Samay Da Argh (Punjabi Lekh) : Lal Bihari Lal Puri

ਸਮਯ ਦਾ ਅਰਘ (ਲੇਖ) : ਲਾਲਾ ਬਿਹਾਰੀ ਲਾਲ ਪੁਰੀ

ਇੱਕ ਕੋਈ ਸਾਧੂ ਜਨ ਕਿਸੇ ਦੇਸ ਨੂੰ ਜੋ ਗਇਆ, ਉੱਥੇ ਇੱਕ ਨਗਰ ਦੇ ਬਾਹਰ ਕੀ ਦੇਖਦਾ ਹੈ ਕਿ ਇੱਕ ਵਲਗਣ ਦੇ ਅੰਦਰ ਢੇਰ ਸਾਰੀਆਂ ਮੜ੍ਹੀਆਂ ਬਣੀਆਂ ਹਨ। ਸਿੱਧਾਂ ਦੀਆਂ ਸਮਾਧਾਂ ਜਾਣ, ਉਸ ਸਾਧੂ ਪੁਰਖ ਦੇ ਮਨ ਵਿੱਚ ਆਈ ਕਿ ਚਲਕੇ ਮਹਾਤਮਾ ਸਵਰਗ ਵਾਸੀਆਂ ਲੋਕਾਂ ਦੀਆਂ ਸਮਾਧਾਂ ਨੂੰ ਮੱਥਾ ਟੇਕ ਆਈਏ। ਜਾਂ ਉੱਥੇ ਗਿਆ ਤਾਂ ਕੀ ਦੇਖਦਾ ਹੈ ਕਿ ਕਿਸੇ ਸਮਾਧ ਪੁਰ ਪ੍ਰਾਣੀ ਦੀ ਦੋ ਬਰਸਾਂ ਦੀ ਅਵਸਥਾ ਲਿਖੀ ਹੈ, ਕਿਸੇ ਪੁਰ ਢਾਈਆਂ ਦੀ, ਕਿਸੇ ਪੁਰ ਤਿਹੁੰ ਦੀ, ਕਿਸੇ ਪੁਰ ਚਹੁੰ ਦੀ ਅਤੇ ਕਿਸੇ ਪੁਰ ਪੰਜਾਂ ਬਰਸਾਂ ਦੀ। ਇਸ ਪ੍ਰਕਾਰ ਸੈਂਕੜੇ ਹੀ ਸਮਾਧਾਂ ਵੇਖੀਆਂ ਪਰ ਪੰਜਾਂ ਬਰਸਾਂ ਦੀ ਅਸਵਥਾ ਵਾਲੇ ਤੇ ਵਧੀਕ ਆਯੂ ਵਾਲੇ ਦੀ ਉੱਥੇ ਕੋਈ ਸਮਾਧ ਨਾ ਦੇਖੀ, ਚਿੰਤਾਵਾਨ ਹੋਇਆ ਅਤੇ ਬੋਲਿਆ -

॥ਕੁੰਡਲੀਆ ॥

ਕੀ ਵਸੋਂ ਇਸ ਨਗਰ ਦੀ, ਜੀਵੇ ਦੋ ਤ੍ਰੈ ਸਾਲ।
ਪੰਜਾਂ ਤੇ ਉੱਪਰ ਨਹੀਂ, ਮਰਦੇ ਸਭ ਹੀ ਬਾਲ।
ਮਰਦੇ ਸਭ ਹੀ ਬਾਲ, ਚਲੇ ਬਯੋਹਾਰ ਇਹਨਾਂ ਦਾ।
ਕਿਸ ਬਿਧ ਜਾਣਾਂ ਨਹੀਂ, ਹੋਇ ਸੰਤਾਨੋਂ ਵਾਧਾ।
ਅਤਿ ਅਦਭੁਤ ਹੈ ਚਰਿਤ, ਪੁੱਛੀਏ ਕਿਸਤੇ ਸਾਖੀ ।
ਦੂਰ ਕਰੇ ਸੰਦੇਹ, ਵਡਾ ਅਚਰਜ ਇਹ ਹੈ ਕੀ।

ਇਸ ਗੱਲ ਨੂੰ ਸੋਚਦਾ-ਸੋਚਦਾ ਉਹ ਸਾਧੂ ਨਗਰ ਦੇ ਅੰਦਰ ਗਇਆ। ਉੱਥੇ ਕੀ ਦੇਖਦਾ ਹੈ ਕਿ ਸੌ-ਸੌ, ਸਵਾ-ਸਵਾ ਸੌ ਬਰਸਾਂ ਦੇ ਬੁੱਢੇ ਅਰ ਨੱਢੇ ਸਾਰੀਆਂ ਅਵਸਥਾਂ ਦੇ ਲੋਕ ਉਸ ਨਗਰ ਵਿਖੇ ਕੋਈ ਹੱਟ, ਕੋਈ ਪੱਟ, ਕੋਈ ਕਾਰ, ਕੋਈ ਬਹਾਰ ਆਪੋ ਆਪਣੇ ਠਿਕਾਣੇ ਸਿਰ ਪਏ ਕਰਦੇ ਹਨ। ਇਸ ਨੇ ਕਿਸੇ ਕੋਲੋਂ ਪੁੱਛਿਆ, ਕਿ ਨੱਗਰੋਂ ਬਾਹਰ ਬਾਲਾਂ ਦੇ ਦੱਬਣ ਫੂਕਣ ਲਈ ਵੱਖਰੇ ਸਿਵੇ ਬਣਾ ਛੱਡੇ ਹਨ, ਕੀ ਵੱਡਿਆਂ ਲਈ ਕੋਈ ਹੋਰ ਥਾਂ ਥਾਪ ਰਖੀ ਹੈ ? ਉੱਤਰ ਦਿਤੋ ਨੇ ਕੀ ਬੁੱਢਾ, ਕੀ ਨਢੜਾ, ਕੀ ਬਾਲ, ਕੀ ਬ੍ਰਿਧ ਸੱਭੇ ਉੱਥੇ ਇੱਕੋ ਸਥਾਨ ਵਿਖੇ ਟਿਕਾਏ ਜਾਂਦੇ ਹਨ। ਫੇਰ ਉਸ ਨੇ ਖੋਲ੍ਹ ਕੇ ਪੁੱਛਿਆ, ਕਿ ਤੁਹਾਡੇ ਨਗਰ ਵਿਖੇ ਜੇ ਕੋਈ ਪੰਜਾਂ ਬਰਸਾਂ ਤੇ ਉੱਪਰ ਟੱਪਦਾ ਹੈ, ਕੀ ਉਹ ਫੇਰ ਨਹੀਂ ਮਰਦਾ? ਅੱਗੋਂ ਉਹ ਬੋਲਿਆ ਕਿ ਮਰਦਾ ਤਾਂ ਹੈ, ਪਰ ਸਾਡੇ ਦੇਸ ਦੀ ਚਾਲ ਹੈ, ਕਿ ਪ੍ਰਾਣੀ ਜਿਤਨਾ ਸਮਯ ਹਰਿ ਭਜਨ ਵਿਖੇ ਯਾ ਪਰਉਪਕਾਰ ਵਿਖੇ ਲਾਉਂਦਾ ਹੈ, ਉੱਨੀ ਹੀ ਉਸਦੀ ਅਵਸਥਾ ਸਮਝੀ ਜਾਂਦੀ ਹੈ ਹਰ ਕਿਸੇ ਨੇ ਆਪੋ ਆਪਣਾ ਖਾਤਾ ਰੱਖਿਆ ਹੋਇਆ ਹੈ, ਉਸੇ ਵਿੱਚ ਉਹ ਆਪਣੀ ਹੱਥੀਂ ਆਪਣੇ ਸ਼ੁਭ ਕਰਮਾਂ ਦਾ ਸਮਯ ਲਿਖਦਾ ਜਾਂਦਾ ਹੈ, ਉਸ ਦੇ ਮਰਣ ਤੇ ਮਗਰੋਂ ਉਹੀ ਖਾਤਾ ਦੇਖਕੇ ਉਸ ਦੀ ਸਮਾਧ ਪੁਰ ਤਿਸਦੀ ਅਵਸਥਾ ਲਿਖੀ ਜਾਂਦੀ ਹੈ ਜਿਸ ਸਮਯ ਨੂੰ ਉਸਨੇ ਸ਼ੁਭ ਮਾਰਗ ਵਿਖੇ ਨਹੀਂ ਲਾਇਆ, ਸੋ ਕਾਲ ਹੈ ਉਸਨੇ ਗਵਾਇਆ ਇਸ ਲੇਖੇ ਇਸ ਨਗਰ ਦੇ ਵਾਸੀ ਆਪਣੀ ਛੋਟੀ ਹੀ ਅਵਸਥਾ ਵਿਖੇ ਤੁਰ ਜਾਂਦੇ ਹਨ।

ਧੰਨਯ ਤੁਹਾਡੀ ਸਮਝ ਹੈ, ਧੰਨਯ ਤੁਹਾਡੀ ਚਾਲ।
ਇੱਕ ਇੱਕ ਪਲ ਨਿਹੁੰ ਲਾਇਆ, ਈਸ਼ਵਰ ਆਪਣੇ ਨਾਲ।

ਮਨੁੱਖ ਨੂੰ ਚਾਹੀਦਾ ਹੈ, ਆਪਣੇ ਸਮਯ ਨੂੰ ਰਤਨ ਜਵਾਹਰ ਯਾ ਧਨ ਜਾਣ ਕੇ ਉਸਦਾ ਅਰਘ ਕਰੇ, ਕਿਉਂਕਿ ਮਨੁੱਖ ਨੂੰ ਚਾਹੀਦਾ ਹੈ, ਕਿ ਜਿਹਾ ਧਨ ਨੂੰ ਸ਼ੁਭ ਮਾਰਗ ਵਿਖੇ ਲਾਏ, ਤਿਹਾ ਸਮਯ ਨੂੰ ਭੀ ਸ਼ੁਭ ਉਦੇਸ਼ ਲਾਵੇ। ਇਸਦਾ ਜਿਨਾ ਸਮਯ ਸ਼ੁਭ ਉਦੇਸ਼ ਲੱਗਦਾ ਹੈ, ਉੱਨਾ ਹੀ ਸਾਰਥਕ ਹੁੰਦਾ ਹੈ, ਉੱਨਾ ਹੀ ਇਸਦਾ ਜੀਵਨ ਅਰਥਾਤ ਅਮਰ ਅਵਸਥਾ ਜਾਣੀ ਜਾਂਦੀ ਹੈ, ਅਸ਼ੁਭ ਉਦੇਸਯ ਸਮਯ ਲਾਇਆ ਹੋਇਆ ਮੌਤ ਦੇ ਬੀ ਪਰਲੇ ਪਾਰ ਹੈ, ਓਹ ਕਿਸੇ ਗਿਣਤੀ ਵਿੱਚ ਨਹੀਂ।

ਪੁੰਨ ਅਵਸਥਾ ਨੂੰ ਪਹੁੰਚਣਾ ਇੱਕ ਦਿਨ ਯਾ ਇੱਕ ਮਹੀਨੇ ਯਾ ਇੱਕ ਸਾਲ ਦਾ ਕੰਮ ਨਹੀਂ।ਇਹ ਵਰ੍ਹਿਆਂ ਦੇ ਅਭਯਾਸ ਦਾ ਕਰਮ ਹੈ।ਦੇਖੋ ਕਿ ਜਿਨ੍ਹਾਂ ਲੋਕਾਂ ਨੇ ਮਾਲ ਇਕੱਠਾ ਕੀਤਾ ਹੈ, ਸੋ ਇੱਕ ਦਿਨ ਵਿੱਚ ਨਹੀਂ ਕੀਤਾ, ਨਾ ਇੱਕ ਮਹੀਨੇ ਵਿੱਚ, ਨਾ ਇੱਕ ਸਾਲ ਵਿੱਚ ਹੀ ਜੋੜਿਆ ਹੈ, ਪਰ ਹਰ ਦਿਨ, ਹਰ ਸਾਤੇ, ਹਰ ਮਹੀਨੇ ਹਰ ਹਾਲ ਉੱਦਮ ਕਰਦੇ ਰਹੇ, ਇੱਕ ਇੱਕ ਪੈਸਾ, ਇੱਕ ਇੱਕ ਰੁਪਯਾ ਜੋੜਕੇ ਆਪਣੇ ਮਨੋਰਥ ਨੂੰ ਪੂਰਾ ਕੀਤਾ ਅਤੇ ਤਿਸਦੇ ਕਰਨ ਵਿੱਚ ਰਾਤ ਦਿਨ ਜਾਨ ਮਾਰ ਕੇ ਧਨੀ ਹੋਏ।ਇਸੇ ਪ੍ਰਕਾਰ ਅਸੀਂ ਇੱਕੋ ਵਾਰ ਅਤਿ ਉੱਚੀ ਮੁਕਤਿ ਯਾ ਜੀਵਨ ਮੁਕਤਿ ਦੀ ਅਵਸਥਾ ਨੂੰ ਨਹੀਂ ਪਹੁੰਚ ਸਕਦੇ।ਉੱਸੇ ਤਰ੍ਹਾਂ ਹਰ ਸਾਤੇ, ਹਰ ਪਲ, ਹਰ ਘੜੀ, ਹਰ ਦਿਨ ਅਸਾਨੂੰ ਅਜੇਹਾ ਯਤਨ ਕਰਨਾ ਚਾਹੀਏ, ਕਿ ਅਸਾਡਾ ਸਮਯ ਨਸ਼ਟ ਨਾ ਹੋਏ, ਅਸਾਡਾ ਸਮਯ ਸ਼ੁਭ ਉਦੇਸਯ ਵਿਖੇ ਲੱਗਣ ਤੇ ਅਸੀਂ ਚਿਰੰਜੀਵ ਹੋਈਏ।

ਮਨੁੱਖ ਨੂੰ ਚਾਹੀਦਾ ਹੈ ਕਿ ਬਹੁਤਾ ਸੌਣ ਵਿਖੇ ਯਾ ਨਿਕੰਮਿਆਂ ਦੇ ਸੰਗ ਵਿਖੇ ਯਾ ਨਕਾਰਾ ਕਰਮ ਕਰਨ ਵਿਖੇ ਆਪਣੇ ਸਮਯ ਨੂੰ ਨਾ ਖੋਏ।ਈਸ਼ਵਰ ਦੀ ਅਰਾਧਨਾ, ਨਾਮ ਦੀ ਮਹਿਮਾ ਅਤੇ ਸਤਸੰਗ ਕਰਨ ਤੇ ਆਪਣੇ ਆਪ ਨੂੰ ਅਮਰ ਕਰ ਕੇ ਆਪਣਾ ਲੋਕ ਅਤੇ ਪਰਲੋਕ ਸੁਧਾਰੇ।

ਹਰਿ ਮਹਿਮਾ ਸਮ ਧਨ ਨਹੀਂ, ਕੋਈ ਧਨ ਜਗ ਜਾਣ।
ਸਦਾ ਰਹੇ, ਗੁਣ ਸ਼ੁਭ ਕਰੇ, ਅੰਤ ਕਰੇ ਕਲਯਾਣ।

(ਅਰਥਾਵਲੀ : ਅਰਘ - ਕਦਰ। ਵਲਗਣ - ਘੇਰਾ । ਬਰਸ - ਸਾਲ। ਸਮਯ - ਸਮਾਂ। ਬਿਧ - ਤਰੀਕਾ। ਪਰਉਪਕਾਰ - ਦੂਸਰੇ ਦਾ ਭਲਾ ਕਰਨਾ। ਸਾਰਥਕ - ਸਫਲ। ਪੁੰਨ - ਸ਼ੁੱਭ ਕਰਮ, ਨੇਕ। ਸਾਤੇ - ਹਫ਼ਤੇ। ਚਿਰੰਜੀਵ - ਦੇਰ ਤੱਕ ਜਿਉਂਣ ਵਾਲਾ ।)

  • ਮੁੱਖ ਪੰਨਾ : ਲਾਲਾ ਬਿਹਾਰੀ ਲਾਲ ਪੁਰੀ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ