Sach Chhupia Nahin Rehnda (Punjabi Story) : Anton Chekhov

ਸੱਚ ਛੁਪਿਆ ਨਹੀਂ ਰਹਿੰਦਾ (ਕਹਾਣੀ) : ਐਂਤਨ ਚੈਖਵ

ਤਿੰਨ ਦੇਸੀ ਘੋੜਿਆਂ ਦੇ ਪਿੱਛੇ , ਬੇਹੱਦ ਸਾਵਧਾਨੀ ਵਰਤਦੇ ਹੋਏ ਆਪਣੀ ਸ਼ਿਨਾਖਤ ਮਹਫੂਜ ਰੱਖ , ਪੀਟਰ ਪਾਸੁਡਿਨ ਕਿਸੇ ਗੁੰਮਨਾਮ ਖਤ ਦੀ ਪੁਕਾਰ ਦੇ ਵਸ – ਲੁਕਵੀਆਂ ਗਲੀਆਂ ਰਾਹੀਂ ‘ਐੱਨ: ਪ੍ਰਾਂਤ’ ਦੇ ਛੋਟੇ ਜਿਹੇ ਆਂਚਲਿਕ ਨਗਰ ਦੇ ਵੱਲ – ਛਾਲੀਂ ਚਲਿਆ ਜਾ ਰਿਹਾ ਸੀ । “ਕਿੰਨਾ ਢਕਿਆ ਲੁਕਿਆ ; ਵਾਹ ; ਧੂੰਏਂ ਸਮਾਨ ਕਫੂਰ ਹੋ ਆਇਆ ਹਾਂ ਨਾ -” ਕੋਟ ਦੀ ਗਿਰੇਵਾਨ ਵਿੱਚ ਚਿਹਰਾ ਲਮਕਾਈਂ ਉਹ ਮਨ ਹੀ ਮਨ ਇਤਰਾਇਆ । ਆਪਣੀਆਂ ਬੇਹੂਦਾ ਸੜਯੰਤਰੀ ਯੋਜਨਾਵਾਂ ਦੀ ਕਾਮਯਾਬੀ ਦੇ ਬਾਅਦ , ਹੁਣ , ਇਸ ਖਿਆਲ – ਕਿ ਕਿੰਨੀ ਚਲਾਕੀ ਵਿਖਾ ਉਹਨਾਂ ਨੇ ਆਪਣੀਆਂ ਪੈੜਾਂ ਮਿਟਾ ਦਿੱਤੀਆਂ ਹਨ – ਨਾਲ ਬੇਹੱਦ ਖਿੜੇ ਹੋਏ ਉਹ ਨੀਚ ਅਸੱਭਿਆ ਇੱਕ ਦੂਜੇ ਦੀਆਂ ਪਿੱਠਾਂ ਥਾਪੜ ਰਹੇ ਹੋਣਗੇ – ਹਾ ! ਹਾ ! ਜੇਤੂ ਨਸ਼ੇ ਦੇ ਚਰਮ ਤੇ , ਇਹ ਸੁਣ ਕੇ – ‘ਲਿਆਪਕਿਨ ਤੀਆਪਕਿਨ ਨੂੰ ਮੇਰੇ ਕੋਲ ਲਿਆਓ’ ਉਨ੍ਹਾਂ ਦੇ ਚਿਹਰਿਆਂ ਦੀਆਂ ਉੜੀਆਂ ਹਵਾਈਆਂ ਅਤੇ ਸਿਰ ਤੇ ਮੰਡਰਾਉਂਦੇ ਸੰਤਾਪ ਨੂੰ ਮੈਂ ਸਾਫ਼ ਸਾਫ਼ ਵੇਖ ਰਿਹਾ ਹਾਂ । ਕਿੰਨਾ ਬਵਾਲ ਮੱਚਿਆ ਹੋਵੇਗਾ ਓਥੇ । ਹਾ ! ਹਾ ! ”
ਮਨ ਹੀ ਮਨ ਸੋਚਾਂ ਤੋਂ ਅੱਕਣ ਦੇ ਬਾਅਦ ਪਾਸੁਡਿਨ ਨੇ ਕੋਚਵਾਨ ਨੂੰ ਵਾਰਤਾਲਾਪ ਵਿੱਚ ਉਲਝਾਇਆ । ਪ੍ਰਸਿਧੀ ਦੇ ਲੋਭੀ ਹਰ ਆਦਮੀ ਵਾਂਗ ਉਸਨੇ ਸਰਵ ਪ੍ਰਥਮ ਆਪਣੇ ਹੀ ਸਬੰਧ ਵਿੱਚ ਪੁੱਛਿਆ :
“ਜਰਾ ਦੱਸੋ , ਤੁਸੀਂ ਜਾਣਦੇ ਹੋ ਪਾਸੁਡਿਨ ਕੌਣ ਹੈ ?”
“ਮੈਨੂੰ ਭਲਾ ਕਿਵੇਂ ਨਾ ਪਤਾ ਹੋਵੇ ? ” ਕੋਚਵਾਨ ਨੇ ਹਿੜਹਿੜਾਉਂਦਿਆਂ ਕਿਹਾ । “ਸਾਨੂੰ ਪਤੈ ਉਹ ਕੌਣ ਹੈ । ”
“ਹਸ ਕੀ ਰਹੇ ਹੋ ? ”
“ਕਿੰਨਾ ਅਜੀਬ ਹੈ ਇਹ ਸੋਚਣਾ ਕਿ ਪਾਸੁਡਿਨ ਕੌਣ ਹੈ , ਜਦੋਂ ਕਿ ਹਰ ਕੋਈ ਛੋਟੇ ਤੋਂ ਛੋਟੇ ਹਰ ਕਾਰਕੁਨ ਨੂੰ ਜਾਣਦਾ ਹੈ । ਇਸ ਲਈ ਤਾਂ ਉਹ ਇੱਥੇ ਹੈ , ਹਰ ਕਿਸੇ ਦੇ ਜਾਣੇ ਜਾਣ ਦੇ ਲਈ । ”
“ਠੀਕ – ਤਾਂ ਉਸਦੇ ਬਾਰੇ ਵਿੱਚ ਕੀ ਖਿਆਲ ਹੈ ? ਉਹ ਅੱਛਾ ਆਦਮੀ ਹੈ ਨਾ ? ”
“ਭੈੜਾ ਨਹੀਂ , ” ਕਿਸਾਨ ਉਬਾਸੀ ਲੈਂਦਾ ਹੈ । ” ਉਹ ਇੱਕ ਅੱਛਾ ਭਦਰਪੁਰਸ਼ ਹੈ ; ਆਪਣਾ ਕੰਮ ਸਮਝਦਾ ਹੈ । ਕਰੀਬ ਦੋ ਸਾਲ ਪਹਿਲਾਂ ਹੀ ਤਾਂ ਉਸਨੂੰ ਇੱਥੇ ਭੇਜਿਆ ਗਿਆ ਸੀ , ਅਤੇ ਵੇਖੋ , ਉਸਨੇ ਉਦੋਂ ਤੋਂ ਕਮਾਲ ਕਰ ਦਿੱਤਾ ।”
“ਕੀ – ਕੀ ਕੀਤਾ ਉਸਨੇ ? ਠੀਕ ਤਰ੍ਹਾਂ ਦੱਸੋ । ”
“ਉਸਨੇ ਕਈ ਵਧੀਆ ਕੰਮ ਕੀਤੇ ਹਨ , ਰੱਬ ਉਸਦਾ ਭਲਾ ਕਰੇ । ਉਹ ਰੇਲਰੋਡ ਲਿਆਇਆ , ਉਸਨੇ ਖੋਖ੍ਰੀਨਕੋਵ ਨੂੰ ਜਿਲਾ ਬਦਰ ਕੀਤਾ ,ਬਹੁਤ ਹੀ ਖ਼ਰਾਬ ਆਦਮੀ ਸੀ ਉਹ ਖੋਖ੍ਰੀਨਕੋਵ ; ਬਦਮਾਸ਼ , ਕਮੀਨਾ । ਪਹਿਲਾਂ ਵਾਲੇ ਤਾਂ ਉਸਦੀਆਂ ਉਂਗਲਾਂ ਤੇ ਨੱਚਦੇ ਸਨ , ਲੇਕਿਨ ਪਾਸੁਡਿਨ ਕੀ ਆਇਆ ਕਿ ਖੋਖ੍ਰੀਨਕੋਵ ਅਜਿਹਾ ਲੋਪ ਹੋਇਆ ਜਿਵੇਂ ਕਦੇ ਹੁੰਦਾ ਹੀ ਨਹੀਂ ਸੀ । ਜੀ ਹਾਂ , ਸਰ ! ਪਾਸੁਡਿਨ ਦੇ ਹੱਥਾਂ ਵਿੱਚ ਕਦੇ ਰਿਸ਼ਵਤ ਨਹੀਂ ਰੱਖੀ ਜਾ ਸਕਦੀ ; ਕਦੇ ਵੀ ਨਹੀਂ ! ਜੇਕਰ ਤੁਸੀਂ ਉਸ ਨੂੰ ਸੌ ਜਾਂ ਹਜਾਰ ਰੂਬਲ ਰਿਸ਼ਵਤ ਦਿੰਦੇ ਤਾਂ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਉਹਦੀ ਜਮੀਰ ਤੇ ਪਾਪ ਚੜ੍ਹਾ ਦਿਓਗੇ । ”
‘ਖੁਦਾ ਦਾ ਸ਼ੁਕਰ ਹੈ ਘੱਟ ਤੋਂ ਘੱਟ ਇਸ ਸਬੰਧ ਵਿੱਚ ਮੈਨੂੰ ਠੀਕ ਸਮਝਿਆ ਗਿਆ ! ’ ਮਨ ਹੀ ਮਨ ਪਾਸੁਡਿਨ ਖੁਸ਼ੀ ਨਾਲ ਫੁੱਲ ਗਿਆ। ‘ਸਚਮੁਚ ਸ਼ਾਨਦਾਰ’
“ਉਹ ਖੁਸ਼ਮਿਜਾਜ ਭਦਰਪੁਰਸ਼ ਹੈ । ਸਾਡੇ ਕੁਝ ਆਦਮੀ , ਇੱਕ ਵਾਰ , ਉਸਦੇ ਕੋਲ ਕੁੱਝ ਸ਼ਿਕਾਇਤਾਂ ਲੈ ਗਏ ਤਾਂ ਉਸਨੇ ਉਨ੍ਹਾਂ ਦੇ ਨਾਲ ਭਦਰਪੁਰਸ਼ਾਂ ਵਰਗਾ ਹੀ ਸਲੂਕ ਕੀਤਾ । ਸਭ ਨਾਲ ਹੱਥ ਮਿਲਾਇਆ ਤੇ ਬੋਲਿਆ , ‘ਆਈਏ ਬੈਠੀਏ । ’ ਬਹੁਤ ਫੁਰਤੀਲਾ , ਸਗੋਂ ਤੱਤਾ ਭਦਰਪੁਰਸ਼ ਹੈ ਉਹ ; ਟਿਕਾਊ ਸ਼ਾਂਤ ਚਰਚਾ ਜਰਾ ਪਸੰਦ ਨਹੀਂ ਉਸਨੂੰ , ਇੱਕਦਮ ਫਟਾਫਟ – ਹਮੇਸ਼ਾ ਫਟਾਫਟ ! ਧੀਮੇ ਕਦਮ ਜਰਾ ਨਹੀਂ , ਬਿਲਕੁਲ ਨਹੀਂ ! ਹਮੇਸ਼ਾ ਭੱਜਦਾ , ਭੱਜਦਾ ਹੋਇਆ । ਸਾਡੇ ਲੋਕਾਂ ਦੀ ਗੱਲ ਪੂਰੀ ਹੋਈ ਨਹੀਂ ਹੋਈ ਕਿ ਚੀਖ ਪਿਆ: ‘ਗੱਡੀ ਲਿਆਓ ! ’ ਅਤੇ ਸਿੱਧਾ ਇੱਥੇ , ਸਾਡੇ ਇੱਥੇ ਚਲਾ ਆਇਆ । ਸਾਰੇ ਮਾਮਲਾਤ ਅੱਖ ਦੇ ਫੋਰੇ ਵਿਚ ਨਿਬੇੜ ਦਿੱਤੇ , ਇੱਕ ਕੋਪੇਕ ਦੀ ਵੀ ਰਿਸ਼ਵਤ ਨਹੀਂ ਲਈ । ਪਿਛਲੇ ਵਾਲੇ ਤੋਂ ਹਜਾਰ ਗੁਣਾ ਬਿਹਤਰ ਹੈ ਉਹ ਹਾਂਲਾਕਿ ਉਹ ਵੀ ਭਲਾ ਸੀ । ਉਹ ਸਾਫ਼ ਸੁਥਰਾ ਸੀ , ਅਤੇ ਚਮਕ-ਦਮਕ ਬਣਾ ਕੇ ਰੱਖਣਾ ਪਸੰਦ ਕਰਦਾ ਸੀ , ਲੇਕਿਨ ਪੂਰੇ ਇਲਾਕੇ ਭਰ ਵਿੱਚ ਕੋਈ ਉਸ ਨਾਲੋਂ ਉੱਚੀ ਅਵਾਜ ਨਾਲ ਨਹੀਂ ਬੋਲ ਸਕਦਾ ਸੀ । ਸੜਕ ਤੇ ਜਦੋਂ ਹੁੰਦਾ ਦਸ ਮੀਲ ਤੱਕ ਉਸਦੀ ਅਵਾਜ ਸੁਣਾਈ ਦਿੰਦੀ । ਲੇਕਿਨ ਕੰਮ ਦੇ ਨਿਪਟਾਰੇ ਦੇ ਸਬੰਧ ਵਿੱਚ ਹੁਣ ਵਾਲਾ ਹਜਾਰ ਗੁਣਾ ਤੇਜ਼ । ਇਸ ਦਾ ਭੇਜਾ ਖੋਪੜੀ ਦੇ ਠੀਕ ਠਿਕਾਣੇ ਹੀ ਨਹੀਂ ਦੂਜੇ ਨਾਲੋਂ ਸੌ ਗੁਣਾ ਵੱਡਾ ਹੈ । ਇਹ ਹਰ ਤਰ੍ਹਾਂ ਵਧੀਆ ਆਦਮੀ ਹੈ ; ਸਿਰਫ ਇੱਕ ਹੀ ਗੱਲ ਤਕਲੀਫਦੇਹ ਇਹ ਕਿ – ਪਿਆੱਕੜ ਹੈ ! ”
‘ਹੇ ਭਗਵਾਨ ! ’ ਪਾਸੁਡਿਨ ਸੋਚਣ ਲਗਾ । “ਤੈਨੂੰ ਕਿਵੇਂ ਪਤਾ” ਉਸਨੇ ਪੁੱਛਿਆ ,”ਕਿ ਮੈਂ – ਕਿ ਉਹ ਸ਼ਰਾਬੀ ਹੈ ? ”
“ਓਹ , ਬੇਸ਼ੱਕ , ਹੁਜੂਰ ਹਾਲਾਂਕਿ ਮੈਂ ਉਸਨੂੰ ਕਦੇ ਵੀ ਨਸ਼ਾ ਕੀਤੇ ਹੋਏ ਨਹੀਂ ਵੇਖਿਆ । ਜੋ ਸੱਚ ਨਹੀਂ ਉਹ ਨਹੀਂ ਕਹਾਂਗਾ , ਦਰਅਸਲ ਲੋਕਾਂ ਨੇ ਮੈਨੂੰ ਦੱਸਿਆ – ਹਾਲਾਂਕਿ ਉਨ੍ਹਾਂ ਨੇ ਵੀ ਉਸਨੂੰ ਨਸ਼ਾ ਕੀਤੇ ਹੋਏ ਨਹੀਂ ਵੇਖਿਆ ; ਲੇਕਿਨ ਉਸਦੇ ਬਾਰੇ ਵਿੱਚ ਅਜਿਹਾ ਹੀ ਕਿਹਾ ਜਾਂਦਾ ਹੈ । ਸਾਰਵਜਨਿਕ ਸਥਾਨਾਂ ਤੇ , ਜਾਂ ਕਿਸੇ ਨਾਲ ਮੁਲਾਕਾਤ ਦੇ ਦੌਰਾਨ , ਜਾਂ ਨਾਚ-ਪਾਰਟੀਆਂ ਦੇ ਵਿੱਚ ਉਹ ਵੀ ਨਹੀਂ ਪੀਂਦਾ ; ਉਹ ਘਰ ਵਿੱਚ ਹੀ ਗਟਕਦਾ ਹੈ । ਸਵੇਰੇ ਉੱਠਿਆ , ਅੱਖਾਂ ਮਲੀਆਂ , ਕਿ ਧਿਆਨ ਵਿੱਚ ਉਸਦੇ ਪਹਿਲੀ ਚੀਜ ਜੋ ਆ ਸਮਾਏ ਉਹ ਹੁੰਦੀ ਹੈ ਵੋਦਕਾ ! ਉਸਦਾ ਘਰੇਲੂ ਨੌਕਰ ਇੱਕ ਗਲਾਸ ਭਰ ਕੇ ਲਿਆਇਆ ਨਹੀਂ ਕਿ ਗਲੇ ਉਤਾਰ ਤੁਰਤ ਦੂਜਾ ਮੰਗਵਾਉਂਦਾ ਹੈ , ਅਤੇ ਇਸੇ ਤਰ੍ਹਾਂ ਹਰ ਰੋਜ਼ । ਹੋਰ ਇੱਕ ਮਜੇਦਾਰ ਗੱਲ ਦੱਸਾਂ ਕਿ ਇੰਨਾ ਪੀਣ ਤੇ ਵੀ ਉਹਦੇ ਤੇ ਭੋਰਾ ਅਸਰ ਨਹੀਂ ਹੁੰਦਾ ! ਆਪਣੇ ਆਪ ਨੂੰ ਆਪੇ ਵਿੱਚ ਰੱਖਣਾ ਬਖੂਬੀ ਜਾਣਦਾ ਹੈ । ਜਦੋਂ ਆਪਣਾ ਖੋਖ੍ਰੀਨਕੋਵ ਪੀ ਕੇ ਆਉਂਦਾ ਸੀ ਤੱਦ ਲੋਕ ਤਾਂ ਕੀ ਕੁੱਤੇ ਤੱਕ ਭੌਂਕਦੇ ਸਨ , ਲੇਕਿਨ ਪਾਸੁਡਿਨ ਦੀ ਨੱਕ ਤੱਕ ਲਾਲ ਨਹੀਂ ਹੁੰਦੀ । ਆਪਣੇ ਪੜ੍ਹਨ ਰੂਮ ਵਿੱਚ ਜਾ ਬੈਠਦਾ ਹੈ ਅਤੇ ਸੁੰਗੜਦਾ ਰਹਿੰਦਾ ਹੈ । ਉਸਨੇ ਆਪਣੀ ਮੇਜ ਤੇ ਇੱਕ ਤਰ੍ਹਾਂ ਦਾ ਕੌਲੇ ਵਿੱਚ ਨਲੀ ਫਿਟ ਕੀਤੀ ਹੋਈ ਹੈ ਤਾਂ ਕਿ ਕੋਈ ਨਾ ਜਾਣ ਸਕੇ ਉਹ ਕੀ ਕਰ ਰਿਹਾ ਹੈ ਜਦੋਂ ਕਿ ਕੌਲਾ ਵੋਦਕਾ ਨਾਲ ਲਬਾਲਬ ਕਰੀ ਰੱਖਦਾ ਹੈ । ਥੋੜ੍ਹੀ ਜਿਹੀ ਹਰਕਤ ਦੀ ਦਰਕਾਰ – ਬਸ , ਛੋਟੀ ਜਿਹੀ ਨਲੀ ਦੇ ਸਿਰੇ ਤੱਕ ਝੁਕੋ , ਸੁੜਾਕੋ ਅਤੇ ਮਦਮਸਤ ਹੋ ਜਾਓ । ਬਾਹਰ ਘੁੰਮਦੇ ਸਮੇਂ ਵੀ , ਆਪਣੇ ਬੈਗ ਵਿੱਚ . . . . ”
‘ਉਨ੍ਹਾਂ ਨੂੰ ਇਹ ਸਭ ਕਿਵੇਂ ਪਤਾ ? ’ ਬੇਹੱਦ ਖੌਫਜ਼ਦਾ ਪਾਸੁਡਿਨ ਸੋਚਦਾ ਹੈ । ‘ਹੇ ਭਗਵਾਨ , ਇਹ ਵੀ ਉਨ੍ਹਾਂ ਨੂੰ ਪਤਾ ਹੈ ! ਹੱਦ ਹੋ ਗਈ !’
“ਅਤੇ ਫਿਰ , ਇਸਤਰੀਆਂ ਦੇ ਮਾਮਲੇ ਵਿੱਚ , ਉਹ ਵੱਡਾ ਬਦਮਾਸ਼ ਹੈ । ” ਚਾਲਕ ਨੇ ਹੱਸਦੇ – ਹੱਸਦੇ ਮਸਖਰੇ ਅੰਦਾਜ ਵਿੱਚ ਸਿਰ ਲਹਰਾਇਆ । “ਬੇਹੱਦ ਲੱਜਾਜਨਕ ਗੱਲ ਹੈ , ਸੱਚਮੁਚ ਸ਼ਰਮਨਾਕ ! ਉਸਨੇ ਦਸ ਰਖੇਲਾਂ ਰੱਖ ਰੱਖੀਆਂ ਹਨ । ਦੋ ਤਾਂ ਉਸ ਦੇ ਘਰ ਵਿੱਚ ਹੀ ਰਹਿੰਦੀਆਂ ਹਨ । ਇੱਕ ਦਾ ਨਾਮ ਹੈ ਨਤਾਸਿਆ ਇਵਾਨੋਵਨਾ ; ਉਸਨੂੰ ਇੱਕ ਤਰ੍ਹਾਂ ਨਾਲ , ਮਹਾਰਾਣੀ ਬਣਾ ਰੱਖਿਆ ਹੈ ; ਦੂਜੀ , ਕੀ ਅਜੀਬ ਨਾਮ ਉਸਦਾ ? ਓਹ ਹਾਂ , ਲੁਡਮਿਲਾ ਸੇਮਿਓਨਾਵਨਾ । ਉਹ ਇਉਂ ਜਿਵੇਂ ਉਸਦੀ ਸੇਕਰੇਟਰੀ ਹੋਵੇ । ਦੂਜੀਆਂ ਦੀ ਸਰਗਣਾ ਹੈ ਨਤਾਸਿਆ । ਉਸਦੇ ਵਸ ਇੰਨੀ ਸ਼ਕਤੀਆਂ ਕਿ ਲੋਕ ਪਾਸੁਡਿਨ ਦੀ ਬਨਿਸਵਤ ਉਸ ਤੋਂ ਜਿਆਦਾ ਖੌਫ ਖਾਂਦੇ ਹਨ । ਅਤੇ , ਤੀਜੀ ਛਿਛੋਰੀ ਦਾ ਕੀ ਕਹਿਣਾ – ਉਹ ਕਾਸ਼ਲਾਨਾ ਸਟਰੀਟ ਵਿੱਚ ਰਹਿੰਦੀ ਹੈ । ਕਿੰਨਾ ਸ਼ਰਮਨਾਕ !”
‘ਇਹ ਤਾਂ ਉਨ੍ਹਾਂ ਦੇ ਨਾਮ ਤੱਕ ਜਾਣਦਾ ਹੈ ,’ ਪਾਸੁਡਿਨ ਸੋਚਣ ਲਗਾ , ਉਸਦਾ ਚਿਹਰਾ ਕਿਰਮਚੀ ਹੋ ਗਿਆ । ‘ਅਤੇ ਸੋਚੋ ਜਰਾ , ਕੌਣ ਹੈ ਇਹ ? – ਇੱਕ ਮਾਮੂਲੀ ਕਿਸਾਨ , ਕੋਚਵਾਨ ! ਕਿੰਨੀ ਭੱਦੀ ਗੱਲ ! ’
“ਤੈਨੂੰ ਇਹ ਸਭ ਕਿਵੇਂ ਪਤਾ ਚੱਲਿਆ ? ” ਉਸਨੇ ਚਿੜਦੇ ਹੋਏ ਪੁੱਛਿਆ ।
“ਲੋਕ ਕਹਿੰਦੇ ਹਨ । ਮੈਂ ਆਪਣੇ ਆਪ ਆਪਣੀ ਅੱਖਾਂ ਨਾਲ ਨਹੀਂ ਵੇਖਿਆ , ਲੇਕਿਨ ਹੋਰਾਂ ਦੇ ਮੁੰਹ ਤੋਂ ਸੁਣਿਆ । ਠੀਕ ਕੀ ਹੈ ਕਹਿ ਨਹੀਂ ਸਕਦਾ । ਕਿਸੇ ਨੌਕਰ ਦਾ ਜਾਂ ਕੋਚਵਾਨ ਦਾ ਮੂੰਹ ਬੰਦ ਕਰਨਾ ਮੁਸ਼ਕਲ ਹੈ , ਅਤੇ ਫਿਰ , ਬਹੁਤ ਕਰਕੇ ਇਹ ਵੀ ਸੰਭਵ ਕਿ ਨਤਾਸਾ ਥਾਂ ਥਾਂ ਗਲੀ ਗਲੀ ਘੁੰਮ ਕੇ ਆਪਣੀ ਹੈਸੀਅਤ ਦਾ ਅਹਿਸਾਸ ਹੋਰਨਾਂ ਇਸਤਰੀਆਂ ਨੂੰ ਕਰਾਂਦੀ ਫਿਰਦੀ ਹੋਵੇ । ਕੋਈ ਵੀ ਅਜਿਹਾ ਆਦਮੀ ਨਜਰਾਂ ਤੋਂ ਲੁਕਿਆ ਨਹੀਂ ਰਹਿ ਸਕਦਾ । ਫਿਰ ਗੱਲ ਇਹ ਕਿ ਇਹ ਪਾਸੁਡਿਨ ਮੁਆਇਨਿਆਂ ਦੇ ਆਪਣੇ ਦੌਰੇ ਗੁਪਤ ਰੱਖਣ ਲਗਾ ਹੈ । ਬੀਤੇ ਦਿਨੀਂ ਜਦੋਂ ਕਦੇ ਬਾਹਰ ਜਾਣ ਦਾ ਫ਼ੈਸਲਾ ਲੈਂਦਾ , ਤਾਂ ਮਹੀਨਾ ਭਰ ਪਹਿਲਾਂ ਜਾਹਰ ਕਰ ਦਿੰਦਾ ਹੁੰਦਾ ਸੀ ਅਤੇ ਜਦੋਂ ਜਾਂਦਾ ਇੰਨਾ ਹੋਹੱਲਾ , ਇੰਨਾ ਉਧਮ , ਇੰਨਾ ਰੌਲਾ ਹੁੰਦਾ – ਭਗਵਾਨ ਬਚਾਏ ! ਅੱਗੇ , ਪਿੱਛੇ , ਦੋਨੋਂ ਪਾਸੇ ਘੁੜਸਵਾਰ । ਆਪਣੀ ਮੰਜਲ ਤੇ ਪਹੁੰਚ , ਜਰਾ ਝਪਕੀ ਲਈ , ਭਰਪੇਟ ਖਾ ਪੀ ਲਿਆ ਅਤੇ ਫਿਰ ਚੀਖ – ਚੀਖ ਪੈਰ ਪਟਕ – ਪਟਕ ਪ੍ਰਸ਼ਾਸਨੀ ਕੰਮ ਕਰ ਦੂਜੀ ਝਪਕੀ ਲਈ , ਜਿਹੋ ਜਿਹਾ ਆਇਆ ਉਹੋ ਜਿਹਾ ਹੀ ਪਰਤ ਗਿਆ । ਹਾਲਾਂਕਿ ਹੁਣ ਕੋਈ ਗੱਲ ਕੰਨਾਂ ‘ਚ ਪਈ ਨਹੀਂ ਕਿ ਉਹ ਚੁੱਪਚਾਪ ਮੌਕੇ ਦਿ ਤਾੜ ਵਿੱਚ ਰਹਿੰਦਾ ਹੈ ਤਾਂ ਕਿ ਕੋਈ ਵੇਖ ਨਾ ਲਾਏ – ਅਤੇ ਉਹ ਗੁਪਤੋ ਗੁਪਤ ਬਿਜਲੀ ਦੇ ਲਿਸ਼ਕਾਰੇ ਵਾਂਗ ਨਿਕਲ ਜਾਵੇ । ਹਾਂ, ਲੋਕੀਂ ਮਜਾਕ ਕਰਦੇ ਹਨ ! ਉਹ ਘਰ ਤੋਂ ਬਾਹਰ ਇਉਂ ਖਿਸਕਦਾ ਹੈ ਕਿ ਕੋਈ ਕਰਮਚਾਰੀ ਵੇਖ ਨਾ ਸਕੇ , ਅਤੇ ਟ੍ਰੇਨ ਜਾ ਫੜਦਾ ਹੈ । ਮੰਜਲ ਦੇ ਸਟੇਸ਼ਨ ਤੇ ਪਹੁੰਚਿਆ ਨਹੀਂ ਤਾਂ ਤੇਜ ਤੱਰਾਰ ਘੋੜਿਆਂ ਨਾਲ ਲੈਸ ਡਾਕ ਗੱਡੀ ਨਾ ਹੀ ਕਿਸੇ ਬੱਘੀ ਤੇ ਸਵਾਰ ਹੁੰਦਾ ਹੈ ਸਗੋਂ ਭੀੜ ਵਿੱਚ ਵੜ ਲੁਕ ਕੇ ਬਾਹਰ ਨਿਕਲ ਆਪਣੇ ਆਪ ਨੂੰ ਕਿਸੇ ਔਰਤਾਂ ਵਰਗੇ ਸੌਲ ਵਿੱਚ ਲਪੇਟ ਕਿਸੇ ਆਮ ਜਿਹੇ ਕਿਸਾਨ ਦੀ ਗੱਡੀ ਤੇ ਸਵਾਰ ਹੋ ਜਾਂਦਾ ਹੈ ਅਤੇ ਸਾਰਾ ਰਸਤਾ ਕਿਸੇ ਬੁਢੇ ਕੁੱਤੇ ਵਾਂਗ ਖਰਖਰਾਂਦਾ ਰਹਿੰਦਾ ਹੈ ਤਾਂ ਕਿ ਉਸਦੀ ਅਵਾਜ ਸਿਆਣੀ ਨਾ ਜਾਵੇ । ਲੋਕ ਏਨੇ ਮਜ਼ੇ ਨਾਲ ਇਹ ਸਭ ਸੁਣਾਉਂਦੇ ਹਨ ਕਿ ਹੱਸਦੇ – ਹੱਸਦੇ ਢਿੱਡ ਫਟ ਜਾਵੇ । ਮੂੜ ਬਣਿਆ ਗੱਡੀ ਵਿੱਚ ਸਵਾਰ ਸੋਚਦਾ ਹੋਵੇਗਾ ਕੋਈ ਕੀ ਸਿਆਣੂੰ । ਲੇਕਿਨ ਜਰਾ ਵੀ ਦਿਮਾਗ ਵਾਲਾ ਕੋਈ ਪਛਾਣ ਲੈਂਦਾ ਹੈ ਕਿ ਕੌਣ ਹੈ – ਹਹ ! ”
“ਕਿਵੇਂ ? ਕਿਵੇਂ ? ”
“ਬੜੀ ਸੌਖ ਨਾਲ । ਬੀਤੇ ਦਿਨੀਂ , ਇੰਜ ਹੀ ਆਉਂਦੇ ਜਾਂਦੇ ਖੋਖ੍ਰੀਨਕੋਵ ਨੂੰ ਉਸਦੇ ਭਾਰੀ ਹੱਡਲ ਹੱਥਾਂ ਤੋਂ ਤਾੜ ਲਿਆ ਜਾਂਦਾ ਸੀ । ਜਿਸਨੂੰ ਗੱਡੀ ਤੇ ਬੈਠਾਇਆ ਜੇਕਰ ਮੁੰਹ ਤੇ ਗਾਲ੍ਹ ਬਕੇ ਸਮਝੋ ਖੋਖ੍ਰੀਨਕੋਵ । ਜਦੋਂ ਕਿ ਪਾਸੁਡਿਨ ਨੂੰ ਤਾਂ ਵੇਖਦੇ ਹੀ ਪਹਿਚਾਣ ਸਕਦੇ ਹੋ । ਆਮ ਜਿਹੇ ਪਾਂਧੀ ਦਾ ਚਾਲ ਚਲਣ ਸਿੱਧਾ ਸਾਦਾ , ਲੇਕਿਨ ਪਾਸੁਡਿਨ ਸਰਲਤਾ ਤੋਂ ਕੋਹਾਂ ਦੂਰ । ਨਗਰ ਪਹੁੰਚ ਕੋਚਵਾਨ ਪੁੱਛਦਾ ਹੈ ਕਿੱਥੇ ਚੱਲੀਏ ? – ਡਾਕ ਬੰਗਲਾ – ਉਹ ਯਕਦਮ ਚੀਖ ਪੈਂਦਾ ਹੈ । ਜਗ੍ਹਾ ਮੁਸ਼ਕ ਮਾਰਦੀ ਹੁੰਦੀ ਹੈ , ਜਾਂ ਖੂਬ ਗਰਮ , ਜਾਂ ਖੂਬ ਠੰਡੀ ; ਉਹ ਤਾਜ਼ਾ ਮੁਰਗੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਫਲ ਅਤੇ ਮੁਰੱਬੇ ਮੰਗਵਾਉਂਦਾ ਹੈ । ਇਸ ਤਰ੍ਹਾਂ ਡਾਕ ਬੰਗਲਿਆਂ ਤੇ ਉਸਨੂੰ ਪਛਾਣ ਲਿਆ ਜਾਂਦਾ ਹੈ ; ਸਰਦੀਆਂ ਵਿੱਚ ਕੋਈ ਮੁਰਗੀਆਂ ਅਤੇ ਫਲ ਮੰਗਵਾਏ ਸਮਝੋ ਪਾਸੁਡਿਨ ਹੈ । ਜੇਕਰ ਕੋਈ ਖੂਬ ਬਣਦੇ ਹੋਏ ਕਹੇ ‘ਮਾਈ ਡੀਅਰ ਫੈਲੋ’ , ਅਤੇ ਫੇਰ ਆਲੇ ਦੁਆਲੇ ਦੇ ਲੋਕਾਂ ਨੂੰ ਮੂਰਖਾਂ ਵਾਂਗ ਇੱਧਰ ਉਧਰ ਭਜਾਉਂਦਾ ਫਿਰੇ , ਪੱਕਾ ਮੰਨ ਲਉ ਪਾਸੁਡਿਨ ਹੀ ਹੈ । ਅਤੇ ਫਿਰ , ਉਸਦੀ ਦੇਹ ਤੋਂ ਆਮ ਲੋਕਾਂ ਵਰਗੀ ਮੁਸ਼ਕ ਨਹੀਂ ਆਉਂਦੀ , ਅਤੇ , ਸੌਣ ਸਮੇਂ ਲਿਟਣ ਦਾ ਉਸਦਾ ਆਪਣਾ ਹੀ ਵਿਸ਼ੇਸ਼ ਲਹਿਜਾ ਹੈ । ਡਾਕ ਬੰਗਲੇ ਵਿੱਚ ਉਹ ਸੋਫੇ ਤੇ ਲੇਟ ਚਾਰੇ ਪਾਸੇ ਇਤਰ ਛਿੜਕ ਸਿਰਹਾਣੇ ਤਿੰਨ ਮੋਮਬਤੀਆਂ ਜਲਵਾ ਕੇ ਅਖਬਾਰ ਪੜ੍ਹਦਾ ਹੈ । ਕੋਈ ਆਦਮੀ ਕੀ ਇੱਕ ਬਿੱਲੀ ਵੀ ਇਹ ਸਭ ਵੇਖ ਦੱਸ ਦੇ ਇਹ ਕੌਣ ਸ਼ਖਸ ਹੈ । ”
‘ਹਾਂ’ ਪਾਸੁਡਿਨ ਸੋਚਣ ਲਗਾ , ‘ਮੈਂ ਪਹਿਲਾਂ ਤੋਂ ਖਿਆਲ ਕਿਉਂ ਨਹੀਂ ਰੱਖਿਆ ? ’
“ਅਤੇ ਸੁਣੋ , ਉਸਨੂੰ ਤਾਂ ਫਲਾਂ , ਮੁਰਗੀਆਂ ਦੇ ਬਿਨਾਂ ਵੀ ਸਿਆਣਿਆ ਜਾ ਸਕਦਾ ਹੈ । ਟੇਲੀਗਰਾਮ ਨਾਲ ਸਭ ਕੁੱਝ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ । ਚਾਹੇ ਜਿਨ੍ਹਾਂ ਚਿਹਰਾ ਢਕ ਲਵੇ , ਜਿਵੇਂ ਮਰਜੀ ਆਪਣੇ ਆਪ ਨੂੰ ਲੁੱਕਾ ਲਵੇ , ਇੱਥੇ ਵੈਸੇ ਹੀ ਖਬਰ ਪਹੁੰਚ ਜਾਂਦੀ ਹੈ ਕਿ ਉਹ ਆ ਰਿਹਾ ਹੈ । ਲੋਕ ਉਸਦੀ ਬਾਟ ਜੋਂਹਦੇ ਹਨ । ਪਾਸੁਡਿਨ ਨੇ ਉੱਧਰ ਘਰ ਛੱਡਿਆ , ਵਿਦਾ ਲਈ , ਏਧਰ ਉਸਦੇ ਲਈ ਸਭ ਕੁੱਝ ਤਿਆਰ ! ਕਿਸੇ ਨੂੰ ਅਚਾਨਕ ਧਰ ਫੜ ਗਿਰਫਤਾਰ ਕਰਨ , ਜਾਂ ਬਰਖਾਸਤ ਕਰਨ ਆ ਰਿਹਾ ਹੈ ; ਉਹ ਉਸ ਤੇ ਹੱਸਦੇ ਹਨ । ‘ਹਾਂ ਹੁਜੂਰ’ , ਉਹ ਕਹਿੰਦੇ ਹੋ , ਹਾਲਾਂਕਿ ਤੁਸੀਂ ਭਲੇ ਅਚਾਨਕ ਆਏ , ਤਦ ਵੀ ਇੱਥੇ ਸਭ ਕੁੱਝ ਠੀਕ ਠਾਕ ਹੈ ! ਏਧਰ ਉੱਧਰ ਚੱਕਰ ਲਗਾ ਓੜਕ ਆਇਆ ਬਰੰਗ ਹੀ ਪਰਤ ਜਾਂਦਾ ਹੈ । ਬੇਸ਼ੱਕ , ਸਭ ਦੀ ਪ੍ਰਸ਼ੰਸਾ ਕਰ ਹੱਥ ਮਿਲਾ ਵਿਘਨ ਪਾਉਣ ਲਈ ਮਾਫੀ ਮੰਗਦਾ ਹੈ । ਬਿਲਕੁਲ ਸੱਚ ਕਹਿ ਰਿਹਾ ਹਾਂ , ਸਰ , ਇੱਥੇ ਲੋਕ ਵੱਡੇ ਉਸਤਾਦ ਹਨ । ਹਰ ਕੋਈ ਇੰਨਾ ਤਿੱਖਾ ਕਿ ਪੁੱਛੋ ਨਾ ! ਅਸੀਂ ਸਾਰੇ ਸ਼ੈਤਾਨ ਦੀ ਟੂਟੀ ਹਾਂ ਨਿਰੇ ! ਮਸਲਨ , ਅੱਜ ਹੀ ਕੀ ਹੋਇਆ , ਜਰਾ ਸੁਣੋ । ਅੱਜ ਸੁਬਹ ਖਾਲੀ ਛਕੜਾ ਲਈ ਸੜਕ ਤੇ ਨਿਕਲਿਆ ਹੀ ਸੀ ਕਿ ਯਹੂਦੀ – ਰੇਸਤਰਾਂ ਦਾ ਮਾਲਿਕ ਮੇਰੀ ਵੱਲ ਭੱਜਿਆ ਆਇਆ । ‘ਕਿੱਥੇ ਚਲੀਏ ਯਹੂਦੀ – ਸਵਾਮੀ ? ” ਮੈਂ ਪੁੱਛਿਆ । . . . ‘ਕੁੱਝ ਸ਼ਰਾਬ ਕੁੱਝ ਫਲ ਆਦਿ ਲੈਣ ਨਗਰ – ਐੱਨ ਜਾਣਾ ਹੈ , ’ ਉਹ ਕਹਿੰਦਾ ਹੈ , ‘ਜਨਾਬ ਪਾਸੁਡਿਨ ਸ਼ਾਇਦ ਅੱਜ ਤਸ਼ਰੀਫ ਲਿਆ ਰਹੇ ਹਨ ; ਐਸੀ ਚਰਚਾ ਹੈ ।’ . . . ਹੁਣ ਤਾਂ ਗੱਲ ਸਾਫ਼ ਹੋ ਗਈ ਨਾ ? . . . ਅਤੇ ਉੱਧਰ ਪਾਸੁਡਿਨ ਰਵਾਨਾ ਹੋਣ ਨੂੰ ਤਿਆਰ ਹੋ ਰਿਹਾ ਹੋਵੇਗਾ , ਚਿਹਰਾ ਲਬਾਦੇ ਅਤੇ ਹੋਰ ਸਮੱਗਰੀਆਂ ਨਾਲ ਢਕ ਆਪਣੇ ਆਪ ਨੂੰ ਇੰਜ ਲੁੱਕਾ ਰਿਹਾ ਹੋਵੇਗਾ ਕਿ ਕੋਈ ਪਹਿਚਾਣੇ ਨਾ । ਸ਼ਾਇਦ , ਰਸਤੇ ਵਿੱਚ ਚਲਦੇ ਚਲਦੇ ਸੋਚ ਵਿੱਚ ਮਸਤ ਹੋਵੇਗਾ ਕਿਸੇ ਨੂੰ ਨਹੀਂ ਪਤਾ ਕਿ ਉਹ ਆ ਰਿਹਾ ਹੈ , ਫਿਰ ਵੀ ਸ਼ਰਾਬ ਅਤੇ ਮਸਾਲੇਦਾਰ ਕੀਮਾ ਅਤੇ ਪਨੀਰ ਉਸਦੇ ਲਈ ਤਿਆਰ ਹੋਵੇਗਾ । ਬੋਲੋ , ਹੁਣ ਕੀ ਕਹੋਗੇ ? ਗੱਡੀ ਤੇ ਸਵਾਰ ਉਹ ਸੋਚ ਰਿਹਾ: ‘ਹੁਣ , ਬੱਚੂ , ਤੁਸੀਂ ਲੋਕਾਂ ਦੀ ਖੈਰ ਨਹੀਂ ! ’ ਜਦੋਂ ਕਿ ਉਸਤਾਦਾਂ ਨੇ ਸਭ ਕੁੱਝ ਪਹਿਲਾਂ ਹੀ ਲੁੱਕਾ ਦਿੱਤਾ । ”“ਗੱਡੀ ਮੋੜੋ ! ” ਪਾਸੁਡਿਨ ਖਿਝ ਕੇ ਚੀਕਿਆ । “ਸਿੱਧੇ ਵਾਪਸ ਚਲੋ , ਸਾਲੇ ਬਦਮਾਸ਼ ! ”
ਹੈਰਾਨ ਪ੍ਰੇਸ਼ਾਨ ਚਾਲਕ ਨੇ ਗੱਡੀ ਮੋੜੀ ਅਤੇ ਵਾਪਸੀ ਲਈ ਚਲੇ ਪਾ ਦਿੱਤੇ ।
(ਅਨੁਵਾਦ: ਚਰਨ ਗਿੱਲ)

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ