Sajjan Thag-Tulamba : Saakhi Guru Nanak Dev Ji

ਸੱਜਣ ਠੱਗ-ਤੁਲੰਬਾ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ

ਇਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇਕ ਪਿੰਡ ਵਿਚ ਪੁੱਜੇ ਜਿਸ ਦਾ ਨਾਮ ਸੀ ਤੁਲੰਬਾ। ਇਹ ਪਿੰਡ ਹੁਣ ਪਾਕਿਸਤਾਨ ਦੇ ਜਿਲੇ ਮੁਲਤਾਨ ਵਿਚ ਹੈ। ਉਥੇ ਇਕ ਬੜਾ ਵੱਡਾ ਠੱਗ ਰਹਿੰਦਾ ਸੀ, ਜਿਸ ਦਾ ਨਾਮ ਸੀ ਸੱਜਣ। ਉਸ ਨੇ ਸਹਿਰ ਤੋਂ ਹੱਟਵੀ ਇਕ ਵੱਡੀ ਸਾਰੀ ਸਰ੍ਹਾਂ ਬਣਾਈ ਹੋਈ ਸੀ। ਜਿਸ ਵਿਚ ਉਹ ਆਏ ਗਏ ਰਾਹੀਆਂ ਦੀ ਸੇਵਾ ਕਰਦਾ ਸੀ।
ਸੱਜਣ, ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਦਾ ਸੀ। ਜਿਹੜਾ ਮੁਸਾਫਰ ਆਵੇ ਉਸ ਦੀ ਬੜੀ ਸੇਵਾ ਕਰਦਾ, ਚੰਗਾ ਖਾਣ ਨੂੰ ਦਿੰਦਾ ਅਤੇ ਸੌਣ ਲਈ ਚੰਗਾ ਮੰਜਾ ਬਿਸਤਰਾ ਵਿਛਵਾ ਦੇਦਾ। ਜਦੋ ਮੁਸਾਫਰ ਸੌਂ ਜਾਂਦਾ ਤਾਂ ਸੱਜਣ ਅਤੇ ਉਸਦੇ ਸਾਥੀ ਉਸ ਮੁਸਾਫਰ ਨੂੰ ਮਾਰ ਦਿੰਦੇ ਤੇ ਉਸਦਾ ਮਾਲ ਧਨ ਲੁੱਟ ਲਂੈਦੇ। ਪਰ ਬਾਹਰ ਲੋਕਾਂ ਚ ਉਸ ਦੀ ਬੜੀ ਸਿਫਤ ਸੀ। ਲੋਕ ਉਸਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਭਲਾ ਕਰਨ ਵਾਲਾ ਸਮਝਦੇ ਸਨ।

ਗੁਰੂ ਨਾਨਕ ਦੇਵ ਜੀ ਇਹੋ ਜਿਹੇ ਭੈੜੇ ਬੰਦਿਆਂ ਦਾ ਸੁਧਾਰ ਕਰਨ ਹੀ ਤਾਂ ਆਏ ਸਨ। ਇਹ ਤਾਂ ਗੁਰੂ ਜੀ ਦੀ ਹਿੰਮਤ ਸੀ ਕਿ ਠੱਗਾਂ ਤੇ ਭੈੜੇ ਲੋਕਾਂ ਕੋਲ ਉਨ੍ਹਾਂ ਨੂੰ ਸਿੱਧੇ ਰਾਹ ਪਾਉਣ ਆਪ ਜਾਂਦੇ ਸਨ। ਸੱਜਣ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਬੜੀ ਟਹਿਲ ਸੇਵਾ ਕਰਨੀ ਚਾਹੀ, ਪਰ ਗੁਰੂ ਜੀ ਨੇ ਪਹਿਲਾਂ ਹੀ ਭਾਈ ਮਰਦਾਨਾ ਜੀ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਅਸੀ ਇਥੋ ਕੁਝ ਨਹੀ ਛਕਣਾ। ਸੱਜਣ ਸਮਝਦਾ ਸੀ ਕਿ ਬਹੁਤ ਧਨ ਦੌਲਤ ਵਾਲੇ ਆਏ ਹਨ ਚੰਗੀ ਪੂੰਜੀ ਹੱਥ ਲੱਗੇਗੀ।

ਗੁਰੂ ਜੀ ਸੱਜਣ ਅਤੇ ਉਸਦੇ ਸਾਥੀਆਂ ਦੀ ਭੈੜੀ ਨੀਯਤ ਬਾਰੇ ਜਾਣਦੇ ਸਨ। ਇਸ ਲਈ ਜਦ ਸੱਜਣ ਕਾਫੀ ਪਦਾਰਥ ਲੈ ਕੇ ਆਇਆ ਤਾਂ ਗੁਰੂ ਜੀ ਨੇ ਛਕਣ ਤੋ ਨਾਂਹ ਕਰ ਦਿੱਤੀ। ਫਿਰ ਸੱਜਣ ਨੇ ਗੁਰੂ ਜੀ ਨੂੰ ਅਰਾਮ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਅਸੀ ਉਹ ਕੰਮ-ਵਿਹਾਰ ਜਿਸ ਵਾਸਤੇ ਅਕਾਲ ਪੁਰਖ ਨੇ ਸਾਨੂੰ ਭੇਜਿਆ ਹੈ ਖਤਮ ਕਰਕੇ ਹੀ ਅਰਾਮ ਕਰਾਂਗੇ। ਸੱਜਣ ਨਾਲ ਦੇ ਕਮਰੇ ਵਿਚ ਮੋਕੇ ਦੀ ਉਡੀਕ ਵਿਚ ਜਾ ਬੈਠਾ ਅਤੇ ਸੋਚਣ ਲੱਗਾ, ਜਦ ਇਹ ਸੋ ਜਾਣਗੇ ਤਾਂ ਆਪਣਾ ਕੰਮ ਕਰ ਲਵਾਂਗਾ।
ਉਧਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਿਹਾ, ਗੁਰੂ ਜੀ ਨੇ ਸੂਹੀ ਰਾਗ ਵਿਚ ਇਹ ਸਬਦ ਉਚਾਰਨ ਕੀਤਾ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ ੧॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲਨਿੑ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਸੰਨਿ॥ ੧॥ ਰਹਾਉ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥
ਢਠੀਆ ਕੰਮਿ ਨ ਆਵਨੀੑ ਵਿਚਹੁ ਸਖਣੀਆਹਾ॥ ੨॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥ ੩॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ॥
ਸੇ ਫਲ ਕੰਮਿ ਨ ਆਵਨੀੑ ਤੇ ਗੁਣ ਮੈ ਤਨਿ ਹੰਨਿੑ॥ ੪॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥ ੫॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥੬॥੧॥੩॥ (ਸੂਹੀ ਮਹਲਾ ੧-729)

ਜਦੋ ਸੱਜਣ ਨੇ ਨਾਲ ਦੇ ਕਮਰੇ ਵਿਚ ਇਹ ਸਬਦ ਸੁਣਿਆ ਤਾਂ ਉਸਦੀ ਹੈਰਾਨੀ ਦੀ ਹੱਦ ਨਾ ਰਹੀ, ਕਿਉਕਿ ਉਸਨੂੰ ਸਬਦ ਵਿਚੋ ਆਪਣਾ ਪਖੰਡ ਸਪੱਸਟ ਦਿਸਦਾ ਸੀ। ਉਹ ਉਠ ਕੇ ਗੁਰੂ ਜੀ ਦੇ ਕਮਰੇ ਵਿਚ ਜਾ ਬੈਠਾ। ਉਸਨੂੰ ਅਨੁਭਵ ਹੋਇਆ ਕਿ ਗੁਰੂ ਸਾਹਿਬ ਉਸਦੇ ਪਰਦੇ ਅੰਦਰ ਕੀਤੇ ਕੁਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ।

ਗੁਰੂ ਜੀ ਨੇ ਉਸਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਹੈ। ਹਿੰਦੂ ਮੈੰਨੁੰ ਸੱਜਣ ਮੱਲ ਕਹਿੰਦੇ ਹਨ, ਮੁਸਲਮਾਨ ਮੈਨੂੰ ਸੇਖ ਸੱਜਣ ਸਾਹ ਕਰਕੇ ਸੱਦਦੇ ਹਨ।
ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਜੀ ਹੱਸ ਪਏ। ਉਹ ਕਹਿਣ ਲੱਗੇ, "ਤੇਰਾ ਨਾਂ ਤਾਂ ਬੜਾ ਸੋਹਣਾ ਹੈ, ਪਰ ਕੀ ਤੂੰ ਕੰਮ ਵੀ ਸੱਜਣਾਂ ਵਾਲੇ ਕਰਦਾ ਹੈ" ਸੱਜਣ ਨੇ ਇਹ ਸੁਣ ਕੇ ਨੀਵੀ ਪਾ ਲਈ।

ਗੁਰੂ ਜੀ ਨੇ ਫੁਰਮਾਇਆ "ਸੱਜਣ ! ਤੇਰੇ ਕੰਮ ਸੱਜਣਾਂ ਵਾਲੇ ਨਹੀ। ਤੂੰ ਲੋਕਾਂ ਨੂੰ ਧੋਖਾ ਦੇਦਾ ਹੈ। ਪਾਪ ਕਰ ਕਰ ਤੂੰ ਧੰਨ ਇਕੱਠਾ ਕਰ ਰਿਹਾ ਹੈ। ਲੋਕਾਂ ਭਾਣੇ ਤੂੰ ਭਾਵੇ ਸੱਜਣ ਹੈ ਸਾਧੂ ਹੈ, ਪਰ ਤੂੰ ਰੱਬ ਨੂੰ ਧੋਖਾ ਨਹੀ ਦੇ ਸਕਦਾ। ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ। ਯਾਦ ਰੱਖ! ਇਕ ਦਿਨ ਮਰਨਾਂ ਜਰੂਰ ਹੈ। ਇਹ ੱਨ ਇਥੇ ਹੀ ਰਹਿ ਜਾਵੇਗਾ, ਪਰ ਇਸ ਧਨ ਦੀ ਖਾਤਰ ਕੀਤੇ ਹੋਏ ਪਾਪ ਤੇਰੇ ਨਾਲ ਜਾਣਗੇ। ਜਦੋ ਤੈਨੂੰ ਇਹਨਾਂ ਮੰਦੇ ਕੰਮਾਂ ਦਾ ਫਲ ਮਿਲੇਗਾ ਤਾਂ ਸੋਚ ਤੇਰਾ ਕੀ ਹਾਲ ਹੋਵੇਗਾ ਸੱਜਣਾਂ ! ਅਜੇ ਵੀ ਵੇਲਾ ਈ। ਮੰਦੇ ਕੰਮ ਛੱਡ ਦੇ ਚੰਗੇ ਕੰਮੀ ਲੱਗ ਜਾ। ਸੱਚੀ ਮੁੱਚੀ ਲੋਕਾਂ ਦਾ ਸੱਜਣ ਬਣ, ਹਰ ਕਿਸੇ ਦਾ ਭਲਾ ਕਰ। ਰੱਬ ਦਾ ਨੇਕ ਬੰਦਾ ਬਣ।"
ਗੁਰੂ ਜੀ ਦੇ ਬਚਨਾਂ ਨੇ ਸੱਜਣ ਦਾ ਹਿਰਦਾ ਵਿੰਨ੍ਹ ਸੁੱਟਿਆ। ਉਹ ਬੜਾ ਸਰਮਿੰਦਾ ਹੋਇਆ। ਗੁਰੂ ਜੀ ਦੇ ਚਰਨਾਂ ਤੇ ਡਿਗ ਪਿਆ ਤੇ ਕਹਿਣ ਲੱਗਾ "ਗੁਰੂ ਜੀ! ਮੈ ਭੁੱਲ ਗਿਆ ਹਾਂ, ਮੇਰੀਆਂ ਭੁੱਲਾਂ ਮਾਫ ਕਰੋ, ਮੈ ਅੱਗੋ ਭੈੜੇ ਕੰਮ ਨਹੀ ਕਰਾਂਗਾ।"

ਗੁਰੂ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣ, ਧਰਮ ਦੀ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ ਦਿੱਤਾ। ਸੱਜਣ ਨੇ ਮੰਦੇ ਕੰਮ ਛਡ ਦਿੱਤੇ। ਹੱਣ ਉਹ ਸੱਚੀ ਮੁੱਚੀ ਦਾ ਸੱਜਣ ਬਣ ਗਿਆ। ਗੁਰੂ ਜੀ ਦੀ ਆਗਿਆ ਮੰਨ ਕੇ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।

  • ਮੁੱਖ ਪੰਨਾ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀਆਂ/ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ