Punjabi Stories/Kahanian
ਸਰਘੀ
Sarghi
Punjabi Kavita
  

Sabh Des Begana Sarghi

ਸਭੁ ਦੇਸ ਬੇਗਾਨਾ ਸਰਘੀ

ਅੱਜ ਬਖਤਾਵਰ ਸਿੰਘ ਬਾਜਵਾ ਬਹੁਤ ਉਦਾਸ ਸੀ। ਬਖਤਾਵਰ ਸਿੰਘ ਬਾਜਵਾ ਜਿਹਨੇ ਹਮੇਸ਼ਾ ਆਪਣੇ ਹੱਥਾਂ ਨਾਲ ਦੇਣਾ ਹੀ ਸਿੱਖਿਆ ਸੀ, ਲੈਣਾ ਕੁਝ ਨਹੀਂ...। ਜਿਸ ਮੋਹ ਵੰਡਦਿਆਂ ਕਦੇ ਕੋਈ ਆਪਣਾ ਬੇਗਾਨਾ ਨਹੀਂ ਸੀ ਵੇਖਿਆ... ਤੇ ਅੱਜ ਉਸਨੂੰ ਸਭ ਕੁਝ ਹੀ ਬੇਗਾਨਾ ਲੱਗ ਰਿਹਾ ਸੀ...। ਆਪਣਾ ਹੀ ਘਰ ਸੀ... ਆਪਣਾ ਹੀ ਪਿੰਡ ਸੀ... ਆਪਣਾ ਹੀ ਦੇਸ਼ ਸੀ। ਪਰ ਫੇਰ ਵੀ ਲੱਗਦਾ ਸੀ... ਜਿਵੇਂ ਕੁਝ ਵੀ ਆਪਣਾ ਨਾ ਹੋਵੇ। ਥੋੜਾ ਦਿਲ ਤਕੜਾ ਕਰਕੇ ਆਪਣੇ ਮੋਬਾਇਲ ਦੀ ਉਸਨੇ ਫੋਨ ਬੁੱਕ ਖੋਲ੍ਹੀ... ਨਾਂਵਾਂ ਦੀ ਲਿਸਟ ਬੜੀ ਲੰਮੀ ਚੌੜੀ ਸੀ। ਕਾਫਲੇ ਹੀ ਕਾਫਲੇ ਸਨ... ਭੀੜਾਂ ਹੀ ਭੀੜਾਂ ਸਨ... ਪਰ ਉਹ ਤਾਂ ਫਿਰ ਇਕੱਲਾ ਸੀ...। ਧੁਰ ਅੰਦਰ ਪਸਰੀ ਖਿਝ ਜਿਹੀ 'ਚ ਉਸਨੇ ਸਾਰੇ ਨੰਬਰਾਂ ਨੂੰ ਡਿਲੀਟ ਕਰਨਾ ਚਾਹਿਆ। ਪਰ ਇਕ ਨੰਬਰ ਸਕਰੀਨ 'ਤੇ ਆਉਂਦਿਆਂ ਹੀ ਉਸਨੂੰ ਤਸੱਲੀ ਜਿਹੀ ਹੋਈ। ਇਹ ਉਹਦੇ ਯਾਰ ਪਰਮ ਦਾ ਨੰਬਰ ਸੀ। ਪਰਮ ਨੂੰ ਫੋਨ ਕਰਨ ਲਈ ਉਹ ਜੱਕੋ-ਤੱਕੀ ਵਿਚ ਹੀ ਸੀ ਕਿ ਪਰਮ ਦਾ ਫੋਨ ਆ ਗਿਆ। ਇਹ ਪਹਿਲੀ ਵਾਰ ਨਹੀਂ ਸੀ, ਅੱਗੇ ਵੀ ਕਈ ਵਾਰ ਇੰਜ ਹੀ ਹੁੰਦਾ ਆਇਆ ਸੀ। ਬਖਤਾਵਰ ਜਦੋਂ ਵੀ ਕਦੇ ਉਦਾਸ ਹੁੰਦਾ, ਪਰਮ ਸਾਲਮ ਸਬੂਤਾ ਉਹਦੇ ਸਾਹਵੇਂ ਆ ਖਲੋਂਦਾ।
"ਹਾਂ ਪਰਮ" ਬਖਤਾਵਰ ਨੇ ਕਾਲ ਰਿਸੀਵ ਕਰਦਿਆਂ ਕਿਹਾ। "ਯਾਰ! ਮੈਂ ਤੈਨੂੰ ਮਿਲਣ ਆਇਆਂ, ਤੂੰ ਕਿਥੇ...।"
"ਪਰਮ! ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕਿਥੇ ਆਂ..." ਏਨਾ ਕਹਿ ਕੇ ਬਖਤਾਵਰ ਨੇ ਫੋਨ ਕੱਟ ਦਿੱਤਾ ਸੀ।
...ਤੇ ਕੁਝ ਪਲਾਂ ਵਿਚ ਹੀ ਪਰਮ ਬਖਤਾਵਰ ਕੋਲ ਪਹੁੰਚ ਗਿਆ ਸੀ। ਬਖਤਾਵਰ ਦੀਆਂ ਸਵਾਲ ਕਰਦੀਆਂ ਅੱਖਾਂ ਨੂੰ ਤੱਕ ਪਰਮ ਨੇ ਜਵਾਬ ਦਿੱਤਾ, "ਬਖਤਾਵਰ! ਮੈਨੂੰ ਪਤਾ ਤੂੰ ਆਪਣੀ ਇਕੱਲ ਤੋੜਨ ਹਮੇਸ਼ਾ ਆਪਣੀ ਜ਼ਮੀਨ ਵਿਚ ਆਉਂਦੈਂ।"
ਆਪਣੇ ਮਨ 'ਚ ਥੋੜੀ ਜਿਹੀ ਤਸੱਲੀ ਮਹਿਸੂਸ ਕਰਦਿਆਂ ਬਖਤਾਵਰ ਬੋਲਿਆ, "ਹਾਂ ਯਾਰ... ਪੁਰਖਿਆਂ ਦੀ ਇਹ ਜ਼ਮੀਨ ਇਕੱਲ ਤੋਂ ਮੁਕਤ ਕਰ ਦੇਂਦੀ ਹੈ... ਧਰਤ 'ਚੋਂ ਪੁੰਗਰਦੇ ਬੀਅ ਤੇ ਫਿਰ ਹੌਲੀ-ਹੌਲੀ ਜਦ ਫਸਲ ਆਪਣੇ ਪੂਰੇ ਜੋਬਨ 'ਤੇ ਆਉਂਦੀ ਹੈ ਤਾਂ ਕਿੰਨਾ ਸਕੂਨ ਮਿਲਦਾ...।"
"ਬਖਤਾਵਰ ਜਿੰਨਾ ਮਨੁੱਖ ਕੁਦਰਤ ਦੇ ਨੇੜੇ ਹੋਵੇਗਾ, ਓਨਾ ਹੀ ਸੁਖੀ ਹੋਵੇਗਾ।" ਪਰਮ ਦੇ ਜਵਾਬ ਨੇ ਬਖਤਾਵਰ ਦੀ ਦੁਖਦੀ ਰਗ ਨੱਪ ਦਿੱਤੀ ਸੀ।
ਬਖਤਾਵਰ ਦੇ ਮੱਥੇ ਦੀ ਨਾੜ ਉਭਰੀ ਤੇ ਥੋੜ੍ਹਾ ਤਲਖ ਹੁੰਦਿਆਂ ਕਹਿਣ ਲੱਗਾ, "ਪਰ ਯਾਰ ਆਹ ਸਾਲੀ ਔਲਾਦ ਬਾਹਰ ਜਾ ਕੇ ਮਸ਼ੀਨਾਂ ਵੱਸ ਪੈ... ਮਸ਼ੀਨ ਹੋ ਗਈ।" ਬਖਤਾਵਰ ਦੇ ਕੌੜੇ ਬੋਲ ਤਸਦੀਕ ਕਰ ਗਏ ਸਨ ਕਿ ਉਹਦੀ ਸਾਰੀ ਖਿਝ ਆਪਣੇ ਬਾਹਰੋਂ ਆਏ ਨੂੰਹ-ਪੁੱਤ ਲਈ ਰਾਖਵੀਂ ਸੀ। "ਪਰਮ! ਮੈਂ ਉਸ ਸਮੇਂ ਕੱਖੋਂ ਹੌਲਾ ਹੋ ਗਿਆ ਸੀ ਜਦ ਮੇਰਾ ਵੱਡਾ ਪੁੱਤ ਰੱਬ ਨੇ ਖੋਹ ਲਿਆ ਸੀ... ਬੰਦਾ ਰੱਬ ਦੇ ਭਾਣੇ ਨੂੰ ਜਰ ਲੈਂਦਾ... ਪਰ ਜਿਹੜਾ ਘਾਟਾ ਮੈਨੂੰ ਜੀਂਦਾ ਪੁੱਤ ਪਾ ਰਿਹਾ, ਉਹ ਨਹੀਂ ਜਰ ਹੁੰਦਾ...।"
"ਐਵੇਂ ਛੋਟੀਆਂ-ਛੋਟੀਆਂ ਗੱਲਾਂ ਦਿਲ 'ਤੇ ਨਹੀਂ ਲਾਈਦੀਆਂ।" ਪਰਮ ਨੇ ਸਿਆਣਾ ਜਿਹਾ ਬਣਦਿਆਂ ਕਿਹਾ। ਆਪਣੀ ਗੱਲ ਮੁਕਾਉਣ ਤੋਂ ਬਾਅਦ ਪਰਮ ਉਸ ਦਿਨ ਵਲ ਪਰਤ ਗਿਆ ਸੀ... ਜਦ ਉਹਦੇ ਛੋਟੇ ਪੁੱਤ ਨੇ ਆਪਣੇ ਹਾਣ ਦੇ ਅੰਬਰ ਦੀ ਪਰਵਾਜ਼ ਭਰ ਲਈ ਸੀ... "ਸਾਨੂੰ ਕੀਹਦੇ ਆਸਰੇ ਛੱਡ ਕੇ ਚੱਲਿਆਂ ਪੁੱਤਰਾ" ਮਾਂ ਸਵਾਲ ਕਰਨਾ ਚਾਹੁੰਦੀ ਸੀ... ਪਰ ਉਸਨੂੰ ਪਤਾ ਸੀ... ਇਹੋ ਜਿਹੇ ਸਵਾਲ ਜਾਣ ਵਾਲੇ ਲਈ ਕੋਈ ਮਾਇਨੇ ਨਹੀਂ ਰੱਖਦੇ...। ਏਅਰ ਪੋਰਟ 'ਤੇ ਬਖਤਾਵਰ ਸਿੰਘ ਬਾਜਵਾ ਨੇ ਅਣਮੰਨੇ ਮਨ ਨਾਲ ਪੁੱਤ ਦੀ ਪਿੱਠ ਥਾਪੜੀ ਸੀ... ਤੇ ਘਰ ਆ ਕੇ ਆਪਣੇ ਮਰੇ ਪੁੱਤ ਦੀ ਫੋਟੋ ਸਾਹਮਣੇ ਕਈ ਸਵਾਲ ਜਵਾਬ ਕੀਤੇ ਸਨ... ਤੇ ਭੁੱਬ ਮਾਰਦਿਆਂ ਉਸ ਕਿਹਾ ਸੀ, "ਭਲਾਂ ਮੋਏ ਤੇ ਵਿਛੜੇ ਕੌਣ ਮੇਲੇ..." ਤੇ ਉਸ ਤੋਂ ਬਾਅਦ ਪਰਮ ਦੇ ਗਲ ਲੱਗ ਰੋ ਪਿਆ ਸੀ।
ਬਖਤਾਵਰ ਦੀ ਆਵਾਜ਼ ਨਾਲ ਪਰਮ ਉਹਦੀ ਗੱਲ ਵਲ ਬਹੁੜਿਆ- "ਵੇਖ ਬਖਤਾਵਰ! ਇਹ ਜ਼ਿੰਦਗੀ ਹੈ, ਇਹਦੇ ਵਿਚ ਉਹੀ ਕੁਝ ਤਾਂ ਨਹੀਂ ਹੁੰਦਾ, ਜੋ ਆਪਾਂ ਸੋਚੀਏ।"
"ਹਾਂ, ਇਹ ਤਾਂ ਮੈਂ ਵੀ ਸਮਝਦਾਂ... ਪਰ ਫੇਰ ਵੀ ਔਲਾਦ ਦੀ ਬੇਰੁਖੀ ਝੱਲ ਨਹੀਂ ਹੁੰਦੀ।"
"ਬਖਤੌਰੇ! ਰਿਸ਼ਤੇ ਖੂਹ ਦੀ ਨਹੀਂ, ਮਨ ਦੀ ਆਵਾਜ਼ ਹੁੰਦੇ ਹਨ... ਜਦ ਰਿਸ਼ਤਿਆਂ ਕੋਲ ਅਸੀਂ ਸ਼ੰਕਿਆਂ ਦੀ ਚੁੱਪ ਲਈ ਜਾਂਦੇ ਹਾਂ ਤਾਂ ਬਹੁਤ ਕੁਝ ਗਲਤ ਮਲਤ ਹੋ ਜਾਂਦੈ।"
"ਹਾਂ ਪਰਮ... ਸ਼ਾਇਦ ਤੂੰ ਠੀਕ ਕਹਿ ਰਿਹਾ ਹੋਵਂੇ।" ਮਨ 'ਚ ਕਈ ਸ਼ੰਕੇ ਲਈ ਬੈਠੇ ਬਖਤਾਵਰ ਨੇ ਹੁੰਗਾਰਾ ਦਿੱਤਾ।
...ਤੇ ਇਸ ਤੋਂ ਬਾਅਦ ਪਰਮ ਆਪਣੇ ਘਰ ਵਲ ਨੂੰ ਹੋ ਤੁਰਿਆ ਸੀ... ਬਖਤਾਵਰ ਆਪਣੇ ਘਰ ਦੇ ਪੈਂਡੇ ਪੈ ਕਈ ਕੁਝ ਸੋਚ ਰਿਹਾ ਸੀ, "ਹੋ ਸਕਦਾ ਮੈਂ ਹੀ ਗ਼ਲਤ ਹੋਵਾਂ। ਹਮੇਸ਼ਾ ਆਪਣੀ ਹੀ ਨਜ਼ਰ ਤੋਂ ਸਭ ਕਾਸੇ ਨੂੰ ਵੇਖਣਾ... ਇਹ ਵੀ ਤਾਂ ਠੀਕ ਨਹੀਂ।" ਅਜਿਹੇ ਵੇਲੇ ਉਹਨੂੰ ਆਪਣੇ ਪੁੱਤਰ ਨਾਲ ਪਿਆਰ ਆ ਜਾਂਦਾ... ਪਰ ਜਦੋਂ 'ਮਿਗਲਾਨੀ ਵਿਲਾ' ਵਾਲੀ ਨੇਮ ਪਲੇਟ ਉਹਦੀਆਂ ਅੱਖਾਂ ਅੱਗੇ ਆਉਂਦੀ... ਤਾਂ ਉਸ ਨੂੰ ਆਪਣਾ ਪੁੱਤ ਸਾਰੀ ਬਰਾਦਰੀ ਦਾ ਗੁਨਾਹਗਾਹ ਲੱਗਣ ਲੱਗ ਪੈਂਦਾ। ਮਨ 'ਚ ਕਈ ਸਵਾਲ ਜਵਾਬ ਕਰਦਿਆਂ ਹੀ ਉਹ ਆਪਣੇ ਘਰ ਪਹੁੰਚ ਗਿਆ। ਉਹ ਆਪਣੇ ਮਨ 'ਚ ਪਏ ਸ਼ੰਕਿਆਂ ਨੂੰ ਹੂੰਝ ਦੇਣਾ ਚਾਹੁੰਦਾ ਸੀ... ਪਰ ਘਰ ਵੜਦਿਆਂ ਹੀ ਨੂੰਹ ਦੇ ਸਰੀਰ 'ਤੇ ਪਏ ਗਿੱਠ ਕੁ ਕੱਪੜਿਆਂ ਨੇ ਉਹਨੂੰ ਸ਼ਰਮਸ਼ਾਰ ਕਰ ਦਿੱਤਾ। ਫਿਰ ਵੀ ਵਿਹੜੇ ਵਿਚ ਖੇਡਦੇ ਪੋਤੇ ਵਲ ਵੇਖ ਉਹਨੂੰ ਤਸੱਲੀ ਜਿਹੀ ਹੋਈ।
ਆਪਣੇ ਘਰ ਦੇ ਧੁਰ ਕੋਠੇ ਜਾ ਉਸਨੇ ਪਿੰਡ ਵਲ ਵੇਖਿਆ...ਬੜੀ ਤਰੱਕੀ ਹੋ ਗਈ ਸੀ... ਵੱਡੇ ਵੱਡੇ ਘਰ ਪੈ ਗਏ ਸਨ... ਕਦੇ ਵੇਲਾ ਸੀ... ਘਰ ਛੋਟੇ ਸੀ...ਤੇ ਰਹਿਣ ਵਾਲੇ ਜ਼ਿਆਦਾ...ਪਰ ਹੁਣ ਘਰਾਂ ਦੇ ਜੰਗਲ ਉਗ ਖਲੋਤੇ ਸਨ। ਇਨ੍ਹਾਂ ਘਰਾਂ 'ਚ ਰਹਿਣ ਵਾਲੇ ਡਾਲਰਾਂ ਪੌਂਡਾਂ ਦੇ ਵੱਸ ਪੈ ਗਏ ਸੀ... ਤੇ ਪਿੱਛੇ ਰਹਿ ਗਏ ਹਰ ਮਾਂ-ਪਿਉ ਦੀ ਕਹਾਣੀ ਬਖਤਾਵਰ ਸਿੰਘ ਬਾਜਵਾ ਵਰਗੀ ਸੀ। ਉਸਨੇ ਮਨ ਹੀ ਮਨ ਸੋਚਿਆ। ਇਹ ਕਿਹੋ ਜਿਹੀ ਤਰੱਕੀ ਸੀ। ਜੀਹਨੇ ਦਿੱਤਾ ਤਾਂ ਬਹੁਤ ਕੁਝ ਸੀ ਪਰ ਫੇਰ ਵੀ ਇੰਜ ਲੱਗਦਾ ਸੀ ਜਿਵੇਂ ਕੁਝ ਵੀ ਕੋਲ ਨਾ ਹੋਵੇ... ਅਸਮਾਨੀਂ ਉਡਦੇ ਹਵਾਈ ਜਹਾਜ਼ ਦੀ ਆਵਾਜ਼ ਨਾਲ ਉਹਦੇ ਖ਼ਿਆਲਾਂ ਦੀ ਤੰਦ ਟੁੱਟੀ ਤੇ ਉਹ ਹੇਠਾਂ ਉਤਰ ਆਇਆ।
ਥੱਲੇ ਆਉਂਦਿਆਂ ਹੀ ਉਸਨੂੰ ਆਪਣੇ ਨੂੰਹ-ਪੁੱਤ ਅੰਗਰੇਜ਼ੀ ਅੰਦਾਜ਼ ਵਿਚ ਗੁੱਥਮ-ਗੁੱਥਾ ਹੋਏ ਨਜ਼ਰ ਆਏ। ਉਹ ਖੰਘੂਰਾ ਮਾਰਨਾ ਚਾਹੁੰਦਾ ਸੀ ਪਰ ਅਗਲੇ ਹੀ ਪਲ ਉਸ ਸੋਚਿਆ ਕਿ ਜਦ ਸਾਲਮ ਸਬੂਤਾ ਬਖਤਾਵਰ ਸਿੰਘ ਬਾਜਵਾ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦਾ ਤਾਂ ਫਿਰ ਇਸ ਖੰਘੂਰੇ ਦੇ ਕੀ ਅਰਥ? ਉਹ ਸਿੱਧਾ ਆਪਣੇ ਕਮਰੇ ਵਿਚ ਚਲਾ ਗਿਆ। ਬਾਹਰ ਵੱਜ ਰਿਹਾ ਵਲੈਤੀ ਮਿਊਜ਼ਕ ਉਹਦਾ ਮੂੰਹ ਚਿੜਾਉਣ ਲੱਗਾ। ਥੋੜਾ ਤਲਖ ਹੋ ਉਸ ਆਪਣੀ ਤ੍ਰੀਮਤ ਨੂੰ ਕਿਹਾ, "ਆਪਣੇ ਪੁੱਤ ਨੂੰ ਕਹਿ ਇਹ ਕੰਜਰਖਾਨਾ ਮੇਰੇ ਘਰ ਨਾ ਲਾਇਆ ਕਰੇ।"
ਅੱਗੋਂ ਉਸ ਕੋਈ ਜਵਾਬ ਨਾ ਦਿੱਤਾ। ਬਖਤਾਵਰ ਸਿੰਘ ਬਾਜਵਾ ਦੀ ਬੀਵੀ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਸੀ...ਉਸਨੂੰ ਕਿਸੇ 'ਤੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਸੀ...ਉਹਨੇ ਨੂੰਹ ਪੁੱਤਰ ਦੀ ਬੇਰੁਖੀ ਵੀ ਸਿਰ ਮੱਥੇ ਜਰ ਲਈ ਸੀ ਤੇ ਆਪਣੇ ਖਾਵੰਦ ਦੇ ਨਿਹੋਰੇ ਵੀ ਜਰ ਲਏ ਸਨ। ਪੋਤੇ ਦੀ ਕਿਲਕਾਰੀ 'ਚ ਉਹ ਹੱਸ ਛੱਡਦੀ ਤੇ ਨੂੰਹ ਵਲੋਂ ਦਿੱਤੀਆਂ ਨਸੀਹਤਾਂ ਮੁਤਾਬਕ ਆਪਣੇ ਪੋਤੇ ਦੇ ਨਿੱਕੇ-ਨਿੱਕੇ ਕੰਮ ਕਰਦੀ ਰਹਿੰਦੀ।
+++
ਇਕ ਚੁੱਪ ਸੀ ਜੋ ਇਸ ਘਰ 'ਚ ਰਹਿਣ ਵਾਲਿਆਂ ਦੇ ਦਿਲਾਂ ਵਿਚ ਪਸਰ ਗਈ ਸੀ। ਹਰ ਰਿਸ਼ਤਾ ਬਾਹਰੋਂ ਵੇਖਣ ਨੂੰ ਸਹਿਜ ਤੇ ਅੰਦਰੋਂ ਵਿੱਥ 'ਤੇ ਖਲੋਤਾ ਹੋਇਆ ਸੀ ਤੇ ਇਕ ਦਿਨ ਇਸ ਚੁੱਪ ਨੂੰ ਬਖਤਾਵਰ ਸਿੰਘ ਬਾਜਵਾ ਨੇ ਆਵਾਜ਼ ਦੇ ਦਿੱਤੀ ਸੀ...ਜਿਸਨੇ ਬਖਤਾਵਰ ਸਿੰਘ ਬਾਜਵਾ ਦੇ ਰਹਿੰਦੇ ਖੂੰਹਦੇ ਭਰਮ ਵੀ ਤੋੜ ਦਿੱਤੇ ਸਨ।
ਡਾਢੇ ਦੁੱਖ ਨਾਲ ਉਸ ਆਪਣੇ ਪੁੱਤ ਨੂੰ ਕਿਹਾ, "ਅੰਮ੍ਰਿਤ, ਤੂੰ ਆਪਣਾ ਰਾਹ ਖੁਦ ਚੁਣਿਆ... ਠੀਕ ਹੈ... ਪਰ ਮੈਨੂੰ ਲੱਗਦਾ ਇਸ ਰਾਹ ਨੇ ਜਿਵੇਂ ਰਾਹੀ ਨੂੰ ਹੀ ਨਿਗਲ ਲਿਆ ਹੋਵੇ।"
"ਡੋਂਟ ਬੀ ਸੋ ਇਮੋਸ਼ਨਲ ਡੈਡ।" ਉਹ ਥੋੜ੍ਹੀ ਟਿੱਚਰ ਜਿਹੀ 'ਚ ਬੋਲਿਆ, "ਜੇ ਰਾਹ ਨੇ ਰਾਹੀ ਨਿਗਲ ਲਿਆ ਹੁੰਦਾ ਤਾਂ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ।"
"ਤੂੰ ਮੇਰੀ ਗੱਲ ਨਹੀਂ ਸਮਝਿਆ।" ਰੋਣਹਾਕੇ ਹੋਏ ਬਾਜਵਾ ਨੇ ਕਿਹਾ।
"ਦੇਖੋ! ਮੈਂ ਇਹ ਫਲਸਫਾ ਸਮਝਣਾ ਵੀ ਨਹੀਂ ਚਾਹੁੰਦਾ, ਇਟਜ਼ ਮਾਈ ਲਾਈਫ਼ ਐਂਡ ਆਈ ਹੈਂਡਲ ਮਾਈ ਲਾਈਫ ਵਿਦ ਮਾਈ ਆਨ ਸਟਾਈਲ।"
ਉਹਦੀ ਗੱਲ ਬੋਚਦਿਆਂ ਬਖਤਾਵਰ ਨੇ ਕਿਹਾ, "ਗੱਲ ਸੁਣ, ਪੰਝੀ ਸਾਲ ਤੈਨੂੰ ਪਾਲਿਆ, ਪੜ੍ਹਾਇਆ, ਲਿਖਾਇਆ...ਅੱਜ ਤੇਰੇ ਕੋਲ ਚਾਰ ਪੈਸੇ ਕੀ ਆ ਗਏ...ਹਰ ਗੱਲ 'ਤੇ ਮੋਢੇ ਚੜ੍ਹਾ ਕੇ ਦੱਸਣ ਬਹਿ ਜਾਂਦਾ... ਇਟਜ਼ ਮਾਈ ਲਾਈਫ।"
"ਯੈਸ ਮਿਸਟਰ ਸਿੰਘ...ਇਟਜ਼ ਮਾਈ ਲਾਈਫ਼..ਤੇ ਮੈਂ ਇਹ ਮੰਨਦਾ ਹਾਂ ਕਿ ਜ਼ਿੰਦਗੀ ਜੀਣ ਲਈ ਸੁਰੱਖਿਆ ਚਾਹੀਦੀ ਹੈ ਤੇ ਪੈਸਾ ਸਾਨੂੰ ਸੁਰੱਖਿਆ ਦੇਂਦਾ ਹੈ।"
"ਪਰ ਪੁੱਤਰਾ, ਜ਼ਿੰਦਗੀ ਜਮ੍ਹਾਂ ਜ਼ਰਬ ਦੇ ਫਾਰਮੂਲੇ ਨਾਲ ਨਹੀਂ ਸਮਝੀ ਜਾ ਸਕਦੀ...ਇਹਦੇ 'ਚ ਬਹੁਤ ਬੇਤਰਤੀਬੀ ਹੈ...ਬੰਦਾ ਜ਼ਿੰਦਗੀ ਕੋਲੋਂ ਜਿੰਨੀ ਸੁਰੱਖਿਆ ਚਾਹੁੰਦਾ ਹੈ, ਇਹ ਓਨੀ ਹੀ ਡਰਾਉਣੀ ਲੱਗਦੀ ਹੈ।"
"ਸਿੰਘ ਸਾਹਿਬ! ਇਹ ਤੁਹਾਡਾ ਫਲਸਫਾ ਹੋ ਸਕਦਾ, ਮੇਰਾ ਨਹੀਂ... ਜੇ ਮੈਂ ਇਹੋ ਜਿਹੇ ਫਲਸਫੇ ਨਾਲ ਜੁੜਿਆ ਰਹਿੰਦਾ ਤਾਂ ਤਰੱਕੀ ਨਾ ਕਰ ਪਾਉਂਦਾ...ਇਹ ਮੇਰੀ ਹੁਸ਼ਿਆਰੀ ਹੈ ਕਿ ਦੋ ਸਾਲਾਂ 'ਚ ਵਧੀਆ ਘਰ ਤੇ ਸਟੋਰ ਦਾ ਮਾਲਿਕ ਹਾਂ...।"
"ਏਥੇ ਤੂੰ ਗਲਤ ਹੈਂ, ਤੂੰ ਆਪਣੀ ਚਲਾਕੀ ਨੂੰ ਆਪਣੀ ਹੁਸ਼ਿਆਰੀ ਸਮਝ ਰਿਹਾ ਹੈਂ ਤੇ ਨਾਲੇ ਦੱਸ ਉਹ ਘਰ...ਤੇਰਾ ਕਿਵੇਂ ਹੋਇਆ ਜਿਸ ਘਰ ਦੀ ਨੇਮ ਪਲੇਟ 'ਤੇ 'ਬਾਜਵਾ ਵਿਲਾ' ਨਹੀਂ 'ਮਿਗਲਾਨੀ ਵਿਲਾ' ਲਿਖਿਆ ਹੋਇਐ।"
ਅੰਮ੍ਰਿਤ ਨੂੰ ਲੱਗਾ ਜਿਵੇਂ ਦਿਨ ਦਿਹਾੜੇ ਉਹਦੇ ਪਿਉ ਨੇ ਉਹਦੀ ਚੋਰੀ ਫੜ ਲਈ ਹੋਵੇ ਪਰ ਫੇਰ ਵੀ ਥੋੜਾ ਜਿਹਾ ਛਿੱਥਾ ਪੈ ਕੇ ਕਹਿਣ ਲੱਗਾ, "ਪੂਰੇ ਚਾਰ ਲੱਖ ਪੌਂਡ ਦਿੱਤੇ ਮੇਰੇ ਸਹੁਰਿਆਂ...ਤੇ ਜੇ 'ਮਿਗਲਾਨੀ ਵਿਲਾ' ਲਿਖ ਦਿੱਤਾ ਤਾਂ ਕੀ ਆਖਰ ਆ ਗਈ।"
"ਉਇ ਤਾਂ ਫਿਰ ਇੰਜ ਕਹਿ ਨਾ ਚਾਰ ਲੱਖ ਪੌਂਡ ਦਾ ਪਟਾ ਪਾਇਆ... ਤੇਰੇ ਗਲ ਸਹੁਰਿਆਂ...ਤੇ ਤੂੰ ਉਨ੍ਹਾਂ ਦਾ ਪਾਲਤੂ ਜਵਾਈ ਬਣ ਗਿਆਂ।" ਥੋੜਾ ਤਲਖ਼ ਹੁੰਦਿਆਂ ਬਖਤਾਵਰ ਨੇ ਕਿਹਾ।
"ਤੁਸੀਂ ਜੋ ਸਮਝਣਾ ਸਮਝੋ...ਆਈ ਐਮ ਹੈਪੀ ਵਿਦ ਮਾਈ ਫੈਮਿਲੀ।" ਪੁੱਤ ਨੇ ਵਲੈਤੋਂ ਸਿੱਖੇ ਅੰਗਰੇਜ਼ੀ ਦੇ ਸ਼ਬਦ ਪਿਉ ਸਾਹਮਣੇ ਗਲੱਛ ਦਿੱਤੇ।
"ਮੈਨੂੰ ਦੱਸ ਦੇ ਪੁੱਤਰ, ਤੇਰੀ ਫੈਮਿਲੀ 'ਚ ਅਸੀਂ ਵੀ ਹੈਗੇ ਆਂ ਜਾਂ ਨਹੀਂ।" ਥੋੜੀ ਸ਼ੰਕਾ ਜਿਹੀ 'ਚ ਬਾਜਵਾ ਬੋਲਿਆ। ਪੁੱਤ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਉਹਦੀਆਂ ਝੁਕੀਆਂ ਅੱਖਾਂ ਸਭ ਕੁਝ ਕਹਿ ਗਈਆਂ।
"ਨਿਰਮੋਹੀ ਧਰਤ ਦੇ ਵੱਸ ਪੈ, ਤੂੰ ਨਿਰਮੋਹਾ ਹੋ ਗਿਆਂ ਪੁੱਤਰਾ...।" ਪਿਓ ਨੇ ਵਲੈਤੀ ਪੁੱਤ ਨੂੰ ਨਿਹੋਰਾ ਮਾਰਿਆ। "ਤੇ ਤੁਹਾਡੀ ਇਹ ਧਰਤੀ ਬੜੀ ਮੋਹਵੰਤੀ ਹੈ...ਇਥੇ ਲੋਕ ਗਰਜਾਂ ਕਰਕੇ ਇਕ ਦੂਸਰੇ ਦਾ ਆਸਰਾ ਬਣਦੇ ਹਨ ਤੇ ਤੁਸੀਂ ਇਸ ਨੂੰ ਮੋਹ ਸਮਝਣ ਲੱਗ ਪੈਂਦੇ ਹੋ।" ਵਲੈਤੀ ਕਲਚਰ ਪੁੱਤ ਦੇ ਸਿਰ ਚੜ੍ਹ ਬੋਲਿਆ।
"ਪਰ ਅੰਮ੍ਰਿਤ ਕੱਲਾ ਤਾਂ ਕੋਈ ਵੀ ਵੱਡਾ ਨਹੀਂ ਹੁੰਦਾ...ਬੰਦੇ ਨੂੰ ਕੋਈ ਤਾਂ ਅਜਿਹਾ ਮੋਢਾ ਚਾਹੀਦਾ ਜਿਹਦੇ 'ਤੇ ਸਿਰ ਰੱਖ ਉਹ ਰੋ ਸਕੇ...ਹੱਸ ਸਕੇ।"
"ਮਿਸਟਰ ਸਿੰਘ, ਜੀਹਦੇ ਕੋਲ ਪੈਸਾ ਹੋਵੇ, ਉਹਨੂੰ ਝੂਠੇ ਮੋਢਿਆਂ ਦੀ ਲੋੜ ਨਹੀਂ ਹੁੰਦੀ।" ਲੈਪ ਟਾਪ 'ਤੇ ਸੈਲਰੀ ਸਟੇਟਮੈਂਟ ਚੈਕ ਕਰਦਿਆਂ ਪੁੱਤ ਬੋਲਿਆ।
"ਫਿਰ ਤਾਂ ਪੁੱਤਰਾ ਤੈਨੂੰ ਸਾਡੀ ਵੀ ਲੋੜ ਨਹੀਂ ਹੋਣੀ...ਕਦੇ ਮਾਂ ਬਾਪ ਬਾਰੇ ਸੋਚਿਆ...ਉਹ ਕੱਲੇ ਏਡੇ ਵੱਡੇ ਘਰ 'ਚ ਕਿਵੇਂ ਦਿਨ ਕਟੀ ਕਰਦੇ ਆ...।" ਨਿਆਸਰਾ ਜਿਹਾ ਬਣ ਬਾਜਵੇ ਨੇ ਸਵਾਲ ਕੀਤਾ।
"ਤੁਸੀਂ ਅਜੇ ਚੰਗੇ ਭਲੇ ਹੋ...ਜਦ ਲੋੜ ਹੋਈ...ਤੁਹਾਨੂੰ ਏਥੇ ਸਰਵੈਂਟ ਅਰੇਂਜ ਕਰਕੇ ਦੇਣਾ...ਵਧੇਰੇ ਇਕਨਾਮਕ ਹੈ।" ਇਕਨਾਮਿਕਸ ਪੜ੍ਹਿਆ ਪੁੱਤ, ਹਰ ਰਿਸ਼ਤੇ ਵਿਚੋਂ ਆਪਣੇ ਮਤਲਬ ਦੀ ਇਕਾਨਮੀ ਲੱਭਣ ਲੱਗ ਪਿਆ ਸੀ।
ਬਖਤਾਵਰ ਸਿੰਘ ਬਾਜਵਾ ਦੇ ਅੰਦਰੋਂ ਕੁਝ ਕੜੱਕ ਕਰਕੇ ਟੁੱਟਾ ਪਰ ਫਿਰ ਵੀ ਉਹ ਹਿਸਾਬੀ-ਕਿਤਾਬੀ ਹੋਏ ਪੁੱਤ ਦੀ ਹੱਦ ਵੇਖਣੀ ਚਾਹੁੰਦਾ ਸੀ...ਢੀਠ ਜਿਹਾ ਬਣਦਿਆਂ ਉਸ ਕਿਹਾ, "ਨਾ ਮੈਨੂੰ ਦੱਸ, ਤੇਰਾ 'ਮਿਗਲਾਨੀ ਵਿਲਾ' ਸਾਨੂੰ ਬੁੱਢੇ-ਬੁੱਢੀ ਨੂੰ ਇਕ ਕਮਰਾ ਨਹੀਂ ਦੇ ਸਕਦਾ।"
"ਇਟਜ਼ ਇੰਪੋਸੀਬਲ਼..ਤੁਹਾਡੀ ਵਲੈਤਣ ਨੂੰਹ ਨੂੰ ਇਹ ਗੱਲ ਪਸੰਦ ਨਹੀਂ ਕਿ ਕੋਈ ਤੀਜਾ ਬੰਦਾ ਉਨ੍ਹਾਂ ਦੀ ਫੈਮਿਲੀ ਲਾਈਫ 'ਚ ਦਖਲ-ਅੰਦਾਜ਼ੀ ਕਰੇ।" ਗੱਲ ਕਹਿਣ ਤੋਂ ਬਾਅਦ ਅੰਮ੍ਰਿਤ ਚੁੱਪ ਹੋ ਗਿਆ ਸੀ।
ਤੇ ਸ਼ਾਇਦ ਬਖਤਾਵਰ ਲਈ ਕਹਿਣ-ਸੁਣਨ ਨੂੰ ਹੁਣ ਕੁਝ ਨਹੀਂ ਰਹਿ ਗਿਆ ਸੀ। ਪੁੱਤ ਦੀਆਂ ਕਹੀਆਂ ਸੁਣੀਆਂ ਨੇ ਉਹਨੂੰ ਹਰ ਭਰਮ ਤੋਂ ਮੁਕਤ ਕਰ ਦਿੱਤਾ ਸੀ। ਉਹ ਸਿੱਧਾ ਆਪਣੇ ਕਮਰੇ ਵਿਚ ਗਿਆ, ਆਪਣੀ ਤ੍ਰੀਮਤ ਲਾਗੇ ਬੈਠ ਉਹ ਆਪਣਾ ਮਨ ਹੌਲਾ ਕਰਨਾ ਚਾਹੁੰਦਾ ਸੀ। ਡੂੰਘਾ ਸਾਹ ਲੈ ਕੇ ਉਸ ਕਿਹਾ, "ਭਾਗਵਾਨੇ! ਮੇਰੀ ਬੇਬੇ ਇਕ ਗੀਤ ਗਾਉਂਦੀ ਹੁੰਦੀ ਸੀ...ਅੱਜ ਤੂੰ ਮੈਨੂੰ ਉਹ ਗੀਤ ਗਾ ਕੇ ਸੁਣਾ...। ਉਸਦੀ ਬੀਵੀ ਨੂੰ ਪਤਾ ਸੀ ਹੁਣ ਇਹ ਗੀਤ ਬੇਮਾਇਨੇ ਸੀ...ਪਰ ਫੇਰ ਵੀ ਮਨ ਦੀ ਤਸੱਲੀ ਲਈ ਉਸ ਗੀਤ ਛੋਹ ਲਿਆ ਸੀ।
"ਵੇ ਵਧਾਇਆ ਸੱਜਣਾ, ਵੇ ਸੁਹਾਇਆ ਸੱਜਣਾ
ਇਹ ਘਰ ਕਿੰਨੀ ਗੁਣੀ ਬਣਦੇ, ਜੰਮਣ ਪੁੱਤ ਸਪੁੱਤਰੇ
ਆਵਣ ਨੂੰਹਾਂ ਸੁਲੱਖਣੀਆਂ,
ਇਹ ਘ...ਰ ਏ...ਨੀ ਗੁ...ਣੀ ਬ...ਣ...ਦੇ।"
ਆਖ਼ਰੀ ਸਤਰ ਬੋਲਦਿਆਂ ਉਹਦਾ ਗਚ ਭਰ ਆਇਆ ਸੀ। ਰੋਣਹਾਕੀ ਹੋਈ ਕਹਿਣ ਲੱਗੀ, "ਇਸ ਗੀਤ ਨੂੰ ਤਾਂ ਕਦੋਂ ਦੀ ਕਾਂਗਿਆਰੀ ਪੈ ਗਈ ਸਰਦਾਰਾ...। ਤੂੰ ਜੀਅ ਛੋਟਾ ਨਾ ਕਰ...ਆਪਣੇ ਕੋਲ ਪੋਤਾ ਹੈਗਾ... ਬਾਜਵਾ ਖਾਨਦਾਨ ਦਾ ਅਗਲਾ ਵਾਰਸ।" ਪਰ ਇਹ ਧਰਵਾਸਾ ਵੀ ਥੋੜ ਚਿਰਾ ਸੀ...ਪਲੰਘ 'ਤੇ ਪਿਆ ਪਾਸਪੋਰਟ ਇਕ ਦਿਨ ਇਹ ਚੁਗਲੀ ਕਰ ਗਿਆ ਸੀ ਕਿ ਪੋਤਰੇ ਦੇ ਨਾਂ ਪਿਛੇ ਵੀ 'ਬਾਜਵਾ' ਨਹੀਂ 'ਮਿਗਲਾਨੀ' ਲੱਗਦਾ ਸੀ।
ਇਸ ਤੋਂ ਬਾਅਦ ਉਹ ਗੁੰਮ-ਸੁੰਮ ਰਹਿਣ ਲੱਗ ਪਿਆ ਸੀ। ਉਹਨੂੰ ਲੱਗਾ ਜਿਵੇਂ ਉਹਦਾ ਆਪਣੇ ਭੋਇੰ ਭਾਂਡੇ ਤੋਂ ਵੀ ਨਾਂ ਖਤਮ ਹੋਣ ਲੱਗਾ ਹੋਵੇ। ਬੇਬਸੀ ਦੇ ਇਸ ਆਲਮ ਵਿਚ ਉਹ ਪਰਮ ਕੋਲ ਜਾਣਾ ਚਾਹੁੰਦਾ ਸੀ। ਫਿਰ ਸੋਚਦਾ ਉਹਨੂੰ ਜਾ ਕੇ ਕੀ ਦੱਸਾਂ। ਆਪਣੇ ਚਿੱਤ ਨੂੰ ਰਾਜੀ ਕਰਨ ਲਈ ਉਹ 'ਵਿਹੜੇ' ਚਲਾ ਜਾਂਦਾ...। ਜਦ ਕੋਈ ਵਿਹੜੇ ਵਾਲਿਆਂ ਦੀ ਨੂੰਹ ਧੀ ਉਸਦੇ ਪੈਰੀਂ ਹੱਥ ਲਾਉਂਦੀ ਤਾਂ ਉਹ ਗਦਗਦ ਹੋ ਉਠਦਾ... ਤੇ ਇਕ ਦਿਨ ਉਹ ਸੁਰਖਰੂ ਹੋਣ ਲਈ 'ਕੇਹਰੂ ਸਾਂਸੀ' ਕੋਲ ਬੰਸਾਵਲੀ ਸੁਣਨ ਬਹਿ ਗਿਆ ਸੀ।
ਅਰਮਾਨ ਬਾਜਵਾ ਪੁੱਤਰ ਅੰਮ੍ਰਿਤ ਸਿੰਘ ਬਾਜਵਾ
ਸਿੰਘਾਣੀਆਂ
ਅੰਮ੍ਰਿਤ ਬਾਜਵਾ ਪੁੱਤਰ ਬਖਤਾਵਰ ਸਿੰਘ ਬਾਜਵਾ
ਸਿੰਘਾਣੀਆਂ
ਬਖਤਾਵਰ ਬਾਜਵਾ, ਪੁੱਤਰ ਗੁਰਦਿੱਤ ਸਿੰਘ ਬਾਜਵਾ
ਸਿੰਘਾਣੀਆਂ
ਆਪਣੇ ਪੁੱਤ ਤੇ ਪੋਤਰੇ ਦੇ ਪਿੱਛੇ ਬਾਜਵਾ ਲੱਗਾ ਵੇਖ ਉਹਨੂੰ ਤਸੱਲੀ ਹੁੰਦੀ ਤੇ ਫਿਰ ਕੇਹਰੂ ਕੋਲ ਜਾਣਾ ਉਹਦਾ ਨਿਤਨੇਮ ਬਣ ਗਿਆ ਸੀ। ਵਾਰ-ਵਾਰ ਬੰਸਾਵਲੀ ਸੁਣ ਉਹਨੂੰ ਸੁਆਦ ਆਉਂਦਾ। ਉਹਨੂੰ ਲਗਦਾ ਪਿੰਡ ਦੇ ਵਹੀ-ਖਾਤੇ 'ਚ ਉਹਦਾ ਅਜੇ ਵੀ ਅੱਗਾ-ਪਿੱਛਾ ਕਾਇਮ ਸੀ। ਅਜਿਹੇ ਵੇਲੇ ਉਹ ਆਪਣੀ ਮੁੱਛ ਨੂੰ ਮਰੋੜਾ ਦੇ ਕੇ ਕਹਿੰਦਾ, "ਨਹੀਂ ਪਰਵਾਹ ਕਿਸੇ ਦੀ ਜੱਟ ਨੂੰ।" ਪਰ ਕੁਝ ਦਿਨਾਂ ਬਾਅਦ ਹੀ ਉਹ ਇਸ ਸਭ ਕਾਸੇ ਤੋਂ ਉਕਤਾ ਗਿਆ। ਜਦ ਉਸ ਦੀਆਂ ਅੱਖਾਂ ਸਾਹਮਣੇ 'ਮਿਗਲਾਨੀ ਵਿਲਾ' ਵਾਲੀ ਨੇਮ ਪਲੇਟ ਤੇ ਪੋਤੇ ਦਾ ਪਾਸਪੋਰਟ ਘੁੰਮਣ ਲੱਗਦਾ ਤਾਂ ਉਹ ਬੌਂਦਲ ਜਾਂਦਾ। ਅਜਿਹੇ ਵੇਲੇ ਉਸਦੀ ਉਦਾਸੀ ਝੱਲੀ ਨਾ ਜਾਂਦੀ। ਫਿਰ ਉਹਨੂੰ ਕੇਹਰੂ ਦੀ ਰਲਦਗਲਦ ਹੋਈ 'ਬੰਸਾਵਲੀ' 'ਵਲੈਤੀ ਪਾਸਪੋਰਟ' ਦੇ ਮੁਕਾਬਲੇ ਹੀਣੀ ਜਾਪਦੀ।
+++
ਉਹ ਕਈ ਦਿਨ ਆਪਣੇ ਆਪ ਨਾਲ ਘੁਲਦਾ ਰਿਹਾ ਸੀ। ਉਹ ਆਪੇ ਤੋਂ ਹੀ ਹਾਰ ਗਿਆ ਸੀ।...ਤੇ ਫਿਰ ਇਕ ਦਿਨ ਆਪਣੇ ਮਨ ਦੀ ਟੁੱਟ-ਭੱਜ ਸਮੇਤ ਪਰਮ ਕੋਲ ਜਾ ਪਹੁੰਚਿਆ। ਘਰ ਦੇ ਬਰਾਂਡੇ 'ਚ ਬੈਠੇ ਪਰਮ ਨੇ ਸਰਸਰੀ ਜਿਹਾ ਪੁੱਛਿਆ, "ਕੀ ਹਾਲ ਆ ਮਿੱਤਰਾ।"
"ਬਸ ਦਿਲ ਹੀ ਉਦਾਸ ਆ...।" ਹਿਰਖੇ ਜਿਹੇ ਮਨ ਨਾਲ ਬਖਤਾਵਰ ਨੇ ਜਵਾਬ ਦਿੱਤਾ।
ਪਰਮ ਨੇ ਆਪਣੇ ਯਾਰ ਦੇ ਚਿਹਰੇ 'ਤੇ ਪਏ ਉਦਾਸੀ ਦੇ ਨਕਸ਼ ਪਹਿਚਾਣ ਲਏ ਸਨ। "ਦਿਲ ਉਦਾਸ ਹੈ ਤਾਂ ਖੁਸ਼ ਕਰ ਦਿੰਦੇ ਆਂ।" ਥੋੜ੍ਹਾ ਛੇੜਨ ਦੇ ਲਹਿਜੇ 'ਚ ਪਰਮ ਬੋਲਿਆ। ਉਹ ਬਖਤਾਵਰ ਨੂੰ ਪਿਛਲੇ ਕਮਰੇ ਵਿਚ ਲੈ ਗਿਆ। ਪੈਗ ਬਣਾਉਂਦਿਆਂ ਪਰਮ ਨੇ ਕਿਹਾ, "ਖੱਬੀ ਖਾਨ ਜੱਟ ਬਖਤਾਵਰ ਸਿੰਘ ਬਾਜਵਾ ਤਾਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ, ਹੁਣ ਕੀ ਹੋ ਗਿਆ।"
ਪਰਮ ਕੋਲੋਂ ਪੈਗ ਫੜਦਿਆਂ ਥੋੜਾ ਸਹਿਜ ਹੁੰਦਾ ਬਖਤਾਵਰ ਬੋਲਿਆ, "ਘਰਾਂ ਦੀ ਬਰਕਤ ਤਾਂ ਘਰਾਂ ਦੇ ਵਾਰਿਸਾਂ ਨਾਲ ਹੁੰਦੀ ਆ ਪਰ ਇਨ੍ਹਾਂ ਦੇ ਆਉਣ ਨਾਲ ਘਰ ਦੀ ਹਵਾ ਏਨੀ ਕੁਰੱਖਤ ਹੋ ਜਾਂਦੀ ਆ ਕਿ ਸਾਹ ਲੈਣਾ ਮੁਸ਼ਕਿਲ ਹੋ ਜਾਂਦੈ।" ਥੋੜੀ ਉਤਸੁਕਤਾ ਜਿਹੀ 'ਚ ਪਰਮ ਨੇ ਬਖਤਾਵਰ ਨੂੰ ਪੁੱਛਿਆ, "ਕੀ ਫੇਰ ਕੋਈ ਗੱਲ ਹੋਈ ਆ ਅੰਮ੍ਰਿਤ ਨਾਲ।"
"ਬਸ ਯਾਰ! ਸਮਝ ਲਾ ਜਿਹੜੇ ਥੋੜੇ ਬਹੁਤ ਭਰਮ ਲੈ ਕੇ ਜੀਅ ਰਿਹਾ ਸੀ...ਉਹ ਵੀ ਮੁੱਕ ਗਏ...ਸਭ ਖਤਮ ਹੋ ਗਿਆ।"
ਬਖਤਾਵਰ ਦਾ ਹੱਥ ਪਲੋਸਦਿਆਂ ਪਰਮ ਕਹਿਣ ਲੱਗਾ, "ਹਰ ਭਰਮ ਤੋਂ ਮੁਕਤ ਹੋਇਆ ਬੰਦਾ ਸੁਰਖਰੂ ਹੋ ਜਾਂਦੈ।"
"ਨਹੀਂ ਪਰਮ...ਰਿਸ਼ਤਿਆਂ ਦੇ ਨਾਲ ਨਿਭਣ ਲਈ ਥੋੜੇ ਬਹੁਤ ਭਰਮ ਬਣੇ ਰਹਿਣੇ ਚਾਹੀਦੇ ਆ...।"
"ਵੇਖ ਬਾਜਵਾ...ਐਵੇਂ ਉਦਾਸ ਨਾ ਹੋਇਆ ਕਰ, ਜੋ ਹੈ ਉਸੇ ਵਿਚੋਂ ਆਪਣੀ ਖੁਸ਼ੀ ਲੱਭ।"
"ਓ ਨਹੀਂ ਭਾਊ...ਇਹ ਚੰਦਰਾ ਦਿਲ ਨਹੀਂ ਮੰਨਦਾ...ਅਜੇ ਵੀ ਦਿਲ ਕਰਦਾ...ਜਦੋਂ ਘਰ ਜਾਵਾਂ ਨੂੰਹ ਸਿਰ 'ਤੇ ਲੀੜਾ ਲਵੇ...ਪੋਤਾ ਮੇਰੀਆਂ ਲੱਤਾਂ ਨੂੰ ਚੰਬੜੇ...ਪੁੱਤ ਹੰਮੇ ਦਾਅਵੇ ਨਾਲ ਕੁਝ ਮੈਨੂੰ ਪੁੱਛੇ ਤੇ ਕੁਝ ਆਪਣੀ ਦੱਸੇ...।" ਆਪਣੀ ਗੱਲ ਮੁਕਾਉਣ ਤੋਂ ਬਾਅਦ ਬਖਤਾਵਰ ਨੇ ਮੇਜ਼ 'ਤੇ ਪਏ ਪੈਗ ਨੂੰ ਇਕੋ ਡੀਕ ਨਾਲ ਆਪਣੇ ਅੰਦਰ ਲੱਦ ਲਿਆ।
ਪਰਮ ਚੁੱਪ ਰਿਹਾ ਤੇ ਮਨ ਹੀ ਮਨ ਸੋਚ ਰਿਹਾ ਸੀ...ਬੰਦੇ ਨੂੰ ਸਾਹ ਲੈਣ ਲਈ ਆਕਸੀਜਨ ਦੀ ਹੀ ਨਹੀਂ, ਹੋਰ ਵੀ ਬਹੁਤ ਕਾਸੇ ਦੀ ਲੋੜ ਹੁੰਦੀ ਆ...।
"ਪਰਮ! ਬੰਦਾ ਆਪਣੀ ਜ਼ਿੰਦਗੀ ਰਾਹੀਂ ਆਪਣੇ ਪੁਰਖੇ ਵੀ ਜਿਊਂਦਾ ਹੈ ਪਰ ਮੇਰੇ ਪੁੱਤ ਨੇ ਮੈਨੂੰ ਜੀਊਂਦੇ ਜੀਅ ਮਰਿਆਂ ਬਰਾਬਰ ਕਰ'ਤਾ।"
"ਓ ਯਾਰ! ਕੁਝ ਦੱਸ ਵੀ ਸਹੀ...ਸਿਆਣੇ ਕਹਿੰਦੇ ਆ...ਪੁੱਤ ਕਪੁੱਤ ਹੋ ਜਾਂਦੇ ਆ...ਪਰ ਮਾਪੇ ਕੁਮਾਪੇ ਨਹੀਂ ਹੁੰਦੇ।"
"ਪਰਮ! ਪੁੱਤ ਕਪੁੱਤ ਹੋਏ ਵੀ ਸਹਿ ਲਈਦੈ...ਪਰ ਪੁੱਤ ਜਾਤੋਂ ਕੁਜਾਤ ਹੋ ਜੇ...ਇਹ ਝੱਲ ਨਹੀਂ ਹੁੰਦੇ...।"
"ਇਹ ਤੂੰ ਕੀ ਕਹਿ ਰਿਹਾਂ ਬਖਤੌਰੇ।"
"ਵੇਖ ਯਾਰ! ਪੁੱਤ ਨੇ ਜਦ ਜਾਤੋਂ ਬਾਹਰਾ ਵਿਆਹ ਕਰਵਾਇਆ ਸੀ ਤਾਂ ਸੋਚਿਆ ਸੀ-ਕੋਈ ਨਾ...ਜੱਟ ਦੇ ਘਰ ਜਿਹੜੀ ਆਊ, ਉਹਨੇ ਜੱਟੀ ਬਣ ਜਾਣਾ...ਪਰ ਇਹ ਤਾਂ ਸਾਲੀ ਕਹਾਣੀ ਹੋਰ ਦੀ ਹੋਰ ਹੋ ਗਈ...ਬੰਦਾ ਬੁੱਢੀ ਬਣ ਗਿਆ...।" ਆਪਣੇ ਮਨ ਦੀ ਭੜਾਸ ਕੱਢਦਿਆਂ ਬਖਤਾਵਰ ਬੋਲਿਆ। ਥੋੜੀ ਜਿਹੀ ਖਿਝ 'ਚ ਪਰਮ ਨੇ ਕਿਹਾ, "ਕੋਈ ਗੱਲ ਤਾਂ ਦੱਸ਼..ਐਵੇਂ ਜ਼ਨਾਨੀਆਂ ਵਾਂਗੂੰ ਨਿੱਕੀ-ਨਿੱਕੀ ਗੱਲ 'ਤੇ ਰੋਣ ਬਹਿ ਜਾਂਨੈ।"
"ਓਇ ਮੇਰੇ ਯਾਰਾ ਕੀ ਦੱਸਾਂ ਤੇ ਕੀ ਨਾ ਦੱਸਾਂ।"
"ਜੋ ਤੇਰੇ ਦਿਲ 'ਚ ਹੈ, ਮੈਨੂੰ ਸਭ ਦੱਸ।" ਪਰਮ ਨੇ ਮੋੜਵਾਂ ਜਵਾਬ ਦਿੱਤਾ।
"ਪਰਮ! ਤੂੰ ਕੁਝ ਨਹੀਂ ਜਾਣਦਾ...ਤੂੰ ਕੁਝ ਨਹੀਂ ਸਮਝਦਾ।" ਮੇਜ਼ 'ਤੇ ਪਈ ਬੋਤਲ ਨੂੰ ਥੱਲੇ ਰੱਖਦਿਆਂ ਬਖਤਾਵਰ ਨੇ ਕਿਹਾ।
"ਚੱਲ ਨਹੀਂ ਕੁਝ ਦੱਸਣਾ ਤੇ ਨਾ ਦੱਸ।" ਥੋੜੀ ਬੇਰੁਖੀ 'ਚ ਪਰਮ ਬੋਲਿਆ।
"ਓ ਮੇਰੇ ਯਾਰਾ! ਐਵੇਂ ਮੇਰੇ ਨਾਲ ਤੱਤਾ ਠੰਡਾ ਨਾ ਹੋ। ਤੇਰੇ ਬਾਝੋਂ ਮੇਰਾ ਏਥੇ ਕੌਣ ਆ।" ਉਦਾਸੀ 'ਚ ਗੋਤੇ ਲਾਉਂਦਿਆਂ ਬਖਤਾਵਰ ਨੇ ਕਿਹਾ।
ਪਰਮ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਪਰ ਉਹ ਧੁਰ ਤਕ ਤਿੜਕੇ ਯਾਰ ਨੂੰ ਸੰਭਾਲ ਲੈਣਾ ਚਾਹੁੰਦਾ ਸੀ। ਬਖਤਾਵਰ ਦੇ ਮਨ 'ਚ ਨੱਪੀ ਪੀੜ ਨੂੰ ਜ਼ੀਰ ਲੈਣਾ ਚਾਹੁੰਦਾ ਸੀ ਤੇ ਇਸ ਲਈ ਉਹ ਬੜੇ ਠਰੰ੍ਹਮੇ ਨਾਲ ਬਖਤਾਵਰ ਦੇ ਲਾਗੇ ਹੋ ਕੇ ਬੈਠ ਗਿਆ। ਬਖਤਾਵਰ ਆਪਣਾ ਸਿਰ ਪਰਮ ਦੇ ਮੋਢਿਆਂ 'ਤੇ ਰੱਖਦਿਆਂ ਬੋਲਿਆ, "ਚੰਗਾ ਸੁਣ, ਮੇਰੇ ਪੋਤੇ ਦੇ ਨਾਂ ਪਿੱਛੇ 'ਬਾਜਵਾ' ਨਹੀਂ, ਮਿਗਲਾਨੀ ਲੱਗਦਾ ਹੈ।"
ਬਖਤਾਵਰ ਦੀ ਗੱਲ ਸੁਣ ਕੇ ਪਰਮ ਹੱਕਾ-ਬੱਕਾ ਰਹਿ ਗਿਆ ਸੀ। ਹੁਣ ਉਹਦੇ ਕੋਲ ਕੋਈ ਅਜਿਹੇ ਸ਼ਬਦ ਨਹੀਂ ਸਨ ਜੋ ਬਖਤਾਵਰ ਨੂੰ ਧਰਵਾਸਾ ਦੇ ਸਕਣ ਪਰ ਫੇਰ ਵੀ ਬਖਤਾਵਰ ਨੂੰ ਤਸੱਲੀ ਦੇਣ ਲਈ ਕਹਿਣ ਲੱਗਾ- "ਚੱਲ ਕੋਈ ਨਾ ਬਖਤੌਰੇ, ਸਭ ਮਿੱਟੀ ਹੋ ਜਾਣਾ।"
"ਪਰ ਪਰਮ! ਮਿੱਟੀ ਵੀ ਆਪਣੀ ਜਾਤ ਤੋਂ ਮੁਨਕਰ ਨਹੀਂ ਹੁੰਦੀ।" ਪਰਮ ਕੋਲ ਬਖਤਾਵਰ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਹੋਇਆ। ਆਖਰੀ ਹਾੜਾ ਚੁੱਕਦਿਆਂ ਬਖਤਾਵਰ ਆਪਾ ਖੋ ਬੈਠਾ ਸੀ- "ਓ ਲੋਕੋ, ਮੈਂ ਬਖਤਾਵਰ ਸਿੰਘ ਬਾਜਵਾ...ਮੇਰਾ ਕੋਈ ਨਹੀਂ...ਅਖੇ 'ਪੁੱਤੀ ਗੰਢੁ ਪਵੈ ਸੰਸਾਰ'...ਪਰ ਇਹ ਕੇਹੀ ਗੰਢ ਸੀ ਜੀਹਨੇ ਸਾਲਮ ਸਬੂਤੇ ਬਖਤਾਵਰ ਸਿੰਘ ਬਾਜਵਾ ਨੂੰ ਗੰਢ ਬਣਾ ਕੇ ਰੱਖ ਦਿੱਤਾ ਸੀ।"
"ਚੱਲ ਯਾਰ ਸਬਰ ਕਰ...ਸਭ ਠੀਕ ਹੋ ਜਾਣਾ।" ਪਰਮ ਨੇ ਝੂਠਾ ਜਿਹਾ ਧਰਵਾਸਾ ਦਿੰਦਿਆਂ ਕਿਹਾ।
"ਨਹੀਂ ਪਰਮ! ਅੱਜ ਮੈਂ ਜਈ ਦੀ ਤਈ ਕਰ ਦੇਣੀ...ਉਸ ਵਲੈਤੀ ਪੁੱਤ ਨਾਲ ਜਿਊਂਦੇ ਜੀਅ ਤੋੜ-ਵਿਛੋੜਾ ਕਰਕੇ ਦਿਖਾਊਂ।" ਸਿਰ ਤੋਂ ਪੈਰਾਂ ਤੀਕ ਗੁੱਸੇ 'ਚ ਗੜੁੱਚ ਉਹ ਆਪਣੇ ਘਰ ਪਹੁੰਚ ਗਿਆ। ਬਾਹਰ ਬੈਠੀ ਉਸਦੀ ਤੀਵੀਂ ਉਹਨੂੰ ਗੁੱਸੇ 'ਚ ਵੇਖ ਕੇ ਡਰ ਗਈ। ਉਹਨੂੰ ਪਤਾ ਸੀ.. ਉਹ ਜੋ ਪਿਉ-ਪੁੱਤ ਵਿਚਾਲੇ ਪੁਲ ਬਣ ਕੇ ਖਲੋਤੀ ਸੀ। ਅੱਜ ਉਹਦੇ ਹੱਥੋਂ ਕਹਾਣੀ ਖਿਸਕ ਜਾਣੀ ਸੀ...ਪਰ ਫੇਰ ਵੀ ਉਹ ਹੌਂਸਲੇ ਨਾਲ ਅਗੇ ਵਧੀ ਤੇ ਹੱਥ ਜੋੜ ਕੇ ਕਹਿਣ ਲੱਗੀ- "ਸਰਦਾਰਾ! ਆਂਦਰਾਂ ਨਾ ਕਲਪਾਈਂ ਮੇਰੀਆਂ...ਕੱਲ੍ਹ ਦੀ ਛੁੱਟੀ ਰਹਿ ਗਈ ਪਰਦੇਸੀ ਪੁੱਤ ਦੀ...ਇਹ ਜੱਗ ਜਿਊਂਦਿਆਂ ਦੇ ਮੇਲੇ...ਫੇਰ ਕੀ ਪਤਾ ਉਸ ਕਦ ਆਉਣਾ।" ਬਖਤਾਵਰ ਨੂੰ ਅੱਜ ਆਪਣੀ ਔਰਤ 'ਤੇ ਪਿਆਰ ਜਿਹਾ ਆਇਆ। ਹਮੇਸ਼ਾ ਡਰੂੰ-ਡਰੂੰ ਕਰਦੇ ਰਹਿਣ ਵਾਲੀ ਘਰੇਲੂ ਜਿਹੀ ਉਸਦੀ ਤੀਵੀਂ ਅੱਜ ਬਖਤਾਵਰ ਨੂੰ ਆਪਣੇ ਤੋਂ ਵਧੇਰੇ ਬਲਵਾਨ ਲੱਗੀ।
ਕੁਝ ਰੁਕ ਕੇ ਬਖਤਾਵਰ ਨੂੰ ਧਰਵਾਸਾ ਦਿੰਦਿਆਂ ਕਹਿਣ ਲੱਗੀ, "ਐਵੇਂ ਦਿਲ ਹੌਲਾ ਨਹੀਂ ਕਰੀਦਾ...ਬਾਕੀ ਰਹੀ ਗੱਲ ਨੂੰਹ-ਪੁੱਤ ਦੀ...ਉਨ੍ਹਾਂ 'ਤੇ ਕਾਹਦੇ ਹੰਮੇ ਦਾਅਵੇ...ਜਿਹੜੇ ਹੋ ਈ ਪਰਦੇਸੀ ਗਏ।" ਤੇ ਇਸ ਤੋਂ ਬਾਅਦ ਪਤਾ ਨਹੀਂ ਉਸਨੇ ਕਿਹੜੀ ਤੱਕਣੀ ਨਾਲ ਬਖਤਾਵਰ ਸਿੰਘ ਬਾਜਵਾ ਵਲ ਵੇਖਿਆ ਕਿ ਦੋਵਾਂ ਦੀ ਖੜ੍ਹਿਆ ਖਲੋਤਿਆਂ ਭੁੱਬ ਨਿਕਲ ਗਈ ਸੀ।
+++
ਬਖਤਾਵਰ ਪਰਮ ਦਾ ਹੱਥ ਫੜ ਡਰਾਇੰਗ ਰੂਮ 'ਚ ਚਲਾ ਗਿਆ। ਯਾਰਾਂ-ਦੋਸਤਾਂ ਦੀ ਢਾਣੀ 'ਚ ਬੈਠਾ ਅੰਮ੍ਰਿਤ ਆਪਣੀ ਤਰੱਕੀ ਬਾਰੇ ਦੱਸ ਰਿਹਾ ਸੀ। ਉਨ੍ਹਾਂ ਤੋਂ ਵਿਹਲਾ ਹੋ ਅੰਮ੍ਰਿਤ ਆਪਣੇ ਪਿਉ ਲਾਗੇ ਬੈਠ ਗਿਆ। ਬੜੀ ਹਲੀਮੀ ਨਾਲ ਬਖਤਾਵਰ ਨੂੰ ਲੱਗਾ ਜਿਵੇਂ ਉਹਦੀ ਤੀਵੀਂ ਨੇ ਲੀਰੋ ਲੀਰ ਹੋਏ ਰਿਸ਼ਤੇ ਦੀ ਤਰਪਾਈ ਕਰ ਦਿਤੀ ਹੋਵੇ।
"ਛੱਡ ਅੰਮ੍ਰਿਤ ਮੈਨੂੰ ਕੁਝ ਨਾ ਕਹਿ...ਹਾਂ...ਇਕ ਗੱਲ ਯਾਦ ਰੱਖੀਂ... ਤੂੰ ਜੁਗਾੜ ਜਿੰਨੇ ਮਰਜ਼ੀ ਫਿੱਟ ਕਰ...ਪਰ ਝੋਲੇ 'ਚ ਨੰਬਰ ਸੱਠ ਹੀ ਰਹਿੰਦੇ ਆ...।"
"ਡੈਡ! ਮੈਂ ਵੀ ਸਮਝਦਾਂ ਜ਼ਿੰਦਗੀ 'ਚ ਸੌ ਬਟਾ ਸੌ ਕਿਸੇ ਨੂੰ ਨਹੀਂ ਮਿਲਦੇ। ਫਿਰ ਵੀ ਮੈਂ ਬੇਗਾਨੀ ਧਰਤ 'ਤੇ ਜਾ ਕੇ ਸਭ ਕੁਝ ਅਚੀਵ ਕੀਤਾ। ਪਰ ਤੁਹਾਡੇ ਭਾਰਤ ਮਹਾਨ 'ਚ ਨਾ ਜਿੱਤ ਆਪਣੀ...ਨਾ ਹਾਰ ਆਪਣੀ।"
ਅੱਜ ਪਹਿਲੀ ਵਾਰ ਬਖਤਾਵਰ ਨੂੰ ਲੱਗਾ ਜਿਵੇਂ ਅੰਮ੍ਰਿਤ ਸੱਚ ਕਹਿ ਰਿਹਾ ਸੀ। ਪਰ ਅਗਲੇ ਹੀ ਪਲ 'ਮਿਗਲਾਨੀ ਵਿਲਾ' ਵਾਲੀ ਨੇਮ ਪਲੇਟ ਤੇ 'ਪੋਤੇ ਦਾ ਪਾਸਪੋਰਟ' ਉਹਦਾ ਮੂੰਹ ਚਿੜਾਉਣ ਲੱਗੇ। ਉਹ ਕਹਿਣਾ ਚਾਹੁੰਦਾ ਸੀ "ਘਰ ਤੇ ਸਟੋਰ ਦੀ ਮਾਲਕੀ ਹਾਸਿਲ ਕਰਨ ਲਈ ਉਸ ਬਹੁਤ ਵੱਡੀ ਰਕਮ ਤਾਰੀ ਸੀ।" ਪਰ ਉਸ ਦੜ ਵੱਟ ਲਈ ਸੀ।
ਅੰਮ੍ਰਿਤ ਦੀ ਆਵਾਜ਼ ਨੇ ਉਹਨੂੰ ਹਲੂਣਿਆ, "ਡੈਡ! ਰੀਲੈਕਸ ਹੋਵੋ, ਇਹ ਜ਼ਿੰਦਗੀ ਹੈ...ਇਕ ਥਾਂ ਖਲੋਤੇ ਪਾਣੀ ਗੰਧਲਾ ਜਾਂਦੇ ਨੇ...ਇਹਨੂੰ ਵਗਦੇ ਪਾਣੀ ਵਾਂਗ ਨਿੱਤ ਨਵੀਂ ਹੋਣਾ ਚਾਹੀਦਾ ਹੈ।"
"ਪਰ ਪੁੱਤਰਾ! ਤਬਦੀਲੀ ਵੀ ਜੇ ਸ਼ਾਂਤ ਵਗਦੇ ਪਾਣੀਆਂ ਵਾਂਗ ਆਵੇ ਤਾਂ ਸਹਿ ਲਈਦੀ ਹੈ...ਪਰ ਜੇ ਤਬਦੀਲੀ ਸੁਨਾਮੀ ਦੀ ਛੱਲ ਵਰਗੀ ਹੋਵੇ ਤਾਂ ਬੜਾ ਕੁਝ ਤਹਿਸ-ਨਹਿਸ ਕਰਦੀ ਆ।" ਪੁੱਤ ਚੁੱਪ ਰਿਹਾ ਤੇ ਬਖਤਾਵਰ ਸਿੰਘ ਬਾਜਵਾ ਆਪਣੇ ਘਰ ਦੀ ਸੁਨਾਮੀ ਤੋਂ ਬਚਣ ਲਈ ਪਰਮ ਨਾਲ ਬਾਹਰ ਨੂੰ ਹੋ ਤੁਰਿਆ। ਮਾਈਕਲ ਜੈਕਸਨ ਦੇ ਗਾਣੇ ਦੀ ਧੁਨ ਪੂਰੇ ਘਰ 'ਤੇ ਕਾਬਜ਼ ਹੋ ਗਈ ਸੀ...ਦਿਲ ਤਕੜਾ ਕਰ ਉਸ ਆਪਣੇ ਘਰ ਨੂੰ ਵੇਖਿਆ। ਆਪਣਾ ਹੀ ਘਰ ਉਸਨੂੰ ਓਪਰਾ ਜਿਹਾ ਲੱਗਾ। ਇਕ ਪਲ ਉਸਨੂੰ ਲੱਗਾ ਉਹਦੇ ਪੁੱਤ ਨੇ ਬੇਗਾਨੇ ਦੇਸ ਵਿਚ ਆਪਣੀ ਜੜ੍ਹ ਮਜਬੂਤ ਕਰ ਲਈ ਹੋਵੇ ਤੇ ਉਹ ਆਪਣੇ ਹੀ ਦੇਸ਼ ਅੰਦਰ ਜੜ੍ਹਹੀਣ ਹੋ ਗਿਆ ਹੋਵੇ।
ਬਖਤਾਵਰ ਪਰਮ ਦਾ ਮੋਢਾ ਫੜ ਨਿਆਸਰਾ ਜਿਹਾ ਬਣ ਕਹਿਣ ਲੱਗਾ, "ਪਰਮ ਮੈਨੂੰ ਆਪਣੇ ਘਰ ਲੈ ਚੱਲ।" ਉਸ ਤੋਂ ਬਾਅਦ ਉਹ ਦੋਵੇਂ ਪਰਮ ਦੇ ਘਰ ਵਲ ਨੂੰ ਹੋ ਤੁਰੇ ਸਨ ਪਰ ਪਰਮ ਦੇ ਘਰ ਦੀਆਂ ਬਰੂਹਾਂ ਟੱਪਦੇ ਬਖਤਾਵਰ ਦੇ ਪੈਰ ਮੁੜ ਪਿਛਾਂਹ ਹੋ ਗਏ। ਪਰਮ ਵਲ ਤਰਲੇ ਜਿਹੇ ਨਾਲ ਵੇਖਦਿਆਂ ਬਖਤਾਵਰ ਬੋਲਿਆ, "ਤੇਰੇ ਘਰ ਜਾ ਕੇ ਵੀ ਕੀ ਕਰਨਾ?"
ਉਸ ਪਲ ਬਖਤਾਵਰ ਦੀਆਂ ਅੱਖਾਂ ਵਿਚ ਨਮੀ ਤੈਰ ਆਈ ਸੀ ਤੇ ਪਰਮ ਨੇ ਉਸ ਨਮੀ ਨੂੰ ਆਪਣੀਆਂ ਅੱਖਾਂ ਰਾਹੀਂ ਪੂੰਝ ਲਿਆ ਸੀ।
ਦੂਰ ਕਿਤਿਓਂ ਆਵਾਜ਼ ਆ ਰਹੀ ਸੀ, "ਮਨੁ ਪ੍ਰਦੇਸੀ ਜੇ ਥੀਐ ਸਭੁ ਦੇਸ ਬੇਗਾਨਾ..." ਤੇ ਬਖਤਾਵਰ ਭਰੇ ਮਨ ਨਾਲ ਹੀ ਉਸ ਆਵਾਜ਼ ਵਲ ਨੂੰ ਹੋ ਤੁਰਿਆ।


ਪੰਜਾਬੀ ਕਹਾਣੀਆਂ (ਮੁੱਖ ਪੰਨਾ)