ਸਖ਼ਤੀ ਜਿਸ ਨੇ ਮੇਰੇ ਬੱਚਿਆਂ ਨੂੰ ਪੰਜਾਬੀ ਪੜ੍ਹਨੇ ਲਾਇਆ : ਰਿਪਨਜੋਤ ਕੌਰ ਸੋਨੀ ਬੱਗਾ
ਜ਼ਿੰਦਗੀ ਵਿਚ ਮਾਪਿਆਂ ਵੱਲੋਂ ਕਈ ਵਾਰ ਕੀਤੀਆਂ ਸਖ਼ਤੀਆਂ ਬੱਚਿਆਂ ਲਈ ਵਰਦਾਨ ਸਾਬਿਤ ਹੁੰਦੀਆਂ ਹਨ, ਉਸ ਵਕਤ ਚਾਹੇ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਹੋਵੇ, ਪਰ ਬਾਅਦ ਵਿੱਚ ਜਾ ਕੇ ਪਤਾ ਚੱਲਦਾ ਹੈ ਕਿ ਮਾਪੇ ਸਹੀ ਸਨ। ਵਡੇਰਿਆਂ ਦੀਆਂ ਕੀਤੀਆਂ ਨਿੱਕੀਆਂ ਨਿੱਕੀਆਂ ਸਖ਼ਤੀਆਂ ਕਈ ਵੇਰਾਂ ਹਵਾ ਦਾ ਰੁਖ਼ ਮੋੜ ਦਿੰਦੀਆਂ ਹਨ, ਜਿਸ ਦਾ ਬੱਚਿਆਂ ਨੂੰ ਬਾਅਦ ਵਿਚ ਅਹਿਸਾਸ ਹੁੰਦਾ। ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਰਹਿਣ ਕਰਕੇ ਬੱਚਿਆਂ ਦੀ ਪੜ੍ਹਾਈ ਵਿੱਚ ਪੰਜਾਬੀ ਵਿਸ਼ਾ ਨਹੀਂ ਸੀ।
ਜਦੋਂ ਅਸੀਂ ਪੰਜਾਬ ਦੇ ਮਾਲਵੇ ਦੇ ਇੱਕ ਸ਼ਹਿਰ ਵਿੱਚ ਆਏ ਤਾਂ ਮੈਂ ਬੱਚਿਆਂ ਨੂੰ ਆਰਮੀ ਸਕੂਲ ਵਿਚ ਦਾਖਲ ਕਰਾਉਣ ਦੀ ਬਜਾਏ ਸ਼ਹਿਰ ਦੇ ਸਕੂਲ ਵਿੱਚ ਦਾਖਲ ਕਰਵਾਇਆ, ਸਿਰਫ਼ ਇੱਕ ਕਾਰਨ ਕਰਕੇ ਕਿ ਬੱਚੇ ਪੰਜਾਬੀ ਪੜ੍ਹ ਲੈਣ। ਜੇ ਉਨ੍ਹਾਂ ਨੇ ਪੰਜਾਬੀ ਗੁਰਮੁਖੀ ਲਿਪੀ ਪੜ੍ਹੀ ਹੋਵੇਗੀ ਤਾਂ ਹੀ ਉਹ ਠੀਕ ਬੋਲ ਵੀ ਸਕਣਗੇ, ਕਿਉਂਕਿ ਕਿਸੇ ਭਾਸ਼ਾ ਦੀ ਸਹੀ ਸ਼ਬਦਾਵਲੀ ਅਸੀਂ ਤਾਂ ਹੀ ਬੋਲ ਸਕਦੇ ਹਾਂ ਜੇ ਸਾਨੂੰ ਉਸ ਭਾਸ਼ਾ ਦੇ ਸ਼ਬਦਾਂ ਦੀਆਂ ਧੁਨੀਆਂ ਦਾ ਗਿਆਨ ਹੋਵੇਗਾ।ਬਾਕੀ ਬੱਚਿਆਂ ਨੂੰ ਸਹੀ ਸ਼ਬਦ ਬੋਲਣ ਲਈ ਮੇਰੇ ਪਿਤਾ ਜੀ ਡਾਕਟਰ ਵਿਦਵਾਨ ਸਿੰਘ ਸੋਨੀ ਟੋਕ ਦਿੰਦੇ ਸਨ ਕਿ ਟਕਸਾਲੀ ਭਾਸ਼ਾ ਦੇ ਸ਼ਬਦ ਹੀ ਵਰਤੋਂ ਵਿਚ ਲਿਆਓ, ਬੋਲਣ ਵਕਤ ਵੀ ਅਤੇ ਲਿਖਦੇ ਵਕਤ ਵੀ। ਅਗਸਤ ਮਹੀਨੇ ਜਦੋਂ ਪੜ੍ਹਾਈ ਦਾ ਇਕ ਤਿਹਾਈ ਵਿੱਦਿਅਕ ਵਰ੍ਹਾ ਮੁੱਕ ਚੁੱਕਾ ਹੁੰਦਾ ਹੈ, ਮੇਰੀ ਬੇਟੀ ਨੇ ਬਠਿੰਡੇ ਨੌਵੀਂ ਜਮਾਤ ਵਿਚ ਦਾਖਲਾ ਲਿਆ, ਮੈਂ ਪੰਜਾਬ ਤਕਰੀਬਨ 12 ਸਾਲ ਬਾਅਦ ਆਈ ਸੀ, ਮੈਂ ਇੱਥੇ ਦੇਖਿਆ ਕਿ ਅੱਜ ਕੱਲ ਸੀ ਬੀ ਐੱਸ ਈ ਸਕੂਲਾਂ ਨੇ ਇਹ ਆਪਸ਼ਨ ਦਿਤੀ ਹੋਈ ਹੈ ਕਿ ਬੱਚੇ ਮੁੱਖ ਵਿਸ਼ਾ ਪੰਜਾਬੀ ਅਤੇ ਹਿੰਦੀ ਦੋਨਾਂ ਵਿੱਚੋਂ ਇੱਕ ਚੁਣ ਸਕਦੇ ਹਨ, ਬੋਰਡ ਵਿਚ ਪੇਪਰ ਦੋਨਾਂ ਵਿਸ਼ਿਆਂ ਦੇ ਹੋਣਗੇ ਪਰ ਜੁੜਨਗੇ ਮੁੱਖ ਵਿਸ਼ੇ ਦੇ ਹੀ। ਮੈਂ ਆਪਣੀ ਬੇਟੀ ਨੂੰ ਜਿਸ ਨੇ ਕਿ ਪੰਜਾਬੀ ਬਿਲਕੁਲ ਵੀ ਨਹੀਂ ਪੜ੍ਹੀ ਸੀ ਵਿਸ਼ੇ ਦੇ ਤੌਰ ਤੇ ਉਸ ਨੂੰ ਪੰਜਾਬੀ ਹੀ ਮੁਖ ਵਿਸ਼ਾ ਲੈ ਕੇ ਦਿੱਤਾ, ਉਹ ਤਿੰਨ-ਚਾਰ ਦਿਨ ਰੋਂਦੀ ਰਹੀ , ਮੈਂ ਕਲਾਸ ਵਿਚੋ ਵਧੀਆ ਨੰਬਰ ਲੈਣ ਵਾਲੇ ਬੱਚਿਆਂ ਵਿੱਚੋ ਹਾਂ, ਪੰਜਾਬੀ ਵਿਸ਼ੇ ਕਰਕੇ ਮੇਰਾ ਗਰੇਡ ਥੱਲੇ ਆ ਜਾਵੇਗਾ, ਮੈਂ ਸਮਝਾਇਆ ਪੁੱਤ ਕੋਈ ਨਾ ਕੋਸ਼ਿਸ਼ ਕਰ , ਤੂੰ ਹਿੰਮਤ ਨਾ ਹਾਰ ਪਰ ਪੰਜਾਬੀ ਹੀ ਮੁੱਖ ਵਿਸ਼ਾ ਪੜ੍ਹਨਾ ਹੈ।
ਇਸ ਦੇ ਨਾਨੀ ਜੀ ਜੋ ਕਿ ਪੰਜਾਬੀ ਦੀ ਅਧਿਆਪਕਾ ਸੀ, ਸਾਡੇ ਕੋਲ ਪਹਿਲੀ ਵਾਰੀ ਇਕ ਹਫਤਾ ਲਗਾ ਕੇ ਗਏ ਆਪਣੀ ਦੋਹਤਰੀ ਨੂੰ ਕਵਿਤਾਵਾਂ , ਸਾਰੀ ਕਿਤਾਬ ਪੜ੍ਹਾ ਕੇ ਗਏ, ਫਿਰ ਬੱਚੀ ਵੀ ਦੋ ਕੁ ਵਾਰ ਸ਼ਨੀਵਾਰ ਐਤਵਾਰ ਦੀ ਛੁੱਟੀ ਰਲਾ ਕੇ ਪੰਜਾਬੀ ਪੜ੍ਹਨ ਉਨ੍ਹਾਂ ਕੋਲ ਗਈ।ਮੈਂ ਬੇਟੀ ਦੀ ਮਿਹਨਤ ਤੇ ਹੈਰਾਨ ਹੋ ਗਈ ਇਕ ਮਹੀਨਾ ਉਸਨੂੰ ਕੋਈ ਸੋਝੀ ਨਾ ਰਹੀ , ਪਰ ਪੰਜਾਬੀ ਪੂਰੀ ਤਰ੍ਹਾਂ ਲਿਖਣਾ ਸਿੱਖ ਕੇ ਹੀ ਦਮ ਲਿਆ। ਪੇਪਰ ਹੋਏ ਤਾਂ ਬੱਚੀ ਦੇ ਅੱਸੀਆਂ ਚੋਂ ਪੰਜਾਹ ਨੰਬਰ ਆਏ, ਮੈਂ ਕਿਹਾ ਕੋਈ ਨਾ ਪੁੱਤਰਾ ਅਗਲੇ ਸਾਲ ਤੱਕ ਪੂਰੀ ਤਰ੍ਹਾਂ ਆ ਜਾਵੇਗੀ। ਮੈਂ ਘਰ ਵਿੱਚ ਪੰਜਾਬੀ ਦਾ ਅਖ਼ਬਾਰ ਲਗਾ ਦਿੱਤਾ, ਕਿਉਂਕਿ ਪਿਤਾ ਜੀ ਤੋਂ ਸੁਣਿਆ ਸੀ ਕਿ ਜੇ ਕੋਈ ਭਾਸ਼ਾ ਦੀ ਸ਼ਬਦਾਵਲੀ ਸਿੱਖਣੀ ਹੈ ਤਾਂ ਉਸ ਭਾਸ਼ਾ ਦਾ ਅਖਬਾਰ ਪੜ੍ਹੋ, ਸ਼ਨੀਵਾਰ ਐਤਵਾਰ ਮੈਂ ਖੁਦ ਅਖਬਾਰ ਦੇ ਪੰਨੇ ਸਤਰੰਗ ਅਤੇ ਦਸਤਕ ਦੇਂਦੀ ਸੀ ,ਬੱਚਿਆਂ ਨੂੰ ਕਿ ਆਹ ਲੇਖ ਪੜ੍ਹ ਕੇ ਮੈਨੂੰ ਦਸੋ ਇਸ ਵਿੱਚ ਕੀ ਲਿਖਿਆ ਹੈ। ਬੇਟੀ ਤਾਂ ਪੜ੍ਹ ਲੈਂਦੀ ਸੀ ਪਰ ਬੇਟਾ ਥੋੜਾ ਨਾਂਹ-ਨੁੱਕਰ ਕਰਦਾ ਸੀ, ਪਰ ਹੁਣ ਮੇਰਾ ਸਭ ਤੋਂ ਪਹਿਲਾਂ ਲੇਖ ਉਹੀ ਪੜ੍ਹਦਾ ਹੈ ਮੈਂ ਜੋ ਵੀ ਲਿਖਦੀ ਹਾਂ, ਤੇ ਉਸ ਉਤੇ ਟਿੱਪਣੀ ਜ਼ਰੂਰ ਕਰਦਾ ਹੈ।
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਉਸ ਨੇ ਪੰਜਾਬੀ ਵਿੱਚ ਵਰਨੈਕੁਲਰ ਲੈਂਗੁਏਜ ਤਹਿਤ ਵਿਚ ਆਪਣੇ ਕਾਲਜ ਵੱਲੋਂ ਭਾਗ ਲਿਆ ਅਤੇ ਰਾਸ਼ਟਰੀ ਬਲਾਗ ਵਿੱਚ ਆਪਣੀ ਲਿਖਤ ਨੂੰ ਪੰਜਾਬੀ ਵਿਚ ਛਪਵਾਉਣ ਦਾ ਕਾਰਜ ਕੀਤਾ। ਲਾਅ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਦੀ ਪੰਜਾਬੀ ਭਾਸ਼ਾ ਵਿੱਚ ਇਸ ਬਲਾਗ ਤੇ ਲਿਖਤ ਛਪੀ।ਡਾ ਵਿਦਵਾਨ ਸਿੰਘ ਸੋਨੀ ਅਤੇ ਮੇਰੇ ਵਾਸਤੇ ਇਸ ਤੋਂ ਵੱਧ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਆਪਣੀ ਅਗਲੀ ਪੀੜ੍ਹੀ ਤੱਕ ਆਪਣੀ ਮਾਂ ਬੋਲੀ ਪੁਚਾ ਦਿੱਤੀ ਹੈ, ਪਿਤਾ ਜੀ ਕਹਿੰਦੇ ਮੈਨੂੰ ਇਸ ਤੋਂ ਵੱਡਾ ਤੋਹਫਾ ਨਹੀਂ ਮਿਲ ਸਕਦਾ। ਜਿੰਨਾਂ ਚਿਰ ਜਿਉਂਦੇ ਰਹੇ ਰਹਿਨੁਮਾਈ ਕਰਦੇ ਰਹਾਂਗੇ। ਆਮੀਨ।