Sewa (Punjabi Article) : Principal Ganga Singh

ਸੇਵਾ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਤ੍ਰਿਕਾਲਾਂ ਪੈਂਦਿਆਂ ਨਾਲ ਹੀ ਗੱਡੀ ਸਟੇਸ਼ਨ 'ਤੇ ਆਣ ਰੁਕੀ, ਮੁਸਾਫ਼ਰਾਂ ਨੇ ਉੱਤਰ ਆਪਣੇ ਆਪਣੇ ਰਾਹ ਮੱਲੇ। ਸ਼ਹਿਰ-ਵਾਸੀ ਤੇ ਘਰੋ ਘਰ ਚਲੇ ਗਏ, ਪਰ ਪਰਦੇਸੀਆਂ ਧਰਮਸਾਲ ਦੀ ਢੂੰਡ ਕੀਤੀ। ਬਹੁਤਾ ਪ੍ਰੇਸ਼ਾਨ ਨਾ ਹੋਣਾ ਪਿਆ, ਸਟੇਸ਼ਨ ਦੇ ਲਾਗੇ ਹੀ ਕਿਸੇ ਨੇ ਸੁੰਦਰ ਸਰਾਂਅ ਬਣਾਈ ਹੋਈ ਸੀ। ਪਾਂਧੀਆਂ ਦੇ ਪੁੱਜਣ 'ਤੇ ਧਰਮਸਾਲ ਦੇ ਸੇਵਾਕਾਰ ਨੇ ਕੋਠੜੀਆਂ ਖੋਲ੍ਹ ਦਿੱਤੀਆਂ। ਮੁਸਾਫ਼ਰਾਂ ਨੇ ਸਾਮਾਨ ਧਰ ਦਿੱਤਾ ਤੇ ਰਾਤ ਗੁਜ਼ਾਰਨ ਦਾ ਪ੍ਰਬੰਧ ਕਰਨ ਲੱਗੇ।

ਸਰਾਂਅ ਦੀ ਇਮਾਰਤ ਬੜੀ ਸੁੰਦਰ ਸੀ, ਕਮਰੇ ਸਾਫ਼-ਸੁਥਰੇ, ਹਵਾਦਾਰ, ਫ਼ਰਸ਼ ਪੱਕੇ ਤੇ ਸਫ਼ੈਦੀਆਂ ਤਾਜ਼ੀਆਂ ਹੀ ਹੋਈਆਂ ਹੋਈਆਂ ਸਨ। ਬਿਜਲੀ ਦੀ ਰੌਸ਼ਨੀ ਤੇ ਪਾਣੀ ਲਈ ਨਲਕਿਆਂ ਦਾ ਵੀ ਪ੍ਰਬੰਧ ਸੀ। ਅਜੇਹਾ ਸੁੰਦਰ ਅਸਥਾਨ ਮੁਸਾਫ਼ਰਾਂ ਵਿਚੋਂ ਕਿਸੇ ਨੂੰ ਵੀ ਘਰ ਪ੍ਰਾਪਤ ਨਹੀਂ ਸੀ। ਸੁਭਾਅ ਅਨੁਸਾਰ ਮੁਸਾਫ਼ਰਾਂ ਨੇ ਆਪਣੀ ਆਪਣੀ ਥਾਂ ਵਰਤੋਂ ਸ਼ੁਰੂ ਕੀਤੀ। ਇਕ ਨੇ ਜਦ ਆਪਣੀ ਸਾਥਣ ਨੂੰ ਕਿਹਾ ਕਿ ਭਾਵੇਂ ਕਮਰੇ ਸਾਫ਼ ਹੀ ਹਨ ਪਰ ਫਿਰ ਵੀ ਸਾਨੂੰ ਵਧੇਰੇ ਸਫ਼ਾਈ ਲਈ ਝਾੜੂ ਫੇਰ ਲੈਣਾ ਚਾਹੀਦਾ ਹੈ।

ਭਾਗਵਾਨ ਬੋਲੀ-"ਛਡੋ ਜੀ! ਇਹ ਕਿਹੜਾ ਸਾਡਾ ਘਰ ਹੈ, ਜੋ ਖਪ ਖਪ ਮਰੀਏ, ਓੜਕ ਤਾਂ ਸਰਾਂਅ ਹੀ ਹੈ ਨਾ। ਰਾਤ ਕੱਟ, ਸਵੇਰੇ ਟੁਰ ਜਾਣਾ ਹੈ।”

ਸਾਥੀ ਚੁਪ ਕਰ ਰਿਹਾ ਤਾਂ ਉਹਨਾਂ ਓਦਾਂ ਹੀ ਬਿਸਤਰੇ ਵਿਛਾ ਲਏ। ਜਦੋਂ ਖਾਣ ਪੀਣ ਦਾ ਸਾਮਾਨ ਆਇਆ ਤਾਂ ਵੀ ਡਿੱਗੇ ਹੋਏ ਭੋਰਿਆਂ ਦੇ ਸਾਫ਼ ਕਰਨ ਜਾਂ ਜੂਠੇ ਡੂਨੇ ਪੱਤਲਾਂ ਬਾਹਰ ਸੁੱਟਣ ਦੀ ਕਿਸੇ ਖੇਚਲ ਨਾ ਕੀਤੀ। ਹੋਰ ਵੀ ਸਰੀਰ ਦੀਆਂ ਮਾਮੂਲੀ ਲੋੜਾਂ ਨੂੰ ਅੰਦਰ ਹੀ ਪੂਰਾ ਕੀਤਾ ਗਿਆ। ਸਵੇਰ ਹੋਣ ਤੋਂ ਪਹਿਲਾਂ ਹੀ ਸਾਮਾਨ ਬੰਨ੍ਹ ਕੇ ਬੂਹਾ ਮਾਰ ਰਾਹੀ ਚਲਦੇ ਬਣੇ।

ਨਾਲਦੇ ਕਮਰੇ ਵਾਲੇ ਮੁਸਾਫ਼ਰਾਂ ਨੇ ਇਹਨਾਂ ਦੇ ਉਲਟ ਰਵੱਈਆ ਵਰਤਿਆ। ਉਹਨਾਂ ਦੀ ਸੁਭਾਗ ਜੋੜੀ ਨੇ ਪਹਿਲੇ ਮਕਾਨ ਦੀ ਉਸਤਤ, ਫਿਰ ਬਣਾਉਣ ਵਾਲੇ ਦੀ ਵਡਿਆਈ ਕੀਤੀ। ਸਾਫ਼ ਜਗ੍ਹਾ ਨੂੰ ਹੋਰ ਸਾਫ਼ ਕਰਨ ਹਿਤ ਝਾੜੂ ਫੇਰਿਆ। ਖਾਣ-ਪਾਣ ਸਮੇਂ ਬੜੇ ਸੰਜਮ ਤੋਂ ਕੰਮ ਲਿਆ। ਸਰੀਰਕ ਲੋੜਾਂ ਵੀ ਮੁਕੱਰਰ ਥਾਂ 'ਤੇ ਪੂਰੀਆਂ ਕੀਤੀਆਂ 'ਤੇ ਸੌਣ ਤੋਂ ਪਹਿਲਾਂ ਰਲ ਕੇ ਵੀਚਾਰ ਕਰਨ ਲੱਗੇ: ਸਰਾਂਅ ਕਿਤਨੀ ਸੁਥਰੀ ਤੇ ਸੋਹਣੀ ਹੈ। ਕਿਸੇ ਮਹਾਂਉਪਕਾਰੀ ਨੇ ਮੁਸਾਫ਼ਰਾਂ ਦੇ ਸੁਖ ਲਈ ਅਜੇਹਾ ਸਥਾਨ ਬਣਾਇਆ ਹੈ। ਕੇਹਾ ਚੰਗਾ ਹੁੰਦਾ ਜੇ ਸਾਡੀ ਵੀ ਤੌਫ਼ੀਕ ਹੁੰਦੀ, ਅਸੀਂ ਵੀ ਅਜੇਹਾ ਉਪਕਾਰ ਕਰ ਸਕਦੇ। ਇਕ ਨੇ ਕਿਹਾ, “ਇਤਨਾ ਵਡਾ ਉਪਕਾਰ ਕਰਨਾ ਸਾਡੀ ਸਮਰਥਾ ਤੋਂ ਪਰੇ ਹੈ, ਪਰ ਇਸ ਮਹਾਨ ਪੁੰਨ ਵਿਚ ਵਿਤ ਅਨੁਸਾਰ ਹਿੱਸਾ ਪਾ ਜਾਣਾ ਮਨੁੱਖਤਾ ਦਾ ਕਰਤਵ ਹੈ।" ਇਹ ਸੋਚ ਉਹਨਾਂ ਨੇ ਜੋ ਵੀ ਸੇਵਾ, ਸਰਾਂਅ ਦੀ ਸਫ਼ਾਈ ਤੇ ਸੋਭਾ ਨੂੰ ਵਧਾਉਣ ਲਈ ਕਰ ਸਕਦੇ ਸਨ, ਕੀਤੀ ਤੇ ਜਾਣ ਲਗੇ ਕੁਝ ਸੋਹਣੀਆਂ ਤਸਵੀਰਾਂ ਜੋ ਉਹਨਾਂ ਦੇ ਟਰੰਕ ਵਿਚ ਸਨ, ਕਮਰੇ ਦੀ ਸੁੰਦਰਤਾ ਵਧਾਉਣ ਹਿਤ ਦੀਵਾਰਾਂ 'ਤੇ ਲਟਕਾ ਗਏ। ਟੁਰ ਇਹ ਵੀ ਗਏ।

ਦਿਨ ਚੜ੍ਹੇ ਧਰਮਸਾਲਾ ਦੇ ਪ੍ਰਬੰਧਕ ਨੇ ਸਦਾ ਵਾਂਗ ਬੰਦ ਦਰਵਾਜ਼ਿਆਂ ਦੇ ਬੂਹੇ ਖੋਲ੍ਹੇ। ਜਦ ਉਸਦੀ ਨਿਗਾਹ ਉਸ ਕਮਰੇ 'ਤੇ ਪਈ ਜੋ ਦਲਿੱਦਰੀਆਂ ਨੇ ਮੈਲਾ ਕਰ ਛਡਿਆ ਸੀ, ਤਾਂ ਉਸ ਨੇ ਕਿਹਾ, "ਦੁਰਭਾਗ ਵਸ ਕਿਹੋ ਜੇਹੇ ਸੁਸਤ ਮੁਸਾਫ਼ਰ ਆ ਜਾਂਦੇ ਹਨ, ਜੋ ਜਾਣ ਲੱਗੇ ਕਮਰਿਆਂ ਨੂੰ ਮੈਲਾ ਕਰ, ਸਰਾਂਅ ਦੀ ਸ਼ੋਭਾ ਵਿਗਾੜ ਟੁਰਦੇ ਹਨ, ਅਜਿਹੇ ਦਲਿੱਦਰੀ ਨਿਜ ਆਉਣ।”

ਪਰ ਜਦੋਂ ਉਸ ਨੇ ਅਗਲਾ ਕਮਰਾ ਖੋਲ੍ਹ ਕੇ ਤਕਿਆ, ਜੋ ਬੜਾ ਸਾਫ਼-ਸੁਥਰਾ ਤੇ ਸਜਾਇਆ ਹੋਇਆ ਸੀ, ਤਾਂ ਉਸਦੇ ਮੂੰਹੋਂ ਸੁਭਾਵਕ ਨਿਕਲਿਆ–“ਹੇ ਰਾਮ! ਅਜੇਹੇ ਰਾਹੀ ਰੋਜ਼ ਆਉਣ, ਜੰਮ ਜੰਮ ਆਉਣ, ਜੋ ਰਾਤ ਕੱਟ ਗਏ ਤੇ ਸਰਾਂਅ ਦੀ ਸਭਾ ਵੀ ਵਧਾ ਗਏ।" ਇਹੋ ਜਿਹਾਂ ਦੇ ਆਉਣ ਨਾਲ ਹੀ ਅਸਥਾਨ ਦੀ ਸੁੰਦਰਤਾ ਵਧਦੀ ਹੈ। ਅਜੇਹੇ ਭਲੇ ਲੋਕ ਹੀ ਸੁਖਾਂ ਵਿਚ ਵਾਧਾ ਕਰਦੇ ਹਨ।

ਇਸ ਪ੍ਰਮਾਣ ਅਨੁਸਾਰ ਦੁਨੀਆ ਵੀ ਇਕ ਸਰਾਂਅ ਹੈ, ਜਿਸ ਵਿਚ ਮਨੁੱਖ, ਜੀਵਨ ਦੀ ਰਾਤ ਗੁਜ਼ਾਰਨ ਲਈ ਆਉਂਦੇ ਹਨ। ਫ਼ਰੀਦ ਜੀ ਦਾ ਕੌਲ ਹੈ—“ਦੁਨੀਆ ਇਕ ਸੁਹਾਵਣਾ ਬਾਗ਼ ਹੈ, ਮਨੁੱਖ ਇਸ ਵਿਚ ਪੰਛੀਆਂ ਵਾਂਗ ਪ੍ਰਾਹੁਣਾ ਹੈ। ਜਦੋਂ ਸਵੇਰ ਦੀ ਨੌਬਤ ਵਜੇਗੀ, ਉਠ ਕੇ ਚੱਲਣ ਦਾ ਸਾਜ ਕਰਨਾ ਪਵੇਗਾ।”

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ॥
(ਸਲੋਕ ਫਰੀਦ ਜੀ, ਪੰਨਾ ੧੩੮੨)

ਇਸ ਦੁਨੀਆ ਨੂੰ ਚਾਹੇ ਸੁੰਦਰ ਬਾਗ਼ ਕਹਿ ਲਵੋ, ਚਾਹੇ ਸੁਹਾਵਣੀ ਸਰਾਂਅ, ਮਤਲਬ ਇਕ ਹੀ ਹੈ। ਮਨੁੱਖਾਂ ਨੇ ਓੜਕ ਇਥੋਂ ਚਲੇ ਜਾਣਾ ਹੈ। ਸੋ ਇਨ੍ਹਾਂ ਵਿਚੋਂ ਜੋ ਸੁਸਤ ਤੇ ਦਲਿੱਦਰੀ ਇਸ ਨੂੰ ਮੈਲਿਆਂ ਕਰ, ਇਸਦੀ ਸੂਰਤ ਵਿਗਾੜ ਕੂੜਾ ਕਰਕਟ ਤੇ ਗੰਦ-ਮੰਦ ਸੁੱਟ ਟੁਰ ਜਾਂਦੇ ਹਨ, ਉਹਨਾਂ ਦਾ ਆਉਣਾ ‘ਨਿਜ ਆਉਣਾ’ ਹੁੰਦਾ ਹੈ। ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਨਫ਼ਰਤ ਨਾਲ ਯਾਦ ਕਰਦੀਆਂ ਤੇ ਕਹਿੰਦੀਆਂ ਹਨ, “ਕੇਹਾ ਚੰਗਾ ਹੁੰਦਾ ਜੋ ਉਹ ਕਦੀ ਵੀ ਨਾ ਆਏ ਹੁੰਦੇ।"

ਪਰ ਜੋ ਇਸ ਨੂੰ ਵਧੇਰੇ ਸੁਥਰਾ ਬਣਾਉਣ ਲਈ ਯਤਨ ਕਰਦੇ, ਸੰਵਾਰਦੇ ਤੇ ਇਸਦੀ ਸ਼ੋਭਾ ਨੂੰ ਵਧਾਂਦੇ ਹਨ, ਉਹ ਆਪਣੇ ਪਿੱਛੇ ਮਿਠੀਆਂ ਯਾਦਾਂ ਛੱਡ ਜਾਂਦੇ ਹਨ। ਮਨੁੱਖ ਉਹਨਾਂ ਨੂੰ ਸਦਾ ਚੇਤੇ ਕਰਦੇ ਤੇ ਵਡਿਆਉਂਦੇ ਹਨ ਅਤੇ ਰੱਬ ਤੋਂ ਇਹ ਦੁਆ ਮੰਗਦੇ ਹਨ ਕਿ ਉਹੋ ਜੇਹੇ ਭਲੇ ਮਨੁੱਖ ਮੁੜ ਮੁੜ ਸੰਸਾਰ 'ਤੇ ਆਉਣ।

ਇਹ ਭਲਿਆਂ ਦੀ ਪਿਛਲੀ ਸ਼੍ਰੇਣੀ ਸੇਵਕਾਂ ਦੀ ਸ਼੍ਰੇਣੀ ਹੈ ਜੋ ਸੰਸਾਰ ਵਿਚ ਸੇਵਾ ਕਮਾਉਂਦੇ ਹਨ। ਉਹਨਾਂ ਦੀ ਸੰਸਾਰ ਵਿਚ ਸ਼ੋਭਾ ਤੇ ਦਰਗਾਹ ਵਿਚ ਇੱਜ਼ਤ ਹੁੰਦੀ ਹੈ। ਸਤਿਗੁਰਾਂ ਫ਼ੁਰਮਾਇਆ ਹੈ, “ਜੋ ਇਸ ਸੰਸਾਰ ਵਿਚ ਸੇਵਾ ਕਰਦੇ ਹਨ ਉਹਨਾਂ ਦੀ ਦਰਗਾਹ ਵਿਚ ਇੱਜ਼ਤ ਕੀਤੀ ਜਾਂਦੀ ਹੈ:

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
(ਸਿਰੀ ਰਾਗੁ ਮ: ੧, ਪੰਨਾ ੨੬)

ਆਸਤਕ ਮਨੁੱਖ ਇਸ ਖ਼ਿਆਲ ਨਾਲ ਸੇਵਾ ਵਿਚ ਜੁਟਦੇ ਹਨ ਕਿ ਉਹਨਾਂ ਦਾ ਇਹ ਜਨਮ ਸਫਲ ਤੇ ਅਗਲਾ ਸੰਵਰੇਗਾ। ਪਰ ਅਨਾਤਮਵਾਦੀ ਵੀ ਇਸ ਖ਼ਿਆਲ ਨਾਲ ਸੇਵਾ ਕਰਨੀ ਜ਼ਰੂਰੀ ਸਮਝਦੇ ਹਨ ਕਿ ਅਜੇਹਾ ਕਰਨਾ ਸਮਾਜ ਦਾ ਕਰਜ਼ਾ ਉਤਾਰਨਾ ਹੈ, ਭਲੇ ਪੁਰਸ਼ ਰਿਣੀ ਰਹਿਣਾ ਪਸੰਦ ਨਹੀਂ ਕਰਦੇ।

ਜੇ ਗਹੁ ਕਰ ਕੇ ਤਕਿਆ ਜਾਵੇ ਤਾਂ ਸੰਸਾਰ ਦੀ ਹਰ ਉਹ ਸ਼ੈ, ਜਿਸ ਤੋਂ ਮਨੁੱਖ ਫਾਇਦਾ ਉਠਾਉਂਦਾ ਹੈ, ਉਸਦੇ ਵਾਸਤੇ ਕਿਸੇ ਨਾ ਕਿਸੇ ਬਣਾਈ ਸੀ, ਸਗੋਂ ਕਿਸੇ ਇਕ ਨੇ ਹੀ ਨਹੀਂ, ਬਲਕਿ ਕਈ ਇਕ ਸੇਵਕਾਂ ਨੇ ਇਕ ਦੂਜੇ ਦੇ ਬਾਅਦ ਯਤਨ ਕਰ ਕੇ ਉਸ ਚੀਜ਼ ਨੂੰ ਤਿਆਰ ਕੀਤਾ ਹੁੰਦਾ ਹੈ। ਜੇ ਉਹ ਲੋਕ-ਸੇਵਾ ਵਿਚ ਪਰਿਵਰਤਿਤ ਨਾ ਹੁੰਦੇ ਤਾਂ ਅੱਜ ਮਨੁੱਖ ਨੂੰ ਸੁਖਾਂ ਦੇ ਸਾਧਨ ਕਿਥੋਂ ਮਿਲਦੇ। ਮਨੁੱਖ ਦੀਆਂ ਮੁਖ ਲੋੜਾਂ ਵਿਚੋਂ ਕਪੜੇ ਦਾ ਹੀ ਪ੍ਰਮਾਣ ਲੈ ਲਉ। ਅੱਜ ਮਨੁੱਖ ਦੇ ਹੱਥ ਤਕ ਪੁਜਾ ਹੋਇਆ ਕਪੜਾ ਕਿਤਨੇ ਸੇਵਕਾਂ ਦੀ ਘਾਲ ਦਾ ਫਲ ਹੈ। ਅੱਜ ਕਪੜਾ ਜੁਲਾਹੇ ਦੀ ਖੱਡੀ 'ਤੇ ਜਾਂ ਮਸ਼ੀਨ 'ਤੇ ਬੁਣਿਆ ਜਾਂਦਾ ਨਜ਼ਰ ਆ ਰਿਹਾ ਹੈ, ਪਰ ਜੁਲਾਹੇ ਦੀ ਖੱਡੀ ਤੇ ਮਸ਼ੀਨ 'ਤੇ ਪੁੱਜਣ ਤੋਂ ਪਹਿਲਾਂ ਕਿਤਨੇ ਸੇਵਕ ਹੱਥਾਂ ਨੇ ਇਸ ਨੂੰ ਸੰਵਾਰਿਆ, ਇਸ ਦਾ ਇਤਿਹਾਸ ਬੜਾ ਲੰਬਾ ਹੈ। ਏਥੇ ਪੁੱਜਣ ਤੋਂ ਪਹਿਲਾਂ ਕਿਸੇ ਨੇ ਕੱਤਿਆ, ਕੱਤਣ ਤੋਂ ਪਹਿਲਾਂ ਕਿਸੇ ਨੇ ਪੂਣੀਆਂ ਵਟੀਆਂ, ਪੂਣੀਆਂ ਤੋਂ ਪਹਿਲਾਂ ਕਿਸੇ ਨੇ ਰੂੰ ਪਿੰਜਿਆ, ਪਿੰਜਣ ਤੋਂ ਪਹਿਲਾਂ ਕਿਸੇ ਨੇ ਕਪਾਹ ਵੇਲੀ, ਕਪਾਹ ਵੇਲਣ ਤੋਂ ਪਹਿਲਾਂ ਕਿਸੇ ਨੇ ਚੁਣੀ, ਚੁਣਨ ਤੋਂ ਪਹਿਲਾਂ ਕਿਸੇ ਨੇ ਗੋਡੀ ਸਿੰਜੀ, ਇਹਨਾਂ ਸਾਰਿਆਂ ਤੋਂ ਪਹਿਲਾਂ ਕਿਸੇ ਨੇ ਖੇਤ ਵਿਚ ਬੀਜੀ । ਪਰ ਇਹ ਸਿਲਸਿਲਾ ਏਥੇ ਤਾਂ ਹੀ ਨਹੀਂ ਮੁਕ ਜਾਂਦਾ, ਕਪਾਹ ਬੀਜਣ ਤੋਂ ਪਹਿਲਾਂ ਉਸਦੀ ਸੇਵਾ ਨੂੰ ਮੰਨਣਾ ਪਏਗਾ, ਜਿਸ ਨੇ ਕਪਾਹ ਦੇ ਬੀਜ ਨੂੰ ਪਹਿਲਾਂ ਲੱਭਾ ਤੇ ਸਭ ਤੋਂ ਪਹਿਲਾਂ ਉਸਦਾ ਉਪਕਾਰ, ਜਿਸ ਨੇ ਖੇਤੀ ਦਾ ਕੰਮ ਸ਼ੁਰੂ ਕੀਤਾ। ਇਹ ਲੰਬੀ ਵਿਚਾਰ ਵੀ ਕਪੜਾ ਪੈਦਾ ਕਰਨ ਦੇ ਇਤਿਹਾਸ ਦਾ ਇਕ ਹਿੱਸਾ ਹੈ। ਵਾਸਤਵ ਵਿਚ ਇਸ ਦੇ ਕਈ ਹੋਰ ਅੰਗ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਕਪੜਾ ਤਿਆਰ ਹੋਇਆ ਹੈ। ਜੇ ਕੋਈ ਤਰਖਾਣ ਤਾੜਾ ਨਾ ਬਣਾਉਂਦਾ ਤਾਂ ਤੂੰ ਕਿਸ ਤਰ੍ਹਾਂ ਪਿੰਜੀ ਜਾਂਦੀ। ਜੇ ਚਰਖਾ ਨਾ ਬਣਾਂਦਾ ਤਾਂ ਕੱਤਦਾ ਕੌਣ। ਜੇ ਖੱਡੀ ਨਾ ਹੁੰਦੀ ਤਾਂ ਬੁਣਦੇ ਕਿਥੇ। ਤਰਖਾਣ ਕਿਸ ਤਰ੍ਹਾਂ ਸੇਵਾ ਕਰ ਸਕਦਾ, ਜੇ ਉਸਦੇ ਕੋਲ ਸੰਦ ਨਾ ਹੁੰਦੇ। ਕੁਹਾੜੇ ਤੇ ਆਰੀ ਬਿਨਾਂ ਲੱਕੜੀ ਚੀਰੀ ਕਿਸ ਤਰ੍ਹਾਂ ਮਿਲਦੀ। ਲੋਹੇ ਦੀ ਸੀਖ ਤੋਂ ਬਿਨਾਂ ਵੇਲਣਾ ਕਿਸ ਤਰ੍ਹਾਂ ਚਲਦਾ। ਬੁਣਨ ਦੀਆਂ ਭਾਰੀਆਂ ਮਸ਼ੀਨਾਂ ਕਿਥੋਂ ਬਣਦੀਆਂ। ਜੇ ਖਣਵਾਰਾ ਪਰਬਤ ਦੀ ਛਾਤੀ ਚੀਰ ਲੋਹਾ ਨਾ ਕਢਦਾ, ਭੱਠੀ ਵਿਚ ਪਿਘਲਾ ਇਸਪਾਤ ਤੇ ਫ਼ੌਲਾਦ ਨਾ ਬਣਾਂਦਾ, ਤਾਂ ਸੰਦ ਕਿਥੋਂ ਬਣਦੇ।

ਇਹ ਕਪੜੇ ਦਾ ਤਾਂ ਇਕ ਪ੍ਰਮਾਣ ਹੈ ਕਿ ਉਸਦੀ ਬਣਤਰ ਦੇ ਮੋਟੇ ਮੋਟੇ ਅੰਗ ਗਿਣੇ ਗਏ ਹਨ। ਜੇ ਵਿਸਥਾਰ ਵਿਚ ਜਾਇਆ ਜਾਏ ਤਾਂ ਇਕ ਅੱਧ ਪੁਸਤਕ ਲਿਖਣੀ ਪੈਂਦੀ ਹੈ। ਇਹੋ ਹੀ ਹਾਲਤ ਸੰਸਾਰ ਦੀ ਹਰ ਇਕ ਲੋੜਵੰਦ ਵਸਤੂ ਦੀ ਹੈ। ਹਰ ਇਕ ਦਾ ਇਤਿਹਾਸ ਉਸ ਸੇਵਾ ਦਾ ਹੀ ਇਤਿਹਾਸ ਹੈ, ਜੋ ਮਨੁੱਖੀ ਸਮਾਜ ਦੀ ਭਲਾਈ ਲਈ ਕਰਦੀ ਰਹੀ ਹੈ। ਇਹਨਾਂ ਸਾਧਨਾਂ ਤੋਂ ਸੁਖ ਲੈਣ ਵਾਲਾ ਹਰ ਇਕ ਮਨੁੱਖ ਸਮਾਜ ਦਾ ਰਿਣੀ ਹੈ। ਸੋ ਉਸ ਰਿਣ ਨੂੰ ਉਤਾਰਨ ਦੇ ਖ਼ਿਆਲ ਨਾਲ ਵੀ ਜੋ ਮਨੁੱਖ ਸੇਵਾ ਵਿਚ ਜੁਟਦੇ ਹਨ, ਭਲਾਈ ਹੀ ਕਰਦੇ ਹਨ ਤੇ ਉਹਨਾਂ ਦੇ ਉੱਦਮ ਕਰਕੇ ਹੀ ਸੰਸਾਰ ਵਿਚ ਸੁਖਾਂ ਦੇ ਸਾਧਨ ਵਧਦੇ ਰਹਿੰਦੇ ਹਨ। ਵਡੇ ਵਡੇ ਵਿਗਿਆਨਕ ਏਸੇ ਹੀ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਹਨ।

ਉਤਲੀ ਸ਼੍ਰੇਣੀ ਤੋਂ ਬਿਨਾਂ ਇਕ ਹੋਰ ਰੁਚੀ ਕਰਕੇ ਮਨੁੱਖ ਸੇਵਾ ਵਿਚ ਪਰਿਵਰਤਿਤ ਹੁੰਦਾ ਹੈ, ਉਹ ਹੈ ਨਾਮ ਉਜਲਾ ਕਰਨ ਤੇ ਕਾਇਮ ਰੱਖਣ ਦੀ; ਮਨੁੱਖ ਦੀਆਂ ਸੁਭਾਵਕ ਰੁਚੀਆਂ ਵਿਚ ਇਕ ਇਹ ਵੀ ਹੈ ਕਿ ਮੇਰਾ ਨਾਮ ਉੱਜਲ ਹੋਵੇ ਤੇ ਮੇਰੇ ਮਰ ਜਾਣ ਪਿਛੋਂ ਕਾਇਮ ਰਹੇ। ਇਸ ਇੱਛਾ ਦੇ ਅਧੀਨ ਹੀ ਮਨੁੱਖ ਸੰਤਾਨ ਦੀ ਕਾਮਨਾ ਕਰਦਾ ਤੇ ਨਾ ਹੋਣ 'ਤੇ ਬੇਤਾਬ ਹੋਇਆ ਫਿਰਦਾ ਹੈ। ਇਹ ਠੀਕ ਹੈ ਕਿ ਸ਼ੁਭ ਸੰਤਾਨ ਹੀ ਮਨੁੱਖ ਦਾ ਨਾਮ ਉਜਲਾ ਕਰਦੀ ਤੇ ਕਾਇਮ ਰੱਖਦੀ ਹੈ। ਪਰ ਇਹ ਦੁਰਾਹਾ ਹੈ। ਜੇ ਗ਼ਲਤ ਡੰਡੀ ਲੱਭ ਜਾਏ ਤਾਂ ਪਾਂਧੀ ਰਾਹੋਂ ਖੁੱਸ ਵੀ ਜਾਂਦਾ ਹੈ। ਜੇ ਬਦਕਿਸਮਤੀ ਨਾਲ ਔਲਾਦ ਭੈੜੀ ਨਿਕਲੇ ਤਾਂ ਬਦਨਾਮੀ ਮਿਲਦੀ ਹੈ ਜਿਸ ਨੂੰ ਮਨੁੱਖ ਪਸੰਦ ਨਹੀਂ ਕਰਦਾ। ਇਸ ਲਈ ਸਿਆਣਿਆਂ ਨੇ ਸੰਸਾਰ ਵਿਚ ਸੇਵਾ ਦੇ ਨਿਸ਼ਾਨ ਕਾਇਮ ਕਰ, ਨੇਕ ਨਾਮ ਕਾਇਮ ਕਰ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਉਹ ਕਹਿੰਦੇ ਹਨ ਕਿ ਜੇ ਤੁੰ ਸ਼ੁਭ ਨਾਮ ਕਾਇਮ ਕਰਨਾ ਚਾਹੁੰਦਾ ਹੈ ਤਾਂ ਸੰਸਾਰ ਦੀ ਕੁਝ ਸੇਵਾ ਕਰ; ਨਦੀਆਂ, ਨਾਲਿਆਂ, ਦਰਿਆਵਾਂ ਦੇ ਪੁਲ ਬਣਵਾ; ਜਿਨ੍ਹਾਂ ਦੇਸ਼ਾਂ ਵਿਚ ਪਾਣੀ ਦੀ ਕਮੀ ਹੈ ਉਥੇ ਖੂਹ, ਬਾਉਲੀਆਂ ਤੇ ਤਲਾਬ ਖੁਦਵਾ ਲੋਕਾਂ ਨੂੰ ਨੇਕੀ ਦੇ ਰਾਹ ਪਾਉਣ ਲਈ ਮੰਦਰ, ਮਸਜਿਦ, ਗੁਰਦੁਆਰੇ, ਗਿਰਜੇ ਬਣਵਾ; ਵਿੱਦਿਆ ਦਾ ਚਾਨਣ ਦੇਣ ਲਈ ਪਾਠਸ਼ਾਲਾ, ਔਸ਼ਧਾਲੇ, ਹਸਪਤਾਲ ਬਣਵਾ; ਪਾਂਧੀਆਂ ਦੇ ਪੈਂਡੇ ਸਫਲ ਕਰਨ ਲਈ ਸਿਧੀਆਂ ਸੜਕਾਂ, ਪਹੇ ਤਿਆਰ ਕਰ; ਰਾਹ ਵਿਚ ਮੁਖ਼ਤਲਿਫ਼ ਮੁਕਾਮਾਂ 'ਤੇ ਸਰਾਵਾਂ ਬਣਵਾ ਤੇ ਛਬੀਲਾਂ ਲਗਾ; ਲੋੜਵੰਦ ਭੁੱਖਿਆਂ ਨੂੰ ਅੰਨ ਦੇਣ ਲਈ ਲੰਗਰ ਲਗਾ; ਗੱਲ ਕੀ, ਜਿਸ ਤਰ੍ਹਾਂ ਵੀ ਮਨੁੱਖ ਸੁਖੀ ਹੋ ਸਕਦੇ ਹੋਣ ਉਹ ਸਾਧਨ ਕਰ:

ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ।
ਪੁਲ ਬਨਾ ਚਾਹ ਬਨਾ ਮਸਜਦੋਂ ਤਾਲਾਬ ਬਨਾ।

ਨਾਮਵਰੀ ਦੇ ਆਸਰੇ ਸੇਵਾ ਕਰਨੀ ਵੀ ਭਾਵੇਂ ਭਲੀ ਗੱਲ ਹੈ ਪਰ ਉਚੇਰੀ ਨਹੀਂ, ਇਸ ਤੋਂ ਬਹੁਤ ਵੇਰ ਹਉਮੈ ਪੈਦਾ ਹੁੰਦੀ ਹੈ, ਤੇ ਹਉਮੈ-ਗ੍ਰਸਿਆ ਮਨੁੱਖ ਨਾਮਵਰੀ ਦਾ ਸਾਧਨ ਕਾਇਮ ਕਰਨ ਲਈ ਕਪਟ ਕਰ ਧਨ ਕਮਾਣਾ ਸ਼ੁਰੂ ਕਰ ਦੇਂਦਾ ਹੈ। ਉਹ ਬੜੇ ਬੜੇ ਮਕਾਨ ਬਣਾਣ ਲਈ ਕਈ ਗ਼ਰੀਬਾਂ ਦੀਆਂ ਕੁਲੀਆਂ ਢਾਅ ਢਾਅ ਕੇ, ਮਕਾਨਾਂ ਵਿਚ ਸ਼ਮ੍ਹਾ ਜਗਾਣ ਲਈ ਕਈਆਂ ਕੰਗਾਲਾਂ ਦੇ ਦੀਵੇ ਗੁੱਲ ਕਰ ਦੇਂਦਾ ਹੈ। ਬਹੁਤ ਗਹਿਰੇ ਗਿਆਂ ਪਤਾ ਲਗਦਾ ਹੈ ਕਿ ਨਾਮਵਰੀ ਦੇ ਖ਼ਿਆਲ ਨਾਲ ਸੇਵਾ ਹੋ ਹੀ ਨਹੀਂ ਸਕਦੀ, ਉਹ ਇਕ ਸੌਦਾ ਹੁੰਦਾ ਹੈ।

ਸੇਵਕਾਂ ਦਾ ਇਸ ਤੋਂ ਸ੍ਰੇਸ਼ਟ ਜਥਾ ਉਹ ਹੈ, ਜੋ ਆਤਮਵਾਦੀ ਹੋਣ ਕਰਕੇ ਸੰਸਾਰ ਨੂੰ ਪ੍ਰਭੂ ਦੀ ਕਿਰਤ ਸਮਝਦਾ ਹੈ। ਉਸ ਨੂੰ ਹਰ ਮਨੁੱਖ ਪਿਤਾ ਪ੍ਰਭੂ ਦਾ ਪੁੱਤਰ ਲਗਦਾ ਹੈ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥
(ਸੋਰਠਿ ਮ: ੫, ਪੰਨਾ ੬੧੧)

ਇਸ ਲਈ ਉਹ ਮਨੁੱਖ ਮਾਤਰ ਦੀ ਸੇਵਾ ਨੂੰ ਆਪਣਾ ਕਰਤਵ ਬਣਾ ਲੈਂਦਾ ਹੈ। ਇਹ ਇਕ ਸਾਧਾਰਨ ਗੱਲ ਹੈ ਕਿ ਜਿਸ ਕਿਸੇ ਦੇ ਪੁੱਤਰ ਨਾਲ ਪਿਆਰ ਕੀਤਾ ਜਾਏ, ਜਿਸ ਦੇ ਵੀ ਬੱਚੇ ਨੂੰ ਖਿਡਾਇਆ ਜਾਏ, ਜਿਸ ਦੇ ਵੀ ਨਿਆਣਿਆਂ ਨੂੰ ਖਿਡੌਣੇ ਤੇ ਮਠਿਆਈ ਨਾਲ ਪਰਚਾਇਆ ਜਾਏ, ਉਹ ਸੁਭਾਵਕ ਹੀ ਸਾਡੇ ਵੱਲ ਪਿਆਰ ਦੀ ਨਿਗਾਹ ਨਾਲ ਤਕਦਾ ਹੈ। ਸੰਤ ਭੀ ਇਹੀ ਸਮਝਦੇ ਹਨ ਕਿ ਮਨੁੱਖ ਦੀ ਸੇਵਾ ਕਰਨ ਨਾਲ ਪਰਮੇਸ਼੍ਵਰ ਦੀ ਪ੍ਰਸੰਨਤਾ ਪ੍ਰਾਪਤ ਹੋਵੇਗੀ ਕਿਉਂ ਜੋ ਮਨੁੱਖ ਉਸ ਦੇ ਪੁੱਤਰ ਧੀਆਂ ਹਨ, ਕਿਸੇ ਮਜ਼ਲੂਮ ਦੀ ਮਦਦ ਕਰਨ, ਬੀਮਾਰ ਨੂੰ ਦਵਾਈ ਦੇਣ, ਭੁੱਖੇ ਦੇ ਮੁੱਖ ਵਿਚ ਅੰਨ ਪਾਉਣ ਤੇ ਪਿਆਸੇ ਨੂੰ ਪਾਣੀ ਪਿਆਉਣ ਨਾਲ ਜੋ ਅਸੀਸ ਮਿਲਦੀ ਹੈ, ਮਨ ਸਾਗਰ ਦੀ ਤਹਿ ਦਾ ਸੁੱਚਾ ਮੋਤੀ ਹੁੰਦੀ ਹੈ ਤੇ ਉਹ ਪ੍ਰਭੂ ਦੀ ਕ੍ਰਿਪਾ ਨੂੰ ਜਗਾਉਂਦੀ ਹੈ।

ਪੁਰਾਣਕ ਕਥਾ ਹੈ ਕਿ ਪਾਂਡਵ-ਪਤਨੀ ਦਰੋਪਦੀ ਨੇ ਕਿਸੇ ਸਮੇਂ ਜਲ ਵਿਚ ਨਹਾ ਰਹੇ ਰਿਸ਼ੀ ਦੀ ਸੇਵਾ ਕੀਤੀ। ਮਹਾਤਮਾ ਦੀ ਕੁਪੀਨ, ਇਸ਼ਨਾਨ ਕਰਦਿਆਂ ਜਲ-ਪ੍ਰਵਾਹ ਦੀ ਤੇਜ਼ੀ ਨਾਲ ਪਾਣੀ ਵਿਚ ਵਹਿ ਗਈ, ਉਹ ਮਜਬੂਰ ਹੋ ਪਾਣੀ ਵਿਚ ਖੜੋਤੇ ਰਹੇ। ਜਾਂ ਸਤਸੰਗਣ ਦਰੋਪਦੀ ਨੇ ਰਿਸ਼ੀ ਦੀ ਮਜਬੂਰੀ ਨੂੰ ਤਕ, ਆਪਣਾ ਦੁਪੱਟਾ ਪਾੜ ਕੇ ਉਹਨਾਂ ਵੱਲ ਸੁੱਟਿਆ, ਇਤਫ਼ਾਕ ਨਾਲ ਕਪੜੇ ਦਾ ਉਹ ਟੁਕੜਾ ਵੀ ਵਹਿ ਗਿਆ। ਦੇਵੀ ਨੇ ਦੁਪੱਟਾ ਪਾੜ ਕੇ ਦੂਜਾ ਟੁਕੜਾ ਸੁਟਿਆ ਪਰ ਉਹ ਵੀ ਰਿਸ਼ੀ ਦੇ ਹੱਥ ਨਾ ਆਇਆ। ਜਦ ਇਸ ਤਰ੍ਹਾਂ ਉਹ ਸਾਰੇ ਦੁਪੱਟੇ ਦੀਆਂ ਲੀਰਾਂ ਕਰਕੇ ਬਹਾ ਚੁੱਕੀ ਤਾਂ ਆਖ਼ਰੀ ਟਾਕੀ ਰਿਸ਼ੀ ਦੇ ਹੱਥ ਲੱਗੀ, ਜਿਸ ਨੂੰ ਲਪੇਟ ਉਹ ਪਾਣੀ ਤੋਂ ਬਾਹਰ ਆਇਆ। ਲਿਖਿਆ ਹੈ ਕਿ ਕਿਸੇ ਸ਼ਰੀਫ਼ ਮਨੁੱਖ ਦੀ ਮਜਬੂਰੀ ਨੂੰ ਅਨੁਭਵ ਕਰ, ਜੋ ਸੇਵਾ ਦਰੋਪਦੀ ਨੇ ਕੀਤੀ, ਉਸ ਦੇ ਫਲਸਰੂਪ ਹੀ ਦਰੋਪਦੀ ਦੀ ਲੱਜਾ, ਦੁਰਜੋਧਨ ਦੀ ਸਭਾ ਵਿਚ ਰਹੀ, ਦੁਸ਼ਟ ਦੁਸ਼ਾਸਨ ਨੇ ਜਦ ਵਾਲਾਂ ਤੋਂ ਪਕੜ ਘਸੀਟਦਿਆਂ ਹੋਇਆਂ ਸਭਾ ਵਿਚ ਲਿਆ ਖਲਿਹਾਰਿਆ ਤੇ ਦੁਰਜੋਧਨ ਨੇ ਉਸ ਨੂੰ ਨਗਨ ਕਰਨ ਦਾ ਹੁਕਮ ਦਿੱਤਾ ਤਾਂ ਜੂਏ ਵਿਚ ਸਭ ਕੁਝ ਹਾਰ ਚੁੱਕੇ ਪਾਂਡਵ ਬੇ-ਵਸ ਹੋ ਬਿੱਟ ਬਿੱਟ ਤਕਦੇ ਰਹੇ ਪਰ ਕਰ ਕੁਝ ਨਾ ਸਕੇ। ਪਰ ਪਰਮੇਸ਼੍ਵਰ ਦੀ ਰਹਿਮਤ ਜੋਸ਼ ਵਿਚ ਆਈ ਤੇ ਕਪੜਿਆਂ ਦੇ ਟੁਕੜਿਆਂ ਦੇ ਬਦਲੇ ਉਸ ਦੀ ਇੱਜ਼ਤ ਬਚਾਉਣ ਲਈ ਸਾੜ੍ਹੀਆਂ ਉਸ ਦੇ ਗਿਰਦ ਲਿਪਟ ਗਈਆਂ। ਇਹ ਵਿਚਾਰ ਦਾ ਪੁਰਾਣਕ ਪਹਿਲੂ ਹੈ, ਪਰ ਇਸ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ ਕਿ ਸੇਵਾ ਦਾ ਸੁਭਾਵ ਰੱਖਣ ਵਾਲੀ ਦੇਵੀ ਦਰੋਪਦੀ ਦੀ ਬੇਇਜ਼ਤੀ ਹੁੰਦੀ ਤਕ, ਸਭਾ ਵਿਚ ਹਾਜ਼ਰ ਦਰੋਣਾਚਾਰਯ ਤੇ ਭੀਸ਼ਮ ਪਿਤਾਮਾ ਵਰਗਿਆਂ ਰੋਸ ਪ੍ਰਗਟ ਕੀਤਾ ਹੋਵੇ, ਸਾੜ੍ਹੀ ਖਿੱਚਣ ਤੋਂ ਪਹਿਲਾਂ ਹੀ ਦੁਸ਼ਟ ਦਲ ਆਪਣੀ ਮੰਦੀ ਕਰਤੂਤ ਤੋਂ ਬਾਜ਼ ਰਹਿਣ ਲਈ ਮਜਬੂਰ ਹੋ ਗਿਆ ਹੋਵੇ। ਸੇਵਾ ਦੇ ਇਸ ਪਹਿਲੂ ਨੂੰ ਮਜ਼ਹਬੀ ਸਾਹਿਤ ਵਿਚ ਬਹੁਤ ਪ੍ਰਚਾਰਿਆ ਗਿਆ ਹੈ ਤੇ ਕਥਾ ਕਈ ਥਾਈਂ ਤਾਂ ਇਸ ਦੇ ਮੁਆਵਜ਼ੇ ਤੇ ਫਲ ਦੇ ਮੂਲ ਤੋਂ ਵੀ ਵਧਾ ਦਿੱਤੀ ਗਈ ਹੈ।

ਆਤਮਵਾਦੀਆਂ ਦੀ ਬਹੁ-ਗਿਣਤੀ, ਸੇਵਾ ਨੂੰ ਇਕ ਹੋਰ ਰੂਪ ਵਿਚ ਵੀ ਲੈਂਦੀ ਹੈ। ਉਹ ਇਸ ਨੂੰ ਮਨ ਮਾਰਨ ਦਾ ਸਾਧਨ ਕਰਾਰ ਦੇਂਦੀ ਹੈ। ਇਹ ਤਾਂ ਇਕ ਸਾਫ਼ ਤੇ ਸਪੱਸ਼ਟ ਗੱਲ ਹੈ ਕਿ ਜਗਿਆਸੂ ਦੀਆਂ ਆਤਮ ਉਡਾਰੀਆਂ ਵਿੱਚ ਮਨ ਹੀ ਉਸ ਨੂੰ ਧੋਖਾ ਦੇਂਦਾ ਤੇ ਥੱਲੇ ਗਿਰਾਂਦਾ ਹੈ। ਉਹਨਾਂ ਨੇ ਪੁਕਾਰ ਪੁਕਾਰ ਕੇ ਮਨ ਦੀ ਸ਼ਿਕਾਇਤ ਕੀਤੀ ਹੈ। ਸਮਾਧੀ ਇਸਥਿਤ ਸਾਧੂ ਦਾ ਮਨ ਉੱਡ ਕੇ ਬਾਹਰ ਗਿਆ ਹੋਇਆ, ਉਸਦੀ ਘਾਲ ਨੂੰ ਨਿਰਾਸ ਤੇ ਥਕਾ ਦੇਣ ਵਾਲੀ ਮੁਸ਼ੱਕਤ ਵਿਚ ਬਦਲ ਦੇਂਦਾ ਹੈ। ਸਿਆਲਕੋਟ ਵਾਲੇ ‘ਹਮਜ਼ਾ ਗ਼ੌਸ' ਤੇ ਹਸਨ ਅਬਦਾਲ ਵਾਲੇ 'ਵਲੀ ਕੰਧਾਰੀ' ਦੀਆਂ ਮਿਸਾਲਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿਚੋਂ ਇਸ ਗੱਲ ਦੀ ਸ਼ਹਾਦਤ ਦੇਂਦੀਆਂ ਹਨ ਕਿ ਜਦ ਅਭਿਆਸੀ ਦਾ ਮਨ ਗੈਰ-ਹਾਜ਼ਰ ਹੋ ਜਾਏ ਤਾਂ ਅਭਿਆਸ ਰਸ-ਰਹਿਤ ਕਰ ਥਕਾਵਟ ਪੈਦਾ ਕਰਦਾ ਤੇ ਫ਼ਕੀਰ ਨੂੰ ਗ਼ੁਸੈਲ ਬਣਾ ਦੇਂਦਾ ਹੈ ਤੇ ਕ੍ਰੋਧ ਦੀ ਵੀ ਕੋਈ ਹੱਦ ਨਹੀਂ ਰਹਿੰਦੀ। ‘ਹਮਜ਼ਾ’ ਦਾ ਸਾਰੇ ਸਿਆਲਕੋਟ ਸ਼ਹਿਰ ਨੂੰ ਗ਼ਰਕ ਕਰਨ ਦੇ ਖ਼ਿਆਲ ਨਾਲ ਚਿਲ੍ਹੇ ਵਿਚ ਬੈਠਣਾ ਅਤੇ ‘ਮਰਦਾਨੇ' ਜਿਹੇ ਪਿਆਸੇ ਨੂੰ ‘ਕੰਧਾਰੀ’ ਦਾ ਘੁੱਟ ਪਾਣੀ ਪੀਣ ਨੂੰ ਨਾ ਦੇਣਾ, ਥੱਕੇ ਹੋਏ ਮਨੁੱਖ ਦੇ ਕ੍ਰੋਧਾਤੁਰ ਹੋ ਜਾਣ ਦੀਆਂ ਕਿਤਨੀਆਂ ਭਿਆਨਕ ਮਿਸਾਲਾਂ ਹਨ।

ਇਸ ਲਈ ਧਾਂਵਦੇ ਹੋਏ ਮਨ ਨੂੰ ਰੋਕਣ ਦੇ ਯਤਨ ਫ਼ਕੀਰਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਆਪਣੇ ਮੁਰਸ਼ਦ ਕੋਲ ਦੁਹਾਈ ਦੇ ਕੇ ਕਿਹਾ, "ਮੇਰਾ ਮਨ ਵਸ ਵਿਚ ਨਹੀਂ ਰਹਿੰਦਾ, ਦਿਨ ਰਾਤ ਵਿਸ਼ਿਆਂ ਮਗਰ ਧਾਂਵਦਾ ਹੈ। ਮੈਂ ਇਸ ਨੂੰ ਕਿਸ ਤਰ੍ਹਾਂ ਰੋਕਾਂ? ਵੇਦ ਪੁਰਾਣ ਸਿਮ੍ਰਤੀਆਂ ਦੇ ਗਿਆਨ ਸੁਣ ਕੇ ਵੀ ਨਿਮਖ ਨਹੀਂ ਟਿਕਦਾ, ਪਰ-ਧਨ ਤੇ ਪਰ-ਦਾਰਾ ਦੀ ਚਾਹ ਕਰਦਾ ਹੈ।"

ਮਾਈ ਮਨੁ ਮੇਰੋ ਬਸਿ ਨਾਹਿ॥ ਨਿਸਿ ਬਾਸੁਰ ਬਿਖਿਅਨ ਕਉ
ਧਾਵਤੁ ਕਿਹ ਬਿਧਿ ਰੋਕਉ ਤਾਹਿ॥ ਬੇਦ ਪੁਰਾਨ ਸਿਮ੍ਰਿਤਿ ਕੋ
ਮਤੁ ਸੁਨਿ ਨਿਮਖ ਨ ਹੀਏ ਬਸਾਵੈ॥ ਪਰ ਧਨ ਪਰ ਦਾਰਾ
ਸਿਉ ਰਚਿਓ ਬਿਰਥਾ ਜਨਮੁ ਸਿਰਾਵੈ॥
(ਸੋਰਠਿ ਮ: ੯, ਪੰਨਾ ੬੩੨)

ਭਗਤ ਕਬੀਰ ਜੀ ਕਹਿੰਦੇ ਹਨ, “ਮਨ ਬੰਦਰ ਦੀ ਨਿਆਈਂ ਹੈ ਤੇ ਜਿਸ ਤਰ੍ਹਾਂ ਬਾਂਦਰ ਚਣਿਆਂ ਦੇ ਲਾਲਚ ਵਿਚ ਆਪਣੀ ਮੁੱਠੀ, ਕੁੱਜੀ ਵਿਚ ਫਸਾ, ਕਲੰਦਰਾਂ ਦੀ ਡੋਰੀ ਬੱਝਾ ਬੂਹੇ ਬੂਹੇ ਫਿਰਦਾ ਹੈ, ਉਸੇ ਤਰ੍ਹਾਂ ਹੀ ਇਹ ਮਨ ਮੈਨੂੰ ਭਰਮਾਉਂਦਾ ਹੈ।”

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ॥
(ਗਉੜੀ ਕਬੀਰ, ਪੰਨਾ ੩੩੬)

ਇਸ ਦਾ ਕੀ ਇਲਾਜ ਕੀਤਾ ਜਾਏ। ਇਸ ਨਫ਼ਸ ਨੂੰ ਕਿਸ ਤਰ੍ਹਾਂ ਮਾਰਿਆ ਜਾਏ, ਇਹ ਸਵਾਲ ਪੁਰਾਣਾ ਚਲਿਆ ਆ ਰਿਹਾ ਹੈ। ਇਸ ਗੱਲ 'ਤੇ ਤਾਂ ਸਾਰੇ ਸਹਿਮਤ ਹਨ ਕਿ ਨਫ਼ਸ ਮੂਜ਼ੀ ਹੈ ਤੇ ਇਸ ਨੂੰ ਮਾਰਨਾ ਮਗਰਮੱਛ, ਅਸਰਾਲ ਤੇ ਸ਼ੇਰ ਦੇ ਮਾਰਨ ਤੋਂ ਵੀ ਵਧੀਕ ਹਿੰਮਤ ਦਾ ਕੰਮ ਹੈ:

ਬੜੇ ਮੂਜ਼ੀ ਕੋ ਮਾਰਾ ਨਫ਼ਸੇ ਅੰਮਾਰਾ ਕੋ ਗਰ ਮਾਰਾ,
ਨਿਹੰਗੋ ਅਜਦਹਾਓ, ਸ਼ੇਰੇ ਨਰ ਮਾਰਾ ਤੋ ਕਿਆ ਮਾਰਾ।

ਮਨ ਨੂੰ ਕਾਬੂ ਵਿਚ ਕਰਨ ਲਈ ਅਧਿਆਤਮਵਾਦੀ ਪੁਰਸ਼ਾਂ ਨੇ ਜੋ ਸਾਧਨ ਅਖ਼ਤਿਆਰ ਕੀਤੇ ਹਨ, ਉਨ੍ਹਾਂ ਵਿਚੋਂ ਇਕ ਤਾਂ ਸੀ ਤਪ ਕਰ ਕੇ ਤੇ ਦੂਜਾ ਵਰਤ ਰੱਖ ਕੇ ਤਨ ਨੂੰ ਕਮਜ਼ੋਰ ਕਰਨ ਦਾ। ਇਸ ਸ਼੍ਰੇਣੀ ਦਾ ਖ਼ਿਆਲ ਸੀ, “ਦੁਨੀਆ ਦੇ ਭੋਗਾਂ ਦੀ ਕਾਮਨਾ ਕਰਕੇ ਹੀ ਮਨ ਬਾਹਰ ਦੌੜਦਾ ਹੈ, ਜੇ ਤਨ ਨੂੰ ਕਮਜ਼ੋਰ ਕਰ ਦਿਤਾ ਜਾਏ ਤਾਂ ਮਨ ਦਾ ਬਲ ਵੀ ਘਟ ਜਾਏਗਾ।" ਮੋਨੀ, ਪੌਣ ਅਹਾਰੀ, ਜੋਗੀ, ਈਸਾਈ, ਰਾਹਬ ਤੇ ਸੂਫ਼ੀ ਇਸ ਖ਼ਿਆਲ ਦੇ ਹੀ ਸਨ, ਪਰ ਉੱਚ ਕੋਟੀ ਦੇ ਆਤਮਵਾਦੀ ਬਜ਼ੁਰਗਾਂ ਦਾ ਖ਼ਿਆਲ ਰਿਹਾ ਹੈ ਕਿ ਇਸ ਤਰ੍ਹਾਂ ਮਨ ਮਰਦਾ ਨਹੀਂ, ਬੇਹੋਸ਼ ਜ਼ਰੂਰ ਹੋ ਜਾਂਦਾ ਹੈ। ਮਨੁੱਖ ਇਹ ਜਾਣ ਲੈਂਦਾ ਹੈ ਕਿ ਮਨ ਮਰ ਗਿਆ ਹੈ, ਪਰ ਜਦੋਂ ਵੀ ਕੁਸੰਗਤ ਮਿਲਦੀ ਹੈ, ਉਹ ਬੇਹੋਸ਼ ਹੋਏ ਪਏ ਡੱਡੂ ਦੇ, ਬਰਖਾ ਪੈਣ ਸਮੇਂ ਗੁਰੜਾਉਣ ਵਾਂਗ ਜਾਗ ਉਠਦਾ ਹੈ, ਤੇ ਕਈ ਵੇਰ ਅਜਿਹਾ ਜ਼ੋਰ ਮਾਰਦਾ ਹੈ ਕਿ ਵਰ੍ਹਿਆਂ ਦੇ ਕੀਤੇ ਹੋਏ ਤਪ ਤੇ ਸੰਜਮ ਨੂੰ ਛਿਣ ਵਿਚ ਨਸ਼ਟ ਕਰ ਦੇਂਦਾ ਹੈ:

ਮੈਂ ਜਾਨਿਓ ਮਨ ਮਰ ਗਿਓ, ਅਜੇ ਸੋ ਮਰਿਓ ਨਾਹਿ
ਬਰਖਾ ਪਰੀ ਕੁਸੰਗ ਕੀ, ਦਾਦਰ ਜਿਉਂ ਗੁਰੜਾਇ।

ਮਨ ਨੂੰ ਸਾਧਣ ਦਾ ਦੂਸਰਾ ਤਰੀਕਾ ਮਹਾਂਪੁਰਸ਼ਾਂ ਨੇ ਸੇਵਾ ਨੂੰ ਮੰਨਿਆ ਹੈ, ਗੁਰਮਤਿ ਇਸ ਖ਼ਿਆਲ ਨਾਲ ਹੀ ਸਹਿਮਤ ਹੈ, ਚੁਨਾਂਚਿ ਲਿਖਿਆ ਹੈ ਕਿ ਸਿੱਖ, ਮਨ ਦੀ ਇਕਾਗਰਤਾ ਲਈ ਮੁੱਖੋ ਜਾਪ ਜਪੇ ਤੇ ਮਨ ਨੂੰ ਉਸ ਵਿਚ ਜੋੜੇ, ਨਾਲ ਹੀ ਹੱਥਾਂ ਨਾਲ ਟਹਿਲ ਕਰ ਕੇ ਸਿੱਖ-ਸੰਗਤ ਨੂੰ ਰੀਝਾਵੇ:

ਮੁਖ ਤੇ ਅਰ ਮਨ ਸਦਾ ਲਿਵ ਨਾਮ ਲਗਾਵੇ,
ਹਾਥਨ ਤੇ ਕਰ ਟਹਿਲ ਕੋ ਸਿਖ ਸੰਤ ਰੀਝਾਵੇ।
(ਗੁਰ ਪ੍ਰਤਾਪ ਸੂਰਜ)

ਇਹ ਇਕ ਪ੍ਰਤੱਖ ਗੱਲ ਹੈ ਕਿ ਮਨੁੱਖ ਦਾ ਮਨ ਤੇ ਤਨ ਅਜਿਹੇ ਘੁਲ-ਮਿਲ ਰਹੇ ਹਨ ਕਿ ਕਦੀ ਤਨ, ਮਨ ਦੇ ਮਗਰ ਲਗਦਾ ਹੈ ਤੇ ਕਈ ਵੇਰ ਮਨ, ਤਨ ਦਾ ਅਸਰ ਕਬੂਲ ਕਰਦਾ ਹੈ। ਭਾਵੇਂ ਆਮ ਵਰਤੋਂ ਵਿਚ ਤਨ, ਮਨ ਦੇ ਮਗਰ ਹੀ ਲਗਦਾ ਹੈ, ਪਰ ਜਦ ਤਨ ਦੀਆਂ ਲੋੜਾਂ ਨੂੰ ਘਟਾ ਕੇ ਸੇਵਾ ਵਿਚ ਲੱਗ, ਮਨ ਨੂੰ ਕਿਸੇ ਲਿਵ ਵਿਚ ਜੋੜਿਆ ਜਾਏ ਤਾਂ ਬਾਹਲਾ ਖਰੂਦ ਨਹੀਂ ਕਰਦਾ। ਸਤਿਗੁਰਾਂ ਨੇ ਸੇਵਾ ਨੂੰ ਇਸ ਕੰਮ ਲਈ ਮੁੱਖ ਸਾਧਨ ਮੰਨਿਆ ਹੈ। ਸਾਰੇ ਗਿਆਨ ਤੇ ਕਰਮ-ਇੰਦਰੇ ਜਦ ਸੇਵਾ ਵਿਚ ਜੁਟ ਜਾਣ, ਤਾਂ ਮਨ ਨੂੰ ਵੀ ਬਹੁਤ ਹੱਦ ਤਕ ਮਗਰ ਲੱਗਣਾ ਹੀ ਪੈਂਦਾ ਹੈ। ਸਾਰੀ ਪਰਜਾ ਦੀ ਬਗ਼ਾਵਤ, ਜਾਬਰ ਹੁਕਮਰਾਨ ਦੀ ਫ਼ੌਜ ਦੀ ਇਕ-ਮੁਠ ਹੋ ਕੀਤੀ ਨਾ-ਫ਼ਰਮਾਨੀ, ਸਖ਼ਤ-ਦਿਲ ਕਮਾਂਡਰਾਂ ਨੂੰ ਵੀ ਆਪਣਾ ਰਵੱਯਾ ਬਦਲਣ 'ਤੇ ਮਜਬੂਰ ਕਰ ਦੇਂਦੀ ਹੈ। ਉਸੇ ਤਰ੍ਹਾਂ ਗਿਆਨ ਤੇ ਕਰਮ-ਇੰਦਰੇ ਜੋ ਮਨ ਦੀ ਸੈਨਾ ਹਨ, ਜਦ ਸਾਰੇ ਸੇਵਾ ਵਿਚ ਜੁਟ ਜਾਵਣ ਤਾਂ ਮਨ ਮਗਰ ਕਿਉਂ ਨਾ ਲੱਗੇ। ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਕਿ ਜੇ ਦਿਲ ਦਾਨਾ ਕਰੇਂ ਤਾਂ ਯਾਰ ਬਗ਼ਲ ਵਿਚ ਹੈ; ਜੇ ਅੱਖ ਵੇਖਣ ਵਾਲੀ ਕਰੇਂ ਤਾਂ ਹਰ ਥਾਂ ਉਸਦਾ ਨੂਰ ਦਿਸਦਾ ਹੈ। ਪਰ ਦਿਲ ਨੂੰ ਦਾਨਾ ਤੇ ਅੱਖ ਨੂੰ ਦੇਖਣ ਵਾਲੀ ਬਣਾਣ ਦਾ ਸਾਧਨ ਕੀ ਦਸਦੇ ਹਨ: ਮਹਿਬੂਬ ਦੇ ਚਰਨਾਂ ਤੇ ਸਿਰ ਧਰ ਦੇ, ਜਾਨ ਨੂੰ ਉਸ ਤੋਂ ਸਦਕੇ ਕਰ, ਅੱਖ ਨਾਲ ਉਸ ਤੋਂ ਬਿਨਾਂ ਗ਼ੈਰ ਨੂੰ ਨਾ ਤੱਕ, ਕੰਨਾਂ ਰਾਹੀਂ ਉਸਦਾ ਹੀ ਭੇਤ ਸੁਣ, ਹੱਥਾਂ ਨਾਲ ਉਸਦਾ ਪੱਲਾ ਫੜ ਤੇ ਪੈਰਾਂ ਰਾਹੀਂ ਉਸ ਵੱਲ ਤੁਰ ਕੇ ਜਾ। ਇਸ ਤਰ੍ਹਾਂ ਸਾਰੇ ਸਾਧਨਾਂ ਨੂੰ ਉਸ ਵੱਲ ਲਗਾ ਦੇ, ਇਸ ਰਮਜ਼ ਦਾ ਬਿਆਨ ਖੋਲ੍ਹ ਕੇ ਕਰਨ ਵਾਲਿਆਂ ਨੇ ਇਹੀ ਦਸਿਆ ਹੈ ਕਿ ਇਸ ਵਿਚ ਸੇਵਾ ਦਾ ਜੀਵਨ ਧਾਰਨ ਕਰਨ ਵੱਲ ਇਸ਼ਾਰਾ ਹੈ:

ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸਤ।
ਚਸ਼ਮਾਗਰ ਬੀਨਾ ਬਵਦ, ਦਰ ਹਰ ਤਰਫ ਦੀਦਾਰ ਹਸਤ।
ਸਰ ਅਗਰ ਦਾਰੀ ਬਿਰੋ, ਸਰ ਨਾ ਬਨਿਹ ਬਰ ਪਾਇਓ।
ਜਾਂ ਅਗਰ ਦਾਰੀ, ਨਿਸਾਰਸ਼ ਕੁਨ ਅਗਰ ਦਰਕਾਰ ਹਸਤ।
ਗੋਸ ਗਰ ਸੁਨਣਾ ਬਵਦ, ਜ਼ੁੱਜ ਨਾਮੇ ਹਕ ਕੈ ਬਸਿਨਵਦ।
ਗਰ ਜ਼ਬਾ ਗੌਆ ਬਵਦ, ਦਰ ਹਰ ਸੁਖਨ ਇਸਰਾਰ ਹਸਤ।
ਦਸਤ ਗਰ ਦਾਰੀ ਬਿਰੋ, ਦਮ ਨੇ ਜਾਨਾ ਰਾ ਬਗੀਰ।
ਸੂਏ ਊ ਮੀ ਰੋ ਅਗਰ ਪਾਰਾ, ਸਰੇ ਰਫਤਾਰ ਹਸਤ।

ਭਾਈ ਨੰਦ ਲਾਲ ਦੀ ਆਪਣੀ ਜ਼ਿੰਦਗੀ ਭੀ ਇਸ ਗੱਲ ਦੀ ਗਵਾਹ ਹੈ ਕਿ ਜਦ ਉਹ ਸ਼ਹਿਨਸ਼ਾਹ ਔਰੰਗਜ਼ੇਬ ਦੇ ਮੁਤਅੱਸਬ ਸੁਭਾਅ ਤੋਂ ਤੰਗ ਆ ਕੇ ਦਿੱਲੀ ਦਾ ਮੁਗ਼ਲ ਦਰਬਾਰ ਛੱਡ ਅਨੰਦਪੁਰ ਸਾਹਿਬ ਪੁੱਜੇ, ਤੇ ਸਤਿਗੁਰਾਂ ਕੋਲੋਂ ਜੀਵਨ-ਮਨੋਰਥ ਦੀ ਪ੍ਰਾਪਤੀ ਦਾ ਸਹੀ ਰਸਤਾ ਪੁੱਛਿਆ, ਤਾਂ ਉਹਨਾਂ ਨੇ ਭਾਈ ਸਾਹਿਬ ਨੂੰ ਲੰਗਰ ਵਿਚ ਹੱਥੀਂ ਸੇਵਾ ਕਰਨ ਦੀ ਜੁਗਤੀ ਦੱਸੀ। ਭਾਈ ਸਾਹਿਬ ਨੇ ਇਸ ਪਾਵਨ ਮਰਯਾਦਾ ਨੂੰ ਜੀਵਨ ਭਰ ਨਿਭਾਇਆ। ਚੁਨਾਂਚਿ ਇਕ ਦਫ਼ਾ ਜਦ ਗ਼ਰੀਬ ਨਿਵਾਜ਼ ਸਤਿਗੁਰੂ ਭੇਸ ਬਦਲ ਕੇ ਅਨੰਦਪੁਰ ਸਾਹਿਬ ਵਿਚ ਚਲ ਰਹੇ ਲੰਗਰਾਂ ਦੀ ਪ੍ਰੀਖਿਆ ਕਰਨ ਨਿਕਲੇ, ਤਾਂ ਸਭ ਤੋਂ ਸ਼੍ਰੋਮਣੀ ਲੰਗਰ ਭਾਈ ਨੰਦ ਲਾਲ ਸਾਹਿਬ ਦਾ ਹੀ ਨਿਕਲਿਆ। ਜਦ ਉਹਨਾਂ ਦੀ ਜੀਵਨ-ਘਾਲ ਨੂੰ ਇਸ ਵਾਕ ਨਾਲ ਰਲਾ ਕੇ ਵੀਚਾਰੀਏ, ਤਾਂ ਅਰਥ ਇਉਂ ਪ੍ਰਤੀਤ ਹੁੰਦੇ ਹਨ: ਸਿਰ ਨੂੰ ਦਾਤਾ ਦੇ ਚਰਨਾਂ 'ਤੇ ਰੱਖਣਾ ਕੀ ਹੈ, ਉਸਦੀ ਮਖ਼ਲੂਕ ਵਿਚ ਨਿਮਰਤਾ ਸਹਿਤ ਜੀਵਨ ਬਸਰ ਕਰਨਾ, ਨਿਰਅਭਿਮਾਨ ਹੋ, ਆਜਿਜ਼ ਹੋ ਵਰਤਣ ਵਾਲੇ ਲੋਕ ਹੀ ਜਗਤ ਵਿਚ ਸੁਖੀ ਵਸਦੇ ਹਨ। ਵੱਡੇ ਵੱਡੇ ਅਭਿਮਾਨੀਆਂ ਦੇ ਤਾਂ ਜੀਵਨ ਗਰਭ ਵਿਚ ਹੀ ਗਲ ਜਾਂਦੇ ਹਨ:

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥
(ਸੁਖਮਨੀ ਸਾਹਿਬ, ਪੰਨਾ ੨੭੮)

ਸੋ ਸਿਰ ਨੂੰ ਪੈਰਾਂ 'ਤੇ ਧਰਨ ਦਾ ਮਤਲਬ, ਆਜਿਜ਼ ਹੋ ਵਕਤ ਗੁਜ਼ਾਰਨਾ ਹੈ; ਜ਼ਬਾਨ ਰਾਹੀਂ ਮਿੱਠਾ ਬੋਲਣਾ ਇਕ ਭਾਰੀ ਖ਼ਿਦਮਤ ਹੈ। ਮਿੱਠੀ ਜਿਹਬਾ ਇਕ ਅਜਿਹਾ ਸ਼ਹਿਦ ਦਾ ਛੱਤਾ ਹੈ, ਜਿਸ ਤੋਂ ਸਗਲ ਜਗਤ ਮਿਠਾਸ ਲੈਂਦਾ ਹੈ, ਉਸ ਦਾ ਫਿਰ ਭੀ ਕੁਛ ਨਹੀਂ ਘਟਦਾ।

ਅੱਖਾਂ ਰਾਹੀ ਪਿਆਰ-ਭਰੀ ਦ੍ਰਿਸ਼ਟੀ ਤੇ ਲਬਾਂ ਦੀ ਮੁਸਕ੍ਰਾਹਟ, ਭਾਰੇ ਤੋਂ ਭਾਰੇ ਥੱਕੇ ਹੋਏ ਆਦਮੀ ਨੂੰ ਭੀ ਹੌਲਾ ਫੁੱਲ ਕਰ ਦੇਂਦੀ ਹੈ। ਇਸੇ ਤਰ੍ਹਾਂ ਹੱਥਾਂ ਨਾਲ ਮਹਿਬੂਬ ਦਾ ਦਾਮਨ ਫੜਨਾ ਕੀ ਹੈ, ਹੱਥੀਂ ਸੇਵ ਕਮਾਵਣੀ। ਸਿੱਖੀ ਵਿਚ ਇਹ ਸਰਬੋਤਮ ਕਰਮ ਹੈ। ਸਾਧ ਸੰਗਤ ਵਿਚ ਜਾਣਾ, ਤੱਪੜ ਝਾੜ ਕੇ ਵਿਛਾਉਣੇ, ਪਾਣੀ ਭਰਨਾ ਤੇ ਪ੍ਰਸ਼ਾਦਿ ਘਰੋਂ ਪਕਾ ਲਿਆ ਕੇ ਲੋੜਵੰਦਾਂ ਨੂੰ ਵੰਡ ਕੇ ਖੁਆਉਣਾ।

ਗੁਰਸਿਖਾ ਗੁਰਸਿਖ ਸੇਵਾ ਲਾਇਆ।
ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ।
ਤਪੜੁ ਝਾੜਿ ਵਿਛਾਇ ਧੂੜੀ ਨਾਇਆ।
ਕੋਰੇ ਮਟ ਅਣਾਇ ਨੀਰੁ ਭਰਾਇਆ।
ਆਣਿ ਮਹਾ ਪ੍ਰਸਾਦੁ ਵੰਡਿ ਖੁਆਇਆ।
(ਭਾਈ ਗੁਰਦਾਸ ਜੀ, ਵਾਰ ੨੦, ਪਉੜੀ ੧੦)

ਅਜਿਹਾ ਕਰਨ ਵਾਲੇ ਗੁਰਸਿੱਖਾਂ ਨੂੰ ਹੀ ਸੰਗਤ ਵਿਚ ਮਹਾਨਤਾ ਮਿਲੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸਾਰੀ ਮਰਯਾਦਾ ਨੂੰ ਇਸ ਤਰ੍ਹਾਂ ਫ਼ੁਰਮਾਇਆ ਹੈ ਕਿ ਸਿੱਖ ਯਥਾ-ਸ਼ਕਤ ਉਗਰਾਹੀ ਕਰ ਕੇ ਸੁੰਦਰ ਧਰਮਸਾਲਾ ਬਣਵਾਉਣ, ਜਿਸ ਦੇ ਵਿਚ ਇਕ ਸਿੱਖ ਹਮੇਸ਼ਾ ਟਿਕਿਆ ਰਹੇ, ਜਿਸ ਕਰਕੇ ਆਏ ਗਏ ਮੁਸਾਫ਼ਰ ਨੂੰ ਪ੍ਰਸ਼ਾਦਾ ਜ਼ਰੂਰ ਮਿਲੇ। ਜੇ ਇਕ ਸਿੱਖ ਦੇਵੇ ਤਾਂ ਭਲਾ, ਨਹੀਂ ਤਾਂ ਬਾਕੀ ਦੇ ਸਿੱਖਾਂ ਕੋਲੋਂ ਇਕੱਠਾ ਕਰ ਕੇ ਲਿਆਵੇ:

ਜਿਸਮੇ ਯਥਾ ਸ਼ਕਤ ਹੋ ਆਵੇ, ਧਰਮ ਸਾਲ ਸੁੰਦਰ ਬਨਵਾਵੇ।
ਤਿਸ ਮੇ ਰਾਖੇ ਸਿਖ ਟਿਕਾਇ, ਪੰਥੀ ਕੋ ਭੋਜਨ ਮਿਲ ਜਾਏ।
ਇਕ ਸਿਖ ਦੇ, ਕਿ ਸਭ ਮਿਲ ਦੇਵੇਂ, ਸਿਮਰੇ ਨਾਮ ਸੁਜਨ ਕੋ ਸੇਵੇਂ।
(ਗੁਰ ਪ੍ਰਤਾਪ ਸੂਰਜ, ਰਾਗ ੧, ਧਿਆਇ ੬੪)

ਇਸ ਚਲਨ ਦੀ ਹੀ ਸਿੱਖਾਂ ਨੂੰ ਸਤਿਗੁਰਾਂ ਨੇ ਸੋਭਾ ਬਖ਼ਸ਼ੀ ਹੈ। ਗੁਰੂ ਸਾਹਿਬਾਨ ਦੀ ਆਪਣੀ ਜ਼ਿੰਦਗੀ ਅਥੱਕ ਸੇਵਾਦਾਰਾਂ ਦੀ ਗੁਜ਼ਰੀ ਹੈ। ਖ਼ਾਸ ਤੌਰ 'ਤੇ ਤੀਸਰੇ ਜਾਮੇ ਵਿਚ, ਆਪ ਨੇ ਜੋ ਘਾਲ ਸੇਵਾ ਦੀ ਘਾਲੀ, ਉਸ ਦਾ ਦੂਸਰਾ ਪ੍ਰਮਾਣ ਦੇਣ ਤੋਂ ਸੰਸਾਰ ਦਾ ਇਤਿਹਾਸ ਅਸਮਰਥ ਹੈ। ਗੁਰ ਜੋਤੀ ਦੇ ਜਾਮਿਆਂ ਤੋਂ ਉਤਰ ਕੇ ਸਿੱਖ-ਸੰਪ੍ਰਦਾਏ ਵਿਚ ਵੀ ਉਹੋ ਹੀ ਮੁਖੀ ਥਾਪੇ ਗਏ, ਜਿਨ੍ਹਾਂ ਸੇਵਾ ਵਧ-ਚੜ੍ਹ ਕੇ ਕੀਤੀ। ਬਾਬਾ ਬੁੱਢਾ ਜਿਹੇ ਮਹਾਨ ਪੁਰਖਾਂ ਨੇ ਸਾਰੀ ਉਮਰ ਹੀ ਹੱਥੀਂ-ਸੇਵਾ ਵਿਚ ਲਗਾ ਦਿੱਤੀ। ਇਸ ਸੇਵਾ ਵਿਚ ਇਹ ਭੀ ਨਹੀਂ ਹੋਇਆ ਕਿ ਗ਼ਰੀਬ ਹੀ ਕਰਦੇ ਰਹੇ, ਸਗੋਂ ਬੜੇ ਬੜੇ ਧਨੀ ਸਿੱਖ ਵੀ ਸਤਿਗੁਰਾਂ ਦੀਆਂ ਖ਼ੁਸ਼ੀਆਂ ਲੈਣ ਹਿੱਤ ਤੇ ਜੀਵਨ-ਮਨੋਰਥ ਸਫਲ ਕਰਨ ਲਈ ਸੇਵਾ ਵਿਚ ਜੁਟੇ, ਕਿਉਂਕਿ ਸਿੱਖੀ ਦਾ ਉਦੇਸ਼ ਹੀ ਇਹ ਸੀ। ਸੰਸਾਰ ਦੀ ਆਮ ਮਰਯਾਦਾ ਮਨੁੱਖ ਜਾਤੀ ਨੂੰ ਉੱਤਮ, ਮੱਧਮ ਤੇ ਨੀਚ, ਤਿੰਨਾਂ ਹਿੱਸਿਆਂ ਵਿਚ ਵੰਡਦੀ ਸੀ। ਪਰ ਗੁਰਸਿੱਖੀ ਵਿਚ ਤਾਂ ਇਹ ਕਿਹਾ ਗਿਆ ਕਿ ਗੁਰਮੁਖ ਨੀਵਿਆਂ ਤੋਂ ਨੀਵੇਂ ਹਨ, ਉਹਨਾਂ ਦੀ ਮਰਯਾਦਾ ਪੈਰੀਂ ਪੈਣਾ ਤੇ ਪੈਖ਼ਾਕ ਹੋਣਾ ਹੈ, ਮਿੱਠਾ ਬੋਲਣਾ, ਨਿਉਂ ਚਲਣਾ ਤੇ ਹੱਥੋਂ ਕੁਛ ਦੇਣਾ ਉਹਨਾਂ ਦਾ ਕਰਤਵ ਹੈ:

ਉਤਮ ਮਧਮ ਨੀਚ ਲਖ, ਗੁਰਮੁਖ ਨੀਚੋਂ ਨੀਚ ਸਦਾਏ।
ਪੈਰੀ ਪੈ ਪੈਖਾਕ ਹੋਇ ਗੁਰਮੁਖ ਗੁਰਸਿਖ ਆਪ ਗਵਾਏ।
ਸਾਧ ਸੰਗਤ ਭਓ ਭਾਉ ਕਰ, ਸੇਵਕ ਸੇਵਾ ਕਾਰ ਕਮਾਏ।
ਮਿਠਾ ਬੋਲਣ ਨਿਵ ਚਲਣ, ਹਥੋਂ ਦੇ ਕੇ ਭਲਾ ਮਨਾਏ।
(ਭਾਈ ਗੁਰਦਾਸ ਜੀ, ਵਾਰ ੮, ਪਉੜੀ ੨੪)

ਚੁਨਾਂਚਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਜਦ ਕਿਸੇ ਨੇ ਪੁਛ ਕੀਤੀ ਕਿ ਸਾਨੂੰ ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਕਰਾਓ ਤਾਂ ਆਪ ਨੇ ਦਰਸ਼ਕ ਨੂੰ ਗੁਜਰਾਤ ਵਿਚ ਭਾਈ ਭਿਖਾਰੀ ਦੇ ਘਰ ਭੇਜਿਆ। ਭਾਈ ਸਾਹਿਬ ਦਾ ਕਾਰੋਬਾਰ ਗੁਰੂ-ਕ੍ਰਿਪਾ ਨਾਲ ਬੜਾ ਚੰਗਾ ਸੀ। ਧਰਮ ਕਿਰਤ ਵਿਚ ਵਾਧਾ ਹੋਣ ਕਰਕੇ ਉਹਨਾਂ ਦੇ ਮਕਾਨ ਵਿਚ ਫ਼ਰਸ਼ 'ਤੇ ਗ਼ਲੀਚੇ ਵਿਛੇ ਹੋਏ ਸਨ। ਜਦ ਦਰਸ਼ਨ ਅਭਿਲਾਖੀ ਪੁੱਜਾ ਤਾਂ ਉਸ ਨੇ ਕੀ ਡਿੱਠਾ ਕਿ ਭਾਈ ਸਾਹਿਬ ਕੀਮਤੀ ਗਲੀਚੇ 'ਤੇ ਬੈਠੇ ਹੋਏ ਇਕ ਪਾਟਾ ਹੋਇਆ ਤੱਪੜ ਗੰਢ ਰਹੇ ਸਨ। ਜਾਂ ਉਸ ਨੇ ਪੁੱਛਿਆ ਕਿ ਗ਼ਲੀਚਿਆਂ 'ਤੇ ਬਹਿਣ ਵਾਲੇ ਅਮੀਰ ਦਾ ਤੁਟੇ ਹੋਏ ਤੱਪੜ ਗੰਢਣੇ ਤਾਂ ਇਕ ਬੁਝਾਰਤ ਜਿਹੀ ਹੈ, ਤਾਂ ਭਾਈ ਸਾਹਿਬ ਨੇ ਮੁਸਕਰਾ ਕੇ ਕਿਹਾ, “ਪ੍ਰੇਸ਼ਾਨ ਨਾ ਹੋਵੋ, ਮੈਂ ਗੁਰੂ ਕਾ ਸਿੱਖ ਹਾਂ ਤੇ ਤੱਪੜ ਧਰਮਸਾਲ ਦੇ ਹਨ, ਇਹ ਗ਼ਲੀਚਿਆਂ ਦੇ ਆਸਣ ਤਾਂ ਸਰੀਰਕ ਸੁਖ ਤੇ ਲੋਕ-ਵਡਿਆਈ ਦਿਵਾਂਦੇ ਹਨ, ਪਰ ਇਹਨਾਂ ਤੱਪੜਾਂ ਦਾ ਗੰਢਣਾ ਮਾਨਸਕ ਸ਼ਾਂਤੀ ਤੇ ਦੋਂਹ ਜਹਾਨਾਂ ਦਾ ਜੱਸ ਪ੍ਰਾਪਤ ਕਰਦਾ ਹੈ।”

ਪੰਜਾਬ ਦੇਸ ਵਿਚ ਜਲੰਧਰ ਦੇ ਜ਼ਿਲ੍ਹੇ ਮੰਝਕੀ ਦਾ ਇਲਾਕਾ ਮਸ਼ਹੂਰ ਹੀ ਭਾਈ ਮੰਝ ਦੇ ਨਾਮ 'ਤੇ ਹੈ। ਮੰਝ ਨਾ ਤਾਂ ਕੋਈ ਜਰਵਾਣਾ ਹਾਕਮ ਸੀ, ਤੇ ਨਾ ਦਾਰਸ਼ਨਿਕ ਪੰਡਤ, ਉਹ ਤਾਂ ਸੇਵਾ ਦਾ ਪੁਤਲਾ ਸੀ। ਲਿਖਿਆ ਹੈ ਕਿ ਜਦ ਮੁਰਾਦਾਂ ਦੇਣ ਵਾਲੇ ਪੀਰ ਸਖ਼ੀ ਸਰਵਰ ਤੋਂ ਮਾਨਸਕ ਸੁਖ ਦੀ ਪ੍ਰਾਪਤੀ ਹੁੰਦੀ ਨਾ ਦੇਖ, ਮੰਝ ਗੁਰੂ ਕਾ ਸਿੱਖ ਬਣਿਆ ਤਾਂ ਸਤਿਗੁਰਾਂ ਨੇ ਉਸਤਾਦ ਦੇ ਯੋਗ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦੇਣ ਵਾਂਗ ਮੰਝ ਵੱਲ ਵੀ ਖ਼ਾਸ ਗਹੁ ਕੀਤਾ। ਲੰਗਰ ਵਿਚ ਲੱਕੜਾਂ ਢੋਣ ਦੀ ਸੇਵਾ ਜ਼ਿੰਮੇ ਲਗਾਈ ਗਈ। ਸਾਦਕ ਮੰਝ ਕਈ ਬਿਖਮ ਹਾਲਤਾਂ ਵਿਚੋਂ ਲੰਘ ਸੇਵਾ 'ਤੇ ਪ੍ਰਪੱਕ ਰਿਹਾ। ਓੜਕ ਇਕ ਦਿਨ ਉਹ ਵੀ ਆਇਆ ਜਦ ਖੂਹ ਡਿਗੇ ਮੰਝ ਨੂੰ ਸਤਿਗੁਰਾਂ ਆਪ ਕਢਿਆ ਤੇ ਫ਼ੁਰਮਾਇਆ:

“ਮੰਝ ਨੂੰ ਗੁਰੂ ਤੇ ਗੁਰੂ ਨੂੰ ਮੰਝ ਪਿਆਰਾ ਹੈ, ਜਿਸ 'ਤੇ ਬੈਠ ਜਗਤ ਪਾਰ ਉਤਰੇਗਾ।”

ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ।

ਸਿੱਖੀ ਦੇ ਇਤਿਹਾਸ ਨੂੰ ਪੜ੍ਹਿਆਂ ਅਜੇਹੀ ਸੇਵਾ ਦੇ ਬੇਅੰਤ ਪ੍ਰਮਾਣ ਮਿਲਦੇ ਹਨ। ਇਕ ਵਾਰ ਜਦ ਕਸ਼ਮੀਰ ਦੇ ਜਗਤ-ਵਿਜਈ ਪੰਡਤ ਨੇ, ਜੋ ਆਪਣੀ ਦਾਰਸ਼ਨਿਕ ਵਿਦਿਆ ਦੇ ਬਲ ਨਾਲ ਮੁਖ਼ਤਲਿਫ਼ ਵਿਦਵਾਨਾਂ ਨੂੰ ਜਿਤਦਾ ਤੇ ਉਨ੍ਹਾਂ ਦੀਆਂ ਪੁਸਤਕਾਂ ਖੋਹ ਲੈਂਦਾ ਸੀ, ਉਸ ਨੇ ਜਦ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਤੇ ਪੁਛਿਆ ਕਿ ਤੁਹਾਡੀ ਧਰਮ-ਮਰਯਾਦਾ ਕੀ ਹੈ? ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਕੀਤਾ ਤੇ ਉਨ੍ਹਾਂ ਸਿੱਖ ਧਰਮ ਦੀ ਮਰਯਾਦਾ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਸਿੱਖੀ ਦਾ ਅਰੰਭ ਜੀਊਂਦਿਆਂ ਮੌਤ ਨੂੰ ਕਬੂਲ ਕਰਨ ਤੋਂ ਹੁੰਦਾ ਹੈ, ਭਰਮ ਤੇ ਭਉ ਨੂੰ ਖੋ ਚੁੱਕੇ, ਸਬਰ ਤੇ ਸਿਦਕ ਦੇ ਸ਼ਹੀਦ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ। ਜ਼ਰਖ਼ਰੀਦ ਗ਼ੁਲਾਮਾਂ ਦੀ ਤਰ੍ਹਾਂ ਉਨ੍ਹਾਂ ਨੂੰ ਕੰਮ ਵਿਚ ਲਗਾਇਆ ਜਾਂਦਾ ਹੈ। ਲੋੜਵੰਦਾਂ ਨੂੰ ਪੱਖਾ ਫੇਰਨ ਤੇ ਪਿਆਸਿਆਂ ਲਈ ਪਾਣੀ ਢੋਣ ਦੀ ਤਾਕੀਦ ਹੈ। ਭੁਖਿਆਂ ਲਈ ਆਟਾ ਪੀਹਣ ਤੇ ਥੱਕਿਆਂ ਦੇ ਪੈਰ ਧੋਵਣੇ ਰੋਜ਼ਾਨਾ ਕਰਮ ਹਨ। ਨਾ ਖ਼ੁਸ਼ੀ 'ਤੇ ਬਹੁਤ ਹੱਸਣਾ ਤੇ ਨਾ ਗ਼ਮੀ 'ਤੇ ਬਹੁਤ ਰੋਣਾ, ਥੋੜਾ ਖਾਣਾ ਤੇ ਥੋੜ੍ਹਾ ਸੌਣਾ, ਸੰਜੀਦਾ ਜਿਹੀ ਜ਼ਿੰਦਗੀ ਬਸਰ ਕਰ, ਈਦ ਦੇ ਚੰਦ ਵਾਂਗ ਖ਼ਲਕਤ ਵਿਚ ਮਕਬੂਲ ਹੋਣਾ ਹੀ ਸਿਖੀ ਦਾ ਜੀਵਨ-ਸਿਧਾਂਤ ਹੈ:

ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ।
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।
ਗੋਲਾ ਮੁਲ ਖਰੀਦੁ ਕਾਰੇ ਜੋਵਣਾ।
ਨਾ ਤਿਸੁ ਭੂਖ ਨ ਨੀਦ ਨ ਖਾਣਾ ਸੋਵਣਾ।
ਪੀਹਣਿ ਹੋਇ ਜਦੀਦ ਪਾਣੀ ਢੋਵਣਾ।
ਪਖੇ ਦੀ ਤਾਗੀਦ ਪਗ ਮਲਿ ਧੋਵਣਾ।
ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ।
ਦਰ ਦਰਵੇਸ ਰਸੀਦੁ ਪਿਰਮ ਰਸੁ ਭੋਵਣਾ।
ਚੰਦੁ ਮੁਮਾਰਖਿ ਈਦ ਪੁਗਿ ਖਲੋਵਣਾ।
(ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੮)

ਪੰਡਿਤ ਨੇ ਪੁੱਛਿਆ, “ਇਸ ਬਿਆਨ ਵਿਚ ਪਰਮੇਸ਼੍ਵਰ ਦੇ ਕੋਈ ਲੱਛਣ ਨਹੀਂ ਆਏ।” ਭਾਈ ਸਾਹਿਬ ਨੇ ਕਿਹਾ, “ਅਣਡਿਠੇ ਦੇ ਲੱਛਣ ਤਾਂ ਕੀ ਕਰਨੇ, ਦੇਖਣ ਵਾਲੇ ਵਿਚ ਕਹਿਣ ਦੀ ਸ਼ਕਤੀ ਨਹੀਂ ਰਹਿੰਦੀ।” ਪੰਡਿਤ ਨੇ ਪਹਿਲਾ ਰਵੱਈਆ ਛੱਡ ਸਿੱਖੀ ਧਾਰਣ ਕੀਤੀ ਤੇ ਉਹ ਸੇਵਾ ਕੀਤੀ ਕਿ ਅੱਜ ਤਕ ਉਸਦਾ ਨਾਮ ਹੀ ਸੇਵਾਦਾਸ ਕਰਕੇ ਮਸ਼ਹੂਰ ਚਲਿਆ ਆਉਂਦਾ ਹੈ।

ਹੱਥੀਂ ਸੇਵਾ ਕਰਨ ਨਾਲ ਇਕ ਹੋਰ ਭਾਰਾ ਲਾਭ ਹੁੰਦਾ ਹੈ, ਉਹ ਹੈ ਕੁਲ ਅਭਿਮਾਨ ਦੇ ਰੋਗ ਤੋਂ ਖਲਾਸੀ। ਨਸਲ ਦਾ ਵੇਰਵਾ, ਰੰਗ ਦਾ ਸਾੜਾ ਤੇ ਕੁਲਾਂ ਦੇ ਅਭਿਮਾਨ ਨੂੰ ਸੇਵਾ ਹੀ ਮਿਟਾਂਦੀ ਹੈ। ਕੌਣ ਨਹੀਂ ਜਾਣਦਾ ਕਿ ਈਸਾਈ ਮਿਸ਼ਨਾਂ ਨੂੰ ਲੱਖਾਂ ਪੌਂਡ ਦਾਨ ਦੇਣ ਵਾਲੇ ਯੂਰਪ ਦੇ ਗੋਰੇ ਅਮੀਰ, ਕਾਲੇ ਹਿੰਦੁਸਤਾਨੀਆਂ ਤੇ ਬਾਕੀ ਏਸ਼ਿਆਈ ਲੋਕਾਂ ਨੂੰ ਆਪਣੇ ਹੋਟਲਾਂ ਵਿਚ ਬੈਠ ਰੋਟੀ ਖਾਣ ਦੇਣ ਦੀ ਇਜਾਜ਼ਤ ਦੇਣਾ ਵੀ ਪਸੰਦ ਨਹੀਂ ਕਰਦੇ। ਸਦੀਆਂ ਦੇ ਦੁੱਖ-ਸੁਖ ਦੇ ਸਾਥੀ ਅਸਲੀ ਬਾਸ਼ਿੰਦਿਆਂ ਨੂੰ ਅਮਰੀਕਨ ਗੋਰੇ ਕਿਸ ਘ੍ਰਿਣਾ ਨਾਲ ਵੇਖਦੇ ਹਨ। ਹਿੰਦੁਸਤਾਨੀ ਮਜ਼ਦੂਰਾਂ ਕੋਲੋਂ ਆਪਣੀ ਵਸੋਂ ਕਰਾਉਣ ਦੇ ਕੰਮ ਵਿਚ ਭਾਰੀ ਸੇਵਾ ਲੈਣ ਦੇ ਬਾਵਜੂਦ, ਅੱਜ ਉਨ੍ਹਾਂ ਨੂੰ ਅਫ਼ਰੀਕਾ ਵਿਚੋਂ ਨਿਕਲਣ ਤੇ ਆਪਣੇ ਹੱਕਾਂ ਦੀ ਹਿਫ਼ਾਜ਼ਤ ਲਈ ਸਤਿਆਗ੍ਰਹਿ ਕਰਨ 'ਤੇ ਅਫ਼ਰੀਕਾ ਦੇ ਨੌਆਬਾਦ ਗੋਰੇ ਮਜਬੂਰ ਕਰ ਰਹੇ ਹਨ। ਇਹ ਸਭ ਕੁਝ ਦੂਰ ਹੋ ਜਾਂਦਾ, ਜੇ ਕਦੀ ਗੋਰੀਆਂ ਕੌਮਾਂ ਸਿੱਖੀ ਵਿਚ ਸਮਝਾਈ ਗਈ ਇਸ ਪਵਿਤ੍ਰ ਮਰਯਾਦਾ ਨੂੰ ਮੰਨ ਚੁੱਕੀਆਂ ਹੁੰਦੀਆਂ:

ਸੁਣੋ ਸਿਖ ਮਮਤਾ ਨਹਿ ਕਰਨੀ।
ਭਲੇ ਬੁਰੇ ਕੀ ਸੇਵਾ ਧਰਨੀ।

ਹੋਰ ਵੀ:

ਯਥਾ ਸ਼ਕਤਿ ਦੇਹ ਛਾਦਨ ਆਛੇ।
ਚਪਹੁ ਪਗ ਕਰੀਅਹਿ ਸੁਖ ਬਾਂਛੇ।
ਮਰਦਨ ਕਰ ਇਸਨਾਨ ਕਰਾਵਹੁ।
ਬਸਤ੍ਰ ਪਖਾਰਹੁ ਸੁਧ ਬਨਾਵਹੁ।
ਹਾਕਹੁੰ ਪੌਣ ਸ੍ਵੇਦ ਜਬ ਹੋਇ।
ਝਾਰਹੁ ਪਨਹੀ ਪਗ ਕੋ ਧੋਇ।
ਜੂਠੇ ਭਾਂਜਣ ਮਾਂਜਣ ਕਰਹੁ।
ਸੀਤਲ ਨੀਰ ਕੂਪ ਤੇ ਭਰਹੁ।
ਦਰ ਧਾਵਨ ਕੋ ਅਰਪਹੁ ਆਨ।
ਕਰਹੁ ਰਸੋਈ ਸੁਧ ਮਹਾਨ।
[ਦਸਮੇਸ਼ ਜੀ ਦੀ ਆਗਿਆ ਨਾਲ ਭਾ: ਦਯਾ ਸਿੰਘ ਨੇ ਸੰਗਤ ਨੂੰ ਉਪਦੇਸ਼ ਦਿਤਾ।]
(ਸੂਰਜ ਪ੍ਰਕਾਸ਼ ਰੁਤ ੫, ਅ: ੪੫)

ਸਤਿਗੁਰਾਂ ਨੇ ਸੇਵਕ ਨੂੰ ਹੁਕਮ ਹੀ ਇਹ ਦਿੱਤਾ ਹੈ, “ਮੇਰ ਤੇਰ ਕਦੀ ਨਹੀਂ ਕਰਨੀ, ਭਲੇ ਬੁਰੇ ਸਭ ਦੀ ਸੇਵਾ ਕਰਨੀ। ਯਥਾਸ਼ਕਤਿ ਹਰ ਇਕ ਨੂੰ ਰੋਟੀ ਕਪੜਾ ਦੇਣਾ, ਹਰ ਥੱਕੇ ਦੇ ਪੈਰ ਘੁੱਟਣੇ, ਮਾਲਸ਼ ਕਰ ਇਸ਼ਨਾਨ ਕਰਵਾਉਣਾ, ਬਸਤ੍ਰ ਧੋ ਕੇ ਸ੍ਵਛ ਕਰਨੇ, ਪੱਖਾ ਫੇਰਨਾ, ਪੈਰਾਂ ਨੂੰ ਧੋ ਕੇ ਜੁੱਤੀ ਝਾੜਨੀ, ਜੂਠੇ ਬਰਤਨ ਮਾਂਜਣੇ, ਲੋੜਵੰਦਾਂ ਨੂੰ ਠੰਢਾ ਪਾਣੀ ਪਿਲਾਉਣਾ।”

ਸਾਡੇ ਦੇਸ਼ ਵਿਚ ਤਾਂ ਬ੍ਰਾਹਮਣ ਦੀ ਬਣਾਈ ਹੋਈ ਪੁਰਾਣੀ ਵਰਣ-ਵੰਡ ਨੇ ਜਾਤ-ਪਾਤ, ਊਚ-ਨੀਚ ਦੇ ਭੇਦ ਨੂੰ ਸਿਖਰ 'ਤੇ ਚੜ੍ਹਾ ਛਡਿਆ ਹੋਇਆ ਹੈ। ਕਿਸੇ ਸਿਆਣੇ ਦਾ ਕੌਲ ਹੈ ਕਿ ਜਿਵੇਂ ਕੇਲੇ ਦੀ ਛਿੱਲ ਫੋਲਣ ਨਾਲ ਵਿਚੋਂ ਹੋਰ ਛਿੱਲ ਦੀਆਂ ਤੈਹਾਂ ਨਿਕਲਦੀਆਂ ਆਉਂਦੀਆਂ ਹਨ, ਉਸੇ ਤਰ੍ਹਾਂ ਚਤੁਰਾਂ ਦੀਆਂ ਗੱਲਾਂ ਵਿਚੋਂ ਗੱਲਾਂ ਤੇ ਬ੍ਰਾਹਮਣ ਦੀਆਂ ਜਾਤਾਂ ਵਿਚੋਂ ਜਾਤਾਂ ਨਿਕਲਦੀਆਂ ਆਉਂਦੀਆਂ ਹਨ:

ਜਿਉਂ ਕੇਲੇ ਕੇ ਪਾਤ ਸੇ, ਪਾਤ ਪਾਤ ਨਿਕਸਾਤ।
ਜਿਉਂ ਸੁਘੜਨ ਕੇ ਵਚਨ ਤੇ ਬਾਤ-ਬਾਤ ਹੋਇ ਆਤ।
ਤਿਉਂ ਬਾਮਨ ਕੀ ਜਾਤ ਮਤਿ, ਜਾਤ ਜਾਤ ਹੋ ਆਤ।

ਹੱਥੀਂ ਸੇਵਾ ਕਰਨ ਵਾਲਾ ਮਨੁੱਖ ਕੁਲ ਅਭਿਮਾਨ ਨੂੰ ਪਹਿਲਾਂ ਤਿਆਗਦਾ ਹੈ। ਉਹ ਪ੍ਰਾਣੀ ਮਾਤ੍ਰ ਨੂੰ ਪ੍ਰਭੂ ਦਾ ਪੁੱਤਰ ਸਮਝ ਉਸਦੀ ਸੇਵਾ ਵਿਚ ਜੁੱਟਦਾ ਹੈ, ਭਾਵੇਂ ਲੋਕ ਉਸਦੀ ਨਿੰਦਾ ਕਰਨ ਜਾਂ ਪਾਗਲ ਕਹਿਣ। ਉਹ ਲੋਕ ਲਾਜ ਨੂੰ ਤਿਆਗ ਸੇਵਾ ਦੇ ਮੈਦਾਨ ਵਿਚ ਨਿੱਤਰਦਾ ਹੈ। ਸੰਤ ਵਲੀ ਰਾਮ ਜੀ ਨੇ ਕਿਹਾ ਹੈ, “ਮੈਂ ਸਾਧੂਆਂ ਦੀ ਸੇਵਾ ਕਰਾਂਗਾ, ਮੁੱਲ ਖ਼ਰੀਦੇ ਗੋਲਿਆਂ ਵਾਂਗ ਕੰਮੇ ਲੱਗਾਗਾਂ, ਪੱਖਾ ਫੇਰਾਂਗਾ ਤੇ ਪਾਣੀ ਢੋਵਾਂਗਾ। ਮੈਂ ਉਨ੍ਹਾਂ ਦੀਆਂ ਪੱਤਲਾਂ ਬਣਾਉਣ ਲਈ ਪਿੱਪਲ ਦੇ ਪੱਤਰ ਚੁਣਾਂਗਾ। ਮੈਨੂੰ ਲੋਕ ਭਲੇ ਦੀਵਾਨਾ ਆਖ ਲੈਣ, ਉਹ ਮਖ਼ਲੂਕ ਨੂੰ ਸੁਣਾ ਲੈਣ, ਮੇਰਾ ਕੋਈ ਕੀ ਕਰ ਲਵੇਗਾ।”

ਸਾਧਾਂ ਦੀ ਮੈਂ ਦਾਸੀ ਥੀਸਾਂ, ਵਾਂਗ ਗੋਲੀਆਂ ਕਾਰ ਕਰੇਸਾਂ।
ਪਾਣੀ ਢੋਵਾਂ ਪਖਾ ਫੇਰਾਂ, ਜੂਠੇ ਬਾਸਨ ਧੋਸਾਂ।
ਪਿਪਲ ਪੱਤ ਚੁਣੇਂਦੀ ਵਤਾਂ, ਮੈਨੂੰ ਲੋਕੀਂ ਕਹਿਣ ਦੀਵਾਨੀ।
ਗਹਿਲਾ ਲੋਕ ਕੀ ਹਾਲਦਾ ਮਹਰਮ, ਮੈਨੂੰ ਬ੍ਰਿਹੁ ਮਾਰੀ ਕਾਨੀ।
ਲੋਕਾਂ ਸੁਣਿਆਂ ਮੁਲਕਾਂ ਸੁਣਿਆਂ, ਹੀਰ ਦੀਵਾਨੀ ਹੋਈ।
ਇਕ ਸੁਣੇਂਦਾ ਲਖ ਸੁਣੇ ਖਾਂ, ਮੇਰਾ ਕੀ ਕਰੇਸੀ ਕੋਈ।

ਦਸਤੀ ਸੇਵਾ ਤੋਂ ਅਗਾਂਹ ਲੰਘ ਸੇਵਾ ਦੇ ਦੋ ਹੋਰ ਅੰਗ ਵੀ ਹਨ। ਇਕ ਹੈ ਦਿਮਾਗ਼ੀ ਸੇਵਾ ਤੇ ਦੂਸਰੀ ਰਾਜ ਸੇਵਾ। ਦਿਮਾਗ਼ੀ ਸੇਵਾ ਵਿਚ ਅਨਪੜ੍ਹ ਮਨੁੱਖਾਂ ਨੂੰ ਵਿੱਦਿਆ ਪੜ੍ਹਾਉਣ ਤੇ ਉਨ੍ਹਾਂ ਲਈ ਪੁਸਤਕਾਂ ਲਿਖਣੀਆਂ ਇਕ ਮੁੱਖ ਕੰਮ ਹੈ। ਸਤਿਗੁਰਾਂ ਨੇ ਹੱਥੀਂ ਸੇਵਾ ਕਰਨ ਦੇ ਨਾਲ ਨਾਲ ਇਸ ਸੇਵਾ 'ਤੇ ਵੀ ਜ਼ੋਰ ਦਿੱਤਾ ਹੈ।

ਪਾਣੀ ਪੱਖਾ ਪੀਹਣਾ ਪੈਰ ਧੋਇ ਚਰਨਾਮ੍ਰਿਤ ਪਾਵੇ।
ਗੁਰਬਾਣੀ ਲਿਖ ਪੋਥੀਆ, ਤਾਲ ਮ੍ਰਿਦੰਗ ਰਬਾਬ ਬਜਾਵੇ।
(ਭਾਈ ਗੁਰਦਾਸ, ਵਾਰ ੬, ਪਉੜੀ ੧੨)

ਲਿਖਿਆ ਹੈ ਕਿ ਸਿੱਖ ਪਾਣੀ, ਪੱਖਾ, ਪੀਸਣ ਤੇ ਪੈਰ ਧੋਣ ਦੇ ਨਾਲ ਨਾਲ ਗੁਰਬਾਣੀ ਦੀਆਂ ਪੋਥੀਆਂ ਲਿਖਣ ਤੇ ਕੀਰਤਨ ਕਰਨ ਦੀ ਸੇਵਾ ਵੀ ਕਰੇ। ਆਪਣੇ ਦੇਸ਼ ਦੀ ਬੋਲੀ ਸਿਖਾਉਣੀ ਤੇ ਫਿਰ ਉਸ ਦੇ ਰਾਹੀਂ ਹੋਰ ਦੁਨੀਆ ਭਰ ਦੀ ਵਿੱਦਿਆ ਮੁੰਡੇ ਕੁੜੀਆਂ ਨੂੰ ਦੇਣ ਦੀ ਤਾਕੀਦ ਖ਼ਾਲਸੇ ਨੂੰ ਕੀਤੀ ਗਈ ਹੈ:

ਗੁਰਮੁਖੀ ਵਿਦਿਆ ਕਾ ਪ੍ਰਕਾਸ਼ ਔਰ ਹੋਰ ਵਿਦਿਆ ਕੀ ਤਾਕੀਦ ਕਰੇ।
(ਪ੍ਰੇਮ ਸੁਮਾਰਗ)

ਅਖ਼ੀਰ ਵਿਚ ਸੇਵਾ ਦੇ ਉਸ ਅੰਗ 'ਤੇ ਵੀਚਾਰ ਕਰਨੀ ਵੀ ਜ਼ਰੂਰੀ ਹੈ, ਜਿਸ ਨਾਲ ਜਗਤ ਨੂੰ ਢੇਰ ਸੁਖ ਮਿਲ ਸਕੇ—ਤੇ ਉਹ ਹੈ ਰਾਜ-ਪ੍ਰਬੰਧ ਦੁਆਰਾ ਸੇਵਾ। ਇਹ ਲੋਕਾਂ ਨੂੰ ਚਿਰਾਂ ਤੋਂ ਭੁਲੇਖਾ ਲੱਗ ਰਿਹਾ ਹੈ ਕਿ ਰਾਜ-ਪ੍ਰਬੰਧ ਲੋਕਾਂ ਨੂੰ ਡਰਾ ਧਮਕਾ ਕੇ ਇਕ ਮਰਯਾਦਾ ਵਿਚ ਬੰਨ੍ਹੀ ਰੱਖਣ ਦਾ ਨਾਮ ਹੀ ਹੈ, ਪਰ ਇਹ ਨਿਰਮੂਲ ਗੱਲ ਹੈ ਤੇ ਇਸ ਕਰਕੇ ਹੀ ਸੰਸਾਰ ਦੇ ਮਹਾਨ ਯੁਧ ਹੁੰਦੇ ਰਹਿੰਦੇ ਹਨ। ਸਹੀ ਮਾਅਨਿਆਂ ਵਿਚ ਤਾਂ ਰਾਜ-ਪ੍ਰਬੰਧ ਲੋਕਾਂ ਦੀ ਸੱਚੀ ਸੇਵਾ ਕਰਨ ਵਾਲੀ ਸੰਸਥਾ ਦਾ ਨਾਮ ਹੈ। ਕੁਛ ਆਦਮੀ ਇਕੱਠੇ ਕਰ ਕੇ, ਉਨ੍ਹਾਂ ਦੇ ਰਾਹੀਂ ਕੁਝ ਧਨ ਇਕੱਠਾ ਕਰ, ਲੋਕਾਂ ਨੂੰ ਦਬਾਂਦੇ ਫਿਰਨਾ ਨਰਕ ਦਾ ਅਧਿਕਾਰੀ ਹੋਣਾ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ ਕਿ ਜਾਬਰਾਨਾ ਹੁਕਮ ਮਨਾ ਕੇ ਰਾਜ-ਲੀਲ੍ਹਾ ਬਣਾਉਣੀ ਤੇ ਰਾਜ ਦੀ ਰਚਨਾ ਕਰਨੀ, ਸਰੀਰਕ ਸੁਖ ਤੇ ਭੋਗ ਤਾਂ ਦਿੰਦਾ ਹੈ ਪਰ ਅੰਤ ਘੋਰ ਨਰਕ ਵਿਚ ਲੈ ਜਾਂਦਾ ਹੈ:

ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥
ਸੇਜ ਸੋਹਨੀ ਚੰਦਨੁ ਚੋਆ, ਨਰਕ ਘੋਰ ਕਾ ਦੁਆਰਾ॥
(ਸੋਰਠਿ ਮ: ੫, ਪੰਨਾ ੬੪੨)
ਸੇਵਕ ਹੀ ਅਗਰ ਰਾਜ-ਪ੍ਰਬੰਧ ਦੇ ਜ਼ਿੰਮੇਵਾਰ ਹੋਣ ਤਾਂ ਸਭ ਤੋਂ ਜ਼ਿਆਦਾ ਸੁਖ ਹੋ ਸਕਦਾ ਹੈ। ਮਿਸਾਲ ਦੇ ਤੌਰ 'ਤੇ ਗੁਰਸਿੱਖੀ ਵਿਚ ਪਿਆਸੇ ਨੂੰ ਪਾਣੀ ਪਿਲਾਉਣਾ, ਇਸ਼ਨਾਨ ਕਰਾਉਣਾ, ਲੋੜਵੰਦਾਂ ਲਈ ਪੱਖਾ ਫੇਹਨਾ, ਵੰਡ ਛਕਣ ਹਿਤ ਲੰਗਰ ਲਾਉਣੇ, ਮੁਖ ਸੇਵਾਵਾਂ ਕਰਾਰ ਦਿੱਤੀਆਂ ਗਈਆਂ ਹਨ। ਇਹ ਠੀਕ ਹੈ ਕਿ ਇਕ ਇਕ ਸਿੱਖ ਵੀ ਆਪਣੀ ਸ਼ਕਤੀ ਅਨੁਸਾਰ ਸੇਵਾ ਕਰ ਸਕਦਾ ਹੈ, ਪਰ ਕਿਸੇ ਥਾਂ ਦੀ ਸੰਗਤ ਮਿਲ ਕੇ ਇਸ ਸੇਵਾ ਨੂੰ ਵਡੇ ਪੈਮਾਨੇ ਤੇ ਕਰ ਸਕਦੀ ਹੈ। ਜੇ ਉਨ੍ਹਾਂ ਪਾਸ ‘ਰਾਜ-ਅਧਿਕਾਰ’ ਹੋਵੇ ਤਾਂ ਉਹ ਕਿਸ ਖ਼ੂਬਸੂਰਤੀ ਨਾਲ ਇਸ ਨੂੰ ਨਿਭਾ ਸਕਦੇ ਹਨ, ਇਹ ਕੋਈ ਦੱਸਣ ਗੋਚਰੀ ਗੱਲ ਹੀ ਨਹੀਂ।

ਰਾਜ-ਪ੍ਰਬੰਧ ਦੇ ਅੰਗਾਂ, ਮਿਊਨਸਿਪਲ ਕਮੇਟੀਆਂ, ਡਿਸਟ੍ਰਿਕਟ ਬੋਰਡਾਂ ਵਿਚ ਜੇ ਕਿਤੇ ਭਾਗਾਂ ਨਾਲ ਚੰਗੇ ਮੈਂਬਰ ਚਲੇ ਜਾਣ ਤਾਂ ਉਸ ਨਗਰ ਦੇ ਵਾਸੀਆਂ ਨੂੰ ਕਿਤਨਾ ਸੁਖ ਦਿੰਦੇ ਹਨ, ਤੇ ਜੇ ਉਨ੍ਹਾਂ ਕੋਲ ਰਾਜ-ਪ੍ਰਬੰਧ ਹੀ ਆ ਜਾਵੇ ਤਾਂ ਫਿਰ ਲੋਕ ਕਿੰਨੇ ਸੁਖੀ ਹੋਣਗੇ। ਸੰਗਤ ਵਿਚ ਸੇਵਾ ਦੇ ਮਾਰਗ ਵਿਚ ਸਭ ਤੋਂ ਵੱਧ ਤਾਕੀਦ ਵੰਡ ਛਕਣ 'ਤੇ ਕੀਤੀ ਗਈ ਹੈ। ਸਿੱਖੀ ਵਿਚ ਤਾਂ ਇਹੋ ਹੀ ਕਿਹਾ ਗਿਆ ਹੈ ਕਿ ਸਿੱਖ ਲੋੜਵੰਦਾਂ ਨੂੰ ਦੇ ਕੇ, ਬਚਿਆ ਆਪ ਵਰਤੇ। ਸੰਤ ਕਬੀਰ ਜੀ ਦੇ ਜੀਵਨ ਵਿਚ ਆਉਂਦਾ ਹੈ ਕਿ ਉਹ ਰੋਟੀ ਲੋੜਵੰਦਾਂ ਨੂੰ ਖੁਆ, ਘਰ ਦੇ ਜੀਆਂ ਲਈ ਭੁੱਜੇ ਦਾਣੇ ਹੀ ਵਰਤਦਾ ਸੀ। ਸਿੰਘਾਂ ਦੇ ਇਤਿਹਾਸ ਵਿਚ ਵੰਡ ਛਕਣ ਨੂੰ ਇਤਨੀ ਭਾਰੀ ਅਹਿਮੀਅਤ ਦਿੱਤੀ ਗਈ ਹੈ ਕਿ ਜਦ ਅਹਿਮਦ ਸ਼ਾਹ ਅਬਦਾਲੀ ਦਾ ਕਾਬਲ ਨੂੰ ਮੁੜੇ ਜਾਂਦੇ ਦਾ ਡੇਰਾ ਸਿੰਘਾਂ ਲੁੱਟ ਲਿਆ ਤਾਂ ਉਸ ਨੇ ਆਪਣੇ ਮੁਖ਼ਬਰਾਂ ਕੋਲੋਂ ਸਿੰਘਾਂ ਦੀ ਰਹੁਰੀਤ ਪੁੱਛੀ ਤਾਂ ਸੂਹੀਆਂ ਕਿਹਾ, “ਉਨ੍ਹਾਂ ਵਿਚ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਜਦ ਕਦੀ ਉਨ੍ਹਾਂ ਦੇ ਹੱਥ ਅੰਨ੍ਹ ਲਗ ਜਾਵੇ ਤਾਂ ਉਹ ਰੋਟੀ ਪਕਾ ਕੇ ਧੌਂਸਾ ਵਜਾਂਦੇ ਜਾਂ ਉੱਚੀ ਸੱਦ ਦਿੰਦੇ ਹਨ ਕਿ ‘ਗੁਰੂ ਕੀ ਦੇਗ ਤਿਆਰ ਹੈ, ਚਲੋ ਆਉ, ਜੋ ਲੋੜਵੰਦ ਹੈ।' ਉਸ ਸਮੇਂ ਉਨ੍ਹਾਂ ਦਾ ਦੁਸ਼ਮਣ ਵੀ ਆਵਾਜ਼ ਸੁਣ ਕੇ ਕਿਉਂ ਨਾ ਆ ਜਾਵੇ, ਉਸ ਨੂੰ ਰੋਟੀ ਖੁਆ ਕੇ ਬਚਦੀ ਆਪ ਖਾਂਦੇ ਹਨ।” ਪਰ ਇਹ ਸਾਰਾ ਵੰਡ ਛਕਣ ਦਾ ਵਰਤਾਰਾ ਦੇਸ਼-ਪ੍ਰਸਿੱਧ ਜਾਂ ਜਗਤ ਵਰਤੋਂ ਨਹੀਂ ਬਣ ਸਕਦਾ, ਜਦ ਤਕ ਰਾਜ-ਪ੍ਰਬੰਧ ਉਨ੍ਹਾਂ ਦੇ ਹੱਥ ਵਿਚ ਨਾ ਆ ਜਾਵੇ, ਜੋ ਵੰਡ ਛਕਣ ਨੂੰ ਮੁੱਖ ਧਰਮ ਸਮਝਦੇ ਹਨ।

ਸਰਮਾਏਦਾਰੀ ਰਾਜ-ਪ੍ਰਬੰਧ ਵਿਚ ਲੋਕ, ਜਿਨ੍ਹਾਂ ਪਾਪਾਂ ਨਾਲ ਮਾਇਆ ਇਕੱਠੀ ਕੀਤੀ ਹੁੰਦੀ ਹੈ, ਖਾਣ-ਪੀਣ ਦੀ ਰਸਦ ਨੂੰ ਖ਼ਰੀਦ ਕੇ ਭਾਰੀ ਮੁਨਾਫ਼ਾ ਕਮਾਉਣ ਹਿਤ ਇਤਨੀ ਮਹਿੰਗੀ ਕਰ ਦਿੰਦੇ ਹਨ ਕਿ ਆਮ ਜਨਤਾ ਦਾ ਪੇਟ ਭਰਨਾ ਹੀ ਮੁਸ਼ਕਲ ਹੋ ਜਾਂਦਾ ਹੈ।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
(ਆਸਾ ਮ: ੧, ਪੰਨਾ ੪੧੭)

ਅਜਿਹੇ ਸਮਿਆਂ ਵਿਚ ਭਲੇ ਭਲੇ ਲੋਕ ਭੁੱਖ ਤੋਂ ਮਜਬੂਰ ਹੋ ਵੰਡ ਛਕਣ ਦਾ ਕਰਤਵ ਭੁਲਾ ਬਹਿੰਦੇ ਹਨ। ਜੇ ਕਦੀ ਰਾਜ-ਪ੍ਰਬੰਧ ਇਸ ਕਿਸਮ ਦੇ ਮੁਨਾਫ਼ੇਬਾਜ਼ਾਂ ਦੇ ਹੱਥੋਂ ਖੋਹ ਕੇ ਵੰਡ ਛਕਣ ਵਾਲੀ ਸ੍ਰੇਸ਼ਟ ਸ਼੍ਰੇਣੀ ਦੇ ਹਵਾਲੇ ਕੀਤਾ ਜਾਵੇ ਤਾਂ ਸੰਸਾਰ ਨੂੰ ਸਭ ਤੋਂ ਵੱਡਾ ਸੁਖ ਹਾਸਲ ਹੋ ਸਕਦਾ ਹੈ। ਇਹ ਘਰ ਘਰ ਦੀਆਂ ਲੜਾਈਆਂ, ਕੌਮਾਂ ਦੇ ਝਗੜੇ ਤੇ ਮੁਲਕਾਂ ਦੇ ਪਰਸਪਰ ਮਹਾਨ ਯੁਧ, ਹੈਨ ਹੀ ਕਾਣੀ ਵੰਡ ਸਦਕਾ। ਜੇ ਕਦੀ ਸਾਂਝੀਵਾਲਤਾ ਚਲ ਪਵੇ ਤਾਂ ਇਹ ਜਗਤ ਬੇਗਮਪੁਰਾ ਬਣ ਜਾਵੇ। ਈਰਾਨ ਦੇ ਪ੍ਰਸਿੱਧ ਕਵੀ ਉਮਰ ਖ਼ਿਆਮ ਨੇ ਕਿਹਾ ਹੈ ਕਿ ਜੇ ਮਨੁੱਖ ਨੂੰ ਖਾਣ ਲਈ ਰੋਜ਼ ਰੋਟੀ ਤੇ ਸਿਰ ਛੁਪਾਉਣ ਲਈ ਕੁੱਲੀ ਲੱਭ ਜਾਵੇ, ਉਹ ਨਾ ਕਿਸੇ ਦਾ ਹਾਕਮ ਹੋਵੇ, ਨਾ ਦਾਸ, ਤਾਂ ਮਨੁੱਖੀ ਜੀਵਨ ਰਸ-ਪੂਰਤ ਤੇ ਜਹਾਨ ਸੁਖਾਂ ਦਾ ਘਰ ਬਣ ਜਾਵੇ।

ਹਰ ਕਿ ਦਰੀਂ ਦਹਰ ਨੀਮ ਨਾਨੇ ਦਾਰਦ।
ਬਸ ਬਹਰਿ ਨਿਸ਼ਸਤ ਅਸਤਾਨੇ ਦਾਰਦ।
ਨ ਹਾਕਮੇ ਕਸੇ ਬਾਸ਼ਦ ਓ ਨ ਮਹਿਕੂਮੇ ਕਸੇ।
ਗੋ ਸ਼ਾਦ ਵਜ਼ੀ ਕਿ ਖ਼ੁਸ਼ ਜਹਾਨੇ ਦਾਰਦ।

ਸੋ ਰਾਜ-ਪ੍ਰਬੰਧ ਨੂੰ ਆਪਣੇ ਹੱਥ ਵਿਚ ਲੈਣਾ ਸੇਵਾ ਦਾ ਇਕ ਮੁੱਖ ਸਾਧਨ ਹੈ, ਪਰ ਉਹ ਰਾਜ ਹੋਵੇ ਸਾਂਝੀਵਾਲਤਾ ਦਾ ਤੇ ਵਰਤਾਰਾ ਮਨੁੱਖ-ਸੇਵਾ ਵਰਤੇ।

ਸੇਵਾ ਦੇ ਮਹਾਨ ਉੱਚ ਆਦਰਸ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਦ ਰਾਜ-ਪ੍ਰਬੰਧ ਸੇਵਾਦਾਰਾਂ ਦੇ ਹੱਥ ਆਉਣਾ ਜ਼ਰੂਰੀ ਹੈ ਤਾਂ ਇਸ ਦੇ ਨਾਲ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਅਜੇਹੇ ਕਾਇਮ ਹੋਣ ਵਾਲੇ ਰਾਜ-ਪ੍ਰਬੰਧ ਵਿਚ ਵਿਘਨ ਪਾਉਣ ਵਾਲੇ ਲਾਲਚੀ ਸਰਮਾਏਦਾਰਾਂ ਤੇ ਜਰਵਾਣੇ ਹਾਕਮਾਂ ਨੂੰ ਸ਼ਸਤ੍ਰ ਬਲ ਨਾਲ ਕੁਕਾਜ ਤੋਂ ਹਟਾਉਣਾ ਵੀ ਇਕ ਤਰ੍ਹਾਂ ਦੀ ਸੇਵਾ ਹੀ ਹੈ। ਜਿਥੇ ਸਿਪਾਹੀ ਮਜ਼ਦੂਰੀ ਦੀ ਤਨਖ਼ਾਹ ਲੈ ਸ਼ਸਤ੍ਰ ਚਲਾਉਂਦਾ ਹੈ, ਉਥੇ ਸੰਤ-ਸਿਪਾਹੀ ਵੰਡ ਛਕਣ ਵਾਲਾ ਨੇਕੀ ਦਾ ਰਾਜ ਕਾਇਮ ਕਰਨ ਲਈ ਸ਼ਸਤ੍ਰ ਚੁੱਕਦਾ ਹੈ। ਸ੍ਰੀ ਦਸਮੇਸ਼ ਜੀ ਨੇ ਖੰਡੇ ਦੀ ਪਾਹੁਲ ਦੇ ਕੇ ਅਜੇਹੇ ਹੀ ਸਿਪਾਹੀ ਤਿਆਰ ਕੀਤੇ ਸਨ। ਉਨ੍ਹਾਂ ਦਾ ਜੀਵਨ-ਮਨੋਰਥ ਇਹ ਸੀ, "ਹੇ ਪ੍ਰਭੂ! ਮੈਨੂੰ ਅਜੇਹਾ ਵਰ ਦੇ ਜੋ ਮੈਂ ਨੇਕ ਕੰਮਾਂ ਤੋਂ ਕਦੀ ਨਾ ਟਲਾਂ। ਨੇਕੀ ਦੇ ਵੈਰੀਆਂ ਦੀ ਕਦੀ ਪ੍ਰਵਾਹ ਨਾ ਕਰਾਂ। ਮੈਨੂੰ ਆਪਣੀ ਜਿੱਤ ਦਾ ਹਮੇਸ਼ਾ ਨਿਸਚਾ ਹੋਵੇ। ਮੈਂ ਦੁਤੀਆਂ ਦੀ ਸੱਚੇ ਰਾਹ ਤੋਂ ਗਿਰਾਵਟ ਵਾਲੀ ਸਿਖਿਆ ਦੀ ਕਦੀ ਪ੍ਰਵਾਹ ਨਾ ਕਰਾਂ, ਆਪਣੇ ਮਨ ਦੀ ਹੀ ਸਿਖਿਆ ਲਵਾਂ, ਤੇਰੇ ਗੁਣ ਗਾਉਂਦਿਆਂ ਹੋਇਆਂ ਜੇ ਆਖ਼ਰੀ ਸਮਾਂ ਸ਼ਹੀਦੀ ਦਾ ਆ ਬਣੇ ਤਾਂ ਰਣ ਵਿਚ ਜੂਝਾਂ।"

ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੌ ਅਪਨੇ ਹੀ ਮਨ ਕੌ, ਇਹ ਲਾਲਚ ਹਉ ਗੁਨ ਤਉ ਉਚਰੋ॥
ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥
(ਗੁਰ ਬਿਲਾਸ ਪਾ: ੧੦)

ਕਈ ਲੋਕਾਂ ਦਾ ਖ਼ਿਆਲ ਹੈ ਕਿ ਸ਼ਸਤ੍ਰ ਦੀ ਵਰਤੋਂ ਸੇਵਾਦਾਰ ਨਹੀਂ ਕਰ ਸਕਦੇ ਪਰ ਇਹ ਖ਼ਿਆਲ ਨਿਰਮੂਲ ਹੈ। ਕੀ ਹਸਪਤਾਲ ਵਿਚ ਦੁਖੀ ਤੜਫਦਿਆਂ ਦੀ ਸੇਵਾ ਕਰਨ ਵਾਲਾ ਸਰਜਨ ਸ਼ਸਤ੍ਰ ਨਹੀਂ ਵਰਤਦਾ ਤੇ ਚੀਰ-ਫਾੜ ਨਹੀਂ ਕਰਦਾ, ਕੀ ਮਲੇਰੀਏ ਤੋਂ ਜਨਤਾ ਨੂੰ ਬਚਾਉਣ ਲਈ ਮੱਛਰਾਂ ਨੂੰ ਨਹੀਂ ਮਾਰਿਆ ਜਾਂਦਾ, ਕੀ ਹਲਕੇ ਕੁੱਤੇ, ਜ਼ਹਿਰੀ ਨਾਗ ਤੇ ਬਿੱਛੂ ਨੂੰ ਮਾਰਨਾ ਮਖ਼ਲੂਕ ਦੀ ਸੇਵਾ ਨਹੀਂ, ਜੇ ਹੈ ਤਾਂ ਉਸੇ ਤਰ੍ਹਾਂ ਹੀ ਲੋਭੀ, ਅਭਿਮਾਨੀ, ਜ਼ਾਲਮ ਤੇ ਜਾਬਰ ਜਰਵਾਣਿਆਂ ਨੂੰ ਤੇਗ਼ ਨਾਲ ਜ਼ੇਰ ਕਰ ਦੁਖੀ ਜਨਤਾ ਨੂੰ ਮਾਣ ਦੇਣਾ ਇਕ ਮਹਾਨ ਸੇਵਾ ਹੈ।

ਇਸ ਲਈ ਸੇਵਾ ਜਿਥੇ ਲੰਗਰ ਵਿਚ ਕੜਛੀ ਤੇ ਪਾਠਸ਼ਾਲਾ ਵਿਚ ਕਾਨੀ ਨਾਲ ਕੀਤੀ ਜਾ ਸਕਦੀ ਹੈ, ਇਸੇ ਤਰ੍ਹਾਂ ‘ਸੇਵਕ ਰਾਜ' ਕਾਇਮ ਕਰਨ ਹਿਤ ਰਣ ਵਿਚ ਤਲਵਾਰ ਨਾਲ ਵੀ ਹੋ ਸਕਦੀ ਹੈ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ