SOS Pind Dian Maavan (Punjabi Essay) : Harpreet Singh Kahlon
SOS ਪਿੰਡ ਦੀਆਂ ਬੱਚਿਆਂ ਨਾਲ ਲਾਡ ਲਡਾਉਂਦੀਆਂ 'ਮਾਵਾਂ' (ਲੇਖ) : ਹਰਪ੍ਰੀਤ ਸਿੰਘ ਕਾਹਲੋਂ
ਡਾਕਟਰ ਹਰਮਨ ਮਾਈਨਰ ਨੇ ਆਪਣੀ ਮਾਂ ਨੂੰ ਨਹੀਂ ਵੇਖਿਆ। ਉਹਨੂੰ ਉਹਦੀ ਭੈਣ ਨੇ ਪਾਲਿਆ। ਦੂਜੀ ਸੰਸਾਰ ਜੰਗ ਬਰਬਾਦੀ ਦਾ ਸਮਾਂ ਸੀ। ਇਸ ਜੰਗ ਨੇ ਕਈ ਪੁੱਤਰਾਂ ਨੂੰ ਅਨਾਥ ਕਰ ਦਿੱਤਾ। ਇਹ ਡਾਕਟਰ ਹਰਮਨ ਸਨ ਜਿਨ੍ਹਾਂ ਨੇ ਸੋਚਿਆ ਕਿ ਇਨ੍ਹਾਂ ਬੱਚਿਆਂ ਨੂੰ ਵੀ ਉਨ੍ਹਾਂ ਦੀ ਵੱਡੀ ਭੈਣ ਵਰਗੀ ਮਾਂ ਦੀ ਲੋੜ ਹੈ। ਇੰਝ ਯੂਰਪ ਦੇ ਆਸਟਰੀਆ ਦੇਸ਼ ਵਿੱਚ 1949 ਨੂੰ SOS ਪਿੰਡ ਦਾ ਆਧਾਰ ਬੱਝਿਆ। ਪੰਜਾਬ ਦਾ SOS ਪਿੰਡ ਰਾਜਪੁਰੇ ਵਿਖੇ ਹੈ। ਪੂਰੀ ਦੁਨੀਆਂ ਵਿੱਚ ਇਹ SOS ਪਿੰਡ ਇਨ੍ਹਾਂ ਮਾਵਾਂ ਸਦਕੇ ਕਈ ਅਨਾਥ ਬੱਚਿਆਂ ਨੂੰ ਮਾਂ ਦੀ ਛਾਂ ਵੰਡਦੇ ਹਨ। ਇਨ੍ਹਾਂ ਮਾਵਾਂ ਕੋਲ ਆਪਣੇ ਬੱਚਿਆਂ ਲਈ ਉਮੀਦ ਭਰੇ ਸੁਪਨੇ ਹਨ।
ਹਰਬੰਸ ਕੌਰ
1994 ਦੇ ਸਾਲਾਂ ਦੀਆਂ ਗੱਲਾਂ ਹਨ। ਪਿਓ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਵੱਡਾ ਭਰਾ ਅਤੇ ਭੈਣ ਵਿਆਹੇ ਗਏ ਸਨ। ਪਿਛਲੇ 25 ਸਾਲਾਂ ਤੋਂ ਚਾਚੇ ਤਾਏ ਮਿਲਾ ਕੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ। ਨਵਾਂ ਘਰ ਬਣ ਰਿਹਾ ਸੀ। 25 ਸਾਲ ਦੀ ਸਾਂ ਅਤੇ ਘਰ ਦੇ ਵਿਆਹ ਕਰਨ ਬਾਰੇ ਸੋਚ ਰਹੇ ਸਨ। ਨੌਕਰੀ ਦੀ ਤਲਾਸ਼ ਸੀ ਅਤੇ ਤਲਾਸ਼ SOS ਪਿੰਡ ਲੈ ਆਈ। ਮਨ ਵਿੱਚ ਇਰਾਦਾ ਸੀ ਕਿ ਵਿਆਹ ਨਹੀਂ ਕਰਵਾਉਣਾ। ਦੋ ਸਾਲ ਦੀ ਟ੍ਰੇਨਿੰਗ ਤੋਂ ਬਾਅਦ 5 ਜੂਨ 1996 ਤੋਂ ਮੈਂ SOS ਪਿੰਡ ਵਿੱਚ ਆਪਣੇ ਬੱਚਿਆਂ ਦੀ ਮਾਂ ਹਾਂ। ਇਹ ਬਹੁਤ ਵੱਖਰੀ ਤਰ੍ਹਾਂ ਦੀ ਨੌਕਰੀ ਹੈ। SOS ਪਿੰਡ ਅਨਾਥ ਆਸ਼ਰਮ ਨਹੀਂ ਹੈ ਅਤੇ ਨਾ ਹੀ ਅਸੀਂ ਤਨਖ਼ਾਹ ਤੇ ਕੰਮ ਕਰਦਿਆਂ ਕੋਈ ਕਰਮਚਾਰੀ ਹਾਂ। ਅਸੀਂ ਉਸ ਤੋਂ ਵੀ ਵੱਡੇ ਅਹਿਸਾਸ ਨਾਲ ਇੱਥੇ ਆਪਣੇ ਬੱਚਿਆਂ ਦੀ ਹਰ ਰੁੱਤ ਵੇਖੀ ਹੈ। ਪਿਛਲੇ 25 ਸਾਲਾਂ ਵਿੱਚ ਮੈਂ 28 ਬੱਚਿਆਂ ਦੀ ਮਾਂ ਬਣੀ ਹਾਂ।
1996 ਵਿੱਚ ਮੈਨੂੰ ਪਹਿਲੀ ਵਾਰ ਪੰਜ ਬੱਚੇ ਮਿਲੇ ਸਨ। ਕਰਮਜੀਤ, ਅਮਨਦੀਪ, ਨਿਸ਼ਾ, ਪੂਜਾ ਤੇ ਜੋਤੀ ਮੇਰੇ ਪਹਿਲੇ ਪੰਜ ਬੱਚੇ ਸਨ। ਕਰਮਜੀਤ ਅਮਨਦੀਪ ਨੂੰ ਉਨ੍ਹਾਂ ਦੀ ਮੰਮੀ ਬਠਿੰਡੇ ਤੋਂ ਜਲੰਧਰ ਗਾਂਧੀ ਨਵੀਤ ਆਸ਼ਰਮ ਵਿੱਚ ਛੱਡ ਗਈ ਸੀ। ਕਈ ਮਜਬੂਰੀਆਂ ਹੁੰਦੀਆਂ ਹਨ। ਮਾਂ ਨੂੰ ਮਾਂ ਹੀ ਸਮਝ ਸਕਦੀ ਹੈ। ਕਰਮਜੀਤ ਸੀਨੀਅਰ ਸਾਫਟਵੇਅਰ ਇੰਜੀਨੀਅਰ ਹੈ। ਆਪਣੀ ਹਿੰਮਤ ਨਾਲ ਉਹਨੇ ਪਲਾਟ ਲਿਆ, ਘਰ ਬਣਾਇਆ, ਵਿਆਹ ਕੀਤਾ ਅਤੇ ਅੱਜ ਆਪਣੇ ਪਰਿਵਾਰ ਵਿੱਚ ਖ਼ੁਸ਼ ਹੈ। ਇੱਕ ਘਰ ਛੁੱਟਣ ਤੋਂ ਬਾਅਦ ਉਹਨੂੰ ਦੂਜਾ ਘਰ ਅਸੀਂ ਦਿੱਤਾ ਅਤੇ ਅੱਜ ਅਸਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਇਆ ਕਿ ਉਹ ਆਪਣਾ ਘਰ ਆਪ ਬਣਾ ਸਕਣ। ਨਿਸ਼ਾ ਅਤੇ ਪੂਜਾ ਬਿਊਟੀ ਪਾਰਲਰ ਚਲਾਉਂਦੀਆਂ ਹਨ। ਜੋਤੀ ਨੇ ਨਰਸਿੰਗ ਕੀਤੀ ਹੈ ਅਤੇ ਲੁਧਿਆਣੇ ਨੌਕਰੀ ਕਰ ਰਹੀ ਹੈ।
ਇਸ ਨੌਕਰੀ ਵਿੱਚ ਨੌਕਰੀ ਦਾ ਅਹਿਸਾਸ ਤਾਂ ਬਹੁਤ ਪਿੱਛੇ ਛੁੱਟ ਜਾਂਦਾ ਹੈ ਮਾਂ ਦਾ ਅਹਿਸਾਸ ਹੀ ਸਾਡਾ ਆਖਰੀ ਵਜੂਦ ਬਣਦਾ ਹੈ। ਹਰਬੰਸ ਕੌਰ ਕਹਿੰਦੇ ਹਨ ਕਿ ਜਲੰਧਰ ਦੇ ਪਿੰਡ ਈਸੇਵਾਲ ਤੋਂ ਰਾਜਪੁਰੇ ਇਸ ਪਿੰਡ ਤੱਕ ਦਾ ਸਫਰ ਇੱਕ ਜ਼ਨਾਨੀ ਹੋਣ ਦੇ ਨਾਤੇ ਮਾਂ ਦੇ ਰੂਪ ਵਿੱਚ ਸੰਪੂਰਨ ਹੋਣ ਦਾ ਅਹਿਸਾਸ ਹੈ। ਮੇਰੇ ਸਾਰੇ ਬੱਚੇ ਆਪੋ ਆਪਣੀ ਜਗ੍ਹਾ ਸੋਹਣਾ ਕੰਮ ਕਰਦੇ ਹਨ। ਉਹ ਸਾਨੂੰ ਆਪਣੇ ਘਰ ਵੀ ਬੁਲਾਉਂਦੇ ਹਨ। ਇਸ ਪਿੰਡ ਵਿੱਚੋਂ ਨਿਕਲੇ ਕਈ ਬੱਚੇ ਅੱਜ ਵੀ ਜ਼ੋਰ ਪਾਉਂਦੇ ਹਨ ਕਿ ਤੁਸੀਂ ਸਾਡੇ ਨਾਲ ਆ ਕੇ ਰਹੋ। ਇੰਝ ਮਾਂ ਹੁੰਦਿਆਂ ਮੇਰੇ ਕਿੰਨੇ ਹੀ ਘਰ ਹਨ। ਹਰਬੰਸ ਕੌਰ ਦੱਸਦੇ ਨੇ ਕਿ ਮੇਰੇ ਦੋ ਬੱਚੇ ਜ਼ਿੰਦਗੀ ਵਿੱਚ ਉਨਾਂ ਕਾਮਯਾਬ ਨਹੀਂ ਹੋ ਸਕੇ ਜਿੰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਫਿਕਰ ਰਹਿੰਦੀ ਹੈ। ਬੱਚਿਆਂ ਦੀ ਫਿਕਰ ਕਰਨਾ, ਉਨ੍ਹਾਂ ਦੀ ਦੇਖਭਾਲ ਕਰਨਾ, ਉਨ੍ਹਾਂ ਨੂੰ ਉਨ੍ਹਾਂ ਦੇ ਪੈਰਾਂ ਤੇ ਖੜ੍ਹਾ ਕਰਨਾ, ਉਨ੍ਹਾਂ ਦੇ ਵਿਆਹ ਕਰਵਾਉਣੇ ਇਹ ਅਹਿਸਾਸ ਸਿਰਫ਼ ਡਿਊਟੀ ਨਹੀਂ ਰਹਿ ਜਾਂਦਾ। ਇਹ ਸਾਡੀਆਂ ਮਾਵਾਂ ਦਾ ਆਪਣੇ ਧੀਆਂ ਪੁੱਤਰਾਂ ਨਾਲ ਬੇਪਨਾਹ ਮੁਹੱਬਤ ਦਾ ਰਿਸ਼ਤਾ ਹੈ ਜੋ ਸਾਰੀ ਉਮਰ ਇੰਝ ਹੀ ਚੱਲੇਗਾ।
ਮਾਧੁਰੀ ਸਿੰਘ
ਦਿੱਲੀ ਤੋਂ 1995 ਵਿੱਚ ਮਾਧੁਰੀ SOS ਪਿੰਡ ਆਏ। ਉਸ ਸਮੇਂ ਇਨ੍ਹਾਂ ਦੀ ਉਮਰ 28 ਸਾਲ ਸੀ। ਮਾਧੁਰੀ ਸਿੰਘ ਦੱਸਦੇ ਹਨ ਕਿ ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ ਕਿ ਉਹ ਵਿਆਹ ਨਹੀਂ ਕਰਵਾਉਣਗੇ ਪਰ ਉਹ ਇੱਕ ਬੱਚਾ ਗੋਦ ਲੈਣਾ ਜ਼ਰੂਰ ਚਾਹੁੰਦੀ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਖੂਬਸੂਰਤ ਨੌਕਰੀ ਆਈ ਅਤੇ ਇੱਕ ਦੀ ਥਾਂ ਉਨ੍ਹਾਂ ਦੀ ਗੋਦ ਵਿੱਚ 7 ਬੱਚੇ ਆ ਗਏ।
ਮਾਧੁਰੀ ਸਿੰਘ ਕਹਿੰਦੇ ਹਨ ਕਿ ਅਸੀਂ SOS ਪਿੰਡ ਵਿੱਚ ਰਹਿੰਦਿਆਂ ਇਸ ਅਹਿਸਾਸ ਨੂੰ ਤਾਂ ਬਹੁਤ ਪਿੱਛੇ ਛੱਡ ਆਏ ਹਾਂ ਕਿ ਇਹ ਇੱਕ ਨੌਕਰੀ ਹੈ। ਇਸ ਦੌਰਾਨ ਕਿੰਨੇ ਹੀ ਬੱਚੇ ਸਾਨੂੰ ਝਾੜੀਆਂ ਵਿੱਚੋਂ ਮਿਲੇ। ਕਿੰਨੇ ਹੀ ਬੱਚੇ ਇੰਝ ਦੇ ਮਿਲੇ ਜਿਨ੍ਹਾਂ ਨੂੰ ਉਨ੍ਹਾਂ ਦਾ ਕੋਈ ਆਪਣਾ ਬੱਸ ਵਿੱਚ ਬਿਠਾ ਕੇ ਛੱਡ ਗਿਆ। ਸਾਡੀ ਗੋਦ ਵਿੱਚ ਉਹ ਬੱਚੇ ਵੀ ਆਏ ਜਿਹੜੇ ਇੱਕ ਦਿਨ ਦੇ ਸਨ ਅਤੇ ਸਾਡੇ ਘਰ ਵਿੱਚ ਉਹ ਬੱਚੇ ਵੀ ਆਏ ਜਿਹੜੇ ਤਿੰਨ ਸਾਲ ਦੇ ਸਨ। ਇਨ੍ਹਾਂ ਬੱਚਿਆਂ ਨੂੰ ਅਸੀਂ ਵੱਡਾ ਕੀਤਾ,ਇਨ੍ਹਾਂ ਦੀਆਂ ਸਕੂਲ ਚ ਸ਼ਿਕਾਇਤਾਂ ਸੁਣੀਆਂ,ਪੜ੍ਹਾਇਆ-ਲਿਖਾਇਆ, ਡਾਂਟਿਆ ਅਤੇ ਇਸ ਲਾਇਕ ਬਣਾਇਆ ਕਿ ਉਨ੍ਹਾਂ ਦਾ ਪਰਿਵਾਰ ਬਣੇ।
ਮਾਧੁਰੀ ਸਿੰਘ ਮੁਤਾਬਕ SOS ਪਿੰਡ ਵਿੱਚ ਉਨ੍ਹਾਂ ਦੀ ਨੌਕਰੀ ਇਕ ਉਮਰ ਤੋਂ ਬਾਅਦ ਖਤਮ ਹੋ ਜਾਵੇਗੀ ਅਤੇ ਉਹ ਰਿਟਾਇਰਮੈਂਟ ਤੋਂ ਬਾਅਦ SOS ਪਿੰਡ ਦੀ ਮਾਂ ਨਹੀਂ ਰਹਿਣਗੀਆਂ ਪਰ ਆਪਣੇ ਬੱਚਿਆਂ ਦੀਆਂ ਮਾਵਾਂ ਜ਼ਰੂਰ ਰਹਿਣਗੀਆਂ। ਮਾਧੁਰੀ ਸਿੰਘ ਕਹਿੰਦੇ ਨੇ ਕਿ ਉਹ ਹੁਣ ਤੱਕ 40 ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਇਹ ਰਿਸ਼ਤਾ ਕੋਈ ਅਹਿਸਾਨ ਨਹੀਂ ਸੀ। ਇਨ੍ਹਾਂ ਅਨਾਥ ਬੱਚਿਆਂ ਨੂੰ ਕੋਈ ਆਪਣੀ ਮਾਂ ਚਾਹੀਦੀ ਸੀ ਅਤੇ ਸਾਨੂੰ ਇਹ ਬੱਚੇ ਚਾਹੀਦੇ ਸਨ ਜੋ ਮਾਂ ਹੋਣ ਦਾ ਅਹਿਸਾਸ ਮਹਿਸੂਸ ਕਰਵਾਉਣ। ਇਸ ਪਿੰਡ ਵਿੱਚੋਂ ਆਪੋ ਆਪਣੀ ਥਾਵਾਂ ਤੇ ਵੱਸ ਗਏ ਬੱਚਿਆਂ ਦੇ ਸਾਨੂੰ ਅੱਜ ਵੀ ਫੋਨ ਆਉਂਦੇ ਹਨ ਕਿ ਮੰਮੀ ਤੁਸੀਂ ਸਾਡੇ ਨਾਲ ਆ ਕੇ ਰਹੋ। ਮੇਰੇ ਇਨ੍ਹਾਂ ਬੱਚਿਆਂ ਦੇ ਵਿਆਹ ਹੋ ਗਏ ਹਨ ਅਤੇ ਮੈਂ ਕਿਸੇ ਦੀ ਨਾਨੀ ਹਾਂ ਕਿਸੇ ਦੀ ਦਾਦੀ ਹਾਂ। ਇੱਕ ਹੀ ਜ਼ਿੰਦਗੀ ਚ ਇੰਨੇ ਬੱਚਿਆਂ ਦੀ ਮਾਂ ਹੋਕੇ ਇੰਨੇ ਰਿਸ਼ਤੇ ਵੇਖ ਲੈਣਾ ਜ਼ਿੰਦਗੀ ਦਾ ਉਹ ਤਸੱਲੀਬਖਸ਼ ਅਹਿਸਾਸ ਹੈ ਜਿਨ੍ਹਾਂ ਨੇ ਸਾਡੇ ਅੰਦਰ ਦੀ ਜ਼ਨਾਨੀ ਨੂੰ ਪੂਰਨਤਾ ਬਖ਼ਸ਼ੀ ਹੈ।
ਬਿੰਦੂ
1996 ਵਿੱਚ ਇਸ SOS ਪਿੰਡ ਦਾ ਹਿੱਸਾ ਬਣੇ ਬਿੰਦੂ ਕਹਿੰਦੇ ਹਨ ਕਿ ਸ਼ੁਰੂਆਤ ਵਿੱਚ ਉਹ ਸਿਰਫ਼ ਇੱਕ ਨੌਕਰੀ ਸਮਝ ਕਰਨ ਆਏ ਸਨ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਰਹਿੰਦੇ ਬਿੰਦੂ ਦੇ ਮਾਤਾ ਪਿਤਾ ਦੁਨੀਆਂ ਤੋਂ ਰੁਖ਼ਸਤ ਲੈ ਗਏ ਸਨ ਅਤੇ ਸੱਤ ਭੈਣਾਂ ਦਾ ਵੱਡਾ ਪਰਿਵਾਰ ਕਈ ਤਰ੍ਹਾਂ ਦੇ ਸੰਘਰਸ਼ਾਂ ਵਿੱਚੋਂ ਲੰਘ ਰਿਹਾ ਸੀ। ਉਨ੍ਹਾਂ ਨੂੰ ਇੱਕ ਨੌਕਰੀ ਦੀ ਲੋੜ ਸੀ ਅਤੇ ਲੋੜ SOS ਪਿੰਡ ਵਿੱਚ ਆ ਕੇ ਮੁੱਕ ਗਈ।
ਬਿੰਦੂ ਮੁਤਾਬਕ ਜਦੋਂ ਉਨ੍ਹਾਂ ਨੇ ਇਹ ਨੌਕਰੀ ਸ਼ੁਰੂ ਕੀਤੀ ਉਸ ਸਮੇਂ ਉਨ੍ਹਾਂ ਦੀ ਉਮਰ 32 ਸਾਲ ਸੀ। ਅੱਜ ਤੋਂ 25 ਸਾਲ ਪਹਿਲਾਂ ਇਹ ਉਮਰ ਵਿਆਹ ਦੀ ਉਮਰ ਤੋਂ ਲੰਘੀ ਮੰਨੀ ਜਾਂਦੀ ਸੀ। ਉਨ੍ਹਾਂ ਮੁਤਾਬਕ ਸ਼ੁਰੂਆਤ ਵਿੱਚ ਕਾਫੀ ਔਕੜਾਂ ਵੀ ਆਈਆਂ।
ਬਿੰਦੂ ਮੁਤਾਬਕ ਸ਼ੁਰੂ ਵਿੱਚ ਉਨ੍ਹਾਂ ਦਾ ਮਨ ਸੀ ਕਿ ਕੁਝ ਸਾਲ ਨੌਕਰੀ ਕਰਕੇ ਫੇਰ ਉਹ ਵਿਆਹ ਕਰ ਲੈਣਗੇ। ਇਹ ਸਾਰਾ ਕੁਝ ਉਸ ਦਿਨ ਸਦਾ ਲਈ ਬਦਲ ਗਿਆ ਜਦੋਂ ਉਨ੍ਹਾਂ ਦੀ ਗੋਦ ਵਿੱਚ ਇੱਕ ਦਿਨ ਦੀ ਬੱਚੀ ਪਹੁੰਚੀ। ਇਨ੍ਹਾਂ ਬੱਚਿਆਂ ਦੇ ਵੱਡੇ ਹੋਣ ਨਾਲ ਸਾਡੀ ਵੀ ਉਮਰ ਵਧੀ ਹੈ। ਬਿੰਦੂ ਮੁਤਾਬਕ ਇਹ ਬੱਚੇ ਬਿਮਾਰ ਹੁੰਦੇ ਹਨ,ਲੜਦੇ ਹਨ, ਝਗੜਦੇ ਹਨ, ਪਿਆਰ ਕਰਦੇ ਹਨ ਅਤੇ ਇਸ ਦੌਰਾਨ ਮਾਂ ਹੋਣ ਦੇ ਅਹਿਸਾਸ ਨੂੰ ਹੋਰ ਗੂੜ੍ਹਾ ਮਹਿਸੂਸਿਆ ਹੈ। ਮਨ ਵਿੱਚ ਇਹ ਗੱਲ ਸਦਾ ਤੁਰਦੀ ਰਹਿੰਦੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਦੀ ਇਹ ਅਹਿਸਾਸ ਨਾ ਹੋਵੇ ਕਿ ਉਨ੍ਹਾਂ ਦੀ ਸਕੀ ਮਾਂ ਹੁੰਦੀ ਤਾਂ ਉਹ ਵੱਧ ਪਿਆਰ ਕਰਦੀ। ਇਹ ਨੌਕਰੀ ਤੋਂ ਬਾਹਰ ਦਾ ਦਬਾਅ ਹੈ ਕਿ ਉਨ੍ਹਾਂ ਦੇ ਅੰਦਰ ਦੀ ਮਮਤਾ ਆਪਣੇ ਬੱਚਿਆਂ ਦੀ ਸਭ ਤੋਂ ਚੰਗੀ ਮਾਂ ਬਣਨਾ ਲੋਚਦੀ ਹੈ। ਬਿੰਦੂ ਮੁਤਾਬਕ ਇੱਥੇ ਰਹਿੰਦਿਆਂ ਅਜਬ ਤਰ੍ਹਾਂ ਦੀ ਖਿੱਚੋਤਾਣ ਹੈ। ਪਿੰਡ ਵਿੱਚ ਅਸੀਂ ਬਤੌਰ ਅਹੁਦਾ ਮਾਂ ਹਾਂ ਅਤੇ ਸਾਡੀ ਤਨਖਾਹ ਹੈ। ਪਰ ਅਸੀਂ ਮਾਂ ਹੋਣ ਦਾ ਅਹਿਸਾਸ ਜੋ ਹਰ ਦਿਨ ਜੀਵਿਆ ਹੈ ਉਹ ਨੌਕਰੀ ਤੋਂ ਬਾਹਰ ਦੀ ਗੱਲ ਹੈ। ਬਤੌਰ ਮਾਂ ਸਾਡੇ ਅੰਦਰ ਇਹ ਖਿੱਚੋਤਾਣ ਸਦਾ ਰਹੀ ਹੈ ਕਿ ਸਾਡਾ ਬੱਚਾ ਅਸਫਲ ਨਾ ਹੋ ਜਾਵੇ। ਇਹ ਨੌਕਰੀ ਦੇ ਅਹਿਸਾਸ ਤੋਂ ਵੀ ਬਾਹਰ ਦੀ ਗੱਲ ਹੈ।
ਮਨਜਿੰਦਰ ਕੌਰ
ਮਨਜਿੰਦਰ ਕੌਰ ਦਾ ਜਦੋਂ ਵਿਆਹ ਹੋਇਆ ਤਾਂ ਉਹ 18 ਸਾਲ ਦੇ ਸਨ। ਜ਼ਿੰਦਗੀ ਵਿੱਚ ਅਕਸਰ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਅਖੀਰ ਜੀਊਣਾ ਹੀ ਪੈਂਦਾ ਹੈ। ਪਤੀ ਦੀ ਮੌਤ ਤੋਂ ਬਾਅਦ ਇਹ 2007 ਦਾ ਸਾਲ ਸੀ ਜਦੋਂ 28 ਸਾਲ ਦੀ ਉਮਰ ਵਿੱਚ ਮਨਜਿੰਦਰ ਕੌਰ ਨੂੰ ਉਨ੍ਹਾਂ ਦੀ ਸਟਾਫ ਨਰਸ ਭੈਣ ਨੇ SOS ਪਿੰਡ ਬਾਰੇ ਦੱਸਿਆ। ਮਨਜਿੰਦਰ ਦੱਸਦੇ ਹਨ ਕਿ ਇਸ ਪਿੰਡ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਫਿਰ ਤੋਂ ਜਿਉਂਦਿਆਂ ਵਿੱਚ ਕਰ ਦਿੱਤਾ। SOS ਪਿੰਡ ਵਿੱਚ ਪਹਿਲਾਂ ਉਹ ਮਾਵਾਂ ਦੇ ਸਹਾਇਕ ਵਜੋਂ ਕੰਮ ਕਰਦੀ ਰਹੀ ਅਤੇ 2012 ਤੋਂ ਉਨ੍ਹਾਂ ਨੂੰ ਮਾਂ ਦਾ ਦਰਜਾ ਮਿਲਿਆ। ਉਨ੍ਹਾਂ ਕੋਲ ਸਭ ਤੋਂ ਪਹਿਲਾਂ 6 ਕੁੜੀਆਂ ਆਈਆਂ। ਮਨਜਿੰਦਰ ਕੌਰ ਕਹਿੰਦੇ ਹਨ ਕਿ ਸ਼ਾਇਦ ਜਾਂ ਯਕੀਨਣ SOS ਪਿੰਡ ਹੀ ਅਜਿਹਾ ਹੈ ਜਿੱਥੇ ਮਾਂ ਦੀ ਜ਼ਿੰਮੇਵਾਰੀ ਸਿਰਫ ਡਿਊਟੀ ਨਹੀਂ ਰਹਿੰਦੀ। ਇੱਥੇ ਬਾਕਾਇਦਾ ਸਾਡਾ ਘਰ ਹੈ। ਘਰ ਵਿੱਚ ਹਰ ਸਹੂਲਤ ਹੈ। ਸਾਡਾ ਦਿਨ ਵੀ ਉਵੇਂ ਹੀ ਚੜ੍ਹਦਾ ਹੈ ਜਿਵੇਂ ਹੋਰ ਪਰਿਵਾਰ ਵਿੱਚ ਮਾਂ ਅਤੇ ਬੱਚਿਆਂ ਦਾ ਹੋਵੇ। ਖਾਣ ਪੀਣ ਅਤੇ ਬਾਕੀ ਜਿੰਮੇਵਾਰੀਆਂ ਤੋਂ ਇਲਾਵਾ ਸਾਡੀਆਂ ਫਿਕਰਾਂ ਵੀ ਓਨੀਆਂ ਹੀ ਹਨ ਕਿ ਸਾਡਾ ਬੱਚਾ ਸਕੂਲ ਵਿੱਚ ਪੜ੍ਹਦਿਆਂ ਕਿਸੇ ਤਕਲੀਫ਼ ਵਿੱਚ ਨਾ ਹੋਵੇ। ਉਹਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਬੱਚੇ ਆਪੋ ਆਪਣੀ ਉਮਰ ਦੇ ਨਾਲ ਵਧਦੇ ਹਨ ਅਤੇ ਇਸੇ ਉਮਰ ਨਾਲ ਉਨ੍ਹਾਂ ਦੀਆਂ ਕਈ ਮੁਸ਼ਕਿਲਾਂ,ਖੁਸ਼ੀਆਂ ਅਤੇ ਜਜ਼ਬਾਤ ਵੀ ਪੁੰਗਰਦੇ ਹਨ। ਇਸ ਦਰਮਿਆਨ ਬੱਚੇ ਸਾਡੇ ਨਾਲ ਆਪਣੇ ਜਜ਼ਬਾਤ ਸਾਂਝੇ ਕਰਦੇ ਹਨ ਅਤੇ ਅਸੀਂ ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਦਿਆਂ ਮਾਂ ਦੇ ਜਿਸ ਅਹਿਸਾਸ ਵਿੱਚੋਂ ਗੁਜ਼ਰਦੀਆਂ ਹਾਂ ਉਹ ਨੌਕਰੀ ਤੋਂ ਵੱਧਕੇ ਹੈ।
ਮਨਜਿੰਦਰ ਕੌਰ ਕਹਿੰਦੇ ਹਨ ਤੇ ਨੌਕਰੀ ਵਿੱਚ ਰਹਿੰਦਿਆਂ ਸਾਡੇ ਵੀ ਉਹੀ ਅਧਿਕਾਰ ਹਨ ਜੋ ਕਿਸੇ ਵੀ ਕਰਮਚਾਰੀ ਦੇ ਹੁੰਦੇ ਹਨ। ਇੰਝ ਸਾਡੀਆਂ ਸਾਲ ਵਿੱਚ ਛੁੱਟੀਆਂ ਵੀ ਹੁੰਦੀਆਂ ਹਨ ਪਰ ਉਹ ਪਿਛਲੇ ਦੋ ਸਾਲਾਂ ਤੋਂ ਛੁੱਟੀ ਨਹੀਂ ਗਏ। ਉਨ੍ਹਾਂ ਮੁਤਾਬਕ ਇਹ ਨਹੀਂ ਕਿ ਉਹ ਜਾ ਨਹੀਂ ਸਕਦੇ ਪਰ ਉਹ ਜਾਣਾ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਬੱਚੇ ਨਿੱਕੇ ਹਨ ਅਤੇ ਉਨ੍ਹਾਂ ਨੂੰ ਹਰ ਦਿਨ ਹਰ ਪਹਿਰ ਆਪਣੀ ਮਾਂ ਦੀ ਲੋੜ ਹੈ। ਮਨਜਿੰਦਰ ਕੌਰ ਕਹਿੰਦੇ ਹਨ ਕਿ ਮਾਂ ਹੋਣ ਦੇ ਇਸ ਅਹਿਸਾਸ ਵਿੱਚ ਬੱਚਿਆਂ ਨੂੰ ਮਾਨਸਿਕ ਮਜ਼ਬੂਤੀ ਦੇਣ ਦੀ ਲੋੜ ਹੈ ਅਤੇ ਇਹਦੇ ਲਈ ਸਾਨੂੰ ਮਾਂ ਹੋਣ ਦੇ ਨਾਤੇ ਇਨਵੈਸਟਮੈਂਟ ਕਰਨੀ ਹੀ ਪਵੇਗੀ। ਇਹ ਸਾਡੇ ਬੱਚਿਆਂ ਦੇ ਭਵਿੱਖ ਦਾ ਮਸਲਾ ਹੈ। ਤੁਸੀਂ ਇਸ ਨੌਕਰੀ ਨੂੰ ਬਣੇ ਬਣਾਏ ਨਿਯਮਾਂ ਤੋਂ ਇਲਾਵਾ ਉਦੋਂ ਤੱਕ ਨਹੀਂ ਨਿਭਾ ਸਕਦੇ ਜਦੋਂ ਤੱਕ ਤੁਸੀਂ ਇਸ ਵਿੱਚ ਆਪਣੀ ਮਮਤਾ ਦੀ ਛੋਹ ਮਹਿਸੂਸ ਨਹੀਂ ਕਰੋਗੇ। ਇਹ ਮਾਵਾਂ ਤੇ ਬੱਚਿਆਂ ਦੀ ਜਜ਼ਬਾਤੀ ਸਾਂਝ ਦੀ ਨੌਕਰੀ ਹੈ ਜੋ ਨੌਕਰੀ ਦੇ ਅਹਿਸਾਸ ਤੋਂ ਬਾਹਰ ਰਿਸ਼ਤਿਆਂ ਦੀ ਇਬਾਰਤ ਤੇ ਟਿਕੀ ਹੈ।
ਇਕੱਲੀ ਮਾਂ ਦਾ ਸੰਘਰਸ਼ ਕਿਸੇ ਸੰਸਾਰ ਜੰਗ ਨਾਲੋਂ ਘੱਟ ਨਹੀਂ : ਦਰਸ਼ਨਾਂ ਨੰਦਾ
ਦਰਸ਼ਨਾਂ ਦਾ ਪ੍ਰੇਮ ਵਿਆਹ 2002 ਵਿੱਚ ਹੋਇਆ ਸੀ। ਸਾਡੇ ਸਮਾਜ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਅੱਜ ਵੀ ਹਜ਼ਾਰਾਂ ਤਰ੍ਹਾਂ ਦੀ ਝਿਜਕ ਹੈ। 2004 ਵਿੱਚ ਉਨ੍ਹਾਂ ਨੂੰ ਪੁੱਤਰ ਦੀ ਦਾਤ ਮਿਲੀ। ਇੱਕ ਪਾਸੇ ਪੁੱਤਰ ਦੀ ਖੁਸ਼ੀ ਸੀ। ਮਾਂ ਹੋਣ ਦਾ ਅਹਿਸਾਸ ਮਿਲਿਆ ਸੀ। ਦੂਜੇ ਪਾਸੇ ਵਿਆਹ ਟੁੱਟਣ ਦੇ ਮੁਹਾਨੇ ਤੇ ਆ ਖੜ੍ਹਾ ਹੋਇਆ। 2008 ਤੋਂ ਲੈਕੇ 2016 ਤੱਕ ਦਰਸ਼ਨਾਂ ਆਪਣੇ ਪੁੱਤਰ ਨਾਲ ਵੱਖਰੀ ਰਹੀ। ਇਸ ਤੋਂ
ਬਾਅਦ ਤਲਾਕ ਹੋਇਆ ਅਤੇ ਹੁਣ ਤੱਕ ਮਾਂ ਪੁੱਤ ਆਪਣੀ ਦੁਨੀਆਂ ਵਿੱਚ ਬਿਹਤਰ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।
12 ਸਾਲ ਦੀ ਸਿੰਗਲ ਮਦਰ ਦੀ ਇਸ ਜ਼ਿੰਦਗੀ ਨੂੰ ਦਰਸ਼ਨਾਂ ਆਪਣੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਅਹਿਸਾਸ ਮੰਨਦੀ ਹੈ ਕਿਉਂਕਿ ਉਹ ਆਪਣੇ ਪੁੱਤਰ ਨਾਲ ਹੈ। ਉਨ੍ਹਾਂ ਮੁਤਾਬਕ ਸੁਲਤਾਨਪੁਰ ਲੋਧੀ ਜਿਹੇ ਨਿੱਕੇ ਸ਼ਹਿਰ ਵਿੱਚ ਜ਼ਿੰਦਗੀ ਨੂੰ ਚਲਾਉਣਾ ਕਾਫੀ ਸੰਘਰਸ਼ ਭਰਿਆ ਹੈ ਪਰ ਉਹ ਜ਼ਿੰਦਗੀ ਨੂੰ ਚਲਾਉਣਾ ਨਹੀਂ ਦੌੜਾਉਣਾ ਚਾਹੁੰਦੇ ਹਨ।
ਇਸ ਦੌਰਾਨ ਬਹੁਤ ਸਾਰੇ ਸੱਜਣ ਬੰਦਿਆਂ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਪਰ ਅਖੀਰ ਇਹ ਸੰਘਰਸ਼ ਉਨ੍ਹਾਂ ਦਾ ਆਪਣਾ ਹੈ। ਦਰਸ਼ਨਾਂ ਮੁਤਾਬਕ 2009 ਤੋਂ ਉਨ੍ਹਾਂ ਨੇ 2500 ₹ ਵਿੱਚ ਨੌਕਰੀ ਸ਼ੁਰੂ ਕੀਤੀ। ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ਤੋਂ ਲੈ ਕੇ ਹਸਪਤਾਲਾਂ ਵਿੱਚ ਨੌਕਰੀ ਕਰਦਿਆਂ ਉਹ 10000 ਰੁਪਏ ਤੱਕ ਪਹੁੰਚੇ।
ਦਰਸ਼ਨਾਂ ਕਹਿੰਦੇ ਹਨ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਨੌਕਰੀ ਮਿਲੀ ਅਤੇ ਕਈ ਵਾਰ ਛੁੱਟੀ। ਅਮਰੀਕਾ ਅਤੇ ਇੰਗਲੈਂਡ ਬੈਠੇ ਕੁਝ ਦੋਸਤਾਂ ਨੇ ਸਮੇਂ ਸਮੇਂ ਸਿਰ ਮਦਦ ਕੀਤੀ। ਇੰਗਲੈਂਡ ਰਹਿੰਦੀ ਭੈਣ ਕੁਲਦੀਪ ਨੇ ਸਹਾਰਾ ਦਿੱਤਾ। ਮਾੜੇ ਸਮੇਂ ਵਿੱਚ ਸੰਗ ਤੁਰੇ ਰਿਸ਼ਤੇ ਕਦੀ ਭੁੱਲਦੇ ਨਹੀਂ। ਹੁਸ਼ਿਆਰਪੁਰ ਤੋਂ ਵੀਰ ਅਤੁਲ ਸੂਦ ਅਤੇ ਪ੍ਰਤਿਭਾ ਆਂਟੀ ਨੇ ਪੰਜ ਸਾਲ ਲਈ ਸੁਲਤਾਨਪੁਰ ਲੋਧੀ ਆਪਣਾ ਪੁਰਾਣਾ ਘਰ ਬਿਨਾਂ ਕਿਰਾਏ ਤੋਂ ਉਨ੍ਹਾਂ ਨੂੰ ਦਿੱਤਾ। ਅਕਾਲ ਅਕੈਡਮੀ ਸੁਲਤਾਨਪੁਰ ਲੋਧੀ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਮੇਰੇ ਹਾਲਾਤ ਸਮਝਦਿਆਂ ਮੇਰੇ ਬੱਚੇ ਦੀ ਫੀਸ ਅੱਧੀ ਮੁਆਫ਼ ਕੀਤੀ।
ਇਸ ਦੇ ਬਾਵਜੂਦ ਉਨ੍ਹਾਂ ਦੀਆਂ ਚੁਣੌਤੀਆਂ ਕਈ ਤਰ੍ਹਾਂ ਦੀਆਂ ਸਨ। ਇੱਕ ਚੁਣੌਤੀ ਸੀ ਕਿ ਆਪਣੇ ਪੁੱਤਰ ਨਾਲ ਇਕੱਲਿਆਂ ਰਹਿੰਦਿਆਂ ਉਹ ਆਤਮ ਨਿਰਭਰ ਬਣਨਗੇ ਅਤੇ ਜ਼ਿੰਦਗੀ ਚ ਦੂਜਾ ਵਿਆਹ ਨਹੀਂ ਕਰਾਂਗੀ। ਦੂਜੀ ਚੁਣੌਤੀ ਸੀ ਆਪਣੇ ਪੁੱਤਰ ਨੂੰ ਬਿਹਤਰ ਸਕੂਲ ਵਿੱਚ ਪੜ੍ਹਾਉਣਾ ਅਤੇ ਉਹਨੂੰ ਉਹ ਸਭ ਕੁਝ ਦੇਣਾ ਜਿਸ ਦੇ ਉਹ ਕਾਬਲ ਹੈ।
ਸਾਡਾ ਮਾਂ ਪੁੱਤਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਤੰਦ ਦਾ ਹੈ। ਮੈਂ ਆਪਣੇ ਪੁੱਤਰ ਨੂੰ ਕਦੀ ਮਹਿੰਗੇ ਖਿਡਾਉਣੇ ਲੈ ਕੇ ਨਹੀਂ ਦੇ ਸਕੀ ਪਰ ਉਹ ਵੀ ਇਸ ਨੂੰ ਸਮਝਦਾ ਸੀ। ਇਸ ਦੌਰਾਨ ਆਲੇ ਦੁਆਲੇ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜੋ ਇਕੱਲੀ ਸੁਆਣੀ ਲਈ ਕੁਝ ਲੋਕ ਕਰਦੇ ਹਨ। ਅਸੀਂ ਇਨ੍ਹਾਂ ਗੱਲਾਂ ਨੂੰ ਲੈ ਕੇ ਕਦੀ ਪ੍ਰੇਸ਼ਾਨ ਨਹੀਂ ਹੋਏ। ਅਸੀਂ ਸਾਡੇ ਖਿਲਾਫ ਇੱਕ ਦੂਜੇ ਲਈ ਸੁਣੀਆਂ ਹਰ ਕੌੜੀਆਂ ਗੱਲਾਂ ਨੂੰ ਆਪਸ ਵਿੱਚ ਸਾਂਝਾ ਹੀ ਨਹੀਂ ਕੀਤਾ ਕਿਉਂਕਿ ਇਹ ਸਾਡਾ ਮੁੱਦਾ ਹੀ ਨਹੀਂ ਸੀ।
ਦਰਸ਼ਨਾਂ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਸਭ ਕੁਝ ਸੋਚਦਿਆਂ ਅਖੀਰ ਇਹੋ ਮਹਿਸੂਸ ਹੁੰਦਾ ਹੈ ਕਿ ਅਸੀਂ ਮਾਂ ਪੁੱਤ ਆਪਣੀ ਦੁਨੀਆਂ ਵਿੱਚ ਖ਼ੁਸ਼ ਹਾਂ। ਇਹ ਠੀਕ ਹੈ ਕਿ ਸਮਾਜ ਵਿੱਚ ਰਹਿੰਦਿਆਂ ਆਰਥਿਕ ਅਤੇ ਮਾਨਸਿਕ ਤੌਰ ਤੇ ਅਸੀਂ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਵਿੱਚੋਂ ਗੁਜ਼ਰਦੇ ਹਾਂ ਪਰ ਇਹੋ ਜ਼ਿੰਦਗੀ ਹੈ ਅਤੇ ਆਪੋ ਆਪਣੀ ਤਰ੍ਹਾਂ ਦੇ ਅਜਿਹੇ ਸੰਘਰਸ਼ ਹਰ ਮਾਂ ਦੇ ਹੁੰਦੇ ਹਨ। ਦਰਸ਼ਨਾਂ ਕੋਈ ਮਸ਼ਹੂਰ ਸ਼ਖਸੀਅਤ ਨਹੀਂ ਹੈ ਪਰ ਉਹ ਆਮ ਲੋਕਾਂ ਵਿੱਚੋਂ ਬਿਹਤਰ ਮਾਂ ਜ਼ਰੂਰ ਹੈ। ਸਾਡਾ ਵਿਸ਼ਵਾਸ ਹੈ ਕਿ ਹਰ ਆਮ ਜ਼ਿੰਦਗੀ ਵਿੱਚ ਵੀ ਖਾਸ ਸ਼ਖਸੀਅਤਾਂ ਹੁੰਦੀਆਂ ਹਨ। ਇਹ ਆਮ ਖਾਸ ਤੋਂ ਪਾਰ ਸੱਚੇ ਸੁੱਚੇ ਅਹਿਸਾਸ ਦੀ ਕਹਾਣੀ ਹੈ।