Roop Toon Na Jaah (Punjabi Story) : Simran Dhaliwal

ਰੂਪ ਤੂੰ ਨਾ ਜਾਹ (ਕਹਾਣੀ) : ਸਿਮਰਨ ਧਾਲੀਵਾਲ

ਰੂਪ ਮੈਨੂੰ ਛੱਡ ਕੇ ਨਾ ਜਾ! ਮੈਨੂੰ ਤੇਰੀ ਲੋੜ ਹੈ! ਤੂੰ ਤਾਂ ਮੇਰਾ ਸਹਾਰਾ ਹੈ! ਮੈਂ ਮਰ ਜਾਵਾਂਗੀ!" ਪਰ ਰੂਪ ਦੇ ਪੱਥਰ ਦਿਲ ਤੇ ਮੇਰੇ ਤਰਲਿਆਂ ਦਾ ਕੋਈ ਅਸਰ ਨਹੀਂ ਹੋਇਆ। ਉਹ ਬਾਂਹ ਛੁਡਾ ਕੇ ਚਲੀ ਗਈ, ਨਿਰਮੋਹੀ।
"ਮੈਂ, ਤੇਰਾ ਸਹਾਰਾ ਕਿਵੇਂ ਬਣ ਸਕਦੀ ਹਾਂ? ਮੈਨੂੰ ਤਾਂ ਖੁਦ ਕਿਸੇ ਸਹਾਰੇ ਦੀ ਜਰੂਰਤ ਹੈ।" ਰੂਪ ਦੇ ਬੋਲ ਹਾਲੇ ਤੀਕ ਕੰਨਾਂ ਵਿਚ ਗੂੰਜ ਰਹੇ ਨੇ.....।
ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਰੂਪ ਅੱਜ ਬਹੁਤ ਖੁਸ਼ ਹੈ, ਪਰ ਮੈਂ ਉਦਾਸ ਹਾਂ! ਪਰ ਕਿਉਂ?
ਰੂਪ ਨੇ ਇਹ ਸੋਚ ਵੀ ਕਿਵੇਂ ਲਿਆ? ਅੁਹ ਇੰਝ ਨਹੀਂ ਕਰ ਸਕਦੀ। ਨਹੀਂ......ਨਹੀਂ......! ਕਦੀ ਨਹੀਂ!
ਦਿਮਾਗ ਵਿਚ ਸੋਚਾਂ ਦੇ ਵਾਵਰੋਲੇ ਉੱਠ ਰਹੇ ਨੇ....! ਪਰ ਕੋਈ ਜਵਾਬ ਨਹੀਂ ਲੱਭ ਰਿਹਾ।
"ਤੂੰ ਇਕ ਵਾਰ ਸੋਚ ਲੈ ਪ੍ਰਭ! ਇਹੋ ਜਿਹੇ ਅਹਿਮ ਫੈਸਲੇ ਜਲਦਬਾਜ਼ੀ 'ਚ ਨਹੀਂ ਕੀਤੇ ਜਾਂਦੇ। ਕਿਤੇ ਇਹ ਨਾ ਹੋਵੇ......! ਮੰਮੀ ਦੀ ਕਹੀ ਗੱਲ ਯਾਦ ਆ ਰਹੀ ਹੈ। ਕਿੰਨਾ ਸਮਝਾਇਆ ਸੀ ਉਹਨਾਂ, ਪਰ ਮੇਰੀ ਤਾਂ ਜਿਵੇਂ ਸਮਝ ਹੀ ਮੁੱਕ ਗਈ ਸੀ। ਸੋਚ ਜਿਵੇਂ ਇੱਕੋ ਥਾਏਂ ਆ ਖਲੋਤੀ ਸੀ। ਸ਼ਾਇਦ ਹੁਣ ਵੀ ਤਾਂ ਮੇਰੇ ਨਾਲ ਇਹੀ ਕੁਝ ਹੋ ਰਿਹਾ। ਪਤਾ ਨਹੀਂ ਕਿਉਂ ਰੂਪ ਖਿਆਲਾਂ ਵਿਚੋਂ ਨਹੀਂ ਨਿਕਲ ਰਹੀ। ਰੂਪ ਮੇਰਾ ਸਹਾਰਾ ਕਿਉਂ? ਕਿਵੇਂ? ਕੁਝ ਸਮਝ ਨਹੀਂ ਆ ਰਿਹਾ। ਦਿਮਾਗ ਨੇ ਤਾਂ ਜਿਵੇਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ। ਉਦੋਂ ਵੀ ਤਾਂ ਇਹੀ ਵਾਪਰਿਆ ਸੀ। ਮੈਂ ਦਿਮਾਗ ਤੋਂ ਨਹੀਂ ਦਿਲ ਤੋਂ ਕੰਮ ਲਿਆ ਸੀ। ......ਤੇ ਦਿਲ ਬਾਰ-ਬਾਰ ਇਕ ਹੀ ਗੱਲ ਮੰਨਣ ਲਈ ਮਜ਼ਬੂਰ ਕਰ ਰਿਹਾ ਸੀ।
ਮਜ਼ਬੂਰੀ ਨੂੰ ਸਮਝੀਂ ਪ੍ਰਭ! ਇਟਸ ਵੈਰੀ ਅਰਜ਼ੈਂਟ! ਕੰਮ-ਕਾਰ ਸੰਭਾਲਣਾ ਵੀ ਜਰੂਰੀ ਹੈ। ਬਲੀਵ ਮੀਂ.....ਮੇਰਾ ਤਾਂ ਦੁੱਖ ਜਾਣ ਨੂੰ ਦਿਲ ਨਹੀਂ ਕਰਦਾ। ਪਰ....! ਕਿੰਨਾ ਬਹਾਨੇਬਾਜ਼ ਹੈ ਜਤਿੰਦਰ ਢਿਲੋਂ ਉਰਫ ਜੇ. ਡੀ.! ਤੰਗ ਆ ਗਈ ਹਾਂ ਉਸ ਦੇ ਬਹਾਨਿਆਂ ਤੋਂ। ਜਦੋਂ ਵੀ ਫੋਨ ਕਰਦਾ ਹੈ ਬਿਨ ਪੁੱਛੇ ਤੋਂ ਹੀ ਦੱਸਣ ਲਗਦਾ ਹੈ, ਪ੍ਰਭ ਪਲੀਜ਼ ਥੋੜਾ ਹੋਰ ਵੇਟ ਕਰ ਲੈ। ਹਾਲੇ ਕਾਗਜ਼ ਤਿਆਰ ਹੋਣ 'ਚ ਵਕਤ ਲੱਗ ਜਾਣਾ। ਕਾਗਜ਼ ਤਿਆਰ ਹੁੰਦਿਆਂ ਹੀ.....! ਮੈਂ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੰਦੀ ਹਾਂ। ਉਸਦੀਆਂ ਗੱਲਾਂ ਵਿਚ ਨਾ ਹੀ ਮੇਰੀ ਕੋਈ ਦਿਲਚਸਪੀ ਰਹੀ ਹੈ ਤਾਂ ਹੀ ਯਕੀਨ। ਉਹ ਦੌੜ ਰਿਹਾ ਹੈ। ਉਸਦੀ ਇਹ ਦੌੜ ਤਾਂ ਹਫਤੇ ਬਾਅਦ ਹੀ ਸ਼ੁਰੂ ਹੋ ਗਈ ਸੀ। ਹਫਤਾ......ਹਫਤਾ ਹੀ ਤਾਂ ਬਚਿਆ ਹੈ। ਕਿੰਨੇ ਮਾਣ ਤੇ ਚਾਅ ਨਾਲ ਦੱਸਿਆ ਸੀ ਰੂਪ ਨੇ.....! ਪਰ ਉਸਦੇ ਬੋਲ ਤਾਂ ਮਣਾਂ ਮੂੰਹੀਂ ਭਾਰੇ ਸਨ। ਹਫਤੇ ਬਾਅਦ ਪਤਾ ਨਹੀਂ ਕੀ ਹੋਵੇਗਾ? ਕੁਝ ਸਮਝ ਨਹੀਂ ਆਉਂਦਾ।
"ਪ੍ਰਭੂ ਮੇਰੀ ਤਾਂ ਸਮਝ ਨਹੀਂ ਆਉਂਦਾ ਕੁਝ! ਢੇਰ ਸਾਰੇ ਕੰਮ ਨੇ ਕਰਨ ਵਾਲੇ। ਸਮਝ ਨਹੀਂ ਆਉਂਦੀ ਕਿੱਧਰ ਕਿੱਧਰ ਹੋਵਾਂ।" ਆਸ਼ਾ ਆਂਟੀ ਥੋੜ੍ਹੀ ਦੇਰ ਪਹਿਲਾਂ ਹੀ ਮੇਰੇ ਕੋਲ ਬੈਠੇ ਸਨ। ਉਹਨਾਂ ਦੇ ਚਿਹਰੇ ਤੇ ਇਕ ਅਜੀਬ ਜਿਹੀ ਖੁਸ਼ੀ ਸੀ। ਓਹੀ ਖੁਸ਼ੀ ਜੋ ਸਾਲ ਕੁ ਪਹਿਲਾਂ ਮੰਮੀ ਦੇ ਚਿਹਰੇ ਉਪਰ ਸੀ। ਮੇਰੇ ਵਿਆਹ ਦੀ ਖੁਸ਼ੀ 'ਚ ਉੱਠੇ ਫਿਰਦੇ ਸਨ ਉਹ। ਇਕ ਵੱਡੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਣ ਦਾ ਸੁਖਦ ਅਹਿਸਾਸ ਉਹਨਾਂ ਦੇ ਚਿਹਰੇ ਤੋਂ ਸਾਫ ਝਲਕਦਾ ਸੀ। ਖੁਸ਼ ਤਾਂ ਮੈਂ ਵੀ ਬਹੁਤ ਸੀ। ਇਕ ਨਵੀਂ ਜ਼ਿੰਦਗੀ ਮੇਰੇ ਅੱਗੇ ਬਾਹਾਂ ਪਸਾਰੀ ਖੜ੍ਹੀ ਸੀ। ਜੇ ਡੀ ਸੰਗ ਜ਼ਿੰਦਗੀ ਗੁਜ਼ਾਰਨ ਦੇ ਰੰਗੀਨ ਸੁਪਨੇ ਮੇਰੀਆਂ ਅੱਖਾਂ ਵਿਚ ਤੈਰ ਰਹੇ ਸਨ। ਪਹਿਲੀ ਨਜ਼ਰੇ ਹੀ ਜੇ ਡੀ ਮੇਰੇ ਸੁਪਨਿਆਂ ਦਾ ਰਾਜਕੁਮਾਰ ਬਣ ਬੈਠਾ ਸੀ। ਪਹਿਲੀ ਹੀ ਮੁਲਾਕਾਤ ਵਿਚ ਮੈਂ ਆਪਣਾ ਦਿਲ ਹਾਰ ਬੈਠੀ ਸੀ। ਅਸੀਂ ਪਟਿਆਲੇ ਮਿਲੇ ਸੀ ਪਹਿਲੀ ਵਾਰ! ਮੇਰੀ ਫਰੈਂਡ ਦੇ ਬ੍ਰਦਰ ਦੀ ਮੈਰਿਜ ਸੀ। ਜੇ ਡੀ ਵਿਆਹ ਵਾਲੇ ਮੁੰਡੇ ਦਾ ਦੋਸਤ ਹੋਣ ਕਰਕੇ ਚਾਂਭਲਿਆ ਹੋਇਆ ਅੱਗੇ ਅੱਗੇ ਫਿਰ ਰਿਹਾ ਸੀ। ਨਜ਼ਰਾਂ ਮਿਲਾਉਂਦਾ ਤਾਂ ਮੈਨੂੰ ਉਸਦੀਆਂ ਅੱਖਾਂ ਵਿਚ ਡੁਬੋ ਲੈਣ ਵਾਲਾ ਸਮੁੰਦਰ ਦਿਖਾਈ ਦਿੰਦਾ। ਉਸਦਾ ਚਿਹਰਾ ਧਿਆਨ ਖਿੱਚਦਾ। ਦੋ ਦਿਨਾਂ 'ਚ ਹੀ ਅਸੀਂ ਕਾਫੀ ਘੁਲ-ਮਿਲ ਗਏ। ਘਰ ਪਹੁੰਚੀ ਤਾਂ ਜੇ ਡੀ ਦਾ ਫੋਨ ਖੜ੍ਹਕ ਪਿਆ। ਮੈਂ ਉਸਦੀ ਮਿੱਠੀ ਅਵਾਜ਼ ਸੁਣ ਕੇ ਅਚੰਭਿਤ ਰਹਿ ਗਈ। ਉਸਨੇ ਮੇਰਾ ਨੰਬਰ ਪਤਾ ਨਹੀਂ ਕਿਥੋਂ ਖੋਜ ਲਿਆ ਸੀ?
ਖੋਜ....ਖੋਜ....ਹੀ ਤਾਂ ਕਰ ਰਹੀ ਹਾਂ। ਮਨ ਦੀਆਂ ਪਰਤਾਂ ਫਰੋਲ ਰਹੀ ਹਾਂ। ਪਰ ਇਸ ਉਦਾਸੀ ਦਾ ਕਾਰਨ ਨਹੀਂ ਲੱਭਦਾ। ਮੇਰੇ ਅੰਦਰ ਦਾ ਹਨ੍ਹੇਰਾ ਹੋਰ ਡੂੰਘਾ ਹੋਈ ਜਾਂਦਾ। ਕਿੰਨੀ ਪੱਥਰ ਦਿਲ ਹੈ ਰੂਪ, ਪਲ਼ ਭਰ ਵਿਚ ਸਭ ਕੁਝ ਤਬਾਹ ਕਰ ਗਈ। ਇਕ ਝਟਕੇ ਵਿਚ ਸਭ ਰਿਸ਼ਤੇ ਤੋੜ ਸੁੱਟੇ ਨਿਰਮੋਹੀ ਨੇ....! ਇਹ ਕੈਸੀ ਖੇਡ ਹੈ?
"ਬੇਟਾ! ਵਿਆਹ ਸ਼ਾਦੀ ਕੋਈ ਗੁੱਡੇ-ਗੁੱਡੀਆਂ ਦਾ ਖੇਡ ਨਹਜੀਂ ਹੁੰਦੀ। ਤੂੰ ਜਾਣਦੀ ਕਿੰਨਾ ਏ ਉਹਨੂੰ? ਇੰਝ ਕਿਸੇ ਅਣਜਾਣ ਵਿਅਕਤੀ ਨਾਲ ਪੂਰੀ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ......ਤੂੰ ਫਿਰ ਸੋਚ ਲੈ।" ਮੰਮੀ ਨੇ ਸੌ ਦਲੀਲਾਂ ਦਿੱਤੀਆਂ ਸਨ। ਪਰ ਮੈਂ ਸਭ ਤਰਕ ਰੱਦ ਕਰ ਦਿੱਤੇ। ਆਪਣੀ ਪਟਿਆਲੇ ਵਾਲੀ ਫਰੈਂਡ ਨੂੰ ਵਿਚ ਪਾ ਕੇ ਆਪਣੀ ਜ਼ਿਦ ਪੁਗਾ ਲਈ। ਮੇਰੇ ਫੈਸਲੇ ਨੂੰ ਖਿੜੇ ਮੱਥੇ ਕਬੂਲ ਕਰ ਲਿਆ ਗਿਆ। ਉਂਝ ਵੀ ਜੇ ਡੀ ਕਿਸ ਗੱਲੋਂ ਘੱਟ ਸੀ। ਢਿੱਲੋਂ ਖਾਨਦਾਨ ਦਾ ਇਕਲੌਤਾ ਵਾਰਿਸ! ਇੰਨੇ ਵੱਡੇ ਕਾਰੋਬਾਰ ਦਾ ਇਕੱਲਾ ਮਾਲਿਕ। ਜੇ ਡੀ ਮੇਰੀ ਝੋਲੀ ਦੁਨੀਆਂ ਦੀ ਹਰ ਖੁਸ਼ੀ ਪਾ ਸਕਦਾ ਸੀ।
ਖੁਸ਼ੀ......ਹਰ ਖੁਸ਼ੀ ਦੇ ਕੇ ਵੀ ਉਹ ਨਹੀਂ ਸੀ ਦੇ ਸਕਿਆ ਮੈਨੂੰ ਆਤਮਿਕ ਸਕੂਨ। ਉਸਦੀਆਂ ਬਾਹਾਂ ਦੀ ਪਕੜ ਇੰਨੀ ਮਜ਼ਬੂਤ ਨਹੀਂ ਸੀ ਕਿ ਮੇਰੇ ਮਨ ਵਿਚ ਉਠਦੀਆਂ ਤਰੰਗਾਂ ਨੂੰ ਮਖੌਲ ਸਕਦਾ। ਜੇ ਡੀ ਮੇਰੇ ਸਾਹਮਣੇ ਝੂਠਾ ਪੈਣ ਲਗਦਾ। ਜੇ ਡੀ ਹਾਲਤ ਮੇਰੇ ਅੱਗੇ ਇਉਂ ਹੁੰਦੀ ਜਿਵੇਂ ਬਲਦੀ ਲਾਟ ਅੱਗੇ ਘਿਓ ਦੀ। ਉਹ ਨਜ਼ਰਾਂ ਮਿਲਾਉਣ ਤੋਂ ਕਤਰਾਉਣ ਲੱਗਿਆ ਸੀ।
ਉਸਨੇ ਮੇਰੇ ਕੋਲੋਂ ਦੌੜਨਾ ਸ਼ੁਰੂ ਕਰ ਦਿੱਤਾ ਸੀ। .....ਤੇ ਹਫਤੇ ਕੁ ਬਾਅਦ ਹੀ ਉਹ ਲੰਬੀ ਉਡਾਰੀ ਮਾਰ ਗਿਆ। ਕੋਲ ਬੁਲਾਉਣ ਦਾ ਵਾਅਦਾ ਕਰਕੇ। "ਪ੍ਰਭੂ! ਡੋਂਟ ਵਰੀ! ਤੈਨੂੰ ਪਤਾ ਇੰਨਾ ਵੱਡਾ ਕਾਰੋਬਾਰ ਸੰਭਾਲਣਾ ਕੋਈ ਸੌਖੀ ਗੱਲ ਨਹੀਂ ਹੈ। ਮੈਂ ਜਾਂਦਿਆਂ ਹੀ ਪੇਪਰ ਤਿਆਰ ਕਰਵਾ ਲਵਾਂਗਾ। ਤੈਨੂੰ ਕੋਲ ਬੁਲਾਵਾਂਗਾ। ਬੱਸ ਜ਼ਰਾ ਵੇਟ ਕਰੀਂ।"
ਪਰ ਜੇ ਡੀ ਦੇ ਕਾਗਜ਼ ਤਾਂ ਹਾਲੇ ਤੀਕ ਤਿਆਰ ਨਹੀਂ ਹੋਏ। ਮੈਂ ਹੁਣ ਸਾਰੀਆਂ ਆਸਾਂ ਲਾਹ ਚੁੱਕੀ ਹਾਂ। ਹੁਣ ਮੈਨੂੰ ਪਹਿਲਾਂ ਵਾਂਗ ਉਹਦੀ ਉਡੀਕ ਨਹੀਂ ਰਹੀ। ਉਹ ਤਾਂ ਚਲਾ ਗਿਆ ਸੀ ਪਰ ਮੈਂ ਪਿੱਛੇ ਰਹਿ ਗਈ ਕੰਧਾਂ ਨਾਲ ਟੱਕਰਾਂ ਮਾਰਨ ਲਈ। ਸਾਰਾ ਦਿਨ ਇਕੱਲਿਆਂ। ਮੇਰੇ ਤਾਂ ਜਿਵੇਂ ਰੁਝੇਵੇਂ ਹੀ ਮੁੱਕ ਗਏ ਸਨ।
ਰੁਝੇਵੇਂ......ਰੁਝੇਵੇਂ ਹੀ ਤਾਂ ਨਹੀਂ ਮੁਕਦੇ ਘਰ ਦੇ ਬਾਕੀ ਜੀਆਂ ਦੇ ਪਾਪਾ ਯਾਨਿ ਕਿ ਮੇਰੇ ਸਹੁਰਾ ਸਾਹਿਬ ਉਨ੍ਹਾਂ ਕੋਲੋਂ ਤਾਂ ਕੰਮਕਾਜ ਨਹੀਂ ਸੰਭਾਲ ਹੁੰਦਾ। ਸਵੇਰ ਦੇ ਘਰੋਂ ਨਿਕਲੇ ਸ਼ਾਮ ਨੂੰ ਮੁੜਦੇ ਨੇ ਤੇ ਮੰਮੀ ਯਾਨਿ ਕਿ ਮੇਰੀ ਸੱਸ.....ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ.....! ਕਦੇ ਸਹੇਲੀਆਂ ਦੇ ਘਰਾਂ ਵਿਚ ਪਾਰਟੀਆਂ, ਕਦੇ ਨਾਰੀ ਚੇਤਨਾ ਮੰਚ ਦੀਆਂ ਮੀਟਿੰਗਾਂ। ਕਦੇ ਕੁਝ......ਕਦੇ ਕੁਝ! ਕਿਸੇ ਕੋਲ ਵੀ ਦੂਜੇ ਲਈ ਟਾਈਮ ਨਹੀਂ ਰਿਹਾ। ਮੈਨੂੰ ਘਰ ਦੀਆਂ ਕੰਧਾਂ ਖਾਣ ਨੂੰ ਆਉਂਦੀਆਂ। ਇਕੱਲਤਾ ਸਤਾਉਂਦੀ, ਪਹਾੜ ਜਿੱਡੀਆਂ ਰਾਤਾਂ ਪਾਸੇ ਮਾਰਦੀਆਂ ਲੰਘਦੀਆਂ। ਮਖਮਲੀ ਬਿਸਤਰ ਕੰਢਿਆਂ ਵਾਂਗ ਚੁਭਦਾ। ਮਨ ਅੰਦਰ ਦਿਨ ਰਾਤ ਇਕ ਜਵਾਰਭਾਟਾ ਉਠਦਾ ਰਹਿੰਦਾ।
ਜਵਾਰਭਾਟਾ.....ਜਵਾਰਭਾਟਾ....ਹੀ ਤਾਂ ਉੱਠਿਆ ਸੀ ਉਸ ਦਿਨ। ਜਵਾਰਭਾਟਾ ਜੋ ਸਭ ਕੁਝ ਰੋੜ ਕੇ ਲੈ ਗਿਆ।
ਜੇ ਡੀ ਦੇ ਕਜ਼ਨ ਦੇ ਪੇਪਰ ਚੱਲ ਰਹੇ ਸੀ। ਉਸ ਨੇ ਸਾਡੇ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਬਹੁਤ ਹੀ ਇਨਟੈਲੀਜੈਂਟ ਹੈ ਬੱਲਪ੍ਰੀਤ। ਦਿਨ-ਰਾਤ ਮਿਹਨਤ ਕਰਦਾ। ਜਿੰਨੀ ਉਸ ਕੋਲ ਲਿਆਕਤ ਹੈ ਉਨ੍ਹਾਂ ਹੀ ਉਹ ਦਿਲ ਦਾ ਚੰਗਾ ਹੈ। ਉਸਦੇ ਆਉਣ ਨਾਲ ਮੇਰਾ ਵਕਤ ਵਧੀਆ ਲੰਘਣ ਲੱਗਿਆ ਸੀ। ਮੈਨੂੰ ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ ਸੀ। ਉਹ ਪੜ੍ਹ ਰਿਹਾ ਹੁੰਦਾ ਤਾਂ ਮੈਂ ਗਰਮ-ਗਰਮ ਕਾਫੀ ਦਾ ਕੱਪ ਉਸ ਅੱਗੇ ਲਿਜਾ ਧਰਦੀ। ਮੈਨੂੰ ਜਿਵੇਂ ਰੁਝੇਵਾਂ ਮਿਲ ਗਿਆ ਸੀ। ਉਸਦੀਆਂ ਪਿਆਰੀਆਂ-ਪਿਆਰੀਆਂ ਗੱਲਾਂ ਮੇਰਾ ਚਿੱਤ ਪਰਚਾਈ ਰੱਖਦੀਆਂ। ਮੈਨੂੰ ਇਕੱਲਤਾ ਨਾ ਸਤਾਉਂਦੀ। ਵਕਤ ਵਧੀਆ ਲੰਘਣ ਲੱਗਿਆ ਸੀ। ਬੱਲਪ੍ਰੀਤ ਦਾ ਹਾਸਾ ਪੂਰੇ ਘਰ ਵਿਚ ਗੂੰਜਦਾ ਰਹਿੰਦਾ। ਘਰ ਵਿਚ ਚਹਿਲ-ਪਹਿਲ ਰਹਿੰਦੀ। ਹੌਲੀ-ਹੌਲੀ ਬੱਲਪ੍ਰੀਤ ਮੇਰੇ ਨੇੜੇ ਆਉਣ ਲਗਿਆ।
"ਭਾਬੀ ਜਤਿੰਦਰ ਵੀਰੇ ਦੀ ਯਾਦ ਤਾਂ ਬੜਾ ਸਤਾਉਂਦੀ ਹੋਊ ਤੁਹਾਨੂੰ?" ਅਚਾਨਕ ਇਕ ਦਿਨ ਉਸ ਨੇ ਪੁੱਛ ਲਿਆ।
ਮੇਰੇ ਅੰਦਰ ਜਿਵੇਂ ਕੁਝ ਖੁਰਨ ਲੱਗਿਆ ਸੀ।
"ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ.....!" ਮੈਂ ਹੱਸਣ ਦੀ ਕੋਸ਼ਿਸ਼ ਕੀਤੀ ਸੀ, ਪਰ ਅੰਦਰ ਇੱਕ ਚੀਸ ਜਿਹੀ ਉੱਠ ਖਲੋਤੀ।

ਬੱਲਪ੍ਰੀਤ ਆਪਣੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਨ ਲੱਗਿਆ ਸੀ। ਆਪਣੀਆਂ ਕਲਾਸਮੇਟ ਕੁੜੀਆਂ ਦੀਆਂ ਗੱਲਾਂ ਸੁਣਾਉਂਦਾ। ਆਪਣੇ ਇਸ਼ਕ ਦੇ ਕਿੱਸੇ ਸਾਂਝੇ ਕਰਦਾ। ਮੇਰੇ ਨੇੜੇ-ਨੇੜੇ ਰਹਿੰਦਾ। ਟਿਕ-ਟਿਕੀ ਲਗਾ ਕੇ ਮੇਰੇ ਵੱਲ ਦੇਖਦਾ। ਉਸਦੀਆਂ ਖਾਮੋਸ਼.....ਡੂੰਘੀਆਂ ਵਿਚ ਕੁਝ ਸੀ ਜੋ ਮੈਨੂੰ ਖਿੱਚ ਪਾਉਂਦਾ ਸੀ। ਉਸਦੇ ਦਿਮਾਗ ਵਿਚ ਕੋਈ ਭਵੰਡਰ ਚੱਲਦਾ ਮਹਿਸੂਸ ਹੁੰਦਾ। ਦੀਵਾਲੀ ਦੀ ਰੌਸ਼ਨੀਆਂ ਭਰੀ ਰਾਤ ਅਜੇ ਤੀਕ ਯਾਦ ਹੈ ਮੈਨੂੰ। ਮੈਂ ਦੁੱਧ ਦਾ ਗਿਲਾਸ ਫੜ੍ਹਾਉਣ ਬੱਲਪ੍ਰੀਤ ਦੇ ਰੂਮ ਵਿਚ ਗਈ ਸੀ। ਦੁੱਧ ਦਾ ਗਿਲਾਸ ਟੇਬਲ ਤੇ ਰੱਖ ਕੇ ਮੁੜਣ ਲੱਗੀ ਤਾਂ ਉਸਨੇ ਮੇਰੀ ਬਾਂਹ ਫੜ੍ਹ ਲਈ। ਸਾਡੇ ਦਰਮਿਆਨ ਇਕ ਖਾਮੋਸ਼ੀ ਪਸਰੀ ਹੋਈ ਸੀ। ਮੈਨੂੰ ਆਪਣੀ ਸੁੱਧ-ਬੁੱਧ ਭੁੱਲ ਗਈ ਸੀ। ਮੈਂ ਬੱਲਪ੍ਰੀਤ ਦੀਆਂ ਬਾਹਾਂ ਵਿਚ ਡਿੱਗ ਪਈ। ਬੱਲਪ੍ਰੀਤ ਦੀ ਸਾਹਾਂ ਦੀ ਗਰਮਾਇਸ਼ ਨਾਲ ਮੇਰਾ ਪਿੰਡਾ ਤਪਣ ਲੱਗਿਆ। ਅਚਾਨਕ ਮੰਮੀ ਅੰਦਰ ਆ ਗਏ। ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਪਸਰ ਗਿਆ। ਬੱਲਪ੍ਰੀਤ ਬਾਹਰ ਚਲਾ ਗਿਆ। ਮੇਰੀਆਂ ਨਜ਼ਰਾਂ ਵਿਚ ਗੱਡੀਆਂ ਗਈਆਂ। ਮੰਮੀ ਮੂੰਹੋਂ ਕੁਝ ਨਾ ਬੋਲੇ। ਉਹ ਕਦੋਂ ਕਮਰੇ ਵਿਚੋਂ ਬਹਾਰ ਚਲੇ ਗਏ ਮੈਨੂੰ ਪਤਾ ਨਹੀਂ ਸੀ ਲੱਗਿਆ। ਅਗਲੇ ਹੀ ਦਿਨ ਬੱਲਪ੍ਰੀਤ ਆਪਣੇ ਪਿੰਡ ਚਲਾ ਗਿਆ। ਮੈਂ ਉਸਨੂੰ ਉਡੀਕਦੀ ਰਹੀ। ਹਰ ਵੇਲੇ ਉਸਦੇ ਖਿਆਲ ਦਿਮਾਗ ਵਿਚ ਘੁੰਮਦੇ ਰਹਿੰਦੇ, ਮੈਨੂੰ ਨੀਂਦ ਨਾ ਆਉਂਦੀ। ਹਨ੍ਹੇਰੇ ਤੋਂ ਡਰ ਆਉਂਦਾ। ਮੈਂ ਆਪਣੇ ਰੂਮ ਵਿਚ ਚੀਕਾਂ ਮਾਰਦੀ ਦੌੜਦੀ। ਮੈਨੂੰ ਆਪਣੇ ਅੰਦਰ ਕੋਈ ਪ੍ਰਛਾਵਾਂ ਬੈਠਾ ਜਾਪਦਾ। ਇਉਂ ਲਗਦਾ ਜਿਵੇਂ ਅੰਦਰ ਕੁਝ ਸੁਲਗ ਰਿਹਾ ਹੋਵੇ। ਬੁਖਾਰ ਟੁੱਟਣ ਦਾ ਨਾਮ ਨਾ ਲੈਂਦਾ। ਦਵਾਈਆਂ ਖਾ-ਖਾ ਕੇ ਅੰਦਰ ਕੁੜੱਤਣ ਭਰ ਗਈ। ਇਕ ਦਿਨ ਹਾਲਤ ਰਤਾ ਸੁਧਰਦੀ ਤੇ ਅਗਲੇ ਦਿਨ ਹੋਰ ਵਿਗੜ ਜਾਂਦੀ। ਕਈ ਡਾਕਟਰ ਬਦਲੇ। ਕਿੰਨੇ ਇਲਾਜ ਕਰਵਾਏ ਪਰ ਮੇਰਾ ਰੋਗ ਜਿਵੇਂ ਕਿਸੇ ਦੀ ਸਮਝ ਨਹੀਂ ਸੀ ਆਉਂਦਾ। ਮੇਰੀ ਵਿਗੜਦੀ ਹਾਲਤ ਦੇਖ ਕੇ ਮੰਮੀ ਨੇ ਕਈ ਤਰ੍ਹਾਂ ਦੇ ਟੂਣੇ-ਟਾਮਣ ਕਰਵਾਉਣੇ ਸ਼ੂਰੂ ਕਰ ਦਿੱਤੇ। ਧਾਗੇ-ਤਾਵੀਜ਼ ਮੇਰੇ ਡੌਲਿਆਂ ਨਾ ਬੰਨ੍ਹ ਦਿੱਤੇ। ਘਰ ਵਿਚ ਹਵਨ ਕਰਵਾਇਆ, ਮੈਨੂੰ ਨੀਂਦ ਤਾਂ ਆਉਣ ਲੱਗੀ.....ਪਰ ਰਾਤ ਨੂੰ ਸੁੱਤਿਆਂ ਇਕ ਅਜੀਬ ਜਿਹਾ ਸੁਪਨਾ ਆਉਂਦਾ ਤੇ ਮੈਂ ਤ੍ਰਪਕ ਕੇ ਉੱਠ ਪੈਂਦੀ। ਸੁਪਨੇ ਵਿਚ ਮੈਨੂੰ ਅੱਗ ਦੀਆਂ ਲਾਟਾਂ ਦਿਖਾਈ ਦਿੰਦੀਆਂ। ਉੱਚੀਆਂ-ਉੱਚੀਆਂ! ਅਸਮਾਨ ਨੂੰ ਛੂਹਦੀਆਂ। ਮੈਂ ਉਹਨਾਂ ਲਾਟਾਂ ਵਿਚ ਸੜ ਰਹੀ ਹੁੰਦੀ। ਬਚਾਓ-ਬਚਾਓ ਦੀਆਂ ਅਵਾਜ਼ਾਂ ਮਾਰਦੀ। ਕੁਰਲਾਉਂਦੀ-ਵਿਲਕਦੀ-ਤੜਫਦੀ। ਪਰ ਮੇਰੀ ਮਦਦ ਲਈ ਕੋਈ ਨਾ ਬਹੁੜਦਾ। ਅਚਾਨਕ ਇਕ ਲੰਬੀ ਸਾਰੀ ਚੀਕ ਮੇਰੇ ਗਲ਼ੇ ਵਿਚੋਂ ਨਿਕਲਦੀ ਤੇ ਮੇਰੀ ਅੱਖ ਖੁੱਲ੍ਹ ਜਾਂਦੀ। ਕਿਸੇ ਸਹੇਲੀ ਦੀ ਦੱਸੇ ਤੇ ਮੰਮੀ ਘਰ ਵਿਚ ਇਕ ਤਾਂਤਰਿਕ ਨੂੰ ਸੱਦ ਲਿਆਏ। ਉਹ ਡਰਾਉਣੀ ਸ਼ਕਲ ਵਾਲਾ ਤਾਂਤਰਿਕ ਸਾਰੇ ਘਰ ਨੂੰ ਘੋਖਵੀਆਂ ਨਜ਼ਰਾਂ ਨਾਲ ਵੇਖਦਾ ਰਿਹਾ। ਉਸਦੀਆਂ ਲਾਲ-ਜ਼ਹਿਰੀ ਅੱਖਾਂ ਕੁਝ ਲੱਭ ਰਹੀਆਂ ਸਨ। ਉਹ ਅੱਖਾਂ ਬੰਦ ਕਰੀ ਮੰਤਰ ਉਚਾਰਦਾ ਰਿਹਾ।

"ਇਹਦੇ ਉਤੇ ਓਪਰੀ ਰੂਹ ਦਾ ਸਾਇਆ ਹੈ।"....ਤੇ ਉਸ ਬਾਬੇ ਨੇ ਮੈਨੂੰ ਵਾਲਾਂ ਤੋਂ ਫੜ੍ਹ ਲਿਆ। ਮੇਰ ਸਿਰ ਨੂੰ ਭੁਆਟਣੀਆਂ ਦਿੰਦਾ ਰਿਹਾ।
"ਬੋਲ ਕੌਣ ਏ ਤੂੰ?" ਉਹ ਇਕਦਮ ਗਰਜਦਾ। ਚਿਮਟਾ ਖੜ੍ਹਕਾਉਂਦਾ।
"ਮੈਂ ਤਾਰੋ ਹਾਂ! ਬੇਰੀ ਵਾਲਿਆਂ ਦੀ!" ਪਤਾ ਨਹੀਂ ਮੇਰੇ ਮੂੰਹੋਂ ਕਿਵੇਂ ਨਿਕਲ ਗਏ ਸੀ ਇਹ ਬੋਲ! ਉਹ ਤਾਂਤਰਿਕ ਵਾਲ ਖਿੱਚਦਾ....। ਮੇਰੇ ਸਿਰ ਨੂੰ ਘੁਮਾਉਂਦਾ। ਉਸਦੇ ਚਿਮਟੇ ਦੀ ਛਣਕਾਰ ਮੇਰੇ ਕੰਨਾਂ ਵਿਚ ਗੂੰਜਰੀ ਰਹੀ। ਮੈਂ ਬੇਹੋਸ਼ ਹੋ ਗਈ। ਹੋਸ਼ ਪਰਤੀ ਤਾਂ ਤਦ ਤੱਕ ਉਹ ਬਾਬਾ ਅਪਾਣੀ ਪੂਜਾ ਲੈ ਕੇ ਤੁਰਦਾ ਬਣਿਆ ਸੀ। ਮੇਰਾ ਸਿਰ ਦਰਦ ਨਾਲ ਫਟ ਰਿਹਾ ਸੀ। ਸ਼ਾਮੀ ਮੰਮੀ ਨੇ ਪੁੱਛਿਆ, ਪ੍ਰਭੂ! ਇਹ ਤਾਰੋ ਕੌਣ ਏ ਭਲਾ? ਤੇਰੇ ਪਿੰਡੋਂ ਸੀ ਕੋਈ? ਜਾਣਦੀ ਏ ਤੂੰ?
"ਮੈਨੂੰ ਨਹੀਂ ਪਤਾ ਮੰਮੀ ਜੀ!" ਮੈਂ ਸਿਰ ਫੇਰ ਦਿੱਤਾ। ਮੇਰੀਆਂ ਅੱਖਾਂ ਸਾਹਵੇਂ ਬਚਪਨ ਵਾਲੀ ਘਟਨਾ ਸਕਾਰ ਹੋ ਗਈ। ਤਾਰੋ ਸਾਡੇ ਪਿੰਡ ਦੀ ਬਘੇਲ ਸਿਹੁੰ ਦੀ ਨੂੰਹ। ਉਹਨਾਂ ਦੇ ਵਿਹੜੇ 'ਚ ਵੱਡੀ ਸਾਰੀ ਬੇਰੀ ਸੀ, ਜਿਸ ਕਰਕੇ ਉਹ ਬੇਰੀ ਵਾਲੇ ਵੱਜਦੇ। ਤਾਰੋ ਦਾ ਘਰਵਾਲਾ ਘਰ ਬਾਰ ਛੱਡ ਕੇ ਕਿੱਧਰੇ ਨਿਕਲ ਗਿਆ ਸੀ। ਉਸਦੀ ਕੋਈ ਉੱਘ-ਸੁੱਘ ਨਹੀਂ ਸੀ ਨਿਕਲੀ। ਲੋਕ ਉਸਦੇ ਗਾਇਬ ਹੋ ਜਾਣ ਬਾਰੇ ਆਪਣੇ-ਆਪਣੇ ਅੰਦਾਜ਼ੇ ਲਗਾਉਂਦੇ ਰਹੇ। ਪਰ ਅਸਲੀ ਗੱਲ ਕੀ ਸੀ......ਇਹ ਕੋਈ ਨਹੀਂ ਸੀ ਜਾਣਦਾ। ਕੁਝ ਸਮਾਂ ਬੀਤਿਆ ਤਾਂ ਤਾਰੋ ਨੇ ਫਾਹਾ ਲੈ ਲਿਆ। ਉਸਦੀ ਲਾਸ਼ ਉਹਨਾਂ ਦੀ ਵਿਹੜੇ ਵਾਲੀ ਬੇਰੀ ਨਾਲ ਲਟਕਦੀ ਮੈਂ ਆਪ ਦੇਖੀ ਸੀ। ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ। ਬੱਚੇ ਜਿਸ ਬੇਰੀ ਦੇ ਮਿੱਠੇ ਬੇਰ ਖਾਂਦੇ ਸੀ ਹੁਣ ਉਹਨਾਂ ਉਸ ਵੱਲ ਦੇਖਣਾ ਵੀ ਛੱਡ ਦਿੱਤਾ ਸੀ। ਪਿੰਡ ਵਿਚ ਇਹ ਗੱਲ ਫੈਲ ਗਈ ਸੀ ਕਿ ਬੇਰੀ ਤੇ ਤਾਰੋ ਦਾ ਭੂਤ ਵੱਸਦਾ।

ਭੂਤ......ਭੂਤ ਹੀ ਤਾਂ ਕਰਾਉਂਦੇ ਨੇ ਮੈਨੂੰ। ਅੱਖਾਂ ਅੱਗੇ ਕਾਲੇ ਪ੍ਰਛਾਵੇਂ ਘੁੰਮਦੇ ਰਹਿੰਦੇ ਨੇ....। ਮੇਰੀ ਚੀਕ ਸੁਣ ਕੇ ਮੰਮੀ ਆਪਣੇ ਕਮਰੇ ਵਿਚੋਂ ਦੌੜੇ ਆਉਂਦੇ। ਮੇਰੀ ਦੇਖਭਾਲ ਕਰਦਿਆਂ ਉਹਨਾਂ ਦੀ ਤਬੀਅਤ ਵੀ ਖਰਾਬ ਰਹਿਣ ਲੱਗੀ ਸੀ। ਉਹ ਦਿਨ ਰਾਤ ਬੇਚੈਨ ਰਹਿੰਦੇ। ਮੇਰੀ ਚਿੰਤਾ ਕਰਦੇ। ਠੀਕ ਤਰ੍ਹਾਂ ਮੌਕੇ ਨਾ ਦੇਖਦੇ। ਮੰਮੀ ਦੇ ਕਹਿਣ ਤੇ ਆਸ਼ਾ ਆਂਟੀ ਰੂਪ ਨੂੰ ਮੇਰੇ ਕੋਲ ਪੈਣ ਲਈ ਭੇਜ ਦਿੰਦੇ। ਰੂਪ ਮੇਰਾ ਖਿਆਲ ਰੱਖਦੀ। ਰਾਤ ਨੂੰ ਉੱਠ ਕੇ ਦਵਾਈ ਦਿੰਦੀ। ਉਹ ਵਾਲਾਂ ਵਿਚ ਉਂਗਲਾਂ ਫੇਰਦੀ ਤਾਂ ਮੈਨੂੰ ਨੀਂਦ ਆਉਣ ਲਗਦੀ। ਅਚਾਨਕ ਇਕ ਦਿਨ ਰੂਪ ਦਾ ਹੱਥ ਮੇਰੇ ਵਾਲਾਂ ਵਿਚ ਫਿਰਦਾ-ਫਿਰਦਾ ਮੇਰੇ ਸਰੀਰ ਉੱਪਰ ਮੇਲਣ ਲੱਗਿਆ। ਮੇਰੇ ਸਰੀਰ ਵਿਚ ਜਿਵੇਂ ਇਕ ਝਰਨਾਹਟ ਜਿਹੇ ਛਿੜ ਪਈ। ਰੂਪ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਜਕੜ ਲਿਆ। ਉਸ ਦੀ ਪਕੜ ਅੰਦਰ ਮਰਦਾਂ ਜਿਹੀ ਤਾਕਤ ਸੀ। ਉਹ ਮੈਨੂੰ ਪਾਗਲਾਂ ਵਾਂਗ ਚੁੰਮਦੀ ਰਹੀ। ਮੇਰੇ ਅੰਦਰ ਜਿਵੇਂ ਇਕ ਛਲ ਜਿਹੀ ਪੈਦਾ ਹੋ ਗਈ ਸੀ। ਮੈਂ ਵੀ ਰੂਪ ਦਾ ਸਾਥ ਦੇਣ ਲੱਗੀ। ਮੈਂ ਉਸਦੇ ਹੱਥਾਂ ਦੀਆਂ ਹਰਕਤਾਂ ਨੂੰ ਰੋਕ ਨਾ ਸਕੀ। ਕੁਝ ਹੀ ਪਲਾਂ ਬਾਅਦ ਮੈਂ ਆਤਮ ਗਿਲਾਨੀ ਨਾਲ ਭਰ ਗਈ। ਇਕ ਦੂਜੇ ਤੋਂ ਵੱਖ ਹੋ ਕੇ ਮੈਂ ਤੇ ਰੂਪ ਗੂੜ੍ਹੀ ਨੀਂਦੇ ਸੌਂ ਗਈਆ। ਅਗਲੀ ਸਵੇਰ ਸਭ ਕੁਝ ਸ਼ਾਂਤ ਤੇ ਸਹਿਜ ਸੀ। ਜਿਵੇਂ ਸਿਰੋਂ ਕੋਈ ਬੋਝ ਲਹਿ ਗਿਆ ਸੀ। ਰੂਪ ਕਦੋਂ ਉੱਠ ਕੇ ਆਪਣੇ ਘਰ ਚਲੀ ਗਈ ਮੈਨੂੰ ਪਤਾ ਨਹੀਂ ਸੀ ਲੱਗਿਆ। ਮੈਂ ਤਾਂ ਜਿਵੇਂ ਮੁੱਦਤ ਮਗਰੋਂ ਗੂੜ੍ਹੀ ਨੀਂਦ ਮਾਣੀ ਸੀ।

ਸਾਡੀ ਇਹ ਖੇਡ ਹਰ ਰੋਜ਼ ਚੱਲਦੀ। ਮੈਨੂੰ ਤਾਂ ਜਿਵੇਂ ਰੂਪ ਦਾ ਨਸ਼ਾ ਹੋ ਗਿਆ। ਮੈਨੂੰ ਡਰਾਉਣੇ ਸੁਪਨੇ ਨਹੀਂ ਸੀ ਆਉਂਦੇ ਹੁਣ। ਅੰਦਰ ਸੁਲਗਦੇ ਕੋਲੇ ਦੀ ਤਪਸ਼ ਠੰਢੀ ਪੈ ਗਈ ਸੀ। ਰੂਪ ਦੀਆਂ ਬਾਹਾਂ ਵਿਚ ਮੈਨੂੰ ਸਕੂਨ ਮਿਲਦਾ। ਉਹ ਔਰਤ ਹੋ ਕੇ ਵੀ ਮੇਰੇ ਲਈ ਇਕ ਮਰਦ ਵਾਂਗ ਸੀ। ਮੇਰੇ ਲਈ ਰੂਪ ਵਿਚ ਜਿਊਣਾ ਔਖਾ ਹੋ ਗਿਆ।
ਰੂਪ ਅੱਜ ਦੁਪਿਹਰੇ ਆਈ ਸੀ। ਉਸਦੇ ਚਿਹਰੇ ਤੇ ਆਮ ਨਾਲੋਂ ਜ਼ਿਆਦਾ ਖੁਸ਼ੀ ਸੀ। ਘਰੇ ਕੋਈ ਨਹੀਂ ਸੀ। ਮੈਂ ਰੂਪ ਨੂੰ ਬਾਹਾਂ ਵਿਚ ਜਕੜ ਲਿਆ।
"ਇਕ ਖੁਸ਼ਖਬਰੀ ਦੱਸਾਂ?" ਰੂਪ ਨੇ ਮੇਰੇ ਨਾਲੋਂ ਵੱਖ ਹੁੰਦਿਆਂ ਕਿਹਾ।
"ਹਾਂ ਦੱਸ....ਜਲਦੀ ਦੱਸ!!"
"ਅਗਲੇ ਹਫਤੇ ਮੈਰਿਜ਼ ਹੈ ਮੇਰੀ।" ਉਸਨੇ ਅੱਖਾਂ ਮਟਕਾਉਂਦਿਆਂ ਰਿਹਾ। ਮੇਰੇ ਤੇ ਜਿਵੇਂ ਬਿਜਲੀ ਡਿੱਗ ਪਈ।
"ਇਹ ਕਿਵੇਂ ਹੋ ਸਕਦਾ ਰੂਪ? ਤੈਨੂੰ ਕੀ ਜਰੂਰਤ ਹੈ ਵਿਆਹ ਕਰਵਾਉਣ ਦੀ? ਮੈਂ ਤੇਰੇ ਬਿਨਾਂ ਮਰ ਜਾਵਾਂਗੀ।" ਮੇਰਾ ਗੱਚ ਭਰ ਆਇਆ ਸੀ।
"ਵਿਆਹ ਕਰਵਾਉਣ ਦੀ ਜਰੂਰਤ ਕਿਸ ਨੂੰ ਨਹੀਂ ਹੁੰਦੀ? ਵਿਆਹ ਤਾਂ ਸਭ ਦਾ ਹੁੰਦਾ।"
"ਰੂਪ ਮੈਂ ਤੇਰੇ ਨਾਲ ਵਿਆਹ ਕਰਵਾਊਂ। ਤੂੰ ਮੇਰਾ ਪਤੀ ਬਣੀਂ। ਆਪਾਂ ਆਪਣੀ ਦੁਨੀਆਂ ਵਸਾਏਂਗੀ।"
"ਔਰਤਾਂ ਵੀ ਆਪਸ ਵਿਚ ਵਿਆਹ ਕਰਵਾਉਂਦੀਆਂ ਨੇ?"
"ਕਿਉਂ ਨਹੀਂ? ਹੁਣ ਸਭ ਕੁਝ ਹੋ ਰਿਹਾ। ਬਹੁਤ ਥਾਈ ਇਹੋ ਜਿਹੇ ਵਿਆਹ ਹੋਏ ਨੇ....! ਤੂੰ ਮੈਥੋਂ ਦੂਰ ਨਾ ਜਾਹ। ਮੈਂ ਤੇਰੇ ਬਿਨਾ ਜੀ ਨਹੀਂ ਸਕਦੀ।"
ਮੈਂ ਨਹੀਂ ਮੰਨਦੀ। ਇਹ ਤਾਂ ਕੁਦਰਤ ਦੇ ਵਿਰੁੱਧ ਹੈ। ਇੰਝ ਫਿਰ ਦੁਨੀਆਂ ਕਿਵੇਂ ਚੱਲੂ? ਔਰਤ ਕਦੇ ਮਰਦ ਨਹੀਂ ਬਣ ਸਕਦੀ।
ਪਰ ਮੈਨੂੰ ਤੇਰੀ ਲੋੜ ਹੈ। ਤੂੰ ਮੇਰਾ ਸਹਾਰਾ ਹੈ। ਤੇਰੀ ਛੋਹ ਨਾਲ ਮੇਰੇ ਮੁਰਦਾ ਸਰੀਰ ਵਿਚ ਜਾਨ ਪਈ ਹੈ।
ਮੈਂ ਤਾਂ ਖੁਦ ਕਿਸੇ ਦਾ ਸਹਾਰਾ ਲੱਭ ਰਹੀ ਹਾਂ। ਔਰਤ-ਔਰਤ ਦਾ ਸਹਾਰਾ ਨਹੀਂ ਬਣ ਸਕਦੀ। ਮਰਦ ਬਿਨਾਂ ਔਰਤ ਕੁਝ ਨਹੀਂ। ਮੈਨੂੰ ਇਕ ਮਰਦ ਦੀ ਲੋੜ ਹੈ। ਤੇਰੀ ਪਿਆਸ ਮੈਂ ਨਹੀਂ ਬੁਝਾ ਸਕਦੀ। ਨਾ ਤੂੰ ਹੀ ਮੈਨੂੰ ਤ੍ਰਿਪਤ ਕਰ ਸਕਦੀ ਹੈ। ਰੂਪ ਪੱਲ੍ਹਾ ਛੁਡਾ ਕੇ ਚਲੀ ਗਈ।
ਅੰਦਰ ਬਹੁਤ ਕੁਝ ਟੁੱਟ ਰਿਹਾ ਹੈ। ਸਭ ਕੁਝ ਬੇਜਾਨ ਲੱਗ ਰਿਹਾ ਹੈ। ਰੂਪ ਦੀਆਂ ਗੱਲਾਂ ਦਿਮਾਗ ਵਿਚ ਘੁੰਮ ਰਹੀਆਂ ਨੇ......!
ਔਰਤ? ਮਰਦ? ਕਈ ਸਵਾਲ ਦਿਮਾਗ ਵਿਚ ਉਥਲ-ਪੁਥਲ ਮਚਾ ਰਹੇ ਨੇ....!
ਪਰ ਕੋਈ ਜਵਾਬ ਨਹੀਂ ਲੱਭ ਰਿਹਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ