Sakoon (Punjabi Story): Amrit Kaur
ਸਕੂਨ (ਕਹਾਣੀ) : ਅੰਮ੍ਰਿਤ ਕੌਰ
“ਨਾ ਨਾ … ਬੱਸ ਬਸ … ਠੀਕ ਐ …।” ਇਹ ਆਖਦਿਆਂ ਮੇਰੇ ਸਹੁਰਾ ਸਾਬ੍ਹ ਨੇ ਪੈਰ ਪਿਛਾਂਹ ਖਿੱਚ ਲਏ। ਅੰਦਰੋਂ ਬੇਇੱਜ਼ਤੀ ਵੀ ਮਹਿਸੂਸ ਹੋਈ ਤੇ ਇਸ ਤਰ੍ਹਾਂ ਵੀ ਲੱਗਿਆ ਜਿਵੇਂ ਮੰਦਰ ਜਾਂ ਗੁਰਦੁਆਰੇ ਵਿੱਚੋਂ ਬਾਂਹ ਤੋਂ ਫੜ ਕੇ ਕਿਸੇ ਨੇ ਪਿਛਾਂਹ ਵੱਲ ਨੂੰ ਧੱਕ ਦਿੱਤਾ ਹੋਵੇ। ਪਰ … … ਸਤਿ ਸ੍ਰੀ ਅਕਾਲ ਦਾ ਜਵਾਬ ਉਹਨਾਂ ਜ਼ਰੂਰ ਦੇ ਦਿੱਤਾ। ਬੀ ਜੀ ਨੇ ਪੈਰਾਂ ਨੂੰ ਹੱਥ ਤਾਂ ਲਵਾ ਲਏ ਪਰ ਅਸੀਸ ਕੋਈ ਨਾ ਦਿੱਤੀ। ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਸੁਭਾਅ ਨਹੀਂ ਅਸੀਸਾਂ ਦੇਣ ਵਾਲਾ। ਕਈ ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ ਕਿ ਪਾਣੀ ਦਾ ਗਲਾਸ ਫੜਾ ਦਿਓ ਤਾਂ ਵੀ ਅਸੀਸਾਂ ਦੀਆਂ ਝੜੀਆਂ ਲਾ ਦੇਣਗੇ। ਪਰ ਅਸੀਸਾਂ ਦੇਣ ਦੇ ਮਾਮਲੇ ਵਿੱਚ ਬੀ ਜੀ ਨੇ ਸਾਰੀ ਉਮਰ ਕੰਜੂਸੀ ਹੀ ਕੀਤੀ ਹੈ।
ਵਿਆਹ ਤੋਂ ਦੋ ਕੁ ਦਿਨ ਬਾਅਦ ਹੀ ਆਂਢਣਾਂ ਗੁਆਂਢਣਾਂ ਦੀਆਂ ਗੱਲਾਂ ਮੇਰੇ ਕੰਨੀਂ ਪਈਆਂ, “ਹੈਂਅ ਕੁੜੇ ਇਹ ਪੈਰੀਂ ਹੱਥ ਲਾ ਦਿਆ ਕਰੂ? ਪੜ੍ਹੀ ਲਿਖੀ ਨੂੰਹ ਲੈ ਲੀ।”
“ਪੈਰੀਂ ਹੱਥ ਨਾ ਕਿਤੇ … … ਦੂਰੋਂ ਈ ਸਾਸਰੀ ’ਕਾਲ ਹੋਇਆ ਕਰੂ’ ਹੀ … ਹੀ … ਹੀ।” ਉਹ ਹੱਸੀਆਂ। ਮੈਂ ਸੋਚਿਆ ਕਿ ਆਹ ਕੀ ਗੱਲ ਹੋਈ? ਇਹ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਪੜ੍ਹੇ ਲਿਖੇ ਆਦਰ ਸਤਿਕਾਰ ਨਹੀਂ ਕਰਦੇ ਹੁੰਦੇ। ਰੱਬ ਦਾ ਸ਼ੁਕਰ ਕੀਤਾ ਕਿ ਇਹ ਗੱਲਾਂ ਮੇਰੇ ਕੰਨੀਂ ਪਈਆਂ। ਨਹੀਂ ਤਾਂ ਕੀ ਪਤਾ ਹੈ ਮੈਂ ਵੀ ਇਹੀ ਸੋਚ ਲੈਂਦੀ ਕਿ ਮਨ ਵਿੱਚ ਸਤਿਕਾਰ ਹੋਣਾ ਚਾਹੀਦਾ ਹੈ, ਦਿਖਾਵਾ ਕਰਨ ਦਾ ਕੀ ਫਾਇਦਾ। ਪਰ ਹੁਣ ਮੇਰੀ ਸੋਚ ਥੋੜ੍ਹੀ ਬਦਲੀ, ਮਨ ਕਿਹੜਾ ਕੋਈ ਫਰੋਲ ਕੇ ਦੇਖਦਾ, ਕੁਝ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਕਿ ਪਤਾ ਲੱਗੇ ਤੁਸੀਂ ਸਤਿਕਾਰ ਕਰਦੇ ਓ। ਇਹ ਵੀ ਕਹਿ ਲਵਾਂ ਕਿ ਥੋੜ੍ਹਾ ਦਿਖਾਵੇ ਵਾਲਾ ਫਰਜ਼ ਨਿਭਾ ਲੈਣ ਵਿੱਚ ਕੋਈ ਹਰਜ਼ ਨਹੀਂ। ਬਾਪੂ ਜੀ ਦਾ ਪਿਛਾਂਹ ਨੂੰ ਪੈਰ ਖਿੱਚਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਇਹੀ ਦੇਖਿਆ ਸੁਣਿਆ ਸੀ ਕਿ ਪੈਰ ਪਿਛਾਂਹ ਕੋਈ ਉਦੋਂ ਹੀ ਖਿੱਚਦਾ ਹੈ ਜਦੋਂ ਪੈਰੀਂ ਹੱਥ ਲਾਉਣ ਵਾਲੇ ਨਾਲ ਕੋਈ ਸਖਤ ਨਰਾਜ਼ਗੀ ਹੋਵੇ। ਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਂਦੇ ਕਿ ਸ਼ਾਇਦ ਮੇਰੇ ਪੇਕਿਆਂ ਨੇ ਉਮੀਦ ਨਾਲੋਂ ਘੱਟ ਸਮਾਨ ਦਿੱਤਾ ਹੋਵੇਗਾ ਜਾਂ ਮੇਰਾ ਪੜ੍ਹੀ ਲਿਖੀ ਹੋਣਾ ਪਸੰਦ ਨਾ ਹੋਵੇ। ਜਿਵੇਂ ਆਮ ਕਰਕੇ ਪਿੰਡਾਂ ਵਿੱਚ ਪੜ੍ਹੀ ਲਿਖੀ ਨੂੰਹ ਦਾ ਆਉਣਾ ਇਹ ਸਮਝ ਲਿਆ ਜਾਂਦਾ ਕਿ ਬਜ਼ੁਰਗਾਂ ਦੇ ਕਰਮਾਂ ਵਿੱਚ ਸੁਖ ਨਹੀਂ। ਇਹ ਭਰਮ ਪਾਲ਼ੇ ਹੋਏ ਹੁੰਦੇ ਨੇ ਕਿ ਪੜ੍ਹੀ ਲਿਖੀਆਂ ਨੂੰਹਾਂ ਕੰਮ ਨਹੀਂ ਕਰਦੀਆਂ। ਉਹ ਆਖਦੇ ਹਨ ਕਿ ਸੱਤ ਵਜੇ ਤਾਂ ਉਹਨਾਂ ਦੀ ਅੱਖ ਹੀ ਖੁੱਲ੍ਹਦੀ ਹੈ, ਓਨੇ ਨੂੰ ਪਿੰਡਾਂ ਵਾਲੇ ਅੱਧੇ ਕੰਮ ਨਿਪਟਾ ਲੈਂਦੇ ਹਨ। ਭਾਵੇਂ ਹਰ ਕਿਸੇ ’ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਸਾਡੇ ਬੀ ਜੀ ਨੇ ਤਾਂ ਵਿਆਹ ਤੋਂ ਥੋੜ੍ਹੇ ਕੁ ਦਿਨਾਂ ਬਾਅਦ ਮੈਨੂੰ ਸੁਣਾ ਵੀ ਦਿੱਤਾ ਸੀ, “ਤੇਰਾ ਮਾਮਾ ਕਹਿੰਦਾ, ਮੇਰੀ ਭੈਣ ਦੇ ਕਰਮਾਂ ਵਿੱਚ ਸੁਖ ਨਹੀਂ … … ਤਾਂ ਹੀ ਪੜ੍ਹੀ ਲਿਖੀ ਨੂੰਹ ਲੈ ਲਈ।” ਮੈਂ ਬੜੀ ਹੈਰਾਨ ਹੋਈ ਕਿ ਜਿਹੜਾ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਉਸ ਨੇ ਇਹ ਕਿਵੇਂ ਕਹਿ ਦਿੱਤਾ। ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਧੀ ਨੂੰਹ ਬਣ ਕੇ ਕਿਸੇ ਦੇ ਘਰ ਚਲੀ ਜਾਂਦੀ ਹੈ ਤਾਂ ਉਹਨੂੰ ਬਥੇਰੇ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਜੋ ਉਹਨੇ ਸੋਚਿਆ ਵੀ ਨਹੀਂ ਹੁੰਦਾ। ਚਲੋ ਇਹ ਗੱਲ ਤਾਂ ਵੱਖਰੀ ਐ। ਚਿੰਤਾ ਤਾਂ ਬਾਪੂ ਜੀ ਦੀ ਨਰਾਜ਼ਗੀ ਦੀ ਸੀ।
ਸਮਾਂ ਬੀਤਦਾ ਰਿਹਾ। ਬਾਪੂ ਜੀ ਦੀਆਂ ਗੱਲਾਂ ਤੋਂ ਮੈਨੂੰ ਕਦੇ ਵੀ ਲਾਲਚ ਦੀ ਬੂ ਨਹੀਂ ਆਈ। ਮੈਨੂੰ ਉਹ ਕਿਸੇ ਦਰਵੇਸ਼ ਦੀ ਤਰ੍ਹਾਂ ਲੱਗਦੇ, ਬਿਲਕੁਲ ਇੱਕ ਰੁੱਖ ਵਾਂਗ। ਉਹਨਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਔਖੇ ਦਿਨ ਦੇਖੇ ਹੋਏ ਸਨ। ਮਾਪੇ ਸਿਰ ’ਤੇ ਹੈ ਨਹੀਂ ਸਨ। ਰਿਸ਼ਤੇਦਾਰੀਆਂ ਵਿੱਚ ਰਹਿ ਕੇ ਪਲੇ ਤੇ ਵੱਡੇ ਹੋਏ ਸਨ। ਜਦੋਂ ਥੋੜ੍ਹੇ ਵੱਡੇ ਹੋਏ ਤਾਂ ਆਪਣੇ ਛੋਟੇ ਭਰਾਵਾਂ ਦੇ ਵਿਆਹ ਵੀ ਕੀਤੇ ਅਤੇ ਸਾਰਿਆਂ ਨੂੰ ਬਰਾਬਰ ਦੀ ਜ਼ਮੀਨ ਵੀ ਬਣਾ ਦਿੱਤੀ ਸੀ। ਸਕੂਲੀ ਪੜ੍ਹਾਈ ਤਾਂ ਉਹਨਾਂ ਨਹੀਂ ਸੀ ਕੀਤੀ ਹੋਈ ਪਰ ਉਹਨਾਂ ਜ਼ਿੰਦਗੀ ਨੂੰ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਣ ਵਾਲੇ ਲੋਕਾਂ ਨਾਲੋਂ ਵਧੀਆ ਸੁਚੱਜੇ ਤਰੀਕੇ ਨਾਲ ਜੀਵਿਆ। ਮੇਰਾ ਸੱਚੀ ਚਿੱਤ ਕਰਦਾ ਹੁੰਦਾ ਸੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਨੂੰ। ਪਰ ਜਦੋਂ ਮੈਂ ਉਹਨਾਂ ਕੋਲ ਜਾ ਕੇ ਝੁਕਦੀ ਉਹ ਪਿਛਾਂਹ ਹਟ ਜਾਂਦੇ। ਇਹ ਗੱਲ ਮੇਰੇ ਦਿਲ ’ਤੇ ਬੜੀ ਸੱਟ ਮਾਰਦੀ। ਪਿੰਡਾਂ ਵਿੱਚ ਨੂੰਹ ਸਹੁਰਾ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਸਨ ਕਰਦੇ ਹੁੰਦੇ। ਇਸ ਲਈ ਬਾਪੂ ਜੀ ਨੂੰ ਪੁੱਛਣਾ ਕਿ ਉਹ ਇੱਦਾਂ ਕਿਉਂ ਕਰਦੇ ਹਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਵੈਸੇ ਵੀ ਬਹੁਤ ਘੱਟ ਬੋਲਦੇ ਸਨ। ਵਿਹੜੇ ਵਿੱਚ ਵੀ ਨੀਵੀਂ ਪਾ ਕੇ ਵਿਚਾਰੇ ਜਿਹੇ ਬਣ ਕੇ ਮੰਜੇ ’ਤੇ ਬੈਠੇ ਹੁੰਦੇ। ਮੈਂ ਬੀ ਜੀ ਨੂੰ ਪੁੱਛਿਆ ਕਿ ਬਾਪੂ ਜੀ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਨੇ। ਬੀ ਜੀ ਨੇ ਬੜੀ ਹਾਸੋਹੀਣੀ ਗੱਲ ਆਖੀ। ਕਹਿੰਦੇ, “ ਤੇਰਾ ਬਾਪੂ ਤੈਥੋਂ ਸੰਗਦਾ … … ਤੂੰ ਪੜ੍ਹੀ ਲਿਖੀ ਐਂ। ਉਹ ਕਹਿੰਦਾ ਕਿ ਬਹੂ ਕੀ ਆਖੂਗੀ … … ਕਿਵੇਂ ਬੋਲਦੇ ਨੇ।” ਉਹਨਾਂ ਦੀ ਬੋਲੀ ਵਿੱਚ ਪੁਆਧੀ ਦਾ ਰਲੇਵਾਂ ਸੀ। ਮੈਂ ਸਮਝ ਗਈ।
ਹੌਲੀ-ਹੌਲੀ ਅਸੀਂ ਬਾਪੂ ਜੀ ਨੂੰ ਵੀ ਗੱਲਾਂ ਵਿੱਚ ਸ਼ਾਮਲ ਕਰਨ ਲੱਗ ਪਏ। ਕਈ ਵਾਰ ਉਹ ਥੋੜ੍ਹਾ ਫਰਕ ਨਾਲ ਬੈਠੇ ਜਦੋਂ ਅਸੀਂ ਬੀ ਜੀ ਨਾਲ ਗੱਲਾਂ ਕਰਦੇ ਤਾਂ ਸਾਡੀਆਂ ਗੱਲਾਂ ਸੁਣਦੇ ਰਹਿੰਦੇ। ਅਸੀਂ ਬਾਪੂ ਜੀ ਨੂੰ ਵੀ ਕੋਈ ਨਾ ਕੋਈ ਗੱਲ ਪੁੱਛ ਲੈਂਦੇ ਤਾਂ ਉਹ ਦੱਸਣ ਲੱਗ ਪੈਂਦੇ। ਮੈਨੂੰ ਇਹ ਤਾਂ ਤਸੱਲੀ ਹੋ ਜਾਂਦੀ ਕਿ ਬਾਪੂ ਜੀ ਨਰਾਜ਼ ਤਾਂ ਨਹੀਂ। ਪਰ ਕੋਈ ਨਾ ਕੋਈ ਅਜਿਹੀ ਘਟਨਾ ਜੋ ਮੈਨੂੰ ਚੰਗੀ ਨਾ ਲਗਦੀ ਮੈਨੂੰ ਸੋਚਣ ’ਤੇ ਮਜਬੂਰ ਕਰ ਦਿੰਦੀ ਕਿ ਬਾਪੂ ਜੀ ਨਰਾਜ਼ ਹਨ।
“ਬੀ ਜੀ! ਬਾਪੂ ਜੀ ਪੈਰਾਂ ਨੂੰ ਹੱਥ ਕਿਉਂ ਨਹੀਂ ਲਵਾਉਂਦੇ?” ਇੱਕ ਦਿਨ ਮੈਂ ਬੀ ਜੀ ਨੂੰ ਪੁੱਛਿਆ।
“ਸਾਰਾ ਦਿਨ ਗਲੀਆਂ ਵਿੱਚ ਗੋਹਾ ਮੱਧਦਾ ਫਿਰਦੈ। ਜੁੱਤੀਆਂ ਲਿਬੜੀਆਂ ਰਹਿੰਦੀਆਂ ਗੋਹੇ ਨਾਲ … … ਤਾਂ ਨੀ ਲਵਾਉਂਦਾ ਹੋਊ ਕਿ ਬਹੂ ਪੜ੍ਹੀ ਲਿਖੀ ਐ ਕੀ ਆਖੂ?” ਬੀ ਜੀ ਦੇ ਜਵਾਬ ’ਤੇ ਮੈਨੂੰ ਹਾਸਾ ਆ ਗਿਆ। ਪਿੰਡਾਂ ਵਿੱਚ ਆਮ ਕਰਕੇ ਬਜ਼ੁਰਗਾਂ ਦੀਆਂ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨ। ਉਹ ਕਦੇ ਵੀ ਪਿਆਰ ਦਾ ਦਿਖਾਵਾ ਨਹੀਂ ਕਰਦੇ ਹੁੰਦੇ।
“ਪਰ ਜਦੋਂ ਉਹ ਮੰਜੇ ’ਤੇ ਬੈਠੇ ਹੁੰਦੇ ਨੇ ਉਦੋਂ ਕਿਹੜਾ ਲਵਾਉਂਦੇ ਨੇ।” ਮੈਂ ਥੋੜ੍ਹਾ ਸੋਚ ਕੇ ਆਖਿਆ।
“ਇਹ ਤਾਂ ਕਿਸੇ ਤੋਂ ਵੀ ਨੀ ਲਵਾਉਂਦਾ।”
ਮੈਂ ਸੋਚਿਆ ਚਲੋ ਫੇਰ ਤਾਂ ਕੋਈ ਗੱਲ ਨਹੀਂ। ਮੈਂ ਆਪਣੀ ਚਿੰਤਾ ਘਟਾ ਲਈ ਇਸ ਪਾਸਿਓਂ। ਪਰ ਇੱਕ ਦਿਨ ਪਿੰਡ ਵਿੱਚੋਂ ਚਾਚਾ ਜੀ ਦੀ ਨੂੰਹ ਨੇ ਬਾਪੂ ਜੀ ਦੇ ਪੈਰੀਂ ਹੱਥ ਲਾਏ। ਉਹਨਾਂ ਚੁੱਪ ਕਰਕੇ ਲਵਾ ਲਏ ਤੇ ਸਿਰ ਪਲੋਸਿਆ। ਮੈਨੂੰ ਲੱਗਿਆ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇ। ਮੈਂ ਫਿਰ ਬੀ ਜੀ ਨੂੰ ਪੁੱਛਿਆ।
“ਇਹਦੀਆਂ ਇਹੀ ਜਾਣੇ।” ਬੀ ਜੀ ਨੇ ਸੌ ਦੀ ਇੱਕ ਸੁਣਾ ਦਿੱਤੀ।
ਇੱਕ ਵਾਰ ਮੈਂ ਤੇ ਮੇਰੇ ਪਤੀ ਰਿਸ਼ਤੇਦਾਰੀਆਂ ਵਿੱਚ ਘੁੰਮ ਕੇ ਚਾਰ ਕੁ ਦਿਨਾਂ ਬਾਅਦ ਘਰ ਆਏ। ਬਾਪੂ ਜੀ ਘਰ ਨਹੀਂ ਸਨ। ਉਹ ਜ਼ਿਆਦਾ ਸਮਾਂ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਬੈਠੇ ਬਜ਼ੁਰਗਾਂ ਕੋਲ ਹੀ ਬਿਤਾਉਂਦੇ। ਉੱਥੇ ਲੱਗੇ ਰੁੱਖ ਬੂਟਿਆਂ ਨੂੰ ਪਾਣੀ ਪਾ ਦਿਆ ਕਰਦੇ ਸਨ। ਚਾਹ ਰੋਟੀ ਦੇ ਸਮੇਂ ਹੀ ਘਰ ਆਉਂਦੇ। ਸਾਰੇ ਬਜ਼ੁਰਗ ਹੀ ਚਾਹ ਰੋਟੀ ਆਪਣੇ ਆਪਣੇ ਘਰ ਆ ਕੇ ਹੀ ਖਾਂਦੇ। ਉਹ ਆਖਦੇ ਕਿ ਗੁਰੂ ਘਰ ਲਈ ਇਕੱਠਾ ਕੀਤਾ ਦੁੱਧ ਅਤੇ ਅੰਨ ਪਾਣੀ ਰਾਹੀਆਂ ਪਾਂਧੀਆਂ ਲਈ ਤੇ ਹੋਰ ਲੋੜਵੰਦਾਂ ਲਈ ਹੁੰਦਾ ਹੈ।
“ਅੱਜ ਜਦ ਬਾਪੂ ਜੀ ਘਰ ਆਉਣਗੇ, ਆਪਾਂ ਫਟਾਫਟ ਪੈਰੀਂ ਹੱਥ ਲਾ ਦਿਆਂਗੇ।” ਮੈਂ ਆਪਣੇ ਪਤੀ ਨੂੰ ਆਖਿਆ।
“ਮੈਨੂੰ ਸੰਗ ਆਉਂਦੀ ਐ, ਅਸੀਂ ਨੀ ਕਦੇ ਲਾਏ। ਤੂੰ ਪੈਰੀਂ ਹੱਥ ਲਾਉਣ ਦੇ ਐਨਾ ਪਿੱਛੇ ਕਿਉਂ ਪਈ ਐਂ ਜਿਵੇਂ ਸ਼ੁਦਾਈ ਕਰਦੇ ਹੁੰਦੇ ਨੇ।” ਉਹਨਾਂ ਥੋੜ੍ਹੀ ਨਰਾਜ਼ਗੀ ਨਾਲ ਆਖਿਆ।
“ਲਾ ਕੇ ਦੇਖਿਓ ਅੱਜ ਬਾਪੂ ਜੀ ਕਿੰਨੇ ਖੁਸ਼ ਹੋਣਗੇ।” ਮੈਂ ਕਿਹਾ। ਕਾਫ਼ੀ ਮਿੰਨਤ ਤਰਲੇ ਤੋਂ ਬਾਅਦ ਉਹ ਮੰਨ ਗਏ। ਮਨ ਵਿੱਚ ਡਰ ਅਤੇ ਖੁਸ਼ੀ ਦੇ ਭਾਵ ਵਾਰ ਵਾਰ ਸਿਰ ਚੁੱਕਦੇ। ਕਦੇ ਸੋਚਾਂ ਕਿ ਉਹਨਾਂ ਕੋਈ ਸੰਕਲਪ ਨਾ ਕੀਤਾ ਹੋਵੇ, ਉਹ ਨਾ ਟੁੱਟ ਜਾਵੇ ਕਿਤੇ। ਕਦੇ ਸੋਚਾਂ ਅੱਜ ਇੱਕ ਪਾਸਾ ਹੋ ਜਾਊ, ਜੇ ਬਾਪੂ ਜੀ ਗੁੱਸੇ ਹੋਏ ਤਾਂ ਪੁੱਛ ਲਊਂ ਕਿ ਮੇਰਾ ਕੀ ਕਸੂਰ ਐ? ਮੇਰੀ ਗਲਤੀ ਦੱਸੋ। ਕੀ ਪੜ੍ਹੇ ਲਿਖੇ ਹੋਣਾ ਈ ਗੁਨਾਹ ਐ ਮੇਰਾ? ਬੱਸ ਅੰਦਰ ਵਿਚਾਰ ਆ ਜਾ ਰਹੇ ਸਨ। ਧੁੜਕੂ ਲੱਗਿਆ ਪਿਆ ਸੀ। ਇਹ ਤਾਂ ਪਤਾ ਸੀ ਕਿ ਬਾਪੂ ਜੀ ਨੇ ਪੈਰ ਪਿਛਾਂਹ ਖਿੱਚ ਲੈਣੇ ਨੇ। ਫਿਰ ਹੁਣ ਕੀ ਕਰੀਏ? ਸੋਚਿਆ ਲੁਕ ਕੇ ਇਕਦਮ ਸਾਹਮਣੇ ਆ ਜਾਵਾਂਗੇ ਉਹਨਾਂ ਨੂੰ ਪਤਾ ਈ ਨਾ ਲੱਗੇ ਕਿ ਕੀ ਹੋਇਆ?
ਬਾਪੂ ਜੀ ਦੇ ਆਉਣ ਦਾ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਸੀ। ਜਦੋਂ ਬਾਪੂ ਜੀ ਘਰ ਆਉਂਦੇ ਤਾਂ ਗਲੀ ਵਿੱਚ ਸੁੱਤੇ ਕੁੱਤੇ ਅੰਗੜਾਈਆਂ ਲੈ ਲੈ ਉੱਠਦੇ ਤੇ ਉਹਨਾਂ ਦੇ ਪੈਰਾਂ ਵਿੱਚ ਲਿਟਣ ਲੱਗ ਪੈਂਦੇ। ਬਾਪੂ ਜੀ ਆਖਦੇ, “ਓ ਬੱਸ … ਓ ਤੇਰੀ … ਬੱਸ ਬਸ … ਓ ਬੱਸ ਪੁੱਤ … ਬੱਸ ਕਰੋ ਹੁਣ।” ਇਹੀ ਆਖਦਿਆਂ ਬਾਪੂ ਜੀ ਅੰਦਰ ਆ ਜਾਂਦੇ। ਕੁੱਤੇ ਵਾਪਸ ਮੁੜ ਜਾਂਦੇ। ਜਦੋਂ ਬਾਪੂ ਜੀ ਦੀ ਆਵਾਜ਼ ਆਈ ਅਸੀਂ ਦਰਵਾਜ਼ੇ ਪਿੱਛੇ ਲੁਕ ਗਏ। ਉਹ ਆਉਣ ਸਾਰ ਸਾਹਮਣੇ ਕੰਧ ’ਤੇ ਲੱਗੀ ਘੜੀ ’ਤੇ ਸਮਾਂ ਦੇਖਦੇ ਹੁੰਦੇ ਸਨ। ਉਹਨਾਂ ਦੀ ਨਿਗਾਹ ਉੱਪਰ ਘੜੀ ਵੱਲ, ਅਸੀਂ ਉਹਨਾਂ ਦੇ ਪੈਰਾਂ ਵਿੱਚ। ਇੱਕ ਪਾਸੇ ਮੈਂ ਦੂਜੇ ਪਾਸੇ ਉਹਨਾਂ ਦਾ ਪੁੱਤਰ। ਇਹ ਸਭ ਕੁਝ ਅਚਾਨਕ ਹੋ ਗਿਆ। ਬਾਪੂ ਜੀ ਨੇ ਮੇਰੇ ਸਿਰ ’ਤੇ ਹੱਥ ਰੱਖ ਦਿੱਤਾ। ਆਪਣੇ ਪੁੱਤਰ ਨੂੰ ਜੱਫ਼ੀ ਵਿੱਚ ਲੈ ਲਿਆ। ਪਿਉ ਪੁੱਤ ਕਿੰਨੀ ਦੇਰ ਜੱਫੀਆਂ ਪਾਈ ਗਏ। ਬਾਪੂ ਜੀ ਬਹੁਤ ਖੁਸ਼ ਸਨ। ਕਹਿਣ ਲੱਗੇ, “ਅੱਜ ਤਾਂ ਤੁਸੀਂ ਜਿੱਤ ਗਏ ਬਈ।” ਮੈਂ ਵੀ ਖੁਸ਼ ਸੀ ਚਿੰਤਾ ਨਿੱਬੜੀ। ਹੁਣ ਬਾਪੂ ਜੀ ਪੈਰ ਪਿਛਾਂਹ ਨਹੀਂ ਖਿੱਚਣਗੇ। ਪਤਾ ਨਹੀਂ ਕੀ ਮਨ ਵਿੱਚ ਆਇਆ, ਸ਼ਾਮ ਨੂੰ ਬਾਪੂ ਜੀ ਆਪਣੇ ਬੇਟੇ ਨੂੰ ਕਹਿਣ ਲੱਗੇ, “ਹੁਣ ਤੁਸੀਂ ਆਪਣੀ ਕਬੀਲਦਾਰੀ ਆਪ ਸਾਂਭੋ।”
“ਲੈ ਐਂ ਕਿਵੇਂ ਸਾਂਭ ਲੀਏ ਲਾਣੇਦਾਰਾ। ਲਾਣੇਦਾਰੀ ਤਾਂ ਬਜ਼ੁਰਗਾਂ ਹੱਥ ਈ ਸੋਹੰਦੀ ਐ।” ਉਹਨਾਂ ਬਾਪੂ ਜੀ ਦੇ ਲੱਕ ਨੂੰ ਜੱਫੀ ਪਾਉਂਦਿਆਂ ਕਿਹਾ।
“ਹੁਣ ਸਵਾਸਾਂ ਦਾ ਕੋਈ ਭਰੋਸਾ ਨੀ।”
“ਐਂ ਨੀ ਮੁੱਕਣ ਦਿੰਦੇ ਸਵਾਸ ਥੋਡੇ।” ਉਹਨਾਂ ਬਾਪੂ ਜੀ ਨੂੰ ਹੋਰ ਘੁੱਟ ਲਿਆ।
“ਓ ਬੱਸ ਕਰ ... ਪੱਸਲੀਆਂ ਤੋੜੇਂਗਾ … ਛੱਡ ਮੈਨੂੰ … ਚੰਗਾ ਫੇਰ ਮੇਰੀ ਇੱਕ ਗੱਲ ਮੰਨ ਲੈ, ਜਦੋਂ ਬਾਣੀਏ ਦਾ ਹਿਸਾਬ ਕਰਨਾ ਹੁੰਦਾ ਐ … ਮੇਰੇ ਨਾਲ ਚੱਲਿਆ ਕਰ।” ਇਹਨਾਂ ਹਾਮੀ ਭਰ ਦਿੱਤੀ। ਬਾਪੂ ਜੀ ਖੁਸ਼ ਹੋ ਗਏ। ਇਹ ਜਮਾਂ ਬੱਚੇ ਬਣ ਜਾਂਦੇ ਸਨ ਜਦੋਂ ਬਾਪੂ ਜੀ ਨਾਲ ਲਾਡ ਜਿਹੇ ਕਰਦੇ। ਮੈਨੂੰ ਬਹੁਤ ਚੰਗਾ ਲੱਗਦਾ ਸੀ। ਜੇ ਸਾਡੇ ਘਰ ਕਿਸੇ ਗੱਲ ’ਤੇ ਤਕਰਾਰ ਹੁੰਦੀ ਤਾਂ ਦੋ ਪਾਰਟੀਆਂ ਬਣ ਜਾਂਦੀਆਂ। ਇਹ ਬੀ ਜੀ ਵੱਲ ਹੋ ਜਾਂਦੇ ਮੈਂ ਬਾਪੂ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀ। ਬਾਪੂ ਜੀ ਬੜੇ ਖੁਸ਼ ਹੁੰਦੇ, ਜਦੋਂ ਮੈਂ ਉਹਨਾਂ ਦਾ ਪੱਖ ਲੈਂਦੀ। ਇੱਕ ਦਿਨ ਮੈਨੂੰ ਫਿਰ ਜਾਣਾ ਪਿਆ ਪੇਕੇ, ਕੁਝ ਕਿਤਾਬਾਂ ਲਿਆਉਣੀਆਂ ਸਨ। ਦੂਸਰੇ ਦਿਨ ਵਾਪਸ ਆਈ। ਬਾਪੂ ਜੀ ਨੇ ਫੇਰ ਪੈਰ ਪਿਛਾਂਹ ਨੂੰ ਖਿੱਚ ਲਏ। ਉੱਥੇ ਰੁਕੇ ਵੀ ਨਹੀਂ। ਬਾਹਰਲੇ ਘਰ ਚਲੇ ਗਏ। ਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈ। ਗੱਲ ਤਾਂ ਫੇਰ ਉੱਥੇ ਹੀ ਆ ਖੜ੍ਹੀ। ਸੋਚਿਆ, ‘ਮਨਾ ਛੱਡ ਕਿਉਂ ਦੁਖੀ ਹੁੰਨੈਂ …।’ ਫੇਰ ਸੋਚਿਆ, ਇੱਕ ਵਾਰ ਪੁੱਛੂੰ ਤਾਂ ਜ਼ਰੂਰ, ਦੇਖੀ ਜਾਊ। ਮੈਂ ਆਪਣੀ ਜ਼ਿੱਦ ਛੱਡ ਦਿਊਂ ਜਿਵੇਂ ਉਹਨਾਂ ਨੂੰ ਠੀਕ ਲੱਗੇ, ਉਵੇਂ ਕਰ ਲਿਆ ਕਰੂੰ … ਕਿਉਂ ਆਪਣੇ ਦਿਮਾਗ ’ਤੇ ਬੋਝ ਪਾਇਆ ਹੋਇਆ ਹੈ। ਕੋਈ ਗੱਲ ਹੋਣੀ ਐ ਉਹਨਾਂ ਦੇ ਮਨ ਵਿੱਚ, ਤਾਂ ਹੀ ਇਸੇ ਤਰ੍ਹਾਂ ਕਰਦੇ ਨੇ। ਚਲੋ ਕਦੇ ਅਣਜਾਣਪੁਣੇ ਵਿੱਚ ਕਹੀ ਕੋਈ ਗੱਲ ਬੁਰੀ ਲੱਗ ਗਈ ਹੋਊ। ਜਾਣ ਬੁੱਝ ਕੇ ਬਜ਼ੁਰਗਾਂ ਦਾ ਦਿਲ ਦੁਖੀ ਕਰਾਂ, ਇਹ ਤਾਂ ਸੋਚ ਵੀ ਨੀ ਸਕਦੀ।
ਕਈ ਦਿਨ ਮੌਕਾ ਭਾਲਦੀ ਰਹੀ। ਇੱਕ ਦਿਨ ਦੁਪਹਿਰ ਦੀ ਚਾਹ ਫੜਾਉਣ ਗਈ ਤਾਂ ਬਾਪੂ ਜੀ ਇਕੱਲੇ ਹੀ ਮੰਜੀ ’ਤੇ ਬੈਠੇ ਸਨ। ਮੈਂ ਚਾਹ ਰੱਖ ਕੇ ਉੱਥੇ ਹੀ ਮੰਜੀ ਦੀ ਬਾਹੀ ਨੂੰ ਹੱਥ ਪਾ ਕੇ ਹੇਠਾਂ ਹੀ ਬੈਠ ਗਈ। ਬਾਪੂ ਜੀ ਹੈਰਾਨੀ ਨਾਲ ਦੇਖ ਰਹੇ ਸਨ ਕਿ ਮੈਂ ਉੱਥੇ ਕਿਉਂ ਬੈਠ ਗਈ। ਉਹ ਕੁਝ ਆਖਣ ਹੀ ਲੱਗੇ ਸਨ ਕਿ ਮੈਂ ਆਪਣੀ ਗੱਲ ਸ਼ੁਰੂ ਕਰ ਦਿੱਤੀ।
“ਬਾਪੂ ਜੀ! ਇੱਕ ਗੱਲ ਪੁੱਛਾਂ? ਸੱਚ ਸੱਚ ਦੱਸਣਾ ਮੈਨੂੰ।”
“ਉਹਦਾ ਸੁਭਾਅ ਈ ਇਹਾ ਜਾ ਪੁੱਤ … ਉਹ ਆਪਣੇ ਅੰਦਰ ਬੈਠੀ ਸੱਸ ਨੂੰ ਕਦੇ ਸੌਣ ਨੀ ਦਿੰਦੀ। ਤੂੰ ਐਵੇਂ ਦਿਲ ’ਤੇ ਨਾ ਲਾਇਆ ਕਰ।”
ਬਾਪੂ ਜੀ ਮੇਰੇ ਵੱਲ ਬਿਨਾਂ ਦੇਖੇ ਹੀ ਬੋਲੇ। ਮੈਂ ਸਮਝ ਗਈ ਕਿ ਬਾਪੂ ਜੀ ਬੀ ਜੀ ਬਾਰੇ ਕਹਿ ਰਹੇ ਹਨ। ਉਹ ਕਈ ਵਾਰ ਦਾਲ ਪਾਣੀ ਪਿੱਛੇ ਕਹਿ ਦਿੰਦੇ ਸਨ ਕਿ ਨਾ ਲੂਣ ਨਾ ਮਿਰਚ ਮਿੱਟੀ ਵਰਗੀ ਸਬਜ਼ੀ ਬਣਾ ਕੇ ਰੱਖ ਦਿੰਦੀ ਹੈ। ਚਾਹ ਬਾਰੇ ਵੀ ਨੁਕਸ ਮਾਰ ਦਿੰਦੇ। ਮੈਂ ਕਿਹਾ, “ਨਹੀਂ ਬਾਪੂ ਜੀ, ਮੈਂ ਬੀ ਜੀ ਬਾਰੇ ਕੋਈ ਗੱਲ ਨੀ ਆਖਣੀ, ਮੈਂ ਤਾਂ ਥੋਡੇ ਤੋਂ ਪੁੱਛਣੈ ਕਿ ਤੁਸੀਂ ਮੈਨੂੰ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੇ?” ਮੈਂ ਕਾਹਲ਼ੀ ਨਾਲ ਬੋਲੀ।
“ਮੈਂ ਤਾਂ ਤੈਨੂੰ ਆਪਣੀ ਨੂੰਹ ਈ ਨਹੀਂ ਮੰਨਦਾ।” ਇਹ ਸੁਣਕੇ ਮੈਨੂੰ ਧਰਤੀ ਦੀ ਗਤੀ ਤੇਜ਼ ਹੋਈ ਲੱਗੀ। ਮੈਨੂੰ ਲੱਗਿਆ ਇਸ ਤੇਜ਼ ਗਤੀ ਨਾਲ ਹੁਣੇ ਹੁਣੇ ਰਾਤ ਹੋ ਜਾਵੇਗੀ। ਇਸ ਰਾਤ ਦੀ ਬੁੱਕਲ ਵਿੱਚ ਮੂੰਹ ਲੁਕੋ ਕੇ ਮੈਂ ਬਹੁਤ ਰੋਵਾਂਗੀ। ਕੁਝ ਸਕਿੰਟਾਂ ਵਿੱਚ ਹੀ ਅੱਖਾਂ ਮੂਹਰੇ ਭੰਬੂ ਤਾਰੇ ਦਿਸਣ ਲੱਗੇ। ਐਨੇ ਨੂੰ ਉਹਨਾਂ ਨੇ ਆਪਣਾ ਹੱਥ ਪੋਲੇ ਜਿਹੇ ਮੇਰੇ ਸਿਰ ’ਤੇ ਰੱਖ ਦਿੱਤਾ।
“ਮੈਂ ਤਾਂ ਤੈਨੂੰ ਆਪਣੀ ਧੀ ਸਮਝਦਾਂ ... ਧੀਆਂ ਤੋਂ ਪੈਰਾਂ ਨੂੰ ਹੱਥ ਨੀ ਲਵਾਇਆ ਕਰਦੇ।”
ਬਾਪੂ ਜੀ ਦੇ ਸਿਰ ’ਤੇ ਰੱਖੇ ਹੱਥ ਨੇ ਸਾਰੇ ਸਰੀਰ ਦਾ ਸੰਤਾਪ ਕੱਢ ਕੇ ਸਕੂਨ ਭਰ ਦਿੱਤਾ। ਮੈਂ ਫੇਰ ਉਹਨਾਂ ਦੇ ਪੈਰਾਂ ਵੱਲ ਨੂੰ ਝੁਕੀ। ਉਹਨਾਂ ਪੈਰ ਪਿਛਾਂਹ ਖਿੱਚ ਲਏ। ਆਪਣੀ ਗਲਤੀ ’ਤੇ ਸ਼ਰਮਿੰਦੀ ਹੋਈ ਮੈਂ ਸਕੂਨ ਨਾਲ ਭਰੀ ਉੱਥੋਂ ਉੱਠ ਕੇ ਅੰਦਰ ਚਲੇ ਗਈ। ਦਿਲ ਦਿਮਾਗ ਅਲੋਕਾਰ ਖੁਸ਼ੀ ਵਿੱਚ ਝੂਮ ਉੱਠੇ।