ਗਲ ਉਹਨੂੰ ਹੋਰ ਵੀ ਕਰੈਹਤ ਭਰੀ ਦਿੱਸੀ ਜਦ ਤਿੰਨ ਮਹੀਨੇ ਹੋਏ ਇਹੋ ਜਨਾਨੀ ਇਸੇ ਕਮਰੇ ਵਿੱਚ ਸੁੱਕ ਕੇ ਮੱਮੀ ਵਾਂਗ ਲੱਕੜ ਜੇਹੀ ਹੋਈ ਲੇਟੀ ਸੀ, ਤੇ ਉਹਦੇ ਜਿਸਮ ਦੀ ਬਦਬੂ ਨਾਲ ਨ ਸਿਰਫ ਇਹ ਇਕ ਕਮਰਾ ਬਲਕਿ ਸਾਰਾ ਘਰ ਭਰ ਗਇਆ ਹੋਇਆ ਸੀ ਤੇ ਸੜਾਂਦ ਐਸੀ ਸੀ ਕਿ ਹੋਰ ਕੋਈ ਦਵਾਈ ਤੇ ਖੁਸ਼ਬੂ ਉਹਨੂੰ ਦਬਾ ਹੀ ਨਹੀਂ ਸੀ ਸਕਦੀ। ਉਹਨੂੰ ਹੁਣ ਵੀ ਉਥੋਂ ਉਹੋ ਜੇਹੀ ਬਦਬੂ ਆ ਰਹੀ ਸੀ, ਤੇ ਉਹਨੂੰ ਯਾਦ ਆਇਆ ਕਿ ਕਿਸ ਤਰਾਂ ਮਰਨ ਥੀਂ ਥੋੜੇ ਦਿਨ ਪਹਿਲਾਂ ਉਸਨੇ ਉਹਦਾ ਹੱਥ ਆਪਣੇ ਸੁੱਕੇ ਹੱਡੀ ਹੀ ਹੱਡੀ ਰਹਿ ਗਏ ਹੱਥ ਤੇ ਬੇਰੰਗ ਹੋਈਆਂ ਉਂਗਲਾਂ ਵਿੱਚ ਫੜ ਕੇ ਉਹਦੀਆਂ ਅੱਖਾਂ ਵਿੱਚ ਆਪਣੀਆਂ ਅੱਖਾਂ ਗੱਡ ਕੇ ਕਹਿਆ ਸੀ, 'ਮਿਤਿਆ! ਮੇਰੀਆਂ ਭੁੱਲਾਂ ਦਾ ਨਾ ਖਿਆਲ ਕਰੀਂ। ਮੈਂ, ਬੱਚਾ! ਭਾਵੇਂ ਉਹ ਕੰਮ ਨਹੀਂ ਕੀਤੇ ਜਿਹੜੇ ਮੈਨੂੰ ਕਰਨੇ ਚਾਹੀਦੇ ਸਨ, ਮੈਨੂੰ ਮੇਰੇ ਕਰਮਾਂ ਉੱਪਰ ਨ ਸੁਟੀਂ," ਤੇ ਇਹ ਕਹਿਕੇ ਕਿਸ ਤਰਾਂ ਉਹਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ ਤੇ ਇਸ ਦੁਖਿਤ ਪਸਚਾਤਾਪ ਨਾਲ ਉਹ ਜ਼ਰਦ ਹੋ ਗਈ ਸੀ।
"ਹਾਏ! ਕਿੰਨੀ ਹੌਲਨਾਕ ਦਿੱਸਨ ਵਾਲੀ ਗੱਲ ਹੈ," ਇਕ ਵੇਰੀ ਹੋਰ ਮਾਂ ਦੀ ਉਹ ਅੱਧੀ ਨੰਗੀ ਤਸਵੀਰ, ਤੇ ਉਹਦੇ ਉਨ੍ਹਾਂ ਸ਼ਾਨਦਾਰ ਸੰਗਮਰਮਰੀ ਮੋਢਿਆਂ ਤੇ ਬਾਹਾਂ ਨੂੰ ਵੇਖਕੇ ਤੇ ਉਹਦੇ ਹੋਠਾਂ ਉੱਪਰ ਇਕ ਜਵਾਨੀ ਮਤੀ ਹਸੀ ਨੂੰ ਵੇਖਕੇ ਆਪਣੇ ਆਪ ਨੂੰ ਕਹਿਆ। ਤਸਵੀਰ ਦੀ ਅੱਧੀ ਨੰਗੀ ਛਾਤੀ ਨੇ ਉਹਨੂੰ ਇਕ ਹੋਰ ਨੌਜਵਾਨ ਜਨਾਨੀ ਚੇਤੇ ਕਰਾਈ ਜਿਹੜੀ ਕੁਛ ਦਿਨ ਹੋਏ ਸਨ ਉਸੀ ਤਰਾਂ ਅੱਧੀ ਨੰਗੀ ਉਸ ਤੱਕੀ ਸੀ। ਇਹ ਤੀਮੀ ਮਿੱਸੀ ਸੀ ਜਿਸ ਕੋਈ ਬਹਾਨਾ ਲੱਭਕੇ ਉਹਨੂੰ ਆਪਣੇ ਕਮਰੇ ਵਿੱਚ ਬੁਲਾਇਆ ਸੀ, ਤਾਂ ਜੁ ਉਹਨੂੰ ਉਹ ਨਾਚ ਘਰ ਜਾਂਦੀ ਨੂੰ ਜਰਾ ਅੱਧੀ ਨੰਗੀ ਜੇਹੀ ਹਾਲਤ ਵਿੱਚ ਤੱਕ ਲਵੇ ਤੇ ਮਿੱਸੀ ਦੇ ਉਹ ਪਤਲੇ ਮੋਢੇ ਤੇ ਬਾਹਾਂ ਚੇਤੇ ਕਰਕੇ ਮਨ ਵਿੱਚ ਬੜਾ ਮੁਤਨੱਫਰ ਹੋਇਆ ਸੀ ਤੇ ਉਹਨੂੰ ਚੇਤੇ ਆਇਆ "ਹਾਏ!' ਉਹਦਾ ਬੂਸਰ ਹੈਵਾਨ ਜੇਹਾ ਬਾਪੂ, ਤੇ ਉਹਦੀ ਸ਼ੱਕੀ ਪਿਛਲੀ ਜ਼ਿੰਦਗੀ, ਉਹਦੇ, ਅਤਿਆਚਾਰ ਤੇ ਬੇ ਰਹਿਮੀਆਂ! ਤੇ ਉਹਦੀ ਮਾਂ, ਉਹਦੀਆਂ ਭੇੜੀਆਂ ਬਣ ਬਣ ਬਹਿਣ ਦੀਆਂ ਆਦਤਾਂ ਤੇ ਉਹਦੀ ਸ਼ੱਕਾਂ ਭਰੀ ਜੱਗ ਦੀ ਬਦਨਮੂਸ਼ੀ! ਹਾਏ! ਹਾਏ ਕਰੈਹਤ!" ਇਸ ਸਭ ਕੁਛ ਥੀਂ ਉਹਨੂੰ ਕਰੈਹਤ ਜੇਹੀ ਆਈ। ਇਸ ਕਚਹਾਣ ਥੀਂ ਉਹ ਦਿਕ ਹੋਇਆ ਤੇ ਆਪ ਨੂੰ ਵੀ ਡਾਢੀ ਸ਼ਰਮ ਆਈ। "ਹਾਏ! ਹਾਏ! ਕਹੀ ਸ਼ਰਮਨਾਕ ਗੱਲ ਹੈ, ਦਿਲ ਹਿਲਾ ਦੇਣ ਵਾਲੀਆਂ ਕਰਤੂਤਾਂ ਹਨ!ਹਾਏ! ਭੇੜੀਆਂ ਗੱਲਾਂ।"
"ਨਹੀਂ ਨਹੀਂ," ਉਸ ਵਿਚਾਰਿਆ "ਆਜ਼ਾਦੀ ਬਸ ਜਰੂਰ ਲੈਣੀ ਹੈ, ਹਾਂ ਇਨ੍ਹਾਂ ਹਭੇ ਕੂੜੇ ਰਿਸ਼ਤਿਆਂ ਥੀਂ ਆਜ਼ਾਦੀ, ਕੋਰਚਾਗਿਨਾਂ ਤੇ ਮੇਰੀ ਵੈਸੀਲਿਵਨਾ ਆਦਿ ਥੀਂ ਇਨ੍ਹਾਂ ਮੋਇਆਂ ਰਈਸੀ ਟੱਬਰਾਂ ਦੇ ਰਈਸੀ ਨਸਲੀ ਅਮੀਰੀ ਖਿਆਲਾਂ ਥੀਂ ਆਜ਼ਾਦੀ, ਤੇ ਇਨ੍ਹਾਂ ਸਭ ਕੁਫਰਾਂ ਕੂੜਾਂ ਥੀਂ ਆਜ਼ਾਦੀ ਲੈਕੇ ਛੋੜਨੀ ਹੈ, ਆਹ! ਸੁਖ ਦਾ ਸਾਹ ਭਰਨਾ, ਬਾਹਰ ਮੁਲਕਾਂ ਵਿੱਚ ਜਾਣਾ। ਫਿਰਨਾ ਸੋਹਣੇ ਨਜ਼ਾਰੇ ਤੱਕਣੇ ਮੁੜ ਤਸਵੀਰਾਂ ਉੱਪਰ ਕੰਮ ਕਰਨਾ," ਇੱਥੇ ਉਹਨੂੰ ਚਿਤਰਕਾਰੀ ਕਰਨ ਦੀ ਆਪਣੇ ਵਿੱਚ ਲਿਆਕਤ ਨ ਹੋਣ ਦਾ ਮੁੜ ਚੇਤਾ ਆਇਆ, "ਚੰਗਾ ਜੇ ਚਿਤਰਕਾਰੀ ਨਹੀਂ ਤਾਂ ਨਾ ਸਹੀ, ਪਰ ਸਾਹ ਤਾਂ ਖੁੱਲ੍ਹਾ ਲਵਾਂਗੇ, ਪਹਿਲਾਂ ਕੁਸਤੁਨਤੁਨੀਆ ਜਾਣਾ, ਫਿਰ ਰੋਮ ਵੇਖਣਾ ਪਰ ਪਹਿਲਾਂ ਇਸ ਜੂਰੀ ਵਾਲੇ ਕੰਮ ਨੂੰ ਮੁਕਾਉਣਾ, ਵਕੀਲ ਨੂੰ ਟੋਲਣਾ।"
ਤੇ ਇੱਥੇ ਅਚਨਚੇਤ ਉਹਦੀ ਅੱਖ ਅੱਗੇ ਇੱਕ ਬੜੀ ਹੀ ਸਾਫ ਤੇ ਸਪਸ਼ਟ ਦਿੱਸਦੀ ਸ਼ਕਲ ਸਾਹਮਣੇ ਆਕੇ ਖੜੀ ਹੋ ਗਈ। ਇਹ ਸ਼ਕਲ ਉਸ ਕਾਲੀਆਂ ਅੱਖਾਂ ਵਾਲੀ, ਜਿਨ੍ਹਾਂ ਵਿੱਚ ਸੋਹਣਾ ਮੰਦ ਮੰਦ ਭੈਂਗ ਵੱਜ ਰਹਿਆ ਸੀ, ਉਸੇ ਕੈਦੀ ਕੁੜੀ ਦੀ ਸੀ। ਤੇ ਉਸੀ ਤਰਾਂ ਭੁਬਾਂ ਮਾਰਦੀ ਰੋਂਦੀ ਦਿੱਸੀ, ਜਿਸ ਤਰਾਂ ਓਹ ਅੱਜ ਅਦਾਲਤ ਵਿੱਚ ਤਦ ਰੋਈ ਸੀ ਜਦ ਦੋਸੀਆਂ ਦੇ ਆਖਰੀ ਬਿਆਨ ਹੋ ਚੁਕੇ ਸਨ। ਓਸ ਛੇਤੀ ਦੇਕੇ ਆਪਣੀ ਸਿਗਰਟ ਬੁਝਾ ਦਿੱਤੀ ਤੇ ਰਾਖੀ ਪਾਣ ਵਾਲੀ ਰਕੇਬੀ ਵਿੱਚ ਓਹਦਾ ਜਲਦਾ ਸਿਰਾ ਦਬਾ ਦਿੱਤਾ ਤੇ ਇਕ ਹੋਰ ਕੱਢਕੇ ਜਲਾ ਲਈ ਤੇ ਆਪਣੇ ਕਮਰੇ ਵਿੱਚ ਉੱਤੇ ਤਲੇ ਟਹਲਣ ਲੱਗ ਪਇਆ। ਤੇ ਉਹਦੇ ਮਨ ਦੇ ਸਾਹਮਣੇ ਸਾਰੇ ਨਜ਼ਾਰੇ ਜਿਹੜੇ ਉਹਦੇ ਤੇ ਉਸ ਲੜਕੀ ਵਿੱਚ ਹੋਏ ਕੰਮਾਂ ਗੱਲਾਂ ਦੇ ਸਨ, ਇਕ ਪਿਛੇ ਦੂਜਾ, ਉਠ ਉਠ ਆਏ, ਉਹਦੇ ਨਾਲ ਆਖਰਲੀ ਮੁਲਾਕਾਤ ਯਾਦ ਆਈ ਜਦ ਇਕ ਬੂਸਰ ਹੈਵਾਨ ਵਾਂਗ ਉਸ ਉਹਨੂੰ ਫੜ ਲਇਆ ਸੀ ਤੇ ਓਹ ਮਾਯੂਸੀ ਚੇਤੇ ਆਈ ਜਿਹੜੀ ਓਹਨੂੰ ਆਪਣੇ ਉੱਤੇ ਕਾਮ ਦੇ ਬੁੱਲ੍ਹੇ ਨੂੰ ਠੰਡਾ ਕਰਨ ਮਗਰੋਂ ਵਾਪਰੀ ਸੀ। ਉਹੋ ਉਹਦਾ ਚਿੱਟਾ ਝੱਗਾ ਯਾਦ ਆਇਆ, ਨੀਲਾ ਗੁਲਬੰਦ ਤੇ ਉਹ ਸਵੇਰੇ ਦੇ ਵੇਲੇ ਹਰੀ ਕਥਾ ਦੇ ਜੋੜ ਮੇਲੇ ਦਾ ਅਨੰਦ। "ਕਿਉਂ, ਮੈਂ ਤਾਂ ਉਹਨੂੰ ਸੱਚੇ ਸੁੱਚੇ ਪਿਆਰ ਨਾਲ ਪਿਆਰਦਾ ਸਾਂ ਤੇ ਉਸ ਰਾਤੀ ਮੇਰਾ ਪਿਆਰ ਕੇਹਾ ਚੰਗਾ ਤੇ ਪਵਿਤ੍ਰ ਤੇ ਦੈਵੀ ਸੀ। ਮੈਂ ਉਸ ਥੀਂ ਪਹਿਲਾਂ ਵੀ ਉਹਨੂੰ ਪਿਆਰ ਕਰਦਾ ਸਾਂ, ਹਾਂ ਜਦ ਮੈਂ ਪਹਿਲਾਂ ਫੁੱਫੀਆਂ ਪਾਸ ਗਇਆ ਸਾਂ ਤੇ ਆਪਣਾ ਲੇਖ ਲਿਖ ਰਹਿਆ ਸਾਂ ਤਾਂ ਵੀ ਓਹਨੂੰ ਮੈਂ ਪਵਿਤ੍ਰ ਪਿਆਰ ਕਰਦਾ ਸਾਂ," ਤੇ ਉਸਨੂੰ ਆਪਣੀ ਅਹਲ ਜਵਾਨੀ ਤੇ ਉਹ ਸੋਹਣਾ ਆਪਾ ਯਾਦ ਆਇਆ। ਓਸ ਉਮਰ ਦੀ ਤਰੋਤਾਜ਼ਗੀ ਤੇ ਜਵਾਨੀ, ਤੇ ਜੀਵਨ ਰੌ ਦੇ ਹੁਲਾਰਿਆਂ ਦੀ ਭਰੀ ਹਵਾ ਨੇ ਓਹਨੂੰ ਆ ਛੋਹਿਆ ਤੇ ਉਹ ਬੜੇ ਹੀ ਦਰਦ ਤੇ ਦੁਖ ਭਰੀ ਉਦਾਸੀ ਦੀ ਕਾਂਗ ਵਿੱਚ ਗੜੂੰਦ ਹੋ ਗਇਆ।
ਓਹਦੇ ਉਸ ਪਹਿਲੇ ਆਪੇ ਤੇ ਹੁਣ ਦੇ ਆਪੇ ਵਿੱਚ ਬੜਾ ਹੀ ਭਾਰਾ ਅੰਤਰ ਸੀ। ਠੀਕ ਉੱਨਾ ਹੀ ਵੱਡਾ ਫਰਕ ਸੀ ਜਿੰਨਾ ਉਸ ਰਾਤ ਵਾਲੀ ਗਿਰਜੇ ਵਿੱਚ ਬੈਠੀ ਕਾਤੂਸ਼ਾ ਵਿੱਚ ਤੇ ਉਸ ਵੈਸ਼ੀਆ ਹੋਈ ਕਾਤੂਸ਼ਾ ਵਿੱਚ ਸੀ, ਜਿਹੜੀ ਉਸ ਸੌਦਾਗਰ ਨਾਲ ਲੱਗੀ ਪਈ ਸੀ, ਤੇ ਉੱਸੇ ਦਿਨ ਸਜ਼ਾਯਾਬ ਹੋਈ ਸੀ। ਉਸ ਵੇਲੇ ਉਹ ਆਪ ਆਜ਼ਾਦ ਤੇ ਨਿਰਭੈ ਸੀ, ਤੇ ਅਨੇਕਾਂ ਹੀ ਸੰਭਵ ਵਡਿਆਈਆਂ ਨੂੰ ਅਨੁਭਵ ਕਰਨਾ ਤੇ ਅਨੇਕਾਂ ਉਚਿਆਈਆਂ ਨੂੰ ਅੱਪੜਨ ਦੀਆਂ ਉਮੰਗਾਂ ਦੇ ਨਜ਼ਾਰੇ ਉਹਦੇ ਸਾਹਮਣੇ ਸਨ, ਤੇ ਹੁਣ ਇਉਂ ਪ੍ਰਤੀਤ ਹੁੰਦਾ ਸੀ ਕਿ ਓਹੋ ਇਕ ਭੈੜੀ, ਚੰਦਰੀ, ਨਿਕੰਮੀ, ਖਾਲਮੁਖਾਲੀ ਖੋਖਲੀ, ਅੰਦਰੋਂ ਕਾਲੀ, ਤੇ ਲਚਰ ਜੇਹੀ ਜ਼ਿੰਦਗੀ ਦੇ ਜਾਲਾਂ ਵਿੱਚ ਫਸੀ ਪਈ ਹੈ, ਤੇ ਜਿਨਾਂ ਫਾਹੀਆਂ ਵਿੱਚੋਂ ਖਲਾਸੀ ਪਾਣ ਦਾ ਅੱਵਲ ਤਾਂ ਰਾਹ ਹੀ ਕੋਈ ਨਹੀਂ ਸੀ ਜੇ ਓਥੋਂ ਉਹ ਨਿਕਲਣਾ ਚਾਹੇ। ਪਰ ਹੁਣ ਤਾਂ ਉਹਨੂੰ ਨਿਕਲਣ ਦੀ ਚਾਹ ਨਹੀਂ ਸੀ ਉੱਠਦੀ। ਉਹਨੂੰ ਯਾਦ ਆਈ ਕਿ ਸਮੇਂ ਸਨ ਜਦ ਉਹ ਆਪਣੀ ਖੁਲਮਖੁੱਲੀ ਗਲ ਵਾਹ ਦੇਣ ਦਾ ਬੜਾ ਮਾਨੀ ਸੀ ਤੇ ਉਸ ਦਾ ਨੇਮ ਸੀ ਕਿ ਕਦੀ ਕੂੜ ਨਹੀਂ ਬੋਲਣਾ ਤੇ ਸਚ ਹੀ ਸਚ ਵਾਹ ਮਾਰਦਾ ਸੀ, ਤੇ ਹੁਣ ਉਹ ਕਿਸ ਤਰਾਂ ਕੂੜਾਂ ਪਤੂੜਾਂ ਦੇ ਚਿੱਕੜ ਵਿਚ ਡੂੰਘਾ ਫਸਿਆ ਪਇਆ ਹੈ ਤੇ ਹਿਠਾਹਾਂ ੨ ਚਲਿਆ ਜਾਂਦਾ ਹੈ ਤੇ ਮਾੜੇ ਮੋਟੇ ਕੁ ਪਤੂੜਾਂ ਵਿੱਚ ਨਹੀਂ, ਹੌਲਨਾਕ ਦਿਲ ਨੂੰ ਦਹਿਲ ਦੇਣ ਵਾਲੇ ਲੂਠਾਂ ਜੂਠਾਂ ਵਿੱਚ—ਉਹ ਕੂੜ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਸਭ ਆਦਮੀ ਸਚ ਕਰ ਜਾਣ ਰਹੇ ਸਨ ਤੇ ਜਿਥੋਂ ਤਕ ਉਹ ਦੇਖ ਸਕਦਾ ਸੀ ਉਹਨੂੰ ਇੰਨੇ ਕੂੜਾਂ ਥੀਂ ਬਾਹਰ ਨਿਕਲਣ ਦਾ ਰਾਹ ਨਹੀਂ ਸੀ ਲੱਭ ਰਹਿਆ। ਉਹ ਘੋਰ ਅੰਧਕਾਰ ਤੇ ਚਿੱਕੜ ਵਿੱਚ ਫਸਿਆ ਪਿਆ ਸੀ, ਹੁਣ ਓਹਨੂੰ ਇਹਦਾ ਭੁੱਸ ਵੀ ਪੈ ਚੁਕਾ ਸੀ ਤੇ ਓਹ ਚਿੱਕੜ ਗੰਦ ਮੰਦ ਨਾਲ ਲਿਬੜਿਆ ਚਲ ਰਹਿਆ ਸੀ। ਮੇਰੀ ਵੈਸੀਲਿਵਨਾ ਨਾਲ ਓਹ ਆਪਣੇ ਗੰਦੇ ਤਅੱਲਕ ਤੇ ਓਹਦੇ ਖਾਵੰਦ ਨਾਲ ਕੂੜੇ ਪਾਜ ਤੇ ਰਿਸ਼ਤੇ ਕਿਸ ਤਰਾਂ ਕੁਛ ਐਸੇ ਤਰੀਕੇ ਨਾਲ ਤੋੜੇ ਜੋ ਮੁੜ ਉਸ ਵਲ ਤੇ ਓਹਦਿਆਂ ਬੱਚਿਆਂ ਵਲ ਸਿੱਧੀ ਅੱਖ ਤਕ ਵੀ ਸਕੇ? ਮਿੱਸੀ ਥੀਂ ਕਿੰਝ ਛੁਟਕਾਰਾ ਪਾਵੇ, ਤੇ ਆਪਣੀ ਕਹਿਣੀਤੇ ਰਹਿਣੀ ਵਿੱਚ ਜਿਹੜੀ ਕਾਟ ਤੇ ਫ਼ਰਕ ਸੀ ਉਸ ਥੀਂ ਕਿਸ ਤਰਾਂ ਬਚੇ? ਮੰਨਦਾ ਤਾਂ ਉਹ ਇਹ ਸੀ ਕਿ ਜਮੀਨ ਦੀ ਮਾਲਕੀ ਅਧਰਮ ਹੈ, ਤੇ ਮੁੜ ਮਾਂ ਵੱਲੋਂ ਆਈ ਰਿਆਸਤ ਦੀ ਹਾਲੋਂ ਓਹ ਆਪਣੀ ਮਾਲਕੀ ਬਣਾਈ ਬੈਠਾ ਸੀ। ਕਾਤੂਸ਼ਾ ਨਾਲ ਧ੍ਰੋਹ ਕਮਾਇਆ, ਕਿਸ ਤਰਾਂ ਬਖਸ਼ਾਵੇ! ਇਹ ਆਖਰੀ ਗੱਲ, ਹੋਰਨਾਂ ਵਾਂਗ ਓਥੇ ਜਿੱਥੇ ਸੀ ਛੱਡੀ ਤਾਂ ਨਹੀਂ ਜਾ ਸੱਕਦੀ। ਉਸ ਤੀਮੀਂ ਨੂੰ ਜਿਹਨੂੰ ਓਸ ਪਿਆਰਿਆ ਮੁੜ ਖਰਾਬ ਕੀਤਾ—ਬਰਬਾਦ ਕੀਤਾ, ਓਹਨੂੰ ਹੁਣ ਇਸ ਹਾਲਤ ਵਿੱਚ ਸੁਟ ਤਾਂ ਨਹੀਂ ਸੀ ਸਕਦਾ, ਕਿ ਬਸ ਇਕ ਵਕੀਲ ਨੂੰ ਪੈਸੇ ਦੇ ਕੇ ਓਹਨੂੰ ਬਰੀ ਕਰਾਉਣ ਦੇ ਕੰਮ ਵਿੱਚ ਖੜਾ ਕਰ ਦੇਵੇ, ਤੇ ਬਸ ਓਸ ਵਕੀਲ ਨੂੰ ਓਹਨੂੰ ਸਾਈਬੇਰੀਆ ਦੀ ਮੁਸ਼ੱਕਤ ਤੇ ਗੁਲਾਮੀ ਥੀਂ ਬਚਾਣ ਲਈ ਛੱਡ ਦੇਵੇ, ਇਕ ਆਪਣੇ ਕੀਤੇ ਧ੍ਰੋਹ, ਪਾਪ ਦਾ ਅਜਾਰਾ ਨਿਰਜਿੰਦ ਰੁਪਏ ਵਿੱਚ ਦੇਵੇ? ਕੀ ਜਦ ਓਹਨੂੰ ਪਾਪ ਕਰਨ ਥੀਂ ਮਗਰੋਂ ੧੦੦ ਰੂਬਲ ਜੋ ਦੇ ਦਿੱਤੇ ਸਨ ਤੇ ਉਸ ਵੇਲੇ ਇਹ ਜਾਣ ਲੀਤਾ ਸੀ ਕਿ ਓਸ ਕਰਮ ਦਾ ਅਜਾਰਾ ਮੁਕਾ ਦਿੱਤਾ ਸੀ? ਇਸ ਰੁਪਏ ਦੇਣ ਨੇ ਗੱਲ ਕੋਈ ਮੁਕਾ ਦਿੱਤੀ ਸੀ? ਅਸਲੀ ਗਲ ਤਾਂ ਵੀ ਤੇ ਹੁਣ ਵੀ ਇਉਂ ਤਾਂ ਨਹੀਂ ਸੀ ਮੁਕ ਸੱਕਦੀ। ਤੇ ਓਹਨੂੰ ਉਹ ਸਮਾਂ ਸਾਫ ਯਾਦ ਆ ਗਇਆ ਜਦ ਉਹ ਫੁੱਫੀਆਂ ਦੀ ਕੋਠੀ ਦੇ ਲਾਂਘੇ ਵਿੱਚ ਗਇਆ ਸੀ ਤੇ ਉਹਦੇ ਐਪਰਨ ਦੇ ਨਿੱਕੇ ਜੇਬ ਵਿੱਚ ਨੋਟ ਤੁੰਨ ਕੇ ਆਪ ਨੱਸ ਗਇਆ ਸੀ, "ਅਰ ਉਹ ਰੁਪਏ" —ਓਸਨੂੰ ਆਪਣੇ ਕੀਤੇ ਤੇ ਓਹੋ ਜਿਹੀ ਕਰੈਹਤ, ਸ਼ਰਮ ਤੇ ਹੌਲ ਹੋਇਆ। "ਹਾਏ ਓ ਰੱਬਾ! ਕੇਹੀਆਂ ਇਹ ਨਫਰਤ ਦਿਲਾਉਣ ਵਾਲੀਆਂ ਗੱਲਾਂ ਹਨ!" ਓਹ ਇਸ ਵੇਲੇ ਵੀ ਭੁੱਬਾਂ ਮਾਰ ਕੇ ਰੋਣ ਲਗ ਪਇਆ, ਜਿਸ ਤਰਾਂ ਫੁਟਿਆ ਸੀ,—"ਹਾਏ ਵੋ! ਇਕ ਲੁੱਚਾ ਬਦਮਾਸ਼ ਭੈੜਾ ਆਦਮੀ ਇਉਂ ਕਰ ਸਕਦਾ ਹੈ," ਉਹ ਠਹਿਰ ਗਇਆ "ਤੇ ਪਰ ਕੀ ਇਹ ਹੋ ਸਕਦਾ ਹੈ?" ਚੁੱਪ ਕਰ ਗਇਆ "ਕਿ ਮੈਂ ਓਹ ਲੁੱਚਾ ਤੇ ਲੂਣ ਹਰਾਮੀ ਬਦਮਾਸ਼ ਹਾਂ?—ਅੱਛਾ! ਮੇਰੇ ਸਿਵਾ ਹੋਰ ਕੌਣ ਹੋ ਸਕਦਾ ਹੈ—ਹਾਏ ਵੋ! ਮੈਂ ਬਦਮਾਸ਼, ਮੈਂ ਲੁੱਚਾ ਬੂਸਰ," ਓਸ ਉੱਤਰ ਆਪਣੇ ਆਪ ਨੂੰ ਦਿੱਤਾ "ਹਾਏ! ਤੇ ਫਿਰ ਕੋਈ ਇੱਕੋ ਗਲ ਤਾਂ ਬਸ ਨਹੀਂ," ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਈ ਗਇਆ "ਮੇਰੀ ਬਦਚਲਨੀ ਓਸ ਮੇਰੀ ਵੈਸੀਲਿਵਨਾ ਨਾਲ, ਤੇ ਮੇਰਾ ਬਰਤਾਓ ਉਹਦੇ ਖਾਵੰਦ ਨਾਲ ਕੈਸਾ ਕਮੀਨਾ ਤੇ ਮਕਰੂਹ, ਭੈੜੀ ਜ਼ਿੰਦਗੀ ਦਾ ਹੈ। ਤੇ ਮੇਰੀ ਦੌਲਤ, ਅਮੀਰੀ ਵਲ ਝੁਕਾਓ? ਉਸ ਦੌਲਤ ਉੱਤੇ ਜੀਣਾ ਤੇ ਉਸਨੂੰ ਵਰਤਨਾ ਜਿਹਨੂੰ ਮੈਂ ਅਧਰਮ ਤੇ ਪਾਪ ਸਮਝਦਾ ਹਾਂ ਤੇ ਇਸ ਬਹਾਨੇ ਨਾਲ ਕਿ ਉਹ ਸਭ ਚੀਜ ਮੇਰੀ ਮਾਂ ਮੈਨੂੰ ਦੇ ਗਈ ਹੈ ਤੇ ਇਹ ਮੇਰਾ ਸਾਰਾ ਨਿਕੰਮਾ, ਆਲਸੀ, ਅਯਾਸ਼, ਮਕਰੂਹ ਜੀਵਨ? ਤੇ ਸਭ ਥੀਂ ਵਧ ਉਹ ਮੇਰਾ ਕਾਤੂਸ਼ਾ ਨਾਲ ਪਾਪ ਤੇ ਧ੍ਰੋਹ ਕਮਾਣਾ—ਹਾਏ ਵੋ! ਮੈਂ ਲੁੱਚਾ, ਮੈਂ ਬੇਈਮਾਨ, ਮੈਂ ਬਦਮਾਸ਼, ਨਹੀਂ? ਕੀ ਲੋਕੀ ਭਾਵੇਂ ਮੈਨੂੰ ਕਿਸੀ ਤਰਾਂ ਸਮਝਣ—ਮੈਂ ਉਨ੍ਹਾਂ ਨੂੰ ਤਾਂ ਧੋਖਾ ਦੇ ਸਕਦਾ ਹਾਂ ਪਰ ਮੈਂ ਆਪੇ ਆਪ ਨੂੰ ਕਿੰਝ ਧੋਖਾ ਦੇਈ ਜਾਵਾਂ?"
ਤੇ ਅਚਨਚੇਤ ਓਹਨੂੰ ਸਮਝ ਆਈ ਕਿ ਅੱਜ ਜਿਹੜੀ ਘ੍ਰਿਣਾ ਉਹਨੂੰ ਕੁਛ ਦਿਨਾਂ ਥੀਂ ਤੇ ਖਾਸ ਕਰ ਅੱਜ ਹਰ ਇਕ ਥੀਂ ਆ ਰਹੀ ਸੀ, ਸ਼ਾਹਜ਼ਾਦੇ ਥੀਂ, ਉਸ ਸੋਫੀਆ ਵੈਸੀਲਿਵਨਾ ਥੀਂ, ਤੇ ਕੋਰਨੇ ਤੇ ਮਿੱਸੀ ਥੀਂ ਤੇ ਉਹ ਘ੍ਰਿਣਾ ਅੰਦਰਵਾਰੋ ਆਪਣੇ ਆਪ ਨਾਲ ਉੱਠੀ ਸੀ। ਤੇ ਅਜੀਬ ਗਲ ਇਹ ਸੀ ਕਿ ਇਸ ਆਪਣੇ ਕਮੀਨਾਪਨ ਨੂੰ ਵੇਖਣ ਵਿੱਚ ਕੁਛ ਸੀ ਜਿਸ ਨਾਲ ਦਿਲ ਨੂੰ ਦੁੱਖ ਪਹੁੰਚਦਾ ਸੀ ਪਰ ਨਾਲ ਹੀ ਇਕ ਖੁਸ਼ੀ ਭਰੀ ਤਸਕੀਨ ਜੇਹੀ ਵੀ ਆਉਂਦੀ ਸੀ।
ਨਿਖਲੀਊਧਵ ਦੀ ਜ਼ਿੰਦਗੀ ਵਿੱਚ ਇਕ ਵੇਰੀ ਥੀਂ ਵਧ ਇਹ ਘਟਨਾ ਹੋਈ ਸੀ ਜਿਹਨੂੰ ਉਹ "ਰੂਹ ਨੂੰ ਸਾਫ ਕਰਨਾ" ਆਦਿ ਲਫਜ਼ਾਂ ਵਿੱਚ ਕਹਿ ਕੇ ਦੱਸਦਾ ਹੁੰਦਾ ਸੀ। ਰੂਹ ਨੂੰ ਸਾਫ ਕਰਨ ਦਾ ਉਹਦਾ ਮਤਲਬ ਇਕ ਮਨ ਦੀ ਅਵਸਥਾ ਸੀ, ਇਕ ਅੰਦਰ ਦੀ ਹਾਲਤ ਸੀ, ਜਿਸ ਵਿੱਚ ਅੰਦਰ ਦੀ ਆਲਸ ਮਾਰੀ ਅਯਾਸ਼ ਜ਼ਿੰਦਗੀ ਦੇ ਲੰਮੇ ਵਕਫੇ ਦੇ ਮਗਰੋਂ, ਤੇ ਰੂਹ ਦੀ ਅੰਦਰਲੀ ਜ਼ਿੰਦਗੀ ਦੇ ਹੋਕੇ ਬਿਲਕੁਲ ਮੁਕ ਜਾਣ ਉਪਰੰਤ ਉਹ ਸਾਰਾ ਗੰਦ ਮੰਦ ਆਪਣੇ ਅੰਦਰੋਂ ਕੱਢ ਸੁੱਟਦਾ ਹੁੰਦਾ ਸੀ, ਜਿਸ ਗੰਦ ਮੰਦ ਨੇ ਉਹਦੇ ਅੰਦਰਲੇ ਸੋਮਿਆਂ ਦੇ ਮੂੰਹ ਬੰਦ ਕਰ ਦਿੱਤੇ ਹੁੰਦੇ ਸਨ। ਇਸ ਤਰਾਂ ਦੀ ਜਾਗ ਜੇਹੀ ਆਉਣ ਉੱਪਰ ਨਿਖਲੀਊਧਵ ਆਪਣੇ ਲਈ ਕੁਛ ਨੇਮ ਘੜਦਾ ਹੁੰਦਾ ਸੀ ਜਿਨ੍ਹਾਂ ਉੱਪਰ ਉਹ ਚਲਣ ਦਾ ਪੱਕਾ ਇਰਾਦਾ ਕਰਕੇ ਲੱਕ ਬੰਨ੍ਹਦਾ ਹੁੰਦਾ ਸੀ। ਰੋਜ਼ਨਾਮਚਾ ਲਿਖਦਾ ਹੁੰਦਾ ਸੀ ਤੇ ਫਿਰ ਨਵੇਂ ਸਿਰ ਆਪਣੀ ਨਵੀਂ ਜ਼ਿੰਦਗੀ ਆਰੰਭ ਕਰ ਦਿੰਦਾ ਹੁੰਦਾ ਸੀ ਤੇ ਆਸ ਬੰਨ੍ਹਦਾ ਹੁੰਦਾ ਸੀ ਕਿ ਹੁਣ ਮੁੜ ਉਹ ਇਸ ਰਾਹ ਥੀਂ ਨਹੀਂ ਥਿੜਕੇਗਾ, ਤੇ ਇਸ ਮੁੜ ਪੈਣ ਦਾ ਨਾਉਂ ਉਹ ਅੰਗਰੇਜੀ ਬੋਲੀ ਵਿੱਚ ਕਹਿੰਦਾ ਹੁੰਦਾ ਸੀ "ਕਿਤਾਬ ਦਾ ਨਵਾਂ ਵਰਕਾ ਉਲਟਣਾ ਹੈ।" ਪਰ ਹਰ ਵੇਰੀ ਦੁਨੀਆਂ ਦੇ ਮਨ ਲਲਚਾਵੇ ਉਹਨੂੰ ਫਾਹੀ ਵਿੱਚ ਫਸਾ ਹੀ ਲੈਂਦੇ ਸਨ ਤੇ ਉਹਨੂੰ ਪਤਾ ਵੀ ਨਹੀਂ ਸੀ ਲਗਦਾ ਕਿ ਉਹ ਮੁੜ ਢਹਿ ਪੈਂਦਾ ਸੀ, ਤੇ ਕਈ ਵੇਰੀ ਪਿੱਛੇ ਥੀਂ ਹੋਰ ਡੂੰਘੇ ਰਸਾਤਲ ਵਿੱਚ ਡਿਗ ਪੈਂਦਾ ਸੀ।
ਇਉਂ ਆਪਣੀ ਜ਼ਿੰਦਗੀ ਵਿੱਚ ਕਈ ਵੇਰੀ ਆਪਣੇ ਆਪ ਨੂੰ ਸਾਫ ਕਰਕੇ ਉਠਾ ਚੁੱਕਾ ਸੀ। ਪਹਿਲੀ ਵਾਰ ਤਾਂ ਸੀ ਜਦ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਫੁੱਫੀਆਂ ਪਾਸ ਆਣ ਕੇ ਠਹਿਰਿਆ ਸੀ। ਉਹ ਤਾਂ ਉਹਦੀ ਬੜੀ ਹੀ ਚਾਹ ਭਰੀ ਜਾਗ ਸੀ ਤੇ ਉਹਦੇ ਅਸਰ ਕੁਛ ਚਿਰ ਤਕ ਰਹੇ ਸਨ। ਦੂਸਰੀ ਜਾਗ ਤਾਂ ਆਈ ਸੀ ਜਦ ਦੀਵਾਨੀ ਨੌਕਰੀ ਸਰਕਾਰੀ ਛੱਡ ਕੇ ਆਪਾ ਵਾਰਨ ਲਈ ਫੌਜ ਵਿੱਚ ਭਰਤੀ ਹੋ ਗਇਆ ਸੀ। ਪਰ ਇੱਥੇ ਉਹਦੇ ਅੰਦਰਲੇ ਰੂਹ ਦੇ ਸਾਹ ਘੁੱਟ ਦੇਣ ਦਾ ਕੰਮ ਛੇਤੀ ਹੀ ਹੋ ਗਇਆ ਸੀ। ਫਿਰ ਇਹ ਜਾਗ ਤਾਂ ਆਈ ਸੀ ਜਦ ਫੌਜ ਦੀ ਨੌਕਰੀ ਛੱਡ ਕੇ ਬਾਹਰ ਮੁਲਕਾਂ ਦੀ ਸੈਰ ਕਰਨ ਤੇ ਚਿਤਕਾਰੀ ਦਾ ਹੁਨਰ ਸਿੱਖਣ ਟੁਰ ਗਇਆ ਸੀ। ਤੇ ਉਸ ਵੇਲੇ ਥੀਂ ਅੱਜ ਤਕ ਢੇਰ ਚਿਰ ਲੰਘ ਚੁਕਾ ਸੀ ਕਿ ਉਸ ਨੇ ਆਪਣੇ ਰੂਹ ਨੂੰ ਸਾਫ ਨਹੀਂ ਸੀ ਕੀਤਾ। ਤੇ ਇਸ ਸਬੱਬ ਕਰਕੇ ਉਹਦੇ ਅੰਦਰਲੇ ਰੂਹ ਦੀ ਆਵਾਜ਼ ਦੀ ਮੰਗ ਤੇ ਉਹਦੇ ਅਮਲਾਂ ਵਿੱਚ, ਜੇਹੀ ਜ਼ਿੰਦਗੀ ਉਹ ਹੁਣ ਗੁਜਾਰ ਰਹਿਆ ਸੀ, ਅਗਲੇ ਸਮਿਆਂ ਨਾਲੋਂ ਸਭ ਥੀਂ ਵਧੇਰਾ ਫਰਕ ਸੀ। ਇਹ ਵੇਖ ਕੇ ਕਿ ਹੁਣ ਪਾੜ ਕਿੰਨਾ ਵੱਡਾ ਪੈ ਚੁਕਾ ਸੀ, ਉਹਨੂੰ ਹੌਲ ਹੁੰਦਾ ਸੀ। ਇਉਂ ਪਈ ਤ੍ਰੇੜ ਇੰਨੀ ਵੱਡੀ ਸੀ ਤੇ ਉਹਦਾ ਅੰਦਰ ਇੰਨਾਂ ਮੈਲਾ ਹੋ ਚੁਕਾ ਸੀ ਕਿ ਉਹਨੂੰ ਹੁਣ ਸਫਾਈ ਕਰਨ ਦੀ ਕਾਮਯਾਬੀ ਵਿੱਚ ਵੀ ਨਾਉਮੈਦੀ ਦਿਸ ਰਹੀ ਸੀ। ਅੰਦਰ ਬੈਠਾ ਸ਼ੈਤਾਨ ਕਹਿਣ ਲਗ ਪਇਆ ਸੀ, "ਇਹ ਮੈਲ ਕੱਟਣ ਤੇ ਅਪਣੇ ਆਪ ਨੂੰ ਪੂਰਨ ਬਨਾਉਣ ਦਾ ਕੰਮ, ਕੀ ਬੰਦਿਆ! ਤੂੰ ਕਈ ਵੇਰੀ ਅੱਗੇ ਕਰ ਨਹੀਂ ਚੁਕਿਆ, ਕੀ ਬਣਿਆ ਈ, ਤੇ ਹੁਣ ਕੀ ਬਣ ਜਾਣਾ ਹੈ, ਹੁਣ ਹੋਰ ਕੀ ਯਤਨ ਪਏ ਕਰਨੇ ਹਨ? ਤੇ ਨਾਲੇ ਤੂੰ ਹੀ ਇਕੱਲਾ ਤਾਂ ਨਹੀਂ, ਸਬ ਤੇਰੇ ਵਰਗੇ ਹੀ ਹਨ। ਜ਼ਿੰਦਗੀ ਹੀ ਇਹੋ ਹੈ।" ਪਰ ਅੰਦਰਲੀ ਆਤਮਕ ਜ਼ਿੰਦਗੀ ਨੇ ਜਿਹੜੀ ਹੀ ਕੇਵਲ ਸੱਚੀ ਸੁੱਚੀ ਬਲਵਾਨ ਤੇ ਅਮਰ ਸ਼ਕਤੀ ਹੈ, ਨਿਖਲੀਊਧਵ ਨੂੰ ਜਾਗ ਦੇ ਦਿੱਤੀ ਹੋਈ ਸੀ ਤੇ ਇਸ ਸ਼ੈਤਾਨ ਹੈਵਾਨ ਦੀ ਆਵਾਜ਼ ਅੱਗੇ ਓਹ ਹੁਣ ਕੰਨ ਨਹੀਂ ਸੀ ਧਰ ਸੱਕਦਾ, ਤੇ ਆਪਣੀ ਅਸਲੀ ਆਤਮਕ ਜ਼ਿੰਦਗੀ ਉੱਪਰ ਓਹਨੂੰ ਪੂਰਾ ਭਰੋਸਾ ਮੁੜ ਆ ਚੁਕਾ ਸੀ। ਇਸ ਨਵੀਂ ਜਾਗੀ ਰੂਹਾਨੀ ਜ਼ਿੰਦਗੀ ਦੇ ਵੇਗ ਅੱਗੇ ਕੋਈ ਚੀਜ਼ ਐਸੀ ਰੁਕਾਵਟ ਨਹੀਂ ਸੀ ਹੋ ਸੱਕਦੀ ਜਿਹੜੀ ਓਸ ਅੱਗੇ ਠਹਿਰ ਸੱਕੇ, ਤੇ ਜਿਸ ਪਰ ਓਹ ਫਤੇ ਨ ਪਾ ਸੱਕੇ। ਭਾਵੇਂ ਜੋ ਓਹ ਹੁਣ ਹੈ ਸੀ ਤੇ ਜੋ ਓਹ ਹੋਣਾ ਚਾਹੁੰਦਾ ਸੀ ਉਸ ਵਿੱਚ ਬੜਾ ਭਾਰੀ ਫ਼ਾਸਲਾ ਸੀ ਤਾਂ ਵੀ ਇਸ ਨਵੀਂ ਜਾਗ ਦੇ ਸਾਹਮਣੇ ਕੋਈ ਵੀ ਐਸੀ ਗੱਲ ਨਹੀਂ ਸੀ ਦਿੱਸਦੀ ਜਿਹੜੀ ਓਹ ਆਪਣੇ ਤਲੇ ਨਾ ਕਰ ਸਕੇ।
"ਕੁਛ ਹੋਵੇ! ਮੈਂ ਇਸ ਕੂੜ ਦੇ ਤਲਿੱਸਮ ਨੂੰ ਜਿਸ ਮੈਨੂੰ ਜਕੜਿਆ ਹੋਇਆ ਹੈ ਤੋੜ ਦਿਆਂਗਾ। ਤੇ ਪੂਰਨ ਸੱਚ ਤੇ ਚੱਲਾਂਗਾ," ਉਸ ਬੜਾ ਪੱਕਾ ਇਰਾਦਾ ਕਰ ਕੇ ਕਹਿਆ—"ਮੈਂ ਮਿੱਸੀ ਨੂੰ ਜਾਕੇ ਸੱਚ ਕਹਿ ਦਿਆਂਗਾ। ਉਹਨੂੰ ਕਹਾਂਗਾ ਕਿ ਮੈਂ ਭੈੜਾ ਅਯਾਸ਼ ਫ਼ਜ਼ੂਲ ਖਰਚ ਆਦਮੀ ਹਾਂ ਤੇ ਮੈਂ ਉਸ ਨਾਲ ਵਿਆਹ ਇਸ ਕਰਕੇ ਨਹੀਂ ਕਰ ਸੱਕਦਾ, ਤੇ ਮੈਂ ਏਵੇਂ ਬਿਨ ਮਤਲਬ ਓਹਦੀ ਤਬੀਅਤ ਨੂੰ ਛੇੜਿਆ ਹੈ। ਤੇ ਮੈਂ ਮੇਰੀ ਵੇਸੀਲਿਵਨਾ ਨੂੰ ਕਹਾਂਗਾ........... ਆਹ ਓਹਨੂੰ ਕਹਿਣ ਨੂੰ ਕੁਛ ਨਹੀਂ ਮੈਂ ਉਹਦੇ ਖਾਵੰਦ ਨੂੰ ਕਹਾਂਗਾ ਕਿ ਮੈਂ ਇਕ ਬਦਮਾਸ਼, ਜਿਹੜਾ ਮੈਂ ਹਾਂ, ਓਹਨੂੰ ਇੰਨਾ ਚਿਰ ਧੋਖਾ ਦਿੰਦਾ ਰਹਿਆ ਹਾਂ। ਮੈਂ ਆਪਣੀ ਜਾਇਦਾਦ ਨੂੰ ਇਸ ਤਰਾਂ ਦੇ ਦਿਵਾ ਦਿਆਂਗਾ ਜਿਸ ਨਾਲ ਸੱਚ ਦੇ ਮੰਨਣ ਦਾ ਮੈਂ ਅਮਲ ਕਰ ਸਕਾਂ। ਮੈਂ ਓਹਨੂੰ ਕਾਤੂਸ਼ਾ ਨੂੰ ਕਹਾਂਗਾ ਕਿ ਮੈਂ ਲੁੱਚਾ ਬੇਈਮਾਨ ਬਦਮਾਸ਼ ਹਾਂ ਤੇ ਮੈਂ ਉਹਦੇ ਬਰਬਾਦ ਕਰਨ ਦਾ ਪਾਪ ਕੀਤਾ ਹੈ ਤੇ ਹੁਣ ਉਹਦੀ ਬਦਕਿਸਮਤੀ ਨੂੰ ਜਿਨਾਂ ਲੋਹੁਕਾ ਕਰ ਸੱਕਾਂ ਮੈਂ ਕਰਨ ਨੂੰ ਤਿਆਰ ਹਾਂ। ਹਾਂ ਮੈਂ ਉਹਨੂੰ ਮਿਲਾਂਗਾ, ਤੇ ਕਹਾਂਗਾ ਕਿ ਉਹ ਮੈਨੂੰ ਮਾਫ ਕਰ ਦੇਵੇ।
"ਹਾਂ ਮੈਂ ਉਸ ਪਾਸੋਂ ਮਾਫ਼ੀ ਮੰਗਾਂਗਾ ਬੱਚਿਆਂ ਵਾਂਗ ਰੋ ਕੇ ਮਾਫ਼ੀ ਮੰਗਾਂਗਾ," ਉਹ ਫਿਰ ਠਹਿਰ ਗਇਆ, "ਜੇ ਜ਼ਰੂਰੀ ਹੋਵੇ ਉਸ ਨਾਲ ਵਿਆਹ ਕਰਾਂਗਾ।" ਆਪਣੀ ਛਾਤੀ ਉੱਪਰ ਦੋਵੇਂ ਹੱਥ ਜੋੜ ਕੇ ਜਿਸ ਤਰਾਂ ਉਹ ਆਪਣੇ ਬਾਲਪੁਨੇ ਵਿੱਚ ਕਰਦਾ ਹੁੰਦਾ ਸੀ। ਅੱਖਾਂ ਉੱਪਰ ਕਰਕੇ ਜਿਵੇਂ ਕਿਸੀ ਨੂੰ ਬੁਲਾਂਦਾ ਹੈ ਇਉਂ ਕਹਿਣ ਲੱਗ ਪਇਆ, "ਹੇ ਮੇਰੇ ਰੱਬਾ! ਮੇਰੀ ਮਦਦ ਕਰ, ਮੈਨੂੰ ਸਿੱਖਿਆ ਦੇ, ਮੇਰੇ ਅੰਦਰ ਆ ਵੱਸ ਤੇ ਇਸ ਸਾਰੀ ਕਰੈਹਤੀ ਤੇ ਘ੍ਰਿਣਤ ਜ਼ਿੰਦਗੀ ਥੀਂ ਬਚਾ, ਮੈਨੂੰ ਪਾਰ ਕਰ।"
ਉਸ ਇਉਂ ਰੱਬ ਅੱਗੇ ਅਰਦਾਸ ਕੀਤੀ। ਰੱਬ ਨੂੰ ਆਪਣੀ ਮਦਦ ਲਈ ਬੁਲਾਇਆ ਕਿ ਉਹ ਉਹਦੇ ਅੰਦਰ ਆ ਵੱਸੇ ਤੇ ਉਹਨੂੰ ਪਾਵਨ ਕਰੇ। ਪਰ ਜਿਸ ਗੱਲ ਲਈ ਉਹ ਅਰਦਾਸ ਕਰ ਰਹਿਆ ਸੀ ਉਹ ਅੱਗੇ ਹੀ ਹੋ ਚੁਕੀ ਸੀ। ਰਬ ਨੇ ਹੀ ਅੰਦਰ ਆਕੇ ਉਹਨੂੰ ਟੁੰਬਿਆ ਸੀ ਤੇ ਉਹਦੀ ਸੁਰਤ ਨੂੰ ਜਗਾ ਦਿੱਤਾ ਸੀ। ਇਸ ਵੇਲੇ ਉਹ ਆਪਣੇ ਆਪ ਤੇ ਰੱਬ ਨੂੰ ਇਕ ਪ੍ਰਤੀਤ ਕਰ ਰਹਿਆ ਸੀ, ਤੇ ਇਸ ਕਰਕੇ ਨ ਸਿਰਫ ਉਸ ਰੱਬੀ ਖੁੱਲ੍ਹ ਪੂਰਣਤਾ ਤੇ ਜ਼ਿੰਦਗੀ ਦੀ ਰੌ ਦੇ ਅਨੰਦ ਨੂੰ ਅਨੁਭਵ ਕਰ ਰਹਿਆ ਸੀ ਬਲਕਿ ਧਰਮ ਦੀ ਕੁਲ ਦੈਵੀ ਤਾਕਤ ਉਹ ਆਪਣੇ ਅੰਦਰ ਮਹਿਸੂਸ ਕਰ ਰਹਿਆ ਸੀ। ਸਭ ਕੁਛ ਚੰਗੇ ਥੀਂ ਚੰਗਾ, ਸਭ ਕੁਛ ਜੋ ਕੋਈ ਵੀ ਬੰਦਾ ਕਰ ਸੱਕਦਾ ਹੈ ਉਹ ਪ੍ਰਤੀਤ ਕਰ ਰਹਿਆ ਸੀ ਉਹ ਵੀ ਕਰ ਸੱਕਦਾ ਹੈ। ਉਹਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ, ਜਦ ਉਹ ਇਹ ਗੱਲਾਂ ਆਪੇ ਨਾਲ ਕਰ ਰਹਿਆ ਸੀ। ਦੋਵੇਂ ਅੱਥਰੂ—ਚੰਗੇ ਵੀ ਤੇ ਬੁਰੇ ਵੀ, ਚੰਗੇ ਉਹ ਜਿਹੜੇ ਉਹਦੇ ਅੰਦਰ ਆਏ ਰੱਬ ਦੀ ਬਖਸ਼ੀ ਰੂਹਾਨੀ ਜ਼ਿੰਦਗੀ ਦੀ ਜਾਗ ਦੇ ਖੁਸ਼ੀ ਦੇ ਸਨ, ਉਹ ਜ਼ਿੰਦਗੀ ਜਿਹੜੀ ਅੱਜ ਤਿੰਨ ਸਾਲ ਸੁੱਤੀ ਹੋਈ ਅੱਜ ਜਾਗੀ ਸੀ, ਤੇ ਬੁਰੇ ਅੱਥਰੂ ਉਹ ਜਿਹੜੇ ਉਹਨੂੰ ਇਸ ਕਰਕੇ ਆਏ ਸਨ ਕਿ ਆਹੋ ਉਹ ਆਪ ਕਿੰਨਾ ਅੱਛਾ ਹੈ ਜੇ ਮੁੜ ਉਹਨੂੰ ਇਹ ਜਾਗ ਆਈ ਹੈ ਸੀ, ਇਹ ਆਪਣੇ ਆਪ ਨਾਲ ਇਕ ਅਜੀਬ ਲਾਡ ਮੋਹ ਕਰਨ ਦੇ ਅੱਥਰੂ ਸਨ।
ਉਹਨੂੰ ਗਰਮੀ ਲੱਗੀ ਤੇ ਉੱਠ ਕੇ ਖਿੜਕੀ ਵੱਲ ਗਇਆ ਤੇ ਖਿੜਕੀ ਦੇ ਤਾਕ ਖੋਲ੍ਹੇ। ਇਹ ਖਿੜਕੀ ਬਾਗ ਵਲ ਖੁਲ੍ਹਦੀ ਸੀ, ਚਾਨਣੀ ਰਾਤ ਸੀ, ਚੁਪ ਚਾਂ, ਨਵੀਂ ਰਾਤ, ਕੋਈ ਚੀਜ਼ ਕੰਨ ਪਾਸੋਂ ਕਰੀਚ ਜੇਹੀ ਕਰਦੀ ਲੰਘ ਜਾਣ ਦੇ ਸਿਵਾ ਸਭ ਖਾਮੋਸ਼ੀ ਸੀ। ਇਕ ਉੱਚੇ ਸਫੇਦੇ ਦੇ ਬ੍ਰਿਛ ਦਾ ਸਾਇਆ ਖਿੜਕੀ ਦੇ ਸਾਹਮਣੀ ਜ਼ਮੀਨ ਤੇ ਪੈ ਰਹਿਆ ਸੀ ਤੇ ਉਸ ਖੂਬ ਬੌਕਰ ਨਾਲ ਸਾਫ ਕੀਤੀ ਸੰਵਾਰੀ ਸੁਥਰੀ ਬੱਜਰੀ ਉੱਪਰ ਉਹਦੀਆਂ ਨੰਗੀਆਂ ਸ਼ਾਖਾਂ ਦਾ ਪੇਚ ਦਰ ਪੇਚ ਨਕਸ਼ਾ ਉਕਰਿਆ ਪਇਆ ਸੀ। ਖੱਬੇ ਪਾਸੇ ਇਕ ਬੱਘੀ ਖਾਨੇ ਉੱਪਰ ਚਾਨਣੀ ਚਮਕ ਰਹੀ ਸੀ ਤੇ ਸਾਹਮਣੇ ਬਾਗ ਦੀ ਦੀਵਾਰ ਦਾ ਕਾਲਾ ਪਰਛਾਵਾਂ ਦਰਖਤਾਂ ਦੀਆਂ ਆਪੇ ਵਿੱਚ ਅੜੀਆਂ ਪੇਚ ਪਈਆਂ ਟਹਿਣੀਆਂ ਵਿੱਚ ਦੀ ਦਿੱਸ ਰਹਿਆ ਸੀ। ਨਿਖਲੀਊਧਵ ਨੇ ਪਹਿਲਾਂ ਛੱਤ ਵਲ ਤੱਕਿਆ, ਫਿਰ ਚਾਨਣੀ ਨਾਲ ਭਰੇ ਚਮਕਦੇ ਬਾਗ ਵਲ; ਤੇ ਸਫੈਦੇ ਦੀ ਛਾਇਆ ਵਲ; ਤੇ ਉਸ ਤਾਜ਼ਾ ਰੂਹ ਫੂਕਣ ਵਾਲੀ ਹਵਾ ਦਾ ਘੁੱਟ ਭਰਿਆ।
"ਆਹ! ਆਹ ਕਿਹਾ ਅਨੰਦ ਹੈ ਆਰਾਮ ਹੈ, ਓ ਰੱਬਾ ਕਹੀਆਂ ਖੁਸ਼ੀਆਂ ਹਨ!" ਉਸ ਕਹਿਆ। ਉਹਦਾ ਮਤਲਬ ਸੀ ਉਹ ਸੋਹਣੀ ਸੂਰਤ ਦੀ ਅਵਸਥਾ ਜਿਹੜੀ ਉਹਦੇ ਅੰਦਰ ਉਸ ਵੇਲੇ ਵਾਪਰ ਰਹੀ ਸੀ।
ਮੋਇਆਂ ਦੀ ਜਾਗ-ਕਾਂਡ ੨੯. : ਲਿਉ ਤਾਲਸਤਾਏ
ਸ਼ਾਮ ਵੇਲੇ ਮਸਲੋਵਾ ਥੱਕੀ ਤੁੱਟੀ, ਪੈਰ ਚਿਹੇ ਹੋਏ, ਪੈਰੀ ਚਲਨ ਦੀ ਆਦਤ ਨਾਂਹ ਹੋਣ ਤੇ ਉਸ ਦਿਨ ਪਥਰੀਲੀ ਸੜਕ ਉੱਪਰ ਦਸ ਮੀਲ ਦੇ ਕਰੀਬ ਵਿਚਾਰੀ ਸਫ਼ਰ ਪੈਰੀਂ ਤੁਰਕੇ ਕੀਤਾ ਸੀ, ਜੇਲ ਦੀ ਕੋਠਰੀ ਵਾਪਸ ਪਹੁੰਚੀ। ਉਹਨੂੰ ਇੰਨੀ ਸਖਤ ਸਜ਼ਾ ਦੇ ਹੁਕਮ ਨੇ, ਜਿਹਦਾ ਕੋਈ ਖਾਬ ਖਿਆਲ ਹੀ ਨਹੀਂ ਸੀ, ਮਾਰ ਹੀ ਦਿੱਤਾ ਸੀ ਤੇ ਨਾਲੇ ਸਾਰੀ ਦਿਹਾੜੀ ਦੀ ਭੁੱਖੀ ਭਾਣੀ। ਮੁਕੱਦਮੇਂ ਦੇ ਵਿਚਕਾਰ ਆਈ ਛੁੱਟੀ ਦੇ ਵਕਤ ਵਿੱਚ ਜਦ ਸਿਪਾਹੀ ਰੋਟੀ ਤੇ ਨਾਲ ਪੂਰੇ ਉਬਲੇ ਅੰਡੇ ਉਹਦੇ ਸਾਹਮਣੇ ਖਾ ਰਹੇ ਸਨ ਤਦ ਉਹਦੇ ਮੂੰਹ ਵਿੱਚ ਵੀ ਪਾਣੀ ਆ ਗਇਆ ਸੀ, ਤਦ ਉਸ ਜਾਣ ਲਇਆ ਸੀ ਕਿ ਓਹਨੂੰ ਆਪ ਨੂੰ ਵੀ ਭੁੱਖ ਲੱਗੀ ਹੋਈ ਹੈ। ਪਰ ਆਪਣੀ ਸ਼ਾਨ ਦੇ ਹੇਠ ਸਮਝ ਕੇ ਉਨ੍ਹਾਂ ਪਾਸੋਂ ਕੁਛ ਨਾ ਮੰਗਿਆ। ਉਸ ਥੀਂ ਤਿੰਨ ਘੰਟੇ ਪਿੱਛੇ ਉਹਦੀ ਖਾਣ ਦੀ ਰੁਚੀ ਬੰਦ ਹੋ ਚੁਕੀ ਸੀ। ਸਿਰਫ ਓਹ ਕੁਛ ਕਮਜੋਰ ਜੇਹੀ ਹੋ ਗਈ ਸੀ। ਉਸ ਵੇਲੇ ਓਹਨੂੰ ਓਹ ਕਦੀ ਨ ਖਿਆਲਿਆ ਹੁਕਮ ਸੁਣਾਇਆ ਗਇਆ ਸੀ—ਪਹਿਲਾਂ ਤਾਂ ਓਸ ਜਾਤਾ ਕਿ ਓਹਨੂੰ ਹੁਕਮ ਠੀਕ ਸਮਝ ਨਹੀਂ ਸੀ ਆਇਆ, ਕਿਉਂਕਿ ਉਹਦੇ ਖਾਬ ਖਿਆਲ ਵਿੱਚ ਵੀ ਨਹੀਂ ਸੀ ਆ ਸੱਕਦਾ ਕਿ ਓਹ ਇਉਂ ਸਾਈਬੇਰੀਆ ਜਲਾਵਤਨ ਕਰ ਦਿੱਤੀ ਇਕ ਦੋਸੀ ਹੈ। ਤੇ ਆਪਣੀ ਨਵੀਂ ਸੁਣੀ ਗੱਲ ਦਾ ਉਸਨੂੰ ਕੋਈ ਯਕੀਨ ਨਹੀਂ ਸੀ ਬਝਦਾ—ਪਰ ਉਨ੍ਹਾਂ ਚੁਪ ਚਾਪ, ਸਵਾਧਾਨ ਜੇਹੇ ਠੰਢੇ ਵਿਹਾਰੀ ਲੋਕਾਂ ਵਾਂਗ ਜੂਰੀ ਦੇ ਮੈਂਬਰਾਂ ਤੇ ਜੱਜਾਂ ਦੇ ਓਹ ਬਣਾਏ ਮੂੰਹ ਵੇਖ ਕੇ ਕਿ ਉਨਾਂ ਓਥੇ ਬੈਠਿਆਂ ਹੋਇਆਂ, ਇਨਸਾਨ ਹੁੰਦਿਆਂ ਹੋਇਆਂ, ਇਸ ਅਸਚਰਜ, ਨੂੰ ਇਉਂ ਸੁਣਿਆ ਜਿਵੇਂ ਸਹਿਜ ਸੁਭਾ ਰੋਜ ਦੀ ਸਾਧਾਰਨ ਗੱਲ ਹੁੰਦੀ ਹੈ ਤੇ ਜਿਵੇਂ ਉਨ੍ਹਾਂ ਅੱਗੇ ਹੀ ਸੋਚ ਲਇਆ ਸੀ ਕਿ ਇਉਂ ਹੋਣਾ ਹੈ, ਓਹਨੂੰ ਗੁੱਸਾ ਆ ਗਿਆ ਸੀ ਤੇ ਓਹ ਚੀਕ ਉੱਠੀ ਸੀ ਕਿ ਮੈਂ ਦੋਸ਼ੀ ਨਹੀਂ । ਇਹ ਵੇਖ ਕੇ ਕਿ ਉਹਦੀ ਦਰਦਨਾਕ ਚੀਕ "ਮੈਂ ਦੋਸੀ ਨਹੀਂ" ਨੇ ਵੀ ਕੋਈ ਖਾਸ ਅਸਰ ਨਹੀਂ ਸੀ ਕੀਤਾ, ਜਿਵੇਂ ਓਹਦੀ ਸਜ਼ਾ ਦਾ ਹੁਕਮ ਸੁਣ ਕੇ ਚੀਕਣਾ ਵੀ ਇਕ ਮਾਮੂਲੀ ਰੋਜ਼ਾਨਾ ਵਤੀਰਾ ਹੈ, ਹੁੰਦਾ ਹੀ ਹੁੰਦਾ ਹੈ, ਤੇ ਇਹ ਕਿ ਉਹਦੀ ਓਸ ਚੀਕ ਨੇ ਵੀ ਮਾਮਲੇ ਨੂੰ ਪਰਤ ਨਹੀਂ ਦੇਣਾ, ਓਹ ਫਿਰ ਉੱਕਾ ਮਾਯੂਸੀ ਵਿੱਚ ਰੋਣ ਲੱਗ ਪਈ ਕਿ ਇਹ ਬੇਤਰਸ ਤੇ ਅਧਰਜ ਦਾ ਲੋਹੜਾ ਉਸ ਨਾਲ ਹੋਇਆ ਹੈ, ਆਖਰ ਉਸ ਭੋਗਣਾ ਹੀ ਹੈ । ਜਿਹੜੀ ਗੱਲ ਓਹਨੂੰ ਬਹੁੰ ਹੱਕਾ ਬੱਕਾ ਕਰ ਦੇਣ ਵਾਲੀ ਸੀ ਉਹ ਇਹ ਸੀ ਕਿ ਉਹ ਨੌਜਵਾਨ ਮਰਦ-ਬਹਰ ਹਾਲ ਹਾਲੇਂ ਬੁੱਢੇ ਨ ਹੋਏ ਮਰਦ—ਉਹੋ ਮਰਦ ਜਿਹੜੇ ਉਸ ਵੱਲ ਮੁਸ਼ਤਾਕ ਨਿਗਾਹਾਂ ਨਾਲ ਵੇਖਦੇ ਸਨ, (ਉਨ੍ਹਾਂ ਵਿੱਚੋਂ ਉਹ ਇਕ, ਉਹੋ ਸਰਕਾਰੀ ਵਕੀਲ ਉਸ ਪਾਸ ਇਕ ਵਾਰੀ ਆਇਆ ਸੀ ਤੇ ਹੋਰ ਕਿਸੀ ਮਜ਼ਾਕ ਵਿੱਚ ਉਸ ਆਪ ਵੇਖਿਆ ਸੀ) ਉਹ ਅੱਜ ਉਹਨੂੰ ਦੋਸੀ ਠਹਿਰਾ ਰਹੇ ਸਨ । ਮੁਕੱਦਮੇਂ ਦੀ ਪੇਸ਼ੀ ਹੋਣ ਥੀਂ ਪਹਿਲਾਂ ਤੇ ਵਿਚਕਾਹੇ ਦੀ ਛੁੱਟੀ ਵੇਲੇ ਜਦ ਉਹ ਕੈਦੀਆਂ ਦੇ ਕਮਰੇ ਵਿੱਚ ਬੈਠੀ ਸੀ ਇਹੋ ਜੇਹੇ ਕਈ ਨੌਜਵਾਨ ਕਿਸੀ ਨ ਕਿਸੀ ਕੰਮ ਦੇ ਬਹਾਨੇ, ਉਸਦੇ ਅੱਗੋਂ ਲੰਘਦੇ ਸਨ, ਉਸ ਵੱਲ ਬੜੀ ਮਿੱਠੀ ਤੇ ਤਰਸ ਦੀ ਨਿਗਾਹ ਨਾਲ ਤੱਕਦੇ ਸਨ, ਯਾ ਕਮਰੇ ਅੰਦਰ ਆਂਦੇ ਜਾਂਦੇ ਸਨ, ਤੇ ਬੜੀ ਰੀਝ ਨਾਲ ਉਸ ਨੂੰ ਟੱਕ ਬੰਨ੍ਹ ਕੇ ਵੇਖਦੇ ਸਨ, ਤੇ ਫਿਰ ਕਿਸੀ ਅਣਜਾਤੇ ਸਬੱਬ ਕਰਕੇ ਓਹੋ ਮਰਦ ਓਹਨੂੰ ਦੋਸੀ ਠਹਿਰਾ ਕੇ ਸਾਈਬੇਰੀਆ ਸਖਤ ਮੁਸ਼ਕਤ ਦੀ ਗੁਲਾਮੀ ਵਿੱਚ ਸੁੱਟਦੇ ਹਨ ਭਾਵੇਂ ਉਸ ਉੱਪਰ ਲੱਗੇ ਦੋਸ਼ ਦੀ ਉਹ ਉੱਕਾ ਨਿਰਦੋਸ਼ ਸੀ।
ਪਹਿਲਾਂ ਤਾਂ ਉਹ ਰੋਈ ਸੀ, ਪਰ ਫਿਰ ਚੁਪ ਹੋ ਗਈ ਸੀ ਤੇ ਕੈਦੀਆਂ ਦੇ ਕਮਰੇ ਵਿੱਚ ਹੱਕੀ ਬੱਕੀ ਹੋ ਕੇ ਬੈਠੀ ਉਡੀਕ ਵਿੱਚ ਸੀ ਕਿ ਕਦ ਉਹ ਵਾਪਸ ਜੇਲ ਨੂੰ ਲਿਜਾਈ ਜਾਵੇਗੀ। ਉਹ ਉਸ ਵੇਲੇ ਸਿਰਫ ਇਕ ਖਾਹਿਸ਼ ਕਰ ਰਹੀ ਸੀ ਕਿ ਤਮਾਕੂ ਪੀਣ ਨੂੰ ਮਿਲੇ। ਓਹ ਇਸ ਖਿਆਲ ਵਿੱਚ ਸੀ ਕਿ ਬੋਚਕੋਵਾ ਤੇ ਕਾਰਤਿਨਕਿਨ ਵੀ ਸਜ਼ਾ ਪਾਕੇ ਓਸ ਕਮਰੇ ਵਿੱਚ ਆਵਣਗੇ। ਬੋਚਕੋਵਾ ਓਸ ਨੂੰ ਆਉਂਦਿਆਂ ਸਾਰ ਖਫਾ ਹੋਣ ਲੱਗ ਪਈ, ਤੇ ਉਸ ਦੇ ਮੱਥੇ ਸਾਰਾ ਦੋਸ ਤੇ ਅਪਰਾਧ ਮੁੜ੍ਹਨ ਲਗ ਪਈ।
"ਅੱਛਾ! ਤੈਨੂੰ ਕੀ ਲੱਭਾ ਹੈ? ਤੂੰ ਆਪਣੇ ਆਪ ਨੂੰ ਕੀ ਨਿਰਦੋਸ਼ ਸਬੂਤ ਆਖਰ ਕਰ ਸੱਕੀਏ! ਓਏ ਕੰਜਰੀਏ! ਜੋ ਤੂੰ ਕੀਤਾ ਸੋ ਪਾਇਆ। ਤੂੰ ਇਸੇ ਲਾਇਕ ਸੈਂ, ਸਾਈਬੇਰੀਆ ਵਿੱਚ ਸੜੇਂ, ਤੈਨੂੰ ਇਹ ਪੋਸ਼ਾਕਾਂ ਛੱਡਣੀਆਂ ਪੈਣਗੀਆਂ, ਕੋਈ ਡਰ ਨਹੀਂ ਠਹਿਰ!"
ਮਸਲੋਵਾ ਆਪਣੇ ਹੱਥ ਆਪਣੇ ਕੋਟ ਦੀਆਂ ਅਸਤੀਨਾਂ ਵਿੱਚ ਪਾਏ ਅਹਿਲ ਬੈਠੀ ਰਹੀ, ਸਿਰ ਉਸ ਨੀਵਾਂ ਕੀਤਾ ਰੱਖਿਆ ਤੇ ਆਪਣੇ ਸਾਹਮਣੇ ਫਰਸ਼ ਉੱਪਰ ਨੀਵੀਂ ਨਜ਼ਰ ਲਾਈ ਵੇਖਦੀ ਰਹੀ। ਉਸ ਸਿਰਫ ਇਹ ਉੱਤਰ ਦਿੱਤਾ, "ਮੈਂ ਤੁਹਾਨੂੰ ਨਹੀਂ ਦਿੱਕ ਕਰ ਰਹੀ ਤੁਸੀਂ ਮੈਨੂੰ ਨ ਦਿੱਕ ਕਰੋ, ਮੈਂ ਤੁਸਾਂ ਨੂੰ ਕੋਈ ਦਿੱਕ ਕਰਦੀ ਹਾਂ? ਦੱਸੋ!" ਬਹੂੰ ਵੇਰੀ ਉਸ ਇਹ ਲਫਜ਼ ਕਹੇ ਤੇ ਫਿਰ ਓਹ ਚੁਪ ਹੋ ਗਈ। ਜਦ ਦੋਹਾਂ ਬੋਚਕੋਵਾ ਤੇ ਕਾਰਤਿਨਕਿਨ ਨੂੰ ਸਿਪਾਹੀ ਲੈਕੇ ਬਾਹਰ ਚਲੇ ਗਏ, ਓਹਦਾ ਮੂੰਹ ਕੁਝ ਖਿੜਿਆ।
"ਕੀ ਤੇਰਾ ਨਾਂ ਮਸਲੋਵਾ ਹੈ?" ਇਕ ਆਦਮੀ ਨੇ ਆਣ ਕੇ ਪੁੱਛਿਆ, "ਇਹ ਤੇਰੇ ਲਈ ਹਨ। ਇਕ ਸਵਾਣੀ ਨੇ ਇਹ ਰਕਮ ਤੈਨੂੰ ਘੱਲੀ ਹੈ," ਓਸ ਆਦਮੀ ਨੇ ਕਹਿਆ ਤੇ ਤਿਨ ਰੂਬਲ ਓਹਨੂੰ ਦੇ ਦਿੱਤੇ।
"ਇਕ ਸਵਾਣੀ-ਕਿਹੜੀ ਸਵਾਣੀ?"
"ਤੂੰ ਇਹ ਲੈ ਲੈ—ਮੈਂ ਤੇਰੇ ਨਾਲ ਵਾਧੂ ਗੱਲ ਨਹੀਂ ਕਰਨੀ।"
ਇਹ ਰੂਬਲ ਕਿਤਾਈਵਾ ਉਸ ਕੰਜਰ ਘਰ ਦੀ ਚਲਾਨ ਵਾਲੀ ਨੇ ਘੱਲੇ ਸਨ, ਜਦ ਉਹ ਅਦਾਲਤ ਥੀਂ ਜਾ ਰਹੀ ਸੀ। ਉਸ ਅਸ਼ਰ ਪਾਸੋਂ ਪੁਛ ਲਇਆ ਸੀ, ਕਿ ਕੀ ਓਹ ਮਸਲੋਵਾ ਨੂੰ ਕੁਝ ਰੁਪਏ ਘੱਲ ਸੱਕਦੀ ਹੈ, ਤੇ ਅਸ਼ਰਨੇ ਕਹਿਆ ਸੀ ਕਿ ਓਹ ਘੋਲ ਸੱਕਦੀ ਹੈ। ਤੇ ਇਉਂ ਜਦ ਓਹਨੂੰ ਇਜਾਜ਼ਤ ਮਿਲੀ ਤਦ ਉਸ ਵੇਲੇ ਉਸ ਆਪਣੇ ਮੋਟੇ ਸੁੱਜੇ ਬੱਗੇ ਹੱਥ ਥੀਂ ਤਿੰਨਾਂ ਬਟਨਾਂ ਵਾਲੇ ਚਿੱਟੇ ਮੇਸ਼ੇ ਦੇ ਦਸਤਾਨੇ ਲਾਹਕੇ ਆਪਣੀ ਰੇਸ਼ਮੀ ਸਕਰਟ ਦੇ ਪਿਛਲੇ ਪਰਤਾਂ ਤੇਹਾਂ ਵਿੱਚੋਂ ਇਕ ਨਜ਼ਾਕਤਦਾਰ ਪਰਸ ਕੱਢਿਆ ਜਿਸ ਵਿਚੋਂ ਇਕ ਕੂਪਨਾਂ ਦਾ ਬੰਡਲ ਨਿਕਾਲਿਆ, ਜਿਹੜੇ ਕੂਪਨ ਸੂਦੀ ਦਿੱਤੇ ਰੁਪਏ ਦੇ ਪੜਤ ਨਾਲੋਂ ਕੱਟੇ ਹੋਏ ਸਨ ਤੇ ਜਿਹੜੇ ਰੁਪਏ ਓਸ ਆਪਣੇ ਕੰਜਰ ਘਰ ਦੇ ਚਲਾਣ ਥੀਂ ਕਮਾਏ ਸਨ। ਉਸ ਨੇ ਉਨ੍ਹਾਂ ਕੂਪਨਾਂ ਵਿੱਚੋਂ ਇਕ ਤਾਂ ਢਾਈ ਰੂਬਲ ਦਾ ਲਇਆ ਤੇ ਨਾਲ ਕੁਝ ਨਕਦੀ ਰਲਾ ਕੇ ਤਿੰਨ ਰੂਬਲ ਪੂਰੇ ਕਰਕੇ ਅਸ਼ਰ ਨੂੰ ਦਿੱਤੇ ਸਨ। ਅਸ਼ਰ ਨੇ ਇਕ ਕਚਹਿਰੀ ਦਾ ਪਿਆਦਾ ਸੱਦਿਆ ਸੀ, ਤੇ ਓਹਦੇ ਸਾਹਮਣੇ ਹੀ ਪਿਆਦੇ ਨੂੰ ਦੇ ਦਿੱਤੇ ਸਨ ਕਿ ਮਸਲੋਵਾ ਨੂੰ ਜਾ ਕੇ ਦੇ ਆਵੇ।
"ਮੇਹਰਬਾਨੀ ਕਰਕੇ ਸਹੀ ਸਹੀ ਦੇ ਆਵੀਂ", ਕੈਰੋਲੀਨ ਐਲਬਰਟੋਵਨਾ ਕਿਤਾਈਵਾ ਨੇ ਪਿਆਦੇ ਨੂੰ ਕਹਿਆ ਸੀ। ਇਉਂ ਓਹਦਾ ਓਸ ਪਿਆਦੇ ਉੱਪਰ ਇਹਤਬਾਰ ਨਾ ਕਰਨ ਨੇ ਪਿਆਦੇ ਦੇ ਦਿਲ ਨੂੰ ਕੁਝ ਚੋਟ ਮਾਰੀ ਸੀ ਤੇ ਇਹ ਸਬੱਬ ਸੀ ਕਿ ਓਸਨੇ ਆਣ ਕੇ ਮਸਲੋਵਾ ਨੂੰ ਖਹੁਰਾ ਜਵਾਬ ਦਿੱਤਾ ਸੀ।
ਮਸਲੋਵਾ ਰੁਪਏ ਲੈ ਕੇ ਖੁਸ਼ ਹੋ ਗਈ ਕਿ ਉਨ੍ਹਾਂ ਕਰਕੇ ਉਹ ਆਪਣੀ ਤਮਾਕੂ ਪੀਣ ਦੀ ਤ੍ਰਿਸ਼ਨਾ ਬੁਝਾ ਸੱਕੇਗੀ—"ਹਾਏ! ਜੇ ਮੈਨੂੰ ਹੁਣ ਕੁਝ ਸਿਗਰਿਟ ਮਿਲ ਜਾਣ ਤੇ ਮੈਂ ਕੁਝ ਧੂਆਂ ਲੈ ਸੱਕਾਂ!" ਓਸ ਆਪਣੇ ਆਪ ਨੂੰ ਕਹਿਆ। ਤੇ ਉਸਦਾ ਸਾਰਾ ਮਨ ਬੱਸ ਇਸ ਖਾਹਿਸ਼ ਵਿੱਚ ਲੱਗਾ ਹੋਇਆ ਸੀ। ਉਹਦੀ ਤ੍ਰਿਸ਼ਨਾਂ ਤਮਾਕੂ ਪੀਣ ਦੇ ਧੂਏਂ ਲਈ ਇੰਨੀ ਤੀਖਣ ਸੀ ਜੇ ਹੋਰ ਕਿਸੇ ਪਾਸਿਓਂ ਕਿਸੀ ਦਾ ਛਿਕਿਆ ਧੂੰਆਂ ਓਸ ਪਾਸ ਪਤਲਾ ਜੇਹਾ ਓਸ ਕਮਰੇ ਵਿੱਚ ਦੀ ਜਿਹੜਾ ਬਰਾਮਦੇ ਵਿੱਚ ਖੁੱਲ੍ਹਦਾ ਸੀ, ਪਹੁੰਚਦਾ ਸੀ, ਤਦ ਓਹ ਡੂੰਘਾ ਜੇਹਾ ਸਾਹ ਲੈ ਕੇ ਉਸ ਬੋ ਜੇਹੀ ਨੂੰ ਆਪਣੇ ਅੰਦਰ ਖਿੱਚਣ ਦੀ ਕਰਦੀ ਸੀ।
ਪਰ ਓਥੇ ਉਹਨੂੰ ਬੜਾ ਚਿਰ ਉਡੀਕਣਾ ਪਇਆ, ਕਿਉਂਕਿ ਉਹ ਅਫਸਰ ਜਿਸ ਉਹਦੇ ਲੈ ਜਾਣ ਦਾ ਹੁਕਮ ਦੇਣਾ ਸੀ, ਇਕ ਵਕੀਲ ਨਾਲ ਉਸ ਅਖਬਾਰੀ ਲੇਖ ਬਾਬਤ ਜਿਹੜਾ ਕਿ ਸੈਂਸਰ ਨੇ ਛਪਣੋ ਰੋਕ ਦਿੱਤਾ ਸੀ ਗੱਲਾਂ ਬਾਤਾਂ ਕਰਦਿਆਂ ਕੈਦੀਆਂ ਬਾਬਤ ਉੱਕਾ ਭੁੱਲ ਗਇਆ ਸੀ।
ਆਖ਼ਰ ਪੰਜ ਵਜੇ ਦੇ ਕਰੀਬ ਓਹਨੂੰ ਲੈ ਜਾਣ ਦੀ ਇਜਾਜ਼ਤ ਮਿਲੀ, ਤੇ ਪਿਛੋਕੜ ਦੇ ਦਰਵਾਜ਼ੇ ਰਾਹੀਂ ਉਹਦੇ ਲੈ ਜਾਣ ਵਾਲੇ, ਓਹ ਨਿਜ਼ਹਨੀ ਦਾ ਬੰਦਾ ਤੇ ਚੂਵਾਸ਼ ਅੱਗੇ ਲੈ ਟੁਰੇ। ਫਿਰ ਹਾਲੇ ਕਚਹਿਰੀ ਦੇ ਵੱਡੇ ਬਾਹਰਲੇ ਦਰਵਾਜ਼ੇ (ਗੇਟ) ਵਿੱਚ ਹੀ ਸਨ ਤਦ ਉਸਨੇ ਉਹਨੂੰ ੨੦ ਕੋਪਿਕ (ਪੈਸੇ) ਦਿੱਤੇ ਕਿ ਮੈਨੂੰ ਕੁਛ ਸਿਗਰਟ ਤੇ ਰੋਟੀ ਦੇ ਰੋਲ ਲੈ ਦਿਉ। ਚੂਵਾਸ਼ਹਸਿਆ ਤੇ ਪੈਸੇ ਲੈ ਲਏ, ਤੇ ਕਹਿਣ ਲੱਗਾ "ਚੰਗਾ! ਲੈ ਦਿਆਂਗੇ"। ਤੇ ਸੱਚੀਂ ਉਸ ਲਈ ਇਹ ਦੋਵੇਂ ਚੀਜ਼ਾਂ ਖਰੀਦ ਕੇ ਲੈ ਆਇਆ ਤੇ ਬਾਕੀ ਦਾ ਭਾਨ ਵੀ ਮੋੜ ਦਿੱਤਾ। ਪਰ ਉਨ੍ਹਾਂ ਨੇ ਉਹਨੂੰ ਰਾਹ ਵਿੱਚ ਸਿਗਰਟ ਪੀਣ ਦੀ ਇਜ਼ਾਜ਼ਤ ਨ ਦਿੱਤੀ ਤੇ ਉਹ ਆਪਣੀ ਅਣਬੁਝਾਈ ਤ੍ਰਿਸ਼ਨਾ ਨਾਲ ਹੀ ਜੇਲ ਤਕ ਗਈ। ਜਦ ਉਹ ਜੇਲ ਦੇ ਦਰਵਾਜ਼ੇ ਉੱਪਰ ਪਹੁਤੀ, ਕੋਈ ਇਕ ਸੌ ਦੇ ਕਰੀਬ ਦੋਸੀ ਕੇ ਦੀ ਜੋ ਰੇਲ ਰਾਹੀਂ ਲਿਆਂਦੇ ਗਏ ਸਨ ਅੰਦਰ ਵਾੜੇ ਜਾ ਰਹੇ ਸਨ। ਇਨ੍ਹਾਂ ਦੋਸੀਆਂ ਦੀਆਂ ਦਾਹੜੀਆਂ ਤੇ ਸਿਰ ਸਾਫ ਮੁਨੇ ਹੋਏ ਸਨ | ਬੁੱਢੇ ਸਨ, ਜਵਾਨ, ਰੂਸੀ ਤੇ ਬਾਹਰ ਮਿਲਖੀਏ, ਸਾਰਿਆਂ ਦੇ ਸਿਰ ਘਰੜ ਮੁੰਨੇ ਹੋਏ ਸਨ ਤੇ ਉਨ੍ਹਾਂ ਦੀਆਂ ਜੰਘਾਂ ਉੱਪਰ ਜੰਜੀਰਾਂ ਜਕੜੀਆਂ ਸਨ ਜਿਹੜੀਆਂ ਜਦ ਉਹ ਹਿਲਦੇ ਸਨ ਛਣਕਦੀਆਂ ਸਨ ਤੇ ਇਨ੍ਹਾਂ ਨਾਲ ਕਮਰਾ ਧੂੜ ਮਿੱਟੀ, ਸ਼ੋਰ ਤੇ ਮਨੁਖੀ ਪਸੀਨੇ ਦੀ ਸਖਤ ਤੇਜ਼ਾਬੀ ਬਦਬੂ ਨਾਲ ਭਰਿਆ ਸੜਿਆ ਪਇਆ ਸੀ। ਮਸਲੋਵਾ ਦੇ ਕੋਲੋਂ ਲੰਘਦਿਆਂ ਸਾਰਿਆਂ ਨੇ ਉਸ ਵਲ ਵੇਖਿਆ, ਤੇ ਕਈ ਤਾਂ ਇਸ ਹੱਦ ਤੱਕ ਪਹੁਤੇ ਕਿ ਲੰਘਦਿਆਂ ਉਸ ਨਾਲ ਖਸਰ ਕੇ ਜਾਂਦੇ ਸਨ।
"ਆਹ—ਇਹ ਇਕ ਫਾਹਸ਼ਾ ਹੀ—ਪਰ ਕਹੀ ਸੋਹਣੀ—ਹਾਂ ਇਕ ਪਟਾਕਾ ਹੈ," ਇਕ ਨੇ ਕਹਿਆ।
"ਹੇ ਮਿਸ ਸਾਹਿਬ! ਮੇਰਾ ਵੀ ਅਦਾਬ ਕਬੂਲ ਹੋਵੇ," ਓਸਨੂੰ ਅੱਖ ਮਾਰ ਕੇ ਦੂਜੇ ਨੇ ਕਹਿਆ।
ਇਕ ਕਾਲ ਭਰਮੇ ਰੰਗ ਦਾ ਆਦਮੀ ਜਿਹਦੀਆਂ ਮੁੱਛਾਂ ਸਨ, ਤੇ ਜਿਹਦੇ ਬਾਕੀ ਦੇ ਮੂੰਹ ਦੇ ਵਾਲ ਸਾਫ ਸਨ ਤੇ ਗਰਦਨ ਪਿੱਛੇ ਕਿਆੜੀ ਸਾਰੀ ਸਾਫ ਮੁੰਨੀ ਹੋਈ ਸੀ, ਆਪਣੀਆਂ ਜੰਜੀਰਾਂ ਕੜੀਆਂ ਹਿਲਾਂਦਾ ਓਸ ਵਲ ਨਹੀਂ ਆ ਗਇਆ, ਤੇ ਕੜੀਆਂ ਵਿੱਚ ਦੀ ਆਪਣੇ ਪੈਰ ਰੱਖ ਕੇ, ਓਸ ਵਲ ਕੁੱਦ ਕੇ ਓਹਨੂੰ ਜਾ ਜੱਫਾ ਮਾਰ ਲਈ ਤੇ ਆਖਿਆ, "ਕੀ ਤੂੰ ਆਪਣੇ ਸੰਗੀ ਨੂੰ ਹਾਲੇ ਵੀ ਨਹੀਂ ਸਿੰਝਾਤਾ? ਆ! ਆ ਹੁਣ ਨਖਰੇ ਨ ਪਈ ਕਰ," ਉਸ ਉੱਚੀ ਦੇ ਕੇ ਆਖਿਆ, ਆਪਣੇ ਦੰਦ ਕੱਢ ਕੇ ਦੱਸੇ ਜਦ ਮਸਲੋਵਾ ਨੇ ਓਹਨੂੰ ਧੱਕਾ ਮਾਰ ਕੇ ਪਰੇ ਸੁੱਟਿਆ ਓਹਦੀਆਂ ਅੱਖਾਂ ਗੁੱਸੇ ਨਾਲ ਚਮਕ ਰਹੀਆਂ ਸਨ।
"ਓਹ ਬਦਮਾਸ਼ਾ! ਬਈਮਾਨਾ! ਤੂੰ ਕਿਹੜੀਆਂ ਸ਼ਰਾਰਤਾਂ ਕਰਨ ਨੂੰ ਹੈਂ?" ਇਨਸਪੈਕਟਰ ਦਾ ਅਸਟੰਟ ਪਿੱਛੇ ਦੀ ਆ ਕੇ ਲਲਕਾਰਿਆ। ਦੋਸੀ ਛਹਿ ਮਾਰ ਕੇ ਪਿੱਛੇ ਹੋ ਗਇਆ ਤੇ ਛਾਲ ਮਾਰ ਕੇ ਪਰੇ ਹੋ ਗਇਆ। ਫਿਰ ਮਸਲੋਵਾ ਵਲ ਹੋ ਕੇ ਕਹਿਆ:
"ਤੂੰ ਇੱਥੇ ਕਿਸ ਲਈ ਹੈਂ?"
ਮਸਲੋਵਾ ਜਵਾਬ ਦੇਣ ਹੀ ਲੱਗੀ ਸੀ ਕਿ ਉਹ ਹੁਣੇ ਹੀ ਅਦਾਲਤ ਥੀਂ ਵਾਪਸ ਲਿਆਂਦੀ ਗਈ ਹੈ, ਪਰ ਉਹ ਇੰਨੀ ਥੱਕੀ ਹੋਈ ਸੀ ਕਿ ਉਸ ਬੋਲਣ ਦੀ ਪ੍ਰਵਾਹ ਨਾ ਕੀਤੀ।
"ਜਨਾਬ! ਇਹ ਕਚਹਿਰੀ ਥੀਂ ਵਾਪਸ ਲਿਆਂਦੀ ਗਈ ਹੈ," ਸਿਪਾਹੀਆਂ ਵਿੱਚੋਂ ਇਕ ਨੇ ਅੱਗੇ ਹੋਕੇ ਤੇ ਆਪਣੀ ਟੋਪੀ ਨੂੰ ਉਂਗਲਾਂ ਲਾ ਕੇ ਕਿਹਾ।
"ਅੱਛਾ—ਇਹਨੂੰ ਚੀਫ ਵਾਰਡਰ ਦੇ ਹਵਾਲੇ ਕਰੋ, ਮੈਨੂੰ ਇਹੋ ਜੇਹੇ ਤਮਾਸ਼ੇ ਤੇ ਖਲਬਲੀ ਦੀ ਲੋੜ ਨਹੀਂ।"
"ਬਹੁਤ ਅੱਛਾ ਜਨਾਬ।"
"ਸੋਕੋਲੋਵ! ਇਹਨੂੰ ਅੰਦਰ ਲੈ ਜਾਓ," ਅਸਟੰਟ ਹੋਰੀ ਲਲਕਾਰੇ।
ਚੀਫ ਵਾਰਡਰ ਆ ਗਇਆ। ਮਸਲੋਵਾ ਦੇ ਮੋਢੇ ਤੇ ਇਕ ਹੁਝ ਮਾਰੀ ਤੇ ਧੱਕਾ ਦਿੱਤਾ, ਤੇ ਸਿਰ ਹਿਲਾ ਕੇ ਇਸ਼ਾਰਾ ਕੀਤਾ ਕਿ ਓਹ ਉਹਦੇ ਮਗਰ ਮਗਰ ਤੁਰੀ ਆਵੇ ਤੇ ਓਹ ਓਹਨੂੰ ਕੌਰੀਡੋਰ ਦੇ ਰਾਹ ਦੀ ਮੁੜ ਜਨਾਨੀਆਂ ਵਾਲੀ ਵਾਰਡ ਵਲ ਲੈ ਗਇਆ। ਓਥੇ ਓਹਦੀ ਜਾਮਾ ਤਲਾਸ਼ੀ ਹੋਈ ਪਰ ਕੋਈ ਮਨਾਹ ਕੀਤੀ ਚੀਜ਼ ਉਸ ਪਾਸੋਂ ਨਹੀਂ ਸੀ ਨਿਕਲੀ, (ਸਿਗਰਟ ਦੀ ਡੱਬੀ ਉਸ ਰੋਟੀ ਦੇ ਰੋਲ ਦੇ ਵਿੱਚ ਲੁਕਾ ਲਈ ਹੋਈ ਸੀ)। ਓਹ ਮੁੜ ਓਸੇ ਆਪਣੀ ਕਾਲ ਕੋਠੜੀ ਵਿੱਚ ਪਾਈ ਗਈ ਜਿੱਥੋਂ ਸਵੇਰੇ ਓਹਨੂੰ ਕਚਹਿਰੀ ਲੈ ਗਏ ਸਨ।
ਮੋਇਆਂ ਦੀ ਜਾਗ-ਕਾਂਡ ੩੦. : ਲਿਉ ਤਾਲਸਤਾਏ
ਓਹ ਕੋਠੜਾ ਜਿਸ ਵਿੱਚ ਮਸਲੋਵਾ ਕੈਦ ਸੀ, ੨੧ ਫੁੱਟ ਲੰਬਾ ਤੇ ੧੬ ਫੁੱਟ ਚੌੜਾ ਸੀ, ਦੋ ਖਿੜਕੀਆਂ ਸਨ, ਵਿੱਚ ਇਕ ਖਸਤਾ ਜੇਹਾ ਟੁੱਟਾ ਭੱਜਾ ਸਟੋਵ, ਬੁਖਾਰੀ ਸੀ। ਕੋਠੜੇ ਦੀ ਥਾਂ ਦਾ ਦੋ ਤਿਹਾਈ ਹਿੱਸਾ ਤਾਂ ਲੱਗੇ ਤਖਤਿਆਂ ਦੇ ਬਣੇ ਕੈਦੀਆਂ ਦੇ ਬਿਸਤਰਿਆਂ ਮੱਲੀ ਹੋਈ ਸੀ। ਇਹ ਤਖਤੇ ਗਿੱਲੀ ਲੱਕੜ ਦੇ ਬਣਾਏ ਗਏ ਸਨ, ਜਿਹੜੀ ਹੁਣ ਇਥੇ ਸੁਕਕੇ ਟੇਢੀ ਹੋ ਗਈ ਸੀ ਤੇ ਸੁਕੜ ਵੀ ਗਈ ਸੀ। ਦਰਵਾਜ਼ੇ ਦੇ ਸਾਹਮਣੇ ਇਕ ਕਾਲੇ ਰੰਗ ਦੀ ਈਸਾ ਮਸੀਹ ਦੀ ਪ੍ਰਤਿਮਾ ਲਟਕ ਰਹੀ ਸੀ, ਤੇ ਉਸ ਨਾਲ ਚੁਮਟੀ ਹੋਈ ਇਕ ਮੋਮ ਦੀ ਬੱਤੀ ਸੀ, ਜਿਸ ਨਾਲ ਨਾਮੁਰਝਾਣ ਵਾਲੇ ਫੁਲਾਂ ਦਾ ਗੁੱਛਾ ਥਲੇ ਲਟਕ ਰਹਿਆ ਸੀ। ਖੁੱਲ੍ਹੇ ਪਾਸੇ ਬੂਹੇ ਪਿੱਛੇ ਇਕ ਫਰਸ਼ ਦੇ ਕਾਲੇ ਕੀਤੇ ਹਿੱਸੇ ਉੱਪਰ ਇਕ ਬੂਦਾਰ, ਸੜਿਆ ਜੇਹਾ ਟੱਬ ਪਿਆ ਹੋਇਆ ਸੀ। ਇਨਸਪੈਕਸ਼ਨ ਹੋ ਚੁੱਕਾ ਸੀ ਤੇ ਇਹ ਕੈਦੀ ਔਰਤਾਂ ਰਾਤ ਲਈ ਇੱਥੇ ਡੱਕੀਆਂ ਗਈਆ ਸਨ।
ਇਸ ਕਮਰੇ ਦੇ ਵਾਸੀਆਂ ਦੀ ਗਿਣਤੀ ੧੫ ਸੀ। ਉਨ੍ਹਾਂ ਵਿੱਚ ਤਿੰਨ ਬੱਚੇ ਸਨ। ਹਾਲੇਂ ਰੋਸ਼ਨੀ ਕਾਫ਼ੀ ਸੀ, ਸਿਰਫ ਦੋ ਜਨਾਨੀਆਂ ਲੇਟੀਆਂ ਹੋਈਆਂ ਸਨ। ਇਕ ਤਪ ਦੀ ਮਾਰੀ ਚੋਰੀ ਦੇ ਦੋਸ ਵਿੱਚ ਅੰਦਰ ਆਈ ਹੋਈ ਸੀ, ਤੇ ਇਕ ਨਿਰੀ ਪੂਰੀ ਸ਼ਾਹਦੌਲੇ ਦੀ ਚੂਹੀ ਜੇਹੀ। ਨਿੱਕੇ ਸਿਰ ਵਾਲੀ ਇਸ ਲਈ ਫੜੀ ਗਈ ਸੀ ਕਿ ਉਸ ਪਾਸ ਪਾਸਪੋਰਟ ਨਹੀਂ ਸੀ। ਤਪਦਿਕ ਦੀ ਬੀਮਾਰ ਸੁੱਤੀ ਨਹੀਂ ਸੀ ਅੱਖਾਂ ਖੋਲ੍ਹੀਆਂ ਪਈ ਹੋਈ ਸੀ। ਉਸ ਆਪਣਾ ਵੱਡਾ ਕੋਟ ਠੱਪ ਕੇ ਸਿਰ ਹੇਠ ਰਖਿਆ ਹੋਇਆ ਸੀ ਤੇ ਇਉਂ ਜਰਾ ਸਿਰਹਾਨੇ ਵੱਲੋਂ ਉਚੀ ਜੇਹੀ ਹੋ ਕੇ ਓਹ ਆਪਣਾ ਆਇਆ ਖੰਘਾਰ ਗਲੇ ਵਿੱਚ ਹੀ ਰੋਕਣ ਦੀ ਕਰ ਰਹੀ ਸੀ। ਇਹ ਅਟਕਿਆ ਖੰਘਾਰ ਓਹਦੇ ਗਲੇ ਵਿੱਚ ਖਰਾਸ਼ ਪਇਆ ਕਰਦਾ ਸੀ। ਇੱਸੇ ਕੋਸ਼ਸ਼ ਵਿੱਚ ਸੀ ਕਿ ਓਹਨੂੰ ਖੰਘਣਾਂ ਨ ਹੀ ਪਵੇ।
ਔਰਤਾਂ ਵਿੱਚੋਂ ਬਾਹਲੀਆਂ ਨੇ ਸਵਾਏ ਖਹੁਰੇ ਜੇਹੇ ਹਾਲੈਂਡ ਕਪੜੇ ਦੀਆਂ ਕਮੀਜਾਂ ਦੇ ਕੁਛ ਨਹੀਂ ਸੀ ਪਾਇਆ ਹੋਇਆ, ਤੇ ਖਿੜਕੀ ਵਿੱਚ ਖੜੀਆਂ ਬਾਹਰੋਂ ਆ ਰਹੇ ਨਵੇਂ ਮੁਜਰਮਾਂ ਨੂੰ ਜੇਹਲ ਦੇ ਅਹਾਤੇ ਵਿੱਚ ਲੰਘਦਿਆਂ ਨੂੰ ਵੇਖ ਰਹੀਆਂ ਸਨ, ਤੇ ਤਿੰਨ ਸਿਉਂ ਤਰੁਪ ਰਹੀਆਂ ਸਨ। ਇਨ੍ਹਾਂ ਤ੍ਰੈਹਾਂ ਵਿੱਚੋਂ ਇਕ ਓਹ ਬੁੱਢੀ ਜਨਾਨੀ ਸੀ ਜਿਸ ਸਵੇਰ ਵੇਲੇ ਝੀਤ ਵਿੱਚੋਂ ਸਿਰ ਕੱਢ ਕੇ ਮਸਲੋਵਾ ਨੂੰ ਕੁਛ ਕਹਿਆ ਸੀ—ਇਹ ਸੀ, ਕੋਰਾਬਲੈਵਾ, ਇਕ ਲੰਮੀ ਤਕੜੀ ਬੜੀ ਸਵਾਧਾਨ ਮੂੰਹ ਵਾਲੀ, ਭਰਵੱਟੇ ਵੱਟੇ ਹੋਏ, ਇਕ ਚਰਬੀਲੀ ਜੇਹੀ ਲਮਕਦੀ ਠੋਡੀ, ਸੋਹਣੇ ਵਾਲਾਂ ਦੀਆਂ ਨਿੱਕੀਆਂ ਨਿੱਕੀਆਂ ਪੱਟੀਆਂ ਪੁਟਪੁਟੀਆਂ ਤੇ ਚਿੱਟੇ ਹੋ ਰਹੇ ਕੇਸ, ਤੇ ਓਹਦੀ ਇਕ ਖਾਖ ਉੱਪਰ ਇਕ ਚੂੰਈ ਸੀ ਜਿਸ ਉੱਪਰ ਵਾਲ ਉੱਘੇ ਹੋਏ ਸਨ। ਇਹਨੂੰ ਸਾਈਬੇਰੀਆਂ ਦੀ ਸਜ਼ਾ ਇਸ ਦੋਸ ਵਿੱਚ ਮਿਲ ਚੁੱਕੀ ਸੀ, ਕਿ ਇਸ ਨੇ ਆਪਣੇ ਖਾਵੰਦ ਨੂੰ ਕੁਲਹਾੜੇ ਨਾਲ ਵੱਢ ਸੁਟਿਆ ਸੀ ਤੇ ਖਾਵੰਦ ਨੂੰ ਇਸ ਗੁੱਸੇ ਵਿੱਚ ਵੱਢਿਆ ਸੀ ਕਿ ਉਸ ਨੇ ਇਹਦੀ ਲੜਕੀ ਨਾਲ ਗੱਲ ਬਣਾ ਲਈ ਹੋਈ ਸੀ। ਇਹ ਤੀਮੀ ਓਥੇ ਡੱਕੀਆਂ ਸਾਰੀਆਂ ਤੀਮੀਆਂ ਦੀ ਮੁਖੀ ਸੀ ਤੇ ਓਹ ਸਾਰੀਆਂ ਨੂੰ ਚੋਰੀ ਸ਼ਰਾਬ ਵੇਚਣ ਦਾ ਵਿਹਾਰ ਕਿਸੀ ਨ ਕਿਸੀ ਤਰਾਂ ਸਿਰੇ ਚਾਹੜ ਲੈਂਦੀ ਹੁੰਦੀ ਸੀ। ਉਹਦੇ ਨਾਲ ਹੀ ਇਕ ਹੋਰ ਤੀਮੀ ਬੈਠੀ ਹੋਈ ਸੀ ਜਿਹੜੀ ਕੈਨਵਸ ਦਾ ਮੋਟਾ ਜੇਹਾ ਥੈਲਾ ਸੀ ਰਹੀ ਸੀ। ਇਹ ਤੀਮੀ ਇਕ ਰੇਲਵੇ ਦੇ ਚੌਕੀਦਾਰ ਦੀ ਵਹੁਟੀ ਸੀ। ਇਹਨੂੰ ਤਿੰਨ ਮਹੀਨੇ ਦੀ ਕੈਦ ਇਸ ਜੁਰਮ ਵਿੱਚ ਮਿਲੀ ਸੀ ਕਿ ਓਹ ਰੇਲ ਆਵਣ ਵੇਲੇ ਝੰਡੀਆਂ ਲੈਕੇ ਬਾਹਰ ਨਹੀਂ ਸੀ ਨਿਕਲੀ ਤੇ ਝੰਡੀ ਨ ਦਿੱਸਣ ਕਰਕੇ ਰੇਲ ਦਾ ਹਾਦਸਾ ਹੋ ਗਇਆ ਸੀ। ਇਹ ਮਧਰੀ ਜੇਹੀ ਫੀਨੇ ਨੱਕ ਵਾਲੀ ਤੇ ਛੋਟੀਆਂ ਛੋਟੀਆਂ ਕਾਲੀਆਂ ਅੱਖਾਂ ਵਾਲੀ ਤੀਮੀ ਸੀ, ਬੜੀ ਹੀ ਮਿਹਰਬਾਨ ਨਰਮ ਦਿਲ ਤੇ ਗਲੋਖੜ। ਤੇ ਸੀਣ ਤਰੁਪਣ ਦਾ ਕੰਮ ਕਰਦੀਆਂ ਤੀਮੀਆਂ ਵਿੱਚੋਂ ਤੀਸਰੀ ਥੀਓਡੋਸੀਆ ਸੀ। ਬਿਲਕੁਲ ਜਵਾਨ ਨੱਢੀ, ਗੋਰੀ ਨਿਛੋਹ, ਤੇ ਗੁਲਾਬ ਜਿਹਦੇ ਮੂੰਹ ਉੱਪਰ ਖਿੜੇ ਸਨ, ਬੜੀ ਹੀ ਸੋਹਣੀ, ਸ਼ੋਖ, ਪਰ ਬੱਚਿਆਂ ਵਰਗੀਆਂ ਅਯਾਣੀਆਂ ਅੱਖੀਆਂ, ਓਹਦੀਆਂ ਬੜੀਆਂ ਲੰਮੀਆਂ ਤੇ ਸੋਹਣੀਆਂ ਪੱਟੀਆਂ ਤੇ ਜਿਨ੍ਹਾਂ ਦੀਆਂ ਲਟਕਦੀਆਂ ਜ਼ੁਲਫਾਂ ਨੂੰ ਓਹ ਮੋੜ ਕੇ ਆਪਣੇ ਸਿਰ ਤੇ ਵਲ ਲੈਂਦੀ ਹੁੰਦੀ ਸੀ। ਓਹ ਕੈਦ ਵਿੱਚ ਇਸ ਵਾਸਤੇ ਸੀ ਕਿ ਉਹਨੇ ਆਪਣੇ ਖਾਵੰਦ ਨੂੰ ਜ਼ਹਿਰ ਦੇਣ ਦਾ ਹੀਲਾ ਕੀਤਾ ਸੀ, ਜ਼ਹਿਰ ਦੇ ਦਿੱਤੀ ਸੀ ਪਰ ਓਹ ਮੋਇਆ ਨਹੀਂ ਸੀ। ਵਿਆਹ ਹੁੰਦਿਆਂ ਸਾਰ ਹੀ ਉਸਨੇ ਇਹ ਕਾਰਾ ਕਰ ਦਿੱਤਾ ਸੀ, (ਕਿਉਂਕਿ ਜਦ ਓਹ ਹਾਲੇ ੧੬ ਸਾਲ ਦੀ ਹੀ ਸੀ ਤੇ ਓਹਦੇ ਮਾਂ ਪਿਓ ਨੇ ਉਹਦੀ ਮਰਜੀ ਬਿਨਾ ਹੀ ਵਿਆਹ ਦਿੱਤਾ ਸੀ)। ਪਰ ਇਸ ਕਾਰਾ ਕਰਨ ਦੇ ਮਗਰੋਂ ਜਦ ਓਹਨੂੰ ਮੁਕੱਦਮੇਂ ਦੇ ਚਲਦਿਆਂ ੮ ਮਹੀਨੇ ਦੀ ਰਿਹਾਈ ਜਮਾਨਤ ਤੇ ਮਿਲੀ ਸੀ, ਓਹ ਆਪਣੇ ਖਾਵੰਦ ਨੂੰ ਬੜਾ ਹੀ ਪਿਆਰ ਕਰਨ ਲੱਗ ਪਈ ਸੀ ਤੇ ਮੁੜ ਜਦ ਅਦਾਲਤ ਵਿੱਚ ਪੇਸ਼ੀ ਸ਼ੁਰੂ ਹੋਈ ਸੀ ਉਨ੍ਹਾਂ ਦੋਹਾਂ ਦਾ ਆਪੇ ਵਿੱਚ ਬੜਾ ਹੀ ਪਿਆਰ ਪਇਆ ਹੋਇਆ ਸੀ, ਹੁਣ ਭਾਵੇਂ ਓਹਦੇ ਖਾਵੰਦ ਨੇ ਖੁਦ, ਤੇ ਓਹਦੇ ਸਹੁਰੇ, ਖਾਸ ਕਰ ਉਹਦੀ ਸੱਸ ਨੇ ਬੜਾ ਹੀ ਤ੍ਰਾਣ ਲਾਇਆ, ਤਾਂ ਵੀ ਓਹ ਸਾਈਬੇਰੀਆ ਵਿੱਚ ਜਲਾਵਤਨੀ ਤੇ ਮੁਸ਼ੱਕਤ ਸਖਤ ਦੀ ਸਜ਼ਾ ਪਾ ਚੁੱਕੀ ਸੀ। ਓਹ ਮਿਹਰਬਾਨ, ਖੁਸ਼ ਰਹਿਣੀ, ਤੇ ਸਦਾ ਹਸੂੰ ਹਸੂੰ ਕਰਦੀ ਥੀਓਡੋਸੀਆ ਨੇ ਆਪਣੇ ਤਖਤੇ ਦਾ ਬਿਸਤਰ ਮਸਲੋਵਾ ਨਾਲ ਡਾਹਿਆ ਹੋਇਆ ਸੀ ਤੇ ਇਹ ਓਹਦੀ ਇੰਨੀ ਚਾਹਵਾਨ ਹੋ ਗਈ ਹੋਈ ਸੀ ਕਿ ਇਹ ਆਪਣਾ ਇਕ ਫਰਜ਼ ਸਮਝਦੀ ਸੀ ਕਿ ਮਸਲੋਵਾ ਦਾ ਸਾਰਾ ਨਿੱਕਾ ਨਿੱਕਾ ਕੰਮ ਕਾਜ ਟਹਿਲ ਸੇਵਾ ਕਰ ਦਿਆ ਕਰੇ। ਦੋ ਹੋਰ ਤੀਮੀਆਂ ਆਪਣੇ ਆਪਣੇ ਤਖਤਿਆਂ ਉੱਪਰ ਬਿਨਾਂ ਕਿਸੀ ਕੰਮ ਕਰਨ ਦੇ ਬੈਠੀਆਂ ਹੋਈਆਂ ਸਨ। ਇਕ ਤਾਂ ਕੋਈ ਚਾਲੀ ਕੂ ਵਰਹਿਆਂ ਦੀ ਹੋਊ, ਪੀਲਾ ਪਤਲਾ ਜੇਹਾ ਓਹਦਾ ਮੁਹਾਂਦਰਾ, ਜਿਹੜਾ ਇਓਂ ਜਾਪ ਰਿਹਾ ਸੀ, ਕਦੀ ਬੜੀ ਹੀ ਸੋਹਣੀ ਤੀਮੀ ਹੋ ਚੁੱਕੀ ਹੋਸੀ ਤੇ ਓਹ ਆਪਣਾ ਬੱਚਾ ਗੋਦ ਵਿੱਚ ਲਈ ਬੈਠੀ ਸੀ ਤੇ ਬੱਚਾ ਓਹਦਾ ਸੁੱਕੇ ਮੱਮੇ ਨੂੰ ਚੁੰਘ ਰਹਿਆ ਸੀ।
ਓਹਦਾ ਜੁਰਮ ਕੀ ਸੀ? ਓਸ ਇਹ ਜੁਰਮ ਕੀਤਾ ਸੀ ਕਿ ਜਦ ਕਿਸਾਨ ਮੁੰਡੇ ਨੂੰ ਜਬਰਦਸਤੀ (ਕਿਸਾਨਾਂ ਦੇ ਆਪਣੇ ਖਿਆਲ ਅਨੁਸਾਰ ਜਿਹਨੂੰ ਫੌਜ ਵਿੱਚ ਭਰਤੀ ਲਈ ਬੇਕਾਨੂੰਨੀ ਤਰਾਂ ਜਬਰਦਸਤੀ) ਇਹਦੇ ਗਰਾਂ ਵਿੱਚੋਂ ਪਕੜ ਕੇ ਲੈ ਜਾ ਰਹੇ ਸਨ ਤੇ ਲੋਕਾਂ ਨੇ ਪੁਲਿਸ ਦੇ ਅਫਸਰ ਨੂੰ ਓਹਨੂੰ ਖੜਨ ਥੀਂ ਹੋੜ ਦਿੱਤਾ ਸੀ, ਇਸ ਤੀਮੀ ਨੇ ਜਿਹੜੀ ਉਸ ਲੜਕੇ ਦੀ ਜਿਹੜਾ ਧਿੰਗੋਜੋਰੀ ਪਕੜਿਆ ਜਾ ਰਹਿਆ ਸੀ ਚਾਚੀ ਸੀ, ਸਬ ਥੀਂ ਪਹਿਲਾਂ ਉਸ ਘੋੜੇ ਦੀ ਲਗਾਮ ਨੱਪ ਲਈ ਸੀ ਜਿਸ ਉੱਪਰ ਚੜ੍ਹਿਆ ਓਹ ਅਫਸਰ ਉਹਨੂੰ ਲਿਜਾ ਰਹਿਆ ਸੀ। ਦੂਜੀ ਤੀਮੀਂ ਜਿਹੜੀ ਬਿਨਾ ਕਿਸੀ ਕੰਮ ਕਰਨ ਦੇ ਬੈਠੀ ਹੋਈ ਸੀ ਇਕ ਬੜੀ ਨਰਮ ਦਿਲ ਚਿੱਟੇ ਸਿਰ ਵਾਲੀ ਬੁੱਢੀ ਸੀ ਜਿਹਦੀ ਕਮਰ ਕੁੱਬੀ ਹੋਈ ਹੋਈ ਸੀ। ਬੁਖਾਰੀ ਦੇ ਪਿੱਛੇ ਬਿਸਤਰੇ ਉੱਪਰ ਬੈਠੀ ਹੋਈ ਸੀ ਤੇ ਇਕ ਗੁਦਗੁਦੇ ਚਾਰ ਕੁ ਸਾਲ ਉਮਰ ਦੇ ਬਾਲਕ ਨੂੰ ਜਿਹੜਾ ਉਹਦੇ ਸਾਹਮਣੇ, ਅੱਗੇ ਪਿੱਛੇ ਖਿੜ ਖਿੜ ਹੱਸਦਾ ਖੇਡਦਾ ਦੌੜ ਰਹਿਆ ਸੀ, ਕੂੜ ਮੂੜ ਪਕੜਨ ਤੇ ਖਿਡਾਣ ਹਿਸਾਣ ਦੇ ਬਾਲ ਪ੍ਰਚਾਵੇ ਵਿੱਚ ਲੱਗੀ ਹੋਈ ਸੀ। ਇਸ ਲੜਕੇ ਨੇ ਇਕ ਛੋਟੀ ਜੇਹੀ ਕਮੀਜ ਪਾਈ ਹੋਈ ਸੀ। ਓਹਦੇ ਵਾਲ ਕਤਰੇ ਹੋਏ ਸਨ, ਜਦ ਓਹ ਬਾਲਕ ਬੁੱਢੀ ਦੇ ਸਾਹਮਣੇ ਦੀ ਦੌੜਦਾ ਲੰਘਦਾ ਸੀ ਓਹ ਇਹ ਕਹਿ ਜਾਂਦਾ ਸੀ "ਦੇਖਿਆ ਤੂੰ ਮੈਨੂੰ ਫੜ ਨਹੀਂ ਸੱਕਿਆ ਨਾ।"
ਇਹ ਤੀਮੀ ਤੇ ਇਹਦਾ ਲੜਕਾ ਅੱਗ ਲਾਣ ਦੇ ਅਪਰਾਧ ਵਿੱਚ ਫੜੇ ਦੋਸੀ ਕਰਾਰ ਦਿੱਤੇ ਗਏ ਸਨ। ਇਹ ਤੀਮੀ ਆਪਣੀ ਕੈਦ ਨੂੰ ਤਾਂ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ ਪਰ ਆਪਣੇ ਲੜਕੇ ਦੇ ਦੁਖ ਦਾ ਓਹਨੂੰ ਮੰਦਾ ਲਗਦਾ ਸੀ—ਤੇ ਖਾਸ ਕਰ ਜਦ ਓਹ ਆਪਣੇ "ਬੁੱਢੇ" ਦਾ ਧਿਆਨ ਕਰਦੀ ਸੀ ਉਹਨੂੰ ਬੜਾ ਫਿਕਰ ਹੁੰਦਾ ਸੀ, ਕਿਉਂਕਿ ਓਹਨੂੰ ਡਰ ਸੀ ਕਿ ਉਹ ਵਿਚਾਰਾ ਬੁੱਢਾ ਬਿਨਾ ਕਿਸੀ ਨਵ੍ਹਾਨ ਖੁਵਾਣ ਵਾਲੇ ਦੇ ਓਹਦੇ ਪਾਸ ਹੋਣ ਦੇ ਕਿਸੀ ਬੁਰੀ ਦਸ਼ਾ ਤੇ ਔਖ ਵਿੱਚ ਹੋਵੇਗਾ ਤੇ ਕਿਸ ਤਰਾਂ ਦਿਨ ਗੁਜਾਰਦਾ ਹੋਵੇਗਾ।
ਇਨ੍ਹਾਂ ਸੱਤਾਂ ਤੀਮੀਆਂ ਥੀਂ ਅੱਡ ਬਾਕੀ ਦੀਆਂ ਚਾਰ ਖੁੱਲ੍ਹੀਆਂ ਖਿੜਕੀਆਂ ਵਿੱਚ ਦੀ ਜਿਨ੍ਹਾਂ ਨੂੰ ਲੋਹੇ ਦੀਆਂ ਸਲਾਖਾਂ ਲੱਗੀਆਂ ਹੋਈਆਂ ਸਨ, ਲੋਹੇ ਦੀਆਂ ਸੀਖਾਂ ਨੂੰ ਫੜੀ ਖੜੀਆਂ ਸਨ। ਓਹ ਉਨ੍ਹਾਂ ਨਵੇਂ ਆਏ ਤੇ ਲੰਘਦੇ ਕਾਨਵਿਕਟਾਂ ਵਲ ਇਸ਼ਾਰੇ ਕਰ ਰਹੀਆਂ ਸਨ ਤੇ ਉਨ੍ਹਾਂ ਨੂੰ ਅਵਾਜਾਂ ਮਾਰ ਰਹੀਆਂ ਸਨ—ਜਿਹੜੇ ਮਸਲੋਵਾ ਨੂੰ ਜੇਹਲ ਵਿੱਚ ਵੜਦਿਆਂ ਮਿਲੇ ਸਨ ਤੇ ਜਿਹੜੇ ਉਸ ਵੇਲੇ ਅਹਾਤੇ ਵਿੱਚ ਦੀ ਅੱਗੇ ਜਾ ਰਹੇ ਸਨ। ਵੇਖਨ ਵਾਲੀਆਂ ਵਿੱਚੋਂ ਇਕ ਜਨਾਨੀ ਬੜੀ ਅਕਾਰ ਵਾਲੀ ਤੇ ਭਾਰੀ ਸੀ—ਉਹਦਾ ਬੜਾ ਫੁਲਿਆ ਹੋਇਆ ਜਿਸਮ, ਲਾਲ ਵਾਲ ਉਹਦੇ ਨੀਮ ਜ਼ਰਦ ਮੂੰਹ ਉੱਪਰ ਹੱਥਾਂ ਉੱਪਰ, ਓਹਦੀ ਮੋਟੀ ਗਰਦਨ ਜਿਹੜੀ ਓਹਦੇ ਕਾਲਰ ਦੇ ਵਿੱਚ ਦੀ ਬਾਹਰ ਵਧੀ ਨਿਕਲੀ ਦਿੱਸ ਰਹੀ ਸੀ, ਸਬ ਉੱਪਰ ਥਿੰਮ ਸਨ। ਇਸ ਨੇ ਉਨ੍ਹਾਂ ਨੂੰ ਬੜੀ ਉੱਚੀ ਸੁਰ ਵਿੱਚ ਬੜੀ ਗੰਦੀ ਜੇਹੀ ਗੱਲ ਕਹਿ ਕੇ ਕਰੱਖਤ ਤਰਾਂ ਹੱਸਣ ਲੱਗ ਪਈ। ਇਹ ਤੀਮੀ ਚੋਰੀ ਲਈ ਕੈਦ ਕੱਟ ਰਹੀ ਸੀ। ਓਹਦੇ ਨਾਲ ਹੀ ਇਕ ਬੇਥੱਵੀ ਜੇਹੀ ਕਾਲੀ ਮਧਰੀ ਜਨਾਨੀ ਜਿਹਦੀ ਉਮਰ ੪੦ ਸਾਲ ਥੀਂ ਵਧ ਨਹੀਂ ਸੀ ਦਿੱਸਦੀ, ਕਮਰ ਵੱਡੀ ਲੰਮੀ ਤੇ ਜੰਘਾਂ ਬੜੀਆਂ ਹੀ ਛੋਟੀਆਂ, ਇਕ ਸੁਰਖ ਦਾਣਿਆਂ ਨਾਲ ਭਰਿਆ ਮੂੰਹ, ਅੱਖੀਆਂ ਹਿਠਾਹਾਂ ਕਿਧਰੇ ਲੱਥੀਆਂ ਹੋਈਆਂ, ਮੋਟੇ ਹੋਠ ਜਿਹੜੇ ਓਹਦੇ ਦੰਦਾਂ ਨੂੰ ਕਾਫੀ ਢੱਕ ਨਹੀਂ ਸਨ ਸੱਕਦੇ, ਇਹ ਵੀ ਅੱਗੇ ਅਹਾਤੇ ਵਿੱਚ ਜੋ ਹੋ ਰਿਹਾ ਸੀ ਦੇਖ ਦੇਖ ਇਕ ਕਰੀਚ ਜੇਹੀ ਨਾਲ ਹੱਸਣ ਲਗ ਪੈਂਦੀ ਸੀ। ਇਸ ਉੱਪਰ ਚੋਰੀ ਤੇ ਅੱਗ ਲਾਉਣ ਦੇ ਲੱਗੇ ਅਪਾਧਾਂ ਦਾ ਮੁਕੱਦਮਾ ਹਾਲੇਂ ਚੱਲਣਾ ਸੀ। ਸਾਰਿਆਂ ਨੇ ਇਹਨੂੰ ਇਕ ਨਿੱਕਾ ਨਾਂ ਦਿੱਤਾ ਹੋਇਆ ਸੀ—ਹੋਰੋਸ਼ਾਵਕਾ ਤੇ ਇਹ ਨਾਂ ਇਸ ਲਈ ਦਿੱਤਾ ਹੋਇਆ ਸੀ, ਕਿਉਂਕਿ ਇਹਨੂੰ ਗਹਿਣਿਆਂ ਕੱਪੜਿਆਂ ਦਾ ਸ਼ੌਕ ਸੀ। ਓਹਦੇ ਪਿੱਛੇ ਇਕ ਬੜੀ ਮੈਲੀ ਭੂਰੇ ਰੰਗ ਦੀ ਕਮੀਜ ਵਾਲੀ ਇਕ ਪਤਲੀ ਦੁਖੀ ਮੁਹਾਂਦਰੇ ਵਾਲੀ ਤੀਮੀ ਖੜੀ ਸੀ, ਇਹ ਗਰਭਵਤੀ ਸੀ ਤੇ ਚੋਰੀ ਦੇ ਅਪਰਾਧ ਲਈ ਇਹਦੀ ਅਦਾਲਤ ਹਾਲੇਂ ਹੋਣੀ ਸੀ। ਇਹ ਤੀਮੀ ਚੁੱਪ ਖੜੀ ਸੀ ਤੇ ਕੁਛ ਮੁਸਕਰਾ ਰਹੀ ਸੀ ਤੇ ਇਹ ਵੀ ਜੋ ਕੁਛ ਸਾਹਮਣੇ ਹੇਠਾਂ ਹੋ ਰਹਿਆ ਸੀ ਵੇਖ ਵੇਖ ਖੁਸ਼ ਹੁੰਦੀ ਸੀ ਤੇ ਜਾਣ ਰਹੀ ਸੀ ਕਿ ਸਬ ਕੁਛ ਠੀਕ ਹੋ ਰਹਿਆ ਹੈ। ਇਨ੍ਹਾਂ ਨਾਲ ਹੀ ਇਕ ਹੋਰ ਬੜੇ ਉਭਰੇ ਹੋਏ ਆਨਿਆਂ ਵਾਲੀ ਖੂਬ ਤਕੜੀ ਮੋਟੀ ਜੱਟੀ ਖੜੀ ਸੀ। ਇਹਦਾ ਮੂੰਹ ਬੜਾ ਹੀ ਪਿਆਰ ਵਾਲਾ ਸੀ। ਇਹ ਉਸ ਬਾਲਕ ਦੀ ਮਾਂ ਸੀ ਜਿਹੜਾ ਉਸ ਬੁੱਢੀ ਨਾਲ ਖੇਡ ਰਹਿਆ ਸੀ, ਤੇ ਨਾਲੇ ਇਹਦੀ ਇਕ ਸੱਤ ਸਾਲ ਦੀ ਲੜਕੀ ਵੀ ਸੀ। ਇਹ ਇਹਦੇ ਦੋਵੇਂ ਬੱਚੇ ਇਸ ਨਾਲ ਹੀ ਇਸ ਵਾਸਤੇ ਕੈਦ ਸਨ ਕਿ ਇਹਦੇ ਕੈਦਖਾਨੇ ਵਿੱਚ ਚਲੇ ਆਣ ਕਰਕੇ ਉਨ੍ਹਾਂ ਨੂੰ ਦੇਖਣ ਭਾਲਣ ਵਾਲਾ ਪਿੱਛੇ ਕੋਈ ਨਹੀਂ ਸੀ ਰਹਿਆ। ਇਹ ਤੀਮੀ ਨਾਜਾਇਜ਼ ਸ਼ਰਾਬ ਵੇਚਣ ਦੇ ਅਪਰਾਧ ਵਿੱਚ ਕੈਦ ਕੱਟ ਰਹੀ ਸੀ। ਇਹ ਉਸ ਖਿੜਕੀ ਥੀਂ ਕੁਛ ਪਰੇ ਹਟ ਕੇ ਖੜੀ ਸੀ ਤੇ ਜੁਰਾਬ ਉਣ ਰਹੀ ਸੀ। ਭਾਵੇਂ ਇਹ ਹੋਰਨਾਂ ਤੀਮੀਆਂ ਦੇ ਲਫ਼ਜ਼ ਸੁਣ ਰਹੀ ਸੀ ਪਰ ਆਪਣਾ ਸਿਰ ਮਾਰ ਰਹੀ ਸੀ ਕਿ ਜੋ ਕੁਛ ਵੀ ਓਹ ਕਰ ਰਹੀਆਂ ਸਨ, ਠੀਕ ਨਹੀਂ। ਓਹ ਮੱਥੇ ਤੇ ਵੱਟ ਪਾਂਦੀ ਸੀ ਤੇ ਅੱਖਾਂ ਬੰਦ ਕਰ ਲੈਂਦੀ ਸੀ, ਪਰ ਓਹਦੀ ਸੱਤ ਸਾਲ ਦੀ ਲੜਕੀ ਜਿਹਦੇ ਸਣ ਵਰਗੇ ਵਾਲ ਖੁੱਲ੍ਹੇ ਸਨ, ਨਿੱਕੀ ਜੇਹੀ ਕਮੀਜ ਪਾਈ ਆਪਣੀਆਂ ਨੀਲੀਆਂ ਅੱਖਾਂ ਅਝਮਕ ਖੋਲ੍ਹੀਆਂ, ਉਸ ਲਾਲ ਵਾਲਾਂ ਵਾਲੀ ਤੀਮੀ ਦੀ ਸਕਰਟ ਫੜੀ ਖੜੀ ਸੀ ਤੇ ਬੜੇ ਧਿਆਨ ਨਾਲ ਓਹ ਗੰਦੀਆਂ ਗਾਲਾਂ ਆਦਿ ਸੁਣ ਰਹੀ ਸੀ ਜਿਹੜੀਆਂ ਓਹ ਤੀਮੀਆਂ ਤੇ ਲੰਘ ਰਹੇ ਕਾਨਵਿਕਟ ਆਪੇ ਵਿੱਚ ਕੱਢੀ ਜਾਂਦੇ ਸਨ ਤੇ ਇਹ ਅਭੋਲ ਲੜਕੀ ਉਨ੍ਹਾਂ ਗਾਲਾਂ ਨੂੰ ਦੁਹਰਾ ਦੁਹਰਾ ਕੇ ਪਕਾ ਰਹੀ ਸੀ ਜਿਵੇਂ ਜਬਾਨੀ ਆਪਣਾ ਕੋਈ ਸਬਕ ਯਾਦ ਕਰ ਰਹੀ ਸੀ।
ਬਾਹਰਵੀਂ ਕੈਦਣ, ਬਾਹਰ ਵਲ ਜੋ ਕੁਛ ਹੋ ਰਹਿਆ ਸੀ ਕੋਈ ਧਿਆਨ ਨਹੀਂ ਸੀ ਦੇ ਰਹੀ, ਇਕ ਪਾਦਰੀ ਦੀ ਲੜਕੀ ਸੀ। ਇਹ ਕੁੜੀ ਬੜੀ ਲੰਮੀ ਗਹਰ ਗੰਭੀਰ ਰਾਣੀ ਕੁੜੀ ਸੀ। ਇਸ ਨੇ ਆਪਣਾ ਨਵਾਂ ਜੰਮਿਆ ਬੱਚਾ ਖੂਹ ਵਿੱਚ ਡੋਬ ਕੇ ਮਾਰ ਦਿੱਤਾ ਸੀ। ਇਹ ਇਕ ਕਮੀਜ਼ ਪਾਈ ਅੱਗੇ ਪਿੱਛੇ ਨੰਗੇ ਪੈਰ ਟਹਿਲ ਰਹੀ ਸੀ। ਉਹਦੇ ਸੋਹਣੇ ਕੇਸਾਂ ਦੀਆਂ ਛੋਟੀਆਂ ਪਰ ਘਣੇ ਵਾਲਾਂ ਵਾਲੀਆਂ ਪੱਟੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਉਹਦੀਆਂ ਬਿਖਰੀਆਂ ਜ਼ੁਲਫਾਂ ਅੱਗੇ ਪਿੱਛੇ ਲਟਕ ਰਹੀਆਂ ਸਨ। ਬਿਨਾ ਕਿਸੀ ਹੋਰ ਵਲ ਵੇਖੇ ਦੇ ਉਹ ਕਮਰੇ ਦੀ ਖੁੱਲ੍ਹੀ ਥਾਂ ਤੇ ਉੱਪਰ ਤਲੇ ਟਹਿਲ ਰਹੀ ਸੀ ਤੇ ਜਦ ਦੀਵਾਰ ਸਾਹਮਣੇ ਆ ਜਾਂਦੀ ਸੀ ਉਹ ਮੁੜ ਪੈਂਦੀ ਸੀ।
ਮੋਇਆਂ ਦੀ ਜਾਗ-ਕਾਂਡ ੩੧. : ਲਿਉ ਤਾਲਸਤਾਏ
ਜਦ ਜੰਦਰੇ ਦੇ ਖੁੱਲ੍ਹਣ ਦਾ ਖੜਾਕ ਹੋਇਆ ਬੂਹਾ ਖੁਲਾ ਤੇ ਮਸਲੋਵਾ ਕੋਠੜੀ ਵਿੱਚ ਪਹੁੰਚੀ ਤਦ ਸਾਰੀਆਂ ਦਾ ਧਿਆਨ ਉਸ ਵਲ ਮੁੜਿਆ। ਉਹ ਪਾਦਰੀ ਦੀ ਲੜਕੀ ਵੀ ਪਲ ਦੀ ਪਲ ਠਹਿਰ ਗਈ, ਤੇ ਭਰਵੱਟੇ ਉਤਾਂਹ ਕਰਕੇ ਮਸਲੋਵਾ ਨੂੰ ਵੇਖਣ ਲਗ ਗਈ, ਪਰ ਬਿਨਾਂ ਬੋਲੇ ਦੇ ਉਹ ਮੁੜ ਉੱਪਰ ਤਲੇ ਬੜੇ ਜੋਰ ਜੋਰ ਦੇ ਕਦਮ ਪਾ ਕੇ ਟਹਿਲਣ ਲੱਗ ਪਈ।
ਕੋਰਾਬਲੈਵਾ ਨੇ ਆਪਣੀ ਸੂਈ ਉਸ ਭੂਰੇ ਥੈਲੇ ਵਿੱਚ ਹੀ ਟੁੰਗ ਦਿੱਤੀ ਤੇ ਆਪਣੀਆਂ ਐਨਕਾਂ ਵਿੱਚ ਦੀ ਮਸਲੋਵਾ ਇਕ ਪੁਛ ਕਰਦੀ ਨਿਗਾਹ ਨਾਲ ਵੇਖਣ ਲੱਗ ਨੂੰ ਗਈ।
"ਊਈ-ਓ ਮਾਲਕਾ! ਤੂੰ ਮੁੜ ਆਈ ਹੈਂ? ਮੈਨੂੰ ਤਾਂ ਪੂਰਾ ਪੂਰਾ ਨਿਸਚਾ ਸੀ ਕਿ ਤੂੰ ਅੱਜ ਬਰੀ ਹੋ ਜਾਸੇਂ ਆਖਰ ਤੂੰ ਵੀ ਸਜਾ ਪਾ ਆਈ ਹੈਂ?" ਉਸ ਆਪਣੇ ਕਰਖੱਤ ਮਰਦਾਵੀਂ ਮੋਟੀ ਅਵਾਜ ਨਾਲ ਕਹਿਆ ਤੇ ਐਨਕਾਂ ਲਾਹ ਦਿੱਤੀਆਂ ਤੇ ਆਪਣਾ ਕੰਮ ਤਖਤੇ ਦੇ ਬਿਸਤਰੇ ਉੱਪਰ ਇਕ ਪਾਸੇ ਧਰ ਦਿੱਤਾ।
"ਤੇ ਇੱਥੇ ਬੁੱਢੀ ਚਾਚੀ ਤੇ ਮੈਂ ਆਪ ਵਿੱਚ ਕਹਿ ਰਹੀਆਂ ਸਾਂ, ਕਿ ਕਿਉਂ ਇਹ ਠੀਕ ਹੀ ਹੋਉ ਕਿ ਓਹ ਓਹਨੂੰ ਅੱਜ ਬਰੀ ਕਰ ਦੇਣਗੇ, ਲੋਕੀ ਕਹਿੰਦੇ ਹਨ ਇਹ ਵੀ ਹੋ ਜਾਂਦਾ ਹੈ, ਬਾਹਜਿਆਂ ਨੂੰ ਰੁਪਏ ਵੀ ਮਿਲ ਜਾਂਦੇ ਹਨ, ਇਹ ਸਬ ਕਿਸਮਤ ਦੇ ਕੜਛੇ ਨੇ," ਉਸ ਰੇਲ ਦੇ ਚੌਕੀਦਾਰ ਦੀ ਵਹੁਟੀ ਨੇ ਇਉਂ ਆਪਣਾ ਰਾਗ ਛੋਹ ਦਿੱਤਾ, "ਤੇ ਜਰਾ ਵੇਖੋ ਅਸਲਾਂ ਹੋਇਆ ਕੀ? ਸਾਰਿਆਂ ਦੇ ਕਿਆਸ ਗਲਤ ਨਿਕਲੇ, ਰੱਬ ਦੀ ਮਰਜ਼ੀ ਹੋਰ ਸੀ, ਹਾਏ ਓ ਕੁੜੀਏ!" ਓਹ ਆਪਣੀ ਖੁਸ਼ ਸੁਰ ਵਿੱਚ ਕਹੀ ਚਲੀ ਗਈ।
"ਹੈਂ! ਕੀ ਇਹ ਮੁਮਕਿਨ ਹੈ? ਉਨਾਂ ਨੇ ਤੈਨੂੰ ਸਜ਼ਾ ਹੀ ਦੇ ਦਿੱਤੀ ਹੈ?"
ਥੀਓਡੋਸੀਆ ਨੇ ਪੁਛਿਆ, ਤੇ ਇਕ ਦਰਦ ਭਰੇ ਫਿਕਰ ਨਾਲ ਉਹ ਬੋਲੀ ਤੇ ਆਪਣੀਆਂ ਨੀਮ ਨੀਲੀਆਂ ਤੇ ਬੱਚਿਆਂ ਵਾਲੀਆਂ ਅਯਾਣੀਆਂ ਅੱਖਾਂ ਨਾਲ ਮਸਲੋਵਾ ਨੂੰ ਵੇਖਣ ਲੱਗ ਗਈ, ਉਹਦਾ ਚਮਕਦਾ ਮੂੰਹ ਪੀਲਾ ਪੈ ਗਇਆ ਤੇ ਰੋਣਹਾਕਲੀ ਹੋ ਗਈ।
ਮਸਲੋਵਾ ਨੇ ਉੱਤਰ ਕੋਈ ਨਾ ਦਿੱਤਾ ਪਰ ਆਪਣੀ ਥਾਂ ਤੇ ਚਲੀ ਗਈ, ਸਿਰੇ ਥੀਂ ਦੂਜੇ ਤਖਤੇ ਦੇ ਬਿਸਤਰੇ ਉੱਪਰ ਕੋਰਾਬਲੈਵਾ ਪਾਸ ਬਹਿ ਗਈ।
ਥੀਓਡੋਸੀਆ ਵੀ ਉਹਦੇ ਲਾਗੇ ਆ ਕੇ ਪੁੱਛਣ ਲੱਗੀ, "ਤੂੰ ਕੁਛ ਖਾਧਾ ਵੀ ਹੈ ਕਿ ਨਹੀਂ?"
ਮਸਲੋਵਾ ਨੇ ਕੁਛ ਉੱਤਰ ਨ ਦਿੱਤਾ, ਪਰ ਆਪਣੇ ਬਿਸਤਰੇ ਉੱਪਰ ਬਹਿ ਕੇ ਰੋਟੀ ਦੇ ਰੋਲ ਰੱਖ ਕੇ ਆਪਣਾ ਮਿੱਟੀਆਲੇ ਰੰਗ ਦਾ ਵੱਡਾ ਕੋਟ, ਲਾਹਿਆ, ਤੇ ਆਪਣਾ ਕੁੰਡਲਾਂ ਵਾਲੇ ਕੇਸਾਂ ਥੀ ਰੋਮਾਲ ਵੀ ਲਾਹ ਧਰਿਆ। ਓਹ ਬੁੱਢੀ ਜਨਾਨੀ ਜਿਹੜੀ ਬਾਲ ਨਾਲ ਖੇਡ ਰਹੀ ਸੀ ਆਈ ਤੇ ਮਸਲੋਵਾ ਦੇ ਅੱਗੇ ਖੜੀ ਹੋ ਗਈ, "ਤਸ! ਤਸ! ਤਸ," ਉਸ ਆਪਣੀ ਜਬਾਨ ਨੂੰ ਤਾਲੂ ਨਾਲ ਮਚਕਾ ਕੇ ਕਿਹਾ ਤੇ ਬੜੇ ਦਰਦ ਤੇ ਅਫਸੋਸ ਵਿੱਚ ਸਿਰ ਫੇਰਨ ਲੱਗ ਗਈ। ਓਹ ਬਾਲਕ ਵੀ ਓਸ ਪਾਸ ਆ ਗਇਆ ਤੇ ਆਪਣਾ ਉਪਰਲਾ ਹੋਠ ਕੁਛ ਕੱਢ ਕੇ ਮਸਲੋਵਾ, ਜਿਹੜੀ ਰੋਟੀ ਦੇ ਰੋਲ ਲਿਆਈ ਸੀ, ਵਲ ਪੂਰੀਆਂ ਅੱਖਾਂ ਉਘਾੜ ਕੇ ਵੇਖਣ ਲੱਗ ਗਇਆ। ਉਸ ਦਿਨ ਜੋ ਕੁਛ ਉਸ ਨਾਲ ਬੀਤੀਆਂ ਸੀ, ਉਹਦਾ ਸਾਰਾ ਗੁਬਾਰ ਉਹਦੇ ਅੰਦਰ ਸੀ ਤੇ ਇੰਨੇ ਸਾਰੇ ਮੂੰਹ ਜਦ ਸਾਰੇ ਉਸ ਵਲ ਹਮਦਰਦੀ ਨਾਲ ਵੇਖਣ ਲੱਗ ਪਏ, ਤਦ ਓਹਦੇ ਹੋਠ ਆਣ ਕੰਬਣ ਲੱਗ ਪਏ ਤੇ ਰੋਣਹਾਕਲੀ ਹੋ ਗਈ ਤੇ ਆਪਣੇ ਉੱਪਰ ਓਸ ਜ਼ਬਤ ਕਰਕੇ ਓਹ ਹੁਣ ਤੱਕ ਰੁਕੀ ਹੋਈ ਸੀ। ਪਰ ਜਦ ਓਹ ਬੁੱਢੀ ਤੇ ਬਾਲਕ ਆਏ, ਤਦ ਓਸ ਪਾਸੋਂ ਨ ਰਹਿਆ ਗਇਆ। ਜਦ ਹੀ ਓਸ ਨੇ ਬੁੱਢੀ ਦੀ ਜੀਭ ਤਾਲੂ ਨਾਲ ਮਚਕਾ ਕੇ "ਤਸ! ਤਸ! ਤਸ" ਸੁਣਿਆ ਤੇ ਬਾਲਕ ਦੀਆਂ ਓਹੋ ਭੋਲੀਆਂ ਭਾਲੀਆਂ ਅੱਖਾਂ ਫਿਕਰਮੰਦ ਜਹੀਆਂ ਹੋ ਕੇ ਰੋਟੀ ਵਲੋਂ ਉੱਠ ਕੇ ਉਸ ਵਲ ਨੀਝ ਲਾਕੇ ਤੱਕਣ ਲੱਗ ਗਈਆਂ ਓਹ ਰਹਿ ਨ ਸੱਕੀ, ਓਹਦਾ ਮੂੰਹ ਸਾਰਾ ਥਰ ਥਰ ਕੰਬਿਆ ਤੇ ਓਹਦੀਆਂ ਭੁੱਬਾਂ ਨਿਕਲ ਗਈਆਂ।
"ਮੈਂ ਤੈਨੂੰ ਆਖਿਆ ਸੀ ਕਿ ਚੰਗਾ ਵਕੀਲ ਕਰੀਂ," ਕੋਰਾਬਲੈਵਾ ਨੇ ਕਹਿਆ "ਭਲਾ ਸਜ਼ਾ ਕੀ ਹੋਈ? ਜਲਾਵਤਨੀ! ਸਾਈਬੇਰੀਆ?"
ਮਸਲੋਵਾ ਜਵਾਬ ਨ ਦੇ ਸੱਕੀ, ਪਰ ਆਪਣੀ ਰੋਟੀ ਦੇ ਰੋਲ ਵਿੱਚੋਂ ਓਸ ਨੇ ਸਿਗਰਟ ਦੀ ਡੱਬੀ ਕੱਢੀ। ਇਸ ਡੱਬੀ ਉਪਰ ਇਕ ਲਾਲ ਲਾਲ ਮੁੂੰਹ ਵਾਲੀ ਤੀਮੀਂ ਦੀ ਤਸਵੀਰ ਪਈ ਹੋਈ ਸੀ, ਜਿਸ ਦਾ ਵਾਲਾਂ ਦਾ ਜੂੜਾ ਉੱਚਾ ਕੀਤਾ ਹੋਇਆ ਸੀ, ਤੇ ਪੋਸ਼ਾਕ ਬੜੀ ਨੀਵੀਂ ਸੀ ਤੇ ਓਹ ਅੱਧੀ ਨੰਗੀ ਸੀ। ਮਸਲੋਵਾ ਨੇ ਓਹ ਡੱਬੀ ਕੋਰਾਬਲੈਵਾ ਨੂੰ ਫੜਾਈ। ਕੋਰਾਬਲੈਵਾ ਨੇ ਵੇਖ ਕੇ ਸਿਰ ਫੇਰਿਆ ਖਾਸ ਇਸ ਕਰਕੇ ਕਿ ਓਹਨੂੰ ਪਸੰਦ ਨਹੀਂ ਸੀ ਕਿ ਮਸਲੋਵਾ ਆਪਣੇ ਰੁਪਏ ਇਨ੍ਹਾਂ ਚੀਜ਼ਾਂ ਉੱਪਰ ਫ਼ਜ਼ੂਲ ਜਾਇਆ ਕਰੇ। ਪਰ ਉਸ ਇਸ ਵਿੱਚੋਂ ਆਪਣੇ ਲਈ ਇਕ ਸਿਗਰਟ ਕੱਢ ਲਇਆ, ਬਲਦੇ ਦੀਵੇ ਦੀ ਲਾਟ ਉੱਪਰੋਂ ਬਾਲ ਲਇਆ, ਇਕ ਸੂਟਾ ਲਾਇਆ ਤੇ ਮਸਲੋਵਾ ਦੇ ਹੱਥ ਵਿੱਚ ਤਕਰੀਬਨ ਜੋਰੀ ਜੋਰੀ ਫੜਾ ਦਿੱਤੀ। ਮਸਲੋਵਾ ਹਾਲੇਂ ਰੋ ਹੀ ਰਹੀ ਸੀ, ਪਰ ਸਿਗਰਟ ਪੀਣ ਲੱਗ ਪਈ। "ਸਖਤ ਮੁਸ਼ੱਕਤ ਤੇ ਜਲਾਵਤਨੀ," ਓਸ ਧੂੰਆਂ ਮੂੰਹ ਵਿੱਚੋਂ ਬਾਹਰ ਕੱਢ ਕੇ ਕਹਿਆ ਤੇ ਡੁਸਕਣ ਲੱਗ ਪਈ।
"ਇਨ੍ਹਾਂ ਬੇਈਮਾਨਾਂ, ਬਦਮਾਸ਼ਾਂ, ਰੂਹ ਦੇ ਕਾਤਲਾਂ ਨੂੰ ਰੱਬ ਦਾ ਭੈ ਵੀ ਨਹੀਂ ਆਉਂਦਾ!" ਕੋਰਾਬਲੈਵਾ ਨੇ ਕਿਹਾ, "ਕੁੜੀ ਨੂੰ ਜਲਾਵਤਨ ਕਰ ਦਿੱਤਾ ਨੇ," ਇਸ ਵਕਤ ਉਨ੍ਹਾਂ ਤੀਮੀਆਂ ਥੀਂ ਜੋ ਬਾਰੀਆਂ ਵਿੱਚ ਖੜੀਆਂ ਸਨ ਇਕ ਉੱਚੇ ਤੇ ਖਹੁਰੇ ਹਾਸੇ ਦੀ ਆਵਾਜ਼ ਆਈ। ਓਹ ਛੋਟੀ ਕੁੜੀ ਵੀ ਹਸ ਪਈ ਤੇ ਓਹਦੇ ਬਰੀਕ ਗਲੇ ਦੀਆਂ ਹਿਲੀਆਂ ਤਰਬਾਂ ਦੀ ਮਹੀਨ ਆਵਾਜ਼ ਦਾ ਹਾਸਾਂ ਦੂਸਰੀਆਂ ਦੀਆਂ ਕਰੀਚਦੇ, ਬੈਠੇ, ਚੀਕਦੇ, ਮੋਟੇ ਗਲਿਆਂ ਦੀ ਕਰੱਖਤ ਆਵਾਜ਼ ਨਾਲ ਮਿਲ ਰਹਿਆ ਸੀ। ਗੱਲ ਇਹ ਹੋਈ ਸੀ ਬਾਹਰ ਅਹਾਤੇ ਵਿੱਚ ਕਿਸੀ ਕਾਨਵਿਕਟ ਨੇ ਕੁਛ ਐਸੀ ਭੈੜੀ ਹਰਕਤ ਕੀਤੀ ਸੀ ਜਿਸਨੂੰ ਵੇਖ ਕੇ ਇਹ ਸਾਰੀਆਂ ਹੱਸ ਪਈਆਂ ਸਨ।
"ਵੇਖੋ! ਮੁਨਿਆ ਕੁੱਤਾ ਕੀ ਕਰ ਰਿਹਾ ਹੈ," ਓਸ ਲਾਲ ਵਾਲਾਂ ਵਾਲੀ ਤੀਮੀ ਨੇ ਕਹਿਆ, ਤੇ ਉਹਦਾ ਸਾਰਾ ਮੋਟਾ ਜਿਸਮ ਹਾਸੇ ਨਾਲ ਕੰਬ ਰਹਿਆ ਸੀ, ਤੇ ਓਸ ਖਿੜਕੀ ਦੀਆਂ ਸੀਖਾਂ ਨਾਲ ਢੋਹ ਲਾਕੇ ਕੋਈ ਬੇਮਹਨੇ ਪਰ ਗੰਦੇ ਤੇ ਫੁਹਸ਼ ਲਫਜ਼ ਕਹੇ।
"ਉਫ! ਇਸ ਮੋਟੀ ਚੁੜੇਲ ਦਾ ਬਤਖਾਂ ਵਾਂਗ ਕਾਂ ਕਾਂ ਕਰਨਾਂ, ਇਹ ਕਿਸ ਗੱਲ ਉੱਪਰ ਇੰਨੀ ਹੱਸ ਰਹੀ ਹੈ?" ਕੋਰਾਬਲੈਵਾ ਨੇ ਕਹਿਆ ਤੇ ਮੁੜ ਮਸਲੋਵਾ ਵੱਲ ਵੇਖਣ ਲੱਗ ਗਈ "ਕਿੰਨੇ ਸਾਲ?" ਓਸ ਪੁੱਛਿਆ।
"ਚਾਰ" ਮਸਲੋਵਾ ਨੇ ਕਹਿਆ ਤੇ ਅਥਰੂ ਇੰਨੇ ਚਲ ਰਹੇ ਸਨ ਕਿ ਇਕ ਮੋਟਾ ਜੇਹਾ ਓਹਦੇ ਸਿਗਰਟ ਉੱਪਰ ਪੈ ਗਇਆ, ਉਸ ਗੁੱਸੇ ਜੇਹੇ ਵਿੱਚ ਸਿਗਰਟ ਨੂੰ ਮਰੋੜ ਮਰਾੜ ਭੁੰਜੇ ਸੁਟ ਦਿੱਤਾ ਤੇ ਦੂਆ ਚਕ ਲਇਆ।
ਭਾਵੇਂ ਰੇਲ ਦੇ ਚੌਂਕੀਦਾਰ ਦੀ ਵਹੁਟੀ ਤਮਾਕੂ ਨਹੀਂ ਸੀ ਪੀਂਦੀ ਤਾਂ ਵੀ ਉਸ ਨੇ ਮਰੋੜਿਆ ਮਰਾੜਿਆ ਸਿਰਗਟ ਚੁਕ ਲਇਆ ਤੇ ਓਹਨੂੰ ਹੱਥਾਂ ਨਾਲ ਸਿੱਧਾ ਵੀ ਕਰਦੀ ਤੇ ਗੱਲਾਂ ਦੀ ਤਾਰ ਵੀ ਜਾਰੀ ਰੱਖੀ ਜਾਂਦੀ ਸੀ।
"ਓਹ ਕੁੜੀਏ! ਹੁਣ ਸੱਚ ਹੀ ਹੋਇਆ ਨਾ," ਓਸ ਕਹਿਆ "ਕਿ ਸੱਚ ਤਾਂ ਕੁਤਿਆਂ ਨੂੰ ਸੁਟਿਆ ਤੇ ਇਹ ਲੋਕੀ ਜੋ ਚਾਹੁਣ ਕਰ ਗੁਜਰਦੇ ਹਨ, ਅਸੀਂ ਤਾਂ ਇਹ ਮਿੱਥ ਰਹੇ ਸਾਂ ਕਿ ਇਹ ਸਾਫ ਬਰੀ ਹੋ ਜਾਸੀ, ਕੋਰਾਬਲੈਵਾ ਵੀ ਇਹੋ ਕਹਿੰਦੀ ਸੀ "ਇਹ ਬਰੀ ਹੋ ਜਾਸੀ", "ਨਹੀਂ" ਮੈਂ ਕਹਿੰਦੀ ਸਾਂ ਨਾਂ, "ਨਹੀਂ ਪਿਆਰੀਏ। ਮੇਰਾ ਦਿਲ ਸ਼ਾਹਦੀ ਦਿੰਦਾ ਸੀ ਕਿ ਇਹਨੂੰ ਫਾਹ ਦੇਣਗੇ ਤੇ ਉਹੋ ਹੀ ਹੋਇਆ ਨਾਂ," ਉਹ ਬੋਲੀ ਚਲੀ ਗਈ, ਸਾਫ ਸੀ ਕਿ ਉਹਨੂੰ ਆਪਣੇ ਬੋਲ ਸੁਣਨ ਦਾ ਅਨੰਦ ਆ ਰਹਿਆ ਸੀ।
ਓਹ ਤੀਮੀਆਂ ਜੋ ਬਾਰੀਆਂ ਵਿੱਚ ਖੜੀਆਂ ਸਨ, ਓਹ ਵੀ ਹੁਣ ਮਸਲੋਵਾ ਵੱਲ ਆ ਗਈਆਂ ਸਨ ਕਿਉਂਕਿ ਕਾਨਵਿਕਟ ਲੰਘ ਗਏ ਸਨ ਜਿਨ੍ਹਾਂ ਨੂੰ ਵੇਖ ਵੇਖ ਓਹ ਆਪਣਾ ਮਨ ਪਰਚਾ ਰਹੀਆਂ ਸਨ। ਪਹਿਲਾਂ ਜੋ ਆਈ ਉਹ ਸੀ ਜਿਹੜੀ ਨਾਜਾਇਜ਼ ਸ਼ਰਾਬ ਵੇਚਣ ਲਈ ਕੈਦੀ ਸੀ ਤੇ ਓਹਦੀ ਲੜਕੀ ਵੀ ਉਸ ਨਾਲ ਸੀ।
"ਇੰਨੀ ਸਖਤ ਸਜ਼ਾ ਕਿਓਂ?" ਮਸਲੋਵਾ ਪਾਸ ਬਹਿ ਕੇ ਉਸ ਪਾਸੋਂ ਪੁੱਛਣ ਲਗੀ ਤੇ ਤੇਜੀ ਨਾਲ ਜੁਰਾਬ ਉਣੀ ਵੀ ਜਾਂਦੀ ਸੀ।
"ਕਿਉਂ ਇੰਨੀ ਸਖਤ? ਇਸ ਵਾਸਤੇ ਕਿ ਰੁਪਏ ਨਹੀਂ ਸਨ, ਬੱਸ ਇਹੋ ਸਬੱਬ ਜੋ ਰੁਪਏ ਹੁੰਦੇ ਤੇ ਚੰਗਾ ਲੜਨ ਵਾਲਾ ਵਕੀਲ ਖਲੋ ਜਾਂਦਾ, ਤਦ ਇਹ ਬਰੀ ਹੋ ਜਾਂਦੀ ਇਸ ਗੱਲ ਦੇ ਕਹਿਣ ਵਿਚ ਕੀ ਡਰ ਹੈ, ਕੋਰਾਬਲੈਵਾ ਬੋਲੀ "ਓਹ ਹੈ ਨਾਂ ਜਿਹਦਾ ਨਾਂ ਨਹੀਂ ਆਉਂਦਾ ਉਹ ਵਾਲਾਂ ਵਾਲਾ, ਲੰਮੇ ਨੱਕ ਵਾਲਾ, ਜੇ ਉਹ ਖੜਾ ਹੋ ਜਾਂਦਾ ਉਹ ਇਸ ਕੋਲਤਾਰ ਦੇ ਚਿੱਕੜ ਵਿਚੋਂ ਤੈਨੂੰ ਸਾਫ ਕੱਢ ਲੈਂਦਾ, ਹਾਏ, ਜੇ ਕਿਧਰੇ ਓਹਨੂੰ ਵਕੀਲ ਕਰ ਲੈਂਦੀ!"
"ਹਾਂ ਓਹ ਠੀਕ ਬਰੀ ਕਰਾ ਦਿੰਦਾ" ਹੋਰੋਸ਼ਾਵਕਾ ਆਪਣੇ ਦੰਦ ਕੱਢ ਕੇ ਤੇ ਓਸ ਪਾਸ ਬਹਿ ਕੇ ਬੋਲੀ, "ਕਿਓ! ਓਹ ਤਾਂ ਬਿਨਾਂ ੧੦੦੦ ਰੂਬਲ ਲਏ ਦੇ ਕਿਸੀ ਉੱਪਰ ਥੁੱਕੇ ਵੀ ਨਾਂਹ ਆਰ!"
"ਦਿੱਸਦਾ ਹੈ ਕਿ ਤੂੰ ਜੰਮੀ ਹੀ ਭੈੜੇ ਨਛੱਤ੍ਰ ਸੈਂ," ਤੇ ਓਹ ਬੁੱਢੀ ਬੋਲੀ ਜਿਹੜੀ ਅੱਗ ਲਾਣ ਦੇ ਅਪਰਾਧ ਵਿੱਚ ਕੈਦ ਸੀ। "ਜਰਾ ਸੋਚੋ! ਮੇਰੀ ਨੂੰਹ ਨੂੰ ਤਾਂ ਉਧਾਲ ਕੇ ਕੋਈ ਲੈ ਜਾਵੇ, ਤੇ ਉਲਟਾ ਮੇਰੇ ਮੁੰਡੇ ਨੂੰ, ਓਹਦਾ ਮਾਸ ਜੂਆਂ ਨੂੰ ਖਵਾ ਖਵਾ ਪਾਲਣ ਨੂੰ ਅੰਦਰ ਡੱਕ ਦੇਣ! ਤੇ ਮੇਰੀ ਬੁੱਢੀ ਉਮਰ ਵਿੱਚ ਨਾਲੇ ਮੈਨੂੰ ਵੀ। ਹਾਏ ਇਹ ਹਨੇਰ...................." ਮੁੜ ਆਪਣੀ ਰਾਮ ਕਹਾਣੀ ਕੋਈ ਸੋਵੀਂ ਵੇਰ ਦੱਸਣ ਲਗ ਪਈ, "ਯਾ ਤਾਂ ਹੱਥ ਠੁਠਾ ਫੜਾਂਦੇ ਹਨ ਯਾ ਜੇਲਖ਼ਾਨਾ। ਬੱਸ! ਠੀਕ ਨਾਂਹ ਨੂਠਾ ਨਾਂਹ ਜੇਲਖਾਨਾ, ਦੋਵੇਂ ਕਿਸੀ ਸੱਦੇ ਦੀ ਤਾਂ ਉਡੀਕ ਨਹੀਂ ਕਰਦੇ।"
"ਹਾਏ! ਇਉਂ ਹੀ ਦਿੱਸਦਾ ਹੈ ਕਿ ਸਾਰੇ ਇਹੋ ਜੇਹੇ ਹੀ ਕੁਕਰਮ ਕਰਦੇ ਹਨ, ਇਕੋ ਹੀ ਰਾਹ ਹੈ ਸਾਰਿਆਂ ਦਾ," ਉਸ ਸ਼ਰਾਬ ਦੀ ਵਿਹਾਰੀ ਤੀਮੀਂ ਨੇ ਕਹਿਆ ਤੇ ਆਪਣੀ ਨਿੱਕੀ ਕੁੜੀ ਦਾ ਸਿਰ ਵੇਖਣ ਲਈ ਉਣ ਰਹੀ ਜਰਾਬ ਨੂੰ ਛੱਡ ਦਿੱਤਾ ਸੀ ਸੂ, ਕੁੜੀ ਨੂੰ ਆਪਣਿਆਂ ਦੋਹਾਂ ਗੋਡਿਆਂ ਵਿੱਚ ਦੀ ਬਹਾਲਿਆ ਤੇ ਆਪਣੀਆਂ ਸਿਖਾਣਿਆਂ ਤੋਂ ਹੁਸ਼ਿਆਰ ਉਂਗਲਾਂ ਨਾਲ ਉਹਦੀਆਂ ਜੂਆਂ ਕੱਢਣ ਲੱਗ ਪਈ। ਲੋਕੀ ਪੁਛਦੇ ਹਨ "ਤੂੰ ਸ਼ਰਾਬ ਕਿਉਂ ਵੇਚਦੀ ਹੈਂ?" ਠੀਕ, ਓਹ ਬੋਲੀ ਗਈ, "ਕਿਉਂ? ਪਰ ਆਪਣੇ ਬੱਚਿਆਂ ਦੀ ਕੋਈ ਕਿੰਝ ਪਾਲਣਾ ਕਰੇ, ਇਨ੍ਹਾਂ ਨੂੰ ਕੀ ਖੁਵਾਵੇ!" ਉਹਦੇ ਇਨ੍ਹਾਂ ਲਫਜ਼ਾਂ ਨੇ ਮਸਲੋਵਾ ਦੇ ਮਨ ਵਿੱਚ ਸ਼ਰਾਬ ਪੀਣ ਦਾ ਝਸ ਆਣ ਜਗਾਇਆ।
"ਥੋੜੀ ਜੇਹੀ ਵੋਧਕਾ" ਆਪਣੇ ਅੱਥਰੂ ਆਪਣੇ ਰੋਮਾਲ ਨਾਲ ਪੂੰਝ ਕੇ ਓਸ ਕੋਰਾਬਲੈਵਾ ਨੂੰ ਕਹਿਆ, ਤੇ ਉਸ ਦਾ ਡੁਸਕਣਾ ਵੀ ਹੁਣ ਹਟ ਗਇਆ ਸੀ।
"ਬਹੁਤ ਅੱਛਾ, ਪਰ ਮਾਰ ਥੈਲੀ ਵਿੱਚ ਕੋਈ ਕਾਂਟਾ?" ਕੈਰਾਬਲੈਵਾ ਬੋਲੀ।
ਮੋਇਆਂ ਦੀ ਜਾਗ-ਕਾਂਡ ੩੨. : ਲਿਉ ਤਾਲਸਤਾਏ
ਮਸਲੋਵਾ ਨੇ ਰੁਪਏ ਕੱਢੇ, ਉਹ ਕੂਪਨ ਜਿਹੜਾ ਓਸ ਰੋਟੀ ਦੇ ਰੋਲ ਵਿੱਚ ਛੁਪਾਇਆ ਹੋਇਆ ਸੀ, ਤੇ ਕੋਰਾਬਲੈਵਾ ਨੂੰ ਫੜਾ ਦਿੱਤਾ। ਕੋਰਾਬਲੈਵਾ ਭਾਵੇਂ ਪੜ੍ਹ ਨਹੀਂ ਸੀ ਸੱਕਦੀ, ਤਾਂ ਵੀ ਉਸ ਲੈ ਲਇਆ। ਹੋਰੋਸ਼ਾਵਕਾ ਦੀ ਕਹੀ ਗੱਲ ਉੱਪਰ ਓਹਨੂੰ ਸਦਾ ਇਹਤਬਾਰ ਸੀ ਤੇ ਜਦ ਉਸ ਨੇ ਉਹਨੂੰ ਪੜ੍ਹ ਕੇ ਦਸ ਦਿੱਤਾ ਕਿ ਕੂਪਨ ੨) ਰੂਬਲ ਤੇ ਪੰਜਾਹ ਕੋਪਿਸਕਾਂ (ਪੈਸਿਆਂ ਦਾ) ਹੈ ਓਹਦੀ ਤਸੱਲੀ ਹੋ ਗਈ। ਇਹ ਕਾਗਜ਼ ਲੈ ਕੇ ਓਸ ਕੋਠੀ ਦੇ ਹਵਾਦਾਨ ਵਲ ਚੜ੍ਹ ਕੇ ਓਥੋਂ ਇਕ ਵੋਧਕਾ ਦੀ ਬੋਤਲ ਲਾਹ ਆਂਦੀ ਜਿਹੜੀ ਓਥੇ ਓਸਨੇ ਛਿਪਾ ਕੇ ਰੱਖੀ ਹੋਈ ਸੀ। ਇਹ ਵੇਖ ਕੇ ਉਹ ਤੀਮੀਆਂ ਜਿਨ੍ਹਾਂ ਦੇ ਬਿਸਤਰੇ ਜਰਾ ਦੂਰ ਸਨ, ਉੱਠ ਕੇ ਚਲੀਆਂ ਗਈਆਂ, ਤੇ ਇਤਨੇ ਚਿਰ ਵਿੱਚ ਮਸਲੋਵਾ ਨੇ ਆਪਣੇ ਕੋਟ ਦੇ ਰੁਮਾਲ ਉੱਪਰ ਪਈ ਧੂੜ ਛੰਡੀ ਬਿਸਤ੍ਰਤੇ ਉੱਪਰ ਬਹਿ ਗਈ ਤੇ ਰੋਟੀ ਦੇ ਰੋਲ ਨੂੰ ਖਾਣ ਲੱਗ ਪਈ।
"ਮੈਂ ਤੇਰੇ ਲਈ ਚਾਹ ਰੱਖੀ ਹੋਈ ਹੈ," ਥੀਓਡੋਸੀਆ ਨੇ ਕਹਿਆ ਤੇ ਅਲਮਾਰੀ ਵਿੱਚੋਂ ਇਕ ਪਿਆਲਾ ਲਾਹ ਲਿਆਂਦਾ ਤੇ ਨਾਲੇ ਇਕ ਟੀਨ ਦਾ ਚਾਹ ਦਾ ਬਰਤਨ ਇਕ ਲੀਰ ਜਹੀ ਵਿੱਚ ਲਪੇਟਿਆ ਹੋਇਆ ਲੈ ਆਈ, "ਪਰ ਮੈਨੂੰ ਡਰ ਹੈ ਕਿ ਚਾਹ ਠੰਡੀ ਹੋ ਗਈ ਹੋਣੀ ਹੈ।" ਚਾਹ ਬਿਲਕੁਲ ਠੰਡੀ ਸੀ, ਓਸ ਵਿੱਚੋਂ ਚਾਹ ਥੀਂ ਵਧ ਟੀਨ ਦੀ ਕਸ ਦੀ ਹਵੱਕ ਆਉਂਦੀ ਸੀ, ਤਾਂ ਵੀ ਮਸਲੋਵਾ ਨੇ ਪਿਆਲਾ ਭਰ ਲਇਆ ਤੇ ਰੋਟੀ ਨਾਲ ਪੀਣ ਲੱਗ ਪਈ।
"ਫਿਨਾਸ਼ਕਾ! ਲੈ ਤੂੰ ਵੀ ਲੈ!" ਉਸ ਨੇ ਕਹਿਆ ਤੇ ਰੋਟੀ ਦਾ ਟੁਕੜਾ ਭੰਨ ਕੇ ਉਸ ਬਾਲਕ ਨੂੰ ਦਿੱਤਾ ਜਿਹੜਾ ਉਹਦੇ ਖਾਂਦੇ ਮੂੰਹ ਵਲ ਤੱਕ ਰਿਹਾ ਸੀ।
ਇਤਨੇ ਵਿੱਚ ਕੋਰਾਬਲੈਵਾ ਨੇ ਮਸਲੋਵਾ ਨੂੰ ਵੋਧਕਾ ਦੀ ਓਹ ਬੋਤਲ ਤੇ ਪਿਆਲਾ ਲਿਆ ਕੇ ਦਿੱਤਾ। ਮਸਲੋਵਾ ਨੇ ਬੋਤਲ ਵਿੱਚੋਂ ਕੁਝ ਤਾਂ ਓਹਨੂੰ ਕੋਰਾਬਲੈਵਾ ਨੂੰਤੇ ਕੁਝ ਹੋਰੋਸ਼ਾਵਕਾ ਨੂੰ ਦਿੱਤੀ। ਇਹ ਕੈਦਣਾ ਓਸ ਕਮਰੇ ਦੀਆਂ ਰਈਸ ਮੰਨੀਆਂ ਜਾਂਦੀਆਂ ਸਨ। ਇਨ੍ਹਾਂ ਪਾਸ ਕੁਝ ਰੁਪਏ ਸਨ ਤੇ ਉਹ ਦੂਜਿਆਂ ਨਾਲ ਵੰਡ ਕੇ ਖਾਂਦੀਆਂ ਪੀਂਦੀਆਂ ਸਨ। ਥੋੜੇ ਹੀ ਮਿੰਟਾਂ ਵਿੱਚ ਮਸਲੋਵਾ ਟਹਕ ਪਈ ਤੇ ਬੜੇ ਜੋਸ਼ ਨਾਲ ਜੋ ਕੁਝ ਅਦਾਲਤ ਵਿੱਚ ਹੋਇਆ ਸੀ ਦੱਸਣ ਲੱਗ ਪਈ। ਨਾਲ ਨਾਲ ਸਰਕਾਰੀ ਵਕੀਲ ਦੀਆਂ ਨਕਲਾਂ ਉਤਾਰੀ ਜਾਂਦੀ ਸੀ। ਓਸ ਦਸਿਆ ਕਿ ਮਰਦਾਂ ਦੀ ਉਹ ਖੋ ਓਹਨੂੰ ਬੜੀ ਅਜੀਬ ਅੱਜ ਲੱਗੀ ਕਿ ਇਸ ਤਰਾਂ ਓਹਨੂੰ ਸੁੰਘਦੇ ਫਿਰਦੇ ਸਨ ਕਿੰਞ ਅਦਾਲਤ ਵਿੱਚ ਸਾਰੇ ਓਸ ਵੱਲ ਵੇਂਹਦੇ ਸਨ ਤੇ ਫਿਰ ਕੈਦੀਆਂ ਦੇ ਬੈਠਣ ਵਾਲੇ ਕਮਰੇ ਵਿੱਚ ਕਈ ਬਹਾਨੇ ਕਰਕੇ ਓਹਨੂੰ ਵੇਖਣ ਆਉਂਦੇ ਸਨ, ਜਿਵੇਂ ਬਿਨ ਮਤਲਬ ਓਹਥੋਂ ਨਿਰੇ ਲੰਘ ਹੀ ਰਹੇ ਸਨ। ਇਕ ਸਿਪਾਹੀ ਨੇ ਕਹਿਆ ਵੀ ਸੀ, "ਇਹ ਸਾਰੇ ਬਸ ਤੈਨੂੰ ਵੇਖਣ ਆਉਂਦੇ ਹਨ, "ਓਹ ਫਲਾਣਾ ਕਾਗਤ ਕਿੱਥੇ ਹੈ ਕਹਿੰਦੇ ਹਨ? ਯਾ ਹੋਰ ਕੁਝ! ਪਰ ਮੈਂ ਵੇਖਦੀ ਸਾਂ ਕਿ ਉਹ ਕਾਗਤ ਵਾਗਤ ਨਹੀਂ ਸਨ ਲੈਣ ਯਾ ਵੇਖਣ ਆਉਂਦੇ ਓਹ ਤਾਂ ਆਪਣੀਆਂ ਅੱਖਾਂ ਨਾਲ ਮੈਨੂੰ ਨਿਗਲਣ ਆਉਂਦੇ ਸਨ," ਓਸ ਸਿਰ ਹਿਲਾ ਕੇ ਕਹਿਆ "ਬਾਕਾਇਦਾ ਬਣੇ ਆਰਟਿਸਟ ਬਾਂਕੇ ਸਨ।"
"ਹਾ ਹੀ, ਇਹ ਇਉਂ ਹੀ ਹੈ," ਚੌਕੀਦਾਰਨ ਨੇ ਸੋਹਣੇ ਬੋਲ ਫਿਰ ਛੇੜੇ, "ਓਹ ਤਾਂ ਸਨ ਮੱਖੀਆਂ ਤੇ ਤੂੰ ਖੰਡ! ਭਾਵੇਂ ਹੋਰ ਕੁਝ ਲੱਭੇ ਨੂੰ ਲਭੇ ਰੋਟੀ ਮਿਲੇ ਨ ਮਿਲੇ, ਪਰ ਇਹ ਭੁੱਖ ਨਹੀਂ ਛੱਡ ਸੱਕਦੇ।"
ਤੇ ਇੱਥੇ ਵੀ," ਮਸਲੋਵਾ ਨੇ ਉਹਦੀ ਗੱਲ ਟੁਕ ਕੇ ਕਹਿਆ, "ਓਹੋ ਗਲ, ਹਾਲੇ ਮੈਨੂੰ ਵਾਪਸ ਲਿਆ ਚੁਕੇ ਹੀ ਨਹੀਂ ਸਨ ਕਿ ਰੇਲ ਥੀਂ ਆਇਆ ਇਕ ਕਾਨਵਿਕਟਾਂ ਦਾ ਝੁੰਡ ਅੰਦਰ ਵਾੜਿਆ ਜਾ ਰਹਿਆ ਸੀ, ਉਨ੍ਹਾਂ ਮੈਨੂੰ ਬੜਾ ਦਿੱਕ ਕੀਤਾ, ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਇਨ੍ਹਾਂ ਬਲਾਵਾਂ ਥੀਂ ਕਿੰਞ ਛੁੱਟਾਂ, ਭਲਾ ਹੋਵੇ ਅਸਟੰਟ ਦਾ ਉਹਨੇ ਇਹ ਜਾਨਵਰ ਮੋੜੇ—ਇਕ ਨੇ ਤਾਂ ਇੱਨਾ ਦਿੱਕ ਕੀਤਾ ਮੈਂ ਮਸੇਂ ਬਚੀ।"
"ਉਹਦੀ ਨੁਹਾਰ ਕਿਹੋ ਜੇਹੀ ਸੀ!" ਹੋਰੋਸ਼ਾਵਕਾ ਨੇ ਪੁੱਛਿਆ।
"ਕਾਲਾ-ਮੁੱਛਾਂ ਵਾਲਾ।"
"ਇਹ ਉਹੋ ਹੀ ਹੋਣਾ ਹੈ।"
"ਉਹ ਕਿਹੜਾ ਹੈ?"
"ਕਿਉਂ, ਓਹੋ ਸ਼ੇਗਲੋਵ ਓਹ ਜਿਹੜਾ ਹੁਣੇ ਓਥੋਂ ਹਾਲੇਂ ਲੰਘਿਆ ਹੈ।"
"ਸ਼ੇਗਲੋਵ ਕੌਣ ਹੈ?"
"ਕੀ ਇਹ ਕੁੜੀ ਸ਼ੇਗਲੋਵਾ ਨੂੰ ਨਹੀਂ ਜਾਣਦੀ? ਕਿਉਂ, ਓਹ ਦੋ ਵੇਰੀ ਸਾਈਬੇਰੀਆ ਥੀਂ ਨੱਸ ਕੇ ਚਲਾ ਆਇਆ ਸੀ। ਹੁਣ ਇਨ੍ਹਾਂ ਫਿਰ ਫੜ ਲਇਆ ਹੈ, ਤੇ ਓਹ ਫਿਰ ਨੱਸ ਜਾਵੇਗਾ। ਵਾਰਡਰ ਵੀ ਓਸ ਥੀਂ ਖੌਫ ਖਾਂਦੇ ਹਨ? ਹੋਰੋਸ਼ਾਵਕਾ ਨੇ ਕਹਿਆ—ਜੇਹੜੀ ਕਿਸੀ ਨ ਕਿਸੀ ਤਰਾਂ ਮਰਦ ਕੈਦੀਆਂ ਨਾਲ ਗੱਲਾਂ ਬਾਤਾਂ ਕਰਕੇ ਜੋ ਕੁਛ ਜੇਲਖਾਨੇ ਵਿੱਚ ਹੁੰਦਾ ਸੀ, ਸਭ ਪਤਾ ਕਰ ਲੈਂਦੀ ਸੀ। "ਓਹ ਤਾਂ ਨਸ ਜਾਵੇਗਾ। ਇਸ ਵਿੱਚ ਸ਼ੱਕ ਨਹੀਂ"
"ਓਹ ਤਾਂ ਨੱਸ ਜਾਵੇਗਾ, ਸਾਨੂੰ ਤਾਂ ਓਹ ਆਪਣੇ ਨਾਲ ਨਹੀਂ ਖੜਨ ਲੱਗਾ, ਸਾਨੂੰ ਕੀ," ਮਸਲੋਵਾ ਵੱਲ ਮੂੰਹ ਕਰਕੇ ਕੋਰਾਬਲੈਵਾ ਹੋਰੀ ਬੋਲੇ, "ਪਰ ਸਾਨੂੰ ਹੁਣ ਤੂੰ ਦੱਸ ਕਿ ਵਕੀਲ ਰਹਿਮ ਦੀ ਅਰਜ਼ੀ ਦੇਣ ਬਾਬਤ ਕੀ ਕਹਿੰਦਾ ਹੈ, ਹੁਣ ਵਕਤ ਹੈ ਕਿ ਓਹ ਅਰਜ਼ੀ ਦਿੱਤੀ ਜਾਵੇ।"
ਮਸਲੋਵਾ ਨੇ ਇਹਦਾ ਉੱਤਰ ਦਿੱਤਾ ਕਿ ਉਹਨੂੰ ਕੁਛ ਪਤਾ ਨਹੀਂ। ਉਸ ਵੇਲੇ ਉਹ ਲਾਲ ਵਾਲਾਂ ਵਾਲੀ ਇਨ੍ਹਾਂ ਰਈਸ ਕੈਦਣਾਂ ਵੱਲ ਆ ਗਈ। ਆਪਣੇ ਥਿੰਮਾਂ ਵਾਲੇ ਹੱਥ ਉਸ ਆਪਣੇ ਵਾਲਾਂ ਵਿੱਚ ਗੱਡੇ ਹੋਏ ਸਨ ਤੇ ਖੁਰਕ ਰਹੀ ਸੀ।
"ਕਾਤਰੀਨਾ ਲੈ ਇਸ ਬਾਬਤ ਮੈਂ ਸਭ ਕੁਛ ਤੈਨੂੰ ਦੱਸਾਂ," ਓਸ ਸ਼ੁਰੂ ਕੀਤਾ, "ਪਹਿਲਾਂ ਤੇ ਸਭ ਥੀਂ ਉੱਪਰ ਤੈਨੂੰ ਇਹ ਲਿਖਣਾ ਪਵੇਗਾ, ਕਿ ਸਜ਼ਾ ਠੀਕ ਨਹੀਂ ਤੇ ਫਿਰ ਸ਼ਹਿਰ ਦੇ ਪੁਲਸੀ ਗਵਰਨਰ ਨੂੰ ਨੋਟਿਸ ਦੇਣਾ ਪਵੇਗਾ।"
"ਤੇਰਾ ਇੱਥੇ ਕੀ ਮਤਲਬ ਹੈ?" ਕੋਰਾਬਲੈਵਾ ਨੇ ਗੁਸੇ ਨਾਲ ਕਹਿਆ, "ਵੋਧਕਾ ਸੁੰਘਣ ਕਿ ਹੋਰ ਕੁਛ? ਤੇਰੇ ਬਕਵਾਸ ਦੀ ਸਾਨੂੰ ਲੋੜ ਨਹੀਂ, ਤੇਰੀ ਸਲਾਹ ਬਿਨਾਂ ਹੀ ਸਾਨੂੰ ਜੋ ਕਰਨਾ ਹੈ ਪਤਾ ਹੈ।"
"ਤੇਰੇ ਨਾਲ ਕੌਣ ਬੋਲ ਰਹਿਆ ਹੈ, ਤੂੰ ਆਪਣਾ ਨੱਕ ਇੰਨਾ ਡੂੰਘਾ ਕਿਉਂ ਪਈ ਖਭੋਨੀ ਏਂ?"
"ਇਹ ਵੋਧਕਾ ਪੀਣ ਦਾ ਚਸਕਾ ਹੀ ਹੈ ਨਾਂ, ਜਿਸ ਲਈ ਇੱਥੇ ਰੀਂਘਦੀ ਏਂ।"
"ਭਾਈ! ਇਹਨੂੰ ਵੀ ਥੋੜੀ ਦਿਓ," ਮਸਲੋਵਾ ਨੇ ਕਹਿਆ। ਉਹ ਦਾਤਾ ਸੁਭਾ ਦੀ ਸੀ ਜਿਹੜੀ ਚੀਜ਼ ਓਸ ਪਾਸ ਹੋਵੇ, ਵੰਡ ਕੇ ਵਰਤਨ ਲਈ ਸਦਾ ਤਿਆਰ ਰਹਿੰਦੀ ਸੀ।
"ਆਹੋ! ਮੈਂ ਏਹੀਆਂ ਜੇਹੀਆਂ ਨੂੰ ਕੁਛ ਹੋਰ ਵੀ ਦੇ ਦਿਆਂਗੀ।"
"ਆਹੋ ਫਿਰ," ਲਾਲ ਵਾਲਾਂ ਵਾਲੀ ਕੋਰਾਬਲੈਵਾ ਵੱਲ ਵਧਕੇ ਬੋਲੀ "ਤੂੰ ਜਾਣਨੀ ਏਂ ਮੈਂ ਤੇਰੇ ਜੇਹੀਆਂ ਥੀਂ ਡਰਨੀ ਪਈ ਹਾਂ!"
"ਜਾ ਕੈਦਨ ਚੁੜੇਲ ਜੇਹੀ।"
"ਤੂੰ ਹੈ ਜਿਹੜੀ ਇਉਂ ਮੈਨੂੰ ਕਹਿੰਦੀ ਹੈਂ।"
"ਕੰਜਰੀ।"
"ਮੈਂ ਕੰਜਰੀ? ਸਜਾ ਪਾਈ ਖੂਨਾਮਣੇ!" ਲਾਲ ਵਾਲਾਂ ਵਾਲੀ ਚੀਕ ਉੱਠੀ।
"ਚਲੀ ਜਾ-ਮੈਂ ਤੈਨੂੰ ਕਹਿਨੀਆਂ," ਕੋਰਾਬਲੈਵਾ ਸੜੀ ਤਰਾਂ ਬੋਲੀ। ਪਰ ਓਹ ਵਾਲਾਂ ਵਾਲੀ ਹੋਰ ਨੇੜੇ ਆ ਢੁੱਕੀ ਤੇ ਕੋਰਾਬਲੈਵਾ ਨੇ ਓਹਦੀ ਛਾਤੀ ਵਿੱਚ ਕੱਸ ਕੇ ਮੁੱਕਾ ਠੋਕਿਆ। ਲਾਲ ਵਾਲਾਂ ਵਾਲੀ ਬੱਸ ਇਸੇ ਮੌਕੇ ਨੂੰ ਹੀ ਪਈ ਉਡੀਕਦੀ ਸੀ, ਇਕ ਹੱਥ ਵਿੱਚ ਕੋਰਾਬਲੈਵਾ ਦੇ ਵਾਲ ਫੜ ਦੂਸਰੇ ਹੱਥ ਨਾਲ ਉਹਦੇ ਮੂੰਹ ਉੱਪਰ ਚਪੇੜ ਮਾਰੀ। ਕੋਰਾਬਲੈਵਾ ਨੇ ਉਹਦਾ ਹੱਥ ਫੜ ਲਇਆ। ਮਸਲੋਵਾ ਤੇ ਹੋਰੋਸ਼ਾਵਕਾ ਨੇ ਲਾਲ ਵਾਲਾਂ ਵਾਲੀ ਨੂੰ ਬਾਂਹ ਥੀਂ ਕਾਬੂ ਕਰਕੇ ਪਰੇ ਧੱਕਣਾ ਚਾਹਿਆ। ਪਰ ਓਸ ਬੁੱਢੀ ਨੇ ਝਟ ਦੇ ਝਟ ਲਈ ਇਉਂ ਦਸਿਆ ਜਿਵੇਂ ਵਾਲ ਛੱਡ ਦੇਣ ਲੱਗੀ ਹੈ। ਪਰ ਨਹੀਂ ਓਸ ਆਪਣੀ ਬੀਣੀ ਉੱਪਰ ਵਾਲਾਂ ਨੂੰ ਵੱਲ ਦੇ ਕੇ ਖੂਬ ਖਿੱਚ ਕੇ ਪੁੱਟਿਆ।
ਕੋਰਾਬਲੈਵਾ ਦਾ ਸਿਰ ਨੀਵਾਂ ਹੋਇਆ ਹੋਇਆ ਤੇ ਉਹ ਖੂਬ ਕਾਬੂ ਆਈ ਹੋਈ। ਪਰੰਤੂ ਓਹਨੂੰ ਹੇਠਾਂ ਦੀ ਦੂਜੇ ਹੱਥ ਨਾਲ ਦੇਹ ਮੁਕਾ ਤੇ ਮੁਕਾ ਮਾਰੀ ਜਾਂਦੀ ਸੀ, ਤੇ ਚਾਹੁੰਦੀ ਸੀ ਕਿ ਉਹਦੇ ਹੱਥਾਂ ਨੂੰ ਆਪਣੇ ਦੰਦਾਂ ਵਿੱਚ ਚਿੱਬ ਹੀ ਛੱਡੇ। ਇੰਨੇ ਵਿੱਚ ਬਾਕੀ ਦੀਆਂ ਤੀਮੀਆਂ ਨੇ ਵੀ ਲੜਨ ਵਾਲੀਆਂ ਦੇ ਆਲੇ ਦੁਆਲੇ ਆ ਝੁਰਮਟ ਪਾਇਆ। ਚੀਕਾੜੇ ਜਿਹੇ ਮਾਰਨ ਲੱਗੀਆਂ, ਤੇ ਓਨ੍ਹਾਂ ਨੂੰ ਛੁੜਾਨ ਦੀ ਕੋਸ਼ਸ਼ ਕਰ ਰਹੀਆਂ ਸਨ। ਓਹ ਤਪਦਿੱਕ ਦੀ ਬੀਮਾਰ ਵੀ ਆ ਪੁਹਤੀ, ਪਾਸ ਖੜੀ ਲੜਾਈ ਵੇਖ ਰਹੀ ਸੀ। ਬੱਚੇ ਰੋ ਰਹੇ ਸਨ। ਸ਼ੋਰ ਇੰਨਾ ਹੋਇਆ ਕਿ ਤੀਮੀਂ ਵਾਰਡਰੈਸ ਤੇ ਜੇਲਰ ਆ ਗਏ। ਲੜਦੀਆਂ ਤੀਮੀਆਂ ਨੂੰ ਅੱਡ ਅੱਡ ਕੀਤਾ। ਕੋਰਾਬਲੈਵਾ ਆਪਣੇ ਸਿਰ ਦੇ ਪੱਟੇ ਵਾਲ ਹੱਥ ਵਿੱਚ ਲਏ ਹੋਏ ਤੇ ਲਾਲ ਵਾਲਾਂ ਵਾਲੀ ਨੇ ਆਪਣੀ ਫਟੀ ਕਮੀਜ ਨੂੰ ਫੜ ਆਪਣੀ ਪੀਲੀ ਛਾਤੀ ਨੂੰ ਢੱਕ ਕੇ, ਦੋਵੇਂ ਇਕ ਦੂਜੇ ਦੀਆਂ ਸ਼ਕਾਇਤਾਂ ਉੱਚੀਆਂ ਉੱਚੀਆਂ ਕਰਨ ਲੱਗ ਪਈਆਂ।
"ਮੈਂ ਜਾਣਦਾ ਹਾਂ, ਇਹ ਸਭ ਕਰਤੂਤ ਵੋਧਕਾ ਦੀ ਹੈ, ਜ਼ਰਾ ਠਹਿਰੋ! ਮੈਂ ਇੰਸਪੈਕਟਰ ਸਾਹਿਬ ਨੂੰ ਸਵੇਰੇ ਕਹਿ ਦਿਆਂਗਾ ਓਹ ਤੁਹਾਡੇ ਨਾਲ ਸਮਝ ਲੈਸਨ। ਮੈਨੂੰ ਵੋਧਕਾ ਦੀ ਬੂ ਆ ਨਹੀਂ ਰਹੀ ਸੀ? ਖਿਆਲ ਰੱਖੋ, ਯਾ ਤਾਂ ਸਾਰੀ ਗੱਲ ਸੱਚੀ ਸੱਚੀ ਦਸ ਦਿਓ ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ" ਵਾਰਡਰੈਸ ਨੇ ਕਹਿਆ, "ਸਾਡੇ ਪਾਸ ਤੁਹਾਡੇ ਝਗੜੇ ਝੇੜੇ ਫੈਸਲੇ ਕਰਨ ਦਾ ਵਕਤ ਨਹੀਂ, ਜਾਓ—ਆਪਣੀ ਆਪਣੀ ਥਾਂ ਤੇ ਚੁਪ ਹੋਕੇ ਬਹਿ ਜਾਓ।"
ਪਰ ਚੁਪ ਛੇਤੀ ਨਹੀਂ ਸੀ ਹੋਈ, ਬੜੇ ਚਿਰ ਤੱਕ ਤੀਮੀਆਂ ਆਪੇ ਵਿੱਚ ਝਗੜਦੀਆਂ ਰਹੀਆਂ ਤੇ ਇਸ ਗੱਲ ਉੱਪਰ ਇਕ ਦੂਜੇ ਨਾਲ ਬਹਿਸਦੀਆਂ ਰਹੀਆਂ ਕਿ ਕਸੂਰ ਕੀਹਦਾ ਸੀ! ਆਖ਼ਰ ਵਾਰਡਰੈਸ ਤੇ ਜੇਲਰ ਦੋਵੇਂ ਓਸ ਕੋਠੜੀ ਥੀਂ ਚਲੇ ਗਏ। ਤੀਮੀਆਂ ਅੱਗੇ ਨਾਲੋਂ ਚੁੱਪ ਹੋ ਚੁਕੀਆਂ ਸਨ ਤੇ ਆਪਣੇ ਬਿਸਤਰਿਆਂ ਉੱਪਰ ਜਾਣ ਲੱਗ ਪਈਆਂ ਸਨ, ਤੇ ਬੁੱਢੀ ਤੀਮੀਂ ਈਸਾ ਦੀ ਪ੍ਰਤੀਮਾ ਅੱਗੇ ਜਾਕੇ ਅਰਦਾਸ ਕਰਨ ਲੱਗ ਗਈ ਸੀ।
"ਦੋ ਜੇਲ ਦੇ ਪੰਖੇਰੂ ਆਣ ਮਿਲੇ ਹਨ," ਓਸ ਲਾਲ ਵਾਲਾਂ ਵਾਲੀ ਨੇ ਅਚਨਚੇਤ ਬੜੀ ਹੀ ਕਰੱਖਤ ਆਵਾਜ਼ ਵਿੱਚ ਕਮਰੇ ਦੇ ਪਰਲੇ ਦੂਰ ਵਾਲੇ ਸਿਰੇ ਦੇ ਬਿਸਤਰੇ ਉੱਪਰ ਪਈ ਨੇ ਕਹਿਆ, ਤੇ ਹਰ ਇਕ ਲਫਜ਼ ਨਾਲ ਨਾਲ ਬੜੀਆਂ ਗੰਦੀਆਂ ਭੈੜੀਆਂ ਗਾਲਾਂ ਕੱਢਦੀ ਗਈ।
"ਖਿਆਲ ਰੱਖੀਂ ਮਤੇ ਹੁਣ ਫਿਰ ਪਵਣ ਨੀ," ਕੋਰਾਬਲੈਵਾ ਨੇ ਜਵਾਬ ਦਿੱਤਾ ਤੇ ਨਾਲੇ ਗਾਲਾਂ ਵੀ ਕੱਢੀਆਂ। ਇਸ ਉਪਰੰਤ ਦੋਵੇਂ ਚੁਪ ਹੋ ਗਈਆਂ।
"ਜੇ ਮੈਨੂੰ ਓਹ ਫੜ ਨ ਲੈਂਦੇ ਮੈਂ ਤੇਰੀਆਂ ਸ਼ਰਾਬੀਆਂ ਅੱਖਾਂ ਕੱਢ ਦਿੰਦੀ ਹੈ," ਮੁੜ ਓਹ ਲਾਲ ਵਾਲਾਂ ਵਾਲੀ ਬੋਲ ਉੱਠੀ ਤੇ ਉਹੋ ਜੇਹਾ ਜਵਾਬ ਮੁੜ ਕੋਰਾਬਲੈਵਾ ਨੇ ਵੀ ਘੜਿਆ ਘੜਾਇਆ ਸੁਣਾਇਆ। ਫਿਰ ਕੁਛ ਚਿਰ ਆਰਾਮ ਦਾ ਲੰਘਿਆ, ਤੇ ਫਿਰ ਓਸ ਥੀਂ ਵਧ ਗਾਲੀਆਂ ਬੋਲੀਆਂ ਹੋਈਆਂ ਪਰ ਇਨ੍ਹਾਂ ਬੋਲੀਆਂ ਦੇ ਵਿੱਚ ਦੀਆਂ ਵਿੱਥਾਂ ਕੁਝ ਵਧਦੀਆਂ ਗਈਆਂ, ਜਿਵੇਂ ਇਕ ਗਜਦਾ ਬੱਦਲ ਲੰਘ ਰਹਿਆ ਹੋਵੇ, ਆਖਰ ਸਭ ਚੁਪ ਹੋ ਗਈਆਂ।
ਹੋਰ ਸਭ ਆਪਣਿਆਂ ਬਿਸਤਰਿਆਂ ਵਿੱਚ ਸਨ, ਤੇ ਕਈ ਤਾਂ ਘੁਰਾੜੇ ਮਾਰਨ ਲੱਗ ਗਈਆਂ ਸਨ। ਬੁੱਢੀ ਜਨਾਨੀ ਹਾਲੇ ਉਸ ਮੂਰਤੀ ਅੱਗੇ ਮੱਥੇ ਟੇਕ ਰਹੀ ਸੀ, ਤੇ ਅਰਦਾਸ ਹੀ ਕਰ ਰਹੀ ਸੀ, ਤੇ ਪਾਦਰੀ ਦੀ ਲੜਕੀ ਵੀ ਉੱਠ ਬੈਠੀ ਸੀ, ਤੇ ਕਮਰੇ ਵਿੱਚ ਉੱਤੇ ਤਲੇ ਟਹਿਲਣ ਲੱਗ ਗਈ ਸੀ। ਮਸਲੋਵਾ ਸੋਚ ਰਹੀ ਸੀ ਕਿ ਹੁਣ ਬਸ ਓਹ ਦੋਸੀ ਕੈਦੀ ਹੈ ਜਿਹਨੂੰ ਮਸ਼ੱਕਤ ਸਖਤ ਦੀ ਸਜ਼ਾ ਹੋ ਚੁਕੀ ਹੈ, ਤੇ ਓਹਨੂੰ ਦੋ ਵੇਰੀ ਇਸ ਗੱਲ ਦੀ ਚਿਤਾਵਨੀ ਵੀ ਕਰਾਈ ਜਾ ਚੁਕੀ ਸੀ,—ਇਕ ਤਾਂ ਬੋਚਕੋਵਾ ਵੱਲੋਂ ਤੇ ਦੂਜੀ ਵੇਰੀ ਓਸ ਲਾਲ ਵਾਲਾਂ ਵਾਲੀ ਵੱਲੋਂ—ਤੇ ਓਸ ਇਸ ਚਿਤਵਨ ਨੂੰ ਕਿ ਓਹ ਦੋਸੀ ਹੈ ਮੰਨੋ ਹਾਲੇਂ ਨਹੀਂ ਸੀ ਕਰ ਰਹੀ।
ਕੋਰਾਬਲੈਵਾ ਨੇ, ਜੋ ਉਹਦੇ ਪਾਸ ਸੀ, ਬਿਸਤਰੇ ਵਿੱਚ ਪਾਸਾ ਪਰਤਿਆ।
"ਹੁਣ ਫਿਰ," ਮਸਲੋਵਾ ਨੇ ਨੀਵੀਂ ਆਵਾਜ਼ ਵਿੱਚ ਕਹਿਆ, "ਕਿਹਨੂੰ ਇਹ ਖਾਬ ਖਿਆਲ ਹੀ ਸੀ! ਦੇਖੋ ਬਾਕੀ ਦੇ ਕੇ ਕੁਛ ਨਹੀਂ ਕਰਦੇ ਤੇ ਉਨ੍ਹਾਂ ਨੂੰ ਕੁਛ ਵੀ ਨਹੀਂ ਹੁੰਦਾ।"
"ਕੁੜੀਏ! ਪਰਵਾਹ ਨ ਕਰ, ਲੋਕੀ ਸਾਈਬੇਰੀਆ ਜਾਕੇ ਵੀ ਜੀਣ ਦੀ ਰਾਹ ਲੱਭ ਹੀ ਲੈਂਦੇ ਹਨ। ਤੂੰ ਤਾਂ ਓਥੇ ਜਾਕੇ ਵੀ ਗੁੰਮ ਤਾਂ ਨਾਂ ਹੋ ਜਾਏਂਗੀ?" ਕੋਰਾਬਲੈਵਾ ਨੇ ਓਹਨੂੰ ਤਸ਼ੱਫੀ ਦੇਨ ਲਈ ਕਹਿਆ।
"ਮੈਂ ਜਾਣਨੀ ਹਾਂ ਕਿ ਮੈਂ ਗੁੰਮ ਨਹੀਂ ਜਾਵਾਂਗੀ ਪਰ ਫਿਰ ਵੀ ਕਿੰਨੀ ਮੁਸੀਬਤ ਹੈ। ਇਹ ਕਿਸਮਤ ਮੈਂ ਨਹੀਂ ਸਾਂ ਮੰਗ ਰਹੀ, ਮੈਂ ਓਹ ਜਿਹੜੀ ਇੰਨੀ ਆਰਾਮ ਤਲਬ ਤੇ ਅਯਾਸ਼ ਜ਼ਿੰਦਗੀ ਰਹਿ ਰਹੀ ਸਾਂ।"
ਕੁਝ ਦੇਰ ਚੁਪ ਰਹੀਆਂ।
"ਓਹ ਮੱਥਾ ਸੜੀ ਬੁੱਢੀ ਕੀ ਕਹਿ ਰਹੀ ਹੈ, ਤੂੰ ਸੁਣ ਰਹੀ ਹੈ ਕੋਰਾਬਲੈਵਾ ਨੇ ਹੌਲੇ ਦਿੱਤੀ ਕਹਿਆ। ਮਸਲੋਵਾ ਦਾ ਧਿਆਨ ਕਮਰੇ ਦੇ ਦੂਜੇ ਸਿਰੇ ਥੀਂ ਇਕ ਅਣੋਖੀ ਜੇਹੀ ਆਵਾਜ਼ ਜੋ ਆ ਰਹੀ ਸੀ ਵਲ ਗਇਆ।
ਇਹ ਆਵਾਜ਼ ਨਾਲ ਵਾਲਾਂ ਵਾਲੀ ਬੁੱਢੀ ਤੀਮੀਂ ਦੀ ਸੀ। ਓਹ ਦੱਬੇ ਜੇਹੇ ਆਵਾਜ਼ ਨਾਲ ਰੋ ਰਹੀ ਸੀ, ਤੇ ਡੁਸਕਾਰੇ ਭਰ ਰਹੀ ਸੀ। ਵੋਧਕਾ ਵੀ ਨ ਲੱਭੀ, ਨਾਲੇ ਗਾਲਾਂ ਪਈਆਂ। ਓਹਨੂੰ ਵੋਧਕਾ ਬੜੀ ਚੰਗੀ ਲੱਗਦੀ ਸੀ ਤੇ ਉਹਦਾ ਪੀਣ ਨੂੰ ਬੜਾ ਹੀ ਜੀ ਕਰਦਾ ਸੀ, ਤੇ ਇਸ ਲਈ ਵੀ ਕਿ ਉਹਨੂੰ ਨਾਲ ਹੀ ਆਪਣੀ ਗੁਜਰੀ ਉਮਰ ਦਾ ਚੇਤਾ ਆਇਆ ਕਿ ਕਿਸਤਰਾਂ ਸਾਰੀ ਉਮਰ ਹੀ ਓਹਨੂੰ ਗਾਲਾਂ ਹੀ ਪੈਂਦੀਆਂ ਰਹੀਆਂ ਸਨ, ਮਖੌਲ ਹੁੰਦੇ ਰਹੇ ਸਨ। ਲੋਕੀ ਨਾ ਸਿਰਫ ਓਹਨੂੰ ਰੰਜਸ਼ ਹੀ ਪਹੁੰਚਾਂਦੇ ਰਹੇ ਸਨ, ਪਰ ਮਾਰਦੇ ਕੁਟਦੇ ਰਹੇ ਸਨ। ਤਾਂ ਵੀ ਆਪਣੇ ਆਪ ਨੂੰ ਤਸੱਲੀ ਦੇਣ ਲਈ ਮੁੜ ਉਸ ਉਹ ਵਕਤ ਯਾਦ ਕੀਤਾ, ਜਦ ਓਸ ਕਾਰਖਾਨੇ ਵਿੱਚ ਕੰਮ ਕਰਦੇ ਮਜੂਰ ਫੈਦਕਾ ਮੋਲੋਦੈਨਕੋਵ ਨੂੰ ਪਿਆਰ ਕਰਦੀ ਸੀ, ਜਿਹੜਾ ਉਹਦਾ ਅਹਲ ਜਵਾਨੀ ਦਾ ਪਹਿਲਾ ਹੀ ਪਿਆਰ ਸੀ। ਪਰ ਫਿਰ ਇਹ ਵੀ ਨਾਲੇ ਹੀ ਯਾਦ ਆਇਆ ਕਿ ਆਖਰ ਓਹ ਪਿਆਰ ਕਥਾ ਕਿਸ ਤਰਾਂ ਖਤਮ ਹੋਈ ਸੀ। ਇਹ ਮੋਲੋਦੈਨਕੋਵ ਇਕ ਦਿਨ ਖੂਬ ਪੀਕੇ ਨਸ਼ੇ ਵਿੱਚ ਹੋ ਗਇਆ ਸੀ ਤੇ ਏਵੇਂ ਹਾਸੇ ਖੇਡੇ ਵਿੱਚ ਹੀ ਉਸ ਨੇ ਗੰਧਕ ਦਾ ਤੇਜਾਬ ਉਹਦੇ ਜਿਸਮ ਦੇ ਕਿਸੀ ਨਰਮ ਥਾਂ ਤੇ ਲਾ ਦਿੱਤਾ ਸੀ, ਜਿਸ ਦਰਦ ਨਾਲ ਓਹ ਪਿੱਟ ਉੱਠੀ ਸੀ। ਓਹਨੂੰ ਦਰਦ ਹੋ ਰਹਿਆ ਸੀ ਤੇ ਓਹ ਉਹਦਾ ਪਿਆਰਾ ਤੇ ਉਹਦੇ ਸਾਥੀ ਕਹਕੇ ਮਾਰ ਕੇ ਹੱਸਦੇ ਸਨ। ਇਹ ਗੱਲ ਯਾਦ ਕਰਕੇ ਓਸ ਫਿਰ ਆਪਣੇ ਆਪ ਉੱਪਰ ਤਰਸ ਖਾਧਾ, ਤੇ ਇਹ ਸਮਝ ਕੇ ਕੋਈ ਨਹੀਂ ਸੁਣ ਰਹਿਆ, ਓਹ ਬੱਚਿਆਂ ਵਾਂਗ ਰੋਣ ਲੱਗ ਪਈ। ਨੱਕ ਰਾਹੀਂ ਡੁਸਕੇ ਭਰਦੀ ਤੇ ਨਮਕੀਨ ਅੱਥਰੂਆਂ ਦੇ ਘੁੱਟ ਭਰਦੀ ਜਾਂਦੀ ਸੀ।
"ਮੈਨੂੰ ਓਸ ਉੱਪਰ ਤਰਸ ਆ ਰਹਿਆ ਹੈ," ਮਸਲੋਵਾ ਨੇ ਕਹਿਆ।
"ਇਹ ਤਾਂ ਠੀਕ ਹੈ ਆਦਮੀ ਨੂੰ ਇਹੋ ਜੇਹੀਆਂ ਉੱਪਰ ਤਰਸ ਦਰਦ ਤਾਂ ਆਉਂਦਾ ਹੀ ਹੈ," ਕੋਰਬਾਲੈਵਾ ਨੇ ਕਹਿਆ; "ਪਰ ਓਹਨੂੰ ਕਿਸੀ ਨੂੰ ਆ ਕੇ ਤੰਗ ਨਹੀਂ ਕਰਨਾ ਚਾਹੀਦਾ।"
ਮੋਇਆਂ ਦੀ ਜਾਗ-ਕਾਂਡ ੩੩. : ਲਿਉ ਤਾਲਸਤਾਏ
ਦੂਜੇ ਸਵੇਰੇ ਜਦ ਨਿਖਲੀਊਧਵ ਜਾਗਿਆ ਤਦ ਉਸ ਆਪਣੇ ਅੰਦਰ ਵੇਖਿਆ ਕਿ ਕੁਛ ਵਰਤ ਚੁਕਾ ਸੀ ਤੇ ਇਹ ਗੱਲ ਯਾਦ ਆਉਣ ਥੀਂ ਪਹਿਲਾਂ ਕੀ ਕੁਛ ਅੰਦਰ ਹੋ ਚੁਕਾ ਸੀ ਓਹ ਇਹ ਜਰੂਰ ਜਾਣ ਗਇਆ ਸੀ ਕਿ ਜੋ ਕੁਛ ਵੀ ਵਰਤਿਆ ਸੀ ਓਹ ਬਹੁਤ ਹੀ ਚੰਗਾ ਤੇ ਜਰੂਰੀ ਸੀ।
"ਕਾਤੂਸ਼ਾ! ਤੇ ਉਹਦਾ ਮੁਕੱਦਮਾ!" ਹਾਂ ਓਹਨੂੰ ਕੂੜ ਬੋਲਣਾ ਉੱਕਾ ਛੱਡ ਦੇਣਾ ਹੈ। ਬੱਸ, ਤੇ ਸਾਰਾ ਸਚ ਦੱਸ ਦੇਣਾ ਹੈ।
ਕੇਹਾ ਅਜੀਬ ਇਤਫਾਕ ਸੀ ਕਿ ਓਸੇ ਸਵੇਰੇ ਓਹਨੂੰ ਉਹ ਖਤ ਵੀ ਆਗਇਆ ਜਿਹਦੀ ਓਹਨੇ ਬੜੇ ਚਿਰ ਦੀ ਉਡੀਕ ਸੀ। ਮੇਰੀ ਵੈਸੀਲਿਵਨਾ ਉਸਦੇ ਜ਼ਿਲੇ ਦੇ ਹਾਕਮ ਦੀ ਘਰ ਵਾਲੀ ਦਾ ਖਤ ਸੀ। ਬੱਸ, ਉਹੋ ਖਤ ਜਿਸਨੇ ਓਹਨੂੰ ਪੂਰੀ ਖੁਲ੍ਹ ਦੇ ਦਿੱਤੀ ਸੀ ਤੇ ਆਖਿਆ ਸੀ ਬੇਸ਼ਕ ਵਿਆਹ ਕਰ ਲਵੇ ਨਾਲੇ ਉਹਦੇ ਹੋਣ ਵਾਲੇ ਵਿਆਹ ਦੀ ਖੁਸ਼ੀ ਤੇ ਵਧਾਈ ਦਿੱਤੀ ਹੋਈ ਸੀ।
"ਵਿਆਹ!" ਉਸਨੇ ਆਪ ਕੁਝ ਤਨਜ਼ਨ ਦੁਹਰਾਇਆ, "ਮੈਂ ਇਹੋ ਜੇਹੀ ਗੱਲ ਥੀਂ ਹਾਲੇ ਕਿੰਨੀ ਦੂਰ ਹਾਂ।"
ਤੇ ਉਹਨੂੰ ਪਰਸੋਂ ਦੇ ਬਣਾਏ ਆਪਣੇ ਸਾਰੇ ਇਰਾਦੇ ਯਾਦ ਆ ਗਏ, ਕੀ ਕੀ! ਸਾਰੀ ਗਲ ਉਹਦੇ ਖਾਵੰਦ ਨੂੰ ਦੱਸਣਾ ਤੇ ਇਓ ਆਪਣੀ ਛਾਤੀ ਸਾਫ ਕਰਨੀ, ਤੇ ਜੇ ਓਹ ਖਫਾ ਹੋਵੇ ਤਾਂ ਜਿਵੇਂ ਉਹ ਚਾਹੇ ਉਹਦੀ ਤਸੱਲੀ ਕਰਾ ਦੇਣੀ। ਪਰ ਅਜ ਇਹ ਕਰਨਾ ਕੁਛ ਇੰਨਾ ਆਸਾਨ ਨਹੀਂ ਸੀ ਜਾਪ ਰਹਿਆ ਜਿੰਨਾ ਉਸ ਦਿਨ ਨਜ਼ਰ ਆ ਰਹਿਆ ਸੀ। ਤੇ ਫਿਰ ਕਿਸੀ ਆਦਮੀ ਨੂੰ ਖਾਹਮਖਾਹ ਕੋਈ ਇਹੋ ਜੇਹੀ ਗੱਲ ਦੱਸਕੇ ਦੁਖੀ ਕਰਨਾ, ਕਿਸ ਲਈ! ਪ੍ਰਯੋਜਨ ਕੀ! ਜੇ ਕਦੀ ਉਹ ਪੁੱਛੇ ਤਦ ਉਹ ਸਾਫ ਦੱਸ ਦੇਵੇਗਾ, ਪਰ ਖਾਹਮਖਾਹ ਦੱਸਣ ਦੀ ਖਾਸ ਨੀਤ ਨਾਲ ਉੱਥੇ ਜਾਣਾ ਨਹੀਂ। ਇਹ ਜ਼ਰੂਰੀ ਨਹੀਂ ਸੀ।
ਤੇ ਸਾਰਾ ਸੱਚ ਮਿੱਸੀ ਨੂੰ ਵੀ ਦੱਸਣਾ ਉੱਨਾ ਹੀ ਮੁਸ਼ਕਲ ਦਿੱਸ ਆਇਆ। ਤੇ ਫਿਰ ਜੇ ਉਨ੍ਹਾਂ ਨੂੰ ਸਾਫ਼ ਸਾਫ਼ ਦੱਸੇਗਾ ਉਨ੍ਹਾਂ ਦੇ ਦਿਲ ਜਰੂਰ ਦੁਖਣਗੇ ਤੇ ਕੋਈ ਇਕ ਦੁਨਿਆਦਾਰੀ ਦੇ ਮਾਮਲਿਆਂ ਵਿੱਚ ਕੁਛ ਨ ਕੁਛ ਅਣਦੱਸਿਆ, ਅਣਪ੍ਰਗਟਿਆ ਰਹਿ ਹੀ ਜਾਂਦਾ ਹੈ। ਸਿਰਫ ਇਕ ਗੱਲ ਉੱਪਰ ਉਹ ਪੱਕਾ ਹੋਇਆ ਕਿ ਉਹ ਉਨ੍ਹਾਂ ਨੂੰ ਮਿਲਣ ਹੁਣ ਨਹੀਂ ਜਾਇਆ ਕਰੇਗਾ, ਤੇ ਜੇ ਕਦੀ ਉਨ੍ਹਾਂ ਪੁਛਿਆ ਤਦ ਉਹ ਸਾਫ਼ ਸਾਫ ਸੱਚ ਉਨ੍ਹਾਂ ਨੂੰ ਦੱਸ ਦੇਵੇਗਾ।
ਪਰ ਕਾਤੂਸ਼ਾ ਦੇ ਮਾਮਲੇ ਵਿੱਚ ਕੋਈ ਗੱਲ ਵੀ ਅਣਕਹੀ ਨਹੀਂ ਰਹਿਣ ਦੇਣੀ—"ਮੈਂ ਜੇਲਖਾਨੇ ਜਾਵਾਂਗਾ ਤੇ ਓਹਨੂੰ ਸਭ ਕਹਿ ਸੁਣਾਵਾਂਗਾ, ਉਸ ਤੋਂ ਮਾਫੀ ਮੰਗਾਂਗਾ ਤੇ ਜੇ ਲੋੜ ਹੋਈ...................ਹਾਂ ਜੇ ਲੋੜ ਹੋਈ ਤਦ ਮੈਂ ਉਸ ਨਾਲ ਵਿਆਹ ਕਰ ਲਵਾਂਗਾ", ਇਓਂ ਉਸ ਵਿਚਾਰਿਆ।
ਇਸ ਖਿਆਲ ਨੇ ਕਿ ਓਹ ਇਕ ਇਖਲਾਕੀ, ਧਾਰਮਿਕ ਵਜਾ ਕਰਕੇ, ਸਭ ਕੁਝ ਤਿਆਗ ਕੇ ਵਾਰ ਕੇ ਓਹਨੂੰ ਵਿਆਹ ਕਰਨ ਲਈ ਤਿਆਰ ਹੈ, ਮੁੜ ਓਹਨੂੰ ਆਪਣੇ ਆਪ ਵੱਲ ਬੜਾ ਨਰਮ ਤੇ ਮੋਹ ਭਰਿਆ ਕਰ ਦਿੱਤਾ। ਰੁਪਏ ਪੈਸੇ ਦੇ ਮਾਮਲੇ ਵਿੱਚ ਉਸ ਫੈਸਲਾ ਕਰ ਲਇਆ ਸੀ ਕਿ ਉਹ ਆਪਣੇ ਨਿਹਚੇ ਅਨੁਸਾਰ ਅਮਲ ਕਰੇਗਾ, ਕਿ ਭੋਂ ਦੀ ਆਪਣੀ ਨਿਜ ਦੀ ਮਲਕੀਅਤ ਰਖਣੀ ਹਰਾਮ ਹੈ, ਤੇ ਜੇ ਉਹ ਇੰਨਾ ਤਕੜਾ ਨ ਵੀ ਨਿਕਲ ਸਕੇ ਕਿ ਓਹ ਇਸ ਤਰਾਂ ਸਭ ਕੁਛ ਤਿਆਗ ਸਕੇ ਤਦ ਵੀ ਜਿੰਨਾ ਕੁਛ ਇਸ ਪਾਸੇ ਵਲ ਦੀ ਕਰ ਸਕਿਆ ਜਿੰਨਾ ਦੂਰ ਉਸ ਰਾਹ ਚਲਦਿਆਂ ਜਾ ਸੱਕਿਆ, ਓਹ ਜਾਵੇਗਾ, ਤੇ ਕਰੇਗਾ ਤੇ ਇਸ ਗੱਲ ਵਿੱਚ ਨ ਹੋਰ ਕਿਸੀ ਨੂੰ ਤੇ ਨ ਮਨ ਨੂੰ ਤੇ ਨ ਆਪਣੇ ਆਪ ਨੂੰ ਧੋਖਾ ਦੇਵੇਗਾ।
ਇਹ ਬੜੇ ਹੀ ਚਿਰ ਬਾਹਦ ਹੋਇਆ ਸੀ ਕਿ ਅਜ ਚੜ੍ਹਦੇ ਸੂਰਜ ਨੂੰ ਉਹ ਇੰਨੀ ਬੜੀ ਅੰਦਰਲੀ ਤਾਕਤ ਨਾਲ ਮਿਲ ਰਹਿਆ ਸੀ। ਓਸੇ ਵੇਲੇ ਜਦ ਅਗਰੇਫੈਨਾ ਪੈਤਰੋਵਨਾ ਅੰਦਰ ਆਈ ਤਦ ਓਸਨੂੰ ਕਹਿਆ ਤੇ ਕਹਿਆ ਵੀ ਐਸੀ ਤਕੜਾਈ ਨਾਲ ਜਿਹਦੇ ਇੰਨੇ ਬਲ ਦੇ ਹੋਣ ਦਾ ਓਹਨੂੰ ਆਪੇ ਨੂੰ ਵੀ ਅੱਜ ਤੱਕ ਪਤਾ ਨਹੀਂ ਸੀ, ਕਿ ਓਹਨੂੰ ਉਸ ਘਰ ਤੇ ਉਹਦੀ ਨੌਕਰੀ ਦੀ ਕੋਈ ਲੋੜ ਨਹੀਂ ਰਹੀ ਹੈ।
ਕੁਛ ਅਣਬੋਲਿਆ ਜੇਹਾ ਸਮਝੌਤਾ ਸੀ। ਇਹ ਇੰਨਾ ਵੱਡਾ ਘਰ ਤੇ ਇੰਨੇ ਨੌਕਰ ਚਾਕਰ ਆਦਿ ਓਸ ਤਾਂ ਰੱਖੇ ਹੋਏ ਸਨ ਕਿ ਉਹਦਾ ਵਿਆਹ ਕਰਨ ਦਾ ਖਿਆਲ ਪੱਕ ਰਹਿਆ ਸੀ। ਇਸ ਵਾਸਤੇ ਇਸ ਘਰ ਦੇ ਛੱਡ ਦੇਣ ਦੇ ਖਾਸ ਅਰਥ ਸਨ, ਅਗਰੇਫੈਨਾ ਪੈਤਰੋਵਨਾ ਓਸ ਵੱਲ ਹੱਕੀ ਬੱਕੀ ਹੋਕੇ ਦੇਖਣ ਲਗ ਪਈ।
"ਅਗਰੇਫੈਨਾ ਪੈਤਰੋਵਨਾ! ਮੈਂ ਤੇਰਾ ਬੜਾ ਹੀ ਧੰਨਵਾਦੀ ਹਾਂ ਜਿਸ ਫ਼ਿਕਰ ਨਾਲ ਤੂੰ ਮੇਰੀ ਅੱਜ ਤੱਕ ਸੇਵਾ ਕੀਤੀ ਹੈ। ਮੈਨੂੰ ਅੱਜ ਥੀਂ ਅੱਗੇ ਨ ਤੇ ਇੰਨੇ ਵੱਡੇ ਘਰ ਦੀ ਲੋੜ ਹੈ ਤੇ ਨ ਇੰਨੇ ਸਾਰੇ ਨੌਕਰਾਂ ਦੀ, ਤੇ ਜੇ ਤੂੰ ਮੇਰੀ ਕੋਈ ਮਦਦ ਕਰਨਾ ਚਾਹੁੰਦੀ ਹੈਂ ਤਾਂ ਮਿਹਰਬਾਨੀ ਕਰਕੇ ਇਨ੍ਹਾਂ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਭਾਲ ਕੇ ਸਾਂਭ ਕੇ ਓਸ ਤਰਾਂ ਬੰਦ ਕਰ ਜਿਸ ਤਰਾਂ ਇਹ ਮੇਰੀ ਮਾਂ ਵੇਲੇ ਬੰਦ ਕੀਤੀਆਂ ਜਾਂਦੀਆਂ ਸਨ ਤੇ ਜਦ ਨਾਤਾਸ਼ਾ ਆਵੋਗੀ ਓਹ ਆਪੇ ਸਾਂਭ ਲਵੇਗੀ" ਨਾਤਾਸ਼ਾ ਨਿਖਲੀਊਧਵ ਦੀ ਭੈਣ ਸੀ।
ਅਗਰੇਫੈਨਾ ਪੈਤਰੋਵਨਾ ਨੇ ਆਪਣਾ ਸਿਰ ਫੇਰਿਆ, "ਚੀਜ਼ਾਂ ਨੂੰ ਬੰਦ ਕਰ ਦਿਆਂ? ਕਿਉਂ ਇਨ੍ਹਾਂ ਦੀ ਮੁੜ ਲੋੜ ਪੈਂਦੀ ਹੀ ਹੈ?" ਓਸ ਕਹਿਆ। "ਅਗਰੇਫੈਨਾ ਪੈਤਰੋਵਨਾ ਮੈਂ ਤੈਨੂੰ ਨਿਸਚਾ ਦਿਵਾਂਦਾ ਹਾਂ ਕਿ ਮੈਨੂੰ ਮੁੜ ਇਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ, ਨਿਖਲੀਊਧਵ ਨੇ ਫਿਰ ਓਹਨੂੰ ਓਸ ਅਣਕਹੀ, ਪਰ ਸਿਰ ਹਿਲਾ ਕੇ ਦੱਸੀ ਗੱਲ ਦੇ ਜਵਾਬ ਵਿੱਚ ਕਹਿਆ" ਤੇ ਮਿਹਰਬਾਨੀ ਕਰਕੇ ਕੋਰਨੇ ਨੂੰ ਵੀ ਕਹਿ ਦੇ ਕਿ ਮੈਂ ਉਹਦੀ ਦੋ ਮਹੀਨੇ ਦੀ ਤਨਖਾਹ ਹੁਣੇ ਹੀ ਦੇ ਦੇਸਾਂ ਪਰ ਉਹਦੀ ਨੌਕਰੀ ਦੀ ਮੈਨੂੰ ਲੋੜ ਨਹੀਂ।"
"ਇਹ ਬੜੇ ਅਫਸੋਸ ਦੀ ਗੱਲ ਹੈ ਦਮਿਤ੍ਰੀ ਇਵਾਨਿਚ! ਕਿ ਤੇਰੇ ਖਿਆਲ ਇਉਂ ਜੇਹੇ ਹੋ ਗਏ ਹਨ," ਉਸ ਕਹਿਆ "ਫਰਜ਼ ਕਰ ਲਓ ਕਿ ਤੂੰ ਕਿਸੀ ਬਦੇਸ਼ ਨੂੰ ਵੀ ਸੈਲੇ ਜਾਵੇਂ, ਤਾਂ ਵੀ ਕਦੀ ਨ ਕਦੀ ਆਕੇ ਤੈਨੂੰ ਆਪਣੇ ਰਹਿਣ ਲਈ ਕਿਸੀ ਨ ਕਿਸੀ ਥਾਂ ਦੀ ਲੋੜ ਹੋਵੇਗੀ ਹੀ।"
"ਤੂੰ ਆਪਣੇ ਖਿਆਲਾਂ ਵਿੱਚ ਗਲਤੀ ਖਾ ਰਹੀ ਹੈਂ ਅਗਰੇਫੈਨਾ ਪੇਤਰੋਵਨਾ, ਮੈਂ ਬਾਹਰ ਕਿਧਰੇ ਨਹੀਂ ਜਾ ਰਹਿਆ—ਜੇ ਮੈਂ ਕਿਧਰੇ ਗਇਆ ਤਦ ਕਿਸੀ ਹੋਰ ਸੇਧ ਦੇ ਪਿੱਛੇ ਜਾਸਾਂ," ਇਹ ਕਹਿਕੇ ਉਹ ਯਕ-ਬਯਕ ਕਿਸੀ ਸ਼ਰਮ ਨਾਲ ਲਾਲ ਲਾਲ ਹੋ ਗਇਆ। "ਹਾਂ ਮੈਨੂੰ ਇਹਨੂੰ ਦਸ ਦੇਣਾ ਚਾਹੀਦਾ ਹੈ।"
"ਮੈਨੂੰ ਕਲ ਇਕ ਬੜੀ ਅਰਥ ਭਰੀ ਤੇ ਅਣੋਖੀ ਜੇਹੀ ਪ੍ਰੇਰਨਾ ਹੋਈ ਹੈ—ਕੀ ਤੈਨੂੰ ਯਾਦ ਹੈ। ਮੇਰੀ ਫੁੱਫੀ ਮੇਰੀ ਈਵਾਨੋਵਨਾ ਦੀ ਕਾਤੂਸ਼ਾ ਯਾਦ ਹੈ?"
"ਹਾਂ ਜੀ-ਕਿਉਂ! ਮੈਂ ਉਹਨੂੰ ਸੀਣਾ ਤਰੁਪਣਾ ਸਿਖੀਇਆ ਸੀ।"
ਹਾਂ—ਬਸ ਕਲ ਉਹ ਕਾਤੂਸ਼ਾ ਅਦਾਲਤ ਵਿੱਚ ਪੇਸ਼ ਹੋਈ ਸੀ—ਤੇ ਮੈਂ ਜੂਰੀ ਉੱਪਰ ਸਾਂ।"
"ਉਹ ਰੱਬਾ! ਕੇਹੀ ਤਰਸ ਜੋਗ ਗੱਲ ਹੈ!" 'ਅਗਰੇਫਨਾ ਪੈਤਰੋਵਨਾ ਨੇ ਚੀਕ ਕੇ ਕਿਹਾ "ਉਹ ਕਿਸ ਲਈ ਅਦਾਲਤ ਤੇ ਆ ਚੜ੍ਹੀ ਸੀ?"
"ਖੂਨ ਕਰਨ ਦੇ ਅਪਰਾਧ ਵਿੱਚ ਪਰ ਉਹਦਾ ਇਹ ਹਾਲ ਹੋ ਜਾਣਾ ਸਭ ਮੇਰੇ ਕੀਤੇ ਦਾ ਫਲ ਹੈ।"
"ਇਹ ਬੜੀ ਅਣੋਖੀ ਗੱਲ ਆਪ ਕਰਦੇ ਹੋ—ਉਹ ਆਪ ਦੀ ਕੀਤੀ ਘਟਨਾ ਕਿੰਝ ਹੋ ਸਕਦੀ ਹੈ," ਉਸ ਨੇ ਕਹਿਆ ਤੇ ਉਹਦੀ ਅੱਖਾਂ ਵਿੱਚੋਂ ਇਕ ਜਵਾਲਾ ਜੇਹੀ ਦੀ ਚਮਕ ਨਿਕਲੀ। ਕਾਤੂਸ਼ਾ ਨਾਲ ਜੋ ਉਹਦੀ ਗੱਲ ਹੋਈ ਸੀ ਉਹਦੀ ਓਹਨੂੰ ਖਰਰ ਸੀ—
"ਹਾਂ ਠੀਕ ਇਹ ਸਭ ਘਟਨਾ ਮੇਰੀ ਹੀ ਕੀਤੇ ਦਾ ਫਲ ਹੈ ਮੈਂ ਹੀ ਕਾਰਨ ਹਾਂ ਤੇ ਬਸ ਇਹ ਗੱਲ ਹੈ ਜਿਸ ਨੇ ਮੇਰੀਆਂ ਸਾਰੀਆਂ ਸੇਧਾਂ ਬਦਲ ਦਿੱਤੀਆਂ ਹਨ।"
"ਇਹ ਗੱਲ ਆਪਦੀਆਂ ਸਲਾਹਾਂ ਸੇਧਾਂ ਵਿੱਚ ਕਿਕੁਰ ਫਰਕ ਪਾ ਸਕਦੀ ਹੈ!" ਅਗਰੇਫੈਨਾ ਪੈਤਰੋਵਨਾ ਨੇ ਆਪਣੀ ਹੱਸੀ ਰੋਕ ਕੇ ਕਹਿਆ—
"ਇਹ ਫਰਕ ਕਿ ਜਦ ਮੈਂ ਉਸ ਦੇ ਉਸ ਰਾਹੀਂ ਪੈਣ ਦਾ ਕਾਰਨ ਹੋਇਆ—ਮੈਨੂੰ ਉਹਦੀ ਮਦਦ ਲਈ ਜੋ ਕੁਛ ਹੋ ਸਕੇ ਕਰਨਾ ਚਾਹੀਦਾ ਹੈ।"
"ਇਹ ਤਾਂ ਆਪ ਦੀ ਚੰਗੀ ਮਰਜੀ ਹੋਈ ਨਾਂ, ਪਰ ਆਪ ਦਾ ਖਾਸ ਕੋਈ ਕਸੂਰ ਇਸ ਗਲ ਵਿੱਚ ਤਾਂ ਨਾਂਹ ਹੋਇਆ—ਸਭ ਨਾਲ ਇਹੋ ਜੇਹੀਆਂ ਹੋਣੀਆਂ ਇਤਫਾਕਿਨ ਉਨ੍ਹਾਂ ਦੀ ਜਿੰਦਗੀ ਦੇ ਰਾਹ ਵਿੱਚ ਹੋ ਜਾਂਦੀਆਂ ਹਨ, ਤੇ ਜੇ ਮਰਦ ਅਕਲ ਕਰੇ ਤਦ ਆਪੇ ਹੀ ਮੁਲਾਇਮ ਹੋ ਜਾਂਦੀਆਂ ਅਤੇ ਭੁਲ ਜਾਂਦੀਆਂ ਹਨ," ਕੁਛ ਕਰੜਾਈ ਨਾਲ ਤੇ ਫਿਕਰਮੰਦ ਹੋ ਕੇ ਕਹਿਆ, "ਇਹੋ ਜੇਹੇ ਖਿਆਲ ਕਰਨ ਦੀ ਲੋੜ ਨਹੀਂ—ਮੈਂ ਸੁਣਿਆ ਹੈ ਓਹ ਆਪ ਠੀਕ ਰਾਹੋਂ ਕੁਰਾਹ ਪੈ ਗਈ ਸੀ ਇਸ ਗਲ ਵਿੱਚ ਕਿਸ ਦਾ ਕਸੂਰ ਹੋ ਸਕਦਾ ਹੈ?"
"ਮੇਰਾ—ਇਸੇ ਲਈ ਹੀ ਤਾਂ ਮੈਂ ਸਭ ਗਲ ਨੂੰ ਠੀਕ ਕਰਨਾ ਚਾਹੁੰਦਾ ਹਾਂ।"
"ਠੀਕ ਕਰਨਾ ਬੜਾ ਕਠਿਨ ਹੈ।"
"ਇਹ ਮੇਰਾ ਕੰਮ ਹੈ ਪਰ ਜੇ ਤੂੰ ਆਪਣੇ ਲਈ ਕਿਸੀ ਸੋਚੀਂ ਪੈ ਰਹੀ ਹੈਂ ਤਦ ਮੈਂ ਤੈਨੂੰ ਕਹਿ ਦਿਆਂ ਕਿ ਮੇਰੀ ਮਾਂ ਨੂੰ ਇੱਛਾ ਪ੍ਰਗਟ ਕੀਤੀ ਸੀ.........."।
"ਮੈਂ ਆਪਣੇ ਲਈ ਨਹੀਂ ਸੋਚ ਰਹੀ, ਮੈਨੂੰ ਸਵਰਗ ਵਾਸੀ ਸਵਾਣੀ ਨੇ ਐਸੀ ਸੋਹਣੀ ਤਰਾਂ ਰੱਖਿਆ ਹੈ ਕਿ ਮੈਨੂੰ ਕੋਈ ਵਾਧੂ ਇੱਛਾ ਨਹੀਂ, ਲਿਸਐਂਕਾ (ਉਹਦੀ ਵਿਯਾਹੀ ਭੱਤਰੀ) ਮੈਨੂੰ ਸੱਦ ਰਹੀ ਹੈ ਤੇ ਮੈਂ ਓਸ ਪਾਸ ਚਲੀ ਜਾਸਾਂ, ਜਦ ਆਪ ਨੂੰ ਮੇਰੀ ਲੋੜ ਨ ਰਹੀ। ਪਰ ਮੈਨੂੰ ਮੰਦਾ ਲੱਗ ਰਹਿਆ ਹੈ ਕਿ ਤੂੰ ਇਸ ਮੋਈ ਗੱਲ ਨੂੰ ਇਸ ਤਰਾਂ ਇੰਨੇ ਚਿਰ ਬਾਹਦ ਆਪਣੇ ਦਿਲ ਵਿੱਚ ਇਉਂ ਪਿਆ ਖੋਭੇਂ—ਇਹੋ ਜੇਹੀਆਂ ਗੱਲਾਂ ਸਭਨਾਂ ਨਾਲ ਹੁੰਦੀਆਂ ਆਈਆਂ ਹਨ।"
"ਨਹੀਂ ਭਾਈ! ਮੇਰਾ ਇਹ ਖਿਆਲ ਨਹੀਂ, ਤੇ ਮੈਂ ਫਿਰ ਵੀ ਤੇਰੀ ਮਿੰਨਤ ਕਰਾਂਗਾ ਕਿ ਇਹ ਘਰ ਕਰਾਏ ਦੇ ਦੇਈਏ, ਤੇ ਚੀਜ਼ਾਂ ਨੂੰ ਬੰਦ ਕਰ ਦਈਏ, ਤੇ ਮਿਹਰਬਾਨੀ ਕਰਕੇ ਮੇਰੇ ਨਾਲ ਖਫ਼ਾ ਨ ਹੋਵੀਂ, ਮੈਂ ਜੋ ਕੁਛ ਵੀ ਸੇਵਾ ਤੂੰ ਮੇਰੀ ਕੀਤੀ ਹੈ ਓਸ ਲਈ ਬੜਾ ਹੀ ਧੰਨਵਾਦੀ ਹਾਂ।"
ਇਹ ਗੱਲ ਕਾਫ਼ੀ ਅਜੀਬ ਸੀ ਕਿ ਜਦ ਥੀਂ ਨਿਖਲੀਊਧਵ ਨੇ ਇਹ ਅਨੁਭਵ ਕੀਤਾ ਸੀ ਕਿ ਓਹ ਆਪ ਇੰਨਾ ਬੁਰਾ ਤੇ ਭੈੜਾ ਹੈ, ਓਹਨੂੰ ਹੋਰ ਭੈੜੇ ਨਹੀਂ ਸਨ ਲੱਗ ਰਹੇ, ਉਹਦੇ ਉਲਟ ਓਸਨੂੰ ਅਗਰੇਫੈਨਾ ਪੈਤਰੋਵਨਾ ਤੇ ਕੋਰਨੇ ਲਈ ਆਪਣੇ ਅੰਦਰ ਇਕ ਦਯਾ ਭਰੇ ਭਾਵ ਆ ਰਹੇ ਸਨ।
ਓਹਦਾ ਦਿਲ ਕੀਤਾ ਸੀ ਕਿ ਓਹ ਜਾਕੇ ਕੋਰਨੇ ਨੂੰ ਵੀ ਸਾਰੀ ਦਿਲ ਦੀ ਗੱਲ ਦੱਸ ਦੇਵੇ, ਪਰ ਕੋਰਨੇ ਦਾ ਅਦਬ ਦਾ ਤ੍ਰੀਕਾ ਇੰਨਾ ਆਜਜ਼ੀ ਨਾਲ ਭਰਿਆ ਤੇ ਆਪਣੇ ਤੇ ਮਾਲਕ ਦੇ ਦਰਮਿਆਨ ਫਰਕ ਤੇ ਫਾਸਲਾ ਰੱਖਣ ਵਾਲਾ ਸੀ ਕਿ ਨਿਖਲੀਊਧਵ ਦਾ ਹੌਸਲਾ ਹੀ ਨ ਪਇਆ ਕਿ ਉਹਨੂੰ ਜਾ ਕੇ ਕੁਛ ਦੱਸੇ।
ਓਸੇ ਕਚਹਿਰੀ ਨੂੰ ਉਸੀ ਕੱਲ ਵਾਲੀ ਬੱਘੀ ਵਿੱਚ ਚੜ੍ਹੇ ਜਾਂਦੇ ਨੂੰ ਉਨ੍ਹਾਂ ਹੀ ਪਛਾਤੀਆਂ ਗਲੀਆਂ ਵਿੱਚੋਂ ਲੰਘਦੇ ਨੂੰ ਇਹ ਅਚੰਭਾ ਹੋ ਰਹਿਆ ਸੀ ਕਿ ਅੱਜ ਉਹ ਕਿੰਨਾਂ ਹੋਰ ਦਾ ਹੋਰ ਹੋ ਗਇਆ ਹੈ।
ਓਹ ਆਪਣੇ ਆਪ ਨੂੰ ਕੋਈ ਨਵਾਂ ਹੋਇਆ ਆਦਮੀ ਪ੍ਰਤੀਤ ਕਰ ਰਿਹਾ ਸੀ। ਮਿੱਸੀ ਨਾਲ ਵਿਆਹ, ਜਿਹਦੀ ਕਲ ਤੱਕ ਤਾਂ ਸੰਭਾਵਨਾ ਸੀ, ਅੱਜ ਨਾਮੁਮਕਿਨ ਹੋ ਚੁੱਕਾ ਸੀ। ਪਰਸੋਂ ਤੱਕ ਓਹਨੂੰ ਕੋਈ ਸ਼ਕ ਨਹੀਂ ਸੀ ਕਿ ਉਹ ਚੁਣਨ ਜੋਗ ਹੈ ਤੇ ਜੇ ਓਹ ਚੁਣ ਲਵੇ ਤਦ ਮਿੱਸੀ ਤਾਂ ਬੜੀ ਖੁਸ਼ ਹੋਵੇ ਹੀ ਗੀ। ਅੱਜ ਓਹ ਇਸ ਪ੍ਰਤੀਤ ਵਿੱਚ ਸੀ ਕਿ ਵਿਆਹੁਣਾ ਦਰਕਿਨਾਰ, ਉਹ ਓਸ ਨਾਲ ਅਪਣੱਤ ਜੇਹੀ ਵਿੱਚ ਮਿਲਣ ਜੋਗ ਵੀ ਨਹੀਂ।
"ਜੇ ਉਹਨੂੰ ਪਤਾ ਹੋਵੇ ਮੈਂ ਕਿਹੋ ਜਿਹਾ ਹਾਂ, ਓਹ ਮੇਰੇ ਨਾਲ ਮਿਲਣਾ ਵੀ ਨਾ ਪਸੰਦ ਕਰੇਗੀ ਤੇ ਸਿਰਫ ਕਲ ਹੀ ਮੈਂ ਓਹਨੂੰ ਓਸ ਦੂਜੇ ਮਰਦ ਨਾਲ ਹੱਸ ਹੱਸ ਕੇ ਗੱਲਾਂ ਕਰਨ ਲਈ ਕੋਸ ਰਹਿਆ ਸਾਂ! ਪਰ ਨਹੀਂ ਜੋ ਓਹ ਮੈਨੂੰ ਚਾਹੇ ਵੀ ਮੈਂ ਆਪਣੇ ਅੰਦਰ ਕਿਸ ਤਰਾਂ ਸ਼ਾਂਤ ਹੋ ਸੱਕਦਾ ਹਾਂ। ਖੁਸ਼ ਹੋਣ ਦਾ ਤਾਂ ਨਾਂ ਹੀ ਨ ਲਵੋ ਜਦ ਮੈਨੂੰ ਪਤਾ ਹੈ ਕਿ ਇਹ ਦੂਜੀ ਕੈਦਖਾਨੇ ਵਿੱਚ ਹੈ ਤੇ ਕਲ ਯਾ ਪਰਸੋਂ ਸਾਈਬੇਰੀਆ ਦੇਸ ਬਦਰ ਹੋ ਜਾਏਗੀ। ਉਹ ਜਨਾਨੀ ਜਿਹਨੂੰ ਮੈਂ ਤਬਾਹ ਕਰ ਦਿੱਤਾ ਹੈ ਉਹ ਸਖਤ ਕੈਦ ਭੋਗਣ ਜਾ ਰਹੀ ਹੋਵੇਗੀ ਤੇ ਮੈਂ ਘਰ ਬੈਠਾ ਮੁਬਾਰਖਾਂ ਝੱਲ ਰਹਿਆ ਹੋਵਾਂਗਾ, ਤੇ ਆਪਣੀ ਨੌ ਅਰੂਸ ਬਾਹਾਂ ਵਿੱਚ ਲਈ ਲੋਕਾਂ ਦੀਆਂ ਮੁਲਾਕਾਤਾਂ ਨੂੰ ਚੜ੍ਹ ਪਵਾਂਗਾ ਕੀ? ਯਾ ਉਸ ਜ਼ਿਲੇ ਦੇ ਅਫਸਰ ਨਾਲ, ਜਿਹਨੂੰ ਮੈਂ ਸ਼ਰਮਨਾਕ ਤ੍ਰੀਕੇ ਨਾਲ ਧੋਖਾ ਦਿੱਤਾ ਹੈ, ਜਾਕੇ ਜਲਸਿਆਂ ਵਿੱਚ ਲੋਕਲ ਸਕੂਲ ਦੀਆਂ ਤਜਵੀਜ਼ਾਂ ਦੇ ਵਿਰੁਧ ਵੋਟਾਂ ਗਿਣਨ ਬਹਾਂਗਾ, ਯਾ ਆਪਣੀ ਸ਼ੁਰੂ ਕੀਤੀ ਤਸਵੀਰ ਦੇ ਸ਼ੌਂਕ ਨੂੰ ਮੁੜ ਬਹਿ ਜਾਰੀ ਕਰਾਂਗਾ, ਜਿਹੜੀ ਨਿਸ਼ਚਿਤ ਜਾਣੋ ਕਦੀ ਵੀ ਮੇਰੇ ਪਾਸੋਂ ਨਹੀਂ ਮੁਕਣੀ। ਹੁਣ ਇਹੋ ਜੇਹੀ ਕੋਈ ਗੱਲ ਵੀ ਮੈਂ ਨਹੀਂ ਕਰਾਂਗਾ," ਉਹ ਆਪਣੇ ਅੰਦਰ ਦੀ ਸੋਹਣੀ ਤਬਦੀਲੀ ਦੀ ਖੁਸ਼ੀ ਵਿੱਚ ਕਹੀ ਚਲਾ ਗਇਆ—"ਪਹਿਲੀ ਗੱਲ ਹੁਣ ਇਹ ਹੈ ਕਿ ਵਕੀਲ ਨੂੰ ਮਿਲੀਏ ਤੇ ਉਸ ਕੀ ਫੈਸਲਾ ਕੀਤਾ ਹੈ ਤੇ ਫਿਰ............. ਫਿਰ ਚਲੀਏ ਉਹਨੂੰ ਮਿਲੀਏ, ਉਸ ਕਲ ਦੇ ਦੋਸੀ ਨੂੰ ਤੇ ਉਹ ਨੂੰ ਹਰ ਇਕ ਗਲ ਦੱਸੀਏ।"
ਜਦ ਉਸ ਇਹ ਧਿਆਨ ਬੱਧਾ ਕਿ ਕਿੰਝ ਇਹ ਉਹਨੂੰ ਮਿਲੇਗਾ, ਕਿੰਝ ਕਰੇਗਾ, ਤੇ ਆਪਣੇ ਆਪ ਨੂੰ ਕਿੰਝ ਖੋਲ੍ਹਕੇ ਦੱਸੇਗਾ, ਤੇ ਉਹ ਉਹਨੂੰ ਕੀ ਕਹੇਗਾ, ਕਿ ਉਸ ਅਪਰਾਧ, ਪਾਪ, ਅਧਰਮ ਨੂੰ ਧੋਣ ਲਈ ਜੋ ਕੁਛ ਹੋ ਸੱਕਦਾ ਹੈ ਉਹ ਕਰਨ ਨੂੰ ਤਿਆਰ ਹੈ ਤੇ ਇਸ ਨਾਲ ਵਿਆਹ ਕਰਨ ਨੂੰ ਵੀ ਤਿਆਰ ਹੈ, ਤਦ ਇਕ ਖਾਸ ਖੁਸ਼ੀ ਦਾ ਭਾਵ ਬੁੰਬ ਦੇ ਕੇ ਆਇਆ ਤੇ ਉਸ ਕਰਕੇ ਉਹਦੀਆਂ ਅੱਖਾਂ ਵਿੱਚ ਅੱਥਰੂ ਆ ਗਏ।
ਮੋਇਆਂ ਦੀ ਜਾਗ-ਕਾਂਡ ੩੪. : ਲਿਉ ਤਾਲਸਤਾਏ
ਨਿਖਲੀਊਧਵ ਜਦ ਕਚਹਿਰੀ ਪੁਹਤਾ, ਕਲ ਵਾਲੇ ਅਸ਼ਰ ਨੂੰ ਕੌਰੀਡੋਰ ਵਿੱਚ ਹੀ ਮਿਲ ਪਇਆ ਤੇ ਓਹਨੂੰ ਪੁੱਛ ਕੀਤੀ ਕਿ ਕੱਲ ਵਾਲੇ ਸਜ਼ਾ ਯਾਫਤਾ ਮੁਲਜ਼ਿਮ ਕਿੱਥੇ ਰੱਖੇ ਗਏ ਹਨ ਤੇ ਕਿਹਦੀ ਇਜਾਜ਼ਤ ਦੀ ਲੋੜ ਹੁੰਦੀ ਹੈ ਜੇ ਕਿਸੇ ਨੂੰ ਉਨ੍ਹਾਂ ਨੂੰ ਜਾ ਕੇ ਮਿਲਣਾ ਹੋਵੇ। ਅਸ਼ਰ ਨੇ ਉੱਤਰ ਦਿੱਤਾ ਕਿ ਇਹੋ ਜੇਹੇ ਦੋਸੀ ਵਖਰੀਆਂ ਵਖਰੀਆਂ ਥਾਵਾਂ ਤੇ ਰੱਖੇ ਜਾਂਦੇ ਹਨ ਜਦ ਤਕ ਉਨ੍ਹਾਂ ਨੂੰ ਹੁਕਮ ਨ ਪਹੁੰਚ ਜਾਣ ਉਨ੍ਹਾਂ ਨੂੰ ਪ੍ਰੋਕਿਊਰਰ (ਸਰਕਾਰੀ ਵਕੀਲ, ਪੋਲੀਸ ਦਾ ਰੂਸੀ ਅਫਸਰ) ਦੀ ਇਜਾਜ਼ਤ ਲੈਕੇ ਆਦਮੀ ਮਿਲ ਸੱਕਦੇ ਹਨ।
"ਜਦ ਅਦਾਲਤ ਹੋ ਚੁਕੇਗੀ, ਮੈਂ ਆਪ ਨਾਲ ਆਵਾਂਗਾ ਤੇ ਕੱਠੇ ਪ੍ਰੋਕਿਊਰਰ ਦੇ ਚਲੇ ਚੱਲਾਂਗੇ। ਹਾਲੇਂ ਅਜੇ ਉਹ ਇੱਥੇ ਹੈ ਵੀ ਨਹੀਂ, ਤੇ ਹੁਣ ਆਪ ਕਿਰਪਾ ਕਰਕੇ ਅੰਦਰ ਆਓ ਅਸੀ ਕੰਮ ਆਰੰਭ ਕਰਨ ਵਾਲੇ ਹੀ ਹਾਂ।"
ਨਿਖਲੀਊਧਵ ਨੇ ਅਸ਼ਰ ਦੀ ਮਿਹਰਬਾਨੀ ਲਈ ਉਹਦਾ ਧੰਨਯਵਾਦ ਕੀਤਾ (ਉਹਨੂੰ ਇਹ ਸੁਝ ਰਹਿਆ ਸੀ ਕਿ ਅਸ਼ਰ ਬੜੇ ਹੀ ਤਰਸ ਯੋਗ ਹੈ) ਤੇ ਜੂਰੀ ਦੇ ਕਮਰੇ ਵਿੱਚ ਚਲਾ ਗਇਆ। ਜਦ ਉਹ ਉਥੇ ਪੁਹਤਾ, ਜੂਰੀ ਦੇ ਮੈਂਬਰ ਆਪਣਾ ਕਮਰਾ ਛੱਡਕੇ ਅਦਾਲਤ ਵਲ ਜਾ ਰਹੇ ਸਨ। ਸੌਦਾਗਰ ਨੇ ਕਲ ਵਾਂਗੂ ਕੁਛ ਖਾ ਪੀ ਲਇਆ ਹੋਇਆ ਸੀ ਇਸ ਕਰਕੇ ਉਹ ਉਸੀ ਤਰਾਂ ਜਿਸ ਤਰਾਂ ਪਰਸੋਂ ਸੀ ਅੱਜ ਵੀ ਖੁਸਖੁਸ਼ਾ ਸੀ ਤੇ ਨਿਖਲੀਊਧਵ ਨੂੰ ਇਕ ਬੜੇ ਚਿਰ ਦੇ ਮਿਤ੍ਰ ਵਾਂਗ ਮਿਲਿਆ ਤੇ ਅੱਜ ਪੀਟਰ ਜਿਰਾਸੀਮੋਵਿਚ ਦਾ ਸ਼ੋਰੀ ਹਾਸਾ, ਤੇ ਅਲਖਤ ਕਰ ਦੇਣ ਵਾਲੀ ਅਪਣਤ ਦੀ ਬੇਤਕੱਲਫੀ ਆਦਿ ਲਈ ਉਸਨੂੰ ਕੋਈ ਘ੍ਰਿਣਾ ਨਹੀਂ ਸੀ ਹੁੰਦੀ।
ਨਿਖਲੀਊਧਵ ਸਾਰੇ ਜੂਰੀ ਦੇ ਬੰਦਿਆਂ ਨੂੰ ਕੈਦੀ ਮਸਲੋਵਾ ਨਾਲ ਜੋ ਉਹਦੇ ਤਅੱਲਕ ਸਨ, ਸਭ ਗਲ ਨੂੰ ਸਪਸ਼ਟ ਕਰ ਦੇਣਾ ਪਸੰਦ ਕਰ ਰਹਿਆ ਸੀ।
"ਧਰਮ ਸਰੂਪੀ ਤਾਂ ਗੱਲ ਇਉਂ ਹੈ," ਓਸ ਸੋਚਿਆ, "ਮੈਨੂੰ ਕਲ ਅਦਾਲਤ ਵਿੱਚ ਹੀ ਉੱਠ ਕੇ ਆਪਣਾ ਕਸੂਰ ਦਸ ਦੇਣਾ ਚਾਹੀਦਾ ਸੀ।" ਪਰ ਜਦ ਹੋਰਨਾਂ ਨਾਲ ਅਦਾਲਤ ਵਿੱਚ ਗਇਆ, ਤੇ ਪਰਸੋਂ ਵਾਲੀ ਕਵਾਇਦ ਫਿਰ ਤੱਕੀ—ਓਹੋ ਆਵਾਜ਼, "ਲੋਕ ਅਦਾਲਤ ਆ ਰਹੀ ਹੈ," ਉਹ ਉਨ੍ਹਾਂ ਤਿੰਨਾਂ ਆਦਮੀਆਂ ਦਾ ਤਿੱਲੇ ਨਾਲ ਕੱਢੇ ਕਾਲਰਾਂ ਵਿੱਚ ਮੁੜ ਪਲੇਟ ਫਾਰਮ ਉੱਪਰ ਉਸੀ ਤਰਾਂ ਚੜ੍ਹਨਾ—ਓਹੋ ਜੂਰੀ ਦੀਆਂ ਉੱਚੀਆਂ ਪਿੱਠਾਂ ਵਾਲੀਆਂ ਕੁਰਸੀਆਂ ਤੇ ਆ ਕੇ ਉਸੀ ਤਰਾਂ ਬਹਿ ਜਾਣਾ, ਓਹੋ ਪੁਲਿਸ ਦੇ ਸਿਪਾਹੀ, ਓਹੋ ਈਸਾ ਦੀ ਪ੍ਰਤਿਮਾ, ਓਹੋ ਪਾਦਰੀ। ਨਿਖਲੀਊਧਵ ਨੇ ਮਲੂਮ ਕੀਤਾ ਕਿ ਭਾਵੇਂ ਉਹਨੂੰ ਆਪਣਾ ਕਸੂਰ ਦਸ ਦੇਣਾ ਚਾਹੀਦਾ ਸੀ, ਪਰ ਉਸ ਦਿਨ ਵੀ ਤੇ ਅੱਜ ਵੀ ਇੰਨੀ ਬੜੀ ਭਾਰੀ ਸੰਜੀਦਗੀ ਨੂੰ ਉਹ ਕਿਸੀ ਤਰਾਂ ਟੁਕ ਦੇਣ ਦੇ ਅਸਮਰਥ ਸੀ।
ਅਦਾਲਤ ਵਿੱਚ ਮੁਕੱਦਮਿਆਂ ਦੀਆਂ ਤਿਆਰੀਆਂ ਉੱਸੇ ਕਲ ਵਲੇ ਰੋਜ ਵਾਂਗਰ ਸਨ, ਸਿਵਾਏ ਇਕ ਉਕਤਾਈ ਦੇ ਕਿ ਅੱਜ ਜੂਰੀ ਨੂੰ ਕਸਮਾਂ ਨਹੀਂ ਸਨ ਦਿੱਤੀਆਂ ਗਈਆਂ ਤੇ ਨ ਪ੍ਰਧਾਨ ਨੇ ਆਪਣੀ ਕਾਰਵਾਈ ਅਰੰਭ ਵੇਲੇ ਕੋਈ ਨਸੀਹਤਾਂ ਕੀਤੀਆਂ ਸਨ।
ਅੱਜ ਮੁਕੱਦਮਾ ਕੋਠਾ ਭੰਨ ਕੇ ਚੋਰੀ ਕਰਨ ਦਾ ਸੀ। ਦੋ ਦੋਸੀ ਸਨ ਜਿਹੜੇ ਪੁਲਿਸ ਦੇ ਸਿਪਾਹੀਆਂ ਦੇ ਨੰਗੀ ਤਲਵਾਰ ਦੇ ਪਹਿਰੇ ਵਿੱਚ ਸਨ। ਇਕ ਪਤਲਾ ਤੰਗ ਛਾਤੀ ਵਾਲਾ ਵੀਹ ਕੁ ਵਰਿਹਾਂ ਦਾ ਮੁੰਡਾ ਜਿਹਦੇ ਚਿਹਰੇ ਉੱਪਰ ਲਹੂ ਉੱਕਾ ਨਹੀਂ ਸੀ ਤੇ ਮੂੰਹ ਬਿਲਕੁਲ ਹਿੱਸਿਆ ਹੋਇਆ ਸੀ—ਉਸਨੇ ਭੂਰਾ ਜੇਹਾ ਓਵਰਕੋਟ ਪਾਇਆ ਹੋਇਆ ਸੀ। ਇਕੱਲਾ ਕੈਦੀਆਂ ਦੇ ਜੰਗਲੇ ਵਿੱਚ ਬੈਂਚ ਉੱਪਰ ਬੈਠਾ ਸੀ ਤੇ ਆਪਣੇ ਭਰਵੱਟੇ ਨੀਵੇਂ ਕਰਕੇ ਜੋ ਕੋਈ ਅਦਾਲਤ ਵਿੱਚ ਆਉਂਦਾ ਸੀ ਉਹਨੂੰ ਭਰਵੱਟਿਆਂ ਦੇ ਵਿੱਚ ਦੀ ਅੱਖਾਂ ਦੇ ਆਨੇ ਉਤਾਂਹ ਕਰਕੇ ਦੇਖਦਾ ਸੀ।
ਇਸ ਲੜਕੇ ਉੱਪਰ ਇਹ ਦੋਸ ਲੱਗਾ ਸੀ ਕਿ ਇਸ ਨੇ ਆਪਣੇ ਇਕ ਹੋਰ ਸਾਥ ਸਮੇਤ, ਇਕ ਸ਼ੈਡ (ਛੱਪਰ) ਦਾ ਜੰਦਰਾ ਭੰਨਿਆ, ਤੇ ਓਥੋਂ ਕਈ ਇਕ ਪੁਰਾਣੀਆਂ ਸੜੀਆਂ ਫੂਹੜੀਆਂ ਚੁਰਾਈਆਂ, ਜਿਨ੍ਹਾਂ ਦੀ ਕੁਲ ਕੀਮਤ ੩) ਰੂਬਲ ਤੇ ੭੩ ਕੋਪੈਕ ਸੀ। ਫਰਦ ਜੁਰਮ ਦੇ ਅਨੁਸਾਰ ਪੁਲਿਸ ਨੇ ਇਸ ਲੜਕੇ ਨੂੰ ਸਰੇ ਬਜ਼ਾਰ ਪਕੜ ਲੀਤਾ ਸੀ ਉਸ ਆਪਣੇ ਸਾਥੀ ਸਮੇਤ ਜਿਸ ਫੂਹੜੀਆਂ ਸਿਰ ਉੱਪਰ ਚੱਕੀਆਂ ਹੋਈਆਂ ਸਨ। ਉਨ੍ਹਾਂ ਦੋਹਾਂ ਇਕਬਾਲ ਕਰ ਲਇਆ ਸੀ ਤੇ ਹਵਾਲਾਤ ਵਿਚ ਦਿੱਤੇ ਗਏ ਸਨ। ਇਸ ਲੜਕੇ ਦਾ ਸਾਥੀ ਇਕ ਜੰਦਰੇ ਬਨਾਉਣ ਵਾਲਾ ਲੋਹਾਰ ਸੀ। ਉਹ ਤਾਂ ਹਵਾਲਾਤ ਵਿਚ ਹੀ ਪਾਰ ਬੋਲਿਆ, ਤੇ ਇਹ ਲੜਕਾ ਇਕੱਲਾ ਹੁਣ ਮੁਕੱਦਮੇ ਦੀ ਪੇਸ਼ੀ ਭੁਗਤ ਰਹਿਆ ਸੀ। ਪੁਰਾਣੀਆਂ ਫੂਹੜੀਆਂ, ਸ਼ਹਾਦਤ ਵਿੱਚ ਆਈਆਂ ਚੀਜ਼ਾਂ, ਮੇਜ ਉੱਪਰ ਧਰੀਆਂ ਹੋਈਆਂ ਸਨ।
ਕਾਰਰਵਾਈ ਹੂ-ਬਹੂ ਕਲ ਵਾਂਗਰ ਸੀ, ਓਹੋ ਸ਼ਹਾਦਤ, ਸਬੂਤ, ਕਾਰਵਾਈਆਂ, ਸੌਹਾਂ ਸੁਗੰਧਾਂ, ਸਵਾਲਾਂ ਦਾ ਪੁੱਛਣ ਪਛਾਣ, ਉਹ ਖਾਸ ਆਪਣੇ ਆਪਣੇ ਕੰਮ ਦੇ ਨਿਪੁੰਨਾਂ ਦੀਆਂ ਸ਼ਹਾਦਤਾਂ ਤੇ ਉਹੋ ਜੇਹੇ ਜਿਰਾ ਕਰਨ ਦੇ ਦਿਖਾਵੇ ਚਲ ਰਹੇ ਸਨ। ਜੋ ਕੋਈ ਸਵਾਲ ਪ੍ਰਧਾਨ ਜਾਂ ਸਰਕਾਰੀ ਵਕੀਲ ਜਾਂ ਹੋਰ ਵਕੀਲ ਇਕ ਪੁਲਿਸ ਦੇ ਆਦਮੀ (ਜੋ ਗਵਾਹਾਂ ਵਿੱਚੋਂ ਇਕ ਸੀ) ਨੂੰ ਪੁੱਛਦੇ ਸਨ ਉਹ ਬੱਸ ਘੜਿਆ ਜਵਾਬ ਮੂੰਹੋਂ ਤੁਰਤ ਕੱਢ ਦਿੰਦਾ ਸੀ — "ਹਾਂ ਜੀ, ਮੈਂ ਕਹਿ ਨਹੀਂ ਸੱਕਦਾ", ਭਾਵੇਂ ਜ਼ਾਬਤੇ ਦੀ ਕਾਰਰਵਾਈ ਤੇ ਹੁਕਮ ਮੰਨਣ ਨਾਲ ਉਹ ਉੱਲੂ ਜੇਹਾ ਇਕ ਮਸ਼ੀਨ ਵਰਗਾ ਹੀ ਹੋਇਆ ਹੋਇਆ ਸੀ, ਤਦ ਵੀ ਇਸ ਕੈਦੀ ਦੇ ਫੜਨ ਬਾਬਤ ਕੁਛ ਕਹਿਣ ਨੂੰ ਸਾਫ ਦਿੱਸ ਰਿਹਾ ਸੀ, ਕਿ ਉਹ ਰਜਾਮੰਦ ਨਹੀਂ ਸੀ। ਇਕ ਹੋਰ ਗਵਾਹ ਨੂੰ,—ਇਕ ਬੁੱਢਾ ਕਈ ਰਹਿਣ ਵਾਲੀਆਂ ਇਮਾਰਤਾਂ ਦਾ ਤੇ ਉਨ੍ਹਾਂ ਚੁਰਾਈਆਂ ਫੂਹੜੀਆਂ ਦਾ ਮਾਲਕ, ਕੁਛ ਕੁੜੀਲ ਸੜਿਆ ਜੇਹਾ ਬੁੱਢਾ—ਜਦ ਪੁੱਛਿਆ ਗਿਆ ਕਿ ਕੀ ਫੁਹੜੀਆਂ ਤੇਰੀਆਂ ਹਨ, ਉਸ ਨੇ ਉਨ੍ਹਾਂ ਨੂੰ ਬੇ ਦਿਲੀ ਨਾਲ ਪਛਾਤਾ ਤੇ ਕਿਹਾ 'ਹਾਂ'। ਜਦ ਸਰਕਾਰੀ ਵਕੀਲ ਨੇ ਉਹਨੂੰ ਪੁੱਛਿਆ ਕਿ ਇਹ ਸਫਾਂ ਉਹਦੇ ਕਿਸੇ ਕੰਮ ਦੀਆਂ ਸਨ ਤੇ ਕਿਸ ਵਰਤਨ ਵਿੱਚ ਆਉਂਦੀਆਂ ਸਨ, ਤਦ ਉਹ ਬੜਾ ਖਫ਼ਾ ਹੋ ਗਿਆ ਤੇ ਕਹਿਣ ਲੱਗਾ:—"ਸ਼ੈਤਾਨ ਖੜੇ ਇਨ੍ਹਾਂ ਮੱਥਾ ਸੜੀਆਂ ਸਫਾਂ ਨੂੰ ਮੈਨੂੰ ਇਨ੍ਹਾਂ ਨਿਕਾਰੀਆਂ ਦੀ ਲੋੜ ਨਹੀਂ—ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਮੈਨੂੰ ਇੰਨਾ ਦਿੱਕ ਕਰਨਾ ਹੈ ਮੈਂ ਇਨ੍ਹਾਂ ਨੂੰ ਢੂੰਡਣ ਹੀ ਨ ਚੜ੍ਹਦਾ—ਨਹੀਂ ਹੱਥੋਂ ਦਸ ਰੂਬਲ ਦਾ ਇਕ ਨੋਟ ਯਾ ਦੋ ਉਨ੍ਹਾਂ ਉਪਰ ਵੀ ਧਰ ਦਿੰਦਾ ਕਿ ਜਾਓ ਲੈ ਜਾਓ ਤੇ ਬਖਸ਼ੋ। ਇਨਹਾਂ ਅਦਾਲਤਾਂ ਵਿੱਚ ਇਉਂ ਰੁਲਣ ਥੀਂ ਬਚਦਾ, ਤੇ ਇਨਹਾਂ ਸਵਾਲਾਂ ਨਾਲ ਤਾਂ ਮੇਰੀ ਮੱਤ ਤੁਸੀ ਨ ਮਾਰਦੇ—ਪੰਜ ਰੂਬਲ ਮੇਰੇ ਟਾਂਗਿਆਂ ਬੱਘੀਆਂ ਉੱਪਰ ਲਗ ਚੁਕੇ ਹਨ, ਨਾਲੇ ਮੈਂ ਵੱਲ ਨਹੀਂ—ਮੈਨੂੰ ਵਾ ਦੇ ਦਰਦ ਹਨ ਤੇ ਨਾਲੇ ਹਰਨੀਆਂ ਹੋਇਆ ਹੋਇਆ ਹੈ।"
ਇਹ ਤਾਂ ਗਵਾਹ ਹੋਰਾਂ ਕਹਿਆ—ਮੁਲਜ਼ਮ ਨੇ ਆਪ ਸਾਰੀ ਗੱਲ ਦਸ ਦਿੱਤੀ ਤੇ ਅੱਗੇ ਪਿੱਛੇ ਇਕ ਫਾਥੇ ਹੈਵਾਨ ਵਾਂਗ, ਮੱਤ ਮਾਰੀ ਹੋਈ ਵੇਖ ਰਹਿਆ ਸੀ, ਤੇ ਓਹਨੇ ਇਕ ਅਟਕਦੀ ਨੀਵੀਂ ਆਵਾਜ਼ ਵਿੱਚ ਸਾਰਾ ਬਿਰਤਾਂਤ ਕਹਿ ਸੁਣਾਇਆ—ਮੁਕੱਦਮਾ ਸਾਫ ਸੀ, ਪਰ ਸਰਕਾਰੀ ਵਕੀਲ ਆਪਣੀ ਆਦਤ ਵਾਂਗੂ ਆਪਣੇ ਮੋਢੇ ਉੱਤੇ ਕਰਕੇ ਦੂਜਿਆਂ ਨੂੰ ਨੀਵਾਂ ਜੇਹਾ ਸਮਝ ਹਿਲਾਂਦਾ ਸੀ, ਉਸੀ ਤਰਾਂ ਜਿਸ ਤਰਾਂ ਕਲ ਉਹ ਕਰ ਰਿਹਾ ਸੀ, ਪੇਚੀਦਾ ਜੇਹੇ ਤੇ ਅਵੰਗੜੀਆਂ ਵਾਲੇ ਸਵਾਲ ਪੁੱਛਦਾ ਸੀ ਜਿਸ ਤਰਾਂ ਕਿਸੀ ਬੜੇ ਚਾਲਾਕ ਤੇ ਬਦਮਾਸ਼ ਦੋਸੀ ਨੂੰ ਓਹਨੇ ਆਪਣੇ ਸਵਾਲਾਂ ਦੇ ਜਵਾਬ ਦੇ ਪੇਚਾਂ ਤੇ ਯੁਕਤੀਆਂ ਵਿੱਚ ਫਸਾਣਾ ਸੀ।
ਉਸ ਤਕਰੀਰ ਕੀਤੀ ਤੇ ਦੱਸਿਆ ਕਿ ਚੋਰੀ ਕਿਸੇ ਸ਼ੈਡ ਵਿੱਚ ਨਹੀਂ ਬਲਕਿ ਰਹਿਣ ਵਾਲੇ ਘਰ ਵਿੱਚ ਹੋਈ ਹੈ। ਜੰਦਰਾ ਤੋੜਿਆ ਗਿਆ ਹੈ ਤੇ ਦਲੀਲਾਂ ਦਿੱਤੀਆਂ ਕਿ ਇਸ ਵਾਸਤੇ ਮੁੰਡੇ ਨੂੰ ਸਖਤ ਸਜ਼ਾ ਹੋਣੀ ਚਾਹੀਏ। ਉਸ ਮੁੰਡੇ ਦੀ ਬਚਾ ਵਾਲੇ ਪਾਸੇ ਦਾ ਵਕੀਲ ਜਿਹਨੂੰ ਸਰਕਾਰ ਨੇ ਨੀਤ ਕੀਤਾ ਸੀ, ਇਹ ਕਹਿੰਦਾ ਸੀ ਕਿ ਚੋਰੀ ਰਹਿਣ ਵਾਲੇ ਕਿਸੀ ਮਕਾਨ ਵਿੱਚ ਨਹੀਂ ਹੋਈ, ਤੇ ਇਉਂ ਕੀਤੇ ਜੁਰਮ ਥੀਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਦੋਸੀ ਕੋਈ ਇੰਨਾ ਸੋਸੈਟੀ ਲਈ ਖਤਰਨਾਕ ਬੰਦਾ ਨਹੀਂ ਜਿੰਨਾ ਦਸਿਆ ਜਾਂਦਾ ਹੈ।
ਪਰਧਾਨ ਨੇ ਓਹੋ ਨਿਰੋਲ ਨਿਰਪਖਤਾ ਦੱਸੀ ਤੇ ਇਨਸਾਫ ਕਰਨ ਵਾਲਾ ਬਣਿਆ, ਜਿਸ ਤਰਾਂ ਕਲ ਸੀ ਤੇ ਉਸਨੇ ਜੂਰੀ ਨੂੰ ਸਾਰਾ ਵਾਕਿਆ ਸਮਝਾਇਆ ਜਿਹੜਾ ਉਹ ਸਾਰੇ ਮੈਂਬਰ ਅੱਗੇ ਹੀ ਸਮਝ ਗਏ ਸਨ ਤੇ ਬਦੋ ਬਦੀ ਹੀ ਸਮਝ ਚੁਕੇ ਸਨ—ਕਲ ਵਾਂਗ ਥੋੜੀ ਦੇਰ ਲਈ ਅਦਾਲਤ ਨੇ ਛੁੱਟੀ ਕੀਤੀ, ਫਿਰ ਉਨਹਾਂ ਜਾਕੇ ਸਿਗਰਟ ਪੀਤੇ—ਫਿਰ ਅਸ਼ਰ ਨੇ ਉੱਚੀ ਸੁਰ ਵਿੱਚ ਕਹਿਆ "ਅਦਾਲਤ ਆ ਰਹੀ ਹੈ",ਤੇ ਫਿਰ ਉਨ੍ਹਾਂ ਜੂਰੀ ਵਾਲਿਆਂ ਨੇ ਕੋਸ਼ਸ਼ ਕੀਤੀ ਕਿ ਮਤੇ ਮੁੜ ਊਂਘਾਂ ਨ ਆਣ ਸਤਾਉਣ—ਤੇ ਦੋਸੀ ਉੱਪਰ ਪੁਲਿਸ ਦੇ ਸਿਪਾਹੀ ਆਪਣੀਆਂ ਨੰਗੀਆਂ ਤਲਵਾਰਾਂ ਸੂਤੀ ਖੜੇ ਸਨ।
ਕਾਰਵਾਈ ਥੀਂ ਜਾਪਦਾ ਸੀ ਕਿ ਇਹ ਮੁੰਡਾ ਉਹਦੇ ਪਿਓ ਨੇ ਇਕ ਤਮਾਕੂ ਦੇ ਕਾਰਖਾਨੇ ਵਿੱਚ ਐਪਰੈਨਟਿਸ (ਹੱਥਾਂ ਨਾਲ ਕੰਮ ਕਰਨ ਤੇ ਕੰਮ ਸਿੱਖਣ ਲਈ ਸ਼ਗਿਰਦ) ਰਖਾਇਆ ਸੀ ਉੱਥੇ ਉਹ ਪੰਜ ਸਾਲ ਰਹਿਆ। ਇਸ ਸਾਲ ਮਜੂਰਾਂ ਸਟਰਾਈਕ ਕਰ ਦਿੱਤੀ ਸੀ ਤੇ ਉਸ ਅਪਰਾਧ ਵਿੱਚ ਕਾਰਖਾਨੇ ਦੇ ਮਾਲਕ ਨੇ ਏਹਨੂੰ ਬਰਖਾਸਤ ਕਰ ਕਰ ਦਿਤਾ ਸੀ। ਤੇ ਜਦ ਉਹਦੀ ਥਾਂ ਇਉਂ ਗਵਾਚ ਗਈ ਇਹ ਸ਼ਹਿਰ ਦੇ ਅੱਗੇ ਪਿੱਛੇ ਅਵਾਰਾ ਗਰਦ ਹੋ ਗਇਆ ਸੀ। ਤੇ ਜੋ ਕੁਛ ਇਹਦੇ ਪੱਲੇ ਸੀ ਉਹਦੀ ਸ਼ਰਾਬ ਪੀ ਲਈ ਸੀ। ਇਕ ਸਸਤੇ ਜੇਹੇ ਰੈਸਟਰਾਂਟ ਵਿੱਚ ਆਪਣੇ ਵਰਗੇ ਇਕ ਹੋਰ ਨੂੰ ਮਿਲ ਪਇਆ ਸੀ ਜਿਹੜਾ ਆਪਣੀ ਨੌਕਰੀ ਇਸ ਕੈਦੀ ਥੀਂ ਪਹਿਲਾਂ ਹੀ ਗਵਾ ਬੈਠਾ ਸੀ—ਉਹ ਵੀ ਜੰਦਰੇ ਬਣਾਉਣ ਵਾਲਾ ਪੱਕਾ ਸ਼ਰਾਬੀ ਸੀ। ਇਕ ਰਾਤ ਇਹ ਦੋਵੇਂ ਪੀਕੇ ਗੁੱਟ ਹੋਏ ਹੋਇਆਂ ਨੇ ਇਕ ਸ਼ੈਡ ਦਾ ਜੰਦਰਾ ਭੰਨਿਆ ਤੇ ਜਿਹੜੀ ਵੀ ਪਹਿਲੀ ਚੀਜ਼ ਉਪਰੋਂ ਉਪਰੋਂ ਇਨਹਾਂ ਦੇ ਹੱਥ ਲੱਗੀ ਉਹ ਲੈਕੇ ਤਿੱਤਰ ਹੋਏ ਸਨ। ਇਨ੍ਹਾਂ ਦੋਹਾਂ ਸਾਰੀ ਗੱਲ ਦਾ ਇਕਬਾਲ ਕਰ ਲਇਆ ਸੀ, ਤੇ ਹਵਾਲਾਤ ਵਿੱਚ ਸੁੱਟੇ ਗਏ ਸਨ। ਤੇ ਜੰਦਰੇ ਬਨਾਉਣ ਵਾਲਾ ਤਾਂ ਓਥੇ ਹੀ ਮੁਕੱਦਮੇ ਦੇ ਦੌਰਾਨ ਵਿੱਚ ਹੀ ਮਰ ਗਇਆ ਸੀ, ਤੇ ਇਹ ਨਿਮਾਣਾ ਲੜਕਾ ਇੱਕ ਖਤਰਨਾਕ ਜੰਤੂ ਵਾਂਗਰ ਇਉਂ ਫੜ ਲਿੱਤਾ ਹੋਇਆ ਸੀ ਤੇ ਕੋਸ਼ਸ਼ ਇਹ ਸੀ ਕਿ ਇਹਦੇ ਪਾਸੋਂ ਸੋਸੈਟੀ ਨੂੰ ਬਚਾਉਣਾ ਜਰੂਰੀ ਹੇ।
"ਕਲ ਦੇ ਦੋਸੀ ਵਾਂਗ ਇਹ ਮੁੰਡਾ ਵੀ ਇਨਹਾਂ ਲਈ ਖਤਰਨਾਕ ਜੰਤੂ ਹੈ", ਨਿਖਲੀਊਧਵ ਨੇ ਮਨ ਵਿੱਚ ਵਿਚਾਰਿਆ ਤੇ ਜੋ ਕੁਛ ਹੋ ਰਹਿਆ ਸੀ ਉਹ ਸੁਣੀ ਗਇਆ। "ਇਹ ਜੰਤੂ ਤਾਂ ਖ਼ਤਰਨਾਕ ਹਨ ਤੇ ਅਸੀ ਜਿਹੜੇ ਬਹਿਕੇ ਉਨ੍ਹਾਂ ਉੱਪਰ ਅਦਾਲਤ ਕਰ ਰਹੇ ਹਾਂ ਖੋਫਨਾਕ ਨਹੀਂ? ਮੈਂ ਇਕ ਲੁੱਚਾ ਬਦਮਾਸ਼ ਅਯਾਸ਼, ਇਕ ਧੋਖੇਬਾਜ਼ ਧ੍ਰੋਹ ਕਮਾਉਣ ਵਾਲਾ—ਤੇ ਅਸੀਂ ਸਾਰੇ, ਸਾਰੇ ਉਹ ਜੋ ਮੈਨੂੰ ਜਾਣਦੇ ਹਨ ਕਿ ਮੈਂ ਕਿਨ੍ਹਾਂ ਕਰਤੂਤਾਂ ਵਾਲਾ ਹਾਂ—ਉਹ ਸਾਰੇ ਮੈਨੂੰ ਨਾ ਸਿਰਫ ਧ੍ਰਿਕਾਰ ਤ੍ਰਿਸਕਾਰ ਨਹੀਂ ਕਰਦੇ ਸਗੋਂ ਇੱਜ਼ਤ ਕਰਦੇ ਹਨ।"
"ਇਹ ਸਾਫ ਹੈ ਕਿ ਇਹ ਕੋਈ ਅਸਾਧਾਰਣ ਬੁਰਾਈ ਕਰਨ ਵਾਲਾ ਮੁੰਡਾ ਨਹੀਂ—ਇਕ ਸਾਧਾਰਨ ਵਿਚਾਰਾ ਗਭਰੂ ਹੈ, ਤੇ ਹਰ ਕੋਈ ਸਮਝ ਰਹਿਆ ਹੈ ਕਿ ਉਹ ਜੋ ਕੁਛ ਹੋਇਆ ਹੈ ਆਪਨੀ ਗਰੀਬੀ ਕਰਕੇ ਹੋਇਆ ਹੈ, ਤੇ ਜਦ ਏਹੇ ਜੇਹੇ ਮੁਸ਼ਕਲ ਵਾਕਿਆਤ ਕਿਸੀ ਦੀ ਜ਼ਿੰਦਗੀ ਵਿੱਚ ਵੀ ਵਾਪਰਨ ਉਸ ਇਹੋ ਜੇਹਾ ਹੋ ਈ ਜਾਣਾ ਹੋਇਆ—ਇਸ ਵਾਸਤੇ ਜੇ ਇਹਦੀ ਠੀਕ ਲੋੜ ਹੋਵੇ ਕਿ ਇਹੋ ਜੇਹੇ ਮੁੰਡੇ ਇਹੋ ਜਿਹੇ ਭੈੜੇ ਪਾਸੇ ਨ ਜਾਣ, ਤਦ ਉਨਹਾਂ ਦੀ ਜ਼ਿੰਦਗੀ ਦੇ ਮਾੜੇ ਹਾਲਾਂ ਨੂੰ ਬਦਲਣ ਦੀ ਲੋੜ ਹੈ ਤੇ ਇਨ੍ਹਾਂ ਹਾਲਤਾਂ ਨੂੰ ਉੱਕਾ ਨਿਰਮੂਲ ਕਰਕੇ ਸਦਾ ਲਈ ਮੁਕਾ ਦੇਣਾ ਜਰੂਰੀ ਠਹਿਰਿਆ। ਜੇ ਕੋਈ ਸੱਜਨ ਇਸ ਉੱਪਰ ਤਰਸ ਕਰਕੇ ਇਹਨੂੰ ਕੋਈ ਮਦਦ ਦੇ ਦਿੰਦਾ ਜਦ ਗਰੀਬੀ ਕਰਕੇ ਉਹ ਉਨਹਾਂ ਦੇ ਸ਼ਹਿਰ ਆ ਹੀ ਵੜਿਆ ਸੀ ਤਦ ਸ਼ੁਰੂ ਵਿੱਚ ਥੋੜੀ ਜਿੰਨੀ ਮਦਦ ਕਰਨਾ ਹੀ ਕਾਫ਼ੀ ਹੁੰਦਾ," ਨਿਖਲੀਊਧਵ ਨੇ ਉਸ ਮੁੰਡੇ ਦੇ ਬੀਮਾਰ ਜੇਹੇ ਤੇ ਸਖਤ ਤ੍ਰੈਹੇ ਹੋਏ ਮੂੰਹ ਵਲ ਵੇਖਕੇ ਵਿਚਾਰ ਕੀਤੀ:—
"ਯਾ ਉਸ ਥੀਂ ਹੋਰ ਜਰਾ ਪਿੱਛੇ ਜਾਕੇ ਵੇਖੀਏ, ਜਦ ਓਹ ਬਾਰਾਂ ਘੰਟੇ ਦੀ ਮਜੂਰੀ ਬਾਦ ਆਪਣੇ ਸਾਥੀਆਂ ਦੇ ਕਹੇ ਕਹਾਏ ਕਲਾਲਖਾਨੇ ਜਾਣ ਲਗ ਪਇਆ ਸੀ, ਜੇ ਉਸ ਵੇਲੇ ਕੋਈ ਉਪਕਾਰੀ ਉਪਜ ਪੈਂਦਾ ਤੇ ਓਹਨੇ ਇਹਨੂੰ ਦਸਦਾ "ਵਾਨਿਆ! ਓਥੇ ਨਾ ਜਾ—ਓਥੇ ਜਾਣਾ ਠੀਕ ਨਹੀ ਆ," ਤੇ ਇਹ ਮੁੜਕੇ ਓਥੇ ਨ ਜਾਂਦਾ ਨ ਬੁਰੇ ਰਾਹ ਪੈਂਦਾ ਤੇ ਕੋਈ ਬੁਰਾ ਕਰਮ ਨ ਕਰਦਾ। ਪਰ ਨਹੀਂ—ਕੋਈ ਵੀ ਉਸ ਉੱਪਰ ਤਰਸ ਕਰਨ ਨੂੰ ਤਾਂ ਨਾ ਬੌਹੜਿਆ ਜਦ ਕਿ ਸਾਲਾਂ ਬੱਧੀ ਇਹ ਇਹੋ ਜੇਹੇ ਕੰਮ ਸਿਖਦਾ ਰਹਿਆ ਤੇ ਇਕ ਗਰੀਬ ਨਿੱਕੇ ਹੈਵਾਨ ਵਾਂਗਰ ਸ਼ਹਿਰ ਵਿੱਚ ਆਣ ਕੇ ਰਹਿੰਦਾ ਰਹਿਆ—ਤੇ ਆਪਣੇ ਵਾਲ ਖਸਖਾਸੀ ਇਸ ਵਾਸਤੇ ਕਰਾਏ ਸਨ ਸੁ ਕਿ ਜੁਆਂ ਪੈ ਜਾਣ—ਹੋਰ ਮਜੂਰਾਂ ਦੇ ਸੁਨੇਹੇ ਅੱਗੇ ਪਿੱਛੇ ਲਈ ਦੌੜਦਾ ਪਹੁੰਚਾਂਦਾ ਰਹਿਆ। ਇਸ ਥਾਂ ਉਲਟ ਹੱਥੋਂ ਇਹ ਜਦ ਦਾ ਸ਼ਹਿਰ ਆਇਆ ਜੋ ਕੁਛ ਉਹ ਪੁਰਾਣੇ ਮਜੂਰਾਂ ਥੀਂ ਸੁਣਦਾ ਸੁਣਾਂਦਾ ਸਿਖਦਾ ਰਹਿਆ ਉਹ ਇਹ ਸੀ—ਕਿ ਜਿਹੜਾ ਦੂਸਰਿਆਂ ਨੂੰ ਠਗਦਾ ਹੈ, ਸ਼ਰਾਬ ਪੀਂਦਾ ਹੈ ਤੇ ਮੌਕਾ ਲੱਗੇ ਦੂਏ ਨੂੰ ਖੂਬ ਕੁੱਟਦਾ ਹੈ ਤੇ ਜਿਹੜਾ ਇਨਹਾਂ ਸਭ ਗੱਲਾਂ ਥੀਂ ਵੀ ਉਤੇ ਆਪਣੇ ਆਪ ਨੂੰ ਵਿਸ਼ੇ ਕਰਨ ਲਈ ਖੁੱਲ੍ਹਾ ਬੇ ਰੋਕ ਛੱਡ ਦਿੰਦਾ ਹੈ ਉਹ ਬੜਾ ਚੰਗਾ ਬੰਦਾ ਹੁੰਦਾ ਹੈ।
"ਬੀਮਾਰ, ਸਿਹਤ ਨੂੰ ਖਰਾਬ ਕਰਨ ਵਾਲੀ ਮਜੂਰੀ ਤੇ ਸ਼ਰਾਬ ਤੇ ਵਿਸ਼ੇ ਵਿਕਾਰ ਨਾਲ ਗਲੀ ਹੋਈ ਕਾਇਆਂ,—ਸ਼ਹਿਰ ਦੇ ਦਰ ਦਰ ਤੇ ਬੇ ਮੁਰਾਦਾ ਧੱਕੇ ਖਾਂਦਾ ਹੋਇਆ ਬੋਰਾਨਿਆ ਹੋਇਆ, ਜਿਵੇਂ ਕੋਈ ਸੁਫਨੇ ਜੇਹੇ ਵਿੱਚ ਹੁੰਦਾ ਹੈ, ਇਹ ਕਿਸੀ ਸ਼ੈਡ ਉੱਪਰ ਅੱਪੜਦਾ ਹੈ ਤੇ ਪੁਰਾਨੀਆਂ ਸਫਾਂ ਜਿਨਹਾਂ ਦੀ ਕਿਸੀ ਨੂੰ ਵੀ ਕੋਈ ਲੋੜ ਨਹੀਂ ਹੋ ਸਕਦੀ, ਚਕ ਲੈਦਾ ਹੈ, ਤੇ ਅਸੀਂ ਇੱਥੇ ਬੈਠ ਇਹ ਗੱਲ ਨਹੀਂ ਸੋਚਦੇ ਕਿ ਉਹ ਕੀ ਕਾਰਣ ਹਨ ਜਿਨਹਾਂ ਨੇ ਇਹਦਾ ਇਹ ਭੈੜਾ ਹਾਲ ਬਣਾ ਦਿੱਤਾ ਹੈ ਤੇ ਆਓ ਸੋਚੀਏ ਕਿ ਇਹ ਕਾਰਨ ਕਿਸੀ ਤਰਾਂ ਮੂਲੋਂ ਹੀ ਉਖਾੜ ਸੁੱਟੀਏ, ਪਰ ਨਹੀਂ—ਇਹ ਨਿਰਾ ਇਹ ਵਿਚਾਰ ਰਹੇ ਹਨ ਕਿ ਇਹਨੂੰ ਸਜ਼ਾ ਦੇਣ ਨਾਲ ਸਭ ਕੁਛ ਠੀਕ ਹੋ ਜਾਵੇਗਾ।
"ਆਹ! ਇਹ ਦਿਲ ਨੂੰ ਦਹਿਲ ਦੇਣ ਵਾਲਾ, ਹੌਲਨਾਕ, ਅੱਤਿਆਚਾਰ!" ਨਿਖਲੀਊਧਵ ਨੇ ਇਹ ਸਭ ਕੁਛ ਵਿਚਾਰਿਆ ਤੇ ਜੋ ਕੁਛ ਉਹ ਕਰ ਰਹੇ ਸਨ ਤੇ ਹੋ ਰਹਿਆ ਸੀ ਉਸ ਮੁੜ ਕੁਛ ਨ ਸੁਣਿਆਂ—ਉਹ ਤਾਂ ਭੈ ਭੀਤ ਹੋ ਗਇਆ ਸੀ ਕਿ ਹਾਏ ਇਨਹਾਂ ਕਚਹਿਰੀਆਂ ਵਿੱਚ ਕੀ ਹੋ ਰਹਿਆ ਹੈ—ਉਹ ਹੁਣ ਉੱਕਾ ਸਮਝ ਹੀ ਨਹੀਂ ਸੀ ਸੱਕਦਾ ਕਿ ਇਨਹਾਂ ਸਾਰੀਆਂ ਗੱਲਾਂ ਦਾ ਮਰਮ ਓਹਨੂੰ ਇਸ ਥੀਂ ਪਹਿਲਾਂ ਕਿਉਂ ਨਹੀਂ ਸੀ ਪਤਾ ਲੱਗਾ, ਤੇ ਹੁਣ ਬਾਕੀ ਦੇ ਬੰਦੇ ਕਿਉਂ ਨਹੀਂ ਉਸ ਮਰਮ ਨੂੰ ਸਮਝ ਰਹੇ।
ਮੋਇਆਂ ਦੀ ਜਾਗ-ਕਾਂਡ ੩੫. : ਲਿਉ ਤਾਲਸਤਾਏ
ਜਦ ਵਿਚਕਾਹੇ ਛੁੱਟੀ ਹੋਈ ਸੀ, ਨਿਖਲੀਊਧਵ ਉੱਠ ਖੜੋਤਾ ਸੀ ਤੇ ਕੌਰੀਡੋਰ ਵਿੱਚ ਤੁਰ ਗਇਆ ਸੀ। ਉਹ ਹੁਣ ਨਹੀਂ ਸੀ ਚਾਹੁੰਦਾ ਕਿ ਮੁੜ ਅਦਾਲਤ ਵਿੱਚ ਜਾਵੇ—ਕਰਨ ਮੱਥਾ ਸੜੇ ਜੋ ਇਨਹਾਂ ਦੀ ਮਰਜੀ ਹੋਵੇ, ਪਰ ਇਸ ਹੌਲਨਾਕ ਕਰੈਹਤਪੁਣੇ ਵਿੱਚ ਅੱਗੇ ਥੀਂ ਉਹ ਕੋਈ ਹਿੱਸਾ ਨਹੀਂ ਲਵੇਗਾ।
ਪ੍ਰੋਕਿਊਰਰ (ਪੋਲੀਸ ਦਾ ਰੂਸੀ ਅਫ਼ਸਰ) ਦਾ ਕਮਰਾ ਪੁੱਛ ਕੇ ਉਹ ਉਸ ਵਲ ਗਇਆ, ਬਾਹਰ ਖੜਾ ਅਰਦਲੀ ਉਹਨੂੰ ਅੰਦਰ ਨਹੀਂ ਸੀ ਜਾਣ ਦਿੰਦਾ, ਇਹ ਕਹਿੰਦਾ ਸੀ ਕਿ ਪ੍ਰੋਕਿਊਰਰਰੁੱਝਿਆ ਹੈ ਪਰ ਨਿਖਲੀਊਧਵ ਨੇ ਉਹਦੀ ਰੋਕ ਟੋਕ ਦੀ ਕੋਈ ਪਰਵਾਹ ਨ ਕੀਤੀ ਤੇ ਦਰਵਾਜ਼ੇ ਪਾਸ ਪੁਹਤਾ ਜਿੱਥੇ ਅੰਦਰੋਂ ਆ ਕੇ ਇਕ ਅਫਸਰ ਜੇਹਾ ਉਹਨੂੰ ਮਿਲਿਆ। ਉਹਨੂੰ ਨਿਖਲੀਊਧਵ ਨੇ ਕਹਿਆ ਕਿ ਓਹਦੇ ਆਉਣ ਦੀ ਖਬਰ ਸਾਹਿਬ ਨੂੰ ਪਹੁੰਚਾਈ ਜਾਵੇ, ਕਿ ਉਹ ਜੂਰੀ ਉੱਪਰ ਹੈ ਤੇ ਉਨਹਾਂ ਨਾਲ ਇਕ ਬੜੀ ਜਰੂਰੀ ਗਲ ਕਰਨੀ ਹੈ।
ਇਕ ਤਾਂ ਉਹਦੇ ਜੂਰੀ ਉੱਪਰ ਹੋਣ ਨੇ, ਦੂਜੇ ਉਹਦੀ ਪੋਸ਼ਾਕ ਨੇ ਉਹਦੀ ਮਦਦ ਕੀਤੀ—ਉਸ ਅਫਸਰ ਨੇ ਜਾ ਕੇ ਪ੍ਰੋਕਿਊਰਰ ਨੂੰ ਕਹਿਆ। ਇਜਾਜ਼ਤ ਤਾਂ ਮਿਲੀ ਪ੍ਰੋਕਿਊਰਰ ਉਹਨੂੰ ਖੜੇ ਖੜੇ ਨੂੰ ਮਿਲਿਆ। ਸਾਫ ਸੀ ਕਿ ਉਹ ਕੁਛ ਨਾਰਾਜ ਹੋ ਗਇਆ ਸੀ ਕਿ ਨਿਖਲੀਊਧਵ ਨੇ ਉਸ ਪਾਸ ਆਉਣ ਦੀ ਐਸੀ ਬੇ ਜ਼ਾਬਤਾ ਜ਼ਿਦ ਕਿਉਂ ਕੀਤੀ।
"ਆਪ ਕੀ ਕਹਿੰਦੇ ਹੋ?' ਪ੍ਰੋਕਿਊਰਰ ਨੇ ਕਰੜਾਈ ਨਾਲ ਪੁੱਛਿਆ।
"ਮੈਂ ਜੂਰੀ ਉੱਪਰ ਹਾਂ, ਮੇਰਾ ਨਾਮ ਨਿਖਲੀਊਧਵ ਹੈ ਤੇ ਇਹ ਮੇਰੇ ਲਈ ਅਤਿ ਹੀ ਜਰੂਰੀ ਹੈ ਕਿ ਮੈਂ ਕੈਦੀ ਮਸਲੋਵਾ ਨੂੰ ਮਿਲਾਂ", ਨਿਖਲੀਊਧਵ ਨੇ ਕਾਹਲੀ ਵਿੱਚ ਪਰ ਪੱਕੇ ਦਿਲ ਨਾਲ ਪਰ ਕੁਛ ਸ਼ਰਮ ਨਾਲ ਲਾਲ ਜੇਹਾ ਮੂੰਹ ਹੋ ਕੇ ਕਹਿਆ, ਤੇ ਨਾਲੇ ਉਹਨੂੰ ਪ੍ਰਤੀਤ ਹੋ ਰਹਿਆ ਸੀ ਕਿ ਉਹ ਇਸ ਵੇਲੇ ਇਕ ਐਸਾ ਕਦਮ ਚੁਕ ਰਹਿਆ ਹੈ ਜਿਸ ਦਾ ਓਸ ਦੀ ਅਗਲੀ ਜ਼ਿੰਦਗੀ ਲਈ ਇਕ ਫੈਸਲਾ ਕਰ ਦੇਣ ਵਾਲਾ ਅਸਰ ਹੋਵੇਗਾ।
ਪ੍ਰੋਕਿਊਰਰ ਇਕ ਮਧਰਾ, ਕਾਲ ਭਰਮਾਂ ਜੇਹਾ ਆਦਮੀ ਸੀ, ਛੋਟੇ, ਕੱਕੇ ਵਾਲ, ਤੇਜ਼ ਤੇ ਚਮਕਦੀਆਂ ਅੱਖਾਂ, ਤੇ ਇਕ ਘਣੀ ਖਸਖਾਸੀ ਕੀਤੀ ਦਾੜ੍ਹੀ, ਤੇ ਦਾੜ੍ਹੀ ਵਿਚ ਦੀ ਬਾਹਰ ਉਹਦਾ ਹੇਠਲਾ ਜਬੜਾ ਨਿਕਲਿਆ ਹੋਇਆ ਸੀ।
"ਮਸਲੋਵਾ? ਹਾਂ ਠੀਕ ਹੈ—ਮੈਨੂੰ ਪਤਾ ਹੈ, ਜ਼ਹਿਰ ਦੇ ਜੁਰਮ ਵਿੱਚ ਦੋਸੀ", ਪ੍ਰੋਕਿਊਰਰ ਨੇ ਜਲਦੀ ਜਲਦੀ ਕਹਿਆ "ਪਰ ਆਪ ਉਹਨੂੰ ਕਿਉਂ ਮਿਲਣਾ ਚਾਹੁੰਦੇ ਹੋ?" ਉਸ ਇਉਂ ਕਹਿਆ ਜਿਵੇਂ ਉਹ ਆਪਣੀ ਪਹਿਲੀ ਸਖਤੀ ਨੂੰ ਮੁਲਾਇਮ ਕਰ ਰਹਿਆ ਹੈ, "ਮੈਂ ਆਪ ਨੂੰ ਇਜਾਜ਼ਤ ਨਹੀਂ ਦੇ ਸੱਕਦਾ, ਜਦ ਤਕ ਤੁਸੀ ਮੈਨੂੰ ਇਹ ਨ ਦੱਸੋ ਕਿ ਆਪ ਉਹਨੂੰ ਕਿਉਂ ਮਿਲਣਾ ਚਾਹੁੰਦੇ ਹੋ।"
"ਮੈਂ ਇਕ ਖਾਸ ਜ਼ਰੂਰੀ ਸਬੱਬ ਲਈ ਮਿਲਣਾ ਚਾਹੁੰਦਾ ਹਾਂ", ਨਿਖਲੀਊਧਵ ਨੇ ਫਿਰ ਕਹਿਆ ਪਰ ਸ਼ਰਮ ਨਾਲ ਕੁਛ ਲਾਲ ਲਾਲ ਹੋ ਕੇ।
"ਅੱਛਾ?" ਪ੍ਰੋਕੀਊਰਰ ਨੇ ਆਖਿਆ, ਆਪਣੀਆਂ ਅੱਖਾਂ ਉੱਪਰ ਕਰਕੇ ਤੇ ਨਿਖਲੀਊਧਵ ਨੂੰ ਨੀਝ ਲਾ ਕੇ ਤੱਕਕੇ "ਕੀ ਓਹਦਾ ਮੁਕੱਦਮਾਂ ਸੁਣਿਆ ਜਾ ਚੁੱਕਾ ਹੈ ਕਿ ਨਹੀਂ?"
"ਉਹਦਾ ਮੁਕੱਦਮਾ ਕੱਲ ਹੋਇਆ ਸੀ ਤੇ ਉਸ ਉੱਪਰ ਬੇ ਇਨਸਾਫੀ ਹੋਈ ਹੈ ਚਾਰ ਸਾਲ ਦੀ ਸਖਤ ਮੁਸ਼ੱਕਤ ਤੇ ਸਾਈਬੇਰੀਆ-ਉਹ ਨਿਰਦੋਸ਼ ਹੈ।"
"ਅੱਛਾ? ਪਰ ਜੇ ਉਹਨੂੰ ਕੱਲ ਹੀ ਸਜ਼ਾ ਦਾ ਹੁਕਮ ਹੋਇਆ ਹੈ" ਪ੍ਰੋਕੀਊਰਰ ਕਹੀ ਗਇਆ, ਤੇ ਉਸ ਨਿਖਲੀਊਧਵ ਦੀ ਇਸ ਗੱਲ ਉੱਪਰ ਕਿ ਓਹ ਬੇ ਗੁਨਾਹ ਹੈ ਕੋਈ ਧਿਆਨ ਨ ਦਿੱਤਾ, "ਤਾਂ ਉਹ ਹਾਲੇ ਪਹਿਲੀ ਜੇਹਲ ਵਿੱਚ ਡੱਕੀ ਹੋਣੀ ਹੈ, ਤੇ ਓਥੇ ਹੀ ਹੋਵੇਗੀ ਜਦ ਤਕ ਬਾਕਾਇਦਾ ਹੁਕਮ ਓਥੇ ਨਹੀਂ ਪਹੁੰਚਣਗੇ। ਓਥੇ ਖਾਸ ਖਾਸ ਦਿਨਾਂ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ, ਮੈਂ ਆਪ ਨੂੰ ਇਹ ਸਲਾਹ ਦੇਵਾਂਗਾ ਕਿ ਆਪ ਓਥੇ ਜਾ ਕੇ ਪਤਾ ਕਰੋ।"
"ਪਰ ਮੇਰਾ ਤਾਂ ਉਹਨੂੰ ਜਿੰਨਾ ਛੇਤੀ ਹੋ ਸਕੇ ਮਿਲਣਾ ਬੜਾ ਜਰੂਰੀ ਹੈ, "ਨਿਖਲੀਊਧਵ ਨੇ ਕਹਿਆ—ਤੇ ਓਹਦੇ ਜਬੜੇ ਕੰਬ ਰਹੇ ਸਨ, ਜਦ ਓਸ ਇਹ ਵੇਖਿਆ ਕਿ ਓਹਦੀ ਓਹ ਦੋ ਟੁਕ ਫੈਸਲਾ ਕਰਨ ਵਾਲੀ ਘੜੀ ਸਿਰ ਤੇ ਹੀ ਆਣ ਪਹੁੰਚੀ ਹੈ।
"ਕਿਉਂ? ਆਪ ਨੂੰ ਕੀ ਇੰਨੀ ਲੋੜ ਹੈ" ਪ੍ਰੋਕਿਊਰਰ ਨੇ ਕਿਹਾ, ਕੁਛ ਬੇਸਬਰੀ ਨਾਲ ਆਪਣੀਆਂ ਭਵਾਂ ਉੱਪਰ ਖਿੱਚ ਕੇ।
"ਇਸ ਵਾਸਤੇ ਕਿ ਓਹ ਬੇ ਗੁਨਾਹ ਸਖਤ ਮੁਸ਼ੱਕਤ ਦੀ ਸਜ਼ਾ ਪਾ ਚੁਕੀ ਹੈ ਤੇ ਕਸੂਰ ਸਭ ਮੇਰਾ ਹੈ," ਨਿਖਲੀਊਧਵ ਨੇ ਕੰਬਦੀ ਆਵਾਜ਼ ਵਿੱਚ ਉੱਤਰ ਦਿੱਤਾ, ਨਾਲੇ ਇਹ ਵੀ ਮਹਿਸੂਸ ਕਰ ਰਹਿਆ ਸੀ ਕਿ ਓਹ ਐਸੀ ਗੱਲ ਪਇਆ ਕਹਿੰਦਾ ਹੈ ਜਿਹਦੀ ਕਹਿਣ ਦੀ ਉਹਨੂੰ ਕੋਈ ਲੋੜ ਨਹੀਂ ਸੀ।
"ਉਹ ਕਿਸ ਤਰਾਂ?"
"ਇਸ ਤਰਾਂ—ਮੈਂ ਉਹਨੂੰ ਪ੍ਰੇਰਿਆ ਸੀ ਤੇ ਉਹਦੀ ਇਸ ਹਾਲਤ ਦਾ ਕਾਰਨ ਬਣਿਆਂ ਹਾਂ, ਉਹ ਇਸ ਦੁਰਗਤੀ ਨੂੰ ਨ ਪਹੁੰਚਦੀ, ਨ ਉਹ ਦੋਸੀ ਅੱਜ ਹੁੰਦੀ—ਜੇ ਮੈਂ ਕਾਰਨ ਨ ਹੁੰਦਾ।"
"ਇਹ—ਕਿ ਮੈਂ ਓਹਦਾ ਪਿੱਛਾ ਕਰਨਾ ਚਾਹੁੰਦਾ ਹਾਂ.......ਤੇ ਓਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ," ਨਿਖਲੀਊਧਵ ਨੇ ਥਥਲਾ ਕੇ ਕਹਿਆ, ਤੇ ਆਪਣੀ ਇਸ ਚੰਗਿਆਈ ਨਾਲ ਆਪ ਮੁਅੱਸਰ ਹੋ ਕੇ ਓਹਦੀਆਂ ਅੱਖਾਂ ਵਿੱਚ ਅੱਥਰੂ ਆ ਗਏ।
"ਸੱਚੀਂ? ਵਾਹ ਜੀ," ਪ੍ਰੋਕਿਊਰਰ ਨੇ ਕਹਿਆ, "ਇਹ ਤਾਂ ਬੜਾ ਹੀ ਨਿਰਾਲਾ ਜੇਹਾ ਮਾਮਲਾ ਹੋਇਆ—ਮੇਰੀ ਜਾਚੇ ਆਪ ਕਰਾਸਨੋਪਰਸਕ ਦੀ ਦਿਹਾਤੀ ਹਕੂਮਤ ਦੇ ਮੈਂਬਰ ਹੋ?"—ਉਸ ਪੁੱਛਿਆ ਜਿਵੇਂ ਓਹਨੂੰ ਯਾਦ ਆ ਗਇਆ ਸੀ ਕਿ ਉਸ ਨੇ ਨਿਖਲੀਊਧਵ ਬਾਬਤ ਕਿਸੀ ਪਾਸੋਂ ਸੁਣਿਆ ਸੀ, ਜਿਹੜਾ ਇਸ ਵੇਲੇ ਇਕ ਆਪਣਾ ਅਜੀਬ ਜੇਹਾ ਇਰਾਦਾ ਪ੍ਰਗਟ ਕਰ ਰਹਿਆ ਸੀ।
"ਮੈਂ ਆਪ ਦੀ ਖਿਮਾਂ ਮੰਗਦਾ ਹਾਂ, ਪਰ ਮੇਰਾ ਖਿਆਲ ਹੈ ਕਿ ਇਸ ਗੱਲ ਦਾ ਮੇਰੀ ਦਰਖਾਸਤ ਨਾਲ ਕੋਈ ਸੰਬੰਧ ਨਹੀਂ," ਨਿਖਲੀਊਧਵ ਨੇ ਕੁਛ ਗੁੱਸੇ ਨਾਲ ਲਾਲ ਹੋ ਕੇ ਕਹਿਆ।
"ਦਰਹਕਕੀਤ ਨਹੀਂ," ਪ੍ਰੋਕਿਊਰਰ ਨੇ ਬਿਨਾ ਕਿਸੀ ਸ਼ਰਮਿੰਦਗੀ ਦੀ ਰਤਾਕੂ ਮਸਕਰੀ ਭਰ ਕੇ ਉੱਤਰ ਦਿੱਤਾ, "ਸਿਰਫ਼ ਆਪ ਦੀ ਖਾਹਿਸ਼ ਗੈਰ ਮਹਮੂਲੀ ਹੈ ਤੇ ਆਮ ਗੱਲਾਂ ਥੀਂ ਬਾਹਰ ਹੈ।"
"ਚੰਗਾ ਜੀ—ਕੀ ਆਪ ਮੈਨੂੰ ਪਰਮਿਟ ਦੇ ਸਕਦੇ ਹੋ?
"ਪਰਮਿਟ?— ਹਾਂ—ਮੈਂ ਆਪ ਨੂੰ ਤੁਰਤ ਹੀ ਅੰਦਰ ਜਾਣ ਦੀ ਇਜਾਜ਼ਤ ਦਾ ਪਰਵਾਨਾ ਲਿਖ ਦਿੰਦਾ ਹਾਂ—ਬਹਿ ਜਾਓ।"
ਤੇ ਮੇਜ਼ ਉੱਪਰ ਜਾ ਕੇ ਉਹ ਬਹਿ ਗਿਆ ਤੇ ਲਿਖਣ ਡਹਿ ਪਿਆ, "ਮਿਹਰਬਾਨੀ ਕਰਕੇ ਬਹਿ ਜਾਓ।"
ਇਹ ਅੰਦਰ ਜਾਣ ਦੀ ਇਜਾਜ਼ਤ ਦਾ ਹੁਕਮ ਓਸ ਨਿਖਲੀਊਧਵ ਨੂੰ ਫੜਾਇਆ, ਤੇ ਬੜੀ ਹੀ ਪੁੱਛ ਭਰੀ ਨਿਗਾਹ ਨਾਲ ਉਸ ਵਲ ਤੱਕਣ ਲੱਗ ਗਇਆ।
"ਜੀ—ਮੈਂ ਇਹ ਵੀ ਕਹਿੰਦਾ ਹਾਂ ਕਿ ਅੱਗੇ ਥੀਂ ਹੁਣ ਮੈਂ ਜੂਰੀ ਦੇ ਸੈਸ਼ਨ ਵਿੱਚ ਨਹੀਂ ਬਹਿਣਾ।"
"ਤਾਂ ਆਪ ਨੂੰ ਪਤਾ ਹੀ ਹੈ ਕਿ ਆਪ ਨੂੰ ਬੜੀ ਮਾਕੂਲ ਦਲੀਲਾਂ ਅਦਾਲਤ ਨੂੰ ਦੇਣੀਆਂ ਪਵਣਗੀਆਂ।"
"ਮੇਰੀ ਦਲੀਲ ਇਹ ਹੈ ਕਿ ਮੈਂ ਕਿਸੀ ਉੱਪਰ ਬਹਿ ਕੇ ਅਦਾਲਤ ਕਰਨ ਨੂੰ ਹੀ ਬੇਸੂਦ ਸਮਝਦਾ ਹਾਂ ਬਲਕਿ ਅਧਰਮ ਸਮਝਦਾ ਹਾਂ।"
"ਅੱਛਾ?" ਪ੍ਰੋਕਿਊਰਰ ਨੇ ਕਹਿਆ, ਮੁੜ ਓਹੋ ਹੀ ਓਹਦੀ ਬੇ ਮਲੂਮੀ ਮੁਸਕਰੀ ਭਰਨਾ, ਜਿਵੇਂ ਉਹ ਇਹ ਦੱਸਣਾ ਚਾਹੁੰਦਾ ਸੀ ਕਿ ਇਸ ਤਰਾਂ ਦੀਆਂ ਨਿਰੀਆਂ ਕਥਨੀਆਂ ਥੀਂ ਓਹ ਖੂਬ ਵਾਕਫ ਹੈ ਤੇ ਇਹ ਮਜ਼ਮੂਨ ਇਕ ਦਿਲ ਦੀ ਚੁਹਲ ਮਾਤਰ ਸੀ, "ਠੀਕ ਪਰ ਆਪ ਨੂੰ ਖੂਬ ਪਤਾ ਹੋਣਾ ਚਾਹੀਏ ਕਿ ਮੈਂ ਪ੍ਰੋਕਿਊਰਰ ਦੀ ਹੈਸੀਅਤ ਵਿੱਚ ਆਪ ਦੇ ਖਿਆਲ ਨਾਲ ਸਮਤੀ ਨਹੀਂ ਰੱਖ ਸੱਕਦਾ, ਇਸ ਵਾਸਤੇ ਮੈਂ ਆਪ ਨੂੰ ਸਲਾਹ ਦੇਵਾਂਗਾ ਕਿ ਆਪ ਜਾ ਕੇ ਅਦਾਲਤ ਨੂੰ ਕਹੋ ਤੇ ਅਦਾਲਤ ਹੀ ਫੈਸਲਾ ਕਰੇਗੀ ਕਿ ਆਪ ਦੀ ਇਹ ਦਲੀਲ ਮਾਕੂਲ ਹੈ ਕਿ ਨਹੀਂ। ਜੇ ਨ ਹੋਈ ਤਾਂ ਆਪ ਨੂੰ ਜੁਰਮਾਨਾ ਕਰੇਗੀ, ਫਿਰ ਤੁਸੀਂ ਅਦਾਲਤ ਨੂੰ ਪੁਛੋ।"
"ਮੈਂ ਆਪ ਨੂੰ ਇਤਲਾਹ ਕਰ ਦਿੱਤੀ ਹੈ—ਤੇ ਮੈਂ ਹੁਣ ਕਿਸੀ ਹੋਰ ਨੂੰ ਨਹੀਂ ਪੁੱਛਣਾ," ਨਿਖਲੀਊਧਵ ਨੇ ਕੁਛ ਗੁੱਸੇ ਹੋ ਕੇ ਕਹਿਆ।
"ਚੰਗਾ ਫਿਰ, ਗੁਡਮੌਰਨਿੰਗ," ਪ੍ਰੋਕਿਊਰਰ ਨੇ ਆਖਿਆ, ਆਪਣਾ ਸਿਰ ਰਤਾਕੂ ਨੀਵਾਂ ਕਰਕੇ, ਸਾਫ ਸੀ ਕਿ ਉਹ ਇਸ ਅਜੀਬ ਮੁਲਾਕਾਤੀ ਥੀਂ ਛੁੱਟੀ ਪਾਣਾ ਚਾਹੁੰਦਾ ਸੀ।
"ਇਹ ਕੌਣ ਸੀ ਜੋ ਹੁਣ ਅਸਾਂ ਪਾਸ ਆਇਆ ਸੀ," ਪ੍ਰੋਕਿਊਰਰਨੂੰ ਇਕ ਅਦਾਲਤ ਦੇ ਮੈਂਬਰ ਨੇ ਪੁੱਛਿਆ, ਜਿਹੜਾ ਓਹਦੇ ਅੰਦਰ ਮੁਲਾਕਾਤ ਨੂੰ ਵੜਿਆ ਸੀ ਜਿਵੇਂ ਹੀ ਨਿਖਲੀਊਧਵ ਓਥੋਂ ਬਾਹਰ ਨਿਕਲਿਆ ਹੀ ਸੀ।
"ਨਿਖਲੀਊਧਵ—ਇਹਨੂੰ ਆਪ ਜਾਣਦੇ ਹੀ ਹੋ ਨਾਂ, ਓਹੋ ਜਿਹੜਾ ਕਰਾਸਨੋਪਰਸਕ ਦੀ ਦਿਹਾਤੀ ਹਕੂਮਤ ਦੇ ਜਲਸਿਆਂ ਵਿੱਚ ਅਨੋਖੀਆਂ ਅਨੋਖੀਆਂ ਕਥਨੀਆਂ ਕਰਦਾ ਹੁੰਦਾ ਹੈ। ਜਰਾ ਚੇਤੇ ਕਰੋ ਇਹ ਜੂਰੀ ਉੱਪਰ ਹੈ ਤੇ ਓਥੇ ਪੇਸ਼ ਹੋਇਆਂ ਕੈਦੀਆਂ ਵਿੱਚ ਇਕ ਤੀਮੀਂ ਯਾ ਕੁੜੀ ਸਖਤ ਮੁਸ਼ੱਕਤ ਸਾਈਬੇਰੀਆ ਦੀ ਸਜ਼ਾ ਪਾ ਗਈ ਹੈ। ਇਹ ਕਹਿੰਦਾ ਹੈ ਕਿ ਪਹਿਲਾਂ ਇਸ ਨੇ ਓਹਨੂੰ ਬੁਰੇ ਰਾਹ ਵਲ ਪ੍ਰੇਰਿਆ ਸੀ ਤੇ ਹੁਣ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ।"
"ਤੇਰੇ ਕਹਿਣ ਦਾ ਇਹ ਮਤਲਬ ਨਹੀਂ ਹੋਣਾ!"
"ਇਹੋ ਹੀ ਉਸ ਮੈਨੂੰ ਕਿਹਾ ਹੈ ਤੇ ਉਹ ਇਕ ਅਜੀਬ ਜੋਸ਼ ਦੀ ਹਾਲਤ ਵਿੱਚ ਸੀ।"
"ਅੱਜ ਕਲ ਦੇ ਨੌਜਵਾਨਾਂ ਦੀ ਦਿਮਾਗੀ ਹਾਲਤ ਕੁਛ ਅਸਾਧਾਰਨ ਹੋ ਰਹੀ ਹੈ।"
"ਆਹ! ਪਰ ਇਹ ਇੰਨਾਂ ਜਵਾਨ ਕੋਈ ਮੁੰਡਾ ਤਾਂ ਨਹੀਂ।"
"ਨਹੀਂ ਪਰ ਆਪ ਦਾ ਮਸ਼ਹੂਰ ਈਵਾਸ਼ੈਨਕੋ ਕਿੰਨਾ ਥਕਾ ਦੇਣ ਵਾਲਾ ਸੀ, ਉਹ ਦੂਜਿਆਂ ਨੂੰ ਗੱਲਾਂ ਨਾਲ ਥਕਾ ਕੇ ਹੀ ਜਿੱਤ ਜਾਂਦਾ ਸੀ ਤੇ ਅਖੁੱਟ ਗੱਲਾਂ ਕਰੀ ਹੀ ਚਲਾ ਜਾਂਦਾ ਸੀ।"
"ਹਾਂ—ਇਹੋ ਜੇਹੇ ਬੰਦਿਆਂ ਨੂੰ ਤਾਂ ਰੋਕ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਦਰਹਕੀਕਤ ਹਕੂਮਤ ਦੇ ਰਾਹ ਵਿੱਚ ਰੋੜਾ ਅਟਕਾਣ ਵਾਲੇ ਹੋ ਜਾਣਗੇ।"
ਮੋਇਆਂ ਦੀ ਜਾਗ-ਕਾਂਡ ੩੬. : ਲਿਉ ਤਾਲਸਤਾਏ
ਪ੍ਰੋਕਿਊਰਰ ਥੀਂ ਹੋ ਕੇ, ਨਿਖਲੀਊਧਵ ਸਿੱਧਾ ਪਹਿਲੇ ਡੱਕਣ ਵਾਲੇ ਹਵਾਲਾਤੀ ਜੇਹਲ ਨੂੰ ਗਇਆ ਪਰ ਓਥੇ ਮਸਲੋਵਾ ਕੋਈ ਨਹੀਂ ਸੀ ਲੱਭੀ ਤੇ ਇਨਸਪੈਕਟਰ ਨੇ ਨਿਖਲੀਊਧਵ ਨੂੰ ਸਮਝਾਇਆ, ਕਿ ਸ਼ਾਇਦ ਉਹ ਪੁਰਾਣੇ ਆਰਜ਼ੀ ਜੇਹਲ ਵਿੱਚ ਹੋਵੇਗੀ।
ਦੋਹਾਂ ਕੈਦਖਾਨਿਆਂ ਵਿੱਚ ਬੜਾ ਫਾਸਲਾ ਸੀ, ਤੇ ਨਿਖਲੀਊਧਵ ਕਿਧਰੇ ਸ਼ਾਮ ਨੂੰ ਜਾ ਓਥੇ ਪਹੁਤਾ। ਓਸ ਵੱਡੀ ਭਾਰੀ ਤੇ ਬੇਰੌਣਕ ਇਮਾਰਤ ਵਲ ਘੂਠੀ ਜਾ ਹੀ ਰਹਿਆ ਸੀ ਕਿ ਸੰਤਰੀ ਨੇ ਓਹਨੂੰ ਰੋਕਿਆ ਤੇ ਘੰਟੀ ਵਜਾਈ। ਘੰਟੀ ਸੁਣਕੇ ਇਕ ਜੇਲਰ ਆ ਗਇਆ। ਨਿਖਲੀਊਧਵ ਨੇ ਓਹਨੂੰ ਆਪਣੇ ਅੰਦਰ ਜਾਣ ਦਾ ਪਰਮਿਟ ਦੱਸਿਆ, ਪਰ ਜੇਲਰ ਨੇ ਕਹਿਆ ਕਿ ਇਨਸਪੈਕਟਰ ਦੇ ਹੁਕਮ ਬਿਨਾਂ ਉਹ ਓਹਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸੱਕਦਾ। ਨਿਖਲੀਊਧਵ ਇਨਸਪੈਕਟਰ ਨੂੰ ਮਿਲਣ ਗਇਆ। ਜਦ ਉਹ ਪਉੜੀਆਂ ਥੀਂ ਓਹਦੇ ਮਕਾਨ ਨੂੰ ਉੱਪਰ ਜਾ ਰਹਿਆ ਸੀ, ਉਸਦੇ ਪਿਆਨੋਂ ਉੱਪਰ ਕਿਸੀ ਪੇਚੀਦਾ ਜੇਹੇ ਰਾਗ ਦੇ ਵਜਾਓਣ ਦੀਆਂ ਆਵਾਜ਼ਾਂ ਦੂਰੋਂ ਆਉਂਦੀਆਂ ਸੁਣੀਆਂ। ਤਦ ਹੀ ਇਕ ਦੋਗਲੀ ਜੇਹੀ ਤੀਮੀਂ ਨੌਕਰਾਨੀ, ਜਿਹਨੇ ਅੱਖ ਉੱਪਰ ਪੱਟੀ ਬੱਧੀ ਹੋਈ ਸੀ, ਆਈ, ਤੇ ਓਹਨੂੰ ਦਰਵਾਜ਼ਾ ਖੋਲ੍ਹਿਆ, ਉਹ ਆਵਾਜ਼ਾਂ ਹੁਣ ਕਮਰੇ ਵਿੱਚੋਂ ਆਉਂਦੀਆਂ ਲਗਦੀਆਂ ਸਨ, ਇਹ ਰਾਗ ਲਿਸਤਿਜ਼ ਦੀ ਮਸਤੀ ਦਾ ਤ੍ਰਾਨਾ ਸੀ ਜਿਸ ਥੀਂ ਉਹਨਾਂ ਦਿਨਾਂ ਹਰ ਕੋਈ ਥੱਕ ਚੁਕਾ ਸੀ ਤੇ ਇੱਥੇ ਓਹ ਆਲੀਸ਼ਾਨ ਰੰਗ ਵਿਚ ਵਜਦਾ ਸੀ, ਪਰ ਇਕ ਖਾਸ ਗੱਮਤ ਤਕ ਹੀ। ਜਦ ਓਥੇ ਅਪੜ ਪੈਂਦਾ ਸੀ ਮੁੜ ਮੁੰਢੋ ਸੁੰਢੋ ਵੱਜਣ ਲਗ ਜਾਂਦਾ ਸੀ। ਨਿਖਲੀਊਧਵ ਨੇ ਪੱਟੀ ਬੱਧੀ ਜ਼ਨਾਨੀ ਨੂੰ ਪੁੱਛਿਆ ਕਿ ਕੀ ਇਨਸਪੈਕਟਰ ਸਾਹਿਬ ਘਰ ਹੀ ਹਨ, ਉਸਨੇ ਉੱਤਰ ਦਿੱਤਾ ਨਹੀਂ ਹਨ।
"ਕੀ ਉਹ ਛੇਤੀ ਵਾਪਸ ਆਉਣ ਵਾਲੇ ਹਨ?"
"ਮੈਂ ਅੰਦਰੋਂ ਪੁੱਛਕੇ ਆਪ ਨੂੰ ਦੱਸਦੀ ਹਾਂ," ਤੇ ਨੌਕਰਾਨੀ ਚਲੀ ਗਈ।
ਓਹ ਤਰਾਨਾਂ ਹੁਣ ਬਸ ਪੀਂਘੇ ਚੜ੍ਹਿਆ ਸੀ ਪਰ ਅਚਨਚੇਤ, ਆਪਣੇ ਉਸ ਜਾਦੂ-ਹਦ ਤਕ ਅੱਪੜਨ ਥੀਂ ਪਹਿਲਾਂ ਹੀ ਟੁੱਟ ਗਇਆ ਤੇ ਰਾਗ ਦੇ ਬਦਲੇ ਇਕ ਬੋਲ ਦਾ ਆਵਾਜ਼ ਆਇਆ:—
"ਜਾ ਓਹਨੂੰ ਕਹਿਦੇ—ਓਹ ਘਰ ਨਹੀਂ, ਤੇ ਅੱਜ ਘਰ ਓਹਨੇ ਹੋਣਾ ਵੀ ਨਹੀਂ, ਓਹ ਮੁਲਾਕਾਤਾਂ ਕਰਨ ਗਇਆ ਹੋਇਆ ਹੈ, ਇਹ ਲੋਕੀ ਬਸ ਦਿੱਕ ਕਰਨ ਆ ਜਾਂਦੇ ਹਨ!" ਦਰਵਾਜ਼ੇ ਦੇ ਪਿੱਛੋਂ ਇਕ ਤੀਵੀਂ ਦੀ ਆਵਾਜ਼ ਆਈ, ਤੇ ਮੁੜ ਓਹ ਤਰਾਨਾਂ ਲੱਗਾ ਕੜਕਨ—ਮੁੜ ਟੁੱਟਿਆ, ਤੇ ਇਕ ਕੁਰਸੀ ਦੇ ਪਿੱਛੇ ਹਟਾ ਲਏ ਜਾਣ ਦੀ ਅਵਾਜ਼ ਆਈ, ਇਹ ਸਾਫ ਸੀ ਕਿ ਉਹ ਦਿਕ ਹੋਈ ਪਿਆਨੋ ਵਜਾਣ ਵਾਲੀ ਐਸੀ ਬੇ ਮੌਕੇ ਵਕਤ ਆਏ ਮੁਲਾਕਾਤੀ ਨੂੰ ਕੁਛ ਝਾੜਨਾ ਚਾਹੁੰਦੀ ਸੀ ਓਸ ਬਿਨ ਦੇਖੇ ਕਿਹਾ।
"ਪਾਪਾ ਘਰ ਨਹੀਂ," ਇਕ ਗੁਸੈਲ ਜੇਹੀ, ਪੀਲੀ ਜੇਹੀ, ਬੀਮਾਰ ਜੇਹੀ ਕੁੜੀ ਨੇ ਕਹਿਆ ਜਦ ਉਹ ਬਾਹਰ ਵਾਲੇ ਕਮਰੇ ਵਿੱਚ ਆਈ; ਪਰ ਇਕ ਚੰਗੇ ਕਪੜੇ ਪਾਏ ਨੌਜਵਾਨ ਨੂੰ ਜਦ ਵੇਖਿਆ ਝਟ ਮੁਲਾਇਮ ਹੋਕੇ ਕਹਿਆ, "ਜੀ ਆਪ ਅੰਦਰ ਆ ਜਾਓ, ਆਪ ਕੀ ਚਾਹੁੰਦੇ ਹੋ?"
"ਮੈਂ ਜੇਲ੍ਹ ਵਿੱਚ ਇਕ ਕੈਦੀ ਨੂੰ ਮਿਲਣਾ ਹੈ।"
"ਮੇਰੀ ਜਾਚੇ ਕਿਸੀ ਮੁਲਕੀ ਕੈਦੀ ਨੂੰ?"
"ਨਹੀਂ-ਮੁਲਕੀ ਨਹੀਂ, ਮੇਰੇ ਪਾਸ ਪ੍ਰੋਕਿਊਰਰ ਦਾ ਪਰਮਿਟ ਹੈ।"
"ਜੀ ਮੈਂ ਨਹੀਂ ਜਾਣਦੀ, ਪਾਪਾ ਘਰ ਨਹੀਂ ਹਨ, ਪਰ ਤੁਸੀਂ ਅੰਦਰ ਆ ਜਾਓ।" ਓਸ ਮੁੜ ਕਹਿਆ, "ਯਾ ਤੁਸੀ ਅਸਟੰਟ ਨੂੰ ਪੁੱਛੋ, ਓਹ ਇਸ ਵੇਲੇ ਦਫਤਰ ਵਿੱਚ ਹੈ ਓਹਨੂੰ ਜਾਕੇ ਪੁੱਛੋ, ਜੀ ਆਪ ਦਾ ਨਾਂ ਕੀ ਹੈ?"
"ਮਿਹਰਬਾਨੀ!" ਨਿਖਲੀਊਧਵ ਨੇ ਕਹਿਆ ਓਹਦੇ ਸਵਾਲ ਦਾ ਉੱਤਰ ਕੋਈ ਨਾਂ ਦਿੱਤਾ ਤੇ ਓਥੋਂ ਵਾਪਸ ਹੋ ਪਇਆ।
ਓਹਦੇ ਜਾਣ ਬਾਹਦ ਦਰਵਾਜ਼ਾ ਹਾਲੇ ਮਸਾਂ ਬੰਦ ਹੀ ਹੋਇਆ ਹੋਣਾ ਹੈ ਕਿ ਓਹ ਖੁਸ਼ ਤਰਾਨਾ ਮੁੜ ਵੱਜਿਆ, ਇਹ ਸੁਰਾਂ ਓਸ ਥਾਂ ਲਈ ਤੇ ਓਸ ਰੋਗੀ ਜੇਹੀ ਕੁੜੀ ਦੀ ਸ਼ਕਲ ਲਈ ਕੁਥਾਂਵੀਆਂ ਸਨ, ਪਰ ਓਹ ਕੁੜੀ ਪੱਕੇ ਇਰਾਦੇ ਨਾਲ ਉਨ੍ਹਾਂ ਨੂੰ ਵਜਾਉਣ ਦੀ ਮਸ਼ਕ ਕਰ ਰਹੀ ਸੀ। ਅਹਾਤੇ ਵਿੱਚ ਨਿਖਲੀਊਧਵ ਇਕ ਕੰਡਿਆਲੀ ਜੇਹੀ ਮੁੱਛਾਂ ਵਾਲੇ ਅਫਸਰ ਨੂੰ ਮਿਲਿਆ ਤੇ ਪੁੱਛਿਆ ਕਿ ਅਸਟੰਟ ਕਿੱਥੇ ਹੋਣਾ ਹੈ? ਓਹੋ ਹੀ ਅਸਟੰਟ ਸੀ ਓਸ ਉਹਦੇ ਪਰਮਿਟ ਨੂੰ ਵੇਖਿਆ ਪਰ ਕਹਿਆ ਕਿ ਓਹ ਹਵਾਲਾਤੀ ਜੇਲ੍ਹ ਦੇ ਪਰਮਿਟ ਉੱਪਰ ਇਸ ਜੇਲ੍ਹ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ, ਨਾਲੇ ਅੱਜ ਦੇਰ ਹੋ ਚੁਕੀ ਹੈ, "ਕਲ ਫਿਰ ਆਪ ਨੇ ਆਵਣਾ। ਕਲ ਦਸ ਬਜੇ ਸਭ ਨੂੰ ਅੰਦਰ ਜਾਣਾ ਮਿਲ ਜਾਂਦਾ ਹੈ ਤਦ ਆਓ, ਇੰਸਪੈਕਟਰ ਆਪ ਵੀ ਘਰੇ ਹੋਸੀ, ਫਿਰ ਆਪ ਦੀ ਮੁਲਾਕਾਤ ਇਕ ਸਾਂਝੇ ਕਮਰੇ ਵਿੱਚ ਹੋ ਸਕੇਗੀ ਤੇ ਜੇ ਇੰਸਪੈਕਟਰ ਦੀ ਮਰਜ਼ੀ ਹੋਈ ਤਦ ਦਫ਼ਤਰ ਵਿੱਚ ਵੀ ਹੋ ਸਕਦੀ ਹੈ।"
ਇਉਂ ਓਸ ਦਿਨ ਨਿਖਲੀਊਧਵ ਮੁਲਾਕਾਤ ਕਰਨ ਵਿੱਚ ਨਾਕਾਮਯਾਬ ਰਹਿਆ ਤੇ ਘਰ ਵਾਪਸ ਹੋ ਗਇਆ। ਮਸਲੋਵਾ ਦੇ ਮਿਲਣ ਦੀ ਤਾਂਘ ਕਰਕੇ ਤੇ ਉਸ ਜੋਸ਼ ਵਿੱਚ ਹੋਣ ਕਰਕੇ ਓਹਦੇ ਮਨ ਵਿੱਚ ਅਦਾਲਤਾਂ ਦਾ ਕੋਈ ਖਿਆਲ ਨਹੀਂ ਸੀ ਲੰਘ ਰਹਿਆ | ਪਰ ਓਸ ਦਿਨ ਪ੍ਰੋਕਿਊਰਰ ਨਾਲ ਜਿਹੜੀ ਗੱਲ ਬਾਤ ਹੋਈ ਸੀ, ਯਾ ਜਿਹੜੀਆਂ ਗੱਲਾਂ ਅਸਟੰਟ ਨਾਲ ਹੋਈਆਂ ਸਨ, ਯਾ ਇਸ ਗੱਲ ਨੇ ਕਿ ਉਹ ਕਿਸਦੀ ਮੁਲਾਕਾਤ ਨੂੰ ਮਾਰਿਆ ਮਾਰਿਆ ਫਿਰ ਰਹਿਆ ਸੀ, ਉਸ ਪ੍ਰੋਕਿਊਰਰ ਨੂੰ ਵੀ ਆਪਣਾ ਦਿਲ ਦਸ ਦਿੱਤਾ ਸੀ, ਤੇ ਦੋਹਾਂ ਜੇਲ੍ਹਾਂ ਥੀਂ ਵੀ ਹੋ ਆਇਆ ਸੀ—ਆਦਿ ਨੇ ਉਸਨੂੰ ਇੰਨਾ ਜੋਸ਼ ਜ਼ਹਿਰ ਚਾੜ੍ਹਿਆ ਹੋਇਆ ਸੀ ਕਿ ਓਹਨੂੰ ਸ਼ਾਂਤ ਹੋਣ ਲਈ ਬੜਾ ਚਿਰ ਲੱਗਾ। ਜਦ ਉਹ ਘਰ ਪਹੁਤਾ ਓਸ ਆਪਣੀ ਡਾਇਰੀ ਦੇ ਪਿਛਲੇ ਕੁਝ ਫਿਕਰੇ ਪੜ੍ਹੇ ਤੇ ਅੱਗੇ ਇਉਂ ਲਿਖਿਆ:—
"ਦੋ ਸਾਲ ਤੱਕ ਮੈਂ ਆਪਣੀ ਡਾਇਰੀ ਵਿੱਚ ਕੁਛ ਨਹੀਂ ਲਿਖਿਆ ਤੇ ਮੇਰਾ ਖਿਆਲ ਸੀ ਕਿ ਮੈਂ ਕਦੀ ਇਸ ਬਾਲਪੁਨੇ ਜੇਹੀ ਵਾਲੀ ਗੱਲ ਵੱਲ ਮੁੜ ਨਹੀਂ ਆਵਾਂਗਾ। ਪਰ ਇਹ ਬੱਚਪਨ ਨਹੀਂ, ਇਹ ਤਾਂ ਆਪਣੇ ਆਪ ਨਾਲ, ਆਪਣੇ ਦੈਵੀ ਆਤਮਾ ਨਾਲ, ਜਿਹੜਾ ਹਰ ਇਕ ਬੱਚੇ ਦੇ ਦਿਲ ਵਿੱਚ ਵੱਸ ਰਹਿਆ ਹੈ, ਗੱਲਾਂ ਕਰਨ ਤੁੱਲ ਹੈ। ਇਸ ਸਾਰੇ ਅਰਸੇ ਵਿੱਚ ਮੇਰਾ ਜੀ ਸੁੱਤਾ ਪਇਆ ਸੀ ਤੇ ਗੱਲਾਂ ਕਰਨ ਲਈ ਕੋਈ ਹੈ ਹੀ ਨਹੀਂ ਸੀ। ੨੮ ਅਪਰੈਲ ਨੂੰ ਅਦਾਲਤ ਵਿੱਚ ਜਦ ਮੈਂ ਜੂਰੀ ਉੱਪਰ ਸਾਂ, ਇਕ ਅਦਭੁਤ ਰੱਬੀ ਪ੍ਰੇਰਨਾ ਹੋਈ। ਮੈਂ ਓਹਨੂੰ ਕੈਦੀਆਂ ਵਾਲੇ ਜੰਗਲੇ ਵਿੱਚ ਡਿੱਠਾ, ਓਹ ਕਾਤੂਸ਼ਾ ਜਿਹਨੂੰ ਮੈਂ ਖਰਾਬ ਕੀਤਾ ਸੀ, ਓਹ ਕੈਦੀਆਂ ਵਾਲਾ ਮੋਟਾ ਓਵਰਕੋਟ ਪਾਈ ਖੜੀ ਸੀ—ਇਕ ਓਪਰੀ ਘਟਨਾ ਹੋਈ, ਮੇਰੇ ਆਪਣੇ ਕਸੂਰ ਕਰਕੇ ਓਹਨੂੰ ਸਖਤ ਮੁਸੀਬਤ ਦੀ ਸਜ਼ਾ ਮਿਲੀ। ਮੈਂ ਹੁਣ ਪ੍ਰੋਕਿਊਰਰ ਪਾਸੋਂ ਤੇ ਜੇਲਖਾਨੇ ਹੋਕੇ ਆਇਆ ਹਾਂ ਪਰ ਮੈਨੂੰ ਅੰਦਰ ਜਾਣਾ ਨਹੀਂ ਮਿਲਿਆ। ਪਰੰਤੂ ਮੈਂ ਪੱਕਾ ਇਰਾਦਾ ਕਰ ਲਇਆ ਹੈ ਕਿ ਮੈਂ ਓਹਨੂੰ ਮਿਲਾਂਗਾ, ਓਹਨੂੰ ਆਪਣਾ ਦਿਲ ਖੋਲ੍ਹ ਕੇ ਆਪਣਾ ਸਾਰਾ ਕਸੂਰ ਦੱਸਾਂਗਾ ਤੇ ਆਪਣੇ ਗੁਨਾਹ ਦਾ ਕੁਫ਼ਾਰਾ ਕਰਾਂਗਾ। ਜੇ ਹੋ ਸੱਕੇ ਤਾਂ ਵਿਆਹ ਕਰਕੇ ਵੀ ਇਸ ਪਾਪ ਨੂੰ ਧੋਵਾਂਗਾ; ਰੱਬ, ਮੇਰੀ ਮਦਦ ਕਰੇ। ਮੇਰਾ ਰੂਹ ਹੁਣ ਸ਼ਾਂਤ ਹੈ ਤੇ ਮੇਰੇ ਅੰਦਰ ਖੁਸ਼ੀ ਭਰੀ ਪਈ ਹੈ।"
ਮੋਇਆਂ ਦੀ ਜਾਗ-ਕਾਂਡ ੩੭. : ਲਿਉ ਤਾਲਸਤਾਏ
ਓਸ ਰਾਤ ਮਸਲੋਵਾ ਬੜਾ ਚਿਰ ਜਾਗਦੀ ਰਹੀ। ਅੱਖਾਂ ਖੁੱਲ੍ਹੀਆਂ ਓਹ ਓਸ ਦਰਵਾਜ਼ੇ ਵਲ ਟੱਕ ਬੰਨ ਕੇ ਵੇਖਦੀ ਰਹੀ ਜਿਹਦੇ ਅੱਗੇ ਓਹ ਪਾਦਰੀ ਦੀ ਲੜਕੀ ਟਹਿਲ ਰਹੀ ਸੀ ਤੇ ਮਸਲੋਵਾ ਕਿਨ੍ਹਾਂ ਸੋਚਾਂ ਵਿੱਚ ਪਈ ਸੀ?
ਭਾਵੇਂ ਕੁਛ ਹੋਵੇ ਓਹ ਸੁਖਾਲੀਨ ਦੇ ਕਿਸੀ ਕਾਨਵਿਕਟ ਨਾਲ ਤਾਂ ਜਾਕੇ ਵਿਆਹ ਨਹੀਂ ਕਰੇਗੀ, ਪਰ ਓਥੇ ਓਹ ਕਿਸੀ ਜੇਲ੍ਹ ਦੇ ਅਫਸਰ ਨਾਲ ਗੱਲ ਬਣਾ ਲਵੇਗੀ ਭਾਵੇਂ ਕਲਾਰਕ ਨਾਲ ਹੀ ਸਹੀ, ਵਾਰਡਰ ਯਾ ਵਾਰਡਰ ਦਾ ਅਸਟੰਟ ਹੀ ਸਹੀ ਕੋਈ ਲੱਭ ਹੀ ਪਵੇਗਾ, "ਕੀ ਓਹ ਸਾਰੇ ਦੇ ਸਾਰੇ ਇਹੋ ਜੇਹੇ ਵਿਸ਼ੇ ਵਿਕਾਰਾਂ ਦੇ ਵਲ ਨਹੀਂ ਲੱਗੇ ਹੁੰਦੇ? ਸਿਰਫ ਮੈਨੂੰ ਪਤਲਾ ਦੁਬਲਾ ਸੁੱਕਿਆ ਸੜਿਆ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਮੈਂ ਗਈ ਗਵਾਚੀ।"
ਓਸ ਚੇਤੇ ਕੀਤਾ ਕਿ ਉਹਦਾ ਵਕੀਲ ਓਸ ਵਲ ਕਾਮ ਲਾਲਸਾ ਨਾਲ ਵੇਖਦਾ ਸੀ ਤੇ ਓਹ ਪ੍ਰਧਾਨ ਵੀ ਤੇ ਓਹ ਸਾਰੇ ਮਰਦ ਜਿਹੜੇ ਓਹਨੂੰ ਮਿਲੇ ਸਨ, ਤੇ ਓਹ ਖਾਸ ਲੋਕੀ ਜੋ ਇਸ ਮਤਲਬ ਲਈ ਹੀ ਕਚਹਿਰੀ ਆਏ ਸਨ, ਸਾਰੇ ਦੇ ਸਾਰੇ ਕਾਮ ਅੱਖਾਂ ਨਾਲ ਉਸ ਵੱਲ ਵੇਖਦੇ ਸਨ। ਓਹਨੂੰ ਓਹ ਗੱਲ ਵੀ ਚੇਤੇ ਆਈ ਜਿਹੜੀ ਓਹਦੀ ਸਾਥਣ ਬੈਰਥਾ ਓਹਨੂੰ ਜੇਲ੍ਹ ਵਿੱਚ ਆਕੇ ਦੱਸ ਗਈ ਸੀ ਕਿ ਓਹ ਪੜ੍ਹਨ ਵਾਲਾ ਮੁੰਡਾ ਜਿਹਨੂੰ ਓਹ, ਜਦ ਇਹ ਕਿਤਾਈਵਾ ਦੇ ਕੰਜਰ ਘਰ ਰਹਿੰਦੀ ਸੀ, 'ਪਿਆਰ' ਕਰਦੀ ਸੀ, ਓਹਨੂੰ ਪੁੱਛਦਾ ਸੀ ਤੇ ਓਹਦੀ ਹਾਲਤ ਉੱਪਰ ਓਹਨੂੰ ਖਾਸ ਕਰ ਬੜਾ ਹੀ ਮੰਦਾ ਲੱਗ ਰਹਿਆ ਸੀ। ਓਸ ਲਾਲ ਵਾਲਾਂ ਵਾਲੀ ਦੀ ਲੜਾਈ ਯਾਦ ਕੀਤੀ ਓਹਦੀ ਹਾਲਤ ਤੇ ਵੀ ਓਹਨੂੰ ਤਰਸ ਆਇਆ ਓਹਨੂੰ ਉਹ ਨਾਨਬਾਈ ਯਾਦ ਆਇਆ ਜਿਹਨੇ ਓਹਨੂੰ ਇੱਕ ਰੋਟੀ ਵਾਧੂ ਘੱਲੀ ਸੀ, ਉਹਨੂੰ ਕਈ ਯਾਦ ਆਏ ਤੇ ਜੇ ਨਾ ਆਇਆ ਯਾਦ ਤਾਂ ਨਿਖਲੀਊਧਵ ਨਹੀਂ ਯਾਦ ਆਇਆ ਸੀ। ਓਸ ਆਪਣੇ ਬਾਲਪੁਣੇ ਦੇ ਦਿਨ ਨ ਚੇਤੇ ਕੀਤੇ ਤੇ ਨ ਓਹਨੂੰ ਯਾਦ ਆਏ, ਤੇ ਨ ਜਵਾਨੀ ਆਪਣੀ ਤੇ ਨ ਨਿਖਲੀਊਧਵ ਨਾਲ ਕੀਤਾ ਪਿਆਰ; ਓਸ ਲਈ ਓਹ ਗੱਲਾਂ ਚੇਤੇ ਕਰਨੀਆਂ ਬੜੀਆਂ ਦੁਖਦਾਈ ਹੁੰਦੀਆਂ ਸਨ। ਓਹ ਤਾਂ ਓਹਦੇ ਰੂਹ ਦੀ ਕਿਸੀ ਡੂੰਘਾਈ ਵਿੱਚ ਅਣਛੋਹਤੀਆਂ ਪਈਆਂ ਹੋਈਆਂ ਭੁਲੀਆਂ ਹੋਈਆਂ ਸਨ। ਉਹਨੇ ਇਨ੍ਹਾਂ ਗੱਲਾਂ ਨੂੰ ਕਦੀ ਸੁਫਨੇ ਵਿੱਚ ਵੀ ਨਹੀਂ ਚੇਤੇ ਕੀਤਾ। ਅੱਜ ਕਚਹਿਰੀ ਵਿੱਚ ਵੀ ਕਾਤੂਸ਼ਾ ਓਸਨੂੰ ਨਹੀਂ ਸੀ ਪਛਾਤਾ, ਨ ਸਿਰਫ ਇਸ ਕਰਕੇ ਕਿ ਆਖਰੀ ਜਦ ਉਹਨੂੰ ਮਿਲੀ ਸੀ ਓਹ ਆਪਣੀ ਫੌਜੀ ਵਰਦੀ ਵਿੱਚ ਸੀ ਤੇ ਦਾਹੜੀ ਚੱਟ ਕੀਤੀ ਹੋਈ ਸੀ ਤੇ ਨੀਲੀਆਂ ਛੋਟੀਆਂ ਨਵੀਆਂ ਮੁੱਛਾਂ ਸਨ, ਤੇ ਘਣੇ ਸੋਹਣੇ ਘੁੰਘਰੀਆਲੇ ਛੋਟੇ ਪਟੇ ਸਨ, ਤੇ ਹੁਣ ਸਿਰ ਗੰਜਾ ਤੇ ਦਾਹੜੀ। ਬਲਕਿ ਇਸ ਕਰਕੇ ਕਿ ਓਸ ਨੇ ਉਹਦਾ ਕਦੀ ਮੁੜ ਚੇਤਾ ਨਹੀਂ ਸੀ ਕੀਤਾ, ਉਸ ਨੇ ਉਹਦੀ ਯਾਦ ਉਸ ਭਿਆਨਕ ਰਾਤੀਂ ਹੀ ਕਿਸੀ ਕਬਰ ਵਿੱਚ ਦੱਬ ਦਿੱਤੀ ਸੀ ਜਦ ਉਹ ਜੰਗ ਵਲੋਂ ਉਸੇ ਰਾਤੀਂ ਹੀ ਮੁੜਦਾ ਰੇਲ ਵਿੱਚ ਬੈਠਾ ਬਿਠਾਇਆ ਲੰਘ ਗਇਆ ਸੀ, ਤੇ ਆਪਣੀਆਂ ਫੁੱਫੀਆਂ ਨੂੰ ਮਿਲਣ ਨਹੀਂ ਸੀ ਉਤਰਿਆ। ਤਦ ਕਾਤੂਸ਼ਾ ਨੂੰ ਪਤਾ ਲੱਗ ਗਇਆ ਸੀ ਕਿ ਉਹ ਗਰਭਵਤੀ ਹੈ। ਜਦ ਤਕ ਓਹਨੂੰ ਇਹ ਆਸ ਸੀ ਕਿ ਓਹ ਆਵੇਗਾ, ਤਦ ਤਕ ਉਸ ਨੂੰ ਆਪਣੇ ਬੱਚੇ ਦਾ ਜਿਹੜਾ ਉਹਦੇ ਦਿਲ ਦੇ ਹੇਠ ਹਿਲਦਾ ਦਿੱਸ ਰਹਿਆ ਸੀ, ਬੋਝ ਨਹੀਂ ਸੀ ਲੱਗਦਾ ਤੇ ਕਈ ਵੇਰੀ ਉਹ ਅਚਰਜ ਹੁੰਦੀ ਸੀ ਤੇ ਦਿਲ ਉਹਦਾ ਮਾਂ ਦੇ ਦਿਲ ਵਾਲੇ ਤਰਸ ਵਿੱਚ ਘੁਲ ਜਾਂਦਾ ਸੀ। ਓਹ ਉਹਦੇ ਪਿਆਰ ਵਿੱਚ ਦਰੱਵਦੀ ਸੀ, ਆਪਣੇ ਅੰਦਰ ਉਹਦੇ ਨਰਮ ਪਰ ਅਚਨਚੇਤ ਹਿੱਲਣ ਨਾਲ ਇਕ ਅਜੀਬ ਪਿਆਰ ਦੀ ਜੀ-ਛੋਹ ਹੁੰਦੀ ਸੀ। ਪਰ ਉਸ ਰਾਤ ਸਭ ਕੁਝ ਜੋ ਸੀ ਹੋਰ ਹੋ ਗਇਆ। ਬੱਚਾ ਸਵਾਏ ਇਕ ਬੇਮਹਿਨੇ ਭਾਰ ਦੇ ਹੋਰ ਕੁਝ ਓਸ ਲਈ ਨਾ ਰਹਿਆ।
ਉਹਦੀਆਂ ਫੁੱਫੀਆਂ ਨੂੰ ਵੀ ਨਿਖਲੀਊਧਵ ਦੀ ਉਡੀਕ ਸੀ ਤੇ ਉਨ੍ਹਾਂ ਓਹਨੂੰ ਕਹਿ ਵੀ ਭੇਜਿਆ ਸੀ ਕਿ ਉਨ੍ਹਾਂ ਨੂੰ ਰਾਹ ਵਿੱਚ ਓਹ ਮਿਲਦਾ ਜਾਵੇ ਪਰ ਉਸਨੇ ਇਕ ਤਾਰ ਘੱਲ ਦਿੱਤੀ ਸੀ ਕਿ ਓਹ ਨਹੀਂ ਉੱਤਰ ਸੱਕਣ ਲੱਗਾ, ਕਿਉਂਕਿ ਇਕ ਖਾਸ ਨੀਤ ਵਕਤ ਤੇ ਉਨ੍ਹਾਂ ਸਾਰਿਆਂ ਨੇ ਸੇਂਟ ਪੀਟਰਜ਼ਬਰਗ ਪਹੁੰਚਨਾ ਹੈ। ਜਦ ਕਾਤੂਸ਼ਾ ਇਹ ਸੁਣਿਆ ਸੀ, ਤਦ ਓਸ ਆਪਣੇ ਮਨ ਵਿੱਚ ਠਾਨ ਲਈ ਸੀ ਕਿ ਓਹ ਆਪ ਸਟੇਸ਼ਨ ਤੇ ਜਾਕੇ ਓਹਨੂੰ ਮਿਲ ਆਵੇਗੀ। ਰਾਤ ਦੇ ਦੋ ਵਜੇ ਕਿਧਰੇ ਓਹਦੀ ਗੱਡੀ ਨੇ ਓਸ ਸਟੇਸ਼ਨ ਥੀਂ ਲੰਘਣਾ ਸੀ। ਕਾਤੂਸ਼ਾ ਬੁਢੀਆਂ ਨੂੰ ਸਵਾਲ ਕੇ, ਇਕ ਨਿੱਕੀ ਕੁੜੀ ਨੂੰ, ਲਾਂਗਰੀ ਦੀ ਲੜਕੀ ਮਾਸ਼ਕਾ ਨੂੰ, ਆਪਣੇ ਨਾਲ ਜਾਣ ਲਈ ਮਿੰਨਤ ਤਰਲੇ ਕਰਕੇ ਲੀਤਾ, ਪੁਰਾਣੇ ਬੂਟਾਂ ਦਾ ਜੋੜਾ ਪਾਇਆ। ਮੋਢੇ ਤੇ ਇਕ ਸ਼ਾਲ ਸੁੱਟੀ, ਆਪਣੀ ਪੋਸ਼ਾਕ ਨੂੰ ਉੱਪਰ ਕੁੰਜ ਕੇ ਹੱਥ ਵਿੱਚ ਫੜਿਆ ਤੇ ਸਟੇਸ਼ਨ ਵੱਲ ਦੌੜ ਪਈ।
ਓਹ ਰਾਤ ਪੱਤਝੜ ਰੁੱਤ ਦੀ ਸੀ। ਕੁਝ ਗਰਮ ਜੇਹੀ ਸੀ, ਮੀਂਹ ਵੱਸ ਰਹਿਆ ਸੀ, ਤੇ ਹਵਾ ਸਖਤ ਚਲ ਰਹੀ ਸੀ। ਕਦੀ ਮੀਂਹ ਗਰਮ ਗਰਮ ਵੱਡੇ ਵੱਡੇ ਤੁਪਕਿਆਂ ਵਿੱਚ ਪੈਂਦਾ ਸੀ, ਕਦੀ ਬੰਦ ਹੋ ਜਾਂਦਾ ਸੀ। ਖੇਤਾਂ ਵਿੱਚ ਦੀ ਰਾਹ ਦਿੱਸਦਾ ਨਹੀਂ ਸੀ ਤੇ ਜੰਗਲ ਵਾਲੇ ਪਾਸੇ ਤਾਂ ਘੱਟਾ ਟੋਪ ਹਨੇਰਾ ਸੀ। ਭਾਵੇਂ ਕਾਤੂਸ਼ਾ ਨੂੰ ਚੰਗੀ ਤਰਾਂ ਪਤਾ ਸੀ ਪਰ ਇਸ ਮੀਂਹ ਝੱਖੜ ਹਨੇਰੇ ਕਰਕੇ ਓਹ ਰਾਹ ਭੁਲ ਗਈ ਸੀ। ਤੇ ਨਿੱਕੇ ਜੇਹੇ ਸਟੇਸ਼ਨ ਉੱਪਰ, ਜਿੱਥੇ ਰੇਲ ਨੇ ਬੱਸ ਕੁਲ ਤਿੰਨ ਮਿੰਟ ਹੀ ਖਲੋਣਾ ਸੀ, ਪਹਿਲਾਂ ਅਪੜਨ ਦੇ ਥਾਂ ਓਹ ਮਸੇਂ ਹਾਲ ਤਾਂ ਪਹੁਚੀ ਜਦ ਦੂਜੀ ਘੰਟੀ ਹੋ ਚੁਕੀ ਸੀ। ਪਲੇਟਫਾਰਮ ਉੱਪਰ ਕਾਹਲੀ ਵਿੱਚ ਦੌੜਦਿਆਂ ਇਕ ਪਹਿਲੇ ਦਰਜੇ ਦੇ ਡੱਬੇ ਵਿੱਚ ਓਨ੍ਹੇ ਓਹਨੂੰ ਬੈਠਾ ਦੇਖ ਲਇਆ। ਇਹ ਗੱਡੀ ਬੜੀ ਚੰਗੀ ਤਰਾਂ ਰੋਸ਼ਨ ਸੀ। ਦੋ ਅਫਸਰ ਇਕ ਦੂਜੇ ਦੇ ਆਹਮਣੇ ਸਾਹਮਣੇ ਮਖਮਲ ਦੇ ਗਦੇਲਿਆਂ ਉੱਪਰ ਬੈਠੇ ਤਾਸ਼ ਖੇਡ ਰਹੇ ਸਨ, ਤੇ ਸੀਟਾਂ ਦੇ ਵਿਚਕਾਰ ਮੇਜ਼ ਉੱਪਰ ਦੋ ਬੱਤੀਆਂ ਜਗ ਰਹੀਆਂ ਸਨ, ਮੋਮ ਉਨ੍ਹਾਂ ਦਾ ਝੜ ਰਹਿਆ ਸੀ।
ਤੰਗ ਬਿਰਜਸ ਵਿੱਚ ਚਿੱਟੀ ਕਮੀਜ਼ ਪਾਈ ਨਿਖਲੀਊਧਵ ਸੀਟ ਦੀ ਬਾਂਹ ਉੱਪਰ ਬੈਠਾ ਸੀ, ਤੇ ਢਾਸਣਾ ਪਿੱਛੇ ਲਾਇਆ ਹੋਇਆ ਸੀ। ਤੇ ਕਿਸੀ ਗੱਲ ਉੱਪਰ ਹੱਸ ਰਹਿਆ ਸੀ। ਜਿਵੇਂ ਹੀ ਕਾਤੂਸ਼ਾ ਨੇ ਓਹਨੂੰ ਪਛਾਤਾ, ਆਪਣੇ ਠੱਰੇ ਹੱਥਾਂ ਨਾਲ ਡੱਬੇ ਦੀ ਬਾਰੀ ਦੇ ਸ਼ੀਸ਼ੇ ਉੱਪਰ ਠਕੋਰਿਆ, ਪਰ ਠੀਕ ਓਸ ਵਕਤ ਆਖਰੀ ਘੰਟੀ ਹੋ ਗਈ ਸੀ, ਤੇ ਗੱਡੀ ਇਕ ਚੋਖਾ ਪਿੱਛੇ ਵੱਲ ਧੱਕਾ ਖਾ ਕੇ ਟੁਰ ਪਈ ਤੇ ਡੱਬੇ ਇਕ ਦੂਜੇ ਦੇ ਪਿੱਛੇ ਆਹਿਸਤਾ ੨ ਹਿੱਲਣ ਲੱਗ ਗਏ। ਖੇਡਣ ਵਾਲਿਆਂ ਵਿੱਚੋਂ ਇਕ ਹੱਥ ਵਿੱਚ ਤਾਸ਼ ਲਈ ਉੱਠਿਆ ਤੇ ਬਾਹਰ ਵਲ ਨਿਗਾਹ ਮਾਰੀ। ਕਾਤੂਸ਼ਾ ਨੇ ਫਿਰ ਸ਼ੀਸ਼ਾ ਖਟ ਖਟਾਇਆ, ਤੇ ਆਪਣਾ ਮੂੰਹ ਖਿੜਕੀ ਦੇ ਸ਼ੀਸ਼ੇ ਨਾਲ ਦਬਾ ਦਿੱਤਾ ਪਰ ਗੱਡੀ ਟੁਰ ਪਈ ਤੇ ਓਹ ਨਾਲ ਟੁਰਦੀ ਗਈ ਤੇ ਅੰਦਰ ਵੱਲ ਵੇਖਦੀ ਗਈ।
ਉੱਠੇ ਅਫਸਰ ਨੇ ਖਿੜਕੀ ਨੀਵੀਂ ਕਰਨੀ ਚਾਹੀ, ਪਰ ਖਿੜਕੀ ਨ ਖੁੱਲੀ, ਨਿਖਲੀਊਧਵ ਨੇ ਓਹਨੂੰ ਪਿੱਛੇ ਧੱਕਿਆ ਤੇ ਆਪ ਖੋਲ੍ਹਨ ਲੱਗ ਗਇਆ—ਗੱਡੀ ਤੇਜ਼ ਹੋ ਗਈ ਤੇ ਕਾਤੂਸ਼ਾ ਨੂੰ ਵੀ ਤੇਜ਼ੀ ਨਾਲ ਟੁਰਨਾ ਪਇਆ। ਗੱਡੀ ਹੋਰ ਵੀ ਤੇਜ਼ ਹੋ ਗਈ, ਖਿੜਕੀ ਖੁੱਲ੍ਹੀ ਪਰ ਠੀਕ ਓਸ ਵੇਲੇ ਗਾਰਡ ਨੇ ਓਹਨੂੰ ਪਰੇ ਕੀਤਾ ਤੇ ਆਪ ਗੱਡੀ ਵਿੱਚ ਬਹਿ ਗਇਆ। ਕਾਤੂਸ਼ਾ ਪਲੇਟਫ਼ਾਰਮ ਦੇ ਗਿੱਲੇ ਤਖਤਿਆਂ ਉੱਪਰ ਦੌੜਦੀ ਗਈ, ਤੇ ਜਦ ਆਖੀਰਲੇ ਸਿਰੇ ਉੱਪਰ ਪਹੁਤੀ ਮਸੇਂ ਗਿਰਨੋਂ ਬਚੀ, ਜਦ ਓਹ ਓਥੇ ਪੌੜੀਆਂ ਜੇਹੀਆਂ ਥੀਂ ਤਲੇ ਉਤਰਨ ਲੱਗੀ ਸੀ। ਹੁਣ ਓਹ ਰੇਲ ਦੇ ਨਾਲ ਨਾਲ ਦੌੜ ਰਹੀ ਸੀ, ਭਾਵੇਂ ਪਹਿਲੇ ਦਰਜੇ ਦੇ ਡੱਬੇ ਲੰਘ ਚੁਕੇ ਸਨ ਤੇ ਆਖਰ ਤੀਜੇ ਦਰਜੇ ਦੇ ਡੱਬੇ ਹੋਰ ਵੀ ਤੇਜ਼ ਰਫਤਾਰ ਨਾਲ ਲੰਘ ਰਹੇ ਸਨ, ਤਾਂ ਵੀ ਕਾਤੂਸ਼ਾ ਹਾਲੇਂ ਨਾਲ ਨਾਲ ਦੌੜੀ ਹੀ ਜਾਂਦੀ ਸੀ। ਜਦ ਆਖਰੀ ਗੱਡੀ ਵੀ, ਜਿਦੇ ਪਿੱਛੇ ਲੰਪ ਲੱਗਿਆ ਹੋਇਆ ਸੀ ਲੰਘ ਗਈ, ਕਾਤੂਸ਼ਾ ਓਸ ਤਲਾ ਪਾਸ ਪਹੁੰਚ ਚੁਕੀ ਸੀ ਜਿੱਥੋਂ ਇੰਜਨ ਪਾਣੀ ਲੈਂਦਾ ਹੁੰਦਾ ਸੀ। ਹੁਣ ਖੁੱਲੀ ਥਾਂ ਆ ਗਈ ਸੀ। ਝੁਲ ਰਹੀ ਹਵਾ ਥੀਂ ਕੋਈ ਬਚਾ ਨਹੀਂ ਸੀ, ਓਹਦੀ ਸ਼ਾਲ ਹਵਾ ਵਿੱਚ ਉੱਡ ਰਹੀ ਸੀ ਤੇ ਓਹਦੀ ਸਕਰਟ ਨੂੰ ਓਹਦੀਆਂ ਟੰਗਾਂ ਨਾਲ ਚਮੋੜ ਰਹੀ ਸੀ, ਸ਼ਾਲ ਓਹਦੇ ਸਿਰ ਥੀਂ ਉੱਡ ਗਈ, ਪਰ ਹਾਲੇ ਵੀ ਓਹ ਦੌੜੀ ਜਾਂਦੀ ਸੀ।
"ਕਾਰਤੀਨਾ ਮਿਖਯਾਲੋਵਨਾ! ਤੇਰੀ ਸ਼ਾਲ ਗਵਾਚ ਗਈ ਆ!" ਓਸ ਨਾਲ ਦੀ ਛੋਟੀ ਲੜਕੀ ਨੇ ਉੱਚੀ ਦੇਕੇ ਕਹਿਆ, ਓਹ ਲੜਕੀ ਓਹਦੇ ਨਾਲ ਅਪੜਨ ਦਾ ਆਪਣੇ ਵੱਲੋਂ ਬੜਾ ਹੀ ਹੀਲਾ ਕਰ ਰਹੀ ਸੀ।
ਕਾਤੂਸ਼ਾ ਠਹਿਰ ਗਈ ਤੇ ਆਪਣਾ ਸਿਰ ਪਿੱਛੇ ਵਲ ਸੁਟ ਕੇ ਦੋਹਾਂ ਹੱਥਾਂ ਵਿੱਚ ਫੜ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ।
"ਗਇਆ!" ਓਸ ਚੀਕ ਮਾਰ ਕੇ ਕਹਿਆ, "ਓਹ ਮਖਮਲੀ ਗਦੇਲੇ ਦੀ ਬਾਂਹ ਉੱਪਰ ਬੈਠਾ, ਮਖੌਲਾਂ ਵਿੱਚ ਰੁੱਝਾ, ਇਕ ਰੋਸ਼ਨ ਗੱਡੀ ਵਿੱਚ ਸ਼ਰਾਬ ਪੀ ਰਹਿਆ ਹੈ ਤੇ ਮੈਂ ਇਸ ਚਿੱਕੜ ਵਿੱਚ ਬਾਹਰ, ਇੱਥੇ ਹਨੇਰੇ ਵਿੱਚ, ਝੱਖੜ ਵਿੱਚ, ਮੀਂਹ ਵਿੱਚ ਖੜੀ ਰੋ ਰਹੀ ਹਾਂ," ਓਸ ਆਪਣੇ ਮਨ ਵਿੱਚ ਵਿਚਾਰਿਆ, ਤੇ ਬਹਿ ਗਈ, ਤੇ ਲੱਗੀ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਵਨ। ਨਿੱਕੀ ਲੜਕੀ ਡਰ ਗਈ ਤੇ ਭਾਵੇਂ ਭਿੱਜੀ ਹੋਈ ਸੀ ਤਾਂ ਵੀ ਓਹ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਕਾਤੂਸ਼ਾ ਦੇ ਗਲੇ ਪਾ ਓਸ ਨਾਲ ਚਮੁਟ ਗਈ। 'ਚੱਲੋ ਪਿਆਰੀ ਘਰ ਚੱਲੀਏ!' ਓਸ ਕਹਿਆ।
"ਜਦ ਹੋਰ ਗੱਡੀ ਹੁਣ ਲੰਘੇਗੀ, ਚਲ ਪਈ ਗੱਡੀ ਹੇਠ ਖ਼ਾਤਮਾ", ਕਾਤੂਸ਼ਾ ਇਨ੍ਹਾਂ ਸੋਚਾਂ ਵਿੱਚ ਸੀ, ਓਸ ਨੇ ਓਸ ਲੜਕੀ ਦੀ ਗੱਲ ਨਹੀਂ ਸੀ ਗੌਲੀ ਤੇ ਉਸ ਆਪਣਾ ਮਨ ਇਉਂ ਕਰਨ ਨੂੰ ਪੱਕਾ ਕਰ ਲਇਆ ਸੀ। ਤਦ ਜਿਵੇਂ ਸਦਾ ਹੁੰਦਾ ਹੈ, ਬੜੇ ਅਸ਼ਾਂਤੀ ਤੇ ਘਬਰਾਹਟ ਪਿੱਛੇ ਮੁੜ ਸ਼ਾਂਤੀ ਆਉਂਦੀ ਹੈ, ਓਹ, ਓਹਦੇ ਅੰਦਰ ਬਚਾ—ਨਿਖਲੀਊਧਵ ਦਾ ਪੁੱਤਰ ਅਚਨਚੇਤ ਕੰਬਿਆ। ਇਕ ਲੱਤ ਦਾ ਅੰਦਰ ਧੱਕਾ ਦਿੱਤਾ ਤੇ ਹੌਲੇ ਜੇਹੇ ਟੰਗ ਫੈਲਾ ਕੇ ਲੇਟ ਗਇਆ, ਤੇ ਮੁੜ ਫਿਰ ਕਿਸੀ ਪਤਲੀ, ਨਾਜ਼ੁਕ ਬਰੀਕ ਤੇ ਤੇਜ਼ ਜੇਹੀ ਚੀਜ਼ ਨਾਲ ਧੱਕਾ ਦਿੱਤਾ।
ਅਚਨਚੇਤ ਓਹ ਗੱਲ ਜਿਹੜੀ ਇਕ ਛਿਨ ਹੋਇਆ ਸੀ ਓਹਨੂੰ ਤੰਗ ਕਰ ਰਹੀ ਸੀ, ਜੀਣ ਵੀ ਨਾਮੁਮਕਿਨ ਦਿਸ ਰਿਹਾ ਸੀ, ਓਹ ਓਹਦੇ ਵੱਲ ਓਮਡਿਆ ਕੌੜਾਪਨ ਤੇ ਉਸ ਪਾਸੋਂ ਬਦਲਾ ਲੈਣ ਦੀ ਖਾਹਿਸ਼ ਆਪਣੇ ਆਪ ਨੂੰ ਰੇਲ ਗੱਡੀ ਤਲੇ ਸੱਟ ਕੇ ਮਾਰ ਦੇਣਾ—ਸਭ ਕੁਛ ਲੰਘ ਗਇਆ, ਸ਼ਾਂਤ ਹੋ ਗਈ, ਉੱਠੀ, ਰੁਮਾਲ ਨੂੰ ਸਿਰ ਤੇ ਰੱਖਿਆ ਤੇ ਘਰ ਵਲ ਤੁਰ ਪਈ।
ਚਿੱਕੜ ਨਾਲ ਲਿੱਬੜੀ, ਸਿੱਜੀ, ਘੁਲੀ, ਬਿਲਕੁਲ ਥੱਕੀ ਚੂਰ ਹੋਈ, ਓਹ ਮੁੜੀ, ਤੇ ਓਸ ਰਾਤ ਥੀਂ ਓਹ ਭਿਆਨਕ ਤਬਦੀਲੀ ਜਿਸ ਨੇ ਓਹਨੂੰ ਇੱਥੇ ਪਹੁਚਾਇਆ ਸੀ, ਓਹਦੇ ਅੰਦਰ ਵਰਤਨੀ ਸ਼ੁਰੂ ਹੋ ਗਈ। ਓਸ ਖੌਫਨਾਕ ਰਾਤ ਥੀਂ ਪਿੱਛੇ ਉਹਦਾ ਇਹ ਵਿਸ਼ਵਾਸ ਕਿ "ਰੱਬ ਹੈ" ਤੇ "ਨੇਕੀ ਹੈ" ਟੁੱਟਾ।
ਓਹ ਆਪ ਰੱਬ ਨੂੰ ਮੰਨਦੀ ਸੀ, ਤੇ ਓਸਨੂੰ ਯਕੀਨ ਸੀ ਕਿ ਹੋਰ ਲੋਕ ਵੀ ਰੱਬ ਨੂੰ ਮੰਨਦੇ ਹਨ। ਪਰ ਓਸ ਰਾਤ ਥੀਂ ਪਿੱਛੇ ਓਹਨੂੰ ਨਿਸਚਾ ਹੋ ਗਇਆ ਕਿ ਰੱਬ ਨੇ ਕੋਈ ਨਹੀਂ ਮੰਨਦਾ ਤੇ ਜੋ ਕੁਛ ਓਹ ਲੋਕੀ, ਰੱਬ ਤੇ ਓਹਨਾਂ ਦੇ ਕਨੂੰਨਾਂ ਬਾਬਤ ਕਹਿੰਦੇ ਫਿਰਦੇ ਹਨ, ਸਭ ਕੂੜ ਧੋਖ਼ਾ ਤੇ ਜ਼ਾਹਿਰਦਾਰੀ ਹੈ। ਜਿਹਨੂੰ ਓਹ ਪਿਆਰ ਕਰਦੀ ਸੀ ਤੇ ਓਹ ਵੀ ਓਹਨੂੰ ਪਿਆਰ ਕਰਦਾ ਸੀ, ਠੀਕ, ਓਹ ਇਹ ਜਾਣਦੀ ਸੀ, ਓਹਨੇ ਓਹਨੂੰ ਭੋਗ ਕੇ ਨਾਲੋਂ ਖੋਹ ਕੇ ਵਗਾਹ ਮਾਰਿਆ ਹੈ। ਓਸਨੇ ਉਹਦੇ ਪਿਆਰ ਨੂੰ ਕਲੰਕ ਲਾਇਆ ਹੈ ਤਾਂ ਵੀ ਓਹ ਹੋਰ ਸਭਨਾਂ ਥੀਂ ਚੰਗਾ ਹੈ। ਇਹ ਓਹ ਜਾਣਦੀ ਸੀ ਕਿ ਹੋਰ ਸਾਰੇ ਓਸ ਥੀਂ ਵੀ ਭੈੜੇ ਹਨ, ਤੇ ਓਸ ਥੀਂ ਪਿੱਛੋਂ ਜੋ ਕੁਛ ਹੋਇਆ ਓਸ ਨੇ ਇਹਦੇ ਇਨ੍ਹਾਂ ਖਿਆਲਾਂ ਦੀ ਪੁਸ਼ਟੀ ਹੀ ਕੀਤੀ।
ਓਹਦੀਆਂ ਫੁੱਫੀਆਂ, ਓਨ੍ਹਾਂ ਪਾਕਦਾਮਨ ਪਾਰਸਾ ਸਵਾਣੀਆਂ ਨੇ ਕਾਤੂਸ਼ਾ ਨੂੰ ਘਰੋਂ ਕੱਢ ਦਿੱਤਾ, ਜਦ ਇਸ ਨਾਜ਼ਕ ਹਾਲਤ ਵਿੱਚ ਹੋਣ ਕਰਕੇ ਓਨ੍ਹਾਂ ਦੀ ਪੂਰੀ ਸੇਵਾ ਨਹੀਂ ਸੀ ਨਿਬਾਹ ਸੱਕਦੀ। ਉਨ੍ਹਾਂ ਕੋਈ ਤਰਸ ਨ ਕੀਤਾ।
ਹੋਰ ਤੀਮੀਆਂ ਜਿਹੜੀਆਂ ਉਸਨੂੰ ਟੱਕਰੀਆਂ, ਓਹਨੂੰ ਵਰਤ ਕੇ ਰੁਪਏ ਆਪ ਕਮਾਉਣ ਦੀ ਕਰਦੀਆਂ ਸਨ ਤੇ ਮਰਦ ਉਸ ਬੁੱਢੇ ਪੋਲੀਸ ਦੇ ਅਫਸਰ ਥੀਂ ਲੈ ਕੇ ਜੇਹਲ ਦੇ ਵਾਰਡਰਾਂ ਤਕ ਓਹ ਮਿਲੇ ਜੋ ਓਹਨੂੰ ਆਪਣੀ ਵਿਸ਼ੇ ਇੱਛਾ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਸਨ। ਕੋਈ ਵੀ ਵਿਸ਼ੇ ਭੋਗ ਦੀ ਚੰਮ-ਖੁਸ਼ੀ ਬਾਝ ਕਿਸੀ ਹੋਰ ਚੀਜ਼ ਦੇ ਫਿਕਰ ਵਿੱਚ ਨਹੀਂ ਸੀ। ਉਹਦਾ ਇਹ ਨਿਸਚਾ, ਕਿ ਸਭ ਚੰਮ-ਖੁਸ਼ੀ ਨੂੰ ਟੋਲ ਰਹੇ ਹਨ, ਉਸ ਮੱਥਾ ਸੜੇ ਬੁੱਢੇ ਕਿਤਾਬ ਰਚਨ ਵਾਲੇ ਮੁਸੱਨਫ ਨੇ ਜਿਸ ਪਾਸ ਆਪਣੀ ਖੁੱਲ ਦੀ ਜ਼ਿੰਦਗੀ ਦੇ ਦੂਸਰੇ ਸਾਲ ਰਹੀ ਸੀ, ਹੋਰ ਮਜ਼ਬੂਤ ਕਰ ਦਿੱਤਾ ਸੀ। ਓਸਨੇ ਤਾਂ ਓਹਨੂੰ ਸਿੱਧਾ ਕਹਿ ਦਿੱਤਾ ਸੀ ਕਿ ਬਸ ਇਹੋ ਭੋਗ ਰਸ ਹੀ ਹੈ ਜਿਹੜਾ ਜੀਵਨ ਦੀ ਖੁਸ਼ੀ ਹੈ ਤੇ ਏਵੇਂ ਇਹਨੂੰ ਕਾਵਯ ਰਸ ਤੇ ਹੋਰ ਆਰਟ ਰਸਾਂ ਦਾ ਮੁੰਢਲਾ ਰਸ ਬਣਾ ਦਿੱਤਾ ਗਇਆ ਸੀ।
ਹਰ ਕੋਈ ਇੱਥੇ ਆਪਣੇ ਲਈ ਜੀ ਰਹਿਆ ਹੈ ਤੇ ਆਪਣੀ ਖੁਸ਼ੀ ਦੇ ਮਗਰ ਹੈ। ਰੱਬ ਤੇ ਨੇਕੀ ਦੀਆਂ ਸਭ ਗੱਲਾਂ ਇਕ ਧੋਖਾ ਹਨ, ਤੇ ਜਦ ਕਦੀ ਉਹਦੇ ਮਨ ਵਿਚ ਕਦੀ ਇਸ ਇਨਕਾਰ ਬਾਬਤ ਕੋਈ ਸ਼ਕ ਉੱਠਦਾ ਵੀ ਸੀ ਤੇ ਓਹ ਅਚੰਭਾ ਹੁੰਦੀ ਹੁੰਦੀ ਵੀ ਸੀ ਕਿ ਇਸ ਦੁਨੀਆਂ ਵਿੱਚ ਹਰ ਇਕ ਚੀਜ਼ ਕਿਉਂ ਐਸੀ ਬੁਰੀ ਬਣੀ ਹੈ ਕਿ ਇਕ ਦੂਜੇ ਨੂੰ ਸੱਟਾਂ ਮਾਰਦੇ ਹਨ, ਤੇ ਹਰ ਇਕ ਨੂੰ ਦੁਖੀ ਕੀਤਾ ਜਾਂਦਾ ਹੈ। ਤਦ ਉਹ ਇਹੋ ਚੰਗਾ ਸਮਝਦੀ ਸੀ ਕਿ ਇਨ੍ਹਾਂ ਗੱਲਾਂ ਉੱਪਰ ਵਿਚਾਰ ਹੀ ਬੰਦ ਕਰ ਦਿੱਤੀ ਜਾਏ। ਤੇ ਜਦ ਕਦੀ ਓਹਨੂੰ ਉਦਾਸੀ ਪੈਂਦੀ ਸੀ, ਉਹ ਓਹਨੂੰ ਗ਼ਲਤ ਕਰਨ ਲਈ ਯਾ ਤਾਂ ਤਮਾਕੂ ਪੀਣ ਲੱਗ ਜਾਂਦੀ ਸੀ ਯਾ ਸ਼ਰਾਬ ਯਾ ਸਭ ਥੀਂ ਚੰਗੀ ਗੱਲ ਇਹ ਕਰਦੀ ਸੀ ਕਿ ਕਿਸੀ ਮਰਦ ਨਾਲ ਯਾਰੀ ਲਾ ਲੈਂਦੀ ਸੀ ਤੇ ਇਓਂ ਕਿਸੀ ਆਹਰੇ ਲੱਗੀ ਓਹਦੀ ਉਦਾਸੀ ਲੰਘ ਹੀ ਜਾਂਦੀ ਸੀ।
ਮੋਇਆਂ ਦੀ ਜਾਗ-ਕਾਂਡ ੩੮. : ਲਿਉ ਤਾਲਸਤਾਏ
ਐਤਵਾਰ ਨੂੰ ਜਦ ਸਵੇਰੇ ਪੰਜ ਵਜੇ ਜੇਹਲ ਦੇ ਤੀਮੀਆਂ ਵਾਲੇ ਵਾਰਡ ਦੇ ਕੌਰੀਡੋਰ ਵਿੱਚ ਸੀਟੀ ਵੱਜੀ, ਕੋਰਾਬਲੈਵਾ ਨੇ ਜਿਹੜੀ ਅੱਗੇ ਹੀ ਉੱਠੀ ਹੋਈ ਸੀ, ਮਸਲੋਵਾ ਜਗਾਇਆ।
"ਹਾਏ ਵੇ ਰੱਬਾ! ਹੁਣ ਮੈਂ, ਮੈਂ, ਸਜ਼ਾਯਾਫ਼ਤਾ ਦੋਸੀ ਹਾਂ!" ਮਸਲੋਵਾ ਨੇ ਭੈ ਭੀਤ ਹੋਕੇ ਸੋਚਿਆ। ਸਵੇਰ ਵੇਲੇ ਦੀ ਚੀਖਾਹਿਟ ਤੇ ਸ਼ੋਰ ਨਾਲ ਭਰੀ ਹਵਾ ਦਾ ਘੁੱਟ ਭਰਿਆ। ਓਹ ਚਾਹੁੰਦੀ ਸੀ ਕਿ ਹਾਲੇਂ ਹੋਰ ਸੈਂ ਲਵੇ। ਘੱਟੋ ਘੱਟ ਭੁਲ ਦੇ ਤਬਕੇ ਵਿੱਚ ਕੁਛ ਚਿਰ ਹੋਰ ਲੰਘ ਜਾਵੇਗਾ। ਪਰ ਡਰਨ ਦੀ ਆਦਤ ਕਰਕੇ ਉਸ ਆਪਣੀ ਨਿੰਦਰਾਵਲੀ ਹਾਲਤ ਨੂੰ ਸਵਾਧਾਨ ਕਰ ਲਇਆ ਤੇ ਉੱਠ ਬੈਠੀ। ਚਾਰ ਚੁਫੇਰੇ ਤੱਕਿਆ ਤੇ ਆਪਣੇ ਪੈਰਾਂ ਨੂੰ ਖਿੱਚ ਕੇ ਆਪਣੇ ਹੇਠ ਕਰ ਲਿਆ। ਤੀਮੀਆਂ ਸਾਰੀਆਂ ਉੱਠ ਬੈਠੀਆਂ ਸਨ, ਸਿਰਫ ਬੁੱਢੇ ਤੇ ਬੱਚੇ ਹਾਲੇਂ ਸੁਤੇ ਪਏ ਸਨ। ਉਹ ਤੀਮੀਂ ਜਿਹੜੀ ਨਾਜਾਇਜ਼ ਸ਼ਰਾਬ ਵੇਚਣ ਦੇ ਅਪਰਾਧ ਵਿੱਚ ਫੜੀ ਸੀ, ਅਲਮਕਣੇਂ ਬੱਚਿਆਂ ਦੇ ਸਿਰਹਾਣੇ ਥੀਂ ਵੱਡਾ ਕੋਟ ਖਿਸਕਾ ਰਹੀ ਸੀ ਕਿ ਓਹ ਜਾਗ ਨ ਪਵਨ। ਓਸ ਚੌਕੀਦਾਰ ਦੀ ਵਹੁਟੀ ਉਨ੍ਹਾਂ ਲੀਰਾਂ ਨੂੰ ਜੋ ਓਹਦੇ ਬਾਲ ਦੇ ਪੋਤੜਿਆਂ ਦਾ ਕੰਮ ਦਿੰਦੀਆਂ ਸਨ, ਸੁਕਾਣ ਦੀ ਕਰ ਰਹੀ ਸੀ। ਤੇ ਉਹਦਾ ਬੱਚਾ ਓਸ ਨੀਲੀਆਂ ਅੱਖਾਂ ਵਾਲੀ ਥੀਓਡੋਸੀਆਂ ਦੀ ਬਾਂਹ ਵਿੱਚ ਚੱਕਿਆ ਹੋਇਆ ਅਤਿ ਦਾ ਚੀਕ ਚਹਾੜਾ ਪਾਈ ਬੈਠਾ ਸੀ ਤੇ ਓਹ ਓਹਨੂੰ ਥਪੋਕ ਥਪੋਕ ਕੇ ਚੁੱਪ ਕਰਾਣ ਦੀ ਕਰ ਰਹੀ ਸੀ। ਤਪਦਿੱਕ ਵਾਲੀ ਆਪਣੇ ਹੱਥ ਨਾਲ ਛਾਤੀ ਨੂੰ ਸਹਾਰਾ ਦੇ ਕੇ ਖੰਘ ਰਹੀ ਸੀ। ਮੋਟੀ ਲਾਲ ਵਾਲਾਂ ਵਾਲੀ ਆਪਣੀ ਕੰਡ ਭਾਰ ਲੰਮੀ ਪਈ ਹੋਈ ਸੀ ਤੇ ਗੋਡੇ ਉੱਤੇ ਖਿੱਚੇ ਹੋਏ ਆਪਣੇ ਆਏ ਸੁਫ਼ਨੇ ਨੂੰ ਖੁਸ਼ ਤੇ ਉੱਚੇ ਅਵਾਜ਼ ਵਿੱਚ ਬੋਲ ਬੋਲ ਕਹਿ ਰਹੀ ਸੀ, ਤੇ ਉਹ ਅੱਗ ਲਾਣ ਦੇ ਦੋਸ ਵਿੱਚ ਫੜੀ ਈਸਾ ਦੀ ਪ੍ਰਤਿਮਾ ਅੱਗੇ ਖੜੀ ਆਪਣੀ ਛਾਤੀ ਉੱਪਰ ਸਲੀਬ ਦਾ ਨਿਸ਼ਾਨ ਪਾਂਦੀ ਨਿਮਸਕਾਰ ਕਰ ਰਹੀ ਸੀ ਤੇ ਇੱਕੋ ਤੁਕ ਬਾਰੰਬਾਰ ਪੜ੍ਹੀ ਜਾਂਦੀ ਸੀ। ਪਾਦਰੀ ਦੀ ਲੜਕੀ ਮੰਜੇ ਉੱਪਰ ਖੜੀ ਸੀ ਤੇ ਨਿੰਦਰਾਲੀ ਤੇ ਫਿੱਕੀ ਜੇਹੀ ਨਦਰ ਨਾਲ ਆਪਣੇ ਅੱਗੇ ਦੇਖ ਰਹੀ ਸੀ।
ਹੋਰੋਸ਼ਾਵਕਾ ਆਪਣੇ ਕਾਲੇ, ਥਿੰਦੇ ਮੋਟੇ ਵਾਲਾਂ ਦੀਆਂ ਜ਼ੁਲਫਾਂ ਨੂੰ ਆਪਣੀਆਂ ਉਂਗਲੀਆਂ ਦਵਾਲੇ ਮਰੋੜ ਰਹੀ ਸੀ। ਬੇਥਵ੍ਹੇ ਜੇਹੇ ਪੈਰ ਲਾਂਘੇ ਵਿੱਚ ਦੀ ਦੇ ਪੈਂਦਿਆਂ ਦੀ ਆਵਾਜ਼ ਆਈ ਤੇ ਦਰਵਾਜ਼ਾ ਖੁੱਲ੍ਹਿਆ ਤੇ ਦੋ ਕੈਦੀ ਜੈਕਟ ਪਾਈ ਤੇ ਚਿੱਟੇ ਜੇਹੇ ਪਜਾਮਿਆਂ ਵਿੱਚ ਜਿਹੜੇ ਮਸੇਂ ਉਨ੍ਹਾਂ ਦੇ ਗੋਡਿਆਂ ਤੱਕ ਅੱਪੜਦੇ ਸਨ, ਅੰਦਰ ਆਏ। ਮੂੰਹ ਬੜੇ ਹੀ ਰੰਜੀਦਾ ਤੇ ਫਿਕਰ ਵਾਲੇ ਬਣਾਏ ਹੋਏ ਅੰਦਰ ਵੜੇ। ਓਹ ਸੜਿਆ ਹੋਇਆ ਟੱਬ ਚੱਕ ਕੇ ਕੋਠੜੀ ਥੀਂ ਬਾਹਰ ਲੈ ਗਏ। ਤੀਮੀਆਂ ਕੌਰੀਡੋਰ ਵਿਚ ਲੱਗਿਆਂ ਨਲਕਿਆਂ ਵਲ ਹੱਥ ਮੂੰਹ ਧੋਣ ਚਲੀਆਂ ਗਈਆਂ। ਉੱਥੇ ਫਿਰ ਉਹ ਲਾਲ ਵਾਲਾਂ ਵਾਲੀ ਇਕ ਹੋਰ ਕੋਠੜੀ ਥੀਂ ਆਈ ਤੀਮੀਂ ਨਾਲ ਲੜ ਪਈ। ਫਿਰ ਓਹੋ ਚੀਖ ਚਿਹਾੜਾ, ਗਾਲਾਂ ਤੇ ਖੁੱਲੇ!
"ਕੀ ਤੁਸੀ ਇਕੱਲੀ ਕੋਠੜੀ ਵਿੱਚ ਜਾਣਾ ਚਾਹੁੰਦੀਆਂ ਹੋ?" ਇਕ ਬੁੱਢੇ ਜੇਲਰ ਨੇ ਲਲਕਾਰਕੇ ਕਹਿਆ ਤੇ ਲਾਲ ਵਾਲਾਂ ਵਾਲੀ ਦੀ ਨੰਗੀ ਮੋਟੀ ਗਰਦਨ ਤੇ ਇਕ ਚਪੇੜ ਐਸੀ ਸੀ ਕਿ ਸਾਰਾ ਕੌਰੀਡੋਰ ਗੂੰਜ ਗਇਆ। "ਫਿਰ ਇਹ ਸ਼ਕਾਇਤ ਤੇਰੀ ਮੈਨੂੰ ਕਦੀ ਨ ਸੁਣਨੀ ਪਵੇ!"
"ਹਾਇ ਰੱਬਾ! ਆਹ ਤੱਕੋ! ਇਹ ਬੁੱਢਾ ਵੀ ਤੀਮੀਆਂ ਨਾਲ ਛੇੜਖਾਨੀ ਕਰ ਰਹਿਆ ਜੇ," ਉਸ ਤੀਮੀਂ ਨੇ ਕਹਿਆ। ਉਹਦਾ ਧੱਪਾ ਇਕ ਲਾਡ ਸਮਝਣ ਦੀ ਕੀਤੀ।
"ਹੁਣ ਫਿਰ ਛੇਤੀ ਕਰੋ, ਗਿਰਜੇ ਵਿੱਚ ਸਤਸੰਗ ਨੂੰ ਜਾਣਾ ਹੈ।"
ਮਸਲੋਵਾ ਨੂੰ ਮਸੇਂ ਕੱਪੜੇ ਪਾਣ ਤੇ ਵਾਲ ਵਾਹਣ ਦਾ ਵਕਤ ਮਿਲਿਆ ਸੀ, ਕਿ ਇਨਸਪੈਕਟਰ ਆਪਣੇ ਅਸਟੰਟਾਂ ਸਮੇਤ ਆ ਗਇਆ।
"ਮੁਆਇਨੇ ਲਈ ਬਾਹਰ ਚੱਲੋ," ਜੇਲਰ ਨੇ ਕਹਿਆ।
ਸਾਰੀਆਂ ਕੈਦੀ ਤੀਮੀਆਂ ਆਪਣੀ ਆਪਣੀ ਕੋਠੀ ਵਿੱਚੋਂ ਬਾਹਰ ਆਈਆਂ ਤੇ ਕੌਰੀਡੋਰ ਦੇ ਵਿੱਚ ਦੋ ਕਿਤਾਰਾਂ ਵਿੱਚ ਖੜੀਆਂ ਹੋ ਗਈਆਂ ਤੇ ਪਿਛਲੀ ਕਤਾਰ ਵਾਲੀਆਂ ਤੀਮੀਆਂ ਨੇ ਆਪਣੇ ਹੱਥ ਸਾਹਮਣੇ ਅੱਗੇ ਖ਼ੜੀਆਂ ਤੀਮੀਆਂ ਦੇ ਮੋਢਿਆਂ ਉੱਪਰ ਰੱਖ ਦਿੱਤੇ। ਸਭ ਦੀ ਗਿਣਤੀ ਹੋਈ।
ਮੁਆਇਨੇ ਹੋਣ ਦੇ ਪਿੱਛੂੰ ਤੀਮੀਂ ਵਾਰਡ੍ਰੇਸ ਸਭ ਨੂੰ ਗਿਰਜੇ ਲੈ ਤੁਰੀ।
ਮਸਲੋਵਾ ਤੇ ਥੀਓਡੋਸੀਆ ਵੱਖਰੀ ਕੋਠੀਆਂ ਥੀਂ ਆਈਆਂ ਕੋਈ ਸੌ ਜਨਾਨੀਆਂ ਸਾਰੀਆਂ ਦੀ ਇਕ ਚਲਦੀ ਕਿਤਾਬ ਵਿੱਚ ਵਿਚਕਾਹੇ ਸਨ। ਸਭ ਸੌ ਦੀਆਂ ਸੌ ਤੀਮੀਆਂ ਦੀਆਂ ਸਫੈਦ ਜੈਕਟਾਂ ਤੇ ਸਕਰਟਾਂ ਸਨ। ਸਭ ਦੇ ਸਿਰਾਂ ਉੱਪਰ ਚਿੱਟੇ ਰੁਮਾਲ ਬੱਧੇ ਹੋਏ ਸਨ। ਵਿੱਚ ਥੋੜੀਆਂ ਸਨ ਜਿਨਾਂ ਰੰਗ ਕੱਪੜੇ ਪਾਏ ਹੋਏ ਸਨ। ਇਹ ਰੰਗੇ ਕੱਪੜਿਆਂ ਵਾਲੀਆਂ ਨਿਰਦੋਸ਼ ਓਹ ਵਹੁਟੀਆਂ ਸਨ ਜਿਹੜੀਆਂ ਆਪਣਿਆਂ ਬੱਚਿਆਂ ਸਮੇਤ ਆਪਣੀ ਮਰਜੀ ਨਾਲ ਆਪਣੇ ਸਾਈਬੇਰੀਆ ਜਲਾਵਤਨ ਹੋਏ ਖਸਮਾਂ ਦੇ ਪਿੱਛੇ ਜਾ ਰਹੀਆਂ ਸਨ। ਇਸ ਜਲੂਸ ਨਾਲ ਸਭ ਪੌੜੀਆਂ ਭਰੀਆਂ ਪਈਆਂ ਸਨ। ਨਰਮ ਤਲੇ ਵਾਲੀਆ ਪੈਹਨੜੀਆਂ ਪਾਏ ਪੈਰਾਂ ਦੀਆਂ ਤ੍ਰਮ ਤ੍ਰਮ ਉੱਠਦੀਆਂ ਤੇ ਵੱਜਦੀਆਂ ਤੇ ਚਲਦੀਆਂ ਅਵਾਜ਼ਾਂ ਕਿਸੀ ਕਿਸੀ ਦੇ ਨਿਕਲੇ ਹਾਸੇ ਨਾਲ ਮਿਲਵੀਆਂ ਆ ਰਹੀਆਂ ਸਨ। ਜਦ ਪੌੜੀਆਂ ਥੀਂ ਉੱਤਰ ਕੇ ਜਲੂਸ ਇਕ ਮੋੜ ਮੁੜ ਰਹਿਆ ਸੀ ਤਾਂ ਮਸਲੋਵਾ ਨੇ ਆਪਣੀ ਵੈਰਨ ਬੋਚਕੋਵਾ ਨੂੰ ਸਾਹਮਣੇ ਜਾਂਦੀ ਵੇਖ ਲਇਆ ਤੇ ਆਪਣਾ ਗੁੱਸੇ ਭਰ ਗਇਆ ਮੂੰਹ ਥੀਓਡੋਸੀਆ ਵਲ ਕਰ ਦਿੱਤਾ। ਜਦ ਪੌੜੀਆਂ ਥੀਂ ਉੱਤਰ ਗਈਆਂ ਸਨ, ਤਦ ਤੀਮੀਆਂ ਨੇ ਬੋਲਣਾ ਬੰਦ ਕਰ ਦਿੱਤਾ ਸੀ ਤੇ ਆਪਣੇ ਉੱਪਰ ਸਲੀਬ ਦੇ ਨਿਸ਼ਾਨ ਕਰਦੀਆਂ, ਸਿਰ ਨੀਵੇਂ ਪਾਂਦੀਆਂ ਓਹ ਉਸ ਹੁਣ ਤਕ ਖਾਲੀ ਗਿਰਜੇ ਵਿੱਚ ਵੜੀਆਂ, ਜਿਹਦੇ ਕਲਸ ਸੋਨੇ ਤੇ ਗਿਲਟੀ ਕੰਮ ਨਾਲ ਚਮਕ ਰਹੇ ਸਨ।
ਓਨਾਂ ਦੀਆਂ ਥਾਵਾਂ ਸੱਜੇ ਪਾਸੇ ਸਨ, ਪਰ ਉਨਾਂ ਭੀੜ ਜੇਹੀ ਪਾ ਦਿੱਤੀ, ਇਕ ਦੂਜੀ ਨੂੰ ਧੱਕੇ ਦੇਣ ਲੱਗੀਆਂ। ਕਈ ਇਕ ਦੂਜੇ ਨੂੰ ਮੋਢੇ ਮਾਰਨ ਲੱਗ ਪਈਆਂ। ਸਭ ਆਪਣੇ ਆਪਣੇ ਲਈ ਬਹਿਣ ਦੀ ਥਾਂ ਬਣਾ ਰਹੀਆਂ ਸਨ।
ਜਦ ਤੀਮੀਆਂ ਸਾਰੀਆਂ ਅੰਦਰ ਬਹਿ ਗਈਆਂ, ਮਰਦ ਕੈਦੀ ਆਪਣੇ ਚਿੱਟੇ ਵੱਡੇ ਕੋਟਾਂ ਵਿਚ ਆਏ। ਕਈ ਤਾਂ ਜਲਾਵਤਨੀ ਦੀ ਸਜ਼ਾ ਵਾਲੇ ਸਨ, ਕਈ ਉਸੀ ਜੇਲ ਵਿੱਚ ਮੁਸ਼ੱਕਤ ਦੀ ਕੈਦ ਕੱਟ ਰਹੇ ਸਨ ਅਤੇ ਕਈਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਬਰਾਦਰੀ ਦੀ ਪੰਚਾਇਤਾਂ ਦਰਬਦਰ ਕੀਤਾ ਹੋਇਆ ਸੀ। ਓਹ ਉੱਚੇ ਉੱਚੇ ਖੰਘੂਰੇ ਮਾਰਦੇ ਆਪਣੀਆਂ ਥਾਵਾਂ ਤੇ ਖੜੇ ਹੋ ਗਏ। ਗਿਰਜੇ ਦੇ ਹਾਲ ਦਾ ਖੱਬਾ ਪਾਸਾ ਤੇ ਵਿਚਕਾਹੇ ਦਾ ਥਾਂ ਓਨਾਂ ਨਾਲ ਭਰ ਗਇਆ।
ਗੈਲਰੀ ਦੇ ਇਕ ਪਾਸੇ ਉੱਪਰ ਓਹ ਆਦਮੀ ਸਨ, ਜਿਨਾਂ ਨੂੰ ਸਾਈਬੇਰੀਆ ਸਖਤ ਮੁਸ਼ੱਕਤ ਦੀ ਸਜ਼ਾ ਸੀ, ਤੇ ਜਿਹੜੇ ਸਭ ਥੀਂ ਪਹਿਲਾਂ ਗਿਰਜੇ ਅੰਦਰ ਲਿਆਏ ਗਏ ਸਨ। ਹਰ ਇਕ ਦਾ ਸਿਰ ਘਰੜ ਮੁੰਨਿਆ ਹੋਇਆ ਸੀ, ਤੇ ਉਨ੍ਹਾਂ ਦਾ ਉੱਥੇ ਮੌਜੂਦ ਹੋਣਾ ਬਸ ਇਸ ਗੱਲ ਥੀਂ ਪਤਾ ਪਇਆ ਲੱਗਦਾ ਸੀ ਕਿ ਉਨ੍ਹਾਂ ਦੀਆਂ ਬੇੜੀਆਂ ਛਣਕ ਰਹੀਆਂ ਸਨ। ਗੈਲਰੀ ਦੀ ਦੂਜੀ ਤਰਫ ਓਹ ਖੜੇ ਸਨ ਜਿਹੜੇ ਹਾਲੇ ਹਵਾਲਾਤੀ ਕੈਦੀ ਸਨ, ਨ ਉਨ੍ਹਾਂ ਦੀਆਂ ਟੰਗਾਂ ਵਿੱਚ ਬੇੜੀਆਂ ਸਨ ਨ ਉਨ੍ਹਾਂ ਦੇ ਸਿਰ ਮੁੰਨੇ ਹੋਏ ਸਨ।
ਇਕ ਅਮੀਰ ਸੌਦਾਗਰ ਨੇ ਇਹ ਜੇਲ ਦਾ ਗਿਰਜਾ ਹੁਣੇ ਹੀ ਬਣਵਾਇਆ ਸੀ, ਜਿਹਦੀ ਇਮਾਰਤ ਉੱਪਰ ਕੋਈ ਦਸ ਹਜ਼ਾਰ ਰੂਬਲ ਉਸ ਲਾਏ ਸਨ ਤੇ ਸੋਨੇ ਤੇ ਸ਼ੋਖ ਰੰਗੀਨਿਆਂ ਕਰਕੇ ਚਮਕ ਚਮਕ ਕਰ ਰਹਿਆ ਸੀ।
ਕੁਛ ਚਿਰ ਲਈ ਗਿਰਜੇ ਵਿੱਚ ਚੁੱਪ ਸੀ। ਸਿਰਫ ਖੰਘੂਰਿਆਂ ਤੇ ਬੱਚਿਆਂ ਦੇ ਚੀਕ ਚਿਹਾੜੇ ਤੇ ਕਦੀ ਕਦੀ ਬੇੜੀਆਂ ਦੀ ਛਣਕਾਰ ਵਿੱਚ ਵਿੱਚ ਮਿਲਵੀਂ ਸੁਣਾਈ ਦੇ ਰਹੀ ਸੀ। ਪਰ ਆਖ਼ਰਕਾਰ ਓਹ ਕੈਦੀ ਜਿਹੜੇ ਵਿਚਕਾਰ ਸਨ ਹਿੱਲੇ ਤੇ ਇਕ ਦੂਜੇ ਨਾਲ ਲਗ ਲਗ ਕੇ ਦਬਾਣ ਲੱਗੇ, ਤੇ ਇਉਂ ਇਕ ਦੂਜੇ ਨੂੰ ਧਕੇਲ ਧਕਾਲ ਕੇ ਉਨ੍ਹਾਂ ਨੇ ਗਿਰਜੇ ਦੇ ਵਿਚਕਾਰ ਲੰਘਣ ਲਈ ਥਾਂ ਬਣਾਈ, ਜਿਸ ਵਿੱਚ ਦੀ ਜੇਲਖਾਨੇ ਦਾ ਇਨਸਪੈਕਟਰ ਲੰਘ ਕੇ ਅੱਗੇ ਜਾ ਕੇ ਹਰ ਇਕ ਦੇ ਸਾਹਮਣੇ ਗਿਰਜੇ ਦੇ ਚਬੂਤਰੇ ਉੱਪਰ ਜਾ ਬੈਠਾ।
ਮੋਇਆਂ ਦੀ ਜਾਗ-ਕਾਂਡ ੩੯. : ਲਿਉ ਤਾਲਸਤਾਏ
ਹੁਣ ਗਿਰਜੇ ਦੀਆਂ ਰਸਮਾਂ ਅਰਦਾਸ ਅਰੰਭ ਹੋਈਆਂ।
ਇਹ ਇਉਂ ਹੋਈਆਂ—ਪਾਦਰੀ, ਇਕ ਅਜੀਬ ਤੇ ਕੁਛ ਬਹੁਤ ਬੇ ਅਰਾਮ ਜੇਹੀ ਸੋਨੇ ਦੇ ਕੱਪੜੇ ਦੀ ਗੋਦੜੀ ਪਾਈ ਹੋਈ ਇਕ ਰਕੇਬੀ ਵਿੱਚ ਲੱਗਾ ਰੋਟੀ ਦੇ ਨਿੱਕੇ ਨਿੱਕੇ ਟੁਕੜੇ ਕੱਟਣ ਤੇ ਰੱਖਣ ਤੇ ਬਹੂੰ ਸਾਰਿਆਂ ਨੂੰ ਮੁੜ ਚੱਕ ਕੇ ਅੰਗੂਰੀ ਸ਼ਰਾਬ ਵਿੱਚ ਸੇੜਦਾ—ਇਉਂ ਕਰਦਿਆਂ ਨਾਲ ਨਾਲ ਕੁਛ ਮੰਤਰ ਤੇ ਅਰਦਾਸਾਂ ਪੜੀ ਜਾਂਦਾ ਸੀ। ਜਦ ਓਹ ਇਹ ਕਰ ਰਹਿਆ ਸੀ ਨੇ ਪਹਿਲਾਂ ਤਾਂ ਸਲਾਵ ਭਾਸ਼ਾ ਵਿੱਚ ਕੁਛ ਪਾਠ ਕੀਤਾ। ਇਹ ਬੋਲੀ ਸਮਝ ਕਿਸੇ ਦੇ ਆ ਹੀ ਨਹੀਂ ਰਹੀ ਸੀ ਅਤੇ ਓਹਦੇ ਤਾਵਲਾ ਪੜ੍ਹਨ ਕਰਕੇ ਹੋਰ ਵੀ ਸੁਸ਼ਕਲ ਹੋ ਰਹੀ ਸੀ, ਤੇ ਫਿਰ ਕਾਨਵਿਕਟਾਂ ਨੂੰ ਨਾਲ ਮਿਲਾ ਕੇ ਜੋੜੀਆਂ ਦੀ ਧਾਰਨਾਂ ਉੱਪਰ ਉਨ੍ਹਾਂ ਨੂੰ ਗਵਾਇਆ। ਅਰਦਾਸਾਂ ਸਭ ਇਹ ਸਨ ਕਿ ਸਾਡੇ ਸ਼ਹਿਨਸ਼ਾਹ ਜ਼ਾਰ ਤੇ ਉਹਦੇ ਟੱਬਰ ਦੀ ਰੱਛਾ ਹੋਵੇ, ਓਹ ਅਰੋਗ ਹੋਣ। ਇਹ ਅਰਦਾਸਾਂ ਕਈ ਵੇਰ ਦੁਹਰਾਈਆਂ ਗਈਆਂ। ਹੋਰਨਾਂ ਅਰਦਾਸਾਂ ਵਿੱਚ ਵੀ, ਤੇ ਨਿਵੇਕਲਿਆਂ ਵੀ, ਲੋਕੀ ਗੋਡੇ ਭਾਰ ਹੋ ਗਏ ਸਨ। ਇਸ ਥੀਂ ਸਿਵਾਏ ਹਵਾਰੀਆਂ ਦੇ ਐਕਟਸ ਵਿੱਚੋਂ ਕਈ ਇਕ ਤੁਕਾਂ ਡੀਕਨ ਨੇ ਇਕ ਅਣੋਖੀ ਤਰਾਂ ਦੀ ਬਣਾਈ ਅਵਾਜ਼ ਵਿੱਚ ਪੜ੍ਹੀਆਂ ਜੋ ਸਮਝ ਕੋਈ ਵੀ ਨਾ ਸਕਿਆ। ਤੇ ਫਿਰ ਪਾਦਰੀ ਨੇ ਬੜਾ ਸਾਫ ਸਾਫ ਮਾਰਕ ਦੀ ਅੰਜੀਲ ਦਾ ਕੁਛ ਹਿੱਸਾ ਪਾਠ ਕੀਤਾ, ਜਿਸ ਵਿੱਚ ਦੱਸਿਆ ਹੈ ਕਿ ਈਸਾ ਕਿਸ ਤਰਾਂ ਕਬਰਾਂ ਵਿੱਚੋਂ ਉੱਠਕੇ ਅਸਮਾਨੀ ਜਾ ਕੇ ਆਪਣੇ ਬਾਪ ਦੇ ਸੱਜੇ ਪਾਸੇ ਬਹਿਣ ਥੀਂ ਪਹਿਲਾਂ ਮੇਰੀ ਮੈਗਡੇਲਿਨ ਨੂੰ ਦਰਸ਼ਨ ਦਿੱਤਾ, ਜਿਸ ਮੇਰੀ ਦੀ ਰੂਹ ਵਿੱਚੋਂ ਉਸ ਨੇ ਸਤ ਸ਼ੈਤਾਨ ਪਹਿਲੇ ਕੱਢੇ ਸਨ ਤੇ ਫਿਰ ਆਪਣੇ ਹਵਾਰੀਆਂ ਨੂੰ ਦਰਸ਼ਨ ਦਿੱਤਾ ਤੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਜਾਕੇ ਕੁਲ ਦੁਨੀਆਂ ਨੂੰ ਅੰਜੀਲ ਦਾ ਉਪਦੇਸ਼ ਕਰੋ ਤੇ ਇਹ ਏਲਾਨ ਕਰ ਦਿਓ ਕਿ ਜਿਹੜਾ ਈਮਾਨ ਨਹੀਂ ਲਿਆਵੇਗਾ ਓਹਦਾ ਸੱਤਯਾਨਾਸ ਹੋ ਜਾਵੇਗਾ! ਪਰ ਜਿਹੜਾ ਈਮਾਨ ਲੈ ਆਵੇਗਾ ਬਿਪਤਿਸਮਾ ਲੈ ਲਵੇਗਾ ਓਹ ਬਚ ਜਾਵੇਗਾ ਤੇ ਨਾਲੇ ਲੋਕਾਂ ਵਿੱਚੋਂ ਸ਼ੈਤਾਨ ਤੇ ਭੂਤ ਕੱਢੇਗਾ ਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਦੇ ਰੋਗ ਨਿਵਰਤ ਕਰੇਗ, ਤੇ ਅਜੀਬ ਜ਼ਬਾਨਾਂ ਵਿਚ ਜਾ ਜਾ ਗੱਲਾਂ ਕਰੇਗਾ, ਸੱਪਾਂ ਨੂੰ ਹੱਥਾਂ ਵਿੱਚ ਫੜਨ ਤੇ ਜ਼ਹਿਰ ਪੀਣ ਤੇ ਫਿਰ ਵੀ ਮਰਨ ਨਾਂਹ ਚੰਗੇ ਭਲੇ ਰਹਿਣ ਆਦਿ ਦੇ ਕਾਬਲ ਹੋ ਜਾਏਗਾ।
ਉਸ ਗਿਰਜੇ ਦੀ ਰਸਮੀ ਸੇਵਾ ਦਾ ਲੁਬੇ ਲਬਾਬ ਇਕ ਫਰਜ਼ ਕੀਤੀ ਗੱਲ ਸੀ ਕਿ ਪਾਦਰੀ ਦੇ ਕੱਟੇ ਰੋਟੀ ਦੇ ਟੁਕੜੇ, ਜੋ ਮੁੜ ਮੁੜ ਸ਼ਰਾਬ ਵਿੱਚ ਸੇੜੇ ਜਾਂਦੇ ਸਨ, ਜਦ ਦੁਆ ਨਾਲ ਪਾਕ ਕੀਤੇ ਜਾਂਦੇ ਸਨ, ਰੱਬ ਦਾ ਮਾਸ ਤੇ ਖੂਨ ਬਣ ਜਾਂਦੇ ਸਨ। ਪਾਦਰੀ, ਜਿਹਨੂੰ ਆਪਣੇ ਵੱਡੇ ਕੱਪੜੇ ਸੰਭਾਲਣ ਦੀ ਮੁਸ਼ਕਲ ਪਈ ਹੋਈ ਸੀ, ਆਪਣੀਆਂ ਬਾਹਾਂ ਬਾਕਾਇਦਾ ਕਦੀ ਉੱਪਰ ਚੱਕਦਾ ਸੀ, ਕਦੀ ਤਲੇ ਕਰਦਾ ਸੀ, ਕਦੀ ਗੋਡਿਆਂ ਭਾਰ ਹੋ ਜਾਂਦਾ ਸੀ, ਤੇ ਮੇਜ਼ ਨੂੰ ਤੇ ਉਸ ਪਰ ਜੋ ਕੁਝ ਪਇਆ ਸੀ, ਓਹਨੂੰ ਚੁੰਮਦਾ ਸੀ; ਤੇ ਖਾਸ ਅਮਲ ਓਹ ਇਹ ਕਰ ਰਹਿਆ ਸੀ ਕਿ ਓਹ ਇਕ ਕੱਪੜੇ ਨੂੰ ਦੋਹਾਂ ਨੁਕਰਾਂ ਥੀਂ ਫੜਕੇ ਇਕ ਤਾਲ ਜੇਹੇ ਵਿੱਚ ਉਸ ਚਾਂਦੀ ਦੀ ਤਸ਼ਤਰੀ ਤੇ ਉਸ ਸੋਨੇ ਦੇ ਪਿਆਲੇ ਉੱਪਰ ਹਿਲਾਂਦਾ ਸੀ। ਤੇ ਇਹ ਮੰਨ ਲਇਆ ਹੋਇਆ ਸੀ ਕਿ ਠੀਕ ਇਸ ਘੜੀ ਓਹ ਰੋਟੀ ਤੇ ਸ਼ਰਾਬ, ਮਾਸ ਤੇ ਖੂਨ ਵਿੱਚ ਬਦਲ ਜਾਂਦੇ ਸਨ, ਇਸ ਵਾਸਤੇ ਸੇਵਾ ਦਾ ਇਹ ਹਿੱਸਾ ਓਹ ਪਾਦਰੀ ਭਾਰੀ ਸੰਜੀਦਗੀ ਨਾਲ ਨਿਬਾਹੁੰਦਾ ਸੀ।
"ਹੁਣ ਇਸਨੂੰ ਅਸੀਸ ਲਈ, ਲਓ ਨਾਮ ਓਸ ਸਭ ਥਾਂ ਪਵਿਤ੍ਰ, ਸਭ ਥੀਂ ਪਾਕ ਰੱਬ ਦੀ ਮਾਂ ਦਾ," ਪਾਦਰੀ ਓਸ ਸੁਨਹਿਰੀ ਪਰਦੇ ਦੇ ਪਿੱਛੋਂ ਦੀ ਉੱਚੀ ਆਵਾਜ਼ ਨਾਲ ਲਲਕਾਰਿਆ, ਜਿਹੜਾ ਪਰਦਾ ਗਿਰਜੇ ਦੇ ਓਸ ਹਿੱਸੇ ਨੂੰ ਹੋਰ ਸਭ ਥੀਂ ਵੱਖਰਾ ਕਰਦਾ ਸੀ। ਤੇ ਗਾਣ ਵਾਲੇ ਜੋਟੀਦਾਰ ਗਾਣ ਲੱਗ ਪਏ ਕਿ ਕਰੋ ਓਸ ਕੰਵਾਰੀ ਮੇਰੀ ਦੀ ਸਿਫਤ ਸਲਾਹ ਜਿਸ ਈਸਾ ਨੂੰ ਆਪਣੀ ਕੰਵਾਰੀ ਕੁੱਖ ਵਿੱਚ ਧਾਰਨ ਕੀਤਾ ਤੇ ਈਸਾ ਨੂੰ ਬਿਨਾਂ ਆਪਣਾ ਕੰਵਾਰਪਨ ਖੋਹਣ ਦੇ ਜਨਮ ਦਿੱਤਾ। ਇਸ ਵਾਸਤੇ ਓਹਦਾ ਸਤਿਕਾਰ ਹੋਰ ਹਰ ਕਿਸਮ ਦੇ ਫ਼ਰਿਸ਼ਤੇ ਥੀਂ ਵੱਡਾ ਹੈ ਉਹਦੀ ਸ਼ਾਨ ਹਰ ਕਿਸਮ ਦੇ ਦੇਵੀ ਦੇਵਤੇ ਥੀਂ ਉੱਚੀ ਹੈ—ਗਾਓ ਉਸਦੀ ਸਿਫਤ ਗਾਓ। ਇਉਂ ਕਰਨ ਦੇ ਪਿੱਛੋਂ ਰੋਟੀ ਦਾ ਮਾਸ ਤੇ ਸ਼ਰਾਬ ਦੇ ਰੱਬ ਦੇ ਖੂਨ ਵਿੱਚ ਬਦਲ ਜਾਣਾ ਪੂਰਣ ਹੋ ਗਇਆ ਸਮਝਿਆ ਗਇਆ ਤੇ ਪਾਦਰੀ ਨੇ ਤਸ਼ਤਰੀ ਥੀਂ ਰੋਮਾਲ ਚੁੱਕਿਆ ਤੇ ਰੋਟੀ ਦਾ ਦਰਮਿਆਨੀ ਹਿੱਸਾ ਚਾਰ ਟੁਕੜਿਆਂ ਵਿੱਚ ਕੱਟਿਆ ਤੇ ਇਕ ਨੂੰ ਪਹਿਲਾਂ ਸ਼ਰਾਬ ਵਿੱਚ ਡਬੋ ਕੇ ਆਪਣੇ ਮੂੰਹ ਵਿੱਚ ਪਾ ਲਇਆ। ਇਹ ਮੰਨ ਲਇਆ ਹੋਇਆ ਸੀ ਕਿ ਇਉਂ ਉਸ ਪਾਦਰੀ ਨੇ ਰੱਬ ਦੇ ਮਾਸ ਦਾ ਇਕ ਟੁਕੜਾ ਖਾ ਲਇਆ ਹੈ, ਤੇ ਰੱਬ ਦਾ ਖੂਨ ਥੋੜਾ ਜੇਹਾ ਪੀ ਲਇਆ ਹੈ। ਪਰ ਪਾਦਰੀ ਨੇ ਇਕ ਪਰਦਾ ਖਿੱਚ ਦਿੱਤਾ, ਤੇ ਇਸ ਕਮਰੇ ਨੂੰ ਵਖਰਾ ਕਰਨ ਵਾਲੇ ਪਰਦੇ ਦਾ ਦਰਮਿਆਨਾ ਦਰਵਾਜ਼ਾ ਖੋਲ੍ਹਿਆ, ਤੇ ਸੋਨੇ ਦਾ ਪਿਆਲਾ ਹੱਥ ਵਿੱਚ ਲਈ ਓਸ ਦਰਵਾਜ਼ਿਓਂ ਬਾਹਰ ਆਇਆ, ਤੇ ਕਹਿੰਦਾ ਆਉਂਦਾ ਸੀ ਕਿ ਆਓ ਜਿਸ ਕਿਸੀ ਨੇ ਰੱਬ ਦਾ ਮਾਸ ਤੇ ਲਹੂ ਪੀਣਾ ਹੈ ਇਸ ਪਿਆਲੇ ਵਿੱਚ ਹੈ। ਕਈ ਬੱਚਿਆਂ ਨੇ ਸਿਰਫ਼ ਖਾਹਿਸ਼ ਪ੍ਰਗਟ ਕੀਤੀ।
ਪਾਦਰੀ ਨੇ ਬੱਚਿਆਂ ਦੇ ਨਾਂ ਪਹਿਲਾਂ ਪੁੱਛੇ, ਪਾਦਰੀ ਨੇ ਮੁੜ ਪਿਆਲੇ ਵਿੱਚੋਂ ਸ਼ਰਾਬ ਵਿੱਚ ਸਿੱਜੀ ਰੋਟੀ ਦਾ ਟੁਕੜਾ ਚੱਮਚ ਨਾਲ ਕੱਢਿਆ ਤੇ ਬੱਚੇ ਦੇ ਮੂੰਹ ਵਿੱਚ ਚੱਮਚ ਨਾਲ ਪਾਇਆ।
ਇਸੀ ਤਰਾਂ ਹਰ ਇਕ ਬੱਚੇ ਨੂੰ ਵਾਰੀ ਵਾਰੀ ਇਉਂ ਹੀ ਚਿਖਾਇਆ ਤੇ ਡੀਕਨ ਬੱਚਿਆਂ ਦੇ ਮੂੰਹ ਪੂੰਝਦਾ ਜਾਂਦਾ ਸੀ ਤੇ ਗੌਂਦਾ ਜਾਂਦਾ ਸੀ ਕਿ ਬੱਚਿਆਂ ਨੇ ਅੱਜ ਰੱਬ ਦਾ ਮਾਸ ਖਾਧਾ ਤੇ ਰੱਬ ਦਾ ਲਹੂ ਪੀਤਾ। ਇਹ ਕਹਿਕੇ ਪਾਦਰੀ ਸੋਨੇ ਦੇ ਪਿਆਲੇ ਨੂੰ ਮੁੜ ਓਸ ਪਰਦੇ ਪਿੱਛੇ ਲੈ ਗਇਆ ਤੇ ਉੱਥੇ ਜਾਕੇ ਜੇਹੜਾ ਖੂਨ ਰਹਿ ਗਇਆ ਸੀ ਓਹ ਪੀਤਾ ਤੇ ਜਿਹੜੇ ਰੋਟੀ ਦੇ ਟੁਕੜੇ ਰੱਬ ਦਾ ਮਾਸ ਰਹਿ ਗਇਆ ਸੀ ਓਹ ਛਕੇ। ਤੇ ਜਦ ਓਹ ਆਪਣੀਆਂ ਮੁੱਛਾਂ ਨਾਲ ਲੱਗੀ ਸ਼ਰਾਬ ਨੂੰ ਚੂਸ ਚੁਕਾ, ਤੇ ਆਪਣਾ ਮੂੰਹ ਤੇ ਪਿਆਲਾ ਪੂੰਝ ਚੁੱਕਾ, ਤਦ ਓਹ ਪਰਦੇ ਦੇ ਪਿੱਛੋਂ ਦੀ ਬੜੀ ਫੁਰਤੀ ਨਾਲ ਆਪਣੇ ਮੇਸ਼ੇ ਦੇ ਚੂੰ ਚੂੰ ਕਰਦੇ ਬੂਟਾਂ ਦੇ ਪਤਲੇ ਤਲਿਆਂ ਦੀ ਅਵਾਜ਼ ਜੇਹੀ ਕਰਦਾ ਬਾਹਰ ਆਇਆ। ਗਿਰਜੈਈ ਮੱਤ ਦੀ ਰੱਬ ਦੀ ਸੇਵਾ ਦਾ ਵੱਡਾ ਹਿੱਸਾ ਖਤਮ ਹੋਇਆ। ਪਾਦਰੀ ਨੇ ਬਦਕਿਸਮਤ ਕੈਦੀਆਂ ਦੀ ਹੋਰ ਵਾਧੂ ਢਾਰਸ ਬਨ੍ਹਾਣ ਲਈ ਇਕ ਕਾਰਵਾਈ ਹੋਰ ਵਧਾ ਦਿੱਤੀ, ਉਹ ਇਉਂ ਸੀ। ਇਕ ਘਾੜਵੇਂ ਸੋਨੇ ਦੀ ਪ੍ਰਤਿਮਾ ਵਲ ਗਇਆ, (ਬੁੱਤ ਦੇ ਮੂੰਹ ਤੇ ਹੱਥ ਕਾਲੇ ਸਨ)। ਇਕ ਦਰਜਨ ਮੋਮ ਦੀਆਂ ਬੱਤੀਆਂ ਉਸ ਬੁੱਤ ਦੇ ਆਲੇ ਦੁਆਲੇ ਜਗ ਰਹੀਆਂ ਸਨ।
ਇਹ ਬੁੱਤ ਓਸ ਰੱਬ ਦਾ ਫਰਜ਼ ਕੀਤਾ ਹੋਇਆ ਸੀ ਜਿਹਨੂੰ ਓਹ ਹੁਣੇ ਖਾ ਰਹੇ ਸਨ ਤੇ ਇਕ ਅਜੀਬ ਬੇ ਸੁਰੀ ਜੇਹੀ ਆਵਾਜ਼ ਵਿੱਚ ਹੇਠ ਲਿਖੇ ਸ਼ਬਦ ਮੂੰਹ ਵਿੱਚ ਗੁਣ ਗੁਣ ਕਰਦਾ ਗਾਉਣ ਲੱਗ ਪਇਆ:—
"ਸਭ ਥੀਂ ਮਿੱਠੇ ਈਸਾ! ਹਵਾਰੀਆਂ ਨੇ ਜਿਹਦੀ ਸਿਫਤ ਕੀਤੀ ਤੇ ਦਰਸਾਇਆ—ਈਸਾ ਜਿਹਨੂੰ ਸ਼ਹੀਦਾਂ ਨੇ ਸੀ ਗਾਇਆ, ਸਰਬ ਸ਼ਕਤੀਮਾਨ ਬਾਦਸ਼ਾਹ! ਮੈਨੂੰ ਬਚਾਈਂ ਮੇਰੇ ਈਸਾ! ਈਸਾ ਮੇਰਾ ਬਣਾਉਣ ਵਾਲਾ, ਸਭ ਥੀਂ ਸੋਹਣੇ ਮੇਰੇ ਈਸਾ। ਮੈਨੂੰ ਬਚਾਈਂ ਜਿਹੜਾ ਤੇਰੇ ਅੱਗੇ ਫਰਯਾਦ ਕਰਦਾ ਹਾਂ। ਓ ਮੁਕਤੀ ਦਾਤਾ ਈਸਾ! ਦੁਆ ਥੀਂ ਜੰਮਿਆ ਈਸਾ! ਸਾਰੇ ਆਪਣੇ ਸੰਤਾਂ ਨੂੰ ਬਚਾਈਂ! ਸਾਰੇ ਆਪਣੇ ਪੈਗੰਬਰਾਂ ਨੂੰ ਬਚਾਈਂ ਸਾਰਿਆਂ ਨੂੰ ਆਪਣੀ ਸਵਰਗ ਦੀਆਂ ਖੁਸ਼ੀਆਂ ਦੇ ਲਾਇਕ ਬਣਾਈਂ, ਓ ਈਸਾ ਸਭ ਮਖ਼ਲੂਕ ਦੇ ਪਿਆਰੇ!"
ਇਉਂ ਕਹਿੰਦੇ ਕਹਿੰਦੇ ਚੁਪ ਹੋ ਗਇਆ, ਸਾਹ ਲੀਤਾ, ਆਪਣੇ ਆਪ ਉੱਪਰ ਸਲੀਬ ਦਾ ਨਿਸ਼ਾਨ ਵਾਹਿਆ ਤੇ ਜਮੀਨ ਉੱਪਰ ਸਿਰ ਧਰ ਕੇ ਮੱਥਾ ਟੇਕਿਆ, ਤੇ ਉਸ ਪਿੱਛੇ ਹਰ ਇਕ ਨੇ ਟੇਕਿਆ, ਇਨਸਪੈਕਟਰ ਵਾਰਡਰਾਂ ਨੇ, ਕੈਦੀਆਂ ਨੇ, ਓਸੇ ਵਾਂਗ ਮੱਥਾ ਟੇਕਿਆ, ਤੇ ਉੱਪਰੋਂ ਜ਼ੰਜੀਰਾਂ ਬੇੜੀਆਂ ਦੇ ਖੜਾਕ ਕੁਛ ਜ਼ਿਆਦਾ ਸੁਣਾਈ ਦੇਂਦੇ ਸਨ। ਫਿਰ ਪਾਦਰੀ ਕਹੀ ਗਇਆ, "ਤਾਕਤਾਂ ਦੇ ਮਾਲਕ! ਦੇਵਤਿਆਂ ਦੇ ਕਾਦਰ, ਈਸਾ, ਸਭ ਥੀਂ ਵਧ ਅਚਰਜ ਮੂਰਤ ਸਾਡੇ ਪਿਓ ਦਾਦੇ ਦੇ ਮੁਕਤੀ ਦਾਤਾ, ਸਭ ਥੀਂ ਮਿੱਠੇ ਈਸਾ, ਸਭ ਬਜ਼ੁਰਗਾਂ ਦੇ ਸ਼ਲਾਘਾਯੋਗ ਪੁਰਸ਼, ਸਭ ਥੀਂ ਵਧ ਨੂਰ ਭਰਪੂਰ ਈਸਾ, ਬਾਦਸ਼ਾਹਾਂ ਦੀ ਤਾਕਤ ਸਭ ਥੀਂ ਚੰਗੇ ਈਸਾ, ਪੈਗੰਬਰਾਂ ਦੀ ਪੂਰਣਤਾ ਈਸਾ, ਸਭ ਥੀਂ ਵੱਡੇ ਵਿਸਮਾਦ ਸ਼ਹੀਦਾਂ ਦੀ ਤਾਕਤ ਈਸਾ, ਸਭ ਥੀਂ ਵਧ ਗਰੀਬ ਸਾਧਾਂ ਦੇ ਅਨੰਦ ਈਸਾ, ਸਭ ਥੀਂ ਵਧ ਰਹਿਮ ਵਾਲੇ ਪਾਦਰੀਆਂ ਦੀ ਮਿਠੱਤਾ ਈਸਾ, ਸਭ ਥੀਂ ਵੱਡੇ ਦਯਾਵਾਨ ਪਰਸ਼, ਬਰਤ ਰੱਖਣ ਵਾਲਿਆਂ ਦੇ ਧੀਰਜ, ਬ੍ਰਹਮਚਾਰੀਆਂ ਦਾ ਬ੍ਰਹਮਚਰਜ ਗੁਨਹਾਂਗਾਰਾਂ ਦੀ ਮੁਕਤੀ ਈਸਾ, ਰੱਬ ਦੇ ਬੇਟੇ ਮੇਰੇ ਉੱਪਰ ਦਯਾ ਕਰ।"
ਹਰ ਵਾਰੀ ਜਦ ਓਹ ਸ਼ਬਦ ਈਸਾ ਉਚਾਰਦਾ ਸੀ ਉਹਦੀ ਆਵਾਜ਼ ਸੱਰਰ ਮੱਰਰ ਕੁਛ ਕਰਨ ਲੱਗ ਜਾਂਦੀ ਸੀ। ਆਖਰ ਚੁਪ ਹੋ ਗਇਆ, ਤੇ ਆਪਣੀ ਰੇਸ਼ਮ ਦੀ ਅਸਤਰ ਵਾਲੀ ਰੂਸੀ ਪੋਸ਼ਾਕ ਚੱਕ ਕੇ ਇਕ ਗੋਡੇ ਭਾਰ ਹੋਕੇ ਓਹਨੇ ਆਪਣਾ ਮਸਤਕ ਜਿਮੀਂ ਤੱਕ ਨਿਵਾਇਆ। ਜੋੜੀਆਂ ਵਾਲੇ ਰਾਗੀ ਇਹ ਉਹਦੇ ਲਫਜ਼ ਚੱਕ ਕੇ ਗਾਣ ਲੱਗ ਪਏ:— "ਈਸਾ, ਰੱਬ ਦੇ ਬੇਟੇ ਮੇਰੇ ਤੇ ਦਯਾ ਕਰ—" ਤੇ ਕੈਦੀ ਵੀ ਝੁਕ ਗਏ, ਤੇ ਫੇਰ ਉੱਠੇ ਤੇ ਆਪਣੇ ਵਾਲ ਜਿੰਨੇ ਕੂ ਉਨ੍ਹਾਂ ਦੇ ਸਿਰਾਂ ਉੱਪਰ ਰਹਿ ਗਏ ਸਨ ਮੌੜ ਕੇ ਪਿੱਛੇ ਸੁਟਦੇ ਸਨ, ਤੇ ਜੰਜੀਰਾਂ ਬੇੜੀਆਂ ਖੜਕਾਂਦੇ ਸਨ। ਓਨ੍ਹਾਂ ਦੇ ਇਉਂ ਹਿੱਲਣ ਕਰਕੇ ਇਹ ਬੇੜੀਆਂ ਉਨ੍ਹਾਂ ਦੇ ਗਿੱਟਿਆਂ ਨੂੰ ਲੱਗਦੀਆਂ ਤੇ ਜ਼ਖਮੀ ਕਰ ਰਹੀਆਂ ਸਨ।
ਇਹ ਕਾਰਵਾਈ ਚੋਖਾ ਚਿਰ ਇਉਂ ਹੁੰਦੀ ਰਹੀ। ਪਹਿਲਾਂ ਤਾਂ ਰੱਬ ਦੀ ਸਿਫਤ ਸਲਾਹ ਜਿਹੜੀ ਇਨ੍ਹਾਂ ਲਫਜ਼ਾਂ ਵਿੱਚ ਆਕੇ ਖਤਮ ਹੋਈ "ਰੱਬਾ ਮੇਰੇ ਉੱਪਰ ਤਰਸ ਕਰ" ਫਿਰ ਹੋਰ ਵਡਿਆਈ ਦੇ ਗਾਣੇ ਜਿਹੜੇ 'ਆਲੇਲੂਈਆਂ' ਦੇ ਲਫਜ਼ਾਂ ਉੱਪਰ ਆਣ ਮੁੱਕੇ—ਤੇ ਕੈਦੀ ਆਪਣੇ ਉੱਪਰ ਸਲੀਬ ਦੇ ਨਿਸ਼ਾਨ ਕਰਦੇ ਜਾਂਦੇ ਸਨ, ਮੱਥਾ ਟੇਕਦੇ ਜਾਂਦੇ ਸਨ, ਪਹਿਲਾਂ ਹਰ ਫਿਕਰੇ ਉੱਪਰ, ਫਿਰ ਹਰ ਦੂਸਰੇ ਫਿਕਰੇ ਉਪਰ, ਤੇ ਫਿਰ ਹਰ ਤੀਸਰੇ ਫਿਕਰੇ ਪਿੱਛੇ ਇਹ ਕਵਾਇਦ ਹੁੰਦੀ ਸੀ; ਤੇ ਸਾਰੇ ਬੜੇ ਖੁਸ਼ ਹੋਏ ਸਨ ਜਦ ਰੱਬ ਦੀ ਉਸਤਤੀ ਦੇ ਸਤੋਤਰ ਆਖ਼ਰ ਮੁੱਕੇ ਤੇ ਪਦਾਰੀ ਨੇ ਵੀ ਕਿਤਾਬ ਠੱਪੀ, ਠੰਡਾ ਸਾਹ ਭਰਿਆ ਤੇ ਪਰਦੇ ਦੇ ਪਿੱਛੇ ਚਲਾ ਗਇਆ। ਇਕ ਆਖਰੀ ਰਸਮ ਪੂਰੀ ਕਰਨੀ ਰਹਿ ਗਈ ਸੀ, ਪਾਦਰੀ ਨੇ ਇਕ ਮੇਜ਼ ਉੱਪਰੋਂ ਇਕ ਵੱਡੀ ਗਿਲਟੀ ਸਲੀਬ ਚੱਕੀ, ਇਸ ਸਲੀਬ ਦੇ ਦੋਹਾਂ ਸਿਰਿਆਂ ਉੱਪਰ ਅਨੈਮਲ ਦੀਆਂ ਮੂਰਤਾਂ ਸਨ—ਇਉਂ ਓਹ ਸਲੀਬ ਚੱਕ ਕੇ ਗਿਰਜੇ ਦੇ ਐਨ ਵਿਚਕਾਰ ਆ ਗਇਆ ਪਹਿਲਾਂ ਤਾਂ ਇਨਸਪੈਕਟਰ ਨੇ ਅੱਗੇ ਵਧ ਕੇ ਸਲੀਬ ਨੂੰ ਚੁੰਮਿਆ—ਫਿਰ ਜੇਲਰ ਆਏ ਤੇ ਉਨ੍ਹਾਂ ਚੁੰਮਿਆ, ਫਿਰ ਕੈਦੀ ਇਕ ਦੂਜੇ ਨੂੰ ਮੋਂਹਢੇ ਮਾਰਦੇ, ਧੱਕੇ ਦਿੰਦੇ, ਗੋਸ਼ੇ ਕਰਦੇ, ਗਾਲਾਂ ਕੱਢਦੇ ਆਏ ਉਨ੍ਹਾਂ ਚੁੰਮਿਆ। ਪਾਦਰੀ ਗੱਲਾਂ ਤਾਂ ਇਨਸਪੈਕਟਰ ਨਾਲ ਕਰਦਾ ਪਇਆ ਸੀ ਅਤੇ ਆਪਣੇ ਹੱਥ ਤੇ ਸਲੀਬ ਐਵੇਂ ਹੀ ਅੱਗੇ ਕਰ ਦਿੰਦਾ ਸੀ, ਜਿਹੜੇ ਕਦੀ ਕੈਦੀਆਂ ਦੇ ਮੂੰਹਾਂ ਉੱਪਰ ਜਾਂ ਵੱਜਦੇ ਸਨ, ਕਦੀ ਉਨ੍ਹਾਂ ਦੇ ਹੱਕਾਂ ਨੂੰ ਜਾ ਲੱਗਦੇ ਸਨ। ਪਰ ਕੈਦੀ ਇਸ ਕੋਸ਼ਸ਼ ਵਿੱਚ ਸਨ ਕਿ ਦੋਵੇਂ, ਸਲੀਬ ਤੇ ਨਾਲੇ ਪਾਦਰੀ ਦਾ ਹੱਥ, ਕਿਸ ਤਰਾਂ ਉਨ੍ਹਾਂ ਪਾਸੋਂ ਚੁੰਮੇ ਜਾ ਸੱਕਣ।
ਤੇ ਇਉਂ ਈਸਾਈਆਂ ਦੀ ਰੱਬ ਦੀ ਸੇਵਾ ਦੀ ਕਾਰਰਵਾਈ ਖਤਮ ਹੋਈ, ਓਹ ਸੇਵਾ ਜਿਹੜੀ ਉਨ੍ਹਾਂ ਆਪਣੇ ਭਰਾਵਾਂ ਦੀ ਖਾਤਰ ਜੋ ਰਾਹੌਂ ਕੁਰਾਹ ਪਏ ਹੋਏ ਸਨ ਉਨ੍ਹਾਂ ਕੈਦੀਆਂ ਦੇ ਆਰਾਮ ਦੇ ਸੁਖ ਲਈ ਆਰੰਭੀ ਸੀ।
ਮੋਇਆਂ ਦੀ ਜਾਗ-ਕਾਂਡ ੪੦. : ਲਿਉ ਤਾਲਸਤਾਏ
ਜਿੰਨੇ ਵੀ ਉੱਥੇ ਉਪਸਥਿਤ ਹਨ, ਇਨਸਪੈਕਟਰ ਥੋਂ ਲੈਕੇ ਮਸਲੋਵਾ ਤੱਕ, ਕੋਈ ਵੀ ਇਸ ਗੱਲ ਦਾ ਜਾਣੂ ਨਹੀਂ ਸੀ, ਕਿ ਇਸ ਈਸਾ ਨੇ, ਜਿਹਦਾ ਨਾਂ ਪਾਦਰੀ ਨੇ ਇੰਨੇ ਵੇਰੀ ਲਇਆ ਸੀ ਤੇ ਇੰਨੇ ਸਾਰੇ ਵੱਡੇ ਵਡੇ ਅਜੀਬ ਲਫਜ਼ਾਂ ਨਾਲ ਲਇਆ ਸੀ, ਉਨ੍ਹਾਂ ਸਾਰੀਆਂ ਗੱਲਾਂ ਥੀਂ ਹੋੜਿਆ ਹੋਇਆ ਹੈ ਜਿਹੜੀਆਂ ਏਹ ਪਏ ਕਰਦੇ ਸਨ। ਉਸਨੇ ਨ ਸਿਰਫ ਇਹ ਬੇਅਰਥ ਬਹੂੰ ਬੋਲਣ ਤੇ ਸ਼ਰਾਬ ਤੇ ਰੋਟੀ ਉੱਪਰ ਕਾਫ਼ਰਾਨਾ ਮੰਤ੍ਰ ਪੜ੍ਹ ਪੜ੍ਹ ਕੇ ਫੂਕਨੇ ਹੀ ਮਨ ਕੀਤਾ ਹੋਇਆ ਹੈ, ਸਗੋਂ ਸਾਫ ਥੀਂ ਵੀ ਸਾਫ ਲਫਜ਼ਾਂ ਵਿੱਚ ਹੀ ਮਨਹ ਕੀਤਾ ਹੋਇਆ ਹੈ, ਕਿ ਕੋਈ ਆਦਮੀ ਹੋਰ ਆਦਮੀਆਂ ਨੂੰ ਆਪਣਾ ਮਾਲਕ ਕਹੇ ਯਾ ਮੰਨੇ, ਯਾ ਮੰਦਰਾਂ ਵਿੱਚ ਜਾਕੇ ਰੱਬ ਪਾਸੋਂ ਦੁਆਵਾਂ ਮੰਗੇ। ਓਸ ਤਾਂ ਇਹ ਸਿਖਾਇਆ ਸੀ, ਕਿ ਹਰ ਕਿਸੀ ਨੂੰ ਏਕਾਂਤ ਵਿੱਚ ਜਾਕੇ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਮੰਦਰਾਂ ਦਾ ਚਾਹੜਨਾ ਮਨਹ ਕੀਤਾ ਸੀ ਤੇ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਇਨ੍ਹਾਂ ਮੰਦਰਾਂ ਨੂੰ ਢਾਹੁਣ ਆਇਆ ਹਾਂ, ਤੇ ਹਰ ਇਕ ਬੰਦਾ ਮੰਦਰਾਂ ਵਿੱਚ ਜਾਕੇ ਰੱਬ ਨੂੰ ਨਾ ਪੂਜੇ,—ਸਿਰਫ ਆਪਣੇ ਰੂਹ ਵਿੱਚ, ਸੱਚ ਵਿੱਚ ਰਹਿ ਕੇ ਪੂਜੇ—ਤੇ ਸਬ ਥੀਂ ਵੱਧ ਕੇ ਇਹ ਕਹਿਆ ਕਿ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਦੇ ਕਰਮਾਂ ਦੀ ਅਦਾਲਤ ਕਰਨ ਨ ਬੈਠੇ—ਕੋਈ ਕਿਸੀ ਨੂੰ ਕੈਦ ਨਾ ਕਰੇ, ਕੋਈ ਕਿਸੀ ਨੂੰ ਪੀੜਾ ਦੁੱਖ ਨ ਦੇਵੇ, ਫਾਂਸੀ ਨਾ ਲਾਵੇ ਜਿਵੇਂ ਇਹ ਧੂਰਤ ਲੋਕੀ ਇੱਥੇ ਕਰ ਰਹੇ ਸਨ। ਸਗੋਂ ਉਸਨੇ ਤਾਂ ਮਨਹ ਕੀਤਾ ਸੀ ਕਿ ਕੋਈ ਕਿਸੇ ਨੂੰ ਦੁੱਖ ਨ ਦੇਵੇ, ਕੋਈ ਹਿੰਸਾ ਨ ਕਰੇ। ਓਹ ਤਾਂ ਕਹਿੰਦਾ ਹੁੰਦਾ ਸੀ ਕਿ ਓਹ ਕੈਦੀਆਂ ਨੂੰ ਆਜ਼ਾਦੀ ਦੇਣ ਆਇਆ ਸੀ।
ਓਥੇ ਹਾਜਰ ਹੋਏ ਬੰਦਿਆਂ ਵਿੱਚੋਂ ਕੋਈ ਵੀ ਇਸ ਗੱਲ ਦਾ ਜਾਣੂ ਨਹੀਂ ਸੀ ਕਿ ਜੋ ਕੁਛ ਵੀ ਕਰਤੂਤ ਓਥੇ ਹੋ ਰਹੀ ਸੀ ਉਹ ਕੁਫਰ ਹੈ ਤੇ ਓੱਥੇ ਉਹ ਈਸਾ ਦਾ ਇਕ ਮਖੌਲ ਉਡਾ ਰਹੇ ਹਨ, ਜਿਹਦਾ ਨਾਂ ਲੈਕੇ ਉਹ ਇਹ ਸਭ ਕੁਛ ਕਰ ਰਹੇ ਸਨ। ਕੋਈ ਵੀ ਓਥੇ ਇਹ ਅਨਭਵ ਕਰਦਾ ਪ੍ਰਤੀਤ ਨਹੀਂ ਸੀ ਹੁੰਦਾ, ਕਿ ਉਹ ਗਿਲਟੀ ਸਲੀਬ, ਜਿਹਦੇ ਦੋਹਾਂ ਸਿਰਿਆਂ ਉੱਪਰ ਈਸਾ ਦੀ ਮੂਰਤੀ ਸੀ, ਤੇ ਜਿਹੜੇ ਪਾਦਰੀ ਲੋਕਾਂ ਅੱਗੇ ਕਰੀ ਜਾਂਦਾ ਸੀ ਕਿ ਉਹਨੂੰ ਉਹ ਚੁੰਮਣ, ਹੋਰ ਕੁਛ ਵੀ ਨਹੀਂ ਸੀ, ਨਿਰਾ ਉਸ ਫਾਂਸੀ ਦਾ ਚਿੰਨ੍ਹ ਰੂਪ ਸੀ ਜਿਸ ਉੱਪਰ ਲਟਕਾ ਕੇ ਲੋਕਾਂ ਨੇ ਈਸਾ ਨੂੰ ਮਾਰ ਮੁਕਾਇਆ ਸੀ, ਤੇ ਕਿਸ ਗੁਨਾਹ, ਕਿਸ ਦੋਸ ਲਈ?—ਬੱਸ ਇਸ ਗੁਨਾਹ ਲਈ ਕਿ ਉਸ ਨੇ ਲੋਕਾਂ ਦੀਆਂ ਇਹੋ ਜੇਹੀਆਂ ਕਰਤੂਤਾਂ ਨੂੰ ਨਿੰਦਿਆ ਸੀ ਜਿਹੜੀਆਂ ਉਸ ਵੇਲੇ ਇਹ ਲੋਕੀ ਉੱਥੇ ਕਰ ਰਹੇ ਸਨ। ਇਹ ਮੁਲਾਣੇ ਤੇ ਪਾਦਰੀ ਜਿਹੜੇ ਇਹ ਚਿਤਵਨੀ ਕਰ ਰਹੇ ਸਨ ਕਿ ਉਸ ਰੋਟੀ ਤੇ ਸ਼ਰਾਬ ਦੀ ਸ਼ਕਲ ਵਿੱਚ ਈਸਾ ਦਾ ਮਾਸ ਖਾ ਰਹੇ ਹਨ ਤੇ ਉਹਦਾ ਲਹੂ ਪੀ ਰਹੇ ਹਨ, ਦਰਹਕੀਕਤ ਆਪ ਪਾਪੀ ਹਨ, ਉਹਦਾ ਮਾਸ ਖਾਣ ਤੇ ਲਹੂ ਪੀਣ ਦੇ ਦੋਸ ਦੇ ਪਾਪੀ ਨਹੀਂ ਸਗੋਂ ਇਸ ਦੋਸ ਦੇ ਦੋਸੀ ਹਨ ਕਿ ਉਹ ਇੰਨਾਂ ਨਿੱਕਿਆਂ ਨਿੱਕਿਆਂ ਬਾਲਕਾਂ ਨੂੰ ਜਿਨ੍ਹਾਂ ਨਾਲ ਈਸਾ ਇੰਨਾਂ ਅਭੇਦ ਹੋ ਪਿਆਰ ਕਰਦਾ ਸੀ ਇਕ ਗੁਮਰਾਹੀ ਤੇ ਗਲਤ ਫਹਿਮੀ ਵਿੱਚ ਫਸਾ ਰਹੇ ਸਨ, ਤੇ ਇਉਂ ਫਸਾਣ ਕਰਕੇ ਉਨ੍ਹਾਂ ਬਾਲਕਾਂ ਨੂੰ ਰੱਬ ਦੀ ਸਭ ਥੀਂ ਵੱਡੀ ਬਰਕਤ ਥੀਂ ਮਹਿਰੂਮ ਕਰ ਰਹੇ ਸਨ ਤੇ ਇਉਂ ਉਨ੍ਹਾਂ ਨੂੰ ਵਧ ਥੀਂ ਵਧ ਜ਼ਾਲਮਾਨਾ ਦੁਖ ਦੇ ਸ਼ਿਕਾਰ ਬਣਾ ਰਹੇ ਸਨ ਤੇ ਈਸਾ ਨੇ ਰੱਬ ਦੀ ਖੁਸ਼ੀ ਭਰੀ ਸੋ ਜਿਹੜੀ ਆਣ ਕੇ ਦਿੱਤੀ ਸੀ ਉਹ ਸੋ ਇਨ੍ਹਾਂ ਥੀਂ ਉੱਕਾ ਲੁਕਾ ਛੁਪਾ ਰਹੇ ਸਨ। ਇਹ ਖਿਆਲ ਕਿਸੀ ਦੇ ਮਨ ਵਿੱਚੋਂ ਉੱਕਾ ਲੰਘਿਆ ਹੀ ਨਹੀਂ ਸੀ।
ਪਾਦਰੀ ਤਾਂ ਆਪਣੀ ਖਾਮੋਸ਼ ਹੋਈ ਮੋਈ ਜ਼ਮੀਰ ਨਾਲ ਆਪਣਾ ਪਾਰਟ ਕਰੀ ਗਇਆ, ਕਿਉਂਕਿ ਬਾਲਪਣੇ ਥੀਂ ਓਹਨੂੰ ਇਓਂ ਹੀ ਸਿਖਾਇਆ ਪੜ੍ਹਾਇਆ ਗਇਆ ਸੀ, ਕਿ ਬਸ ਇਹ ਇੱਕੋ ਇਕ ਹੀ ਸੱਚਾ ਸਿਦਕ ਤੇ ਈਮਾਨ ਹੈ। ਕੁਲ ਸਨਾਤਨ ਵਕਤਾਂ ਦਾ ਬੜੇ ਬਜ਼ੁਰਗਾਂ ਤੇ ਪਾਰਸਾ ਲੋਕਾਂ ਦਾ ਇਹੋ ਸਿਦਕ ਹੋ ਗੁਜਰਿਆ ਹੈ ਤੇ ਹੁਣ ਤਕ ਇਹੋ ਧਰਮ ਚਲਾ ਜਾਂਦਾ ਹੈ। ਰਾਜ ਦਰਬਾਰ ਦਾ ਧਰਮ ਈਮਾਨ ਵੀ ਇਹੋ ਹੈ। ਰਾਜ ਦਰਬਾਰ ਇਹਦੇ ਪਿੱਛੇ ਹੀ ਖੜਾ ਹੈ। ਓਹ ਆਪ ਤਾਂ ਇਹ ਯਕੀਨ ਨਹੀਂ ਸੀ ਕਰਦਾ ਨ ਕਰ ਸੱਕਦਾ ਕਿ ਇਕ ਰੋਟੀ ਦਾ ਟੁਕੜਾ ਮਾਸ ਵਿੱਚ ਬਦਲ ਜਾਂਦਾ ਹੈ ਯਾ ਅੰਗੂਰੀ ਸ਼ਰਾਬ ਇਓਂ ਲਹੂ ਵਿੱਚ ਵਟ ਜਾਂਦੀ ਹੈ ਯਾ ਕਿ ਇੰਨਾ ਬੋਲਣਾ ਤੇ ਇੰਨੇ ਵੱਡੇ ਵੱਡੇ ਓਪਰੇ ਲਫਜਾਂ ਦਾ ਕਹਿਣਾ ਰੂਹ ਲਈ ਚੰਗੇ ਹੁੰਦੇ ਹਨ, ਯਾ ਇਓਂ ਕਰਕੇ ਸੱਚੀਂ ਮੁੱਚੀਂ ਉਸ ਰੱਬ ਦਾ ਕੋਈ ਟੁਕੜਾ ਨਿਗਲਿਆ ਹੈ। ਉਹ ਕੀ—ਕੋਈ ਵੀ ਇਹੋ ਜੇਹਾ ਯਕੀਨ ਨਹੀਂ ਸੀ ਕਰ ਸੱਕਦਾ ਪਰ ਓਹ ਇਹ ਮੰਨਦਾ ਸੀ ਕਿ ਸਭ ਨੂੰ ਇਓਂ ਯਕੀਨ ਜਰੂਰੀ ਕਰਨਾ ਚਾਹੀਏ। ਇਸ ਮੰਨਣ ਵਿੱਚ ਜਿਹੜੀ ਗੱਲ ਓਹਨੂੰ ਪੱਕਾ ਕਰ ਸੱਕਦੀ ਸੀ ਉਹ ਸਾਹਮਣੇ ਪਇਆ ਸੱਚ ਸੀ ਕਿ ਅੱਜ ਅਠਾਰਾਂ ਸਾਲ ਥੀਂ ਇਸ ਸਿਦਕ ਦੇ ਆਸਰੇ ਓਹ ਆਪਣੇ ਟੱਬਰ ਨੂੰ ਪਾਲ ਰਹਿਆ ਸੀ। ਆਪਣੇ ਮੁੰਡੇ ਨੂੰ ਹਾਈ ਸਕੂਲ ਘੱਲ ਸੱਕਿਆ ਸੀ, ਤੇ ਆਪਣੀ ਲੜਕੀ ਨੂੰ ਓਸ ਸਕੂਲ ਵਿੱਚ ਭੇਜ ਸੱਕਿਆ ਸੀ ਜਿੱਥੇ ਪਾਦਰੀਆਂ ਦੀਆਂ ਲੜਕੀਆਂ ਮੁਫਤ ਪੜ੍ਹਦੀਆਂ ਸਨ। ਡੀਕਨ ਵੀ ਇਉਂ ਹੀ ਮਨ ਰਹਿਆ ਸੀ ਤੇ ਪਾਦਰੀ ਥੀਂ ਵੀ ਵਧ ਮਜ਼ਬੂਤੀ ਨਾਲ ਮੰਨਦਾ ਸੀ ਤੇ ਓਹ ਜਾਣਦਾ ਸੀ ਕਿ ਦੁਆਵਾਂ (with or without the acathistus) ਕਰਨੀਆਂ ਕੀ ਮੋਇਆਂ ਲਈ ਕੀ ਆਮ ਮਖਲੂਕ ਲਈ, ਕੀ ਗਿਰਜਿਆਂ ਦੇ ਇੱਕਠ ਵਿੱਚ, ਸਭ ਦੀ ਖਾਸ ਮੁਕੱਰਰ ਕੀਮਤ ਹੁੰਦੀ ਹੈ, ਜਿਹੜੀ ਕੁਲ ਸੱਚੇ ਈਸਾਈ ਆਪੇ ਹੀ ਦੇ ਦਿੰਦੇ ਹਨ ਤੇ ਬਸ ਪੈਸਿਆਂ ਲਈ ਓਹ ਬੜੀ ਖ਼ੁਸ਼ੀ ਨਾਲ ਬੋਲਦਾ ਸੀ:—"ਦਯਾ ਕਰੀਂ ਰੱਬਾ, ਦਯਾ ਕਰੀਂ," ਤੇ ਜੋ ਕੁਛ ਹਰ ਮੌਕੇ ਉਪਰ ਓਹ ਪੜ੍ਹਦਾ ਯਾ ਕਹਿੰਦਾ ਹੁੰਦਾ ਸੀ ਓਹ ਓਸ ਲਈ ਉੱਨਾ ਹੀ ਜਰੂਰੀ ਸੀ ਜਿੰਨਾ ਹੋਰ ਆਦਮੀਆਂ ਲਈ ਲੱਕੜਾਂ, ਆਟਾ ਤੇ ਆਲੂ ਵੇਚਣ ਲਈ ਆਵਾਜ਼ਾਂ ਕੱਸਣੀਆਂ ਪੈਂਦੀਆਂ ਹਨ, "ਰੋਟੀਆਂ ਕਾਰਨ ਪੂਰੇ ਤਾਲ"। ਕੈਦਖਾਨੇ ਦੇ ਇਨਸਪੈਕਟਰ ਤੇ ਵਾਰਡਰ ਭਾਵੇਂ ਕਦੀ ਨਹੀਂ ਸਨ ਸਮਝ ਸੱਕਦੇ ਤੇ ਨਾ ਉਨ੍ਹਾਂ ਕਦੀ ਸੋਚਿਆ ਹੀ ਸੀ ਕਿ ਇਨ੍ਹਾਂ ਰਸਮਾ ਆਦਿ ਦਾ ਜਿਹੜੀਆਂ ਇਹ ਗਿਰਜੇ ਵਿੱਚ ਕਰਦੇ ਹਨ, ਕੀ ਅਰਥ ਹੈ। ਉਹ ਤਾਂ ਸਾਫ ਇਹ ਮੰਨਦੇ ਸਨ ਕਿ ਉਨ੍ਹਾਂ ਨੂੰ ਇਸ ਕਵਾਯਿਦ ਦਾ ਮੰਨਣਾ ਜਰੂਰੀ ਹੈ ਕਿਉਂਕਿ ਉਨ੍ਹਾਂ ਦੇ ਅਫਸਰ ਇਹ ਮੰਨਦੇ ਹਨ ਤੇ ਜ਼ਾਰ ਆਪ ਮੰਨਦਾ ਸੀ। ਉਹ ਆਪਣੇ ਮਨਾਂ ਵਿੱਚ ਮੱਧਮ ਮਿੱਸੀ ਜੇਹੀ ਤਰਾਂ ਸਮਝਦੇ ਸਨ, ਉਹ ਆਪ ਨਹੀਂ ਸਨ ਦੱਸ ਸੱਕਦੇ, ਕਿ ਇਹੋ ਧਰਮ ਹੈ ਜਿਹੜਾ ਉਨ੍ਹਾਂ ਦੇ ਬੇਤਰਸ ਰੋਜਗਾਰ ਨੂੰ ਆਪਣਾ ਆਸਰਾ ਦੇਈ ਚਲਾ ਜਾਂਦਾ ਸੀ। ਜੇ ਇਹ ਧਰਮ ਨ ਹੁੰਦਾ ਤਦ ਉਨ੍ਹਾਂ ਲਈ ਬੜੀ ਮੁਸ਼ਕਲ ਹੁੰਦੀ ਨ ਹੀ ਇਸ ਧਰਮ ਦੀ ਦਿੱਤੀ ਓਟ ਬਿਨਾ ਓਹਨਾਂ ਲਈ ਮੁਮਕਿਨ ਹੁੰਦਾ ਕਿ ਉਹ ਇਸ ਤਰਾਂ, ਇਸ ਨੀਮਰਾਜ਼ੀ, ਚੁੱਪ ਹੋਈ ਆਪਣੀ ਜ਼ਮੀਰ ਨਾਲ ਆਪਣੀਆਂ ਸਾਰੀਆਂ ਤਾਕਤਾਂ ਮਖਲੂਕ ਉੱਪਰ ਜੁਲਮ ਕਰਨ ਲਈ ਖਰਚ ਕਰ ਸੱਕਦੇ ਜਿਸ ਤਰਾਂ ਹੁਣ ਓਹ ਕਰ ਰਹੇ ਸਨ। ਇਨਸਪੈਕਟਰ ਆਪਣੇ ਸੁਭਾ ਕਰਕੇ ਹੀ ਐਸਾ ਦਇਆਵਾਨ ਬੰਦਾ ਸੀ ਜੇ ਇਸ ਧਰਮ ਦੀ ਟੇਕ ਓਹਨੂੰ ਨਾਹ ਹੋਵੇ ਤਦ ਓਹ ਕਦੀ ਇਹੋ ਜੇਹੀ ਜ਼ਿੰਦਗੀ ਬਸਰ ਨ ਕਰ ਸੱਕਦਾ ਜਿਹੜੀ ਓਹ ਹੁਣ ਇਓਂ ਕਰ ਰਹਿਆ ਸੀ। ਇਸ ਵਾਸਤੇ ਉਹ ਗਿਰਜੇ ਵਿੱਚ ਚੁੱਪ ਅਹਿਲ ਤੇ ਸਵਾਧਾਨ ਖੜਾ ਸੀ, ਮੱਥਾ ਟੇਕਦਾ ਜਾਂਦਾ ਸੀ ਤੇ ਬੜੀ ਸ਼ਰਮ ਨਾਲ ਆਪਣੇ ਉੱਪਰ ਸਲੀਬ ਦਾ ਨਿਸ਼ਾਨ ਖਿੱਚੀ ਜਾਂਦਾ ਸੀ ਤੇ ਇਸ ਕੋਸ਼ਿਸ਼ ਵਿੱਚ ਸੀ ਕਿ ਓਹ ਸਭ ਨੂੰ ਇਹ ਦਸ ਸਕੇ ਕਿ ਜਿਸ ਵੇਲੇ ਦੇਵਤਿਆਂ ਦੀ ਸਿਫਤ ਦਾ ਗਾਣ ਹੁੰਦਾ ਸੀ, ਉਸਦਾ ਓਹਦੇ ਮਨ ਉੱਪਰ ਬੜਾ ਸੋਹਣਾ ਅਸਰ ਹੁੰਦਾ ਸੀ। ਓਹਦੇ ਨੈਣ ਸਜਲ ਹੋ ਜਾਂਦੇ ਸਨ, ਤੇ ਜਦ ਬੱਚੇ ਆ ਕੇ ਰੱਬ ਨਾਲ ਅਭੇਦਤਾ ਚਾਹ ਰਹੇ ਸਨ ਤਦ ਓਸਨੇ ਇਕ ਨੂੰ ਚੱਕ ਲਇਆ ਸੀ ਤੇ ਆਪਣੇ ਕੁਛੜ ਚਾ ਕੇ ਪਾਦਰੀ ਦੇ ਪੇਸ਼ ਕੀਤਾ ਸੀ।
ਕੈਦੀਆਂ ਦੀ ਬਹੁ ਗਿਣਤੀ ਐਸੀ ਸੀ ਜੋ ਮੰਨਦੇ ਸਨ ਕਿ ਇਹਨਾਂ ਗਿਲਟੀ ਬੁੱਤਾਂ, ਮੂਰਤੀਆਂ, ਇਹਨਾਂ ਪੌਸ਼ਾਕਾਂ, ਬੱਤੀਆਂ, ਪਿਆਲਿਆਂ, ਸਲੀਬਾਂ, ਤੇ ਇਹ ਨ ਸਮਝ ਆਣ ਵਾਲੇ ਲਫਜ਼ਾਂ ਦੇ ਗਾਣ ਦੁਹਰਾਣ ਵਿੱਚ, ਕੋਈ ਅਗੱਮੀ ਭੇਦ ਹੈ ਤੇ ਸ਼ਕਤੀ ਹੈ ਜਿਹਦੇ ਕਰਕੇ ਇਸ ਦੁਨੀਆਂ ਤੇ ਅਗਲੀ ਦੁਨੀਆਂ ਵਿੱਚ ਬਹੂੰ ਸਾਰਾ ਸੁਖ ਤੇ ਅਮਨ ਚੈਨ ਮਿਲੇਗਾ। ਸਿਰਫ ਥੋੜੇ ਜੇਹੇ ਸਨ ਜਿਹੜੇ ਸਾਫ ਦੇਖਦੇ ਸਨ ਕਿ ਇਹ ਅਡੰਬਰ ਇਕ ਧੋਖਾ ਹੈ ਜਿਹੜਾ ਓਹਨਾਂ ਨਾਲ ਕਮਾਇਆ ਜਾ ਰਹਿਆ ਹੈ ਜੋ ਇਸ ਈਮਾਨ ਦੇ ਪੈਰੋਕਾਰ ਹਨ, ਤੇ ਓਹ ਇਸ ਕਰਕੇ ਆਪਣੇ ਦਿਲਾਂ ਵਿੱਚ ਸਭ ਉੱਪਰ ਹੱਸ ਰਹੇ ਸਨ। ਤੇ ਪੈਰੋਕਾਰਾਂ ਵਿੱਚੋਂ ਬਾਹਲੇ ਕਈ ਤਰਾਂ ਦੇ ਹੰਬਲੇ ਮਾਰਕੇ ਵੀ—ਦੁਆ ਕਰਨਾ, ਬੱਤੀਆਂ ਦਾ ਜਗਾਣਾ, ਗਿਰਜੇ ਵਿੱਚ ਰੱਬ ਦੀ ਸੇਵਾ ਆਦਿ — ਕਿ ਉਹਨਾਂ ਦੀਆਂ ਦੁਆਵਾਂ, ਇੱਛਾਵਾਂ ਰੱਬ ਪੂਰੀਆਂ ਕਰ ਦੇਵੇ, ਤੇ ਮੁੜ ਇਨ੍ਹਾਂ ਦੁਆਵਾਂ ਦਾ ਜਦ ਕੋਈ ਵੀ ਫਲ ਓਹਨਾਂ ਨੂੰ ਨਹੀਂ ਸੀ ਮਿਲਦਾ, (ਉਨ੍ਹਾਂ ਦੀਆਂ ਦੁਆਵਾਂ ਦਾ ਉੱਤਰ ਕੋਈ ਨਹੀਂ ਸੀ ਮਿਲਦਾ) ਇਸ ਨਿਸਚੇ ਵਿੱਚ ਪੱਕੇ ਸਨ ਕਿ ਉਨ੍ਹਾਂ ਦੀ ਇਨ੍ਹਾਂ ਗੱਲਾਂ ਵਿੱਚ ਹੋਈ ਨਾਕਾਮਯਾਬੀ ਏਵੇਂ ਇਤਫਾਕੀਆ ਹੋਈ ਹੈ, ਤੇ ਇਹ ਬਣਤਰ ਇੰਨੀ ਵੱਡੀ ਗਿਰਜੇ ਦੀ ਕਾਇਆ ਜਿਹਨੂੰ ਪੜ੍ਹੇ ਲਿਖੇ ਮੰਨਦੇ ਹਨ, ਜਿਸ ਅੱਗੇ ਬੜੇ ਬੜੇ ਲਾਟ ਪਾਦਰੀ ਨਿੰਵਦੇ ਹਨ, ਹੈਂ, ਭਾਈ, ਕੋਈ ਬੜੀ ਭਾਰੀ ਤੇ ਜਰੂਰੀ ਚੀਜ਼ ਹੈ, ਤੇ ਜੇ ਇਸ ਜ਼ਿੰਦਗੀ ਵਿੱਚ ਇਹਦਾ ਕੋਈ ਫ਼ਾਇਦਾ ਵੀ ਨ ਹੋਵੇ ਤਾਂ ਮੌਤ ਥੀਂ ਬਾਹਦ ਜ਼ਿੰਦਗੀ ਵਿੱਚ ਤਾਂ ਇਹ ਬੜੀ ਸਾਡੀ ਸਹਾਇਕ ਹੋਵੇਗੀ।
ਮਸਲੋਵਾ ਦਾ ਯਕੀਨ ਵੀ ਕੁਛ ਇਸੇ ਪਾਸੇ ਦਾ ਸੀ। ਹੋਰਨਾਂ ਵਾਂਗ ਓਸਨੂੰ ਵੀ ਇਹੋ ਜੇਹੀ ਮਿਲਵੇਂ ਭਾਵ ਪਾਰਸਾਈ ਤੇ ਏ ਸਵਾਦੀ ਜੇਹੀ ਦੇ ਉਪਜਦੇ ਸਨ। ਪਹਿਲਾਂ ਤਾਂ ਜੰਗਲੇ ਦੇ ਪਿੱਛੇ ਓਹ ਭੀੜ ਵਿੱਚ ਖੜੀ ਸੀ ਪਰ ਜਦ ਓਹ ਰੱਬ ਨਾਲ ਮਿਲਣ ਲਈ ਅੱਗੇ ਵਧੀ ਓਹ ਤੇ ਥੀਓਡੋਸੀਆ ਦੋਵੇਂ ਅੱਗੇ ਹੋ ਗਈਆਂ। ਓਹਨਾਂ ਇਨਸਪੈਕਟਰ ਨੂੰ ਵੇਖਿਆ ਤੇ ਓਹਦੇ ਪਿੱਛੇ ਜੇਲਰਾਂ ਵਿੱਚ, ਇੱਕ ਜਵਾਨ ਉਮਰ ਦਾ ਕਿਰਸਾਨ ਖੜੋਤਾ ਸੀ ਉਹਦੀ ਦਾਹੜੀ ਪਤਲੀ ਜੇਹੀ ਸੀ ਤੇ ਓਹਦੇ ਵਾਲ ਬੜੇ ਹੀ ਸੋਹਣੇ ਸਨ। ਇਹ ਥੀਓਡੋਸੀਆ ਦਾ ਘਰ ਵਾਲਾ ਸੀ ਤੇ ਉਹ ਬੜੀ ਟੱਕ ਬੰਨ੍ਹੀ ਆਪਣੀ ਵਹੁਟੀ ਵਲ ਵੇਖ ਰਹਿਆ ਸੀ। ਪਵਿਤ੍ਰ ਰੋਟੀ ਤੇ ਸ਼ਰਾਬ ਦੀ ਰਸਮ (Acathistus) ਹੁੰਦਿਆਂ ਵਿਚ ਮਸਲੋਵਾ ਬਸ ਓਹਨੂੰ ਚੰਗੀ ਤਰਾਂ ਜਾਚਣ ਦੇ ਕੰਮ ਵਿੱਚ ਲਗੀ ਹੋਈ ਸੀ। ਕਦੀ ਕਦੀ ਥੀਓਡੋਸੀਆ ਨਾਲ ਗੋਸ਼ਾ ਕਰ ਦਿੰਦੀ ਸੀ, ਤੇ ਨਾਲੇ ਮੱਥਾ ਟੇਕੀ ਜਾਂਦੀ ਸੀ ਤੇ ਸਲੀਬ ਦਾ ਨਿਸ਼ਾਨ ਆਪਣੇ ਉੱਪਰ ਪਾਈ ਜਾਂਦੀ ਸੀ। ਕਿਸੀ ਖਾਸ ਮਤਲਬ ਲਈ ਓਹ ਇਹ ਨਹੀਂ ਸੀ ਕਰੀ ਜਾਂਦੀ, ਜਿਵੇਂ ਹੋਰ ਕਰ ਰਹੇ ਸਨ ਉਹ ਵੀ ਕਰੀ ਜਾਂਦੀ ਸੀ।
ਮੋਇਆਂ ਦੀ ਜਾਗ-ਕਾਂਡ ੪੧. : ਲਿਉ ਤਾਲਸਤਾਏ
ਨਿਖਲੀਊਧਵ ਘਰੋਂ ਬੜੇ ਹੀ ਤੜਕੇ ਟੁਰ ਪਇਆ ਸੀ। ਇਕ ਗਰਾਮੀਨ ਕਿਰਸਾਨ ਇਕ ਗੱਲੀ ਵਿੱਚ "ਲੈ ਲਓ ਦੁੱਧ," "ਦੁੱਧ," "ਦੁੱਧ," ਉਹਦੇ ਆਪਣੇ ਵਿਹਾਰ ਦੇ ਖਾਸ ਆਵਾਜ਼ੇ ਵਿੱਚ ਕਹੀ ਜਾਂਦਾ ਸੀ।
ਕਲ ਬਸੰਤ ਦਾ ਮੀਂਹ ਪੈ ਹੀ ਹਟਿਆ ਸੀ ਤੇ ਹੁਣ ਉਨ੍ਹਾਂ ਥਾਵਾਂ ਵਿੱਥਾਂ ਥੀਂ ਜਿੱਥੇ ਪਥਰਾਂ ਨਾਲ ਧਰਤੀ ਨਹੀਂ ਸੀ ਫਰਸ਼ੀ ਗਈ, ਕਚੂਚ ਸਾਵਾ ਘਾਹ ਚਮਕ ਰਹਿਆ ਸੀ। ਬਾਗਾਂ ਵਿੱਚ ਖੜੇ ਬਰਚ ਦੇ ਬ੍ਰਿਛ ਇਉਂ ਖੜੇ ਸਨ ਜਿਵੇਂ ਸਬਜ਼ੇ ਨਾਲ ਕਿਸੀ ਧੂੜ ਸੁੱਟੇ ਹੁੰਦੇ ਹਨ, ਜੰਗਲੀ ਚੈਰੀ ਤੇ ਸਫੇਦਿਆਂ ਨੇ ਆਪਣੇ ਲੰਮੇ ਖੁਸ਼ਬੂਦਾਰ ਪੱਤੇ ਖੋਲ੍ਹ ਦਿੱਤੇ ਸਨ। ਬਜਾਰ ਦੀਆਂ ਦੁਕਾਨਾਂ ਤੇ ਰਹਿਣ ਵਾਲੇ ਮਕਾਨਾਂ ਦੀਆਂ ਦੁਹਰੀਆਂ ਬਾਰੀਆਂ ਦੀਆਂ ਫਰੇਮਾਂ ਉਤਾਰੀਆਂ ਜਾ ਰਹੀਆਂ ਸਨ ਤੇ ਖਿੜਕੀਆਂ ਨੂੰ ਸਫਾ ਕਰ ਰਹੇ ਸਨ।
ਤੌਲਕੁਚੀ ਮਾਰਕੀਟ ਵਿੱਚ, (ਤੌਲਕੁਚੀ ਦੇ ਲਫਜ਼ੀ ਅਰਥ ਹਨ, ਮੋਂਹਢੇ ਠਹਿਕੂ ਮਾਰਕੀਟ ਜਿੱਥੇ ਕਬਾੜੀਆਂ ਦੀਆਂ ਚੀਜ਼ਾਂ ਵਿਕਦੀਆਂ ਸਨ) ਜਿਸਦੀ ਵਿੱਚ ਦੀ ਨਿਖਲੀਊਧਵ ਨੇ ਲੰਘਣਾ ਸੀ, ਇਕ ਥੜਿਆਂ ਦੀ ਕਤਾਰ ਦੇ ਅੱਗੇ ਬੜਾ ਭੀੜ ਭੜੱਕਾ ਲੱਗਾ ਪਇਆ ਸੀ, ਤੇ ਫਟੇ ਪੁਰਾਣੇ ਕੱਪੜੇ ਪਾਏ ਆਦਮੀ ਉੱਚੇ ਬੂਟ ਵੇਚਦੇ ਫਿਰਦੇ ਸਨ। ਇਹ ਬੂਟ ਉਨ੍ਹਾਂ ਆਪਣੀਆਂ ਕੱਛਾਂ ਵਿੱਚ ਮਾਰੇ ਹੋਏ ਸਨ, ਤੇ ਗੰਢੇ ਤਰੁੱਪੇ ਪਜਾਮੇ ਤੇ ਵਾਸਕਟਾਂ ਆਪਣੇ ਮੋਂਹਢਿਆਂ ਤੇ ਸੁੱਟੀ ਵੇਚੀ ਜਾਂਦੇ ਸਨ।
ਕਾਰਖਾਨਿਆਂ ਥੀਂ ਛੁਟ ਮਰਦ ਸਾਫ ਕੋਟਾਂ ਤੇ ਚਮਕਦੇ ਬੂਟਾਂ ਵਿੱਚ ਓਸ ਦਿਨ ਐਤਵਾਰ ਹੋਣ ਕਰਕੇ, ਤੇ ਤੀਮੀਆਂ ਸ਼ੋਖ ਰੰਗ ਦੇ ਰੇਸ਼ਮੀ ਰੋਮਾਲ ਸਿਰਾਂ ਉੱਪਰ ਬੱਧੇ, ਤੇ ਕਾਲੀ ਕਿਨਾਰੀ ਵਾਲੇ ਸੂਤੀ ਜੈਕਟ ਪਾਏ, Traktirs ਦੀਆਂ ਦੁਕਾਨਾਂ ਤੇ ਭੀੜ ਲਾ ਰਹੇ ਸਨ। ਪੁਲਿਸ ਵਾਲੇ, ਪੀਲੇ ਬਿੱਲੇ ਲਾਏ, ਆਪਣੀ ਵਰਦੀ ਵਿੱਚ, ਪਸਤੌਲ, ਬਗਲ ਵਿੱਚ ਦਬਾਏ ਓਥੇ ਆਪਣਾ ਫਰਜ਼ ਪੂਰਾ ਕਰਨ ਲਈ ਹਾਜ਼ਰ ਸਨ ਤੇ ਢੂੰਡ ਰਹੇ ਸਨ ਕਿ ਕੋਈ ਫਸਾਦ ਹੋਵੇ ਤੇ ਉਸ ਅਮਨ ਜੇਹੇ ਦੀ ਬੇਮਜ਼ਗੀ ਵਿੱਚ ਕੁਝ ਸਵਾਦ ਆਣ ਲੱਗ ਜਾਏ। ਚੁਰਾਹੇ ਦੇ ਬਾਗਾਂ ਦੇ ਰਾਹਾਂ ਉੱਪਰ ਤੇ ਨਵੇਂ ਉੱਗੇ ਘਾਹਾਂ ਉੱਪਰ, ਬੱਚੇ ਤੇ ਕੁੱਤੇ ਦੌੜਦੇ ਖੇਡਦੋ ਸਨ। ਤੇ ਉਨ੍ਹਾਂ ਨਾਲ ਆਈਆਂ ਆਯਾ ਬੈਂਚਾਂ ਉੱਪਰ ਬੈਠੀਆਂ ਮਜ਼ੇ ਨਾਲ ਗਪੌੜੇ ਠੋਕ ਰਹੀਆਂ ਸਨ। ਗਲੀਆਂ ਵਿੱਚ ਦੀ,-ਜਿਹੜੀਆਂ ਸਾਏ ਵਾਲੇ ਪਾਸਿਓਂ ਹਾਲੇਂ ਵੀ ਗਿੱਲੀਆਂ ਸਨ ਪਰ ਵਿਚਕਾਰੋਂ ਸੁੱਕੀਆਂ ਪੱਕੀਆਂ ਸਨ, ਭਾਰੇ ਭਾਰੇ ਗੱਡੇ ਲਗਾਤਾਰ ਵਗ ਰਹੇ ਸਨ, ਬੱਘੀਆਂ ਦੀ ਕਾੜ ਕਾੜ ਹੋ ਰਹੀ ਸੀ, ਟਰੈਮਕਾਰਾਂ ਗੂੰਜਦੀਆਂ ਲੰਘ ਰਹੀਆਂ ਸਨ। ਉੱਪਰ ਹਵਾ ਵਿੱਚ ਗਿਰਜਿਆਂ ਦੀਆਂ ਘੰਟੀਆਂ ਦੀ ਟਨ ਟਨ ਦੀ ਆਵਾਜ਼ ਗੂੰਜ ਰਹੀ ਸੀ, ਓਥੇ ਲੋਕਾਂ ਨੂੰ ਰੱਬ ਦੀ ਸੇਵਾ ਸਤਸੰਗ ਲਈ ਬੁਲਾਇਆ ਜਾ ਰਹਿਆ ਸੀ। ਓਹੋ ਜੇਹੀ ਸੇਵਾ ਤੇ ਸਤ ਸੰਗ ਜਿਹੜੀ ਜੇਲ ਦੇ ਗਿਰਜੇ ਵਿਚ ਵੀ ਹੁਣ ਹੋ ਰਹੀ ਸੀ ਨਾਂ, ਤੇ ਲੋਕੀ ਐਤਵਾਰ ਦੀਆਂ ਸ਼ੋਖ ਪੁਸ਼ਾਕਾਂ ਪਾਈ ਆਪਣੇ ਆਪਣੇ ਮਹੱਲੇ ਦੀਆਂ ਗਲੀਆਂ ਵਿੱਚੋਂ ਧਾਈ ਜਾ ਰਹੇ ਸਨ।
ਬੱਘੀ ਵਾਲੇ ਨੇ ਨਿਖਲੀਊਧਵ ਨੂੰ ਐਨ ਜੇਲ ਤਕ ਨਹੀਂ ਸੀ ਖੜਿਆ। ਜੇਲਖਾਨੇ ਨੂੰ ਜਾਂਦੀ ਸੜਕ ਦੇ ਕੋਲ ਵਾਲੇ ਮੋੜ ਉੱਪਰ ਹੀ ਉਤਾਰ ਦਿੱਤਾ ਸੀ।
ਕਈ ਬੰਦੇ, ਮਰਦ ਤੇ ਤੀਮੀਆਂ ਤੇ ਬੁਹਤਿਆਂ ਆਪਣੇ ਬੁਚਕੇ ਆਪ ਚੁੱਕੇ ਹੋਏ ਜੇਲ ਥੀਂ ਕੋਈ ਸੌ ਕੂ ਕਦਮ ਉਰੇ ਖੜੇ ਸਨ। ਉਨ੍ਹਾਂ ਦੇ ਸੱਜੇ ਕਈ ਇਕ ਨੀਵੀਆਂ ਛੱਤਾਂ ਦੇ ਲਕੜੀ ਦੇ ਕੋਠੇ ਸਨ, ਤੇ ਖੱਬੇ ਪਾਸੇ ਇਕ ਦੋਛੱਤਾ ਘਰ ਸੀ ਜਿਸ ਦੇ ਉੱਪਰ ਇਕ ਸਾਈਨਬੋਰਡ ਸੀ। ਤੇ ਇੱਟ ਦੀ ਵੱਡੀ ਇਮਾਰਤ ਜੇਲ ਦੀ ਆਪਣੀ ਸਾਹਮਣੇ ਸੀ ਪਰ ਕੋਈ ਦੇਖਣ ਵਾਲਾ ਯਾ ਮੁਲਾਕਾਤੀ ਓਸ ਪਾਸੇ ਨਹੀਂ ਸੀ ਜਾ ਸੱਕਦਾ। ਓਸ ਇਮਾਰਤ ਦੇ ਅੱਗੇ ਇਕ ਸੰਤਰੀ ਟਹਿਲ ਰਹਿਆ ਸੀ ਤੇ ਜੋ ਵੀ ਉਸ ਸੰਤਰੀ ਪਾਸੋਂ ਲੰਘਣ ਦੀ ਕਰਦਾ ਸੀ ਸੰਤਰੀ ਓਹਨੂੰ ਉੱਚਾ ਲਲਕਾਰ ਕੇ ਠਹਿਰਾ ਦਿੰਦਾ ਸੀ।
ਸੱਜੇ ਪਾਸੇ ਲਕੜੀ ਦੀ ਇਮਾਰਤ ਦੇ ਦਰਵਾਜ਼ੇ ਉੱਪਰ ਸੰਤਰੀ ਦੇ ਐਨ ਸਾਹਮਣੇ ਇਕ ਜੇਲਰ ਬੈਂਚ ਉੱਪਰ ਬੈਠਾ ਸੀ ਤੇ ਉਸ ਨੇ ਸੁਨਹਿਰੀ ਰੱਸੀਆਂ ਵਾਲੀ ਵਰਦੀ ਪਾਈ ਹੋਈ ਸੀ। ਉਹਦੇ ਹੱਥਾਂ ਵਿੱਚ ਇਕ ਨੋਟਬੁਕ ਸੀ। ਜਿਨ੍ਹਾਂ ਜਿਨ੍ਹਾਂ ਜੇਲ ਅੰਦਰ ਵੇਖਣ ਮਿਲਣ ਜਾਣਾ ਹੁੰਦਾ ਸੀ ਉਹ ਸਭ ਉਸ ਪਾਸ ਜਾਂਦੇ ਸਨ, ਤੇ ਜਿਨ੍ਹਾਂ ਬੰਦਿਆਂ ਨੂੰ ਉਨ੍ਹਾਂ ਮਿਲਣਾ ਹੁੰਦਾ ਸੀ ਉਨ੍ਹਾਂ ਦੇ ਨਾਂ ਉਹ ਦਿੰਦੇ ਸਨ, ਉਹ ਲਿਖ ਲੈਂਦਾ ਸੀ। ਨਿਖਲੀਊਧਵ ਵੀ ਉਸ ਪਾਸ ਗਇਆ ਤੇ ਕਾਤਰੀਨਾ ਮਸਲੋਵਾ ਇਹ ਨਾਂ ਉਹਨੂੰ ਦਿੱਤਾ। ਜੇਲਰ ਨੇ ਨਾਂ ਲਿਖ ਲਇਆ।
"ਸਾਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ?" ਨਿਖਲੀਊਧਵ ਨੇ ਪੁੱਛਿਆ।
"ਰੱਬ ਦੀ ਸੇਵਾ ਸਤਿਸੰਗ ਹੋ ਰਹਿਆ ਹੈ ਜਦ ਗਿਰਜੇ ਦੀ ਮਾਸ ਪੂਜਾ ਖਤਮ ਹੋ ਜਾਵੇਗੀ, ਤੁਸਾਂ ਨੂੰ ਅੰਦਰ ਜਾਣਾ ਮਿਲੇਗਾ।"
ਨਿਖਲੀਊਧਵ ਉਸ ਉਡੀਕਦੀ ਭੀੜ ਥੀਂ ਲਾਂਬੇ ਖੜਾ ਹੋ ਗਇਆ। ਇਕ ਨੰਗੇ ਪੈਰ, ਫਟੇ ਕੱਪੜੇ ਪਾਏ ਆਦਮੀ, ਜਿਹਦੀ ਟੋਪੀ ਮੜੀ ਮਰਾੜੀ ਹੋਈ ਸੀ ਤੇ ਓਹਦੇ ਚਿਹਰੇ ਉੱਪਰ ਲਾਲ ਝਰੀਟਾਂ ਜੇਹੀਆਂ ਪਈਆਂ ਹੋਈਆਂ ਸਨ, ਸਾਰੀ ਭੀੜ ਥੀਂ ਵੱਖਰਾ ਹੋਕੇ ਜੇਲ ਵਲ ਦੀ ਟੁਰ ਪਇਆ।
"ਹੁਣ ਤੂੰ ਕਿੱਧਰ ਜਾਂਦਾ ਹੈਂ?" ਬੰਦੂਕ ਵਾਲੇ ਸੰਤਰੀ ਨੇ ਲਲਕਾਰ ਕੇ ਪੁੱਛਿਆ—
"ਤੂੰ ਠੱਪਿਆ ਰਹੋ," ਓਸ ਅਵਾਰਾ ਗਰਦ ਨੇ ਉੱਤਰ ਦਿੱਤਾ—ਸੰਤਰੀ ਦੇ ਲਫਜ਼ਾਂ ਥੀਂ ਉੱਕਾ ਨਹੀਂ ਸੀ ਝਕਿਆ, ਪਰ ਤਾਂ ਵੀ ਮੁੜ ਪਇਆ ਤੇ ਕਹਿੰਦਾ ਗਇਆ "ਜੇ ਤੂੰ ਨਹੀਂ ਅੱਗੇ ਜਾਣ ਦਿੰਦਾ ਤਾਂ ਮੈਂ ਉਡੀਕ ਸੱਕਦਾ ਹਾਂ, ਪਰ ਨਹੀਂ, ਤੂੰ ਲਲਕਾਰਨਾ ਜਰੂਰ ਹੋਇਆ ਜਿਵੇਂ ਕੋਈ ਜਰਨੈਲ ਇਹੋ ਹੀ ਹੁੰਦਾ ਹੈ।"
ਭੀੜ ਸਾਰੀ, ਓਹਦੇ ਕਹੇ ਨੂੰ ਠੀਕ ਮੰਨ ਕੇ ਸਾਰੀ ਦੀ ਸਾਰੀ ਹੱਸ ਪਈ—ਬਹੁਤ ਕਰਕੇ ਇਹ ਜੇਲ ਵਿੱਚ ਆਉਣ ਵਾਲੇ ਮੁਲਾਕਾਤੀ ਬੜੇ ਭੈੜਿਆਂ ਕੱਪੜਿਆਂ ਵਾਲੇ ਸਨ। ਬਾਹਜੇ ਤਾਂ ਛਜ ਛਜ ਲਮਕਦੀਆਂ ਲੀਰਾਂ ਵਿੱਚ ਸਨ, ਪਰ ਕਈ ਬੜੇ ਇੱਜ਼ਤਦਾਰ ਲੋਕੀ ਵੀ ਵਿੱਚ ਸਨ—ਨਿਖਲੀਊਧਵ ਦੇ ਲਾਗੇ ਹੀ ਇਕ ਸਾਫ ਮੁੰਨਿਆ, ਮੋਟਾ, ਲਾਲ ਗੱਲ੍ਹਾਂ ਵਾਲਾ ਆਦਮੀ ਖੜਾ ਸੀ ਜਿਹਦੇ ਹੱਥ ਵਿੱਚ ਅੰਦਰ ਪਾਣ ਵਾਲੇ ਕੱਪੜਿਆਂ ਦਾ ਇਕ ਬੁਚਕਾ ਸੀ। ਨਿਖਲੀਊਧਵ ਨੇ ਓਹਨੂੰ ਪੁੱਛਿਆ ਸੀ ਕਿ ਕੀ ਓਹਦਾ ਇਹ ਜੇਲ ਨੂੰ ਪਹਿਲਾਂ ਆਵਣਾ ਸੀ। ਓਸ ਉੱਤਰ ਦਿੱਤਾ ਕਿ ਓਹ ਤਾਂ ਹਰ ਐਤਵਾਰ ਆਵਣ ਵਾਲਾ ਆਦਮੀ ਹੈ ਤੇ ਫਿਰ ਇਸ ਪਿੱਛੋਂ, ਓਹ ਦੋਵੇਂ ਆਪੋ ਵਿੱਚ ਗੱਲਾਂ ਲੱਗ ਪਏ। ਓਹ ਕਿਸੀ ਬੈਂਕ ਦਾ ਦਰਵਾਨ ਸੀ। ਓਹ ਆਪਣੇ ਭਰਾ ਨੂੰ ਮਿਲਣ ਆਇਆ ਸੀ ਜਿਹੜਾ ਜਾਹਲਸਾਜ਼ੀ ਲਈ ਫੜਿਆ ਗਇਆ ਸੀ। ਓਸ ਭਲੇ ਪੁਰਸ਼ ਨੇ ਨਿਖਲੀਊਧਵ ਨੂੰ ਆਪਣੀ ਸਾਰੀ ਜ਼ਿੰਦਗੀ ਦੇ ਹਾਲ ਦੱਸੇ ਤੇ ਇਸ ਪਾਸੋਂ, ਇਹਦੀ ਵਾਰੀ, ਇਹਦੇ ਜੀਵਨ ਦੇ ਸਾਰੇ ਹਾਲ ਪੁੱਛਣ ਲੱਗਾ ਹੀ ਸੀ ਕਿ ਉਨ੍ਹਾਂ ਦੋਹਾਂ ਦਾ ਧਿਆਨ ਇਕ ਵਿਦਯਾਰਥੀ ਮੁੰਡੇ ਤੇ ਇਕ ਸਵਾਣੀ ਵਲ ਗਇਆ ਜਿਹੜੇ ਰਬਰਟੈਰ ਬੱਘੀ ਵਿੱਚ ਜਿਸ ਅੱਗੇ ਥਾਰੋਬ੍ਰੈਡ ਲੱਗਾ ਹੋਇਆ ਸੀ, ਆਏ ਸਨ। ਇਸ ਵਿਦਿਆਰਥੀ ਦੇ ਹੱਥ ਵਿੱਚ ਇਕ ਵੱਡਾ ਭਾਰੀ ਬੁਚਕਾ ਸੀ। ਉਹ ਨਿਖਲੀਊਧਵ ਪਾਸ ਆਇਆ ਤੇ ਪੁੱਛਣ ਲੱਗਾ, ਕਿ ਉਹ ਕਿਸ ਤਰਾਂ ਕੈਦੀਆਂ ਨੂੰ ਰੋਟੀ ਦੇ ਰੋਲ ਦੇ ਸੱਕਦਾ ਹੈ, ਜਿਹੜੀਆਂ ਉਨ੍ਹਾਂ ਵਾਸਤੇ ਲਿਆਇਆ ਹੈ। ਓਹਦੀ ਮੰਗੇਤਰ (ਓਹ ਸਵਾਣੀ ਜੋ ਉਹਦੇ ਨਾਲ ਸੀ) ਤੇ ਉਹਦੇ ਮਾਂ ਪਿਓ ਨੇ ਓਹਨੂੰ ਸਿੱਖਿਆ ਦਿੱਤੀ ਸੀ ਕਿ ਓਹ ਕੁਝ ਰੋਟੀਆਂ ਦੇ ਰੋਲ ਜਾਕੇ ਕੈਦੀਆਂ ਨੂੰ ਦੇਵੇ।
"ਮੈਂ ਆਪ ਇੱਥੇ ਪਹਿਲੀ ਵਾਰੀ ਆਇਆ ਹਾਂ," ਨਿਖਲੀਊਧਵ ਨੇ ਕਹਿਆ, "ਤੇ ਮੈਨੂੰ ਠੀਕ ਪਤਾ ਨਹੀਂ ਪਰ ਮੇਰੀ ਜਾਚੇ, ਓਸ ਸਾਹਮਣੇ ਬੈਠੇ ਆਦਮੀ ਪਾਸੋਂ ਪੁੱਛੋ," ਤੇ ਨਿਖਲੀਊਧਵ ਨੇ ਜੇਲਰ ਵੱਲ ਹੱਥ ਕੀਤਾ ਜਿਹੜਾ ਸੱਜੇ ਪਾਸੇ ਸੋਨੇ ਦੀਆਂ ਰੱਸੀਆਂ ਵਾਲੀ ਵਰਦੀ ਵਿੱਚ ਬੈਠਾ ਸੀ।
ਓਹ ਗੱਲਾਂ ਕਰ ਹੀ ਰਹੇ ਸਨ ਕਿ ਵੱਡਾ ਲੋਹੇ ਦਾ ਸਾਹਮਣਾ ਜੇਲ ਦਾ ਦਰਵਾਜ਼ਾ, ਜਿਸ ਵਿੱਚ ਇਕ ਨਿੱਕੀ ਖਿੜਕੀ ਸੀ, ਖੁੱਲ੍ਹਾ, ਤੇ ਇਕ ਵਰਦੀ ਪਾਈ ਅਫਸਰ ਜਿਹਦੇ ਪਿੱਛੇ ਜੇਲਰ ਸੀ ਬਾਹਰ ਆਇਆ। ਜੇਲਰ ਨੋਟ ਬੁਕ ਲਈ ਤੇ ਉੱਚੀ ਦੇ ਕੇ ਆਖਿਆ ਕਿ ਹੁਣ ਜੇਲ ਨੂੰ ਆਣ ਵਾਲਿਆਂ ਲਈ ਅੰਦਰ ਜਾਣਾ ਸ਼ੁਰੂ ਹੋਣਾ ਹੈ। ਸੰਤਰੀ ਪਰੇ ਹੋ ਗਇਆ ਤੇ ਸਾਰੇ ਆਣ ਵਾਲੇ ਇਕ ਦਮ ਦਰਵਾਜ਼ੇ ਵਲ ਦੌੜੇ ਜਿਵੇਂ ਉਹ ਡਰਦੇ ਸਨ ਕਿ ਮਤੇ ਪੱਛੜ ਹੀ ਨ ਜਾਈਏ।
ਦਰਵਾਜ਼ੇ ਉੱਪਰ ਇਕ ਜੇਲਰ ਸੀ ਜਿਹੜਾ ਉੱਚੀ ਦੇਕੇ ਗਿਣੀ ਜਾਂਦੀ ਸੀ ਇਕ, ਦੋ, ਤਿੰਨ ਜਿਵੇਂ ਓਹ ਅੰਦਰ ਜਾਣ ਵਾਲੇ ਆ ਆਕੇ ਅੰਦਰ ਲੰਘ ਜਾਂਦੇ ਸਨ, ..... ਸੋਲਾਂ, ਸਤਾਰਾਂ......ਆਦਿ।
ਇਕ ਹੋਰ ਜੇਲਰ ਅੰਦਰ ਖੜਾ ਸੀ ਓਹ ਵੀ ਗਿਣੀ ਜਾਂਦਾ ਸੀ ਤੇ ਨਾਲੇ ਹਰ ਇਕ ਨੂੰ ਹੱਥ ਲਾਉਂਦਾ ਜਾਂਦਾ ਸੀ, ਜਿਵੇਂ ਓਹ ਜੇਲ ਦੇ ਅੰਦਰ ਦੇ ਦਰਵਾਜ਼ੇ ਥੀਂ ਅੰਦਰ ਵੜ੍ਹਦੇ ਸਨ। ਇਹ ਦੋਹਰੀ ਗਿਣਤੀ ਇਸ ਵਾਸਤੇ ਸੀ ਕਿ ਠੀਕ ਜਿੰਨੇ ਅੰਦਰ ਗਏ ਸਨੇ ਉੱਨੇ ਹੀ ਗਿਣ ਕੇ ਬਾਹਰ ਨਿਕਲਣ ਤੇ ਕੋਈ ਵਾਧੂ ਕੈਦੀ ਉਨ੍ਹਾਂ ਨਾਲ ਅਮਲਕਣੇ ਨਿਕਲ ਨ ਜਾਵੇ। ਓਸੇ ਜੇਲਰ ਨੇ, ਜਿਹੜਾ ਬਿਨਾਂ ਦੇਖੇ ਦੇ ਹੱਥ ਲਾ ਗਿਣੀ ਜਾਂਦਾ ਸੀ, ਨਿਖਲੀਊਧਵ ਦੀ ਕੰਡ ਉੱਪਰ ਇਕ ਥਾਪੜਾ ਦੇਕੇ ਓਹਨੂੰ ਗਿਣਿਆ। ਜੇਲਰ ਦੇ ਥੱਪੜ ਨਾਲ ਨਿਖਲੀਊਧਵ ਨੂੰ ਕੁਝ ਪੀੜ ਹੋਈ ਪਰ ਇਹ ਸੋਚ ਕੇ ਕਿ ਓਹ ਕਿਸ ਕੰਮ ਜੇਲ ਨੂੰ ਆਇਆ ਹੈ, ਓਹਨੂੰ ਆਪੇ ਵਿੱਚ ਕੁਝ ਸ਼ਰਮ ਜੇਹੀ ਆ ਗਈ ਕਿ ਓਹ ਕਿਸ ਨਾਲ ਗੁੱਸੇ ਹੋਵੇ ਤੇ ਹੁਣ ਕਿਸ ਗੱਲ ਦਾ ਗੁੱਸਾ ਕਰੇ!
ਇਨ੍ਹਾਂ ਅੰਦਰ ਦਾਖਿਲ ਹੋਣ ਵਾਲਿਆਂ ਦਰਵਾਜ਼ਿਆਂ ਦੇ ਪਿੱਛੇ, ਪਹਿਲਾ ਕੋਠਾ, ਇਕ ਬੜੀ ਉੱਚੀ ਗੁੰਬਦਦਾਰ ਛੱਤ ਵਾਲਾ ਕਮਰਾ ਸੀ, ਜਿਹਦੇ ਚੁਫੇਰੇ ਲੋਹੇ ਦੀਆਂ ਸਲਾਖਾਂ ਸਨ ਤੇ ਇਨ੍ਹਾਂ ਸੀਖਾਂ ਵਿੱਚ ਹੀ ਛੋਟੀਆਂ ਛੋਟੀਆਂ ਖਿੜਕੀਆਂ ਜੇਹੀਆਂ ਸਨ। ਇਸ ਕਮਰੇ ਵਿੱਚ ਜਿਹਦਾ ਨਾਂ ਮੁਲਾਕਾਤਾਂ ਵਾਲਾ ਕਮਰਾ ਸੀ, ਈਸਾ ਦੇ ਸਲੀਬ ਉੱਪਰ ਚੜ੍ਹੇ ਹੋਏ ਦੀ ਇਕ ਵੱਡੀ ਸਾਰੀ ਤਸਵੀਰ ਆਪਣੇ ਸਾਹਮਣੇ ਲੱਗੀ ਦੇਖ ਕੇ ਨਿਖਲੀਊਧਵ ਕੁਛ ਬਝੱਕ, ਹੱਕਾ ਬੱਕਾ ਜੇਹਾ ਹੋ, ਗਇਆ। "ਇਹ ਇੱਥੇ ਕਿਸ ਲਈ ਹੈ?" ਉਸ ਸੋਚਿਆ, ਉਹਦੇ ਮਨ ਵਿੱਚ ਇਸ ਤਸਵੀਰ ਦਾ ਸੰਬੰਧ ਮੁਕਤੀ ਨਾਲ ਸੀ ਨ ਕਿ ਕੈਦਾਂ ਨਾਲ।
ਓਹ ਹੌਲੇ ਹੌਲੇ ਅੱਗੇ ਚਲੀ ਗਇਆ, ਤੇ ਜਿਹੜੇ ਤਾਵਲੇ ਮੁਲਾਕਾਤੀ ਸਨ ਉਨ੍ਹਾਂ ਨੂੰ ਆਪਣੇ ਥੀਂ ਅੱਗੇ ਲੰਘੀ ਜਾਣ ਦਿੱਤਾ। ਤੇ ਓਹਨੂੰ ਦਿਲ ਵਿੱਚ ਅਜੀਬ ਮਿਲਵੇਂ ਜੇਹੇ ਇਹਸਾਸ ਹੋਏ ਬੁਰੀ ਅੱਗ ਨੂੰ ਇਸ ਇਮਾਰਤ ਵਿੱਚ ਜੰਦਰੇ ਅੰਦਰ ਡਕਿਆ ਵੇਖ ਕੇ। ਤੇ ਓਨ੍ਹਾਂ ਉੱਪਰ, ਜਿਹੜੇ ਵਿਚਾਰੀ ਕਾਤੂਸ਼ਾ ਵਾਂਗ ਤੇ ਉਸ ਚੋਰ ਮੁੰਡੇ ਵਾਂਗ, ਜਿਸ ਉੱਪਰ ਕਲ ਹੀ ਮੁਕੱਦਮਾ ਹੋਇਆ ਸੀ, ਬੇਗੁਨਾਹ ਅੰਦਰ ਡਕੇ ਗਏ ਸਨ, ਤਰਸ ਆ ਰਹਿਆ ਸੀ। ਤੇ ਨਾਲ ਓਸ ਮੁਲਾਕਾਤ, ਜਿਹੜੀ ਬਸ ਹੁਣ ਸਾਹਮਣੇ ਆ ਰਹੀ ਸੀ, ਉੱਪਰ ਸ਼ਰਮ ਆ ਰਹੀ ਸੀ, ਗਚ ਭਰ ਰਹਿਆ ਸੀ। ਜਿਵੇਂ ਇਹ ਲੋਕੀ ਲੰਘਦੇ ਜਾਂਦੇ ਸਨ, ਜੇਲਰ ਮੁਲਾਕਾਤੀ ਕਮਰੇ ਦੇ ਸਿਰ ਉੱਪਰ ਬੈਠਾ ਕੁਛ ਕਹਿ ਰਹਿਆ ਸੀ। ਨਿਖਲੀਊਧਵ ਨੇ ਆਪਣੇ ਖਿਆਲਾਂ ਵਿੱਚ ਗੜੂੰਦ, ਓਹਦੇ ਕਹੇ ਵਲ ਕੋਈ ਧਿਆਨ ਨ ਦਿੱਤਾ, ਤੇ ਮੁਲਾਕਾਤੀਆਂ ਦੀ ਵੱਡੀ ਧਾਰਾ ਦੇ ਪਿੱਛੇ ਪਿੱਛੇ ਟੁਰੀ ਗਇਆ ਤੇ ਤੀਮੀਆਂ ਵਾਲੇ ਪਾਸੇ ਜਾਣ ਦੀ ਥਾਂ ਮਰਦਾਂ ਵਾਲੇ ਹਿੱਸੇ ਵਿੱਚ ਪਹੁੰਚ ਗਇਆ।
ਆਪਣੇ ਅੱਗੇ ਤਾਵਲੇ ਜਾਣ ਵਾਲਿਆਂ ਨੂੰ ਲੰਘ ਦੇਣ ਜਾਣ ਕਰਕੇ ਓਹ ਸਭ ਥੀਂ ਪਿੱਛੇ ਮੁਲਾਕਾਤੀ ਕਮਰੇ ਵਿੱਚ ਪਹੁੰਚਿਆ ਸੀ। ਜਿਉਂ ਹੀ ਨਿਖਲੀਊਧਵ ਨੇ ਇਸ ਕਮਰੇ ਦਾ ਦਰਵਾਜ਼ਾ ਖੋਲਿਆ, ਅੰਦਰੋਂ ਇਕ ਡੋਰਾ ਕਰ ਦੇਣ ਵਾਲੇ ਚੀਖ ਚਿਹਾੜਾ ਤੇ ਸ਼ੋਰ, ਕਈ ਸੈਂਕੜੇ ਲੋਕਾਂ ਦਾ ਇੱਕੋ ਵਾਰੀ ਬੋਲਣਾ ਸੁਣਾਈ ਦਿੱਤਾ। ਇਸ ਸ਼ੋਰ ਦਾ ਸਬੱਬ ਓਹਨੂੰ ਯਕਦੱਮ ਨਹੀਂ ਸੀ ਪਤਾ ਲੱਗਾ, ਪਰ ਜਦ ਓਹ ਲੋਕਾਂ ਦੇ ਨੇੜੇ ਪਹੁੰਚਿਆ, ਓਸ ਵੇਖਿਆ ਕਿ ਸਾਰੇ ਤਣੀਆਂ ਜਾਲੀਆਂ ਦੇ ਨਾਲ ਆਪਣੇ ਮੂੰਹ ਪਏ ਦਬਾਂਦੇ ਸਨ। ਇਨ੍ਹਾਂ ਜਾਲੀਆਂ ਨੇ ਕਮਰੇ ਦੇ ਦੋ ਹਿੱਸੇ ਕਰ ਦਿੱਤੇ ਹੋਏ ਸਨ, ਤੇ ਓਹ ਇਨ੍ਹਾਂ ਜਾਲੀਆਂ ਦੇ ਨਾਲ ਇਉਂ ਚਮੁੱਟੇ ਹੋਏ ਸਨ ਜਿਵੇਂ ਮੱਖੀਆਂ ਖੰਡ ਉੱਪਰ ਆਣ ਬਹਿੰਦੀਆਂ ਹਨ। ਇਉਂ ਉਹ ਲੋਕੀ ਕਿਉਂ ਕਰ ਰਹੇ ਸਨ ਓਹਨੂੰ ਹੁਣ ਸਮਝ ਆਈ। ਗਲ ਇਉਂ ਸੀ, ਕਮਰੇ ਦੇ ਦੋ ਅਧਵਾੜ, ਜਿਸ ਦੀਆਂ ਖਿੜਕੀਆਂ ਓਸ ਦਰਵਾਜ਼ੇ ਦੇ ਸਾਹਮਣੇ ਸਨ ਜਿਸ ਵਿਚੋਂ ਓਹ ਅੰਦਰ ਵੜਿਆ ਸੀ, ਆਪੇ ਥੀਂ ਵਖਰੇ ਕੀਤੇ ਹੋਏ ਸਨ। ਸਿਰਫ ਲੋਹੇ ਦੀ ਤਾਰਾਂ ਦੀ ਇਕ ਜਾਲੀ ਨਾਲ ਨਹੀਂ ਬਲਕਿ ਦੋ ਲੋਹੇ ਦੀਆਂ ਤਾਰਾਂ ਦੀਆਂ ਜਾਲੀਆਂ ਫਰਸ਼ ਦੀਂ ਲੈ ਕੇ ਛੱਤ ਤੱਕ ਤਣੀਆਂ ਹੋਈਆਂ ਸਨ, ਤੇ ਕਮਰੇ ਦੇ ਦੋ ਹਿੱਸੇ ਪਿੰਜਰਿਆਂ ਵਾਂਗ ਕੀਤੇ ਹੋਏ ਸਨ। ਇਹ ਜਾਲੀਆਂ ਸੱਤ ਫੁੱਟ ਦੇ ਫਰਕ ਉੱਪਰ ਸਨ, ਤੇ ਇਸ ਦਰਮਿਆਨੀ ਸੱਤ ਫੁੱਟ ਥਾਂ ਵਿੱਚ ਸਿਪਾਹੀ ਟਹਿਲ ਰਹੇ ਸਨ। ਜਾਲੀਆਂ ਦੇ ਦੁਰੇਡੇ ਪਾਸੇ ਤਾਂ ਕੈਦੀ ਪਿੰਜਰੇ ਵਿੱਚ ਇਕੱਠੇ ਕੀਤੇ ਸਨ ਨੇ, ਤੇ ਇਸ ਨੇੜੇ ਵਾਲੇ ਪਾਸੇ ਉਨ੍ਹਾਂ ਦੇ ਮੁਲਾਕਾਤ ਕਰਨ ਵਾਲੇ ਲੋਕੀ। ਮੁਲਾਕਾਤੀਆਂ ਤੇ ਕੈਦੀਆਂ ਦੇ ਵਿਚਕਾਹੇ ਕਿਉਂ ਸਨ ਤਣੀਆਂ ਦੋ ਲੋਹੇ ਦੀਆਂ ਤਾਰਾਂ ਤੇ ਜਾਲੀਆਂ ਜੋ ਫਰਸ਼ ਥੀਂ ਛੱਤ ਤੱਕ ਸਨ, ਤੇ ਨਾਲੇ ਸੱਤ ਫੁੱਟ ਦੀ ਥਾਂ ਕਿਉਂ ਛੱਡੀ ਹੋਈ ਸੀ? ਇਹ ਇਹਤਿਆਤ ਸਭ ਇਸ ਲਈ ਕੀਤੀ ਹੋਈ ਸੀ ਕਿ ਓਹ ਆਪੇ ਵਿੱਚ ਇਕ ਦੂਜੇ ਨੂੰ ਕੋਈ ਚੀਜ਼ ਫੜਾ ਨ ਸੱਕਣ ਤੇ ਜੇ ਕਿਸੇ ਵਿਚਾਰੇ ਦੀ ਨਦਰ ਨੂਰ ਵੇਖ ਹੀ ਨਾ ਸੱਕਦੀ ਹੋਵੇ, ਸ਼ੌਰਟ ਸਾਈਟ ਵਾਲਾ ਹੋਵੇ ਤਦ ਉਹੋ ਇੰਨੀ ਦੂਰੋਂ ਕੁਛ ਵੇਖ ਵੀ ਨਹੀਂ ਸੀ ਸੱਕਦਾ' ਮੁੱਖ ਤੇ ਇਕ ਦੂਜੇ ਦੇ ਇੰਨੀ ਦੂਰੋਂ ਮੁਹਾਂਦਰੇ ਵੀ ਨਹੀਂ ਸਨ ਪਛਾਣੇ ਜਾ ਸੱਕਦੇ। ਗੱਲਾਂ ਕਰਨੀਆਂ ਵੀ ਬੜੀ ਹੀ ਮੁਸ਼ਕਲ ਸਨ, ਤੇ ਇਕ ਦੂਜੇ ਨੂੰ ਆਪੇ ਵਿੱਚ ਦੀ ਗੱਲ ਸੁਣਾਣ ਲਈ ਚੀਕਣਾ ਜਰੂਰੀ ਪੈਂਦਾ ਸੀ।
ਜਾਲੀਆਂ ਦੇ ਦੋਹਾਂ ਪਾਸੇ ਲੋਕਾਂ ਆਪਣੇ ਮੂੰਹ ਨਜੀਕ ਲਇਆ, ਜਾਲੀਆਂ ਨਾਲ ਦਬਾ ਹੀ ਸੁੱਟੇ ਸਨ, ਵਹੁਟੀਆਂ ਖਾਵੰਦਾਂ ਦੇ, ਪਿਓ ਮਾਂ ਬੱਚਿਆਂ ਦੇ ਮੂੰਹ ਵੇਖਣ, ਇਕ ਦੂਜੇ ਦੇ ਮੁਹਾਂਦਰੇ ਦੇਖਣ ਲਈ ਬਿਹਬਲ ਹੋ ਰਹੇ ਸਨ ਤੇ ਸਭ ਇਸ ਯਤਨ ਵਿੱਚ ਸਨ ਕਿ ਓਹ ਐਸੀ ਸੁਰ ਵਿੱਚ ਗੱਲਾਂ ਕਰਨ ਜਿਸ ਕਰਕੇ ਉਹ ਸੁਣਾਈ ਦੇਣ ਤੇ ਨਾਲੇ ਸਮਝ ਵੀ ਆਈ ਜਾਣ।
ਪਰ ਹਰ ਇਕ ਦੀ ਕੋਸ਼ਸ਼ ਇਹ ਸੀ ਕਿ ਉਸੇ ਇਕ ਦੀ ਗੱਲ ਓਹਨੂੰ ਸੁਣਾਈ ਦੇਵੇ ਜਿਸ ਨਾਲ ਓਹ ਗੱਲਾਂ ਕਰ ਰਹਿਆ ਹੈ ਤੇ ਜਿਹਦੀ ਓਹ ਸੁਣਨਾ ਚਾਹੁੰਦਾ ਹੈ। ਤੇ ਉਹਦੇ ਨਾਲ ਵਾਲਾ ਵੀ ਆਪਣੀ ਇਸੀ ਕੋਸ਼ਸ਼ ਵਿੱਚ ਸੀ ਤੇ ਇੱਸੇ ਫਿਕਰ ਕਰਕੇ ਦੋਵੇਂ ਜੋ ਕੁਛ ਉਨ੍ਹਾਂ ਪਾਸੋਂ ਹੋ ਸੱਕਦਾ ਸੀ, ਇਕ ਦੂਜੇ ਦੇ ਅਵਾਜ਼ ਨੂੰ ਡਬੋਣ ਦੀ ਕਰ ਰਹੇ ਸਨ, ਤੇ ਬਸ ਇਸ ਸਬੱਬ ਕਰਕੇ ਓਹ ਬਹੁਤਾ ਸ਼ੋਰ ਸੀ ਜਿਹੜਾ ਨਿਖਲੀਊਧਵ ਨੇ ਕਮਰੇ ਅੰਦਰ ਵੜਦਿਆਂ ਸਾਰ ਸੁਣਿਆ ਸੀ। ਉੱਥੇ ਕਿਸੀ ਦੀ ਗੱਲ ਸੁਣਨਾ ਨਾਮੁਮਕਿਨ ਸੀ। ਇਕ ਦੂਜੇ ਦੇ ਚਿਹਰੇ ਮੁਹਾਂਦਰੇ ਦੇਖਕੇ ਹੀ ਸੇਧਾਂ ਲਾ ਲੈਂਦੇ ਸਨ ਕਿ ਕੋਈ ਕੀ ਕਹਿ ਰਹਿਆ ਸੀ, ਤੇ ਉਨ੍ਹਾਂ ਮੂੰਹਾਂ ਦੀਆਂ ਹਾਲਤਾਂ, ਰੰਗਾਂ ਥੀਂ ਹੀ ਬੱਸ ਪਤਾ ਲੱਗਦਾ ਸੀ ਕਿ ਗੱਲਾਂ ਕਰਨ ਵਾਲਿਆਂ ਦੀ ਆਪੇ ਵਿੱਚ ਦੀ ਕੀ ਰਿਸ਼ਤੇਦਾਰੀਆਂ ਹਨ ਓਹ ਇਕ ਦੂਜੇ ਦੇ ਕੀ ਲੱਗਦੇ ਹਨ।
ਨਿਖਲੀਊਧਵ ਨਾਲ ਪਰੇ ਕਰਕੇ ਇਕ ਬੁੱਢੀ ਤੀਮੀ ਰੋਮਾਲ ਸਿਰ ਤੇ ਬੱਧਾ ਖੜੀ ਸੀ। ਓਹ ਜਾਲੀ ਨਾਲ ਨਵੇਕਲੀ ਖੜੀ ਸੀ, ਤੇ ਇਕ ਪੀਲੇ ਮੂੰਹ ਵਾਲੇ ਗਭਰੂ ਨੂੰ ਕੁਛ ਲਲਕਾਰ ਲਲਕਾਰ ਕੇ ਕਹਿ ਰਹੀ ਸੀ। ਇਸ ਗਭਰੂ ਦਾ ਸਿਰ ਮੁੰਨਿਆ ਹੋਇਆ ਸੀ ਤੇ ਆਪਣੇ ਭਰਵੱਟੇ ਉੱਚੇ ਜੇਹੇ ਕਰਕੇ ਓਹਦੀ ਗੱਲ ਸੁਨਣ ਦੀ ਕਰ ਰਹਿਆ ਸੀ। ਉਸ ਬੁੱਢੀ ਦੇ ਲਾਗੇ ਹੀ ਇਕ ਗਭਰੂ ਕਿਰਸਾਨੀ ਕੋਟ ਪਾਇਆ ਹੋਇਆ ਖੜੋਤਾ ਸੀ ਜਿਹੜਾ ਆਪਣਾ ਸਿਰ ਬੜੀ ਬੇਚੈਨੀ ਨਾਲ ਹਿਲਾਉਂਦਾ ਆਪਣੇ ਜੇਹੇ ਇਕ ਹੋਰ ਗਭਰੂ ਦੀ ਗੱਲ ਸੁਣ ਰਹਿਆ ਸੀ। ਓਹਦੇ ਪਰੇ ਇਕ ਲੀਰਾਂ ਦੇ ਛੱਜ ਕੱਪੜੇ ਪਾਏ ਆਦਮੀ ਖੜਾ ਸੀ ਜਿਹੜਾ ਆਪਣੇ ਹੱਥ ਬਾਹਾਂ ਮਾਰ ਮਾਰ ਬੜਾ ਸ਼ੋਰ ਪਾ ਰਹਿਆ ਸੀ, ਤੇ ਨਾਲੇ ਹੱਸਦਾ ਵੀ ਜਾਂਦਾ ਸੀ। ਓਹਦੇ ਪਰੇ ਇਕ ਤੀਮੀਂ ਜਿਸ ਆਪਣੇ ਮੋਂਢੇ ਉੱਪਰ ਚੰਗੀ ਵਧੀਆ ਉੱਨੀ ਸ਼ਾਲ ਸੁੱਟੀ ਹੋਈ ਸੀ, ਫਰਸ਼ ਉੱਪਰ ਬੈਠੀ ਸੀ, ਬਾਲ ਕੁੱਛੜ ਸੀ ਤੇ ਜ਼ਾਰ ਜ਼ਾਰ ਰੋ ਰਹੀ ਸੀ। ਇਸ ਤੀਮੀਂ ਲਈ ਸ਼ਾਇਦ ਇਹ ਪਹਿਲਾ ਹੀ ਮੌਕਾ ਸੀ ਕਿ ਉਸ ਨੇ ਦੂਜੇ ਪਾਸੇ ਜੇਲ ਦੇ ਕੱਪੜਿਆਂ ਵਿੱਚ ਇਕ ਚਿੱਟੇ ਸਿਰ ਵਾਲਾ, ਘਰੜ ਮੁੰਨਿਆ, ਤੱਕਿਆ। ਓਹਦੇ ਪਰਲੇ ਪਾਸੇ ਓਹ ਦਵਾਰਪਾਲ ਸੀ ਜਿਹੜਾ ਬਾਹਰ ਨਿਖਲੀਊਧਵ ਨਾਲ ਗੱਲਾਂ ਕਰਦਾ ਰਹਿਆ ਸੀ। ਓਹ ਆਪਣੇ ਸਾਰੇ ਜੋਰ ਨਾਲ ਇਕ ਚਿੱਟੇ ਸਿਰ ਵਾਲੇ ਦੂਜੇ ਪਾਸੇ ਖੜੇ ਕਾਨਵਿਕਟ ਨੂੰ ਲਲਕਾਰ ਰਹਿਆ ਸੀ।
ਜਦ ਨਿਖਲੀਊਧਵ ਨੇ ਸਮਝਿਆ ਕਿ ਇਨ੍ਹਾਂ ਹਾਲਤਾਂ ਵਿੱਚ ਓਹਨੂੰ ਵੀ ਗੱਲ ਬਾਤ ਕਰਨੀ ਪਵੇਗੀ, ਓਹਦੇ ਦਿਲ ਵਿੱਚ ਇਕ ਗੁੱਸੇ ਦਾ ਭਬਾਕਾ ਜੇਹਾ ਉਨ੍ਹਾਂ ਲੋਕਾਂ ਦੇ ਬਰਖ਼ਲਾਫ਼ ਉੱਠਿਆ, ਜਿਨ੍ਹਾਂ ਇਹੋ ਜੇਹੀਆਂ ਹਾਲਤਾਂ ਪੈਦਾ ਕਰ ਰੱਖੀਆਂ ਸਨ, ਤੇ ਲੋਕਾਂ ਨੂੰ ਇਨ੍ਹਾਂ ਹਾਲਤਾਂ ਤਲੇ ਦਬਾ ਕੇ ਰੱਖਿਆ ਹੋਇਆ ਸੀ। ਓਹਨੂੰ ਹੈਰਾਨੀ ਹੋਈ ਕਿ ਇਨਸਾਨ ਦੇ ਕੁਦਰਤੀ ਜਜ਼ਬਿਆਂ ਉੱਪਰ ਇਹ ਅੱਤਿਆਚਾਰ ਹੋ ਰਹੇ ਸਨ, ਤਾਂ ਵੀ ਕਿਸੀ ਨੂੰ ਇਨ੍ਹਾਂ ਸਿਲਸਲਿਆਂ ਦੇ ਬਰਖ਼ਲਾਫ਼ ਤੈਸ਼ ਨਹੀਂ ਸੀ ਆਉਂਦੀ। ਸਿਪਾਹੀ, ਇਨਸਪੈਕਟਰ ਕੈਦੀ ਸਭ ਇਸ ਤਰਾਂ ਕੰਮ ਕਰ ਰਹੇ ਸਨ ਜਿਸ ਤਰਾਂ ਓਹ ਮੰਨ ਬੈਠੇ ਸਨ ਕਿ ਇਹ ਸਭ ਕੁਛ ਇਉਂ ਕਰਨਾ ਬੜਾ ਜਰੂਰੀ ਸੀ।
ਨਿਖਲੀਊਧਵ ਇਸ ਕਮਰੇ ਵਿੱਚ ਕੋਈ ਪੰਜ ਮਿੰਟ ਹੀ ਰਹਿਆ ਹੋਣਾ ਹੈ ਕਿ ਓਹਨੂੰ ਓਪਰਾ ਜੇਹਾ ਦਬਾ ਪੈਂਦਾ ਭਾਸਿਆ। ਓਹਨੂੰ ਪਤਾ ਲੱਗਾ ਕਿ ਓਹ ਕਿੰਨਾ ਨਿਰਬਲ ਹੈ ਤੇ ਹੋਰ ਦੁਨੀਆਂ ਪਾਸੋਂ ਓਹ ਕਿੰਨਾ ਵੱਖਰਾ ਜੇਹਾ ਬੰਦਾ ਹੈ। ਓਹਨੂੰ ਓਥੇ ਇਕ ਅਜੀਬ ਇਖ਼ਲਾਕੀ ਦਿਲ ਕਚਾਹਣ ਜੇਹੀ ਹੋਈ—ਓਹਦੀ ਇਹ ਹਾਲਤ ਓਸ ਤਰਾਂ ਦੀ ਸੀ ਜਿਵੇਂ ਅੰਜਾਣ ਆਦਮੀ ਦੀ ਪਹਿਲੀ ਵੇਰੀ ਜਹਾਜ਼ ਉੱਪਰ ਹੁੰਦੀ ਹੈ। ਇਖਲਾਕੀ ਅਸਰ ਇਕ ਜਿਸਮਾਨੀ ਬਿਮਾਰੀ ਦਿਲ ਕੱਚਾ ਹੋਣ ਵਾਂਗ ਹੋਇਆ।
ਮੋਇਆਂ ਦੀ ਜਾਗ-ਕਾਂਡ ੪੨. : ਲਿਉ ਤਾਲਸਤਾਏ
"ਹੱਛਾ! ਪਰ ਮੈਨੂੰ ਤਾਂ ਇਸ ਵਕਤ ਓਹ ਹੀ ਕਰਨਾ ਚਾਹੀਦਾ ਹੈ ਜਿਸ ਦੇ ਕਰਨ ਲਈ ਮੈਂ ਇੱਥੇ ਆਇਆ ਹਾਂ," ਓਸ ਕਹਿਆ ਤੇ ਦਿਲ ਨੂੰ ਪੱਕਾ ਕਰਨ ਦੀ ਕੀਤੀ, ਹੁਣ ਕੀ ਕਰਨਾ ਹੈ?"—ਓਸ ਅੱਗੇ ਪਿੱਛੇ ਕਿਸੀ ਅਫਸਰ ਦੀ ਭਾਲ ਕੀਤੀ—ਤੇ ਇਕ ਪਤਲੇ ਛੋਟੇ ਜੇਹੇ ਆਦਮੀ ਨੂੰ, ਜਿਹੜਾ ਅਫਸਰ ਦੀ ਵਰਦੀ ਪਾਈ ਉੱਤੇ ਤਲੇ ਟਹਿਲ ਰਹਿਆ ਸੀ, ਵੇਖਕੇ ਓਸ ਪਾਸ ਗਇਆ।
"ਕੀ ਜਨਾਬ! ਆਪ ਮੈਨੂੰ ਦਸ ਸੱਕਦੇ ਹੋ?" ਨਿਖਲੀਊਧਵ ਨੇ ਆਪਣੇ ਉੱਪਰ ਜਬਰ ਜੇਹਾ ਕਰਕੇ ਬਾਹਰੋਂ ਬੜੀ ਹੀ ਮੁਲਾਇਮ ਤੇ ਅਦਬ ਕਰਨ ਵਾਲੀ ਸੁਰ ਬਣਾਈ ਹੋਈ ਕਹਿਆ, "ਕਿ ਤੀਮੀਆਂ ਕਿਸ ਪਾਸੇ ਹੁੰਦੀਆਂ ਹਨ ਤੇ ਉਨ੍ਹਾਂ ਨਾਲ ਆਦਮੀ ਕਿੱਥੇ ਮੁਲਾਕਾਤ ਕਰ ਸੱਕਦਾ ਹੈ?"
"ਕੀ ਆਪ ਤੀਮੀਆਂ ਵਾਲੇ ਪਾਸੇ ਜਾਣਾ ਚਾਹੁੰਦੇ ਹੋ?"
"ਹਾਂ ਜੀ—ਮੈਂ ਇਕ ਤੀਮੀ ਕੈਦੀ ਨੂੰ ਮਿਲਣ ਦੀ ਇੱਛਾ ਰੱਖਦਾ ਹਾਂ।" ਨਿਖਲੀਊਧਵ ਨੇ ਉਸੀ ਤਰਾਂ ਆਪਣੇ ਉੱਪਰ ਜਬਰ ਜੇਹਾ ਕਰਕੇ ਅਦਬ ਨਾਲ ਫਿਰ ਕਹਿਆ, "ਆਪ ਨੂੰ ਹਾਲ ਕਮਰੇ ਵਿੱਚ ਐਸਾ ਕਹਣਾ ਚਾਹੀਦਾ ਸੀ। ਆਪ ਨੇ ਕਿਸਨੂੰ ਮਿਲਨਾ ਹੈ?"
"ਮੈਂ ਇਕ ਕੈਦੀ ਕਾਤਰੀਨਾ ਮਸਲੋਵਾ ਨਾਮੀ ਨੂੰ ਮਿਲਣਾ ਚਾਹੁੰਦਾ ਹਾਂ।"
"ਕੀ ਓਹ ਮੁਲਕੀ ਕੈਦੀ ਹੈ?"
"ਨਹੀਂ—ਓਹ ਨਿਰੀ......."
"ਅੱਛਾ ਜੀ—ਓਹ ਸਜ਼ਾਯਾਫ਼ਤਾ ਕੈਦੀ ਹੈ?"
"ਜੀ ਪਰਸੋਂ ਹੀ ਓਹਨੂੰ ਸਜ਼ਾ ਹੋਈ ਹੈ," ਨਿਖਲੀਊਧਵ ਨੇ ਬੜੀ ਆਜਜ਼ੀ ਨਾਲ ਉੱਤਰ ਦਿੱਤਾ, ਤੇ ਇਸ ਡਰ ਕਰਕੇ ਓਹ ਹੋਰ ਵੀ ਮੁਲਾਇਮ ਹੋ ਰਹਿਆ ਸੀ ਕਿ ਮਤੇ ਕਿਧਰੇ ਇਹ ਇਨਸਪੈਕਟਰ ਜਿਹੜਾ ਚੰਗੀ ਤਬੀਅਤ ਵਿੱਚ ਆਇਆ ਓਸ ਵਲ ਨਜਰੇ ਇਨਾਇਤ ਕਰ ਰਹਿਆ ਸੀ, ਵਿਗੜ ਹੀ ਨਾ ਜਾਵੇ।
"ਜੇ ਆਪ ਤੀਮੀਆਂ ਵੱਲ ਦੀ ਜਾਣਾ ਚਾਹੁੰਦੇ ਹੋ ਤਦ ਇਧਰ ਆਓ," ਓਸ ਅਫ਼ਸਰ ਨੇ ਕਹਿਆ ਤੇ ਓਹਨੇ ਨਿਖਲੀਊਧਵ ਦੀ ਸ਼ਕਲ ਸ਼ਬਾਹਤ ਥੀਂ ਹੀ ਜਾਣ ਲਇਆ ਸੀ ਕਿ ਓਸ ਵੱਲ ਕੁਛ ਖਾਸ ਧਿਆਨ ਦੇਣਾ ਚਾਹੀਦਾ ਹੈ—"ਹੇ ਸਿਧੇਰੋਵ! ਇਸ ਭਲੇ ਪੁਰਸ਼ ਨੂੰ ਤੀਮੀਆਂ ਵਾਲੇ ਪਾਸੇ ਲੈ ਜਾਈਂ", ਓਸ ਅਫਸਰ ਨੇ ਇਕ ਮੁਛੈਲ ਜੇਹੇ ਸਿਪਾਹੀ ਵੱਲ ਜਿਹਦੀ ਛਾਤੀ ਉੱਤੇ ਕਈ ਤਮਗੇ ਲੱਗੇ ਹੋਏ ਸਨ, ਮੁਖਾਤਿਬ ਹੋ ਕੇ ਕਹਿਆ।
"ਬਹੁਤ ਅੱਛਾ ਹਜੂਰ!"
ਇਸ ਛਿਨ ਹੀ ਦਿਲ ਨੂੰ ਚੀਰ ਦੇਣ ਵਾਲੀਆਂ ਕਿਸੇ ਦੀਆ ਰੋਣ ਦੀਆਂ ਭੁੱਬਾਂ ਤੇ ਕੂਕਾਂ ਜਾਲੀਆਂ ਤੋਂ ਦੇ ਇਧਰ ਦੇ ਪਾਸੇ ਵੱਲ ਆ ਰਹੀਆਂ ਸਨ।
ਨਿਖਲੀਊਧਵ ਨੂੰ ਸਭ ਕੁਛ ਅਨੋਖਾ ਤੇ ਓਪਰਾ ਲੱਗ ਰਹਿਆ ਸੀ, ਪਰ ਸਭ ਥੀਂ ਅਜੀਬ ਗੱਲ ਇਹ ਸੀ ਕਿ ਉਸਨੂੰ ਓਸ ਵੇਲੇ ਉਨ੍ਹਾਂ ਹੀ ਲੋਕਾਂ ਦਾ ਧੰਨਵਾਦੀ ਹੋਣਾ ਪੈ ਰਹਿਆ ਸੀ—ਇਨ੍ਹਾਂ ਇਨਸਪੈਕਟਰਾਂ ਤੇ ਚੀਫ ਜੇਲਰਾਂ ਦਾ—ਜੇਹੜੇ ਓਹ ਸਾਰੇ ਜੁਲਮ ਤੇ ਅੱਤਿਆਚਾਰ ਜੋ ਇਸ ਮਕਾਨ ਵਿੱਚ ਹੋ ਰਹੇ ਸਨ, ਕਰ ਰਹੇ ਸਨ। ਓਸ ਸਿਪਾਹੀ ਨੇ ਨਿਖਲੀਊਧਵ ਨੂੰ ਮਰਦਾਂ ਦੇ ਕਮਰੇ ਵਿੱਚੋਂ ਬਾਹਰ ਲੈਜਾ ਕੇ ਕੌਰੀਡੋਰ ਵਿੱਚ ਪਹੁੰਚਾਇਆ। ਉਸ ਤੋਂ ਅੱਗੇ ਸਿੱਧਾ ਸਾਹਮਣੇ ਪਾਰਲੇ ਪਾਸੇ ਦੇ ਦਰਵਾਜ਼ੇ ਵਿੱਚ ਦੀ ਲੰਘ ਕੇ ਤੀਮੀਆਂ ਵਾਲਾ ਪਾਸਾ ਆ ਜਾਂਦਾ ਸੀ।
ਮਰਦਾਂ ਦੇ ਕਮਰੇ ਵਾਂਗ ਇਹ ਕਮਰਾ ਵੀ ਤਾਰ ਦੀਆਂ ਤਣੀਆਂ ਜਾਲੀਆਂ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਪਰ ਇਹ ਓਸ ਨਾਲੋਂ ਛੋਟਾ ਸੀ। ਇੱਥੇ ਕੈਦੀ ਵੀ ਥੋੜੇ ਤੇ ਮੁਲਾਕਾਤੀ ਲੋਕ ਵੀ ਘੱਟ ਸਨ। ਸ਼ੋਰ ਚੀਕ ਚਿਹਾੜਾ ਪਰ ਓਹੋ ਜੇਹਾ ਸੀ। ਸਰਕਾਰ ਦੀ ਤਾਕਤ ਉਸੀ ਤਰ੍ਹਾਂ ਦੋਹਾਂ ਜਾਲੀਆਂ ਦੇ ਵਿੱਚ ਵਿਚਕਾਹੇ ਦੀ ਟਹਿਲ ਰਹੀ ਸੀ, ਪਰ ਇੱਥੇ ਸਰਕਾਰ ਦੀ ਸ਼ਕਤੀ ਦੀ ਪ੍ਰਤੀਨਿਧ ਇਕ ਤੀਮੀਂ ਵਾਰਡ੍ਰੈਸ ਸੀ। ਇਹਦੀ ਵਰਦੀ ਇਕ ਨੀਲੇ ਕਿਨਾਰੇ ਵਾਲੀ ਜੈਕਟ ਸੀ, ਜਿਹਦੀਆਂ ਕਫਾ ਉੱਪਰ ਸੋਨੇ ਦਾ ਰੱਸਾ ਲੱਗਾ ਹੋਇਆ ਸੀ, ਓਸ ਉੱਪਰ ਨੀਲੀ ਪੇਟੀ—ਇੱਥੇ ਵੀ ਮਰਦਾਂ ਦੇ ਕਮਰੇ ਵਾਂਗ ਲੋਕੀ ਆਪਣੇ ਮੂੰਹ ਜਾਲੀਆਂ ਨਾਲ ਲਾਏ, ਦਬਾਏ, ਖੜੇ ਸਨ। ਇਸ ਨੇੜੇ ਵਾਲੀ ਜਾਲੀ ਵਿੱਚ (ਜਿਵੇਂ ਪਿੰਜਰੇ ਵਿਚ) ਸ਼ਹਿਰ ਦੇ ਲੋਕੀ ਕਈ ਕਿਸਮਾਂ ਦੀਆਂ ਪੋਸ਼ਾਕਾਂ ਪਹਿਨੇ ਖੜੇ ਸਨ ਤੇ ਪਰਲੇ ਪਾਸੇ ਵਾਲੇ ਪਿੰਜਰੇ ਵਿੱਚ ਕੈਦੀ ਸਨ। ਉਨਹਾਂ ਚਿੱਟੀਆਂ ਜੇਲ ਦੀਆਂ ਪੋਸ਼ਾਕਾਂ ਪਾਈਆਂ ਹੋਈਆਂ ਸਨ। ਕਈ ਕੈਦੀ ਸਨ ਜਿਨ੍ਹਾਂ ਆਪਣੇ ਘਰ ਦੇ ਚੰਗੇ ਕੱਪੜੇ ਪਾਏ ਹੋਏ ਸਨ। ਲੋਕੀ ਜਾਲੀ ਦੀ ਸਾਰੀ ਲਮਿਅਤ ਲਾਗੇ ਖੜੇ ਸਨ। ਬਾਹਜੇ ਆਪਣੀਆਂ ਅੱਡੀਆਂ ਚੱਕ ਕੇ ਪੱਬਾਂ ਭਾਰ ਹੋ ਦੂਸਰਿਆਂ ਦੇ ਸਿਰਾਂ ਥੀਂ ਉੱਚੇ ਹੋਣ ਦੀ ਕਰ ਰਹੇ ਸਨ ਕਿ ਇਉਂ ਆਪਣੀ ਗੱਲ ਚੰਗੀ ਤਰਾਂ ਸੁਣਾ ਸੱਕਨ। ਹੋਰ ਕਈ ਫਰਸ਼ ਉੱਪਰ ਬੈਠੇ ਹੀ ਗੱਲ ਬਾਤ ਕਰ ਰਹੇ ਸਨ।
ਕੈਦੀਆਂ ਵਿੱਚੋਂ ਇਕ ਬੜੀ ਹੀ ਧਿਆਨ ਜੋਗ ਕੈਦੀ, ਯਾ ਆਪਣੀਆਂ ਚੀਖਾਂ ਤੇ ਯਾ ਆਪਣੀ ਸ਼ਕਲ ਸ਼ਬਾਹਤ ਕਰਕੇ ਪਤਲੀ, ਰੁਲੀ ਖੁਲੀ ਹੋਈ ਜਿਪਸੀ ਸੀ। ਓਹਦਾ ਰੁਮਾਲ ਓਹਦੇ ਕੁੰਡਲਦਾਰ ਵਾਲਾਂ ਥੀਂ ਖਿਸਕ ਕੇ ਹਿਠਾਹਾਂ ਢਿਲਕਿਆ ਹੋਇਆ ਸੀ, ਤੇ ਓਹ ਕੈਦੀਆਂ ਦੀ ਜਾਲੀ ਵਾਲੇ ਪਿੰਜਰੇ ਦੇ ਐਨ ਵਿਚਕਾਰ ਇਕ ਥਮ ਦੇ ਪਾਸ ਖੜੀ, ਇਕ ਇਧਰ ਖੜੇ ਜਿਪਸੀ ਮਰਦ ਨੂੰ ਜਿਸ ਨੇ ਨੀਲਾ ਕੋਟ ਪਾਇਆ ਹੋਇਆ ਸੀ ਤੇ ਰੱਸੇ ਨਾਲ ਖੂਬ ਕਮਰ ਕੱਸ ਕੇ ਬੱਧਾ ਹੋਇਆ ਸੀ, ਕੁਛ ਉੱਚਾ ਉੱਚਾ ਕਹਿ ਰਹੀ ਸੀ। ਆਪਣੇ ਹੱਥਾਂ ਤੇ ਮੂੰਹ ਨਾਲ ਤਾਵਲੇ ਤਾਵਲੇ ਇਸ਼ਾਰੇ ਕਰੀ ਜਾਂਦੀ ਸੀ—ਜਿਪਸੀਮਰਦ ਦੇ ਨਾਲ ਹੀ ਪਰੇ ਇਕ ਸਿਪਾਹੀ ਫਰਸ਼ ਉੱਪਰ ਬੈਠਾ ਇਕ ਕੈਦੀ ਨਾਲ ਗੱਲਾਂ ਕਰ ਰਹਿਆ ਸੀ। ਸਿਪਾਹੀ ਦੇ ਪਰੇ ਜਾਲੀ ਨਾਲ ਦੱਬਿਆ ਹੋਇਆ, ਇਕ ਗਭਰੂ ਕਿਸਾਨ, ਬੀਬੀ ਦਾੜ੍ਹੀ ਤੇ ਰੱਤਾ ਰੱਤਾ ਮੂੰਹ ਖੜਾ ਸੀ। ਇਹ ਆਪਣੇ ਆਏ ਅੱਥਰੂ ਤੇ ਗੱਚ ਬੜੀ ਮੁਸ਼ਕਲ ਨਾਲ ਰੋਕ ਰਹਿਆ ਸੀ। ਇਕ ਸੋਹਣੀ ਸੁਦੇਸ਼ੀ ਚਮਕਦੀਆਂ ਨੀਲੀਆਂ ਅੱਖਾਂ ਵਾਲੀ ਰੰਨ ਓਸ ਨਾਲ ਗੱਲਾਂ ਕਰ ਰਹੀ ਸੀ! ਇਹ ਦੋ ਥੀਓਡੋਸੀਆ ਤੇ ਉਹਦਾ ਖਾਵੰਦ ਸਨ। ਉਨ੍ਹਾਂ ਥੀਂ ਪਰੇ ਇਕ ਅਵਾਰਾਗਰਦ ਆਦਮੀ ਸੀ, ਜਿਹੜਾ ਇਕ ਚੌੜੇ ਮੂੰਹ, ਵਾਲੀ ਤੀਮੀਂ ਨਾਲ ਗੱਲ ਬਾਤ ਕਰ ਰਹਿਆ ਸੀ। ਫਿਰ ਓਸ ਥੀਂ ਪਰੇ ਦੋ ਤੀਮੀਆਂ ਫਿਰ ਇਕ ਮਰਦ, ਫਿਰ ਮੁੜ ਇਕ ਤੀਮੀਂ। ਤੇ ਇਹ ਸਾਰੇ ਇਕ ਇੱਕ ਕੈਦੀ ਦੇ ਮੋਹਰੇ ਖੜੇ ਸਨ—ਮਸਲੋਵਾ ਸਾਹਮਣੇ ਖੜੇ ਕੈਦੀਆਂ ਵਿੱਚ ਨਹੀਂ ਸੀ—ਪਰ ਕੋਈ ਖਿੜਕੀ ਪਾਸ ਖੜੇ ਕੈਦੀਆਂ ਦੇ ਪਿੱਛੇ ਖੜਾ ਸੀ। ਨਿਖਲੀਊਧਵ ਨੇ ਪਹਿਚਾਨ ਲਇਆ—ਉਹਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਇਆ, ਤੇ ਸਾਹ ਬੰਦ ਹੋ ਗਇਆ, —ਓਹ ਉਸ ਨੀਲੇ ਨੈਨਾਂ ਵਾਲੀ ਥੀਓਡੋਸੀਆ ਦੇ ਪਿੱਛੇ ਖੜੀ ਮੁਸਕਰਾ ਰਹੀ ਸੀ ਤੇ ਓਸ ਗੱਲ ਬਾਤ ਨੂੰ ਜੋ ਥੀਓਡੋਸੀਆ ਆਪਣੇ ਖਾਵੰਦ ਨਾਲ ਕਰ ਰਹੀ, ਸੁਣ ਰਹੀ ਸੀ।
ਮਸਲੋਵਾ ਨੇ ਜੇਲ ਦਾ ਵੱਡਾ ਕੋਟ ਨਹੀਂ ਸੀ ਪਾਇਆ ਹੋਇਆ, ਚਿੱਟੀ ਪੋਸ਼ਾਕ ਸੀ ਤੇ ਪੇਟੀ ਕਮਰ ਦੇ ਦਵਾਲੇ ਕੱਸੀ ਹੋਈ ਸੀ—ਤੇ ਉਹਦੇ ਜੋਬਨ ਓਸ ਪੋਸ਼ਾਕ ਵਿੱਚ ਥੀਂ ਬਾਹਰ ਵਲ ਉੱਭਰ ਰਹੇ ਸਨ—ਉਹਦੇ ਸਿਰ ਉੱਪਰ ਬੱਧੇ ਰੋਮਾਲ ਦੇ ਹੇਠੋਂ, ਕਿਨਾਰੇ ਕਿਨਾਰੇ ਦੇ ਕਾਲੇ ਵਾਲਾਂ ਦੇ ਗੁੱਛੇ ਨਿਕਲ ਰਹੇ ਸਨ।
"ਇਕ ਪਲ ਵਿੱਚ ਹੁਣ ਸਭ ਕੁਝ ਫੈਸਲਾ ਹੋ ਜਾਣਾ ਹੈ," ਓਸ ਸੋਚਿਆ, "ਮੈਂ ਓਹਨੂੰ ਕਿੰਝ ਬੁਲਾਵਾਂਗਾ? ਯਾ ਕੀ ਮੇਰੇ ਵਲ ਉਹ ਆਪ ਆ ਜਾਵੇਗੀ?"
ਓਹ ਤਾਂ ਬਰਥਾ ਦੀ ਉਡੀਕ ਵਿੱਚ ਖਲੀ ਸੀ—ਤੇ ਇਹ ਗਲ ਕਿ ਕੋਈ ਆਦਮੀ ਓਹਨੂੰ ਮਿਲਣ ਆਇਆ ਹੈ ਓਹਦੇ ਸਿਰ ਵਿੱਚ ਵੀ ਨਹੀਂ ਸੀ ਆ ਸੱਕਦੀ।
"ਆਪ ਕਿਹਨੂੰ ਲੱਭਦੇ ਹੋ?" ਵਾਰਡ੍ਰੈਸ, ਜਿਹੜੀ ਉਨ੍ਹਾਂ ਪਿੰਜਰਿਆਂ ਦੇ ਵਿਚਕਾਹੇ ਥਾਂ ਤੇ ਟਹਿਲ ਰਹੀ ਸੀ ਨਿਖਲੀਊਧਵ ਪਾਸ ਆ ਕੇ ਪੁੱਛਦੀ ਹੈ। ਕਾਤਰੀਨ ਮਸਲੋਵਾ," ਬੜੀ ਮੁਸ਼ਕਲ ਨਾਲ ਨਿਖਲੀਊਧਵ ਨੇ ਉੱਤਰ ਦਿੱਤਾ।
ਕਾਤਰੀਨ ਮਸਲੋਵਾ! ਕੋਈ ਤੈਨੂੰ ਮਿਲਣ ਆਇਆ ਹੈ," ਵਾਰਡ੍ਰੈਸ ਨੇ ਆਵਾਜ਼ ਦਿੱਤੀ।
ਮਸਲੋਵਾਨੇ ਚੁਗਿਰਦੇ ਤੱਕਿਆ ਤੇ ਜਾਲੀ ਪਾਸ ਆਈ—ਓਹਦੇ ਮੂੰਹ ਉੱਪਰ ਓਹੋ ਹਰ ਗੱਲ ਲਈ ਸਦਾ ਤਿਆਰ ਬਰ ਤਿਆਰ ਦੀ ਬ੍ਰਿਤੀ ਦਾ ਪ੍ਰਭਾਵ ਸੀ ਜਿਹਨੂੰ ਨਿਖਲੀਊਧਵ ਚੰਗੀ ਤਰਾਂ ਪਛਾਣਦਾ ਸੀ—ਓਹਨੇ ਦੋਹਾਂ ਕੈਦੀਆਂ ਨੂੰ ਮੋਂਢਿਆਂ ਨਾਲ ਅੱਗੇ ਪਿੱਛੇ ਕਰ, ਉਨ੍ਹਾਂ ਵਿੱਚ ਦੀ ਰਾਹ ਜੇਹਾ ਬਣਾ ਲਇਆ। ਹੈਰਾਨ ਜੇਹੀ ਪਰ ਇਕ ਪੁੱਛ ਕਰਦੀ ਨਿਗਾਹ ਨਾਲ ਨਿਖਲੀਊਧਵ ਵੱਲ ਆਣ ਕੇ ਤੱਕਿਆ—ਪਰ ਓਹਦੇ ਕੱਪੜਿਆਂ ਥੀਂ ਇਹ ਜਾਚ ਕੇ ਕਿ ਉਹ ਕੋਈ ਅਮੀਰ ਆਦਮੀ ਹੈ ਉਹ ਮੁਸਕਰਾ ਪਈ, "ਕੀ ਆਪ ਮੈਨੂੰ ਹੀ ਮਿਲਣਾ ਚਾਹੁੰਦੇ ਹੋ?" ਓਸ ਪੁੱਛਿਆ ਤੇ ਆਪਣਾ ਹਸੂੰ ਹਸੂੰ ਕਰਦਾ ਮੂੰਹ ਜਾਲੀ ਨਾਲ ਲਾ ਦਿੱਤਾ, ਅੱਖਾਂ ਵਿਚ ਓਹੋ ਮੰਦ ਮੰਦ ਭੈਂਗ ਵੱਜ ਰਹਿਆ ਸੀ।
"ਮੈਂ...............ਮੈਂ................ਮੈਂ ਵੇਖਣਾ ਚਾਹੁੰਦਾ... ਮੈਂ ਆਪਨੂੰ ਵੇਖਣਾ ਚਾਹੁੰਦਾ................ਮੈਂ," ਉਹ ਆਪਣੇ ਮਾਮੂਲੀ ਆਵਾਜ਼ ਥੀਂ ਉੱਚਾ ਨਹੀਂ ਸੀ ਬੋਲ ਰਹਿਆ।
"ਨਹੀਂ—ਸਭ ਲੱਚਰ— ਮੈਂ ਤੈਨੂੰ ਕਹਿੰਦਾ ਹਾਂ," ਤਾਂ ਓਹਦੇ ਨਾਲ ਖੜੇ ਓਸ ਆਵਾਰਾਗਰਦ ਨੇ ਲਲਕਾਰ ਕੇ ਆਪਣੀ ਗੱਲ ਕਰਨ ਵਾਲੀ ਨੂੰ ਕਹਿਆ, "ਤੂੰ ਓਹ ਚੀਜ਼ ਲਈ ਹੈ ਕਿ ਨਹੀਂ?"
"ਬੜਾ ਕਮਜੋਰ, ਮਰਨ ਵਾਲਾ ਹੋਇਆ ਹੋਇਆ ਹੈ? ਦੂਜੇ ਪਾਸੋਂ ਹੋਰ ਕੋਈ ਇੰਝ ਚੀਕ ਕੇ ਬੋਲਿਆ।
ਜੋ ਕੁਛ ਨਿਖਲੀਊਧਵ ਕਹਿ ਰਹਿਆ ਸੀ, ਮਸਲੋਵਾ ਸੁਣ ਨਹੀਂ ਸੀ ਸੱਕਦੀ—ਪਰ ਓਹਦੀ ਨੁਹਾਰ ਮੁਹਾਂਦਰੇ ਨੇ ਓਹਨੂੰ ਕੋਈ ਐਸੀ ਗੱਲ ਯਾਦ ਕਰਵਾ ਦਿੱਤੀ ਜਿਹਨੂੰ ਓਹ ਯਾਦ ਨਹੀਂ ਸੀ ਕਰਨਾ ਚਾਹੁੰਦੀ। ਉਹਦੇ ਮੂੰਹ ਥੀਂ ਓਹ ਮੁਸਕਰਾਹਟ ਉੱਡ ਗਈ ਤੇ ਦੁੱਖ ਦੀ ਇਕ ਡੂੰਘੀ ਘੂਰ ਉਸਦੇ ਭਰਵੱਟੇ ਉੱਪਰ ਆਣ ਪਈ ਸੀ।
"ਜੋ ਆਪ ਕਹਿ ਰਹੇ ਹੋ ਮੈਨੂੰ ਨਹੀਂ ਸੁਣਾਈ ਦੇ ਰਹਿਆ," ਓਸ ਉੱਚੀ ਦੇ ਕੇ ਕਹਿਆ ਭਰਵੱਟੇ ਉੱਪਰ ਖਫ਼ਗੀ ਦੀ ਝੁਰਲੀ ਹੋਰ ਵਧ ਗਈ ਤੇ ਮੱਥੇ ਤੇ ਡਾਢੀ ਘੂਰ ਪੈ ਗਈ।
"ਮੈਂ ਆ ਗਇਆ ਹਾਂ.................. ਨਿਖਲੀਊਧਵ ਨੇ ਕਹਿਆ।
"ਹਾਂ—ਮੈਂ ਆਪਣਾ ਫਰਜ਼ ਪੂਰਾ ਕਰ ਰਹਿਆ ਹਾਂ—ਮੈਂ ਆਪਣੇ ਪਾਪ ਦਾ ਇਕਬਾਲ ਪੂਰਾ ਕਰਨ ਆਇਆ ਹਾਂ," ਉਸ ਨੇ ਆਪਣੇ ਮਨ ਵਿੱਚ ਵਿਚਾਰਿਆ ਤੇ ਇਸ ਖਿਆਲ ਦੇ ਕਰਦਿਆਂ ਹੀ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹਦਾ ਗਲਾ ਇਕ ਭਰੇ ਗੱਚ ਨਾਲ ਰੁਕ ਗਿਆ, ਤੇ ਆਪਣੇ ਦੋਹਾਂ ਹੱਥਾਂ ਨਾਲ ਜਾਲੀ ਨੂੰ ਫੜ ਕੇ ਉਸਨੇ ਕੋਸ਼ਸ਼ ਇਹ ਕੀਤੀ ਕਿ ਉਹਦਾ ਰੋਣ ਨਾ ਨਿਕਲ ਜਾਵੇ।
"ਜੇ ਓਹ ਆਪ ਬੀਮਾਰ ਨ ਹੁੰਦੀ, ਮੈਂ ਨਾਂਹ ਆਵਾਂ ਆਰ," ਕਿਸੇ ਹੋਰ ਨੇ ਉਹਦੇ ਲਾਗੇ ਸ਼ੋਰ ਕੀਤਾ—
"ਰੱਬ ਮੇਰਾ ਗਵਾਹ ਹੈ ਮੈਨੂੰ ਕੁਝ ਪਤਾ ਨਹੀਂ, ਤੇ ਦੂਜੇ ਪਾਸਿਓਂ ਇਕ ਕੈਦਨ ਚੀਕੀ।
ਮਸਲੋਵਾ ਨੇ ਨਿਖਲੀਊਧਵ ਦੀ ਘਬਰਾਹਟ ਭਾਂਪ ਲਈ ਤੇ ਉਸਨੇ ਇਹਨੂੰ ਪਛਾਣ ਲਇਆ। "ਤੂੰ ਹੈਂ ਵਾਂਗ.........ਪਰ ਨਹੀਂ—ਮੈਨੂੰ ਚੇਤੇ ਨਹੀਂ"। ਓਸਨੇ ਬਿਨਾਂ ਓਸ ਵੱਲ ਤੱਕੇ ਦੇ ਉੱਚੀ ਜੇਹੀ ਕਹਿਆ ਤੇ ਉਹਦਾ ਰੱਤਾ ਹੋ ਚੁੱਕਾ ਮੂੰਹ ਬੜਾ ਹੀ ਉਦਾਸ ਹੋ ਗਇਆ।
"ਮੈਂ ਤੇਰੇ ਪਾਸੋਂ ਮਾਫੀ ਮੰਗਣ ਆਇਆ ਹਾਂ," ਤਾਂ ਉਸਨੇ ਉੱਚੀ ਤੇ ਇਕ ਸੁਰੀ ਜੇਹੀ ਆਵਾਜ਼ ਵਿੱਚ ਕਹਿਆ, ਜਿਵੇਂ ਕਿਸੇ ਕੋਈ ਸਬਕ ਪਕਾਇਆ ਹੁੰਦਾ ਹੈ—ਇਸ ਕਰਕੇ ਉਹ ਘਬਰਾ ਗਇਆ ਤੇ ਚੁਫੇਰੇ ਵੇਖਣ ਲੱਗ ਗਇਆ—ਪਰ ਨਾਲੇ ਹੀ ਓਹਨੂੰ ਇਹ ਵੀ ਖਿਆਲ ਆ ਗਇਆ ਕਿ ਜੇ ਓਹਨੂੰ ਸ਼ਰਮ ਆ ਗਈ ਹੈ ਤਾਂ ਚੰਗਾ ਹੈ ਨਾਂ—, ਇਹ ਸ਼ਰਮ ਓਹਨੇ ਖਾਣੀ ਹੀ ਹੈ ਨਾਂ, ਤੇ ਮੁੜ ਉੱਚੀ ਆਵਾਜ਼ ਵਿਚਕਹੀ ਗਇਆ:—
"ਤੂੰ ਮੈਨੂੰ ਮਾਫ ਕਰ—ਮੈਂ ਤੇਰੇ ਨਾਲ ਬੜਾ ਡਰਾਉਣਾ ਧ੍ਰੋਹ ਕਮਾਇਆ ਹੈ।"
ਓਹ ਅਹਿਲ ਖੜੀ ਰਹੀ ਪਰ ਆਪਣੀਆਂ ਓਹ ਮੰਦ ਮੰਦ ਭੈਂਗ ਵਾਲੀਆਂ ਅੱਖਾਂ ਓਸ ਥੀਂ ਪਰੇ ਨਹੀਂ ਸਨ ਕੀਤੀਆਂ— ਨਿਖਲੀਊਧਵ ਅੱਗੋਂ ਹੋਰ ਬੋਲ ਨਹੀਂ ਸੀ ਸੱਕਦਾ, ਤੇ ਜਾਲੀ ਲਾਗੇ ਥੀਂ ਪਰੇ ਹਟਕੇ ਆਪਣੇ ਆਏ ਗੱਚ ਤੇ ਰੋਣ ਦੀਆਂ ਭੁੱਬਾਂ ਮਾਰ ਕੇ ਫੁੱਟ ਪੈਣ ਥੀਂ ਆਪਣੇ ਆਪ ਨੂੰ ਬਚਾ ਰਹਿਆ ਸੀ।
ਇੰਨੇ ਵਿੱਚ ਇਨਸਪੈਕਟਰ ਜਿਸਨੇ ਨਿਖਲੀਊਧਵ ਨੂੰ ਤੀਮੀਆਂ ਵਾਲੇ ਪਾਸੇ ਘੱਲਿਆ ਸੀ ਤੇ ਜਿਹੜਾ ਉਸ ਵਿੱਚ ਖਾਸ ਦਿਲਚਸਪੀ ਲੈ ਰਹਿਆ ਸੀ, ਓਸੇ ਕਮਰੇ ਵਿੱਚ ਆ ਗਇਆ। ਨਿਖਲੀਊਧਵ ਨੂੰ ਜਾਲੀ ਉੱਪਰ ਨ ਵੇਖਕੇ ਉਹਨੂੰ ਪੁੱਛਣ ਲੱਗਾ ਕਿ ਉਹ ਉਸ ਤੀਮੀਂ ਨਾਲ ਜਿਹਨੂੰ ਓਹ ਮਿਲਣ ਆਇਆ ਸੀ, ਕਿਉਂ ਨਹੀਂ ਗੱਲਾਂ ਕਰ ਰਹਿਆ—ਨਿਖਲੀਊਧਵ ਨੇ ਆਪਣਾ ਨਕ ਸਫਾ ਕੀਤਾ ਤੇ ਆਪਣੇ ਆਪ ਨੂੰ ਝੂਣਿਆਂ ਤੇ ਸ਼ਾਂਤ ਦਿੱਸਣ ਦਾ ਯਤਨ ਕੀਤਾ ਤੇ ਕਹਿਆ:——
"ਇਨ੍ਹਾਂ ਜਾਲੀਆਂ ਵਿੱਚੋਂ ਗੱਲ ਬਾਤ ਕਰਨੀ ਬੜੀ ਔਖੀ ਹੈ, ਸੁਣਾਈ ਕੁਛ ਨਹੀਂ ਦਿੰਦਾ।"
ਇਨਸਪੈਟਰ ਬੜਾ ਕੂ ਸੋਚਕੇ—"ਅੱਛਾ, ਭਾਈ ਥੋੜੇ ਚਿਰ ਲਈ ਉਹ ਇੱਥੇ ਹੀ ਲਿਜਾਈ ਜਾ ਸੱਕਦੀ ਹੈ"—"ਮੇਰੀ ਕਾਰਲੋਵਨਾ" ਵਾਰਡ੍ਰੈਸ ਵਲ ਮੁੜ ਕੇ "ਮਸਲੋਵਾ ਨੂੰ ਬਾਹਰ ਲੈ ਆਓ—"
ਮੋਇਆਂ ਦੀ ਜਾਗ-ਕਾਂਡ ੪੩. : ਲਿਉ ਤਾਲਸਤਾਏ
ਪਾਸੇ ਦੇ ਦਰਵਾਜ਼ੇ ਥੀਂ ਇਕ ਪਲਕ ਵਿੱਚ ਮਸਲੋਵਾ ਬਾਹਰ ਆ ਗਈ। ਅਮਲਕੜੇ ਕਦਮ ਚਕਦੀ ਓਹ ਨਿਖਲੀਊਧਵ ਪਾਸ ਆਕੇ ਖੜੀ ਹੋ ਗਈ ਤੇ ਆਪਣੇ ਭਰਵੱਟਿਆਂ ਦੇ ਹੇਠ ਦੀ ਨਿਗਾਹ ਉਪਰ ਕਰਕੇ ਓਸ ਵਲ ਤੱਕਣ ਲੱਗ ਗਈ। ਜਿਸ ਤਰਾਂ ਦੋ ਦਿਨ ਹੋਏ ਨਿਖਲੀਊਧਵ ਨੇ ਵੇਖੇ ਸਨ ਉਸੀ ਤਰਾਂ ਓਹਦੇ ਕਾਲੇ ਵਾਲ ਮੱਥੇ ਉਪਰ ਕੁੰਡਲ ਬਣਾਏ ਹੋਏ ਸਨ, ਓਹਦਾ ਚਿਹਰਾ ਕੁਝ ਨ ਕੁਝ ਅਰੋਗੀ ਜੇਹਾ ਫੁਲਿਆ ਜੇਹਾ ਸੀ ਪਰ ਤਾਂ ਵੀ ਦਿਲ ਨੂੰ ਖਿੱਚਦਾ ਸੀ ਤੇ ਸ਼ਾਂਤ ਸੀ। ਓਨ੍ਹਾਂ ਸੁਜੇ ਜੇਹੇ ਅੱਖ ਦੇ ਛੱਪਰਾਂ ਹੇਠ ਦੀ ਓਹ ਚਮਕਦੀਆਂ ਕਾਲੀਆਂ ਅੱਖਾਂ ਅਜਬ ਤਰਾਂ ਦੇਖ ਰਹੀਆਂ ਸਨ।
"ਤੁਸੀ ਇੱਥੇ ਆਪੋ ਵਿੱਚ ਗਲ ਬਾਤ ਕਰ ਸਕਦੇ ਹੋ," ਇਨਸਪੈਕਟਰ ਨੇ ਕਹਿਆ; ਤੇ ਫਿਰ ਮਸਲੋਵਾ ਆਪਣੇ ਮੋਢਿਆਂ ਨੂੰ ਕੁਛ ਉਤਾਂਹ ਜਿਹਾ ਮਾਰਕੇ ਹੈਰਾਨ ਹੋਈ ਹੋਈ ਨਿਖਲੀਊਧਵ ਦੇ ਪਿੱਛੇ ਬੈਂਚ ਉਪਰ, ਆਪਣੀ ਸਕਰਟ ਸਾਂਭ ਕੇ ਬਹਿ ਗਈ।
"ਮੈਨੂੰ ਪਤਾ ਹੈ ਕਿ ਆਪ ਲਈ ਮੈਨੂੰ ਮਾਫ ਕਰਨਾ ਔਖਾ ਹੈ," ਉਸ ਦਾ ਗਲ ਰੁਕ ਗਇਆ ਓਹਦੇ ਆਏ ਅੱਥਰੂ ਤੇ ਗਚ ਓਹਨੂੰ ਗਲ ਨਹੀਂ ਸਨ ਕਰਨ ਦਿੰਦੇ "ਪਰ, ਭਾਵੇਂ ਮੈਂ ਹੋ ਚੁਕੇ ਗੁਜਰੇ ਪਿੱਛੇ ਨੂੰ ਕਿਸੀ ਤਰਾਂ ਅਣਹੋਇਆ ਨਹੀਂ ਕਰ ਸੱਕਦਾ, ਤਾਂ ਵੀ ਹੁਣ ਜੋ ਕੁਝ ਮੇਰੇ ਵਸ ਹੈ ਕਰਾਂਗਾ...........................ਮੈਨੂੰ ਦੱਸੋ..............."।
"ਆਪ ਨੇ ਮੈਨੂੰ ਲੱਭ ਕਿੰਞ ਲਇਆ ਹੈ?" ਮਸਲੋਵਾ ਨੇ ਪੁੱਛਿਆ, ਅਤੇ ਓਹਦੇ ਸਵਾਲ ਦਾ ਕੋਈ ਉੱਤਰ ਨਾ ਦਿੱਤਾ। ਪਰ ਆਪਣੀਆਂ ਭੈਂਗ ਮਾਰਦਿਆਂ ਅੱਖਾਂ ਨਾਲ ਨ ਤਾਂ ਨਿਰਾ ਓਸ ਵਲ ਹੀ ਤੱਕਿਆ, ਤੇ ਨ ਓਸ ਥੀਂ ਓਹ ਅੱਖਾਂ ਪਰੇ ਹੀ ਕੀਤੀਆਂ।
"ਏ ਰੱਬ ਜੀ—ਮੇਰੀ ਮਦਦ ਕਰੋ—ਦੱਸੋ ਨਾ ਮੈਂ ਕੀ ਕਰਾਂ ਨਿਖਲੀਊਧਵ ਨੇ ਓਹਦਾ ਚਿਹਰਾ ਵੇਖਕੇ, ਜੋ ਹੁਣ ਵੱਟ ਚੁਕਾ ਸੀ ਤੇ ਓੱਨਾ ਸੋਹਣਾ ਨਹੀਂ ਸੀ ਰਹਿਆ—ਸੋਚਿਆ—"ਮੈਂ ਪਰਸੋਂ ਜੂਰੀ ਉੱਪਰ ਸਾਂ," ਓਸ ਉਹਨੂੰ ਕਹਿਆ, "ਤੂੰ ਮੈਨੂੰ ਨਹੀਂ ਸੀ ਪਛਾਣਿਆ?"
"ਨਾ-ਮੈਂ ਤਾਂ ਨਹੀਂ ਸਾਂ ਪਛਾਣ ਸਕੀ, ਓਹ ਵਕਤ ਕਿਸੀ ਨੂੰ ਪਛਾਣਨ ਦਾ ਨਹੀਂ ਸੀ, ਮੈਂ ਤਾਂ ਕਿਸੀ ਵਲ ਤੱਕਿਆ ਵੀ ਨਹੀਂ ਸੀ"—ਮਸਲੋਵਾ ਨੇ ਉੱਤਰ ਦਿੱਤਾ।
"ਤੇ ਇਕ ਬੱਚਾ ਵੀ ਹੋਇਆ ਸੀ ਨਾਂ?" ਓਸ ਪੁਛਿਆ ਤੇ ਸ਼ਰਮ ਨਾਲ ਰੱਤਾ ਹੋ ਗਇਆ।
"ਸ਼ੁਕਰ ਰੱਬ ਦਾ, ਹੋਇਆ ਅਤੇ ਓਹ ਓਸੇ ਵੇਲੇ ਹੀ ਮਰ ਗਇਆ ਸੀ," ਮਸਲੋਵਾ ਨੇ ਯਕਲਖਤ ਤੇ ਕੁਛ ਗੁਸੇ ਨਾਲ ਉੱਤਰ ਦਿੱਤਾ ਤੇ ਆਪਣਾ ਮੂੰਹ ਓਸ ਵੱਲੋਂ ਫੇਰ ਲਇਆ।
"ਕੀ ਮਤਲਬ? ਕਿਉਂ?"
"ਮੈਂ ਆਪ ਇੰਨੀ ਬੀਮਾਰ ਹੋ ਗਈ ਸਾਂ ਕਿ ਮਰਨ ਮਰਾਂਦੇ ਪਹੁਤੀ ਸਾਂ," ਓਸ ਉੱਤਰ ਦਿੱਤਾ ਪਰ ਆਪਣੀਆਂ ਅੱਖਾਂ ਓਸ ਵਲ ਨ ਮੋੜੀਆਂ।
"ਮੇਰੀਆਂ ਫੁਫੀਆਂ ਨੇ ਤੈਨੂੰ ਹੋਰ ਕਿਧਰੇ ਜਾਣ ਹੀ ਕਿਉਂ ਦਿੱਤਾ ਸੀ?"
"ਕੌਣ ਓਹਨੂੰ ਨੌਕਰ ਰੱਖਦਾ ਹੈ ਜਿਦੇ ਪੇਟ ਵਿੱਚ ਬੱਚਾ ਹੋਵੈ? ਓਨ੍ਹਾਂ ਮੈਨੂੰ ਓਸੇ ਵੇਲੇ ਕੱਢ ਦਿੱਤਾ ਸੀ ਜਦ ਉਨ੍ਹਾਂ ਨੂੰ ਪਤਾ ਲਗਾ ਸੀ। ਪਰ ਓਨ੍ਹਾਂ ਗੱਲਾਂ ਦੇ ਜ਼ਿਕਰ ਦੀ ਹੁਣ ਕੀ ਲੋੜ ਹੈ ਮੈਨੂੰ ਕੁਛ ਵੀ ਚੇਤੇ ਨਹੀਂ ਓਹ ਗਲ ਸਭ ਮੁਕ ਚੁਕੀ ਤੇ ਬੀਤ ਗਈ।"
"ਨਹੀਂ ਬੀਤ ਨਹੀਂ ਚੁਕੀ, ਮੁਕ ਨਹੀਂ ਚੁੱਕੀ—ਮੈਂ ਆਪਣੇ ਪਾਪ ਦਾ ਉਪਰਾਲਾ ਕਰਨਾ ਚਾਹੁੰਦਾ ਹਾਂ।"
"ਇਸ ਵਿਚ ਉਪਰਾਲਾ ਕਰਨ ਦੀ ਕੀ ਲੋੜ ਹੈ, ਜੋ ਹੋ ਚੁਕਾ ਬੀਤ ਗਇਆ ਸੋ ਬੀਤ ਗਇਆ," ਮਸਲੋਵਾ ਨੇ ਆਖਿਆ ਤੇ ਇਓਂ ਓਸ ਵੱਲ ਤੱਕਿਆ, ਜਿੱਦਾਂ ਉਹਨੂੰ ਕਦੀ ਖਾਬ ਖਿਆਲ ਵੀ ਨਹੀਂ ਸੀ: ਜਿੰਵੇਂ ਇਕ ਕੰਜਰੀ ਕਿਸੀ ਗਾਹਕ ਨੂੰ ਲੁਭਾਣ ਲਈ ਤੱਕਦੀ ਹੈ ਤੇ ਉਹ ਓਸੀ ਭੈੜੀ ਤਰ੍ਹਾਂ ਉਸ ਵੱਲ ਤੱਕ ਕੇ ਮੁਸਕਰਾਈ, ਤੇ ਉਹਦਾ ਇਹ ਕਰਨਾ ਬੜੀ ਹੀ ਤਰਸ ਜੋਗ ਗੱਲ ਸੀ।
ਮਸਲੋਵਾ ਏਹ ਕਦ ਖਿਆਲ ਕਰ ਸਕਦੀ ਸੀ ਕਿ ਉਹ ਮੁੜ ਉਸਨੂੰ ਆਣ ਮਿਲੇਗਾ ਤੇ ਜੇ ਮਿਲੇਗਾ ਤੇ ਇਓਂ, ਹੁਣ, ਤੇ ਇਸ ਤਰ੍ਹਾਂ ਤੇ ਇਥੇ ਆਣ ਮਿਲੇਗਾ। ਇਸ ਕਰਕੇ ਜਦ ਪਹਿਲਾਂ ਉਸਨੇ ਉਹਨੂੰ ਪਛਾਤਾ ਸੀ,ਉਹ ਇਤਨਾ ਅਚਣਚੇਤ ਸੀ ਕਿ ਉਹ ਬੀਤ ਚੁੱਕੀਆਂ ਗੱਲਾਂ ਦੀ ਯਾਦ ਆਉਣਾ ਰੋਕ ਨਹੀਂ ਸੀ ਸੱਕਦੀ, ਭਾਵੇਂ ਉਹ ਓਨ੍ਹਾਂ ਗੱਲਾਂ ਨੂੰ ਕਿਸੀ ਸੂਰਤ ਚੇਤੇ ਨਹੀਂ ਸੀ ਕਰਨਾ ਚਾਹੁੰਦੀ। ਪਹਿਲੇ ਛਿਨ ਲਈ ਤਾਂ ਓਹਨੂੰ ਇਕ ਖਲਬਲੀ ਜੇਹੀ ਵਿੱਚ ਹੀ ਉਹ ਖਿਆਲ ਤੇ ਵਲਵਲਿਆਂ ਦੀ ਨਦੀ ਅਜੀਬ ਦੁਨੀਆਂ ਯਾਦ ਆਈ, ਜਿਸ ਵਿੱਚ ਉਸ ਸੋਹਣੇ ਗਭਰੂ ਨੇ ਉਹਨੂੰ ਬਾਹੋਂ ਪਕੜਿਆ ਸੀ, ਜਿਹੜਾ ਓਹਨੂੰ ਪਿਆਰ ਕਰਦਾ ਸੀ ਤੇ ਉਹ ਉਹਨੂੰ ਪਿਆਰ ਕਰਦੀ ਸੀ। ਤੇ ਫਿਰ ਉਹਨੂੰ ਉਹਦੀ ਉਹ-ਨ-ਸਮਝ-ਆਣ ਵਾਲੀ ਬੇਤਰਸੀ ਯਾਦ ਆਈ ਤੇ ਫਿਰ ਉਹ ਸਾਰੀ ਲੜੀ ਓਨ੍ਹਾਂ ਬੇਹੁਰਮਤੀਆਂ, ਦੁੱਖਾਂ ਤੇ ਬੇਇਜ਼ੱਤੀਆਂ ਦੇ ਵਾਕਿਆਤ ਦੀ ਸਾਹਮਣੇ ਆਈ, ਜਿਹੜੇ ਉਸ ਥੋੜੇ ਚਿਰ ਦੀ ਜਾਦੂ ਖੁਸ਼ੀ ਦੇ ਮਗਰੋਂ ਉਸ ਉੱਪਰ ਹੋ ਗੁਜਰੇ ਸਨ। ਆਪਣੇ ਦਿਲ ਵਿੱਚ ਤਾਂ ਉਹਨੂੰ ਇਸ ਗਿਰਾਵਟ ਦਾ ਦੁਖ ਸੀ—ਪਰ ਇਸ ਸਾਰੀ ਗੱਲ ਨੂੰ ਨ-ਸਮਝ ਸੱਕਣ ਕਰਕੇ, ਉਹ, ਜਿੰਵੇਂ ਉਹਦੀ ਆਦਤ ਹੋ ਚੁੱਕੀ ਸੀ, ਆਪਣੀ ਗੁਜ਼ਰੀ ਜ਼ਿੰਦਗੀ ਦੇ ਸੋਹਣੇ ਸੁਫਨੇ ਨੂੰ ਖਰਾਬ ਹੋ ਚੁੱਕੀ ਜ਼ਿੰਦਗੀ ਦੇ ਧੰਧੇ ਵਿੱਚ ਲਪੇਟ ਕੇ ਭੁੱਲ ਜਾਂਦੀ ਸੀ। ਸੋ ਇਸ ਵੇਲੇ ਵੀ ਉਹਨੇ ਇਹੋ ਕੁਛ ਕੀਤਾ। ਪਹਿਲੇ ਛਿਨ ਤਾਂ ਇਸ ਮਰਦ ਨੂੰ ਦੇਖ ਕੇ ਜੋ ਹੁਣ ਸਾਹਮਣੇ ਬੈਠਾ ਸੀ ਓਹਨੂੰ ਆਪਣਾ ਗਭਰੂ ਯਾਦ ਆਇਆ ਜਿਨੂੰ ਉਸ ਕਦੀ ਪਿਆਰ ਕੀਤਾ ਸੀ। ਪਰ ਇਹ ਪ੍ਰਤੀਤ ਕਰਕੇ ਕਿ ਇਓਂ ਦੇਖਣ ਨਾਲ ਉਹਨੂੰ ਬੜਾ ਦੁੱਖ ਹੁੰਦਾ ਹੈ, ਉਸ ਇਹ ਪਾਸਾ ਛੱਡ ਦਿੱਤਾ। ਹੁਣ ਇਹ ਚੰਗੇ ਕੱਪੜੇ ਪਾਏ, ਬੜਾ ਫਿਕਰ ਨਾਲ ਸਜਿਆ ਆਪਣੀ ਖੁਸ਼ਬੂ ਲਾਈ ਕੰਘੀ ਕੀਤੀ ਦਾਹੜੀ ਵਾਲਾ ਸ਼ਰੀਫ ਆਦਮੀ ਉਸ ਲਈ ਉਹ ਨਿਖਲੀਊਧਵ ਨਹੀਂ ਸੀ ਜਿਸ ਨਾਲ ਉਸ ਪਿਆਰ ਕੀਤਾ ਸੀ, ਪਰ ਸਿਰਫ ਉਨ੍ਹਾਂ ਲੋਕਾਂ ਵਿੱਚ ਉਹ ਵੀ ਇਕ ਹੋਰ ਆਇਆ ਸੀ, ਜਿਹੜੇ ਉਸ ਜਹੇ ਜੰਤੂਆਂ ਨੂੰ ਆਪਣੇ ਵਿਸ਼ੇ ਭੋਗ ਲਈ ਲੋੜ ਵੇਲੇ ਵਰਤ ਲੈਂਦੇ ਹਨ ਤੇ ਜਿਨ੍ਹਾਂ ਕੋਲੋਂ ਉਸ ਜੇਹੇ ਜੰਤੂ ਵੀ ਆਪਣੀ ਵਾਰੀ ਪੂਰਾ ਪੂਰਾ ਆਪਣਾ ਫਾਇਦਾ ਕੱਢਣ ਦੀ ਕਰਦੇ ਹਨ—ਤੇ ਇਹ ਕਾਰਨ ਸੀ ਕਿ ਮਸਲੋਵਾ ਨੇ ਉਸ ਵੱਲ ਉਹ ਭੈੜੀ ਤਰਾਂ ਦੀ ਲੁਭਾਣ ਵਾਲੀ ਨਿਗਾਹ ਨਾਲ ਵੇਖਿਆ ਸੀ, ਉਹ ਚੁੱਪ ਸੀ—ਤੇ ਸੋਚ ਰਹੀ ਸੀ ਕਿ ਉਸ ਪਾਸੋਂ ਕਿਸ ਅੱਛੀ ਥੀਂ ਅੱਛੀ ਤਰਾਂ ਉਹ ਆਪਣਾ ਮਤਲਬ ਕੱਢ ਸੱਕੇ।
"ਉਹ ਸਭ ਕੁਛ ਹੁਣ ਮੁੱਕ ਚੁੱਕਾ ਹੈ," ਤਾਂ ਉਹ ਬੋਲੀ, "ਮੈਂ ਸਾਈਬੇਰੀਆਂ ਜਲਾਵਤਨ ਹੋ ਚੁੱਕੀ ਹਾਂ," ਤੇ ਉਹਦੇ ਹੋਠ ਇਹ ਹੋਲਨਾਕ ਲਫਜ਼ ਕਹਿੰਦਿਆਂ ਕੰਬ ਗਏ।
"ਮੈਂ ਜਾਣਦਾ ਸਾਂ, ਮੈਨੂੰ ਨਿਸਚਾ ਸੀ ਕਿ ਤੂੰ ਨਿਰਦੋਸ਼ ਸੈਂ," ਨਿਖਲੀਊਧਵ ਨੇ ਉੱਤਰ ਦਿੱਤਾ।
"ਦੋਸ਼ੀ? ਬੇਸ਼ਕ ਨਹੀਂ, ਮੈਂ ਕਿੰਵੇਂ ਚੋਰ ਯਾ ਲੁਟੇਰੀ ਕਦੀ ਹੀ ਹੋ ਸੱਕਦੀ ਸਾਂ? ਇੱਥੇ ਲੋਕੀ ਕਹਿੰਦੇ ਹਨ ਇਸ ਸਾਰੇ ਦਾ ਨਿਰਭਰ ਕੀਤੇ—ਵਕੀਲ ਦੀ ਲਿਆਕਤ ਉੱਪਰ ਹੁੰਦਾ ਹੈ," ਉਹ ਕਹੀ ਚਲੀ ਗਈ "ਇਕ ਅਰਜੀ ਅਗਾਹਾਂ ਜੇ ਹੁਣ ਕੀਤੀ ਜਾਵੇ। ਪਰ ਉਹ ਕਹਿੰਦੇ ਹਨ ਕਿ ਇਸ ਲਈ ਬੜੇ ਰੁਪਿਆਂ ਦੀ ਲੋੜ ਹੁੰਦੀ ਹੈ।"
"ਹਾਂ, ਬਿਲਕੁਲ ਠੀਕ," ਨਿਖਲੀਊਧਵ ਨੇ ਕਹਿਆ, "ਮੈਂ ਅੱਗੇ ਹੀ ਇਸ ਬਾਰੇ ਵਕੀਲ ਨਾਲ ਗੱਲ ਬਾਤ ਕਰ ਆਇਆ ਹਾਂ।"
"ਰੁਪੈ ਦਾ ਸਰਫਾ ਨ ਕੀਤਾ ਜਾਵੇ ਤੇ ਉਹ ਵਕੀਲ ਚੰਗਾ ਹੋਵੇ," ਤਾਂ ਮਸਲੋਵਾ ਨੇ ਕਹਿਆ।
"ਮੈਂ ਜੋ ਕੁਛ ਹੋ ਸਕਦਾ ਹੈ ਕਰਾਂਗਾ।"
ਉਹ ਦੋਵੇਂ ਇੱਥੇ ਚੁੱਪ ਹੋ ਗਏ ਤੇ ਮੁੜ ਉਹ ਓਸੀ ਭੈੜੀ ਲੁਭਾਣ ਵਾਲੀ ਮੁਸਕਰਾਹਟ ਨਾਲ ਉਸ ਵੱਲ ਵੇਖਣ ਲੱਗ ਪਈ।
"ਤੇ ਮੈਂ ਆਪ ਪਾਸੋਂ..........ਕੁਛ.........ਕੁਛ ਰੁਪੈ ਮੰਗਣਾ ਚਾਹੁੰਦੀ ਹਾਂ ਜੇ ਆਪ ਦੇ ਸੱਕੋ ਤਾਂ............ਬਹੁਤ ਨਹੀਂ... ਦਸ ਰੂਬਲ," ਉਸ ਛੇਤੀ ਦੇ ਕੇ ਆਖਿਆ।
"ਹਾਂ ਹਾਂ," ਨਿਖਲੀਊਧਵ ਨੇ ਕਹਿਆ ਪਰ ਕੁਛ ਘਬਰਾਹਟ ਵਿੱਚ ਆਪਣੀ ਪਾਕਟਬੁਕ ਨੂੰ ਖੀਸੇ ਵਿੱਚ ਹੀ ਟੋਲਣ ਲੱਗ ਪਇਆ।
ਮਸਲੋਵਾ ਨੇ ਇਨਸਪੈਕਟਰ ਵੱਲ ਛੇਤੀ ਦੇ ਕੇ ਨਿਗਾਹ ਚੁਰਾਕੇ ਤੱਕਿਆ, ਜਿਹੜਾ ਹਾਲੇਂ ਵੀ ਓਥੇ ਉੱਪਰ ਤਲੇ ਟਹਿਲ ਰਹਿਆ ਸੀ, "ਉਹਦੇ ਰੂਬਰੂ ਮੈਨੂੰ ਨ ਦੇਣਾ ਨਹੀਂ ਤਾਂ ਓਹ ਮੇਰੇ ਪਾਸੋਂ ਲੈ ਲੈਸੀ।"
ਜਿਉਂ ਹੀ ਇਨਸਪੈਕਟਰ ਨੇ ਮੁੜ ਕੰਡ ਉਨ੍ਹਾਂ ਵਲ ਦਿੱਤੀ ਨਿਖਲੀਊਧਵ ਨੇ ਆਪਣੀ ਪਾਕਟਬੁਕ ਤਾਂ ਖੀਸੇ ਵਿੱਚੋਂ ਕੱਢ ਲਈ ਪਰ ਇੰਨਾਂ ਵਕਤ ਨ ਮਿਲ ਸੱਕਿਆ ਕਿ ਉਹ ਇਨਸਪੈਕਟਰ ਦੇ ਪਰਤ ਆਉਣ ਥੀਂ ਪਹਿਲਾਂ ਰੂਬਲ ਓਹਨੂੰ ਦੇ ਸੱਕਦਾ। ਇਸ ਕਰਕੇ ਉਸ ਨੋਟ ਨੂੰ ਓਹਨੇ ਆਪਣੀ ਮੁੱਠੀ ਵਿੱਚ ਹੀ ਮਰੋੜ ਮਰਾੜ ਸੁੱਟਿਆ।
"ਇਹ ਤੀਮੀਂ ਹੁਣ ਮਰ ਚੁੱਕੀ ਹੈ," ਨਿਖਲੀਊਧਵ ਨੇ ਵਿਚਾਰਿਆ, ਜਦ ਉਸ ਨੇ ਕਦੀ ਦਾ ਹੋ—ਚੁੱਕਾ ਮਿੱਠਾ ਮਸਲੋਵਾ ਦਾ ਮੂੰਹ ਹੁਣ ਭ੍ਰਿਸ਼ਟਿਆ ਹੋਇਆ ਤੇ ਫੁੱਲਿਆ ਜੇਹਾ ਤੱਕਿਆ, ਤੇ ਉਨ੍ਹਾਂ ਮੰਦ ਮੰਦ ਭੈਂਗ ਮਾਰਦੀਆਂ ਅੱਖਾਂ ਵਿੱਚ ਸ਼ੈਤਾਨੀ ਚਮਕ ਮਾਰਦੀ ਤੱਕੀ। ਉਹ ਕਦੀ ਹੋ—ਚੁੱਕੀਆਂ ਸੋਹਣੀ ਦੈਵੀ ਅੱਖਾਂ ਅੱਜ ਬੇਸਬਰੀ ਨਾਲ ਉਹਦੇ ਹੱਥ ਵੱਲ ਤੱਕ ਰਹੀਆਂ ਸਨ, ਜਿਸ ਹੱਥ ਵਿੱਚ ਉਹ ਨੋਟ ਫੜਿਆ ਹੋਇਆ ਸੀ, ਤੇ ਕਦੀ ਹੱਥ ਵੱਲ ਵੇਖਦੀਆਂ ਸਨ ਕਦੀ ਚੋਰਾਂ ਵਾਂਗ ਓਸ ਇਨਸਪੈਕਟਰ ਵੱਲ ਵੇਖਦੀਆਂ ਸਨ। ਇਕ ਛਿਨ ਲਈ ਉਹ ਰੁਕ ਗਇਆ।
ਓਹ ਸ਼ੈਤਾਨ ਮਨ ਨੂੰ ਸਦਾ ਲਲਚਾਣ ਵਾਲਾ ਜਿਹੜਾ ਰਾਤੀਂ ਓਸ ਨਾਲ ਗੱਲਾਂ ਕਰ ਰਹਿਆ ਸੀ ਮੁੜ ਉੱਠਿਆ। ਉਸਨੇ ਆਪਣੀ ਆਵਾਜ਼ ਉੱਚੀ ਕੀਤੀ ਤੇ ਕੋਸ਼ਸ਼ ਕੀਤੀ ਕਿ ਨਿਖਲੀਊਧਵ ਨੂੰ ਇਕ ਵੇਰੀ ਫਿਰ ਅੰਦਰ ਦੀ ਸੁੱਚੀ ਜ਼ਿੰਦਗੀ ਥੀਂ ਉਥਾਨ ਕਰਵਾਕੇ ਬਾਹਰ ਮੁਖੀ ਜ਼ਿੰਦਗੀ ਵਲ ਲੈ ਜਾਵੇ। ਓਹਨੂੰ ਕੀ ਕਰਨਾ ਚਾਹੀਦਾ ਹੈ ਦੇ ਸਵਾਲ ਥੀਂ ਭੁਲਾ ਕੇ ਇਸ ਸਵਾਲ ਵੱਲ ਲੈ ਜਾ ਰਹਿਆ ਸੀ ਕਿ ਇਹਦੇ ਨਤੀਜੇ ਕੀ ਹੋਣਗੇ ਤੇ ਖਾਸ ਕੀ ਸਿੱਟਾ ਨਿਕਲੇਗਾ।
"ਇਸ ਤੀਮੀਂ ਦਾ ਹੁਣ ਨਿਖਲੀਊਧਵਾ! ਤੂੰ ਕੁਛ ਵੀ ਨਹੀਂ ਸੰਵਾਰ ਸੱਕਦਾ,"? ਓਸ ਆਵਾਜ਼ ਨੇ ਓਹਨੂੰ ਕਹਿਆ; "ਇਉਂ ਕਰਕੇ ਤੂੰ ਆਪਣੇ ਗਲੇ ਇਕ ਪੱਥਰ ਬੰਨ੍ਹ ਲਵੇਂਗਾ ਜਿਹੜਾ ਤੈਨੂੰ ਨਾਲੇ ਲੈ ਕੇ ਡੁਬੇਗਾ ਤੇ ਤੈਨੂੰ ਹੋਰ ਕਿਸੀ ਕਾਰੇ ਦਾ ਵੀ ਨਹੀਂ ਰਹਿਣ ਦੇਵੇਗਾ.......ਤੇ ਕੀ ਇਸ ਥੀਂ ਵਧੀਕ ਚੰਗਾ ਇਹ ਤੇਰੇ ਲਈ ਨਹੀਂ ਹੋਵੇਗਾ ਕਿ ਜਿੰਨੇ ਰੁਪੈ ਇਸ ਵੇਲੇ ਤੇਰੇ ਪਾਸ ਹਨ ਓਹ ਇਸਨੂੰ ਦੇ ਦੇਵੇਂ, ਸਦਾ ਲਈ ਅਲਵਿਦਾ ਕਹਿ ਦੇਵੇਂ ਤੇ ਸਦਾ ਲਈ ਇਹਦਾ ਪਿੱਛਾ ਛੱਡ ਦੇਵੇਂ," ਉਸ ਸ਼ੈਤਾਨੀ ਆਵਾਜ਼ ਨੇ ਓਹਦੇ ਨਾਲ ਗੋਸ਼ਾ ਕੀਤਾ।
ਪਰ ਇਸ ਘੜੀ ਓਹ ਇਹ ਵੀ ਪ੍ਰਤੀਤ ਕਰ ਰਹਿਆ ਸੀ ਕਿ ਉਹਦੇ ਅੰਦਰ ਇਕ ਬੜੀ ਹੀ ਅਰਥਗਰਭਿਤ ਘਟਨਾ ਹੋ ਰਹੀ ਹੈ। ਤੇ ਇੰਨਾਂ ਬੱਸ ਸੀ, ਕਿ ਉਹਦੇ ਆਤਮਾਂ ਦੀ ਜ਼ਿੰਦਗੀ, ਤੱਕੜੀ ਦੇ ਛਾਬੜੇ ਪਈ ਤੁਲ ਰਹੀ ਸੀ। ਜਰਾ ਕੁ ਭਾਰ ਜਿਧਰ ਪਾਇਆ ਓਹ ਪਲੜਾ ਡੁਬ ਜਾਊ। ਤੁਲਣ ਮੁਕਾਣ ਵਾਲੀ ਕੋਸ਼ਸ਼ ਉਸਨੇ ਇਹ ਕੀਤੀ ਕਿ ਓਸ ਰੱਬ ਅੱਗੇ ਯਾਚਨਾ ਸ਼ੁਰੂ ਕੀਤੀ ਜਿਹੜਾ ਪਰਸੋਂ ਹੀ ਉਸ ਅੰਦਰ ਆਇਆ ਸੀ ਤੇ ਰੱਬ ਨੇ ਇਸ ਵੇਲੇ ਵੀ ਉਹਦੀ ਅਰਦਾਸ ਕਬੂਲ ਕਰਕੇ ਓਹਦੀ ਤੁਰਤ ਫੁਰਤ ਬਾਹੁੜੀ ਕੀਤੀ।
ਓਸ ਪੱਕਾ ਇਰਾਦਾ ਕਰ ਲਇਆ ਕਿ ਉਹ ਹੁਣੇ ਹੀ ਓਹਨੂੰ ਸਭ ਕੁਛ ਕਹਿ ਸੁਣਾਵੇਗਾ। ਬੱਸ ਤੁਰਤ ਹੀ—
"ਕਾਤੂਸ਼ਾ! ਮੈਂ ਤੇਰੇ ਪਾਸੋਂ ਮਾਫ਼ੀ ਮੰਗਣ ਆਇਆ ਹਾਂ—ਤੇ ਤੂੰ ਮੈਨੂੰ ਹਾਲੇਂ ਤਕ ਕੋਈ ਉੱਤਰ ਨਹੀਂ ਦਿੱਤਾ। ਕੀ ਤੂੰ ਮੈਨੂੰ ਬਖਸ਼ ਦਿੱਤਾ ਹੈ? ਕੀ ਤੂੰ ਮੈਨੂੰ ਕਦੀ ਵੀ ਮਾਫ਼ ਕਰੇਂਗੀ?"
ਪਰ ਉਸ ਇਹ ਗੱਲ ਉਹਦੀ ਕਿਉਂ ਸੁਣਨੀ ਸੀ, ਓਹ ਤਾਂ ਯਾ ਉਹਦੇ ਹੱਥ ਵੱਲ ਵੇਖ ਰਹੀ ਸੀ ਯਾ ਇਨਸਪੈਕਟਰ ਵਲ। ਜਦ ਹੀ ਇਨਸਪੈਕਟਰ ਨੇ ਮੁੜ ਉਨ੍ਹਾਂ ਵੱਲ ਕੰਢਾ ਕੀਤੀ, ਤਦ ਛੇਤੀ ਦੇ ਕੇ ਓਸ ਆਪਣਾ ਹੱਥ ਨੋਟ ਵੱਲ ਖੜਿਆ ਤੇ ਨੋਟ ਲੈ ਕੇ ਆਪਣੀ ਪੇਟੀ ਵਿੱਚ ਦੀ ਲੁਕਾ ਲਇਆ।
"ਇਹ ਬੜੀ ਓਪਰੀ ਜੇਹੀ ਗੱਲ ਹੈ, ਆਪ ਜੋ ਕਹਿ ਰਹੇ ਹੋ," ਓਹਨੇ ਇਕ ਲਾਪਰਵਾਹੀ ਦੀ ਨਿਗਾਹ ਨਾਲ ਕਹਿਆ ਤੇ ਨਿਖਲੀਊਧਵ ਨੇ ਇਉਂ ਹੀ ਜਾਤਾ।
ਨਿਖਲੀਊਧਵ ਨੂੰ ਪ੍ਰਤੀਤ ਹੋਇਆ ਕਿ ਮਸਲੋਵਾ ਦੇ ਅੰਦਰ ਕੋਈ ਐਸਾ ਬੈਠਾ ਸੀ ਜਿਹੜਾ ਓਹਦਾ ਵੈਰੀ ਸੀ ਤੇ ਜਿਹੜਾ ਓਹਨੂੰ ਉਹਦੇ ਅੱਜ ਕਲ ਦੀ ਜ਼ਿੰਦਗੀ ਤੇ ਹਾਲਤਾਂ ਲਈ ਪੁਚਕਾਰ ਰਹਿਆ ਸੀ ਤੇ ਉਸ ਕਰਕੇ ਹੀ ਉਹ ਉਹਦੇ ਦਿਲ ਤਕ ਨਹੀਂ ਸੀ ਅੱਪੜ ਰਹਿਆ। ਪਰ ਅਜੀਬ ਗੱਲ ਕਹਿਣ ਦੀ ਇਹ ਹੈ ਕਿ ਇਹੋ ਜੇਹੀਆਂ ਸੋਚਾਂ ਕਰਦਿਆਂ ਵੀ ਓਹ ਉਸ ਪਾਸੋਂ ਉਪਰਾਮ ਨਹੀਂ ਸੀ ਹੁੰਦਾ। ਕਿਸੀ ਨਵੀਂ ਤੇ ਅਜੀਬ ਤਾਕਤ ਦਾ ਪ੍ਰੇਰਿਆ, ਉਸ ਵੱਲ ਖਚੀਂਦਾ ਜਾਂਦਾ ਸੀ। ਉਹ ਜਾਣ ਰਹਿਆ ਸੀ ਕਿ ਓਹਨੇ ਉਹਦੇ ਰੂਹ ਨੂੰ ਜਗਾਣਾ ਹੈ, ਜ਼ਰੂਰ ਹੀ ਜਗਾਣਾ ਹੈ, ਤੇ ਇਹ ਕੰਮ ਬੜਾ ਭਿਆਨਕ ਤਰਾਂ ਦਾ ਕਠਿਨ ਜਰੂਰ ਹੈ। ਪਰ ਉਸ ਕਰਨਾ ਹੈ, ਕਰਨਾ ਹੈ ਤੇ ਉਹਦੀ ਕਠਿਨਤਾਈ ਹੀ ਓਹਨੂੰ ਉਹਦੇ ਕਰਨ ਵੱਲ ਖਿੱਚ ਰਹੀ ਸੀ।
ਇਸ ਵੇਲੇ ਓਹ ਐਸੀਆਂ ਰੂਹ ਜੁੰਬਸ਼ਾਂ ਵਿੱਚ ਸੀ ਜਿਹੜੀਆਂ ਕਦੀ ਓਸ ਇਸ ਵੱਲ ਯਾ ਕਿਸੀ ਹੋਰ ਵੱਲ ਨਹੀਂ ਸੀ ਪ੍ਰਤੀਤ ਕੀਤੀਆਂ। ਇਨ੍ਹਾਂ ਰੂਹ ਦੀਆਂ ਹਿੱਲਾਂ ਤੇ ਕਾਂਬਿਆਂ ਵਿੱਚ, ਕੁਛ ਜ਼ਾਤੀ ਫਾਇਦੇ ਦਾ ਖਿਆਲ ਉੱਕਾ ਨਹੀਂ ਸੀ, ਓਸ ਪਾਸੋਂ ਆਪਣੇ ਲਈ ਉਹ ਕੁਛ ਨਹੀਂ ਸੀ ਚਾਹ ਰਹਿਆ।
ਉੱਕਾ ਨਹੀਂ, ਉਹ ਸਿਰਫ ਇਹ ਚਾਹ ਰਹਿਆ ਸੀ ਕਿ ਓਹ ਇਹ ਨ ਰਵ੍ਹੇ ਜੋ ਹੁਣ ਓਹ ਹੈ ਤੇ ਇਹ ਕਿ ਉਹ ਫਿਰ ਜਾਗ ਪਵੇ ਤੇ ਹੋ ਜਾਵੇ ਉਹ ਜੋ ਉਹ ਕਦੀ ਸੀ।
"ਕਾਤੂਸ਼ਾ! ਤੂੰ ਇਸ ਤਰਾਂ ਕਿਉਂ ਬੋਲ ਰਹੀ ਹੈਂ? ਮੈਂ ਤੈਨੂੰ ਜਾਣਦਾ ਹਾਂ, ਤੂੰ ਮੈਨੂੰ ਚੰਗੀ ਤਰਾਂ ਯਾਦ ਹੈਂ ਤੇ ਉਹ ਪਾਨੋਵੋ ਵਿੱਚ ਕੱਠੇ ਕੱਟੇ ਦਿਨ!"
"ਗੁਜਰ ਗਈਆਂ ਗੱਲਾਂ ਨੂੰ ਕਾਹਨੂੰ ਯਾਦ ਕਰਨਾ ਜੀ?" ਓਸ ਖੁਸ਼ਕ ਜੇਹਾ ਉੱਤਰ ਦਿੱਤਾ।
"ਮੈਂ ਉਨ੍ਹਾਂ ਨੂੰ ਯਾਦ ਕਰ ਰਹਿਆ ਹਾਂ ਕਿ ਜੋ ਕੁਛ ਮੈਂ ਥੀਂ ਵਿਗੜਿਆ ਹੈ ਮੈਂ ਓਹਨੂੰ ਸਿੱਧਾ ਕਰਾਂ ਤੇ ਆਪਣੇ ਪਾਪ ਦਾ ਕੁਛ ਪ੍ਰਾਸਚਿੱਤ ਕਰ ਸੱਕਾਂ, ਕਾਤੂਸ਼ਾ", ਤੇ ਉਹ ਕਹਿਣ ਹੀ ਲੱਗਾ ਸੀ ਕਿ ਉਹ ਓਹਨੂੰ ਵਿਆਹੁਣਾ ਚਾਹੁੰਦਾ ਹੈ। ਪਰ ਉਹਦੀਆਂ ਅੱਖਾਂ ਨਾਲ ਜਦ ਇਹਦੀਆਂ ਅੱਖਾਂ ਮਿਲੀਆਂ ਤਦ ਉਨਾਂ ਵਿੱਚ ਐਸੀ ਕੋਈ ਹੌਲਨਾਕ, ਮੋਟੀ, ਭੈੜੀ ਘ੍ਰਿਣਾ ਪੈਦਾ ਕਰਨ ਵਾਲੀ ਚੀਜ਼ ਤੱਕੀ ਕਿ ਉਹ ਅੱਗੇ ਫਿਰ ਬੋਲ ਹੀ ਨ ਸੱਕਿਆ।
ਇਸ ਸਮੇਂ ਹੋਰ ਮੁਲਾਕਾਤਾਂ ਕਰਨ ਵਾਲੇ ਆਏ ਬੰਦੇ ਮੁੜਨ ਲੱਗ ਗਏ ਸਨ, ਇਨਸਪੈਕਟਰ ਨਿਖਲੀਊਧਵ ਪਾਸ ਆਕੇ ਕਹਿਣ ਲੱਗਾ, ਕਿ ਵਕਤ ਹੋ ਗਇਆ ਹੈ।
"ਗੁਡ ਬਾਈ, ਅੱਲਾ ਹੀ ਅੱਲਾ, ਲਓ—ਮੈਂ ਹਾਲੇਂ ਤੈਨੂੰ ਬਹੁਤ ਕੁਛ ਕਹਿਣਾ ਸੀ ਪਰ ਹੁਣ ਤੂੰ ਦੇਖ ਹੀ ਰਹੀ ਹੈਂ ਹੋਰ ਗੱਲਾਂ ਕਰਨਾ ਨਾਮੁਮਕਿਨ ਹੋ ਚੁੱਕਾ ਹੈ," ਨਿਖਲੀਊਧਵ ਨੇ ਕਿਹਾ ਤੇ ਆਪਣਾ ਹੱਥ ਅੱਗੇ ਕੀਤਾ—"ਮੈਂ ਮੁੜ ਆਵਾਂਗਾ।"
ਮਸਲੋਵਾ ਆਜਜ਼ੀ ਜੇਹੀ ਨਾਲ ਉੱਠੀ ਤੇ ਉਡੀਕ ਕਰ ਰਹੀ ਸੀ ਕਿ ਓਹ ਉਹਨੂੰ ਕਹੇਗਾ ਜਾਹ।
"ਮੇਰੇ ਖਿਆਲ ਵਿੱਚ ਆਪ ਨੇ ਜੋ ਕੁਛ ਕਹਿਣਾ ਸੀ ਕਹਿ ਦਿੱਤਾ ਹੈ।"
ਉਸਨੇ ਨਿਖਲੀਊਧਵ ਦਾ ਹੱਥ ਪਕੜਿਆ ਪਰ ਦਬਾਇਆ ਨਹੀਂ।
"ਨਹੀਂ, ਮੈਂ ਤੈਨੂੰ ਮਿਲਣ ਦੀ ਫਿਰ ਕੋਸ਼ਸ਼ ਕਰਾਂਗਾ, ਐਸੀ ਕਿਸੀ ਥਾਂ ਜਿੱਥੇ ਅਸੀਂ ਖੁਲ੍ਹੀ ਗੱਲ ਬਾਤ ਕਰ ਸੱਕਾਂਗੇ, ਤੇ ਫਿਰ ਤਾਂ ਮੈਂ ਤੈਨੂੰ ਦੱਸਾਂਗਾ ਜੋ ਮੈਂ ਕਹਿਣਾ ਹੈ। ਇਕ ਬੜੀ ਜਰੂਰੀ ਗੱਲ ਹੈ।"
"ਤਾਂ ਫਿਰ ਆਪ ਨੇ ਆਵਣਾ, ਕਿਉਂ ਨਹੀਂ," ਉਸ ਉੱਤਰ ਦਿੱਤਾ ਤੇ ਉਸੀ ਤਰਾਂ ਉਸ ਵੱਲ ਤੱਕਦੀ ਮੁਸਕਰਾਈ ਜਿਵੇਂ ਉਹ ਉਨ੍ਹਾਂ ਆਦਮੀਆਂ ਨੂੰ ਤੱਕ ਕੇ ਮੁਸਕਰਾਣ ਦੀ ਆਦਤ ਵਿੱਚ ਸੀ ਜਿਨ੍ਹਾਂ ਨੂੰ ਉਹ ਲੁਭਾਣਾ ਲਲਚਾਣਾ ਚਾਹੁੰਦੀ ਸੀ।
"ਤੂੰ ਮੇਰੇ ਲਈ ਮੇਰੀ ਭੈਣ ਥੀਂ ਵਧ ਕੋਈ ਚੀਜ਼ ਹੈ," ਨਿਖਲੀਊਧਵ ਨੇ ਕਹਿਆ।
"ਇਹ ਕੇਹੀ ਅਣੋਖੀ ਜੇਹੀ ਗੱਲ ਹੈ," ਸਿਰ ਹਿਲਾ ਕੇ ਉਸ ਮੁੜ ਕਹਿਆ ਤੇ ਜਾਲੀ ਦੇ ਪਿੱਛੇ ਚਲੀ ਗਈ।
ਮੋਇਆਂ ਦੀ ਜਾਗ-ਕਾਂਡ ੪੪. : ਲਿਉ ਤਾਲਸਤਾਏ
ਇਸ ਮੁਲਾਕਾਤ ਥੀਂ ਪਹਿਲਾਂ ਨਿਖਲੀਊਧਵ ਨੂੰ ਖਿਆਲ ਸੀ ਕਿ ਬੱਸ ਉਹਨੂੰ ਮਿਲਣ ਦੀ ਢਿੱਲ ਹੈ, ਤੇ ਜਦ ਮਸਲੋਵਾ ਨੂੰ ਉਹਦੀ ਸੇਵਾ ਕਰਨ ਦੀ ਅੰਦਰਲੀ ਨੀਤੀ ਦਾ ਪਤਾ ਲੱਗ ਜਾਵੇਗਾ, ਤਦ ਕਾਤੂਸ਼ਾ ਓਸ ਉੱਪਰ ਰਾਜੀ ਬਾਜੀ ਹੋ ਜਾਏਗੀ ਤੇ ਇਹਦੇ ਸੱਚੋ ਪਸਚਾਤਾਪ ਤੇ ਮਾਫ਼ੀ ਮੰਗਣ ਤੇ ਉਹਦਾ ਦਿਲ ਪੰਘਰ ਪਵੇਗਾ, ਮੁੜ ਕਾਤੂਸ਼ਾ ਉਹ ਕਾਤੂਸ਼ਾ ਹੋ ਜਾਸੀ। ਪਰ ਓਹਨੂੰ ਬੜਾ ਖੌਫ ਲੱਗਾ, ਜਦ ਓਸ ਇਹ ਆਪਣੀ ਅੱਖੀਂ ਅੱਜ ਤੱਕਿਆ, ਕਿ ਉਹ ਕਾਤੂਸ਼ਾ ਰਹੀ ਹੀ ਨਹੀਂ। ਉਹਦੀ ਥਾਂ ਤਾਂ ਬੱਸ ਮਸਲੋਵਾ ਹੀ ਮਸਲੋਵਾ ਹੈ। ਇਸ ਗੱਲ ਨੇ ਉਹਦੇ ਮਨ ਨੂੰ ਹੈਰਾਨ ਵੀ ਕੀਤਾ ਤੇ ਓਹਦੇ ਦਿਲ ਨੂੰ ਭੈ ਭੀਤ ਕਰ ਦਿੱਤਾ।
ਜਿਸ ਗੱਲ ਨੇ ਉਹਨੂੰ ਸਭ ਥੀਂ ਜ਼ਿਆਦਾ ਹੈਰਾਨ ਕੀਤਾ ਸੀ ਓਹ ਇਹ ਸੀ, ਕਿ ਕਾਤੂਸ਼ਾ ਆਪਣੀ ਹਾਲਤ ਉੱਪਰ ਨਾਦਮ ਹੀ ਨਹੀਂ ਰਹੀ ਸੀ, ਇਹ ਜੇਲ ਵਿਚ ਕੈਦਣ ਹੋਣ ਦੀ ਹਾਲਤ ਨਹੀਂ, ਉਹਦੀ ਵੈਸ਼ੀਆ ਹੋਣ ਦੀ ਹਾਲਤ—ਇਸ ਬੈੜੀ ਹਾਲਤ ਨਾਲ ਇਉਂ ਜਾਪਿਆ ਕਿ ਉਹ ਰਾਜੀ ਸੀ ਤੇ ਉਹਦਾ ਉਹਨੂੰ ਕੁਛ ਮਾਣ ਵੀ ਹੁੰਦਾ ਸੀ, ਤੇ ਹੋਰ ਹੋਵੇ ਵੀ ਕੀ? ਹਰ ਇਕ ਬੰਦੇ ਨੂੰ ਆਪਣਾ ਕਰਮ ਕਰਨ ਲਈ ਇਹ ਜਰੂਰ ਹੁੰਦਾ ਹੈ ਕਿ ਉਹ ਆਪਣੇ ਕਰਮ ਨੂੰ ਜ਼ਰੂਰੀ ਕਰਨ ਵਾਲਾ ਤੇ ਚੰਗਾ ਸਮਝੇ। ਇਸ ਵਾਸਤੇ ਜਿਵੇਂ ਜਿਸ ਕਿਸੀ ਹਾਲਤ ਵਿੱਚ ਕੋਈ ਹੁੰਦਾ ਹੈ ਓਹਨੂੰ ਹੋਰ ਲੋਕਾਂ ਆਮਾਂ ਦੀ ਜ਼ਿੰਦਗੀ ਦਾ ਵੀ ਦ੍ਰਿਸ਼ ਓਹੋ ਆਪਣੀ ਨਜ਼ਰ ਥੀਂ ਹੀ ਬਣਾਣਾ ਜਰੂਰੀ ਪੈਂਦਾ ਹੈ, ਜਿਸ ਕਰਕੇ ਓਹਦਾ ਆਪਣਾ ਕਸਬ ਓਹਨੂੰ ਆਪ ਨੂੰ ਚੰਗਾ ਤੇ ਜਰੂਰੀ ਲੱਗ ਪਏ।
ਇਹ ਆਮ ਚਿਤਵਿਆ ਜਾਂਦਾ ਹੈ ਕਿ ਚੋਰ, .ਖੂਨੀ, ਸੂਹੀਆਂ, ਵੈਸ਼ੀਆ, ਆਪਣੇ ਕਸਬਾਂ ਨੂੰ ਮਾੜਾ ਮਨ ਕੇ ਉਨ੍ਹਾਂ ਕਸਬਾਂ ਥੀਂ ਨਾਦਮ ਹਨ। ਪਰ ਇਸ ਥਾਂ ਉਲਟ ਸੱਚ ਹੈ ਕਿ ਜਿੱਥੇ ਉਨ੍ਹਾਂ ਦੀਆਂ ਮਾੜੀਆਂ ਕਿਸਮਤਾਂ ਯਾ ਉਨ੍ਹਾਂ ਦੇ ਗੁਨਾਹਾਂ, ਗਲਤੀਆਂ ਨੇ ਉਨ੍ਹਾਂ ਨੂੰ ਪਹੁੰਚਾ ਦਿੱਤਾ ਹੈ, ਭਾਵੇਂ ਓਹ ਥਾਂ ਕੂੜੀ ਵੀ ਹੋਵੇ, ਜ਼ਿੰਦਗੀ ਦੀ ਉਹੋ ਝਾਕੀ ਉਹ ਆਪਣੀਆਂ ਅੱਖਾਂ ਅੱਗੇ ਬਨ੍ਹਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਆਪਣਾ ਕਸਬ ਹੀ ਚੰਗਾ ਦਿੱਸ ਆਵੇ, ਤੇ ਉਨ੍ਹਾਂ ਨੂੰ ਆਪਣਾ ਕਸਬ ਕਰੀ ਜਾਣ ਦੀ ਆਗਿਆ ਮਿਲ ਸੱਕੇ। ਜ਼ਿੰਦਗੀ ਦੇ ਇਓਂ ਬੰਨੇ ਦ੍ਰਿਸ਼ਾਂ ਨੂੰ ਕਾਇਮ ਰੱਖਣ ਲਈ ਓਹ ਆਪਣੇ ਚੌਗਿਰਦ ਉਨ੍ਹਾਂ ਲੋਕਾਂ ਦਾ ਹੀ ਦਾਇਰਾ ਬੰਨ੍ਹਦੇ ਹਨ ਜਿਹੜੇ ਉਨ੍ਹਾਂ ਦੇ ਇਸ ਖਿਆਲ ਨਾਲ ਹਮ ਖਿਆਲ ਹੋਣ ਤੇ ਜਿਨ੍ਹਾਂ ਵਿੱਚ ਬਹਿਣ ਨੂੰ ਉਨ੍ਹਾਂ ਨੂੰ ਵੀ ਸੁਖਾਲੀ ਥਾਂ ਮਿਲ ਸਕੇ। ਇਹ ਗੱਲ ਸਾਨੂੰ ਹੈਰਾਨ ਤਾਂ ਜਰੂਰ ਕਰਦੀ ਹੈ ਜਦ ਇਹੋ ਜੇਹੇ ਲੋਕੀ ਚੋਰ ਹੁੰਦੇ ਆਪਣੀ ਚੋਰੀ ਯਾਰੀ ਦੇ ਕਰਤਬਾਂ ਦੀਆਂ ਤਰੀਫਾਂ ਕਰਦੇ ਹਨ। ਵੈਸ਼ੀਆ ਆਪਣੇ ਖਰਾਬ ਹੋਣ ਨੂੰ ਦੱਸ ਦੱਸ ਕੇ ਮਾਣ ਕਰਦੀ ਹੈ. ਖੂਨੀ ਆਪਣੀ ਬੇਤਰਸੀ ਦਾ ਜ਼ਿਕਰ ਕਰਕੇ ਖੁਸ਼ ਹੁੰਦਾ ਹੈ—ਪਰ ਇਹ ਗੱਲ ਸਾਨੂੰ ਅਚਰਜ ਤਾਂ ਕਰਦੀ ਹੈ ਜਦ ਅਸੀਂ ਉਸ ਦਾਇਰੇ ਤੋਂ ਉਸ ਵਾਯੂਮੰਡਲ ਨੂੰ ਜਿਨ੍ਹਾਂ ਵਿੱਚ ਇਹੋ ਜੇਹੇ ਗੰਦੇ ਲੋਕੀ ਜੀਂਦੇ ਹਨ, ਨਿੱਕਾ ਜੇਹਾ ਸਮਝਦੇ ਹਾਂ ਤੇ ਖਾਸ ਕਰ ਜਦ ਅਸੀਂ ਆਪਣੇ ਆਪ ਨੂੰ ਉਸ ਥੀਂ ਬਾਹਰ ਸਮਝ ਬੈਠਦੇ ਹਾਂ। ਕੀ ਓਹੋ ਹੀ ਗੱਲ ਹੁੰਦੀ ਸਾਨੂੰ ਸਾਡੇ ਸਾਹਮਣੇ ਨਹੀਂ ਦਿਸਦੀ ਜਦ ਅਸੀਂ ਅਮੀਰਾਂ ਨੂੰ ਆਪਣੀ ਦੌਲਤ ਦਾ ਮਾਣ ਕਰਦੇ ਵੇਂਹਦੇ ਹਾਂ; ਦੌਲਤ, ਲੁਟ। ਜਦ ਫੌਜਾਂ ਦੇ ਕਮਾਨ ਅਫਸਰ ਆਪਣੀਆਂ ਜਿੱਤਾਂ ਦੀਆਂ ਤਰੀਫਾਂ ਕਰਦੇ ਹਨ, ਜਿੱਤਾਂ? ਖੂਨ; ਤੇ ਜਦ ਓਹ ਲੋਕੀ ਜਿਹੜੇ ਉੱਪਰਲੇ ਰੁਤਬਿਆਂ ਵਿੱਚ ਹਨ, ਆਪਣੀ ਤਾਕਤ ਦਾ ਮਾਣ ਕਰਦੇ ਹਨ: ਦੂਜਿਆਂ ਉੱਪਰ ਜੁਲਮ ਕਰਨ ਦਾ ਮਾਣ? ਉਹ ਕੀ, ਤਸ਼ੱਦਦ; ਤਾਂ ਅਸੀਂ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਤੇ ਆਪਣੇ ਬੱਝੇ ਨਜ਼ਾਰਿਆਂ ਦੇ ਬਿਗੜੇ ਰੂਪ ਨੂੰ ਇਸ ਕਰਕੇ ਨਹੀਂ ਵੇਖਦੇ ਕਿ ਇਹ ਦਾਇਰਾ ਵੱਡਾ ਹੈ। ਤੇ ਅਸੀਂ ਆਪ ਉਸ ਦਾਇਰੇ ਵਿੱਚ ਹਾਂ।
ਇਹ ਤ੍ਰੀਕਾ ਸੀ ਜਿਸ ਨਾਲ ਮਸਲੋਵਾ ਆਪਣੀ ਰਹਿਣ ਦੀ ਥਾਂ, ਹਾਲਤ ਤੇ ਜ਼ਿੰਦਗੀ ਦੇ ਦ੍ਰਿਸ਼ ਬੰਨ੍ਹੀ ਬੈਠੀ ਸੀ। ਉਹ ਵੈਸ਼ੀਆ ਸੀ, ਜਿਸਨੂੰ ਸਾਈਬੇਰੀਆ ਜਲਾਵਤਨੀ ਦੀ ਸਜ਼ਾ ਹੋ ਚੁੱਕੀ ਸੀ, ਤੇ ਇੰਨਾ ਦੁਖ ਕਸ਼ਟ ਹੋਣ ਪਰ ਭੀ ਉਹਦਾ ਜ਼ਿੰਦਗੀ ਦਾ ਇਕ ਨਵਾਂ ਬੱਝਾ ਨਿਹਚਾ ਤੇ ਖਿਆਲ ਸੀ ਜਿਸ ਇਹ ਮੁਮਕਿਨ ਕਰ ਰੱਖਿਆ ਸੀ ਕਿ ਉਹ ਆਪਣੇ ਆਪ ਰਾਜੀ ਖੁਸ਼ੀ ਰਹੇ ਤੇ ਇਓਂ ਰਹਿ ਕੇ ਆਪਣੀ ਥਾਂ ਤੇ ਕਸਬ ਦਾ ਮਾਣੇ ਵੀ ਕਰ ਸੱਕੇ। ਬੱਸ ਇਹ ਉਹਦਾ ਵਿਚਾਰ ਸੀ ਕਿ ਮਰਦਾਂ ਦੀ ਸਭ ਥੀਂ ਉੱਚੀ ਚੰਗਿਆਈ, ਕੀ ਬੁਢਿਆਂ ਦੀ, ਗਭਰੂਆਂ ਦੀ, ਸਕੂਲ ਵਿੱਚ ਪੜ੍ਹਦੇ ਮੁੰਡਿਆਂ ਦੀ, ਜਰਨੈਲਾਂ ਦੀ, ਪੜ੍ਹਿਆਂ ਅਨਪੜ੍ਹਿਆਂ ਦੀ, ਸੋਹਣੀਆਂ ਤੀਮੀਆਂ ਨਾਲ ਵਿਸ਼ੇ ਭੋਗ ਕਰਨ ਤਕ ਦੀ ਹੈ। ਇਸ ਵਾਸਤੇ ਸਭ ਮਰਦ ਭਾਵੇਂ ਉਹ ਕਈ ਤਰਾਂ ਦੇ ਕੰਮਾਂ ਤੇ ਹੋਰ ਰੁਝੇਵਿਆਂ ਦਾ ਦੁਜਾ ਦਿਖਾਵਾ ਕਰ ਰਹੇ ਹੋਣ, ਦਰਹਕੀਕਤ ਆਪਣੇ ਅੰਦਰਲੇ ਵਿੱਚ ਇਸ ਗੱਲ ਥੀਂ ਸਿਵਾ ਕੁਛ ਨਹੀਂ ਹੋਰ ਚਾਹ ਰਹੇ ਹੁੰਦੇ। ਓਹ ਇਕ ਸੋਹਣੀ ਮਨ ਮੋਹਣੀ ਤੀਮੀ ਸੀ, ਤੇ ਉਹਦੇ ਵੱਸ ਵਿੱਚ ਸੀ, ਕਿਸੀ ਮਰਦ ਦੀ ਇਹ ਖਾਹਿਸ਼ ਪੂਰੀ ਕਰੇ ਨ ਕਰੇ ਤੇ ਇਸ ਕਰਕੇ ਉਹ ਆਪ ਵੀ ਇਕ ਜਰੂਰੀ ਤੇ ਲੋੜਵੰਦੀ ਜੰਤੂ ਸੀ। ਉਹਦੀ ਪਹਿਲਾਂ ਦੀ ਤੇ ਹੁਣ ਦੀ ਵੀ ਸਾਰੀ ਦੀ ਸਾਰੀ ਜ਼ਿੰਦਗੀ ਇਓਂ ਚਿਤਵੇ ਵਿਚਾਰਾਂ ਦੇ ਠੀਕ ਹੋਣ ਦੀ ਇਕ ਸਬੂਤ ਤੇ ਗਵਾਹੀ ਸੀ।
ਉਹਦੇ ਪਿਛਲੇ ਦਸ ਸਾਲਾਂ ਦੀ ਜ਼ਿੰਦਗੀ ਵਿੱਚ ਜਿੱਥੇ ਕਿਧਰੇ ਓਹ ਗਈ, ਉਸ ਵੇਖ ਲਇਆ ਸੀ ਕਿ ਸਭ ਮਰਦ, ਨਿਖਲੀਊਧਵ ਥੀਂ ਲੈ ਕੇ ਉਸ ਬੁੱਢੇ ਪੋਲੀਸ ਅਫਸਰ ਤੇ ਜੇਹਲ ਦੇ ਵਾਰਡਰਾਂ ਤਕ, ਸਭ ਉਹਦੀ ਚਾਹਨਾ ਕਰਦੇ ਸਨ, ਕਿਉਂਕਿ ਨ ਉਸ ਵੇਖੇ ਤੇ ਨ ਉਨ੍ਹਾਂ ਲੋਕਾਂ ਵਲ ਉਸ ਧਿਆਨ ਹੀ ਦਿੱਤਾ, ਜਿਨ੍ਹਾਂ ਨੂੰ ਉਹਦੇ ਜਿਸਮ ਦੀ ਕੋਈ ਲੋੜ ਨਹੀਂ ਸੀ। ਇਸ ਵਾਸਤੇ ਉਹਦੇ ਸਾਹਮਣੇ ਸਾਰੀ ਦੁਨੀਆਂ ਇਕ ਐਸੇ ਲੋਕਾਂ ਦਾ ਭੀੜ ਭੜੱਕਾ ਸੀ ਜਿਹੜੇ ਉਸ ਨਫ਼ਸਾਨੀ ਤ੍ਰਿਸ਼ਨਾਂ ਦੇ ਮਾਰੇ ਭੜਕ ਰਹੇ ਸਨ ਤੇ ਜਿਹੜੇ ਹਰ ਤਰਾਂ ਉਸ ਉੱਪਰ ਆਪਣਾ ਕਬਜ਼ਾ ਜਮਾਣ ਦੀ ਕਰਦੇ ਸਨ, ਧੋਖਾ ਦੇ ਕੇ ਤਾਂ, ਮਾਰ ਕੁੱਟ ਕੇ ਤਾਂ, ਖਰੀਦ ਕੇ ਤਾਂ, ਯਾ ਕਿਸੀ ਹੋਰ ਚਲਾਕੀ ਨਾਲ ਤਾਂ—ਬੱਸ ਗੱਲ ਓਹੋ। ਇਓਂ ਸੀ ਜਿਵੇਂ ਮਸਲੋਵਾ ਜ਼ਿੰਦਗੀ ਦੀ ਆਪਣੀ ਝਾਕੀ ਵੇਖ ਰਹੀ ਸੀ, ਤੇ ਜ਼ਿੰਦਗੀ ਦੀ ਇਸ ਝਾਕੀ ਵਿੱਚ ਜੋ ਉਸ ਆਪਣੇ ਲਈ ਬੰਨ੍ਹ ਰੱਖੀ ਸੀ, ਉਹ ਕਿਸੀ ਤਰਾਂ ਸਭ ਥੀਂ ਨੀਵੇਂ ਦਰਜੇ ਦੀ ਤੀਮੀ ਤਾਂ ਨਹੀਂ ਸੀ। ਨਹੀਂ ਓਸ ਵਿੱਚ ਤਾਂ ਕੁਛ ਮੁੱਲ ਰੱਖਣ ਵਾਲੀ ਤੀਮੀ ਸੀ। ਮਸਲੋਵਾ ਹੋਰਨਾਂ ਸਭ ਗੱਲਾਂ ਥੀਂ ਵਧ, ਇਸ ਜ਼ਿੰਦਗੀ ਦੀ ਝਾਕੀ ਨੂੰ ਕੀਮਤੀ ਸਮਝਦੀ ਸੀ, ਸਮਝੇ ਵੀ ਨ ਤਾਂ ਕਰੇ ਵੀ ਕੀ। ਜੇ ਇਹ ਝਾਕੀ ਓਹ ਗਵਾ ਬਹਿੰਦੀ ਤਦ ਇਹ ਵੱਡਯਤ ਜਿਹੜੀ ਉਹਨੂੰ ਮਿਲ ਰਹੀ ਸੀ, ਉਹ ਵੀ ਵੰਝਾ ਬਹਿੰਦੀ। ਇਓਂ ਆਪਣੀ ਜ਼ਿੰਦਗੀ ਦੇ ਇਓਂ ਆਏ ਮਹਿਨਿਆਂ ਨੂੰ ਸੰਭਾਲ ਰੱਖਣ ਦੀ ਖਾਤਰ ਉਹ ਸਹਿਜ ਸੁਭਾ ਉਨ੍ਹਾਂ ਲੋਕਾਂ ਦੇ ਟੋਲਿਆਂ ਨਾਲ ਚਮੁਟੀ ਹੋਈ ਸੀ, ਜਿਹੜੇ ਜ਼ਿੰਦਗੀ ਦਾ ਨਜ਼ਾਰਾ ਉਸ ਵਾਂਗ ਹੀ ਬੰਨ੍ਹੀ ਬੈਠੇ ਸਨ।
ਇਹ ਆਪਣੇ ਰੂਹ ਵਿੱਚ ਭਾਂਪ ਕੇ ਕਿ ਨਿਖਲੀਊਧਵ ਓਹਨੂੰ ਕਿਸੀ ਹੋਰ ਦੁਨੀਆਂ ਵੱਲ ਲੈ ਜਾਣਾ ਚਾਹੁੰਦਾ ਹੈ, ਓਹ ਉਸ ਅੱਗੇ ਰੋਕਾਂ ਡਾਹ ਰਹੀ ਸੀ। ਕਾਤੂਸ਼ਾ ਨੇ ਪਹਿਲਾਂ ਹੀ ਵੇਖ ਲਇਆ ਸੀ ਕਿ ਉਹਦਾ ਆਖਾ ਮੰਨਣ ਨਾਲ ਆਪਣੀ ਜ਼ਿੰਦਗੀ ਦੀ ਲਭੀ ਥਾਂ ਉਹ ਖਵ੍ਹਾ ਬੈਠੇਗੀ, ਤੇ ਉਸ ਨਾਲ ਹੀ ਉਹਦਾ ਉਹ ਆਪ-ਮਤਾ ਟਕਾਣਾ, ਤੇ ਆਪੇ ਦਾ ਮਾਨ ਸ਼ਾਨ ਵੀ ਚਲਾ ਜਾਵੇਗਾ। ਇਸ ਸਬੱਬ ਕਰਕੇ ਉਸ ਆਪਣੇ ਸਿਰ ਵਿੱਚ ਆਪਣੀ ਅਹਿਲ ਜਵਾਨੀ ਤੇ ਆਪਣੇ ਤਦ ਦੇ ਪਏ ਨਿਖਲੀਊਧਵ ਨਾਲ ਤਅੱਲਕਾਤ ਦੀ ਕਹਾਣੀ ਤੇ ਉਹਦੀ ਯਾਦ ਉੱਕਾ ਕੱਢ ਹੀ ਛੱਡੀ ਹੋਈ ਸੀ। ਉਹ ਯਾਦਾਂ, ਉਹਦੀ ਅੱਜ ਕਲ ਦੀ ਜ਼ਿੰਦਗੀ ਦੀ ਬੱਝੀ ਝਾਕੀ ਨਾਲ ਟਾਕਰਾ ਨਹੀਂ ਸਨ ਖਾਂਦੀਆਂ, ਤੇ ਇਸ ਕਰਕੇ ਉਸ ਨੇ ਯਾ ਤਾਂ ਸਭ ਉਨ੍ਹਾਂ ਗੱਲਾਂ ਦੀ ਯਾਦ ਮਾਰ ਮੁਕਾ ਹੀ ਛੱਡੀ ਸੀ, ਯਾ ਉਹ ਕਿਧਰੇ ਦੱਬੀਆਂ, ਅਨਛੋਹੀਆਂ ਐਸੇ ਥਾਂ ਪਈਆਂ ਸਨ ਜਿਸ ਨੂੰ ਉੱਪਰੋਂ ਪੱਥਰ ਦੇ ਫਰਸ਼ ਕਰ ਇਕ ਕਬਰ ਜੇਹੀ ਬਣਾ ਵਿੱਚ ਰੱਖ ਦਿੱਤੀਆਂ ਸਨ, ਜਿੱਥੋਂ ਨਿਕਲ ਨ ਸੱਕਣ। ਇਓਂ ਜਿਵੇਂ ਕਈ ਵਾਰੀ ਮਖਿਆਰੀਆਂ ਆਪਣੇ ਭੁੜੀ ਦੇ ਫਲਾਂ ਨੂੰ ਬਚਾਣ ਲਈ ਬਾਜ ਦਫਾ ਮੋਮ—ਕੀੜੇ ਦੇ ਘੋਂਸਲੇ ਨੂੰ ਉੱਪਰ ਲਿੰਬ ਦਿੰਦੀਆਂ ਹਨ।
ਇਨ੍ਹਾਂ ਸਬੱਬਾਂ ਕਰਕੇ ਅੱਜ ਕਲ ਦਾ ਨਿਖਲੀਊਧਵ ਓਹ ਨਹੀਂ ਸੀ, ਜਿਸ ਨੂੰ ਉਸ ਕਦੀ ਆਪਣੇ ਪਾਕ ਪਿਆਰ ਨਾਲ ਪਿਆਰਆ ਸੀ। ਬਲਕਿ ਓਹ ਇਕ ਅਮੀਰ ਭਲਾ ਪੁਰਸ਼ ਸੀ ਜਿਸਨੂੰ ਉਹ ਆਪਣੇ ਕੰਮ ਵਿੱਚ ਲਿਆ ਸੱਕਦੀ ਸੀ, ਤੋਂ ਉਹ ਓਹਨੂੰ ਵਰਤ ਸੱਕਦਾ ਸੀ ਤੇ ਜਿਸ ਨਾਲ ਅਜ ਉਹ ਸਿਰਫ ਓਹੋ ਤਅੱਲਕ ਗੰਢ ਸੱਕਦੀ ਹੈ, ਜਿਹੜਾ ਉਹ ਇਹੋ ਜੇਹਾਂ ਨਾਲ, ਆਮ ਮਰਦਾਂ ਨਾਲ, ਅੱਜ ਕਲ ਗੰਢਦੀ ਹੁੰਦੀ ਸੀ।
"ਨਹੀਂ-ਹਾਏ! ਮੈਂ ਓਹਨੂੰ ਸਭ ਥੀਂ ਜਰੂਰੀ ਕਹਿਣ ਵਾਲੀ ਗੱਲ ਤਾਂ ਕਹਿ ਹੀ ਨਹੀਂ ਸੱਕਿਆ" ਨਿਖਲੀਊਧਵ ਨੇ ਹੋਰ ਸਾਰੇ ਆਏ ਮੁਲਾਕਾਤੀਆਂ ਨਾਲ ਬਾਹਰ ਵਲ ਜਾਂਦੇ ਮਨ ਵਿੱਚ ਸੋਚਿਆ। "ਮੈਂ ਇਹ ਕਿਹਾ ਹੀ ਨਾਂਹ ਕਿ ਮੈਂ ਉਹਨੂੰ ਵਿਆਹੁਣਾ ਲੋਚਦਾ ਹਾਂ। ਮੈਂ ਅੱਜ ਇਓਂ ਕਿਹਾ ਨਹੀਂ, ਪਰ ਮੈਂ ਕਹਾਂਗਾ ਜਰੂਰ," ਉਸ ਸੋਚਿਆ।
ਓਹੋ ਦੋਵੇਂ ਜੇਲਰ ਓਵੇਂ ਹੀ ਦਰਵਾਜਿਆਂ ਉੱਪਰ ਖੜੇ ਸਨ ਤੇ ਮੁਲਾਕਾਤੀਆਂ ਨੂੰ ਬਾਹਰ ਗਿਣ ਗਿਣ ਕੇ ਕੱਢ ਰਹੇ ਸਨ ਤੇ ਹਰ ਇਕ ਨੂੰ ਆਪਣੇ ਹੱਥ ਨਾਲ ਛੋਹ ਰਹੇ ਸਨ, ਕਿ ਮਤੇ ਕੋਈ ਫਾਲਤੂ ਬੰਦਾ ਬਾਹਰ ਨ ਚਲਾ ਜਾਵੇ ਯਾ ਉਨ੍ਹਾਂ ਵਿੱਚੋਂ ਕੋਈ ਵਿਚਾਰਾ ਅੰਦਰ ਹੀ ਨ ਰਹਿ ਜਾਵੇ। ਨਿਖਲੀਊਧਵ ਦੇ ਮੋਢਿਆਂ ਉੱਪਰ ਹੁਣ ਵੀ ਹੱਥ ਵੱਜਾ ਪਰ ਹੁਣ ਉਹ ਤੰਗ ਨਹੀਂ ਸੀ ਹੋਇਆ, ਉਸਨੇ ਹੁਣ ਇਹਦਾ ਖਿਆਲ ਹੀ ਨਹੀਂ ਸੀ ਕੀਤਾ।
ਮੋਇਆਂ ਦੀ ਜਾਗ-ਕਾਂਡ ੪੫. : ਲਿਉ ਤਾਲਸਤਾਏ
ਨਿਖਲੀਊਧਵ ਦੀ ਨੀਤ ਸੀ ਕਿ ਓਹ ਆਪਣੀ ਸਾਰੀ ਬਾਹਰਲੀ ਜ਼ਿੰਦਗੀ ਦਾ ਤਰੀਕਾ ਹੁਣ ਬਦਲ ਸੁੱਟੇ, ਨੌਕਰ ਨੂੰ ਛੁੱਟੀ ਦੇ ਦੇਵੇ, ਆਪਣਾ ਵੱਡਾ ਘਰ ਕਰਾਏ ਤੇ ਚਾਹੜ ਦੇਵੇ—ਤੇ ਆਪ ਕਿਸੀ ਮਕਾਨ ਵਿੱਚ ਹੋਰਨਾਂ ਨਾਲ ਮਿਲ ਕੇ ਰਹਿ ਕੇ ਦਿਨ ਕੱਟੀ ਕਰ ਲਵੇ, ਉਸੀ ਤਰਾਂ ਜਿਵੇਂ ਇਕੱਠੇ ਮਿਲ ਕੇ ਪੜ੍ਹਨ ਵਾਲੇ ਲੜਕੇ ਰਹਿ ਲੈਂਦੇ ਹਨ। ਪਰ ਅਗਰੇਫੈਨਾ ਪੈਤਰੋਵਨਾ ਨੇ ਦੱਸਿਆ ਕਿ ਸਰਦੀਆਂ ਥੀਂ ਪਹਿਲਾਂ ਇੰਝ ਕਰਨਾ ਬੇਸੂਦ ਹੋਵੇਗਾ। ਸ਼ਹਿਰ ਦਾ ਘਰ ਗਰਮੀਆਂ ਲਈ ਕੋਈ ਕਰਾਏ ਤੇ ਨਹੀਂ ਲਵੇਗਾ ਤੇ ਨਾਲੇ ਕਿਸੀ ਨਾ ਕਿਸੀ ਤਰਾਂ ਓਹਨੂੰ ਆਪਣੇ ਰਹਿਣ, ਤੇ ਇਹ ਸਭ ਚੀਜ਼ਾਂ ਸਮਾਨ ਰੱਖਣ ਦਾ ਵੀ ਤਾਂ ਕੋਈ ਨ ਕੋਈ ਪ੍ਰਬੰਧ ਕਰਨਾ ਹੀ ਪਵੇਗਾ, ਤੇ ਇਸ ਕਰਕੇ ਆਪਣੀ ਜ਼ਿੰਦਗੀ ਦੇ ਰਹਿਣ ਦੇ ਤ੍ਰੀਕਿਆਂ ਵਿੱਚ ਤਬਦੀਲੀ ਤੇ ਉਹਦੇ ਇਰਾਦੇ ਕਿਸੇ ਸਿਰੇ ਨਾ ਚੜ੍ਹ ਸੱਕੇ। ਨ ਸਿਰਫ ਪਹਿਲਾਂ ਵਾਂਗ ਸਭ ਕੁਛ ਚਲੀ ਗਇਆ, ਬਲਕਿ ਘਰ ਇਕ ਤਰਾਂ ਦੀ ਨਵੀਂ ਹਿਲ ਚਲ ਨਾਲ ਉਲਟਾ ਭਰ ਗਇਆ। ਊਨੀ ਤੇ ਪੋਸਤੀਨ ਤੇ ਪੋਸਤੀਨਾਂ ਦੀ ਕਿਸਮ ਦੇ ਕੁਲ ਕੱਪੜੇ ਬਾਹਰ ਕੱਢੇ ਗਏ ਤੇ ਉਨ੍ਹਾਂ ਨੂੰ ਧੁਪ ਲਵਾਈ ਜਾ ਰਹੀ ਸੀ। ਨਾਲ ਉਨ੍ਹਾਂ ਨੂੰ ਛੰਡਣ ਫੂਕਣ ਦਾ ਕੰਮ ਅਰੰਭ ਹੋ ਗਇਆ ਸੀ। ਦਰਵਾਨ, ਲੜਕਾ, ਰਸੋਈਆ ਤੇ ਕੋਰਨੇ ਆਪ ਸਭ ਇਸ ਕੰਮ ਵਿੱਚ ਜੁੱਟ ਪਏ ਸਨ। ਕਈ ਤਰ੍ਹਾਂ ਦੀਆਂ ਓਪਰੀਆਂ ਓਪਰੀਆਂ ਅਜੀਬ ਤਰ੍ਹਾਂ ਦੀਆਂ ਪੋਸਤੀਨਾਂ ਜਿਹੜੀਆਂ ਕਦੀ ਵਰਤਨ ਵਿੱਚ ਨਹੀਂ ਸਨ ਆਈਆਂ, ਤੇ ਕਈ ਕਿਸਮਾਂ ਦੀਆਂ ਵਰਦੀਆਂ ਬਾਹਰ ਕੱਢ ਕੇ ਇਕ ਕਿਤਾਰ ਵਿੱਚ ਲਟਕਾਈਆਂ ਗਈਆਂ ਸਨ। ਫਿਰ ਗਲੀਚੇ ਤੇ ਦਰੀਆਂ ਤੇ ਫਰਸ਼ ਤੇ ਫਰਨੀਚਰ ਸਭ ਕੱਢੇ ਗਏ ਸਨ, ਦਰਵਾਨ ਤੇ ਲੜਕੇ ਨੇ ਆਪਣੀਆਂ ਬਾਹਾਂ ਛੁੰਗ ਲਈਆਂ ਤੇ ਲੱਗੇ ਇਨ੍ਹਾਂ ਚੀਜ਼ਾਂ ਨੂੰ ਝਾੜਨ ਫੂਕਨ। ਝਾੜਨ ਵਾਲੇ ਠੀਕ ਤਾਲ ਤੇ ਛੰਡਦੇ ਸਨ, ਤੇ ਕਮਰੇ ਸਾਰੇ, ਨੈਫ਼ਥੀਲੀਨ ਦੀ ਬੂ ਨਾਲ ਭਰ ਗਏ ਸਨ।
ਜਦ ਨਿਖਲੀਊਧਵ ਅਹਾਤੇ ਵਿੱਚ ਦੀ ਪਾਰ ਲੰਘਿਆ ਤੇ ਖਿੜਕੀ ਵਿੱਚ ਦੀ ਤੱਕਿਆ ਤੇ ਜੋ ਕੁਛ ਇਓਂ ਪਇਆ ਹੋਇਆ ਸੀ ਉਸ ਉੱਪਰ ਨਿਗਾਹ ਮਾਰੀ, ਤਾਂ ਇਨ੍ਹਾਂ ਚੀਜ਼ਾਂ ਨੂੰ ਵੇਖ ਕੇ ਜਿਨ੍ਹਾਂ ਦਾ ਕੋਈ ਵਰਤਨ ਤੇ ਫਾਇਦਾ ਉੱਕਾ ਨਹੀਂ ਸੀ, ਓਹ ਹੈਰਾਨ ਹੋਇਆ—ਉਨ੍ਹਾਂ ਦਾ ਸਿਰਫ ਇਕ ਫਾਇਦਾ ਸੀ। ਅਗਰੈਫੈਨਾ ਪੈਤਰੋਵਨਾ, ਕੋਰਨੇ, ਦਰਵਾਨ ਤੇ ਬਾਏ ਜੇਹੇ ਨਿਕੰਮੇ ਨੌਕਰਾਂ ਨੂੰ ਇਕ ਵਰਜਸ਼ ਦਾ ਮੌਕਾ ਮਿਲ ਜਾਂਦਾ ਸੀ।
"ਪਰ ਹਾਲੇ ਆਪਣੀ ਜ਼ਿੰਦਗੀ ਦੀ ਤਰਜ਼ ਨੂੰ ਬਦਲਣਾ ਕਿਸੇ ਮਤਲਬ ਦਾ ਨਹੀਂ," ਉਸ ਸੋਚਿਆ, "ਜਦ ਤਕ ਮਸਲੋਵਾ ਦਾ ਮਾਮਲਾ ਫੈਸਲਾ ਨ ਹੋ ਲਵੇ, ਜੋ ਹੈ ਬੜਾ ਕਠਿਨ। ਤਦ ਇਹ ਆਪੇ ਹੀ ਬਦਲ ਜਾਵੇਗਾ, ਜਦ ਉਹ ਬਰੀ ਹੋ ਜਾਵੇਗੀ ਯਾ ਜਦ ਮੈਂ ਉਹਦੇ ਮਗਰ ਜਲਾਵਤਨੀ ਵਿੱਚ ਜਾਸਾਂ।"
ਦੂਜੇ ਦਿਨ ਨਿਖਲੀਊਧਵ ਕਰਾਏ ਦੀ ਬੱਘੀ ਵਿੱਚ ਬੈਠ ਕੇ ਆਪਣੇ ਵਕੀਲ ਫਨਾਰਿਨ ਦੇ ਆਲੀਸ਼ਾਨ ਘਰ ਗਇਆ। ਉਹਦਾ ਘਰ ਖਜੂਰ ਦੇ ਸਾਵੇ ਗਮਲਿਆਂ ਨਾਲ, ਕਈ ਪ੍ਰਕਾਰ ਦੇ ਬੂਟੇ ਬੂਟੀਆਂ ਨਾਲੇ, ਅਜੀਬ ਗਰੀਬ ਪਰਦਿਆਂ ਨਾਲ ਢੱਕਿਆ, ਸਜਿਆ ਸੀ। ਅਸਲੋਂ ਓਹ ਘਰ ਬਹੁਮੁੱਲੇ ਐਸ਼ ਦੇ ਸਾਮਾਨ ਨਾਲ ਭਰਿਆ ਪਇਆ ਸੀ, ਜਿਸ ਥੀਂ ਪਤਾ ਲੱਗਦਾ ਸੀ ਕਿ ਬਹੁਤ ਸਾਰੀ ਨਿਕੰਮੀ ਨਕਦੀ, (ਜਿਹਦੇ ਕਮਾਣ ਵਿੱਚ ਕੋਈ ਮਿਹਨਤ ਨਹੀਂ ਕਰਨੀ ਪਈ) ਜਿਹੜੀ ਸਿਰਫ ਓਹੋ ਲੋਕੀ ਹੀ ਬਾਹਰ ਕੱਢ ਕੱਢ ਦੱਸਦੇ ਹਨ ਤੇ ਨਿਕੰਮਾ ਖਰਚ ਕਰਦੇ ਹਨ ਜਿਹੜੇ ਬਿਨਾਂ ਭੁੜੀ ਦੇ ਯਕਲਖਤ ਦੌਲਤਮੰਦ ਹੋ ਜਾਂਦੇ ਹਨ, ਘਰ ਦੇ ਮਾਲਿਕ ਪਾਸ ਹੈ। ਉਡੀਕ ਕਰਨ ਵਾਲੇ ਕਮਰੇ ਵਿੱਚ, ਜਿਸ ਤਰਾਂ ਡਾਕਟਰਾਂ ਦੇ ਘਰਾਂ ਵਿੱਚ ਹੁੰਦਾ ਹੈ, ਮੇਜ਼ ਉੱਪਰ ਕਈ ਇਕ ਮਾਯੂਸ ਹੋਏ ਲੰਮੇ ਮੂੰਹ ਕੀਤੀ ਲੋਕੀ ਬੈਠੇ ਸਨ। ਮੇਜ਼ ਉੱਪਰ ਕਈ ਤਰ੍ਹਾਂ ਦੀਆਂ ਅਖਬਾਰਾਂ ਪਈਆਂ ਸਨ, ਜਿਹੜੀਆਂ ਇਨ੍ਹਾਂ ਲੋਕਾਂ ਦੇ ਘੜੀ ਦੀ ਘੜੀ ਬੈਠ ਕੇ ਮਨ ਪਰਚਾਵੇ ਲਈ ਰੱਖੀਆਂ ਸਨ। ਉਹ ਸਭ ਆਪਣੀ ਆਪਣੀ ਵਾਰੀ ਦੀ ਉਡੀਕ ਵਿੱਚ ਸਨ, ਕਿ ਕਦ ਉਨ੍ਹਾਂ ਨੂੰ ਵਕੀਲ ਸਹਿਬ ਪਾਸ ਜਾਣਾ ਮਿਲੇਗਾ। ਵਕੀਲ ਦਾ ਅਸਟੰਟ ਇਕ ਕਮਰੇ ਵਿੱਚ ਉੱਚੇ ਡੈਸਕ ਪਰ ਬੈਠਾ ਸੀ, ਤੇ ਨਿਖਲੀਊਧਵ ਨੂੰ ਪਛਾਣ ਕੇ ਛੇਤੀ ਦੇ ਕੇ ਉਸ ਪਾਸ ਆਇਆ ਤੇ ਉਸ ਕਹਿਆ ਕਿ ਉਹਦੇ ਆਵਣ ਦੀ ਖਬਰ ਵਕੀਲ ਸਾਹਿਬ ਨੂੰ ਓਸੇ ਵੇਲੇ ਕਰੇਗਾ। ਹਾਲੇਂ ਅਸਟੰਟ ਹੋਰੀ ਦਰਵਾਜ਼ੇ ਤਕ ਨਹੀਂ ਸਨ ਅੱਪੜੇ ਕਿ ਦਰਵਾਜ਼ਾ ਖੁਲ੍ਹਿਆ, ਤੇ ਵਕੀਲ ਦੇ ਅੰਦਰੋਂ ਉੱਚੀਆਂ ਉੱਚੀਆਂ ਤੇ ਜੋਸ਼ੀਲੀਆਂ ਗੱਲਾਂ ਬਾਤਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਇਕ ਆਵਾਜ਼ ਤਾਂ ਇਕ ਅਧਖੜ ਉਮਰ ਦੇ ਤਕੜੇ ਭਾਰੇ ਮੁਛੀਲੇ ਰੱਤੇ ਮੂੰਹ ਵਾਲੇ ਸੌਦਾਗਰ ਦੀ ਸੀ, ਜਿਸ ਨਵੇਂ ਕੱਪੜੇ ਪਾਏ ਹੋਏ ਸਨ ਤੇ ਦੂਜੀ ਫਨਾਰਿਨ ਦੀ ਆਪਣੀ ਆਵਾਜ਼ ਸੀ। ਦੋਹਾਂ ਦੇ ਮੂੰਹਾਂ ਉੱਪਰ ਓਹੋ ਰੰਗ ਸੀ ਜਿਹੜਾ ਅਮੂਮਨ ਉਨ੍ਹਾਂ ਉੱਪਰ ਨਜ਼ਰ ਆਉਂਦਾ ਹੈ, ਜਿਹੜੇ ਹੁਣੇ ਹੀ ਕੋਈ ਨਫੇ ਵਾਲਾ ਵਿਹਾਰ ਕਰਕੇ ਉੱਠੇ ਹੋਣ, ਤੇ ਵਿਹਾਰ ਬਾਬਤ ਦੋਹਾਂ ਨੂੰ ਇਲਮਹੋਵੇ ਕਿ ਵਿਹਾਰ ਪੂਰੀ ਈਮਾਨਦਾਰੀ ਦਾ ਨਹੀਂ।
"ਆਪ ਜਾਣਦੇ ਹੀ ਹੋ ਜਨਾਬ ਵਾਲਾ—ਇਹ ਆਪ ਦਾ ਹੀ ਕਸੂਰ ਹੈ," ਫਨਾਰਿਨ ਨੇ ਕਹਿਆ।
"ਅਸੀਂ ਸਾਰੇ ਸਿੱਧੇ ਸਵਰਗਾਂ ਨੂੰ ਸਿਧਾਰਦੇ ਜੇ ਆਪਣੇ ਕੀਤੇ ਗੁਨਾਹਾਂ ਦੇ ਨ ਮਾਰੇ ਹੁੰਦੇ!"
"ਆਹਾ! ਆਹਾ! ਇਹ ਗੱਲ ਅਸੀਂ ਸਾਰੇ ਹੀ ਜਾਣਦੇ ਹਾਂ," ਤੇ ਦੋਵੇਂ ਬਨਾਵਟੀ ਜੇਹਾ ਹਾਸਾ ਹੱਸੇ!
"ਆਹਾ! ਜਨਾਬ ਸ਼ਾਹਜ਼ਾਦਾ ਨਿਖਲੀਊਧਵ ਸਾਹਿਬ! ਕਿਰਪਾ ਕਰਕੇ ਅੰਦਰ ਆ ਜਾਓ," ਫਨਾਰਿਨ ਨੇ ਕਹਿਆ ਜਿਉਂ ਹੀ ਉਸਨੇ ਨਿਖਲੀਊਧਵ ਨੂੰ ਦੇਖਿਆ। ਸੌਦਾਗਰ ਨੂੰ ਸਿਰ ਨਿਵਾ ਕੇ, ਵਿਦਾਇਗੀ ਦਿੱਤੀ, ਤੇ ਨਿਖਲੀਊਧਵ ਨੂੰ ਆਪਣੇ ਗੱਲ ਬਾਤ ਕਰਨ ਵਾਲੇ ਕਮਰੇ ਵਿੱਚ ਲੈ ਗਇਆ। ਇਹ ਕਮਰਾ ਵੀ ਬੜੀ ਹੀ ਕੜੀ ਤੇ ਸਹੀ ਤਰਜ਼ ਨਾਲ ਸਜਾਇਆ ਹੋਇਆ ਸੀ।
"ਕੀ ਆਪ ਸਿਗਰਿਟ ਨਹੀਂ ਪੀਓਗੇ?" ਵਕੀਲ ਨੇ ਨਿਖਲੀਊਧਵ ਦੇ ਸਾਹਮਣੇ ਬਹਿਕੇ ਤੇ ਆਪਣੀ ਮੁਸਕਰਾਹਟ ਨੂੰ ਮੁਸ਼ਕਲ ਨਾਲ ਰੋਕਨ ਦਾ ਸਾਰਾ ਹੀਲਾ ਕਰਕੇ ਕਹਿਆ, ਸਾਫ ਸੀ ਕਿ ਉਹ ਆਪਣੇ ਹੁਣੇ ਕੀਤੇ ਸੌਦੇ ਦੀ ਖੁਸ਼ੀ ਵਿੱਚ ਗੁਦ ਗੁਦਾ ਰਹਿਆ ਸੀ। ਖੁਸ਼ੀ ਓਹਦੀ ਮਿਟ ਨਹੀਂ ਸੀ ਰਹੀ।
"ਮਿਹਰਬਾਨੀ, ਮੈਂ ਮਸਲੋਵਾ ਦੇ ਮੁਕੱਦਮੇਂ ਬਾਬਤ ਆਇਆ ਹਾਂ।"
"ਹਾਂ ਹਾਂ, ਲਓ ਹੁਣੇ ਹੀ—ਪਰ ਉਹ ਇਹ ਮੋਟੇ ਰੁਪੈ ਦੇ ਥੈਲੇ ਜੇਹੇ ਲੋਕੀ ਕੇਹੇ ਬਦਮਾਸ਼ ਹੁੰਦੇ ਹਨ," ਓਸ ਕਹਿਆ। "ਇਹ ਬੰਦਾ ਜਿਹੜਾ ਹੁਣੇ ਇੱਥੇ ਸੀ ਤੁਸਾਂ ਵੇਖਿਆ ਹੈ ਨਾ, ੨੦ ਲੱਖ ਰੂਬਲ ਦਾ ਸਾਈਂ ਜੇ, ਤੇ ਹੈ ਉੱਕਾ ਅਨਪੜ੍ਹ, ਇੰਨਾ ਕਿ "ਹ" ਨੂੰ "ਅ" ਕਰ ਉਚਾਰਦਾ ਜੇ, ਤੇ ਕਿਰਪਣ ਇੰਨਾ ਕਿ ਜੇ ਆਪ ਪਾਸੋਂ ਵੀਹ ਯਾ ਪੰਜਾਹ (੫੦) ਰੂਬਲ ਵੀ ਖਿਸਕਾ ਸਕੇ ਤੇ ਓਹ ਜਰੂਰ ਖਿਸਕਾਏਗਾ ਭਾਵੇਂ ਉਨ੍ਹਾਂ ਦੀਆਂ ਗੰਢਾਂ ਇਹਨੂੰ ਦੰਦਾਂ ਨਾਲ ਨ ਖੋਲ੍ਹਣੀਆਂ ਪੈਣ।
"ਓਹ "ਹ" ਨੂੰ "ਅ" ਉਚਾਰਦਾ ਹੈ ਤੇ ਤੂੰ "ਪੰਜੇ" ਲਫ਼ਜ਼ "ਪੰਜਰ" ਉਚਾਰਦਾ ਹੈਂ," ਨਿਖਲੀਊਧਵ ਨੇ ਆਪਣੇ ਮਨ ਵਿਚ ਕਹਿਆ, ਤੇ ਇਸਨੂੰ ਉਸ ਆਦਮੀ ਵਲ ਇੰਨੀ ਘ੍ਰਿਣਾ ਮਹਿਸੂਸ ਹੋਈ ਕਿ ਕਿਸੀ ਤਰਾਂ ਹਟਾਈ ਜਾ ਹੀ ਨਹੀਂ ਰਹੀ ਸੀ ਸਕਦੀ। ਤੇ ਏਹ ਘ੍ਰਿਣਾ ਨਿਖਲੀਊਧਵ ਨੂੰ ਇਸ ਕਰਕੇ ਹੋਈ ਕਿ ਇਹ ਸ਼ਖਸ ਆਪਣੀ ਖੁਲ੍ਹੀ ਧਿੰਗੋਜੋਰੀ ਤੇ ਬੇਤਕੱਲਫੀ ਨਾਲ ਦਸਨਾ ਚਾਹੁੰਦਾ ਸੀ ਕਿ ਓਹ ਤੇ ਨਿਖਲੀਊਧਵ ਇਕ ਤਬਕੇ, ਇਕ ਦਾਇਰੇ ਦੇ ਅਮੀਰ ਲੋਕੀ ਹਨ ਤੇ ਓਹਦੇ ਹੋਰ ਮੁਵੱਕਲ ਲੋਕੀ ਨੀਵੇਂ ਦਰਜੇ ਦੇ ਤਬਕੇ ਦੇ ਲੋਕੀ ਹਨ।
"ਓਸ ਸੌਦਾਗਰ ਨੇ ਮੇਰੀ ਜਿੰਦ ਹੀ ਕੱਢ ਲਈ ਸੀ। ਓਹ ਬੜਾ ਹੀ ਭਿਆਨਕ ਬਦਮਾਸ਼ ਹੈ। ਮੈਂ ਇਉਂ ਮਹਿਸੂਸ ਕਰ ਰਹਿਆ ਹਾਂ ਕਿ ਆਪ ਨਾਲ ਇਹ ਗੱਲਾਂ ਕਰਕੇ ਆਪਣੀ ਤਬੀਅਤ ਨੂੰ ਹਲਕਾ ਕਰ ਲਵਾਂ," ਵਕੀਲ ਨੇ ਕਹਿਆ, ਜਿਵੇਂ ਓਹ ਇਨ੍ਹਾਂ ਗੱਲਾਂ ਬਾਬਤ ਜ਼ਿਕਰ ਕਰਨ ਲਈ ਜਿਨ੍ਹਾਂ ਦਾ ਇਹਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਸੀ, ਇਕ ਤਰ੍ਹਾਂ ਦੀ ਮਾਫ਼ੀ ਮੰਗ ਰਹਿਆ ਹੈ—"ਅੱਛਾ! ਹੁਣ ਆਪਦੇ ਮੁਕੱਦਮੇਂ ਵੱਲ ਆਈਏ, ਮੈਂ ਬੜੀ ਗਹੁ ਨਾਲ ਮਿਸਲ ਪੜ੍ਹੀ ਹੈ, ਜਿਵੇਂ ਤਰਗਿਨੇਵ ਕਹਿੰਦਾ ਹੈ, ਮੈਂ ਓਹਦੇ ਵਿੱਚ ਲਿਖੀਆਂ ਗੱਲਾਂ ਨੂੰ ਨਾ-ਮਨਜੂਰ ਕਰਦਾ ਹਾਂ, ਮੇਰਾ ਮਤਲਬ ਹੈ ਕਿ ਓਥੇ ਕੱਚੇ ਵਕੀਲ ਨੇ ਅਪੀਲ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ।"
"ਅੱਛਾ ਫਿਰ ਕੀ ਹੋ ਸਕਦਾ ਹੈ?"
"ਇਕ ਮਿੰਟ! ਓਹਨੂੰ ਕਹਿੰਦੇ," ਆਪਣੇ ਅਸਟੰਟ, ਵਲ ਮੁੜ ਕੇ ਕਹਿੰਦਾ ਹੈ, ਜਿਹੜਾ ਉਸ ਵੇਲੇ ਅੰਦਰ ਆ ਗਇਆ ਸੀ, 'ਕਿ ਮੈਂ ਜੇ ਕੁਛ ਕਿਹਾ ਹੈ ਬਸ ਓਹੋ ਹੀ ਹੋਵੇਗਾ। ਜੇ ਓਹ ਕਰ ਸਕਦਾ ਹੈ ਤਦ ਠੀਕ, ਨਹੀਂ ਤੇ ਨਹੀਂ।"
"ਪਰ ਉਹ ਮੰਨੇਗਾ ਨਹੀਂ।"
"ਚੰਗਾ—ਫਿਰ ਕੁਛ ਪਰਵਾਹ ਨਹੀਂ," ਇਹ ਕਰਕੇ ਓਹਦਾ ਰੌਣਕੀ ਮੂੰਹ ਕੁਛ ਖਫ਼ਾ ਤੇ ਖ਼ੁਸ਼ਕ ਜਿਹਾ ਹੋ ਗਇਆ।
"ਹੁਣ ਇਹ ਤੱਕੋ! ਇਹ ਕਹਿੰਦੇ ਹਨ ਕਿ ਅਸੀਂ (ਵਕੀਲ) ਏਵੇਂ ਰੁਪੈ ਲੈ ਲੈਂਦੇ ਹਾਂ," ਕੁਛ ਠਹਿਰ ਕੇ ਮੁੜ ਓਹੋ ਰੌਣਕੀ ਰੰਗ ਆਪਣੇ ਮੂੰਹ ਤੇ ਲਿਆਕੇ ਓਸ ਗਲ ਕੀਤੀ। "ਮੈਂ ਇਕ ਦਵਾਲੀਏ ਨੂੰ ਇਕ ਬਿਲਕੁਲ ਕੂੜੇ ਲੱਗੇ ਦੋਸ਼ ਥੀਂ ਛੁੜਾਇਆ ਹੈ, ਤੇ ਹੁਣ ਸਾਰੇ ਮੇਰੇ ਪਾਸ ਆਉਂਦੇ ਹਨ ਪਰ ਹਰ ਇਕ ਮੁਕਦਮੇਂ ਵਿਚ ਬੜਾ ਕੰਮ ਕਰਨਾ ਪੈਂਦਾ ਹੈ, "ਕੀ ਅਸੀ ਵੀ ਆਪਣੇ ਮਾਸ ਦੇ ਨਿਕੇ ਨਿਕੇ ਟੁਕੜੇ ਕਰ ਦਵਾਤ ਵਿਚ ਨਹੀਂ ਪਾਉਂਦੇ?" ਜਿਸ ਤਰ੍ਹਾਂ ਇਕ ਲੇਖਕ ਨੇ ਲਿਖਿਆ ਹੈ।
"ਅਛਾ—ਓਹ ਆਪਦਾ ਮੁਕੱਦਮਾ ਯਾ ਓਹ ਮੁਕਦਮਾਂ ਜਿਸ ਵਿਚ ਆਪ ਦਿਲਚਸਪੀ ਲੈ ਰਹੇ ਹੋ, ਇਹ ਬੜੀ ਹੀ ਭੈੜੀ ਤਰਾਂ ਕੀਤਾ ਗਇਆ ਹੈ, ਅਪੀਲ ਲਈ ਕੋਈ ਗੁੰਜਾਇਸ਼ ਹੀ ਨਹੀਂ ਰਹਿ ਗਈ ਹੋਈ, ਫਿਰ ਵੀ," ਤੇ ਓਹ ਕਹੀ ਗਿਆ "ਅਸੀ ਕੋਸ਼ਸ਼ ਕਰ ਸਕਦੇ ਹਾਂ ਕਿ ਹੁਕਮ ਮਨਸੂਖ ਹੋ ਜਾਵੇ, ਮੈਂ ਇਹ ਕੁਛ ਲਿਖਿਆ ਹੈ।" ਓਸ ਹੁਣ ਕਈ ਇਕ ਕਾਗਜ਼ ਦੇ ਤਾ ਚੁਕ ਲਏ ਜਿਹੜੇ ਸਾਰੇ ਕਾਲੀ ਸਿਆਹੀ ਦੇ ਲਿਖੇ ਨਾਲ ਭਰੇ ਪਏ ਸਨ ਤੇ ਛੇਤੀ ਛੇਤੀ ਪੜ੍ਹਨ ਲਗ ਗਇਆ। ਕਈ ਫਿਕਰਿਆਂ ਤੇ ਖਾਸ ਜੋਰ ਦਿੰਦਾ ਸੀ ਤੇ ਕਈ ਖਾਸ ਕਾਨੂੰਨੀ ਸਮਝ-ਨ-ਆਉਣ ਵਾਲੇ ਲਫਜ਼ ਛਡੀ ਜਾਂਦਾ ਸੀ, ਅਪੀ ਕੋਰਟ ਨੂੰ......................... ਫੌਜਦਾਰੀ ਮਹਕਮਾ ਆਦਿ....................... ਆਦਿ....................... ਫੈਸਲਿਆਂ ਮੁਤਾਬਕ, ਜੂਰੀ ਦਾ ਫੈਸਲਾ ਵਗੈਰਾ .............. ਫਲਾਂ, ਫਲਾਂ, ਮਸਲੋਵਾ ਸੌਦਾਗਰ ਸਮੈਲਕੋਵ ਨੂੰ ਜ਼ਹਿਰ ਦੇਕੇ ਮਾਰ ਦੇਣ ਦੇ ਅਪਰਾਧ ਵਿਚ ਦੋਸੀ ਠਹਿਰਾਈ ਗਈ ਹੈ ਤੇ ਮੁਤਾਬਕ ਦਫਾ ੧੪੫੪ ਜ਼ਾਬਤਾ ਫੌਜਦਾਰੀ ਸਾਈਬੇਰੀਆ ਦੀ ਸਜ਼ਾਯਾਬ ਹੋਈ" ........ਵਗੈਰਾ ਵਗੈਰਾ।"
ਓਹ ਠਹਿਰ ਗਇਆ, ਸਾਫ ਸੀ ਕਿ ਭਾਵੇਂ ਇਹੋ ਜੇਹੀਆਂ ਗਲਾਂ ਓਹ ਰੋਜ ਲਿਖਦਾ ਸੀ ਤਾਂ ਵੀ ਉਹਨੂੰ ਆਪਣੀ ਲਿਖਾਈ ਉੱਪਰ ਖਾਸ ਖੁਸ਼ੀ ਹੁੰਦੀ ਸੀ। "ਇਹ ਹੁਕਮ ਆਮ ਤੇ ਸਾਫ਼ ਕੀਤੀਆਂ ਗਈਆਂ ਜੋਡਸ਼ਿਲ ਗਲਤੀਆਂ ਤੇ ਬੇਕਾਇਦਗੀਆਂ ਦਾ ਨਤੀਜਾ ਹੈ," ਉਹ ਅਸਰ ਪਾਣ ਲਈ ਦਬੀ ਗਇਆ, "ਉਹ ਹੁਕਮ ਮਨਸੂਖ ਕੀਤਾ ਜਾ ਸਕਦਾ ਹੈ। ਪਹਿਲਾਂ ਤਾਂ ਸਮੈਲਕੋਵ ਦੀਆਂ ਆਂਦਰਾਂ ਦੇ ਡਾਕਟਰੀ ਮੁਆਇਨੇ ਦੀ ਰਪੋਟ ਦਾ ਪੜ੍ਹਨਾ ਸ਼ੁਰੂ ਵਿਚ ਪ੍ਰਧਾਨ ਨੇ ਰੋਕ ਦਿੱਤਾ ਸੀ ਇਹ ਇਹ ਨੁਕਤਾ ਨੰਬਰ ਪਹਿਲਾ ਹੋਇਆ।"
ਪਰ ਇਹ ਪੜ੍ਹਨ ਦੀ ਮੰਗ ਤਾਂ ਸਰਕਾਰੀ ਵਕੀਲ ਵਲੋਂ ਸੀ, ਸਾਡੇ ਵਲੋਂ ਤਾਂ ਨਹੀਂ ਸੀ," ਨਿਖਲੀਊਧਵ ਨੇ ਹੈਰਾਨ ਹੋ ਕੇ ਕਹਿਆ।
"ਉੱਕਾ ਕੋਈ ਹਰਜ ਨਹੀਂ, ਅਪੀਲ ਦੀਆਂ ਵਜੂਹਾਤਾਂ ਵਿਚ ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਵਲੋਂ ਏਹਦੇ ਪੜ੍ਹਨ ਦੀ ਮੰਗ ਹੋਵੇ।"
"ਆਹ! ਪਰ ਓਸ ਲਈ ਇਹ ਵਜਾ ਕਿਸੀ ਤਰ੍ਹਾਂ ਨਹੀਂ ਹੋ ਸਕਦੀ ਸੀ।"
"ਅਪੀਲ ਲਈ ਤਾਂ ਇਹ ਦਲੀਲ ਹੋ ਸਕਦੀ ਹੈ, ਅਛਾ ਅਗੇ ਚਲਯੀਏ—"ਦੂਜੇ" ਓਹ ਪੜ੍ਹੀ ਚਲਾ ਗਇਆ: "ਜਦ ਮਸਲੋਵਾ ਦਾ ਵਕੀਲ ਸਫਾਈ ਦੀ ਤਕਰੀਰ ਕਰਦਾ ਹੈ ਤੇ ਮਸਲੋਵਾ ਦੀ ਸ਼ਖਸੀਅਤ ਨੂੰ ਮੁਕਰਰ ਕਰਨਾ ਚਾਹੁੰਦਾ ਹੈ ਤੇ ਓਨ੍ਹਾਂ ਸਬੱਬਾਂ ਵਲ ਜਾਂਦਾ ਹੈ ਜਿਹੜੇ ਮਸਲੋਵਾ ਦੀ ਗਿਰਾਵਟ ਦਾ ਬਾਇਸ ਹੋਏ ਸਨ ਤਦ ਪ੍ਰਧਾਨ ਨੇ ਓਹਨੂੰ ਕਹਿਆ ਸੀ ਕਿ ਓਹ ਆਪਣੇ ਮਜ਼ਮੂਨ ਵਲ ਹੀ ਰਵ੍ਹੇ, ਹਾਲਾਂਕਿ ਸੈਨੇਟ ਨੇ ਕਈ ਵੇਰੀ ਹਦਾਇਤਾਂ ਕੀਤੀਆਂ ਹਨ ਕਿ ਮੁਜਰਿਮ ਦੀ ਖਾਸ ਆਦਤਾਂ ਦੀ ਖੋਲਕੇ ਵਿਯਾਖਿਆ ਕਰਨੀ, ਓਨ੍ਹਾਂ ਦੇ ਇਖਲਾਕੀ ਖਿਆਲਾਂ ਨੂੰ ਅਲਗ ਅਲਗ ਕਰਕੇ ਦੱਸਣਾ, ਆਦਿ ਫੌਜਦਾਰੀ ਮੁਕਦਮਿਆਂ ਵਿਚ ਖਾਸ ਮਹਨੇ ਰਖਦਾ ਹੈ, ਭਾਵੇਂ ਹੋਰ ਕੁਛ ਨਹੀਂ, ਤਾਂ ਇਕ ਸੇਧ ਲੈਨ ਨੂੰ ਸਹਾਇਤਾ ਦਿੰਦਾ ਹੈ ਕਿ ਓਸ ਵਿਚ ਸ਼ਖਸੀ ਜ਼ਿੰਮੇਵਾਰੀ ਮੁਜਰਿਮ ਦੀ ਕਿੰਨੀ ਹੈ, ਇਹ ਦੂਜਾ ਨੁਕਤਾ ਹੈ," ਓਸ ਨਿਖਲੀਊਧਵ ਵਲ ਤਕ ਕੇ ਕਹਿਆ।
"ਪਰ ਓਹ ਇੰਨਾ ਭੈੜਾ ਬੋਲਿਆ ਸੀ ਕਿ ਓਹਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਸੀ ਪਤਾ ਲਗਦਾ," ਨਿਖਲੀਊਧਵ ਨੇ ਹੋਰ ਵੀ ਹੈਰਾਨ ਹੋ ਕੇ ਕਹਿਆ।
ਓਹ ਤਾਂ ਨਿਰਾਪੁਰਾ ਉੱਲੂ ਹੈ, ਤੇ ਓਸ ਪਾਸੋਂ ਕੋਈ ਅਕਲ ਦੀ ਗੱਲ ਦੀ ਉਮੈਦ ਕਰਨਾ ਹੀ ਬੇਸੁਧ ਹੈ" ਫਨਾਰਿਨ ਨੇ ਹੱਸ ਕੇ ਉਤਰ ਦਿਤਾ "ਪਰ ਤਾਂ ਵੀ ਇਹ ਅਪੀਲ ਦੀ ਵਜ੍ਹਾ ਬਣਾਈ ਜਾ ਸੱਕਦੀ ਹੈ।"
"ਤੀਸਰੇ, ਪ੍ਰਧਾਨ ਨੇ ਜਿਸ ਵਕਤ ਸਾਰੀ ਗੱਲ ਇਕੱਠੀ ਕਰ ਕੇ ਜੂਰੀ ਨੂੰ ਦੱਸੀ ਸੀ, ਓਹ ਦਫਾ ੮੦੧ ਜ਼ਾਬਤਾ ਫੌਜਦਾਰੀ ਦੇ ਸੈਕਸ਼ਨ ੧ ਦੇ ਸਿਧੇ ਮਾਹਨਿਆਂ ਦੇ ਬਰਖਲਾਫ ਸੀ। ਓਹ ਜੂਰੀ ਨੂੰ ਇਹ ਕਹਿਣੋ ਉੱਕ ਗਇਆ ਸੀ ਕਿ ਜੁਡਿਸ਼ਲ ਨੁਕਤਿਆਂ ਥੀਂ ਕਿਹੜੀ ਕਿਹੜੀ ਗੱਲ ਜੁਰਮ ਬਣਾਉਂਦੀ ਹੈ ਤੇ ਓਹ ਇਹ ਭੀ ਕਹਿਣੋ ਉੱਕ ਗਇਆ ਸੀ ਕਿ ਮਸਲੋਵਾ ਜ਼ਹਿਰ ਦੇਣ ਦਾ ਇਕਬਾਲ ਕਰਦੀ ਹੈ, ਤਦ ਜੂਰੀ ਨੂੰ ਕੋਈ ਹਕ ਨਹੀਂ ਸੀ ਕਿ ਓਹ ਓਸ ਦੀ ਨੀਤ ਦੇ ਬੁਰਾ ਹੋਣ ਦਾ ਖ਼ਾਹਮਖ਼ਾਹ ਓਸ ਉੱਪਰ ਦੋਸ਼ ਮੜ੍ਹਣ, ਜਦ ਕਿ ਸਮੈਲਕੋਵ ਨੂੰ ਮਾਰ ਦੇਣ ਲਈ ਹੀ ਜ਼ਹਿਰ ਦਿੱਤੇ ਜਾਣ ਆਦਿ ਲਈ ਕੋਈ ਸਬੂਤ ਮੌਜੂਦ ਨਹੀਂ ਸਨ, ਤੇ ਨ ਓਨ੍ਹਾਂ ਨੂੰ ਕੋਈ ਹੱਕ ਸੀ ਕਿ ਓਹ ਓਹਨੂੰ ਇਸ ਥੀਂ ਵਧ ਕੋਈ ਹੋਰ ਦੋਸ਼ ਲਾਵਣ ਕਿ ਉਹ ਇਕ ਬੇਪਰਵਾਹੀ ਦੀ ਦੋਸਨ ਹੈ ਤੇ ਉਹਦੀ ਬੇਪਰਵਾਹੀ ਨਾਲ ਹੀ ਸੌਦਾਗਰ ਦੀ ਮੌਤ ਹੋ ਗਈ ਸੀ, ਜਿਸ ਵਾਸਤੇ ਉਸਦਾ ਕੋਈ ਇਰਾਦਾ ਨਹੀਂ ਸੀ, ਇਹ ਸਭ ਥੀਂ ਵੱਡਾ ਤੇ ਵਜ਼ਨੀ ਨੁਕਤਾ ਹੈ।
"ਹਾਂ! ਪਰ ਇਹ ਗੱਲ ਸਾਨੂੰ ਸਬ ਨੂੰ ਮਲੂਮ ਹੋਣੀ ਚਾਹੀਦੀ ਸੀ, ਇਹ ਸਾਡੀ ਗ਼ਲਤੀ ਸੀ।"
"ਤੇ ਹੁਣ ਚੌਥਾ ਨੁਕਤਾ," ਵਕੀਲ ਬੋਲੀ ਗਇਆ, ਜਿਸ ਸ਼ਕਲ ਵਿੱਚ ਜੂਰੀ ਨੇ ਜਵਾਬ ਦਿੱਤਾ, ਓਸ ਵਿੱਚ ਇਹ ਸਾਫ ਹੈ, ਕਿ ਕਈ ਗਲਾਂ ਇਕ ਦੂਸਰੇ ਦੇ ਉਲਟ ਸ਼ਾਮਲ ਹਨ। ਮਸਲੋਵਾ ਨੂੰ ਓਨ੍ਹਾਂ ਦੋਸ਼ ਤਾਂ ਇਹ ਮੜ੍ਹਿਆ ਹੈ ਕਿ ਓਸ ਨੇ ਜਾਣ ਕੇ ਸਮੈਲਕੋਵ ਨੂੰ ਜ਼ਹਿਰ ਦਿੱਤਾ ਜਦ ਓਜ਼ ਕਾਮਾਤਰ ਹੋਇਆ ਹੋਇਆ ਸੀ ਤੇ ਓਹਨੂੰ ਮਾਰਨ ਦੀ ਨੀਤ ਅਗਰ ਕੋਈ ਹੋ ਸਕਦੀ ਸੀ ਤਾਂ ਇਕ ਇਹੋ ਸੀ ਕਿ ਮਸਲੋਵਾ ਓਸ ਥੀਂ ਆਪਣਾ ਪਿੱਛਾ ਛੁੜਾਣਾ ਚਾਹੁੰਦੀ ਸੀ। ਜੂਰੀ ਆਪਣੇ ਇਸ ਫੈਸਲੇ ਵਿੱਚ ਓਹਨੂੰ ਉਹਦੇ ਮਾਲ ਲੁੱਟਣ ਦੇ ਦੋਸ਼ ਥੀਂ ਬਰੀ ਕਰਦੀ ਹੈ ਤੇ ਨਾਲੇ ਓਸ ਚੁਰਾਏ ਮਾਲ ਦੇ ਵਿਚੋਂ ਹਿੱਸਾ ਲੈਣ ਥੀਂ ਵੀ ਬਰੀ ਕਰਦੀ ਹੈ ਜਿਸ ਥੀਂ ਸਾਫ ਮਤਲਬ ਨਿਕਲਦਾ ਹੈ ਕਿ ਉਹ ਅਸਲ ਵਿੱਚ ਮਸਲੋਵਾ ਨੂੰ ਖੂਨ ਕਰਨ ਦੀ ਨੀਤ ਥੀਂ ਵੀ ਬਰੀ ਕਰਨਾ ਚਾਹੁੰਦੇ ਸਨ, ਤੇ ਇਕ ਅਣਸਮਝਣ ਕਰਕੇ ਤੇ ਪ੍ਰਧਾਨ ਦੇ ਸਾਰ ਦੱਸਣ ਵਿੱਚ ਉਕਤਾਈ ਕਰਕੇ ਇਹ ਗੱਲ ਨਹੀਂ ਸੀ ਸਾਫ ਹੋਈ। ਉਹ ਆਪਣੇ ਜਵਾਬ ਵਿੱਚ ਇਓਂ ਸਪਸ਼ਟ ਨ ਕਰ ਸੱਕੇ, ਇਸ ਵਾਸਤੇ ਇਹੋ ਜੇਹੇ ਜਵਾਬ ਲਈ ਦਫਾ ੮੧੭ ਤੇ ੯੯੮ ਜ਼ਾਬਤਾ ਫੌਜਦਾਰੀ ਲਗਾਣਾ ਜਰੂਰੀ ਸੀ, ਅਰਥਾਤ ਪ੍ਰਧਾਨ ਨੂੰ ਆਪਨੀ ਗਲਤੀ ਜੂਰੀ ਨੂੰ ਦੱਸਣੀ ਚਾਹੀਦੀ ਸੀ ਤੇ ਮੁੜ ਬਹਿਸ ਹੋਣੀ ਚਾਹੀਦੀ ਸੀ, ਤੇ ਮੁੜ ਦੋਸ਼ੀ ਦੇ ਦੋਸ਼ ਉੱਪਰ ਉਨ੍ਹਾਂ ਦਾ ਫੈਸਲਾ ਹੋਣਾ ਜਰੂਰੀ ਸੀ।"
"ਤੇ ਫਿਰ ਪ੍ਰਧਾਨ ਨੇ ਇਸ ਤਰਾਂ ਕਿਉਂ ਨਾ ਕੀਤਾ?"
"ਮੈਂ ਆਪ ਪੁੱਛਣਾਂ ਚਾਹੁੰਦਾ ਹਾਂ ਕਿ ਉਸ ਨੇ ਕਿਉਂ ਇਓਂ ਨ ਕੀਤਾ," ਫਨਾਰਿਨ ਨੇ ਹੱਸ ਕੇ ਕਹਿਆ।
ਤੇ ਕੀ ਫਿਰ ਸੈਨੇਟ ਜਰੂਰ ਇਸ ਗਲਤੀ ਨੂੰ ਸੋਚੇਗੀ?"
"ਇਹ ਗੱਲ ਤਾਂ ਇਸ ਉੱਪਰ ਹੈ ਕਿ ਉਸ ਵੇਲੇ ਕੌਣ ਸੈਨੇਟ ਦਾ ਪ੍ਰਧਾਨ ਹੋਵੇ, ਅੱਛਾ ਆਹ ਗੱਲ ਵੀ ਮੈਂ ਹੋਰ ਲਿਖੀ ਹੈ," ਤਾਂ ਉਹ ਛੇਤੀ ਛੇਤੀ ਬੋਲੀ ਗਇਆ, "ਕਿ ਇਸ ਕਿਸਮ ਦੇ ਜੂਰੀ ਦੇ ਫੈਸਲੇ ਉੱਪਰ ਅਦਾਲਤ ਨੂੰ ਮਸਲੋਵਾ ਨੂੰ ਦੋਸੀ ਬਣਾਕੇ ਸਜ਼ਾ ਦੇਣ ਦਾ ਕੋਈ ਹੱਕ ਨਹੀਂ ਸੀ। ਦਫਾ ੭੭੧ ਜ਼ਾਬਤਾ ਫੌਜਦਾਰੀ ਸੈਕਸ਼ਨ ਤੀਸਰਾ ਇਸ ਮੁਕੱਦਮੇ ਵਿੱਚ ਲਾਗੂ ਹੈ। ਇਸ ਫੈਸਲੇ ਵਿੱਚ ਇਓਂ ਸਾਡੇ ਫੌਜਦਾਰੀ ਕਾਨੂੰਨ ਮੁਤਾਬਕ ਇਕ ਬੜਾ ਭਾਰੀ ਤੇ ਸਾਫ ਜ਼ੁਲਮ ਹੋਇਆ ਹੈ। ਇਨ੍ਹਾਂ ਸਬੱਬਾਂ ਤੇ ਵਜੂਹਾਤਾਂ ਕਰਕੇ ਮੈਂ ਆਪ ਪਾਸ ਅਪੀਲ ਕਰਦੀ ਹਾਂ..........ਕਿ ਦਫਾ ੯੦੯, ੯੧੦ ਦੇ ਸੈਕਸ਼ਨ ੨,੯੧੨, ੯੨੮ ਜ਼ਾਬਤਾ ਫੌਜਦਾਰੀ ਅਨੁਸਾਰ ਇਹ ਹੁਕਮ ਮਨਸੂਖ਼ ਫਰਮਾਇਆ ਜਾਵੇ ਤੇ ਇਸ ਮੁਕੱਦਮੇਂ ਨੂੰ ਉਸੀ ਅਦਾਲਤ ਦੇ ਕਿਸੀ ਦੂਸਰੇ ਮਹਿਕਮੇਂ ਵਿੱਚ ਮਜ਼ੀਦ ਤਹਿਕੀਕਾਤ ਲਈ ਮੋੜਿਆ ਜਾਵੇ" ...........ਬੱਸ ਇਓਂ ਜੋ ਕੁਛ ਹੋ ਸੱਕਦਾ ਹੈ ਓਹ ਕੀਤਾ ਗਇਆ ਹੈ। ਪਰ ਸੱਚੀ ਗੱਲ ਇਹ ਹੈ ਕਿ ਮੈਨੂੰ ਕਾਮਯਾਬੀ ਦੀ ਕੋਈ ਆਸ ਨਹੀਂ, ਭਾਵੇਂ ਦਰਹਕੀਕਤ ਗੱਲ ਇਹ ਹੈ ਕਿ ਉਸ ਵੇਲੇ ਸੈਨੇਟ ਦੇ ਮੈਂਬਰਾਂ ਦੀ ਤਬੀਅਤ ਉੱਪਰ ਹੈ, ਜੇ ਆਪਦਾ ਕੋਈ ਪਹੁੰਚਣ ਦਾ ਵਸੀਲਾ ਹੈ ਤਦ ਤੁਸੀ ਕੋਸ਼ਸ ਕਰ ਲਵੋ।"
"ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਣਦਾ ਹਾਂ।"
"ਤਦ ਠੀਕ—ਪਰ ਕਰੋ ਜਲਦੀ, ਨਹੀਂ ਤਾਂ ਉਹ ਸਾਰੇ ਆਪਣੀਆਂ ਬਵਾਸੀਰਾਂ ਦੇ ਇਲਾਜ ਲਈ ਬਾਹਿਰ ਵਗ ਜਾਣਗੇ ਤੇ ਫਿਰ ਉਨ੍ਹਾਂ ਦੇ ਮੁੜਨ ਉੱਪਰ ਤਿੰਨ ਮਹੀਨੇ ਹੋਰ ਉਡੀਕ ਕਰਨੀ ਪੈ ਜਾਵੇਗੀ। ਫਿਰ ਜੇ ਓਹ ਅਪੀਲ ਨੂੰ ਨਾਮਨਜ਼ੂਰ ਕਰਨ ਤਦ ਆਪ ਨੂੰ ਸ਼ਾਹਨਸ਼ਾਹ ਜ਼ਾਰ ਪਾਸ ਵੀ ਅਰਜ ਦਾ ਮੌਕਾ ਹੈ, ਤੇ ਓਹ ਪਰਦਿਆਂ ਦੇ ਪਿੱਛੇ ਕਿਸੀ ਵਸੀਲੇ ਕਰਕੇ ਹੀ ਸੁਣਾਈ ਹੋ ਸੱਕਦੀ ਹੈ, ਐਵੇਂ ਨਹੀਂ। ਤੇ ਉਸ ਹਾਲਤ ਵਿੱਚ ਵੀ ਮੈਂ ਆਪ ਦੀ ਸੇਵਾ ਲਈ ਹਰ ਤਰਾਂ ਤਿਆਰ ਹਾਂ। ਮਤਲਬ ਅਰਜੀ ਪਰਚਾ ਲਿਖਣ ਆਦਿ ਵਿੱਚ, ਪਰਦੇ ਪਿੱਛੇ ਦੇ ਕੰਮਾਂ ਵਿੱਚ ਨਹੀਂ—"
"ਮਿਹਰਬਾਨੀ—ਹੁਣ ਆਪ ਦੀ ਫੀਸ ਕੀ ਹੈ?"
"ਮੇਰਾ ਅਸਟੰਟ ਆਪ ਨੂੰ ਇਹ ਅਰਜੀ ਦੇਵੇਗਾ, ਤੇ ਨਾਲੇ ਫੀਸ ਵੀ ਦੱਸ ਦੇਵੇਗਾ।"
"ਇਕ ਹੋਰ ਗੱਲ—ਪ੍ਰੋਕਿਊਰਰ ਨੇ ਮੈਨੂੰ ਜੇਲ ਵਿੱਚ ਇਕ ਬੰਦੇ ਨੂੰ ਮਿਲਣ ਦਾ ਪਾਸ ਦਿੱਤਾ ਸੀ, ਪਰ ਓਹ ਕਹਿੰਦੇ ਹਨ ਕਿ ਕਿਸੀ ਕੈਦੀ ਨਾਲ ਵਕਤ ਤੇ ਬਾਹਰ ਤੇ ਕਿਸੀ ਇਕੱਲੇ ਕਮਰੇ ਵਿੱਚ ਮੁਲਾਕਾਤ ਕਰਨ ਲਈ ਗਵਰਨਰ ਦੀ ਇਜਾਜ਼ਤ ਦੀ ਜਰੂਰਤ ਹੈ, ਕੀ ਇਹ ਠੀਕ ਹੈ?"
"ਹਾਂ—ਮੇਰਾ ਖਿਆਲ ਹੈ, ਪਰ ਗਵਰਨਰ ਅੱਜ ਕਲ ਇੱਥੇ ਨਹੀਂ ਉਹਦੀ ਥਾਂ ਨੈਬ ਹੈ, ਪਰ ਇਹ ਤਾਂ ਬੜਾ ਅਭਨੱਕ ਆਦਮੀ ਹੈ। ਇਸ ਪਾਸੋਂ ਕੋਈ ਕੰਮ ਸਰ ਨਹੀਂ ਆਉਣ ਲੱਗਾ।"
"ਕੀ ਅਹ ਮੈਸੇਲੈਨੀਕੋਵ ਤਾਂ ਨਹੀਂ?"
"ਠੀਕ।"
"ਮੈਂ ਓਹਨੂੰ ਜਾਣਦਾ ਹਾਂ," ਨਿਖਲੀਊਧਵ ਨੇ ਕਹਿਆ ਤੇ ਤੁਰਨ ਨੂੰ ਖੜਾ ਹੋ ਗਇਆ। ਇਸ ਘੜੀ ਇਕ ਬੜੀ ਡਰਾਉਣੀ ਬਦ ਸੂਰਤ, ਹੱਡੀਆਂ ਹੱਡੀਆਂ, ਮੋਟੇ ਨੱਕ ਵਾਲੀ, ਪੀਲੀ ਜੇਹੀ, ਮਧਰੀ ਤੀਮੀਂ ਕਮਰੇ ਵਿੱਚ ਦੌੜਦੀ ਵੜ ਆਈ। ਇਹ ਇਸ ਵਕੀਲ ਦੀ ਵਹੁਟੀ ਸੀ, ਜਿਹਨੂੰ ਆਪਨੇ ਇੰਨਾਂ ਕਰੂਪ ਹੋਣ ਦੀ ਕੋਈ ਤਕਲੀਫ ਯਾ ਪੀੜ ਨਹੀਂ ਸੀ ਹੋ ਰਹੀ। ਇਹਦੀ ਪੋਸ਼ਾਕ ਬੜੀ ਹੀ ਨਵੀਂ ਤਰਜ਼ ਦੀ ਸੀ, ਉਸਦੇ ਜਿਸਮ ਨੂੰ ਕੋਈ ਚੀਜ਼ ਪੀਲੀ ਤੇ ਸਾਵੀ, ਮਖ਼ਮਲ ਤੇ ਰੇਸ਼ਮ ਦੀ ਬਣੀ ਹੋਈ ਢੱਕ ਰਹੀ ਸੀ, ਤੇ ਓਹਦੇ ਪਤਲੇ ਜੇਹੇ ਵਾਲ ਕੁੰਡਲਦਾਰ ਬਣਾਏ ਹੋਏ ਸਨ। ਉਹ ਇਕ ਜਿੱਤੇ ਬੰਦੇ ਵਾਂਗ ਖੁਸ਼ੀ ਖੁਸ਼ੀ ਕਮਰੇ ਵਿੱਚ ਆਈ, ਉਹਦੇ ਮਗਰ ਹੀ ਇਕ ਲੰਮਾ, ਹਸੂ ਹਸੂ ਕਰਦਾ ਮਰਦ ਆਇਆ। ਇਸ ਮਰਦ ਦੇ ਮੂੰਹ ਦਾ ਰੰਗ ਸਾਵਾ ਜੇਹਾ ਸੀ, ਰੇਸ਼ਮ ਦੀਆਂ ਕਫਾਂ ਕਾਲਰਾਂ ਵਾਲਾ ਕੋਟ ਸੀ ਤੇ ਇਕ ਚਿੱਟੀ ਟਾਈ ਪਾਈ ਹੋਈ ਸੀ। ਇਹ ਕੋਈ ਪੁਸਤਕਾਂ ਲਿਖੂ ਮਰਦ ਸੀ। ਓਸ ਨਾਲ ਨਿਖਲੀਊਧਵ ਦੀ ਬਸ ਸ਼ਕਲ ਸ਼ਨਾਸੀ ਸੀ।
"ਐਨਾਤੋਲ," ਓਸ ਤੀਮੀ ਨੇ ਇਕ ਨਾਲ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਕਹਿਆ, "ਆਪ ਨੂੰ ਮੇਰੇ ਪਾਸ ਜਰੂਰ ਆਣਾ ਚਾਹੀਏ, ਜਰੂਰ ਆਵਣਾ। ਇਹ ਹੈ ਸਾਈਮਨ ਈਵਾਨਿਚ ਜਿਹੜਾ ਸਾਨੂੰ ਆਪਣੀ ਕਵਿਤਾ ਪੜ੍ਹ ਕੇ ਸੁਣਾਣ ਦਾ ਵਾਹਿਦਾ ਕਰਦਾ ਹੈ ਤੇ ਆਪ ਨੇ ਜਰੂਰ ਬਰ ਜਰੂਰ ਕਤਈ ਆਵਣਾ ਤੇ ਅਸੀ ਗਾਰਸ਼ੀਨ ਬਾਬਤ ਗੱਲਾਂ ਕਰਾਂਗੇ।"
ਨਿਖਲੀਊਧਵ ਨੇ ਨੋਟਿਸ ਕੀਤਾ ਕਿ ਓਸਨੇ ਆਪਣੇ ਖਾਵੰਦ ਦੇ ਕੰਨ ਵਿੱਚ ਵੀ ਕੁਛ ਕਹਿਆ ਤੇ ਇਹ ਖਿਆਲ ਕਰਕੇ ਕਿ ਕੋਈ ਗੱਲ ਓਹਦੀ ਬਾਬਤ ਹੀ ਕੀਤੀ ਹੋਣੀ ਹੈ ਉਸ ਨੇ ਜਾਣਾ ਚਾਹਿਆ, ਪਰ ਉਸ ਨੇ ਨਿਖਲੀਊਧਵ ਨੂੰ ਫੜ ਲਿਆ ਤੇ ਕਹਿਆ, "ਮੈਂ ਮਾਫੀ ਮੰਗਦੀ ਹਾਂ ਸ਼ਾਹਜ਼ਾਦਾ ਸਾਹਿਬ ਜੀ। ਮੈਂ ਆਪ ਨੂੰ ਜਾਣਈ ਹਾਂ ਇਸ ਲਈ ਆਪੇ ਵਿੱਚ ਦੀ ਮੁਲਾਕਤ ਕਰਾਈ ਦੀ ਕੋਈ ਲੋੜ ਨਹੀਂ ਤੇ ਆਪਦੀ ਮਿੰਨਤ ਕਰਦੀ ਹਾਂ ਕਿ ਆਪ ਠਹਿਰੋ ਤੇ ਸਾਡੇ ਸਾਹਿਤਕ ਜਲਸੇ ਵਿੱਚ ਹਿੱਸਾ ਲਓ। ਇਹ ਮੀਟਿੰਗ ਬੜੀ ਹੀ ਦਿਲਚਸਪ ਹੋਵੇਗੀ। ਐਨਾਤੋਲ ਬੜਾ ਹੀ ਅੱਛਾ ਬੋਲਦਾ ਹੈ।"
"ਆਪ ਦੇਖਦੇ ਹੋ ਕਿ ਮੈਨੂੰ ਕਿੰਨਾਂ ਕੰਮ ਕਰਨਾ ਪੈਂਦਾ ਹੈ," ਤਾਂ ਫਨਾਰਿਨ ਨੇ ਕਿਹਾ, ਤੇ ਆਪਣੇ ਹੱਥ ਵਹੁਟੀ ਵਲ ਕਰਕੇ ਹੱਥਾਂ ਦੀਆਂ ਤਲੀਆਂ ਉੱਪਰ ਵਲ ਕਰਕੇ ਚਾ ਦੱਸਿਆ ਤੇ ਉਸ ਵਲ ਤੱਕ ਕੇ ਹੱਸ ਕੇ ਕਹਿੰਦਾ ਹੈ ਕਿ ਕੋਈ ਕਿੰਵੇਂ ਇਹੋ, ਜੇਹੀ ਨਾਜ਼ਨੀਨ ਦਾ ਕਹਿਣਾ ਮੋੜੇ।
ਨਿਖਲੀਊਧਵ ਨੇ ਇਕ ਉਦਾਸ ਤੇ ਸੰਜੀਦਾ ਨਿਗਾਹ ਉਸ ਵਲ ਕਰਕੇ, ਵਕੀਲ ਦੀ ਵਹੁਟੀ ਪਾਸੋਂ ਮਾਫੀ ਮੰਗੀ ਤੇ ਬੜੇ ਅਦਬ ਅਦਾਬ ਨਾਲ ਉਸਦੇ ਨੇਵਤੇ ਦਾ ਧੰਨਵਾਦ ਕੀਤਾ ਪਰ ਓਹਦਾ ਬੁਲਾਵਾ ਨਾ-ਮਨਜ਼ੂਰ ਕਰਕੇ ਤੁਰ ਗਇਆ।
"ਕੇਹਾ ਫਿੱਟਿਆ ਹੋਇਆ ਉੱਪਰ ਉੱਪਰ ਦੇ ਬਨਾਵਟੀ ਨਖਰੇ ਕਰਨ ਵਾਲਾ ਹੈ," ਵਕੀਲ ਦੀ ਵਹੁਟੀ ਨੇ ਜਦ ਓਹ ਚਲਾ ਗਇਆ ਤਾਂ ਕਹਿਆ।
ਉਡੀਕ ਕਰਨ ਵਾਰੇ ਕਮਰੇ ਵਿੱਚ ਨਿਖਲੀਊਧਵ ਨੂੰ ਅਸਟੰਟ ਨੇ ਉਸ ਅਰਜ਼ੀ ਦਾ ਮਸੌਦਾ ਦਿੱਤਾ ਤੇ ਕਹਿਆ ਕਿ ਫੀਸ ੧੦੦੦) ਰੂਬਲ ਹੈ ਤੇ ਨਾਲੇ ਦੱਸਿਆ ਕਿ ਮਿਸਟਰ ਫਨਾਰਿਨ ਇਹੋ ਜਿਹੇ ਮਾਮੂਲੀ ਕੰਮ ਆਮ ਕਰਕੇ ਨਹੀਂ ਕਰਦਾ ਹੁੰਦਾ, ਪਰ ਆਪ ਦਾ ਖਾਸ ਲਿਹਾਜ਼ ਕੀਤਾ ਸੂ।
"ਤੇ ਇਸ ਅਰਜੀ ਬਾਬਤ ਹਾਂ—ਇਸ ਉੱਪਰ ਦਸਤਖਤ ਕਿਹਦੇ ਹੋਣੇ ਹਨ?"
"ਕੈਦੀ ਆਪ ਕਰ ਦੇਵੇ, ਤੇ ਜੇ ਇਹ ਔਖਾ ਹੋਵੇ ਤਾਂ ਜੇ ਓਹ ਮੁਖਤਾਰ ਨਾਮਾ ਦੇ ਦੇਵੇ, ਫਨਾਰਿਨ ਸਾਹਿਬ ਆਪ ਕਰ ਦੇਣਗੇ।"
"ਆਹ ਨਹੀਂ—ਮੈਂ ਇਹ ਅਰਜੀ ਉਸ ਪਾਸ ਹੀ ਲੈ ਜਾਵਾਂਗਾ ਤੇ ਓਹਦੇ ਦਸਤਖਤ ਕਰਾ ਲਿਆਵਾਂਗਾ," ਨਿਖਲੀਊਧਵ ਨੇ ਕਹਿਆ। ਤੇ ਇਸ ਗੱਲੋਂ ਖੁਸ਼ੀ ਸੀ ਕਿ ਇਸ ਬਹਾਨੇ ਮੁਕਰਰ ਦਿਨ ਥੀਂ ਪਹਿਲਾਂ ਹੀ ਉਸ ਨਾਲ ਮਿਲ ਪਵੇਗਾ।
ਮੋਇਆਂ ਦੀ ਜਾਗ-ਕਾਂਡ ੪੬. : ਲਿਉ ਤਾਲਸਤਾਏ
ਨਿਯਤ ਵਕਤ ਉੱਪਰ ਜੇਲਰ ਦੀ ਸੀਟੀ ਜੇਲ ਦੇ ਕੌਰੀਡੋਰ ਵਿੱਚ ਦੀ ਗੂੰਜੀ। ਕੈਦਖਾਨੇ ਦੀਆਂ ਕੋਠੜੀਆਂ ਦੇ ਲੋਹੇ ਦੀਆਂ ਸੀਖਾਂ ਵਾਲੇ ਦਰਵਾਜਿਆਂ ਦੇ ਜੰਦਰੇ ਖੜਕੇ। ਨੰਗੇ ਪੈਰਾਂ ਦੀ ਫਰਸ਼ ਉੱਪਰ ਤ੍ਰਪ ਤ੍ਰਪ ਹੋਈ, ਅੱਡੀਆਂ ਵੱਜੀਆਂ, ਤੇ ਉਹ ਕੈਦੀ ਜਿਹੜੇ ਚੂਹੜਿਆਂ ਦਾ ਕੰਮ ਕਰਦੇ ਸਨ, ਕੌਰੀਡੋਰਾਂ ਦੀ ਵਿੱਚ ਦੀ ਆਪਣੇ ਗੰਦ ਦੇ ਭਰੇ ਬਰਤਨ ਚੱਕੀ ਲੰਘੇ, ਜਿਨ੍ਹਾਂ ਦੀ ਗੰਦੀ ਬੋ ਨੇ ਸਭ ਪਾਸੇ ਬੋ ਹੀ ਬੋ ਫੈਲਾ ਦਿੱਤੀ। ਕੈਦੀਆਂ ਮੂੰਹ ਹੱਥ ਧੋਤੇ, ਕੱਪੜੇ ਪਾਏ ਤੇ ਇਨਸਪੈਕਸ਼ਨ ਲਈ ਬਾਹਰ ਆਏ ਅਤੇ ਫਿਰ ਚਾਹ ਲਈ ਉਬਲਦਾ ਪਾਣੀ ਲੈਣ ਗਏ।
ਸਵੇਰ ਦੀ ਛਾਹ ਵੇਲੇ ਆਪਸ ਦੀ ਗੱਲ ਬਾਤ ਸਾਰੀਆਂ ਕੈਦ ਕੋਠੜੀਆਂ ਵਿੱਚ ਜ਼ਿੰਦਾ ਦਿਲੀ ਵਾਲੀ ਸੀ। ਓਸ ਦਿਨ ਦੋ ਐਸੇ ਕੈਦੀ ਸਨ ਜਿਨ੍ਹਾਂ ਨੂੰ ਬੈਂਤ ਲੱਗਣੇ ਸਨ, ਇਕ ਤਾਂ ਵੈਸੀਲੈਵ, ਬੜਾ ਗਭਰੂ ਕੁਛ ਪੜਿਆ ਹੋਇਆ, ਇਕ ਕਲਾਰਕ ਸੀ ਜਿਸ ਆਪਣੀ ਰੱਖੀ ਤੀਵੀਂ ਇਕ ਸਾੜੇ ਦੇ ਗੁੱਸੇ ਵਿੱਚ ਜਾਨੋਂ ਮਾਰ ਦਿੱਤੀ ਸੀ। ਉਹਦੇ ਨਾਲ ਦੇ ਸਾਥੀ ਕੈਦੀ ਇਹਨੂੰ ਬੜਾ ਪਸੰਦ ਕਰਦੇ ਸਨ, ਕਿਉਂਕਿ ਉਹ ਰੌਣਕੀ ਸੀ ਤੇ ਉਹਦੀ ਤਬੀਅਤ ਬੜੀ ਖੁੱਲੀ ਤੇ ਉਦਾਰ ਸੀ ਤੇ ਨਾਲੇ ਜੇਲ ਦੇ ਅਫਸਰਾਂ ਨਾਲ ਖਾਸ ਤਕੜਾਈ ਨਾਲ ਨਜਿੱਠਦਾ ਸੀ। ਉਹ ਸਭ ਕਾਇਦੇ ਕਾਨੂੰਨ ਜਾਣਦਾ ਸੀ ਤੇ ਇਸ ਗੱਲ ਉੱਪਰ ਜਿੱਦ ਕਰਦਾ ਸੀ ਕਿ ਓਨ੍ਹਾਂ ਅਨੁਸਾਰ ਸਭ ਜੇਲ ਦੇ ਕੰਮ ਹੋਣ, ਅਰ ਇਸੇ ਲਈ ਅਫਸਰ ਲੋਕ ਓਹਨੂੰ ਪਸੰਦ ਨਹੀਂ ਸਨ ਕਰਦੇ।
ਤਿੰਨ ਹਫਤੇ ਹੋਏ ਸਨ ਕਿ ਇਕ ਜੇਲਰ ਨੇ ਇਕ ਚੂਹੜੇ ਕੈਦੀ ਨੂੰ ਇਸ ਲਈ ਮਾਰਿਆ ਸੀ ਕਿ ਓਹਨੇ ਸ਼ੋਰਬਾ ਓਹਦੀ ਨਵੀਂ ਬਰਦੀ ਉੱਤੇ ਡੋਲ ਦਿੱਤਾ ਸੀ। ਵੈਸੀਲੈਵ ਨੇ ਚੂਹੜੇ ਦਾ ਸਾਥ ਦਿੱਤਾ ਸੀ ਇਸ ਕਰਕੇ ਕਿ ਕਿਸੀ ਕੈਦੀ ਨੂੰ ਮਾਰਨਾ ਕਾਨੂੰਨ ਦੇ ਵਿਰੁੱਧ ਕੰਮ ਸੀ।
"ਮੈਂ ਤੈਨੂੰ ਕਾਨੂੰਨ ਸਿਖਾਵਾਂਗਾ," ਤੇ ਜੇਲਰ ਨੇ ਕਹਿਆ ਸੀ ਤੇ ਬੜੇ ਗੁੱਸੇ ਨਾਲ ਵੈਸੀਲੈਵ ਨੂੰ ਗਾਲਾਂ ਕੱਢੀਆਂ ਸਨ। ਵੈਸੀਲੈਵ ਨੇ ਵੀ ਉਸੀ ਤਰਾਂ ਦਾ ਕਰਾਰਾ ਜਵਾਬ ਸੁਣਾਇਆ ਸੀ। ਜੇਲਰ ਓਹਨੂੰ ਮਾਰਨ ਲੱਗ ਪਇਆ ਸੀ ਪਰ ਇਸਨੇ ਉਹਦੇ ਹੱਥ ਅੱਗੋਂ ਫੜ ਲਏ ਸਨ ਤੇ ਦੋ ਤਿੰਨ ਮਿੰਟ ਤਕ ਤਕੜੀ ਤਰਾਂ ਫੜੀ ਰੱਖੇ ਸਨ। ਤੇ ਫਿਰ ਇਸ ਨੇ ਉਹਦੇ ਹੱਥ ਖੂਬ ਮਰੋੜ ਕੇ ਦਰਵਾਜਿਓਂ ਬਾਹਰ ਧਿੱਕਾ ਦੇ ਦਿੱਤਾ ਸੀ, ਜੇਲਰ ਨੇ ਇਨਸਪੈਕਟਰ ਅੱਗੇ ਸ਼ਿਕਾਇਤ ਕੀਤੀ ਸੀ, ਜਿਸ ਹੁਕਮ ਦਿੱਤਾ ਸੀਕਿ ਵੈਸੀਲੈਵ ਨੂੰ ਇਕੱਲ ਕੋਠੜੀ ਵਿੱਚ ਕੈਦ ਕਰ ਦਿੱਤਾ ਜਾਵੇ।
ਇਕੱਲ ਕੋਠੜੀਆਂ ਇਕ ਹਨੇਰੇ ਕਮਰਿਆਂ ਦੀ ਕਿਤਾਬ ਸੀ ਜਿਨ੍ਹਾਂ ਵਿੱਚ ਡੱਕ ਕੇ ਬਾਹਰੋਂ ਜੰਦਰਾ ਮਾਰ ਦਿੰਦੇ ਸਨ। ਉਨ੍ਹਾਂ ਅੰਦਰ ਨ ਬਿਸਤਰੇ, ਨ ਕੁਰਸੀਆਂ, ਨ ਮੇਜ਼, ਕੁਛ ਵੀ ਨਹੀਂ ਸੀ ਰੱਖਿਆ ਹੁੰਦਾ ਤਾਕਿ ਕੈਦੀ ਮਜਬੂਰਨ ਭੁੰਜੇ ਪੈਣ ਤੇ ਫਰਸ਼ ਗੰਦਾ ਹੁੰਦਾ ਸੀ। ਬੇਸ਼ੁਮਾਰ ਸਨ ਚੂਹੇ ਜਿਹੜੇ ਕੈਦੀਆਂ ਦੀਆਂ ਰੋਟੀਆਂ ਚੁਰਾ ਕੇ ਲੈ ਜਾਂਦੇ ਸਨ ਤੇ ਜਦ ਓਹ ਸੁੱਤੇ ਯਾ ਆਰਾਮ ਵਿੱਚ ਹਿੱਲਣੋਂ ਜੁਲਣੋਂ ਬੰਦ ਹੋਣ ਤਾਂ ਉਨ੍ਹਾਂ ਨੂੰ ਵੀ ਖੋਹ ਖਾਂਦੇ ਸਨ। ਵੈਸੀਲੈਵ ਨੇ ਇਕੱਲੇ ਕੋਠੜੀ ਵਿੱਚ ਜਾਣਾ ਨ ਮੰਨਿਆ ਕਿਉਂਕਿ ਉਸ ਇਹੋ ਜੇਹਾ ਕਸੂਰ ਕੋਈ ਨਹੀਂ ਸੀ ਕੀਤਾ ਪਰ ਜੇਲਰਾਂ ਨੇ ਜ਼ੋਰ ਵਰਤਿਆ।
ਫਿਰ ਇਸ ਕਰਕੇ ਓਹ ਇਨਾਂ ਨਾਲ ਮੁੜ ਕਸ਼ ਕਸ਼ ਕਰਨ ਲੱਗ ਪਇਆ ਸੀ, ਤੇ ਨਾਲ ਦੋ ਹੋਰ ਕੈਦੀ ਉਹਦੀ ਮਦਦ ਨੂੰ ਆ ਗਏ ਸਨ, ਕਿ ਉਹ ਵੈਸੀਲੈਵ ਨੂੰ ਜਬਰਦਸਤੀ ਜੇਲਰਾਂ ਥੀਂ ਛੁੜਾ ਲੈਣ। ਸਾਰੇ ਜੇਲਰ ਇਕੱਠੇ ਹੋ ਗਏ, ਉਨਾਂ ਵਿੱਚ ਇਕ ਸੀ ਜਿਸਦਾ ਨਾਂ ਪੈਤਰੋਵ ਸੀ। ਇਹ ਆਪਣੇ ਬਾਹੂ ਬਲ ਲਈ ਮਸ਼ਹੂਰ ਜੇਲਰ ਸੀ। ਇਨ੍ਹਾਂ ਨੇ ਮਿਲ ਕੇ ਕੈਦੀਆਂ ਨੂੰ ਢਾਹ ਲਇਆ, ਤੇ ਇਕੱਲ ਕੋਠੜੀਆਂ ਵਿੱਚ ਘੁਸ਼ੇੜ ਦਿੱਤਾ। ਗਵਰਨਰ ਨੂੰ ਤੁਰਤ ਖਬਰ ਕੀਤੀ ਗਈ ਕਿ ਜੇਲ ਵਿੱਚ ਗਦਰ ਹੋ ਗਇਆ ਹੈ, ਤੇ ਓਸ ਹੁਕਮ ਘੱਲ ਦਿੱਤਾ ਕਿ ਦੋਹਾਂ ਕੈਦੀਆਂ ਨੂੰ ਜਿਨਾਂ ਕਸੂਰ ਕੀਤਾ ਹੈ ਬੈਂਤ ਮਾਰੇ ਜਾਣ। ਵੈਸੀਲੈਵ ਨੂੰ ਤੇ ਓਸ ਆਵਾਰਾਗਰਦ ਨੀਪੋਮਨਿਯਾਸ਼ਚੀ ਨੂੰ ਬਰਚ ਦੇ ਦਰਖਤ ਦੀ ਸ਼ਾਖ ਨਾਲ ੩੦, ੩੦ ਬੈਂਤ ਮਾਰੇ ਜਾਣ, ਤੇ ਬੈਂਤ ਤੀਮੀਆਂ ਦੇ ਮੁਲਾਕਾਤੀ ਕਮਰੈ ਵਿੱਚ ਮਾਰੇ ਜਾਣੇ ਸਨ। ਸ਼ਾਮ ਵੇਲੇ ਹੀ ਇਸ ਗੱਲ ਦੀ ਸਾਰੇ ਜੇਲ ਨੂੰ ਖਬਰ ਸੀ ਤੇ ਇਸ ਬਾਬਤ ਬੜੇ ਜੋਸ਼ ਨਾਲ ਕੋਠੜੀਆਂ ਵਿੱਚ ਦੰਦ ਕਥਾਵਾਂ ਟੁਰੀਆਂ ਹੋਈਆਂ ਸਨ।
ਕੋਰਾਬਲੈਵਾ, ਹੋਰੋਸ਼ਾਵਕਾ, ਥੀਓਡੋਸੀਆ ਤੇ ਮਸਲੋਵਾ ਆਪਣੀ ਨੁਕਰ ਵਿੱਚ ਬੈਠੀਆਂ ਚਾਹ ਪੀ ਰਹੀਆਂ ਸਨ। ਸਾਰੀਆਂ ਦੇ ਮੂੰਹ ਰਤੇ ਹੋਏ ਹੋਏ ਸਨ ਤੇ ਵੋਧਕਾ ਪੀਣੇ ਕਰ ਕੇ ਜਿਹੜੇ ਝੂਟੇ ਆਏ ਹੋਏ ਸਨ ਨੇ, ਉਨ੍ਹਾਂ ਕਰਕੇ ਓਹ ਜ਼ਰਾ ਤੇਜ਼ੀ ਵਿੱਚ ਸਨ ਕਿਉਂਕਿ ਮਸਲੋਵਾ ਜਿਹਨੂੰ ਹੁਣ ਸ਼ਰਾਬ ਮਿਲ ਜਾਂਦੀ ਸੀ, ਸਭ ਨੂੰ ਖੁਲੇ ਦਿਲ ਪਿਆਂਦੀ ਸੀ,।
"ਓਹ ਕਿਸੀ ਕਿਸਮ ਦੀ ਬਗ਼ਾਵਤ ਨਹੀਂ ਸੀ ਕਰ ਰਹਿਆ," ਵੈਸੀਲੈਵ ਦੀ ਗੱਲ ਛੇੜਦਿਆਂ ਤੇ ਨਾਲੇ ਮਿਸਰੀ ਦੇ ਇਕ ਟੁਕੜੇ ਨੂੰ ਆਪਣੇ ਪੱਕੇ ਦੰਦਾਂ ਨਾਲ ਨਿਕੇ ਨਿਕੇ ਟੁਕੜੇ ਕਰਦਿਆਂ ਕੋਰਾਬਲੈਵਾ, ਨੇ ਕਹਿਆ, "ਓਸ ਤਾਂ ਆਪਣੇ ਸਾਥੀ ਦਾ ਪਖ ਕੀਤਾ ਜਿਸਨੂੰ ਓਹਨਾਂ ਮਾਰਿਆ ਸੀ ਕਿਉਂਕਿ ਕੈਦੀਆਂ ਨੂੰ ਮਾਰਨਾ ਕਨੂੰਨ ਦੇ ਬਰਖਲਾਫ ਹੈ।"
"ਤੇ ਓਹ ਤਾਂ ਬੜਾ ਚੰਗਾ ਆਦਮੀ ਹੈ, ਮੈਂ ਸਭ ਨੂੰ ਕਹਿੰਦਿਆਂ ਸੁਣਿਆ ਹੈ," ਥੀਓਡੋਸੀਆ, ਜਿਹੜੀ ਨੰਗੇ ਸਿਰ ਆਪਣੀਆਂ ਨਵੀਆਂ ਜ਼ੁਲਫਾਂ ਸਿਰ ਉੱਪਰ ਕੀਤੀਆਂ ਹੋਈਆਂ, ਇੱਕ ਲੱਕੜ ਦੀ ਗੇਲੀ ਉੱਪਰ ਓਸ ਤਖਤੇ ਦੇ ਬਿਸਤਰੇ ਦੇ ਸਾਹਮਣੇ ਬੈਠੀ ਹੋਈ ਸੀ, ਤੇ ਓਸੇ ਉੱਪਰ ਚਾਹ ਦਾ ਬਰਤਨ ਵੀ ਪਇਆ ਹੋਇਆ ਸੀ, ਨੇ ਆਖਿਆ।
"ਹੁਣ ਜੇ ਤੂੰ ਓਹਨੂੰ ਕਹੇਂ" ਚੌਕੀਦਾਰ ਦੀ ਵਹੁਟੀ ਬੋਲੀ, (ਓਸ ਥੀਂ ਉਹਦੀ ਮੁਰਾਦ ਨਿਖਲੀਊਧਵ ਤੋਂ ਸੀ)
"ਮੈਂ ਓਹਨੂੰ ਕਹਾਂਗੀ ਓਹ ਮੇਰੇ ਲਈ ਜੋ ਮੈਂ ਕਹਾਂ ਕਰਸੀ," ਮਸਲੋਵਾ ਆਪਣਾ ਸਿਰ ਜਰਾ ਹਿਲਾ ਕੇ ਤੇ ਮੁਸਕਰਾ ਕੇ ਬੋਲੀ—
"ਹਾਂ ਪਰ ਆਵਸੀ ਕਦ? ਤੇ ਓਹ ਤਾਂ ਓਹਨਾਂ ਨੂੰ ਮਾਰਨ ਲਈ ਲੈ ਵੀ ਗਏ ਹਨ" ਥੀਓਡੋਸੀਆ ਬੋਲੀ, "ਇਹ ਬੜਾ ਖਤਰਨਾਕ ਕੰਮ ਹੈ," ਓਸ ਨੇ ਆਹ ਭਰ ਕੇ ਕਹਿਆ "ਮੈਂ ਇਕ ਵੇਰੀ ਤੱਕਿਆ ਸੀ ਉਨ੍ਹਾਂ ਨੇ ਕਿਸ ਤਰਾਂ ਇਕ ਗਰਾਂ ਵਿੱਚ ਬੈਂਤ ਮਾਰੇ ਸਨ, ਮੈਨੂੰ ਸਹੁਰੇ ਨੇ ਗਰਾਂ ਦੇ ਇਕ ਵੱਡੇ ਪਾਸ ਭੇਜਿਆ ਸੀ, ਤਦ ਮੈਂ ਗਈ ਤੇ ਓਥੇ ... ... ... ... ... ... .. .. .. ... ... ... ... ... ..." ਚੌਕੀਦਾਰ ਦੀ ਵਹੁਟੀ ਨੇ ਆਪਣੀ ਲੰਮੀ ਰਾਮ ਕਹਾਣੀ ਅਰੰਭ ਦਿੱਤੀ ਜਿੱਦੀ ਗੱਲ ਵਿੱਚੇ ਹੀ ਉਨ੍ਹਾਂ ਦੇ ਉੱਪਰ ਕੌਰੀਡੋਰ ਵਿੱਚ ਚਲਦਿਆਂ ਕਦਮਾਂ ਦੀ ਤ੍ਰਪ ਤ੍ਰਪ, ਖਾੜ ਖਾੜ ਦੀਆਂ ਆਵਾਜ਼ਾਂ ਨਾਲ ਟੁੱਕੀ ਗਈ ਸੀ।
ਤੀਮੀਆਂ ਚੁਪ ਹੋ ਗਈਆਂ ਤੇ ਸੁਣਨ ਲੱਗ ਪਈਆਂ ਸਨ।
"ਓਹ! ਓਹ ਆਏ, ਓਹਨੂੰ ਲਈ ਆਉਂਦੇ ਹਨ ਇਹ ਸ਼ੈਤਾਨ, ਹੋਰੋਸ਼ਾਵਕਾ ਬੋਲੀ।
"ਓਹ ਓਹਨੂੰ ਮਾਰ ਮੁਕਾਣਗੇ, ਜਰੂਰ ਮਾਰ ਹੀ ਸੁੱਟਣਗੇ, ਉਸ ਵਲ ਜੇਲਰ ਪਾਗਲ ਹੋਏ ਹਨ, ਉਹ ਇਨ੍ਹਾਂ ਨੂੰ ਸਾਹ ਜੂ ਨਹੀਂ ਲੈਣ ਦਿੰਦਾ ਤੇ ਕਦੀ ਓਨ੍ਹਾਂ ਦੀਆਂ ਗੱਲਾਂ ਨਹੀਂ ਮੰਨਦਾ।"
ਉਪਰਲੀ ਮੰਜ਼ਲ ਵਿੱਚ ਮੁੜ ਚੁਪ ਚਾਪ ਹੋ ਗਈ ਤੇ ਚੌਕੀਦਾਰ ਦੀ ਵਹੁਟੀ ਨੇ ਆਪਣੀ ਕਹਾਣੀ ਮੁਕਾਈ ਕਿ ਕਿਸ ਤਰਾਂ ਜਦ ਉਹ ਖਲਵਾੜ ਗਈ ਸੀ ਤਦ ਉਹ ਭੈਭੀਤ ਹੋ ਗਈ ਸੀ ਜਦ ਉਸਨੇ ਉਨਾਂ ਨੂੰ ਵਿਚਾਰੇ ਕਿਸਾਨ ਨੂੰ ਬੈਂਤ ਮਾਰਦੇ ਤੱਕਿਆ ਸੀ, ਤੇ ਓਹਨੂੰ ਵੇਖ ਕੇ ਆ ਗਈ ਸੀ। ਹੋਰੋਸ਼ਾਵਕਾ ਨੇ ਦਸਿਆ ਕਿ ਕਿੰਝ ਸ਼ੇਸਲੋਵ ਨੂੰ ਬੈਂਤ ਪਏ ਸਨ ਤੇ ਓਸ ਸੀ ਵੀ ਨਹੀਂ ਕੀਤੀ ਸੀ। ਤਦ ਥੀਓਡੋਸੀਆ ਨੇ ਚਾਹ ਦੇ ਬਰਤਨ ਪਰੇ ਰੱਖ ਦਿੱਤੇ ਤੇ ਕੋਰਾਬਲੈਵਾ ਤੇ ਚੌਕੀਦਾਰ ਦੀ ਵਹੁਟੀ ਨੇ ਆਪਣੇ ਸੀਣ ਤਰੁਪਣ ਦਾ ਕੰਮ ਲੈ ਲਇਆ। ਮਸਲੋਵਾ ਆਪਣੇ ਬਿਸਤਰੇ ਉੱਪਰ ਦੋਵੇਂ ਬਾਹਾਂ ਆਪਣੇ ਗੋਡਿਆਂ ਦੇ ਦਵਾਲੇ ਬੰਮ ਕੇ ਨਿੰਮੋਝੂਣ ਤੇ ਫਿਕੀ ਜੇਹੀ ਹੋਕੇ ਬਹਿ ਗਈ। ਓਹ ਲੇਟਨਾ ਚਾਹੁੰਦੀ ਸੀ ਤੇ ਸੈਣ ਦੀ ਕੋਸ਼ਸ਼ ਕਰਨ ਵਾਲੀ ਹੀ ਸੀ ਕਿ ਵਾਰਡ੍ਰੈਸ ਨੇ ਓਹਨੂੰ ਬਾਹਰ ਬੁਲਾਇਆ ਕਿ ਦਫਤਰ ਵਿੱਚ ਓਹਨੂੰ ਮਿਲਣ ਵਾਲਾ ਕੋਈ ਆਇਆ ਹੈ।
"ਹੁਣ—ਯਾਦ ਰੱਖੀਂ, ਸਾਡੀ ਬਾਬਤ ਕਹਿਣਾ ਭੁਲ ਨ ਜਾਈਂ," ਬੁੱਢੀ ਜਨਾਨੀ [ਮੈਨਸ਼ੋਵਾ] ਨੇ ਕਿਹਾ ਜਦ ਮਸਲੋਵਾ ਆਪਣੇ ਸਿਰ ਤੇ ਰੋਮਾਲ ਠੀਕ ਕਰ ਰਹੀ ਸੀ ਤੇ ਮੱਧਮ ਜੇਹੇ ਮੂੰਹ ਦਿੱਸਾਣ ਵਾਲੇ ਸ਼ੀਸ਼ੇ ਸਾਹਮਣੇ ਖੜੀ ਸੀ। "ਅਸਾਂ ਘਰ ਨੂੰ ਅੱਗ ਨਹੀਂ ਸੀ ਲਾਈ, ਪਰ ਓਸ ਸ਼ੈਤਾਨ ਨੇ ਆਪ ਲਾਈ ਸੀ, ਉਹਦੇ ਆਪਣੇ ਮਜੂਰਾਂ ਨੇ ਓਹਨੂੰ ਇਉਂ ਕਰਦਾ ਵੇਖਿਆ ਵੀ ਸੀ ਤੇ ਓਹ ਮਜੂਰ ਆਪਣੇ ਰੂਹਾਂ ਨੂੰ ਇਸ ਸ਼ਹਾਦਤ ਥੀਂ ਇਨਕਾਰੀ ਹੋਕੇ ਕਦੀ ਨਰਕ ਵਿੱਚ ਨਹੀਂ ਸੁੱਟਣ ਦੀ ਕਰਨਗੇ। ਤੂੰ ਬੱਸ ਓਹਨੂੰ ਕਹੀਂ ਕਿ ਉਹ ਮੇਰੇ ਮਿਤ੍ਰੀ ਨੂੰ ਜਰਾ ਮਿਲ ਲਵੇ, ਮਿਤ੍ਰੀ ਸਾਰੀ ਗੱਲ ਓਹਨੂੰ ਦੱਸ ਦੇਵੇਗਾ। ਸਾਫ ਹੈ ਜਿਵੇਂ ਕੋਈ ਗੱਲ ਸਾਫ ਹੋ ਸੱਕਦੀ ਹੈ, ਜਰਾ ਸੋਚ, ਅਸੀਂ ਹੁਣ ਜੇਲ ਵਿੱਚ ਬੰਦ ਹਾਂ ਜਦ ਅਸਾਂ ਕਦੀ ਵੀ ਨਹੀਂ ਬੁਰਾ ਚਿਤਵਿਆ ਤੇ ਵੇਖ, ਓਹ ਸ਼ੈਤਾਨ ਦੂਸਰੇ ਦੀ ਤੀਮੀਂ ਬਗਲ ਵਿੱਚ ਲਈ ਕਲਾਲ ਖਾਨੇ ਬੈਠਾ ਗੁਲਛੱਰੇ ਉਡਾ ਰਹਿਆ ਹੈ।
"ਇਹ ਕੋਈ ਕਾਨੂੰਨ ਤਾਂ ਨਹੀਂ ਨਾ," ਕੋਰਾਬਲੈਵਾ ਨੇ ਆਖਿਆ।
"ਮੈਂ ਉਹਨੂੰ ਕਹਾਂਗੀ, ਕਹਾਂਗੀ," ਮਸਲੋਵਾ ਨੇ ਜਵਾਬ ਦਿੱਤਾ।
"ਫਰਜ਼ ਕਰੋ ਜੇ ਮੈਂ ਆਪਣੇ ਦਿਲ ਨੂੰ ਤਕੜਾ ਕਰਨ ਲਈ ਇਕ ਕਤਰਾ ਲੈ ਲਵਾਂ।" ਓਸ ਨੇ ਅੱਖ ਮਾਰ ਕੇ ਕਹਿਆ ਤੇ ਕੋਰਾਬਲੈਵਾ ਨੇ ਅੱਧਾ ਪਿਆਲਾ ਵੋਧਕਾ ਦਾ ਭਰ ਦਿੱਤਾ ਤੇ ਮਸਲੋਵਾ ਡੀਕ ਲਾ ਕੇ ਚੜ੍ਹਾ ਗਈ।
"ਬੱਸ ਆਪਣੀ ਦਲੇਰੀ ਨੂੰ ਕਾਇਮ ਰੱਖਣ ਲਈ," ਇਹ ਕਹਿ ਕੇ ਓਹ ਵਾਰਡ੍ਰੈਸ ਦੇ ਪਿੱਛੇ ਪਿੱਛੇ ਹੋ ਪਈ ਤੇ ਕੌਰੀਡੋਰ ਦੇ ਨਾਲ ਨਾਲ ਆਪਣਾ ਸਿਰ ਝੂਮ ਜੇਹੀ ਵਿੱਚ ਹਿਲਾਂਦੀ ਖੁਸ਼ੀ ਖੁਸ਼ੀ ਮੁਸਕਰਾਂਦੀ ਚਲੀ ਗਈ।
ਮੋਇਆਂ ਦੀ ਜਾਗ-ਕਾਂਡ ੪੭. : ਲਿਉ ਤਾਲਸਤਾਏ
ਨਿਖਲੀਊਧਵ ਵੱਡੇ ਕਮਰੇ ਵਿੱਚ ਚੋਖੇ ਚਿਰ ਥੀਂ ਉਡੀਕ ਕਰ ਰਹਿਆ ਸੀ। ਜਦ ਉਹ ਜੇਲ ਪਹੁਚਾ ਸੀ, ਉਸ ਦਾਖਲ ਹੋਣ ਵਾਲੇ ਦਰਵਾਜ਼ੇ ਦੀ ਟੱਲੀ ਵਜਾਈ ਤੇ ਪਰੋਕਿਊਰਰ ਦਾ ਪਰਮਿਟ ਜੇਲਰ ਨੂੰ ਜਿਹੜਾ ਉਸ ਵੇਲੇ ਡਿਊਟੀ ਉੱਪਰ ਉਹਨੂੰ ਖੜਾ ਮਿਲਿਆ ਸੀ ਫੜਾ ਦਿਤਾ।
"ਆਪ ਕਿਹਨੂੰ ਮਿਲਨਾ ਚਾਹੁੰਦੇ ਹੋ?"
"ਕੈਦਨ ਮਸਲੋਵਾ ਨੂੰ।"
"ਆਪ ਹੁਣੇ ਨਹੀਂ ਮਿਲ ਸਕਦੇ, ਇਨਸਪੈਕਟਰ ਕੰਮ ਵਿਚ ਰੁਝਾ ਹੋਇਆ ਹੈ।"
ਕੀ ਉਹ ਦਫਤਰ ਵਿਚ ਬੈਠਾ ਹੈ?" ਨਿਖਲੀਊਧਵ ਨੇ ਪੁਛਿਆ।
"ਨਹੀਂ, ਇੱਥੇ ਅੰਦਰ ਮੁਲਾਕਾਤੀ ਕਮਰੇ ਵਿਚ ਹੀ ਹੈ," ਜੇਲਰ ਨੇ ਕਹਿਆ, ਜਿਹੜਾ ਜਰਾ ਇਹ ਕਹਿੰਦਿਆਂ ਭੌਂਤਲ ਜੇਹਾ ਗਿਆ ਸੀ।
"ਕਿਉਂ ਕੀ ਅੱਜ ਮੁਲਾਕਾਤੀ ਦਿਨ ਹੈ?"
"ਨਹੀਂ ਖਾਸ ਕੰਮ ਹੈ।"
"ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ ਮੈਂ ਕੀ ਕਰਾਂ?" ਨਿਖਲੀਊਧਵ ਨੇ ਕਹਿਆ।
"ਜਦ ਇਨਸਪੈਕਟਰ ਬਾਹਰ ਆਵੇਗਾ ਤਦ ਆਪ ਨੇ ਕਹਿ ਦੇਣਾ, ਥੋੜਾ ਚਿਰ ਉਡੀਕੋ," ਜੇਲਰ ਨੇ ਕਹਿਆ।
ਇਸੀ ਛਿਨ ਇਕ ਸਾਰਜੰਟ ਮੇਜਰ ਬੜੇ ਕੂਲੇ ਤੇ ਖੂਬ ਘੋਟੇ ਚਿਹਰੇ ਵਾਲਾ ਜਿਹਦੀਆਂ ਮੁੱਛਾਂ ਤਮਾਕੂ ਦੇ ਧੂਏਂ ਨਾਲ ਭਰੀਆਂ ਹੋਈਆਂ ਸਨ, ਇਕ ਪਾਸੇ ਦੇ ਦਰਵਾਜ਼ੇ ਰਾਹੀਂ ਬਾਹਰ ਆਇਆ। ਉਹਦੀ ਵਰਦੀ ਤੇ ਸੋਨੇ ਦੇ ਰੱਸੇ ਚਮਕ ਚਮਕ ਕਰ ਰਹੇ ਸਨ ਤੇ ਉਸ ਜੇਲਰ ਨੂੰ ਇਕ ਸਖਤ ਜੇਹੀ ਸੁਰ ਵਿਚ ਕਿਹਾ:—
"ਕਿਸੀ ਨੂੰ ਇਥੇ ਆਉਣ ਦੇਣ ਦਾ ਤੇਰਾ ਕੀ ਮਤਲਬ ਹੈ? ਦਫਤਰ............"।
"ਮੈਨੂੰ ਪਤਾ ਲੱਗਾ ਹੈ ਕਿ ਇਨਸਪੈਕਟਰ ਸਾਹਿਬ ਇਥੇ ਹਨ," ਤੇ ਨਿਖਲੀਊਧਵ ਨੇ ਕਹਿਆ, ਪਰ ਸਾਰਜੰਟ ਮੇਜਰ ਸਾਹਿਬ ਜੀ ਦੇ ਗੁੱਸੇ ਵਾਲੇ ਤੌਰ ਨੂੰ ਵੇਖ ਕੇ ਕੁਛ ਠਠੰਬਰ ਗਇਆ। ਇਸੀ ਛਿਨ ਹੀ ਅੰਦਰਲਾ ਦਰਵਾਜ਼ਾ ਵੀ ਖੁਲ੍ਹਿਆ ਤੇ ਪੈਤਰੋਵ ਵੀ ਪਸੀਨਾ ਪਸੀਨਾ ਹੋਇਆ ਗਰਮੀ ਜੇਹੀ ਵਿਚ ਬਾਹਰ ਆਇਆ।
"ਉਹ ਯਾਦ ਹੀ ਰੱਖਸੀ," ਉਸ ਸਾਰਜੰਟ ਮੇਜਰ ਵਲ ਮੁਖਾਤਿਬ ਹੋ ਮੂੰਹ ਵਿਚ ਦੀ ਕਹਿਆ। ਸਾਰਜੰਟ ਮੇਜਰ ਨੇ ਨਿਖਲੀਊਧਵ ਦੇ ਮੌਜੂਦ ਹੋਣ ਨੂੰ ਅੱਖ ਦੇ ਫੇਰ ਨਾਲ ਦੱਸਿਆ ਤੇ ਇਸ ਕਰਕੇ ਪੈਤਰੋਵ ਭਰਵੱਟੇ ਉਤਾਂਹਾਂ ਖਿੱਚ ਕੇ ਪਿਛਲੇ ਪਾਸੇ ਦੇ ਦਰਵਾਜ਼ੇ ਰਾਹੀਂ ਬਾਹਰ ਚਲਾ ਗਿਆ।
"ਕੌਣ ਯਾਦ ਰੱਖੇਗਾ? ਸਾਰੇ ਕਿਉਂ ਇਓਂ ਭੌਂਤਲੇ ਹੋਏ ਫਿਰਦੇ ਹਨ—ਸਾਰਜੰਟ ਮੇਜਰ ਨੇ ਉਹਨੂੰ ਕਿਉਂ ਇਸ਼ਾਰਾ ਜੇਹਾ ਕੀਤਾ?" ਨਿਖਲੀਊਧਵ ਵਿਚਾਰਾਂ ਵਿਚ ਪੈ ਗਇਆ।
ਸਾਰਜੰਟ ਮੇਜਰ ਨਿਖਲੀਊਧਵ ਵਲ ਮੁਖਾਤਿਬ ਹੋ ਕੇ ਕਹਿਣ ਲੱਗਾ—"ਆਪ ਓਹਨੂੰ ਇਥੇ ਨਹੀਂ ਮਿਲ ਸੱਕਦੇ, ਜਰਾ ਪਾਰ ਦਫਤਰ ਵਿਚ ਜਾਣ ਦੀ ਤਕਲੀਫ ਉਠਾਓ।"
ਨਿਖਲੀਊਧਵ ਇਹ ਕਹਿਆ ਮੰਨਣ ਹੀ ਲੱਗਾ ਸੀ ਕਿ ਪਿੱਛੇ ਦੇ ਦਰਵਾਜ਼ੇ ਥੀਂ ਇਨਸਪੈਕਟਰ ਆਪ ਬਾਹਰ ਆ ਗਇਆ, ਓਹ ਆਪਣੇ ਮਾਤਹਿਤਾਂ ਥੀਂ ਵਧ ਭੌਂਤਲਿਆ ਹੋਇਆ ਸੀ, ਤੇ ਲਗਾਤਾਰ ਠੰਡੇ ਸਾਹ ਭਰ ਰਹਿਆ ਸੀ। ਜਦ ਨਿਖਲੀਊਧਵ ਨੂੰ ਵੇਖਿਆ ਤਦ ਹੀ ਜੇਲਰ ਵਲ ਮੁਖਾਤਿਬ ਹੋਇਆ,..........."ਫੈਦੋਤੋਵ! ਮਸਲੋਵਾ ਕੋਠੜੀ ਨੰ: ੫, ਤੀਮੀਆਂ ਦਾ ਵਾਰਡ, ਦਫ਼ਤਰ ਵਿਚ ਲਿਆਈ ਜਾਵੇ।"
"ਕਿਰਪਾ ਕਰ ਕੇ ਇਧਰ ਆਓ," ਨਿਖਲੀਊਧਵ ਵਲ ਮੁੜੇ ਓਹਨੂੰ ਕਹਿਆ, ਉਹ ਫਿਰ ਇਕ ਸਿੱਧੀਆਂ ਪੌੜੀਆਂ ਦੇ ਰਾਹੀਂ ਉੱਪਰ ਚੜ੍ਹ ਕੇ ਇਕ ਨਿੱਕੀ ਖਿੜਕੀ ਵਾਲੇ ਕਮਰੇ ਵਿਚ ਦਾਖਲ ਹੋਏ। ਇਨਸਪੈਕਟਰ ਬਹਿ ਗਇਆ।
"ਮੇਰੀਆਂ, ਜਨਾਬ, ਬੜੀਆਂ ਬੋਝਲੀਆਂ ਨੌਕਰੀਆਂ ਹਨ," ਓਸ ਨਿਖਲੀਊਧਵ ਨਾਲ ਇਉਂ ਗੱਲ ਸ਼ੁਰੂ ਕੀਤੀ ਤੇ ਸਿਗਰਟ ਪੀਣ ਨੂੰ ਕਢਿਆ।
"ਸਾਫ਼ ਹੈ ਆਪ ਬੜੇ ਥੱਕ ਗਏ ਹੋ," ਨਿਖਲੀਊਧਵ ਨੇ ਉਤਰ ਦਿਤਾ।
"ਮੈਂ ਸਾਰੀ ਸਰਵਿਸ ਥੀਂ ਹੀ ਥਕ ਗਇਆ ਹਾਂ। ਡਿਊਟੀਆਂ ਬੜੀਆਂ ਬੋਝਲੀਆਂ, ਭਾਰੀਆਂ ਹਨ। ਆਦਮੀ ਯਤਨ ਕਰਦਾ ਹੀ ਹੈ ਕਿ ਇਨ੍ਹਾਂ ਵਿਚ ਕਰਨੀਆਂ ਪੈਂਦੀਆਂ ਸਖਤੀਆਂ ਕਿਵੇਂ ਘਟ ਹੋਣ ਪਰ ਇਓਂ ਧਿਆਨ ਕਰਦਿਆਂ ਕਰਦਿਆਂ ਉਹ ਸਖਤੀਆਂ ਵਧ ਹੀ ਹੋ ਜਾਂਦੀਆਂ ਹਨ। ਮੇਰਾ ਖਿਆਲ ਹੁਣ ਬੱਸ ਇਹ ਹੈ ਕਿ ਕਿੰਝ ਇਹ ਕੰਮ ਛਡ ਦੇਈਏ—ਫਰਜ਼ ਇੰਨੇ ਬੁਝੀਲੇ ਬੁਝੀਲੇ......।"
ਨਿਖਲੀਊਧਵ ਨੂੰ ਕੁਛ ਪਤਾ ਨਾ ਲਗਾ ਕਿ ਜੇਲਰ ਦੇ ਕੰਮ ਵਿਚ ਕੋਈ ਖਾਸ ਮੁਸ਼ਕਲਾਂ ਕੀ ਸਨ ਪਰ ਉਸ ਵੇਖਿਆ ਕਿ ਜੇਲਰ ਅਜ ਖਾਸ ਕਰਕੇ ਇਕ ਨਾਉਮੇਦੀ ਤੇ ਡਿੱਗੀ ਜੇਹੀ ਕਰਦੀ ਜੇਹੀ ਹਾਲਤ ਵਿਚ ਹੈ ਜਿਹਨੂੰ ਇਓਂ ਦੇਖ ਕੇ ਉਸ ਨੂੰ ਤਰਸ ਆਉਂਦਾ ਸੀ।
"ਠੀਕ—ਦਿਸਦਾ ਹੈ ਕਿ ਇਥੇ ਦਾ ਕੰਮ ਕਾਜ ਕਾਫ਼ੀ ਬਾਹਲਾ ਹੈ," ਓਸ ਕਹਿਆ।
"ਪਰ ਆਪ ਫਿਰ ਇਹ ਇਸ ਵੱਡੀ ਥਾਂ ਦੀ ਨੌਕਰੀ ਕਿਉਂ ਕਰਦੇ ਹੋ।"
"ਮੈਂ ਟਬਰ ਵਾਲਾ ਹਾਂ—ਤੇ ਹੋਰ ਕੋਈ ਰਾਹ ਨਹੀਂ ਓਹਨੂੰ ਪਾਲਣ ਦਾ।"
"ਪਰ ਜੇ ਇਹ ਕੰਮ ਇੰਨਾ ਸਖਤ ਹੈ..............।"
"ਠੀਕ—ਪਰ ਫਿਰ ਵੀ ਆਪ ਜਾਣਦੇ ਹੋ ਇਹ ਮੁਮਕਿਨ ਹੈ ਕਿ ਹਰ ਆਦਮੀ ਹਰ ਕੰਮ ਵਿਚ ਕਿਸੇ ਜੋਗਾ ਹੋ ਹੀ ਸਕਦਾ ਹੈ—ਮੈਂ ਸਖਤੀਆਂ ਨੂੰ ਜਿੰਨਾ ਹੋ ਸਕਦਾ ਹੈ ਨਰਮ ਕਰਨ ਦੀ ਹੀ ਕਰਦਾ ਰਹਿੰਦਾ ਹਾਂ। ਮੇਰੀ ਥਾਂ ਜੇ ਕੋਈ ਹੋਰ ਹੋਵੇ ਓਹ ਇਹ ਗਲਾਂ ਹੋਰ ਤਰਾਂ ਹੀ ਕਰੇਗਾ ਕਿਉਂ ਜੀ—ਇੱਥੇ ਸਾਡੇ ਪਾਸ ੩੦੦੦ ਬੰਦੇ ਹਨ ਤੇ ਹਾਏ ਕਿਹੋ ਜੇਹੇ ਲੋਕੀ? ਆਦਮੀ ਨੂੰ ਇਨ੍ਹਾਂ ਦੇ ਕਾਬੂ ਰੱਖਣ ਦੀ ਜਾਚ ਤੇ ਅਟਕਲ ਦੀ ਲੋੜ ਹੈ। ਆਪ ਜਾਣਦੇ ਹੋ ਕਹਿਣਾ ਸੁਖੱਲਾ ਹੈ ਪਰ ਕਰਕੇ ਦਸਣਾ ਔਖਾ ਹੈ। ਆਖਰ ਇਹ ਬੰਦ ਲੋਕੀ ਵੀ ਤਾਂ ਇਨਸਾਨ ਹੀ ਹਨ ਤੇ ਉਨ੍ਹਾਂ ਉੱਪਰ ਰਹਿਮ ਕਰਨ ਬਿਨਾ ਰਹਿ ਹੀ ਨਹੀਂ ਸਕੀਦਾ," ਤੇ ਇਹ ਕਹਿਕੇ ਇਨਸਪੈਕਟਰ ਨਿਖਲੀਊਧਵ ਨੂੰ ਦਸਣ ਲਗ ਪਇਆ ਕਿ ਕਿੰਝ ਕੈਦੀਆਂ ਵਿਚ ਇਕ ਜੰਗ ਹੋ ਗਇਆ ਸੀ ਜਿਸ ਵਿਚ ਇਕ ਆਦਮੀ ਮਾਰਿਆ ਗਇਆ ਸੀ—ਇਹ ਕਹਾਣੀ ਵਿਚੇ ਹੀ ਰੁਕ ਗਈ ਜਦ ਜੇਲਰ ਦੇ ਨਾਲ ਮਸਲੋਵਾ ਅੰਦਰ ਆ ਗਈ।
ਨਿਖਲੀਊਧਵ ਨੇ ਓਹਨੂੰ ਉਹਦੇ ਇਨਸਪੈਕਟਰ ਦੇ ਵੇਖਣ ਥੀਂ ਪਹਿਲਾਂ ਹੀ ਦਰਵਾਜ਼ੇ ਥਾਣੀਂ ਰਾਹ ਵਿਚ ਹੀ ਤਕ ਲਇਆ ਸੀ। ਓਹਦਾ ਮੂੰਹ ਲਾਲ ਲਾਲ ਸੀ, ਤੇ ਓਹ ਵਾਰਡਰ ਦੇ ਪਿਛੇ ਪਿਛੇ ਤੇਜ ਆ ਰਹੀ ਸੀ। ਸਿਰ ਝੂਮ ਵਿੱਚ ਹਿਲਾਉਂਦੀ ਤੇ ਮੁਸਕਰਾਉਂਦੀ ਆ ਰਹੀ ਸੀ।
ਜਦ ਉਸ ਇਨਸਪੈਕਟਰ ਨੂੰ ਬੈਠਿਆਂ ਵੇਖਿਆ ਤਦ ਓਹਦਾ ਤੌਰ ਝਟਾਪੱਟ ਬਦਲ ਗਇਆ, ਤੇ ਡਰ ਗਈ ਜੇਹੀ ਨਿਗਾਹ ਨਾਲ ਉਸ ਵਲ ਵੇਖਣ ਲੱਗ ਪਈ। ਪਰ ਜਲਦੀ ਨਾਲ ਸੰਭਲ ਕੇ ਉਸ ਨੇ ਕੁਛ ਦਲੇਰੀ ਤੇ ਖੁਸ਼ੀ ਜੇਹੀ ਨਾਲ ਨਿਖਲੀਊਧਵ ਨੂੰ ਬੁਲਾਇਆ।
"ਆਪ ਦਾ ਕੀ ਹਾਲ ਹੈ?" ਓਸ ਕਹਿਆ ਤੇ ਆਪਣੇ ਲਫਜ਼ਾਂ ਨੂੰ ਜਰਾ ਕੂ ਲਮਕਾ, ਧ੍ਰੀਕ ਕੇ, ਮੁਸਕਰਾਂਦੀ ਨੇ ਉਹਦਾ ਹੱਥ ਫੜ ਲਇਆ, ਤੇ ਬੜੇ ਜੋਰ ਨਾਲ ਹਿਲਾਇਆ—ਓਸ ਤਰਾਂ ਨਹੀਂ ਜਿਸ ਤਰਾਂ ਓਸ ਪਹਿਲੀ ਮੁਲਾਕਾਤ ਵੇਲੇ ਕੀਤਾ ਸੀ।
"ਮੈਂ ਇਹ ਇਕ ਅਰਜੀ ਤੇਰੇ ਲਈ ਲਿਆਇਆ ਹਾਂ—ਤੂੰ ਇਸ ਉੱਪਰ ਦਸਤਖਤ ਕਰਨੇ ਹਨ," ਨਿਖਲੀਊਧਵ ਨੇ ਕਹਿਆ। ਕੁਛ ਅਚੰਭੇ ਵਿੱਚ ਸੀ ਕਿ ਅੱਜ ਕਿੰਨੀ ਖੁੱਲ੍ਹ ਤੇ ਦਲੇਰੀ ਨਾਲ ਉਸ ਨੇ ਓਹਨੂੰ ਬੁਲਾਇਆ ਸੀ, ਵਾਰਡ੍ਰੈਸ ਨੇ ਅਰਜੀ ਲਿਖ ਦਿੱਤੀ ਹੈ। ਤੂੰ ਇਸ ਉੱਪਰ ਦਸਤਖਤ ਕਰਲੈ ਤੇ ਫਿਰ ਇਹਨੂੰ ਸੇਂਟ ਪੀਟਰਜ਼ਬਰਗ ਘੱਲ ਦੇਣਾ ਹੈ।"
"ਬਹੁਤ ਅੱਛਾ—ਇਹ ਤਾਂ ਕਰ ਦਿੱਤਾ ਜਾ ਸੱਕਦਾ ਹੈ, ਜਿੰਵੇਂ ਆਪ ਚਾਹੁੰਦੇ ਹੋ," ਓਸ ਕਹਿਆ ਤੇ ਮੁਸਕਰਾਈ, ਨਾਲੇ ਉਸ ਵੱਲ ਅੱਖ ਮਾਰੀ ਸੂ।
ਨਿਖਲੀਊਧਵ ਨੇ ਆਪਣੇ ਪਾਕਟ ਵਿੱਚੋਂ ਇਕ ਠੱਪਿਆ ਹੋਇਆ ਕਾਗਤ ਕੱਢਿਆ ਤੇ ਮੇਜ਼ ਉੱਪਰ ਵਿਛਾ ਦਿੱਤਾ।
"ਕੀ ਇਹ ਇੱਥੇ ਦਸਤਖਤ ਕਰ ਦੇਵੇ?" ਨਿਖਲੀਊਧਵ ਇਨਸਪੈਕਟਰ ਵੱਲ ਮੁੜ ਕੇ ਪੁੱਛਦਾ ਹੈ।
"ਹਾਂ—ਬੈਠ ਜਾਓ, ਇਹ ਕਲਮ ਹੈ। ਕੀ ਤੂੰ ਲਿਖਣ ਜਾਣਨੀ ਏਂ?" ਇਨਸਪੈਕਟਰ ਨੇ ਪੁੱਛਿਆ।
"ਕਦੀ ਮੈਂ ਲਿਖ ਹੀ ਸੱਕਦੀ ਸਾਂ," ਓਸ ਕਹਿਆ ਤੇ ਆਪਣੀ ਸਕਰਟ ਨੂੰ ਸਾਂਭ ਕੇ ਤੇ ਆਪਣੀ ਜੈਕਟ ਦੀਆਂ ਬਾਹਾਂ ਨੂੰ ਸੰਭਾਲ ਕੇ ਉਹ ਮੇਜ਼ ਲਾਗੇ ਬਹਿ ਗਈ। ਮੁਸਕਰਾਂਦੀ ਹੋਈ ਨੇ ਆਪਣੇ ਛੋਟੇ ਪਰ ਤੇਜ਼ ਹੱਥ ਨਾਲ ਕਲਮ ਨੂੰ ਅਣਜਾਚਾ ਜੇਹਾ ਫੜਿਆ ਤੇ ਨਿਖਲੀਊਧਵ ਵੱਲ ਹੱਸ ਕੇ ਤੱਕਿਆ। ਜੰਗ ਹੋ ਨਿਖਲੀਊਧਵ ਨੇ ਓਹਨੂੰ ਦੱਸਿਆ ਕਿ ਉਸ ਕੀ ਤੇ ਕਿੱਥੇ ਲਿਖਣਾ ਹੈ, ਦਸਤਖਤ ਕਿੱਥੇ ਕਰਨੇ ਹਨ। ਜਦ ਉਸ ਕਲਮ ਸਿਆਹੀ ਵਿੱਚ ਡਬੋਈ ਉਸ ਬੜੀ ਡੂੰਘੀ ਆਹ ਲਈ ਤੇ ਇਹਤਿਆਤ ਨਾਲ ਪਹਿਲਾਂ ਸਿਆਹੀ ਛੰਡ ਕੇ ਆਪਣਾ ਨਾਂ ਲਿਖਿਆ।
"ਮੈਂ ਕੁਛ ਤੈਨੂੰ ਕਹਿਣਾ ਹੈ", ਨਿਖਲੀਊਧਵ ਨੇ ਉਸ ਪਾਸੋਂ ਕਲਮ ਲੈ ਕੇ ਕਹਿਆ।
"ਅੱਛਾ ਦੱਸੋ," ਓਸ ਕਹਿਆ ਪਰ ਅਚਣਚੇਤ, ਜਿੰਵੇਂ ਕੋਈ ਚੀਜ਼ ਯਾਦ ਆਈ ਯਾ ਨੀਂਦਰ ਆ ਗਈ ਹੁੰਦੀ ਹੈ ਉਹਦਾ ਮੁਹਾਂਦਰਾ ਡੂੰਘਾ ਹੋ ਗਇਆ। ਓਹਨੂੰ ਤੇ ਨਿਖਲੀਊਧਵ ਨੂੰ ਆਪਸ ਵਿੱਚ ਗੱਲਾਂ ਕਰਨ ਲਈ ਛੱਡ ਕੇ ਇਨਸਪੈਕਟਰ ਉੱਠਿਆ ਤੇ ਕਮਰੇ ਵਿੱਚੋਂ ਚਲਾ ਗਇਆ।
ਮੋਇਆਂ ਦੀ ਜਾਗ-ਕਾਂਡ ੪੮. : ਲਿਉ ਤਾਲਸਤਾਏ
ਓਹ ਜੇਲਰ ਜਿਹੜਾ ਮਸਲੋਵਾ ਨੂੰ ਲਿਆਇਆ ਸੀ, ਉਨ੍ਹਾਂ ਥੀਂ ਕੁਛ ਪਰੇ ਫਾਸਲੇ ਤੇ ਦਲਹੀਜ਼ ਉੱਪਰ ਬੈਠਾ ਹੋਇਆ ਸੀ।
ਨਿਖਲੀਊਧਵ ਲਈ ਫੈਸਲੇ ਦੀ ਘੜੀ ਆਣ ਸਿਰ ਉੱਪਰ ਪਹੁੰਚੀ ਪਈ ਸੀ। ਉਹ ਲਗਾਤਾਰ ਆਪਣੇ ਆਪ ਨੂੰ ਦੋਸ਼ ਦੇਂਦਾ ਰਹਿਆ ਸੀ ਕਿ ਉਸ ਨੇ ਪਹਿਲੀ ਮੁਲਾਕਾਤ ਵਿਚ ਹੀ ਅਸਲੀ ਗੱਲ ਕਿਉਂ ਨਹੀਂ ਉਸ ਨੂੰ ਕਹੀ ਸੀ, ਤੇ ਹੁਣ ਉਸ ਪੱਕੀ ਕਰ ਲਈ ਸੀ ਕਿ ਉਹ ਕਹੇਗਾ ਕਿ ਉਹ ਉਸ ਨਾਲ ਵਿਆਹ ਕਰਨ ਨੂੰ ਤਿਆਰ ਹੈ। ਉਹ ਮੇਜ਼ ਦੇ ਪਰਲੇ ਪਾਸੇ ਬੈਠੀ ਸੀ ਤੇ ਨਿਖਲੀਊਧਵ ਓਹਦੇ ਸਾਹਮਣੇ ਬਹਿ ਗਇਆ।
ਕਮਰੇ ਵਿੱਚ ਰੋਸ਼ਨੀ ਸੀ ਤੇ ਨਿਖਲੀਊਧਵ ਨੇ ਪਹਿਲੀ ਵਾਰ ਓਹਦਾ ਚਿਹਰਾ ਨੇੜਿਓਂ ਵੇਖਿਆ। ਉਸ ਸਾਫ ਦੇਖ ਲਇਆ ਕਿ ਉਹਦੀਆਂ ਅੱਖਾਂ ਹੇਠ ਵਾਰ "ਕਾਂ-ਦੇ-ਪੰਜੇ"[1] ਬਣੇ ਹੋਏ ਸਨ। ਓਹਦੇ ਮੂੰਹ ਦੇ ਦਵਾਲੇ ਝੁਰਲੀਆਂ ਪਈਆਂ ਸਨ। ਤੇ ਉਹਦੇ ਪਲਕ ਸੁੱਜੇ ਜੇਹੇ ਹੋਏ ਸਨ। ਇਹ ਵੇਖ ਕੇ ਉਹਦਾ ਦਿਲ ਅੱਗੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਰਹਿਮ ਨਾਲ ਭਰ ਗਇਆ। ਨਿਖਲੀਊਧਵ ਮੇਜ਼ ਉੱਪਰ ਝੁਕਿਆ, ਕਿ ਉਹਦੀ ਗੱਲ ਜੇਲਰ ਜਿਹੜਾ ਇਕ ਯਹੂਦੀ ਸ਼ਕਲ ਵਾਲਾ ਤੇ ਬਿਖਰੀ ਜੇਹੀ ਦਾਹੜੀ ਵਾਲਾ ਸੀ ਨ ਸੁਣ ਲਵੇ, ਤੇ ਕਹਿਆ:—
"ਦੇਖਿਆ ਜੇ, ਜੇ ਮੇਰਾ ਵਕੀਲ ਪਹਿਲਾਂ ਥੀਂ ਹੀ ਚੰਗਾ ਹੁੰਦਾ," ਉਸ ਓਹਦੀ ਗੱਲ ਟੱਕ ਕੇ ਕਹਿਆ, "ਮੇਰਾ ਵਕੀਲ ਨਿਰਾ ਮਜਹੂਲ ਸੀ, ਉਸ ਕੁਛ ਵੀ ਨਹੀਂ ਕੀਤਾ—ਸਿਰਫ ਮੈਨੂੰ ਸਲਾਹ ਹੀ ਛੱਡਦਾ ਸੀ," ਇਹ ਕਹਿਕੇ ਹੱਸ ਪਈ, "ਜੇ ਲੋਕਾਂ ਨੂੰ ਪਤਾ ਹੁੰਦਾ ਕਿ ਮੇਰੀ ਪਛਾਣ ਆਪ ਨਾਲ ਵੀ ਹੈ ਤਦ ਗੱਲ ਹੋਰ ਹੋ ਜਾਂਦੀ, ਉਹ ਤਾਂ ਇਹੋ ਸਮਝਦੇ ਹਨ ਕਿ ਸਭ ਚੋਰ ਹਨ।"
ਮਸਲੋਵਾ ਅੱਜ ਕੇਹੀ ਅਜੀਬ ਹੋਈ ਹੋਈ ਹੈ,"
"ਜੇ ਇਸ ਅਰਜ਼ੀ ਦਾ ਕੋਈ ਨਤੀਜਾ ਨਾ ਨਿਕਲਿਆ, ਤਦ ਅਸੀਂ ਸ਼ਾਹਨਸ਼ਾਹ ਜ਼ਾਰ ਨੂੰ ਅਪੀਲ ਕਰਾਂਗੇ, ਜੋ ਕੁਛ ਹੋ ਸੱਕਦਾ ਹੈ ਓਹ ਅਸੀਂ ਕਰਾਂਗੇ।"
([1] ਅਖੀਆਂ ਦੇ ਦਵਾਲੇ ਖਾਸ ਕਰ ਕੋਨਿਆਂ ਵਲ, ਬਿਰਧ ਅਵਸਥਾ ਕਰਕੇ ਯਾ ਜੀਵਨ ਢਿਲਾ ਢਾਲਾ ਬਤੀਤ ਕਰਨ ਕਰਕੇ, ਜੋ ਝੁਰਲੀਆਂ ਪੈ ਜਾਂਦੀਆਂ ਹਨ, ਕਰੋਜ਼ ਫੀਟ (ਕਾਂ-ਦੇ-ਪੰਜੇ) ਕਹੀਆਂ ਜਾਂਦੀਆਂ ਹਨ।)
ਨਿਖਲੀਊਧਵ ਨੇ ਸੋਚਿਆ ਤੇ ਓਹ ਆਪਣੇ ਮਨ ਦੀ ਗੱਲ ਕਰਨ ਹੀ ਲੱਗਾ ਸੀ ਕਿ ਉਸ ਨੇ ਫਿਰ ਗੱਲ ਛੇੜ ਦਿੱਤੀ:—
"ਮੈਂ ਆਪ ਨੂੰ ਇਕ ਗੱਲ ਕਹਿਣਾ ਚਾਹੁੰਦੀ ਹਾਂ, ਸਾਡੇ ਇਥੇ ਇਕ ਬੁੱਢੀ ਤੀਵੀਂ ਹੈ, ਬੜੀ ਅੱਛੀ ਹੈ ਵਿਚਾਰੀ। ਓਹਨੂੰ ਵੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ। ਉਹ ਬਿਚਾਰੀ ਐਵੇਂ ਹੀ ਕੈਦ ਹੈ ਤੇ ਨਾਲ ਉਹਦਾ ਪੁਤਰ ਵੀ ਬੰਦ ਹੈ, ਤੇ ਸਭ ਕੋਈ ਜਾਣਦਾ ਹੈ ਕਿ ਉਹ ਬੇਗੁਨਾਹ ਹਨ ਭਾਵੇਂ ਉਨ੍ਹਾਂ ਉੱਪਰ ਇਹ ਦੋਸ਼ ਲੱਗਾ ਹੈ ਕਿ ਉਨ੍ਹਾਂ ਕਿਸੀ ਦਾ ਝੁੱਗਾ ਸਾੜਿਆ ਹੈ। ਜਦ ਓਹਨੂੰ ਇਹ ਪਤਾ ਲੱਗਾ ਕਿ ਮੇਰੀ ਆਪ ਨਾਲ ਜਾਣ ਪਛਾਣ ਹੈ ਉਸ ਮੈਨੂੰ ਕਹਿਆ ਕਿ ਮੈਂ ਆਪ ਨੂੰ ਕਹਾਂ ਕਿ ਆਪ ਉਹਦੇ ਪੁੱਤਰ ਨੂੰ ਮਿਲੋ ਤੇ ਓਹ ਸਾਰੀ ਗੱਲ ਆਪਨੂੰ ਦੱਸ ਦੇਵੇਗਾ," ਜਿਵੇਂ ਮਸਲੋਵਾ ਗੱਲ ਕਰਦੀ ਜਾਂਦੀ ਸੀ ਓਹ ਸਿਰ ਫੇਰ ਕੇ ਆਲੇ ਦੁਆਲੇ ਨਜ਼ਰ ਮਾਰਦੀ ਸੀ ਤੇ ਨਾਲੇ ਨਿਖਲੀਊਧਵ ਵਲ ਮੁੜ ਮੁੜ ਵੇਖਦੀ ਸੀ,— "ਉਸ ਦਾ ਨਾਂ ਹੈ ਮੈਨਸ਼ੋਵਾ। ਕੀ ਆਪ ਕੁਛ ਕਰੋਗੇ? ਤੱਕੋ ਨਾ, ਬੜੀ ਹੀ ਚੰਗੀ ਬੁੱਢੀ ਤੀਮੀ ਹੈ, ਆਪ ਫੌਰਨ ਵੇਖ ਸਕਦੇ ਹੋ ਕਿ ਉਹ ਬੇਗੁਨਾਹ ਹੈ—ਆਪ ਇਹ ਕਰੋਗੇ ਨਾ—ਆਪ ਕਿੰਨੇ ਹੀ ਬੀਬੇ ਰਾਣੇ ਹੋ.........." ਕਹਿਕੇ ਓਹ ਫਿਰ ਮੁਸਕਰਾਈ, ਓਸ ਵਲ ਤੱਕਿਆ ਤੇ ਫਿਰ ਅੱਖਾਂ ਨੀਵੀਂਆਂ ਪਾ ਦਿੱਤੀਆਂ।
"ਬਹੁਤ ਅੱਛਾ! ਮੈਂ ਉਨ੍ਹਾਂ ਬਾਬਤ ਦਰਯਾਫਤ ਕਰਾਂਗਾ," ਨਿਖਲੀਊਧਵ ਨੇ ਕਹਿਆ, ਪਰ ਉਹਦੇ ਖੁੱਲੇ ਤੇ ਸੁਖੱਲੇ ਤੌਰ ਤ੍ਰੀਕੇ ਵਲੋਂ ਅਚੰਭਾ ਹੋ ਰਹਿਆ ਸੀ, "ਪਰ ਮੈਂ ਤੇਰੇ ਨਾਲ ਆਪਣੀ ਬਾਬਤ ਗੱਲ ਕਰਨੀ ਸੀ। ਯਾਦ ਹਈ ਕਿ ਮੈਂ ਪਿਛਲੀ ਵੇਰੀ ਤੈਨੂੰ ਕੀ ਕਹਿਆ ਸੀ?"
"ਆਪ ਨੇ ਪਿਛਲੀ ਵੇਰੀ ਬਹੁਤ ਕੁਛ ਕਹਿਆ ਸੀ। ਕੀ ਸੀ, ਜੋ ਆਪ ਨੇ ਮੈਨੂੰ ਕਹਿਆ ਸੀ?" ਉਸੀ ਤਰ੍ਹਾਂ ਮੁਸਕਰਾਈ ਜਾਂਦੀ ਸੀ, ਤੇ ਆਪਣਾ ਸਿਰ ਦਵਾਲੇ ਫੇਰ ਫੇਰਕੇ ਵੇਖਦੀ ਜਾਂਦੀ ਸੀ।
"ਮੈਂ ਕਹਿਆ ਸੀ ਕਿ ਮੈਂ ਤੇਰੇ ਪਾਸੋਂ ਮਾਫੀ ਮੰਗਣ ਆਇਆ ਹਾਂ, ਮੈਨੂੰ ਮਾਫ ਕਰ ਦਿਓ"—ਓਸ ਸ਼ੁਰੂ ਹੀ ਕੀਤਾ।
"ਉਹਦਾ ਕੀ ਫਾਇਦਾ ਹੈ?—ਮਾਫ਼ ਕਰ ਦਿਓ—ਮਾਫ਼ ਕਰ ਦਿਓ, ਇਹਦਾ ਕੀ ਗੁਣ?..............ਆਪ ਚੰਗਾ ਹੋਵੇ............."
"ਆਪਣੇ ਆਪ ਨੂੰ ਸਹੀ ਕਰਨ ਲਈ ਮੈਂ ਪੱਕਾ ਇਰਾਦਾ ਕਰ ਲਇਆ ਹੈ ਤੇ ਨਿਰੇ ਲਫਜ਼ਾਂ ਨਾਲ ਨਹੀਂ ਮੈਂ ਮਾਫ਼ੀ ਮੰਗਦਾ ਹਾਂ, ਮੈਂ ਤਾਂ ਇਰਾਦਾ ਕਰ ਲਇਆ ਹੈ ਕਿ ਤੇਰੇ ਨਾਲ ਵਿਆਹ ਕਰ ਲਵਾਂਗਾ।"
ਮਸਲੋਵਾ ਦੇ ਮੂੰਹ ਤੇ ਡਰ ਛਾ ਗਇਆ—ਉਹਦੀ ਮੰਦ ਮੰਦ ਭੈਂਗ ਵਾਲੀ ਅੱਖ ਉਸ ਉੱਪਰ ਲੱਗੀ ਰਹੀ, ਪਰ ਇੰਝ ਸੀ ਜਿਵੇਂ ਉਹ ਉਸ ਵਲ ਨਹੀਂ ਸੀ ਦੇਖ ਰਹੀ।
"ਉਹ ਕਿਸ ਲਈ?" ਇਕ ਗੁਸੇ ਵਾਲੀ ਤਿਉੜੀ ਪਾਕੇ ਉਹ ਬੋਲੀ।
"ਮੈਂ ਮਹਿਸੂਸ ਕਰਦਾ ਹਾਂ ਕਿ ਰੱਬ ਅੱਗੇ, ਇਉਂ ਕਰਨਾ ਮੇਰਾ ਧਰਮ ਹੈ।"
ਕਿਹੜਾ ਰੱਬ ਹੁਣ ਆਪ ਨੂੰ ਲੱਭ ਪਇਆ ਹੈ? ਆਪ ਇਸ ਵੇਲੇ ਅਕਲ ਦੀ ਗੱਲ ਨਹੀਂ ਕਰ ਰਹੇ ਹੋ, ਰੱਬ ਬੇਸ਼ਕ!! ਕਿਹੜਾ ਰੱਬ? ਆਪ ਨੂੰ ਰੱਬ ਉਸ ਵੇਲੇ ਯਾਦ ਕਰਨਾ ਚਾਹੀਦਾ ਸੀ," ਉਸ ਕਹਿਆ ਤੇ ਚੁਪ ਹੋ ਗਈ, ਮੂੰਹ ਉਹਦਾ ਖੁੱਲ੍ਹਾ ਹੀ ਰਹਿ ਗਇਆ ਸੀ ਤੇ ਹੁਣੇ ਹੀ ਨਿਖਲੀਊਧਵ ਨੂੰ ਪਤਾ ਲੱਗਾ ਕਿ ਉਹਦੇ ਸਾਹ ਵਿੱਚ ਸ਼ਰਾਬ ਦੀ ਬੂ ਸੀ, ਤੇ ਹੁਣ ਉਸਨੂੰ ਸਮਝ ਆਈ ਸੀ ਕਿ ਉਹ ਇੰਨੀ ਕਿਉਂ ਜੋਸ਼ ਜੇਹੇ ਵਿਚ ਸੀ।
"ਜ਼ਰਾ ਸ਼ਾਂਤ ਹੋਣ ਦਾ ਯਤਨ ਕਰੋ," ਓਸ ਕਹਿਆ।
"ਮੈਂ ਕਿਉਂ ਸ਼ਾਂਤ ਹੋਵਾਂ? ਕੀ ਆਪ ਮੰਨਦੇ ਹੋ ਕਿ ਮੈਂ ਨਸ਼ੱਈ ਹੋਈ ਹੋਈ ਹਾਂ? ਮੈਂ ਨਸ਼ੇ ਵਿੱਚ ਹਾਂ, ਪਰ ਮੈਨੂੰ ਪਤਾ ਹੈ ਕਿ ਮੈਂ ਕੀ ਕਹਿ ਰਹੀ ਹਾਂ।" ਉਸ ਜਲਦੀ ਨਾਲ ਕਹਿਆ ਤੇ ਉਹਦਾ ਮੂੰਹ ਲਾਲ ਹੋ ਗਇਆ "ਮੈਂ ਇਕ ਕੈਦੀ ਹਾਂ, ਇਕ ਵੈਸਿਆ ਹਾਂ ਤੇ ਆਪ ਇਕ ਭਲੇ ਪੁਰਖ ਹੋ—ਸ਼ਾਹਜ਼ਾਦੇ ਹੋ, ਆਪ ਨੂੰ ਕੋਈ ਲੋੜ ਨਹੀਂ ਕਿ ਆਪ ਮੇਰੇ ਨਾਲ ਭਿਟ ਕੇ ਆਪਣੇ ਆਪ ਨੂੰ ਗੰਦਾ ਕਰੋ, ਆਪ ਆਪਣੀਆਂ ਸ਼ਾਹਜ਼ਾਦੀਆਂ ਪਾਸ ਜਾਓ, ਮੇਰਾ ਮੁਲ ਤਾਂ ਬਸ ਦਸ ਰੂਬਲ ਹੈ।"
"ਭਾਵੇਂ ਕਿੰਨੀ ਬੇਤਰਸੀ ਨਾਲ ਤੂੰ ਬੋਲੇਂ—ਤੂੰ ਓਹ ਹਾਲ ਨਹੀਂ ਦਸ ਸਕਦੀ ਜੋ ਮੇਰੇ ਅੰਦਰ ਗੁਜ਼ਰ ਰਹਿਆ ਹੈ," ਤਾਂ ਸਾਰਾ ਕੰਬਦੇ ਕੰਬਦੇ ਨੇ ਕਹਿਆ, "ਤੈਨੂੰ ਤਾਂ ਚਿਤਵਨੀ ਨਹੀਂ ਹੋ ਸਕਦੀ ਕਿ ਕਿਸ ਹਦ ਤਕ ਮੈਂ ਆਪਣੇ ਆਪ ਨੂੰ ਤੇਰੀ ਵਲੋਂ ਦੋਸ਼ੀ ਸਮਝਦਾ ਹਾਂ।"
"ਆਪ ਦੋਸ਼ੀ ਸਮਝਦੇ ਹੋ!" ਉਹਦੀ ਨਕਲ ਉਤਾਰ ਕੇ ਉਹਨੇ ਦੁਹਰਾਇਆ, "ਆਪ ਨੂੰ ਤਦ ਤਾਂ ਓਸ ਵੇਲੇ ਇਹ ਦਰਦ ਨ ਆਇਆ ਤੇ ਮੇਰੀ ਵਲ ੧੦੦) ਰੂਬਲ ਵਗਾਹ ਕੇ ਸੁੱਟੇ......... ਆਹ ਲੈ ਤੂੰ ਆਪਣਾ ਮੁੱਲ! ਬਸ ਕਿ ਹੋਰ ਕੁਛ!"
"ਮੈਂ ਜਾਣਦਾ ਹਾਂ, ਪਰ ਹੁਣ ਕੀ ਹੋ ਸਕਦਾ ਹੈ?" ਨਿਖਲੀਊਧਵ ਨੇ ਕਹਿਆ, "ਮੈਂ ਫੈਸਲਾ ਕਰ ਲਇਆ ਹੈ ਕਿ ਤੈਨੂੰ ਮੈਂ ਕਦੀ ਨਹੀਂ ਛੱਡਾਂਗਾ ਤੇ ਮੈਂ ਜੋ ਕੁਛ ਕਹਿਆ ਹੈ ਕਰ ਦਿਖਾਵਾਂਗਾ।"
"ਤੇ ਮੈਂ ਕਹਿਨੀ ਹਾਂ ਆਪ ਨਹੀਂ ਕਰੋਗੇ," ਓਸ ਕਹਿਆ ਤੇ ਬੜੀ ਉੱਚੀ ਹੱਸ ਪਈ।
"ਕਾਤੂਸ਼ਾ!" ਉਸ ਓਹਨੂੰ ਹੱਥ ਨਾਲ ਛੋਹ ਕੇ ਕਹਿਆ।
"ਤੂੰ ਜਾ ਪਰੇ—ਮੈਂ ਕੈਦੀ ਹਾਂ ਤੂੰ ਸ਼ਾਹਜ਼ਾਦਾ—ਤੇ ਤੇਰਾ ਇਥੇ ਕੋਈ ਕੰਮ ਨਹੀਂ," ਓਹ ਚੀਖ ਪਈ, ਉਹਦਾ ਸਾਰਾ ਮੂੰਹ ਗੁੱਸੇ ਨਾਲ ਬਦਲ ਗਇਆ—ਤੇ ਆਪਣਾ ਹਥ ਛੁੜਾ ਲਇਆ।
"ਤੂੰ ਆਪਣਾ ਆਪ ਮੇਰੀ ਰਾਹੀਂ ਬਚਾਉਣਾ ਚਾਹੁੰਦਾ ਹੈਂ," ਓਹ ਆਪਣੀ ਰੂਹ ਦੇ ਉਬਲਦੇ ਗੁਬਾਰ ਨੂੰ ਕੱਢਣ ਲਈ ਛੇਤੀ ਛੇਤੀ ਬੋਲੀ ਗਈ, "ਤੂੰ ਮੇਰੇ ਥੀਂ ਇਸ ਜ਼ਿੰਦਗੀ ਵਿਚ ਜਿਸਮਾਨੀ ਮਜ਼ਾ ਲਇਆ, ਹੁਣ ਮੇਰੇ ਰਾਹੀਂ ਆਣ ਵਾਲੀ ਰੂਹਾਨੀ ਜ਼ਿੰਦਗੀ ਦਾ ਵੀ ਬਚਾ ਚਾਹੁੰਦਾ ਹੈਂ—ਤੂੰ ਮੇਰੇ ਲਈ ਇਕ ਕਰੈਹਤ ਹੈਂ—ਤੇਰੀਆਂ ਐਨਕਾਂ ਤੇ ਇਹ ਸਾਰਾ ਤੇਰਾ ਮੋਟਾ ਗੰਦਾ ਬਦਨ—ਜਾ—ਜਾ!" ਉਹ ਚੀਖ ਕੇ ਬੋਲੀ ਤੇ ਜਾਣ ਨੂੰ ਉਠ ਖਲੀ ਹੋਈ।
ਜੇਲਰ ਉਨ੍ਹਾਂ ਪਾਸ ਆ ਗਇਆ—
"ਇਹ ਕੇਹਾ ਰੌਲਾ ਪਾ ਰਹੀ ਹੈ, ਇੱਥੇ ਨਹੀਂ ਚਲੇਗਾ...।"
"ਇਹਨੂੰ ਕੁਛ ਨ ਕਹੋ, ਨਿਖਲੀਊਧਵ ਨੇ ਕਹਿਆ।
"ਇਹਨੂੰ ਆਪਣੇ ਆਪ ਨੂੰ ਇਉਂ ਭੁਲ ਤਾਂ ਨਹੀਂ ਜਾਣਾ ਚਾਹੀਦਾ ਜੀ," ਜੇਲਰ ਨੇ ਕਹਿਆ।
"ਜ਼ਰਾ ਠਹਿਰੋ, ਨਿਖਲੀਊਧਵ ਨੇ ਤੇ ਕਹਿਆ ਜੇਲਰ ਮੁੜ ਬਾਰੀ ਪਾਸ ਚਲਾ ਗਇਆ।
ਮਸਲੋਵਾ ਆਪਣੇ ਦੋਵੇਂ ਗੁਟਕਣੇ ਜੇਹੇ ਹੱਥ ਪੱਕੇ ਜੋੜਕੇ ਤੇ ਆਪਣੀਆਂ ਅਖਾਂ ਨੀਵੀਆਂ ਸੁਟਕੇ ਮੁੜ ਬੈਠ ਗਈ। ਨਿਖਲੀਊਧਵ ਇਹ ਨ ਸਮਝਕੇ ਕਿ ਕੀ ਕਰੇ, ਉਸ ਉਪਰ ਝੁਕ ਗਇਆ।
"ਤੂੰ ਮੇਰੀ ਗਲ ਵਿਚ ਯਕੀਨ ਨਹੀਂ ਕਰਦੀ?" ਓਸ ਕਹਿਆ।
"ਕੀ ਤੇਰਾ ਮਤਲਬ ਹੈ ਕਿ ਮੇਰੇ ਨਾਲ ਵਿਆਹ ਕਰੇਂ? ਇਹ ਕਦਾਚਿੱਤ ਨਹੀਂ ਹੋਣਾ—ਮੈਂ ਆਪਣੇ ਆਪ ਨੂੰ ਫਾਹੇ ਲਾਕੇ ਮਾਰ ਦਿਆਂਗੀ—ਬੱਸ ਇਹ!"
"ਪਰ ਮੈਂ ਫਿਰ ਵੀ ਤੇਰੀ ਸੇਵਾ ਹੀ ਕਰਦਾ ਰਹਾਂਗਾ।"
"ਇਹ ਤੇਰਾ ਆਪਣਾ ਮਾਮਲਾ ਹੈ—ਮੈਨੂੰ ਤੇਰੇ ਪਾਸੋਂ ਕੁਛ ਨਹੀਂ ਚਾਹੀਏ, ਇਹ ਪਧਰਾ ਸਚ ਈ," ਤਾਂ ਉਸ ਲਗਦੇ ਹੀ ਕਹਿਆ ਤੇ ਬੜੀ ਦਰਦਨਾਕ ਤਰਾਂ ਰੋਣ ਲਗ ਪਈ।
ਨਿਖਲੀਊਧਵ ਬੋਲ ਨਾ ਸਕਿਆ, ਉਹਦੇ ਅੱਥਰੂਆਂ ਨੇ ਉਹਦੇ ਉਪਰ ਅਸਰ ਕੀਤਾ। ਮਸਲੋਵਾ ਨੇ ਆਪਣੀਆਂ ਅੱਖਾਂ ਉਪਰ ਕੀਤੀਆਂ, ਅਚਰਜ ਹੋ ਉਹਦੇ ਵਲ ਵੇਖਿਆ ਤੇ ਰੁਮਾਲ ਨਾਲ ਆਪਣੇ ਅੱਥਰੂ ਪੂੰਝਣ ਲਗ ਪਈ।
ਜੇਲਰ ਮੁੜ ਆਇਆ ਤੇ ਉਸ ਚਿਤਾਵਨੀ ਕਰਾਈ ਕਿ ਵਕਤ ਹੋ ਗਇਆ ਹੈ ਤੇ ਹੁਣ ਜਾਣਾ ਚਾਹੀਏ—ਮਸਲੋਵਾ ਉਠ ਖੜੀ ਹੋਈ।
"ਤੂੰ ਕੁਛ ਜੋਸ਼ ਵਿਚ ਹੈਂ, ਮੈਂ ਫਿਰ ਕਲ ਆਵਾਂਗਾ, ਤੂੰ ਮੁੜ ਸੋਚ ਰਖੀਂ," ਨਿਖਲੀਊਧਵ ਨੇ ਕਹਿਆ।
ਉਸਨੇ ਕੋਈ ਉਤਰ ਨ ਦਿਤਾ ਤੇ ਬਿਨਾ ਉਪਰ ਤੱਕੇ ਦੇ ਜੇਲਰ ਦੇ ਪਿਛੇ ਪਿਛੇ ਕਮਰਿਓਂ ਬਾਹਰ ਹੋ ਤੁਰੀ।
"ਅਛਾ ਵੰਡੀਏ! ਹੁਣ ਤਾਂ ਤੈਨੂੰ ਨਾਯਾਬ ਸਮੇਂ ਮਿਲਿਆ ਕਰਨਗੇ ਨਾਂ," ਕੋਰਾਬਲੈਵਾ ਨੇ ਮਸਲੋਵਾ ਨੂੰ ਕਹਿਆ ਜਦ ਓਹ ਕੈਦ ਕੋਠੜੀ ਵਿਚ ਮੁੜ ਵਾਪਸ ਆਈ, "ਪਤਾ ਲਗਦਾ ਹੈ ਓਹ ਤੇਰੀ ਵਲ ਬੜਾ ਹੀ ਮਿਠਾ ਹੋਇਆ ਹੋਇਆ ਹੈ—ਜਦ ਤਕ ਉਹ ਤੇਰੇ ਪਿੱਛੇ ਹੈ ਖੂਬ ਹਥ ਰੰਗ, ਉਹ ਤੈਨੂੰ ਬਾਹਰ ਕਢਾਣ ਵਿਚ ਮਦਦ ਕਰੇਗਾ, ਇਹ ਅਮੀਰ ਲੋਕੀ ਸਭ ਕੁਛ ਕਰ ਸਕਦੇ ਹਨ।"
"ਹਾਂ, ਠੀਕ ਹੈ," ਚੌਕੀਦਾਰ ਦੀ ਵਹੁਟੀ ਆਪਣੇ ਮਿਠੇ ਗਾਂਦੇ ਆਵਾਜ਼ ਵਿਚ ਬੋਲੀ, "ਜਦ ਇਕ ਗਰੀਬ ਆਦਮੀ ਵਿਆਹ ਕਰਾਉਣਾ ਚਾਹੁੰਦਾ ਹੈ ਤਦ ਪਿਆਲੇ ਦੇ ਮੂੰਹ ਪਹੁੰਚਣ ਤੱਕ ਵਿਚ ਕਈ ਪਿਆਲੇ ਹੱਥੋਂ ਡਿਗ ਪੈਂਦੇ ਹਨ, ਪਰ ਜੇ ਅਮੀਰ ਕਰਨਾ ਚਾਹੇ, ਤਦ ਬਸ ਉਧਰ ਇਰਾਦਾ ਕੀਤਾ ਤੇ ਉਧਰ ਵਿਆਹ। ਉਹ ਕੁੜੀਏ! ਸਾਨੂੰ ਇਹੋ ਜੇਹਾ ਇਕ ਆਦਮੀ ਪਤਾ ਹੈ? ਤੈਨੂੰ ਖਬਰ ਹੈ ਉਸ ਕੀ ਕੀਤਾ ਸੀ?"
"ਅੱਛਾ ਪਰ ਸਾਡੀ ਬਾਬਤ ਵੀ ਤੈਂ ਗਲ ਕੀਤੀ ਸੀ ਕਿ ਨਹੀਂ," ਬੁੱਢੀ ਨੇ ਪੁੱਛਿਆ।
ਪਰ ਮਸਲੋਵਾ ਨੇ ਆਪਣੀਆਂ ਸਾਥਣਾਂ ਕੈਦਣਾਂ ਨੂੰ ਕੋਈ ਉਤਰ ਨ ਦਿਤਾ। ਉਹ ਆਪਣੇ ਤਖਤੇ ਦੇ ਬਿਸਤਰੇ ਉਪਰ ਲੇਟ ਗਈ। ਉਹਦੀਆਂ ਭੈਂਗ ਮਾਰਦੀਆਂ ਅਖਾਂ ਕੋਨੇ ਵਿਚ ਇਕ ਪਾਸੇ ਜੁੜ ਗਈਆਂ ਤੇ ਇਉਂ ਹੀ ਉਹ ਸ਼ਾਮਾਂ ਤਕ ਨਿੱਸਲ ਹੋਕੇ ਪਈ ਰਹੀ।
ਉਹਦੇ ਰੂਹ ਵਿਚ ਇਕ ਬੜੀ ਦਰਦ ਭਰੀ ਕਸ਼ਮਕਸ਼ ਹੋ ਰਹੀ ਸੀ। ਜੋ ਕੁਛ ਨਿਖਲੀਊਧਵ ਨੇ ਓਹਨੂੰ ਕਹਿਆ ਸੀ—ਉਸ ਕਰਕੇ ਉਹਦੀ ਦੁਨੀਆਂ ਦੀ ਯਾਦ ਪਰਤ ਆਈ ਸੀ ਜਿਸ ਵਿਚ ਉਸ ਇੰਨਾ ਦੁਖ ਪਾਇਆ ਸੀ ਤੇ ਜਿਸ ਦੁਨੀਆਂ ਨੂੰ ਨ ਸਮਝਕੇ ਉਹਨੂੰ ਛਡਣਾ ਪਇਆ ਸੀ—ਨਹੀਂ ਜਿਹਨੂੰ ਉਹ ਨਫਰਤ ਕਰਦੀ ਸੀ। ਹੁਣ ਉਹਨੂੰ ਓਸ ਬੇਹੋਸ਼ੀ ਥੀਂ ਜਿਸ ਵਿਚ ਰਹਿ ਰਹੀ ਸੀ, ਜਾਗ ਆਈ; ਪਰ ਜੋ ਬੀਤ ਚੁਕਾ ਸੀ ਉਹਨੂੰ ਵੀ ਮੁੜ ਸਾਫ਼ ਯਾਦ ਕਰਕੇ ਜੀਉਣਾ ਨਾਮੁਮਕਿਨ ਸੀ, ਉਸ ਲਈ ਇਹ ਯਾਦ ਇਕ ਨਿਤ ਦਾ ਤੱਸੀਆ ਹੋਣਾ ਸੀ—ਇਸ ਕਰਕੇ ਸ਼ਾਮਾਂ ਵੇਲੇ ਉਸਨੇ ਮੁੜ ਵੋਧਕਾ ਖਰੀਦਿਆ, ਤੇ ਆਪਣੀਆਂ ਸਾਥਣਾਂ ਸਮੇਤ ਪੀਣ ਲਗ ਪਈ।
ਮੋਇਆਂ ਦੀ ਜਾਗ-ਕਾਂਡ ੪੯. : ਲਿਉ ਤਾਲਸਤਾਏ
"ਹਾਂ ਜੀ—ਇਹ ਹਨ ਅਰਥ ਪਾਪ ਦੇ! ਜੀ ਇਹ," ਨਿਖਲੀਊਧਵ ਨੇ ਸੋਚਿਆ, ਜਿੰਵੇਂ ਓਹ ਜੇਲ ਥੀਂ ਬਾਹਰ ਆਇਆ। ਸਿਰਫ਼ ਹੁਣ ਉਹਨੂੰ ਆਪਣੇ ਕੀਤੇ ਜੁਰਮ ਦੀ ਪੂਰੀ ਪੂਰੀ ਸਮਝ ਲਗੀ।
ਜੇ ਉਹ ਆਪਣੇ ਕੀਤੇ ਅਪਰਾਧ ਦਾ ਇਓਂ ਪਸ਼ਚਾਤਾਪ ਨ ਕਰਦਾ ਉਹਨੂੰ ਕਦੀ ਵੀ ਪਤਾ ਹੀ ਨਹੀਂ ਸੀ ਲਗਣਾ ਕਿ ਉਹਨੇ ਕਿੰਨਾਂ ਵਡਾ ਪਾਪ ਕੀਤਾ ਸੀ। ਸਿਰਫ ਇੰਨੇ ਉਪਰ ਬਸ ਨਹੀਂ ਸੀ ਮਸਲੋਵਾ ਨੂੰ ਵੀ ਜੋ ਕੁਛ ਉਸ ਨਾਲ ਹੋਇਆ ਸੀ ਓਹਦਾ ਭਿਆਨਕ ਰੂਪ ਨ ਸੁਝ ਸਕਦਾ। ਸਿਰਫ ਹੁਣ ਨਿਖਲੀਊਧਵ ਨੇ ਵੇਖਿਆ ਕਿ ਉਸਨੇ ਇਸ ਤੀਮੀਂ ਦੇ ਰੂਹ ਦਾ ਕੀ ਹਾਲ ਕਰ ਦਿਤਾ ਸੀ। ਸਿਰਫ ਹੁਣ ਹੀ ਉਸ ਤੀਮੀਂ ਨੇ ਸਮਝਿਆ ਕਿ ਉਸ ਨਾਲ ਕੀ ਕੀ ਵਰਤ ਚੁਕਾ ਸੀ। ਹੁਣ ਤਕ ਤਾਂ ਨਿਖਲੀਊਧਵ ਆਪਣੇ ਆਪ ਦੀ ਸ਼ਲਾਘਾ—ਕਰਨ ਦੀ ਝਰਨਾਟ ਜੇਹੀ ਵਿਚ ਹੀ ਖੇਡ ਰਹਿਆ ਸੀ—ਮੈਂ ਕਿੰਨਾ ਧਰਮੀ ਹਾਂ ਜੋ ਇਉਂ ਪਸ਼ਚਾਤਾਪ ਕਰਨ ਲਗਾ ਹਾਂ— ਪਰ ਹੁਣ ਇਹ ਵੇਖਕੇ, ਓਹਦਾ ਮਨ ਇਕ ਹੌਲ ਨਾਲ ਭਰ ਗਇਆ ਸੀ। ਹੁਣ ਉਸ ਇਹ ਤਾਂ ਆਪਣੇ ਆਪ ਨਾਲ ਪੱਕਾ ਕਰ ਲਇਆ ਸੀ ਕਿ ਉਹ ਉਹਦਾ ਪਿੱਛਾ ਕਦੀ ਨਹੀਂ ਛੱਡੇਗਾ, ਪਰ ਉਹਨੂੰ ਇਹਦਾ ਕੋਈ ਪਤਾ ਨਹੀਂ ਸੀ ਲਗ ਰਹਿਆ ਕਿ ਉਨ੍ਹਾਂ ਦੇ ਆਪੋ ਵਿਚ ਜ਼ਾਤੀ ਤਅੱਲਕਾਂ ਦਾ ਕੀ ਹਸ਼ਰ ਹੋਵੇਗਾ।
ਜਿਵੇਂ ਓਹ ਜੇਲ ਥੀਂ ਬਾਹਰ ਜਾ ਹੀ ਰਹਿਆ ਸੀ ਇਕ ਜੇਲਰ ਜਿਹਦਾ ਮੁਹਾਂਦਰਾ ਕਈ ਇਕ ਸ਼ੱਕ ਪੈਦਾ ਕਰ ਦੇਣ ਵਾਲਾ ਸੀ, ਛਾਤੀ ਉੱਪਰ ਸਲੀਬ ਤੇ ਹੋਰ ਤਗ਼ਮੇ ਲਾਏ ਹੋਏ ਨਿਖਲੀਊਧਵ ਪਾਸ ਇਓਂ ਆਇਆ ਜਿਵੇਂ ਬੜੀ ਹੀ ਗੁੱਝੀ ਗਲ ਕੋਈ ਕਰਨ ਆਉਂਦਾ ਹੈ ਤੇ ਆਕੇ ਓਹਨੂੰ ਇਕ ਖਤ ਦਿਤਾ ਸੂ। "ਜਨਾਬ! ਆਪ ਲਈ ਇਹ ਖਤ ਹੈ", ਉਸ ਲਫ਼ਾਫ਼ਾ ਉਹਦੇ ਹਥ ਵਿਚ ਦਿੰਦਿਆਂ ਕਹਿਆ।
"ਕਿਸ ਪਾਸੂੰ?"
ਜਦ ਪੜ੍ਹੋਗੇ—ਆਪ ਨੂੰ ਪਤਾ ਲਗ ਜਾਏਗਾ—ਇਕ ਮੁਲਕੀ ਕੈਦਨ। ਮੈਂ ਉਸ ਵਾਰਡ ਵਿਚ ਹਾਂ, ਜਿਸ ਵਿਚ ਓਹ ਤ੍ਰੀਮਤ ਬੰਦ ਪਈ ਹੋਈ ਹੈ, ਸੋ ਉਸ ਨੇ ਮੈਨੂੰ ਇਹ ਕੰਮ ਕਰਨ ਲਈ ਕਹਿਆ ਸੀ। ਤੇ ਭਾਵੇਂ ਕਾਇਦਿਆਂ ਦੇ ਬਰਖ਼ਲਾਫ ਹੈ, ਤਾਂ ਵੀ ਇਨਸਾਨੀ ਹਮਦਰਦੀ ਲਈ ਮੈਂ ਇਹ ਖਤ ਆਪ ਤਕ ਲੈ ਹੀ ਆਇਆ ਹਾਂ...................," ਜੇਲਰ ਬਨਾਵਟੀ ਤ੍ਰੀਕੇ ਨਾਲ ਬੋਲਿਆ।
ਨਿਖਲੀਊਧਵ ਹੈਰਾਨ ਹੋਇਆ ਕਿ ਹੈਂ, ਉਸ ਵਾਰਡ ਦਾ ਜੇਲਰ ਜਿੱਥੇ ਮੁਲਕੀ ਕੈਦੀ ਬੰਦ ਹਨ ਜੇਲ ਦੀਆਂ ਐਨ ਦੀਵਾਰਾਂ ਵਿੱਚ ਹਰ ਇਕ ਦੇ ਸਾਹਮਣੇ ਤੇ ਹਰ ਇਕ ਦੇ ਵਿੰਹਦੇ ਹੋਏ ਖਤ ਲਿਆਂਦਾ ਤੇ ਦਿੰਦਾ ਹੈ! ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਆਦਮੀ ਨਾਲੇ ਜੇਲਰ ਸੀ ਤੇ ਨਾਲੇ ਸੂਹੀਆ। ਤਾਂ ਭੀ ਉਹਨੇ ਖਤ ਲੈ ਲਇਆ ਤੇ ਜੇਲ ਥੀਂ ਬਾਹਰ ਆ ਕੇ ਵਾਚਿਆ।
ਬੜੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਤੇ ਇਉਂ ਸੀ:—"ਇਹ ਸੁਣ ਕੇ ਕਿ ਆਪ ਜੇਲ ਨੂੰ ਵੇਖਣ ਆਉਂਦੇ ਹੋ ਤੇ ਇਕ ਅਪਰਾਧੀ ਵਿਚ ਖਾਸ ਦਿਲਚਸਪੀ ਲੈਂਦੇ ਹੋ। ਆਪ ਨੂੰ ਵੇਖਣ ਦੀ ਚਾਹ ਮੇਰੇ ਵਿੱਚ ਉੱਗੀ ਹੈ। ਇਕ ਪਰਮਿਟ ਲੈ ਕੇ ਜ਼ਰੂਰ ਆ ਕੇ ਮੈਨੂੰ ਮਿਲੋ। ਪਰਮਿਟ ਮਿਲ ਜਾਸੀ ਤੇ ਮੈਂ ਆਪਣੇ ਸਾਥੀਆਂ ਦੇ ਸਾਰੇ ਹਾਲ ਆਪ ਨੂੰ ਦੱਸਾਂਗੀ—ਤੇ ਨਾਲੇ ਬਹੁਤ ਕੁਝ ਗੱਲਾਂ ਉਸ ਬਾਬਤ ਦੱਸਣੀਆਂ ਹਨ ਜਿਸ ਲਈ ਅੱਜ ਕਲ ਆਪ ਇੰਨੇ ਚਿੰਤਾਵਾਨ ਹੋ ਤੇ ਜਿਹਦੇ ਆਪ ਰੱਛਕ ਹੋ—ਆਪ ਦੀ ਸ਼ੁਕਰ ਗੁਜ਼ਾਰ ਵੇਰਾ ਦੁਖੋਵਾ।"
ਨੋਵਗੋਰੋਡ ਗੋਰਮਿੰਟ ਦੇ ਇਕ ਸ਼ਾਹਰਾਹ ਥੀਂ ਦੂਰ ਅੰਦਰ ਮੁਲਕ ਵਿਰ ਵੇਰਾ ਦੁਖੋਵਾ ਇਕ ਸਕੂਲ ਦੀ ਅਧਿਆਪਕਾ ਸੀ। ਉਥੇ ਇਕ ਵਾਰੀ ਨਿਖਲੀਊਧਵ ਤੇ ਉਹਦੇ ਕੁਛ ਦੋਸਤ ਜਦ ਰਿੱਛ ਦਾ ਸ਼ਿਕਾਰ ਖੇਡਣ ਗਏ ਸਨ, ਠਹਿਰੇ ਸਨ। ਉਸ ਵਕਤ ਉਸਨੇ ਨਿਖਲੀਊਧਵ ਥੀਂ ਕੁਛ ਰੁਪਿਆਂ ਦੀ ਮਦਦ ਮੰਗੀ ਸੀ, ਜਿਸ ਨਾਲ ਕਿ ਉਹ ਯੂਨੀਵਰਸਟੀ ਦੀ ਪੜ੍ਹਾਈ ਅੱਗੇ ਕਰ ਸਕੇ। ਨਿਖਲੀਊਧਵ ਨੇ ਉਹਨੂੰ ਰੁਪੈ ਦੇ ਦਿੱਤੇ ਸਨ ਪਰ ਉਹ ਉਸ ਬਾਰੇ ਦੀ ਸਾਰੀ ਗੱਲ ਭੁਲ ਚੁੱਕਾ ਸੀ, ਤੇ ਹੁਣ ਇਹ ਦਿਸਦਾ ਸੀ ਕਿ ਇਹ ਤੀਵੀ ਮੁਲਕੀ ਕੈਦਣ ਹੋ ਕੇ ਜੇਲ ਵਿਚ ਸੀ (ਤੇ ਜੇਲ ਵਿਚ ਹੀ ਉਹਦੀ ਕਹਾਣੀ ਉਸ ਤ੍ਰੀਮਤ ਨੇ ਸੁਣ ਲਈ ਸੀ) ਤੇ ਇਸ ਕਰ ਕੇ ਉਹ ਆਪਣੇ ਵਿਤ ਦੀ ਸੇਵਾ ਨਿਖਲੀਊਧਵ ਨੂੰ ਭੇਟਾ ਕਰ ਰਹੇ ਸੀ।
ਕਦੀ ਹਰ ਇਕ ਚੀਜ਼ ਉਸ ਲਈ ਕਿੰਨੀ ਆਸਾਨ ਤੇ ਸਾਦਾ ਸੀ, ਅਜ ਹਰ ਇਕ ਗੱਲ ਮੁਸ਼ਕਲ ਤੇ ਪੇਚੀਦਾ ਹੋ ਚੁਕੀ ਸੀ।
ਨਿਖਲੀਊਧਵ ਨੂੰ ਉਹ ਵਕਤ ਚੰਗੀ ਤਰਾਂ ਯਾਦ ਆ ਗਏ ਤੇ ਦੁਖੋਵਾ ਨਾਲ ਜਾਣ ਪਛਾਣ ਵੀ ਪੂਰੀ ਪੂਰੀ ਚੇਤੇ ਆ ਗਈ। ਲੈਂਟ[1] ਤੋਂ ਜ਼ਰਾ ਪਹਲੇ ਰੇਲ ਥੀਂ ਕੋਈ ੪੦ ਮੀਲ ਅੰਦਰ ਵਾਰ ਸ਼ਿਕਾਰ ਬੜਾ ਹੀ ਕਾਮਯਾਬ ਹੋਇਆ ਸੀ—ਦੋ ਰਿੱਛ ਮਾਰੇ ਗਏ ਸਨ—ਤੇ ਸਾਰੇ ਹਮਜੋਲੀ ਆਪਣੇ ਵਾਪਸੀ—ਦੇ—ਰਾਹ, ਪੈਂਡੇ ਪੈਣ ਥੀਂ ਪਹਿਲਾਂ ਕੱਠੇ ਰੋਟੀ ਖਾ ਰਹੇ ਸਨ, ਜਦ ਕਿ ਉਸ ਸ਼ਿਕਾਰ—ਵਾਲੇ ਮਕਾਨ ਦਾ ਮਾਲਕ ਜਿਹਦੇ ਉਹ ਉਤਰੇ ਹੋਏ ਸਨ, ਆਇਆ ਤੇ ਕਹਿਣ ਲੱਗਾ ਕਿ ਸ਼ਾਹਜ਼ਾਦਾ ਨਿਖਲੀਊਧਵ ਨਾਲ ਡੀਕਨ ਦੀ ਲੜਕੀ ਕੁਛ ਗਲ ਕਰਨਾ ਚਾਹੁੰਦੀ ਹੈ।
([1] ਲੇਂਟ ਈਸਾਈਆਂ ਦਾ ਚਾਲੀ ਦਿਨ ਦਾ ਵਰਤ ਈਸਟਰ ਤੋਂ ਪਹਿਲੇ ਹੁੰਦਾ ਹੈ।)
"ਕੀ ਉਹ ਸੋਹਣੀ ਹੈ?" ਕਿਸੀ ਇਕ ਨੇ ਪੁੱਛਿਆ।
"ਬਸ ਭਾਈ, ਇਹੋ ਜੇਹੇ ਮਖੌਲ ਨਹੀਂ", ਨਿਖਲੀਊਧਵ ਨੇ ਕਹਿਆ ਤੇ ਬੜਾ ਸੰਜੀਦਾ ਹੋ ਉੱਠਿਆ।
ਆਪਣਾ ਮੂੰਹ ਪੂੰਝ ਕੇ ਤੇ ਇਸ ਹੈਰਾਨੀ ਵਿੱਚ ਕਿ ਡੀਕਨ ਦੀ ਲੜਕੀ ਨਾਲ ਉਹਦਾ ਕੀ ਕੰਮ ਹੋ ਸਕਦਾ ਹੈ, ਉਹ ਆਪਣੇ ਮੇਜ਼ਬਾਨ ਦੇ ਨਿਜ ਦੇ ਘਰ ਗਇਆ—ਉਥੇ ਇਕ ਲੜਕੀ ਪੱਟੂ ਦੀ ਟੋਪੀ ਤੇ ਇਕ ਗਰਮ ਵੱਡਾ ਕੋਟ ਪਾਈ ਬੈਠੀ ਸੀ। ਸਿਰਫ ਉਹਦੀਆਂ ਅੱਖਾਂ ਜਿਨ੍ਹਾਂ ਉੱਪਰ ਮਿਹਰਾਬੀ ਭਰਵੱਟੇ ਸਨ, ਬੜੀਆਂ ਸੋਹਣੀਆਂ ਸਨ।
"ਲੌ ਮਿਸ ਸਾਹਿਬਾ! ਆਪ ਨਾਲ ਗਲ ਕਰੋ," ਘਰ ਦੀ ਬੁੱਢੀ ਮਾਲਕਾ ਨੇ ਕਹਿਆ, "ਇਹ ਸ਼ਾਹਜ਼ਾਤਾ ਸਾਹਿਬ ਆਪ ਹਨ, ਮੈਂ ਇੰਨਾ ਚਿਰ ਬਾਹਰ ਜਾਂਦੀ ਹਾਂ।"
"ਮੈਂ ਆਪ ਲਈ ਕੀ ਸੇਵਾ ਕਰ ਸਕਦਾ ਹਾਂ? ਨਿਖਲੀਊਧਵ ਨੇ ਪੁੱਛਿਆ।
"ਮੈਂ..........ਮੈਂ........ਮੈਂ ਸੁਣਿਆ ਹੈ ਤੁਸੀ ਅਮੀਰ ਹੋ ਤੇ ਤੁਸੀ ਫਜ਼ੁਲੀਆਤ ਉੱਪਰ ਰੁਪੈ ਸੁੱਟ ਪਾਂਦੇ ਹੋ—ਸ਼ਿਕਾਰ ਉੱਪਰ—" ਕੁੜੀ ਨੇ ਕਹਿਣਾ ਸ਼ੁਰੂ ਕੀਤਾ, ਪਰ ਬੜੀ ਘਬਰਾਹਟ ਜੇਹੀ ਵਿਚ—"ਮੈਂ ਜਾਣਦੀ ਹਾਂ......ਮੈਨੂੰ ਇਕ ਚੀਜ਼ ਦੀ ਲੋੜ ਹੈ....ਇਸ ਲਈ ਕਿ ਮਖ਼ਲੂਕ ਦੀ ਮੈਂ ਕੋਈ ਸੇਵਾ ਕਰਨ ਜੋਗ ਹੋ ਸਕਾਂ ਪਰ ਮੈਂ ਕੁਛ ਕਰ ਨਹੀਂ ਸੱਕਦੀ ਕਿਉਂਕਿ ਮੈਨੂੰ ਹਾਲੇ ਕੁਛ ਇਲਮ ਹਾਸਲ ਨਹੀਂ"। ਉਹਦੀਆਂ ਅੱਖਾਂ ਇੰਨੀਆਂ ਸਚਭਰੀਆਂ ਤੇ ਇੰਨੀਆਂ ਨਰਮੀ-ਭਰੀਆਂ ਸਨ ਤੇ ਉਹਦੇ ਕੱਚੇ ਪੱਕੇ ਪਰ ਸ਼ਰਮੀਲੇ ਮੂੰਹ ਦਾ ਰੰਗ ਇੰਨਾ ਅਸਰ ਪਾਣ ਵਾਲਾ ਸੀ ਕਿ ਨਿਖਲੀਊਧਵ ਜਿਸ ਤਰਾਂ ਸਦਾ ਉਸ ਨਾਲ ਹੁੰਦਾ ਸੀ, ਝਟ ਪਟ ਉਹਦੀ ਥਾਂ ਆਪ ਹੋ ਕੇ ਉਹਦੀ ਮੁਸ਼ਕਲ ਨੂੰ ਮਹਸੂਸ ਕੀਤਾ, ਸਮਝ ਗਇਆ ਤੇ ਹਮਦਰਦ ਹੋ ਗਇਆ।
"ਮੈਂ ਆਪ ਲਈ ਕੀ ਕਰ ਸਕਦਾ ਹਾਂ! ਕੋਈ ਸੇਵਾ?"
"ਮੈਂ ਉਸਤਾਨੀ ਹਾਂ ਪਰ ਮੇਰਾ ਜੀ ਕਰਦਾ ਹੈ ਕਿ ਮੈਂ ਯੂਨੀਵਰਸਟੀ ਦੀ ਪੜ੍ਹਾਈ ਕਰ ਸਕਾਂ। ਪਰ ਇਉਂ ਮੈਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਮਿਲਦੀ। ਇਹ ਗੱਲ ਨਹੀਂ ਕਿ ਕੋਈ ਮੈਨੂੰ ਆਗਿਆ ਨਹੀਂ ਦਿੰਦਾ ਪਰ ਇਹ ਕਿ ਮੇਰੇ ਪਾਸ ਦਮੜੇ ਨਹੀਂ ਹਨ। ਤੁਸੀ ਮੈਨੂੰ ਦਮੜੇ ਦਿਓ ਤੇ ਜਦ ਮੈਂ ਪੜ੍ਹ ਚੁਕਾਂਗੀ ਮੈਂ ਆਪ ਨੂੰ ਮੁਕਾ ਦੇਵਾਂਗੀ। ਮੈਂ ਸੋਚ ਰਹੀ ਸਾਂ ਕਿ ਅਮੀਰ ਰਿੱਛਾਂ ਨੂੰ ਮਾਰਦੇ ਹੋ ਤੇ ਕਿਸਾਨਾਂ ਗਰੀਬਾਂ ਨੂੰ ਸ਼ਰਾਬ ਪੀਣ ਨੂੰ ਦਿੰਦੇ ਹੋ। ਇਹ ਮਾੜੀਆਂ ਗੱਲਾਂ ਹਨ। ਤੁਸੀ ਨੇਕੀ ਕਿਉਂ ਨਹੀਂ ਕਰਦੇ? ਮੈਨੂੰ ਤਾਂ ਸਿਰਫ ੮੦) ਰੂਬਲ ਬਸ ਹਨ। ਪਰ ਜੇ ਆਪ ਦਾ ਚਿੱਤ ਨ ਕਰੇ ਤਾਂ ਵੀ ਚੰਗਾ," ਉਸ ਜ਼ਰਾ ਖ਼ਫ਼ਗੀ ਜੇਹੀ ਨਾਲ ਕਿਹਾ।
"ਉਲਟੀ ਗੱਲ—ਮੈਂ ਤਾਂ ਇਸ ਮੌਕੇ ਲਈ ਜੋ ਆਪ ਨੇ ਦਿੱਤਾ ਹੈ ਬੜਾ ਧੰਨਵਾਦੀ ਹਾਂ। ਮੈਂ ਹੁਣੇ ਰੁਪੈ ਲਿਆ ਦਿਆਂਗਾ," ਨਿਖਲੀਊਧਵ ਬੋਲਿਆ।
ਉਹ ਬਾਹਰ ਲਾਂਘੇ ਵਿਚ ਦੀ ਗਇਆ ਤੇ ਉਥੇ ਇਕ ਆਪਣੇ ਸਾਥੀ ਨੂੰ ਮਿਲਿਆ ਜਿਹੜਾ ਉਨ੍ਹਾਂ ਦੀਆਂ ਗੱਲਾਂ ਸੁਣ ਰਹਿਆ ਸੀ। ਉਹਦੇ ਠੱਠੇ ਦੀ ਪ੍ਰਵਾਹ ਨਾ ਕਰਦੇ ਹੋਏ, ਉਹਨੇ ਬਟੂਏ ਵਿਚੋਂ ਰੁਪੈ ਕੱਢ ਕੇ ਦੇ ਦਿਤੇ ਤੇ ਕਹਿਆ, "ਆਪ ਕਿਰਪਾ ਕਰਕੇ ਮੇਰਾ ਸ਼ੁਕਰ ਨ ਪਏ ਕਰੋ, ਮੈਨੂੰ ਸਗੋਂ ਆਪ ਦਾ ਸ਼ੁਕਰ ਕਰਨਾ ਚਾਹੀਏ।"
ਇਸ ਵੇਲੇ ਅਜ ਉਹ ਸਾਰੀ ਗਲ ਚੇਤੇ ਕਰਨੀ ਉਹਨੂੰ ਮਨੋ ਹਲੋਰਾ ਦਿੰਦੀ ਸੀ, ਤੇ ਨਾਲੇ ਇਹ ਯਾਦ ਕਰਨਾ ਚੰਗਾ ਲਗਦਾ ਸੀ ਕਿ ਕਿਸ ਤਰਾਂ ਉਹ ਇਕ ਅਫਸਰ ਨਾਲ ਲੜ ਪਇਆ ਸੀ ਜਿਹੜਾ ਇਸ ਗੱਲ ਦਾ ਮਖੋਲ ਬਣਾਉਣਾ ਚਾਹੁੰਦਾ ਸੀ ਤੇ ਕਿਸ ਤਰ੍ਹਾਂ ਦੂਜੇ ਦੋਸਤ ਨੇ ਉਹਦਾ ਸਾਥ ਦਿੱਤਾ ਸੀ ਤੇ ਕਿਸ ਤਰਾਂ ਇਨ੍ਹਾਂ ਦੋਹਾਂ ਵਿਚ ਇਸ ਕਰਕੇ ਹੋਰ ਵੀ ਜੋੜਵੀਂ ਦੋਸਤੀ ਪੈ ਗਈ ਸੀ। ਉਹ ਸ਼ਿਕਾਰ ਦੀ ਸਾਰੀ ਮੁਹਿਮ ਕੈਸੀ ਕਾਮਯਾਬ ਹੋਈ ਸੀ ਤੇ ਉਹ ਉਸ ਰਾਤ ਜਦ ਰੇਲ ਦੇ ਸਟੇਸ਼ਨ ਵਲ ਮੁੜ ਰਹੇ ਸਨ ਕਿੰਨੇ ਖੁਸ਼ ਸਨ................
ਉਹ ਬਰਫ ਉਪਰ ਬਿਨਾ ਪਹੀਏ ਧ੍ਰੀਕਣ ਵਾਲੀਆਂ ਗਡੀਆਂ, ਸਲੈਜਾ ਦੀਆਂ ਕਤਾਰਾਂ, ਉਹ ਘੋੜੀਆਂ ਵਾਲੀਆਂ ਸ਼ਿਕਰਮਾਂ, ਜੰਗਲ ਵਿਚ ਦੀ ਤੰਗ ਰਾਹਾਂ ਉਪਰ ਕਿੰਝ ਰਿੜ੍ਹਦੀਆਂ ਆਉਂਦੀਆਂ ਹਨ, ਹੁਣ ਉੱਚੇ ਦਰਖਤਾਂ ਦੇ ਵਿਚ ਦੀ, ਤੇ ਮੁੜ ਨੀਵੇਂ ਫਰ ਦੇ ਬ੍ਰਿੱਛਾਂ ਵਿਚ ਦੀ ਜਿਨ੍ਹਾਂ ਦੀਆਂ ਟਹਣੀਆਂ ਉਪਰ ਭਾਰੀ ਭਾਰੀ ਟੁਕੜੇ ਕੋਰੇ ਨਾਲ ਜਮੀ ਬਰਫ ਦੇ ਪਏ ਉਨ੍ਹਾਂ ਨੂੰ ਨਿਵਾ ਰਹੇ ਹਨ—ਤੇ ਹਨੇਰੇ ਵਿਚ ਇਕ ਲਾਲ ਚੰਗਾਰਾ ਜੇਹਾ ਹੁੰਦਾ ਹੈ—ਉਹ ਕਿਸੇ ਆਪਣੀ ਸਿਗਰਿਟ ਬਾਲੀ ਹੈ। ਜੋਸੈਫ ਇਕ ਰਿੱਛਾਂ ਦਾ ਹਾਕਾ, ਕਿੰਝ ਇਕ ਰੇਹੜੀ ਥੀਂ ਦੂਜੀ ਉਪਰ ਬਰਫ ਵਿਚ ਗੋਡੀਆਂ ਤਕ ਡੁੱਬਾ ਛਾਲ ਮਾਰ ਜਾਂਦਾ ਹੈ ਤੇ ਸਲੈਜਾਂ ਨੂੰ ਠੀਕ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਏਲਕ ਹਿਰਨ ਡੂੰਘੀ ਬਰਫ ਵਿਚ ਜਾ ਰਹੇ ਹਨ ਤੇ ਸੁਫੈਦੀਆਂ ਦੀ ਛਾਲ ਦੰਦਾਂ ਨਾਲ ਲਾਹ ਕੇ ਖਾ ਰਹੇ ਹਨ, ਤੇ ਉਨ੍ਹਾਂ ਰਿੱਛਾਂ ਦੀਆਂ ਗੱਲਾਂ ਛੇੜ ਦਿੰਦਾ ਹੈ ਜਿਹੜੇ ਆਪਣੀਆਂ ਲੁਕੀਆਂ—ਗੁਫਾ ਵਿਚ ਸੈਂ ਰਹੇ ਹਨ, ਤੇ ਜਿਥੋਂ ਉਨ੍ਹਾਂ ਦੇ ਸਵਾਸਾਂ ਦੀਆਂ ਗਰਮ ਹਵਾੜਾਂ ਨਿਕਲ ਰਹੀਆਂ ਹਨ।
ਇਹ ਸਭ ਕੁਛ ਨਿਖਲੀਊਧਵ ਦੇ ਚੇਤੇ ਆ ਰਹਿਆ ਸੀ। ਪਰ ਸਭ ਥੀਂ ਵਧ ਉਸ ਅਰੋਗਤਾ, ਤਾਕਤ ਤੇ ਆਜ਼ਾਦੀ ਤੇ ਫਿਕਰਾਂ ਥੀਂ ਅਤੀਤ ਜੀਵਨ ਦੀ ਅਨੰਦ—ਭਰੀ ਸੁਨਸੁਨੀ ਉਸ ਵਿਚ ਚਲ ਰਹੀ ਸੀ—ਉਹ ਫਿਫੜਿਆਂ ਦਾ ਯਖ—ਠੰਡੀ ਹਵਾ ਦਾ ਸਾਹ ਭਰਨਾ ਤੇ ਪੋਸਤੀਨਾਂ ਦਾ ਉਭਰ ਪਈਆਂ ਛਾਤੀਆਂ ਉਪਰ ਖਿਚ ਕੇ ਤੰਗ ਹੋ ਜਾਣਾ। ਉਹ ਨੀਵੀਆਂ ਹੋਈਆਂ ਟਹਿਣੀਆਂ ਥੀਂ ਉਹਦੇ ਮੂੰਹ ਉਪਰ ਢਹ ਢਹ ਪੈਂਦੀ ਬਾਰੀਕ ਬਰਫ, ਉਹਦਾ ਜਿਸਮ ਨਿੱਘਾ, ਉਹਦਾ ਚਿਹਰਾ ਤਾਜ਼ਾ, ਤੇ ਉਹਦਾ ਰੂਹ ਫਿਕਰਾਂ ਥੀਂ, ਆਪੇ ਨੂੰ ਮਲਾਮਤਾਂ ਕਰਨ ਥੀਂ, ਡਰ ਥੀਂ, ਖਾਹਿਸ਼ਾਂ ਥੀਂ ਆਜ਼ਾਦ—ਕੇਹਾ ਸੋਹਣਾ ਸੀ, ਤੇ ਹੁਣ ਓ ਰਬਾ—ਇਹ ਕੇਹਾ ਤਸੀਹਾ ਤੇ ਕੇਹਾ ਦੁਖ!
ਸਾਫ ਸੀ ਕਿ ਵੇਰਾ ਦੁਖੋਵਾ ਬਾਦਸ਼ਾਹੀ ਦੇ ਵਿਰੁੱਧ ਰੈਵੋਲਿਊਸ਼ਨਿਸਟ ਸੀ, ਸੋ ਇਸ ਅਪਰਾਧ ਵਿਚ ਕੈਦ ਸੀ। ਨਿਖਲੀਊਧਵ ਨੂੰ ਉਸ ਕੀ ਜ਼ਰੂਰੀ ਮਿਲਣਾ ਚਾਹੀਏ। ਖਾਸ ਕਰ ਇਸ ਲਈ ਵੀ ਕਿ ਉਸ ਨੇ ਮਸਲੋਵਾ ਬਾਬਤ ਕੋਈ ਗਲ ਦਸਣ ਨੂੰ ਕਹਿਆ ਹੈ।
ਮੋਇਆਂ ਦੀ ਜਾਗ-ਕਾਂਡ ੫੦. : ਲਿਉ ਤਾਲਸਤਾਏ
ਦੂਸਰੇ ਦਿਨ ਸਵੇਰੇ ਜਾਗ ਕੇ ਨਿਖਲੀਊਧਵ ਨੂੰ ਪਹਿਲੇ ਦਿਨ ਦਾ ਕੀਤਾ ਸਭ ਕੁਛ ਯਾਦ ਆਇਆ ਤੇ ਉਹ ਯਾਦ ਕਰ ਕੇ ਉਹਨੂੰ ਡਰ ਜੇਹਾ ਲਗਾ, ਪਰ ਇਸ ਡਰ ਦੇ ਹੁੰਦਿਆਂ ਵੀ, ਜੋ ਕੁਛ ਉਸ ਹੁਣ ਸ਼ੁਰੂ ਕਰ ਦਿੱਤਾ ਸੀ ਉਹਨੂੰ ਸਿਰੇ ਪਹੁੰਚਾਣ ਦਾ ਪੱਕਾ ਲਕ ਬੰਨ੍ਹ ਲਇਆ।
ਡਿਯੂਟੀ ਦੀ ਸਮਝ ਦਾ ਅਨੁਭਵੀ ਹੋਣ ਕਰ ਕੇ ਉਹ ਘਰੋਂ ਟੁਰ ਗਇਆ ਤੇ ਮੈਸਲੈਨੀਕੋਵ ਨੂੰ ਮਿਲਣ ਗਇਆ। ਇਕ ਤਾਂ ਮਸਲੋਵਾ ਨੂੰ ਜੇਲ ਵਿਚ ਮਿਲਣ ਦੀ ਇਜਾਜ਼ਤ ਲੈਣੀ ਸੀ ਤੇ ਨਾਲੇ ਮੈਨਸ਼ੋਵਾ ਨੂੰ, ਮਾਂ ਪੁਤ ਨੂੰ, ਜਿਨ੍ਹਾਂ ਦੀ ਬਾਬਤ ਮਸਲੋਵਾ ਨੇ ਉਹਨੂੰ ਕਹਿਆ ਸੀ। ਉਹ ਇਹ ਭੀ ਚਾਹੁੰਦਾ ਸੀ ਕਿ ਦੁਖੋਵਾ ਨੂੰ ਮਿਲਣ ਦੀ ਵੀ ਇਜਾਜ਼ਤ ਲੈ ਲਵੇ, ਸ਼ਾਇਦ ਉਹ ਮਸਲੋਵਾ ਨੂੰ ਕੋਈ ਫਾਇਦਾ ਪਹੁੰਚਾ ਹੀ ਸਕੇ।
ਨਿਖਲੀਊਧਵ ਚਿਰ ਥੀਂ ਮੈਸਲੈਨੀਕੋਵ ਨੂੰ ਜਾਣਦਾ ਸੀ। ਉਹ ਦੋਵੇਂ ਇਕ ਰਜਮਿੰਟ ਵਿਚ ਇਕੱਠੇ ਰਹੇ ਸਨ। ਉਸ ਵੇਲੇ ਮੈਸਲੈਨੀਕੋਵ ਰਜਮਿੰਟ ਦਾ ਖਜ਼ਾਨਚੀ ਸੀ। ਉਹ ਇਕ ਮਿਹਰਬਾਨ ਤੇ ਸਰਗਰਮ ਅਫਸਰ ਸੀ। ਸਿਵਾਏ ਰਜਮੰਟ ਤੇ ਸ਼ਾਹਨਸ਼ਾਹ ਜ਼ਾਰ ਦੇ ਟੱਬਰ ਦੇ ਹੋਰ ਨ ਕੁਛ ਉਹ ਜਾਣਦਾ ਸੀ ਤੇ ਨ ਉਹ ਜਾਣਨਾ ਚਾਹੁੰਦਾ ਹੀ ਸੀ। ਹੁਣ ਨਿਖਲੀਊਧਵ ਨੇ ਉਹਨੂੰ ਅਫ਼ਸਰ ਬਣ ਜਾਣ ਦੀ ਹਾਲਤ ਵਿਚ ਵੇਖਿਆ ਸੀ। ਇਹ ਹਕੂਮਤੀ ਥਾਂ ਉਸ ਨੇ ਰਜਮਿੰਟ ਦੇ ਨੌਕਰਾਂ ਨਾਲ ਬਦਲੇ ਕਰ ਕੇ ਲਈ ਸੀ। ਉਸ ਨੇ ਇਕ ਅਮੀਰ ਤੇ ਚੁਲਬੁਲੀ ਸਵਾਣੀ ਨਾਲ ਵਿਆਹ ਕੀਤਾ ਸੀ, ਤੇ ਇਸ ਵਹੁਟੀ ਨੇ ਹੀ ਉਹਨੂੰ ਇਹ ਨੌਕਰੀ ਦਾ ਵਟਾਂਦਰਾ ਕਰਾ ਲੈਣ ਉਪਰ ਤਾਕੀਦ ਕੀਤੀ ਸੀ, ਤੇ ਉਹ ਆਪਣੇ ਇਸ ਖਾਵੰਦ ਨੂੰ ਇੰਝ ਸਮਝਦੀ ਸੀ ਜਿਵੇਂ ਉਹਦੇ ਖੇਡਣ ਲਈ ਤੇ ਪਰਚਾਵੇ ਲਈ ਇਕ ਪਾਲਤੂ ਜਾਨਵਰ ਹੋਂਦਾ ਹੈ। ਸਿਆਲੇ ਵਿਚ ਨਿਖਲੀਊਧਵ ਇਕ ਵੇਰੀ ਇਨ੍ਹਾਂ ਦੋਹਾਂ ਨੂੰ ਮਿਲਣ ਗਇਆ ਸੀ, ਪਰ ਉਹਨੂੰ ਦੋਵੇਂ ਕੁਛ ਐਸੇ ਦਿਲ—ਭਾਊ ਨਹੀਂ ਸਨ ਲਗੇ ਸੋ ਮੁੜ ਉਹ ਉਨ੍ਹਾਂ ਪਾਸ ਨਹੀਂ ਸੀ ਗਇਆ।
ਨਿਖਲੀਊਧਵ ਨੂੰ ਵੇਖ ਕੇ ਮੈਸਲੈਨੀਕੋਵ ਦਾ ਮੂੰਹ ਬਾਗ ਬਾਗ ਹੋ ਗਇਆ। ਹਾਂ, ਉਹਦਾ ਆਪਣਾ ਮੂੰਹ—ਉਹੋ ਲਾਲ ਲਾਲ, ਮੋਟਾ ਮੂੰਹ ਤੇ ਉਹ ਆਪ ਸਾਰਾ ਵੀ ਉੱਨਾ ਹੀ ਮੋਟਾ ਤੇ ਉਸੀ ਤਰਾਂ ਚੰਗੀ ਪੋਸ਼ਾਕ ਪਾਣ ਦਾ ਸ਼ੋਕੀਨ ਜਿਸ ਤਰਾਂ ਉਹ ਰਜਮਿੰਟਾਂ ਦੇ ਦਿਨਾਂ ਵਿਚ ਸੀ। ਉਸ ਵੇਲੇ ਵੀ ਓਹ ਇਕ ਚੰਗੀ ਬੁਰਸ਼ ਕੀਤੀ ਵਰਦੀ ਨਵੇਂ ਥੀਂ ਨਵੇਂ ਫੈਸ਼ਨ ਦੀ ਪਾਂਦਾ ਸੀ ਜਿਹੜੀ ਉਹਦੀ ਛਾਤੀ ਤੇ ਮੋਢਿਆਂ ਉਪਰ ਤੰਗ ਤਰਾਂ ਢੁਕਵੀਂ ਆਉਂਦੀ ਹੁੰਦੀ ਸੀ। ਹੁਣ ਇਹ ਸਿੱਵਲ ਨੌਕਰੀ ਦੀ ਵਰਦੀ ਜਿਹੜੀ ਉਸ ਨੇ ਪਾਈ ਹੋਈ ਸੀ, ਉਹਦੇ ਚੰਗਾ ਚੋਖਾ ਖਾਣ ਨਾਲ ਖੂਬ ਪਲੇ ਜਿਸਮ ਉਪਰ ਕੱਸ ਕੇ ਆਈ ਹੋਈ ਸੀ ਤੇ ਉਹਦੀ ਛਾਤੀ ਨੂੰ ਚੰਗੀ ਤਰਾਂ ਦਰਸਾ ਰਹੀ ਸੀ, ਤੇ ਇਹ ਵੀ ਸੀ ਨਵੇਂ ਥੀਂ ਨਵੇਂ ਫੈਸ਼ਨ ਦੀ। ਉਮਰਾਂ ਵਿਚ ਫਰਕ ਹੁੰਦਿਆਂ ਵੀ(ਮੈਸਲੈਨੀਕੋਵ੪੦ ਸਾਲ ਦਾ ਸੀ) ਇਹ ਦੋਵੇਂ ਆਪਸ ਵਿਚ ਬੜੀ ਅਪਣੱਤ ਰਖਦੇ ਸਨ, ਤੇ ਉਨ੍ਹਾਂ ਦੀ ਬੇਤਕਲਫੀ ਸੀ।
"ਹੈਲੋ, ਬੁਢਿਆ! ਕੇਹਾ ਚੰਗਾ ਕੀਤਾ ਈ ਤੂੰ ਆ ਗਇਆ ਹੈਂ! ਆ, ਚਲ ਮੇਰੀ ਸਵਾਣੀ ਨੂੰ ਮਿਲ। ਬਸ ਜਲਸੇ ਜਾਣ ਥੀਂ ਪਹਿਲਾਂ ਮੇਰੇ ਪਾਸ ਸਿਰਫ ੧੦ ਮਿੰਟ ਹੀ ਹਨ। ਮੇਰਾ ਚੀਫ ਅਜ ਕਲ ਬਾਹਰ ਗਇਆ ਹੋਇਆ ਹੈ ਤੇ ਹੁਣ ਮੈਂ ਹੀ ਹਕੂਮਤ ਸਰਕਾਰੀ ਦਾ ਸਿਰ ਹੋਇਆ ਨਾ," ਉਸ, ਆਪਣੇ ਅੰਦਰ—ਆਈ—ਦਿਲ ਦੀ ਤਸੱਲੀ ਨਾ ਲੁਕਾ ਸਕਦਿਆਂ ਹੋਇਆਂ, ਕਹਿਆ।
"ਮੈਂ—ਤੇਰੇ ਪਾਸ ਖਾਸ ਕੰਮ ਆਇਆ ਹਾਂ।"
"ਉਹ ਕੀ ਹੈ?" ਮੈਸਲੈਨੀਕੋਵ ਨੇ ਬੜੀ ਚਿੰਤਾ ਭਰੀ ਤੇ ਕੁਛ ਕੜੀ ਜੋਹੀ ਸੁਰ ਵਿਚ ਪੁਛਿਆ ਤੇ ਆਪਣੇ ਆਪ ਨੂੰ ਇਕ ਤਰਾਂ ਸਾਵਧਾਨ ਤੇ ਚੌਕੰਨਾ ਕਰ ਲਇਆ।
"ਜੇਲ ਵਿਚ ਇਕ ਬੰਦਾ ਕੈਦ ਹੈ ਜਿਸ ਵਿਚ ਮੈਂ ਦਿਲਚਸਪੀ ਲੈ ਰਹਿਆ ਹਾਂ (ਜੇਲ ਦਾ ਨਾਂ ਸੁਣਦੇ ਹੀ ਮੈਸਲੈਨੀਕੋਵ ਦਾ ਮੂੰਹ ਕਰੜਾ ਹੋ ਗਇਆ) "ਤੇ ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ, ਪਰ ਆਮ ਮੁਲਾਕਾਤੀ ਕਮਰੇ ਵਿਚ ਨਹੀਂ ਪਰ ਦਫਤਰ ਵਿਚ, ਤੇ ਨ ਸਿਰਫ ਆਮ ਮੁਲਾਕਾਤੀ ਨੀਯਤ ਵਕਤ ਉਪਰ, ਪਰ ਜਦ ਮੈਂ ਚਾਹਾਂ—ਮੈਨੂੰ ਪਤਾ ਲੱਗਾ ਹੈ ਕਿ ਇਜਾਜ਼ਤ ਦੇਣਾ ਆਪ ਦੇ ਵਸ ਹੈ।"
"ਯਕੀਨਨ ਮੇਰੇ ਪਿਆਰੇ, ਮੌਂ ਤੇਰੇ ਲਈ ਜੋ ਤੂੰ ਕਹੇਂਗਾ ਕਰਾਂਗਾ," ਨਿਖਲੀਊਧਵ ਦੇ ਗੋਡਿਆਂ ਉਪਰ ਦੋਵੇਂ ਹਥ ਰਖ ਕੇ ਮੈਸਲੈਨੀਕੋਵ ਨੇ ਕਹਿਆ, ਤੇ ਗੋਡਿਆਂ ਉਪਰ ਹੱਥ ਇਸ ਕਰ ਕੇ ਰਖੇ ਕਿ ਉਹ ਆਪਣੀ ਉੱਚੀ ਪਦਵੀ ਦੀ ਉਚੀ ਸ਼ਾਨ ਜ਼ਰਾ ਮਿਤ੍ਰਤਾ ਦੀ ਖ਼ਾਤਰ ਨੀਵੀਂ ਕਰ ਦੇਵੇ। "ਪਰ ਯਾਦ ਰਖੀਂ—ਮੈਂ ਇਕ ਘੰਟੇ ਲਈ ਬਾਦਸ਼ਾਹ ਹਾਂ।"
"ਤਾਂ ਫਿਰ ਆਪ ਮੈਨੂੰ ਇਜਾਜ਼ਤ ਦੇ ਦੇਵੋਗੇ ਜਿਸ ਨਾਲ ਮੈਂ ਓਹਨੂੰ ਮਿਲ ਸਕਿਆ ਕਰਾਂਗਾ?"
"ਕੀ ਓਹ ਕੋਈ ਤ੍ਰੀਮਤ ਹੈ?"
"ਹਾਂ"।
"ਉਹ ਕਿਉਂ ਕੈਦ ਹੈ?"
"ਜ਼ਹਿਰ ਦੇਣ ਦੇ ਅਪਰਾਧ ਵਿਚ ਪਰ ਓਹ ਹੈ ਨਿਰਦੋਸ਼।"
"ਠੀਕ—ਬਸ ਇਹ ਵੇਖੋ ਨਾ,ਇਹੋ ਤਾਂ ਜੂਰੀ ਦੇ ਨੁਕਸਾਨ ਹਨ, ਆਪ ਦੀ ਨਿਆਂ ਕਰਨ ਵਾਲੀ ਜੂਰੀ-ਉਹ ਬੱਸ ਕੁਛ ਇਸ ਥੀਂ ਚੰਗਾ ਨਹੀਂ ਕਰ ਸਕਦੀ," ਓਸ ਪਤਾ ਨਹੀਂ ਕਿਸ ਕਰਕੇ ਫਰਾਂਸੀਸੀ ਬੋਲੀ ਵਿੱਚ ਇਹ ਕਹਿਆ। "ਮੈਨੂੰ ਪਤਾ ਹੈ ਕਿ ਆਪ ਮੇਰੇ ਨਾਲ ਸਹਿਮਤ ਨਹੀਂ ਪਰ ਇਹਦਾ ਕੀ ਚਾਰਾ, ਮੇਰੀ ਇਹ ਬੱਸ ਪੱਕੀ ਰਾਏ ਹੈ," ਓਸ ਲਗਦੇ ਹੀ ਇਹ ਕਹਿਆ ਪਰ ਰਾਏ ਆਪਣੀ ਓਹੋ ਦੇ ਰਿਹਾ ਸੀ ਜਿਹੜੀ ਕਿ ਕਾਨਜ਼ਰਵੇਟਿਵ, ਮੁਲਕੀ ਤ੍ਰਕੀ ਦੇ ਵਿਰੁਧ, ਅਖਬਾਰਾਂ ਪਿਛਲੇ ਬਾਰਾਂ ਮਹੀਨਿਆਂ ਤੋਂ ਲਿਖ ਰਹੀਆਂ ਸਨ—"ਮੈਨੂੰ ਪਤਾ ਹੈ ਆਪ ਲਿਬਰਲ ਹੋ।"
"ਮੈਨੂੰ ਪਤਾ ਨਹੀਂ ਲਿਬਰਲ ਹਾਂ ਕਿ, ਨਹੀਂ," ਨਿਖਲੀਊਧਵ ਨੇ ਮੁਸਕਰਾ ਕੇ ਕਹਿਆ ਤੇ ਉਹਨੂੰ ਅਚੰਭਾ ਹੋਇਆ ਕਿ ਉਹ ਕਿਸੀ ਮੁਲਕੀ ਧੜੇ ਨਾਲ ਇਉਂ ਗਿਣਿਆ ਗਇਆ ਹੈ ਤੇ ਲਿਬਰਲ ਨਾਮ ਵੀ ਲੋਕਾਂ ਰਖ ਦਿੱਤਾ ਹੈ। ਓਹਦੀ ਆਪਣੀ ਰਾਏ ਇਹ ਸੀ ਕਿ ਹਰ ਇਕ ਆਦਮੀ ਨੂੰ ਸਜ਼ਾ ਦੇਣ ਥੀਂ ਪਹਿਲਾਂ ਸੁਣ ਲੈਣਾ ਚਾਹੀਦਾ ਹੈ ਕਿਉਂਕਿ ਸਜ਼ਾ ਪਾਣ ਥੀਂ ਪਹਿਲਾਂ ਸਭ ਆਦਮੀ ਬਰਾਬਰ ਹਨ—ਤੇ ਕੋਈ ਵੀ ਆਦਮੀ, ਭਾਵੇਂ ਕੈਸਾ ਹੀ ਹੋਵੇ, ਕਿਸੀ ਤਰਾਂ ਦੀ ਬਦ ਸਲੂਕੀ ਯਾ ਮਾਰ ਪਿਟ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ ਤੇ ਖਾਸ ਕਰ ਓਹ ਲੋਕੀ ਜਿਨ੍ਹਾਂ ਨੂੰ ਹਾਲੇ ਤਕ ਕਿਸੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਤੇ ਕਾਨੂੰਨ ਦੀ ਚਾਰਾਜੋਈ ਸ਼ੁਰੂ ਹੀ ਨਹੀਂ ਹੋਈ—"ਇਹ ਮੈਂ ਨਹੀਂ ਜਾਣਦਾ ਕਿ ਲਿਬਰਲ ਹਾਂ ਕਿ ਨਹੀਂ ਪਰ ਇਹ ਮੈਨੂੰ ਠੀਕ ਪਤਾ ਹੈ ਕਿ ਭਾਵੇਂ ਅਜ ਕਲ ਦੀਆਂ ਜੂਰੀਆਂ ਕਿੰਨੀਆਂ ਹੀ ਭੈੜੀਆਂ ਕਿਉਂ ਨ ਹੋਣ, ਪੁਰਾਣੀ ਕਿਸਮ ਦੀਆਂ ਅਦਾਲਤਾਂ ਥੀਂ ਚੰਗੀਆਂ ਹਨ ।"
"ਤੇ ਆਪਦਾ ਵਕੀਲ ਕੌਣ ਹੈ ?"
"ਮੈਂ ਫਨਾਰਿਨ ਨਾਲ ਗੱਲ ਕੀਤੀ ਹੈ ?"
"ਹਾਏ ਵੇ ! ਓਹ ਫਨਾਰਿਨ !" ਮੈਸਲੈਨੀਕੋਵ ਨੇ ਇਕ ਹਿਕਾਰਤ ਭਰੀ ਆਵਾਜ਼ ਵਿਚ ਆਖਿਆ। ਓਹਨੂੰ ਯਾਦ ਆ ਗਇਆ ਸੀ ਇਕ ਵੇਰ ਪਿਛਲੇ ਸਾਲ ਇਕ ਮੁਕੱਦਮੇਂ ਵਿੱਚ ਫਨਾਰਿਨ ਨੇ ਉਸਨੂੰ ਗਵਾਹ ਬਣਾਕੇ ਜਿੱਰਾ ਕੀਤਾ ਸੀ ਤੇ ਬੜੇ ਹੀ ਮੰਝੇ ਤਰਜ਼ ਨਾਲ ਪੀਹ ਪੀਹ ਕੇ ਅੱਧਾ ਘੰਟਾ ਇਹਦੀ ਖੂਬ ਮਿੱਟੀ ਪਲੀਤ ਕੀਤੀ ਸੀ।
"ਮੈਂ ਆਪ ਨੂੰ ਸਲਾਹ ਦਿਆਂਗਾ, ਕਿ ਓਸ ਨਾਲ ਅੰਕ ਨ ਭੇੜਨਾ ! ਫਨਾਰਿਨ ਇਕ ਬੜਾ ਹੀ ਮਾੜਾ ਆਦਮੀ ਹੈ।"
"ਮੈਂ ਇਕ ਹੋਰ ਅਰਜ਼ ਵੀ ਕਰਨੀ ਹੈ" ਨਿਖਲੀਊਧਵ ਨੇ ਬਿਨਾਂ ਓਸ ਗੱਲ ਦੇ ਉੱਤਰ ਦਿੱਤੇ ਦੇ ਕਹਿਆ—"ਇਕ ਜੁਆਨ ਤੀਮੀਂ ਹੈ, ਜਿਹਨੂੰ ਮੈਂ ਬੜੀ ਮੁਦਤ ਥੀਂ ਜਾਣਦਾ ਹਾਂ—ਪਹਿਲਾਂ ਉਸਤਾਨੀ ਸੀ—ਇਕ ਬੜੀ ਤਰਸ ਕਰਨ ਜੋਗ ਨਿਕੀ ਜੇਹੀ ਚੀਜ਼—ਓਹ ਵੀ ਹੁਣ ਕੈਦ ਹੈ ਤੇ ਮੈਨੂੰ ਮਿਲਨਾ ਚਾਹੁੰਦੀ ਹੈ, ਮੈਨੂੰ ਤੁਸੀ ਜੇ ਪਰਮਿਟ ਦਿਓ ਤੇ ਮੈਂ ਓਹਨੂੰ ਵੀ ਮਿਲ ਲਵਾਂ ।"
ਮੈਸਲੈਨੀਕੋਵ ਆਪਣਾ ਸਿਰ ਇਕ ਪਾਸੇ ਸੁਟ ਕੇ ਕੁਝ ਸੋਚੀਂ ਪੈ ਗਇਆ।
"ਓਹ ਤਾਂ ਮੁਲਕੀ ਕੈਦੀ ਹੈ ।"
"ਹਾਂ—ਮੈਂ ਆਪ ਨੂੰ ਇਹ ਦੱਸ ਹੀ ਦਿੱਤਾ ਸੀ ?"
"ਆਪ ਜਾਣਦੇ ਹੋ ਕਿ ਮੁਲਕੀ ਕੈਦੀਆਂ ਦੇ ਰਿਸ਼ਤੇਦਾਰ ਹੀ ਉਨਹਾਂ ਨਾਲ ਮੁਲਾਕਾਤ ਕਰ ਸਕਦੇ ਹਨ--ਤਾਂ ਭੀ ਮੈਂ ਆਪ ਨੂੰ ਇਕ ਖੁਲਾ ਹੁਕਮ ਲਿਖ ਦਿੰਦਾ ਹਾਂ—ਮੈਨੂੰ ਪਤਾ ਹੈ ਇਹਦਾ ਆਪ ਬੇਜਾ ਇਸਤੇਮਾਲ ਨਹੀਂ ਕਰੋਗੇ । ਆਪ ਦੀ ਰੱਛਾ ਮੰਗਣ ਵਾਲੀ ਦਾ ਕੀ ਨਾਮ ਹੈ ? ਦੁਖੋਵਾ ? ਕੀ ਉਹ ਸੁਹਣੀ ਤੀਮੀ ਹੈ ?"
"ਕੋਝੀ ।"
ਮੈਸਲੈਨੀਕੋਵ ਨੇ ਆਪਣਾ ਸਿਰ ਅਮੰਨਾ ਜੇਹਾ ਕਰਦਿਆਂ ਹਲਾਇਆ । ਮੇਜ਼ ਉੱਪਰ ਗਇਆ ਤੇ ਇਕ ਕਾਗਫ਼ ਫੜਿਆ ਜਿਸ ਦੇ ਸਿਰ ਉਪਰ ਦਫਤਰ ਤੇ ਮਹਿਕਮਾਂ ਆਦਿ ਦੇ ਨਾਂ ਛਾਪੇ ਹੋਏ ਸਨ, ਤੇ ਲਿਖਣ ਲੱਗ ਗਇਆ:—
"ਇਹ ਖਤ ਲਿਆਉਣ—ਵਾਲੇ, ਸ਼ਾਹਜ਼ਾਦਾ ਦਮਿਤ੍ਰੀ ਈਵਾਨਿਚ ਨਿਖਲੀਊਧਵ, ਨੂੰ ਆਗਿਆ ਦਿਤੀ ਜਾਂਦੀ ਹੈ ਕਿ ਓਹ ਜੇਲ ਦੇ ਦਫਤਰ ਵਿੱਚ ਕੈਦਨ ਮਸਲੋਵਾ ਤੇ ਨਾਲੇ ਡਾਕਟਰੀ ਅਸਟੰਟ ਦੁਖੋਵਾ ਨਾਲ ਮੁਲਾਕਾਤ ਕਰ ਕਰ ਸਕੇ," ਤੇ ਇਸ ਹੁਕਮ ਨੂੰ ਉਸਨੇ ਆਪਣੇ ਦਸਤਖਤਾਂ ਦੀ ਲੰਮੀ ਝਰੀਟ ਜੇਹੀ ਖਿੱਚ ਕੇ ਖਤਮ ਕੀਤਾ ।
ਹੁਣ ਤੁਸੀਂ ਦੇਖੋਗੇ ਅਸੀਂ ਓਥੇ ਕਿਸ ਕਿਸਮ ਦਾ ਪ੍ਰਬੰਧ ਕਰ ਰਹੇ ਹਾਂ, ਤੇ ਇੰਤਜ਼ਾਮ ਕਰਨਾ ਕਿੰਨਾ ਮੁਸ਼ਕਲ ਹੈ। ਜੇਲ ਭਰਿਆ ਪਇਆ ਹੈ, ਖਾਸ ਕਰ ਉਨ੍ਹਾਂ ਕੈਦੀਆਂ ਨਾਲ ਜਿਨਾਂ ਨੂੰ ਜਲਾਵਤਨੀ ਦੀ ਸਜ਼ਾ ਮਿਲ ਚੁੱਕੀ ਹੈ, ਪਰ ਮੈਂ ਪੂਰੀ ਚੌਕਸੀ ਕਰਦਾ ਹਾਂ ਤੇ ਆਪਣੇ ਕੰਮ ਨਾਲ ਮੇਰਾ ਬੜਾ ਲਗਾ ਹੈ । ਆਪ ਦੇਖੋਗੇ ਕਿ ਕੈਦੀ ਬੜੇ ਹੀ ਸੁਖੀ ਤੇ ਸ਼ਾਂਤ ਹਨ, ਪਰ ਆਦਮੀ ਨੂੰ ਇਨਾਂ ਨਾਲ ਵਰਤਨ ਦੀ ਪੂਰੀ ਪੂਰੀ ਸਮਝ ਹੋਣੀ ਚਾਹੀਦੀ ਹੈ । ਕੁਛ ਦਿਨ ਹੋਏ ਓਥੇ ਇਕ ਹੰਗਾਮਾ ਹੋ ਗਇਆ ਸੀ— ਨਾਫਰਮਾਨੀ । ਹੋਰ ਕੋਈ ਮੇਰੀ ਥਾਂ ਤੇ ਹੁੰਦਾ ਤਦ ਓਹ ਗ਼ਦਰ ਹੀ ਬਣਾ ਦਿੰਦਾ, ਤੇ ਕਈਆਂ ਨੂੰ ਦੁਖੀ ਕਰ ਦਿੰਦਾ ਪਰ ਮੇਰੇ ਕਰਕੇ ਸਾਰੀ ਗੱਲ ਸ਼ਾਂਤੀ ਨਾਲ ਬੀਤ ਗਈ । ਇਕ ਪਾਸੇ ਤਾਂ ਸਾਨੂੰ ਹਮਦਰਦੀ ਤੇ ਓਹਨਾਂ ਦੇ ਭਲੇ ਦੀ ਲੋਚਨਾ ਹੋਣੀ ਜ਼ਰੂਰੀ ਹੈ ਤੇ ਦੂਜੇ ਪਾਸੇ ਜ਼ੋਰ ਤੇ ਜ਼ਾਬਤਾ", ਤੇ ਓਸ ਆਪਣੀ ਮੋਟੀ ਚਿਟੀ ਤੇ ਨੀਲਮ ਦੇ ਨਗੀਨੇ ਜੜੀ ਛਾਪ ਵਾਲੀ ਮੁਠ ਘੁੱਟੀ, ਤੇ ਓਹਦੇ ਘੁੱਟਨ ਕਰਕੇ ਉਹਦੀ ਮਾਇਆ ਲਗੀ ਕਮੀਜ਼ ਦੀ ਖੂਬ ਖੜ ਖੜ ਕਰਦੀ ਕਫ ਬਾਹਰ ਨਿਕਲ ਆਈ ਤੇ ਉਸ ਕਫ ਦਾ ਸੋਨੇ ਦਾ ਸਟੱਡ ਦਿਖ ਪਇਆ—"ਹਾਂ ਜੀ ਨਾਲੇ ਹਮਦਰਦੀ—ਨਾਲੇ ਜ਼ੋਰ ਤੇ ਜ਼ਾਬਤਾ ।"
"ਅੱਛਾ ? ਮੈਨੂੰ ਇਹ ਪਤਾ ਨਹੀਂ, ਨਿਖਲੀਊਧਵ ਨੇ ਕਹਿਆ, "ਮੈਂ ਤਾਂ ਇਕ ਦੋ ਵੇਰੀ ਗਇਆ ਹਾਂ । ਪਰ ਮੇਰੀ ਤਬੀਅਤ ਬੜੀ ਹੀ ਦਬ ਗਈ ਸੀ, ਮੈਂ ਤਾਂ ਉਦਾਸ ਹੋਇਆ ਸਾਂ।"
"ਤੈਨੂੰ ਕਾਉਂਟੈਸ ਪਾਸੈਕ ਨਾਲ ਜਾਨ ਪਛਾਣ ਕਰਨੀ ਚਾਹੀਦੀ ਹੈ," ਮੈਸਲੈਨੀਕੋਵ ਨੇ ਗਲਾਂ ਬਾਤਾਂ ਵਿਚ ਕਛ ਗਰਮ ਹੋਕੇ ਕਹਿਆ । "ਓਸ ਆਪਣੀ ਜ਼ਿੰਦਗੀ ਬਸ ਇਸ ਕੰਮ ਨੂੰ ਅਰਪਨ ਕਰ ਦਿਤੀ ਹੈ, ਓਹ ਬੜਾ ਹੀ ਭਲਾ ਕਰ ਰਹੀ ਹੈ । ਉਹਦੀ ਮਿਹਨਤ ਦਾ ਫਲ ਹੈ——ਤੇ ਸ਼ਾਇਦ ਬਿਨਾਂ ਕਿਸੀ ਕੜੀ ਹਲੀਮੀ ਦੇ ਜੋ ਮੈਂ ਕਹਾਂ, ਕੁਛ ਮੇਰੇ ਕਰਕੇ ਵੀ——ਸਭ ਕੁਛ ਬਦਲ ਚੁੱਕਾ ਹੈ, ਇੰਨੀ ਤਬਦੀਲੀ ਹੋ ਗਈ ਹੈ ਕਿ ਪਹਿਲਾਂ ਦੀਆਂ ਖੌਫਨਾਕ ਗੱਲਾਂ ਹੀ ਨਹੀਂ ਰਹੀਆਂ ਤੇ ਹੁਣ ਜੇਲ ਵਾਲੇ ਕੈਦੀ ਦਰ ਹਕੀਕਤ ਬਿਲਕੁਲ ਖੁਸ਼ੀ ਹਨ । ਅੱਛਾ ਤੁਸੀ ਆਪ ਦੇਖ ਲਵੋਗੇ ਫਨਾਰਿਨ ਨੂੰ, ਮੈਂ ਜ਼ਾਤੀ ਤੌਰ ਤੇ ਤਾਂ ਨਹੀਂ ਜਾਣਦਾ, ਨਾਲੇ ਮੇਰਾ ਸੋਸ਼ਲ ਤੇ ਅਫਸਰੀ ਰੁਤਬਾ ਤੇ ਦਰਜਾ ਐਸਾ ਹੈ ਕਿ ਮੈਂ ਓਸ ਥੀਂ ਪਰੇ ਰਹਿੰਦਾ ਹਾਂ ਪਰ ਨਿਸਚੇ ਜਾਣੋ ਓਹ ਬਹੁਤ ਬੁਰਾ ਆਦਮੀ ਹੈ ਤੇ ਫਿਰ ਓਹ ਅਦਾਲਤ ਵਿੱਚ ਐਸੀਆਂ ਵੈਸੀਆਂ ਗੱਲਾਂ ਕਹਣ ਦੀ ਖੁਲ੍ਹ ਵਰਤ ਲੈਂਦਾ ਹੈ, ਹਾਂ——ਐਸੀਆਂ ਵੈਸੀਆਂ ਗੱਲਾਂ!"
"ਅੱਛਾ ਜੀ——ਮੈਂ ਆਪਦਾ ਦੰਨਵਾਦੀ ਹਾਂ, ਨਿਖਲੀਊਧਵ ਨੇ ਕਹਿਆ, ਓਹ ਕਾਗਜ਼ ਲੈ ਲਇਆ ਤੇ ਬਿਨਾਂ ਹੋਰ ਕੁਝ ਸੁਣਨ ਦੇ ਆਪਣੇ ਪਹਿਲਾਂ ਇਕੱਠੇ——ਰਹੇ ਅਫਸਰ ਸਾਥੀ ਨੂੰ ਵਿਦਾ——ਹੋਣ ਦਾ ਸਲਾਮ ਕਰ ਦਿੱਤਾ ।
"ਪਰ ਕੀ ਆਪ ਅੰਦਰ ਨਹੀਂ ਚੱਲੋਗੇ ਤੇ ਮੇਰੀ ਵਹੁਟੀ ਨੂੰ ਮਿਲਕੇ ਨਹੀਂ ਜਾਓਗੇ ?"
"ਮਿਹਰਬਾਨੀ ਕਰਕੇ ਮੈਨੂੰ ਮਾਫ ਕਰਨਾ, ਮੇਰੇ ਪਾਸ ਇਸ ਵੇਲੇ ਸਮਾਂ ਨਹੀਂ।"
"ਆਹ ਮੈਂ ! ਓਹ ਮੈਨੂੰ ਤਾਂ ਕਦੀ ਮਾਫ਼ ਨਹੀਂ ਕਰੇਗੀ——"ਮੈਸਲੈਨੀਕੋਵ ਨੇ ਕਹਿਆ ਤੇ ਆਪਣੇ ਪੁਰਾਣੇ ਸਾਥੀ ਨਾਲ ਬਾਹਰ ਦੀਆਂ ਪੌੜੀਆਂ ਦੇ ਪਹਿਲੇ ਉਤਾਰ ਤਕ ਆਇਆ, ਇੰਨੀ ਆਦਰ ਜਿੰਨੀ ਕਿ ਉਹ ਸਭ ਥੀਂ ਵੱਡੇ ਅਫਸਰਾਂ ਨੂੰ ਛੱਡ ਓਸ ਥੀਂ ਪਰਲੇ ਦਰਜੇ ਦੇ ਅਫਸਰਾਂ ਦੀ ਕਰਦਾ ਹੁੰਦਾ ਸੀ, ਜਿਨਾਂ ਦੇ ਰੁਤਬੇ ਨਾਲ ਅੱਜ ਓਸ ਨਿਖਲੀਊਧਵ ਨੂੰ ਵੀ ਮਿਲਾਇਆ ਸੀ, "ਹੁਣੇ ਝੱਟ ਦੇ ਝਟ ਲਈ ਅੰਦਰ ਹੋ ਆਓ" ।
ਨਿਖਲੀਊਧਵ ਨਾ ਮੰਨਿਆ। · ਹਜੂਰੀਏ ਤੇ ਦਰਵਾਨ ਅੱਗੇ ਪਿੱਛੇ ਓਹਨੂੰ ਟੋਪੀ ਤੇ ਸੋਟੀ ਫੜਾਣ ਨੂੰ ਦੌੜੇ, ਤੇ ਓਨਾਂ ਨੇ ਓਸ ਲਈ ਬੂਹਾ ਵੀ ਖੋਲਿਆ ਜੀਹਦੇ ਬਾਹਰ ਇਕ ਪੁਲਸੀਆ ਪਹਰੇ ਉਪਰ ਸੀ । ਨਿਖਲੀਊਧਵ ਨੇ ਮੁੜ ਕਹਿਆ, "ਸਚੀਂ ਮੈਂ ਠਹਰ ਨਹੀਂ ਸਕਦਾ ।
"ਚੰਗਾ ! ਫਿਰ ਵੀਰਵਾਰ ਮਿਹਰਬਾਨੀ ਕਰਨਾ, ਓਸ ਦਿਨ ਮੇਰੀ ਸਵਾਣੀ ਦਾ ਐਟ ਹੋਮ ਹੈ । ਮੈਂ ਉਹਨਾਂ ਨੂੰ ਕਹਾਂਗਾ ਕਿ ਆਪ ਆ ਰਹੇ ਹੋ," ਮੈਸਲੈਨੀਕੋਵ ਨੇ ਪੌੜੀਆਂ ਉੱਪਰ ਵਾਪਸ ਚੜਦੇ ਜਾਂਦੇ ਕਹਿਆ।
ਮੋਇਆਂ ਦੀ ਜਾਗ-ਕਾਂਡ ੫੧. : ਲਿਉ ਤਾਲਸਤਾਏ
ਮੈਸਲੈਨੀਕੋਵ ਥੀਂ ਹੋ ਕੇ, ਨਿਖਲੀਊਧਵ ਸਿੱਧਾ ਜੇਲ ਨੂੰ ਗਇਆ, ਤੇ ਇਨਸਪੈਕਟਰ ਦੇ ਮਕਾਨ ਤੇ ਪਹੁੰਚਿਆ ਜਿਸ ਦਾ ਓਹਨੂੰ ਹੁਣ ਪਤਾ ਲਗ ਗਇਆ ਸੀ । ਮੁੜ ਓਹੋ ਹੀ ਘਟੀਆ ਮੇਲ ਦੇ ਪੀਆਨੋ ਵਜਣ ਦੀਆਂ ਅਵਾਜ਼ਾਂ ਆ ਰਹੀਆਂ ਸਨ, ਪਰ ਇਸ ਵੇਰੀ ਓਹ ਮਸਤਾਨਾ ਤ੍ਰਾਨਾ ਨਹੀਂ ਸੀ ਵਜਾਯਾ ਜਾ ਰਹਿਆ—ਹੁਣ ਕਲੀਮੈਂਟੀ ਦੇ ਰਾਗ ਦੀ ਪ੍ਰੈਕਟਿਸ ਸੀ, ਤੇ ਓਸੇ ਜ਼ੋਰ ਸ਼ੋਰ, ਸਫਾਈ ਤੇ ਤੇਜ਼ੀ ਨਾਲ ਹੋ ਰਹੀ ਸੀ । ਇਕ ਅੱਖਾਂ ਉੱਪਰ ਪੱਟੀ ਬੱਧੀ ਨੌਕਰਾਨੀ ਆਈ ਤੇ ਓਸ ਕਹਿਆ ਕਿ ਇਨਸਪੈਕਟਰ ਸਾਹਿਬ ਅੰਦਰ ਹਨ— ਨਿਖਲੀਊਧਵ ਨੂੰ ਇਕ ਛੋਟੇ ਜੇਹੇ ਗੋਲ ਕਮਰੇ ਵਿਚ ਆਕੇ ਬਹਿ ਜਾਣ ਨੂੰ ਕਹਿਆ, ਇਸ ਕਮਰੇ ਵਿੱਚ ਇਕ ਸੋਫਾ ਪਇਆ ਸੀ ਤੇ ਉਹਦੇ ਸਾਹਮਣੇ ਮੇਜ਼, ਤੇ ਇਸ ਉੱਪਰ ਇਕ ਵੱਡਾ ਲੈਂਪ ਕਰੋਸ਼ੇ ਦੇ ਕੰਮ ਕੀਤੇ ਕਪੜੇ ਉੱਪਰ ਧਰਿਆ ਸੀ, ਤੇ ਉੱਪਰ ਉਹਦੇ ਗੁਲਾਬੀ ਕਾਗਜ਼ ਦਾ ਬਣਾਇਆ ਸ਼ੇਡ ਲੱਗਾ ਸੀ ਜਿਹੜਾ ਇਕ ਪਾਸੇ ਥੀਂ ਸੜ ਗਇਆ ਸੀ । ਇਨਸਪੈਕਟਰ ਸਾਹਿਬ ਹੋਰੀ ਓਥੇ ਆਏ, ਆਪਦੇ ਮੂੰਹ ਉੱਪਰ ਨਿਜ ਦੀ ਉਦਾਸੀ ਤੇ ਥਕਾਵਟ ਦੇ ਆਸਾਰ ਦਿੱਸਦੇ ਸਨ ।
"ਕਿਰਪਾ ਕਰਕੇ ਬਹਿ ਜਾਓ ! ਮੈਂ ਆਪ ਦੀ ਕੀ ਸੇਵਾ ਕਰ ਸੱਕਦਾ ਹਾਂ ?" ਓਹਨੇ ਆਪਣੀ ਵਰਦੀ ਦੇ ਦਰਮਿਆਨੇ ਬਟਨ ਨੂੰ ਭੀੜਦੇ ਹੋਏ ਕਿਹਾ ।
"ਮੈਂ ਹੁਣੇ ਨਾਇਬ ਗਵਰਨਰ ਸਾਹਿਬ ਪਾਸੋਂ ਹੋ ਕੇ ਆਇਆ ਹਾਂ ਤੇ ਇਹ ਹੁਕਮ ਉਨਾਂ ਪਾਸੋਂ ਲਿਆਇਆ ਹਾਂ, ਮੈਂ ਕੈਦੀ ਮਸਲੋਵਾ ਨੂੰ ਮਿਲਣਾ ਚਾਹੁੰਦਾ ਹਾਂ ।"
"ਮਾਰਕੋਵਾ?" ਇਨਸਪੈਕਟਰ ਨੇ ਪੁਛਿਆ, ਰਾਗ ਦੇ ਸ਼ੋਰ ਕਰਕੇ ਸਾਫ ਨ ਸੁਣ ਸਕਿਆ ।
"ਮਸਲੋਵਾ !"
"ਓਹ ਹਾਂ," ਇਨਸਪੈਕਟਰ ਉੱਠਿਆ ਤੇ ਓਸ ਦਰਵਾਜ਼ੇ ਵਲ ਗਿਆ, ਜਿੱਥੋਂ ਕਲੀਮੈਂਟੀ ਦੀਆਂ ਸੁਰਾਂ ਆ ਰਹੀਆਂ ਸਨ, “ਮੇਰੀ ! ਕੀ ਤੂੰ ਜ਼ਰਾ ਠਹਰ ਨਹੀਂ ਸਕਦੀ ?" ਓਸ ਕਹਿਆ ਤੇ ਐਸੇ ਲਹਿਜ਼ੇ ਵਿੱਚ ਕਹਿਆ ਜਿਵੇਂ ਰਾਗ ਉਹਦੀ ਜ਼ਿੰਦਗੀ ਦੀ ਸ਼ਾਮਤ ਹੁੰਦੀ ਹੈ, "ਆਦਮੀ ਕਿਸੀ ਦਾ ਇਕ ਲਫਜ਼ ਨਹੀਂ ਸੁਣ ਸਕਦਾ ।"
ਪੀਆਨੋ ਖਾਮੋਸ਼ ਹੋ ਗਇਆ, ਪਰ ਕਿਸੀ ਐਸੇ ਬੰਦੇ ਦੇ ਕਦਮਾਂ ਦੀ ਪੈਣ ਦੀ ਆਹਟ ਸੁਣਾਈ ਦੇਣ ਲੱਗ ਪਈ ਜਿਹੜਾ ਕੋਈ ਕੰਮ ਬਿਨਾਂ ਆਪਣੀ ਰਜ਼ਾਮੰਦੀ ਦੇ ਕਰਕੇ ਹਟਿਆ ਹੋਵੇ, ਤੇ ਕਿਸੀ ਨੇ ਆਕੇ ਦਰਵਾਜ਼ੇ ਵਿਚ ਦੀ ਝਾਕਿਆ । ਇਨਸਪੈਕਟਰ ਇਸ ਚੁਪ ਕਰਕੇ ਕੁਛ ਆਰਾਮ ਵਿੱਚ ਹੋ ਗਇਆ ਤੇ ਮੁਲਾਇਮ ਤਮਾਕੂ ਦੀ ਮੋਟੀ ਸਿਗਰਟ ਜਗਾਈ ਤੇ ਇਕ ਨਿਖਲੀਊਧਵ ਨੂੰ ਵੀ ਦਿਖਾਈ ।
ਨਿਖਲੀਊਧਵ ਨੇ ਨਾ ਕੀਤੀ ।
ਮੈਂ ਮਸਲੋਵਾ ਨੂੰ ਮਿਲਣਾ ਚਾਹੁੰਦਾ ਹਾਂ ।"
ਮਸਲੋਵਾ ! ਅਜ ਮਸਲੋਵਾ ਨੂੰ ਮਿਲਣਾ ਸੁਖਾਲਾ ਨਹੀਂ ਹੋਣ ਲੱਗਾ ।"
"ਓਹ ਕਿਸ ਤਰਾਂ ?"
"ਭਾਈ ! ਸਭ ਆਪ ਦਾ ਹੀ ਕਸੂਰ ਹੈ," ਇਨਸਪੈਕਟਰ ਨੇ ਨਿੱਕੀ ਜੇਹੀ ਮੁਸਕੜੀ ਭਰਕੇ ਕਹਿਆ, "ਸ਼ਾਹਜ਼ਾਦਾ ਸਾਹਿਬ, ਆਪ ਨੂੰ ਓਹਨੂੰ ਰੁਪੈ ਨਹੀਂ ਦੇਣੇ ਚਾਹੀਏ, ਜੇ ਆਪ ਦੀ ਇੱਛਾ ਓਹਨੂੰ ਦੇਣ ਦੀ ਹੋਵੇ, ਓਹ ਰਕਮ ਮੈਨੂੰ ਦੇ ਦਿਆ ਕਰੋ, ਮੈਂ ਓਸ ਲਈ ਰਖੀ ਰਖਿਆ ਕਰਾਂਗਾ । ਮਾਲੂਮ ਹੁੰਦਾ ਹੈ ਕਿ ਆਪ ਨੇ ਕਲ ਉਹਨੂੰ ਕੋਈ ਰੁਪੈ ਦਿਤੇ ਹਨ, ਉਨ੍ਹਾਂ ਨਾਲ ਓਸ ਸ਼ਰਾਬ ਖਰੀਦੀ (ਇਹ ਇਕ ਬੁਰਾਈ ਹੈ ਜਿਹਨੂੰ ਅਸੀ ਜੇਲ ਵਿਚੋਂ ਜੜ੍ਹੋਂ ਨਹੀਂ ਪੁੱਟ ਸੱਕਦੇ) ਤੇ ਅਜ ਓਹ ਕਾਫੀ ਨਸ਼ੇ ਵਿੱਚ ਹੈ ਤੇ ਮਾਰਨ ਨੂੰ ਵੀ ਤਿਆਰ ਹੁੰਦੀ ਹੈ।"
"ਕੀ ਇਹ ਮੁਮਕਿਨ ਹੈ ?"
"ਹਾਂ ਜੀ——ਇਹੋ ਹੈ——ਮੈਨੂੰ ਮਜਬੂਰਨ ਸਖਤੀ ਕਰਨੀ ਪਈ ਤੇ ਓਹਨੂੰ ਇਕੱਲ ਕੋਠੜੀ ਵਿੱਚ ਡੁੱਕਣਾ ਪਇਆ——ਆਮ ਤੌਰ ਤੇ ਤਾਂ ਓਹ ਸ਼ਾਂਤ ਤੀਮੀਂ ਹੈ, ਪਰ ਮਿਹਰਬਾਨੀ ਕਰਕੇ ਓਹਨੂੰ ਰੁਪੈ ਨ ਦਿੱਤਾ ਕਰੋ ਇਹ ਲੋਕੀ ਐਸੇ ਵੈਸੇ..............."
ਜੋ ਪਿਛਲੇ ਦਿਨ ਬੀਤੀ ਸੀ ਸਾਫ ਤਰਾਂ ਸਾਹਮਣੇ ਓਹਦਾ ਨਕਸ਼ਾ ਬਝ ਗਇਆ ਤੇ ਨਿਖਲੀਊਧਵ ਨੂੰ ਮੁੜ ਡਰ ਜਿਹਾ ਲੱਗ ਗਇਆ ।
"ਤੇ ਦੁਖੋਵਾ, ਇਕ ਮੁਲਕੀ ਕੈਦਨ, ਕੀ ਮੈਂ ਓਹਨੂੰ ਮਿਲ ਸੱਕਦਾ ਹਾਂ ?"
"ਹਾਂ ਜੇ ਆਪ ਚਾਹੋ," ਇਨਸਪੈਕਟਰ ਨੇ ਕਹਿਆ । "ਹੁਣ ਤੂੰ ਫਿਰ ਕੀ ਚਾਹਨੀ ਏਂ," ਉਸਨੇ ਇਕ ਪੰਜ ਛੇ ਸਾਲ ਦੀ ਲੜਕੀ ਨੂੰ ਕਹਿਆ ਜਿਹੜੀ ਅੰਦਰ ਆ ਵੜੀ ਸੀ ਤੇ ਆਪਣੇ ਬਾਪੂ ਵਲ ਆ ਰਹੀ ਸੀ, ਪਰ ਆਪਣਾ ਸਿਰ ਚੁਕ ਕੇ ਓਹਨੇ ਆਪਣੀਆਂ ਅੱਖਾਂ ਨਿਖਲੀਊਧਵ ਵਿੱਚ ਗੱਡੀਆਂ ਹੋਈਆਂ ਸਨ । "ਲੈ ਹੁਣ ਤੂੰ ਢਹਿਣ ਲੱਗੀ ਸੈਂ," ਇਨਸਪੈਕਟਰ ਨੇ ਹੱਸ ਕੇ ਕਹਿਆ, ਕਿਉਂਕਿ ਜਿਵੇਂ ਹੀ ਓਹ ਛੋਟੀ ਲੜਕੀ ਓਸ ਵਲ ਦੌੜਦੀ ਆ ਰਹੀ ਸੀ, ਤੇ ਇਹ ਨਹੀਂ ਸੀ ਤਕਦੀ ਕਿਧਰ ਜਾ ਰਹੀ ਹੈ, ਉਹਦਾ ਪੈਰ ਇਕ ਕੰਬਲ ਜੇਹੇ ਵਿੱਚ ਅੜ ਗਇਆ ਸੀ ।
"ਅੱਛਾ—ਜੇ ਮੈਂ ਉਹਨੂੰ ਮਿਲ ਸੱਕਦਾ ਹਾਂ ਤਾਂ ਮੈਂ ਜਾਵਾਂ ?"
ਇਨਸਪੈਕਟਰ ਨੇ ਲੜਕੀ ਨੂੰ ਗਲ ਲਾਇਆ ਜਿਹੜੀ ਟੱਕ ਬੰਨ੍ਹੀ ਬਰਾਬਰ ਨਿਖਲੀਊਧਵ ਵਲ ਹੀ ਦੇਖੀ ਜਾ ਰਹੀ ਸੀ ਤੇ ਉੱਠ ਖਲੋਤਾ, ਤੇ ਪਿਆਰ ਨਾਲ ਲੜਕੀ ਨੂੰ ਹਟਾ ਕੇ ਨਾਲ ਵਾਲੇ ਕਮਰੇ ਵਿਚ ਚਲਾ ਗਇਆ । ਹਾਲੇਂ ਮਸੇਂ ਇਨਸਪੈਕਟਰ ਸਾਹਿਬ ਨੇ ਔਵਰਕੋਟ ਪਾਇਆ ਹੀ ਸੀ ਜਿਹਦੇ ਪਵਾਨ ਵਿੱਚ ਨੌਕਰਾਨੀ ਨੇ ਵੀ ਹੱਬ ਦਿੱਤਾ ਸੀ, ਤੇ ਦਰਵਾਜ਼ੇ ਉੱਪਰ ਪਹੁੰਚਿਆ ਹੀ ਸੀ ਕਿ ਓਹੋ ਰਾਗ ਮੁੜ ਸ਼ੁਰੂ ਹੋ ਗਏ ਸਨ ।
"ਇਹ ਲੜਕੀ ਕੌਨਜ਼ਰਵੇਟੋਰ ਵਿੱਚ ਪੜ੍ਹਦੀ ਸੀ, ਪਰ ਓਥੇ ਅਜ ਕਲ ਬੜੀ ਬੇਤਰਤੀਬੀ ਜੇਹੀ ਹੋ ਰਹੀ ਹੈ । ਇਸ ਲੜਕੀ ਵਿੱਚ ਰਾਗ ਦਾ ਖੁਦਾਦਾਦ ਸ਼ੌਕ ਹੈ," ਇਨਸਪੈਕਟਰ ਨੇ ਕਹਿਆ, ਜਿਵੇਂ ਓਹ ਦੋਵੇਂ ਪੌੜੀਆਂ ਥੀਂ ਤਲੇ ਉਤਰ ਰਹੇ ਸਨ, "ਇਹਦੀ ਚਾਹਨਾ ਹੈ ਕਿ ਕਾਨਸਰਟਾਂ ਵਿਚ ਵੀ ਵਜਾਵੇ ।"
ਇਨਸਪੈਕਟਰ ਤੇ ਨਿਖਲੀਊਧਵ ਜੇਲ ਪਹੁੰਚ ਗਏ । ਜਿੰਵੇਂ ਓਹ ਦਿਸੇ ਹੀ ਸਨ, ਦਰਵਾਜ਼ੇ ਫੌਰਨ ਖੁਲ੍ਹ ਗਏ ਸਨ । ਜੇਲਰ ਉੱਗਲਾਂ ਆਪਣੀਆਂ ਟੋਪੀਆਂ ਨੂੰ ਲਾਂਦੇ ਹੋਏ ਸਲਾਮ ਕਰਦੇ ਸਨ ਤੇ ਅੱਖਾਂ ਨਾਲ ਜਾਂਦੇ ਇਨਸਪੈਕਟਰ ਨੂੰ ਪਿੱਛੋਂ ਵਿਹੰਦੇ ਸਨ । ਚਾਰ ਆਦਮੀਆਂ ਨੇ ਜੇਹੜੇ ਆਪਣੇ ਅੱਧੇ——ਮੁਨ ਸਿਰਾਂ ਉੱਪਰ ਕਿਸੀ ਚੀਜ਼ ਨਾਲ ਭਰੇ ਟੱਬ ਚੱਕੀ ਜਾ ਰਹੇ ਸਨ, ਇਹਨੂੰ ਵੇਖਕੇ ਮੰਗਤਿਆਂ ਵਾਂਗ ਝੁਕ ਕੇ ਸਲਾਮ ਕੀਤਾ, ਇਕ ਨੇ ਤਾਂ ਗੁਸੇ ਨਾਲ ਤਿਊੜੀ ਵੱਟੀ ਤੇ ਉਹਦੀਆਂ ਅੱਖਾਂ ਚਮਕੀਆਂ ।
"ਠੀਕ ਹੈ ਕਿ ਇਹੋ ਜੇਹੀ ਲਿਆਕਤ ਨੂੰ ਵਧਾਉਣਾ ਚਾਹੀਦਾ ਹੈ, ਇਹਨੂੰ ਦਬਾ ਦੇਣਾ ਚੰਗਾ ਨਹੀਂ ਹੋਵੇਗਾ, ਪਰ ਨਿਕੇ ਮਕਾਨ ਵਿੱਚ ਇਹ ਪੀਆਨੋ ਦੀ ਪ੍ਰੈਕਟਿਸ ਕਰਨੀ ਜ਼ਰਾ ਦਿਕਦਾਈ ਹੈ," ਇਨਸਪੈਕਟਰ ਆਪਣੀਆਂ ਉਹੋ ਗੱਲਾਂ ਕਰੀ ਤੁਰੀ ਗਇਆ, ਉਸਨੇ ਇਨ੍ਹਾਂ ਕੈਦੀਆਂ ਵਲ ਧਿਆਨ ਨ ਦਿੱਤਾ ਤੇ ਆਪਣੇ ਥੱਕੇ ਥੱਕੇ ਕਦਮਾਂ ਨਾਲ ਚਲਦਾ ਨਿਖਲੀਊਧਵ ਨਾਲ ਹਾਲ ਤਕ ਪਹੁੰਚਿਆ ।
"ਆਪ ਕਿਹਨੂੰ ਮਿਲਣਾ ਚਾਹੁੰਦੇ ਹੋ ?"
"ਦੁਖੋਵਾ।"
"ਉਹ ! ਓਹ ਤਾਂ ਬੁਰਜ ਵਿੱਚ ਹੈ—ਆਪ ਨੂੰ ਜ਼ਰਾ ਉਡੀਕ ਕਰਨੀ ਪਵੇਗੀ," ਓਸ ਕਹਿਆ।
"ਉੱਨੇ ਚਿਰ ਵਿੱਚ ਕੀ ਮੈਂ ਕੈਦੀਆਂ ਮੈਨਸ਼ੋਵਾ ਨੂੰ ਮਿਲ ਲਵਾਂ——ਮਾਂ ਪੁਤ ਨੂੰ——ਜਿਨ੍ਹਾਂ ਉੱਪਰ ਅੱਗ ਲਾਣ ਦਾ ਦੋਸ਼ ਲੱਗਾ ਹੈ ?"
"ਓਹ ਹਾਂ, ਕੋਠੜੀ ਨੰ: ੨੧—ਓਨ੍ਹਾਂ ਨੂੰ ਬੁਲਾ ਲੈਂਦੇ ਹਾਂ ।"
"ਪਰ ਕੀ ਮੈਂ ਉਨਹਾਂ ਨੂੰ ਉਨਹਾਂ ਦੀ ਕੋਠੜੀ ਵਿਚ ਹੀ ਨ ਮਿਲ ਲਵਾਂ ?"
"ਹਾਂ——ਪਰ ਆਪਨੂੰ ਮੁਲਾਂਕਾਤੀ ਕਮਰੇ ਵਿੱਚ ਮਿਲਣਾ ਜ਼ਿਆਦਾ ਚੰਗਾ ਰਹੇਗਾ ਕਿ ਨਹੀਂ ?"
"ਨਹੀਂ——ਮੈਂ ਕੋਠੜੀ ਵਿਚ ਹੀ ਮਿਲਣਾ ਪਸੰਦ ਕਰਾਂਗਾ—ਓਥੇ ਮਿਲਣਾ ਜ਼ਿਆਦਾ ਹੀ ਦਿਲਚਸਪ ਹੋਵੇਗਾ ।"
"ਅੱਛਾ ਜੀ—ਆਪ ਨੂੰ ਦਿਲ ਲਾਉਣ ਲਈ ਕੋਈ ਦਿਲਚਸਪ ਗੱਲ ਲਝ ਪਈ ਹੈ ਨਾ।"
ਇਹ ਗੱਲ ਮੁਕਦਿਆਂ ਹੀ ਅਸਟੰਟ ਬੜੀ ਚੁਸਤ ਵਰਦੀ ਪਾਈ ਪਾਸੇ ਦੇ ਦਰਵਾਜ਼ੇ ਥੀਂ ਅੰਦਰ ਆਇਆ ।
"ਇਧਰ ਦੇਖਣਾ ! ਸ਼ਾਹਜ਼ਾਦਾ ਸਾਹਿਬ ਨੂੰ ਮੈਨਸ਼ੋਵਾਂ ਦੀ ਕੋਠੜੀ ਨੰ: ੨੧ ਵਿਚ ਲੈ ਜਾਣਾ," ਇਨਸਪੈਕਟਰ ਨੇ ਅਸਟੰਟ ਨੂੰ ਕਿਹਾ, "ਤੇ ਫਿਰ ਇਨ੍ਹਾਂ ਨੂੰ ਦਫਤਰ ਲੈ ਆਈ । ਤੇ ਮੈਂ ਜਾਂਦਾ ਹਾਂ ਤੇ ਉਸਨੂੰ ਬੁਲਾ ਭੇਜਦਾ ਹਾਂ—ਉਸ ਤ੍ਰੀਮਤ ਦਾ ਕੀ ਨਾਂ ਸੂ ?"
"ਵੈਰਾ ਦੁਖੋਵਾ।"
ਇਨਸਪੈਕਟਰ ਦਾ ਅਸਟੰਟ ਇਕ ਸੋਹਣਾ ਗਭਰੂ ਸੀ । ਉਹਦੀਆਂ ਮੁੱਛਾਂ ਰੰਗੀਆਂ ਹੋਈਆਂ ਸਨ, ਤੇ ਓਸ ਪਾਸੋਂ ਔਡੀਕੋਲੋਨ ਦੀ ਖੁਸ਼ਬੂ ਮਹਿਕਾਂ ਮਾਰ ਰਹੀ ਸੀ—"ਇਸ ਰਾਹ, ਮਿਹਰਬਾਨੀ ਕਰਕੇ," ਓਸ ਨੇ ਨੂੰ ਕਹਿਆ ਤੇ ਬੜੀ ਹੀ ਸੋਹਣੀ ਢੁਕਵੀਂ ਤਰਾਂ ਮੁਸਕਰਾਇਆ, "ਆਪ ਸਾਡੇ ਮਹਿਕਮੇ ਦੀ ਬੰਤਰ ਤੇ ਗੋਂਦ ਵਿੱਚ ਦਿਲਚਸਪੀ ਲੈ ਰਹੇ ਹੋ ?"
"ਹਾਂ-ਮੈਨੂੰ ਬੜੀ ਦਿਲਚਸਪੀ ਹੈ ਤੇ ਨਾਲੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਇਕ ਇਜੇਹੇ ਦੀ ਮਦਦ ਕਰਾਂ ਜਿਹੜਾ ਕਿ, ਜਿਵੇਂ ਮੈਨੂੰ ਦਸਿਆ ਗਇਆ ਹੈ, ਹੈ ਨਿਰਦੋਸ਼ ਪਰ ਇਥੇ ਡੱਕਿਆ ਗਿਆ ਹੈ ।"
ਅਸਟੰਟ ਨੇ ਆਪਣੇ ਮੋਂਢੇ ਉੱਪਰ ਖਿੱਚ ਕੇ ਮਾਰੇ, "ਹਾਂ ਜੀ ਇੰਝ ਹੋ ਜਾਂਦਾ ਹੈ," ਤਾਂ ਉਸ ਹੌਲੇ ਜੇਹੀ ਕਹਿਆ ਤੇ ਅਦਬ ਨਾਲ ਜ਼ਰਾ ਪਾਸੇ ਸਿਰ ਹੋ ਗਇਆ ਕਿ ਓਹ ਆਣ ਵਾਲਾ ਇੱਜ਼ਤਦਾਰ ਓਸ ਸੜੇ ਬੂ ਦਾਰ ਕੌਰੀਡੋਰ ਵਿੱਚ ਓਸ ਕੋਲੋਂ ਪਹਿਲਾਂ ਵੜੇ, "ਪਰ ਇਹ ਵੀ ਹੁੰਦਾ ਜੇ ਕਿ ਉਹ ਝੂਠ ਬੋਲਦੇ ਹਨ-ਮਿਹਰਬਾਨੀ ਕਰਕੇ ਇਸ ਰਸਤੇ ਆਵੋ ਜੀ ।"
ਕੋਠੜੀਆਂ ਦੇ ਬੂਹੇ ਖੁੱਲ੍ਹੇ ਸਨ ਤੇ ਕਈ ਇਕ ਕੈਦੀ ਕੌਰੀਡੋਰ ਵਿਚ ਖੜੇ ਸਨ | ਅਸਟੰਟ ਨੇ ਜੇਲਰਾਂ ਵਲ ਜ਼ਰਾ ਕੁ ਸਿਰ ਹਿਲਾਇਆ ਜਿਵੇਂ ਉਨ੍ਹਾਂ ਦੇ ਸਲਾਮਾਂ ਦਾ ਜਵਾਬ ਦਿੰਦਾ ਸੀ, ਤੇ ਇਕ ਤਿਰਛੀ ਨਜ਼ਰ ਕੈਦੀਆਂ ਵਲ ਮਾਰੀ, ਜਿਹੜੇ ਕੁਛ ਤਾਂ ਦਬ ਕੇ ਦੀਵਾਰ ਨਾਲ ਲਗ ਕੇ ਆਪਣੀਆਂ ਬਾਹਾਂ ਦੋਹਾਂ ਪਾਸਿਆਂ ਤੇ ਸਿੱਧੀਆਂ ਸੁਟ ਕੇ ਅਟੈਨਸ਼ਨ ਹੋ ਕੇ ਆਪਣੀਆਂ ਅੱਖਾਂ ਨਾਲ ਅਫਸਰ ਨੂੰ ਦੇਖਣ ਲੱਗ ਗਏ ਜਿਸ ਪਾਸੇ ਓਸ ਜਾ ਰਹਿਆ ਸੀ । ਇਕ ਕੌਰੀਡੋਰ ਥੀਂ ਲੰਘ ਕੇ ਅਸਟੰਟ ਓਹਨੂੰ ਖੱਬੇ ਪਾਸੇ ਦੂਜੇ ਕੌਰੀਡੋਰ ਨੂੰ ਲੈ ਗਇਆ । ਇਹ ਦੂਜਾ ਕੌਰੀਡੋਰ ਪਹਿਲੇ ਥੀਂ ਲੋਹੇ ਦੀਆਂ ਸੀਖਾਂ ਲਾਕੇ ਵੱਖਰਾਂ ਕੀਤਾ ਹੋਇਆ ਸੀ । ਇਹ ਕੌਰੀਡੋਰ ਪਹਿਲੇ ਨਾਲੋਂ ਜ਼ਿਆਦਾ ਤੰਗ ਤੇ ਤਾਰੀਕ ਸੀ, ਤੇ ਪਹਿਲੇ ਨਾਲੋਂ ਵੀ ਇਸ ਵਿਚ ਜ਼ਿਆਦਾ ਬੂ ਤੇ ਸੜਾਂਦ ਸੀ । ਕੌਰੀਡੋਰ ਦੇ ਦੋਹਾਂ ਪਾਸੇ ਦਰਵਾਜ਼ੇ ਸਨ । ਤੇ ਉਹਨਾਂ ਵਿੱਚ ਇੰਚ ਇੰਚ ਦੀਆਂ ਮੋਟੀਆਂ ਮੋਰੀਆਂ ਸਨ। ਉਥੇ ਸਿਰਫ ਇਕ ਬੁੱਢਾ ਜੇਲਰ ਮੂੰਹ ਤੇ ਝੁਰਲੀਆਂ ਪਈਆਂ, ਉਦਾਸ, ਗ਼ਮਗੀਨ ਖਲੋਤਾ ਸੀ।
“ਮੈਨਸ਼ੋਵ ਕਿੱਥੇ ਹੈ ?" ਇਨਸਪੈਕਟਰ ਦੇ ਅਸਟੰਟ ਟੰਟ ਨੇ ਪੁੱਛਿਆ ।
"ਖੱਬੇ ਪਾਸੇ ਵਲ ਅਠਵੀਂ ਕੋਠੜੀ ਜੇ ।"
" 'ਤੇ ਇਹ ? ਕੀ ਇਹਨਾਂ ਵਿੱਚ ਵੀ ਕੈਦੀ ਹਨ ?" ਨਿਖਲੀਊਧਵ ਨੇ ਪੁੱਛਿਆ।
"ਹਾਂ ਜੀ ! ਇਕ ਛੱਡ ਕੇ ਸਭ ਵਿੱਚ ।"
ਮੋਇਆਂ ਦੀ ਜਾਗ-ਕਾਂਡ ੫੨. : ਲਿਉ ਤਾਲਸਤਾਏ
"ਕੀ ਮੈਂ ਇਨ੍ਹਾਂ ਦੇ ਅੰਦਰ ਝਾਤੀ ਮਾਰ ਸਕਨਾ ਹਾਂ ?" ਨਿਖਲੀਊਧਵ ਨੇ ਪੁਛਿਆ ।
"ਜੀ ਹਾਂ, ਜ਼ਰੂਰ," ਅਸਟੰਟ ਨੇ ਮੁਸਕਰਾਉਂਦਿਆਂ ਉੱਤਰ ਦਿਤਾ, ਤੇ ਜੇਲਰ ਵਲ ਮੁੜ ਕੇ ਕੁਛ ਪੁਛਣ ਲਗ ਪਇਆ ।
ਨਿਖਲੀਊਧਵ ਨੇ ਉਨ੍ਹਾਂ ਛੋਟੀਆਂ ਮੋਰੀਆਂ ਵਿਚ ਦੀ ਇਕ ਵਿਚੋਂ ਅੰਦਰ ਤਕਿਆ, ਤੇ ਵੇਖਿਆ ਕਿ ਇਕ ਲਿੱਸਾ ਜਵਾਨ ਆਦਮੀ, ਛੋਟੀ ਕਾਲੀ ਦਾਹੜੀ ਵਾਲਾ ਸਿਰਫ ਹੇਠਲੇ ਕਪੜੇ ਪਾਏ, ਕੋਠੜੀ ਦੇ ਅੰਦਰ ਉਪਰ ਤਲੇ ਟਹਿਲ ਰਹਿਆ ਹੈ । ਦਰਵਾਜ਼ੇ ਵਿਚ ਦੀ ਕਿਸੀ ਨੂੰ ਵੇਖ ਕੇ ਉਸ ਤੀਊੜੀ ਪਾਕੇ ਉਧਰ ਵੇਖਿਆ, ਪਰ ਕੋਠੜੀ ਵਿਚੋਂ ਉਥੋਂ ਹੀ ਤਕਦਿਆਂ ਟਹਿਲਦਾ ਰਹਿਆ ।
ਨਿਖਲੀਊਧਵ ਨੇ ਇਕ ਦੂਜੀ ਮੋਰੀ ਵਿੱਚੋਂ ਤੱਕਿਆ । ਇੱਥੇ ਇਹਦੀ ਅੱਖ ਜਾ ਕੇ ਅੰਦਰ ਦੀ ਇਕ ਹੋਰ ਮੋਟੀ, ਤ੍ਰੇਹੀ ਹੋਈ, ਤੇ ਡਰੀ ਹੋਈ ਅੱਖ ਨਾਲ ਮਿਲੀ ਤੇ ਛੇਤੀ ਦੇਖ ਕੇ ਉਰੇ ਹੋ ਗਇਆ । ਤੀਸਰੀ ਕੋਠੜੀ ਵਿਚ ਉਸ ਇਕ ਬੜਾ ਛੋਟਾ ਜੇਹਾ ਆਦਮੀ ਬਿਸਤ੍ਰੇ ਤੇ ਸੁੱਤਾ ਹੋਇਆਂ ਵੇਖਿਆ, ਜਿਨ੍ਹੇ ਆਪਣਾ ਸਾਰਾ ਸਿਰ ਮੂੰਹ ਜੇਲ ਦੇ ਵਡੇ ਕੋਟ ਨਾਲ ਢੱਕਿਆ ਹੋਇਆ ਸੀ । ਚੌਥੀ ਕੋਠੜੀ ਵਿਚ ਇਕ ਪੀਲਾ, ਚੌੜੇ ਚਿਹਰੇ ਵਾਲਾਂ ਆਦਮੀ ਆਪਣੀਆਂ ਆਰਕਾਂ ਗੋਡਿਆ ਉਪਰ ਰਖੀਆਂ ਹੋਈਆਂ ਤੇ ਆਪਣਾ ਸਿਰ ਨੀਵਾਂ ਸੁੱਟਿਆ ਹੋਇਆ ਬੈਠਾ ਹੋਇਆ ਸੀ । ਕਦਮਾਂ ਦੀ ਆਹਟ ਸੁਣ ਕੇ ਉਸ ਸਿਰ ਚੁੱਕਿਆ ਤੇ ਉਪਰ ਵਲ ਤੱਕਣ ਲਗ ਗਇਆ । ਉਹਦੇ ਮੂੰਹ ਉੱਪਰ ਤੇ ਖਾਸ ਕਰ ਉਹਦੀਆਂ ਅੱਖਾਂ ਵਿਚ ਇਕ ਡਾਹਢੀ ਨਾਉਮੇਦੀ ਤੇ ਉਦਾਸੀ ਦਾ ਰੰਗ ਛਾਇਆ ਹੋਇਆ ਸੀ । ਹਰ ਇਕ ਨੂੰ ਪਇਆ ਸਾਫ ਦਿਸਦਾ ਸੀ ਕਿ ਉਸ ਵਿਚਾਰੇ ਨੂੰ ਇਸ ਗਲ ਦੀ ਵੀ ਕੋਈ ਪਰਵਾਹ ਨਹੀਂ ਸੀ ਹੁੰਦੀ ਕਿ ਉਸ ਦੀ ਕੋਠੜੀ ਨੂੰ ਕੌਣ ਵੇਖਣ ਆਇਆ ਹੈ । ਕੋਈ ਆਵੇ, ਕੋਈ ਜਾਵੇ, ਤੱਕੇ, ਕੈਦੀ ਨੂੰ ਕਿਸੀ ਪਾਸੋਂ ਕਿਸੇ ਕਿਸਮ ਦੇ ਫਾਇਦੇ ਯਾ ਨੇਕੀ ਦੀ ਉੱਕੀ ਕੋਈ ਆਸ ਨਹੀਂ ਸੀ ਰਹੀ ਹੋਈ । ਨਿਖਲੀਊਧਵ ਇਹ ਸ਼ਕਲਾਂ ਵੇਖ ਵੇਖ ਭੈ ਭੀਤ ਹੋ ਗਇਆ ਸੀ, ਤੇ ਬਿਨਾ ਹੋਰ ਠਹਿਰਣ ਤੇ ਕਿਸੀ ਹੋਰ ਕੋਠੀ ਦੇ ਅੰਦਰ ਵੇਖਨ ਦੇ ਉਹ ਕੋਠੜੀ ਨੰ: ੨੧ ਵਿੱਚ ਮੈਨਸ਼ੋਵਾਂ ਨੂੰ ਮਿਲਣ ਚਲਾ ਗਇਆ । ਜੇਲਰ ਨੇ ਜੰਦਰਾ ਲਾਹਿਆ ਤੇ ਬੂਹਾ ਖੋਲਿਆ । ਇਕ ਜਵਾਨ ਆਦਮੀ, ਲਮੀ ਗਰਦਨ, ਚੰਗੇ ਕਮਾਏ ਪਠੇ ਛੋਟਾ ਸਿਰ ਤੇ ਨਰਮ ਗੋਲ ਅੱਖਾਂ ਵਾਲਾ ਬਿਸਤ੍ਰੇ ਲਾਗੇ ਖੜਾ ਸੀ । ਉਹ ਇਨ੍ਹਾਂ ਨਵੇਂ ਆਏ ਆਦਮੀਆਂ ਨੂੰ ਤਕ ਕੇ, ਝਟ ਦੇ ਔਵਰਕੋਟ ਪਾ, ਡਰੇ ਹੋਏ ਮੂੰਹ ਨਾਲ ਇਨ੍ਹਾਂ ਵਲ ਤੱਕਣ ਲਗ ਗਇਆ । ਨਿਖਲੀਊਧਵ ਨੂੰ ਉਹਦੀਆਂ ਨਰਮ ਗੋਲ ਅੱਖਾਂ ਬੜੀਆਂ ਹੀ ਚੰਗੀਆਂ ਲੱਗੀਆਂ ਜਿਹੜੀਆਂ ਹੁਣ ਭੈ ਭੀਤ ਹੋਈਆਂ, ਪੁਛ ਗਿਛ ਕਰਦੀਆਂ, ਨਿਗਾਹਾਂ ਪਾ ਰਹੀਆਂ ਸਨ ਤੇ ਵਾਰੀ ਵਾਰੀ ਦੀ ਉਸ ਵਲ, ਕਦੀ ਜੇਲਰ ਵਲ, ਕਦੀ ਅਸਟੰਟ ਵਲ ਤਕਦੀਆਂ ਸਨ, ਤੇ ਮੁੜ ਮੁੜ ਉਹ ਨਿਗਾਹਾਂ ਉਸੀ ਚੱਕਰ ਵਿਚ ਫਿਰ ਰਹੀਆਂ ਸਨ ।
"ਇਹ ਇਕ ਭਲਾ ਪੁਰਖ ਆਇਆ ਹੈ ਜਿਹੜਾ ਤੇਰੀ ਬਾਬਤ ਪੁਛ ਗਿਛ ਕਰਨਾ ਚਾਹੁੰਦਾ ਹੈ ।"
"ਆਪ ਦਾ ਬੜਾ ਸ਼ੁਕਰ ਹੈ ।"
"ਹਾਂ, ਮੈਨੂੰ ਤੇਰੀ ਬਾਬਤ ਕਿਸੇ ਕਹਿਆ ਹੈ," ਕੋਠੜੀ ਥੀਂ ਪਾਰ ਸਿੱਧਾ ਖਿੜਕੀ ਪਾਸ ਜਾ ਕੇ ਨਿਖਲੀਊਧਵ ਨੇ ਕਿਹਾ—"ਤੇ ਮੈਂ ਆਪ ਤੇਰੇ ਮੁਕੱਦਮੇ ਦੀ ਸਾਰੀ ਗਲ ਤੇਰੇ ਮੂੰਹ ਥੀਂ ਸੁਣਨਾ ਚਾਹੁੰਦਾ ਹਾਂ ।"
ਮੈਨਸ਼ੋਵ ਭੀ ਖਿੜਕੀ ਪਾਸ ਹੀ ਆ ਗਇਆ, ਤੇ ਝਟਾਪਟ ਉਸ ਨੇ ਆਪਣੀ ਕਹਾਣੀ ਕਹਿਣੀ ਸ਼ੁਰੂ ਕਰ ਦਿਤੀ । ਪਹਿਲਾਂ ਤਾਂ ਇਨਸਪੈਕਟਰ ਦੇ ਅਸਟੰਟ ਵਲ ਕੁਛ ਸ਼ਰਮ ਖਾ ਕੇ ਵੇਖਦਾ ਸੀ ਪਰ ਹੋਲੋਂ ਹੋਲੇਂ ਉਹ ਵਧੇਰੇ ਦਲੇਰ ਹੋ ਗਇਆ । ਜਦ ਅਸਟੰਟ ਕੋਠੜੀਓ ਬਾਹਰ ਕੌਰੀਡੋਰ ਵਿਚ ਕੋਈ ਹੁਕਮ ਦੇਣ ਤਰ ਗਇਆ, ਉਹ ਨੌਜਵਾਨ ਬਿਲਕੁਲ ਹੀ ਦਲੇਰ ਹੋ ਗਇਆ । ਕੈਦੀ ਨੇ ਆਪਣੀ ਕਹਾਣੀ ਇਕ ਬੜੇ ਮਾਮੂਲੀ, ਨੇਕ ਕਿਸਾਨ ਲੜਕੇ ਦੀ ਬੋਲੀ ਤੇ ਲਹਿਜ਼ੇ ਤੇ ਸਾਦਗੀ ਵਿਚ ਕਹਿ ਸੁਣਾਈ । ਕੈਦੀ ਦੇ ਮੂੰਹੋਂ, ਜਿਸ ਇਹੋ ਜੇਹੇ ਰਸਾਤਲ ਵਿਚ ਢਾਹ ਦੇਣ ਵਾਲੇ ਕਪੜੇ ਪਾਏ ਹੋਏ ਸਨ, ਉਥੇ ਜੇਲ ਅੰਦਰ ਉਹਦੀ ਕਹਾਣੀ ਇਉਂ ਸੁਣਨਾ, ਨਿਖਲੀਊਧਵ ਨੂੰ ਬੜੀ ਹੀ ਅਜੀਬ ਗਲ ਲੱਗੀ । ਨਿਖਲੀਊਧਵ ਸੁਣੀ ਗਇਆਂ ਨਾਲੇ ਆਲੇ ਦੁਆਲੇ ਵੇਖੀ ਗਇਆ । ਉਹ ਉਹਦਾ ਨੀਵਾਂ ਜੇਹਾ ਬਿਸਤਰਾ ਜਿਸ ਉਪਰ ਭੋਹ ਦੀ ਤਲਾਈ ਪਈ ਸੀ, ਉਹ ਖਿੜਕੀ ਜਿਹਨੂੰ ਮੋਟੀਆਂ ਲੋਹੇ ਦੀਆਂ ਸੀਖਾਂ ਲੱਗੀਆਂ ਹੋਈਆਂ ਸਨ, ਉਹ ਮੈਲੀ ਗਿੱਲੀ ਕੰਧ——ਤੇ ਇਸ ਕਿਸਮਤ ਦੇ ਤਰਸ ਜੋਗ ਸ਼ਕਲ ਤੇ ਬਿਗੜੇ ਰੂਪ ਕਿਰਸਾਨ ਦੇ ਮੂੰਹ ਵਲ ਵੇਖਦਾ ਸੀ, ਜਿਹਨੇ ਆਪਣਾ ਜੇਲ ਦਾ ਔਵਰਕੋਟ ਤੇ ਜੇਲ ਦੀਆਂ ਜੁੱਤੀਆਂ ਪਾਈਆਂ ਹੋਈਆਂ ਸਨ; ਤੇ ਸੁਣ ਸੁਣ ਉਹ ਉਦਾਸ ਤੇ ਹੋਰ ਉਦਾਸ ਹੁੰਦਾ ਚਲਾ ਜਾ ਰਹਿਆ ਸੀ, ਤੇ ਉਹਨੂੰ ਇਹ ਉਸ ਵੇਲੇ ਚਾਹ ਰਹਿਆ ਸੀ ਕਿ ਜੋ ਕੁਛ ਇਹ ਕਰ ਰਹਿਆ ਹੈ 'ਸ਼ਾਲਾ ਕੂੜ ਹੀ ਹੋਵੇ ।' ਇਹ ਸੋਚਣਾ ਉਸ ਲਈ ਡਰਾਉਣਾ ਸੀ ਕਿ ਇਸ ਦੁਨੀਆਂ ਵਿਚ ਐਸੇ ਕੋਈ ਲੋਕੀ ਹਨ ਜਿਹੜੇ ਇਹੋ ਜੇਹੀ ਗਲ ਕਰ ਸਕਦੇ ਹਨ ਕਿ ਇਕ ਆਦਮੀ ਨੂੰ ਬਿਨਾ ਵੱਜਾ ਤੇ ਸਵਾਏ ਇਸ ਇਕ ਵੱਜਾ ਦੇ ਕਿ ਉਹਨੂੰ ਆਪ ਨੂੰ ਜ਼ਰਬ ਲੱਗੀ ਹੈ, ਫੜ ਲੈਂਦੇ ਹਨ । ਮੁਜਰਿਮਾਂ ਵਾਲੇ ਕਪੜੇ ਪਵਾ ਦਿੰਦੇ ਹਨ ਤੇ ਇਹੋ ਜੇਹੀ ਭਿਆਨਕ ਥਾਂ ਵਿਚ ਲਿਆ ਕੇ ਡੱਕ ਦਿੰਦੇ ਹਨ । ਉਸ ਨੂੰ ਇਹ ਖਿਆਲ ਹੋਰ ਵੀ ਵਧੇਰਾ ਡਰਾਉਣਾ ਲਗ ਰਹਿਆ ਸੀ, ਕਿ ਇਹ ਦਿਸ ਰਹੀ ਸੱਚੀ ਕਹਾਣੀ, ਐਸੇ ਬੀਬੇ ਚੰਗੇ ਮੂੰਹ ਦੀ ਆਪਣੀ ਜ਼ਬਾਨੀ, ਬਸ ਉਹਦਾ ਬਣਾਇਆ ਇਕ ਝੂਠ ਤੇ ਇਕ ਮਨ ਘੜਿਤ ਕਹਾਣੀ ਹੈ !! ਹਾਏ ! ਕਹਾਣੀ ਇਹ ਸੀ—ਇਹਦੇ ਵਿਆਹ ਦੇ ਥੋੜੇ ਚਿਰ ਮਗਰੋਂ ਇਹਦੇ ਗਰਾਂ ਦੀ ਸਰਾਂ ਰੱਖਣ ਵਾਲੇ ਨੇ ਇਹਦੀ ਜਵਾਨ ਵਹੁਟੀ ਬਦਰਾਹ ਲਈ ਸੀ । ਇਹਨੇ ਹਰ ਥਾਂ ਯਤਨ ਕੀਤਾ ਕਿ ਇਹਦਾ ਕੋਈ ਨਿਆਂ ਕਰੇ, ਪਰ ਹਰ ਥਾਂ ਉਸ ਸਰਾਂ ਵਾਲੇ ਨੇ ਅਫਸਰਾਂ ਨੂੰ ਵੱਢੀਆਂ ਖਵਾ ਦਿੱਤੀਆਂ ਤੇ ਬਰੀ ਹੋ ਗਇਆ । ਇਕ ਵੇਰੀ ਆਪਣੀ ਵਹੁਟੀ ਉਸ ਨੇ ਉਸ ਪਾਸੋਂ ਖੋਹ ਲਿਆਂਦੀ ਪਰ ਦੂਜੇ ਦਿਨ ਉਹ ਨੱਸ ਗਈ । ਫਿਰ ਉਹ ਉਸ ਪਾਸੋਂ ਉਹਨੂੰ ਵਾਪਸ ਲੈਣ ਦੀ ਮੰਗ ਕਰਨ ਗਇਆ ਤੇ ਭਾਵੇਂ ਉਸਨੇ ਜਾਂਦਿਆਂ ਹੀ ਆਪਣੀ ਵਹੁਟੀ ਨੂੰ ਉਥੇ ਤੱਕ ਲਇਆ ਸੀ, ਤਾਂ ਵੀ ਸਰਾਂ ਵਾਲੇ ਨੇ ਕਹਿ ਦਿੱਤਾ ਕਿ ਉਹ ਉਥੇ ਕੋਈ ਨਹੀਂ ਤੇ ਉਹਨੂੰ ਕਹਿਆ "ਨੱਸ ਜਾ।" ਉਥੋਂ ਉਹ ਨਹੀਂ ਸੀ ਹਿਲਦਾ, ਤੇ ਸਰਾਂ ਵਾਲੇ ਤੇ ਉਹਦੇ ਨੌਕਰਾਂ ਨੇ ਮਿਲਕੇ ਉਹਨੂੰ ਖੂਬ ਕੁੱਟਿਆ ਤੇ ਉਹਦਾ ਖੂਨ ਵਗਾ ਛੱਡਿਆ । ਦੂਜੇ ਹੀ ਦਿਨ ਸਰਾਂ ਨੂੰ ਅੱਗ ਲਗ ਗਈ । ਬਸ ਇਹ ਨੌਜਵਾਨ ਤੇ ਇਹਦੀ ਮਾਂ ਅੱਗ ਲਾਣ ਦੀ ਦੂਸ਼ਣਾ ਵਿਚ ਫੜੇ ਗਏ ਤੇ ਕਹਿਆ ਗਇਆ ਕਿ ਅੱਗ ਇਨ੍ਹਾਂ ਹੀ ਲਾਈ ਸੀ । ਵੇਖੋ ! ਇਹ ਨੌਜਵਾਨ ਤਾਂ ਉਸ ਦਿਨ ਆਪਣੇ ਕਿਸੀ ਮਿਤ੍ਰ ਨੂੰ ਮਿਲਨ ਗਇਆ ਹੋਇਆ ਸੀ, ਉਸ ਅੱਗ ਕਦਾਚਿੱਤ ਨਹੀਂ ਲਾਈ ਸੀ ।
"ਕੀ ਇਹ ਠੀਕ ਸੱਚ ਹੈ ਕਿ ਤੂੰ ਅੱਗ ਨਹੀਂ ਸੀ ਲਾਈ ?"
"ਜਨਾਬ ! ਇਹ ਕਰਨਾ ਤਾਂ ਮੇਰੇ ਖ਼ਾਬ ਖਿਆਲ ਵਿਚ ਦੀ ਨਹੀਂ ਸੀ ਆਇਆ । ਮੇਰੇ ਦਸ਼ਮਨ ਨੇ ਆਪ ਲਾਈ ਹੋਣੀ ਹੈ । ਮੈਂ ਸੁਣਿਆ ਸੀ ਕਿ ਉਸ ਥੀਂ ਥੋੜਾ ਚਿਰ ਪਹਿਲਾਂ ਹੀ ਉਸ ਸਰਾਂ ਦਾ ਬੀਮਾ ਕਰਾਇਆ ਸੀ। ਉਹਨਾਂ ਮੁੜ ਕਹ ਦਿੱਤਾ ਕਿ ਮੈਂ ਤੇ ਮੇਰੀ ਮਾਂ ਨੇ ਅੱਗ ਲਾਈ ਹੈ ਤੇ ਇਹ ਕਿ ਅਸਾਂ ਨੇ ਉਨ੍ਹਾਂ ਨੂੰ ਅਗ ਲਾਉਣ ਦੀ ਧਮਕੀ ਵੀ ਦਿੱਤੀ ਸੀ । ਇਹ ਸੋਚ ਹੈ ਕਿ ਮੈਂ ਇਕ ਵੇਰੀ ਉਹਨੂੰ ਸਿੱਧਾ ਕਰਨ ਗਇਆ ਸਾਂ, ਮੈਂ ਵਧੇਰਾ ਚਿਰ ਤਕ ਉਹਦਾ ਅੱਤਿਆਚਾਰ ਬਰਦਾਸ਼ਤ ਨਹੀਂ ਸਾਂ ਕਰ ਸਕਦਾ ਪਰ ਇਹ ਅੱਗ ਲਾਣ ਦਾ ਅਪਰਾਧ ਮੈਂ ਕਦੀ ਨਹੀਂ ਕੀਤਾ। ਉਸ ਆਪ ਅੱਗ ਲਾ ਕੇ ਨਾਂ ਸਾਡੇ ਲਾ ਦਿੱਤੀ ਹੈ । ਜਦ ਠੀਕ ਅੱਗ ਲੱਗੀ ਸੀ ਮੈਂ ਉਥੇ ਸਾਂ ਹੀ ਨਹੀਂ, ਪਰ ਉਸ ਜਾਣ ਬੁੱਝ ਕੇ ਉਹ ਵਕਤ ਚੁਣਿਆ ਜਦ ਕਿ ਮੈਂ ਤੇ ਮੇਰੀ ਮਾਂ ਉਥੋਂ ਹੀ ਸਾਂ ।"
"ਹਾਏ ! ਕੀ ਇਹ ਕੁਛ ਸਚ ਹੋ ਸਕਦਾ ਹੈ ?"
"ਰੱਬ ਮੇਰਾ ਗਵਾਹ ਹੈ—ਇਹ ਨਿਰੋਲ ਸਚ ਹੈ । ਏ ਜੁਨਾਬ ! ਜ਼ਰਾ ਮਿਹਰਬਾਨੀ ਕਰੋ........" ਤੇ ਨਿਖਲੀਊਧਵ ਨੇ ਬੜੀ ਮੁਸ਼ਕਲ ਨਾਲ ਉਹਨੂੰ ਉਸ ਅੱਗੇ ਜ਼ਮੀਨ ਉੱਪਰ ਮੱਥਾ ਟੇਕਣ ਥੀਂ ਰੋਕਿਆ, "ਜ਼ਰਾ ਰਹਿਮ ਕਰੋ । ਆਪ ਦੇਖੋ ਬਿਨਾ ਕਿਸੀ ਵਜਾ ਦੇ ਇਸ ਕੋਠੜੀ ਵਿਚ ਮੁਕ ਰਹਿਆ ਹਾਂ, ਮਰ ਰਹਿਆ ਹਾਂ, ਤੇ ਅਚਨਚੇਤ ਉਹਦਾ ਮੂੰਹ ਕੰਬਿਆ । ਉਹ ਆਪਣੇ ਕੋਟ ਦੀਆਂ ਬਾਹਾਂ ਉੱਪਰ ਕਰ ਕੇ, ਜ਼ਾਰੋਜ਼ਾਰ ਰੋਣ ਲਗ ਪਇਆ ਤੇ ਆਪਣੀ ਮੈਲੀ ਕਮੀਜ਼ ਦੀ ਬਾਹਾਂ ਨਾਲ ਆਪਣੇ ਅੱਥਰੂ ਪੂੰਝਣ ਲਗ ਪਇਆ ।
"ਕੀ ਆਪ ਤਿਆਰ ਹੋ ?" ਅਸਟੰਟ ਨੇ ਆਕੇ ਪੁੱਛਿਆ ।
"ਹਾਂ.............ਅੱਛਾ ਭਾਈ, ਤਕੜਾ ਹੋ ਅਸੀ ਜੋ ਹੋ ਸੱਕਿਆ ਕਰਾਂਗੇ," ਨਿਖਲੀਊਧਵ ਇਹ ਕਹਿ ਕੇ ਬਾਹਰ ਚਲਾ ਗਇਆ ।
ਮੈਨਸ਼ੋਵ ਦਰਵਾਜ਼ੇ ਨਾਲ ਢਕ ਕੇ ਖੜਾ ਹੋ ਗਇਆ । ਇੰਨਾ ਨਾਲ ਲਗ ਗਇਆ ਸੀ ਕਿ ਜਦ ਜੇਲਰ ਨੇ ਦਰਵਾਜ਼ਾ ਬੰਦ ਕੀਤਾ ਤਦ ਬੂਹਾ ਉਹਨੂੰ ਵੱਜਾ—ਤੇ ਜਦ ਤਕ ਜੇਲਰ ਜੰਦਰਾ ਮਾਰਦਾ ਰਹਿਆ ਉਹ ਖੜਾ ਉਸ ਛੋਟੀ ਮੋਰੀ ਵਿਚ ਵੇਖਦਾ ਰਹਿਆ ਸੀ ।
ਮੋਇਆਂ ਦੀ ਜਾਗ-ਕਾਂਡ ੫੩. : ਲਿਉ ਤਾਲਸਤਾਏ
ਉਸ ਚੌੜੇ ਕੌਰੀਡੋਰ ਥੀਂ ਮੁੜਦੀ ਵਾਰੀ ਉਨ੍ਹਾਂ ਕੈਦੀਆਂ ਦੇ ਸਾਹਮਣੇ ਦੇ ਲੰਘਣ ਵੇਲੇ, ਜਿਹੜੇ ਹਲਕੇ ਪੀਲੇ ਵਡੇ ਕੋਟਾਂ ਵਿਚ ਛੋਟੇ ਚੌੜੇ ਪੌਂਚਿਆਂ ਵਾਲੇ ਪਜਾਮਿਆਂ ਵਿੱਚ ਤੇ ਕੈਦਖਾਨੇ ਦੀਆਂ ਜੁੱਤੀਆਂ ਪਾਏ ਖੜੇ ਸਨ ਤੇ ਬੜੀ ਗਹੁ ਨਾਲ ਓਸ ਵਲ ਵੇਖ ਰਹੇ ਸਨ (ਖਾਣੇ ਦਾ ਵੇਲਾ ਸੀ ਤੇ ਕੋਠੜੀਆਂ ਦੇ ਦਰਵਾਜ਼ੇ ਸਭ ਖੁਲ੍ਹੇ ਸਨ), ਨਿਖਲੀਊਧਵ ਨੂੰ ਇਕ ਅਸਰਾਂ ਦਾ ਅਜੀਬ ਜਿਹਾ ਮਿਲਗੋਭਾ ਅੰਦਰ ਹੋਇਆ—ਇਨ੍ਹਾਂ ਕੈਦੀਆਂ ਲਈ ਤਾਂ ਤਰਸ ਹਮਦਰਦੀ ਆਈ, ਤੇ ਉਨ੍ਹਾਂ ਦੀ ਕਰਤੂਤ ਉੱਪਰ ਇਕ ਖੌਫ਼ ਤੇ ਚਕਰਾਈ ਜੇਹੀ ਹੋਈ ਜਿਨਾਂ ਨੇ ਇਨ੍ਹਾਂ ਨੂੰ ਇਉਂ ਬੰਦੀ ਪਾਇਆ ਤੇ ਰਖਿਆ ਹੋਇਆ ਸੀ, ਤੇ ਨਾਲੇ ਭਾਵੇਂ ਓਹਨੂੰ ਇਹ ਨਹੀਂ ਸੀ ਪਤਾ ਲਗਦਾ ਕਿ ਕਿਸ ਕਰਕੇ, ਪਰ ਓਹਦਾ ਇਸ ਸਭ ਕਿਸੀ ਨੂੰ ਸ਼ਾਂਤੀ ਨਾਲ ਵੇਖਣ ਤੇ ਉਸ ਉੱਪਰ ਕੋਈ ਕੁਛ ਜ਼ਿਆਦਾ ਅਸਰ ਨ ਹੋਣ ਉੱਪਰ ਇਕ ਸ਼ਰਮ ਆ ਰਹੀ ਸੀ।
ਓਹਨਾਂ ਕੌਰੀਡੋਰਾਂ ਵਿਚੋਂ ਇਕ ਵਿਚ ਕਿਸੀ ਜੁੱਤੀਆਂ ਦੀਕਟ ਕਟ ਕੀਤੀ ਤੇ ਇਕ ਕੈਦੀ ਕੋਠੜੀ ਦੇ ਦਰਵਾਜ਼ੇ ਵਲ ਦੌੜਿਆ । ਓਸ ਵਿੱਚੋਂ ਫਿਰ ਕਈ ਆਦਮੀ ਨਿਕਲ ਆਏ, ਤੇ ਉਨ੍ਹਾਂ ਨਿਖਲੀਊਧਵ ਦਾ ਰਾਹ ਰੋਕ ਲਇਆ ਤੇ ਲਗੇ ਓਹਨੂੰ ਸਲਾਮਾਂ ਕਰਨ ।
"ਮਿਹਰਬਾਨੀ ਜੁਨਾਬ ਵਾਲਾ ਸ਼ਾਨ ਸਾਹਿਬ ! ਸਾਨੂੰ ਜੀ ਨਹੀਂ ਪਤਾ ਕਿ ਆਪ ਨੂੰ ਕਿਨ੍ਹਾਂ ਠੀਕ ਲਕਬਾਂ ਲਕਾਬਾਂ ਨਾਲ ਬੁਲਾਵੀਏ, ਸਾਡੇ ਮਾਮਲੇ ਦਾ ਵੀ ਫੈਸਲਾ ਕਰੋ ।"
"ਮੈਂ ਅਫਸਰ ਤਾਂ ਨਹੀਂ—ਮੈਨੂੰ ਕੁਛ ਪਤਾ ਨਹੀਂ।"
"ਅਛਾ ਆਪ ਬਾਹਰ ਥੀਂ ਆਏ ਹੋ—— ਕਿਸੇ ਨੂੰ ਕਹੋ——ਅਫਸਰਾਂ, ਇਖਤਿਆਰ ਵਾਲਿਆਂ ਨੂੰ ਕਹੋ ਜੇ ਲੋੜ ਹੋਵੇ ਤਾਂ—" ਇਕ ਗੁਸੀਲ ਜੇਹੀ ਆਵਾਜ਼ ਨੇ ਕਿਹਾ—— "ਸਾਡੇ ਉੱਪਰ ਕੁਛ ਤਰਸ ਕਰੋ——ਅਸੀ ਵੀ ਤਾਂ ਇਨਸਾਨ ਹਾਂ——ਅਸੀ ਇਥੇ ਦੋ ਮਹੀਨੇ ਥੀਂ ਬੇਗੁਨਾਹ ਡੱਕੇ ਪਏ ਹਾਂ——ਸਾਡੀ ਗੱਲ ਕੋਈ ਸੁਣਦਾ ਹੀ ਨਹੀਂ ।"
"ਕੀ ਮਤਲਬ,ਕਿਉਂ ?" ਨਿਖਲੀਊਧਵ ਨੇ ਪੁਛਿਆ।
"ਕਿਉਂ, ਸਾਨੂੰ ਆਪ ਨੂੰ ਪਤਾ ਨਹੀਂ ਕਿ ਕਿਉਂ ? ਪਰ ਅਸੀ ਅਜ ਦੂਜੇ ਮਹੀਨੇ ਦੇ ਇਥੇ ਡੱਕੇ ਹੋਏ ਹਾਂ।"
"ਠੀਕ——ਇਹ ਬਿਲਕੁਲ ਸੱਚ ਹੈ——ਇਹ ਗੱਲ ਤਾਂ ਇਕ ਹਾਦਸਾ ਜੇਹੀ ਹੀ ਸਮਝੋ—ਇਤਫਾਕ ਜੇਹਾ ਹੋ ਗਿਆ ਹੈ," ਤਾਂ ਅਸਟੰਟ ਨੇ ਕਹਿਆ; "ਇਹ ਲੋਕੀ ਤਾਂ ਅੰਦਰ ਲਿਆਏ ਗਏ ਸਨ ਕਿ ਇਨ੍ਹਾਂ ਪਾਸ ਰਾਹਦਾਰੀ ਦੇ ਕਾਗਤ (ਪਾਸ ਪੋਰਟ) ਨਹੀਂ ਸਨ——ਤੇ ਇਸ ਵਜਾ ਲਈ ਤਾਂ ਇਨ੍ਹਾਂ ਨੂੰ ਆਪਣੇ ਵਤਨ ਦੇ ਸੂਬੇ ਵਿੱਚ ਵਾਪਸ ਘੱਲ ਦੇਣਾ ਚਾਹੀਦਾ ਸੀ, ਪਰ ਓਥੇ ਦੇ ਮੁਕਾਮੀ ਅਫਸਰਾਂ ਨੇ ਲਿਖਿਆ ਹੈ ਕਿ ਇਹਨਾਂ ਨੂੰ ਉਥੇ ਹਾਲੇ ਨ ਭੇਜਿਆ ਜਾਵੇ——ਇਸ ਕਰਕੇ ਅਸਾਂ ਬਾਕੀ ਦੇ ਰਾਹਦਾਰੀ ਥੀਂ ਬਿਨਾਂ ਲੋਕੀ ਤਾਂ ਉਨ੍ਹਾਂ ਦੇ ਵਖਰੇ ਵਖਰੇ ਸੂਬਿਆਂ ਵਿਚ ਘਲ ਦਿਤੇ ਹਨ, ਪਰ ਇਨ੍ਹਾਂ ਨੂੰ ਇਥੇ ਹੀ ਰਖਿਆ ਹੋਇਆ ਹੈ ।"
"ਕੀ ? ਬਸ ਹੋਰ ਕੋਈ ਸਬੰਧ ਨਹੀਂ, ਸਿਰਫ ਇੰਨੀ ਗੱਲ ਪਿੱਛੇ ?" ਨਿਖਲੀਊਧਵ ਦਰਵਾਜ਼ੇ ਉੱਪਰ ਹੀ ਖੜਾ ਕੂਕ ਉੱਠਿਆ ।
ਕੋਈ ਚਾਲੀ ਕੈਦੀਆਂ ਦਾ ਝੁੰਡ, ' ਜੇਲ ਦੇ ਕਪੜਿਆਂ ਵਿਚ, ਉਹਦੇ ਆਲੇ ਦੁਆਲੇ ਆਣ ਖੜਾ ਹੋਇਆ, ਤੇ ਨਾਲੇ ਅਸਟੰਟ ਦੇ, ਤੇ ਕਈ ਇੱਕ ਇਕੋ ਵੇਰੀ ਬੋਲਣ ਲੱਗ ਗਏ, ਅਸਟੰਟ ਨੇ ਉਨ੍ਹਾਂ ਨੂੰ ਰੋਕ ਦਿਤਾ, "ਤੁਸੀ ਆਪਣੇ ਵਿੱਚੋਂ ਇਕ ਨੂੰ ਬੋਲਣ ਦਿਓ।"
ਇਕ ਲੰਮਾ, ਚੰਗੀ ਸ਼ਕਲ ਵਾਲਾ ਕਿਸਾਨ ਕੋਈ ਪੰਜਾਹ ਵਰ੍ਹਿਆਂ ਦਾ ਜਿਹੜਾ ਇਕ ਪੱਥਰ ਘੜ ਕੇ ਲਾਣ ਵਾਲਾ ਰਾਜ ਸੀ, ਬਾਕੀਆਂ ਵਿਚ ਦੀ ਕਦਮ ਮਾਰ ਕੇ ਖੜਾ ਹੋ ਗਇਆ । ਨਿਖਲੀਊਧਵ ਨੂੰ ਉਸ ਕਹਿਆ, "ਅਸਾਂ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣ ਦਾ ਹੁਕਮ ਹੋ ਚੁਕਾ ਹੈ ਤੇ ਸਾਰੇ ਇਸ ਲਈ ਡੱਕੇ ਪਏ ਹਾਂ ਕਿ ਅਸੀਂ ਪਾਸ ਰਾਹਦਾਰੀਆਂ ਨਹੀਂ, ਪਰ ਸਾਡੇ ਪਾਸ ਰਾਹਦਾਰੀਆਂ ਹਨ ਜਿਹੜੀਆਂ ਕਿ ਇਕ ਪੰਦਰਾਂ ਦਿਨ ਪਿਛੇ ਤ੍ਰੀਕ ਦੀਆਂ ਹੋ ਗਈਆਂ ਹਨ । ਇਹ ਗੱਲ ਹਰ ਸਾਲ ਹੋ ਜਾਂਦੀ ਹੈ——ਅਸੀ ਕਈ ਵੇਰੀ ਆਪਣੀਆਂ ਰਾਹਦਾਰੀਆਂ ਨਵੀਆਂ ਕਰਾਉਣੀਆਂ ਭੁੱਲ ਜਾਂਦੇ ਸਾਂ——ਤੇ ਓਹ ਇਉਂ ਆਪਣੀ ਮੁਕੱਰਰ ਤਰੀਕ ਥੀਂ ਕਦੀ ਉੱਪਰ ਚੜ੍ਹ ਜਾਂਦੀਆਂ ਸਨ, ਤਾਂ ਵੀ ਸਾਨੂੰ ਕੋਈ ਨਹੀਂ ਸੀ ਪੁਛਦਾ । ਇਸ ਸਾਲ ਓਹ ਰਾਹਦਾਰੀਆਂ ਫੜ ਲਈਆਂ ਨੇ, ਤੇ ਸਾਨੂੰ ਕੈਦ ਪਾਇਆ ਹੋਇਆ ਨੇ । ਦੋ ਮਹੀਨੇ ਹੋ ਚੁਕੇ ਹਨ ਜਿਵੇਂ ਅਸੀ ਕੋਈ ਜੁਰਮ ਕੀਤਾ ਹੁੰਦਾ ਹੈ—ਕੋਈ ਵਾਤ ਹੀ ਨਹੀਂ ਪੁਛਦਾ ।
"ਅਸੀ ਸਾਰੇ ਰਾਜ ਹਾਂ——ਤੇ ਇਕੋ ਪੰਚਾਇਤ ਦੇ ਹਾਂ । ਸਾਨੂੰ ਕਹਿਆ ਜਾਂਦਾ ਹੈ ਕਿ ਸਾਡੇ ਸੂਬੇ ਦਾ ਜੇਲ ਜਲ ਗਿਆ ਹੈ, ਪਰ ਉਸ ਵਿੱਚ ਸਾਡਾ ਕੀ ਕੰਮ ਹੈ ? ਸਾਡੀ ਜਰੂਰ ਮਦਦ ਕਰੋ ।"
ਨਿਖਲੀਊਧਵ ਨੇ ਸੁਣ ਲਇਆ, ਪਰ ਸਮਝਿਆ ਮੁਸ਼ਕਲ ਹੀ ਹੋਊ ਕਿ ਚੰਗੀ ਸ਼ਕਲ ਵਾਲਾ ਬੁੱਢਾ ਕੀ ਕਹਿ ਰਹਿਆ ਹੈ, ਕਿਉਂਕਿ ਓਹਦੀ ਤਵੱਜੋ ਤਾਂ ਇਕ ਵਡੀ ਕਾਲੀ ਭੂਰੀ ਕਈ ਟੰਗਾਂ ਵਾਲੀ ਜੂੰ ਵਲ ਸੀ ਜਿਹੜੀ ਓਸ ਆਦਮੀ ਦੇ ਗਲ ਉੱਪਰ ਚਲ ਰਹੀ ਸੀ— "ਇਹ ਕੀ ਹੋਇਆ ? ਕੀ ਇਹੋ ਜਿਹੇ ਸਬੱਬ ਕਰਕੇ ਬੰਦੇ ਜੇਲੀਂ ਪਾ ਛੱਡਦੇ ਹਨ ?" ਨਿਖਲੀਊਧਵ ਨੇ ਅਟੰਸਟ ਵਲ ਮੁੜਕੇ ਪੁਛਿਆ ।
"ਹਾਂ ਜੀ——ਇਨ੍ਹਾਂ ਨੂੰ ਤਾਂ ਚਰੋਕਣਾ ਭੇਜ ਦੇਣਾ ਚਾਹੀਦਾ ਸੀ——ਘਰਾਂ ਨੂੰ ਮੋੜਨਾ ਸੀ," ਅਸਟੰਟ ਨੇ ਠੰਢੀ ਤਰ੍ਹਾਂ ਉੱਤਰ ਦਿੱਤਾ, "ਪਰ ਇਨ੍ਹਾਂ ਦੀ ਗੱਲ ਅਫਸਰਾਂ ਨੂੰ ਪਤਾ ਨਹੀਂ, ਭੁੱਲ ਗਈ ਹੈ ਕਿ ਕੀ ?"
ਅਸਟੰਟ ਨੇ ਹਾਲੇਂ ਗੱਲ ਖਤਮ ਨਹੀਂ ਸੀ ਕੀਤੀ ਕਿ ਇਕ ਛੋਟਾ, ਕਮਜ਼ੋਰ ਗੁਸੀਲ ਜੇਹਾ ਆਦਮੀ, ਕੈਦਖਾਨੇ ਦੀ ਪੋਸ਼ਾਕ ਪਾਈ ਭੀੜ ਵਿੱਚੋਂ ਨਿਤਰ ਆਇਆ—ਤੇ ਬੜੀ ਅਜੀਬ ਤਰ੍ਹਾਂ ਆਪਣਾ ਮੂੰਹ ਭੁੰਵਾ ਕੇ ਬਣਾ ਕੇ ਕਹਿਣ ਲੱਗਾ ਕਿ ਅਕਾਰਣ ਹੀ ਓਨ੍ਹਾਂ ਨਾਲ ਬਦ-ਸਲੂਕੀ ਹੋ ਰਹੀ ਹੈ ।
"ਕੁਤਿਆਂ ਥੀ ਬਦਤਰ.........." ਓਹ ਕਹਿ ਰਹਿਆ ਸੀ ।
"ਹੁਟ ਹੁਟ—ਬਸ, ਬਹੂੰ ਇਹੋ ਜੇਹੀਆਂ ਗੱਲਾਂ ਨਹੀਂ ਕਰੀਦਾ—ਆਪਣੀ ਜਬਾਨ ਬੰਦ ਕਰ, ਨਹੀਂ ਤਾਂ ਤੂੰ ਜਾਣਨਾ ਹੀ ਹੈਂ ਨਾ ?"
"ਮੈਂ ਕੀ ਜਾਣਨਾ ਹਾਂ ?" ਛੋਟਾ ਆਦਮੀ ਨਿਰਾਸ਼ ਹਾਲਤ ਵਿੱਚ ਚੀਕ ਪਇਆ, "ਸਾਡਾ ਕੀ ਜੁਰਮ ਹੈ ?"
"ਚੁੱਪ," ਹੁਣ ਅਸਟੰਟ ਲਲਕਾਰਿਆ ਤੇ ਓਹ ਛੋਟਾ ਜੇਹਾ ਆਦਮੀ ਚੁਪ ਹੋ ਗਇਆ ।
"ਪਰ ਇਸ ਸਾਰੀ ਗੱਲ ਦਾ ਮਤਲਬ ਕੀ ਹੈ ?" ਨਿਖਲੀਊਧਵ ਨੇ ਆਪਣੇ ਆਪ ਵਿੱਚ ਸੋਚਿਆ, ਜਦ ਓਹ ਕੋਠੜੀ ਲਾਗਿਓਂ ਬਾਹਰ ਆਇਆ, ਜਦ ਕਿ ਲਗਾਤਾਰ ਇਕ ਸੌ ਅੱਖਾਂ, ਕੀ ਉਨ੍ਹਾਂ ਕੈਦ ਕੋਠੜੀਆਂ ਦੇ ਵਿੱਚੋਂ, ਤੇ ਕੀ ਓਨ੍ਹਾਂ ਕੈਦੀਆਂ ਦੀਆਂ, ਜਿਹੜੇ ਹੁਣੇ ਓਹਨੂੰ ਮਿਲੇ ਸਨ, ਉਸ ਉੱਪਰ ਲੱਗੀਆਂ ਸਨ ਤੇ ਸਭ ਇਹ ਆਸ ਕਰਦੇ ਸਨ ਤੇ ਓਹਨੂੰ ਮਹਸੂਸ ਕਰਾ ਰਹੇ ਸਨ ਕਿ ਓਹ ਹੈ ਜਿਸ ਹੁਣ ਬੀੜਾ ਚੁਕਿਆ ਹੈ ।
"ਕੀ ਸਚੀਂ ਇਹ ਮੁਮਕਿਨ ਹੈ ਕਿ ਇਉਂ ਬੇਗੁਨਾਹ ਬੰਦੇ ਅੰਦਰ ਡੱਕੇ ਇਉਂ ਪਏ ਰਹਿਣ ?" ਨਿਖਲੀਊਧਵ ਨੇ ਕੌਰੀਡੋਰ ਥੀਂ ਨਿਕਲਦਿਆਂ ਉੱਚੀ ਦੇ ਕੇ ਕਹਿਆ।
"ਆਪ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ ? ਇਹ ਇਉਂ ਹੀ ਝੂਠ ਬੋਲਦੇ ਹਨ—ਜੇ ਇਨ੍ਹਾਂ ਦੀਆਂ ਗੱਲਾਂ ਸੁਣਨ ਲੱਗੇ, ਤਦ ਇਹ ਸਾਰੇ ਦੇ ਸਾਰੇ ਬੇਗੁਨਾਹ ਹੀ ਹਨ," ਇਨਸਪੈਕਟਰ ਤੇ ਅਸਟੰਟ ਨੇ ਕਹਿਆ, "ਹਾਂ ਕਿਸੀ ਵੇਲੇ ਇਤਫਾਕੀਆ ਹੋ ਜਾਂਦਾ ਹੈ ਕਿ ਬਾਹਜੇ ਬਿਨਾਂ ਕਿਸੀ ਵਜ੍ਹਾ ਦੇ ਡੱਕੇ ਜਾਂਦੇ ਹਨ ।
"ਅੱਛਾ—ਇਨ੍ਹਾਂ ਤਾਂ ਕੁਝ ਨਹੀਂ ਕੀਤਾ ?"
"ਹਾਂ ਜੀ—ਇਹ ਸਾਨੂੰ ਮੰਨਣਾ ਪਵੇਗਾ—ਫਿਰ ਵੀ ਲੋਕੀ ਬੜੀ ਡਰਾਉਣੀ ਤਰਾਂ ਵਿਗੜੇ ਹੋਏ ਹਨ—ਬਾਹਜੇ ਤਾਂ ਆਪਣੀ ਤਰਜ਼ ਦੇ ਨਮੂਨੇ ਹਨ—ਮਰਨ ਮਾਰਨ ਨੂੰ ਤਿਆਰ, ਜਿਨ੍ਹਾਂ ਨੂੰ ਸਖਤੀ ਤੇ ਕਰੜਾਈ ਨਾਲ ਸਾਂਭਣਾ ਪੈਂਦਾ ਹੈ । ਕਲ ਇਹੋ ਜੇਹੇ ਦੋਹਾਂ ਨੂੰ ਸਜ਼ਾ ਦੇਣੀ ਪੈ ਗਈ ਸੀ।"
"ਸਜ਼ਾ ਦਿੱਤੀ ? ਕਿਸ ਤਰਾਂ ?"
"ਇੱਕ ਬਰਚ ਦੀ ਸੋਟੀ ਨਾਲ ਉਨ੍ਹਾਂ ਨੂੰ ਬੈਂਤ ਮਾਰੇ ਗਏ ਸਨ । ਇਉਂ ਹੀ ਹੁਕਮ ਸੀ।"
"ਪਰ ਜਿਸਮਾਨੀ ਸਜ਼ਾ ਦੇਣੀ ਤਾਂ ਕਾਨੂੰਨਨ ਮਨਸੂਖ ਹੋ ਚੁਕੀ ਹੈ ।"
"ਉਨ੍ਹਾਂ ਲਈ ਜਿਨ੍ਹਾਂ ਦੇ ਸਾਰੇ ਕਾਨੂੰਨੀ ਹਕੂਕ ਹੀ ਖੁਸ ਚੁਕੇ ਹੋਣ ਓਨ੍ਹਾਂ ਨੂੰ ਹੁਣ ਵੀ ਓਹ ਸਜ਼ਾ ਦਿੱਤੀ ਜਾਂਦੀ ਹੈ ।"
ਨਿਖਲੀਊਧਵ ਨੇ ਪਰਸੋਂ ਜੋ ਕੁਝ ਵੇਖਿਆ ਸੀ ਜਦ ਕਿ ਹਾਲ ਵਿਚ ਬੈਠਾ ਇਨਸਪੈਕਟਰ ਨੂੰ ਉਡੀਕ ਰਹਿਆ ਸੀ, ਹੁਣ ਚੇਤੇ ਕੀਤਾ ਤੇ ਹੁਣ ਸਮਝ ਆਇਆ, ਕਿ ਓਹ ਸਜ਼ਾ ਦਿੱਤੀ ਜਾ ਰਹੀ ਸੀ; ਮੁੜ ਓਹ ਦੇ ਅੰਦਰ ਹੀ ਅੰਦਰ ਇੱਕ ਅਜੀਬ ਤਰਾਂ ਦੇ ਮਿਲਵੇਂ ਅਸਰ ਪਏ—ਇਕ ਤਾਂ ਇਹ ਪੁਛ ਕਿ ਇਹ ਕੀ ਹੋ ਰਹਿਆ ਹੈ, ਦਿਲ ਦਾ ਦਬਕੇ ਬਹਿ ਜਾਣਾ, ਸਿਰ-ਚਕਰਾਈ ਕਿ ਇਹ ਸਭ ਕਿਉਂ ਹੈ, ਇਖਲਾਕੀ ਘਬਰਾਹਟ ਤੇ ਦਿਲ ਕੱਚਾ ਜੇਹਾ ਹੋਣਾ——ਆਦਿ——ਇਹ ਦਰਹਕੀਕਤ ਅੰਦਰਲੇ ਮਿਲਵੇਂ ਇਹਸਾਸ ਸ਼ਰੀਰਕ ਦੁਖ ਹੋ ਗਏ, ਤੇ ਇਨ੍ਹਾਂ ਉਹਦਾ ਭੈੜਾ ਹਾਲ ਬਣਾ ਦਿਤਾ ਤੇ ਇਖਲਾਕੀ ਤਰਾਂ ਆਈ ਕਰੈਹਤ ਨੇ ਉਸ ਉੱਪਰ ਕਾਬੂ ਪਾ ਲਇਆ ।
ਇਨਸਪੈਕਟਰ ਦੇ ਅਸਟੰਟ ਦੀ ਗੱਲ ਸੁਣੇ ਬਿਨਾਂ ਯਾ ਆਲੇ ਦੁਆਲੇ ਦੇਖੇ ਦੇ, ਓਹ ਛੇਤੀ ਦੇ ਕੌਰੀਡੋਰ ਵਿਚੋਂ ਲੰਘ ਗਇਆ ਤੇ ਦਫਤਰ ਵਿਚ ਪਹੁੰਚਿਆ । ਇਨਸਪੈਕਟਰ ਦਫਤਰ ਵਿੱਚ ਸੀ, ਤੇ ਓਹ ਹੋਰ ਕੰਮੀਂ ਲੱਗ, ਦੁਖੋਵਾ ਨੂੰ ਬੁਲਾਣਾ ਵਿਸਰ ਗਇਆ ਸੀ। ਜਦ ਨਿਖਲੀਊਧਵ ਨੂੰ ਵੇਖਿਆ ਤਦ ਉਹਨੂੰ ਆਪਣੇ ਇਕਰਾਰ ਦਾ ਚੇਤਾ ਆਇਆ ।
"ਬਹਿ ਜਾਓ ਜੀ ! ਮੈਂ ਹੁਣੇ ਓਹਨੂੰ ਬੁਲਾਵਨਾਂ ਹਾਂ ।"
ਮੋਇਆਂ ਦੀ ਜਾਗ-ਕਾਂਡ ੫੪. : ਲਿਉ ਤਾਲਸਤਾਏ
ਦਫਤਰ ਦੇ ਦੋ ਕਮਰੇ ਸਨ——ਪਹਿਲੇ ਕਮਰੇ ਵਿਚ ਇਕ ਵਡਾ ਜਰਜਰਾ ਹੋਇਆ ਸਟੋਵ (ਬੁਖਾਰੀ) ਸੀ, ਦੋ ਮੈਲੀਆਂ ਖਿੜਕੀਆਂ ਸਨ । ਇਕ ਕੋਨੇ ਵਿਚ ਕਾਲੇ ਰੰਗ ਦੀ ਇਕ ਉਚੀ ਬਣੀ ਥਾਂ ਸੀ ਜਿੱਥੇ ਖੜਾ ਕਰਕੇ ਕੈਦੀਆਂ ਨੂੰ ਮਿਣਿਆ ਮਾਪਿਆ ਜਾਂਦਾ ਸੀ । ਦੂਜੇ ਕੋਨੇ ਵਿੱਚ ਇੱਕ ਵੱਡੀ ਈਸਾ ਦੀ ਤਸਵੀਰ ਲਟਕੀ ਹੋਈ ਸੀ, ਜਿਹੜੀ ਉਨ੍ਹਾਂ ਥਾਵਾਂ ਤੇ ਜਿੱਥੇ ਲੋਕਾਂ ਨੂੰ ਕਲੇਸ਼ ਦਿੱਤੇ ਜਾਂਦੇ ਹਨ, ਜ਼ਰੂਰ ਰੱਖੀ ਹੁੰਦੀ ਹੈ । ਇਸ ਕਮਰੇ ਵਿੱਚ ਕਈ ਜੇਲਰ ਖੜੇ ਸਨ। ਦੂਜੇ ਕਮਰੇ ਵਿੱਚ ਬਹੁਤ ਸਾਰੇ ਆਦਮੀ ਬੈਠੇ ਸਨ——ਮਰਦ ਤੇ ਤੀਵੀਆਂ——ਕਈ ਟੋਲੀਆਂ ਵਿੱਚ ਤੇ ਕਈ ਜੁੱਟਾਂ ਵਿਚ ਜੋੜੀਆਂ ਬਣ ਕੇ, ਤੇ ਆਪੇ ਵਿੱਚ ਨੀਵੀਆਂ ਗੱਲਾਂ ਕਰ ਰਹੇ ਸਨ । ਖਿੜਕੀ ਪਾਸ ਲਿਖਣ ਵਲ ਮੇਜ਼ ਸੀ । ਇਨਸਪੈਕਟਰ ਮੇਜ਼ ਕੋਲ ਬੈਠਾ ਸੀ ਤੇ ਨਿਖਲੀਊਧਵ ਨੂੰ ਓਨੇ ਆਪਣੇ ਪਾਸ ਹੀ ਬਹਿਣ ਨੂੰ ਕੁਰਸੀ ਦਿੱਤੀ । ਨਿਖਲੀਊਧਵ ਬਹਿ ਗਇਆ ਤੇ ਕਮਰੇ ਵਿੱਚ ਬੈਠੇ ਲੋਕਾਂ ਨੂੰ ਦੇਖਣ ਲਗ ਗਇਆ ।
ਪਹਿਲਾਂ ਜਿਸਦੀ ਤਵੱਜੋ ਆਪਣੇ ਵੱਲ ਖਿੱਚੀ, ਓਹ ਇਕ ਨੌਜਵਾਨ ਗਭਰੂ ਬੜੀ ਹੀ ਚੰਗੀ ਲੱਗਣ ਵਾਲੀ ਨੁਹਾਰ ਦਾ ਸੀ । ਛੋਟੀ ਜੈਕਟ ਪਾਈ ਹੋਈ ਸੀ ਸੂ ਤੇ ਇਕ ਅਧਖੜ ਉਮਰ ਦੀ ਕਾਲੇ ਭਰਵੱਟਿਆਂ ਵਾਲੀ ਤੀਮੀਂ ਦੇ ਅੱਗੇ ਖੜਾ ਸੀ, ਜਿਹਨੂੰ ਉਹ ਨੌਜਵਾਨ ਬੜੀ ਸਰਗਰਮੀ ਨਾਲ ਕੁਝ ਕਹਿ ਰਹਿਆ ਸੀ ਤੇ ਆਪਣੇ ਹੱਥਾਂ ਨਾਲ ਹੀ ਇਕ ਬੁੱਢਾ ਆਦਮੀ ਨੀਲੀਆਂ ਐਨਕਾਂ ਪਾਈਆਂ ਹੋਈਆਂ, ਇਕ ਜਵਾਨ ਤੀਮੀਂ ਦੇ ਹਥ ਫੜੇ ਹੋਏ ਬੈਠਾ ਸੀ ।ਓਹ ਤੀਮੀਂ ਕੈਦੀਆਂ ਦੇ ਕਪੜਿਆਂ ਵਿੱਚ ਸੀ ਤੇ ਉਸ ਨਾਲ ਕੁਛ ਗਲ ਬਾਤ ਕਰ ਰਹੀ ਸੀ । ਇਕ ਸਕੂਲ ਦਾ ਲੜਕਾ ਡਰੇ ਤੇ ਤ੍ਰੈਹੇ ਹੋਏ ਮੂੰਹ ਵਾਲਾ, ਇਸ ਬੁੱਢੇ ਨੂੰ ਦੇਖ ਰਹਿਆ ਸੀ । ਇਹ ਨੁੱਕਰ ਵਿੱਚ ਇਕ ਪਿਆਰੂਆਂ ਦੀ ਜੋੜੀ ਬੈਠੀ ਸੀ—ਕੁੜੀ ਤਾਂ ਬਿਲਕੁਲ ਜਵਾਨ ਤੇ ਸੋਹਣੀ ਸੀ, ਛੋਟੇ ਛੋਟੇ ਸੋਹਣੇ ਵਾਲ ਤੇ ਬੜੇ ਫੁਰਤੀਲੇ ਰੰਗ ਢੰਗ ਵਾਲੀ ਸੀ ਤੇ ਬੜੀ ਸ਼ਾਨਦਾਰ ਪੋਸ਼ਾਕ ਪਾਈ ਹੋਈ ਸੀ ਤੇ ਗਭਰੂ ਦੇ ਬੜੇ ਪਤਲੇ ਨਕਸ਼ ਸਨ ਤੇ ਲਹਿਰਦਾਰ ਵਾਲ ਤੇ ਰਬੜ ਦੀ ਜੈਕਟ ਪਾਈ ਸੀ ਸੂ । ਓਹ ਦੋਵੇਂ ਮਸਤ ਇਕ ਦੂਜੇ ਨਾਲ ਗੋਸ਼ੇ ਕਰ ਰਹੇ ਸਨ ਤੇ ਇਉਂ ਜਾਪਦਾ ਸੀ ਜਿਵੇਂ ਇਕ ਦੂਜੇ ਦੇ ਪਿਆਰ ਨਾਲ ਚਕਾ ਚੂੰਧ ਹੋਏ ਹੋਏ ਬੇਹੋਸ਼ ਜੇਹੇ ਸਨ । ਮੇਜ਼ ਦੇ ਸਭ ਥੀਂ ਨੇੜੇ ਇਕ ਚਿਟੇ ਸਿਰੀ ਕਾਲੀ ਬੁੱਢੀ ਬੈਠੀ ਸੀ, ਸਾਫ ਸੀ ਕਿ ਓਹ ਸੀ ਮਾਂ ਉਸ ਤਪਦਿਕ ਹੋਏ ਹੋਏ ਨੌਜਵਾਨ ਦੀ ਜਿਹਨੇ ਰਬੜ ਦੀ ਜੈਕਟ ਪਾਈ ਹੋਈ ਸੀ—ਤੇ ਉਹਦਾ ਸਿਰ ਪੁਤ ਦੇ ਮੋਂਢੇ ਉੱਪਰ ਸੁਟਿਆ ਹੋਇਆ ਸੀ—ਉਹ ਉਹਨੂੰ ਕੁਛ ਕਹਿਣ ਦਾ ਯਤਨ ਕਰ ਰਹੀ ਸੀ ਪਰ ਉਹਦੇ ਰੋਣ ਦੇ ਹਟਕੋਰਿਆਂ ਨੇ ਕੁਛ ਕਹਿਣ ਨ ਦਿੱਤਾ । ਓਸ ਕਈ ਵਾਰ ਕੋਸ਼ਸ਼ ਕੀਤੀ ਪਰ ਫਿਰ ਰੁਕ ਜਾਂਦੀ ਸੀ। ਜਵਾਨ ਦੇ ਹੱਥ ਇਕ ਕਾਗਜ਼ ਸੀ ਤੇ ਬੇਮਤਲਬਾ ਓਸ ਕਾਗਜ਼ ਨੂੰ ਕਦੀ ਠੱਪਦਾ, ਕਦੀ ਦੱਬਦਾ ਸੀ, ਤੇ ਉਹਦੇ ਮੂੰਹ ਤੇ ਗੁੱਸਾ ਭਰਿਆ ਪਇਆ ਸੀ । ਇਨ੍ਹਾਂ ਨਾਲ ਹੀ ਇਕ ਛੋਟੇ ਵਾਲਾਂ ਵਾਲੀ, ਮੋਟੀ, ਲਾਲ ਮੂੰਹ ਤੇ ਬੜੀਆਂ ਦਿੱਖਵਾਲੀਆਂ ਅੱਖਾਂ ਵਾਲੀ, ਚਿੱਟੀ ਪੋਸ਼ਾਕ ਤੇ ਕੇਪ ਪਾਈ ਇਕ ਲੜਕੀ ਸੀ, ਤੇ ਬੜੇ ਪਿਆਰ ਨਾਲ ਉਸ ਬੁੱਢੀ ਨੂੰ ਥਬੋਕ ਰਹੀ ਸੀ । ਇਸ ਲੜਕੀ ਦੀ ਹਰ ਇਕ ਚੀਜ਼ ਬੜੀ ਸੋਹਣੀ ਸੀ—ਓਹਦੇ ਵੱਡੇ ਚਿੱਟੇ ਹੱਥ, ਉਹਦੇ ਛੋਟੇ ਲਹਿਰਦਾਰ ਪੱਟੇ, ਉਹਦੇ ਪੀਂਢੇ ਨੱਕ ਤੇ ਹੋਠ, ਪਰ ਉਹਦੇ ਚਿਹਰੇ ਦਾ ਸਭ ਥੀਂ ਵਧ ਦਿਲ ਖਿਚਵਾਂ ਜਾਦੂ ਉਹਦੀਆਂ ਨਰਮ ਤੇ ਸੱਚ ਭਰੀਆਂ ਬਦਾਮ—ਅੱਖਾਂ ਸਨ । ਉਹ ਸੋਹਣੀਆਂ ਅੱਖਾਂ ਉਸ ਰੋਂਦੀ ਮਾਂ ਵੱਲੋਂ ਕੁਛ ਛਿਨ ਲਈ ਉੱਠ ਕੇ ਨਿਖਲੀਊਧਵ ਨੂੰ, ਜਦ ਉਹ ਆਇਆ ਸੀ, ਵੇਖਣ ਲੱਗ ਪਈਆਂ ਸਨ ਤੇ ਉਹਦੀ ਨਿਗਾਹ ਨਾਲ ਜਾ ਟੱਕਰ ਖਾਧੀ ਸੀ । ਪਰ ਝੱਟ ਉਸ ਨੇ ਨਜ਼ਰ ਪਿਛੇ ਕਰ ਲਈ ਤੇ ਉਸ ਮਾਂ ਨੂੰ ਕੁਛ ਕਹਿਣ ਲੱਗ ਪਈ।
ਪਿਆਰੂਆਂ ਦੀ ਜੋੜੀ ਥੀਂ ਬਹੂੰ ਦੂਰ ਨਹੀਂ, ਇਕ ਕਾਲਾ ਰੁਲਿਆ ਖੁਲਿਆ ਜੇਹਾ ਆਦਮੀ ਬੜੇ ਉਦਾਸ ਮੂੰਹ ਵਾਲਾ ਇਕ ਅਣਦਾਹੜੀਏ ਮਿਲਣ ਆਏ ਨਾਲ ਗੁੱਸੇ ਨਾਲ ਗਲ ਬਾਤ ਕਰ ਰਹਿਆ ਸੀ ਤੇ ਇਹ ਅਣਦਾਹੜੀਆ ਇਉਂ ਦਿੱਸਦਾ ਸੀ ਕਿ ਸਕੋਪਟਸੀ ਮੱਤ ਦਾ ਹੈ—(ਇਸ ਮੱਤ ਵਾਲੇ ਆਪਣੇ ਆਪ ਨੂੰ ਪਵਿਤ੍ਰ ਰੱਖਣ ਲਈ ਖੱਸੀ ਕਰਵਾ ਲੈਂਦੇ ਸਨ) ।
ਨਿਖਲੀਊਧਵ ਇਨਸਪੈਕਟਰ ਦੇ ਕੋਲ, ਬੜੀ ਹੀ ਖਿੱਚੀ ਤਣੀ, ਇਹ-ਕੀ ਓਹ-ਕੀ , ਪੁੱਛਣ-ਵਾਲੀ ਹੈਰਾਨੀ ਵਿੱਚ ਬੈਠਾ ਸੀ । ਇਕ ਛੋਟਾ ਪਟਿਆਂ ਕਤਰੇ ਹੋਏ ਵਾਲਾ ਬੱਚਾ ਓਸ ਪਾਸ ਆਇਆ, ਤੇ ਉਸ ਨਾਲ ਚੀਕਨੀ ਜਿਹੀ ਆਵਾਜ਼ ਵਿੱਚ ਗੱਲ ਕਰਨ ਲੱਗਾ :—
"ਤੇ ਆਪ ਕੀਹਨੂੰ ਉਡੀਕ ਰਹੇ ਹੋ ਜੀ ?"
ਨਿਖਲੀਊਧਵ ਇਸ ਸਵਾਲ ਤੇ ਹੈਰਾਨ ਹੋਇਆ ਪਰ ਲੜਕੇ ਵਲ ਤਕ ਕੇ, ਤੇ ਉਹਦੇ ਛੋਟੇ ਜੇਹੇ ਫਿਕਰਮੰਦ ਮੂੰਹ ਨੂੰ ਤੇ ਉਹਦੀਆਂ ਅਕਲ ਵਾਲੀਆਂ ਧਿਆਨ ਲਾਣ ਵਾਲੀਆਂ ਅੱਖਾਂ ਜਿਹੜੀਆਂ ਉਸ ਵਿੱਚ ਗੱਡੀਆਂ ਸਨ ਵੇਖ ਕੇ, ਬੜੀ ਸੰਜੀਦਗੀ ਨਾਲ ਉੱਤਰ ਦਿੱਤਾ ਕਿ ਮੈਂ ਇਕ ਆਪਣੀ ਜਾਣ ਪਛਾਣ ਤੀਮੀ ਦੀ ਉਡੀਕ ਵਿੱਚ ਹਾਂ ।
"ਤਾਂ, ਕੀ ਉਹ ਤੇਰੀ ਭੈਣ ਹੈ ?" ਲੜਕੇ ਨੇ ਪੁਛਿਆ ।
"ਨ, ਮੇਰੀ ਭੈਣ ਨਹੀਂ," ਨਿਖਲੀਊਧਵ ਨੇ ਹੈਰਾਨ ਹੋਕੇ ਉੱਤਰ ਦਿੱਤਾ, "ਤੇ ਤੂੰ ਇਥੇ ਕਿਸ ਨਾਲ ਹੈਂ ?" ਉਸ ਮੁੰਡੇ ਥੀਂ ਪੁਛਿਆ ।
"ਮੈਂ ? ਮਾਂ ਨਾਲ—ਉਹ , ਇਕ ਮੁਲਕੀ ਕੈਦੀ ਹੈ," ਉਸ ਉੱਤਰ ਦਿਤਾ ।
"ਮੇਰੀ ਪਾਵਲੋਵਨਾ!! ਕੋਲਿਆ ਨੂੰ ਲੈ ਜਾ," ਇਨਸਪੈਕਟਰ ਨੇ ਕਹਿਆ, ਇਹ ਸੋਚ ਕੇ ਕਿ ਨਿਖਲੀਊਧਵ ਦਾ ਮੁੰਡੇ ਨਾਲ ਇਉਂ ਗੱਲਾਂ ਕਰਨਾ ਕਵਾਇਦ ਦੇ ਬਰਖ਼ਲਾਫ਼ ਸੀ ।
ਮੇਰੀ ਪਾਲੋਵਨਾ, ਓਹ ਸੋਹਣੀ ਕੁੜੀ ਜਿਸ ਨਿਖਲੀਊਧਵ ਦਾ ਧਿਆਨ ਆਪਣੇ ਵਲ ਖਿਚਿਆ ਸੀ, ਉੱਠੀ ਲੰਮੀ ਤੇ ਸਿੱਧੀ । ਤੇ ਪੀਡੇ ਮਰਦਾਂ ਵਾਲੇ ਕਦਮ ਪਾਂਦੀ ਨਿਖਲੀਊਧਵ ਤੇ ਉਸ ਮੁੰਡੇ ਵਲ ਆਈ ।
"ਆਪ ਨੂੰ ਇਹ ਕੀ ਪੁਛ ਰਹਿਆ ਹੈ——ਆਪ ਕੌਣ ਹੋ ?" ਉਸ ਪੁਛਿਆ ਤੇ ਨਰਮ ਜੇਹੀ ਮੁਸਕਰਾਈ ਤੇ ਉਹਦੇ ਮੂੰਹ ਵਲ ਸਿੱਧੀ ਤੱਕਣ ਲਗ ਗਈ——ਉਹਾ ਕੋਮਲ ਤੇ ਦਿੱਖਵਾਲੀਆਂ ਅੱਖਾਂ ਇਕ ਭਰੋਸਾ ਭਰੀ ਨਿਗਾਹ ਨਾਲ ਓਸ ਵਲ ਤੱਕਣ ਲਗ ਗਈਆਂ, ਤੇ ਇਸ ਸਾਦਗੀ ਨਾਲ ਉਸ ਤੱਕਿਆ ਕਿ ਇਸ ਵਿਚ ਕੁਛ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ ਕਿ ਭਾਵੇਂ ਉਹ ਕੋਈ ਸੀ ਤੇ ਜਿਥੇ ਸੀ, ਉਹ ਹਰ ਇਕ ਨੂੰ ਭੈਣ ਦੇ ਤੁਲਯ ਲਗਦੀ ਸੀ ।
"ਇਹ ਸ਼ਤੂੰਗੜਾ ਸਭ ਕੁਛ ਜਾਣਨਾ ਚਾਹੁੰਦਾ ਹੈ," ਉਸ ਕਹਿਆ ਤੇ ਲਾਡ ਕਰਦੀ ਮੁੰਡੇ ਵਲ ਬੜੀ ਹੀ ਮਿੱਠੀ ਤੇ ਮਿਹਰਬਾਨ ਤਰਾਂ ਇਉਂ ਹੱਸੀ ਕਿ ਦੋਵੇਂ, ਓਹ ਮੁੰਡਾ ਤੇ ਨਿਖਲੀਊਧਵ , ਇਹਦੀ ਹੱਸੀ ਦੇ ਜਵਾਬ ਵਿਚ ਬਿਨਾ ਖਿੜਨ ਤੇ ਹੱਸਣ ਦੇ ਰਹਿ ਹੀ ਨਹੀਂ ਸਨ ਸਕਦੇ ।
"ਇਹ ਮੈਨੂੰ ਪੁਛਦਾ ਸੀ ਕਿ ਮੈਂ ਕਿਹਨੂੰ ਮਿਲਣ ਆਇਆ ਹਾਂ ।"
"ਮੇਰੀ ਪਾਵਲੋਵਨਾ! ਤੈਨੂੰ ਪਤਾ ਹੀ ਹੈ ਕਿ ਓਪਰਿਆਂ ਨਾਲ ਗੱਲਾਂ ਕਰਨੀਆਂ ਕਾਇਦਿਆਂ ਦੇ ਬਰਖ਼ਲਾਫ਼ ਹੈ, ਤੂੰ ਜਾਣਨੀ ਹੈਂ ਕਿ ਇਹ ਇਉਂ ਹੈਂ", ਇਨਸਪੈਕਟਰ ਨੇ ਕਹਿਆ ।
"ਬਹੁਤ ਅੱਛਾ ! ਬਹੁਤ ਅੱਛਾ",ਉਸ ਕਹਿਆ ਤੇ ਕੋਲਿਆ ਨੂੰ ਆਪਣੇ ਵਡੇ ਹਥ ਵਿਚ ਫੜ ਕੇ ਵਾਪਸ ਉਸ ਤਪਦਿੱਕ ਵਾਲੇ ਨੂੰ ਜਵਾਨ ਦੀ ਮਾਂ ਦੇ ਪਾਸ ਚਲੀ ਗਈ—ਤੇ ਕੋਲਿਆ, ਉਹਦੇ ਮੂੰਹ ਉੱਪਰ ਨੀਝ ਲਾ ਤੱਕ ਦਾ ਰਿਹਾ ।
"ਇਹ ਨਿਕਾ ਬਾਲਕ ਕੌਣ ਹੈ ?" ਨਿਖਲੀਊਧਵ ਨੇ ਇਨਸਪੈਕਟਰ ਪਾਸੋਂ ਪੁਛਿਆ ।
"ਇਹਦੀ ਮਾਂ ਮੁਲਕੀ ਕੈਦੀ ਹੈ—ਤੇ ਇਹ ਬਾਲਕ ਕੈਦ ਖਾਨੇ ਵਿਚ ਹੀ ਜੰਮਿਆ ਹੈ", ਇਨਸਪੈਕਟਰ ਨੇ ਇਕ ਪਸੰਦ ਆਈ ਗੱਲ ਦੀ ਸੁਰ ਵਿਚ ਕਹਿਆ ਜਿਵੇਂ ਉਹ ਖੁਸ਼ ਹੋਇਆ ਕਿ ਉਹਦਾ ਮਹਿਕਮਾ ਕਿੰਨਾ ਅੱਛਾ ਹੈ ।
"ਕੀ ਇਹ ਮੁਮਕਿਨ ਹੈ ?"
"ਹਾਂ——ਤੇ ਹੁਣ ਉਹ ਆਪਣੀ ਮਾਂ ਨਾਲ ਸਾਈਬੇਰੀਆ ਜਾ ਰਹਿਆ ਹੈ ।"
"ਤੇ ਉਹ ਜਵਾਨ ਲੜਕੀ ?"
"ਮੈਂ ਆਪ ਦੇ ਸਵਾਲਾਂ ਦਾ ਉੱਤਰ ਨਹੀਂ ਦੇ ਸੱਕਦਾ," ਇਨਸਪੈਕਟਰ ਨੇ ਮੋਂਢੇ ਉੱਤੇ ਖਿੱਚ ਕੇ ਮਾਰੇ "ਨਾਲੇ ਲੋ ! ਇਹ ਜੇ ਦੁਖੋਵਾ !"
ਮੋਇਆਂ ਦੀ ਜਾਗ-ਕਾਂਡ ੫੫. : ਲਿਉ ਤਾਲਸਤਾਏ
ਕਮਰੇ ਦੇ ਪਿੱਛੋਂ ਦੇ ਇਕ ਦਰਵਾਜ਼ੇ ਵਿੱਚ ਦੀ ਵੇਰਾ ਦੁਖੋਵਾ ਰੀਂਘਦੀ ਜੇਹੀ ਟੋਰ ਨਾਲ ਅੰਦਰ ਆਈ, ਪਤਲੀ ਤੇ ਪੀਲੀ ਸੀ ਪਰ ਉਹਦੀਆਂ ਅੱਖਾਂ ਮੋਟੀਆਂ ਤੇ ਮਿਹਰਬਾਨ ਸਨ ।
"ਆਪ ਦੇ ਆਉਣ ਦੀ ਮੈਂ ਧੰਨਵਾਦੀ ਹਾਂ," ਨਿਖਲੀਊਧਵ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਓਸ ਕਹਿਆ, "ਆਪ ਨੂੰ ਮੈਂ ਯਾਦ ਭੀ ਆਈ ਹਾਂ ? ਆਓ, ਬਹਿ ਜਾਈਏ ।"
"ਮੈਨੂੰ ਤੈਨੂੰ ਇਥੇ ਇਸ ਤਰ੍ਹਾਂ ਮਿਲਣ ਦਾ ਕੋਈ ਖਾਬ ਖਿਆਲ ਹੀ ਨਹੀਂ ਸੀ ।"
"ਉਹ ! ਮੈਂ ਇਥੇ ਬੜੀ ਖੁਸ਼ੀ ਹਾਂ—ਅਨੰਦ ਮੰਗਲ, ਮੈਂ ਚਾ ਭਰੀ ਹਾਂ, ਮੈਨੂੰ ਕੋਈ ਚਾਹਨਾ ਨਹੀਂ," ਵੇਰਾ ਦੁਖੋਵਾ ਨੇ ਆਪਣੀਆਂ ਵੱਡੀਆਂ ਮਿਹਰਬਾਨ ਗੋਲ ਅੱਖਾਂ ਜਿਨ੍ਹਾਂ ਵਿੱਚ ਮਾਮੂਲੀ ਤ੍ਰੈਹਿਣ ਜੇਹੇ ਦਾ ਰੰਗ ਸੀ ਨਿਖਲੀਊਧਵ ਵਿੱਚ ਗਡ ਕੇ ਕਹਿਆ ਤੇ ਆਪਣੀ ਪਤਲੀ ਪਰ ਪਤੀਲੀ ਗਰਦਨ ਮਰੋੜ ਰਹੀ ਸੀ ਜਿਹਨੂੰ ਉਹਦੀ ਮੈਲੀ ਕਮੀਜ਼ ਦਾ ਮੈਲਾ ਜੜਿਆ ਮਰਾੜਿਆ ਬਦਸ਼ਕਲ ਕਾਲਰ ਲਪੇਟ ਰਿਹਾ ਸੀ ।
ਨਿਖਲੀਊਧਵ ਨੇ ਪੁਛਿਆ ਕਿ ਓਹ ਕਿਸ ਤਰਾਂ ਕੈਦ ਹੋਈ ਸੀ । ਜਵਾਬ ਵਿੱਚ ਉਹ ਬੜੇ ਜੋਸ਼ ਨਾਲ ਆਪਣੀ ਸਾਰੀ ਕਹਾਣੀ ਦੱਸਣ ਲੱਗ ਪਈ । ਓਹਦੀ ਕਥਨੀ ਵਿੱਚ ਕਈ ਇਕ ਖਾਸ ਅਰਥਾਂ ਵਾਲੇ (ਇਸਤਲਾਹੀ) ਸ਼ਬਦ ਸਨ ਜਿਵੇਂ ਪ੍ਰਾਪੈਗੈਂਡਾ (ਲੋਕਾਂ ਵਿੱਚ ਕਿਸੀ ਮਸਲੇ ਦਾ ਜਾ ਕੇ ਖੁਲ੍ਹਾ ਛਾਪੇ ਆਦਿ ਦੇ ਰਾਹੀਂ ਪ੍ਰਚਾਰ ਕਰਨਾ), ਡਿਸਔਰਗੈਨੀਜ਼ੇਸ਼ਨ (ਕਿਸੀ ਬਣੀ ਬਣਤਰ ਨੂੰ ਤੋੜ ਕੇ ਤਿਤਰ ਚਿਤਰ ਕਰਨਾ), ਸੋਸ਼ਲ ਗਰੁਪ (ਲੋਕਾਂ ਦੇ ਟੋਲੇ), ਸੈਕਸ਼ਨ ਤੇ ਸਬਸੈਕਸ਼ਨ (ਗਰੁਪਾਂ ਦੇ ਵਾਂਡਵੇਂ ਹਿੱਸੇ ਤੇ ਹੋਰ ਛੋਟੇ ਹਿੱਸੇ), ਜਿਨ੍ਹਾਂ ਸ਼ਬਦਾਂ ਦਾ ਉਹਨੂੰ ਖਿਆਲ ਸੀ ਕਿ ਸਭ ਕੋਈ ਜਾਣੂ ਹੈ—ਪਰ ਨਿਖਲੀਊਧਵ ਨੇ ਇਹ ਲਫਜ਼ ਕਦੀ ਵੀ ਨਹੀਂ ਸਨ ਸੁਣੇ । ਉਸਨੇ ਉਹਨੂੰ ਨਾਰੋਦੋਵੌਲਸਤੋਵ (ਇਕ "ਲੋਕਾਂ ਦੀ ਆਜ਼ਾਦੀ" ਨਾਮ ਦੀ ਬਾਗੀ ਤਹਿਰੀਕ) ਦੇ ਕੁਲ ਭੇਤ ਦੱਸੇ, ਸਾਫ ਸੀ ਕਿ ਇਹ ਮਨ ਰਹੀ ਸੀ ਕਿ ਨਿਖਲੀਊਧਵ ਇਹ ਗੱਲਾਂ ਸੁਣ ਕੇ ਖੁਸ਼ ਹੋ ਰਹਿਆ ਹੋਸੀ । ਨਿਖਲੀਊਧਵ ਤਾਂ ਓਹਦੀ ਮਾੜੀ ਲਿੱਸੀ ਗਰਦਨ ਵਲ, ਓਹਦੇ ਬਿਖਰੇ ਅਣ-ਕਤਰੇ ਤੇ ਅਣਵਾਹੇ ਵਾਲਾਂ ਵਲ ਦੇਖ ਰਹਿਆ ਸੀ ਤੇ ਹੈਰਾਨ ਹੋ ਰਹਿਆ ਸੀ ਕਿ ਇਹ ਕੁੜੀ ਇਹੋ ਜੇਹੀਆਂ ਕਰਤੂਤਾਂ ਕਿਉਂ ਕਰਦੀ ਰਹੀ ਹੈ ਤੇ ਹੁਣ ਉਹ ਓਹਨੂੰ ਸਾਰੀਆਂ ਗੱਲਾਂ ਕਿਉਂ ਦੱਸ ਰਹੀ ਹੈ । ਓਹਨੂੰ ਇਸ ਉੱਪਰ ਵੀ ਤਰਸ ਆਇਆ, ਪਰ ਓੱਨਾਂ ਨਹੀਂ ਜਿੰਨਾ ਮੈਨਸ਼ੋਵਾਂ ਉੱਪਰ, ਓਹ ਕਿਸਾਨ ਬੰਦੇ ਜੇਹੜੇ ਬਿਨਾ ਕਿਸੀ ਅਪਰਾਧ ਦੇ ਜੇਲ ਵਿੱਚ ਡੱਕੇ ਪਏ ਸਨ । ਇਹ ਤੀਮੀਂ ਤਾਂ ਇਸ ਲਈ ਤਰਸ ਜੋਗ ਸੀ ਕਿ ਇਹਦੇ ਦਿਮਾਗ ਵਿੱਚ ਇਕ ਖਲਬਲੀ ਮੱਚੀ ਹੋਈ ਸੀ । ਇਹ ਸਾਫ ਸੀ ਕਿ ਉਹ ਆਪਣੇ ਆਪ ਨੂੰ ਇਕ ਸੂਰਮੱਤਾ ਭਰੀ ਤੀਮੀਂ ਸਮਝ ਰਹੀ ਸੀ ਕਿ ਉਹ ਆਪਣੇ ਮੰਨੇ ਮਨੋਰਥ ਲਈ ਆਪਣੀ ਜਾਨ ਤਕ ਕੁਰਬਾਨ ਕਰਨ ਨੂੰ ਤਿਆਰ ਸੀ ; ਤਾਂ ਵੀ ਓਹ ਕਿਸੀ ਨੂੰ ਦੱਸ ਸਕਣ ਦੇ ਕੀ ਕਾਬਿਲ ਨਹੀਂ ਸੀ ਕਿ ਉਹਦਾ ਮੰਨਿਆ ਧਰਮ ਕੀ ਹੈ ਤੇ ਓਹਦੀ ਫਤਹਿ ਕਿਸ ਗੱਲ ਵਿੱਚ ਹੈ ਸੀ ।
ਉਹ ਕੰਮ ਜਿਸ ਲਈ ਵੇਰਾ ਦੁਖੋਵਾ ਨਿਖਲੀਊਧਵ ਨੂੰ ਮਿਲਣਾ ਚਾਹ ਰਹੀ ਸੀ——ਇਹ ਸੀ:——ਓਹਦੀ ਇਕ ਦੋਸਤ, ਇਕ ਲੜਕੀ ਸ਼ੁਸਤੋਵਾ ਨਾਮ ਦੀ ਜਿਹੜੀ ਇਨ੍ਹਾਂ ਦੀ ਬਣੀ ਸੁਸੈਟੀ ਦੀ ਕਿਸੇ ਸਬਸੈਕਸ਼ਨ ਦੀ ਵੀ ਮੈਂਬਰ ਨਹੀਂ ਸੀ, ਪੰਜ ਮਹੀਨੇ ਹੋਏ ਸਨ ਫੜੀ ਗਈ ਸੀ ਤੇ ਪੈਤਰੋਪਾਵਲੋਵਸਕੀ ਦੇ ਕਿਲੇ ਵਿੱਚ ਕੈਦ ਸੀ, ਕਿਉਂਕਿ ਉਸ ਪਾਸੋਂ ਕੁਛ ਐਸੀਆਂ ਕਿਤਾਬਾਂ ਤੇ ਕਾਗਜ਼ ਮਿਲੇ ਸਨ ਜਿਹੜੇ ਸਰਕਾਰ ਨੇ ਵਰਜਿਤ ਕੀਤੇ ਹੋਏ ਸਨ (ਤੇ ਜੇਹੜੇ ਕਾਗਜ਼ ਉਸ ਕੁੜੀ ਪਾਸ ਹੋਰ ਕੋਈ ਲੋਕੀ ਰੱਖ ਗਏ ਸਨ) । ਤੇ ਦੁਖੋਵਾ ਆਪਣੇ ਆਪ ਨੂੰ ਉਹਦੇ ਫੜੇ ਜਾਣ ਵਿੱਚ ਇਕ ਕਾਰਨ ਸਮਝਦੀ ਸੀ ਤੇ ਨਿਖਲੀਊਧਵ ਦੀ ਓਹ ਮਿੰਨਤ ਕਰਦੀ ਸੀ, ਕਿਉਂਕਿ ਉਹਦੇ ਤਅੱਲਕ ਵੱਡੇ ਲੋਕਾਂ ਨਾਲ ਸਨ, ਕਿ ਓਹ ਓਹਦੇ ਦੋਸਤ ਦੀ ਮਦਦ ਕਰਕੇ ਓਹਨੂੰ ਰਿਹਾ ਕਰਾ ਦੇਵੇ ।
ਇਸ ਥੀਂ ਛੁੱਟ ਦੁਖੋਵਾ ਨੇ ਓਹਨੂੰ ਕਿਹਾ ਕਿ ਓਹ ਕੋਸ਼ਸ਼ ਕਰਕੇ ਓਹਦੇ ਇਕ ਹੋਰ ਦੋਸਤ ਗੂਰਕੇਵਿਚ (ਜਿਹੜਾ ਓਸੇ ਪੈਤਰੋਪਾਵਲੋਵਸਕੀ ਦੇ ਕਿਲੇ ਵਿੱਚ ਕੈਦ ਸੀ) ਨੂੰ ਇਜਾਜ਼ਤ ਦਿਵਾ ਦੇਵੇ ਕਿ ਓਹ ਆਪਣੀ ਮਾਂ ਨੂੰ ਮਿਲ ਸਕਿਆ ਕਰੇ, ਤੇ ਕੁਛ ਸਾਇੰਸ ਦੀਆਂ ਕਿਤਾਬਾਂ ਓਹਨੂੰ ਮਿਲ ਸਕਿਆ ਕਰਨ ਜਿਹਦੀ ਓਹਨੂੰ ਆਪਣੀ ਪੜ੍ਹਾਈ ਕਰਨ ਲਈ ਲੋੜ ਸੀ।
ਨਿਖਲੀਊਧਵ ਨੇ ਇਕਰਾਰ ਕੀਤਾ ਕਿ ਓਹ ਜੋ ਕੁਛ ਉਸ ਪਾਸੋਂ ਹੋ ਸਕਿਆ ਕਰੇਗਾ, ਜਦ ਉਹ ਸੈਂਟ ਪੀਟਰਜ਼ਬਰਗ ਜਾਵੇਗਾ ਤਾਂ—ਉਹਦੀ ਆਪਣੀ ਕਹਾਣੀ ਉਸ ਤੀਵੀਂ ਨੇ ਇਓਂ ਦੱਸੀ :—
ਦਾਈਆਂ ਦੀ ਪੜ੍ਹਾਈ ਦਾ ਕੋਰਸ ਖਤਮ ਕਰਕੇ ਓਹ ਨਾਰੋਦੋਵੋਲਸਕਵੋ ਦੀ ਸੁਸੈਟੀ ਦੇ ਪੈਰੋਕਾਰਾਂ ਦੇ ਇਕ ਟੋਲੇ ਨਾਲ ਮਿਲ ਗਈ ਸੀ। ਪਹਿਲਾਂ ਤਾਂ ਸਭ ਕੰਮ ਕੂਲਾ ਕੂਲਾ ਰਵਾਂ ਰਹਿਆ । ਓਹ ਬਸ ਐਲਾਨ ਕੱਢਦੇ ਹੁੰਦੇ ਸਨ ਤੇ ਕਾਰਖਾਨਿਆਂ ਵਿੱਚ ਪ੍ਰੋਪੈਗੈਂਡਾ ਕਰਨ ਦੇ ਕੰਮ ਵਿੱਚ ਜੁੱਟੇ ਰਹਿੰਦੇ ਸਨ । ਫਿਰ ਉਨ੍ਹਾਂ ਦੇ ਟੋਲੇ ਦਾ ਇਕ ਸਰਕਰਦਾ ਆਦਮੀ ਫੜਿਆ ਗਇਆ । ਉਨ੍ਹਾਂ ਦੇ ਕਾਗਜ਼ ਪਤ੍ਰ ਕਾਬੂ ਕੀਤੇ ਗਏ ਤੇ ਸਭ ਜਿਨ੍ਹਾਂ ਦਾ ਉਨ੍ਹਾਂ ਨਾਲ ਸੰਬੰਧ ਸੀ ਫੜੇ ਗਏ। "ਮੈਂ ਵੀ ਫੜੀ ਗਈ ਸਾਂ ਤੇ ਹੁਣ ਜਲਾਵਤਨ ਕੀਤੀ ਜਾਵਾਂਗੀ, ਪਰ ਇਹਦੀ ਕੀ ਪ੍ਰਵਾਹ ਹੈ ? ਮੈਂ ਅਤਿ ਦੀ ਸੁਖੀ ਹਾਂ, ਅਨੰਦ ਮੰਗਲ ਹੈ," ਉਸ ਆਪਣੀ ਕਹਾਣੀ ਦਾ ਇਓਂ ਇਕ ਦਰਦਨਾਕ ਮੁਸਕਾਹਟ ਨਾਲ ਭੋਗ ਪਾਇਆ ।
ਨਿਖਲੀਊਧਵ ਉਸ ਬੜੀ ਦਿਖ ਵਾਲੀਆਂ ਅੱਖਾਂ ਵਾਲੀ ਬਾਬਤ ਕੁਛ ਪੁਛ ਗਿਛ ਕਰਦਾ ਰਹਿਆ । ਵੇਰਾ ਦੁਖੋਵਾ ਨੇ ਓਹਨੂੰ ਦੱਸਿਆ ਕਿ ਓਹ ਇਕ ਜਰਨੈਲ ਦੀ ਧੀ ਹੈ ਤੇ ਓਹ ਬੜਾ ਚਿਰ ਇਕ ਬਾਗ਼ੀ ਪਾਰਟੀ ਨਾਲ ਲੱਗ ਰਹੀ ਸੀ ਤੇ ਫਿਰ ਇਕ ਪੁਲਸੀਏ ਨੂੰ ਗੋਲੀ ਨਾਲ ਮਾਰ ਦੇਣ ਦੇ ਅਪਰਾਧ ਵਿਚ, ਜੇਹੜਾ ਜੁਰਮ ਓਸ ਆਪ ਮੰਨ ਲਿਆ ਸੀ, ਕੈਦ ਹੈ । ਕਈ ਖੁਫੀਆਂ ਬਾਗ਼ੀਆਂ ਨਾਲ ਇਕ ਘਰ ਵਿਚ ਰਹਿੰਦੀ ਸੀ ਜਿਥੇ ਉਨ੍ਹਾਂ ਇਕ ਗੁਪਤ ਛਾਪਾਖਾਨਾ ਬਣਾ ਰੱਖਿਆ ਹੋਇਆ ਸੀ । ਇਕ ਰਾਤ ਜਦ ਪੁਲਸ ਨੇ ਇਸ ਘਰ ਦੀ ਤਲਾਸ਼ੀ ਲਈ ਛਾਪਾ ਮਾਰਿਆ, ਓਥੇ ਰਹਿਣ ਵਾਲਿਆਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਬਚਾ ਵਿਚ ਯਤਨ ਕਰਨਗੇ । ਉਨਾਂ ਦੀਵੇ ਬੁਝਾ ਦਿਤੇ ਤੇ ਉਨ੍ਹਾਂ ਚੀਜ਼ਾਂ ਦਾ ਜਿਨ੍ਹਾਂ ਨੇ ਓਨ੍ਹਾਂ ਨੂੰ ਮੁਜਰਿਮ ਠਹਿਰਾ ਦੇਣਾ ਸੀ, ਖੁਰਾ ਖੋਜ ਮਿਟਾਣ ਲਗ ਪਏ । ਪੋਲੀਸ ਧਿੰਗੋਜ਼ੋਰੀ ਅੰਦਰ ਜਾ ਵੜੀ, ਬਾਗ਼ੀਆਂ ਵਿਚੋਂ ਇਕ ਨੇ ਗੋਲੀ ਚਲਾ ਦਿੱਤੀ ਤੇ ਇਕ ਸਿਪਾਹੀ ਨੂੰ ਕਾਰੇ ਆਈ । ਦੇ ਦਰਯਾਫ਼ਤ ਹੋਈ ਇਸ ਕੁੜੀ ਨੇ ਕਹਿਆ, "ਮੈਂ ਮਾਰੀ ਸੀ," ਭਾਵੇਂ ਓਹਦੇ ਹਥ ਵਿਚ ਕਦੀ ਵੀ ਤਮਾਂਚਾ ਨਹੀਂ ਸੀ ਹੋਇਆ ਤੇ ਇਕ ਮੱਖੀ ਨੂੰ ਵੀ ਮਾਰਨ ਜੋਗ ਨਹੀਂ ਸੀ—ਪਰ ਓਹ ਆਪਣੇ ਬਿਆਨ ਦੀ ਪੱਕੀ ਰਹੀ ਤੇ ਹੁਣ ਇਹਨੂੰ ਸਾਈਬੇਰੀਆ-ਜਲਾਵਤਨੀ ਦੀ ਸਜ਼ਾ ਮਿਲ ਚੁਕੀ ਹੈ।
"ਕੇਹਾ ਪਰਉਪਕਾਰੀ ਉੱਚਾ ਆਚਰਣ ਹੈ," ਵੇਰਾ ਦਖੋਵਾ ਨੇ ਓਹਦੀ ਕਮਾਈ ਨੂੰ ਸਲਾਹੁੰਦਿਆਂ ਕਿਹਾ ।
ਵੇਰਾ ਦਖੋਵਾ ਦਾ ਤੀਸਰਾ ਕੰਮ ਮਸਲੋਵਾ ਬਾਬਤ ਗਲ ਕਰਨਾ ਸੀ—ਜਿਵੇਂ ਇਹੋ ਜੇਹੀਆਂ ਗੱਲਾਂ ਹਰ ਕਿਸੀ ਦੀਆਂ ਹਰ ਕੋਈ ਕੈਦਖਾਨਿਆਂ ਵਿਚ ਜਾਣ ਜਾਂਦਾ ਹੈ—ਮਸਲੋਵਾ ਦੀ ਜ਼ਿੰਦਗੀ ਦੀ ਕਹਾਣੀ ਤੇ ਓਹਦਾ ਨਿਖਲੀਊਧਵ ਦਾ ਤਅੱਲਕ ਸਭ ਇਸਨੂੰ ਪਤਾ ਸੀ, ਤੇ ਇਹਨੇ ਨਿਖਲੀਊਧਵ ਨੂੰ ਇਹ ਸਲਾਹ ਦਿਤੀ ਕਿ ਮਸਲੋਵਾ ਨੂੰ ਉਸ ਕੈਦ ਕੋਠੜੀ ਵਿਚੋਂ ਕਢਾ ਲਵੇ, ਤੇ , ਯਾ ਤਾਂ ਮੁਲਕੀ ਕੈਦੀਆਂ ਵਾਲਿਆਂ ਕਮਰਿਆਂ ਵਿਚ ਉਹਦਾ ਬਹਿਣ ਰਹਿਣ ਬਦਲਵਾ ਦੇਵੇ, ਯਾ ਬੀਮਾਰਾਂ ਦੀ ਟਹਿਲ ਕਰਨ ਲਈ ਹਸਪਤਾਲ ਵਿਚ ਨਰਸ ਦੇ ਕੰਮ ਉੱਪਰ ਲਗਵਾ ਦੇਵੇ, ਤੇ ਉਨ੍ਹਾਂ ਦਿਨਾਂ ਵਿਚ ਹਸਪਤਾਲ ਵਿਚ ਬੀਮਾਰ ਬਹੁਤ ਸਨ ਤੇ ਨਰਸਾਂ ਦੀ ਬੜੀ ਲੋੜ ਪਈ ਹੋਈ ਹੈ ਸੀ । ਨਿਖਲੀਊਧਵ ਨੇ ਓਹਦੀ ਸਲਾਹ ਦੇਣ ਦਾ ਧੰਨਵਾਦ ਕੀਤਾ ਤੇ ਕਹਿਆ ਕਿ ਉਹ ਐਸਾ ਕਰਨ ਦੀ ਕੋਸ਼ਸ਼ ਕਰੇਗਾ ।
ਮੋਇਆਂ ਦੀ ਜਾਗ-ਕਾਂਡ ੫੬. : ਲਿਉ ਤਾਲਸਤਾਏ
ਉਨ੍ਹਾਂ ਦੀ ਹੋ ਰਹੀ ਗਲ ਬਾਤ ਇਨਸਪੈਕਟਰ ਨੇ ਚੁਕ ਦਿੱਤੀ, ਜਿਸਨੇ ਉੱਠਕੇ ਇਹ ਕਹਿ ਦਿਤਾ ਸੀ ਕਿ ਬੱਸ ਵਕਤ ਹੋ ਗਇਆ ਹੈ ਤੇ ਕੈਦੀ ਤੇ ਉਨ੍ਹਾਂ ਦੇ ਦੋਸਤ ਹੁਣ ਜੁਦਾ ਹੋ ਜਾਣ ।
ਨਿਖਲੀਊਧਵ ਨੇ ਵੇਰਾ ਦੁਖੋਵਾ ਥੀਂ ਛੁਟੀ ਲਈ ਤੇ ਦਰਵਾਜ਼ੇ ਵਲ ਜਾਕੇ ਉਥੇ ਠਹਿਰ ਗਇਆ । ਵੇਖਣ ਲਗ ਪਇਆ ਕਿ ਕੀ ਪਇਆ ਹੁੰਦਾ ਸੀ ।
"ਭਲੇ ਪੁਰਖੋ ! ਵਕਤ ਹੋ ਚੁਕਾ ਜੇ ! ਵਕਤ ਹੋ ਚੁਕਾ ਜੇ," ਇਨਸਪੈਕਟਰ ਨੇ ਕਦੀ ਉੱਠਕੇ ਤੇ ਮੁੜ ਕਦੀ ਬਹਿਕੇ ਕਹਿਆ ।
ਕਈ ਤਾਂ ਇਸ ਉੱਪਰ ਇਕ ਦੂਜੇ ਪਾਸੋਂ ਵਿਛੜਨ ਲਗ ਪਏ ਸਨ । ਉਹ ਮਾਂ ਤੇ ਓਹਦਾ ਤਪਦਿਕ ਦਾ ਬੀਮਾਰ ਨੌਜਵਾਨ ਪੁਤਰ—ਦੋਹਾਂ ਨੂੰ ਵਿਛੜਦਿਆਂ ਦੇਖਕੇ ਬੜਾ ਹੀ ਤਰਸ ਆਉਂਦਾ ਸੀ । ਓਹ ਨੌਜਵਾਨ ਆਪਣੇ ਹਥ ਵਿਚ ਓਹੋ ਕਾਗਤ ਮਰੋੜਦਾ ਮਰਾੜਦਾ ਸੀ ਤੇ ਮੂੰਹ ਉੱਪਰ ਗੁੱਸਾ ਸੀ, ਤੇ ਓਹ ਆਪਣੇ ਉੱਪਰ ਜ਼ਬਤ ਕਰਨ ਦੀ ਬੜੀ ਕੋਸ਼ਸ਼ ਕਰ ਰਹਿਆ ਸੀ ਕਿ ਕਿਧਰੇ ਉਹਦੀ ਮਾਂ ਦੀਆਂ ਭੁੱਬਾਂ ਓਹਨੂੰ ਨ ਰਵਾ ਦੇਣ । ਮਾਂ ਨੇ ਇਹ ਸੁਣਕੇ ਕਿ ਹੁਣ ਵਿਛੜਨ ਦਾ ਵਕਤ ਹੈ ਆਪਣ ਸਿਰ ਓਹਦੇ ਮੋਹਢੇ ਤੇ ਰਖ ਦਿਤਾ ਤੇ ਭੁੱਬਾਂ ਮਾਰਕੇ ਰੋਣ ਲਗ ਪਈ । ਡੁਸਕੇ ਭਰ ਰਹੀ ਸੀ ਤੇ ਨੱਕ ਵਿਚੋਂ ਰੱਦਿਆਂ ਰੋਂਦਿਆਂ ਸੁੰਘਣ ਵਾਂਗ ਸਾਹ ਲੈ ਰਹੀ ਸੀ। ਉਹ ਮੋਟੀ ਲੜਕੀ, ਸੋਹਣੀਆਂ ਕੋਮਲ ਤੇ ਮੇਹਰਬਾਨ ਅੱਖਾਂ ਵਾਲੀ, ਰੋਂਦੀ ਮਾਂ ਦੇ ਸਾਹਮਣੇ ਖੜੀ ਸੀ ਤੇ ਓਹਨੂੰ ਕੋਈ ਚੈਨ ਦੇਣਦਾ ਉਪਰਾਲਾ ਕਰ ਰਹੀ ਸੀ। ਬੁੱਢਾ ਨੀਲੀਆਂ ਐਨਕਾਂ ਵਾਲਾ ਆਦਮੀ ਵੀ ਆਪਣੀ ਲੜਕੀ ਦਾ ਹੱਥ ਫੜ ਕੇ ਖੜਾ ਸੀ, ਤੇ ਜੋ ਕੁਛ ਓਹ ਕਹਿ ਰਹੀ ਸੀ ਆਪਣਾ ਸਿਰ ਹਿਲਾਕੇ ਉਹਦਾ ਜਵਾਬ ਦੇ ਰਹਿਆ ਸੀ । ਓਹ ਜਵਾਨ ਪਿਆਰੂਏ ਵੀ ਉੱਠ ਖਲੋਤੇ ਤੇ ਇਕ ਦੂਜੇ ਦੇ ਹਥ ਫੜੇ, ਇਕ ਦੂਜੇ ਵਲ ਚੁਪ ਟੱਕ ਬੰਨ੍ਹੀ ਦੇਖ ਰਹੇ ਸਨ ।
"ਬਸ ਏਹ ਦੋਵੇਂ ਕੇਹੇ ਚਾ ਵਿਚ ਹਨ," ਤਾਂ ਇਕ ਨੌਜਵਾਨ ਨੇ, ਜਿਸ ਛੋਟਾ ਜੇਹਾ ਕੋਟ ਪਾਇਆ ਹੋਇਆ ਸੀ ਤੇ ਨਿਖਲੀਊਧਵ ਦੇ ਮੁੱਢ ਖੜਾ ਸੀ, ਤੇ ਜਦ ਉਸਨੇ ਇਨ੍ਹਾਂ ਸਾਰਿਆਂ ਵਿਛੜਨ ਵਾਲਿਆਂ ਨੂੰ ਦੇਖ ਦੇਖ ਉਨ੍ਹਾਂ ਦੋਹਾਂ ਪਿਆਰੂਆਂ ਵਲ ਵੇਖਿਆ, ਓਨ੍ਹਾਂ ਵਲ ਇਸ਼ਾਰਾ ਕਰਕੇ ਕਹਿਆ ।
ਨਿਖਲੀਊਧਵ ਤੇ ਉਸ ਨੌਜਵਾਨ ਦੀਆਂ ਅੱਖਾਂ ਆਪਣੇ ਉਪਰ ਗੱਡੀਆਂ ਪ੍ਰਤੀਤ ਕਰਕੇ, ਉਨ੍ਹਾਂ ਪਿਆਰੂਆਂ ਨੇ ਨੌਜਵਾਨ ਗਭਰੂ ਰਬਰ-ਕੋਟ ਵਾਲਾਂ ਤੇ ਓਹਦੀ ਸੋਹਣੀ ਕੁੜੀ ਦੋਹਾਂ ਨੇ ਆਪਣੀਆਂ ਬਾਹਾਂ ਪਸਾਰ ਲਈਆਂ ਤੇ ਇਕ ਦੂਜੇ ਵਿੱਚ ਹਥਾਂ ਦੀਆਂ ਉਂਗਲੀਆਂ ਫਸਾਈਆਂ, ਇਕ ਗੋਲ ਚੱਕਰ ਜੇਹਾ ਬੰਨ੍ਹ ਨੱਚਣ ਲਗ ਗਏ ।
"ਅਜ ਰਾਤੀਂ ਜੇਲ ਵਿਚ ਹੀ ਇਨ੍ਹਾਂ ਦੋਹਾਂ ਦਾ ਕਾਜ ਹੋਣਾ ਹੈ ਤੇ ਇਹ ਕੁੜੀ ਓਹਦੇ ਪਿੱਛੇ ਸਾਈਬੇਰੀਆ ਜਾਏਗੀ," ਨੌਜਵਾਨ ਨੇ ਕਹਿਆ ।
"ਇਹ ਕੀ ਕੰਮ ਕਰਦਾ ਹੈ ?"
ਇਕ ਕੈਦੀ, ਇਕ ਕਾਨਵਿਕਟ ਜਿਹਨੂੰ ਜਲਾਵਤਨੀ ਤੇ ਸਖਤ ਮੁਸ਼ੱਕਤ ਦੀ ਸਜ਼ਾ ਹੋ ਚੁਕੀ ਹੈ । ਇਨ੍ਹਾਂ ਦੋਹਾਂ ਨੂੰ ਘਟੋ ਘਟ ਅਨੰਦ ਲੈ ਲੈਣ ਦਿਓ—ਹਾਏ ਇਨ੍ਹਾਂ ਨੂੰ ਨਿਖੇੜ ਦੇਣਾ ਕਿੰਨਾ ਹੀ ਸਿਤਮ ਹੈ," ਨੌਜਵਾਨ ਨੇ ਹੋਰ ਕਹਿਆ ਜਦ ਕਿ ਓਹ ਉਸ ਤਪਦਿਕ ਵਾਲੇ ਦੀ ਮਾਂ ਦੀਆਂ ਭੁੱਬਾਂ ਦੀ ਆਵਾਜ਼ ਦੂਜੇ ਪਾਸੇ ਸੁਣ ਰਹਿਆ ਸੀ ।
"ਹੁਣ ਮੇਰੇ ਚੰਗੇ ਬੰਦਿਓ ! ਮਿਹਰਬਾਨੀ ਕਰਕੇ, ਮਿਹਰਬਾਨੀ ਕਰਕੇ ਮੈਨੂੰ ਕੜੇ ਰਵਈਏ ਵਰਤਨ ਦੀ ਲੋੜ ਨ ਪਵਾਓ।" ਇਨਸਪੈਕਟਰ ਨੇ ਆਪਣੇ ਇਹ ਲਫਜ਼ ਕਈ ਵੇਰੀ ਦੁਹਰਾਏ । "ਮਿਹਰਬਾਨੀ ਕਰੋ !" ਓਸ ਮਾੜੀ ਜੇਹੀ ਅਟਕਦੀ ਆਵਾਜ਼ ਵਿੱਚ ਫਿਰ ਕਹਿਆ, "ਹੁਣ ਵਕਤ ਸਿਰੇ ਚੜ੍ਹ ਚੁਕਾ ਹੈ, ਤੁਹਾਡਾ ਕੀ ਮਤਲਬ ਹੈ ! ਇਹੋ ਜੇਹੀ ਕਾਰਵਾਈ ਨਾ ਮੁਮਕਿਨ ਹੈ !........ਮੈਂ ਹੁਣ ਤੁਹਾਨੂੰ ਆਖਰੀ ਵੇਰ ਕਹਿ ਰਹਿਆ ਜੇ ! ਸੁਣੋ ਸੁਣ," ਓਸ ਥੱਕੀ ਜੇਹੀ ਆਵਾਜ਼ ਵਿੱਚ ਕਹਿਆ, ਆਪਣੀ ਸਿਗਰਟ ਇਕ ਬੁਝਾਈ, ਦੂਜੀ ਜਗਾਈ।
ਸਾਫ ਸੀ ਕਿ ਭਾਵੇਂ ਓਹ ਰਵਈਏ, ਜਿਨ੍ਹਾਂ ਦੇ ਪ੍ਰਚਲਤ ਕਰਨ ਨਾਲ ਮਨੁਖ, ਬਿਨਾਂ ਆਪਣੀ ਜ਼ਾਤੀ ਜ਼ਿਮੇਵਾਰੀ ਮਹਿਸੂਸ ਕਰਨ ਦੇ, ਦੂਜਿਆਂ ਨਾਲ ਬੁਰਾਈ ਕਰਦੇ ਚਲੇ ਜਾਂਦੇ ਹਨ, ਐਸੇ ਪੇਚ ਖੇਡਣ ਵਾਲੇ, ਪੁਰਾਣੇ ਤੇ ਆਮ ਹੋ ਰਹੇ ਸਨ, ਤਾਂ ਵੀ ਇਨਸਪੈਕਟਰ ਆਪਣੇ ਅੰਦਰ ਗਰੀਬਾਨ ਵਿੱਚ ਇਹ ਮਹਿਸੂਸ ਕਰਨ ਥੀਂ ਰੁਕ ਨਹੀਂ ਸੀ ਸਕਦਾ ਕਿ ਓਹ ਆਪ ਉਨ੍ਹਾਂ ਮੁਜਰਿਮਾਂ ਵਿੱਚੋਂ ਇਕ ਹੈ ਜਿਹੜੇ ਦੁਨੀਆਂ ਵਿੱਚ ਇੰਨਾ ਕਲੇਸ਼ ਤੇ ਦੁਖ ਤੇ ਦਰਦ ਤੇ ਗ਼ਮ ਤੇ ਫਿਰਾਕ ਪੈਦਾ ਕਰ ਰਹੇ ਹਨ, ਜੈਸਾ ਕਿ ਅੱਜ ਇਸ ਕਮਰੇ ਵਿੱਚ ਸਾਹਮਣੇ ਦਿਸ ਰਹਿਆ ਸੀ—ਤੇ ਇਹ ਜ਼ਾਹਰ ਹੋ ਰਹਿਆ ਸੀ ਕਿ ਇਹ ਗੱਲ ਓਹਨੂੰ ਬੜਾ ਹੀ ਦਿਲ ਦੁਖਾਵਾਂ ਅਸਰ ਕਰ ਰਹੀ ਸੀ ।
ਆਖਰ ਕੈਦੀ ਤੇ ਉਨ੍ਹਾਂ ਦੇ ਸੰਬੰਧੀ ਆਪੇ ਵਿੱਚ ਦੀ ਜੁਦਾ ਹੋ ਹੀ ਗਏ—ਕੈਦੀ ਤਾਂ ਅੰਦਰ ਦੇ ਦਰਵਾਜ਼ੇ ਵਿੱਚ ਦੀ ਅੰਦਰ ਚਲੇ ਗਏ ਤੇ ਦੂਜੇ ਬਾਹਰ ਦੇ ਦਰਵਾਜ਼ੇ ਰਾਹੀਂ ਵਗ ਗਏ । ਓਹ ਰਬਰ ਵਾਲੀ ਜੈਕਟਾਂ ਵਾਲੇ ਆਦਮੀ ਤੇ ਓਹ ਤਪਦਿਕ ਵਾਲਾ ਗਭਰੂ ਤੇ ਇਹ ਬੈਰਾਨਿਆਂ ਜੇਹਾ ਆਦਮੀ ਸਾਰੇ ਬਾਹਰ ਚਲੇ ਗਏ । ਮੇਰੀ ਪਾਵਲੋਵਨਾ ਵੀ ਓਸ ਮੁੰਡੇ ਨੂੰ ਨਾਲ ਲਿਆ ਹੋਇਆਂ, ਜਿਹੜਾ ਕੈਦਖਾਨੇ ਵਿੱਚ ਜੰਮਿਆ ਸੀ, ਚਲੀ ਗਈ । ਏਵੇਂ ਦੇਖਣ ਵਾਲੇ ਆਏ ਬੰਦੇ ਵੀ ਤੁਰ ਗਏ । ਓਹ ਬੁਢਾ ਆਦਮੀ ਨੀਲੀਆਂ ਐਨਕਾਂ ਵਾਲਾ, ਆਪਣੇ ਬੜੇ ਭਾਰੇ ਹੋਏ ਕਦਮ ਚੁੱਕਦਾ, ਨਿਖਲੀਊਧਵ ਦੇ ਪਿੱਛੇ ਪਿੱਛੇ ਨਿਕਲਿਆ ।
"ਇਹ ਚੀਜ਼ਾਂ ਦੀ ਕੇਹੀ ਅਜੀਬ ਜੇਹੀ ਹਾਲਤ ਹੈ," ਉਸ ਗਲੋਖੜ ਜੇਹੇ ਨੌਜਵਾਨ ਨੇ ਆਪਣੀ ਟੁੱਕੀ ਗਈ ਗਲ ਮੁੜ ਸ਼ੁਰੂ ਕਰ ਦਿਤੀ, ਜਿਵੇਂ ਉਹ ਨਿਖਲੀਊਧਵ ਦੇ ਨਾਲ ਨਾਲ ਪੌੜੀਆਂ ਉੱਪਰ ਉਤਰ ਰਹਿਆ ਸੀ, ਤਾਂ ਵੀ ਇਨਸਪੈਕਟਰ - ਲਈ ਸਾਡਾ ਸ਼ੁਕਰਗੁਜ਼ਾਰ ਹੋਣ ਲਈ ਦਲੀਲ ਹੈ, ਜਿਸ ਸਾਡੀ ਖਾਤਰ ਕਾਇਦਿਆਂ ਦੀ ਪੂਰੀ ਪਾਬੰਧੀ ਨਹੀਂ ਕੀਤੀ, ਬੜਾ ਦਾਇਆਵਾਨ ਪੁਰਸ਼ ਜੇ, ਆਖਰ ਜਦ ਇਹ ਲੋਕ ਆਪੋ ਵਿਚ ਮਿਲਕੇ ਕੁਛ ਗਲ ਬਾਤ ਕਰ ਲੈਂਦੇ ਹਨ ਤਦ ਇਨ੍ਹਾਂ ਨੂੰ ਕੁਛ ਨਾ ਕੁਛ ਤਾਂ ਚੈਨ ਪੈ ਹੀ ਜਾਂਦੀ ਹੈ ।"
ਇਸ ਨੌਜਵਾਨ ਨਾਲ ਗੱਲਾਂ ਕਰਦਿਆਂ, ਜਿਸ ਆਪਣਾ ਨਾਂ ਮੇਦੀਂਤਸੇਵ ਦਸਕੇ ਵਾਕਫੀ ਪਾ ਹੀ ਲਈ ਸੀ, ਨਿਖਲੀਊਧਵ ਹਾਲ ਤਕ ਪਹੁੰਚ ਗਇਆ ।
ਓਥੇ ਇਨਸਪੈਕਟਰ ਨੇ ਆਪਣੇ ਥਕੇ ਕਦਮਾਂ ਨਾਲ ਪੁਜ ਕੇ ਉਸ ਨੂੰ ਆਖਿਆ, "ਜੇ ਆਪ ਮਸਲੋਵਾ ਨੂੰ ਮਿਲਣਾ ਚਾਹੁੰਦੇ ਹੌ ਤਦ ਕਲ ਆ ਜਾਣਾ," ਉਸ ਨੇ ਨਿਖਲੀਊਧਵ ਦਾ ਕੁਛ ਲਿਹਾਜ਼ ਕਰਨ ਦੀ ਚਾਹ ਵਿਚ ਕਹਿਆ ।
"ਬਹੁਤ ਅੱਛਾ," ਨਿਖਲੀਊਧਵ ਨੇ ਉੱਤਰ ਦਿੱਤਾ ਤੇ ਛੇਤੀ ਛੇਤੀ ਚਲਾ ਗਇਆ।
ਮੈਨਸ਼ੋਵ ਦੀ ਪੀੜਾ, ਜਿਹੜੀ ਸਪਸ਼ਟ ਨਿਰਦੋਸ਼ ਸੀ ਉਹਨੂੰ ਬੜੀ ਖੌਫਨਾਕ ਲਗੀ; ਪਰ ਇਸ ਸੰਬੰਧ ਵਿਚ ਉਹਦੇ ਸ਼ਰੀਰ ਦਾ ਕਲੇਸ਼ ਇੰਨਾ ਨਹੀਂ ਸੀ ਜਿੰਨਾਂ ਆਤਮਾ ਦਾ—ਉਹਦੀ ਅੰਦਰ ਦੀ ਸਿਰ-ਚਕਰੀ ਰਬ ਵਿਚ ਤੇ ਨੇਕੀ ਵਿਚ ਵਿਸ਼ਵਾਸ ਨਾ ਰਹਿਣ ਵਾਂਗਰ ਹੋ ਜਾਣ ਦਾ—ਤੇ ਇਹ ਅਵਿਸ਼ਵਾਸ਼ ਆਵਣੋਂ ਰਹਿ ਨਹੀਂ ਸੀ ਸਕਦਾ ਇਹੋ ਜੇਹੀਆਂ ਹਾਲਤਾਂ ਵਿਚ ਤੇ ਲੋਕਾਂ ਦੀ ਇਹ ਬੇਤਰਸੀ ਸਿਤਮ ਦੇਖ ਕੇ, ਜਿਨ੍ਹਾਂ ਨੇ ਬਿਨਾਂ ਕਿਸੀ ਦਲੀਲ ਦੇ ਉਸ ਵਿਚਾਰੇ ਨੂੰ ਇੰਨੇ ਤਸੀਹੇ ਦਿੱਤੇ ਸਨ ।
ਦਿਲ ਦਹਿਲ ਦੇਣ ਵਾਲੀ ਖੌਫ਼ਨਾਕ ਉਹ ਬੇਇੱਜ਼ਤੀ ਤੇ ਕਲੇਸ਼ ਸਨ ਜਿਹੜੇ ਉਨ੍ਹਾਂ ਬੇਕਸੂਰ ਲੋਕਾਂ ਦੇ ਸਿਰ ਪਾ ਦਿੱਤੇ ਸਨ ਸਿਰਫ ਇਸ ਕਰਕੇ ਕਿ ਇਕ ਕੜੇ ਕਾਗਤ ਉੱਪਰ ਦੋ ਕਾਲੇ ਹਰਫ ਨਹੀਂ ਸਨ ਜਿਹੜੇ ਉਸ ਉੱਪਰ ਹੋਣੇ ਚਾਹੀਦੇ ਸਨ । ਉਹ ਹੈਵਾਨ ਬੂਸਰ ਬਣ ਗਏ ਹੋਏ ਜੇਲਰ ਖੌਫ਼ਨਾਕ ਸਨ, ਜਿਨ੍ਹਾਂ ਦਾ ਕੰਮ ਹੀ ਹੋ ਚੁਕਾ ਸੀ ਕਿ ਆਪਣੇ ਭਰਾਵਾਂ ਨੂੰ ਦੁਖ ਦੇਣ, ਤੇ ਨਾਲੇ ਉਹ ਆਪਣੇ ਮਨਾਂ ਵਿਚ ਨਿਸ਼ਚਿੰਤ ਸਨ ਕਿ ਉਹ ਇਕ ਅਹਿਮ ਤੇ ਫ਼ਾਇਦੇਮੰਦ ਫ਼ਰਜ਼ ਪੂਰਾ ਕਰ ਰਹੇ ਹਨ, ਪਰ ਸਭ ਥੀਂ ਡਰਾਉਣਾ ਇਹ ਨਰਮ ਦਿਲ ਬੁਢੇਰਾ, ਰੋਗ ਗ੍ਰਸਿਆ ਇਨਸਪੈਕਟਰ ਸੀ ਜਿਹੜਾ ਮਜਬੂਰ ਸੀ ਕਿ ਪਿਉ ਨਾਲੋਂ ਧੀ ਨੂੰ, ਮਾਂ ਨਾਲੋਂ ਪੁਤ ਨੂੰ ਨਿਖੇੜੇ, ਜਿਹੜੇ ਹੂ-ਬਹੂ ਉਹੋ ਜੇਹੇ ਇਨਸਾਨ ਸਨ ਜੇਹਾ ਉਹ ਆਪ ਤੇ ਉਹਦੇ ਆਪਣੇ ਬੱਚੇ ਸਨ ।
"ਇਹ ਸਭ ਕੁਛ ਕਿਸ ਲਈ ਹੋ ਰਹਿਆ ਹੈ ?" ਤੇ ਨਿਖਲੀਊਧਵ ਨੇ ਆਪਣੇ ਆਪ ਨੂੰ ਪੁਛਿਆ ਤੇ ਸਦਾ ਥੀਂ ਵਧ, ਅੱਜ ਫਿਰ ਉਹਨੂੰ ਉਹੋ ਆਤਮਿਕ ਕਰੈਹਤ ਆਈ ਜਿਹੜੀ ਓਹਨੂੰ ਆਉਂਦੀ ਹੁੰਦੀ ਸੀ ਜਦ ਕਦੀ ਉਹ ਜੇਲ ਵਿਚ ਆਉਂਦਾ ਹੁੰਦਾ ਸੀ—ਪਰ ਉਹਨੂੰ ਆਪਣੇ ਸਵਾਲ ਦਾ ਜਵਾਬ ਕੋਈ ਨਹੀਂ ਲੱਭਾ ।
ਮੋਇਆਂ ਦੀ ਜਾਗ-ਕਾਂਡ ੫੭. : ਲਿਉ ਤਾਲਸਤਾਏ
ਦੂਜੇ ਦਿਨ ਨਿਖਲੀਊਧਵ ਵਕੀਲ ਨੂੰ ਮਿਲਣ ਗਇਆ-ਤੇ ਉਹਨੂੰ ਮੈਨਸ਼ੋਵਾਂ ਦੇ ਮੁਕੱਦਮੇ ਬਾਬਤ ਦੱਸਿਆ, ਤੇ ਉਹਦੀ ਮਿੰਨਤ ਕੀਤੀ ਕਿ ਉਨ੍ਹਾਂ ਦੇ ਬਚਾ ਲਈ ਉਹ ਖੜਾ ਹੋਵੇ । ਵਕੀਲ ਨੇ ਮਿਸਲ ਦੇਖਣ ਦਾ ਇਕਕਾਰ ਕੀਤਾ ਤੇ ਜੇ ਉਹੋ ਗਲ ਨਿਕਲੀ ਜੋ ਨਿਖਲੀਊਧਵ ਨੇ ਦੱਸੀ ਸੀ ਤਦ ਉਹ ਬਿਨਾਂ ਫੀਸ ਲੈਣ ਦੇ ਉਨ੍ਹਾਂ ਦੇ ਬਚਾ ਲਈ ਲੜੇਗਾ । ਨਿਖਲੀਊਧਵ ਨੇ ਉਹਨੂੰ ੧੩੦ ਆਦਮੀਆਂ ਬਾਬਤ, ਜਿਹੜੇ ਇਕ ਕਾਗਤੀ ਇਸਤਲਾਹੀ ਗ਼ਲਤੀ ਕਰਕੇ ਅੰਦਰ ਡੱਕੇ ਹੋਏ ਸਨ, ਕਹਿਆ, ਤੇ ਪੁਛਿਆ, "ਇਹ ਗਲ ਕਿਹਦੇ ਇਖਤਿਆਰ ਦੀ ਹੈ ? ਕਿਹਦੀ ਗਲਤੀ ਹੈ ?"
ਵਕੀਲ ਇਕ ਮਿੰਟ ਚੁਪ ਰਹਿਆ, ਸਾਫ ਸੀ ਕਿ ਉਹ ਸੋਚ ਕੇ ਠੀਕ ਠੀਕ ਪਤਾ ਦੇਵਣਾ ਚਾਹੁੰਦਾ ਸੀ।
"ਕਿਹਦਾ ਕਸੂਰ ਹੈ ? ਕਿਸੀ ਦਾ ਵੀ ਨਹੀਂ," ਉਸ ਫੈਸਲਾ ਕਰਕੇ ਕਹਿਆ. "ਕੋਤਵਾਲ ਨੂੰ ਪੁਛੋ—ਕਹੇਗਾ, ਗਵਰਨਰ ਦਾ ਕਸੂਰ ਹੈ—ਗਵਰਨਰ ਨੂੰ ਪੁੱਛੋ ਤਾਂ ਕਹੇਗਾ, ਕੋਤਵਾਲ ਦਾ ਕਸੂਰ ਹੈ, ਕਿਸੀ ਦਾ ਵੀ ਕਸੂਰ ਨਹੀਂ ।"
"ਮੈਂ ਨੈਬ ਕੋਤਵਾਲ ਨੂੰ ਮਿਲਣ ਹੁਣੇ ਜਾਣਾ ਹੈ, ਮੈਂ ਉਹਨੂੰ ਦੱਸਾਂਗਾ |
"ਉਹ ! ਇਹ ਬਿਲਕੁਲ ਬੇ ਸੂਦ ਹੋਵੇਗਾ," ਵਕੀਲ ਨੇ ਮੁਸਕਰਾ ਕੇ ਕਹਿਆ, "ਉਹ ਤਾਂ ਇਹੋ ਜੇਹਾ ਇਕ.........ਕੀ ਉਹ ਆਪ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਤਾਂ ਨਹੀਂ—ਇਹੋ ਜੇਹਾ ਇਕ ਅਭੱਨਕ ਹੈ । ਜੇ ਮੈਂ ਇਹ ਕਹਿ ਸਕਦਾ ਹਾਂ, ਤੇ ਅਭੱਨਕ ਹੁੰਦਿਆਂ ਓਹ ਸੌਹਰਾ ਮੱਕਾਰ ਹੈਵਾਨ ਹੈ।"
ਨਿਖਲੀਊਧਵ ਨੂੰ ਚੇਤੇ ਆ ਗਇਆ ਸੀ ਕਿ ਮੈਸਲੈਨੀਕੋਵ ਨੇ ਇਸ ਵਕੀਲ ਬਾਬਤ ਕੀ ਕਹਿਆ ਸੀ—ਉਹਦੀ ਗੱਲ ਦਾ ਜਵਾਬ ਦਿੱਤਾ ਨਾ ਤੇ ਛੁਟੀ ਮੰਗਕੇ ਮੈਸਲੈਨੀਕੋਵ ਵਲ ਚਲਾ ਗਇਆ । ਉਸ ਪਾਸੋਂ ਓਸ ਦੋ ਗੱਲਾਂ ਮੰਗਣੀਆਂ ਸਨ : ਇਕ ਤਾਂ ਇਹ ਕਿ ਮਸਲੋਵਾ ਨੂੰ ਹਸਪਤਾਲ ਬਦਲ ਦਿੱਤਾ ਜਾਵੇ ਤੇ ਦੂਜੀ ਗਲ ਉਹਨਾਂ ੧੩੦ ਬੰਦਿਆਂ ਬਾਬਤ ਸੀ ਜਿਹੜੇ ਪਾਸਪੋਰਟ ਬਿਨਾ ਕੈਦ ਸਨ । ਉਸ ਲਈ ਇਹੋ ਜੇਹੇ ਆਦਮੀ ਥੀਂ ਰਿਆਇਤਾਂ ਮੰਗਣਾ ਜਿਹਦੀ ਉਹ ਇੱਜ਼ਤ ਨਹੀਂ ਸੀ ਕਰਦਾ ਬੜਾ ਕਠਿਨ ਸੀ, ਪਰ ਆਪਣੀ ਔਕੜਾਂ ਨੂੰ ਸਿਰੇ ਚਾੜ੍ਹਨ ਲਈ ਹੋਰ ਕੋਈ ਰਾਹ ਨਹੀਂ ਸੀ। ਇਨ੍ਹਾਂ ਸਭ ਗੱਲਾਂ ਦੇ ਵਿਚ ਦੀ ਲੰਘਣਾ ਜਰੂਰੀ ਹੋ ਚੁੱਕਾ ਸੀ।
ਜਦ ਉਹ ਕਰਾਏ ਦੀ ਬੱਘੀ ਵਿਚ ਮੈਸਲੈਨੀਕੋਵ ਦੇ ਦਰਵਾਜ਼ੇ ਉੱਪਰ ਪਹੁੰਚਿਆ, ਅੱਗੇ ਸਾਹਮਣੇ ਵੜਨ ਵਾਲੇ ਦਰਵਾਜ਼ੇ ਉੱਪਰ ਕਈ ਬੱਘੀਆਂ ਖੜੀਆਂ ਸਨ । ਇਨ੍ਹਾਂ ਨੂੰ ਵੇਖ ਕੇ ਉਹਨੂੰ ਚੇਤੇ ਆਇਆ ਕਿ ਉਸ ਦਿਨ ਵਾਈਸ ਗਵਰਨਰ ਦੀ ਵਹੁਟੀ ਨੇ ਕਈ ਇਕ ਲੋਕਾਂ ਨੂੰ ਘਰ ਬੁਲਾਇਆ ਹੋਇਆ ਸੀ, ਤੇ ਉਹਦਾ ਸੱਦਾ ਉਹਨੂੰ ਭੀ ਸੀ । ਓਸੇ ਘੜੀ ਜਦ ਨਿਖਲੀਊਧਵ ਦੀ ਬੱਘੀ ਪਹੁੰਚੀ ਸੀ, ਅੱਗੇ ਇਕ ਬੱਘੀ ਦਰਵਾਜ਼ੇ ਉੱਪਰ ਹੁਣੇ ਆ ਕੇ ਖਲੋਤੀ ਹੀ ਸੀ, ਤੇ ਇਕ ਟੋਪੀ ਵਿਚ ਕਲਗੀ ਲਾਈ, ਲਿਵਰੀ ਵਿਚ ਹਜੂਰੀਆ, ਇਕ ਸਵਾਣੀ ਨੂੰ ਬੂਹੇ ਦੀਆਂ ਪੌੜੀਆਂ ਹਿਠਾਹਾਂ ਦੀ ਹਥ ਦੇ ਕੇ ਉਤਾਰ ਰਹਿਆ ਸੀ । ਉਸ ਸਵਾਣੀ ਨੇ ਆਪਣੇ ਘਗਰੇ ਦੇ ਘੇਰ ਨੂੰ ਹਥ ਵਿਚ ਪਿੱਛੋਂ ਫੜ ਕੇ ਚੁੱਕਿਆ ਹੋਇਆ ਸੀ ਜਿਸ ਕਰਕੇ ਉਹਦੇ ਪਤਲੇ ਗਿੱਟਿਆਂ ਉੱਪਰ ਦੀ ਕਾਲੀਆਂ ਜੁਰਾਬਾਂ ਤੇ ਜੁੱਤੀ ਪਾਏ ਪੈਰ ਦਿਸ ਰਹੇ ਸਨ । ਬੱਘੀਆਂ ਵਿਚ ਇਕ ਬੰਦ ਲੈਂਡੋ ਸੀ ਜਿਹੜੀ ਉਸ ਪਛਾਣ ਲਈ ਕਿ ਕੋਰਚਾਗਿਨਾਂ ਦੀ ਸੀ । ਉਸ ਬੱਘੀ ਦੇ ਸਫ਼ੈਦ ਰੀਸ਼, ਲਾਲ ਗੱਲ੍ਹਾਂ ਵਾਲੇ ਕੋਚਵਾਨ ਨੇ ਨਿਖਲੀਊਧਵ ਨੂੰ ਟੋਪੀ ਲਾਹ ਕੇ ਬੜੇ ਅਦਬ ਨਾਲ ਪਰ ਪੂਰੇ ਵਾਕਿਫ਼ ਵਾਂਗ ਸਿਰ ਝੁਕਾਇਆ ਸੀ, ਜਿਵੇਂ ਇਕ ਭਲੇਮਾਨਸ ਜਿਹਨੂੰ ਚੰਗੀ ਤਰਾਂ ਕੋਈ ਜਾਣੂ ਮਿਲਦਾ ਹੈ ।
ਨਿਖਲੀਊਧਵ ਨੂੰ ਮੈਸਲੈਨੀਕੋਵ ਕਿੱਥੇ ਹੈ ਪੁਛਣ ਦਾ ਸਮਾਂ ਨਹੀਂ ਸੀ ਮਿਲਿਆ ਕਿ ਓਹ ਆਪ ਹੀ ਇਕ ਕਿਸੀ ਵੱਡੇ ਰਈਸ ਨੂੰ ਵਿਦਾ ਕਰਨ ਲਈ ਦਰੀ ਵਿਛੀਆਂ ਪੌੜੀਆਂ ਉੱਪਰ ਨ ਸਿਰਫ ਉਤਲੇ ਅਧਵਿਚਕਾਹੇ ਉਤਾਰ ਤਕ, ਬਲਕਿ ਧੁਰ ਤਲੇ ਦੇ ਉਤਾਰ ਤਕ, ਜਿੱਥੇ ਪੌੜੀਆਂ ਦੀ ਦੂਜੀ ਦੌੜ ਖਤਮ ਹੁੰਦੀ ਸੀ, ਆ ਗਇਆ ਸੀ । ਇਹ ਬੜਾ ਪ੍ਰਤਿਸ਼ਠਤ ਮਿਲਣ ਆਉਣ ਵਾਲਾ ਇਕ ਫੌਜੀ ਅਫ਼ਸਰ ਫ਼ਰਾਂਸੀਸੀ ਬੋਲੀ ਵਿੱਚ ਗੱਲਾਂ ਕਰ ਰਹਿਆ ਸੀ ਤੇ ਸ਼ਹਿਰ ਵਿੱਚ ਬੱਚਿਆਂ ਦੇ ਘਰ ਲਈ ਜਿਹੜੇ ਹੁਣ ਸ਼ਹਰ ਵਿੱਚ ਆਰੰਭ ਹੋਣਗੇ, ਇਕ ਲਾਟਰੀ ਪਾਈ ਗਈ ਸੀ, ਉਹਦਾ ਜ਼ਿਕਰ ਕਰ ਰਹਿਆ ਸੀ ਤੇ ਆਪਣੀ ਰਾਏ ਦਸ ਰਹਿਆ ਸੀ ਕਿ ਜਨਾਨੀਆਂ ਲਈ ਇਕ ਬੜਾ ਅੱਛਾ ਕੰਮ ਤੇ ਸ਼ੁਗਲ ਖੁਲ੍ਹ ਜਾਏਗਾ—"ਚਲੋ ਉਹ ਆਪਣਾ ਦਿਲ ਪ੍ਰਚਾਵਾ ਕਰ ਲੈਣ, ਰੱਬ ਓਨ੍ਹਾਂ ਨੂੰ ਬਰਕਤ ਦੇਵੇ।" (ਫਰਾਂਸੀਸੀ ਵਿੱਚ ਕਹਿਆ)।
"ਆਹ ! ਨਿਖਲੀਊਧਵ ! ਕੀ ਹਾਲ ਹੈ, ਕੀ ਸਬੱਬ ਹੈ ਕਿ ਆਪ ਅਜ ਕਲ ਮਿਲਦੇ ਵੀ ਨਹੀਂ ?" ਇਹ ਕਹਕੇ ਉਹ ਨਿਖਲੀਊਧਵ ! ਨੂੰ ਮਿਲਿਆ । "ਜਾਓ ਮੈਡਮ ਨੂੰ ਅਦਾਬ ਅਰਜ਼ ਕਰੋ (ਫਰਾਂਸੀਸੀ ਵਿੱਚ) ਤੇ ਨਾਲੇ ਕੋਰਚਾਗਿਨ ਅੱਜ ਇੱਥੇ ਹਨ ਤੇ ਨਾਲੇ ਨਾਦੀਨ ਬੁਕਸ਼ੇਵਦੇਨ ਹੋਰੀ, ਨਾਲੇ ਸ਼ਹਿਰ ਦੀਆਂ ਸਭ ਸੁੰਦਰੀਆਂ (ਫਰਾਂਸੀਸੀ ਵਿੱਚ), ਓਸ ਪਰਤਿਸ਼ਠਤ ਮਹਿਮਾਨ ਨੇ ਕਹਿਆ, ਆਪਣੇ ਮੋਢੇ ਆਪਣਾ ਫੌਜੀ ਵੱਡਾ ਕੋਟ ਪਾਣ ਨੂੰ ਜਰਾ ਉਠਾਕੇ ਜਿਵੇਂ ਉਨ੍ਹਾਂ ਨੂੰ ਆਪਣੇ ਬੜੀ ਅਮੀਰ ਲਿਵਰੀ ਪਾਈ ਨੌਕਰ ਅੱਗੇ ਕੀਤਾ । ਲੌ ਫਿਰ ਮਿਲਾਂਗੇ, ਪਿਆਰੇ ਮਿਤਰੋ", (ਫਰਾਂਸੀਸੀ ਵਿੱਚ) ਤੇ ਓਨ੍ਹੇ ਮੈਸਲੈਨੀਕੋਵ ਦਾ ਹੱਥ ਦਬਾਇਆ।
"ਹੁਣ ਆਓ ਉੱਪਰ—ਮੈਂ ਬੜਾ ਹੀ ਖੁਸ਼ ਹੋਇਆ ਹਾਂ ਕਿ ਆਪ ਆ ਗਏ ਹੋ," ਮੈਸਲੈਨੀਕੋਵ ਨੇ ਓਹਦਾ ਹੱਥ ਪਕੜ ਕੇ, ਬੜੀ ਨਿੱਘੀ ਹੋ ਗਈ ਤਬੀਅਤ ਨਾਲ ਕਹਿਆ । ਓਹ ਮੋਟਾ ਹੁੰਦਿਆਂ ਵੀ, ਪੌੜੀਆਂ ਉੱਪਰ ਛੇਤੀ ਛੇਤੀ ਚੜ੍ਹਿਆ । ਓਸ ਦਿਨ ਓਹ ਖਾਸ ਢੰਗ ਤਬੀਅਤ ਵਿੱਚ ਸੀ । ਇਸ ਤਬੀਅਤ ਦੇ ਉੱਪਰ ਉਠ ਜਾਣ ਦਾ ਕਾਰਨ ਉਹ ਖਾਸ ਧਿਆਨ ਸੀਜਿਹੜਾ ਹੁਣੇ ਹੀ ਗਏ ਗਏ ਓਸ ਵਡੇ ਅਫਸਰ ਨੇ ਉਸ ਵਲ ਕੀਤਾ ਸੀ। ਜਦ ਕਦੀ ਵੀ ਕੋਈਵੱਡਾ ਅਫਸਰ ਉਹਦਾ ਇਸ ਤਰਾਂ ਦਾ ਖਾਸ ਧਿਆਨ ਕਰਦਾ ਹੁੰਦਾ ਸੀ ਉਹਦੀ ਖੁਸ਼ੀ ਦਾ ਉਭਾਰ ਇਸੀ ਤਰਾਂ ਹੋ ਜਾਇਆ ਕਰਦਾ ਸੀ, ਜਿਵੇਂ ਇਕ ਪਿਆਰ ਕਰਨ ਵਾਲੇ ਕੁੱਤੇ ਦਾ ਹੁੰਦਾ ਹੁੰਦਾ ਹੈ, ਜਦ ਕਦੀ ਵੀ ਉਹਦਾ ਮਾਲਕ ਉਹਦੀ ਕੰਡ ਉੱਪਰ ਹੱਥ ਫੇਰਦਾ ਹੈ ਯਾ ਓਹ ਨੂੰ ਪਿਆਰ ਨਾਲ ਥੱਪੜ ਮਾਰਦਾ ਹੈ, ਯਾ ਉਹਦੇ ਕੰਨਾਂ ਨੂੰ ਖੁਰਕਦਾ ਹੈ—ਤੇ ਉਹ ਕੁੱਤਾ ਆਪਣੀ ਦੁਮ ਹਿਲਾਂਦਾ ਹੈ ਨੀਂਵਾ ਹੋ ਕੂਰ ਕੂਰ ਕਰਦਾ ਹੈ, ਅਗੇ ਪਿਛੇ ਦੌੜਦਾ ਹੈ, ਆਪਣੇ ਕੰਨ ਤਲੇ ਪਾ ਕੁਛ ਦਬਕਦਾ ਹੈ, ਕੁਛ ਭਬਕਦਾ ਹੈ, ਤੇ ਇਕ ਚੱਕਰ ਵਿੱਚ ਪਾਗਲਾਂ ਵਾਂਗ ਘੁੱਮਰਘੇਰੀਆਂ ਖਾ ਖਾ ਉਹਦੇ ਅੱਗੇ ਪਿੱਛੇ ਪਾਇਲਾਂ ਜੇਹੀਆਂ ਪਾਣ ਲਗ ਜਾਂਦਾ ਹੈ। ਮੈਸਲੈਨੀਕੋਵ ਵੀ ਇਹ ਸਭ ਕੁਛ ਕਰਨ ਉੱਪਰ ਆਇਆ ਹੋਇਆ ਸੀ। ਉਸ ਨੇ ਨਿਖਲੀਊਧਵ ਦੇ ਮੂੰਹ ਦਾ ਸੰਜੀਦਾ ਰੰਗ ਤੇ ਤੌਰ ਗੌਲਿਆ ਹੀ ਨਹੀਂ ਸੀ, ਉਹਦੇ ਲਫਜ਼ਾਂ ਵੱਲ ਧਿਆਨ ਹੀ ਨਹੀਂ ਸੀ ਦਿੱਤਾਂ, ਬਸ ਉਹਨੂੰ ਬਾਂਹ ਪਾਈ, ਗੋਲ ਕਮਰੇ ਵਲ ਧੂਹੀ ਹੀ ਲਈ ਚਲਾ ਗਇਆ ਸੀ, ਤੇ ਉਹਨੂੰ ਅੱਗੋਂ ਨਾਂਹ ਮੁਨਕੱਰ ਕਰਨ ਦਾ ਅਵਸਰ ਹੀ ਨਹੀਂ ਸੂ ਦਿੱਤਾ, ਜਿਸ ਕਰਕੇ ਨਿਖਲੀਊਧਵ ਸਵਾਏ ਇਹਦੇ ਕਿ ਚਲਾ ਹੀ ਚਲੇ ਹੋਰ ਕੁਛ ਨਾ ਕਰ ਸਕਿਆ—
"ਕੰਮ ਪਿੱਛੋ ! ਮੈਂ ਜੋ ਆਪ ਕਹੋਗੇ ਕਰ ਦਿਆਂਗਾ", ਮੈਸਲੈਨੀਕੋਵ ਨੇ ਕਹਿਆ, ਜਿਵੇਂ ਉਹ ਉਹਨੂੰ ਧ੍ਰੀਕ ਕੇ ਨਾਚ-ਕਮਰੇ ਵਲ ਲੈ ਗਇਆ, ਤੇ ਇਕ ਹਜੂਰੀਏ ਨੂੰ ਕਿਹਾ, "ਸ਼ਾਹਜ਼ਾਦਾ ਨਿਖਲੀਊਧਵ ਦੇ ਆਉਣ ਦੀ ਖਬਰ ਕਰਦੇ", ਤੇ ਆਪ ਠਹਰਿਆ ਨਾਂਹ । ਹਜੂਰੀਆਂ ਦੁੜਕੀ ਹੋਕੇ ਉਹਦੇ ਕੋਲ ਦੀ ਲੰਘ ਗਇਆ ।
"ਆਪ ਹੁਕਮ ਕਰੋ—ਮੈਂ ਹਾਜਰ ਹਾਂ—ਪਰ ਪਹਿਲਾਂ ਮੇਰੀ ਵਹੁਟੀ ਨੂੰ ਤਾਂ ਮਿਲ ਲੈ, ਪਿਛਲੀ ਵੇਰੀ ਵੀ ਉਸ ਮੇਰੀ ਬੜੀ ਖਬਰ ਲਈ ਸੀ ਕਿ ਮੈਂ ਆਪਨੂੰ ਬਿਨਾਂ ਉਹਦੇ ਮਿਲਣ ਦੇ ਕਿਉਂ ਜਾਣ ਦਿੱਤਾ ਸੀ।"
ਇੰਨੇ ਵਿੱਚ ਉਹ ਗੋਲ ਕਮਰੇ ਵਿੱਚ ਪਹੁੰਚ ਗਏ, ਹਜੂਰੀਏ ਨੇ ਅੱਗੇ ਹੀ ਖਬਰ ਦੇ ਦਿੱਤੀ ਸੀ, ਤੇ ਸਵਾਣੀਆਂ ਦੀਆਂ ਟੋਪੀਆਂ ਤੇ ਸਿਰਾਂ ਵਿੱਚ ਦੀ, ਜਿਹੜੇ ਆਲੇ ਦੁਆਲੇ ਸਾਰੇ ਘੇਰਾ ਪਾਈ ਖੜੀਆਂ ਸਨ, ਐਨਾ ਇਗਨਾਤਏਵਨਾ ਵਾਈਸ ਗਵਰਨਰ ਦੀ ਵਹੁਟੀ ਦਾ ਹਸੂ ਹਸੂ ਕਰਦਾ ਮੂੰਹ ਨਿਖਲੀਊਧਵ ਵਲ ਵੇਖ ਕੇ ਚਮਕਿਆ । ਗੋਲ ਕਮਰੇ ਦੇ ਪਰਲੇ ਸਿਰੇ ਤੇ ਕਈ ਸਵਾਣੀਆਂ ਚਾਹ ਦੇ ਮੇਜ਼ ਉੱਪਰ ਬੈਠੀਆਂ ਸਨ ਤੇ ਸਿਵਲ ਤੇ ਫੌਜ ਦੇ ਅਫ਼ਸਰ ਓਨ੍ਹਾਂ ਪਾਸ ਖੜੇ ਸਨ । ਮਰਦਾਂ ਤੀਮੀਆਂ ਦੀ ਮਿਲੀ ਆਵਾਜ਼ ਦੀ ਕੁਲ ਕੁਲ ਲਗਾਤਾਰ ਜਾਰੀ ਸੀ ।
"ਆਹ ! ਅਸਾਂ ਸਮਝਿਆਂ ਆਪ ਨੇ ਸਾਨੂੰ ਵਿਸਾਰ ਛਡਿਆ ਹੈ—ਕਿ ਅਸਾਂ ਨੇ ਆਪ ਨੂੰ ਕਿਸੀ ਤਰਾਂ ਖਫ਼ਾ ਤਾਂ ਨਹੀਂ ਕਰ ਦਿੱਤਾ ?" ਇਨ੍ਹਾਂ ਲਫਜ਼ਾਂ ਵਿੱਚ ਐਨਾ ਇਗਨਾਤਏਵਨਾ ਬੋਲੀ, ਤੇ ਨਵੇਂ ਆਏ ਨਿਖਲੀਊਧਵ ਨੂੰ ਬੁਲਾਇਆ। ਭਾਵ ਇਹ ਸੀ ਓਹ ਇਸ ਤਰਾਂ ਆਪੇ ਵਿੱਚ ਦੀ ਅਪਣਤ, ਜਿਹੜੀ ਓਨ੍ਹਾਂ ਦੋਹਾਂ—ਨਿਖਲੀਊਧਵ ਤੇ ਐਨਾ ਐਨਾ ਇਗਨਾਤਏਵਨਾ—ਵਿਚ ਕਦੀ ਨਹੀਂ ਹੋਈ ਸੀ, ਪਰਗਟ ਕਰੇ ।
"ਤੁਸੀ ਇਕ ਦੂਜੇ ਨੂੰ ਜਾਣਦੇ ਹੋ ਨਾ—ਮੈਡਮ ਤਿਲਯਾਏਵਸਕਯਾ ਤੇ ਏਮ-ਚੇਰਨੌਵ । ਜ਼ਰਾ ਢੁਕ ਕੇ ਬਹਿ ਜਾਓ । ਮਿੱਸੀ ! ਤੂੰ ਵੀ ਸਾਡੇ ਮੇਜ਼ ਤੇ ਆ ਬੈਠ, ਤੇਰੀ ਚਾਹ ਇਥੇ ਹੀ ਲਿਆਂਦੀ ਜਾਏਗੀ...ਤੇ ਤੁਸੀਂ", ਇਕ ਅਫਸਰ ਜੋ ਮਿੱਸੀ ! ਨਾਲ ਗੱਲਾਂ ਕਰ ਰਹਿਆ ਸੀ ਓਹਨੂੰ ਵੀ ਕਹਿਆ, ਉਹਦਾ ਨਾਂ ਉਹਨੂੰ ਭੁਲ ਚੁਕਾ ਸੀ, "ਜ਼ਰੂਰ ਇਥੇ ਹੀ ਆ ਜਾਓ.........ਚਾਹ ਦੀ ਪਿਆਲੀ, ਸ਼ਾਹਜ਼ਾਦਾ ?"
"ਮੇਰੀ ਤੇਰੀ ਕਦੀ ਵੀ ਇਤਫਾਕ ਰਾਏ ਨਹੀਂ ਹੋਈ—ਇਹ ਤਾਂ ਬਿਲਕੁਲ ਸਿਧੀ ਗਲ ਹੈ—ਉਹ ਪਿਆਰ ਨਹੀਂ ਸੀ ਕਰਦੀ," ਇਕ ਤੀਮੀਂ ਦੀ ਆਵਾਜ਼ ਇਉਂ ਕਹਿੰਦੀ ਸੁਣਾਈ ਦਿੱਤੀ।
"ਪਰ ਓਹ ਕੇਕਾਂ (tarts) ਨੂੰ ਤਾਂ ਪਿਆਰ ਕਰਦੀ ਸੀ ।"
"ਆਹ ਤੁਸਾਡੇ ਨਿਤ ਦੇ ਭੈੜੇ ਮਖੌਲ", ਇਕ ਹੋਰ ਸਵਾਣੀ ਨੇ ਹੱਸ ਕੇ ਕਹਿਆ; ਇਹ ਕਹਿਣ ਵਾਲੀ ਰੇਸ਼ਮ, ਗੋਟੇ ਕਿਨਾਰੀ, ਸੋਨੇ ਤੇ ਜਵਾਹਰਾਤ ਨਾਲ ਲੱਦੀ ਹੋਈ ਸੀ ।
"ਇਹ ਛੋਟੀਆਂ ਬਿਸਕੁਟਾਂ ਬੜੀਆਂ ਸਵਾਦਲੀਆਂ ਹਨ ਤੇ ਇੰਨੀਆਂ ਹਲਕੀਆਂ ਹਨ, ਮੈਂ ਸੋਚ ਰਹਿਆਂ ਹਾਂ—ਇਕ ਹੋਰ ਲੈ ਲਵਾਂ ।"
"ਕਿਓਂ ਭਾਈ ਤੂੰ ਸ਼ਹਿਰੋਂ ਛੇਤੀ ਚਲਾ ਜਾਏਂਗਾ ?"
"ਹਾਂ ਜੀ ਅਜ ਸਾਡਾ ਆਖਰੀ ਦਿਨ ਇੱਥੇ ਹੈ, ਇਸ ਕਰਕੇ ਹੀ ਤਾਂ ਆਪ ਦੇ ਇਥੇ ਅੱਜ ਆਏ ਹਾਂ ।"
"ਹਾਂ—ਗਰਾਵਾਂ ਵਿਚ ਤਾਂ ਅੱਜ ਕਲ ਬੜਾ ਸੋਹਣਾ ਮੌਸਮ ਹੋਣਾ ਹੈ, ਐਦਕੀ ਸਾਡੀ ਬਸੰਤ ਬੜੀ ਹੀ ਆਨੰਦਦਾਇਕ ਹੈ ।"
ਮਿੱਸੀ ਆਪਣੀ ਟੋਪੀ ਪਾਈ ਹੋਈ, ਤੇ ਇਕ ਕਿਸਮ ਦੀ ਕਾਲੀ ਧਾਰੀਆਂ ਵਾਲੀ ਪੋਸ਼ਾਕ ਪਾਈ ਜਿਹੜੀ ਉਹਦੇ ਜਿਸਮ ਉੱਪਰ ਇਕ ਚੰਮ ਵਾਂਗਰ ਕੱਸ ਕੇ ਆਈ ਹੋਈ ਸੀ, ਬੜੀ ਸੋਹਣੀ ਲਗ ਰਹੀ ਸੀ। ਜਦ ਨਿਖਲੀਊਧਵ ਨੂੰ ਓਸ ਵੇਖਿਆ ਓਹਦਾ ਮੂੰਹ ਸ਼ਰਮ ਨਾਲ ਗੁਲਾਬੀ ਹੋ ਗਇਆ ।
"ਆਹ ! ਅਸਾਂ ਜਾਤਾ ਆਪ ਸਾਨੂੰ ਛੱਡ ਕੇ ਹੀ ਚਲੇ ਗਏ ਹੋ", ਉਸਨੇ ਓਹਨੂੰ ਕਹਿਆ ।
"ਮੈਂ ਜਾਣ ਵਾਲਾ ਹੀ ਹਾਂ, ਕਿਸੀ ਕੰਮ ਸ਼ਹਿਰ ਵਿਚ ਆਇਆ ਹੋਇਆ ਹਾਂ ਤੇ ਉਸੇ ਕੰਮ ਲਈ ਹੀ ਅੱਜ ਇਥੇ ਵੀ ਆਇਆ ਹਾਂ ।"
"ਕੀ ਮਾਂ ਜੀ ਨੂੰ ਮਿਲਣ ਆਪ ਨਹੀਂ ਆਵੋਗੇ ? ਓਹ ਆਪ ਨੂੰ ਮਿਲਣਾ ਚਾਹੁਣਗੇ", ਓਸ ਕਹਿਆ ਤੇ ਇਹ ਜਾਣ ਰਹੀ ਸੀ ਕਿ ਓਹ ਜੋ ਕੁਛ ਕਹਿ ਰਹੀ ਹੈ ਠੀਕ ਠੀਕ ਨਹੀਂ ਸੀ ਤੇ ਉਧਰ ਉਹ ਵੀ ਜਾਣਦਾ ਸੀ ਕਿ ਇਹ ਗੱਲ ਸਹੀ ਨਹੀਂ ਸੀ, ਤੇ ਕਹਿਣ ਵਾਲੀ ਦਾ ਚਿਹਰਾ ਹੋਰ ਵਧ ਗੁਲਾਬੀ ਹੋ ਗਇਆ ।
"ਮੈਨੂੰ ਡਰ ਹੈ ਕਿ ਮੇਰੇ ਪਾਸ ਮੁਸ਼ਕਲ ਹੀ ਵਕਤ ਹੋਣਾ ਹੈ", ਨਿਖਲੀਊਧਵ ਨੇ ਉਦਾਸ ਜੇਹੇ ਲਹਿਜੇ ਵਿੱਚ ਕਹਿਆ, ਤੇ ਇਉਂ ਦਰਸਾ ਰਹਿਆ ਸੀ ਜਿਵੇਂ ਉਹਦੇ ਗੁਲਾਬੀ ਹੋਣ ਨੂੰ ਓਨ੍ਹ ਨਹੀਂ ਸੀ ਤੱਕਿਆ ।
ਮਿੱਸੀ ਗੁੱਸੇ ਜੇਹੇ ਵਿੱਚ ਤੀਊੜੀ ਪਾਈ । ਆਪਣੇ ਮੋਢੇ ਉੱਚੇ ਖਿਚ ਕੇ ਜਰਾ ਮਾਰੇ, ਤੇ ਇਕ ਸੋਹਣੇ ਅਫਸਰ ਵਲ ਮੁੜੀ, ਜਿਸ ਉਹਦਾ ਖਾਲੀ ਪਿਆਲਾ ਜਿਹੜਾ ਉਹਦੇ ਹੱਥ ਵਿਚ ਸੀ ਆਪ ਫੜ ਲਇਆ, ਤੇ ਆਪਣੀ ਤਲਵਾਰ ਕੁਰਸੀਆਂ ਨਾਲ ਖਟ ਖਟਾਉਂਦਾ ਇਕ ਮਰਦਊਪੁਣੇ ਨਾਲ ਦੂਜੇ ਮੇਜ਼ ਉੱਪਰ ਲੈ ਗਇਆ ।
"ਤੈਨੂੰ ਹੋਮ ਫੰਡ ਲਈ ਕੁਛ ਜ਼ਰੂਰ ਦੇਣਾ ਚਾਹੀਦਾ ਹੈ ।"
"ਮੈਂ ਇਨਕਾਰ ਤਾਂ ਨਹੀਂ ਕਰ ਰਹਿਆ, ਪਰ ਮੈਂ ਆਪਣਾ ਰੁਪਿਆ ਲਾਟਰੀ ਲਈ ਤਾਜ਼ਾ ਰਖ ਰਹਿਆ ਹਾਂ, ਤੇ ਫਿਰ ਮੈਂ ਆਪਣਾ ਦਾਨ ਖੂਬ ਰੌਣਕ ਨਾਲ ਦਿਆਂਗਾ ।"
"ਦੇਖੀਂ ਕਿਧਰੇ ਢਹਿੰਦਾ ਨਾ ਹੋਵੇਂ," ਇਕ ਆਵਾਜ਼ ਨੇ ਕਹਿਆ ਤੇ ਇਸ ਕਹਿਣ ਦੇ ਪਿੱਛੇ ਇਕ ਬਨਾਵਟੀ ਹਾਸੇ ਦੀ ਆਵਾਜ਼ ਆਈ।
ਐਨਾ ਇਗਨਾਤਏਵਨਾ ਤਾਂ ਅੱਜ ਖੁਸ਼ੀਆਂ ਵਿਚ ਸੀ । ਉਹਦਾ ਐਟ ਹੋਮ ਇਕ ਚਮਕਦੀ ਕਾਮਯਾਬੀ ਸੀ ।
"ਮਿੱਕੀ ਮੈਨੂੰ ਦੱਸਦਾ ਹੈ ਕਿ ਆਪ ਅੱਜ ਕਲ ਜੇਲ ਦੇ ਪਰਉਪਕਾਰਾਂ ਵਿੱਚ ਰੁਝੇ ਹੋਏ ਹੋ । ਮੈਂ ਆਪ ਦੀ ਤਬੀਅਤ ਨੂੰ ਸਮਝ ਸਕਦੀ ਹਾਂ", ਉਸਨੇ ਨਿਖਲੀਊਧਵ ਨੂੰ ਕਹਿਆ । (ਮਿਕੀ ਥੀਂ ਮਤਲਬ ਉਹਦੇ ਆਪਣੇ ਮੋਟੇ ਪਤੀ ਮੈਸਲੈਨੀਕੋਵ ਬੀ ਸੀ) । "ਉਸ ਵਿਚ ਕਿੰਨੇ ਹੀ ਔਗੁਣ ਹੋਣ—ਪਰ ਇਹ ਤਾਂ ਹੈ ਨਾਂ ਕਿ ਉਹ ਬੜਾ ਕਿਰਪਾਲੂ ਦਿਲ ਵਾਲਾ ਹੈ, ਉਹ ਇੰਨੇ ਸਾਰੇ ਦੁਖੀ ਕੈਦੀਆਂ ਨੂੰ ਆਪਣੇ ਬੱਚਿਆਂ ਵਾਂਗਰ ਜਾਣਦਾ ਹੈ । ਉਹ ਇਨ੍ਹਾਂ ਨੂੰ ਹੋਰ ਕਿਸੀ ਨਜ਼ਰ ਵਿਚ ਵੇਖ ਹੀ ਨਹੀਂ ਸਕਦਾ । ਉਹ ਇਕ ਮਿੱਠੀ ਮਿਹਰਬਾਨ..........." ਤੇ ਉਹ ਠਹਿਰ ਗਈ, ਆਪਣੇ ਖਾਵੰਦ ਦੀ ਮਿੱਠਤ ਤੇ ਰਹਿਮ ਦਿਲੀ ਨੂੰ ਪੂਰਾ ਪੂਰਾ ਦੱਸਣ ਲਈ ਉਹ ਲਫਜ਼ ਹੀ ਨਾ ਲੱਭ ਸੱਕੀ, ਜਿੱਦੇ ਹੁਕਮ ਨਾਲ ਕੈਦੀਆਂ ਨੂੰ ਬੈਂਤ ਪੈਂਦੇ ਸਨ, ਤੇ ਮੁਸਕਰਾਂਦੀ ਮੁਸਕਰਾਂਦੀ, ਛੇਤੀ ਦੇਕੇ ਇਕ ਨਵੀਂ ਆਈ ਹੁਣੇ ਆ ਵੜੀ ਤੀਮੀਂ ਝੁਰਲੀਆਂ ਦੀ ਮਾਰੀ, ਸੁਕੀ ਸੜੀ ਤੇ ਲਾਈਲੈਕ ਰੰਗ ਦੇ ਰਿਬਨਾਂ ਨਾਲ ਕੱਜੀ, ਦੀ ਆਓ ਭਗਤ ਕਰਨ ਲਗ ਪਈ ।
ਬਸ ਠੀਕ ਉੱਨਾ ਹੀ ਬੋਲਦਾ ਹੋਇਆ ਜਿੰਨਾ ਠੀਕ ਜ਼ਰੂਰੀ ਸੀ ਤੇ ਉੱਨੀ ਹੀ ਮਤਲਬ ਦੀ ਗੱਲ ਕਹਿੰਦਾ ਹੋਇਆ ਜਿੰਨਾਂ ਰਵਾਜ ਰਸਮ ਲਈ ਜ਼ਰੂਰੀ ਸੀ, ਨਿਖਲੀਊਧਵ ਉਠਕੇ ਮੈਸਲੈਨੀਕੋਵ ਵਲ ਚਲਾ ਗਇਆ ।
"ਕਿਰਪਾ ਕਰਕੇ ਕੁਛ ਮਿੰਟ ਆਪ ਮੈਨੂੰ ਦੇ ਸਕਦੇ ਹੋ ?"
"ਉਹ—ਜੀ ਹਾਂ ! ਦਸੋ ਕੀ ਗੱਲ ਹੈ ? ਆਓ ਇਧਰ ਅੰਦਰ ਚਲੇ ਚੱਲੀਏ !" ਓਹ ਇਕ ਛੋਟੇ ਜਾਪਾਨੀ ਨਮੂਨੇ ਦੇ ਕਮਰੇ ਵਿਚ ਗਏ ਤੇ ਉਥੇ ਖਿੜਕੀ ਪਾਸ ਬਹਿ ਗਏ ।
ਮੋਇਆਂ ਦੀ ਜਾਗ-ਕਾਂਡ ੫੮. : ਲਿਉ ਤਾਲਸਤਾਏ
"ਅੱਛਾ, ਹੁਣ ਮੈਂ ਤੁਸਾਂ ਦੀ ਸੇਵਾ ਕਰਾਂਗਾ । ਕੀ ਆਪ ਸਿਗਰਟ ਪੀਓਗੇ ? ਪਰ ਜ਼ਰਾ ਠਹਿਰ ਜਾਓ । ਸਾਨੂੰ ਕੁਛ ਫਿਕਰ ਕਰਨਾ ਚਾਹੀਏ, ਜੇ ਇੱਥੇ ਗੰਦ ਨ ਪਵੇ," ਮੈਸਲੈਨੀਕੋਵ ਨੇ ਕਹਿਆ ਤੇ ਜਾ ਕੇ ਇਕ ਰਾਖ ਪਾਣ ਵਾਲੀ ਤਸ਼ਤਰੀ ਲੈ ਆਇਆ ।
"ਅੱਛਾ ਜੀ ?"
"ਆਪ ਨਾਲ ਦੋ ਗੱਲਾਂ ਕਰਨੀਆਂ ਹਨ ।"
"ਆਹ !"
ਮੈਸਲੈਨੀਕੋਵ ਦੇ ਮੂੰਹ ਉੱਪਰੋਂ ਓਹ ਲਾਡ ਕੀਤੇ ਤੇ ਕੰਨ ਪਿੱਛੇ ਖੁਰਕੇ ਕੁੱਤੇ ਦੇ ਜੋਸ਼ ਵਾਲੀ ਖੁਸ਼ੀ ਦਾ ਰੰਗ ਉੱਡਿਆ, ਤੇ ਇਕ ਗ਼ਮ ਤੇ ਉਦਾਸੀ ਛਾ ਗਈ । ਗੋਲ ਕਮਰੇ ਦੀਆਂ ਬੋਲੀਆਂ ਦੀਆਂ ਆਵਾਜ਼ਾਂ ਉਨ੍ਹਾਂ ਨੂੰ ਸੁਣਾਈ ਦੇ ਰਹੀਆਂ ਸਨ । ਇਕ ਤੀਮੀ ਦੀ ਆਵਾਜ਼ ਆ ਰਹੀ ਸੀ-"Jamais Jamais Je ne Croirai (ਮੈਂ ਕਦੀ ਵੀ ਨਾ, ਕਦੀ ਵੀ ਨਾ ਮੰਨਾਂਗੀ) । ਫਰਾਂਸੀਸੀ ਵਿਚ ਕਹਿ ਰਹੀ ਸੀ—ਤੇ ਦੂਜੇ ਪਾਸਿਓਂ ਇਕ ਮਰਦ ਦੀ ਆਵਾਜ਼ ਸੀ, ਕੋਈ ਐਸੀ ਗਲ ਕਰ ਰਹਿਆ ਸੀ, ਜਿਸ ਵਿਚ ਕੌਤੈਂਸ ਵੋਰੋਤਸੋਵ ਤੇ ਵਿਕਟਰ ਅਪਰਾਕਸਿਨ ਦੇ ਨਾਂ ਮੁੜ ਮੁੜ ਆ ਰਹੇ ਸਨ । ਦੂਜੇ ਹੋਰ ਪਾਸਿਓਂ ਆਵਾਜ਼ ਦੀ ਗੂੰਜ ਹਾਸਿਆਂ ਨਾਲ ਮਿਲਵੀਂ ਆ ਰਹੀ ਸੀ । ਮੈਸਲੈਨੀਕੋਵ ਨਾਲੇ ਤਾਂ ਉਸ ਕਮਰੇ ਦੀਆਂ ਆਉਂਦੀਆਂ ਆਵਾਜ਼ਾਂ ਵੱਲ ਕੰਨ ਧਰ ਕੇ ਉਨ੍ਹਾਂ ਨੂੰ ਸੁਣਨ ਦੀ ਕਰ ਰਹਿਆ ਸੀ ਤੇ ਨਾਲੇ ਨਿਖਲੀਊਧਵ ਦੀ ਗੱਲ ਸੁਣਨ ਵਿਚ ਲਗਾ ਸੀ।
"ਮੈਂ ਮੁੜ ਉਸ ਤੀਮੀਂ ਖਾਤਰ ਆਇਆ ਹਾਂ," ਨਿਖਲੀਊਧਵ ਨੇ ਕਹਿਆ ।
"ਆਹ ਹਾਂ ! ਉਹ ! ਮੈਂ ਜਾਣਦਾ ਹਾਂ ਜਿਹੜੀ ਬੇਗੁਨਾਹ ਦੋਸ਼ੀ ਹੋ ਗਈ ਹੈ !"
ਮੈਂ ਉਸ ਲਈ ਇਹ ਰਿਆਇਤ ਚਾਹੁੰਦਾ ਹਾਂ ਕਿ ਫਿਲਹਾਲ ਉਸ ਨੂੰ ਹਸਪਤਾਲ ਦੇ ਕੰਮ ਉੱਪਰ ਬਦਲ ਦਿੱਤਾ ਜਾਏ । ਮੈਨੂੰ ਦਸਿਆ ਗਇਆ ਹੈ ਕਿ ਇਹ ਤੁਸੀਂ ਕਰ ਸਕਦੇ ਹੋ ।"
ਮੈਸਲੈਨੀਕੋਵ ਨੇ ਆਪਣੇ ਹੋਠਾਂ ਨੂੰ ਉੱਪਰ ਚੁੱਕ ਕੇ ਖੁਲ੍ਹੇ-ਮੂੰਹ ਬਟੂਏ ਦੀ ਸ਼ਕਲ ਵਾਂਗਰ ਬਣਾ ਦਿਤੇ ਤੇ ਸੋਚਣ ਲੱਗਾ ।
"ਇਹ ਨਹੀਂ ਹੋ ਸਕੇਗਾ," ਉਸ ਕਹਿਆ; "ਤਾਂ ਵੀ ਮੈਂ ਦੇਖਾਂਗਾ ਕਿ ਕੀ ਕੁਝ ਕੀਤਾ ਜਾ ਸਕਦਾ ਹੈ ਤੇ ਮੈਂ ਭਲਕੇ ਆਪ ਨੂੰ ਤਾਰ ਦੇ ਦਿਆਂਗਾ ।"
"ਮੈਨੂੰ ਪਤਾ ਲਗਾ ਹੈ ਕਿ ਹਸਪਤਾਲ ਵਿੱਚ ਬਹੁਤ ਬੀਮਾਰ ਹਨ ਤੇ ਟਹਿਲ ਕਰਨ ਵਾਲਿਆਂ ਦੀ ਲੋੜ ਹੈ ।"
"ਚੰਗਾ ਚੰਗਾ, ਮੈਂ ਹਰ ਇਕ ਹਾਲਤ ਵਿਚ ਆਪ ਨੂੰ ਖਬਰ ਦੇ ਦਿਆਂਗਾ ।"
"ਕਿਰਪਾ ਕਰਕੇ ਕਰ ਦੇਣਾ," ਨਿਖਲੀਊਧਵ ਨੇ ਕਹਿਆ । ਆਮ ਆਵਾਜ਼ਾਂ ਤੇ ਬਨਾਵਟੀ ਥੀਂ ਛੁਟ ਕੁਦਰਤੀ ਸੁਭਾਵਿਕ ਹਾਸਿਆਂ ਦੀਆਂ ਵੀ ਗੂੰਜਾਂ ਗੋਲ ਕਮਰੇ ਵਿਚੋਂ ਆ ਰਹੀਆਂ ਸਨ ।
"ਇਹ ਸਭ ਵਿਕਟਰ ਹੀ ਜੇ—ਜਦ ਉਹਦੀ ਤਬੀਅਤ ਦਾ ਰੁਖ ਠੀਕ ਹੋਵੇ ਉਹ ਇਕ ਅਸਚਰਜ ਤਰਾਂ ਦਾ ਹੁਸ਼ਿਆਰ ਹੁੰਦਾ ਹੈ," ਤੇ ਮੈਸਲੈਨੀਕੋਵ ਨੇ ਕਹਿਆ ।
"ਦੂਜੀ ਗਲ ਜਿਹੜੀ ਮੈਂ ਕਹਿਣੀ ਸੀ, ਨਿਖਲੀਊਧਵ ਬੋਲਿਆ, "ਇਹ ਹੈ ਕਿ ੧੩੦ ਬੰਦੇ ਇਸ ਲਈ ਅੰਦਰ ਡੱਕੇ ਪਏ ਹਨ ਕਿ ਉਨ੍ਹਾਂ ਦੀਆਂ ਰਾਹਦਾਰੀਆਂ ਦੀਆਂ ਤਾਰੀਖਾਂ ਪੁਰਾਣੀਆਂ ਹੋ ਚੁਕੀਆਂ ਸਨ । ਮਹੀਨਿਓਂ ਉਪਰ ਬੰਦ ਕੀਤੀਆਂ ਹੋਣ ਲੱਗਾ ਹੈ", ਉਸ ਸਾਰੇ ਵਾਕਿਆਤ ਓਸ ਮੁਕੱਦਮੇ ਦੇ ਦਸੇ ।
"ਆਪ ਨੂੰ ਇਹ ਗੱਲਾਂ ਕਿੰਝ ਪਤਾ ਲਗੀਆਂ ਹਨ," ਮੈਸਲੈਨੀਕੋਵ ਨੇ ਕੁਛ ਬੇਚੈਨ ਤੇ ਤੰਗ ਜੇਹਾ ਹੋਕੇ ਕਹਿਆ ।
"ਮੈਂ ਇਕ ਕੈਦੀ ਨੂੰ ਵੇਖਣ ਗਇਆ ਸਾਂ ਤੇ ਇਹ ਆਦਮੀ ਕੌਰੀਡੋਰ ਵਿਚ ਮੇਰੇ ਦਵਾਲੇ ਹੋ ਗਏ ਸਨ ਤੇ ਪੁਛਣ ਲੱਗੇ........"
"ਆਪ ਕਿਹੜੇ ਕੈਦੀ ਨੂੰ ਮਿਲਣ ਗਏ ਸੌ ?"
"ਇਕ ਕਿਸਾਨ ਮੁੰਡੇ ਨੂੰ, ਜਿਹੜਾ ਨਿਰਦੋਸ਼ ਹੈ ਤੇ ਉਹ ਵੀ ਅੰਦਰ ਡੱਕਿਆ ਹੋਇਆ ਹੈ । ਉਹਦਾ ਮੁਕੱਦਮਾ ਮੈਂ ਇਕ ਵਕੀਲ ਨੂੰ ਦਿੱਤਾ ਹੈ। ਪਰ ਗੱਲ ਇਹ ਨਹੀਂ । ਕੀ ਇਹ ਮੁਮਕਿਨ ਹੈ ਕਿ ਲੋਕੀ ਜਿਨ੍ਹਾਂ ਕੋਈ ਗਲਤ ਕੰਮ ਨਹੀਂ ਕੀਤਾ, ਸਿਰਫ ਇਸ ਲਈ ਡੱਕੇ ਪਏ ਹਨ ਕਿ ਉਨ੍ਹਾਂ ਦੀਆਂ ਰਾਹਦਾਰੀਆਂ ਪੱਛੜ ਗਈਆਂ ਹਨ ! ਤੇ............"
"ਇਹ ਮੁਕੱਦਮਾਂ ਪਰੋਕਿਊਰਰ ਦੇ ਮਹਿਕਮੇ ਦਾ ਹੈ," ਮੈਸਲੈਨੀਕੋਵ ਨੇ ਗੁੱਸੇ ਨਾਲ ਉਹਦੀ ਗੱਲ ਟੁਕ ਕੇ ਕਹਿਆ, "ਇਹ ਲੌ! ਵੇਖੋ ਨਾਂ—ਕੀ ਨਤੀਜੇ ਨਿਕਲਦੇ ਹਨ ਜਿਨੂੰ ਤੁਸੀਂ ਅਦਾਲਤ ਕਰਨ ਦੀ ਇਕ ਤੁਰਤ ਹੋ ਜਾਣ ਵਾਲੀ ਤੇ ਨਿਆਈਂ ਸ਼ਕਲ ਕਹਿੰਦੇ ਹੋ! ਸਰਕਾਰੀ ਵਕੀਲ ਦਾ ਫਰਜ਼ ਮੁਨਸਬੀ ਹੈ ਕਿ ਜੇਲ ਵਿਚ ਜਾਵੇ ਤੇ ਪਤਾ ਕਰੇ ਕਿ ਕੀ ਕੈਦੀ ਠੀਕ ਕਾਨੂੰਨ ਸਿਰ ਡੱਕੇ ਹਨ ਕਿ ਨਹੀਂ। ਪਰ ਉਹ ਲੋਕੀ ਤਾਂ ਤਾਸ਼ਾਂ ਖੇਡ ਰਹੇ ਹਨ ਹੋਰ ਕਰਦੇ ਕੀ ਹਨ ਓਹ !"
"ਕੀ ਮੈਂ ਇਹ ਸਮਝਾ ਕਿ ਆਪ ਇਸ ਮਾਮਲੇ ਵਿੱਚ ਕੁਛ ਨਹੀਂ ਕਰ ਸਕਦੇ ਹੋ ?" ਨਿਖਲੀਊਧਵ ਨੇ ਕੁਛ ਮਾਯੂਸ ਹੋ ਕੇ ਕਹਿਆ ਤੇ ਉਸਨੂੰ ਚੇਤੇ ਆਇਆ ਕਿ ਵਕੀਲ ਨੇ ਕਹਿਆ ਸੀ ਕਿ ਵਾਈਸ-ਗਵਰਨਰ ਪਰੋਕਿਊਰਰ ਉੱਪਰ ਕਸੂਰ ਸੁੱਟੇਗਾ ਤੇ ਉਹ ਉਸ ਉਪਰ ।
"ਉਹ ਹਾਂ, ਮੈਂ ਕਰ ਸਕਦਾ ਹਾਂ । ਮੈਂ ਫੌਰਨ ਇਧਰ ਧਿਆਨ ਦਿਆਂਗਾ।"
"ਉਸ ਤੀਮੀਂ ਲਈ ਉਸਥੀਂ ਵੀ ਵਧ ਮਾੜਾ—ਸਭ ਕਿਸੀ ਦੇ ਹਾਸੋ ਹੀਣੀ ਸ਼ੈ ਹੋ ਜਾਵੇਗੀ," ਇਕ ਤੀਮੀਂ ਦੀ ਆਵਾਜ਼ ਗੋਲ ਕਮਰੇ ਥੀਂ ਆਈ। ਸਪਸ਼ਟ ਸੀ ਕਿ ਜੋ ਕੁਛ ਉਹ ਕਹਿ ਰਹੀ ਸੀ ਉਸ ਦੀ ਉਹਨੂੰ ਰਤਾ ਪਰਵਾਹ ਨਹੀਂ ਸੀ । ਤੇ ਨਾਲੇ ਹੀ ਇਕ ਹੋਰ ਤੀਮੀ ਦਾ ਮਖੌਲ ਵਾਲਾ ਹਾਸਾ ਸੁਣਾਈ ਦਿੱਤਾ ਜਿਹੜੀ ਇਉਂ ਜਾਪਦੀ ਸੀ ਕਿ ਕਿਸੀ ਮਰਦ ਨੂੰ ਰੋਕ ਰਹੀ ਸੀ ਕਿ ਉਹ ਉਸ ਪਾਸ ਪਈ ਕਿਸੀ ਚੀਜ਼ ਨੂੰ ਉੱਥੋਂ ਨ ਚੱਕੇ—"ਨਹੀਂ ਨਹੀਂ ਹਰਗਿਜ਼ ਨਹੀਂ", ਉਸ ਤੀਮੀ ਨੇ ਕਹਿਆ ।
"ਚੰਗਾ ਫੇਰ, ਮੈਂ ਇਹ ਸਭ ਕੁਛ ਕਰ ਦਿਆਂਗਾ," ਮੈਸਲੈਨੀਕੋਵ ਨੇ ਦੁਹਰਾਇਆ, ਤੇ ਉਹ ਸਿਗਰਟ ਜੋ ਉਹਦੇ ਨੀਲਮ ਦੀ ਛਾਪ ਵਾਲੇ ਹਥ ਵਿਚ ਸੀ ਬੁਝਾ ਦਿੱਤੀ, "ਆ ! ਹੁਣ ਸਵਾਣੀਆਂ ਦੇ ਝੁਰਮਟ ਵਿੱਚ ਰਲ ਮਿਲੀਏ ।"
"ਰਤਾਕੂ ਠਹਿਰੋ," ਨਿਖਲੀਊਧਵ ਗੋਲ ਕਮਰੇ ਦੇ ਦਰਵਾਜ਼ੇ ਉੱਪਰ ਖਲੋ ਕੇ ਕਹਿਣ ਲੱਗਾ, "ਮੈਨੂੰ ਪਤਾ ਲੱਗਾ ਹੈ ਕਿ ਕਲ ਜੇਲ ਵਿੱਚ ਬੈਂਤ ਲਗਾਏ ਗਏ ਹਨ--ਕੀ ਇਹ ਸੱਚ ਹੈ ?"
ਮੈਸਲੈਨੀਕੋਵ ਸ਼ਚਮ ਨਾਲ ਰੱਤਾ ਹੋ ਗਿਆ, "ਆਹ ! ਆਪ ਇਨਾਂ ਗੱਲਾਂ ਪਿੱਛੇ ਲਗ ਗਏ ਹੋ—ਨਹੀਂ—ਪਿਆਰੇ—ਫੈਸਲੇ ਦੀ ਮੁਕਦੀ ਗੱਲ ਹੈ ਕਿ ਆਪਨੂੰ ਓਬੇ ਵੜਨ ਹੀ ਨ ਦਿੱਤਾ ਜਾਵੇ । ਆ—ਆ— ਐਨਾ ਬੁਲਾ ਰਹੀ ਹੈ," ਉਸ ਕਹਿਆ। ਨਿਖਲੀਊਧਵ ਦੀ ਬਾਂਹ ਆਪਣੀ ਬਾਂਹ ਵਿੱਚ ਪਾ ਲਈ ਤੇ ਉਸੀ ਤਰਾਂ ਜੋਸ਼ੀਲਾ ਜੇਹਾ ਹੋ ਗਇਆ ਜਿਸ ਤਰਾਂ ਉਸ ਵੱਡੇ ਆਦਮੀ ਦਾ ਪੁਚਕਾਰਾ ਪਾਕੇ ਹੋਇਆ ਸੀ । ਸਿਰਫ ਹੁਣ ਨ ਚਾ, ਨ ਉਹ ਖੁਸ਼ੀ ਸੀ—ਕੁਛ ਫਿਕਰਮੰਦ ਸੀ ।
ਨਿਖਲੀਊਧਵ ਨੇ ਆਪਣੀ ਬਾਂਹ ਛੁਡਾ ਲਈ ਤੇ ਬਿਨਾਂ ਕਿਸੀ ਥਾਂ ਪੁਛੇ ਯਾ ਕਿਸੀ ਨੂੰ ਕੁਛ ਕਹੇ ਦੇ, ਓਹ ਗੋਲ ਕਮਰੇ ਵਿੱਚ ਦੀ ਲੰਘ ਕੇ ਮਾਯੂਸ ਜੇਹੇ ਰੰਗ ਵਿੱਚ ਹਾਲ ਵਿੱਚ ਥੱਲੇ ਚਲਾ ਗਿਆ, ਤੇ ਹਜੂਰੀਏ ਪਾਸ ਦੀ ਲੰਘ ਕੇ, ਜਿਹੜਾ ਓਸ ਵਲ "ਕੋਈ ਸੇਵਾ ?" ਕਹਿੰਦਾ ਲਮਕਿਆ ਸੀ, ਉਹ ਗਲੀ ਵਿਚ ਪਹੁੰਚ ਗਇਆ ।
"ਇਹਨੂੰ ਕੀ ਹੋ ਰਹਿਆ ਹੈ--? ਤੂੰ ਕੁਛ ਆਖਿਆ ਹੈ ?" ਐਨਾ ਨੇ ਆਪਣੇ ਖਾਵੰਦ ਨੂੰ ਪੁਛਿਆ ।
"ਇਹ ਤਾਂ ਫਰਾਂਸ ਦੇ ਤਰਜ਼ ਦੀ ਗੱਲ ਹੈ," ਕਿਸੀ ਨੇ ਕਹਿਆ ।
"ਫਰਾਂਸ ! ਫਰਾਂਸ ! ਇਹ ਤਾਂ ਅਫਰੀਕਾ ਦੇ ਜ਼ੁਲੂ ਲੋਕਾਂ ਵਾਂਗਰ ਜੇ।"
"ਆਹ, ਪਰ ਇਸਦਾ ਸਦਾ ਇਹੋ ਹਾਲ ਰਹਿਆ ਹੈ ।"
ਕੋਈ ਉੱਠ ਗਇਆ, ਕੋਈ ਆ ਗਇਆ ਤੇ ਇਉਂ ਖੜਕ ਖੜਾਕਾ ਟੁਰਿਆ ਰਹਿਆ । ਨਿਖਲੀਊਧਵ ਦੀ ਇਹ ਕਹਾਣੀ ਫਿਰ ਸਾਰਿਆਂ ਨੇ ਬਾਕੀ ਰਹਿ ਗਏ "ਐਟ ਹੋਮ" ਦੇ ਸਮੇਂ ਨੂੰ ਸੇਧਨ ਲਈ ਚਲਾਈ ਰੱਖੀ ।
ਉਹਦੇ ਮੈਸਲੈਨੀਕੋਵ ਦੇ ਜਾਣ ਦੇ ਦਿਨ ਥੀਂ ਦੂਜੇ ਦਿਨ ਨਿਖਲੀਊਧਵ ਨੂੰ ਇਕ ਖਤ ਮਿਲਿਆ, ਜਿਹੜਾ ਪੱਕੇ ਦਸਤਖਤਾਂ ਵਿਚ ਲਿਖਿਆ ਸੀ ਇਕ ਉਮਦਾ ਮੋਟੇ ਤੇ ਘੋਟੇ ਕਾਗਤ ਉੱਪਰ, ਜਿਸ ਉਪਰ ਖਾਨਦਾਨ ਦੀ ਮੋਨੋਗ੍ਰਾਮ ਵੀ ਛਪੀ ਹੋਈ ਸੀ, ਤੇ ਲਫਾਫੇ ਉੱਪਰ ਵੀ ਮੋਹਰ ਮਾਰ ਲਗੀ ਹੋਈ ਸੀ । ਇਸ ਖਤ ਵਿੱਚ ਮੈਸਲੈਨੀਕੋਵ ਨੇ ਲਿਖਿਆ ਸੀ ਕਿ ਓਨ੍ਹੇ ਡਾਕਟਰ ਨੂੰ ਲਿਖ ਦਿਤਾ ਹੈ ਕਿ ਮਸਲੋਵਾ ਨੂੰ ਹਸਪਤਾਲ ਵਿੱਚ ਬਦਲ ਦਿੱਤਾ ਜਾਵੇ ਤੇ ਨਾਲ ਉਮੈਦ ਪ੍ਰਗਟ ਕੀਤੀ ਹੋਈ ਸੀ ਕਿ ਨਿਖਲੀਊਧਵ ਦੀ ਮਰਜ਼ੀ ਮੁਤਾਬਕ, ਓਹਨੂੰ ਲੋੜੀਂਦੀ ਤਵੱਜੋ ਮਿਲ ਜਾਏਗੀ, ਚਿੱਠੀ ਹੇਠ ਦਸਤਖਤ ਇਉਂ ਸਨ-"ਆਪਦਾ ਪਿਆਰ ਕਰਨ ਵਾਲਾ ਆਪ ਥੀ ਵਡੇਰਾ ਸਾਥੀ" ਤੇ ਦਸਤਖਤ ਇਕ ਵੱਡੀ, ਪਰ ਪੀਡੀਆਂ ਤੇ ਸੋਹਣੀਆਂ ਵਾਹੀਆਂ ਲਕੀਰਾਂ ਤੇ ਸ਼ਕਸਤੇ ਨਾਲ ਖਤਮ ਕੀਤੇ ਹੋਏ ਸਨ ।
"ਬੇ-ਵਕੂਫ !" ਨਿਖਲੀਊਧਵ ਖਤ ਪੜ੍ਹਕੇ ਇਹ ਲਫਜ਼ ਕਹਣਿਓਂ ਰੁਕ ਨਾ ਸਕਿਆ, ਖਾਸ ਕਰ ਜਦ ਲਫਜ਼ 'ਸਾਥੀ' ਉਸ ਲਿਖਿਆ ਹੋਇਆ ਸੀ, ਜਿਸ ਥੀਂ ਪਤਾ ਲਗਦਾ ਸੀ ਕਿ ਮੈਸਲੈਨੀਕੋਵ ਆਪਣੇ ਆਪ ਨੂੰ ਉੱਚੀ ਥਾਂ ਤੇ ਬੈਠਾ. ਨਿਖਲੀਊਧਵ ਨਾਲ ਮਿਹਰਬਾਨੀ ਕਰਕੇ ਆਪਣਾ ਥੱਲੇ ਆਣਾ ਦਸ ਰਹਿਆ ਹੈ । ਗੱਲ ਇਉਂ ਲੱਭਦੀ ਸੀ—ਨਿਖਲੀਊਧਵ ਨੇ ਇਹ ਪਰਤੀਤ ਕੀਤਾ ਸੀ ਕਿ ਮੈਸਲੈਨੀਕੋਵ ਇਕ ਅਫਸਰੀ ਥਾਂ ਤੇ ਸੀ, ਜਿਹੜੀ ਇਖਲਾਕੀ ਪੱਧਰ ਤੋਂ ਇਕ ਬੜੀ ਗੰਦੀ ਤੇ ਸ਼ਰਮਨਾਕ ਥਾਂ ਸੀ, ਤਾਂ ਵੀ ਓਸ ਥਾਂ ਤੇ ਹੋਣ ਕਰਕੇ ਉਹ ਆਪਣੇ ਆਪ ਨੂੰ ਇਕ ਬੜਾ ਪਰਤਿਸ਼ਠਿਤ ਆਦਮੀ ਸਮਝਦਾ ਸੀ, ਤੇ ਇਸ ਥਾਂ ਤੇ ਹੁੰਦਿਆਂ ਹੋਇਆਂ ਵੀ ਉਹ ਇਹ ਚਾਹੁੰਦਾ ਸੀ ਕਿ ਨਿਖਲੀਊਧਵ ਦੀ ਜੇ ਠੀਕ ਚਾਪਲੂਸੀ ਕਰਨ ਲਈ ਨਹੀਂ, ਪਰ ਘਟੋ ਘਟ ਇਹ ਦੱਸਣ ਲਈ ਕਿ ਉਹ ਇੰਨਾਂ ਮਗ਼ਰੂਰ ਨਹੀਂ ਸੀ ਕਿ ਨਿਖਲੀਊਧਵ ਦਾ 'ਸਾਥੀ' ਅਖਵਾਣ ਯਾ ਆਪਣੇ ਆਪ ਨੂੰ ਕਹਿਣ ਵਿੱਚ, ਕੋਈ ਵੀ ਆਰ ਮੰਨਦਾ ਹੋਵੇ।
ਮੋਇਆਂ ਦੀ ਜਾਗ-ਕਾਂਡ ੫੯. : ਲਿਉ ਤਾਲਸਤਾਏ
ਬਹੁਤ ਦੂਰ ਤਕ ਫੈਲੇ ਵਹਿਮਾਂ ਵਿਚੋਂ ਇਕ ਵਹਿਮ ਇਹ ਹੈ ਕਿ ਹਰ ਇਕ ਆਦਮੀ ਦੇ ਆਪਣੇ ਖਾਸ ਨਿਜ ਦੇ ਵਸਫ਼ ਹੁੰਦੇ ਹਨ--ਕਿ ਉਹ ਨਰਮ ਦਿਲ ਹੈ, ਸਖਤ ਹੈ, ਦਾਨਾ ਹੈ, ਬੇਵਕੂਫ਼ ਹੈ, ਫ਼ੁਰਤੀਲਾ ਹੈ, ਆਦਿ । ਆਦਮੀ ਹੁੰਦੇ ਇੰਝ ਨਹੀਂ । ਅਸੀਂ ਕਿਸੀ ਆਦਮੀ ਬਾਬਤ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਅਕਸਰ ਕਰਕੇ ਜ਼ਿਆਦਾ ਨਰਮ ਹੁੰਦਾ ਹੈ ਤੇ ਘਟ ਕਠੋਰ, ਅਕਸਰ ਕਰਕੇ , ਜ਼ਿਆਦਾ ਦਾਨਾ ਹੁੰਦਾ ਹੈ ਤੇ ਘਟ ਬੇਵਕੂਫ਼, ਬਹੁਤ ਕਰਕੇ ਜ਼ਿਆਦਾ ਫੁਰਤੀਲਾ ਤੇ ਘਟ ਆਲਸੀ ਯਾ ਇਸ ਥੀਂ ਉਲਟ; ਪਰ ਇਕ ਆਦਮੀ ਬਾਬਤ ਇਹ ਕਹਿਣਾ ਸੱਚ ਨਹੀਂ ਹੋਵੇਗਾ ਕਿ ਉਹ ਕਿਰਪਾਲੂ ਹੈ, ਦਾਨਾ ਹੈ ਤੇ ਦੂਜੇ ਬਾਬਤ ਇਹ ਕਿ ਉਹ ਬੁਰਿਆਰ ਤੇ ਅਭੱਨਕ ਹੈ । ਪਰ ਫਿਰ ਵੀ ਅਸੀਂ ਆਦਮੀ ਦੀਆਂ ਕਿਸਮਾਂ ਇਉਂ ਹੀ ਕਰਦੇ ਹਾਂ । ਪਰ ਇਹ ਗ਼ਲਤ ਹੈ ਆਦਮੀ ਦਰਯਾਵਾਂ ਵਾਂਗਰ ਹਨ: ਪਾਣੀ ਸਭ ਵਿੱਚ ਇਕੋ ਜੇਹਾ ਹੁੰਦਾ ਹੈ, ਪਰ ਇਹ ਫਰਕ ਹੁੰਦਾ ਹੈ ਕਿ ਇਕ ਦਰਯਾ ਕਿਧਰੋਂ ਤੰਗ, ਕਿਧਰੋਂ ਤ੍ਰਿਖਾ, ਇਥੇ ਠਹਰਿਆ ਹੋਇਆ, ਕਿਧਰੇ ਚੌੜਾ, ਹੁਣ ਸਾਫ ਫਿਰ ਗੰਧਲਿਆ ਹੋਇਆ ਠੰਢਾ ਫਿਰ ਤੱਤਾ ਆਦਿ । ਆਦਮੀਆਂ ਨਾਲ ਵੀ ਗੱਲ ਇਉਂ ਹੀ ਹੈ, ਹਰ ਇਕ ਆਦਮੀ ਵਿਚ ਇਨਸਾਨੀ ਫਿਤਰਤ ਦੇ ਗੁਣ ਔਗੁਣ ਦੇ ਬੀਜ ਇਕੋ ਜੇਹੇ ਹੁੰਦੇ ਹਨ, ਪਰ ਕਦੀ ਕੋਈ ਗੁਣ ਔਗੁਣ ਪ੍ਰਗਟ, ਕਦੀ ਕੋਈ, ਤੇ ਕਈ ਵੇਰੀ ਆਦਮੀ ਆਪਣੇ ਆਪ ਥੀਂ ਕੁਛ ਵਖ ਓਪਰਾ ਜੇਹਾ ਹੋਰ ਕੋਈ ਹੋ ਜਾਂਦਾ ਹੈ ਭਾਵੇਂ ਰਹਿੰਦਾ ਉਹੋ ਹੀ ਹੈ ਜੋ ਸੀ ।
ਬਾਹਜਿਆਂ ਲੋਕਾਂ ਵਿੱਚ ਤਬੀਹਤੀ ਤਬਦੀਲੀਆਂ ਤ੍ਰਿਖੀਆਂ ਹੋਣ ਲਗ ਜਾਂਦੀਆਂ ਹਨ, ਉਨ੍ਹਾਂ ਆਦਮੀਆਂ ਵਿਚੋਂ ਇਕ ਇਹ ਸਾਡਾ ਨਿਖਲੀਊਧਵ ਸੀ । ਇਹ ਤਬਦੀਲੀਆਂ ਇਸ ਵਿੱਚ ਦੋਹਾਂ ਕਾਰਨਾਂ ਕਰਕੇ ਹੋ ਰਹੀਆਂ ਸਨ—ਸਰੀਰਕ ਤੇ ਆਤਮਿਕ । ਇਹੋ ਜੇਹੀਆਂ ਤ੍ਰਿਖੀਆਂ ਹੁੰਦੀਆਂ ਤਬਦੀਲੀਆਂ ਵਿੱਚੋਂ ਇਕ ਹੁਣ ਓਸ ਵਿੱਚ ਹੋਈ ਸੀ ।
ਕਾਤੂਸ਼ਾ ਦੀ ਅਦਾਲਤ ਤੇ ਉਸ ਨਾਲ ਪਹਿਲੀ ਮੁਲਾਕਾਤ ਬਾਦ ਜਿਹੜੀ ਖੁਸ਼ੀ ਤੇ ਫਤਹਿਯਾਬੀ ਦੀ ਪਰਤੀਤੀ ਓਸ ਅਨੁਭਵ ਕੀਤੀ ਸੀ, ਬਿਲਕੁਲ ਗੁਮ ਹੋ ਗਈ ਸੀ, ਤੇ ਆਖਰੀ ਮੁਲਾਕਾਤ ਬਾਦ ਉਸ ਖੁਸ਼ੀ ਦੀ ਥਾਂ ਡਰ ਤੇ ਪਿਛੇ-ਹਟਣ ਦੇ ਭਾਵ ਆ ਗਏ ਸਨ । ਇਹ ਤਾਂ ਪੱਕ ਕੀਤਾ ਹੋਇਆ ਸੀ ਕਿ ਉਹਨੂੰ ਛੱਡਣਾ ਨਹੀਂ, ਤੇ ਜੇ ਉਹ ਚਾਹੇ ਤਦ ਉਹਨੂੰ ਵਿਆਹੁਣ ਦਾ ਫੈਸਲਾ ਬਦਲਣਾ ਨਹੀਂ, ਪਰ ਹੁਣ ਦਿਸਿਆ ਸੀ ਕਿ ਇਹ ਕੰਮ ਹਨ ਬੜੇ ਕਠਨ ਤੇ ਅੰਦਰ ਹੀ ਇਨ੍ਹਾਂ ਗੱਲਾਂ ਦਾ ਉਹਨੂੰ ਸਖਤ ਦੁਖ ਹੁੰਦਾ ਸੀ ।
ਮੈਸਲੈਨੀਕੋਵ ਦੇ ਜਾਣ ਥੀਂ ਦੂਸਰੇ ਦਿਨ ਉਹ ਫਿਰ ਕਾਤੂਸ਼ਾ ਨੂੰ ਜੇਲ ਵਿੱਚ ਮਿਲਣ ਗਇਆ ਸੀ ।
ਇਨਸਪੈਕਟਰ ਨੇ ਉਹਨੂੰ ਮਿਲਣ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ, ਪਰ ਉਸੀ ਤਰਾਂ ਮਿਹਰਬਾਨ ਹੁੰਦਿਆਂ ਵੀ, ਉਹ ਨਿਖਲੀਊਧਵ ਵਲ ਪਹਿਲਾਂ ਥੀਂ ਕੁੱਝ ਖਿਚਿਆਂ ਹੋਇਆ ਸੀ । ਸਾਫ ਸੀ ਕਿ ਮੈਸਲੈਨੀਕੋਵ ਨਾਲ ਗੱਲ ਬਾਤ ਦੇ ਨਤੀਜੇ ਵਿਚ ਕੋਈ ਹੁਕਮ ਉਹਨੂੰ ਆ ਚੁਕਾ ਸੀ ਕਿ ਜ਼ਿਆਦਾ ਖਬਰਦਾਰੀ ਰੱਖਣੀ ਚਾਹੀਦੀ ਏ । "ਆਪ ਉਹਨੂੰ ਮਿਲ ਸੱਕਦੇ ਹੋ," ਤਾਂ ਇਨਸਪੈਕਟਰ ਨੇ ਕਹਿਆ "ਪਰ ਮੇਰੀ ਗੱਲ ਰੁਪੈ ਬਾਬਤ ਯਾਦ ਰੱਖਣੀ; ਤੇ ਉਹਦੇ ਹਸਪਤਾਲ ਭੇਜੇ ਜਾਣ ਦੇ ਵੀ ਹੁਕਮ ਪਹੁੰਚ ਚੁਕੇ ਹਨ ਤੇ ਉਹ ਕਰ ਦਿਤਾ ਜਾ ਸਕਦਾ ਹੈ, ਡਾਕਟਰ ਵੀ ਮੰਨਦਾ ਹੈ—ਪਰ ਉਹ ਆਪ ਕਹਿੰਦੀ ਹੈ, "ਮੈਨੂੰ ਕੀ ਲੋੜ ਪਈ ਹੈ ਕਿ ਮੈਂ ਸਕਰਵੀ ਦੇ ਮਾਰੇ ਟੁਕੜ ਗਦਾਵਾਂ ਦਾ ਗੂੰਹ ਮੂਤਰ ਪਈ ਸੱਟਾਂ ।" ਸ਼ਾਹਜ਼ਾਦਾ ਸਾਹਿਬ ! ਆਪ ਨੂੰ ਇਨ੍ਹਾਂ ਲੋਕਾਂ ਦੀ ਆਦਤਾਂ ਦੀ ਖਬਰ ਨਹੀਂ ।"
ਨਿਖਲੀਊਧਵ ਨੇ ਜਵਾਬ ਤਾਂ ਨਾ ਦਿੱਤਾ, ਪਰ ਮੁਲਾਕਾਤ ਲਈ ਕਹਿਆ । ਇਨਸਪੈਕਟਰ ਨੇ ਇਕ ਜੇਲਰ ਨੂੰ ਬੁਲਾਇਆ । ਉਹ ਨਿਖਲੀਊਧਵ ਨਾਲ ਤੀਮੀਆਂ ਦੇ ਮੁਲਾਕਾਤ ਵਾਲੇ ਕਮਰੇ ਵਲ ਗਇਆ, ਜਿੱਥੇ ਬਸ ਇਕੱਲੀ ਮਸਲੋਵਾ ਬੈਠੀ ਉਡੀਕ ਰਹੀ ਸੀ । ਉਹ ਜਾਲੀਆਂ ਦੇ ਪਿੱਛੋਂ ਦੀ ਚੁਪ ਤੇ ਸਹਮੀ ਹੋਈ ਉਸ ਪਾਸ ਆਕੇ ਬਿਨਾ ਉਸ ਵਲ ਵੇਖਣੇ ਦੇ, ਕਹਿਣ ਲੱਗ ਪਈ :—
"ਦਮਿਤ੍ਰੀ ਈਵਾਨਿਚ ਮੈਨੂੰ ਮਾਫ ਰੱਖਣਾ, ਮੈਂ ਪਰਸੋਂ ਆਪ ਨੂੰ ਬਹੁਤ ਬੁਰਾ ਭਲਾ ਕਹਿਆ ਸੀ ।"
"ਮੇਰੇ ਲਈ ਮਾਫ਼ ਕਰਨ ਦੀ ਤਾਂ ਗੱਲ ਕੋਈ ਨਹੀਂ," ਤੇ ਨਿਖਲੀਊਧਵ ਨੇ ਸ਼ੁਰੂ ਕੀਤਾ ।
"ਪਰ ਕੁਛ ਹੋਏ—ਆਪ ਮੇਰਾ ਪਿੱਛਾ ਛੱਡ ਦਿਉ, ਮੈਨੂੰ ਛੱਡ ਦਿਉ," ਉਹਨੇ ਉਹਦੀ ਗੱਲ ਟੁਕ ਕੇ ਕਹਿਆ, ਤੇ ਉਸ ਆਪਣੀ ਮੰਦ ਮੰਦ ਭੈਂਗ ਮਾਰਦੀ ਅੱਖਾਂ ਕੁਝ ਐਸੀਆਂ ਡਰਾਉਣੀਆਂ ਜੇਹੀਆਂ ਕਰਕੇ ਉਸ ਵਲ ਤੱਕਿਆ ਕਿ ਨਿਖਲੀਊਧਵ ਨੂੰ ਉਹਦੇ ਪਹਿਲਾਂ ਵਾਲੇ ਗੁੱਸੇ ਦਾ ਰੰਗ ਮੂੰਹ ਉੱਪਰ ਆਉਂਦਾ ਦਿਸਿਆ ।
"ਮੈਂ ਤੇਰਾ ਪਿੱਛਾ ਕਿਉਂ ਛੱਡ ਦਿਆਂ ?"
"ਆਪ ਨੂੰ ਜਰੂਰ ਛੱਡਨਾ ਪਵੇਗਾ ।"
"ਪਰ ਕਿਉਂ" ?
ਉਸਨੇ ਮੁੜ ਉਨ੍ਹਾਂ ਗੁਸੀਲੀ ਭਿਆਨਕ ਬਣਾਈਆਂ ਅੱਖਾਂ ਨਾਲ ਉੱਪਰ ਤੱਕਿਆ ।
ਅੱਛਾ !! ਲੋ—ਇਹ ਇਉਂ ਹੈ," ਉਸ ਕਹਿਆ, "ਆਪਨੂੰ ਜ਼ਰੂਰ ਮੈਨੂੰ ਛੱਡਨਾ ਪਵੇਗਾ । ਮੈਂ ਜੋ ਕਹਿ ਰਹੀ ਹਾਂ, ਸੱਚ ਕਹਿ ਰਹੀ ਹਾਂ । ਮੈਂ ਕਰ ਨਹੀਂ ਸੱਕਦੀ—ਆਪ ਇਸ ਸਾਰੀ ਗੱਲ ਦਾ ਪਿੱਛਾ ਕਰਨਾ ਹੀ ਛੱਡ ਦਿਉ," ਉਹਦੇ ਹੋਠ ਕੰਬੇ ਤੇ ਇਕ ਛਿਨ ਲਈ ਚੁਪ ਹੋ ਗਈ, "ਇਹ ਸੱਚ ਹੈ ਬਸ, ਨਹੀਂ ਤਾਂ ਮੈਂ ਆਪਣੇ ਆਪ ਨੂੰ ਫਾਹੇ ਲਾ ਦਿਆਂਗੀ ।"
ਨਿਖਲੀਊਧਵ ਨੇ ਮਹਿਸੂਸ ਕੀਤਾ ਕਿ ਇਸ ਇਨਕਾਰ ਵਿੱਚ ਨਫ਼ਰਤ ਭਰੀ ਪਈ ਸੀ, ਇਕ ਮਾਫ਼ੀ ਨ ਦੇਣ ਵਾਲਾ ਕਰੋਧ ਸੀ, ਪਰ ਨਾਲ ਹੋਰ ਵੀ ਕੁਛ ਸੀ, ਕੋਈ ਚੰਗੀ ਕਣੀ ਵੀ ਸੀ । ਉਹਦੇ ਪਹਿਲੇ ਇਨਕਾਰ ਨੂੰ ਮੁੜ ਅੱਜ ਪੱਕਾ ਕਰਨ ਨੇ—ਜਿਹੜੀ ਗੱਲ ਉਹ ਬੜੀ ਸ਼ਾਂਤੀ ਨਾਲ ਕਰ ਰਹੀ ਸੀ—ਨਿਖਲੀਊਧਵ ਦੀ ਛਾਤੀ ਵਿਚ ਉਠੇ ਸਾਰੇ ਸ਼ਕ ਸ਼ੁਬਿਆਂ ਨੂੰ ਠੰਡਾ ਕਰ ਦਿੱਤਾ ਸੀ, ਤੇ ਇਸ ਉਹਦੀ ਗੱਲ ਨੇ ਮੁੜ ਉਹਦੇ ਅੰਦਰ ਉਹੋ ਸੰਜੀਦਾ ਤੇ ਫਤਹਿ ਪਾਣ ਵਾਲਾ ਪਿਆਰ ਜਿਹੜਾ ਉਹਨੂੰ ਕਾਤੂਸ਼ਾ ਵਲ ਸੀ ਵਾਪਸ ਲਿਆਂਦਾ ।
"ਕਾਤੂਸ਼ਾ ! ਜੋ ਮੈਂ ਕਹਿਆ ਹੈ ਉਹ ਮੁੜ ਮੈਂ ਕਹਾਂਗਾ," ਉਹਨੇ ਬੜੇ ਹੀ ਗੰਭੀਰ ਲਹਿਜੇ ਵਿਚ ਕਹਿਆ, "ਮੈਂ ਤੈਨੂੰ ਵਿਆਹ ਕਰਨ ਲਈ ਦਰਖਾਸਤ ਕਰਦਾ ਹਾਂ—ਜੇ ਤੂੰ ਇਹ ਨਹੀਂ ਚਾਹੁੰਦੀ ਤੇ ਜਦ ਤਕ ਤੂੰ ਇਹ ਨਹੀਂ ਚਾਹੇਂਗੀ, ਮੈਂ ਸਿਰਫ ਤੇਰੇ ਪਿੱਛੇ ਪਿੱਛੇ, ਜਿੱਥੇ ਤੂੰ ਜਾਏਂਗੀ, ਮੈਂ ਜਾਵਾਂਗਾ।"
"ਇਹ ਤੇਰਾ ਆਪਣਾ ਕੰਮ ਹੈ, ਮੈਂ ਉਸ ਬਾਰੇ ਵਿੱਚ ਹੋਰ ਕੁਛ ਨਹੀਂ ਕਹਿਣਾ—" ਉਸ ਜਵਾਬ ਦਿੱਤਾ ਤੇ ਉਹਦੇ ਹੋਠ ਫਿਰ ਕੰਬਣ ਲੱਗ ਗਏ ।
ਓਹ ਵੀ ਚੁਪ ਸੀ, ਗੱਚ ਆ ਜਾਣ ਕਰਕੇ ਬੋਲ ਨਹੀਂ ਸੀ ਸੱਕਦਾ ।
"ਮੈਂ ਹੁਣ ਆਪਣੇ ਗਿਰਾਂ ਵਲ ਜਾਵਾਂਗਾ, ਫਿਰ ਸੇਂਟ ਪੀਟਰਜ਼ਬਰਗ," ਜਦ ਕੁਛ ਤਬੀਅਤ ਠਹਿਰੀ ਓਸ ਕਹਿਆ, "ਮੈਂ ਅਤਿ ਦਾ ਯਤਨ ਕਰਾਂਗਾ, ਤੇਰਾ............. ਮੇਰਾ ਮਤਲਬ ਸਾਡਾ, ਮਾਮਲਾ ਕਿਸ ਤਰ੍ਹਾਂ ਤੈਹ ਹੋ ਜਾਏ ਤੇ ਇਹ ਸਜ਼ਾ ਦਾ ਹੁਕਮ ਮਨਸੂਖ ਹੋ ਜਾਏ ।"
"ਤੇ ਜੇ ਇਹ ਮਨਸੂਖ ਨ ਹੋਵੇ ਤਾਂ ਵੀ ਮੈਨੂੰ ਕੁਛ ਪਰਵਾਹ ਨਹੀਂ, ਮੈਨੂੰ ਇਹ ਸਜ਼ਾ ਮਿਲਣੀ ਚਾਹੀਦੀ ਸੀ, ਭਾਵੇਂ ਇਸ ਮਾਮਲੇ ਵਿੱਚ ਨਹੀਂ, ਤਾਂ ਵੀ ਕਈ ਹੋਰ ਤਰਾਂ ਮੈਂ ਐਸੀਆਂ ਕਰਤੂਤਾਂ ਕੀਤੀਆਂ ਹਨ ਜਿਨ੍ਹਾਂ ਲਈ ਮੈਂ ਇਸ ਸਜ਼ਾ ਦੀ ਮੁਸਤਹਿਕ ਹਾਂ," ਓਸ ਕਹਿਆ ਤੇ ਨਿਖਲੀਊਧਵ ਨੇ ਵੇਖਿਆ ਕਿ ਓਸ ਲਈ ਆਪਣੇ ਅੱਥਰੂਆਂ ਦਾ ਰੋਕਨਾ ਕਿਤਨੀ ਕਠਿਨ ਗੱਲ ਹੋ ਰਹੀ ਸੀ ।
"ਅੱਛਾ ! ਆਪ ਮੈਨਸ਼ੋਵਾਂ ਨੂੰ ਮਿਲੇ ਹੋ ?" ਓਸ ਅਚਨਚੇਤ ਪੁਛਿਆ ਆਪਣਾ ਗੱਚ ਲਕਾਣ ਨੂੰ, "ਇਹ ਸੱਚ ਹੈ ਕਿ ਉਹ ਬੇਕਸੂਰ ਹਨ--ਹਨ ਕਿ ਨਹੀਂ ?"
"ਹਾਂ ਮੇਰਾ ਖਿਆਲ ਵੀ ਇਹੋ ਹੈ ।"
"ਕੇਹੀ ਆਲੀਸ਼ਾਨ ਬੁੱਢੀ ਜਨਾਨੀ—ਓਹ", ਉਸ ਕਹਿਆ, ਤੇ ਨਿਖਲੀਊਧਵ ਨੇ ਓਹਨੂੰ ਜੋ ਕੁਛ ਮੈਨਸ਼ੋਵਾ ਬਾਬਤ ਪਤਾ ਲੱਗਾ ਸੀ ਦਸਿਆ, ਤੇ ਨਾਲੇ ਪੁਛਿਆ ਕਿ ਕੀ ਕੁਛ ਹੋਰ ਓਹ ਉਨ੍ਹਾਂ ਦੇ ਮੁਤਅੱਲਕ ਚਾਹੁੰਦੀ ਹੈ । ਓਸ ਜਵਾਬ ਦਿੱਤਾ ਬਸ ਠੀਕ ਹੈ ਹੋਰ ਕੀ ।
ਦੋਵੇਂ ਫਿਰ ਚੁਪ ਹੋ ਗਏ ।
"ਅੱਛਾ ਹਸਪਤਾਲ ਬਾਬਤ," ਉਹ ਫਿਰ ਅਚਨਚੇਤ ਬੋਲੀ ਆਪਣੀਆਂ ਮੰਦ ਭੈਂਗ ਮਾਰਦੀਆਂ ਅੱਖਾਂ ਨਾਲ ਉਸ ਵਲ ਤੱਕ ਕੇ, "ਜੇ ਆਪ ਦਾ ਚਿੱਤ ਇਉਂ ਹੈ ਤਾਂ ਮੈਂ ਜਾਵਾਂਗੀ ਤੇ ਹੁਣ ਮੈਂ ਸ਼ਰਾਬ ਕਦੀ ਨਹੀਂ ਪੀਵਾਂਗੀ—ਦੋਵੇਂ ਗੱਲਾਂ" ।
ਨਿਖਲੀਊਧਵ ਨੇ ਉਹਦੀਆਂ ਅੱਖਾਂ ਵਿੱਚ ਤੱਕਿਆ—ਦੋਵੇਂ ਮੁਸਕਰਾ ਰਹੇ ਸਨ।
"ਇਹ ਬੜਾ ਚੰਗਾ ਹੈ," ਤਾਂ ਇਹੋ ਕੁਛ ਉਹ ਕਹਿ ਸਕਿਆ, ਤੇ ਉਸ ਥੀਂ ਵਿਦਾ ਹੋਇਆ ।
"ਹਾਂ——ਹਾਂ——ਹੁਣ ਉਹ ਬਿਲਕੁਲ ਹੋਰ ਹੋ ਗਈ ਹੈ, ਨਿਖਲੀਊਧਵ ਨੇ ਵਿਚਾਰਿਆ । ਆਪਣੇ ਸਾਰੇ ਸ਼ੱਕਾਂ ਦੇ ਮਗਰੋਂ ਹੁਣ ਉਸਨੂੰ ਇਕ ਪ੍ਰਤੀਤ ਪੱਕੀ ਹੋਈ ਜਿਹੜੀ ਅਗੇ ਕਦੀ ਨਹੀਂ ਸੀ ਹੋਈ, ਉਹ ਇਹ— ਪ੍ਰਤੱਖ ਸੱਚ ਕਿ ਪਿਆਰ ਸਦਾ ਫਤਹਿਯਾਬ ਹੈ ।
ਜਦ ਮਸਲੋਵਾ ਇਸ ਮੁਲਾਕਾਤ ਬਾਦ ਆਪਣੇ ਸ਼ੋਰੀਲੀ ਕੋਠੜੀ ਵਿੱਚ ਪਹੁੰਚੀ, ਓਸ ਆਪਣਾ ਉਤਲਾ ਕੋਟ ਲਾਹਿਆ ਤੇ ਆਪਣੇ ਹੱਥਾਂ ਨਾਲ ਆਪਣੀ ਝੋਲੀ ਵਿੱਚ ਰੱਖਕੇ ਤੈਹ ਕੀਤਾ ਤੇ ਤਖਤੇ ਦੇ ਬਿਸਤਰੇ ਉੱਪਰ ਆਪਣੀ ਥਾਂ ਤੇ ਬਹਿ ਗਈ । ਕੋਠੜੀ ਵਿੱਚ ਬਸ ਇਹੋ ਸਨ—ਇਕ ਤਪਦਿਕ ਦੀ ਮਾਰੀ ਤੀਮੀ, ਉਹ ਵਲਾਦੀਮੀਰ ਤੀਮੀ ਤੇ ਉਹਦਾ ਬੇਬੀ, ਮੈਨਸ਼ੋਵ ਦੀ ਬੁਢੀ ਮਾਂ, ਤੇ ਚੌਕੀਦਾਰ ਦੀ ਵਹੁਟੀ । ਪਾਦਰੀ ਦੀ ਲੜਕੀ ਪਰਸੋਂ ਝੱਲੀ ਕਰਾਰ ਦਿੱਤੀ ਗਈ ਸੀ ਤੇ ਓਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ, ਬਾਕੀ ਦੀਆਂ ਤੀਮੀਆਂ ਕੱਪੜੇ ਤੇ ਧੋਣ ਬਾਹਰ ਗਈਆਂ ਹੋਈਆਂ ਸਨ । ਬੁਢੀ ਤੀਮੀ ਸੁਤੀ ਪਈ ਸੀ, ਕੋਠੜੀ ਦਾ ਬੂਹਾ ਖੁਲ੍ਹਾ ਹੋਇਆ ਸੀ, ਕੌਰੀਡੋਰ ਵਿੱਚ ਚੌਕੀਦਾਰ ਦੇ ਬਾਲ ਸਨ । ਵਲਾਦੀਮੀਰ ਤੀਮੀ ਆਪਣੇ ਬੇਬੀ ਨੂੰ ਕੁਛੜ ਚੁੱਕਿਆ ਹੋਇਆ ਤੇ ਚੌਕੀਦਾਰ ਦੀ ਵਹੁਟੀ ਆਪਣੀ ਜੁਰਾਬ ਸਮੇਤ, ਜਿਹਨੂੰ ਓਹ ਆਪਣੀਆਂ ਤੇਜ਼ ਚਲਦੀਆਂ ਉਂਗਲਾਂ ਨਾਲ ਬਰਾਬਰ ਬੁਣੀ ਜਾ ਰਹੀ ਸੀ, ਮਸਲੋਵਾ ਪਾਸ ਆਈਆਂ ।
"ਅੱਛਾ ਫਿਰ ਕੀ ਗੱਲ ਬਾਤ ਕਰ ਆਈ ਏਂ ?" ਓਨਾਂ ਪੁਛਿਆ ।
ਮਸਲੋਵਾ ਆਪਣੇ ਉੱਚੇ ਬਿਸਤਰੇ ਉੱਪਰ ਚੁਪ ਬੈਠੀ ਸੀ ਤੇ ਆਪਣੀਆਂ ਲਮਕਦੀਆਂ ਜੰਘਾਂ ਨੂੰ ਜਿਹੜੀਆਂ ਫਰਸ਼ ਉੱਪਰ ਨਹੀਂ ਸਨ ਅਪੜ ਰਹੀਆਂ, ਹਿਲਾ ਰਹੀ ਸੀ ।
"ਇਉਂ ਖਫ਼ਗੀ ਕਰਨ ਦਾ ਕੀ ਫਾਇਦਾ ਹੈ ?" ਚੌਕੀਦਾਰ ਦੀ ਵਹੁਟੀ ਨੇ ਕਿਹਾ, "ਅਸਲ ਗੱਲ ਤਾਂ ਇਹ ਹੈ ਕਿ ਬੰਦਾ ਸੋ ਜੋ ਉਦਾਸ ਨਾ ਹੋਵੇ— ਕਾਤੂਸ਼ਾ ! ਖੁਸ਼ ਹੋ," ਆਪਣੀ ਉਂਗਲਾਂ ਨਾਲ ਉਣਦੀ ਤੇ ਕਹਿੰਦੀ ਚਲੀ ਜਾਂਦੀ ਸੀ
ਮਸਲੋਵਾ ਨੇ ਕੋਈ ਉੱਤਰ ਨ ਦਿੱਤਾ।
"ਤੇ ਸਾਡੀਆਂ ਇਥੇ ਦੀਆਂ ਤੀਮੀਆਂ ਸਭ ਕਪੜੇ ਧੋਣ ਗਈਆਂ ਹੋਈਆਂ ਹਨ," ਵਲਾਦੀਮੀਰ ਤੀਮੀ ਨੇ ਕਹਿਆ, ਮੈਂ ਸੁਣਿਆ ਹੈ ਕਿ ਅੱਜ ਢੇਰ ਸਾਰੀ ਖੈਰਾਤ ਵੰਡੀ ਗਈ ਹੈ, ਤੇ ਬਹੁਤ ਸਾਰੀ ਲਿਆਏ ਹਨ ।"
"ਫਿਨਾਸ਼ਕਾ!" ਚੌਕੀਦਾਰ ਦੀ ਵਹੁਟੀ ਨੇ ਆਵਾਜ਼ ਮਾਰੀ "ਉਹ ਨਿੱਕਾ ਸ਼ਤੂੰਗੜਾ ਕਿੱਥੇ ਈ ?" ਓਸ ਉਣਨ ਵਾਲੀ ਸਲਾਈ ਚਕੀ ਤੇ ਉੱਨ ਦੇ ਗੇਂਦ ਅਤੇ ਜੁਰਾਬ ਵਿੱਚ ਦੀ ਫਸਾ ਕੇ ਆਪ ਕੌਰੀਡੋਰ ਵਲ ਬਾਹਰ ਗਈ ।
ਇਸ ਛਿਨ ਹੀ, ਕੌਰੀਡੋਰ ਵਿੱਚ ਦੀ ਆਉਂਦੀਆਂ ਤੀਮੀਆਂ ਦੀ ਆਵਾਜ਼ ਆਈ । ਤੇ ਇਸ ਕੋਠੜੀ ਵਿੱਚ ਰਹਿਣ ਵਾਲੀਆਂ ਅੰਦਰ ਗਈਆਂ, ਸਭ ਦੇ ਪੈਰਾਂ ਵਿੱਚ ਜੇਲ ਦੀਆਂ ਜੁੱਤੀਆਂ ਸਨ, ਪੈਰ ਨੰਗੇ, ਜੁਰਾਬਾਂ ਕੋਈ ਨਹੀਂ ਸਨ—ਹਰ ਇਕ ਦੇ ਹੱਥ ਵਿੱਚ ਇਕ ਇਕ ਰੋਟੀ ਦਾ ਰੋਲ ਸੀ, ਕਿਸੇ ਦੇ ਹੱਥ ਵਿਚ ਦੋ ਦੋ ਵੀ ਸਨ । ਥੀਓਡੋਸੀਆ ਝਟ ਪਟ ਮਸਲੋਵਾ ਦੇ ਕੋਲ ਆ ਗਈ।
"ਕੀ ਸਬੱਬ ਹੈ—ਚਰਖਾ ਕੀ ਕੁਛ ਵਿਗੜਿਆ ਹੋਇਆ ਹੈ ?" ਓਸ ਪੁਛਿਆ ਆਪਣੀਆਂ ਸਾਫ ਤੇ ਨੀਲੀਆਂ ਅੱਖਾਂ ਭਰਕੇ ਬੜੇ ਪਿਆਰ ਨਾਲ ਮਸਲੋਵਾ ਵਲ ਤੱਕ ਕੇ, "ਇਹ ਸਾਡੀ ਚਾਹ ਲਈ ਹਨ," ਤੇ ਓਸ ਰੋਟੀ ਦੇ ਰੋਲ ਅਲਮਾਰੀ ਉੱਪਰ ਧਰ ਦਿੱਤੇ ।
ਕਿਉਂ—ਸਚੀਂ, ਓਸ ਤੇਰੇ ਨਾਲ ਵਿਆਹ ਕਰਨ ਦਾ ਇਰਾਦਾ ਤਾਂ ਨਹੀਂ ਬਦਲ ਦਿੱਤਾ ?" ਕੋਰਾਬਲੈਵਾ ਨੇ ਪੁਛਿਆ ।
"ਨਹੀਂ—ਓਸ ਨਹੀਂ—ਮੈਂ ਨਹੀਂ ਇਹ ਚਾਹੁੰਦੀ"—ਮਸਲੋਵਾ ਬੋਲੀ, "ਤੇ ਮੈਂ ਓਹਨੂੰ ਕਹਿ ਦਿੱਤਾ ਹੈ ।"
"ਜ਼ਿਆਦਾ ਬੇਵਕੂਫ਼ ਤੂੰ ਤਦ— ਕੋਰਾਬਲੈਵਾ ਨੇ ਆਪਣੀ ਖਰਜ ਸੁਰ ਵਿਚ ਮੂੰਹ ਵਿੱਚ ਦੀ ਹੀ ਕਹਿਆ—
"ਜੇ ਕਿਸੀ ਇਕੱਠਾ ਨ ਰਹਿਣਾ ਹੋਵੇ ਤਦ ਵਿਆਹ ਕਰਨ ਦਾ ਕੀ ਗੁਣ ?" ਥੀਓਡੋਸੀਆ ਨੇ ਕਹਿਆ ।
"ਤੇਰਾ ਖਾਵੰਦ ਹੀ ਤਾਂ ਹੈ ਨਾ—ਉਹ ਤੇਰੇ ਨਾਲ ਜਾ ਰਹਿਆ ਹੈ !" ਚੌਕੀਦਾਰ ਦੀ ਵਹੁਟੀ ਨੇ ਕਿਹਾ ।
"ਭੈਣੇ ਠੀਕ, ਪਰ ਅਸੀਂ ਤਾਂ ਅਗੇ ਹੀ ਵਿਆਹੇ ਹੋਏ ਹਾਂ ਨਾਂ," ਥੀਓਡੋਸੀਆ ਨੇ ਕਹਿਆ, "ਪਰ ਉਹ ਕਿਉਂ ਇਕ ਰਸਮ ਜੇਹੀ ਥੀਂ ਲੰਘ ਜਾਏ, ਜਦ ਉਸ ਇਸ ਨਾਲ ਇਕੱਠਾ ਰਹਿਣਾ ਹੀ ਨਹੀਂ ।"
"ਕਿਉਂ ਬੇਸ਼ਕ ਬੇਵਕੂਫ਼ ਨ ਬਣ ਨੀ ! ਤੂੰ ਜਾਣਨੀ ਏਂ ਜੇ ਉਹ ਇਸ ਨਾਲ ਵਿਆਹ ਕਰ ਲਵੇ ਤਦ ਇਸ ਅੱਗੇ ਦੌਲਤਾਂ ਦਾ ਰੁਲ ਪੈ ਜਾਸੀ," ਕੋਰਾਬਲੈਵਾ ਨੇ ਕਹਿਆ ।
"ਓਹ ਤਾਂ ਕਹਿੰਦਾ ਹੈ ਕਿ ਜਿਥੇ ਮੈਂ ਜਾਵਾਂਗੀ ਉਹ ਮੇਰੇ ਮਗਰ ਜਾਏਗਾ," ਮਸਲੋਵਾ ਨੇ ਕਹਿਆ, "ਜੇ ਉਹ ਜਾਵੇ ਤਾਂ ਚੰਗਾ, ਨਾ ਜਾਵੇ ਤਾਂ ਚੰਗਾ, ਉਹਨੂੰ ਮੈਂ ਕਹਿਣ ਤਾਂ ਨਹੀਂ ਲੱਗੀ—ਹੁਣ ਤਾਂ ਉਹ ਸੇਂਟ ਪੀਟਰਜ਼ਬਰਗ ਜਾ ਰਹਿਆ ਹੈ, ਮਤੇ ਕੋਈ ਛੁਟਕਾਰੇ ਦਾ ਤੀਰ ਤੁਕਾ ਲਗਦਾ ਹੋਵੇ, ਉਥੇ ਉਹ ਸਾਰੇ ਵਜ਼ੀਰਾਂ ਦਾ ਰਿਸ਼ਤੇਦਾਰ ਹੈ—ਪਰ ਕੁਛ ਹੋਵੇ ਮੈਨੂੰ ਉਹਦੀ ਕੋਈ ਲੋੜ ਨਹੀਂ," ਉਹ ਕਹੀ ਗਈ।
"ਠੀਕ ਨਹੀਂ—" ਅਚਨਚੇਤ ਕੋਰਾਬਲੈਵਾ ਨੇ ਉਹਦੀ ਗਲ ਨਾਲ ਗਲ ਮਿਲਾ ਦਿਤੀ, ਸਾਫ ਸੀ ਕਿ ਉਹ ਆਪਣਾ ਥੈਲਾ ਬੈਠੀ ਫਰੋਲਦੀ ਕਿਸੀ ਹੋਰ ਚੀਜ਼ ਦੇ ਖਿਆਲ ਵਿੱਚ ਸੀ—
"ਚੰਗਾ ! ਫਿਰ ਕੀ ਅਸੀ ਕੱਤਰਾ ਲਈਏ !"
"ਤੂੰ ਲੈ ਲੈ," ਮਸਲੋਵਾ ਨੇ ਕਹਿਆ, “ਮੈਂ ਨਹੀਂ ਲਵਾਂਗੀ—"
(ਅਧੂਰੀ ਰਚਨਾ)