ਰੇਤ ਦੇ ਘਰ (ਕਹਾਣੀ) : ਬਲੀਜੀਤ

ਉਸ ਦੇ ਮੂਹਰੇ ਜਾਣ ਦੀ ਗੱਲ ਤਾਂ ਦੂਰ ਰਹੀ ਹੁਣ ਮੈਂ ਪ੍ਰੋਫ਼ੈਸਰ ਮੋਹਣ ਦੀ ਕਹੀ ਹੋਈ ਗੱਲ ਯਾਦ ਕਰਨ ਜੋਗੀ ਹਿੰਮਤ ਵੀ ਇਕੱਠੀ ਨਹੀਂ ਕਰ ਸਕਦਾ । ਛੇ ਸਾਲ ਲੰਘਣ ਲੱਗੇ ਐ ਏਸ ਵਾਕੇ ਨੂੰ ਹੋਇਆਂ ।

ਇੱਕ ਗੱਲ ਉਸ ਨੇ ਕਹੀ । ਇੱਕ ਮੈਂ ਕਹੀ । ਗੱਲਾਂ ਹੋਰ ਵੀ ਹੋਈਆਂ । ਹਲਕੀਆਂ-ਫੁੱਲਕੀਆਂ । ਆਹ ਮੇਰੀ ਇੱਕੋ ਈ ਗੱਲ ਗਲ ਪੈ ਗਈ । ਪੰਗੇ ਵਾਲੀ ਏਸ ਗੱਲ ਦੇ ਨਾਜ਼ੁਕ ਛਿਣਾਂ ਵਿਚਾਲੇ ਮੇਰਾ ਧਿਆਨ ਆਪਣੇ ਬਣ ਰਹੇ ਮਕਾਨ ਵਿੱਚ ਚਲੇ ਗਿਆ ਸੀ ਜਿੱਥੇ ਪਿਛਲੇ ਹਫ਼ਤੇ ਪੂਰਬੀਆ ਪੇਂਟਰ ਮੌਕਾ ਤਾੜ ਕੇ ਪੇਂਟ ਤੇ ਪਾਲਿਸ਼ ਦਾ ਸਮਾਨ ਚੋਰੀ ਕਰ ਲੈ ਗਿਆ ਸੀ । ਆਪਣੀ ਟੁੱਟੀ ਜਹੀ ਘੋੜੀ ਪਿੱਛੇ ਛੱਡ ਕੇ ਰਾਤ ਨੂੰ ਤਿੱਤਰ ਹੋ ਗਿਆ । ਉਸ ਪੇਂਟਰ ਨੇ ਵਾਰ ਵਾਰ ਫੋਨ ਕਰ ਕੇ ਮੈਥੋਂ ਘੱਟ ਰੇਟ ਉੱਤੇ ਪੇਂਟ ਦੇ ਕੰਮ ਦਾ ਠੇਕਾ ਲੈ ਲਿਆ ਸੀ । ਮਾਜਰਾ ਮੈਨੂੰ ਬਾਅਦ ਵਿੱਚ ਸਮਝ ਲੱਗਿਆ ਕਿ ਇੱਕ ਤਾਂ ਉਹ ਉਸ ਵੇਲੇ ਕੰਮ ਤੋਂ ਵਿਹਲਾ ਸੀ । ਦੂਜੇ ਮੇਰੇ ਬਣਦੇ ਮਕਾਨ ਦੇ ਨਾਲ ਸਬਜ਼ੀਆਂ ਬਹੁਤ ਲੱਗੀਆਂ ਹੋਈਆਂ ਸਨ । ਉੱਪਰੋਂ ਉਸ ਨੂੰ ਘੱਟੋ ਘੱਟ ਛੇ ਮਹੀਨੇ ਲਈ ਘਰ ਵਰਗਾ ਟਿਕਾਣਾ ਮੁਫ਼ਤ ਵਿੱਚ ਮਿਲ ਜਾਣਾ ਸੀ । ਪਾਣੀ ਟੂਟੀ ਦਾ ਖੁੱਲ੍ਹਾ ਤੇ ਵੱਡੀ ਗੱਲ ਇਹ ਕਿ ਮੈਂ ਉੱਥੇ ਹਫ਼ਤੇ ਵਿੱਚ ਇੱਕ ਵਾਰ ਮਸਾਂ ਜਾਂਦਾ । ਤੇ ਜਦੋਂ ਜਾਂਦਾ ਤਾਂ ਉਹ ਮੈਨੂੰ ਖੜ੍ਹਨ ਨਾ ਦਿੰਦਾ । ਹੋਰ ਸਮਾਨ ਦੀ ਲਿਸਟ ਗਿਣਾ ਦਿੰਦਾ । ਮੈਨੂੰ ਪਤਾ ਨਾ ਲੱਗਦਾ……... ਕਿ ਕਿਹੜੀ ਕੰਧ 'ਤੇ ਕਿੰਨੇ ਲੀਟਰ ਪੇਂਟ ਲੱਗਣਾ? ਦਰਵਾਜ਼ਿਆਂ ਲਈ ਲਾਖਦਾਣਾ?... ਤਾਰਪੀਨ ਕਿੰਨਾ ਚਾਹੀਦਾ? ਖਿੜ੍ਹਕੀਆਂ ਨੂੰ ਮੁਲਤਾਨੀ ਮਿੱਟੀ ਕਿੰਨੀ ਲੱਗਣੀ? ਉਹ ਮੇਰੇ ਸਾਹਮਣੇ ਤਾਂ ਸਮਾਨ ਸੰਭਾਲ ਕੇ ਰੱਖ ਲੈਂਦਾ ਪਰ ਮੇਰੀ ਪਿੱਠ ਪਿੱਛੇ ਮਰਜ਼ੀ ਦਾ ਲਾਉਂਦਾ ਤੇ ਮਰਜ਼ੀ ਦਾ ਖਿੱਚੀ ਜਾਂਦਾ । ਤੇ ਅਜਿਹੀ ਮਨੋਸਥਿਤੀ ਵਿੱਚ ਉਦੋਂ ਮੈਂ ਫਲਸਫ਼ੇ ਦੇ ਗਿਆਤਾ ਪ੍ਰੋਫ਼ੈਸਰ ਮੋਹਣ ਨੂੰ ਮਿਲਣ ਚਲਾ ਗਿਆ ਸੀ ।

ਉਸ ਦਿਨ ਤਾਂ ਮੈਂ ਪੀਤੀ ਵੀ ਨਹੀਂ ਹੋਈ ਸੀ... ਤਾਂ ਵੀ ਆਹ ਕੁੱਤਾ ਕੰਮ ਹੋ ਗਿਆ ।

ਉਂਜ ਮੋਹਣ ਵੀ ਮੇਰੇ ਵਾਂਗ ਕਿਸੇ ਹਨੇਰੀ ਦਾ ਝੰਬਿਆ ਹੋਇਆ ਸੀ । ਉਸ ਦੀ ਤਕਲੀਫ਼ ਦਾ ਮਾੜਾ ਮੋਟਾ ਸਿਰਾ ਮੈਨੂੰ ਇਹ ਲੱਭਿਆ ਕਿ ਕਿਸੇ ਵਿਦਵਾਨ ਨੇ ਅਖ਼ਬਾਰ ਵਿੱਚ ਕਈ ਧਰਮਾਂ ਦੇ ਗਿਆਤਾ ਮੋਹਣ ਬਾਰੇ ਹੌਲਾ ਜਿਹਾ ਲੇਖ ਛਾਪ ਦਿੱਤਾ ਸੀ । ਭਾਵੇਂ ਮੋਹਣ ਸਹਿਜ ਸੁਭਾ ਬੋਲ ਰਿਹਾ ਸੀ ਪਰ ਉਸਦੇ ਸ਼ਬਦਾਂ ਵਿੱਚ ਕੁੱਲ ਜੀਵਨ ਦੀ ਕਮਾਈ ਅੱਖ ਦੇ ਫੋਰ ਵਿੱਚ ਰੁੜ ਜਾਣ ਦਾ ਦਰਦ ਲਿਖਿਆ ਹੋਇਆ ਸੀ । ਦੁੱਖ ਦੀ ਗੱਲ ਇਹ ਕਿ ਮੈਂ ਉਸ ਦੀ ਗੱਲ ਪੂਰੇ ਧਿਆਨ ਨਾਲ ਨਹੀਂ ਸੁਣ ਰਿਹਾ ਸੀ । ਜੇ ਧਿਆਨ ਨਾਲ ਸੁਣਦਾ ਤਾਂ ਸ਼ਾਇਦ ਅਜਿਹੀ ਨੌਬਤ ਆਉਣੀ ਵੀ ਨਹੀਂ ਸੀ । ਧਿਆਨ ਮੇਰਾ ਜਿਵੇਂ ਮੈਂ ਕਿਹਾ ਆਪਣੇ ਏਸੇ ਸੈਕਟਰ ਵਿਚਲੇ ਤਿਆਰ ਹੋ ਰਹੇ ਮਕਾਨ ਵਿੱਚ ਸੀ ਜਿੱਥੇ ਇੱਕ ਸਾਲ ਬਾਅਦ ਮੈਂ ਆਪਣੇ ਟੱਬਰ ਨਾਲ ਰਹਿਣ ਲੱਗ ਪਿਆ ਸੀ । ਮੋਹਣ ਦੇ ਉੱਪਰਲੀ ਆਖ਼ਰੀ ਮੰਜ਼ਲ ਵਾਲੇ ਕੁਆਟਰ 'ਚੋਂ ਉਤਰਕੇ ਮੂੰਹ ਵਿੱਚ ਸਿਗਰਟਾਂ ਫਸਾਈ ਅਸੀਂ ਹੇਠਾਂ ਪੱਕੀ ਸੜਕ 'ਤੇ ਆ ਗਏ ਸਾਂ । ਇਹ ਟੂ-ਰੂਮ-ਸੈੱਟ ਉਸ ਦੇ ਰਿਹਾਇਸ਼ੀ ਘਰਾਂ ਦੀ ਲਿਸਟ ਦਾ ਅਖ਼ੀਰਲਾ ਸਿਰਨਾਵਾਂ ਸੀ ।

''ਅਸਲ ਵਿੱਚ ਜਿਹੜੇ ਅਸੀਂ ਨਿਆਣਿਆਂ ਨੇ ਸਮਝੋ ਸਦੀਆਂ ਪਹਿਲਾਂ ਰੇਤ ਦੇ ਘਰ ਬਣਾਏ ਸੀ ਇਹ ਲੋਕ ਉਹ ਘਰ ਢਾਹ ਰਹੇ ਨੇ... ''

ਪ੍ਰੋਫ਼ੈਸਰ ਮੋਹਣ ਦੀ ਇਹ ਗੱਲ ਮੈਂ ਉਹਦੇ ਵਾਂਗ ਮਹਿਸੂਸ ਨਹੀਂ ਸੀ ਕਰ ਸਕਿਆ । ਕਰ ਵੀ ਨਹੀਂ ਸੀ ਸਕਦਾ । ਮੈਂ ਕਦੇ ਵੀ ਮੋਹਣ ਥੋੜ੍ਹਾ ਬਣ ਸਕਦਾਂ । ਨਾ ਮੈਂ ਇਸ ਗੱਲ ਵਿਚਲੇ 'ਨਿਆਣਿਆਂ' ਤੇ 'ਇਹ ਲੋਕਾਂ' ਨੂੰ ਕੋਈ ਬਹੁਤਾ ਵਜ਼ਨ ਦਿੱਤਾ ਸੀ ਕਿ ਇਹ ਲੋਕ ਕੌਣ ਨੇ । ਅਸਲ ਵਿੱਚ ਮੈਂ ਵੀ ਬਹੁਤਿਆਂ ਵਾਂਗ ਉਹ ਹੱਥ ਜਿਹਨਾਂ ਨੇ ਕਦੇ ਰੇਤ ਦੇ ਘਰ ਬਣਾਏ ਸਨ ਗੁਆ ਚੁੱਕਿਆ ਸਾਂ । ਇਹ ਹੱਥ ਜਿਹੜੇ ਹੁਣ ਮੇਰੇ ਪੱਲੇ, ਮੇਰੇ ਸਰੀਰ ਨਾਲ ਲੱਗੇ ਹੋਏ ਲਟਕ ਰਹੇ ਹਨ ਇਹਨਾਂ ਤੋਂ ਰੇਤ ਦੇ ਘਰ ਕਿੱਥੇ ਬਣਾਏ ਜਾ ਸਕਦੇ ਨੇ । ਏਸ ਜਮਾਨੇ ਏਸ ਉਮਰੇ ਕੌਣ ਪਾਗਲ ਹੋ ਕੇ ਰੇਤ ਦਾ ਘਰ ਬਣਾਉਣ ਦੀ ਬੇਸਮਝੀ ਕਰ ਸਕਦਾ? ਮੈਂ ਤਾਂ ਬਿਲਕੁਲ ਨਹੀਂ ਕਰ ਸਕਦਾ । ਮੈਂ ਰੇਤ ਦਾ ਘਰ ਬਣਾਉਣ ਵਾਲੀ ਸਮਝ, ਮੁਹੱਬਤ... ਮਾਸੂਮੀਅਤ ਨੂੰ ਕਦੋਂ ਦਾ ਤਿਲਾਂਜਲੀ ਦੇ ਚੁੱਕਾਂ । ਸੱਚੀਂ!! ਨਾਲੇ ਹੁਣ ਰੇਤ ਕਿੱਥੇ ਮਿਲਦੀ ਐ!

''ਰੇਤ ... ਰੇਤ ਦੇ ਘਰ ਕਿਹੜੇ ਘਰ ਹੁੰਦੇ ਨੇ?'' ਮੈਂ ਬਿਨਾਂ ਸੋਚੇ ਸਮਝੇ ਬਕਵਾਸ ਮਾਰ ਦਿੱਤੀ ਜੀਹਦਾ ਹੁਣ ਅੱਗੇ ਕੀ ਬਣੂੰਗਾ ਮੈਨੂੰ ਸਮਝ ਨਹੀਂ ਲੱਗਦਾ । ਮੈਂ ਤਾਂ ਮੋਹਣ ਨੂੰ ਉਸ ਤੋਂ ਬਾਅਦ ਕਦੇ ਮਿਲਿਆ ਹੀ ਨਹੀਂ । ਨਾ ਅੱਗੋਂ ਮਿਲਣ ਦੀ ਆਸ...ਉਮੀਦ...

ਅਸਲ ਵਿੱਚ ਮੈਂ ਦੱਸਾਂ ਮੈਂ ਤਾਂ ਸਾਰੀ ਉਮਰ ਘਰ ਵਰਗੀ ਕੋਈ ਚੀਜ਼ ਨਹੀਂ ਸੀ ਦੇਖੀ । ਮੈਂ ਥਾਂ-ਥਾਂ, ਗਲੀ ਗਲੀ, ਰੂਹ-ਦਰ-ਰੂਹ ਧੱਕੇ ਖਾਧੇ । ਆਪਣੇ ਮਾਂ ਬਾਪ ਦੇ ਘਰ ਵਿੱਚ ਵੀ ਮੈਂ 'ਘਰ' ਨਹੀਂ ਸੀ ਦੇਖ ਸਕਿਆ । ਰੇਤ ਦੇ ਘਰ ਬਹੁਤ ਬਣਾਏ ਸੀ ਕਦੇ... ਛੱਡੋ?! ਉਹ ਘਰ, ਉਹ ਗੱਲਾਂ ਯਾਦ ਕਰਕੇ ਬਹੁਤ ਦੁੱਖ ਲੱਗਦਾ ।

ਸਾਰੀ ਉਮਰ ਮੈਂ ਕਿਰਾਏ 'ਤੇ ਰਿਹਾ । ਮੈਂ ਫ਼ਟਾ-ਫ਼ਟ ਦਿਮਾਗ ਵਿੱਚ ਉਨ੍ਹਾਂ ਘਰਾਂ ਦੀ ਪਹਿਲਾਂ ਹੀ ਉੱਕਰੀ ਹੋਈ ਲਿਸਟ ਇੱਕ ਵਾਰ ਫੇਰ ਮਨ ਦੀ ਅੱਖ ਨਾਲ ਪੜ੍ਹਕੇ ਵੇਖੀ । ਕੁੱਲ ਸਤਾਈ ਘਰਾਂ 'ਚ ਮੈਂ ਰਿਹਾ । ਉਹ ਝੂੰਗੀਨੁਮਾ ਘਰ ਵੀ ਮੈਂ ਵਿੱਚੇ ਗਿਣ ਲਿਆ ਜਿੱਥੇ ਮੈਂ ਜੰਮਿਆ ਸੀ ਜੋ ਮੇਰੇ ਸੋਝੀ ਸੰਭਾਲਣ ਤੋਂ ਪਹਿਲਾਂ ਹੀ ਪਤਾ ਨਹੀਂ ਕਿਹੜੀਆਂ ਗਰੀਬੀਆਂ ਦੀ ਮਾਰ ਹੇਠ ਆ ਕੇ ਮੇਰੇ ਬਾਪ ਦੇ ਹੱਥੋਂ ਛੁੱਟ ਗਿਆ ਸੀ ।

...ਤੇ ਏਸ ਬਰੇਸੇ ਸਰਕਾਰ ਨੇ ਮੈਨੂੰ ਏਸੇ ਸੈਕਟਰ ਵਿੱਚ ਇੱਕ ਪਲਾਟ ਅਲਾਟ ਕਰ ਦਿੱਤਾ ਜਿਹੜੇ ਸੈਕਟਰ ਵਿੱਚ ਮੋਹਣ ਆਪਣੇ ਆਖ਼ਰੀ ਮੰਜ਼ਲ ਵਾਲੇ ਫਲੈਟ ਵਿੱਚ ਆਪਣੇ ਟੱਬਰ ਨਾਲ ਰਹਿੰਦਾ ਸੀ । ਜਿੱਥੋਂ ਹੇਠਾਂ ਨੂੰ ਉਤਰਦੇ ਆਹ... ਹਾਦਸਾ...

ਸ਼ਹਿਰਾਂ ਵਿੱਚ ਜਦੋਂ ਕੋਠੀਆਂ ਬਣਦੀਆਂ ਤਾਂ ਉੱਥੇ ਠੇਕੇਦਾਰਾਂ ਦਾ ਹਜ਼ੂਮ ਹੁੰਦਾ । ਇਹਨਾਂ ਘਰਾਂ ਨੂੰ ਰੇਤ ਤੋਂ ਇਲਾਵਾ ਪੰਦਰਾਂ ਸੌ ਕਿਸਮ ਦੀਆਂ ਹੋਰ 'ਆਈਟਮਾਂ' ਲੱਗਦੀਆਂ । ਮੇਰਾ ਪੇਂਟਰ ਤਾਂ ਪਿੱਠ ਪਿੱਛੇ ਚੋਰੀ ਕਰਦਾ ਸੀ । ਲੋਕਾਂ ਦੇ ਕੰਮ ਕਰਨ ਵਾਲੇ ਸਾਰੇ ਠੇਕੇਦਾਰ ਸ਼ਰੇਆਮ ਸਭ ਨੂੰ ਲੁੱਟੀ ਜਾਂਦੇ । ਹਰੇਕ ਦੇ ਮੂੰਹੋਂ ਖੋਹ ਕੇ ਖਾਈ ਜਾਂਦੇ । ਪਲਾਟ ਆਪਣੇ ਕਬਜ਼ੇ ਵਿੱਚ ਲੈ ਕੇ ਮਾਲਕ ਦੀ ਗੱਲ ਇੱਕ ਕੰਨ 'ਚ ਪਾ ਕੇ ਦੂਸਰੇ ਚੋਂ ਬਾਹਰ ਕੱਢੀ ਜਾਂਦੇ । ਸੁਣੀ ਜਾਂਦੇ । ਕੱਢੀ ਜਾਂਦੇ । ਬੋਲਦੇ ਕੁਝ ਨਾ । ਦੇਖੀ ਜਾਂਦੇ । ਬਈ ਇਹ ਕੀ ਕਰ ਲੂ । ਬੋਲਦੇ ਉਹੀ ਕੁਝ ਜੋ ਉਹਨਾਂ ਨੂੰ ਪੁੱਗਦਾ ਹੁੰਦਾ । ਜਮਾਂ ਈ ਚੁੱਪ ਰਹਿੰਦੇ, ਜੇ ਚੁੱਪ ਉਹਨਾਂ ਨੂੰ ਪੁੱਗਦੀ ਹੁੰਦੀ । ਮਾਲਕ ਨੂੰ ਐਕਟਰਾਂ, ਲੀਡਰਾਂ ਵਾਂਗ ਹੌਲੀ-ਉੱਚੀ, ਲੰਬੀ-ਛੋਟੀ ਜਾਂ ਮੋਟੀ-ਪਤਲੀ ਆਵਾਜ਼ ਕੱਢ ਕੇ ਸਮਝਾ ਦਿੰਦੇ । ਕਈ ਵਾਰ ਬਹੁਤ ਡਰਾ ਦਿੰਦੇ । ਕਈ ਵਾਰ ਸਾਡੇ ਲੋਕਾਂ ਦੀ ਜੀਭ ਨੂੰ ਸੁਆਦਾਂ ਦੀਆਂ ਲਾਲਾਂ ਵਿੱਚ ਫਸਾ ਦਿੰਦੇ । ਕਦੇ ਰੱਬ ਵੱਲ ਨੂੰ ਹੱਥ ਕਰਦੇ । ਕਦੇ ਸੁੱਕੀ ਮੰਜੀ 'ਤੇ ਬਹਿ ਕੇ ਸੌਹਾਂ ਖਾਂਦੇ । ਕੀਤੇ ਕੰਮ ਨਾਲੋਂ ਵੱਧ ਪੈਸੇ ਬਣਾ-ਬਟੋਰ ਕੇ ਤੇ... ਅਹੁ ਜਾਂਦੇ... ਫੇਰ ਤੁਹਾਡਾ... ਮਤਲਬ ਮਾਲਕ ਦਾ ਫੋਨ ਵੀ ਨਾ ਚੁੱਕਦੇ । ਮੈਥੋਂ ਪੇਮੈਂਟ ਲੈਣ ਬਾਅਦ ਲੇਬਰ ਦਾ ਠੇਕੇਦਾਰ ਆਪਣੇ ਮਜ਼ਦੂਰਾਂ ਮਿਸਤਰੀਆਂ ਦੀਆਂ ਦਿਹਾੜੀਆਂ ਦੱਬੀ ਫਿਰਦਾ । ਮੇਰਾ ਫੋਨ ਓਹਨੇ ਰੀਜੈਕਟ ਲਿਸਟ ਵਿੱਚ ਪਾਇਆ ਹੋਇਆ ਸੀ । ਦਰਅਸਲ ਇਹ ਮਕਾਨ ਬਣਾਉਂਦਾ ਬਣਾਉਂਦਾ ਮੈਂ ਵੀ ਉਹਨਾਂ ਲੋਕਾਂ ਵਰਗਾ ਹੀ ਹੋ ਗਿਆ ਜੋ ਮਕਾਨ ਬਣਾਉਣ ਦਾ ਸਮਾਨ ਵੇਚਦੇ ਤੇ ਦਲਾਲੀ ਖਾਂਦੇ ਨੇ । ਚੋਰ । 'ਚੋਰ' ਸ਼ਬਦ ਸ਼ਾਇਦ ਹਲਕਾ ਹੋਵੇ । ਬਹੁਤ ਈ ਹਲਕਾ । 'ਡਾਕੂ' ਵੀ ਹੌਲਾ ਲਗਦਾ । 'ਅੱਤਵਾਦੀ' । ਨਹੀਂ । ਅੱਤਵਾਦੀ ਤਾਂ ਮਿੰਟ 'ਚ ਮਾਰ ਕੇ ਅਹੁ ਜਾਂਦੇ । 'ਇਹ' ਠੱਗ ਤਾਂ ਹਰ ਇੱਕ ਦਾ ਹਰ ਮਿੰਟ, ਜ਼ਿੰਦਗੀ ਭਰ ਖ਼ੂਨ ਚੂਸੀ ਜਾਂਦੇ । ਇਹ ਉਹੀ ਲੋਕ ਨੇ ਜੋ ਚੋਰੀ ਦੇ ਰੇਤ ਬਜਰੀ ਨਾਲ ਸੁਰਗ ਨਰਕ ਦੇ ਗੇਟ ਉਸਾਰਦੇ ਨੇ । ਆਪਣਾ ਮਕਾਨ ਬਣਾਉਂਦੇ ਬਣਾਉਂਦੇ ਦਿਮਾਗ, ਸਰੀਰ ... ਮਤਲਬ ਸਭ ਕਾਸੇ ਦਾ ਨਾਸ ਹੋ ਗਿਆ ਸੀ ।

ਪਿਛਲੇ ਸਮਿਆਂ ਤੋਂ ਹਰ ਪਲ 'ਘਰ' ਦੇ ਅਰਥ ਮੇਰੇ ਜਿਹਨ ਵਿੱਚ ਬਦਲਦੇ ਹੀ ਰਹੇ ਸਨ । ਪਰ ਕਹਿੰਦੇ... ਲੋਕ ਤਾਂ ਕਹਿੰਦੇ ਹੀ ਰਹਿੰਦੇ ਨੇ... 'ਪੰਛੀ ਵੀ ਸ਼ਾਮ ਨੂੰ ਆਪਣੇ ਆਲਣਿਆਂ ਵੱਲ ਨੂੰ ਮੁੜਨਾ ਲੋਚਦੇ ਨੇ '... ਤਾਂ ਹੀ ਤਾਂ ਮੈਂ ਕਹਿ ਦਿੱਤਾ ਸੀ:

''ਰੇਤ ... ਰੇਤ ਦੇ ਘਰ ... ਕਿਹੜੇ ਘਰ ਹੁੰਦੇ ਨੇ?''

ਮੈਂ ਤਾਂ ਅਸਲ ਵਿੱਚ ਲਾਲ ਰੋੜੀ, ਸੀਮਿੰਟ, ਕੰਕਰੀਟ, ਇੱਟਾਂ, ਸਰੀਏ... ਸੰਗਮਰਮਰ... ਤੇ... ਵਿੱਚ ਰੇਤ ਮਿਲਾ ਕੇ ਕੋਠੀ-ਨੁਮਾ ਘਰ ਬਣਾ ਰਿਹਾ ਸਾਂ । ਹੋਰ ਕੱਲੀ ਰੇਤ ਦੇ ਕਿਹੜੇ ਘਰ ਬਣਦੇ ਨੇ । ਤੀਹ ਸਾਲਾਂ ਤੋਂ ਜੋੜਿਆ ਪੈਸਾ ਪੈਸਾ... ਲੋਨ ਲੈ ਕੇ... ਤੇ ਰਿਸ਼ਤੇਦਾਰਾਂ ਤੋਂ ਉਧਾਰ ਮੰਗ ਚੁੰਗ ਕੇ... ਤੇ ਸਭ ਕੁਝ ਗਿਰਵੀ ਰੱਖ ਕੇ ਮੈਂ ਲੈਂਟਰ ਪਾ ਦਿੱਤਾ ਸੀ । ਮੈਂ ਅਜਿਹੇ ਘਰ ਦਾ ਮੁਦੱਈ, ਸ਼ੁਦਾਈ ਬਣਿਆ ਹੋਇਆ ਸਾਂ ਜੋ ਇੱਕ ਪਲਾਟ ਖਰੀਦਣ ਤੋਂ ਸ਼ੁਰੂ ਹੋ ਕੇ ਆਖ਼ਰ ਵਿੱਚ ਇਨਟੀਰੀਅਰ ਡੈਕੋਰੇਟਰ ਤੱਕ ਅਤੇ ਇਹਨਾਂ ਦੋਵਾਂ ਦੇ ਵਿਚਾਲੇ ਛੱਤੀ ਕਿਸਮ ਦੇ ਚੋਰਾਂ ਵਰਗੇ ਠੇਕੇਦਾਰ, ਦੱਲਿਆਂ ਤੇ ਦਲਾਲਾਂ ਦੇ ਹੱਥਾਂ ਚੋਂ ਲੰਘਦਾ ਹੁੰਦਾ ।

''ਓ-ਅ-ਏ ਕਮਲਿਆ... '' ਮੈਨੂੰ ਮੋਹਣ ਦੀ ਝਿੜਕੀ ਫੇਰ ਸੁਣੀ ਤੇ 'ਕਮਲਿਆ' ਮੈਂ ਕੋਲੋਂ ਜੋੜ ਦਿੱਤਾ ।

ਹਾਂ ਤੇ ਰੇਤ ਤਾਂ ਹੁਣ ਮਕਾਨ ਬਣਾਉਣ ਲਈ ਸਭ ਨੂੰ ਚਾਹੀਦੀ ਹੀ ਸੀ । ਕੁਦਰਤੀ ਪਾਣੀ ਵਿੱਚ ਧੋਤਾ ਹੋਇਆ ਰੇਤਾ, ਜੋ ਧਰਤੀ ਮਾਤਾ ਦੀ ਹਿੱਕ 'ਤੇ ਥਾਂ ਥਾਂ ਵਿਛਿਆ ਪਿਆ ਹੁੰਦਾ । ਏਸ ਗੋਲ ਅੰਡਾਕਾਰ ਚਪਟੀ ਧਰਤੀ ਉੱਤੇ । ਦਰਿਆਵਾਂ, ਨਦੀਆਂ ਦੀਆਂ ਵੱਖੀਆਂ 'ਤੇ । ਉਹ ਰੇਤਾ ਜੋ ਸਤਲੁਜ ਦੇ ਕੰਢੇ ਜਾਂ ਕਿਤੇ ਵੀ ਮੀਂਹ ਨਾਲ ਸਲ੍ਹਾਬਿਆ, ਸੁੱਕ-ਬਰੂਰਾ ਸਾਨੂੰ ਲੱਭ ਜਾਂਦਾ ਹੁੰਦਾ ਸੀ । ਅਸੀਂ ਬੱਚੇ ਉਸ ਸਲ੍ਹਾਬੀ ਰੇਤ ਨੂੰ ਬੜੇ ਚਾਅ ਨਾਲ ਛੋਟੇ ਛੋਟੇ ਮਾਸੂਮ ਹੱਥਾਂ ਨਾਲ ਪੈਰ 'ਤੇ ਇਕੱਠੀ ਕਰ ਲੈਂਦੇ । ਥੱਲੇ ਤੋਂ ਰੇਤ ਪੈਰਾਂ ਉੱਪਰ ਨੂੰ ਖਿੱਚੀ ਜਾਂਦੇ । ਪੈਰ 'ਤੇ ਰੇਤ ਦੀ ਗੋਲ ਢੇਰੀ ਬਣਾ ਕੇ ਥਾਪੜੀ ਜਾਂਦੇ ਤੇ ਫੇਰ ਮਲ੍ਹਕ ਦੇ ਕੇ ਪੈਰ ਬਾਹਰ ਕੱਢ ਲੈਂਦੇ । ਘਰ-ਘਰ ਖੇਲਦੇ । ਬਰਫ਼ ਦੇ ਇਗਲੂ ਵਰਗਾ ਬਣਾ ਦਿੰਦੇ । ਗੋਲ ਛੱਤ । ਤੇ ਪੈਰ ਬਾਹਰ ਖਿੱਚਣ ਨਾਲ ਪੰਜ ਛੇ ਕਿੱਲੋ ਰੇਤ ਦੀ ਗੱਠ ਵਿੱਚ ਬੰਦ ਸੁਰੰਗ ਬਣ ਜਾਂਦੀ । ਬਣੀ ਸੁਰੰਗ ਨੂੰ ਦੇਖ ਕੇ ਲੋਹੜੇ ਦਾ ਚਾਅ ਚੜ੍ਹਦਾ । ਸੁਰੰਗ ਵਿੱਚ ਕੁਝ ਰੱਖ ਦਿੰਦੇ । ਨਿੱਕ-ਸੁੱਕ ਅੰਦਰ ਰੱਖਦੇ ਰੱਖਦੇ ਕਈ ਵਾਰ ਘਰ ਈ ਢਹਿ ਜਾਂਦਾ ਜਾਂ ਕੋਈ ਤਕੜਾ ਜੋੜੀਦਾਰ ਤੁਹਾਡੀ ਕਲਾਕਾਰੀ ਨੂੰ ਬਰਦਾਸ਼ਤ ਨਾ ਕਰਦਾ ਹੋਇਆ... ਨਾ ਜਰਦਾ ਹੋਇਆ ਜ਼ੋਰ ਨਾਲ ਠੋਕਰ ਮਾਰ ਕੇ...

''ਇਹ ਲੋਕ ਹੁਣ ਸਾਡੇ ਘਰ ਢਾਹ ਰਹੇ ਐ...'' ਮੇਰੇ ਵਿੱਚ ਗੱਚ ਭਰਕੇ ਪ੍ਰੋਫ਼ੈਸਰ ਮੋਹਣ ਬੋਲਣ ਲੱਗ ਪਿਆ ਤੇ ਮੇਰੀ ਸੁਰਤ ਨੂੰ ਟਿਕਣ ਨਹੀਂ ਦੇ ਰਿਹਾ ।

ਦਿਨ ਰਾਤ ਹੁੰਦੀਆਂ ਚੋਰੀਆਂ ਤੋਂ ਦੁੱਖੀ ਹੋਇਆ ਮੈਂ ਅੱਧੇ ਅੱਚਧੇ ਬਣੇ ਘਰ ਵਿੱਚ ਜਾ ਵੜਿਆ ਜੋ ਮੇਰੇ ਹੁਣ ਤੱਕ ਦੇ ਸਿਰਨਾਵਿਆਂ ਦੀ ਲਿਸਟ ਦੇ ਅਖ਼ੀਰ ਵਿੱਚ ਸੀ । ਮੈਂ ਆਪਣੇ ਘਰ ਦੀ ਪੱਕੀ ਛੱਤ ਹੇਠ ਬੈਠ ਆਪਣੇ ਘਰ ਨੂੰ ਹਮੇਸ਼ਾ ਬਚਾਈ ਰੱਖਣ ਦੀ ਸੋਚਣ... ਕੋਸ਼ਿਸ਼ ਕਰਨ ਲੱਗਿਆ । ਸਾਲ ਪੂਰਾ ਹੋਣ ਲੱਗਾ ਸੀ ਏਸ ਸੈਕਟਰ 'ਚ... ਏਸ ਘਰ 'ਚ ਰਹਿੰਦਿਆਂ ਕਿ ਕਿਸੇ ਦਿਨ ਮੈਨੂੰ ਉਹੀ ਰੇਤ ਦੀ ਲੋੜ ਪੈ ਗਈ । ਰੇਤ... ਰੇਤ... ਰੇਤ

ਇਹ ਨੌਬਤ ਆਉਣੀ ਵੀ ਨਹੀਂ ਸੀ ਜੇ ਓਹ ਕਮਲਾ ਇਲੈਕਟ੍ਰੀਸ਼ਨ ਕਿਸੇ ਚੱਜ ਦਾ ਹੁੰਦਾ । ਉਹ ਵੀ ਆਪਣੀ ਕਿਸਮ ਦਾ ਠੇਕੇਦਾਰ ਸੀ । ਮਰਜ਼ੀ ਨਾਲ ਆਉਂਦਾ । ਮਰਜ਼ੀ ਦਾ ਕੰਮ ਕਰਦਾ । ਫੋਨ ਨਾ ਚੁੱਕਦਾ । ਇੱਕੋ ਵੇਲੇ ਕਈ ਪਲਾਟ ਕਬਜੇ 'ਚ ਕੀਤੇ ਹੋਏ ਸਨ । ਝੂਠੇ ਬਹਾਨੇ ਲਾ ਕੇ ਸਭ ਤੋਂ ਪੇਸ਼ਗੀ ਰਕਮਾਂ ਫੜੀਆਂ ਹੋਈਆਂ ਸਨ । ਮੇਰੇ ਗੋਡੀਂ ਹੱਥ ਲਾ ਕੇ ਕੀਤੇ ਕੰਮ ਨਾਲੋਂ ਵੱਧ ਪੈਸੇ ਲੈ ਕੇ ਉਹ ਅਹੁ ਗਿਆ । ਉਸ ਤੋਂ ਨਕਸ਼ੇ ਮੁਤਾਬਿਕ ਬਿਜਲੀ ਦੀਆਂ ਤਾਰਾਂ ਵੀ ਸਮੇਂ ਸਿਰ ਨਾ ਪਾ ਹੋਈਆਂ । ਦੋ ਰਾਤਾਂ ਘਰ 'ਚ ਰਹਿਣ ਤੋਂ ਬਾਅਦ ਪਤਾ ਲੱਗਿਆ ਕਿ ਪਿਛਲੇ ਵਿਹੜੇ 'ਚ ਤਾਂ ਕੋਈ ਬਲਬ ਹੀ ਨਹੀਂ ਲੱਗਿਆ ਹੋਇਆ । ਨੇਰ੍ਹਾ ਈ ਨੇਰ੍ਹਾ । ਰਹਿੰਦੀਆਂ ਤਾਰਾਂ ਪਾਉਣ ਲਈ ਉਹ ਪੇਂਟ ਕੀਤਾ ਪਲਸਤਰ ਤੋੜਨ ਲਈ ਠੁੱਕ-ਠੁੱਕ ਕਰਨ ਲੱਗ ਪਿਆ । ਉਸ ਦੀਆਂ ਹਥੌੜੀ ਦੀਆਂ ਸੱਟਾਂ ਦਾ ਖੜ੍ਹਾਕ ਬਰਦਾਸ਼ਤ ਨਾ ਹੋਵੇ । ਕੰਨ ਬੁੱਜ ਹੋ ਗਏ । ਬੇਟਾ ਆਪਣੀਆਂ ਕਿਤਾਬਾਂ ਕਾਪੀਆਂ ਚੁੱਕ ਕੇ ਦੋਸਤ ਦੇ ਘਰ ਪੜ੍ਹਨ ਚਲੇ ਗਿਆ । ਹੁਣ ਉਸਨੇ ਨੈਰੋਲੈੱਕ ਦੇ ਪੇਂਟ ਵਿੱਚੀਂ ਝੀਰੀ ਮਾਰ ਦਿੱਤੀ ਸੀ । ਝੀਰੀ ਵਿੱਚ ਉਸਨੇ ਗੋਲ ਪਲਾਸਟਿਕ ਦੀ ਚਿੱਟੀ ਪਾਇਪ ਦੱਬਣੀ ਸੀ । ਇਸ ਪਾਇਪ ਵਿੱਚੀਂ ਤਾਰਾਂ ਲੰਘਾ ਕੇ ਬਿਜਲੀ ਦੇ ਬੋਰਡ ਤੱਕ ਲਿਜਾਣੀਆਂ ਸਨ । ਝੀਰੀ ਤਾਂ ਉਸਨੇ ਘਰ ਦੇ ਬਾਹਰ ਵਿਹੜੇ ਵਿੱਚ ਪਲਸਤਰ 'ਤੇ ਪੇਂਟ ਕੀਤੀ ਕੰਧ ਉੱਪਰ ਮਾਰੀ ਸੀ ਪਰ ਬਿਜਲੀ ਦੀਆਂ ਤਾਰਾਂ ਅੰਦਰਲੇ ਕਮਰੇ ਵਿੱਚੋਂ ਬਾਹਰ ਕੱਢਣ ਲਈ ਵਰਮੇ ਨਾਲ ਕੰਧ ਦੇ ਆਰ ਪਾਰ ਵੱਡਾ ਗੋਲ ਸੁਰਾਖ਼ ਵੀ ਮਾਰ ਦਿੱਤਾ ਸੀ... ਬਲਬ ਜਗਾ ਕੇ ਝੀਰੀ ਨੂੰ ਮੂੰਹ ਅੱਡੀ ਛੱਡਕੇ ਅਹੁ ਗਿਆ... ਭੈਣ ਦਾ ਦੀਨਾ...

... ਤੇ ਫੇਰ ਕਿਸੇ ਹੋਰ ਦਿਨ ਘਰ 'ਚ ਰੌਲਾ ਪੈਣਾ ਈ ਸੀ । ਉਹ ਵੀ ਪੈ ਗਿਆ ।

ਛਿਪਕਲੀਆਂ ਦੇ ਛੋਟੇ ਛੋਟੇ ਪਤਲੇ ਪਤਲੇ ਬੱਚੇ ਪੂਰੀ ਸ਼ਕਤੀ ਨਾਲ ਘਰ ਅੰਦਰ ਭੱਜੇ ਫਿਰਨ ਜਿਵੇਂ ਐਥੇ ਉਹਨਾਂ ਦਾ ਹੀ ਰਾਜ ਹੁੰਦਾ । ਛਿਪਕਲੀਆਂ ਦੀਆਂ ਡਾਰਾਂ ਸਾਨੂੰ ਡਰਾਉਂਦੀਆਂ ਧਮਕਾਉਂਦੀਆਂ ਫਿਰਨ । ਏਨੀਆਂ ਛਿਪਕਲੀਆਂ ਕਿ ਸਾਨੂੰ ਅੰਦਰ ਖਾਣ ਪੀਣ ਦੀਆਂ ਚੀਜ਼ਾਂ ਦੀ ਰਾਖੀ ਕਰਨੀ ਵੀ ਮੁਸ਼ਕਿਲ ਹੋ ਗਈ । ਬਰੀਕ ਤੋਂ ਬਰੀਕ ਸਭ ਤੋਂ ਵੱਧ ਖਤਰਨਾਕ । ਨਵਾਂ ਸੰਕਟ! ਕਿਸ ਕਿਸ ਚੀਜ਼ ਨੂੰ ਸੰਭਾਲਦੇ ਫਿਰੀ ਜਾਈਏ । ਨਾ ਪਤਾ ਲੱਗੇ ਇਹ ਕਿੱਥੇ ਕਿੱਥੇ ਘੁਸੀਆਂ ਹੋਣ । ਏਹ ਅੰਦਰ ਕਿਵੇਂ ਆ ਗਈਆਂ!! ਸਭ ਨੇ ਦਿਮਾਗ ਲਗਾਇਆ... ਤੇ ਫਿਰ ਸਾਡੀ ਸੁਰਤ ਬੇਟੇ ਦੇ ਕਮਰੇ ਦੇ ਬਾਹਰ ਉਸੇ ਝੀਰੀ, ਤੇ ਝੀਰੀ ਦੇ ਅਖ਼ੀਰ 'ਤੇ ਖੂੰਜੇ ਵਿੱਚ ਵਰਮੇ ਨਾਲ ਮਾਰੀ ਮਘੋਰੀ 'ਤੇ ਚਲੇ ਗਈ । ਅਸੀਂ ਅਖੰਡ ਪਾਠ ਕਰਾ ਕੇ ਸੁੱਖਾਂ ਸੁੱਖਦਿਆਂ ਗ੍ਰਹਿ ਪ੍ਰਵੇਸ਼ ਕੀਤਾ ਸੀ । ਏਸੇ ਮਘੋਰੀ ਵਿੱਚੀਂ ਛਿਪਕਲੀਆਂ ਧੱਕੇ ਨਾਲ ਅੰਦਰ ਵੜ ਕੇ ਘਰ ਦੀਆਂ ਮਾਲਕ ਬਣ ਗਈਆਂ । ਕਿਸੇ ਨੂੰ ਕੀ ਪਤਾ ਲੱਗਣਾ ਸੀ ਕਿ ਕਦੋਂ ਇਹਨਾਂ ਨੇ ਕਿੱਥੇ ਕਿੱਥੇ ਆਂਡੇ ਦੇ ਦਿੱਤੇ... ਤੇ ਜਿਓਂ ਲੱਗੀਆਂ ਸੂਣ । ਉਹਨਾਂ ਨੂੰ ਆਪਣੀ ਤੁਖਮ ਵਧਾਉਣ ਦਾ ਕਿੱਡਾ ਵੱਡਾ ਮੌਕਾ ਹੱਥ ਆ ਗਿਆ ਸੀ । ਇੱਕ ਹੋਵੇ ਤਾਂ ਮਾਰ ਦਈਏ । ਉਹਨਾਂ ਰਲਕੇ ਸਾਨੂੰ ਸਾਰੇ ਜੀਆਂ ਨੂੰ ਦਬਿੱਲ ਦਿੱਤਾ । ਫੇਰ ਲੱਗੇ ਸਾਰੇ ਪਿੱਟਣ ਵਾਰੋ ਵਾਰੀ:

'' ਡੈਡੀ ਜਿਵੇਂ ਵੀ ਹੋਵੇ ਏਸ ਖੱਡ ਨੂੰ ਬੰਦ ਕਰਵਾਓ ।"

''ਏਹ ਦਾ ਹੁਣੇ ਕਰੋ ਇਲਾਜ ਕੋਈ ।"

''ਐਨੀਆਂ ਕੋੜਨਾਂ । ਏਹਨਾਂ ਤਾਂ ਰੋਟੀ ਪਾਣੀ ਵਿੱਚ ਗਿਰ ਜਾਣਾ । ਜੇ ਕਿਤੇ ਦਾਲ ਸਬਜੀ ਵਿੱਚ ਰਿੱਝ ਗਈ ਕੋਈ । ਹੋਰ ਕਿਤੇ ਸੁੱਤੇ ਪਏ ਈ ਨਾ ਰਹਿ ਜੀਏ ਸਾਰੇ ਜੀਅ । "

ਸਾਰੇ ਠੇਕੇਦਾਰ ਤੇ ਉਹਨਾਂ ਦੇ ਰਾਜ ਮਿਸਤਰੀ ਮਜ਼ਦੂਰ ਕਦੋਂ ਦੇ ਲੁੱਟ-ਕਸੁੱਟ ਕਰਕੇ ਚਲਦੇ ਬਣੇ । ਦੂਸਰਾ ਪੇਂਟਰ ਵੀ ਵਿਦਾ ਹੋ ਗਿਆ । ਇਹ ਝੀਰੀ? ਇਹ ਮੋਰੀ? ਕੌਣ? ਕੌਣ ਬੰਦ ਕਰੂ?? ਪੈਸੇ ਵੀ ਮੁੱਕ ਗਏ । ਲਿਆ ਕਰਜਾ ਮੋੜਦੇ ਲੱਤਾਂ ਵਿੰਗੀਆਂ ਹੋ ਗਈਆਂ । ਏਨੇ ਕੁ ਥੋੜ੍ਹੇ ਕੰਮ ਲਈ ਕੋਈ ਕੀ ਕਰੇ । ਕੋਈ ਕੀਹਨੂੰ ਬੁਲਾਵੇ । ਏਨੇ ਕੁ ਕੰਮ ਲਈ ਨਾ ਮਿਸਤਰੀ ਬੁਲਾਇਆ ਜਾ ਸਕਦਾ, ਨਾ ਮਜ਼ਦੂਰ । ਨਾ ਕਿਸੇ ਨੇ ਇਹ ਕੰਮ ਕਰਨ ਬੁਲਾਏ ਤੋਂ ਆਉਣਾ । ਜਾਂ ਪੈਸੇ ਈ ਐਨੇ ਮੰਗ ਲੈਣੇ ਕਿ ਅਗਲੇ ਦਾ ਮੂਤ ਨਿਕਲ ਜਾਵੇ । ਸਭ ਮੋਟੀ ਮਾਰ ਨੂੰ ਫਿਰਦੇ । ਨਾ ਝੀਰੀ ਮੋਰੀ ਨੂੰ ਖੁੱਲ੍ਹਾ ਛੱਡਿਆ ਜਾ ਸਕਦਾ । ਓਸ ਇਲੈਕ੍ਰਟਰੀਸ਼ਨ ਦੇ ਬੱਚੇ ਦੇ ਤਾਂ ਕੰਮ ਹੀ ਅਜਿਹੇ ਸਨ । ਬੜੇ ਭੰਬਲਭੂਸੇ, ਬੜੀ ਮੁਸੀਬਤ 'ਚ ਪੈ ਗਿਆ । ਹੋਰ ਕਿਤੇ ਸਾਰੇ ਸੁੱਤੇ ਪਏ ਈ ਨਾ ਰਹਿ ਜਾਈਏ । ਕੀ ਕਰਾਂ?

''ਸਾਲਿਆ ਤੇਰੇ ਹੱਥ ਟੁੱਟ ਗੇ '', ਮੈਨੂੰ ਪਿਛਲੇ ਸਮਿਆਂ ਦੌਰਾਨ ਕਿਸੇ ਦੀ ਕਿਸੇ ਨੂੰ ਕੱਢੀ ਗਾਲ ਵਰਗੀ ਗੱਲ ਯਾਦ ਆ ਗਈ । ਏਹੀ ਗਾਲ ਸਮਝੋ ਮੈਂ ਖੁਦ ਨੂੰ ਕੱਢ ਕੇ ਆਪਣੇ ਹੱਥਾਂ ਵੱਲ ਵੇਖਿਆ । ਇਹ ਹੱਥ! ਇਹ 'ਡਮਾਕ'!! ਏਨਾ ਕੁਝ ਕਰਦੇ ਨੇ ਇਹ ਦੋਵੇਂ, ਝੁੱਡੂਆ ।

ਮੈਂ ਆਪ ਹੀ ਰਾਜ ਮਿਸਤਰੀ ਤੇ ਮਜ਼ਦੂਰ ਦੀ 'ਸੇਵਾ' ਕਰਨ ਦਾ ਤਹੱਈਆ ਕਰ ਲਿਆ ।

'ਹੈਂ! ਤੇਰੇ ਕੋਲ ਸੰਦ ਤਾਂ ਹੈ ਨੀਂ । ਕਾਂਡੀ? ਤਸਲਾ?'

' ਸਮਾਨ ਕਿੱਥੇ ਐ? ਰੇਤਾ? ਸੀਮਿੰਟ? '

'ਹਾਂ, ਤੇ ਰੇਤ?'

ਸਾਰਾ ਘਰ ਫਰੋਲਿਆ । ਪੁਰਾਣੇ ਟੋਟੇ 'ਚ ਆਕੜ ਰਿਹਾ ਬੱਚਿਆ ਖੁੱਚਿਆ ਥੋੜ੍ਹਾ ਜਿਹਾ ਸੀਮਿੰਟ ਮਿਲ ਗਿਆ । ਠੇਕੇਦਾਰ ਦਾ ਕੋਈ ਕਰਿੰਦਾ ਆਪਣਾ ਟੁੱਟਿਆ ਹੋਇਆ ਤਸਲਾ, ਕਾਂਡੀ ਏਥੇ ਹੀ ਭੁੱਲ ਗਿਆ ਸੀ । ਥਾਂ ਥਾਂ ਤੋਂ ਇਵੇਂ ਦਾ ਸੌਦਾ ਇਕੱਠਾ ਕਰਕੇ ਮੈਂ ਝੀਰੀ ਵਾਲੇ ਖੂੰਜੇ ਕੋਲ ਬਾਹਰ ਵਿਹੜੇ ਵਿੱਚ ਢੇਰੀ ਲਾ ਦਿੱਤੀ ।

'... ਤੇ ਰੇਤ '

'... ਰੇਤ ਬਾਬਾ ਜੀ ...'

ਮੈਨੂੰ ਤਾਂ ਹੁਣ ਬਹੁਤ ਹੀ ਥੋੜ੍ਹੀ ਜਹੀ ਰੇਤ ਚਾਹੀਦੀ ਸੀ । ਘਰ ਬਣਾਉਣ ਲਈ ਜਰੂਰੀ ਆਈਟਮਾਂ 'ਚੋਂ ਸਭ ਤੋਂ ਸਸਤੀ... ਸਮਝੋ ਟਰੱਕ ਦਾ ਭਾੜਾ ਦੇ ਕੇ ਮੁਫ਼ਤ ਵਰਗੀ ਓ ਮਿਲਦੀ ਹੁੰਦੀ ਸੀ । ਪਰ ਹੁਣ!! ਹੁਣ ਰੇਤ ਨੂੰ ਸੱਚੀਂ ਮੁੱਚੀਂ ਅੱਗ ਲੱਗੀ ਹੋਈ ਸੀ । ਪਰ ...ਮੈਨੂੰ ਕੀ? ਮਹਿੰਗੀ ਜਾਂ ਸਸਤੀ? ਮੈਨੂੰ ਤਾਂ ਇੱਕ ਲਿਫ਼ਾਫ਼ਾ ਰੇਤ ਚਾਹੀਦੀ ਸੀ ਕੁੱਲ ।

'ਪਰ ਬਾਬਾ ਜੀ ਰੇਤ' ਪਹਿਲਾਂ ਵੀ ਮੈਂ ਆਪਣੇ ਜੀਵਨ ਵਿੱਚ ਕਿੰਨੀਆਂ ਹੀ ਚੀਜ਼ਾਂ ਦੀ ਘਾਟ ਪੂਰੀ ਕਰਨ ਲਈ ਅਰਦਾਸ ਕਰਦਾ ਸਾਂ ।

'ਮੇਰੇ ਬਾਬਾ ਜੀ ਰੇਤ' ਪਤਾ ਨਹੀਂ ਮੈਂ ਕਿਸ ਨੂੰ ਸਮਝੋ ਆਖ਼ਰੀ... ਇੱਕ ਹੋਰ ਅਰਦਾਸ ਕਰਨ ਲੱਗ ਪਿਆ ਸਾਂ ।

'ਓਅ ਹੋਅ...'

ਮੈਨੂੰ ਕਿਆ ਮਣ ਰੇਤ ਚਾਹੀਦੀ ਸੀ? ਕੁਅੰਟਲ? ਮੈਨੂੰ ਤਾਂ ਬਹੁਤ ਹੀ ਥੋੜ੍ਹੀ ਜਹੀ ਰੇਤ ਚਾਹੀਦੀ ਸੀ । ਕੌਣ ਪ੍ਰਵਾਹ ਕਰਦਾ ਸੀ ਰੇਤ ਦੀ । ਨਾ ਉਦੋਂ ਜਦੋਂ ਅਸੀਂ ਏਹਨਾਂ ਹੀ ਹੱਥਾਂ ਨਾਲ ਪੈਰਾਂ 'ਤੇ ਸਲ੍ਹਾਬੀ ਰੇਤ ਇਕੱਠੀ ਕਰਕੇ ਰੇਤ ਦੇ ਘਰ ਬਣਾਉਂਦੇ । ਰੱਜ ਕੇ ਖੇਲਦੇ ਤੇ ਜਦੋਂ ਜੀਅ ਕਰਦਾ ਢਾਅ ਕੇ ਰੇਤ ਵੀ ਉੱਥੇ ਈ ਛੱਡ ਕੇ ਆਪ ਵੀ ਕਿਤੇ ਗੁੰਮ ਗੁਆਚ ਜਾਂਦੇ । ਨਾ ਹੁਣ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ । ਪਲਾਟ ਦੇ ਸਾਹਮਣੇ ਇੱਟਾਂ, ਰੇਤਾ, ਬਜਰੀ ਦੇ ਢੇਰਾਂ ਦੇ ਢੇਰ ਲੱਗੇ ਹੁੰਦੇ ਸਨ । ਟੌਅਰ ਨਾਲ ਫੋਨ ਕਰਕੇ ਸਾਰੇ ਸਮਾਨ ਦੀਆਂ ਟਰੱਕ ਟਰਾਲੀਆਂ ਮੰਗਾਈ ਦੀਆਂ ਸਨ । ਪਲਾਟ ਦੇ ਸ੍ਹਾਮਣੇ ਰੰਗ ਬਰੰਗੀ ਰੇਤ ਦੇ ਕਈ ਢੇਰ ਲੱਗੇ ਹੁੰਦੇ ਸੀ । ਬਚੀ ਪਈ ਰੇਤ ਦੀਆਂ ਢੇਰੀਆਂ ਪਤਾ ਨਹੀਂ ਕਿੱਥੇ ਖੁਰ ਗਈਆਂ ।

...ਪਰ ਹੁਣ ਕਿੱਥੋਂ ਲਿਆਉਂਗੇ ਰੇਤ?

ਪਰ? ਹੁਣ? ਹੁਣ?? ਹੁਣ ਤਾਂ ਰੇਤ ਟਾਲਾਂ 'ਤੇ ਸਮਝੋ ਤੱਕੜੀ 'ਚ ਤੋਲ ਕੇ ਵਿਕਣ ਲੱਗ ਪਈ ਸੀ । ਜੇ ਜੈਨ ਸੀਮਿੰਟ ਵਾਲੇ ਨੂੰ ਪੱਚੀ ਫੁੱਟ ਰੇਤ ਦੀ ਗਧੀ ਜਹੀ ਲਈ ਫੋਨ ਕੀਤਾ ਤਾਂ ਪਹਿਲਾਂ ਉਸਨੇ ਰੇਟ ਤੇ ਕੁੱਲ ਪੈਸੇ ਦੱਸਣੇ ਐ । ਹੁਣ ਐਨੇ ਪੈਸੇ ਵੀ ਕਿੱਥੇ ਆ ਆਪਣੇ ਕੋਲ? ਘਰ ਤੋਂ ਬਾਹਰ ਨਿਕਲ ਕੇ ਮੈਂ ਨਿਗ੍ਹਾ ਮਾਰੀ ਕਿ ਜੇ ਕਿਸੇ ਦਾ ਕੰਮ ਚਲਦਾ ਹੋਵੇ ਤਾਂ ਮੰਗ ਹੀ ਲਿਆਉਦਾਂ । ਪਹਿਲਾਂ ਸਾਰੇ ਸੈਕਟਰਾਂ ਵਿੱਚ ਧੜਾ ਧੜ ਕੋਠੀਆਂ ਦੇ ਕੰਮ ਚਲਦੇ ਹੁੰਦੇ ਸਨ । ਹੁਣ ਬਹੁਤੇ ਮਾਲਕ ਚੁੱਪ ਸਨ । ਹੁਣ ਤਾਂ ਕੰਮ ਚਲਣੇ ਈ ਬੰਦ ਹੋ ਗਏ । ਜੇ ਕਿਤੇ ਕੰਮ ਚਲਦਾ ਮਿਲ ਜਾਵੇ ਤਾਂ ਉਥੋਂ ਲਿਫ਼ਾਫੇ 'ਚ... ਮਾੜੀ ਜਹੀ ਤਾਂ ਚਾਹੀਦੀ ਐ । ਬਾਕੀ ਸਭ ਕੁਝ ਹੈਗਾ ਮੇਰੇ ਕੋਲ । ਪੰਜ-ਛੇ ਕਿੱਲੋ ਰੇਤ ਸਿਰਫ਼ । ਬੰਦਾ ਜਿੰਦਗੀ ਵਿੱਚ ਕਿੰਨੀ ਵਾਰ ਛੋਟੀਆਂ ਛੋਟੀਆਂ ਮੁਸੀਬਤਾਂ ਸਾਹਮਣੇ ਕਿੰਨਾ ਬੇਵਸ ਹੋ ਜਾਂਦਾ!! ਮੈਨੂੰ ਤਾਂ ਹੁਣ ਬਹੁਤ ਹੀ ਥੋ੍ਹੜੀ ਸਮਝੋ ਲਿਫ਼ਾਫੇ 'ਚ ਆਟੇ ਵਾਲੀ ਗੱਲ ਈ ਐ... ਪੰਜ ਛੇ ਕਿੱਲੋ ਬਹੁਤ ਐ । ਕਿਸੇ ਦੇ ਦਰ ਤੋਂ ਆਟਾ ਮੰਗਣਾ ਵੀ ਮੇਰੇ ਲਈ ਬਹੁਤ ਔਖਾ । ਚੋਰੀ ਹੀ ਕਰ ਲਿਆਊਦਾਂ ਜੇ ਨੇ੍ਹਰੇ ਸਵੇਰੇ ਕਿਤੇ ਦਿਖ ਜਾਵੇ । ਕੀ ਹੁੰਦਾ ਪੰਜ-ਛੇ ਕਿੱਲੋ ਆਟਾ... ਬਸ ਛੇ ਕਿੱਲੋ ਆਟਾ... ਓਏ ਨਹੀਂ... ਮੈਂ ਮੱਥੇ 'ਤੇ ਹੱਥ ਮਾਰਿਆ । ਆਟਾ ਨਹੀਂ, ਰੇਤ । ਰੇਤ ਮੈਂ ਲਿਫ਼ਾਫੇ 'ਚ ਪਾ ਕੇ ਦਬਾ ਦਬਾ ਘਰ ਨੂੰ ਭੱਜ ਆਉਣਾ ਤੇ ਰਲਾ ਕੇ ਝੀਰੀ ਦੇ ਜਖ਼ਮ ਉੱਤੇ ਮਲ ਦੇਣੀ ਐ ।

ਮੈਂ ਮੋਮਜਾਮੇ ਦਾ ਮਜ਼ਬੂਤ ਲਿਫ਼ਾਫਾ ਜੇਬ 'ਚ ਪਾ ਕੇ ਸੈਕਟਰ ਦੀਆਂ ਸੜਕਾਂ 'ਤੇ ਪਈਆਂ ਰੇਤ ਦੀਆਂ ਢੇਰੀਆਂ ਦੇਖਦਾ, ਲੰਘਦਾ ਸੈਰ ਕਰਦਾ... ਬਿਨਾਂ ਰੇਤ ਤੋਂ ਹੀ ਘਰ ਮੁੜ ਆਇਆ ਸੀ । ਡਰਦੇ ਦਾ ਹੀਆ ਈ ਨਾ ਪਿਆ । ਆਪਣੇ ਅੰਦਰਲੇ ਚੋਰ ਨੂੰ ਐਨੀ ਛੇਤੀ ਨੰਗਾ ਕਰਨਾ ਕਿਹੜਾ ਸੌਖਾ ਹੁੰਦਾ ।

...ਤੇ ਘਰੇ ਛਿਪਕਲੀਆਂ ਕੁੱਦੀ ਜਾਂਦੀਆਂ ਸਨ । ਟਿਕ ਕਿੱਥੇ ਹੋਵੇ । ਅਗਲੇ ਦਿਨ ਮੈਂ ਪਰਲੇ ਸੈਕਟਰ ਵੱਲ ਚਲਿਆ ਗਿਆ ਜਿੱਥੇ ਸਰਕਾਰੀ ਸੜ੍ਹਕ ਬਣ ਰਹੀ ਸੀ । ਉੱਥੇ ਥਾਂ-ਥਾਂ ਤੇ ਛੋਟੇ ਵੱਡੇ ਰੇਤ ਦੇ ਕਈ ਢੇਰ ਪਏ ਸਨ । ਏਥੇੇ ਕੋਈ ਬਹੁਤੀ ਰਾਖੀ ਵੀ ਨਹੀਂ ਸੀ । ਏਥੋਂ ਚੋਰੀ ਕਰਨ ਦਾ ਮੇਰਾ ਹੀਆ ਪੈ ਗਿਆ । ਉਂਜ ਇਹ ਰੇਤ ਹੋਰ ਰੰਗ ਦੀ ਸੀ । ਪਰ ਮੈਨੂੰ ਕੀ?

ਤੇ ਉਸ ਤੋਂ ਅਗਲੇ ਦਿਨ ਉਹੀ ਲਿਫ਼ਾਫ਼ਾ ਮੈਂ ਜੇਬ ਵਿੱਚ ਪਾਇਆ ਤੇ ਮੂੰਹ ਨੇ੍ਹਰੇ ਈ ਸਕੂਟਰ 'ਤੇ ਨਿਕਲ ਗਿਆ । ਪੈਰ ਜਹੇ ਮਲਦਾ ਮੈਂ ਰੇਤ ਦੇ ਢੇਰ ਕੋਲੇ ਖੜ੍ਹਾ ਰਿਹਾ । ਜੇਬ 'ਚ ਪਏ ਲਿਫ਼ਾਫ਼ੇ ਨੂੰ ਹੱਥ ਲਾ ਲਾ ਦੇਖੀ ਗਿਆ । ਜਦੋਂ ਸੈਰ ਕਰਦਾ ਕੋਈ ਬੰਦਾ ਮੈਨੂੰ ਪਿੱਠ ਦਿਖਾਉਂਦਾ ਨਿਕਲ ਗਿਆ ਤਾਂ ਮੈਂ ਪੈ ਗਿਆ ਟੁੱਟ ਕੇ । ਬੁੱਕਾਂ ਭਰ ਭਰ ਕੇ ਪੰਜ ਛੇ ਕਿੱਲੋ ਰੇਤ ਲਿਫ਼ਾਫ਼ੇ 'ਚ ਠੂਸੀ । ਲਿਫ਼ਾਫ਼ਾ ਅੜਾਇਆ ਸਕੂਟਰ 'ਚ । ਤੇ ਭੱਜਣ ਦੀ ਕੀਤੀ । ਹਫ਼ਿਆ ਹੋਇਆ ਮੈਂ ਆਪਣੇ ਘਰ ਆ ਵੜਿਆ । ਪਤਾ ਨਾ ਲੱਗੇ, ਫੈਸਲਾ ਨਾ ਹੋਵੇ ਮੈਥੋਂ ਕਿ ਇਹ ਰੇਤ ਜੋ ਏਨੇ ਜੁਗਾੜਾਂ ਨਾਲ ਚੋਰੀ ਕੀਤੀ ਸੀ ਉਸਨੂੰ ਘਰ 'ਚ ਕਿਹੜੀ ਥਾਂ ਉੱਪਰ ਰੱਖਾਂ । ਬੜੇ ਔਖੇ ਮਨ ਨਾਲ ਇਹ ਰੇਤ ਮੈਂ ਤਸਲੇ 'ਚ, ਸਣੇ ਲਿਫ਼ਾਫ਼ੇ ਰੱਖ ਦਿੱਤੀ । ਤੇ ਬੜੇ ਗੌਹ ਨਾਲ ਇਸ ਨੂੰ ਦੇਖਿਆ ਕਿ ਇਹ ਹੁਣ ਠੀਕ ਤਾਂ ਰੱਖੀ ਗਈ ਐ ।

''ਲੈ ਬਣ ਗਿਆ ਕੰਮ"

ਮੈਂ ਖੁਸ਼ਕ ਝੀਰੀ ਨੂੰ ਤਰ ਕੀਤਾ । ਸੀਮਿੰਟ ਤੇ ਰੇਤ ਤਸਲੇ 'ਚ ਪਾ ਕੇ ਕਾਂਡੀ ਨਾਲ ਮਸਾਲਾ ਰਲਾਇਆ । ਰਲਿਆ ਹੋਇਆ ਮਾਲ ਮੈਂ ਕਾਂਡੀ ਨਾਲ ਵਗਾਹ ਕੇ ਕੰਧ ਵਿੱਚ ਪੁੱਟੀ ਹੋਈ ਝੀਰੀ ਉੱਤੇ ਮਾਰਨ ਲੱਗ ਪਿਆ । ਮਾਲ ਥੱਲੇ ਗਿਰੀ ਜਾਵੇ । ਫੇਰ ਮੈਂ ਬਚਪਨ ਵਿੱਚ ਹੱਥਾਂ ਨਾਲ ਬਣਾਏ ਰੇਤ ਦੇ ਘਰ ਯਾਦ ਕਰਕੇ ਭੂਸਰ ਗਿਆ... ਤੇ ਕਾਂਡੀ ਛੱਡ ਕੇ ਹੱਥਾਂ ਨਾਲ ਈ ਮਸਾਲਾ ਝੀਰੀ ਵਿੱਚ ਭਰਨ ਲੱਗਿਆ... ਐਨੀ ਖੁਸ਼ੀ... ਹੌਸਲਾ... ਤੇ ਚੜ੍ਹਾਈ ਕਿ ਮੈਨੂੰ ਸਾਹ ਈ ਚੜ੍ਹ ਗਿਆ । ਕੰਧ ਉੱਤੇ ਇਕ ਸਾਲ ਤੋਂ ਲੰਮਾ ਪਿਆ... ਲੰਬਾ ਜਖ਼ਮ ਮੈਂ ਰੇਤ ਤੇ ਸੀਮਿੰਟ ਦਾ ਘੋਲ ਆਪਣੇ ਹੱਥਾਂ ਵਿੱਚ ਭਰ ਭਰਕੇ... ਲਿੱਪ ਕੇ ਬੰਦ ਕਰ ਦਿੱਤਾ... ਕਾਂਡੀ ਦੀ ਹੱਥੀ ਨਾਲ ਮਸਾਲਾ ਮਘੋਰੀ 'ਚ ਠੋਕ ਦਿੱਤਾ ।

ਵਗੈਰ ਚੁਆਨੀ ਖਰਚੇ ਕੰਮ ਲੋਟ ਹੋ ਗਿਆ । ਹੱਥੀਂ ਕੀਤੇ ਪਲਸਤਰ ਨੂੰ ਮੈਂ ਤਿੰਨ ਦਿਨ ਪਾਣੀ ਲਾਉਂਦੇ ਰਹਿਣ ਬਾਰੇ ਮੁੰਡੇ ਨਾਲ ਗੱਲ ਕੀਤੀ ਤਾਂ ਜੋ ਪਲਸਤਰ ਚੰਗੀ ਤਰਾਂ ਪੱਕ ਜਾਵੇ । ਕੰਧ ਉੱਤੇ ਮਸਾਲੇ ਦੀ ਬੰ੍ਹਨੀ ਲੰਬੀ ਪੱਟੀ ਹੇਠਾਂ ਰਾਜ਼ੀ ਹੁੰਦੇ ਜਖ਼ਮ ਨੂੰ ਕਈ ਵਾਰ ਬਾਹਰ ਨਿਕਲ ਕੇ ਦੇਖਿਆ । ਦੇਖ ਦੇਖ ਬੜਾ ਸੁਆਦ ਆਇਆ । ਓਸੇ ਐਤਵਾਰ ਸ਼ਾਮ ਨੂੰ ਮੈਂ ਕੋੜਨਾਂ ਛਿਪਕਲੀਆਂ ਦੇ ਖਿਲਾਫ਼ ਜਿੱਤੀ ਇਸ ਜੰਗ ਨੂੰ ਯਾਦ ਕਰ ਕੇ ਸ਼ਰਾਬ ਪੀ ਕੇ ਬੇਟੇ ਦੇ ਕਮਰੇ ਵਿੱਚ ਬੈੱਡ 'ਤੇ ਲੇਟ ਗਿਆ । ਸੋਚਣ ਲੱਗਾ ... ਕੋਲ ਕੁੱਝ ਵੀ ਨਹੀਂ ਸੀ... ਜੁਗਤ ਲਗਾ ਕੇ ਐਡਾ ਵੱਡਾ ਕੰਮ ਲੋਟ ਕਰ ਲਿਆ... ਆਪਣੇ ਘਰ ਦਾ । ਹਾਂਅ । ਘਰ ਬਣੀ ਹੀ ਜਾਂਦੇ ਹਨ । ਦੁਨੀਆ ਦੇ ਹਰ ਖਿੱਤੇ 'ਚ । ਧਰਤੀ ਦੇ ਹਰ ਟੁੱਕੜੇ 'ਤੇ । ਹਰ ਕੀੜਾ ਮਕੌੜਾ, ਹਰ ਆਦਮੀ-ਔਰਤ, ਖੁਸਰਾ, ਲੱਗਿਆ ਹੋਇਆ ਕਰਨ ਤੇਰਾ ਘਰ... ਮੇਰਾ ਘਰ ...

ਮੇਰਾ ਘਰ । ਤੇਰਾ ਘਰ । ਘਰ-ਓ-ਘਰ ।

ਰੇਤ ਦਾ ਘਰ । ਕਿਹੜੇ ਰੇਤ ਦਾ ਘਰ?

ਰੇਤ ਦਾ ਘਰ ਬਣਾਈਏ! ਆ ਜਾ ਘਰ-ਘਰ ਖੇਲੀਏ ਮੋਹਣ!!

'ਹਾਏ ਓਏ! ਕੁੱਤਿਆ ਤੂੰ ਮੇਰਾ ਰੇਤ ਦਾ ਘਰ ਢਾਅ ਕੇ ਰੇਤ ਲਿਫਾਫੇ 'ਚ ਚੋਰੀ ਕਰ ਲਿਆਇਆ ।'

ਓਏ ਮੋਹਣ ਰੇਤ ਦਾ ਕਿਹੜਾ ਘਰ ਹੁੰਦਾ?

'ਕਮਲਿਆ! ਬੱਚਿਆਂ ਦਾ ਤਾਂ ਉਹ ਘਰ ਈ ਹੁੰਦਾ!! '

ਮੋਹਣ ਨੇ ਆਪਣਾ ਖੱਬਾ ਹੱਥ ਚੁੱਕ ਕੇ ਮੱਥੇ ਨੂੰ ਲਾਇਆ ।

''ਕਮਲਿਆ" ਮੈਂ ਫੇਰ ਸੁਣਿਆ । ਉਸਨੇ ਹੱਥ ਤਾਂ ਮੱਥੇ ਨੂੰ ਲਾਇਆ ਸੀ ਪਰ ਮੈਨੂੰ ਲੱਗਿਆ ਉਸਨੇ ਮੈਨੂੰ ਗਧੇ ਨੂੰ ਮਾਰਨ ਲਈ ਹੂਰਾ ਵੱਟਿਆ ਸੀ ।

'ਉਹਨਾਂ ਦੇ ਤਾਂ ਉਹ ਘਰ ਈ ਹੁੰਦੇ ਨੇ ਗਧਿਆ'

ਉਸਨੇ ਮੇਰੇ ਵਜੂਦ ਉੱਤੇ ਕਾਟਾ ਮਾਰ ਦਿੱਤਾ ਸੀ ।

'ਕਿੱਡਾ ਸਿਆਣਾ ਤੂੰ । ਹੈਾ! ਮੇਰੇ ਘਰ ਦੀ ਰੇਤ ਚੋਰੀ ਕਰਕੇ ਆਪਣੇ ਘਰ ਨੂੰ ਲਾ ਲਈ!'

ਉਸਨੇ ਉਂਜ ਮੈਨੂੰ ਕਮਲੇ ਤੋਂ ਪਰੇ ਹੋਰ ਬੜਾ ਕੁੱਝ ਸਮਝਿਆ ਹੋਵੇਗਾ ।

'ਮੈਨੂੰ ਮੁਆਫ਼ ਕਰੀਂ ਮੋਹਣ...' ਮੈਂ ਕਿਸੇ ਵੀ ਤਰ੍ਹਾਂ ਉਸ ਤੋਂ... ਆਪਣੇ ਪਿਆਰੇ ਮੋਹਣ ਤੋਂ ਮੁਆਫ਼ੀ ਮੰਗਣ ਲਈ ਤਿਆਰ ਸਾਂ । ਜੇ ਮੋਹਣ ਮੈਨੂੰ ਮੁਆਫ਼ ਕਰ ਦੇਵੇ!

'ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ ।'

'ਮੈਨੂੰ ਮੁਆਫ਼ ਕਰੋ ਜੀ'

'ਪਲੀਜ਼'

'ਗਲਤੀ ਹੋ ਗਈ '

'ਹੋ ਗਈ ਗਲਤੀ ਲਈ ਮੁਆਫ਼ੀ ਵੀ ਤਾਂ ਮਿਲ ਸਕਦੀ ਐ ਜੀ' ਮੈਂ ਮੁਆਫ਼ੀ ਮੰਗੀ ਜਾਂਦਾ । ਮੈਂ ਹੱਥ ਜੋੜੇ । ਸਿਰ ਨੀਵਾਂ ਕੀਤਾ । ਚਿਹਰੇ ਉੱਤੇ ਮੁਆਫ਼ੀ ਦਾ ਭਾਵ ਲਿਆਂਦਾ । ਨਹੀਂ... ਗੱਲ ਨਹੀਂ ਬਣ ਰਹੀ । ਮੈਨੂੰ ਕਿਸੇ ਵੀ ਤਰਾਂ ਮੁਆਫ਼ੀ ਨਹੀਂ ਮਿਲ ਰਹੀ । ਮੇਰੀ ਖਲਾਸੀ ਨਹੀਂ ਹੋ ਰਹੀ ।

''ਓ-ਅ-ਏ ਉਹਨਾਂ ਦੇ ਤਾਂ ਉਹ ਘਰ ਈ ਹੁੰਦੇ ਨੇ" ਮੋਹਣ ਨੇ ਫੇਰ ਨਾਅਰਾ ਬੁਲੰਦ ਕਰਦਿਆਂ ਗਰਜ ਕੇ ਕਿਹਾ... ਮੈਨੂੰ ਮਾਰਨ ਲਈ ਦੂਜਾ ਹੱਥ ਵੀ ਉੱਪਰ ਚੁੱਕ ਲਿਆ ।

'ਮੋਹਣ ਜੀਓ, ਮੈਂ ਤੁਹਾਡੇ ਤੋਂ ਕਿਸੇ ਵੀ ਤਰਾਂ ਮੁਆਫ਼ੀ ਮੰਗਣ ਲਈ ਤਿਆਰ ਹਾਂ ।'

'ਮੈਨੂੰ ਮੁਆਫ਼ ਕਰੋ ਜੀ ।'

'ਮੈਨੂੰ ਮੁਆਫ਼ ਕਰੋ ਜੀ ।'

''ਹੈਂ! ਇਹ ਕੀ ਬੁੜ ਬੁੜ ਕਰੀ ਜਾਂਦੇ ਓਂ... ਡੈਡੀ ਜੀ" ਮੇਰੇ ਬੇਟੇ ਨੇ ਮੈਨੂੰ ਜ਼ੋਰ ਦੀ ਹਲੂਣਾ ਦੇ ਕੇ ਬੁਣ ਹੋ ਰਹੇ ਸੁਪਨੇ ਦਾ ਤਾਣਾ ਪੇਟਾ ਪਾੜ ਦਿੱਤਾ । ਮੈਂ ਅੱਖਾਂ ਝਪਕੀਆਂ । ਕਾਲਜ 'ਚ ਪੜਦਾ ਮੇਰਾ ਮੁੰਡਾ ਮੈਨੂੰ ਹੋਰੂੰ ਝਾਕੇ ।

''ਬੇਟਾ, ਮੈਂ ਮੁਆਫ਼ੀ ਮੰਗ ਰਿਹਾ ਸੀ ।" ਮੈਂ ਕਿਵੇਂ ਵੀ ਹੌਲਾ ਹੋਣਾ ਲੋਚਦਾ ਸੀ ।

''ਕਿਸ ਤੋਂ?''

''ਪ੍ਰੋਫ਼ੈਸਰ ਮੋਹਣ ਤੋਂ ਪਰ..."

''ਪਰ ਕੀ ਡੈਡੀ?"

''ਅਫਸੋਸ... ਮੈਨੂੰ ਮੁਆਫ਼ੀ ਨਹੀਂ ਮਿਲ ਰਹੀ ਬੇਟਾ" ਮੋਹਣ ਨੇ ਤਾਂ ਕਿੱਥੇ...? ਮੈਨੂੰ ਆਪਣੇ ਆਪ ਨੂੰ ਮੁਆਫ਼ ਕਰਨਾ ਵੀ ਨਾਮੁਮਕਿਨ ਲੱਗ ਰਿਹਾ ਸੀ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ