Sajja Khabba (Punjabi Story) : Tauqeer Chughtai

ਸੱਜਾ ਖੱਬਾ (ਕਹਾਣੀ) : ਤੌਕੀਰ ਚੁਗ਼ਤਾਈ

ਉਹ ਜਮਾਂਦਰੂ ਖੱਬਾ ਸੀ, ਪਰ ਇਹ ਨਹੀਂ ਸੀ ਜਾਣਦਾ ਕਿ ਖੱਬੇ ਤੇ ਸੱਜੇ ਵਿਚ ਫ਼ਰਕ ਕੀ ਹੁੰਦਾ ਏ। ਪਹਿਲੀ ਵਾਰ ਉਹਨੂੰ ਏਸ ਗੱਲ ਦਾ ਪਤਾ ਤਦ ਚਲਿਆ ਜਦੋਂ ਇੱਕ ਵਿਆਹ ਦੀ ਰੋਟੀ ਖਾਂਦਿਆਂ ਓਹਨੇ ਖੱਬੇ ਹੱਥ ਨਾਲ਼ ਬੁਰਕੀ ਬਣਾਈ ਤਾਂ ਨਾਲ਼ ਬੈਠੇ ਪਿੰਡ ਦੇ ਮੌਲਵੀ ਸਾਹਿਬ ਨੇ ਓਹਦਾ ਹੱਥ ਫੜ ਲਿਆ ਸੀ। ਓਹਨੇ ਚੋਖਾ ਜ਼ੋਰ ਲਾਇਆ ਕਿ ਬੁਰਕੀ ਮੂੰਹ ਤੀਕਰ ਅੱਪੜ ਜਾਏ, ਪਰ ਮੌਲਵੀ ਨੇ ਆਪਣੀ ਪਕੜ ਨੂੰ ਹੋਰ ਵੀ ਪੀਡਾ ਕਰਦੇ ਹੋਇਆਂ ਆਖਿਆ ਸੀ:
"ਬੁਰਕੀ ਖੱਬੇ ਹੱਥ ਨਾਲ਼ ਨਹੀਂ, ਸੱਜੇ ਹੱਥ ਨਾਲ਼ ਬਣਾਈ ਦੀ ਏ ਤੇ ਰੋਟੀ ਭੰਨਣ ਲਗਿਆਂ ਵੀ ਸੱਜਾ ਹੱਥ ਈ ਵਰਤਣਾ ਚਾਹੀਦਾ।"
"ਇਹ ਜਮਾਂਦਰੂ ਖੱਬਾ ਏ।"

ਓਹਦੇ ਪਿਓ ਨੇ ਮੌਲਵੀ ਨੂੰ ਦੱਸਿਆ, "ਅਸੀਂ ਘਰ ਵਿਚ ਵੀ ਇਹਨੂੰ ਦੱਸ ਦੱਸ ਕੇ ਥੱਕ ਗਏ ਹਾਂ ਕਿ ਸਾਰੇ ਕੰਮ ਸੱਜੇ ਹੱਥ ਨਾਲ਼ ਕਰਿਆ ਕਰ, ਪਰ ਇਹਦੇ 'ਤੇ ਅਸਰ ਈ ਨਹੀਂ ਹੁੰਦਾ। ਹੁਣ ਤੇ ਅਸਾਂ ਆਖਣਾ ਹੀ ਛੱਡ ਦਿੱਤਾ ਏ। ਇੱਕ ਵਾਰ ਡਾਕਟਰ ਕੋਲ਼ ਵੀ ਲੈ ਗਏ।
ਓਹਦਾ ਕਹਿਣਾ ਸੀ ਜਿਹੜੇ ਬੱਚੇ ਜਮਾਂਦਰੂ ਖੱਬੇ ਹੁੰਦੇ ਨੇਂ, ਉਹ ਸੱਜਾ ਹੱਥ ਨਹੀਂ ਵਰਤ ਸਕਦੇ, ਬਿਲਕੁਲ ਇੰਜ ਈ ਜਿਵੇਂ ਮੈਂ ਜਾਂ ਤੁਸੀਂ ਖੱਬਾ ਹੱਥ ਵਰਤਣ ਦਾ ਜਤਨ ਵੀ ਕਰੀਏ ਤਾਂ ਨਹੀਂ ਕਰ ਸਕਾਂਗੇ। ਜੇ ਕਾਮਯਾਬ ਹੋ ਵੀ ਗਏ ਤਾਂ ਅੱਧੀ ਬੁਰਕੀ ਈ ਮੂੰਹ ਵਿਚ ਜਾਏਗੀ। ਡਾਕਟਰ ਨੇ ਇਹ ਵੀ ਆਖਿਆ ਸੀ ਕਿ ਇਹੋ ਜਿਹੇ ਬੱਚਿਆਂ 'ਤੇ ਜ਼ਿਆਦਾ ਭਾਰ ਨਹੀਂ ਪਾਣਾ ਚਾਹੀਦਾ, ਨਹੀਂ ਤਾਂ ਦਿਮਾਗ਼ੀ ਤੌਰ 'ਤੇ ਕਮਜ਼ੋਰ ਵੀ ਹੋ ਸਕਦੇ ਨੇਂ ਤੇ ਗ਼ੁੱਸੇ ਵਿਚ ਆ ਕੇ ਕੁਛ ਵੀ ਕਰ ਸਕਦੇ ਨੇਂ।"

"ਡਾਕਟਰ ਈ ਤਾਂ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਨੇ। ਜੇ ਮਾੜੀ ਜਿਹੀ ਸਿਰ ਪੀੜ ਵੀ ਹੋਵੇ ਤਾਂ ਬੰਦੇ, ਸਾਡੇ ਕੋਲੋਂ ਦਮ ਕਰਾਉਣ ਜਾਂ ਹਕੀਮ ਕੋਲ਼ ਦਵਾਈ ਲੈਣ ਦੀ ਥਾਂ ਡਾਕਟਰ ਕੋਲ਼ ਤੁਰ ਜਾਂਦੇ ਨੇਂ ਤੇ ਹਜ਼ਾਰਾਂ ਰੁਪਈਏ ਬਰਬਾਦ ਕਰ ਕੇ ਵੀ ਠੀਕ ਨਹੀਂ ਹੁੰਦੇ, ਸਗੋਂ ਹੋਰ ਬਿਮਾਰੀਆਂ ਲੈ ਕੇ ਘਰ ਮੁੜਦੇ ਨੇਂ। ਇਹਨੂੰ ਠੀਕ ਕਰਨ ਦਾ ਇਕੋ ਈ ਵੱਲ ਏ ਕਿ ਜਦੋਂ ਖੱਬੇ ਹੱਥ ਨਾਲ਼ ਕੋਈ ਕੰਮ ਕਰੇ, ਟੋਕ ਦਿਓ, ਜੇ ਫ਼ਿਰ ਵੀ ਠੀਕ ਨਾ ਹੋਵੇ ਤਾਂ ਕੋਲ਼ ਸੋਟੀ ਰੱਖ ਲੌ।"

ਓਹਦੇ ਪਿਓ ਨੇ ਮੌਲਵੀ ਨੂੰ ਤਾਂ ਕੁਛ ਨਾ ਆਖਿਆ, ਓਹਦਾ ਹੱਥ ਫੜ ਕੇ ਰੋਟੀ ਖਾਏ ਬਿਨਾਂ ਈ ਓਥੋਂ ਉਠ ਆਇਆ ਸੀ।

ਸਕੂਲ ਜਾਣ ਮਗਰੋਂ ਜਦੋਂ ਉਹ ਅਗਲੀਆਂ ਜਮਾਤਾਂ ਵਿਚ ਗਿਆ ਤਾਂ ਪੀ ਟੀ ਮਾਸਟਰ ਤੋਂ ਵੀ ਓਹਨੂੰ ਰੋਜ ਈ ਮਾਰ ਪੈਂਦੀ ਤੇ ਇਹਦਾ ਕਾਰਨ ਵੀ 'ਸੱਜਾ ਖੱਬਾ' ਈ ਹੁੰਦਾ। ਪਰੇਡ ਖ਼ਤਮ ਹੋਣ ਤੋਂ ਕੁਝ ਕੁ ਚਿਰ ਪਹਿਲਾਂ ਜਦੋਂ ਪੀ ਟੀ ਮਾਸਟਰਾਂ ਅਖੀਰਲੀ ਵਾਰ ਲੈਫ਼ਟ ਰਾਇਟ ਦੀ ਥਾਂ ਛੜਾ ਰਾਈਟ, ਰਾਇਟ, ਰਾਇਟ ਕਹਿੰਦਾ ਤਾਂ ਸਾਰੇ ਮੁੰਡੇ ਸੱਜਾ ਪੈਰ ਉੱਤੇ ਚੁੱਕ ਕੇ ਤਿੰਨ ਵਾਰ ਭੋਈਂ 'ਤੇ ਜ਼ੋਰ ਨਾਲ਼ ਮਾਰਦੇ, ਪਰ ਉਹਦਾ ਸੱਜਾ ਤੇ ਖੱਬਾ ਪੈਰ ਪਹਿਲਾਂ ਵਾਂਗ ਈ ਹੇਠ ਉਤੇ ਹੁੰਦਾ ਤੇ ਪਰੇਡ ਦਾ ਰਿਧਮ ਟੁੱਟ ਜਾਂਦਾ।

ਪੀ ਟੀ ਮਾਸਟਰ ਇਸੇ ਗੱਲ ਨੂੰ ਉਡੀਕ ਰਿਹਾ ਹੁੰਦਾ। ਉਹ ਸੋਟੀ ਲੈ ਕੇ ਅੱਗੇ ਆਉਂਦਾ ਤੇ ਓਹਦੇ ਗਿੱਟਿਆਂ ਨੂੰ ਨੀਲਾ ਕਰਨ ਮਗਰੋਂ ਕਹਿੰਦਾ, "ਤੂੰ ਬੰਦਾ ਐਂ ਜਾਂ ਡੰਗਰ! ਤੇਰੇ ਨਾਲ਼ ਦੇ ਸਾਰੇ ਮੁੰਡੇ ਜਾਣ ਚੁੱਕੇ ਨੇਂ ਕਿ ਲੈਫ਼ਟ ਤੇ ਰਾਇਟ ਕੀ ਹੁੰਦਾ ਏ ਪਰ ਤੈਨੂੰ ਖੋਤੇ ਵਾਂਗੂੰ ਰੋਜ ਮਾਰ ਖਾ ਕੇ ਵੀ ਏਸ ਗੱਲ ਦੀ ਸਮਝ ਨਹੀਂ ਆਉਂਦੀ।"

ਉਹਨੂੰ ਕੁੱਟਣ ਮਗਰੋਂ ਪੀ ਟੀ ਮਾਸਟਰ ਵੀ ਦੁਖੀ ਤਾਂ ਹੁੰਦਾ, ਪਰ ਉਹ ਆਪਣੀ ਆਦਤ ਹੱਥੋਂ ਮਜਬੂਰ ਸੀ। ਜਿਸ ਮਹਿਕਮੇ ਵਿਚੋਂ ਰੀਟਾਇਰ ਹੋਣ ਮਗਰੋਂ ਉਹ ਏਸ ਸਕੂਲ ਵਿਚ ਪੀ ਟੀ ਮਾਸਟਰ ਲੱਗਿਆ ਸੀ, ਓਥੇ ਪਰੇਡ ਕਰਨ ਲੱਗਿਆਂ ਉਹਦੇ ਨਾਲ਼ ਵੀ ਇੰਝ ਈ ਹੁੰਦਾ ਸੀ। ਏਸ ਲਈ ਕਿ ਉਹ ਆਪ ਵੀ ਖੱਬਾ ਸੀ। ਪੀ ਟੀ ਮਾਸਟਰ ਹੱਥ ਫੜ ਕੇ ਉਹਨੂੰ ਕਮਰੇ ਵਿਚ ਲਿਆਂਦਾ ਤੇ ਬੜੇ ਪਿਆਰ ਨਾਲ਼ ਕਹਿੰਦਾ:

"ਇਹ ਨਾ ਸਮਝੀਂ ਤੈਨੂੰ ਕੁੱਟ ਕੇ ਮੈਨੂੰ ਖ਼ੁਸ਼ੀ ਹੁੰਦੀ ਏ। ਕੀ ਕਰਾਂ? ਕਲਾਸ ਨੂੰ ਪਰੇਡ ਕਰਾਂਦਿਆਂ ਮੈਨੂੰ ਸਾਲ ਹੋ ਚੱਲਿਆ, ਤੇਰੇ ਨਾਲ਼ ਦੇ ਸਾਰੇ ਮੁੰਡੇ ਜਾਣ ਗਏ ਨੇਂ ਪਰੇਡ ਕਿੰਜ ਹੁੰਦੀ ਏ, ਲੈਫ਼ਟ ਤੇ ਰਾਇਟ ਕੀ ਹੁੰਦਾ ਏ, ਕਤਾਰ ਕਿਵੇਂ ਸਿੱਧੀ ਕਰੀਦੀ ਏ, ਪੈਰ ਨੂੰ ਭੋਈਂ 'ਤੇ ਕਿੰਝ ਮਾਰੀ ਦਾ, ਹੱਥਾਂ ਪੈਰਾਂ ਤੇ ਮੋਢਿਆਂ ਨੂੰ ਕਿਹੜੇ ਐਂਗਲ ਵਿਚ ਰੱਖ ਕੇ ਅੱਗੇ ਵਧੀਦਾ ਪਰ ਤੈਨੂੰ ਇਨ੍ਹਾਂ ਸਾਰੀਆਂ ਸ਼ੈਵਾਂ ਦਾ ਹਾਲੀ ਤੀਕਰ ਕੱਖ ਵੀ ਪਤਾ ਨਹੀਂ ਲੱਗਿਆ। ਦੱਸ ਮੈਂ ਕੀ ਕਰਾਂ? ਜੇ ਮੇਰੇ ਵੱਸ ਵਿਚ ਹੁੰਦਾ ਤਾਂ ਮੈਂ ਤੈਨੂੰ ਸੋਟੀ ਛੋੜ, ਚੰਡ ਵੀ ਨਾ ਮਾਰਦਾ ਪਰ ਮੈਨੂੰ ਉਤੋਂ ਹੁਕਮ ਮਿਲਿਆ ਹੋਇਆ ਹੈ। ਜਦੋਂ ਮੈਂ ਭਰਤੀ ਹੋਇਆ ਸਾਂ ਤਾਂ ਮੇਰੇ ਨਾਲ਼ ਵੀ ਇੰਝ ਈ ਹੁੰਦਾ ਸੀ, ਕਿਉਂਜੋ ਮੈਂ ਵੀ ਖੱਬਾ ਹਾਂ ਪਰ ਮੈਂ ਬੇਵੱਸ ਹਾਂ। ਕੁਛ ਨਹੀਂ ਕਰ ਸਕਦਾ।"

ਮਾਸਟਰ ਦੀ ਗੱਲ ਸੁਣ ਕੇ ਉਹਨੂੰ ਥੋੜਾ ਜਿਹਾ ਹੌਸਲਾ ਹੁੰਦਾ ਕਿ ਚਲੋ ਕੋਈ ਤਾਂ ਐਸਾ ਹੈ ਜੋ ਉਹਦੀ ਮਜਬੂਰੀ ਤੇ ਬੇਵਸੀ ਨੂੰ ਜਾਣਦਾ ਹੈ। ਉਹਨੇ ਪਹਿਲੀ ਵਾਰ ਹੌਸਲਾ ਕਰ ਕੇ ਮਾਸਟਰ ਨੂੰ ਆਖਿਆ:

"ਮਾਸਟਰ ਜੀ! ਜਮਾਂਦਰੂ ਖੱਬਾ ਹੋਣ ਕਰਕੇ ਮੇਰੇ ਨਾਲ਼ ਤਾਂ ਰੋਜ਼ ਇਹੋ ਕੁਛ ਹੁੰਦਾ ਏ । ਤੁਸੀਂ ਕਾਹਨੂੰ ਦੁਖੀ ਹੁੰਦੇ ਓ? ਇਹਦੇ ਵਿਚ ਤੁਹਾਡਾ ਕੋਈ ਦੋਸ਼ ਨਹੀਂ। ਜਦੋਂ ਮੈਂ ਸੱਜੇ ਹੱਥ ਨਾਲ਼ ਕੋਈ ਕੰਮ ਨਹੀਂ ਕਰ ਸਕਦਾ ਤਾਂ ਮੈਨੂੰ ਵੀ ਬੜਾ ਗ਼ੁੱਸਾ ਆਉਂਦਾ ਏ। ਸੋਚਦਾਂ ਸਾਰਿਆਂ ਵਰਗਾ ਕਿਉਂ ਨਹੀਂ ਹੋ ਸਕਦਾ? ਜਦੋਂ ਰੱਬ ਨੇ ਦੂਜਿਆਂ ਵਾਂਗ ਮੈਨੂੰ ਵੀ ਹੱਥ ਪੈਰ ਦਿੱਤੇ ਨੇਂ ਤਾਂ ਆਪਣੀ ਮਰਜ਼ੀ ਨਾਲ਼ ਕੋਈ ਕੰਮ ਕਿਉਂ ਨਹੀਂ ਕਰ ਸਕਦਾ?" ਮਾਸਟਰ ਉਹਦਾ ਸਿਰ ਪਲੋਸਦਾ ਕਮਰੇ ਵਿਚੋਂ ਬਾਹਰ ਚਲਾ ਗਿਆ। ਕਮਰੇ ਵਿਚ ਕੱਲਾ ਬੈਠ ਕੇ ਉਹ ਸੋਚ ਰਿਹਾ ਸੀ ਕਿ ਛੜਾ ਪੀ ਟੀ ਮਾਸਟਰ ਈ ਨਹੀਂ ਘਰ ਆਲੇ ਵੀ ਮੈਥੋਂ ਦੁਖੀ ਰਹਿੰਦੇ ਨੇਂ । ਬੇਬੇ ਕਹਿੰਦੀ ਏ-
"ਸੱਜੇ ਹੱਥ ਨਾਲ਼ ਰੋਟੀ ਚੁੱਕਿਆ ਕਰ, ਸੱਜੇ ਹੱਥ ਨਾਲ਼ ਈ ਬੁਰਕੀ ਬਣਾਇਆ ਕਰ ਤੇ ਫ਼ਿਰ ਸੱਜੇ ਹੱਥ ਨਾਲ਼ ਈ ਮੂੰਹ ਵਿਚ ਪਾਇਆ ਕਰ।"
ਕਾਰਨ ਪੁੱਛੀਏ ਤਾਂ ਕਹਿੰਦੀ ਏ, ਖਾਣ ਪੀਣ ਲਈ ਖੱਬਾ ਹੱਥ ਵਰਤੀਏ ਤਾਂ ਗੁਨਾਹ ਹੁੰਦਾ ਏ।
ਮੌਲਵੀ ਸਾਹਿਬ ਕਹਿੰਦੇ ਨੇਂ:
"ਘਰ ਵਿਚ ਵੜਨ ਲੱਗਿਆਂ ਪਹਿਲੇ ਸੱਜਾ ਪੈਰ ਅੰਦਰ ਧਰਿਆ ਕਰ ਨਹੀਂ ਤਾਂ ਗੁਨਾਹ ਹੁੰਦਾ ਏ। ਘਰ ਦੇ ਕੰਮਾਂ ਲਈ ਵੀ ਸੱਜਾ ਹੱਥ ਵਰਤਿਆ ਜਾਏ ਤਾਂ ਸਵਾਬ ਹੁੰਦਾ ਹੈ। ਖੱਬਾ ਹੱਥ ਤਾਂ ਛੜਾ ਪਿੰਡੇ ਦਾ ਗੰਦ ਧੋਣ ਲਈ ਈ ਵਰਤਿਆ ਜਾਣਾ ਚਾਹੀਦਾ ਏ।"

ਉਹਨੇ ਸੋਚਿਆ ਜੇ ਖੱਬਾ ਹੱਥ ਛੜਾ ਗੰਦ ਧੋਣ ਲਈ ਏ ਤਾਂ ਖੱਬੀ ਅੱਖ, ਖੱਬਾ ਕਨ, ਖੱਬਾ ਪੈਰ ਤੇ ਹੋਰ ਸਾਰੇ ਖੱਬੇ ਅੰਗ ਵੀ ਕਿਸੇ ਮਾੜੇ ਕੰਮ ਲਈ ਈ ਬਣੇ ਹੋਣਗੇ। ਉਹਨੇ ਮਨੁੱਖੀ ਪਿੰਡੇ ਦੇ ਅੰਗਾਂ ਦੀ ਗਿੰਤਰੀ ਕਰ ਕੇ ਹਿਸਾਬ ਲਾਇਆ ਤਾਂ ਉਹਨੂੰ ਹੋਰ ਵੀ ਵਧੀਕ ਜਾਣਕਾਰੀ ਹੋਈ। ਸਾਰੇ ਅੰਗਾਂ ਵਿਚ ਦੋ ਤਿੰਨ ਈ ਇਹੋ ਜਿਹੇ ਸਨ ਜਿਨ੍ਹਾਂ ਦਾ ਸੱਜਾ ਖੱਬਾ ਕੋਈ ਨਹੀਂ ਸੀ ਸਗੋਂ ਉਹ 'ਕੱਲੇ ਤੇ ਸੱਜੇ ਖੱਬੇ ਦੀ ਥਾਂ ਵਿਚਕਾਰਲੇ ਸਨ। ਜਿਵੇਂ ਸਿਰ ਤੇ ਮੂੰਹ ਜਾਂ ....... ਸਕੂਲ ਤੋਂ ਦਸਵੀਂ ਤੀਕਰ ਪੜ੍ਹ ਕੇ ਕਾਲਜ ਵਿਚ ਦਾਖ਼ਲਾ ਲੈਣ ਗਿਆ ਤਾਂ ਸਟੂਡੈਂਟ ਤਨਜ਼ੀਮਾਂ ਦੇ ਕਾਮੇ ਉਹਦੇ ਅੱਗੇ ਪਿੱਛੇ ਹੋਣ ਲੱਗ ਪਏ। ਹਰ ਪਾਸੇ ਵੱਖ ਵੱਖ ਸਟੂਡੈਂਟ ਤਨਜ਼ੀਮਾਂ ਦੇ ਛਪੇ ਮਨਸ਼ੂਰਾਂ ਦੀਆਂ ਕਾਪੀਆਂ ਦਾ ਢੇਰ ਲੱਗਿਆ ਹੋਇਆ ਸੀ ਜਿਨ੍ਹਾਂ ਤੇ ਨਜ਼ਰ ਮਾਰ ਕੇ ਉਹਨੇ ਹਾਲੀ ਕੁਛ ਸੋਚਿਆ ਵੀ ਨਹੀਂ ਸੀ ਕਿ ਇੱਕ ਤਨਜ਼ੀਮ ਦੇ ਕਾਮੇ ਨੇ ਓਹਦੇ ਕੋਲ਼ ਆ ਕੇ ਆਖਿਆ:
"ਤੁਸੀਂ ਦਾਖ਼ਲਾ ਲੈਣ ਆਏ ਓ ਨਾ?"
"ਆਹੋ!"
"ਸਾਇੰਸ, ਆਰਟਸ ਜਾਂ ਕਾੱਮਰਸ ਵਿਚ?"
ਫਿਰ ਆਪ ਈ ਕਹਿਣ ਲੱਗਾ:

"ਚਲੋ ਛੱਡੋ ਏਸ ਗੱਲ ਨੂੰ, ਜਿਥੇ ਚਾਹੋ, ਮਿਲ ਜਾਏਗਾ। ਅਸੀਂ ਨਵੇਂ ਆਏ ਪੜ੍ਹਿਆਰਾਂ ਨੂੰ ਦਾਖ਼ਲੇ ਬਾਰੇ ਵੀ ਦੱਸਦੇ ਹਾਂ ਤੇ ਉਨ੍ਹਾਂ ਨੂੰ ਆਪਣੀ ਤਨਜ਼ੀਮ ਦਾ ਮੈਂਬਰ ਵੀ ਬਣਾਂਦੇ ਹਾਂ। ਵੈਸੇ ਸਾਡੀ ਤਨਜ਼ੀਮ ਖੱਬੇ ਪੱਖ ਦੀ ਸੋਚ ਨਾਲ਼ ਜੁੜੀ ਹੋਈ ਏ।"

ਉਹਨੇ ਸੋਚਿਆ ਖੱਬੇ ਨੇ ਤਾਂ ਪਹਿਲਾਂ ਈ ਜੀਵਨ ਨੂੰ ਅਜ਼ਾਬ ਬਣਾਇਆ ਹੋਇਆ ਸੀ, ਕਾਲਜ ਆ ਕੇ ਵੀ ਇਹਦੇ ਕੋਲੋਂ ਜਿੰਦ ਨਾ ਛੁੱਟੀ।

"ਮੈਂ ਦਾਖ਼ਲੇ ਦੇ ਫ਼ਾਰਮ ਭਰ ਕੇ ਜਮ੍ਹਾਂ ਕਰਵਾਅ ਲਵਾਂ ਫ਼ਿਰ ਤੁਹਾਡੇ ਨਾਲ਼ ਗੱਲ ਕਰਦਾਂ।" ਆਖ ਕੇ ਉਹਨੇ ਓਥੋਂ ਜਾਣਾ ਚਾਹਿਆ ।

"ਜਦੋਂ ਸਾਡੀ ਤਨਜ਼ੀਮ ਤੇ ਵਰਕਰ ਏਸ ਕੰਮ ਲਈ ਬੈਠੇ ਹੋਏ ਨੇਂ ਤਾਂ ਤੁਹਾਨੂੰ ਖੇਚਲ਼ ਕਰਨ ਦੀ ਕੀ ਲੋੜ ਏ? ਇਧਰ ਲਿਆਓ ਫ਼ਾਰਮ ਤੇ ਜਾ ਕੇ ਬੈਂਚ 'ਤੇ ਬੈਠ ਜਾਓ। ਮੈਂ ਸਭ ਕੁਛ ਵੇਖ ਲੈਂਦਾਂ।"

"ਠੀਕ ਏ, ਮੈਂ ਵਾਸ਼ਰੂਮ ਚੋਂ ਹੋ ਕੇ ਆਂਵਦਾਂ। ਇਹ ਲੌ ਫ਼ਾਰਮ ਤੇ ਤੁਹਾਡਾ ਨਾਂ ਕੀ ਏ?"

"ਨਦੀਮ ਨਾਂ ਏ ਮੇਰਾ ਤੇ ਮੈਂ ਖੱਬੇ ਪੱਖ ਦੀ ਸਿਆਸਤ ਨਾਲ਼ ਜੁੜਿਆ ਹੋਇਆ ਵਾਂ। ਤੁਸੀਂ ਕਿ"ਸੇ ਤੋਂ ਵੀ ਮੇਰੇ ਬਾਰੇ ਪੁੱਛੋਗੇ ਤਾਂ ਉਹ ਦੱਸ ਦੇਵੇਗਾ।

ਖੱਬੇ ਹੱਥ ਤੇ ਖੱਬੇ ਪੱਖ ਦੀ ਸਿਆਸਤ ਬਾਰੇ ਸੋਚਦਾ ਉਹ ਵਾਸ਼ਰੂਮ ਵੱਲ ਜਾ ਈ ਰਿਹਾ ਸੀ ਕਿ ਇਕ ਦੋ ਮੁੰਡੇ ਆਪਣੇ ਹੱਥਾਂ ਵਿਚ ਇੱਕ ਹੋਰ ਤਨਜ਼ੀਮ ਦਾ ਮਨਸ਼ੂਰ ਲੈ ਕੇ ਉਹਦੇ ਵੱਲ ਵਧੇ ਤੇ ਉਹਨੂੰ ਕਹਿਣ ਲੱਗੇ:
"ਤੁਸਾਂ ਦਾਖ਼ਲੇ ਦੇ ਫ਼ਾਰਮ ਲੈ ਲਿੱਤੇ ਜਾਂ ਨਹੀਂ?"
"ਜੀ ਲੈ ਲਿਤੇ।"
"ਤੁਸੀਂ ਸਾਡੀ ਤਨਜ਼ੀਮ ਵਿਚ ਸ਼ਾਮਿਲ ਹੋਏ ਜਾਂ ਨਹੀਂ? ਜੇ ਨਹੀਂ ਤਾਂ ਸਾਡੀ ਤਨਜ਼ੀਮ ਵਿਚ ਆ ਜਾਓ। ਅਸੀਂ ਤੁਹਾਡਾ ਦਾਖ਼ਲਾ ਵੀ ਕਰਵਾਅ ਦਿਆਂਗੇ।"
"ਤੁਸੀਂ ਕਿਸੇ ਸਿਆਸੀ ਪਾਰਟੀ ਨਾਲ਼ ਜੁੜੇ ਹੋਏ ਹੋ?"
ਉਹਨੇ ਤਨਜ਼ੀਮ ਦੇ ਕਾਮੇ ਨੂੰ ਪੁੱਛਿਆ ।
"ਅਸੀਂ 'ਤਾਬੀਰ-ਏ-ਵਤਨ' ਪਾਰਟੀ ਦੇ ਮੈਂਬਰ ਹਾਂ।"
ਕਾਮੇ ਦਾ ਕਹਿਣਾ ਸੀ।
"ਸੱਜੇ ਪੱਖ ਦੀ ਏ ਜਾਂ ਖੱਬੇ ਪੱਖ ਦੀ?" ਓਹਨੇ ਇੱਕ ਵਾਰ ਫਿਰ ਪੁੱਛਿਆ।
"ਤੌਬਾ ਕਰੋ ਜੀ! ਸੱਜੇ ਪੱਖ ਦੀ ਸਾਫ਼ ਸੁਥਰੀ ਪਾਰਟੀ ਏ, ਪਰ ਤੁਸੀਂ ਸੱਜੇ ਪੱਖ ਨਾਲ਼ ਸੰਬੰਧ ਰੱਖਦੇ ਓ ਜਾਂ ਖੱਬੇ ਨਾਲ਼?" ਤਨਜ਼ੀਮ ਦੇ ਮੁੰਡਿਆਂ ਉਹਨੂੰ ਪੁੱਛਿਆ ।
"ਮੈਂ ਵਿਚਕਾਰਲੇ ਪੱਖ ਨਾਲ਼ ਸੰਬੰਧਿਤ ਹਾਂ।"
"ਵਿਚਕਾਰਲਾ ਪੱਖ!" ਸਾਰਿਆਂ ਦੇ ਮੂੰਹ ਵਿਚੋਂ ਹੈਰਤ ਨਾਲ਼ ਨਿਕਲਿਆ।
"ਇਹ ਕਿਹੜਾ ਪੱਖ ਏ ਜੀ? ਅਸੀਂ ਤਾਂ ਪਹਿਲੀ ਵਾਰ ਇਸ ਪੱਖ ਬਾਰੇ ਤੁਹਾਡੇ ਮੂੰਹੋਂ ਸੁਣ ਰਹੇ ਹਾਂ।"
"ਇਹ ਉਹ ਪੱਖ ਏ ਜਿਹਦੇ ਬਾਰੇ ਬੜੇ ਘੱਟ ਲੋਕ ਸੋਚਦੇ ਨੇਂ, ਹਰ ਬੰਦੇ ਦੀ ਮੌਤ ਤੇ ਜੀਵਨ ਇਸੇ ਪੱਖ ਨਾਲ਼ ਜੁੜਿਆ ਹੋਇਆ ਏ।"

ਕਹਿੰਦੇ ਹੋਏ ਉਹ ਅੱਗੇ ਵਧਿਆ ਪਰ ਵਾੱਸ਼ਰੂਮ ਦੇ ਬੂਹੇ ਕੋਲ਼ ਜਾ ਕੇ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਪਹਿਲਾਂ ਖੱਬਾ ਪੈਰ ਅੰਦਰ ਧਰੇ ਜਾਂ ਸੱਜਾ।

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ