Sataee Meel (Punjabi Story) : Sukhjit

ਸਤਾਈ ਮੀਲ (ਕਹਾਣੀ) : ਸੁਖਜੀਤ

ਉਸ ਨੇ ਨਜ਼ਰ ਘੁਮਾਈ ਤੇ ਹੈਰਾਨ ਰਹਿ ਗਿਆ। ਉਹ ਟੂਟੀ ਕੋਲ ਖੜ੍ਹੀ ਹੈ। ਅਜੇ ਹੁਣੇ ਤਾਂ ਉਸ ਨੇ ਵੇਖਿਆ ਸੀ ਉਹਨੂੰ ਕਮਰੇ 'ਚ ਵੜਦੀ ਨੂੰ, ਤੇ ਫਿਰ ਇੰਨੀ ਛੇਤੀ...? ਗੱਲ ਹੈਰਾਨੀ ਵਾਲੀ ਹੈ, ਭਾਵੇਂ ਪਿਛਲੇ ਕਿੰਨੇ ਹੀ ਸਮੇਂ ਤੋਂ ਉਸ ਨੇ ਹੈਰਾਨ ਹੋਣਾ ਛੱਡ ਦਿੱਤਾ ਸੀ। ਹੈਰਾਨ ਹੋਣਾ ਅਣਜਾਣਪੁਣੇ ਦੀ ਨਿਸ਼ਾਨੀ ਹੈ ਤੇ ਉਹ ਹੁਣ ਅਣਜਾਣ ਨਹੀਂ ਰਿਹਾ ਸੀ। ਪਹਿਲਾਂ ਤਾਂ ਉਹ ਜਦੋਂ ਨਵਾਂ-ਨਵਾਂ ਦਿੱਲੀ ਆਇਆ ਸੀ ਤਾਂ ਉਚੀਆਂ-ਉਚੀਆਂ ਬਿਲਡਿੰਗਾਂ, ਮੋਟਰਾਂ-ਕਾਰਾਂ ਦੀਆਂ ਲੰਮੀਆਂ ਕਤਾਰਾਂ ਜਾਂ ਅੱਧਨੰਗੀਆਂ ਔਰਤਾਂ ਵੇਖ ਕੇ ਹੀ ਹੈਰਾਨ ਹੋ ਜਾਂਦਾ ਹੁੰਦਾ ਸੀ।
ਦਿੱਲੀ ਉਹ ਆ ਵੀ ਅਚਾਨਕ ਹੀ ਗਿਆ ਸੀ। ਇਕਦਮ। ਪਿੰਡ ਕਿਸੇ ਜ਼ਮੀਨੀ ਝਗੜੇ 'ਚ ਉਹਦੇ ਕੋਲੋਂ ਗੋਲੀ ਚੱਲ ਗਈ ਸੀ। ਮਰਿਆ ਭਾਵੇਂ ਕੋਈ ਨਹੀਂ ਸੀ ਪਰ ਉਹ ਲਸੰਸੀ ਰਾਈਫਲ ਸਮੇਤ 'ਅੰਦਰ' ਹੋ ਗਿਆ ਸੀ। ਇਤਫਾਕਵੱਸ ਗੁਰਮੁਖ ਸਿੰਘ ਐਮ.ਪੀ. ਪਿੰਡ ਗਏ ਹੋਏ ਸਨ। ਗੁਰਮੁਖ ਸਿੰਘ ਐਮ.ਪੀ. ਉਨ੍ਹਾਂ ਦੇ ਪਿੰਡ ਦੇ ਹੀ ਨੇ ਪਰ ਕਈ ਵਰ੍ਹਿਆਂ ਤੋਂ ਦਿੱਲੀ ਰਹਿ ਰਹੇ ਸਨ। ਐਮ.ਪੀ. ਸਾਹਿਬ ਨੇ ਉਸ ਨੂੰ ਬਾਹਰ ਕਢਾ ਲਿਆ ਤੇ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਸੀ। ਉਹ ਐਮ.ਪੀ. ਸਾਹਿਬ ਦਾ ਅਹਿਸਾਨਮੰਦ ਤਾਂ ਹੋ ਹੀ ਗਿਆ ਸੀ, ਪਰ ਜਦੋਂ ਉਨ੍ਹਾਂ ਕਿਹਾ, "ਕਰਨੈਲ, ਜੱਟ ਖੋਰ ਨਹੀਂ ਗਵਾਉਂਦਾ। ਤੂੰ ਚਾਰ ਦਿਨ ਪਾਸੇ ਹੋ ਜਾ। ਜਾਂ ਇਓਂ ਕਰ, ਮੇਰੇ ਨਾਲ ਦਿੱਲੀ ਚਲਾ ਚੱਲ।" ਇੰਨੇ ਸਨੇਹ ਨੇ ਜਿਵੇਂ ਉਸ ਨੂੰ ਮੁੱਲ ਲੈ ਲਿਆ ਹੋਵੇ। ਉਂਜ ਵੀ ਕੈਲੇ ਨੂੰ ਪਹਿਲੀ ਵਾਰ ਕਿਸੇ ਨੇ ਕਰਨੈਲ ਕਿਹਾ ਸੀ। ਇਉਂ ਜੁਆਨ ਤੇ ਦਲੇਰ ਕਰਨੈਲ, ਆਪਣੀ ਰਾਇਫਲ ਸਮੇਤ ਐਮ.ਪੀ. ਸਾਹਿਬ ਨਾਲ ਦਿੱਲੀ ਆ ਗਿਆ ਸੀ। ਉਨ੍ਹਾਂ ਚਾਰ ਦਿਨਾਂ ਨੂੰ ਚਾਰ ਵਰ੍ਹੇ ਹੋਣ ਲੱਗੇ ਨੇ ਪਰ ਉਹ ਪਿੰਡ ਨਹੀਂ ਪਰਤ ਸਕਿਆ।
ਉਹ ਪਾਣੀ ਲੈ ਕੇ ਅੰਦਰ ਜਾ ਰਹੀ ਹੈ। ਉਹਦੀ ਤੋਰ ਵੇਖ ਕੇ ਉਹ ਅਚੰਭੇ 'ਚ ਪੈ ਗਿਆ। ਉਹ ਭੱਜਣ ਵਾਂਗੂੰ ਤੁਰ ਰਹੀ ਹੈ, ਪਰ ਸੁਭਾਵਿਕ। ਰਸੋਈ 'ਚ ਪਾਣੀ ਰੱਖ ਉਹ ਬਾਹਰ ਆਈ, ਉਸੇ ਚਾਲ ਨਾਲ। ਉਹ ਹੈਰਾਨ ਖੜ੍ਹਾ ਹੈ। ਛੱਤ ਦੇ ਇਕ ਸਿਰੇ ਰਸੋਈ ਹੈ। ਵਿਚਕਾਰ ਦੋ ਕਮਰੇ। ਫਿਰ ਵਿਹੜਾ ਤੇ ਦੂਜੇ ਸਿਰੇ ਟੂਟੀ। ਦੋਹਾਂ ਸਿਰਿਆਂ 'ਤੇ ਸਰੀਏ ਲੱਗੇ ਨੇ ਤੇ ਟੂਟੀ ਤੋਂ ਰਸੋਈ ਤਕ ਇਨ੍ਹਾਂ ਨਾਲ ਰੱਸੀਆਂ ਬੰਨ੍ਹੀਆਂ ਹੋਈਆਂ ਨੇ, ਜਿਵੇਂ ਉਨ੍ਹਾਂ ਦੇ ਪਿੰਡ ਰੱਬੀ ਜੁਲਾਹੇ ਦੀ ਤਾਣੀ ਹੁੰਦੀ ਸੀ। ਤਣੀਆਂ 'ਤੇ ਕੱਚੇ ਸੂਤ ਵਰਗੀ ਪਸ਼ਮ ਹੈ ਸ਼ਾਇਦ, ਜੋ ਧੋ ਕੇ ਸੁੱਕਣੀ ਪਾਈ ਹੋਈ ਹੈ।
ਉਹ ਤਣੀਆਂ, ਟੂਟੀ, ਰਸੋਈ ਤੇ ਕਮਰੇ ਦਰਮਿਆਨ ਘੁੰਮ ਰਹੀ ਹੈ।
ਕਰਨੈਲ ਨੇ ਮਹਿਸੂਸ ਕੀਤਾ ਕਿ ਉਹਨੇ ਮੁੜਦੀ ਨੇ ਉਹਨੂੰ ਵੇਖ ਲਿਆ ਹੈ। ਉਂਜ ਉਹ ਵੀ ਆਪਣੇ ਸੁਭਾਅ ਤੋਂ ਉਲਟ, ਉਹਨੂੰ ਕਾਫ਼ੀ ਦੇਰ ਤੋਂ ਦੇਖ ਰਿਹਾ ਹੈ। ਸੁਭਾਅ ਉਹਦਾ ਸੰਗਾਊ ਹੈ। ਸ਼ਰਧਾਵੱਸ, ਆਉਣ ਵੇਲੇ ਜਿਹੜਾ ਪ੍ਰਭਾਵ ਉਹਨੇ ਆਪਣਾ ਸਾਹਿਬ ਦੇ ਘਰ ਬਣਾ ਲਿਆ ਸੀ, ਚਾਰ ਵਰ੍ਹੇ ਦਿੱਲੀ 'ਚ ਰਹਿ ਕੇ ਵੀ ਉਹੋ ਜਿਹਾ ਹੀ ਉਹ ਹੁਣ ਵੀ ਹੈ। ਸਾਊ, ਸ਼ਰਾਬ ਨਾ ਪੀਣ ਵਾਲਾ, ਆਵਾਗੌਣ ਬਾਜ਼ਾਰ ਨਾ ਜਾਣ ਵਾਲਾ ਕਰਨੈਲ, ਸਾਹਿਬ ਦੇ ਘਰ 'ਚੰਗਾ ਮੁੰਡਾ' ਕਰ ਕੇ ਜਾਣਿਆ ਜਾਂਦਾ ਹੈ। ਉਹ ਆਮ ਕਰ ਕੇ ਨੀਵੀਂ ਪਾ ਕੇ ਰੱਖਦਾ ਹੈ ਤੇ ਉਸ ਦੀ ਇਸ ਨੀਵੀਂ 'ਚੋਂ ਦੇਖਣ ਦੀ ਆਦਤ ਨੇ ਉਹਦਾ ਬਹੁਤ ਵੱਡਾ ਫਾਇਦਾ ਕੀਤੈ ਕਿ ਦੇਖਣ ਵਾਲੇ ਨੂੰ ਉਹ ਦੇਖਦਾ ਨਹੀਂ ਦਿਸਦਾ। ਉਹ ਬਿਨਾਂ ਗਰਦਨ ਉਠਾਇਆਂ ਤੇ ਘੁਮਾਇਆਂ ਆਸੇ-ਪਾਸੇ ਚੰਗੀ ਤਰ੍ਹਾਂ ਵੇਖ ਲੈਂਦਾ ਹੈ।
ਉਹ ਉਥੋਂ ਹਟਿਆ ਤੇ ਇਕ ਨੁੱਕਰ ਸੰਤਰੀ ਕੋਲ ਜਾ ਖੜ੍ਹਾ ਹੋਇਆ। ਪੁਲਿਸ ਵਾਲਾ ਸਾਵਧਾਨ ਹੋ ਗਿਆ। ਸਾਹਿਬ ਦੀ ਗਾਰਦ ਉਹਦਾ ਪੂਰਾ ਸਤਿਕਾਰ ਕਰਦੀ ਹੈ। ਉਹਦੇ ਰਾਹੀਂ ਹੀ ਛੁੱਟੀ, ਤਰੱਕੀ ਜਾਂ ਕੋਈ ਹੋਰ ਕੰਮ ਦੀ ਗੱਲ ਸਾਹਿਬ ਕੋਲ ਪਹੁੰਚਦੀ ਹੈ ਉਨ੍ਹਾਂ ਦੀ। ਉਹ ਉਥੋਂ ਵੀ ਹਟ ਗਿਆ। ਚੋਰ ਅੱਖ ਨਾਲ ਵੇਖਿਆ, ਉਹ ਵਿਹੜੇ ਵਿਚਲੀ ਤਣੀ 'ਤੇ ਧਾਗੇ ਜਿਹੇ ਖਿਲਾਰ ਰਹੀ ਹੈ। ਉਸ ਨੂੰ ਸਮਝ ਨਾ ਆਈ ਕਿ ਕਿਹੜੇ ਵੇਲੇ ਧੋ ਕੇ ਲੈ ਆਈ ਹੈ। ਇੰਨੀ ਫੁਰਤੀ ਉਹਨੇ ਕਦੇ ਨਹੀਂ ਵੇਖੀ। ਵੇਖੀ ਤਾਂ ਇਹ ਕੁੜੀ ਵੀ ਨਹੀਂ ਪਹਿਲਾਂ ਇੱਥੇ। ਸ਼ਾਇਦ ਉਹਨੇ ਧਿਆਨ ਨਾ ਦਿੱਤਾ ਹੋਵੇ ਪਰ ਨਹੀਂ, ਧਿਆਨ ਤਾਂ ਉਹ ਪੂਰਾ ਰੱਖਦਾ ਹੈ ਆਲੇ-ਦੁਆਲੇ ਦਾ। ਨਾਲੇ ਉਹ ਰਹਿੰਦਾ ਹੀ ਕੋਠੀ ਦੀ ਉਤਲੀ ਛੱਤ 'ਤੇ ਹੈ ਜ਼ਿਆਦਾ ਕਰ ਕੇ। ਇਸ ਤ੍ਰੈ-ਮੰਜ਼ਲੀ ਕੋਠੀ ਦੀ ਉਪਰਲੀ ਮੰਜ਼ਿਲ 'ਤੇ ਹੀ ਤਾਂ ਸਾਹਿਬ ਦਾ ਕਮਰਾ ਹੈ ਜਿਸ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਉਨ੍ਹਾਂ ਘੱਟ ਲੋਕਾਂ 'ਚੋਂ ਕਰਨੈਲ ਇਕ ਹੈ। ਆਏ ਗਏ ਨੂੰ ਸਾਹਿਬ ਹੇਠਲੇ ਕਮਰੇ 'ਚ ਹੀ ਮਿਲਦੇ ਨੇ। ਮਿਲਣ ਆਇਆਂ ਤੋਂ ਕਰਨੈਲ, ਸਾਹਿਬ ਦੇ ਕੋਲ ਹੁੰਦਾ ਹੈ ਸਦਾ। ਸਾਹਿਬ ਵਾਲਾ ਰਿਵਾਲਵਰ ਹਮੇਸ਼ਾ ਉਹਦੇ ਲੱਕ ਨਾਲ ਬੱਝਾ ਰਹਿੰਦਾ ਹੈ। ਰਿਵਾਲਵਰ ਉਹ ਨਹਾਉਣ ਵੇਲੇ ਹੀ ਉਤਾਰਦੈ। ਉਦੋਂ ਜਾਪਦੈ ਜਿਵੇਂ ਉਸ ਨੇ ਆਪਣਾ ਕੋਈ ਅੰਗ ਲਾਹ ਕੇ ਰੱਖ ਦਿੱਤਾ ਹੋਵੇ। ਰਾਇਫਲ ਉਹ ਦੌਰੇ ਵੇਲੇ ਹੀ ਨਾਲ ਲਿਜਾਂਦਾ ਹੈ।
ਉਸ ਨੂੰ ਯਾਦ ਆਇਆ ਕਿ ਸਾਹਮਣੇ ਮਕਾਨ ਦੀ ਇਕ ਮੰਜ਼ਿਲ ਕਾਫੀ ਲੰਬੇ ਸਮੇਂ ਤੋਂ ਖਾਲੀ ਪਈ ਸੀ। ਸਾਹਿਬ ਨਾਲ ਬਾਹਰ ਗਿਆ ਉਹ ਕੱਲ੍ਹ ਹੀ ਪਰਤਿਆ ਹੈ। ਉਨ੍ਹਾਂ ਦਿਨਾਂ ਦੌਰਾਨ ਹੀ ਕੋਈ ਨਵਾਂ ਕਿਰਾਏਦਾਰ ਆਇਐ ਸ਼ਾਇਦ। ਕੋਈ ਬੱਚਾ ਵਗੈਰਾ ਨਹੀਂ ਦਿਸਦਾ। ਬੱਸ, ਉਹੀ ਕੁੜੀ ਸਤਾਈ-ਅਠਾਈ ਵਰ੍ਹਿਆਂ ਦੀ, ਵਿਆਹੀ ਹੋਈ ਜਾਪਦੀ ਹੈ।
ਆਲੇ-ਦੁਆਲੇ ਦੀਆਂ ਛੱਤਾਂ 'ਤੇ ਸੁਰੱਖਿਆ ਪੱਖੋਂ ਭਾਵੇਂ ਉਹ ਅਕਸਰ ਗੌਰ ਕਰਦਾ ਰਹਿੰਦੈ ਪਰ ਜਾਪਿਆ ਜਿਵੇਂ ਇੱਧਰ ਉਹ ਜ਼ਿਆਦਾ ਹੀ ਧਿਆਨ ਦੇ ਰਿਹੈ। ਹਟਦਿਆਂ-ਹਟਦਿਆਂ ਉਸ ਨੇ ਵੇਖਿਆ ਕਿ ਉਹ ਸਬਜ਼ੀ ਲੈ ਕੇ ਟੂਟੀ ਵੱਲ ਜਾ ਰਹੀ ਹੈ। ਕਰਨੈਲ ਨੂੰ ਅਹਿਸਾਸ ਹੋਇਆ ਕਿ ਸ਼ਾਮ ਹੋ ਗਈ ਹੈ। ਸਬਜ਼ੀ ਵੇਖ ਕੇ ਉਹਦੇ ਜੀਅ ਵਿਚ ਆਇਆ ਕਿ ਹੇਠਾਂ ਜਾ ਕੇ ਬੀਬੀ ਜੀ ਨੂੰ ਪੁੱਛੇ, "ਆਪਾਂ ਕੀ ਧਰਨੈ ਅੱਜ?" ਪਰ ਕਈ ਵਰ੍ਹਿਆਂ ਤੋਂ ਉਹ ਇਹ ਗੱਲ ਸੋਚਦਾ ਹੀ ਹੈ, ਪੁੱਛ ਨਹੀਂ ਸਕਿਆ ਕਦੇ ਵੀ। ਉਦੋਂ ਉਹਨੂੰ ਘਰ ਬਹੁਤ ਯਾਦ ਆਉਂਦਾ ਹੈ। ਉਦੋਂ ਹੋਰ ਵੀ, ਜਦੋਂ ਐਮ.ਪੀ. ਸਾਹਿਬ ਦੇ ਦੋਵੇਂ ਲੜਕੇ ਤੇ ਲੜਕੀ ਪੁੱਛਦੇ ਨੇ, "ਆਜ ਕਿਆ ਬਨਾ ਰਹੇ ਹੈਂ ਮੰਮ...?"
ਇਹ ਤਿੰਨੋਂ ਉਹਦੇ ਪਿੰਡ ਦੀਆਂ ਗਲੀਆਂ 'ਚ ਖੇਡਦੇ ਰਹੇ ਨੇ ਪਰ ਹੁਣ ਦਿੱਲੀ ਦੀ ਬੋਲੀ ਬੋਲਦੇ ਨੇ।
ਘਰ ਉਸ ਨੂੰ ਯਾਦ ਤਾਂ ਬਹੁਤ ਵਾਰੀ ਬਹੁਤ ਹੀ ਆਉਂਦੈ, ਪਰ ਉਹ ਚਾਹੁੰਦਾ ਹੋਇਆ ਵੀ ਉਸ ਘਰ ਨਹੀਂ ਜਾ ਸਕਦਾ।
ਪਿੰਡ ਵਿਚ ਬੜੀ ਟੌਹਰ ਹੈ ਉਸ ਦੀ। ਉਹਦੇ ਘਰਦੇ ਐਮ.ਪੀ. ਸਾਹਿਬ ਦੇ ਖਾਸ ਬੰਦਿਆਂ 'ਚੋਂ ਗਿਣੇ ਜਾਂਦੇ ਨੇ। ਉਹਦੇ ਭਰਾ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਦੁੜਾਈ ਫਿਰਦੇ ਨੇ। ਨਿੱਕੀ ਮੋਟੀ ਲੜਾਈ ਕਰਦੇ ਨੇ। ਪੁਲਿਸ ਕੁਝ ਨਹੀਂ ਕਹਿੰਦੀ। ਪਿੰਡ ਵਿਚ ਦੁਸ਼ਮਣ ਦੱਬੇ ਬੈਠੇ ਨੇ। ਪਿੰਡ ਹੁੰਦਿਆਂ ਉਹ ਇਕ ਵਾਰੀ ਮੱਕੀ ਦੇ ਖੇਤ ਦੀ ਰਾਖੀ ਬੈਠ ਗਿਆ ਸੀ ਕਿ ਕੋਈ ਛੱਲੀਆਂ ਨਾ ਤੋੜੇ, ਤਾਂ ਉਹਦਾ ਬਾਪੂ ਉਹਨੂੰ ਉਠਾ ਕੇ ਘਰ ਲੈ ਗਿਆ ਸੀ ਤੇ ਕਿਹਾ ਸੀ, "ਇਉਂ ਸਿਰ੍ਹਾਣੇ ਬੈਠ ਕੇ ਖੇਤਾਂ ਦੀ ਰਾਖੀ ਨਹੀਂ ਹੁੰਦੀ ਪੁੱਤ। ਰਾਖੀ ਤਾਂ ਘਰ ਬੈਠ ਕੇ ਹੁੰਦੀ ਐ।"
"ਘਰ ਬੈਠ ਕੇ?" ਗੱਲ ਉਹਦੇ ਸਮਝ ਨਹੀਂ ਆਈ ਸੀ।
"ਹਾਂ ਘਰ ਬੈਠ ਕੇ...ਜੱਟ ਦਾ ਸੇਕ ਹੋਣਾ ਚਾਹੀਦੈ, ਰੋਅਬ ਚਾਹੀਦੈ ਮੱਲ, ਲੋਕਾਂ ਨੂੰ ਭੈਅ ਹੋਵੇ-ਇਹ ਫਲਾਣੇ ਦਾ ਖੇਤ ਐ ਓਏ।"
ਉਹ ਘਰ ਆ ਗਿਆ ਸੀ ਪਰ ਅਸਲੀ ਗੱਲ ਉਹਦੇ ਸਮਝ ਹੁਣ ਆਈ ਹੈ। ਹੁਣ ਉਹਦਾ ਦੂਰ ਬੈਠੇ ਦਾ ਬਹੁਤ ਭੈਅ ਹੈ ਪਿੰਡ 'ਚ। ਉਹਦੇ ਬਾਰੇ ਕਈ ਅਫਵਾਹਾਂ ਨੇ ਕਿ "ਐਮ.ਪੀ. ਸਾਹਿਬ ਦੇ ਦੁਸ਼ਮਣਾਂ 'ਚੋਂ ਉਹਨੇ ਇਕੋ ਰਾਤ 'ਚ ਹੀ ਦੋ ਖ਼ਤਮ ਕਰ 'ਤੇ। ਇਕ ਪਲਾਟ ਦਾ ਰੌਲਾ ਹੈ ਦਿੱਲੀ 'ਚ ਸਾਹਿਬ ਦਾ। ਉਥੇ ਕਰਨੈਲ ਨੇ ਕੰਧਾਂ ਛਲਣੀ ਕਰਤੀਆਂ ਗੋਲੀਆਂ ਨਾਲ। ਇਕ ਜ਼ਮੀਨ ਦਾ ਕਬਜ਼ਾ ਲਿਆ ਐਮ.ਪੀ. ਸਾਹਿਬ ਨੇ, ਉਥੇ ਕਰਨੈਲ ਨੇ ਤਿੰਨ ਬੰਦੇ ਮਾਰ ਕੇ ਜਮਨਾ 'ਚ ਰੋੜ੍ਹ 'ਤੇ, ਬਾਕੀ ਭੱਜ ਗਏ।"
ਅੰਦਰੋਂ ਸੜਦੇ, ਉਪਰੋਂ ਖ਼ੁਸ਼ ਹੋ ਕੇ ਕਹਿੰਦੇ ਨੇ, "ਜੱਟ ਐ ਬਈ ਫੇਰ ਵੀ...। ਨਾਲੇ ਕੀਲਾ ਤਕੜਾ ਹੋਵੇ, ਜੱਟ ਕੀ ਜਾਣਦੈ ਫੇਰ।"
ਛੱਤ ਦੇ ਪਰਲੇ ਕੋਨੇ ਵੱਲ ਚਲੀ ਗਈ ਹੈ ਉਹ। ਖੜ੍ਹੀ ਹੈ ਕੁਝ ਛਿਣ। ਦੂਰ ਤੱਕ ਦੇਖ ਕੇ ਪਰਤ ਆਈ ਹੈ, ਜਿਵੇਂ ਪੈਰ ਮੱਚਦੇ ਹੋਣ ਜਾਂ ਕਿਸੇ ਨੂੰ ਉਡੀਕਦੀ ਹੋਵੇ। ਕਰਨੈਲ ਸੋਚਦੈ, ਘਰਵਾਲੇ ਨੂੰ ਉਡੀਕਦੀ ਹੋਊ, ਪਰ ਛੇਤੀ ਹੀ ਖਿਆਲ ਆਉਂਦੈ ਉਹਨੂੰ ਕਿ ਦਿੱਲੀ 'ਚ ਘਰਵਾਲਿਆਂ ਨੂੰ ਕੌਣ ਉਡੀਕਦੈ ਇਸ ਤਰ੍ਹਾਂ? ਦਿੱਲੀ ਅਜਿਹੀ ਉਲਝਣ ਹੈ ਜੋ ਉਸ ਤੋਂ ਕਦੇ ਨਹੀਂ ਸੁਲਝੀ। ਚੰਗੇ ਭਲੇ ਸਾਊ ਦਿਸਦੇ ਬੰਦੇ ਜਿਨ੍ਹਾਂ ਨੂੰ ਜਦੋਂ ਉਹ ਬੋਲਦੇ ਸੁਣਦੈ ਤਾਂ ਦੇਵਤੇ ਹੀ ਲੱਗਦੇ ਨੇ ਪਰ ਜਦ ਉਨ੍ਹਾਂ ਬਾਰੇ ਜਾਣਨ ਲੱਗਦੈ ਤਾਂ...।
ਜਿੱਦਣ ਉਹਨੇ ਐਮ.ਪੀ. ਗੁਰਮੁਖ ਸਿੰਘ ਨੂੰ ਜਾਣਿਆ ਸੀ, ਕਿੰਨਾ ਤੜਫਿਆ ਸੀ। ਬੜੀ ਸ਼ਰਧਾ ਸੀ ਉਨ੍ਹਾਂ ਵਿਚ ਉਸ ਦੀ। ਸੁਹਣੀ ਦਸਤਾਰ, ਚੂੜੀਦਾਰ ਪਜਾਮਾ, ਅਚਕਨ, ਮੁਸਕਰਾਹਟ। ਉਹ ਸੋਚਦਾ, ਦੇਵਤੇ ਵੀ ਅਜਿਹੀ ਨਹੀਂ ਹੋਣੇ। ਘਰ 'ਚ ਮਹਾਰਾਜ ਦਾ ਪ੍ਰਕਾਸ਼ ਐ। ਵਾਕ ਲੈਣ ਤੋਂ ਪਹਿਲਾਂ ਕੋਈ ਕੰਮ ਨਹੀਂ ਕਰਦੇ।
ਇਕ ਦਿਨ ਉਨ੍ਹਾਂ ਦੀ ਫੈਕਟਰੀ ਵਿਚਲੀ ਯੂਨੀਅਨ ਦਾ ਆਗੂ ਆਇਆ ਸੀ। ਫੈਕਟਰੀ 'ਚ ਹੜਤਾਲ ਚੱਲ ਰਹੀ ਸੀ। ਆਪ ਹੀ ਬੁਲਾਇਆ ਸੀ ਸਾਹਿਬ ਨੇ। ਐਮ.ਪੀ. ਸਾਹਿਬ ਨੇ ਉਸ ਨੂੰ ਸਹਿਯੋਗ ਦੇਣ ਲਈ ਕਿਹਾ ਤਾਂ ਉਹ ਭੜਕ ਉਠਿਆ ਸੀ। ਸਾਹਿਬ ਧੀਰਜ ਨਾਲ ਮੁਸਕਰਾਉਂਦੇ ਹੋਏ ਸਮਝਾ ਰਹੇ ਸਨ ਪਰ ਉਹ ਉਚੀ-ਉਚੀ ਬੋਲਦਾ ਤੇ ਗੁੱਸੇ ਨਾਲ ਗੱਲਾਂ ਕਰਦਾ ਸੀ। ਕਰਨੈਲ ਤੋਂ ਸਹਿ ਨਾ ਹੋਇਆ। ਉਹਨੇ ਉਸ ਮਾੜਚੂ ਜਿਹੇ ਨੂੰ ਗਲਮੇ ਤੋਂ ਫੜ ਲਿਆ। ਧਰਤੀ ਤੋਂ ਪੈਰ ਚੱਕ ਦਿੱਤੇ।
"ਸਾਲਿਆ ਤੈਨੂੰ ਬੋਲਣਾ ਸਿਖਾਵਾਂ।"
ਆਪਣੀ ਜਗ੍ਹਾ ਤੋਂ ਉਠ ਖੜ੍ਹੇ ਸਨ ਐਮ.ਪੀ. ਸਾਹਿਬ। ਕਰਨੈਲ ਦੀ ਬਾਂਹ ਫੜ ਕੇ ਗੁੱਸੇ ਨਾਲ ਬੋਲੇ ਸਨ, "ਪਾਗਲ ਹੋ ਗਿਆ ਏਂ ਕਰਨੈਲ। ਗਰੀਬ ਮਜ਼ਦੂਰ 'ਤੇ ਹੱਥ ਚੁੱਕਦੈਂ...ਸ਼ਰਮ ਨਹੀਂ ਆਉਂਦੀ।"
ਸਾਹਿਬ ਦਾ ਕੱਦ ਹੋਰ ਉਚਾ ਹੋ ਗਿਆ ਸੀ ਕਰਨੈਲ ਦੀਆਂ ਨਜ਼ਰਾਂ ਵਿਚ। ਆਪਣਾ ਗਲਮਾ ਠੀਕ ਕਰਦਾ ਯੂਨੀਅਨ ਵਾਲਾ ਬੋਲਿਆ ਸੀ, "ਐਸੇ ਹਾਥ ਨਹੀਂ ਉਠਾਤੇ", ਉਹ ਕਰਨੈਲ ਨੂੰ ਮੁਖਾਤਿਬ ਸੀ, "ਹਾਥ ਉਠਾਨਾ ਸਾਹਿਬ ਸੇ ਸੀਖਨਾ।"
ਉਹ ਘ੍ਰਿਣਾ ਨਾਲ ਐਮ.ਪੀ. ਸਾਹਿਬ ਵੱਲ ਦੇਖਦਾ ਬਾਹਰ ਨਿਕਲ ਗਿਆ ਸੀ। ਸਾਹਿਬ ਨੇ ਲੰਬਾ ਸਾਹ ਲੈਂਦਿਆਂ ਕਰਨੈਲ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਸੀ, "ਇਹ ਦਿੱਲੀ ਹੈ ਪਿਆਰੇ...।"
ਦੂਜੇ ਦਿਨ ਉਸ ਯੂਨੀਅਨ ਆਗੂ ਦਾ ਐਕਸੀਡੈਂਟ ਹੋ ਗਿਆ ਸੀ।
"ਅੱਜ ਕਿਵੇਂ ਸਮਾਧੀ ਲਈ ਊ ਛੋਟੇ ਸਾਹਿਬ ਨੇ।" ਹੌਲਦਾਰ ਜੋਗਿੰਦਰ ਹੈ। ਇਹ ਅੰਮ੍ਰਿਤਸਰ ਵੱਲ ਦਾ ਹੈ। ਬਹੁਤ ਦੇਰ ਤੋਂ ਸਾਹਿਬ ਨਾਲ ਗੰਨਮੈਨ ਹੈ। ਸਿਆਣਾ ਹੋਣ ਕਰ ਕੇ ਉਹਨੂੰ 'ਬਾਪੂ' ਆਖਦੇ ਨੇ ਸਾਰੇ।
"ਸਮਾਧੀ ਕਾਹਦੀ ਬਾਪੂ, ਬੱਸ ਨਿਰੀਖਣ ਕਰ ਰਿਹਾਂ...।" ਉਹਨੇ ਵੀ ਟਿੱਚਰ ਨਾਲ ਜਵਾਬ ਦਿੱਤਾ।
"ਅੱਛਾ, ਵੇਖੀ ਫੇਰ ਚਾਲ?" ਬਾਪੂ ਨੇ ਕੁਨੱਖਾ ਝਾਕਿਆ।
"ਹੈਂ?" ਹੈਰਾਨੀ ਨਾਲ ਕਿਹਾ ਕਰਨੈਲ ਨੇ। ਉਂਜ ਜਾਣਦਾ ਸੀ ਉਹ ਕਿ ਬਾਪੂ ਬੜਾ ਘਾਗ ਐ।
"ਇਉਂ ਕੀ ਵੇਖਨੈਂ ਪੁੱਤਰਾ! ਅਸੀਂ ਵੀ ਸੁਰੱਖਿਆ ਗਾਰਡ ਆਂ। ਪੂਰਾ ਧਿਆਨ ਰੱਖਦੇ ਆਂ ਆਲੇ-ਦੁਆਲੇ ਦਾ।"
"ਓਏ ਵਾਹ ਓਏ ਬਾਪੂ।" ਕਰਨੈਲ ਵੀ ਹੱਸ ਪਿਆ। ਦੂਜੇ ਕਰਮਚਾਰੀ ਵੀ ਉਪਰ ਆ ਗਏ। ਇਕ ਜਣਾ ਕੰਨ ਕੋਲ ਖਾਜ ਜਿਹੀ ਕਰਦਾ ਬੋਲਿਆ, "ਅੱਜ ਡਿਊਟੀ ਐ ਰਾਤ ਨੂੰ ਕਰਨੈਲ ਬਾਈ, ਸਿਹਤ ਕੁਝ ਠੀਕ ਨਹੀਂ।"
"ਕੋਈ ਨਹੀਂ, ਡਿਊਟੀ ਮੈਂ ਦੇ ਦੂੰਗਾਂ।"
ਕਰਨੈਲ ਅਣਜਾਣ ਬਣਦਾ ਬੋਲਿਆ।
"ਨਹੀਂ, ਨਹੀਂ...ਤੁਸੀਂ ਊਂਈ ਮਿਹਰਬਾਨੀ ਕਰੋ।" ਕਰਨੈਲ ਅੱਗੇ ਹੱਥ ਫੈਲਾ ਉਹ ਆਜ਼ਜੀ ਜਿਹੀ ਨਾਲ ਬੋਲਿਆ।
ਕਰਨੈਲ ਨੇ ਹੱਸਦਿਆਂ ਮੋਮੀ ਕਾਗਜ਼ ਕੱਢਿਆ ਤੇ ਉਹ ਦੇ ਅੱਗੇ ਫੈਲਾ ਦਿੱਤਾ।
"ਅਬ ਤੋਂ ਕਰਨੈਲ ਬਾਈ ਪੱਕੇ ਹੋ ਗਏ ਲਗਤੇ ਹੈਂ।" ਕਿਸੇ ਹੋਰ ਨੇ ਕਿਹਾ ਤਾਂ ਬਾਪੂ ਝੱਟ ਬੋਲ ਉਠਿਆ, "ਓਏ ਨਹੀਂ ਅਜੇ ਨਹੀਂ।"
"ਅਜੇ ਕਿਉਂ ਨਹੀਂ ਬਾਪੂ?" ਕਰਨੈਲ ਨੇ ਟੇਢਾ ਜਿਹਾ ਵੇਖਿਆ।
"ਆਹੋ ਅਜੇ ਨਹੀਂ, ਅਜੇ ਤੇ ਤੂੰ ਵਿਖਾਲੇ ਕਰਦੈਂ ਪੁੱਤਰਾ, ਜਿੱਦਣ ਪੱਕਾ ਲੱਗ ਜੇਂਗਾ, ਏਤਰਾਂ ਪ੍ਰਸ਼ਾਦ ਨਹੀਂ ਵਰਤਾਏਂਗਾ।"
"ਅੱਛਾ!" ਹੈਰਾਨੀ ਨਾਲ ਕਿਹਾ ਕਰਨੈਲ ਨੇ। "ਆਹੋ ਸਮਝ ਲੈ ਜਦੋਂ ਕੋਈ ਨਸ਼ਾ ਲੁਕਾਣ ਲੱਗ ਪਏ ਤਾਂ ਪੱਕਾ ਹੋ ਗਿਆ।"
ਤੇ ਬਾਪੂ ਨੇ ਝਪਟਾ ਮਾਰ ਕੇ ਕਾਗਜ਼ ਕਰਨੈਲ ਦੇ ਹੱਥ ਤੋਂ ਚੁੱਕ ਲਿਆ ਤੇ ਲਪੇਟ ਕੇ ਆਪਣੀ ਜੇਬ 'ਚ ਪਾ ਲਿਆ। ਕਰਨੈਲ ਹੱਸ ਪਿਆ; ਕਿਹਾ ਕੁਝ ਨਾ, ਤਾਂ ਬਾਪੂ ਬੋਲਿਆ, "ਵੇਖਿਆ ਪੁੱਤਰਾ, ਜੇ ਹੁੰਦਾ ਨਾ ਪੱਕਾ, ਜਾਨ ਨਿਕਲ ਜਾਂਦੀ ਤੇਰੀ। ਅਜੇ ਕੀ ਕਦਰ ਐ ਤੈਨੂੰ ਨਸ਼ੇ ਦੀ।"
ਤੇ ਬਾਪੂ ਜਿਵੇਂ ਜੇਬ 'ਚ ਪਾਉਂਦਾ ਈ ਨਸ਼ਈ ਹੋ ਗਿਆ ਹੋਵੇ।
ਲਾਈਟਾਂ ਜਗ ਪਈਆਂ ਹਨ। ਉਸ ਨੂੰ ਰੋਟੀ ਲਈ ਹਾਕ ਵੱਜੀ ਹੈ। ਜਦੋਂ ਉਹ ਰੋਟੀ ਖਾ ਵਿਹਲਾ ਹੋ ਕੇ ਉਪਰ ਆਇਆ ਤਾਂ ਬਾਪੂ ਛੱਤ 'ਤੇ ਟਹਿਲਦਾ ਹੋਇਆ ਦਿਸਿਆ। ਸਾਹਮਣੇ ਵੇਖਿਆ, ਕੋਈ ਟੂਟੀ 'ਤੇ ਮੂੰਹ-ਹੱਥ ਧੋ ਰਿਹਾ ਸੀ। ਉਹ ਕਮਰੇ 'ਚੋਂ ਨਿਕਲੀ ਤੇ ਤੌਲੀਆ ਰੱਖ ਕੇ ਰਸੋਈ 'ਚ ਜਾ ਵੜੀ। ਚਾਨਣ ਵਿਚ ਸਭ ਕੁਝ ਉਵੇਂ ਦਿਸਦਾ ਹੈ, ਦਿਨ ਵਾਂਗੂੰ। ਹੱਥ-ਮੂੰਹ ਪੂੰਝ ਕੇ ਵਿਹੜੇ 'ਚ ਤੁਰੇ ਆਉਂਦੇ ਬੰਦੇ ਨੂੰ ਵੇਖ ਉਹ ਬੁਝ ਜਿਹਾ ਗਿਆ।
"ਨਹੀਂ...ਏਸ ਬੰਦੇ ਲਈ ਕੋਈ ਭੱਜ-ਭੱਜ ਚਾਅ ਨਾਲ ਕੰਮ ਨਹੀਂ ਕਰ ਸਕਦਾ, ਕਦੇ ਨਹੀਂ।"
ਮਰੀਅਲ ਜਿਹਾ। ਢਿੱਲੀ-ਢਿੱਲੀ ਤੋਰ। ਥੱਕਿਆ-ਥੱਕਿਆ। ਉਸ ਨੇ ਅੰਦਾਜ਼ਾ ਲਾਇਆ, ਮਾਇਆਪੁਰੀ ਦੇ ਗੈਰਜਾਂ 'ਚ ਕੰਮ ਕਰਦਾ ਹੋਊ। ਉਹ ਬਾਪੂ ਕੋਲ ਨੂੰ ਹੋ ਗਿਆ।
"ਆਹ ਕੁੜੀ ਕਾਹਦੇ ਸਿਰ 'ਤੇ ਭੱਜੀ ਫਿਰਦੀ ਐ ਬਾਪੂ? ਆਹ ਬੰਦਾ ਤੇ...।" ਉਹਨੇ ਸਿਰ ਮਾਰਿਆ।
"ਘੋਖਾਂ ਕਰਨ ਲੱਗ ਪਿਐਂ ਕਰਨੈਲ ਸਿਆਂ।" ਬਾਪੂ ਹੱਸ ਪਿਆ।
"ਸੱਚੀਂ ਬਾਪੂ, ਅੱਜ ਕਿੰਨੇ ਚਿਰ ਤੋਂ ਇਹਨੂੰ ਵੇਖ ਰਿਹਾਂ ਭੱਜੀ ਫਿਰਦੀ ਨੂੰ। ਭੱਜੀ ਕਾਹਨੂੰ, ਉੱਡੀ ਫਿਰਦੀ ਐ ਪਰ ਕਾਹਦੇ ਪਿੱਛੇ...ਐਸ ਬੰਦੇ ਪਿੱਛੇ ਤੇ ਨਹੀਂ...।" "ਓ ਇਨ੍ਹਾਂ ਮਰਨੀਆਂ ਨੂੰ ਤੇ ਰਿਸ਼ੀ ਮੁਨੀ ਨਹੀਂ ਸਮਝ ਸਕੇ ਪੁੱਤਰਾ, ਤੂੰ-ਮੈਂ ਕੀ ਸ਼ੈਅ ਆਂ। ਨਾਲੇ ਸਮਝ ਕੇ ਕਰਾਂਗੇ ਵੀ ਕੀ?" ਬਾਪੂ ਉਦਾਸੀ ਨਾਲ ਬੋਲਿਆ ਤੇ ਚੁੱਪ ਜਿਹਾ ਥੱਲੇ ਤੁਰ ਗਿਆ ਜਿਵੇਂ ਕੋਈ ਜ਼ਖ਼ਮ ਹਰਾ ਹੋ ਗਿਆ ਹੋਵੇ।
ਸੰਤਰੀ ਬਦਲ ਗਿਆ। ਜਾਣ ਵਾਲੇ ਤੇ ਆਉਣ ਵਾਲੇ ਨੇ ਕਰਨੈਲ ਨੂੰ ਰਾਮ-ਰਾਮ ਕੀਤੀ। ਉਹ ਛੱਤ 'ਤੇ ਟਹਿਲਣ ਲੱਗ ਪਿਆ। ਟਹਿਲਦਿਆਂ-ਟਹਿਲਦਿਆਂ ਉਸ ਨੇ ਉਧਰ ਵੇਖਿਆ ਤਾਂ ਉਹ ਕਮਰੇ 'ਚੋਂ ਰਸੋਈ, ਰਸੋਈ 'ਚੋਂ ਕਮਰੇ ਤੇ ਟੂਟੀ 'ਤੇ ਆ-ਜਾ ਰਹੀ ਸੀ, ਉਵੇਂ ਹੀ ਧਾਗਿਆਂ ਦੇ ਨਾਲ-ਨਾਲ। ਵਿਚ-ਵਿਚ ਆਉਂਦੀ-ਜਾਂਦੀ ਛਿਣ ਭਰ ਰੁਕ ਕੇ ਧਾਗੇ ਫਰੋਲ ਦਿੰਦੀ। ਅਚਾਨਕ ਕਰਨੈਲ ਨੇ ਸੋਚਿਆ, ਇਉਂ ਊਰੀ ਵਾਂਗੂੰ ਘੁੰਮਦੀ ਇਹ ਕਿੰਨਾ ਕੁ ਸਫਰ ਕਰ ਲੈਂਦੀ ਹੋਵੇਗੀ। ਉਹ ਕਮਰੇ 'ਚੋਂ ਨਿਕਲੀ ਤਾਂ ਕਰਨੈਲ ਨੇ ਘੜੀ 'ਤੇ ਨਿਗਾਹ ਟਿਕਾ ਲਈ। ਉਸ ਨੇ ਕਮਰੇ 'ਚੋਂ ਮੁੜ ਟੂਟੀ ਤੇ ਮੁੜ ਰਸੋਈ 'ਚੋਂ ਹੀ ਕਮਰੇ ਤਕ ਜਾਂਦਿਆਂ ਇਕ ਮਿੰਟ ਵਿਚ ਚਾਰ ਚੱਕਰ ਲਾ ਦਿੱਤੇ। ਅਗਲੇ ਮਿੰਟ ਤਿੰਨ ਚੱਕਰ। ਫਿਰ ਉਹ ਇਕ ਮਿੰਟ ਅੰਦਰ ਰਹੀ ਤੇ ਉਸ ਤੋਂ ਅਗਲੇ ਮਿੰਟ ਵਿਚ ਪੰਜ ਚੱਕਰ। ਫਿਰ ਉਸ ਨੇ ਦੋ ਮਿੰਟਾਂ ਵਿਚ ਸੱਤ ਚੱਕਰ ਲਾਏ। ਉਹਦਾ ਘਰਵਾਲਾ ਰੋਟੀ ਖਾ ਰਿਹਾ ਸੀ ਸ਼ਾਇਦ। ਉਹ ਕਮਰੇ ਤੇ ਰਸੋਈ ਵਿਚਾਲੇ ਉਡੀ ਫਿਰਦੀ ਸੀ। ਉਹ ਕਿੰਨੇ ਹੀ ਮਿੰਟ ਉਹਦੇ ਚੱਕਰਾਂ ਦਾ ਹਿਸਾਬ ਲਾਉਂਦਾ ਰਿਹਾ ਤੇ ਆਖਰ ਉਹਨੇ ਸਾਢੇ ਤਿੰਨ ਚੱਕਰਾਂ ਦੀ ਔਸਤ ਕੱਢ ਲਈ ਇਕ ਮਿੰਟ ਵਿਚ, ਤੇ ਫਿਰ ਉਹ ਉਹਦੇ ਪੈਂਡੇ ਦਾ ਹਿਸਾਬ ਲਾਉਣ ਲੱਗ ਪਿਆ-'ਰਸੋਈ ਦਾ ਮੱਥਾ ਛੇ ਫੁੱਟ...ਕਮਰਾ ਬਾਰਾਂ ਫੁੱਟ। ਓਦੂੰ ਅਗਲਾ ਕਮਰਾ ਵੀ ਬਾਰਾਂ ਫੁੱਟ...।' ਉਹ ਬੁੜ ਬੁੜਾ ਰਿਹਾ ਹੈ-'ਇਉਂ ਇਕ ਮਿੰਟ 'ਚ ਇਕ ਸੌ ਪਝੰਤਰ ਫੁੱਟ ਯਾਨਿ...', ਹਿਸਾਬ ਲਾਉਂਦਾ ਹੋਇਆ, 'ਯਾਨਿ ਸੱਠ ਮੀਟਰ, ਤੇ ਇਕ ਘੰਟੇ 'ਚ...ਸਾਢੇ ਤਿੰਨ ਕਿਲੋਮੀਟਰ...ਕਿੰਨੇ ਘੰਟੇ ਤੁਰਦੀ ਹੋਊ?' ਉਹ ਸੋਚੀਂ ਪੈ ਗਿਆ। ਫਿਰ ਆਪ ਹੀ ਹੱਸ ਪਿਆ ਕਿ ਉਹ ਕਿਹੜੀਆਂ ਗਿਣਤੀਆਂ 'ਚ ਪੈ ਗਿਆ। ਫਿਰ ਥੋੜ੍ਹੀ ਦੇਰ ਪਿੱਛੋਂ ਉਹਨੇ ਸੰਤਰੀ ਨੂੰ ਪੁੱਛ ਹੀ ਲਿਆ ਕਿ ਸਵੇਰੇ ਆਮ ਕਰ ਕੇ ਡਿਊਟੀ 'ਤੇ ਕੌਣ ਹੁੰਦੈ। ਉਸ ਨੇ ਪਰਸ ਰਾਮ ਤੇ ਖਾਨ ਦਾ ਨਾਂ ਲਿਆ ਤਾਂ ਉਹ ਹੌਲੀ-ਹੌਲੀ ਥੱਲੇ ਆ ਗਿਆ। ਕੁਝ ਗਾਰਡ ਤਾਸ਼ ਖੇਡ ਰਹੇ ਸਨ ਜਿਨ੍ਹਾਂ 'ਚ ਪਰਸ ਰਾਮ ਵੀ ਸੀ।
"ਪਰਸ ਰਾਮ, ਗਲੀ ਦੇ ਉਸ ਪਾਰ ਸਾਹਮਣੇ ਛੱਤ ਵਾਲੀ ਔਰਤ ਕਦੋਂ ਜਾਗਦੀ ਐ ਸਵੇਰੇ, ਕੁਛ ਪਤੈ?" ਪਰਸ ਰਾਮ ਕੁਝ ਸੋਚਣ ਲੱਗਿਆ ਤਾਂ ਪਰ੍ਹੇ ਲੇਟਿਆ ਖਾਨ ਉਠ ਕੇ ਬੈਠ ਗਿਆ, "ਅਰੇ ਬਾਪ ਰੇ...ਖੁਦਾ ਕਸਮ ਵੋਹ ਤੋ...।"
ਕਰਨੈਲ ਜਾਣਦੈ ਕਿ ਖਾਨ ਗਾਲੜੀ ਹੈ। ਉਸ ਨੇ ਟੋਕਿਆ, "ਬੱਸ ਇਤਨਾ ਬਤਾ ਦੇ ਕਿ ਵੋਹ ਕਬ ਜਾਗਤੀ ਹੈ?"
ਸਾਰੇ ਕਰਨੈਲ ਨੂੰ ਸ਼ਰਾਰਤੀ ਨਜ਼ਰਾਂ ਨਾਲ ਵੇਖ ਰਹੇ ਸਨ। ਉਹ ਵੀ ਕੁਝ ਹਿਚਕਚਾ ਰਿਹਾ ਸੀ। ਖਾਨ ਨੇ ਦੱਸਿਆ-"ਛੇ ਕੇ ਬਾਅਦ ਗੁਰੂ। ਸਵਾ ਛੇ ਔਰ ਸਾਢੇ ਛੇ ਕੇ ਦਰਮਿਆਨ।"
"ਯੇਹ ਹੂਈ ਨਾ ਬਾਤ...ਪਰਸ ਰਾਮ! ਇਹਨੂੰ ਕਹਿੰਦੇ ਨੇ ਸਕਿਓਰਟੀ...ਤੁਸੀਂ ਵੀ ਖਾਨ ਭਾਈ ਦੀ ਤਰ੍ਹਾਂ...।"
ਉਹਨੇ ਚਲਾਕੀ ਨਾਲ ਉਨ੍ਹਾਂ ਨੂੰ ਠਿੱਠ ਕਰ ਦਿੱਤਾ। ਉਹ ਬੋਲਣ ਲੱਗੇ, "ਹਮ ਤੋ ਪੂਰਾ ਖਿਆਲ ਰਖਤੇ ਹੈਂ, ਵੋਹ ਬਾਤ ਯਹ ਹੈ ਕਿ...।" ਪਰ ਉਹ ਉਪਰ ਆ ਗਿਆ।
ਉਹਨੂੰ ਆਪਣੇ ਆਪ 'ਤੇ ਫਿਰ ਹਾਸਾ ਆਇਆ ਕਿ ਉਹਨੇ ਕੀ ਲੈਣੈ ਉਸ ਤੋਂ? ਉਹਨੂੰ ਬਾਪੂ ਦੀ ਗੱਲ ਯਾਦ ਆਈ, ਕੀ ਕਰ ਲਾਂਗੇ ਸਮਝ ਕੇ। ਠੀਕ ਤਾਂ ਹੈ, ਅੱਗੇ ਐਮ.ਪੀ. ਸਾਹਿਬ ਬਾਰੇ ਸਮਝ ਕੇ, ਜਾਣ ਕੇ ਕੀ ਕਰ ਲਿਆ!
ਉਦਣ ਜਦੋਂ ਉਸ ਯੂਨੀਅਨ ਆਗੂ ਦੀ ਘਰਵਾਲੀ ਤੇ ਨਿਆਣੇ ਵਿਲਕਦੇ ਸਨ ਤੇ ਐਮ.ਪੀ. ਸਾਹਿਬ ਮਗਰਮੱਛ ਦੇ ਅੱਥਰੂ ਸਿੱਟਦੇ ਉਨ੍ਹਾਂ ਨੂੰ ਢਾਰਸ ਦੇ ਰਹੇ ਸਨ ਤੇ ਫਿਰ ਪੰਜ ਹਜ਼ਾਰ ਰੁਪਏ ਫੜ ਕੇ ਰੋਂਦੀ ਹੋਈ ਵਿਧਵਾ ਐਮ.ਪੀ. ਸਾਹਿਬ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਨੂੰ ਪਰਮਾਤਮਾ ਦਾ ਰੂਪ ਕਹਿ ਰਹੀ ਸੀ। ਕਰਨੈਲ ਦੇ ਜੀਅ 'ਚ ਆਇਆ ਸੀ ਕਿ ਐਮ.ਪੀ. ਸਾਹਿਬ ਨੂੰ ਗੋਲੀ ਮਾਰ ਦੇਵੇ ਤੇ ਉਸ ਤੋਂ ਬਾਅਦ ਉਹਨੇ ਕਿੰਨੀ ਵਾਰ ਅਜਿਹਾ ਸੋਚਿਆ ਹੈ, ਪਰ ਕੀ ਕਰ ਲਿਆ ਉਹਨੇ। ਫਿਰ ਜਦੋਂ ਐਮ.ਪੀ. ਸਾਹਿਬ ਇਕ ਗੜਬੜ ਵਾਲੇ ਇਲਾਕੇ 'ਚ ਭੇਜੇ ਸਨ ਕੇਂਦਰ ਨੇ। ਉਥੇ ਪਤਾ ਨਹੀਂ ਕਿਵੇਂ ਜਲਸੇ 'ਚ ਐਮ.ਪੀ. ਸਾਹਿਬ ਸੱਚੀਆਂ ਗੱਲਾਂ ਕਹਿ ਬੈਠੇ ਸਨ ਜਿਹੜੀਆਂ ਉਨ੍ਹਾਂ ਦੀ ਪਾਰਟੀ ਦੇ ਹੱਕ 'ਚ ਨਹੀਂ ਸਨ। ਉਥੇ ਦੇ ਲੋਕ ਬਹੁਤ ਖ਼ੁਸ਼ ਸਨ। ਕਰਨੈਲ ਵੀ ਉਨ੍ਹਾਂ ਦੀਆਂ ਗੱਲਾਂ ਤੋਂ ਖ਼ੁਸ਼ ਹੋਇਆ ਸੀ ਪਰ ਸ਼ਾਮ ਵੇਲੇ ਜਦੋਂ ਅਜੇ ਸਾਹਿਬ ਦੇ ਕੰਨਾਂ 'ਚ ਤਾੜੀਆਂ ਦੀ ਗੂੰਜ, ਗੂੰਜ ਰਹੀ ਸੀ ਤਾਂ ਦਿੱਲੀਓਂ ਬੁਲਾਵਾ ਆ ਗਿਆ ਸੀ 'ਭਾਈ ਸਾਹਿਬ' ਦਾ। ਇਹ 'ਭਾਈ ਸਾਹਿਬ' ਨਾ ਤਾਂ ਕੋਈ ਐਮ.ਪੀ. ਨੇ, ਨਾ ਹੀ ਪ੍ਰਧਾਨ ਪਰ ਸਾਰੇ ਐਮ.ਪੀ. ਇਨ੍ਹਾਂ ਤੋਂ ਬਹੁਤ ਡਰਦੇ ਨੇ। ਜਦੋਂ ਸਵੇਰੇ ਉਹ 'ਭਾਈ ਸਾਹਿਬ' ਦੀ ਕੋਠੀ ਪਹੁੰਚੇ ਤਾਂ ਉਹ ਕਿਤੇ ਜਾਣ ਲਈ ਤਿਆਰ ਖੜ੍ਹੇ ਸਨ।
"ਤੁਸੀਂ ਮੇਰੀ ਗੱਡੀ 'ਚ ਹੀ ਆ ਜਾਓ। ਆਪਣੀਆਂ ਗੱਡੀਆਂ ਪਿੱਛੇ ਆਉਣ ਦਿਓ, ਰਸਤੇ 'ਚ ਹੀ ਗੱਲ ਕਰਾਂਗੇ।" ਭਾਈ ਸਾਹਿਬ ਦੇ ਤੇਵਰ ਚੜ੍ਹੇ ਹੋਏ ਸਨ।
ਕਰਨੈਲ ਵੀ ਉਨ੍ਹਾਂ ਦੇ ਨਾਲ ਹੀ ਗੱਡੀ 'ਚ ਬੈਠ ਗਿਆ ਸੀ। ਵਿਚ ਬੈਠਦਿਆਂ ਹੀ 'ਭਾਈ ਸਾਹਿਬ' ਨੇ ਤਾਜ਼ਾ ਅਖ਼ਬਾਰਾਂ ਐਮ.ਪੀ. ਸਾਹਿਬ ਮੂਹਰੇ ਲਗਭਗ ਸਿੱਟਦਿਆਂ ਕਿਹਾ ਸੀ, "ਸੁਣਿਐ ਜਨਤਾ ਦਾ ਪਿਆਰ ਜਾਗ ਪਿਐ ਤੁਹਾਡੇ ਮਨ 'ਚ ਸ਼ ਗੁਰਮੁਖ ਸਿੰਘ, ਤੇ ਇਹ ਕੁਰਸੀ ਛੱਡ ਕੇ ਜਾਣਾ ਚਾਹੁੰਦੇ ਹੋ...।"
"ਨਹੀਂ, ਨਹੀਂ...ਗਲਤੀ ਹੋ ਗਈ ਭਾਈ ਸਾਹਿਬ। ਪਤਾ ਨਹੀਂ ਲੱਗਿਆ, ਐਵੇਂ ਜਜ਼ਬਾਤੀ ਹੋ ਕੇ...।" ਐਮ.ਪੀ. ਸਾਹਿਬ 'ਭਾਈ ਸਾਹਿਬ' ਦੇ ਪੈਰ ਫੜਨ ਲੱਗੇ ਸਨ।
ਪਰ ਉਹ ਉਸੇ ਲਹਿਜੇ 'ਚ ਬੋਲੇ, "ਤੁਸੀਂ ਰੇਸ ਕੋਰਸ 'ਚ ਮੇਰੇ ਨਾਲ ਗਏ ਹੋ ਕਈ ਵਾਰ...ਮੈਂ ਕਦੇ ਹਾਰਨ ਵਾਲੇ ਘੋੜੇ 'ਤੇ ਪੈਸੇ ਨਹੀਂ ਲਾਉਂਦਾ...ਸਮਝੇ।" ਤੇ ਐਮ.ਪੀ. ਸਾਹਿਬ ਰੋ ਹੀ ਤਾਂ ਪਏ ਸਨ। ਕਰਨੈਲ ਹੈਰਾਨ ਹੋਇਆ ਬੈਠਾ ਸੀ।
ਜਦੋਂ ਕਰਨੈਲ ਪਿੰਡ ਹੁੰਦਾ ਸੀ ਤਾਂ ਸਭ ਤੋਂ ਵੱਧ ਠਾਣੇਦਾਰ ਤੋਂ ਡਰਦਾ ਹੁੰਦਾ ਸੀ। ਉਹ ਠਾਣੇਦਾਰ ਨੂੰ ਹੀ ਵੱਡਾ ਅਫ਼ਸਰ ਸਮਝਦਾ ਹੁੰਦਾ ਸੀ ਪਰ ਜਦ ਉਸ ਨੇ ਠਾਣਦਾਰ ਤਾਂ ਕੀ, ਐਸ਼ਪੀ. ਵੀ ਐਮ.ਪੀ. ਸਾਹਿਬ ਦੇ ਪੈਰੀਂ ਹੱਥ ਲਾਉਂਦੇ ਵੇਖੇ ਤਾਂ ਉਹ ਐਮ.ਪੀ. ਸਾਹਿਬ ਨੂੰ ਸਭ ਤੋਂ ਵੱਡਾ ਸਮਝਣ ਲੱਗਾ ਸੀ ਪਰ ਅੱਜ ਉਸ ਨੇ ਵੇਖਿਆ ਕਿ ਅਸਲ ਵਿਚ 'ਭਾਈ ਸਾਹਿਬ'...।
ਗੱਡੀ ਰਾਹ 'ਚ ਹੀ ਰੁਕ ਗਈ ਸੀ। ਠਰੰਮੇ ਨਾਲ ਕਿਹਾ ਸੀ 'ਭਾਈ ਸਾਹਿਬ' ਨੇ, "ਜਾਓ ਤੇ ਸਭ ਠੀਕ ਕਰ ਕੇ ਆਓ।"
ਉਹ ਉਤਰਨ ਲੱਗੇ ਤਾਂ ਕਰਨੈਲ ਦੇ ਮੋਢੇ 'ਤੇ ਹੱਥ ਮਾਰ ਕੇ ਕਿਹਾ ਸੀ 'ਭਾਈ ਸਾਹਿਬ' ਨੇ, "ਇਹ ਗੱਲਾਂ ਗੱਡੀ 'ਚ ਹੀ ਛੱਡ ਜਾਈਂ ਲੜਕੇ...।"
"ਜੀ ਕਿਹੜੀਆਂ ਗੱਲਾਂ?" ਹੈਰਾਨੀ ਦਾ ਅਭਿਨੈ ਕਰਦਿਆਂ ਕਰਨੈਲ ਨੇ ਪੁੱਛਿਆ ਤਾਂ ਉਹ ਮੁਸਕਰਾ ਪਏ ਤੇ ਉਹਦਾ ਮੋਢਾ ਥਪਥਪਾਇਆ, "ਸ਼ਾਬਾਸ਼।" ਫਿਰ ਐਮ.ਪੀ. ਸਾਹਿਬ ਵੱਲ ਦੇਖ ਕੇ ਬੋਲੇ, "ਕਾਮ ਕਾ ਆਦਮੀ ਹੈ।"
ਐਮ.ਪੀ. ਸਾਹਿਬ ਉਥੋਂ ਸਿੱਧੇ ਗਏ ਸਨ ਉਸੇ ਇਲਾਕੇ 'ਚ। ਇਕ ਪਾਰਟੀ ਨੇਤਾ ਦੇ ਘਰ ਠਹਿਰ, ਉਨ੍ਹਾਂ ਟਰਾਂਸਪੋਰਟ ਸਕੱਤਰ ਤੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਬੁਲਾਇਆ ਸੀ। ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੱਲ੍ਹ ਦੇ ਅਖ਼ਬਾਰਾਂ 'ਚ ਬਿਆਨ ਦੇਣ ਕਿ ਰਾਜ ਵਿਚ ਬਿਜਲੀ ਦੇ ਰੇਟ ਤੇ ਬੱਸਾਂ ਦੇ ਕਿਰਾਏ ਵਧਾਏ ਜਾਣਗੇ। ਸਥਾਨਕ ਨੇਤਾ ਨੂੰ ਕਿਹਾ ਕਿ ਦੋ ਦਿਨ ਬਾਅਦ ਜਲਸਾ ਰੱਖੋ। ਦੂਜੇ ਦਿਨ ਅਖ਼ਬਾਰਾਂ ਪੜ੍ਹ ਕੇ ਰਾਜ ਵਿਚ ਖਲਬਲੀ ਮੱਚ ਗਈ ਸੀ। ਕਿਸਾਨ ਤੇ ਹੋਰ ਲੋਕ ਪਿੱਟ ਉਠੇ ਸਨ। ਅਗਲੇ ਦਿਨ ਜਲਸੇ 'ਚ ਰੋਸ ਪ੍ਰਗਟ ਕਰਨ ਲਈ ਕਈ ਨੇਤਾਵਾਂ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ। ਪਹਿਲਾਂ ਤਾਂ ਜ਼ਿੰਦਾਬਾਦ ਮੁਰਦਾਬਾਦ ਨੇ ਕਿੰਨਾ ਚਿਰ ਜਲਸਾ ਚੱਲਣ ਹੀ ਨਾ ਦਿੱਤਾ ਪਰ ਵਾਰ-ਵਾਰ ਕਹਿਣ 'ਤੇ ਜਦੋਂ ਲੋਕ ਸ਼ਾਂਤ ਹੋਏ ਤਾਂ ਯੋਜਨਾ ਮੁਤਾਬਕ ਸਥਾਨਕ ਨੇਤਾਵਾਂ ਨੇ ਬਾਹਵਾਂ ਮਾਰ-ਮਾਰ ਕੇ, ਸੰਘ ਪਾੜ-ਪਾੜ ਕੇ ਕੇਂਦਰ ਤੋਂ ਆਏ ਐਮ.ਪੀ. ਸਾਹਿਬ ਤੋਂ ਵਧੇ ਹੋਏ ਰੇਟ ਅਤੇ ਕਿਰਾਏ ਵਾਪਸ ਲੈਣ ਦੀ ਮੰਗ ਦੁਹਰਾਈ।
ਅਖੀਰ ਐਮ.ਪੀ. ਸਾਹਿਬ ਉਠੇ ਸਨ ਤੇ ਇਸੇ ਥਾਂ ਆਪਣੀਆਂ ਕਹੀਆਂ ਠੀਕ ਗੱਲਾਂ ਦੇ ਉਲਟ ਸਾਰੀਆਂ ਗੱਲਾਂ 'ਸੁਚੱਜੇ ਢੰਗ' ਨਾਲ ਕਹੀਆਂ। ਲੋਕ ਚੁੱਪ-ਚਾਪ ਸੁਣਦੇ ਰਹੇ। ਅੱਜ ਅਸਲੀ ਮੁੱਦਾ ਵਧੇ ਹੋਏ ਰੇਟ ਵਾਪਸ ਲੈਣ ਦਾ ਸੀ; ਪਰ ਮਨ ਹੀ ਮਨ ਕੁੜ੍ਹ ਰਿਹਾ ਸੀ ਕਰਨੈਲ। ਐਮ.ਪੀ. ਸਾਹਿਬ ਨੇ ਬੜੇ ਅੰਦਾਜ਼ 'ਚ ਕਿਹਾ ਸੀ, "ਅੱਜ ਜਦੋਂ ਮੈਂ ਸਵੇਰੇ ਦਿੱਲੀਓਂ ਤੁਰਿਆ ਤਾਂ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਹੋਈ। ਵਧਾਏ ਹੋਏ ਕਿਰਾਏ ਤੇ ਰੇਟ ਵਾਪਸ ਲੈਣ ਬਾਰੇ ਮੈਂ ਬੜਾ ਜ਼ੋਰ ਪਾਇਆ ਤੇ ਤੁਹਾਡੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਧਾਨ ਮੰਤਰੀ ਜੀ ਨੇ ਕਿਹੈ ਕਿ ਕਿਰਾਏ ਅਤੇ ਬਿਜਲੀ ਦੇ ਰੇਟ ਨਹੀਂ ਵਧਾਏ ਜਾਣਗੇ, ਮੈਂ...।" ਪਰ ਅਗਲੀ ਗੱਲ ਪ੍ਰਧਾਨ ਮੰਤਰੀ ਐਮ.ਪੀ. ਸਾਹਿਬ ਤੇ ਪਾਰਟੀ ਜ਼ਿੰਦਾਬਾਦ ਦੇ ਨਾਹਰਿਆਂ 'ਚ ਗੁਆਚ ਗਈ। ਕਰਨੈਲ ਜੋ ਐਮ.ਪੀ. ਸਾਹਿਬ ਨਾਲ ਸਟੇਜ 'ਤੇ ਖੜ੍ਹਾ ਸੀ, ਤੜਫ ਰਿਹਾ ਸੀ।
"ਸਾਲੇ ਬੇਵਕੂਫ ਲੋਕ...।" ਉਹਦਾ ਜੀਅ ਕੀਤਾ ਕਿ ਚੀਕ ਕੇ ਕਹੇ, 'ਇਹ ਬਕਵਾਸ ਕਰਦੈ ਲੋਕੋ, ਇਹ ਕੰਜਰ ਤਾਂ ਚਾਰ ਦਿਨਾਂ ਦਾ ਇੱਥੇ ਹੀ ਡੇਰਾ ਲਾਈ ਬੈਠੈ। ਇਹ ਰੇਟ ਇਹਨੇ ਹੀ ਵਧਾਏ ਤੇ ਵਾਪਸ ਲਏ ਨੇ। ਇਹ ਕਮੀਨੈ, ਮੱਕਾਰ ਐ।' ਪਰ ਉਹ ਉਵੇਂ ਹੀ ਹਥਿਆਰ ਹੱਥ 'ਚ ਫੜੀ ਬੜੀ ਚੌਕਸੀ ਨਾਲ ਚੁਫੇਰੇ ਦੇਖਦਾ ਰਿਹਾ ਸੀ, ਬੱਸ।
"ਆਪ ਸੋ ਜਾਈਏ ਕਰਨੈਲ ਭਾਈ, ਹਮ ਪੂਰਾ ਧਿਆਨ ਰੱਖੇਂਗੇ। ਯੇਹ ਔਰਤ ਹਮੇਂ ਵੀ ਸ਼ੱਕੀ ਲਗਤੀ ਹੈ।"
ਗਾਰਡ ਉਪਰ ਆ ਗਏ ਨੇ। ਕਰਨੈਲ ਨੇ ਘੜੀ ਦੇਖੀ, ਸਮਾਂ ਗਿਆਰਾਂ ਤੋਂ ਉਪਰ ਹੋ ਗਿਆ ਹੈ। ਸਾਹਮਣੇ ਵਾਲੀ ਬੱਤੀ ਬੁੱਝ ਗਈ ਹੈ। ਉਹ ਸੌਂ ਗਏ ਨੇ ਸ਼ਾਇਦ। ਉਹ ਹਿਸਾਬ ਲਾਉਂਦਾ ਬੁੜਬੁੜਾਉਂਦਾ ਹੈ, 'ਸਾਢੇ ਛੇ ਜਾਗਦੀ ਹੈ...ਗਿਆਰਾਂ ਵਜੇ ਸੌਂਦੀ ਹੈ...ਇਉਂ ਬਣੇ ਸਾਢੇ ਸੋਲਾਂ ਘੰਟੇ...ਏਸ ਸਮੇਂ ਹੀ ਖਾਦੀ-ਪੀਂਦੀ ਤੇ ਨਹਾਉਂਦੀ ਹੈ...ਚਲੋ ਵਿਚੋਂ ਕੱਢੋ ਸਾਢੇ ਚਾਰ ਘੰਟੇ...ਇਸ ਹਿਸਾਬ ਨਾਲ ਇਹ ਬਾਰਾਂ ਘੰਟੇ ਤੁਰਦੀ ਹੈ ਲਗਾਤਾਰ...।'
ਉਹ ਯਾਦ ਕਰਦਾ ਹੈ, 'ਇਕ ਘੰਟੇ 'ਚ ਤੁਰਦੀ ਹੈ ਸਾਢੇ ਤਿੰਨ ਕਿਲੋਮੀਟਰ, ਤੇ ਬਾਰਾਂ ਘੰਟਿਆਂ 'ਚ ਬਿਆਲੀ ਕਿਲੋਮੀਟਰ, ਯਾਨਿ ਸਤਾਈ ਮੀਲ਼..ਸਤਾਈ ਮੀਲ ਰੋਜ਼...।"
ਉਹਦੀ ਆਵਾਜ਼ ਉਚੀ ਹੋ ਜਾਂਦੀ ਹੈ, "ਸਤਾਈ ਮੀਲ ਰੋਜ਼ ਤੁਰਦੀ ਹੈ ਉਹ...।"
ਪਲ ਦੀ ਪਲ ਉਹਨੂੰ ਉਹ ਕੁੜੀ ਦੇਸ ਦੀ ਜਨਤਾ 'ਚ ਬਦਲ ਗਈ ਜਾਪੀ।
"ਯਹ ਵਿਨੋਦ ਬਤਾ ਰਹਾ ਥਾ ਕਿ ਦੁਪਹਿਰ ਕੋ ਏਕ ਲੜਕਾ ਆ ਕਰ ਉਧਰ ਰੁਕਤਾ ਹੈ ਕੋਨੇ ਵਾਲੀ ਦੁਕਾਨ ਮੇਂ, ਔਰ 'ਸੁਪਰ ਫਾਸਟ' ਚਲ ਦੇਤੀ ਹੈ ਤਿਆਰ ਹੋ ਕਰ।"
ਪਰਸ ਰਾਮ ਨੇ ਕਿਹਾ ਤਾਂ ਕਰਨੈਲ ਨੇ ਘੂਰ ਕੇ ਵੇਖਿਆ ਉਹਦੇ ਵੱਲ। ਸੋਚਿਆ, ਇਹ ਉਹਦਾ ਜੀਉਣਾ ਔਖਾ ਕਰਨਗੇ ਹੁਣ। ਉਹਨੇ ਬਾਜ਼ਾਰੋਂ ਰੰਗ ਲਿਆਉਣੇ ਹੁੰਦੇ ਨੇ, ਫੈਕਟਰੀਓਂ ਮਾਲ ਲਿਆਉਣਾ ਹੁੰਦੈ, ਮਾਲ ਦੇਣਾ ਹੁੰਦੈ, ਇੰਨੀ ਕਰੜੀ ਮਿਹਨਤ। ਉਹਦਾ ਜੀਅ ਕੀਤਾ, ਉਹ ਵੀ ਪਿੰਡ ਚਲਾ ਜਾਵੇ...ਖੇਤੀ ਕਰੇ ਤੇ ਉਲੱਥ ਹੋ ਗਏ ਭਾਈਆਂ ਨੂੰ ਸਾਂਭੇ।
"ਅਬ ਤੋ ਇਸ ਕਾ ਕੁਛ ਕਰਨਾ ਪੜੇਗਾ।" ਗੱਲ ਪਰਸ ਰਾਮ ਦੇ ਮੂੰਹ 'ਚ ਹੀ ਸੀ ਕਿ ਉਹ ਉਚੀ ਸਾਰੀ ਬੋਲਿਆ, ਗੁੱਸੇ ਤੇ ਸਖ਼ਤੀ ਨਾਲ, "ਨਹੀਂ...ਖ਼ਬਰਦਾਰ ਜੇ ਉਧਰ ਦੇਖਿਆ ਵੀ।"
ਇਉਂ ਪਹਿਲੀ ਵਾਰ ਉਹਦਾ ਵਰਤਾਅ ਉਨ੍ਹਾਂ ਲਈ ਹੈਰਾਨੀ ਕਰਨ ਵਾਲਾ ਹੈ। ਕੋਈ ਥੱਲਿਓਂ ਬਾਪੂ ਨੂੰ ਜਗਾ ਲਿਆਇਆ। ਕਰਨੈਲ ਸੁਤਉਨੀਂਦੇ ਬਾਪੂ ਦੇ ਕੁਝ ਵੀ ਬੋਲਣ ਤੋਂ ਪਹਿਲਾਂ ਉਹਦੇ ਸਾਹਮਣੇ ਜਾ ਖੜ੍ਹਾ ਹੋਇਆ, "ਬਾਪੂ...ਉਹ ਰੋਜ਼ ਸਤਾਈ ਮੀਲ ਤੁਰਦੀ ਐ, ਪਤਾ ਨਹੀਂ ਕਿੰਨੇ ਸਾਲਾਂ ਤੋਂ, ਤੇ ਇਹ ਐਮ.ਪੀ. ਸਾਅਬ...।" ਸ਼ਬਦਾਂ ਨੂੰ ਚੱਬ ਕੇ ਬੋਲਿਆ ਉਹ, "ਇਹ ਸ਼ ਗੁਰਮੁਖ ਸਿੰਘ ਐਮ.ਪੀ.। ਇਹ ਸਾਡੇ ਪਿੰਡ ਦਾ ਮੁੱਖਾ ਜਿਹਨੂੰ ਕੁਝ ਸਾਲ ਪਹਿਲਾਂ ਰੋਟੀ ਨਹੀਂ ਸੀ ਮਿਲਦੀ ਰੱਜਵੀਂ; ਇਹਦੇ ਕਾਕੇ ਜਿਹੜੇ ਕੱਲੇ-ਕੱਲੇ ਕਾਰਾਂ ਲਈ ਫਿਰਦੇ ਨੇ, ਜੁੱਤੀ ਨਹੀਂ ਸੀ ਹੁੰਦੀ ਉਨ੍ਹਾਂ ਦੇ ਪੈਰੀਂ, ਤੇ ਉਹ, ਉਹ ਰੋਜ਼ ਸਤਾਈ ਮੀਲ ਤੁਰਦੀ ਹੈ ਬਾਪੂ...ਪਤੈ ਕੀਹਦੇ ਲਈ...?"
ਬਾਪੂ ਨੇ ਉਹਦੇ ਮੂੰਹ 'ਤੇ ਹੱਥ ਰੱਖਣਾ ਚਾਹਿਆ, ਪਰ ਹੱਥ ਹਟਾਉਂਦਾ ਉਹ ਜੋਸ਼ 'ਚ ਬੋਲੀ ਗਿਆ, "ਪਤੈ ਕੀਹਦੇ ਲਈ...ਆਵਦੇ ਲਈ ਨਹੀਂ, ਘਰਵਾਲੇ ਲਈ ਵੀ ਨਹੀਂ...ਐਮ.ਪੀ. ਸਾਹਿਬ ਲਈ...ਇਹਦੇ ਕਾਕਿਆਂ ਲਈ; ਤੇ...ਤੇ ਬਾਪੂ ਆਪਣੇ ਵਰਗੇ ਕੁੱਤਿਆਂ ਲਈ...ਰੋਜ਼ ਸਤਾਈ ਮੀਲ਼..।"

  • ਮੁੱਖ ਪੰਨਾ : ਕਹਾਣੀਆਂ, ਸੁਖਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ