Saun Veer Katthian Kare (Punjabi Article): Amrit Kaur

ਸਾਉਣ ਵੀਰ 'ਕੱਠੀਆਂ ਕਰੇ (ਲੇਖ) : ਅੰਮ੍ਰਿਤ ਕੌਰ

ਸਾਉਣ ਮਹੀਨੇ ਦੀ ਪੰਜਾਬੀ ਸੱਭਿਆਚਾਰ ਵਿੱਚ ਖਾਸ ਥਾਂ ਹੈ। ਜੇਠ ਹਾੜ੍ਹ ਦੀ ਤਪਦੀ ਗਰਮੀ ਤੋਂ ਬਾਅਦ ਸਾਉਣ ਦੇ ਮਹੀਨੇ ਵਿੱਚ ਪੈਂਦੀਆਂ ਮੀਂਹ ਦੀਆਂ ਫ਼ੁਹਾਰਾਂ ਨਾਲ ਜਿੱਥੇ ਧਰਤੀ ਦੀ ਤਪਸ਼ ਨਿਕਲਦੀ ਹੈ, ਉੱਥੇ ਆਲਾ-ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਸਾਰੀ ਬਨਸਪਤੀ ਝੂੰਮਣ ਲੱਗਦੀ ਹੈ ਅਤੇ ਮਨੁੱਖੀ ਮਨ ਖੇੜੇ ਵਿੱਚ ਆ ਜਾਂਦਾ ਹੈ। ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਬਾਗਾਂ ਵਿੱਚ ਕੋਇਲਾਂ ਕੂਕਦੀਆਂ ਅਤੇ ਮੋਰ ਪੈਲਾਂ ਪਾਉਂਦੇ ਹਨ। ਘਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਖੀਰ, ਪੂੜੇ, ਮੱਠੀਆਂ, ਗੁਲਗੁਲੇ ਆਦਿ।

ਜੇ ਅਸੀਂ ਅੱਜ ਤੋਂ ਚਾਰ ਕੁ ਦਹਾਕੇ ਪਿੱਛੇ ਜਾਈਏ ਤਾਂ ਸਾਉਣ ਮਹੀਨੇ ਵਿੱਚ ਧੀਆਂ ਭੈਣਾਂ ਲਈ ਸਭ ਤੋਂ ਪਿਆਰਾ ਤਿਉਹਾਰ ਤੀਆਂ ਦਾ ਹੁੰਦਾ ਸੀ ਕਿਉਂਕਿ ਤੀਆਂ ਦੇ ਦਿਨਾਂ ਵਿੱਚ ਉਹ ਆਪਣੇ ਪੇਕੇ ਘਰ ਜਾ ਕੇ ਪੂਰੀ ਮੌਜ ਮਸਤੀ ਕਰਦੀਆਂ, ਨੱਚਦੀਆਂ ਟੱਪਦੀਆਂ ਗਿੱਧਾ ਪਾਉਂਦੀਆਂ। ਆਪਣੇ ਅੰਦਰ ਦੱਬੇ ਫਿਕਰਾਂ ਤਕਲੀਫਾਂ ਨੂੰ ਬੋਲੀਆਂ, ਗੀਤਾਂ ਰਾਹੀਂ ਉਡਾ ਦਿੰਦੀਆਂ ਸਨ। ਜਿਹੜੀਆਂ ਕੁੜੀਆਂ ਪੇਕੇ ਨਾ ਆ ਸਕਦੀਆਂ ਉਨ੍ਹਾਂ ਨੂੰ ਸਹੁਰੇ ਘਰ ਹੀ ਕੱਪੜੇ, ਮੱਠੀਆਂ, ਬਿਸਕੁੱਟ ਅਤੇ ਘਰ ਦੀਆਂ ਬਣਾਈਆਂ ਮਠਿਆਈਆਂ ਆਦਿ ਭੇਜ ਦਿੱਤੇ ਜਾਂਦੇ ਸਨ। ਇਸ ਸਮਾਨ ਨੂੰ 'ਸੰਧਾਰਾ' ਕਿਹਾ ਜਾਂਦਾ ਸੀ।

ਸਾਉਣ ਮਹੀਨੇ ਦੇ ਚਾਨਣੇ ਪੱਖ ਦੀ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ। ਤੀਜ ਨੂੰ ਤੀਆਂ ਸ਼ੁਰੂ ਹੋ ਜਾਂਦੀਆਂ ਅਤੇ ਪੂਰਨਮਾਸ਼ੀ ਤੱਕ ਚੱਲਦੀਆਂ । ਤੀਆਂ ਪਿੰਡ ਦੇ ਬਾਹਰ ਸਾਂਝੀ ਜਗ੍ਹਾ ਤੇ ਲੱਗਦੀਆਂ । ਜਿੱਥੇ ਨੇੜੇ ਪੀਂਘਾਂ ਪਾਉਣ ਲਈ ਪਿੱਪਲ, ਬੋਹੜ, ਨਿੰਮ, ਜੰਡ ਆਦਿ ਰੁੱਖ ਹੁੰਦੇ । ਦੁਪਹਿਰ ਢਲਣ ਤੋਂ ਬਾਅਦ ਕੁੜੀਆਂ ਤੀਆਂ ਲੱਗਣ ਵਾਲੀ ਥਾਂ ਤੇ ਇਕੱਠੀਆਂ ਹੁੰਦੀਆਂ। ਪਹਿਲਾਂ ਪੀਂਘਾਂ ਪਾਈਆਂ ਜਾਂਦੀਆਂ, ਕੁੜੀਆਂ ਵਾਰੋ ਵਾਰੀ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ। ਸ਼ੁਰੂ ਦੇ ਇੱਕ ਦੋ ਦਿਨ ਕੁੜੀਆਂ ਦੀ ਗਿਣਤੀ ਘੱਟ ਹੁੰਦੀ , ਪਰ ਜਿਉਂ ਜਿਉਂ ਪੂਰਨਮਾਸ਼ੀ ਦਾ ਦਿਨ ਨੇੜੇ ਆਉਂਦਾ ਜਾਂਦਾ, ਇਹ ਗਿਣਤੀ ਵਧ ਜਾਂਦੀ । ਕਈ ਵਾਰ ਦੋ ਟੋਲੀਆਂ ਬਣਾਈਆਂ ਜਾਂਦੀਆਂ। ਛੋਟੀਆਂ ਕੁੜੀਆਂ ਵੱਖ ਅਤੇ ਵੱਡੀਆਂ ਕੁੜੀਆਂ ਵੱਖ । ਵਿਆਹੀਆਂ ਕੁੜੀਆਂ ਨੂੰ ਕੁਆਰੀਆਂ ਨੱਚਣ ਦੀ ਜਾਂ ਬੋਲੀਆਂ ਪਾਉਣ ਦੀ ਵਾਰੀ ਨਾ ਦਿੰਦੀਆਂ ਤਾਂ ਉਹ ਕੁਆਰੀਆਂ ਕੁੜੀਆਂ ਨੂੰ ਝਿੜਕ ਕੇ ਵੀ ਅਲੱਗ ਘੇਰਾ ਬਣਵਾ ਦਿੰਦੀਆਂ ਤਾਂ ਕਿ ਵਿਆਹੀਆਂ ਕੁੜੀਆਂ ਬੋਲੀਆਂ ਪਾ ਕੇ, ਨੱਚ ਟੱਪ ਕੇ ਆਨੰਦ ਮਾਣ ਸਕਣ । ਛੋਟੇ ਭੈਣ ਭਰਾ ਜਾਂ ਭਤੀਜੇ ਭਤੀਜੀਆਂ ਗਿੱਧਾ ਪਾਉਂਦੀਆਂ ਵੱਡੀਆਂ ਭੈਣਾਂ ਦੇ ਪਿੱਛੋਂ ਦੀ ਅਛੋਪਲੇ ਜਿਹੇ ਉਹਨਾਂ ਦੀਆਂ ਚੁੰਨੀਆਂ ਦੇ ਲੜ, ਨਾਲ ਵਾਲੀਆਂ ਕੁੜੀਆਂ ਦੀਆਂ ਚੁੰਨੀਆਂ ਦੇ ਲੜ ਨਾਲ ਬੰਨ੍ਹ ਕੇ ਭੱਜ ਜਾਂਦੇ, ਉਹ ਹਰ ਰੋਜ਼ ਵਾਰ ਵਾਰ ਇਸ ਤਰ੍ਹਾਂ ਕਰਕੇ ਖੁਸ਼ ਹੁੰਦੇ। ਜੇ ਕਿਤੇ ਫਸ ਜਾਂਦੇ ਸ਼ਰਾਰਤ ਕਰਦੇ ਤਾਂ ਪੋਲੇ ਪੋਲੇ ਹੱਥਾਂ ਨਾਲ ਕੰਨਾਂ ਦੀ ਖਿਚਾਈ ਵੀ ਹੁੰਦੀ ।

ਕੁੜੀਆਂ ਘੇਰਾ ਬਣਾ ਕੇ ਗਿੱਧੇ ਦੇ ਨਾਲ ਬੋਲੀਆਂ ਪਾ ਕੇ ਨੱਚਦੀਆਂ । ਇੱਕ ਜਾਂ ਦੋ ਕੁੜੀਆਂ ਬੋਲੀ ਪਾਉਣੀ ਸ਼ੁਰੂ ਕਰਦੀਆਂ ਤਾਂ ਬਾਕੀ ਕੁੜੀਆਂ ਹੌਲੀ-ਹੌਲੀ ਤਾਲ ਦਿੰਦੀਆਂ। ਆਖਰੀ ਤੁਕ ਤੇ ਸਾਰੀਆਂ ਕੁੜੀਆਂ ਬੋਲੀ ਚੁੱਕਦੀਆਂ ਪੂਰੇ ਜ਼ੋਰ ਨਾਲ ਗਿੱਧਾ ਪਾਇਆ ਜਾਂਦਾ ਅਤੇ ਘੇਰੇ ਦੇ ਵਿਚਕਾਰ ਦੋ ਜਾਂ ਵੱਧ ਕੁੜੀਆਂ ਨੱਚਦੀਆਂ। ਸਾਉਣ ਮਹੀਨੇ ਦੇ ਗੀਤ ਗਾਉਂਦੀਆਂ, ਬੋਲੀਆਂ ਪਾਉਂਦੀਆਂ:

* ਸਾਉਣ ਮਹੀਨਾ ਵਰੇ ਮੇਘਲਾ,
ਲਿਸ਼ਕੇ ਜ਼ੋਰੋ ਜ਼ੋਰ ।
ਨੀ ਦਿਨ ਤੀਆਂ ਦੇ ਆਏ,
ਪੀਂਘਾਂ ਲੈਣ ਹੁਲਾਰੇ ਜ਼ੋਰ ।

* ਸਾਉਣ ਦਾ ਮਹੀਨਾ,
ਬਾਗਾਂ ਵਿੱਚ ਬੋਲਣ ਮੋਰ ਵੇ।
ਮੈਂ ਨਹੀਂ ਸਹੁਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ।

* ਤੀਆਂ ਜ਼ੋਰ ਲੱਗੀਆਂ,
ਜ਼ੋਰੋ ਜ਼ੋਰ ਲੱਗੀਆਂ।
ਮੇਰੇ ਪੇਕਿਆਂ ਦੇ ਪਿੰਡ,
ਤੀਆਂ ਜ਼ੋਰ ਲੱਗੀਆਂ।

ਕੁੜੀਆਂ ਨੱਚਦੀਆਂ ਟੱਪਦੀਆਂ, ਪੀਂਘਾਂ ਝੂਟਦੀਆਂ, ਹਾਸਾ ਮਜ਼ਾਕ ਕਰਦੀਆਂ, ਖੁੱਲ੍ਹ ਕੇ ਆਜ਼ਾਦੀ ਮਾਣਦੀਆਂ । ਆਪਣਾ ਵੀਰ ਉਨ੍ਹਾਂ ਨੂੰ ਸਭ ਤੋਂ ਵੱਧ ਤਾਕਤਵਰ, ਸੁੰਦਰ ਅਤੇ ਸਿਆਣਾ ਜਾਪਦਾ ਹੈ। ਉਹ ਗਾਉਂਦੀਆਂ -

* ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ,
ਕਾਲੀ ਡਾਂਗ ਮੇਰੇ ਵੀਰ ਦੀ।

* ਕੌੜੀ ਨਿੰਮ ਨੂੰ ਪਤਾਸੇ ਲੱਗਦੇ,
ਜਿੱਥੋਂ ਦੀ ਮੇਰਾ ਵੀਰ ਲੰਘਿਆ।

* ਤੈਨੂੰ ਦੇਖ ਭੁੱਖੀ ਰੱਜ ਜਾਵਾਂ,
ਚੰਨ ਨਾਲੋਂ ਸੋਹਣੇ ਵੀਰਨਾ।

ਕੁੜੀਆਂ ਨੂੰ ਆਪਣੇ ਵੀਰ ਤਾਂ ਪਿਆਰੇ ਹੁੰਦੇ ਹੀ ਹਨ , ਪਰ ਭਤੀਜੇ ਵੀਰਾਂ ਤੋਂ ਵੀ ਵੱਧ ਪਿਆਰੇ ਹੁੰਦੇ ਹਨ।

* ਬਿਨ ਪੌੜੀਓਂ ਚੁਬਾਰੇ ਚੜ੍ਹ ਜਾਵਾਂ,
ਚੁੱਕ ਕੇ ਭਤੀਜੇ ਨੂੰ।

* ਭਾਈਆਂ ਨਾਲੋਂ ਨੇ ਭਤੀਜੇ ਪਿਆਰੇ ਲੱਗਦੇ,
ਭੂਆ ਕਹਿ ਕੇ ਮੱਥਾ ਟੇਕਦੇ।

* ਪੁੱਤ ਵੀਰ ਦਾ ਭਤੀਜਾ ਮੇਰਾ,
ਨਿਉਂ ਜੜ੍ਹ ਮਾਪਿਆਂ ਦੀ।

ਕੁੜੀਆਂ ਨੂੰ ਆਪਣੇ ਬਾਬਲ ਦਾ ਫ਼ਿਕਰ ਵੀ ਹੁੰਦਾ । ਇਸ ਗੀਤ ਰਾਹੀਂ ਉਹ ਇੱਕ ਤਰ੍ਹਾਂ ਨਾਲ ਵੀਰਾਂ ਨੂੰ ਬਾਪੂ ਦਾ ਖਿਆਲ ਰੱਖਣ ਲਈ ਕਹਿੰਦੀਆਂ -

ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ,
ਭੱਜੋ ਵੀਰੋ ਵੇ ਬਾਪੂ 'ਕੱਲਾ ਮੱਝਾਂ ਚਾਰਦਾ ।

ਪੇਕਿਆਂ ਦੇ ਘਰ ਮਾਣੀ ਆਜ਼ਾਦੀ ਕਾਰਨ ਉਨ੍ਹਾਂ ਨੂੰ ਕਈ ਵਾਰੀ ਸਹੁਰੇ ਪਰਿਵਾਰ ਵੱਲੋਂ ਕੀਤੀ ਨੁਕਤਾਚੀਨੀ ਤਕਲੀਫ਼ ਦਿੰਦੀ । ਜੇਕਰ ਵੀਰ ਕਿਸੇ ਮਜ਼ਬੂਰੀ ਕਾਰਨ ਆਪਣੀ ਭੈਣ ਨੂੰ ਲੈਣ ਨਾ ਜਾ ਸਕਦਾ ਤਾਂ ਸੱਸ ਦੇ ਮਿਹਣੇ ਸੁਣਨ ਨੂੰ ਮਿਲਦੇ। ਉਸ ਸਮੇਂ ਤਾਂ ਭਾਵੇਂ ਸੱਸ ਨੂੰ ਅੱਗੋਂ ਕੋਈ ਜਵਾਬ ਨਾ ਦਿੱਤਾ ਜਾਂਦਾ । ਪਰ ਤੀਆਂ ਦੇ ਗਿੱਧੇ ਵਿੱਚ ਇਹ ਮਿਹਣੇ ਅਤੇ ਕੁੜੀ ਦੇ ਅੰਦਰਲਾ ਜਵਾਬ ਜੋ ਉਸ ਨੇ ਸੱਸ ਸਾਹਮਣੇ ਬੁੱਲ੍ਹਾਂ ਤੱਕ ਨਾ ਆਉਣ ਦਿੱਤਾ। ਇਸ ਤਰ੍ਹਾਂ ਦੇ ਗੀਤਾਂ ਦਾ ਰੂਪ ਲੈ ਕੇ ਬਾਹਰ ਨਿਕਲਦਾ ਹੈ-

ਸੱਸ -ਤੈਨੂੰ ਤੀਆਂ ਨੂੰ ਲੈਣ ਨਾ ਆਏ,
ਬਹੁਤਿਆਂ ਭਰਾਵਾਂ ਵਾਲੀਏ।

ਨੂੰਹ -ਤੈਥੋਂ ਡਰਦੇ ਲੈਣ ਨਾ ਆਏ,
ਸੱਸੀਏ ਵੜੇਵੇਂ ਅੱਖੀਏ।

ਤੀਆਂ ਵਿੱਚ ਕਿਸੇ ਨੁਕਤਾਚੀਨੀ ਦਾ ਕੋਈ ਡਰ ਨਹੀਂ ਹੁੰਦਾ, ਇਸ ਲਈ ਮਨਮਰਜ਼ੀ ਦੇ ਹਾਸੇ ਮਖੌਲ ਵਾਲੇ ਗੀਤ ਬਣਾ ਕੇ ਗਾਉਂਦੀਆਂ -

* ਬੱਲੇ ਬੱਲੇ ਬਈ ਡੌਲ਼ੇ ਕੋਲੋਂ ਬਾਂਹ ਟੁੱਟ ਗਈ, ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ ।

* ਹੋਰਾਂ ਦੇ ਜੀਜੇ ਲੰਮ -ਸਲੰਮੇ,
ਸਾਡਾ ਜੀਜਾ ਗਿਠ-ਮੁਠੀਆ,
ਜਿਵੇਂ ਚਲਦਾ ਸੜਕ ਤੇ ਫਿਟਫਿਟੀਆ।

ਤੀਆਂ ਦੇ ਤੇਰਾਂ ਕੁ ਦਿਨਾਂ ਵਿੱਚ ਹਰ ਮੁਟਿਆਰ ਆਪਣੇ ਅੰਦਰ ਡੱਕ ਕੇ ਰੱਖੇ ਗਿਲੇ ਸ਼ਿਕਵੇ, ਦੁੱਖ-ਸੁੱਖ, ਆਦਿ ਸਭ ਗੀਤਾਂ , ਬੋਲੀਆਂ ਅਤੇ ਤਮਾਸ਼ਿਆਂ ਰਾਹੀਂ ਬਾਹਰ ਕੱਢ ਦਿੰਦੀ । ਜਿੱਥੇ ਆਪਣੇ ਮਾਂ-ਪਿਓ, ਭਰਾਵਾਂ-ਭਰਜਾਈਆਂ ਦੀਆਂ ਸਿਫਤਾਂ ਕਰਦੀ ਨਹੀਂ ਥੱਕਦੀ , ਉੱਥੇ ਆਪਣੇ ਨਾਲ ਹੋਈ ਬੇਇਨਸਾਫੀ ਦੀ ਗੱਲ ਵੀ ਕਰਦੀ -

* ਸੁਣ ਵੇ ਚਾਚਾ, ਸੁਣ ਵੇ ਤਾਇਆ।
ਸੁਣ ਵੇ ਬਾਬਲ ਮੋਢੀ,
ਦਾਰੂ ਪੀਣੇ ਦੇ, ਧੀ ਕੂੰਜ ਕਿਉਂ ਡੋਬੀ।

* ਕੰਘੀ ਨੀ ਕੰਘੀ ਮਾਏ ਮੇਰੀਏ,
ਮੈਂ ਬੁੱਢੜੇ ਨਾਲ ਮੰਗੀ ਮਾਏ ਮੇਰੀਏ।

* ਬਾਬਲੇ ਨੇ ਵਰ ਟੋਲਿਆ,
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ।

ਉਨ੍ਹਾਂ ਦਿਨਾਂ ਵਿੱਚ ਬਹੁਤੀ ਵਾਰੀ ਵੱਡੀ ਭੈਣ ਦੇ ਨਾਲ ਹੀ ਨਿੱਕੀ ਭੈਣ ਦਾ ਵਿਆਹ ਉਸ ਦੇ ਦਿਉਰ ਨਾਲ ਕਰ ਦਿੱਤਾ ਜਾਂਦਾ ਸੀ। ਉਮਰ ਛੋਟੀ ਹੋਣ ਕਰਕੇ ਮੁਕਲਾਵਾ ਬਾਅਦ ਵਿੱਚ ਦਿੱਤਾ ਜਾਂਦਾ ਜਾਂ ਕਹਿ ਦੇਈਏ ਕਿ ਕੁੜੀ ਨੂੰ ਕਈ ਸਾਲ ਮਗਰੋਂ ਸਹੁਰੇ ਘਰ ਭੇਜਿਆ ਜਾਂਦਾ । ਜਿਹੜੀਆਂ ਕੁੜੀਆਂ ਦਾ ਮੁਕਲਾਵਾ ਨਹੀਂ ਸੀ ਦਿੱਤਾ ਹੁੰਦਾ। ਉਨ੍ਹਾਂ ਦੇ ਕੰਤ ਵੀ ਆਪਣੇ ਵੱਡੇ ਵੀਰ ਨਾਲ ਸਹੁਰੇ ਘਰ ਆਉਂਦੇ ਜਾਂਦੇ ਰਹਿੰਦੇ , ਪਰ ਉਹ ਕੁੜੀਆਂ ਆਪਣੇ ਕੰਤ ਦੇ ਬਿਲਕੁੱਲ ਵੀ ਸਾਹਮਣੇ ਨਹੀਂ ਸਨ ਹੁੰਦੀਆਂ ਅਤੇ ਵਿਆਹੀਆਂ ਕੁੜੀਆਂ ਵੀ ਆਪਣੇ ਪਿਉ, ਭਰਾਵਾਂ, ਚਾਚੇ ਤਾਇਆਂ ਤੋਂ ਸ਼ਰਮ ਮੰਨਦੀਆਂ ,ਘੱਟ ਹੀ ਆਪਣੇ ਪਤੀ ਦੇ ਸਾਹਮਣੇ ਜਾਂਦੀਆਂ। ਕਈ ਘਰਾਂ ਵਿੱਚ ਜਵਾਈਆਂ ਨੂੰ ਤੀਆਂ ਦੇਖਣ ਦੀ ਖੁੱਲ੍ਹ ਹੁੰਦੀ ਸੀ, ਪਰ ਉਹ ਕੁੱਝ ਦੂਰੀ ਤੋਂ ਗਿੱਧਾ ਪੈਂਦਾ ਦੇਖ ਸਕਦੇ ਸਨ। ਸਹੁਰੇ ਘਰ ਵਿੱਚ ਉਨ੍ਹਾਂ ਦੀ ਖੂਬ ਖਾਤਰਦਾਰੀ ਕੀਤੀ ਜਾਂਦੀ । ਘਰ ਦੇ ਜਵਾਈ ਦੀ ਦੂਰੋਂ ਹੀ ਪਛਾਣ ਆ ਜਾਂਦੀ ਸੀ ਕਿਉਂਕਿ ਭਾਵੇਂ ਉਹ ਵਿਹੜੇ ਵਿੱਚ ਬੈਠਾ ਹੁੰਦਾ ਜਾਂ ਕਿਸੇ ਦਰੱਖਤ ਹੇਠ ,ਉਸ ਦੇ ਮੰਜੇ ਉੱਤੇ ਕਢਾਈ ਕੀਤੀ ਸੋਹਣੀ ਚਾਦਰ ਵਿਛੀ ਹੁੰਦੀ । ਜਦੋਂ ਉਹ ਤੀਆਂ ਦੇਖਣ ਜਾਂਦੇ ਤਾਂ ਉਹ ਜਿਹੜੀ ਥਾਂ ਤੇ ਤੀਆਂ ਲੱਗੀਆਂ ਹੁੰਦੀਆਂ ਸਨ, ਉਸ ਤੋਂ ਥੋੜ੍ਹੀ ਦੂਰੀ ਬਣਾ ਕੇ ਟਹਿਲਦੇ ਰਹਿੰਦੇ ਜਾਂ ਫਿਰ ਕੁੜੀਆਂ ਦੀਆਂ ਪਾਈਆਂ ਪੀਂਘਾਂ ਝੂਟਣ ਲੱਗ ਜਾਂਦੇ। ਕੁੜੀਆਂ ਦਾ ਗਿੱਧਾ ਉਸ ਸਮੇਂ ਚਰਮਸੀਮਾ ਤੇ ਹੁੰਦਾ ਸੀ। ਜਿਹੜੀਆਂ ਕੁੜੀਆਂ ਦੇ ਕੰਤ ਤੀਆਂ ਦੇਖਣ ਆਏ ਹੁੰਦੇ, ਉਹ ਸਾਹਮਣੇ ਨਾ ਹੁੰਦੀਆਂ, ਪਰ ਬਾਕੀ ਕੁੱਝ ਇਸ ਤਰ੍ਹਾਂ ਦੇ ਗੀਤ ਗਾਉਂਦੀਆਂ -

* ਇਹਦੇ ਮਾਰੋ ਨੀ ਵਗਾਹ ਕੇ ਮੋਹੜਾ ਜੰਡ ਦਾ,
ਤੀਆਂ ਵਿੱਚ ਲੈਣ ਆ ਗਿਆ।

* ਤੇਰਾ ਸਾਇਕਲ ਪੈਂਚਰ ਹੋ ਜੇ,
ਡੰਡੀ ਡੰਡੀ ਜਾਣ ਵਾਲਿਆ।

ਪੂਰਨਮਾਸ਼ੀ ਵਾਲੇ ਦਿਨ ਤੀਆਂ ਦੀ ਸਮਾਪਤੀ ਹੁੰਦੀ । ਇਸ ਦਿਨ ਭੈਣਾਂ ਆਪਣੇ ਵੀਰਾਂ ਦੇ ਗੁੱਟ ਤੇ ਹੱਥ ਨਾਲ ਬਣਾਈ ਲੋਗੜੀ ਦੇ ਫੁੱਲ ਵਾਲੀ ਰੱਖੜੀ ਬੰਨ੍ਹਦੀਆਂ ਜਿਸ ਨੂੰ ' ਪਹੁੰਚੀ ' ਵੀ ਆਖਿਆ ਜਾਂਦਾ ।

ਤੀਆਂ ਦਾ ਆਖਰੀ ਦਿਨ ਜਿਸ ਨੂੰ ' ਬੱਲੋ ਪੈਣੀ ' ਵੀ ਕਿਹਾ ਜਾਂਦਾ । ਉਸ ਦਿਨ ਤਾਂ ਸਾਰੇ ਪਿੰਡ ਦੀਆਂ ਕੁੜੀਆਂ ਤੀਆਂ ਦੇਖਣ ਜਾਂਦੀਆਂ । ਜਿਹੜੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਕਦੇ ਤੀਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸਨ ਦਿੰਦੇ, ਉਹ ਵੀ ਭੇਜ ਦਿੰਦੇ ਕਿਉਂਕਿ ਇਹ ਮਾਨਤਾ ਸੀ ਕਿ ਤੀਆਂ ਵਾਲੀ ਥਾਂ ਤੋਂ ਜਿਹੜੀ ਹਰੀ ਹਰੀ ਦੁੱਬ ਲਿਆਂਦੀ ਜਾਂਦੀ ਸੀ , ਉਹ ਘਰ ਲਿਆਉਣ ਨਾਲ ਬਾਬਲ ਅਤੇ ਵੀਰਾਂ ਦਾ ਵਿਹੜਾ ਬਰਕਤ ਅਤੇ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ। ਇਸ ਦਿਨ ਕੁੜੀਆਂ ਚਿੜੀਆਂ ਪੂਰੇ ਜੋਸ਼ ਨਾਲ ਗਿੱਧਾ ਪਾਉਂਦੀਆਂ ।

ਬੱਲੋ ਵਾਲੇ ਦਿਨ ਕੁੜੀਆਂ ਦੋ ਟੋਲੀਆਂ ਬਣਾ ਲੈਂਦੀਆਂ । ਇੱਕ ਟੋਲੀ ਕੁੜੀ ਪੱਖ ਦੀ ਦੂਜੀ ਮੁੰਡੇ ਪੱਖ ਦੀ। ਉਨ੍ਹਾਂ ਵਿੱਚੋਂ ਇੱਕ ਕੁੜੀ ਆਪਣੀ ਚੁੰਨੀ ਸਿਰ ਤੇ ਲਪੇਟ ਕੇ ਲਾੜਾ ਬਣ ਜਾਂਦੀ , ਫਿਰ ਦੂਜੀ ਟੋਲੀ ਵਿੱਚੋਂ ਜਿਹੜੀ ਕੁੜੀ ਨੇ ਵਧੀਆ ਗਹਿਣੇ ਗੱਟੇ ਪਾਏ ਹੁੰਦੇ ਉਸ ਨੂੰ ਲਾੜੀ ਬਣਾਇਆ ਜਾਂਦਾ ਅਤੇ ਉਨ੍ਹਾਂ ਦੇ ਵਿਆਹ ਦੀਆਂ ਝੂਠ-ਮੂਠ ਦੀਆਂ ਰਸਮਾਂ ਕੀਤੀਆਂ ਜਾਂਦੀਆਂ, ਗੀਤ ਗਾਉਣ ਦਾ ਮੁਕਾਬਲਾ ਹੁੰਦਾ । ਇੱਕ ਟੋਲੀ ਦੂਜੀ ਨੂੰ ਹਰਾਉਣ ਲਈ ਪੂਰਾ ਜ਼ੋਰ ਲਾ ਦਿੰਦੀ । ਇਸ ਦਿਨ ਕੁੜੀਆਂ ਨੂੰ ਸ਼ਾਮ ਪੈ ਜਾਂਦੀ। ਹਰੀ ਹਰੀ ਦੁੱਬ ਪੁੱਟ ਲਈ ਜਾਂਦੀ। ਉਹ ਗਿੱਧਾ ਪਾਉਂਦੀਆਂ ਪਿੰਡ ਵੱਲ ਤੁਰ ਪੈਂਦੀਆਂ। ਥੋੜ੍ਹੇ ਕਦਮ ਤੁਰਦੀਆਂ ਗਿੱਧਾ ਪਾਉਂਦੀਆਂ , ਫਿਰ ਰੁਕ ਕੇ ਗਿੱਧਾ ਪਾਉਂਦੀਆਂ, ਇਸ ਤਰ੍ਹਾਂ ਰੁਕ ਰੁਕ ਕੇ ਗਿੱਧਾ ਪਾਉਂਦੀਆਂ, ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ -

ਸਾਉਣ ਮਹੀਨੇ ਘਾਹ ਹੋ ਗਿਆ,
ਰੱਜੀਆਂ ਮੱਝੀਆਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ।

ਸਾਉਣ ਮਹੀਨੇ ਨੂੰ ਵੀਰ ਦਾ ਦਰਜਾ ਦਿੰਦੀਆਂ ਅਤੇ ਵਿਛੜਨ ਦਾ ਸਾਰਾ ਦੋਸ਼ ਭਾਦੋਂ ਸਿਰ ਮੜ੍ਹਿਆ ਜਾਂਦਾ।

ਸਾਉਣ ਵੀਰ 'ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।

ਇਸ ਦਿਨ ਕੁੜੀਆਂ ਪਿੰਡ ਵਿੱਚ ਗਿੱਧਾ ਪਾਉਂਦੀਆਂ ਜਾਂਦੀਆਂ । ਬਾਬਲ ਦੇ ਵਿਹੜੇ ਦੀ ਅਤੇ ਪੂਰੇ ਨਗਰ ਖੇੜੇ ਦੀ ਸੁੱਖ ਮੰਗਦੀਆਂ ਗਾਉਂਦੀਆਂ-

* ਜੁਗ ਜੁਗ ਰਹੇ ਵਸਦਾ,
ਮੇਰੇ ਧਰਮੀ ਬਾਬਲ ਦਾ ਵਿਹੜਾ।

* ਸੁੱਖ ਵਸਦੀ ਵੇ ਵੀਰੋ
ਥੋਡੀ ਨਗਰੀ ਵੇ ਸੁੱਖ ਵਸਦੀ।

ਪਿੰਡ ਦੇ ਦਰਵਾਜ਼ੇ ਤੱਕ ਪਹੁੰਚ ਕੇ ਜਾਂ ਪਿੰਡ ਦੇ ਵਿਚਕਾਰ ਪਹੁੰਚ ਕੇ ਖੂਬ ਗਿੱਧਾ ਪਾਇਆ ਜਾਂਦਾ। ਅਖੀਰ ਤੇ ਇੱਕ ਉਮੀਦ ਅਗਲੇ ਸਾਲ ਇਕੱਠੀਆਂ ਹੋਣ ਦੀ ਅਤੇ ਆਪਣੇ ਮਨਾਂ ਨੂੰ ਧਰਵਾਸ ਦਿੰਦੀਆਂ ਜਾਪਦੀਆਂ ਅਤੇ ਵਾਰ ਵਾਰ ਗਾਉਂਦੀਆਂ -

ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ।

ਇਸ ਤਰ੍ਹਾਂ ਤੀਆਂ ਦੀ ਸਮਾਪਤੀ ਹੁੰਦੀ। ਇੱਕ ਵਾਰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਧੀਆਂ ਭੈਣਾਂ ਦੀਆਂ ਅਸੀਸਾਂ ਅਤੇ ਦੁਆਵਾਂ ਨਾਲ ਸਾਰੇ ਪਿੰਡ ਦੇ ਦੁੱਖ ਤਕਲੀਫ਼ਾਂ ਪਿੰਡ ਛੱਡ ਕੇ ਭੱਜ ਗਏ ਹੋਣ। ਭਰੇ ਮਨਾਂ ਨਾਲ ਕੁੜੀਆਂ ਚਿੜੀਆਂ ਘੁੱਟ ਘੁੱਟ ਜੱਫੀਆਂ ਪਾ ਕੇ ਆਪਣੀਆਂ ਅੰਤੋਂ ਪਿਆਰੀਆਂ ਸਹੇਲੀਆਂ ਤੋਂ ਵਿਦਾ ਲੈਂਦੀਆਂ ਕਿਉਂਕਿ ਕਈਆਂ ਨੇ ਤਾਂ ਭਾਦੋਂ ਦੇ ਪਹਿਲੇ ਦਿਨ ਹੀ ਧਰਮੀ ਬਾਬਲ ਦਾ ਦੇਸ਼ ਛੱਡ ਕੇ ਉਡਾਰੀ ਮਾਰਨੀ ਹੁੰਦੀ ਸੀ। ਕਈ ਕਈ ਦਿਨ ਪਿੰਡ ਵਾਲਿਆਂ ਦੇ ਕੰਨਾਂ ਵਿੱਚ ਇਹ ਗਿੱਧਾ ਅਤੇ ਗੀਤ ਗੂੰਜਦੇ ਰਹਿੰਦੇ ।

ਇਹ ਬੀਤੇ ਸਮੇਂ ਦੀਆਂ ਗੱਲਾਂ ਨੇ। ਸਮੇਂ ਦੇ ਬਦਲਣ ਨਾਲ ਸਭ ਕੁੱਝ ਬਦਲ ਗਿਆ। ਪਿੰਡਾਂ ਵਿੱਚ ਤਾਂ ਕਿਤੇ ਕਿਤੇ ਅੱਜ ਵੀ ਇਸ ਅਨਮੋਲ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਪਰ ਪਹਿਲਾਂ ਵਾਲੀ ਰੌਣਕ ਨਹੀਂ। ਜੇ ਰੌਣਕ ਹੁੰਦੀ ਵੀ ਹੈ ਤਾਂ ਇੱਕ ਦੋ ਦਿਨਾਂ ਤੋਂ ਵੱਧ ਨਹੀਂ ਹੁੰਦੀ। ਸ਼ਹਿਰਾਂ ਅਤੇ ਪਿੰਡਾਂ ਵਿੱਚ ਨੌਕਰੀ ਕਰਨ ਵਾਲੀਆਂ ਅੱਜ ਕੱਲ੍ਹ ਦੀਆਂ ਬਹੁਤ ਸਾਰੀਆਂ ਕੁੜੀਆਂ ਚਿੜੀਆਂ ਦੋ ਪਿੰਜਰਿਆਂ ਵਿੱਚ ਬੰਦ ਹੁੰਦੀਆਂ ਨੇ ਦਫ਼ਤਰ ਅਤੇ ਘਰ। ਕਈਆਂ ਲਈ ਇੱਕੋ ਪਿੰਜਰਾ ਹੁੰਦਾ ਹੈ ਉਹ ਹੈ ਘਰ, ਉਹ ਸਿਰਫ਼ ਕਿਸੇ ਰਿਸ਼ਤੇਦਾਰੀ ਵਿੱਚ ਖੁਸ਼ੀ ਗਮੀ ਹੋਵੇ ਫਿਰ ਹੀ ਆਪਣੇ ਕਮਜ਼ੋਰ ਖੰਭਾਂ ਨਾਲ ਲੋੜ ਜੋਗੀ ਉਡਾਰੀ ਭਰਦੀਆਂ ਨੇ। ਤੀਆਂ ਦਾ ਤਿਉਹਾਰ ਵੀ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਅਤੇ ਪਾਰਕਾਂ ਵਿੱਚ ਰਸਮੀ ਤਰੀਕੇ ਨਾਲ ਹੀ ਮਨਾਇਆ ਜਾਂਦਾ ਹੈ।

ਨਾਗ ਵਾਂਗ ਮੇਲ੍ਹਦੀਆਂ ਗੁੱਤਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਕਿਉਂਕਿ ਸਾਡੀ ਮਾਨਸਿਕਤਾ ਕਮਜ਼ੋਰ ਹੋ ਚੁੱਕੀ ਹੈ। ਕਮਜ਼ੋਰ ਮਾਨਸਿਕਤਾ ਆਪਣਾ ਅਸਲ ਗੁਆ ਕੇ ਨਕਲੀ ਦਿਖਾਵੇ ਵਿੱਚ ਆ ਜਾਂਦੀ ਹੈ । ਹੁਣ ਕੁੜੀਆਂ ਨਕਲੀ ਗਹਿਣੇ ਪਾ ਕੇ ਆਪਣੇ ਮੂੰਹਾਂ ਤੇ ਨਕਲੀ ਜਿਹਾ ਰੂਪ ਚੜ੍ਹਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿਉਂਕਿ ਅਸਲੀ ਰੂਪ ਤਾਂ ਉਦੋਂ ਚੜ੍ਹਦਾ ਹੈ, ਜਦੋਂ ਅੰਦਰ ਚਾਅ ਤੇ ਉਤਸ਼ਾਹ ਹੁੰਦਾ ਹੈ। ਚਾਅ ਤੇ ਉਤਸ਼ਾਹ ਕੀਹਦੇ ਸਿਰ ਤੇ ਹੋਵੇ, ਕੁੱਝ ਵੀਰ ਆਰਥਿਕ ਤੰਗੀਆਂ ਕਰਕੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਨੇ, ਕੁੱਝ ਨਸ਼ੇੜੀ ਹੋ ਗਏ ਤੇ ਕੁੱਝ ਵਿਦੇਸ਼ਾਂ ਵਿੱਚ ਵਸ ਗਏ । ਇਸ ਸਾਰੇ ਬਦਲਾਅ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ। ਅਸੀਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਉਨ੍ਹਾਂ ਤੋਂ ਭੱਜਦੇ ਹਾਂ। ਜੋ ਬਾਅਦ ਵਿੱਚ ਬਹੁਤ ਵਿਕਰਾਲ ਰੂਪ ਧਾਰ ਕੇ ਸਾਡੇ ਸਾਹਮਣੇ ਆ ਖਲੋਂਦੀਆਂ ਨੇ ਅਤੇ ਫਿਰ ਚਾਹ ਕੇ ਵੀ ਕੋਈ ਹੱਲ ਨਹੀਂ ਕੱਢ ਸਕਦੇ। ਫਰਜ਼ ਨਿਭਾਉਣ ਦੀ ਲੋਕ-ਲਾਜ ਖਤਮ ਹੁੰਦੀ ਜਾਂਦੀ ਹੈ। ਜਿੱਥੇ ਲੋਕ-ਲਾਜ ਮੁੱਕ ਗਈ, ਉੱਥੇ ਸੰਵੇਦਨਸ਼ੀਲਤਾ ਵੀ ਖੁਰਦੀ ਹੈ। ਸੰਵੇਦਨਸ਼ੀਲਤਾ ਦਾ ਖੋਰਾ ਸਭ ਲਈ ਘਾਤਕ ਹੈ।

ਇਸ ਸਭ ਕੁੱਝ ਦਾ ਅਸਰ ਸਾਉਣ ਵੀਰ ਤੇ ਵੀ ਪੈਣਾ ਹੀ ਹੈ। ਬਦਲਦੇ ਸਮਿਆਂ ਨਾਲ ਸਾਉਣ ਵੀਰ ਵੀ ਬਦਲ ਗਿਆ ਅਤੇ ਭੈਣਾਂ ਵਿੱਚ ਵੀ ਓਨਾ ਦਮ ਨਹੀਂ ਰਿਹਾ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ