ਰਿਹਾੜ (ਕਹਾਣੀ) : ਬਲੀਜੀਤ

''ਆਏ ਹਾਏ...'' ਕਈ ਦਿਨਾਂ 'ਤੋਂ ਉਸ ਘਰ 'ਚੋਂ ਗੁਆਢੀਆਂ ਨੂੰ ਕਿਸੇ ਜਨਾਨੀ ਦੀਆਂ ਹੂੰਗਰਾਂ ਸੁਣ ਰਹੀਆਂ ਸਨ । ਪੰਦਰਾਂ ਕੁ ਦਿਨ ਹੋਏ ਇਸ ਘਰ ਦੇ ਬੁੜ੍ਹੇ ਬਾਪੂ ਨੇ ਆਪਣੀ ਘਰਵਾਲੀ ਨਸੀਬੋ ਦੀ ਵੱਖੀ ਵਿੱਚ ਹੂਰਾ ਮਾਰ ਦਿੱਤਾ । ਤਿੰਨ ਪੜ੍ਹੇ ਲਿਖੇ ਮੁੰਡਿਆਂ ਦੇ ਮਾਂ-ਬਾਪ ਉਹ ਦੋਵੇਂ 'ਬੇਬੇ-ਬਾਪੂ' ਅਗੂੰਠਾ ਛਾਪ... ਸਾਰੀ ਉਮਰ ਇੱਕ ਦੂਸਰੇ ਨੂੰ 'ਪੜ੍ਹ' ਕੇ... ਸਮਝ ਨਹੀਂ ਸਕੇ । ਹੁਣੇ ਬਾਪੂ ਦੰਦੜੀਆਂ ਕੱਢ ਰਿਹਾ ਸੀ । ਘੜੀ ਕੁ ਨੂੰ ਨਸੀਬੋ ਨੇ ਦਰਦ ਦੀ ਹੂਕ ਮਾਰ ਦਿੱਤੀ । ਉਸਨੇ ਭੁਲੇਖੇ ਨਾਲ ਕਿਸੇ ਨੂੰ ਦਸ ਦਸ ਰੁਪਏ ਦੇ ਦੋ ਨੋਟ ਵਾਧੂ ਫੜਾ ਦਿੱਤੇ । ਬੁੜ੍ਹਾ ਤਾਂ ਪਹਿਲਾਂ ਈ ਨਸੀਬੋ ਨੂੰ ਕੁੱਟਣ ਦੇ ਬਹਾਨੇ ਟੋਲ਼ਦਾ ਰਹਿੰਦਾ ਸੀ । ਉਸਨੇ ਗੁੱਸੇ 'ਚ ਬੁੜ੍ਹੀ ਦੀ ਸੱਜੀ ਵੱਖੀ 'ਚ ਵੱਟ ਕੇ ਗੁੱਝੂ ਹੂਰਾ ਮਾਰਿਆ... ਤੇ ਘਰ ਦੀ ਚਾਰਦੀਵਾਰੀ ਅੰਦਰ ਗ੍ਰਹਿ ਯੁੱਧ ਛਿੜ ਗਿਆ । ਡਾਕਟਰਾਂ ਕੋਲ ਖੱਜਲ ਖੁਆਰੀ ਮੁਖ਼ਤ ਦੀ... ਤੇ ਪੈਸਿਆਂ ਦੀ ਲੁਟਾਈ ਦਾ ਹਿਸਾਬ ਗਿਣ ਹੋਣ ਲੱਗਿਆ । ਨਸੀਬੋ ਉਂਜ ਈ ਕਿਸੇ ਡਾਕਟਰ ਕੋਲ਼ੇ ਜਾਣ ਤੋਂ ਡਰਦੀ ਸੀ । ਕਿਆ ਦੱਸੂੰਗੀ ਕਿ ਟੌਂਡੇ ਨੇ ਵੱਖੀ 'ਚ 'ਗੂਠੇ ਦਾ ਤਿੱਖਾ ਨੰਹੁ ਘੁਸੋ ਦਿੱਤਾ । ਪਤਾ ਨਹੀਂ ਬੂੜ੍ਹੇ ਬਖਤੌਰੇ ਦੇ ਨੰਹੁਆਂ 'ਚ ਕਿਹੜੀ... ਕਿੱਲੋਆਂ ਦੇ ਹਿਸਾਬ ਜ਼ਹਿਰ ਹੋਵੇ । ਉਹ ਤਾਂ ਬਿਸੀਅਰ... ਸਿਰ ਤੋਂ ਪੈਰਾਂ ਤੱਕ ਵਿਸ ਦਾ ਭਰਿਆ ਪਿਆ । ਪਤਾ ਨਹੀਂ ਉਸ ਨੇ ਕਦੇ ਕਿਸੇ ਨਾਈ ਤੋਂ ਨਹੁੰ ਕਟਾਏ ਹੋਣ ।

ਘਾਬਰਿਆ ਬੁੜ੍ਹਾ ਬਖਤੌਰਾ ਹੌਸਲਾ ਵੀ ਦਿੰਦਾ ਰਿਹਾ...'ਤਾਂ ਕਿਆ ਹੋਇਆ ਜੇ ਤੇਰੇ ਇਕ ਮਾਰ 'ਤਾ... ਪਹਿਲਾਂ ਵੀ ਤਾਂ ਮਾਰ ਦਿੰਦਾ 'ਤਾ... ਹੁਣ ਕਸੂਤੇ ਥਾਂਉਂ ਲੱਗ ਗਿਆ... ਹੋ ਜਾਣਾ ਠੀਕ-ਅਅ...', ਬੋਲਦਾ ਬੁੜ੍ਹਾ ਕੱਚਾ ਜਿਹਾ ਹੋਇਆ ਘਰ 'ਤੋਂ ਬਾਹਰ ਨੂੰ ਖਿਸਕ ਗਿਆ । ਸੁਭਾ ਸ਼ਾਮ ਹੀ ਘਰੇ ਦਿਸਿਆ, ਨਹੀਂ ਤਾਂ ਬਾਹਰ ਟਲਿਆ ਰਿਹਾ । ਨਸੀਬੋ ਦਿਹਾੜੀ 'ਚ ਛੱਤੀ ਕੰਮ ਕਰਦੀ । ਹੁਣ ਉਹਦੇ ਕੰਮ ਹੋਰ ਕੌਣ ਕਰੇ । ਕਬੀਲਦਾਰੀ ਦੀ ਗੱਡੀ ਖੜ੍ਹ ਗਈ । ਡੰਗਰ ਵੱਛਾ । ਕੱਖ ਕੰਡਾ । ਗੋਹਾ ਕੂੜਾ । ਘਰ 'ਚ ਕਿਸੇ ਨੂੰ ਮੈਸ੍ਹ ਦੀ ਧਾਰ ਕੱਢਣੀ ਨਹੀਂ ਆਉਂਦੀ । ਉਹਦੇ ਵਾਂਗ ਮੁਰਗੇ ਦੀ ਪਹਿਲੀ ਬਾਂਗ ਨਾਲ ਸਾਝਰੇ ਸਭ ਤੋਂ ਪਹਿਲਾਂ ਕੌਣ ਉੱਠੇ । ਜਿਸ ਦਿਨ ਕਦੇ ਉਹ ਦਿਨ ਚੜ੍ਹੇ ਉੱਠਦੀ ਤਾਂ ਸਾਰੇ ਕੰਮ ਹੇਠ ਉੱਪਰ ਹੋ ਜਾਂਦੇ । ਪਾਥੀਆਂ ਦੇ ਪਥਵਾੜੇ 'ਚ ਗੋਹੇ ਦੇ ਢੇਰ ਦੀ ਕਿਸੇ ਨੂੰ ਕੋਈ ਸਾਰ ਨਹੀਂ... ਤੇ ਬੁੜ੍ਹੇ ਦੇ ਇੱਕੋ ਘਸੁੰਨ ਨੇ ਸਾਰੀ ਖੇਲ ਵਿਗਾੜ ਕੇ ਰੱਖ ਦਿੱਤੀ । ਤਾਂ ਵੀ ਤਮਾ ਦੀ ਖਾਧੀ ਨਸੀਬੋ ਦੇ ਹੱਥ ਪੈਰ ਨਾ ਟਿਕਦੇ । ਅਗਲੀ ਸਵੇਰ ਉਹ ਗੋਹੇ ਦਾ ਤਸਲਾ ਚੁੱਕਣ ਲੱਗੀ ਤਾਂ ਪਸਲੀਆਂ 'ਚ ਕਰਕ ਵੱਜੀ । ਤਸਲਾ ਚੁੱਕ ਹੀ ਨਾ ਹੋਇਆ । ਦਰਦ ਨਾਲ ਕੰਬਦੀ ਉਹ ਮੂੰਹ ਨ੍ਹੇਰੇ ਮੰਜੇ 'ਤੇ ਦੂਸਰੀ ਖੱਬੀ ਵੱਖੀ ਭਾਰ ਲਿਟ ਗਈ । ਧਾਰ ਕੱਢਣੀ ਵਿੱਚੇ ਰਹਿ ਗਈ । ਚਾਹ ਨੂੰ ਦੁੱਧ ਨਾ । ਮੈਸ੍ਹ ਕਿਸੇ ਕੋਲ ਖੜ੍ਹੇ ਨਾ । ਸੋਟੀ ਦਿਖਾਕੇ... ਡਰਾ ਧਮਕਾ ਕੇ ਮ੍ਹੈਸ ਦੀਆਂ ਮੂਹਰਲੀਆਂ ਲੱਤਾਂ ਨੂੰ ਜੁੱਟ ਲਾਇਆ । ਮ੍ਹੈਸ ਚੋਂਦਿਆਂ ਬੁੜ੍ਹੇ ਦੇ 'ਗੂਠੇ ਦੁੱਖਣ ਲੱਗ ਪਏ । ਅੱਧੀ ਕੁ ਚੋਅ ਕੇ ਕੱਟਾ ਛੱਡ ਦਿੱਤਾ । ਕੱਟੇ ਨੂੰ ਮੌਜਾਂ ਲੱਗ ਗਈਆਂ ਆਪਣੀ ਮਾਂ ਦੇ ਥਣ ਚੁੰਘਣ ਦੀਆਂ । ਬਾਕੀ ਧਾਰ ਕੱਟੇ ਨੇ ਲਪਾਲਪ ਚੁੰਘਕੇ ਨਬੇੜ ਦਿੱਤੀ... ਪਰ ਫੇਰ ਵੀ ਮ੍ਹੈਸ ਦਾ ਖਹਿੜਾ ਨਾ ਛੱਡੇ...

ਸਭ ਤੋਂ ਛੋਟਾ ਮੁੰਡਾ ਘੀਰੀ ਮਾਂ ਨੂੰ ਸਾਇਕਲ ਪਿੱਛੇ ਬਿਠਾ ਸ਼ਹਿਰ ਵੱਲ ਨੂੰ ਲੈ ਤੁਰਿਆ । ਕੋਈ ਡਾਕਟਰ ਏਨੇ ਸਾਝਰੇ ਕਿੱਥੇ ਮਿਲਣਾ ਸੀ । ਇੱਕ ਆਯੂਰਵੇਦ ਦੇ ਵੈਦ ਦੀ ਦੁਕਾਨ ਖੁੱਲੀ ਸੀ । ਸ਼ਾਇਦ ਉਸ ਨੂੰ ਵੀ ਨਸੀਬੋ ਵਾਂਗ ਮੁਰਗੇ ਦੀ ਪਹਿਲੀ ਬਾਂਗ ਨਾਲ ਇਸ਼ਕ ਸੀ । ਉਹ ਵੀ ਅਜੇ ਆ ਕੇ ਬੈਠਾ ਹੀ ਸੀ ।

"ਰਾਮ ਰਾਮ ਰਾਮ... ਤੂੰਹੀਂ ਤੂੰਹੀਂ ਤੂੰਹੀਂ...", ਵੈਦ ਦਾ ਪਾਠ ਕੌਣ ਸੁਣੇ...

"ਨਮਸਕਾਰ ਜੀ ।"

"ਅੱਜ ਬੇਬੇ ਨੂੰ ਲਿਆਇਆ ਸਾਝਰੇ ਸਾਝਰੇ?"

"ਜੀ ਸਰ ।"

"ਭੈਣ ਕਿਆ ਹੋਇਆ... ਦੱਸ ਹੁਣ..."

"ਮੇਰੇ ਜੀ ... ਆਹ ਸੱਜੇ ਪਾਸੇ ਬੱਖੀ 'ਚ ਸੱਟ ਲੱਗ ਗੀ... ਬਹੁ-ਅ-ਤ ਦਰਦ ਮਾਰਦਾ । ਸਾਰੀ ਰਾਤ ਅੱਖ ਨੀਂ ਲੱਗੀ", ਨਸੀਬੋ ਨੇ ਵੈਦ ਦੀ ਵਿਹਲ ਦਾ ਫਾਇਦਾ ਚੁੱਕਦਿਆਂ ਇੱਕ ਇੱਕ ਗੱਲ ਸੁਣਾ ਦਿੱਤੀ । ਪਰ ਹੂਰੇ ਦਾ ਜ਼ਿਕਰ ਨਹੀਂ ਕੀਤਾ । ਮੁੰਡੇ ਘੀਰੀ ਤੋਂ ਕਿੱਥੇ ਟਿਕ ਹੋਵੇ...

"ਇਹ ਤਾਂ ਜੀ ਸਾੜੇ ਬੁੜ੍ਹੇ ਨੇ ਈ੍ਹਦੇ ਬੱਖੀ 'ਚ ਹੂਰਾ ਮਾਰਿਆ ।"

"ਓਅ... ਹੋਅ... ਐਂ ਨਾ ਕਹਿ ਓਏ... ਐਂ ਨਾ ਮੇਰੇ ਇਆਰ..." ਵੈਦ ਮੂੰਹ 'ਚ ਨਕਲੀ ਦੰਦ ਸੰਭਾਲਦਾ, ਕਿਸੇ ਸ਼ਰਮਿੰਦਗੀ 'ਚ ਮਸੋਸਿਆ ਜਿਹਾ ਮੁਸਕਰਾਇਆ, ਜਿਵੇਂ ਉਸਨੂੰ ਖ਼ੁਦ ਬੁੱਢੇ ਹੋਣ ਉੱਤੇ ਸ਼ਰਮ ਆ ਗਈ ਹੋਵੇ ਜਾਂ ਉਸਨੇ ਹੀ ਹੂਰਾ ਮਾਰਿਆ ਹੋਵੇ । ਉਂਜ ਹਕੀਮ ਮਰਜ਼ ਸਮਝ ਗਿਆ । ਘੀਰੀ ਤਾਂ ਟਿਕ ਕੇ ਬੈਠ ਗਿਆ... ਪਰ ਨਸੀਬੋ ਨੇ ਦੁਖਦੀ ਵੱਖੀ ਵਾਲੇ ਪਾਸੇ ਦੀ ਕੂਹਣੀ ਮੁੰਡੇ ਦੇ ਮਾਰੀ ਤਾਂ ਕਿ ਉਹ ਚੁੱਪ ਰਹੇ ।

"ਇਹਨੂੰ ਕਿਆ ਪਤਾ ਨਿਆਣੇ ਨੂੰ ... ਮੈਂ ਤਾਂ ਇੱਖ ਦੇ ਖੇਤ 'ਚ ਪੋਂਡੇ ਘੜਦੀ ਗਿਰ ਪੀ । ਆਹ ਬੱਖੀ 'ਚ ਵੱਜੀ ਖੁੰਘੀ । ਹਾਅ ਅ ਅ..." ਨਸੀਬੋ ਨੇ ਸਾਰੀ ਗੱਲ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ । ਵੈਦ ਨੇ ਦੇਖਿਆ ਕੁੱਝ ਨਾ । ਮਰੀਜ਼ ਦੀ ਗੱਲ ਸੁਣ ਕੇ ਚਾਰ ਕੈਪਸੂਲ, ਚਾਰ ਗੋਲੀਆਂ ਹੱਥ 'ਤੇ ਰੱਖਕੇ ਦਿਖਾਏ:

"ਚਾਰ ਖੁਰਾਕਾਂ । ਸਵੇਰੇ ਸ਼ਾਮ । ਗਰਮ ਦੁੱਧ ਨਾਲ... ਲੈ ਭੈਣ ਪਹਿਲੀ ਖ਼ੁਰਾਕ ਤੇ ਈ ਦਰਦ ਦਬ ਜੂ ਗਾ... ਜਿੱਥੇ ਦਰਦ ਹੁੰਦਾ ਉੱਥੇ ਆਹ ਮਲ੍ਹਮ ਲਾ ਕੇ ਟਕੋਰ ਕਰੋ ।" ਇਕ ਮਲ੍ਹਮ ਦੀ ਡੱਬੀ ਵੀ ਫੜਾ ਦਿੱਤੀ । ਲੇਕਿਨ ਦਰਦ ਨਾ ਦਬਿਆ । ਨਸੀਬੋ ਬੁੜ੍ਹੇ ਨਾਲ ਪੁੱਠੀ ਹੋ ਹੋ ਲੜੇ... ਉਸ ਨੂੰ ਟੁੱਟ ਟੁੱਟ ਪਵੇ... ਬੁੜ੍ਹੇ ਦੀਆਂ ਨਾਨੀਆਂ ਘੜਇਆਨੀਆਂ ਦੇ ਪੋਤੜੇ ਫੋਲ ਦਿੱਤੇ ।

"ਜਾ ਓਏ ਬੁੜਿ੍ਹਆ ਟੁੱਟ ਜੇ ਤੇਰੀ ਮੁੰਡੀ । ਗਿਆ ਗੁਜਰਿਆ ਜਹਾਨ ਦਾ । ਹੋਰ ਪਾਸੇ ਮਾਰ ਲਿੰਦਾ । ਹੁਣ ਆ ਗਿਆ ਸੁਆਦ । ਦਸ ਵੀਹ ਰੁਪੱਈਆਂ ਪਿੱਛੇ ਮੇਰੀਆਂ ਆਂਦਾਂ 'ਕੱਠੀਆਂ ਕਰ ਤੀਆਂ । ਫੂਕ ਹੋਣੇ ਨੈਂ । ਇਹ ਹੂਰਾ ਮਹਿੰਗਾ ਪਊਂਗਾ । ਤਨੂੰ । ਅੱਛਿਆ ।"

ਨਸੀਬੋ ਨੂੰ ਉੱਬਲੇ ਦੇਸੀ ਆਂਡੇ ਖਲਾਏ । ਖਰੌੜਿਆਂ ਦਾ ਸ਼ੋਰਬਾ ਦਿੱਤਾ...ਐਨੇ ਗੁੱਸੇ 'ਚ ਤਕੜੀ ਖ਼ੁਰਾਕ... ਦੁਆਈ ਨੇ ਕੀ ਸੁਆਹ ਅਸਰ ਕਰਨਾ ਸੀ । ਗੁੱਸਾ ਦਰਦ ਨੂੰ ਸ਼ਹਿ ਦੇ ਰਿਹਾ ਸੀ । ਲੱਗਦਾ ਉਹ ਬੁੜ੍ਹੇ ਨਾਲ ਲੜ ਕੇ ਹੀ ਠੀਕ ਹੋ ਸਕਦੀ ਸੀ । ਜਦੋਂ ਚੀਸ ਉੱਠਦੀ, ਬੁੜ੍ਹੇ ਦੇ ਬਰਖਿਲਾਫ ਬਕੜਵਾਹ ਮਾਰਦੀ । ਘਰ ਦੇ ਸਾਰੇ ਜੀਅ ਸਭ ਸੁਣੀ ਜਾਂਦੇ । ਸਲਾਹਾਂ ਦੇਈ ਜਾਂਦੇ । ਹੁਣ ਸੱਟ ਦਾ ਦਰਦ... ਭੈਅ, ਵੈਦਾਂ... ਹਕੀਮ ਦੇ ਹੱਥਾਂ 'ਚੋਂ ਨਿਕਲ ਕੇ ਕਿਤੇ ਦੂਰ ਫ਼ੈਲ ਗਿਆ... ਤਾਂ ਬੁੜ੍ਹਾ ਹੋਰ ਵੀ ਸ਼ਰਮਿੰਦਾ ਹੋਈ ਜਾ ਰਿਹਾ ਸੀ । ਉਹ ਨਸੀਬੋ ਨੂੰ ਨਾਲ ਲੈ ਕੇ ਕਿਸੇ ਹਸਪਤਲ ਜਾਣ ਤੋਂ ਵੀ ਟਲਦਾ ਸੀ । ਉਸਨੂੰ ਡਰ ਸੀ ਕਿ ਕਿਤੇ ਨਸੀਬੋ ਡਾਕਟਰਾਂ ਮੂਹਰੇ ਸੱਚ ਨਾ ਬਕ ਦਵੇ... ਤਾਂ ਵੀ ਉਹ ਡਰਦਾ ਡਰਦਾ ਨਸੀਬੋ ਨੂੰ ਇੱਕ ਵੱਡੇ ਪ੍ਰਾਈਵੇਟ ਹਸਪਤਾਲ 'ਚ ਲੈ ਗਿਆ । ਪ੍ਰਾਈਵੇਟ ਹਸਪਤਾਲ ਵਿੱਚ ਲੱਗਣ ਵਾਲੇ ਪੈਸਿਆਂ ਨੇ ਦੋਵਾਂ ਜੀਆਂ ਨੂੰ ਸਭ ਕੁੱਝ ਭੁਲਾ ਦਿੱਤਾ । ਲੇਡੀ ਸਰਜਨ ਡਾਕਟਰ ਆਪਣੇ ਕਸਬ ਦੀ ਮਾਹਿਰ ਸੀ । ਜ਼ਿੰਦਗੀ 'ਚ ਪਹਿਲੀ ਵਾਰੀ ਨਸੀਬੋ ਦੇ ਆਪਣੇ ਸਾਰੇ ਕੱਪੜੇ ਨਰਸਾਂ ਨੇ ਉਤਰਵਾ ਦਿੱਤੇ ਤੇ ਹਸਪਤਾਲ ਦਾ ਵਰਦੀਨੁਮਾ ਚੋਲ਼ਾ ਜਿਹਾ ਪੁਆ ਦਿੱਤਾ ਜੋ ਨਾ ਕਮੀਜ਼ ਲੱਗਦਾ ਨਾ ਸੁੱਥਣ । ਨਰਸਾਂ ਨੂੰ ਉਸਦੇ ਨੰਗ... ਸੰਗ ਦੀ ਕੀ ਪ੍ਰਵਾਹ ਸੀ । ਉਸਦੀ ਕੰਗਰੋੜ ਦੇ ਕਈ ਪਾਸੇ 'ਤੋਂ ਪੁੱਠੀ ਸਿੱਧੀ ਲਿਟਾ ਕੇ ਐਕਸਰੇ ਖਿੱਚੇ ਗਏ । ਖ਼ੂਨ ਦੇ ਟੈਸਟ ਹੋਏ । ਐਕਸਰੇ, ਰਿਪਰੋਟਾਂ ਤੇ ਪਰਚੀ 'ਤੇ ਲਿਖੀਆਂ ਦੁਆਈਆਂ ਵਾਲਾ ਕਾਗਜ਼ ਹੱਥਾਂ 'ਚ ਫੜੀ ਹਸਪਤਾਲ ਵਿੱਚੋਂ ਬਾਹਰ ਨਿਕਲ ਆਏ ।

"ਆਹ ਲੈ । ਨਸੀਬੋ । ਮਲ੍ਹਮ ਦੀ ਡੱਬੀ । ਡਾਕਟਰਨੀ ਕਹਿੰਦੀ ਗੁੱਝੀ ਸੱਟ ਐ । ਆਹ ਫੜ ਐਡੈਕਸ । ਕਹਿੰਦੀ ਸਾਰੀ ਪਿੱਠ 'ਤੇ ਐਨ ਚੰਗੀ ਤਰਾਂ ਦੱਬ ਕੇ ਮਾਲਸ ਕਰੈ । ਚੌਵੀ ਦੀ ਆਈ । ਨਾਲੇ ਆਹ ਗੋਲੀਆਂ ਦਾ ਪੱਤਾ । ਬਰੀਕ... ਚੂਹੇ ਦੀਆਂ ਮੀਂਗਣਾਂ ਵਰਗੀਆਂ ਗੋਲੀਆਂ । ਪੰਜਾਹ ਦੀਆਂ । ਖੜ੍ਹੇ ਪੈਰ ਸੌ ਸੌ ਦੇ ਤਿੰਨ ਨੋਟ ਉੜ ਗੇ... ਧੇਲੇ ਦੀ ਬੁੜ੍ਹੀ ਟਕਾ ਸਿਰ ਮੁਨਾਈ…..." ਬੁੜ੍ਹਾ ਪੈਸਿਆਂ ਦਾ ਵਿਖਿਆਨ ਕਰਕੇ ਦਰਦ ਨੂੰ ਫਿੱਕਾ ਪਾਉਣਾ ਚਾਹੁੰਦਾ ਸੀ ।

ਦੋ ਦਿਨ ਨਸੀਬੋ ਆਪ ਹੀ ਆਇਓਡੈਕਸ ਦੀ ਮਲ੍ਹਮ ਲਾਉਂਦੀ ਰਹੀ । ਪਿੱਠ ਪਿੱਛੇ ਉਹਦਾ ਹੱਥ ਈ ਨਾ ਪੁੱਜਦਾ । ਹੱਡੀ ਕੋਈ ਨਹੀਂ ਟੁੱਟੀ । ਅੰਦਰ ਕਿਤੇ ਕੋਈ ਨਾੜ ਨਸ ਖਿਸਕੀ ਹੋਈ ਲੱਗਦੀ । ਚੱਜ ਨਾਲ ਦੱਬ ਕੇ ਮਾਲਿਸ਼ ਹੋ ਜਾਂਦੀ ਤਾਂ... ਚੱਜ ਦੀ ਮਾਲਿਸ਼ ਜਿਵੇਂ ਦੀ ਉਹ ਆਪ ਆਪਣੇ ਮੁੰਡਿਆਂ ਦੀ ਕਰਦੀ ਆਈ ਸੀ । ਨਸੀਬੋ ਸਾਰੀ ਉਮਰ ਆਪਣੇ ਬੇਟਿਆਂ ਦੀਆਂ ਪਿੱਠਾਂ... ਲੱਤਾਂ ਰੂਹ ਨਾਲ ਮਲ਼ਦੀ, ਘੁਟਦੀ ਪੰਜਤਾਲੀ ਸਾਲ ਦੀ ਹੋ ਗਈ ਸੀ । ਉਸ ਦੀਆਂ ਨੂੰਹਾਂ ਕਦੇ ਵਿਆਹਾਂ ਸ਼ਾਦੀਆਂ 'ਚ ਮਿਲਦੀਆਂ ਤਾਂ ਇਸ ਘਰ ਵਿੱਚ ਮਾਂ ਦੇ ਆਪਣੇ ਮੁੰਡਿਆਂ ਦੀਆਂ ਲੱਤਾਂ ਘੁੱਟਣ ਦਾ ਰਿਵਾਜ ਯਾਦ ਕਰਕੇ ਆਪਸ ਵਿਚ ਮੁਸਕੜੀਆਂ ਲੈ ਲੈ ਹੱਸਦੀਆਂ । ਵੱਡਾ ਮੁੰਡਾ ਵਿਆਹ ਦਿੱਤਾ... ਤਾਂ ਉਹ ਆਪਣੀ ਨੌਕਰੀ ਪਿੱਛੇ... ਨਿਆਣੇ ਲੈ ਕੇ ਅੰਬਾਲੇ ਹੀ ਜਾ ਟਿਕਿਆ । ਵਿਚਾਲੜੇ ਮੁੰਡੇ ਨੂੰ ਘਰਵਾਲੀ ਕਿਆ ਲਿਆ ਦਿੱਤੀ... ਕਿ ਉਸਨੂੰ ਵੀ ਮਾਂ ਦੀ ਲੋੜ ਨਾ ਰਹੀ । ਵਿਚਾਲੜੀ ਨੂੰਹ ਆਪਣੀ ਸੱਸ ਦਾ ਸਰਸਰੀ ਹਾਲ ਚਾਲ ਪੁੱਛਦੀ... ਤੇ ਰਾਤ ਨੂੰ ਸਾਰੀ ਖ਼ਬਰ-ਸਾਰ ਆਪਣੇ ਸ਼ਰਾਬੀ ਘਰਵਾਲੇ ਨੂੰ ਸੁਣਾ ਦਿੰਦੀ । ਉਂਜ ਉਹ ਹਰ ਰੋਜ਼ 'ਸਿਲਾਈ ਸੈਂਟਰ' ਵਿੱਚ ਲੇਡੀ ਸੂਟ ਸਿਊਣੇ ਸਿੱਖਣ ਜਾਂਦੀ । ਉਸ ਨੂੰ ਵਿਹਲ ਕਿੱਥੇ । ਚੌਵੀ ਘੰਟੇ ਧਿਆਨ ਉਹਦਾ ਕੈਂਚੀ 'ਚ ਫਸਿਆ ਰਹਿੰਦਾ । ਨਾਲੇ ਆਪਣੇ ਜੁਆਕਾਂ 'ਚ ਉਲਝੀ ਉਹ ਬੁੜ੍ਹੀ ਦੀ ਮਾਲਿਸ਼ ਦਾ ਫਾਹਾ ਵੱਢਣ ਕਰਦੀ । ਮਲ੍ਹਮ ਅੱਧੀ ਮੁੱਕ ਗਈ ਪਰ ਕਰਕ ਅਜੇ ਵੀ ਵੱਜੀ ਜਾ ਰਹੀ ਸੀ । ਹੁਣ ਉਹ ਆਪਣੀ ਵੱਖੀ ਨੂੰ ਲੈ ਕੇ ਫਸੀ ਬੈਠੀ ਸੀ । ਗੋਲੀਆਂ ਨੇ ਤਾਂ ਚੰਗਾ ਅਸਰ ਕੀਤਾ... ਉਹ ਬੁੜ੍ਹੇ ਨੂੰ ਗਾਲ਼ਾਂ ਕੱਢਣੀਆਂ ਭੁੱਲ ਗਈ, ਪਰ ਉਸਦਾ ਮ੍ਹੈਸ ਦਾ ਸੰਗਲ ਖੋਹਲਣ ਦਾ ਹਿਆ ਨਾ ਪੈਂਦਾ । ਕਿਸੇ ਨੇ ਚੱਜ ਨਾਲ ਉਸਦੀ ਢੂੰਹੀ 'ਤੇ ਆਇਓਡੈਕਸ ਨਹੀਂ ਸੀ ਮਲ਼ੀ । ਰਹਿ ਗਿਆ ਪੇਟ ਘਰੋੜੀ ਦਾ ਘੀਰੀ । ਜਿਆਦਾ ਨਹੀਂ... ਤਾਂ ਵੀ ਹਫ਼ਤੇ 'ਚ ਦੋ ਕੁ ਦਿਨ ਉਹ ਘੀਰੀ ਦੀ ਪਿੱਠ ਜਰੂਰ ਘੁੱਟ ਦਿੰਦੀ । ਦਸਵੀਂ ਦੇ ਪੇਪਰ ਦਿੰਦਾ ਉਹ ਟਿਊਸ਼ਨਾਂ ਤੋਂ ਰਾਤ ਨੂੰ ਦਸ ਵਜੇ ਮੁੜਦਾ ਸੀ । ਹੁਣ ਗਿਆਰਵੀਂ 'ਚ ਨਾਨ-ਮੈਡੀਕਲ ਲਿਆ ਹੋਇਆ ਸੀ । ਪੜ੍ਹਦੇ ਪੜ੍ਹਦੇ ਗਰਦਣ ਆਕੜ ਜਾਂਦੀ । ਪੜ੍ਹਾਈ ਤੇ ਭਵਿੱਖ ਡਰਾਉਂਦੇ ਤਾਂ ਨੀਂਦ ਨਾ ਆਉਂਦੀ । ਅਨਪੜ੍ਹ ਮਾਂ ਆਪਣੇ ਮੁੰਡੇ ਦਾ ਮੂੰਹ 'ਪੜ੍ਹ' ਲੈਂਦੀ ।

"ਸੌਂ ਜਾ । ਬਹੁਤ ਰਾਤ ਹੋਗੀ । ਕਲ੍ਹ ਦਿਨ ਨੀਂ ਚੜ੍ਹਨਾ?", ਹੋਰ ਕੁੱਝ ਨਾ ਸਮਝ ਲੱਗਦਾ ਤਾਂ ਘੀਰੀ ਦੀਆਂ ਲੱਤਾਂ ਘੁੱਟਣ ਲੱਗਦੀ । ਕਦੇ ਪਿੱਠ ਮਲ਼ਦੀ । ਹਰੇਕ ਐਤਵਾਰ ਉਹਦੇ ਵਾਲਾਂ ਨੂੰ ਸਰੋਂ ਦਾ ਤੇਲ ਝੱਸਦੀ । ਟੋਟਣੀ ਰਗੜਦੀ...

"ਘੀਰੀ ਪੁੱਤ, ਤੂੰ ਕਰ ਅੱਜ ਮੇਰੀ ਮਾਲਸ... ਕਰੂੰਗਾ?"

ਘੀਰੀ ਨੂੰ ਮਾਂ ਦਾ ਇਹ ਸੁਆਲ ਅਟਪਟਾ ਜਿਹਾ ਲੱਗਿਆ । ਮੰਜੇ 'ਤੇ ਬਹਿ ਕੇ ਉੱਠ ਖੜ੍ਹਾ ਹੋ ਗਿਆ । ਮਨ ਚ ਆਇਆ ਕਹਿ ਦਏ 'ਮੇਤੇ ਨੀਂ ਹੁੰਦੀ ਮਾਲਸ । ਮੈਂ ਵਿਹਲੈਂ । ਪੇਪਰ ਸਿਰ 'ਤੇ ਖੜ੍ਹੇ । ਮੈਂ ਪੜ੍ਹਨਾ...' ਪਰ ਉਹ ਬੋਲਿਆ ਕੁੱਝ ਨਾ । ਫੇਰ ਮੰਜੇ 'ਤੇ ਬੈਠ ਗਿਆ । ਜਦੋਂ ਮਾਂ ਨੇ ਢਿੱਡ ਭਾਰ ਲੇਟ ਕੇ ਕਮੀਜ਼ ਦਾ ਪਿਛਲਾ ਪੱਲਾ ਪਿੱਠ ਤੋਂ ਉੱਪਰ ਖਿੱਚਿਆ ਤਾਂ ਕੋਈ ਜਖ਼ਮ ਨਹੀਂ ਸੀ ਦਿੱਸਦਾ । ਪੰਦਰਾਂ ਦਿਨ ਤਾਂ ਹੋ ਗਏ । ਘਰ ਦੇ ਨਿੱਕੇ ਮੋਟੇ ਕੰਮ ਵੀ ਉਹ ਫੜਨ ਲੱਗ ਪਈ ਸੀ । ਫੇਰ ਕੀ ਹੋਇਆ ਸੀ ਮਾਂ ਨੂੰ ? ਨਸੀਬੋ ਨੇ ਰੀੜ ਦੀ ਹੱਡੀ ਦੇ ਗੱਭੇ... ਮਾੜਾ ਜਿਹਾ ਸੱਜੇ ਪਾਸੇ ਹੱਥ ਲਾ ਕੇ... ਉਂਗਲੀਆਂ ਚੌੜੀਆਂ ਕਰਕੇ... ਉਂਗਲੀਆਂ ਨੂੰ ਘੁੰਮਾ ਕੇ ਦੱਸਿਆ ਕਿ ਐਥੇ ਮਲ੍ਹਮ ਲਾ । ਗੁੱਝੂ ਹੂਰਾ ਤਾਂ ਮਾੜੀ ਜਹੀ ਥਾਂ 'ਤੇ ਹੀ ਵੱਜਿਆ ਸੀ ਪਰ ਜਰਕ ਚਾਰੇ ਪਾਸੇ ਫੈਲ ਗਈ ਸੀ । ਆਇਓਡੈਕਸ ਦੀ ਤਿੱਖੀ ਮੁਸ਼ਕ ਘੀਰੀ ਦੇ ਨੱਕ 'ਚ ਖੁਰਕ ਕਰਨ ਲੱਗੀ । ਉਹ ਮਾਲਿਸ਼ ਕਰਨ ਲੱਗਿਆ । ਮਾਂ ਦੇ ਦਰਦ 'ਤੋਂ ਝਿਜਕਦੇ ਹੌਲ਼ੀ ਹੌਲ਼ੀ ਪਿੱਠ ਮਲ਼ੀ । ਬਾਹਰੋਂ ਤਾਂ ਚਮੜੀ 'ਤੇ ਕੁੱਝ ਨਹੀਂ ਸੀ ਦਿਸਦਾ । ਅੰਦਰ ਕੁੱਝ ਵੀ ਹੋ ਸਕਦਾ । ਅੰਦਰੂਨੀ ਸੱਟ ਦਾ ਅਤਾ ਲੱਗਦਾ ਨਾ ਪਤਾ ।

ਅਗਲਾ ਦਿਨ ਚੜ੍ਹ ਆਇਆ । ਨਸੀਬੋ ਸਾਰਾ ਦਿਨ ਵਟੇ ਖਾਂਦੀ ਸ਼ਾਮ ਤੱਕ ਜਾ ਪੁੱਜੀ । ਰਾਤ ਨੂੰ ਫੇਰ ਮਾਲਿਸ਼,"ਘੀਰੀ... ਕਲ੍ਹ ਤਾਂ ਤੈਂ ਜੂੜ ਜਾ ਵੱਢਿਆ । ਲਿਆ ਮਲ੍ਹਮ ਦੀ ਡੱਬੀ । ਤੇਰੇ ਆਲੇ ਬਿਸਤਰੇ 'ਪਰ ਚੱਲ । ਅਹਿ ਮੰਜੇ 'ਪਰ ਨੀਂ । ਇਹ ਮੰਜਾ ਤਾਂ ਢਿੱਲਾ ਪਿਆ । ਮਲ਼ ਤੇਤੇ ਸੁਆਹ ਹੋਣਾ । ਲੈ ਹੁਣ ਛੇਤੀ ਕਰ..." ਮਾਂ ਨੂੰ ਸ਼ਾਇਦ ਨੀਂਦ ਆ ਰਹੀ ਸੀ । ਮਾਤਾ ਢਿੱਡ ਭਾਰ ਲੇਟ ਗਈ । ਉਸ ਨੇ ਆਪਣੇ ਨਵੇਂ ਸੀਤੇ ਸੂਟ ਦਾ ਪਿਛਲਾ ਪੱਲਾ ਉੱਪਰ ਖਿੱਚ ਲਿਆ । ਘੀਰੀ ਦੇ ਨੱਕ ਨੂੰ ਫੇਰ ਓਹੀ ਆਇਓਡੈਸਕ ਦੀ ਮੁਸ਼ਕ ਚੜ੍ਹ ਗਈ ।

"ਪੁੱਤ ਥੋੜ੍ਹਾ ਹੋਰ ਉੱਪਰ ਨੂੰ ਲਾ ਜਿੱਥੇ ਚੀਸ ਵੱਜਦੀ ਅਅ..."

"ਬੇਬੇ... ਤੇਰਾ ਨਵਾਂ ਸਿਊਂਤਾ ਕਮੀਜ ਲਿੱਬੜ ਜਾਣਾ ।"

"ਮੈਂ ਕਰਦੀ ਉੱਪਰ ਨੂੰ । ਕੱਪੜੇ ਸਿਊਣੇ ਸਿੱਖਦੀ ਐ ਹਲੇ । ਮੇਰਾ ਕੁੜੀਆਂ ਚਿੜੀਆਂ ਵਰਗਾ ਸੂਟ ਸਿਊਂ 'ਤਾ । ਕਹਿੰਦੀ 'ਬਾਡੀ ਫਿੱਟ ਕਰ 'ਤੀ' । ਖੁੱਲ੍ਹਾ ਡੁੱਲ੍ਹਾ ਕੱਪੜਾ ਸੋਹਣਾ ਲਗਦਾ । ਜਿੱਕਣਾਂ ਮਰਜੀ ਪਾਓ । ਖੋ੍ਹਲੋ । ਖੀਸਾ ਲਾਇਆ ਈ ਨੀਂ । ਕਹਿੰਦੀ: ਆਉਂਦਾ ਨੀਂ । ਹਲੇ ਖੀਸਾ ਲਾਉਣਾ ਸਿਖਾਇਆ ਈ ਨੀਂ । ਕੱਪੜਾ ਖਰਾਬ ਕਰ 'ਤਾ । ਜੱਖਣਾ ਪੱਟ 'ਤੀ । ਸਿਖਾਂਦਰੂ ਨੂੰ ਕੌਣ ਆਪਣਾ ਨਵਾਂ ਕੱਪੜਾ ਦਿੰਦਾ ਕੱਟਣ ਵੱਢਣ ਨੂੰ । ਸਿਊਣ ਨੂੰ । ਮੈਂ ਤਾਂ ਚਲੋ ਘਰ ਦੀਓ ਐਂ । ਘਰ ਦਾ ਸੂਟ । ਛੇ ਮਹੀਨੇ ਹੋ ਗੇ ਸੂਟ ਸੁਆਓਣਾ, ਸੂਟ ਸੁਆਓਣਾ ਕਰਦੀ ਨੂੰ , ਫੇਰ 'ਇਹ' ਕੱਪੜੇ ਸੀਊਣੇ ਸਿੱਖਣ ਲੱਗ ਪੀ... ਓਅ... ਆਹ...ਅ", ਘੀਰੀ ਨੇ ਜ਼ੋਰ ਨਾਲ ਰੀੜ ਦੀ ਹੱਡੀ ਦੱਬ ਦਿੱਤੀ,"ਐਥੇ ਈ ਕਰਕ ਵੱਜਦੀ । ਮਲ੍ਹਮ ਹੋਰ ਲਾ ਪਹਿਲਾਂ । ਤੇਰਾ ਹੱਥ ਖੁਸ਼ਕ ਲੱਗਦਾ । ਚੁੱਭਦਾ । ਤਿਲਕਦਾ ਨੀਂ । ਹਾਂ... ਹਾਂਅ, ਲਾਦੇ ਲਾ-ਅ- ਦੇ... ਹੁਣ ਠੀਕ ਐ । ਦੋ ਸਾਤੇ 'ਤੇ ਉੱਪਰ ਹੋ ਗੇ ਫਸੀ ਨੂੰ । ਆ ਰਿਹਾ 'ਰਾਮ । ਹੋਰ ਉੱਪਰ ਨੂੰ । ਸਾਰੀ ਪਿੱਠ ਦੱਬ ਕੇ ਮਲ਼ ਦੇ... ਬੱਖੀਆਂ 'ਤੇ ਵੀ ਮਲ਼..."

"ਤੇਰਾ ਨਵਾਂ ਕਮੀਜ ਲਿੱਬੜ ਜਾਣਾ ।"

"ਮੈਂ ਹੋਰ ਕਰਦੀ ਉੱਪਰ ਨੂੰ ।" ਪਰ ਤੰਗ ਸੀਤੇ ਕਮੀਜ਼ ਦਾ ਨਵਾਂ ਕੱਪੜਾ ਅੜਿਆ ਖੜ੍ਹਾ ਸੀ । ਘੀਰੀ ਨੇ ਕੰਮ ਨਬੇੜਨ ਲਈ ਕਮੀਜ਼ ਪਿੱਠ ਉੱਤੋਂ ਜ਼ੋਰ ਨਾਲ ਖਿੱਚ ਕੇ ਮੌਰਾਂ ਉੱਤੇ ਇਕੱਠਾ ਕਰ ਦਿੱਤਾ...ਤੇ ਤਿਲਕਦੇ ਦੋਵੇਂ ਹੱਥੀਂ ਸਾਰੀ ਪਿੱਠ 'ਤੇ... ਵੱਖੀਆਂ 'ਤੇ ਦਬਾਦਬ ਮਲ੍ਹਮ ਮਲ਼ਣ ਲੱਗ ਪਿਆ ...

ਤੇ... ਤੇ ਨਸੀਬੋ ਪਤਾ ਨਹੀਂ ਥੱਕ ਗਈ... ਯਾ ਅੱਕ ਗਈ... ਪਤਾ ਨਹੀਂ ਉਸਦੀ ਨਾੜ ਆਪਣੇ ਟਿਕਾਣੇ ਜਾ ਟਿਕੀ । ਉਸਨੂੰ ਲੱਗਿਆ ਕਿ ਘੀਰੀ ਦੇ ਹੱਥਾਂ ਦੇ ਦਬਾਅ ਦੀ ਰੰਗਤ ਬਦਲ ਗਈ । ਉਸ ਦੀਆਂ ਉਂਗਲੀਆਂ ਵੱਖੀਆਂ ਤੋਂ ਅੱਗੇ ਕੁੱਝ ਹੋਰ ਢੂੰਡਦੀਆਂ ਲੱਗੀਆਂ । ਇੱਕ ਦਮ ਮੌਰਾਂ ਉੱਤੇ ਭਾਰਾ ਬੋਝ ਆ ਗਿਆ । ਉਸਨੂੰ ਜਿਵੇਂ ਕਿਸੇ ਕੜਕਦੀ ਬਿਜਲੀ ਦੀ ਲਿਸ਼ਕੋਰ ਵਿੱਚ ਘੀਰੀ ਦੇ ਬਚਪਨ ਦਾ ਕੁੱਝ ਖਾਸ ਦਿਸਣ ਲੱਗਿਆ ਜੋ ਹੋਰ ਦੁੱਖਾਂ ਦਰਦਾਂ ਦੇ ਢੇਰ ਹੇਠ ਦਬ ਗਿਆ ਸੀ । ਉਸਨੇ ਖਿਝ ਕੇ ਘੀਰੀ ਨੂੰ ਤਿੱਖੀ ਝਿੜਕ ਮਾਰੀ:

"ਘੀਰੀ ਬੱਸ-ਅਅ । ਬਹੁਤ ਹੋਗਿਆ । ਪਰਾਂਹ ਹਟ ਜਾ ।" ਘੀਰੀ ਠਠੰਬਰ ਕੇ ਇੱਕ ਪਾਸੇ ਜਾ ਖੜਿ੍ਹਆ । ਨਸੀਬੋ ਕਮੀਜ਼ ਹੇਠਾਂ ਨੂੰ ਕਰਦੀ ਹੋਈ... ਆਪਣੇ ਆਪ ਨੂੰ ਸਮੇਟਦੀ ਕਮਰੇ 'ਚੋਂ ਬਾਹਰ ਹੁੰਦੀ ਆਪਣੇ ਮੂੰਹ ਵਿੱਚ ਹੀ ਬੋਲੀ,"ਤਨੂੰ ਕੋਈ ਪੁੱਠੀ ਸਿੱਧੀ ਗੱਲ ਬੋਲ ਦੂੰਗੀ ।"

...ਤੇ ਨਸੀਬੋ ਨੂੰ ਘੀਰੀ ਦੇ ਬਚਪਨ ਦੀ ਇੱਕ ਦੁਪਹਿਰ ਯਾਦ ਆ ਗਈ । ਪਹਿਲੀ ਜਮਾਤ 'ਚ ਪੜ੍ਹਦਾ... ਸਕੂਲੋਂ ਮੁੜਦਾ ਫੱਟੀ ਬਸਤਾ ਸੁੱਟਕੇ... ਬੱਚਾ ਘੀਰੀ... ਮਾਂ ਦਾ ਦੁੱਧ ਚੁੰਘਣ ਲਈ ਚੌਧਰੀਆਂ ਦੇ ਇੱਖਾਂ ਦੇ ਖੇਤਾਂ ਵੱਲ ਨੂੰ ਸ਼ੂਟ ਵੱਟੀ ਆਇਆ... ਤੇ ਮਾਂ ਦੇ ਕਮੀਜ਼ ਦਾ ਮੂਹਰਲਾ ਪੱਲਾ ਉੱਪਰ ਚੁੱਕਣ ਲੱਗਿਆ... ਪਰ ਨਸੀਬੋ ਸਾਰਾ ਦਿਨ ਆਗ 'ਕੱਠੇ ਕਰਦੀ ਕਾਣਤੀ ਪਈ ਸੀ । ਉਸਨੇ ਖਿਝ ਕੇ ਘੀਰੀ ਦੇ ਕੰਨਾਂ 'ਤੇ ਪੋਲੇ ਪੋਲੇ ਦੋ ਥੱਪੜ ਜੜ ਦਿੱਤੇ । ਥੱਪੜ ਖਾਣ ਦੇ ਬਾਵਜੂਦ ਵੀ ਜਦ ਘੀਰੀ ਨਾ ਟਲਿਆ ਤਾਂ ਗੰਨੇ ਘੜਦੀ ਇੱਕ ਸਿਆਣੀ ਬੁੜ੍ਹੀ ਨੇ ਨਸੀਬੋ ਨੂੰ ਹੌਲੀ ਦੇਣੀ ਸਲਾਹ ਦਿੱਤੀ:

"ਅਪਣੇ ਖੀਸੇ ਮਾ ਕੁਆਰ ਕੀ ਗੰਦਲ ਰੱਖੇ ਕਰ । ਜਦ ਤੇਰੇ ਕੋਲ ਆ ਕੈ ਐਂ ਰਿਹਾੜ ਕਰੈ…... ਜਦੇ ਘੀਆ ਕੁਆਰ ਮਲ਼ ਦੇ ਦੋਹਾਂ 'ਪਰ... ।"

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ