Sewadar (Story in Punjabi) : Ram Lal

ਸੇਵਾਦਾਰ (ਕਹਾਣੀ) : ਰਾਮ ਲਾਲ

ਗੱਡੀ ਵਿਚ ਮੇਰੇ ਬੂਟ ਚੋਰੀ ਹੋ ਗਏ ਸਨ...ਮੇਰੇ ਕੋਲ ਸੀ ਵੀ ਉਹੀ ਇਕ ਜੋੜਾ। ਉਸ ਦਿਨ ਮੈਂ ਨੌਕਰੀ ਪ੍ਰਾਪਤ ਕਰਨ ਲਈ ਦਿੱਲੀ ਗਿਆ ਸਾਂ। ਬੂਟ ਚੁੱਕੇ ਜਾਣ ਪਿੱਛੋਂ ਮੇਰੇ ਕੋਲ ਸਿਰ ਦੀ ਪੱਗ, ਤਨ ਦੇ ਕੱਪੜੇ, ਇਕ ਸਾਧਾਰਨ ਜਿਹਾ ਬਿਸਤਰਾ, ਬੈਗ ਵਿਚ ਪਏ ਕੱਪੜਿਆਂ ਦੇ ਦੋ ਜੋੜੇ ਤੇ ਅੰਬਾਲੇ ਤੋਂ ਦਿੱਲੀ ਤਕ ਦੇ ਤੀਜੇ ਦਰਜੇ ਦੇ ਟਿਕਟ ਦੇ ਇਲਾਵਾ ਸਿਰਫ ਦਸ ਰੁਪਏ ਅੱਸੀ ਨਵੇਂ ਪੈਸੇ ਹੀ ਰਹਿ ਗਏ ਸਨ। ਉਦੋਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਬੂਟਾਂ ਦੀ ਚੋਰੀ ਦੇ ਨਾਲ-ਨਾਲ ਮੈਂ ਅਤਿ ਮੁਸ਼ਕਲ ਨਾਲ ਪ੍ਰਾਪਤ ਹੋਈ ਨੌਕਰੀ ਤੋਂ ਵੀ ਹੱਥ ਧੋ ਬੈਠਾ ਹਾਂ। ਡੱਬੇ ਵਿਚ ਬੈਠੇ ਮੁਸਾਫਿਰਾਂ ਵਿਚੋਂ ਕਿਸੇ ਨੇ ਮੇਰੇ ਉੱਤੇ ਵਿਅੰਗ ਵੀ ਕੀਤਾ ਸੀ—“ਸਰਦਾਰ ਜੀ, ਘਰੋਂ ਬੂਟ ਪਾ ਕੇ ਆਏ ਸੀ ਨਾ?”
ਇਹ ਸੁਣ ਕੇ ਸਾਰੇ ਹੱਸ ਪਏ ਸਨ ਮੇਰੇ ਦਿਲ ਵਿਚ ਆਇਆ ਸੀ, ਪਲਟ ਕੇ ਇਕ ਇਕ ਦੀ ਸੰਘੀ ਘੁੱਟ ਦਿਆਂ—ਪਰ ਮੈਂ ਇਕ ਹੱਥ ਵਿਚ ਬਿਸਤਰਾ ਤੇ ਦੂਜੇ ਵਿਚ ਬੈਗ ਚੁੱਕੀ ਗੱਡੀ ਵਿਚੋਂ ਉਤਰ ਗਿਆ ਸਾਂ।
ਦਸ ਰੁਪਏ ਅੱਸੀ ਪੈਸਿਆਂ 'ਚੋਂ ਮੈਂ ਨਵੇਂ ਬੂਟ ਵੀ ਨਹੀਂ ਖਰੀਦ ਸਕਦਾ ਸਾਂ ਕਿਉਂਕਿ ਕੁਝ ਦਿਨ ਦਿੱਲੀ ਵਿਚ ਵੀ ਰਹਿਣਾ ਸੀ। ਮੈਂ ਪੈਂਟ ਨੂੰ ਕੁਝ ਹੋਰ ਹੇਠਾਂ ਖਿਸਕਾਇਆ ਤਾਂਕਿ ਨੰਗੇ ਪੈਰ ਕੁਝ ਹੋਰ ਲੁਕ ਜਾਣ। ਜਦੋਂ ਮੈਂ ਪਲੇਟਫਾਰਮ ਉੱਤੇ ਤੁਰ ਰਿਹਾ ਸਾਂ, ਲੋਕਾਂ ਦੀਆਂ ਨਜ਼ਰਾਂ ਵਾਰੀ ਵਾਰੀ ਮੇਰੇ ਪੈਰਾਂ ਵੱਲ ਚਲੀਆਂ ਜਾਂਦੀਆਂ ਸਨ ਜਿਵੇਂ ਇਸ ਤੋਂ ਪਹਿਲਾਂ ਕਦੀ ਉਹਨਾਂ ਨੇ ਕਿਸੇ ਨੂੰ ਨੰਗੇ ਪੈਰ ਤੁਰਦਿਆਂ ਨਾ ਦੇਖਿਆ ਹੋਏ। ਮੇਰੀਆਂ ਨਜ਼ਰਾਂ ਵੀ ਬਦੋਬਦੀ ਲੋਕਾਂ ਦੇ ਪੈਰਾਂ ਵਲ ਚਲੀਆਂ ਜਾਂਦੀਆਂ ਸਨ ਤੇ ਇਹੀ ਖ਼ਿਆਲ ਆਉਂਦਾ ਸੀ ਕਿ ਕਿੰਨੇ ਖੁਸ਼ਨਸੀਬ ਨੇ ਇਹ ਲੋਕ, ਮੇਰੇ ਵਾਂਗ ਨੰਗੇ ਪੈਰੀਂ ਨਹੀਂ ਘੁੰਮ ਰਹੇ।
ਸਟੇਸ਼ਨ ਦੀ ਇਮਾਰਤ ਵਿਚੋਂ ਬਾਹਰ ਨਿਕਲ ਕੇ ਖਾਸੀ ਦੇਰ ਫੁਟਪਾਥ ਉੱਤੇ ਖੜ੍ਹਾ ਮੈਂ ਇਹੋ ਸੋਚਦਾ ਰਿਹਾ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਟਾਂਗਿਆਂ, ਰਿਕਸ਼ਿਆਂ ਵਾਲੇ ਤੇ ਕੁਲੀ ਮੈਨੂੰ ਤੇ ਮੇਰੇ ਸਾਮਾਨ ਨੂੰ ਪਹੁੰਚਾ ਆਉਣ ਦੀ ਪੇਸ਼ਕਸ਼ ਕਰ-ਕਰ ਕੇ ਹਾਰ ਗਏ—ਸਮਝੇ ਹੋਣਗੇ, ਮੈਂ ਕਿਤੇ ਜਾਣਾ-ਜੂਣਾ ਨਹੀਂ। ਮੈਂ ਟਾਂਗਾ ਸਟੈਂਡ ਦੀ ਕੰਧ ਨਾਲ ਢੋਅ ਲਾ ਕੇ ਖੜ੍ਹਾ ਸੋਚ ਰਿਹਾ ਸਾਂ—'ਹੁਣ ਮੈਂ ਕਿੱਥੇ ਜਾਵਾਂ ਤੇ ਕੀ ਕਰਾਂ!!'
ਦਸ ਵਜੇ ਮੈਂ ਫਾਊਂਟੈਨ ਪੈਨ ਬਣਾਉਣ ਵਾਲੀ ਫੈਕਟਰੀ ਵਿਚ ਪਹੁੰਚਣਾ ਸੀ। ਇਸ ਸਮੇਂ ਅੱਠ ਵੱਜੇ ਸਨ। ਮੈਟ੍ਰਿਕ ਪਾਸ ਕਰਨ ਪਿੱਛੋਂ, ਪੂਰੇ ਦੋ ਸਾਲ, ਮੈਂ ਨੌਕਰੀ ਲਈ ਹੱਥ ਪੈਰ ਮਾਰਦਾ ਰਿਹਾ ਸਾਂ। ਕਿਸ ਕਿਸ ਦਾ ਦਰਵਾਜ਼ਾ ਨਹੀਂ ਸੀ ਖੜਕਾਇਆ ਤੇ ਕਿਸ ਕਿਸ ਦੀ ਸਿਫਾਰਸ਼ ਲੁਆਉਣ ਵਾਸਤੇ ਮਿੰਨਤਾਂ-ਖੁਸ਼ਾਮਦਾਂ ਨਹੀਂ ਸੀ ਕੀਤੀਆਂ। ਕਈ ਵਾਰੀ ਇੰਜ ਵੀ ਹੋਇਆ ਸੀ ਕਿ ਸਭ ਪਾਸਿਓਂ ਨਿਰਾਸ਼ ਹੋ ਕੇ ਮੈਂ ਜ਼ਿੰਦਗੀ ਤੋਂ ਵੀ ਨਿਰਾਸ਼ ਹੋ ਗਿਆ ਸਾਂ। ਪਰ ਫਾਊਂਟੈਨ ਪੈਨ ਬਣਾਉਣ ਵਾਲੀ ਕੰਪਨੀ ਨੇ ਅਚਾਨਕ ਮੈਨੂੰ ਨੌਕਰੀ ਦਾ ਸੱਦਾ ਭੇਜ ਕੇ ਮੁੜ ਜਿਊਂਦੇ ਰਹਿਣ ਦੀ ਪੇਸ਼ਕਸ਼ ਕਰ ਦਿੱਤੀ ਸੀ।
ਅੰਬਾਲੇ ਤੋਂ ਤੁਰਨ ਲੱਗਿਆਂ ਮੈਂ ਸੋਚਾਂ-ਸੋਚਾਂ ਵਿਚ ਹੀ ਆਪਣੇ ਆਪ ਨੂੰ ਸ਼ਹਿਰ-ਸ਼ਹਿਰ ਘੁੰਮਣ ਵਾਲੇ ਇਕ ਕਾਮਯਾਬ ਸੇਲਜ਼-ਮੈਨ ਦੇ ਰੂਪ ਵਿਚ ਦੇਖਦਾ ਰਿਹਾ ਸਾਂ। ਮੇਰੇ ਹੱਥ ਵਿਚ ਇਕ ਜਰਮਨੀ ਬੈਗ ਹੋਏਗਾ, ਜਿਸ ਵਿਚ ਕਈ ਕਿਸਮਾਂ ਦੇ ਪੈਨ ਤੇ ਆਰਡਰ ਬੁੱਕ ਹੋਏਗੀ...ਆਪਣੀ ਪਸੰਦ ਦਾ ਸੂਟ, ਟਾਈ ਤੇ ਪਟਿਆਲਾ ਸ਼ਾਹੀ ਪੱਗ ਵੱਝੀ ਹੋਇਆ ਕਰੇਗੀ...ਭੂਰੀ ਦਾੜ੍ਹੀ ਤੇ ਮੁੱਛਾਂ ਖੁਸ਼ਬੂਦਾਰ ਫਿਕਸੋ ਨਾਲ ਸੈਟ ਕੀਤੀਆਂ ਹੋਣਗੀਆਂ ਤੇ ਪੈਰਾਂ ਵਿਚ ਨਵੇਂ, ਕੀਮਤੀ ਬੂਟ ਹੋਇਆ ਕਰਨਗੇ। ਪਰ ਹੁਣ ਇਹ ਸੋਚ ਕੇ ਮੇਰੇ ਦਿਲ ਨੂੰ ਡੋਬ ਪੈ ਰਹੇ ਸਨ ਕਿ ਮੰਜ਼ਿਲ ਦੇ ਐਨ ਨੇੜੇ ਪਹੁੰਚ ਕੇ ਮੈਂ ਆਪਣੇ ਬੂਟਾਂ ਤੋਂ ਵੀ ਹੱਥ ਧੋ ਬੈਠਾ ਹਾਂ।
ਮੇਰੀਆਂ ਮਨ ਪਸੰਦ ਵਸਤਾਂ ਵਿਚ ਚੰਗੇ-ਚੰਗੇ ਕੱਪੜਿਆਂ ਦੇ ਨਾਲ-ਨਾਲ, ਬੂਟਾਂ ਦੀ ਵੀ ਵਿਸ਼ੇਸ਼ ਮਹੱਤਤਾ ਰਹੀ ਹੈ। ਬੂਟਾਂ ਨੂੰ ਲਿਸ਼ਕਾ ਕੇ ਰੱਖਣ ਦੀ ਸਨਕ ਰਹੀ ਹੈ ਮੈਨੂੰ। ਲੋਕ ਕਿਸੇ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਣ ਤੋਂ ਪਹਿਲਾਂ ਉਸਦੇ ਬੂਟਾਂ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੁੰਦੇ ਨੇ। ਮੈਂ ਵੀ ਆਪਣੀ ਸ਼ਖ਼ਸੀਅਤ ਨੂੰ ਉਦੋਂ ਹੀ ਪ੍ਰਭਾਵਸ਼ਾਲੀ ਤੇ ਖਿੱਚ ਭਰਪੂਰ ਸਮਝਦਾ ਹਾਂ, ਜਦੋਂ ਮੇਰੇ ਪੈਰਾਂ ਵਿਚ ਲਿਸ਼-ਲਿਸ਼ ਕਰਦੇ ਬੂਟ ਹੁੰਦੇ ਨੇ। ਉਦੋਂ ਤਾਂ ਮੈਂ ਉਸ ਆਦਮੀ ਦੇ ਸਾਹਮਣਿਓਂ ਵੀ, ਜਿਸਦੇ ਠਾਠ-ਬਾਠ ਨਾਲ ਮੈਨੂੰ ਈਰਖਾ ਹੁੰਦੀ ਹੈ, ਜਬਾੜੇ ਕਸ ਕੇ ਤੇ ਧੌਣ ਅਕੜਾਈ, ਟੇਢਾ ਜਿਹਾ ਝਾਕ ਕੇ ਲੰਘ ਜਾਂਦਾ ਹਾਂ ਜਿਵੇਂ ਮੈਂ ਉਸ ਇਕੋ ਪਲ ਵਿਚ ਉਸਦੀ ਸਾਰੀ ਸ਼ਖ਼ਸੀਅਤ ਆਪਣੇ ਬੂਟਾਂ ਹੇਠ ਮਸਲ ਦਿੱਤੀ ਹੋਏ।
ਪਰ ਉਸ ਵੇਲੇ ਤਾਂ ਮੈਂ ਰੇਲਵੇ ਸਟੇਸ਼ਨ ਦੇ ਬਾਹਰ ਤਾਂਗਾ ਸਟੈਂਡ ਦੀ ਕੰਧ ਨਾਲ ਢੋਅ ਲਾ ਕੇ ਖੜ੍ਹਾ ਆਪਣੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਦਿਲਕਸ਼ੀ ਗੰਵਾਅ ਕੇ ਉਦਾਸੀ ਤੇ ਨਿਰਾਸ਼ਾ ਦੀ ਸਾਕਾਰ ਮੂਰਤ ਬਣਿਆ, ਇਹ ਸੋਚ ਰਿਹਾ ਸਾਂ ਕਿ ਇਸ ਦਿੱਲੀ ਵਰਗੇ ਮਹਾ ਨਗਰ ਵਿਚ ਕਿਸ ਕੋਲ ਮਦਦ ਲਈ ਜਾਵਾਂ! ਕਿਸ ਦੇ ਸਾਹਮਣੇ ਹੱਥ ਫੈਲਾਵਾਂ?
ਕਾਫੀ ਸੋਚ ਸੋਚ ਕੇ ਮੈਂ ਕਿਸੇ ਗੁਰਦੁਆਰੇ ਵਿਚ ਜਾਣ ਦਾ ਫੈਸਲਾ ਕਰ ਲਿਆ—ਉੱਥੇ ਮੈਂ ਕਿਸੇ ਹੋਰ ਦੇ ਬੂਟ ਚੋਰੀ ਕਰਨ ਦੀ ਨੀਅਤ ਨਾਲ ਨਹੀਂ ਸਾਂ ਜਾਣਾ ਚਾਹੁੰਦਾ। ਬੜੀ ਦੁਖਦਾਈ ਤੇ ਭੀੜ ਭਰੀ ਘੜੀ ਵਿਚ ਮੇਰੇ ਦਿਲ ਵਿਚ ਇਹ ਵਿਚਾਰ ਆਇਆ ਸੀ ਕਿ ਉੱਥੇ ਜਾ ਕੇ ਮੈਂ ਇਸ਼ਨਾਨ ਕਰਾਂਗਾ, ਗਰੰਥੀ ਕੋਲ ਆਪਣਾ ਸਾਮਾਨ ਰੱਖਾਂਗਾ, ਗੁਰੂ ਗਰੰਥ ਸਾਹਬ ਦੀ ਬਾਣੀ ਦਾ ਪਾਠ ਕਰਾਂਗਾ, ਫੇਰ ਡੇਢ ਦੋ ਰੁਪਏ ਦੀ ਕੋਈ ਸਸਤੀ ਜਿਹੀ ਚੱਪਲ ਖਰੀਦ ਕੇ, ਦਿਲ ਵਿਚ ਗੁਰੂ ਸਾਹਿਬ ਦਾ ਧਿਆਨ ਧਰ ਕੇ ਆਪਣੀ ਪਹਿਲੀ ਨੌਕਰੀ ਹਾਸਿਲ ਕਰਨ ਲਈ ਪਹਾੜ ਗੰਜ ਵਲ ਤੁਰ ਜਾਵਾਂਗਾ।
ਅਖ਼ੀਰ ਇਹ ਸੋਚ ਕੇ ਮੈਂ ਨੰਗੇ ਪੈਰੀਂ ਸ਼ੀਸ਼ ਗੰਜ ਵਲ ਤੁਰ ਪਿਆ। ਕੋਈ ਕੰਮ ਸੱਚੇ ਦਿਲ ਨਾਲ ਸ਼ੁਰੂ ਕੀਤਾ ਜਾਏ ਤਾਂ ਉਹ ਜ਼ਰੂਰ ਪੂਰਾ ਹੁੰਦਾ ਹੈ—ਉਸ ਦਿਨ ਮੇਰਾ ਇਹ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਸੀ, ਜਦੋਂ ਸ਼ੀਸ਼ ਗੰਜ ਦੇ ਸਾਹਮਣੇ ਪਹੁੰਚਿਆਂ ਹੀ ਮੇਰਾ ਸਾਹਮਣਾ ਸਰਦਾਰ ਮੱਖਣ ਸਿੰਘ ਨਾਲ ਹੋ ਗਿਆ ਸੀ।
ਮੱਖਣ ਸਿੰਘ ਮੇਰੇ ਪਿਤਾ ਦਾ ਪੁਰਾਣ ਦੋਸਤ ਸੀ। ਬੜਾ ਹੀ ਅਜੀਬ ਇਨਸਾਨ ਸੀ ਉਹ। ਹਮੇਸ਼ਾ ਕਰਜਾਈ ਰਹਿਣ ਵਾਲਾ ਬੰਦਾ। ਕਦੀ ਕੋਈ ਕੰਮ ਨਾ ਕਰਨ ਵਾਲਾ; ਦੂਜਿਆਂ ਦੀਆਂ ਰੋਟੀਆਂ ਤੋੜਨ ਵਾਲਾ। ਉਸਨੇ ਭੂਰੀ ਤੇ ਚਿੱਟੀ ਦਾੜ੍ਹੀ ਦੀ ਗੁੱਟੀ ਜਿਹੀ ਕਰਕੇ ਠੋਡੀ ਹੇਠ ਟੁੰਗੀ ਹੋਈ ਸੀ। ਉਸਦੇ ਚਿਹਰੇ ਉੱਤੇ ਹਮੇਸ਼ਾ ਖਰਰ-ਖਰਰ ਕਰਦਾ ਰਹਿਣ ਵਾਲਾ ਉਸਦਾ ਲੰਮਾ ਨੱਕ ਸਾਰੇ ਜਿਸਮ ਨਾਲੋਂ ਵੱਖਰਾ ਹੀ ਦਿਸਦਾ ਸੀ। ਨੱਕ ਨੂੰ ਉਹ ਸਿਰਫ ਉਦੋਂ ਹੀ ਸਾਫ ਕਰਦਾ ਸੀ, ਜਦੋਂ ਉਸ ਕਰਕੇ ਗੱਲ ਕਰਨੀ ਮੁਸ਼ਕਿਲ ਹੋ ਜਾਂਦੀ ਸੀ। ਪਰ ਇਕ ਮੁੱਦਤ ਬਾਅਦ ਉਸਨੂੰ ਦਿੱਲੀ ਵਿਚ ਦੇਖ ਕੇ ਮੇਰੇ ਓਦਰੇ ਹੋਏ ਮਨ ਨੂੰ ਬੜੀ ਤਸੱਲੀ ਹੋਈ। ਮੈਨੂੰ ਦੇਖ ਕੇ ਉਸਨੇ ਵੀ ਖੁਸ਼ੀ ਪਰਗਟ ਕੀਤੀ ਸੀ ਤੇ ਅੱਗੇ ਵਧ ਕੇ ਮੈਨੂੰ ਗਲ਼ ਲਾ ਕੇ ਬੋਲਿਆ ਸੀ, “ਓਇ ਸੋਹਣ ਸਿਆਂ, ਤੇਰੇ ਕੀ ਹਾਲ ਚਾਲ ਨੇ ਬਈ? ਬਾਪੂ ਕਿੱਥੇ ਹੁੰਦਾ ਏ ਤੇਰਾ? ਕੀ ਕਰਦਾ ਹੁੰਦਾ ਏ ਅੱਜ ਕਲ੍ਹ?”
ਮੈਂ ਉਸਨੂੰ ਦੱਸਿਆ, “ਉਹ ਟਰੱਕਾਂ ਦੀਆਂ ਬਾਡੀਆਂ ਬਣਾਉਣ ਵਾਲਿਆਂ ਦੇ ਮਿਸਤਰੀ ਲੱਗਿਆ ਹੋਇਆ ਏ। ਨੱਬੇ ਰੁਪਏ ਤਨਖ਼ਾਹ ਮਿਲਦੀ ਏ ਤੇ ਵਾਰ-ਤਿਉਹਾਰ ਦੀ ਮਠਿਆਈ ਤੇ ਬਖ਼ਸ਼ੀਸ਼ ਵੱਖਰੀ।”
ਇਹ ਸੁਣ ਕੇ ਉਹ ਖੁਸ਼ ਹੋ ਗਿਆ—“ਹਲਾ! ਫੇਰ ਤਾਂ ਉਹ ਬੜਾ ਖੁਸ਼ ਕਿਸਮਤ ਏ।” ਹਮਦਰਦੀ ਵੀ ਦਿਖਾਈ, “ਅੱਛਾ ਹੈ, ਅੱਛਾ ਹੈ—ਵਿਚਾਰੇ ਦੇ ਛੇ ਨਿਆਣੇ ਨੇ। ਛੇ ਈ ਓ ਨਾ? ਜਾਂ ਕੋਈ ਹੋਰ ਵੀ ਹੋਇਆ ਸੀ ਪਿੱਛੋਂ?”
“ਜੀ ਹੁਣ ਤਾਂ ਅਸੀਂ ਅੱਠ ਭੈਣ-ਭਰਾ ਆਂ।” ਮੈਂ ਪੈਰਾਂ ਹੇਠਲੀ ਧਰਤੀ ਦੀ ਠੰਡਕ ਮਹਿਸੂਸ ਕਰਦਿਆਂ ਹੋਇਆਂ ਜਵਾਬ ਦਿੱਤਾ।
ਅਚਾਨਕ ਉਸਨੇ ਮੇਰੇ ਨੰਗੇ ਪੈਰ ਦੇਖ ਲਏ ਤੇ ਹੈਰਾਨ ਹੋ ਕੇ ਪੁੱਛਿਆ, “ਓਇ ਤੇਰੇ ਬੂਟ ਕਿੱਥੇ ਨੇ! ਅੰਬਾਲੇ ਤੋਂ ਨੰਗੇ ਪੈਰੀਂ ਹੀ ਆਇਆ ਏਂ?”
“ਨਹੀਂ ਜੀ—ਦਰਅਸਲ ਗੱਲ ਇਹ ਈ ਕਿ—” ਤੇ ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ, ਜਿਸਨੂੰ ਸੁਣ ਕੇ ਉਹ ਪਹਿਲਾਂ ਤਾਂ ਹੱਸਿਆ ਪਰ ਫੇਰ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਕਹਿਣ ਲੱਗਾ...:
“ਘਬਰਾ ਨਾ, ਕੋਈ ਗੱਲ ਨਹੀਂ। ਚੱਲ, ਮੇਰੇ ਨਾਲ ਚੱਲ—ਬੂਟਾਂ ਵਾਲੀ ਇਕ ਦੁਕਾਨ ਉੱਤੇ ਆਪਣਾ ਇਕ ਯਾਰ ਲੱਗਿਆ ਹੋਇਆ ਏ। ਉਹ ਉਧਾਰ ਦੇ ਦਏਗਾ—ਤੇਰੀ ਨੌਕਰੀ ਤਾਂ ਲੱਗ ਗਈ ਏ ਨਾ? ਤਨਖ਼ਾਹ ਮਿਲਦਿਆਂ ਹੀ ਤੂੰ ਉਸਨੂੰ ਪੈਸੇ ਦੇ ਦੇਈਂ।”
ਮੱਖਣ ਸਿੰਘ ਪਹਿਲਾਂ ਮੇਰੇ ਉੱਤੇ ਪੱਕਾ ਭਰੋਸਾ ਕਰ ਲੈਣਾ ਚਾਹੁੰਦਾ ਸੀ। ਮੈਂ ਕਿਹਾ—“ਹਾਂ ਚਾਚਾ ਜੀ। ਤਨਖ਼ਾਹ ਮਿਲਦਿਆਂ ਹੀ ਉਸਦਾ ਕਰਜਾ ਲਾਹ ਦਿਆਂਗਾ।”
ਉਹ ਕੁਝ ਸੋਚ ਕੇ ਬੋਲਿਆ, “ਹੋ ਸਕਦਾ ਏ ਉਹ ਕੁਝ ਵੱਧ ਵੀ ਲਏ—ਉਧਾਰ ਦਾ ਮਾਮਲਾ ਜੋ ਹੋਇਆ। ਤੇ ਹੋ ਸਕਦਾ ਏ, ਤੈਨੂੰ ਆਪਣਾ ਇਹ ਸਾਮਾਨ ਵੀ ਉੱਥੇ ਹੀ ਰੱਖਣਾ ਪੈ ਜਾਏ।”
ਮੈਨੂੰ ਹਰ ਸ਼ਰਤ ਮੰਜ਼ੂਰ ਸੀ—ਮੈਂ ਆਪਣੇ ਪੈਰਾਂ ਵਿਚ ਫੌਰਨ ਖੂਬਸੂਰਤ ਬੂਟ ਦੇਖਣੇ ਚਾਹੁੰਦਾ ਸਾਂ। ਉਸ ਵੇਲੇ ਧਾਰੀਦਾਰ ਪਾਜਾਮੇ, ਮੈਲੀ ਖਾਕੀ ਕਮੀਜ਼ ਤੇ ਢਿੱਲੀ ਜਿਹੀ ਪੱਗ ਵਾਲਾ ਮੱਖਣ ਸਿੰਘ ਮੈਨੂੰ ਦੇਵਤਾ-ਸਮਾਨ ਹੀ ਲੱਗਿਆ ਸੀ। ਜਿਵੇਂ ਉਸਨੇ ਮੈਨੂੰ ਨਵੇਂ ਬੂਟ ਲੈ ਕੇ ਦੇਣ ਲਈ ਹੀ ਅਵਤਾਰ ਧਾਰਿਆ ਹੋਏ। ਦਿਲ ਕਰਦਾ ਸੀ ਉਸਦੇ ਪੈਰਾਂ ਉਪਰ ਸਿਰ ਰੱਖ ਦਿਆਂ।
ਉਹ ਮੈਨੂੰ ਉਸੇ ਵੇਲੇ ਬੂਟਾਂ ਵਾਲੀ ਦੁਕਾਨ ਉੱਤੇ ਲੈ ਗਿਆ। ਉੱਥੇ ਉਸਦਾ ਜਾਣਕਾਰ ਮੁਲਾਜ਼ਮ ਮਿੱਤਰ ਵੀ ਮੌਜ਼ੂਦ ਸੀ। ਮੱਖਣ ਸਿੰਘ ਨੇ ਪਹਿਲਾਂ ਹੀ ਉਸਨੂੰ ਉਧਾਰ ਵਾਲੀ ਗੱਲ ਦੱਸ ਦਿੱਤੀ—ਨਾਲ ਹੀ ਗਹਿਣੇ ਰੱਖਣ ਲਈ ਮੇਰਾ ਬਿਸਤਰਾ, ਜਿਸ ਵਿਚ ਇਕ ਕੰਬਲ ਵੀ ਸੀ, ਤੇ ਮੇਰਾ ਕੱਪੜਿਆਂ ਵਾਲਾ ਬੈਗ ਵੀ ਦਿਖਾ ਦਿੱਤਾ। ਉਹ ਮੈਨੂੰ ਬੂਟ ਉਧਾਰ ਦੇਣ ਲਈ ਤਿਆਰ ਤਾਂ ਹੋ ਗਿਆ ਪਰ ਅਜੇ ਬੋਹਨੀ ਨਾ ਹੋਈ ਹੋਣ ਕਰਕੇ ਮੈਨੂੰ ਇਕ ਘੰਟਾ ਉਡੀਕ ਕਰਨੀ ਪਈ। ਜਦੋਂ ਇਕ ਗਾਹਕ ਨਕਦ ਪੈਸੇ ਦੇ ਕੇ ਬੂਟ ਲੈ ਗਿਆ ਤਾਂ ਬੂਟ ਦਿੱਤੇ ਗਏ। ਉਹ ਇਕ ਘੰਟਾ ਬੜੀ ਔਖ ਨਾਲ ਬੀਤਿਆ ਸੀ—ਜਿਵੇਂ ਕਿਸੇ ਨੂੰ ਅਦਾਲਤ ਬੰਦ ਹੋਣ ਤਕ ਇਕ ਪਾਸੇ ਬੈਠੇ ਰਹਿਣ ਦੀ ਸਜ਼ਾ ਦਿੱਤੀ ਗਈ ਹੋਏ। ਪੈਰਾਂ ਵਿਚ ਨਵੇਂ ਬੂਟ ਪਾਉਂਦਿਆਂ ਹੀ ਮੈਨੂੰ ਆਪਣੀ ਸ਼ਖ਼ਸੀਅਤ ਮੁੜ ਬਹਾਲ ਹੁੰਦੀ ਜਾਪੀ, ਪਰ ਉਹ ਹੰਭੀ-ਹੁੱਟੀ, ਉਦਾਸ-ਉਦਾਸ ਤੇ ਜ਼ਖ਼ਮੀ ਜਿਹੀ ਸੀ।
ਮੇਰੇ ਫੈਕਟਰੀ ਵਿਚ ਪਹੁੰਚਣ ਦਾ ਸਮਾਂ ਹੋ ਚੁੱਕਿਆ ਸੀ। ਮੈਂ ਮੱਖਣ ਸਿੰਘ ਤੋਂ ਆਗਿਆ ਲੈਣੀ ਚਾਹੀ ਤਾਂ ਉਸਨੇ ਮੇਰੇ ਗਲ਼ ਵਿਚ ਬਾਹਾਂ ਪਾ ਕੇ ਕਿਹਾ—“ਪੁੱਤਰ, ਸ਼ਾਮੀ ਸਿੱਧਾ ਘਰ ਆ ਜਾਵੀਂ। ਖਾਣਾ ਉੱਥੇ ਹੀ ਖਾਵੀਂ। ਰਹੀਂ ਵੀ ਉੱਥੇ ਹੀ। ਤੇਰਾ ਆਪਣਾ ਘਰ ਏ—ਆ ਜਾਏਂਗਾ ਨਾ!”
ਉਦੋਂ ਮੇਰਾ ਧਿਆਨ ਨਵੇਂ ਬੂਟਾਂ ਵਲ ਸੀ। ਮੇਰਾ ਦਿਲ ਭਾਵੁਕਤਾ ਵਸ ਪਹਿਲਾਂ ਹੀ ਭਰਿਆ ਹੋਇਆ ਸੀ, ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਸਿੱਜਲ ਹੋ ਗਈਆਂ। ਮੈਂ ਬੜੀ ਮੁਸ਼ਕਿਲ ਨਾਲ ਕਿਹਾ—“ਜ਼ਰੂਰ ਆਵਾਂਗਾ ਚਾਚਾ ਜੀ। ਪਰ ਤੁਹਾਡੇ ਘਰ ਦਾ ਪਤਾ—?”
ਉਸਨੇ ਹੱਥ ਦੇ ਇਸ਼ਾਰੇ ਨਾਲ ਇਕ ਸੜਕ ਦਿਖਾਈ—“ਅਹੁ ਜਿਹੜੀ ਸੜਕ ਜਾ ਰਹੀ ਏ ਨਾ? ਬਸ ਉਹ ਸਿੱਧੀ ਸਬਜ਼ੀ ਮੰਡੀ ਨੂੰ ਜਾਂਦੀ ਏ। ਸਬਜ਼ੀ ਮੰਡੀ ਵਿਚ ਘੰਟਾ ਘਰ ਦੇ ਸਾਹਮਣਿਓਂ ਦੋ ਗਲੀਆਂ ਪਾਟਦੀਆਂ ਨੇ—ਇਕ ਡਾਕਖਾਨੇ ਦੇ ਨਾ ਦੀ, ਤੇ ਦੂਜੀ ਦੇ ਸਿਰੇ ਉੱਤੇ ਇਕ ਕਬਾਈਏ ਦੀ ਦੁਕਾਨ ਏਂ। ਤੂੰ ਬਸ, ਕਬਾੜੀਏ ਵਾਲੀ ਗਲੀ ਵਿਚ ਹੋ ਲਵੀਂ—ਦਸ ਪੰਦਰਾਂ ਘਰ ਛੱਡ ਕੇ ਖੱਬੇ ਪਾਸੇ ਮੁੜ ਪਵੀਂ। ਉੱਥੇ ਇਕ ਪਾਸੇ ਕੁੜੀਆਂ ਦਾ ਸਕੂਲ ਏ ਤੇ ਦੂਜੇ ਪਾਸੇ ਡੇਰੀ ਫਾਰਮ। ਉਹ ਡੇਰੀ ਫਾਰਮ ਏ ਨਾ—”
ਮੈਂ ਘਬਰਾ ਕੇ ਉਸਨੂੰ ਟੋਕਿਆ—“ਚਾਚਾ ਜੀ, ਇੰਜ ਤਾਂ ਮੈਂ ਕਦੀ ਵੀ ਤੁਹਾਡੇ ਘਰ ਨਹੀਂ ਪਹੁੰਚ ਸਕਾਂਗਾ।”
ਉਸਨੇ ਕੁਝ ਪਲ ਸੋਚਿਆ, ਫੇਰ ਕਿਹਾ—“ਅੱਛਾ, ਤਾਂ ਫੇਰ ਮੈਂ ਆਪ ਈ ਤੈਨੂੰ ਸ਼ਾਮ ਨੂੰ ਇਸੇ ਦੁਕਾਨ ਤੋਂ ਲੈ ਜਾਵਾਂਗਾ। ਤੂੰ ਕਿੰਨੇ ਵਜੇ ਤਕ ਵਾਪਸ ਆ ਜਾਏਂਗਾ?”
ਮੈਂ ਕਿਹਾ—“ਪੰਜ ਵਜੇ ਤਕ ਜ਼ਰੂਰ ਆ ਜਾਵਾਂਗਾ, ਪਰ ਤੁਸੀਂ ਛੇ ਵਜੇ ਤਕ ਬਲਕਿ ਜਦੋਂ ਤਕ ਮੈਂ ਆ ਨਾ ਜਾਵਾਂ, ਮੇਰਾ ਇੰਤਜ਼ਾਰ ਜ਼ਰੂਰ ਕਰਨਾਂ। ਮੇਰਾ ਬਿਸਤਰਾ ਤੇ ਕੱਪੜੇ ਵੀ ਤਾਂ ਹੁਣ ਇਸੇ ਦੁਕਾਨ 'ਤੇ ਪਏ ਨੇ।”
“ਅੱਛਾ ਤੂੰ ਫਿਕਰ ਨਾ ਕਰ। ਮੈਂ ਰਾਤ ਤਕ ਤੇਰਾ ਇੰਤਜ਼ਾਰ ਕਰਾਂਗਾ। ਹੁਣ ਜਾਹ, ਨੱਸ ਕੇ ਜਾਹ—ਵਾਹਿਗੁਰੂ ਤੇਰਾ ਰਾਖਾ। ਸਤਸ੍ਰੀਆਕਾਲ।”
ਜਾਣ ਲਈ ਮੈਂ ਅਜੇ ਮੁੜਿਆ ਹੀ ਸਾਂ ਕਿ ਉਸਨੇ ਮੈਨੂੰ ਰੋਕ ਲਿਆ ਤੇ ਹੌਲੀ ਜਿਹੇ ਪੁੱਛਿਆ—“ਤੇਰੇ ਕੋਲ ਕੁਝ ਪੈਸੇ ਵੀ ਸੀ—ਮੇਰਾ ਮਤਲਬ ਏ ਤੂੰ ਸ਼ਾਮੀਂ ਆਵੇਂਗਾ ਤਾਂ ਤੇਰੇ ਲਈ ਮਹਾ-ਪਰਸ਼ਾਦ ਬਣਾ ਰੱਖਾਂਗਾ। ਅੱਜ ਕਲ੍ਹ ਆਪਣੀ ਹਾਲਤ ਜ਼ਰਾ ਪਤਲੀ ਏ—ਤੂੰ ਤਾਂ ਜਾਣਾ ਈ ਏਂ।
ਮੈਂ ਜੇਬ ਵਿਚੋਂ ਦਸ ਦਾ ਨੋਟ ਕੱਢਿਆ ਜਿਹੜਾ ਇਕ ਕਾਗਜ਼ ਦੀਆਂ ਕਈ ਤੈਹਾਂ ਵਿਚ ਲਪੇਟ ਕੇ ਰੱਖਿਆ ਹੋਇਆ ਸੀ ਤੇ ਕਿਹਾ—“ਮੇਰੇ ਕੋਲ ਇਸ ਦੇ ਇਲਾਵਾ ਸਿਰਫ ਅੱਸੀ ਨਵੇਂ ਪੈਸੇ ਹੋਰ ਨੇ।”
ਉਸਨੇ ਨੋਟ ਫੜ ਕੇ ਜੇਬ ਵਿਚ ਪਾ ਲਿਆ ਤੇ ਕਿਹਾ—“ਬਸ, ਦੋ ਤਿੰਨ ਰੁਪਏ ਹੀ ਖਰਚ ਕਰਾਂਗਾ। ਬਾਕੀ ਰੁਪਏ ਤੂੰ ਸ਼ਾਮ ਨੂੰ ਆ ਕੇ ਲੈ ਲਵੀਂ। ਅੱਛਾ ਹੁਣ ਜਾਹ, ਵਾਹਿਗੁਰੂ ਤੇਰਾ ਰਾਖਾ।”
ਕੰਪਨੀ ਦੇ ਦਫ਼ਤਰ ਵਿਚ ਜਾ ਕੇ ਮੈਨੂੰ ਇਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਏਜੰਸੀ ਲੈਣ ਵਾਸਤੇ ਦੋ ਸੌ ਰੁਪਏ ਬਤੌਰ ਜਮਾਨਤ ਜਮ੍ਹਾਂ ਕਰਵਾਉਣੇ ਜ਼ਰੂਰੀ ਸਨ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਅੰਬਾਲੇ ਤੋਂ ਹੀ ਪ੍ਰਬੰਧ ਕਰਕੇ ਤੁਰਦਾ। ਮੇਰੇ ਬਾਪੂ ਕੋਲ ਏਨੀ ਗੂੰਜਾਇਸ਼ ਨਹੀਂ ਸੀ ਕਿ ਮੇਰਾ ਖ਼ਤ ਮਿਲਦਿਆਂ ਹੀ ਉਹ ਰੁਪਏ ਭੇਜ ਦਏ। ਮੈਂ ਆਪ ਉੱਥੇ ਹੁੰਦਾ ਤਾਂ ਕੁਝ ਦੋਸਤਾਂ ਕੋਲੋਂ ਥੋੜ੍ਹਾ-ਥੋੜ੍ਹਾ ਮੰਗ ਕੇ ਵੀ ਇਹ ਰਕਮ ਇਕੱਠੀ ਕਰ ਲੈਂਦਾ। ਮੈਨੂੰ ਨੌਕਰੀ ਹੱਥੋਂ ਜਾਂਦੀ ਦਿਸੀ। ਮੈਂ ਸਿਰ ਸੁੱਟੀ ਉਸ ਦਫ਼ਤਰ ਵਿਚੋਂ ਬਾਹਰ ਨਿਕਲ ਆਇਆ।
ਏਡੀ ਵੱਡੀ ਰਕਮ ਲਈ ਤਾਂ ਮੱਖਣ ਸਿੰਘ ਵੀ ਮੇਰੀ ਮਦਦ ਨਹੀਂ ਕਰ ਸਕਦਾ—ਉਹ ਆਪ ਕੋਈ ਕੰਮ-ਧੰਦਾ ਨਹੀਂ ਕਰਦਾ, ਉਸਦੀ ਪਤਨੀ ਹੀ ਦਿਨ ਰਾਤ ਲੋਕਾਂ ਦੇ ਘਰੀਂ ਜਾ ਕੇ ਉਹਨਾਂ ਦੇ ਕੱਪੜੇ ਧੋਂਦੀ ਸੀ ਤੇ ਭਾਂਡੇ ਮਾਂਜਦੀ ਸੀ; ਆਂਢ-ਗੁਆਂਢ ਦੇ ਦਰਜੀਆਂ ਦੇ ਘਰੀਂ ਨਵੇਂ ਸਿਊਂਤੇ ਕੱਪੜਿਆਂ ਦੇ ਕਾਜ ਬਟਨ ਲਾਉਂਦੀ ਸੀ ਤਾਂ ਕਿਤੇ ਜਾ ਕੇ ਘਰ ਦਾ ਗੁਜਾਰਾ ਚੱਲਦਾ ਸੀ। ਜਦੋਂ ਉਹ ਅੰਬਾਲੇ ਵਿਚ ਸਨ, ਉਦੋਂ ਵੀ ਉਸ ਵਿਚਾਰੀ ਦਾ ਇਹੀ ਹਾਲ ਸੀ।
ਮੈਂ ਤੁਰਦਾ-ਤੁਰਦਾ ਉਸ ਬੂਟਾਂ ਵਾਲੀ ਦੁਕਾਨ ਉੱਤੇ ਜਾ ਪਹੁੰਚਿਆ। ਮੱਖਣ ਸਿੰਘ ਦਾ ਜਾਣਕਾਰ ਮੁਲਾਜ਼ਮ ਮਿੱਤਰ ਮੈਨੂੰ ਦੇਖਦਿਆਂ ਹੀ ਤ੍ਰਬਕ ਕੇ ਉਠ ਖੜ੍ਹਾ ਹੋਇਆ ਤੇ ਕਾਹਲ ਨਾਲ ਮੇਰੇ ਵਲ ਆਇਆ, ਫੇਰ ਮੇਰਾ ਹੱਥ ਫੜ ਕੇ ਸਖ਼ਤੀ ਨਾਲ ਬੋਲਿਆ—“ਇਹ ਬੂਟ ਲਾਹ ਦੇ ਸਰਦਾਰਾ...”
ਮੈਨੂੰ ਬੜੀ ਹੈਰਾਨੀ ਹੋਈ। ਸਮਝ ਵਿਚ ਨਹੀਂ ਸੀ ਆਇਆ ਕਿ ਉਸਨੇ ਏਡਾ ਕਰੜਾ ਹੁਕਮ ਕਿਉਂ ਦਿੱਤਾ ਹੈ! ਪਰ ਮੈਂ ਨਰਮੀ ਨਾਲ ਪੁੱਛਿਆ—“ਬੂਟ ਲਾਹ ਦਿਆਂ? ਕੀ ਮਤਲਬ?”
“ਮਤਲਬ!” ਉਸਨੇ ਆਪਣਾ ਬੁੱਲ੍ਹ ਟੁੱਕਦਿਆਂ ਹੋਇਆ ਕਿਹਾ, “ਹੁਣੇ ਦੱਸਦਾਂ ਮਤਲਬ ਵੀ—ਪਹਿਲਾਂ ਤੂੰ ਇਹ ਬੂਟ ਤਾਂ ਲਾਹ।”
ਦੁਕਾਨ ਦੀ ਗੱਦੀ ਉੱਤੇ ਬੈਠੇ ਹੋਏ ਸੇਠ ਨੇ, ਜਿਹੜਾ ਆਪਣੇ ਡੀਲਡੌਲ ਪੱਖੋਂ ਇਕ ਵੱਡੇ ਸਾਰੇ ਬੂਟ ਦਾ ਮਾਡਲ ਨਜ਼ਰ ਆਉਂਦਾ ਸੀ, ਨੱਕ ਦੀ ਨੋਕ ਉੱਤੇ ਖਿਸਕ ਆਈ ਐਨਕ ਵਿਚੋਂ ਮੇਰੇ ਵਲ ਘੂਰ ਕੇ ਦੇਖਦਿਆਂ ਹੋਇਆਂ ਆਪਣੇ ਮੁਲਾਜ਼ਮ ਨੂੰ ਕਿਹਾ—“ਤੂੰ ਸਿੱਧਾ ਪੁਲਿਸ ਨੂੰ ਕਿਉਂ ਨਹੀਂ ਬੁਲਾ ਲਿਆਉਂਦਾ—ਉਹ ਆ ਕੇ ਇਸਦਾ ਮਿਜਾਜ਼ ਹਰਾ ਕਰ ਦਏਗੀ ਆਪੇ।”
ਮੈਂ ਪੁਲਿਸ ਦਾ ਨਾਂ ਸੁਣ ਕੇ ਘਬਰਾ ਗਿਆ। ਇਕ ਕੁਰਸੀ ਉੱਤੇ ਬੈਠ ਕੇ ਬੂਟ ਲਾਹੁੰਦਿਆਂ ਹੋਇਆਂ ਬੜੀ ਨਿਮਰਤਾ ਨਾਲ ਕਿਹਾ—“ਰੱਬ ਦਾ ਵਾਸਤਾ ਈ, ਕੁਝ ਦੱਸੋ ਵੀ। ਆਖ਼ਰ ਗੱਲ ਕੀ ਏ? ਬੂਟ ਤਾਂ ਮੈਂ ਲਾਹ ਦੇਨਾਂ...ਅਹਿ ਲਓ, ਲਾਹ ਦਿੱਤੇ! ਪਰ ਮੈਨੂੰ ਅਸਲ ਗੱਲ ਵੀ ਦੱਸੋ?”
ਉਸਨੇ ਮੇਰੇ ਬੂਟ ਚੁੱਕ ਕੇ ਇਕ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝੇ। ਉਹਨਾਂ ਦੇ ਥੋੜ੍ਹੇ ਥੋੜ੍ਹੇ ਘਿਸੇ ਹੋਏ ਤਲਿਆਂ ਨੂੰ ਗੌਰ ਨਾਲ ਦੇਖਿਆ ਤੇ ਇਕ ਪਾਸੇ ਰੱਖਦਿਆਂ ਹੋਇਆਂ ਕਿਹਾ—“ਸਰਦਾਰਾ ਜੇ ਤੂੰ ਅੱਜ ਵਾਪਸ ਨਾ ਆਉਂਦਾ ਤਾਂ ਮੇਰੀ ਤਾਂ ਅੱਜ ਨੌਕਰੀ ਚਲੀ ਜਾਣੀ ਸੀ ਮੱਖਣ ਸਿੰਘ ਮੇਰੀ ਅੱਖ ਬਚਾ ਕੇ ਤੇਰਾ ਸਾਰਾ ਸਾਮਾਨ ਚੁੱਕ ਕੇ ਲੈ ਗਿਆ। ਮੈਨੂੰ ਉਸਦੇ ਘਰ ਦਾ ਵੀ ਪਤਾ ਨਹੀਂ ਵਰਨਾ, ਪੁਲਿਸ ਨੂੰ ਲਿਜਾਅ ਕੇ ਗਿਰਫਤਾਰ ਵੀ ਕਰਵਾ ਦਿੰਦਾ। ਕਈ ਮਹੀਨੇ ਪਹਿਲਾਂ ਉਹ ਸਾਹਮਣੇ ਹੋਟਲ ਵਿਚ ਜੂਠੇ ਭਾਂਡੇ ਧੋਂਦਾ ਹੁੰਦਾ ਸੀ। ਬਸ ਏਨੀ ਜਾਣ-ਪਛਾਣ ਸੀ। ਚੰਗਾ ਹੋਇਆ ਤੂੰ ਆ ਗਿਆ—ਹੁਣ ਤੂੰ ਜਾ ਸਕਦਾ ਏਂ।”
ਮੈਂ ਫੇਰ ਬੂਟਾਂ ਤੋਂ ਹੱਥ ਧੋ ਬੈਠਾ ਸਾਂ। ਦੁਕਾਨਦਾਰ ਜਾਂ ਉਸਦੇ ਕਰਿੰਦੇ ਦੀ ਕਿਸੇ ਕਿਸਮ ਦੀ ਮਿੰਨਤ-ਖੁਸ਼ਾਮਦ ਕਰਨੀ ਬੇਕਾਰ ਸੀ। ਉਹ ਮੇਰੀ ਬੇਨਤੀ ਕਿਉਂ ਮੰਨਦੇ! ਹੁਣ ਮੱਖਣ ਸਿੰਘ ਮੈਨੂੰ ਇੱਥੋਂ ਲੈਣ ਵੀ ਨਹੀਂ ਆਏਗਾ। ਮੈਨੂੰ ਉਸਦੇ ਘਰ ਦਾ ਪੱਕਾ ਠਿਕਾਣਾ ਵੀ ਨਹੀਂ ਸੀ ਪਤਾ। ਸਿਰਫ ਸਬਜ਼ੀ ਮੰਡੀ ਦਾ ਨਾਂ ਯਾਦ ਸੀ। ਮੈਂ ਇਕ ਵਾਰੀ ਫੇਰ ਨੰਗੇ ਪੈਰੀਂ ਤੁਰ ਰਿਹਾ ਸਾਂ—ਮਿੱਟੀ ਘੱਟੇ ਤੇ ਘੋੜਿਆਂ ਦੀ ਲਿੱਦ ਨਾਲ ਭਰੀ ਸੜਕ ਉੱਤੇ। ਮੇਰੇ ਪੈਰ ਹੇਠ ਕੋਈ ਨਿੱਕੀ ਜਿਹੀ ਡਲੀ ਵੀ ਆ ਜਾਂਦੀ ਤਾਂ ਉਸਦੀ ਚੁਭਣ ਸਦਕਾ ਮੇਰੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਸਨ, ਪਰ ਮੈਂ ਕਸੀਸ ਵੱਟ ਕੇ ਉਸ ਪੀੜ ਨੂੰ ਝੱਲਦਾ ਹੋਇਆ ਤੁਰਦਾ ਰਿਹਾ। ਹੁਣ ਮੈਂ ਕਿਸੇ ਦੇ ਪੈਰਾਂ ਵਲ ਵੀ ਨਹੀਂ ਦੇਖ ਰਿਹਾ ਸਾਂ। ਕਿਸੇ ਦੇ ਬੂਟਾਂ ਉੱਤੇ ਲਲਚਾਈ ਹੋਈ ਨਜ਼ਰ ਨਹੀਂ ਮਾਰ ਰਿਹਾ ਸਾਂ। ਬਸ, ਆਪਣੇ ਰਸਤੇ ਸਿੱਧਾ ਤੁਰਦਾ ਜਾ ਰਿਹਾ ਸਾਂ। ਮੈਂ ਪੈਂਟ ਵਿਚ ਦਿੱਤੀ ਹੋਈ ਕਮੀਜ਼ ਨੂੰ ਬਾਹਰ ਕੱਢ ਲਿਆ—ਕਮੀਜ਼ ਤੇ ਪੈਂਟ ਦੋਵੇਂ ਹੀ ਕਲ੍ਹ ਰਾਤ ਦੇ ਸਫ਼ਰ ਕਰਕੇ ਖਾਸੀਆਂ ਮੈਲੀਆਂ ਹੋ ਚੁੱਕੀਆਂ ਸਨ। ਮੇਰੇ ਸਿਰ ਉੱਤੇ ਬੰਨ੍ਹੀ ਪੱਗ ਵੀ ਬਹੁਤੀ ਸਾਫ ਨਹੀਂ ਸੀ। ਉਹ ਕਾਫੀ ਵੱਟੋਵੱਟ ਹੋਈ ਹੋਈ ਸੀ। ਮੈਂ ਤਿੰਨ ਚਾਰ ਵਾਰੀ ਉਸਦੀਆਂ ਤੈਹਾਂ ਉਲਟ-ਪਲਟ ਕੇ ਬੰਨ੍ਹ ਚੁੱਕਿਆ ਸਾਂ, ਜਿਸ ਕਰਕੇ ਉਸਦੀ ਮਾਵੇ ਦੀ ਟੱਸ ਵੀ ਜਾਂਦੀ ਰਹੀ ਸੀ। ਇਹਨਾਂ ਕੱਪੜਿਆਂ ਵਿਚ ਮੈਂ ਬਿਲਕੁਲ ਮਾਮੂਲੀ ਜਿਹਾ ਆਦਮੀ ਨਜ਼ਰ ਆ ਰਿਹਾ ਸਾਂ—ਇਕ ਮਾਮੂਲੀ ਆਦਮੀ ਜਿਸਨੂੰ ਕੋਈ ਵੀ ਠੁੱਡ ਮਾਰ ਸਕਦਾ ਹੈ ਤੇ ਓਇ ਜਾਂ ਤੂੰ ਕਹਿ ਕੇ ਬੁਲਾ ਸਕਦਾ ਹੈ। ਮੇਰਾ ਮਨ ਵਾਰੀ ਵਾਰੀ ਭਰ ਆਉਂਦਾ, ਪਰ ਮੈਂ ਚੁੱਪਚਾਪ ਤੁਰਦਾ ਰਿਹਾ।
ਸਬਜ਼ੀ ਮੰਡੀ ਦਾ ਇਲਾਕਾ ਖਾਸਾ ਵੱਡਾ ਸੀ ਤੇ ਉਸਦੀ ਆਬਾਦੀ ਵੀ ਕਾਫੀ ਸੀ—ਮੈਨੂੰ ਇੰਜ ਲੱਗਿਆ ਜਿਵੇਂ ਦਿੱਲੀ ਦੇ ਲੱਖਾਂ ਲੋਕ ਸਿਰਫ ਇਸੇ ਇਲਾਕੇ ਵਿਚ ਰਹਿੰਦੇ ਹੋਣ! ਸਬਜ਼ੀਆਂ ਤੇ ਫਲਾਂ ਨਾਲ ਭਰੇ ਟਰੱਕ ਤੇ ਰੇਹੜੇ, ਮੋਟਰਾਂ, ਬੱਸਾਂ, ਟਰਾਮਾਂ ਤੇ ਤਾਂਗਿਆਂ ਦੀ ਭੀੜ ਤੇ ਸਾਮਾਨ ਨਾਲ ਲੱਦੇ ਹੋਏ ਰੇਹੜਿਆਂ ਦੇ ਪਹੀਆਂ ਨਾਲ ਚਿਪਕ ਕੇ ਉਹਨਾਂ ਨੂੰ ਅੱਗੇ ਵਲ ਧੱਕਦੇ ਹੋਏ ਮੇਰੇ ਵਰਗੇ ਅਨੇਕਾਂ ਹੀ ਆਦਮੀ! ਉਹਨਾਂ ਆਮ ਆਦਮੀਆਂ ਦੇ ਕੱਪੜਿਆਂ ਤੇ ਰੋਹੜਿਆਂ ਦੇ ਚਿੱਕੜ ਭਰੇ ਪਹੀਆਂ ਦਾ ਰੰਗ ਇਕੋ ਜਿਹਾ ਸੀ। ਉਹਨਾਂ ਦਾ ਆਪਣਾ ਰੰਗ ਵੀ ਓਹੋ ਜਿਹਾ ਹੋ ਗਿਆ ਸੀ। ਪਸੀਨੇ ਤੇ ਮੈਲ ਨਾਲ ਭਰੇ ਡਰਾਵਨੇ ਚਿਹਰੇ! ਜਦੋਂ ਆਦਮੀ ਮਿਹਨਤ ਵੱਧ ਕਰਦਾ ਹੈ ਤੇ ਮਜਦੂਰੀ ਘੱਟ ਮਿਲਦੀ ਹੈ ਤਾਂ ਉਸਦਾ ਚਿਹਰਾ ਡਰਾਵਨਾ ਹੋ ਜਾਂਦਾ ਏ—ਉਸਦੀਆਂ ਲਾਲ ਲਾਲ ਅੱਖਾਂ ਆਪਣੇ ਆਲੇ ਦੁਆਲੇ ਵਿਚ ਘੂਰ-ਘੂਰ ਕੁਝ ਲੱਭ ਰਹੀਆਂ ਹੁੰਦੀਆਂ ਨੇ—ਪਰ ਕੀ, ਪਤਾ ਨਹੀਂ? ਪਰ ਮੈਨੂੰ ਉਹਨਾਂ ਅੱਖਾਂ ਤੋਂ ਕਤਈ ਡਰ ਨਹੀਂ ਸੀ ਲੱਗ ਰਿਹਾ। ਸਗੋਂ ਮੈਨੂੰ ਤਾਂ ਇੰਜ ਮਹਿਸੂਸ ਹੋਣ ਲੱਗ ਪਿਆ ਸੀ ਜਿਵੇਂ ਮੈਂ ਵੀ ਉਹਨਾਂ ਵਿਚੋਂ ਇਕ ਹਾਂ ਤੇ ਮੇਰੀਆਂ ਅੱਖਾਂ ਵਿਚ ਵੀ ਓਹੋ ਜਿਹੀ ਵਹਿਸ਼ਤ ਭਰ ਗਈ ਹੈ। ਮੇਰੇ ਮਿੱਟੀ ਤੇ ਚਿੱਕੜ ਵਿਚ ਲੱਥ-ਪੱਥ ਪੈਰ, ਮੈਲੇ-ਕੁਚੈਲੇ ਕੱਪੜੇ ਤੇ ਮੇਰੀ ਚਾਲ-ਢਾਲ ਦੇਖ ਕੇ ਉਹ ਲੋਕ ਮੈਨੂੰ ਸ਼ੱਕੀ-ਆਦਮੀ ਵੀ ਸਮਝ ਸਕਦੇ ਨੇ—ਇਹ ਸੋਚ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੇਰੀ ਇਹ ਹਾਲਤ ਸਿਰਫ ਪੈਰਾਂ ਵਿਚ ਬੂਟ ਨਾ ਹੋਣ ਕਰਕੇ ਹੀ ਹੋ ਗਈ ਸੀ। ਮੈਂ ਪੱਗ ਲਾਹ ਕੇ ਚਿਹਰੇ ਤੇ ਗਰਦਨ ਦਾ ਪਸੀਨਾ ਪੂੰਝਿਆ। ਅੱਖਾਂ ਤੇ ਨੱਕ ਦੇ ਬਾਂਸੇ ਨੂੰ ਰਗੜ-ਰਗੜ ਕੇ ਮਲਿਆ। ਭੁੱਖ ਦੇ ਥਕਾਣ ਕਰਕੇ ਮੈਂ ਨਿਢਾਲ ਜਿਹਾ ਹੋ ਚੁੱਕਿਆ ਸਾਂ। ਮੈਂ ਆਪਣੇ ਢਿਲਕੇ ਜੂੜੇ ਨੂੰ ਖੋਲ੍ਹ ਕੇ ਫੇਰ ਸਿਰ ਦੇ ਐਨ ਵਿਚਕਾਰ ਵਾਲਾਂ ਦੇ ਗੋਲੇ ਦੇ ਰੂਪ ਵਿਚ ਕਸ ਦਿੱਤਾ ਤੇ ਪੱਗ ਦੀਆਂ ਤੈਹਾਂ ਨੂੰ ਇਕ ਵਾਰ ਫੇਰ ਉਲਟਾ ਕੇ ਸਿਰ ਉੱਤੇ ਬੰਨ੍ਹਦਾ ਹੋਇਆ ਇਕ ਹੋਰ ਗਲੀ ਵਿਚ ਮੁੜ ਗਿਆ। ਉਸ ਵਿਚ ਕਈ ਦੁੱਧ ਵਾਲੀਆਂ ਡੇਰੀਆਂ ਸਨ। ਢੱਠੇ ਹੋਏ ਮਕਾਨਾਂ ਦੇ ਪੱਧਰ ਕੀਤੇ ਮਲਬੇ ਉੱਤੇ ਗਊਆਂ, ਮੱਝਾਂ ਬੰਨ੍ਹ ਕੇ ਦੁੱਧ ਦਾ ਧੰਦਾ ਕੀਤਾ ਜਾ ਰਿਹਾ ਸੀ। ਪਰ ਉੱਥੇ ਕਿਸੇ ਤੋਂ ਮੱਖਣ ਸਿੰਘ ਦਾ ਪਤਾ ਨਹੀਂ ਮਿਲਿਆ। ਅਚਾਨਕ ਮੈਂ ਉਸਦੀ ਪਤਨੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ—ਲੋਕਾਂ ਦੇ ਘਰੀਂ ਭਾਂਡੇ ਮਾਂਜਣ ਤੇ ਕੱਪੜੇ ਧੋਣ ਵਾਲੀ ਕਰਤਾਰੋ ਨੂੰ ਉੱਥੇ ਕਈ ਜਣੇ ਜਾਣਦੇ ਸਨ।
ਕਰਤਾਰੋ ਤੇ ਮੱਖਣ ਸਿੰਘ ਗਲੀ ਨੰਬਰ ਤੇਰਾਂ ਵਿਚ ਕਸਾਈਆਂ ਦੀਆਂ ਦੁਕਾਨਾਂ ਸਾਹਮਣੇ ਇਕ ਕਮਰੇ ਵਾਲੇ ਇਕ ਮਕਾਨ ਵਿਚ ਰਹਿੰਦੇ ਸਨ। ਉਸਦੇ ਕੋਲ ਹੀ ਇਕ ਪੁਰਾਣੀ ਢੱਠੀ ਹੋਈ ਮਸਜਿਦ ਦਾ ਮਲਬਾ ਖਿਲਰਿਆ ਹੋਇਆ ਸੀ ਤੇ ਲੱਕੜੀ ਦੇ ਅਣਗਿਣਤ ਬਕਸੇ ਤੇ ਖੋਖੇ ਪਏ ਸਨ, ਜਿਹੜੇ ਵਰ੍ਹਿਆਂ ਦੀ ਧੁੱਪ ਤੇ ਬਰਸਾਤ ਦੀ ਮਾਰ ਸਹਿ ਸਹਿ ਕੇ ਕਾਲੇ-ਸਿਆਹ ਹੋ ਚੁੱਕੇ ਸਨ। ਮਕਾਨ ਦੀਆਂ ਬਾਹਲੀਆਂ ਕੰਧਾਂ ਉੱਤੇ ਪਾਥੀਆਂ ਪੱਥੀਆਂ ਹੋਈਆਂ ਸਨ, ਜਿਹਨਾਂ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਕਿਸੇ ਖੂਬਸੂਰਤ ਚਿਹਰੇ ਨੂੰ ਮਾਤਾ ਰਾਣੀ ਨੇ ਇਕੋ ਵਾਰ ਵਿਚ ਦਾਗ਼ਦਾਰ ਕਰ ਦਿੱਤਾ ਹੋਏ। ਜਦੋਂ ਮੈਂ ਉੱਥੇ ਪਹੁੰਚਿਆ ਸਾਂ ਰਾਤ ਦੀ ਚਾਦਰ ਹੌਲੀ ਹੌਲੀ ਜ਼ਮੀਨ ਉੱਤੇ ਪਸਰਨੀਂ ਸ਼ੁਰੂ ਹੋ ਚੁੱਕੀ ਸੀ। ਇਸ ਘੁਸਮੁਸੇ ਦੇ ਪਿੱਛੇ ਰਾਤ ਆ ਰਹੀ ਸੀ—ਮੇਰੇ ਲਈ ਇਕ ਅਜਨਬੀ ਸ਼ਹਿਰ ਦੀ ਪਹਿਲੀ ਰਾਤ। ਮੈਂ ਮੱਖਣ ਸਿੰਘ ਨੂੰ ਗੱਜਦਿਆਂ ਹੋਇਆ ਸੁਣਿਆ ਤਾਂ ਉੱਥੇ ਬਾਹਰ ਹੀ ਰੁਕ ਗਿਆ। ਅੰਦਰੋਂ ਕਰਤਾਰੋ ਦੇ ਬੋਲਣ ਦੀ ਆਵਾਜ਼ ਵੀ ਆ ਰਹੀ ਸੀ। ਉਹਨਾਂ ਦੀਆਂ ਗੱਲਾਂ ਤੋਂ ਇੰਜ ਲੱਗਦਾ ਸੀ ਕਿ ਮੱਖਣ ਸਿੰਘ ਨੂੰ ਅੱਜ ਕਿਤੋਂ ਪੈਸੇ ਹੱਥ ਲੱਗ ਗਏ ਸਨ ਤੇ ਉਹ ਖ਼ੂਬ ਦਾਰੂ ਪੀ ਕੇ ਘਰ ਆਇਆ ਸੀ। ਕਰਤਾਰੋ ਕੁਝ ਦਿਨਾਂ ਦੀ ਬਿਮਾਰ ਸੀ ਤੇ ਕਿਸੇ ਦੇ ਕੰਮ ਕਰਨ ਵੀ ਨਹੀਂ ਸੀ ਜਾ ਸਕੀ—ਉਹ ਮੱਖਣ ਸਿੰਘ ਵਰਗੇ ਆਦਮੀ ਦੇ ਪੱਲੇ ਪੈ ਜਾਣ ਕਰਕੇ ਆਪਣੇ ਜਨਮ ਨੂੰ ਫਿਟਕਾਰ ਰਹੀ ਸੀ।
ਮੈਂ ਦਰਵਾਜ਼ੇ ਅੱਗੇ ਲਾਏ ਟਾਟ ਦੇ ਪਰਦੇ ਨੂੰ ਜ਼ਰਾ ਕੁ ਸਰਦਾ ਕੇ ਦੇਖਿਆ—ਮੱਖਣ ਸਿੰਘ ਇਕ ਕਿਸ਼ਤੀ ਵਰਗੇ ਮੰਜੇ ਉੱਤੇ ਬੈਠਾ ਸੀ ਜਿਸ ਦੀਆਂ ਵਾਣ ਦੀਆਂ ਰੱਸੀਆਂ ਜ਼ਮੀਨ ਨਾਲ ਲੱਗ ਰਹੀਆਂ ਸਨ। ਉਸਦੇ ਸਰੀਰ ਉੱਤੇ ਸਿਰਫ ਇਕ ਕੱਛਾ ਸੀ। ਉਸਦੀ ਛਾਤੀ, ਪਿੱਠ ਤੇ ਲੱਤਾਂ-ਬਾਹਾਂ ਉੱਤੇ ਕਾਫੀ ਸੰਘਣੇ ਵਾਲ ਸਨ। ਕਰਤਾਰੋ ਦੇ ਤਨ ਉੱਤੇ ਹਮੇਸ਼ਾ ਵਰਗੇ ਪਾਟੇ-ਪੁਰਾਣੇ ਕੱਪੜੇ ਸਨ। ਉਸਦੇ ਮੱਥੇ ਉੱਤੇ ਪੱਟੀ ਵੀ ਵੱਝੀ ਹੋਈ ਸੀ। ਕਰਤਾਰੋ ਇਕ ਮਰੀਅਲ ਜਿਹੀ ਜਨਾਨੀ ਸੀ ਜਿਸ ਦੀਆਂ ਹਾਬੜਾ ਨਿਕਲੀਆਂ ਹੋਈਆਂ ਸਨ।
ਮੈਨੂੰ ਅੰਦਰ ਦੇਖਦਿਆਂ ਦੇਖ ਕੇ ਦੋਵੇਂ ਚੁੱਪ ਹੋ ਗਏ ਤੇ ਹੈਰਾਨ ਹੋ ਕੇ ਮੇਰੇ ਵਲ ਦੇਖਣ ਲੱਗ ਪਏ। ਮੈਂ ਮੁਸਕੁਰਾਉਣਾ ਚਾਹਿਆ ਪਰ ਮਹਿਸੂਸ ਕੀਤਾ ਕਿ ਇਹ ਮੇਰੇ ਵੱਸ ਦਾ ਰੋਗ ਨਹੀਂ। ਮੱਖਣ ਸਿੰਘ ਤੇ ਕਰਤਾਰੋ ਵੀ ਇਸ ਮਾਮਲੇ ਵਿਚ ਬੇਬਸ ਹੀ ਨਜ਼ਰ ਆਏ। ਮੱਖਣ ਸਿੰਘ ਨੇ ਫੇਰ ਬਕਣਾ ਸ਼ੁਰੂ ਕਰ ਦਿੱਤਾ। ਕਰਤਾਰੋ ਕੰਧ ਨਾਲ ਟੱਕਰਾਂ ਮਾਰਨ ਲੱਗੀ—ਹੋਰ ਬਿਮਾਰੀ ਤੇ ਜੀਵਨ ਦੇ ਬੋਝ ਹੇਠ ਦੱਬੀ ਔਰਤ ਕਰ ਵੀ ਕੀ ਸਕਦੀ ਹੈ! ਮੇਰੇ ਨਾਲ ਗੱਲ ਕਰਨ ਦੀ ਬਜਾਏ ਉਹ ਦੋਵੇਂ ਆਪਸ ਵਿਚ ਝਗੜਦੇ ਰਹੇ। ਕਿਸੇ ਨੇ ਵੀ ਮੈਨੂੰ ਬੈਠਣ ਲਈ ਨਹੀਂ ਕਿਹਾ। ਪਤਾ ਨਹੀਂ ਕਿੱਥੋਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਥੱਪ ਦੀ ਆਵਾਜ਼ ਆ ਰਹੀ ਸੀ—ਥੱਪ-ਥੱਪ! ਜਿਵੇਂ ਕੋਈ ਛੱਤ ਦੇ ਫਰਸ਼ ਉੱਤੇ ਵਾਰੀ ਵਾਰੀ ਕੁਝ ਠੋਕ ਰਿਹਾ ਹੋਏ।
ਮੈਂ ਕਿੰਨੀ ਹੀ ਦੇਰ ਤਕ ਉੱਥੇ ਖੜ੍ਹਾ ਰਿਹਾ। ਕੁਝ ਚਿਰ ਪਿੱਛੋਂ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਕਰਤਾਰੋ ਉਠ ਕੇ ਹੌਲੀ ਹੌਲੀ ਤੁਰਦੀ ਹੋਈ ਬਾਹਰ ਨਿਕਲ ਗਈ। ਮੈਂ ਆਪਣਾ ਇਕ ਪੈਰ ਮੱਖਣ ਸਿੰਘ ਦੇ ਮੰਜੇ ਦੀ ਬਾਹੀ ਉੱਤੇ ਰੱਖ ਕੇ ਕਿਹਾ, “ਚਾਚਾ ਜੀ, ਦੇਖ ਰਹੇ ਓ, ਤੁਹਾਡੇ ਉਸ ਬੂਟਾਂ ਵਾਲੇ ਦੋਸਤ ਨੇ ਮੇਰੇ ਨਾਲ ਕੀ ਸਲੂਕ ਕੀਤਾ ਏ! ਮੇਰੇ ਬੂਟ ਉਤਰਵਾ ਲਏ ਤੇ ਮੇਰੀ ਖਾਸੀ ਬੇਇੱਜ਼ਤੀ ਕੀਤੀ। ਏਨੀ ਬੇਇੱਜ਼ਤੀ ਮੇਰੀ ਪਹਿਲਾਂ ਕਦੀ ਨਹੀਂ ਹੋਈ।”
ਸੁਣ ਕੇ ਮੱਖਣ ਨੇ ਹਿਰਖ ਕੇ ਲਾਲ ਲਾਲ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਨੱਕ ਵਿਚੋਂ ਖਰਰ-ਖਰਰ ਦੀਆਂ ਆਵਾਜ਼ਾਂ ਕੱਢਣ ਲੱਗਿਆ—ਮੇਰਾ ਖ਼ਿਆਲ ਸੀ ਹੁਣ ਉਹ ਕਿਸ਼ਤੀ ਵਰਗੇ ਮੰਜੇ ਤੋਂ ਉਠ ਕੇ ਨੱਕ ਸਾਫ ਕਰਨ ਜਾਏਗਾ ਤੇ ਫੇਰ ਉਸਨੂੰ ਸੱਜੀ, ਖੱਬੀ ਬਾਂਹ ਨਾਲ ਪੂੰਝਦਾ ਹੋਇਆ ਮੈਨੂੰ ਕਹੇਗਾ, “ਉਸ ਸਾਲੇ ਦੀ ਐਸੀ ਦੀ ਤੈਸੀ। ਮੈਂ ਕਲ੍ਹ ਸਵੇਰੇ ਤੈਨੂੰ ਨਵੇਂ ਬੂਟ ਲੈ ਕੇ ਦਿਆਂਗਾ। ਤੂੰ ਬੈਠ ਜ਼ਰਾ, ਤੈਨੂੰ ਭੁੱਖ ਲੱਗੀ ਹੋਏਗੀ। ਬੈਠ ਬੈਠ ਤੈਨੂੰ ਬੜਾ ਕੁਝ ਖਿਲਾਵਾਂਗਾ।”
ਪਰ ਉਸਨੇ ਮੰਜੇ ਦੇ ਡੂੰਘ ਵਿਚੋਂ ਨਿਕਲਦਿਆਂ ਹੋਇਆਂ ਪੂਰੇ ਜ਼ੋਰ ਨਾਲ ਮੇਰੀ ਲੱਤ ਉੱਤੇ ਧੱਫਾ ਮਾਰਿਆ ਤੇ ਕੜਕਿਆ, “ਤਮੀਜ਼ ਸਿਖ, ਤਮੀਜ਼। ਵੱਡਿਆਂ ਦੇ ਸਾਹਮਣੇ ਕਿਵੇਂ ਖੜ੍ਹਾ ਹੋਇਆ ਜਾਂਦਾ ਏ?”
ਮੈਂ ਡਿੱਗਦਾ-ਡਿੱਗਦਾ ਬਚਿਆ। ਮੇਰਾ ਉਪਰਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਗਿਆ ਸੀ। ਉਹ ਮੰਜੇ ਤੋਂ ਉਠ ਕੇ ਸੱਚਮੁੱਚ ਕੰਧ ਕੋਲ ਨੱਕ ਸਾਫ ਕਰਨ ਚਲਾ ਗਿਆ। ਫੇਰ ਉਸਨੂੰ ਸੱਜੀ, ਖੱਬੀ ਬਾਂਹ ਨਾਲ ਪੂੰਝ ਕੇ ਦੋਵੇਂ ਬਾਹਾਂ ਪਿੱਠ ਪਿੱਛੇ ਕਰਕੇ ਇੰਜ ਤੁਰਨ ਲੱਗਿਆ ਜਿਵੇਂ ਮਦਾਰੀ ਦਾ ਰਿੱਛ ਤਮਾਸ਼ਾ ਵੇਖਣ ਵਾਲਿਆਂ ਸਾਹਮਣੇ ਪਿੱਠ ਪਿੱਛੇ ਸੋਟੀ ਰੱਖ ਕੇ ਘੁੰਮ ਰਿਹਾ ਹੁੰਦਾ ਹੈ।
ਮੈਂ ਉਸਦੇ ਪਿੱਛੇ ਪਿੱਛੇ ਤੁਰਦਿਆਂ ਹੋਇਆਂ ਪੁੱਛਿਆ, “ਚਾਚਾ ਜੀ, ਮੇਰੇ ਕੱਪੜੇ...ਮੇਰਾ ਬਿਸਤਰਾ? ਮੈਨੂੰ ਨੌਕਰੀ ਨਹੀਂ ਮਿਲੀ। ਫਰਮ ਵਾਲੇ ਦੋ ਸੌ ਰੁਪਏ ਜਮਾਨਤ ਦੇ ਮੰਗਦੇ ਸਨ। ਮੈਂ ਤੁਹਾਨੂੰ ਮਦਦ ਕਰਨ ਲਈ ਵੀ ਨਹੀਂ ਕਹਿ ਸਕਦਾ।”
ਮੱਖਣ ਸਿੰਘ ਨੇ ਕੋਈ ਉਤਰ ਨਾ ਦਿੱਤਾ। ਉਸੇ ਤਰ੍ਹਾਂ ਨੰਗੇ ਪਿੰਡੇ ਤੇ ਨੰਗੇ ਸਿਰ ਘਰੋਂ ਬਾਹਰ ਨਿਕਲ ਗਿਆ ਤੇ ਫੇਰ ਗਲੀ ਦਾ ਮੋੜ ਮੁੜ ਕੇ ਅੱਖੋਂ ਓਹਲੇ ਹੋ ਗਿਆ। ਮੈਂ ਉਸਦੇ ਵਤੀਰੇ ਉੱਤੇ ਬੜਾ ਹੈਰਾਨ ਤੇ ਦੁਖੀ ਜਿਹਾ ਹੋ ਗਿਆ ਸਾਂ—ਇੰਜ ਲੱਗਦਾ ਸੀ ਜਿਵੇਂ ਰਾਜੇ ਨਲ ਵਾਂਗ ਆਪਣੇ ਤਨ ਦੀ ਅੱਧੀ ਧੋਤੀ ਵੀ ਗੁਆ ਬੈਠਾ ਹੋਵਾਂ ਜਿਹੜੀ ਉਸਨੇ ਪਰਿੰਦਿਆਂ ਨੂੰ ਫੜ੍ਹਨ ਲਈ ਉਹਨਾਂ ਉੱਤੇ ਸੁੱਟੀ ਸੀ। ਹੁਣ ਮੇਰੇ ਕੋਲ ਕੁਝ ਵੀ ਨਹੀਂ ਸੀ ਰਿਹਾ। ਕੁਝ ਵੀ ਨਹੀਂ ਕਿ ਉਸਨੂੰ ਕਿਸੇ ਕੋਲ ਗਹਿਣੇ ਰੱਖ ਕੇ ਅੰਬਾਲੇ ਹੀ ਪਰਤ ਸਕਾਂ। ਕੁਝ ਚਿਰ ਪਹਿਲਾਂ ਉਪਰੋਂ ਜਿਹੜੀਆਂ ਥੱਪ-ਥੱਪ ਦੀਆਂ ਆਵਾਜ਼ਾਂ ਆ ਰਹੀਆਂ ਸਨ, ਹੁਣ ਉਹ ਵੀ ਬੰਦ ਹੋ ਚੁੱਕੀਆਂ ਸਨ। ਕਸਾਈਆਂ ਦੀਆਂ ਦੁਕਾਨਾਂ ਵਿਚੋਂ ਦਿਨ ਭਰ ਦੇ ਕੱਟੇ ਜਾਨਵਰਾਂ ਦੇ ਮਾਸ ਦੀ ਬੂ ਉਡ-ਉਡ ਚਾਰੇ ਪਾਸੇ ਫੈਲ ਰਹੀ ਸੀ। ਉਹਨਾਂ ਦੇ ਲੱਕੜ ਦੇ ਫੱਟਿਆਂ ਉੱਤੇ ਜਾਨਵਰਾਂ ਦੀਆਂ ਪਥਰਾਈਆਂ ਹੋਈਆਂ ਅੱਖਾਂ ਵਾਲੀਆਂ ਸਿਰੀਆਂ, ਪਰੌੜੇ ਤੇ ਆਂਤੜੀਆਂ ਦੇ ਢੇਰ ਲੱਗੇ ਹੋਏ ਸਨ। ਉਹਨਾਂ ਦੇ ਸਾਹਮਣੇ ਬੈਠੇ ਕਈ ਕੁੱਤੇ ਉਹਨਾਂ ਵਲ ਲਲਚਾਈਆਂ ਜਿਹੀਆਂ ਅੱਖਾਂ ਨਾਲ ਦੇਖ ਰਹੇ ਸਨ। ਰਾਤ ਦਾ ਹਨੇਰਾ ਧਰਤੀ ਉੱਤੇ ਫੈਲ ਚੁੱਕਿਆ ਸੀ। ਦੁਕਾਨਾਂ ਵਿਚ ਪੀਲੇ ਧੁੰਦਲੇ ਚਾਨਣ ਵਾਲੇ ਲੈਂਪ ਬਲ ਚੁੱਕੇ ਸਨ। ਮੈਂ ਕਮੀਜ਼ ਹੇਠ ਢਕੀਆਂ ਪੈਂਟ ਦੀਆਂ ਜੇਬਾਂ ਵਿਚ ਹੱਥ ਪਾਈ ਚੁੱਪਚਾਪ ਮੂੰਹ ਚੁੱਕੀ ਖੜ੍ਹਾ ਸਾਂ। ਅਚਾਨਕ ਦਰਵਾਜ਼ੇ ਅੱਗੇ ਤਾਣਿਆ ਹੋਇਆ ਟਾਟ ਦਾ ਪਰਦਾ ਹਿਲਿਆ ਤੇ ਅੰਦਰੋਂ ਇਕ ਚਿਹਰੇ ਨੇ ਝਾਕ ਕੇ ਬਾਹਰ ਵਲ ਦੇਖਿਆ। ਕੁਝ ਪਲ ਤਕ ਦੋ ਚਮਕਦੀਆਂ ਹੋਈਆਂ ਅੱਖਾਂ ਮੇਰੇ ਵਲ ਘੂਰ-ਘੂਰ ਕੇ ਦੇਖਦੀਆਂ ਰਹੀਆਂ। ਗਲੀ ਦੇ ਧੁੰਦਲੇ ਚਾਨਣ ਵਿਚ ਮੈਂ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਿਆ। ਉਸਦੇ ਖਿੱਲਰੇ ਵਾਲਾਂ ਦੀਆਂ ਕਈ ਲਿਟਾਂ ਉਸਦੇ ਚਿਹਰੇ ਦੇ ਆਲੇ-ਦੁਆਲੇ ਝੂਲ ਰਹੀਆਂ ਸਨ। ਉਸਦੀ ਮੋਰਨੀ ਵਰਗੀ ਲੰਮੀ ਧੌਣ ਦੇ ਦੁਆਲੇ ਉਸਦਾ ਦੁੱਪਟਾ ਲਿਪਟਿਆ ਹੋਇਆ ਸੀ। ਉਹ ਬੜੇ ਪਿਆਰ ਨਾਲ ਮੇਰੇ ਵਲ ਦੇਖ ਰਹੀ ਸੀ। ਉਸਦੇ ਇੰਜ ਦੇਖਣ ਨਾਲ ਮੇਰੀਆਂ ਰਗਾਂ ਵਿਚ ਜੰਮਿਆਂ ਖ਼ੂਨ ਪਿਘਲਣ ਲੱਗ ਪਿਆ—ਨਾ ਸਿਰਫ ਪਿਘਲਣ ਹੀ ਲੱਗ ਪਿਆ ਸੀ ਬਲਕਿ ਦੌੜਨ ਵੀ ਲੱਗ ਪਿਆ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸਦੇ ਕੋਲ ਜਾ ਕੇ ਪੁੱਛਦਾ ਕਿ ਉਹ ਕੌਣ ਹੈ, ਉਹ ਆਪ ਹੀ ਬੋਲ ਪਈ...:
“ਮੈਨੂੰ ਪਛਾਣਿਆਂ ਨਹੀਂ ਸੋਹਣਿਆਂ?”
ਤੇ ਮੈਨੂੰ ਤੁਰੰਤ ਯਾਦ ਆ ਗਿਆ ਕਿ ਉਹ ਤਾਂ ਹਰਜੀਤ ਹੈ, ਮੱਖਣ ਸਿੰਘ ਕੀ ਝੱਲੀ ਕੁੜੀ ਜਿਸਨੂੰ ਮੈਂ ਬਿਲਕੁਲ ਹੀ ਭੁੱਲ ਚੁੱਕਿਆ ਸਾਂ। ਇਸ ਤੋਂ ਪਹਿਲਾਂ ਉਸਨੂੰ ਅੰਬਾਲੇ ਦੀਆਂ ਗਲੀਆਂ ਵਿਚ ਦੇਖਿਆ ਸੀ—ਚਾਰ ਪੰਜ ਸਾਲ ਪਹਿਲਾਂ ਦੀ ਗੱਲ ਹੈ। ਉਸਨੂੰ ਮੁੰਡਿਆਂ ਨਾਲ ਖੇਡਣ ਤੇ ਉਹਨਾਂ ਨੂੰ ਕੁੱਟਣ ਵਿਚ ਬੜਾ ਮਜ਼ਾ ਆਉਂਦਾ ਹੁੰਦਾ ਸੀ। ਉਦੋਂ ਏਡੀ ਵੱਡੀ ਨਹੀਂ ਹੁੰਦੀ ਸੀ ਇਹ, ਦਸ-ਬਾਰਾਂ ਸਾਲ ਦੀ ਹੁੰਦੀ ਹੋਏਗੀ।
“ਓ-ਹਰਜੀਤ! ਤੂੰ ਕਿੱਡੀ ਵੱਡੀ ਹੋ ਗਈ ਏਂ—ਮੈਂ ਤਾਂ ਤੈਨੂੰ ਪਛਾਣਿਆ ਈ ਨਹੀਂ ਸੀ ਬਈ! ਕਿੱਥੇ ਲੁਕੀ ਬੈਠੀ ਸੈਂ ਹੁਣ ਤਕ?”
“ਉਪਰ ਛੱਤ 'ਤੇ ਪਾਥੀਆਂ ਪੱਥ ਰਹੀ ਸਾਂ।” ਉਹ ਬੁੱਲ੍ਹਾਂ ਵਿਚ ਹੱਸੀ, ਫੇਰ ਨੀਵੀਂ ਪਾ ਗਈ। ਉਸਦੀਆਂ ਕਾਲੀਆਂ ਲਿਟਾਂ ਫੇਰ ਉਸਦੇ ਚਿਹਰੇ ਉਪਰ ਝੂਲਣ ਲੱਗੀਆਂ। ਬੋਲੀ...:
“ਮੈਨੂੰ ਸਭ ਪਤਾ ਲੱਗ ਗਿਆ—ਤੇਰੇ ਆਉਣ ਦਾ, ਬੂਟਾਂ ਦੇ ਕਿੱਸੇ ਦਾ! ਜਦੋਂ ਭਾਈਆ ਤੇਰੇ ਕੱਪੜੇ ਵੇਚ ਕੇ ਜੂਆ ਖੇਡ ਕੇ ਤੇ ਸ਼ਰਾਬ ਪੀ ਕੇ ਘਰ ਆਇਆ ਤਾਂ ਮੈਨੂੰ ਬੜਾ ਦੁੱਖ ਹੋਇਆ। ਮਾਂ ਨੇ ਵੀ ਬੜਾ ਬੁਰਾ ਮਨਾਇਆ। ਅੱਜ ਦਾ ਝਗੜਾ ਵੀ ਇਸੇ ਕਰਕੇ ਹੋਇਆ ਸੀ। ਪਰ ਕੀ ਕੀਤਾ ਜਾਏ—ਮੇਰਾ ਭਾਈਆ ਹੈ ਹੀ ਇਹੋ ਜਿਹਾ।”
ਹਰਜੀਤ ਦਾ ਕਈ ਸਾਲ ਪਹਿਲਾਂ ਵਾਲਾ ਕਣਕ ਵੰਨਾਂ, ਮੋਟੇ ਨੱਕ ਵਾਲਾ ਚਿਹਰਾ ਹੁਣ ਕਾਫੀ ਦਿਲਕਸ਼ ਹੋ ਗਿਆ ਸੀ। ਉਹ ਮੁਕੰਮਲ ਹੁਸਨ ਬਣ ਚੁੱਕੀ ਸੀ। ਜਦੋਂ ਉਹ ਛੋਟੀ ਹੁੰਦੀ ਸੀ ਮੈਂ ਉਸਨੂੰ ਕਾਲੀ ਬਲਾ ਕਹਿ ਕੇ ਚਿੜਾਉਂਦਾ ਹੁੰਦਾ ਸਾਂ ਤੇ ਉਹ ਮੈਨੂੰ ਦੰਦੀਆਂ ਨਾਲ ਖਾ ਜਾਣ ਲਈ ਦੌੜ ਪੈਂਦੀ ਸੀ, ਮੇਰੇ ਕੱਪੜੇ ਪਾੜ ਦੇਂਦੀ ਸੀ ਤੇ ਕਈ ਵਾਰੀ ਕੋਈ ਇੱਟ ਵੱਟਾ ਚੁੱਕ ਕੇ ਮਾਰ ਦੇਂਦੀ ਸੀ। ਉਹ ਸੀ ਹੀ ਕਾਲੀ—ਬਿਲਕੁਲ ਆਪਣੀ ਮਾਂ ਵਰਗੀ। ਸਾਡੇ ਟੱਬਰ ਵਿਚ ਸਿਰਫ ਮੇਰੀ ਮਾਂ ਹੀ ਕਾਲੀ ਹੁੰਦੀ ਸੀ। ਉਸਨੂੰ ਕਿਸੇ ਹੋਰ ਜਾਤ ਵਿਚੋਂ ਮੇਰਾ ਪਿਓ ਖਰੀਦ ਕੇ ਲਿਆਇਆ ਸੀ। ਸਾਡੇ ਪਿੰਡ ਵਿਚ ਹੋਰ ਜਾਤ ਦੀਆਂ ਕਈ ਔਰਤਾਂ ਸਨ। ਜਿਸਨੂੰ ਆਪਣੀ ਜਾਤ ਵਿਚੋਂ ਕੋਈ ਜ਼ਨਾਨੀ ਨਹੀਂ ਸੀ ਟੱਕਰਦੀ, ਉਹ ਬਾਹਰੋਂ ਮੁੱਲ ਦੀ ਜ਼ਨਾਨੀ ਲੈ ਆਉਂਦਾ ਸੀ। ਹਰਜੀਤ ਦੇਖ ਕੇ ਮੇਰੇ ਦਿਲ ਵਿਚ ਅਚਾਨਕ ਇਹ ਖ਼ਿਆਲ ਆਇਆ ਕਿ ਜੇ ਉਸਨੂੰ ਵੇਚ ਦਿੱਤਾ ਜਾਏ ਤਾਂ ਕਾਫੀ ਪੈਸੇ ਮਿਲ ਸਕਦੇ ਨੇ—ਇੰਜ ਮੱਖਣ ਸਿੰਘ ਤੋਂ ਬਦਲਾ ਵੀ ਲਿਆ ਜਾ ਸਕਦਾ ਹੈ।
ਹਰਜੀਤ ਮੈਨੂੰ ਅੰਦਰ ਲੈ ਗਈ। ਉਸ ਕਿਸ਼ਤੀ ਵਰਗੇ ਮੰਜੇ ਉੱਤੇ ਬਿਠਾਇਆ ਤੇ ਆਪ ਵੀ ਕੋਲ ਹੀ ਬੈਠ ਗਈ। ਮੈਨੂੰ ਡਾਢੀ ਭੁੱਖ ਲੱਗੀ ਹੋਈ ਸੀ। ਮੈਂ ਉਸਨੂੰ ਪੁੱਛਿਆ, “ਘਰੇ ਕੁਝ ਖਾਣ ਲਈ ਹੈ—?”
ਉਸਨੇ ਮੇਰੇ ਵਲ ਦੇਖਿਆ। ਫੇਰ ਨੀਵੀਂ ਪਾ ਲਈ। ਮੈਂ ਕਿਹਾ, “ਮੈਂ ਸਵੇਰ ਦਾ ਭੁੱਖਾ ਆਂ—ਸਾਰੇ ਦਿਨ ਵਿਚ ਸਿਰਫ ਦੋ ਤਿੰਨ ਵਾਰੀ ਚਾਹ ਈ ਪੀਤੀ ਏ।”
ਉਹ ਉਠ ਕੇ ਕਮਰੇ ਵਿਚ ਚਲੀ ਗਈ। ਬਾਹਰ ਆਈ ਤਾਂ ਉਸਦੇ ਹੱਥ ਵਿਚ ਕੁਝ ਵੀ ਨਹੀਂ ਸੀ। ਫੇਰ ਉਸਨੇ ਕੰਧ ਵਿਚ ਬਣੇ ਇਕ ਆਲੇ ਵਿਚ ਹੱਥ ਮਾਰਿਆ ਤੇ ਇਕ ਟੁੱਟੀ ਹੋਈ ਚੀਨੀ ਦੀ ਪਲੇਟ ਕੱਢ ਲਿਆਂਦੀ—ਜਿਸ ਵਿਚ ਅੰਬ ਦੇ ਅਚਾਰ ਦੀਆਂ ਦੋ ਫਾੜੀਆਂ ਪਈਆਂ ਸਨ। ਇਕ ਫਾੜੀ ਚੂੰਡੀ ਹੋਈ ਜਾਪਦੀ ਸੀ। ਉਸਨੂੰ ਉਸਨੇ ਸੁੱਟ ਦਿੱਤਾ। ਦੂਜੀ ਮੈਨੂੰ ਫੜਾਉਂਦੀ ਹੋਈ ਬੋਲੀ—“ਇਹ ਮੂੰਹ ਵਿਚ ਪਾ ਲੈ, ਕੁਝ ਧਰਵਾਸ ਹੋ ਜਾਏਗਾ।”
ਉਸਨੇ ਜਿਹੜੇ ਕੱਪੜੇ ਪਾਏ ਹੋਏ ਸਨ, ਕਿਸੇ ਦੇ ਲੱਥੜ ਜਾਪਦੇ ਸਨ। ਉਹ ਪਾਟੇ-ਪੁਰਾਣੇ ਕੱਪੜਿਆਂ ਵਿਚ ਵੀ ਮੈਨੂੰ ਚੰਗੀ ਲੱਗ ਰਹੀ ਸੀ। ਉਸਨੇ ਵੀ ਕੁਝ ਖਾਧਾ ਨਹੀਂ ਸੀ ਜਾਪਦਾ। ਉਹਦੀ ਮਾਂ ਜਿਹਨਾਂ ਘਰਾਂ ਵਿਚ ਕੰਮ ਕਰਦੀ ਸੀ—ਉਹਨਾਂ ਦਿਓਂ ਸਵੇਰੇ ਸ਼ਾਮੀਂ ਕੁਝ ਖਾਣ ਲਈ ਵੀ ਲੈ ਆਉਂਦੀ ਸੀ, ਜਿਸਨੂੰ ਉਹ ਤਿੰਨੇ ਵੰਡ ਕੇ ਖਾ ਲੈਂਦੇ ਸਨ। ਉਸਨੇ ਮੈਨੂੰ ਆਪਣੀ ਦੇ ਮਾਂ ਦੇ ਆਉਣ ਤਕ ਇੰਤਜ਼ਾਰ ਕਰਨ ਲਈ ਕਿਹਾ। ਮੈਂ ਜਵਾਬ ਦਿੱਤਾ—“ਮੈਂ ਇੱਥੇ ਕਿਵੇਂ ਰਹਿ ਸਕਦਾ ਆਂ—ਤੂੰ ਆਪਣੇ ਪਿਓ ਦਾ ਸਲੂਕ ਦੇਖ ਈ ਲਿਆ ਏ ਜਿਹੜਾ ਉਸਨੇ ਮੇਰੇ ਨਾਲ ਕੀਤਾ ਏ।”
ਉਹ ਕੁਝ ਚਿਰ ਚੁੱਪ ਰਹੀ ਫੇਰ ਬੋਲੀ, “ਪਰ ਤੂੰ ਜਾਏਂਗਾ ਕਿੱਥੇ, ਰਾਤ ਨੂੰ?...ਤੇਰੇ ਕੋਲ ਬਿਸਤਰਾ ਵੀ ਨਹੀਂ।”
ਮੈਂ ਚੁੱਪ ਰਿਹਾ। ਇਹ ਸੱਚ ਸੀ—ਰਾਤ ਨੂੰ ਮੈਂ ਕਿੱਥੇ ਜਾਵਾਂਗਾ। ਖੱਟੇ ਅਚਾਰ ਦੇ ਰਸੇ ਨੂੰ ਅੰਦਰ ਲੰਘਾਉਂਦਾ ਹੋਇਆ ਮੈਂ ਵੀ ਇਹੀ ਸੋਚਣ ਲੱਗਿਆ। ਸਬੱਬ ਨਾਲ ਮੈਂ ਜੀਵਨ ਦੇ ਇਕ ਹੋਰ ਕੁਸੈਲੇ ਤਜ਼ੁਰਬੇ ਵਿਚੋਂ ਲੰਘ ਰਿਹਾ ਸਾਂ। ਇਸ ਘਰ ਵਿਚ ਸਿਰਫ ਹਰਜੀਤ ਹੀ ਨਹੀਂ, ਪੁਰਾਣੇ ਮਕਾਨ ਦੀਆਂ ਕੰਧਾਂ ਤਕ ਉਸ ਖਾਣੇ ਦੀ ਉਡੀਕ ਕਰ ਰਹੀਆਂ ਸਨ ਜਿਹੜਾ ਕਰਤਾਰੋ ਮੰਗ ਤੰਗ ਕੇ ਲਿਆਵੇਗੀ। ਜੇ ਉਹ ਮੈਨੂੰ ਆਪਣੇ ਨਾਲ ਖੁਆਉਣ ਤਾਂ ਤੇ ਮੈਂ ਇੱਥੇ ਬੈਠ ਕੇ ਉਡੀਕ ਕਰਾਂ, ਨਹੀਂ ਤਾਂ ਤੁਰਦਾ ਹੋਵਾਂ ਕਿਸੇ ਪਾਸੇ। ਇੱਥੇ ਮੱਖਣ ਸਿੰਘ ਨੇ ਸੁੱਕੀਆਂ ਰੋਟੀਆਂ ਚੱਬਦਿਆਂ ਹੋਇਆਂ ਅਨੇਕਾਂ ਵਾਰੀ ਕਰਤਾਰੋ ਨੂੰ ਗਾਲ੍ਹਾਂ ਕੱਢੀਆਂ ਹੋਣਗੀਆਂ ਤੇ ਕਰਤਾਰੋ ਨੇ ਅਨੇਕਾਂ ਵਾਰੀ ਕੰਧ ਨਾਲ ਟੱਕਰਾਂ ਮਾਰੀਆਂ ਹੋਣਗੀਆਂ। ਅਨੇਕਾਂ ਵਾਰੀ ਆਪਣੇ ਨਸੀਬਾਂ ਨੂੰ ਫਿਟਕਾਰਿਆ ਹੋਏਗਾ। ਇੱਥੇ ਹਰਜੀਤ ਨੇ ਕਈ ਵਾਰੀ ਕੰਧ ਵਿਚਲੇ ਆਲੇ ਵਿਚੋਂ ਸੁਕਿਆ ਅਚਾਰ ਕੱਢ ਕੇ ਆਪਣੇ ਸੁੱਕੇ ਹਲਕ ਨੂੰ ਤਰ ਕੀਤਾ ਹੋਏਗਾ। ਮੈਂ ਹੁਣ ਤਕ ਅੰਬ ਦੀ ਗਿਟਕ ਚੂਸ ਰਿਹਾ ਸਾਂ। ਹਰਜੀਤ ਮੇਰੇ ਵਲ ਇਕ ਟੱਕ ਦੇਖ ਰਹੀ ਸੀ। ਮੈਂ ਅੰਬ ਦੀ ਗਿਟਕ ਸੁੱਟ ਦਿੱਤੀ ਤੇ ਉਸ ਤੋਂ ਪੁੱਛਿਆ, “ਤੂੰ ਏਥੇ ਖੁਸ਼ ਰਹਿੰਦੀ ਏਂ?”
ਉਸਨੇ ਕੋਈ ਜਵਾਬ ਨਾ ਦਿੱਤਾ। ਮੇਰੇ ਵਲ ਦੇਖਦੀ ਰਹੀ।
ਮੈਂ ਉਸਦਾ ਹੱਥ ਆਪਣੇ ਹੱਥ ਵਿਚ ਫੜ ਲਿਆ, ਉਸਨੂੰ ਜ਼ਰਾ ਕੁ ਘੁੱਟਿਆ, ਉਸਦੀਆਂ ਉਂਗਲਾਂ ਨੂੰ ਪਲੋਸਿਆ ਤੇ ਫੇਰ ਉਸਨੂੰ ਕਿਹਾ, “ਚੱਲ, ਬਾਹਰ ਚੱਲੀਏ।”
ਉਸਨੇ ਹੱਥ ਖਿੱਚ ਲਿਆ। ਉਸਦਾ ਚਿਹਰਾ ਤਮਤਮਾ ਗਿਆ, ਪਰ ਉਸਨੇ ਕੋਈ ਜਵਾਬ ਨਾ ਦਿੱਤਾ।
ਮੈਂ ਫੇਰ ਕਿਹਾ, “ਮੈਂ ਕਹਿ ਰਿਹਾਂ, ਚੱਲ, ਬਾਹਰ ਚੱਲੀਏ।”
“ਬਾਹਰ ਕਿੱਥੇ?” ਉਸਨੇ ਮੇਰੇ ਵਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ।
ਵਾਕਈ ਅਸੀਂ ਬਾਹਰ ਕਿੱਥੇ ਜਾਵਾਂਗੇ! ਪਰ ਫੇਰ ਵੀ ਮੇਰੀ ਇੱਛਾ ਸੀ, ਉਹ ਮੇਰੇ ਨਾਲ ਬਾਹਰ ਚਲੀ ਚੱਲੇ। ਮੈਨੂੰ ਰੁਪਈਆਂ ਦੀ ਬੜੀ ਸਖ਼ਤ ਲੋੜ ਸੀ। ਏਨਿਆਂ ਕੁ ਰੁਪਈਆਂ ਦੀ ਕਿ ਮੈਂ ਆਪਣੇ ਬੂਟ ਖਰੀਦ ਸਕਾਂ ਤੇ ਫਾਊਂਟੈਨ ਪੈਨ ਬਣਾਉਣ ਵਾਲੀ ਕੰਪਨੀ ਨੂੰ ਦੋ ਸੌ ਰੁਪਏ ਜਮਾਨਤ ਵਜੋਂ ਦੇ ਸਕਾਂ। ਪਰ ਇਸ ਅਜਨਬੀ ਸ਼ਹਿਰ ਵਿਚ ਮੈਂ ਹਰਜੀਤ ਨੂੰ ਕਿਵੇਂ ਤੇ ਕਿਸ ਦੇ ਹੱਥ ਵੇਖ ਸਕਦਾ ਸਾਂ! ਮੈ ਬੜੀ ਆਸਾਨੀ ਨਾਲ ਫੜਿਆ ਜਾਵਾਂਗਾ। ਪਰ ਫੇਰ ਵੀ ਮੈਂ ਚਾਹੁੰਦਾ ਸਾਂ ਕਿ ਉਹ ਮੇਰੇ ਨਾਲ ਬਾਹਰ ਚੱਲੇ।
ਮੈਂ ਮੰਜੇ ਦੀ ਡੂੰਘਾਈ ਵਿਚੋਂ ਨਿਕਲਦਿਆਂ ਹੋਇਆਂ ਕਿਹਾ, “ਏਥੇ ਦਮ ਘੁਟਦਾ ਏ ਮੇਰਾ, ਤੂੰ ਬਾਹਰ ਚੱਲ, ਘੁੰਮਾਂਗੇ”
ਉਹ ਖਾਮੋਸ਼ ਖੜ੍ਹੀ ਰਹੀ। ਮੈਂ ਉਸਦੇ ਨੇੜੇ ਹੀ ਖੜ੍ਹਾ ਸਾਂ। ਮੈਂ ਉਸਦੇ ਵਾਲਾਂ ਉੱਤੇ ਹੱਥ ਫੇਰਿਆ। ਉਸਦੇ ਚਿਹਰੇ ਉੱਤੇ ਆਈਆਂ ਹੋਈਆਂ ਲਿਟਾਂ ਨੂੰ ਉਸਦੇ ਕੰਨਾ ਪਿੱਛੇ ਟੁੰਗ ਦਿੱਤਾ। ਉਸਦੀ ਠੋਡੀ ਹੇਠ ਹੱਥ ਰੱਖ ਕੇ ਉਸਦਾ ਚਿਹਰਾ ਉਪਰ ਚੁੱਕਿਆ—ਅਸੀਂ ਦੋਵੇਂ ਕਿੰਨੀ ਹੀ ਦੇਰ ਤਕ ਇਕ ਦੂਜੇ ਵਲ ਦੇਖਦੇ ਰਹੇ। ਮੈਂ ਉਸ ਉਪਰ ਝੁਕਿਆ ਤਾਂ ਉਸਨੇ ਅੱਖਾਂ ਬੰਦ ਕਰ ਲਈਆਂ। ਉਸਦੇ ਭਖ਼ਦੇ ਹੋਏ ਹੋਠਾਂ ਵਿਚ ਇਕ ਅਜੀਬ ਜਿਹੀ ਮਿਠਾਸ ਸੀ। ਉਸਦੇ ਬੰਦ ਕਲੀਆਂ ਵਰਗੇ ਬੁੱਲ੍ਹ ਯਕਦਮ ਖਿੜ ਗਏ। ਮੈਂ ਸਿਰ ਹਟਾਇਆ, ਤਦ ਵੀ ਉਹ ਮੇਰੇ ਵਲ ਝੁਕੀਆਂ ਝੁਕੀਆਂ ਨਜ਼ਰਾ ਨਾਲ ਦੇਖਦੀ ਪਈ ਸੀ।
ਮੈਂ ਪਰਦਾ ਹਟਾਅ ਕੇ ਬਾਹਰ ਨਿਕਲ ਆਇਆ। ਗਲੀ ਵਿਚ ਆ ਕੇ ਉਸ ਕੰਧ ਕੋਲ ਖੜ੍ਹਾ ਹੋ ਗਿਆ ਜਿਸ ਉੱਤੇ ਪਾਥੀਆਂ ਹੀ ਪਾਥੀਆਂ ਚਿਪਕੀਆਂ ਹੋਈਆਂ ਸਨ। ਕਸਾਈ ਆਪਣੀਆਂ ਦੁਕਾਨਾਂ ਬੰਦ ਕਰਕੇ ਜਾ ਚੁੱਕੇ ਸਨ। ਬਹੁਤ ਸਾਰੇ ਕੁੱਤੇ ਇਧਰ ਉਧਰ ਹੱਡੀਆਂ ਚੂੰਡਦੇ ਫਿਰ ਰਹੇ ਸਨ। ਗਲੀ ਬਿਲਕੁਲ ਸੁੰਨੀ ਪਈ ਸੀ। ਮੈਨੂੰ ਉੱਥੇ ਖਲੋਤਿਆਂ ਕੁਝ ਚਿਰ ਹੀ ਹੋਇਆ ਸੀ ਕਿ ਦਰਵਾਜ਼ੇ ਦਾ ਟਾਟ ਸਰਕਾ ਕੇ ਹਰਜੀਤ ਆਪਣੇ ਪਾਟੇ ਹੋਏ ਦੁੱਪਟੇ ਨਾਲ ਸਿਰ ਢਕਦੀ ਹੋਈ ਬਾਹਰ ਨਿਕਲ ਆਈ। ਫੇਰ ਅਸੀਂ ਦੋਵੇਂ ਇਕ ਦੂਜੇ ਨੂੰ ਬਗ਼ੈਰ ਕੁਝ ਕਹੇ ਸੁਣੇ ਇਕ ਗਲੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਗਲੀ ਵਿਚੋਂ ਲੰਘਦੇ ਰਹੇ।...ਤੇ ਫੇਰ ਸੜਕ ਉੱਤੇ ਪਹੁੰਚ ਗਏ। ਅਜੇ ਰਾਤ ਜ਼ਿਆਦਾ ਨਹੀਂ ਸੀ ਹੋਈ, ਅੱਠ ਹੀ ਵੱਜੇ ਸਨ। ਉਸਦੇ ਪੈਰਾਂ ਵਿਚ ਵੀ ਕੁਝ ਨਹੀਂ ਸੀ ਪਾਇਆ ਹੋਇਆ। ਅਸੀਂ ਦੋਵੇਂ ਨੰਗੇ ਪੈਰੀਂ ਤੁਰ ਰਹੇ ਸਾਂ। ਜਦੋਂ ਆਦਮੀ ਨੰਗੇ ਪੈਰੀਂ ਤੁਰਦਾ ਹੈ ਤਾਂ ਉਹ ਉਹਨਾਂ ਲੋਕਾਂ ਨਾਲੋਂ ਕਿੰਨਾਂ ਵੱਖਰਾ ਵੱਖਰਾ ਜਿਹਾ ਜਾਪਦਾ ਹੈ ਜਿਹਨਾਂ ਦੇ ਵੱਡੇ-ਵੱਡੇ ਕਰੇਪ ਸੋਲ ਦੇ ਵਧੀਆ ਤੇ ਚਮਕਦਾਰ ਬੂਟ ਪਾਏ ਹੁੰਦੇ ਨੇ! ਮੈਂ ਇੰਜ ਤੁਰ ਰਿਹਾ ਸਾਂ ਜਿਵੇਂ ਕਦੀ ਬੂਟ ਨਸੀਬ ਹੀ ਨਾ ਹੋਏ ਹੋਣ। ਹਰਜੀਤ ਨੂੰ ਵੇਚ ਆਉਣ ਦਾ ਖ਼ਿਆਲ ਵੀ ਸਿਰਫ ਵਕਤੀ ਹੀ ਸੀ। ਮੈਂ ਇੰਜ ਨਹੀਂ ਕਰ ਸਕਦਾ ਸਾਂ। ਫੇਰ ਵੀ ਉਸਨੂੰ ਨਾਲ ਲੈ ਕੇ ਜਾ ਰਿਹਾ ਸਾਂ। ਮੈਂ ਗਰਦਨ ਭੁਆਂ ਕੇ ਉਸ ਵਲ ਦੇਖਿਆ ਤਾਂ ਇੰਜ ਲੱਗਿਆ ਜਿਵੇਂ ਕਿਸੇ ਮਾਸੂਮ ਵੱਛੀ ਨੂੰ ਬੁਚੜਖਾਨੇ ਵਲ ਲਈ ਜਾ ਰਿਹਾ ਹੋਵਾਂ। ਇਹ ਸਵਾਲ ਵੀ ਵਾਰੀ-ਵਾਰੀ ਦਿਲ ਵਿਚ ਉਠ ਰਿਹਾ ਸੀ ਕਿ ਇਹ ਕੁੜੀ ਮੇਰੇ ਨਾਲ ਕਿਉਂ ਤੁਰ ਪਈ ਹੈ? ਕਿੱਥੋਂ ਤਕ ਮੇਰਾ ਸਾਥ ਦਏਗੀ? ਮੇਰੀ ਕੋਈ ਮੰਜ਼ਿਲ ਵੀ ਤਾਂ ਨਹੀਂ ਹੈ। ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਇਹ ਵੀ ਪਤਾ ਨਹੀਂ ਸੀ ਕਿ ਮੈਂ ਤੁਰ ਵੀ ਕਿਉਂ ਰਿਹਾ ਹਾਂ। ਮੈਂ ਬਸ ਤੁਰਦਾ ਰਿਹਾ ਤੇ ਇਕ ਪਿੱਛੋਂ ਦੂਜੀ ਸੜਕ ਪਾਰ ਕਰਦਾ ਰਿਹਾ—ਸੜਕਾਂ, ਜਿਹਨਾਂ ਉੱਤੇ ਕਾਰਾਂ ਤੇ ਬਸਾਂ ਦੌੜ ਰਹੀਆਂ ਸਨ ਤੇ ਸ਼ੂੰ ਕਰਕੇ ਸਾਡੇ ਕੋਲ ਦੀ ਲੰਘ ਜਾਂਦੀਆਂ ਸਨ ਤੇ ਪੈਦਲ ਤੁਰਨ ਵਾਲੇ ਧੂੜ ਦੇ ਵਰੋਲਿਆਂ ਵਿਚ ਰੁਲਦੇ ਰਹਿ ਜਾਂਦੇ ਸਨ।
ਤੁਰਦਿਆਂ-ਤੁਰਦਿਆਂ ਮੈਂ ਮਹਿਸੂਸ ਕੀਤਾ ਹਰਜੀਤ ਥੱਕ ਗਈ ਹੈ। ਮੈਂ ਰੁਕ ਗਿਆ। ਉਹ ਮੇਰੇ ਸਾਹਮਣੇ ਸਹਿਮ ਕੇ ਖੜ੍ਹੀ ਹੋ ਗਈ। ਮੈਂ ਫੇਰ ਤੁਰਿਆ ਤਾਂ ਉਹ ਵੀ ਤੁਰ ਪਈ। ਮੈਨੂੰ ਯਕੀਨ ਆ ਗਿਆ ਕਿ ਉਹ ਮੇਰੇ ਨਾਲ ਜਾਣ ਲਈ ਹੀ ਆਈ ਹੈ—ਜਿੱਥੇ ਵੀ ਮੈਂ ਉਸਨੂੰ ਲੈ ਕੇ ਜਾਵਾਂਗਾ, ਜਾਂ ਜਿੱਥੇ ਵੀ ਮੈਂ ਜਾਵਾਂਗਾ। ਉਸਦੀਆਂ ਅੱਖਾਂ ਵਿਚ ਮੇਰੇ ਪ੍ਰਤੀ ਵਿਸ਼ਵਾਸ ਦੀ ਝਲਕ ਸੀ। ਅਸੀਂ ਦੋਵੇਂ ਇਕ ਜਗ੍ਹਾ ਨਾਲੇ ਉੱਤੇ ਬਣੀ ਪੁਲੀ ਉੱਤੇ ਬੈਠ ਗਏ। ਪੁਲੀ ਦੇ ਹੇਠੋਂ ਸ਼ਹਿਰ ਦੇ ਇਕ ਵੱਡੇ ਹਿੱਸੇ ਦਾ ਗੰਦਾ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ ਸੀ—ਨਾਲਾ ਕਈ ਫੁੱਟ ਡੂੰਘਾ ਸੀ ਤੇ ਉਸ ਵਿਚੋਂ ਬਦਬੂ ਉਠ ਰਹੀ ਸੀ। ਲੋਕ ਸਾਡੇ ਵਲ ਹੈਰਾਨੀ ਨਾਲ ਦੇਖਦੇ ਸਨ, ਪਰ ਸਾਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ। ਹਰਜੀਤ ਮੇਰੇ ਨਾਲ ਐਨ ਢੁੱਕ ਕੇ ਬੈਠੀ ਹੋਈ ਸੀ। ਸਾਡੇ ਦੋਵਾਂ ਦੇ ਨੰਗੇ ਪੈਰ ਹੇਠਾਂ ਲਮਕ ਰਹੇ ਸਨ। ਮੈਂ ਆਪਣੇ ਪੈਰ ਨਾਲ ਉਸਦੇ ਪੈਰ ਨੂੰ ਛੂਹਿਆ—ਅੰਗੂਠੇ ਦੇ ਨਹੂੰ ਨਾਲ ਉਸਦੇ ਪੈਰ ਦੀ ਤਲੀ ਉਪਰ ਕੁਤਕਤਾੜੀਆਂ ਜਿਹੀਆਂ ਕਰਨ ਲੱਗਾ ਤਾਂ ਉਸਦੇ ਖਾਮੋਸ਼ ਬੰਦ ਬੁੱਲ੍ਹਾਂ ਉੱਤੇ ਮੁਸਕਾਨ ਖਿੱਲਰ ਗਈ। ਉਸਦੇ ਚਿਹਰੇ ਉੱਤੇ ਬਦਲਾਂ ਵਿਚ ਚਮਕਦੀ ਬਿਜਲੀ ਵਾਂਗ ਖੇੜੇ ਦੀ ਲਕੀਰ ਦੌੜ ਗਈ—ਬਿਨਾਂ ਕਿਸੇ ਆਵਾਜ਼ ਦੇ ਤੇ ਬਗ਼ੈਰ ਕਿਸੇ ਗੜਗੜਾਹਟ ਦੇ। ਫੇਰ ਮੈਂ ਉਸਦਾ ਹੱਥ ਆਪਣੇ ਹੱਥ ਵਿਚ ਘੁੱਟ ਲਿਆ ਤੇ ਕਿਹਾ, “ਹਰਜੀਤ, ਤੇਰੇ ਕੋਲ ਵੀ ਕੋਈ ਜੁੱਤੀ-ਸੈਂਡਲ ਨਹੀਂ?”
“ਚੱਪਲਾਂ ਹੁੰਦੀਆਂ ਸੀ, ਕਈ ਦਿਨ ਹੋਏ ਟੁੱਟ ਗਈਆਂ ਨੇ।”
“ਮਾਂ ਨੇ ਲਿਆ ਕੇ ਦਿੱਤੀਆਂ ਹੋਣਗੀਆਂ—ਕਿਸੇ ਅਮੀਰਜ਼ਾਦੀ ਦੇ ਪੈਰਾਂ ਦੀਆਂ ਲਾਹੀਆਂ ਹੋਈਆਂ?”
ਉਸਨੇ ਕੋਈ ਜਵਾਬ ਨਾ ਦਿੱਤਾ। ਬਸ ਇਕ ਠੰਡਾ ਹਊਕਾ ਖਿੱਚ ਕੇ ਚੁੱਪ ਹੋ ਗਈ।
ਮੈਂ ਉਸਦਾ ਹੱਥ ਜ਼ੋਰ ਨਾਲ ਘੁੱਟਿਆ। ਉਸਦੇ ਪੈਰਾਂ ਦੀਆਂ ਤਲੀਆਂ ਉੱਤੇ ਫੇਰ ਕੁਤਕਤਾੜੀਆਂ ਕੀਤੀਆਂ ਤੇ ਜਦੋਂ ਉਹ ਮੁਸਕੁਰਾਉਣ ਲੱਗ ਪਈ ਤਾਂ ਮੈਂ ਪੁਲੀ ਤੋਂ ਉਠਦਿਆਂ ਹੋਇਆਂ ਪੁੱਛਿਆ, “ਏਥੇ ਨੇੜੇ ਕਿਤੇ ਕੋਈ ਗੁਰਦੁਆਰਾ ਨਹੀਂ?”
“ਗੁਰਦੁਆਰਾ?” ਉਹ ਹੈਰਾਨ ਹੋ ਕੇ ਬੋਲੀ, “ਕਿਉਂ ਗੁਰਦੁਆਰੇ ਜਾ ਕੇ ਕੀ ਕਰਨਾਂ ਏਂ?”
ਮੈਂ ਬਿਨਾਂ ਝਿਜਕੇ ਕਿਹਾ, “ਤੇਰੇ ਲਈ ਕਿਸੇ ਦੇ ਸੈਂਡਲ ਤੇ ਆਪਣੇ ਲਈ ਬੂਟ ਚੁੱਕ ਲਿਆਵਾਂਗਾ।”
“ਚੋਰੀ ਕਰੇਂਗਾ?”
“ਹੋਰ ਅਸੀਂ ਲੋਕ ਕਰ ਈ ਕੀ ਸਕਦੇ ਆਂ?”
ਉਸਨੇ ਕੋਈ ਜਵਾਬ ਨਾ ਦਿੱਤਾ। ਪਰ ਉਸਦੀਆਂ ਅੱਖਾਂ ਕਹਿ ਰਹੀਆਂ ਸਨ, ਉਹ ਚੋਰੀ ਕਰਨ ਦੇ ਹੱਕ ਵਿਚ ਨਹੀਂ ਸੀ। ਮੈਂ ਜ਼ਰਾ ਸਖ਼ਤੀ ਨਾਲ ਪੁੱਛਿਆ, “ਦਸ, ਏਥੇ ਨੇੜੇ ਗੁਰਦੁਆਰਾ ਕਿੱਥੇ ਐ?”
ਉਸਨੇ ਇਕ ਵਾਰੀ ਮੇਰੇ ਵਲ ਦੇਖ ਕੇ ਸਿਰ ਝੁਕਾਅ ਲਿਆ ਤੇ ਫੇਰ ਮੈਨੂੰ ਨਾਲ ਲੈ ਕੇ ਇਕ ਪਾਸੇ ਵਲ ਤੁਰ ਪਈ। ਕੁਝ ਚਿਰ ਪਹਿਲਾਂ ਅਚਾਨਕ ਮੈਂ ਉਸਨੂੰ ਵੇਚਣ ਦਾ ਇਰਾਦਾ ਕੀਤਾ ਸੀ—ਪਰ ਹੁਣ ਅਚਾਨਕ ਇਹ ਬੂਟ ਚੋਰੀ ਕਰਨ ਦੀ ਇੱਛਾ ਪ੍ਰਬਲ ਹੋ ਗਈ ਸੀ। ਹੁਣ ਮੈਂ ਵਧੀਆ ਜਿਹੇ ਬੂਟਾਂ ਦੀ ਕਲਪਨਾ ਕਰ ਰਿਹਾ ਸਾਂ—ਜਿਹੋ ਜਿਹੇ ਸਵੇਰੇ ਪਾਏ ਹੋਏ ਸਨ, ਉਹਨਾਂ ਨਾਲੋਂ ਵੀ ਵਧੀਆ ਬੂਟ। ਜਿਵੇਂ ਮੇਰੇ ਸਾਹਮਣੇ ਅਣਗਿਣਤ ਬੂਟ ਪਏ ਹੋਣ ਤੇ ਮੈਂ ਉਹਨਾਂ ਵਿਚੋਂ ਇਕ ਵਧੀਆ ਜਿਹਾ ਜੋੜਾ ਛਾਂਟ ਰਿਹਾ ਹੋਵਾਂ।
ਅਸੀਂ ਦੋਵੇਂ ਇਕ ਵੱਡੇ ਸਾਰੇ ਗੁਰਦੁਆਰੇ ਦੇ ਸਾਹਮਣੇ ਜਾ ਖੜ੍ਹੇ ਹੋਏ। ਅੰਦਰ ਤੇ ਬਾਹਰ ਬਿਜਲੀ ਦੇ ਬਲਬ ਜਗ ਰਹੇ ਸਨ। ਕਈ ਲੋਕ ਹੱਥ ਬੰਨ੍ਹੀ, ਨਜ਼ਰਾਂ ਝੁਕਾਈ ਤੇ ਬੁੱਲ੍ਹਾਂ ਵਿਚ ਗੁਰਬਾਣੀ ਦਾ ਪਾਠ ਕਰਦੇ ਹੋਏ ਆ-ਜਾ ਰਹੇ ਸਨ। ਸਾਹਮਣੇ ਵਰਾਂਡੇ ਵਿਚ ਵਿਛੀਆਂ ਦਰੀਆਂ ਉੱਤੇ ਸੈਂਕੜੇ ਮਰਦ, ਔਰਤਾਂ ਤੇ ਬੱਚੇ ਬੈਠੇ ਸਨ। ਗੁਰੂ ਗ੍ਰੰਥ ਸਾਹਬ ਦੀ ਹਜ਼ੂਰੀ ਵਿਚ ਬੈਠਾ ਇਕ ਸ਼ਖ਼ਸ ਚੌਰ ਝੱਲ ਰਿਹਾ ਸੀ। ਕੋਲ ਹੀ ਇਕ ਸਜ਼ੇ ਹੋਏ ਤਖ਼ਤ ਉੱਤੇ ਦੋ ਰਾਗੀ ਸਿੰਘ ਹਰਮੋਨੀਅਮ ਤੇ ਤਬਲਾ ਵਜਾਉਂਦੇ ਹੋਏ ਸ਼ਬਦ ਕੀਤਰਨ ਕਰ ਰਹੇ ਸਨ—'ਨਾਮੁ ਖੁਮਾਰੀ ਨਾਨਕਾ...ਚੜ੍ਹੀ ਰਹੇ ਦਿਨ ਰਾਤ।' ਉਹ ਬੜੀਆਂ ਉੱਚੀਆਂ ਤੇ ਸੁਰੀਲੀਆਂ ਆਵਾਜ਼ਾਂ ਵਿਚ ਇਹੀ ਸਤਰਾਂ ਵਾਰ ਵਾਰ ਦਹੁਰਾਉਂਦੇ ਕਿ ਸੁਣਨ ਵਾਲੇ ਝੂਮ ਉਠਦੇ—'ਨਾਮੁ ਖੁਮਾਰੀ ਨਾਨਕਾ...ਨਾਮੁ ਖੁਮਾਰੀ ਨਾਨਕਾ—ਨਾਮੁ—ਨਾਮੁ-ਨਾਮੁ'
ਸਿਰਫ ਇਕੋ ਸ਼ਬਦ ਨਾਮੁ ਨੂੰ ਉਹਨਾਂ ਇੰਜ ਲੰਮਾਂ ਕਰਕੇ ਗਾਇਆ ਕਿ ਦਿਲ ਜਜ਼ਬਾਤ ਨਾਲ ਭਰ ਉਠਿਆ। ਮੈਂ ਬੜੀ ਦੂਰ ਖੜ੍ਹਾ ਗਾਉਣ ਵਾਲਿਆਂ ਦੇ ਚਿਹਰੇ ਤੇ ਹਾਵ ਭਾਵ ਦੇਖ ਰਿਹਾ ਸਾਂ। ਉਹਨਾਂ ਦੀਆਂ ਅੱਖਾਂ ਇਕ ਅਜੀਬ ਜਿਹੇ ਖੁਮਾਰ ਵਿਚ ਡੁੱਬੀਆਂ ਹੋਈਆਂ ਸਨ। ਫੇਰ ਮੈਂ ਉਧਰ ਦੇਖਣ ਲੱਗ ਪਿਆ ਜਿਧਰ ਲੋਕ ਬੂਟ ਲਾਹੁਣ ਜਾਂਦੇ ਸਨ। ਇਕ ਕੋਨੇ ਵਿਚ ਲੰਮੀਆਂ-ਲੰਮੀਆਂ ਕਤਾਰਾਂ ਵਿਚ ਰੱਖੇ ਹੋਏ ਬਹੁਤ ਸਾਰੇ ਬੂਟ ਦਿਖਾਈ ਦਿੱਤੇ—ਇਕ ਦੂਜੇ ਨਾਲੋਂ ਜ਼ਰਾ ਵੱਖ-ਵੱਖ ਕਰਕੇ। ਜਿਵੇਂ ਕਿਸੇ ਇਮਾਰਤ ਦੇ ਬਨੇਰੇ ਉੱਤੇ ਕਬੂਤਰਾਂ ਦੇ ਜੋੜ ਹੀ ਜੋੜੇ ਬੈਠੇ ਹੋਣ। ਉਹਨਾਂ ਨੂੰ ਦੇਖਦਿਆਂ ਹੀ ਮੇਰੇ ਦਿਲ ਦੀ ਧੜਕਨ ਤੇਜ਼ ਹੋ ਗਈ। ਪੈਰਾਂ ਵਿਚ ਵੀ ਮਿੱਠੀ ਮਿੱਠੀ ਖੁਰਕ ਜਿਹੀ ਛਿੜ ਪਈ ਜਿਵੇਂ ਹੁਣ ਉਹ ਬਹੁਤੀ ਦੇਰ ਨੰਗੇ ਨਾ ਰਹਿਣਾ ਚਾਹੁੰਦੇ ਹੋਣ। ਹਰਜੀਤ ਤੇ ਮੈਂ ਉਹ ਹੌਦੀ ਵਲ ਵਧੇ ਜਿਸ ਵਿਚ ਲੋਕ ਪਾਠ ਵਾਲੇ ਹਾਲ ਵਿਚ ਜਾਣ ਤੋਂ ਪਹਿਲਾਂ ਪੈਰ ਧੋ ਕੇ ਲੰਘਦੇ ਸਨ। ਕਈ ਲੋਕ ਉਸ ਪਾਣੀ ਵਿਚ ਆਪਣੀਆਂ ਉਂਗਲਾਂ ਭਿਓਂ ਕੇ ਆਪਣੀਆਂ ਅੱਖਾਂ ਤੇ ਸਿਰ ਨੂੰ ਛੂਹਾਉਂਦੇ ਸਨ। ਹਰਜੀਤ ਨੇ ਤੇ ਮੈਂ ਵੀ ਆਪਣੇ ਪੈਰ ਮਲ ਮਲ ਕੇ ਧੋਤੇ। ਉਹਨਾਂ ਉੱਤੇ ਕਾਫੀ ਮੈਲ ਜੰਮੀ ਹੋਈ ਸੀ। ਫੇਰ ਨਾਲ ਲੱਗੀ ਟੂਟੀ ਖੋਲ੍ਹ ਕੇ ਪਾਣੀ ਦੇ ਛਿੱਟੇ ਮੂੰਹ ਉੱਤੇ ਮਾਰੇ। ਠੰਡੇ ਪਾਣੀ ਦੇ ਛਿੱਟਿਆਂ ਨਾਲ ਬੜਾ ਆਨੰਦ ਆਇਆ। ਮੈਂ ਦਾੜ੍ਹੀ ਦੇ ਵਾਲ ਭਿਓਂ ਕੇ ਉਹਨਾਂ ਨੂੰ ਕੰਘੀ ਕੀਤੀ।...ਤੇ ਅਜੇ ਦਾੜ੍ਹੀ ਨੂੰ ਸਮੇਟ ਹੀ ਰਿਹਾ ਸਾਂ ਕਿ ਇਕ ਗੁਰਮੁਖ ਸੱਜਣ ਨੇ ਸਾਡੇ ਕੋਲ ਆ ਕੇ ਪੁੱਛਿਆ, “ਤੁਸੀਂ ਪਰਸ਼ਾਦਾ ਛਕ ਲਿਆ ਭਾਈ?”
ਉਹ ਸਾਨੂੰ ਦੋਵਾਂ ਨੂੰ ਗੁਰਦੁਆਰੇ ਦੇ ਲੰਗਰ ਵਿਚ ਲੈ ਗਿਆ। ਗੁਰਦੁਆਰੇ ਦੇ ਸੱਜੇ ਹਿੱਸੇ ਵਿਚ ਕਈ ਲੋਕ ਵੱਡੀਆਂ-ਵੱਡੀਆਂ ਥਾਲੀਆਂ ਵਿਚ ਦਾਲ ਤੇ ਰੋਟੀਆਂ ਰੱਖੀ ਬੈਠੇ ਖਾ ਰਹੇ ਸਨ। ਅਸੀਂ ਦੋਵਾਂ ਨੇ ਵੀ ਢਿੱਡ ਭਰ ਕੇ ਖਾਣਾ ਖਾਧਾ। ਫੇਰ ਉੱਥੋਂ ਉਠ ਕੇ ਪਹਿਲੀ ਜਗ੍ਹਾ ਉਪਰ ਵਾਪਸ ਆ ਗਏ। ਮੈਂ ਹਰਜੀਤ ਨੂੰ ਔਰਤਾਂ ਦੇ ਪਿੱਛੇ ਜਾ ਕੇ ਬੈਠਣ ਲਈ ਕਿਹਾ ਤੇ ਇਹ ਹਦਾਇਤ ਕਰ ਦਿੱਤੀ ਕਿ ਜਦੋਂ ਮੈਂ ਇਸ਼ਾਰਾ ਕਰਾਂ ਉਠ ਕੇ ਆ ਜਾਏ। ਆਪ ਮੈਂ ਬੂਟ ਰੱਖਣ ਵਾਲੀ ਜਗ੍ਹਾ ਵਲ ਤੁਰ ਗਿਆ। ਉੱਥੇ ਇਕ ਆਦਮੀ ਲੋਕਾਂ ਦੇ ਬੂਟ ਫੜ-ਫੜ ਕੇ ਤਰਤੀਬ ਵਾਰ ਰੱਖ ਰਿਹਾ ਸੀ। ਹਰੇਕ ਜੋੜੇ ਦੇ ਬਦਲੇ ਇਕ ਟੋਕਨ ਦੇ ਦਿੰਦਾ ਸੀ। ਮੈਂ ਟੇਢੀ ਅੱਖ ਨਾਲ ਚੰਗੇ ਤੇ ਮਾੜੇ ਜੋੜਿਆਂ ਦਾ ਜਾਇਜ਼ਾ ਲਿਆ। ਦੂਰ ਕੋਨੇ ਵਿਚ ਇਕ ਹਰੇ ਰੰਗ ਦਾ ਜਨਾਨਾ ਚਪਲਾਂ ਦਾ ਜੋੜਾ ਪਿਆ ਸੀ। ਦੂਜੀ ਲਾਈਨ ਵਿਚ ਦਸਵੇਂ ਨੰਬਰ ਉੱਤੇ ਪਿਆ ਕਾਲੇ ਬੂਟਾਂ ਦਾ ਇਕ ਜੋੜਾ ਲਿਸ਼ਕਾਂ ਮਾਰ ਰਿਹਾ ਸੀ। ਮੈਂ ਉਹਨਾਂ ਵਲ ਨਹੀਂ ਦੇਖ ਰਿਹਾ ਸਾਂ, ਪਰ ਮੇਰੀਆਂ ਅੱਖਾਂ ਵਿਚ ਉਹਨਾਂ ਦੀ ਚਮਕ ਤੇ ਤਰਤੀਬ ਅਟਕੀ ਹੋਈ ਸੀ। ਮੇਰਾ ਦਿਲ ਵੱਸੋਂ ਵੀਰ੍ਹ ਕੇ ਉਹਨਾਂ ਵਲ ਇੰਜ ਖਿਚਿਆ ਜਾ ਰਿਹਾ ਸੀ ਜਿਵੇਂ ਕੁਝ ਚਿਰ ਪਹਿਲਾਂ ਹਰਜੀਤ ਵਲ ਖਿਚਿਆ ਗਿਆ ਸੀ।
ਮੈਂ ਹੱਥ ਜੋੜ ਕੇ ਬੂਟ ਰੱਖਣ ਵਾਲੇ ਸੇਵਾਦਾਰ ਨੂੰ ਸਤ ਸ੍ਰੀ ਆਕਾਲ ਬੁਲਾਈ ਤੇ ਫੇਰ ਆਪ ਵੀ ਉਸਦੇ ਨਾਲ ਖੜ੍ਹਾ ਹੋ ਕੇ ਲੋਕਾਂ ਦੇ ਬੂਟ ਫੜਨ ਤੇ ਵਾਪਸ ਕਰਨ ਲੱਗ ਪਿਆ। ਇੱਥੇ ਜੁੱਤੀਆਂ ਜੋੜਿਆਂ ਦੀ ਸੇਵਾ ਸਾਰੇ ਕਰਦੇ ਨੇ—ਜਿਸਦਾ ਜੀਅ ਚਾਹੇ ਇੱਥੇ ਖੜ੍ਹਾ ਹੋ ਕੇ ਸੇਵਾ ਕਰ ਸਕਦਾ ਹੈ। ਦੁਖੀ ਤੇ ਜ਼ਖ਼ਮੀ ਦਿਲਾਂ ਨੂੰ ਇੱਥੇ ਬੜੀ ਸ਼ਾਂਤੀ ਮਿਲਦੀ ਹੈ। ਇੱਥੇ ਵੀ ਇਕ ਲਾਊਡ ਸਪੀਕਰ ਲੱਗਿਆ ਹੋਇਆ ਸੀ, ਜਿਸ ਰਾਹੀਂ ਅੰਦਰ ਚਲ ਰਹੇ ਸ਼ਬਦ ਕੀਰਤਨ ਦੀ ਆਵਾਜ਼ ਸੁਣਾਈ ਦੇਂਦੀ ਸੀ। ਰਾਗੀ ਸਿੰਘ ਹੁਣ ਵੀ ਨਾਮੁ ਖੁਮਾਰੀ ਨਾਨਕਾ ਵਾਲਾ ਸ਼ਬਦ ਹੀ ਗਾ ਰਹੇ ਸਨ। ਉਹਨਾਂ ਦੀ ਆਵਾਜ਼ ਵਿਚ ਗਹਿਰਾਈ ਤੇ ਮਿਠਾਸ ਵੀ ਵਧ ਜਾਪਦਾ ਸੀ। ਜਿਵੇਂ ਕਿਸੇ ਚੀਜ਼ ਨੂੰ ਜਿੰਨੀ ਵਾਰੀ ਵਧ ਪੀਸਿਆ-ਛਾਣਿਆਂ ਜਾਏ ਵਧੇਰੇ ਸਾਫ ਸੁਥਰੀ ਹੋ ਜਾਂਦੀ ਹੈ।
ਕੁਝ ਚਿਰ ਪਿੱਛੋਂ ਮੈਂ ਉੱਥੇ ਇਕੱਲਾ ਰਹਿ ਗਿਆ। ਪਹਿਲਾ ਸੇਵਾਦਾਰ, ਜਿਹੜਾ ਸ਼ਾਮ ਦੇ ਛੇ ਵਜੇ ਦਾ ਸੇਵਾ ਕਰ ਰਿਹਾ ਸੀ, ਚਲਾ ਗਿਆ ਸੀ। ਮੇਰੇ ਸਾਹਮਣੇ ਸੈਂਕੜੇ ਜੋੜੇ, ਲੰਮੀਆਂ ਲੰਮੀਆਂ ਕਤਾਰਾਂ ਵਿਚ, ਤਰਤੀਬ ਵਾਰ ਪਏ ਸਨ। ਮੈਂ ਉਹਨਾਂ ਕਤਾਰਾਂ ਵਿਚਕਾਰ ਬੜੇ ਆਰਾਮ ਨਾਲ ਇੰਜ ਘੁੰਮ ਰਿਹਾ ਸਾਂ ਜਿਵੇਂ ਕੋਈ ਕਮਾਂਡਰ ਆਪਣੀ ਫੌਜ ਦੀਆਂ ਸਫਾਂ ਵਿਚਾਲੇ ਘੁੰਮ ਰਿਹਾ ਹੋਏ। ਮੈਂ ਇਕ ਇਕ ਬੂਟ ਦੇ ਸਾਹਮਣੇ ਖਲੋ ਕੇ ਉਸਨੂੰ ਬੜੀ ਗਹੁ ਨਾਲ ਦੇਖਦਾ ਰਿਹਾ। ਮਨ ਹੀ ਮਨ ਵਿਚ ਉਹਨਾਂ ਨਾਲ ਗੱਲਾਂ ਕਰਦਾ ਰਿਹਾ। ਉਹਨਾਂ ਦੀ ਕਵਾਲਟੀ ਤੇ ਕੀਮਤ ਦੇ ਅੰਦਾਜ਼ੇ ਲਾਉਂਦਾ ਰਿਹਾ।
ਅਚਾਨਕ ਉੱਥੇ ਇਕ ਬੜੇ ਕੀਮਤੀ ਸੂਟ ਵਾਲਾ ਸਰਦਾਰ ਆਇਆ। ਉਸਦੀ ਲੰਮੀ ਚਮਕਦੀ ਹੋਈ ਕਾਰ ਗੁਰਦੁਆਰੇ ਦੇ ਗੇਟ ਸਾਹਮਣੇ ਰੁੱਕੀ ਹੋਈ ਸੀ। ਉਸਦੇ ਹੱਥ ਵਿਚ ਚਾਂਦੀ ਦੀ ਇਕ ਵੱਡੀ ਸਾਰੀ ਤਸ਼ਤਰੀ ਸੀ, ਜਿਸ ਵਿਚ ਰੱਖਿਆ ਹੋਇਆ ਪਰਸ਼ਾਦ ਇਕ ਰੇਸ਼ਮੀ ਰੁਮਾਲੇ ਨਾਲ ਢਕਿਆ ਹੋਇਆ ਸੀ। ਮੈਂ ਉਸਦੇ ਬੂਟ ਲੈਣ ਲਈ ਅੱਗੇ ਵਧਿਆ, ਪਰ ਉਸਨੇ ਮੇਰੇ ਵਲ ਦੇਖੇ ਬਿਨਾਂ ਹੀ ਆਪਣੇ ਬੂਟ ਕਟਹਿਰੇ ਦੇ ਬਾਹਰ ਹੀ ਲਾਹ ਦਿੱਤੇ ਤੇ ਉਹਨਾਂ ਨੂੰ ਮੈਨੂੰ ਸੰਭਲਾਉਣ ਦੀ ਲੋੜ ਵੀ ਨਹੀਂ ਸਮਝੀ। ਮੈਥੋਂ ਉਹਨਾਂ ਦੇ ਬਦਲੇ ਟੋਕਣ ਵੀ ਨਹੀਂ ਮੰਗਿਆ। ਜਿਵੇਂ ਉਹ ਸਮਾਜ ਦੇ ਹੋਰ ਲੋਕਾਂ ਨਾਲੋਂ ਵੱਖਰਾ ਸੀ, ਓਵੇਂ ਹੀ ਉਸਨੇ ਆਪਣੇ ਬੂਟ ਵੀ ਆਮ ਬੂਟਾਂ ਨਾਲੋਂ ਵੱਖ ਰੱਖ ਦਿੱਤੇ ਸਨ। ਮੈਂ ਉਸਦੇ ਬੂਟਾਂ ਵਲ ਘੂਰ-ਘੂਰ ਕੇ ਦੇਖ ਰਿਹਾ ਸਾਂ। ਸੁਨਹਿਰੇ ਤਲੇ ਵਾਲੇ ਖੂਬਸੂਰਤ ਬੂਟ ਸਨ ਉਹ। ਨਵੇਂ ਨਕੋਰ ਤੇ ਨਰਮ ਮੁਲਾਇਮ! ਉਹਨਾਂ ਵਿਚ ਉਹ ਆਪਣੇ ਮੈਲੇ ਪੈਰ ਕਦੀ ਨਹੀਂ ਪਾਉਂਦਾ ਹੋਏਗਾ। ਪਰ ਮੇਰਾ ਦਿਲ ਉਹਨਾਂ ਵਿਚ ਆਪਣੇ ਮੈਲੇ ਪੈਰ ਪਾ ਕੇ ਦੇਖਣ ਲਈ ਤਰਸ ਰਿਹਾ ਸੀ। ਮੈਨੂੰ ਇੰਜ ਕਰਦਿਆਂ ਹੋਇਆਂ ਕੋਈ ਦੇਖ ਵੀ ਨਹੀਂ ਸੀ ਸਕਦਾ। ਮੈਂ ਉੱਥੇ ਇਕੱਲਾ ਸਾਂ। ਅੱਗੇ ਵਧ ਕੇ ਮੈਂ ਉਹਨਾਂ ਨੂੰ ਪਾ ਲਿਆ। ਸੁਨਹਿਰੇ ਬੂਟਾਂ ਦੇ ਨਿੱਘ ਨੇ ਮੇਰਾ ਲਹੂ ਗੇੜ ਵਧਾ ਦਿੱਤਾ। ਮੇਰੇ ਪੈਰਾਂ ਦੀਆਂ ਤਲੀਆਂ ਸੜਨ ਲੱਗ ਪਈਆਂ। ਮੈਂ ਫੌਰਨ ਆਪਣੇ ਪੈਰ ਬਾਹਰ ਕੱਢ ਲਏ—ਤੇ ਫੇਰ ਆਪਦੀ ਜਗ੍ਹਾ ਉੱਤੇ ਪਹੁੰਚ ਗਿਆ। ਮੇਰੇ ਦਿਲ ਦੀ ਧੜਕਨ ਹੁਣ ਤਕ ਤੇਜ਼ ਸੀ। ਮੈਨੂੰ ਪਸੀਨੇ ਆ ਗਏ ਸਨ। ਉਦੋਂ ਹੀ ਉੱਥੇ ਕਈ ਜਣੇ ਆ ਗਏ ਤੇ ਮੈਂ ਨਜ਼ਰਾਂ ਝੁਕਾਈ ਉਹਨਾਂ ਦੇ ਬੂਟ ਲੈਂਦਾ-ਮੋੜਦਾ ਰਿਹਾ। ਮੈਂ ਕਿਸੇ ਦੇ ਚਿਹਰੇ ਵਲ ਨਹੀਂ ਸੀ ਦੇਖ ਰਿਹਾ। ਮੇਰੀਆਂ ਨਜ਼ਰਾਂ ਸਾਰਿਆਂ ਦੇ ਪੈਰਾਂ ਉੱਤੇ ਟਿਕੀਆਂ ਰਹਿੰਦੀਆਂ ਸਨ।
ਅਚਾਨਕ ਉੱਥੇ ਹਰਜੀਤ ਆ ਗਈ—ਮੈਂ ਉਸਨੂੰ ਉਸਦੇ ਪੈਰਾਂ ਤੋਂ ਹੀ ਪਛਾਣਿਆਂ ਸੀ, ਜਾਂ ਫੇਰ ਉਸਦੀ ਪਾਟੀ ਹੋਈ ਰੇਸ਼ਮੀ ਸਲਵਾਰ ਦੇ ਘਿਸੇ ਹੋਏ ਪਹੁੰਚਿਆਂ ਤੋਂ। ਉਸ ਵਲ ਦੇਖ ਕੇ ਮੈਂ ਮੁਸਕੁਰਾ ਪਿਆ। ਉਸਦੇ ਇਕ ਹੱਥ ਵਿਚ ਪਰਸ਼ਾਦ ਸੀ, ਦੂਜੇ ਦੀ ਹਥੇਲੀ ਨਾਲ ਢਕਿਆ ਹੋਇਆ। ਉਸਨੇ ਮੈਨੂੰ ਪਰਸ਼ਾਦ ਦਿਖਾਇਆ ਤੇ ਉਸਦੀਆਂ ਸ਼ਰਾਰਤੀ ਅੱਖਾਂ ਨੇ ਖਾਣ ਦਾ ਸੱਦਾ ਦਿੱਤਾ—ਮੈਂ ਮੂੰਹ ਖੋਲ੍ਹ ਲਿਆ ਤਾਂ ਉਸਨੇ ਝੱਟ ਸਾਰਾ ਪਰਸ਼ਾਦ ਮੇਰੇ ਮੂੰਹ ਵਿਚ ਉਲਟ ਦਿੱਤਾ। ਗਰਮ ਗਰਮ ਪਰਸ਼ਾਦ ਨੂੰ ਨਿਗਲਣ ਵਿਚ ਮੈਨੂੰ ਕੁਝ ਦੇਰ ਲੱਗੀ। ਪਰਸ਼ਾਦ ਲੰਘਾ ਕੇ ਮੈਂ ਉਸਨੂੰ ਕਿਹਾ..:
“ਦਸ ਵੱਜਣ ਵਾਲੇ ਨੇ। ਬੜੀ ਦੇਰ ਹੋ ਚੁੱਕੀ ਏ। ਹੁਣ ਤੂੰ ਘਰ ਨੂੰ ਜਾਹ। ਕਲ੍ਹ ਫੇਰ ਆਵੀਂ। ਹਰ ਰੋਜ਼ ਆਇਆ ਕਰੀਂ। ਮੈਂ ਇੱਥੇ ਹੀ ਮਿਲਾਂਗਾ...ਤੇਰਾ ਇੰਤਜ਼ਾਰ ਕਰਾਂਗਾ।”
“ਰਾਤ ਨੂੰ ਕਿੱਥੇ ਰਹੇਂਗਾ? ਖਾਣਾ ਕਿੱਥੋਂ ਖਾਏਂਗਾ?” ਉਹ ਘਿਓ ਨਾਲ ਤਰ ਹੋਏ ਹੱਥ ਆਪਣੇ ਸਿਰ ਦੇ ਵਾਲਾਂ ਉੱਤੇ ਮਲ ਰਹੀ ਸੀ। ਉਸਦੇ ਮੱਥੇ ਉੱਤੇ ਝੁਕ ਆਏ ਵਾਲ ਲਿਸ਼ਕਣ ਲੱਗ ਪਏ ਸਨ। ਮੈਂ ਕਿਹਾ, “ਗੁਰਦੁਆਰੇ ਵਿਚ ਬੜੀ ਜਗ੍ਹਾ ਏ। ਇੱਥੇ ਗੁਰੂ ਦਾ ਲੰਗਰ ਵੀ ਚੱਲਦਾ ਏ।”
“ਕੀ ਹੁਣ ਹਮੇਸ਼ਾ ਈ ਇੱਥੇ ਰਹੇਂਗਾ?” ਉਹ ਕੁਝ ਬੇਚੈਨ ਜਿਹੀ ਹੋ ਗਈ।
ਮੈਂ ਕਿਹਾ—“ਸੇਵਾ ਕਰਨ ਦਾ ਹੱਕ ਤਾਂ ਕੋਈ ਨਹੀਂ ਖੋਹ ਸਕਦਾ ਮੈਥੋਂ। ਜਦ ਤਕ ਘਰੋਂ ਪੈਸੇ ਨਹੀਂ ਆ ਜਾਂਦੇ, ਰਹਾਂਗਾ ਹੀ। ਕਲ੍ਹ ਹੀ ਆਪਣੇ ਬਾਪੂ ਨੂੰ ਚਿੱਠੀ ਲਿਖ ਦਿਆਂਗਾ।”
ਇਹ ਸੁਣ ਕੇ ਉਹ ਮੁਸਕੁਰਾ ਪਈ। ਇਸ ਵਾਰੀ ਇਹ ਮੁਸਕੁਰਾਹਟ ਉਸਦੇ ਬੁੱਲ੍ਹਾਂ ਉੱਤੇ ਸਥਿਰ ਹੋ ਗਈ। ਉਹ ਮੇਰੀਆਂ ਅੱਖਾਂ ਵਿਚ ਤੱਕਦੀ ਰਹੀ ਤੇ ਮੈਂ ਉਸਨੂੰ ਕਿਹਾ, “ਕਲ੍ਹ ਜਦੋਂ ਆਵੇਂ ਤਾਂ ਮੇਰੇ ਲਈ ਅੰਬ ਦਾ ਅਚਾਰ ਲਿਆਉਣਾ ਨਾ ਭੁੱਲੀਂ।”
ਇਹ ਸੁਣ ਕੇ ਉਸਦੀਆਂ ਅੱਖਾਂ ਵਿਚ ਮੁਹੱਬਤ ਤੇ ਸ਼ਰਾਰਤ ਨੇ ਅਨੇਕਾਂ ਅੰਗੜਾਈਆਂ ਲਈਆਂ ਤੇ ਉਹ ਕੁਝ ਸ਼ਰਮਾਉਂਦੀ ਤੇ ਕੁਝ ਕੁਝ ਮੁਸਕੁਰਾਉਂਦੀ ਹੋਈ ਨੰਗੇ ਪੈਰੀਂ, ਘਿਸੇ ਪਹੁੰਚਿਆਂ ਵਾਲੀ ਸਲਵਾਰ ਪਾਈ ਬਾਹਰ ਨਿਕਲ ਗਈ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ