Shabdan Di Takat : Waryam Singh Sandhu
ਸ਼ਬਦਾਂ ਦੀ ਤਾਕਤ : ਵਰਿਆਮ ਸਿੰਘ ਸੰਧੂ
ਅੰਮ੍ਰਿਤਸਰ ਜੇਲ੍ਹ ਦੀ ਗੱਲ ਹੈ। ਐਮਰਜੈਂਸੀ ਵਿਚ ਡੀ ਆਈ ਆਰ ਅਧੀਨ ਜੇਲ੍ਹ ਵਿਚ ਬੰਦ ਸਾਂ। ਇਕ ਦਿਨ ਧੁੱਪੇ ਕੰਬਲ ਵਿਛਾ ਕੇ ਬੈਠੇ ਗੱਪ-ਗਿਆਨ ਵਿਚ ਰੁੱਝੇ ਹੋਏ ਸਾਂ। ਨੀਲੇ ਰੰਗ ਦੇ ਨਿਹੰਗੀ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦਰ ਵੜਿਆ ਤੇ ਸਾਹਮਣਿਓਂ ਮਿਲਣ ਵਾਲੇ ਬੰਦੇ ਨੂੰ ਕੁਝ ਪੁੱਛਦਾ ਦਿਸਿਆ। ਉਸ ਬੰਦੇ ਨੇ ਸਾਡੀ ਟੋਲੀ ਵੱਲ ਇਸ਼ਾਰਾ ਕੀਤਾ। ਸਾਡੇ ਵੱਲ ਤੁਰੇ ਆਉਂਦੇ ਨਿਹੰਗ ਸਿੰਘ ਨੂੰ ਮੈਂ ਝੱਟ ਪਛਾਣ ਲਿਆ। ਉੱਠਦਿਆਂ ਉਸਦਾ ਸਵਾਗਤ ਕੀਤਾ, "ਬੱਲੇ! ਬੱਲੇ!! ਨਿਹੰਗ ਸਿਅ੍ਹਾਂ, ਤੂੰ ਏਥੇ ਕਿਵੇਂ?"
ਉਹ ਸਕਿਆਂ ਵਿਚੋਂ ਲੱਗਦੀ ਮੇਰੀ ਭੂਆ ਤੇਜੋ ਦਾ ਦੂਜੇ ਨੰਬਰ ਦਾ 'ਛੜਾ-ਛਾਂਟ' ਪੁੱਤ ਅਜੀਤ ਸਿੰਘ ਸੀ ਜਿਸਨੂੰ ਅਸੀਂ ਸਾਰੇ 'ਜੀਤਾ ਨਿਹੰਗ' ਆਖਦੇ ਸਾਂ। ਮੇਰੇ ਪਿਤਾ ਤੇ ਭੂਆ ਤੇਜੋ ਦਾ ਪਿਛਲਾ ਪਿੰਡ ਭਡਾਣਾ ਸੀ। ਭੂਆ ਤੇਜੋ ਸੁਰ ਸਿੰਘ ਵਿਆਹੀ ਗਈ ਸੀ ਤੇ ਮੇਰਾ ਪਿਤਾ ਵੀ ਦੇਸ਼-ਵੰਡ ਤੋਂ ਪਿੱਛੋਂ ਆਪਣੇ ਨਾਨਕੇ ਪਿੰਡ ਸੁਰ ਸਿੰਘ ਵਿਚ ਹੀ ਆਪਣੇ ਮਾਮੇ ਦਾ ਮੁਤਬੰਨਾ ਬਣ ਕੇ ਪਰਿਵਾਰ ਸਮੇਤ ਆਣ ਵੱਸਿਆ ਸੀ। ਇਸ ਪਿੰਡ ਵਿਚ ਮੇਰਾ ਪਿਤਾ ਭੂਆ ਤੇਜੋ ਦੀ ਵੱਡੀ ਧਿਰ ਸੀ। ਦੋਵਾਂ ਪਰਿਵਾਰਾਂ ਦਾ ਆਪਸ ਵਿਚ ਡੂੰਘਾ ਮਿਲਵਰਤਣ ਸੀ। ਹਫ਼ਤੇ ਦਸੀਂ ਦਿਨੀਂ ਇੱਕ-ਦੂਜੇ ਘਰ ਗੇੜਾ ਵੱਜਦਾ ਰਹਿੰਦਾ। ਲੋੜ ਵੇਲੇ ਇਕ-ਦੂਜੇ ਦੇ ਜੋਤਰਾ ਵੀ ਲਾ ਆਉਂਦੇ, ਪੱਠੇ-ਦੱਥੇ ਦੀ ਵੀ ਲੈ-ਦੇ ਕਰ ਲੈਂਦੇ। ਭੂਆ ਦੇ ਵੱਡੇ ਦੋਵੇਂ ਪੁੱਤ ਹਰਬੰਸ ਤੇ ਜੀਤਾ ਉਮਰ ਵਿਚ ਮੇਰੇ ਤੋਂ ਵੱਡੇ ਸਨ ਤੇ ਮੈਨੂੰ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ। ਇਸ ਕਰਕੇ ਮੈਨੂੰ ਨਿੱਕੇ ਹੁੰਦੇ ਤੋਂ ਉਹਨਾਂ ਦੇ ਘਰ ਜਾਣਾ ਤੇ ਖੇਡਣਾ ਚੰਗਾ ਲੱਗਦਾ। ਆਪ ਅਨਪੜ੍ਹ ਹੋਣ ਕਰ ਕੇ ਉਹ ਹੁਸ਼ਿਆਰ 'ਪੜ੍ਹਾਕੂ' ਵਜੋਂ ਮੈਨੂੰ ਕਦਰਦਾਨੀ ਨਾਲ ਵੇਖਦੇ। ਹਰਬੰਸ ਨੇ ਤਾਂ ਜ਼ਿਦ ਕਰ ਕੇ ਆਪਣੇ ਵਿਆਹ 'ਤੇ ਮੈਨੂੰ ਸਰਬਾਲ੍ਹਾ ਬਣਾਇਆ ਸੀ ਜਦ ਕਿ ਨੇੜਲੀ ਰਿਸ਼ਤੇਦਾਰੀ ਵਿਚੋਂ ਕੋਈ ਮੇਰਾ ਹੀ ਹਾਣੀ ਮੁੰਡਾ ਨਵੇਂ ਕੱਪੜੇ ਸਵਾਈ ਸਰਬਾਲ੍ਹਾ ਬਣਨ ਦੀ ਤਿਆਰੀ ਕੱਸੀ ਬੈਠਾ ਸੀ। ਬੰਹਸੇ ਤੇ ਜੀਤੇ ਦਾ ਮੇਰੇ ਪਿਓ ਨੂੰ 'ਮਾਮਾ, ਮਾਮਾ' ਕਹਿੰਦਿਆਂ ਮੂੰਹ ਨਾ ਥੱਕਦਾ। ਉਹਨਾਂ ਦੇ ਛੋਟੇ ਭਰਾਵਾਂ ਨਾਲ ਮੇਰੀ ਬਹੁਤੀ ਸਾਂਝ ਨਹੀਂ ਸੀ।
ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਪਤਾ ਨਹੀਂ ਜੀਤੇ ਨੂੰ ਕੋਈ ਸਾਕ ਸਿਰੇ ਕਿਉਂ ਨਹੀਂ ਸੀ ਚੜ੍ਹਿਆ। ਹੌਲੀ ਹੌਲੀ ਵਾਹੀ ਦੇ ਕੰਮ-ਧੰਦੇ ਵਿਚੋਂ ਉਸਦਾ ਮਨ ਉਚਾਟ ਹੁੰਦਾ ਗਿਆ। ਇਕ ਦਿਨ ਉਸਨੇ ਬਾਬੇ ਬਿਧੀ ਚੰਦੀਆਂ ਤੋਂ ਅੰਮ੍ਰਿਤ ਛਕ ਕੇ ਨਿਹੰਗੀ-ਬਾਣਾ ਸਜਾ ਲਿਆ। ਨਿਹੰਗ ਬਣ ਕੇ ਉਹ ਪੱਕੇ ਤੌਰ 'ਤੇ 'ਦਲ' ਨਾਲ ਰਹਿਣਾ ਚਾਹੁੰਦਾ ਸੀ। ਜੀਤੇ ਦਾ ਪਰਿਵਾਰ ਖ਼ੁਦ ਭਾਈ ਬਿਧੀ ਚੰਦ ਦੀ 'ਛੀਨਾ' ਗੋਤ ਨਾਲ ਸੰਬੰਧ ਰੱਖਦਾ ਸੀ। ਬਿਧੀਚੰਦੀਆਂ ਨਾਲ ਭਾਈਚਾਰੇ ਦੀ ਸਾਂਝ ਹੋਣ ਕਰ ਕੇ ਬਾਬੇ ਚਾਹੁੰਦੇ ਸਨ ਕਿ ਜੀਤੇ ਦੇ ਪਿਤਾ ਰੰਗਾ ਸਿੰਘ ਦਾ 'ਮੁੰਡੇ ਨੂੰ ਘਰੋਂ ਪੁੱਟਣ ਦਾ' ਉਹਨਾਂ ਦੇ ਸਿਰ ਉਲਾਹਮਾਂ ਨਾ ਆਵੇ; ਇਸ ਲਈ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹਨਾਂ ਦੀ ਇੱਛਾ ਸੀ ਕਿ ਜੀਤਾ ਘਰ ਦੇ ਕੰਮ-ਕਾਰ ਨਾਲ ਜੁੜਿਆ ਰਹੇ। ਪਰ ਜੀਤੇ ਨੂੰ ਇਹ ਮਨਜ਼ੂਰ ਨਹੀਂ ਸੀ। ਉਹ 'ਚੱਕਰਵਰਤੀ' ਹੋ ਗਿਆ।
ਭੂਆ ਦੇ ਕਹਿਣ 'ਤੇ ਮੇਰੇ ਪਿਓ ਨੇ ਸਮਝਾਇਆ ਤਾਂ ਕਹਿੰਦਾ, "ਮਾਮਾ! ਤੂੰ ਈ ਦੱਸ ਮੈਂ ਕੀਹਦੇ ਲਈ ਵਾਹੀ 'ਚ ਦਿਨ ਰਾਤ ਫਾਟਾਂ ਭੰਨਾਉਦਾ ਫਿਰਾਂ। ਮੈਂ ਕਿਹੜਾ ਕਿਸੇ ਆਪਣੀ ਚੂੜੇ ਵਾਲੀ ਨੂੰ ਸ਼ਨੀਲ ਦਾ ਸੂਟ ਸਿਵਾ ਕੇ ਦੇਣਾ ਏਂ! ਤੇ ਮੇਰੇ ਕਿਹੜੇ ਛਿੰਦੂ ਹੁਣੀਂ ਰੋਂਦੇ ਫਿਰਦੇ ਨੇ ਪਈ ਉਹਨਾਂ ਦੀ ਫੀਸ ਤਾਰਨ ਵਾਲੀ ਰਹਿੰਦੀ ਏ! ਹੁਣ ਨਾ ਕਿਸੇ ਦੀ ਹਿੜਕ ਨਾ ਝਿੜਕ। ਨਾ ਕੋਈ ਸਵੇਰੇ-ਸਾਝਰੇ ਹਲਾਂ ਲਈ ਜਗਾਵੇ। ਆਪਣੀ ਮਰਜ਼ੀ ਸੌਂਈਏ, ਆਪਣੀ ਮਰਜ਼ੀ ਜਾਗੀਏ।"
ਉਹ ਤਾਂ 'ਵਾਰਿਸਸ਼ਾਹ' ਵਾਲਾ ਰਾਂਝਾ ਜੋਗੀ ਬਣਿਆਂ ਪਿਆ ਸੀ!
ਨੀਲਾ ਚੋਲਾ, ਸਿਰ 'ਤੇ ਚੱਕਰ ਲਾ ਕੇ ਸਜਾਈ ਦਸਤਾਰ ਤੇ ਹੱਥ ਵਿਚ ਲੰਮਾਂ ਬਰਛਾ। ਜਦੋਂ ਕਦੀ ਉਸਦਾ ਦਿਲ ਕਰਦਾ ਉਹ ਸੁੱਖੇ ਨਾਲ ਲ੍ਹੇੜ ਕੇ ਸਾਡੇ ਘਰ ਆ ਵੱਜਦਾ। ਘੰਟਿਆਂ ਬੱਧੀ ਬੈਠਾ ਏਧਰ-ਓਧਰ ਦੀਆਂ ਮਾਰੀ ਜਾਂਦਾ। ਵਿਚ ਵਿਚ ਬੀਬੀ ਨੂੰ ਵੀ ਹੁਕਮ ਕਰੀ ਜਾਂਦਾ, "ਮਾਮੀ ਚਾਹ ਬਣਾ ਕਰੜੀ ਜਿਹੀ; ਜੇ ਪਰਸ਼ਾਦਾ ਤਿਆਰ ਹੋ ਗਿਐ ਤਾਂ ਲਿਆ ਹੱਥ ਧੁਆ। ਦਾਲ 'ਚ ਰਤਾ ਥਿੰਦਾ ਵਾਹਵਾ ਪਾ ਦਈਂ, ਸੂਮਪੁਣਾ ਨਾ ਕਰੀਂ।"
ਅਸੀਂ ਵੀ ਉਸਨੂੰ ਟੇਢੇ ਮੇਢੇ ਸਵਾਲ ਕਰਦੇ ਰਹਿੰਦੇ ਤੇ ਉਸਦੀਆਂ ਝੱਲ-ਵਲੱਲੀਆਂ ਸੁਣ ਸੁਣ ਕੇ ਖ਼ੁਸ਼ ਹੁੰਦੇ।
ਇੱਕ ਦਿਨ ਕਿਸੇ ਨੇ ਮੇਰੇ ਪਿਉ ਨੂੰ ਉਲਾਹਮਾਂ ਦਿੱਤਾ, "ਤੁਹਾਡਾ ਨਿਹੰਗ ਸੁੰਹ ਰੌੜ ਵਿਚ ਸਾਈਕਲ ਚਲਾਉਂਦੇ ਸਾਡੇ ਨਿੱਕੇ ਮੁੰਡਿਆਂ ਤੋਂ ਸਾਈਕਲ ਲੈ ਕੇ ਭੱਜ ਗਿਐ। ਉਹਦੇ ਘਰਦਿਆਂ ਨੂੰ ਆਖਿਐ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਨਾ ਤਾਂ ਉਸਦੇ ਕਿਸੇ ਪੱਕੇ ਟਿਕਾਣੇ ਦਾ ਪਤੈ ਤੇ ਨਾ ਹੀ ਉਹ ਉਹਨਾਂ ਦੇ ਕਹਿਣੇ ਵਿਚ ਐ। ਬਾਬਿਆਂ ਕੋਲੋਂ ਵੀ ਨਹੀਂ ਮਿਲਿਆ। ਤੁਸੀਂ ਕੁਝ ਕਰੋਗੇ ਕਿ ਪੁਲਿਸ ਨੂੰ ਆਖੀਏ!"
ਮੇਰੇ ਪਿਤਾ ਨੇ ਸਾਈਕਲ ਮੁੜਵਾ ਦੇਣ ਦਾ ਵਾਅਦਾ ਕਰਕੇ ਉਹਨਾਂ ਨੂੰ ਸਮਝਾਇਆ ਕਿ ਉਹ ਕੁਝ ਦਿਨ ਹੋਰ ਉਡੀਕ ਲੈਣ ਤੇ ਪੁਲਿਸ ਕੋਲ ਨਾ ਜਾਣ।
ਦਸੀਂ ਪੰਦਰੀਂ ਦਿਨੀਂ ਜੀਤਾ ਆਪ ਹੀ ਸਾਈਕਲ ਅਗਲਿਆਂ ਦੇ ਘਰ ਫੜਾ ਆਇਆ। ਮੇਰੇ ਪਿਤਾ ਨੇ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਹੱਸਦਾ ਹੋਇਆ ਕਹਿਣ ਲੱਗਾ, "ਓ ਮਾਮਾ, ਤੇਰੀ ਸਹੁੰ! ਗੱਲ ਕੀ ਹੋਣੀ ਸੀ। ਮੁੰਡੇ ਰੌੜ 'ਚ ਸ਼ੈਕਲ ਚਲਾਉਣ ਡਹੇ ਸੀ। ਮੈਂ ਉਹਨਾਂ ਤੋਂ ਸ਼ੈਕਲ ਫੜ੍ਹ ਕੇ ਆਖਿਆ, "ਲਿਆਓ ਉਏ ਮੁੰਡਿਓ, ਵੇਖੀਏ ਤ੍ਹਾਡਾ ਸ਼ੈਕਲ ਭਲਾ ਹੌਲਾ ਚੱਲਦੈ ਕਿ ਭਾਰਾ। ਸ਼ੈਕਲ ਚਲਾ ਕੇ ਵੇਖਿਆ, ਵਾਹਵਾ ਹੌਲਾ ਚੱਲਦਾ ਸੀ। ਮੈਂ ਸੋਚਿਆ, ਚੱਲ ਮਨਾਂ; 'ਵਰਨਾਲਿਓਂ' ਭੂਆ ਨੂੰ ਈ ਮਿਲ ਆਈਏ, 'ਵਾ ਵੀ ਪਿੱਛੋਂ ਦੀ ਆ।"
ਉਹ ਅਜੇ ਵੀ ਚਿੱਟੇ ਚਿੱਟੇ ਦੰਦ ਕੱਢੀ ਢਿੱਡ ਹਿਲਾ ਕੇ ਹੱਸੀ ਜਾ ਰਿਹਾ ਸੀ।
ਜੀਤੇ ਨੂੰ ਆਪਣੇ ਕੋਲ ਬਿਠਾ ਕੇ ਹੱਸਦਿਆਂ ਪੁੱਛਿਆ, "ਨਿਹੰਗ ਸਿਹਾਂ! ਲੱਗਦੈ ਐਤਕੀਂ 'ਵਾ 'ਵਰਨਾਲੇ' ਦੀ ਥਾਂ ਅੰਬਰਸਰ ਵੱਲ ਵਗਦੀ ਸੀ?"
ਮੇਰਾ ਖ਼ਿਆਲ ਸੀ ਕਿ ਉਹ ਕਿਸੇ 'ਇਹੋ-ਜਿਹੇ' ਛੋਟੇ-ਮੋਟੇ ਕੇਸ ਵਿੱਚ ਹੀ ਅੰਦਰ ਆਇਆ ਹੋਵੇਗਾ। ਅਪਰਾਧੀ ਬਿਰਤੀ ਵਾਲਾ ਤਾਂ ਉਹ ਹੈ ਨਹੀਂ ਸੀ।
"ਓ 'ਵਾ ਕਿੱਥੇ ਭਰਾਵਾ! ਐਤਕੀਂ ਤਾਂ 'ਨੇਰ੍ਹੀ ਧੂਹ ਲਿਆਈ ਏ।"
ਉਹ ਕਿਸੇ 'ਕਤਲ-ਕੇਸ' ਵਿੱਚ ਫਸ ਗਿਆ ਸੀ।
"ਕਤਲ ਕਿਵੇਂ ਹੋ ਗਿਆ?"
"ਕਤਲ ਕੀ ਹੋਣਾ ਸੀ। ਕਤਲ ਤਾਂ ਮੈਨੂੰ ਕੀਤਾ ਕਰਾਇਆ ਈ ਮਿਲ ਗਿਆ ਭਰਾਵਾ!" ਉਹ ਅਜੇ ਵੀ ਹੱਸ ਰਿਹਾ ਸੀ।
ਉਹ ਪਿਛਲੇ ਕੁਝ ਮਹੀਨਿਆਂ ਤੋਂ ਪਿੰਡੋਂ ਬਾਹਰਵਾਰ ਬਾਬੇ ਬਿਧੀ ਚੰਦ ਦੀ ਸਮਾਧ 'ਤੇ ਵੀ ਕਦੀ ਕਦੀ ਰਾਤ ਕੱਟ ਲੈਂਦਾ ਸੀ। ਇਕ ਬਜੁ.ਰਗ ਭਾਈ ਓਥੇ ਸੇਵਾ ਕਰਦਾ ਸੀ। ਜੀਤਾ ਉਸ ਨਾਲ ਰਲ ਕੇ ਸੁੱਖੇ ਵਾਲੀ ਸ਼ਰਦਾਈ ਰਗੜਦਾ। ਬਾਬਾ ਪਿੰਡੋਂ ਗਜ਼ਾ ਕਰ ਲਿਆਉਂਦਾ। ਆਏ ਗਏ ਨੂੰ ਪਰਸ਼ਾਦਾ ਮਿਲਦਾ ਤੇ ਉਹਨਾਂ ਨੂੰ ਵੀ। ਜੀਤਾ ਕਦੀ ਕਦੀ ਵਿਚੋਂ ਉਡੰਤਰ ਵੀ ਹੋ ਜਾਂਦਾ ਤੇ ਕਈ ਕਈ ਦਿਨ ਨਾ ਪਰਤਦਾ। ਉਸਦੀ ਕਿਹੜਾ ਕਿਸੇ ਦਫ਼ਤਰ ਵਿਚ ਹਾਜ਼ਰੀ ਲੱਗਣੀ ਸੀ। ਇੰਜ ਹੀ ਉਹ 'ਯਾਤਰਾ' 'ਤੇ ਗਿਆ ਹੋਇਆ ਸੀ ਕਿ ਪਿੱਛੋਂ ਇਕ ਸਵੇਰੇ ਕਿਸੇ ਨੇ ਸਮਾਧਾਂ ਦੇ ਬਾਹਰ ਬਾਬਾ ਮਰਿਆ ਪਿਆ ਵੇਖਿਆ। ਉਹਦੀਆਂ ਗੋਦੜੀਆਂ ਦੀ ਫਰੋਲਾ-ਫਰੋਲੀ ਵੀ ਕੀਤੀ ਹੋਈ ਸੀ। ਇਸ 'ਫਰੋਲਾ-ਫਰਾਲੀ' ਤੋਂ ਹੀ ਪੁਲਿਸ ਨੂੰ ਸ਼ੱਕ ਹੋਇਆ ਕਿ ਬਾਬਾ ਕੁਦਰਤੀ ਮੌਤ ਨਹੀਂ ਮਰਿਆ ਸਗੋਂ ਉਸਦਾ ਕਤਲ ਹੋਇਆ ਹੈ।
ਪੁਲਿਸ ਨੇ ਇਹ ਕਤਲ ਕੇਸ ਜੀਤੇ 'ਤੇ ਪਾ ਦਿੱਤਾ ਸੀ ਤੇ ਉਸਦੇ ਵਾਪਸ ਪਰਤਣ 'ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ।
"ਪਤਾ ਨਹੀਂ ਉਹਨੂੰ ਕਿਸੇ ਮਾਰਿਆ ਸੀ ਕਿ ਆਪੇ ਮਰ ਗਿਆ ਸੀ। ਜਾਨ ਤਾਂ ਅੱਗੇ ਹੈ ਨੀ ਸੀ ਬਜ਼ੁਰਗ ਵਿਚ। ਪਹਿਲਾਂ ਈ ਨਿਭਿਆ ਪਿਆ ਸੀ। ਨਾਲੇ ਮੇਰਾ ਤਾਂ ਵਿਚਾਰਾ ਬੜਾ ਪ੍ਰੇਮੀ ਸੀ। ਢੱਗੀ ਖਾਵਾਂ ਜੇ ਝੂਠ ਬੋਲਾਂ। ਨਾਲੇ ਤੇਰੇ ਕੋਲ ਕਾਹਦਾ ਝੂਠ। ਉਹਦੇ ਗਰੀਬ ਕੋਲ ਕਿਹੜੇ ਖਜਾਨੇ ਦੱਬੇ ਪਏ ਸਨ! ਮੈਂ ਤਾਂ ਚਹੁੰ-ਪੰਜਾਂ ਦਿਨਾਂ ਤੋਂ ਓਥੇ ਹੈ ਵੀ ਨਹੀਂ ਸਾਂ। ਸਾਰਾ ਸਿਆਪਾ ਓਥੇ ਨਾ ਹੋਣ ਨੇ ਈ ਪਾਇਆ। ਸਾਰੇ ਆਖਣ ਸਮਾਧੀਂ ਤਾਂ ਜੀਤਾ ਹੀ ਹੁੰਦੈ। ਉਹੋ ਹੀ ਮਾਰ ਕੇ ਕਿਤੇ ਅੱਗੇ-ਪਿੱਛੇ ਹੋ ਗਿਐ ਹੁਣ। ਪੁਲਿਸ ਨੇ ਕਤਲ ਮੇਰੇ 'ਤੇ ਪਾ 'ਤਾ। ਮੇਰੀ ਕਿਸੇ ਇੱਕ ਨ੍ਹੀਂ ਸੁਣੀ। ਪਿਛਲੇ ਬੁੱਧਵਾਰ ਐਥੇ ਜੇਲ੍ਹ ਵਿਚ ਲਿਆ ਸੁੱਟਿਆ। ਏਥੇ ਸੁੱਖੇ ਦੀ ਬੜੀ ਤੰਗੀ ਆ। ਓਂ ਦੋ ਫੁਲਕੇ ਈ ਛਕਣੇ ਆਂ। ਅੰਦਰ ਕੀ ਤੇ ਬਾਹਰ ਕੀ!"
ਮੈਂ ਹੋਰ ਵੀ ਖੁਰਚ ਕੇ ਪੁੱਛਿਆ। ਉਸਦੇ ਸੁਭਾਅ ਅਤੇ ਗੱਲ-ਬਾਤ ਕਰਨ ਦੇ ਅੰਦਾਜ਼ ਤੋਂ ਜਾਣੂ ਸਾਂ। ਲੱਗਾ; ਜੀਤਾ ਤਾਂ ਨਾ-ਹੱਕ ਹੀ ਕਤਲ ਕੇਸ ਵਿੱਚ ਫਸ ਗਿਆ ਸੀ। ਖ਼ਿਆਲ ਆਇਆ ਉਹ ਬਾਬੇ ਬਿਧੀ ਚੰਦੀਆਂ ਦਾ 'ਸਿੰਘ' ਸੀ। ਉਹਨਾਂ ਇਸਨੂੰ ਬਚਾਉਣ ਲਈ ਕਿਉਂ ਨਹੀਂ ਕੀਤਾ?
"ਤੇਰੇ ਕੇਸ ਦੀ ਪੈਰਵੀ ਕੌਣ ਕਰ ਰਿਹੈ? ਤੇਰੇ ਘਰ ਦੇ ਜਾਂ ਬਾਬੇ ਬਿਧੀਚੰਦੀਏ?"
"ਪੈਰਵੀ ਮੇਰੀ ਕੀਹਨੇ ਕਰਨੀ ਸੀ! ਭਰਾ ਆਂਹਦੇ ਹੋਣਗੇ ਚੱਲ ਫ਼ਾਹੇ ਲੱਗੂ ਤਾਂ ਹਿੱਸੇ ਆਉਂਦੇ ਦੋ ਕਿਲੇ ਸਾਂਭਣ ਵਾਲੇ ਬਣਾਂਗੇ। ਨਾਲੇ ਉਹ ਸੋਚਦੇ ਹੋਣਗੇ ਆਪੇ ਬਾਬੇ ਕੋਈ ਚਾਰਾ ਕਰਨਗੇ। ਬਾਬਿਆਂ ਨੂੰ ਲੱਗਦੈ, ਊਂ ਮੇਰੇ 'ਤੇ ਹੀ ਸ਼ੱਕ ਐ।"
ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਉਸ ਲਈ ਕਿਸੇ ਨੇ ਅਜੇ ਤੱਕ ਵਕੀਲ ਦਾ ਵੀ ਕੋਈ ਬੰਦੋਬਸਤ ਨਹੀਂ ਸੀ ਕੀਤਾ। ਮੈਨੂੰ ਲੱਗਾ, ਜੀਤਾ ਵਿਚਾਰਾ ਤਾਂ ਭੰਗ ਦੇ ਭਾੜੇ ਫਾਹੇ ਲੱਗ ਜਾਣਾ ਹੈ। ਇਸਦੇ ਬਚਾਅ ਲਈ ਕੀ ਕੀਤਾ ਜਾਵੇ!
ਰੋਟੀ ਵੇਲਾ ਹੋ ਜਾਣ 'ਤੇ ਜੀਤਾ ਫਿਰ ਮਿਲਦੇ-ਗਿਲਦੇ ਰਹਿਣ ਦਾ ਵਾਅਦਾ ਕਰ ਕੇ ਆਪਣੀ ਬੈਰਕ ਵਿਚ ਚਲਾ ਗਿਆ ਤੇ ਮੈਨੂੰ ਸੋਚਾਂ ਵਿਚ ਪਾ ਗਿਆ। ਇਹ ਵੀ ਕੀ ਵਿਡੰਬਨਾ ਸੀ ਕਿ ਮੇਰੀ ਪਤਨੀ ਦੀ ਭੂਆ ਦਾ ਪੁੱਤ ਤੇ ਮੇਰੀ ਭੂਆ ਦਾ ਪੁੱਤ ਦੋਵੇਂ ਹੀ ਝੂਠੇ ਕਤਲ-ਕੇਸ ਵਿਚ ਫਸ ਗਏ ਸਨ! ਮੈਂ ਨਹੀਂ ਸਾਂ ਚਾਹੁੰਦਾ ਕਿ ਜੀਤਾ ਵੀ ਉਸ ਵਾਂਗ ਜੇਲ੍ਹ ਵਿਚ ਉਮਰ ਕੈਦ ਭੋਗੇ! ਪਰ ਮੈਂ ਅੰਦਰ ਬੈਠਾ ਉਸ ਬੇਕਸੂਰ ਲਈ ਕੀ ਕਰ ਸਕਦਾ ਸਾਂ! ਮੇਰੀ ਤਾਂ ਆਰਥਿਕ ਹਾਲਤ ਵੀ ਅਜਿਹੀ ਨਹੀਂ ਸੀ ਕਿ ਕੋਲੋਂ ਪੈਸੇ ਖ਼ਰਚ ਕੇ ਉਸਦਾ ਮੁਕੱਦਮਾ ਲੜਨ ਲਈ ਕੋਈ ਚੰਗਾ ਵਕੀਲ ਖੜਾ ਕਰ ਸਕਾਂ। ਮੈਂ ਤਾਂ ਚਿੱਟੇ ਕਾਗ਼ਜ਼ਾਂ 'ਤੇ ਕਾਲੇ ਅੱਖਰ ਵਾਹੁਣ ਵਾਲਾ ਮਾਮੂਲੀ ਲੇਖਕ ਸਾਂ।
ਮੇਰੇ ਮਨ ਨੇ ਮੈਨੂੰ ਵੰਗਾਰਿਆ, "ਤੂੰ ਮਾਮੂਲੀ ਕਿਵੇਂ ਏਂ? ਤੇਰੇ ਅੱਖਰਾਂ ਵਿਚ ਕੋਈ 'ਤਾਕਤ' ਹੋਏਗੀ ਤਾਂ ਹੀ ਤੈਨੂੰ ਅਗਲਿਆਂ 'ਅੱਖਰਾਂ ਦੇ ਹਵਾਲੇ ਨਾਲ' ਅੰਦਰ ਕੀਤਾ ਹੈ!"
ਪਰ ਮੇਰੇ 'ਅੱਖਰਾਂ ਦੀ ਤਾਕਤ' ਜੀਤੇ ਦੇ ਕਿਸ ਕੰਮ?
ਅਚਨਚੇਤ ਮੇਰੇ ਅੰਦਰ ਬਿਜਲੀ ਕੌਂਧ ਗਈ। ਜੀਤੇ ਦੇ ਪਰਸੰਗ ਵਿਚ ਵੀ ਮੈਂ ਆਪਣੇ 'ਅੱਖਰਾਂ ਦੀ ਤਾਕਤ' ਪਰਖ਼ ਕੇ ਵੇਖ ਸਕਦਾ ਸਾਂ!
ਮੈਂ ਸੋਚਿਆ; ਮੈਨੂੰ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਨੂੰ, ਜਿਹੜੇ ਬਾਬਾ ਬਿਧੀ ਚੰਦ ਦੀ ਅੰਸ-ਬੰਸ ਵਿਚੋਂ ਯਾਰਵੇਂ ਥਾਂ 'ਗੱਦੀ-ਨਸ਼ੀਨ' ਸਨ, ਜੀਤੇ ਦੀ ਮਦਦ ਕਰਨ ਲਈ ਚਿੱਠੀ ਲਿਖਣੀ ਚਾਹੀਦੀ ਹੈ। ਆਖ਼ਰ ਜੀਤਾ ਉਹਨਾਂ ਦੇ ਦਲ ਦਾ 'ਸਿੰਘ' ਸੀ। ਉਂਝ ਵੀ ਉਹਨਾਂ ਦੇ 'ਛੀਨਾ' ਭਾਈਚਾਰੇ ਵਿਚੋਂ ਸੀ। ਜੇ ਬਾਬੇ ਉਸਦੀ ਮਦਦ ਤੇ ਆ ਜਾਂਦੇ ਹਨ ਤਾਂ ਜੀਤੇ ਦਾ ਬਚ ਜਾਣਾ ਲਾਜ਼ਮੀ ਸੀ। ਕੇਸ ਅਜੇ ਸ਼ਰੂਆਤੀ ਦੌਰ ਵਿਚ ਹੀ ਸੀ ਤੇ ਬਾਬਾ ਜੀ ਦੀ ਤਾਂ ਸਰਕਾਰੇ-ਦਰਬਾਰੇ ਪੂਰੀ ਪਹੁੰਚ ਸੀ। ਰਾਜਨੀਤੀਵਾਨ, ਪੁਲਸੀਏ ਤੇ ਹੋਰ ਸਰਕਾਰੀ ਅਧਿਕਾਰੀ ਉਹਨਾਂ ਨੂੰ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਸਨ।
ਜੀਤੇ ਵੱਲੋਂ ਚਿੱਠੀ ਲਿਖ ਕੇ ਮੈਂ ਬਾਬਾ ਜੀ ਨੇ ਮਨ ਵਿਚ ਜੀਤੇ ਲਈ ਤਰਸ ਤੇ ਹਮਦਰਦੀ ਦੇ ਭਾਵ ਜਗਾਉਣੇ ਸਨ! ਆਪਣੇ 'ਲੇਖਕੀ ਹੁਨਰ' ਨਾਲ ਉਹਨਾਂ ਦੀ ਸੰਵੇਦਨਾ ਨੂੰ ਟੁੰਬਣਾ ਸੀ। ਮੌਤ ਦੇ ਜਾਲ ਵਿੱਚ ਫਸ ਗਏ ਜੀਤੇ ਦੀ ਤੜਪਦੀ-ਫੜਫੜਾਉਂਦੀ ਆਤਮਾ ਬਣ ਕੇ ਉਸਦੇ ਬਚਾਅ ਲਈ ਤਰਲਾ ਪਾਉਣਾ ਸੀ।
ਅੱਜ ਮੇਰੀ ਲਿਖਣ-ਕਲਾ ਦਾ ਬੜਾ ਵੱਡਾ ਇਮਤਿਹਾਨ ਹੋਣ ਵਾਲਾ ਸੀ।
ਉਸ ਰਾਤ ਮੈਂ ਵੱਖਰੇ ਬੈਠ ਕੇ ਤੇ ਮਨ-ਚਿੱਤ ਬਿਰਤੀ ਨੂੰ ਇਕਾਗਰ ਕਰ ਕੇ ਬਾਬਾ ਬਿਧੀ ਚੰਦ ਦਲ ਦੇ ਮੁਖੀ ਬਾਬਾ ਦਇਆ ਸਿੰਘ ਦੇ ਨਾਂ ਜੀਤੇ ਵੱਲੋਂ ਇੱਕ ਲੰਮੀ ਚਿੱਠੀ ਲਿਖੀ। ਚਿੱਠੀ ਲਿਖਦਿਆਂ ਹੋਇਆਂ ਮੈਂ 'ਵਰਿਆਮ ਸਿੰਘ ਸੰਧੂ' ਨਹੀਂ ਸਾਂ ਰਹਿ ਗਿਆ ਜਿਸ ਦਾ ਡੇਰਿਆਂ, ਬਾਬਿਆਂ ਜਾਂ ਧਰਮ ਤੇ ਧਾਰਮਿਕ ਸ਼ਖ਼ਸੀਅਤਾਂ ਬਾਰੇ ਵੱਖਰਾ ਤਰਕ ਤੇ ਦ੍ਰਿਸ਼ਟੀਕੋਨ ਸੀ। ਮੈਂ ਤਾਂ ਜੀਤਾ ਬਣ ਗਿਆ ਸਾਂ ਤੇ ਉਸਦੇ ਧਾਰਮਿਕ ਤੇ ਸ਼ਰਧਾਲੂ ਦ੍ਰਿਸ਼ਟੀਕੋਨ ਤੋਂ ਬਾਬਾ ਜੀ ਨੂੰ ਮੁਖ਼ਾਤਬ ਸਾਂ। ਮੇਰਾ 'ਤਰਕ' ਤਾਂ ਇਹੋ ਸੀ ਕਿ ਮੈਂ ਜੀਤੇ ਦੇ ਗੁੰਗੇ ਅੰਦਰ ਨੂੰ ਜ਼ਬਾਨ ਦੇਣੀ ਹੈ ਜਿਹੜੀ ਬਾਬਾ ਜੀ ਦੇ ਮਨ ਨੂੰ ਨੇੜਿਓਂ ਸੁਣ ਸਕੇ। ਲਿਖਦਿਆਂ ਹੋਇਆਂ ਮੈਂ ਜੀਤੇ ਦੀ ਥਾਂ ਆਪਣੇ ਆਪ ਨੂੰ ਬੇਕਸੂਰ ਫਸਿਆ ਮਹਿਸੂਸ ਕਰ ਰਿਹਾ ਸਾਂ।
ਏਨੇ ਸਾਲਾਂ ਬਾਅਦ ਚਿੱਠੀ ਦੀ ਭਾਸ਼ਾ ਤੇ ਵੇਰਵੇ ਤਾਂ ਹੁਣ ਯਾਦ ਨਹੀਂ ਪਰ ਚਿੱਠੀ ਵਿਚ ਪੇਸ਼ ਭਾਵਨਾਵਾਂ ਤੇ 'ਤਰਕ' ਇਸ ਪ੍ਰਕਾਰ ਉਸਾਰਿਆ ਗਿਆ ਜਿਸ ਨਾਲ ਬਾਬਾ ਜੀ ਦੀਆਂ ਭਾਵਨਾਵਾਂ ਨੂੰ ਜੁੰਬਿਸ਼ ਮਿਲ ਸਕੇ। ਭਾਈ ਬਿਧੀ ਚੰਦ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮਕਾਲੀ ਤੇ ਸ਼ਰਧਾਲੂ ਸਿੱਖ ਸਨ। ਬਾਬਾ ਦਇਆ ਸਿੰਘ ਦੇ ਪਿਤਾ ਬਾਬਾ ਸੋਹਣ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਪਿੰਡ ਸੁਰ ਸਿੰਘ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦਵਾਰੇ ਦੀ ਇਮਾਰਤ ਬਣਵਾਈ ਸੀ ਜਿੱਥੇ ਹਰ ਸਾਲ ਬੜਾ ਵੱਡਾ ਸਾਲਾਨਾ ਜੋੜ ਮੇਲਾ ਲੱਗਦਾ ਸੀ। ਬਾਬਾ ਜੀ ਨੂੰ 'ਸੱਚੇ-ਸੁੱਚੇ ਗੁਰਸਿੱਖ ਤੇ ਬ੍ਰਹਮ-ਗਿਆਨੀ' ਵਜੋਂ ਵਡਿਆ ਕੇ ਮੈਂ ਗੱਲ 'ਬੰਦੀ-ਛੋੜ' ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਨਾਲ ਹੀ ਸ਼ੁਰੂ ਕਰ ਕੇ ਕੁਝ ਇਸਤਰ੍ਹਾਂ ਲਿਖਿਆ:
'ਤੁਸੀਂ 'ਕਲਜੁਗ' ਵਿਚ ਓਸ ਸੱਚੇ ਪਾਤਸ਼ਾਹ ਦੇ ਸੱਚੇ ਪ੍ਰਤੀਨਿਧ ਹੋ ਜਿਸਨੂੰ 'ਬੰਦੀ-ਛੋੜ' ਦੇ ਨਾਂ ਨਾਲ ਸਾਰਾ ਸਿੱਖ-ਜਗਤ ਜਾਣਦਾ ਹੈ। ਅੱਜ ਤੁਸੀਂ ਹੀ ਸਾਡੇ ਸੱਚੇ ਹਮਦਰਦ ਤੇ ਸਾਡੀਆਂ ਚੁਰਾਸੀਆਂ ਕੱਟਣ ਵਾਲੇ ਬੰਦੀ-ਛੋੜ ਹੋ। 'ਚੁਰਾਸੀਆਂ' ਸਾਹਮਣੇ ਇਹ ਦੁਨਿਆਵੀ ਜੇਲ੍ਹਾਂ ਤਾਂ ਤੁਹਾਡੇ ਅੱਗੇ ਕੁਝ ਅਰਥ ਹੀ ਨਹੀਂ ਰੱਖਦੀਆਂ। ਇਸੇ ਕਰਕੇ ਏਥੇ ਜੇਲ੍ਹ ਵਿਚ ਬੈਠਿਆਂ ਵੀ ਮੈਂ ਚੜ੍ਹਦੀ ਕਲਾ ਵਿਚ ਹਾਂ। ਮੈਨੂੰ ਕਾਹਦਾ ਫ਼ਿਕਰ ਜਦ ਤੁਹਾਡੇ ਨਾਂ ਵਾਂਗ ਹੀ ਤੁਹਾਡਾ ਦਇਆਵਾਨ ਹੱਥ ਮੇਰੇ ਸਿਰ ਉੱਤੇ ਹੈ। ਏਸੇ ਕਰਕੇ ਤਾਂ ਮੈਂ ਸ਼ਾਹ ਹੁਸੈਨ ਦੇ ਕਹਿਣ ਮੁਤਾਬਕ 'ਮਾਪੇ ਛੋੜ ਕੇ ਤੁਹਾਡੇ ਲੜ ਲੱਗਿਆ ਸਾਂ।' ਤੁਹਾਡੇ ਕੋਲੋਂ ਅੰਮ੍ਰਿਤ ਛਕ ਕੇ ਮੈਂ ਉਸਤਰ੍ਹਾਂ ਹੀ ਆਪਣੇ ਆਪ ਨੂੰ ਤੁਹਾਡੇ ਸੀਨੇ ਨਾਲ ਲੱਗਾ ਮਹਿਸੂਸ ਕਰਦਾ ਹਾਂ ਜਿਵੇਂ ਭਾਈ ਬਿਧੀ ਚੰਦ ਜੀ ਨੂੰ ਉਦੋਂ ਲੱਗਾ ਸੀ ਜਦੋਂ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਆਪਣੇ ਸੀਨੇ ਨਾਲ ਘੁੱਟਦਿਆਂ ਕਿਹਾ ਸੀ, 'ਬਿਧੀ ਚੰਦ ਛੀਨਾ ਗੁਰੂ ਕਾ ਸੀਨਾ।' ਉਸ ਦਿਨ ਤੋਂ ਬਾਅਦ ਤੁਸੀਂ ਹੀ ਮੇਰੇ ਮਾਂ-ਬਾਪ ਤੇ ਹੋਰ ਸਭ ਕੁਝ ਹੋ। ਤੁਹਾਡੇ ਸੀਨੇ ਨਾਲ ਲੱਗੇ ਤੁਹਾਡੇ ਇਸ ਨਿਮਾਣੇ ਸਿੰਘ ਨੂੰ ਭਰੋਸਾ ਹੈ ਕਿ ਤੁਸੀਂ ਅਣਬੋਲਿਆਂ ਹੀ ਅਗਲੇ ਦੀ ਬਿਰਥਾ ਜਾਨਣ ਵਾਲੇ, ਮਨ ਦੀਆਂ ਬੁੱਝਣ ਵਾਲੇ ਹੋ। ਤੁਸੀਂ ਦਰ 'ਤੇ ਆਇਆਂ ਦੀਆਂ ਫ਼ਰਿਆਦਾਂ ਸੁਣਦੇ ਤੇ ਉਹਨਾਂ ਦੇ ਦੁੱਖ ਹਰਦੇ ਹੋ। ਬੇਕਸੂਰੇ ਦੁਖੀਆਂ ਦੀ ਕੁਰਲਾਹਟ ਤੁਹਾਡੇ ਤੋਂ ਵੱਧ ਭਲਾ ਹੋਰ ਕਿਸ ਨੂੰ ਸੁਣਾਈ ਦੇ ਸਕਦੀ ਹੈ! ਮੇਰੇ ਬੇਕਸੂਰ ਹੋਣ ਦੀ ਕੁਰਲਾਹਟ 'ਘਟ ਘਟ ਕੇ ਅੰਤਰ ਕੀ ਜਾਨਣ ਵਾਲੇ' ਤੁਹਾਡੇ ਰਹਿਮ-ਦਿਲ ਆਪੇ ਨੂੰ ਭਲਾ ਕਿਵੇਂ ਨਾ ਸੁਣੀ ਹੋਏਗੀ! ਜੇ ਅਜੇ ਤੱਕ ਤੁਸੀਂ ਮੇਰੇ ਬਚਾਅ ਲਈ ਕੁਝ ਨਹੀਂ ਕੀਤਾ ਤਾਂ ਇਸ ਪਿੱਛੇ ਵੀ ਤੁਹਾਡੀ ਕੋਈ ਰਜ਼ਾ ਹੀ ਹੋਏਗੀ। ਕਦੀ ਕਦੀ ਦੁਨੀਆਂਦਾਰ ਹੋਇਆ ਮੇਰਾ ਦਿਲ ਸੋਚਦਾ ਹੈ ਕਿ ਤੁਹਾਡੇ ਅੱਗੇ ਤਰਲਾ ਪਾਵਾਂ ਕਿ ਮੈਨੂੰ ਇਸ ਜੇਲ੍ਹ ਵਿਚੋਂ ਮੁਕਤ ਕਰਾਓ। ਫਿਰ ਸੋਚਦਾ ਹਾਂ ਕਿ ਜਦੋਂ ਬਾਬਾ ਜੀ ਹੀ ਹੁਣ ਮੇਰੇ ਮਾਪੇ, ਮੇਰੇ ਗੁਰੂ ਤੇ ਮੇਰਾ ਰੱਬ ਹਨ ਤਾਂ ਉਹਨਾਂ ਨੂੰ ਭਲਾ ਮੇਰਾ ਬੇਗੁਨਾਹ ਦਾ ਤਰਲਾ ਕਿਵੇਂ ਨਾ ਸੁਣਦਾ ਹੋਏਗਾ ਤੇ ਉਹ ਮੇਰੀ 'ਬੰਦ-ਖਲਾਸੀ' ਕਰਾਉਣ ਲਈ ਭਲਾ ਉੱਦਮ ਕਿਵੇਂ ਨਾ ਕਰਨਗੇ! ਤੁਸੀਂ ਮੈਨੂੰ ਆਪਣੇ ਸੀਨੇ ਨਾਲੋਂ ਲਾਹ ਕੇ ਜੇਲ੍ਹਾਂ ਵਿਚ ਰੁਲਣ ਲਈ ਦੂਰ ਕਿਵੇਂ ਸੁੱਟ ਸਕਦੇ ਹੋ! ਤੁਹਾਡੇ 'ਬੰਦੀਛੋੜ' ਚੋਲੇ ਦੀ ਇਕ ਕੰਨੀ ਤਾਂ ਮੇਰੇ ਹੱਥ ਆ ਹੀ ਜਾਏਗੀ! ਮੈਂ ਮੁੜ ਤੋਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਂਦਾ ਤੁਹਾਡੇ ਚਰਨਾ ਵਿਚ ਬੈਠਾ ਹੋਵਾਂਗਾ।'
ਇਸਤਰ੍ਹਾਂ ਦੇ ਰਲਦੇ-ਮਿਲਦੇ ਭਾਵਾਂ ਵਾਲੀ ਚਿੱਠੀ ਜੀਤੇ ਵੱਲੋਂ ਲਿਖ ਕੇ ਮੈਂ ਉਸਦੇ ਨਿਰਦੋਸ਼ ਹੋਣ ਦਾ ਵਾਸਤਾ ਪਾਇਆ। ਸ਼ਬਦਾਂ ਵਿੱਚ ਆਪਣਾ ਅੰਦਰ ਘੋਲ ਦਿੱਤਾ। ਇਸ ਘੁਲੇ ਹੋਏ ਦਿਲ ਨੇ ਬਾਬਾ ਜੀ ਦਾ ਦਿਲ ਪਿਘਲਾਉਣਾ ਸੀ!
ਅਗਲੇ ਦਿਨ ਚਿੱਠੀ ਪੜ੍ਹ ਕੇ ਜੀਤੇ ਨੂੰ ਸੁਣਾਈ।
ਇਹ ਚਿੱਠੀ ਜੇਲ੍ਹ ਤੋਂ ਬਾਹਰ ਵੀ ਮੈਂ ਹੀ ਪਹੁੰਚਾਉਣੀ ਸੀ। ਕੁਝ ਦਿਨਾਂ ਤੱਕ ਮੇਰੀ ਤਰੀਕ ਸੀ। ਆਪਣੇ ਨਾਲ ਚਿੱਠੀ ਲੈ ਜਾਵਾਂਗਾ ਤੇ ਓਥੇ ਕਿਸੇ ਆਏ ਦੋਸਤ-ਰਿਸ਼ਤੇਦਾਰ ਨੂੰ ਡਾਕ ਵਿਚ ਪਾਉਣ ਲਈ ਕਹਿ ਦਿਆਂਗਾ।
ਇੱਕੋ ਕੇਸ ਨਾਲ ਸੰਬੰਧਿਤ ਹੋਣ ਕਰ ਕੇ ਬਿਜਲੀ ਬੋਰਡ ਵਾਲੇ ਬਲਬੀਰ ਨੇ ਅਤੇ ਮੈਂ ਇਕੱਠਿਆਂ ਤਰੀਕ ਭੁਗਤਣ ਜਾਣਾ ਸੀ। ਸਾਨੂੰ ਜੇਲ੍ਹ ਦੀ ਡਿਓੜ੍ਹੀ ਵਿਚ ਲੈ ਕੇ ਜਾਣ ਵਾਲੇ ਜੇਲ੍ਹ ਕਰਮਚਾਰੀ ਸਾਡੇ ਜਾਣੂ ਹੋ ਚੁੱਕੇ ਸਨ ਅਤੇ ਸਾਡੇ ਵਿਚਾਰਾਂ ਕਰਕੇ ਸਾਡੀ ਇੱਜ਼ਤ ਕਰਦੇ ਸਨ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜੀਤੇ ਨਿਹੰਗ ਦੀ ਚਿੱਠੀ ਬਾਹਰ ਲੈ ਕੇ ਜਾਣੀ ਹੈ।
"ਗੱਲ ਈ ਕੋਈ ਨ੍ਹੀਂ ਭਾ ਜੀ!" ਉਹਨਾਂ ਆਖਿਆ।
ਡਿਓੜ੍ਹੀ ਵਿਚ ਆਪਣੇ ਆਪਣੇ ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਵਾਲੇ ਹੋਰ ਲੋਕ ਵੀ ਸਨ। ਤਰੀਕ 'ਤੇ ਜਾਣ ਵਾਲੇ ਸਾਨੂੰ ਸਾਰਿਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰ ਲਿਆ ਗਿਆ।
"ਜਿਹਦੇ ਕੋਲ ਜੋ ਕੁਝ ਵੀ ਹੈਗਾ, ਉਹ ਹੁਣੇ ਬਾਹਰ ਕੱਢ ਕੇ ਫੜਾ ਦੇਵੇ। ਫਿਰ ਨਾ ਆਖਿਓ!" ਗਾਰਦ ਨਾਲ ਜਾਣ ਵਾਲੇ ਹਵਾਲਦਾਰ ਨੇ ਧਮਕਾਇਆ ਅਤੇ ਫਿਰ ਲਾਈਨ ਦੇ ਇਕ ਸਿਰੇ ਤੋਂ ਸਭ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ।
"ਜਦੋਂ ਮੈਂ ਆਖ ਜੂ ਆਖ ਦਿੱਤਾ ਸੀ ਤਾਂ ਤੈਨੂੰ ਸੁਣਿਆਂ ਨਹੀਂ ਸੀ। ਬੁੱਜੇ ਦਿੱਤੇ ਸੀ ਕੰਨਾਂ 'ਚ? ਤੁਸੀਂ ਲੋਕ ਛਿੱਤਰ ਦੇ ਯਾਰ ਓ।" ਹਵਾਲਦਾਰ ਦੀ ਆਵਾਜ਼ ਦੇ ਨਾਲ ਹੀ 'ਤਾੜ! ਤਾੜ!!' ਚਪੇੜਾਂ ਵੱਜਣ ਦੀ ਆਵਾਜ਼ ਸੁਣੀ। ਹਵਾਲਦਾਰ ਰੋਹ ਵਿਚ ਮੱਚ ਪਿਆ ਸੀ। ਵਾਰੀ ਵਾਰੀ ਤਲਾਸ਼ੀ ਲੈਂਦਿਆਂ ਜਿਸ ਕੋਲੋਂ ਵੀ ਕੁਝ ਲੱਭਦਾ ਉਸਨੂੰ ਉਹ ਖੁੱਲ੍ਹੇ ਦਿਲ ਨਾਲ ਗਾਲ੍ਹਾਂ ਤੇ ਚਪੇੜਾਂ ਦੀ ਬਖ਼ਸ਼ਿਸ਼ ਕਰੀ ਜਾ ਰਿਹਾ ਸੀ। ਮੇਰੀ ਸਾਹਮਣੀ ਜੇਬ ਵਿਚ ਜੀਤੇ ਵਾਲੀ ਚਿੱਠੀ ਸੀ। ਪਰ ਮੈਂ ਲਾਈਨ ਦੇ ਲਗਭਗ ਅਖ਼ੀਰ 'ਤੇ ਸਾਂ। ਮੇਰੇ ਕੋਲ ਪਹੁੰਚਦਿਆਂ ਨੂੰ ਅਜੇ ਉਸਨੂੰ ਚਿਰ ਲੱਗਣਾ ਸੀ। ਚਹੁੰ ਕਦਮਾਂ ਦੀ ਵਿੱਥ 'ਤੇ ਮੇਰੇ ਹਮਦਰਦ ਕਰਮਚਾਰੀ ਖਲੋਤੇ ਹੋਏ ਸਨ। ਉਹਨਾਂ ਵਿਚੋਂ ਇਕ ਜਣਾ ਰਜਿਸਟਰ 'ਤੇ ਨਾਂ ਪਤੇ ਲਿਖਣ ਵਾਲੇ ਕਰਮਚਾਰੀ ਨੂੰ ਕੁਝ ਲਿਖਾ ਰਿਹਾ ਸੀ ਤੇ ਦੂਜਾ ਉਸ 'ਤੇ ਝੁਕਿਆ ਹੋਇਆ ਸੀ। ਮੈਨੂੰ ਆਸ ਸੀ ਕਿ ਮੇਰੇ ਤੱਕ ਹਵਾਲਦਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ 'ਉਧਰੋਂ' ਵਿਹਲੇ ਹੋ ਕੇ ਮੇਰੀ 'ਸੁਰੱਖਿਆ' ਲਈ ਆ ਹਾਜ਼ਰ ਹੋਣਗੇ। ਉਹਨਾਂ ਵਿਚੋਂ ਰਜਿਸਟਰ 'ਤੇ ਝੁਕਣ ਵਾਲੇ ਨੇ ਆਪਣੇ ਸਾਥੀ ਨੂੰ ਕਿਹਾ ਵੀ, "ਤੂੰ ਓਧਰ ਧਿਆਨ ਰੱਖ।"
ਉਸਨੇ ਰਜਿਸਟਰ ਵੱਲ ਵੇਖਣੋਂ ਹਟ ਕੇ ਸਾਡੇ ਵੱਲ ਝਾਤ ਮਾਰੀ ਤੇ ਮੈਨੂੰ ਸੁਰੱਖਿਅਤ 'ਹਦੂਦ' ਵਿਚ ਜਾਣ ਕੇ ਫੇਰ ਸਾਥੀ ਨਾਲ ਹੀ ਰਜਿਸਟਰ 'ਤੇ ਝੁਕ ਗਿਆ। ਹਵਾਲਦਾਰ ਮੇਰੇ ਤੋਂ ਪਹਿਲਾਂ ਖਲੋਤੇ ਬਲਬੀਰ ਕੋਲ ਸਾਹਮਣੇ ਆ ਖੜਾ ਹੋਇਆ। ਜਦੋਂ ਉਹ ਮੇਰੇ ਸਾਹਮਣੇ ਹੋਇਆ ਮੈਂ ਜੇਬ ਵਿਚੋਂ ਭਰੋਸੇ ਨਾਲ ਚਿੱਠੀ ਕੱਢ ਕੇ ਥੋੜੀ੍ਹ ਵਿੱਥ 'ਤੇ ਖਲੋਤੇ ਆਪਣੇ ਹਮਦਰਦ ਕਰਮਚਾਰੀਆਂ ਵੱਲ ਇਸ਼ਾਰਾ ਕਰ ਕੇ, ਹਵਾਲਦਾਰ ਨੂੰ ਦੱਸਣ ਤੇ ਉਹਨਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸਾਂ ਕਿ ਹਵਾਲਦਾਰ ਨੇ 'ਪਟਾਕ' ਕਰਦਾ ਜ਼ੋਰਦਾਰ ਥੱਪੜ ਮੇਰੀ ਗੱਲ੍ਹ 'ਤੇ ਜੜ ਦਿੱਤਾ। ਖੜਾਕ ਨਾਲ ਡਿਓੜ੍ਹੀ ਗੂੰਜ ਉੱਠੀ। ਮੇਰੀ ਆਵਾਜ਼ ਮੂੰਹ ਵਿਚ ਹੀ ਘੁਰਲ ਹੋ ਗਈ।
ਬਲਬੀਰ ਨੇ ਵੀ ਉਸਦਾ ਉਠਦਾ ਹੱਥ ਵੇਖ ਲਿਆ ਸੀ। ਉਸਨੇ ਹਮਦਰਦ ਕਰਮਚਾਰੀ ਨੂੰ ਸੁਚੇਤ ਕਰਨ ਲਈ ਉਸਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ। ਉਸਨੇ ਤੁਰਤ ਪਿੱਛੇ ਭੌਂ ਕੇ ਵੇਖਿਆ।
'ਭਾਣਾ' ਤਾਂ ਵਰਤ ਚੁੱਕਾ ਸੀ!
"ਓ ਵੇਖੀਂ ਵੇਖੀਂ!" ਕਹਿੰਦਿਆਂ ਦੂਜਾ ਥੱਪੜ ਮਾਰਨ ਲਈ ਹਵਾਲਦਾਰ ਦਾ ਉੱਠਿਆ ਹੱਥ ਉਸਨੇ ਛਾਲ ਮਾਰ ਕੇ ਫੜ੍ਹ ਲਿਆ। ਉਸਦਾ ਦੂਜਾ ਸਾਥੀ ਵੀ ਕੋਲ ਆ ਖਲੋਤਾ।
"ਯਾਰ ਬੰਦਾ-ਕੁ-ਬੰਦਾ ਤਾਂ ਵੇਖ ਲਿਆ ਕਰੋ।" ਉਸਨੇ ਹਵਾਲਦਾਰ ਨੂੰ ਹਿਰਖ਼ ਅਤੇ ਪਛਤਾਵੇ ਨਾਲ ਕਿਹਾ।
"ਪਹਿਲਾਂ ਦੱਸਣਾ ਸੀ ਨਾ ਫੇਰ। ਬੰਦੇ ਦੇ ਮੂੰਹ 'ਤੇ ਤਾਂ ਨਹੀਂ ਨਾ ਲਿਖਿਆ ਹੋਇਆ!"
"ਸੌਰੀ ਭਾ ਜੀ! ਤੁਸੀਂ ਪਹਿਲਾਂ ਆਵਾਜ਼ ਦੇ ਦੇਣੀ ਸੀ।"
ਮੈਨੂੰ ਧਰਵਾਸ ਦੇ ਕੇ ਉਸ ਆਪਣੇ ਸਾਥੀ ਵੱਲ ਮੂੰਹ ਕੀਤਾ।
"ਮੈਂ ਤੈਨੂੰ ਧਿਆਨ ਰੱਖਣ ਲਈ ਕਿਹਾ ਵੀ ਸੀ, ਜਦੋਂ ਮੈਂ ਜੂ ਰਜਿਸਟਰ 'ਤੇ ਲਿਖਾਉਣ ਡਿਹਾ ਸਾਂ; ਤੂੰ ਮੇਰੇ ਲਾਗੇ ਖਲੋ ਕੇ ਕੀ ਕੜਛ ਮਾਂਜਣਾ ਸੀ!" ਉਸਨੇ ਆਪਣੇ ਸਾਥੀ ਨੂੰ ਝਿੜਕਿਆ ਤੇ ਖੋਹੀ ਗਈ ਚਿੱਠੀ ਹਵਾਲਦਾਰ ਦੇ ਹੱਥ ਵਿਚੋਂ ਫੜ੍ਹਕੇ ਮੇਰੇ ਹੱਥ ਫੜ੍ਹਾਉਂਦਿਆਂ ਹਵਾਲਦਾਰ ਵੱਲ ਮੂੰਹ ਕੀਤਾ, "ਤੈਨੂੰ ਪਤਾ ਵੀ ਹੈ, ਇਹ ਕੌਣ ਨੇ!"
ਉਹਦੇ ਅਫ਼ਸੋਸ ਕਰਨ ਨਾਲ ਹੁਣ ਮੇਰਾ ਕੀ ਸੌਰਨਾ ਸੀ! ਮੇਰੇ ਕੰਨ ਅਤੇ ਗੱਲ੍ਹ 'ਚੋਂ ਸੇਕ ਨਿਕਲ ਰਿਹਾ ਸੀ। ਸਿਰ ਘੁੰਮ ਰਿਹਾ ਸੀ। ਵੱਜੀ ਚਪੇੜ ਦਾ ਖੜਾਕ ਅਜੇ ਵੀ ਡਿਓੜ੍ਹੀ ਵਿਚ ਗੂੰਜਦਾ ਲੱਗਦਾ ਸੀ। ਐਨੇ ਬੰਦਿਆਂ ਵਿਚ ਖਲੋਤਾ ਮੈਂ ਜ਼ਲਾਲਤ, ਨਮੋਸ਼ੀ ਤੇ ਹੀਣ-ਭਾਵਨਾ ਵਿਚ ਡੁੱਬਾ ਹੋਇਆ ਸਾਂ। ਉਹ ਦੋਵੇਂ ਅਜੇ ਵੀ ਉਸਨੂੰ 'ਮੈਂ ਕੌਣ ਹਾਂ!" ਬਾਰੇ ਦੱਸ ਰਹੇ ਸਨ।
ਉਹਨਾਂ ਨੂੰ ਸੁਣਨ ਉਪਰੰਤ ਥੱਪੜ ਮਾਰਨ ਵਾਲੇ ਹਵਾਲਦਾਰ ਦੇ ਮਨ ਵਿਚ ਪਤਾ ਨਹੀਂ ਕੀ ਆਇਆ; ਉਸਨੇ ਬਾਂਹ ਵਧਾ ਕੇ ਤਸੱਲੀ ਦੇਣ ਲਈ ਮੇਰਾ ਮੋਢਾ ਘੁੱਟਿਆ।
ਮੈਂ ਆਪਣੇ ਆਪ ਵਿਚ ਪਰਤਿਆ। ਆਪਣੇ ਹਮਦਰਦਾਂ ਨੂੰ ਪਛਤਾਵੇ ਦੇ ਭਾਰ ਤੋਂ ਮੁਕਤ ਕਰਨ ਲਈ ਝੂਠੀ-ਮੂਠੀ ਹੱਸਿਆ, "ਇਹਨੇ ਤਾਂ ਮਾਸਟਰ ਸਾਲਗ ਰਾਮ ਦੀ 'ਇਤਿਹਾਸਕ' ਚਪੇੜ ਦੀ 'ਸ਼ਾਂ ਸ਼ਾਂ' ਦੁਬਾਰਾ ਚੇਤੇ ਕਰਵਾ ਦਿੱਤੀ।"
ਮੈਂ ਪਹਿਲੀ ਜਮਾਤ ਵਿਚ ਸਾਂ। ਮਾਸਟਰ ਸਾਲਗ ਰਾਮ ਨੇ ਸਾਨੂੰ ਫੱਟੀਆਂ ਉੱਤੇ ਬੋਲ-ਲਿਖਤ ਲਿਖਣ ਲਈ ਸ਼ਬਦ ਬੋਲਿਆ, 'ਅਚਾਰ'। ਮੈਂ ਓਸੇ ਵੇਲੇ ਲਿਖ ਲਿਆ। ਪਰ ਮਾਸਟਰ ਅਗਲਾ ਸ਼ਬਦ ਅਜੇ ਬੋਲ ਨਹੀਂ ਸੀ ਰਿਹਾ। ਉਹ ਦੂਜੇ ਮੁੰਡਿਆਂ ਵੱਲ ਵੇਖ ਰਿਹਾ ਸੀ ਸ਼ਾਇਦ, ਜਿਹੜੇ ਅਜੇ ਲਿਖਣ ਦੇ ਯਤਨ ਵਿਚ ਸਨ। ਮੈਂ ਵੀ ਅਗਲੇ ਸਾਥੀ ਵੱਲ ਥੋੜ੍ਹਾ ਝੁਕ ਕੇ ਝਾਤੀ ਮਾਰੀ ਕਿ ਇਸਨੇ ਅਜੇ ਤੱਕ ਲਿਖਿਆ ਕਿਉਂ ਨਹੀਂ! ਸਾਲਗ ਰਾਮ ਨੇ ਮੇਰੀ ਝਾਤ ਨੂੰ ਵੇਖ ਲਿਆ ਅਤੇ ਮੈਨੂੰ ਉੱਠ ਕੇ ਆਪਣੇ ਕੋਲ ਆਉਣ ਲਈ ਕਿਹਾ। ਡਰਦਾ ਡਰਦਾ ਮੈਂ ਉਸਦੀ ਕੁਰਸੀ ਕੋਲ ਗਿਆ ਤਾਂ ਉਸਨੇ ਵੀ ਹਵਾਲਦਾਰ ਵਾਂਗ ਨਾ ਆ ਵੇਖਿਆ ਨਾ ਤਾਅ ਤੇ "ਨਕਲ ਕਰਦੈਂ" ਆਖ ਕੇ 'ਪਟਾਕ' ਕਰਦੀ ਕੱਟੀ ਹੋਈ ਚੀਚੀ ਵਾਲੇ ਹੱਥ ਦੀ ਤਿੰਨ-ਉਂਗਲੀ ਚਪੇੜ ਮੇਰੀ ਗੱਲ੍ਹ 'ਤੇ ਜੜ ਦਿੱਤੀ। ਅੱਖਾਂ ਵਿਚੋਂ ਫੁੱਟ ਫੁੱਟ ਡੁੱਲ੍ਹਦੇ ਅੱਥਰੂਆਂ ਨਾਲ ਮੇਰਾ ਚਿਹਰਾ ਤਾਂ ਭਿੱਜਣਾ ਹੀ ਸੀ; ਅਚਨਚੇਤ ਪਈ ਦਹਿਸ਼ਤ ਨਾਲ ਮੇਰੀ ਪਜਾਮੀ ਵੀ ਗਿੱਲੀ ਹੋ ਗਈ। ਮੈਨੂੰ ਤਾਂ ਉਦੋਂ ਅਜੇ 'ਨਕਲ' ਦੇ ਅਰਥਾਂ ਦਾ ਵੀ ਪਤਾ ਨਹੀਂ ਸੀ। ਕਿਸੇ ਵੱਲੋਂ ਵੱਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚਪੇੜ ਸੀ। ਇਸੇ ਕਰ ਕੇ ਮੇਰੇ ਲਈ 'ਇਤਿਹਾਸਕ' ਸੀ। ਬਿਨਾਂ ਕਸੂਰ ਤੋਂ ਵੱਜੀ ਇਸ ਚਪੇੜ ਦੀ ਪੀੜ ਸਾਰੀ ਉਮਰ ਮੇਰੇ ਜ਼ਿਹਨ ਵਿਚ 'ਸ਼ਾਂ ਸ਼ਾਂ' ਕਰਦੀ ਰਹੀ ਸੀ। ਅੱਜ ਇਸ ਵਿਚ ਦੂਜੀ ਚਪੇੜ ਦਾ ਵਾਧਾ ਹੋ ਗਿਆ ਸੀ।
ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿਚ ਗੂੰਜਦੀ ਗਈ।
ਤਰੀਕ ਭੁਗਤ ਕੇ ਜੇਲ੍ਹ ਵਿਚ ਪਰਤਣ ਤੋਂ ਪਹਿਲਾਂ ਹੀ ਸਵੇਰ ਵਾਲੀ ਚਪੇੜ ਦੀ ਖ਼ਬਰ ਮੇਰੇ ਸਾਥੀਆਂ ਨੂੰ ਮਿਲ ਚੁੱਕੀ ਸੀ।
"ਅੱਜ ਤਾਂ ਭਰਾਵੋ ਦਿਨ ਈ ਚੰਦਰਾ ਚੜ੍ਹਿਆ। ਪਹਿਲਾਂ ਤਾਂ ਡਿਓੜ੍ਹੀ ਵਿਚ ਪਟਾਕਾ ਪੈ ਗਿਆ। ਫੇਰ ਗਾਰਦ ਵਾਲਿਆਂ ਨੇ ਧੋਖਾ ਕੀਤਾ। ਵਕੀਲ ਨੂੰ ਝਕਾਨੀ ਦੇ ਕੇ ਪਹਿਲਾਂ ਹੀ ਤਰੀਕ ਲੈ ਆਏ। ਅੱਜ ਤਾਂ ਬੱਸ ਏਨਾ ਈ ਕੰਮ ਹੋਇਆ ਕਿ ਚਪੇੜ ਤੋਂ ਸਾਵੀਂ ਜੀਤੇ ਨਿਹੰਗ ਦੀ ਚਿੱਠੀ ਤੋਲ ਕੇ ਡਾਕੇ ਪਵਾ ਦਿੱਤੀ ਏ। ਵੇਖੋ ਉਸਦਾ ਹੁਣ ਕੀ ਬਣਦਾ ਏ!"
"ਜੇ ਦਿਨ ਈ ਏਨਾ ਮਨਹੂਸ ਚੜ੍ਹਿਐ ਤਾਂ ਬਣਨਾ ਬਨਾਉਣਾ ਜੀਤੇ ਦੀ ਚਿੱਠੀ ਦਾ ਵੀ ਕੁਝ ਨਹੀਂ।" ਕਿਸੇ ਨੇ ਟੋਣਾ ਮਾਰਿਆ।
ਇਕ ਜਣੇ ਨੇ 'ਚਪੇੜ' ਵਾਲੀ ਕਹਾਣੀ 'ਕਿਵੇਂ ਵਾਪਰੀ?' ਸੁਣਨ ਦੀ ਫ਼ਰਮਾਇਸ਼ ਪਾ ਦਿੱਤੀ।
ਕੀ ਦੱਸਦਾ ਉਹਨੂੰ! ਉਹ ਇੱਕ ਵਾਰ ਕਲਪਨਾ ਵਿਚ ਮੈਨੂੰ ਫੇਰ ਚਪੇੜ ਵੱਜਦੀ ਆਪ ਵੇਖਣੀ ਤੇ ਮੈਨੂੰ ਵਿਖਾਉਣੀ ਚਾਹੁੰਦਾ ਸੀ।
ਮੈਂ ਹੱਸ ਕੇ ਫੇਰ 'ਸਾਲਗ ਰਾਮ ਦੀ ਇਤਿਹਾਸਕ ਚਪੇੜ' ਦੀ ਕਹਾਣੀ ਪਾ ਦਿੱਤੀ।
"ਮਾਸਟਰ ਸਾਲਗ ਰਾਮ ਮੇਰੇ ਪਿੰਡ ਦਾ ਈ ਸੀ। ਲੋਕਾਂ ਉਹਦੀਆਂ ਕਹਾਣੀਆਂ ਬਣਾਈਆਂ ਹੋਈਆਂ ਸਨ। ਪਤਾ ਨਹੀਂ ਝੂਠੀਆਂ ਜਾਂ ਸੱਚੀਆਂ। ਕਹਿੰਦੇ; ਆਪਣੀ ਸੁਹਾਗ ਰਾਤ ਨੂੰ ਜਦੋਂ ਉਹ ਚੁਬਾਰੇ ਵਿਚ ਘਰਵਾਲੀ ਕੋਲ ਗਿਆ ਤਾਂ ਇਕਦਮ ਹੇਠਲੇ ਜੀਆਂ ਨੇ ਨਵ-ਵਿਆਹੀ ਵਹੁਟੀ ਨੂੰ ਰੋਂਦਿਆਂ ਕੁਰਲਾਉਂਦਿਆਂ ਤੇ 'ਬਚਾਓ! ਬਚਾਓ' ਦੇ ਹਾੜੇ ਕੱਢਦਿਆਂ ਸੁਣਿਆਂ ਤੇ ਨਾਲ ਹੀ ਸੁਣੀ 'ਧੈਂਹ! ਧੈਂਹ!' ਦੀ ਆਵਾਜ਼। ਘਰ ਦੇ ਜੀਅ ਤੇ ਪ੍ਰਾਹੁਣੇ ਭੱਜੇ ਗਏ। ਕੀ ਵੇਖਦੇ ਕਿ ਸਾਲਗ ਰਾਮ ਵਹੁਟੀ ਨੂੰ ਕੁੱਟ ਰਿਹਾ ਹੈ ਤੇ ਉਹ ਜਾਨ ਬਚਾਉਂਦੀ ਚੁਬਾਰੇ ਵਿਚ ਨੁੱਕਰੋ-ਨੁੱਕਰੀ ਭੱਜੀ ਫਿਰਦੀ ਹੈ। "ਕਮਲਾ ਹੋ ਗਿਐਂ? ਅਕਲ ਨੂੰ ਹੱਥ ਮਾਰ। ਹੋਇਆ ਕੀ ਏ ਤੈਨੂੰ?" ਘਰਦਿਆਂ ਪੁੱਛਿਆ ਤਾਂ ਸਾਲਗ ਰਾਮ ਕਹਿੰਦਾ, "ਮੈਂ ਜਦੋਂ ਜਮਾਤ 'ਚ ਜਾਂਦਾਂ ਤਾਂ ਪੰਜਾਹ ਮੁੰਡੇ 'ਕਲਾਸ ਸਟੈਂਡ' ਆਖ ਕੇ ਮੈਨੂੰ 'ਬੰਦਗੀ' ਕਰਨ ਲਈ ਉੱਠ ਕੇ ਖਲੋ ਜਾਂਦੇ ਨੇ। ਇਹ ਮੇਰੇ ਆਉਣ 'ਤੇ ਗੁੱਛਾ-ਮੁੱਛਾ ਹੋ ਕੇ ਬੈਠੀ ਰਹੀ। 'ਕਲਾਸ-ਸਟੈਂਡ' ਆਖ ਕੇ ਉੱਠੀ ਕਿਉਂ ਨਹੀਂ?"
"ਹਵਾਲਦਾਰ ਵੀ ਕੰਜਰ ਸਾਡੀ 'ਕਲਾਸ-ਸਟੈਂਡ' ਕਰਾਉਣ ਲੱਗ ਪਿਆ ਸੀ।"
ਉਸ ਪਲ ਤਾਂ ਚਪੇੜ ਦਾ ਖੜਾਕ ਸਾਲਗ ਰਾਮ ਦੀ ਕਹਾਣੀ ਦੇ ਹਾਸੇ ਵਿਚ ਗਵਾਚ ਗਿਆ। ਪਰ ਉਂਝ ਜੀਤੇ ਲਈ ਵੱਜੀ ਚਪੇੜ ਦਾ ਸੇਕ ਮੇਰੇ ਕੰਨਾਂ ਨੂੰ ਕਈ ਦਿਨ ਲੂੰਹਦਾ ਰਿਹਾ।
ਆਖ਼ਰਕਾਰ ਉਸ ਲਈ ਲਿਖੀ ਚਿੱਠੀ ਵਿਚਲੇ ਮੇਰੇ ਸ਼ਬਦਾਂ ਦੀ ਤਾਕਤ ਨੇ ਚਪੇੜ ਦੇ ਸੇਕ ਨੂੰ ਧੋ ਦਿੱਤਾ। ਮੇਰੇ ਅੰਦਰ ਖ਼ੁਸ਼ੀ ਦੇ ਫੁੱਲ ਖਿੜ ਪਏ ਜਦੋਂ ਮੈਨੂੰ ਪਤਾ ਲੱਗਾ ਕਿ ਜੀਤੇ ਨਿਹੰਗ ਦੀ ਅਗਲੀ ਪੇਸ਼ੀ 'ਤੇ ਬਾਬਾ ਜੀ ਆਪਣੇ ਸਿੰਘਾਂ ਦੀ ਭੀੜ ਨਾਲ ਵਕੀਲ ਸਮੇਤ ਕਚਹਿਰੀ ਵਿੱਚ ਹਾਜ਼ਰ ਹੋ ਗਏ ਸਨ। ਪਿੱਛੋਂ ਪਤਾ ਲੱਗਾ; ਜੀਤੇ ਦੀ ਚਿੱਠੀ ਕਿਸੇ ਸਿੰਘ ਕੋਲੋਂ ਸੁਣ ਕੇ ਬਾਬਾ ਜੀ ਮੁਸਕਰਾਏ ਸਨ ਤੇ ਫਿਰ ਹੱਸ ਕੇ ਆਖਿਆ ਸੀ, "ਕਰੀਏ ਭਾਈ ਕੁਝ ਆਪਣੇ ਜੀਤ ਸੁੰਹ ਦਾ ਹੁਣ ਤਾਂ। ਕਰਨਾ ਹੀ ਪੈਣੈਂ!"
ਜੀਤਾ ਅਗਲੀ-ਅਗਲੇਰੀ ਪੇਸ਼ੀ 'ਤੇ ਹੀ ਛੁੱਟ ਗਿਆ। ਕੇਸ ਅਜੇ ਅਸਲੋਂ ਹੀ ਮੁਢਲੇ ਦੌਰ ਵਿਚ ਸੀ। ਸ਼ਾਇਦ ਪੋਸਟਮਾਟਮ ਦੀ ਰੀਪੋਰਟ ਅਜਿਹੀ 'ਬਣਵਾ ਦਿੱਤੀ ਗਈ' ਸੀ ਕਿ ਬਜ਼ੁਰਗ ਦੀ ਮੌਤ ਕਤਲ ਦੀ ਥਾਂ 'ਸੁਭਾਵਕ' ਹੋਈ ਵਿਖਾ ਦਿੱਤੀ ਸੀ।
ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੁੰ ਫਾਂਸੀ ਦੇ ਤਖ਼ਤੇ ਤੋਂ ਹੇਠਾਂ ਡਿਗਦਿਆਂ ਆਪਣੇ ਹੱਥਾਂ ਵਿੱਚ ਬੋਚ ਲਿਆ ਸੀ।
ਲਿਖਣ ਦਾ ਹੁਨਰ ਨਾਵਲ, ਕਵਿਤਾ, ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ 'ਚਿੱਠੀ' ਰਾਹੀਂ ਵੀ ਬਦਲ ਸਕਦਾ ਹੈ। ਜੀਵਨ ਨੂੰ 'ਬਦਲ' ਹੀ ਕਿਉਂ, ਜੀਵਨ ਨੂੰ 'ਬਚਾ' ਵੀ ਸਕਦਾ ਹੈ!
ਮੈਂ ਧੰਨ ਧੰਨ ਹੋ ਗਿਆ ਸਾਂ।