ਸੌ ਗੱਲਾਂ (ਕਹਾਣੀ) : ਬਲੀਜੀਤ

ਉਸ ਦਾ ਮੁੰਡਾ ਮੇਰਾ ਜਮਾਤੀ ਸੀ ।

ਉਹ ਮੈਨੂੰ ਪੁੱਤ ਕਹਿ ਕੇ ਬੁਲਾਉੁਾਦੀ ਹੁੰਦੀ ਸੀ ।

ਘਰ ਉਹ ਇਕੱਲੀ ਸੀ ।

''ਹੋਰ ਬੇਬੇ?''

''ਮੈਨੂੰ ਨਾ ਕਹੇ ਕਰ ਬੇਬੇ । ਮੈਂ ਕੋਈ ਸੱਤਰ ਸਾਲ ਦੀ ਬੁੜ੍ਹੀ ਐਂ?'' ਉਸ ਨੇ ਦੋਵੇਂ ਹੱਥਾਂ ਦੀਆਂ ਤਲੀਆਂ ਮੱਥੇ ਉੱਤੇ ਰੱਖ ਕੇ, ਆਪਣੇ ਕਾਲੇ ਵਾਲਾਂ ਉੱਤੇ ਪਿਛਾਂਹ ਨੂੰ ਸਾਫ਼ੀ ਦਿੱਤੀ ਤੇ ਆਦਤਨ ਮੋਢਿਆਂ ਉੱਤੋਂ ਆਪਣੀ ਕਮੀਜ ਫੜ ਕੇ ਉਂਗਲਾਂ ਖੱਬਿਓਂ ਸੱਜੇ ਤੇ ਸੱਜਿਓਂ ਖੱਬੇ ਵਾਰੋ ਵਾਰੀ ਗਲਾਵੇਂ ਵਿੱਚ ਡੂੰਘੀਆਂ ਘੁੰਮਾਈਆਂ । ਮੰਜੇ ਦੇ ਐਨ ਗੱਭੇ ਬਹਿਣ ਤੋਂ ਪਹਿਲਾਂ ਕਮੀਜ ਹੇਠਾਂ ਨੂੰ ਖਿੱਚ ਕੇ ਜਿਵੇਂ ਉਸ ਨੇ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਨੂੰ ਯਾਦ ਕਰ ਕੇ ਤਰਤੀਬ ਦੇ ਲਈ ਹੋਵੇ:

''ਤੂੰ ਮੈਨੂੰ ਆਂਟੀ ਜੀ ਕਹਿ । ਮਾਸੀ ਜੀ ਕਹਿ ।''

''ਸੱਤਰ ਸਾਲ ਦੀ ਬੁੜ੍ਹੀ ਨੂੰ ਤਾਂ ਅਸੀਂ ਅੰਮਾ ਕਹਿੰਦੇ ਐਂ । ਬੇਬੇ ਕਹਿਣ ਨਾਲ ਕਿਹੜਾ ਤੇਰੀ ਉਮਰ ਵਧ ਜਾਣੀ ਐ । ਮੈਂ ਆਪਣੀ ਮਾਂ ਨੂੰ ਬੇਬੇ ਈ ਕਹਿਨਾਂ । ਤੇਰੀ ਸਿਹਤ ਚੰਗੀ ਐ । ਤਾਹੀਂ ਤੇਰੇ ਬਾਲ ਕਾਲੇ ਪਏ ਐ । ਬਾਪੂ ਦੇ ਤਾਂ...''

''ਉਹ ਤਾਂ, ਜੀਤੇ, ਮੇਤੇ ਪੰਦਰਾਂ ਸਾਲ ਬੜਾ ਐ । ਅਸੀਂ, ਪੁੱਤ, ਜਗੀਰਦਾਰ ਐਂ । ਜਗੀਰਦਾਰਾਂ ਦੇ ਪੁੱਤ ਐਂਈ ਕਰ ਦਿੰਦੇ ਐ । ਮੁੰਡਾ ਹੋ ਗਿਆ । ਜ਼ਮੀਨ ਹੋ ਗੀ । ਮੰਗ 'ਤੀ ਕੁੜੀ । ਕੌਣ ਦੇਖਦਾ ਉਮਰਾਂ ਅਮਰਾਂ । ਚਲ 'ਇਹ ਤੇਰਾ ਭਾਪਾ' ਤਾਂ ਫੇਰ ਚੰਗਾ । ਹੈ ਨਾ? ''

ਉਸ ਨੇ 'ਇਹ ਤੇਰਾ ਭਾਪਾ' ਸ਼ਬਦਾਂ ਉੱਤੇ ਥੋੜ੍ਹਾ ਜ਼ੋਰ ਦੇ ਕੇ ਕਿਹਾ ਤੇ ਆਪਣੀ ਇਸ ਗੱਲ ਦਾ ਅਸਰ ਟਿਕ ਟਿਕੀ ਲਾ ਕੇ ਮੇਰੇ ਮੂਕ ਚਿਹਰੇ ਤੋਂ ਪੜ੍ਹਨ ਲੱਗੀ । ਉਸ ਦਾ ਘਰਵਾਲਾ ਲਗਭਗ ਉਸ ਤੋਂ ਦੁੱਗਣੀ ਉਮਰ ਦਾ ਸੀ । ਨਾਂਓ ਮੈਨੂੰ ਕਦੇ ਦੋਹਾਂ ਦਾ ਨੀਂ ਪਤਾ ਲੱਗਿਆ । ਬੇਬੇ । ਬਾਪੂ । ਪਰ ਉਹ ਚਾਹੁੰਦੀ... ਚਾਹੁੰਦੀ ਕੀ ਬੱਸ ਗੁੱਸੇ ਈ ਹੋ ਜਾਂਦੀ ਸੀ ਕਿ ਮੈਂ ਉਸ ਨੂੰ ਬੇਬੇ ਨਾ ਕਹਾਂ ਤੇ ਉਸ ਦੇ ਘਰਵਾਲੇ ਨੂੰ 'ਭਾਪਾ ਜੀ' ਕਹਾਂ । ਉਂਜ 'ਭਾਪਾ ਜੀ' ਕਹਿਣ ਵਿੱਚ ਵੀ ਮੇਰਾ ਮਨ ਅਸਲੋਂ ਰਾਜੀ ਸੀ । ਉਹ ਮੈਨੂੰ ਬਹੁਤ ਪਿਆਰ, ਸਤਿਕਾਰ ਕਰਦਾ ਸੀ । ਆਪਣੇ ਮੁੰਡੇ ਤੋਂ ਹੀ ਵੱਧ ਮੈਨੂੰ ਮੋਹ ਕਰਦਾ ਸੀ । ਬਾਪ-ਪੁੱਤ ਤਾਂ ਮੈਂ ਕਦੇ ਬੋਲਦੇ ਦੇਖੇ ਹੀ ਨਹੀਂ ਸਨ । ਮੈਂ ਚੰਗੀ ਤਰ੍ਹਾਂ ਯਾਦ ਕੀਤਾ ਕਿ ਮਾਂ-ਪੁੱਤ ਤਾਂ ਬਾਪੂ ਦੀਆਂ ਮਾੜੀਆਂ ਮੋਟੀਆਂ ਗੱਲਾਂ ਕਰ ਲੈਂਦੇ ਸਨ, ਪਰ ਬਾਪ-ਪੁੱਤ ਕਦੇ ਬੋਲਦੇ ਨਹੀਂ ਸਨ ਦੇਖੇ ।

''ਬਾਪੂ ਦੀ ਸਿਹਤ, ਕੱਦ-ਕਾਠ ਚੰਗੈ...'' ਮੈਂ ਬਾਪੂ ਬਾਰੇ ਅਜੇ ਹੋਰ ਬੋਲਣਾ ਸੀ । ਪਰ ਬੇਬੇ ਇੰਨਾ ਖੁੱਲ੍ਹ ਕੇ, ਖਿੜ ਖਿੜਾ ਕੇ ਹੱਸੀ ਕਿ ਮੇਰੀ ਗੱਲ ਵਿੱਚੇ ਈ ਰਹਿ ਗਈ ।

''ਤੈਂ ਤਾਂ ਦੇਖਿਆ ਨੀਂ । ਇਹਿਆ ਜਾ ਪਿਆ ਤਾ'', ਉਸ ਨੇ ਦੋਵੇਂ ਬਾਹਾਂ ਹਵਾ 'ਚ ਖੋਲ੍ਹ ਕੇ ਛੰਡਕੀਆਂ, ''ਧਰਤੀ ਕੰਬਦੀ ਜਦ ਤੁਰਦਾ । ਹੁਣ ਤਾਂ ਦਾਰੂ ਪੀ ਪੀ ਕੇ ਬੁਰਾ ਹਾਲ ਕਰ ਲਿਆ । ਰੋਜ ਸ਼ਾਮ ਨੂੰ ਆ ਜਾਂਦਾ, ਐਥੇ । ਤਾਤੇ ਬਾਤੇ ਕਰਦਾ । ਖੜ੍ਹ ਵੀ ਕੀ ਹੁੰਦਾ'', ਉਸ ਦੀ ਹਾਸੀ ਮਸੀਂ ਰੁੱਕੀ, ''ਨਾ ਖੜ੍ਹ ਹੁੰਦਾ । ਨਾ ਬੋਲ ਹੁੰਦਾ । ਅਖੇ : ਬੈਲੀਆਂ ਨੇ ਬੈਲ ਕਮਾਣੇ, ਸਾਡੀ ਕਿਹੜਾ ਮੰਗ ਛੁੱਟ ਜੂ । ਹੋਰ ਪਤਾ ਨੀਂ ਕਿਆ ਕਿਆ ਖਾਂਦਾ? ...ਕਰਦਾ? ... ਆਪ ਸੌ ਸੌ ਦੀ ਦਾਰੂ ਪੀ ਜਾਣੀ, ਸਾਨੂੰ ਛੇਈਂ ਮਹੀਨੀ ਕਰੀਮ ਦੀ ਡੱਬੀ ਵੀ ਦਾਦਣੀ ਗੁਨਾਹ ਐ । ਘਰ ਆਲੀਆਂ ਦਾ ਕੋਈ ਫ਼ਿਕਰ ਨੀਂ । ਮਰੇ ਗਲੇ । ਸਾਰਾ ਘਰ ਮੇਰੇ 'ਪਰ । ਆ ਜਾਂਦਾ ਐ । ਰੋਟੀ ਮਿਲ ਜਾਂਦੀ ਐ । ਖਾਣੀ ਹੋਈ ਖਾ ਲੀ । ਨਹੀਂ ਤਾਂ ਪਿਆ ਰਹਿਣਾ ਮੌਜ ਗੈਲ । ਕਿਹੜਾ ਫ਼ਿਕਰ ਐ ਕਿਸੇ ਦਾ । ਐਥੇ ਪਿਆ ਰਹੂਗਾ । ਮੈਂ ਕੋਲ ਬੈਠੀ ਜਲ਼ੀ ਜੂੰ । ਐਸੇ ਮੰਜੇ 'ਪਰ ਪੈਂਦੀ ਮੈਂ । ਜਿੱਥੇ ਤੂੰ ਬੈਠਾ । ਆਪ ਸਬੇਰੀਂਓਂ ਉੱਠ ਕੇ ਚਲੇ ਜਾਣਾ । ਗੱਡੀ ਲੈ ਕੇ । ਨੌਕਰ ਰੋਟੀ ਲੇ ਜਾਂਦਾ ਦੁਪਹਿਰੇ । ਬਸ... ਸਾੜੀ ਕਾਹਦੀ ਜਿੰਦਗੀ ਐ ਪੁੱਤ । ਆਹ ਤੇਰਾ ਆੜੀ, ੲ੍ਹੀਦਾ ਵੀ ਏਹੀ ਹਾਲ ਐ । ੲ੍ਹੀਦੇ ਯਾਰ ਦੋਸਤ ਵੀ ਰਾਤਾਂ ਨੂੰ ਬੁਲਾ ਕੇ ਲਿਜਾਂਦੇ ਐ । ਕੱਲ੍ਹ ਦਾ ਗਿਆ ਬਾ । ਦੋਏਾ ਬਾਪ ਪੁੱਤ ਏਕੋ ਰਾਮ ਐ । ਮੇਰਾ ਦੋਹਾਂ ਨੂੰ ਫ਼ਿਕਰ ਨੀਂ । ਪਈ ਮਰਾਂ, ਗਲ਼ਾਂ । ਜਦ ਲੋੜ ਹੁੰਦੀ ਐ, ਟੋਲ਼ ਲਿੰਦੇ ਐ । ਨਹੀਂ ਤੂੰ ਕੌਣ? ਬੱਸ...ਪੁੱਤ ਸਮਝਦਾਰ ਨੂੰ 'ਕੱਲੇ ਨੂੰ ਐਂ ਰਹਿਣਾ, ਟੈਮ ਕੱਟਣਾ ਮੁਸ਼ਕਲ ਹੋ ਜਾਂਦਾ । ਜੇ ਭਲਾਂ ਮੈਂ ਵੀ ਐਕਣਾਂ ਈ ਕਰਨ ਲੱਗ ਜਮਾਂ? ਘਰ ਦਾ ਤਾਂ ਬੈਠ ਗਿਆ ਭੱਠਾ । ਦੇਖ! ਹੁਣ ਸ਼ਾਮ ਦੇ ਪੰਜ ਵੱਜੇ ਐ... ਮੈਂ ਤੜਕੇ ਦੀ ਉੱਠੀ ਬੀ । ਚਾਰ ਬਜੇ ਦੀ । ਉੱਠਣਾ, ਪਾਣੀ ਭਰਨਾ । ਜੇ ਚਾਰ ਵਜੇ ਨਾ ਉੱਠਾਂ, ਤਾਂ ਪਾਣੀ ਚਲੇ ਜਾਂਦਾ । ਫੇਰ ਐਂਕਣਾਂ ਈ ਬੈਠੇ ਰਹੂੰਗੇ ਸਾਰਾ ਦਿਨ । ਫਰਸ਼ ਧੋਣੇ । ਭਾਂਡੇ, ਖੁਰਚਣੇ-ਭੂਖ਼ਨੇ ਸਭ ਧੋਣੇ । ਨਾਹੁਣਾ, ਧੂਪ ਬੱਤੀ ਕਰਨੀ । ਚਾਹ ਬਣਾਉਣੀ । ਸੱਤ ਵਜੇ ਤਾਈਂ ਦੋਏ ਨੀਂ ਹਿੱਲਦੇ । 'ਠਾਲੂੰਗੀ । ਹੈਂ । ਪਾਣੀ ਭਰਿਆ ਬਾ । ਨਾਹ ਕੇ ਦੋਹੇ ਕੱਛੇ ਵੀ ਉੱਥੀ ਛੱਡ ਜਾਂਦੇ ਐ । ਬਈ ਆਪੇ ਧੋਊਂਗੀ । ਹੈਗੀ ਪਿੱਛੇ ਰੱਖੀ ਬੀ । ਸੌਦੇ ਲਿਆਣੇ... ਕਿਸੇ ਨੂੰ ਮੇਰੀ ਬੀਮਾਰੀ ਦਾ ਨੀਂ । ਠਮਾਰੀ ਦਾ ਨੀ । ਦੁੱਖ ਦਾ ਨੀਂ । ਸੁੱਖ ਦਾ ਨੀਂ... ਤੂੰ, ਪੁੱਤ, ਆ ਜਾਂਦਾ । ਭੜਾਸ ਕੱਢ ਲੀ । ਹੋਰ ਤੇਰੀ ਬੇਬੇ ਕਿਆ ਕਰਦੀ ਤੀ? '' ਤੇਜ਼ ਤੇਜ਼ ਤੁਰਦੀ ਅਚਾਨਕ ਜਿਵੇਂ ਕਿਸੇ ਮੋੜ ਤੋਂ ਉਹ ਮੇਰੇ ਘਰ ਵੱਲ ਮੁੜਦੀ ।

''ਸਬਜੀ ਬਣਾਉਂਦੀ ਤੀ ।''

''ਹੋਰ ਕਿਆ ਕਰਨਾ?''

''ਚੁੱਲ੍ਹੇ ਮੂਹਰੇ ਬੈਠੀ ਲੱਗੀ ਹੋਈ ਤੀ ।''

''ਕਿਆ ਬਣਾਇਆ?'' ਸਬਜ਼ੀ ਉਸ ਲਈ ਜਿਵੇਂ ਰਿੱਝ ਚੁੱਕੀ ਸੀ ।

''ਆਲੂ ਬੜੀਆਂ'' ਮੈਂ ਐਂਵੇਂ ਈ ਕਹਿ ਦਿੱਤਾ ।

ਅਸੀਂ ਦੋਵਾਂ ਨੇ ਆਪੋ-ਆਪਣੇ ਹਿਸਾਬ ਨਾਲ ਨੱਕ-ਬੁੱਲ੍ਹ ਚੜ੍ਹਾ ਕੇ ਆਪੋ ਆਪਣੀ ਬੇ-ਸੁਆਦੀ ਜ਼ਾਹਿਰ ਕੀਤੀ ।

'ਕਿਆ ਬਣਾਇਆ?' ਜਨਾਨੀਆਂ ਨੂੰ ਐਵੇਂ ਪੁੱਛਣ ਦੀ ਪੁੱਠੀ ਆਦਤ ਹੁੰਦੀ ਐ ।

'ਆਲੂ ਬੜੀਆਂ?' ਉਸ ਨੂੰ ਦੂਸਰੇ ਦੀ ਕੀਤੀ 'ਚ ਨੁਕਸ ਕੱਢਣ ਦੀ ਹੋਰ ਵੀ ਪੁੱਠੀ ਆਦਤ ਸੀ । ਆਪਣੀ ਰੋਟੀ, ਸਬਜ਼ੀ ਤੇ ਸਫ਼ਾਈ ਦੀ ਤਾਰੀਫ਼ 'ਚ ਲੱਗੀ ਰਹਿੰਦੀ । ਉਸ ਨੂੰ ਕਿਸੇ ਦੇ ਘਰ 'ਚ ਸਫ਼ਾਈ ਜਿਵੇਂ ਕਦੇ ਨਜ਼ਰ ਹੀ ਨਹੀਂ ਸੀ ਆਈ । ਖ਼ਬਰੇ ਇਸੇ ਕਾਰਨ ਕਿਸੇ ਦੇ ਘਰ ਦਾ ਕੁਝ ਨਹੀਂ ਸੀ ਖਾਂਦੀ । ਪਾਣੀ ਤੱਕ ਨਹੀਂ ਸੀ ਪੀਂਦੀ । ਸਫ਼ਾਈ ਨਾਲ ਸੁਆਦ ਖਾਣਾ ਬਣਾਉਣ ਦੀ ਕਲਾ ਉਸ ਨੇ ਮੈਨੂੰ ਸਿਖਾ ਦਿੱਤੀ ਸੀ ।

''ਹੱਥ ਦੇਖੇ, ਤੂੰ ਲੋਕਾਂ ਦੇ । ਕਾਲੇ । ਗੰਦੇ । ਨਹੁੰਆਂ 'ਚ ਮੈਲ ਭਰੀ ਹੋਈ । ਐਕਣਾਂ ਈ ਰਸੋਈ 'ਚ ਵੜ ਜਾਣਾ । ਮੈਂ ਨੀਂ ਖਾਂਦੀ ਕਿਸੇ ਕਾਲੀ ਕਲੂਟੀ ਦੇ ਹੱਥ ਦਾ । ਕਿ-ਅ-ਸੇ ਦਾ ਨੀਂ । ਚੂੜ੍ਹੇ-ਚਮਾਰ, ਨਾਈ, ਧੋਬੀ, ਛੀਂਬੇ, ਜੱਟ-ਸੈਣੀ ਸਭ ਇੱਕ ਬਰੋਬਰ । ਸਾਡੇ ਘਰ ਕੋਈ ਪਿਆ ਖਾ ਜੇ ।''

ਉਹ ਰੋਜ਼ ਨਾਹੁੰਦੀ । ਹੱਥ ਦਿਹਾੜੀ 'ਚ ਪਤਾ ਨਹੀਂ ਕਿੰਨੀ ਵਾਰ ਸਾਬਣ ਲਾ ਲਾ ਧੋਂਦੀ । ਉਸ ਦੀ ਸਫ਼ਾਈ ਪਸੰਦਗੀ ਦੀ ਜੇ ਮੈਂ ਕਿਸੇ ਨਾਲ ਗੱਲ ਕਰਨੀ ਤਾਂ ਅਗਲੇ ਨੇ ਕੁਸ਼ ਕਹਿਣ ਦੀ ਬਜਾਏ ਮੈਨੂੰ ਘੂਰ ਕੇ ਵੇਖਣ ਲੱਗ ਪੈਣਾ । ਮੈਨੂੰ ਐਂਜ ਲੱਗਦਾ ਐ ਕਿ ਮੈਨੂੰ ਛੱਡ ਕੇ ਜਿਵੇਂ ਉਸ ਦੀ ਕਿਸੇ ਨਾਲ ਬਣੀ ਹੋਈ ਨਹੀਂ ਸੀ । ਜਿਹਨਾਂ ਦੀ ਉਸ ਨੇ ਮੱਦਦ ਕੀਤੀ ਹੁੰਦੀ, ਉਹਨਾਂ ਲਈ ਉਹ ਰੱਬ ਸੀ । ਗਰਜਾਂ ਮਾਰੇ ਕਈਆਂ ਨੂੰ ਉਸ ਨੇ ਕਣਕ, ਪੈਸੇ ਉਧਾਰ ਦਿੱਤੇ ਹੁੰਦੇ । ਕਿਸੇ ਨੂੰ ਪ੍ਰਾਹੁਣੇ ਆਉਣ ਉੱਤੇ ਮੰਜਾ ਬਿਸਤਰਾ ਰਾਤ-ਦੋ-ਰਾਤ ਲਈ ਦਿੱਤਾ ਹੁੰਦਾ । ਬਹੁਤੀ ਭੰਡੀ ਉਸ ਦੀ ਮਾਲਕ ਮਕਾਨ ਨੇ ਕੀਤੀ ਹੋਈ ਸੀ । ਉਹ ਇਹ ਪੁਰਾਣਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਘਰ ਢਾਹ ਕੇ, ਤਿੰਨ ਮੰਜ਼ਲੀ ਕੋਠੀ ਬਣਾਉਣੀ ਚਾਹੁੰਦਾ ਸੀ । ਪਰ ਬੇਬੇ ਮਕਾਨ ਖਾਲੀ ਨਹੀਂ ਸੀ ਕਰਦੀ ਤੇ ਅਦਾਲਤ 'ਚ ਮੁਕੱਦਮਾ ਕਰ ਦਿੱਤਾ ਸੀ । ਪੁਲਿਸ ਵਾਲੇ ਵੀ ਬੇਬੇ ਨੂੰ ਕਈ ਜਾਣਦੇ ਸਨ । ਹੋਰ ਕੋਈ ਗੱਲ ਨਹੀਂ ਸੀ । ਕਦੇ ਮਾਲਕ ਮਕਾਨ ਤੇ ਕਿਰਾਏਦਾਰ ਦੀ ਵੀ ਬਣੀ ਐ? ਮੈਂ ਸੋਚਦਾ । ਮਾਲਕ ਮਕਾਨ ਉੱਠਦੇ ਸਾਰ ਹੀ ਥੱਲੇ ਪਾਣੀ ਖੋਲ੍ਹ ਦਿੰਦਾ ਤਾਂ ਬੇਬੇ ਸੁਣਾ-ਸੁਣਾ ਕੇ ਉਸ ਨੂੰ ਟਾਹਰਾਂ ਮਾਰਦੀ ।

''ਸਭ ਮਤਲਬ ਦੇ ਐ'', ਉਹ ਆਮ ਕਹਿੰਦੀ । ਕਿਸੇ ਮੁਹੱਲੇਦਾਰ, ਰਿਸ਼ਤੇਦਾਰ ਨੂੰ ਬਰਦਾਸ਼ਤ ਨਹੀਂ ਸੀ ਕਰਦੀ । ਕਈ ਸਕਿਆਂ ਨੂੰ ਵੀ ਨਹੀਂ । ਨਾ ਹੀ ਕੋਈ ਉਸ ਨੂੰ ਮੂੰਹ ਲਾਉਂਦਾ । ਮੈਨੂੰ ਪਤਾ ਸੀ ਕਿ ਲੋਕੀ ਊਂਈ ਉਹਦੇ ਬਾਰੇ ਬਕਵਾਸ ਮਾਰੀ ਜਾਂਦੇ ਐ । ਊਂਈ ਕਹੀ ਜਾਂਦੇ ਐ ਕਿ ਜੋ ਦਿਸਦੀ ਐ ਉਹ ਹੈ ਨਹੀਂ । ਗਧੇ । ਜਿਵੇਂ ਸਾਲੇ ਰੱਬ ਹੁੰਦੇ ਐ । ਸੁਆਹ ਪਤਾ ਇਹਨਾਂ ਨੂੰ ਸਭ ਕੁਸ਼ । ਚੰਗੇ ਭਲੇ ਨੂੰ ਜੀਣ ਨੀਂ ਦਿੰਦੇ । ਇਹ ਸਭ ਕੋਠੀ ਦੇ ਮਾਲਕ ਦੀ ਕਾਰਸਤਾਨੀ ਸੀ । ਹੋਰ ਕੁੱਝ ਨਹੀਂ । ਆਪਣਾ ਮਸਲਾ ਹੱਲ ਕਰਨਾ ਚਾਹੁੰਦਾ ਸੀ । ਮੇਰੇ ਮਾਂ ਬਾਪ ਨੂੰ ਵੀ ਉਸੇ ਨੇ ਗੁੰਮਰਾਹ ਕੀਤਾ ਸੀ ।

''ਨ੍ਹੇਰਾ ਨਾ ਕਰੇ ਕਰ । ਫਿਰੀ ਜਾਂਦਾ ਇੱਧਰ ਉੱਧਰ'', ਮੇਰੀ ਮਾਂ ਮੈਨੂੰ ਕਹਿਣ ਲੱਗੀ ।

''ਮੈਂ ਕਿਹੜਾ ਕਿਤੇ ਗਿਆਂ । ਮੈਂ ਤਾਂ ਉੱਥੀ ਤਾ''

''ਉੱਥੇ ਨਾ ਜਾਏ ਕਰ । ਤੈਨੂੰ ਨੀਂ ਪਤਾ ਉਹਦਾ''

''ਤੈਨੂੰ ਪਤਾ? ਤੂੰ ਜੱਜ ਲੱਗੀ ਬੀ ਐਂ ।''

''ਕਹਿੰਦੇ ਸ਼ਹਿਰ ਲੁੱਟ ਕੇ ਖਾ ਲਿਆ ।''

''ਆਹੋ! ਚੋਰ ਐ ਉਹ ਤਾਂ!! ਡਾਕੇ ਮਾਰਦੀ ਐ!!! ਸਾਰਾ ਦਿਨ ਤਾਂ ਘਰਾਂ ਬੈਠੀ ਰਹਿੰਦੀ ਐ ।''

''ਤੂੰ ਰਾਖੀ ਬੈਠਾ ਹੁੰਦਾ ਉਹਦੀ ਸਾਰਾ ਦਿਨ ।''

''ਆਹੋ'' ਮੈਨੂੰ ਗੁੱਸਾ ਆਉਣਾ ਈ ਸੀ ਆਖ਼ਰ ।

''ਤੁਰਦੀ ਫਿਰਦੀ...'' ਮੇਰੀ ਮਾਂ ਟਲ ਗਈ ਲੱਗੀ ।

'' ਲੋਕ ਸਲੇ ਬਹੁਤੇ ਸ਼ਰੀਫ਼''

ਇੰਜ ਬੇਬੇ ਗੈਰ-ਹਾਜ਼ਰ ਹੁੰਦੀ ਹੋਈ ਵੀ ਲੋਕਾਂ 'ਚ ਹਾਜ਼ਰ ਰਹਿ ਕੇ ਚੰਗੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ । ਲੋਕਾਂ ਵਾਂਗ, ਮੇਰੇ ਮਾਂ ਬਾਪ ਤੇ ਕਦੇ-ਕਦੇ ਛੋਟੀਆਂ ਭੈਣਾਂ ਵੀ ਮਗਜੌਲੀ ਮਾਰੀ ਜਾਂਦੀਆਂ । ਘਰ ਦੇ ਕਈ ਵਾਰ ਮੈਨੂੰ ਬੇਬੇ ਦੇ ਘਰ ਜਾਣ ਤੇ ਖਾਣ ਤੋਂ ਹਟਕਦੇ, ਪਰ ਮੈਂ ਕਿੱਥੇ ਕਿਸੇ ਦੀ ਸੁਣਦਾ ਸਾਂ । ਮੈਨੂੰ ਪਤਾ ਨਹੀਂ ਉਹ ਕਿਉਂ ਪਸੰਦ ਕਰਦੀ ਸੀ? ਕੋਈ ਕੰਮ ਹੋਵੇ ਤਾਂ ਗੱਲ ਅਲੱਗ ਐ, ਨਹੀਂ ਤਾਂ ਉਹ ਮੇਰੇ ਨਾਲ ਬੈਠੀ ਗੱਲਾਂ ਮਾਰਦੀ ਅੱਕਦੀ ਨਹੀਂ ਸੀ । ਕਿੰਨੀ ਵਾਰ ਉਸ ਨੇ ਮੈਨੂੰ ਰੋਟੀ ਖਿਲਾਈ । ਜਦੋਂ ਵੀ ਮੈਂ ਰੱਜ ਕੇ ਗੱਲਾਂ ਮਾਰ-ਸੁਣ ਕੇ ਘਰ ਮੁੜਨ ਲਈ ਉਸ ਦੇ ਚੁਬਾਰੇ 'ਚੋਂ ਉਤਰਨਾ ਤਾਂ ਸੜਕ ਵੱਲ ਨੂੰ ਖੁੱਲਦੀ ਚੁਬਾਰੇ ਦੀ ਬਾਰੀ ਵਿੱਚੋਂ ਅੱਧੀ ਬਾਹਰ ਲਟਕ ਕੇ ਉਹ ਆਵਾਜ਼ ਮਾਰਦੀ:

''ਪੁੱਤ ਰੋਟੀ ਖਾ ਕੇ ਚਲੇ ਜਾਂਦਾ? ਦੋ ਮਿੰਟ ਲੱਗਣੇ ਐ । ਸਭ ਕੁਸ ਤਿਆਰ ਐ ।''

ਛੋਟੀ ਜਿਹੀ ਸਟੂਲੀ ਉੱਤੇ ਸਮਾਨ ਟਿਕਾ ਦਿੰਦੀ । ਕੋਲ ਬੈਠੀ ਗੱਲਾਂ ਲੱਗੀ ਰਹਿੰਦੀ । ਕੰਮ ਕਰੀ ਜਾਂਦੀ । ਹੱਥ ਤੇ ਜ਼ੁਬਾਨ ਕਦੇ ਮੈਂ ਟਿਕੇ ਨਹੀਂ ਸਨ ਵੇਖੇ । ਮੈਨੂੰ ਵਿਹਲੇ ਨੂੰ ਉਸ ਔਰਤ ਕੋਲ ਜਾਣ ਦੀ ਹਲਕ ਛੁੱਟੀ ਰਹਿੰਦੀ । ਔਰਤਾਂ ਮਰਦਾਂ ਦੇ ਸੰਬੰਧਾਂ ਦੀਆਂ ਉਹ ਚੁਰਚੁਰੀਆਂ ਕਹਾਣੀਆਂ ਸੁਣਾਉਂਦੀ । ਉਸ ਦੇ ਪਾਤਰਾਂ ਵਿੱਚੋਂ ਜੇ ਕੋਈ ਸੜਕ 'ਤੇ ਜਾਂਦਾ ਦਿੱਸ ਪੈਦਾ ਤਾਂ ਮੈਨੂੰ ਹੱਥੋਂ ਫੜ ਕੇ ਬਾਰੀ ਦੇ ਕੋਲ ਧੂ ਲਿਜਾਂਦੀ ਤੇ ਉਹਨਾਂ ਦੇ ਸਾਂਗ ਲਾਉਂਦੀ ਉਹ ਇਹ ਵੀ ਭੁੱਲ ਜਾਂਦੀ ਕਿ ਮੈਂ ਮਰਦ ਹਾਂ । ਤੇ ਉਹ ਔਰਤ ।

''ਜੀਤੇ'',ਇੱਕ ਦਿਨ ਕਹਿਣ ਲੱਗੀ, ''ਮੇਰਾ ਬੜਾ ਮੁੰਡਾ ਮੇਰੇ ਤੋਂ ਸੋਲਾਂ ਸਾਲ ਛੋਟਾ । ਬਾਈ ਸਾਲ ਦੀ ਦੇ ਮੇਰੇ ਚਾਰ ਨਿਆਣੇ ਹੋ ਗੇ ਤੇ ।''

''ਅੱਛਿਆ'' ਮੈਂ ਅੰਦਰੋਂ ਚੁਸਤ ਤੇ ਉਪਰੋਂ ਦਰੁੱਸਤ ਹੋ ਕੇ ਸੋਲਾਂ ਸਾਲ ਦੀ ਕੁੜੀ ਦੇ ਮੁੰਡਾ ਹੋਣ ਤੋਂ ਪਹਿਲਾਂ ਤੇ ਮੁੰਡਾ ਹੋਣ ਤੋਂ ਬਾਅਦ ਦੇ ਅਮਲ 'ਚ ਗੁਆਚ ਗਿਆ । ਕਿਸੇ ਮੁੰਡੇ ਦੇ ਕਿਸੇ ਕੁੜੀ ਨੂੰ ਕੁਝ ਕਹਿਣ ਤੇ ਪੁੱਛਣ ਦੀ ਹਿਚਕਿਚਾਹਟ ਵਾਂਗ ਬਿਲਕੁਲ ਚੁੱਪ ਰਿਹਾ । ਪਰ ਅੰਦਰ ਰੌਲਾ ਪਈ ਜਾਵੇ ਬਈ ਇਹ ਅਣਜਾਣੇ ਹੀ ਮਨੁੱਖੀ ਉਤਪਤੀ ਦੇ ਦਰਵਾਜ਼ੇ ਨੂੰ ਖੋਲ੍ਹਣ ਲਈ ਸਿਰਜਣਾ ਦੇ ਜੰਦਰੇ 'ਚ ਕੁੰਜੀ ਘੁੰਮਾਈ ਜਾਵੇ... ।

''ਪੁੱਤ, ਮੇਰੀ ਦੋ ਸਾਲ ਪਿੱਛੋਂ ਸੂ ਤੀ । ਮੇਰੀ ਕੋਈ ਉਮਰ ਤੀ ਜਦ ਵਿਆਹੀ ਗਈ । ਚੌਦਾਂ ਸਾਲ... । ਚੌਦਾਂ ਸਾਲ ਦੀ ਵਿਆਹੀ ਤਾਂ... ਦੋ ਦੋ ਸਾਲ ... ਅੱਠ ਸਾਲ 'ਚ ਮੇਰੇ ਚਾਰ ਬੱਚੇ ਹੋ ਗੇ । ਚੌਦਾਂ ਅੱਠ... ਕਿੰਨੇ ਹੋਏ ਬਈ... ਬਾਈ? '' ਬਜ਼ਾਰ ਤੋਂ ਖਰੀਦੇ ਸੌਦਿਆਂ, ਕੁੱਲ ਦਿੱਤੀ ਰਕਮ, ਖਰਚੇ ਤੇ ਬਕਾਇਆ ਪੈਸਿਆਂ ਵਾਂਗ ਉਹ ਮੇਰੇ ਤੋਂ ਹਿਸਾਬ ਲੁਆਉਂਦੀ ਤੇ ਗਿਣਤੀ ਦੀ ਦਰੁਸਤੀ ਕਰਾਉਂਦੀ ।

''ਹਾਂ, ਠੀਕ ਐ । ਚੌਦਾਂ ਅੱਠ ਬਾਈ ਹੋਗੇ'' ਮੈਂ ਉਸ ਦੇ ਚੌਦਾਂ ਤੋਂ ਬਾਈ ਸਾਲ ਦੇ ਫਾਸਲੇ ਨੂੰ ਗਾਹੁੰਦਾ-ਗਾਹੁੰਦਾ ਹੱਫਲ ਗਿਆ ।

''ਮੇਰੀ ਹੁਣ ਪਣਤਾਲੀ ਸਾਲ ਦੀ ਉਮਰ ਐ । ਮੇਰਾ ਬੜਾ ਮੁੰਡਾ ਹੁਣ ਅਣੱਤੀ ਤੀਹ ਸਾਲ ਦਾ ਹੋਣਾ ।''

''ਹਾਂ''

''ਦੇਖ ਲੈ ਮਾਹਰਾਜ ਦੇ ਰੰਗ । ਤੀਹ ਸਾਲ । ੲ੍ਹੀਤੇ ਛੋਟੀ, ਛੋਟੀ ਤੋਂ ਛੋਟੀ ਗੁੱਡੀ ਤਾਂ ਜੰਮਦੀ ਓ ਪੂਰੀ ਹੋ ਗੀ ਤੀ । ਇਹਨੂੰ ਬਾਰਾਂ ਸਾਲ... ਬਾਰਾਂ ਸਾ... ਅ... ਲ...''

''...'' ਮੈਂ ਗੁੰਮ ਜਿਹਾ ਹੋ ਗਿਆ ।

ਮੈਨੂੰ ਪਤਾ ਸੀ ਕਿ ਬੇਬੇ ਦਾ ਵੱਡਾ ਮੁੰਡਾ ਉਸ ਕੋਲ ਨਹੀਂ ਰਹਿੰਦਾ । ਬੜੀ ਦੇਰ ਤੋਂ ਆਪਣੀ ਬੇ-ਓਲਾਦ ਮਾਸੀ ਕੋਲੇ ਰਹਿੰਦਾ ਐ । ਮੈਂ ਸਿਰ ਨੀਵਾਂ ਕਰ ਲਿਆ ਜਿਵੇਂ ਮੇਰੀ ਦੇਖਣ ਸੁਣਨ ਦੀ ਸਮਰੱਥਾ ਜਵਾਬ ਦੇ ਗਈ ਹੋਵੇ । ਉਹ ਚੁੱਪ ਹੋ ਗਈ । ਮੈਂ ਸਿਰ ਚੁੱਕ ਕੇ ਵੇਖਿਆ ਤਾਂ ਉਸ ਦੀ ਸੱਜੀ ਅੱਖ ਦੇ ਖੂੰਜੇ ਤੋਂ ਅੱਖ ਦੀ ਗੁਲਾਈ ਵਿੱਚ ਲਾਲੀ ਫੈਲ ਗਈ ਜਿਵੇਂ ਕਦੇ ਕਦੇ ਕਿਸੇ ਸ਼ਾਮ ਲਾਲ ਬੱਦਲ ਅਸਮਾਨ ਵਿੱਚ ਖਿਲਰਦੇ ਫੈਲਦੇ ਹਨ । ਡੇਲਿਆਂ ਦੀਆਂ ਡੂੰਘਾਈਆਂ ਵਿੱਚ ਪਾਣੀ ਚਮਕਣ ਲੱਗ ਪਿਆ । ਉਸ ਨੇ ਪਲਕਾਂ ਝਮਕੀਆਂ ਤਾਂ ਪਾਣੀ ਦੇ ਤੁਪਕੇ ਖਿੰਡਰ ਕੇ ਅੱਖਾਂ ਦੇ ਦਾਇਰਿਆਂ ਤੋਂ ਬਾਹਰ ਪਲਕਾਂ ਟੱਪ ਆਏ । ਹੁਣ ਉਹ ਅੱਖਾਂ ਨਾਲ ਨਹੀਂ, ਸਾਰੇ ਸਰੀਰ ਨਾਲ ਰੋ ਰਹੀ ਸੀ । ਰੋ ਨਹੀਂ ਬਲਕਿ ਜਿਵੇਂ ਰੋਣ ਤੋਂ ਆਪਣੇ ਆਪ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੋਵੇ । ਪਲਕਾਂ ਤੋਂ ਟੱਪਿਆ ਪਾਣੀ ਨਿੱਗਰ ਕੋਸੇ ਹੰਝੂਆਂ ਲਈ ਰਾਹ ਬਣਾ ਰਿਹਾ ਸੀ । ਉਸ ਨੇ ਪਰ੍ਹਾਂ ਨੂੰ ਮੂੰਹ ਮੋੜ ਲਿਆ ਜਿਵੇਂ ਕੋਈ ਗਲਤ ਮੂੜ ਖਰਾਬ ਕਰਨ ਵਾਲੀ ਗੱਲ ਹੋ ਗਈ ਹੋਵੇ । ਉੱਠ ਕੇ ਪਿਛਲੀ ਕੰਧ ਦੀ ਖਿੜਕੀ ਖੋਲ੍ਹੀ । ਉਸ ਦਾ ਦਿਲ ਘਟ ਰਿਹਾ ਸੀ । ਖਿੜਕੀ ਦੇ ਪੱਲਿਆਂ ਉੱਤੇ ਲੱਗੀ ਧੂੜ ਚੁੰਨੀ ਦੇ ਪੱਲਿਆਂ ਨਾਲ ਝਾੜਨ ਵਿੱਚ ਰੁੱਝਣ ਦੀ ਕੋਸ਼ਿਸ਼ ਕੀਤੀ । ਉੱਥੇ ਕੋਈ ਧੂੜ ਨਹੀਂ ਸੀ । ਆਲਾ ਦੁਆਲਾ ਜਾਦੂਮਈ ਢੰਗ ਨਾਲ ਭਰ ਕੇ ਪਾਣੀ ਪਾਣੀ ਹੋ ਗਿਆ ਸੀ ।

...ਤੇ ਆਖ਼ਰ ਚੁੰਨੀ ਦਾ ਕੋਨਾ ਅੱਖਾਂ ਅੱਗੇ ਹਲਕਾ ਦਬਾ ਕੇ ਹੰਝੂ ਸੁਕਾ ਦਿੱਤੇ ।

ਉਸ ਨੂੰ ਰੋਣ ਦਾ ਖ਼ਾਸਾ ਅਭਿਆਸ ਸੀ । ਇਹ ਪਹਿਲੀ ਔਰਤ ਸੀ ਜਿਸ ਨੂੰ ਰੋਂਦੇ ਮੈਂ ਧਿਆਨ ਨਾਲ ਤੱਕਿਆ । ਉਹ ਇਵੇਂ ਹੀ ਰੋਂਦੀ ਸੀ । ਭਾਵੇਂ ਲੱਗਦਾ ਜਿਵੇਂ ਦਿਖਾਉਣ ਲਈ ਰੋਂਦੀ ਹੋਵੇ ਪਰ ਅਸਲ ਵਿੱਚ ਉਹ ਆਪਣੇ ਸਮੁੱਚੇ ਜੀਵਨ ਦੇ ਪੂਰੇ ਭਾਰ ਹੇਠੋਂ ਨਿਕਲਦੀ ਨਿਕਲਦੀ ਸਿਸਕ ਪੈਂਦੀ ਸੀ । ਰੋਣ ਤੋਂ ਇੱਕ ਦਮ ਬਾਅਦ ਉਹ ਨਿੱਖਰ ਜਾਂਦੀ । ਅੱਗੇ ਨਾਲੋਂ ਸਹਿਜ ਹੋ ਕੇ, ਸਾਫ਼ ਸਾਫ਼ ਬੋਲਦੀ । ਸੋਹਣੀ ਲੱਗਣ ਲੱਗ ਪੈੈਂਦੀ । ਗੋਰੇ ਰੰਗ ਵਿੱਚ ਖ਼ੂਨ ਦੀ ਲਾਲੀ ਘੁਲ ਜਾਂਦੀ । ਪਹਿਲਾਂ ਮੈਂ ਉਸ ਦੇ ਐਸੇ ਰੋਣ ਤੋਂ ਪ੍ਰਭਾਵਿਤ ਹੋ ਕੇ ਆਪ ਵੀ ਰੋਣ ਹਾਕਾ ਹੋ ਜਾਂਦਾ ਸਾਂ ਪਰ ਫੇਰ ਜਿਵੇਂ ਮੇਰੀ ਵੀ ਆਦਤ ਬਣ ਗਈ ।

ਚਾਰੋਂ ਬੱਚੇ ਉਸ ਦੇ ਪਿੰਡ ਹੀ ਹੋਏ ਸਨ । ਸੁਧੇ ਮਾਜਰੇ । ਸਭ ਤੋਂ ਵੱਡਾ ਮੁੰਡਾ । ਫੇਰ ਦੋ ਕੁੜੀਆਂ ਤੇ ...

''ਫੇਰ ਤੇਰਾ ਜਮਾਤੀ । ਪਿੱਛੇ ਤੇ ਆ ਗਿਆ । ਰਹਿਆ ਖੁਹਿਆ ।''

ਪਹਿਲੇ ਤਿੰਨ ਬੱਚੇ ਤਾਂ ਬੇਬੇ ਪਿੰਡ ਹੀ ਗੁਮਾ ਆਈ ਸੀ ਤੇ ਮੇਰੇ ਜਮਾਤੀ ਤੇ ਘਰਵਾਲੇ ਨੂੰ ਨਾਲ ਲੈ ਕੇ ਸ਼ਹਿਰ ਆ ਗਈ । ਸ਼ਹਿਰ ਆਉਣ ਵੇਲੇ ਉਸ ਨੂੰ ਲੱਗਿਆ ਸੀ ਜਿਵੇਂ ਬਾਹਰਲੇ ਮੁਲਖ਼ ਜਾਣਾ ਹੋਵੇ । ਬੇਬੇ ਇੱਥੇ ਪਤਾ ਨਹੀਂ ਕਿਉਂ ਸ਼ਹਿਰ ਆ ਕੇ ਰਹਿਣ ਲੱਗ ਪਈ ਸੀ । ਸ਼ਹਿਰ 'ਚ ਕਿਰਾਏ ਉੱਤੇ ਖੁੱਚ ਵਰਗਾ ਘਰ ਤੇ ਕਿੱਥੇ ਪਿੰਡ 'ਚ ਜਗੀਰਦਾਰਾਂ ਦੀ ਹਵੇਲੀ । ਕਿਆ ਗੱਲ ਹੋ ਗਈ ਹੋਊਗੀ । ਮੈਂ ਸੋਚੀ ਜਾਂਦਾ । ਕਿਆਫ਼ੇ ਲਾਈ ਜਾਂਦਾ । ਸ਼ਹਿਰ ਆ ਗਈ ਤਾਂ ਮੁੜ ਕੇ ਪਿੰਡ ਜਾਣ ਜੋਗੀ ਨਾ ਰਹੀ । ਬੇਬੇ ਨੇ ਮੈਨੂੰ ਦੱਸਿਆ ਸੀ ਕਿ ਛੋਟੀ... 'ਵੱਡੀ ਤੋਂ ਛੋਟੀ'... ਕੁੜੀ ਜੰਮਦਿਆਂ ਈ ਮਰ ਗਈ ਤੇ ਉਸ ਤੋਂ ਵੱਡੀ ... 'ਵੱਡੇ ਤੋਂ ਛੋਟੀ'...ਜਲ਼ ਕੇ ਮਰ ਗਈ ਸੀ । ਪਿੰਡ ਦੀਆਂ ਜ਼ਿੱਦਾਂ ਨੇ ਪੁਲਸ ਬੁਲਾ ਕੇ ਉਨ੍ਹਾਂ ਉੱਤੇ ਕੁੜੀ ਨੂੰ ਖੁਦ ਜਾਲ਼ ਕੇ ਮਾਰਨ ਦਾ ਕੇਸ ਪੁਆ 'ਤਾ ਸੀ ।

''ਤੇ ਮੇਰਾ ਪੁੱਤ, ਮੇਰੀ ਖਬਰ ਲੈਣ ਬੀ ਨਾ ਆਇਆ । ਕੁੜੀ ਜਲ਼ ਕੇ ਮਰਗੀ । ਪੁੱਤ ਨੇ ਖਬਰ ਨੀਂ ਲਈ । ਕੇਸ ਪੈ ਗਿਆ । ਅੰਦਰ ਹੋਏ । ਠਾਣੇ 'ਚ ਪੈਸੇ ਲੱਗੇ । ਪਿੰਡ 'ਚ ਬਦਨਾਮ ਹੋਏ । ਕਹਿੰਦੇ ਪਤਾ ਨੀਂ ਇਹਨਾਂ ਨੇ ਕੁੜੀ ਕਿਉਂ ਮਾਰ 'ਤੀ । ਖੱਜਲ ਹੋਏ । ਧੀ ਨੂੰ ਰੋ ਵੀ ਨਾ ਹੋਇਆ । ਚੱਜ ਨਾਲ । ਪੁੱਤ ਫੇਰ ਵੀ ਨਾ ਆਇਆ । ਮਾਸੀ ਨੇ ਸਿਰ 'ਚ ਪੁਆ 'ਤਾ ਕੁਸ ਜੈ ਰੋਈ ਨੇ । ਕਿਆ ਕਰਨਾ ਐਹੋ ਜੀ ਅਲਾਦ ਨੂੰ ।''

''ਬਾਅਦ 'ਚ ... ਮਤਲਬ ... ਹੁਣ ਫੇਰ ਕਦੇ ਨੀਂ ਆਇਆ'' ਮੈਂ ਪੁੱਛਿਆ ।

''ਮੈਨੂੰ ਤਾਂ ਪੁੱਤ ਦੇਖੇ ਨੂੰ ਵੀ ਬਾਰਾਂ ਸਾਲ ਹੋ ਗੇ ।''

''ਚਲਿਆ ਕਿਉਂ ਗਿਆ ਤਾ''

''ਬਸ ਪੁੱਛੇ ਨਾ । ਘਰੋਂ ਭੱਜ ਕੇ, ਸਕੂਲੇ ਬਸਤਾ ਫੱਟੀ ਛੱਡ ਕੇ ਤਿੱਤਰ ਹੋ ਗਿਆ । ਅੱਠਮੀ ਨੌਮੀ 'ਚ ਪੜ੍ਹਦਾ ਤਾ । ਮੇਰੀ ਛੋਟੀ ਭੈਣ... ਔਾਤਣੀ ਆਪਣੀ ਮਾਸੀ ਕੋਲੇ ਚਲੇ ਗਿਆ । ਪਹਿਲਾਂ ਆਉਂਦਾ ਤਾ ਮਹੀਨੇ ਵੀਹੀਂ । ਫੇਰ ਜੈ ਖਾਣੀ ਨੂੰ ਲਾਲਚ ਲੱਗ ਗਿਆ । ਸਿਰ 'ਚ ਪੁਆ 'ਤਾ । ਮੁੰਡਾ ਜਣ ਨੀਂ ਹੋਇਆ । ਮੇਰੇ ਜਣੇ ਪਰ ਕਬਜ਼ਾ ਕਰ ਲਿਆ । ਜਿੱਕਣਾ ਦਾਦਣੀ ਸ਼ਾਮਲਾਟ ਹੋਵੇ । ਮੈਂਖਿਆ : ਮੁੰਡਾ ਤਾਂ ਮੇਰਾ ਈ ਰਹਿਣਾ । ਤੇਰਾ ਨੀਂ ਬਣਨਾ ਜੇ ਕਹੇਂ । ਮੈਂ ਨੌਂ ਮਹੀਨੇ ਢਿੱਡ 'ਚ ਰੱਖਿਆ, ਪਾਲਿਆ, ਪੜ੍ਹਾਇਆ, ਲਿਖਾਇਆ । ਮੁੜ ਕੇ ਨੀਂ ਆਇਆ । ਹੁਣ ਉਹ ਨਿਆਣਾ? ਔਾਤਣੀ । ਮੁੰਡੇ ਨੂੰ ਨੀਂ ਪਤਾ? ਪਰ ... ਖੋਟਾ ਪੈਸਾ ਆਪਣਾ, ਬਾਣੀਏ ਨੂੰ ਕਿਆ ਦੋਸ । ਲੋਕਾਂ ਦੇ ਮਿਹਣੇ ਈ ਨੀਂ ਮਾਣ । ਢਿੱਡ ਤੇ ਜੰਮ ਕੇ ਗੁਆ 'ਤਾ । ਦਿਲ ਟੁੱਟ ਗਿਆ ਹੁਣ ਤਾਂ । ਚਲ ... ਚਲ ਕੋਈ ਨਾ । ਮੈਂ ਵੀ ਪੁੱਤ ਨੂੰ ਸਨੇਹਾ ਦਿੱਤਾ ਬੀ ਹੁਣ ਮੇਰੀ ਦਿਹਲੀ ਨਾ ਚੜ੍ਹੀਂ । ਜੇ ਆ ਗਿਆ ਅੰਦਰ ਨੀਂ ਵੜਨ ਦਊਂ ਕਿਸੇ ਦੀ ਤੁਖਮ ਨੂੰ । ਹੁਣ ਸਬਰ ਕਰ ਲਿਆ । ਬਥੇਰਾ । ਸੋਚਿਆ ... ਚਲ ਕੋਈ ਨਾ... ਇੱਕੋ ਜੰਮਿਆ ਤਾ । ਦੋ ਨੀਂ ਜੰਮੇ '' ਹੁਣ ਉਹ ਆਪਣੀ ਭੈਣ ਤੇ ਆਪਣੇ ਮੁੰਡੇ ਨਾਲ ਜਿਵੇਂ ਮੂੰਹੋਂ ਮੂੰਹੀ ਗੱਲਾਂ ਕਰ ਕੇ ਮਿਹਣੇ ਦੇ ਰਹੀ ਸੀ ।

'ਮੁੜਿਆ ਕਿਊ ਨਾ' ਮੈਂ ਆਪਣੀ ਸੋਚ ਵਿੱਚ ਹੀ ਬੇਬੇ ਦੇ ਚਲੇ ਗਏ ਮੁੰਡੇ ਨੂੰ ਸੁਆਲ ਪੁੱਛਿਆ । 'ਮੁੜਿਆ ਕਿਊ ਨਾ' ਫੇਰ ਜਿਵੇਂ ਮੈਂ ਹਰ ਜੀਊਂਦੇ ਜੀਅ ਨੂੰ ਪੁੱਛਿਆ ਹੋਵੇ । ਬੇਬੇ ਚੁੱਪ ਸੀ । ਲੋਕਾਂ ਸਾਲਿਆਂ ਕੋਲ ਜਿਵੇਂ ਹਰ ਸੁਆਲ ਦਾ ਜਵਾਬ ਹੁੰਦਾ ਐ । ਕਹਿੰਦੇ ਮਾਂ ਖਰਾਬ ਸੀ । ਮੁੰਡੇ ਨੂੰ ਭਿਣਕ ਪੈ ਗਈ । ਫੇਰ ਪਿੰਡ 'ਚ ਚਰਚਾ ਹੋਣ ਲੱਗੀ । ਉਸ ਤੋਂ ਬਰਦਾਸ਼ਤ ਨੀਂ ਹੋਇਆ ਤੇ ਉਹ ... ਲੋਕਾਂ ਦਾ ਕੀ ਐ । ਉਹ ਤਾਂ ਇਹ ਵੀ ਕਹੀ ਜਾਂਦੇ ਐ ਕਿ ਮਾਂ ਨੂੰ ਦੇਖ ਦੇਖ ਧੀ ਵੀ ਖਰਾਬ ਹੋ ਗਈ ਤੇ ਇਸੇ ਖਰਾਬੇ 'ਚ ਫੂਕੀ ਗਈ ।

ਮੈਨੂੰ ਐਂ ਵੀ ਲੱਗਦਾ ਹੁੰਦਾ ਸੀ ਕਿ ਉਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ । ਊਂ ਵੀ ਤੀਮੀਂਆਂ ਨੂੰ ਐਵੇਂ ਬੋਲੀ ਜਾਣ ਦੀ ਆਦਤ ਹੁੰਦੀ ਐ । ਪਰ ਬੇਬੇ ਤਾਂ ਜ਼ਿੰਦਗੀ ਦੇ ਝੂਠ-ਸੱਚ, ਰਸ-ਜ਼ਹਿਰ ਨਾਲ ਭਰੀ ਹੋਈ ਔਰਤ ਸੀ । ਗੱਲਾਂ ਕਰਦੇ-ਕਰਦੇ ਉਹ ਕਈ ਵਾਰ ਵਸੀਮੇ ਟੱਪ ਜਾਂਦੀ । ਅਗਲੇ ਨੂੰ ਨੰਗਾ ਕਰ ਦਿੰਦੀ । ਤੇ ਆਪ ਵੀ ... ਕਿਸੇ ਨੇ ਇਸ ਤੋਂ ਪਹਿਲਾਂ ਅਜਿਹੇ ਅਭਿਆਸ ਤੇ ਅਹਿਸਾਸ ਮੇਰੇ ਨਾਲ ਸਾਂਝੇ ਨਹੀਂ ਕੀਤੇ ਸਨ । ਸ਼ਾਇਦ ਉਹ ਮੈਨੂੰ ਇਹ ਸਭ ਕੁਝ ਸੁਣਨ ਦੇ ਕਾਬਿਲ ਸਮਝਦੀ ਹੋਵੇ । ਇੱਕ ਵਾਰ ਉਹ ਬੀਮਾਰ ਹੋ ਗਈ । ਠੀਕ ਵੀ ਹੋ ਗਈ । ਆਪਣੇ ਮੁੰਡੇ ਗੁਰਮੁੱਖ ਦੇ ਹੱਥ ਸੁਨੇਹਾ ਭੇਜਿਆ । ਉਹ ਘਰ ਇਕੱਲੀ ਵੱਖੀ ਭਾਰ ਬੈਠੀ ਸੀ । ਬਹੁਤੀ ਬੀਮਾਰ ਨਹੀਂ ਸੀ ਲੱਗ ਰਹੀ ।

''ਬੇਬੇ ਕਿਆ ਹੋ ਗਿਆ ਤਾ''

''ਅਪਣੀਆਂ ਗਲਤੀਆਂ ਨੇ ਮਾਰ ਲੇ''

''ਹੋਇਆ ਕਿਆ ਤਾ''

ਕੁੱਝ ਨਾ ਬੋਲੀ । ਚੁੱਪ ਚਾਪ ਅੰਦਰ ਗਈ ਤੇ ਪਾਣੀ ਨਾਲ ਭਰਿਆ ਉਛਲਦਾ ਸਟੀਲ ਦਾ ਗਿਲਾਸ ਲਿਆ ਕੇ ਮੇਰੇ ਹੱਥ ਫੜਾ ਦਿੱਤਾ ।

''ਹੂੰ!'' ਮੈਂ ਹੁੰਗਾਰਾ ਦਿੱਤਾ ਬਈ ਬੋਲ ਹੁਣ ।

ਉਹ ਪਹਿਲਾਂ ਵਾਲੀ ਹਾਲਤ 'ਚ ਈ ਬੈਠ ਕੇ ਕਈ ਤਰ੍ਹਾਂ ਦੇ ਮੂੰਹ ਬਣਾਉਂਦੀ ਹੋਈ ਹੌਲੀ ਹੌਲੀ ਬੋਲੀ:

''ਪੁੱਤ, ਜਿਹੜੀ ਤੀਮੀਂਆਂ ਨੂੰ ਬਮਾਰੀ ਹੁੰਦੀ ਐ, ਮੈਨੂੰ ਬਹੁਤ ਰਹਿੰਦੀ'' ਤੀਮੀਂਆਂ ਦੀ ਖਾਸ ਬੀਮਾਰੀ ਦਾ ਨਾਉਂ ਸੁਣਦੇ ਸਾਰ ਈ ਮੇਰੇ ਫ਼ਿਊਜ ਉੜ ਗਏ । ਸਾਰੇ ਜਿਸਮ 'ਚ ਝੁਣਝੁਣੀ ਫੈਲ ਗਈ ।

''ਜਦ ਤੇ ਪੁੱਤ ਮੇਰੀ ਧੀ ਜਲ਼ੀ ਐ ਜਦ ਤੇ ਲੱਗ ਗੀ । ਮੈਂ ਤਾਂ ਬੜੀ ਤੰਗ ਐਂ । ਮੈਂ ਡਾਕਟਰ ਜਗਤਪਾਲ ਕੋਲ ਗਈ । ਮੈਂਖਿਆ ਜੀ ਮੈਨੂੰ ਮੰਥਲੀ ਕੋਰਸ ਬਹੁਤ ਰਹਿੰਦਾ । ਕਹਿੰਦਾ: ਕਮਜ਼ੋਰੀ ਐ । ਟੀਕੇ ਲਗੂੰਗੇ । ਤਾਕਤ ਦੇ । ਦੋ ਲੁਆਏ । ਭਾਈ ਮੇਤੇ ਤਾਂ ਨੀਂ ਲੁਆ ਹੁੰਦੇ । ਪੁੜੇ ਦੁੱਖਦੇ ਐ ।''

''ਤਾਂਹੀ ਤਾਂ ਤੂੰ ਠੀਕ ਨੀਂ ਹੁੰਦੀ । ਪੂਰਾ ਅਲਾਜ ਹੋਊ, ਤਾਂਹੀ ਬਮਾਰੀ ਦੀ ਜੜ ਟੁੱਟੂ'', ਮੈਨੂੰ ਪਤਾ ਸੀ ਕਿ ਜੇ ਡਾਕਟਰ ਦੀ ਪਹਿਲੀ ਖ਼ੁਰਾਕ ਤੋਂ ਉਸ ਨੂੰ ਅਰਾਮ ਨਾ ਆਇਆ ਤਾਂ ਦੂਸਰੇ ਡਾਕਟਰ ਕੋਲ ਜਾਣ ਦੀ ਉਸ ਨੂੰ ਅਲਹਿਦਾ ਬੀਮਾਰੀ ਐ । ਕੋਈ ਪੈਸੇ ਵੱਧ ਲੈਂਦਾ ਐ । ਕੋਈ ਸੁਆਰ ਕੇ ਗੱਲ ਨੀਂ ਸੁਣਦਾ । ਕਿਸੇ ਕੋਲ ਭੀੜ ਬਹੁਤ ਹੁੰਦੀ ਐ ।

''ਦੋ ਟੀਕਿਆਂ 'ਤੇ ਮੈਨੂੰ ਭੋਰਾ 'ਰਾਮ ਨੀਂ । ਉਹਦੀਆਂ ਗੋਲ਼ੀਆਂ ਸੂਈਆਂ ਤੇ ਮੈਨੂੰ ਗਰਮੀ ਹੋ ਗੀ । ਮੈਂ ਮਰ ਗੀ ਨਾਹੁੰਦੀ । ਬੁੱਲ੍ਹ ਸਕਾ 'ਤੇ । ਫੂਕ ਕੇ ਰੱਖ 'ਤੀ...''

''ਫੇਰ ਜਾਂਦੀ ਉਸੇ ਕੋਲ । ਦੱਸਦੀ ਬਈ ... ''

''ਮੈਖਿਆ, ਕਾਹਨੂੰ ਪੈਸੇ ਲਾਉਣੇ ਐ । ਨਾਲੇ ਇਹ ਤਾਂ ਕੁਦਰਤੀ ਐ । ਡਾਕਟਰਾਂ ਨੇ ਕਿਹੜਾ ਜਵਾਬ ਦੇਣਾ । ਪੈਸੇ ਬਣਾਉਂਦੇ ਐ । ਹੋਰ ਕਿਆ । ਊਂਈ ਤਾਂ ਨੀਂ ਕੋਠੀਆਂ? ਕਾਰਾਂ 'ਚ ਫਿਰਦੇ? ਫੇਰ ਕੁਰਾਲੀ ਤੇ ਲਿਆਈ ਦੁਆਈ । ਦੇਸੀ ਹਕੀਮ ਤੇ । ਕਹਿੰਦਾ: ਕਿੱਕਰ ਦੇ ਸੱਕ 'ਚ ਘੋਟ ਕੇ ਖਾਣੀ ਐ । ਨਿਰਨੇ ਕਾਲਜੇ । ਮੈਂਖਿਆ ਕੋਈ ਨਾ ਚਲ ਕੌੜੀ ਕਸਿਆਲੀ ਦੱਬ ਘੁੱਟ ਕੇ ਖਾ ਲੂੰਗੀ । ਫਾਹਾ ਵੱਡੂੰਗੀ ।'' ਉਹ ਥੋੜ੍ਹੀ ਜਹੀ ਸ਼ਰਾਰਤੀ ਲਹਿਜੇ 'ਚ ਹੋ ਗਈ ਲੱਗੀ ਤੇ ਫੇਰ ਢਿੱਲੀ ਜਹੀ ਹੋ ਕੇ ਕਹਿਣ ਲੱਗੀ:

''ਪੁੱਤ ਤੀਮੀਂ ਦੀ ਕਾਹਦੀ ਜੂਨ?'' ਮੈਨੂੰ ਲੱਗਿਆ ਕਿ ਜੇ ਉਹ ਭੁੱਲ ਵੀ ਜਾਵੇ ਤਾਂ ਉਸ ਦਾ ਸਰੀਰ ਝੱਟ ਉਸ ਨੂੰ ਯਾਦ ਕਰਾ ਦਿੰਦਾ ਕਿ ਉਹ ਔਰਤ ਐ ।

''ਫੇਰ? ਠੀਕ ਬੈਠਗੀ ਦੁਆਈ?''

''ਲੈ?! ਉਹਨੇ ਤਾਂ ਮੈਂ ਮਰਨੇ ਆਲੀ ਕਰ 'ਤੀ । ਮੈਂ ਖਾ ਲੀ । ਮੈਂ ਠੀਕ ਹੋ ਗੀ । ਦੋ ਮਹੀਨੇ ਮੰਥਲੀ ਨੀਂ ਆਈ । ਮੇਰਾ ਢਿੱਡ ਫੁੱਲਣ ਲੱਗ ਪਿਆ । ਮੈਂਖਿਆ ਖਬਰੇ ਕੁਸ ਹੋਰੇ ਤਾਂ ਨੀਂ ਹੋ ਗਿਆ''

''ਭਾਰ ਵੱਧ ਗਿਆ? ''

''ਹੋਰ ਕਿਆ । ਮੈਂਖਿਆ ਮੈਨੂੰ ਤਾਂ ਦੁਆਈ ਪੱਥ ਬੈਠਗੀ । ਮੇਰੀ ਤਾਂ ਸਿਹਤ ਬਣਗੀ । ਪਿੰਡਾ ਫੁੱਲ ਗਿਆ । ਬਸ ... ਫੇਰ ਪਿਛਲੇ ਮਹੀਨੇ ਤੋਂ ਮੈਨੂੰ ਲੱਗਿਆ ਬਈ ਮੈਂ ਕੁਸ ਠੀਕ ਨੀਂ ਐਂ । ਤਕਲੀਫ਼ ਹੋਣ ਲੱਗੀ । ਮੈਂਖਿਆ ਮੇਰਾ ਤਾਂ ਪਿੰਡਾ ਫਟ ਜਾਣਾ । ਘਬਰਾ ਕੇ ਸੂਲ ਉੱਠ ਖੜਿ੍ਹਆ । ਧੁੰਨੀ ਥੱਲੇ । ਮੈਂਖਿਆ ਬਸ ਗਈ । ਮੈਂ ਤਾਂ ਹਾਈ ਦੁਹਾਈ ਪਾ 'ਤੀ । ਹੱਥ ਪੈਰ ਮੇਰੇ ਸੌਣ ਲੱਗੇ । ਦੇਖ, ਤੂੰ ਪੁੱਤ ਲੱਗਦਾ, ਛਾਤੀਆਂ ਮੇਰੀਆਂ ਨੂੰ ਹੱਥ ਨਾ ਲੱਗੇ । ਸਰੀਰ ਐਂ ਹੋ ਗਿਆ ਬਈ ਰਾਤ ਜਿੱਕਣਾਂ ਸੂਲਾਂ 'ਪਰ ਕੱਟੀ । ਨੀਂਦੇ ਨਾ ਆਵੇ । ਉਹ ਦਾਦਣੇ ਕੁਰਾਲੀ ਆਲੇ ਬੈਦ ਦੀਆਂ ਫੱਕੀਆਂ ਤੇ ਮੰਥਲੀ ਰੁੱਕ ਗੀ । ਮੈਂ ਨਾਲੇ ਕਹੀ ਗਈ : ਬੀ ਜੀ ਮੇਰੀ ਉਮਰ ਨੀਂ ਹਾਲੇ । ਚਾਲੀ ਪੰਤਾਲੀ ਕੋਈ ਉਮਰ ਐ । ਪੈਸੇ ਬਣਾਉਂਦੇ ਐ ਸਾਰੇ । ਭਾਈ, ਰਿਕਸ਼ੇ 'ਪਰ ਪਰੂਮਾਰ ਦੇ ਲੈ ਗੇ ਮੈਨੂੰ । ਜਾਂਦੀ ਦੇ ਈ ਟੀਕਾ ਲਾ 'ਤਾ । ਗੋਲ਼ੀਆਂ । ਦੋ ਰੰਗਾਂ ਆਲੇ ਕੈਪਸੂਲ । ਫੇਰ ਤਾਂ ਅੰਦਰ ਫਟ ਗਿਆ । ਲਹੂ ਪਿਆ ਕੋਈ ... ਹੁਣ ਪਿੰਡਾ ਹੌਲਾ ਹੋਇਆ ਪਿਆ ।'' ਉਸ ਨੇ ਇੱਕ ਹੱਥ ਆਪਣੀ ਦੂਸਰੀ ਬਾਂਹ 'ਤੇ ਹੌਲੀ-ਹੌਲੀ ਫੇਰਿਆ ਤੇ ਫੇਰ ਬਿਲਕੁਲ ਚੁੱਪ ਹੋ ਗਈ । ਮੈਨੂੰ ਬੈਠੇ ਬਠਾਏ ਨੂੰ ਭੁੱਲ ਕੇ ਆਪਣੇ ਜਿਸਮ ਅੰਦਰ ਵੜ ਗਈ ।

''ਮੈਂ ਸੋਚਿਆ : ਜੀਤੇ ਨੂੰ ਸੁਨੇਹਾ ਭੇਜਾਂ । ਤੇਰੇ ਨਾਲ ਗੱਲਾਂ ਮਾਰ ਕੇ ਦਿਲ ਹੌਲਾ ਹੋ ਜਾਂਦਾ । ਕ ਨਹੀ?''

''ਹਾਂਅ''

ਪੌੜੀਆਂ 'ਚੋਂ ਚੱਪਲਾਂ ਦੀ ਆਵਾਜ਼ ਉਪਰ ਨੂੰ ਚੜ੍ਹਦੀ ਆਉਂਦੀ ਸੁਣਾਈ ਦਿੱਤੀ ਤਾਂ ਅਸੀਂ ਦੋਵੇਂ ਚੋਰਾਂ ਵਾਂਗ ਠਠੰਬਰ ਗਏ । ਦਰਵਾਜ਼ਾ ਕੇਵਲ ਭੀੜਿਆ ਹੋਇਆ ਸੀ ।

''ਆ ਗਿਆ? ਤੇਰਾ ਆੜੀ ।'' ਬੇਬੇ ਨੇ ਮੁੰਡੇ ਦੀ ਤੋਰ ਪਛਾਣ ਲਈ । ਗੁਰਮੁੱਖ ਅੰਦਰ ਆਉਂਦਾ ਈ ਹੱਸ ਪਿਆ ।

''ਆ ਗਿਆ? ਕੱਦਾ ਕ ਆਇਆ?''

''ਬਸ ਬੈਠਾ ਈ ਐਂ ।''

''ਪੌੜੀਆਂ 'ਚ ਅਵਾਜ ਸੁਣੀ । ਮੈਂ ਕਿਹਾ ਜੀਤਾ ਈ ਹੋਣਾ ।''

''ਹੋਰ ਕਿਆ ਹਾਲ ਐ? ''

''ਠੀਕ ਐ । ਤੂੰ ਘਰ ਦੁਪਹਿਰੇ ਸਨੇਹਾ ਦੇ ਕੇ ਬੈਠਿਆ ਵੀ ਨੀਂ । ਤੇਰੇ ਕੋਲ ਟੈਮ ਕਿੱਥੇ? ਤੂੰ ਤਾਂ ਕਦੇ ਆਉਂਦਾ ਵੀ ਨੀਂ । ਮੈ ਹਰ ਹਫ਼ਤੇ ਤੇਰੇ ਘਰ ਦੋ ਦੋ ਤਿੰਨ ਤਿੰਨ ਗੇੜੇ ਲਾ ਦਿੰਦਾ । ਤੂੰ ਮੇਰੇ ਘਰ ਦਪਹਿਰੇ ਬੈਠਿਆ ਵੀ ਨੀਂ ।'' ਮੈਂ ਐਵੇਂ ਸ਼ਿਕਾਇਤ ਕੀਤੀ ।

''ਤੂੰ ਕੋਈ ੲ੍ਹੀਦੇ ਕਰ ਕੇ ਥੋੜ੍ਹਾ ਆਊਦਾ ਇੱਥੇ । ਤੂੰ ਤਾਂ ਮੇਰੇ ਕਰ ਕੇ ਆਉਂਦਾ ।'' ਬੇਬੇ ਤੋਂ ਜਿਵੇਂ ਰਹਿਆ ਈ ਨਾ ਗਿਆ । ਤੇ ਬੀਮਾਰਾਂ ਵਾਂਗ ਉੱਠ ਕੇ ਰਸੋਈ 'ਚ ਚਲੇ ਗਈ । ਰੋਟੀ ਟੁੱਕ ਤਾਂ ਕਰਨਾ ਈ ਪੈਣਾ ਸੀ । ਦਿਨ ਕਦੋਂ ਦਾ ਢਲ ਚੁੱਕਿਆ ਸੀ । ਰਾਤ ਗਾੜ੍ਹੀ ਹੋ ਰਹੀ ਸੀ । ਗੁਰਮੱਖ ਨੂੰ ਹੋਰ ਕੋਈ ਗੱਲ ਨਾ ਸੁੱਝੀ ਤਾਂ ਟ੍ਰਾਂਜਿਸਟਰ ਚੁੱਕ ਕੇ ਬੀ.ਬੀ.ਸੀ. ਸਟੇਸ਼ਨ ਲੱਭਣ ਲੱਗ ਪਿਆ । ਬੈਂਡ ਬਦਲਦਾ ਰਿਹਾ । ਸਟੇਸ਼ਨ ਨਹੀਂ ਲੱਭ ਰਿਹਾ ਸੀ । ਅੱਠ ਵੱਜੇ ਤਾਂ ਬੇਬੇ ਨੇ ਆਪਣੇ ਮੁੰਡੇ ਨੂੰ ਪਤਾ ਨਹੀਂ ਕਦ ਕੀ ਇਸ਼ਾਰਾ ਕੀਤਾ ਕਿ ਉਹ ਮੈਨੂੰ ਛੱਡ ਕੇ ਰਸੋਈ 'ਚ ਚਲਾ ਗਿਆ । ਤੇ ਮਾੜੀ ਮੋਟੀ ਘੁਸਰ-ਮੁਸਰ ਤੋਂ ਬਾਅਦ ਅੱਧਾ ਜਿਹਾ ਹੋਇਆ ਆ ਗਿਆ ।

''ਜੀਤੇ, ਜੇ ਰੋਟੀ ਖਾਣੀ ਐ ਤਾਂ ਦੱਸ ਦੇ । ਪਕਾ ਦਏਗੀ ।''

ਉਸ ਨੇ ਕਾਰਨਿਸ 'ਤੇ ਪਏ ਕਲੌਕ ਵੱਲ ਵੇਖਿਆ ।

''ਹਾਂ, ਖਾ ਲਾਂਗੇ । ਕੋਈ ਨੀਂ'' ਮੇਰਾ ਜਿਵੇਂ ਇੱਥੇ ਜੀਅ ਲੱਗਿਆ ਹੋਇਆ ਸੀ ।

ਇੰਨੇ ਵਿੱਚ ਬਾਪੂ ਵੀ ਆ ਗਿਆ । ਪਹਿਲਾਂ ਈ ਪੀਤੀ ਹੋਈ ਸੀ । ਸੁੱਡੇ ਵਿੱਚੋਂ ਦੇਸੀ ਦਾ ਅੱਧਾ ਭਰਿਆ ਤੇ ਅੱਧਾ ਖਾਲੀ ਪਊਆ ਕੱਢ ਲਿਆ । ਸ਼ਰਾਬ ਛਲਕਾ ਕੇ ਦੇਖਣ ਲੱਗਾ । ਸ਼ਰਾਬ ਵਿੱਚ ਚਮਕ ਹਿੱਲ ਰਹੀ ਸੀ । ਪਊਆ ਉਸ ਨੇ ਚੁੱਲ੍ਹੇ ਮੂਹਰੇ ਖੜ੍ਹਾ ਕਰ ਦਿੱਤਾ ।

''ਚੱਕ ਲੈ ਇ੍ਹਨੂੰ ਪਰ੍ਹਾਂ । ਆ ਗਿਆ ਕਿਤੇ!'' ਬੇਬੇ ਉਸ ਨੂੰ ਟੁੱਟ ਕੇ ਪੈ ਗਈ । ਸ਼ਰਾਬ ਦੇ ਨਸ਼ੇ ਵਿੱਚ ਉਸ ਨੇ ਕੁਝ ਬੁੜ-ਬੁੜ ਕੀਤੀ ਪਰ ਮੈਨੂੰ ਸਮਝ ਨਾ ਆਈ ਕਿ ਕੀਹਨੂੰ ਕੀ ਕਹਿ ਰਿਹਾ ਸੀ । ਉਸ ਦੀ ਬੋਲੀ ਉਸ ਦੇ ਘਰ ਵਾਲੇ ਜਾਂ ਸਾਥੀ ਡਰਾਈਵਰ ਕਲੀਨਰ ਹੀ ਸਮਝ ਸਕਦੇ ਹੋਣਗੇ । ਜਦੋਂ ਕਦੇ ਸੋਫ਼ੀ ਵੀ ਟੱਕਰਿਆ ਸੀ ਤਾਂ ਉਸ ਦੀ ਬੋਲ ਬਾਣੀ ਵਿੱਚ ਗੱਡੀਆਂ, ਉਹਨਾਂ ਦੇ ਨੰਬਰ, ਕਿਹੜੇ ਸ਼ਹਿਰਾਂ ਨੂੰ ਗਈਆਂ, ਟਾਇਰਾਂ ਦੀ ਉਮਰ ਤੇ ਕੰਪਣੀਆਂ ਦੇ ਨਾਂਓ ਤੇ ਭਾੜੇ ਦੇ ਰੇਟਾਂ ਤੋਂ ਸਿਵਾ ਕੁਝ ਨਹੀਂ ਸੀ ਲੱਭਦਾ ਹੁੰਦਾ ।

''ਚੱਕ ਲੈ ੲ੍ਹੀਨੂੰ ਪਰਾਂ''

''ਚੱਕ ਲੂੰਗਾ ।'' ਬਾਪੂ ਘਰੜੀ ਆਵਾਜ਼ 'ਚ ਤਣ ਕੇ ਬੋਲਿਆ ।

''ਲਿਆ ਕੇ ਰੱਖ ਤੀ ਚੁੱਲ੍ਹੇ ਕੋਲ । ਚੱਕਦਾ ਕ ਨਹੀਂ? ਆ ਗਿਆ ਲਹੂ ਪੀਣ ਹੁਣ, ਬਹੁਤਾ ਸਨੱਖਾ? ''

''ਮੈਂ ਹੈ ਨੀਂ ਸਨੱਖਾ? ''

''ਬੂਥੀ ਦੇਖੀ ਅਪਣੀ ਸੀਸੇ 'ਚ, ਚਿਲਮ ਵਰਗੀ ।''

''ਨਾ ਮੈਂ ਹੈ ਨੀਂ ਸਨੱਖਾ? ਹੋਰ ਕਰ ਲੈ ਫੇਰ ।''

''ਮੁੰਡੇ ਬੈਠੇ ਐ । ਤੂੰ ਕਰਿਆ ਤਾਂ ਹੈ ਤਾ ਹੋਰ, ਦਾਦਣਿਆ ।''

''ਹੁਣ ਹੋਰ ਕਰ ਲੈ । ਸਭ ਪਤਾ ਮੈਨੂੰ''

''ਕਰ ਲੂੰਗੀ ਹੋਰ । ਪਹਿਲਾਂ ਤੇਰੀ ਤਾਂ ਦੱਦ ਬੱਡ ਹੋਵੇ ।''

''ਮੇਰੀ ਦੱਦ ਬੱਡ ਕੇ ਫੇਰ ਭੈਣ ... '' ਉਸ ਨੇ ਬੇਬੇ ਵੱਲ ਕੌੜਾ ਕੌੜਾ ਝਾਕਦੇ ਪਊਆ ਚੁੱਕ ਲਿਆ ਤੇ ਘਰ 'ਚ ਇੱਧਰ ਉੱਧਰ ਦੇਖਣ ਲੱਗਿਆ ਕਿ ਇਸ ਨੂੰ ਕਿੱਥੇ ਰੱਖੇ । ਜਦ ਕੋਈ ਜਗ੍ਹਾ ਨਾ ਦਿਸੀ ਤਾਂ ਗਲਾਸ ਚੁੱਕ ਕੇ ਬਚਦੀ ਸਾਰੀ ਸ਼ਰਾਬ ਇਸ 'ਚ ਉਲੱਦ ਦਿੱਤੀ ਤੇ ਫੇਰ ਗਲਾਸ ਮੂੰਹ ਨੂੰ ਲਾ ਕੇ ਪੀ ਗਿਆ ।

ਇਹ ਪਹਿਲਾ ਮੌਕਾ ਸੀ ਕਿ ਮੈਂ ਬਾਪ-ਪੁੱਤ ਨਾਲ ਰੋਟੀ ਖਾਣ ਇੱਕੋ ਮੇਜ 'ਤੇ ਬੈਠਿਆ ਸਾਂ, ਨਹੀਂ ਤਾਂ ਮੈਂ ਅਲੱਗ ਛੋਟੀ ਜਿਹੀ ਸਟੂਲੀ ਉੱਤੇ ਬਹਿ ਕੇ ਰੋਟੀ ਖਾ ਲਿਆ ਕਰਦਾ ਸਾਂ । ਬੇਬੇ ਪਹਿਲਾਂ ਸਬਜ਼ੀ ਦੀਆਂ ਦੋ ਪਲੇਟਾਂ ਦੋਵੇਂ ਹੱਥਾਂ 'ਚ ਫੜੀ ਆਈ ਤੇ ਮੁੰਡੇ ਤੇ ਘਰਵਾਲੇ ਦੇ ਮੂਹਰੇ ਰੱਖ ਕੇ ਬੋਲਦੀ ਬੋਲਦੀ ਰਸੋਈ 'ਚ ਨੂੰ ਮੁੜੀ ।

''ਬਈ ਸਬਜੀ ਆਹੀ ਐ । ਤੈਨੂੰ ਮੈਂ ਲਿਆਉਂਦੀ ਜੀਤੇ ।''

ਮਹਿਮਾਨ ਨੂੰ ਪਹਿਲਾਂ ਦਿੰਦੇ ਹਨ । ਪਰ ਮੈਂ ਕਿਹੜਾ 'ਕਿਤੇ ਈ' ਆਇਆ ਸਾਂ । ਰੋਜ਼ ਦਾ ਤਾਂ ਆਉਣ ਜਾਣ ਸੀ । ਬੇਬੇ ਰੋਜ਼ ਇੱਕੋ ਵੇਲੇ ਦੋ ਡੰਗ ਦੀ ਦਾਲ ਸਬਜ਼ੀ ਬਣਾਉਂਦੀ । ਨਾਸ਼ਤੇ 'ਚ ਚਾਹ, ਮੱਠੀ ਜਾਂ ਬਿਸਕੁੱਟ । ਰੋਟੀ ਬਾਰਾਂ ਵਜੇ ਦੁਪਹਿਰ ਨੂੰ ਤੇ ਰਾਤੀ ਅੱਠ ਵਜੇ । ਜੇ ਕੋਈ ਮੇਰੇ ਵਾਂਗ ਆ ਧਮਕੇ ਤਾਂ ਜੋ ਬਚਦਾ, ਉਹੀ ਖਾ ਕੇ ਸਾਰ ਲੈਂਦੀ । ਬਾਸੀ ਰੋਟੀ, ਬਾਸੀ ਸਬਜ਼ੀ ਉਸ ਲਈ ਜ਼ਹਿਰ ਹੁੰਦੀ । ਤੇ ਰਾਤ ਨੂੰ ਸਾਰੇ ਭਾਂਡੇ, ਚੱਕਲੇ ਬੇਲਣੇ ਧੋ ਮਾਂਜ ਕੇ, ਟਿਕਾ ਕੇ ਰੱਖ ਦੇਣ ਬਾਰੇ ਟੌਅਰ ਨਾਲ ਦੱਸਦੀ ਹੁੰਦੀ ਸੀ ।

''ਤੇਰਾ ਲੇਖਾ ਕਦ ਦਿਆਂਗੇ । ਰੋਟੀਆਂ ਖਾ ਖਾ ਕੇ ਉਤਰੀ ਜਾਨਾਂ ਚਬਾਰੇ 'ਚੋਂ '', ਮੈਂ ਸੱਚੀਂ ਉਸ ਦਾ ਅਹਿਸਾਨਮੰਦ ਹੋ ਰਿਹਾ ਸਾਂ ।

''ਤੈਂ ਕੋਈ ਮੰਗ ਕੇ ਖਾਣੀ ਐ । ਤੈਂ ਤਾਂ ਪੁੰਨ ਕਰ ਕੇ ਖਾਣੀ ਐਂ । ਹੋਰ ਨੂੰ ਨੀਂ ਮੈਂ ਖਲਾਉਂਦੀ ... ਤੈਨੂੰ ਲਿਆਉਂਦੀ ਮੈਂ ।'' ਪਤਾ ਨਹੀਂ ਪੁੰਨ ਕੌਣ ਕਰ ਰਿਹਾ ਸੀ । ਇੱਕ ਹੱਥ 'ਚ ਰੋਟੀਆਂ ਤੇ ਦੂਜੇ 'ਚ ਸਬਜ਼ੀ ''ਲੈ, ਜੀਤੇ, ਸਬਜੀ । ਫੜ ਲੈ । ਕਿਤੇ ਡੁੱਲ੍ਹ ਨਾ ਜਾਵੇ ... ਤੁਸੀਂ ਆਹ ਫੜੋ ਆਪਣੀਆਂ ਰੋਟੀਆਂ ... ਤੈਨੂੰ ਲਿਆਉਂਦੀ ਮੈਂ ਜੀਤੇ... '' ਲਿਆਉਂਦੀ, ਅਲੱਗ ਅਲੱਗ ਫੜਾਊਦੀ ਤੇ ਕਹਿੰਦੀ ਉਹ ਫੇਰ ਰਸੋਈ 'ਚ ਨੂੰ ਮੁੜ ਗਈ । ਮੇਰੀਆਂ ਚਾਰ ਰੋਟੀਆਂ ਅਲਹਿਦੀਆਂ ਪਲੇਟ 'ਚ ਰੱਖ ਕੇ ਲਿਆਈ ਤੇ ਦੂਸਰੀਆਂ ਪਲੇਟਾਂ ਤੋਂ ਕਾਫ਼ੀ ਵਿੱਥ ਉੱਤੇ ਟਿਕਾ ਦਿੱਤੀ । ਰੋਟੀ ਖਾਣ ਲੱਗੇ । ਉਹ ਮੰਜੇ ਉੱਤੇ ਬੈਠੀ ਰੋਟੀ ਖਾ ਰਹੇ ਬੰਦਿਆਂ ਵੱਲ ਵੇਖੀ ਜਾ ਰਹੀ ਸੀ ।

''ਜੋ ਹੋਰ ਚਾਹੀਦਾ ਦੱਸ ਦਿਓ''

''ਪਾਣੀ''

ਸ਼ਰਾਬੀ ਬਾਪੂ ਨੇ ਆਪਣਾ ਪਾਣੀ ਵਾਲਾ ਗਲਾਸ ਕਦੋਂ ਮੇਰੇ ਗਲਾਸ ਦੇ ਲਾਗ ਰੱਖ ਦਿੱਤਾ ਮੈਨੂੰ ਪਤਾ ਹੀ ਨਾ ਲੱਗਿਆ ।

''ਤੂੰ ਕਿਤੇ ਜੀਤੇ ਆਲਾ ਗਲਾਸ ਨਾ ਚੱਕ ਲੀਂ । ਪੀਤੀ 'ਚ ਤੈਨੂੰ ਪਤਾ ਵੀ ਨੀਂ ਲੱਗਣਾ । ਜੀਤੇ, ਤੂੰ ਆਪਣਾ ਗਲਾਸ ਪਰ੍ਹੇ ਨੂੰ ਕਰ ਲੈ । ਹੋਰ ਕਿਤੇ । ਪਰ੍ਹਾਂ ਨੂੰ ਖੁੱਲਾ ਹੋ ਕੇ ਬੈਠ ਜਾ ।''

ਬੇਬੇ ਗੁੱਸੇ 'ਚ ਇਉਂ ਤਰੱਭਕੀ ਜਿਵੇਂ ਬੱਸ 'ਚ ਬੈਠੀ ਨੂੰ ਕਿਸੇ ਨੇ ਉਸ ਨੂੰ ਹੱਥ ਲਾ ਦਿੱਤਾ ਹੋਵੇ । ਮੈਂ ਇੱਕ ਦਮ ਹੌਲ ਗਿਆ ਤੇ ਮੇਰੀ ਜਾਤ ਮੇਰੇ ਪੈਰਾਂ ਤੋਂ ਲੈ ਕੇ ਤਾਲੂਏ ਤੱਕ ਫੈਲ ਗਈ । ਮੈਂ ਆਪਣੇ ਭਾਂਡੇ ਅਲੱਗ ਕਰ ਕੇ ਜੁਦਾ ਹੋ ਕੇ ਬੈਠ ਗਿਆ । ਰੋਟੀ ਅਜੇ ਹੋਰ ਖਾਣੀ ਸੀ । ਬਚਿਆ ਪਾਣੀ ਸਬਜ਼ੀ 'ਚ ਡੋਲ੍ਹ ਦਿੱਤਾ । ਬਚਿਆ ਟੁਕੜਾ ਸੁੱਕਾ ਈ ਮੂੰਹ 'ਚ ਪਾ ਕੇ ਜ਼ੋਰ ਜ਼ੋਰ ਦੀ ਚਿੱਥਣ ਲੱਗਿਆ ।

''ਆਪਣੇ ਭਾਂਡੇ ਔਹ ਸੁਆਹ ਆਲੇ ਡੱਬੇ ਕੋਲ ਰੱਖ ਦੇਹ''

ਮੈਂ ਭਾਂਡੇ ਚੁੱਕ ਲਏ ।

''ਪਾਣੀ ਨਾਲੀ 'ਚ ਡੋਲ੍ਹ ਦੇਹ ।''

ਮੈਂ ਜੂਠਾ ਪਾਣੀ ਨਾਲੀ 'ਚ ਡੋਲ੍ਹ ਦਿੱਤਾ । 'ਚੰਗਾ-ਫੇਰ' ਕਹਿ ਕੇ ਪੌੜੀਆਂ ਉਤਰ ਆਇਆ ।

***

ਗਰਮੀਆਂ ਦੀ ਢਲਦੀ ਦੁਪਹਿਰ । ਪਸੀਨੋ-ਪਸੀਨੀ ਮੈਂ ਸੁੱਤਾ ਉੱਠਿਆ । ਨਾਹੁਣ ਲਈ ਗੁਸਲਖ਼ਾਨੇ 'ਚ ਪਾਣੀ ਦੀਆਂ ਬਾਲਟੀਆਂ ਰੱਖੀਆਂ । ਕਿਤੇ ਜਾਣਾ ਨਹੀ । ਕੋਈ ਕਾਹਲ ਨਹੀਂ । ਲੱਕ ਦੁਆਲੇ ਟਾਵਲ ਲਪੇਟੀ ਮੈਂ ਮਸਤੀ ਜਹੀ 'ਚ ਆਪਣੇ ਘਰ 'ਚ ਫਿਰਨ ਲੱਗਿਆ । 'ਗਰਮੀ ਸੁੱਕ ਜਾਵੇ' ਮੈਂ ਸੋਚਿਆ ।

''ਆਜੋ ਜੀ, ਆਜੋ'' ਮੇਰੇ ਬਾਪੂ ਨੇ ਘਰ ਦੇ ਬਗਲ ਵਾਲੇ ਦਰਵਾਜ਼ੇ ਕੋਲ ਖੜ੍ਹ ਕੇ ਕਿਸੇ ਨੂੰ ਕਿਹਾ ।

''ਆਜੋ, ਘਰੇ ਐ ਜੀਤ । ਓ ਜੀਤੇ, ਦੇਖ ਬਾਹਰ ਕੌਣ ਐ?'' ਬਾਪੂ ਨੇ ਮੈਨੂੰ ਅੱਖਾਂ ਜਹੀਆਂ ਕੱਢੀਆਂ । ਮੇਰੇ ਵਾਂਗ ਉਹ ਵੀ ਮਸਤ ਸੀ । ਕੱਛਾ ਪਤੂਹੀ ਪਾਈ ਘੁੰਮ ਰਿਹਾ ਸੀ । ਪਰ ਹੁਣ ਚਿਹਰਾ ਸਖ਼ਤ ਹੋ ਗਿਆ ਸੀ । ਮੈਂ ਦਰਵਾਜ਼ੇ 'ਚ ਜਾ ਕੇ ਦੇਖਿਆ । ਬੇਬੇ ਸੀ ।

''ਆ ਜਾ ਬੇਬੇ, ਆ ਜਾ''

ਚੋਰਾਂ ਵਾਂਗ ਡਿ੍ਹੰਗਾਂ ਪੱਟਦੀ, ਹੌਲੀ ਹੌਲੀ ਤੁਰਦੀ, ਬੋਲਦੀ ਉਹ ਅੰਦਰ ਨੂੰ ਆ ਰਹੀ ਸੀ ।

''ਤੇਰਾ ਭਾਪਾ ਕਹਿੰਦਾ: ਕਈ ਦਿਨ ਹੋ ਗੇ । ਜੀਤਾ ਨੀਂ ਆਇਆ । ਮੈਂਖਿਆ ਕਿਤੇ ਬਾਹਰੇ ਚਲੇ ਗਿਆ । ਨੌਕਰੀ 'ਪਰ । ਮੈਂਖਿਆ ਐਂ ਤਾਂ ਨੀਂ ਜਾਂਦਾ ਦੱਸੇ ਬਗੈਰ । ਕਹਿੰਦਾ: ਜਾ ਕੇ ਖਬਰ ਸਾਰ ਲਿਆਈਂ । ਕਿਤੇ ਬਮਾਰ ਏ ਤਾਂ ਨੀਂ ਹੋ ਗਿਆ । ਉਹ ਤਾਂ ਆਪੇ ਤਿਆਰ ਹੋਇਆ ਬਾ ਤਾ ਇੱਧਰ ਨੂੰ । ਫੇਰ ਮੈਂ ਕਿਹਾ, ਸ਼ਾਮ ਜੁੰਨ ਜਾਊਂਗੀ । ਹੋਰ ਪੁੱਤ, ਠੀਕ ਐਂ? ''

ਇੱਧਰ ਉੱਧਰ ਝਾਕਦੀ ਉਹ ਮੰਜੇ 'ਤੇ ਐਨ ਗੱਭੇ ਬਹਿ ਗਈ । ਨਵਾਂ ਸੂਟ । ਹੱਥ 'ਚ ਰੁਮਾਲ । ਕਾਲੇ ਵਾਲ ਕਾਲੀਆਂ ਸੂਈਆਂ ਨਾਲ ਕੰਨਾਂ ਦੇ ਉਪਰ ਨੂੰ ਫਿੱਟ ਕੀਤੇ ਹੋਏ । ਅੱਖਾਂ 'ਚ ਸੁਰਮਾ ਤੇ ਗਲੇ 'ਚ ਪਾਊਡਰ ਧੂੜਿਆ ਹੋਇਆ । ਲਿਪਸਟਿਕ ਲਾਉਣ ਦੀ ਉਸ ਨੂੰ ਲੋੜ ਨਹੀਂ ਸੀ ਹੁੰਦੀ । ਮੇਰੀ ਮਾਂ ਘਰ ਦੇ ਨਾਲ ਵਾਲੇ ਖੇਤ ਦੀਆਂ ਡੌਲਾਂ ਤੋਂ ਖੱਬਲ ਖੋਤ ਰਹੀ ਸੀ । ਘਰ ਕੋਈ ਜਨਾਨੀ ਆਈ ਦੇਖ ਉਹ ਆਪਣਾ ਖੁਰਪਾ ਪੱਲੀ ਥਾਂਏ ਛੱਡ ਕੇ ਘਰ ਨੂੰ ਮੁੜ ਆਈ । ਉਸ ਨੂੰ ਪਤਾ ਸੀ ਕਿ ਘਰ ਆਏ ਪਰਾਹੁਣੇ ਨੂੰ ਸੰਭਾਲਣਾ ਉਸ ਦੀਆਂ ਦੋਏਾ ਛੋਟੀਆਂ ਕੁੜੀਆਂ ਦੇ ਵੱਸ 'ਚ ਨਹੀਂ ਸੀ ।

''ਬੇਬੇ, ਇਹ ਮੇਰੀ ਮਾਂ ਐ ।''

''ਸਾਸਰੀਕਾਲ ਭੈਣ ਜੀ ।''

''ਸਾਸਰੀਕਾਲ ।''

''ਬੇਬੇ, ਤੁਸੀ ਬੈਠੋ ਦੋਹੇਂ ਜਣੀਆਂ । ਮੈਂ ਪਾਣੀ ਭਰਿਆ ਬਾ । ਨਾਹ ਲਮਾਂ ।''

ਮੇਰੀ ਮਾਂ ਦੀ, ਬਜੁਰਗ ਦੀ ਤੇ ਬੇਬੇ ਦੀ ਆਵਾਜ਼ ਅਲੱਗ ਅਲੱਗ ਮੈਨੂੰ ਗੁਸਲਖ਼ਾਨੇ 'ਚ ਵੀ ਸੁਣਦੀ ਰਹੀ । ਸਾਡੇ ਨਵੇਂ ਪਾਏ ਮਕਾਨ, ਰੰਗ ਰੋਗਨ ਤੋਂ ਰਹਿੰਦੀਆਂ ਬਾਰੀਆਂ ਤੇ ਰੋਸ਼ਨਦਾਨ, ਪੜ੍ਹਾਈ, ਜ਼ਮੀਨ, ਬੈਂਕਾਂ ਦੇ ਖਾਤੇ ਤੇ ਹੋਰ ਜਾਣ ਪਛਾਣ ਬੰਦਿਆਂ ਦੀਆਂ ਗੱਲਾਂ ਕਰਦੇ ਹੋਣਗੇ ... ਇਹੀ ਸੋਚਦਾ ਮੈਂ ਫ਼ਟਾਫ਼ਟ ਨਾਹਿਆ, ਕੁੜਤਾ ਪਜਾਮਾ ਪਾਇਆ ਤੇ ਆਪਣੇ ਮੋਨੇ ਸਿਰ 'ਚ ਟਾਵਲ ਘਸਾਉਂਦਾ ਉਹਨਾਂ ਕੋਲ ਜਾ ਬੈਠਿਆ । ਬਾਪੂ ਫਰਸ਼ ਉੱਤੇ ਚੱਪਲ ਮਾਰੀ ਬੈਠਾ ਸੀ । ਉਹ ਪਟਾਕਿਆਂ ਵਾਂਗ ਗੱਲਾਂ ਚਲਾ ਰਿਹਾ ਸੀ । ਬੇਬੇ ਨਾਲ ਖਰਵਾਂ ਬੋਲ ਰਿਹਾ ਸੀ । ਜਿਵੇਂ ਉਸ ਨੂੰ ਕੁਝ ਸਮਝਦਾ ਈ ਨਾ ਹੋਵੇ । ਫੇਰ ਮੇਰੇ ਵੱਲ ਅੱਖਾਂ ਜਹੀਆਂ ਕੱਢਣ ਲੱਗ ਪਿਆ । ਮੇਰੀ ਮਾਂ ਕੁੜੀਆਂ ਨੂੰ ਹਾਕਾਂ ਮਾਰਦੀ ਰਹੀ ਪਰ ਜਦ ਉਹ ਪਿਛਲੇ ਕਮਰੇ 'ਚੋਂ ਈ ਨਾ ਨਿਕਲੀਆਂ ਤਾਂ ਮਾਂ ਆਪੇ ਉੱਠ ਕੇ ਗਈ ।

''ਲੈ ਸਰਦਾਰਨੀ ਠੰਡਾ ਪਾਣੀ''

''ਨਾ ਜੀ । ਮੈਂ ਨੀਂ ਪੀਣਾ । ਮੈਂ ਪੀ ਕੇ ਆਈ ਐਂ । ਦੇਖੋ ਜੀ, ਮੈਂ ਕੁਸ ਨੀਂ ਖਾਣਾ । ਨਾ ਪੀਣਾ । ਬਸ... '' ਬੇਬੇ ਰੁਮਾਲ ਨਾਲ ਪਸੀਨਾ ਪੋਚਣ ਲੱਗੀ । ਰੁਮਾਲ ਦੀਆਂ ਤਹਿਆਂ ਬਦਲਦੀ ਰਹੀ ।

''ਮੈਂ ਤਾਂ ਸਰਦਾਰਨੀ ਹੋਰ ਗੇੜ ਕੇ ਨਲਕੇ ਦਾ ਠੰਡਾ ਪਾਣੀ ਲਿਆਈ ।''

''ਭੈਣ ਜੀ ਮੈਂ ਨੀਂ ਪੀਣਾ । ਮੈਂ ਕੁਸ ਬਮਾਰ ਐਂ ... ਜੀਤੇ ਨੂੰ ਪਤਾ'' ਉਸ ਨੇ ਮੇਰੇ ਵੱਲ ਮੱਦਦ ਲਈ ਵੇਖਿਆ ।

''ਕੋਈ ਨਾ । ਰਹਿਣ ਦੇਹ ।''

ਬਾਪੂ ਚੁੱਪ-ਚਾਪ ਅੱਖਾਂ ਅੱਡੀ ਮੂੰਹ ਵਿੱਚ ਰੈੱਡ ਲੈਂਪ ਦੀ ਸਿਗਰਟ ਫਸਾਈ, ਇੱਕ ਹੱਥ 'ਚ ਮਾਚਸ ਤੇ ਦੂਸਰੇ 'ਚ ਤੀਲੀ ਫੜੀ, ਦੋਵੇਂ ਹੱਥ ਹਵਾ 'ਚ ਈ ਹਿਲਾਈ ਜਾਵੇ । ਹਵਾ 'ਚ ਈ ਤੀਲੀ ਘਸਾਈ ਜਾਵੇ ।

''ਮੈਨੂੰ ਦੇ ਦੇ'' ਬਾਪੂ ਨੇ ਗੱਲ ਨਬੇੜੀ । ਤੇ ਓਪਰੀ ਤੀਮੀਂ 'ਚੋਂ ਧਿਆਨ ਹਟਾ ਕੇ ਤੀਲੀ ਮਾਚਸ ਦੀ ਵੱਖੀ 'ਚ ਗੋਲ਼ੀ ਵਾਂਗ ਠਾਹ ਕਰਦੀ ਮਾਰੀ । ਤੀਲ਼ੀ ਭਬਕ ਕੇ ਬਾਪੂ ਦੀਆਂ ਅੱਖਾਂ ਵਾਂਗ ਮੱਚ ਪਈ । ਤੀਲ਼ੀ ਤੇ ਸਿਗਰਟ ਦੇ ਧੂੰਏ 'ਚ ਘਿਰਿਆ ਉਹ ਮੈਨੂੰ ਤਿੰਨ ਅੱਖਾਂ ਵਾਲਾ ਦੈਂਤ ਲੱਗਿਆ । ਮਾਂ ਤੋਂ ਜਿਵੇਂ ਗਲਾਸ ਖੋਹ ਕੇ ਉਸ ਨੇ ਪਾਣੀ ਪੀ ਲਿਆ । ਉਪਰੋਂ ਸੂਟੇ ਮਾਰਨ ਲੱਗਿਆ । ਕਮਰਾ ਧੂੰਏਾ ਨਾਲ ਭਰ ਦਿੱਤਾ । ਤੀਲ਼ੀ ਫਰਸ਼ ਉੱਤੇ ਅੱਧੀ ਕੁ ਕਾਲੀ ਹੋ ਕੇ, ਧੁਖਦੀ ਰਹੀ ਤੇ ਫੇਰ ਵਿੰਗੀ ਜਹੀ ਹੋ ਕੇ ਹਿੱਲੀ ਤੇ ਫੇਰ ਆਪਣੇ ਆਪ ਹੀ ਦੋ ਟੁਕੜੇ ਹੋ ਗਈ । ਇੱਕ ਚਿੱਟਾ । ਇੱਕ ਕਾਲਾ । ਸਿਗਰਟ ਲਟਾ ਲਟ ਬਲਣ ਲੱਗੀ ।

''ਚੰਗਾ ਪੁੱਤ । ਚੱਲਾਂ? ਮੈਂ ਫੇਰ ... '' ਉਹ ਅਜੇ ਹੁਣੇ ਆਈ ਸੀ । ਮੇਰੇ ਬਾਪੂ ਤੋਂ ਜਿਵੇਂ ਉਹ ਡਰ ਗਈ । ਉਸ ਦੀ ਤਾਬ ਨਾ ਝੱਲ ਸਕੀ ।

''ਚੰਗਾ'' ਮੈਂ ਬੇਬੇ ਨੂੰ ਘਰ ਤੋਂ ਕਾਫ਼ੀ ਦੂਰ ਤੱਕ ਛੱਡਣ ਗਿਆ । ਘਰੇ ਮੁੜਿਆ ਤਾਂ ਬਾਪੂ 'ਹੇਠ ਉਪਰ' ਹੋਇਆ ਪਿਆ ਸੀ ।

''ਉਹੀ ਤੀਮੀਂ ਐ । ਮੈਂ ਤਨੂੰ ਰੋਕਦਾ ਨੀਂ ਤਾ । ਉਹੀ ਐ ਇਹ । ਮੈਂ ਜਾਣਦਾ ਨੀਂ ਟਾਲਾਂ ਪਰ ਫਿਰਨੇ ਆਲੀ ਨੂੰ । ਛੱਡ ਦੇ ਇਹ ਆੜੀਆਂ । ਰਾਤਾਂ ਨੂੰ ... ਆਪਣਾ ਟੈਮ ਸਿਰ ਜਾਹ । ਖੜ੍ਹੇ ਦਿਨ ਘਰ ਆ ਆਪਣਾ'' ।

''ਉਹ ਕੋਈ ਕੁੜੀ ਐ'' ਮੈਂ ਕਿਹਾ ।

''ਠੀਕ ਐ! ਠੀਕ ਐ!! ਕਰੀ ਚੱਲ ਜਿੱਕਣਾ ਤੇਰੀ ਮਰਜ਼ੀ । ਅਸੀਂ ਨੀਂ ਜਾਣਦੇ ਇਹ ਗੱਲਾਂ । ਬਹੁਤਾ ਬਣੀ ਫਿਰਦਾ । ਸਾਡੇ ਕੋਲ ਨੀਂ ਟੈਮ ਠਾਣੇ 'ਚ ਫਸੇ ਨੂੰ ਛਡਾਉਣੇ ਦਾ । ਇਹ ਡਰੈਬਰਾਂ ਕਨੈਕਟਰਾਂ ਗੈਲ ਆੜੀਆਂ ਛੱਡ ਦੇ'', ਇਹ ਪਿਛਲੀ ਗੱਲ ਉਹ ਬੇਬੇ ਨੂੰ ਸਿੱਧੀ ਹੀ ਕਹਿੰਦਾ ਘਰੋਂ ਬਾਹਰ ਨਿਕਲ ਗਿਆ ।

ਦੋ ਕੁ ਦਿਨ ਬਾਅਦ ਮੈਂ ਬੇਬੇ ਨੂੰ ਮਿਲਿਆ ਤਾਂ ਪੁੱਛਣ ਲੱਗੀ, ''ਤੇਰਾ ਬਾਪੂ ਕਿਆ ਕਹਿੰਦਾ ਤਾ ਮੇਰੇ ਬਾਰੇ'', ਪਰ ਮੈਂ ਟਾਲ ਦਿੱਤਾ:

''ਨਾ, ਮੇਰੀ ਕੋਈ ਗੱਲ ਨੀਂ ਹੋਈ ਬਾਅਦ 'ਚ''

''ਮੇਰਾ ਤਾਂ, ਪੁੱਤ, ਨੂਣ ਏ ਇਹਿਆ ਜਾ'' ਆਪਣੇ ਬਾਰੇ ਲੋਕਾਂ ਦੀ ਰਾਏ ਉਸ ਨੂੰ ਪਤਾ ਸੀ । ਆਪਣੇ ਬਾਰੇ ਆਪ ਉਹ ਸਭ ਤੋਂ ਵੱਧ ਜਾਣਦੀ ਸੀ । ਉਹ ਪੂਰੀ ਔਰਤ ਸੀ । ਪੂਰੀ ਤਬਾਹੀ ਤੋਂ ਬਾਅਦ ਤੀਮਾਰੀ ਦੀ ਤਿਆਰੀ 'ਚ । ਕਈਆਂ ਨੂੰ ਸੁਨੇਹਾ ਦੇ ਕੇ ਬੁਲਾਉਂਦੀ । ਕਈਆਂ ਨੂੰ ਝਿੜਕ ਕੇ ਘਰੋਂ ਕੱਢ ਦਿੰਦੀ । ਕਿਸੇ ਨੂੰ ਪੌੜੀਆਂ ਨਹੀਂ ਚੜ੍ਹਨ ਦਿੱਤਾ । ਤੇ ਕਿਸੇ ਨੂੰ ਦਰਵਾਜ਼ਾ ਨਹੀਂ ਟੱਪਣ ਦਿੱਤਾ । ਕਦੇ ਕਦੇ ਆਪਣੇ ਬੱਚਿਆਂ ਤੋਂ ਵੀ ਚਿੜ੍ਹ ਜਾਂਦੀ ।

''ਜੁਆਨ, ਕਹਿੰਦੀ ਕਹਾਊਦੀ ਹੁੰਦੀ ਤੀ ਮੈਂ । ਤਕੜੀ । ਮੇਰੇ ਸਾਰੇ ਨਿਆਣਿਆਂ ਵਿੱਚੋਂ ਮੇਰੇ 'ਤੇ ਕੋਈ ਵੀ ਨੀਂ ਗਿਆ ।''

ਘਰਵਾਲੇ ਨੂੰ ਚਿੰਬੜ ਜਾਂਦੀ ।

''ਆ ਜਾਂਦਾ । ਬਹੁਤਾ ਸਨੱਖਾ । ਦਾਰੂ ਪੀ ਕੇ । ਮੈਂ ਕੋਈ ਘੱਟ ਸੁਹਣੀ ਐਂ ।''

ਹੋਰ ਕੋਈ ਨਾ ਟੱਕਰਿਆ ਤਾਂ ਘਰ ਦੇ ਜੂਠੇ ਭਾਂਡੇ, ਲਟਕਦੇ ਜਾਲ਼ੇ ਤੇ ਕੰਧ 'ਤੇ ਦੌੜੀ ਜਾਂਦੀ ਛਿਪਕਲੀ ਨਾਲ ਹੀ ਖਹਿਬੜ ਪੈਂਦੀ । ਮਨ ਵਿੱਚ ਤੈਰਦੀਆਂ, ਸੁੰਗੜਦੀਆਂ-ਫੈਲਦੀਆਂ ਚੰਗੀਆਂ ਮੰਦੀਆਂ ਮਨੁੱਖੀ ਸ਼ਕਲਾਂ ਨਾਲ ਤੀਂਘੜਦੀ ਰਹਿੰਦੀ । ਐਨ ਹੰਢ ਚੁੱਕੀ ਸੀ । ਖਿੜ ਖਿੜਾ ਕੇ ਅਸਮਾਨ 'ਚ ਉੱਡਣਾ ਤੇ ਦੂਜੇ ਪਲ ਵਿੰਨ੍ਹੇ ਪੰਖੇਰੂ ਵਾਂਗ ਫੜ ਫੜਾ ਕੇ ਪਤਾਲੀਂ ਡੁੱਬਣਾ ਉਸ ਦਾ ਰੋਜ਼ ਦਾ ਅਮਲ ਸੀ ।

***

ਇੱਕ ਦਿਨ ਇਹ ਸੋਚਦਾ ਕਿ ਐਨੇ ਸੰਸੇ ਕੱਟ ਕੇ, ਮਨੁੱਖ ਦਾ ਮਨ ਸਾਫ਼ ਹੋ ਜਾਂਦੈ ਤੇ ਉਸ ਵਿੱਚ ਬੇਈਮਾਨੀ ਤੇ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ, ਮੈਨੂੰ ਪਤਾ ਈ ਨਾ ਲੱਗਿਆ ਕਿ ਮੈਂ ਕਦ ਉਸ ਦੇ ਘਰ ਦੀਆਂ ਪੌੜੀਆਂ ਚੜ੍ਹ ਗਿਆ । ਜੰਦਰਾ ਲੱਗਿਆ ਹੋਇਆ ਸੀ ।

''ਆਂਟੀ ਜੀ ਅਪਨੀ ਭਾਬੀ ਕੇ ਸਾਥ ਮੰਡੀ ਗਈ ਹੈਂ'', ਨਾਲ ਦੀ ਪੂਰਬਣ ਕਿਰਾਏਦਾਰ ਨੇ ਮੈਨੂੰ ਦੱਸਿਆ । ਗੁਰਮੁੱਖ ਵੀ ਮੁਹੱਲੇ 'ਚੋਂ ਕਿਸੇ ਦੇ ਘਰੋਂ ਮੁੜਿਆ ਆਉਂਦਾ ਦਿੱਸਿਆ । ਚੁਬਾਰੇ ਦੀ ਇੱਕ ਚਾਬੀ ਤਾਂ ਉਸ ਕੋਲ ਵੀ ਸੀ, ਪਰ ਬਿਜਲੀ ਨਾ ਹੋਣ ਕਰ ਕੇ ਅਸੀਂ ਦੋਵੇਂ ਹੇਠਾਂ ਸੜਕ ਦੇ ਕਿਨਾਰੇ ਖੜ੍ਹ ਕੇ ਹਵਾ ਖਾਣ ਲੱਗੇ । ਬੇਬੇ ਨੂੰ ਉਡੀਕਣ ਲੱਗੇ । ਬਜ਼ਾਰ ਉਹ ਇਕੱਲੀ ਹੀ ਜਾਂਦੀ ਹੁੰਦੀ ਸੀ । ਉਸ ਨਾਲ ਕੋਈ ਤੁਰ ਕੇ ਰਾਜ਼ੀ ਨਹੀਂ ਸੀ । ਉਸ ਦਾ ਮੁੰਡਾ ਵੀ ਜਵਾਬ ਦੇ ਦਿੰਦਾ ਸੀ ।

''ਦੇਖ ਲੈ । ਮੇਰੇ ਨਾਲ ਨੀਂ ਤੁਰਦਾ । ਊਂ ਲੋਕਾਂ ਨਾਲ ਬਥੇਰਾ ਫਿਰੀ ਜੂ ਅਵਾਗੌਣ ਗੋਡੇ ਚੜ੍ਹਾਈਂ । ਜਿੱਕਣਾ ਮੈਂ ਕੋਈ ਲੂਲੀ ਲੰਗੜੀ ਹੁੰਦੀ ਐਂ ।'' ਉਸ ਨੂੰ ਵੀ ਕਿਸੇ ਨੂੰ ਛੇਤੀ ਕੀਤੇ ਨਾਲ ਲਿਜਾਣਾ ਚੰਗਾ ਨਹੀਂ ਸੀ ਲੱਗਦਾ । ਜੇ ਕੋਈ ਉਸ ਨਾਲ ਜਾਣ ਦੀ ਗੱਲ ਕਰਦਾ ਤਾਂ ਅਗਲੇ ਨੂੰ ਸਿੱਧਾ ਈ ਇਹ ਕਹਿ ਕੇ ਹੌਲਾ ਜਿਹਾ ਕਰ ਦਿੰਦੀ : ''ਤੈਂ ਕਿਆ ਕਰਨਾ ਬਜ਼ਾਰ?'' ਮੈਂ ਵੀ ਉਸ ਨਾਲ ਸ਼ਰੇਆਮ ਤੁਰਨ ਤੋਂ ਮੁੱਕਰ ਜਾਂਦਾ । ਇੱਕ ਵਾਰ ਚਲਾ ਵੀ ਗਿਆ ਸਾਂ । ਅੱਧ-ਬਜ਼ਾਰ ਜਾ ਕੇ ਪਤਾ ਨਹੀਂ ਉਸ ਨੂੰ ਕੀ ਹੋਇਆ । ਕਹਿਣ ਲੱਗੀ : ਜੀਤੇ, ਤੂੰ ਚਲੇ ਈ ਜਾਹ । ਮੈਂ ਆਪੇ ਆ ਜਾਣਾ'' । ਪਿੰਡਾਂ ਤੋਂ ਕਿਤੇ ਕਿਤੇ ਰਿਸ਼ਤੇਦਾਰ ਜਾਂ ਬਹੁਤੇ ਸੁਧੇ ਮਾਜਰੇ ਤੋਂ ਜਾਣ ਪਛਾਣ ਸ਼ਹਿਰ ਸਮਾਨ ਖਰੀਦਣ ਆਏ ਜੇ ਉਸ ਕੋਲ ਆ ਧਮਕਦੇ ਤਾਂ ...

''ਬਈ ਜੀਤਿਆ, ਅਸੀਂ ਤਾਂ ਆਉਣੇ ਜਾਣੇ ਆਲਿਆਂ ਨੇ ਬਾੜ 'ਤੇ ਭਾਂਡੇ 'ਚ '' ਕਹਿ ਕੇ ਉਹਨਾਂ ਦੀ ਮਿੱਟੀ ਮੇਰੇ ਕੋਲ਼ੇ ਕੁੱਟਦੀ ਹੁੰਦੀ ਸੀ ।

ਅੱਜ ਉਸ ਦੀ ਭਰਜਾਈ ਆਈ ਹੋਈ ਸੀ । ਅਸੀਂ ਬਜ਼ਾਰੋਂ ਆਉਂਦੀਆਂ ਤੀਮੀਂਆਂ ਦੀਆਂ ਜੋੜੀਆਂ 'ਚੋਂ ਨਣਦ ਭਰਜਾਈ ਲੱਭਦੇ ਰਹੇ । 'ਡੀਕਦੇ ਰਹੇ । ਸਭ ਲੰਘ ਗਈਆਂ । ਨਾ ਬੇਬੇ ਦਿਸੀ । ਨਾ ਉਸ ਦੀ ਭਰਜਾਈ । ਜਦ ਆਈ ਤਾਂ ਬੇਬੇ 'ਕੱਲੀ । ਇੱਕ ਹੱਥ ਝੋਲਾ । ਇੱਕ ਹੱਥ ਟੋਕਰੀ ।

''ਮੇਰਾ ਦਮ ਟੁੱਟ ਗਿਆ । ਹੱਥ ਲਟਕਾਈ ਖੜ੍ਹੇ ਐਂ । ਐਂ ਨੀਂ ਬੀ ਭੱਜ ਕੇ ਬੇਬੇ ਤੇ ਸੌਦੇ ਈ ਫੜ ਲੀਏ ।'' ਵਜ਼ਨ ਤਾਂ ਕੁਝ ਵੀ ਨਹੀਂ ਸੀ । ਪਰ ਬੇਬੇ ਹਫ਼ੀ ਪਈ ਸੀ ।

''ਮਾਮੀ? ''

''ਮਰ ਗੀ ਤੇਰੀ ਮਾਮੀ''

''ਬੱਸ ਚੜ੍ਹਗੀ? ''

''ਆਹੋ!! ਚੜ੍ਹਗੀ ਬੱਸ? ਐਥੀ ਮਰਦੀ ਐ । ਔਥੇ ਥਾਣੀਂ ਗੈਲ ਗਈ । ਮੈਂ ਤਾਂ ਕਾਣਤ ਗੀ । ਫੇਰ ਤਾਂ ਮੈਂ ਤੇਜ ਤੇਜ ਤੁਰ ਕੇ ਉਹਨੂੰ ਪਿੱਛੇ ਛੱਡ ਕੇ ਅੱਗੇ ਲੰਘ ਗੀ । ਆਉਂਦੀ ਹੋਣੀ ਐ । ਉਰੇ ਨੂੰ । ਪਿੱਛੇ । ਕਹਿੰਦੀ ਰਾਤ ਰਹਿ ਕੇ ਜਾਊਂਗੀ ।''

ਬੇਬੇ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ।

''ਨਾਲ-ਏ ਲੈ ਆਉਂਦੀ'' ਮੁੰਡਾ ਫੇਰ ਪੁੱਛਣ ਲੱਗਿਆ ।

''ਆਹੋ?! ''

''ਜਦ ਅਗਲੀ ਤੇਰੇ ਨਾਲ ਗਈ ਐ ।'' ਗੁਰਮੁੱਖ ਨੇ ਫੇਰ ਸੁਆਲ ਵਰਗੀ ਗੱਲ ਕੀਤੀ ।

''ਓ ਗਈ ਤਾਂ ਨਾਲ-ਏ ਐ । ਮੈਂ ਤਾਂ ਬਜ਼ਾਰ ਨੂੰ ਤਿਆਰ ਬੈਠੀ ਤੀ । ਉਹ ਆ ਗੀ ਉਪਰੇ । ਮੈਂਖਿਆ ਕਲ ਨੂੰ ਦਾਦਣਾ ਐਤੂਆਰ ਐ । ਸੌਦੇ ਲਿਆਮਾ । ਹੋਰ ਕਿਹੜਾ ਕਿਸੇ ਨੇ ਮਰਨਾ ਬਜਾਰ ਨੂੰ । ਉਹ ਕਹਿੰਦੀ : ਮੈਂ ਆਪ ਸੌਦੇ ਲੈਣ ਆਈ ਆੈ । ਨਹੀਂ ਤਾਂ ਮੈਂ ਜਾਣਾ ਈ ਨੀਂ ਤਾ ਬਜ਼ਾਰ ਨੂੰ ।''

ਮੈਂ ਹੁਣ ਤੱਕ ਚੁੱਪ ਖੜ੍ਹਾ ਸੀ । ''ਉਸ ਨੂੰ ਦੇਰ ਲੱਗਣੀ ਹੋਣੀ । ਮਹੀਨੇ ਪਿੱਛੋਂ ਆਈ ਹੋਣੀ ਸ਼ਹਿਰ । ਬਹੁਤਾ ਸਮਾਨ ਖਰੀਦਣਾ ਹੋਣਾ । ਤੈਨੂੰ ਛੇਤੀ ਹੋਣੀ ਬੀ ਮੁੰਡੇ ਪਿੱਛੇੇ 'ਡੀਕਦੇ ਹੋਣੇ '' ਮੈਂ ਕਿਹਾ ।

''ਭਾਈ ਉਹ ਤਾਂ ਕਾਲੀ ਪਈ ਐ ।''

''ਹੈਂ ।''

''ਹਾਂ, ਪੁੱਠੇ ਤਵੇ ਵਰਗੀ । ਮੇਰੇ ਨਾਲ ਜਾਵੇ । ਲੋਕ ਮੂੰਹ ਚੱਕ ਚੱਕ ਦੇਖਣ । ਸ਼ਰਮ ਆਵੇ ਮੈਨੂੰ । ਰਹੇ ਰੱਬ ਦਾ ਨਾਂ । ਮੈਂਖਿਆ ਕੋਈ ਪੁੱਛ ਲਵੇ? ਤੇਰੀ ਕੀ ਲੱਗਦੀ? ਮੈਂ ਕਿਆ ਦੱਸੂੰਗੀ । ਮਸੀਂ ਖਹਿੜਾ ਛਡਾਇਆ ।''

''ਹੁਣ?''

''ਹੁਣ ਕਿਆ ਚਲੋ ਉਪਰ । ਆਪੇ ਆਊਦੀ ਰਹੂੰਗੀ ।''

'' ਉੱਪਰ ਤਾਂ ਬਿਜਲੀ ਨੀਂ ਹੈਗੀ ।''

''ਛੱਡ ਬਿਜਲੀ ਬੁਜਲੀ ਨੂੰ । ਮੈਂ ਤਾਂ ਹੰਭੀ ਪਈ ਐਂ । ਹਾਏ! ਹਾਏ!! ਮਸੀਂ ਘਰ ਪੁੱਜੀ । ਸੋਚਾਂ: ਕਦ ਘਰ ਪੁੱਜ ਜਮਾਂ ।''

ਪਾਣੀ ਪੀ ਕੇ ਬੇਬੇ ਮੰਜੇ 'ਤੇ ਲੇਟ ਗਈ । ਅੱਧਾ-ਪੌਣਾ ਘੰਟਾ ਟ੍ਰਾਂਜ਼ਿਸਟਰ ਤੋਂ ਹਿੰਦੀ, ਫਰਮਾਇਸ਼ੀ ਗਾਣੇ ਸੁਣਦੇ ਰਹੇ । ਕੋਈ ਕੁਝ ਨਾ ਬੋਲਿਆ । ਜਿਵੇਂ ਦੰਦਲਾਂ ਪੈ ਗਈਆਂ ਹੋਣ । ਫੇਰ ਠੱਪ ਠੱਪ ਪੌੜੀਆਂ ਵਿੱਚੋਂ ਚੜ੍ਹਦੇ ਪੈਰਾਂ ਦੀ ਆਵਾਜ਼ ਆਉਣ ਲੱਗੀ । ਬੇਬੇ ਹੌਲੀ ਹੌਲੀ ਬੋਲੀ :

''ਉਹੀ ਐ । ਉਹੀ । ਤੇਰੀ ਲੱਗਦੀ ਮਾਮੀ?''

ਫੇਰ ਬਹੁਤ ਉੱਚੀ-ਉੱਚੀ ਬੋਲਣ ਲੱਗੀ :

''ਓਏ ਮੁੰਡਿਓ! ਥੁਆੜੀ ਮਾਮੀ ਗਈ ਤੀ ਮੇਰੇ ਨਾਲ । ਮੈਂ ਤਾਂ ਮਰਗੀ ਦੇਖਦੀ । ਭੀੜ-ਏ ਬਹੁਤ ਤੀ । ਜਾਓ ਓਏ । ਜਾਓ ਛੇਤੀ । ਮੈਂ ਕੱਦੀ ਕਹਿੰਦੀ । ਜਾਓ ਛੇਤੀ । ਦੇਖ ਕੇ ਲੱਭ ਕੇ ਲਿਆਓ ਆਪਣੀ ਮਾਮੀ ਨੂੰ - ਆ - ਆ''

ਦਰਵਾਜ਼ਾ ਖੁੱਲਿਆ । ਪੰਜਾਹਾਂ ਕੁ ਦੀ ਬਜੁਰਗ ਸੀ । ਮੇਰੇ ਤੇ ਗੁਰਮੁੱਖ ਦੇ ਸਿਰ 'ਤੇ ਪਿਆਰ ਦੇ ਕੇ ਉਹ ਮੰਜੇ ਦੀ ਬਾਹੀ 'ਤੇ ਬਹਿ ਗਈ । ਡੱਬੀਦਾਰ ਕਮੀਜ । ਚਿੱਟਾ ਪਜਾਮਾ । ਕਾਲੀ ਤੀਮੀਂ । ਕਾਲੀ-ਕਲੱਟ । ਹੱਟੀ ਕੱਟੀ । ਅੱਧਾ ਪਟਿਆ ਖੀਸਾ ਪਤਾ ਨਹੀਂ ਉਸ ਨੇ ਕਾਹਦੇ ਨਾਲ ਭਰਿਆ ਹੋਇਆ ਸੀ ਜੋ ਤੀਸਰੀ ਦੁੱਧੀ ਵਾਂਗ ਉਸ ਦੀ ਵੱਖੀ ਤੋਂ ਬਾਹਰ ਲਟਕ ਰਿਹਾ ਸੀ । ਲੰਮੀ ਪਈ ਬੇਬੇ ਦੇ ਮੋਢੇ 'ਤੇ ਹੱਥ ਰੱਖ ਕੇ ਬੋਲੀ:

''ਕੁੜੇ ਥੱਕਗੀ । ਤੂੰ ਤਾਂ ਮੈਨੂੰ ਆੈ ਛੱਡ ਕੇ ਦੌੜੀ ਜਿੱਕਣਾ ਮੈਂ ਚੂੜ੍ਹੀ ਚਮਾਰੀ ਹੁੰਦੀ ਐਂ ।'' ਉਸ ਦੀਆਂ ਅੱਖਾਂ ਵਿੱਚ ਹਿਰਖ ਤੇ ਦੰਦਾਂ ਉੱਤੇ ਪੀਲਕ ਸੀ ।

''ਭੀੜ ਕਿੰਨੀ ਤੀ? ਗਰਮੀ? ਮੈਂ ਕਹਾਂ ਭਰਜਾਈਏ, ਤੂੰ ਕਿੱਥੇ ਔਟਲ ਗੀ । ਲੱਭਦੀ ਰਹੀ । ਮੈਂਖਿਆ, ਮਨਾ, ਕਹੂੰਗੀ ਬੀ ਨਾਲ-ਏ ਲਿਆਈ ਤੀ ਬਜ਼ਾਰ ਨੂੰ । ਛੱਡ ਕੇ ਚਲੀ ਗੀ,'' ਬੇਬੇ ਨੇ ਦੂਸਰੀ ਔਰਤ ਦੀ ਜਿਵੇਂ ਜ਼ੁਬਾਨ ਖੋਹ ਲਈ । ਪਰ ਦੂਸਰੀ ਔਰਤ ਦੀਆਂ ਅੱਖਾਂ ਵਿੱਚ ਰੋਹ ਸੀ । ਜਦੋਂ ਤੱਕ ਮੈਂ ਉੱਥੋਂ ਉੱਠ ਕੇ ਘਰ ਨੂੰ ਮੁੜਿਆ ਤਾਂ ਉਸ ਔਰਤ ਦੀਆਂ ਅੱਖਾਂ ਵਿੱਚ ਰੋਹ ਜਿਉਂ ਦਾ ਤਿਓਂ ਕਾਇਮ ਸੀ । ਉਦੋਂ ਤੱਕ ਬਿਜਲੀ ਨਹੀਂ ਆਈ ਸੀ ।

ਮੈਂ ਘਰ ਮੁੜਦਾ, ਝਾਂਊ-ਮਾਂਊ ਹੋਇਆ ਸੋਚਦਾ ਹੀ ਸੋਚਦਾ ਆਇਆ । ਮੇਰੇ ਖ਼ਿਆਲਾਂ ਵਿੱਚ ਬੇਬੇ ਮੇਰੇ ਪ੍ਰੀਵਾਰ ਬਾਰੇ ਜਿਵੇਂ ਜਾਣਕਾਰੀ ਦੇ ਰਹੀ ਸੀ:

''ਮਾਂ ਤੇਰੀ ਤਾਂ ਗੋਰੀ ਐ । ਚੰਗੀ ਐ ।''

''ਬਾਪ ਤੇਰਾ ਕਾਲਾ । ਭੂਤ ਵਰਗਾ । ਕਿਹੜੇ ਅੰਨ੍ਹੇ ਨੇ ਰਿਸ਼ਤਾ ਕਰਾ 'ਤਾ ।''

''ਭੈਣਾਂ ਤੇਰੀਆਂ ਚਲ ਕੁੜੀਆਂ ਠੀਕ ਠੀਕ ਐ ।''

''ਤੂੰ-ਤੂੰ ਤਾਂ ਅੰਗਰੇਜਾਂ ਵਰਗਾ ਮੁੰਡਾ ।''

ਮੇਰੇ ਅੰਦਰ ਬੇਬੇ ਟੁੱਟ ਭੱਜ ਰਹੀ ਸੀ ।

ਮੈਂ ਉਸ ਕੋਲ ਆਉਣਾ ਜਾਣਾ ਈ ਛੱਡ ਦਿੱਤਾ । ਰੱਬ ਦਾ ਸ਼ੁਕਰ ਐ ਕਿ ਜਦੇ ਈ ਮੈਨੂੰ ਬਿਜਲੀ ਬੋਰਡ ਵਿੱਚ ਕਲਰਕ ਦੀ ਨੌਕਰੀ ਮਿਲ ਗਈ । ਤੇ ਮੈਂ ਸ਼ਹਿਰ ਈ ਛੱਡ ਦਿੱਤਾ । ਬੇਬੇ ਬਾਪੂ ਦੀਆਂ ਸਭ ਯਾਦਾਂ ਵਕਤ ਨੇ ਘਸਾ ਕੇ ਫਿੱਕੀਆਂ ਪਾ ਦਿੱਤੀਆਂ ।

ਕਦੇ ਮਿਲਣ ਨਾ ਗਿਆ । ਉਹ ਕਿਰਾਏ ਦਾ ਮਕਾਨ ਵੀ ਛੱਡ ਗਈ ।

ਫੇਰ ਇੱਕ ਦਿਨ ਜਾਣਾ ਈ ਪਿਆ । ਬਾਪੂ ਨਸ਼ੇ 'ਚ ਧੁੱਤ ਤੇਜੋ ਤੇਜ ਟਰੱਕ ਚਲਾਉਂਦਾ ਐਕਸੀਡੈਂਟ ਹੋ ਕੇ ਮਰ ਗਿਆ ਸੀ । ਉਸ ਦੇ ਦਾਹ ਸੰਸਕਾਰ 'ਤੇ ਗਿਆ ਤਾਂ ਬੇਬੇ ਦੋ ਤੀਮੀਂਆਂ ਨੇ ਫੜੀ ਹੋਈ ਸੀ । ਕੀਰਨੇ ਪਾ ਰਹੀ ਸੀ । ਬਾਕੀ ਤੀਮੀਂਆਂ ਬੇਬੇ ਤੋਂ ਘੱਟ ਰੋ-ਪਿੱਟ ਰਹੀਆਂ ਸਨ ।

''ੲ੍ਹੀਦੇ ਕਿਹੜਾ ਇਹ ਘਰ ਆਲਾ ਤਾ? ਉਹ ਤਾਂ ਅਜੇ ਜੀਂਦਾ ਈ ਐ ।''

ਮੇਰੇ ਪਿੱਛੇ ਦੋ ਅਧਖੜ ਜਹੇ ਆਦਮੀ ਗੱਲਾਂ ਕਰ ਰਹੇ ਸਨ । ਮੈਂ ਸੋਚੀਂ ਪੈ ਗਿਆ । ਬੇਬੇ ਵਾਂਗ ਸੋਚਣ ਲੱਗਿਆ ਕਿ ਲੋਕੀ ਮੌਕਾ-ਕਮੌਕਾ ਵੀ ਨੀਂ ਵੇਖਦੇ । ਇਹ ਨੀਂ ਸੋਚਦੇ ਬਈ ਘਰਾਂ 'ਚ ਸੌ ਗੱਲਾਂ ਹੋ ਜਾਂਦੀਆਂ ...

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ