Sargam Da Moonu (Punjabi Story): Amrit Kaur

ਸਰਗਮ ਦਾ ਮੂਨੂੰ (ਕਹਾਣੀ) : ਅੰਮ੍ਰਿਤ ਕੌਰ


ਇੱਕ ਵਾਰ ਰਾਤ ਨੂੰ ਅੱਠ ਕੁ ਵਜੇ ਅਸਮਾਨ ਵਿੱਚ ਚੰਨ ਚਮਕ ਰਿਹਾ ਸੀ। ਉਸ ਵੇਲੇ ਸਰਗਮ ਦੋ ਕੁ ਸਾਲ ਦੀ ਪਿਆਰੀ ਬੱਚੀ ਸੀ। ਉਸ ਨੂੰ ਵਰਚਾਉਣ ਲਈ ਉਸ ਨੂੰ ਚੰਨ ਦਿਖਾਇਆ ਗਿਆ। ਪਰਿਵਾਰ ਦੇ ਕਿਸੇ ਜੀਅ ਨੇ ਉਸ ਨੂੰ 'ਚੰਨ ਮਾਮਾ' ਆਖਿਆ ਕਿਸੇ ਨੇ 'ਚੰਦ' ਆਖਿਆ। ਕਿਸੇ ਨੇ 'ਮੂਨ' ਆਖਿਆ। ਉਸ ਨੂੰ ਚੰਨ ਅਤੇ ਚੰਦ ਨਾਲੋਂ 'ਮੂਨ' ਆਖਣਾ ਸੌਖਾ ਲੱਗਿਆ। ਜਦੋਂ ਵੀ ਅਸਮਾਨੋਂ ਚੰਦ ਦਿਸਦਾ ਉਹ ਇੱਕੋ ਸਾਹੇ ਹੋ ਜਾਂਦੀ... ਮੂਨ... ਮੂਨ... ਮੂਨ ਜਿੰਨਾ ਚਿਰ ਸਭ ਨੂੰ ਦਿਖਾ ਨਾ ਦਿੰਦੀ। ਓਨਾ ਚਿਰ ਉਸ ਨੂੰ ਚੈਨ ਨਾ ਆਉਂਦਾ। ਉਹ ਬਹੁਤ ਖੁਸ਼ ਹੁੰਦੀ। ਅਸਮਾਨ ਵੱਲ ਦੇਖ ਕੇ ਘੁੰਮਦੀ।

ਹੌਲੀ ਹੌਲੀ ਉਹ ਮੂਨ ਦੀ ਥਾਂ ਪਿਆਰ ਨਾਲ 'ਮੂਨਾ' ਆਖਦੀ ਤੇ ਅਖ਼ੀਰ ਉਸ ਨੂੰ 'ਮੂਨੂੰ' ਆਖਣਾ ਚੰਗਾ ਲੱਗਣ ਲੱਗ ਪਿਆ। ਉਹ ਕਈ ਵਾਰ ਸੂਰਜ ਦੇ ਛੁਪਣ ਤੋਂ ਪਹਿਲਾਂ ਹੀ ਅਸਮਾਨ ਵੱਲ ਤੱਕਦਿਆਂ ਆਪਣੇ ਮੂਨੂੰ ਨੂੰ ਲੱਭ ਲੈਂਦੀ ਅਤੇ ਮੂਨੂੰ... ਮੂਨੂੰ ਆਖਦਿਆਂ ਬਹੁਤ ਖੁਸ਼ ਹੁੰਦੀ। ਉਸ ਦੀ ਅਵਾਜ਼ ਖਣਕਣ ਲੱਗ ਪੈਂਦੀ, ਗਲਾ ਸੰਗੀਤਮਈ ਹੋ ਜਾਂਦਾ ।ਉਸ ਦੀ ਇਹ ਸੰਗੀਤਮਈ ਖਣਕਦੀ ਆਵਾਜ਼ ਦਿਲ ਨੂੰ ਧੂਹ ਪਾਉਂਦੀ।

ਉਸ ਦੇ ਚਾਅ ਜਿਹਾ ਚਾਅ ਅੰਦਰ ਮਹਿਸੂਸ ਹੋਣ ਲੱਗ ਪੈਂਦਾ। ਉਹ ਛਾਲਾਂ ਮਾਰਦੀ ਭੱਜੀ ਫਿਰਦੀ ਸੱਚੀਂ ਰੱਬ ਆਪ ਹੀ ਵਸਦਾ ਹੁੰਦਾ ਬੱਚਿਆਂ ਵਿੱਚ। ਜਦੋਂ ਉਹ ਚੰਨ ਨੂੰ ਦੇਖ ਕੇ ਖੁਸ਼ ਹੁੰਦੀ ਤਾਂ ਭਗਵਾਨ ਕ੍ਰਿਸ਼ਨ ਦੇ ਬਾਲ ਉਮਰ ਨਾਲ ਜੁੜੀ ਕਹਾਣੀ ਯਾਦ ਆਉਂਦੀ ਜਦੋਂ ਮਾਂ ਯਸ਼ੋਧਾ ਕੋਲੋਂ ਚੰਨ ਮੰਗ ਲਿਆ ਸੀ। ਆਪਣੇ ਬਾਲ ਗੋਪਾਲ ਦੀ ਮੰਗ ਨੂੰ ਪੂਰਾ ਕਰਨ ਲਈ ਉਹਨਾਂ ਥਾਲੀ ਵਿੱਚ ਪਾਣੀ ਪਾ ਕੇ ਚੰਦਰਮਾ ਦੀ ਪਰਛਾਈ ਦਿਖਾ ਦਿੱਤੀ ਸੀ ਅਤੇ ਗੋਪਾਲ ਖੁਸ਼ ਹੋ ਗਏ।

ਇੱਕ ਸ਼ਾਮ ਨੂੰ ਉਹ ਬਹੁਤ ਰੋ ਰਹੀ ਸੀ ਉੱਚੀ ਉੱਚੀ ਉਸ ਨੂੰ ਲਾਰੇ ਲੱਪੇ ਲਾਉਣ ਲਈ ਕਈ ਤਰੀਕੇ ਅਪਣਾਏ ਉਸ ਦਾ ਮੂਨੂੰ ਹੈ ਨਹੀਂ ਸੀ ਮੱਸਿਆ ਦੇ ਨੇੜੇ ਤੇੜੇ ਦੇ ਦਿਨ ਸਨ। ਜੇਮਜ਼ ਥਰਬਰ ਦੀ ਕਹਾਣੀ ਵਾਲੀ ਰਾਜਕੁਮਾਰੀ ਯਾਦ ਆਈ ਜਿਸ ਨੇ ਚੰਦ ਦੀ ਮੰਗ ਕੀਤੀ ਸੀ ਅਤੇ ਸੋਨੇ ਦੇ ਚੰਦ ਨੂੰ ਹੀ ਅਸਲੀ ਚੰਦ ਸਮਝ ਕੇ ਖੁਸ਼ ਹੋ ਗਈ ਸੀ। ਭੂਆ ਨੇ ਉਸ ਨੂੰ ਗੋਦ ਵਿੱਚ ਬਿਠਾਉਂਦਿਆਂ ਆਖਿਆ, "ਸਰਗਮ! ਆਹ ਦੇਖ ਤੇਰਾ ਮੂਨੂੰ।" ਲਾਲ ਰੰਗ ਦਾ ਸਕੈੱਚ ਪੈੱਨ ਚੁੱਕ ਕੇ ਉਸ ਦੇ ਨਿੱਕੇ ਜਿਹੇ ਹੱਥ 'ਤੇ ਅੱਧਾ ਚੰਨ ਬਣਾ ਦਿੱਤਾ। ਕਮਾਲ ਦੀ ਗੱਲ ਤਾਂ ਇਹ ਹੋਈ ਉਸ ਨੇ ਰੋਣਾ ਬੰਦ ਕਰ ਦਿੱਤਾ। ਦੂਜਾ ਹੱਥ ਅੱਗੇ ਕਰ ਦਿੱਤਾ। ਉਸ 'ਤੇ ਵੀ ਚੰਨ ਬਣਾਏ ਮਨਮਰਜ਼ੀ ਦੇ ਰੰਗਾਂ ਦੇ ਅੱਧੇ ਵੀ ਪੂਰੇ ਵੀ। ਉਸ ਦਾ ਰੋਣਾ ਬੰਦ ਹੋ ਚੁੱਕਿਆ ਸੀ ਪਰ ਹਟਕੋਰੇ ਚੱਲ ਰਹੇ ਸਨ। ਥੋੜ੍ਹਾ ਪਾਣੀ ਪਿਆਉਣ ਨਾਲ ਉਹ ਵੀ ਠੀਕ ਹੋ ਗਏ। ਉਹ ਹਰ ਰੋਜ਼ ਆਪਣੇ ਹੱਥਾਂ 'ਤੇ ਚੰਨ ਤਾਰੇ ਬਣਵਾਉਂਦੀ । ਪੂਰੇ ਦਾ ਪੂਰਾ ਅਸਮਾਨ ਉਸ ਦੀ ਮੁੱਠੀ ਵਿੱਚ ਹੁੰਦਾ । ਕਈ ਵਾਰ ਆਪ ਸਕੈੱਚ ਫੜ ਕੇ ਦੂਜੇ ਦੇ ਹੱਥਾਂ 'ਤੇ ਚੰਦ ਤਾਰੇ ਬਣਾਉਣ ਲੱਗਦੀ। ਹੁਣ ਉਸ ਨੂੰ ਚਾਦਰਾਂ 'ਤੇ, ਸਿਰਹਾਣਿਆਂ 'ਤੇ, ਸੂਟਾਂ 'ਤੇ, ਰੁੱਖਾਂ ਵਿੱਚ, ਪੱਤਿਆਂ ਵਿੱਚ ਹਰ ਕਿਤੇ ਮੂਨੂੰ ਲੱਭ ਪੈਂਦਾ । ਘਰ ਦੀਆਂ ਕੰਧਾਂ , ਅਖ਼ਬਾਰਾਂ, ਕੋਈ ਕਾਪੀ ਕਿਤਾਬ ਅਜਿਹੀ ਨਹੀਂ ਸੀ ਜਿੱਥੇ ਸਰਗਮ ਦਾ ਮੂਨੂੰ ਨਾ ਹੋਵੇ। ਜਿੱਥੇ ਨਾ ਹੁੰਦਾ ਉਹ ਬਣਾਉਣ ਦੀ ਕੋਸ਼ਿਸ਼ ਕਰਦੀ । ਚੰਨ ਤਾਰੇ ਸਭ ਉਸ ਦੀਆਂ ਨਿੱਕੀਆਂ ਨਿੱਕੀਆਂ ਹਥੇਲੀਆਂ 'ਤੇ ਝਿਲਮਿਲ ਝਿਲਮਿਲ ਕਰਦੇ। ਜਿੰਨੇ ਜੀਅ ਕਰਦਾ ਓਨੇ ਚੰਨ ਤਾਰੇ ਆਪਣੀਆਂ ਤਲ਼ੀਆਂ ਤੇ ਟਿਕਾਈ ਉਹ ਸਾਰੇ ਪਾਸੇ ਖੁਸ਼ੀਆਂ ਬਿਖੇਰਦੀ ਰਹਿੰਦੀ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ