Sangat (Punjabi Article) : Principal Ganga Singh

ਸੰਗਤ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਸੰਗਤ ਦਾ ਅਸਰ ਭਾਵੇਂ ਮਨੁੱਖ 'ਤੇ ਵਿਸ਼ੇਸ਼ ਕਰਕੇ ਪੈਂਦਾ ਹੈ, ਪਰ ਦੂਸਰੀਆਂ ਜੂਨਾਂ ਵੀ ਇਸ ਤੋਂ ਖ਼ਾਲੀ ਨਹੀਂ ਹਨ। ਕੀ ਬਨਸਪਤੀ, ਕੀ ਪੰਛੀ ਤੇ ਕੀ ਪਸ਼ੂ, ਹਰ ਇਕ, ਕੋਲ ਬਹਿਣ ਵਾਲੇ ਸੰਗੀ ਦਾ ਅਸਰ ਕਬੂਲ ਕਰਦਾ ਹੈ। ਬਨਸਪਤੀ ਦੀ ਦੁਨੀਆ ਵਿਚ ਇਹ ਇਕ ਮਸ਼ਹੂਰ ਪ੍ਰਮਾਣ ਹੈ ਕਿ ਜੰਗਲ ਦੀਆਂ ਛੋਟੀਆਂ ਛੋਟੀਆਂ ਝਾੜੀਆਂ ਚੰਦਨ ਦੇ ਸਮੀਪ ਰਹਿਣ ਕਰਕੇ ਖ਼ੁਦ ਸੁਗੰਧੀ ਦੇਣ ਵਾਲੀਆਂ ਬਣ ਜਾਂਦੀਆਂ ਹਨ:

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥
(ਸਲੋਕ ਕਬੀਰ, ਪੰਨਾ ੧੩੬੫)

ਪਰਬਤਾਂ ਦੀਆਂ ਉੱਚੀਆਂ ਚੋਟੀਆਂ 'ਤੇ ਜਾ ਕੇ ਪਤਾ ਲਗਦਾ ਹੈ ਕਿ ਖੁਸ਼ਬੂਦਾਰ ਜੜ੍ਹੀਆਂ ਬੂਟੀਆਂ ਦੇ ਸਮੀਪ ਉਗਿਆ ਹੋਇਆ ਘਾਹ ਵੀ ਬਹੁਤ ਵੇਰ ਸੁਗੰਧਤ ਹੋ ਜਾਂਦਾ ਹੈ। ਘਾਹ ਦੀ ਤੇ ਗੱਲ ਕਿਤੇ ਰਹੀ, ਮਿੱਟੀ ਤਕ ਸੁਗੰਧਤ ਫੁੱਲਾਂ ਤੋਂ ਵਰੋਸਾਈ ਜਾਂਦੀ ਹੈ। ਈਰਾਨ ਦੇ ਮਸ਼ਹੂਰ ਲਿਖਾਰੀ ਸ਼ੇਖ਼ ਸਾਅਦੀ ਦਾ ਕਥਨ ਹੈ ਕਿ ਇਕ ਦਿਨ ਉਸ ਨੇ ਸਵੇਰੇ ਹੀ ਆਪਣੀ ਮਹਿਬੂਬਾ ਨੂੰ ਕਿਹਾ, ਮੈਨੂੰ ਹੱਥ ਧੋਣ ਵਾਸਤੇ ਥੋੜ੍ਹੀ ਜਿਹੀ ਮਿੱਟੀ ਦੇ; ਜਦ ਉਹ ਮਿੱਟੀ ਲੈ ਆਈ ਤਾਂ ਹੱਥਾਂ ਤੇ ਮਲਣ ਲੱਗਿਆਂ ਸਾਅਦੀ ਨੂੰ ਉਸ ਵਿਚੋਂ ਸੁਗੰਧੀ ਆਈ। ਸ਼ੇਖ਼ ਨੇ ਜਾਣਿਆ ਕਿ ਘੁਸਮੁਸਾ ਹੈ, ਅੰਧੇਰੇ ਦੇ ਦੋਸ਼ ਕਰਕੇ, ਲਿਆਉਣ ਵਾਲੀ ਮਿੱਟੀ ਦੀ ਥਾਂ 'ਕਸਤੂਰੀ' ਜਾਂ 'ਅੰਬਰ' ਲੈ ਆਈ ਹੈ। ਮਗਰ ਇਹ ਦੱਸਣ 'ਤੇ ਕਿ ਇਹ ਮਿੱਟੀ ਹੀ ਹੈ, ਕਵੀ ਨੇ ਹੈਰਾਨ ਹੋ ਕੇ ਖ਼ਾਕ ਤੋਂ ਪੁੱਛਿਆ, "ਤੇਰੇ 'ਚ ਇਤਨੀ ਖੁਸ਼ਬੂ ਕਿਉਂ ਹੈ?" ਤਾਂ ਉੱਤਰ ਮਿਲਿਆ, "ਮੈਂ ਹਾਂ ਤਾਂ ਨਾ-ਚੀਜ਼ ਮਿੱਟੀ ਹੀ, ਪਰ ਬਹੁਤ ਮੁੱਦਤ ਤਕ ਫੁੱਲਾਂ ਦੇ ਕੋਲ ਬਹਿੰਦੀ ਰਹੀ ਹਾਂ। ਇਸ ਕੋਲ ਬਹਿਣ ਕਰਕੇ ਹੀ ਮੇਰੇ ਵਿਚੋਂ ਸੁਰੀਧੀ ਆ ਰਹੀ ਹੈ, ਨਹੀਂ ਤਾਂ ਮੈਂ ਨਿਮਾਣੀ ਮਿੱਟੀ ਹੀ ਹਾਂ।"

ਗਿਲੇ ਖ਼ੁਸ਼ਬੂ ਦਰ ਹਮਾਮ ਰੋਜ਼ੇ,
ਰਸੀਦ ਅਜ਼ ਦਸਤੇ ਮਾਹਬੂਬੇ ਬਦਸਤਮ।
ਬਾ ਓ ਗੁਫ਼ਤਮ ਕਿ ਮੁਸ਼ਕੀ ਯਾ ਅਬੀਰੀ,
ਕਿ ਅਜ਼ ਖ਼ੁਸ਼ਬੂ ਦਿਲ ਵਜੇ ਤੋ ਮਸਤਮ।
ਬਿਗੁਫ਼ਤਾ ਮਨ ਗਿਲੇ ਨਾਚੀਜ਼ ਬੂਦਮ,
ਵਲੈਕਨ ਮੁੱਦਤੇ ਬਾ ਗੁਲ ਨਿਸ਼ਸਤਮ।
ਜਮਾਲੇ ਹਮਨਸ਼ੀਂ ਦਰ ਮਨ ਅਸਰ ਕਰਦ,
ਵਗਰਨਾ ਮਨ ਹਮਾ ਖ਼ਾਕਮ ਕਿ ਹਸਤਮ।

ਇਹ ਪ੍ਰਾਹੁਣੇ ਦੇ ਸੁਆਗਤ ਦਾ ਮਨੁੱਖੀ ਫ਼ਰਜ਼ ਨਿਬਾਹੁਣਾ ਪਰਿੰਦੇ ਨੂੰ ਕਿਸ ਤਰ੍ਹਾਂ ਆ ਗਿਆ? 'ਸੰਗਤ ਕਰਕੇ'। ਪੰਛੀ ਜੋ ਚਿਰ ਤਕ ਮਨੁੱਖਾਂ ਦੀ ਸੰਗਤ ਵਿਚ ਰਿਹਾ ਤਾਂ ਮਿਲ ਬੈਠਣ ਦਾ ਅਸਰ ਕਿਉਂ ਨਾ ਕਬੂਲਦਾ? ਏਸੇ ਤਰ੍ਹਾਂ ਹੀ ਮੈਨਾ ਤੇ ਹੋਰ ਕਈ ਪੰਛੀ ਵੀ ਮਨੁੱਖੀ ਸੰਗਤ ਤੋਂ ਲਾਭ ਉਠਾਉਂਦੇ ਹਨ।

ਪਸ਼ੂ ਜਗਤ ਵਿਚ ਤਾਂ ਇਹ ਚੀਜ਼ ਆਮ ਦਿਸ ਆਉਂਦੀ ਹੈ। ਕੌਣ ਨਹੀਂ ਜਾਣਦਾ ਕਿ ਪਸ਼ੂਆਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੋ ਹਿੱਸਿਆਂ ਵਿਚ ਤਕਸੀਮ ਹਨ: ਇਕ ਜਾਂਗਲੀ ਤੇ ਦੂਜੇ ਰਾਖਵੇਂ। ਦੋਹਾਂ ਦੇ ਸੁਭਾਵਾਂ ਵਿਚ ਕਿਤਨਾ ਫ਼ਰਕ ਹੁੰਦਾ ਹੈ, ਜਿਥੇ ਜਾਂਗਲੀ ਜਾਨਵਰ ਤੁੰਦ, ਅੱਖੜ ਤੇ ਗ਼ੁਸੈਲ ਹੁੰਦੇ ਹਨ, ਉਥੇ ਪਾਲਤੂ ਹਲੀਮ, ਨਰਮ ਸੁਭਾਅ ਦੇ ਤੇ ਡਰਾਕਲ ਦਿਸ ਆਉਂਦੇ ਹਨ। ਜਾਨਵਰਾਂ ਵਿਚ ਬੜੀ ਮਾਸੂਮ ਗਊ ਤੇ ਮੱਝ ਜੋ ਮਨੁੱਖ ਨੂੰ ਸਾਰੀ ਉਮਰ ਦੁੱਧ, ਦਹੀਂ, ਮੱਖਣ ਦੇ ਫ਼ੈਜ਼ ਪੁਚਾਂਦੀ ਹੈ, ਅਸਲ ਵਿਚ ਖੂੰ-ਖ਼ਾਰ ਜੰਗਲੀ ਭੈਂਸੇ ਤੇ ਮਾਰਖ਼ੋਰ ਬੈਲਾਂ ਦੀ ਹੀ ਔਲਾਦ ਹੈ, ਜਿਸ ਨੂੰ ਮੁੱਦਤਾਂ ਦੀ ਮਨੁੱਖੀ ਸੰਗਤ ਨੇ ਹੁਣ ਵਾਲੇ ਸੁਭਾਅ ਦਾ ਰੂਪ ਦਿਤਾ ਹੈ। ਸਿਖਾਏ ਹੋਏ ਘੋੜੇ ਤੇ ਹਾਥੀ ਮਨੁੱਖਾਂ ਨੂੰ ਸਵਾਰੀ ਦੇਂਦੇ ਤੇ ਚਿਤਰੇ ਤੇ ਸ਼ੇਰ ਸਰਕਸ ਵਿਚ ਤਮਾਂਸ਼ਾ ਦਿਖਾ ਖੁਸ਼ ਕਰਦੇ ਹਨ। ਮਨੁੱਖੀ ਜਾਮੇ ਵਿਚ ਤਾਂ ਸੰਗਤ ਦਾ ਫਲ ਅਜਬ ਕਰਾਮਾਤਾਂ ਦਿਖਾਂਦਾ ਹੈ। ਚੇਤਨਤਾ ਉਚੇਰੀ ਹੋ ਜਾਣ ਕਰਕੇ ਬੁੱਧੀ ਤੇਜ਼ੀ ਨਾਲ ਕੰਮ ਕਰਦੀ ਤੇ ਅਸਰ ਛੇਤੀ ਕਬੂਲਦੀ ਹੈ। ਜੇ ਡਾਰਵਿਨ ਦੇ ਵਿਕਾਸਵਾਦ ਨੂੰ ਸਹੀ ਮੰਨ ਲਿਆ ਜਾਏ, ਤਾਂ ਅੱਜ ਦਾ ਹਵਾਈ ਜਹਾਜ਼ ਦਾ ਸਵਾਰ ਤੇ ਪ੍ਰਮਾਣੂ ਬੰਬਾਂ ਦਾ ਬਣਾਣ ਵਾਲਾ ਮਨੁੱਖ, ਬਾਂਦਰ ਦੇ ਜਾਮੇ ਤੋਂ ਤੁਰਿਆ ਹੈ, ਜੋ ਸਹਿਜੇ ਸਹਿਜੇ ਸੰਗੀਆਂ ਕੋਲੋਂ ਜਾਚਾਂ ਸਿਖ ਸਿਖ ਚਤੁਰ ਤੇ ਉਚੇਰਾ ਹੁੰਦਾ ਗਿਆ। ਪਰ ਜੇ ਇਸ ਗੱਲ ਨੂੰ ਪਾਸੇ ਵੀ ਰਹਿਣ ਦੇਈਏ ਤਾਂ ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਮਨੁੱਖ ਦਾ ਆਰੰਭਕ ਜੀਵਨ ਨੰਗੇ ਬਣ-ਮਾਨਸ ਦਾ ਸੀ ਜੋ ਸਹਿਜੇ ਸਹਿਜੇ ਉਚੇਰੀ ਸੰਗਤ ਕਰਕੇ ਉੱਚਾ ਹੁੰਦਾ ਗਿਆ। ਜੀਵਨ ਦੇ ਇਸ ਸੁਭਾਅ ਨੂੰ ਕਿਸੇ ਕਵੀ ਨੇ ਵੇਲ ਵਾਂਗ ਬਿਆਨ ਕੀਤਾ ਹੈ। ਉਹ ਕਹਿੰਦਾ ਹੈ, ਵੱਡਿਆਂ ਕੋਲ ਬੈਠੋ ਤੇ ਉਹਨਾਂ ਨਾਲ ਮੇਲ ਪਾਓ, ਕਿਉਂ ਜੋ ਵੇਲ-ਜਿਡੇ ਉਚੇ ਰੁੱਖ ਨਾਲ ਬੰਨ੍ਹੀਏ, ਓਡੀ ਹੀ ਲੰਬੀ ਹੋ ਜਾਂਦੀ ਹੈ:

ਬੈਠੀਏ ਪਾਸ ਬਡਨ ਕੇ ਹੋਤ ਬਡਨ ਸਿਓਂ ਮੇਲ।
ਸਬੀ ਜਾਣਤ ਕਿ ਬੜ੍ਹਤ ਹੈ ਬਿਰਖ ਬਰਾਬਰ ਬੇਲ।

ਹਕੀਕਤਨ ਮਨੁੱਖੀ ਜੀਵਨ ਏਸੇ ਤਰ੍ਹਾਂ ਹੀ ਚਲਦਾ ਹੈ। ਮਨੁੱਖੀ ਮਨ ਪੰਛੀ ਦੀ ਤਰ੍ਹਾਂ ਹੈ ਜੋ ਦਸਾਂ ਦਿਸ਼ਾਂ ਵਿਚ ਉੱਡਦਾ ਹੈ ਪਰ ਫਲ, ਜਿਹੋ ਜਿਹੀ ਸੰਗਤ ਕਰੇ ਉਹੋ ਜਿਹੇ ਹੀ ਖਾਂਦਾ ਹੈ। ਸੰਗਤ ਦਾ ਫਲ ਖਾਣ ਦਾ ਨਤੀਜਾ ਮਨੁੱਖ ਲਈ ਸਦਾ ਇੱਕੋ ਜਿਹਾ ਨਹੀਂ ਹੁੰਦਾ।

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਏ॥
ਜੋ ਜੈਸੇ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ॥੮੬॥
(ਸਲੋਕ ਕਬੀਰ, ਪੰਨਾ ੧੩੬੯)

ਉਹ ਸੰਗਤ 'ਤੇ ਨਿਰਭਰ ਹੈ, ਜੇ ਸੰਗਤ ਚੰਗੀ ਮਿਲੇ ਤਾਂ ਫਲ ਚੰਗਾ ਤੇ ਜੇ ਮਾੜੀ ਮਿਲੇ ਤਾਂ ਫਲ ਮਾੜਾ। ਸੰਗਤ ਦੇ ਸ਼ੁਭ ਅਸ਼ੁਭ ਹੋਣ ਨਾਲ ਹੀ ਮਨੁੱਖੀ ਜੀਵਨ ਦੇ ਚੜ੍ਹਾਅ ਜਾਂ ਉਤਾਰ ਦਾ ਤਅੱਲਕ ਹੈ। ਜੇ ਚੰਗੀ ਸੰਗਤ ਮਿਲ ਗਈ ਤਾਂ ਚੜ੍ਹ ਗਿਆ, ਜੇ ਖੋਟੀ ਮਿਲੀ ਤਾਂ ਡਿਗ ਪਿਆ। ਜੀਵਨ ਖੇਤਰ ਵਿਚ ਅਜਿਹਾ ਹੁੰਦਾ ਰੋਜ਼ ਦਿਸ ਆਂਵਦਾ ਹੈ। ਕਿਸੇ ਪਾਸੇ ਮਨੁੱਖੀ ਜੀਵਨ ਚੜ੍ਹਾਈ ਵੱਲ ਛਾਲਾਂ ਮਾਰਦਾ ਜਾਂਦਾ ਦੇਖੀਦਾ ਹੈ, ਤੇ ਦੂਜੇ ਪਾਸੇ ਪਰਬਤ ਤੋਂ ਢਲਦੇ ਪਾਣੀ ਦੀ ਤੇਜ਼ੀ ਵਾਂਗ ਡਿੱਗ ਰਿਹਾ। ਇਹ ਸੰਗਤ ਦਾ ਹੀ ਫਲ ਹੁੰਦਾ ਹੈ। ਜੇ ਕੰਗਾਲਾਂ ਦੇ ਪੁੱਤਰ ਧਨੀ, ਅਨਪੜ੍ਹਾਂ ਦੇ ਚਤੁਰ, ਕਾਇਰਾਂ ਦੇ ਬੀਰ ਤੇ ਬਦਾਂ ਦੇ ਭਲੇ ਹੋ ਜਾਂਦੇ ਦਿਸ ਆਉਂਦੇ ਹਨ ਤਾਂ ਉਹ ਕੇਵਲ ਚੰਗੀ ਸੰਗਤ ਦੇ ਆਸਰੇ, ਤੇ ਜਦੋਂ ਇਸ ਦੇ ਐਨ ਉਲਟ ਧਨੀਆਂ ਦੇ ਕੰਗਾਲ, ਚਾਤਰਾਂ ਦੇ ਮੂਰਖ, ਬੀਰਾਂ ਦੇ ਕਾਇਰ ਤੇ ਨੇਕਾਂ ਦੇ ਬਦ ਮਿਲਣ ਤਾਂ ਨਿਸ਼ਚੇ ਇਹ ਕੁਸੰਗਤ ਦਾ ਹੀ ਫਲ ਹੁੰਦਾ ਹੈ। ਖੋਟੀਆਂ ਸੰਗਤਾਂ ਵਿਚ ਬੈਠੇ ਹੋਏ ਇਨਸਾਨ, ਜੀਵਨ ਰਾਸ ਹੀ ਗਵਾ ਬਹਿੰਦੇ ਹਨ। ਕਬੀਰ ਸਾਹਿਬ ਦੇ ਬਚਨ ਅਨੁਸਾਰ ਕੁਸੰਗਤ ਦੀ ਮਾਰ ਮਨੁੱਖ ਨੂੰ ਅਜਿਹੀ ਪੈਂਦੀ ਹੈ, ਜਿਸ ਤਰ੍ਹਾਂ ਬੇਰੀ ਦੇ ਬੂਟੇ ਦੇ ਪਾਸ ਉੱਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਉਂ ਜਿਉਂ ਬੇਰੀ ਪਸਰਦੀ ਹੈ, ਉਹ ਗ਼ਰੀਬ ਚੀਰੀਦਾ ਹੈ। ਅਮਲੀਆਂ ਤੇ ਸ਼ਰਾਬੀਆਂ ਦੀ ਕੁਸੰਗਤ ਬੜੇ ਬੜੇ ਪਰਹੇਜ਼ਗਾਰਾਂ ਨੂੰ ਗਿਰਾ ਦੇਂਦੀ ਹੈ। ਨੀਤੀ ਵਿਚ ਲਿਖਿਆ ਹੈ ਕਿ ਮਨੁੱਖ ਸ਼ੇਰਾਂ ਨਾਲ ਭਰੇ ਹੋਏ ਬਣ ਵਿਚ ਤਾਂ ਭਾਵੇਂ ਵੱਸ ਪਵੇ, ਡੂੰਘੇ ਪਾਣੀ ਵਿਚ ਧਸ ਜਾਵੇ, ਭਾਵੇਂ ਬਿੱਛੂ ਨੂੰ ਹੱਥ ਵਿਚ ਫੜ ਲਵੇ, ਕੰਨ ਖਜੂਰੇ ਨੂੰ ਕੰਨ ਵਿਚ ਦਿਵਾ ਲਏ, ਸੱਪ ਦੇ ਮੂੰਹ ਵਿਚ ਉਂਗਲੀ ਦੇ ਦੇਵੇ, ਪਹਾੜ ਤੋਂ ਛਾਲ ਮਾਰ ਲਵੇ ਤੇ ਆਰੇ ਹੇਠਾਂ ਭਾਵੇਂ ਚਿਰ ਜਾਏ, ਪਰ ਮੂਰਖ ਦੀ ਸੰਗਤ ਨਾ ਕਰੇ:

ਸਿੰਘਨ ਕੇ ਬਨ ਮੇ ਬਸੀਏ ਘਸੀਏ,
ਕਰ ਮੇਂ ਬਿਛੂਵਾ ਗਹਿ ਲੀਜੇ।
ਕਾਨ ਖਜੂਰ ਪ੍ਰਵੇਸ ਕਰਾਇ ਕਿ,
ਸਾਂਪ ਕੇ ਮੁਖ ਮੇਂ ਉਂਗਰੀ ਦੀਜੇ।
ਗਿਰ ਤੇ ਗਿਰੀਏ ਅਗ ਮੇ ਜਰੀਏ,
ਔਰ ਆਰੀ ਕੇ ਘਾਵ ਅਨੇਕ ਸਹੀਜੇ।
ਏਤੇ ਤੋ ਕਸ਼ਟ ਅਨੰਤ ਸਹੋ,
ਪਰ ਮੂਰਖ ਮੀਤ ਕੋ ਸੰਗ ਨ ਕੀਜੇ।

ਕੁਸੰਗਤ ਇਨਸਾਨ ਨੂੰ ਮਾਰਦੀ ਹੈ ਤੇ ਸ਼ੁੱਭ ਸੰਗਤ ਜੀਵਾਂਦੀ ਹੈ। ਸ਼ੁੱਭ ਸੰਗਤ ਕੀ ਹੈ? ਇਸ ਦਾ ਉੱਤਰ ਸਤਿਗੁਰੂ ਇਸ ਤਰ੍ਹਾਂ ਦੇਂਦੇ ਹਨ ਕਿ ਉਤਮ ਸੰਗਤ ਉਹ ਹੈ, ਜਿਸ ਕਰਕੇ ਮਨੁੱਖ ਗੁਣਾਂ ਵੱਲ ਧਾਂਵਦਾ ਹੈ ਤੇ ਔਗੁਣਾਂ ਨੂੰ ਧੋ ਕੇ ਬਾਹਰ ਕੱਢਦਾ ਹੈ। ਇਹ ਗੁਣਾਂ ਵੱਲ ਧਾਵਣਾ ਮਨੁੱਖ ਦਾ ਸੁਭਾਵਕ ਕਰਤਬ ਹੈ। ਸੋ ਜਿਉਂ ਜਿਉਂ ਉਹ ਗੁਣਾਂ ਵੱਲ ਵਧਦਾ ਜਾਏਗਾ ਤਿਉਂ ਤਿਉਂ ਉਚੇਰਾ ਹੋਵੇਗਾ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ, ਜਿਨ੍ਹਾਂ ਤੋਂ ਪਤਾ ਲਗਦਾ ਹੋਵੇ ਕਿ ਗਿਰੇ ਤੋਂ ਗਿਰੇ ਹੋਏ ਮਨੁੱਖ ਭੀ ਭਲੀ ਸੰਗਤ ਮਿਲਣ ਕਰਕੇ ਬਹੁਤ ਉਚੇਰੇ ਹੋ ਗਏ। ਪੱਛਮ ਦਾ ਇਕ ਮਸ਼ਹੂਰ ਲਿਖਾਰੀ ਕਹਿੰਦਾ ਹੈ ਕਿ ਮੈਂ ਜਿਉਂ ਜਿਉਂ ਵਡੇਰਾ ਹੁੰਦਾ ਜਾਂਦਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ ਨਿਰੀਆਂ ਪੋਥੀਆਂ ਫੋਲਿਆਂ ਭਾਵੇਂ ਲਖ ਯਤਨ ਕਰੀਏ, ਵਿਦਿਆ ਨਹੀਂ ਲੱਭਦੀ। ਉਸ ਦੇ ਖ਼ਜ਼ਾਨੇ ਤਾਂ ਵੱਡੇ ਨਰ ਨਾਰੀਆਂ ਦੀ ਸੰਗਤ ਵਿਚ ਦੱਬੇ ਹੋਏ ਹਨ। ਬੰਦੇ ਲਈ ਵਾਜਬ ਹੈ ਕਿ ਉਹ ਵਡੇਰੇ ਦਿਲਾਂ ਵਿਚੋਂ ਖੋਜ ਕਰੇ, ਜੇ ਸਾਡੇ ਕਾਲਜ ਤੇ ਸਕੂਲਾਂ ਨੂੰ ਪੁਸਤਕਾਂ ਦੀ ਥਾਂ ਬੰਦੇ ਵਾਚਣ ਦਾ ਢੰਗ ਲੱਭ ਪਵੇ ਤਾਂ ਬਿਗੜੀ ਅੱਜ ਹੀ ਬਣ ਜਾਏ:

ਜਿਉਂ ਜਿਉਂ ਮੈਂ ਵਡੇਰਾ ਹੋਵਾਂ, ਨਿਸ਼ਚਾ ਹੁੰਦਾ ਜਾਵੇ।
ਪੋਥੇ ਫੋਲੇ ਇਲਮ ਨਹੀਂ ਲਭਦਾ, ਜੇ ਸਓ ਯਤਨ ਕਰਾਵੇ।
ਵਡ ਨਰ ਨਾਰਾਂ ਦੀ ਸੰਗਤ, ਇਲਮ ਖ਼ਜ਼ਾਨੇ ਦਬੇ।
ਵਾਜਬ ਹੈ ਪੋਥੀ ਦੀ ਥਾਂ, ਜਾ ਬੰਦਾ ਓਥੋਂ ਲਭੇ।
ਸਾਡੇ ਕਾਲਜ ਮਦਰੱਸਿਆਂ ਨੂੰ, ਮੈਂ ਚਾਹਵਾਂ ਢਬ ਆਵੇ।
ਪੁਸਤਕ ਦੀ ਥਾਂ ਬੰਦੇ ਵਾਚਣ ਤਾਂ ਬਿਗੜੀ ਬਣ ਜਾਵੇ।

ਸੰਤ ਕਬੀਰ ਜੀ ਨੇ ਤਾਂ ਇਸ ਬਿਆਨ ਵਿਚ ਸਿਰੇ ਦੀ ਗੱਲ ਕਹਿ ਦਿੱਤੀ ਹੈ। ਆਪ ਕਹਿੰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦੇ ਨਾਲ ਰਲ ਕੇ ਲੱਕੜੀ, ਗੰਗਾ ਦੇ ਨਾਲ ਰਲ ਹੋਰ ਨਦੀਆਂ, ਖ਼ੁਸ਼ਬੂਦਾਰ ਤੇ ਪਵਿੱਤਰ ਹੋ ਜਾਂਦੀਆਂ ਹਨ ਤੇ ਪਾਰਸ ਨਾਲ ਲਗ ਧਾਤ, ਸੋਨਾ ਬਣਦੀ ਹੈ, ਉਸੇ ਤਰ੍ਹਾਂ ਹੀ ਕਬੀਰ ਸੰਤਾਂ ਦੀ ਸੰਗਤ ਕਰ ਰਾਮ ਹੋ ਗਿਆ ਹੈ:

ਸੰਤਨ ਸੰਗਿ ਕਬੀਰਾ ਬਿਗਰਿਓ।
ਸੋ ਕਬੀਰੁ ਰਾਮੈ ਹੋਇ ਨਿਬਰਿਓ।
(ਭੈਰਉ ਕਬੀਰ, ਪੰਨਾ ੧੧੫੮)

ਇਸ ਸੰਗਤ ਦਾ ਸਭ ਤੋਂ ਅੰਤਮ ਮੁਕਾਮ ਸਤਿਸੰਗਤ ਹੈ, ਸਤਿਵਾਦੀ ਮਨੁੱਖਾਂ ਦੀ ਸੋਹਬਤ ਮਨੁੱਖ ਵਿਚ ਸਤਿ ਦਾ ਪ੍ਰਵੇਸ਼ ਕਰਾਂਦੀ ਹੈ; ਸਤਿ-ਬਚਨ ਤੋਂ ਸਤਿ ਚਿੰਤਨ, ਤੇ ਸਤਿ ਬਿਉਹਾਰ। ਇਹ ਅਸਰ ਕੇਵਲ ਸ਼ਖ਼ਸੀ ਹੀ ਨਹੀਂ ਹੁੰਦਾ ਸਗੋਂ ਕੌਮਾਂ ਭੀ ਵਿਅਕਤੀਆਂ ਵਾਂਗ ਹੀ ਸੰਗਤ ਦੇ ਅਸਰ ਨੂੰ ਕਬੂਲਦੀਆਂ ਹਨ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਅਸਰ ਕਬੂਲਣ ਵੇਲੇ ਦੋ ਮਿਲ ਬੈਠਣ ਵਾਲੀਆਂ ਕੌਮਾਂ ਦਾ ਪਹਿਲਾਂ ਮਾਨਸਕ ਘੋਲ ਹੁੰਦਾ ਹੈ। ਜਿਹੜੀ ਕੌਮ ਮਨ ਕਰ ਕੇ ਦੂਜੇ ਦੀ ਵਡਿਆਈ ਨੂੰ ਮੰਨ ਜਾਏ, ਉਹ ਉਸਦੇ ਮਗਰ ਲੱਗ ਤੁਰਦੀ ਹੈ ਤੇ ਸਹਿਜੇ ਸਹਿਜੇ ਆਪਣੇ ਆਪ ਨੂੰ ਉਸ ਦੇ ਰੂਪ ਵਿਚ ਢਾਲ ਦੇਂਦੀ ਹੈ। ਵਿਅਕਤੀਗਤ ਸੰਗਤ ਕਰਨ ਦੇ ਫਲ 'ਤੇ ਵਿਚਾਰ ਕਰਨ ਵਾਲਿਆਂ ਨੇ ਸਭ ਤੋਂ ਉਚੇਰੀ ਸੰਗਤ ਉਹਨਾਂ ਦੀ ਬਿਆਨ ਕੀਤੀ ਹੈ, ਜਿਨ੍ਹਾਂ ਦੇ ਮਿਲਣ ਨਾਲ ਦੁਰਬੁੱਧੀ ਨਾਸ ਹੋਵੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਸੰਗਤ ਮਿਲਦੀ ਮੁਸ਼ਕਲ ਹੈ ਤੇ ਉਹਦੀ ਭਾਲ ਲਈ ਭਾਰੀ ਤਲਾਸ਼ ਕਰਨੀ ਪੈਂਦੀ ਹੈ।

ਜਿਨਾ ਦਿਸੰਦੜਿਆਂ ਦੁਰਮਤਿ ਵੰਝੈ, ਮਿਤ੍ਰ ਅਸਾਡੜੇ ਸੇਈ॥
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ॥
(ਵਾਰ ਗੂਜਰੀ, ਮ: ੫, ਪੰਨਾ ੫੨੦)

ਪਰ ਜਿਨ੍ਹਾਂ ਵਡਭਾਗੀਆਂ ਨੂੰ ਅਜਿਹੀ ਸੰਗਤ ਮਿਲ ਗਈ ਹੈ, ਉਹਨਾਂ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ। ਪਿੰਗਲੇ, ਪਰਬਤਾਂ ਤੋਂ ਪਾਰ ਲੰਘ ਗਏ, ਮੂਰਖ ਚਤੁਰ ਵਕਤੇ ਹੋ ਗਏ, ਅੰਨ੍ਹਿਆਂ ਨੂੰ ਤਿੰਨ ਭਵਨ ਸੁਝ ਪਏ, ਚਿੱਤ ਦੀ ਮੈਲ ਖੋਹੀ ਗਈ, ਇਹ ਸਭ ਕੁਝ ਸਾਧੂ ਦੀ ਸੰਗਤ ਦਾ ਹੀ ਫਲ ਹੈ:

ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥
(ਬਿਲਾਵਲੁ ਮ. ੫, ਪੰਨਾ ੮੦੯)

ਇਹ ਹੈ ਉਹ ਬਚਨ, ਜੋ ਸ੍ਰੀ ਪੰਚਮ ਪਾਤਸ਼ਾਹ ਜੀ ਨੇ ਸੰਗਤ ਦੇ ਮੁਤਅੱਲਕ ਕੀਤਾ ਹੈ।

ਹਜ਼ੂਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਸੱਚੀ ਸੰਗਤ ਵਿਚ ਬੈਠਣ ਨਾਲ ਹੀ ਸੱਚਾ ਨਾਮ ਤੇ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ:

ਸਚੀ ਸੰਗਤਿ ਬੈਸਣਾ, ਸਚਿ ਨਾਮਿ ਮਨੁ ਧੀਰ।
(ਸਿਰੀਰਾਗੁ ਮ: ੩, ਪੰਨਾ ੬੯)

ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਬਨਸਪਤੀ, ਚੰਦਨ ਦੀ ਵਾਸ ਲੈ ਚੰਦਨ ਹੋ ਜਾਂਦੀ ਹੈ, ਪਾਰਸ ਨਾਲ ਮਿਲ ਅੱਠ ਧਾਤਾਂ ਵੀ ਸੋਨਾ ਬਣ ਜਾਂਦੀਆਂ ਹਨ ਤੇ ਨਦੀਆਂ ਨਾਲੇ ਗੰਗਾ ਨਾਲ ਮਿਲ ਪਵਿੱਤਰ ਹੁੰਦੇ ਹਨ, ਏਸੇ ਤਰ੍ਹਾਂ ਹੀ ਪਤਿਤ ਉੱਧਾਰਣ ਸਾਧ ਸੰਗਤ ਪਾਪਾਂ ਦੀ ਮਲ ਧੋ ਸੁਟਦੀ ਹੈ:

ਚੰਦਨ ਵਾਸ ਵਨਾਸਪਤਿ ਸਭ ਚੰਦਨੁ ਹੋਵੈ॥
ਅਸ਼ਟ ਧਾਤੁ ਇਕ ਧਾਤੁ ਹੋਇ ਸੰਗਿ ਪਾਰਸ ਢੋਵੈ॥
ਨਦੀਆ ਨਾਲੇ ਵਾਹੜੇ ਮਿਲਿ ਗੰਗ ਗੰਗੋਵੈ॥
ਪਤਿਤ ਉਧਾਰਣੁ ਸਾਧਸੰਗੁ ਪਾਪਾਂ ਮਲੁ ਧੋਵੈ॥
(ਭਾਈ ਗੁਰਦਾਸ, ਵਾਰ ੨, ਪਉੜੀ ੧੬)

ਸਤਿ ਪੁਰਸ਼ਾਂ ਨੇ ਸਤਿ ਸੰਗਤ, ਸਤਿ ਦੀ ਵੀਚਾਰ ਦੇ ਆਸਰੇ ਕਾਇਮ ਕੀਤੀ ਹੈ ਤੇ ਉਹਨਾਂ ਦੇ ਖ਼ਿਆਲ ਵਿਚ ਪ੍ਰੇਮ ਸਤਿ, ਪ੍ਰਭੂ ਦਾ ਨਾਮ ਹੈ, ਇਸ ਲਈ ਸਤਿ ਸੰਗਤ ਸਹੀ ਅਰਥਾਂ ਵਿਚ ਉਸਨੂੰ ਹੀ ਕਹਿੰਦੇ ਹਨ ਜਿਥੇ ਨਾਮ ਦਾ ਪਰਚਾਰ ਕੀਤਾ ਜਾਏ:

ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
(ਸਿਰੀਰਾਗੁ ਮ: ੧, ਪੰਨਾ ੭੨)

ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ, ਉਹੀ ਇਕੱਠ ਚੰਗਾ ਹੈ ਜੋ ਮੌਲਾ ਦੀ ਯਾਦ ਲਈ ਹੋਵੇ, ਜਿਸ ਦੀ ਬੁਨਿਆਦ ਹੱਕ 'ਤੇ ਰਖੀ ਜਾਏ। ਜੋ ਬੰਦਗੀ ਲਈ ਜੁੜੇ, ਉਸ ਤੋਂ ਹੀ ਜ਼ਿੰਦਗੀ ਮਿਲਦੀ ਹੈ:

ਆਂ ਹਜੂਮੇ ਬੇ ਕਿ ਬਹਿਰੇ ਯਾਦਿ ਓਸਤ,
ਆਂ ਹਜੂਮੇ ਬੇ ਕਿ ਹਕ ਬੁਨਿਆਦ ਓਸਤ।
ਆਂ ਹਜੂਮੇ ਬੇ ਕਿ ਬਹਿਰੇ ਬੰਦਗੀਸਤ
ਆਂ ਹਜੂਮੇਂ ਬੇ ਕਿ ਮਹਿੰਜੇ ਜ਼ਿੰਦਗੀਸਤ

ਸੰਗਤ ਦੇ ਵਰਤਾਰੇ ਵਿਚ ਮਨੋਬਿਰਤੀਆਂ ਦਾ ਮਸਲਾ ਇਕ ਖ਼ਾਸ ਗੱਲ ਹੈ। ਦੋ ਮਨ ਜਦ ਇਕੱਠੇ ਮਿਲ ਬਹਿੰਦੇ ਹਨ ਤਾਂ ਇਕ ਦੂਸਰੇ ਦਾ ਅਸਰ ਕਬੂਲਦੇ ਹਨ। ਇਸ ਅਸਰ ਕਬੂਲਣ ਵਿਚ ਜੋ ਵੀ ਦੂਜੇ ਨੂੰ ਆਪਣੇ ਨਾਲੋਂ ਵਿਸ਼ੇਸ਼ ਸਮਝ ਲਏ, ਉਹ ਮਗਰ ਲੱਗ ਤੁਰਦਾ ਹੈ। ਏਸੇ ਲਈ ਹੀ ਸਿਆਣਿਆਂ ਨੇ ਸੰਗਤ ਵਿਚ ਸਨਿਮਰ ਜਾਣ ਦੀ ਸਲਾਹ ਦਿਤੀ ਹੈ। ਨਿਮਰਤਾ ਤੋਂ ਬਗ਼ੈਰ ਮਨ ਸੰਗਤ ਦੇ ਗੁਣ ਘੱਟ ਗ੍ਰਹਿਣ ਕਰਦਾ ਹੈ। ਕਬੀਰ ਜੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਹੋਇਆਂ, ਚੰਦਨ ਤੇ ਬਾਂਸ ਦਾ ਪ੍ਰਮਾਣ ਦਿੱਤਾ ਹੈ। ਆਪ ਕਹਿੰਦੇ ਹਨ ਕਿ ਜਿੱਥੇ ਤਮਾਮ ਬਨਸਪਤੀ, ਚੰਦਨ ਤੋਂ ਖ਼ੁਸ਼ਬੂ ਲੈਂਦੀ ਹੈ ਉਥੇ ਨਜ਼ਦੀਕ ਖੜੋਤਾ ਹੋਇਆ ਬਾਂਸ ਆਪਣੀ ਉੱਚ ਦੇ ਅਭਿਮਾਨ ਤੇ ਅੰਦਰਲੇ ਪੁਲਾੜ ਕਰਕੇ ਚੰਦਨ ਦੀ ਸੰਗਤ ਤੋਂ ਸੁਗੰਧੀ ਨਹੀਂ ਲੈ ਸਕਦਾ:

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਬੂਡਹੁ ਕੋਇ॥
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨਾ ਹੋਇ॥੧੨॥
(ਸਲੋਕ ਕਬੀਰ, ਪੰਨਾ ੧੩੬੫)

ਮਨੁੱਖ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ, ਤੇ ਅਭਿਮਾਨ ਕਰ ਸੰਗਤ ਦੇ ਲਾਭ ਤੋਂ ਵਿਰਵਾ ਨਹੀਂ ਰਹਿਣਾ ਚਾਹੀਦਾ। ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗਤ ਨੂੰ ਮਨ ਦੇਣ ਤੋਂ ਪਹਿਲਾਂ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਉਹ ਸੰਗਤ ਅਸਲ ਵਿਚ ਕੁਝ ਉਚੇਰੇ ਗੁਣਾਂ ਦੇ ਆਸਰੇ ਕਾਇਮ ਹੈ ਕਿ ਨਹੀਂ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਸ਼ੈਅ ਜਿਹੜੀ ਚਮਕੇ ਉਹ ਲਾਲ ਹੀ ਹੋਵੇ ਜਾਂ ਹਰ ਮਿਠਬੋਲਾ ਆਦਮੀ ਬਚਨ ਨੂੰ ਪਾਲ ਸਕੇ:

ਹਰ ਚੀਜ਼ ਜੋ ਚਮਕੇ ਸਦਾ ਲਾਲ ਨਹੀਂ ਹੁੰਦੀ।
ਮਿਠੇ ਬੋਲ ਜੋ ਬੋਲੇ ਪ੍ਰਣ ਪਾਲ ਨਹੀਂ ਹੁੰਦੀ।

ਕਈ ਵੇਰ ਤਪਦੇ ਹੋਏ ਮਾਰੂਥਲ, ਮਾਸੂਮ ਮਿਰਗਾਂ ਨੂੰ ਨਿਰਮਲ ਨੀਰ ਦੇ ਤਾਲਾਬ ਨਜ਼ਰ ਆਉਂਦੇ ਹਨ। ਏਸੇ ਤਰ੍ਹਾਂ ਬਹੁਤ ਸਾਰੇ ਗੁਣਗਰਾਹੀ ਸਹਿਬਲ ਹੋਏ ਅਜਿਹੀ ਸੰਗਤ 'ਤੇ ਵੀ ਭਰਮ ਜਾਂਦੇ ਹਨ ਜੋ ਅਗਲੇ ਗੁਣਾਂ ਨੂੰ ਵੀ ਲੈ ਬਹੇ। ਕਾਬਲ ਦਾ ਮਸ਼ਹੂਰ ਜਰਨੈਲ ਬਾਈਆਜ਼ੀਦ ਖ਼ਾਨ ਵੈਰਾਗ ਦੀ ਠੋਕਰ ਖਾ ਸਾਧੂ ਹੋ ਗਿਆ ਤੇ ਸੰਪਰਦਾ ਦੇ ਨਾਮ 'ਤੇ ਭੁੱਲ ਕੇ ਬੈਰਾਗੀਆਂ ਨਾਲ ਰਲ ਗਿਆ। ਨਾਮ ਦੇ ਬੈਰਾਗੀ ਜੋ ਅਸਲ ਵਿਚ ਮੰਗ-ਖਾਣੇ, ਕਰਮ-ਯੋਗ-ਹੀਣ ਮਨੁੱਖਾਂ ਦਾ ਇਕ ਟੋਲਾ ਸੀ, ਬਹੁਤ ਸਾਰਾ ਸੋਨੇ ਦਾ ਸਾਜ਼ੋ-ਸਾਮਾਨ ਕੋਲ ਰਖਦਾ ਸੀ। ਇਕ ਰਾਤ ਉਨ੍ਹਾਂ 'ਤੇ ਡਾਕਾ ਪਿਆ। ਮਾਲ ਜਾਂਦਾ ਰਿਹਾ ਤੇ ਧਨੀ ਬੈਰਾਗੀ ਸਾਧਾਂ ਦੇ ਲੁੱਟੇ ਜਾਣ ਦੀ ਖ਼ਬਰ ਸੁਣ ਕੇ ਸਮੇਂ ਦੀ ਪੁਲੀਸ ਤਹਿਕੀਕਾਤ ਲਈ ਆਈ। ਪੁਲੀਸ ਦੇ ਵੱਡੇ ਅਫ਼ਸਰ ਨੇ ਜਦੋਂ ਪੁੱਛ-ਗਿਛ ਕਰਦਿਆਂ ਹੋਇਆਂ, ਇਸ ਗੋਰੇ ਰੰਗ ਦੇ ਬਜ਼ੀਦੇ ਨਾਮੀ ਸਾਧੂ ਨੂੰ ਦੇਖਿਆ, ਤਾਂ ਉਸਨੂੰ ਸਾਧੂ ਦੇ ਬਾਈਆਜ਼ੀਦ ਖ਼ਾਨ ਹੋਣ ਦਾ ਸ਼ੱਕ ਪਿਆ, ਜੋ ਪੜਤਾਲ ਕਰਨ 'ਤੇ ਸੱਚ ਨਿਕਲਿਆ। ਅਫ਼ਸਰ ਨੇ ਹੈਰਾਨ ਹੋ ਕੇ ਕਿਹਾ, "ਨਾਮੀ ਸੂਰਮੇ ਜਰਨੈਲ ਬਾਈਆਜ਼ੀਦ ਖ਼ਾਨ ਦੇ ਹੁੰਦੇ ਹੋਇਆਂ, ਡਾਕੂਆਂ ਨੂੰ ਸਾਧਾਂ 'ਤੇ ਡਾਕਾ ਮਾਰਨ ਦਾ ਹੌਸਲਾ ਕਿਸ ਤਰ੍ਹਾਂ ਪਿਆ?" ਬਜ਼ੀਦੇ ਨੇ ਲੱਜਾਅ ਕੇ ਕਿਹਾ, "ਜਦੋਂ ਮੈਂ ਪਠਾਣ-ਪੁੱਤਰ ਸਾਂ, ਦਸਤਿਆਂ ਦੇ ਮੂੰਹ ਮੋੜ ਦੇਣਾ ਮੇਰਾ ਕੰਮ ਸੀ, ਪਰ ਜਦੋਂ ਦਾ ਸਾਧਾਂ ਦੀ ਸੰਗਤ ਵਿਚ ਬੈਠਾ ਹਾਂ, ਇਕ ਤੀਲਾ ਵੀ ਨਹੀਂ ਟੁੱਟਦਾ।"

ਜਬ ਹੁਤੇ ਪੂਤ ਅਫ਼ਗਾਨ ਕੇ ਦੇਤੇ ਦਸਤੇ ਮੋੜ।
ਅਬ ਸਰਨ ਗਹੀ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ।

ਨਿਰਾ ਨਾਮ ’ਤੇ ਭੁੱਲ, ਤੇ ਸੰਗਤ ਦੀ ਅਸਲੀਅਤ ਨੂੰ ਨਾ ਪਛਾਣਨ ਕਰਕੇ ਖ਼ਾਨ ਵਿਚਾਰਾ ਖ਼ਾਨਦਾਨੀ ਜੌਹਰ ਬੀਰਤਾ ਨੂੰ ਵੀ ਖੋ ਬੈਠਾ। ਇਸ ਦੇ ਐਨ ਉਲਟ ਜੇ ਸੁਭਾਗ-ਵੱਸ ਸਹੀ ਸੰਗਤ ਪ੍ਰਾਪਤ ਹੋ ਜਾਏ, ਤਾਂ ਗਵਾਚੇ ਹੋਏ ਗੁਣ ਫਿਰ ਲੱਭ ਪੈਂਦੇ ਹਨ। ਪਠਾਣ ਬਾਈਆਜ਼ੀਦ ਖ਼ਾਨ ਵਾਂਗ ਹੀ, ਬੀਰ ਰਾਜਪੂਤ ਲਛਮਣ ਦਾਸ ਵੀ 'ਮਾਧੋ ਦਾਸ ਬੈਰਾਗੀ' ਬਣ ਬੀਰਤਾ ਨੂੰ ਖੋ ਚੁੱਕਾ ਸੀ। ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਫੁੱਟੇ, ਰਸਕ ਬੈਰਾਗੀ ਪੁਰਖ ਮਿਲੇ।

ਪੂਰਬ ਕਰਮ ਅੰਕੁਰ ਜਬ ਪ੍ਰਗਟੇ,
ਭੇਟਿਓ ਪੁਰਖੁ ਰਸਿਕ ਬੈਰਾਗੀ॥
(ਗਉੜੀ ਮ: ੫, ਪੰਨਾ ੨੦੪)

ਬੈਰਾਗੀ ਸਿੱਧ ਮਾਧੋ ਦਾਸ, ਆਸ਼ਰਮ ਵਿਚ ਬੱਕਰੇ ਝਟਕਾਏ ਜਾਣ ਦੀ ਗੱਲ ਸੁਣ, ਰੋਹ ਭਰਿਆ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਣ ਖਲੋਤਾ। ਨੂਰੀ ਨੈਣਾਂ ਵਿਚ ਨੈਣ ਪਏ, ਨੇਹੁੰ ਜਾਗਿਆ, ਸਤਿਗੁਰਾਂ ਦਾ ਬੰਦਾ ਹੋਇਆ, ਸੁੱਤੀ ਹੋਈ ਬੀਰਤਾ ਜਾਗ ਪਈ ਤੇ ਜਾਗੀ ਵੀ ਨਵੇਂ ਰੂਪ ਵਿਚ। ਜਿਸ ਤਰ੍ਹਾਂ ਥਕਿਆ ਹੋਇਆ ਮਨੁੱਖ ਸੌਂ ਕੇ ਤਾਜ਼ਾ ਹੋ ਉਠਦਾ ਹੈ, ਉਦਾਂ ਹੀ ਬੰਦੇ ਵਿਚ ਬੀਰਤਾ ਨਵ-ਜੀਵਨ ਲੈ ਉਠੀ, ਤੇ ਬੱਕਰੇ ਦੋ ਖ਼ੂਨ ਨੂੰ ਤੱਕ ਘਬਰਾ ਉੱਠਣ ਵਾਲਾ ਬੈਰਾਗੀ, ਮਹਾਂਬੀਰ ਬੰਦਾ ਸਿੰਘ ਹੋ ਚਮਕਿਆ।

ਭਾਵੇਂ ਸੰਗਤ ਦਾ ਲਾਭ ਲੈਣ ਲਈ ਜਗਿਆਸੂ ਦਾ ਸਨਿਮਰ ਹੋਣਾ ਬੜਾ ਜ਼ਰੂਰੀ ਹੈ, ਪਰ ਕਈ ਹਾਲਤਾਂ ਵਿਚ ਭਾਗ ਅਜੇਹੀਆਂ ਹਸਤੀਆਂ ਨਾਲ ਮਿਲਾ ਦੇਂਦੇ ਹਨ, ਜਿਨ੍ਹਾਂ ਦਾ ਪ੍ਰਭਾਵ ਇਤਨਾ ਤੀਬਰ ਹੁੰਦਾ ਹੈ ਕਿ ਉਹ ਆਉਣ ਵਾਲੇ ਦੇ ਸੁਭਾਅ ਤੋਂ ਬੇ-ਪ੍ਰਵਾਹ ਰਹਿ ਫ਼ੈਜ਼ ਪਹੁੰਚਾ ਦੇਂਦੀਆਂ ਹਨ। ਜਿਸ ਤਰ੍ਹਾਂ ਸੂਰਜ ਦੀ ਤ੍ਰਿਖੀ ਕਿਰਨ ਬਰਫ਼ ਦੇ ਠੰਢੇ ਮਨ ਨੂੰ ਨਿੱਘ ਦੇਂਦੀ ਹੈ, ਉਹੀ ਹਾਲਤ ਇਹਨਾਂ ਮਹਾਂਪੁਰਖਾਂ ਦੀ ਮਿਹਰ ਦੀ ਹੁੰਦੀ ਹੈ। ਪੁਰਾਣਕ ਨਿਸਚਾ ਹੈ ਕਿ ਕੰਸ ਨੇ ਕ੍ਰਿਸ਼ਨ ਨਾਲ ਤੇ ਰਾਵਣ ਨੇ ਰਾਮ ਨਾਲ ਕੇਵਲ ਇਸ ਲਈ ਦੁਸ਼ਮਣੀ ਪਾਈ ਸੀ ਕਿ ਉਹਨਾਂ ਦੇ ਹੱਥੋਂ ਮਰਨ ਲਗਿਆਂ ਦਰਸ਼ਨਾਂ ਦੇ ਲਾਭ ਕਰ ਮੁਕਤੀ ਪ੍ਰਾਪਤ ਹੋ ਜਾਏਗੀ। ਪੁਰਾਣਕ ਮਨੌਤਾਂ ਤੋਂ ਬਿਨਾਂ ਵਾਕਿਆਤ ਦੀ ਦੁਨੀਆ ਵਿਚ ਅਜਿਹੇ ਪ੍ਰਮਾਣ ਬਹੁਤ ਮਿਲਦੇ ਹਨ। ਇਸਲਾਮੀ ਦੁਨੀਆ ਦਾ ਮਸ਼ਹੂਰ ਖ਼ਲੀਫ਼ਾ ਉਮਰ, ਘਰੋਂ ਮੁਹੰਮਦ ਸਾਹਿਬ ਨੂੰ ਕਤਲ ਕਰਨ ਦੇ ਇਰਾਦੇ ਨਾਲ ਤਲਵਾਰ ਲੈ ਤੁਰਿਆ ਸੀ, ਪਰ ਉਹਨਾਂ ਦੀ ਸ਼ੁਭ ਸੰਗਤ ਦਾ ਫਲ ਇਹ ਹੋਇਆ ਕਿ ਉਹ ਇਕ ਦਿਨ ਕੁਲ ਮੁਸਲਮਾਨਾਂ ਦਾ ਸਰਦਾਰ ਤੇ ਮਸ਼ਹੂਰ ਆਦਿਲ ਖ਼ਲੀਫ਼ਾ ਉਮਰ ਹੋ ਗਿਆ।

ਸੰਗਲਾਦੀਪ ਦੇ ਰਾਜ ਮਹੱਲ ਵਿਚ ਦਿਨ ਛਿਪਦਿਆਂ ਤੋਂ ਹੀ ਰੌਣਕਾਂ ਹੋ ਰਹੀਆਂ ਸਨ। ਰੰਗ ਬਰੰਗੇ ਫ਼ਾਨੂਸਾਂ ਨਾਲ ਕਮਰੇ ਜਗਮਗਾ ਉੱਠੇ। ਸੁਨਹਿਰੀ ਚਿੱਤਰਕਾਰੀ ਸਹਿਤ ਬਣੀਆਂ ਹੋਈਆਂ ਦੀਵਾਰਾਂ 'ਤੇ ਕਿਰਨਾਂ ਪੈ ਪੈ ਚਾਨਣ ਨੂੰ ਦੁਬਾਲਾ ਕਰ ਰਹੀਆਂ ਸਨ। ਸੁਰ ਹੋਏ ਸਾਜ਼ ਵੱਜ ਰਹੇ ਸਨ, ਕਮਾਂ, ਕੰਬਲਾ ਨਾਇਕਾਂ ਨਿਰਤ ਕਰ ਰਹੀਆਂ ਸਨ ਤੇ ਮ੍ਰਿਗ ਨੈਣੀ, ਚੰਦ੍ਰ ਮੁਖੀਆਂ ਅੰਗੂਰੀ ਸ਼ਰਾਬ ਦੇ ਜਾਮ 'ਤੇ ਜਾਮ, ਸੁਨਹਿਰੀ ਪਲੰਘ 'ਤੇ ਰੇਸ਼ਮੀ ਗਦ੍ਹੇਲਿਆਂ ਉਪਰ ਫੁੱਲ-ਪੱਤੀਆਂ ਦੀ ਵਿਛੀ ਹੋਈ ਸੇਜਾ 'ਤੇ ਲੇਟੇ ਰਾਜਾ ਸ਼ਿਵਨਾਭ ਨੂੰ ਪਿਲਾ ਰਹੀਆਂ ਸਨ। ਇਹ ਨਾਚ ਗਾਣੇ ਤੇ ਨਸ਼ੇ, ਸਭ ਯਤਨ ਰਾਜੇ ਦਾ ਮਨ ਪਰਚਾਉਣ ਲਈ ਸਨ, ਜੋ ਕਿਸੇ ਭਾਰੇ ਗ਼ਨੀਮ ਦੀ ਆਪਣੇ ਦੇਸ਼ 'ਤੇ ਚੜ੍ਹਾਈ ਦੀ ਖ਼ਬਰ ਸੁਣ ਬੇਚੈਨ ਹੋ ਰਿਹਾ ਸੀ। ਰਾਤ ਅੱਧੀਓਂ ਟੁਟ ਗਈ, ਨੀਂਦ ਨੇ ਜ਼ੋਰ ਪਾਇਆ, ਨਿੰਦਰਾਵੇ ਰਾਗੀਆਂ ਦੇ ਰਾਗ ਸਾਜ਼ਾਂ 'ਤੇ ਥਿਰਕਣ ਲਗੇ, ਨਿਰਤਕਾਰਾਂ ਨੂੰ ਤਾਲ ਉਕਣ ਤੇ ਸਾਕੀ ਦੇ ਰੰਗੀਲੇ ਹੱਥਾਂ ਤੋਂ ਜਾਮ ਢਹਿਣ ਲਗੇ, ਸਾਰੀ ਮਹਿਫ਼ਲ ਊਂਘਣ ਲਗ ਪਈ, ਪਰ ਰਾਜੇ ਨੂੰ ਨੀਂਦਰ ਕਿੱਥੇ? ਚਿੰਤਾਤੁਰ ਮਨ ਕੀ ਤੇ ਸੌਣਾ ਕੀ! ਉਹ ਬਾਰ ਬਾਰ ਕਰਵਟਾਂ ਬਦਲਦਾ। ਉਸ ਦੀ ਹਾਲਤ ਕਬਾਬ ਦੀ ਸੀਖ ਵਰਗੀ ਸੀ, ਜਿਸ ਦੇ ਪਾਸੇ ਘੜੀ ਮੁੜੀ ਭੁੰਨਣ ਵਾਲਾ ਅੰਗਾਰਾਂ 'ਤੇ ਪਲਟਾਂਦਾ ਹੈ:

ਕਬਾਬ ਸੀਖ ਹੈਂ ਹਮ ਕਰਵਟੇਂ ਹਰ ਸੂ ਬਦਲਤੇ ਹੈਂ।
ਜੋ ਜਲ ਜਾਤਾ ਹੈ ਯਿਹ ਪਹਿਲੂ ਤੋ ਵੁਹ ਪਹਿਲੂ ਬਦਲਤੇ ਹੈਂ।

ਜਦ ਰਾਜੇ ਦੇ ਸਭ ਸਨੇਹੀ ਸੌਂ ਗਏ ਤਾਂ ਉਸ ਦੇ ਕੰਨਾਂ ਵਿਚ ਇਕ ਸ਼ਾਂਤ ਤੇ ਰਸ-ਭਿੰਨੀ ਸੱਦ ਪਈ। ਇਹ ਦੂਰੋਂ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਸੀ। ਰਾਜੇ ਨੂੰ ਸਮਝ ਤਾਂ ਕੋਈ ਨਾ ਆਈ ਪਰ ਸੁਆਦ ਬਹੁਤ ਆਇਆ। ਦਰਵਾਜ਼ੇ 'ਤੇ ਖੜੇ ਸਿਪਾਹੀ ਨੂੰ ਬੁਲਾ ਕੇ ਪੁੱਛਣ ਲੱਗਾ, "ਇਹ ਕਿਸ ਦੇ ਗਾਉਣ ਦੀ ਅਵਾਜ਼ ਹੈ?" ਪਹਿਰੇਦਾਰ ਨੇ ਕਿਹਾ, "ਉਸ ਕੈਦੀ ਦੀ, ਜਿਸ ਨੂੰ ਅੱਜ ਹੀ ਸਰਕਾਰ ਦੇ ਹੁਕਮ ਨਾਲ ਬੰਦੀਖ਼ਾਨੇ ਵਿਚ ਸੁੱਟਿਆ ਗਿਆ ਹੈ।" ਰਾਜੇ ਨੇ ਹੈਰਾਨ ਹੋ ਕੇ ਕਿਹਾ, 'ਇਹ ਕੈਦੀ ਗਾ ਰਿਹਾ ਹੈ। ਤਹਿਖ਼ਾਨੇ ਦੀ ਅੰਧੇਰੀ ਕੋਠੜੀ ਵਿਚ ਬੰਨ੍ਹ ਕੇ ਸੁੱਟੇ ਹੋਏ ਕੈਦੀ ਨੂੰ ਗਾਣਾ ਸੁਝ ਰਿਹਾ ਹੈ! ਪੱਥਰ ਦਾ ਠੰਢਾ ਫ਼ਰਸ਼ ਤੇ ਮੱਛਰਾਂ ਦੇ ਡੰਗ, ਉਸਦੇ ਗੀਤਾਂ ਵਿਚ ਕੋਈ ਰੋਕ ਨਹੀਂ ਪਾਉਂਦੇ? ਮੇਰੇ ਸਾਹਮਣੇ ਹਾਜ਼ਰ ਕਰੋ।" ਕੈਦੀ ਲਿਆਂਦਾ ਗਿਆ। ਰਾਜੇ ਹੁਕਮ ਨਾਲ ਹੀ ਇਕਾਦਸ਼ੀ ਦਾ ਬਰਤ ਨਾ ਰੱਖਣ ਕਰਕੇ, ਇਸ ਰਾਜ-ਧਰਮ ਵਿਰੋਧੀ ਨੂੰ, ਅੱਜ ਬੰਦੀਖ਼ਾਨੇ ਦੀ ਸਖ਼ਤ ਕੈਦ ਵਿਚ ਪਾ ਦਿਤਾ ਗਿਆ ਸੀ। ਰਾਜੇ ਦਾ ਦਵੈਸ਼ ਭਰਿਆ ਦਿਲ, ਬੰਦੀਵਾਨ ਨੂੰ ਤਕਦਿਆਂ ਹੀ ਕੁਝ ਰਸ ਅਨੁਭਵ ਕਰਨ ਲਗ ਪਿਆ। ਉਸ ਤੋਂ ਪੁੱਛਿਆ ਸੁ, "ਮੇਰੇ ਗਿਰਦ ਸਾਰੇ ਸੁਖ ਦੇ ਸਾਮਾਨ ਹਨ, ਰਾਜ ਹੈ, ਜਵਾਨੀ ਹੈ, ਜੋਬਨ ਵੰਤ, ਨਿਰਤਕਾਰ ਤੇ ਗਾਉਣ ਵਾਲੀਆਂ ਮਨ ਪਰਚਾਉਣ ਨੂੰ ਤੇ ਰੰਗਲੇ ਸਾਕੀ ਜਾਮ ਪਿਲਾਉਣ ਨੂੰ ਹਨ, ਪਰ ਚਿੰਤਾਤੁਰ ਮਨ ਨੂੰ ਕੁਝ ਸੁਆਦ ਨਹੀਂ ਆਉਂਦਾ। ਪਰ ਤੂੰ ਤਹਿਖ਼ਾਨੇ ਦੇ ਪਥਰੀਲੇ ਠੰਢੇ ਫ਼ਰਸ਼ 'ਤੇ ਪਿਆ, ਮੱਛਰਾਂ ਦੀ ਘੂੰ ਘੂੰ ਵਿਚ ਕਿਸ ਤਰ੍ਹਾਂ ਗਾ ਰਿਹਾ ਹੈਂ?" ਇਹ ਕੋਈ ਸਵਾਲ ਨਹੀਂ ਸੀ, ਚਿੰਤਾਤੁਰ ਮਨ ਨੂੰ ਮਨਸੁੱਖ ਦੀ ਸੰਗਤ ਪ੍ਰਾਪਤ ਹੋ ਰਹੀ ਸੀ, ਜਿਸਨੇ ਆਪਣਾ ਪੂਰਾ ਫ਼ੈਜ਼ ਪਹੁੰਚਾਇਆ, ਤੇ ਓੜਕ ਗੁਰੂ ਨਾਨਕ ਨਾਲ ਜੋੜ, ਪੂਰਨ ਪਦ ਦਿਵਾ ਗਈ।

ਸੰਗਤ, ਕਈ ਵੇਰ ਸੁਪਨੇ ਵਿਚ ਕੀਤੀ ਹੋਈ ਭੀ ਫਲ ਦੇ ਜਾਂਦੀ ਹੈ। ਈਸਾਈਆਂ ਦੇ ਮਸ਼ਹੂਰ ਸੰਤ ਸੇਂਟ ਪਾਲ ਨੂੰ ਈਸਾ ਜੀ ਦੀ ਸੰਗਤ ਸੁਪਨੇ ਵਿਚ ਹੀ ਪ੍ਰਾਪਤ ਹੋਈ ਸੀ। ਜਦੋਂ ਕੱਟੜ ਮਜ਼੍ਹਬੀ ਯਹੂਦੀ 'ਸਾਲ' ਆਪਣੇ ਘਰੋਂ ਈਸਾਈਆਂ ਨੂੰ ਮੁਕਾਉਣ ਦੇ ਖ਼ਿਆਲ ਨਾਲ ਨਿਕਲਿਆ ਤੇ ਕਈ ਮਾਸੂਮਾਂ ਨੂੰ ਪਕੜ ਕੇ ਕਤਲ ਕਰ ਚੁੱਕਾ ਤਾਂ ਮਸੀਹ ਉਸਨੂੰ ਸੁਪਨੇ ਵਿਚ ਮਿਲੇ ਤੇ ਉਨ੍ਹਾਂ ਨੇ ਅਜਿਹਾ ਪਲਟਾ ਦਿਤਾ ਕਿ ਕਾਤਲ 'ਸਾਲ' ਸੇਂਟ ਪਾਲ ਬਣ ਗਿਆ।

ਇਸ ਸੁਪਨੇ ਦੀ ਸੰਗਤ ਨੂੰ ਬੜਾ ਸਲਾਹਿਆ ਗਿਆ ਹੈ। ਕਵਿਤਾ ਦੇ ਮਹਾਨ ਉਡਾਰੂਆਂ ਨੇ ਇਸ ਉੱਤੇ ਆਪਣੇ ਖ਼ਿਆਲ ਲਿਖੇ ਹਨ। ਪੀਆ ਬਦੇਸ਼ ਚਲੇ ਗਏ ਹਨ, ਕੋਈ ਸੰਦੇਸ਼ਾ ਵੀ ਨਹੀਂ ਆਇਆ, ਨਾ ਚਿੱਠੀ ਆਈ ਨਾ ਮੂਰਤ, ਇਹ ਤੇ ਕਿਤੇ ਰਿਹਾ, ਕਾਂ ਵੀ ਬਨੇਰੇ 'ਤੇ ਨਹੀਂ ਬਹਿੰਦਾ, ਮੌਤ ਵੀ ਨਹੀਂ ਆਉਂਦੀ, ਜੋਤਸ਼ੀ ਵੀ ਵਿਹੜੇ ਪੈਰ ਨਹੀਂ ਪਾਉਂਦਾ। ਹੁਣ ਤਾਂ ਨੀਂਦ ਤੇਰੇ 'ਤੇ ਹੀ ਭਰੋਸਾ ਹੈ, ਜੇ ਭਾਗ ਭਰੀਏ ਤੂੰਹੀਏਂ ਆਵੇਂ ਤਾਂ ਸ਼ਾਇਦ ਦਰਸ਼ਨ ਹੋ ਜਾਵਣ:

ਜਾਂ ਦਿਨ ਤੇ ਪੀਆ ਨੇ ਬੇਦੇਸ਼ ਕੋ ਗਵਨ ਕੀਨਾ,
ਤਾ ਦਿਨ ਤੇ ਵਹਾਂ ਤੇ ਸੰਦੇਸਰੋ ਨਾ ਆਇਓ ਕੋਇ॥
ਪਾਈ ਨਹਿ ਪਾਤੀ ਨਹਿ ਚਿਤ੍ਰਕਾਰ ਆਇਓ ਕੋਇ,
ਮਾਨੁਖ ਕੀ ਕੀ ਕਹਾਂ, ਨਾ ਬੰਨੇਰੇ ਬੈਠਾ ਕਾਗ ਕੋਇ॥
ਕਾਲਹੂ ਨਾ ਆਵੇ, ਮੌਤ ਦਰਸਨਾ ਦਿਖਾਵੇ,
ਸਖੀ ਜੋਤਸ਼ੀ ਨਾ ਆਵੇ ਜਾਂ ਤੇ ਪੂਛੋ ਕਬ ਆਵੇ ਜੋਇ॥
ਆਉ ਰੀ ਸੁਭਾਗਵਾਨ ਨੀਂਦਰੀਏ ਤੂੰਹੀ ਆਓ,
ਸੁਪਨੇ ਮੇਂ ਮਤ ਭਲਾ ਮੋਹਨਾ ਦਰਸ ਹੋਇ।

ਸੁਪਨੇ ਤੋਂ ਬਗ਼ੈਰ ਖ਼ਿਆਲਾਂ ਦੀ ਸੰਗਤ ਵੀ ਬੜੀ ਮਹਾਨਤਾ ਰਖਦੀ ਹੈ। ਪੁਸਤਕ ਦੇ ਪਾਠ ਤੇ ਨਿਤਨੇਮ, ਏਸੇ ਹੀ ਸੰਗਤ ਦਾ ਦੂਸਰਾ ਨਾਮ ਹੈ। ਸੰਸਾਰ ਦੀਆਂ ਭਾਰੀਆਂ ਭਾਰੀਆਂ ਪੁਸਤਕਾਲਾਵਾਂ (ਲਾਇਬ੍ਰੇਰੀਆਂ) ਬਣਾਣੀਆਂ, ਉਨ੍ਹਾਂ ਲਈ ਕਿਤਾਬਾਂ ਲਿਖਣੀਆਂ, ਛਾਪਣ ਦੇ ਸਾਧਨ ਕਰਨੇ ਸੰਸਾਰ ਦਾ ਕਿੱਡਾ ਭਾਰਾ ਕੰਮ ਹੈ, ਪਰ ਇਹ ਸਭ ਕੁਝ ਮਨੁੱਖ ਖ਼ੁਸ਼ੀਓ ਖ਼ੁਸ਼ੀ ਕਰਦੇ ਹਨ। ਕਿਉਂ ਜੋ ਇਹਨਾਂ ਲਾਇਬ੍ਰੇਰੀਆਂ ਦੀ ਰਾਹੀਂ ਹੀ ਮਨੁੱਖ ਉਚੇਰੇ ਖ਼ਿਆਲਾਂ ਦੀ ਸੰਗਤ ਕਰ ਸਕਦਾ ਹੈ। ਇਹੀ ਕਾਰਨ ਹੈ, ਮੁਹੱਜ਼ਬ ਦੁਨੀਆ ਵਿਚ ਭਾਰੇ ਸੰਗਰਾਮਾਂ ਦੇ ਬਾਅਦ ਭੀ ਹਾਰ ਗਏ। ਦੁਸ਼ਮਣ ਦੀਆਂ ਲਾਇਬ੍ਰੇਰੀਆਂ ਦੀ ਹਿਫ਼ਾਜ਼ਤ ਕਰਨਾ ਸੱਭਯ ਕੌਮਾਂ ਦਾ ਪਹਿਲਾ ਕਰਤੱਵ ਹੁੰਦਾ ਹੈ। ਆਤਮ ਮੰਡਲ ਵਿਚ ਵੀ ਸੰਤਾਂ ਦੇ ਬਚਨਾਂ ਦੀ ਸੰਗਤ ਕਰਨੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਗੀਤਾ ਦਾ ਪਾਠ, ਕੁਰਾਨ ਦੀ ਤਿਲਾਵਤ, ਗੁਰਬਾਣੀ ਦੇ ਦਰਸ਼ਨ, ਹਰ ਧਾਰਮਿਕ ਖ਼ਿਆਲਾਂ ਦੇ ਹਿੰਦੂ, ਮੁਸਲਮਾਨ ਤੇ ਸਿੱਖ ਲਈ ਰੋਜ਼ਾਨਾ ਫ਼ਰਜ਼ ਕਰਾਰ ਦਿਤੇ ਗਏ ਹਨ। ਸਿੱਖੀ ਵਿਚ ਤਾਂ ਇਸ ਨੂੰ ਇਤਨਾ ਅਪਣਾਇਆ ਗਿਆ ਹੈ ਕਿ ਹਰ ਸਿਖ ਰੋਜ਼ ਇਸ ਈਮਾਨ ਨੂੰ ਦੁਹਰਾਂਦਾ ਹੈ, ਕਿ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਚੱਲਿਆ ਹੈ। ਸਭ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੁਕਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੋ, ਇਹੋ ਗੁਰੂ ਦੀ ਪ੍ਰਗਟ ਦੇਹ ਹੈ। ਜੋ ਗੁਰੂ ਨੂੰ ਮਿਲਣਾ ਚਾਹੁੰਦਾ ਹੈ, ਸ਼ਬਦ ਵਿਚੋਂ ਲੱਭ ਲਵੇ:

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ।
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸਬਦ ਮਹਿ ਲੇਹਿ।'
(ਪੰਥ ਪ੍ਰਕਾਸ਼)

ਸ੍ਰੀ (ਗੁਰੂ) ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਲੜਕੀ ਬੀਬੀ ਅਮਰੋ ਦੇ ਮੂੰਹੋਂ ਉਚਾਰੀ ਹੋਈ ਬਾਣੀ ਦੀ ਸੰਗਤ ਹੀ ਪਹਿਲਾਂ ਪ੍ਰਾਪਤ ਹੋਈ ਸੀ। ਤੇ ਉਸ ਨੇ ਹੀ ਰਸਤੇ ਪਾ ਓੜਕ ਗੁਰ-ਪਦਵੀ ਤਕ ਪਹੁੰਚਾਇਆ ਸੀ।

ਭਾਵੇਂ ਸੰਗਤ ਲਈ ਆਮ ਤੌਰ 'ਤੇ ਬਹੁਤ ਸਮਾਂ ਲੱਗਣ ਦਾ ਖ਼ਿਆਲ ਕੀਤਾ ਜਾਂਦਾ ਹੈ, ਪਰ ਕਈ ਵੇਰ ਭਾਗ ਅਜਿਹੇ ਉਚੇਰੇ ਬੰਦਿਆਂ ਦੀ ਸੰਗਤ ਪ੍ਰਾਪਤ ਕਰਾਂਦੇ ਹਨ, ਜੋ ਸਮੇਂ ਦੀ ਲੰਬਾਈ ਨੂੰ ਕੱਟ ਦੇਂਦੀ ਹੈ, ਤੇ ਸੰਤ ਮਤ ਵਿਚ ਤਾਂ ਇਕ ਨਿਗਾਹ ਦੇ ਪਲਕਾਰੇ ਦੀ ਸੰਗਤ ਨੂੰ ਵੀ ਮੰਨਿਆ ਗਿਆ ਹੈ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਮੈਨੂੰ ਉਸ ਦੀ ਇਕ ਹੀ ਨਿਗਾਹ ਕਾਫ਼ੀ ਹੈ:

ਯਕ ਨਿਗਾਹੇ ਜਾਂ ਫ਼ਜ਼ਾਇਸ਼, ਬਸ ਬਵਦ ਦਰਕਾਰੇ ਮਾ

ਇਕ ਹੋਰ ਸੰਤ ਫ਼ੁਰਮਾਂਦਾ ਹੈ ਕਿ ਕੋਈ ਉਪਕਾਰੀ ਹੈ ਜੋ ਮੇਰੇ ਹਾਲ ਨੂੰ ਓਸ ਬਾਦਸ਼ਾਹ ਦੇ ਦਰਬਾਰ ਵਿਚ ਜਾ ਕਹੇ, ਤੇ ਬਾਦਸ਼ਾਹਾਂ ਲਈ ਕੀ ਮੁਸ਼ਕਲ ਜੋ ਉਹ ਫ਼ਕੀਰਾਂ ਨੂੰ ਇਕ ਨਿਗਾਹ ਨਾਲ ਨਿਵਾਜ਼ ਦੇਣ:

ਆ ਕੀਸਤ ਕਿ ਤਕਰੀਰ ਕੁਨੰਦ ਹਾਲੇ ਗਦਾਰਾਦਰ ਹਜ਼ਰਤੇਸ਼ਾਹੇ।
ਸ਼ਾਹਾਂ 'ਚੇ ਅਜਬ ਬਾਨਿਵਾਜ਼ੰਦ ਗਦਾਰਾਂ ਗਾਹੇ ਬਾਨਿਗਾਹੇ।

ਸੱਜਣ ਠੱਗ ਦੇ ਕੰਨੀਂ ਇਕ ਸ਼ਬਦ ਹੀ ਪਿਆ, ਤੇ ਕੌਡੇ ਰਾਖਸ਼ 'ਤੇ ਬਾਬੇ ਨਾਨਕ ਦੀ ਨਿਗਾਹ ਹੀ ਪਈ ਸੀ, ਦੋਵੇਂ ਸੰਤ ਹੋ ਗਏ।

ਸੰਗਤ ਭਾਵੇਂ ਸ਼ਖ਼ਸੀ ਕੀਤੀ ਜਾਏ, ਭਾਵੇਂ ਸੁਪਨ ਵਿਚ ਤੇ ਭਾਵੇਂ ਖ਼ਿਆਲਾਂ ਨਾਲ ਮਨ ਜੋੜਿਆ ਜਾਏ, ਬਹਰ-ਸੂਰਤ ਲਾਭ ਦੇਂਦੀ ਹੈ। ਭਾਈ ਨੰਦ ਲਾਲ ਜੀ ਨੇ ਕਿਹਾ, ਭਾਗਾਂ ਵਾਲੀ ਹੈ ਸੰਗਤ, ਜੋ ਮਿੱਟੀ ਤੋਂ ਅਕਸੀਰ ਕਰਦੀ ਹੈ। ਇਕ ਨਿਮਾਣੇ ਨੂੰ ਵੀ ਪਤਵੰਤਾ ਬਣਾ ਦੇਂਦੀ ਹੈ:

ਐ ਜ਼ਹੇ ਸੋਬਤ ਕਿ ਖ਼ਾਕ ਅਕਸੀਰ ਕਰਦ
ਨਾਕਸੇ ਰਾ ਸਾਹਿਬੇ ਤਦਬੀਰ ਕਰਦ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ