Sanwali Kuri (Punjabi Story) : Simran Dhaliwal

ਸਾਂਵਲੀ ਕੁੜੀ (ਕਹਾਣੀ) : ਸਿਮਰਨ ਧਾਲੀਵਾਲ

“ਰਿਸ਼ਮ ਮੇਰੇ ਦਿਮਾਗ਼ ਵਿੱਚ ਨਹੀਂ ਮੇਰੇ ਦਿਲ ਵਿੱਚ ਸੀ।”

ਮੈਨੂੰ ਲੱਗਿਆ ਜਿਵੇਂ ਹੁਣੇ ਕੁੰਵਰ ਬੋਲਿਆ ਹੋਵੇ।ਪਰ ਨਹੀਂ ਇਹ ਤਾਂ ਮੇਰਾ ਭੁਲੇਖਾ ਸੀ।ਉਹਨੂੰ ਤਾਂ ਮੈਂ ਆਖਰੀ ਵਾਰ ਬੋਲਦਿਆਂ ਦੋ ਦਿਨ ਪਹਿਲਾਂ ਸੁਣਿਆਂ ਸੀ।ਹੁਣ ਤਾਂ ਉਹ ਮੇਰੇ ਸਾਹਮਣੇ ਪਿਆ ਹੈ।ਸ਼ਾਂਤ।ਅਡੋਲ।ਨਿਸ਼ਬਦ।ਡਾਕਟਰ ਆਖਦੇ ਨੇ, ਕੁੰਵਰ ਦਾ ਬ੍ਰੇਨ ਕੰਮ ਕਰਨੋਂ ਹਟਦਾ ਜਾ ਰਿਹਾ।ਉਸਨੂੰ ਹਰ ਪਲ ਮਰਦਿਆਂ ਦੇਖ ਰਹੀ ਹਾਂ।ਕਦੀ-ਕਦੀ ਮਨ ਵੱਸੋਂ ਬਾਹਰ ਹੋ ਜਾਂਦਾ।ਅੱਥਰੂ ਬੇਰੋਕ ਵਹਿ ਤੁਰਦੇ ਨੇ।ਪਰ ਫਿਰ ਵੀ ਸੰਭਾਲਦੀ ਹਾਂ ਖ਼ੁਦ ਨੂੰ।ਸਿਰਫ ਇਸ ਲਈ ਕਿ ਜੇਕਰ ਮੈਂ ਵੀ ਡੋਲ ਗਈ ਤਾਂ…।ਛੋਟੀ ਜਿਹੀ ਸੋਫ਼ੀਆ ਦੇ ਚਿਹਰੇ ਵੱਲ ਦੇਖਕੇ ਜਿਵੇਂ ਜਿਊਣ ਦਾ ਹੌਸਲਾਂ ਮਿਲਦਾ ਹੈ।ਜਾਣਦੀ ਹਾਂ ਕੁੰਵਰ ਤਾਂ…।ਪਰ ਸੋਫ਼ੀਆ ਨਿਸ਼ਾਨੀ ਹੈ ਸਾਡੇ ਰਿਸ਼ਤੇ ਦੀ।ਉਹ ਕੁੰਵਰ ਵਰਗੀ ਹੈ।ਸ਼ਕਲੋਂ ਵੀ ਤੇ ਤਬੀਅਤ ਤੋਂ ਵੀ।ਕੁੰਵਰ ਸੋਫ਼ੀਆ ਬਣਕੇ ਜਿੳਂੂਦਾ ਰਹੇਗਾ ਮੇਰੇ ਕੋਲ।
ਮੇਰੇ ਸਾਹਵੇਂ ਪੰਜ ਸਾਲ ਪਹਿਲਾਂ ਵਾਲਾ ਕੁੰਵਰ ਆਣ ਖੜ੍ਹਦਾ ਹੈ।
ਧੀਰ ਆਂਟੀ ਰਿਸ਼ਤਾ ਲੈ ਕੇ ਆਏ ਸੀ ਮੇਰੇ ਲਈ।ਮੈਂ ਉਦੋਂ ਫਾਈਨਲ ਦੇ ਪੇਪਰ ਦੇ ਰਹੀ ਸਾਂ।ਉਹਨਾਂ ਮੰਮਾ ਕੋਲ ਕੁੰਵਰ ਦੀਆਂ ਤਾਰੀਫ਼ਾ ਦੇ ਢੇਰ ਲਗਾ ਦਿੱਤੇ।

“ਭੈਣ ਜੀ!ਮੁੰਡਾ ਜਿੰਨਾ ਸੋਹਣਾ ਉਸਤੋਂ ਕਿਤੇ ਵੱਧ ਸਿਆਣਾ।ਤੁਸੀਂ ਇੱਕ ਵਾਰ ਝਾਤੀ ਤਾਂ ਮਾਰੋ।” ਰਿਸ਼ਤਾ ਤਾਂ ਹੋਣਾ ਹੀ ਸੀ।ਪਰ ਇੰਨੀ ਜਲਦੀ ਮੈਨੂੰ ਆਸ ਵੀ ਨਹੀਂ ਸੀ।ਮੈਂ ਇੱਕ ਦਿਨ ਕਾਲਜ ਤੋਂ ਮੁੜੀ ਤਾਂ ਘਰੇ ਧੀਰ ਆਂਟੀ ਨਾਲ ਦੋ ਕੁ ਜਾਣੇ ਹੋਰ ਆਏ ਬੈਠੇ ਸਨ।ਕੁੰਵਰ ਦੀ ਮੈਨੂੰ ਪਿੱਠ ਦਿੱਸੀ ਸੀ।ਮੈਂ ਸੂਟ ਬਦਲਿਆ ਤੇ ਮੰਮਾ ਮੈਨੂੰ ਡਰਾਇੰਗ ਰੂਮ ਵਿੱਚ ਲ਼ੈ ਗਏ।

“ਭੈਣ ਜੀ! ਮੈਨੂੰ ਤਾਂ ਦੋਵੇਂ ਘਰ ਇੱਕੋ ਜਿਹੇ ਨੇ।ਪਰਿਵਾਰਾਂ ਦਾ ਮੇਲ ਬੜਾ ਸੋਹਣਾ ਏ।ਬਾਕੀ ਸਾਡੇ ਕੋਲ ਤਾਂ ਧੀ ਹੀ ਧੀ ਆ।ਪਿਉ ਸਿਰ ’ਤੇ ਨਹੀਂ।ਭੈਣ ਜੀ ਨੇ ਪੜ੍ਹਾ-ਲਿਖਾ ਦਿੱਤਾ ਬੱਸ ਮਿਹਨਤ ਕਰਕੇ।” ਧੀਰ ਆਂਟੀ ਨੇ ਕੁੰਵਰ ਦੀ ਮੰਮੀ ਨੂੰ ਆਖਿਆ ਸੀ।ਪਰ ਬੋਲੇ ਉਸਦੇ ਪਾਪਾ ਸਨ।
“ਤੁਸੀਂ ਬੇਫ਼ਿਕਰ ਰਹੋ ਭੈਣ ਜੀ!ਸਾਨੂੰ ਵੀ ਤਾਂ ਬੱਸ ਧੀ ਚਾਹੀਦੀ।”
ਸਭ ਜਦੋਂ ਗੱਲੀਂ ਲੱਗੇ ਹੋਏ ਸੀ।ਮੈਂ ਚੋਰ ਅੱਖ ਨਾਲ ਕੁੰਵਰ ਵੱਲ ਦੇਖਿਆ।ਗੋਰਾ ਰੰਗ।ਮਾਸੂਮ ਜਿਹਾ ਚਿਹਰਾ।ਮੋਟੀਆਂ ਅੱਖਾਂ ਤੇ ਅਦਾਕਾਰਾਂ ਵਰਗੇ ਬਣਾਏ ਹੋਏ ਵਾਲ।
ਮੈਂ ਜਿਵੇਂ ਦਿਲ ਹਾਰ ਬੈਠੀ।

“ਮੇਰੇ ਖ਼ਿਆਲ ’ਚ ਬੱਚੇ ਆਪਸ ਵਿੱਚ ਗੱਲ-ਬਾਤ ਕਰ ਲੈਣ ਤਾਂ ਬਿਹਤਰ ਹੋਏਗਾ।” ਧੀਰ ਆਂਟੀ ਦੀ ਗੱਲ ਨਾਲ ਮੈਂ ਸ਼ਰਮਾ ਗਈ।ਉਹਨਾਂ ਮੈਨੂੰ ਤੇ ਕੁੰਵਰ ਨੂੰ ਛੱਤ ਉੱਪਰ ਭੇਜ ਦਿੱਤਾ।ਦਿਨ ਢਲ ਰਿਹਾ ਸੀ।ਆਸਮਾਨ ਵਿੱਚ ਬੱਦਲ ਸਨ।ਅਸੀਂ ਇੱਕ ਦੂਜੇ ਸਾਹਮਣੇ ਮੌਨ ਧਾਰੀ ਖਲੋਤੇ ਰਹੇ।ਕੁੰਵਰ ਦੀਆਂ ਨਜ਼ਰਾਂ ਨੀਵੀਆਂ ਸਨ।
“ਕਿੰਨਾ ਸ਼ਰਮਾਕਲ ਹੈ ਇਹ ਤਾਂ।” ਮੈਂ ਮਨ ਵਿੱਚ ਸੋਚ ਕੇ ਮੁਸਕੁਰਾ ਪਈ।
“ਮਾਸਟਰ ਕਾਹਦੇ ਵਿੱਚ ਹੈ ਤੁਹਾਡੀ?” ਗੱਲ ਤੋਰਨ ਦੇ ਬਹਾਨੇ ਮੈਂ ਐਵੇਂ ਹੀ ਪੁੱਛ ਲਿਆ।
“ਜੀ ਇੰਗਲਿਸ਼ ਲਿਟਰੇਚਰ ਵਿੱਚ।” ਕੁੰਵਰ ਬੋਲਿਆ ਤਾਂ ਸਹੀ ਪਰ ਉਹਨੇ ਨਜ਼ਰਾਂ ਨੀਵੀਆਂ ਰੱਖੀਆਂ।
ਥੋੜ੍ਹਾ-ਥੋੜ੍ਹਾ ਮੈਂ ਹੈਰਾਨ ਵੀ ਸਾਂ।ਅੰਗਰੇਜ਼ੀ ਸਾਹਿਤ ਪੜ੍ਹਨ ਵਾਲਾ ਇਹ ਮੁੰਡਾ ਇੰਨਾ ਕਿਉਂ ਸ਼ਰਮਾਈ ਜਾਂਦਾ।ਪਰ ਹੁਣ ਮੈਨੂੰ ਮੋੜਵੇਂ ਸਵਾਲ ਦੀ ਆਸ ਸੀ।
“ਨੀਚੇ ਚੱਲੀਏ ਫੇਰ?” ਕੁੰਵਰ ਨੇ ਨਜ਼ਰਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਹਲਕਾ ਜਿਹਾ ਮੁਸਕੁਰਾ ਪਿਆ।

“ਤੁਸੀਂ ਪੁੱਛਣਾ ਨਹੀਂ ਕੁਝ ਮੈਨੂੰ?” ਮੇਰਾ ਦਿਲ ਕਰਦਾ ਸੀ ਉਹ ਹੋਰ ਗੱਲਾਂ ਕਰੇ।ਪਰ ਇਹ ਮੈਂ ਕਹਿ ਨਾ ਪਾਈ।ਅਸੀਂ ਨੀਚੇ ਆ ਗਏ।ਕੁੰਵਰ ਦੀ ਮੁਸਕੁਰਾਹਟ ਮੇਰੇ ਦਿਲ ਵਿੱਚ ਲਹਿ ਗਈ ਸੀ।

***
ਕੁੰਵਰ ਆਖਿਰੀ ਵਾਰ ਕਦ ਹੱਸਿਆ ਸੀ, ਮੈਨੂੰ ਲੱਗਦਾ ਜਿਵੇਂ ਮੈਂ ਇਹ ਭੁੱਲ ਗਈ ਹੋਵਾਂ।

ਮੈਂ ਚਾਰ ਦਿਨ ਲਈ ਆਪਣੇ ਸਟੂਡੈਂਟਸ ਨਾਲ ਧਰਮਸ਼ਾਲਾ ਗਈ ਸਾਂ।ਕੁੰਵਰ ਤੇ ਸੋਫੀਆ ਮੈਨੂੰ ਸਟਾਪ ਤੱਕ ਛੱਡ ਕੇ ਆਏ।ਕਾਲਜ ਬੱਸ ਵਿੱਚ ਬੈਠੀ, ਮੈਂ ਬਾਰੀ ਵਿਚਦੀ ਕੁੰਵਰ ਦੀ ਕਾਰ ਨੂੰ ਉਦੋ ਤੱਕ ਦੇਖਦੀ ਰਹੀ, ਜਦ ਤੱਕ ਬੱਸ ਦੂਰ ਨਿਕਲ ਕੇ ਕਾਰ ਮੈਨੂੰ ਦਿਖਾਈ ਦੇਣੋ ਨਾ ਹਟੀ।ਇਹ ਸਾਡੇ ਵਿਆਹ ਤੋਂ ਬਾਅਦ ਪਹਿਲਾ ਮੌਕਾ ਸੀ , ਜਦੋਂ ਮੈਂ ਕੁੰਵਰ ਤੇ ਘਰ ਤੋਂ ਦੂਰ ਬਾਹਰ ਰਹਿਣਾ ਸੀ।ਇਹ ਪਹਿਲੀ ਵਾਰ ਸੀ ਜਦੋਂ ਸੋਫ਼ੀਆ ਨੇ ਮੇਰੇ ਤੋਂ ਬਗੈਰ ਚਾਰ ਦਿਨ ਇਕੱਲਿਆਂ ਰਹਿਣਾ ਸੀ।ਧਰਮਸ਼ਾਲਾ ਦੀ ਹਰਿਆਲੀ ਵਿੱਚ ਵੀ ਮੈਨੂੰ ਘਰ ਕੁੰਵਰ ਤੇ ਸੋਫ਼ੀਆ ਯਾਦ ਆਉਂਦੇ ਰਹੇ।ਮੈਂ ਵੀਡੀਓ ਕਾੱਲ ’ਤੇ ਦੋਨਾਂ ਪਿਉ ਧੀ ਨੂੰ ਦੇਖਦੀ।

ਜਿਸ ਦਿਨ ਅਸੀਂ ਵਾਪਸ ਆ ਰਹੇ ਸਾਂ।ਉਸ ਦਿਨ ਆਖਿਰੀ ਵਾਰੀ ਮੇਰੀ ਕੁੰਵਰ ਨਾਲ ਗੱਲ ਹੋਈ।ਉਹ ਘਰੋਂ ਬਾਹਰ ਸੀ ਕਿਤੇ,ਪਰ ਮੈਨੂੰ ਮੇਰੇ ਸਟਾਪ ਤੋਂ ਲੈਣ ਆਉਣ ਵਾਲਾ ਸੀ।ਨੇੜੇ ਆ ਕੇ ਮੈਂ ਫੋਨ ਕੀਤਾ।ਪਰ ਕੁੰਵਰ ਦਾ ਨੰਬਰ ਬੰਦ ਆ ਰਿਹਾ ਸੀ।ਮੈਂ ਹੈਰਾਨ ਹੋਈ।ਹੁਣੇ ਥੋੜੀ ਦੇਰ ਪਹਿਲਾਂ ਹੀ ਤਾਂ ਮੇਰੀ ਗੱਲ ਹੋਈ ਸੀ।ਮੈਂ ਪਾਪਾ ਨੂੰ ਫੋਨ ਕੀਤਾ।ਉਹਨਾਂ ਆਖਿਆ, ਕੁੰਵਰ ਕਿੱਧਰੇ ਬਿਜ਼ੀ ਹੈ।ਮੈਂ ਲੈਣ ਆ ਰਿਹਾ।ਮੈਂ ਥੋੜ੍ਹਾ ਹੋਰ ਹੈਰਾਨ ਹੋਈ ਪਰ ਆਖਿਆ ਕੁਝ ਨਾ।

ਪਾਪਾ ਘਰ ਜਾਣ ਦੀ ਥਾਂ ਮੈਨੂੰ ਇੱਥੇ ਲੈ ਆਏ।ਕੁੰਵਰ ਦੇ ਕੋਲ।
ਮੈਂ ਦੇਖ ਕੇ ਸੁੰਨ ਹੋ ਗਈ।ਆਈ.ਸੀ.ਯੂ ਦੇ ਸ਼ੀਸ਼ੇ ਵਿੱਚੋਂ ਕੁੰਵਰ ਦਾ ਬੱਸ ਚਿਹਰਾ ਦਿੱਸਿਆ ਸੀ।
“ਜਦੋਂ ਤੇਰਾ ਫੋਨ ਆਇਆ।ਉਦੋਂ ਬਾਅਦ ਹੀ ਕਿਤੇ ਘਰ ਨੂੰ ਆਉਂਦਿਆਂ ਰੋਡ ਡੀਵਾਈਡਰ ਨਾਲ ਸਿਰ ਵੱਜਾ…।” ਦੱਸਦੇ ਹੋੋਏ ਮੰਮੀ ਰੋਣ ਲੱਗੇ।ਮੇਰੀ ਜਿਵੇਂ ਸੁਰਤੀ ਹੀ ਮਾਰੀ ਗਈ।ਮੈਂ ਰੋਂਦੀ-ਰੋਂਦੀ ਬੇਹੋਸ਼ ਹੋ ਗਈ।ਜਦੋਂ ਹੋਸ਼ ਆਈ।ਮੰਮੀ ਮੇਰਾ ਸਿਰ ਆਪਣੀ ਗੋਦ ਵਿੱਚ ਲਈ ਬੈਠੇ ਸਨ।
ਅੱਜ ਸੱਤਵਾਂ ਦਿਨ ਹੈ।
ਮੈਂ ਹਸਪਤਾਲ ਬੈਠੀ ਹਾਂ।ਉਡੀਕ ਰਹੀ ਹਾਂ।ਕਦੋਂ ਕੁੰਵਰ ਨੂੰ ਹੋਸ਼ ਆਵੇ ਤੇ ਕਦੋਂ ਮੈਂ ਉਸਨੂੰ ਹੱਸਦਿਆਂ ਦੇਖਾਂ।
ਪਰਸੋਂ ਉਸਨੂੰ ਹੋਸ਼ ਆਈ ਸੀ।ਡਾਕਟਰ ਨੇ ਮੈਨੂੰ ਅੰਦਰ ਬੁਲਾਇਆ।ਕੁੰਵਰ ਕੁਝ ਬੋਲ ਰਿਹਾ ਸੀ।ਮੈਂ ਨੇੜੇ ਹੋ ਕੇ ਸੁਨਣ ਦੀ ਕੋਸ਼ਿਸ਼ ਕੀਤੀ।ਮੇਰੀਆਂ ਅੱਖਾਂ ਛਲਕ ਆਈਆਂ।

“ਕੁੰਵਰ ਤੂੰ ਜਲਦੀ ਠੀਕ ਹੋ ਫੇਰ ਆਪਾਂ…।” ਮੈਂ ਉਹਦੇ ਮੱਥੇ ’ਤੇ ਫੇਰਿਆ।ਬਾਹਰ ਆਈ ਘਰ ਫੋਨ ਕੀਤਾ।ਸੋਚਿਆ ਪਾਪਾ ਸੋਫ਼ੀਆ ਨੂੰ ਵੀ ਲੈ ਆਉਣਗੇ।ਵਿਚਾਰੀ ਰੋਜ਼ ਜ਼ਿੱਦ ਕਰਦੀ ਹੈ ਕੁੰਵਰ ਨੂੰ ਮਿਲਣ ਦੀ।ਸਮਝਾ ਦਿਆਂਗੀ ਕਿ ਪਾਪਾ ਬੀਮਾਰ ਨੇ।ਅਜੇ ਕੁਝ ਦਿਨ ਹੋਰ ਇੱਥੇ ਰਹਿਣਗੇ।ਫੇਰ ਆਪਾਂ ਘਰ ਜਾਵਾਂਗੇ।ਪਰ ਉਸੇ ਸ਼ਾਮ ਜਿਵੇਂ ਕੁੰਵਰ ਨੂੰ ਕੋਈ ਦੌਰਾ ਜਿਹਾ ਪਿਆ।ਉਹ ਮੁੜ ਬੇਹੋਸ਼ ਹੋ ਗਿਆ।
ਕੁੰਵਰ ਦਾ ਸਾਥ ਹਰ ਪਲ ਰੇਤ ਵਾਂਗ ਕਿਰਦਾ ਮਹਿਸੂਸ ਹੋ ਰਿਹਾ ਹੈ।

***
ਕੁੰਵਰ ਦੇ ਮੰਮੀ ਨੇ ਮੌਲ਼ੀ ਦੀ ਤੰਦ ਮੇਰੇ ਗੁੱਟ ਉੱਤੇ ਬੰਨ੍ਹ ਕੇ ਸਾਡਾ ਸਾਥ ਤਹਿ ਕਰ ਦਿੱਤਾ ਸੀ।ਅਸੀਂ ਨੀਚੇ ਆਏੇ।ਦੋਨਾਂ ਪਾਸਿਆਂ ਦੀ ਸਹਿਮਤੀ ਹੋਈ ਤੇ ਸ਼ਗਨ ਮੇਰੀ ਝੋਲੀ ਪਾ ਕੇ ਉਹਨਾਂ ਮੈਨੂੰ ਨੂੰਹ ਮਨ ਲਿਆ।

ਦੋ ਕੁ ਮਹੀਨਿਆਂ ਬਾਅਦ ਧੀਰ ਆਂਟੀ ਵਿਆਹ ਦੀ ਤਾਰੀਕ ਦੱਸਣ ਲਈ ਆ ਗਏ।ਅਕਤੂਬਰ ਦੇ ਆਖੀਰ ਵਿੱਚ ਸਾਡਾ ਵਿਆਹ ਸੀ।ਵਿਚਕਾਰ ਦੇ ਇਹਨਾਂ ਦੋ ਕੁ ਮਹੀਨਿਆਂ ਵਿੱਚ ਫੋਨ ’ਤੇ ਹੋਈ ਗੱਲ ਬਾਤ ਦੌਰਾਨ ਹੀ ਕੁੰਵਰ ਨੇ ਦੱਸਿਆ ਸੀ ਕਿ ਉਹ ਪੰਜਾਬੀ ਵਿੱਚ ਕਵਿਤਾਵਾਂ ਲਿਖਦਾ ਹੈ।ਮੈਂ ਕੁੰਵਰ ਦੇ ਇਸ ਹੁੱਨਰ ’ਤੇ ਹੋਰ ਹੈਰਾਨ ਹੋਈ।
“ਅੰਗਰੇਜ਼ੀ ਸਾਹਿਤ ਪੜ੍ਹਨ ਵਾਲਾ ਬੰਦਾ ਕਵਿਤਾਵਾਂ ਪੰਜਾਬੀ ਵਿੱਚ ਲਿਖਦੈ।ਇੰਪਰੈਸਿਵ।” ਮੈਨੂੰ ਮਾਣ ਮਹਿਸੂਸ ਹੋਇਆ ਸੀ।
“ਮੈਂ ਆਪਣੀ ਫੇਵਰਿਟ ਕਵਿਤਾ ਸੁਣਾਉਂਦਾ” ਕੁੰਵਰ ਆਪਣੀ ਲਿਖੀ ਆਪਣੀ ਪਾਸੰਦ ਦੀ ਕਵਿਤਾ ਸੁਣਾਉਣ ਲਗਿਆ।
“ਇਹ ਸਾਂਵਲੀ ਕੁੜੀ ਹੈ ਕੌਣ ਭਲਾ?” ਉਸਦੀ ਕਵਿਤਾ ‘ਸਾਂਵਲੀ ਕੁੜੀ’ ਸੁਣ ਕੇ ਮੈਂ ਹਾਸੇ ਨਾਲ ਪੁੱਛਿਆ ਸੀ।
“ਕੋਈ ਵੀ ਨਹੀਂ।” ਮੈਂ ਕੁੰਵਰ ਨੂੰ ਦੇਖ ਨਹੀਂ ਸਾਂ ਰਹੀ ਪਰ ਲੱਗਿਆ, ਜਿਵੇਂ ਉਹਨੇ ਸ਼ਰਮਾ ਕੇ ਨਜ਼ਰਾਂ ਨੀਵੀਆਂ ਕਰ ਲਈਆਂ ਹੋਣ।
“ਮੇਰਾ ਭੋਲੂ ਰਾਮ।” ਮਨ ਵਿੱਚ ਸੋਚ ਕੇ ਮੈਨੂੰ ਕੁੰਵਰ ਉੱਪਰ ਅੰਤਾਂ ਦਾ ਮੋਹ ਆਇਆ ਸੀ।
ਕੁੰਵਰ ਦੇ ਸਾਥ ਦੀ ਕਲਪਨਾ ਕਰਦਿਆਂ-ਕਰਦਿਆਂ ਮੈਂ ਕਦ ਉਹਦੇ ਘਰ ਆ ਗਈ ਮੈਨੂੰ ਖ਼ੁਦ ਨੂੰ ਵੀ ਪਤਾ ਨਾ ਲੱਗਾ।ਸਾਰਾ ਕੁਝ ਜਿਵੇਂ ਮਹਿਕ ਰਿਹਾ ਸੀ।ਕੁੰਵਰ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰਾ ਤੇ ਸੋਹਣਾ ਲੱਗਾ।
“ਆਪਾਂ ਸਿਰਫ਼ ਗੱਲਾਂ ਕਰਾਂਗੇ।ਪੂਰੀ ਜ਼ਿੰਦਗੀ ਸਾਡੇ ਮੂਹਰੇ ਬਾਕੀ ਪਈ ਹੈ।” ਪਹਿਲੀ ਰਾਤ ਬੈਡਰੂਮ ਵਿੱਚ ਆਉਂਦਿਆਂ, ਉਸ ਨੇ ਹੋਰ ਵੀ ਸੋਹਣੀ ਗੱਲ ਕੀਤੀ ਸੀ।ਸਾਰੀ ਰਾਤ ਜਿਵੇਂ ਗੱਲਾਂ ਕਰਦਿਆਂ ਬੀਤ ਗਈ।ਅਸੀਂ ਹਜ਼ਾਰਾਂ ਗੱਲਾਂ ਕੀਤੀਆਂ।ਉਸ ਰਾਤ ਹੀ ਕੁੰਵਰ ਨੇ ਰਿਸ਼ਮ ਦਾ ਜ਼ਿਕਰ ਕੀਤਾ ਸੀ।
“ਅਸੀਂ ਯੂਨੀਵਰਸਿਟੀ ਮਿਲੇ ਸਾਂ।ਪਰ ਹਮੇਸ਼ਾ ਲਈ ਨਹੀਂ ਮਿਲ ਸਕੇ।”
ਮੇਰੇ ਚਿਹਰੇ ਵੱਲ ਝਾਕਿਆ ਸੀ ਕੁੰਵਰ।
“ਮੈਂ ਅਸੀਮ ਮੁਹੱਬਤ ਕੀਤੀ ਸੀ ਉਸਨੂੰ।ਪਰ ਹੁਣ ਉਹ ਮੇਰਾ ਪਾਸਟ ਹੈ।ਸ਼ਾਇਦ ਤੈਨੂੰ ਬੁਰਾ ਵੀ ਲੱਗੇ।ਪਰ..।” ਉਸਨੇ ਝਕਦਿਆਂ ਆਖਿਆ ਸੀ।
ਪਰ ਮੈਨੂੰ ਚੰਗਾ ਲੱਗਿਆ ਸੀ।

ਕੁੰਵਰ ਦਾ ਇਉਂ ਸੱਚ ਬੋਲਣਾ।ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰਨਾ।ਮੈਂ ਕੁੰਵਰ ਦੇ ਹਰ ਰੰਗ ਨੂੰ ਅਪਣਾ ਲਿਆ।ਉਹ ਵੀ ਅੰਤਾਂ ਦਾ ਮੋਹ ਕਰਦਾ।ਮੈਂ ਕਿਸੇ ਵੀ ਪਲ ਉਸਤੋਂ ਦੂਰ ਨਾ ਹੁੰਦੀ।ਮੈਂ ਕੁੰਵਰ ਦੀ ਹਰ ਪਸੰਦ ਦਾ ਖ਼ਿਆਲ ਰੱਖਦੀ। ਕਦੋਂ ਕਰੇਲੇ ਮੇਰੇ ਫੇਵਰਿਟ ਬਣ ਗਏ ਮੈਨੂੰ ਪਤਾ ਹੀ ਲੱਗਾ।ਮੈਂ ਭੁੱਲ ਗਈ ਸਾਂ ਕਿ ਪੀਲਾ ਰੰਗ ਮੇਰੀ ਨਹੀਂ ਕੁੰਵਰ ਦੇ ਪਸੰਦ ਹੈ।ਪਤਾ ਨਹੀਂ ਕਿਵੇ ਮੇਰੀ ਅਲਮਾਰੀ ਵਿੱਚ ਪੀਲੇ ਰੰਗ ਦੇ ਸੂਟ ਵਧਣ ਲੱਗੇ।ਸ਼ੋਰ ਲੱਗਣ ਵਾਲਾ ਸੰਗੀਤ ਹਰ ਵੇਲੇ ਮੇਰੇ ਆਸ-ਪਾਸ ਵੱਜਣ ਲੱਗਾ।ਕਿਤਾਬਾਂ ਮੇਰੇ ਸਿਰਹਾਣੇ ਥੱਲੇ ਟਿਕਣ ਲੱਗੀਆਂ।

ਇਹ ਰੰਗ ਕੁੰਵਰ ਦੇ ਸਨ।ਜਿਹਨਾਂ ਰੰਗਾਂ ਵਿੱਚ ਮੈਂ ਖ਼ੁਦ ਨੂੰ ਰੰਗ ਲਿਆ ਸੀ।
ਮੈਂ ਕੁੰਵਰ ਦੀ ਉਦਾਸੀ ਮਿਟਾਉਣਾ ਚਹੁੰਦੀ ਸਾਂ।ਰਿਸ਼ਮ ਦੇ ਖ਼ਿਆਲਾਂ ਦੀ ਉਦਾਸੀ ਵਿੱਚੋਂ ਉਸਨੂੰ ਬਾਹਰ ਕੱਢਣਾ ਚਾਹੁੰਦੀ ਸਾਂ।
ਅਸੀਂ ਘੁੰਮਣ ਲਈ ਗਏ।
ਦੂਰ ਪਹਾੜੀ ਦੇ ਆਖਿਰ ’ਚ ਸਭ ਤੋਂ ਪੁਰਾਣੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਕੁੰਵਰ ਨੇ।
“ਕੁੰਵਰ!ਕਿੰਨੇ ਤਾਂ ਹੋਟਲ ਨੇ ਆਪਾਂ ਇੱਥੇ ਕਿਉਂ ਆ ਗਏ?” ਹੋਟਲ ਦੀ ਹਾਲਤ ਦੇਖ ਕੇ ਮੈਂ ਹੈਰਾਨ ਹੋਈ।
“ਮੈਂ ਆਪਣੀ ਕਲਾਸ ਨਾਲ ਇੱਥੇ ਰੁੱਕਿਆ ਸੀ।ਇੱਥੇ ਹੀ ਮੈਂ ਰਿਸ਼ਮ ਨੂੰ ਆਪਣੇ ਦਿਲ ਦੀ ਗੱਲ ਦੱਸੀ ਸੀ।ਕੱਲ੍ਹ ਤੈਨੂੰ ਉਹ ਰੁੱਖ ਦਿਖਾਊਂ ਜਿਸ ਹੇਠ ਅਸੀਂ ਖੜ੍ਹੇ ਸਾਂ ਉਸ ਪਲ।”
ਮੈਂ ਕੁੰਵਰ ਦੀ ਇਸ ਗੱਲ ’ਤੇ ਹੱਸ ਪਈ।ਉਸਦਾ ਚਿਹਰਾ ਮੈਨੂੰ ਹੋਰ ਵੀ ਮਾਸੂਮ ਜਿਹਾ ਲੱਗਿਆ।ਮੈਂ ਉਹਨੂੰ ਬਾਹਾਂ ਵਿੱਚ ਘੁੱਟ ਲਿਆ।
ਅਗਲੇ ਦਿਨ ਅਸੀਂ ਤੜਕਸਾਰ ਉਸ ਰੁੱਖ ਹੇਠਾਂ ਖੜ੍ਹੇ ਸਾਂ, ਜਿੱਥੇ ਕੁੰਵਰ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੀ।
“ਹੂੰਅਅਅ! ਤਾਂ ਇਹ ਹੈ ਰੁੱਖ ਜਿੱਥੇ ਮੇਰੇ ਬੁੱਧ ਜੀ ਨੂੰ ਮੁਹੱਬਤ ਦਾ ਚਾਨਣ ਮਿਲਿਆ ਸੀ।” ਅਸੀਂ ਦੋਵੇਂ ਹੱਸ ਪਏ।ਤਿੰਨ ਦਿਨ ਅਸੀਂ ਰਹੇ ਸਾਂ ਉਥੇ।ਕੁੰਵਰ ਨੇ ਆਪਣੀਆਂ ਤੇ ਰਿਸ਼ਮ ਦੀਆਂ ਕਈ ਗੱਲਾਂ ਸੁਣਾਈਆਂ।ਮੈਂ ਸੁਣਦੀ।ਕਦੇ ਹੱਸਦੀ।ਕਦੇ ਗੰਭੀਰ ਹੋ ਜਾਂਦੀ।
ਮੈਨੂੰ ਕੁੰਵਰ ਦੇ ਮੋਹ ਭਰੇ ਅਹਿਸਾਸ ਚੰਗੇ-ਚੰਗੇ ਲੱਗਦੇ।

ਮੈਂ ਖ਼ੁਦ ਨਾਲ ਵਾਅਦਾ ਕੀਤਾ।ਹਰ ਉਸ ਖਲਾਅ ਨੂੰ ਭਰਨ ਦਾ, ਜੋ ਰਿਸ਼ਮ ਪੈਂਦਾ ਕਰਕੇ ਗਈ ਸੀ।ਮੈਂ ਕੁੰਵਰ ਨੂੰ ਸਾਹਾਂ ਵਿੱਚ ਵਸਾ ਲਿਆ।ਰੱਜ ਕੇ ਪਿਆਰ ਕੀਤਾ।ਬਦਲੇ ਵਿੱਚ ਉਹ ਮੈਨੂੰ ਦੂਣਾ ਪਿਆਰ ਦਿੰਦਾ।ਉਸਦੀਆਂ ਮਾਸੂਮ ਜਿਹੀਆਂ ਗੱਲਾਂ ਮੇਰਾ ਮਨ ਮੋਹ ਲੈਂਦੀਆਂ।ਕੁੰਵਰ ਦੀ ਕਜ਼ਨ ਦੀ ਮੈਰਿਜ਼ ਸੀ।ਅਸੀਂ ਸ਼ਾਪਿੰਗ ਲਈ ਉਹਨਾਂ ਦੇ ਨਾਲ ਗਏ।ਜਿਊਲਰਜ਼ ਕੋਲੋਂ ਉਸ ਲਈ ਚੂੜੀਆਂ ਦੇਖੀਆਂ।ਮੈਨੂੰ ਡੀਜ਼ਾਇਨ ਬੜਾ ਚੰਗਾ ਲੱਗਾ।ਦੂਜੇ ਦਿਨ ਉਸੇ ਡੀਜ਼ਾਇਨ ਦੀ ਚੂੜੀਆਂ ਮੇਰੇ ਸਾਹਮਣੇ ਸਨ।
“ਕੁੰਵਰ…ਮੈਂ ਕਦ ਮੰਗਿਆ ਸੀ?” ਖੁਸ਼ੀ ਤੇ ਹੈਰਾਨੀ ਦੇ ਰਲੇ ਮਿਲੇ ਭਾਵਾਂ ਨਾਲ ਮੈਂ ਉਸਨੂੰ ਪੁੱਛਿਆ।
“ਤੂੰ ਮੰਗਿਆ ਨਹੀਂ ਪਰ ਮੈਂ ਤੇਰੀਆਂ ਅੱਖਾਂ ਵਿੱਚ ਪੜ੍ਹ ਲਿਆ ਸੀ।” ਨਜ਼ਰਾਂ ਪੜ੍ਹ ਲੈਣ ਵਾਲੇ ਕੁੰਵਰ ਦਾ ਮੈਂ ਮੱਥਾਂ ਚੁੰਮ ਲਿਆ ਸੀ।

***
ਮੇਰੀਆਂ ਅੱਖਾਂ ਸਾਹਵੇਂ ਕੁੰਵਰ ਹਰ ਪਲ ਮੌਤ ਵੱਲ ਵੱਧ ਰਿਹਾ ਹੈ।
“ਤੁਸੀਂ ਚਾਹੋ ਤਾਂ ਇਹਨਾਂ ਨੂੰ ਘਰ ਲੈ ਕੇ ਜਾ ਸਕਦੇ ਹੋ।ਰੀਕਵਰੀ ਦੇ ਚਾਂਸ ਤਾਂ ਬਹੁਤ ਥੋੜ੍ਹੇ ਨੇ…।” ਡਾਕਟਰ ਨੇ ਸਭ ਸਾਫ਼-ਸਾਫ਼ ਕਹਿ ਦਿੱਤਾ ਸੀ।ਪਰ ਮੈਂ ਜ਼ੀਰੋ ਚਾਂਸ ਤੱਕ ਵੀ ਚਾਂਸ ਲੈਣ ਨੂੰ ਤਿਆਰ ਹਾਂ।

“ਮੈਂ ਹਰ ਥਾਂ ਤੇਰੇ ਨਾਲ ਹੋਵਾਂਗੀ ਕੁੰਵਰ।” ਮੈਨੂੰ ਮੇਰੇ ਕਹੇ ਬੋਲ ਯਾਦ ਆਉਂਦੇ।ਪਿਛਲੇ ਸੱਤ ਦਿਨਾਂ ਤੋਂ ਮੈਂ ਹਰ ਪਲ ਉਸਦੇ ਨਾਲ ਹਾਂ।ਜਿਊਂਦੇ ਰਹਿਣ ਲਈ ਘਰੋਂ ਆਇਆ ਖਾਣਾ ਖਾ ਲੈਂਦੀ ਹਾਂ।ਅੱਖਾਂ ਵਿੱਚ ਕੁੰਵਰ ਦੀਆਂ ਯਾਦਾਂ ਘੁੰਮਦੀਆਂ ਨੇ।ਇਸ ਲਈ ਹੁਣ ਇਹਨਾਂ ਵਿੱਚ ਨੀਂਦ ਨਹੀਂ ਉਤਰਦੀ।ਹਸਪਤਾਲ ਤੋਂ ਬਾਹਰ ਵੀ ਕੋਈ ਦੁਨੀਆ ਹੈ, ਮੈਂ ਜਿਵੇਂ ਭੁੱਲ ਗਈ ਹਾਂ।ਪਾਪਾ ਦੋ ਕੁ ਵਾਰ ਸੋਫ਼ੀਆ ਨੂੰ ਲੈ ਕੇ ਆਏ ਸਨ।ਮੈਂ ਪਿਆਰ ਨਾਲ ਸਮਝਾਇਆ, “ਗੁਗੂ ਪਾਪਾ ਠੀਕ ਨਹੀਂ ਨੇ।ਤੂੰ ਦਾਦੀ ਮੰਮਾ ਕੋਲ ਖੇਡ।ਮੰਮਾ ਪਾਪਾ ਨੂੰ ਲੈ ਕੇ ਆਉਣਗੇ।” ਆਦਤ ਅਨੁਸਾਰ ਇਹੀ ਸ਼ਬਦ ਉਹਨੇ ਕਈ ਵਾਰ ਦੁਹਰਾਇਆ ਤੇ ਆਪਣੇ ਦਾਦੂ ਪਾਪਾ ਨਾਲ ਘਰ ਮੁੜ ਗਈ।
ਮੈਂ ਧਰਮਸ਼ਾਲਾ ਤੋਂ ਇੱਕ ਲੱਕੜ ਦਾ ਬਣਿਆ ਐਂਟੀਕ ਜਿਹਾ ਪੈੱਨ ਸਟੈੱਡ ਖ੍ਰੀਦਿਆ ਸੀ ਕੁੰਵਰ ਲਈ।
“ਲੇਖਕ ਸਾਹਬ!ਆਪਣੇ ਪੈੱਨ ਇਸ ਵਿੱਚ ਰੱਖਿਓ ਤੇ ਕਵਿਤਾਵਾਂ ਲਿਖਿਓ।” ਵੀਡੀਓ ਕਾਲ ’ਤੇ ਪੈੱਨ ਸਟੈੱਡ ਦਿਖਾਉਦਿਆਂ ਮੈਂ ਆਖਿਆ ਸੀ।
ਕੁੰਵਰ ਬਹੁਤ ਖੁਸ਼ ਹੋਇਆ।
ਬੈੱਗ ਉਸ ਦਿਨ ਦਾ ਉਸੇ ਹੀ ਤਰਾਂ੍ਹ ਹੀ ਮੇਰੇ ਰੂਮ ਵਿੱਚ ਪਿਆ ਹੈ।ਇੱਕ ਪਲ ਲਈ ਮਨ ਕੀਤਾ, ਮੰਮੀ ਨੂੰ ਕਹਾਂ ਕਿ ਮੇਰੇ ਬੈੱਗ ਵਿੱਚੋਂ ਕੱਢ ਕੇ ਉਹ ਪੈੱਨ ਸਟੈੱਡ ਕੁੰਵਰ ਦੇ ਸਟੱਡੀ ਟੇਬਲ ’ਤੇ ਧਰ ਦਿਓ।ਪਰ ਫੇਰ ਖ਼ਿਆਲ ਬਦਲ ਲਿਆ।

ਸੋਚਿਆ, ਜਿਸ ਦਿਨ ਕੁੰਵਰ ਠੀਕ ਹੋ ਕੇ ਘਰ ਜਾਏਗਾ ਉਸ ਦਿਨ ਉਸਦੇ ਸਾਹਮਣੇ ਉਸਨੂੰ ਆਪਣੇ ਹੱਥੀਂ ਬੈੱਗ ਵਿੱਚ ਕੱਢ ਕੇ ਦਿਆਂਗੀ।ਉਸ ਦਾ ਟੇਬਲ ਸੈੱਟ ਕਰਕੇ ਕਹਾਂਗੀ, ਕੁੰਵਰ ਹੁਣ ਇੱਕ ਖ਼ੂਬਸੂਰਤ ਜਿਹੀ ਕਵਿਤਾ ਬਾਰੇ ਲਈ ਵੀ ਤਾਂ ਲਿਖ ਨਾ।

***
“ਸਾਂਵਲੀ ਕੁੜੀ ਕਵਿਤਾ ਮੈਂ ਰਿਸ਼ਮ ਲਈ ਲਿਖੀ ਸੀ।” ਵਾਪਸ ਆਉਂਦਿਆਂ ਰਸਤੇ ਵਿੱਚ ਕੁੰਵਰ ਨੇ ਉਸ ਕਵਿਤਾ ਦਾ ਰਾਜ਼ ਸਾਝਾਂ ਕੀਤਾ।
ਘਰ ਮੁੜ ਕੇ ਅਗਲੇ ਦਿਨ ਮੈਂ ਮੁੜ ਕੁੰਵਰ ਦੀ ਡਾਇਰੀ ਵਿੱਚੋਂ ਉਸ ਕਵਿਤਾ ਨੂੰ ਪੜ੍ਹਿਆ।ਮੇਰੀ ਕਲਪਨਾ ਵਿੱਚ ਰਿਸ਼ਮ ਦੇ ਨਕਸ਼ ਬਣਨ ਲੱਗੇ।ਮੋਟੀਆਂ ਅੱਖਾਂ।ਚੌੜਾ ਮੱਥਾ।ਤਿੱਖਾ ਨੱਕ ਤੇ ਸਾਂਵਲਾ ਰੰਗ।
ਮੈਂ ਉੱਠ ਕੇ ਖ਼ੁਦ ਨੂੰ ਸ਼ੀਸ਼ੇ ਵਿੱਚ ਦੇਖਿਆ।
“ਰਿਸ਼ਮ ਭਲਾ ਮੇਰੇ ਤੋਂ ਵੀ ਸੋਹਣੀ ਸੀ?” ਸ਼ਾਮੀ ਜਦੋਂ ਕੁੰਵਰ ਘਰ ਆਇਆ ਮੈਂ ਪਹਿਲਾ ਸਵਾਲ ਇਹੀ ਕੀਤਾ।
“ਜੇ ਜਵਾਬ ਨਾ ਦਿਆਂ ਤਾਂ ਲੱਗਦਾ ਅੱਜ ਤਾਂ ਪਾਣੀ ਵੀ ਨਹੀਂ ਮਿਲਣਾ।” ਕੁੰਵਰ ਨੇ ਹੱਸ ਕੇ ਆਖਿਆ।ਮੈਨੂੰ ਅਹਿਸਾਸ ਹੋਇਆ।ਮੈਂ ਭੱਜ ਕੇ ਗਈ, ਪਾਣੀ ਲੈਣ ਲਈ।
“ਸੋ ਸੌਰੀ ਕੁੰਵਰ!ਮੈਂ…।” ਮੈਂ ਸ਼ਰਮਿੰਦਾ ਹੋਈ।
“ਲੈ ਸੌਰੀ ਵਾਲੀ ਕਿਹੜੀ ਗੱਲ ਏ।ਆ ਦੱਸਦਾ ਤੈਨੂੰ?” ਮੇਰਾ ਹੱਥ ਫੜ੍ਹ ਕੇ ਕੁੰਵਰ ਨੇ ਮੈਨੂੰ ਆਪਣੇ ਕੋਲ ਬੈਠਾ ਲਿਆ।
“ਮੈਂ ਆਖਿਆ ਸੀ ਨਾ ਕਿ ਉਹ ਮੇਰਾ ਪਾਸਟ ਹੈ।ਜੇ ਅਸੀਂ ਇਕੱਠੇ ਹੁੰਦੇ ਤਾਂ ਰਿਸ਼ਮ ਮੇਰੇ ਲਈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੁੰਦੀ।ਪਰ ਜੇ ਆਪਾਂ ਇਕੱਠੇ ਹਾਂ ਤਾਂ ਮੇਰੇ ਲਈ ਤੇਰੇ ਤੋਂ ਵੱਧ ਕੋਈ ਹੋਰ ਸੋਹਣਾ ਨਹੀਂ ਹੈ।”
ਕੁੰਵਰ ਮੇਰੀਆਂ ਅੱਖਾਂ ਵਿੱਚ ਦੇਖਣ ਲੱਗਾ।
ਪਤਾ ਨਹੀਂ ਕਿਉਂ ਉਸ ਪਲ ਕੁੰਵਰ ਦੀਆਂ ਅੱਖਾਂ ਵਿੱਚੋਂ ਮੈਨੂੰ ਰਿਸ਼ਮ ਦਾ ਚਿਹਰਾ ਦਿਸਣ ਲੱਗਾ।ਮੈਂ ਅੱਧੀ ਰਾਤ ਤੀਕ ਨਾ ਜਾਣੇ ਕੀ-ਕੀ ਸੋਚਦੀ ਰਹੀ।ਕਈ ਦਿਨ ਕੁੰਵਰ ਦੀ ਲਿਖੀ ਕਵਿਤਾ ਮੇਰੇ ਦਿਮਾਗ਼ ਵਿੱਚ ਘੁੰਮਦੀ ਰਹੀ।
ਸਾਕ-ਸਕੀਰੀਆਂ ਘੁੰਮਦਿਆਂ।ਮੱਥੇ ਟੇਕਦਿਆਂ ਲਗਪਗ ਸਾਲ ਬੀਤ ਗਿਆ।ਮੈਂ ਸੂਹਾ ਚੂੜਾ ਪਾਈ, ਕੁੰਵਰ ਦੇ ਨਾਲ ਤੁਰਦੀ ਤਾਂ ਲਗਦਾ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਜੋੜੀ ਜਾ ਰਹੀ ਹੋਵੇ।ਕੁੰਵਰ ਨੂੰ ਬੁਖ਼ਾਰ ਹੁੰਦਾ, ਲੱਗਦਾ ਜਿਵੇਂ ਮੇਰਾ ਪਿੰਡਾ ਤਪ ਰਿਹਾ ਹੋਵੇ।ਉਹ ਹੱਸਦਾ ਤਾਂ ਮੇਰਾ ਚਿਹਰਾ ਖਿੜ ਉਠਦਾ।
ਇੱਕ ਸ਼ਾਮ ਕੁੰਵਰ ਘਰ ਆਉਂਦਾ ਹੋਇਆ ਦੋ ਬੂਟੇ ਲੈ ਕੇ ਆਇਆ।
“ਕੁੰਵਰ ਇਹ ਕਿੱਥੇ ਲਾਉਣੇ ਨੇ?” ਮੈਂ ਦੇਖ ਕੇ ਪੁਛਿਆ ਸੀ।
ਕੁੰਵਰ ਮੈਨੂੰ ਕਾਲੋਨੀ ਦੀ ਪਾਰਕ ਵਿੱਚ ਲੈ ਗਿਆ।
“ਅੱਜ ਰਿਸ਼ਮ ਦਾ ਜਨਮ ਦਿਨ ਹੈ।” ਬੂਟੇ ਉਸਨੇ ਮਾਲੀ ਨੂੰ ਫੜਾਉਂਦਿਆਂ ਦੱਸਿਆ।ਮੈਂ ਕੁੰਵਰ ਨੂੰ ਮੁਬਾਰਕਬਾਦ ਨਾ ਦੇ ਸਕੀ।ਮਨ ਬੁਝ ਜਿਹਾ ਗਿਆ।ਘਰ ਆ ਕੇ ਮੈਂ ਖ਼ੁਦ ਨੂੰ ਕੰਮਾਂ ਵਿੱਚ ਉਲਝਾ ਲਿਆ।
“ਕੀ ਗੱਲ ਅੱਜ ਇੰਨੀ ਜਲਦੀ ਸੌਂ ਗਈ?” ਉਸ ਰਾਤ ਮੈਂ ਕੁੰਵਰ ਵੱਲ ਪਿੱਠ ਕਰਕੇ ਪਈਂ ਸਾਂ।

“ਤਬੀਅਤ ਨਹੀਂ ਠੀਕ।” ਮੈਂ ਮਨ ਦੇ ਭਾਵ ਚਿਹਰੇ ਉੱਤੇ ਨਾ ਆਉਣ ਦਿੱਤੇ।ਅਗਲੇ ਦਿਨ ਕਾਲਜ ਜਾ ਕੇ ਵੀ ਕੁਝ ਖ਼ਲਦਾ ਰਿਹਾ।ਜਾਪਦਾ ਜਿਵੇਂ ਮੈਂ ਦੂਜੇ ਥਾਂ ਹੋਵਾਂ।ਮੈਂ ਰੱਜ ਕੇ ਪਿਆਰ ਦਿੱਤਾ ਸੀ ਕੁੰਵਰ ਨੂੰ ਫਿਰ ਵੀ ਕਿਉਂ ਉਹ ਰਿਸ਼ਮ ਨੂੰ ਭੁੱਲ ਨਹੀਂ ਸਕਿਆ।ਇਹ ਸਵਾਲ ਮੇਰਾ ਖਹਿੜਾ ਨਾ ਛੱਡਦਾ।
ਪਰ ਕੁੰਵਰ ਨੂੰ ਉਸ ਦਿਨ ਮੇਰਾ ਜਨਮ ਦਿਨ ਨਹੀਂ ਸੀ ਯਾਦ।

ਸਵੇਰ ਹੋਈ।ਮੈਂ ਉਡੀਕਦੀ ਕਾਲਜ ਤੁਰ ਗਈ।ਫਿਰ ਸਾਰੀ ਦੁਪਿਹਰ ਬੀਤ ਗਈ।ਕੁੰਵਰ ਦਾ ਕੋਈ ਫੋਨ ਮੈਸੇਜ ਨਾ ਆਇਆ।ਮੇਰੀਆਂ ਅੱਖਾਂ ਦੇ ਕੋਏ ਨਮ ਹੋ ਗਏ।ਮਨ ਬੁਝ ਗਿਆ।ਕੁਲੀਗਜ਼ ਨਾਲ ਕੇਕ ਕੱਟਦਿਆਂ ਮੈਂ ਝੂਠਾ ਜਿਹਾ ਹੱਸਦੀ ਰਹੀ।ਘਰ ਮੁੜੀ।ਕੁੰਵਰ ਆਉਂਦਿਆਂ ਨੂੰ ਘਰ ਹੀ ਸੀ।ਉਸਨੇ ਫੇਰ ਵੀ ਕੋਈ ਗੱਲ ਨਾ ਕੀਤੀ।
ਮੈਂ ਜਿਵੇਂ ਹੋਰ ਉਦਾਸ ਹੋ ਗਈ।
“ ਅੱਜ ਮੇਰਾ ਜਨਮ ਦਿਨ ਸੀ ਕੁੰਵਰ।” ਜਦੋਂ ਦਿਨ ਡੁੱਬ ਗਿਆ। ਮੈਂ ਚੁੱਪ ਤੋੜੀ।ਅੱਥਰੂ ਮੇਰੀਆਂ ਅੱਖਾਂ ਵਿਚੋਂ ਵਹਿ ਤੁਰੇ।
“ਓ ਮਾਈ ਗੌਡ!ਤੂੰ ਸਵੇਰ ਦਾ ਕਿਉਂ ਨਹੀਂ ਦਸਿਆ।ਵਿਆਹ ਤੋਂ ਬਾਅਦ ਪਹਿਲਾ ਜਨਮ ਦਿਨ ਸੀ ਮੈਨੂੰ ਯਾਦ ਕਿਵੇਂ ਹੋਣਾ ਸੀ?”

ਕੁੰਵਰ ਜ਼ਿੱਦ ਕਰਕੇ ਮੈਨੂੰ ਬਾਹਰ ਲੈ ਗਿਆ।ਪੂਰਾ ਸ਼ਹਿਰ ਅਜੇ ਜਾਗਦਾ ਪਿਆ ਸੀ।ਇੱਕ ਦੁਕਾਨ ਤੋਂ ਉਹਨੇ ਛੋਟਾ ਜਿਹਾ ਕੇਕ ਖੀ੍ਰਦਿਆ।ਕੋਕ ਦੀ ਬੋਤਲ ਲਈ।ਮੇਰੇ ਨਾਂਹ-ਨਾਂਹ ਕਰਦਿਆਂ ਤੋਂ ਵੀ ਕਿਸੇ ਸੁਨਿਆਰ ਦੀ ਦੁਕਾਨ ਤੋਂ ਮੈਨੂੰ ਈਅਰ ਰਿੰਗ ਲੈ ਕੇ ਦਿੱਤੇ ਤੇ ਬਾਈਕ ਸ਼ਹਿਰੋਂ ਬਾਹਰ ਕਿਸੇ ਖੁਲੀ ਥਾਂ ’ਤੇ ਜਾ ਕੇ ਰੋਕ ਲਈ।ਕੇਕ ਬਾਈਕ ’ਤੇ ਰੱਖਿਆ।ਮੋਮਬੱਤੀਆਂ ਜਗਾਈਆਂ ਤੇ ਮੇਰੇ ਕੋਲੋਂ ਕੇਕ ਕਟਵਾਇਆ।ਕੇਕ ਮੇਰੇ ਮੂੰਹ ਲਾਉਂਦਿਆਂ, ਉਹਨੇ ਮੇਰਾ ਮੱਥਾ ਚੁੰਮ ਲਿਆ।

“ਸੱਚੀਂ ਜੇ ਮੈਨੂੰ ਪਤਾ ਹੁੰਦਾ ਆਪਾਂ ਬਹੁਤ ਵੱਡੀ ਸੈਲੀਬ੍ਰੇਸ਼ਨ ਕਰਦੇ।” ਕੁੰਵਰ ਬਾਰ-ਬਾਰ ਮਾਫ਼ੀ ਮੰਗਦਾ ਰਿਹਾ।ਉਸ ਰਾਤ ਉਸਦੀਆਂ ਬਾਹਾਂ ਵਿੱਚ ਜਾ ਕੇ ਮੇਰੀ ਹਰ ਨਰਾਜ਼ਗੀ ਦੂਰ ਹੋ ਗਈ।ਖੁਲ੍ਹੇ ਆਸਮਾਨ ਦੇ ਹੇਠਾਂ ਤਾਰਿਆਂ ਦੀ ਲੋਏ ਮਨਾਇਆ ਇਹ ਦਿਨ ਮੈਨੂੰ ਸਭ ਦਿਨਾਂ ਤੋਂ ਵੱਧ ਪਿਆਰਾ ਲੱਗਾ।ਪਰ ਜਦੋਂ ਕਦੇ ਪਾਰਕ ਕੋਲੋਂ ਲੰਘਦੀ, ਉਹਨਾਂ ਬੂਟਿਆਂ ਦੀ ਯਾਦ ਆ ਜਾਂਦੀ।ਬੂਟੇ ਯਾਦ ਆਉਂਦੇ ਤਾਂ ਰਿਸ਼ਮ ਦਾ ਚੇਤਾ ਆ ਜਾਂਦਾ।ਫਿਰ ਸਾਂਵਲੀ ਕੁੜੀ…ਉਸ ਕਵਿਤਾ ਵਿਚਲੇ ਨਕਸ਼…ਮੇਰੀ ਕਲਪਨਾ ਵਿੱਚ ਵਸਿਆ ਰਿਸ਼ਮ ਦਾ ਚਿਹਰਾ…ਮੇਰਾ ਸਿਰ ਘੁੰਮ ਜਾਂਦਾ।ਮਨ ਕਰਦਾ ਕੁੰਵਰ ਨੂੰ ਆਖਾਂ,ਮੈਂਨੂੰ ਰਿਸ਼ਮ ਦਾ ਜ਼ਿਕਰ ਚੰਗਾ ਨਹੀਂ ਲੱਗਦਾ।ਪਰ ਕੁੰਵਰ ਦੇ ਮੋਹ ਅੱਗੇ ਮੈਂ ਹਾਰ ਜਾਂਦੀ।ਮੈਨੂੰ ਇਹ ਗੱਲ ਛੋਟੀ-ਛੋਟੀ ਲੱਗਣ ਲੱਗ ਜਾਂਦੀ।ਉਹ ਬੜੀਆਂ ਡੂੰਘੀਆਂ ਗੱਲਾਂ ਕਰਦਾ।ਹਰ ਚੀਜ਼ ਨੂੰ ਕਿਸੇ ਹੋਰ ਨਜ਼ਰ ਤੋਂ ਦੇਖਦਾ।ਮੇਰੇ ਮੰਮਾ ਵੱਲ ਜਾਂਦੇ ਤਾਂ ਘਰ ਦੇ ਬੇਟੇ ਵਾਂਗ ਪੇਸ਼ ਆਉਂਦਾ।ਮੰਮਾ ਦੇ ਰੁੱਕੇ ਹੋਏ ਕੰਮ ਪੂਰੇ ਕਰ ਆਉਂਦਾ।ਘਰ ਦੀਆਂ ਖ਼ਰਾਬ ਹੋਈਆਂ ਚੀਜ਼ਾਂ ਠੀਕ ਕਰਵਾਉਂਦਾ।
ਇਹੋ ਜਿਹੇ ਸਾਥ ਨੂੰ ਕੌਣ ਕੁੜੀ ਨਹੀਂ ਚਾਹੇਗੀ?

ਕਿਸੇ ਪਲ ਮੈਨੂੰ ਰਿਸ਼ਮ ਬਦਨਸੀਬ ਲੱਗਦੀ।ਮੈਂ ਸੋਚਦੀ, ਉਹਨੇ ਕੁੰਵਰ ਗਵਾ ਲਿਆ।ਮੈਂ ਪਾ ਲਿਆ।ਕਦੇ ਮਨ ਵਿੱਚ ਆਉਂਦਾ ਕੁੰਵਰ ਨੂੰ ਪੁੱਛਾਂ, ਤੁਸੀਂ ਇੱਕ ਕਿਉਂ ਨਾ ਹੋਏ।ਫਿਰ ਸੋਚਦੀ ਜੋ ਬੀਤ ਗਿਆ, ਉਹਨਾਂ ਗੱਲਾਂ ਨੂੰ ਯਾਦ ਕਰਵਾ ਕੇ ਮਨ ਦੁਖਾਉਣਾ ਉਸਦਾ।

***
ਮਨ ਵਿੱਚ ਦੁਖੀ ਤਾਂ ਮੇਰੇ ਮਦਰ ਵੀ ਬਹੁਤ ਨੇ।

ਉਸ ਦਿਨ ਦੇ ਉਹ ਹਰ ਰੋਜ਼ ਹਸਪਤਾਲ ਆਉਂਦੇ ਨੇ।ਉਦਾਸ ਜਿਹੀਆਂ ਨਜ਼ਰਾਂ ਨਾਲ ਮੇਰੇ ਦੇਖਦੇ ਨੇ।ਕੁਝ ਨਹੀਂ ਕਹਿੰਦੇ।ਪਰ ਜਾਣਦੀ ਹਾਂ।ਸੋਚਦੇ ਹੋਣਗੇ, ਮੇਰੀ ਧੀ ਵੀ ਮੇਰੇ ਵਾਂਗ ਹੋ ਗਈ।ਮੈਂ ਦਸਵੀਂ ਵਿੱਚ ਸਾਂ ਜਦੋਂ ਪਾਪਾ ਸਾਨੂੰ ਛੱਡ ਗਏ ਸੀ।ਮੈਂ ਜ਼ਰਾ ਸਿਆਣੀ ਹੋਈ, ਮੰਮਾ ਮੈਨੂੰ ਪਾਪਾ ਦੀਆਂ ਗੱਲਾਂ ਸੁਣਾਉਂਦੇ।ਆਖਦੇ, “ਤੈਨੂੰ ਅੰਤਾਂ ਦਾ ਪਿਆਰ ਕਰਦੇ ਸੀ ਤੇਰੇ ਪਾਪਾ।ਤੈਨੂੰ ਆਪੇ ਨਹਾੳਂੁਦੇ।ਤਿਆਰ ਕਰਦੇ।ਤੇਰੇ ਨਿੱਕੇ-ਨਿੱਕੇ ਵਾਲਾਂ ਨੂੰ ਵਾਹ ਕੇ ਲੂੰਡੀਆਂ ਜਿਹੀਆਂ ਕਰ ਦਿੰਦੇ ਤੇ ਫਿਰ ਮੈਨੂੰ ਆਖਦੇ- ਸੁਰਿੰਦਰ ਦੇਖ ਮੇਰੀ ਮਾਣੋ ਬਿੱਲੀ ਨੂੰ।ਤੂੰ ਰੋਟੀ ਉਹਨਾਂ ਨਾਲ ਖਾਂਦੀ।ਸੌਂਦੀ ਉਹਨਾਂ ਨਾਲ।”

ਅੱਜ ਕੱਲ੍ਹ ਮੰਮਾਂ ਦੀਆਂ ਸੁਣਾਈਆਂ ਉਹ ਸਭ ਗੱਲਾਂ ਯਾਦ ਆਉਂਦੀਆਂ ਨੇ।ਮੇਰੀਆਂ ਅੱਖਾਂ ਸਾਹਵੇਂ ਸੋਫ਼ੀਆ ਆ ਜਾਂਦੀ ਹੈ।ਅਗਲੇ ਮਹੀਨੇ ਜਨਮ ਦਿਨ ਹੈ ਸੋਫ਼ੀਆ ਦਾ।ਤਿੰਨ ਸਾਲ ਦੀ ਹੋ ਜਾਣਾ ਉਹਨੇ।ਧਰਮਸ਼ਾਲਾ ਜਾਣ ਤੋਂ ਦੋ ਕੁ ਦਿਨ ਪਹਿਲਾਂ ਹੀ ਮੈਂ ਤੇ ਕੁੰਵਰ ਸੋਫ਼ੀਆ ਦਾ ਜਨਮ ਦਿਨ ਮਨਾਉਣ ਬਾਰੇ ਗੱਲਾਂ ਕਰ ਰਹੇ ਸਾਂ।ਹਰ ਕੰਮ ਕਿੰਨੇ ਚਾਅ ਨਾਲ ਕਰਦਾ ਹੈ ਕੁੰਵਰ।ਧਰਮਸ਼ਾਲਾ ਜਾਣ ਲਈ ਜਦੋਂ ਕਾਲਜ ਵਿੱਚ ਫਾਈਨਲ ਹੋਇਆ।ਮੈਂ ਘਰ ਆ ਕੇ ਕੁੰਵਰ ਨੂੰ ਦੱਸਿਆ।
“ਚੱਲ ਆ ਫਿਰ ਕੁਝ ਨਵੇਂ ਕੱਪੜੇ ਲੈ ਲਈਏ ਤੇਰੇ ਲਈ।ਕਾਲਜ ਟ੍ਰਿੱਪ ’ਤੇ ਜਾਣਾ ਤੂੰ।”
ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ।ਪਰ ਕੁੰਵਰ ਮੇਰੀ ਇੱਕ ਨਾ ਸੁਣੀ।ਕਿੰਨਾ ਕੁਝ ਮੱਲੋਜ਼ੋਰੀ ਲੈ ਦਿੱਤਾ।ਇੱਕ ਲੈਦਰ ਦੀ ਜੈਕਟ।ਘੜੀ।ਦੋ ਕੁਰਤੇ।ਜੁੱਤੀ।

ਕੈਮਰਾ ਫੋਟੋਆਂ ਨਾਲ ਭਰ ਕੇ ਲੈ ਕੇ ਆਈ ਸਾਂ ਮੈਂ।ਸੋਚਦੀ ਸਾਂ, ਜਾ ਕੇ ਕੁੰਵਰ ਨਾਲ ਹਰ ਫੋਟੋ ਦੀ ਯਾਦ ਸਾਂਝੀ ਕਰਾਂਗੀ।ਚਾਰ ਦਿਨ ਬਾਹਰ ਰਹਿ ਕੇ ਇਉਂ ਲੱਗ ਰਿਹਾ ਸੀ , ਜਿਵੇਂ ਚਾਰ ਸਦੀਆਂ ਹੋ ਗਈਆਂ ਹੋਣ।ਜਿਉਂ-ਜਿਉਂ ਸ਼ਹਿਰ ਨੇੜੇ ਆਉਂਦਾ ਜਾ ਰਿਹਾ ਸੀ।ਕੁੰਵਰ ਤੇ ਸੋਫ਼ੀਆ ਨੂੰ ਮਿਲਣ ਦੀ ਕਾਹਲ ਵੱਧਦੀ ਜਾਂਦੀ।ਮੈਂ ਮੋਬਾਇਲ ਸਕਰੀਨ ’ਤੇ ਲੱਗੀ ਕੁੰਵਰ ਦੀ ਫੋਟੋ ਬਾਰ-ਬਾਰ ਦੇਖ ਲੈਂਦੀ।

***
“ਇਹ ਫੋਟੋ ਕਿਸਦੀ ਹੈ ਕੁੰਵਰ?” ਕੁੰਵਰ ਦੇ ਸਟੱਡੀ ਰੂਮ ਦੀ ਸਫ਼ਾਈ ਕਰਦਿਆਂ ਹੱਥ ਲੱਗੀ ਇੱਕ ਤਸਵੀਰ ਨੂੰ ਦੇਖਦਿਆਂ ਮੈਂ ਕੁੰਵਰ ਨੂੰ ਪੁੱਛਿਆ।
ਤਸਵੀਰ ਵਿਚਲੇ ਨਕਸ਼ ਮੇਰੇ ਲੈ ਬੇਪਹਿਚਾਣੇ ਨਹੀਂ ਸਨ।ਪਰ ਫਿਰ ਵੀ ਜਿਵੇਂ ਅੱਖਾਂ ਦਾ ਦੇਖਿਆ, ਮਨ ਮੰਨਣ ਨੂੰ ਰਾਜ਼ੀ ਨਹੀਂ ਸੀ।
“ਉਹੀ ਸਾਂਵਲੀ ਕੁੜੀ।” ਕੁੰਵਰ ਨੇ ਜ਼ਰਾ ਕੁ ਹੱਸ ਕੇ ਆਖਿਆ।
“ਬੜੀ ਪੁਰਾਣੀ ਏ।ਆਰਟਸ ਕੈਫ਼ੇ ਦੇ ਬਾਹਰ ਦੀ ਹੈ ਦੇਖ।” ਕੁੰਵਰ ਨੇ ਤਸਵੀਰ ਮੁੜ ਮੇਰੇ ਵੱਲ ਕੀਤੀ।ਪਰ ਮੈਂ ਦੇਖਿਆ ਨਾ।ਕੱਪੜਾ ਫੜ੍ਹ ਕੇ ਕਿਤਾਬਾਂ ਸਾਫ਼ ਕਰਨ ਲੱਗੀ।
“ਇਹਦੇ ’ਚ ਕਈ ਕਿਤਾਬਾਂ ਰਿਸ਼ਮ ਦੀਆਂ ਗਿਫ਼ਟ ਕੀਤੀਆਂ ਹੋਈਆਂ ਨੇ।” ਕੁੰਵਰ ਨੇ ਆਖਿਆ।ਮੇਰੇ ਹੱਥ ਨੂੰ ਜਿਵੇਂ ਕਰੰਟ ਜਿਹਾ ਲੱਗਾ।ਕਿਤਾਬ ਮੇਰੇ ਹੱਥੋਂ ਛੁੱਟ ਗਈ।ਮਨ ਬੇਕਾਬੂ ਹੋ ਗਿਆ।ਜ਼ੁਬਾਨ ਜਿਵੇਂ ਰੁੱਕ ਨਾ ਸਕੀ।
“ਕੁੰਵਰ ਜੇ ਰਿਸ਼ਮ ਕਿਸੇ ਵੀ ਪਲ ਭੁੱਲਦੀ ਨਹੀਂ ਤਾਂ ਕੀ ਲੋੜ ਸੀ ਮੇਰੇ ਨਾਲ ਵਿਆਹ ਕਰਵਾਉਣ ਦੀ।” ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।ਮੈਂ ਕੱਪੜਾ ਮੇਜ਼ ’ਤੇ ਸੁੱਟਿਆ ਤੇ ਰੂਮ ਵਿੱਚ ਆ ਕੇ ਬੈਠ ਗਈ।ਦਿਮਾਗ਼ ਵਿੱਚ ਕਈ ਕੁਝ ਚੱਲਦਾ ਰਿਹਾ।ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ।
ਕੁੰਵਰ ਮੇਰੇ ਪਿੱਛੇ ਆਇਆ।ਮੇਰੇ ਮੱਥੇ ’ਤੇ ਹੱਥ ਫੇਰਿਆ।ਪੁਛਿਆ, “ਕੀ ਹੋਇਆ ਤੈਨੂੰ?”
“ਕੁੰਵਰ ਮੇਰੇ ਕੋਲੋਂ ਨਹੀਂ ਸੁਣ ਹੁੰਦਾ ਬਾਰ-ਬਾਰ ਕਿਸੇ ਹੋਰ ਜ਼ਿਕਰ।” ਹੰਝੂ ਹੋਰ ਤੇਜ਼ ਹੋ ਗਏ।
ਮਨ ਦੀ ਗੱਲ ਜ਼ੁਬਾਨ ’ਤੇ ਆ ਗਈ।
“ਪਰ ਉਹ ਮੇਰਾ ਸਿਰਫ਼ ਪਾਸਟ ਹੈ।ਮੇਰੇ ਮਨ ਵਿੱਚ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ।ਮੇਰੇ ਲਈ ਜੋ ਹੈ ਬੱਸ ਤੂੰ ਹੈ।”
ਕੁੰਵਰ ਉਸ ਦਿਨ ਬਹੁਤ ਪਛਤਾਇਆ।ਉਹ ਤੜਫ਼ ਉਠਿਆ ਇਹ ਜਾਣਕੇ ਕਿ ਰਿਸ਼ਮ ਦਾ ਜ਼ਿਕਰ ਮੈਨੂੰ ਤੜਫ਼ਾਉਂਦਾ ਹੈ।ਅਸੀਂ ਬਹੁਤ ਦੇਰ ਤੀਕ ਇਸ ਗੱਲ ਵਿੱਚ ਉਲਝੇ ਰਹੇ।
“ਮੈਂ ਕਦੇ ਨਾਮ ਵੀ ਨਹੀਂ ਲਵਾਂਗਾ ਉਹਦਾ।” ਕੁੰਵਰ ਨੇ ਵਾਅਦਾ ਕੀਤਾ।ਮੈਂ ਮੁੜ ਰਿਸ਼ਮ ਸ਼ਬਦ ਉਹਦੀ ਜ਼ੁਬਾਨ ’ਤੇ ਕਦੇ ਨਾ ਸੁਣਿਆ। ਮੈਂ ਸੌਖਾ ਸਾਹ ਲਿਆ।ਸੋਚਿਆ ਸ਼ਾਇਦ ਰਿਸ਼ਮ ਉਹਦੇ ਦਿਮਾਗ਼ ਵਿੱਚੋਂ ਨਿਕਲ ਗਈ ਹੈ।

***
ਪੂਰੇ ਹਫ਼ਤੇ ਤੋਂ ਖ਼ਾਮੋਸ਼ ਸੀ ਕੁੰਵਰ।
ਇੱਕ ਵੀ ਲਫ਼ਜ਼ ਨਹੀਂ ਬੋਲਿਆ ਉਹਨੇ।ਮੈਂ ਪੰਜ ਦਿਨ ਆਈ.ਸੀ.ਯੂ ਦੇ ਬਾਹਰ ਬੈਠੀ ਉਡੀਕਦੀ ਰਹੀ ਕਿ ਕਦ ਕੁੰਵਰ ਅੱਖਾਂ ਖੋਲ੍ਹੇ।ਮੈਂ ਦੇਖਾ ਉਸਨੂੰ।
ਕੁੰਵਰ ਨੂੰ ਹੋਸ਼ ਆਈ।ਮੈਂ ਦੌੜੀ ਗਈ।ਉਹ ਕੁਝ ਬੋਲ ਰਿਹਾ ਸੀ। ਬਹੁਤ ਹੌਲੀ।ਮੈਂ ਕੰਨ ਕੋਲ ਨੂੰ ਕਰਕੇ ਸੁਨਣ ਦੀ ਕੋਸ਼ਿਸ਼ ਕੀਤੀ।
“ਰਿਸ਼ਮ!”
ਇੱਕ ਹੀ ਬੋਲ ਮੇਰੇ ਕੰਨੀਂ ਪਿਆ।
“ਆਪਾਂ ਦੋਨਾਂ ਮਿਲ ਕੇ ਆਵਾਂਗੇ ਉਹਨੂੰ।ਕੁੰਵਰ ਤੂੰ ਠੀਕ ਹੋ ਕੇ ਘਰ ਤਾਂ ਚੱਲ।”
ਪਰ ਕੁੰਵਰ ਫੇਰ ਦੁਬਾਰਾ…।ਉਸਦੇ ਆਖਿਰੀ ਵਾਰ ਬੋਲੇ ਲਫ਼ਜ਼ ਹਰ ਪਲ ਮੇਰੇ ਜ਼ਹਿਨ ਵਿੱਚ ਘੁੰਮਦੇ ਰਹਿੰਦੇ ਨੇ।
“ਰਿਸ਼ਮ ਮੇਰੇ ਦਿਮਾਗ਼ ਵਿੱਚ ਨਹੀਂ ਮੇਰੇ ਦਿਲ ਵਿੱਚ ਸੀ।”
ਮੈਨੂੰ ਲੱਗਦਾ, ਜਿਵੇਂ ਕੁੰਵਰ ਤਨਜ਼ ਨਾਲ ਮੇਰੇ ਉੱਤੇ ਹੱਸ ਰਿਹਾ ਹੋਵੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ