Sacha Janeu : Saakhi Guru Nanak Dev Ji
ਸੱਚਾ ਜਨੇਊ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ
ਹਿੰਦੂਆਂ ਵਿਚ ਰਿਵਾਜ ਹੈ ਕਿ ਜਦੋਂ ਲੜਕਾ ਦਸ ਬਾਰ੍ਹਾ ਸਾਲ ਦਾ ਹੋ ਜਾਵੇ ਤਾਂ ਉਸ ਨੂੰ ਜਨੇਊ ਪਾਇਆ ਜਾਂਦਾ ਹੈ। ਜਨੇਊ ਸੂਤਰ ਦੇ ਧਾਗੇ ਨੂੰ ਵੱਟ ਦੇ ਕੇ ਬਣਾਇਆ ਜਾਂਦਾ ਹੈ। ਜਨੇਊ ਪਾਉਣ ਲਈ ਦਿਨ ਮਿਥਿਆ ਜਾਂਦਾ ਹੈ । ਉਸ ਦਿਨ ਸਾਰੇ ਸੰਬੰਧੀ, ਅੰਗ-ਸਾਕ ਇਕੱਠੇ ਹੰਦੇ ਹਨ। ਜਨੇਊ ਪਾਉਣ ਦੀ ਰੀਤੀ ਪੰਡਤ ਦੁਆਰਾ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਕਿਉਂਕਿ ਖੱਤਰੀ ਜਾਤ ਦੀ ਬੇਦੀ ਕੁਲ ਵਿਚ ਹੋਇਆ ਸੀ, ਇਸ ਲਈ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਦਾ ਫੈਸਲਾ ਕੀਤਾ। ਘਰ ਦੇ ਪਰੋਹਿਤ ਹਰਦਿਆਲ ਦੀ ਸਲਾਹ ਨਾਲ ਦਿਨ ਮਿਥਿਆ ਗਿਆ। ਸਾਰੀ ਬਰਾਦਰੀ ਅੰਗ-ਸਾਕ ਇਕੱਠਾ ਹੋਇਆ । ਪਰੋਹਿਤ ਨੇ ਸਾਸਤਰਾਂ ਦੇ ਮਿਥੇ ਹੋਏ ਮੰਤਰ ਪੜ੍ਹੇ ਤੇ ਹੋਰ ਰਸਮੀ ਕਾਰਵਾਈ ਕੀਤੀ। ਸਤਿਗੁਰੂ ਜੀ ਪੰਡਤ ਦਾ ਤਮਾਸਾ ਵੇਖਦੇ ਰਹੇ। ਪੰਡਤ ਨੇ ਗੁਰੂ ਜੀ ਨੂੰ ਜਨੇਊ ਪਾਊਣ ਲਈ ਬਾਂਹ ਉਤਾਂਹ ਕੀਤੀ ਤਾਂ ਗਰੂ ਜੀ ਨੇ ਭਰੀ ਸਭਾ ਦੇ ਵਿਚ ਪੰਡਤ ਦਾ ਹੱਥ ਫੜ ਲਿਆ ਤੇ ਕਹਿਣ ਲੱਗੇ, ” ਪੰਡਤ ਜੀ, ਇਹ ਕੀ ਹੈ ? ਇਹ ਧਾਗਾ ਜਿਹਾ ਮੇਰੇ ਗਲ ਕਿਉਂ ਪਾਉਣ ਲੱਗੇ ਹੋ ?”
ਪੰਡਤ ਜੀ ਨੇ ਉੱਤਰ ਦਿੱਤਾ, ”ਇਹ ਧਾਗਾ ਨਹੀਂ ਹੈ, ਪਵਿੱਤਰ ਜਨੇਊ ਹੈ । ਇਹ ਉਚੀ ਜਾਤ ਦੇ ਹਿੰਦੂਆਂ ਦੀ ਨਿਸਾਨੀ ਹੈ। ਇਸ ਤੋਂ ਬਗੈਰ ਬੰਦਾ ਸੂਦਰ ਦੇ ਬਰਾਬਰ ਹੁੰਦਾ ਹੈ। ਜੇ ਤੁਸੀਂ ਪਾ ਲਉਗੇ ਤਾਂ ਤੁਸੀ ਉੱਚੇ ਗਿਣੇ ਜਾਉਗੇ। ਇਹ ਜਨੇਊ, ਅਗਲੇ ਜਹਾਨ ਵਿਚ ਵੀ ਤੁਹਾਡੀ ਸਹਾਇਤਾ ਕਰੇਗਾ। ” ਪੰਡਤ ਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ, ” ਪੰਡਤ ਜੀ, ਬੜੇ ਗੁਣ ਦੱਸੇ ਹਨ, ਤੁਸੀਂ ਜਨੇਊ ਦੇ ਪਰ ਕੁਝ ਸੰਕੇ ਹਨ। ਤੁਸੀਂ ਆਖਿਆ ਹੈ ਕਿ ਇਹ ਧਾਗਾ ਉੱਚੀ ਜਾਤ ਦੀ ਨਿਸਾਨੀ ਹੈ, ਮੈਂ ਤਾਂ ਇਹ ਗੱਲ ਨਹੀਂ ਮੰਨਦਾ। ਉੱਚੀ ਜਾਤ ਵਾਲਾ ਉਹ ਹੈ ਜੋ ਉੱਚੇ ਤੇ ਨੇਕ ਕੰਮ ਕਰੇ। ਸੁੱਚਾ ਉਹ ਹੈ ਜਿਸ ਦੇ ਕੰਮ ਸੁੱਚੇ ਹਨ। ਚੰਗੇ ਮੰਦੇ ਕੰਮ ਹੀ ਉੱਚੀ ਨੀਵੀਂ ਜਾਤ ਦੀ ਪੱਕੀ ਨਿਸਾਨੀ ਹੁੰਦੇ ਹਨ। ਨਾਲੇ ਇਹ ਧਾਗਾ ਤਾਂ ਕੱਚਾ ਹੈ। ਇਹ ਮੈਲਾ ਹੋ ਜਾਵੇਗਾ। ਪੁਰਾਣਾ ਹੋ ਕੇ ਟੁੱਟ ਜਾਵੇਗਾ। ਫੇਰ ਹੋਰ ਨਵਾਂ ਪਾਊਣਾ ਪਵੇਗਾ। ਇਸ ਧਾਗੇ ਨੇ ਕਿਸੇ ਨੂੰ ਕੀ ਵਡਿਆਈ ਦੇਣੀ ਹੈ ? ਅਸਲੀ ਮਾਣ ਤਾਂ ਨੇਕੀ ਵਾਲੇ ਜੀਵਨ ਤੋਂ ਹੀ ਮਿਲ ਸਕਦਾ ਹੈ। ਨਾਲੇ ਤੁਸੀਂ ਆਖਦੇ ਹੋ ਕਿ ਇਹ ਧਾਗਾ ਬੰਦੇ ਦੀ ਅਗਲੇ ਜਹਾਨ ਸਹਾਇਤਾ ਕਰਦਾ ਹੈ, ਉਹ ਕਿਸ ਤਰ੍ਹਾਂ ? ਇਹ ਧਾਗਾ ਤਾਂ ਸਰੀਰ ਦੇ ਨਾਲ ਇੱਥੇ, ਇਸ ਜਹਾਨ ਵਿਚ ਹੀ ਰਹਿ ਜਾਵੇਗਾ। ਇਸ ਨੇ ਆਤਮਾ ਨਾਲ ਤਾਂ ਜਾਣਾ ਨਹੀਂ। ਜਦੋਂ ਸਰੀਰ ਅੰਤ ਸਮੇ ਸੜ ਜਾਵੇਗਾ, ਇਹ ਧਾਗਾ ਨਾਲ ਹੀ ਸੜ ਜਾਵੇਗਾ। ਇਸ ਲਈ ਮੈਨੂੰ ਉਹ ਧਾਗਾ ਪਾਓ ਜਿਹੜਾ ਮੈਨੂੰ ਭੈੜੇ ਕੰਮਾਂ ਤੋਂ ਰੋਕੇ ਅਤੇ ਨੇਕ ਕੰਮ ਕਰਨ ਲਈ ਪ੍ਰੇਰਨਾ ਦੇਵੇ । ਜਿਹੜਾ ਅਗਲੇ ਜਹਾਨ ਵੀ ਮੇਰੇ ਨਾਲ ਜਾਵੇ ਅਤੇ ਉੱਥੇ ਮੇਰੀ ਸਹਾਇਤਾ ਕਰੇ। ਜੇ ਇਹੋ ਜਿਹਾ ਜਨੇਊ ਤੁਹਾਡੇ ਪਾਸ ਹੈ ਤਾਂ ਲਿਆਉ, ਮੇਰੇ ਗਲ ਪਾ ਦਿਉ। ਗੁਰਬਾਣੀ ਵਿਚ ਆਪ ਜੀ ਦਾ ਫੁਰਮਾਨ ਇਸ ਪ੍ਰਕਾਰ ਹੈ :-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ (471)
ਗੁਰੂ ਜੀ ਦੇ ਬਚਨ ਬੜੇ ਸਪਸਟ ਸਨ। ਸਭ ਦੀ ਸਮਝ ਵਿਚ ਆ ਗਏ, ਪਰ ਸਾਰੇ ਬੜੇ ਹੈਰਾਨ ਸਨ ਕਿ ਅੱਜ ਤਕ ਕਿਸੇ ਨੇ ਇਹੋ ਜਹੀ ਗੱਲ ਨਹੀਂ ਕੀਤੀ ਜੋ ਦਸਾਂ ਵਰ੍ਹਿਆਂ ਦੇ ਗੁਰੂ ਨਾਨਕ ਨੇ ਕਰ ਵਿਖਾਈ ਹੈ। ਮਾਪਿਆਂ ਨੇ ਬੜੇ ਲਾਡ ਨਾਲ ਸਮਝਾਇਆ । ਪੰਡਤ ਨੇ ਬੜੇ ਮਿੱਠੇ ਲਫਜ ਵਰਤੇ ਕਿ ਸਾਸਤਰਾਂ ਦਾ ਉਲੰਘਣਾ ਕਰਨਾ ਠੀਕ ਨਹੀਂ ਪਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ। ਉਹਨਾਂ ਦੀ ਮੰਗ ਇਹੀ ਸੀ ਕਿ ਆਤਮਕ ਜੀਵਨ ਵਾਸਤੇ ਆਤਮਕ ਜਨੇਊ ਦੀ ਲੋੜ ਹੈ। ਪਰ ਪੰਡਤ ਜੀ ਕੋਲ ਐਸਾ ਜਨੇਊ ਹੈ ਹੀ ਨਹੀਂ ਸੀ। ਫੇਰ ਗੁਰੂ ਜੀ ਨੇ ਦੱਸਿਆ ਕਿ ਇਸ ਜਨੇਊ ਦਾ ਮਤਲਬ ਤਾ ਸਿਰਫ ਬ੍ਰਾਹਮਣ ਦਾ ਆਪਣੇ ਆਪ ਨੂੰ ਗੁਰੂ ਅਖਵਾਉਣਾ ਤੇ ਲੋਕਾਂ ਕੋਲੋਂ ਆਪਣੀ ਮਾਨਤਾ ਕਰਵਾਉਣਾ ਹੈ।
ਦਸ ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਬ੍ਰਾਹਮਣਾਂ ਦੇ ਕਰਮ ਕਾਂਡ ਉਪਰ ਇਹ ਪਹਿਲੀ ਕਰਾਰੀ ਚੋਟ ਸੀ ਜਿਸ ਅੱਗੇ ਪੰਡਤ ਜੀ ਤੇ ਹੋਰ ਸਭ ਨੂੰ ਨਿਉਣਾ ਪਿਆ।