Saanjh (Punjabi Story): Amrit Kaur
ਸਾਂਝ (ਕਹਾਣੀ) : ਅੰਮ੍ਰਿਤ ਕੌਰ
ਧਰਮ ਸਿਉਂ ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ਹੇਠ ਦਿਨ ਰਾਤ ਸਰਕਾਰ ਦੇ ਕੰਨ ਖੋਲ੍ਹਣ ਵਾਲੇ ਯੋਧਿਆਂ ਦੇ ਨਾਲ ਕਦੇ ਸੜਕਾਂ ਤੇ ਕਦੇ ਰੇਲਵੇ ਲਾਈਨਾਂ ਤੇ ਡਟਿਆ ਹੁੰਦਾ ਸੀ। ਜਿਹੜੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਸੀ ਉਹ ਉਸ ਨੂੰ ਕਦੇ ਵੀ ਮਾੜੇ ਨਾ ਲੱਗਦੇ... ਕਿਸੇ ਵਿੱਚੋਂ ਉਸ ਨੂੰ ਆਪਣੇ ਗਿੰਦਰ ਦਾ ਚਿਹਰਾ ਝਲਕਦਾ... ਕਿਸੇ ਵਿੱਚੋਂ ਭਿੰਦਰ ਦਾ। ਉਸ ਨੂੰ ਦਿਲੋਂ ਮੋਹ ਜਿਹਾ ਆਉਣ ਲੱਗ ਪਿਆ ਸਾਰਿਆਂ ਦਾ। ਇਹ ਵੀ ਵਿਚਾਰੇ ਫਰਜ਼ਾਂ ਦੇ ਬੱਧੇ ਨੇ ਉਹ ਸੋਚਦਾ, ਇਹ ਵੀ ਤਾਂ ਧਰਨੇ ਵਿੱਚ ਸ਼ਾਮਲ ਨੇ ਭਾਵੇਂ ਇਹਨਾਂ ਦਾ ਮਕਸਦ ਹੋਰ ਐ। ਧੁੱਪ ਛਾਂ ਤਾਂ ਇਹ ਵੀ ਨਾਲ਼ ਹੀ ਝੱਲਦੇ ਨੇ।
ਇੱਕ ਦਿਨ ਸ਼ਾਮ ਦਾ ਘੁਸਮੁਸਾ ਜਿਹਾ ਹੋਇਆ ਇੱਕ ਕਿਸਾਨ ਨੇ ਜ਼ੋਰਦਾਰ ਭਾਸ਼ਣ ਦਿੱਤਾ.... ਕਿਸਾਨ ਮਜ਼ਦੂਰ ਏਕਤਾ.... ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲੱਗਾ। ਧਰਮ ਸਿਉਂ ਨੇ ਦੇਖਿਆ ਉਸ ਦੇ ਪਿੱਛੇ ਖੜ੍ਹੇ ਦੋ ਪੁਲਿਸ ਵਾਲੇ ਵੀ ਦੱਬਵੀਂ ਆਵਾਜ਼ ਵਿੱਚ 'ਜ਼ਿੰਦਾਬਾਦ' ਆਖ ਰਹੇ ਸਨ।
" ਤੁਸੀਂ ਤਾਂ ਭਾਈ ਸਰਕਾਰੀ ਬੰਦੇ ਓ। " ਧਰਮ ਸਿਉਂ ਨੇ ਅੰਦਰੋਂ ਖੁਸ਼ ਹੁੰਦਿਆਂ ਹੌਲੀ ਜਿਹੀ ਕਿਹਾ।
"ਮੈਂ ਵੀ ਕਿਸਾਨ ਦਾ ਪੁੱਤ ਹਾਂ ਬਾਪੂ ਜੀ। " ਪਹਿਲੇ ਨੇ ਕੋਲ਼ ਨੂੰ ਹੁੰਦਿਆਂ ਆਖਿਆ।
" ਤੇ ਮੈਂ ਮਜ਼ਦੂਰ ਦਾ। " ਦੂਸਰਾ ਬੋਲਿਆ।
" ਬਾਪੂ ਜ਼ਮੀਰ ਬੋਲ ਪੈਂਦੀ ਐ ਕੀ ਕਰੀਏ? ਪਰ ਫਰਜ਼ ਉੱਚੀ ਆਵਾਜ਼ ਨਹੀਂ ਕੱਢਣ ਦਿੰਦਾ।" ਪਹਿਲਾ ਏਨਾ ਕਹਿ ਕੇ ਚੁੱਪ ਕਰ ਗਿਆ।
ਧਰਮ ਸਿਉਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ । ਉਸ ਦਾ ਜੀਅ ਕੀਤਾ ਉਹਨਾਂ ਨੂੰ ਘੁੱਟ ਕੇ ਸੀਨੇ ਨਾਲ ਲਾ ਲਵੇ। ਪਰ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ... ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਉਸ ਦੇ ਅੰਦਰੋਂ ਨਿਕਲੀਆਂ .....ਉਹਨਾਂ ਸਰਕਾਰੀ ਫਰਜ਼ਾਂ ਦੇ ਬੱਝਿਆਂ ਲਈ ਅਤੇ ਪਤਾ ਨਹੀਂ ਕਿੰਨੀ ਵਾਰ ਉਹਨਾਂ ਫਰਜ਼ਾਂ ਦੇ ਬੱਝੇ ਮੁਲਾਜ਼ਮਾਂ ਦੇ ਹੱਥ ਜੁੜੇ ਆਪਣੇ ਬਜ਼ੁਰਗਾਂ ਦੀ ਕਾਮਯਾਬੀ ਲਈ।