Saanjhi Maan (Punjabi Story) : Gulzar Singh Sandhu
ਸਾਂਝੀ ਮਾਂ (ਕਹਾਣੀ) : ਗੁਲਜ਼ਾਰ ਸਿੰਘ ਸੰਧੂ
ਕਸ਼ਮੀਰ ਦੀ ਲੜਾਈ, ਪੰਜਾਬ ਕੌਰ ਲਈ ਚਾਂਦਮਾਰੀ ਤੋਂ ਵਧੇਰੇ ਵਿਸ਼ੇਸ਼ਤਾ ਨਹੀਂ ਸੀ ਰਖਦੀ । ਉਥੋਂ ਦੀ ਗੋਲਾਬਾਰੀ, ਤੋਪਾਂ ਦੇ ਫਾਇਰ ਤੇ ਟੈਂਕਾਂ ਦੀ ਗਰਜ ਪੰਜਾਬ ਕੌਰ ਦੇ ਨਿਤਾਪ੍ਰਤੀ ਜੀਵਨ ਵਿਚ ਕੋਈ ਵਿਘਨ ਨਾ ਪਾ ਸਕੇ। ਉਹ ਘਰ ਵਿਚ ਰੋਜ਼ ਵਾਂਗ ਸਵੇਲੇ ਉਠਕੇ ਇਸ਼ਨਾਨ ਕਰਦੀ, ਚਾਹ ਬਣਾਉਂਦੀ, ਆਟਾ ਗੁੰਨ੍ਹਦੀ, ਰੋਟੀਆਂ ਲਾਹੁੰਦੀ ਤੇ ਹਾਲੀਆਂ ਨੂੰ ਕੰਮ ਲਈ ਤੋਰ ਦਿੰਦੀ। ਰੇਡੀਓ ਉਤੇ ਖਬਰ ਆਉਂਦੀ ਕਿ ਭਾਰਤੀ ਸੈਨਾ ਯੋਜਨਾ ਪੂਰਵਕ ਵਧ ਰਹੀ ਹੈ, ਪੰਜਾਬ ਕੌਰ ਸੁਣ ਛਡਦੀ ।
ਅਸਲ ਵਿਚ ਜੰਗ ਨੂੰ ਪੰਜਾਬ ਕੌਰ ਅਭਿਆਸ ਤੋਂ ਵਧੇਰੇ ਵਿਸ਼ੇਸ਼ਤਾ ਨਹੀਂ ਸੀ ਦਿੰਦੀ। ਅਭਿਆਸ ਦਾ ਹਰਜ ਵੀ ਕੀ ਹੈ ? ਸਾਰੇ ਖਿਡਾਰੀ ਖੇਡਣ ਤੋਂ ਪਹਿਲਾਂ ਅਭਿਆਸ ਕਰਦੇ ਹਨ। ਦੌੜਨ ਵਾਲੇ ਦੌੜਦੇ ਹਨ, ਘੁਲਣ ਵਾਲੇ ਘੁਲਦੇ ਹਨ । ਸਾਗਰਾਂ ਦੇ ਤਾਰੂ, ਰੇਸ ਦੇ ਘੋੜੇ, ਸਾਰੇ ਲੜਨ ਲਈ ਤਿਆਰ ਰਖੇ ਜਾਂਦੇ ਹਨ। ਸਾਰੇ ਖੇਡ ਅਭਿਆਸ ਨਾਲ ਹੀ ਜਿੱਤੇ ਜਾਂਦੇ ਹਨ, ਪੰਜਾਬ ਕੌਰ ਸੋਚਦੀ।
ਪਰ ਹੌਲੀ ਹੌਲੀ ਕਸ਼ਮੀਰ ਦੀ ਸਰਹੱਦ ਵਾਲਾ ਅਭਿਆਸ ਜੰਮੂ ਦੀ ਧਰਤੀ ਵਿਚ ਆ ਗਿਆ। ਤੋਪਾਂ ਦੀ ਅਵਾਜ਼ ਹੋਰ ਤੇਜ਼, ਹੋਰ ਨੇੜੇ ਸੁਣਾਈ ਦੇਣ ਲਗੀ । ਪਰ ਪੰਜਾਬ ਕੌਰ ਨੇ ਉੱਕੀ ਪਰਵਾਹ ਨਾ ਕੀਤੀ। ਉਹ ਤੋਪਾਂ ਦੀ ਅਵਾਜ਼ ਦਾ ਤਾਨ ਟੋਕੇ ਵਾਲੀ ਮਸ਼ੀਨ ਦੀ ਆਵਾਜ਼ ਨਾਲ ਜੋੜ ਲੈਂਦੀ ਤੇ ਇਨ੍ਹਾਂ ਦੇ ਨਾਲ ਹੀ ਆਪਣੇ ਚਰਖੇ ਦੀ ਘੂਕਰ ਜਾਂ ਆਟੇ ਵਿਚ ਦਿੱਤੀਆਂ ਮੁਕੀਆਂ ਦੀ ਅਵਾਜ਼ ਜਾਂ ਤਵੀ ਉਤੇ ਪਾਉਣ ਲਈ ਤਿਆਰ ਕੀਤੇ ਜਾ ਰਹੇ ਫੁਲਕੇ ਦੀ ਲੈਅ। ਗੋਲੀਆਂ ਦੀ ਅਵਾਜ਼ ਨਾਲ ਆਪਣੇ ਕੰਨਾਂ ਦੀ ਤਾਨ ਮੇਲ ਕੇ ਉਸ ਨੂੰ ਬੜਾ ਸਵਾਦ ਆਉਦਾ । ਮਾਝੇ ਦੀ ਇਸ ਜੱਟੀ ਨੂੰ ਕਿਸੇ ਪਰਕਾਰ ਦਾ ਕੋਈ ਭੈਅ ਨਹੀਂ ਸੀ। ਨੇੜ ਨੂੰ ਆ ਰਹੇ ਗੋਲਿਆਂ ਦੀ ਅਵਾਜ਼ ਵਿਚ ਵੀ ਉਹ ਪੂਰੀ ਨੀਂਦਰ ਸੌਂਦੀ।
ਰੇਡੀਓ ਖਬਰ ਦਿੰਦਾ ਕਿ ਭਾਰਤੀ ਫੌਜਾਂ ਯੋਜਨਾ ਪੂਰਵਕ ਦੁਸ਼ਮਣ ਦਾ ਟਾਕਰਾ ਕਰ ਰਹੀਆਂ ਹਨ । ਪੰਜਾਬ ਕੌਰ ਸਵਾਦ ਲੈ ਕੇ ਸ਼ਾਂਤ ਹੋ ਜਾਂਦੀ । ਇਥੋਂ ਤਕ ਕਿ ਉਸਨੂੰ ਕੰਮ ਕਰਨ ਵਿਚ ਬੜਾ ਸਵਾਦ ਆਉਂਦਾ । ਉਸਨੇ ਆਪਣੇ ਕੰਮ ਦੀ ਰਫਤਾਰ ਗੋਲਾਬਾਰੀ ਦੀ ਰਫਤਾਰ ਨਾਲ ਤੇਜ਼ ਕਰ ਲਈ ਸੀ।
ਤੇ ਫੇਰ ਹੌਲੀ ਹੌਲੀ ਤੋਪਾਂ ਦੇ ਗੋਲਿਆਂ ਦੀ ਅਵਾਜ਼ ਉਸਦੇ ਬਹੁਤ ਨੇੜੇ ਆ ਗਈ । ਇਕ ਸਵੇਰ ਰਾਈਫਲਾਂ ਦੇ ਫਾਇਰ, ਮਸ਼ੀਨ ਗੰਨਾਂ ਦੀ ਤੜਾਂ ਤੜਾਂ, ਤੋਪਾਂ ਦੇ ਗੋਲੇ ਅਤੇ ਬੰਬਾਂ ਦੇ ਧਮਾਕੇ ਉਸਦੇ ਕੰਨਾਂ ਵਿਚ ਵਜਣ ਲੱਗੇ । ਉਸ ਨੂੰ ਜਾਪਿਆ ਜਿਵੇਂ ਉਸਦੇ ਸੁੱਤਿਆਂ ਸੁੱਤਿਆਂ ਤੋਪਾਂ ਉਸਦੇ ਸਿਰ ਉੱਤੇ ਬੀੜੀਆਂ ਗਈਆਂ ਸਨ। ਸਵੇਰ ਦੇ ਤੜਕੇ ਉਸਨੂੰ ਇਹ ਸਭ ਕੁਝ ਸੁਪਨੇ ਵਾਂਗ ਲਗ ਰਿਹਾ ਸੀ—ਇਕ ਡਰਾਉਣੇ ਸੁਪਨੇ ਵਾਂਗ । ਉਸਨੂੰ ਜਾਪਿਆ ਜਿਵੇਂ ਪਾਕਿਸਤਾਨੀ ਦੁਸ਼ਮਣ ਵਾਗ੍ਹੇ ਕੋਲੋਂ ਦੀ ਲੰਘ ਕੇ ਛੇਹਰਟੇ ਆ ਵੜਿਆ ਹੋਵੇ । ਉਸਦਾ ਆਪਣਾ ਘਰ ਛੇਹਰਟੇ ਦੇ ਨੇੜੇ ਸੀ। ਉਸਦੀ ਬਿਸਤਰੇ ਵਿਚੋਂ ਨਿਕਲਣ ਦੀ ਹਿੰਮਤ ਨਾ ਪਈ । ਉਸਨੇ ਉੱਠ ਕੇ ਕੀ ਲੈਣਾ ਸੀ ? ਜੇ ਸੁੱਤਿਆਂ ਮਰਨਾ ਸੀ ਤਾਂ ਉਠਿਆਂ ਵੀ ਕਿਸੇ ਨੇ ਜੀਉਂਦਿਆਂ ਨਹੀਂ ਸੀ ਛਡਣਾ ।
ਉਸਨੂੰ ਸਮਝ ਨਹੀਂ ਆਉਂਦੀ ਸੀ ਕਿ ਕੌਣ ਕਿਧਰ ਨੂੰ ਵਧ ਰਿਹਾ ਸੀ। ਪਰ ਇਹ ਸਭ ਕੁਝ ਉਸਦੇ ਏਨਾ ਨੇੜੇ ਵਾਪਰ ਰਿਹਾ ਸੀ ਕਿ ਉਸਨੂੰ ਅਪਣੀਆਂ ਫੌਜਾਂ ਦਾ ਲਾਹੌਰ ਵਲ ਨੂੰ ਵਧਣਾ ਵੀ ਕੋਈ ਖੁਸ਼ੀ ਨਹੀਂ ਸੀ ਦੇ ਸਕਦਾ। ਸੈਨਿਕਾਂ ਦੇ ਅਭਿਆਸ ਲਈ ਰੱਬ ਨੇ ਪਹਾੜ ਬਣਾਏ ਸਨ ਤੇ ਇਨ੍ਹਾਂ ਨੂੰ ਉਥੇ ਜਾ ਕੇ ਅਭਿਆਸ ਕਰਨਾ ਚਾਹੀਦਾ ਸੀ । ਇਹ ਮੈਦਾਨਾਂ ਦੇ ਘੁੱਗ ਵਸਦੇ ਜੀਵਨ ਵਿਚ ਕਿਉਂ ਦਖਲ ਦੇ ਰਹੇ ਸਨ ? ਉਹ ਹੈਰਾਨ ਸੀ ।
ਖਬਰਾਂ ਆਈਆਂ ਸਰਹੱਦ ਦੇ ਉਸ ਪਾਰ ਘਮਸਾਣ ਦੀ ਲੜਾਈ ਹੋ ਰਹੀ ਹੈ । ਫੌਜਾਂ ਦੇ ਸਰਹੱਦ ਤੋਂ ਪਾਰ ਹੋਣ ਦਾ ਬੜਾ ਨਸ਼ਾ ਸੀ ਪਰ ਯੁਧ ਦੇ ਘਮਸਾਣੀ ਹੋਣ ਦਾ ਬੜਾ ਭੈਅ ਸੀ। ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖਬਰ ਨੇ ਉਸਦੇ ਦਿਲ ਦਾ ਕਰਾਰ ਖੋਹ ਲਿਆ ਹੋਵੇ । ਉਸਨੇ ਘਮਸਾਣ ਦੇ ਯੁਧ ਬਾਰੇ ਕਿੱਸੇ ਪੜ੍ਹੇ ਸਨ । ਘਮਸਾਣ ਦੇ ਯੁਧ ਵਿਚ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹੀਦ ਹੋਏ ਸਨ । ਇਕ ਹੋਰ ਯੁਧ ਵਿਚ ਬੰਦਾ ਬੈਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ। ਉਸਦੇ ਗਵਾਂਢੀ ਸ਼ਹਿਰ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਨੇ ਫੀਰੋਜ਼ਪੁਰ ਪੱਤਣ ਨੂੰ ਗੋਰਿਆਂ ਦੀ ਲਾਲ ਰੱਤ ਨਾਲ ਰੰਗ ਦਿੱਤਾ ਸੀ । ਪੰਜਾਬ ਦੀ ਧਰਤੀ ਖੂਨੋ ਖੂਨ ਹੋ ਗਈ ਸੀ।
ਪੰਜਾਬ ਕੌਰ ਘਮਸਾਣ ਦੀ ਲੜਾਈ ਦਾ ਚਿਤ੍ਰ ਆਪਣੇ ਨੈਣਾਂ ਅੱਗੇ ਚਿਤਰ ਸਕਦੀ ਸੀ।
ਸਰਹਦ ਦੇ ਉਸ ਪਾਰ ਭਾਰਤੀ ਜਵਾਨ ਪਾਕਿਸਤਾਨੀ ਸਿਪਾਹੀਆਂ ਨਾਲ ਗੁਥਮ ਗੁਬਾ ਹੋ ਚੁੱਕੇ ਸਨ। ਫੌਜਾਂ ਇਕ ਦੂਜੀ ਵਿਚ ਇੰਝ ਜਾ ਘੁਸੀਆਂ ਸਨ ਜਿਵੇਂ ਮੋਟਰ ਨੂੰ ਪਹਿਲੇ ਗੀਅਰ ਵਿਚ ਪਾਇਆਂ ਛੋਟੀਆਂ ਗਰਾਰੀਆਂ ਦੇ ਦੰਦੇ । ਜਵਾਨਾਂ ਵਿਚ ਜਵਾਨ ਟਕਰਾ ਰਹੇ ਸਨ, ਜੀਪਾਂ ਵਿਚ ਜੀਪਾਂ ਤੇ ਟੈਂਕਾਂ ਵਿਚ ਟੈਂਕ । ਕੀ ਹੁੰਦੇ ਨੇ ਝੋਟਿਆਂ ਜਾਂ ਹਾਥੀਆਂ ਦੇ ਭੇੜ ? ਘਮਸਾਣ ਦਾ ਰੂਪ ਕੁਝ ਇਹੋ ਜਿਹਾ ਸੀ।
ਘਮਸਾਣ ਦੇ ਯੁਧ ਦੀ ਖਬਰ ਨੇ ਸਾਰੇ ਸ਼ਹਿਰੀਆਂ ਨੂੰ ਇਕ ਮੁਠ ਕਰ ਦਿੱਤਾ ਸੀ। ਹਰ ਕੋਈ ਇਕੋ ਤਰ੍ਹਾਂ ਸੋਚਦਾ ਸੀ, ਇਕੋ ਤਰ੍ਹਾਂ ਤੁਰਦਾ ਸੀ । ਬੰਦੇ ਮਸ਼ੀਨਾਂ ਦੇ ਪੁਰਜ਼ੇ ਬਣ ਗਏ ਸਨ। ਉਹਨਾਂ ਦੇ ਜੋਸ਼ ਮਸ਼ੀਨੀ ਸਨ, ਉਹਨਾਂ ਦੇ ਸਹਿਮ ਵੀ ਮਸ਼ੀਨੀ ।
ਰੇਡੀਓ ਤੋਂ ਖਬਰ ਆਈ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉਤੇ ਹਵਾਈ ਜਹਾਜ਼ਾਂ ਦੀ ਬੰਬਾਰੀ ਦਾ ਡਰ ਹੈ । ਦੁਸ਼ਮਣ ਨੇ ਬਿਆਸ ਦੇ ਪੁਲ ਅਤੇ ਆਦਮਪੁਰ ਦੇ ਹਵਾਈ ਅੱਡੇ ਉਤੇ ਪਾਕਿਸਤਾਨੀ ਛਾਤਾ ਬਰਦਾਰ ਉਤਾਰ ਦਿਤੇ ਹਨ। ਦਿਨ ਵੇਲੇ ਛਾਤਾਂ ਬਰਦਾਰਾਂ ਤੋਂ ਬਚੋ ਰਾਤ ਨੂੰ ਹਵਾਈ ਬੰਬਾਰੀ ਤੋਂ । ਸ਼ਹਿਰ ਵਿਚ ਪੂਰਨ ਬਲੈਕ ਆਊਟ ਰਖੋ, ਘਰ ਵਿਚ ਰੌਸ਼ਨੀ ਦੀ ਸਜ਼ਾ ਮੌਤ ਹੈ। ਕੰਚ ਦੇ ਸ਼ੀਸ਼ਿਆਂ ਅੱਗੇ ਕਾਗਜ਼ ਲਾ ਲਏ ਜਾਣ, ਕੰਨਾਂ ਵਿਚ ਰੂੰ ਰੱਖੀ ਜਾਵੇ। ਹੋ ਸਕੇ ਤਾਂ ਬਾਹਰ ਟੋਇਆਂ ਵਿਚ ਸੁੱਤਾ ਜਾਵੇ । ਇਹ ਤੇ ਏਦਾਂ ਦੀਆਂ ਹੋਰ ਅਨੇਕਾਂ ਸੂਚਨਾਵਾਂ ।
ਪੰਜਾਬ ਕੌਰ ਘਬਰਾ ਗਈ । ਉਹ ਬਾਰ ਬਾਰ ਰੇਡੀਓ ਸੁਣਦੀ। ਉਸ ਨੂੰ ਸੂਚਨਾਵਾਂ ਦੀ ਸਮਝ ਨਾ ਪੈਂਦੀ, ਰੂੰ ਕਿਹੜੇ ਕੰਨ ਵਿਚ ਕਿੰਨੀ ਕੁ ਦੇਣੀ ਹੈ । ਖਤਰੇ ਦਾ ਘੁੱਗੂ ਵੱਜਣ ਉਤੇ ਬੰਬ ਦੀ ਮੌਤੇ ਮਰਨ ਲਈ ਕਿਵੇਂ ਤਿਆਰ ਹੋਣਾ ਹੈ । ਪੰਜਾਬ ਕੌਰ ਦੇ ਵਿਹੰਦਿਆਂ ਵਿਹੰਦਿਆਂ ਭਾਰਤੀ ਤੋਪਚੀਆਂ ਨੇ ਉਸ ਦੇ ਦਰਾਂ ਅੱਗੇ ਜਹਾਜ਼ਾਂ ਨੂੰ ਸੁੱਟਣ ਵਾਲੀ ਤੋਪ ਗੱਡ ਲਈ ਸੀ । ਇਹ ਕੀ ਹੋ ਰਿਹਾ ਸੀ ?
ਸ਼ਹਿਰ ਦੇ ਨੇੜੇ ਦੇ ਖੇਤਾਂ ਵਿਚ ਬੰਬ ਗਿਰਨੇ ਸ਼ੁਰੂ ਹੋ ਗਏ। ਕੁਝ ਫਟ ਜਾਂਦੇ ਤੇ ਕੁਝ ਨਾ ਹੀ ਫਟਦੇ । ਨਾ ਫਟਣ ਵਾਲਿਆਂ ਦਾ ਭੈ ਫਟ ਚੁੱਕਿਆਂ ਨਾਲੋਂ ਵਧੇਰੇ ਸੀ। ਪਤਾ ਨਹੀਂ ਕਦੋਂ ਫਟ ਜਾਏ। ਪਤਾ ਨਹੀਂ ਕੀ ਕਰ ਦੇਵੇ । ਇਕ ਜ਼ਹਿਰੀਲੀ ਗੈਸ ਦਾ ਬੰਬ ਪੰਜਾਬ ਕੌਰ ਦੇ ਦਰਾਂ ਅੱਗੇ ਆਣ ਡਿੱਗਿਆ ਸੀ। ਉਸ ਨੇ ਵੇਖਿਆ ਕਿ ਹਰਿਆਈ ਇਸ ਦੇ ਸੇਕ ਨਾਲ ਹੀ ਫੂਸ ਬਣ ਗਈ ਸੀ । ਮਿੱਟੀ ਦੇ ਢੇਲਿਆਂ ਦੇ ਕੋਲੇ ਬਣ ਗਏ ਸਨ--ਨਿੱਕੇ ਵੱਡੇ।
ਸ਼ਾਮ ਤੱਕ ਪੰਜਾਬ ਕੌਰ ਦਾ ਸਾਰਾ ਗਵਾਂਢ ਖਾਲੀ ਹੋ ਗਿਆ । ਜਿਹੜੇ ਪਿਛੇ ਰਹਿ ਗਏ ਸਨ ਉਹ ਵੀ ਜੀਉਂਦੇ ਨਹੀਂ ਸਨ ਜਾਪਦੇ। ਉਸ ਨੂੰ ਜਾਪਿਆ ਕਿ ਸਾਰੀ ਧਰਤੀ ਕਬਰਸਤਾਨ ਬਣ ਗਈ ਹੈ । ਪੰਜਾਬ ਕੌਰ ਦੇ ਜੇ ਕੋਈ ਸਾਥੀ ਸਨ ਤਾਂ ਨਾਲ ਦੇ ਖੇਤ ਵਿਚ ਲੱਗੀ ਤੋਪ ਵਾਲੇ ਤੋਪਚੀ । ਉਹ ਵੇਲੇ ਕੁਵੇਲੇ ਪੰਜਾਬ ਕੌਰ ਕੋਲ ਆ ਕੇ ਬੈਠਦੇ, ਜੰਗ ਦੀਆਂ ਖਬਰਾਂ ਦਿੰਦੇ, ਜਿੱਤ ਦਾ ਅਹਿਸਾਸ ਕਰਾਉਂਦੇ ਤੇ ਧਰਵਾਸ ਦੇ ਕੇ ਚਲੇ ਜਾਂਦੇ। ਉਹ ਵੀ ਤੋਪਚੀਆਂ ਨੂੰ ਚਾਹ ਪਿਲਾਉਂਦੀ, ਪਿਆਰ ਦਿੰਦੀ ਤੇ ਸ਼ੇਰ ਬੱਚੇ ਆਖ ਕੇ ਪੁਕਾਰਦੀ । ਜਿਵੇਂ ਉਹ ਉਸਦੀ ਆਪਣੀ ਕੁਖ ਦੇ ਜਾਏ ਹੋਣ । ਉਹ ਆਪਣੇ ਇਨ੍ਹਾਂ ਪੁੱਤਰਾਂ ਦੇ ਬਲਿਹਾਰ ਜਾਂਦੀ ਜਿਹੜੇ ਤਾੜ ਕਰਕੇ ਵੈਰੀ ਦੇ ਜਹਾਜ਼ ਨੂੰ ਫੁੰਡ ਦਿੰਦੇ ਸਨ ।
ਖਤਰੇ ਦਾ ਘੁਗੂ ਵਜਣ ਤੇ ਚਾਰ ਚੁਫੇਰਾ ਸਾਂ ਸਾਂ ਕਰਨ ਲਗ ਪਿਆ। ਬੱਤੀਆਂ ਬੁਝ ਗਈਆਂ, ਨਿਆਣੇ ਮੰਜੀਆਂ ਤੋਂ ਉਤਰ ਕੇ ਧਰਤੀ ਉਤੇ ਮੂਧੇ ਪੈ ਗਏ । ਖੇਤਾਂ ਦੇ ਚੂਹੇ ਤੱਕ ਵੀ ਡਰ ਦੇ ਮਾਰੇ ਘਰੀਂ ਆ ਵੜੇ । ਉਹ ਮੂਧੇ ਪਏ ਨਿਆਣਿਆਂ ਦੀਆਂ ਪਿੱਠਾਂ ਉੱਤੇ ਦਗੜ ਦਗੜ ਦੌੜਨ ਲੱਗੇ । ਬੰਬ ਦਾ ਧਮਾਕਾ ਪਿਆ ਤਾਂ ਮਕਾਨ ਦੇ ਦਰਵਾਜ਼ੇ ਖਿੜਕੀਆਂ ਖਾੜ ਖਾੜ ਖੜਕਣ ਲੱਗੇ। ਬਚਿਆਂ ਦੇ ਜਿਸਮਾਂ ਤੇ ਚੂਹਿਆਂ ਦੀ ਦੌੜ ਹੋਰ ਵੀ ਤੇਜ਼ ਹੋ ਗਈ, ਬੱਚੇ ਚੂੰ ਤੱਕ ਨਾ ਕਰਦੇ । ਉਹਨਾਂ ਵਲੋਂ ਉਹਨਾਂ ਦੇ ਜਿਸਮਾਂ ਉਤੇ ਭਾਵੇਂ ਸੱਪ ਮੇਲ੍ਹਦੇ ਰਹਿੰਦੇ।
ਪਰ ਦਰਾਂ ਅੱਗੇ ਵਟੇ ਜ਼ਹਿਰੀ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ । ਇਸ ਦੀ ਭਾਫ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆਂ ਸੀ । ਇਸ ਵਿੱਚ ਠੋਸ ਪਦਾਰਥ ਇੰਝ ਭੁੰਨੇ ਜਾਂਦੇ ਸਨ ਜਿਵੇਂ ਉਬਲਦੇ ਤੇਲ ਵਿਚ ਮੱਛੀ। ਉਹ ਆਪਣੇ ਬਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਨੀਂਦੇ ਦੇਖ ਸਕਦੀ ਸੀ। ਉਸ ਦੀ ਆਪਣੀ ਅਉਧ ਬੀਤ ਚੁਕੀ ਸੀ, ਉਸ ਨੂੰ ਬੱਚਿਆਂ ਦੀ ਅਉਧ ਖਰਾਬ ਕਰਨ ਦਾ ਕੀ ਹੱਕ ਸੀ।
ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ।
“ਲੈ ਬੱਚਾ ਮੈਂ ਤਾਂ ਚੱਲੀ, ਹੋ ਸਕੇ ਤਾਂ ਘਰ ਦਾ ਖਿਆਲ ਰਖਣਾ, ਉਸ ਨੇ ਭਰੇ ਦਿਲ ਨਾਲ ਤੋਪਚੀ ਸਿਪਾਹੀਆਂ ਨੂੰ ਕਿਹਾ । ਮੈਥੋਂ ਬਚਿਆਂ ਦਾ ਉਣੀਂਦਰਾ ਨਹੀਂ ਸਹਿ ਹੁੰਦਾ, ਮੈਥੋਂ ਇਹਨਾਂ ਦੇ ਲਹੂਰ ਨਹੀਂ ਵੇਖੇ ਜਾਂਦੇ।” ਉਸ ਨੂੰ ਬੋਲਦੀ ਬੋਲਦੀ ਨੂੰ ਗੱਚ ਆ ਗਿਆ । ਉਹ ਆਪਣਾ ਘਰ ਨਹੀਂ ਸੀ ਛਡਣਾ ਚਾਹੁੰਦੀ।
ਤੋਪਚੀ ਪੰਜਾਬ ਕੌਰ ਨੂੰ ਕੁਝ ਨਹੀਂ ਸੀ ਕਹਿ ਸਕਦੇ। ਉਹ ਸਮਾਨ ਬਨ੍ਹਾਉਣ ਵਿਚ ਉਸ ਦੀ ਮਦਦ ਕਰਨ ਲੱਗੇ । ਜੇ ਕੋਈ ਤਲਵਾਰ ਦੀ ਧਾਰ ਤੋਂ ਜ਼ਰਾ ਪਰੇ ਬੈਠ ਸਕਦਾ ਸੀ ਤਾਂ ਕਿਉਂ ਨਾ ਬੈਠੇ । ਭਾਵੇਂ ਸ਼ਹਿਰੀ ਵਸੋਂ ਦੀ ਇਹ ਮੁਠ ਭਰ ਟਬਰੀ ਤੋਪਚੀਆਂ ਨੂੰ ਬੜਾ ਆਸਰਾ ਸੀ, ਪਰ ਉਹ ਉਹਨਾਂ ਨੂੰ ਮਜਬੂਰ ਕਰਕੇ ਨਹੀਂ ਸਨ ਰਖਣਾ ਚਾਹੁੰਦੇ । ਦੂਰ ਦਿੱਲੀ ਦੱਖਣ ਤੋਂ ਆ ਕੇ ਉਹਨਾਂ ਨੂੰ ਏਥੇ ਵੀ ਇਕ ਮਾਂ ਮਿਲ ਗਈ ਸੀ। ਜਿਹੜੀ ਖਤਰੇ ਵਿਚ ਏਨੀ ਨੇੜੇ ਹੋਣ ਕਾਰਨ ਅਪਣੀ ਅਸਲ ਮਾਂ ਨਾਲੋਂ ਵੀ ਕਿਤੇ ਵਡੇਰੀ ਮਾਂ ਸੀ ਤੇ ਉਹ ਹੁਣ ਛਡ ਕੇ ਜਾ ਰਹੀ ਸੀ । ਉਹ ਮਜਬੂਰ ਸੀ । ਸਾਮਾਨ ਬੰਨ੍ਹਿਆਂ ਗਿਆ ਸੀ। ਦੋਵੇਂ ਧਿਰਾਂ ਇਕ ਦੂਜੀ ਤੋਂ ਆਗਿਆ ਲੈਣ ਲਈ ਉਠ ਖਲੋਤੀਆਂ । 'ਚੰਗਾ ਫੇਰ ! ਨਮਸਤੇ' ਕਹਿਣ ਦੀ ਢਿਲ ਸੀ ਕਿ ਦੋਹਾਂ ਧਿਰਾਂ ਨੇ ਇਕ ਦੂਜੇ ਦੀਆਂ ਅੱਖਾਂ ਤੋਂ ਉਹਲੇ ਹੋ ਜਾਣਾ ਸੀ।
ਤੋਪਚੀਆਂ ਦੇ ਸਰਦਾਰ ਦਾ ਦਿਲ ਭਰ ਆਇਆ।
“ਮੈਂ ਕਹਿਣਾ ਤਾਂ ਨਹੀਂ ਚਾਹੁੰਦਾ। ਪਰ ਮਾਤਾ ਜੀ ਜਦੋਂ ਤੱਕ ਅਸੀਂ ਜੀਉਂਦੇ ਹਾਂ ਤੁਹਾਡੀ ਵਾ ਵਲ ਵੀ ਕੋਈ ਨਹੀਂ ਤੱਕ ਸਕਦਾ । ਜੇ ਅਸੀਂ ਹੀ ਮਰ ਗਏ ਤਾਂ ਰੱਬ ਰਾਖਾ ।"
ਤੋਪਚੀ ਦੇ ਬੋਲ ਵਿਚ ਭਾਵੇਂ ਪੂਰਾ ਕਰਾਰ ਸੀ ਪਰ ਜਿਸ ਵੇਲੇ ਤੇ ਜਿਸ ਸਥਿਤੀ ਵਿਚ ਉਸ ਨੇ ਇਹ ਵਾਕ ਕਿਹਾ ਉਸ ਨਾਲ ਸਾਰੇ ਗਲੇ ਗਚ੍ਹ ਨਾਲ ਭਰ ਆਏ। ਪੰਜਾਬ ਕੌਰ ਨੂੰ ਜਾਪਿਆ ਜਿਵੇਂ ਉਹ ਆਪਣੇ ਅੱਧੇ ਪਰਵਾਰ ਨੂੰ ਬਚਾ ਕੇ ਲੈ ਚੱਲੀ ਹੋਵੇ ਤੇ ਅੱਧੇ ਨੂੰ ਮੌਤ ਦੇ ਮੂੰਹ ਵਿਚ ਹੀ ਛੱਡ ਰਹੀ ਹੋਵੇ।
ਪੰਜਾਬ ਕੌਰ ਨੇ ਉਪਰ ਨੂੰ ਤੱਕਿਆ, ਉਸ ਦੇ ਦੋਵੇਂ ਪਰਵਾਰ ਇਕ ਦੂਜੇ ਦੀ ਬਾਂਹ ਬਣੀ ਖਲੋਤੇ ਸਨ । ਇਕ ਪਰਵਾਰ ਦੀ ਇਹ ਆਪਣੀ ਜਨਮ ਭੋਂ ਸੀ, ਦੂਜਾ ਪਰਵਾਰ ਸੈਂਕੜੇ ਮੀਲਾਂ ਦਾ ਪੈਂਡਾ ਕਰਕੇ ਇਸ ਦੀ ਰਖਿਆ ਲਈ ਆਇਆ ਹੋਇਆ ਸੀ। ਆਪਣੀ ਭੋਂ ਨੂੰ ਇਸ ਪਰਕਾਰ ਛਡ ਕੇ ਤੁਰ ਜਾਣਾ ਕਿੰਨੀ ਬੁਜ਼ਦਿਲੀ ਸੀ—ਖਾਸ ਕਰਕੇ ਓਦੋਂ ਜਦ ਉਸ ਕੋਲ ਗੇਲੀਆਂ ਵਰਗੇ ਤੋਪਚੀ ਪੁੱਤਰ ਸਨ । ਉਸ ਨੇ ਤਕਿਆ ਉਹਨਾਂ ਦੇ ਚਿਹਰਿਆਂ ਉਤੇ ਭੋਰਾ ਜਿੰਨਾ ਵੀ ਭੈ ਨਹੀਂ ਸੀ । "ਖੋਲ੍ਹ ਪੁਤਰ ਬਿਸਤਰੇ” ਉਸ ਨੇ ਅਪਣੀ ਵੱਡੀ ਧੀ ਨੂੰ ਕਿਹਾ, “ਅਸੀਂ ਇਸੇ ਧਰਤੀ ਵਿਚ ਪਲੇ ਹਾਂ ਇਥੇ ਹੀ ਮਰਾਂਗੇ ।”