Satt Khasmi (Punjabi Story) : Afzal Tauseef

ਸੱਤ ਖਸਮੀ (ਕਹਾਣੀ) : ਅਫ਼ਜ਼ਲ ਤੌਸੀਫ਼

ਉਹਦੀ ਮਾਂ ਬਹੁਤ ਬੁਰੀ ਜਨਾਨੀ ਨਹੀਂ ਸੀ ਪਰ ਕਦੀ-ਕਦੀ ਗੱਲਾਂ ਤਾਂ ਬੁਰੀਆਂ ਈ ਕਰਦੀ ਸੀ। ਇਕ ਬੁਰੀ ਗੱਲ ਤਾਂ ਇਹ ਸੀ, ਪਈ ਉਹ ਹਰ ਵੇਲੇ ਧੀ ਦਾ ਕੱਦ ਨਾਪਦੀ ਰਹਿੰਦੀ। ਦੂਜੀ ਉਹਨੂੰ ਸਲੂਣਾ ਪਾ ਕੇ ਦੇਣ ਲਈ ਸਭ ਤੋਂ ਨਿੱਕੀ ਕਟੋਰੀ ਕੱਢ ਕੇ ਲਿਆਉਂਦੀ; ਬਾਪ ਤੇ ਭਰਾਵਾਂ ਲਈ ਖੁੱਲ੍ਹੇ ਭਾਂਡੇ ਹੁੰਦੇ। ਸਾਰੀ ਹਾਂਡੀ ਲੱਦ ਦੇ ਉਨ੍ਹਾਂ ਅੱਗੇ ਰੱਖੀ ਜਾਂਦੀ। ਇੰਝ ਭਾਵੇਂ ਮਾਂ ਆਪਣੇ ਲਈ ਓਨਾ ਕੁ ਸਲੂਣਾ ਵੀ ਨਹੀਂ ਸੀ ਬਚਾਉਂਦੀ ਜਿੰਨਾ ਉਹਨੂੰ ਦਿੰਦੀ ਸੀ ਪਰ ਉਹਨੂੰ ਤਾਂ ਬੁਰਾ ਲਗਦਾ ਸੀ। ਕਿੱਦਾਂ ਲੱਗਦਾ ਸੀ ਭਲਾ? ਉਹ ਇਸ ਉਮਰੇ ਯਾਦ ਨਹੀਂ ਕਰ ਸਕਦੀ। ਗੱਲਾਂ ਉਹਨੂੰ ਸਾਰੀਆਂ ਯਾਦ ਨੇ। ਆਂਡਿਆਂ ਵਾਲੀ ਗੱਲ ਵੀ...
ਇਕ ਦਿਨ ਬੜੀ ਠੰਢ ਸੀ। ਘਰ ਵਿਚ ਪੰਜ ਆਂਡੇ ਵੀ ਹੈ ਸਨ ਪਰ ਮਾਂ ਨੇ ਚਾਰ ਈ ਉਬਾਲੇ। ਪਿਉ ਤੇ ਭਰਾਵਾਂ ਨੂੰ ਤਾਂ ਸਾਬਤਾ-ਸਾਬਤਾ ਆਂਡਾ ਦਿੱਤਾ ਪਰ ਉਹਨੂੰ ਆਪਣੇ ਆਂਡੇ ਵਿਚੋਂ ਅੱਧਾ। ਇਸੇ ਤਰ੍ਹਾਂ ਮੁਰੱਬੇ ਵਾਲੀ ਗੱਲ ਸੀ। ਭਰਿਆ ਮਰਤਬਾਨ ਮੰਜੇ ਥੱਲੇ ਪਿਆ ਸੀ। ਪਿਆਲਾ ਭਰ ਕੇ ਉਹਦੀ ਮਾਂ ਮੁਰੱਬਾ ਕੱਢਦੀ ਤਾਂ ਉਹਦੇ ਹਿੱਸੇ ਚੱਟਣ ਜੋਗਾ ਸ਼ੀਰਾ ਈ ਆਉਂਦਾ। ਉਹਨੇ ਵੀ ਬਦਲੇ ਦੀ ਚੰਗੀ ਤਰਕੀਬ ਲੱਭ ਲਈ। ਹਰ ਰੋਜ਼ ਝਾੜੂ ਦੇਣ ਲਈ ਮੰਜੇ ਹੇਠ ਵੜ ਦੇ ਕੋ ਚਾਰ ਫਾੜੀਆਂ ਕੱਢ ਕੇ ਖਾ ਜਾਂਦੀ। ਇਕ ਦਿਨ ਜਦੋਂ ਮਾਂ ਨੂੰ ਪਤਾ ਲੱਗਾ, ਬਹੁਤ ਸਾਰਾ ਮੁਰੱਬਾ ਖਾਧਾ ਜਾ ਚੁੱਕਾ ਏ, ਤਾਂ ਉਹਨੇ ਚੰਗੀ ਸੁਥਰੀ ਕੀਤੀ।
"ਚਲ ਹਊ ਬਾਲੜੀ ਏ, ਖਾ ਲਿਆ ਤਾਂ ਕੀ ਹੋਇਆ", ਬਾਪ ਨੇ ਗੱਲ ਟਾਲ ਦਿੱਤੀ ਪਰ ਮਾਂ ਕਿਵੇਂ ਟਲਣ ਦਿੰਦੀ, "ਜੇ ਇਸੇ ਤਰ੍ਹਾਂ ਖਾਂਦੀ-ਪੀਂਦੀ ਰਹੀ ਤਾਂ ਕੱਲ੍ਹ ਨੂੰ ਕੋਠੇ ਜਿੱਡੀ ਹੋ ਖਲੋਣੀ ਏ।"
ਅੱਠਾਂ-ਨੌਵਾਂ ਸਾਲਾਂ ਦੀ ਕੁੜੀ ਨੂੰ ਇਸ ਗੱਲ ਦੀ ਬਹੁਤੀ ਸਮਝ ਤਾਂ ਕਿਥੋਂ ਆਉਂਦੀ, ਫਿਰ ਵੀ ਉਹ ਸੋਚਦੀ ਰਹੀ, ਉਹ ਕਿਸੇ ਕੋਲੋਂ ਪੁਛਣਾ ਚਾਹੁੰਦੀ ਸੀ- "ਜੇ ਮੈਂ ਕੋਠੇ ਜਿੱਡੀ ਹੋ ਵੀ ਜਾਵਾਂ ਤਾਂ ਮਾਂ ਨੂੰ ਕਾਹਦਾ ਡਰ?" ਫਿਰ ਇਕ ਦਿਨ ਤਾਂ ਬਹੁਤ ਹੀ ਪੁੱਛਣ ਵਾਲੀ ਗੱਲ ਮਾਂ ਨੇ ਕਰ ਛੱਡੀ। ਉਸ ਦਿਨ ਮਾਂ ਨੂੰ ਗੁੱਸਾ ਚੜ੍ਹਾਉਣ ਵਾਲੀਆਂ ਦੋ ਗੱਲਾਂ ਅੱਗੜ-ਪਿਛੜ ਹੋ ਗਈਆਂ। ਘਰ ਵਿਚ ਚਾਹ ਦਾ ਇਕੋ-ਇਕ ਸੈੱਟ ਸੀ ਜੋ ਪ੍ਰਾਹੁਣਿਆਂ ਲਈ ਕੱਢਿਆ ਜਾਂਦਾ। ਘਰ ਦਿਆਂ ਲਈ ਤਾਂ ਕੋਝੇ ਜਿਹੇ ਚਾਰ ਮੱਘੇ ਈ ਸਨ ਜਿਨ੍ਹਾਂ ਵਿਚ ਚਾਹ ਪੀਤੀ ਜਾਂਦੀ। ਇਥੇ ਵੀ ਉਹਦਾ ਖਿਆਲ ਏ, ਘਰੋਂ ਪੰਜਾਂ ਜੀਆਂ ਲਈ ਚਾਰ ਮੱਘੇ ਹੋਣ ਦਾ ਮਤਲਬ ਏ, ਉਹਦੇ ਹਿੱਸੇ ਦਾ ਮੱਘਾ ਕੋਈ ਨਹੀਂ ਸੀ। ਉਹਨੂੰ ਕਿਸੇ ਦੇ ਜੂਠੇ ਮੱਘੇ ਵਿਚ ਚਾਹ ਮਿਲਦੀ ਸੀ। ਇੰਝ ਚਾਹ ਦੇ ਭਾਂਡੇ ਧੋਣਾ ਉਸੇ ਦੇ ਜ਼ਿੰਮੇ ਲਗਾ ਹੋਇਆ ਸੀ। ਉਸ ਦਿਨ ਕੋਈ ਮਹਿਮਾਨ ਆਏ ਤਾਂ ਬੜਾ ਸਾਂਭ ਕੇ ਰੱਖਿਆ ਹੋਇਆ ਸੈੱਟ ਕੱਢ ਕੇ ਉਨ੍ਹਾਂ ਨੂੰ ਚਾਹ ਭੇਜੀ ਗਈ। ਹਮੇਸ਼ਾਂ ਵਾਂਗ ਪਿਆਲੀਆਂ ਧੋਣ ਬੈਠੀ ਤਾਂ ਖਬਰੇ ਕਿਵੇਂ ਪਿਆਲੀ ਹੱਥੋਂ ਤਿਲਕ ਗਈ ਤਾਂ ਉਹਨੂੰ ਇੰਝ ਲੱਗਾ ਜਿਵੇਂ ਉਹਦਾ ਦਿਲ ਵੀ ਤਿਲਕ ਗਿਆ ਹੋਵੇ। ਆਪਣੇ-ਆਪ ਵਿਚ ਇਹ ਬਥੇਰੀ ਵੱਡੀ ਸਜ਼ਾ ਸੀ ਪਰ ਮਾਂ ਨੂੰ ਏਡੀ ਸਮਝ ਕਿਥੇ! ਉਹਨੇ ਆਪ ਝਿੜਕਾਂ ਦੇਣ ਤੋਂ ਅੱਡ ਬਾਪ ਕੋਲ ਸ਼ਿਕਾਇਤ ਵੀ ਲਾਈ- "ਕੁੜੀ ਦਾ ਧਿਆਨ ਕੰਮ ਵਿਚ ਨਹੀਂ। ਅੱਜ ਪਿਆਲਾ ਭੰਨਿਆ ਏ, ਕੱਲ੍ਹ ਨੂੰ ਕੁਝ ਹੋਰ...।"
ਅੱਜ ਚਾਲੀ-ਪੰਤਾਲੀ ਵਰ੍ਹੇ ਦੀ ਉਮਰ ਵਿਚ ਵੀ ਉਹ ਜਾਣਨਾ ਚਾਹੁੰਦੀ ਏ, ਉਹ ਕਿਹੜੀ ਸ਼ੈਅ ਸੀ ਜਿਹਨੂੰ ਭੱਜੀ ਪਿਆਲੀ ਪਿਛੋਂ ਉਹ ਭੰਨ ਸਕਦੀ ਸੀ। ਮਾਂ ਨੂੰ ਕਾਹਦਾ ਅੰਦੇਸ਼ਾ ਸੀ? ਉਸ ਦਿਨ ਹੋਣ ਵਾਲੀ ਦੂਜੀ ਗੱਲ ਵਿਚ ਮਾਂ ਨੇ ਖਬਰੇ ਉਹੋ ਗੱਲ ਆਖੀ ਸੀ। ਉਹ ਦੂਜੀ ਗੱਲ ਉਸ ਵੇਲੇ ਹੋਈ ਜਦੋਂ ਮਾਂ ਨੇ ਆਪਣਾ ਭਾਰਾ ਜਿਹਾ ਟਰੰਕ ਇਕ ਥਾਂ ਤੋਂ ਦੂਜੀ ਥਾਂ ਰੱਖਣਾ ਸੀ। ਮਾਂ ਬਥੇਰੀ ਵਿਆਕੁਲ ਸੀ। ਉਹਨੂੰ ਆਪਣੀ ਧੀ ਦੇ ਦਿਲ ਦੀ ਨਰਮੀ ਦਾ ਪਤਾ ਨਹੀਂ ਸੀ ਪਰ ਉਹਦੇ ਨਿੱਕੇ-ਨਿੱਕੇ ਹੱਥਾਂ ਦੀ ਕਮਜ਼ੋਰੀ ਦਾ ਵੀ ਪਤਾ ਨਹੀਂ ਸੀ। ਇਕ ਗੱਲੋਂ ਤਾਂ ਚੰਗਾ ਹੋਇਆ। ਟਰੰਕ ਛੁੱਟ ਕੇ ਡਿੱਗ ਪਿਆ। ਨਹੀਂ ਤਾਂ ਉਹਦੀਆਂ ਉਂਗਲਾਂ ਟੁੱਟ ਜਾਣੀਆਂ ਸਨ ਪਰ ਸਵਾਹ ਚੰਗਾ ਹੋਇਆ, ਟਰੰਕ ਛੁੱਟ ਕੇ ਮਾਂ ਦੇ ਪੈਰ 'ਤੇ ਲੱਗ ਗਿਆ। ਹਮੇਸ਼ਾਂ ਵਾਂਗ ਡਰ ਨਾਲ ਉਹਦਾ ਦਿਲ ਕੰਬ ਗਿਆ ਪਰ ਮਾਂ ਦੇ ਦਿਲ ਵਿਚੋਂ ਤਾਂ ਜਿਵੇਂ ਫਨੀਅਰ ਨਾਗ ਨਿਕਲ ਪਿਆ- "ਸੱਤ ਖਸਮੀ ਨਾ ਹੋਵੇ ਤਾਂ...।"
ਉਹਦਾ ਨਹੀਂ। ਇੰਝ ਮੈਨੂੰ ਉਹਦੇ ਮਸਲੇ ਦਾ ਵੀ ਪਤਾ ਸੀ। ਕਿਸੇ ਦੀ ਆਖੀ ਗੱਲ ਨਾਲ ਜਾਂ ਬਦਦੁਆ ਨਾਲ ਕੱਖ ਨਹੀਂ ਬਣਦਾ। ਬੰਦੇ ਨਾਲ ਜੋ ਕੁਝ ਹੁੰਦਾ ਏ ਜਾਂ ਨਹੀਂ ਹੁੰਦਾ, ਉਹਦੀ ਜ਼ਿੰਮੇਦਾਰੀ ਦਾ ਮਸਲਾ ਤਾਂ ਬਹੁਤ ਈ ਉਲਝਿਆ ਹੋਇਆ ਏ। ਟੁੱਟੇ ਪੱਤੇ ਵਾਂਗ ਬੰਦਾ ਹਵਾਵਾਂ ਵਿਚ ਧੱਕੇ-ਧੋੜੇ ਖਾਂਦਾ ਏ, ਕਿਸੇ ਦੀ ਬਦ-ਦੁਆ ਨਾਲ ਨਹੀਂ ਸਗੋਂ ਆਪਣੇ ਹੌਲੇ ਹੋਣ ਦੀ ਵਜ੍ਹਾ ਨਾਲ। ਕੁਝ ਇਸੇ ਤਰ੍ਹਾਂ ਦੀ ਗੱਲ ਮੈਨੂੰ ਉਦੋਂ ਵੀ ਲੱਗੀ। ਉਹ ਸਾਰੇ ਆਦਮੀ ਜੋ ਉਹਦੇ ਖਸਮ ਬਣੇ, ਮਾੜੇ ਜਿਹੇ ਸਾਥ ਲਈ, ਮਾੜੀ ਜਿਹੀ ਦਿਲਲਗੀ ਲਈ ਉਹਦੇ ਨੇੜੇ ਆਏ ਹੋਣੇ ਨੇ। ਇਸ ਤਰ੍ਹਾਂ ਉਹ ਕਹਿੰਦੀ ਏ। ਫਿਰ ਅੱਗਿਉਂ ਉਹਦੀ ਆਪਣੀ ਕਮਜ਼ੋਰੀ ਸੀ ਪਰ ਉਹਦੇ ਅੰਦਰ ਤਾਕਤ ਵੀ ਸੀ। ਇਸ ਕਮਜ਼ੋਰ ਤੇ ਤਾਕਤ ਵਿਚਕਾਰ ਜੰਗ ਕਦੀ ਖਤਮ ਨਹੀਂ ਹੋਈ। ਇਸ ਜੰਗ ਨੇ ਉਹਦਾ ਕੁਝ ਬਣਨ ਨਹੀਂ ਦਿੱਤਾ। ਜਿਥੇ ਕਿਧਰੇ ਕੋਈ ਗੱਲ ਬਣੀ, ਜੰਗ ਦੀ ਅੱਗ ਨੇ ਸਭ ਕੁਝ ਸਾੜ ਸੁਟਿਆ। ਉਹਨੇ ਉਸ ਆਦਮੀ ਦੀ ਬੇਇਜ਼ਤੀ ਕੀਤੀ, ਉਹਨੂੰ ਘਰੋਂ ਕੱਢਿਆ ਉਹ ਰਸਤਾ ਛੱਡ ਦਿੱਤਾ ਜਿਥੇ ਉਹਦੇ ਨਾਲ ਸਾਹਮਣਾ ਹੋਣ ਦਾ ਕੋਈ ਅਮਕਾਨ ਹੋ ਸਕਦਾ ਸੀ। ਫਿਰ ਵੀ ਜੇ ਕੋਈ ਲੀਚੜ ਹੋਇਆ ਰਿਹਾ ਤਾਂ ਉਹਨੇ ਮੁਕਾਬਲੇ ਉਤੇ ਕਿਸੇ ਹੋਰ ਨੂੰ ਆਉਣ ਦਿੱਤਾ। ਇਹੀ ਨਹੀਂ, ਉਹਨੇ ਬਰਾਬਰ ਦਾ ਵਰਤਾਰਾ ਵੀ ਕੀਤਾ। ਜੇ ਕਿਸੇ ਨੇ ਕੁਝ ਖਰਚ ਕੀਤਾ, ਉਹਨੇ ਆਪ ਬਹੁਤਾ ਕਰ ਦਿੱਤਾ।
ਇੰਝ ਭਾਵੇਂ ਉਹ ਸਾਰੇ ਈ ਕਿਧਰੇ ਕੰਮ ਗ਼ਾਰਤ ਹੋ ਚੁਕੇ ਨੇ ਪਰ ਉਹਨੂੰ ਪੱਕੀ ਆਸ ਏ, ਪਈ ਉਨ੍ਹਾਂ ਵਿਚੋਂ ਇਕ ਵੀ ਉਹਨੂੰ ਬੁਰਾ ਨਹੀਂ ਸਮਝਦਾ ਹੋਣਾ। ਮੈਨੂੰ ਲਗਦਾ ਏ ਨਿਰੀ ਆਸ ਦੀ ਗੱਲ ਵੀ ਨਹੀਂ ਹੋਣੀ। ਜਿਸ ਕਲਾਸ ਦੇ ਉਹ ਬੰਦੇ ਸਨ; ਕਾਗਜ਼ੀ, ਡਰੂ, ਲੋਅਰ ਮਿਡਲ ਕਲਾਸੀਏ ਬਾਬੂ ਜਾਂ ਇਸ ਤਰ੍ਹਾਂ ਦੇ; ਉਹ ਆਪ ਆਪਣੇ ਆਪ ਨੂੰ ਲੁਕਾਉਣ ਵਾਲੇ ਹੁੰਦੇ ਨੇ। ਫਿਰ ਉਹਨੇ ਕੁਝ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਸੀ, ਪਈ ਆਦਮੀ ਜਨਾਨੀ ਕੋਲੋਂ ਘ੍ਰਿਣਾ ਤਾਹੀਉਂ ਕਰਦਾ ਏ ਜਦੋਂ ਉਹਦੇ ਪਿਛੇ ਪੈ ਜਾਵੇ। ਕਦੇ ਵਿਆਹ ਦੀ ਜ਼ੰਜੀਰ ਗਲ 'ਚ ਪਾਵੇ, ਕਦੇ ਪਿਆਰ ਦਾ ਫਰਾਡ ਲਾਵੇ। ਉਹਦੀ ਇਸ ਤਰ੍ਹਾਂ ਦੀ ਗੱਲ ਨਾਲ ਮੈਂ ਹੱਕੀ-ਬੱਕੀ ਰਹਿ ਗਈ ਸਾਂ! ਵਿਆਹ ਵੀ ਨਹੀਂ! ਪਿਆਰ ਵੀ ਨਹੀਂ! ਫਿਰ ਰਿਸ਼ਤਾ ਕੀ ਹੋਇਆ? ਇੰਝ ਮੇਰੇ ਅੰਦਰ ਦਿਲ ਵਿਚ ਕਿਧਰੇ ਗੱਲ ਰੜਕਦੀ ਵੀ ਸੀ। ਰਿਸ਼ਤੇ-ਨਾਤੇ ਬੰਦੇ ਲਈ ਨਫਾ ਘੱਟ, ਨੁਕਸਾਨ ਬਹੁਤਾ ਲਿਆਏ। ਖਬਰੇ ਇਸ ਕਰ ਕੇ ਅੱਜ ਬਹੁਤ ਪੁਰਾਣਾ ਤੇ ਬਹੁਤ ਨਵਾਂ ਸਮਾਜ ਇਕੋ ਜਿਹੇ ਲਗਦੇ ਨੇ। ਉਹ ਜ਼ਮਾਨੇ ਜਦੋਂ ਹਾਲੇ ਵਿਆਹ ਤੇ ਇਸ਼ਕ ਦਾ ਕਲਚਰ ਨਹੀਂ ਸੀ ਬਣਿਆ, ਕੋਈ ਜਨਾਨੀ ਆਦਮੀ ਨੂੰ ਫਾਹੁਣ ਲਈ ਦੋਵੇਂ ਹੱਥ ਸੰਗਲ ਚੁੱਕੀ ਨਹੀਂ ਸੀ ਫਿਰਦੀ। ਇਸ ਭਾਰ ਤੋਂ ਉਹਦੇ ਮੋਢੇ ਆਜ਼ਾਦ ਸਨ। ਇਸੇ ਤਰ੍ਹਾਂ ਉਹਦਾ ਦਿਲ ਵੀ ਤੇ ਅੱਜ ਜਦੋਂ ਯੂਰਪ ਵਰਗੇ ਸਮਾਜ ਨੇ ਪੁਰਾਣੀਆਂ ਜ਼ੰਜੀਰਾਂ ਤੋੜ-ਭੰਨ ਸੁੱਟੀਆਂ, ਜਨਾਨੀ ਦੇ ਮੋਢੇ ਆਜ਼ਾਦ ਹੋ ਗਏ ਨੇ। ਉਹ ਹੋਰ ਬਥੇਰੇ ਕੰਮ ਕਰਨ ਜੋਗੀ ਹੋ ਗਈ ਏ ਪਰ ਇਹ ਜਨਾਨੀ ਜੋ ਇਕ ਬਦ-ਦੁਆ ਦੀ ਗ਼ੁਲਾਮ ਹੋਈ ਬੈਠੀ ਏ, ਫਿਰ ਵੀ ਮਰਦ ਕੋਲੋਂ ਆਜ਼ਾਦ ਰਹਿਣਾ ਚਾਹੁੰਦੀ ਏ। ਇਹਨੂੰ ਕੋਈ ਕਿੱਧਰ ਰੱਖ ਕੇ ਤੋਲੇ?
ਥੋੜ੍ਹੀ ਦੇਰ ਲਈ ਅਸੀਂ ਦੋਵੇਂ ਸੋਚੀਂ ਪੈ ਗਈਆਂ। ਫਿਰ ਉਹਨੇ ਅੱਖ ਚੁੱਕ ਕੇ ਮੇਰੇ ਵੱਲ ਦੇਖਿਆ- "ਹੋਰ ਚਾਹ?" "ਨਹੀਂ ਬੱਸ!" ਮੈਂ ਜਵਾਬ ਦਿੱਤਾ ਪਰ ਮੇਰੇ ਅੰਦਰ ਉਠਦੇ ਸਵਾਲਾਂ ਦੀ ਬਸ ਬਿਲਕੁਲ ਨਹੀਂ ਸੀ ਹੋਈ। ਉਹਨੇ ਭਾਵੇਂ ਦੂਜੀ ਵਾਰੀ ਚਾਹ ਪੁੱਛ ਕੇ ਛੁੱਟੀ ਦਾ ਅਲਾਰਮ ਵਜਾ ਦਿੱਤਾ ਸੀ ਪਰ ਮੈਨੂੰ ਲਗਦਾ ਸੀ, ਇਸ ਤਰ੍ਹਾਂ ਦੇ ਮਸਲੇ ਉਤੇ ਵਿਚਾਰ ਸਾਂਝੇ ਕਰਨ ਲਈ ਮੈਨੂੰ ਕਦੇ ਵੀ ਕੋਈ ਅਜਿਹਾ ਬੰਦਾ ਨਹੀਂ ਸੀ ਮਿਲਣਾ। ਆਦਮੀਆਂ ਕੋਲੋਂ ਮੈਂ ਆਪੇ ਝਕਦੀ ਰਹਿੰਦੀ ਹਾਂ। ਇੰਝ ਵੀ ਮੈਨੂੰ ਪਤਾ ਏ ਉਹ ਏਡੀ ਡੂੰਘੀ ਸੋਚ ਦੇ ਮਾਲਕ ਨਹੀਂ ਹੁੰਦੇ। ਜਨਾਨੀ ਦੇ ਤਜਰਬੇ ਨੂੰ ਸਮਝਣ ਲਈ ਤਾਂ ਕਈ ਜਨਮ ਵੀ ਲੈਣ ਤਾਂ ਵੀ ਬਣਨਾ ਕੁਝ ਨਹੀਂ। ਔਰਤਾਂ ਆਪਣੇ ਖਾਸ ਮਸਲਿਆਂ 'ਤੇ ਗੱਲ ਨਹੀਂ ਕਰਦੀਆਂ। ਬਹੁਤਾ ਹੋਇਆ ਤਾਂ ਓਪਰੀ ਜਿਹੀ ਵਾਰਦਾਤ ਨੂੰ ਲਫਜ਼ ਦੇ ਦਿੱਤੇ। ਕਦੇ ਦੁੱਖ ਬਣਾ ਕੇ, ਕਦੇ ਖਾਹਸ਼ ਦੇ ਰੰਗ ਵਿਚ ਰੰਗ ਕੇ ਗੱਲ ਨਹੀਂ ਬਣਦੀ। ਬੜਾ ਈ ਸੋਚ-ਸਮਝ ਕੇ ਮੈਂ ਪੁੱਛਿਆ-
"ਹੁਣ ਕਿਸ ਤਰ੍ਹਾਂ ਗੁਜ਼ਰ ਰਹੀ ਏ?"
"ਵੇਲੇ ਦੀ ਗੱਡੀ ਕਿ ਮੇਰੀ ਨਬਜ਼? ਫਿਲਹਾਲ ਤਾਂ ਦੋਵੇਂ ਚੱਲ ਰਹੀਆਂ ਨੇ", ਉਹ ਹੱਸ ਪਈ।
"ਮੇਰਾ ਮਤਲਬ ਸੀ... ।"
"ਮੈਂ ਸਮਝਦੀ ਹਾਂ!" ਉਹਨੇ ਮੇਰੀ ਗੱਲ ਕੱਟ ਕੇ ਆਪਣੇ ਹੱਥ ਵਿਚ ਲੈ ਲਈ, "ਤੁਹਾਡੇ ਪੁੱਛਣ ਦਾ ਮਤਲਬ ਏ, ਉਨ੍ਹਾਂ ਸੱਤਾਂ ਤੋਂ ਬਾਅਦ ਕੋਈ ਅੱਠਵਾਂ ਹੈ ਮੇਰੀ ਜ਼ਿੰਦਗੀ ਵਿਚ?" ਮੇਰਾ ਮਤਲਬ ਸ਼ਾਇਦ ਇਹੋ ਸੀ ਪਰ ਮੈਂ ਏਡੇ ਬੇਢੱਬੇ ਤਰੀਕੇ ਨਾਲ ਨਹੀਂ ਸੀ ਪੁੱਛਣਾ। ਅਸਲ ਵਿਚ ਉਹ ਬੜੀ ਵੱਖਰੀ ਟਾਈਪ ਦੀ ਜਨਾਨੀ ਸੀ। ਮੁਹੱਜ਼ਬ ਹੋਣ ਦੀ ਹਿਪੋਕਰੇਸੀ ਨੂੰ ਚੰਗਾ ਨਹੀਂ ਸੀ ਜਾਣਦੀ। ਉਹਨੇ ਬੜੀ ਜੁਰਅਤ ਨਾਲ ਮੇਰਾ ਸਵਾਲ ਬੁੱਝ ਵੀ ਲਿਆ, ਜਵਾਬ ਵੀ ਦਿੱਤਾ। ਆਖਣ ਲੱਗੀ,
"ਹੁਣ ਮੈਂ ਇਸ ਬਖੇੜੇ ਤੋਂ ਆਜ਼ਾਦ ਹਾਂ ਤੇ ਆਜ਼ਾਦ ਰਹਿਣ ਦਾ ਇਰਾਦਾ ਵੀ ਕੱਚਾ ਨਹੀਂ।"
ਮੈਂ ਉਹਦੇ ਚਿਹਰੇ 'ਤੇ ਨਜ਼ਰ ਮਾਰੀ। ਜਵਾਨ, ਚੰਗੀ ਸ਼ਕਲ ਦੀ ਤੰਦਰੁਸਤ ਜਨਾਨੀ ਮੇਰੇ ਸਾਹਮਣੇ ਬੈਠੀ ਸੀ। ਚਾਲੀ ਤੋਂ ਥੱਲ੍ਹੇ ਈ ਹੋਣੀ ਏ। ਕਿਸਰਾਂ ਹੋ ਸਕਦਾ ਏ? ਉਹਨੇ ਖਬਰੇ ਮੇਰਾ ਸਵਾਲ ਸਮਝ ਲਿਆ। ਆਖਣ ਲੱਗੀ, "ਆਹੋ, ਜੋ ਹੋਣਾ ਸੀ ਹੋ ਚੁੱਕਿਆ। ਹੁਣ ਅੱਗਿਉਂ ਮੈਂ ਇਸ ਮਖਲੂਕ ਤੋਂ ਦੂਰ ਈ ਰਹਿਣਾ ਏ। ਆਪਣੀ ਦੁਨੀਆਂ ਚਹੁੰ ਕੰਧਾਂ ਵਿਚਕਾਰ ਘੇਰ ਕੇ ਬੂਹਾ ਬੰਦ ਕਰ ਛੱਡਣਾ ਏ। ਕਿਸੇ ਕੁੱਤੇ-ਬਿੱਲੀ ਦਾ ਦਾਖਲਾ ਅੰਦਰ ਨਹੀਂ ਹੋਣ ਦੇਣਾ।"
"ਅੱਛਾ ਕਦੋਂ ਤੋੜੀ...?" ਮੈਂ ਪੁੱਛਿਆ।
"ਟਿਲ ਦਾ ਲਾਸਟ", ਉਹਨੇ ਜਵਾਬ ਦਿੱਤਾ।
"ਆਈ ਵਿਸ਼ ਯੂਅਰ ਸਕਸੈਸ।" ਮੈਂ ਉਹਨੂੰ ਦੁਆ ਦਿੱਤੀ।
ਇਸ ਗੱਲ ਨੂੰ ਕਈ ਸਾਲ ਲੰਘ ਗਏ। ਮੈਨੂੰ ਉਹ ਕਦੇ ਵੀ ਯਾਦ ਨਾ ਆਈ। ਮੇਰਾ ਘਰ ਵੀ ਉਹਦੇ ਘਰ ਤੋਂ ਦੂਰ ਹੋ ਗਿਆ ਸੀ। ਥਾਂ ਉਹਨੇ ਈ ਬਦਲੀ ਸੀ। ਕਦੇ ਕੁਝ ਸੁਣਿਆ ਵੀ ਨਾ। ਫਿਰ ਇਕ ਦਿਨ, ਜ਼ਮਾਨੇ ਪਿਛੋਂ ਮੈਂ ਅਨਾਰਕਲੀ ਗਈ। ਪੁਰਾਣੀਆਂ ਯਾਦਾਂ, ਕਈ ਪੁਰਾਣੇ ਲੋਕੀਂ ਵੀ ਮਿਲ ਪਏ। ਅਜੇ ਸੂਰਜ ਛਿਪਿਆ ਨਹੀਂ। ਜਾਣ-ਪਛਾਣ ਦੇ ਲੋਕ ਹੈ ਨੇ। ਮੇਰੇ ਦਿਲ ਨੂੰ ਤਸੱਲੀ ਜਿਹੀ ਹੋਈ। ਅੱਜ ਕੱਲ੍ਹ ਜ਼ਿੰਦਗੀ ਮੈਨੂੰ ਬੇਇਤਬਾਰੀ ਲੱਗਣ ਲਗ ਪਈ ਏ ਨਾ! ਮੁੜਦੀ ਵਾਰੀ ਉਹ ਮਿਲ ਪਈ। ਸਾਹਮਣੇ ਤੋਂ ਆ ਰਹੀ ਸੀ। ਚੰਗੀ ਸਜੀ-ਬਣੀ ਹੋਈ ਸੀ। ਨਾਲ ਕੋਈ ਬੰਦਾ। ਦੋਵੇਂ ਦੁਨੀਆਂ ਤੋਂ ਬੇਖਬਰ ਗੱਲਾਂ ਕਰਦੇ ਆ ਰਹੇ ਸਨ। ਮੇਰੇ ਐਨ ਸਾਹਮਣੇ ਆ ਕੇ ਉਹਨੇ ਅੱਖ ਚੁੱਕੀ। ਇਕ ਦਮ ਜੱਫੀ ਪਾ ਲਈ। ਉਹ ਜਿਵੇਂ ਕੁਝ ਘਾਬਰ ਕੇ ਇਉਂ ਕਰ ਰਹੀ ਸੀ। ਫਿਰ ਛੇਤੀ ਨਾਲ ਬੰਦੇ ਨੂੰ ਕਹਿਣ ਲੱਗੀ, "ਜੂਸ ਲੈ ਕੇ ਆਓ ਛੇਤੀ।"
"ਜੂਸ ਰਸਤੇ ਵਿਚ?" ਮੈਂ ਉਹਨੂੰ ਡਕਦੀ ਰਹਿ ਗਈ ਪਰ ਉਹ ਚਲਾ ਗਿਆ। ਉਹਦੇ ਜਾਂਦੇ ਅੱਖ ਮਾਰ ਕੇ ਆਖਣ ਲੱਗੀ- "ਜ਼ਰਾ ਮਗਰੋਂ ਲਾਹਿਆ ਏ, ਗੱਲ ਤਾਂ ਕਰੀਏ। ਇਹ ਰਜ਼ੀ ਏ, ਦੋ ਸਾਲ ਹੋਏ ਮਿਲਿਆ ਸੀ। ਅਸੀਂ 'ਕੱਠੇ ਰਹਿੰਦੇ ਪਏ ਆਂ। ਬੜਾ ਈ ਚੰਗਾ ਏ। ਬੜਾ ਈ... ।"
"ਅੱਛਾ!" ਮੈਂ ਉਹਦੀਆਂ ਅੱਖਾਂ ਵਿਚ ਦੇਖਿਆ- "ਉਸ ਬੰਦ ਦਰਵਾਜ਼ੇ ਦਾ ਕੀ ਬਣਿਆ ਜੋ ਕੁੱਤਿਆਂ-ਬਿੱਲੀਆਂ ਲਈ ਪੱਕਾ ਬੰਦ ਕੀਤਾ ਸੀ?"
ਉਹ ਹੱਸ ਪਈ- "ਇਹ ਬੰਦੇ ਦਾ ਪੁੱਤਰ ਏ। ਮੇਰਾ ਦੋਸਤ ਏ। ਅਸਾਂ ਵਿਆਹ ਨਹੀਂ ਕੀਤਾ ਪਰ ਦੁਨੀਆਂ ਵਾਸਤੇ ਮੀਆਂ-ਬੀਵੀ ਹਾਂ।" ਉਹ ਇਕ ਦਮ ਚੁੱਪ ਕਰ ਗਈ। ਬੰਦੇ ਦਾ ਪੁੱਤਰ ਜੂਸ ਲੈ ਕੇ ਆ ਗਿਆ ਸੀ। ਮੈਨੂੰ ਭੀੜ ਵਿਚ ਖਲੋਣਾ ਚੰਗਾ ਨਹੀਂ ਸੀ ਲੱਗ ਰਿਹਾ। ਮੇਰਾ ਟੈਲੀਫੋਨ ਨੰਬਰ ਉਹਨੇ ਆਪਣੀ ਤਲੀ 'ਤੇ ਲਿਖ ਲਿਆ।
ਉਸ ਵੇਲੇ ਉਹਨੂੰ ਇਸ ਗੱਲ ਦੀ ਸਮਝ ਬਿਲਕੁਲ ਨਹੀਂ ਸੀ ਆਈ। ਫਿਰ ਵੀ ਉਹਨੂੰ ਪਤਾ ਜ਼ਰੂਰ ਸੀ ਪਈ ਕੋਈ ਬਹੁਤੀ ਭੈੜੀ ਗੱਲ ਮਾਂ ਦੇ ਮੂੰਹੋਂ ਨਿਕਲੀ ਏ। ਉਸ ਦਿਨ ਉਹਦੇ ਦਿਲ ਨੇ ਮਾਂ ਕੋਲੋਂ ਨਫਰਤ ਦਾ ਪਹਿਲਾ ਤਜਰਬਾ ਵੀ ਕੀਤਾ। ਇਹ ਤਜਰਬਾ ਹੋਰ ਤਰ੍ਹਾਂ ਦਾ ਸੀ। ਇੰਝ ਤਾਂ ਆਂਡੇ ਵਾਲੀ ਗੱਲ ਵੀ ਬੁਰੀ ਸੀ, ਛੋਲਿਆਂ ਵਾਲੀ ਵੀ ਕਦੋਂ ਚੰਗੀ ਸੀ! ਚੌਲਾਂ ਵਿਚ ਪਾਵਣ ਲਈ ਖਬਰੇ ਕਾਹਦੇ ਲਈ ਉਬਾਲ ਕੇ ਰੱਖੇ ਹੋਏ ਛੋਲਿਆਂ ਵਿਚੋਂ ਉਹਨੇ ਅੱਧੇ ਕੁ ਛਕ ਲਏ ਸਨ। ਭੁੱਖ ਬੜੀ ਲੱਗੀ ਹੋਈ ਸੀ। ਨਾਲੇ ਲੂਣ ਲਾ ਕੇ ਛੋਲੇ ਸਵਾਦੀ ਵੀ ਬੜੇ ਲੱਗੇ। ਇਹ ਗੱਲ ਸੁਣ ਕੇ ਅੱਬਾ ਜੀ ਤਾਂ ਹੱਸ ਪਏ ਸਨ ਪਰ ਮਾਂ ਨੇ ਚੰਗਾ ਕਲੇਸ਼ ਕੀਤਾ।
ਅੱਜ ਉਹਨੂੰ ਸਾਰੀਆਂ ਗੱਲਾਂ ਹਾਸੇ ਵਾਲੀਆਂ ਲਗਦੀਆਂ ਪਰ ਉਹ ਸੱਤ ਖਸਮੀ ਉਹਦੇ ਜੀਵਨ ਦਾ ਕਿੱਡਾ ਕੌੜਾ ਸੱਚ ਬਣ ਚੁੱਕਾ ਏ। ਮਾਂ ਮੋਈ ਨੂੰ ਬੜੇ ਦਿਨ ਹੋ ਗਏ। ਉਹਦੀ ਉਮਰ ਵੀਹ-ਬਾਈ ਵਰ੍ਹੇ ਹੋ ਚੁੱਕੀ ਸੀ। ਮੰਗਣੀ ਨਾ ਵਿਆਹ ਪਰ ਮਾਂ ਦੇ ਮਰਨ ਪਿਛੋਂ ਖਬਰੇ ਕੀ ਹੋਇਆ, ਉਹਨੇ ਆਪੇ ਕਿਸੇ ਨਾਲ ਵਿਆਹ ਕਰ ਲਿਆ। ਬੜਾ ਈ ਨਿਕੰਮਾ ਬੰਦਾ ਸੀ। ਅੱਜ ਉਹ ਯਾਦ ਕਰਦੀ ਏ ਤਾਂ ਕੋਤਰ ਸੌ ਬਿਮਾਰੀਆਂ ਲਗੀਆਂ ਹੋਈਆਂ ਸਨ ਉਹਨੂੰ। "ਫਿਰ ਵੀ ਉਹ ਚੰਗਾ ਸੀ" ਕਿਉਂ ਜੋ ਉਹਦੇ ਨਾਲ ਜੁੜੀ ਹੋਈ ਕੋਈ ਹੋਰ ਜਨਾਨੀ ਨਹੀਂ ਸੀ। ਉਹਨੂੰ ਪਤਾ ਵੀ ਕੱਖ ਨਹੀਂ ਸੀ ਲਗਦਾ, ਉਹ ਕਿੰਝ ਕਰਦੀ ਏ, ਕੀ ਕਰਦੀ ਏ ਪਰ ਉਹਨੇ ਆਪੇ ਵਫਾਦਾਰੀ ਪਾਲ ਲਈ ਹੋਈ ਸੀ। ਕਈ ਸਾਲ ਕੋਸ਼ਿਸ਼ ਕੀਤੀ ਕਿ ਉਹ ਠੀਕ ਹੋ ਜਾਵੇ। ਆਪਣੇ ਪੈਸੇ ਨਾਲ ਡਾਕਟਰਾਂ, ਹਕੀਮਾਂ ਕੋਲ ਵੀ ਲੈ ਕੇ ਜਾਂਦੀ ਰਹੀ। ਕਿਸੇ ਹੱਦ ਤਾਈਂ ਉਹ ਠੀਕ ਹੋ ਵੀ ਗਿਆ ਪਰ ਇਕ ਪਾਸਿਉਂ ਠੀਕ ਹੋ ਕੇ ਦੂਜੇ ਪਾਸਿਉਂ ਖਰਾਬ ਹੋ ਗਿਆ। ਉਹ ਜ਼ਹਿਨੀ ਤੌਰ 'ਤੇ ਬਿਮਾਰ ਹੋ ਚੁੱਕਾ ਸੀ। ਉਹਨੇ ਇਕ ਪੀਰ ਵੀ ਦੜ ਲਿਆ। ਉਹ ਪੀਰ ਮੁੰਡੇ-ਪਾਲ ਸੀ। ਆਪਣੇ ਮੁਰੀਦਾਂ ਦੀਆਂ ਕਮਜ਼ੋਰੀਆਂ ਭਾਲ ਲੈਂਦਾ। ਅਕੀਦਾ ਪੱਕਾ ਹੁੰਦੇ ਸਾਰ ਉਹ ਆਪਣਾ ਕੰਮ ਸ਼ੁਰੂ ਕਰਦਾ। ਪਤਾ ਨਹੀਂ ਉਸ ਪੀਰ ਨੂੰ ਜਨਾਨੀਆਂ ਨਾਲ ਕੀ ਵੈਰ ਸੀ! ਇਸ ਜ਼ਾਤ ਤੋਂ ਈ ਨਫਰਤ ਕਰਦਾ ਸੀ। ਆਪਣੇ ਹਰ ਮੁਰੀਦ ਨੂੰ ਜਨਾਨੀ ਦੇ ਖਿਲਾਫ ਕਰਨ ਲਈ ਉਹ ਦੋ ਤਰੀਕੇ ਅਖਤਿਆਰ ਕਰਦਾ। ਇਕ ਤਾਂ ਆਮ ਗੱਲ ਕਰਦਾ। ਜਨਾਨਾ ਜ਼ਾਤ ਬਾਰੇ, ਉਹਦੇ ਛਲ-ਕਪਟ ਤੇ ਭੈੜ ਵਾਲੀ ਫਿਤਰਤ ਬਾਰੇ ਉਹਨੇ ਬਥੇਰਾ ਕੁਝ ਆਪੇ ਘੜ ਕੇ ਰਖਿਆ ਹੋਇਆ ਸੀ। ਬੈਠੇ-ਬੈਠੇ ਕਹਾਣੀਆਂ ਕਿੱਸੇ ਬਣਾ ਲੈਂਦਾ। ਜੰਮ ਕੇ ਸੁਣਾਉਂਦਾ। ਦੂਜੇ ਉਹ ਕਿਸੇ ਵੀ ਜਨਾਨੀ ਦੀ ਜ਼ਾਤ ਵਾਸਤੇ ਅਜ਼ਲ ਵਸੋਵੇ ਵਾਲੀਆਂ ਗੱਲਾਂ ਫੁਲਝੜੀਆਂ ਬਣਾ ਕੇ ਛੱਡੀ ਜਾਂਦਾ; ਉਸ ਵੇਲੇ ਤਾਈਂ ਜਦੋਂ ਤਾਈਂ ਦੋਹਾਂ ਵਿਚਕਾਰ ਜ਼ਹਿਰ ਦੀ ਖਾਲ ਪੈਦਾ ਹੋ ਜਾਵੇ। ਜ਼ਹਿਰ ਦੀ ਖਾਲ ਬਥੇਰਿਆਂ ਵਿਚਕਾਰ ਪੈਦਾ ਹੋ ਚੁੱਕੀ ਸੀ।
ਉਸ ਪੀਰ ਦੀ ਸੁਹਬਤ ਨਾਲ, ਜਾਂ ਖਬਰੇ ਉਹ ਆਪ ਈ ਮਾੜੇ ਮਾਦੇ ਦਾ ਬਣਿਆ ਹੋਇਆ ਸੀ, ਉਹ ਜ਼ਹਿਨੀ ਤੌਰ 'ਤੇ ਕੁਰੱਪਟ ਹੋ ਗਿਆ। "ਕਿਸ ਤਰ੍ਹਾਂ?" ਮੈਂ ਉਹਦੇ ਕੋਲੋਂ ਪੁੱਛਿਆ ਤਾਂ ਉਹ ਚੰਗੀ ਤਰ੍ਹਾਂ ਦੱਸ ਨਾ ਸਕੀ। ਫਿਰ ਵੀ ਜਿੰਨਾ ਕੁ ਉਹਨੇ ਦੱਸਿਆ- ਪਈ ਉਹ ਭੈੜੀਆਂ, ਬਹੁਤ ਭੈੜੀਆਂ ਗੱਲਾਂ ਉਹਦੇ ਨਾਲ ਦਿਨ-ਰਾਤ ਕਰਦਾ ਸੀ।"
"ਕਿਸ ਤਰ੍ਹਾਂ ਦੀਆਂ ਗੱਲਾਂ? ਕੁਝ ਦੱਸ ਤਾਂ ਸਹੀ!"
"ਬਸ ਤੂੰ ਇੰਝ ਸਮਝ ਲੈ, ਉਹ ਮੈਨੂੰ ਰੋਜ਼ ਈ ‘ਸੱਤ ਖਸਮੀ’ ਕਹਿੰਦਾ ਸੀ।"
"ਫਿਰ ਕੀ ਹੋਇਆ, ਤੂੰ ਹੁਣ ਅਜਿਹੀਆਂ ਗੱਲਾਂ ਸਹਿ ਜਾਣ ਨਾਲ ਵੱਡੀ ਨਹੀਂ ਹੋ ਗਈ ਸੈਂ?"
"ਨਹੀਂ, ਮੈਂ ਅੱਜ ਵੀ ਕਈਆਂ ਗੱਲਾਂ ਵਿਚ ਕੱਚੀ ਉਮਰ ਦੀ ਕੁੜੀ ਆਂ। ਅੱਜ ਵੀ ਮੈਨੂੰ ਕੋਈ ਸੱਤ ਖਸਮੀ ਕਹੇ ਤਾਂ ਉਸੇ ਤਰ੍ਹਾਂ ਸੇਕ ਲਗਦਾ ਏ ਜਿਸ ਤਰ੍ਹਾਂ ਪਹਿਲੀ ਵਾਰ ਮਾਂ ਦੇ ਕਹਿਣ ਨਾਲ ਲੱਗਾ ਸੀ। ਉਦੋਂ ਮੈਨੂੰ ਗੱਲ ਦੇ ਮਤਲਬ ਦਾ ਕੋਈ ਥਹੁ-ਪਤਾ ਨਹੀਂ ਸੀ। ਅੱਜ ਜਾਣਦੀ ਹਾਂ ਪਰ ਅੱਜ ਵੀ ਇਸ ਗੱਲ ਨਾਲ ਐਨਾਲਾਇਜ਼ ਨਹੀਂ ਕਰ ਸਕਦੀ। ਇਹ ਮਾਪੇ ਕੁੜੀ ਲਈ ਖਸਮ ਲਭਦੇ ਝੱਲੇ-ਪਾਗਲ ਹੋਏ ਰਹਿੰਦੇ ਨੇ, ਖੁਸ਼ਾਮਦਾਂ ਕਰਦੇ, ਦਾਜ-ਦਹੇਜ ਦੇ ਕੇ ਅਗਲਿਆਂ ਦੇ ਹੱਥ ਫੜਾਉਂਦੇ ਨੇ, ਪਰ ਅਗਲੇ ਕਦਰ ਨਹੀਂ ਪਾਉਂਦੇ। ਜੇ ਕੁੜੀ ਆਪ ਕਿਧਰੇ ਦਿਲ ਲਾ ਲਵੇ ਤਾਂ ਗਾਲ੍ਹ। ਬਹੁਤ ਈ ਗੰਦੀ ਗਾਲ੍ਹ ਬਣ ਜਾਂਦੀ ਏ। ਕਿੱਡਾ ਫਰਕ ਏ ਵਿਆਹ ਹੋਣ ਵਿਚ ਤੇ ਖਸਮ ਕਰਨ ਵਿਚ। ਆਪਣੀ ਮਨ ਮਰਜ਼ੀ ਵਾਲੇ ਨੂੰ ਕੇਹੇ ਖਿਤਾਬ ਦਿੱਤੇ ਜਾਂਦੇ ਨੇ... ਦੁਲ੍ਹਾ ਰਾਜਾ, ਪ੍ਰਾਹੁਣਾ ਲਾੜਾ; ਪਰ ਜੇ ਕੋਈ ਆਪਣੀ ਮਨ ਮਰਜ਼ੀ ਦਾ ਨਾ ਹੋਵੇ ਤਾਂ ‘ਖਸਮ'।"
ਉਹਦੇ ਵਾਰ-ਵਾਰ ‘ਖਸਮ' ਕਹਿਣ ਤੋਂ ਮੈਨੂੰ ਲੱਗਾ ਇਹ ਲਫਜ਼ ਏਡਾ ਮਾੜਾ ਵੀ ਤੇ ਨਹੀਂ ਪਰ ਹੈ ਵੀ। ਫਾਰਸੀ ਵਿਚ ਤਾਂ ਖਸਮ ਦਾ ਮਤਲਬ ਦੁਸ਼ਮਣ ਹੁੰਦਾ ਏ। ਪੰਜਾਬੀ ਵਿਚ ਆ ਕੇ ‘ਦੁਸ਼ਮਣ’ ‘ਮਾਲਕ' ਬਣ ਜਾਂਦਾ ਹੈ। ਮਾਲਕ ਤੇ ਦੁਸ਼ਮਣ ਦੋਵੇਂ ਇਕ ਵੀ ਹੋ ਸਕਦੇ ਨੇ... ਨਹੀਂ? ਉਹ ਹੱਸ ਪਈ। ਇਥੇ ਆ ਕੇ ਗੱਲ ਮੁੱਕ ਸਕਦੀ ਸੀ ਪਰ ਮੈਂ ਅਜੇ ਮੁੱਕਣ ਨਹੀਂ ਦੇਣਾ ਚਾਹੁੰਦੀ ਸਾਂ। ਹਾਲੇ ਤਾਂ ਬਥੇਰਾ ਕੁਝ ਰਹਿੰਦਾ ਸੀ। ਉਹ ਭਾਵੇਂ ਨਾ ਦੱਸਣਾ ਚਾਹੁੰਦੀ ਪਰ ਮੈਂ ਜਾਣਨਾ ਜ਼ਰੂਰ ਚਾਹੁੰਦੀ ਸਾਂ। ਉਹਦੇ ਬਾਕੀ ਰਹਿੰਦੇ ਖਸਮ। ਪੂਰੇ ਛੇ। ਕਿਵੇਂ ਆਏ ਤੇ ਕਿਵੇਂ ਗਏ? ਛੇ ਕਹਾਣੀਆਂ ਭਾਵੇਂ ਅਧੂਰੀਆਂ ਹੀ ਹੋਣ।
"ਅੱਛਾ, ਫਿਰ ਉਹ ਬਦ-ਦੁਆ ਪੂਰੀ ਕਿਵੇਂ ਹੋਈ?" ਮੈਂ ਉਹਦੇ ਹੱਥ ਉਤੇ ਹੱਥ ਰੱਖ ਕੇ ਬੜੇ ਦੁਲਾਰ ਨਾਲ ਪੁੱਛਿਆ, "ਤੂੰ ਕਹਾਣੀਆਂ ਲਿਖਦੀ ਏਂ ਨਾ? ਸਮਝ ਗਈ, ਕਹਾਣੀ ਕਢਵਾਣ ਦੇ ਚੱਕਰ ਵਿਚ ਹੋਵੇਂਗੀ? ਹੈ ਨਾ!" ਉਹਨੇ ਮੇਰੇ ਵਲ ਵੇਖਿਆ, "ਨਹੀਂ, ਕਢਵਾ ਕੇ ਲਿਖੀ ਹੋਈ ਕਹਾਣੀ ਵੀ ਕੋਈ ਕਹਾਣੀ ਹੋਈ। ਪੁਲਿਸ ਰਿਪੋਰਟ ਵਿਚ ਤੇ ਕਹਾਣੀ ਵਿਚ ਫਰਕ ਹੋਣਾ ਚਾਹੀਦਾ ਏ। ਇੰਝ ਦੀ ਗੱਲ ਤਾਂ ਤੂੰ ਆਪੇ ਛੋਹੀ ਸੀ।"
ਉਹਨੇ ਮੰਨਿਆ। ਆਪਣੇ ਮਾਜ਼ੀ ਕੋਲੋਂ ਪਿੱਛਾ ਛੁਡਾਉਣ ਲਈ ਉਹ ਅੰਦਰ ਦਾ ਜਮਾ ਬਾਹਰ ਕੱਢ ਸੁੱਟਣਾ ਚਾਹੁੰਦੀ ਏ। ਕਈ ਵਾਰੀ ਕੰਧਾਂ ਨਾਲ ਗੱਲਾਂ ਵੀ ਕਰਦੀ ਰਹਿੰਦੀ ਏ ਪਰ ਕੰਧਾਂ ਦੇ ਕੰਨ ਵੀ ਤਾਂ ਹੁੰਦੇ ਨੇ। ਕੰਧ-ਲਿਖਤ ਦੀਆਂ ਕਹਾਣੀਆਂ ਵੀ ਘੱਟ ਨਹੀਂ ਬਣਦੀਆਂ ਪਰ ਕਹਾਣੀ ਤਾਂ ਮੇਰਾ ਮਸਲਾ ਸੀ, ਕੋਈ ਮਹੀਨੇ ਪਿਛੋਂ ਉਹਦਾ ਫੋਨ ਆਇਆ, "ਤੁਸੀਂ ਆਪਣਾ ਪਤਾ ਦਸੋ, ਮੈਂ ਮਿਲਣ ਆਉਣਾ ਚਾਹੁੰਦੀਆਂ।"
ਬੜੇ ਦਿਨ ਲੰਘ ਗਏ ਪਰ ਉਹ ਨਾ ਆਈ, ਨਾ ਮਿਲੀ। ਫਿਰ ਇਕ ਦਿਨ ਅਚਨਚੇਤੀ ਸਾਹਮਣੇ ਆ ਗਈ, "ਮੈਂ ਤੁਹਾਡੇ ਵੱਲ ਆਉਣਾ ਸੀ ਪਰ ਸ਼ਰਮ ਆਉਂਦੀ ਸੀ।"
"ਸ਼ਰਮ? ਮੈਥੋਂ? ਪਰ ਕਾਹਤੇ?" ਮੈਂ ਪੁੱਛਿਆ ਤਾਂ ਆਖਣ ਲਗੀ,
"ਗੱਲ ਈ ਅਜਿਹੀ ਸੀ ਪਰ ਤੁਹਾਨੂੰ ਦੱਸਣੀ ਵੀ ਜ਼ਰੂਰੀ ਏ।"
ਮੈਨੂੰ ਲਗਾ ਉਹਨੂੰ ਮਾੜੇ ਜਿਹੇ ਦਿਲਾਸੇ ਦੀ ਲੋੜ ਏ।
"ਚੱਲ ਆ ਘਰ ਚਲੀਏ।" ਮੈਂ ਉਹਦੇ ਮੋਢੇ 'ਤੇ ਹੱਥ ਰੱਖ ਦਿੱਤਾ। ਘਰ ਆ ਕੇ ਵੀ ਉਹ ਰੋਣਹਾਕੀ ਹੋਈ ਮੇਰੇ ਅੱਗੇ ਬੈਠੀ ਰਹੀ। ਮੈਂ ਚਾਹ ਦੀ ਪਿਆਲੀ ਉਹਦੇ ਹੱਥ ਫੜਾ ਕੇ ਉਹਨੂੰ ਮਾੜਾ ਜਿਹਾ ਛੇੜਿਆ- "ਉਸ ਦਿਨ ਵਾਲਾ ਜੂਸ ਤੂੰ ਆਫਰ ਈ ਨਾ ਕੀਤਾ। ਉਹ ਵਿਚਾਰਾ ਬੰਦੇ ਦਾ ਸੱਤ ਖਸਮੀ ਪੁੱਤਰ ਲੈ ਕੇ ਆਇਆ ਤਾਂ ਤੈਨੂੰ ਅਗਾਂਹ ਜਾਣ ਦੀ ਜਲਦੀ ਪੈ ਗਈ।"
"ਹਾਂ ਉਹ। ਮੈਨੂੰ ਪਤਾ ਸੀ ਤੁਸੀਂ ਰਸਤੇ 'ਚ ਖਲੋ ਕੇ ਜੂਸ ਪੀਣਾ ਠੀਕ ਨਹੀਂ ਸਮਝਦੇ।"
ਉਹਦੀਆਂ ਅੱਖਾਂ 'ਚ ਦੋ ਅੱਥਰੂ ਚਾਹ ਦੀ ਪਿਆਲੀ ਵਿਚ ਕਿਰ ਗਏ।
"ਉਹ ਹੋ... ਮੈਨੂੰ ਤਾਂ ਪਤਾ ਈ ਨਹੀਂ ਸੀ। ਅੱਥਰੂ ਖੋਰ ਕੇ ਚਾਹ ਬਹੁਤੀ ਮਜ਼ੇਦਾਰ ਹੋ ਜਾਂਦੀ ਏ।" ਮੇਰੇ ਇਸ ਰਿਮਾਰਕ ਉਤੇ ਉਹ ਰੋਂਦੀ-ਰੋਂਦੀ ਹੱਸ ਪਈ। ਮੀਂਹ ਪੈਂਦੇ ਧੁੱਪ ਨਿਕਲ ਆਵੇ ਤਾਂ ਕਾਣੀ ਗਿੱਦੜੀ ਦਾ ਵਿਆਹ ਹੁੰਦਾ ਏ। ਉਹਨੇ ਪਰਸ 'ਚੋਂ ਰੁਮਾਲ ਕੱਢ ਕੇ ਅੱਥਰੂ ਪੂੰਝ ਲਏ।
ਮੈਨੂੰ ਲੱਗਾ, ਉਹ ਕੁਝ ਕਹਿਣਾ ਚਾਹੁੰਦੀ ਏ ਪਰ ਸ਼ੁਰੂ ਨਹੀਂ ਕਰ ਸਕਦੀ। ਸੋ ਮੈਂ ਆਪੇ ਈ ਪੁੱਛਿਆ, "ਕੀ ਹਾਲ ਏ ਤੇਰੇ ਉਹਦਾ? ਮੇਰਾ ਮਤਲਬ ਏ ਬੰਦੇ ਦੇ ਪੁੱਤਰ ਦਾ...।"
"ਪਤਾ ਨਹੀਂ", ਉਹ ਹੋਲੀ ਜਿਹੀ ਬੋਲੀ, "ਠੀਕ ਈ ਹੋਣਾ ਏ।"
"ਕਿਉਂ ਉਹ ਤੇਰੇ ਕੋਲ ਨਹੀਂ ਰਹਿੰਦਾ?"
ਮੈਂ ਪੁੱਛਿਆ ਤਾਂ ਉਹ ਚੁੱਪ ਜਿਹੀ ਹੋ ਗਈ। ਫਿਰ ਆਪੇ ਬੋਲਣ ਲੱਗ ਪਈ, "ਉਹ ਬੰਦੇ ਦਾ ਪੁੱਤਰ ਨਹੀਂ ਸੀ। ਬਗੈਰ ਦੱਸੇ-ਪੁੱਛੇ ਕਿਸੇ ਜਨੌਰ ਵਾਂਗ ਨੱਸ ਗਿਆ ਘਰੋਂ। ਪੰਜਾਂ-ਸੱਤਾਂ ਦਿਨਾਂ ਪਿਛੋਂ ਕਿਸ ਦੇ ਹੱਥ ਆਪਣਾ ਸਮਾਨ ਮੰਗਵਾ ਭੇਜਿਆ। ਮੈਨੂੰ ਤਾਂ ਜਿਵੇਂ ਅੱਗ ਲੱਗ ਪਈ। ਮੇਰਾ ਜੀਅ ਕੀਤਾ, ਬੜਾ ਈ ਜੀਅ ਕੀਤਾ, ਕਿਸੇ ਤਰ੍ਹਾਂ ਇਹ ਅੱਗ ਉਹਨੂੰ ਲੱਗ ਜਾਵੇ। ਕਿਸੇ ਤਰ੍ਹਾਂ ਮੈਂ ਉਹਨੂੰ ਸੜਦੇ ਹੋਏ ਵੇਖਾਂ। ਉਹਦਾ ਭਾਵੇਂ ਪਿੰਡਾ ਈ ਹੋਵੇ, ਕੁਝ ਸੜੇ ਤਾਂ ਸਹੀ। ਮੈਂ ਉਹ ਭਾਂਡੇ ਭੰਨ ਸੁੱਟੇ ਜਿਨ੍ਹਾਂ ਵਿਚ ਉਹ ਖਾਂਦਾ-ਪੀਂਦਾ ਸੀ। ਉਹ ਸਿਰਹਾਣਾ ਸਾੜ ਸੁੱਟਿਆ ਜਿਸ 'ਤੇ ਸਿਰ ਰੱਖ ਕੇ ਸੌਂਦਾ ਸੀ। ਆਪ ਮੇਰਾ ਦਿਲ ਜਿਵੇਂ ਸੜ ਕੇ ਸਵਾਹ ਹੋ ਗਿਆ ਹੋਵੇ।"
" ... "
ਉਹ ਫਿਰ ਬੋਲੀ, "ਵਿਆਹ ਕਰਾਉਂਦਾ ਫਿਰਦਾ ਏ ਪਰ ਮੈਂ ਉਹਨੂੰ ਇਸ ਜੋਗਾ ਛੱਡਣਾ ਨਹੀਂ। ਸਿਰੋਂ ਮਾਰ ਦੇਣਾ ਏ।"
ਮੈਨੂੰ ਲੱਗਾ ਉਹ ਸੱਚੀਂ-ਮੁੱਚੀਂ ਬਹੁਤ ਔਖੀ ਸੀ। ਉਹਦੇ ਅੰਦਰ ਬਦਲੇ ਦੀ ਅੱਗ ਦਾ ਭਾਂਬੜ ਬਲ ਰਿਹਾ ਸੀ। ‘ਇੰਜਰਡ ਐਂਡ ਇਨਸਲਟਿਡ’। ਇਹ ਪਹਿਲੀ ਵਾਰ ਹੋਇਆ ਸੀ। ਖਬਰੇ ਪਹਿਲੀ ਵਾਰੀ ਉਹਨੇ ਬਦ-ਦੁਆ ਦੇ ਘੇਰੇ 'ਚੋਂ ਨਿਕਲ ਕੇ ਕਿਸੇ ਮਰਦ ਨੂੰ ਆਪਣਾ ਕੀਤਾ ਸੀ। ਸੱਤ ਖਸਮੀ ਅੱਜ ਉਕਾ ਈ ਉਜੜ ਗਈ ਹੋਈ ਸੀ। ਕੀ ਮਾਂ ਦੀ ਬਦ-ਦੁਆ ਨਾਲ?
(ਲਿਪੀਅੰਤਰ: ਡਾ. ਸਪਤਾਲ ਕੌਰ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਫ਼ਜ਼ਲ ਤੌਸੀਫ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ