ਸ਼ਹੀਦ ਦੀ ਆਤਮਹੱਤਿਆ - ਇਕਬਾਲ : ਪ੍ਰੋ. ਅਵਤਾਰ ਸਿੰਘ
ਨਵੇਂ ਸ਼ਹਿਰ ਦੇ ਆਰ ਕੇ ਆਰੀਆ ਕਾਲਜ ਵਿੱਚ ਪੜ੍ਹਦਿਆਂ ਮੇਰੇ ਬਚਪਨ ਦਾ ਦੋਸਤ ਸੋਢੀ ਕਨੇਡਾ ਚਲਿਆ ਗਿਆ ਤੇ ਮੇਰਾ ਮਨ ਚੱਕਿਆ ਗਿਆ। ਮੈਂ ਨਵਾਂਸ਼ਹਿਰ ਛੱਡ ਕੇ ਬੰਗਿਆਂ ਦੇ ਸਿੱਖ ਨੈਸ਼ਨਲ ਕਾਲਜ ਵਿੱਚ ਦਾਖਲ ਹੋ ਗਿਆ। ਰੋਜ਼ ਪਿੰਡੋਂ ਜਾਡਲੇ ਤੱਕ ਸਾਈਕਲ ‘ਤੇ ਜਾਣਾ ਤੇ ਅੱਗੇ ਬੱਸ ਰਾਹੀਂ ਬੰਗਿਆਂ ਨੂੰ ਜਾਣਾ।
ਇਕ ਲੰਬੇ ਜਹੇ ਮੋਨੇ ਮੁੰਡੇ ਨੇ ਨਵੇਂਸ਼ਹਿਰੋਂ ਰੋਜ਼ ਮੇਰੇ ਨਾਲ਼ ਬੱਸ ਚੜ੍ਹਨਾ, ਜੋ ਦੇਖਣ ਪਾਖਣ ਨੂੰ ਤੇਜ਼ ਬੁੱਧ, ਸਾਊ ਅਤੇ ਅਮੀਰ ਲੱਗਦਾ ਸੀ। ਇਕ ਦਿਨ ਉਹ ਮੇਰੇ ਨਾਲ਼ ਬੈਠ ਗਿਆ ਤੇ ਗੱਲਾਂ ਕਰਨ ਲੱਗ ਪਿਆ। ਪਤਾ ਲੱਗਾ ਕਿ ਉਹ ਲੰਗੜੋਏ ਤੋਂ ਹੈ ਤੇ ਜਾਡਲੇ ਵਾਲ਼ੇ ਕੋਲਡ ਸਟੋਰਾਂ ਦੇ ਮਾਲਕ ਦਾ ਮੁੰਡਾ ਹੈ। ਉਹ ਨੌਨਮੈਡੀਕਲ ਪੜ੍ਹਦਾ ਸੀ। ਉਹਦਾ ਨਾਂ ਇਕਬਾਲ ਸੀ ਤੇ ਇਸ ਨਾਂ ਦਾ, ਮੈਨੂੰ ਮਿਲਿਆ, ਉਹ ਪਹਿਲਾ ਸ਼ਖਸ ਸੀ।
ਜਾਡਲੇ ਦੇ ਅੱਡੇ ‘ਤੇ ਸਾਇਕਲ ਰੱਖਣ ਦੀ ਮੈਨੂੰ ਹਰ ਰੋਜ਼ ਅਠਿਆਨੀ ਦੇਣੀ ਪੈਂਦੀ ਸੀ। ਹੁਣ ਮੈਂ ਇਕਬਾਲ ਹੋਰਾਂ ਦੇ ਕੋਲਡ ਸਟੋਰ ‘ਤੇ ਸਾਇਕਲ ਰੱਖਣ ਲੱਗ ਪਿਆ ਤੇ ਅਸੀਂ ਰੋਜ਼ ਇਕੱਠੇ ਜਾਣ ਲੱਗ ਪਏ। ਉਹ ਲੇਟ ਹੁੰਦਾ ਤਾਂ ਮੈਂ ਉਡੀਕ ਲੈਂਦਾ। ਮੈਂ ਲੇਟ ਹੁੰਦਾ ਤਾਂ ਉਹ ਉਡੀਕ ਲੈਂਦਾ।
ਉਹ ਕਾਮਰੇਡ ਸੀ ਤੇ ਮੇਰੇ ਨਾਲ਼ ਧਰਮ ਦੇ ਖਿਲਾਫ ਸਦਾ ਆਢਾ ਲਾਈ ਰੱਖਦਾ। ਉਹ ਸਾਇੰਸ ਪੜ੍ਹਦਾ ਸੀ ਤੇ ਮੇਰੇ ‘ਤੇ ਆਪਣੀ ਸਾਰੀ ਸਾਇੰਸ ਝਾੜ ਦਿੰਦਾ। ਮੈਂ ਆਪਣੀ ਆਸਥਾ ਦੇ ਬਚਾਅ ਵਿੱਚ ਦਲੀਲਾਂ ਦੀਆਂ ਥੰਮੀਆਂ ਦੇ ਦੇ ਕੇ ਧਰਮ ਨੂੰ ਡਿਗਣ ਤੋਂ ਬਚਾਉਂਦਾ। ਜਦ ਵੀ ਅਸੀਂ ਮਿਲ਼ਦੇ ਤਾਂ ਧਰਮ ਤੇ ਸਾਇੰਸ ਦੀ ਜੰਗ ਛਿੜ ਜਾਂਦੀ। ਉਹਦੇ ਨਾਲ਼ ਕਈ ਜਾਣੇ ਹੁੰਦੇ ਤੇ ਮੈਂ ਸਵਾ ਲੱਖ ਹੀ ਡਟਿਆ ਰਹਿੰਦਾ।
ਮੈਂ ਉਹਦੇ ਕੋਲੋਂ ਮਾਰਕਸਵਾਦ ਦੀ ਬਜਾਏ ਐਟਮ, ਇਲੈਕਟ੍ਰੌਨ, ਨਿਊਟ੍ਰੌਨ, ਪ੍ਰੋਟੌਨ, ਐਲੀਮੈੰਟ, ਕੰਪਾਊਂਡ ਅਤੇ ਮੌਲਿਕਿਊਲ ਵਿਚਲੇ ਫਰਕ ਸਮਝਣ ਦੀ ਕੋਸ਼ਿਸ਼ ਕਰਦਾ ਤੇ ਉਹ ਮੈਨੂੰ ਸਾਇੰਸ ਦੇ ਕਿਣਕਿਆਂ ਤੋਂ ਲੈਕੇ ਮਾਰਕਸਵਾਦ ਤੱਕ ਦੇ ਨੁਕਤੇ ਸਮਝਾਉਂਦਾ। ਮੈਂ ਦੇਖਿਆ ਕਿ ਉਹਦੇ ਲਈ ਮਾਰਕਸਵਾਦ ਦਾ ਅਰਥ ਇਹੀ ਸੀ ਕਿ ਰੱਬ ਨਹੀਂ ਹੈ ਜਾਂ ਅਮੀਰਾਂ ਦਾ ਵਾਧੂ ਪੈਸਾ ਗ਼ਰੀਬਾਂ ਦਾ ਖ਼ੂਨ ਨਿਚੋੜ ਕੇ ਬਣਦਾ ਹੈ। ਵੈਸੇ ਮੇਰੇ ਲਈ ਵੀ ਉਦੋਂ ਧਰਮ ਦਾ ਅਰਥ ਇਹੀ ਸੀ ਕਿ ਰੱਬ ਹੈ ਤੇ ਜੋ ਕੁਝ ਵੀ ਹੁੰਦਾ ਹੈ ਉਹੀ ਕਰਦਾ ਹੈ। ਇਹਤੋਂ ਅੱਗੇ ਪਿੱਛੇ ਮੈਨੂੰ ਵੀ ਕੁਝ ਨਹੀਂ ਸੀ ਪਤਾ। ਹੁਣ ਮੈਂ ਅਕਸਰ ਸੋਚਦਾ ਹਾਂ ਕਿ ਉਦੋਂ ਸਾਡੀ ਬਹਿਸ ਕਿੰਨੀ ਫ਼ਜ਼ੂਲ ਅਤੇ ਤੱਛ ਹੁੰਦੀ ਸੀ।
ਵਿਦਿਆਰਥੀ ਜਥੇਬੰਦੀ ਦੀ ਚੋਣ ਦਾ ਬਿਗਲ ਵੱਜਿਆ ਤਾਂ ਉਹਨੇ ਸਕੱਤਰ ਦੀ ਚੋਣ ਲੜਨ ਲਈ ਐਲਾਨ ਕਰ ਦਿੱਤਾ। ਮੇਰਾ ਇਕ ਹੋਰ ਦੋਸਤ ਵੀ ਚੋਣ ਲੜ ਰਿਹਾ ਸੀ। ਮੈਂ ਦੁਵਿਧਾ ਵਿੱਚ ਪੈ ਗਿਆ ਤੇ ਚੋਣਾਂ ਵਾਲ਼ੇ ਦਿਨ ਕਿਤੇ ਟਿਭ ਗਿਆ। ਦਰਅਸਲ ਪ੍ਰੋ ਹਰਪਾਲ ਸਿੰਘ ਨੇ ਮੈਨੂੰ ਚੰਡੀਗੜ੍ਹ ਦੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਿੱਚ ਕੁਝ ਵਿਦਿਆਰਥੀਆਂ ਦੇ ਵਜ਼ੀਫੇ ਦੇ ਫ਼ਾਰਮ ਜਮਾਂ ਕਰਾਉਣ ਲਈ ਭੇਜ ਦਿੱਤਾ ਸੀ। ਵਾਪਸ ਆਇਆ ਤਾਂ ਪਤਾ ਲੱਗਾ ਕਿ ਇਕਬਾਲ ਸਿਰਫ ਇੱਕ ਵੋਟ ਦੇ ਫਰਕ ਨਾਲ਼ ਹਾਰ ਗਿਆ। ਉਹਨੂੰ ਲੱਗਿਆ ਕਿ ਉਹ ਵੋਟ ਮੇਰੀ ਹੀ ਸੀ। ਪਰ ਉਹਨੂੰ ਮੇਰੀ ਦੁਵਿਧਾ ਦਾ ਨਹੀਂ ਸੀ ਪਤਾ ਕਿ ਇਹ ਵੀ ਹੋ ਸਕਦਾ ਸੀ ਕਿ ਉਹ ਮੇਰੇ ਕਰਕੇ ਇੱਕ ਦੀ ਬਜਾਏ ਦੋ ਵੋਟਾਂ ਨਾਲ਼ ਹਾਰਦਾ। ਮੈਂ ਉਹਨੂੰ ਮਿਲ਼ਿਆ ਤਾਂ ਉਹਨੇ ਮੇਰੇ ਨਾਲ਼ ਉਹ ਕੁਪੱਤ ਕੀਤੀ ਕਿ ਪੁੱਛੋ ਕੁਝ ਨਾ। ਮੈਂ ਹੈਰਾਨ ਹੋ ਗਿਆ ਕਿ ਉਹ ਅਗਲੇ ਦਿਨ ਮੇਰੇ ਨਾਲ਼ ਬਿਲਕੁਲ ਆਮ ਵਾਂਗ ਹੋ ਗਿਆ ਸੀ।
ਅਕਾਲੀਆਂ ਦੇ ‘ਧਰਮ-ਯੁੱਧ’ ਮੋਰਚੇ ਵਿੱਚ ਜਾਣ ਕਾਰਨ ਮੇਰਾ ਇੱਕ ਸਾਲ ਦਾ ਗੈਪ ਪੈ ਗਿਆ। ਉਹਦੀ ਬੀਐੱਸਸੀ ਮੁਕੰਮਲ ਹੋ ਗਈ ਤੇ ਉਹ ਕੋਲਡ ਸਟੋਰ ‘ਤੇ ਬਹਿਣ ਲੱਗ ਪਿਆ। ਮੋਰਚੇ ਤੋਂ ਪਰਤ ਕੇ ਮੈਂ ਉਹਨੂੰ ਮਿਲ਼ਿਆ ਤਾਂ ਉਹ ਬੇਹੱਦ ਉਦਾਸ ਸੀ। ਮੈਂ ਬੰਗੇ ਰਹਿਣ ਲੱਗ ਪਿਆ ਤਾਂ ਉਹ ਕਦੀ ਕਦੀ ਮੈਨੂੰ ਮਿਲਣ ਆਉਂਦਾ। ਮੈਂ ਪਿੰਡ ਆਉਂਦਾ ਤਾਂ ਕਿੰਨੀ ਕਿੰਨੀ ਦੇਰ ਅਸੀਂ ਕੋਲਡ ਸਟੋਰ ਦੇ ਅੰਦਰ ਬੈਠੇ ਰਹਿੰਦੇ। ਆਪਣੇ ਸ਼ੁਗਲ ਮੇਲੇ ਦੀਆਂ ਗੱਲਾਂ ਤੋਂ ਇਲਾਵਾ ਅਸੀਂ ਖੂਬ ਸਿਆਸਤ ਘੋਟਦੇ। ਮੈਂ ਉਹਦੇ ਕੋਲ਼ਡ ਸਟੋਰਾਂ ਨੂੰ ਸਰਦਖ਼ਾਨੇ ਕਹਿੰਦਾ ਤੇ ਉਹ ਮੇਰੇ ਵੱਲ੍ਹ ਦੇਖਦਾ ਤੇ ਹੱਸ ਪੈਂਦਾ।
ਮੈਂ ਉਨ੍ਹਾਂ ਦਿਨਾਂ ਵਿੱਚ ਭਾਈ ਸਾਹਿਬ ਕਪੂਰ ਸਿੰਘ ਨੂੰ ਪੜ੍ਹਦਾ ਸੀ ਤੇ ਮੈਂ ਉਹਦੇ ਨਾਲ਼ ਵੀ ਉਨ੍ਹਾਂ ਦੀਆਂ ਗੱਲਾਂ ਸਾਂਝੀਆਂ ਕਰਦਾ ਰਹਿੰਦਾ। ਮੈਂ ਦੇਖਿਆ ਕਿ ਉਹਦਾ ਝੁਕਾਅ ਸਿੱਖੀ ਵੱਲ੍ਹ ਵਧ ਰਿਹਾ ਸੀ ਤੇ ਮਾਰਕਸਵਾਦ ਵਲ੍ਹੋਂ ਘਟ ਰਿਹਾ ਸੀ। ਗਿਆਨ ਦੇ ਮਾਮਲੇ ਵਿੱਚ ਉਹ ਅੜੀਅਲ ਨਹੀਂ ਸੀ।
ਉਹ ਅਕਸਰ ਮੇਰੇ ਨਾਲ਼ ਪਿੰਡ ਆ ਜਾਂਦਾ ਤੇ ਦੋ ਦੋ ਦਿਨ ਮੇਰੇ ਨਾਲ਼ ਰਹਿੰਦਾ। ਮੇਰੇ ਭਾਈਆ ਜੀ ਉਹਨੂੰ ਸਿੱਖ ਇਤਿਹਾਸ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਤੇ ਮੇਰਾ ਵੱਡਾ ਭਾਈ ਉਹਨੂੰ ਸਿੱਖ ਸਿਆਸਤ ਦੇ ਟੋਟਕੇ ਦੱਸਦਾ ਰਹਿੰਦਾ ਤੇ ਉਹ ਸੁਣ ਸੁਣ ਕੇ ਦੋਹਰਾ ਤੇਹਰਾ ਹੋ ਹੋ ਹੱਸਦਾ। ਆਪਣੇ ਹਾਸੇ ‘ਤੇ ਉਹਦਾ ਕਾਬੂ ਨਹੀਂ ਸੀ ਰਹਿੰਦਾ।
ਇਕ ਦਿਨ ਉਹ ਮੇਰੇ ਕੋਲ਼ ਬੰਗੇ ਆਇਆ ਤਾਂ ਅਸੀਂ ਸੋਚਿਆ ਕਿ ਪਿੰਡ ਚੱਲੀਏ। ਨਵੇਂਸ਼ਹਿਰ ਪਹੁੰਚ ਕੇ ਮੀਂਹ ਲੱਗ ਗਿਆ ਤੇ ਅਸੀਂ ਪੂਰੀ ਤਰਾਂ ਭਿੱਜ ਗਏ। ਉਹ ਕਹਿਣ ਲੱਗਾ ਕਿ ਹੁਣ ਅਸੀਂ ਉਹਦੇ ਪਿੰਡ ਲੰਗੜੋਏ ਹੀ ਰੁਕੀਏ ਤਾਂ ਅਸੀਂ ਉਹਦੇ ਪਿੰਡ ਉਹਦੇ ਘਰ ਚਲੇ ਗਏ।
ਉਹਨੇ ਆਪਣੇ ਕੱਪੜੇ ਬਦਲੇ ਤੇ ਮੈਨੂੰ ਵੀ ਆਪਣਾਂ ਕਮੀਜ਼ ਪਜਾਮਾ ਦੇ ਦਿੱਤਾ। ਬਾਹਰ ਜ਼ੋਰਦਾਰ ਮੀਂਹ ਲੱਗਾ ਹੋਇਆ ਸੀ ਤੇ ਅਸੀਂ ਬਿਸਤਰਿਆਂ ਵਿੱਚ ਵੜ ਗਏ। ਉਹਦੀ ਬੇਹੱਦ ਸਾਊ ਤੇ ਸੰਗਾਊ ਭੈਣ ਸਾਨੂੰ ਉੱਥੇ ਹੀ ਦੋ ਥਾਲਾਂ ਵਿੱਚ ਰੋਟੀ ਪਰੋਸ ਕੇ ਦੇ ਗਈ। ਇਸਤਰਾਂ ਦੀ ਰੋਟੀ ਕਦੀ ਕਦੀ ਹੀ ਨਸੀਬ ਹੁੰਦੀ ਹੈ; ਜਿਵੇਂ ਉਹਦੀ ਮਾਂ ਨੇ ਰੋਟੀ ਵਿੱਚ ਸਾਰੀ ਮਮਤਾ ਡੋਲ੍ਹ ਦਿੱਤੀ ਹੋਵੇ ਤੇ ਪਿਆਰ ਗੁੰਨ੍ਹ ਦਿੱਤਾ ਹੋਵੇ; ਜਿਵੇਂ ਉਹਦੀ ਭੈਣ ਨੇ ਖਾਣੇ ਦੇ ਉੱਤੇ ਹਯਾ ਤ੍ਰੌਂਕ ਦਿੱਤੀ ਹੋਵੇ।
ਸੌਣ ਲੱਗਿਆਂ ਦੁੱਧ ਦੇ ਦੋ ਗਲਾਸ ਆ ਗਏ। ਸਰਦੀਆਂ ਵਾਲ਼ੀ ਬਰਸਾਤ ਦੀ ਸਾਰੀ ਠਰਨ ਗਰਮ ਗਰਮ ਦੁੱਧ ਨੇ ਚੂਸ ਲਈ ਤੇ ਅਸੀਂ ਦੋਵੇਂ ਜਾਣੇ ਆਪੋ ਆਪਣੀ ਰਜਾਈ ਵਿੱਚ ਘੁਸ ਗਏ ਤੇ ਕੁਝ ਪਤਾ ਨਾ ਰਿਹਾ ਕਿ ਕਿੱਥੇ ਪਏ ਹਾਂ। ਗੱਲਾਂ ਕਰਦਿਆਂ ਪਤਾ ਹੀ ਨਾ ਰਿਹਾ ਕਦ ਨੀਂਦ ਆ ਗਈ। ਇਹੋ ਜਹੀ ਸਹਿਜ ਨੀਂਦ ਕਦੀ ਕਦਾਈਂ ਹੀ ਆਉਂਦੀ ਹੈ।
ਸਵੇਰੇ ਉੱਠੇ ਤਾਂ ਨਿੰਬਲ਼ ਹੋਇਆ ਹੋਇਆ ਸੀ ਤੇ ਅਸੀਂ ਉਨ੍ਹਾਂ ਦੇ ਖੇਤਾਂ ਵਿੱਚ ਘੁੰਮ ਫਿਰ ਕੇ ਆਏ। ਇਸ਼ਨਾਨ ਕੀਤਾ ਤਿਆਰ ਹੋਏ। ਦਹੀਂ ਨਾਲ਼ ਦੋ ਦੋ ਪਰੌਂਠੇ ਤੇ ਨਾਲ਼ ਫਿਰ ਗਰਮ ਦੁੱਧ ਦੇ ਗਲਾਸ; ਸਾਡੀ ਨਿਸ਼ਾ ਹੋ ਗਈ।
ਅਸੀਂ ਉਹਦੇ ਸਕੂਟਰ ‘ਤੇ ਜਾਡਲੇ ਅੱਡੇ ‘ਤੇ ਆ ਗਏ ਤੇ ਕੋਲਡ ਸਟੋਰ ਦੇ ਦਫਤਰ ਵਿੱਚ ਹੀਟਰ ਸੇਕਦੇ ਰਹੇ ਤੇ ਗੱਲਾਂ ਚੱਲ ਸੋ ਚੱਲ। ਦੁਪਹਿਰ ਸਮੇਂ ਅਸੀਂ ਪਿੰਡ ਆ ਗਏ। ਮੇਰੀ ਭਾਬੀ ਨੇ ਰੋਟੀ ਬਣਾਈ ਤੇ ਅਸੀਂ ਖਾ ਕੇ ਭਾਈਆ ਜੀ ਦੇ ਕੋਲ਼ ਗੱਲਾਂ ਸੁਣਨ ਬੈਠ ਗਏ। ਉਹੀ ਸਿੱਖੀ, ਉਹੀ ਸਿਆਸਤ ਤੇ ਵਿੱਚ ਵਿੱਚ ਮੇਰੇ ਵੱਡੇ ਭਾਈ ਦੇ ਟੋਟਕੇ। ਭਾਈਆ ਜੀ ਨੇ ਕਿਸੇ ਗੱਲ ਵਿੱਚ ਇਕਬਾਲ ਵੱਲ੍ਹ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਫਲਾਣੇ ਦੇ ਵੀ ਸਿਰ ‘ਤੇ ਤੇਰੇ ਜਹੇ ਬੋਦੇ ਸਨ। ਇਕਬਾਲ ਸੁਣ ਕੇ ਹੱਸ ਹੱਸ ਦੋਹਰਾ ਹੋ ਗਿਆ ਕਿ ‘ਭਾਈਆ ਜੀ ਮੈਨੂੰ ਕਹਿੰਦੇ ਤੇਰੇ ਵਰਗੇ ਬੋਦੇ’। ਮੈਂ ਦੇਖਿਆ ਕਿ ਉਹਨੇ ਰਤਾ ਵੀ ਬੁਰਾ ਨਾ ਮਨਾਇਆ ਸਗੋਂ ਸਾਡੇ ਘਰ ਵਿੱਚ ਹੋਰ ਘੁਲ਼ ਮਿਲ਼ ਗਿਆ।
ਮੈਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪੜ੍ਹਨ ਚਲਿਆ ਗਿਆ। ਜਦ ਵੀ ਮੈਂ ਆਉਣਾ ਕੋਲਡ ਸਟੋਰ ‘ਚ ਉਹਦੇ ਕੋਲ਼ ਬਹਿ ਜਾਣਾ ਤੇ ਸੂਰਜ ਛਿਪੇ ‘ਤੇ ਉਹਨੇ ਮੈਨੂੰ ਪਿੰਡ ਛੱਡ ਆਉਣਾ। ਮੇਰੇ ਪਿੰਡ ਰਹਿੰਦੇ ਉਹ ਫਿਰ ਵੀ ਆ ਜਾਂਦਾ। ਅਚਾਨਕ ਸਕੂਟਰ ਦੀ ਘੁਰ ਘੁਰ ਸੁਣਨੀ। ਦੇਖਣਾ ਤਾਂ ਇਕਬਾਲ ਨੇ ਘਾਟੀ ਚੜ੍ਹੇ ਆਉਂਦੇ ਹੋਣਾ। ਸਕੂਟਰ ਖੜ੍ਹਾ ਕਰਕੇ ਉਹਨੇ ਸਿੱਧਾ ਭਾਈਆ ਜੀ ਕੋਲ਼ ਜਾਣਾ ਤੇ ਬਹਿ ਜਾਣਾ।
ਇਕ ਵਾਰੀ ਉਹ ਯੂਨੀਵਰਸਿਟੀ ‘ਚ ਮੈਨੂੰ ਮਿਲਣ ਆਇਆ ਤੇ ਚਾਰ ਦਿਨ ਮੇਰੇ ਕੋਲ਼ ਰਿਹਾ। ਮੈਂ ਉਹਨੂੰ ਆਪਣੇ ਦੋਸਤ ਮਿੱਤਰ ਕਲਾਸਫੈਲੋ ਤੇ ਫੈਲਣਾ ਨਾਲ਼ ਮਿਲਾਇਆ। ਉਹ ਬੜਾ ਹੀ ਖੁਸ਼ ਹੋਇਆ। ਰਾਤੀਂ ਸੌਣ ਲੱਗਿਆ ਅਸੀਂ ਗੱਲਾਂ ਕਰਨ ਲੱਗ ਪਏ ਤਾਂ ਉਹ ਬੇਹੱਦ ਉਦਾਸ ਹੋ ਗਿਆ ਸੀ। ਮੈਂ ਕਾਰਣ ਪੁੱਛਿਆ ਤਾਂ ਕਹਿਣ ਲੱਗਾ ਕਿ ਉਹ ਪੜ੍ਹਨਾ ਚਾਹੁੰਦਾ ਸੀ, ਪਰ ਉਹਦੇ ਬਾਪ ਨੇ ਉਹਨੂੰ ਮੱਲੋ ਮੱਲੀ ਕੋਲ਼ਡ ਸਟੋਰ ‘ਤੇ ਬਹਾਲ਼ ਦਿੱਤਾ। ਮੈਂ ਉਹਨੂੰ ਧੀਰਜ ਦੇਣ ਲੱਗ ਪਿਆ ਤੇ ਜਿਆਦਾ ਪੜ੍ਹਨ ਲਿਖਣ ਦੇ ਨੁਕਸ ਗਿਣਾਉਣੇ ਸ਼ੁਰੂ ਕਰ ਦਿੱਤੇ। ਉਹ ਮੇਰੀਆਂ ਗੱਲਾਂ ਸੁਣ ਕੇ ਹੱਸ ਪਿਆ ਤੇ ਸ਼ਾਂਤ ਹੋ ਗਿਆ। ਅਗਲੇ ਦਿਨ ਉਹ ਵਾਪਸ ਚਲਿਆ ਗਿਆ।
ਯੂਨੀਵਰਸਿਟੀ ‘ਚ ਦੋ ਹਫ਼ਤੇ ਦੀਆਂ ਛੁਟੀਆਂ ਹੋ ਗਈਆਂ ਤੇ ਮੈਂ ਪਿੰਡ ਨੂੰ ਆ ਗਿਆ। ਜਾਡਲੇ ਕੋਲਡ ਸਟੋਰ ਵਿੱਚ ਉਹਨੂੰ ਦੇਖਿਆ, ਪਰ ਉਹ ਜਾ ਚੁੱਕਾ ਸੀ। ਮੈਂ ਦਫਤਰ ਦੀ ਕੁੰਡੀ ਵਿੱਚ ਸਲਿੱਪ ਲਿਖ ਕੇ ਫਸਾ ਆਇਆ। ਅਗਲੇ ਦਿਨ ਉਹ ਸ਼ਾਮ ਨੂੰ ਮੇਰੇ ਘਰ ਆ ਗਿਆ। ਮੈਂ ਉਹਨੂੰ ਦੇਖ ਕੇ ਹੈਰਾਨ ਹੋ ਗਿਆ; ਉਹਨੇ ਖੱਟੀ ਕੇਸਰੀ ਪੱਗ ਬੰਨ੍ਹੀ ਹੋਈ ਸੀ ਤੇ ਉਹਦੀ ਦਾੜ੍ਹੀ ਵੀ ਵਧੀ ਹੋਈ ਸੀ। ਮੈਨੂੰ ਲੱਗਿਆ ਜਿਵੇਂ ਉਹ ਜਨਮ ਤੋਂ ਹੀ ਇਸਤਰਾਂ ਸੀ। ਮੈਂ ਉਹਨੂੰ ਪੁੱਛਿਆ ਕਿ ਉਹਨੇ ਪੱਗ ਕਿਉਂ ਬੰਨ੍ਹ ਲਈ। ਕਹਿਣ ਲੱਗਾ, “ਯਾਰ, ਭਾਈਆ ਜੀ ਤੋਂ ਸ਼ਰਮ ਆਉਂਦੀ ਸੀ”। ਖ਼ੈਰ, ਉਹਨੂੰ ਪੱਗ ਜਚਦੀ ਸੀ ਤੇ ਉਹ ਹੋਰ ਸੋਹਣਾ ਲੱਗਣ ਲੱਗ ਪਿਆ ਸੀ। ਉਸ ਰਾਤ ਰੋਟੀ ਖਾਣ ਬਾਦ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਪਤਾ ਹੀ ਨਾ ਲੱਗਾ ਕਿ ਅਸੀਂ ਕਦ ਸੌਂ ਗਏ।
ਅਗਲੇ ਦਿਨ ਅਸੀਂ ਲੇਟ ਉੱਠੇ ਤੇ ਨੈੜੀ ‘ਤੇ ਘੁੰਮਣ ਚਲੇ ਗਏ। ਪਰਤ ਕੇ ਇਸ਼ਨਾਨ ਕੀਤਾ ਤੇ ਤਿਆਰ ਹੋ ਗਏ। ਉਹਨੇ ਪੱਗ ਨੂੰ ਡੇਢ ਘੰਟਾ ਲਾਇਆ। ਦਹੀਂ ਨਾਲ਼ ਪਰੌਂਠੇ ਖਾਧੇ ਤੇ ਅਸੀਂ ਮੰਜੇ ਮੱਲ ਕੇ ਬੈਠ ਗਏ। ਮੈਂ ਸੋਚਦਾ ਸੀ ਇਹਨੂੰ ਕਹਾਂ ਕਿ ਸ਼ਾਮ ਨੂੰ ਚਲਾ ਜਾਵੇ। ਪਰ ਮੈਂ ਹੈਰਾਨ ਹੋ ਗਿਆ ਕਿ ਉਹ ਕਹਿਣ ਲੱਗਾ, “ਮੈਂ ਅੱਜ ਜਾਣਾ ਨਹੀਂ”।
ਮੇਰੇ ਮਨ ਵਿੱਚ ਕੋਈ ਸ਼ੱਕ ਜਹੀ ਉੱਠੀ, ਪਰ ਜਿਵੇਂ ਉੱਠੀ, ਉਵੇਂ ਬਹਿ ਗਈ। ਸੋਚਿਆ ਕਿ ਹੋਰ ਰਹਿਣ ਨੂੰ ਜੀ ਕਰ ਪਿਆ ਹੋਊ। ਅਗਲੀ ਸਵੇਰ ਫਿਰ ਨਾ ਗਿਆ ਤੇ ਇਸੇ ਤਰਾਂ ਹਫ਼ਤਾ ਬੀਤ ਗਿਆ। ਫਿਰ ਕਿਤੇ ਇਕ ਦਿਨ ਸ਼ਾਮ ਨੂੰ ਉਹਦੇ ਡੈਡੀ ਆ ਗਏ ਤੇ ਉਹਨੂੰ ਝਿੜਕ ਝੁੜਕ ਕੇ ਲੈ ਗਏ।
ਇਕ ਦਿਨ ਮੈਂ ਵੀ ਉਹਨੂੰ ਮਿਲਣ ਗਿਆ ਤੇ ਉਹ ਉਦਾਸ ਬੈਠਾ ਸੀ। ਮੈਂ ਕਾਰਣ ਪੁੱਛਿਆ ਤਾਂ ਕਹਿਣ ਲੱਗਾ, “ਯਾਰ, ਮੈਂ ਪੜ੍ਹਨਾ ਚਾਹੁੰਨਾ, ਪਰ ਘਰਦੇ ਮੇਰੇ ਲਈ ਕੁੜੀ ਲੱਭਦੇ ਆ”। ਮੈਂ ਹੱਸਣ ਲੱਗ ਪਿਆ ਕਿ ਜੇ ਕਿਤੇ ਮੇਰੇ ਘਰਦੇ ਮੇਰੇ ਲਈ ਕੁੜੀ ਲੱਭਦੇ ਹੁੰਦੇ ਤਾਂ ਮੈਂ ਮਿੰਟ ਨਾ ਲਾਉਂਦਾ। ਮੇਰੀ ਗੱਲ ਸੁਣਕੇ ਉਹ ਹੱਸਿਆ ਜ਼ਰੂਰ, ਪਰ ਉਹ ਅੰਦਰੋਂ ਉਦਾਸ ਸੀ।
ਸਿਲਸਿਲਾ ਇਸੇ ਤਰਾਂ ਚੱਲਦਾ ਰਿਹਾ। ਉਹਨੇ ਮੇਰੇ ਪਿੰਡ ਆਉਣਾਂ, ਮੰਜਿਆਂ ‘ਤੇ ਬੈਠੇ ਰਹਿਣਾ। ਮੇਰਾ ਭਤੀਜਾ ਹਰਦੀਪ, ਬੱਲੀ ਤੇ ਭਤੀਜੀ ਬਾਵੀ ਵੀ ਸਾਡੇ ਅੱਗੇ ਪਿੱਛੇ ਫਿਰਦੇ ਰਹਿੰਦੇ ਤੇ ਸਾਨੂੰ “ਚਾਚਾ ਜੀ, ਚਾਚਾ ਜੀ” ਕਰਦੇ ਰਹਿੰਦੇ। ਗੱਲਾਂ ਕਰ ਕਰ ਤੇ ਸੁਣ ਸੁਣ ਹੱਸਦੇ। ਇਕਬਾਲ ਦਾ ਹਾਸਾ ਕੁਝ ਇਸਤਰਾਂ ਦਾ ਸੀ, ਜਿਵੇਂ ਉਹਨੂੰ ਹੁੱਥੂ ਛਿੜਦਾ ਹੋਵੇ। ਉਹਦੇ ਹਾਸੇ ‘ਤੇ ਵੀ ਹੋਰ ਹਾਸਾ ਛਿੜ ਜਾਂਦਾ; ਜਿਵੇਂ ਵਿਆਜ ਨੂੰ ਵਿਆਜ ਲੱਗਦਾ ਹੋਵੇ।
ਉਹਨੂੰ ਪੱਗ ਦੀ ਜਾਂਚ ਆ ਗਈ ਸੀ ਤੇ ਹੁਣ ਉਹਦੀ ਕੱਕੀ ਦਾਹੜੀ ਵੀ ਬੰਨ੍ਹਣ ਜੋਗੀ ਹੋ ਗਈ ਸੀ। ਉਹ ਅਕਸਰ ਕੋਕਾ-ਕੋਲਾ ਕੌਡੁਰਾਇ ਦੀ ਪੈਂਟ ਪਾਉਂਦਾ। ਹਲਕੇ ਜਹੇ ਰੰਗ ਦੀ ਕਮੀਜ਼ ਹੋਣੀ ਤੇ ਸਿਰ ‘ਤੇ ਖੱਟੇ ਕੇਸਰੀ ਰੰਗ ਦੀ ਪੱਗ ਬੰਨ੍ਹਣੀ। ਛੈਲ ਗੱਭਰੂ ਇੰਨਾ ਸਜਦਾ ਕਿ ਜਿੰਨਾ ਉਹੀ ਸੱਜਦਾ ਸੀ।
ਉਹ ਕੋਲ਼ਡ ਸਟੋਰਾਂ ਦੇ ਮਾਲਕ ਦਾ ਮੁੰਡਾ ਸੀ ਤੇ ਮੇਰੇ ਭਾਈਆ ਜੀ ਸਿਰਫ ਗੱਲਾਂ ਦੇ ਮਾਲਕ ਸਨ। ਫਿਰ ਵੀ ਮੇਰੇ ਘਰੋਂ ਜਾਣ ਨੂੰ ਉਹਦਾ ਜੀ ਨਾ ਕਰਦਾ। ਸਾਡੇ ਘਰ ਦੇ ਸਾਦਾ ਖਾਣੇ ਵਿੱਚ ਮਾਂ ਦੀ ਮਮਤਾ ਤੇ ਭਾਬੀ ਦੇ ਪਿਆਰ ਦੇ ਇਲਾਵਾ ਘਰ ਦੇ ਕੱਲੇ ਕੱਲੇ ਜੀ ਦਾ ਕੁਝ ਨਾ ਕੁਝ ਮਿਲ਼ਿਆ ਹੁੰਦਾ। ਕੋਈ ਰੋਟੀ ਦੇ ਜਾਂਦਾ, ਕੋਈ ਦਾਲ਼ ਪਾ ਜਾਂਦਾ, ਕੋਈ ਪਾਣੀ ਦੇ ਗਲਾਸ ਭਰ ਜਾਂਦਾ ਤੇ ਕੋਈ ‘ਹੋਰ ਕੁਝ ਲਿਆਵਾਂ’ ਪੁੱਛ ਜਾਂਦਾ।
ਭਾਈਆ ਜੀ ਗੁਰ ਇਤਿਹਾਸ ਛੇੜੀ ਰੱਖਦੇ ਤੇ ਵੱਡੇ ਭਾਈ ਦੇ ਉਹੀ ਟੋਟਕੇ — ਹਾਸੇ ਦੇ ਟੋਕਰੇ। ਇੰਨੇ ਕਾਰਗਰ ਕਿ ਕਈ ਵਾਰੀ ਇਕਬਾਲ ਰੋਟੀ ਖਾਂਦਾ ਖਾਂਦਾ ਹੱਸਣ ਲੱਗ ਜਾਂਦਾ ਤੇ ਉਹਨੂੰ ਹੁੱਥੂ ਛਿੜ ਜਾਂਦਾ। ਉਹਦੀਆਂ ਅੱਖਾਂ ‘ਚ ਪਾਣੀ ਆ ਜਾਂਦਾ ਤੇ ਪਤਾ ਹੀ ਨਾ ਲੱਗਦਾ ਕਿ ਇਹ ਹੁੱਥੂ ਹੈ ਕਿ ਹਾਸਾ। ਉਹਨੂੰ ਮਸਾਂ ਚੈਨ ਆਉਂਦੀ ਤੇ ਫਿਰ ਰੋਟੀ ਖਾਣ ਲੱਗ ਪੈਂਦਾ।
ਦੇਖਣ ਨੂੰ ਲੱਗਦਾ ਜਿਵੇਂ ਉਹਨੂੰ ਸਿਰਫ ਹੱਸਣਾ ਹੀ ਆਉਂਦਾ ਹੋਵੇ। ਪਰ ਜਦ ਅਸੀਂ ਇਕੱਲੇ ਹੁੰਦੇ ਤਾਂ ਉਹ ਬਹੁਤ ਗਹਿਰ ਗੰਭੀਰ ਗੱਲਾਂ ਕਰਦਾ। ਉਹਨੇ ਮਾਰਕਸਵਾਦ ਸੁਣਿਆ ਹੋਇਆ ਸੀ, ਪੜ੍ਹਿਆ ਨਹੀਂ ਸੀ। ਉਹ ਸਿਰਫ ਸਾਇੰਸ ਦਾ ਵਿਦਿਆਰਥੀ ਸੀ ਤੇ ਸਾਇੰਸ ਦੇ ਜ਼ਰੀਏ ਮਾਰਕਸਵਾਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ।
ਉਹ ਦੱਸਦਾ ਕਿ ਕਾਲਜੀਏਟਾਂ ਨੇ ਉਸਦੀ ਸਿੱਖ ਸ਼ਰਧਾ ਮਾਰ ਦਿੱਤੀ ਸੀ ਤੇ ਉਹਨੇ ਕੇਸ ਕਟਾ ਲਏ ਸਨ। ਉਹ ਦੱਸਦਾ ਕਿ ਭਾਈਆ ਜੀ ਨੇ ਉਹਦੀ ਸ਼ਰਧਾ ਬਹਾਲ ਕਰ ਦਿੱਤੀ ਹੈ ਤੇ ਉਹਨੂੰ ਮੁੜਕੇ ਸਿੱਖ ਬਣਾ ਦਿੱਤਾ ਹੈ। ਸਾਇੰਸ ਦੇ ਜ਼ਰੀਏ ਹੁਣ ਉਹ ਸਿੱਖੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦਾ।
ਉਹ ਇਮਾਨਦਾਰ ਸੀ। ਮਾਰਕਸਵਾਦ ਤੇ ਸਿੱਖੀ ਦੇ ਰਲ਼ੇ ਮਿਲ਼ੇ ਪ੍ਰਭਾਵ ਸਦਕਾ ਉਹ ਆਪਣੇ ਬਾਪ ਨੂੰ ਪੂੰਜੀਵਾਦ ਦਾ ਵੱਡਾ ਸਰਗਣਾ ਸਮਝਣ ਲੱਗ ਪਿਆ। ਉਹਚਾ ਬਾਪ ਵੀ ਉਹਨੂੰ ਰੂਸ ਦਾ ਦੂਤ ਸਮਝਦਾ ਸੀ ਤੇ ਬਾਪ ਬੇਟੇ ਦੀ ਰੱਤੀ ਭਰ ਨਹੀਂ ਸੀ ਬਣਦੀ। ਦੋਹਵੇਂ ਜਾਣੇ ਘਰ ਹੁੰਦੇ ਤਾਂ ਇਵੇਂ ਰਹਿੰਦੇ ਜਿਵੇਂ ਰੂਸ ਤੇ ਅਮਰੀਕਾ ਆਹਮੋ ਸਾਹਮਣੇ ਆ ਗਏ ਹੋਣ।
ਉਹਦੇ ਬਾਪ ਨੇ ਉਹਦੇ ਵਿਆਹ ਦੀ ਪੱਕੀ ਠਾਣ ਲਈ ਸੀ ਤੇ ਹੋਰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤੀ। ਉਹ ਚਾਹੁੰਦਾ ਸੀ ਕਿ ਉਹਨੂੰ ਵਿਆਹ ਦੇ ਬੰਧਨ ਵਿੱਚ ਨਰੜ ਦਿੱਤਾ ਜਾਵੇ। ਉਹ ਸਮਝਦਾ ਸੀ ਕਿ ਇਸਤਰਾਂ ਉਹਦੀ ਕਾਮਰੇਡੀ ਝੜ ਜਾਵੇਗੀ ਤੇ ਉਹ ਬੰਦਾ ਬਣ ਜਾਵੇਗਾ।
ਉਹਦਾ ਬਾਪ ਡਾਂਟ ਅਤੇ ਝਾੜ ਝੰਬ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੰਦਾ ਤੇ ਉਹਨੂੰ ਬੰਦਾ ਬਣਾਉਣ ਦੇ ਮੌਕੇ ਲੱਭਦਾ ਰਹਿੰਦਾ। ਰੱਬ ਦੀ ਮਰਜ਼ੀ ਕਿ ਬੰਦਾ ਤਾਂ ਉਹਨੇ ਕੀ ਬਣਨਾ ਸੀ, ਉਹ ਸਿੱਖ ਬਣ ਗਿਆ। ਸਭ ਕਾਸੇ ਦੇ ਜਮਾਂ ਘਟਾਓ ਦਾ ਉਹਦੇ ਉੱਤੇ ਇਹ ਅਸਰ ਹੋਇਆ ਕਿ ਉਹ ਨਿਰਾਸ਼ ਤੇ ਉਦਾਸ ਹੋ ਗਿਆ। ਉਹ ਦੱਸਦਾ ਕਿ ਉਹਦੀ ਮਾਂ ਚਾਹੁੰਦੀ ਹੈ ਕਿ ਉਹ ਪੜ੍ਹੇ ਪਰ ਬਾਪ ਸਾਹਮਣੇ ਉਹ ਰੱਤੀ ਭਰ ਵੀ ਕੁਸਕ ਨਹੀਂ ਸਕਦੀ। ਉਹਦਾ ਬਾਪ ਇੰਨਾ ਸਖ਼ਤ ਮਿਜ਼ਾਜ ਸੀ ਕਿ ਉਹਦੀ ਮਰਜ਼ੀ ਬਿਨਾ ਘਰ ਵਿੱਚ ਸਿਰਫ ਪੱਤੇ ਹੀ ਹਿੱਲ ਸਕਦੇ ਸਨ। ਉਹਦੀ ਭੈਣ ਘਰ ਵਿੱਚ ਇਸਤਰਾਂ ਰਹਿੰਦੀ, ਜਿਵੇਂ ਰਹਿੰਦੀ ਹੀ ਨਾ ਹੋਵੇ।
ਕੋਲ਼ਡ ਸਟੋਰ ਵਿੱਚ ਕਦੀ ਕਦੀ ਮੈਂ ਉਹਦੇ ਕੋਲ਼ ਘੰਟਿਆਂਬੱਧੀ ਬੈਠਾ ਰਹਿੰਦਾ। ਉਹ ਕੰਮ ਵਿੱਚ ਰੱਤੀ ਭਰ ਹੇਰ ਫੇਰ ਨਹੀਂ ਸੀ ਕਰਦਾ। ਉਹਦੇ ਬਾਪ ਦੀ ਨਜ਼ਰ ਵਿੱਚ ਉਹਦਾ ਵੱਡਾ ਗੁਨਾਹ ਇਹੀ ਸੀ ਕਿ ਉਹ ਜ਼ਿਮੀਂਦਾਰਾਂ ਦੀ ‘ਫੇਰ’ ‘ਤੇ ਯਕੀਨ ਕਰ ਲੈਂਦਾ ਸੀ। ਆਲੂਆਂ ਦਾ ਕਿਰਾਇਆ ਦੇਣ ਲੱਗੇ ਕਈ ਜਿਮੀਦਾਰ ਉਹਨੂੰ ਸਾਊ ਸਮਝ ਕੇ ਕਹਿ ਛੱਡਦੇ ਕਿ ‘ਬਾਕੀ ਪੈਸੇ ਫੇਰ ਸਹੀ’। ਜਿਮੀਦਾਰਾਂ ਦੀ ‘ਫੇਰ’ ਤਾਂ ਕਿਤੇ ਰਹੀ, ਉਹ ਮੁੜਕੇ ਫੇਰਾ ਵੀ ਨਾ ਪਾਉਂਦੇ। ਉਨ੍ਹਾਂ ਦਾ ਇਹੀ ‘ਫੇਰ’ ਇਕਬਾਲ ਦਾ ਵੱਡਾ ਹੇਰ ਫੇਰ ਸੀ, ਜਿਸ ਲਈ ਉਹਨੂੰ ਬਾਪ ਦੇ ਕਟਹਿਰੇ ਵਿੱਚ ਪੇਸ਼ ਹੋਣਾ ਪੈਂਦਾ ਤੇ ਝਾੜ-ਝੰਭ ਦੀ ਮੋਹਲੇ-ਧਾਰ ਵਰਖਾ ਵਿੱਚ ਆਪਣੀਆਂ ਸਧਰਾਂ ਦਾ ਸੱਤਿਆਨਾਸ ਕਰਾਉਣਾ ਪੈਂਦਾ।
ਮੈਂ ਹੁਣ ਜਦ ਵੀ ਚੰਡੀਗੜ੍ਹੋਂ ਆਉਂਦਾ ਤਾਂ ਉਹ ਉਦਾਸ ਹੀ ਮਿਲ਼ਦਾ ਤੇ ਯੂਨੀਵਰਸਿਟੀ ਦੀਆਂ ਗੱਲਾਂ ਸੁਣਕੇ ਨਿਰਾਸ਼ ਹੋ ਜਾਂਦਾ। ਉਹ ਮੈਨੂੰ ਪਿੰਡ ਛੱਡਣ ਜਾਂਦਾ ਤੇ ਅਸੀਂ ਨੈੜੀ ਵੱਲ੍ਹ ਨਿਕਲ਼ ਜਾਂਦੇ। ਕਦੀ ਕਦੀ ਮੇਰੇ ਪਿੰਡ ਦੇ ਦੋਸਤ ਹਰਜਿੰਦਰ ਤੇ ਕਸ਼ਮੀਰ ਵੀ ਨਾਲ਼ ਹੁੰਦੇ। ਉਹ ਹੱਸਦਾ ਜ਼ਰੂਰ, ਪਰ ਉਹਦੇ ਹਾਸੇ ਵਿੱਚ ਉਹਦੀ ਨਿਰਾਸ਼ਾ ਵੀ ਹੱਸਦੀ। ਮੈਨੂੰ ਬਹੁਤੀ ਉਹੀ ਸੁਣਦੀ ਤੇ ਮੈਂ ਚੁੱਪ ਕਰ ਜਾਂਦਾ। ਘਰ ਵਾਪਸ ਆਉਂਦੇ, ਚਾਹ ਪਾਣੀ ਪੀਂਦੇ ਤੇ ਉਹ ਪਰਤ ਜਾਂਦਾ।
ਐਤਕੀ ਵੀ ਇਸੇ ਤਰਾਂ ਹੋਇਆ। ਮੈਂ ਚੰਡੀਗੜ੍ਹੋਂ ਆਇਆ, ਉਹਦੇ ਨਾਲ਼ ਗੱਲਾਂ ਕੀਤੀਆਂ। ਹਰ ਵਾਰ ਦੀ ਤਰਾਂ ਪਾਖਰ ਦੀ ਹੱਟੀ ਦੀ ਚਾਹ ਪੀਤੀ ਤੇ ਪਕੌੜੇ ਖਾਧੇ ਤੇ ਉਹ ਮੈਨੂੰ ਪਿੰਡ ਛੱਡਣ ਆ ਗਿਆ। ਪਰ ਇਸ ਵਾਰ ਉਹ ਨੈੜੀ ‘ਤੇ ਨਾ ਗਿਆ; ਅਖੇ ਜ਼ਰੂਰੀ ਕੰਮ ਹੈ। ਮੈਂ ਵੀ ਜ਼ੋਰ ਨਾ ਪਾਇਆ ਤੇ ਉਹਨੂੰ ਜਾਣ ਦਿੱਤਾ।
ਅਗਲੀ ਸਵੇਰ ਮੈਂ ਤੇ ਮੇਰੇ ਮਿੱਤਰ —ਪਾਲਾ, ਹਰਜਿੰਦਰ ਤੇ ਕਸ਼ਮੀਰ — ਨੈੜੀ ਵੱਲ੍ਹ ਨਿਕਲ਼ ਗਏ। ਘੁੰਮ ਫਿਰ ਕੇ ਗਿਆਰਾਂ ਕੁ ਵਜੇ ਘਰੇ ਆਏ। ਮੇਰੀ ਮਾਂ ਭੁੱਬੀਂ ਰੋ ਰਹੀ ਸੀ। ਰੋ ਕਾਹਦੀ ਵੈਣ ਹੀ ਪਾ ਰਹੀ ਸੀ। ਮੇਰੀ ਭਾਬੀ ਬੇਹੱਦ ਸੋਗਵਾਰ ਮੂੰਹ ਬਣਾ ਕੇ ਬੈਠੀ ਸੀ। ਮੈਨੂੰ ਦੇਖਦੇ ਹੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ। ਮੇਰਾ ਭਾਈ ਘਰ ਨਹੀਂ ਸੀ ਤੇ ਭਾਈਆ ਜੀ ਬੜੀ ਹੀ ਗ਼ਮਗੀਨ ਮੁਦਰਾ ਵਿੱਚ ਪਰੇ ਮੰਜੇ ‘ਤੇ ਬੈਠੇ ਕਿਆਫੇ ਲਗਾ ਰਹੇ ਸਨ। ਮੈਂ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਆਖਰ ਮਾਜਰਾ ਕੀ ਹੈ। ਭਾਬੀ ਨੇ ਦੱਸਿਆ ਕਿ ਉਡਦੀ ਉਡਦੀ ਖ਼ਬਰ ਆਈ ਹੈ ਕਿ ਇਕਬਾਲ ਨੇ ਜ਼ਹਿਰ ਨਿਗਲ਼ ਲਈ ਹੈ।
ਮੈਂ ਸਾਇਕਲ ਚੁੱਕਿਆ, ਹਰਜਿੰਦਰ ਤੇ ਕਸ਼ਮੀਰ ਨੂੰ ਨਾਲ਼ ਲਿਆ ਤੇ ਜਾਡਲੇ ਕੋਲ਼ਡ ਸਟੋਰ ‘ਤੇ ਚਲੇ ਗਏ। ਪਤਾ ਲੱਗਾ ਕਿ ਉਹ ਰਾਤ ਘਰ ਨਹੀਂ ਸੀ ਗਿਆ। ਫਿਕਰ ਦੇ ਮਾਰੇ ਘਰਦੇ ਉਹਨੂੰ ਦੇਖਣ ਆਏ ਤਾਂ ਉਹ ਦਫਤਰ ਵਿੱਚ ਪਏ ਮੰਜੇ ‘ਤੇ ਲੁੜਕਿਆ ਪਿਆ ਸੀ। ਉਸ ਵਿਚ ਕੋਈ ਹਿਲ-ਜੁਲ ਤੇ ਸਾਹ-ਸਤ ਨਹੀਂ ਸੀ। ਉਹਨੂੰ ਚੁੱਕ ਕੇ ਫਟਾਫਟ ਘਰ ਲੈ ਗਏ।
ਅਸੀਂ ਦੇਖਿਆ ਕਿ ਉੱਥੇ ਹੁਣ ਖਾਲੀ ਸ਼ੀਸ਼ੀ ਲੁੜਕੀ ਪਈ ਸੀ ਨਾਲ਼ ਚਾਹ ਦਾ ਖਾਲੀ ਕੱਪ ਪਿਆ ਸੀ, ਜਿਹਦੇ ਉੱਤੇ ਮੱਖੀਆਂ ਭਿਣਕ ਰਹੀਆਂ ਸਨ। ਕੰਧ ‘ਤੇ ਲਟਕਦੀ ਭਗਤ ਸਿੰਘ ਦੀ ਤਸਵੀਰ ਇਕਬਾਲ ਦੇ ਜੂਠੇ ਕੱਪ ‘ਤੇ ਭਿਣਕਦੀਆਂ ਮੱਖੀਆਂ ਵੱਲ੍ਹ ਇਸਤਰਾਂ ਝਾਕ ਰਹੀਂ ਸੀ, ਜਿਵੇਂ ਕਿਸੇ ਸ਼ਹੀਦ ਨੇ ਆਤਮ ਹੱਤਿਆ ਕਰ ਲਈ ਹੋਵੇ। ਦਫਤਰ ਵਿੱਚ ਸਭ ਕੁਝ ਡਰਾਉਣਾ ਅਤੇ ਅਵਾਜ਼ਾਰ ਜਿਹਾ ਲੱਗ ਰਿਹਾ ਸੀ। ਉੱਥੇ ਖੜ੍ਹਨਾ ਮੁਸ਼ਕਲ ਹੋ ਰਿਹਾ ਸੀ ਤੇ ਅਸੀਂ ਫਟਾਫਟ ਉਹਦੇ ਘਰ ਨੂੰ ਚਲੇ ਗਏ। ਸਮਝ ਨਹੀਂ ਸੀ ਲੱਗ ਰਹੀ ਕਿ ਇਹ ਹੱਤਿਆ ਹੈ ਕਿ ਆਤਮਹੱਤਿਆ।
ਲੰਗੜੋਏ ਪਹੁੰਚੇ ਤਾਂ ਉਹਦੇ ਘਰ ਦੇ ਬਾਹਰ ਸਾਇਕਲ, ਸਕੂਟਰ ਤੇ ਕਾਰਾਂ ਵਿਰਲਾਪ ਦੀ ਮੁਦਰਾ ਵਿੱਚ ਖੜ੍ਹੀਆਂ ਦਿਸ ਰਹੀਆਂ ਸਨ। ਜਿਵੇਂ ਸਾਇਕਲ ਰੋ ਰਹੇ ਹੋਣ, ਸਕੂਟਰ ਪਿੱਟ ਰਹੇ ਹੋਣ ਤੇ ਕਾਰਾਂ ਵੈਣ ਪਾ ਰਹੀਆਂ ਹੋਣ। ਜਿਵੇਂ ਸਾਰੇ ਪਿੰਡ ‘ਤੇ ਕੋਈ ਕਹਿਰ ਢਹਿ ਪਿਆ ਹੋਵੇ।
ਘਰ ਦੇ ਅੰਦਰ ਵਰਾਂਡੇ ਵਿੱਚ ਇਕਬਾਲ ਦੀ ਦੇਹ ਪਈ ਸੀ। ਕੌਡੁਰਾਇ ਦੀ ਕੋਕਾ-ਕੋਲਾ ਪੈਂਟ, ਹਲਕੇ ਰੰਗ ਦੀ ਕਮੀਜ਼ ਤੇ ਉਹੀ ਖੱਟੇ ਕੇਸਰੀ ਰੰਗ ਦੀ ਪੱਗ ਤੇ ਬੰਨ੍ਹੀ ਹੋਈ ਕੱਕੀ ਦਾਹੜੀ। ਉਹਦਾ ਖੱਬਾ ਹੱਥ ਉਹਦੀ ਹਿੱਕ ‘ਤੇ ਟਿਕਿਆ ਹੋਇਆ ਸੀ ਤੇ ਸੱਜਾ ਬਿਲਕੁਲ ਖੁੱਲ੍ਹਾ ਸੀ। ਉਹਦੀਆਂ ਅੱਖਾਂ ਵਿੱਚ ਮਰੇ ਹੋਏ ਸੁਪਨੇ ਤੈਰਦੇ ਦਿਸ ਰਹੇ ਸਨ। ਇੱਥੇ ਵੀ ਖੜ੍ਹੇ ਰਹਿਣਾ ਬੇਹੱਦ ਮੁਸ਼ਕਲ ਸੀ।
ਉਹ ਇਸਤਰਾਂ ਪਿਆ ਸੀ ਜਿਵੇਂ ਸਿੱਖੀ ਹਾਰ ਗਈ ਹੋਵੇ ਤੇ ਰੂਸ ਢਹਿ ਗਿਆ ਹੋਵੇ। ਉਹਦਾ ਬਾਪ ਕੋਲ਼ ਖੜਾ ਗਹਿਰੀਆਂ ਸੋਚਾਂ ਵਿੱਚ ਉਤਰਿਆ ਹੋਇਆ ਸੀ, ਜਿਵੇਂ ਅਮਰੀਕਾ ਰੋ ਰਿਹਾ ਹੋਵੇ; ਜਿਵੇਂ ਉਸਨੂੰ ਪੁੱਤਰ ਤੋਂ ਵੱਧ ਆਪਣੇ ਸਰਦਖਾਨਿਆਂ ਦੇ ਵਾਰਿਸ ਦੇ ਤੁਰ ਜਾਣ ਦਾ ਦੁੱਖ ਹੋਵੇ। ਉਹ ਖੜ੍ਹਾ ਸੀ ਤੇ ਬਸ ਖੜ੍ਹਾ ਹੀ ਸੀ।
ਇਕਬਾਲ ਦੀ ਸਾਊ ਤੇ ਸੰਗਾਊ ਭੈਣ ਨੂੰ ਵਾਰ ਵਾਰ ਦੰਦਲ਼ਾਂ ਪੈਂਦੀਆਂ ਤੇ ਹਾਲੋਂ ਬੇਹਾਲ ਹੋਈ ਹੋਈ ਮਾਂ ਦੇ ਕੀਰਨੇ ਸੁਣੇ ਨਾ ਜਾਂਦੇ। ਕੋਈ ਉਹਦੀ ਭੈਣ ਨੂੰ ਸਾਂਭਦਾ ਤੇ ਕੋਈ ਮਾਂ ਨੂੰ। ਉਹਦੀ ਭੈਣ ਨੂੰ ਹੋਸ਼ ਆਉਂਦੀ ਤਾਂ ਉਹ ਧਾਹ ਮਾਰਦੀ ਤੇ ਭੱਜ ਕੇ ਵੀਰ ‘ਤੇ ਢਹਿ ਪੈਂਦੀ ਤੇ ਉਸਨੂੰ ਮੁੜ ਦੰਦਲ਼ ਪੈ ਜਾਂਦੀ। ਰਹਿ ਰਹਿ ਕੇ ਮਨ ਵਿੱਚ ਹੁੱਫਰੇ ਉੱਠਦੇ ਤੇ ਉਹ ਘਰ ਇਵੇਂ ਲੱਗਦਾ ਜਿਵੇਂ ਪੂੰਜੀਵਾਦ ਦਾ ਵੱਡਾ ਸਾਰਾ ਸਿਵਾ ਬਲ਼ਦਾ ਹੋਵੇ।
ਉਸ ਮਾਸੂਮ ਦੀ ਦੇਹ ਨੂੰ ਅੰਤਮ ਸਮੇਂ ਸੱਚੇ ਘਰ ਲਿਜਾਇਆ ਗਿਆ। ਉਹਨੂੰ ਚਿਤਾ ‘ਤੇ ਲਿਟਾ ਦਿੱਤਾ ਗਿਆ ਤੇ ਲਾਂਬੂ ਲਗਾ ਦਿੱਤਾ। ਇਲਾਕੇ ਦੇ ਮਸ਼ਹੂਰ ਪਾਠੀ ਸੁਰਜੀਤ ਸਿੰਘ ਨੇ ਕੀਰਤਨ ਸੋਹਿਲੇ ਦਾ ਪਾਠ ਕੀਤਾ। ਸੱਚੇ-ਸੁੱਚੇ, ਬੀਬੇ ਤੇ ਨੇਕ ਇਨਸਾਨ ਦੀ ਕੁੰਦਨ ਜਹੀ ਦੇਹ ਰਾਖ ਵਿੱਚ ਬਦਲ ਰਹੀ ਸੀ। ਧੂਆਂ ਬੱਦਲ਼ਾਂ ਵੱਲ੍ਹ ਨੂੰ ਧਾਹ ਧਾਹ ਕੇ ਵਧ ਰਿਹਾ ਸੀ ਤੇ ਸਾਡਾ ਰੋਮ ਰੋਮ ਰੋ ਰਿਹਾ ਸੀ। ਅਸੀਂ ਚੁੱਪ ਗੜੁੱਪ ਵਾਪਸ ਪਰਤ ਆਏ। ਸਾਡੇ ਮਨਾਂ ਵਿੱਚ ਛਾਇਆ ਹੋਇਆ ਇਹ ਕਿਸਤਰਾਂ ਦਾ ਕਹਿਰ ਅਤੇ ਸੋਗ ਸੀ, ਜਿਵੇਂ ਕਿਸੇ ਸ਼ਹੀਦ ਨੇ ਆਤਮਹੱਤਿਆ ਕਰ ਲਈ ਹੋਵੇ।
ਮੈਂ ਮੁੜ ਕਦੀ ਉਧਰ ਨਾ ਗਿਆ। ਕਈ ਸਾਲ ਬਾਦ ਸੁਣਿਆ ਕਿ ਇਕਬਾਲ ਦੇ ਬਾਪ ਨੇ ਆਪਣੇ ਸਰਦਖਾਨਿਆਂ ਦਾ ਨਵਾਂ ਵਾਰਸ ਪੈਦਾ ਕਰਨ ਲਈ ਹੋਰ ਵਿਆਹ ਕਰਵਾ ਲਿਆ ਹੈ। ਕਹਿੰਦੇ ਹਨ ਕਿ ਇਕਬਾਲ ਨੇ ਆਪਣੀ ਇੱਛਰਾਂ ਜਹੀ ਮਾਂ ਨੂੰ ਜਲਦੀ ਆਪਣੇ ਕੋਲ ਬੁਲਾ ਲਿਆ ਸੀ। ਉਹਦੀ ਸਾਊ ਤੇ ਸੰਗਾਊ ਭੈਣ ਕਿਤੇ ਵਿਆਹ ਦਿੱਤੀ ਗਈ। ਬੜੀ ਵਾਰ ਉਹਨੂੰ ਮਿਲਣ ਨੂੰ ਜੀ ਕਰਦਾ ਹੈ, ਪਰ ਹੌਸਲਾ ਨਹੀਂ ਪੈਂਦਾ। ਮੈਂ ਕਦੀ ਨਵੇਂਸ਼ਹਿਰ ਨੂੰ ਜਾਂਦਾ ਹੋਇਆ ਜਾਡਲੇ ’ਚੋਂ ਲੰਘਦਾ ਹਾਂ ਤਾਂ ਉਹ ਸਰਦਖਾਨੇ ਕਿਤੇ ਨਜ਼ਰ ਨਹੀਂ ਆਉਂਦੇ; ਜਿਵੇਂ ਉਨ੍ਹਾਂ ਨੂੰ ਕੋਈ ਸਰਾਪ ਅਤੇ ਪਾਪ ਖਾ ਗਿਆ ਹੋਵੇ।
ਫਿਰ ਲੰਗੜੋਏ ਦੇ ਸ਼ਮਸ਼ਾਨ ਘਾਟ ਕੋਲੋਂ ਲੰਘਦਿਆਂ ਉਹਨੂੰ ਚੇਤੇ ਕਰਦਾ ਹਾਂ ਤਾਂ ਮਨ ਵਿਚ ਹਰ ਵਾਰ ਇਹੀ ਧੁਨ ਭਿਣਕ ਪੈਂਦੀ ਹੈ: ਨਹੀਂਓਂ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ।