Rickshewala (Punjabi Story) : Muhammad Imtiaz
ਰਿਕਸ਼ੇਵਾਲਾ (ਕਹਾਣੀ) : ਮੁਹੰਮਦ ਇਮਤਿਆਜ਼
ਮੈਂ ਧਿਆਨ ਨਾਲ ਵੇਖਿਆ, ਉਹੋ ਹੀ ਸੀ।
ਕੁਦਰਤੀ ਗੱਲ ਹੈ ਕਿ ਜਦੋਂ ਵੀ ਮੈਂ ਬਸ-ਅੱਡੇ ਤੋਂ ਬਾਹਰ ਨਿਕਲਦਾ ਸੀ ਤਾਂ
ਹਮੇਸ਼ਾ ਮੈਨੂੰ ਉਹੋ ਹੀ ਮਿਲਦਾ ਸੀ।......... ਜਾਂ, ਮਿਲਿਆ ਤਾਂ ਸ਼ਾਇਦ ਬਹੁਤੀ ਵਾਰ
ਨਾ ਵੀ ਹੋਵੇ; ਕਈ ਵਾਰ, ਜੇ ਕੋਈ ਬੰਦਾ ਤੁਹਾਡੀਆਂ ਅੱਖਾਂ ਵਿੱਚ ਰੜਕਣ ਲੱਗ
ਪਵੇ, ਤਾਂ ਉਹ ਦੇ ਤੁਹਾਨੂੰ ਤਿੰਨ-ਚਾਰ ਵਾਰ ਦਿਸਣ ਤੇ ਵੀ ਲੱਗਦਾ ਹੈ ਕਿ ਉਹ
ਤੁਹਾਨੂੰ ਅਕਸਰ ਹੀ ਮਿਲ ਜਾਂਦਾ ਹੈ।
ਮੈਨੂੰ ਵੇਖਦਿਆਂ ਹੀ ਉਹ ਮੁਸਕਰਾਇਆ ਤੇ ਚੱਲਣ ਲਈ ਉਸਨੇ ਰਿਕਸ਼ੇ ਨੂੰ
ਖਿੱਚਿਆ।
ਮੈਂ ਜਾਣਬੁਝ ਕੇ ਉਸਦੀ ਮੁਸਕਰਾਹਟ ਨੂੰ ਅਣਗੌਲਆਂ ਕਰਦਿਆਂ ਕਾਹਲੀ
ਨਾਲ ਸੀਟ ਤੇ ਜਾ ਬੈਠਾ।
ਮੌਜ ਵਿੱਚ ਰਿਕਸ਼ੇ ਨੂੰ ਗੋਲ-ਚੱਕਰ 'ਚ ਘੁਮਾਉਂਦਿਆਂ ਜਦੋਂ ਮੈਂ ਉਸ ਨੂੰ
ਪਹਿਲੀ ਵਾਰ ਵੇਖਿਆ ਸੀ ਤਾਂ ਮੇਰਾ ਧਿਆਨ ਨੇੜੇ ਪਏ ਕੂੜੇ ਦੇ ਢੇਰ ਤੇ ਪਿਆ ਸੀ,
''ਬੱਸ, ਇਹੀ ਜ਼ਿੰਦਗੀ ਐ ਇਹਨਾਂ ਦੀ—ਕੀੜਿਆਂ ਵਾਂਗ ਪੈਦਾ ਹੋਣਾ ਤੇ ਇਸੇ ਤਰ੍ਹਾਂ
ਈ ਮਰ ਜਾਣਾ!''
ਮੈਂ ਅਜਿਹੀ ਜ਼ਿੰਦਗੀ ਨਹੀਂ ਸੀ ਜਿਉਣਾ ਚਾਹੁੰਦਾ।
ਮਲੇਰਕੋਟਲੇ ਦੇ ਲੋਕ ਮੈਨੂੰ ਇਸੇ ਲਈ ਨਹੀਂ ਸੀ ਪਸੰਦ। ''ਪਤਾ ਨਹੀਂ ਇਹ
ਅਗਾਂਹ ਵਧਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ?'' ਜਦੋਂ ਵੀ ਮੈਂ ਇਥੋਂ ਦੇ ਨੌਜਵਾਨਾਂ
ਬਾਰੇ ਸੋਚਦਾ ਤਾਂ ਮੈਨੂੰ ਲੱਗਦਾ, ''ਇਹ ਮੇਰੇ ਮੈਨੇਜਰ ਦਾ ਮੁਕਾਬਲਾ ਕਿਵੇਂ ਕਰ
ਸਕਦੇ ਨੇ?''
ਮੈਂ ਆਪਣੀ ਕੰਪਨੀ ਦੇ ਮੈਨੇਜਰ ਵਰਗਾ ਬਣਨਾ ਚਾਹੁੰਦਾ ਸੀ—ਬਰਾਂਡਡ ਸੂਟ
ਤੇ ਗੱਡੀਆਂ ਦੇ ਨਿਵੇਕਲੇ ਮਾਡਲ ਮੈਨੂੰ ਬੇਚੈਨ ਕਰ ਦਿੰਦੇ ਸਨ।
ਮੇਰੀ ਐਮ. ਬੀ. ਏ. ਕਿਸੇ ਨਾਮੀ ਇੰਸਟੀਚਿਊਟ ਤੋਂ ਨਹੀਂ ਹੋ ਸਕੀ। ''ਅਸੀਂ
'ਉਹਨਾਂ' ਲੋਕਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆਂ?........ ਕਾਸ਼! ਜੇ ਮੈਂ ਪੈਦਾ ਈ
ਚੰਡੀਗੜ੍ਹ ਵਰਗੇ ਸ਼ਹਿਰ 'ਚ ਹੋਇਆ ਹੁੰਦਾ!'' ਇਸੇ ਕਰਕੇ ਨੌਕਰੀ ਲਈ ਮੈਂ ਚੰਡੀਗੜ੍ਹ
ਚੁਣਿਆ ਸੀ।
ਹੁਣ ਮੈਂ ਮਾਰਕਿਟਿੰਗ 'ਚ ਦਿਨ-ਰਾਤ ਇੱਕ ਕੀਤਾ ਹੋਇਆ ਸੀ। ''ਜਦੋਂ
ਕੰਪਨੀ ਮਾਰਕਿਟਿੰਗ ਦੇ ਨਤੀਜੇ ਦੇਖੂਗੀ, ਤਾਂ ਆਪਣੇ-ਆਪ ਤਰੱਕੀ ਦੇਊਗੀ।''
ਤਰੱਕੀ ਤੋਂ ਬਾਅਦ ਮੇਰਾ ਇਰਾਦਾ ਤਕਨੀਕੀ ਡਿਪਲੋਮਾ ਕਰ ਲੈਣ ਦਾ ਸੀ, ਤੇ
ਫਿਰ ਕਿਸੇ ਚੰਗੀ ਕੰਪਨੀ 'ਚ ਜਾਣ ਦਾ, ''ਫੇਰ ਆਪਣਾ ਕਾਰੋਬਾਰ, ਤੇ ਫੇਰ....... ਤੇ
ਫਿਰ......,'' ਮੈਨੂੰ ਚੰਗਾ ਲੱਗਦਾ ਸੀ ਅੱਗੇ ਹੀ ਅੱਗੇ ਵਧਦੇ ਰਹਿਣਾ, ਤੇ ਇੱਕ ਮਿੰਟ
ਦੀ ਵੀ ਵਿਹਲ ਨਾ ਹੋਣਾ।..........
ਉਸ ਦਿਨ ਮੈਂ ਇਹਨੂੰ ਲੰਘੇ ਜਾਂਦੇ ਨੂੰ ਹੱਥ ਦਿੱਤਾ ਤਾਂ ਇਹਨੇ ਬਿਨਾਂ ਰੁਕੇ ਹੀ
ਜਵਾਬ ਦੇ ਦਿੱਤਾ, ''ਨਹੀਂ ਜਾਣਾ।''
''ਤੀਹ ਲੈ ਲੀਂ!'' ਕੋਈ ਹੋਰ ਰਿਕਸ਼ਾ ਨਾ ਮਿਲਣ ਕਰਕੇ ਮੈਂ ਵੱਧ ਪੈਸਿਆਂ ਦਾ
ਲਾਲਚ ਦਿੱਤਾ।
ਪਰ ਨਾਂਹ ਵਿੱਚ ਹੱਥ ਮਾਰਦਿਆਂ ਇਹ ਤੇਜ਼ੀ ਨਾਲ ਲੰਘ ਗਿਆ।
ਮੈਨੂੰ ਘਰ ਤੁਰਕੇ ਜਾਣਾ ਪਿਆ।
''ਥੋਡੀ ਜੇਬ ਵਿੱਚ ਪੈਸੇ ਹੋਣ, ਤੇ ਤੁਸੀਂ ਘਰ ਤੱਕ ਰਿਕਸ਼ਾ ਵੀ ਨਾ ਕਰਵਾ
ਸਕੋ!!''
ਉਸ ਦਿਨ ਤੋਂ ਇਹ ਮੇਰੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ''ਆਖਿਰ, ਅਜਿਹਾ
ਕੀ ਕੰਮ ਸੀ ਇਹਨੂੰ! ਕਿਸੇ ਰਿਸ਼ਤੇਦਾਰ ਦੇ ਜਾਣਾ ਹੋਊਗਾ, ਜਾਂ ਕੋਈ ਹੋਰ ਘਰੇਲੂ
ਕੰਮ ਕਰਨਾ ਹੋਊਗਾ, ਤੇ ਜਾਂ ਫਿਰ ਨਮਾਜ਼ ਦਾ ਸਮਾਂ........?'' ਜੋ ਵੀ ਸੀ, ਮੈਨੂੰ
ਕਿਸੇ ਛੋਟੇ ਬੰਦੇ ਕੋਲੋਂ ਇਸ ਤਰ੍ਹਾਂ ਦੇ ਜਵਾਬ ਦੀ ਆਦਤ ਨਹੀਂ ਸੀ।
ਅੱਜ ਵੀ ਮੈਨੂੰ ਇਹੋ ਹੀ ਇਕੱਲਾ ਮਿਲਿਆ ਸੀ। ਨਹੀਂ ਤਾਂ, ਮੈਂ ਇਹਦੇ ਨਾਲੋਂ
ਦੂਜੇ ਰਿਕਸ਼ੇ ਵਾਲੇ ਨੂੰ ਵੱਧ ਪੈਸੇ ਦੇਣਾ ਪਸੰਦ ਕਰਦਾ!
...ਤੇ ਮੈਂ ਇਹਦੇ ਰਿਕਸ਼ੇ ਤੇ ਬੈਠਾ ਸੋਚ ਰਿਹਾ ਸੀ ਕਿ ਇਹਨੂੰ ਇਹਦੀ ਔਕਾਤ
ਕਿਵੇਂ ਯਾਦ ਕਰਵਾਈ ਜਾਵੇ।
ਘਰ ਦੇ ਗੇਟ ਅੱਗੇ ਉੱਤਰਕੇ ਮੈਂ ਉਸਦੇ ਅੱਗੇ ਇੱਕ ਸੌ ਦਾ ਨੋਟ ਕਰ ਦਿੱਤਾ।
ਉਸ ਨਾਲ ਪੱਚੀ ਰੁਪਏ ਕੀਤੇ ਸਨ।
ਮੈਨੂੰ ਪਤਾ ਸੀ ਕਿ ਉਸ ਕੋਲ ਨਾ ਤਾਂ ਸੌ ਦੇ ਖੁੱਲ੍ਹੇ ਹੋਣੇ ਸਨ ਅਤੇ ਨਾ ਹੀ ਉਸ
ਸਮੇਂ ਕਿਤੋਂ ਮਿਲਣੇ ਸਨ। ਫਿਰ ਜਦੋਂ ਉਸ ਨੇ ਰੌਲ਼ਾ ਪਾਉਣਾ ਸੀ ਤਾਂ ਮੈਂ ਬਟੂਏ ਚੋਂ
ਵੀਹ ਦੇ ਦੋ ਨੋਟ ਕੱਢ ਕੇ, ਚਾਲੀ ਰੁਪਏ ਉਹਦੇ ਮੂੰਹ ਤੇ ਮਾਰਨੇ ਸਨ, ''ਚੱਕ, ਤੇ ਭੱਜ
ਜਾ! ਬਹੁਤੀ ਬਕਵਾਸ ਕਰਨ ਦੀ ਲੋੜ ਨੀ!''
''ਖੁੱਲ੍ਹੇ ਦੇ ਦਿਉ!''
ਮੈਂ ਇੱਕ ਵੀਹ ਦਾ ਨੋਟ ਕੱਢ ਲਿਆ, ''ਹੋਰ ਤਾਂ ਖੁੱਲ੍ਹੇ ਹੈ ਨੀ!''
ਉਹਨੇ ਦੋਹਾਂ ਨੋਟਾਂ ਵੱਲ ਵੇਖਿਆ। ਮੈਂ ਲੜਨ ਲਈ ਤਿਆਰ ਸੀ।
ਉਸ ਨੇ ਵੀਹ ਦਾ ਨੋਟ ਫੜ ਲਿਆ, ''ਚਲੋ, ਕੋਈ ਨੀ! ਫੇਰ ਆ ਜਾਣਗੇ
ਕਦੇ'', ਕਹਿੰਦਿਆਂ ਉਹਨੇ ਰਿਕਸ਼ਾ ਮੋੜ ਲਿਆ।
ਮੈਂ ਉਸ ਨੂੰ ਜਵਾਬ ਦੇਣ ਲਈ ਦਿਮਾਗ਼ ਤੇ ਜ਼ੋਰ ਪਾਉਂਦਾ ਰਿਹਾ।
ਉਹ ਮੇਰੇ ਮੁਹੱਲੇ ਤੋਂ ਸੜਕ ਵਾਲਾ ਮੋੜ ਮੁੜ ਗਿਆ।
(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)