Schoolon Bhajjna (Story in Punjabi) : Ruskin Bond

ਸਕੂਲੋਂ ਭੱਜਣਾ (ਰਸਟੀ ਦੇ ਕਾਰਨਾਮੇ) (ਕਹਾਣੀ) : ਰਸਕਿਨ ਬਾਂਡ

1. ਮੋਮਬਾਸਾ ਜਾਣ ਦੀ ਸ਼ਾਨਦਾਰ ਯੋਜਨਾ

ਸਕੂਲ ਦੇ ਗੁੰਬਦ ਦੀ ਵੱਡੀ ਘੜੀ ਨੇ ਗਿਆਰਾਂ ਵਜਾਏ, ਤਾਂ ਮੈਂ ਚੁੱਪਚਾਪ ਬਿਸਤਰੇ ਵਿਚੋਂ ਨਿਕਲਿਆ, ਚੁੱਪਚਾਪ ਜਿਮਨਾਸਟਿਕ ਵਾਲੇ ਬੂਟ ਪਾਏ ਤੇ ਦੱਬਵੇਂ ਪੈਰੀਂ ਡਾਰਮਿਟਰੀ ਵਿਚੋਂ ਖਿਸਕ ਚੱਲਿਆ।
ਦਹਿਲੀਜ਼ ਉੱਤੇ ਆ ਕੇ ਮੈਂ ਰਤਾ ਠਿਠਕਿਆ। ਪਿੱਛੇ ਮੁੜ ਕੇ ਹਨੇਰੇ ਕਮਰੇ ਵਿਚ ਝਾਕ ਕੇ ਦੇਖਿਆ ਕਿ ਕਿਤੇ ਕੋਈ ਜਾਗ ਤਾਂ ਨਹੀਂ ਪਿਆ। ਫੇਰ ਮੈਂ ਫੁਰਤੀ ਨਾਲ ਗੇਲਰੀ ਵਿਚ ਆਇਆ ਤੇ ਪੌੜੀਆਂ ਉਤਰ ਗਿਆ। ਦਲਜੀਤ ਪਹਿਲਾਂ ਹੀ ਵਰਾਂਡੇ ਵਿਚ ਖੜ੍ਹਾ ਸੀ। ਉਹ ਸਿੱਖ ਸੀ। ਉਸਨੇ ਰਾਤ ਨੂੰ ਸੌਣ ਤੋਂ ਪਹਿਲਾਂ ਪੱਗ ਲਾਹ ਕੇ ਰੱਖ ਦਿੱਤੀ ਸੀ ਤੇ ਲੰਮੇ ਕੇਸਾਂ ਦਾ ਜੂੜਾ ਕਰ ਲਿਆ ਸੀ। ਉਸਦੇ ਤਨ ਉੱਤੇ ਚਿੱਟਾ ਕੁੜਤਾ-ਪਾਜਾਮਾ ਹਨੇਰੇ ਵਿਚ ਪ੍ਰਕਾਸ਼-ਸਤੰਭ ਵਾਂਗ ਚਮਕ ਰਿਹਾ ਸੀ। ਧੜਕਾ ਸਾਨੂੰ ਦੋਵਾਂ ਨੂੰ ਇਸ ਗੱਲ ਦਾ ਸੀ ਕਿ ਆਸੇ-ਪਾਸੇ ਕੋਈ ਅਧਿਆਪਕ ਹੋਇਆ ਤਾਂ ਅਸੀਂ ਫੜ੍ਹੇ ਜਾਵਾਂਗੇ।
ਦਲਜੀਤ ਨੇ ਮੈਨੂੰ ਦੇਖਦਿਆਂ ਹੀ ਆਪਣੇ ਬੁੱਲ੍ਹਾਂ ਉੱਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਵੈਸੇ, ਇਸਦੀ ਕੋਈ ਲੋੜ ਨਹੀਂ ਸੀ, ਕਿਉਂਕਿ ਮੈਂ ਪਹਿਲਾਂ ਹੀ ਚੁਕੰਨਾ ਸੀ। ਪਰ ਦਲਜੀਤ ਤਾਂ ਸਵਾਦ ਲੈ ਰਿਹਾ ਸੀ ਤੇ ਹਰ ਗੱਲ ਨੂੰ ਰਹੱਸਮਈ ਬਣਾਅ ਦੇਣਾ ਚਾਹੁੰਦਾ ਸੀ।
ਦਲਜੀਤ ਪੱਬਾਂ ਭਾਰ, ਬਿਨਾਂ ਆਵਾਜ਼ ਕੀਤੇ, ਤੁਰਨਾ ਤਾਂ ਜਾਣਦਾ ਹੀ ਸੀ। ਉਸਦੇ ਪੈਰ ਬੜੇ ਵੱਡੇ ਸਨ। ਅਕਸਰ ਅਸੀਂ ਸਾਰੇ ਇਸ ਗੱਲ ਲਈ ਉਸਨੂੰ ਛੇੜਦੇ ਵੀ ਸੀ। ਪੰਜਾਬ ਵਿਚ ਇਕ ਕਹਾਵਤ ਹੈ (ਪੈਰ ਵੱਡੇ ਗਵਾਰਾਂ ਦੇ)। ਜੇ ਕਿਸੇ ਦੇ ਪੈਰ ਵੱਡੇ ਹੋਣ, ਤਾਂ ਉਹ ਸਿਰਫ਼ ਮਿਹਨਤ-ਮਜਦੂਰੀ ਦੇ ਲਾਇਕ ਹੁੰਦਾ ਹੈ। ਦਲਜੀਤ ਇਸਦਾ ਖੰਡਨ ਕਰਦਾ ਸੀ। ਕਹਿੰਦਾ ਸੀ, ਜੇ ਕਿਸੇ ਦੇ ਪੈਰ ਵੱਡੇ ਹੋਣ, ਤਾਂ ਉਹ ਖ਼ੂਬ ਸੈਰ-ਸਪਾਟਾ ਕਰਦਾ ਹੈ, ਤੇ ਉਹ ਇਸ ਨੂੰ ਸਿੱਧ ਕਰਨ ਉੱਤੇ ਉਤਾਰੂ ਸੀ।
ਅਸੀਂ ਚੁੱਪਚਾਪ, ਪੈਵਿਲੀਅਨ ਦੇ ਸਾਹਮਣੇ ਵਾਲੇ ਮੈਦਾਨ ਵਿਚੋਂ ਦੌੜਦੇ ਹੋਏ ਲੰਘਣ ਲੱਗੇ। ਉੱਤੇ ਆਸਮਾਨ ਵਿਚ ਮਾਨਸੂਨ ਦੇ ਬੱਦਲ ਤੈਰ ਰਹੇ ਸਨ। ਪੈਵਿਲੀਅਨ ਦੀਆਂ ਪੌੜੀਆਂ ਉਤਰ ਕੇ ਅਸੀਂ ਕਸਰਤ-ਘਰ ਵਿਚ ਜਾ ਵੜੇ। ਕਸਰਤ-ਘਰ ਦਾ ਦਰਵਾਜ਼ਾ ਅਕਸਰ ਖੁੱਲ੍ਹਾ ਰਹਿੰਦਾ ਸੀ ਤੇ ਇਸ ਵਿਸ਼ਾਲ ਸਿਲ੍ਹ ਭਰੇ ਕਮਰੇ ਵਿਚ ਹੀ ਅਸੀਂ ਰਾਤ ਨੂੰ ਚੁੱਪਚਾਪ ਮੀਟਿੰਗਾਂ ਕਰਦੇ ਹੁੰਦੇ ਸੀ—ਜਿਸ ਵਿਚੋਂ ਨਾਰੀਅਲ ਦੀਆਂ ਜਟਾਂ, ਵਾਰਨਿਸ਼ ਤੇ ਪਸੀਨੇ ਦੀ ਬੂ ਆਉਂਦੀ ਰਹਿੰਦੀ ਸੀ।
ਸਕੂਲ ਵਿਚੋਂ ਭੱਜਣ ਤੋਂ ਪਹਿਲਾਂ ਇਹ ਸਾਡੀ ਅਖ਼ੀਰਲੀ ਬੈਠਕ ਸੀ।
“ਸਾਰੀ ਤਿਆਰੀ ਹੋ ਗਈ?” ਦਲਜੀਤ ਨੇ ਮੋਮਬੱਤੀ ਦਾ ਟੁਕੜਾ ਬਾਲ ਕੇ ਸਾਡੇ ਦੋਵਾਂ ਵਿਚਕਾਰ ਫਰਸ਼ ਉੱਤੇ ਲਾਉਂਦਿਆਂ ਹੋਇਆ ਪੁੱਛਿਆ।
“ਸਾਰੀ ਤਿਆਰੀ ਏ,” ਮੈਂ ਕਿਹਾ। “ਚਾਕੂ ਏ, ਬਿਸਕੁਟਾਂ ਦੇ ਦੋ ਪੈਕਟ ਨੇ, ਥੋੜ੍ਹੀਆਂ ਕੁ ਰੋਟੀਆਂ ਨੇ, ਮੱਛੀ ਵਾਲਾ ਡੱਬਾ ਏ, ਤੇ ਥੋੜ੍ਹੀ-ਜਿਹੀ ਮਠਿਆਈ-ਸ਼ਠਿਆਈ ਵੀ ਏ।”
ਰੋਟੀਆਂ ਅਸੀਂ ਪਿਛਲੇ ਹਫ਼ਤੇ ਦੇ ਖਾਣੇ ਵਿਚੋਂ ਬਚਾਅ ਕੇ ਲੁਕਾਅ ਲਈਆਂ ਸਨ, ਜਿਹੜੀਆਂ ਹੁਣ ਬੇਹੀਆਂ ਹੋ ਕੇ ਸਖ਼ਤ ਤੇ ਕਰੜੀਆਂ ਹੋ ਗਈਆਂ ਸਨ। ਪਰ ਮੈਂ ਦਿਖਾਉਣਾ ਇਹ ਚਾਹੁੰਦਾ ਸੀ ਕਿ ਮੈਂ ਵੱਧ ਤੋਂ ਵੱਧ ਚੀਜ਼ਾਂ ਇਕੱਠੀਆਂ ਕੀਤੀਆਂ ਨੇ।
“ਬਹੁਤੀਆਂ ਜ਼ਿਆਦਾ ਤਾਂ ਨਈਂ! ਦਲਜੀਤ ਬੋਲਿਆ, “ਤੇ ਰੁਪਏ ਕਿੰਨੇ ਨੇ ਤੇਰੇ ਕੋਲ?”
“ਛੇ...ਯਾਨੀ ਕਿ ਦੋ ਮਹੀਨੇ ਦਾ ਜੇਬ ਖਰਚ!”
“ਕੋਈ ਗੱਲ ਨਈਂ, ਰਸਟੀ।” ਦਲਜੀਤ ਜਾਣਦਾ ਸੀ ਕਿ ਮੈਨੂੰ ਬਹੁਤਾ ਜੇਬ ਖਰਚ ਨਹੀਂ ਮਿਲਦਾ। ਕਹਿਣ ਲੱਗਾ, “ਖ਼ੈਰ, ਮੇਰੇ ਕੋਲ ਤੀਹ ਕੁ ਰੁਪਈਏ ਨੇ, ਇਸ ਲਈ ਰੁਪਏ ਪੈਸਿਆਂ ਦੀ ਬਹੁਤੀ ਚਿੰਤਾ, ਘੱਟੋਘੱਟ, ਅਜੇ ਤਾਂ ਨਈਂ ਕਰਨੀ ਪਏਗੀ।...ਫੇਰ ਮੇਰੇ ਕੋਲ ਥੋੜ੍ਹਾ ਪਨੀਰ, ਜੈਮ, ਚਾਕਲੇਟ ਤੇ ਅਚਾਰ ਵੀ ਏ। ਆਪਣੇ ਪਿਛਲੇ ਪਾਰਸਲ 'ਚੋਂ ਮੈਂ ਇਹ ਸਾਰੀਆਂ ਚੀਜ਼ਾਂ ਬਚਾਅ ਲਈਆਂ ਸਨ।”
“ਚਾਕਲੇਟ ਦੇ ਨਾਲ ਅਚਾਰ ਖਾਵਾਂਗੇ?”
“ਨਈਂ ਜੀ। ਰਸਤੇ 'ਚ ਜੋ ਖਾਣ ਨੂੰ ਮਿਲਿਆ, ਉਸ ਨਾਲ ਖਾਵਾਂਗੇ।”
ਦਲਜੀਤ ਦੇ ਪਿਤਾ ਪੂਰਬੀ-ਅਫ਼ਰੀਕਾ ਵਿਚ ਵਪਾਰ ਕਰਦੇ ਸਨ ਤੇ ਅਕਸਰ ਉਸਨੂੰ ਖਾਣ ਵਾਲੀਆਂ ਚੀਜ਼ਾਂ ਦੇ ਪਾਰਸਲ ਭੇਜਦੇ ਰਹਿੰਦੇ ਸਨ। ਦਲਜੀਤ ਦੀ ਸਕੀਮ ਇਹ ਕਿ ਕਿਸੇ ਤਰ੍ਹਾਂ ਉਹ ਅਫ਼ਰੀਕਾ ਵਾਪਸ ਪਹੁੰਚ ਜਾਵੇ, ਕਿਉਂਕਿ ਹਿੰਦੁਸਤਾਨ ਦੇ ਬੋਰਡਿੰਗ ਸਕੂਲ ਦੇ ਜੀਵਨ ਤੋਂ ਉਹ ਪੂਰੀ ਤਰ੍ਹਾ ਉਕਤਾਅ ਗਿਆ ਸੀ। ਇਹੀ ਕਾਰਨ ਸੀ ਕਿ ਅਸੀਂ ਦੋਵਾਂ ਨੇ ਭੱਜਣ ਦੀ ਸਕੀਮ ਬਣਾਈ ਸੀ। ਮੇਰੇ ਚਾਚਾ ਜੀ ਇਕ ਸਟੀਮਰ ਦੇ ਕਪਤਾਨ ਸਨ, ਜਿਹੜਾ ਪੂਰਬੀ-ਅਫ਼ਰੀਕਾ ਦੀ ਮੋਮਬਾਸਾ ਬੰਦਰਗਾਹ ਤੋਂ, ਹਿੰਦੁਸਤਾਨ ਦੇ ਪੱਛਮੀ ਤਟ ਉੱਤੇ ਸਥਿਤ ਦੋ ਛੋਟੀਆਂ ਬੰਦਰਗਾਹਾਂ, ਜਾਮਨਗਰ ਤੇ ਦੁਆਰਕਾ ਦੇ ਵਿਚਕਾਰ ਅਦਲ-ਬਦਲ ਕੇ ਚੱਲਦਾ ਸੀ। 'ਐਸ.ਐਸ.ਲੂਸੀ' ਨਾਂ ਦਾ ਮੇਰੇ ਚਾਚਾ ਜੀ ਦਾ ਉਹ ਜਹਾਜ਼ ਮਹੀਨੇ ਦੇ ਆਖ਼ਰ ਵਿਚ ਜਾਮਨਗਰ ਵਿਚ ਡੇਰਾ ਲਾਉਣ ਵਾਲਾ ਸੀ ਤੇ ਸਾਨੂੰ ਭਰੋਸਾ ਸੀ ਕਿ ਅਸੀਂ ਕਹਾਂਗੇ ਤਾਂ ਉਹ ਸਾਨੂੰ ਜਹਾਜ਼ ਉੱਤੇ ਚੜ੍ਹਾਅ ਕੇ ਆਪਣੇ ਨਾਲ ਲੈ ਜਾਣ ਲਈ ਤਿਆਰ ਹੋ ਜਾਣਗੇ।
ਦਲਜੀਤ ਅਫ਼ਰੀਕਾ ਜਾਣ ਲਈ ਕਾਹਲਾ ਸੀ। ਉਸਦਾ ਕਹਿਣਾ ਸੀ ਕਿ ਜਦੋਂ ਉਸਦੇ ਪਿਤਾ ਦੀ ਸਮਝ ਵਿਚ ਇਹ ਗੱਲ ਆ ਜਾਏਗੀ ਕਿ ਉਹ ਆਪਣੇ ਬਲ-ਬੂਤੇ ਉੱਤੇ ਵਾਪਸ ਆ ਸਕਦਾ ਹੈ, ਤਾਂ ਫੇਰ ਉਹ ਉਸਨੂੰ ਹਿੰਦੁਸਤਾਨ, ਕਿਸੇ ਸਕੂਲ ਵਿਚ, ਭੇਜਣ ਦਾ ਖ਼ਤਰਾ ਮੁੱਲ ਨਹੀਂ ਲੈਣਗੇ।
ਮੈਂ ਵੀ ਇੱਥੋਂ ਭੱਜਣਾ ਚਾਹੁੰਦਾ ਸੀ, ਮੇਰੇ ਭੱਜਣ ਦੇ ਕਾਰਨ ਦੂਜੇ ਸਨ। ਬੇਸ਼ੱਕ, ਉਹਨਾਂ ਵਿਚੋਂ ਇਕ ਕਾਰਨ ਸਕੂਲ ਵੀ ਸੀ। ਉਂਜ ਸਾਡਾ ਸਕੂਲ ਚਾਰਲਸ ਡਿਕੰਸ ਦੇ ਡੋਥਬਵਾਏਸ ਹਾਲ ਵਾਂਗ ਅਕਾਊ ਨਹੀਂ ਸੀ। ਫੇਰ ਵੀ ਇਹ ਕੋਈ ਚੰਗਾ ਸਕੂਲ ਨਹੀਂ ਸੀ। ਉੱਥੋਂ ਦਾ ਪ੍ਰਿੰਸੀਪਲ ਉਸਨੂੰ ਸਕੂਲ ਵਾਂਗ ਨਾ ਚਲਾ ਕੇ, ਇਕ ਧੰਦੇ ਵਾਂਗ ਚਲਾਉਂਦਾ ਸੀ। 'ਹਿੰਗ ਲੱਗੇ ਨਾ ਫਟਕੜੀ, ਰੰਗ ਆਵੇ ਚੋਖਾ' ਇਹ ਉਸਦਾ ਸਿਧਾਂਤ-ਵਾਕ ਹੁੰਦਾ ਸੀ। ਫੀਸ ਖ਼ੂਬ ਤਕੜੀ ਲੈਂਦਾ, ਬਦਲੇ ਵਿਚ ਸਾਨੂੰ ਦਿੰਦਾ ਘਟੀਆ ਖਾਣਾ ਤੇ ਘਟੀਆ ਅਧਿਆਪਕ। ਚਲੋ ਖ਼ੈਰ, ਸਾਡੀ ਮੁੰਡਿਆਂ ਦੀ ਇਹੋ ਧਾਰਨਾ ਸੀ।
ਵੈਸੇ, ਸੱਚ ਪੁੱਛੋਂ ਤਾਂ ਅਰੁੰਡੇਲ (ਹਾਂ, ਇਹੀ ਸੀ ਸਾਡੇ ਸਕੂਲ ਦਾ ਨਾਂ) ਵਿਚ ਦਲਜੀਤ ਦੇ ਆਉਣ ਦਾ ਕਾਰਨ ਉਸਦੀਆਂ ਆਪਣੀਆਂ ਕਮੀਆਂ ਸਨ। ਉਸ ਤੋਂ ਪਹਿਲਾਂ ਜਿੰਨੇ ਵੀ ਸਕੂਲਾਂ ਵਿਚ ਉਹ ਦਾਖ਼ਲ ਹੋਇਆ, ਕਿਤੇ ਟਿਕ ਨਹੀਂ ਸੀ ਸਕਿਆ, ਤੇ ਇਕ ਪਿੱਛੋਂ ਇਕ ਕਈ ਸਕੂਲ ਬਦਲਣ ਪਿੱਛੋਂ ਉਹ ਅਰੁੰਡੇਲ ਵਿਚ ਆਇਆ ਸੀ। ਇੱਥੇ ਵੀ ਮਸਰਾਂ ਦੀ ਪਾਣੀ ਵਰਗੀ ਪਤਲੀ ਦਾਲ ਤੇ ਚਰਬੀ ਵਾਲਾ ਗੋਸ਼ਤ ਖਾ-ਖਾ ਕੇ ਉਹ ਅੱਕ ਗਿਆ ਸੀ ਤੇ ਮਹੀਨੇ ਬਾਅਦ ਹੀ ਭੱਜਣ ਲਈ ਬੇਚੈਨ ਹੋ ਗਿਆ ਸੀ।
“ਇਸ ਸਕੂਲ ਪਿੱਛੋਂ ਮੈਂ ਕਿਸੇ ਦੂਜੇ ਸਕੂਲ ਵਿਚ ਨਈਂ ਜਾਵਾਂਗਾ,” ਦਲਜੀਤ ਨੇ ਐਲਾਨ ਕੀਤਾ ਸੀ, “ਮੈਂ ਨੈਰੋਬੀ ਵਿਚ ਸਿੱਧਾ ਆਪਣੇ ਪਿਤਾ ਦੇ ਵਪਾਰ ਵਿਚ ਲੱਗ ਜਾਵਾਂਗਾ। ਪੜ੍ਹ-ਲਿਖ ਸਕਦਾ ਆਂ। ਮੁਨਾਫ਼ੇ ਤੇ ਘਾਟੇ ਵਿਚਲਾ ਫ਼ਰਕ ਵੀ ਸਮਝਦਾ ਆਂ। ਬਸ, ਮੇਰੇ ਲਈ ਏਨਾ ਕਾਫੀ ਏ। ਤੂੰ ਕੀ ਕਰੇਂਗਾ, ਰਸਟੀ?”
“ਮੈਂ ਲੇਖਕ ਬਣਨਾ ਚਾਹੁੰਦਾ ਆਂ!” ਮੈਂ ਕਿਹਾ, “ਸਕੂਲ ਜਾਣ 'ਚ ਮੈਨੂੰ ਕੋਈ ਇਤਰਾਜ਼ ਤਾਂ ਨਹੀਂ, ਪਰ ਇਹ ਸਕੂਲ ਮੈਨੂੰ ਬਿਲਕੁਲ ਪਸੰਦ ਨਹੀਂ, ਤੇ ਮੈਂ ਜਾਣਦਾ ਆਂ ਕਿ ਮੇਰੇ ਗਾਰਜੀਅਨ ਮੈਨੂੰ ਕਿਸੇ ਹੋਰ ਸਕੂਲ 'ਚ ਨਹੀਂ ਭੇਜਣਗੇ।”
ਮੇਰੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਿਆ ਸੀ, ਤੇ ਮੇਰੇ ਗਾਰਜੀਅਨ ਨੇ ਮੈਨੂੰ ਅਰੁੰਡੇਲ ਵਿਚ ਇਸ ਲਈ ਦਾਖ਼ਲ ਕਰਵਾਇਆ ਸੀ, ਕਿਉਂਕਿ ਸਕੂਲ ਦੇ ਪ੍ਰਿੰਸੀਪਲ ਉਹਨਾਂ ਦੇ ਮਿੱਤਰ ਸਨ ਤੇ ਫੀਸ ਵੀ ਅੱਧੀ ਦੇਣੀ ਪੈਂਦੀ ਸੀ। ਪਰ ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ, ਮੇਰੇ ਗਾਰਜੀਅਨ ਨੂੰ ਮੇਰੀ ਦੇਖਭਾਲ ਕਰਨ ਵਿਚ ਦਿੱਕਤ ਹੋਣ ਲੱਗ ਪਈ। ਮੇਰਾ ਵਿਹਾਰ ਬਾਗੀ ਹੁੰਦਾ ਜਾ ਰਿਹਾ ਸੀ। ਮੈਂ ਘਰ ਬੈਠਣ ਦੀ ਬਜਾਏ ਗਲੀਆਂ-ਬਾਜ਼ਾਰ ਵਿਚ ਮਟਰ-ਗਸ਼ਤੀ ਕਰਦਾ ਫਿਰਦਾ ਸੀ। ਫੇਰ, ਮੇਰੀ ਦਿਲਚਸਪੀ ਤਾਂ ਕਿਤਾਬਾਂ ਵਿਚ ਸੀ, ਜਦਕਿ ਮੇਰੇ ਗਾਰਜੀਅਨ ਜੰਗਲ ਵਿਚ ਸ਼ਿਕਾਰ ਵਰਗੇ ਜੋਖ਼ਮ ਕਰਕੇ ਆਪਣਾ ਮਨੋਰੰਜਨ ਕਰਦੇ ਸਨ। ਮੈਂ ਆਪਣੇ ਗਾਰਜੀਅਨ (ਉਹ ਮੇਰੀ ਮਾਂ ਦੇ ਚਚੇਰੇ ਭਰਾ ਲੱਗਦੇ ਸਨ) ਦੀ ਕਦੀ ਕੋਈ ਪਰਵਾਹ ਨਹੀਂ ਕੀਤੀ ਤੇ ਉਹ ਮੈਥੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਸਨ।
ਪਰ ਸਕੂਲੋਂ ਭੱਜਣ ਦਾ ਮੁੱਖ ਕਾਰਨ ਇਹ ਵੀ ਨਹੀਂ ਸੀ ਕਿ ਮੈਂ ਗਲੀਆਂ-ਬਾਜ਼ਾਰਾਂ ਵਿਚ ਆਵਾਰਾਗਰਦੀ ਕਰਨਾ ਜਾਂ ਫੇਰ ਆਪਣੇ ਗਾਰਜੀਅਨ ਦੇ ਘਰ ਪਰਤ ਜਾਣਾ ਚਾਹੁੰਦਾ ਸੀ। ਸੱਚਾਈ ਇਹ ਸੀ ਕਿ ਮੈਂ ਜਾਮਨਗਰ ਵਿਚ ਆਪਣੇ ਚਾਚਾ ਜੀ ਦੇ ਜਹਾਜ਼ ਤਕ ਪਹੁੰਚਣਾ ਚਾਹੁੰਦਾ ਸੀ।
ਜਿਮ ਚਾਚਾ ਜੀ ਮੇਰੇ ਪਿਤਾ ਦੇ ਛੋਟੇ ਭਰਾ ਸਨ। ਆਖ਼ਰੀ ਵਾਰ ਉਹਨਾਂ ਨੇ ਮੈਨੂੰ ਓਦੋਂ ਦੇਖਿਆ ਸੀ, ਜਦੋਂ ਮੈਂ ਪੰਜ ਸਾਲ ਦਾ ਹੁੰਦਾ ਸੀ। ਹੁਣ ਮੈਂ ਬਾਰਾਂ ਦਾ ਸੀ। ਇਸ ਅਰਸੇ ਵਿਚ ਜਿਮ ਚਾਚਾ ਜੀ ਕਦੀ-ਕਦੀ ਮੈਨੂੰ ਚਿੱਠੀ ਲਿਖਦੇ ਰਹੇ ਸਨ ਤੇ ਉਹਨਾਂ ਦੀਆਂ ਚਿੱਠੀਆਂ ਉੱਤੇ ਵੱਖਰੇ-ਵੱਖਰੇ ਦੇਸ਼ਾਂ ਦੇ ਡਾਕ ਟਿਕਟ ਲੱਗੇ ਹੁੰਦੇ ਸਨ। ਜਿਮ ਚਾਚਾ ਜੀ ਦੀਆਂ ਚਿੱਠੀਆਂ ਬਾਲਪਰਾਯਸੋ, ਸਾਨ ਡਿਏਗੋ, ਸਾਨ ਫ਼੍ਰਾਂਸਿਸਕੋ, ਬਯੂਨਸ ਆਯਰਸ, ਦਾਰ-ਅਸ-ਸਲਾਮ, ਮੋਮਬਾਸਾ, ਸਿੰਘਾਪੁਰ, ਬੰਬਈ, ਮਾਰਸੇਲਜ, ਲੰਦਨ ਵਰਗੀਆਂ ਜਗਾਹਾਂ ਤੋਂ ਆਉਂਦੀਆਂ ਸਨ। ਇਹ ਉਹ ਜਗਾਹਾਂ ਸਨ ਜਿੱਥੇ ਉਹਨਾਂ ਦਾ ਜਹਾਜ਼ ਠਾਹਰ ਕਰਦਾ ਹੁੰਦਾ ਸੀ। ਉਹ ਕਿਸੇ ਇਕ ਮਾਰਗ ਉੱਤੇ ਦੂਜੀ ਵਾਰੀ ਯਾਤਰਾ ਕਦੇ-ਕਦਾਰ ਹੀ ਕਰਦੇ ਸਨ। ਇੰਜ ਜਾਪਦਾ ਸੀ, ਧਰਤੀ ਦੇ ਸਮੁੰਦਰਾਂ ਵਿਚ ਉਹ ਬੜੇ ਆਰਾਮ ਨਾਲ ਸੈਰ-ਸਪਾਟੇ ਕਰਦੇ ਫਿਰਦੇ ਸਨ ਤੇ ਅਜਿਹੀਆਂ ਬੰਦਰਗਾਹਾਂ ਉੱਤੇ ਲੰਗਰ ਸੁੱਟਦੇ ਸਨ ਜਿਹਨਾਂ ਬਾਰੇ ਮੇਰੇ ਮਨ ਵਿਚ ਤਰ੍ਹਾਂ-ਤਰ੍ਹਾਂ ਦੀ ਅਦਭੁਤ, ਨਿਰਾਲੀ ਕਲਪਨਾ ਘਰ ਕਰ ਚੁੱਕੀ ਸਨ। ਕਿਉਂਕਿ ਮੈਂ ਸਟੀਵੈਂਸਨ, ਕੈਪਟਨ ਮੇਰਿਏਟ, ਕਾਨਰੇਡ ਤੇ ਡਬਲਯੂ.ਡਬਲਯੂ. ਜੈਕਬਸ ਵਰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ।
ਜਿਮ ਚਾਚਾ ਜੀ ਆਪਣੀਆਂ ਚਿੱਠੀਆਂ ਵਿਚ ਅਕਸਰ ਲਿਖਦੇ ਸਨ ਕਿ ਮੈਂ ਉਹਨਾਂ ਨਾਲ ਜਹਾਜ਼ ਵਿਚ ਸਵਾਰ ਹੋ ਕੇ ਸਮੁੰਦਰ ਦੀ ਯਾਤਰਾ ਕਰਾਂ। ਪਰ ਨਾਲ ਹੀ ਇਹ ਵੀ ਲਿਖ ਦਿੰਦੇ, “ਉਦੋਂ, ਜਦੋਂ ਤੂੰ ਥੋੜ੍ਹਾ ਵੱਡਾ ਹੋ ਜਾਵੇਂ, ਰਸਟੀ!”
ਮੈਂ ਮਹਿਸੂਸ ਕਰਦਾ ਹਾਂ ਕਿ ਹੁਣ ਮੈਂ ਕਾਫੀ ਵੱਡਾ ਹੋ ਗਿਆ ਹਾਂ। ਮੈਂ ਆਪਣੇ ਸਕੂਲ ਤੋਂ ਤੇ ਆਪਣੇ ਗਾਰਜੀਅਨ ਤੋਂ ਅੱਕ ਚੁੱਕਿਆ ਹਾਂ। ਪਰ ਸਿਰਫ਼ ਏਨੀ ਗੱਲ ਹੀ ਨਹੀਂ ਸੀ। ਮੈਨੂੰ ਦੁਨੀਆ ਨਾਲ ਪਿਆਰ ਹੋ ਗਿਆ ਸੀ। ਮੈਂ ਸਾਰੀ ਦੁਨੀਆਂ ਨੂੰ, ਉਸਦੇ ਇਕ-ਇਕ ਕੋਨੇ ਨੂੰ, ਉਹਨਾਂ ਸਾਰੀਆਂ ਜਗਾਹਾਂ ਨੂੰ, ਜਿਹਨਾਂ ਬਾਰੇ ਪੁਸਤਕਾਂ ਵਿਚ ਪੜ੍ਹ ਚੁੱਕਿਆ ਸੀ, ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ। ਹਾਂਗਕਾਂਗ ਦੇ ਚਪਟੇ ਪੈਂਦੇ ਵਾਲੇ ਚੀਨੀ ਜਹਾਜ਼ ਤੇ ਸਾਂਪਾਨ (ਇਕ ਤਰ੍ਹਾਂ ਦੀਆਂ ਚੀਨੀ ਬੇੜੀਆਂ ਜਿਹਨਾਂ ਵਿਚ ਲੋਕ ਰਹਿੰਦੇ ਵੀ ਨੇ), ਇੰਡੀਜ ਤੇ ਉਸਦੇ ਆਸੇ-ਪਾਸੇ ਦੇ ਇਲਾਕੇ ਵਿਚ ਤਾੜ ਦੇ ਰੁੱਖਾਂ ਨਾਲ ਘਿਰੇ ਸਮੁੰਦਰੀ-ਕਿਨਾਰੇ, ਲੰਦਨ ਦੀਆਂ ਸੜਕਾਂ, ਅਫ਼ਰੀਕਾ ਦੇ ਆਬਨੂਸੀ (ਗੂੜ੍ਹੇ ਕਾਲੇ) ਰੰਗ ਵਾਲੇ ਵਾਸੀ ਤੇ ਅਮੇਜਨ ਦੇ ਰੰਗ-ਬਿਰੰਗੇ ਪੰਛੀ ਤੇ ਮਨਮੋਹਣੇ ਰੁੱਖ-ਬੂਟੇ...ਇਹਨਾਂ ਸਭ ਕੁਝ ਦੇਖਣਾ ਚਾਹੁੰਦਾ ਸੀ ਮੈਂ।
ਜਿਮ ਚਾਚਾ ਜੀ ਦੀ ਜਦੋਂ ਆਖ਼ਰੀ ਚਿੱਠੀ ਆਈ ਸੀ, ਜਿਸ ਵਿਚ ਉਹਨਾਂ ਨੇ ਲਿਖਿਆ ਸੀ ਕਿ ਮਹੀਨੇ ਦੇ ਅੰਤ ਵਿਚ ਕਿਸੇ ਵੀ ਦਿਨ ਉਹਨਾਂ ਦਾ ਜਹਾਜ਼ ਜਾਮਨਗਰ ਵਿਚ ਲੰਗਰ ਸੁੱਟੇਗਾ ਤਾਂ ਮੈਂ ਆਸ ਦੇ ਝੂਲੇ ਵਿਚ ਝੂਲਦਾ ਹੋਇਆ ਯਕਦਮ ਨਿਹਾਲ ਹੋ ਗਿਆ ਸੀ। ਮੈਂ ਸੋਚਿਆ ਸੀ, ਆਖ਼ਰਕਾਰ ਉਹ ਮੌਕਾ ਆ ਹੀ ਗਿਆ! ਇਹ ਸੱਚ ਹੈ ਕਿ ਜਿਮ ਚਾਚਾ ਜੀ ਨੇ ਮੈਨੂੰ ਆਪਣੇ ਨਾਲ ਲੈ ਜਾਣ ਬਾਰੇ ਕੋਈ ਗੱਲ ਨਹੀਂ ਸੀ ਲਿਖੀ, ਪਰ ਉਹਨਾਂ ਨੂੰ ਪਤਾ ਵੀ ਕਿੰਜ ਲੱਗਦਾ ਕਿ ਮੈਂ ਉਹਨਾਂ ਨਾਲ ਜਾਣ ਲਈ ਏਨਾ ਬੇਚੈਨ ਹਾਂ!
ਸਵਾਲ ਸਿਰਫ਼ ਸਕੂਲੋਂ ਭੱਜਣ ਤੇ ਝਟਪਟ ਗੱਡੀ ਫੜ੍ਹ ਕੇ ਬੰਦਰਗਾਹ ਉੱਤੇ ਪਹੁੰਚਣ ਦਾ ਨਹੀਂ ਸੀ। ਜਮਾਨਗਰ ਪੱਛਮੀ ਸਮੁੰਦਰ-ਤਟ ਉੱਤੇ ਸਥਿਤ ਸੀ ਤੇ ਉਤਰ ਭਾਰਤ ਵਿਚ ਪਹਾੜਗੰਜ ਨਾਮਕ ਹਿੱਲ ਸਟੈਸ਼ਨ ਤੋਂ, ਜਿੱਥੇ ਸਾਡਾ ਸਕੂਲ ਸੀ, ਘੱਟੋਘੱਟ ਅੱਠ ਸੌ ਮੀਲ ਦੀ ਦੂਰੀ ਉੱਤੇ ਸੀ।
ਅੱਠ ਸੌ ਮੀਲ!

2. ਚਾਨਣੀ ਰਾਤ ਵਿਚ ਮੀਟਿੰਗ

ਜੇ ਦਲਜੀਤ ਮੇਰੇ ਨਾਲ ਚੱਲਣ ਲਈ ਤਿਆਰ ਨਾ ਹੋਇਆ ਹੁੰਦਾ ਤਾਂ ਮੈਂ ਵੀ ਭੱਜਣ ਦੀ ਕੋਸ਼ਿਸ਼ ਸ਼ਾਇਦ ਹੀ ਕਰਦਾ। ਸਕੂਲੋਂ ਇਕੱਲੇ ਭੱਜਣ ਵਿਚ ਕੋਈ ਮਜ਼ਾ ਨਹੀਂ। ਇਸ ਨਾਲੋਂ ਵੀ ਖ਼ਰਾਬ ਗੱਲ ਉਹ ਹੁੰਦੀ ਕਿ ਜਦੋਂ ਤੁਹਾਡੇ ਨਾਲ ਭੱਜਣ ਵਾਲਾ ਸਾਥੀ ਸ਼ੁਰੂ ਵਿਚ ਤਾਂ ਉਤਸਾਹ ਦਿਖਾਵੇ, ਪਰ ਅੰਤਮ ਛਿਣਾ ਵਿਚ ਸਾਥ ਛੱਡ ਦੇਵੇ। ਇਸ ਨਾਲ ਦੂਜਾ ਸਾਥੀ ਹਾਰਿਆ ਹੋਇਆ ਤੇ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ।
ਪਰ ਦਲਜੀਤ ਅਜਿਹਾ ਸਾਥੀ ਨਹੀਂ ਸੀ। ਜੋ ਕਹਿੰਦਾ ਸੀ, ਉਸਨੂੰ ਕਰਕੇ ਵੀ ਦਿਖਾਉਂਦਾ ਸੀ। ਲਗਭਗ ਇਕ ਮਹੀਨਾ ਪਹਿਲਾਂ, ਜਦੋਂ ਉਸਨੂੰ ਮੈਂ ਆਪਣੇ ਚਾਚਾ ਜੀ ਦੇ ਜਹਾਜ਼ ਬਾਰੇ ਦੱਸਿਆ ਸੀ ਤੇ ਜਹਾਜ਼ ਉੱਤੇ ਜਾਣ ਦੀ ਆਪਣੀ ਇੱਛਾ ਪਰਗਟ ਕੀਤੀ ਸੀ ਤਾਂ ਬਿਨਾਂ ਇਕ ਛਿਣ ਦੀ ਦੇਰ ਕੀਤਿਆਂ ਦਲਜੀਤ ਨੇ ਬੇਝਿਜਕ ਹੋ ਕੇ ਕਿਹਾ ਸੀ, “ਮੈਂ ਵੀ ਚੱਲਾਂਗਾ, ਤੇਰੇ ਨਾਲ!”
ਦਲਜੀਤ ਮੌਜੀ ਤਬੀਅਤ ਦਾ ਮੁੰਡਾ ਸੀ। ਅਕਸਰ ਗਲਤੀ ਵੀ ਕਰ ਬੈਠਦਾ ਸੀ। ਪਰ ਕੋਈ ਕੰਮ ਕਦੀ ਅਧੂਰਾ ਛੱਡ ਕੇ, ਹੱਥ ਉੱਤੇ ਹੱਥ ਧਰ ਕੇ, ਬੈਠਣਾ ਨਹੀਂ ਸੀ ਸਿੱਖਿਆ ਉਸਨੇ। ਜੇ ਕੋਈ ਉਸਨੂੰ ਰੋਕਦਾ ਨਾ ਤਾਂ ਮਨ ਵਿਚ ਜੋ ਵੀ ਉਹ ਠਾਣ ਲੈਂਦਾ ਸੀ, ਉਸਨੂੰ ਕਰਕੇ ਦਿਖਾਉਂਦਾ ਸੀ।
ਸਾਡੇ ਦੋਵਾਂ ਵਿਚਕਾਰ ਦੋਸਤੀ ਮੈਰਾਥਨ ਦੌੜਾਂ ਦੌਰਾਨ ਹੋਈ ਸੀ। ਜਿਹੜੀਆਂ ਮਾਨਸੂਨ ਦੇ ਸ਼ੁਰੂ ਵਿਚ ਹੁੰਦੀਆਂ ਸੀ। ਮੈਂ ਘੱਟ ਦੂਰੀ ਵਾਲੀ ਦੌੜ ਵਿਚ ਕਾਫੀ ਅੱਗੇ ਰਹਿੰਦਾ ਸੀ, ਤੇ ਦਲਜੀਤ ਕਿਉਂਕਿ ਦੇਹ ਦਾ ਖਾਸਾ ਭਾਰਾ ਸੀ, ਇਸ ਲਈ ਦੂਜੇ ਮੁੰਡਿਆਂ ਤੋਂ ਪੱਛੜ ਜਾਂਦਾ ਸੀ। ਮੈਰਾਥਨ ਵਿਚ ਮੈਂ ਅਕਸਰ ਚੰਗੇ ਐਥਲੀਟਾਂ ਨੂੰ ਅੱਗੇ ਨਿਕਲ ਜਾਣ ਦਿੰਦਾ ਤੇ ਪਿੱਛੋਂ ਕਿਸੇ ਘਾਹ ਵਾਲੇ ਟਿੱਲੇ ਉੱਤੇ ਬੈਠ ਕੇ ਮੌਜ ਨਾਲ ਕੋਈ ਕਾਮਿਕ ਜਾਂ 'ਡੇਵਿਡ ਕਾਪਰਫੀਲਡ' ਦਾ ਕੋਈ ਕਾਂਢ ਪੜ੍ਹਦਾ ਰਹਿੰਦਾ। ਇਕ ਸ਼ਾਮ ਜਦੋਂ ਦੌੜ ਦੇ ਦੌਰਾਨ ਮੈਂ ਇਸ ਤਰ੍ਹਾਂ ਬੈਠਾ ਪੜ੍ਹ ਰਿਹਾ ਸੀ, ਤਾਂ ਕੀ ਦੇਖਦਾ ਹਾਂ ਕਿ ਦਲਜੀਤ ਸੜਕ ਉੱਤੇ ਚਹਿਲ-ਕਦਮੀ ਕਰਦਾ ਤੇ ਮਗਨ ਹੋ ਕੇ ਸੀਟੀ ਵਜਾਉਂਦਾ ਆ ਰਿਹਾ ਹੈ।
“ਤੂੰ ਦੌੜ ਵਿਚ ਸ਼ਾਮਲ ਨਹੀਂ ਹੋਇਆ?” ਮੈਂ ਉਸ ਤੋਂ ਪੁੱਛਿਆ।
“ਹਾਂ, ਹੋਇਆ ਸੀ। ਤੂੰ ਨਈਂ ਹੋਇਆ?”
“ਹੋਇਆ ਸੀ।” ਮੈਂ ਬੋਲਿਆ ਤੇ ਕਿਤਾਬ ਪੜ੍ਹਦਾ ਰਿਹਾ।
ਦਲਜੀਤ ਆ ਕੇ ਮੇਰੇ ਕੋਲ ਬੈਠ ਗਿਆ।
“ਜੇ ਅਸੀਂ ਥੋੜ੍ਹੇ ਲੇਟ ਵੀ ਹੋ ਗਏ, ਤਾਂ ਵੀ ਉਹਨਾਂ ਨੂੰ ਪਤਾ ਨਈਂ ਲੱਗੇਗਾ।” ਉਸ ਨੇ ਕਿਹਾ, “ਚੱਲ, ਉਸ ਸਟਾਲ 'ਤੇ ਜਾ ਕੇ ਗਰਮ-ਗਰਮ ਪਕੌੜੇ ਖਾਨੇ ਆਂ। ਪੈਸਿਆਂ ਦੀ ਚਿੰਤਾ ਨਾ ਕਰ, ਯਾਰ! ਮੇਰੇ ਕੋਲ ਕਾਫੀ ਸਾਰੇ ਰੁਪਈਏ ਨੇ। ਮਾਂ ਦਾ ਲਾਡਲਾ ਮੁੰਡਾ ਆਂ ਨਾ। ਖ਼ੂਬ ਪੈਸੇ ਭੇਜਦੀ ਏ। ਵਿਗਾੜਨ ਵਿਚ ਕੋਈ ਕਸਰ ਨਈਂ ਛੱਡੀ ਮੇਰੀ ਮਾਂ ਨੇ।”
ਇਹ ਸਾਡੀ ਸਥਾਈ ਮਿੱਤਰਤਾ ਦਾ ਸ਼੍ਰੀਗਣੇਸ਼ ਸੀ। ਪਹਿਲੇ ਪਕੌੜਿਆਂ ਦੀ ਨੀਂਹ ਉੱਤੇ ਬਣੀ ਇਹ ਦੋਸਤੀ ਲੰਮੀ ਦੂਰੀ ਦੀ ਦੌੜ ਦੇ ਪ੍ਰਤੀ ਸਾਡੀ ਦੋਵਾਂ ਦੀ ਇਕ ਸਮਾਨ ਅਰੁਚੀ ਕਰਕੇ ਜਲਦੀ ਹੀ ਹੋਰ ਵੀ ਪੱਕੀ ਹੋ ਗਈ ਸੀ। ਕਈ ਮੈਰਾਥਨ ਦੌੜਾਂ ਪਿੱਛੋਂ ਅਸੀਂ ਦੋਵੇਂ ਇਹ ਮਹਿਸੂਸ ਕਰਨ ਲੱਗ ਪਏ ਸੀ ਕਿ ਅਸੀਂ ਵਰ੍ਹਿਆਂ ਤੋਂ ਇਕ ਦੂਜੇ ਨੂੰ ਜਾਣਦੇ ਹਾਂ।
ਹੁਣ ਕਸਰਤ-ਘਰ ਦੀ ਹਨੇਰੀ, ਉੱਚੀ ਛੱਤ ਹੇਠ ਬੈਠੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਅਸੀਂ ਇਕ ਦੂਜੇ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਵੀ ਹਾਂ। ਮੈਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਸੀ ਕਿ ਦਲਜੀਤ ਕੋਲ ਬਹੁਤੇ ਰੁਪਈਏ ਰਹਿੰਦੇ ਨੇ। ਉਸਨੂੰ ਵੀ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਮੈਂ ਹੁਸ਼ਿਆਰ ਮੁੰਡਾ ਹਾਂ, ਜਿਵੇਂ ਕਿ ਉਹ ਖ਼ੁਦ ਕਹਿੰਦਾ ਸੀ। ਉਹ ਇਸ ਗੱਲ ਤੋਂ ਬੜਾ ਪ੍ਰਭਾਵਿਤ ਸੀ ਕਿ ਮੈਂ ਢੇਰ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ—ਪਰ ਮੈਂ ਵਿਹਾਰਕ ਨਹੀਂ ਸੀ ਤੇ ਦੁਨੀਆਦਾਰੀ ਦੇ ਹਿਸਾਬ ਨਾਲ ਦਲਜੀਤ ਮੈਥੋਂ ਵੱਧ ਅਨੁਭਵੀ ਸੀ।
ਦਲਜੀਤ ਨੇ ਪਾਜਾਮੇਂ ਦੇ ਨੇਫੇ ਵਿਚ ਟੁੰਗਿਆ ਇਕ 'ਫੋਲਡਰ' ਕੱਢਿਆ ਤੇ ਉਸਨੂੰ ਖੋਲ੍ਹ ਕੇ ਅੱਗੇ ਫਰਸ਼ ਉੱਤੇ ਵਿਛਾਅ ਦਿੱਤਾ। ਇਹ ਭਾਰਤੀ ਰੇਲ-ਰਸਤਿਆਂ ਦਾ ਨਕਸ਼ਾ ਸੀ, ਜਿਹੜਾ ਅਸੀਂ ਆਪਣੀ ਅੰਤਮ ਮੈਰਾਥਨ ਦੇ ਦੌਰਾਨ ਖ਼ਰੀਦਿਆ ਸੀ। ਉਸ ਦੌੜ ਦੀ ਇਕ ਯਾਦਗਾਰ ਗੱਲ ਇਹ ਵੀ ਸੀ ਕਿ ਅਸੀਂ ਦੌੜ ਵਿਚੋਂ ਖਿਸਕ ਕੇ ਬਾਜ਼ਾਰ ਵੱਲ ਸਰਕ ਗਏ ਸੀ। ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਨ-ਖਾਣ ਪਿੱਛੋਂ ਅਸੀਂ ਛੋਟੇ ਰਸਤੇ ਤੋਂ ਹੁੰਦੇ ਹੋਏ ਸਕੂਲ ਪਰਤੇ ਸੀ ਤੇ ਇਸ ਤਰ੍ਹਾਂ ਦੋਵੇਂ ਇਸ ਦੌੜ ਵਿਚ ਕਰਮਵਾਰ ਪਹਿਲੇ ਤੇ ਦੂਜੇ ਨੰਬਰ ਉੱਤੇ ਆਏ ਸੀ। (ਹਾਲਾਂਕਿ ਜਦੋਂ ਜੱਜ ਆਏ, ਤੇ ਦੱਸਿਆ ਕਿ ਉਹਨਾਂ ਨੇ ਸਾਨੂੰ ਮਿਥੇ ਰਸਤੇ ਉੱਤੇ ਕਿਤੇ ਨਹੀਂ ਦੇਖਿਆ ਤਾਂ ਸਾਨੂੰ ਅਯੋਗ ਕਰਾਰ ਦੇ ਦਿੱਤੇ ਗਿਆ। ਫੇਰ ਵੀ ਅਸੀਂ, ਭਾਵੇਂ ਕੁਝ ਛਿਣ ਲਈ ਹੀ ਸਹੀ, ਮਾਣ ਤਾਂ ਲੁੱਟ ਹੀ ਲਿਆ ਸੀ—ਕਿਉਂਕਿ ਹਰੇਕ ਨੇ ਆ ਕੇ ਇਸ ਜਿੱਤ ਲਈ ਸਾਨੂੰ ਵਧਾਈ ਦਿੱਤੀ ਸੀ।)
ਰੇਲਵੇ ਦਾ ਨਕਸ਼ਾ ਸਾਡੇ ਅੱਗੇ ਖੁੱਲ੍ਹਿਆ ਪਿਆ ਸੀ। ਮੈਂ ਲਾਲ ਪੈਨਸਲ ਲਈ ਤੇ ਨਕਸ਼ੇ ਉੱਤੇ ਪਹਾੜਗੰਜ ਦੇ ਚਾਰੇ-ਪਾਸੇ ਦਾਇਰਾ ਲਾ ਦਿੱਤਾ, ਜਿਹੜਾ ਕਿ ਹਿਮਾਲਿਆ ਦੀ ਤਰਾਈ ਵਿਚ ਸੀ। ਫੇਰ, ਮੈਂ ਜਾਮਨਗਰ ਉੱਤੇ ਵੀ ਦਾਇਰਾ ਲਾਇਆ, ਜਿਹੜਾ ਕੱਛ ਦੀ ਖਾੜੀ ਵਿਚ ਕਾਠੀਆਵਾੜ ਦੇ ਅੰਤਮ ਸਿਰੇ ਉੱਤੇ ਸਥਿਤ ਸੀ। ਇਹਨਾਂ ਦੋਵਾਂ ਜਗਾਹਾਂ ਵਿਚਕਾਰ ਕੀ ਸੀ? ਪਹਿਲਾਂ, ਪਹਾੜੀਆਂ ਤੇ ਜੰਗਲ ਸਨ। ਫੇਰ ਦੋਆਬਾ ਯਾਨੀ ਜਮੁਨਾ-ਗੰਗਾ ਦੇ ਖੇਤਰ ਦਾ ਸਮਤਲ ਉਪਜਾਊ ਮੈਦਾਨ, ਜਿਹੜਾ ਦਿੱਲੀ ਤੋਂ ਥੋੜ੍ਹਾ ਅੱਗੇ ਤਕ ਫ਼ੈਲਿਆ ਹੋਇਆ ਸੀ। ਫੇਰ ਨੰਗੀਆਂ, ਹਰਿਆਲੀਹੀਣ, ਮਟਮੈਲੀਆਂ ਪਹਾੜੀਆਂ ਤੇ ਰਾਜਸਥਾਨ ਦੇ ਮਾਰੂਥਲ ਦੀ ਰੇਤ ਦੇ ਟਿੱਬੇ—ਤੇ ਅੰਤ ਵਿਚ ਗੁਜਰਾਤ ਤੇ ਮਹਾਰਾਸ਼ਟਰ ਦੇ ਸਮੁੰਦਰ-ਤਟ ਦਾ ਉਪਜਾਊ ਖੇਤਰ, ਨਦੀਆਂ ਤੇ ਝੀਲਾਂ ਸਨ। ਅਸੀਂ ਇਹ ਤੈਅ ਕੀਤਾ ਕਿ ਅਸੀਂ ਸਵਾਰੀ ਦੇ ਸਾਰੇ ਉਪਲਭਧ ਸਾਧਨਾਂ ਦਾ ਪ੍ਰਯੋਗ ਕਰਾਂਗੇ, ਕਿਉਂਕਿ ਸਾਡੇ ਕੋਲ ਸਮਾਂ ਬਹੁਤਾ ਨਹੀਂ ਸੀ। ਜੁਲਾਈ ਦੇ ਅੰਤ ਵਿਚ, ਮਾਨਸੂਨ ਦੇ ਤਕਲੀਫ਼ਦੇਹ ਬਣਨ ਤੋਂ ਪਹਿਲਾਂ, ਉਹ ਆਪਣਾ ਲੰਗਰ ਉਠਾਲ ਕੇ ਤੁਰ ਜਾਵੇਗਾ।
“ਜਿੰਨੀ ਜਲਦੀ ਹੋ ਸਕੇ, ਸਾਨੂੰ ਦਿੱਲੀ ਪਹੁੰਚਣਾ ਚਾਹੀਦਾ ਏ।” ਮੈਂ ਕਿਹਾ, “ਨਹੀਂ ਤਾਂ ਫੜ੍ਹੇ ਜਾਵਾਂਗੇ। ਇਕ ਵਾਰੀ ਦਿੱਲੀ ਵਿਚੋਂ ਨਿਕਲ ਗਏ ਤਾਂ ਉਹਨਾਂ ਨੂੰ ਸੁੱਝੇਗਾ ਈ ਨਹੀਂ ਕਿ ਸਾਨੂੰ ਕਿੱਥੇ ਲੱਭਣ। ਭਾਰਤ ਬੜਾ ਵੱਡਾ ਦੇਸ਼ ਏ। ਇੱਥੇ ਲਾਪਤਾ ਹੋ ਜਾਣਾ ਬੜਾ ਆਸਾਨ ਏਂ।”
“ਕੀ ਤੂੰ ਸਮਝਦਾ ਏਂ, ਇਹ ਲੋਕ ਸਾਨੂੰ ਲੱਭਣ ਦਾ ਝੰਜਟ ਮੁੱਲ ਲੈਣਗੇ?”
“ਹਾਂ, ਕਿਓਂ ਨਹੀਂ। ਯਾਦ ਰੱਖ, ਮੇਰੇ ਗਾਰਜੀਅਨ ਪ੍ਰਿੰਸੀਪਲ ਦੇ ਦੋਸਤ ਨੇ। ਤੇ ਜੇ ਤੈਨੂੰ ਕੁਛ ਹੋ ਜਾਂਦਾ ਏ, ਤਾਂ ਤੇਰੇ ਪਿਤਾ ਤਾਂ ਸਕੂਲ ਉੱਤੇ ਮੁਕੱਦਮਾਂ ਈ ਦਾਇਰ ਕਰ ਦੇਣਗੇ। ਜਿਵੇਂ ਈ ਉਹਨਾਂ ਨੂੰ ਭਿਣਕ ਪਵੇਗੀ ਕਿ ਅਸੀਂ ਗ਼ਾਇਬ ਹੋ ਗਏ ਆਂ, ਉਹ ਪਹਿਲਾਂ ਪਹਾੜਗੰਜ ਵਿਚ ਸਾਡੀ ਖੋਜ ਕਰਨਗੇ, ਤੇ ਜਦੋਂ ਅਸੀਂ ਉੱਥੇ ਯਾਨੀ ਦੇਹਰਾਦੂਨ ਵਿਚ ਵੀ ਨਾ ਮਿਲਾਂਗੇ, ਤਾਂ ਫ਼ੌਰਨ ਪੁਲਸ ਨੂੰ ਖ਼ਬਰ ਕਰ ਦੇਣਗੇ ਤੇ ਸਾਨੂੰ 'ਗੁਮਸ਼ੁਦਾ' ਦੀ ਸੂਚੀ ਵਿਚ ਸ਼ਾਮਲ ਕਰ ਲਿਆ ਜਾਵੇਗਾ—ਅਪਰਾਧੀਆਂ ਵਾਂਗ। ਫੇਰ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਤੇ ਕਰੜੀ ਨਿਗਰਾਨੀਂ ਰੱਖੀ ਜਾਵੇਗੀ।”
“ਤਾਂ ਕੀ ਇਸਦਾ ਮਤਲਬ ਇਹ ਹੋਇਆ ਕਿ ਅਸੀਂ ਦਿੱਲੀ ਤਕ ਪੈਦਲ ਤੁਰ ਕੇ ਜਾਵਾਂਗੇ?” ਦਲਜੀਤ ਹੈਰਾਨ-ਪ੍ਰੇਸ਼ਾਨ ਜਿਹਾ ਹੋ ਕੇ ਬੋਲਿਆ, “ਮੈਂ ਸਵਾ ਸੌ ਮੀਲ ਪੈਦਲ ਤੁਰ ਕੇ ਨਈਂ ਜਾ ਸਕਦਾ।”
“ਨਹੀਂ, ਵੱਧ ਤੋਂ ਵੱਧ ਸਾਨੂੰ ਦੇਹਰਾਦੂਨ ਤਕ ਪੈਦਲ ਤੁਰ ਕੇ ਜਾਣਾ ਪਵੇਗਾ। ਯਾਨੀਕਿ ਤੇਰਾਂ-ਚੌਦਾਂ ਮੀਲ ਦੀ ਉਤਰਾਈ ਵਾਲਾ ਰਸਤਾ। ਤੂੰ ਏਨਾਂ ਤਾਂ ਤੁਰ ਲਵੇਂਗਾ ਨਾ?”
“ਹਾਂ, ਏਨਾ ਤੁਰ ਲਵਾਂਗਾ। ਜੇ ਰਸਤਾ ਉਤਰਾਈ ਵਾਲਾ ਹੋਇਆ।”
“ਦੇਹਰਾਦੂਨ ਤੋਂ ਅਸੀਂ ਰੇਲ ਜਾਂ ਬੱਸ ਜਾਂ ਟਰੱਕ ਫੜਾਂਗੇ। ਰੇਲਵੇ ਸਟੇਸ਼ਨਾਂ ਤੋਂ ਦੂਰ ਈ ਰਹਾਂਗੇ।”
“ਠੀਕ ਏ, ਰਸਟੀ! ਬੜਾ ਵਧੀਆ ਖ਼ਿਆਲ ਏ। ਪਰ ਹਾਲੇ ਐਨੀ ਅੱਗੇ ਦੀ ਨਾ ਸੋਚ। ਪਹਿਲਾਂ ਦਿੱਲੀ ਪਹੁੰਚਦੇ ਆਂ। ਬਹੁਤ ਦੂਰ ਏ ਏਥੋਂ। ਉਸ ਪਿੱਛੋਂ ਕੋਈ ਜੁਗਤ ਭਿੜਾਵਾਂਗੇ।”
ਅਸੀਂ ਚੁੱਪ ਬੈਠੇ ਸੀ ਤੇ ਆਪੋ-ਆਪਣੇ ਵਿਚਾਰਾਂ ਵਿਚ ਗਵਾਚੇ ਹੋਏ ਸੀ। ਚਿੰਤਾ ਸਾਨੂੰ ਇਸ ਗੱਲ ਦੀ ਸੀ ਕਿ ਜੇ ਫੜ੍ਹੇ ਗਏ, ਤਾਂ ਸਾਡਾ ਹਸ਼ਰ ਕੀ ਹੋਵੇਗਾ? ਤੇ ਫੇਰ ਸਾਨੂੰ ਕੈਸੀਆਂ-ਕੈਸੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ? ਮੋਮਬੱਤੀ ਦੀ ਲਾਟ ਕੰਬੀ ਤੇ ਬੁਝ ਗਈ। ਇਕ ਮਿੰਟ ਲਈ ਸੰਘਣਾ ਹਨੇਰਾ ਛਾ ਗਿਆ। ਫੇਰ ਚਾਨਣ ਦੀ ਇਕ ਪਤਲੀ ਜਿਹੀ ਲਕੀਰ ਫਰਸ਼ ਤੋਂ ਰੀਂਘਦੀ ਹੋਈ ਮੇਰੇ ਪੈਰਾਂ ਉੱਤੇ ਪਈ।
“ਮੇਰੀ ਪੈਨਸਲ-ਟਾਰਚ ਕੈਸੀ ਲੱਗੀ?” ਦਲਜੀਤ ਬੋਲਿਆ, “ਮੇਡ ਇਨ ਜਾਪਾਨ ਏਂ ਤੇ ਇਸਦਾ ਡਜਾਇਨ ਜੇਮਸ ਬਾਂਡ ਨੇ ਤਿਆਰ ਕੀਤਾ ਏ। ਪਿਛਲੇ ਸਾਲ ਮੈਂ ਨੈਰੋਬੀ 'ਚੋਂ ਖ਼ਰੀਦੀ ਸੀ। ਪਰ ਬੈਟਰੀ ਜਾਇਆ ਨਈਂ ਕਰਨੀ ਚਾਹੀਦੀ। ਇਸ ਸਾਈਜ਼ ਦੀ ਇੱਥੇ ਮਿਲਦੀ ਨਈਂ।” ਤੇ ਇਹ ਕਹਿ ਕੇ ਉਸਨੇ ਬੈਟਰੀ ਬੰਦ ਕਰ ਦਿੱਤੀ।
ਮੈਂ ਕਿਹਾ, “ਘਰ ਵਾਲਿਆਂ ਨੇ ਤੈਨੂੰ ਬੜਾ ਜ਼ਿਆਦਾ ਲਾਡ-ਪਿਆਰ ਦੇ ਕੇ ਸਿਰ 'ਤੇ ਚੜ੍ਹਾ ਰੱਖਿਆ ਏ।”
“ਹਾਂ,” ਦਲਜੀਤ ਨੇ ਦੱਬਵੀਂ ਹਾਸੀ ਹੱਸਦਿਆਂ ਹੋਇਆਂ ਕਿਹਾ, “ਹਾਂ, ਸੱਚਮੁੱਚ ਉਹਨਾਂ ਨੇ ਸਿਰ ਚੜ੍ਹਾ ਰੱਖਿਆ ਏ ਮੈਨੂੰ।” ਕਹਿੰਦਿਆਂ ਹੋਇਆਂ ਉਸਨੇ ਆਪਣਾ ਹੱਥ ਮੇਰੇ ਹੱਥ ਵਿਚ ਦੇ ਦਿੱਤਾ, “ਤਾਂ ਪੱਕਾ ਰਿਹਾ, ਕਲ੍ਹ ਰਾਤ ਨੂੰ।” ਉਹ ਬੜੀ ਧੀਮੀ ਆਵਾਜ਼ ਵਿਚ ਬੋਲ ਰਿਹਾ ਸੀ, ਹਾਲਾਂਕਿ ਇੰਜ ਕਰਨ ਦੀ ਕੋਈ ਲੋੜ ਨਹੀਂ ਸੀ। ਦਲਜੀਤ ਨੂੰ ਹਮੇਸ਼ਾ ਚੀਜ਼ਾਂ ਨੂੰ ਨਾਟਕੀ ਬਣਾਉਣ ਵਿਚ ਮਜ਼ਾ ਆਉਂਦਾ ਸੀ।
“ਠੀਕ, ਕਲ੍ਹ ਰਾਤ—ਪੱਕਾ ਰਿਹਾ।” ਮੈਂ ਕਿਹਾ।
“ਕਿੱਥੇ ਮਿਲਾਂਗੇ?”
“ਹੇਠਾਂ ਟਾਹਲੀ ਦੇ ਜੰਗ ਵਿਚ। ਵੱਡੀ ਚਟਾਨ ਕੋਲ। ਦਸ ਵਜੇ। ਉੱਥੋਂ ਅਸੀਂ ਨਦੀ ਦੇ ਕਿਨਾਰੇ-ਕਿਨਾਰੇ ਤੁਰਦੇ ਹੋਏ ਦੇਹਰਾਦੂਨ ਜਾਣ ਵਾਲਾ ਛੋਟਾ ਰਸਤਾ ਫੜਾਂਗੇ।”
“ਠੀਕ ਸਮੇਂ 'ਤੇ ਪਹੁੰਚ ਜਾਵੀਂ, ਦੇਰ ਨਾ ਕਰੀਂ, ਸਮਝਿਆ!” ਦਲਜੀਤ ਬੋਲਿਆ, “ਇੰਜ ਨਾ ਹੋਵੇ, ਹਨੇਰੇ 'ਚ—ਜੰਗਲ ਦੇ ਐਨ ਵਿਚਕਾਰ—ਮੈਂ ਖੜ੍ਹਾ ਤੈਨੂੰ ਉਡੀਕਦਾ ਰਹਾਂ। ਕਹਿੰਦੇ ਨੇ, ਉੱਥੇ ਭੂਤ-ਪ੍ਰੇਤ ਰਹਿੰਦੇ ਨੇ।”
“ਠੀਕ, ਤੇਰੇ ਕੋਲ ਟਾਰਚ ਤਾਂ ਹੈ ਈ!” ਮੈਂ ਕਿਹਾ।
ਉਸਨੇ ਇਕ ਵਾਰੀ ਫੇਰ ਮੇਰਾ ਹੱਥ ਫੜ੍ਹ ਲਿਆ। ਬੋਲਿਆ, “ਸਕੂਲ ਵਿਚ ਇਕ ਦੂਜੇ ਦੇ ਨਾਲ ਕੋਈ ਗੱਲਬਾਤ ਨਈਂ ਕਰਾਂਗੇ। ਕਿਸੇ ਨੂੰ ਭਿਣਕ ਤਕ ਨਈਂ ਪੈਣੀ ਚਾਹੀਦੀ। ਚੱਲ, ਹੁਣ ਚੱਲ ਕੇ ਸੌਂਦੇ ਆਂ। ਮੈਨੂੰ ਨੀਂਦ ਆ ਰਹੀ ਏ।”
“ਜਾਹ, ਆਰਾਮ ਨਾਲ ਸੌਂ!” ਮੈਂ ਕਿਹਾ, “ਕਲ੍ਹ ਤੋਂ ਸ਼ਾਇਦ ਬਹੁਤਾ ਸੌਣਾ ਨਸੀਬ ਨਾ ਹੋਵੇ।”
ਅਸੀਂ ਕਸਰਤ-ਘਰ ਵਿਚੋਂ ਨਿਕਲੇ ਤਾਂ ਚੰਦ ਨਿਕਲ ਆਇਆ ਸੀ। ਖੁੱਲ੍ਹਾ ਮੈਦਾਨ, ਗੁੰਬਦ ਤੇ ਡਾਰਮਿਟਰੀ ਦੀ ਇਮਾਰਤ, ਇਹ ਸਭ ਚੰਨ-ਚਾਨਣੀ ਵਿਚ ਸਪਸ਼ਟ ਦਿਖਾਈ ਦੇ ਰਹੇ ਸਨ। ਪਹਾੜੀ ਦੀ ਢਲਾਣ ਉੱਤੇ ਦੇਵਦਾਰ ਦੇ ਰੁੱਖਾਂ ਦੇ ਪ੍ਰਛਾਵੇਂ ਪ੍ਰੇਤਾਂ ਵਾਂਗ ਲੱਗਦੇ ਸਨ। ਆਸਮਾਨ ਵਿਚ ਇੱਕਾ-ਦੁੱਕਾ ਬੱਦਲ ਸਨ। ਰਾਤ ਬੜੀ ਸੁੰਦਰ ਸੀ।
“ਕੋਈ ਦੇਖ ਨਾ ਲਵੇ!” ਦਲਜੀਤ ਬੋਲਿਆ।
“ਜੇ ਕੋਈ ਤੈਨੂੰ ਫੜ੍ਹ ਵੀ ਲਵੇ, ਤਾਂ ਕਹੀਂ, ਤੂੰ ਮੈਨੂੰ ਨੀਂਦ ਵਿਚ ਤੁਰਦੇ ਦੇਖਿਆ ਸੀ, ਤੇ ਮੇਰੇ 'ਤੇ ਨਜ਼ਰ ਰੱਖਣ ਲਈ, ਮੇਰੇ ਪਿੱਛੇ-ਪਿੱਛੇ ਆਇਆ ਸੈਂ।”
“ਵਾਹ! ਲੱਗਦਾ ਏ, ਇਹ ਅਦਭੁਤ ਵਿਚਾਰ, ਤੈਨੂੰ ਕਿਤਾਬਾਂ 'ਚੋਂ ਮਿਲੇ ਨੇ।”
ਅਸੀਂ ਮੈਦਾਨ ਵਿਚ ਇਸ ਤਰ੍ਹਾਂ ਤੁਰ ਰਹੇ ਸੀ ਜਿਵੇਂ ਦੋ ਪਿਸ਼ਾਚ ਤੁਰੇ ਜਾ ਰਹੇ ਹੋਣ। ਫੇਰ ਅਸੀਂ ਕਾਹਲੀ-ਕਾਹਲੀ ਤੁਰਦੇ ਹੋਏ ਉਪਰ ਆਪੋ-ਆਪਣੀ ਡਾਰਮਿਟਰੀ ਦੀਆਂ ਪੌੜੀਆਂ ਵੱਲ ਅਹੁਲੇ।
ਦਲਜੀਤ ਆਪਣੀ ਡਾਰਮਿਟਰੀ ਦੇ ਦਰਵਾਜ਼ੇ ਕੋਲ ਰੁਕਿਆ। ਪਿੱਛੇ ਮੁੜ ਕੇ ਉਸਨੇ ਭੇਦ ਭਰੇ ਢੰਗ ਨਾਲ ਹੱਥ ਹਿਲਾਇਆ। ਮੈਂ ਅੰਦਰ ਜਾ ਕੇ ਆਪਣੇ ਬਿਸਤਰੇ ਵਿਚ ਛਾਪਲ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਨੀਂਦ ਜਿਵੇਂ ਕੋਹਾਂ ਦੂਰ ਭੱਜ ਗਈ ਸੀ। ਮੈਂ ਆਪਣੀ ਅਗਲੇਰੀ ਸਾਹਸਿਕ ਯਾਤਰਾ ਬਾਰੇ ਕਾਫੀ ਦੇਰ ਤਕ ਸੋਚਦਾ ਰਿਹਾ ਤੇ ਇਹ ਕਲਪਨਾ ਕਰਦਾ ਰਿਹਾ ਕਿ ਸਫ਼ਰ ਕਿਸ ਤਰ੍ਹਾਂ ਦਾ ਹੋਵੇਗਾ ਤੇ ਚਾਚਾ ਜੀ ਜਦੋਂ ਸਾਨੂੰ ਅਚਾਨਕ ਆਪਣੇ ਜਹਾਜ਼ ਉੱਤੇ ਦੇਖਣਗੇ, ਤਾਂ ਕਿੰਨੇ ਹੈਰਾਨ ਹੋਣਗੇ।
ਸ਼ੱਕ ਨਹੀਂ ਕਿ ਰਸਤੇ ਦਾ ਖਰਚਾ ਕੱਢਣ ਲਈ ਮੈਂ ਕੋਈ ਕੰਮ-ਧੰਦਾ ਤਾਂ ਲੱਭ ਹੀ ਲਵਾਂਗਾ। ਅਸੀਂ, ਦਲਜੀਤ ਤੇ ਮੈਂ, ਜਹਾਜ਼ ਉੱਤੇ ਸਫ਼ਾਈ ਤੇ ਦੂਜੇ ਕੰਮ ਕਰਕੇ ਵੀ ਥੋੜ੍ਹਾ ਖਰਚਾ ਕੱਢ ਸਕਦੇ ਹਾਂ।
ਯੋਕੋਹਾਮਾ, ਵਾਲਪਰਾਯਸੋ, ਸਾਨ ਡਿਏਗੋ, ਲੰਦਨ।

3. ਢਾਬੇ ਦੀ ਚਾਹ

ਸਕੂਲੋਂ ਭੱਜਣ ਦੀ ਸਲਾਹ ਹਰੇਕ ਨੂੰ ਨਹੀਂ ਦਿੱਤੀ ਜਾ ਸਕਦੀ। ਮਾਂ-ਪਿਓ ਤੇ ਅਧਿਆਪਕ ਤਾਂ ਇਸ ਨੂੰ ਬਿਲਕੁਲ ਹੀ ਪਸੰਦ ਨਹੀਂ ਕਰਨਗੇ। ਪਰ ਕੀ ਉਹ ਨਾਪਸੰਦਗੀ ਉਹਨਾਂ ਦੇ ਸੱਚੇ ਦਿਲ ਵਿਚੋਂ ਨਿਕਲੀ ਹੋਵੇਗੀ? ਹਰ ਕਿਸੇ ਨੇ ਜੀਵਨ ਵਿਚ ਕਿਸੇ ਨਾ ਕਿਸੇ ਸਮੇਂ ਭੱਜਣ ਦੀ ਇੱਛਾ ਕੀਤੀ ਹੋਵੇਗੀ। ਜੇ ਕਿਸੇ ਨੇ ਘਟੀਆ ਸਕੂਲ ਜਾਂ ਮਨਹੂਸ ਘਰ ਦੀ ਵਜਾਹ ਕਰਕੇ ਨਹੀਂ, ਤਾਂ ਇਹੋ ਜਿਹੀ ਕਿਸੇ ਹੋਰ ਨਾਪਸੰਦ ਗੱਲ ਕਰਕੇ ਭੱਜਣਾ ਚਾਹਿਆ ਹੋਵੇਗਾ। ਲੱਗਦਾ ਹੈ, ਮਨੁੱਖ ਦੇ ਜੀਵਨ ਵਿਚ ਭੱਜਣ ਦੀ ਇਕ ਬੜੀ ਹੀ ਸਥਾਪਿਤ ਪਰੰਪਰਾ ਰਹੀ ਹੈ। ਹਕ ਫਿਨ ਭੱਜਿਆ ਸੀ। ਇਸੇ ਤਰ੍ਹਾਂ, ਕਾਪਰਫੀਲਡ ਤੇ ਆਲਿਵਰ ਟਵਿਸਟ ਵੀ ਭੱਜੇ ਸਨ। ਕਿਮ ਵੀ ਭੱਜਿਆ ਸੀ। ਕਈ ਦਲੇਰ ਨੌਜਵਾਨ ਭੱਜ ਕੇ ਸਮੁੰਦਰ ਵੱਲ ਗਏ। ਵਧੇਰੇ ਮਹਾਨ ਵਿਅਕਤੀ ਆਪਣੇ ਜੀਵਨ ਵਿਚ ਕਿਸੇ ਨਾ ਕਿਸੇ ਸਮੇਂ ਸਕੂਲੋਂ ਭੱਜੇ ਨੇ, ਤੇ ਜੇ ਨਹੀਂ ਭੱਜੇ, ਤਾਂ ਸ਼ਾਇਦ ਇੰਜ ਕਰਨਾ ਚਾਹੀਦਾ ਸੀ।
ਚਲੋ ਖ਼ੈਰ, ਦਲਜੀਤ ਤੇ ਮੈਂ ਸਕੂਲੋਂ ਭੱਜ ਗਏ ਤੇ ਇਸ ਬਾਰੇ ਅਸੀਂ ਕੋਈ ਸਫ਼ਾਈ ਦੇਣ ਵਿਚ ਬਹੁਤਾ ਸਮਾਂ ਨਹੀਂ ਬਰਬਾਦ ਕਰਾਂਗੇ। ਅਸੀਂ ਸਕੂਲੋਂ ਭੱਜੇ ਤੇ ਇਸ ਵਿਚ ਕੁਝ ਹੱਦ ਤਕ ਸਫ਼ਲ ਵੀ ਹੋਏ। ਪਰ ਇਸ ਸਭ ਹਿੰਦੁਸਤਾਨ ਵਿਚ ਹੋਇਆ। ਹਾਲਾਂਕਿ ਦੁਨੀਆਂ ਦੀ ਜਿੰਨੀ ਧਰਤੀ ਹੈ, ਇਹ ਦੇਸ਼ ਉਸਦਾ ਸਿਰਫ਼ ਦੋ ਪ੍ਰਤੀਸ਼ਤ ਹੈ ਪਰ ਇਸ ਦੋ ਪ੍ਰਤੀਸ਼ਤ ਧਰਤੀ ਉੱਤੇ ਦੁਨੀਆਂ ਦੀ ਪੰਦਰਾਂ ਪ੍ਰਤੀਸ਼ਤ ਆਬਾਦੀ ਰਹਿੰਦੀ ਹੈ। ਇਸ ਲਈ ਲੁਕ-ਛਿਪ ਕੇ ਰਹਿਣ ਜਾਂ ਗਵਾਚ ਜਾਣ ਜਾਂ ਗ਼ਾਇਬ ਹੋਣ ਲਈ ਇਹ ਇਕ ਅਜਿਹੀ ਸੌਖ ਭਰਪੂਰ ਜਗ੍ਹਾ ਹੈ ਕਿ ਭੱਜਣ ਵਾਲੇ ਦਾ ਕਦੀ ਅਤਾ-ਪਤਾ ਤਕ ਨਾ ਲੱਗੇ! ਇੱਥੋਂ ਤਕ ਕਿ ਕਦੀ ਉਸਦੀ ਕੋਈ ਭਿਣਕ ਵੀ ਕੰਨਾਂ ਵਿਚ ਨਾ ਪਵੇ!
ਅਜਿਹੀ ਗੱਲ ਨਹੀਂ ਕਿ ਅਸੀਂ ਗ਼ਾਇਬ ਹੀ ਹੋ ਜਾਣਾ ਚਾਹੁੰਦੇ ਸੀ। ਅਸੀਂ ਤਾਂ ਇਕ ਖਾਸ ਜਗ੍ਹਾ, ਜਿਸਦਾ ਨਾਂ ਸੀ ਜਾਮਨਗਰ, ਜਾਣ ਲਈ ਨਿਕਲੇ ਸੀ। ਇਕ ਅਣਜਾਣ-ਅਣਪਛਾਣੀ ਦਿਸ਼ਾ ਵਿਚ ਜਾਣ ਲਈ ਜਿਵੇਂ ਹੀ ਮੈਂ ਪਹਿਲਾ ਕਦਮ ਪੁੱਟਿਆ ਮੇਰੇ ਸਾਹਮਣੇ ਵੀ—ਸਕੂਲ ਤੋਂ ਹੇਠਾਂ ਵੱਲ ਜਾਣ ਵਾਲੀ, ਚੀੜ੍ਹ ਦੀਆਂ ਸੁੱਕੀਆਂ ਪੱਤੀਆਂ ਤੇ ਕੰਡਿਆਂ ਨਾਲ ਭਰੀ, ਤਿਲ੍ਹਕਣੀ ਧਰਤੀ ਸੀ। ਤੇ ਮੈਂ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੈਂ ਕਿਸੇ ਚੀਜ਼ ਤੋਂ ਨਹੀਂ ਭੱਜ ਰਿਹਾ, ਬਲਕਿ ਕਿਸੇ ਵਿਸ਼ੇਸ਼ ਚੀਜ਼ ਵੱਲ ਜਾ ਰਿਹਾ ਹਾਂ। ਚਾਹੋ ਤਾਂ ਤੁਸੀਂ ਇਸਨੂੰ ਸੁਪਨੇ ਦਾ ਨਾਂ ਦੇ ਸਕਦੇ ਓ। ਹਾਂ, ਮੈਂ ਇਕ ਸੁਪਨੇ ਵੱਲ ਭੱਜ ਰਿਹਾ ਸੀ।
ਮੇਰੇ ਪੈਰ ਨੰਗੇ ਸਨ ਤੇ ਸਰੀਰ ਉੱਤੇ ਕਮੀਜ਼-ਪਾਜਾਮਾ ਸੀ। ਪਹਾੜੀ ਦੀ ਖੜ੍ਹੀ ਢਲਾਨ ਤੋਂ ਤਿਲ੍ਹਕਦਾ ਹੋਇਆ ਮੈਂ ਉਤਰਿਆ ਤੇ ਚੌੜੀ ਚਟਾਨ ਤਕ ਆ ਗਿਆ, ਜਿਹੜੀ ਜੰਗਲ ਦੇ ਐਨ ਵਿਚਕਾਰ ਖੜ੍ਹੀ ਸੀ। ਚੀੜ੍ਹ ਦੇ ਰੁੱਖਾਂ ਵਿਚ ਹਵਾ ਹੌਲੀ-ਹੌਲੀ ਵਹਿ ਰਹੀ ਸੀ। ਰਾਤ ਠੰਢੀ ਤੇ ਸੁਖਦਾਈ ਸੀ। ਹੇਠਲੀ ਘਾਟੀ ਵਿਚੋਂ ਨਦੀ ਦੀ ਮੱਧਮ ਕਲ-ਕਲ ਸੁਣਾਈ ਦੇ ਰਹੀ ਸੀ। ਸੁਰ ਅਜਿਹਾ ਸੀ ਜਿਵੇਂ ਕੋਈ ਆਦਮੀ ਆਪਣੀ ਧੁਨ ਵਿਚ ਲੈਅ-ਸੁਰ ਦੇ ਬਿਨਾਂ ਗੁਣਗੁਣਾ ਰਿਹਾ ਹੋਵੇ। ਮਾਨਸੂਨ ਦੇ ਬੱਦਲਾਂ ਦੇ ਝੁੰਡ ਵਿਚੋਂ ਚੰਦ ਪ੍ਰਗਟ ਹੋਇਆ ਤੇ ਉਸਦੇ ਚਾਨਣ ਵਿਚ ਰੁੱਖ, ਸਰਕੜੇ-ਝਾੜੀਆਂ ਤੇ ਚੱਟਾਨਾਂ ਦੇ ਪੱਥਰ ਜਗਮਗਾ ਉੱਠੇ।
ਕੁਝ ਛਿਣ ਵਿਚ ਹੀ ਦਲਜੀਤ ਵੀ ਪਹੁੰਚ ਗਿਆ। ਉਸਨੇ ਵੀ ਕਮੀਜ਼-ਪਾਜਾਮਾਂ ਪਾਇਆ ਹੋਇਆ ਸੀ, ਪਰ ਉਸਦੇ ਸਿਰ ਉੱਤੇ ਪੱਗ ਵੀ ਸੀ। ਦਲਜੀਤ ਨੂੰ ਆਪਣੀ ਪੱਗ ਉੱਤੇ ਬੜਾ ਮਾਣ ਸੀ, ਜਿਵੇਂ ਕਿ ਸਿੱਖਾਂ ਨੂੰ ਹੁੰਦਾ ਹੈ। ਪੱਗ ਨੂੰ ਉਹ ਜਾਂ ਤਾਂ ਰਾਤ ਨੂੰ ਜਾਂ ਫੇਰ ਖੇਡਣ-ਕੁੱਦਣ ਸਮੇਂ ਹੀ ਲਾਹੁੰਦਾ ਹੁੰਦਾ ਸੀ ਤੇ ਸਕੂਲ ਵਿਚੋਂ ਨੰਗੇ ਸਿਰ ਭੱਜਣ ਦੀ ਕਲਪਨਾ ਉਹ ਸੁਪਨੇ ਵਿਚ ਵੀ ਨਹੀਂ ਸੀ ਕਰ ਸਕਦਾ। ਸੌਣ ਤੋਂ ਪਹਿਲਾਂ ਉਸਨੇ ਪੱਗ ਲਾਹ ਕੇ ਸਾਵਧਾਨੀ ਨਾਲ ਇਕ ਪਾਸੇ ਰੱਖ ਦਿੱਤੀ ਸੀ ਤੇ ਬਿਸਤਰੇ ਵਿਚੋਂ ਨਿਕਲ ਕੇ ਓਵੇਂ ਦੀ ਜਿਵੇਂ ਸਿਰ ਉੱਤੇ ਰੱਖ ਲਈ ਸੀ—ਬਿਲਕੁਲ ਕਿਸੇ ਟੋਪ ਵਾਂਗ ਹੀ—ਤੇ ਪੱਗ ਦੀ ਇਕ ਵੀ ਤੈਹ ਹਿੱਲੀ ਜਾਂ ਵਿਗੜੀ ਨਹੀਂ ਸੀ।
ਅਸੀਂ ਆਪਣੇ ਕਸਰਤ ਵਾਲੇ ਕੱਪੜਿਆਂ ਦੇ ਬੰਡਲ ਬਣਾ ਕੇ ਨਾਲ ਲੈ ਆਏ ਸੀ। ਉੱਥੋਂ ਤੁਰਨ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਪਾ ਲਿਆ। ਗੱਲ ਇਹ ਸੀ ਕਿ ਅਸੀਂ ਸਕੂਲ ਦੀ ਵਰਦੀ ਵਿਚ ਹੁੰਦੇ ਤਾਂ ਕੋਈ ਵੀ ਸਾਨੂੰ ਪਛਾਣ ਲੈਂਦਾ। ਤੇ ਸਾਡੇ ਘਰ ਵਾਲੇ ਕੱਪੜੇ ਸਤਰ ਦੇ ਦੌਰਾਨ ਬਕਸਿਆਂ ਵਿਚ ਬੰਦ ਪਏ ਸਨ। ਅਸੀਂ ਬੂਟ ਵੀ ਕਸਰਤ ਵਾਲੇ ਪਾ ਲਏ ਸਨ। ਸਾਡੇ ਝੋਲਿਆਂ ਵਿਚ ਖਾਣ ਵਾਲਾ ਸਾਮਾਨ ਭਰਿਆ ਸੀ। ਉਹਨਾਂ ਵਿਚ ਪਾਜਾਮੇ ਤੇ ਇਕ-ਦੋ ਕਿਤਾਬਾਂ ਵੀ ਸਨ। ਅਸੀਂ ਆਪਣਾ ਬਾਕੀ ਸਾਰਾ ਸਾਮਾਨ, ਜਿਵੇਂ ਕੱਪੜੇ, ਬਿਸਤਰਾ ਤੇ ਬਕਸੇ ਵਗ਼ੈਰਾ ਉੱਥੇ ਹੀ ਛੱਡ ਆਏ ਸੀ।
ਪਹਾੜੀ ਤੋਂ ਇਕ ਭੀੜਾ ਰਸਤਾ ਹੇਠਾਂ ਵੱਲ ਜਾਂਦਾ ਸੀ। ਅਸੀਂ ਉਸੇ ਉੱਤੇ ਤੁਰਦੇ ਹੋਏ ਹੇਠਾਂ ਮੈਦਾਨੀ ਇਲਾਕੇ ਵਿਚ ਆ ਗਏ। ਉੱਥੋਂ ਇਹ ਰਸਤਾ ਵਹਿ ਰਹੀ ਪਹਾੜੀ ਨਦੀ ਦੇ ਸਮਾਨਾਂਤਰ ਜਾਂਦਾ ਸੀ। ਅਸੀਂ ਲਗਭਗ ਇਕ ਮੀਲ ਤਕ ਬੜੀ ਮੁਸਤੈਦੀ ਨਾਲ ਤੇ ਚੁੱਪਚਾਪ ਨਦੀ ਦੇ ਨਾਲ-ਨਾਲ ਤੁਰਦੇ ਰਹੇ। ਅੱਗੇ ਇਕ ਪਗਡੰਡੀ ਜਿਹੀ ਮਿਲੀ, ਜਿਹੜੀ ਘੋੜੇ-ਖੱਚਰਾਂ ਦੇ ਤੁਰਨ ਵਾਲੇ ਰਸਤੇ ਨਾਲੋਂ ਥੋੜ੍ਹੀ ਕੁ ਚੌੜੀ ਸੀ ਤੇ ਅੰਤਮ ਪਹਾੜੀ ਤੋਂ ਯਕਦਮ ਹੇਠਾਂ ਉਤਰ ਕੇ ਘਾਟੀ ਨਾਲ ਜਾ ਰਲਦੀ ਸੀ।
ਰਸਤਾ ਆਸਾਨ ਤੇ ਸੌਖਾ ਸੀ। ਉਸਦੇ ਅਸੀਂ ਪੂਰੇ ਜਾਣੂ ਵੀ ਸੀ। ਜਦੋਂ ਤਕ ਅਸੀਂ ਆਖ਼ਰੀ ਤਰਾਈ ਵਿਚ ਪਹੁੰਚੇ, ਮੀਂਹ ਸ਼ੁਰੂ ਹੋ ਗਿਆ ਸੀ। ਬਹੁਤਾ ਤੇਜ਼ ਨਹੀਂ, ਬਸ ਹਲਕੀ-ਹਲਕੀ ਬੂੰਦਾਬਾਂਦੀ।
ਅਸੀਂ ਇਕ ਪਿੰਡ ਦੇ ਬਾਹਰ ਇਕ ਢਾਬੇ ਵਿਚ ਸ਼ਰਨ ਲਈ। ਢਾਬੇ ਵਾਲਾ ਅਜੇ ਸੁੱਤਾ ਹੋਇਆ ਸੀ, ਤੇ ਉਸਦਾ ਇਕ ਕੰਨ ਵਾਲਾ, ਪਾਂ-ਖਾਧਾ, ਕੁੱਤਾ ਸਾਨੂੰ ਭਜਾਉਣ ਲਈ ਨਹੀਂ ਦੌੜਿਆ, ਬਲਕਿ ਸਾਡੇ ਨੇੜੇ ਆ ਕੇ ਬੜੇ ਦੋਸਤਾਨਾ ਢੰਗ ਨਾਲ ਸਾਨੂੰ ਸੁੰਘਣ ਲੱਗਾ। ਉੱਥੇ ਇਕ ਪੁਰਾਣੀ ਬੈਂਚ ਪਈ ਸੀ। ਅਸੀਂ ਉਸ ਉੱਤੇ ਬੈਠ ਗਏ ਤੇ ਦੂਰ ਪਹਾੜੀ ਪਿੱਛੋਂ ਨਿਕਲ ਰਹੇ ਸੂਰਜ ਨੂੰ ਦੇਖਣ ਲੱਗ ਪਏ।
ਉਹ ਇਕ ਅਜਿਹਾ ਦ੍ਰਿਸ਼ ਸੀ ਜਿਹੜਾ ਮੈਨੂੰ ਹਮੇਸ਼ਾ ਯਾਦ ਰਹਿੰਦਾ ਹੈ—ਇਸ ਲਈ ਨਹੀਂ ਕਿ ਉਸ ਦਿਨ ਦਾ ਸੂਰਜ-ਉਦੈ ਵਿਸ਼ੇਸ਼ ਸੁੰਦਰ ਸੀ, ਬਲਕਿ ਇਸ ਲਈ ਕਿ ਉਹ ਸਵੇਰ ਮੇਰੇ ਲਈ ਬੜੀ ਮਹੱਤਵਪੂਰਨ ਸੀ ਤੇ ਉਸਨੇ ਮੈਨੂੰ ਸਾਰੀਆਂ ਚੀਜ਼ਾਂ ਨੂੰ ਇਕ ਨਵੀਂ ਦ੍ਰਿਸ਼ਟੀ ਨਾਲ ਦੇਖਣ ਉੱਤੇ ਮਜ਼ਬੂਰ ਕੀਤਾ ਸੀ। ਉਸ ਦਿਨ ਦੀ ਇਕ-ਇਕ ਗੱਲ ਅੱਜ ਵੀ ਮੇਰੇ ਦਿਲ-ਦਿਮਾਗ਼ ਉੱਤੇ ਉੱਕਰੀ ਹੋਈ ਹੈ।
ਜਿਵੇਂ-ਜਿਵੇਂ ਆਸਮਾਨ ਵਿਚ ਚਾਨਣ ਫ਼ੈਲਦਾ ਜਾ ਰਿਹਾ ਸੀ, ਤਿਵੇਂ-ਤਿਵੇਂ ਉੱਚੇ ਚੀੜ੍ਹ ਤੇ ਦੇਵਦਾਰ ਦੇ ਰੁੱਖ ਸਪਸ਼ਟ ਨਜ਼ਰ ਆਉਣ ਲੱਗ ਪਏ ਸਨ ਤੇ ਚਾਰੇ-ਪਾਸੇ ਪੰਛੀਆਂ ਦਾ ਸੁਹਾਵਾ ਸ਼ੋਰ ਸੁਣਾਈ ਦੇਣ ਲੱਗਾ ਸੀ। ਸਭ ਤੋਂ ਪਹਿਲਾਂ ਕਸਤੂਰਾ ਪੰਛੀ ਮੱਧਮ, ਮੁਲਾਇਮ ਤੇ ਮਿੱਠੀ ਆਵਾਜ਼ ਵਿਚ ਬੋਲਿਆ। ਉਸ ਪਿੱਛੋਂ ਚਿਲਬਿਲਾਂ ਝਾੜੀਆਂ ਵਿਚ ਖੁਸਰ-ਫੁਸਰ ਕਰਨ ਲੱਗੀਆਂ। ਫੇਰ ਸਨੋਵਰ ਰੁੱਖ ਦੀ ਟੀਸੀ ਉੱਤੇ ਬੈਠਾ ਬਸੰਤਾ ਇਕ ਰਸ ਸੁਰ ਵਿਚ ਚੀਕਣ ਲੱਗਾ। ਜਦੋਂ ਆਸਮਾਨ ਥੋੜ੍ਹਾ ਹੋਰ ਸਾਫ਼ ਹੋਇਆ, ਤਾਂ ਹਰੇ ਸੁੱਗਿਆਂ ਦਾ ਇਕ ਝੁੰਡ ਰੁੱਖਾਂ ਉਪਰੋਂ ਉੱਡਦਾ ਹੋਇਆ ਲੰਘ ਗਿਆ।
ਬੜੀ ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ—ਇਨਬਿਨ ਫੁਆਰ ਦੀ ਸ਼ਕਲ ਵਿਚ—ਤੇ ਪੂਰਬ ਵਿਚ ਸੂਰਜ ਦੀ ਤੇਜ਼ ਹੋ ਰਹੀ ਲਾਲੀ ਫ਼ੈਲ ਰਹੀ ਸੀ। ਤੇ ਫੇਰ ਅਚਾਨਕ ਜਦੋਂ ਬੱਦਲਾਂ ਪਿੱਛੋਂ ਸੂਰਜ ਝਾਕਿਆ ਤਾਂ ਬਰਸਾਤ ਵਿਚ ਉੱਗਣ ਵਾਲੀ ਹਰੀ ਭਰੀ ਘਾਹ ਦਾ ਸੁੰਦਰ ਦ੍ਰਿਸ਼ ਉਭਰ ਕੇ ਪ੍ਰਗਟ ਹੋਇਆ। ਦਲਜੀਤ ਤੇ ਮੈਂ ਅਵਾਕ-ਜਿਹੇ ਬੈਠੇ ਦੇਖਦੇ ਰਹੇ। ਇਸ ਤੋਂ ਪਹਿਲਾਂ ਅਸੀਂ ਕਦੇ ਏਨੇ ਸਵੱਖਤੇ ਨਹੀਂ ਸੀ ਉੱਠੇ। ਰੁੱਖ, ਝਾੜੀਆਂ ਤੇ ਘਾਹ ਉੱਤੇ ਮੱਕੜੀ ਦੇ ਸੈਂਕੜੇ ਜਾਲੇ, ਜਿੱਥੇ ਉਹਨਾਂ ਨੂੰ ਆਮ ਤੌਰ ਉੱਤੇ ਕੋਈ ਦੇਖ ਨਹੀਂ ਸਕਦਾ ਸੀ, ਹੁਣ ਬਿਲਕੁਲ ਸਾਫ਼ ਦਿਖਾਈ ਦੇ ਰਹੇ ਸਨ ਤੇ ਉਹਨਾਂ ਉੱਤੇ ਸੁੰਦਰ ਤੇ ਸੁਨਹਿਰੀ ਬਾਰਿਸ਼ ਦੀਆਂ ਚਮਕਦੀਆਂ ਹੋਈਆਂ ਬੂੰਦਾਂ ਝਿਲਮਿਲ-ਝਿਲਮਿਲ ਕਰ ਰਹੀਆਂ ਸਨ। ਮਕੜੀ ਦੇ ਜਾਲਿਆਂ ਦੀਆਂ ਰੇਸ਼ਮੀ ਤੰਦਾਂ ਉੱਤੇ ਬਾਰਿਸ਼ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਅਟਕੀਆਂ ਹੋਈਆਂ ਸਨ ਤੇ ਸੂਰਜ ਦੀ ਦਮਕ ਵਿਚ ਨਿੱਕੇ-ਨਿੱਕੇ ਮੋਤੀਆਂ ਵਾਂਗ ਲਿਸ਼ਕ ਰਹੀਆਂ ਸਨ।
ਪਹਾੜੀ ਦੀ ਢਲਵਾਣ ਉੱਤੇ ਇਕ ਬਹੁਤ ਵੱਡਾ ਡੇਲੀਆ ਖੜ੍ਹਾ ਸੀ, ਜਿਸਦੇ ਸੰਧੂਰੀ ਫੁੱਲ ਭਿੱਜ ਕੇ ਬੋਝਲ ਹੋ ਗਏ ਸਨ। ਫੁੱਲ ਦੀ ਇਕ ਪੰਖੜੀ ਉੱਤੇ ਪੰਨੇ ਵਰਗੇ ਹਰੇ ਰੰਗ ਦਾ ਇਕ ਟਿੱਡਾ ਲਤਾਂ ਪਸਾਰੀ ਆਰਾਮ ਕਰ ਰਿਹਾ ਸੀ।
ਉਦੋਂ ਤਕ ਢਾਬੇ ਵਾਲਾ ਉੱਠ ਪਿਆ ਸੀ। ਮਾਲਕ ਦੀ ਹਾਜ਼ਰੀ ਕਾਰਨ ਕੁੱਤੇ ਨੂੰ ਜਿਵੇਂ ਸ਼ਹਿ ਮਿਲੀ ਤੇ ਉਹ ਸਾਨੂੰ ਭੌਂਕਣ ਲੱਗ ਪਿਆ। ਢਾਬੇ ਵਾਲੇ ਨੇ ਕੱਚੇ ਕੋਇਲੇ ਚੁੱਲ੍ਹੇ ਵਿਚ ਪਾਏ ਤੇ ਉਹਨਾਂ ਨੂੰ ਸੁਲਗਾ ਕੇ ਪਾਣੀ ਵਾਲੀ ਕੇਤਲੀ ਰੱਖ ਦਿੱਤੀ।
“ਕੁਛ ਖਾਓਗੇ?” ਢਾਬੇ ਵਾਲੇ ਨੇ ਸਾਨੂੰ ਪੁੱਛਿਆ।
“ਨਹੀਂ, ਬਸ ਚਾਹ!” ਮੈਂ ਬੋਲਿਆ।
ਉਸਨੇ ਮੇਜ਼ ਉੱਤੇ ਪਿੱਤਲ ਦੇ ਦੋ ਗਲਾਸ ਲਿਆ ਕੇ ਰੱਖ ਦਿੱਤੇ।
“ਅਜੇ ਦੁੱਧ ਤਾਂ ਆਇਆ ਨ੍ਹੀਂ!” ਉਸ ਕਿਹਾ, “ਤੁਸੀਂ ਲੋਕ ਥੋੜ੍ਹਾ ਜਲਦੀ ਆ ਗਏ।”
“ਅਸੀਂ ਬਿਨਾਂ ਦੁੱਧ ਵਾਲੀ ਚਾਹ ਈ ਪੀ ਲਵਾਂਗੇ।” ਦਲਜੀਤ ਬੋਲਿਆ, “ਪਰ ਮਿੱਠਾ ਥੋੜ੍ਹਾ ਵੱਧ ਪਾਉਣਾ।”
“ਅੱਜ ਕਲ੍ਹ ਖੰਡ ਬੜੀ ਮਹਿੰਗੀ ਹੋ ਗਈ ਐ, ਭਰਾ! ਪਰ ਤੁਸੀਂ ਪਾੜੇ ਮੁੰਡੇ ਓਂ, ਤੋ ਤੁਹਾਨੂੰ ਤਾਂ ਵੱਧ ਮਿੱਠਾ ਈ ਚਾਹੀਦੈ। ਠੀਕ ਐ, ਜਿੰਨੀ ਇੱਛਾ ਹੋਵੇ ਪਾ ਲੈਣਾ।”
“ਅਸੀਂ ਪੜ੍ਹਨ ਵਾਲੇ ਮੁੰਡੇ ਨਹੀਂ।” ਮੈਂ ਝੱਟ ਬੋਲ ਪਿਆ।
“ਹਾਂ-ਜੀ, ਨਈਂ ਜੀ!” ਦਲਜੀਤ ਨੇ ਵੀ ਕਿਹਾ।
“ਅਸੀਂ ਟੂਰਿਸਟ ਆਂ।” ਮੈਂ ਕਿਹਾ।
“ਅਸੀਂ ਦੇਹਰਾਦੂਨ ਤੋਂ ਸਵੇਰ ਦੀ ਗੱਡੀ ਫੜ੍ਹਨੀ ਏਂ।” ਦਲਜੀਤ ਨੇ ਕਿਹਾ।
“ਦਸ ਵਜੇ ਤੋਂ ਪਹਿਲਾਂ ਕੋਈ ਗੱਡੀ ਨ੍ਹੀਂ ਜਾਂਦੀ।” ਢਾਬੇ ਵਾਲਾ ਰਤਾ ਚਕਰਾ ਕੇ ਬੋਲਿਆ।
“ਅਸੀਂ ਦਸ ਵਜੇ ਦੀ ਗੱਡੀ ਈ ਫੜ੍ਹਨੀਂ ਏਂ।” ਦਲਜੀਤ ਕਾਹਲ ਨਾਲ ਬੋਲਿਆ, “ਅਸੀਂ ਹੇਠਾਂ ਟਾਈਮ 'ਤੇ ਪਹੁੰਚ ਜਾਵਾਂਗੇ ਨਾ?”
“ਕਿਓਂ ਨ੍ਹੀਂ, ਕਾਫੀ ਟੈਮ ਐਂ...”
ਢਾਬੇ ਵਾਲੇ ਨੇ ਗਰਮਾ-ਗਰਮ ਚਾਹ ਗਲਾਸਾਂ ਵਿਚ ਪਾਈ ਤੇ ਖੰਡ ਵਾਲਾ ਮਰਤਬਾਨ ਸਾਡੇ ਕੋਲ ਰੱਖ ਦਿੱਤਾ।
“ਪਹਿਲਾਂ ਤਾਂ ਮੈਂ ਇਹੀ ਸਮਝਿਆ ਸੀ ਕਿ ਤੁਸੀਂ ਸਕੂਲੀ ਮੁੰਡੇ ਓਂ।” ਢਾਬੇ ਵਾਲਾ ਹੱਸਦਾ ਹੋਇਆ ਕਹਿ ਰਿਹਾ ਸੀ, “ਸੋਚਿਆ, ਭੱਜ ਕੇ ਜਾ ਰਹੇ ਓਂ।”
ਮੈਂ ਦੇਖਿਆ, ਦਲਜੀਤ ਰਤਾ ਕੱਚਾ-ਜਿਹਾ ਹੋ ਕੇ ਖੀਂ-ਖੀਂ ਕਰ ਰਿਹਾ ਸੀ।
“ਭਰਾ, ਤੂੰ ਇੰਜ ਕਿਵੇਂ ਸੋਚ ਲਿਆ?” ਉਸਨੇ ਪੁੱਛਿਆ।
“ਕਈ ਵਰ੍ਹਿਆਂ ਦਾ ਇੱਥੇ ਰਹਿ ਰਿਹਾਂ।” ਇਹ ਕਹਿੰਦਿਆਂ ਹੋਇਆ ਉਸਨੇ ਇਕ ਪਾਸੇ ਵੱਲ ਇਸ਼ਾਰਾ ਕੀਤਾ, ਜਿੱਧਰ ਰੁੱਖਹੀਣ ਭੂਮੀ ਉੱਤੇ ਲੱਕੜ ਦਾ ਇਕ ਖੋਖਾ ਖੜ੍ਹਾ ਸੀ। ਇੰਜ ਲੱਗਦਾ ਸੀ, ਜਿਵੇਂ ਜੰਗਲ ਵਿਚ ਪ੍ਰਵੇਸ਼ ਲਈ ਕੋਈ ਵਪਾਰਕ ਚੌਂਕੀ ਹੋਵੇ, “ਸਕੂਲ ਦੇ ਮੁੰਡੇ ਭੱਜਦੇ ਐ ਤਾਂ ਹਮੇਸ਼ਾ ਇੱਧਰੇ ਦੀ ਲੰਘਦੇ ਐ।”
“ਕੀ ਬਹੁਤ ਸਾਰੇ ਮੁੰਡੇ ਭੱਜਦੇ ਨੇ?” ਮੈਂ ਪੁੱਛਿਆ।
“ਬਹੁਤੇ ਤਾਂ ਨ੍ਹੀਂ ਜੀ! ਸਾਲ ਵਿਚ ਦੋ-ਤਿੰਨ, ਬਸ। ਬਹੁਤਾ ਹੋਇਆ ਤਾਂ ਦੇਹਰਾਦੂਨ ਵਿਚ ਸਟੇਸ਼ਨ ਤਕ ਈ ਪਹੁੰਚ ਸਕਦੇ ਐ ਤੇ ਫੇਰ ਫੜ ਲਏ ਜਾਂਦੇ ਐ।”
ਦਲਜੀਤ ਬੋਲਿਆ, “ਆਪਣੀ ਬੇਵਕੂਫ਼ੀ ਕਾਰਨ ਈ ਫੜ੍ਹੇ ਜਾਂਦੇ ਹੋਣਗੇ।”
“ਕੀ ਉਹ ਹਮੇਸ਼ਾ ਫੜ੍ਹੇ ਜਾਂਦੇ ਨੇ?” ਮੈਂ ਪੁੱਛਿਆ।
“ਹਾਂ, ਜੀ। ਹਮੇਸ਼ਾ! ਹੇਠਾਂ ਜਾਂਦੇ ਹੋਏ ਇੱਥੋਂ ਦੀ ਲੰਘਦੇ ਐ, ਤਾਂ ਮੈਂ ਉਹਨਾਂ ਨੂੰ ਚਾਹ ਦਾ ਗਲਾਸ ਦੇਂਦਾ ਆਂ। ਤੇ ਜਦੋਂ ਟੀਚਰਾਂ ਦੇ ਨਾਲ ਮੁੜਦੇ ਐ, ਤਾਂ ਵੀ ਉਹਨਾਂ ਨੂੰ ਚਾਹ ਦਾ ਗਲਾਸ ਦੇਂਦਾ ਆਂ।”
“ਖ਼ੈਰ, ਤੁਹਾਨੂੰ ਸਾਡਾ ਦਰਸ਼ਨ-ਲਾਭ ਹੁਣ ਫੇਰ ਨਈਂ ਹੋਵੇਗਾ!” ਦਲਜੀਤ ਬੋਲਿਆ। ਮੈਂ ਉਸਨੂੰ ਖ਼ਬਰਦਾਰ ਕਰਨ ਲਈ ਇਸ਼ਾਰਾ ਕਰ ਰਿਹਾ ਸੀ, ਪਰ ਉਸਨੇ ਇੱਧਰ ਧਿਆਨ ਹੀ ਨਹੀਂ ਸੀ ਦਿੱਤਾ ਤੇ ਉਸਦੇ ਮੂੰਹੋਂ ਇਹ ਗੱਲ ਨਿਕਲ ਗਈ ਸੀ।
“ਪਰ ਤੁਸੀਂ ਤਾਂ ਜੀ ਸਕੂਲ ਦੇ ਮੁੰਡੇ ਈ ਨ੍ਹੀਂ!” ਢਾਬੇ ਵਾਲਾ ਹੱਸਦਾ ਹੋਇਆ ਸਾਡੇ ਵੱਲ ਦੇਖ ਰਿਹਾ ਸੀ, “ਨਾਲੇ ਤੁਸੀਂ ਲੋਕ ਭੱਜ ਕੇ ਵੀ ਨ੍ਹੀਂ ਨਾ ਜਾ ਰਹੇ ਨਾ।”
ਚਾਹ ਦੇ ਪੈਸੇ ਦੇ ਕੇ ਅਸੀਂ ਹੇਠਾਂ ਜਾਣ ਵਾਲੇ ਰਸਤੇ ਉੱਤੇ ਤੁਰ ਪਏ। ਤੋਤੇ ਇਕ ਵਾਰੀ ਫੇਰ ਟੈਂ-ਟੈਂ ਕਰਦੇ ਹੋਏ ਉਪਰੋਂ ਉੱਡਦੇ ਹੋਏ ਲੰਘੇ ਤੇ ਜਾ ਕੇ ਲੀਚੀ ਦੇ ਰੁੱਖਾਂ ਉੱਤੇ ਬੈਠ ਗਏ। ਧੁੱਪ ਥੋੜ੍ਹੀ ਤੇਜ਼ ਹੋ ਗਈ ਸੀ ਤੇ ਜਿਵੇਂ-ਜਿਵੇਂ ਉਚਾਈ ਘਟਦੀ ਜਾ ਰਹੀ ਸੀ, ਗਰਮੀ ਤੇ ਚਿਪਚਿਪਾਹਟ ਵਧਦੀ ਜਾ ਰਹੀ ਸੀ ਤੇ ਇੱਥੋਂ ਹੀ ਸਾਨੂੰ ਅੱਗੇ ਮੈਦਾਨੀ ਇਲਾਕੇ ਵਿਚ ਪੈਣ ਵਾਲੀ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਸੀ।
ਪਹਾੜੀਆਂ ਦੀ ਜਗ੍ਹਾ ਹੁਣ ਸਮਤਲ ਮੈਦਾਨ ਨੇ ਲੈਣੀ ਸ਼ੁਰੂ ਕਰ ਦਿੱਤਾ ਸੀ, ਇੱਥੇ ਜਗ੍ਹਾ-ਜਗ੍ਹਾ ਖੇਤ ਦਿਖਾਈ ਦਿੰਦੇ ਸਨ। ਝੋਨੇ ਦੀ ਬਿਜਾਈ ਹੋ ਚੁੱਕੀ ਸੀ ਤੇ ਕਮਾਦ ਲੱਕ-ਲੱਕ ਤਾਈਂ ਹੋ ਚੁੰਕਿਆ ਸੀ।
ਰਸਤੇ ਵਿਚ ਜਗ੍ਹਾ-ਜਗ੍ਹਾ ਚਿੱਕੜ ਹੋਇਆ-ਪਿਆ ਸੀ। ਅਸੀਂ ਆਪਣੇ ਬੂਟ ਲਾਹ ਕੇ ਅਖ਼ਬਾਰ ਵਿਚ ਲਪੇਟ ਲਏ ਤੇ ਨੰਗੇ ਪੈਰੀਂ ਚਿੱਕੜ ਪਾਰ ਕਰਨ ਲੱਗੇ।
ਮੈਂ ਕਿਹਾ, “ਦੇਹਰਾਦੂਨ ਲਗਭਗ ਤਿੰਨ ਮੀਲ ਦੂਰ ਏ ਇੱਥੋਂ। ਸ਼ਹਿਰ ਦਾ ਚੱਕਰ ਕੱਟ ਕੇ ਜਾਵਾਂਗੇ। ਹੁਣ ਤਕ ਸਕੂਲ ਵਿਚ ਸਾਰੇ ਉੱਠ ਪਏ ਹੋਣਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਉਡਨਤਰ ਹੋ ਗਏ ਆਂ।”
“ਸਾਨੂੰ ਸਟੇਸ਼ਨ ਤੋਂ ਦੂਰ ਈ ਰਹਿਣਾ ਚਾਹੀਦਾ ਏ।” ਦਲਜੀਤ ਬੋਲਿਆ।
“ਅਗਲਾ ਸਟੇਸ਼ਨ ਰਾਏ ਵਾਲ ਏ। ਉੱਥੋਂ ਤਕ ਪੈਦਰ ਚੱਲਾਂਗੇ,” ਮੈਂ ਕਿਹਾ, “ਫੇਰ ਉੱਥੋਂ ਜਿਹੜੀ ਟਰੇਨ ਮਿਲੀ, ਉਸ 'ਤੇ ਸਵਾਰ ਹੋ ਜਾਵਾਂਗੇ।”
“ਕਿੰਨੀਂ ਦੂਰ ਤੁਰ ਕੇ ਜਾਣਾ ਪਵੇਗਾ?”
“ਕਰੀਬ ਦਸ ਮੀਲ।”
“ਦਸ ਮੀਲ!” ਦਲਜੀਤ ਯਕਦਮ ਨਿਰਾਸ਼ ਹੋ ਕੇ ਬੋਲਿਆ, “ਤੁਰਦੇ-ਤੁਰਦੇ ਪੂਰਾ ਦਿਨ ਬੀਤ ਜਾਏਗਾ।”
“ਜੋ ਹੋਵੇ, ਅਸੀਂ ਇੱਥੇ ਰੁਕ ਨਹੀਂ ਸਕਦੇ, ਸਮਝਿਆ! ਦੇਹਰਾਦੂਨ ਵਿਚ ਮਟਰ-ਗਸਤੀ ਵੀ ਨਹੀਂ ਕਰ ਸਕਦੇ। ਤੇ ਸਟੇਸ਼ਨ 'ਤੇ ਵੀ ਨਹੀਂ ਜਾ ਸਕਦੇ। ਸਾਨੂੰ ਤੁਰਦੇ ਰਹਿਣਾ ਚਾਹੀਦਾ ਏ, ਕਿਤੇ ਰੁਕਣਾ ਨਹੀਂ।”
“ਠੀਕ ਏ, ਰਸਟੀ! ਅਸੀਂ ਤੁਰਦੇ ਰਹਾਂਗੇ। ਜਾਣਦਾ ਆਂ, ਕਿਸੇ ਵੀ ਐਡਵੈਂਚਰ ਦੀ ਸ਼ੁਰੂਆਤ ਹਮੇਸ਼ਾ ਔਖੀ ਈ ਹੁੰਦੀ ਏ।”

4. ਬਘਿਆੜ ਤੇ ਬਲ੍ਹਦ-ਗੱਡੀ

ਖੇਤਾਂ-ਖਾਲਿਆਂ ਦੇ ਬਾਅਦ ਜੰਗਲ ਸ਼ੁਰੂ ਹੋ ਗਿਆ ਸੀ। ਫੇਰ ਵੀ ਲਾਈਨ ਦੇ ਨਾਲ-ਨਾਲ ਗੰਨੇ ਦੇ ਕੁਝ ਖੇਤ ਸਨ।
“ਅਜੇ ਕਿੰਨੀ ਕੁ ਦੂਰ ਜਾਣਾ ਏਂ?” ਦਲਜੀਤ ਬੋਲਿਆ, “ਕੀ ਰਾਏਵਾਲਾ ਜੰਗਲ ਦੇ ਐਨ ਵਿਚਕਾਰ ਏ?”
“ਹਾਂ, ਜੰਗਲ 'ਚ ਈ ਹੋਵੇਗਾ। ਅਸੀਂ ਲਗਭਗ ਚਾਰ ਮੀਲ ਤੈਅ ਕਰ ਆਏ ਆਂ। ਛੇ ਮੀਲ ਅਜੇ ਹੋਰ ਜਾਣਾ ਏਂ। ਅਜੀਬ ਗੱਲ ਏ, ਕੁਝ ਮੀਲ ਦੂਜੇ ਮੀਲਾਂ ਨਾਲੋਂ ਲੰਮੇ ਕਿਓਂ ਲੱਗਦੇ ਨੇ! ਮੇਰੇ ਖ਼ਿਆਲ 'ਚ ਇਹ ਸ਼ਾਇਦ ਮਨ ਦੀ ਦਸ਼ਾ 'ਤੇ ਨਿਰਭਰ ਕਰਦਾ ਏ। ਜੇ ਮਨ ਵਿਚ ਮਜ਼ੇਦਾਰ ਵਿਚਾਰ ਹੋਣ, ਤਾਂ ਮੀਲਾਂ ਦਾ ਸਫ਼ਰ ਏਨਾ ਲੰਮਾਂ ਨਹੀਂ ਲੱਗਦਾ।”
“ਤਾਂ ਠੀਕ ਏ, ਅਸੀਂ ਮਨ ਵਿਚ ਅੱਛੇ, ਮਜ਼ੇਦਾਰ ਵਿਚਾਰ ਲੈ ਕੇ ਤੁਰਦੇ ਆਂ। ਇੱਥੇ ਕੋਈ ਛੋਟਾ ਰਸਤਾ ਨਈਂ, ਰਸਟੀ? ਤੂੰ ਤਾਂ ਇਹਨਾਂ ਜੰਗਲਾਂ 'ਚ ਪਹਿਲਾਂ ਵੀ ਆ ਚੁੱਕਿਆ ਏਂ।”
“ਅਸੀਂ ਜੰਗਲ 'ਚੋਂ 'ਫਾਇਰ ਪਾਥ' (ਯਾਨੀ 'ਅਗਨੀ-ਪਥ') ਤੋਂ ਹੋ ਕੇ ਜਾਵਾਂਗੇ। ਇਸ ਨਾਲ ਤਿੰਨ-ਚਾਰ ਮੀਲ ਦੀ ਬੱਚਤ ਹੋ ਜਾਵੇਗੀ। ਪਰ ਇਕ ਛੋਟੀ ਨਦੀ ਨੂੰ ਤੈਰ ਕੇ ਜਾਂ ਪਾਣੀ ਵਿਚ ਤੁਰ ਕੇ ਪਾਰ ਕਰਨਾ ਪਵੇਗਾ। ਬਰਸਾਤ ਅਜੇ ਸ਼ੁਰੂ ਨਹੀਂ ਹੋਈ, ਸੋ ਪਾਣੀ ਬਹੁਤਾ ਤੇਜ਼ ਜਾਂ ਡੂੰਘਾ ਨਹੀਂ ਹੋਣਾ ਚਾਹੀਦਾ।”
ਸੰਘਣੇ ਜੰਗਲ ਵਿਚ, ਵਿਚ-ਵਿਚ, ਕੁਝ ਰਸਤੇ ਬਣਾ ਦਿੱਤੇ ਜਾਂਦੇ ਨੇ, ਤਾਕਿ ਜੰਗਲ ਵਿਚ ਕਿਤੇ ਅੱਗ ਲੱਗ ਜਾਵੇ ਤਾਂ ਉਹ ਬਹੁਤੀ ਨਾ ਫ਼ੈਲੇ। ਇਸ ਲਈ ਇਹਨਾਂ ਨੂੰ 'ਫਾਇਰ ਪਾਥ' (ਯਾਨੀ 'ਅਗਨੀ-ਪਥ') ਕਹਿੰਦੇ ਨੇ। ਅਜਿਹੇ ਰਸਤਿਆਂ ਉੱਤੇ ਲੋਕਾਂ ਦਾ ਆਉਣ-ਜਾਣ ਬਹੁਤਾ ਨਹੀਂ ਹੁੰਦਾ, ਕਿਉਂਕਿ ਇਹ ਰਸਤੇ ਕਿਸੇ ਨਿਸ਼ਚਿਤ ਜਗ੍ਹਾ ਤਕ ਨਹੀਂ ਪਹੁੰਚਾਂਦੇ, ਪਰ ਵੱਡੇ ਜਾਨਵਰ ਅਕਸਰ ਇਹਨਾਂ ਰਸਤਿਆਂ ਉੱਤੇ ਆਉਂਦੇ ਰਹਿੰਦੇ ਨੇ।
ਅਜਿਹੇ ਹੀ ਇਕ ਰਸਤੇ ਉੱਤੇ ਅਸੀਂ ਅਜੇ ਕੋਈ ਮੀਲ ਭਰ ਹੀ ਗਏ ਕਿ ਤੇਜ਼ ਵਹਿੰਦੇ ਪਾਣੀ ਦੀ ਆਵਾਜ਼ ਕੰਨਾਂ ਵਿਚ ਪਈ। ਰਸਤਾ, ਸਾਲ੍ਹ ਦੇ ਰੁੱਖਾਂ ਵਿਚਕਾਰੋਂ ਹੁੰਦਾ ਹੋਇਆ, ਨਦੀ ਤਟ ਤਕ ਜਾਂਦਾ ਸੀ। ਨਦੀ ਉੱਤੇ ਇਕ ਵੱਡਾ ਸਾਰਾ ਪੁਲ ਵੀ ਦਿਖਾਈ ਦਿੰਦਾ ਸੀ, ਪਰ ਉਹ ਕਰੀਬ ਤਿੰਨ ਮੀਲ ਹੇਠਾਂ ਮੁੱਖ ਸੜਕ ਉੱਤੇ ਸੀ।
“ਇੱਥੇ ਪਾਣੀ ਕਿਤੇ ਵੀ ਲੱਕ-ਲੱਕ ਤੋਂ ਵੱਧ ਨਹੀਂ ਏਂ।” ਮੈਂ ਕਿਹਾ, “ਪਰ ਰਫ਼ਤਾਰ ਤੇਜ਼ ਏ ਤੇ ਪੱਥਰਾਂ 'ਤੇ ਤਿਲ੍ਹਕਣ ਵੀ ਏ।”
ਅਸੀਂ ਕੱਪੜੇ ਲਾਹੇ। ਸਾਰੀਆਂ ਚੀਜ਼ਾਂ ਦੀਆਂ ਦੋ ਪੰਡਾਂ ਬੰਨ੍ਹੀਆਂ ਤੇ ਉਹਨਾਂ ਨੂੰ ਸਿਰ ਉੱਤੇ ਰੱਖ ਕੇ ਨਦੀ ਵਿਚ ਲੱਥ ਗਏ। ਦਲਜੀਤ ਹੱਟਾ-ਕੱਟਾ ਸੀ। ਉਸਦੀਆਂ ਬਾਹਾਂ ਤੇ ਲੱਤਾਂ ਨਰੋਈਆਂ ਸਨ। ਮੈਂ ਉਸ ਤੋਂ ਪਤਲਾ ਤੇ ਹਲਕਾ-ਫੁਲਕਾ ਸੀ, ਪਰ ਸੀ ਫੁਰਤੀਲਾ।
ਪੈਰਾਂ ਹੇਠਲੇ ਪੱਥਰ ਤਿਲ੍ਹਕਣ ਭਰੇ ਸਨ। ਅਸੀਂ ਕਿਸੇ ਤਰ੍ਹਾਂ ਤਿਲ੍ਹਕਦੇ-ਸੰਭਲਦੇ ਪਾਣੀ ਵਿਚ ਤੁਰ ਰਹੇ ਸੀ। ਨਤੀਜਾ ਇਹ ਹੋਇਆ ਕਿ ਇਕ ਦੂਜੇ ਦੀ ਮਦਦ ਕਰਨ ਦੀ ਬਜਾਏ ਅਸੀਂ ਰੁਕਾਵਟ ਹੀ ਪਾ ਰਹੇ ਸੀ।
ਫੇਰ ਅਸੀਂ ਧਾਰ ਦੇ ਐਨ ਵਿਚਕਾਰ ਲੱਕ-ਲੱਕ ਪਾਣੀ ਵਿਚ ਜਾ ਖੜ੍ਹੇ ਹੋਏ ਤੇ ਅੱਗੇ ਜਾਣ ਤੋਂ ਹਿਚਕਿਚਾਉਣ ਲੱਗੇ। ਡਰ ਲੱਗਦਾ ਸੀ ਕਿ ਪਾਣੀ ਵਿਚ ਰੁੜ੍ਹ ਹੀ ਨਾ ਜਾਈਏ।
“ਮੈਥੋਂ ਖੜ੍ਹਾ ਨਈਂ ਹੋਇਆ ਜਾ ਰਿਹਾ!” ਦਲਜੀਤ ਬੋਲਿਆ।
“ਅੱਗੇ ਪਾਣੀ ਬਹੁਤਾ ਡੂੰਘਾ ਨਹੀਂ ਹੋਵੇਗਾ।” ਮੈਂ ਉਮੀਦ ਦੀ ਡੋਰ ਸੰਭਾਲੀ ਰੱਖੀ। ਪਰ ਪਾਣੀ ਦਾ ਵਹਾਅ ਤੇਜ਼ ਸੀ ਤੇ ਮੇਰੇ ਗੋਡੇ ਕੰਬ ਰਹੇ ਸਨ।
ਦਲਜੀਤ ਨੇ ਪੈਰ ਅੱਗੇ ਵਧਾਉਣਾ ਚਾਹਿਆ, ਪਰ ਉਹ ਯਕਦਮ ਤਿਲ੍ਹਕ ਗਿਆ ਤੇ ਪਾਣੀ ਵਿਚ ਪਿੱਛੇ ਵੱਲ ਡਿੱਗਿਆ ਤੇ ਆਪਣੇ ਨਾਲ ਮੈਨੂੰ ਵੀ ਲੈਂਦਾ ਗਿਆ। ਉਹ ਹੱਥ ਪੈਰ ਮਾਰ ਰਿਹਾ ਸੀ, ਪਰ ਅੰਤ ਵਿਚ ਉਸਨੇ ਮੇਰਾ ਸਹਾਰਾ ਲਿਆ ਤੇ ਵਹੇਲ ਮੱਛੀ ਵਾਂਗ ਮੂੰਹ ਵਿਚੋਂ ਪਾਣੀ ਦੇ ਫੁਆਰੇ ਛੱਡਦਾ ਹੋਇਆ ਉਪਰ ਆਇਆ।
ਅਸੀਂ ਜਦੋਂ ਦੇਖਿਆ ਕਿ ਪਾਣੀ ਸਾਨੂੰ ਵਹਾਅ ਕੇ ਨਹੀਂ ਲੈ ਜਾ ਰਿਹਾ, ਤਾਂ ਹੱਥ-ਪੈਰ ਮਾਰਨੇ ਛੱਡ ਕੇ ਖੜ੍ਹੇ ਹੋ ਗਏ ਤੇ ਬੜੀ ਸਾਵਧਾਨੀ ਨਾਲ ਪੈਰ ਧਰਦੇ ਹੋਏ ਸਾਹਮਣੇ ਵਾਲੇ ਕਿਨਾਰੇ ਵੱਲ ਤੁਰ ਪਏ। ਪਰ ਉਦੋਂ ਤਕ ਅਸੀਂ ਨਦੀ ਵਿਚ ਲਗਭਗ ਵੀਹ ਗਜ ਵਹਿ ਆਏ ਸੀ।
ਅਸੀਂ ਕਿਨਾਰੇ ਦੀ ਗਰਮ ਰੇਤ ਉੱਤੇ ਆ ਕੇ ਬੈਠ ਗਏ। ਉਪਰੋਂ ਤੇਜ਼ ਧੁੱਪ ਦੀ ਮਾਰ ਪੈ ਰਹੀ ਸੀ। ਦਲਜੀਤ ਦੇ ਹੱਥ ਵਿਚ ਸੱਟ ਵੱਜੀ ਸੀ ਤੇ ਉਹ ਉਸਨੂੰ ਚੂਸ ਰਿਹਾ ਸੀ। ਪਰ ਜਲਦੀ ਹੀ ਅਸੀਂ ਉੱਠ ਕੇ ਖੜ੍ਹੇ ਹੋ ਗਏ। ਭੁੱਖ ਵੀ ਲੱਗ ਆਈ ਸੀ। ਅਸੀਂ ਬਿਸਕੁਟ ਵਗ਼ੈਰਾ ਕੱਢੇ ਤੇ ਖਾਂਦੇ ਹੋਏ ਤੁਰ ਪਏ।
“ਹੁਣ ਬਹੁਤੀ ਦੂਰ ਨਹੀਂ ਜਾਣਾ ਏਂ।” ਮੈਂ ਕਿਹਾ।
“ਮੈਂ ਇਸ ਬਾਰੇ ਸੋਚਣਾ ਨਈਂ ਚਾਹੁੰਦਾ।” ਦਲਜੀਤ ਬੋਲਿਆ।
ਅਸੀਂ ਜੰਗਲ ਦੇ ਰਸਤੇ ਉੱਤੇ ਪੈਰ ਘਸੀਟਦੇ ਹੋਏ ਤੁਰੇ ਜਾ ਰਹੇ ਸੀ। ਥੱਕ ਤਾਂ ਜ਼ਰੂਰ ਗਏ ਸੀ, ਪਰ ਹੌਸਲਾ ਨਹੀਂ ਸੀ ਹਾਰੇ। ਥੋੜ੍ਹੀ ਦੇਰ ਬਾਅਦ ਅਸੀਂ ਇਕ ਮੋੜ ਦਾ ਚੱਕਰ ਕੱਟਿਆ।
ਯਕਦਮ ਅਸੀਂ ਬਘਿਆੜ ਦੇ ਐਨ ਸਾਹਮਣੇ ਸੀ।
ਬੇਸ਼ਕ ਬਿਲਕੁਲ ਆਹਮਣੇ-ਸਾਹਮਣੇ ਤਾਂ ਨਹੀਂ। ਬਘਿਆੜ ਸਾਥੋਂ ਲਗਭਗ ਪੰਦਰਾਂ ਗਜ ਦੇ ਫ਼ਾਸਲੇ ਉੱਤੇ ਰਸਤੇ ਦੇ ਐਨ ਵਿਚਕਾਰ ਖੜ੍ਹਾ ਸੀ। ਇੰਜ ਲੱਗਦਾ ਸੀ, ਬਘਿਆੜ ਵੀ ਸਾਨੂੰ ਉੱਥੇ ਦੇਖ ਕੇ ਓਨਾਂ ਹੀ ਹੈਰਾਨ ਸੀ ਜਿੰਨੇ ਕਿ ਅਸੀਂ ਉਸਨੂੰ ਦੇਖ ਕੇ ਹੈਰਾਨ ਹੋਏ ਸੀ। ਉਸਨੇ ਖੜ੍ਹੇ-ਖੜ੍ਹੇ ਹੀ ਵੱਡਾ ਸਾਰਾ ਸਿਰ ਚੁੱਕ ਕੇ ਉਪਰ ਦੇਖਿਆ ਤੇ ਲੰਮੀ ਪੂਛ ਸੱਜੇ-ਖੱਬੇ ਹਿਲਾਈ। ਪਰ ਸਾਡੇ ਵੱਲ ਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਰਸਤੇ ਦੇ ਐਨ ਵਿਚਕਾਰ ਅਸੀਂ ਸਾਹ ਰੋਕੀ ਖੜ੍ਹੇ ਸੀ। ਅਸੀਂ ਏਨੇ ਭੈਭੀਤ ਤੇ ਹੈਰਾਨ ਸੀ ਕਿ ਸਾਨੂੰ ਕੁਝ ਸੁੱਝ ਹੀ ਨਹੀਂ ਸੀ ਰਿਹਾ। ਤੇ ਇਹ ਠੀਕ ਹੀ ਹੋਇਆ, ਕਿਉਂਕਿ ਜੇ ਅਸੀਂ ਦੌੜ ਪੈਂਦੇ ਜਾਂ ਚੀਕਣ-ਕੂਕਣ ਲੱਗ ਪੈਂਦੇ ਤਾਂ ਹੋ ਸਕਦਾ ਸੀ ਬਘਿਆੜ ਉਤੇਜਤ ਹੋ ਕੇ ਹਮਲਾ ਹੀ ਕਰ ਦਿੰਦਾ। ਪਰ ਇਹ ਬਘਿਆੜ ਮਨੁੱਖ ਤੋਂ ਭੈਅ ਨਹੀਂ ਸੀ ਖਾਂਦਾ ਤੇ ਨਾ ਹੀ ਆਦਮਖੋਰ ਸੀ। ਉਹ ਹੌਲੀ-ਜਿਹੀ ਘੁਰਰਾਇਆ ਤੇ ਛਿਣ ਭਰ ਦੀ ਹਿਚਕ ਪਿੱਛੋਂ ਆਰਾਮ ਨਾਲ ਤੁਰਦਾ ਹੋਇਆ ਜੰਗਲ ਵਿਚ ਅਲੋਪ ਹੋ ਗਿਆ।
ਉਦੋਂ ਕਿਤੇ ਜਾ ਕੇ ਸਾਡੀ ਜਾਨ ਵਿਚ ਜਾਨ ਆਈ। ਦਲਜੀਤ ਭਰੜਾਈ ਆਵਾਜ਼ ਵਿਚ ਫੁਸਫੁਸਾਇਆ, “ਤੂੰ ਦੱਸਿਆ ਈ ਨਈਂ ਇੱਧਰ ਬਘਿਆੜ ਵੀ ਹੁੰਦੇ ਨੇ!”
“ਧਿਆਨ ਈ ਨਹੀਂ ਆਇਆ।” ਮੈਂ ਕਿਹਾ, ਤੇ ਇਹ ਸੱਚ ਵੀ ਸੀ, “ਇਧਰ ਬਹੁਤੇ ਬਘਿਆੜ ਨਹੀਂ ਹੁੰਦੇ...”
“ਇਕੋ ਕਾਫੀ ਸੀ,” ਦਲਜੀਤ ਬੋਲਿਆ, “ਪਿਛਾਂਹ ਮੁੜ ਚੱਲੀਏ ਜਾਂ ਅੱਗੇ ਵਧੀਏ?”
“ਅੱਗੇ। ਹਾਂ, ਨਦੀ 'ਚ ਫੇਰ ਹੱਥ-ਪੈਰ ਮਾਰਨ ਦੀ ਮੰਸ਼ਾ ਨਹੀਂ ਤਾਂ। ਵੈਸੇ, ਬਘਿਆੜ ਨੂੰ ਤਾਂ ਸਾਡੇ ਵਿਚ ਕੋਈ ਦਿਲਚਸਪੀ ਈ ਨਹੀਂ ਲੱਗੀ।”
“ਤਾਂ ਫੇਰ ਅੱਗੇ ਵਧ।” ਦਲਜੀਤ ਬੋਲਿਆ, ਤੇ ਅਸੀਂ ਅੱਗੇ ਅਗਨੀ-ਪਥ ਉੱਤੇ ਤੁਰ ਪਏ। ਇਸ ਪਿੱਛੋਂ ਕੋਈ ਜਾਨਵਰ ਨਹੀਂ ਮਿਲਿਆ। ਹਾਂ, ਕੁਝ ਸੁੰਦਰ ਮੋਰ ਜ਼ਰੂਰ ਦਿਖਾਈ ਦਿੱਤੇ, ਜਿਹੜੇ ਸਾਨੂੰ ਦੇਖਦੇ ਹੀ ਉੱਡ ਗਏ।
ਛੇਤੀ ਹੀ ਅਸੀਂ ਇਕ ਮੁੱਖ ਸੜਕ ਉੱਤੇ ਆ ਗਏ। ਦੋਵੇਂ ਪਾਸੇ ਖੇਤ-ਖਾਲੇ ਤੇ ਪਿੰਡ ਸਨ। ਪਹਾੜ ਵੱਲੋਂ ਆਉਣ ਵਾਲੀ ਠੰਢੀ ਹਵਾ ਵਗ ਰਹੀ ਸੀ। ਹਵਾ ਛੇੜਦੀ ਤਾਂ ਖੇਤਾਂ ਵਿਚ ਖੜ੍ਹੀ ਗੰਨੇ ਦੀ ਫਸਲ ਹੌਲੀ-ਹੌਲੀ ਝੂੰਮਣ ਲੱਗ ਪੈਂਦੀ। ਸੜਕ ਉੱਤੇ ਤੇਜ਼ ਹਵਾ ਕਾਰਨ ਸਾਡੇ ਚਾਰੇ-ਪਾਸੇ ਧੂੜ ਦੇ ਵਰੋਲੇ ਜਿਹੇ ਉੱਡ ਰਹੇ ਸਨ। ਉਦੋਂ ਹੀ ਪਿੱਛੇ ਉੱਡਦੀ ਧੂੜ ਵਿਚ ਬਲ੍ਹਦ-ਗੱਡੇ ਦੇ ਪਹੀਆਂ ਦੀ ਚੂੰ-ਚੂੰ ਸੁਣਾਈ ਦਿੱਤੀ।
“ਹੋ! ਹਾਅ, ਹਿਆ!” ਗੱਡੇ ਵਾਲਾ ਉੱਚੀ-ਉੱਚੀ ਬੋਲਦਾ ਆ ਰਿਹਾ ਸੀ। ਬਲ੍ਹਦ ਨਾਸਾਂ ਵਿਚੋਂ ਹਵਾ ਛੱਡਦੇ ਹੋਏ ਧੂੜ ਦੇ ਗੁਬਾਰ ਵਿਚੋਂ ਪਰਗਟ ਹੋਏ। ਅਸੀਂ ਸੜਕ ਦੇ ਇਕ ਪਾਸੇ ਖੜ੍ਹੇ ਹੋ ਗਏ।
“ਰਾਏ ਵਾਲਾ ਜਾ ਰਹੇ ਓਂ?” ਦਲਜੀਤ ਨੇ ਪੁੱਛਿਆ, “ਸਾਨੂੰ ਲੈ ਚੱਲੋਂਗੇ?”
“ਆ ਜਾਓ।” ਗੱਡੇ ਵਾਲੇ ਨੇ ਕਿਹਾ, ਤੇ ਅਸੀਂ ਧੂੜ ਵਿਚ ਪੈਰ ਰਗੜਦੇ ਹੋਏ ਭੱਜੇ ਤੇ ਚੱਲਦੇ ਗੱਡੇ ਉੱਤੇ ਚੜ੍ਹ ਗਏ।
ਬਲ੍ਹਦ ਗੱਡਾ ਖੜ-ਖੜ ਕਰਦਾ ਤੇ ਹਿਲੋਰੇ ਖਾਂਦਾ ਜਾ ਰਿਹਾ ਸੀ। ਅਸੀਂ ਦੋਵਾਂ ਪਾਸਿਓਂ ਗੱਡੇ ਨੂੰ ਕੱਸ ਕੇ ਫੜ੍ਹਿਆ ਹੋਇਆ ਸੀ, ਤਾਕਿ ਡਿੱਗ ਨਾ ਪਈਏ। ਬਲ੍ਹਦ ਗੱਡੇ ਵਿਚੋਂ ਘਾਹ, ਪੁਦੀਨੇ ਤੇ ਪਾਥੀਆਂ ਦੀ ਬੂ ਆ ਰਹੀ ਸੀ। ਗੱਡੇ ਵਾਲੇ ਦੇ ਸਿਰ ਉੱਤੇ ਲਾਲ ਕੱਪੜਾ ਬੱਧਾ ਸੀ ਤੇ ਸਰੀਰ ਉੱਤੇ ਚੁਸਤ ਬੰਡੀ ਤੇ ਧੋਤੀ ਸੀ। ਉਹ ਬੀੜੀ ਪੀ ਰਿਹਾ ਸੀ ਤੇ ਬਲ੍ਹਦਾਂ ਨੂੰ ਉੱਚੀ ਆਵਾਜ਼ ਵਿਚ ਹੱਕਦਾ ਲਈ ਜਾ ਰਿਹਾ ਸੀ। ਇੰਜ ਜਾਪਦਾ ਸੀ, ਉਸ ਸਾਡੀ ਮੌਜੂਦਗੀ ਤੋਂ ਯਕਦਮ ਲਾਪ੍ਰਵਾਹ ਹੋ ਗਿਆ ਹੈ। ਅਸੀਂ ਬਲ੍ਹਦ ਗੱਡੇ ਨਾਲ ਇੰਜ ਚਿਪਕੇ ਹੋਏ ਸੀ ਕਿ ਗੱਲਬਾਤ ਕਰਨ ਦੀ ਸੁੱਝ ਹੀ ਨਹੀਂ ਸੀ ਰਹੀ। ਜਲਦੀ ਹੀ ਅਸੀਂ ਰਾਏ ਵਾਲਾ ਦੇ ਭੀੜ ਭਰੇ ਵਾਤਾਵਰਨ ਵਿਚ ਪਹੁੰਚ ਗਏ। ਰਾਏ ਵਾਲਾ ਸੀ ਤਾਂ ਛੋਟਾ ਜਿਹਾ ਕਸਬਾ, ਪਰ ਮੰਡੀ ਵੱਡੀ ਸੀ। ਅਸੀਂ ਬਲ੍ਹਦ ਗੱਡੇ ਵਿਚੋਂ ਛਾਲਾਂ ਮਾਰ ਕੇ ਉੱਤਰੇ ਤੇ ਉਸਦੇ ਨਾਲ-ਨਾਲ ਤੁਰਨ ਲੱਗ ਪਏ।
“ਇਸ ਨੂੰ ਕੁਛ ਪੈਸੇ ਦੇਈਏ?” ਮੈਂ ਪੁੱਛਿਆ।
“ਨਈਂ, ਬੁਰਾ ਮੰਨ ਜਾਏਗਾ। ਇਹ ਕੋਈ ਟੈਕਸੀ-ਡਰਾਈਵਰ ਨਈਂ।”
“ਤਾਂ ਠੀਕ ਏ, ਸਿਰਫ਼ ਧੰਨਵਾਦ ਈ ਕਰ ਦੇਂਦੇ ਆਂ।”
ਅਸੀਂ ਉੱਚੀ ਆਵਾਜ਼ ਵਿਚ ਗੱਡੇ ਵਾਲੇ ਦਾ ਧੰਨਵਾਦ ਕੀਤਾ, ਪਰ ਉਸਨੇ ਮੁੜ ਕੇ ਦੇਖਿਆ ਤਕ ਨਹੀਂ। ਲੱਗਦਾ ਸੀ, ਉਹ ਆਪਣੇ ਬਲ੍ਹਦਾਂ ਨਾਲ ਗੱਲਾਂ ਕਰਦਾ ਜਾ ਰਿਹਾ ਸੀ।
“ਮੈਨੂੰ ਭੁੱਖ ਲੱਗੀ ਏ।” ਦਲਜੀਤ ਬੋਲਿਆ, “ਰਾਤ ਦਾ ਅਸੀਂ ਢੰਗ ਨਾਲ ਖਾਣਾ ਵੀ ਨਈਂ ਖਾਧਾ।”
“ਤਾਂ ਕਿਤੇ ਬੈਠ ਕੇ ਖਾਂਦੇ ਆਂ।” ਮੈਂ ਕਿਹਾ, “ਚੱਲ।”
ਰਾਏ ਵਾਲਾ ਦੇ ਬਾਜ਼ਾਰ ਵਿਚੋਂ ਲੰਘਦੇ ਹੋਏ ਅਸੀਂ ਚਾਹ ਤੇ ਮਠਿਆਈ ਵਾਲੀਆਂ ਦੁਕਾਨਾਂ ਦੇਖੇ ਜਾ ਰਹੇ ਸੀ। ਇਕ ਜਗ੍ਹਾ ਅਸੀਂ ਸਸਤਾ ਜਿਹਾ ਢਾਬਾ ਲੱਭ ਲਿਆ। ਇਕ ਮੁੰਡੂ ਸਾਡੇ ਸਾਹਵੇਂ ਦਾਲ-ਚੌਲ ਰੱਖ ਗਿਆ। ਦਲਜੀਤ ਨੇ ਘਿਓ ਮੰਗਵਾਇਆ ਤੇ ਦਾਲ ਵਿਚ ਪਾ ਲਿਆ। ਇਕ ਖਾਣੇ ਦੀ ਕੀਮਤ ਦੋ ਰੁਪਏ ਸੀ, ਪਰ ਦਾਲ ਅਸੀਂ ਜਿੰਨੀ ਮਰਜ਼ੀ ਲੈ ਸਕਦੇ ਸੀ, ਇਸ ਲਈ ਦੋਵੇਂ ਰਲ ਕੇ ਅਸੀਂ ਚਾਰ ਪਲੇਟਾਂ ਦਾਲ ਦੀਆਂ ਖਾ ਗਏ।
“ਹੁਣ ਸਟੇਸ਼ਨ 'ਤੇ ਚੱਲ ਕੇ ਆਰਾਮ ਕਰਦੇ ਆਂ।” ਢਾਬੇ ਵਿਚੋਂ ਨਿਕਲਦਿਆਂ ਹੋਇਆਂ ਮੈਂ ਕਿਹਾ, “ਲਵਾਂਗੇ ਸੈਕੰਡ ਕਲਾਸ ਦੇ ਟਿਕਟ ਤੇ ਆਰਾਮ ਕਰਾਂਗੇ ਫਸਟ ਕਲਾਸ ਦੇ ਵੇਟਿੰਗ ਰੂਮ 'ਚ। ਕੋਈ ਚੈਕ ਕਰਨ ਨਹੀਂ ਆਵੇਗਾ। ਅਸੀਂ ਫਸਟ ਕਲਾਸ ਵਾਲੇ ਨਹੀਂ ਲੱਗਦੇ, ਕਿਓਂ?”
“ਜੰਗਲ 'ਚ ਮਾਰੇ-ਮਾਰੇ ਫਿਰਨ ਪਿੱਛੋਂ ਇਸ ਹਾਲਤ 'ਚ ਨਈਂ।” ਦਲਜੀਤ ਬੋਲਿਆ।
ਅਸੀਂ ਸਟੇਸ਼ਨ ਪਹੁੰਚੇ ਤੇ ਸਭ ਤੋਂ ਵਧੀਆ ਵੇਟਿੰਗ ਰੂਮ ਵਿਚ ਜਚ ਗਏ। ਦਲਜੀਤ ਚੈਨ ਨਾਲ ਆਰਾਮ ਕੁਰਸੀ ਵਿਚ ਧਸ ਗਿਆ।
“ਰੇਲਗੱਡੀ ਆਵੇ ਤਾਂ ਮੈਨੂੰ ਜਗਾਅ ਦਵੀਂ।” ਉਹ ਅਲਸਾਈ ਜਿਹੀ ਆਵਾਜ਼ ਵਿਚ ਬੋਲਿਆ।
ਸਾਨੂੰ ਬਹੁਤੀ ਦੇਰ ਉਡੀਕ ਨਹੀਂ ਕਰਨੀ ਪਈ। ਮੈਂ ਦਰਵਾਜ਼ੇ ਨਾਲ ਢੋਅ ਲਾਈ ਖੜ੍ਹਾ ਸਾਹਮਣੇ ਰੇਲ ਪਟੜੀ ਵੱਲ ਦੇਖ ਰਿਹਾ ਸੀ ਕਿ ਆਉਂਦੀ ਹੋਈ ਰੇਲਗੱਡੀ ਦੀ ਵਿਸਲ ਕੰਨਾਂ ਵਿਚ ਪਈ। ਰੇਲਗੱਡੀ ਹੌਲੀ-ਹੌਲੀ ਪਲੇਟਫਾਰਮ ਉੱਤੇ ਆਈ। ਫੁਕਾਰਦਾ ਹੋਇਆ ਦਿਓ ਵਰਗਾ ਇੰਜਨ ਖਾਸੀ ਭਾਫ ਛੱਡ ਰਿਹਾ ਸੀ। ਪਲੇਟਫਾਰਮ ਉੱਤੇ ਅਫ਼ਰਾ-ਤਫਰੀ ਜਿਹੀ ਮੱਚ ਗਈ। ਰੇਲਗੱਡੀ ਦੇ ਆਉਂਦਿਆਂ ਹੀ ਲੋਕ ਦੌੜਨ-ਭੱਜਣ ਲੱਗੇ। ਇਸਦੇ ਨਾਲ ਹੀ ਡੱਬਿਆਂ ਦੇ ਦਰਵਾਜ਼ੇ ਖੁੱਲ੍ਹੇ ਤੇ ਸਵਾਰੀਆਂ ਉਤਰਨ ਲੱਗੀਆਂ।
ਮੈਂ ਦਲਜੀਤ ਨੂੰ ਜਗਾਉਣ ਲਈ ਝੰਜੋੜਿਆ ਤੇ ਅਸੀਂ ਦੌੜ ਕੇ ਪਲੇਟਫਾਰਮ ਉੱਤੇ ਆ ਗਏ ਤੇ ਭੀੜ ਵਿਚ ਸ਼ਾਮਲ ਹੋ ਗਏ। ਔਰਤਾਂ, ਮਰਦ, ਬੱਚੇ, ਸਭ ਧੱਕਮ-ਧੱਕੀ ਹੋ ਰਹੇ ਸਨ। ਕੁਝ ਚਿਰ ਲਈ ਨਾ ਤਾਂ ਕੋਈ ਡੱਬੇ ਵਿਚ ਵੜ ਸਕਿਆ ਸੀ ਤੇ ਨਾ ਕੋਈ ਅੰਦਰੋਂ ਉਤਰ ਸਕਿਆ। ਲੋਕਾਂ ਦੇ ਸਿਰਾਂ ਉੱਤੋਂ ਗੰਢੜੀਆਂ-ਪੋਟਲੀਆਂ ਅੰਦਰ ਸੁੱਟੀਆਂ ਜਾ ਰਹੀਆਂ ਸਨ। ਕਈ ਨੌਜਵਾਨ ਖਿੜਕੀਆਂ ਦੇ ਰਸਤੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਸਿਰ ਅੰਦਰ ਕਰਨ ਪਿੱਛੋਂ ਕੋਈ ਉਹਨਾਂ ਨੂੰ ਧੱਕਾ ਲਾ ਰਿਹਾ ਸੀ। ਆਪੋ-ਆਪਣੀਆਂ ਗੰਢੜੀਆਂ ਨੂੰ ਛਾਤੀ ਨਾਲ ਲਾਈ ਅਸੀਂ ਦੋਵੇਂ ਇਸ ਧੱਕਮ-ਧੱਕੀ ਵਿਚ ਫਸ ਗਏ ਸੀ ਤੇ ਇਸੇ ਧੱਕਮ-ਧੱਕੀ ਵਿਚ ਡੱਬੇ ਦੇ ਅੰਦਰ ਪਹੁੰਚ ਗਏ ਸੀ।
ਜਦੋਂ ਤਕ ਅਸੀਂ ਇਕ ਕੋਨੇ ਵਾਲੀ ਸੀਟ ਉੱਤੇ ਜਾ ਕੇ ਬੈਠੇ, ਰੇਲਗੱਡੀ ਤੁਰ ਪਈ। ਇਕ ਦੋ ਜਣੇ ਹੁਣ ਵੀ ਦਰਵਾਜ਼ਿਆਂ ਤੇ ਖਿੜਕੀਆਂ ਵਿਚ ਲਟਕ ਰਹੇ ਸਨ, ਫੇਰ ਮੌਕਾ ਮਿਲਦਿਆਂ ਹੀ ਅੰਦਰ ਸਰਕ ਆਏ।
ਮੈਂ ਖਿੜਕੀ ਦੇ ਨੇੜੇ ਬੈਠਾ ਸੀ। ਜਦੋਂ ਰੇਲਗੱਡੀ ਨੇ ਰਫ਼ਤਾਰ ਫੜ੍ਹੀ ਤੇ ਤੇਜ਼ੀ ਨਾਲ ਪਿੱਛੇ ਰਹਿੰਦੇ ਅੰਬ ਦੇ ਬਗੀਚੇ, ਪਿੰਡ ਤੇ ਤਾਰਾਂ ਵਾਲੇ ਖੰਭੇ ਆਪਸ ਵਿਚ ਗਡਮਡ ਹੋਣ ਲੱਗੇ, ਤਾਂ ਕਿਤੇ ਜਾ ਕੇ ਮੈਂ ਮਹਿਸੂਸ ਕੀਤਾ ਕਿ ਹੁਣ ਅਸੀਂ ਸੱਚਮੁੱਚ ਆਪਣੇ ਨਿਸ਼ਾਨੇ ਵੱਲ ਚੱਲ ਪਏ ਹਾਂ—ਕਿਸੇ ਰਹੱਸਮਈ ਤੇ ਅਗਿਆਤ ਸਥਾਨ ਵੱਲ। ਮੈਂ ਜੋਸ਼ ਵਿਚ ਆ ਕੇ ਦਲਜੀਤ ਦੀ ਬਾਂਹ ਫੜ੍ਹ ਲਈ।
“ਅਸੀਂ ਆਪਣੇ ਨਿਸ਼ਾਨੇ ਵੱਲ ਜਾ ਰਹੇ ਆਂ।” ਮੈਂ ਕਿਹਾ।
“ਇਹ ਤਾਂ ਹੈ ਈ।” ਦਲਜੀਤ ਨੇ ਇਹ ਕਹਿੰਦਿਆਂ ਹੋਇਆਂ ਆਪਣਾ ਝੋਲਾ ਇਕ ਮੋਟੇ ਮੁਸਾਫ਼ਰ ਦੇ ਹੇਠੋਂ ਖਿੱਚ ਕੇ ਕੱਢਣਾ ਚਾਇਆ, ਜਿਹੜਾ ਇਸ ਸਾਰੀ ਮਾਰਾਮਾਰੀ ਤੇ ਧੱਕਮ-ਧੱਕੇ ਵਿਚ ਉਸ ਉੱਤੇ ਪਸਰ ਕੇ ਸੌਂ ਗਿਆ ਸੀ।
ਪਰ ਦਲਜੀਤ ਮੇਰਾ ਮੰਸ਼ਾ ਸਮਝ ਗਿਆ ਸੀ। ਆਪਣਾ ਝੋਲਾ ਚੁੱਕਣ ਪਿੱਛੋਂ ਉਹ ਮੇਰੇ ਵੱਲ ਦੇਖ ਕੇ ਨਿੰਮ੍ਹਾ ਜਿਹਾ ਮੁਸਕਰਾਇਆ ਤੇ ਉਤੇਜਨਾ ਵੱਸ ਉਸਦੀਆਂ ਅੱਖਾਂ ਚਮਕਣ ਲੱਗ ਪਈਆਂ।

5. ਵਾਲ-ਵਾਲ ਬਚੇ

ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਉੱਤੇ ਅਸੀਂ ਇਸ ਤਰ੍ਹਾਂ ਰੇਲਗੱਡੀ ਵਿਚੋਂ ਉਤਰੇ ਜਿਵੇਂ ਸ਼ਰੀਫ਼ ਲੋਕ ਉਤਰਦੇ ਨੇ—ਫੇਰ ਬੜੀ ਮੜਕ ਨਾਲ ਬਾਹਰ ਨਿਕਲਣ ਵਾਲੇ ਗੇਟ ਵੱਲ ਤੁਰ ਪਏ। ਅਸੀਂ ਇਹ ਸੋਚ-ਸੋਚ ਕੇ ਖ਼ੁਸ਼ ਹੋ ਰਹੇ ਸੀ ਕਿ ਹੁਣ ਟਿਕਟ ਕਲੈਕਟਰ ਨੂੰ ਆਪਣੇ ਟਿਕਟ ਫੜਾ ਕੇ ਬਾਹਰ ਨਿਕਲ ਜਾਵਾਂਗੇ। ਭੀੜ ਦਾ ਕੋਈ ਅੰਤ ਨਹੀਂ ਸੀ ਤੇ ਲੋਕ ਬੜੀ ਹੌਲੀ-ਹੌਲੀ ਤੁਰ ਰਹੇ ਸਨ। ਇਹ ਵੀ ਚੰਗਾ ਹੀ ਹੋਇਆ, ਕਿਉਂਕਿ ਅਸੀਂ ਗੇਟ ਤੋਂ ਕੋਈ ਤੀਹ ਕੁ ਫੁੱਟ ਦੇ ਫ਼ਾਸਲੇ ਉੱਤੇ ਹੀ ਸੀ ਕਿ ਯਕਦਮ ਮੇਰੀ ਨਜ਼ਰ ਹਿਸਾਬ ਦੇ ਅਧਿਆਪਕ ਮਿਸਟਰ ਜੈਨ ਉੱਤੇ ਪਈ, ਜਿਹੜੇ ਟਿਕਟ ਕਲੈਕਟਰ ਕੋਲ ਖੜ੍ਹੇ ਗੱਲ ਕਰ ਰਹੇ ਸਨ।
ਅਰੁੰਡੇਲ ਵਿਚ ਜਿੰਨੇ ਵੀ ਅਧਿਆਪਕ ਸਨ, ਮਿਸਟਰ ਜੈਨ ਉਹਨਾਂ ਵਿਚੋਂ ਸਭ ਤੋਂ ਯੋਗ ਸਨ। ਤੇ ਇਹ ਸਪਸ਼ਟ ਸੀ ਕਿ ਉਹਨਾਂ ਨੂੰ ਸਾਡੇ ਲਈ ਹੀ ਭੇਜਿਆ ਗਿਆ ਸੀ। ਮਿਸਟਰ ਜੈਨ ਬਿਲਕੁਲ ਗੋਲ-ਮਟੋਲ ਸਨ, ਤੇ ਐਨਕ ਵੀ ਲਾਉਂਦੇ ਸਨ। ਪਰ ਸਨ ਬੜੇ ਚਤੁਰ, ਤੇ ਜਾਣਦੇ ਸਨ ਕਿ ਅਸੀਂ ਕਿੱਥੇ ਫੜ੍ਹੇ ਜਾ ਸਕਦੇ ਹਾਂ। ਇਸ ਲਈ ਸਾਡੀ ਖ਼ੈਰ ਇਸੇ ਵਿਚ ਸੀ ਕਿ ਅਸੀਂ ਗੇਟ ਵੱਲ ਨਾ ਜਾ ਕੇ ਦੂਜੇ ਪਾਸੇ ਭੱਜਦੇ।
“ਇੱਥੋਂ ਭੱਜ ਲੈ,” ਦਲਜੀਤ ਨੂੰ ਫੜਦਿਆਂ ਹੋਇਆਂ ਮੈਂ ਤਿੱਖੀ ਆਵਾਜ਼ ਵਿਚ ਫੁਸਫੁਸਾਇਆ।
“ਕਿਓਂ?” ਦਲਜੀਤ ਨੇ ਪੁੱਛਿਆ। ਉਸਨੇ ਮਿਸਟਰ ਜੈਨ ਨੂੰ ਨਹੀਂ ਸੀ ਦੇਖਿਆ।
“ਦੇਖ ਨਹੀਂ ਰਿਹਾ?” ਮੈਂ ਕਿਹਾ, “ਟਿਕਟ ਕਲੈਕਟਰ ਕੋਲ ਕੌਣ ਖੜ੍ਹਾ ਏ?”
ਉੱਥੋਂ ਭੱਜਣ ਦੀ ਅਫਰਾ-ਤਫਰੀ ਵਿਚ ਦਲਜੀਤ ਠੋਕਰ ਖਾ ਕੇ ਡਿੱਗਦਾ-ਡਿੱਗਦਾ ਬਚਿਆ। ਭੀੜ ਗੇਟ ਵੱਲ ਧੱਕ ਰਹੀ ਸੀ ਤੇ ਅਸੀਂ ਆਉਣ ਵਾਲੀ ਭੀੜ ਦੀ ਕੰਧ ਨੂੰ ਚੀਰ ਕੇ ਰਫ਼ੂਚੱਕਰ ਹੋ ਜਾਣਾ ਚਾਹੁੰਦੇ ਸੀ। ਪਰ ਰਸਤਾ ਨਹੀਂ ਸੀ ਮਿਲ ਰਿਹਾ। ਉਦੋਂ ਹੀ ਮਿਸਟਰ ਜੈਨ ਨੇ ਸਾਨੂੰ ਦੇਖ ਲਿਆ ਤੇ ਉਹਨਾਂ ਦੀ ਦਹਾੜ ਸਾਡੇ ਕੰਨਾਂ ਵਿਚ ਪਈ।
“ਮੁੰਡਿਓ, ਏਧਰ ਆਓ! ਰਸਟੀ! ਦਲਜੀਤ!”
ਆਪਣੇ ਅਧਿਆਪਕ ਦਾ ਇਹ ਜਾਣਿਆਂ-ਪਛਾਣਿਆਂ ਸੁਰ ਸੁਣ ਕੇ ਇਕ ਵਾਰੀ ਤਾਂ ਮੈਂ ਉਹਨਾਂ ਦੀ ਆਗਿਆ ਪਾਲਨ ਕਰਨ ਲਈ ਅਟਕਿਆ। ਪਰ ਅਗਲੇ ਛਿਣ ਹੀ ਮੇਰੀਆਂ ਅੱਖਾਂ ਸਾਹਮਣੇ ਕਲਾਸ ਰੂਮ, ਡਾਰਮਿਟਰੀ ਤੇ ਪ੍ਰਿੰਸੀਪਲ ਦਾ ਚੂਹੇ ਵਰਗੀਆਂ ਮੁੱਛਾਂ ਵਾਲਾ ਮਨਹੂਸ ਚਿਹਰਾ ਘੁੰਮ ਗਿਆ, ਜਿਸ ਨਾਲ ਮੈਨੂੰ ਸਖ਼ਤ ਨਫ਼ਰਤ ਸੀ। ਬਸ, ਮੈਂ ਉੱਥੋਂ ਸਿਰ ਉੱਤੇ ਪੈਰ ਰੱਖ ਕੇ ਭੱਜਣ ਦਾ ਫ਼ੈਸਲਾ ਕੀਤਾ। ਮੈਂ ਚਾਹੁੰਦਾ ਸੀ ਕਿ ਮੈਂ ਦੌੜਦਾ ਜਾਵਾਂ, ਦੌੜਦਾ ਜਾਵਾਂ ਤੇ ਉਦੋਂ ਤੱਕ ਦੌੜਦਾ ਰਹਾਂ ਜਦੋਂ ਤਕ ਕਿ ਮੈਂ ਸਮੁੰਦਰ ਕੰਢੇ ਆਪਣੇ ਚਾਚਾ ਜੀ ਦੇ ਜਹਾਜ਼ ਤਕ ਨਾ ਪਹੁੰਚ ਜਾਵਾਂ।
ਦਲਜੀਤ ਨੇ ਤਾਂ ਇਕ ਛਿਣ ਦੇ ਲਈ ਵੀ ਅੱਗਾ-ਪਿੱਛਾ ਨਹੀਂ ਸੀ ਦੇਖਿਆ। ਯਕਦਮ ਭੱਜਿਆ ਤੇ ਇਕ ਲੰਮੇ-ਤਕੜੇ ਜੱਟ ਕਿਸਾਨ ਦੀਆਂ ਲੱਤਾਂ ਵਿਚੋਂ ਨਿਕਲ ਗਿਆ। ਉਸਦੀ ਪੱਗ ਡਿੱਗਦੀ-ਡਿੱਗਦੀ ਮਸੀਂ ਬਚੀ। ਮੈਂ ਵੀ ਸਾਹਮਣਿਓਂ ਆ ਰਹੀਆਂ ਦੋ ਮੋਟੀਆਂ ਪੰਜਾਬੀ ਔਰਤਾਂ ਵਿਚਕਾਰੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਅਜੇ ਉਹਨਾਂ ਦੇ ਵਿਚਕਾਰੋਂ ਨਿਕਲ ਵੀ ਨਹੀਂ ਸੀ ਸਕਿਆ ਕਿ ਦੋਵੇਂ ਔਰਤਾਂ ਇਕ ਦੂਜੀ ਨਾਲ ਭਿੜ ਗਈਆਂ ਤੇ ਸਾਡੀਆਂ ਲੱਤਾਂ ਬਾਹਾਂ ਉਲਝ ਗਈਆਂ। ਮਿਸਟਰ ਜੈਨ ਐਨ ਮੇਰੇ ਪਿੱਛੇ ਸਨ। ਤੇ ਉਦੋਂ ਹੀ ਇਕ ਕੁਲੀ, ਮਿਸਟਰ ਜੈਨ ਨਾਲ ਟਕਰਾ ਗਿਆ।
ਮਿਸਟਰ ਜੈਨ ਲੁੜਕੇ ਤੇ ਉਹਨਾਂ ਦੀ ਐਨਕ ਡਿੱਗ ਪਈ। ਮੈਂ ਵੀ ਕਿਸੇ ਤਰ੍ਹਾਂ ਉਹਨਾਂ ਔਰਤਾਂ ਤੋਂ ਆਪਣੇ-ਆਪ ਨੂੰ ਛੁਡਾਅ ਕੇ ਦਲਜੀਤ ਦੇ ਪਿੱਛੇ ਭੱਜਿਆ। ਦਲਜੀਤ ਕਾਫੀ ਅੱਗੇ ਨਿਕਲ ਗਿਆ ਸੀ ਤੇ ਭੀੜ ਵਿਚ ਰਸਤਾ ਬਣਾਉਣ ਲਈ ਧੱਕਾ-ਮੁੱਕੀ ਕਰਦਾ ਜਾ ਰਿਹਾ ਸੀ।
ਇਕ ਵਾਰੀ ਉਹ ਰੁਕਿਆ, ਇਹ ਦੇਖਣ ਲਈ ਕਿ ਕਿਤੇ ਮੈਂ ਫੜ੍ਹਿਆ ਤਾਂ ਨਹੀਂ ਗਿਆ, ਤੇ ਫੇਰ ਕੂਕਿਆ, “ਆ ਜਾ, ਰਸਟੀ! ਰੇਲ-ਪਟਰੀ ਦੇ ਉਸ ਪਾਰ!”
ਫੇਰ ਇਕ ਪਲੇਟਫਾਰਮ ਤੋਂ ਛਾਲ ਮਾਰ ਕੇ ਇਕ ਖੜ੍ਹੀ ਗੱਡੀ ਦੇ ਡੱਬਿਆਂ ਵਿਚਕਾਰੋਂ ਲੰਘ ਗਿਆ। ਮੈਂ ਨਾ ਚਾਹੁੰਦਾ ਹੋਇਆ ਵੀ ਉਸਦੇ ਪਿੱਛੇ ਭੱਜਿਆ। ਰੇਲ-ਪਟਰੀਆਂ ਪਾਰ ਕਰਨ ਬਾਰੇ ਹਮੇਸ਼ਾ ਮੇਰੇ ਮਨ ਵਿਚ ਇਕ ਅੰਧ-ਵਿਸ਼ਵਾਸ, ਇਕ ਡਰ-ਜਿਹਾ ਭਾਰੂ ਰਹਿੰਦਾ ਹੈ ਤੇ ਰਾਤ ਨੂੰ ਅਕਸਰ ਸੁਪਨਾ ਦੇਖਦਾ ਹਾਂ ਕਿ ਮੈਂ ਰੇਲ-ਪਟਰੀ ਉੱਤੇ ਅਪਾਹਜਾਂ ਵਾਂਗ ਬੇਵੱਸ ਤੇ ਮਜ਼ਬੂਰ ਹੋਇਆ ਪਿਆ ਹਾਂ (ਹਾਲਾਂਕਿ ਮੈਨੂੰ ਕਿਸੇ ਨੇ ਬੰਨ੍ਹ ਕੇ ਨਹੀਂ ਸੁੱਟਿਆ ਹੁੰਦਾ) ਤੇ ਭਾਫਾਂ ਛੱਡਦਾ ਰੇਲ ਦਾ ਇੰਜਨ ਗੱਜਦਾ-ਦਹਾੜਦਾ ਹੋਇਆ ਮੇਰੇ ਵੱਲ ਆ ਰਿਹਾ ਹੈ। ਇੰਜਨ ਜਦੋਂ ਲਗਭਗ ਮੈਥੋਂ ਤਿੰਨ ਫੁੱਟ ਦੇ ਫ਼ਾਸਲੇ ਉੱਤੇ ਰਹਿ ਜਾਂਦਾ ਹੈ ਤਾਂ ਹਮੇਸ਼ਾ ਮੇਰੀ ਅੱਖ ਖੁੱਲ੍ਹ ਜਾਂਦੀ ਹੈ। ਕਦੀ-ਕਦੀ ਹੈਰਾਨੀ ਨਾਲ ਸੋਚਦਾ ਹਾਂ ਕਿ ਜੇ ਅੰਤਮ ਛਿਣਾ ਵਿਚ ਮੇਰੀ ਅੱਖ ਨਾ ਖੁੱਲ੍ਹ ਗਈ ਹੁੰਦੀ, ਤਾਂ ਪਤਾ ਨਹੀਂ ਕੀ ਹੋ ਜਾਂਦਾ!
ਦਲਜੀਤ ਉਦੋਂ ਤਕ ਉਛਲਦਾ-ਕੁੱਦਦਾ ਹੋਇਆ ਰੇਲ-ਪਟਰੀਆਂ ਪਾਰ ਕਰ ਗਿਆ ਸੀ ਤੇ ਦੂਜੇ ਪਾਸੇ ਰੇਲਿੰਗ ਉੱਤੇ ਚੜ੍ਹ ਰਿਹਾ ਸੀ। ਮੈਂ ਪਹਿਲਾਂ ਖੱਬੇ, ਫੇਰ ਸੱਜੇ ਤੇ ਇਕ ਵਾਰੀ ਫੇਰ ਖੱਬੇ ਦੇਖਿਆ। ਪਰ੍ਹੇ ਇਕ ਸ਼ੰਟਿੰਗ ਇੰਜਨ ਆ ਰਿਹਾ ਸੀ, ਤੇ ਏਨਾ ਸਮਾਂ ਸੀ ਕਿ ਮੈਂ ਭੱਜ ਕੇ ਰੇਲ-ਪਟਰੀ ਪਾਰ ਕਰਕੇ ਦਲਜੀਤ ਕੋਲ ਪਹੁੰਚ ਜਾਵਾਂ। ਪਰ ਮੈਂ ਐਵੇਂ ਹੀ ਡਰ ਗਿਆ ਸੀ। ਮੇਰੇ ਮੱਥੇ ਤੇ ਹਥੇਲੀਆਂ ਨੂੰ ਪਸੀਨਾ ਆ ਗਿਆ ਸੀ।
“ਆ ਜਾ!” ਦਲਜੀਤ ਹੜਬੜੀ ਵਿਚ ਬੋਲਿਆ।
ਮੈਂ ਲੰਮਾਂ ਸਾਹ ਖਿੱਚਿਆ ਤੇ ਨੱਕ ਦੀ ਸੀਧ ਵਿਚ ਦੇਖਦਾ ਹੋਇਆ ਅਹੁਲ ਕੇ ਪਟਰੀਆਂ ਨੂੰ ਪਾਰ ਕਰਨ ਲੱਗਾ। ਮੈਂ ਏਨਾ ਘਬਰਾ ਗਿਆ ਸੀ ਕਿ ਅਚਾਨਕ ਠੋਕਰ ਖਾ ਕੇ ਪਟਰੀ ਉੱਤੇ ਡਿੱਗ ਪਿਆ। ਮੈਨੂੰ ਚੱਕਰ ਆ ਗਿਆ ਸੀ ਤੇ ਲੱਗਦਾ ਸੀ ਕਿ ਭੂਚਾਲ ਨਾਲ ਧਰਤੀ ਕੰਬ ਰਹੀ ਹੈ। ਕਿਤੇ ਇੰਜ ਤਾਂ ਨਹੀਂ ਕਿ ਮੇਰਾ ਸੁਪਨਾ ਸੱਚ ਹੋ ਰਿਹਾ ਹੈ? ਉਸ ਸਮੇਂ ਵੀ ਮੇਰੇ ਕੰਨਾਂ ਵਿਚ ਗੱਜਦੇ-ਦਹਾੜਦੇ ਇੰਜਨ ਦੀ ਆਵਾਜ਼ ਗੂੰਜ ਰਹੀ ਸੀ।
“ਆ ਜਾ, ਰਸਟੀ! ਉੱਠ ਖੜ੍ਹਾ ਹੋ!” ਦਲਜੀਤ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ। ਫੇਰ ਯਕਦਮ ਉਸਨੂੰ ਆਪਣੇ ਨੇੜੇ ਦੇਖ ਕੇ ਮੈਂ ਹੰਭਲਾ ਮਾਰਿਆ, ਕਿਉਂਕਿ ਉਹ ਮੇਰੀ ਬਾਂਹ ਖਿੱਚ ਰਿਹਾ ਸੀ।
ਉਸਦੀ ਮੌਜੂਦਗੀ ਨੇ ਮੇਰਾ ਹੌਸਲਾ ਵਧਾਇਆ। ਮੈਂ ਭੁੜਕ ਕੇ ਖੜ੍ਹਾ ਹੋ ਗਿਆ, ਝਪਟ ਕੇ ਆਪਣਾ ਝੋਲਾ ਚੁੱਕਿਆ ਤੇ ਉਸਦੇ ਨਾਲ ਕਿਨਾਰੇ ਵੱਲ ਭੱਜਿਆ। ਅੱਗੇ ਰਸਤੇ ਵਿਚ ਨਾਲੀਦਾਰ ਟੀਨ ਦੀ ਚਾਦਰ ਦੀ ਵਾੜ ਖੜ੍ਹੀ ਸੀ। ਉਸ ਲਗਭਗ ਦਸ ਫੁੱਟ ਉੱਚੀ ਕੰਧ ਉੱਤੇ ਕਿਤੇ ਵੀ ਪੈਰ ਫਸਾਅ ਕੇ ਚੜ੍ਹਨ ਦੀ ਜਗ੍ਹਾ ਨਹੀਂ ਸੀ। ਸੋ, ਅਸੀਂ ਵਾੜ ਦੇ ਨਾਲ-ਨਾਲ ਭੱਜਦੇ ਰਹੇ। ਥੋੜ੍ਹਾ ਅੱਗੇ ਇਕ ਮੋਰਾ-ਜਿਹਾ ਸੀ, ਜਿਸਦੇ ਉਸ ਪਾਰ ਮਾਲ ਗੱਡੀਆਂ ਦਾ ਯਾਰਡ ਸੀ।
ਉੱਥੋਂ ਇਕ ਫਿਰਕੀ-ਦਰਵਾਜ਼ਾ ਲੰਘ ਕੇ ਅਸੀਂ ਭੱਜੇ ਤੇ ਇਕ ਭੀੜੀ ਗਲੀ ਵਿਚ ਜਾ ਪਹੁੰਚੇ। ਉੱਥੋਂ ਲਗਭਗ ਦੌੜਦੇ ਹੋਏ ਹੀ ਅਸੀਂ ਭੀੜੀਆਂ ਗਲੀਆਂ-ਬਾਜ਼ਾਰਾਂ ਨੂੰ ਪਾਰ ਕਰਦੇ ਗਏ, ਜਿਹਨਾਂ ਵਿਚ ਛੋਟੀਆਂ-ਛੋਟੀਆਂ ਮਸਜਿਦਾਂ, ਮੰਦਰ, ਸਕੂਲ ਤੇ ਦੁਕਾਨਾਂ ਇਕ ਦੂਜੇ ਦੇ ਨਾਲੋ-ਨਾਲ ਢੁੱਕੀਆਂ ਖੜ੍ਹੀਆਂ ਸਨ। ਭੱਜਦੇ-ਭੱਜਦੇ ਅਸੀਂ ਇਕ ਖੁੱਲ੍ਹੇ ਰਸਤੇ ਉੱਤੇ ਜਾ ਨਿਕਲੇ, ਜਿੱਥੇ ਬੜੀ ਹੀ ਭੀੜ ਸੀ। ਆਉਂਦੀਆਂ-ਜਾਂਦੀਆਂ ਮੋਟਰ-ਗੱਡੀਆਂ, ਯੱਕਿਆਂ-ਟਾਂਗਿਆਂ ਵਾਲਿਆਂ ਨੇ ਕਾਂਵਾਂ-ਰੌਲੀ ਪਾਈ ਹੋਈ ਸੀ।
ਇਹ ਜਗ੍ਹਾ ਚਾਂਦਨੀ ਚੌਕ ਸੀ, ਜਿਹੜੀ ਦਿੱਲੀ ਦੇ ਇਤਿਹਾਸ ਪ੍ਰਸਿੱਧ ਸੁਨਿਆਰਾਂ-ਜੌਹਰੀਆਂ ਦੇ ਬਾਜ਼ਾਰ ਦੇ ਰੂਪ ਵਿਚ ਜਾਣੀ ਜਾਂਦੀ ਹੈ।

6. ਚਾਂਦਨੀ ਚੌਕ ਵਿਚ ਡੇਰਾ

ਚਾਂਦਨੀ ਚੌਕ ਵਿਚ ਖ਼ਰੀਦਦਾਰਾਂ, ਫੇਰੀ ਵਾਲਿਆਂ, ਮੁੰਸ਼ੀਆਂ, ਮੁੰਡੂਆਂ, ਸਾਧੂਆਂ, ਜੌਹਰੀਆਂ, ਨਾਈਆਂ ਤੇ ਜੇਬ ਕਤਰਿਆਂ ਦੀ ਭੀੜ ਵਿਚ ਅਸੀਂ ਆਪਣੇ-ਆਪ ਨੂੰ ਕਾਫੀ ਸੁਰੱਖਿਅਤ ਮਹਿਸੂਸ ਕਰ ਰਹੇ ਸੀ। ਨਗਰ ਵਿਚ ਪਹੁੰਚ ਕੇ ਕੋਈ ਆਦਮੀ ਆਸਾਨੀ ਨਾਲ ਗ਼ਾਇਬ ਹੋ ਸਕਦਾ ਹੈ। ਭਗੌੜੇ ਅਕਸਰ ਪਿੰਡਾਂ ਵਿਚ ਜਾ ਕੇ ਲੁਕਣ ਦੀ ਗ਼ਲਤੀ ਕਰਦੇ ਨੇ, ਜਿੱਥੇ ਅਜਨਬੀ ਹੋਣ ਕਰਕੇ ਜਲਦੀ ਹੀ ਨਜ਼ਰਾਂ ਵਿਚ ਆ ਜਾਂਦੇ ਨੇ। ਇਹ ਸਿਰਫ਼ ਸੰਯੋਗ ਹੀ ਸੀ ਕਿ ਅਸੀਂ ਦਿੱਲੀ ਵਿਚ ਸਭ ਤੋਂ ਸੁਰੱਖਿਅਤ ਜਗ੍ਹਾ ਪਹੁੰਚ ਗਏ ਸੀ।
ਇੱਥੇ ਟਾਂਗੇ, ਬਲ੍ਹਦ-ਗੱਡੀਆਂ, ਸਾਈਕਲਾਂ, ਰਿਕਸ਼ਿਆਂ ਤੇ ਨਵੀਆਂ-ਪੁਰਾਣੀਆਂ ਕਾਰਾਂ ਵਿਚ ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਦੌੜ ਲੱਗੀ ਹੋਈ ਸੀ। ਜਿਸ ਵਾਹਨ ਦੇ ਹਾਰਨ ਲੱਗਿਆ ਸੀ, ਉਹ ਉਸਨੂੰ ਵਜਾਉਣ ਤੋਂ ਹਟਦਾ ਹੀ ਨਹੀਂ ਸੀ। ਤੇ ਜਿਸ ਉੱਤੇ ਘੰਟੀ ਲੱਗੀ ਸੀ, ਉਹ ਉਸੇ ਨੂੰ ਵਜਾਉਣ ਤੋਂ ਬਾਅਜ ਨਹੀਂ ਸੀ ਆ ਰਿਹਾ। ਜਿਸ ਕਿਸੇ ਕੋਲ ਕੁਝ ਵੀ ਨਹੀਂ ਸੀ, ਉਹ ਆਪਣੇ ਗਲ਼ੇ ਦਾ ਭਰਪੂਰ ਇਸਤੇਮਾਲ ਕਰ ਰਿਹਾ ਸੀ।
ਅਸੀਂ ਇਕ ਮਠਿਆਈ ਵਾਲੀ ਦੁਕਾਨ ਵਿਚ ਵੜ ਗਏ। ਦਲਜੀਤ ਨੇ ਰੱਜ ਕੇ ਗੁਲਾਬ ਜਾਮਨਾਂ ਖਾਧੀਆਂ। ਮੈਂ ਥੋੜ੍ਹੀਆਂ ਕੁ ਸੁਨਹਿਰੀ ਜਲੇਬੀਆਂ ਖਾਧੀਆਂ।
ਉਦੋਂ ਹੀ ਅਚਾਨਕ ਮੀਂਹ ਵਰ੍ਹਣ ਲੱਗ ਪਿਆ। ਅਸੀਂ ਦੌੜ ਕੇ ਇਕ ਵਰਾਂਡੇ ਵਿਚ ਸ਼ਰਣ ਲਈ। ਜਦੋਂ ਮੀਂਹ ਨੇ ਜ਼ੋਰ ਫੜ੍ਹਿਆ ਲੋਕ ਭੱਜਦੇ ਦਿਖਾਈ ਦਿੱਤੇ। ਦੇਖਦੇ-ਦੇਖਦੇ ਹੀ ਸਾਰੀ ਭੀੜ ਛਟ ਗਈ। ਇਕ ਦੋ ਕਾਰਾਂ ਤੇਜ਼ ਵਗਦੇ ਪਾਣੀ ਵਿਚੋਂ ਲੰਘ ਗਈਆਂ। ਆਵਾਰਾ ਗਊਆਂ ਕੂੜੇ ਦੇ ਢੇਰਾਂ ਵਿਚ ਮੂੰਹ ਮਾਰ ਰਹੀਆਂ ਸਨ।
ਫੇਰ ਕੁਝ ਘੱਟ ਉਮਰ ਦੇ ਛੋਹਰਾਂ ਦਾ ਝੁੰਡ ਖੜਮਸਤੀਆਂ ਕਰਦਾ ਹੋਇਆ ਆਇਆ। ਸੜਕ ਹੜ੍ਹ ਆਈ ਨਦੀ ਵਾਂਗ ਲੱਗ ਰਹੀ ਸੀ। ਛੋਹਰ ਜਦੋਂ ਬਾਰਸ਼ ਦੇ ਪਾਣੀ ਨਾਲ ਭਰੀ ਨਾਲੀ ਕੋਲ ਪਹੁੰਚੇ ਤਾਂ ਉਸੇ ਵਿਚ ਕੁੱਦ ਪਏ ਤੇ ਮਸਤੀਆਂ ਮਾਰਦੇ ਹੋਏ ਹੂ-ਹੱਲਾ ਕਰਨ ਲੱਗੇ। ਗੇਂਦੇ ਦੇ ਫੁੱਲਾਂ ਦਾ ਇਕ ਹਾਰ ਸੜਕ ਦੇ ਐਨ ਵਿਚਕਾਰ ਤੈਰਦਾ ਹੋਇਆ ਨਜ਼ਰ ਆਇਆ।
ਤੇ ਫੇਰ ਮੀਂਹ ਯਕਦਮ ਬੰਦ ਹੋ ਗਿਆ। ਸੂਰਜ ਨਿਕਲ ਆਇਆ। ਕਾਗਜ਼ ਦੀ ਇਕ ਕਿਸ਼ਤੀ ਤੈਰਦੀ ਹੋਈ ਮੇਰੀਆਂ ਲੱਤਾਂ ਵਿਚੋਂ ਨਿਕਲ ਗਈ।
“ਹੁਣ ਕਿੱਥੇ ਚੱਲੀਏ?” ਦਲਜੀਤ ਬੋਲਿਆ, “ਸਟੇਸ਼ਨ ਤਾਂ ਸੁਰੱਖਿਅਤ ਜਗ੍ਹਾ ਨਈਂ।”
“ਕਿਸੇ ਦੂਜੇ ਰਸਤੇ ਤੋਂ ਦਿੱਲੀ ਵਿਚੋਂ ਨਿਕਲਣਾ ਪਵੇਗਾ। ਅਜੇ ਤਾਂ ਰਾਤ ਕੱਟਣ ਲਈ ਕੋਈ ਸਸਤਾ-ਜਿਹਾ ਹੋਟਲ ਲੱਭਦੇ ਆਂ।”
“ਓਇ ਹਾਂ। ਮੇਰੇ ਕੋਲ ਅਜੇ ਤੀਹ ਤੋਂ ਵੱਧ ਰੁਪਈਏ ਨੇ।” ਦਲਜੀਤ ਬੋਲਿਆ।
“ਮੇਰੇ ਦਸ ਰੁਪਏ ਰਲਾ ਕੇ ਵੀ ਤਾਂ ਦੋਵਾਂ ਲਈ ਕਾਫੀ ਨਹੀਂ ਹੋਣਗੇ। ਤੇ ਜੇ ਟਿਕਟਾਂ ਲੈਣੀਆਂ ਪਈਆਂ, ਫੇਰ ਤਾਂ ਬਿਲਕੁਲ ਈ ਨਹੀਂ।”
“ਅਸੀਂ ਟਿਕਟਾਂ ਲੈਂਦੇ ਈ ਨਈਂ।” ਦਲਜੀਤ ਬੋਲਿਆ।
ਹੋਟਲ ਲੱਭਣ ਵਿਚ ਸਾਨੂੰ ਬਹੁਤੀ ਦੇਰ ਨਹੀਂ ਲੱਗੀ। ਹੋਟਲ ਦਾ ਨਾਂ ਸੀ 'ਗਰੇਟ ਓਰੀਐਂਟਲ ਹੋਟਲ', ਜਿਹੜਾ ਐਨ ਪੁਲਿਸ ਸਟੇਸ਼ਨ ਦੇ ਪਿੱਛੇ ਸੀ। ਉਸਦੀ ਹਾਲਤ ਅਜਿਹੀ ਸੀ ਕਿ ਉਸਨੂੰ ਤੀਜੇ ਦਰਜੇ ਦਾ ਹੋਟਲ ਮੰਨਣ ਵਿਚ ਵੀ ਸੰਕੋਚ ਹੁੰਦਾ ਸੀ। ਪੰਜ ਰੁਪਈਆਂ ਵਿਚ ਸਾਨੂੰ ਪਿਛਲੇ ਪਾਸੇ ਵਾਲਾ ਇਕ ਕਮਰਾ ਮਿਲ ਗਿਆ। ਉਸਦੀ ਖਿੜਕੀ ਮਿਰਚ-ਮਸਾਲਿਆਂ ਦੇ ਕਿਸੇ ਅਫਗਾਨੀ ਵਪਾਰੀ ਦੇ ਗੋਦਾਮ ਵਿਚ ਖੁੱਲ੍ਹਦੀ ਸੀ ਤੇ ਹੇਠੋਂ ਦਾਲਾਨ ਵਿਚੋਂ ਹਿੰਗ ਦੀ ਜਬਰਦਸਤ ਬੂ ਆ ਰਹੀ ਸੀ।
ਅਸੀਂ ਥੱਕ ਕੇ ਚੂਰ ਹੋ ਗਏ ਸੀ। ਉਪਰੋਂ ਅੰਤਾਂ ਦੀ ਗਰਮੀ। ਆਪਣਾ ਸਾਮਾਨ ਅਸੀਂ ਫਰਸ਼ ਉੱਤੇ ਰੱਖ ਦਿੱਤਾ ਤੇ ਵਾਰੀ-ਵਾਰੀ ਗੁਸਲਖਾਨੇ ਦੀ ਟੂਟੀ ਹੇਠ ਬੈਠ ਕੇ ਖ਼ੂਬ ਨਹਾਤੇ। ਮੰਜਾ ਇਕੋ ਸੀ। ਉਸੇ ਉੱਤੇ ਦੋਵੇਂ ਪਸਰ ਗਏ ਤੇ ਦੁਪਹਿਰ ਬਾਅਦ ਤਕ ਇਸ ਤਰ੍ਹਾਂ ਘੋੜੇ ਵੇਚ ਕੇ ਸੁੱਤੇ ਕਿ ਨਾ ਸਾਨੂੰ ਬਾਜ਼ਾਰ ਦੇ ਰੌਲੇ-ਰੱਪੇ ਨੇ ਪਰੇਸ਼ਾਨ ਕੀਤਾ, ਨਾ ਹੋਟਲ ਦੇ ਗੱਦੇ ਦੇ ਪਿਸੂਆਂ ਤੇ ਮੱਛਰਾਂ ਦੇ ਲੜਣ ਦਾ ਪਤਾ ਲੱਗਾ ਤੇ ਨਾ ਛੱਤ ਦੇ ਪੱਖੇ ਦੀ ਕੀਂ-ਕੀਂ ਨੇ ਸਾਡੀ ਨੀਂਦ ਵਿਚ ਖਲਲ ਪਾਇਆ।
ਜਦੋਂ ਨੀਂਦ ਖੁੱਲ੍ਹੀ, ਤਾਂ ਸ਼ਾਮ ਹੋ ਚੁੱਕੀ ਸੀ। ਸਾਨੂੰ ਫੇਰ ਭੁੱਖ ਲੱਗ ਪਈ ਸੀ। ਦਲਜੀਤ ਨੇ ਦਰਵਾਜ਼ਾ ਖੋਲ੍ਹਿਆ ਤੇ ਚੀਕ ਕੇ ਆਵਾਜ਼ ਮਾਰੀ। ਇਕ ਨੌਕਰ ਦੌੜਦਾ ਹੋਇਆ ਆਇਆ।
“ਸਾਡੇ ਲਈ ਚਾਹ, ਟੋਸਟ, ਦੋ ਵੱਡੇ ਆਮਲੇਟ, ਤੇ ਚਟਨੀ ਦੀ ਬੋਤਲ ਲੈ ਕੇ ਆ, ਜਲਦੀ!” ਦਲਜੀਤ ਨੇ ਆਰਡਰ ਦਿੱਤਾ।
ਵੀਹ ਮਿੰਟ ਬਾਅਦ ਜਿਹੜੇ ਆਮਲੇਟ ਆਏ, ਉਹ ਬੜੇ ਛੋਟੇ ਸਨ। ਸਪਸ਼ਟ ਸੀ ਇਕ ਆਂਡੇ ਦੋ ਆਮਲੇਟ ਬਣਾਏ ਗਏ ਸਨ। ਸਾਸ ਵਿਚ ਪਾਣੀ ਪਾ ਕੇ ਉਸਨੂੰ ਪਤਲਾ ਕਰ ਲਿਆ ਗਿਆ ਸੀ। ਟੋਸਟ ਸੜੇ ਹੋਏ ਸਨ। ਲੂਣ ਗਿੱਲਾ ਸੀ, ਜਿਸਨੂੰ ਨਮਕਦਾਨੀ ਖੋਲ੍ਹ ਕੇ ਹੀ ਕੱਢਣਾ ਪਿਆ। ਹਾਂ, ਕਾਲੀ ਮਿਰਚ ਵਾਲੀ ਸ਼ੀਸ਼ੀ ਬਿਲਕੁਲ ਉਲਟ ਗਈ ਤੇ ਸਾਡੇ ਭੋਜਨ ਦਾ ਇਕ ਵੱਡਾ ਹਿੱਸਾ ਬਣੀ। ਕਿਉਂਕਿ ਅਜੇ ਸਾਡਾ ਢਿੱਡ ਨਹੀਂ ਸੀ ਭਰਿਆ, ਇਸ ਲਈ ਅਸੀਂ ਦੁਬਾਰਾ ਆਂਡਿਆਂ ਦਾ ਆਰਡਰ ਦਿੱਤਾ। ਪਰ ਇਸ ਵਾਰੀ ਅਸੀਂ ਉਬਲੇ ਆਂਡੇ ਮੰਗਵਾਏ। ਸੋਚਿਆ ਕਿ ਭਾਵੇਂ ਕਿੰਨੇ ਹੀ ਛੋਟੇ ਕਿਓਂ ਨਾ ਹੋਣ, ਹੋਣਗੇ ਤਾਂ ਪੂਰੇ ਹੀ ਨਾ!
“ਚੱਲ, ਬਾਹਰ ਚੱਲਦੇ ਆਂ,” ਦਲਜੀਤ ਬੋਲਿਆ, “ਏਥੇ ਬੜੀ ਘੁਟਨ ਏਂ।”
“ਮੈਨੂੰ ਨੀਂਦ ਆ ਰਹੀ ਏ।” ਮੈਂ ਕਿਹਾ।
“ਤਾਂ ਮੈਂ ਥੋੜ੍ਹੀ ਦੇਰ ਲਈ ਬਾਹਰ ਚੱਕਰ ਲਾ ਆਉਣਾ। ਗੁਰਦੁਆਰੇ ਵੀ ਜਾਵਾਂ ਸ਼ਾਇਦ।”
“ਠੀਕ ਏ, ਪਰ ਕਿਤੇ ਗਵਾਚ ਨਾ ਜਾਵੀਂ।”
ਦਲਜੀਤ ਬਾਹਰ ਨਿਕਲ ਗਿਆ ਤੇ ਮੈਂ ਮੰਜੇ ਉੱਤੇ ਬੈਠ ਕੇ ਰਵਿੰਦਰ ਨਾਥ ਠਾਕੁਰ ਦੀ ਕਿਤਾਬ 'ਦ ਗਾਰਡਨਰ' ਖੋਲ੍ਹ ਲਈ। ਪਰ ਬਹੁਤੀ ਦੇਰ ਪੜ੍ਹ ਨਾ ਸਕਿਆ, ਕਿਉਂਕਿ ਜਿਵੇਂ-ਜਿਵੇਂ ਸ਼ਾਮ ਢਲਦੀ ਜਾ ਰਹੀ ਸੀ, ਛੋਟੇ-ਛੋਟੇ ਕੀਟ-ਪਤੰਗੇ, ਹਰ ਸਾਲ ਦੀ ਗਰਮੀ ਵਾਂਗ, ਰਾਤ ਦੀ ਥੋੜ੍ਹੀ ਠੰਢੀ ਹਵਾ ਦਾ ਲਾਭ ਉਠਾਉਣ ਲਈ ਬਾਹਰ ਨਿਕਲ ਕੇ ਉੱਡਨ ਲੱਗ ਪਏ ਸਨ।
ਫੇਰ ਗਰਮੀ ਕਰਕੇ ਦੁਬਕੇ ਹੋਏ ਕੀੜੇ-ਮਕੌੜੇ, ਕੀੜੀਆਂ ਆਦਿ ਵੀ ਜ਼ਮੀਨ ਤੇ ਕੰਧਾਂ ਦੀਆਂ ਦਰਜਾਂ ਵਿਚੋਂ ਨਿਕਲ-ਨਿਕਲ ਬਾਹਰ ਆਉਣ ਲੱਗ ਪਏ। ਜਿੱਥੇ ਵੀ ਕੋਈ ਛੇਕ ਜਾਂ ਤਰੇੜ ਸੀ, ਉਸ ਵਿਚੋਂ ਵੱਡੇ-ਵੱਡੇ ਖੰਭਾਂ ਵਾਲੇ ਭਮੱਕੜ, ਆਪਣੇ ਜੀਵਨ ਦੀ ਪਹਿਲੀ ਤੇ ਅੰਤਮ ਉਡਾਨ ਭਰਨ ਲਈ, ਨਿਕਲੇ ਆ ਰਹੇ ਸਨ। ਪਹਿਲਾਂ ਉਹ ਆਪਣੇ ਖੰਭ ਫੜਫੜਾਉਂਦੇ ਹੋਏ ਇੱਧਰ-ਉੱਧਰ ਚੱਕਰ ਕਟਦੇ, ਫੇਰ ਚਾਨਣ ਵੱਲ ਜਾਣ ਲਈ, ਆਪਣੀ ਇਕੋਇਕ ਨਿਸ਼ਚਿਤ ਦਿਸ਼ਾ ਵਿਚ, ਯਾਨੀ ਕਿ ਸ਼ਹਿਰ ਭਰ ਦੇ ਬਿਜਲੀ ਦੇ ਖੰਭਿਆਂ ਤੇ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਦੀਵਿਆਂ-ਲਾਲਟੈਨਾਂ ਵੱਲ ਕੂਚ ਕਰ ਜਾਂਦੇ। ਸਾਡੇ ਕਮਰੇ ਦੇ ਨੇੜੇ ਵਾਲਾ ਬਿਜਲੀ ਦਾ ਖੰਭਾ ਭਮੱਕੜਾਂ ਦੇ ਇਕ ਵਿਸ਼ਾਲ ਝੁੰਡ ਦੇ ਆਕਰਖਣ ਦਾ ਕੇਂਦਰ ਬਣਿਆਂ ਹੋਇਆ ਸੀ। ਉੱਥੇ ਜਾ ਜੁੜੇ ਭਮੱਕੜਾਂ ਦੇ ਝੁੰਡ ਨੂੰ ਦੇਖ ਕੇ ਇੰਜ ਜਾਪਦਾ ਸੀ, ਜਿਵੇਂ ਕੋਈ ਵਿਸ਼ਾਲ ਕਾਇਆ ਹੌਲੀ-ਹੌਲੀ ਹਿੱਲ ਰਹੀ ਹੋਵੇ!
ਇਹ ਸਮਾਂ ਕਿਰਲੀਆਂ ਲਈ ਵੀ ਕਾਫੀ ਵਧੀਆ ਸੀ। ਇੰਜ ਜਾਪਦਾ ਸੀ ਜਿਵੇਂ ਹਫ਼ਤਿਆਂ ਬੱਧੀ ਉਡੀਕ ਕਰਨ ਪਿੱਛੋਂ, ਉਹ ਵੀ ਆਪਣੇ ਤੋਹਫ਼ੇ ਹਾਸਲ ਕਰਨ ਨਿਕਲ ਪਈਆਂ ਹੋਣ। ਉਹ ਆਪਣੀ ਲਿਜਲਿਜੀ ਗੁਲਾਬੀ ਜੀਭ ਲਪਕਾਉਂਦੀਆਂ ਹੋਈਆਂ, ਫੁਰਤੀ ਨਾਲ ਕੀਟ-ਪਤੰਗਾਂ ਨੂੰ ਚੱਟ ਕਰਦੀਆਂ ਜਾ ਰਹੀਆਂ ਸਨ। ਇਹ ਸੋਚਦੀਆਂ ਹੋਈਆਂ ਕਿ ਅਜਿਹੀ ਦਾਅਵਤ ਅਗਲੀਆਂ ਗਰਮੀਆਂ ਤੋਂ ਪਹਿਲਾਂ ਦੁਬਾਰਾ ਨਹੀਂ ਮਿਲਣ ਵਾਲੀ, ਉਹ ਘੰਟਿਆਂ ਬੱਧੀ ਆਪਣੇ ਢਿੱਡ ਤੁੰਨ-ਤੁੰਨ ਭਰਦੀਆਂ ਰਹੀਆਂ। ਗਰਮੀ ਦੇ ਮੌਸਮ ਦੇ ਸਾਰੇ ਕੀਟ-ਪਤੰਗੇ ਹਨੇਰੇ ਤੋਂ ਚਾਨਣ ਵੱਲ ਆਪਣੀ ਇਸ ਉਡਾਨ ਵਿਚ ਮਗਨ ਰਹਿੰਦੇ ਨੇ—ਆਜ਼ਾਦੀ ਹਾਸਲ ਕਰਨ ਦੀ ਇਸ ਕੋਸ਼ਿਸ਼ ਵਿਚ ਉਹਨਾਂ ਵਿਚੋਂ ਇਕ ਵੀ ਸਲਾਮਤ ਨਹੀਂ ਬਚਦਾ!
ਮੈਨੂੰ ਊਂਘ ਆਉਣ ਲੱਗ ਪਈ ਤੇ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਪਰ ਸ਼ਹਿਰ ਦੀ ਆਵਾਜਾਵੀ ਦਾ ਅਟੁੱਟ ਸ਼ੋਰ ਖਿੜਕੀ ਰਸਤੇ ਲਗਾਤਾਰ ਅੰਦਰ ਆ ਰਿਹਾ ਸੀ। ਜਹਾਜ਼ ਦੇ ਦੂਰ ਦੁਰਾਡੇ ਦੀ ਬੰਦਰਗਾਹ ਬੜੀ ਦੂਰ ਮਹਿਸੂਸ ਹੋਈ ਤੇ ਓਨੀ ਹੀ ਦੂਰ ਮਹਿਸੂਸ ਹੋਏ ਪਹਾੜ ਤੇ ਉਹਨਾਂ ਵਿਚੋਂ ਨਿਕਲਣ ਵਾਲੇ ਝਰਨੇ!
ਇਸੇ ਦੌਰਾਨ ਕਿਸੇ ਵੇਲੇ ਮੇਰੀ ਅੱਖ ਲੱਗ ਗਈ, ਜਿਹੜੀ ਦਲਜੀਤ ਦੇ ਆਉਣ ਤੋਂ ਪਿੱਛੋਂ ਹੀ ਖੁੱਲ੍ਹੀ।
“ਮੈਂ ਸਮੱਸਿਆ ਹੱਲ ਕਰ ਲਈ ਏ।” ਆਉਂਦਾ ਹੀ ਉਹ ਖ਼ੁਸ਼-ਖ਼ੁਸ਼ ਬੋਲਿਆ, “ਇਸ ਟਰੇਨ-ਵਰੇਨ ਦਾ ਝੰਜਟ ਮੁੱਲ ਨਈਂ ਲਵਾਗੇ ਅਸੀਂ। ਮੈਂ ਇਕ ਟਰੱਕ ਡਰਾਈਵਰ ਨਾਲ ਦੋਸਤੀ ਗੰਢ ਲਈ ਏ। ਕਹਿੰਦਾ ਏ, ਸਾਨੂੰ ਜੈਪੁਰ ਤਕ ਲੈ ਜਾਵੇਗਾ। ਲਗਭਗ ਤਿੰਨ ਸੌ ਮੀਲ ਦਾ ਸਫ਼ਰ ਏ। ਫੇਰ ਜੈਪੂਰ ਤੋਂ ਰੇਲਗੱਲੀ ਫੜ੍ਹਣਾ ਕਾਫੀ ਸੁਰੱਖਿਅਤ ਹੋਵੇਗਾ।”
“ਤੇਰਾ ਦੋਸਤ ਕਦੋਂ ਲੈ ਕੇ ਜਾਵੇਗਾ?”
“ਟਰੱਕ ਸਵੇਰੇ ਚਾਰ ਵਜੇ ਜਾਵੇਗਾ।”
“ਕੜਮਿਆਂ ਦੇ ਕਰਮਾਂ 'ਚ ਆਰਾਮ ਕਿੱਥੇ!” ਮੈਂ ਰਤਾ ਖਿਝ ਕੇ ਕਿਹਾ, “ਫੇਰ ਵੀ ਬਿਹਤਰ ਏ, ਜਿੰਨੀ ਛੇਤੀ ਹੋ ਸਕੇ, ਇੱਥੋਂ ਨਿਕਲ ਜਾਈਏ। ਅੱਜ ਬੁੱਧਵਾਰ ਏ ਤੇ ਮੇਰੇ ਚਾਚਾ ਜੀ ਦਾ ਜਹਾਜ਼ ਸ਼ਾਇਦ ਸ਼ਨੀਵਾਰ ਨੂੰ ਜਾਵੇਗਾ। ਟਰੱਕ ਡਰਾਈਵਰ ਨੂੰ ਕਿੰਨੇ ਪੈਸੇ ਦੇਣੇ ਪੈਣਗੇ?”
“ਕੋਈ ਨਈਂ। ਮੁਫ਼ਤ 'ਚ ਸਵਾਰੀ ਕਰਾਂਗੇ। ਡਰਾਈਵਰ ਵੀ ਸਿੱਖ ਏ ਤੇ ਮੈਂ ਉਸਨੂੰ ਇਹ ਕਹਿ ਕੇ ਭਰਮਾਅ ਲਿਆ ਏ ਕਿ ਅਸੀਂ ਇਕ ਦੂਜੇ ਦੇ ਰਿਸ਼ਤੇਦਾਰ ਆਂ—ਯਾਨੀਕਿ ਮੇਰੇ ਜੀਜੇ ਦੀ ਸ਼ਾਦੀ ਉਸਦੀ ਸਾਲੀ ਦੀ ਭਤੀਜੀ ਨਾਲ ਹੋਈ ਏ!”

7. ਮਮਤਾ ਦੇ ਅੰਗ-ਸੰਗ

ਅਗਲੀ ਸਵੇਰ ਚਾਰ ਵਜੇ ਅਸੀਂ ਲਾਲ ਕਿਲੇ ਵੱਲ ਤੁਰ ਪਏ। ਅੰਮ੍ਰਿਤ ਵੇਲੇ ਤਾਰਿਆਂ ਭਰੇ ਆਸਮਾਨ ਵਿਚ ਕਿਲੇ ਦੇ ਕਿੰਗਰੇ ਕਾਲੇ-ਕਾਲੇ ਦਿਸ ਰਹੇ ਸਨ। ਪਿਛਲੀ ਸ਼ਾਮ ਜਿਹਨਾਂ ਸੜਕਾਂ ਉੱਤੇ ਜੀਵਨ ਠਾਠਾਂ ਮਾਰ ਰਿਹਾ ਸੀ, ਉਹ ਇਸ ਵੇਲੇ ਨਿਰਜਿੰਦ, ਸੁੰਨਸਾਨ ਸਨ। ਸੜਕਾਂ ਦੀਆਂ ਬੱਤੀਆਂ ਆਪਣੀ ਵੀਰਾਨ-ਜਿਹੀ ਰੋਸ਼ਨੀ ਪਟਰੀਆਂ ਉੱਤੇ ਖਿਲਾਰ ਰਹੀਆਂ ਸਨ। ਵਿਚ-ਵਿਚ ਕੋਈ ਮੋਟਰਕਾਰ ਹੌਲੀ-ਜਿਹੀ ਨਿੱਕਲ ਜਾਂਦੀ। ਦੇਖ ਕੇ ਲੱਗਦਾ ਸੀ ਜਿਵੇਂ ਕਿਸੇ ਦੂਜੀ ਦੁਨੀਆਂ ਵਿਚੋਂ ਆਈ ਹੋਵੇ।
ਲਾਲ ਕਿਲੇ ਦੇ ਕੋਲ ਇਕ-ਦੋ ਢਾਬੇ ਸਨ, ਜਿਹੜੇ ਇਸ ਵੇਲੇ ਵੀ ਖੁੱਲ੍ਹੇ ਸਨ। ਉਹਨਾਂ ਦਾ ਧੰਦਾ ਟਰੱਕ ਡਰਾਈਵਰਾਂ ਦੀ ਬਦੌਲਤ ਚੱਲਦਾ ਸੀ, ਜਿਹੜੇ ਦਿਨੇ ਤਾਂ ਸੌਂਦੇ ਸਨ ਤੇ ਰਾਤ ਨੂੰ ਟਰੱਕ ਲੈ ਕੇ ਨਿਕਲ ਪੈਂਦੇ ਸਨ।
ਸਾਡੇ ਸਿੱਖ ਡਰਾਈਵਰ ਦਾ ਡੀਲਡੌਲ ਲੰਮਾਂ-ਝੰਮਾਂ ਸੀ ਤੇ ਉਹ ਹਨੇਰੇ ਵਿਚ ਜਿਸ ਤਰ੍ਹਾਂ ਖੜ੍ਹਾ ਸੀ, ਦੇਖ ਕੇ ਡਰ ਲੱਗਦਾ ਸੀ। ਉਸਦਾ ਇਕ ਸਾਥੀ ਵੀ ਸੀ। ਉਹ ਵੀ ਸਿੱਖ ਸੀ ਤੇ ਕੱਛੇ ਵਿਚ ਹੀ ਉੱਠ ਕੇ ਤੁਰ ਆਇਆ ਸੀ।
“ਪਿੱਛੇ ਬੈਠ ਜਾਓ, ਬਾਸ਼ਸ਼ਾਹੋ!” ਡਰਾਈਵਰ ਨੇ ਆਪਣੀ ਠੇਠ ਪੰਜਾਬੀ ਵਿਚ ਸਾਨੂੰ ਕਿਹਾ। ਮੈਂ ਪੰਜਾਬੀ ਕਾਫੀ ਸਮਝਦਾ ਸੀ। ਡਰਾਈਵਰ ਕਹਿ ਰਿਹਾ ਸੀ, “ਬਸ, ਮਿਨਟਾਂ 'ਚ ਚੱਲ ਪਵਾਂਗੇ, ਜੀ!”
ਟਰੱਕ ਇਕ ਪਿੱਪਲ ਹੇਠ ਖੜ੍ਹਾ ਸੀ। ਅਸੀਂ ਟਰੱਕ ਦੇ ਪਿੱਛੇ ਚੜ੍ਹ ਗਏ, ਪਰ ਅੱਗੇ ਰਸਤਾ ਬੰਦ ਸੀ। ਇਕ ਛਿਣ ਲਈ ਲੱਗਿਆ, ਜਿਵੇਂ ਪੁਰਾਤਨ ਕਹਾਣੀਆਂ ਵਾਲਾ ਕੋਈ ਦੈਂਤ ਰਸਤਾ ਰੋਕੀ ਖੜ੍ਹਾ ਹੈ।
ਉਸ ਦੈਂਤ ਨੇ ਪਹਿਲਾਂ ਤਾਂ ਨਾਸਾਂ ਰਾਹੀਂ ਖਾਸੀ ਹਵਾ ਛੱਡੀ...ਫੇਰ ਟਰੱਕ ਦੇ ਲੱਕੜ ਦੇ ਫੱਟੇ ਉੱਤੇ ਪੈਰ ਮਾਰੇ ਤਾਂ ਅਸੀਂ ਪਿਛਾਂਹ ਵੱਲ ਡਿੱਗੇ।
“ਭਾਅ ਜੀ!” ਦਲਜੀਤ ਨੇ ਕੂਕ ਕੇ ਡਰਾਈਵਰ ਨੂੰ ਕਿਹਾ, “ਏਥੇ ਤਾਂ ਕੋਈ ਜਾਨਵਰ ਵੜਿਆ ਹੋਇਆ ਏ।”
“ਘਬਰਾ ਨਾ! ਉਹ ਤਾਂ ਮਮਤਾ ਏ।” ਡਰਾਈਵਰ ਬੋਲਿਆ।
“ਪਰ ਇਹ ਏਥੇ ਕੀ ਕਰ ਰਹੀ ਏ?”
“ਸਾਡੇ ਨਾਲ ਜਾ ਰਹੀ ਏ। ਜੈਪੁਰ ਦੀ ਮੰਡੀ 'ਚ ਲੈ ਜਾ ਰਹੇ ਆਂ ਇਸਨੂੰ। ਉਪਰ ਚੜ੍ਹ ਜਾਓ ਤੇ ਆਰਾਮ ਨਾਲ ਉਸਦੇ ਨਾਲ ਬੈਠ ਕੇ ਸਫ਼ਰ ਕਰੋ।”
ਤਦ ਤਕ ਥੋੜ੍ਹਾ ਚਾਨਣ ਹੋ ਗਈ ਸੀ। ਅਸੀਂ ਧਿਆਨ ਨਾਲ ਆਪਣੇ ਉਸ ਹਮਸਫ਼ਰ ਨੂੰ ਦੇਖਿਆ, ਤਾਂ ਦੇਖਿਆ ਕਿ ਉਹ ਕੋਈ ਹੋਰ ਨਹੀਂ, ਪੰਜਾਬ ਦੀ ਮੋਟੀ-ਤਾਜ਼ੀ ਮੱਝ ਹੈ।
“ਕਿੰਨੀ ਵਧੀਆ ਮੱਝ ਏ!” ਦਲਜੀਤ ਬੋਲਿਆ। ਲੱਗਦਾ ਸੀ, ਦਲਜੀਤ ਨੂੰ ਮੱਝਾਂ ਦੀਆਂ ਖ਼ੂਬੀਆਂ ਦੀ ਪਛਾਣ ਸੀ, “ਦੇਖ, ਇਸ ਦੀਆਂ ਅੱਖਾਂ ਨੀਲੀਆਂ ਨੇ!”
“ਮੈਨੂੰ ਨਹੀਂ ਸੀ ਪਤਾ ਕਿ ਮੱਝਾਂ ਦੀਆਂ ਅੱਖਾਂ ਵੀ ਨੀਲੀਆਂ ਹੁੰਦੀਆਂ ਨੇ!” ਮੈਂ ਕਿਹਾ।
“ਸਿਰਫ਼ ਵਧੀਆ ਮੱਝਾਂ ਦੀਆਂ ਅੱਖਾਂ ਈ ਨੀਲੀਆਂ ਹੁੰਦੀਆਂ ਨੇ।” ਦਲਜੀਤ ਕਹਿ ਰਿਹਾ ਸੀ, “ਨੀਲੀਆਂ ਅੱਖਾਂ ਵਾਲੀਆਂ ਮੱਝਾਂ, ਭੂਰੀਆਂ ਅੱਖਾਂ ਵਾਲੀਆਂ ਮੱਝਾਂ ਨਾਲੋਂ ਵੱਧ ਦੁੱਧ ਦੇਂਦੀਆਂ ਨੇ।”
ਇਹ ਸਾਡੀ ਖ਼ੁਸ਼ਕਿਸਮਤੀ ਹੀ ਤਾਂ ਸੀ ਕਿ ਸਰਦਾਰ ਜੀ ਨੇ ਟਰੱਕ ਸਟਾਰਟ ਕਰ ਲਿਆ ਤੇ ਨਦੀ ਵੱਲੋਂ ਹੋ ਕੇ ਆਉਣ ਵਾਲੀ ਸਵੇਰ ਦੀ ਤਾਜ਼ੀ ਹਵਾ ਦੇ ਝੌਂਕੇ ਮੱਝ ਦੀ ਬੋ ਨੂੰ ਉਡਾਅ ਕੇ ਲੈ ਗਏ।
ਜਲਦੀ ਹੀ ਅਸੀਂ ਦਿੱਲੀ ਵਿਚੋਂ ਨਿਕਲ ਗਏ ਤੇ ਜੈਪੁਰ ਜਾਣ ਵਾਲੀ ਸੜਕ ਉੱਤੇ ਤੇਜ਼ ਰਫ਼ਤਾਰ ਨਾਲ ਵਧ ਚੱਲੇ। ਪਿਛਲੇ ਦਿਨ ਦੀ ਬਾਰਸ਼ ਕਾਰਨ ਹੇਠਲੇ ਇਲਾਕੇ ਵਿਚ ਪਾਣੀ ਭਰ ਗਿਆ ਸੀ ਤੇ ਚਾਰੇ-ਪਾਸੇ ਬਗਲੇ, ਸਾਰਸਾਂ ਤੇ ਚਾਹੇ (ਬਗਲੇ ਵਰਗਾ ਹੀ ਪੰਛੀ) ਦਿਖਾਈ ਦੇ ਰਹੇ ਸਨ। ਖੇਤਾਂ-ਖਾਲਿਆਂ ਤੇ ਰੁੱਖਾਂ ਉੱਤੇ ਅਦਭੁਤ ਦੇ ਸੁੰਦਰ-ਸੁੰਦਰ ਪੰਛੀ ਖੰਭ ਮਾਰਦੇ ਹੋਏ ਉੱਡੇ ਜਾ ਰਹੇ ਸਨ। ਉਹਨਾਂ ਵਿਚ ਲੰਮੀਆਂ ਪੂਛਾਂ ਵਾਲੇ ਭੁਜੰਗੇ, ਨੀਲਕੰਠ ਤੇ ਬਏ ਸਨ ਤੇ ਕਿਤੇ-ਕਿਤੇ ਚਿੱਟੇ ਸਿਰ ਵਾਲੀ ਵੱਡੀ ਇੱਲ੍ਹ ਵੀ ਦਿਸ ਜਾਂਦੀ ਸੀ, ਜਿਸਨੂੰ ਗਰੁੜ ਵੀ ਕਹਿੰਦੇ ਨੇ, ਜਿਹੜਾ ਭਗਵਾਨ ਵਿਸ਼ਨੂੰ ਦੀ ਸਵਾਰੀ ਮੰਨਿਆਂ ਜਾਂਦਾ ਹੈ।
ਜਿਵੇਂ-ਜਿਵੇਂ ਅਸੀਂ ਰਾਜਸਥਾਨ ਨੇੜੇ ਪਹੁੰਚਦੇ ਜਾ ਰਹੇ ਸੀ, ਚਾਰੇ-ਪਾਸੇ ਮੋਰ ਹੀ ਮੋਰ ਦਿਖਾਈ ਦੇਣ ਲੱਗੇ! ਇਸੇ ਤਰ੍ਹਾਂ ਊਠ ਵੀ ਵੱਡੀ ਗਿਣਤੀ ਵਿਚ ਦਿਖਾਈ ਦਿੱਤੇ, ਜਿਹੜੇ ਸੜਕਾਂ ਦੇ ਇਕ ਪਾਸੇ ਸਿੱਧੀਆਂ, ਸਲੀਕੇਦਾਰ ਪੰਗਤਾਂ ਵਿਚ ਲੰਮੀਆਂ-ਲੰਮੀਆਂ ਪਲਾਂਘਾਂ ਪੁੱਟਦੇ ਹੋਏ ਜਾ ਰਹੇ ਸਨ। ਜਿਵੇਂ-ਜਿਵੇਂ ਹਰਿਆਲੀ ਘੱਟ ਹੁੰਦੀ ਜਾ ਰਹੀ ਸੀ ਤੇ ਰੇਗਿਸਤਾਨ ਆਉਂਦਾ ਜਾ ਰਿਹਾ ਸੀ, ਓਵੇਂ-ਓਵੇਂ ਲੋਕਾਂ ਦਾ ਪਹਿਰਾਵਾ ਵੱਧ ਸੁੰਦਰ ਹੁੰਦਾ ਜਾ ਰਿਹਾ ਸੀ। ਜਿਵੇਂ ਧਰਤੀ ਦੇ ਰੰਗਾਂ ਦੀ ਕਮੀ ਨੂੰ ਉਹ ਆਪਣੀਆਂ ਰੰਗ-ਬਿਰੰਗੀਆਂ ਪੁਸ਼ਾਕਾਂ ਨਾਲ ਪੂਰਾ ਕਰ ਰਹੇ ਹੋਣ। ਔਰਤਾਂ ਨੇ ਵੱਡੇ ਘੇਰੇ ਵਾਲੇ ਲਾਲ ਘੱਗਰੇ ਪਾਏ ਹੋਏ ਸਨ। ਉਹ ਸੁੰਦਰ, ਗੋਰੀਆਂ, ਕਦਾਵਰ ਤੇ ਖ਼ੂਬ ਨਰੋਈਆਂ ਸਨ। ਮਰਦ ਵੀ ਲੰਮੇ-ਤਕੜੇ ਸਨ। ਔਰਤਾਂ ਸੋਨੇ, ਚਾਂਦੀ ਦੇ ਗਹਿਣਿਆਂ ਨਾਨ ਲੱਦੀਆਂ ਹੋਈਆਂ ਸਨ। ਹੱਟੇ-ਕੱਟੇ ਤੇ ਕਦਾਵਰ ਮਰਦਾਂ ਦੀ ਸਜ-ਧਜ ਵੀ ਦੇਖਣ ਵਾਲੀ ਸੀ। ਉਹਨਾਂ ਵਿਚ ਜਿਹੜੇ ਬੁੱਢੇ ਸਨ, ਉਹਨਾਂ ਦੀ ਹਵਾ ਨਾਲ ਲਹਿਰਾਉਂਦੀ ਚਿੱਟੀ ਦਾੜ੍ਹੀ ਮਨ ਨੂੰ ਟੁੰਭ ਰਹੀ ਸੀ।
ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ ਤੇ ਸੂਰਜ ਉਪਰ ਉਠਣ ਲੱਗਾ, ਸੜਕਾਂ ਉੱਤੇ ਆਵਾਜਾਈ ਵੀ ਵਧਣ ਲੱਗੀ। ਪਰ ਸਾਡਾ ਡਰਾਈਵਰ ਟਰੱਕ ਦੀ ਚਾਲ ਧੀਮੀ ਕਰਨ ਦੀ ਥਾਂ ਹੋਰ ਤੇਜ਼ ਭਜਾਈ ਜਾ ਰਿਹਾ ਸੀ। ਸ਼ਾਇਦ ਉਹ ਮੱਝ ਨੂੰ ਵੇਚਣ ਦੀ ਕਾਹਲ ਵਿਚ ਸੀ। ਫੇਰ ਛੇਤੀ ਹੀ ਉਹ ਇਕ ਟਰੱਕ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਲੱਗ ਗਿਆ।
ਅੱਗੇ ਵਾਲਾ ਟਰੱਕ ਵੀ ਓਨੀਂ ਹੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਸੜਕ ਦੇ ਵਿਚਕਾਰੋਂ ਹਟਣ ਦੀ ਉਸਦੀ ਕੋਈ ਮੰਸ਼ਾ ਨਹੀਂ ਸੀ ਲੱਗਦੀ। ਉਸ ਵਿਚ ਉਪਰ ਤਕ ਗੰਨਾਂ ਲੱਦਿਆ ਹੋਇਆ ਸੀ।
“ਦੌੜ ਲੱਗੀ ਏ!” ਦਲਜੀਤ ਮੌਜ਼ ਨਾਲ ਮੱਝ ਕੋਲ ਖੜ੍ਹਾ ਸਾਰੇ ਦ੍ਰਿਸ਼ ਦਾ ਆਨੰਦ ਮਾਣ ਰਿਹਾ ਸੀ।
ਸੜਕ ਏਨੀ ਚੌੜੀ ਨਹੀਂ ਸੀ ਕਿ ਏਨੇ ਵੱਡੇ ਦੋ ਵਾਹਨ ਬਰਾ-ਬਰੋਬਰ ਚੱਲ ਸਕਦੇ। ਕਿਉਂਕਿ ਦੂਜਾ ਟਰੱਕ ਰਸਤਾ ਨਹੀਂ ਸੀ ਦੇ ਰਿਹਾ, ਇਸ ਲਈ ਸਾਡੇ ਟਰੱਕ ਨੂੰ ਬਲ੍ਹਦ ਗੱਡਿਆਂ ਵਾਲੇ ਕੱਚੇ ਰਸਤੇ ਉੱਤੇ ਉਤਰਨਾ ਪਿਆ। ਇਸ ਨਾਲ ਟਰੱਕ ਦੇ ਪਿੱਛੇ ਧੂੜ-ਗਰਦੇ ਦੇ ਗੁਬਾਰ ਉੱਡੇ, ਜਿਸ ਨਾਲ ਸਾਡਾ ਦਮ ਘੁਟਨ ਲੱਗਾ। ਜਦੋਂ ਟਰੱਕ ਉੱਚੀ ਨੀਵੀਂ ਸੜਕ ਉੱਤੇ ਝਟਕੇ ਖਾਂਦਾ ਹੋਇਆ ਚੱਲਿਆ, ਤਾਂ ਅਸੀਂ ਟਰੱਕ ਦੇ ਫਰਸ਼ ਦੇ ਫੱਟੇ ਉੱਤੇ ਲੁਟਕ ਗਏ ਤੇ ਮਮਤਾ ਯਕਦਮ ਹੜਬੜਾ ਗਈ। ਲੱਗਿਆ ਕਿ ਸਾਨੂੰ ਕੁਚਲ ਹੀ ਦੇਵੇਗੀ। ਇਸ ਪਿੱਛੋਂ ਇਕਦਮ ਜਬਰਦਸਤ ਝਟਕਾ ਲੱਗਿਆ, ਬਰੇਕਾਂ ਲਾਉਣ ਦੀ ਜ਼ੋਰਦਾਰ ਆਵਾਜ਼ ਆਈ ਤੇ ਟਰੱਕ ਯਕਦਮ ਰੁਕ ਗਿਆ।
ਜਦੋਂ ਧੂੜ ਸਾਫ਼ ਹੋਈ ਤਾਂ ਕੀ ਦੇਖਦੇ ਹਾਂ ਕਿ ਸਾਡਾ ਸਰਦਾਰ ਡਰਾਈਵਰ ਹੇਠਾਂ ਘਬਰਾਇਆ ਹੋਇਆ ਖੜ੍ਹਾ ਹੈ ਤੇ ਸਾਡੇ ਵੱਲ ਇਕਟੱਕ ਦੇਖ ਰਿਹਾ ਹੈ।
“ਤੁਸੀਂ ਲੋਕ ਠੀਕ-ਠਾਕ ਤਾਂ ਓਂ ਨਾ!” ਉਸਨੇ ਰੁੱਖੀ ਆਵਾਜ਼ ਵਿਚ ਪੁੱਛਿਆ।
“ਲੱਗਦਾ ਤਾਂ ਕੁਛ ਇੰਜ ਈ ਏ!” ਮੈਂ ਕਿਹਾ।
“ਤੂੰ ਦੂਜੇ ਟਰੱਕ ਨੂੰ ਓਵਰ ਟੇਕ ਕਰ ਲਿਆ?” ਦਲਜੀਤ ਨੇ ਪੁੱਛਿਆ।
“ਨਈਂ,” ਡਰਾਈਵਰ ਨੇ ਖਿਝ ਕੇ ਕਿਹਾ, “ਉਹ ਰਸਤਾ ਈ ਨਈਂ ਦੇ ਰਿਹਾ ਸੀ। ਉਹ ਵੀ ਸਿੱਖ ਸੀ। ਹੁਣ ਤੁਸੀਂ ਲੋਕ ਉਤਰੋ ਅੱਗੇ ਆ ਕੇ ਮੇਰੇ ਨਾਲ ਬੈਠੋ।”
ਅਸੀਂ ਝੱਟ ਤਿਆਰ ਹੋ ਗਏ ਤੇ ਉਸਦਾ ਕਲੀਨਰ ਨੱਕ-ਬੁੱਲ੍ਹ ਵੱਟਦਾ ਹੋਇਆ ਪਿੱਛੇ ਆ ਕੇ ਮੱਝ ਨਾਲ ਖੜ੍ਹਾ ਹੋ ਗਿਆ।
ਕੁਝ ਮੀਲ ਪਾਰ ਕਰਨ ਪਿੱਛੋਂ ਡਰਾਈਵਰ ਸਾਡੇ ਨਾਲ ਦੋਸਤਾਨਾ ਗੱਲਬਾਤ ਕਰਨ ਲੱਗਾ ਤੇ ਉਸਨੇ ਦੱਸਿਆ ਕਿ ਉਸਦਾ ਨਾਂ ਗੁਰਨਾਮ ਸਿੰਘ ਹੈ।
ਉਸਨੇ ਪੰਜਾਬੀ ਵਿਚ ਸਾਥੋਂ ਪੁੱਛਿਆ, “ਮੇਰੇ ਨਵੇਂ ਹਾਰਨ ਦੀ ਆਵਾਜ਼ ਸੁਣੋਂਗੇ?”
ਮੈਂ ਕਿਹਾ, “ਸਾਰੇ ਰਸਤੇ ਹੁਣ ਤਕ ਕੀ ਸੁਣਦੇ ਆਏ ਆਂ?” ਮੈਂ ਹਿੰਦੀ ਵਿਚ ਬੋਲਿਆ ਸੀ। ਅਸੀਂ ਦੋਵੇਂ ਹੁਣ ਤਕ ਇਕ ਦੂਜੇ ਦੀ ਗੱਲ ਚੰਗੀ ਤਰ੍ਹਾਂ ਸਮਝਣ ਲੱਗ ਪਏ ਸੀ।
“ਟਰੱਕ ਦੇ ਪਿੱਛੇ ਬੈਠਣ ਨਾਲ ਹਾਰਨ ਠੀਕ ਤਰ੍ਹਾਂ ਸੁਣਾਈ ਨਈਂ ਦਿੰਦਾ।” ਉਹ ਬੋਲਿਆ, “ਏਸੇ ਲਈ ਤੁਹਾਨੂੰ ਏਥੇ ਅੱਗੇ ਲਿਆ ਕੇ ਬਿਠਾਇਆ ਏ। ਕਿੰਜ ਲੱਗਦਾ ਏ?” ਤੇ ਏਨਾਂ ਕਹਿਣ ਦੇ ਨਾਲ ਹੀ ਉਸਨੇ ਏਨੇ ਜ਼ੋਰ ਨਾਲ ਹਾਰਨ ਵਜਾਇਆ ਕਿ ਕੈਬਨ ਕੰਨ-ਪਾੜੂ ਆਵਾਜ਼ ਨਾਲ ਗੂੰਜ ਉੱਠਿਆ।
“ਬੜਾ ਵਧੀਆ ਹਾਰਨ ਏਂ,” ਕੰਨਾਂ ਵਿਚ ਉਂਗਲਾਂ ਪਾ ਕੇ ਮੈਂ ਕਿਹਾ। “ਇਸ ਨਾਲੋਂ ਹੋਰ ਤੇਜ਼ ਕੀ ਹੋਵੇਗਾ?”
“ਅੱਧਾ ਮੀਲ ਦੂਰ ਤਕ ਸੁਣਾਈ ਦਿੰਦਾ ਏ।” ਗੁਰਨਾਮ ਸਿੰਘ ਮਾਣ ਨਾਲ ਦੱਸ ਰਿਹਾ ਸੀ। ਇਕ ਸਾਈਕਲ ਉੱਤੇ ਜਾ ਰਹੇ ਦੋ ਸਵਾਰਾਂ ਕੋਲੋਂ ਲੰਘਦਿਆਂ ਉਸਨੇ ਯਕਦਮ ਜ਼ੋਰ ਨਾਲ ਹਾਰਨ ਵਜਾਇਆ, ਤਾਂ ਉਹ ਵਿਚਾਰੇ ਯਕਦਮ ਤ੍ਰਬਕ ਕੇ ਕੱਚੇ ਲੱਥ ਗਏ।
“ਏਥੇ ਅੰਦਰ ਵੀ ਏਨਾਂ ਸ਼ੋਰ ਸੁਣਾਈ ਦਿੰਦਾ ਏ,” ਮੈਂ ਇਹ ਗੱਲ ਕਹਿ ਤਾਂ ਦਿੱਤੀ, ਪਰ ਫੇਰ ਬੈਠਾ ਸੋਚਣ ਲੱਗਾ ਕਿ ਕਿਤੇ ਮੇਰੀ ਗੱਲ ਉੱਤੇ ਉਹ ਨਾਰਾਜ਼ ਨਾ ਹੋ ਗਿਆ ਹੋਵੇ। ਇਸ ਲਈ ਮੈਂ ਝੱਟ ਗੱਲ ਪਲਟੀ, “ਪਰ ਕੋਈ ਫਰਕ ਨਹੀਂ ਪੈਂਦਾ।”
ਦਲਜੀਤ ਨੇ ਪੁੱਛਿਆ, “ਕੀ ਤੇਰਾ ਹਾਰਨ ਕਈ ਆਵਾਜ਼ਾਂ ਕੱਢ ਸਕਦਾ ਏ?”
ਮੈਂ ਸਮਝਿਆ ਸੀ ਇਸ ਤਰ੍ਹਾਂ ਦੀ ਗੱਲ ਪੁੱਛਣਾ ਨਿਰੀ ਮੂਰਖਤਾ ਹੈ, ਪਰ ਗੁਰਨਾਮ ਉਸਦਾ ਇਹ ਸਵਾਲ ਸੁਣ ਕੇ ਖਿੜ-ਪੁੜ ਗਿਆ।
“ਦੋ ਤਰ੍ਹਾਂ ਦੀਆਂ, ਜੀ! ਇਕ ਮਰਦਾਨਾ ਦੂਜੀ ਜਨਾਨਾ। ਦੇਖੋ!” ਤੇ ਉਸਨੇ ਇਕ ਵਾਰੀ ਉੱਚੀ ਆਵਾਜ਼ ਵਿਚ, ਤੇ ਇਕ ਵਾਰੀ ਜ਼ਰਾ ਹੌਲੀ ਆਵਾਜ਼ ਵਿਚ ਹਾਰਨ ਵਜਾਇਆ। ਫੇਰ ਵੀ, ਦੋਵੇਂ ਆਵਾਜ਼ਾਂ ਅਜਿਹੀਆਂ ਹੀ ਸਨ ਕਿ ਕੰਨਾਂ ਦੇ ਪਰਦੇ ਪਾੜ ਰਹੀਆਂ ਸਨ। ਸਾਡੇ ਅੱਗੇ ਇਕ ਊਠ ਜਾ ਰਿਹਾ ਸੀ। ਉਹ ਹਾਰਨ ਦੀ ਆਵਾਜ਼ ਸੁਣਦਿਆਂ ਹੀ ਇੰਜ ਤ੍ਰਬਕਿਆ ਕਿ ਸੜਕ ਛੱਡ ਕੇ ਭੱਜ ਤੁਰਿਆ ਤੇ ਸਿੱਧਾ ਖੇਤ ਵਿਚ ਵੜ ਗਿਆ।
“ਬੜਾ ਜ਼ੋਰਦਾਰ ਹਾਜਨ ਏਂ, ਜੀ!” ਗੁਰਨਾਮ ਸਿੰਘ ਕਹਿ ਰਿਹਾ ਸੀ, “ਇਸ ਟਰੱਕ ਦੇ ਲਈ ਖਾਸ ਤੌਰ 'ਤੇ ਬਣਵਾਇਆ ਏ। ਵਿਦੇਸ਼ੀ ਹਾਰਨ ਕਤਈ ਚੰਗੇ ਨਈਂ ਲੱਗਦੇ ਮੈਨੂੰ। ਉਹਨਾਂ ਦੀ ਆਵਾਜ਼ ਏਨੀ ਉੱਚੀ ਹੁੰਦੀ ਈ ਨਈਂ। ਹਿੰਦੁਸਤਾਨੀ ਹਾਰਨ ਸਭ ਤੋਂ ਵਧੀਆ ਹੁੰਦੇ ਨੇ, ਜੀ!”
ਥੋੜ੍ਹੀ ਦੇਰ ਸ਼ਾਂਤੀ ਰਹੀ। ਇਸ ਦੌਰਾਨ ਮੈਂ ਬੈਠਾ-ਬੈਠਾ ਧੁਨੀ ਦੀ ਪ੍ਰਤੀਕ੍ਰਿਆ ਬਾਰੇ ਸੋਚਦਾ ਰਿਹਾ ਕਿ ਕਿਉਂ ਕੁਝ ਧੁਨੀਆਂ ਕੰਨਾਂ ਨੂੰ ਬੁਰੀਆਂ ਲੱਗਦੀਆਂ ਨੇ ਤੇ ਕੁਝ ਚੰਗੀਆਂ! ਮੋਟਰ ਦੇ ਹਾਰਨ ਦੀ ਧੁਨੀ ਵੀ ਕੁਝ ਲੋਕਾਂ ਨੂੰ ਤਾਂ ਮਿੱਠੀ ਲੱਗ ਸਕਦੀ ਹੈ, ਤੇ ਕੁਝ ਲੋਕਾਂ ਨੂੰ ਬੇਹੱਦ ਤਿੱਖੀ ਤੇ ਤਕਲੀਫ਼ਦੇਹ ਜਾਪਦੀ ਹੈ।
“ਇਹ ਮੇਡ ਇਨ ਓਲਡ ਦਿੱਲੀ ਏ, ਜੀ!” ਗੁਰਨਾਮ ਨੇ ਮੇਰੇ ਵਿਚਾਰਾਂ ਦੀ ਕੜੀ ਨੂੰ ਤੋੜਦਿਆਂ ਹੋਇਆਂ ਫੇਰ ਆਪਣੇ ਹਾਰਨ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, “ਕੁੱਲ ਪਝੱਤਰ ਰੁਪਏ ਖਰਚ ਆਏ ਨੇ। ਮੈਂ ਖਾਸ ਨਮੂਨਾਂ ਦੇ ਕੇ ਬਣਵਾਇਆ ਏ। ਬਸ, ਇਕੋ ਖਰਾਬੀ ਏਸ ਹਾਰਨ 'ਚ ਜੀ, ਕਿ ਇਸਨੂੰ ਭਿੱਜਣਾ ਨਈਂ ਚਾਹੀਦਾ।”
ਹੁਣ ਜਿਵੇਂ ਹੀ ਉਸਨੇ ਆਪਣੀ ਹਥੇਲੀ ਹਾਰਨ ਉੱਤੇ ਰੱਖੀ, ਮੇਰੀ ਇੱਛਾ ਹੋਈ ਮੈਂ ਰੱਬ ਨੂੰ ਪ੍ਰਾਰਥਨਾਂ ਕਰਾਂ, 'ਹੇ ਰੱਬਾ! ਫ਼ੌਰਨ ਮੀਂਹ ਪਾ ਦੇ।' ਪਰ ਆਸਮਾਨ ਕਿਉਂਕਿ ਬਿਲਕੁਲ ਸਾਫ਼ ਸੀ, ਇਸ ਲਈ ਮੈਂ ਸੋਚਿਆ ਕਿ ਅਜਿਹੀ ਸਥਿਤੀ ਵਿਚ ਇਹ ਪ੍ਰਾਰਥਨਾਂ ਕਰਨੀਂ ਬੇਕਾਰ ਹੋਵੇਗੀ।
“ਵਾਹ, ਪਰ ਤੂੰ ਕੀ ਜਾਣੇ ਕਿ ਇਸ ਵਰਗਾ ਹਾਰਨ ਲਗਵਾਉਣਾ ਕਿੰਜ ਲੱਗਦਾ ਏ! ਜ਼ਰਾ ਵਜਾਅ ਕੇ ਤਾਂ ਦੇਖ, ਯਾਰ! ਤੂੰ ਖ਼ੁਦ ਵਜਾਅ ਕੇ ਕਿਉਂ ਨਈਂ ਦੇਖਦਾ?” ਇਹ ਗੱਲ ਉਸਨੇ ਮੈਨੂੰ ਕਹੀ ਸੀ, ਕਿਉਂਕਿ ਮੈਂ ਉਸਦੇ ਨਾਲ ਬੈਠਾ ਸੀ। ਦਲਜੀਤ ਦਰਵਾਜ਼ੇ ਕੋਲ ਬੈਠਾ ਸੀ।
“ਜੀ ਠੀਕ ਏ!” ਮੈਂ ਕਿਹਾ, “ਤੁਸੀਂ ਤਾਂ ਇਸਦਾ ਕਮਾਲ ਦਿਖਾਅ ਈ ਚੁੱਕੇ ਓ।”
“ਨਾ, ਹੁਣ ਤੂੰ ਵਜਾਅ ਕੇ ਦੇਖ। ਤੈਨੂੰ ਵਜਾਉਣਾ ਈ ਪਵੇਗਾ!” ਉਸ ਵੇਲੇ ਉਹ ਉਸ ਬੱਚੇ ਵਾਂਗ ਜ਼ਿਦ ਕਰ ਰਿਹਾ ਸੀ ਜਿਸਦੀ ਉਦਾਰਤਾ ਅਚਾਨਕ ਜਾਗ ਪਈ ਹੋਵੇ ਤੇ ਜਿਹੜਾ ਆਪਣਾ ਨਵਾਂ ਖਿਡੌਣਾ ਛੋਟੇ ਭਰਾ ਨੂੰ ਵੀ ਖੇਡਣ ਲਈ ਦੇਣਾ ਚਾਹੁੰਦਾ ਹੋਵੇ।
ਬਸ, ਉਸਨੇ ਝਪੱਟਾ ਮਾਰ ਕੇ ਮੇਰਾ ਹੱਥ ਫੜ੍ਹਿਆ ਤੇ ਹਾਰਨ ਉੱਤੇ ਰੱਖ ਦਿੱਤਾ। ਜਿਵੇਂ ਹੀ ਹਾਰਨ ਹੌਲੀ-ਜਿਹੀ ਵੱਜਿਆ ਮੇਰੀ ਸਾਰੀ ਬਾਂਹ ਵਿਚ ਝੁਨਝੁਨੀ ਜਿਹੀ ਦੌੜ ਗਈ। ਮੈਂ ਹਾਰਨ ਨੂੰ ਜ਼ੋਰ ਨਾਲ ਦੱਬਿਆ, ਤਾਂ ਸੰਗੀਤ ਦੀ ਲਹਿਰ ਟਰੱਕ ਦੇ ਬਾਹਰ-ਅੰਦਰ ਸਭ ਥਾਈਂ ਦੌੜ ਗਈ। ਫੇਰ ਜਿਵੇਂ-ਜਿਵੇਂ ਮੈਂ ਹਾਰਨ ਨੂੰ ਦਬਾਉਂਦਾ ਰਿਹਾ, ਉਸ ਡਰਾਈਵਰ ਦੀ ਖ਼ੁਸ਼ੀ ਮੈਨੂੰ ਆਪਣੇ ਅੰਦਰ ਮਹਿਸੂਸ ਹੁੰਦੀ ਰਹੀ। ਓਹੋ ਜਿਹਾ ਹਾਰਨ ਹੋਣ ਕਰਕੇ ਕੋਈ ਵੀ ਬੰਦਾ ਸੜਕ ਦੇ ਬਾਦਸ਼ਾਹਾਂ ਜਿੰਨਾ ਮਾਣ ਤੇ ਸ਼ਕਤੀ ਮਹਿਸੂਸ ਕਰਦਾ।

8. ਜੈਪੁਰ ਦੇ ਬਾਹਰ ਡਾਕੂਆਂ ਨਾਲ ਮੁੱਠਭੇੜ

ਜਦੋਂ ਤਕ ਅਸੀਂ ਜੈਪੁਰ ਪਹੁੰਚੇ, ਹਨੇਰਾ ਘਿਰ ਆਇਆ ਸੀ। ਇਸ ਲਈ ਅਸੀਂ ਸ਼ਹਿਰ ਜ਼ਿਆਦਾ ਨਹੀਂ ਦੇਖ ਸਕੇ। ਰਾਤ ਅਸੀਂ ਟਰੱਕ ਵਿਚ ਬਿਤਾਈ ਤੇ ਉਸਦੇ ਪਿਛਲੇ ਹਿੱਸੇ ਵਿਚ ਸੁੱਤੇ। ਜੈਪੁਰ ਦੀਆਂ ਰਾਤਾਂ ਠੰਢੀਆਂ ਹੁੰਦੀਆਂ ਨੇ—ਇੱਥੋਂ ਤਕ ਕਿ ਗਰਮੀਆਂ ਵਿਚ ਵੀ ਰਾਤਾਂ ਠੰਢੀਆਂ ਹੋ ਜਾਂਦੀਆਂ ਨੇ। ਗੁਰਨਾਮ ਨੇ ਸਾਨੂੰ ਆਪਣਾ ਬਿਸਤਰਾ ਵੀ ਦਿੱਤਾ। ਗੁਰਨਾਮ ਟਰੱਕ ਵਿਚ ਸੌਣ ਦਾ ਆਦੀ ਸੀ। ਪੈਂਦਾ ਹੀ ਉਹ ਤਾਂ ਸੌਂ ਗਿਆ ਤੇ ਉੱਚੀ-ਉੱਚੀ ਘੁਰਾੜੇ ਮਾਰਨ ਲੱਗ ਪਿਆ, ਪਰ ਦਲਜੀਤ ਤੇ ਮੈਂ ਬੇਚੈਨੀ ਨਾਲ ਪਾਸੇ ਪਰਤਦੇ ਰਹੇ। ਰਾਤ ਨੂੰ ਕਈ ਵਾਰੀ ਉਸਨੇ ਮੇਰੇ ਲੱਤਾਂ ਮਾਰੀਆਂ। ਟਰੱਕ ਦਾ ਫਰਸ਼ ਸਖ਼ਤ ਸੀ ਤੇ ਮੱਝ ਦੀ ਬੋ ਵੀ ਆ ਰਹੀ ਸੀ।
ਅਜੇ ਮੁਸ਼ਕਲ ਨਾਲ ਸਾਡੀ ਅੱਖ ਲੱਗੀ ਹੀ ਸੀ (ਜਾਂ ਸਾਨੂੰ ਸ਼ਾਇਦ ਇੰਜ ਲੱਗਿਆ) ਕਿ ਗੁਰਨਾਮ ਸਿੰਘ ਨੇ ਸਾਨੂੰ ਝੰਜੋੜ ਕੇ ਜਗਾ ਦਿੱਤਾ। ਬੋਲਿਆ ਕਿ ਚਾਰ ਵੱਜਣ ਵਾਲੇ ਨੇ ਤੇ ਅੱਜ ਉਸਨੇ ਲਾਲ ਪੱਥਰ ਲੱਦ ਕੇ ਵਾਪਸ ਜਾਣਾ ਹੈ।
“ਕਿਆ ਜ਼ਿੰਦਗੀ ਏ!” ਉਨੀਂਦਰੇ ਦਲਜੀਤ ਨੇ ਇਕ ਹੱਥ ਨਾਲ ਅੱਖਾਂ ਮਲਦਿਆਂ ਹੋਇਆਂ ਕਿਹਾ, “ਜ਼ਿੰਦਗੀ 'ਚ ਕਦੀ ਡਰਾਈਵਰ ਨਈਂ ਬਣਾਂਗਾ, ਹਰਗਿਜ ਨਈਂ ਬਣਾਂਗਾ।”
“ਓ ਭਰਾ, ਜ਼ਿੰਦਗੀ ਦੇ ਦਿਨ ਤਾਂ ਕੱਟਣੇ ਈ ਪੈਂਦੇ ਨੇ ਕਿਸੇ ਤਰ੍ਹਾਂ।” ਗੁਰਨਾਮ ਸਿੰਘ ਨੇ ਦਾਰਸ਼ਨਿਕਾਂ ਵਾਂਗ ਕਿਹਾ, “ਮੈਨੂੰ ਡਰਾਈਵਿੰਗ ਚੰਗੀ ਲੱਗਦੀ ਏ। ਛੇ ਜਾਂ ਸੱਤ ਸਾਲ ਦਾ ਸੀ, ਜਦੋਂ ਮੈਂ ਡਰਾਈਵਿੰਗ ਸਿੱਖ ਲਈ ਸੀ। ਫੇਰ ਆਮਦਨੀ ਥੋੜ੍ਹੀ ਨਈਂ ਏਂ ਇਸ ਕੰਮ 'ਚ। ਹੁਣ ਜਦੋਂ ਦਿੱਲੀ ਪਹੁੰਚਾਂਗਾ, ਤਾਂ ਦੋ ਦਿਨ ਛੁੱਟੀ ਮਨਾਵਾਂਗਾ ਤੇ ਇਹ ਸਮਾਂ ਆਪਣੇ ਬੀਵੀ-ਬੱਚਿਆਂ ਨਾਲ ਬਿਤਾਵਾਂਗਾ। ਤਾਂ ਦੋਸਤੋ, ਅਲਵਿਦਾ! ਜੇ ਫੇਰ ਕਦੀ ਦਿੱਲੀ ਆਓਂ, ਤਾਂ ਮੈਂ ਤੁਹਾਨੂੰ ਲਾਲ ਕਿਲੇ ਦੀਆਂ ਕੰਧਾਂ ਹੇਠ ਮਿਲਾਂਗਾ।”
ਜਦੋਂ ਉਹ ਟਰੱਕ ਸਟਾਰਟ ਕਰਕੇ ਧੜਧੜਾਉਂਦਾ ਹੋਇਆ ਨਿਕਲਿਆ, ਤਾਂ ਅਸੀਂ ਹੱਥ ਹਿਲਾਏ। ਟਰੱਕ ਕਾਫੀ ਸ਼ੋਰ ਕਰਕੇ ਨਿਕਲਿਆ ਸੀ, ਤੇ ਸ਼ਾਇਦ ਆਸੇ-ਪਾਸੇ ਦੇ ਲੋਕ ਜਾਗ ਪਏ ਸਨ। ਕੁੱਤੇ ਭੌਂਕਣ ਲੱਗ ਪਏ ਸਨ ਤੇ ਇਕ ਮੁਰਗੇ ਨੇ ਬਾਂਗ ਵੀ ਦਿੱਤੀ ਸੀ।
ਅਸੀਂ ਜਿੱਥੇ ਖੜ੍ਹੇ ਸੀ, ਇਹ ਸ਼ਹਿਰ ਦਾ ਬਾਹਰੀ ਹਿੱਸਾ ਸੀ। ਸਾਹਮਣੇ ਹੀ ਇਕ ਵਿਸ਼ਾਲ ਝੀਲ ਦਿਖਾਈ ਦੇ ਰਹੀ ਸੀ। ਦੂਜੇ ਪਾਸੇ ਦੂਰ-ਦੂਰ ਤੱਕ ਖੁੱਲ੍ਹੀ ਜੰਗਲੀ ਭੂਮੀ ਸੀ। ਫੇਰ ਨੰਗੀਆਂ ਪਹਾੜੀਆਂ ਤੇ ਰੇਗਿਸਤਾਨ ਸੀ। ਪਰ ਕੰਡੇਦਾਰ ਝਾੜੀਆਂ ਤੇ ਕਿੱਕਰ ਦੇ ਰੁੱਖਾਂ ਦੇ ਪਿੱਛੇ ਕਿਸੇ ਰਾਜ ਮਹਿਲ ਜਾਂ ਕਿਸੇ ਸ਼ਿਕਾਰਗਾਹ ਦੇ ਖੰਡਰ ਦਿਖਾਈ ਦੇ ਰਹੇ ਸਨ।
“ਚੱਲ, ਉਧਰ ਚੱਲਦੇ ਆਂ!” ਦਲਜੀਤ ਨੇ ਸੁਝਾਅ ਦਿੱਤਾ, “ਝੀਲ 'ਚ ਨਹਾਅ ਕੇ ਥੋੜ੍ਹਾ ਆਰਾਮ ਕਰਦੇ ਆਂ। ਫੇਰ ਬਾਅਦ ਵਿਚ ਸਵੇਰੇ ਸ਼ਹਿਰ ਜਾ ਕੇ ਰੇਲ ਗੱਡੀਆਂ ਬਾਰੇ ਪੁੱਛਗਿੱਛ ਕਰਾਂਗੇ।”
ਅਸੀਂ ਝੀਲ ਦੇ ਕਿਨਾਰੇ-ਕਿਨਾਰੇ ਤੁਰਦੇ ਗਏ। ਦੂਜੇ ਕਿਨਾਰੇ ਤਕ ਪਹੁੰਚ ਵਿਚ ਲਗਭਗ ਅੱਧਾ ਘੰਟਾ ਲੱਗ ਗਿਆ।
ਖੇਤਾਂ ਵਿਚ ਕੋਈ ਆਦਮੀ ਨਹੀਂ ਸੀ। ਹਾਂ, ਇਕ ਊਠ ਖ਼ੂਹ ਦੇ ਗਿਰਦ ਚੱਕਰ ਲਾ ਰਿਹਾ ਸੀ ਤੇ ਛੋਟੀਆਂ-ਛੋਟੀਆਂ ਪੀਪੀਆਂ ਵਿਚੋਂ ਪਾਣੀ ਉਲਦ ਰਿਹਾ ਸੀ। ਇਕ ਪਿੰਡ ਵਿਚੋਂ ਧੂੰਆਂ ਉੱਠ ਰਿਹਾ ਸੀ ਤੇ ਸਵੇਰ ਦੀ ਰੁਕ ਹੋਈ ਹਵਾ ਵਿਚ ਕਿਤੋਂ ਬੰਸਰੀ ਦੀ ਤਾਣ ਵੀ ਸੁਣਾਈ ਦੇ ਰਹੀ ਸੀ।
ਖੰਡਰਾਂ ਤਕ ਪਹੁੰਚਣ ਵਿਚ ਸਾਨੂੰ ਵੀਹ ਮਿੰਟ ਲੱਗ ਗਏ। ਇੰਜ ਲੱਗਦਾ ਸੀ ਉੱਥੇ ਕਦੀ ਕੋਈ ਸ਼ਿਕਾਰਗਾਹ ਹੁੰਦੀ ਹੋਵੇਗੀ, ਜਿਹੜੀ ਕਿਸੇ ਰਾਜੇ ਮਹਾਰਾਜੇ ਨੇ ਉਦੋਂ ਬਣਵਾਈ ਹੋਵੇਗੀ ਜਦੋਂ ਇੱਧਰ ਸ਼ਿਕਾਰ ਦੀ ਬਹੁਤਾਤ ਹੁੰਦੀ ਹੋਵੇਗੀ।
ਸ਼ਿਕਾਰਗਾਹ ਦੇ ਪ੍ਰਵੇਸ਼ ਦਰਵਾਜ਼ੇ ਨੂੰ ਅਣਘੜ ਪੱਥਰਾਂ ਨਾਲ ਬੰਦ ਕਰ ਦਿੱਤਾ ਗਿਆ, ਪਰ ਕੰਧ ਦਾ ਇਕ ਹਿੱਸਾ ਢਹਿ ਚੁੱਕਿਆ ਸੀ। ਅਸੀਂ ਉਸ ਟੁੱਟੀ ਕੰਧ ਦੇ ਮਲਬੇ ਉੱਤੋਂ ਹੁੰਦੇ ਅੰਦਰ ਚਲੇ ਗਏ। ਅੰਦਰ ਪੱਥਰਾਂ ਦਾ ਬਣਿਆਂ ਦਾਲਾਨ ਸੀ। ਉਸ ਦਾਲਾਨ ਦੇ ਐਨ ਵਿਚਕਾਰ ਪੱਥਰਾਂ ਦਾ ਬਣਿਆਂ ਇਕ ਸੁੱਕਾ ਫੁਆਰਾ ਸੀ, ਜਿਹੜਾ ਪਤਾ ਨਹੀਂ ਕਦੋਂ ਦਾ ਬੰਦ ਪਿਆ ਸੀ। ਫੁਆਰੇ ਦੇ ਫਰਸ਼ ਦੀਆਂ ਤਰੇੜਾਂ ਵਿਚ ਛੋਟਾ-ਜਿਹਾ ਪਿੱਪਲ ਉੱਗਿਆ ਹੋਇਆ ਸੀ।
ਦਾਲਾਨ ਪਾਰ ਕਰਕੇ ਅਸੀਂ ਮੁੱਖ ਇਮਾਰਤ ਵੱਲ ਗਏ। ਦਲਜੀਤ ਯਕਦਮ ਰੁਕ ਕੇ ਬੋਲਿਆ, “ਰਸਟੀ! ਤੈਨੂੰ ਕੋਈ ਮਹਿਕ ਆ ਰਹੀ ਏ?”
“ਹਾਂ, ਆ ਤਾਂ ਰਹੀ ਏ।” ਮੈਂ ਕਿਹਾ, “ਲੱਗਦਾ ਏ, ਕਿਤੇ ਮੁਰਗਾ ਰਿੱਝ ਰਿਹਾ ਏ।”
ਅਜਿਹੀ ਜਗ੍ਹਾ ਚਿਕਨ ਕਰੀ ਵਰਗੀ ਚੀਜ਼ ਦੀ ਅਸੀਂ ਕਲਪਨਾ ਵੀ ਨਹੀਂ ਸੀ ਕਰ ਸਕਦੇ। ਇਸਦਾ ਮਤਲਬ ਇਹ ਸੀ ਕਿ ਖੰਡਰਾਂ ਵਿਚ ਕੋਈ ਰਹਿੰਦਾ ਹੈ। ਮੈਂ ਹੈਰਾਨੀ ਵਿਚ ਪਿਆ ਸੋਚ ਹੀ ਰਿਹਾ ਸੀ ਕਿ ਕਿਉਂ ਨਾ ਇੱਥੋਂ ਮੁੜ ਜਾਈਏ, ਪਰ ਜੁਗਿਆਸਾ ਨੇ ਜਿਵੇਂ ਸਾਡੇ ਪੈਰ ਜਕੜ ਲਏ ਸੀ! ਇਕ ਤਾਂ ਜੁਗਿਆਸਾ, ਉੱਤੋਂ ਚਿਕਨ ਦੀ ਮਹਿਕ! ਸੋ, ਅਸੀਂ ਦੋਵੇਂ ਅੱਗੇ ਵਧੇ। ਧੁੱਪ ਵਿਚ ਨਹਾਇਆ ਦਾਲਾਨ ਪਾਰ ਕਰਕੇ ਅਸੀਂ ਇਕ ਵਰਾਂਡੇ ਦੀ ਛਾਂ ਵਿਚ ਜਾ ਕੇ ਖੜ੍ਹੇ ਹੋ ਗਏ। ਉੱਥੇ ਇਕ ਦਰਵਾਜ਼ਾ ਸੀ, ਜਿਹੜਾ ਇਕ ਹਨੇਰੇ ਕਮਰੇ ਦਾ ਸੀ ਤੇ ਉਸਦੇ ਅੰਦਰੋਂ ਬਣ ਰਹੀ ਸਬਜੀ ਦੀ ਮਹਿਕ ਆ ਰਹੀ ਸੀ। ਅਸੀਂ ਇਕ ਅਣਜਾਣੇ, ਰਹੱਸ ਨਾਲ ਭਰੇ ਦੁਚਿੱਤੀ ਵਿਚ ਫਸੇ ਥਾਵੇਂ ਖੜ੍ਹੇ ਦੇਖ ਰਹੇ ਸੀ।
“ਚੱਲ, ਅੱਗੇ ਵਧ!” ਦਲਜੀਤ ਨੇ ਕਿਹਾ।
“ਤੂੰ ਵੀ ਚੱਲ!” ਮੈਂ ਕਿਹਾ।
ਅਸੀਂ ਦੋਵੇਂ ਇਕੱਠੇ ਕਮਰੇ ਵਿਚ ਵੜ ਗਏ। ਪਰ ਉੱਥੇ ਕੋਈ ਨਹੀਂ ਸੀ। ਕਮਰਾ ਖਾਲੀ ਪਿਆ ਸੀ।
ਇਕ ਕੋਨੇ ਵਿਚ ਚੁੱਲ੍ਹਾ ਸੀ ਤੇ ਚੁੱਲ੍ਹੇ ਉੱਤੇ ਇਕ ਹਾਂਡੀ ਧਰੀ ਹੋਈ ਸੀ, ਜਿਸ ਵਿਚ ਕੋਈ ਚੀਜ਼ ਬਣ ਰਹੀ ਸੀ ਪਰ ਬਣਾਉਣ ਵਾਲਾ ਕਿੱਧਰੇ ਨਜ਼ਰ ਨਹੀਂ ਸੀ ਆ ਰਿਹਾ।
ਮੈਂ ਬੜੀ ਸਵਾਧਾਨੀ ਨਾਲ ਚੁੱਲ੍ਹੇ ਵੱਲ ਕਦਮ ਵਧਾਏ। ਜਾ ਕੇ ਹਾਂਡੀ ਦਾ ਢੱਕਣ ਚੁੱਕਿਆ ਤੇ ਸੁੰਘਿਆ। ਸੱਚਮੁੱਚ ਚਿਕਨ ਕਰੀ ਸੀ। ਸ਼ਹਿਰ ਦੀ ਆਬਾਦੀ ਤੋਂ ਏਨੀ ਦੂਰ ਇਹ ਸ਼ਿਕਾਰਗਾਹ ਦੇ ਖੰਡਰ, ਤੇ ਉੱਥੇ ਬਣਦੀ ਹੋਈ ਮੁਰਗੀ! ਅਸੀਂ ਹੈਰਾਨ ਸੀ—ਇੱਥੇ ਇਹ ਸਭ ਕਿਵੇਂ? ਆਸੇ-ਪਾਸੇ ਕੋਈ ਹੋਰ ਭਾਂਡਾ ਵੀ ਨਹੀਂ ਸੀ ਇਸ ਲਈ ਮੈਂ ਚੁੱਲ੍ਹੇ ਉੱਤੇ ਪਈ ਹਾਂਡੀ ਵਿਚ ਹੱਥ ਪਾਇਆ। ਇਕ ਬੋਟੀ ਕੱਢ ਕੇ ਉਸ ਵਿਚ ਦੰਦ ਗੱਡਨ ਲੱਗਿਆ ਤਾਂ ਅਚਾਨਕ ਪਿਛਲੇ ਪਾਸਿਓਂ ਦੋ ਮਜ਼ਬੂਤ ਹੱਥਾਂ ਨੇ ਮੈਨੂੰ ਦਬੋਚ ਕੇ ਉਪਰ ਚੁੱਕ ਲਿਆ।
ਮੈਂ ਏਨੀ ਉੱਚੀ ਚੀਕਿਆ ਕਿ ਮੇਰੇ ਹੱਥੋਂ ਬੋਟੀ ਛੁੱਟ ਗਈ। ਮੈਂ ਉਸ ਆਦਮੀ ਦੀ ਪਕੜ ਵਿਚੋਂ ਨਿਕਲਣ ਦੀ ਪੂਰੀ ਕੋਸ਼ਿਸ਼ ਕੀਤੀ,ਪਰ ਉਸਦੀਆਂ ਬਾਹਾਂ ਬੜੀਆਂ ਤਾਕਤਵਰ ਸਨ। ਉਹ ਬਾਹਾਂ ਕਿਸੇ ਦਿਓ-ਦਾਨਵ ਦੀਆਂ ਨਹੀਂ ਬਲਕਿ ਮਨੁੱਖ ਦੀਆਂ ਹੀ ਸਨ। ਇਹ ਮੈਂ ਉਸਦੀਆਂ ਬਾਹਾਂ ਉੱਤੇ ਕਾਲੇ-ਕਾਲੇ ਵਾਲ ਦੇਖ ਕੇ ਸਮਝ ਗਿਆ। ਛੁੱਟਣ ਲਈ ਮੈਂ ਬੜੇ ਹੱਥ-ਪੈਰ ਮਾਰੇ, ਪਰ ਉਦੋਂ ਹੀ ਇਕ ਹੋਰ ਆਦਮੀ ਦਾ ਪ੍ਰਛਾਵਾਂ ਮੇਰੇ ਸਾਹਮਣੇ ਪ੍ਰਗਟ ਹੋਇਆ ਤੇ ਉਸਨੇ ਆਉਂਦਿਆਂ ਹੀ ਮੇਰੀਆਂ ਲੱਤਾਂ ਫੜ੍ਹ ਲਈਆਂ। ਉੱਧਰ ਦਲਜੀਤ ਵੀ ਕਿਸੇ ਦੀ ਪਕੜ ਵਿਚ ਛਟਪਟਾ ਰਿਹਾ ਸੀ। ਮੈਂ ਚੀਕ ਕੇ ਉਸਨੂੰ ਕੁਝ ਕਹਿਣਾ ਚਾਹਿਆ, ਪਰ ਕਿਸੇ ਤੀਜੇ ਰਹੱਸਮਈ ਆਦਮੀ ਨੇ ਆ ਕੇ ਮੇਰੇ ਮੂੰਹ ਵਿਚ ਮੈਲਾ ਕੱਪੜਾ ਤੁੰਨ ਦਿੱਤਾ। ਮੇਰੇ ਦੋਵੇਂ ਹੱਥ ਵੀ ਉਸਨੇ ਫੜ੍ਹ ਲਏ, ਤੇ ਫੇਰ ਮੇਰੇ ਦੋਵਾਂ ਪੈਰਾਂ ਨੂੰ ਰੱਸੀ ਨਾਲ ਨੂੜ ਦਿੱਤਾ ਗਿਆ। ਇਸ ਤਰ੍ਹਾਂ ਮੇਰੀਆਂ ਮੁਸ਼ਕਾਂ ਕਸ ਕੇ ਉਹਨਾਂ ਨੇ ਮੈਨੂੰ ਜ਼ਮੀਨ ਉੱਤੇ ਮੂਧੇ ਮੂੰਹ ਸੁੱਟ ਦਿੱਤਾ। ਮੈਂ ਦੇਖਿਆ, ਕਮਰੇ ਦੇ ਦੂਜੇ ਕੋਨੇ ਵਿਚ ਪਏ ਦਲਜੀਤ ਦੀ ਵੀ ਇਹੋ ਦੁਰਦਸ਼ਾ ਸੀ। ਅਸੀਂ ਬਿਲਕੁਲ ਲਾਚਾਰ ਸੀ। ਕਮਰੇ ਵਿਚ ਘੱਟੋਘੱਟ ਪੰਜ ਆਦਮੀ ਸਨ।
“ਛੋਟਾ ਜਿਹਾ ਛੋਹਰ ਏ!” ਇਕ ਆਦਮੀ ਨੇ ਮੇਰੇ ਉੱਤੇ ਝੁਕ ਕੇ ਮੇਰੇ ਚਿਹਰੇ ਦਾ ਨਰੀਖਣ ਕਰਦਿਆਂ ਹੋਇਆਂ ਆਪਣੀ ਬੋਲੀ ਵਿਚ ਇਹ ਗੱਲ ਕਹੀ। ਅਚਰਜ ਦੀ ਗੱਲ ਸੀ ਕਿ ਮੈਂ ਉਸਦੀ ਬੋਲੀ ਸਮਝ ਗਿਆ! ਹਨੇਰੇ ਵਿਚ ਮੈਂ ਉਸਦਾ ਚਿਹਰਾ-ਮੋਹਰਾ ਤਾਂ ਨਹੀਂ ਪਛਾਣ ਸਕਿਆ, ਪਰ ਇਹ ਜ਼ਰੂਰ ਸਮਝ ਗਿਆ ਕਿ ਉਹ ਦਾੜ੍ਹੀ ਵਾਲਾ ਹੈ, ਕਿਉਂਕਿ ਮੇਰੀ ਗਰਦਨ ਉੱਤੇ ਉਸਦੇ ਵਾਲ ਚੁਭ ਰਹੇ ਸਨ। ਉਸਦੇ ਸਾਹਾਂ ਵਿਚੋਂ ਲਸਣ ਦੀ ਬੋ ਵੀ ਆ ਰਹੀ ਸੀ।
“ਛੋਹਰ ਹੋਵੇ ਜਾਂ ਛੋਹਰੀ, ਜਾਂ ਆਦਮੀ,” ਕੋਈ ਕਹਿ ਰਿਹਾ ਸੀ, “ਜੀਹਨੇ ਵੀ ਸਾਡੇ ਖਾਣੇ ਨੂੰ ਹੱਥ ਪਾਇਆ ਏ, ਉਸਦੀ ਮੰਜਾਈ ਹੋਣੀ ਚਾਹੀਦੀ ਏ।”
“ਇਸ ਛੋਹਰ ਦਾ ਰੰਗ ਤਾਂ ਕਾਫੀ ਗੋਰਾ ਏ,” ਦਾੜ੍ਹੀ ਵਾਲਾ ਆਦਮੀ ਕਹਿ ਰਿਹਾ ਸੀ।
“ਕੋਈ ਵਿਦੇਸ਼ੀ ਏ ਕਿ?”
“ਨਈਂ, ਅੱਧਾ ਦੇਸੀ ਅੱਧਾ ਵਿਦੇਸ਼ੀ ਏ। ਇਹਨਾਂ ਨੂੰ ਦਾਲਾਨ 'ਚ ਲੈ ਚੱਲਦੇ ਆਂ। ਉੱਥੇ ਚੰਗੀ ਤਰ੍ਹਾਂ ਦੇਖ ਸਕਾਂਗੇ।”
“ਨਈਂ-ਨਈਂ, ਓਥੇ ਠੀਕ ਨਈਂ! ਜੇ ਪਿੰਡ ਵਾਲਿਆਂ ਨੇ ਓਥੇ ਸਾਨੂੰ ਦੇਖ ਲਿਆ, ਤਾਂ ਜਲਦੀ ਈ ਗੱਲ ਫ਼ੈਲ ਜਾਵੇਗੀ। ਅਸੀਂ ਇਸ ਜਗ੍ਹਾ ਦਾ ਇਸਤੇਮਾਲ ਫੇਰ ਵੀ ਕਰਨਾ ਏਂ।”
“ਤਾਂ ਫੇਰ ਲਾਲਟੈਨ ਬਾਲ।”
ਜਿਹੜਾ ਆਦਮੀ ਮਿੱਟੀ ਦੇ ਤੇਲ ਵਾਲੀ ਲਾਲਟੈਨ ਬਾਲ ਰਿਹਾ ਸੀ, ਉਹ ਕਮਰੇ ਵਿਚ ਸਭ ਤੋਂ ਨਰੋਏ ਜੁੱਸੇ ਦਾ ਸੀ। ਲਾਲਟੈਨ ਦੀ ਬੱਤੀ ਦਾ ਚਾਨਣ ਫ਼ੈਲਿਆ ਤਾਂ ਉਸਦਾ ਵਿਸ਼ਾਲ ਪ੍ਰਛਾਵਾਂ ਕੰਧ ਉੱਤੇ ਪੈਣ ਲੱਗਾ। ਇਹ ਆਦਮੀ ਦਿਓ ਵਰਗਾ ਲੱਗਦਾ ਸੀ—ਛੇ ਫੁੱਟ ਤੋਂ ਵੀ ਕਈ ਇੰਚ ਲੰਮਾਂ ਕੱਦ ਸੀ ਉਸਦਾ। ਛਾਤੀ ਨੰਗੀ ਸੀ ਤੇ ਸਿਰ ਦੇ ਵਾਲ ਛੋਟੇ-ਛੋਟੇ ਸਨ। ਉਸਦੀਆਂ ਮਾਸਪੇਸ਼ੀਆਂ ਲੋਹੇ ਦੇ ਡਲਿਆਂ ਵਾਂਗ ਉਭਰੀਆਂ ਹੋਈਆਂ ਸਨ। ਦਾੜ੍ਹੀ ਵਾਲੇ ਦੇ ਪਿੱਛੇ ਖੜ੍ਹਾ ਆਦਮੀ ਸ਼ਾਇਦ ਹੁਕਮ ਦੇ ਰਿਹਾ ਸੀ। ਮੈਂ ਅਜੇ ਤਕ ਉਸਨੂੰ ਦੇਖਿਆ ਨਹੀਂ ਸੀ।
“ਇਸ ਨੂੰ ਪਲਟ ਕੇ ਸਿੱਧਾ ਕਰ। ਦੇਖੀਏ, ਕੌਣ ਏ?” ਉਹ ਬੋਲਿਆ।
ਉਸ ਦਿਓ ਨੇ ਮੈਨੂੰ ਜ਼ਮੀਨ ਉੱਤੇ ਰੇੜ੍ਹ ਕੇ ਸਿੱਧਾ ਕਰ ਦਿੱਤਾ ਤੇ ਮੈਂ ਪਿਆ-ਪਿਆ ਕਾਲੀ ਛੱਤ ਵੱਲ ਮਜਲੂਮਾਂ ਵਾਂਗ ਦੇਖਣ ਲੱਗਾ।
ਤਿੰਨ ਚਿਹਰੇ ਮੈਨੂੰ ਘੂਰ ਰਹੇ ਸਨ। ਮੇਰੇ ਮੂੰਹ ਵਿਚ ਕੱਪੜਾ ਤੁੰਨਿਆਂ ਹੋਇਆ ਸੀ, ਮੁਸ਼ਕਾਂ ਕਸੀਆਂ ਹੋਈਆਂ ਸਨ ਤੇ ਉਹਨਾਂ ਦੀ ਦਇਆ ਉੱਤੇ ਨਿਰਭਰ ਮੈਂ, ਭੈ ਦਾ ਮਾਰਿਆ ਥਰਥਰ ਕੰਬ ਰਿਹਾ ਸੀ। ਉਹਨਾਂ ਦੀ ਸ਼ਕਲ-ਸੂਰਤ ਅਪਰਾਧੀਆਂ ਵਰਗੀ ਲੱਗਦੀ ਸੀ। ਸ਼ਾਇਦ ਡਾਕੂ ਸਨ, ਤੇ ਖੰਡਰਾਂ ਦਾ ਇਸਤੇਮਾਲ ਲੁਕਣ-ਛਿਪਣ ਲਈ ਕਰਦੇ ਸਨ।
ਦਾੜ੍ਹੀ ਵਾਲੇ ਦੇ ਜਬਾੜੇ ਦੀਆਂ ਹੱਡੀਆਂ ਉਭਰੀਆਂ ਹੋਈਆਂ ਸਨ ਤੇ ਅੱਖਾਂ ਭੈਂਗੀਆਂ ਸਨ। ਹਾਲਾਂਕਿ ਉਸ ਦਿਓ ਵਰਗੇ ਆਦਮੀ ਦੀ ਨੱਕ ਚੌੜੀ ਸੀ ਤੇ ਬੁੱਲ੍ਹ ਵੀ ਮੋਟੇ ਸਨ, ਪਰ ਉਸਦਾ ਚਿਹਰਾ ਕਰੂਰ ਨਹੀਂ ਸੀ ਲੱਗਦਾ। ਇਹ ਤਾਂ ਤੀਜਾ ਆਦਮੀ ਸੀ, ਜਿਸਦਾ ਚਿਹਰਾ ਦੇਖ ਕੇ ਮੈਂ ਸਹਿਮ ਗਿਆ ਸੀ। ਉਹ ਖਾਸ ਉੱਚਾ-ਲੰਮਾਂ ਵੀ ਨਹੀਂ ਸੀ ਤੇ ਨਾ ਹੀ ਕਰੂਪ ਸੀ। ਦਰਅਸਲ ਉਹ ਥੋੜ੍ਹਾ ਮਧਰੇ ਕੱਦ ਦਾ ਸੀ ਤੇ ਮੇਰੇ ਵੱਲ ਦੇਖਦਾ ਹੋਇਆ ਹੌਲੀ-ਹੌਲੀ ਮੁਸਕੁਰਾ ਰਿਹਾ ਸੀ। ਪਰ ਉਸਦੀ ਮੁਸਕਰਾਹਟ ਅਜਿਹੀ ਸੀ ਕਿ ਮੇਰੇ ਸਾਰੇ ਸਰੀਰ ਨੂੰ ਇਕ ਧੁੜਧੁੜੀ ਜਿਹੀ ਆਈ।
ਉਹ ਸਧੀ ਆਵਾਜ਼ ਵਿਚ ਕਹਿ ਰਿਹਾ ਸੀ, “ਮੁੰਡਿਆ, ਤੂੰ ਸਾਡੀ ਮੁਰਗੀ ਖਾਣ ਦੀ ਕੋਸ਼ਿਸ਼ ਕਰਕੇ ਠੀਕ ਨਈਂ ਕੀਤਾ। ਵਿਚਾਰਾ 'ਭੰਮੀਰੀ' ਕਿੰਨੀ ਮਿਹਨਤ ਨਾਲ ਚੁਰਾਅ ਕੇ ਲਿਆਇਆ ਸੀ ਇਹ ਮੁਰਗੀ!”
“ਓ-ਜੀ, ਅੱਧੀ ਰਾਤ ਨੂੰ ਗਿਆ ਸੀ।” ਉਹ ਦਿਓ ਬੋਲ ਪਿਆ। ਇਹ ਅਦਭੁਤ ਨਾਂ 'ਭੰਮੀਰੀ' ਉਸੇ ਦਾ ਸੀ। ਭੰਮੀਰੀ ਯਾਨੀ ਕਿ ਫਿਰਕੀ ਜਾਂ ਲਾਟੂ। ਉਹ ਕਹਿ ਰਿਹਾ ਸੀ, “ਖੇਤਾਂ 'ਚ ਮੇਰੇ ਪਿੱਛੇ ਤਿੰਨ ਕੁੱਤੇ ਤੇ ਅੱਧਾ ਪਿੰਡ ਪੈ ਗਿਆ ਸੀ, ਪਰ ਮੈਂ ਖ਼ੂਬ ਘਚਾਨੀ ਦਿੱਤੀ ਉਹਨਾਂ ਨੂੰ। ਚਕਮਾ ਦੇ ਕੇ ਨਿਕਲ ਆਇਆ।” ਇਹ ਕਹਿੰਦਿਆਂ-ਕਹਿੰਦਿਆਂ ਉਸਨੇ ਖੀਂ-ਖੀਂ ਕਰਦੇ ਦੰਦੀਆਂ ਕੱਢ ਵਿਖਾਈਆਂ।
“ਦਿਲਲਗੀ ਛੱਡ!” ਦਾੜ੍ਹੀ ਵਾਲਾ ਸ਼ੱਕੀ ਆਵਾਜ਼ ਵਿਚ ਬੋਲ ਰਿਹਾ ਸੀ, “ਮੁਰਗੀ ਦਾ ਏਨਾਂ ਮਹੱਤਵ ਨਈਂ—ਸਵਾਲ ਤਾਂ ਇਹ ਆ ਕਿ ਇਹ ਲੋਕ ਏਥੇ ਆਏ ਕਿਓਂ? ਤੈਨੂੰ ਕੀ ਲੱਗਦਾ ਏ, ਇਹ ਸਾਡੇ ਬਾਰੇ 'ਚ ਕੁਛ ਜਾਣਦੇ ਨੇ?”
“ਇਹਨਾਂ ਤੋਂ ਈ ਪੁੱਛਦੇ ਆਂ।” ਮਧਰੇ ਕੱਦ ਤੇ ਡਰਾਵਨੀ ਸ਼ਕਲ ਵਾਲਾ ਆਦਮੀ ਬੋਲਿਆ। ਏਨਾ ਕਹਿਣ ਸਾਰ ਉਹ ਮੇਰੇ ਉੱਤੇ ਝੁਕਿਆ ਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲੱਗਾ। ਫੇਰ ਮੇਰੇ ਮੂੰਹ ਵਿਚੋਂ ਉਸਨੇ ਕੱਪੜਾ ਕੱਢਿਆ। ਕੱਪੜਾ ਨਿਕਲਦਿਆਂ ਹੀ ਮੇਰੇ ਹੇਠਲੇਂ ਦੰਦਾਂ ਵਿਚ ਕੋਈ ਠੰਢੀ, ਸਖ਼ਤ-ਜਿਹੀ ਚੀਜ਼ ਚੁਭੀ। ਇੰਜ ਜਿਵੇਂ ਕੋਈ ਦੰਦਾਂ ਦਾ ਡਾਕਟਰ ਰੋਗੀ ਦੇ ਦੰਦਾਂ ਦੀ ਮੁੱਢਲੀ ਜਾਂਚ ਕਰ ਰਿਹਾ ਹੋਵੇ। ਪਰ ਇਹ ਮਧਰਾ, ਮਨਹੂਸ ਤੇ ਡਰਾਵਨੀ ਸ਼ਕਲ ਵਾਲਾ ਆਦਮੀ ਇਹ ਕੰਮ ਕਟਾਰ ਦੀ ਨੋਕ ਨਾਲ ਕਰ ਰਿਹਾ ਸੀ।
“ਖ਼ਬਰਦਾਰ, ਬਿਨਾਂ ਇਜਾਜ਼ਤ ਦੇ ਕੁਛ ਬੋਲਿਆ ਜਾਂ ਚੀਕਿਆ!” ਉਹ ਗੁਰਰਾਇਆ। ਫੇਰ ਕਟਾਰ ਕੱਢ ਕੇ ਪਿੱਛੇ ਹਟ ਗਿਆ, “ਇਸਨੂੰ ਜ਼ਰਾ ਬੈਠਾਅ ਦੇਅ।...ਠੀਕ! ਮੇਰੀ ਗੱਲ ਸਮਝ ਲਈ ਤੂੰ?”
“ਮੇਰੀਆਂ ਵੀਣੀਆਂ ਦੁਖ ਰਹੀਆਂ ਨੇ।” ਮੈਂ ਬੋਲਿਆ।
ਭੰਮੀਰੀ ਮੇਰੀਆਂ ਬਾਹਾਂ ਦੇ ਬੰਨ੍ਹਣ ਖੋਲ੍ਹਣ ਲਈ ਅੱਗੇ ਨੂੰ ਹੋਇਆ, ਪਰ ਉਸਦਾ ਸਰਦਾਰ ਬੋਲ ਪਿਆ, “ਬੇਵਕੂਫ਼ਾ, ਨਾ ਖੋਲ੍ਹ!” ਤੇ ਦਿਓ ਪਿੱਛੇ ਹਟ ਗਿਆ।
“ਹਾਂ, ਹੁਣ ਦੱਸ, ਇੱਥੇ ਕੀ ਕਰ ਰਹੇ ਸੀ?”
“ਸੁਸਤਾਉਣ ਲਈ ਜਗ੍ਹਾ ਲੱਭ ਰਹੇ ਸੀ।” ਮੈਂ ਕਿਹਾ।
“ਜ਼ਰਾ ਇਸਦੀ ਬਾਂਹ ਮਰੋੜ, ਭੰਮੀਰੀ।”
ਮੈਂ ਨਹੀਂ ਸਮਝਦਾ ਸੀ ਕਿ ਦਿਓ ਮੇਰੀ ਬਾਂਹ ਨੂੰ ਏਨੇ ਜ਼ੋਰ ਨਾਲ ਮਰੋੜਨਾਂ ਚਾਹੁੰਦਾ ਸੀ। ਪਰ ਉਸਦੇ ਹਲਕੇ-ਜਿਹੇ ਝਟਕੇ ਨਾਲ ਮੇਰੀ ਚੀਕ ਨਿਕਲ ਗਈ। ਸਪਸ਼ਟ ਸੀ, ਜ਼ਿੰਦਗੀ ਵਿਚ ਉਹ ਕਦੀ ਪਹਿਲਵਾਨੀ ਕਰਦਾ ਰਿਹਾ ਹੋਵੇਗਾ।
“ਝੂਠ ਨਾ ਬੋਲ!” ਸਰਦਾਰ ਨੇ ਕਿਹਾ, “ਝੂਠ ਬੋਲਣਾ ਬੜਾ ਦੁਖਦਾਈ ਹੁੰਦਾ ਏ, ਸਮਝਿਆ! ਤੁਸੀਂ ਸਾਡੀ ਜਾਸੂਸੀ ਕਰ ਰਹੇ ਸੀ?”
“ਅਸੀਂ ਕੁਛ ਨਹੀਂ ਜਾਣਦੇ ਤੁਹਾਡੇ ਬਾਰੇ 'ਚ।” ਮੈਂ ਸਹਿਮੀ ਹੋਈ ਆਵਾਜ਼ ਵਿਚ ਕਿਹਾ, “ਅਸੀਂ ਤਾਂ ਜੈਪੁਰ 'ਚ ਇਕ ਰਾਤ ਤੋਂ ਈ ਆਂ।”
“ਇਹ ਮੁੰਡੇ ਜਾਸੂਸ ਨਈਂ ਲੱਗਦੇ,” ਦਾੜ੍ਹੀ ਵਾਲੇ ਨੇ ਕਿਹਾ, “ਐਵੇਂ ਛੋਹਰ-ਛੰਡੇ ਈ ਨੇ।”
“ਅਸੀਂ ਸਮੁੰਦਰ ਵੱਲ ਜਾ ਰਹੇ ਆਂ,” ਮੈਂ ਕਿਹਾ, “ਸਾਡੇ ਕੋਲ ਪੈਸੇ ਵੀ ਬਹੁਤੇ ਨਹੀਂ।”
“ਇਸੇ ਲਈ ਸਾਡਾ ਖਾਣਾ ਚੁਰਾਉਣਾ ਚਾਹੁੰਦੇ ਸੀ?” ਭੰਮੀਰੀ ਨੇ ਕੁਰਖ਼ਤ ਆਵਾਜ਼ ਵਿਚ ਕਿਹਾ। ਲੱਗਦਾ ਸੀ ਉਸਨੂੰ ਓਨੀਂ ਚਿੰਤਾ ਸਾਡੇ ਪੁਲਸ ਦੇ ਜਾਸੂਸ ਹੋਣ ਦੀ ਨਹੀਂ ਸੀ ਜਿੰਨੀ ਕਿ ਆਪਣੇ ਖਾਣੇ ਦੀ।
ਮਧਰਾ ਆਦਮੀ ਕਹਿ ਰਿਹਾ ਸੀ, “ਦੇਖਦੇ ਆਂ ਇਹਨਾਂ ਕੋਲ ਕੋਈ ਪੈਸਾ-ਧੇਲਾ ਵੀ ਏ ਜਾਂ ਨਈਂ।” ਉਸਨੇ ਮੇਰੀਆਂ ਜੇਬਾਂ ਦੀ ਤਲਾਸ਼ੀ ਲਈ ਤੇ ਮੇਰੇ ਕੋਲੋਂ ਜਿਹੜੇ ਥੋੜ੍ਹੇ-ਬਹੁਤੇ ਨੋਟ ਤੇ ਭਾਣ ਸੀ, ਸਭ ਕੱਢ ਲਈ। ਫੇਰ ਉਹ ਦਲਜੀਤ ਕੋਲ ਗਿਆ, ਜਿਸਦੇ ਮੂੰਹ ਵਿਚ ਹੁਣ ਵੀ ਕੱਪੜਾ ਤੁੰਨਿਆਂ ਹੋਇਆ ਸੀ। ਉਹ ਬੇਵੱਸ-ਜਿਹਾ ਹੋਇਆ ਪਿਆ ਸੀ। ਮਧਰੇ ਆਦਮੀ ਨੇ ਜਾ ਕੇ ਉਸਦਾ ਬਟੁਆ ਕੱਢਿਆ ਤੇ ਖੋਲ੍ਹ ਕੇ ਦੇਖਿਆ। ਬੋਲਿਆ, “ਤੀਹ-ਚਾਲੀ ਰੁਪਈਏ ਨੇ।” ਉਸਨੇ ਸਾਰੀ ਰਕਮ ਆਪਣੀਆਂ ਜੇਬਾਂ ਵਿਚ ਪਾ ਲਈ।
“ਇਹਨਾਂ ਨੂੰ ਜਾਣ ਦਿਆਂ ਹੁਣ?” ਭੰਮੀਰੀ ਨੇ ਪੁੱਛਿਆ।
“ਨਈਂ ਬੇਵਕੂਫ਼ਾ! ਰੌਲਾ ਪਾ ਦੇਣਗੇ ਛੋਹਰ। ਜਿਹੜਾ ਥੋੜ੍ਹਾ ਖਾਣਾ ਬਚਿਆ ਏ ਉਸਨੂੰ ਜਲਦੀ-ਜਲਦੀ ਨਿਪਟਾਓ ਤੇ ਫੇਰ ਏਥੋਂ ਚੱਲਦੇ ਬਣੋ।”
ਇਸ ਤਰ੍ਹਾਂ ਅਸੀਂ ਉੱਥੇ ਲਗਭਗ ਪੰਦਰਾਂ ਮਿੰਟ ਪਏ ਰਹੇ। ਸਾਡੀਆਂ ਮੁਸ਼ਕਾਂ ਕਸੀਆਂ ਹੋਈਆਂ ਸਨ। ਡਾਕੂ ਜਲਦੀ-ਜਲਦੀ ਖਾਣਾ ਤੂਸੀ ਜਾ ਰਹੇ ਸੀ। ਉਹ ਆਪਣੇ ਪਿੱਛੇ ਕੁਝ ਵੀ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੇ। ਜਦੋਂ ਉਹ ਖਾ ਚੁੱਕੇ, ਤਾਂ ਉਂਗਲਾਂ ਚੱਟਦੇ ਹੋਏ ਡਕਾਰਾਂ ਮਾਰਨ ਲੱਗੇ। ਭੰਮੀਰੀ ਨੇ ਬੜੇ ਜ਼ੋਰ ਦਾ ਡਕਾਰ ਮਾਰਿਆ। ਡਕਾਰ ਉਸਦੇ ਢਿੱਡ ਦੀ ਡੂੰਘਿਆਈ ਵਿਚੋਂ ਆਇਆ ਜਾਪਦਾ ਸੀ ਤੇ ਉਪਰ ਆਉਂਦਾ-ਆਉਂਦਾ ਗੁਰੂ-ਗੰਭੀਰ ਆਵਾਜ਼ ਵਿਚ ਸਾਰੇ ਕਮਰੇ ਵਿਚ ਇਸ ਤਰ੍ਹਾਂ ਗੂੰਜਿਆ ਸੀ ਜਿਵੇਂ ਕੋਈ ਘੰਟਾ ਵੱਜ ਰਿਹਾ ਹੋਵੇ। ਮਧਰੇ ਡਾਕੂ ਨੇ ਭੱਦੇ ਤਰੀਕੇ ਨਾਲ ਡਕਾਰ ਮਾਰੀ।
“ਇਹਨਾਂ ਨੂੰ ਏਥੇ ਪਿਆ ਰਹਿਣ ਦਿਓ,” ਉਹ ਮੇਰੇ ਵੱਲ ਮੱਕਾਰ ਨਿਗਾਹਾਂ ਨਾਲ ਦੇਖਦਾ ਹੋਇਆ ਮਿੰਨ੍ਹਾਂ-ਮਿੰਨ੍ਹਾਂ ਮੁਸਕਰਾਇਆ, “ਜਿੰਨਾਂ ਚਾਹੋਂ ਸੁਸਤਾ ਲਓ ਏਥੇ। ਦੋ-ਇਕ ਦਿਨ ਤਾਂ ਕਿਸੇ ਨੂੰ ਪਤਾ ਈ ਨਈਂ ਲੱਗੇਗਾ।...ਗੋਰੇ ਛੋਹਰ ਦਾ ਮੂੰਹ ਫੇਰ ਬੰਦ ਕਰ ਦੇਅ, ਭੰਮੀਰੀ!”
ਲੰਮੀ ਚੌੜੀ ਦੇਹ ਵਾਲਾ ਦਿਓ ਹੁਣ ਮੇਰੇ ਉੱਤੇ ਝੁਕਿਆ, ਤਾਂ ਲਾਲਟੈਨ ਦੀ ਰੌਸ਼ਨੀ ਕੰਬਣ ਲੱਗ ਪਈ। ਹਾਲਾਂਕਿ ਹਨੇਰਾ ਸੀ, ਫੇਰ ਵੀ ਮੈਂ ਉਸਦੀਆਂ ਅੱਖਾਂ ਵਿਚ ਹਮਦਰਦੀ ਦੀ ਟਿਮਟਿਮਾਹਟ ਦੇਖੀ। । ਉਸਨੇ ਗੰਦਾ ਕੱਪੜਾ ਫੇਰ ਮੇਰੇ ਮੂੰਹ ਵਿਚ ਤੁੰਨ ਦਿੱਤਾ ਤੇ ਉੱਤੇ ਕੱਪੜਾ ਵੀ ਕੱਸ ਕੇ ਬੰਨ੍ਹ ਦਿੱਤਾ। ਤੇ ਫੇਰ, ਹਨੇਰੇ ਦੀ ਓਟ ਵਿਚ ਉਹ ਚੁੱਪਚਾਪ ਆਪਣਾ ਹੱਥ ਮੇਰੀ ਪਿੱਠ ਪਿੱਛੇ ਲੈ ਗਿਆ ਤੇ ਕਾਹਲ ਨਾਲ ਮੇਰੀ ਰੱਸੀ ਦੀ ਗੰਢ ਢਿੱਲੀ ਕਰ ਦਿੱਤੀ।
“ਠੀਕ ਏ, ਹੁਣ ਨਿਕਲ ਚੱਲੋ।” ਸਰਦਾਰ ਬੋਲਿਆ।
ਉਹ ਕਮਰੇ ਵਿਚੋਂ ਬਾਹਰ ਨਿਕਲ ਗਿਆ। ਪਿੱਛੇ-ਪਿੱਛੇ ਦੂਜੇ ਡਾਕੂ ਵੀ ਨਿਕਲ ਗਏ। ਭੰਮੀਰੀ ਸਭ ਤੋਂ ਬਾਅਦ ਵਿਚ ਗਿਆ, ਪਰ ਉਸਨੇ ਮੁੜ ਕੇ ਸਾਡੇ ਵੱਲ ਦੇਖਿਆ ਤਕ ਨਹੀਂ। ਮੈਂ ਸਾਹ ਰੋਕੀ ਬੈਠਾ ਸੀ। ਜਿਵੇਂ ਹੀ ਉਹਨਾਂ ਦੇ ਪੈਰਾਂ ਦਾ ਖੜਾਕ ਸੁਣਾਈ ਦੇਣਾ ਬੰਦ ਹੋਇਆ, ਮੈਂ ਕਾਹਲ ਨਾਲ ਆਪਣੇ ਹੱਥ ਰੱਸੀ ਵਿਚੋਂ ਕੱਢੇ, ਜਿਸਨੂੰ ਭੰਮੀਰੀ ਢਿੱਲੀ ਕਰ ਗਿਆ ਸੀ, ਤੇ ਮੂੰਹ ਵਿਚੋਂ ਗੰਦਾ ਕੱਪੜਾ ਵੀ ਕੱਢ ਸੁੱਟਿਆ। ਫੇਰ ਪੈਰਾਂ ਦੇ ਬੰਨ੍ਹਣ ਖੋਲ੍ਹ ਕੇ ਘਿਸਟਦਾ ਹੋਇਆ ਦਲਜੀਤ ਕੋਲ ਗਿਆ। ਉਸਦੇ ਮੂੰਹ ਵਿਚ ਤੁੰਨਿਆਂ ਕੱਪੜਾ ਕੱਢਿਆ ਤੇ ਉਸਦੀਆਂ ਬਾਹਾਂ 'ਤੇ ਬੰਨ੍ਹੀ ਰੱਸੀ ਖੋਲ੍ਹਣੀ ਸ਼ੁਰੂ ਕਰ ਦਿੱਤੀ।
ਦਲਜੀਤ ਬੋਲਣ ਲਾਇਕ ਹੋਇਆ ਤਾਂ ਉਸਨੇ ਪੁੱਛਿਆ, “ਤੂੰ ਰੱਸੀ ਖੋਲ੍ਹੀ ਕਿਵੇਂ?”
“ਐਨੀ ਉੱਚੀ ਨਾ ਬੋਲ,” ਮੈਂ ਕਿਹਾ, “ਉਹ ਮੁੜ ਕੇ ਵੀ ਆ ਸਕਦੇ ਨੇ। ਉਹਨਾਂ ਦੀ ਹਾਂਡੀ ਵੀ ਇੱਥੇ ਈ ਪਈ ਏ। ਹੋ ਸਕਦਾ ਏ, ਉਹਨਾਂ ਦੀ ਨਾ ਹੋਵੇ, ਕਿਸੇ ਹੋਰ ਦੀ ਹੋਵੇ।”
“ਪਰ ਆਖ਼ਰ ਤੂੰ ਆਪਣੀ ਰੱਸੀ ਖੋਲ੍ਹੀ ਕਿਵੇਂ, ਰਸਟੀ?”
“ਓਹ ਦਿਓ ਵਰਗਾ ਆਦਮੀ ਸਾਰਿਆਂ ਦੀ ਅੱਖ ਬਚਾਅ ਕੇ ਮੇਰੇ ਹੱਥਾਂ ਦਾ ਬੰਨ੍ਹਣ ਖੋਲ੍ਹ ਗਿਆ ਸੀ। ਲੱਗਦਾ ਏ ਉਸਨੂੰ ਸਾਡੇ ਉੱਤੇ ਤਰਸ ਆ ਗਿਆ।”
“ਇਹੋ-ਜਿਹੇ ਦਿਆਲੂ ਦਾ ਰੱਬ ਭਲ਼ਾ ਕਰੇ।” ਦਲਜੀਤ ਨੇ ਧੁਰ ਅੰਦਰੋਂ ਕਿਹਾ, “ਨਈਂ ਤਾਂ ਪਤਾ ਨਈਂ ਕਿੰਨੇ ਦਿਨ ਇੱਥੇ ਪਏ ਰਹਿੰਦੇ ਤੇ ਭੁੱਖੇ ਮਰ ਜਾਂਦੇ। ਭੁੱਖੇ ਨਾ ਵੀ ਮਰਦੇ, ਪਿਆਸ ਨਾਲ ਈ ਨਿੱਬੜ ਜਾਂਦਾ।”
ਜਿਵੇਂ ਹੀ ਦਲਜੀਤ ਦੇ ਸਰੀਰ ਦੇ ਸਾਰੇ ਬੰਨ੍ਹਣ ਖੁੱਲ੍ਹੇ, ਉਹ ਉੱਠ ਕੇ ਬੈਠ ਗਿਆ ਤੇ ਲੱਤਾਂ ਬਾਹਾਂ ਸਿੱਧੀਆਂ ਕਰਨ ਲੱਗਾ। ਫੇਰ ਉਹ ਗੋਡਿਆਂ ਨੂੰ ਠੋਡੀ ਤਕ ਲੈ ਗਿਆ ਤੇ ਉਦਾਸ ਅੱਖਾਂ ਨਾਲ ਮੇਰੇ ਵੱਲ ਦੇਖਣ ਲੱਗਾ।
“ਹੁਣ ਕੀ ਹੋਵੇਗਾ, ਰਸਟੀ? ਸਾਡੇ ਸਾਰੇ ਪੈਸੇ ਵੀ ਉਹ ਲੈ ਗਏ। ਹੁਣ ਕਿਤੇ ਜਾ ਨਈਂ ਸਕਦੇ—ਨਾ ਅੱਗੇ, ਨਾ ਪਿੱਛੇ। ਚੱਲ ਨੇੜਲੇ ਕਿਸੇ ਪੁਲਸ ਥਾਣੇ 'ਚ ਚੱਲ ਕੇ ਆਤਮ-ਸਮਰਪਣ ਕਰ ਦੇਂਦੇ ਆਂ।”
“ਉਹ ਸਾਡੇ ਝੋਲੇ ਵੀ ਲੈ ਗਏ। ਖ਼ੈਰ, ਜੇ ਡਾਕੂ ਸਨ, ਇਹ ਤਾਂ ਉਹਨਾਂ ਦਾ ਧਰਮ ਤੇ ਧੰਦਾ ਏ ਕਿ ਜੋ ਮਿਲੇ ਉਸਨੂੰ ਹਥਿਆ ਲਓ। ਮੈਂ ਤਾਂ ਕਹਿਣਾ, ਸਾਨੂੰ ਆਪਣੇ-ਆਪ ਨੂੰ ਕਿਸਮਤ ਵਾਲੇ ਸਮਝਣਾ ਚਾਹੀਦਾ ਏ। ਉਹ ਸਾਡੀ ਹੱਤਿਆ ਵੀ ਕਰ ਸਕਦੇ ਸੀ।”
“ਅਸੀਂ ਉਹਨਾਂ ਦੇ ਪਹਿਲੇ ਸ਼ਿਕਾਰ ਨਾ ਹੁੰਦੇ—ਮਤਲਬ ਕਿ ਇਸ ਤੋਂ ਪਹਿਲਾਂ ਵੀ ਉਹ ਹੱਤਿਆਵਾਂ ਕਰ ਰਹੇ ਹੋਣਗੇ। ਉਹ ਬੌਣਾ...” ਦਲਜੀਤ ਨੱਕ-ਬੁੱਲ੍ਹ ਵੱਟਦਾ ਹੋਇਆ ਸ਼ਾਇਦ ਸੋਚ ਰਿਹਾ ਸੀ ਕਿ ਕੁਝ ਵੀ ਹੋ ਸਕਦਾ ਸੀ। ਫੇਰ ਜੇਬਾਂ ਫਰੋਲਦਾ ਹੋਇਆ ਖ਼ੁਸ਼ੀ ਨਾਲ ਬੋਲਿਆ, “ਵੱਡੇ ਚਾਤਰ ਬਣਦੇ ਸੀ। ਰਸਟੀ, ਦੇਖ ਤਾਂ, ਮੇਰੀ ਘੜੀ ਛੱਡ ਗਏ ਨੇ, ਤੇ ਜੇਬਾ ਵਿਚ ਥੋੜ੍ਹੀ ਭਾਣ ਵੀ ਪਈ ਏ।”
“ਠੀਕ ਏ, ਐਨੀ ਕਾਫੀ ਏ,” ਮੈਂ ਕਿਹਾ, “ਭੁੱਖੇ ਮਰਨ ਦੀ ਨੌਬਤ ਤਾਂ ਨਹੀਂ ਆਵੇਗੀ। ਘੜੀ ਵੇਚ ਦਿਆਂਗੇ। ਇਕ ਵਾਰੀ ਕਿਸੇ ਤਰ੍ਹਾਂ ਜਾਮਨਗਰ ਪਹੁੰਚ ਜਾਈਏ, ਤਾਂ ਘੜੀ ਵੀ ਨਹੀਂ ਵੇਚਣੀ ਪਵੇਗੀ...ਸੰਕਟ ਸਮੇਂ ਕੰਮ ਆਵੇਗੀ।”
“ਕੀ ਇਹ ਸੰਕਟ ਦੀ ਘੜੀ ਨਈਂ?”
“ਹਾਂ, ਹੈ ਤਾਂ ਸਹੀ, ਪਰ ਫੇਰ ਵੀ...।”
“ਤੇ ਤੂੰ ਸਮਝਦਾ ਏਂ, ਅਸੀਂ ਅੱਗੇ ਜਾ ਸਕਦੇ ਆਂ? ਅਜੇ ਤੂੰ ਉਮੀਦ ਨਈਂ ਛੱਡੀ”
“ਤੇਰੀ ਕੀ ਮਰਜ਼ੀ ਏ?”
“ਤੂੰ ਸਮਝਦਾ ਏਂ, ਮੈਂ ਤੇਰੇ ਨਾਲੋਂ ਪਹਿਲਾਂ ਹੌਸਲਾ ਛੱਡ ਦਿਆਂਗਾ? ਚੱਲ, ਰਸਟੀ। ਇੱਥੋਂ ਨਿਕਲ ਚੱਲਦੇ ਆਂ। ਕਲ੍ਹ ਸ਼ਨੀਵਾਰ ਏ, ਤੇ ਅਸੀਂ ਜਹਾਜ਼ ਫੜ੍ਹਨਾਂ ਏਂ।”

9. ਕੱਪੜਿਆਂ ਦੀ ਚੋਰੀ ਤੇ ਸੀਨਾ-ਜ਼ੋਰੀ

ਦਲਜੀਤ ਤੇ ਮੈਂ ਰੇਲਗੱਡੀ ਦੇ ਇਕ ਮਾਲ ਡੱਬੇ ਦੇ ਫਰਸ਼ ਉੱਤੇ, ਜਿਸ ਉੱਤੇ ਛੱਤ ਨਹੀਂ ਸੀ, ਚਿੱਤ ਪਏ ਸੀ। ਗੱਡੀ ਧੀਮੀ ਰਫ਼ਤਾਰ ਨਾਲ ਰੇਗਸਤਾਨੀ ਇਲਾਕੇ ਵਿਚੋਂ ਲੰਘ ਰਹੀ ਸੀ ਤੇ ਲੂ ਦੇ ਥਪੇੜਿਆਂ ਨਾਲ ਉੱਡ-ਉੱਡ ਕੇ ਰੇਤ ਸਾਡੇ ਉੱਤੇ ਪੈ ਰਹੀ ਸੀ। ਰੇਤ ਸਾਡੇ ਸਿਰਾਂ ਵਿਚ, ਸਾਡੀਆਂ ਅੱਖਾਂ ਵਿਚ ਤੇ ਸਾਡੇ ਮੂੰਹਾਂ ਵਿਚ ਕਿਰਚ-ਕਿਰਚ ਕਰ ਰਹੀ ਸੀ। ਉਸ ਤੋਂ ਕੋਈ ਬਚਾਅ ਨਹੀਂ ਸੀ ਕੀਤਾ ਜਾ ਸਕਦਾ। ਰੇਤ ਨਾਲ ਭਰਿਆ ਦਲਜੀਤ ਦਾ ਚਿਹਰਾ ਹੁਣ ਮੇਰੇ ਚਿਹਰੇ ਵਰਗਾ ਹੀ ਲੱਗਣ ਲੱਗ ਪਿਆ ਸੀ। ਉਪਰੋਂ ਲਿਸ਼ਕਦੀ ਧੁੱਪ ਗਜ਼ਬ ਢਾਅ ਰਹੀ ਸੀ। ਮਾਲ-ਗੱਡੀ ਦੇ ਡੱਬੇ ਦੇ ਕੋਨੇ ਵਿਚ ਜ਼ਰਾ ਜਿੰਨੀ ਥਾਂ ਸਾਨੂੰ ਥੋੜ੍ਹੀ-ਜਿਹੀ ਛਾਂ ਮਿਲੀ ਸੀ। ਸਾਡੇ ਕੋਲ ਜਿੰਨੇ ਪੈਸੇ ਸਨ, ਉਹਨਾਂ ਦੇ ਅਸੀਂ ਕੇਲੇ ਖ਼ਰੀਦ ਲਏ ਸਨ ਤੇ ਵਿਚ-ਵਿਚ ਖਾਂਦੇ ਆ ਰਹੇ ਸੀ।
“ਸਵੇਰ ਤਕ ਤਾਂ ਭੁੱਖ ਨਾਲ ਅਸੀਂ ਅਧਮੋਏ ਹੋ ਜਾਵਾਂਗੇ।” ਮੈਂ ਕਿਹਾ, “ਕਿਓਂ ਨਾ ਥੋੜ੍ਹੇ ਕੇਲੇ ਬਚਾਅ ਕੇ ਰੱਖ ਲਈਏ!”
“ਸਵੇਰ ਤਾਂ ਕਲ੍ਹ ਨੂੰ ਆਏਗੀ,” ਦਲਜੀਤ ਬੋਲਿਆ, “ਭੁੱਖ ਮੈਨੂੰ ਅੱਜ ਲੱਗੀ ਏ। ਫੇਰ ਅਸੀਂ ਸਵੇਰੇ-ਸਵੇਰੇ ਜਾਮਨਗਰ ਪਹੁੰਚ ਈ ਜਾਵਾਂਗੇ।”
“ਤੇ ਜੇ ਜਹਾਜ਼ ਜਾ ਚੁੱਕਿਆ ਹੋਇਆ ਫੇਰ?”
“ਜਹਾਜ਼ ਉੱਥੇ ਈ ਹੋਵੇਗਾ।”
“ਤੂੰ ਕਿਵੇਂ ਜਾਣਦਾ ਏਂ?” ਮੈਂ ਪੁੱਛਿਆ।
“ਦੱਸ ਨਈਂ ਸਕਦਾ। ਬਸ, ਥੋੜ੍ਹਾ ਆਸ਼ਾਵਾਦੀ ਆਂ।”
“ਹੁਣ ਕਿਸੇ ਵੀ ਦਿਨ ਉਹ ਲੰਗਰ ਚੁੱਕ ਕੇ ਤੁਰ ਜਾਏਗਾ। ਹੋ ਸਕਦਾ ਏ, ਤੁਰ ਈ ਗਿਆ ਹੋਵੇ। ਦਲਜੀਤ, ਪੈਸਿਆਂ ਦੇ ਬਿਨਾਂ ਅਸੀਂ ਮੁਸ਼ਕਲ 'ਚ ਫਸ ਜਾਵਾਂਗੇ। ਫੇਰ ਭਲਾਂ ਕੀ ਕਰਾਂਗੇ?”
“ਚਿੰਤਾ ਛੱਡ, ਰਸਟੀ! ਘਬਰਾਉਂਦਾ ਕਿਓਂ ਏਂ? ਜੇ ਕੋਈ ਬਿਪਤਾ ਆਈ, ਤਾਂ ਇਹ ਘੜੀ ਵੇਚ ਦਿਆਂਗੇ ਤੇ ਸਕੂਲ ਮੁੜ ਜਾਵਾਂਗੇ। ਫੇਰ ਹੋਵੇਗਾ ਇਹੀ ਨਾ ਕਿ ਸਾਨੂੰ ਸਕੂਲੋਂ ਕੱਢ ਦਿੱਤਾ ਜਾਵੇਗਾ। ਨਈਂ, ਉਹ ਇੰਜ ਨਈਂ ਕਰਨਗੇ। ਮੇਰੇ ਪਿਤਾ ਦੇ ਪੈਸਿਆਂ ਤੋਂ ਹੱਥ ਧੋਣਾ ਪਵੇਗਾ ਉਹਨਾਂ ਨੂੰ। ਪਰ ਜੇ ਤੂੰ ਕਹੇਂਗਾ ਤਾਂ ਅਸੀਂ ਫੇਰ ਭੱਜ ਨਿਕਲਾਂਗੇ।”
“ਕਿੰਨਾ ਚੰਗਾ ਹੋਵੇ, ਜਹਾਜ਼ ਉੱਥੇ ਈ ਹੋਵੇ!” ਮੈਂ ਕਿਹਾ।
“ਉੱਥੇ ਈ ਹੋਵੇਗਾ, ਜਾਏਗਾ ਕਿੱਥੇ! ਕਲ੍ਹ ਅਸੀਂ ਉਸ ਵਿਚ ਬੈਠ ਕੇ ਜਾਵਾਂਗੇ। ਮੈਨੂੰ ਉਮੀਦ ਏ, ਤੂੰ ਮੇਰੇ ਨਾਲ ਮੋਮਬਾਸਾ ਚੱਲੇਂਗਾ ਤੇ ਕੁਝ ਦਿਨ ਮੇਰੇ ਨਾਲ ਰਹੇਂਗਾ।”
“ਓਇ, ਅੰਕਲ ਨਾਲ ਸੈਰ ਕਰਨ ਤੋਂ ਫੁਰਸਤ ਕਿਸ ਨੂੰ ਮਿਲੇਗੀ!” ਮੈਂ ਕਿਹਾ। “ਬੜਾ ਮਜ਼ਾ ਆਏਗਾ। ਫੇਰ ਕਦੀ ਸਕੂਲ ਨਈਂ ਜਾਣਾ ਪਏਗਾ। ਮੈਂ ਵੀ ਤੇਰੇ ਨਾਲ ਚੱਲਾਂਗਾ ਰਸਟੀ, ਮੈਂ ਨਈਂ ਸਮਝਦਾ ਵਪਾਰ ਦਾ ਧੰਦਾ ਐਨਾ ਦਿਲਚਸਪ ਕੰਮ ਹੋਵੇਗਾ।” “ਅਸੀਂ ਨਾਲੋ-ਨਾਲ ਸਾਰੀ ਦੁਨੀਆਂ ਦੀ ਸੈਰ ਕਰਾਂਗੇ।” ਮੈਂ ਕਿਹਾ, “ਕੇਹੇ-ਕੇਹੇ ਸੁਪਨੇ ਦੇਖਦੇ ਆਂ ਅਸੀਂ!”
“ਖ਼ੈਰ, ਅਸੀਂ ਕਿਸੇ ਦਿਸ਼ਾ ਵਿਚ ਜਾ ਤਾਂ ਰਹੇ ਆਂ! ਮੇਰੇ ਦਾਦਾ ਜੀ ਕਹਿੰਦੇ ਸਨ (ਉਹੀ ਦਾਦਾ ਜੀ, ਜਿਹਨਾਂ ਨੇ ਪੰਜਾਬ ਦਾ ਬਣਿਆਂ ਕੱਪੜਾ ਵੇਚਦਿਆਂ ਹੋਇਆਂ ਸਾਰੀ ਦੁਨੀਆਂ ਦੀ ਸੈਰ ਕੀਤੀ ਸੀ) ਕਿ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਸਭ ਤੋਂ ਵੱਡਾ ਫਾਇਦਾ ਇਹ ਈ ਕਿ ਅਸੀਂ ਇਹ ਦੇਖ ਸਕਦੇ ਆਂ ਬਈ ਦੋਵਾਂ ਜਗਾਹਾਂ ਵਿਚ ਕੀ-ਕੀ ਏ।”
“ਉਹ ਤਾਂ ਕੱਪੜਾ ਵੇਚਦੇ ਸਨ,” ਮੈਂ ਕਿਹਾ, “ਸਾਡੇ ਵਾਂਗ ਸੁਪਨੇ ਨਹੀਂ ਸਨ ਦੇਖਦੇ। ਸਮਝਿਆ!”
“ਤੂੰ ਹਿੰਮਤ ਹਾਰਨ ਲੱਗਾ ਏਂ, ਰਸਟੀ!”
“ਨਹੀਂ, ਬਿਲਕੁਲ ਨਹੀਂ।”
ਪਰ ਰਾਤ ਦਾ ਇਹ ਸਫ਼ਰ ਬੜਾ ਔਖਾ ਸੀ। ਪ੍ਰੇਸ਼ਾਨੀ ਵਾਲੀ ਗੱਲ ਤਾਂ ਇਹ ਸੀ ਕਿ ਇਹ ਗੱਡੀ ਹੌਲੀ-ਹੌਲੀ ਚੱਲ ਰਹੀ ਸੀ ਤੇ ਜਗ੍ਹਾ-ਜਗ੍ਹਾ ਰੁਕਦੀ ਹੋਈ ਜਾਂਦੀ ਸੀ। ਇਕ ਛੋਟੇ-ਜਿਹੇ ਸਟੇਸ਼ਨ ਉੱਤੇ ਸ਼ਾਇਦ ਚਾਰੇ ਨਾਲ ਭਰੇ ਕਈ ਬੋਰੇ ਸਾਡੇ ਵਾਲੇ ਮਾਲ-ਡੱਬੇ ਵਿਚ ਉਛਾਲ ਦਿੱਤੇ ਗਏ। ਅਸੀਂ ਸੁੱਤੇ-ਜਾਗਦੇ ਲੇਟੇ ਸੀ ਤੇ ਬੋਰਿਆਂ ਦੇ ਹੇਠਾਂ ਦਫ਼ਨ ਹੁੰਦੇ-ਹੁੰਦੇ ਬਚੇ ਸੀ। ਪਰ ਫੇਰ ਅਸੀਂ ਦੇਖਿਆ ਕਿ ਸੁਸਤਾਉਣ ਲਈ ਬੋਰੇ ਬੜੇ ਆਰਾਮਦੇਹ ਨੇ ਤੇ ਅਸੀਂ ਸਵੇਰ ਤਕ ਉਹਨਾਂ ਉੱਤੇ ਪਸਰੇ ਰਹੇ।
ਆਸਮਾਨ ਸਾਫ਼ ਹੋਇਆ, ਤਾਂ ਅਸੀਂ ਸਮਝ ਗਏ ਕਿ ਸਾਡੀ ਮੰਜ਼ਿਲ ਹੁਣ ਬਹੁਤੀ ਦੂਰ ਨਹੀਂ ਹੈ। ਪ੍ਰਕ੍ਰਿਤਕ ਦ੍ਰਿਸ਼ ਯਕਦਮ ਬਦਲ ਚੁੱਕੇ ਸਨ। ਰੇਗਿਸਤਾਨ ਪਿੱਛੇ ਰਹਿ ਗਿਆ ਸੀ ਤੇ ਸਮੁੰਦਰ-ਤਟ ਦੇ ਨਾਲ ਵਾਲਾ ਮੈਦਾਨੀ ਇਲਾਕਾ ਦਿਖਾਈ ਦੇਣ ਲੱਗ ਪਿਆ ਸੀ।
ਝੂੰਮਦੇ ਹੋਏ ਉੱਚੇ ਤਾੜ ਦੇ ਰੁੱਖਾਂ ਦੇ ਵਿਚੋਂ ਮੈਂ ਪਹਿਲੀ ਵਾਰ ਸਮੁੰਦਰ ਦੇ ਦਰਸ਼ਨ ਕੀਤੇ।
ਸਮੁੰਦਰ ਬਿਲਕੁਲ ਓਹੋ-ਜਿਹਾ ਹੀ ਸੀ ਜਿਵੇਂ ਕਿ ਮੈਂ ਕਲਪਨਾ ਕੀਤੀ ਹੋਈ ਸੀ। ਵਿਸ਼ਾਲ, ਇਕੱਲਾ ਤੇ ਨੀਲਾ—ਬਿਲਕੁਲ ਆਸਮਾਨ ਵਰਗਾ ਨੀਲਾ। ਤੇ ਜਿਹੜਾ ਪਹਿਲਾ ਜਹਾਜ਼ ਮੈਂ ਦੇਖਿਆ, ਉਹ ਇਕ ਅਰਬੀ 'ਢੋ' (ਮਸਤੂਲ ਵਾਲਾ ਜਹਾਜ਼) ਸੀ, ਜਿਹੜਾ ਸਮੁੰਦਰ-ਤਟ ਵੱਲੋਂ ਆਉਣ ਵਾਲੀ ਹਵਾ ਤੇ ਹਲਕੀਆਂ ਲਹਿਰਾਂ ਕਰਕੇ ਜ਼ਰਾ ਕੁ ਝੁਕਿਆ ਹੋਇਆ ਲੱਗਦਾ ਸੀ।
ਰੇਲਗੱਡੀ ਇਕ ਨਦੀ ਉੱਤੇ ਬਣੇ ਛੋਟੇ-ਜਿਹੇ ਪੁਲ ਉੱਤੇ ਰੁਕੀ। ਇਹ ਨਦੀ ਮੈਦਾਨੀ ਇਲਾਕੇ ਵਿਚੋਂ ਹੁੰਦੀ ਹੋਈ ਸਮੁੰਦਰ ਵਿਚ ਜਾ ਸਮਾਉਂਦੀ ਸੀ।
ਅਸੀਂ ਉੱਥੇ ਹੀ ਉਤਰ ਗਏ। ਬਰੇਕਮੈਨ ਦਾ ਅਸੀਂ ਹੱਥ ਹਿਲਾਅ-ਹਿਲਾਅ ਕੇ ਧੰਨਵਾਦ ਕੀਤਾ, ਕਿਉਂਕਿ ਉਸਨੇ ਸਾਨੂੰ ਰੇਲਗੱਡੀ ਉੱਤੇ ਬੈਠਾਉਣ ਦੀ ਉਦਾਰਤਾ ਦਿਖਾਈ ਸੀ। ਫੇਰ ਅਸੀਂ ਜਲਦੀ-ਜਲਦੀ ਨਦੀ ਦੇ ਕਿਨਾਰੇ ਉੱਤੇ ਤਿਲ੍ਹਕਦੇ ਹੋਏ ਹੇਠਾਂ ਉਤਰ ਗਏ ਤੇ ਉਦੋਂ ਤਕ ਪੁਲ ਹੇਠਾਂ ਲੁਕੇ ਰਹੇ, ਜਦੋਂ ਤਕ ਕਿ ਰੇਲਗੱਡੀ ਉਪਰੋਂ ਲੰਘ ਨਹੀਂ ਗਈ। ਅਸੀਂ ਨਹੀਂ ਚਾਹੁੰਦੇ ਸੀ ਕਿ ਗਾਰਡ ਸਾਨੂੰ ਦੇਖ ਲਵੇ। ਉਹ ਬਰੇਕਮੈਨ ਲਈ ਠੀਕ ਨਾ ਹੁੰਦਾ।
ਜਦੋਂ ਅਸੀਂ ਦੇਖਿਆ ਕਿ ਅਸੀਂ ਉੱਥੇ ਇਕੱਲੇ ਹਾਂ, ਨੇੜੇ-ਤੇੜੇ ਕੋਈ ਨਹੀਂ, ਤਾਂ ਅਸੀਂ ਸਫ਼ਰ ਦੀ ਧੂੜ ਨਾਲ ਗੰਦੇ ਹੋਏ ਕੱਪੜੇ ਲਾਹੇ ਤੇ ਕੁਮੁਦਨੀ ਦੇ ਫੁਲਾਂ ਦੇ ਝੂੰਡਾਂ ਵਿਚੋਂ ਰਸਤਾ ਬਣਾਉਂਦੇ ਹੋਏ ਨਦੀ ਵਿਚ ਉਤਰ ਗਏ। ਨਦੀ ਦੀ ਧਾਰ ਧੀਮੀ ਗਤੀ ਨਾਲ ਵਹਿ ਰਹੀ। ਪਹਾੜੀ ਨਦੀਆਂ ਵਰਗੀ ਤੇਜ਼ੀ ਉਸ ਵਿਚ ਨਹੀਂ ਸੀ। ਉਸ ਦਾ ਨਿੱਘਾ ਪਾਣੀ ਏਨਾਂ ਫੁਰਤੀ ਦਾਇਕ ਵੀ ਨਹੀਂ ਸੀ, ਜਿੰਨਾ ਪਹਾੜਾਂ ਵਿਚੋਂ ਆਉਣ ਵਾਲਾ ਪਾਣੀ ਹੁੰਦਾ ਹੈ। ਫੇਰ ਵੀ ਨਹਾਉਣ ਲਈ ਸਾਫ਼-ਸੁਥਰਾ ਸੀ। ਸਾਡੇ ਥੱਕੇ-ਹਾਰੇ ਸਰੀਰਾਂ ਵਿਚ ਇਕ ਨਵੀਂ ਜਾਨ ਆ ਗਈ। ਅਸੀਂ ਪਾਣੀ ਵਿਚ ਹੱਥ-ਪੈਰ ਮਾਰਦੇ ਹੋਏ ਖੜਮਸਤੀਆਂ ਕਰਦੇ ਰਹੇ। ਕਦੀ ਇਕ ਦੂਜੇ ਉੱਤੇ ਪਾਣੀ ਉਛਾਲਦੇ, ਕਦੀ ਟੁੱਭੀਆਂ ਲਾਉਂਦੇ। ਦਲਜੀਤ ਨੇ ਪਾਣੀ ਦੇ ਹੇਠਾਂ ਹੇਠਾਂ ਤੈਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਪਰ ਆਇਆ ਤਾਂ ਉਸਦੇ ਉਲਝੇ ਹੋਏ ਵਾਲਾਂ ਵਿਚ ਕੁਮੁਦਨੀ ਦਾ ਇਕ ਫੁੱਲ ਫਸਿਆ ਹੋਇਆ ਸੀ, ਜਿਹੜਾ ਬੂਟੇ ਨਾਲੋਂ ਟੁੱਟ ਕੇ ਉਸਦੇ ਸਿਰ ਵਿਚ ਚਿਪਕ ਗਿਆ ਸੀ।
ਅਸੀਂ ਆਸੇ-ਪਾਸੇ ਦੇ ਵਾਤਾਵਰਣ ਵੱਲੋਂ ਬਿਲਕੁਲ ਅਵੇਸਲੇ ਹੋ ਕੇ ਪੰਦਰਾਂ ਮਿੰਟ ਤਕ ਪਾਣੀ ਵਿਚ ਚੁਹਲ-ਕਲੋਲ ਕਰਦੇ ਰਹੇ। ਜਦੋਂ ਨਦੀ ਵਿਚੋਂ ਨਿਕਲ ਕੇ ਕਿਨਾਰੇ ਉੱਤੇ ਆਏ, ਤਾਂ ਦੇਖਿਆ ਕਿ ਸਾਡੇ ਕੱਪੜੇ ਗ਼ਾਇਬ ਨੇ! ਬਸ, ਦਲਜੀਤ ਦੀ ਪੱਗ ਪਈ ਹੋਈ ਸੀ।
ਉਪਰ ਕਿਨਾਰੇ ਉੱਤੇ ਤਿੰਨ ਮੁੰਡੇ ਖੜ੍ਹੇ ਸਨ। ਉਹਨਾਂ ਸਿਰਫ਼ ਲੰਗੋਟ ਬੰਨ੍ਹੇ ਹੋਏ ਸਨ ਤੇ ਖੜ੍ਹੇ-ਖੜ੍ਹੇ ਸਾਨੂੰ ਘੂਰ ਰਹੇ ਸਨ। ਤਿੰਨਾਂ ਵਿਚੋਂ ਜਿਹੜਾ ਸਭ ਤੋਂ ਵੱਡਾ ਸੀ, ਉਸਨੇ ਸਾਡੇ ਕੱਪੜੇ ਚੁੱਕੇ ਹੋਏ ਸਨ।
“ਓ ਭਰਾ, ਸਾਡੇ ਕੱਪੜੇ ਦੇ ਜਾ,” ਦਲਜੀਤ ਨੇ ਨਿਮਰਤਾ ਨਾਲ ਇਹ ਗੱਲ ਕਹੀ, “ਤੂੰ ਕਿਰਪਾ ਕਰਦੇ ਮੇਰੀ ਪੱਗ ਤਾਂ ਛੱਡ ਈ ਦਿੱਤੀ ਏ, ਬੜਾ ਚੰਗਾ ਕੀਤਾ—ਪਰ ਸਿਰ ਉੱਤੇ ਬੰਨ੍ਹਣ ਦੇ ਸਿਵਾਏ ਮੈਂ ਇਸਨੂੰ ਹੋਰ ਕਿਤੇ ਨਈਂ ਬੰਨ੍ਹਦਾ।” ਤਿੰਨੇ ਮੁੰਡੇ ਖਿੜਖਿੜ ਕਰਕੇ ਹੱਸੇ ਤੇ ਫੇਰ ਮੁੜ ਕੇ ਖੇਤਾਂ ਵੱਲ ਨੱਸ ਗਏ।
“ਰੁਕੋ!” ਦਲਜੀਤ ਕੂਕਿਆ।
“ਚੱਲ, ਉਹਨਾਂ ਦਾ ਪਿੱਛਾ ਕਰਦੇ ਆਂ।” ਮੈਂ ਕਿਹਾ।
ਸਾਡੇ ਦੋਵਾਂ ਲਈ ਇਹ ਜਿਊਣ-ਮਰਨ ਦਾ ਸਵਾਲ ਸੀ। ਦਲਜੀਤ ਦੇ ਸਰੀਰ ਉੱਤੇ ਪੱਗ ਤੇ ਘੜੀ ਸੀ, ਪਰ ਮੇਰੇ ਤਨ ਉੱਤੇ ਤਾਂ ਇਹ ਚੀਜ਼ਾਂ ਵੀ ਨਹੀਂ ਸਨ। ਅਸੀਂ ਫੁਰਤੀ ਨਾਲ ਉੱਤੇ ਕਿਨਾਰੇ ਉੱਤੇ ਚੜ੍ਹ ਗਏ ਤੇ ਪੇਂਡੂ ਮੁੰਡਿਆਂ ਦਾ ਪਿੱਛਾ ਕਰਨ ਲੱਗੇ। ਪਰ ਉਦੋਂ ਤਕ ਉਹ ਖਾਸੀ ਦੂਰ ਨਿਕਲ ਗਏ ਸਨ। ਖੇਤਾਂ ਵਿਚੋਂ ਭੱਜ ਕੇ ਜਾਣ ਦਾ ਰਸਤਾ ਉਹ ਚੰਗੀ ਤਰ੍ਹਾਂ ਜਾਣਦੇ ਸਨ ਤੇ ਪਿੰਡ ਜਾ ਪਹੁੰਚੇ ਸਨ, ਜਦੋਂ ਕਿ ਅਸੀਂ ਅਜੇ ਖੇਤਾਂ ਵਿਚ ਹੀ ਸੀ ਤੇ ਵੱਟਾਂ ਤੇ ਸਿੰਜੇ ਹੋਏ ਕਿਆਰਿਆਂ ਦੇ ਟੋਇਆਂ ਵਿਚ ਡਿੱਗਦੇ-ਢਹਿੰਦੇ ਜਾ ਰਹੇ ਸੀ। ਉਦੋਂ ਹੀ ਇਕ ਕੰਧ ਦੇ ਪਿੱਛੋਂ ਡਲਿਆਂ ਦੀ ਵਾਛੜ ਹੋਈ ਤੇ ਅਸੀਂ ਸਹਿਮ ਕੇ ਉੱਥੇ ਹੀ ਖਲੋ ਗਏ।
“ਚੱਲ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ,” ਮੈਂ ਕਿਹਾ। ਆਪਣੇ ਦੋਵੇਂ ਹੱਥ ਮੂੰਹ ਅੱਗੇ ਲਾ ਕੇ ਮੈਂ ਉੱਚੀ ਆਵਾਜ਼ ਵਿਚ ਕਿਹਾ, “ਮਿਹਰਬਾਨੀ ਕਰਕੇ ਸਾਡੇ ਕੱਪੜੇ ਦੇ ਦਿਓ। ਸਾਡੇ ਕੋਲ ਹੋਰ ਕੋਈ ਕੱਪੜਾ ਨਹੀਂ।”
ਜਵਾਬ ਵਿਚ ਇਕ ਵੱਡਾ ਸਾਰਾ ਡਲਾ ਆਇਆ, ਜਿਹੜਾ ਮੇਰੇ ਕੰਨ ਕੋਲੋਂ ਸਾਂ ਕਰਦਾ ਨਿਕਲ ਗਿਆ।
“ਲੱਗਦਾ ਏ, ਏਧਰਲੇ ਲੋਕ ਹਿੰਦੀ ਬੋਲਦੇ-ਸਮਝਦੇ ਨਹੀਂ।” ਮੈਂ ਕਿਹਾ, “ਕਹੇਂ ਤਾਂ ਅੰਗਰੇਜ਼ੀ 'ਚ ਗੱਲ ਕਰਾਂ। ਹੋਰ ਕੋਈ ਭਾਸ਼ਾ ਮੈਨੂੰ ਆਉਂਦੀ ਨਹੀਂ।”
“ਨਾ-ਨਾ, ਅੰਗਰੇਜ਼ੀਂ ਨਈਂ ਹਿਰਖ ਕੇ ਉਹ ਹੋਰ ਵੱਟੇ ਮਾਰਨਗੇ। ਮੇਰੀ ਸਮਝ 'ਚ ਤਾਂ ਇਹ ਗੁਜਰਾਤੀ ਬੋਲਦੇ ਨੇ...ਤੇ ਮੈਨੂੰ ਇਹ ਭਾਸ਼ਾ ਆਉਂਦੀ ਨਈਂ।”
ਉਦੋਂ ਹੀ ਇਕ ਆਦਮੀ ਖੇਤ ਦੀ ਵੱਟ ਉੱਤੇ ਦਿਖਾਈ ਦਿੱਤਾ, ਜਿਹੜਾ ਡਾਂਗ ਉਗਾਸਦਾ ਹੋਇਆ ਅਜਿਹੀ ਬੋਲੀ ਵਿਚ ਕੁਝ ਕਹਿ ਰਿਹਾ ਸੀ ਜਿਹੜੀ ਸਾਡੇ ਪੱਲੇ ਨਹੀਂ ਸੀ ਪੈ ਰਹੀ।
“ਸਮਝ ਸਕਦਾ ਏਂ, ਕੀ ਕਹਿ ਰਿਹਾ ਏ?” ਦਲਜੀਤ ਨੇ ਮੈਨੂੰ ਪੁੱਛਿਆ।
“ਮੈਂ ਕੀ ਦੱਸਾਂ! ਸ਼ਾਇਦ ਕਹਿ ਰਿਹਾ ਏ 'ਮੇਰੇ ਖੇਤ 'ਚੋਂ ਬਾਹਰ ਨਿਕਲੋ'।”
“ਤਾਂ ਅਸੀਂ ਵੀ ਕੱਪੜੇ ਲਏ ਬਗ਼ੈਰ ਨਈਂ ਜਾਵਾਂਗੇ।”
“ਲੱਗਦਾ ਏ, ਕੱਪੜਿਆਂ ਦੇ ਬਿਨਾਂ ਈ ਜਾਣਾ ਪਏਗਾ।” ਮੈਂ ਕਿਹਾ, “ਦੇਖ, ਕੁੱਤੇ ਆ ਗਏ!”
ਪਿੰਡ ਦੇ ਕਈ ਕੁੱਤੇ, ਖ਼ੂੰਖ਼ਾਰ ਸ਼ਿਕਾਰੀ ਕੁੱਤਿਆਂ ਵਾਂਗ, ਸਾਡੇ ਵੱਲ ਦੌੜੇ ਆ ਰਹੇ ਸਨ। ਪਿੱਛੇ-ਪਿੱਛੇ ਸੋਟੀਆਂ ਚੁੱਕੀ ਦੋ ਆਦਮੀ ਤੇ ਹੱਥਾਂ ਵਿਚ ਡਲੇ ਚੁੱਕੀ ਕਈ ਮੁੰਡੇ ਸਨ। ਦਲਜੀਤ ਨੇ ਤੇ ਮੈਂ ਪਿੱਠ ਦਿਖਾਉਣ ਵਿਚ ਇਕ ਛਿਣ ਦੀ ਦੇਰ ਨਹੀਂ ਲਾਈ। ਥੱਕੇ-ਹਾਰੇ ਹੋਣ ਦੇ ਬਾਵਜੂਦ ਅਸੀਂ ਜਿੰਨਾਂ ਤੇਜ਼ ਭੱਜ ਸਕਦੇ ਸੀ, ਓਨੀਂ ਤੇਜ਼ੀ ਨਾਲ ਖੇਤਾਂ ਵਿਚੋਂ ਭੱਜੇ। ਨਦੀ ਪਾਰ ਕਰਕੇ ਹੀ ਅਸੀਂ ਦਮ ਲਿਆ। ਪਿੰਡ ਵਾਲੇ ਨਦੀ ਦੇ ਪਾਰ ਪਿੱਛਾ ਕਰਨ ਲਈ ਨਹੀਂ ਆਏ। ਅਸੀਂ ਸਮਝ ਗਏ ਸ਼ਾਇਦ ਹੁਣ ਅਸੀਂ ਕਿਸੇ ਹੋਰ ਦੀ ਜ਼ਮੀਨ ਵਿਚ ਖੜ੍ਹੇ ਹਾਂ। ਪਿੰਡ ਵਾਲੇ ਖੜ੍ਹੇ ਸੋਟੀਆਂ ਦਿਖਾਅ ਰਹੇ ਸਨ। ਅਸੀਂ ਮੁੱਕੇ ਤਾਣ ਕੇ ਦਿਖਾਏ। ਪਰ ਕੋਈ ਅਸਰ ਨਹੀਂ ਹੋਇਆ ਤੇ ਸਾਡੇ ਕੱਪੜੇ ਸਾਨੂੰ ਨਹੀਂ ਮਿਲੇ। ਉੱਥੋਂ ਚੱਲ ਕੇ ਅਸੀਂ ਅੰਬ ਦੇ ਇਕ ਬਗ਼ੀਚੇ ਵਿਚ ਸ਼ਰਣ ਲਈ। ਉੱਥੇ ਕਿਸੇ ਨੇ ਸਾਨੂੰ ਪ੍ਰੇਸ਼ਾਨ ਨਹੀਂ ਕੀਤਾ।
“ਹੁਣ ਕੀ ਕਰੀਏ?” ਦਲਜੀਤ ਨੇ ਜੁਗਿਆਸਾ ਪ੍ਰਗਟ ਕੀਤੀ।
“ਜਾਮਨਗਰ ਤਕ ਪੈਦਲ ਚੱਲਦੇ ਆਂ,” ਮੈਂ ਕਿਹਾ, “ਬਹੁਤੀ ਦੂਰ ਨਹੀਂ ਏਂ।”
“ਤੇਰਾ ਮਤਲਬ ਏ, ਬਿਨਾਂ ਕੱਪੜਿਆਂ ਦੇ, ਇਸ ਹਾਲਤ 'ਚ?”
“ਕੀ ਹੋਇਆ? ਹਨੇਰਾ ਹੋਣ ਤਕ ਇੱਥੇ ਈ ਇੰਤਜ਼ਾਰ ਕਰਦੇ ਆਂ।”
“ਹੋਰ, ਜਦੋਂ ਤਕ ਸਵੇਰ ਹੋਏਗੀ, ਓਦੋਂ ਤਕ ਕਰਾਂਗੇ।”
“ਬਈ ਫੇਰ, ਕੋਈ ਨਾ ਕੋਈ ਜੁਗਾੜ ਹੋ ਈ ਜਾਵੇਗਾ। ਤੇਰੀ ਘੜੀ ਵੇਚ ਕੇ ਕੁਛ ਕੱਪੜੇ ਖ਼ਰੀਦ ਲਵਾਂਗੇ।”
“ਅਸੀਂ ਸਾਧਾਂ ਦਾ ਭੇਸ ਧਾਰ ਕੇ ਜਾਵਾਂਗੇ,” ਮੈਂ ਕਿਹਾ, “ਜਾਂ ਹੋਰ ਕੁਛ ਨਹੀਂ, ਤਾਂ ਕਿਸੇ ਸਾਧ ਦੇ ਚੇਲੇ ਈ ਬਣ ਜਾਵਾਂਗੇ। ਅੱਜਕਲ੍ਹ ਤਾਂ ਇਹੀ ਫ਼ੈਸ਼ਨ ਏਂ। ਪਹੁੰਚੇ ਹੋਏ ਸਾਧੂ-ਮਹਾਤਮਾ ਤਾਂ ਨੰਗੇ ਈ ਫਿਰਦੇ ਐ। ਤਦ ਸਾਨੂੰ ਮੁਫ਼ਤ ਭੋਜਨ ਤੇ ਰਾਤ ਦਾ ਠਿਕਾਣਾ ਵੀ ਮਿਲ ਸਕਦਾ ਏ।”
“ਤੇ ਜੇ ਸਵੇਰੇ ਜਾ ਕੇ ਪਤਾ ਲੱਗੇਗਾ ਕਿ ਜਹਾਜ਼ ਤਾਂ ਸਾਡੇ ਪਹੁੰਚ ਤੋਂ ਪਹਿਲਾਂ ਕਦੋਂ ਦਾ ਜਾ ਚੁੱਕਿਆ ਏ!”
“ਓਇ ਹਾਂ, ਇਹ ਗੱਲ ਤਾਂ ਮੈਂ ਸੋਚੀ ਈ ਨਈਂ...।”
ਪਰ ਜਦੋਂ ਅਸੀਂ ਇਸ ਧਰਮਸੰਕਟ ਵਿਚ ਸੀ, ਉਦੋਂ ਕੀ ਦੇਖਦੇ ਹਾਂ ਕਿ ਦੋ ਆਦਮੀ ਸਾਡੇ ਵਾਲੇ ਕਿਨਾਰੇ ਉੱਤੇ ਤੁਰੇ ਆ ਰਹੇ ਨੇ, ਜਿਹੜੇ ਸ਼ਾਇਦ ਰੇਲਵੇ ਕਰਮਚਾਰੀ ਸਨ। ਉਹਨਾਂ ਨੇ ਕਿਸਾਨਾਂ ਵਾਂਗ ਧੋਤੀ ਨਹੀਂ ਬਲਕਿ ਪਤਲੂਨ ਤੇ ਕਮੀਜ਼ ਪਾਈ ਹੋਈ ਸੀ। ਪਹਿਲਾਂ ਮੈਂ ਸੋਚਿਆ ਕਿ ਉਹ ਨਦੀ ਉੱਤੇ ਪਾਣੀ ਪੀਣ ਜਾ ਰਹੇ ਨੇ, ਪਰ ਜਦੋਂ ਉਹਨਾਂ ਨੂੰ ਕੱਪੜੇ ਲਾਹੁੰਦਿਆਂ ਹੋਇਆਂ ਦੇਖਿਆ, ਤਾਂ ਯਕਦਮ ਮੇਰੇ ਦਿਮਾਗ਼ ਵਿਚ ਉਹ ਫਤੂਰ ਆਇਆ ਤੇ ਮੈਂ ਉੱਠ ਕੇ ਬੈਠ ਗਿਆ।
“ਦਲਜੀਤ!” ਮੈਂ ਕਿਹਾ, “ਉਹਨਾਂ ਨੂੰ ਦੇਖ ਰਿਹਾ ਏਂ?”
“ਹਾਂ, ਦੇਖ ਤਾਂ ਰਿਹਾਂ।” ਦਲਜੀਤ ਨੂੰ ਮੇਰੇ ਮਨ ਦੀ ਬੁੱਝਣ ਵਿਚ ਦੇਰ ਨਹੀਂ ਲੱਗੀ, “ਹਾਂ, ਇਹੀ ਮੌਕਾ ਏ, ਰਸਟੀ। ਯਾਦ ਰੱਖ ਕਿਸੇ ਤਰ੍ਹਾਂ ਦੀ ਦਇਆ-ਮਮਤਾ ਦਿਖਾਉਣ ਦੀ ਲੋੜ ਨਈਂ। ਇਹ ਦੁਨੀਆਂ ਸਾਡੇ ਵਰਗੇ ਸਿੱਧੇ-ਸਾਦੇ ਲੋਕਾਂ ਲਈ ਨਈਂ ਏਂ। ਸਾਨੂੰ ਵੀ ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ ਤੇ ਓਹੋ-ਜਿਹਾ ਵਿਹਾਰ ਈ ਕਰਨਾ ਪਏਗਾ ਜਿਹੋ-ਜਿਹਾ ਇੱਥੋਂ ਦੇ ਲੋਕ ਕਰਦੇ ਨੇ। ਇਹ ਲੋਕ ਸ਼ਾਇਦ ਪਿੰਡ ਵਾਲਿਆਂ ਨੂੰ ਈ ਦੋਸ਼ ਦੇਣਗੇ। ਪਰ ਸਾਨੂੰ ਦੱਬਵੇਂ ਪੈਰੀਂ ਝਾੜੀਆਂ ਦੇ ਓਹਲੇ ਹੋ ਜਾਣਾ ਚਾਹੀਦਾ ਏ। ਇੰਜ ਨਾ ਹੋਵੇ ਕਿ ਉਹ ਸਾਨੂੰ ਦੇਖ ਲੈਣ।”
ਹੱਥਾਂ ਤੇ ਪੈਰਾਂ ਭਾਰ ਤੁਰਦੇ ਹੋਏ, ਨੰਗੇ ਪਿੰਡੇ ਨੂੰ ਝਰੀਟਣ ਵਾਲੇ ਕੰਡਿਆਂ ਦੀ ਚਿੰਤਾ ਕੀਤੇ ਬਿਨਾਂ, ਅਸੀਂ ਫੇਰ ਨਦੀ ਕਿਨਾਰੇ ਪਹੁੰਚੇ। ਕੁਝ ਦੂਰ ਹੀ ਉਹ ਦੋਵੇਂ ਨਹਾਅ ਰਹੇ ਸਨ। ਦੋਵੇਂ ਆਦਮੀ ਐਨ ਬੱਚਿਆਂ ਵਾਂਗ ਹੀ ਪਾਣੀ ਵਿਚ ਕਲੋਲਾਂ ਕਰਦੇ ਹੋਏ ਖਾਸਾ ਹੂ-ਹੱਲਾ ਕਰ ਰਹੇ ਸਨ। (ਮੈਂ ਗੌਰ ਕੀਤਾ ਕਿ ਕੰਮਕਾਜੀ ਆਦਮੀ ਜਦੋਂ ਖੁੱਲ੍ਹੇ ਵਿਚ ਨਹਾਉਂਦਾ ਹੈ ਤਾਂ ਬੜਾ ਚੰਚਲ ਹੋ ਜਾਂਦਾ ਹੈ। ਇਸਦਾ ਕਾਰਨ ਸੰਭਵ ਹੈ ਇਹ ਹੈ ਕਿ ਉਹ ਉਸ ਅਵਸਥਾ ਵਿਚ ਜਾ ਪਹੁੰਚਦਾ ਹੈ, ਜਿਸ ਵਿਚ ਉਹ ਪ੍ਰਫੁੱਲਤ 'ਅਮੀਬਾ' ਦੇ ਰੂਪ ਵਿਚ ਪਹਿਲਾਂ-ਪਹਿਲ ਮਨੁੱਖ ਦਾ ਜਨਮ ਹੋਇਆ ਸੀ।) ਉਹਨਾਂ ਨੇ ਨਾ ਤਾਂ ਸਾਨੂੰ ਦੇਖਿਆ ਸੀ ਤੇ ਨਾ ਹੀ ਸਾਡੀ ਆਹਟ ਹੀ ਉਹਨਾਂ ਨੂੰ ਸੁਣੀ ਸੀ। ਕੁਝ ਗਜ ਦੇ ਫ਼ਾਸਲੇ ਉੱਤੇ ਉਹਨਾਂ ਦੇ ਅਸਤ-ਵਿਅਸਤ ਕੱਪੜਿਆਂ ਦਾ ਢੇਰ ਪਿਆ ਸੀ।
“ਮੈਂ ਜਾ ਕੇ ਚੁੱਕ ਲਿਆਉਣਾ।” ਦਲਜੀਤ ਨੇ ਘੁਸਰਮੁਸਰੀ ਆਵਾਜ਼ ਵਿਚ ਕਿਹਾ, “ਜੇ ਮੈਨੂੰ ਦੇਖ ਵੀ ਲਿਆ, ਤਾਂ ਸਮਝਣਗੇ ਕਿ ਪਿੰਡ ਦਾ ਕੋਈ ਮੰਡਾ ਏ। ਪਰ ਜੇ ਉਹਨਾਂ ਨੇ ਤੈਨੂੰ ਦੇਖ ਲਿਆ, ਤਾਂ ਫੇਰ ਖ਼ੈਰ ਨਈਂ।”
ਦਲਜੀਤ ਝਾੜੀਆਂ ਵਿਚੋਂ ਨਿਕਲ ਕੇ ਬੜੀ ਫੁਰਤੀ ਨਾਲ ਗਿਆ (ਜੇ ਅਜਿਹੀ ਫੁਰਤੀ ਉਸਨੇ ਕਦੀ ਸਕੂਲ ਵਿਚ ਦਿਖਾਈ ਹੁੰਦੀ ਤਾਂ ਚੰਗਾ ਐਥਲੀਟ ਬਣ ਸਕਦਾ ਸੀ), ਸਾਰੇ ਕੱਪੜੇ ਜਲਦੀ-ਜਲਦੀ ਇਕੱਠੇ ਕੀਤੇ ਤੇ ਉਹਨਾਂ ਨੂੰ ਜੱਫੇ ਵਿਚ ਭਰ ਕੇ ਉਸੇ ਫੁਰਤੀ ਨਾਲ ਮੇਰੇ ਕੋਲ ਪਰਤ ਆਇਆ।
“ਸ਼ਾਬਾਸ਼!” ਮੈਂ ਫੁਸਫੁਸਾ ਕੇ ਕਿਹਾ, “ਉਹਨਾਂ ਨੂੰ ਭਿਣਕ ਤਕ ਨਹੀਂ ਪਈ।”
ਅਸੀਂ ਉੱਥੇ ਰੁਕੇ ਨਹੀਂ (ਭਾਵੇਂ ਅਸੀਂ ਦੇਖਣਾ ਚਾਹੁੰਦੇ ਸੀ ਕਿ ਕੱਪੜੇ ਗ਼ਾਇਬ ਦੇਖ ਕੇ ਉਹਨਾਂ ਦੀ ਹਾਲਤ ਕਿਹੋ-ਜਿਹੀ ਹੋਵੇਗੀ), ਬਲਕਿ ਸਿਰ ਉੱਤੇ ਪੈਰ ਰੱਖ ਕੇ, ਅੰਬ ਦੇ ਰੁੱਖਾਂ ਵਿਚੋਂ ਹੁੰਦੇ ਹੋਏ, ਭੱਜ ਖੜ੍ਹੇ ਹੋਏ।
ਰੇਲ ਦੀ ਪਟੜੀ ਪਾਰ ਕਰਕੇ, ਅਸੀਂ ਖੁੱਲ੍ਹੇ ਮੈਦਾਨ ਵਿਚ ਦੌੜਦੇ ਹੀ ਰਹੇ ਤੇ ਇਕ ਖ਼ੂਹ ਦੇ ਕੋਲ ਜਾ ਕੇ ਸਾਹ ਲਿਆ। ਉੱਥੇ ਇਕ ਪੁਰਾਣੇ ਬੋਹੜ ਦੇ ਰੁੱਖ ਦੀ ਸੰਘਣੀ ਛਾਂ ਵਿਚ ਅਸੀਂ ਕੱਪੜੇ ਪਾਏ, ਜਿਹੜੇ ਸਾਡੇ ਡੀਲਡੌਲ ਨੂੰ ਦੇਖਦੇ ਹੋਏ ਖਾਸੇ ਵੱਡੇ ਤੇ ਬੇਡੌਲ ਸਨ।

10. ਜਾਮਨਗਰ

ਦੋ ਘੰਟੇ ਬਾਅਦ ਅਸੀਂ ਜਾਮਨਗਰ ਵਿਚ ਸੀ।
ਅਸੀਂ ਇਕ ਛੋਟੀ-ਜਿਹੀ ਚਾਹ ਦੀ ਦੁਕਾਨ ਕੋਲ ਰੁਕੇ ਤੇ ਲਲਚਾਈਆਂ ਨਜ਼ਰਾਂ ਨਾਲ ਲੋਕਾਂ ਨੂੰ ਲੱਡੂ ਤੇ ਭੇਲਪੂਰੀ ਖਾਂਦਿਆਂ ਹੋਇਆਂ ਦੇਖਣ ਲੱਗੇ। ਸਾਡੇ ਕੋਲ ਤਾਂ ਨਾਰੀਅਲ ਖ਼ਰੀਦਨ ਜਿੰਨੇ ਪੈਸੇ ਵੀ ਨਹੀਂ ਸਨ।
“ਬੰਦਰਗਾਹ ਕਿੱਧਰ ਏ?” ਮੈਂ ਦੁਕਾਨਦਾਰ ਨੂੰ ਪੁੱਛਿਆ।
“ਏਥੋਂ ਦੋ ਮੀਲ ਦੂਰ।” ਉਸਨੇ ਉਤਰ ਦਿੱਤਾ।
“ਕੀ ਉੱਥੇ ਕੋਈ ਜਹਾਜ਼ ਵਗ਼ੈਰਾ ਖੜ੍ਹਾ ਏ?” ਰਤਾ ਸਹਿਜ ਨਾਲ ਮੈਂ ਪੁੱਛਿਆ।
“ਜਹਾਜ਼ ਦਾ ਕੀ ਕਰੋਗੇ?”
“ਕੋਈ ਕੀ ਕਰਦਾ ਏ ਜਹਾਜ਼ ਦਾ?”
“ਖ਼ੈਰ, ਸਿਰਫ਼ ਇਕ ਜਹਾਜ਼ ਏ, ਜਿਹੜਾ ਅੱਜ ਲੰਗਰ ਉਠਾਅ ਰਿਹਾ ਏ। ਉਸ 'ਤੇ ਜਾਣਾ ਚਾਹੁੰਦੇ ਓਂ ਤਾਂ ਫਟਾਫਟ ਭੱਜ ਜਾਓ!”
“ਚੱਲ!” ਦਲਜੀਤ ਬੋਲਿਆ।
“ਠਹਿਰੋ!” ਦੁਕਾਨਦਾਰ ਦੇ ਕਾਊਂਟਰ ਦੇ ਨੇੜੇ ਖੜ੍ਹੇ ਇਕ ਨੌਜਵਾਨ ਨੇ ਸਾਨੂੰ ਟੋਕਿਆ, “ਜੇ ਪੈਦਲ ਚੱਲ ਕੇ ਜਾਓਗੇ, ਤਾਂ ਕਰੀਬ ਇਕ ਘੰਟਾ ਲੱਗ ਜਾਵੇਗਾ ਉੱਥੇ ਪਹੁੰਚਣ 'ਚ। ਤੁਹਾਨੂੰ ਆਪਣੀ ਗੱਡੀ 'ਚ ਬੈਠਾ ਕੇ ਲੈ ਚੱਲਦਾਂ।” ਇਹ ਕਹਿੰਦੇ ਹੋਏ ਉਸਨੇ ਕੋਲ ਖੜ੍ਹੀ ਹੋਈ ਪੁਰਾਣੀ ਜਿਹੀ ਟੱਟੂ-ਗੱਡੀ ਵੱਲ ਇਸ਼ਾਰਾ ਕੀਤਾ। ਟੱਟੂ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਉਹ ਉੱਥੋਂ ਹਿੱਲਣ ਲਈ ਵੀ ਰਾਜ਼ੀ ਹੋ ਸਕਦਾ ਹੈ।
“ਮੇਰਾ ਟੱਟੂ ਖ਼ੂਬ ਤੇਜ਼ ਦੌੜਦਾ ਏ।” ਸਾਨੂੰ ਟੱਟੂ ਵੱਲ ਦੇਖਦਿਆਂ ਦੇਖ ਕੇ ਨੌਜਵਾਨ ਨੇ ਬੋਲਿਆ, “ਇਸਦੀ ਸ਼ਕਲ ਸੂਰਤ 'ਤੇ ਨਾ ਜਾਓ। ਥੱਕਿਆ-ਹਾਰਿਆ ਜ਼ਰੂਰ ਲੱਗਦਾ ਏ, ਪਰ ਚੈਂਪੀਅਨ ਵਾਂਗ ਦੌੜਦਾ ਏ। ਸਿਰਫ਼ ਇਕ ਰੁਪਈਆਂ ਭਾੜਾ ਲਵਾਂਗਾ!”
“ਸਾਡੇ ਕੋਲ ਇਕ ਦਮੜੀ ਵੀ ਨਹੀਂ ਏਂ।” ਮੈਂ ਕਿਹਾ, “ਅਸੀਂ ਪੈਦਲ ਜਾਵਾਂਗੇ।”
“ਠੀਕ ਐ, ਅਠਿਆਨੀ ਈ ਦੇ ਦੇਣਾ।” ਉਹ ਬੋਲਿਆ, “ਅਠਿਆਨੀ ਤੇ ਚਾਹ ਦਾ ਇਕ ਗਲਾਸ। ਆਓ, ਬੈਠੋ।”
“ਠੀਕ ਐ।” ਦਲਜੀਤ ਬੋਲਿਆ, “ਬਹੁਤਾ ਸਮਾਂ ਨਈਂ। ਅਠਿਆਨੀ ਦਿਆਂਗੇ। ਚਾਹ ਖ਼ੁਦ ਖ਼ਰੀਦ ਕੇ ਪੀ ਲਵੀਂ।”
ਅਸੀਂ ਟੱਟੂ ਗੱਡੀ ਉੱਤੇ ਸਵਾਰ ਹੋ ਗਏ। ਨੌਜਵਾਨ ਵੀ ਉਛਲ ਕੇ ਅੱਗੇ ਬੈਠ ਗਿਆ ਤੇ ਲੱਗਿਆ ਚਾਬੂਕ ਫਿਟਕਾਰਨ। ਟੱਟੂ ਝਟਕੇ ਨਾਲ ਅੱਗੇ ਵਧਿਆ, ਪਹੀਏ ਖੜਖੜਾਏ-ਡਗਮਗਾਏ ਤੇ ਬਾਜ਼ਾਰ ਦੀ ਸੜਕ ਉੱਤੇ ਟੱਟੂ ਸਰਪਟ ਦੌੜਨ ਲੱਗਾ।
“ਮੈਨੂੰ ਨਹੀਂ ਪਤਾ ਸੀ, ਤੇਰੇ ਕੋਲ ਅਠਿਆਨੀ ਬਚੀ ਏ।” ਮੈਂ ਕਿਹਾ।
ਦਲਜੀਤ ਬੋਲਿਆ, “ਮੇਰੇ ਕੋਲ ਹੈ ਕਿੱਥੇ! ਪਰ ਇਸਦੀ ਚਿੰਤਾ ਬਾਅਦ 'ਚ ਕਰਾਂਗੇ। ਤੇਰੇ ਅੰਕਲ ਤਾਂ ਭਾੜਾ ਦੇ ਈ ਸਕਦੇ ਨੇ!”
ਜਿਵੇਂ ਹੀ ਅਸੀਂ ਟਾਊਨ ਵਿਚੋਂ ਨਿਕਲੇ ਤੇ ਸਮੁੰਦਰ ਵੱਲ ਜਾਣ ਵਾਲੀ ਖੁੱਲ੍ਹੀ ਸੜਕ ਉੱਤੇ ਆਏ, ਟੱਟੂ ਦੀ ਚਾਲ ਹੋਰ ਤੇਜ਼ ਹੋ ਗਈ। ਸੁਭਾਵਕ ਸੀ, ਕਿਉਂਕਿ ਉੱਥੇ ਉਤਰਾਈ ਸੀ। ਹਵਾ ਦੇ ਬੁੱਲ੍ਹਿਆਂ ਨਾਲ ਉਡਦੇ ਮੇਰੇ ਵਾਲ ਅੱਖਾਂ ਉੱਤੇ ਆ ਗਏ ਸਨ ਤੇ ਹਵਾ ਵਿਚ ਸਮੁੰਦਰ ਦੀ ਖਾਰੀ ਗੰਧ ਘੁਲੀ ਹੋਈ ਸੀ।
ਦਲਜੀਤ ਨੇ ਉਤਸਾਹ ਵੱਸ ਮੈਨੂੰ ਝੰਜੋੜਿਆ।
“ਬਸ, ਹੁਣ ਸਮਝ ਕਿ ਅਸੀਂ ਬੰਦਰਗਾਹ 'ਤੇ ਪਹੁੰਚ ਗਏ,” ਉਹ ਕਹਿ ਰਿਹਾ ਸੀ, “ਤੇ ਫੇਰ ਉੱਥੋਂ ਉਡਨਤੂ ਹੋ ਜਾਵਾਂਗੇ।”
ਕੋਚਵਾਨ ਟੱਟੂ ਨੂੰ ਤਰ੍ਹਾਂ-ਤਰ੍ਹਾਂ ਨਾਲ ਪੁਚਕਾਰਦਾ ਹੋਇਆ ਭਜਾ ਰਿਹਾ ਸੀ। ਫੇਰ, ਕੁਝ ਤਾਂ ਸਮੁੰਦਰੀ ਹਵਾ ਤੇ ਕੁਝ ਟੱਟੂ-ਗੱਡੀ ਦੀ ਤੇਜ਼ ਰਫ਼ਤਾਰ ਨਾਲ ਖਿੜ ਕੇ ਉਸਨੇ ਅਚਾਨਕ ਗਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਅਸੀਂ ਸੜਕ ਦੇ ਮੋੜ ਉੱਤੇ ਘੁੰਮੇ, ਸਮੁੰਦਰ-ਤਟ ਦਿਖਾਈ ਦੇਣ ਲੱਗ ਪਿਆ। ਕਈ ਛੋਟੇ-ਛੋਟੇ 'ਢੋ' ਤਟ ਦੇ ਨੇੜੇ ਖੜ੍ਹੇ ਸਨ ਤੇ ਮਛੇਰਿਆਂ ਦੀਆਂ ਡੌਂਗੀਆਂ ਰੇਤ ਉੱਤੇ ਲੱਗੀਆਂ ਸਨ। ਮਛੇਰੇ ਆਪਣੇ ਜਾਲ ਸੁਕਾ ਰਹੇ ਸਨ ਤੇ ਉਹਨਾਂ ਦੇ ਨੰਗ-ਧੜ ਬੱਚੇ ਸਮੁੰਦਰੀ ਲਹਿਰਾਂ ਵਿਚ ਹੁੜਦੰਗ ਮਚਾਉਂਦੇ ਫਿਰ ਰਹੇ ਸਨ। ਕੁਝ ਫ਼ਾਸਲੇ ਉੱਤੇ, ਸਮੁੰਦਰ ਵਿਚ ਇਕ ਸਟੀਮਰ ਖੜ੍ਹਾ ਸੀ। ਹਾਲਾਂਕਿ ਏਨੀ ਦੂਰੋਂ ਮੈਂ ਉਸਦਾ ਨਾਂ ਨਹੀਂ ਪੜ੍ਹ ਸਕਿਆ, ਫੇਰ ਵੀ ਮੈਨੂੰ ਯਕੀਨ ਸੀ ਕਿ ਉਹ 'ਲੂਸੀ' ਹੀ ਸੀ।
ਟੱਟੂ-ਗੱਡੀ ਘਾਟ ਦੇ ਸ਼ੁਰੂ ਵਿਚ ਹੀ ਰੁਕ ਗਈ ਤੇ ਅਸੀਂ ਯਕਦਮ ਕੁੱਦੇ ਤੇ ਘਾਟ ਦੇ ਨਾਲ ਦੌੜ ਪਏ। ਪਰ ਦੌੜਦੇ-ਦੌੜਦੇ ਵੀ ਇਹ ਸਮਝਦੇ ਹੋਏ ਦੇਰ ਨਹੀਂ ਲੱਗੀ ਕਿ ਜਹਾਜ਼ ਸਾਥੋਂ ਪਰ੍ਹੇ, ਸਮੁੰਦਰ ਵਿਚ ਅੱਗੇ ਵੱਲ ਵਧਦਾ ਜਾ ਰਿਹਾ ਹੈ। ਉਸਦੇ ਪ੍ਰੋਪੈਲਰ ਵਿਚੋਂ ਉਠਣ ਵਾਲੀਆਂ ਛੋਟੀਆਂ-ਛੋਟੀਆਂ ਲਹਿਰਾਂ ਪਿੱਛੇ ਘਾਟ ਵੱਲ ਆ ਰਹੀਆਂ ਸਨ।
“ਕੈਪਟਨ!” ਮੈਂ ਕੂਕ ਕੇ ਆਵਾਜ਼ ਮਾਰੀ, “ਅੰਕਲ ਜਿਮ, ਰੁਕ ਜਾਓ! ਅਸੀਂ ਆ ਗਏ!”
ਜਹਾਜ਼ ਦੇ ਪਿੱਛਲੇ ਹਿੱਸੇ ਵਿਚ ਖੜ੍ਹੇ ਇਕ 'ਲਾਸਕਰ' (ਮਲਾਹ) ਨੇ ਸਿਰਫ਼ ਹੱਥ ਹਿਲਾਇਆ। ਤੇ ਬਸ। ਮੈਂ ਘਾਟ ਦੇ ਸਿਰੇ ਉੱਤੇ ਖੜ੍ਹਾ ਸੀ ਤੇ ਹੱਥ ਹਿਲਾਉਂਦਾ ਹੋਇਆ ਜ਼ੋਰ ਨਾਲ ਬੁਲਾਈ ਜਾ ਰਿਹਾ ਸੀ।
“ਕੈਪਟਨ, ਅੰਕਲ ਜਿਮ! ਰੁਕ ਜਾਓ, ਮੈਂ ਆ ਗਿਆ।”
ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਲੱਗਿਆ, ਸਟੀਮਰ ਦੇ ਪਿੱਛੇ-ਪਿੱਛੇ ਚੱਕਰ ਲਾਉਂਦੇ ਜੰਗਲੀ ਪੰਛੀ ਵੀ ਜਿਵੇਂ ਮੇਰੀ ਆਵਾਜ਼ ਵਿਚ ਆਵਾਜ਼ ਰਲਾ ਕੇ ਚੀਕ ਰਹੇ ਹੋਣ, “ਕੈਪਟਨ! ਕੈਪਟਨ...”
ਜਹਾਜ਼ ਹੋਰ ਅੱਗੇ ਨਿਕਲ ਗਿਆ ਸੀ। ਉਸਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਸੀ। ਫੇਰ ਵੀ ਮੈਂ ਭਰੜਾਈ ਆਵਾਜ਼ ਵਿਚ ਮਿੰਨਤਾਂ-ਜਿਹੀਆਂ ਕਰਦਾ ਹੋਇਆ ਆਵਾਜ਼ਾਂ ਮਾਰੀ ਜਾ ਰਿਹਾ ਸੀ।
ਬੋਕੋਹਾਮਾ, ਸਾਨ ਡਿਏਗੋ, ਵਾਲਪਰਾਯਸੋ, ਲੰਦਨ—ਸਭ ਇਕ-ਇਕ ਕਰਕੇ ਹਮੇਸ਼ਾ ਲਈ ਅਲੋਪ ਹੁੰਦੇ ਜਾ ਰਹੇ ਸਨ।
ਉਸ ਢਲਦੀ ਸ਼ਾਮ ਘਾਟ ਉੱਤੇ ਅਸੀਂ ਇਕੱਲੇ ਖੜ੍ਹੇ ਸੀ। ਉੱਤੇ ਮੰਡਲਾਉਂਦੇ ਸਮੁੰਦਰੀ ਪੰਛੀ ਜਿਵੇਂ ਆਪਣੀ ਕਾਵਾਂ-ਰੌਲੀ ਨਾਲ ਸਾਨੂੰ ਚਿੜਾ ਰਹੇ ਸਨ। ਅਚਾਨਕ ਅੰਕਲ ਜਿਮ ਦੇ ਖ਼ਤਾਂ ਵਿਚੋਂ ਇਕ ਵਾਕ ਮੇਰੇ ਦਿਮਾਗ਼ ਵਿਚ ਗੂੰਜ ਉੱਠਿਆ—'ਪਹਿਲਾ ਪੜਾਅ ਏਡਨ ਵਿਚ, ਫੇਰ ਸਵੇਜ ਵਿਚ, ਤੇ ਫੇਰ ਨਹਿਰ ਦੇ ਬਾਅ...' ਪਰ ਮੇਰੇ ਸਾਹਮਣੇ ਵਾਪਸੀ ਦਾ ਕਾਫੀ ਲੰਮਾ ਸਫ਼ਰ ਮੂੰਹ ਅੱਡੀ ਖੜ੍ਹਾ ਸੀ। ਫੇਰ ਆਪਣੇ ਗਾਰਜੀਅਨ ਦਾ ਕਰੋਪ ਤੇ ਫੇਰ ਸਕੂਲ ਦੀ ਬੋਰੀਅਤ!
ਦਲਜੀਤ ਚੁੱਪਚਾਪ ਖੜ੍ਹਾ ਸੀ। ਆਖ਼ਰ ਜਦੋਂ ਮੈਂ ਉਸ ਵੱਲ ਦੇਖਣ ਦਾ ਹੌਸਲਾ ਕੀਤਾ, ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਮੁਸਕਰਾ ਰਿਹਾ ਸੀ। ਉਹ ਨਿਰਾਸ਼ ਜਾਂ ਉਦਾਸ ਬਿਲਕੁਲ ਨਹੀਂ ਸੀ।
“ਅਸੀਂ ਇੱਥੇ ਪਹੁੰਚਣ 'ਚ ਕਾਫੀ ਦੇਰ ਕਰ ਦਿੱਤੀ,” ਦਲਜੀਤ ਕਹਿ ਰਿਹਾ ਸੀ, “ਸੈਂਕੜੇ ਮੀਲ ਕਰਕੇ ਇੱਥੇ ਆਏ ਤੇ ਬਸ, ਪੰਜ ਮਿੰਟ ਦੀ ਦੇਰ ਨੇ ਸਭ ਚੌਪਟ ਕਰ ਦਿੱਤਾ।”
“ਕੋਈ ਗੱਲ ਨਹੀਂ। ਹਰ ਚੀਜ਼ ਦਾ ਅੰਤ 'ਨਹੀਂ' ਵਿਚ ਹੋਇਆ ਏ। ਸਾਡੀਆਂ ਸਾਰੀਆਂ ਸਕੀਮਾਂ...”
“ਸਾਡੇ ਸਾਰੇ ਸੁਪਨੇ!”
“ਸੁਪਨੇ ਦੇਖਣ 'ਚ ਕੀ ਬੁਰਾਈ ਏ?”
“ਕੋਈ ਨਈਂ। ਜਦੋਂ ਤਕ ਉਹ ਸੱਚ ਨਈਂ ਹੁੰਦੇ, ਅਸੀਂ ਸੁਪਨ-ਲੋਕ ਵਿਚ ਵਿਚਰਦੇ ਰਹਿ ਸਕਦੇ ਆਂ, ਖ਼ਿਆਲੀ ਪੁਲਾਅ ਬਣਾ ਸਕਦੇ ਆਂ। ਅਸੀਂ ਸਕੂਲ ਵਾਪਸ ਜਾਵਾਂਗੇ ਤੇ ਇਕ ਵਾਰੀ ਫੇਰ ਨਵੇਂ-ਨਵੇਂ ਸੁਪਨਿਆਂ ਦਾ ਜਾਲ ਬੁਣਾਂਗੇ।”
“ਮੈਨੂੰ ਨਹੀਂ ਪਤਾ ਸੀ, ਤੂੰ ਦਾਰਸ਼ਨਿਕ ਵੀ ਏਂ ਦਲਜੀਤ!...ਤੇ ਤੂੰ ਕੀ ਸਮਝਦਾ ਏਂ, ਅਸੀ ਵਾਪਸ ਸਕੂਲ ਪਰਤ ਸਕਾਂਗੇ? ਤੂੰ ਜੇ ਆਪਣੀ ਘੜੀ ਵੀ ਵੇਚ ਦਵੇਂ, ਤਾਂ ਵੀ ਏਨੇ ਪੈਸੇ ਨਹੀਂ ਹੋਣਗੇ। ਮੈਂ ਤਾਂ ਹਾਰ ਗਿਆ ਆਂ। ਮੈਂ ਕਿਤੇ ਨਹੀਂ ਜਾਣਾ ਚਾਹੁੰਦਾ। ਜਦੋਂ ਤਕ ਮੇਰੇ ਅੰਕਲ ਵਾਪਸ ਨਹੀਂ ਆਉਂਦੇ, ਮੈਂ ਇਸੇ ਘਾਟ 'ਤੇ ਬੈਠਾ ਰਹਾਂਗਾ, ਇੱਥੇ ਈ।”
“ਕਦੋਂ ਤਕ ਉਹਨਾਂ ਦਾ ਇੰਤਜ਼ਾਰ ਕਰੇਂਗਾ?”
“ਇਕ ਸਾਲ, ਦੋ ਸਾਲ!” ਮੈਂ ਮੁਸਕਰਾਉਂਦਿਆਂ ਹੋਇਆਂ ਕਿਹਾ।
“ਵਾਪਸੀ ਬਾਰੇ ਤੂੰ ਚਿੰਤਾ ਨਾ ਕਰ।” ਦਲਜੀਤ ਬੋਲਿਆ, “ਜਦੋਂ ਅਸੀਂ ਭੱਜਣ ਦੀ ਸੋਚੀ ਸੀ, ਤਾਂ ਉਸ ਭੇਦ ਨੂੰ ਗੁਪਤ ਰੱਖਣਾ ਮਜਬੂਰੀ ਸੀ, ਪਰ ਹੁਣ ਇਹ ਰਹੱਸ, ਰਹੱਸ ਨਈਂ ਰਿਹਾ। ਅਸੀਂ ਘੜੀ ਵੇਚ ਕੇ ਟੱਟੂ-ਗੱਡੀ ਦਾ ਭਾੜਾ ਦੇਵਾਂਗੇ ਤੇ ਤਾਰ ਦਿਆਂਗੇ।”
“ਹੈਡਮਾਸਟਰ ਨੂੰ?”
“ਨਈਂ, ਬੰਬਈ 'ਚ ਆਪਣੇ ਇਕ ਅੰਕਲ ਨੂੰ ਤਾਰ ਦਿਆਂਗੇ। ਉਹ ਆਪਣੀ ਕਾਰ ਵਿਚ ਆ ਕੇ ਸਾਨੂੰ ਇੱਥੋਂ ਲੈ ਜਾਣਗੇ। ਫੇਰ ਕਾਰ ਵਿਚ ਈ ਉਹ ਸਾਨੂੰ ਸਾਡੇ ਸਕੂਲ ਪਹੁੰਚਾ ਦੇਣਗੇ। ਇਸ ਵਾਰੀ ਅਸੀਂ ਆਰਾਮ ਨਾਲ ਸਫ਼ਰ ਕਰਾਂਗੇ। ਰਸਤੇ ਵਿਚ ਚਿਕਨ ਖਾਵਾਂਗੇ, ਆਈਸਕਰੀਮ ਖਾਵਾਂਗੇ। ਕੁਛ ਦਿਨ ਤਾਂ ਗੁਲਛੱਰਰੇ ਉਡਾਵਾਂਗੇ ਈ।”
“ਹਾਂ,” ਮੈਂ ਕਿਹਾ, “ਵਾਪਸੀ ਤੋਂ ਬਾਅਦ ਫੇਰ ਸਾਨੂੰ ਕੌਣ ਮੌਜ-ਮਸਤੀ ਕਰਨ ਦਵੇਗਾ!”
ਟੱਟੂ-ਗੱਡੀ ਵੱਲ ਜਾਂਦਿਆਂ ਹੋਇਆ ਮੈਂ ਬਹੁਤੀ ਗੱਲ ਨਹੀਂ ਕੀਤੀ। ਉਸ ਵੇਲੇ ਮੇਰਾ ਮਨ ਕਿਤੇ ਦੂਰ ਭਟਕ ਰਿਹਾ ਸੀ। ਮੈਂ ਆਪਣੇ-ਆਪ ਨੂੰ ਇਹ ਕਹਿ ਕੇ ਦਲਾਸਾ ਦੇ ਰਿਹਾ ਸੀ ਕਿ ਅਗਲੇ ਸਾਲ ਕਿਸੇ ਦਿਨ ਅੰਕਲ ਜਿਮ ਜਦੋਂ ਫੇਰ 'ਲੂਸੀ' ਵਿਚ ਆਉਣਗੇ, ਉਦੋਂ ਮੈਂ ਅਜਿਹੀ ਗਲਤੀ ਨਹੀਂ ਕਰਾਂਗਾ। ਜਹਾਜ਼ ਤੁਰਨ ਤੋਂ ਕਾਫੀ ਪਹਿਲਾਂ ਹੀ ਮੈਂ ਉਸ ਉੱਤੇ ਸਵਾਰ ਹੋ ਜਾਵਾਂਗਾ।
ਤੇ ਰਤਾ ਰੁਕ ਕੇ ਮੈਂ ਅੰਤਮ ਵਾਰੀ ਸਮੁੰਦਰ ਵੱਲ ਦੇਖਿਆ। ਸਮੁੰਦਰ ਦੇ ਅਨੰਤ ਪਾਣੀ ਵਿਚ ਸਟੀਮਰ ਬੜਾ ਛੋਟਾ ਲੱਗਣ ਲੱਗਾ ਸੀ।
ਇਸ ਸਾਲ, ਅਗਲੇ ਸਾਲ, ਕਦੀ...ਯੋਕੋਹਾਮਾ, ਵਾਲਪਰਾਯਸੋ, ਸਾਨ ਡਿਏਗੋ, ਲੰਦਨ...
(ਅਨੁਵਾਦ:ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਸਕਿਨ ਬਾਂਡ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ