Shaheed Sardar Bhagat Singh (Punjabi Novel) : Giani Trilok Singh

ਪਹਿਲਾ ਕੌਮੀ ਸ਼ਹੀਦ ਸਰਦਾਰ ਭਗਤ ਸਿੰਘ (ਪੰਜਾਬੀ ਨਾਵਲ) : ਗਿਆਨੀ ਤ੍ਰਿਲੋਕ ਸਿੰਘ

ਸ੍ਰ: ਭਗਤ ਸਿੰਘ ਤੋਂ ਪਹਿਲਾਂ ਤੇ ਪਿਛਲੇ ਸ਼ਹੀਦਾਂ ਦੀ ਕਹਾਣੀ

ਸ੍ਵਤੰਤ੍ਰਤਾ ਕੁਰਬਾਨੀ ਨਾਲ ਆਉਂਦੀ ਹੈ। ਜਿਨ੍ਹਾਂ ਵੀ ਦੇਸ਼ਾਂ ਦੀ ਜਨਤਾ ਨੇ ਗੁਲਾਮੀ, ਮਾੜੀ ਸ਼ਹਿਨਸ਼ਾਹੀਅਤ ਅਤੇ ਸਰਮਾਏਦਾਰੀ ਸਾਮਰਾਜ ਦੇ ਵਿਰੁਧ ਘੋਲ ਕੀਤਾ ਹੈ, ਉਸ ਨੂੰ ਫਤਹ ਤੋਂ ਪਹਿਲਾਂ ਜਾਨ ਤੇ ਮਾਲ ਦੀ ਭਾਰੀ ਕੁਰਬਾਨੀ ਦੇਣੀ ਪਈ ਹੈ। ਫਰਾਂਸ ਰੂਸ ਅਤੇ ਚੀਨ ਦੀ ਜਨਤਾ ਨੂੰ ਤਾਂ ਆਪਣੇ ਬੱਚਿਆਂ ਦੇ ਲਹੂ ਵਿਚ ਨ੍ਹਾਉਣਾ ਪਿਆ ਹੈ। ਪੂਰੇ ਚਾਲੀ ਸਾਲ ਕਠਣ ਘੋਲ ਕਰਨ ਪਿੱਛੋਂ ਅਜ ਚੀਨ ਦੀ ਜਨਤਾ ਨੇ ਸਰਮਾਏਦਾਰੀ, ਧੱਕੜਸ਼ਾਹੀ, ਨੌਕਰਸ਼ਾਹੀ ਅਤੇ ਸ਼ਹਿਨਸ਼ਾਹੀਅਤ ਤੋਂ ਮਸਾਂ ਛੁਟਕਾਰਾ ਪਾਇਆ ਹੈ। ਹੁਣ ਕੋਰੀਆ ਦੀ ਜਨਤਾ ਸਚੀ ਸ੍ਵਤੰਤ੍ਰਤਾ ਵਾਸਤੇ ਲਾਲਚੀ ਸਰਮਾਏਦਾਰੀ ਸਾਮਰਾਜਾਂ ਨਾਲ ਜਾਨ ਤੋੜਕੇ ਲੜ ਰਹੀ ਹੈ।

ਅੰਗਰੇਜ਼ੀ ਸਾਮਰਾਜ ਦੇ ਵਿਰੁਧ ਹਿੰਦੀਆਂ ਨੇ ਸੰਨ ੧੮੫੭ ਵਿਚ ਪਹਿਲੀ ਬਗ਼ਾਵਤ ਕੀਤੀ। ਉਹ ਬਗ਼ਾਵਤ ਫੇਹਲ ਹੋ ਗਈ। ਹਜ਼ਾਰਾਂ ਹਿੰਦੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਉਸਦੇ ਫੇਹਲ ਹੋਣ ਦੇ ਕੁਝ ਕੁ ਕਾਰਨ ਇਹ ਸਨ ਕਿ ਲੀਡਰੀ ਰਾਜਿਆਂ ਤੇ ਸ਼ਾਹਜ਼ਾਦਿਆਂ ਦੇ ਹੱਥ ਸੀ। ਉਹ ਕੁਝ ਆਪਣੀਆਂ ਖੁੱਸੀਆਂ ਰਿਆਸਤਾਂ ਹਾਸਲ ਕਰਨਾ ਚਾਹੁੰਦੇ ਸਨ। ਜਨਤਾ ਜਥੇ ਬੰਦ ਨਹੀਂ ਸੀ, ਜਨਤਾ ਤੇ ਰਾਜਿਆਂ ਦੇ ਲਾਭ ਅੱਡਰੇ ਅੱਡਰੇ ਸਨ। ਖੁਦਗ਼ਰਜ਼ੀ ਦਾ ਬੋਲ ਬਾਲਾ ਸੀ। ਭਾਵੇਂ ਉਹ ਬਗ਼ਾਵਤ ਫੇਹਲ ਹੋਈ। ਗੋਰਾ ਤਾਕਤ ਨੇ ਦਬਾ ਦਿੱਤਾ। ਪਰ ਬਹਾਦਰ ਹਿੰਦੀਆਂ ਨੇ ਆਪਣੇ ਵਤਨ-ਪਿਆਰ ਦਾ ਚੰਗਾ ਸਬੂਤ ਦਿੱਤਾ। ਮੇਰਠ, ਲਖਨਊ, ਕਾਹਨਪੁਰ ਤੇ ਦਿਲੀ ਵਿੱਚ ਗੋਰਿਆਂ ਨਾਲ ਚੰਗੀ ਟੱਕਰ ਲਈ ਤੋ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਸਿੱਖ ਰਾਜ ਦਾ ਅੰਤ ਹੋ ਗਿਆ ਪਿਆਰਾ ਪੰਜਾਬ ਆਪਣੀ ਸ੍ਵਤੰਤ੍ਰਤਾ ਖੋਹ ਬੈਠਾ। ਸਿੱਖ ਰਾਜ ਦੀਆਂ ਫੌਜਾਂ ਨੂੰ ਤੋੜ ਦਿੱਤਾ ਗਿਆ। ਫੌਜਾਂ ਟੁਟਣ ਤੇ ਫੋਜੀ ਸਿਪਾਹੀ ਤੇ ਅਫਸਰ ਘਰੀਂ ਆ ਬੈਠੇ। ਜੋ ਅਫਸਰ ਅਣਖੀਲੇ ਸਿਖੀ ਪਿਆਰ ਅਤੇ ਸਿਖ ਰਾਜ ਦੀ ਮਹਾਨਤਾ ਦੇ ਆਸ਼ਕ ਸਨ, ਉਨ੍ਹਾਂ ਨੇ ਸਿਖ ਰਾਜ ਦੇ ਜਾਣ ਤੇ ਸਿਖ ਫੌਜਾਂ ਦੀ ਤਾਕਤ ਦੇ ਖੇਰੂ ਖੇਰੂ ਹੋਣ ਨੂੰ ਬਹੁਤ ਅਨਭਵ ਕੀਤਾ, ਉਨ੍ਹਾਂ ਦੇ ਦਿਲ ਛਾਨਣੀ ਹੋ ਗਏ। ਪਰ ਉਹ ਬਿਨਾਂ ਹਮਦਰਦੀ ਜਾਂ ਦਿਲ ਵਿੱਚ ਪੀੜਾ ਨੱਪਣ ਦੇ ਹੋਰ ਕੁਝ ਕਰ ਨਹੀਂ ਸਕਦੇ ਸਨ। ਕਿਉਂਕਿ ਉਹ ਨਿਰਬਲ ਸਨ। ਕਿਸੇ ਰਾਜ ਨਾਲ ਸਬੰਧਤ ਨਹੀਂ ਸਨ ਉਨ੍ਹਾਂ ਦੀ ਆਤਮਾਂ ਬਦੇਸ਼ੀ ਰਾਜ ਦੇ ਵਿਰੁੱਧ ਤੜਪ ਰਹੀ ਸੀ।

ਉਪਰੋਕਤ ਅਣਖੀਲੇ, ਦੇਸ਼ ਦਰਦੀ, ਗੁਰ ਸਿੱਖ ਅਤੇ ਸ੍ਵਤੰਤ੍ਰਤਾ ਦੇ ਪ੍ਰੇਮੀਆਂ ਵਿਚੋਂ ਇੱਕ ਬਾਬਾ ਰਾਮ ਸਿੰਘ ਜੀ ਨਾਮਧਾਰੀ ਸਨ[1]। ਆਪ ਸਿੱਖ ਰਾਜ ਸਮੇਂ ਕੰਵਲ ਨੌ ਨਿਹਾਲ ਸਿੰਘ ਜੀ ਦੇ ਤੋਪਖਾਨੇ ਵਿੱਚ ਨੌਕਰ ਸਨ। ਪਲਟਨਾਂ ਟੁਟਣ ਵੇਲੇ ਘਰ ਪੁਜਣ ਦੀ ਥਾਂ ਬਾਬਾ ਬਾਲਕ ਸਿੰਘ ਜੀ ਜਗਿਆਸੀ ਕੋਲ ਹਜ਼ਰੋ ਜ਼ਿਲਾ ਰਾਵਲਪਿੰਡੀ ਵਿੱਚ ਪੁੱਜ ਗਏ। ਕੁਝ ਚਿਰ ਨਾਮ ਦਾ ਅਭਿਆਸ ਕਰਨ ਪਿੱਛੋਂ ਆਪਣੇ ਪਿੰਡ ਭੈਣੀ ਆ ਗਏ। ਆਪ ਨੇ ਨਾਮਧਾਰੀ ਸੰਪਰਦਾਇ ਦਾ ਮੁਢ ਬੰਨ੍ਹਿਆਂ, ਇਨ੍ਹਾਂ ਦੇ ਚੇਲਿਆਂ ਨੂੰ ਨਾਮਧਾਰੀ ਜਾਂ ਕੂਕੇ ਆਖਿਆ ਜਾਣ ਲੱਗਾ। ਬਾਬਾ ਜੀ ਆਪ ਤੇ ਉਨ੍ਹਾਂ ਦੇ ਚੇਲੇ ਅੰਗ੍ਰੇਜ਼ੀ ਰਾਜ ਅਤੇ ਬਦੇਸ਼ੀ ਚੀਜ਼ਾਂ ਦੀ ਵਰਤੋਂ ਦੇ ਕੱਟੜ ਵਿਰੋਧੀ ਹੋ ਗਏ। ਜਿਨ੍ਹਾਂ ਵੀ ਫੌਜੀ ਨੌ-ਜੁਆਨਾਂ ਨੂੰ ਅੰਗ੍ਰੇਜ਼ ਦੇ ਵਿਰੁਧ ਕੋਈ ਗੁਸਾ-ਗਿਲਾ ਸੀ ਉਹ ਘਰ ਛੱਡ ਕੇ ਬਾਬਾ ਜੀ ਕੋਲ ਆ ਗਏ। ਸਿੱਖ ਰਾਜ ਵੇਲੇ ਅੰਮ੍ਰਿਤਸਰ ਤੇ ਹੋਰ ਕਈਆਂ ਸ਼ਹਿਰਾਂ ਵਿਚ "ਗਊ-ਕਤਲ" ਦੇ ਬੁਚੜਖਾਨੇ ਨਹੀਂ ਸਨ ਨਾ ਕਿਸੇ ਦਿਨ ਦਿਹਾਰ ਤੇ ਗਊ ਮਾਰੀ ਜਾਂਦੀ ਸੀ। ਪਰ ਸਿੱਖ ਰਾਜ ਦੇ ਅੰਤ ਪਿੰਛੋਂ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਵੀ "ਗਊ ਖੂਨ" ਹੋਣ ਲੱਗਾ। ਇਹ ਵੇਖ ਤੇ ਸੁਣ ਕੇ ਬਾਬਾ ਰਾਮ ਸਿੰਘ ਜੀ ਨੂੰ ਬਹੁਤ ਦੁਖ ਹੋਇਆ। ਉਹਨਾਂ ਨੇ ਦੂਰਅੰਦੇਸ਼ੀ ਨਾਲ ਸਮਝਿਆ ਤੇ ਸੋਚਿਆ ਕਿ ਬੁਚੜਖਾਨਿਆਂ ਦਾ ਖੁਲ੍ਹਣਾ ਅੰਗ੍ਰੇਜ਼ ਦੀ ਬੇਈਮਾਨੀ ਤੇ ਚਾਲ ਹੈ। ਉਹ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਤੇ ਉਹਨਾਂ ਦੇ ਧਾਰਮਿਕ ਵਲਵਲੇ ਤੇ ਨਿਸਚੇ ਨੂੰ ਕੁਚਲਣਾ ਚਾਹੁੰਦਾ ਹੈ। ਉਨ੍ਹਾਂ ਆਪਣੇ ਚੇਲਿਆਂ ਸਮੇਤ ਬੁਚੜਾਂ, ਮੜ੍ਹੀਆਂ, ਮਸਾਣੀਆਂ, ਮਨ-ਮਤੀਆਂ ਦੇ ਵਿਰੁਧ ਜਜ਼ਬਾ ਪੈਦਾ ਕੀਤਾ। ਥੋੜੇ ਸਮੇਂ ਵਿਚ ਹੀ ਜਿਸਦਾ ਇਹ ਅਸਰ ਹੋਇਆ ਕਿ ਅੰਮ੍ਰਿਤਸਰ, ਰਾਏਕੋਟ, ਮਲੌਦ, ਮਲੇਰ ਕੋਟਲਾ ਦੇ ਬੁਚੜਾਂ ਉਤੇ ਨਾਮ ਧਾਰੀਆਂ ਨੇ ਹਮਲੇ ਕੀਤੇ। ਬੁਚੜਾਂ ਨੂੰ ਮਾਰਿਆ ਗਿਆ। ਉਨ੍ਹਾਂ ਬੁਚੜਾਂ ਦੇ ਕਤਲਾਂ ਬਦਲੇ ਨਾਮਧਾਰੀ ਸਿੰਘਾਂ ਨੂੰ ਵੱਡੀ ਕੁਰਬਾਨੀ ਕਰਨੀ ਪਈ। ਅੰਮ੍ਰਤਸਰ ਦੇ ਬੁਚੜਾਂ ਦੇ ਮਾਰਨ ਦੇ ਦੋਸ਼ ਵਿਚ ਇਨ੍ਹਾਂ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਹੋਈ:-

(੧) ਭਾਈ ਫਤਹਿ ਸਿੰਘ ਦੁਕਾਨਦਾਰ ਅੰਮ੍ਰਤਸਰ
(੨) ਭਾ: ਵੀਹਲਾ ਸਿੰਘ ਪਿੰਡ ਨਾਰਲੀ, ਲਾਹੌਰ
(੩) ਹਾਕਮ ਸਿੰਘ ਪਿੰਡ ਮੌੜੇ ਅੰਮ੍ਰਤਸਰ।
(੪) ਭਾ: ਲਹਿਣਾ ਸਿੰਘ ਰੰਧਾਵੇ ਪਖੋਕੇ ਗੁਰਦਾਸਪੁਰ
ਕਾਲੇ ਪਾਣੀ ਦੀ ਸਜ਼ਾ:-
(੫) ਲਾਲ ਸਿੰਘ ਅੰਮ੍ਰਤਸਰ।
(੬) ਲਹਿਣਾ ਸਿੰਘ ਅੰਮ੍ਰਤਸਰ।

([1] ਜਨਮ ੩ ਫਰਵਰੀ ੧੮੧੬ ਈ: ਮੁਤਾਬਿਕ ਮਾਘ ਸੁਦੀ ੫ ਸੰਮਤ ੧੮੭੨ ਬਿਕ੍ਰਮੀ ਨੂੰ ਮਾਈ ਸਦਾ ਕੌਰ ਦੀ ਕੁਖੌਂ ਪਿੰਡ ਭੈਣੀ ਰਾਈਆਂ ਜ਼ਿਲਾ ਲੁਧਿਆਣਾ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਸ੍ਰ: ਜੱਸਾ ਸਿੰਘ ਸੀ।)

ਰਾਏ ਕੋਟ ਦੇ ਕਤਲ ਦੇ ਸਬੰਧ ਵਿਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਉਹ ਭਾਈ ਮਸਤਾਨ ਸਿੰਘ, ਭਾ: ਗੁਰਮੁਖ ਸਿੰਘ ਤੇ ਭਾ: ਮੰਗਲ ਸਿੰਘ ਜੀ ਤੇ ਗਿਆਨੀ ਰਤਨ ਸਿੰਘ ਜੀ ਸਨ।

ਨਾਮਧਾਰੀ ਸਿੰਘਾਂ ਨੂੰ ਸਭ ਤੋਂ ਵਡੀ ਕੁਰਬਾਨੀ ਮਲੇਰਕੋਟਲੇ ਵਿਚ ਕਰਨੀ ਪਈ। ੧੫ ਜਨਵਰੀ ੧੮੭੨ ਨੂੰ ਸੌ ਕੁ ਨਾਮਧਾਰੀ ਸਿੰਘਾਂ ਨੇ ਮਲੇਰ ਕੋਟਲੇ ਉਤੇ ਹੱਲਾ ਬੋਲਿਆ ਸੀ ਸਿੰਘਾਂ ਤੇ ਪੁਲਸ ਵਾਲਿਆਂ ਦੇ ਵਿਚਾਲੇ ਮੁਕਾਬਲਾ ਹੋਇਆ। ਅਹਿਮਦਖਾਨ ਕੋਤਵਾਲ ਤੇ ਸਠ ਸਿਪਾਹੀ ਮਲੇਰ ਕੋਟਲੀਆਂ ਦੇ ਮਰੇ ਅਤੇ ਸਤਾਂ ਕੂਕਿਆਂ ਨੇ ਸ਼ਹੀਦੀ ਪਾਈ। ਲੜਾਈ ਤੇ ਲੁਟ ਮਾਰ ਪਿਛੋਂ ਨਾਮਧਾਰੀਏ ਸ਼ਹਿਰੋਂ ਬਾਹਰ ਨਿਕਲ ਗਏ। ਪਰ ਮਿਸਟਰ ਕਾਵਨ ਡਿਪਟੀ ਕਮਿਸ਼ਨਰ ਦੇ ਯਤਨ ਨਾਲ ਜਥਾ ਘੇਰ ਲਿਆ ਗਿਆ। ਮਿਸਟਰ ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਬਿਨਾਂ ਕਿਸੇ ਮੁਕਦਮਾ ਚਲਾਏ ਦੇ ੪੯ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ। ਇੱਕ ਨੂੰ ਤਲਵਾਰ ਨਾਲ ਕਟ ਕੇ ਟੋਟੇ ਟੋਟੇ ਕੀਤਾ। ਇਸਦੇ ਪਿਛੋਂ ਕਮਿਸ਼ਨਰ ਟੀ. ਡੀ. ਫੌਰਸਾਈਥ ਕੋਟਲੇ ਪਜਾ। ਉਸ ਨੇ ਵੀ ਢਿਲ ਨਾ ਕੀਤੀ। ਬਗਾਵਤ ਦੇ ਦੋਸ਼ ਵਿਚ ਹੇਠ ਲਿਖੇ ੧੬ ਸਿੰਘਾਂ ਨੂੰ ੧੮ ਜਨਵਰੀ ੧੮੭੨ ਈ: ਨੂੰ ਆਪਣੀਆਂ ਅੱਖਾਂ ਸਾਹਮਣੇ ਤੋਪਾਂ ਨਾਲ ਉਡਾਉਣ ਦਾ ਹੁਕਮ ਦਿੱਤਾ:-

(੧) ਭਾਈ ਅਲਬੇਲ ਸਿੰਘ ਪਿੰਡ ਵਾਲੀਆਂ ਪਟਿਆਲਾ
(੨) ਭਾਈ ਰੂੜ ਸਿੰਘ ਪਿੰਡ ਮੱਲੂ ਮਾਜਰਾ ,,
(੩) ਭਾਈ ਕੇਸਰ ਸਿੰਘ ਪਿੰਡ ਗਿੱਲਾਂ ਨਾਭਾ।
(੪) ਭਾਈ ਜੇਠਾ ਸਿੰਘ ਪਿੰਡ ਰੱਬੋਂ ਲੁਧਿਆਣਾ।
(੫) ਭਾਈ ਅਨੂਪ ਸਿੰਘ ਪਿੰਡ ਸਕਰੌਦੀ ਪਟਿਆਲਾ।
(੬) ਭਾਈ ਸੋਭਾ ਸਿੰਘ ਪਿੰਡ ਰੱਬੋ ਲੁਧਿਆਣਾ।
(੭) ਭਾਈ ਵਰਿਆਮ ਸਿੰਘ ਪਿੰਡ ,, ,,
(੮) ਭਾਈ ਸ਼ਾਮ ਸਿੰਘ ਜੋਗੇ ਨਾਭਾ।
(੯) ਭਾਈ ਹੀਰਾ ਸਿੰਘ ਪਿੱਥੋਕੀ ਨਾਭਾ।
(੧੦) ਭਾਈ ਭਗਤ ਸਿੰਘ ਕਾਂਝਲਾ ਪਟਿਆਲਾ।
(੧੧) ਭਾਈ ਹਾਕਮ ਸਿੰਘ ਝਬਾਲ ਅੰਮ੍ਰਿਤਸਰ।
(੧੨) ਭਾਈ ਵਰਿਆਮ ਸਿੰਘ ਮਰਾਜ ਫੀਰੋਜ਼ਪੁਰ।
(੧੩) ਭਾਈ ਸੋਭਾ ਸਿੰਘ ਭੱਦਲ ਨਾਭਾ।
(੧੪) ਸੁਜਾਨ ਸਿੰਘ ਰੱਬੋਂ ਲੁਧਿਆਣਾ।
(੧੫) ਬੇਲਾ ਸਿੰਘ ਲੁਧਿਆਣਾ।
(੧੬) ਜਵਾਹਰ ਸਿੰਘ ਵਾਲੀਆ ਪਟਿਆਲਾ[1]।

([1] ਕੂਕਿਆਂ ਦੀ ਵਿਥਿਆ ਲਿਖਤ ਪ੍ਰੋ: ਗੰਡਾ ਸਿੰਘ ਜੀ ਸਫਾ ੧੮੮ ਤੇ ੧੮੯।)

ਇਨ੍ਹਾਂ ਤੋਂ ਬਿਨਾਂ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀਆਂ ਨੂੰ ਤੋਰਿਆ ਗਿਆ। ਬਾਬਾ ਰਾਮ ਸਿੰਘ ਜੀ ਨੂੰ ਮਿਸਟਰ ਫੋਰਸਾਈਬ ਨੇ ਆਪਣੇ ਹੁਕਮ ਨਾਲ ਜਲਾਵਤਨ ਕੀਤਾ। ਅਲਾਹਬਾਦ ਦੇ ਜੇਹਲ ਖਾਨੇ ਵਿਚ ਕੁਝ ਚਿਰ ਰਖਣ ਪਿੱਛੋਂ ਆਪ ਨੂੰ ਰੰਗੂਨ ਭੇਜ ਦਿੱਤਾ ਗਿਆ। ਜਿਥੇ ਆਪ ਸੰਨ ੧੮੮੫ ਵਿੱਚ ਅਕਾਲ ਚਲਾਣਾ ਕਰ ਗਏ। ਨਾਮਧਾਰੀਆਂ ਦੀਆਂ ਸ਼ਹੀਦੀਆਂ ਬਾਬਾ ਰਾਮ ਸਿੰਘ ਜੀ ਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਦੀਆਂ ਜਲਾਵਤਨੀਆਂ ਦੀਆਂ ਲੰਮੇਰੀਆਂ ਕੈਦਾਂ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਚੰਗੀ ਹਵਾ ਦਿੱਤੀ। ਏਸੇ ਸਾਲ (੧੮੮੫) ਵਿੱਚ ਹੀ ਸਰਬ ਹਿੰਦ ਕੌਮੀ ਕਾਂਗਰਸ ਦੀ ਨੀਂਹ ਰਖੀ ਗਈ। ਦੋ ਸਾਲ (੧੮੮੭) ਪਿੱਛੋਂ ਹਿੰਦੁਸਤਾਨ ਦੀ ਆਜ਼ਾਦੀ ਦੀਆਂ ਵਿਉਂਤਾਂ ਸੋਚਦਾ ਹੋਇਆ ਜਲਾਵਤਨ ਮਹਾਰਾਜਾ ਦਲੀਪ ਸਿੰਘ ਫਰਾਂਸ ਵਿੱਚ ਚਲਾਣਾ ਕਰ ਗਿਆ। ਉਸ ਦੀ ਰੂਹ ਨੇ ਵੀ ਕਈਆਂ ਭਾਰਤੀਆਂ ਦੇ ਲਹੂ ਨੂੰ ਗਰਮਾਇਆ।

ਵੀਹਵੀਂ ਸਦੀ ਸ਼ੁਰੂ ਹੋ ਗਈ, ਭਾਰਤ ਦੀ ਜਨਤਾ ਖਾਸ ਕਰਕੇ ਨੌਜੁਆਨ ਤਬਕੇ ਨੇ ਗੁਲਾਮੀ ਦੇ ਭਾਰ ਨੂੰ ਅਨੁਭਵ ਕੀਤਾ ਸ੍ਵਤੰਤ੍ਰਤਾ ਨੂੰ ਹਾਸਲ ਕਰਨ ਵਾਸਤੇ ਉਨਾਂ ਨੇ ਕਮਰ ਕੱਸੇ ਕੀਤੇ। ਜੀਵਨ ਦੀ ਬਾਜ਼ੀ ਲਾਉਣ ਦੀ ਸੌਂਹ ਚੁਕ ਲਈ ਉਨਾਂ ਦੇਸ ਪ੍ਰੇਮੀਆਂ ਵਿਚੋਂ ਖੁਦੀ ਰਾਮ ਬੋਸ, ਪ੍ਰ੍ਰਫੁਲ ਕੁਮਾਰ, ਕਨਰਾਲੀ ਲਾਲ ਦਤ, ਸ: ਅਜੀਤ ਸਿੰਘ ਤੇ ਲਾ: ਲਾਜਪਤ ਰਾਏ ਜਹੇ ਕੁਝਕੁ ਚੋਣਵੇਂ ਸਜਨ ਸਨ। ਜਿਨਾਂ ਨੇ ਸੁਤੇ ਦੇਸ਼ ਨੂੰ ਜਗਾਉਣ ਦਾ ਯਤਨ ਕੀਤਾ, ਖੁਦੀ ਰਾਮ ਬੋਸ ਨੇ ਚੰਦਰੇ ਅੰਗਰੇਜ਼ ਅਫਸਰ ਨੂੰ ਮਾਰਿਆ ਜੋ ਹਿੰਦੁਸਤਾਨੀਆਂ ਨੂੰ ਕਰੜੀਆਂ ਸਜ਼ਾਵਾਂ ਦੇਂਦਾ ਤੇ ਜ਼ਲੀਲ ਕਰਦਾ ਸੀ। ਉਸੇ ਦੋਸ਼ ਵਿਚ ਆਪ ਨੂੰ ਫਾਂਸੀ ਦੀ ਰਸੀ ਗਲ ਪਵਾਉਣੀ ਪਈ ਤੇ ਸ਼ਹੀਦ ਹੋ ਗਿਆ। ਸਰਦਾਰ ਅਜੀਤ ਸਿੰਘ ਜੀ (ਸਰਦਾਰ ਭਗਤ ਸਿੰਘ ਦੇ ਚਾਚੇ) ਨੂੰ ਜਲਾ ਵਤਨ ਕੀਤਾ ਗਿਆ। ਹਿੰਦੁਸਤਾਨ ਅਜ਼ਾਦ ਹੋਣ ਪਿਛੋਂ ਵਤਨ ਆਏ ਤੇ ਕੁਝ ਸਾਲ ਹੋਏ ਨੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਵੀਹਵੀਂ ਸਦੀ ਦੇ ਸ਼ੁਰੂ ਵਿਚ ਮੰਦਵਾੜਾ ਬਹੁਤਸੀ ਪੰਜਾਬ ਵਰਗੇ ਰਜੇ-ਪੁਜੇ ਸੂਬੇ ਦੀ ਆਮ ਜਨਤਾ ਪਾਈ ਪਾਈ ਨੂੰ ਤੰਗ ਸੀ, ਜ਼ਮੀਨਾਂ ਵਾਲੇ ਜ਼ਮੀਨ ਦਾ ਮਾਮਲਾ ਵੀ ਨਹੀਂ ਸਨ ਤਾਰ ਸਕਦੇ। ਪੈਸੇ ਦੀ ਥੁੜੋਂ ਕਰਕੇ ਅੰਨ ਤੋਂ ਬਿਨਾਂ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਨਹੀਂ ਸਨ ਹੁੰਦੀਆਂ। ਬੰਗਾਲੀ, ਮਦਰਾਸੀ ਅਤੇ ਪੰਜਾਬੀ ਪੈਸੇ ਕਮਾਉਣ ਵਾਸਤੇ ਪ੍ਰਦੇਸ਼ਾਂ ਨੂੰ ਤੁਰ ਪਏ। ਅਨਪੜ ਹੋਣ ਕਰਕੇ ਸਭ ਨੂੰ ਮਜ਼ਦੂਰੀ ਕਰਨੀ ਪੈਂਦੀ ਸੀ, ਬ੍ਰਹਮਾ, ਮਲਾਯਾ, ਹਾਂਗਕਾਂਗ, ਸ਼ੰਘਾਈ ਮਨੀਲਾ ਅਤੇ ਅਫਰੀਕਾ ਵਿਚ ਹਿੰਦੀਆਂ ਦੀ ਗਿਣਤੀ ਚੋਖੀ ਹੌ ਗਈ, ਆਪਣੇ ਬਲ ਤੇ ਈਮਾਨਦਾਰੀ ਦੇ ਕਾਰਨ ਪੰਜਾਬੀਆਂ ਨੇ ਉਪਰੋਕਤ ਦੇਸ਼ਾਂ ਵਿਚ ਬਹੁਤ ਮਾਨ ਪ੍ਰਾਪਤ ਕੀਤਾ, ਪੈਸੇ ਵੀ ਚੰਗੇ ਕਮਾਏ। ਮਲਾਯਾ ਤੇ ਚੀਨ ਵਿਚੋਂ ਕੁਝਕੁ ਪੰਜਾਬੀ ਅਮਰੀਕਾ ਚਲੇ ਗਏ। ਅੰਗਰੇਜ਼ੀ ਸਾਮਰਾਜ ਦੀ ਨੌਕਰਸ਼ਾਹੀ ਸਰਕਾਰ ਹਿੰਦੀਆਂ ਦਾ ਪ੍ਰਦੇਸ਼ਾਂ ਵਿਚ ਖੁਲ੍ਹਾ ਫਿਰਨਾ, ਪੈਸੇ ਕਮਾਉਣਾ ਤੇ ਚੰਗੇਰੀ ਸੂਝ-ਬੂਝ ਹਾਸਲ ਕਰਨਾ ਚੰਗਾ ਨਹੀਂ ਸੀ ਸਮਝਦੀ ਉਸ ਸਰਕਾਰ ਤੇ ਉਹਦੇ ਚਾਟੜਿਆਂ ਨੇ ਹਿੰਦੀਆਂ ਨੂੰ ਤੰਗ ਕੀਤਾ। ਉਸ ਤੰਗੀ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਦੇਸੀ ਹਿੰਦੀ ਹਿੰਦ ਨੂੰ ਆਜ਼ਾਦ ਕਰਾਉਣ ਦੇ ਦੀਵਾਨੇ ਹੋ ਗਏ। ਲਖਾਂ ਦੀਆਂ ਜਾਇਦਾਦਾਂ ਤੇ ਅਨੇਕਾਂ ਪ੍ਰਕਾਰ ਦੇ ਸੁਖਾਂ ਨੂੰ ਛਡਕੇ ਆਪਣੇ ਵਤਨ ਆਏ ਤੇ ਹਿੰਦ ਦੀ ਜਨਤਾ ਨੂੰ ਨਾਲ ਲੈਕੇ ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਵਿਰੁਧ ਘੋਲ ਸ਼ੁਰੂ ਕਰਨਾ ਚਾਹਿਆ। ਪਰ ਅੰਗਰੇਜ਼ ਦੇ ਖਰੀਦੇ ਹੋਏ ਗ਼ਦਾਰ' ਹਿੰਦੁਸਤਾਨੀਆਂ ਨੇ ਮੁਕਬਰੀਆਂ ਕਰਕੇ ਉਨ੍ਹਾਂ ਦੀਆਂ ਸਕੀਮਾਂ ਨੇਪਰੇ ਨਾ ਚੜ੍ਹਨ ਦਿਤੀਆਂ। ਉਨ੍ਹਾਂ ਦੇਸ਼ ਭਗਤਾਂ ਵਿਚੋਂ ਮਸ਼ਹੂਰ ਸਜਨ ੧੯੧੪-੧੫ ਵਾਲੇ ਬਾਬੇ, ਭਾ: ਗੁਰਦਿਤ ਸਿੰਘ ਜੀ ਸਰਹਾਲੀ (ਅੰਮ੍ਰਤਸਰ) ਤੇ ਉਨ੍ਹਾਂ ਦੇ ਸਾਥੀ ਗੁਰੁ ਨਾਨਕ ਜਹਾਜ਼ ਵਾਲੇ, ਸ੍ਰੀ ਰਾਸ਼ ਬਿਹਾਰੀ ਬੋਸ ਤੇ ਉਨ੍ਹਾਂ ਦੇ ਬੰਗਾਲੀ ਸਾਥੀ ਹਨ। ਜਿਨਾਂ ਦੀਆਂ ਕੁਰਬਾਨੀਆਂ ਤੇ ਜੀਵਨ ਘਟਨਾਵਾਂ ਵਾਸਤੇ ਇਕ ਵਡੇ ਗ੍ਰੰਥ ਨੂੰ ਲਿਖਣ ਦੀ ਲੋੜ ਹੈ। ਬਾ: ਸੋਹਣ ਸਿੰਘ ਜੀ ਭਰਨਾ, ਬਾ: ਜਵਾਲਾਸਿੰਘ ਜੀ ਸ: ਕਰਤਾਰ ਸਿੰਘ ਜੀ ਸਰਾਭਾ ਆਦਿ ਨੂੰ ਫੜਕੇ ਸਰਕਾਰ ਵਲੋਂ ਲਾਹੌਰ ਸਾਜ਼ਸ਼ ਕੇਸ ਚਲਾਇਆ ਗਿਆ। ਉਹ ਮੁਕਦਮਾ ਸੰਟਰਲ ਜੇਹਲ ਲਾਹੌਰ ਵਿਚ ਚਲਿਆ ਤੇ ੨੩ ਸਤੰਬਰ ੧੯੧੫ ਨੂੰ ਤ੍ਰੇਹਠਾਂ ਮੁਲਜ਼ਮਾਂ (ਰਾਜਸੀ ਦੋਸ਼ੀਆਂ) ਦੇ ਮੁਕਦਮੇ ਦਾ ਫੈਸਲਾ ਸੁਣਾਇਆ ਗਿਆ, ਅਦਾਲਤ ਨੇ ਨਿਰਦੇਸ਼ੇ ਦੇਸ਼-ਭਗਤਾਂ ਨੂੰ ਬਗਾਵਤ, ਕਤਲ, ਡਕੈਤੀ ਦੇ ਝੂਠੇ ਦੋਸ਼ ਠੱਪਕੇ ੨੪ ਸਜਨਾਂ ਨੂੰ ਫਾਂਸੀ ਦਾ ਹੁਕਮ ਤੇ ਬਾਕੀ ਦਿਆਂ ਨੂੰ ਲੰਮੀਆਂ ਸਜ਼ਾਵਾਂ ਸੁਣਾ ਦਿੱਤੀਆਂ।

ਲਾਰਡ ਹਾਰਡਿੰਗ ਵਾਇਸਰਾਏ ਹਿੰਦ ਨੇ ਫਾਂਸੀ ਵਾਲੇ ੨੪ ਸਜਨਾਂ ਵਿਚੋਂ ਛਿਆਂ ਦੀ ਬਹਾਲ ਰਖੀ ਤੇ ਦੂਸਰਿਆਂ ਨੂੰ ਉਮਰ ਕੈਦ ਦਾ ਹੁਕਮ ਦਿਤਾ। ਜੇਹੜੇ ਛੇ ਗਭਰੂ ਫਾਂਸੀ ਵਾਲੇ ਸਨ, ਉਨ੍ਹਾਂ ਦੇ ਨਾਮ ਇਹ ਹਨ:-

(੧) ਸਰਦਾਰ ਕਰਤਾਰ ਸਿੰਘ ਸਰਾਭਾ। (੨) ਸਰਦਾਰ ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ)। (੩) ਸਰਦਾਰ ਹਰਨਾਮ ਸਿੰਘ ਭਟੀਗਰਾਂ (ਸਿਆਲਕੋਟ)। (੪) ਵਿਸ਼ਨੂੰ ਗਣੇਸ਼ ਪਿੰਗਲੇ ਤਲੇਗਾਉਂ ਪੂਨਾ। (੫) ਸਰਦਾਰ ਬਖਸ਼ੀਸ਼ ਸਿੰਘ। (੬) ਸਰਦਾਰ ਸੁਰੈਣ ਸਿੰਘ ਗਿਲਵਾਲੀ ਜ਼ਿਲਾ ਅੰਮ੍ਰਿਤਸਰ।

ਉਪਰੋਕਤ ਛਿਆਂ ਦੇਸ਼ ਭਗਤਾਂ ਨੂੰ ਲਾਹੌਰ ਸੰਟਰਲ ਜੇਹਲ ਵਿੱਚ ਫਾਂਸੀ ਦਿੱਤਾ ਗਿਆ। ਉਨ੍ਹਾਂ ਵਿਚੋਂ ਸਰਦਾਰ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ। ਹਵਾਈ ਜਹਾਜ਼ਾਂ ਦੇ ਚਲਾਉਣ ਤੇ ਬਣਾਉਣ ਦਾ ਕੰਮ ਸਿਖ ਕੇ ਅਮ੍ਰੀਕਾ ਤੋਂ ਆਇਆ ਸੀ। ਗ਼ਦਰ ਪਾਰਟੀ ਦੇ ਮੁਖੀਆਂ ਵਿਚੋਂ ਤੇ ਬਗਾਵਤ ਦਾ ਮੋਹਰੀ ਸੀ। ਆਪ ਦੀ ਗ੍ਰਿਫਤਾਰੀ ਵਜ਼ੀਰਾਬਾਦ ਛੌਣੀ ਵਿੱਚ ਹੋਈ ਸੀ।

ਜੇਹੜੇ ਸਜਨ ਪਹਿਲਾਂ ਨਹੀਂ ਸਨ ਫੜੇ ਗਏ। ਉਨ੍ਹਾਂ ਨੂੰ ਪਿਛੋਂ ਗ੍ਰਿਫ਼ਤਾਰ ਕੀਤਾ ਗਿਆ, ਦੂਸਰੇ ਲਾਹੌਰ ਸਾਜ਼ਸ਼ ਕੇਸ ਵਿੱਚ ਉਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਦੇ ਕੇ ਲਾਹੌਰ, ਮੁਲਤਾਨ, ਮਾਂਡਲੇ ਤੇ ਕਾਲੇ ਪਾਣੀ ਦੀਆਂ ਜੇਹਲਾਂ ਵਿੱਚ ਡੱਕ ਦਿੱਤਾ।

".....ਇਨ੍ਹਾਂ ਦੋ ਸਾਜ਼ਸ਼ ਕੇਸਾਂ ਤੋਂ ਬਿਨਾਂ,' ਜਥੇਦਾਰ ਪ੍ਰਤਾਪ ਸਿੰਘ ਜੀ ਆਪਣੀ ਪੁਸਤਕ "ਅਕਾਲੀ ਲਹਿਰ" ਦੇ ਸਫਾ ੭੦ ਉਤੇ ਲਿਖਦੇ ਹਨ, "......ਹੋਰ ਵੀ ਕਈ ਮੁਕੱਦਮੇ ਚਲਾਏ ਗਏ। ਜਿਨ੍ਹਾਂ ਵਿੱਚ ਪੰਡਤ ਕਾਂਸ਼ੀ ਰਾਮ ਮੜੋਲੀ (ਅੰਬਾਲਾ) ਉੱਤਮ ਸਿੰਘ ਪਿੰਡ ਹੰਸ ਜ਼ਿਲਾ ਲੁਧਿਆਨਾ, ਈਸ਼ਰ ਸਿੰਘ ਢੁਡੀਕੇ, ਧਿਆਨ ਸਿੰਘ ਚੰਦਾ ਸਿੰਘ ਪਿੰਡ ਬੂੜ ਚੰਦ ਜ਼ਿਲਾ ਲਾਹੌਰ, ਜੀਵਨ ਸਿੰਘ ਜਗਤ ਸਿੰਘ ਚੰਦਾ ਸਿੰਘ ਨੰਬਰ ੨ ਧਿਆਨ ਸਿੰਘ ਨੰਬਰ ੨ ਆਦਿਕ ਨੂੰ ਫਾਂਸੀ ਹੋਈ। ਭਾਈ ਲਾਲ ਸਿੰਘ ਨੂੰ ਫੀਰੋਜ਼ਪੁਰ ਫਾਂਸੀ ਦਿੱਤਾ ਗਿਆ।"

"ਸਰਦਾਰ ਲਛਮਨ ਸਿੰਘ ਚੂਸਲੇ ਵਿੰਡ (ਅੰਮ੍ਰਿਤਸਰ) ਇੰਦਰ ਸਿੰਘ ਜੀਉ ਬਾਲਾ, ਇੰਦਰ ਸਿੰਘ ਸ਼ਾਹਬਾਜ਼ਪੁਰ (ਅੰਮ੍ਰਿਤਸਰ) ਬੁਧ ਸਿੰਘ ਢੋਟੀਆਂ, ਮੋਤਾ ਸਿੰਘ ਭਗਤ ਸਿੰਘ ਤੇ ਵਸਾਵਾ ਸਿੰਘ ਰੂੜੀ ਵਾਲਾ, ਗੁਜਰ ਸਿੰਘ, ਜੇਠਾ ਸਿੰਘ ਤੇ ਤਾਰਾ ਸਿੰਘ ਲੌਹਕੇ ਜ਼ਿਲਾ ਅੰਮ੍ਰਿਤਸਰ, ੨੩ ਨੰਬਰ ਰਸਾਲੇ ਦੇ ਦੋ ਸਿੰਘਾਂ ਨੂੰ ਅੰਬਾਲਾ ਜੇਹਲ ਵਿਚ ਫਾਂਸੀ ਦਿਤੀ ਗਈ।"

ਜਥੇਦਾਰ ਜੀ ਅਗੇ ਲਿਖਦੇ ਨੇ "...ਭਾਈ ਬਲਵੰਤ ਸਿੰਘ ਜੀ ਕਨੇਡੀਅਨ, ਨਰਿੰਜਨ ਸਿੰਘ, ਨਰਾਇਣ ਸਿੰਘ, ਮਾਲਾ ਸਿੰਘ, ਚਾਲੀਆ ਰਾਮ, ਸੋਹਣ ਲਾਲ, ਪਾਠਕ ਪੱਟੀ ਤੇ ਵਸਾਵਾ ਸਿੰਘ ਨੂੰ ਬਰਮਾ ਤੇ ਮਲਾਯਾ ਵਿਚ ਬਗ਼ਾਵਤ ਕਰਾਉਣ ਦੇ ਜੁਰਮ ਵਿਚ ਬਰਮਾ ਤੇ ਸਿੰਘਾਪੁਰ ਦੀਆਂ ਜੇਲ੍ਹਾਂ ਵਿਚ ਫਾਂਸੀ ਲਾਇਆ ਗਿਆ।.....ਡਾਕਟਰ ਮਥਰਾ ਦਾਸ ਤੇ ਭਾਈ ਬਾਲ ਮੁਕੰਦ ਧਨੀ ਤੇ ਪੋਠੋਹਾਰ ਦੇ ਸ਼ਹੀਦ ਹਨ। (ਲਾਹੌਰ ਸੰਟਰਲ ਜੇਲ੍ਹ ਵਿਚ ਫਾਂਸੀ ਲਾਇਆ ਗਿਆ ਸੀ)..... (ਸਫਾ ੭੧ ਅਕਾਲੀ ਲਹਿਰ) "..... ਸ: ਆਤਮਾ ਸਿੰਘ ਤੇ ਹਰਨਾਮ ਸਿੰਘ ਠੱਠੀ ਖਾਰਾ (ਜ਼ਿਲਾ ਅੰਮ੍ਰਿਤਸਰ) ਕਾਲਾ ਸਿੰਘ ਜਗਤ ਪੁਰਾ, ਚੰਦਨ ਸਿੰਘ, ਬੂੜ ਚੰਦ (ਲਾਹੌਰ)..... ਜੀਉ ਬਗਾ, ਇੰਦਰ ਸਿੰਘ ਪਧਰੀ, ਅਰਜਨ ਸਿੰਘ ਨਾਮਾ (ਫੀਰੋਜ਼ਪੁਰ),ਸ: ਜਵੰਦ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਸ: ਬੂਟਾ ਸਿੰਘ ਛੀਨਾ ਲਧਿਆਨਾ, ਬੰਤਾ ਸਿੰਘ ਖੁਰਦਪੁਰ (ਜਲੰਧਰ), ਬੀਰ ਸਿੰਘ ਬਾਹੋਵਾਲ (ਹੁਸ਼ਿਆਰਪੁਰ) ਡਾ: ਅਰੂੜ ਸਿੰਘ ਸੰਘਵਾਲ (ਜਲੰਧਰ) ਰੰਗਾ ਸਿੰਘ ਖੁਰਦਪੁਰ ਆਦਿਕਾਂ ਨੂੰ ਫਾਂਸੀ ਦਿਤੀ ਗਈ।"

ਭਾਈ ਭਾਗ ਸਿੰਘ ਕਨੇਡੀਅਨ ਤੇ ਬਤਨ ਸਿੰਘ ਨੂੰ ਕਨੇਡਾ ਦੇ ਇੱਕ ਗੁਰਦਵਾਰੇ ਵਿਚ ਹੀ ਬੇਲਾ ਸਿੰਘ ਨਾਮੇ ਪਾਪੀ ਤੇ ਗ਼ਦਾਰ ਨੇ ਅੰਗ੍ਰੇਜ਼ਾਂ ਦੇ ਆਖੇ ਲਗਕੇ ਪਸਤੌਲ ਦੀਆਂ ਗੋਲੀਆਂ ਨਾਲ ਸ਼ਹੀਦ ਕੀਤਾ। ਦੋਹਾਂ ਦੇਸ਼ ਭਗਤਾਂ ਉਤੇ ਜਦੋਂ ਵਾਰ ਕੀਤਾ ਗਿਆ, ਤਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸ ਹੋ ਰਹੀ ਸੀ।

ਬਰਤਾਨਵੀ ਹਕੂਮਤ ਦੀ ਮਸ਼ੀਨਰੀ ਦੇ ਪੁਰਜੇ ਰਾਜਸੀ ਜਾਗਰਤਾ ਨੂੰ ਦਬਾਉਣ ਵਾਸਤੇ ਜਿੰਨਾ ਜ਼ੁਲਮ ਕਰਦੇ ਰਹੇ ਉਤਨੀ ਹੀ ਰਾਜਸੀ ਜਾਗਰਤਾ ਵਧਦੀ ਗਈ। ਗੇਂਦ ਨੂੰ ਸਟ ਲਾਇਆਂ, ਜਿਵੇਂ ਉਹ ਉਪਰ ਨੂੰ ਉਛਲਦਾ ਹੈ ਤਿਵੇਂ ਸ੍ਰਕਾਰ ਦੇਸ਼ ਭਗਤਾਂ ਨੂੰ ਜਿੰਨੀਆਂ ਲੰਮੀਆਂ ਸਜ਼ਾਵਾਂ ਦੇ ਕੇ ਜੇਹਲਾਂ ਵਿਚ ਭੇਜਦੀ ਰਹੀ, ਨੌ ਜੁਆਨਾਂ ਨੂੰ ਫਾਂਸੀਆਂ ਦੇ ਤਖਤਿਆਂ ਉਤੇ ਖਲਿਹਾਰਨ ਵਿਚ ਕਾਮਯਾਬ ਹੁੰਦੀ ਰਹੀ, ਆਜ਼ਾਦੀ ਦਾ ਜਜ਼ਬਾ ਉੱਨਾ ਹੀ ਬਹੁਤਾ ਵਧਦਾ ਗਿਆ। ਨੌ-ਜਵਾਨ ਕਈ ਗੁਣਾ ਵਧ ਗਿਣਤੀ ਵਿਚ ਜਾਨਾਂ ਵਾਰਨ ਵਾਸਤੇ ਤਿਆਰ ਹੁੰਦੇ ਰਹੇ।

ਵੱਡੀ ਲੜਾਈ ਮੁਕ ਗਈ ੧੯੧੯ ਤੱਕ ਅੰਗ੍ਰੇਜ਼ ਨੇ ਆਪਣੀ ਵਲੋਂ ਹਿੰਦ ਦੀਆਂ ਰਾਜਸੀ ਲਹਿਰਾਂ ਨੂੰ ਕਰੜੇ ਕਾਨੂੰਨਾਂ ਤੇ ਲੰਮੀਆਂ ਸਜ਼ਾਵਾਂ ਨਾਲ ਦਬਾ ਦਿੱਤਾ। ਪਰ ਸ੍ਵਤੰਤ੍ਰਤਾ ਦੀਆਂ ਲਹਿਰਾਂ ਸਦਾ ਵਾਸਤੇ ਨਹੀਂ ਦਬਾਈਆਂ ਜਾਂਦੀਆਂ। ੧੯੧੯ ਵਿਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਕਾਂਡ ਹੋ ਗਿਆ। ਜਿਸਦਾ ਪੂਰਾ ਹਾਲ ਏਸੇ ਪੁਸਤਕ ਦੇ ਅਗਲੇ ਕਾਂਡਾਂ ਵਿਚ ਪੜ੍ਹੋਗੇ। ਉਸ ਹੱਤਿਆ ਕਾਂਡ ਨੇ ਸਾਰੇ ਭਾਰਤ ਵਿਚ ਲੰਬੂ ਲਾ ਦਿਤਾ। ਅੰਗ੍ਰੇਜ਼ੀ ਸਾਮਰਾਜ ਤੇ ਅੰਗ੍ਰੇਜ਼ ਨਸਲ ਦੇ ਵਿਰੁਧ ਗੁੱਸੇ ਦਾ ਇਕ ਤੂਫ਼ਾਨ ਉਠ ਪਿਆ। ਸ਼ਾਹਜ਼ਾਦਾ ਬ੍ਰਤਾਨੀਆਂ ਦੌਰੇ ਵਾਸਤੇ ਹਿੰਦ ਆਇਆ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਲਹਿਰ ਚਲੀ। ਹੜਤਾਲਾਂ ਹੋਈਆਂ ਕਾਲੀਆਂ ਝੰਡੀਆਂ ਨਾਲ ਸ਼ਾਹਜਾਦੇ ਦਾ ਸਵਾਗਤ ਕੀਤਾ ਗਿਆ। ਚੋਰਾਚਾਰੀ ਵਿਚ ਗੋਲੀ ਚਲੀ। ਕਈ ਕਿਸਾਨ ਸ਼ਹੀਦ ਹੋ ਗਏ।

ਪੰਜਾਬ ਦੇ ਵਿਚ ਗੁਰਦੁਵਾਰਾ ਸੁਧਾਰ ਲਹਿਰ ਚਲੀ। ਗੁਰਦੁਵਾਰਾ ਨਨਕਾਣਾ ਸਾਹਿਬ ਵਿਚ ਮਹੰਤ ਨਰੈਣੂ ਨੇ ੮੬ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਕਰ ਦਿਤਾ। ਉਸ ਸ਼ਹੀਦੀ ਜੱਥੇ ਦੇ ਜਥੇਦਾਰ ਸ: ਲਛਮਣ ਸਿੰਘ ਜੀ ਧਾਰੋਵਾਲੀ ਸਨ। ਜਥੇਦਾਰ ਜੀ ਨੂੰ ਜੰਡ ਨਾਲ ਬੰਨ੍ਹਕੇ ਮਿਟੀ ਦਾ ਤੇਲ ਪਾ ਕੇ ਜੀਉਂਦੇ ਨੂੰ ਸਾੜਿਆ ਗਿਆ। ਬਾਕੀ ੮੫ ਸਿੰਘਾਂ ਦੇ ਅੰਗ ਅੰਗ ਨੂੰ ਕਟਿਆ ਗਿਆ। ਗੁਰੂ ਕਾ ਬਾਗ਼ ਤੇ ਹੋਰ ਮੋਰਚਿਆਂ ਵਿਚ ਸਿੰਘ ਦੀਆਂ ਗ੍ਰਿਫ਼ਤਾਰੀਆਂ ਅਗਿਣਤ ਹੋਈਆਂ, ਪਰ ਸ਼ਹੀਦੀਆਂ ਵਲੋਂ ਮੇਹਰ ਰਹੀ। ਜੈਤੋ ਦੇ ਮੋਰਚੇ ਵਿਚ ੧੬੩ ਸਿੰਘ ਨਾਭਾ ਜੈਤੋ ਦੀਆਂ ਜੇਹਲਾਂ ਵਿਚ ਸ਼ਹੀਦ ਹੋਏ ਤੇ ਬਹੁਤ ਸਾਰੇ ਸਿੰਘ ਪਹਿਲੇ ਜਥੇ ਉਤੇ ਗੋਲੀ ਚਲਣ ਦੇ ਕਾਰਨ ਸ਼ਹੀਦੀਆਂ ਪ੍ਰਾਪਤ ਕਰ ਗਏ। ਪੰਥ ਦੇ ਅਮੋਲਕ ਹੀਰੇ ਸ੍ਰ: ਤੇਜਾ ਸਿੰਘ ਜੀ ਸਮੁੰਦਰੀ ਜੇਹਲ ਵਿਚ ਚੜ੍ਹਾਈ ਕਰ ਗਏ।

ਜਦੋਂ ਕਦੀ ਨਿਰਪੱਖਤਾ ਨਾਲ ਅਜ਼ਾਦੀ ਦੇ ਘੋਲ ਦਾ ਸਹੀ ਇਤਿਹਾਸ ਲਿਖਿਆ ਜਾਵੇਗਾ ਤਦੋਂ 'ਬਬਰ ਅਕਾਲੀਆਂ' ਦੀਆਂ ਕੁਰਬਾਨੀਆਂ ਨੂੰ ਬਹੁਤ ਸਤਿਕਾਰਿਆ ਜਾਵੇਗਾ। ਉਨ੍ਹਾਂ ਦੀਆਂ ਜੀਵਨੀਆਂ ਸੁਨਹਿਰੀ ਅੱਖਰਾਂ ਵਿਚ ਲਿਖੀਆਂ ਜਾਣਗੀਆਂ। 'ਬਬਰ ਅਕਾਲੀ' ਸਚ ਮੁਚ ਹੀ ਬੱਬਰ ਸ਼ੇਰ ਸਨ। ਉਨ੍ਹਾਂ ਦੀ ਦਲੇਰੀ, ਅਣਖ, ਵਤਨ-ਪ੍ਰੇਮ ਦ੍ਰਿੜਤਾ ਅਤੇ ਜੀਵਨ ਮਨੋਰਥ ਇੱਛਾ ਆਪਣੀ ਮਸਾਲ ਆਪ ਸੀ।

ਸੰਸਾਰ ਦੇ ਹਰ ਰਾਜ,ਹਰ ਦੇਸ਼ ਅਤੇ ਹਰ ਪਾਰਟੀ ਵਿਚ ਜੇ ਕਿਸੇ ਨੂੰ ਬਹੁਤ ਬੁਰਾ ਗਿਣਿਆਂ ਜਾਂਦਾ ਹੈ ਤਾਂ ਉਹ ਗ਼ਦਾਰ ਹੁੰਦਾ ਹੈ। 'ਗ਼ਦਾਰ' ਉਸਨੂੰ ਆਖਿਆ ਜਾਂਦਾ ਹੈ, ਜੋ ਦੁਸ਼ਮਨਾਂ ਦੇ ਆਖੇ ਲੱਗ ਕੇ ਆਪਣਿਆਂ ਨੂੰ ਨੁਕਸਾਨ ਪਹੁੰਚਾਵੇ। ਆਪਣੇ ਵਤਨ ਦੇ ਗੁਝੇ ਭੇਤ ਦੁਸ਼ਮਨ ਨੂੰ ਇਸ ਵਾਸਤੇ ਦਸੇ ਕਿ ਦੁਸ਼ਮਨ ਨੇ ਊਸਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਹੋਇਆ ਹੋਵੇ। ਪੱਛਮੀ ਦੇਸ਼ਾਂ ਵਿਚ ਵਤਨ ਗ਼ਦਾਰਾਂ ਨੂੰ ਬਹੁਤ ਵਡੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਆਮ ਉਨ੍ਹਾਂ ਵਾਸਤੇ ਸਜ਼ਾਏ-ਮੌਤ ਹੀ ਹੁੰਦੀ ਹੈ। ਅੰਗ੍ਰੇਜ਼ੀ ਰਾਜ ਨੇ ਜੋ ਕਈ ਸੌ ਸਾਲ ਹਿੰਦ ਵਿਚ ਅਤੇ ਸੌ ਸਾਲ ਪੰਜਾਬ ਵਿਚ ਰਾਜ ਕੀਤਾ ਹੈ ਤਾਂ ਟੋਡੀਆਂ ਤੇ ਗ਼ਦਾਰਾਂ ਦੇ ਬਲ-ਬੋਤੇ ਆਸਰੇ ਰਾਜ ਕੀਤਾ ਹੈ। ਨਹੀਂ ਤੇ ਅਣਖੀਲੇ ਤੇ ਬਹਾਦਰ ਪੰਜਾਬ ਵਿਚ ਉਹ ਕਦੀ ਰਾਜ ਨਹੀਂ ਸੀ ਕਰ ਸਕਦਾ।.... ਜ਼ੈਲਦਾਰ, ਲੰਬਰਦਾਰ, ਤਹਿਸੀਲਦਾਰ ਅਤੇ ਠਾਣੇਦਾਰ ਤੋਂ ਬਿਨਾਂ ਸਰਕਾਰ ਨੇ ਐਸੇ ਆਦਮੀਆਂ ਨੂੰ ਖਥੀਦਿਆ ਹੋਇਆ ਸੀ, ਜਿਨ੍ਹਾਂ ਦਾ ਅਸਰ-ਰਸੂਖ ਜਨਤਾ ਵਿਚ ਚੰਗਾ ਸੀ, ਉਹ ਰਾਜਸੀ ਪਾਰਟੀਆਂ ਦੇ ਗੁਪਤ ਤੇ ਪ੍ਰਗਟ ਕੰਮਾਂ ਦੀਆਂ ਡੈਰੀਆਂ ਸਰਕਾਰ ਨੂੰ ਦੇਂਦੇ ਰਹਿੰਦੇ। ਕਈ ਵਾਰ ਜਾਤੀ ਦੁਸ਼ਮਨੀ ਦੇ ਕਾਰਨ ਕਈਆਂ ਨਿਰਦੋਸ਼ੀਆਂ ਦੇ ਵਿਰੁਧ ਝੂਠੀਆਂ ਡੈਰੀਆਂ ਦੇ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਫਲਤਾ ਹਾਸਲ ਕਰ ਲੈਂਦੇ। ਕਾਂਗ੍ਰਸੀਏ ਤੇ ਜੁਗ-ਗਰਦ ਦੇਸ਼-ਭਗਤ ਉਨ੍ਹਾਂ ਟੋਡੀ ਤੇ ਸਰਕਾਰੀ ਚੱਠੂ-ਵਟਿਆਂ ਕੋਲੋਂ ਬਹੁਤ ਤੰਗ ਸਨ। ੧੯੧੪-੧੫ ਤੇ ਮਾਰਸ਼ਲ ਲਾਅ ਵੇਲੇ ਜੋ ਵੀ ਮੁਕਦਮੇ ਚਲੇ ਅਤੇ ਤਿੰਨ ਚਾਰ ਸੌ ਦੇਸ਼ ਭਗਤਾਂ ਨੂੰ ਜੋ ਸਜ਼ਾਵਾਂ ਮਿਲੀਆਂ ਉਹ ਦੁਸ਼ਟ ਟੋਡੀਆਂ (ਗ਼ਦਾਰਾਂ) ਦੀ ਹੀ ਮੇਹਰਬਾਨੀ ਸੀ। ਫਾਸੀ ਲਗ ਚੁਕੇ ਤੇ ਜੇਹਲਾਂ ਵਿਚ ਸਜ਼ਾਵਾਂ ਭੁਗਤ ਰਹੇ ਦੇਸ਼-ਭਗਤਾਂ ਦੇ ਮਿਤ੍ਰਾਂ ਸਾਥੀਆਂ ਤੇ ਕੁਝ ਰਿਸ਼ਤੇਦਾਰਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਟੋਡੀਆਂ ਤੇ ਗ਼ਦਾਰਾਂ ਨੂੰ ਸੋਧਣਗੇ। ਉਸ ਗ਼ਦਰ-ਸੋਧ ਪਾਰਟੀ ਦਾ ਨਾਮ "ਬਬਰ ਅਕਾਲੀ" ਸੀ। ਇਸ ਪਾਰਟੀ ਦੇ ਮੁਖੀ ਸ: ਕਿਸ਼ਨ ਸਿੰਘ ਵਿਣਗ, ਬਾਬੂ ਬੰਤਾ ਸਿੰਘ, ਮਾਸਟਰ ਮੋਤਾ ਸਿੰਘ, ਸ: ਹਰੀ ਸਿੰਘ ਜਲੰਧਰੀ ਤੇ ਸ: ਪਿਆਰਾ ਸਿੰਘ ਜੀ ਲੰਗੇਰੀ (ਹੁਣ ਐਮ. ਐਲ. ਏ. ਪੰਜਾਬ) ਸਨ। ਆਪਣੇ ਮਿੱਥੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਏਧਰੋਂ ਉਧਰੋਂ ਹਥਿਆਰ ਇਕੱਠੇ ਕੀਤੇ। ਇਹ ਵੀ ਸਲਾਹ ਸੀ ਕਿ ਚੋਖੀ ਗਿਣਤੀ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਅਣਖੀਲੇ ਹਿੰਦੀ ਮਿਲ ਜਾਣ ਤਾਂ ਹਥਿਆਰ ਬੰਦ ਬਗ਼ਾਵਤ ਵੀ ਕੀਤੀ ਜਾਵੇ। ਸਾਰੇ ਦੁਆਬੇ (ਜ਼ਿਲਾ ਜਲੰਧਰ, ਕਪੂਰਥਲਾ ਤੇ ਹੁਸ਼ਿਆਰ ਪੁਰ) ਵਿਚ ਦੇ ਪਿੰਡਾਂ ਵਿਚ ਇਹ ਚਰਚਾ ਆਮ ਹੋਣ ਲਗ ਪਈ ਕਿ ਟੋਡੀਆਂ, ਝੋਲੀ ਝੁਕਾਂ ਤੇ ਰਾਜਸੀ ਵਰਕਰਾਂ ਦੇ ਵਿਰੁਧ ਗਵਾਹੀਆਂ ਦੇਣ ਵਾਲਿਆਂ ਨੂੰ ਮਾਰਨ ਵਾਸਤੇ ਆਦਮੀ ਫਿਰ ਰਹੇ ਨੇ। 'ਬਬਰ ਅਕਾਲੀ' ਨੇ ਇਸ਼ਤਿਹਾਰ ਵੀ ਵੰਡੇ। ਲੋਕਾਂ ਦੀਆਂ ਗੱਲਾਂ ਸੁਣਕੇ ਅਤੇ ਇਸ਼ਤਿਹਾਰਾਂ ਨੂੰ ਪੜਕੇ ਸਰਕਾਰੀ ਆਦਮੀ ਬਹੁਤ ਡਰ ਗਏ। ਉਹਨਾਂ ਨੇ ਝਟ ਜਾ ਕੇ ਉਪਰਲੇ ਅਫਸਰਾਂ ਨੂੰ ਖ਼ਬਰਾਂ ਦੇ ਦਿੱਤੀਆਂ ਕਈ ਪਿੰਡ ਛੱਡ ਕੇ ਅਗੇ-ਪਿਛੇ ਹੋ ਗਏ। ਨਿਰੇ ਇਸ਼ਤਿਹਾਰਾਂ ਉਤੇ ਹੀ ਗੱਲ ਨਾ ਰਹੀ ਸਗੋਂ 'ਬਬਰ ਅਕਾਲੀਆਂ ਨੇ ਚੰਦਰੇ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਪੁਰ (ਕਪੂਰਥਲਾ) ਬੂਟਾ ਸਿੰਘ ਨੰਬਰਦਾਰ, ਨੰਗਲ ਸ਼ਾਮਾ(ਜ਼ਲੰਧਰ) ਦਿਤੂ ਤੇ ਦੀਵਾਨਾ ਨੂੰ ਮਾਰ ਦਿਤਾ। ਇਹ ਝੋਲੀ ਚੁਕ ਤੇ ਮੁਖਬਰ ਸਨ। ਇਨ੍ਹਾਂ ਦੁਸ਼ਮਨਾਂ ਨੇ ਕਈਆਂ ਦੇਸ਼ ਭਗਤਾਂ ਦੇ ਵਿਰੁਧ ਬਹੁਤ ਝੂਠੀਆਂ ਸਚੀਆਂ ਗੁਵਾਹੀਆਂ ਦਿਤੀਆਂ ਹੋਈਆਂ ਸਨ। ਇਨ੍ਹਾਂ ਦੇ ਕਤਲ ਕਰਨ ਦੀਆਂ ਖਬਰਾਂ ਬਿਜਲੀ ਦੀ ਤਰ੍ਹਾਂ ਸਾਰੇ ਦੁਆਬੇ ਵਿਚ ਫਿਰ ਗਈਆਂ। ਜੋ ਦੇਸ਼-ਭਗਤੀ ਨਾਲ ਹਿਤ ਰਖਦੇ ਸਨ, ਉਹ ਬਹੁਤ ਖੁਸ਼ ਹੋਏ ਤੇ ਝੋਲੀ ਚੁਕਾਂ ਦੇ ਮਾਪੇ ਮਰ ਗਏ। ਪੁਲਸ ਬਬਰਾਂ ਨੂੰ ਲੱਭਣ ਵਾਸਤੇ ਚੜ੍ਹੀ। ਪਰ ਪੁਲਸ ਨੂੰ ਕੋਈ ਸੂਹ ਨਹੀਂ ਸੀ ਮਿਲਦੀ। ਕਿਉਂਕਿ ਬਬਰਾਂ ਤੋਂ ਡਰਦੇ ਲੋਕ ਪੁਲਸ ਨਾਲ ਮਿਲ ਵਰਤਣ ਨਹੀਂ ਸਨ ਕਰਦੇ। ਕੋਈ ਉਨ੍ਹਾਂ (ਬਬਰਾਂ) ਵਲ ਉੱਗਲ ਕਰਨ ਵਾਸਤੇ ਤਿਆਰ ਨਹੀਂ ਸੀ।

ਬਬਰ ਇਕੱਠੇ ਹੋ ਕੇ ਟੋਡੀਆਂ ਦੇ ਪਿੰਡਾਂ ਉਤੇ ਹਲੇ ਬੋਲਦੇ ਸਨ। ਉਨ੍ਹਾਂ ਦੇ ਪਾਪਾਂ ਦਾ ਫਲ ਉਨ੍ਹਾਂ ਨੂੰ ਲਲਕਾਰ ਕੇ ਚਿੱਟੇ ਦਿਨ ਦੇਦੇ ਸਨ। ਕੌਲ ਗੜ੍ਹ ਦੇ ਮੁਖ਼ਬਰ ਹਰਨਾਮ ਸਿੰਘ ਸਫੈਦ ਪੋਸ਼ ਨੂੰ ਉਸ ਦੇ ਪਿੰਡ ਹੀ ਮਾਰਿਆ।

ਮਿਸਟਰ ਸੀ. ਡਬਲਿਉ ਜੈਨਬ ਡਿਪਟੀ ਕਮਿਸ਼ਨਰ ਜਲੰਧਰ ਪੰਜਾਬ ਸਰਕਾਰ ਨੂੰ ਲਿਖਿਆ ਕਿ ਸੂਬੇ ਦੀ ਖੁਫੀਆ ਪੁਲਸ ਨੇ ਬਬਰ ਅਕਾਲੀਆਂ ਨੂੰ ਨਾ ਫੜਿਆ ਤੇ ਦੇਸ਼ ਵਿਚ ਬਗ਼ਾਵਤ ਹੋ ਜਾਵੇਗੀ। ਪੰਜਾਬ ਸਰਕਾਰ ਨੇ ਖਾਂ ਸਾਹਿਬ ਮੀਰ ਅਫਜ਼ਲ ਇਮਾਮ ਨੂੰ ਬਬਰਾਂ ਦੀ ਗ੍ਰਿਫਤਾਰੀ ਵਾਸਤੇ ਤਿਆਰ ਕੀਤਾ ਤੇ ਸੂਬੇਦਾਰ ਗੇਂਦਾ ਸਿੰਘ ਉਸ ਦੀ ਸਹੈਤਾ ਵਾਸਤੇ ਮਿਥਿਆ ਗਿਆ।

ਪਿੰਡ ਬਬੇਲੀ (ਕਪੂਰਥਲਾ) ਮੁੰਡੇਰ (ਜਾਲੰਧਰ) ਮੰਨਣਹਾਣਾ (ਹੁਸ਼ਿਆਰਪੁਰ) ਵਿਚ ਪੁਲਸ ਤੇ ਬਬਰਾਂ ਦਾ ਟਾਕਰਾ ਹੋਇਆ ਜਿਸ ਵਿਚ ਭਾ: ਕਰਮ ਸਿੰਘ ਦੌਲਤਪੁਰ, ਸ੍ਰ: ਉਦੈ ਸਿੰਘ ਰਾਮਗੜ, ਸ੍ਰ: ਬਿਸ਼ਨ ਸਿੰਘ ਮਾਂਗਟ, ਸ੍ਰ: ਮਹਿੰਦਰ ਸਿੰਘ, ਨਥਾ ਸਿੰਘ, ਜੁਆਲਾ ਸਿੰਘ, ਬੰਤਾ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਵਰਿਆਮ ਸਿੰਘ ਬਬਰ ਸ਼ਹੀਦ ਹੋ ਗਏ।

ਭਾਈ ਧੰਨਾ ਸਿੰਘ ਜੀ ਦੀ ਸ਼ਹੀਦੀ ਦੀ ਵਾਰਤਾ ਬੜੀ ਅਸਚਰਜ ਹੈ। ਜਿਸ ਵੇਲੇ ਧੰਨਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਦੋਂ ਆਪ ਦੇ ਕੋਲ ਕੱਛ ਵਿਚ ਬੰਬ ਸਨ। ਇਕ ਅੰਗ੍ਰੇਜ਼ ਅਫਸਰ ਤੇ ਪੰਜ ਸਿਪਾਹੀ ਓਸ ਦੇ ਨੇੜੇ ਹੋਏ। ਜਦੋਂ ਉਹ ਬਹੁਤ ਕੋਲ ਝੁਕ ਗਏ ਤਾਂ ਧੰਨਾ ਸਿੰਘ ਨੇ ਬੰਬ ਹੇਠਾਂ ਸੁਟ ਦਿਤਾ। ਜਿਸ ਨਾਲ ਉਹ ਆਪ ਵੀ ਸ਼ਹੀਦ ਹੋ ਗਿਆ। ਤੇ ਨਾਲ ਪੰਜ ਸਿਪਾਹੀ ਇਕ ਅੰਗ੍ਰੇਜ਼ ਅਫਸਰ ਨੂੰ ਵੀ ਨਰਕਾਂ ਨੂੰ ਤੋਰ ਗਿਆ। ਸੂਬੇਦਾਰ ਗੇਂਦਾ ਸਿੰਘ ਨੂੰ ਵੀ ਮਾਰ ਦਿਤਾ ਗਿਆ।

ਸਿਆਣੇ ਕਹਿੰਦੇ ਹਨ ਜਦ ਕੋਈ ਮਰਦਾ ਹੈ ਤਾਂ ਉਹ ਆਪਣਿਆਂ ਹੱਥੋਂ ਮਰਦਾ ਹੈ। ਦਸ਼ਮਨ ਕੋਲੋਂ ਮਰਨਾ ਔਖਾ ਹੈ। ਜਿਸ ਮਹਾਨ ਕਾਰਜ ਨੂੰ ਬਬਰ ਕਰ ਰਹੇ ਸਨ ਉਸ ਕਾਰਜ ਨੂੰ ਸਰਕਾਰ ਨੇ ਸਿਰੇ ਨਾ ਚੜ੍ਹਣ ਦਿੱਤਾ ਕਿਉਂਕਿ ਸੰਤ ਕਰਤਾਰ ਸਿੰਘ ਪਿੰਡ ਪ੍ਰਾਗਪੁਰ (ਜਲੰਧਰ) ਇਕ ਐਸਾ ਆਦਮੀ ਪੁਲਸ ਦੇ ਹੱਥ ਆ ਗਿਆ, ਜੋ ਮੌਤ ਕੋਲੋਂ ਡਰਦਾ ਸੀ।ਉਸ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਜਦੋਂ ਸਖਤੀ ਕੀਤੀ ਉਹ ਸਰਕਾਰੀ ਗਵਾਹ ਬਣਨ ਵਾਸਤੇ ਤਿਆਰ ਹੋ ਪਿਆ। ਜਿਨ੍ਹਾਂ ਮਿੱਤਰਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਸੌਂਹ ਖਾਧੀ ਸੀ, ਉਨ੍ਹਾਂ ਮਿਤ੍ਰਾਂ ਦੇ ਟਕਾਣੇ ਦਸ ਦਸ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਉਣ ਲੱਗਾ। ਅਨੇਕਾਂ ਉਨ੍ਹਾਂ ਲੋਕਾਂ ਨੂੰ ਵੀ ਤੰਗ ਕਰਵਾਇਆ ਜੋ ਗੁਪਤ ਢੰਗ ਨਾਲ ਬਬਰਾਂ ਦੀ ਸਹੈਤਾ ਕਰਦੇ ਸਨ। ੯੧ ਆਦਮੀ ਫੜੇ ਗਏ ਤੇ ਇਕ ਸਪੈਸ਼ਲ ਮੈਜਿਸਟ੍ਰੇਟ (ਲਾਹੌਰ) ਦੀ ਅਦਾਲਤ ਵਿੱਚ ੮੬ ਆਦਮੀਆਂ ਦੇ ਵਿਰੁਧ ਕਿੰਨਾ ਚਿਰ ਮੁਕਦਮਾ ਚਲਦਾ ਰਿਹਾ। ੨੮ ਫਰਵਰੀ ੧੯੨੫ ਨੂੰ ਮੁਕਦਮੇਂ ਦਾ ਫੈਸਲਾ ਹੋਇਆ। ਪੰਜ ਦੋਸ਼ੀਆਂ ਨੂੰ ਫਾਂਸੀ, ੧੧ ਨੂੰ ਉਮਰ ਕੈਦ ਤੇ ੩੮ ਨੂੰ ਚਾਰ ਸਾਲ ਤੋਂ ੧੧ ਸਾਲ ਤਕ ਕੈਦ ਦੀ ਸਜ਼ਾ ਦਿੱਤੀ। ਬਾਕੀ ਦੇ ਸਾਰੇ ਬਾ-ਇਜ਼ਤ ਬਰੀ ਕਰ ਦਿੱਤੇ। ਜਿਨ੍ਹਾਂ ਸਜਣਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਉਹ ਇਹ ਹਨ:-

(੧) ਸ: ਕਿਸ਼ਨ ਸਿੰਘ ਜੀ ਵਿਣਗ ਲੀਡਰ ਬਬਰ ਅਕਾਲੀ।
(੨) ਸ: ਕਰਮ ਸਿੰਘ ਜੀ (ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੇ ਦੋਸ਼ ਵਿੱਚ)
(੩) ਸ ਨੰਦ ਸਿੰਘ ਜੀ (ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੇ ਦੋਸ਼ ਵਿੱਚ)
(੪) ਬਾਬੂ ਬੰਤਾ ਸਿੰਘ ਜੀ।
(੫) ਸ: ਦਲੀਪ ਸਿੰਘ ਜੀ ਧਾਮੀਆ (ਉਮਰ ੧੬ ਸਾਲ)।
(੬) ਸ: ਧਰਮ ਸਿੰਘ ਜੀ (ਇਨ੍ਹਾਂ ਨੂੰ ਹਾਈ ਕੋਰਟ ਨੇ ਫਾਂਸੀ ਦਾ ਹੁਕਮ ਦਿੱਤਾ)।

ਇਨ੍ਹਾਂ ਦੇ ਫਾਂਸੀ ਲਗਣ ਤੇ ਕਈਆਂ ਨੂੰ ਸਖਤ ਸਜ਼ਾਵਾਂ ਮਿਲਣ ਤੇ ਵੀ ਬਬਰ ਅਕਾਲੀ ਲਹਿਰ ਦਾ ਬਿਲਕੁਲ ਖਾਤਮਾ ਨਾ ਹੋਇਆ, ਟਾਵੇਂ ਟਾਵੇਂ ਬਹਾਦਰ ਰਹਿ ਗਏ ਜੋ ਟੋਡੀਆਂ ਨੂੰ ਸੋਧਨ ਦਾ ਕੰਮ ਕਰਦੇ ਰਹੇ।

ਦੁਸ਼ਟ ਆਤਮਾ ਬੇਲਾ ਸਿੰਘ ਪਿੰਡ ਜੈਣ (ਹੁਸ਼ਿਆਰ ਪੁਰ), ਜਿਸ ਨੇ ਭਾਈ ਭਾਗ ਸਿੰਘ ਕਨੇਡੀਅਨ ਨੂੰ ਵੈਨਕੋਵਰ ਦੇ ਗੁਰਦੁਵਾਰੇ ਵਿਚ ਗੋਲੀਆਂ ਮਾਰੀਆਂ ਤੇ ਸ਼ਹੀਦ ਕੀਤਾ ਸੀ, ਉਹ ਕਨੇਡਾ ਤੋਂ ਪਿੰਡ ਆ ਚੁਕਾ ਸੀ। ਗਿਆਨੀ ਗੁਰਦਿਤ ਸਿੰਘ ਤੇ ਸ: ਕਰਤਾਰ ਸਿੰਘ ਨੇ ਉਸ ਪਾਪੀ ਬੇਲਾ ਸਿੰਘ ਨੂੰ ਕਤਲ ਕਰ ਦਿਤਾ। ਜਿਸ ਕਤਲ ਦੇ ਦੋਸ਼ ਵਿਚ ਗਿਆਨੀ ਗੁਰਦਿਤ ਸਿੰਘ ਤੇ ਸ: ਕਰਤਾਰ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਮਿਲੀ। ਗਿਆਨੀ ਹਰਬੰਸ ਸਿੰਘ ਨੂੰ ਵੀ ਕਿਸੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਮਿਲੀ ਸੀ।

ਉਨ੍ਹਾਂ ਬਬਰ ਅਕਾਲੀਆਂ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਫਲ ਹੈ ਕਿ ਦੁਆਬਾ ਅਜ ਦੇਸ਼ ਭਗਤੀ ਲਹਿਰ ਵਿੱਚ ਸਭ ਤੋਂ ਅਗੇ ਹੈ ਤੇ ਟੋਡੀਆਂ ਅਖਬਾਰਾਂ ਦੀ ਗਿਣਤੀ ਬਹੁਤ ਘਟ ਗਈ ਹੈ। "ਬਬਰ ਅਕਾਲੀ ਜ਼ਿੰਦਾਬਾਦ"।

... ... ... ... ... ...

੧੯੨੭ ਤੋਂ ੧੯੩੨ (ਪੰਜ ਸਾਲ) ਦੇ ਅਖੀਰ ਤਕ ਸਾਰੇ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਆਜ਼ਾਦੀ ਦੀਆਂ ਲਹਿਰਾਂ ਚਲੀਆਂ। ਇਨ੍ਹਾਂ ਸਾਲਾਂ ਵਿੱਚ ਕਾਂਗ੍ਰਸੀਆਂ ਨੇ ਵੀ ਸ਼ਾਂਤ ਮਈ-ਸਤਿਆਗ੍ਰਹਿ ਦੀਆਂ ਕਈ ਗਰਮ ਤੇ ਨਰਮ ਲਹਿਰਾਂ ਚਲਾਈਆਂ ਤੇ ਅੰਗ੍ਰੇਜ਼ ਨਾਲ ਸਮਝੌਤੇ ਕਰ ਕਰਕੇ ਵਿਚਾਲੇ ਹੀ ਛੱਡੀਆਂ। ਕਿਸੇ ਲਹਿਰ ਵਿਚ ਕਾਂਗਰਸ ਨੂੰ ਸਫਲਤਾ ਹਾਸਲ ਨਾ ਹੋਈ।

ਭਾਰਤ ਦਾ ਨੌਜੁਆਨ ਕਾਂਗਰਸ-ਅੰਗ੍ਰੇਜ਼ ਦੇ ਨਿਤ ਦੇ ਸਮਝੌਤਿਆਂ ਤੇ ਅਸਫਲ ਲੜਾਈਆਂ ਤੋਂ ਤੰਗ ਆਕੇ ਇਨਕਲਾਬ ਦੇ ਰਾਹ ਤੁਰ ਪਿਆ। ਪੰਜਾਬ, ਬੰਗਾਲ, ਬਿਹਾਰ ਤੇ ਸੀ. ਪੀ. ਵਿੱਚ ਕਈ ਥਾਈਂ ਯਰਕਾਊ ਘਟਨਾਵਾਂ ਵਾਪਰੀਆਂ। ਬੰਬਾਂ, ਪਸਤੌਲਾਂ ਤੇ ਬੰਦੂਕਾਂ ਦੀ ਵਰਤੋਂ ਨਾਲ ਉਨਾਂ ਅਫਸਰਾਂ ਨੂੰ ਮਾਰਿਆ ਗਿਆ ਜੋ ਦੇਸ਼ ਭਗਤਾਂ ਨੂੰ ਕਰੜੀਆਂ ਸਜ਼ਾਵਾਂ ਦੇਂਦੇ ਸਨ। ਉਨ੍ਹਾਂ ਦੋਸ਼ਾਂ ਦੇ ਇਲਜ਼ਾਮ ਵਿੱਚ ਕਈਆਂ ਨੂੰ ਲੰਮੀਆਂ ਸਜ਼ਾਵਾਂ ਮਿਲੀਆਂ ਤੇ ਕਈ ਨੌ-ਜਵਾਨ ਲਾਹੌਰ, ਕਾਹਨਪੁਰ, ਲਖਨਊ ਤੇ ਕਲਕਤੇ ਦੀਆਂ ਜੇਹਲਾਂ ਵਿੱਚ ਫਾਂਸੀਆਂ ਤੇ ਲਟਕਾਏ ਗਏ। ਜਿਨ੍ਹਾਂ ਦੀ ਪੂਰਨ ਸੂਚੀ ਪੱਤ੍ਰ ਛਾਪਣ ਵਾਸਤੇ ਇਕ ਵਖਰੀ ਪੁਸਤਕ ਦੀ ਲੋੜ ਹੈ ਕੁਝ ਕੁ ਹਾਲ ਏਸੇ ਪੁਸਤਕ ਦੇ ਅਗਲੇ ਸਫਿਆਂ ਵਿੱਚ ਪੜ੍ਹੋਗੇ।

ਉਪਰੋਕਤ ਸਾਲਾਂ ਵਿੱਚ ਜਿਥੇ ਅੰਗ੍ਰੇਜ਼ੀ ਹਿੰਦ ਇਲਾਕੇ ਵਿੱਚ ਜਨਤਾ ਨੇ ਸੁਤੰਤ੍ਰਤਾ ਦੇ ਘੋਲ ਘੁਲੇ ਉਥੇ ਦੇਸੀ ਰਿਆਸਤਾਂ ਵਿੱਚ ਵੀ ਰਾਜਿਆਂ ਦੇ ਵਿਰੁਧ ਅਜ਼ਾਦੀ ਦੀਆਂ ਲੜਾਈਆਂ ਲੜੀਆਂ ਗਈਆਂ। ਪੰਜਾਬ ਦੀਆਂ ਦੇਸੀ ਰਿਆਸਤਾਂ ਵਿੱਚ ਪਟਿਆਲਾ ਰਿਆਸਤ ਦੀਆਂ ਨਾ-ਮਿਲਵਰਤਨ ਲਹਿਰਾਂ ਬਹੁਤੀਆਂ ਪ੍ਰਸਿੱਧ ਹਨ। ਕਿਉਂਕਿ ਪਟਿਆਲਾ ਮਹਾਰਾਜਾ (ਭੂਪਿੰਦਰ ਸਿੰਘ) ਬੜਾ ਐਸ਼ ਪ੍ਰਸਤ ਜਨਾਹੀ ਤੇ ਅੰਗ੍ਰੇਜ਼ ਪ੍ਰਸਤ ਸੀ। ਰਾਜੇ ਦੀ ਜਨਤਾ ਬਹੁਤ ਦੁਖੀ ਸੀ। ਜਨਤਾ ਦਾ ਆਗੂ ਸ: ਸੇਵਾ ਸਿੰਘ ਜੀ ਠੀਕਰੀ ਵਾਲਾ ਸੀ। ਸ: ਸੇਵਾ ਸਿੰਘ ਨੂੰ ਮਹਾਰਾਜੇ ਨੇ ਫੜ ਕੇ ਜੇਹਲ ਵਿਚ ਸੁਟ ਦਿੱਤਾ ਅਨੇਕਾਂ ਤਰ੍ਹਾਂ ਦੇ ਦੁੱਖ ਦਿੱਤੇ। ਜੇਹਲ ਹਾਕਮਾਂ ਦੀ ਸਖਤੀ ਤੋਂ ਅੱਕ ਕੇ ਸਰਦਾਰ ਸਾਹਿਬ ਨੇ ਭੁਖ ਹੜਤਾਲ ਕਰ ਦਿਤੀ। ਤਿੰਨ ਮਹੀਨ ਦੀ ਲੰਮੀ ਭੁਖ ਹੜਤਾਲ ਦੀ ਕਮਜ਼ੋਰੀ ਦੇ ਕਾਰਨ ਪਟਿਆਲਾ ਸੰਟਰਲ ਜੇਹਲ ਵਿਚ ਹੀ ਆਪ ਸ਼ਹੀਦੀ ਪਾ ਗਏ। ਆਪ ਦੀ ਸ਼ਹੀਦੀ ਦਾ ਇਹ ਅਸਰ ਹੋਇਆ ਕਿ ਰਿਆਸਤ ਦੀ ਜਨਤਾ ਭੜਕ ਉੱਠੀ, ਆਖਰ ਅੰਗ੍ਰੇਜ਼ ਦੀਆਂ ਤਾਕਤਾਂ ਚਲਾਕੀਆਂ ਤੇ ਲਾਲਚਾਂ ਦੇ ਕਾਰਨ ਬਗਾਵਤ ਨਾ ਹੋ ਸਕੀ, ਪਰ ਸੁਧਾਰ ਕਈ ਹੋ ਗਏ। ਰਿਆਸਤ ਦੀ ਪਰਜਾ ਅਜੇ ਵੀ ਜਾਗੀਰਦਾਰਾਂ, ਵਿਸਵੇਦਾਰਾਂ ਤੇ ਮਹਾਰਾਜੇ ਦੇ ਹਮੈਤੀਆਂ ਕੋਲੋਂ ਛੁਟਕਾਰਾ ਪਾਉਣ ਵਾਸਤੇ ਸ੍ਵਤੰਤ੍ਰਤਾ ਦਾ ਘੋਲ ਲੜੀ ਜਾ ਰਹੀ ਹੈ।

ਪੰਦਰਾਂ ਕੁ ਸਾਲ ਹੋਏ ਨੇ ਪਟਿਆਲਾ ਦੇ ਨੌ-ਜਵਾਨ ਸ: ਊਧਮ ਸਿੰਘ ਨੇ ਵਲੈਤ ਜਾਕੇ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆ ਕਾਂਡ ਦੇ ਮੁਖੀ ਗਵਰਨਰ ਮੀਚਲ ਓਡਵਾਇਰ ਨੂੰ ਮਾਰਿਆ। ਉਸ ਵੇਲੇ ਮਾਰਿਆ ਜਦੋਂ ਓਡਵਾਇਰ ਕਿਤੇ ਲੈਕਚਰ ਦੇ ਰਿਹਾ ਸੀ। ਗ੍ਰਿਫਤਾਰੀ ਤੇ ਮੁਕੱਦਮੇ ਵੇਲੇ ਸਰਦਾਰ ਊਧਮ ਸਿੰਘ ਨੇ ਕਿਹਾ, “ਮੈਂ ਓਡਵਾਇਰ ਨੂੰ ਮਾਰ ਕੇ ਨਿਰਦੋਸ਼ੇ ਹਿੰਦੀਆਂ ਦੇ ਖੂਨ ਦਾ ਬਦਲਾ ਲਿਆ ਹੈ। ਮੈਂ ਇਸਦੇ ਮਾਰਨ ਵਾਸਤੇ ਹੀ ਹਿੰਦਸਤਾਨੋਂ ਇੰਗਲੈਂਡ ਆਇਆ ਹਾਂ।” ਬ੍ਰਤਾਨਵੀ ਸਰਕਾਰ ਨੇ ਆਪ ਨੂੰ ਫਾਂਸੀਂ ਦੀ ਸਜ਼ਾ ਦਿੱਤੀ।

ਬਗ਼ਾਵਤ ਤੋਂ ਡਰ ਕੇ ਅੰਗ੍ਰੇਜ਼ ਨੇ ੧੯੩੫ ਵਿਚ ਹਿੰਦੁਸਤਾਨੀ ਰਾਜ ਬਣਤਰ ਨੂੰ ਬਦਲਿਆ। ਮਾਮੂਲੀ ਜਹੀ ਸੂਬਿਕ ਆਜ਼ਾਦੀ ਦਿੱਤੀ। ਪਰ ਉਹ ਫਿਰਕੂ ਲੀਹਾਂ ਉਤੇ ਐਸੀ ਭੈੜੀ ਸੀ, ਜਿਸ ਨੇ ਹਿੰਦੀਆਂ ਨੂੰ ਲਾਭ ਦੀ ਥਾਂ ਨੁਕਸਾਨ ਦਿੱਤਾ। ਮੁਸਲਮਾਨ ਤੇ ਹਿੰਦੂ ਇਕ ਦੁਸਰੇ ਕੋਲੋਂ ਬਹੁਤ ਦੂਰ ਚਲੇ ਗਏ। ਮੁਸਲਮਾਨ ਮੁਸਲਮ ਲੀਗ ਦੇ ਪਿੱਛੇ ਲੱਗ ਗਏ ਤੇ ਹਿੰਦੂ ਕਾਂਗਰਸ ਦੇ। ਸਿੰਧ ਤੇ ਫਰੰਟੀਅਰ ਵਿਚ ਮੁਸਲਮ ਰਾਜ ਕਾਇਮ ਹੋ ਗਏ। ਪੰਜਾਬ ਵਿਚ ਹਿੰਦੂ ਮੁਸਲਮਾਨ ਸਾਂਝਾ (ਮੁਸਲਮਾਨਾਂ ਦੀ ਬਹੁ ਗਿਣਤੀ ਸੀ) ਬਾਕੀ ਸੂਬਿਆਂ ਵਿਚ ਹਿੰਦੁ (ਕਾਂਗਰਸ) ਰਾਜ ਕਾਇਮ ਹੋ ਗਿਆ। ਕੌਂਸਲਾਂ ਦਾ ਨਾਂ ਅਸੈਂਬਲੀਆਂ ਰਖਿਆ ਗਿਆ। ਮੈਂਬਰਾਂ ਦੀਆਂ ਚੋਣਾਂ ਹੋਈਆਂ। ਵਜ਼ੀਰ ਹਿੰਦੁਸਤਾਨੀ ਬਣੇ, ਪਰ ਉਹਨਾਂ ਵਜ਼ੀਰਾਂ ਦੇ ਹੱਥ ਤਾਕਤ ਕੁਝ ਨਹੀਂ ਸੀ। ਉਹ ਅੰਗ੍ਰੇਜ਼ ਗਵਰਨਰ ਦੇ ਨੌਕਰ ਸਨ। ਜਨਤਾ ਹੋਰ ਦੁਖੀ ਹੋਈ। ਇਹ ਲਾਭ ਹੋਇਆ ਕਿ ੧੯੧੪-੧੫ ਮਾਰਸ਼ਲ ਲਾਅ, ਬਬਰ ਅਕਾਲੀ ਤੇ ਹੋਰ ਇਨਕਲਾਬੀ ਸਜਣ ਜੋ ਜੇਹਲਾਂ ਵਿਚ ਸਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ। ਕਾਲੇ ਪਾਣੀ ਦੀ ਜੇਹਲ ਤੋੜ ਦਿਤੀ ਗਈ ਕੈਦੀ ਹਿੰਦੁਸਤਾਨ ਦੀਆਂ ਜੇਹਲਾਂ ਵਿਚ ਤਬਦੀਲ ਕੀਤੇ ਗਏ..........।

ਪਹਿਲੀ ਸਤੰਬਰ ੧੯੩੯ ਨੂੰ ਜਰਮਨ ਨੇ ਦੂਸਰੀ ਸੰਸਾਰ ਜੰਗ ਦਾ ਆਦ ਕੀਤਾ। ੩ ਸਤੰਬਰ ਨੂੰ ਬ੍ਰਤਾਨੀਆਂ ਤੇ ਫਰਾਂਸ ਵੀ ਲੜਾਈ ਵਿਚ ਸ਼ਾਮਲ ਹੋ ਗਏ। ਬ੍ਰਤਾਨੀਆਂ ਦੀ ਵਜ਼ਾਰਤ ਦੇ ਇਸ਼ਾਰੇ ਉਤੇ ਹਿੰਦੁਸਤਾਨ ਦੇ ਵਾਇਸਰਾਏ ਨੇ ਬਿਨਾਂ ਹਿੰਦੁਸਤਾਨ ਦੀ ਜਨਤਾ ਦੀ ਰਾਏ ਲਏ ਬਿਨਾਂ ਹੀ ਜਰਮਨ ਤੇ ਇਟਲੀ ਦੇ ਵਿਰੁਧ ਜੰਗ ਦਾ ਐਲਾਨ ਕਰ ਦਿੱਤਾ। ਕਾਂਗਰਸੀ ਨਰਾਜ਼ ਹੋ ਗਏ। ਉਹਨਾਂ ਨੇ ਵਜ਼ਾਰਤਾਂ ਛੱਡ ਦਿਤੀਆਂ। ਕਮਿਊਨਿਸਟਾਂ ਨੇ ਦੇਸ਼ ਦੇ ਵਿਚ ਤੋੜ ਫੋੜ ਦੀ ਪਾਲਸੀ ਅਖਤਿਆਰ ਕਰ ਲਈ ਤਾਂ ਕਿ ਜੰਗ ਵਿਚ ਰੁਕਾਵਟ ਪਾਈ ਜਾਵੇ। ਸਰਕਾਰ ਨੇ ਕਮਿਊਨਿਸਟਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਗ੍ਰਿਫਤਾਰੀਆਂ ਵਿਚ ਪੰਜਾਬੀਆਂ ਦੀ ਗਿਣਤੀ ਚੋਖੀ ਸੀ। ਉਹ ਲੋਕ ਵੀ ਫੜੇ ਗਏ ਜੋ ਅੱਗੇ-ਵਧੂ ਜਾਂ ਖੱਬੇ ਧੜਿਆਂ ਨਾਲ ਸਬੰਧ ਰਖਦੇ ਹਨ। ਖੱਬੇ-ਧੜਿਆਂ ਦਾ ਵਿਚਾਰ ਸੀ ਕਿ ਹਥਿਆਰਬੰਦ ਬਗਾਵਤ ਕੀਤੀ ਜਾਵੇ। ਕਿਉਂਕਿ ਅੰਗ੍ਰੇਜ਼ ਯੂਰਪ ਵਿਚ ਜਰਮਨ ਨਾਲ ਲੜ ਰਿਹਾ ਸੀ। ਉਸ ਨੂੰ ਆਪਣੇ ਘਰ ਦੀ ਰਾਖੀ ਵਾਸਤੇ ਫੌਜਾਂ ਦੀ ਲੋੜ ਹੈ, ਉਹ ਬਾਹਰ ਫੌਜਾਂ ਨਹੀਂ ਭੇਜ ਸਕੇਗਾ। ਕਮਿਊਨਿਸਟ ਵਰਕਰਾਂ ਨੇ ਹਿੰਦ ਦੀਆਂ ਫੌਜਾਂ ਵਿਚ ਵੀ ਅੰਗ੍ਰੇਜ਼ੀ ਸਾਮਰਾਜ ਦੇ ਵਿਰੁਧ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਬਹੁਤ ਸਾਰੇ ਕਮਿਊਨਿਸਟ ਵਰਕਰ ਖੁਦ ਵੀ ਫੌਜਾਂ ਵਿਚ ਭਰਤੀ ਹੋ ਗਏ। ਜਿਸ ਦਾ ਇਹ ਅਸਰ ਹੋਇਆ ਕਿ ਇਕ ਦੋ ਪਲਟਨਾ ਨੇ ਸਮੁੰਦਰੋਂ ਪਾਰ ਪ੍ਰਦੇਸਾਂ ਵਿਚ ਲੜਨ ਵਾਸਤੇ ਜਾਣ ਤੋਂ ਨਾਂਹ ਕਰ ਦਿਤੀ। ਉਨ੍ਹਾਂ ਫੌਜੀਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਜੰਗ ਦੇ ਪਹਿਲੇ ਤੇ ਦੂਸਰੇ ਸਾਲ ਵਿਚ ਜਰਮਨ ਤੇ ਉਸ ਦੇ ਸਾਥੀਆਂ ਨੇ ਕਈ ਦੇਸ਼ ਫਤਹ ਕਰ ਲਏ। ਅੰਗ੍ਰੇਜ਼ਾਂ ਨੂੰ ਹਾਰ ਤੇ ਹਾਰ ਆਉਣ ਲਗ ਪਈ। ਅੰਗ੍ਰੇਜ਼ ਘਬਰਾ ਗਿਆ। ਉਹ ਕਾਂਗ੍ਰਸ ਨਾਲ ਕਈ ਤਰ੍ਹਾਂ ਦੇ ਸਮਝੌਤੇ ਕਰਨ ਲੱਗਾ, ਪਰ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਮਹਾਤਮਾ ਗਾਂਧੀ ਨੇ ਵੀ ਸਿਵਲ-ਨਾਫੁਰਮਾਨੀ ਸ਼ਰੂ ਕਰ ਦਿਤੀ। ਗ੍ਰਿਫਤਾਰੀਆਂ ਹੋਈਆਂ ਕ੍ਰਿਪਸ ਮਿਸ਼ਨ ਦੇ ਆਉਣ ਉਤੇ ਗੱਲ ਬਾਤ ਹੋਈ, ਪਰ ਫਿਰਕੂ ਖਿੱਚੋ-ਤਾਣ ਹੋਣ ਕਰਕੇ ਨਾ ਕਾਂਗਰਸ, ਮੁਸਲਮ ਲੀਗ ਤੇ ਸਿੱਖ (ਅਕਾਲੀ ਪਾਰਟੀ ਵਾਲੇ) ਕਿਸੇ ਫੈਸਲੇ ਨੂੰ ਪ੍ਰਵਾਨ ਕਰ ਸਕੇ ਨਾ ਅੰਗ੍ਰੇਜ਼ ਨੇ ਕੋਈ ਸ਼ਰਤ ਮੰਨੀ। ਆਖਰ ਅਗਸਤ ੧੯੪੨ ਆ ਗਿਆ। ਅਗਸਤ ਦੇ ਪਹਿਲੇ ਹਫਤੇ ਕਾਂਗ੍ਰਸ ਵਰਕਿੰਗ ਕਮੇਟੀ ਦਾ ਇਜਲਾਸ ਬੰਬਈ ਵਿਚ ਬੁਲਾਇਆ ਗਿਆ। ਸਾਰੇ ਮੈਂਬਰ ਹਾਜ਼ਰ ਹੋਏ। "ਅੰਗ੍ਰੇਜ਼ੋ ਹਿੰਦ ਛੱਡੋ" ਦਾ ਨਾਹਰਾ ਬੁਲੰਦ ਕਰਨਾ ਸੀ। ਨਾਲ ਉਹ ਵੀ ਮਤਾ ਪਾਸ ਹੋਣਾ ਸੀ ਜਿਸ ਵਿਚ ਦੇਸ਼ ਨੂੰ ਆਜ਼ਾਦੀ ਵਾਸਤੇ ਅੰਤਮ ਘੋਲ ਕਰਨ ਦੀ ਪ੍ਰੇਰਣਾ ਹੋਣੀ ਸੀ। ਸਰਕਾਰ ਹਿੰਦ ਦੀ ਸੀ. ਆਈ. ਡੀ. ਦੀ ਕਰੜੀ ਮੇਹਨਤ ਨੇ ਸਾਰੇ ਭੇਤ ਵਾਇਸਰਾਏ ਕੋਲ ਖੋਲ੍ਹ ਦਿੱਤੇ। ਵਾਇਸਰਾਏ ਨੇ ਹੁਕਮ ਕੀਤਾ ਕਿ ਮਹਾਤਮਾਂ ਗਾਂਧੀ ਸਮੇਤ ਸਾਰੀ ਵਰਕਿੰਗ ਕਮੇਟੀ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਡਿੱਠ ਥਾਂ ਉਤੇ ਅਨਿਸਚਿਤ ਸਮੇਂ ਵਾਸਤੇ ਨਜ਼ਰ ਬੰਦ ਕਰ ਦਿਓ। ਅੱਠ ਅਗਸਤ ਦੀ ਰਾਤ ਦੇ ਬਾਰਾਂ ਵਜੇ ਨੂੰ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਗ੍ਰਿਫ਼ਤਾਰ ਕਰ ਲੈ ਗਏ। ਉਨ੍ਹਾਂ ਨੂੰ ਸਰ ਆਗਾ ਖ਼ਾਨ ਮਹੱਲ ਪੂਨੇ ਵਿਚ ਨਜ਼ਰ ਬੰਦ ਕਰ ਦਿੱਤਾ ਗਿਆ।

ਲੀਡਰਾਂ ਦੀ ਗ੍ਰਿਫਤਾਰੀ ਨੂੰ ਸੁਣ ਕੇ ਸਾਰਾ ਦੇਸ਼ ਭੜਕ ਉੱਠਿਆ। ਅੰਗ੍ਰੇਜ਼ ਸਾਮਰਾਜ ਦੇ ਵਿਰੁਧ ਗੁੱਸੇ ਦਾ ਇਕ ਤੂਫਾਨ ਉੱਠਿਆ, ਜਿਸ ਨੇ ਅੰਗ੍ਰੇਜ਼ ਨੂੰ ਵਖਤ ਪਾ ਦਿੱਤਾ। ਰੇਲਾਂ ਦੀਆਂ ਲੈਨਾਂ ਟੁੱਟੀਆਂ। ਡਾਕਖਾਨੇ, ਰੇਲਵੇ ਸਟੇਸ਼ਨ, ਡਾਕ ਬੰਗਲੇ, ਸਰਕਾਰੀ ਦਫ਼ਤਰ ਲੁੱਟੇ ਤੇ ਸਾੜੇ ਗਏ। ਬਿਹਾਰ ਤੇ ਬੰਗਾਲ ਦੇ ਕਈਆਂ ਜ਼ਿਲਿਆਂ ਵਿਚ ਤਾਂ ਭੜਕੀ ਹੋਈ ਜਨਤਾ ਨੇ ਰਾਜ ਪ੍ਰਬੰਧ ਆਪਣੇ ਹੱਥ ਕਰ ਲਿਆ। ਥਾਣੇ ਲੁਟੇ ਤੇ ਸਾੜੇ ਗਏ। ਬਹੁਤ ਸਾਰੀ ਥਾਈਂ ਅੰਗ੍ਰੇਜ਼ ਤੇ ਹਿੰਦੁਸਤਾਨੀ ਅਫਸਰ ਵੀ ਮਾਰੇ ਗਏ। ਸ਼ਾਂਤਮਈ ਵਾਲੇ ਮਹਾਤਮਾ ਗਾਂਧੀ ਦੇ ਚੇਲੇ ਵੀ ਤੋੜ-ਫੋੜ ਦੀ ਪਾਲਸੀ ਤੇ ਅਮਲ ਕਰਨ ਲਗੇ। ਅੰਗ੍ਰੇਜ਼ ਫੌਜਾਂ ਤੇ ਅੰਗ੍ਰੇਜ਼ਾਂ ਦੇ ਚਾਟੜਿਆਂ, ਟੋਡੀਆਂ ਤੇ ਅੰਗ੍ਰੇਜ਼ ਸਾਮਰਾਜ ਦੇ ਹਮੈਤੀ ਸਰਮਾਏਦਾਰਾਂ ਨੇ ਇਸ ਗੜ ਬੜ ਨੂੰ ਦਬਾਉਣ ਵਾਸਤੇ ਪੂਰਾ ਯਤਨ ਕੀਤਾ। ਹਿੰਦੁਸਤਾਨੀ ਜਨਤਾ ਨੂੰ ਮਾਰਨ ਲੱਗਿਆਂ ਰਤਾ ਤਰਸ ਨਾ ਕਰਦੇ। ਮਾਸੂਮ ਬੱਚਿਆਂ ਨੂੰ ਅੱਗਾਂ ਵਿੱਚ ਸੁਟਿਆ ਗਿਆ। ਬੰਗਾਲ ਤੇ ਉੜੀਸਾ ਦੇ ਕਈਆਂ ਪਿੰਡਾਂ ਵਿੱਚ ਸਤਵੰਤੀਆਂ ਤੇ ਕੁਵਾਰੀਆਂ ਹਿੰਦੀ ਲੜਕੀਆਂ ਨਾਲ ਗੋਰਿਆਂ ਤੇ ਕਾਲਿਆਂ ਫੌਜੀਆਂ ਨੇ ਧੱਕੇ ਕੀਤੇ। ਇਕ ਇਕ ਦੇਵੀ ਨਾਲ ਵੀਹ ਵੀਹ ਗੋਰਿਆਂ ਨੇ ਕਾਲੇ ਮੂੰਹ ਕੀਤੇ। ਸ਼ਰਮ ਤੇ ਪੀੜਾ ਨਾਲ ਉਹ ਦੇਵੀਆਂ ਸ਼ਹੀਦ ਹੋ ਗਈਆਂ। ਕਈਆਂ ਦੇਸ਼ ਭਗਤਾਂ ਨੂੰ ਜੀਊਂਦਿਆਂ ਚੀਰ ਕੇ ਦੋ ਕਰ ਦਿੱਤਾ ਗਿਆ, ਜਿਵੇਂ ਤਰਖਾਣ ਗੇਲੀ ਦੇ ਦੋ ਫੱਟ ਕਰ ਦੇਂਦਾ ਹੈ। ਗਰੀਬਾਂ ਦੀਆਂ ਝੁਗੀਆਂ ਸਾੜੀਆਂ ਗਈਆਂ। ਇਸਤ੍ਰੀਆਂ ਤੇ ਮਰਦਾਂ ਨੂੰ ਅਲਫ ਨੰਗਿਆਂ ਕਰ ਕਰ ਕੇ ਸੂਰਜ ਦੇ ਚਾਨਣੇ ਵਿੱਚ ਰੁੱਖਾਂ ਨਾਲ ਬੰਨ੍ਹ ਬੰਨ੍ਹ ਕੇ ਕੁਟਿਆ ਗਿਆ। ਮਾਂ ਤੇ ਭਾਈ ਦੇ ਹੁੰਦਿਆਂ ਮੁਟਿਆਰ ਕੰਨਿਆਂ ਨੂੰ ਨੰਗਿਆਂ ਕਰਕੇ ਉਸ ਨਾਲ ਮੂੰਹ ਕਾਲਾ ਕੀਤਾ ਗਿਆ। ਏਥੇ ਹੀ ਬਸ ਨਹੀਂ ਰਾਸ਼ਨ ਬੰਦ ਕਰਕੇ ਮਾਸੂਮਾਂ ਨੂੰ ਭੁੱਖਿਆਂ ਮਾਰਨਾ ਸ਼ੁਰੂ ਕੀਤਾ। ਸਭਿਅਤਾ ਦੀ ਡੀਂਗ ਮਾਰਨ ਵਾਲੇ ਗੋਰੇ ਨੇ ਪੰਜਵੀਂ ਛੇਵੀਂ ਸਦੀ ਵਾਲੇ ਵਹਿਸ਼ੀ ਤੇ ਪਸ਼ੂਪਨ ਦਾ ਚੰਗਾ ਦਿਖਾਵਾ ਕੀਤਾ। ਕਿਉਂਕਿ ਗੜ-ਬੜ ਜਥੇ ਬੰਦ ਨਹੀਂ ਸੀ। ਜਨਤਾ ਦੇ ਪਿਛੇ ਫੌਜੀ ਤਾਕਤ ਕੋਈ ਨਹੀਂ ਸੀ। ਇਸ ਵਾਸਤੇ ਜਨਤਾ ਹਾਰ ਗਈ। ਦਬਾਈ ਗਈ, ਸ਼ਾਹੀ ਮਹੱਲਾਂ ਵਿੱਚ ਸੁਖ ਨਾਲ ਬੈਠੇ (ਨਜ਼ਰ ਬੰਦ) ਲੀਡਰਾਂ ਨੇ ਅੰਗ੍ਰੇਜ਼ ਨਾਲ ਸਮਝੌਤਾ ਕਰ ਲਿਆ ਉਹ ਨਜ਼ਰ ਬੰਦੀ ਵਿਚੋਂ ਬਾਹਰ ਆਕੇ ਵਜ਼ੀਰ ਬਣ ਗਏ। ਜ਼ਾਲਮ, ਪਾਪੀ ਜਨਾਹੀ ਤੇ ਬੇਈਮਾਨ ਅੰਗ੍ਰੇਜ਼ ਨਾਲ ਸੌਦੇ ਕਰਕੇ ਲੀਡਰਾਂ ਨੇ ਅੰਗ੍ਰੇਜ਼ ਸਾਮਰਾਜ ਨਾਲ ਮਿਤ੍ਰਤਾ ਪੱਕੀ ਕਰ ਲਈ। ਜਨਤਾ ਨੂੰ ਮਰਵਾ ਦਿੱਤਾ। ਕੁਵਾਰੀ ਕੰਨਿਆਂ ਦੀ ਲੁਟੀ ਇੱਜ਼ਤ ਵਲ ਖਿਆਲ ਨਾ ਕੀਤਾ। ਬੰਗਾਲ ਵਿੱਚ ਕਾਲ ਪਾਕੇ ਪੰਜਾਹ ਲੱਖ ਤੋਂ ਉਪਰ ਬੰਗਾਲੀ ਭੁੱਖ ਨਾਲ ਮਾਰ ਦਿੱਤੇ ਗਏ। ਉਨ੍ਹਾਂ ਪੰਜਾਹ, ਲੱਖ ਖੂਨਾਂ ਦੀ ਜੁਵਾਬ ਤਲਬੀ ਅੰਗ੍ਰੇਜ਼ ਕੋਲੋਂ ਨਾ ਕੀਤੀ। ਕਈਆਂ ਗਰੀਬ ਦੇਸ਼ ਭਗਤਾਂ ਨੂੰ ਫਾਂਸੀਆਂ ਦੇ ਤਖਤਿਆਂ ਉਤੇ ਖੜਾ ਕੀਤਾ ਗਿਆ ਉਨ੍ਹਾਂ ਗਰੀਬਾਂ ਦੇ ਜੀਵਨ-ਹਾਲ ਵੀ ਅਜ ਪ੍ਰਾਪਤ ਨਹੀਂ ਹੁੰਦੇ। ਉਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਦੇ ਸ਼ਹੀਦ ਭਾਈ ਆਤਮਾ ਸਿੰਘ 'ਨਿਹੰਗ' ਵੀ ਸਨ। ਆਪ ਪਿੰਡ ਕੱਥੂ ਨੰਗਲ (ਅੰਮ੍ਰਿਤਸਰ) ਦੇ ਵਸਨੀਕ ਤੇ ਪਿਛੇ ਰਹੀਆਂ ਸਰੇਣੀਆਂ ਵਿਚੋਂ ਸਨ। ਅਜੇ ਜੁਆਨ ਉਮਰ ਸੀ। ਨੀਲੇ ਕਪੜੇ ਰੱਖਦਾ। ਦੇਸ਼ ਭਗਤੀ ਦੇ ਵਲਵਲੇ ਨਾਲ ਦੀਵਾਨਾ ਹੋਕੇ ਆਪਣੇ ਸਾਥੀਆਂ ਸਮੇਤ ਉਹ ਭਗਤਾਂ ਵਾਲਾ ਸਟੇਸ਼ਨ (ਅੰਮ੍ਰਿਤਸਰ) ਨੂੰ ਲੁਟਨ ਜਾ ਪਿਆ। ਕੈਸ਼ ਬਕਸ ਨੂੰ ਚੁਕਿਆ ਤਾਂ ਸਟੇਸ਼ਨ ਮਾਸਟਰ ਗਲ ਪਿਆ। ਪਸਤੌਲ ਦੀਆਂ ਗੋਲੀਆਂ ਨਾਲ ਸਟੇਸ਼ਨ ਮਾਸਟਰ ਨੂੰ ਸਦਾ ਵਾਸਤੇ ਠੰਢਾ ਕੀਤਾ ਗਿਆ। ਨਿਹੰਗ ਸਿੰਘ ਫੜਿਆ ਗਿਆ। ਮੁਕਦਮਾ ਚਲਿਆ। ਸ਼ਿਸ਼ਨ ਨੇ ਮੌਤ ਦੀ ਸਜ਼ਾ ਦਿੱਤੀ ਸਭ ਅਪੀਲਾਂ ਖਾਰਜ ਹੋਣ ਉਤੇ ਲਾਹੌਰ ਸੰਟ੍ਰਲ ਜੇਹਲ ਵਿਚ ਆਪ ਨੂੰ ਫਾਂਸੀ ਲਾਇਆ ਗਿਆ। ਚੰਦ ਮਿੱਤ੍ਰਾਂ ਤੋਂ ਬਿਨਾ ਕਿਸੇ ਪਾਰਟੀ ਨੇ ਕੋਈ ਸਹੈਤਾ ਨਾ ਕੀਤੀ। ਅਜ ਮਿਤ੍ਰ ਵੀ ਉਸ ਨੂੰ ਭੁਲ ਗਏ ਨੇ ਕਿ ਕੋਈ ਹੁੰਦਾ ਸੀ "ਆਤਮਾਂ ਸਿੰਘ ਨਿਹੰਗ"। ਬੇਸ਼ਕ ਹਿੰਦ ਨੂੰ ਅੰਗ੍ਰੇਜ਼ ਛੱਡ ਗਿਆ ਪਰ ਲੀਡਰਾਂ ਨੂੰ ਬੁੱਧੂ ਬਣਾਕੇ ਆਪਣੀ ਜਾਨ ਤੇ ਮਾਲ ਨੂੰ ਪੂਰਾ ਇੰਗਲਸਤਾਨ ਲੈ ਗਿਆ। ਹਿੰਦੀਆਂ ਨੂੰ ਬਰਬਾਦ ਕਰਕੇ ਰੱਖ ਗਿਆ। ਉਹ ਕਾਂਗ੍ਰਸੀ ਲੀਡਰਾਂ ਦਾ ਕੱਢਿਆ ਹੋਇਆ ਹਿੰਦ ਵਿਚੋਂ ਨਹੀਂ ਗਿਆ। ਉਸ ਨੂੰ ਪਤਾ ਸੀ ਕਿ ਜਿੰਨੇ ਜ਼ੁਲਮ ਕੀਤੇ ਨੇ ਆਖਰ ਇਹ "ਖੁਨੀ ਇਨਕਲਾਬ" ਦਾ ਰੂਪ ਧਾਰਨ ਕਰਨਗੇ ਤੇ ਇੱਕ ਵੀ ਗੋਰੇ ਬੱਚੇ ਨੂੰ ਜੀਊਂਦੇ ਜੀ ਇੰਗਲਸਤਾਨ ਨਹੀਂ ਪਹੁੰਚਣ ਦੇਣਗੇ।

ਸ਼ਹੀਦਾਂ ਦੀ ਕਹਾਣੀ ਏਥੇ ਹੀ ਨਹੀਂ ਮੁੱਕਦੀ। ਅਜ਼ਾਦੀ ਦੇ ਪ੍ਰਵਾਨੇ ਪ੍ਰਦੇਸਾਂ ਵਿਚ ਵੀ ਅਜ਼ਾਦੀ ਸ਼ਮਾਂ ਉਤੇ ਸੜੇ ਆਪਣੀਆਂ ਜੀਵਨ ਪੂੰਜੀਆਂ ਨੂੰ ਗੁਆਇਆ। ਉਮਰ ਦੀ ਕਮਾਈ ਅਜ਼ਾਦੀ ਦੇ ਘੋਲ ਵਿਚ ਖਰਚੀ ਤੇ ਕਈਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਹਨ "ਅਜ਼ਾਦ ਹਿੰਦ ਦੇ ਸਿਪਾਹੀ"।

ਜਪਾਨ ਦਾ ਜ਼ੋਰ ਪੈਣ ਉਤੇ ਅੰਗ੍ਰੇਜ਼ ਨੇ ਧੁਰਪੂਰਬ ਸਾਰਾ ਖਾਲੀ ਕਰ ਦਿੱਤਾ। ਧੁਰ-ਪੂਰਬ ਦਾ ਅੰਤਮ ਦੇਸ਼ ਬ੍ਰਹਮਾ ਸੀ ਉਹ ਵੀ ਖੁਸ ਗਿਆ। ਧੁਰ-ਪੂਰਬ ਦੇ ਦਸਾਂ ਦੇਸਾਂ ਵਿਚ ਹਿੰਦੁਸਤਾਨੀਆਂ ਦੀ ਬਹੁਤ ਗਿਣਤੀ ਸੀ ਉਨ੍ਹਾਂ ਹਿੰਦੀਆਂ ਦੀ ਮਾਲੀ ਤੇ ਸਮਾਜਿਕ ਹਾਲਤ ਚੰਗੇਰੀ ਹੋਣ ਦੇ ਨਾਲ ਰਾਜਸੀ ਸੂਝ ਬੂਝ ਵੀ ਚੰਗੇਰੀ ਸੀ। ਉਨ੍ਹਾਂ ਨੇ ਇਕੱਠੇ ਹੋਕੇ ਹਿੰਦੁਸਤਾਨ ਦੀ ਸ੍ਵਤੰਤਤਾ ਦਾ ਘੋਲ ਲੜਨ ਦੀ ਸਲਾਹ ਕੀਤੀ। ਮੁਢਲੇ ਯਤਨ ਕਰਨ ਵਾਲਿਆਂ ਵਿੱਚ ਸ੍ਰ: ਪ੍ਰੀਤਮ ਸਿੰਘ ਸਿੱਖ ਮਿਸ਼ਨਰੀ ਬੰਕੋਕ ਸੀ। ਇਹ ਨੌਜੁਆਨ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਸੀ। ਇਸ ਨੇ ਨਸ ਭਜ ਕੇ ਹਿੰਦੁਸਤਾਨੀਆਂ ਨੂੰ ਇਕੱਠਿਆਂ ਕੀਤਾ ਤੇ "ਇੰਡੀਪੈਂਡੈਂਸ ਲੀਗ ਆਫ ਇੰਡੀਆ" ਨਾਂ ਦੀ ਕੇਂਦਰੀ ਜਥੇਬੰਦੀ ਕਾਇਮ ਕੀਤੀ।

ਹਾਂਗ ਕਾਂਗ, ਸਿੰਘਪੁਰ, ਮਲਾਯਾ, ਬ੍ਰਹਮਾਂ ਤੇ ਥਾਈਲੈਂਡ ਵਿਚੋਂ ਨਸਦਾ ਹੋਇਆ ਅੰਗਰੇਜ਼ ਮਤ੍ਰੇਈ ਦੇ ਪੁਤਰਾਂ ਵਾਂਗ ਹਿੰਦੁਸਤਾਨੀ ਸਿਪਾਹੀਆਂ ਨੂੰ ਪਿੱਛੇ ਛੱਡ ਆਇਆ ਸੀ ਤੇ ਗੋਰਿਆਂ ਨੂੰ ਕੱਢਕੇ ਹਿੰਦੁਸਤਾਨ ਲੈ ਆਇਆ ਸੀ, ਜੇਹੜੀਆਂ ਹਿੰਦੁਸਤਾਨੀ ਫੌਜਾਂ ਉਪਰਲੇ ਦੇਸਾਂ ਵਿਚ ਰਹਿ ਗਈਆਂ ਉਨ੍ਹਾਂ ਵਿੱਚ ਕੈਪਟਨ ਮੋਹਨ ਸਿੰਘ ਸੀ, ਸ: ਪ੍ਰੀਤਮ ਸਿੰਘ ਦੇ ਕਹਿਣ ਉਤੇ ਸ: ਮੋਹਨ ਸਿੰਘ ਜੀ ਨੇ ਜਾਪਾਨ ਨਾਲ ਸਮਝੌਤਾ ਕਰਕੇ ਅੰਗਰੇਜ਼ ਸਾਮਰਾਜ ਨੂੰ ਹਿੰਦ ਵਿਚੋਂ ਖਤਮ ਕਰਨ ਦਾ ਉਪਰਾਲਾ ਕੀਤਾ। 'ਆਜ਼ਾਦ ਹਿੰਦ ਫੌਜ' ਨਾਂ ਦੀ ਜਥੇਬੰਦੀ ਕਾਇਮ ਕੀਤੀ। ਜਪਾਨੋਂ ਸਿੰਘਾ ਪੁਰ ਪੁਜ ਕੇ ਇਸੇ ਜਥੇਬੰਦੀ ਦਾ ਚਾਰਜ ਨੇਤਾ ਜੀ ਸੁਬਾਸ਼ ਚੰਦਰ ਬੋਸ ਨੇ ਜੂਨ ੧੯੪੩ ਵਿੱਚ ਲਿਆ। ਆਰਜ਼ੀ ਆਜ਼ਾਦ ਹਿੰਦ ਸਰਕਾਰ ਕਾਇਮ ਕੀਤੀ ਗਈ। ਉਸ ਸਰਕਾਰ ਦੀ ਛਤਰ-ਛਾਇਆ ਹੇਠਾਂ ਆਜ਼ਾਦ ਹਿੰਦ ਫੌਜਾਂ ਨੇ ਹਿੰਦ ਦੀ ਸਰਹੱਦ ਮਨੀਪੁਰ (ਰਿਆਸਤ) ਵਿੱਚ ਅੰਗ੍ਰੇਜ਼ੀ ਫੌਜਾਂ ਨਾਲ ਟਕਰ ਲਈ ਤੇ ਬਹਾਦਰੀ ਦਿਖਾਈ। ਕਈ ਸੈਂਕੜਿਆਂ ਵਿੱਚ ਹਿੰਦੀ ਸਿਪਾਹੀਆਂ ਨੇ ਕੁਰਬਾਨੀਆਂ ਕੀਤੀਆਂ। ਹਜ਼ਾਰਾਂ ਹਿੰਦੀਆਂ ਨੇ ਆਪਣੇ ਵਤਨ ਦੀ ਸ੍ਵਤੰਤ੍ਰਤਾ ਵਾਸਤੇ ਆਪਣਾ ਘਰ, ਮਾਲ-ਡੰਗਰ ਅਤੇ ਸਰਮਾਇਆ ਆਜ਼ਾਦ ਹਿੰਦ ਫੌਜ ਤੇ ਆਜ਼ਾਦ ਹਿੰਦ ਸਰਕਾਰ ਦੇ ਹਵਾਲੇ ਕਰ ਦਿਤਾ। ਹਜ਼ਾਰਾਂ ਸਪਾਹੀਆਂ ਨੇ ਲੰਮੀ ਫੌਜੀ ਨੌਕਰੀ ਨੂੰ ਭੰਗ ਦੇ ਭਾੜੇ ਗੁਵਾ ਦਿੱਤਾ। ਜਦੋਂ ਅੰਗ੍ਰੇਜ਼ਾਂ ਨੇ ਮੁੜਕੇ ਬਰਮਾ ਤੇ ਮਲਾਯਾ ਉਤੇ ਕਬਜ਼ਾ ਕਰ ਲਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ "ਆਜ਼ਾਦ ਹਿੰਦ ਫੌਜ" ਦੇ ਸਿਪਾਹੀ ਤੇ ਅਫ਼ਸਰ ਕੈਦ ਕਰ ਲਏ। ਜਿਨ੍ਹਾਂ ਵਿਚੋਂ ਜਰਨਲ ਮੋਹਨ ਸਿੰਘ ਕਰਨਲ ਗੁਰਬਖਸ਼ ਸਿੰਘ ਢਿਲੋਂ ਤੇ ਕਰਨਲ ਸਹਿਗਲ ਉਤੇ ਲਾਲ ਕਿਲੇ ਦਿੱਲੀ ਵਿੱਚ ਮੁਕਦਮਾ ਚਲਾਇਆ ਗਿਆ। ਇਨ੍ਹਾਂ ਤਿੰਨਾਂ ਨੂੰ ਮੁਖੀ ਸਮਝਿਆ ਗਿਆ ਬਾਕੀ ਸਿਪਾਹੀਆਂ ਤੇ ਅਫਸਰਾਂ ਉਤੇ ਵੀ ਮੁਕਦਮੇ ਚਲਾਏ ਤੇ ਉਨ੍ਹਾਂ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਜੇਹਲਾਂ ਵਿੱਚ ਖਿਲਾਰ ਕੇ ਬੰਦ ਕਰ ਦਿੱਤਾ। ਹਿੰਦੁਸਤਾਨ ਦੀ ਜਨਤਾ ਦੇ ਰੌਲਾ ਪਾਉਣ ਉਤੇ ਤਿੰਨਾਂ ਹੀ ਜਰਨੈਲਾਂ ਨੂੰ ਬਾ-ਇੱਜ਼ਤ ਬਰੀ ਕੀਤਾ ਗਿਆ। ਸਭ ਤੋਂ ਵਡੀ ਕੁਰਬਾਨੀ ਜੋ "ਆਜ਼ਾਦ ਹਿੰਦ ਫੌਜ ਤੇ ਸਰਕਾਰ" ਵਲੋਂ ਹੋਈ ਉਹ ਨੇਤਾ ਜੀ ਸੁਬਾਸ ਚੰਦਰ ਬੋਸ ਤੇ ਸ: ਪ੍ਰੀਤਮ ਸਿੰਘ ਜੀ ਦੀ ਸ਼ਹੀਦੀ ਹੈ, ਜੋ ਵਖੋ ਵੱਖ ਸਮੇਂ ਜਪਾਨ ਨੂੰ ਜਾਂਦੇ ਹੋਏ ਹਵਾਈ ਜਹਾਜ਼ਾਂ ਦੀਆਂ ਚੰਦਰੀਆਂ ਘਟਨਾਵਾਂ ਦੇ ਹੋਣ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਹਿੰਦ ਇਤਹਾਸ ਤੇ ਹਿੰਦ ਦੀ ਜਨਤਾ ਇਨ੍ਹਾਂ ਅਮਰ ਸ਼ਹੀਦਾਂ ਨੂੰ ਕਦੀ ਨਹੀਂ ਭੁਲੇਗੀ। ਅੰਗ੍ਰੇਜ਼ੀ ਸਾਮਰਾਜ ਦੇ ਦਬਾਓ ਹੇਠੋਂ ਜਦੋਂ ਧੁਰ-ਪੂਰਬ ਸੁਤੰਤ੍ਰ ਹੋਵੇਗਾ ਤਾਂ ਇਨ੍ਹਾਂ ਬਹਾਦਰਾਂ ਦਾ ਇਤਿਹਾਸ ਬੜੇ ਸਤਕਾਰ ਨਾਲ ਲਿਖਿਆ ਜਾਵੇਗਾ। ਸਰਦਾਰ ਭਗਤ ਸਿੰਘ ਨੇ ਹਿੰਦ ਦੀ ਜਨਤਾ ਨੂੰ "ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਦਿੱਤਾ ਅਤੇ "ਆਜ਼ਾਦ ਹਿੰਦ ਫੌਜ" ਦੇ ਬਹਾਦਰ ਸਿਪਾਹੀਆਂ ਨੇ "ਜੈ ਹਿੰਦ" ਦਾ ਨਾਹਰਾ।

੧੯੪੫ ਵਿੱਚ ਅਮ੍ਰੀਕਾ ਨੇ ਜਪਾਨ ਦੇ ਸ਼ਹਿਰ 'ਹੀਰੋਸ਼ੀਮਾ' ਵਿੱਚ 'ਪ੍ਰਮਾਣੂ ਬੰਬ' ਸੁਟਿਆ। ਉਸ ਬੰਬ ਨਾਲ ਹੋਏ ਮਨੁਖੀ ਨੁਕਸਾਨ ਨੂੰ ਦੇਖ ਕੇ ਬਾਦਸ਼ਾਹ ਜਪਾਨ ਨੇ ਅੰਗ੍ਰੇਜ਼ਾਂ ਤੇ ਉਸਦੇ ਸਾਥੀਆਂ ਅਗੇ ਹਥਿਆਰ ਸੁਟ ਦਿੱਤੇ। ਸੰਸਾਰ ਦਾ ਦੂਸਰਾ ਮਹਾਨ ਯੁੱਧ ਸਮਾਪਤ ਹੋ ਗਿਆ। ਇਤਹਾਦੀਆਂ, ਅਮ੍ਰੀਕਾ, ਫ਼ਰਾਂਸ, ਚੀਨ ਤੇ ਅੰਗ੍ਰੇਜ਼ਾਂ ਦੀ ਫਤਹ ਹੋਈ। ਜਰਮਨ, ਇਟਲੀ ਤੇ ਜਾਪਾਨ ਦੀਆਂ ਮਹਾਨ ਫੌਜੀ ਤਾਕਤਾਂ ਖਤਮ ਹੋ ਗਈਆਂ। ਮਸੋਲੋਨੀ ਤੇ ਹਿਟਲਰ ਤਾਂ ਮਰ ਗਏ ਅਤੇ ਜਪਾਨ ਦਾ ਜਰਨੈਲ ਤੋਜੋ ਕੈਦ ਕਰ ਲਿਆ ਗਿਆ। ਸੰਸਾਰ ਦੇ ਤਿੰਨੇ ਆਜ਼ਾਦ ਦੇਸ ਗੁਲਾਮ ਹੋ ਗਏ। ਅੰਗ੍ਰੇਜ਼ ਨੇ ਫ਼ਤਹ ਤਾਂ ਹਾਸਲ ਕਰ ਲਈ, ਪਰ ਇਸਦੀ ਇਹ ਫਤਹ ਹਾਰ ਨਾਲੋਂ ਬਹੁਤੀ ਮੰਦੀ ਸੀ। ਕਿਉਂਕਿ ਸਾਰੇ ਸਾਮਰਾਜ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਗਈ। ਅਰਬਾਂ ਪੌਂਡ ਕਰਜਾ ਸਿਰ ਚੜ੍ਹ ਗਿਆ। ਆਰਥਿਕ ਤੌਰ ਤੋ ਅਮਰੀਕਾ ਦਾ ਗੁਲਾਮ ਹੋਣਾ ਪਿਆ। ਆਪਣੀ ਕਮਜ਼ੋਰੀ ਨੂੰ ਤੇ ਹਿੰਦ ਦੀ ਆਜ਼ਾਦੀ ਦੀ ਲਹਿਰ ਦੀ ਮਜ਼ਬੂਤੀ ਨੂੰ ਅਨੁਭਵ ਕਰ ਕੇ ਅੰਗ੍ਰੇਜ਼ਾਂ ਨੇ ਹਿੰਦ ਨੂੰ ਛੱਡਣ ਦੀ ਸਲਾਹ ਕਰ ਲਈ। ਉਹ ਵੀ ਇਸ ਢੰਗ ਨਾਲ ਕਿ ਅੰਗ੍ਰੇਜ਼ ਰਾਜ ਤੇ ਕੌਮ ਨੂੰ ਜਿਸ ਨਾਲ ਲਾਭ ਪਹੁੰਚੇ। ਮਾਊਂਟ ਬੇਟਨ ਨੂੰ ਵਿਚੋਲਾ ਬਣਾਕੇ ਦੇਸ਼ ਦੇ ਕਾਂਗਸੀਆਂ, ਰਾਜਿਆਂ ਤੇ ਸਰਮਾਇਆਦਾਰਾਂ ਦੀਆਂ ਜੁੰਡਲੀਆਂ ਨਾਲ ਸਮਝੌਤਾ ਕੀਤਾ। ਇਹ ਜੁੰਡਲੀਆਂ ਅੰਗਰੇਜ਼ੀ ਸਾਮਰਾਜ ਨੂੰ ਅਮਰ ਰੱਖਣ ਦੀਆਂ ਹਾਮੀ ਸਨ। ਇਹਨਾਂ ਨਾਲ ਸਲਾਹ ਕਰਕੇ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ। ਇਕ ਹਿੱਸਾ ਮੁਸਲਮਾਨਾਂ ਤੇ ਦੂਸਰਾ ਹਿੰਦੂਆਂ ਨੂੰ ਦੇ ਕੇ ਦੋ ਅੱਡਰੇ ਦੇਸ਼-ਪਾਕਸਤਾਨ ਤੇ ਹਿੰਦੁਸਤਾਨ ਬਣਾ ਦਿੱਤੇ। ੧੫ ਅਗਸਤ ੧੯੪੭ ਨੂੰ ਦੇਸ਼ ਆਜ਼ਾਦ ਹੋਇਆ। ਜਿਸ ਦਿਨ ਨਵੀਂ ਦਿਲੀ ਦੇ ਅਸੈਂਬਲੀ ਚੈਂਬਰ, ਜਿਸ ਚੈਂਬਰ ਵਿਚ ਸ: ਭਗਤ ਸਿੰਘ ਜੀ ਨੇ ਬੰਬ ਸੁਟਿਆ ਸੀ- ਵਿਚ ਆਜ਼ਾਦੀ ਦਾ ਐਲਾਨ ਪੜ੍ਹਿਆ ਜਾ ਰਿਹਾ ਸੀ ਤੇ ਦੇਸ਼ ਦੇ ਸਰਮਾਏਦਾਰ, ਰਾਜੇ, ਜਗੀਰਦਾਰ ਤੇ ਮੌਕਾ ਤਾੜੂ ਹਿੰਦੂ, ਸਿੱਖ ਤੇ ਮੁਸਲਮਾਨ ਖੁਸ਼ੀ ਮਨਾ ਰਹੇ ਸਨ, ਉਸ ਵੇਲੇ ਜਮਨਾ ਤੋਂ ਲਗਕੇ ਦਰਿਆ ਅਟਕ ਤਕ ਪੰਜਾਬ ਤੇ ਸਿੰਧ ਸਾਰਾ ਸੜ ਰਿਹਾ ਸੀ। ਮਾਸੂਮ ਬੱਚੇ ਭੁੱਖੇ, ਰਾਹਾਂ ਦੀ ਥਕਾਵਟ, ਫਿਰਕੂ ਭੂਤ ਦੀ ਖੰਜਰ ਅਤੇ ਲਾਲਚ ਦੀ ਤਲਵਾਰ ਨਾਲ ਬੇਦਰਦੀ ਨਾਲ ਮਾਰੇ ਜਾ ਰਹੇ ਸਨ। ਕੁਵਾਰੀਆਂ ਤੇ ਵਿਆਹੀਆਂ ਦੇਵੀਆਂ ਦੇ ਸਤ ਲੁਟਣ ਵਿਚ ਰਤਾ ਗ਼ੁਰੇਜ਼ ਨਹੀਂ ਸੀ ਕੀਤਾ ਜਾਂਦਾ। ਲਹੂ ਦੀਆਂ ਨਦੀਆਂ ਵਹਿ ਰਹੀਆਂ ਸਨ ਪਰ ਮਕਾਨ ਛੱਡੇ ਜਾ ਰਹੇ ਸਨ। ਆਪਣਿਆਂ ਨੂੰ ਦਸ਼ਮਨ ਤੇ ਦੁਸ਼ਮਨਾਂ ਨੂੰ ਮਿਤ੍ਰ ਜਾਣਿਆ ਜਾ ਰਿਹਾ ਸੀ....। ਜਨਤਾ ਦੀ ਕੁਰਲਾਹਟ ਦਿੱਚ ਜਵਾਹਰ ਲਾਲ ਤੇ ਬਲਦੇਵ ਸਿੰਘ ਰੇਡੀਓ ਉਤੇ ਲੰਮੀਆਂ ਤਕਰੀਰਾਂ ਕਰ ਰਹੇ ਸਨ। ਉਨ੍ਹਾਂ ਦੇ ਐਲਾਨ, ਉਨ੍ਹਾਂ ਦੀਆਂ ਬੋਲੀਆਂ ਨੂੰ ਹਿੰਦ ਦੇ ਚੰਦ ਸਰਮਾਏਦਾਰ, ਜਾਗੀਰਦਾਰ. ਰਾਜੇ ਤੇ ਸੁਖਾਂ ਵਿੱਚ ਵਸਣ ਵਾਲੇ ਮੁੱਠੀ-ਭਰ ਲੋਕ ਸੁਣ ਰਹੇ ਸਨ। ਉਨ੍ਹਾਂ ਦੇ ਘਰ ਦੀਵਾਲੀ ਸੀ। ਪੰਜਾਬੀ ਜਨਤਾ ਦੀ ਇੱਜ਼ਤ, ਇਤਫਾਕ, ਜਾਨ ਤੇ ਮਾਲ ਦੀ ਚਿੱਖਾ ਬਲ ਰਹੀ ਸੀ। ਇਉਂ ਹਿੰਦ ਆਜ਼ਾਦ ਹੋਇਆ।

ਹੁਣ ਹਿੰਦ ਆਜ਼ਾਦ ਹੈ ਕਿ ਗੁਲਾਮ?

ਇਸ ਸੁਵਾਲ ਦਾ ਜੁਵਾਬ ਹਿੰਦ ਦੀ ਗਰੀਬ ਜਨਤਾ ਕੋਲੋਂ ਪੁੱਛੋ, ਜਿਸ ਬਦਲੇ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਫਾਹੇ ਲਗੇ। [1]

ਤ੍ਰਿਲੋਕ ਸਿੰਘ

([1] ਆਜ਼ਾਦੀ ਘੋਲ ਦੀ ਇਸ ਮੁਖਤਸਰ ਕਹਾਣੀ ਨੂੰ ਲਿਖਣ ਵਾਸਤੇ ਮੈਂ ਇਨ੍ਹਾਂ ਪੁਸਤਕਾਂ ਤੋਂ ਸਹੈਤਾ ਲਈ ਹੈ:-

(੧) ਕਾਂਗਰਸ ਦਾ ਇਤਿਹਾਸ (ਅੰਗ੍ਰੇਜ਼ੀ) ਲੇਖਕ ਡਾਕਟਰ ਪਟਾਬਾਈ ਸੀਤਾਰਾਮੀਆ ਜੀ।
(੨) ਕੂਕਿਆਂ ਦੀ ਵਿਥਿਆ, ਪ੍ਰੋਫੈਸਰ ਗੰਡਾ ਸਿੰਘ ਜੀ।
(੩) ਜੀਵਨ ਭਾਈ ਸ: ਭਾਈ ਮੋਹਨ ਸਿੰਘ ਜੀ ਵੈਦ, ਲੇਖਕ ਮੁਨਸ਼ਾ ਸਿੰਘ ਜੀ ਦੁੱਖੀ।
(੪) ਸ਼ਹੀਦੀ ਜੀਵਨ (ਨਨਕਾਣਾ ਸਾਹਿਬ ਦੇ) ਸ਼ਹੀਦ ਲੇਖਕ ਗੁਰਬਖਸ਼ ਸਿੰਘ ਜੀ 'ਸ਼ਮਸ਼ੇਰ' ਝਬਾਲੀਆ'।
(੫)'ਅਕਾਲੀ ਲਹਿਰ' ਸ: ਪ੍ਰਤਾਪ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।)

ਸ਼ਹੀਦ ਭਗਤ ਸਿੰਘ : ੧.

ਹੋਲੀਆਂ ਦੀਆਂ ਛੁਟੀਆਂ ਦੇ ਕਾਰਨ ਕਾਲਜ ਬੰਦ ਸਨ। ਨੈਸ਼ਨਲ ਕਾਲਜ ਲਾਹੌਰ ਦੇ ਕੁਝ ਵਿਦਿਆਰਥੀ ਦਰਿਆ ਰਾਵੀ ਦੇ ਕੰਢੇ ਬੈਠੇ ਹੋਏ ਸਨ। ਠੰਢ ਘਟ ਹੋਣ ਕਰਕੇ ਮੌਸਮ ਬਹਾਰ ਦਾ ਸੀ। ਨਾ ਧੁੱਪ ਚੁਭਦੀ ਸੀ ਤੇ ਨਾ ਸੀਤ ਸਤਾਉਂਦੀ ਸੀ। ਸਾਰੇ ਵਿਦਿਆਰਥੀਆਂ ਨੇ ਰਾਵੀ ਦੇ ਸੀਤਲ ਜਲ ਵਿਚ ਇਸ਼ਨਾਨ ਕਰਕੇ ਤਨ ਨੂੰ ਠੰਢਿਆਂ ਕੀਤਾ ਤੇ ਮਨ ਨੂੰ ਉਤਸ਼ਾਹੀ ਬਣਾਇਆ ਸੀ।

ਉਹ ਵਿਦਿਆਰਥੀ ਗਿਣਤੀ ਵਿੱਚ ਸਤ ਸਨ। ਕੁਝ ਨੇ ਪੂਰੇ ਲੀੜੇ ਪਾ ਲਏ ਸੀ ਤੇ ਕੁਝ ਅੱਧ ਪਚੱਧੇ ਵਿੱਚ ਹੀ ਬੈਠੇ ਹੋਏ ਵਿਚਾਰਾਂ ਕਰ ਰਹੇ ਸਨ। ਉਨ੍ਹਾਂ ਦਾ ਆਗੂ ਭਗੌਤੀ ਚਰਨ ਸੀ। ਭਗੌਤੀ ਚਰਨ ਦੇ ਲਾਗੇ ਸੁਖ ਦੇਵ, ਯਸ਼ਪਾਲ, ਰਾਮ ਕ੍ਰਿਸ਼ਨ, ਤੀਰਥ ਰਾਮ ਬੈਠੇ ਸਨ ਤੇ ਸਾਹਮਣੇ ਭਗਤ ਸਿੰਘ ਬੈਠਾ ਸੀ। ਭਗਤ ਸਿੰਘ ਦੇ ਕੋਲ ਹੀ ਸਰਦੂਲ ਸਿੰਘ ਬਰਾਜਮਾਨ ਸੀ।

ਸਾਰਿਆਂ ਨਾਲੋਂ ਛੋਟੀ ਉਮਰ ਵਾਲਾ ਭਗਤ ਸਿੰਘ ਸੀ, ਗੋਰਾ ਰੰਗ, ਨਕਸ਼ ਤਿੱਖੇ ਅਤੇ ਮਲੂਕੜਾ ਜਿਹਾ ਤਨ ਸੀ| ਪਰ ਅੱਖਾਂ ਦੀ ਜੋਤ ਤੇ ਚੇਹਰੇ ਦਾ ਖੇੜਾ ਪ੍ਰਗਟ ਕਰ ਰਹੇ ਸਨ ਕਿ ਉਹ ਇਕ ਹੋਣਹਾਰ ਗਭਰੂ ਸੀ। ਉਸ ਦੀ ਆਤਮਾ ਬਲਵਾਨ ਤੇ ਦ੍ਰਿੜ-ਵਿਸ਼ਵਾਸ ਵਾਲੀ ਸੀ। ਕੁਝ ਕਰਨ ਦਾ ਦਾ ਚਾਅ ਅਟੁਟ ਸੀ।

ਉਮਰ ਦਾ ਸੋਹਲਵਾਂ ਸਾਲ ਵੀ ਅਜੇ ਪਰਾ ਨਹੀਂ ਹੋਇਆ ਸੀ, ਜਨਮ ੧੯੦੭ ਈ: ਵਿਚ ਪਰ ਗਲ-ਬਾਤ ਤੇ ਚੇਹਰੇ ਦੇ ਪ੍ਰਭਾਵ ਤੋਂ ਚੰਗਾ ਸਿਆਣਾ ਪ੍ਰਤੀਤ ਹੁੰਦਾ ਸੀ। ਮੋਟੀਆਂ ਅੱਖਾਂ ਵਿਚ ਮਸਤੀ ਤੇ ਖਿੱਚ ਸੀ।

ਉਹ ਸਰਦਾਰ ਕਿਸ਼ਨ ਸਿੰਘ ਬੰਗਾ ਜ਼ਿਲਾ ਲਾਇਲਪੁਰ[1] ਵਾਸੀ ਦਾ ਸਪੁਤਰ ਅਤੇ ਮਸ਼ਹੂਰ ਦੇਸ਼ ਭਗਤ ਸਰਦਾਰ ਅਜੀਤ ਸਿੰਘ ਜੀ ਜਲਾਵਤਨ ਦਾ ਭਤੀਜਾ ਸੀ। ਉਪਰੋਕਤ ਸਾਥੀਆਂ ਦੇ ਨਾਲ ਨੈਸ਼ਨਲ ਕਾਲਜ ਬੀ.ਏ. ਵਿੱਚ ਪੜ੍ਹਦਾ ਸੀ।

([1] ਸ: ਕਿਸ਼ਨ ਸਿੰਘ ਜੀ ਦਾ ਪਿਛਲਾ ਪਿੰਡ ਖਟਖੜ ਕਲਾਂ ਜ਼ਿਲਾ ਜਲੰਧਰ ਹੈ। ਲਾਇਲਪੁਰ ਵਿੱਚ ਮੁਰੱਬੇ ਸਨ।)

".......ਮਿਤ੍ਰੋ! ਅਗਲੇ ਮਹੀਨੇ ਇਮਤਿਹਾਨ ਹੋ ਜਾਣੇ ਨੇ। ਬੀ. ਏ. ਪਾਸ ਕਰਕੇ ਅਸਾਂ ਸਾਰਿਆਂ ਨੇ ਕਾਲਜ ਨੂੰ ਛੱਡ ਦੇਣਾ ਹੈ।" ਭਗੌਤੀ ਚਰਨ ਬੋਲਿਆ, "..........ਕਾਲਜ ਛੱਡਣ ਪਿਛੋਂ ਅਸਾਂ ਜੀਵਨ-ਸੰਗ੍ਰਾਮ ਵਿੱਚ ਦਾਖਲ ਹੋਣਾ ਹੈ। ਇਹ ਵੀ ਆਪ ਨੂੰ ਪਤਾ ਹੈ ਕਿ ਅਸਾਂ ਦਾ ਜੀਵਨ ਮਨੋਰਥ ਦੂਸਰਿਆਂ ਨਾਲੋਂ ਵਖਰਾ ਹੈ।.... ਕੋਈ ਜੁਆਨ ਹੋਕੇ, ਜਾਂ ਪੜ੍ਹਕੇ ਜਦੋਂ ਇਸ ਦੁਨੀਆਂ ਨਾਲ ਰਲਦਾ ਹੈ ਤਾਂ ਉਸ ਦੇ ਜੀਵਨ ਮਨੋਰਥ ਹੁੰਦਾ ਹੈ: ਧਨ ਕਮਾਉਣਾ, ਬਾਲ-ਬੱਚੇ ਤੇ ਪ੍ਰਵਾਰ ਦੇ ਜੀਆਂ ਨੂੰ ਪਾਲਣਾ, ਸਮਾਜ ਦੇ ਅਸੂਲਾਂ ਉਤੇ ਚਲ ਕੇ ਆਂਢੀਆਂ ਗੁਵਾਂਢੀਆਂ ਨੂੰ ਖੁਸ਼ ਰਖਣਾ।....

ਨੈਸ਼ਨਲ ਕਾਲਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸਾਂ ਵਿਚੋਂ ਵੀ ਬਹੁਤਿਆਂ ਦਾ ਜੀਵਨ ਦ੍ਰਿਸ਼ਟੀ-ਕੋਨ ਏਹੋ ਜਿਹਾ ਹੀ ਹੋਵੇ। ਪਰ ਨੈਸ਼ਨਲ ਕਾਲਜ ਵਿੱਚ ਦਾਖਲ ਹੋਕੇ ਅਸੀਂ ਸਿਪਾਹੀ ਬਣੇ ਹਾਂ। ਗੁਲਾਮ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜੱਦੋ-ਜਹਿਦ ਕਰਨ ਦੀ ਸੌਂਹ ਖਾਧੀ ਹੈ। ਅੰਗ੍ਰੇਜ਼ੀ ਸਾਮਰਾਜ ਦਾ ਹਿੰਦ ਵਿਚੋਂ ਖਾਤਮਾ ਕਰਕੇ, ਏਥੇ ਸਮਾਜ-ਵਾਦੀ ਰਾਜ ਪ੍ਰਬੰਧ ਕਾਇਮ ਕਰਨਾ ਹੈ।..... ਇਸ ਵਾਸਤੇ ਅਸੀਂ ਸੈਨਿਕ ਹਾਂ। ਜ਼ਿੰਦਗੀਆਂ ਨੂੰ ਖਤਰੇ ਵਿਚ ਪਾਉਣਾ ਹੈ। ਇਕ ਸੰਨਿਆਸੀ ਦੀ ਤਰ੍ਹਾਂ ਸੰਸਾਰਕ ਖੁਸ਼ੀਆਂ ਤੇ ਪਦਾਰਥਾਂ ਨੂੰ ਤਿਆਗਣਾ ਹੈ।....... ਰਾਤ ਤੇ ਦਿਨ ਵਿੱਚ ਕੋਈ ਫਰਕ ਨਾ ਸਮਝਕੇ ਹਰੇ ਖੇਤਾਂ, ਆਬਾਦੀਆਂ, ਜੰਗਲਾਂ ਤੇ ਮਾਰੂ-ਥਲਾਂ ਵਿੱਚ ਅਜ਼ਾਦੀ ਦੇ ਦੀਵਾਨੇ ਹੋਕੇ ਉਸੇ ਤਰ੍ਹਾਂ ਨਸੇ ਫਿਰਨਾ ਹੈ ਜਿਵੇਂ ਕਦੀ ਸੱਸੀ, ਪੁੰਨੂੰ ਦੇ ਵਿਛੋੜੇ ਵਿੱਚ 'ਪੁੰਨੂੰ ਪੁੰਨੂੰ' ਪੁਕਾਰਦੀ ਹੋਈ ਮਾਰੂ-ਥੱਲਾਂ ਦਾ ਭਿਆਨਕ ਪੰਧ ਨੰਗੀ ਪੈਰੀਂ ਹੀ ਮੁਕਾਣ ਵਾਸਤੇ ਘਰੋਂ ਨੱਠ ਉਠੀ ਸੀ। ਅਗੇ ਅਗੇ ਗਈ। ਪਿਛੇਨਾ ਮੁੜਕੇ ਦੇਖਿਆ। ਥਲ ਤੇ ਲਮੇਰੇ ਪੰਧ ਦੀ ਥਕਾਵਟ ਅਤੇ ਸੂਰਜ ਦੀ ਗਰਮੀ ਨੇ ਜਦੋਂ ਉਸ ਨੂੰ ਨਿਰਬਲ ਕਰਕੇ ਉਸ ਦਾ ਦਮ ਘੁਟਿਆਂ ਤਾਂ ਉਹ ਮੂੰਹ ਦੇ ਭਾਰ ਡਿੱਗ ਪਈ, ਡਿਗਦੀ ਦੇ ਹੱਥ ਅੱਗੇ ਨੂੰ ਗਏ।....... ਏਸੇ ਤਰ੍ਹਾਂ ਮਿਤ੍ਰੋ! ਆਜ਼ਾਦੀ ਦੀ ਲੜਾਈ ਵਿੱਚ ਕੁਦ ਕੇ ਚੌੜੀ ਹਿੱਕ ਵਿੱਚ ਗੋਲੀ ਖਾਣੀ ਪਵੇਗੀ,....... ਮੈਦਾਨੇ ਜੰਗ ਵਿੱਚ ਦਸ਼ਮਨ ਨਾਲ ਲੜਦਿਆਂ ਹੋਇਆਂ ਜਦੋਂ ਡਿਗਣਾ ਪਵੇ ਤਾਂ ਦੁਸ਼ਮਨ ਦੇ ਪਾਸੇ ਹੀ ਡਿਗਣਾ ਹੋਵੇਗਾ। ਜਿਸ ਨੇ ਦੁਸ਼ਮਨ ਨੂੰ ਪਿੱਠ ਦਿਖਾਉਣੀ ਹੈ, ਉਹ ਪਹਿਲਾਂ ਹੀ ਮੈਦਾਨੇ-ਜੰਗ ਵਲ ਪੈਰ ਨਾ ਪੁੱਟੇ।..... ਜੇਹਲ ਦੀਆਂ ਨਰਕੀ ਕੋਠੜੀਆਂ ਵਿਚ ਆਸਨ ਲਾਉਣੇ ਪੈਣਗੇ, ਸ਼ਾਇਦ ਫਾਂਸੀ ਦੇ ਰੱਸੇ ਨੂੰ ਵੀ ਆਪਣੇ ਗਲੇ ਪਵਾਉਣਾ ਪਵੇ।..... ਮਿਤ੍ਰੋ! ਸੋਚ ਲਵੋ! ਔਖੇ ਜੀਵਨ ਪੰਧ ਪੈਣ ਤੋਂ ਪਹਿਲਾਂ ਸੋਚਣਾ ਹੋਵੇਗਾ। ਹੋਰ ਤਿਆਰੀ ਕਰਨੀ ਪਵੇਗੀ....... ਦੁਸ਼ਮਨ ਬਲਵਾਨ ਹੈ। ਲੜਾਈ ਦੇ ਸਾਮਾਨ, ਮਨੁੱਖ ਬਲ ਅਤੇ ਦੇਸ਼-ਭਗਤਾਂ ਨੂੰ ਕੁਚਲਣ ਵਾਲੇ ਉਸ ਕੋਲ ਬੇਅੰਤ ਵਸੀਲੇ ਹਨ.... ਅਸਾਂ ਕੋਲ ਕੋਈ ਚੀਜ਼ ਹੈ ਤਾਂ ਉਹ ਦ੍ਰਿੜ-ਵਿਸ਼ਵਾਸ ਤੇ ਕੁਰਬਾਨੀ ਕਰਨ ਦਾ ਹੌਂਸਲਾ।"

ਭਗੌਤੀ ਚਰਨ ਦੇ ਇਸ ਲਮੇਰੇ ਪ੍ਰਚਾਰ ਨੂੰ ਸੁਣ ਕੇ ਸੁਖਦੇਵ ਬੋਲਿਆ— "ਸਾਥੀ! ਇਹ ਸਿਖਿਆ ਅਸੀਂ ਚੰਗੀ, ਤਰਾਂ ਚੇਤੇ ਕਰ ਬੈਠੇ ਹਾਂ।..... ਦੁਸ਼ਮਨ ਕੋਲੋਂ ਭੈ ਨਹੀਂ ਆਉਂਦਾ। ਮੌਤ ਦੇ ਪਿਛੇ ਅਸੀਂ ਚੰਗੇਰੇ ਜੀਵਨ ਦਾ ਪ੍ਰਛਾਵਾਂ ਦੇਖ ਰਹੇ ਹਾਂ।....... ਭਾਰਤ ਮਾਤਾ ਨੂੰ ਸੁਤੰਤ੍ਰ ਕਰਨ ਬਦਲੇ ਸਾਰੇ ਸੁਖ ਤੇ ਜੀਵਨ ਵਾਰ ਸੁਟਾਂਗੇ।..... ਹੁਣ ਸਿਰਫ਼ ਏਹ ਦਸੰ ਕਿ ਕਾਲਜ ਛਡ ਕੇ ਕਿਧਰ ਚਲੀਏ? ਲੜਾਈ ਲੜਨ ਦੀ ਕਿਹੜੀ ਵਿਉਂਤ ਹੈ? ਕਿਵੇਂ ਸੈਨਾ ਇਕਤ੍ਰ ਕੀਤੀ ਜਾਵੇ?"

ਭਗੌਤੀ ਚਰਨ—"ਕਾਲਜ ਛਡ ਕੇ ਆਪੋ ਆਪਣੇ ਘਰਾਂ ਨੂੰ ਨਹੀਂ ਜਾਣਾ।.... ਮਿਥੇ ਪ੍ਰੋਗ੍ਰਾਮ ਅਨੁਸਾਰ ਲੋਕਾਂ ਵਿਚ ਫਿਰਨਾ ਹੈ।..... ਚੰਗੇਰੀ ਸੂਝ-ਬੂਝ ਵਾਲੇ ਨੌਜਵਾਨਾਂ ਨੂੰ ਪਰੇਰਕੇ ਸੈਨਿਕ ਬਣਾਉਣਾ ਹੈ। ਸੁਤੀ ਜਨਤਾ ਨੂੰ ਲਿਖਤ ਤੇ ਗਲਬਾਤੀ ਢੰਗ ਨਾਲ ਜਗਾਉਣਾ ਹੈ। ਮਿਤ੍ਰੋ! ਭਾਰਤ ਮਾਤਾ ਦੇ ਉਹ ਸਪੂਤ ਜੋ ਸ਼ਹੀਦ ਹੋ ਚੁਕੇ ਨੇ ਉਨ੍ਹਾਂ ਦੀਆਂ ਰੂਹਾਂ ਅਸਾਂ ਨੂੰ ਪੁਕਾਰ ਪੁਕਾਰਕੇ ਕਹਿ ਰਹੀਆਂ ਨੇ—"ਹਿੰਦੀ ਨੌ-ਜੁਆਨੋ ਉਠੋ! ਗੁਲਾਮ ਦੇਸ਼ ਨੂੰ ਸੁਤੰਤ੍ਰ ਕਰੋ!" ਜੇਹੜੇ, ਵੀਰ ਜੇਹਲਾਂ ਦੀਆਂ ਕੋਠੜੀਆਂ ਵਿਚ ਦੁਖ ਸਹਿ ਰਹੇ ਨੇ ਉਨ੍ਹਾਂ ਨੂੰ ਵੀ ਆਸ ਹੈ ਕਿ ਨੌਜੁਆਨ ਕਦੀ ਉਨ੍ਹਾਂ ਨੂੰ ਜੇਹਲਾਂ ਦੀਆਂ ਕਾਲ ਕੋਠੜੀਆਂ ਵਿਚੋਂ ਆਜ਼ਾਦ ਕਰਾਉਣਗੇ। ਜੋ ਕਾਲੇ ਪਾਣੀ ਦੀਆਂ ਪਹਾੜੀਆਂ ਵਿਚ ਡੱਕੇ ਹੋਏ ਨੇ ਉਹ ਵਤਨ ਆਉਣ ਲਈ ਤਾਂਘ ਰਹੇ ਨੇ। ਸ੍ਰਦਾਰ ਅਜੀਤ ਸਿੰਘ ਜੀ[1], ਰਾਸ ਬਿਹਾਰੀ ਬੋਸ, ਸੂਫੀ ਅੰਬਾ ਪ੍ਰਸ਼ਾਦ ਆਦਿਕ ਵੀਰ ਜਿਹੜੇ ਪ੍ਰਦੇਸ਼ਾਂ ਵਿਚ ਨੇ ਉਨ੍ਹਾਂ ਦੀ ਵੀ ਇਛਾ ਹੈ ਕਿ ਉਹ ਸੁਤੰਤ੍ਰ ਭਾਰਤ ਵਿਚ ਜਾ ਕੇ ਮੁੜ ਵਸਣ......।"

([1] ਹਿੰਦੁਸਤਾਨ ਦੇ ਆਜ਼ਾਦ ਹੋਣ ਤੇ ਸ: ਅਜੀਤ ਸਿੰਘ ਜੀ ਹਿੰਦੁਸਤਾਨ ਵਾਪਸ ਆਏ ਸਨ, ਪਰ ਕੁਝ ਦੇਰ ਬਾਅਦ ਚਲਾਣਾ ਕਰ ਗਏ ਸਨ।)

ਭਗਤ ਸਿੰਘ—"ਪਹਿਲਾਂ ਸਰਕਾਰ ਨਾਲ ਟਕਰ ਕਿਵੇਂ ਲਈ ਜਾਵੇ?"

ਭਗੌਤੀ ਚਰਨ—"ਆਮ ਲੋਕਾਂ ਵਿਚ ਪ੍ਰਚਾਰ ਕੀਤਾ ਜਾਵੇ, ਹਕੂਮਤ ਦੇ ਵਿਰੁੱਧ ਜਲੂਸ ਕਢੇ ਜਾਣ, ਜਲਸੇ ਕੀਤੇ ਜਾਣ ਜੇਹੜੀਆਂ ਵੀ ਲਹਿਰਾਂ ਹਕੂਮਤ ਨਾਲ ਟੱਕਰ ਵਾਲੀਆਂ ਹਨ, ਉਨ੍ਹਾਂ ਵਿਚ ਕੰਮ ਕੀਤਾ ਜਾਵੇ।"

ਭਗਤ ਸਿੰਘ—"ਜਥੇਬੰਦੀ ਕਿਹੜੀ ਵਿਚ ਭਰਤੀ ਹੋਇਆ ਜਾਵੇ?"

ਭਗੌਤੀ ਚਰਨ—"ਕਾਂਗ੍ਰਸ ਬੁਢਿਆਂ ਦੀ ਜਥੇਬੰਦੀ ਹੈ। ਇਹ ਸੁਧਾਰਵਾਦੀ ਹਨ, ਇਨ੍ਹਾਂ ਲਹਿਰਾਂ ਚਲਾਉਂਣੀਆਂ ਤੇ ਬੰਦ ਵੀ ਕਰਨੀਆਂ ਨੇ। ਨਵੀਂ ਇਨਕਲਾਬੀ ਜਥੇਬੰਦੀ ਕਾਇਮ ਕੀਤੀ ਜਾਵੇਗੀ। ਨੌਜੁਆਨਾਂ ਨੂੰ ਭਰਤੀ ਕੀਤਾ ਜਾਵੇਗਾ, ਉਨ੍ਹਾਂ ਨੌਜੁਆਨਾਂ ਨੂੰ ਜੋ ਵਤਨ ਬਦਲੇ ਆਪਾ ਵਾਰਨ ਵਾਲੇ ਹੋਣ।"

ਭਗਤ ਸਿੰਘ—"ਫਿਰ ਗਲ ਇਹ ਹੈ ਕਿ ਮੈਨੂੰ ਕੋਈ ਟਕਾਣਾ ਦਸੋ ਜਿਥੇ ਮੈਂ ਜਾਕੇ ਕੰਮ ਕਰਾਂ। ਇਮਤਿਹਾਨ ਦੇਕੇ ਮੈਂ ਕਾਲਜ ਵਿਚੋਂ ਹੀ ਕਿਧਰੇ ਚਲੇ ਜਾਣਾ ਹੈ।"

ਭਗੌਤੀ ਚਰਨ—"ਸਾਰਿਆਂ ਹੀ ਕਾਲਜ ਵਿਚੋਂ ਨਿਕਲ ਕੇ ਕਿਧਰੇ ਨਾ ਕਿਧਰੇ ਜਾਣਾ ਹੈ।"

ਭਗਤ ਸਿੰਘ—"ਮੇਰੀ ਖਾਸ ਗਲ ਹੈ।"

ਭਗੌਤੀ ਚਰਨ—"ਉਹ ਕੀ?"

ਭਗਤ ਸਿੰਘ—"ਮੇਰੇ ਘਰ ਦੇ ਮੇਰੇ ਵਿਆਹ ਦਾ ਬੰਦੋਬਸਤ ਕਰ ਰਹੇ ਨੇ। ਪਰ ਮੈਂ ਵਿਆਹ ਨਹੀਂ ਕਰਾਉਣਾ। ਪੱਕਾ ਫੈਸਲਾ ਕਰ ਚੁਕਾ ਹਾਂ ਕਿ ਜਿੰਨਾ ਚਿਰ ਦੇਸ਼ ਸੁਤੰਤ੍ਰ ਤੇ ਖੁਸ਼ਹਾਲ ਨਹੀਂ ਹੋ ਜਾਂਦਾ ਉਨਾ ਚਿਰ ਨਾ ਘਰ ਬੈਠਾਂਗਾ ਤੇ ਨਾ ਗ੍ਰਹਿਸਤ ਦੇ ਝੰਬੇਲੇ ਵਿਚ ਫਸਾਂਗਾ।"

ਯਸ਼ਪਾਲ—"ਤੇਰੇ ਤਾਂ ਘਰ ਦੇ ਬਹੁਤ ਸਿਆਣੇ ਹਨ। ਵਤਨ ਦੀ ਖਾਤਰ ਸਾਰੇ ਸੁਖ ਕੁਰਬਾਨ ਕਰ ਰਹੇ ਨੇ। ਉਹ ਕਿਵੇਂ ਤੇਰੀ ਮਰਜੀ ਦੇ ਵਿਰੁਧ ਚਲਣਗੇ?"

ਭਗਤ ਸਿੰਘ—"ਮੇਰੇ ਮਾਤਾ ਪਿਤਾ ਤੇ ਬਾਕੀ ਦਾ ਪ੍ਰਵਾਰ ਮੈਨੂੰ ਬਹੁਤ ਪਿਆਰਦਾ ਹੈ। ਉਹ ਪਿਆਰ ਦਾ ਫਲ ਏਹੋ ਸਮਝਦੇ ਨੇ ਕਿ ਮੈਂ ਕਿਸੇ ਚੰਗੇ ਘਰਾਣੇ ਵਿਚ ਛੇਤੀ ਤੋਂ ਛੇਤੀ ਵਿਆਹਿਆ ਜਾਵਾਂ।"

ਸੁਖਦੇਵ—"ਉਨ੍ਹਾਂ ਨੂੰ ਸ਼ਾਇਦ ਇਹ ਵੀ ਚਿੰਤਾ ਹੋਵੇ ਕਿ ਆਪਣੇ ਚਾਚੇ ਵਾਂਗ ਤੂੰ ਵੀ ਇਨਕਲਾਬੀ ਨਾ ਬਣ ਜਾਵੇਂ। ਇਨਕਲਾਬੀ ਰੁਚੀਆਂ ਨੂੰ ਰੋਕਣ ਵਾਸਤੇ ਹੀ ਉਹ ਗ੍ਰਹਿਸਤ ਦਾ ਬੰਨ੍ਹਣ ਨਾ ਪਾਉਣਾ ਚਾਹੁੰਦੇ ਹੋਣ?"

ਭਗਤ ਸਿੰਘ—"ਇਹ ਵੀ ਹੋ ਸਕਦਾ ਹੈ?"

ਭਗੌਤੀ ਚਰਨ—"ਕੋਈ ਫਿਕਰ ਦੀ ਗਲ ਨਹੀਂ! ਮੇਰੇ ਮਿਤ੍ਰ ਕਾਹਨਪੁਰ ਹਨ। ਇਮਤਿਹਾਨ ਦੇ ਮੁਕਣ ਪਿਛੋਂ ਤੈਨੂੰ ਉਥੇ ਭੇਜ ਦਿਤਾ ਜਾਵੇਗਾ। ਉਨ੍ਹਾਂ ਦੇ ਨਾਲ ਰਲ ਕੇ ਜਦੋ-ਜਹਿਦ ਕਰਨੀ। ਇਹ ਜ਼ਰੂਰੀ ਨਹੀਂ ਪੰਜਾਬ ਵਿਚ ਹੀ ਕੰਮ ਕੀਤਾ ਜਾਵੇ। ਅੰਗ੍ਰੇਜ਼ ਸਾਮਰਾਜ ਦਾ ਖਾਤਮਾ ਤਾਂ ਸਾਰੇ ਹਿੰਦ ਵਿਚੋਂ ਹੀ ਕਰਨਾ ਹੈ।"

ਸਰਦੂਲ ਸਿੰਘ—"ਅੰਗ੍ਰੇਜ਼ ਦੇ ਯਾਰਾਂ ਦੇਸੀ ਰਾਜਿਆ ਦਾ ਵੀ ਬੋਰੀਆ ਬਿਸਤਰਾ ਵਲ੍ਹੇਟਣਾ ਹੈ। ਦੇਸ ਵਿਚ ਜਿੰਨਾ ਚਿਰ ਲੋਕ-ਰਾਜ ਕਾਇਮ ਨਹੀਂ ਹੁੰਦਾ ਉੱਨਾ ਚਿਰ ਆਮ ਮਨੁੱਖ ਸਾਹ ਨਹੀਂ ਲੈ ਸਕਦਾ।"

ਯਸ਼ਪਾਲ—"ਬਿਲਕੁਲ ਠੀਕ!"

ਭਗੌਤੀ ਚਰਨ—"...ਹਾਂ! ਭਗਤ ਸਿੰਘ ਕਾਹਨਪੁਰ ਗਨੇਸ਼ ਸ਼ੰਕਰ ਜੀ ਵਿਦਿਆਰਥੀ ਹਨ, 'ਪ੍ਰਤਾਪ ਪ੍ਰੈਸ' ਉਨ੍ਹਾਂ ਦਾ ਹੈ, ਉਨ੍ਹਾਂ ਕੋਲ ਪੁਜ ਜਾਣਾ।"

ਭਗਤ ਸਿੰਘ—"ਬਹੁਤ ਹੱਛਾ!"

ਇਸ ਤਰਾਂ ਵਿਚਾਰਾਂ ਹੁੰਦੀਆਂ ਰਹੀਆਂ, ਭਵਿਖਤ ਦੇ ਪ੍ਰੋਗ੍ਰਾਮ ਬਣਦੇ ਰਹੇ। ਹੌਲੀ ਹੌਲੀ ਸੂਰਜ ਪਛਮ ਵਿਚ ਲੁਕ ਗਿਆ। ਉਸ ਦੀਆਂ ਅੰਤਮ ਲਾਲ ਕਿਰਨਾਂ ਵੀ ਅਲੋਪ ਹੋ ਗਈਆਂ। ਸਤਾਂ ਹੀ ਨੌ-ਜੁਆਨਾਂ ਨੇ ਸਾਰਾ ਦਿਨ ਰਾਵੀ ਕੰਢੇ ਬਤੀਤ ਕੀਤਾ ਚੰਗੇ ਹਨੇਰੇ ਉਠੇ ਤੇ ਲਾਹੌਰ ਸ਼ਹਿਰ ਨੂੰ ਆ ਗਏ।

ਸ਼ਹੀਦ ਭਗਤ ਸਿੰਘ : ੨.

ਜਿਵੇਂ ਮੁਢਲੀ ਕਥਾ ਵਿਚ ਇਹ ਦਸਣ ਦਾ ਯਤਨ ਕੀਤਾ ਗਿਆ ਕਿ ੧੮੮੬ ਤੋਂ ਕਾਂਗ੍ਰਸ, ਸਿੰਘ ਸਭਾ ਲਹਿਰ, ਗ਼ਦਰ ਪਾਰਟੀ, ਕੌਮਾਂਗਾਟਾ ਮਾਰੂ ਵਾਲੇ ਹਿੰਦੀ ਆਦਿਕ ਜਥੇਬੰਦੀਆਂ ਦੇ ਰਾਹੀਂ ਭਾਰਤ ਦੀ ਜਨਤਾ ਨੂੰ ਇਹ ਸੂਝ ਹੋ ਗਈ ਕਿ ਉਹ ਅੰਗ੍ਰੇਜ਼ੀ ਸਾਮਰਾਜ ਦੇ ਗੁਲਾਮ ਸਨ। ਗੁਲਾਮੀ ਦਾ ਜੀਵਨ ਚੰਗਾ ਨਹੀਂ, ਅਜ਼ਾਦੀ ਵਾਸਤੇ ਜਦੋ-ਜਹਿਦ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾਂ ਕੁਰਬਾਨੀ ਦਿਤੇ ਦੇ ਕਦੀ ਆਜ਼ਾਦੀ ਨਹੀਂ ਮਿਲਦੀ।

ਗੁਲਾਮੀ ਦੇ ਵਿਰੁਧ ਅਤੇ ਆਜ਼ਾਦੀ ਦੇ ਹੱਕ ਵਿਚ ਵਧ-ਫੁਲ ਰਹੇ ਵਲਵਲੇ ਨੂੰ ਦਬਾਉਣ ਵਾਸਤੇ ਅੰਗ੍ਰੇਜ਼ ਸਰਕਾਰ ਦੇ ਹੁਕਮ ਨਾਲ ਐਂਪੀਰੀਅਲ ਕੌਂਸਲ ਨੇ ੧੮ ਮਾਰਚ ੧੯੧੯ ਨੂੰ ਰੌਲਟ ਬਿਲ ਪਾਸ ਕਰਕੇ ਕਾਨੂੰਨ ਬਣਾ ਦਿਤਾ। ਇਸ ਦੇ ਰੋਸ ਵਜੋਂ ਪੰਡਿਤ ਮੋਤੀ ਲਾਲ ਨਹਿਰੂ ਤੇ ਉਸ ਦੇ ਸਾਥੀ ਐਂਪੀਰੀਅਲ ਕੌਂਸਲ ਨੂੰ ਛੱਡ ਕੇ ਬਾਹਰ ਆ ਗਏ। ਪਸ਼ਾਵਰ ਤੋਂ ਬ੍ਰਹਮ ਪੁਤਰ ਹਿਮਾਲੀਯਾ ਤੋਂ ਰਾਸਕੁਮਾਰੀ ਤਕ ਸਾਰੇ ਸੂਝ ਬੂਝ ਵਾਲੇ ਨਰ ਨਾਰੀ ਨੇ ਇਸ ਕਾਨੂੰਨ ਨੂੰ ਮਾੜਾ ਜਾਤਾ। ਇਹ ਕਾਨੂੰਨ ਹਰ ਹਿੰਦੁਸਤਾਨੀ ਵਾਸਤੇ ਦੁਖ ਦਾ ਕਾਰਨ ਹੋ ਸਕਦਾ ਸੀ। ਮਹਾਤਮਾਂ ਗਾਂਧੀ ਨੇ ਇਸ ਕਾਨੂੰਨ ਦੇ ਵਿਰੁਧ ਸਤਿਆਗ੍ਰਹਿ ਕਰਨ ਦਾ ਫੈਸਲਾ ਕਰ ਲਿਆ।

ਉਸ ਸਮੇਂ ਪੰਜਾਬ ਦਾ ਗਵਰਨਰ ਸਰ ਮੀਚਲ ਉਡਵਾਇਰ ਸੀ। ਲੜਾਈ ਦੇ ਦਿਨਾਂ ਵਿਚ ਇਸ ਨੇ ਬਹੁਤ ਸਖਤੀਆਂ ਕੀਤੀਆਂ ਸਨ। ਮਾਵਾਂ ਦੇ ਜੁਆਨ ਪੁਤਰ ਜਬਰਨ ਭਰਤੀ ਕਰਕੇ ਲੜਾਈ ਵਲ ਤੋਰੇ ਸਨ। ਜੰਗੀ ਕਰਜ਼ੇ ਤੇ ਹੋਰ ਜੰਗੀ ਫੰਡਾਂ ਧੱਕੇ ਨਾਲ ਵਸੂਲ ਕੀਤੀਆਂ ਸਨ। ਪੁਲਸ ਤੇ ਫੌਜ ਨੂੰ ਬਹੁਤ ਖੁਲ੍ਹੇ ਅਖਤਿਆਰ ਦਿਤੇ ਹੋਏ ਸਨ। ਸਾਰੇ ਆਹਲਾ ਅਫਸਰ ਆਮ ਅੰਗ੍ਰੇਜ਼ ਸਨ ਜੇ ਕੋਈ ਦੇਸੀ ਅਫ਼ਸਰ ਹੈ ਵੀ ਸੀ ਤਾਂ ਉਹ ਗੋਰੇ ਅਫਸਰ ਨਾਲੋਂ ਵੀ ਕਰੜੇ ਤੇ ਖਰਵੇ ਸੁਭਾ ਵਾਲਾ ਸੀ। ਜਨਤਾ ਤ੍ਰਾਸ ਤ੍ਰਾਸ ਕਰਦੀ ਸੀ, ਅੰਗ੍ਰੇਜ਼ ਦੇ ਵਿਰੁਧ ਘਿਰਨਾ ਦੀ ਜੁਆਲਾ ਹਰ ਦਿਲ ਵਿਚ ਮਘ ਰਹੀ ਸੀ।

੬ ਅਪ੍ਰੈਲ ੧੯੧੯ ਨੂੰ ਸਾਰੇ ਪੰਜਾਬ ਵਿਚ ਮੁਕੰਮਲ ਹੜਤਾਲ ਹੋਈ। ਹਿੰਦੂ, ਸਿਖ ਤੇ ਮੁਸਲਮਾਨਾਂ ਨੇ ਮਿਲ ਕੇ ਹੜਤਾਲ ਕੀਤੀ। ਉਹ ਹੜਤਾਲ ਨਹੀਂ ਸੀ, ਸਭ ਜਾਤੀਆਂ ਦੇ ਮਿਲਾਪ ਦਾ ਇਕ ਬੇ-ਮਿਸਾਲ ਨਮੂਨਾ ਸੀ। ਉਸ ਹੜਤਾਲ ਬਾਰੇ ਗਵਰਨਰ ਨੇ ਰਾਏਜ਼ਾਦਾ ਹੰਸ ਰਾਜ ਨੂੰ ਪੁਛਿਆ ਕਿ ਇਸ ਹੜਤਾਲ ਦੇ ਪਿਛੇ ਕਿਹੜੀ ਤਾਕਤ ਹੈ? ਰਾਏਜ਼ਾਦਾ ਨੇ ਉੱਤਰ ਦਿਤਾ—"ਮੇਰੀ ਸਮਝ ਵਿਚ ਇਹ ਸਭ ਕੁਝ ਮਿਸਟਰ ਗਾਂਧੀ ਦੇ ਆਤਮਿਕ ਬਲ ਦਾ ਸਦਕਾ ਹੈ।"

ਰਾਏਜ਼ਾਦਾ ਹੰਸ ਰਾਜ ਕੋਲੋਂ ਇਹ ਉੱਤਰ ਸੁਣ ਕੇ ਓਡਵਾਇਰ ਬੜਾ ਕਰੋਧਵਾਨ ਹੋਇਆ, ਉਸ ਨੇ ਜ਼ੋਰ ਨਾਲ ਮੇਜ਼ ਉਤੇ ਮੁਕੀ ਮਾਰਦਿਆਂ ਹੋਇਆਂ ਆਖਿਆ, "ਰਾਏਜ਼ਾਦਾ ਸਾਹਿਬ! ਯਾਦ ਰੱਖੋ, ਏਧਰ ਗਾਂਧੀ ਦੇ ਆਤਮਕ ਬਲ ਨਾਲੋਂ ਬਹੁਤਾ ਬਲ ਹੈ।" ਇਨ੍ਹਾਂ ਸ਼ਬਦਾਂ ਨਾਲ ਹੀ ਓਡਵਾਇਰ ਨੇ ਇਹ ਫੈਸਲਾ ਕੀਤਾ ਕਿ ਕਿਵੇਂ ਵੀ ਹੋਵੇ ਉਹ ਆਜ਼ਾਦੀ ਜਾਗਰਤ ਤੇ ਵਤਨ ਪਿਆਰ ਦੇ ਵਲਵਲੇ ਨੂੰ ਕੁਚਲ ਸੁੱਟੇਗਾ ਹਿੰਦੁਸਤਾਨੀ ਉਤੇ ਤਰਸ ਕਰਨ ਨੂੰ ਮਹਾਂ ਪਾਪ ਸਮਝੇਗਾ।

ਉਸ ਵੇਲੇ ਐਜੀਟੇਸ਼ਨ ਦਾ ਵੱਡਾ ਕੇਂਦਰ ਅੰਮ੍ਰਿਤਸਰ ਸੀ। ਗਵਰਨਰ ਨੇ ਸਭ ਤੋਂ ਪਹਿਲਾਂ ਡਾਕਟਰ ਸਤਿਪਾਲ ਨੂੰ ਅੰਮ੍ਰਿਤਸਰ ਵਿਚ ਨਜ਼ਰਬੰਦ ਕਰਕੇ ਬੋਲਣ ਤੋਂ ਰੋਕ ਦਿੱਤਾ। ਕਿਸੇ ਜਲਸੇ, ਜਲੂਸ ਅਤੇ ਚਾਰ ਆਦਮੀ ਦੇ ਵਧ ਵਾਲੇ ਕਿਸੇ ਇਕੱਠ ਵਿਚ ਜਾਣ ਦੀ ਆਗਿਆ ਨਹੀਂ ਸੀ। ਕਿਸੇ ਅਖਬਾਰ ਨਵੀਸ ਨੂੰ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਸਨ ਦੇ ਸਕਦੇ। ਡਾਕਟਰ ਸਤਿਪਾਲ ਦੇ ਪਿਛੋਂ ਡਾਕਟਰ ਕਿਚਲੂ ਪੰਡਤ ਦੀਨਾ ਨਾਥ, ਕੋਟੂ ਮਲ ਅਤੇ ਸੁਆਮੀ ਅਨੋਭਾ ਅਨੰਦ ਨੂੰ ਵੀ ਓਹੋ ਜਹੇ ਹੁਕਮਾਂ ਨਾਲ ਨਜ਼ਰਬੰਦ ਕਰਕੇ ਪਾਬੰਦੀਆਂ ਲਾ ਦਿੱਤੀਆਂ। ਇਨ੍ਹਾਂ ਲੀਡਰਾਂ ਨਾਲ ਜਨਤਾ ਦਾ ਬਹੁਤ ਪਿਆਰ ਸੀ। ਲੀਡਰਾਂ ਦੀ ਨਜ਼ਰਬੰਦੀ ਨਾਲ ਜਲਸੇ ਜਲੂਸ ਰੋਕਣ ਦੀ ਥਾਂ ਸਗੋਂ ਵਧ ਗਏ। ਅੰਗਰੇਜ਼ ਨੌਕਰਸ਼ਾਹੀ ਦੇ ਵਿਰੁਧ ਲੋਕਾਂ ਦੇ ਗੁਸੇ ਦੀ ਜਵਾਲਾ ਬਹੁਤ ਪ੍ਰਚੰਡ ਹੋ ਗਈ। ਤੀਹ ਤੀਹ ਤੇ ਸੱਠ ਸੱਠ ਹਜ਼ਾਰ ਦੀ ਗਿਣਤੀ ਦਾ ਇਕੱਠ ਹਰ ਰੋਜ਼ ਕਿਸੇ ਨਾ ਕਿਸੇ ਥਾਂ ਹੋਣ ਲੱਗਾ। ਕਈ ਵਕੀਲ ਤੇ ਸਿਆਣੇ ਸਜਣ ਜਨਤਾ ਦੀ ਅਗਵਾਈ ਕਰਨ ਲਗੇ। ਹਰ ਜਲਸੇ ਵਿਚ ਲੀਡਰਾਂ ਦੀ ਅਜ਼ਾਦੀ ਅਤੇ ਰੌਲਟ ਐਕਟ ਦੀ ਮਨਸੂਖੀ ਦੇ ਮਤੇ ਪਾਸ ਕੀਤੇ ਜਾਂਦੇ ਰਹੇ।

ਜਿਉਂ ਜਿਉਂ ਹਕੂਮਤ ਜ਼ੁਲਮ ਕਰਨ ਲੱਗੀ, ਤਿਉਂ ਤਿਉਂ ਹਿੰਦੂ-ਸਿਖ-ਮੁਸਲਮਾਨ ਮਿਲਾਪ ਮਜ਼ਬੂਤ ਹੋਣ ਲੱਗਾ।

੯ ਅਪ੍ਰੈਲ ਨੂੰ ਰਾਮ-ਨੌਮੀ ਦਾ ਤਿਉਹਾਰ ਸੀ। ਸ਼ਹਿਰ ਵਿਚ ਜਲੂਸ ਕੱਢਿਆ ਗਿਆ। ਉਸ ਜਲੂਸ ਵਿਚ ਬਹੁਤ ਵੱਡੀ ਗਿਣਤੀ ਵਿਚ ਮੁਸਲਮਾਨ ਸ਼ਾਮਲ ਹੋਏ। ਡਾਕਟਰ ਕਿਚਲੂ ਤੇ ਡਾਕਟਰ ਸਤਿਪਾਲ ਜਲੂਸ ਵਿਚ ਤਾਂ ਸ਼ਾਮਲ ਨਾ ਹੋਏ, ਪਰ ਰਾਹ ਦੇ ਮਕਾਨਾਂ ਵਿਚ ਖਲੋ ਕੇ ਉਨ੍ਹਾਂ ਨੇ ਜਨਤਾ ਨੂੰ ਦਰਸ਼ਨ ਦਿਤੇ। ਪਿਆਰੇ ਆਗੂਆਂ ਨੂੰ ਦੇਖਕੇ ਲੋਕਾਂ ਨੇ ਨਾਹਰੇ ਲਾਏ। ਲੋਕਾਂ ਦੇ ਹੌਸਲੇ ਹੋਰ ਵਧੇ।

ਰਾਮਨੌਮੀ ਤੇ ਹਿੰਦੀਆਂ ਦਾ ਗੱਠ-ਜੋੜ ਦੇਖਕੇ ਗੋਰਾ ਗਵਰਨਰ ਆਪੇ ਤੋਂ ਬਾਹਰ ਹੋ ਗਿਆ, ਉਸਦੀ ਭੁੱਖ, ਤ੍ਰੇਹ ਤੇ ਨੀਂਦ ਜਾਂਦੀ ਰਹੀ। ਉਸ ਨੇ ਲੋਕ-ਰਾਏ ਤੇ ਲੋਕ-ਮਿਲਾਪ ਨੂੰ ਖੇਰੂੰ ਖੇਰੂੰ ਕਰਨ ਦੀ ਜੋ ਕਸਮ ਖਾ ਛੱਡੀ ਸੀ ਉਸਨੂੰ ਅਮਲੀ ਜਾਮਾ ਪਹਿਨਾਉਣ ਲੱਗਾ। ਡਿਪਟੀ ਕਮਿਸ਼ਨਰ ਰਾਹੀਂ ਡਾਕਟਰ ਸਤਿਆਪਾਲ ਤੇ ਕਿਚਲੂ ਨੂੰ ਅੰਮ੍ਰਿਤਸਰੋਂ ਬਾਹਰ ਕੱਢਣ ਦਾ ਹੁਕਮ ਜਾਰੀ ਕੀਤਾ। ਉਹ ਹੁਕਮ ਹੁਕਮ ਹੀ ਨਾ ਰਿਹਾ, ਸਗੋਂ ਪੋਲੀਸ ਕਰਮਚਾਰੀਆਂ ਨੇ ਝਟ ਪਟ ਉਸ ਉਤੇ ਅਮਲ ਕਰਨਾ ਸ਼ੁਰੂ ਕੀਤਾ। ਕਾਰ ਲਈ, ਉਸ ਵਿਚ ਡਾਕਟਰ ਕਿਚਲੂ ਤੇ ਸਤਿਆਪਾਲ ਨੂੰ ਬੈਠਾਇਆ ਤੇ ਸ਼ਹਿਰੋਂ ਬਾਹਰ ਕਿਸੇ ਅਣਦਸੇ ਥਾਂ ਨੂੰ ਲੈ ਗਏ।

ਦੋਹਾਂ ਆਗੂਆਂ ਦੀ ਜਲਾਵਤਨੀ ਦੀ ਖਬਰ ਜੰਗਲ ਦੀ ਅੱਗ ਤੇ ਬਿਜਲੀ ਦੀ ਰੂਹ ਵਾਂਗ ਸਾਰੇ ਸ਼ਹਿਰ ਵਿਚ ਫਿਰ ਗਈ। ਜਿਸ ਨੇ ਖਬਰ ਸੁਣੀ ਉਸੇ ਨੇ ਹਥਲਾ ਕੰਮ ਉਥੇ ਹੀ ਛਡ ਦਿਤਾ। ਜੇ ਹਟੀ ਵਾਲਾ ਹੈ ਤਾਂ ਹਟੀ ਬੰਦ ਕੀਤੀ। ਜੇ ਹਲਵਾਈ ਸੀ ਤਾਂ ਭੱਠੀਆਂ ਵਿੱਚ ਪਾਣੀ ਸੁਟ ਕੇ ਭੱਠੀਆਂ ਨੂੰ ਠੰਡੀਆਂ ਕਰ ਦਿਤਾ। ਇਸਤ੍ਰੀਆਂ ਨੂੰ ਖਾਣਾ ਪਕਾਉਣਾ ਭੁਲ ਗਿਆ, ਗੁਸੇ ਦੀ ਲਹਿਰ ਨਾਲ ਸਾਰਿਆਂ ਦਾ ਲਹੂ ਖੌਲ ਪਿਆ। "ਅੰਗਰੇਜ਼ ਹਕੂਮਤ ਦਾ ਬੇੜਾ ਗਰਕ——— ਜ਼ਾਲਮ ਸਰਕਾਰ ਨਹੀਂ ਰਹਿਣ ਦੇਣੀ" ਦੇ ਨਾਹਰੇ ਲਗਣ ਲਗੇ। ਸਾਰੇ ਬਾਜ਼ਾਰ ਬੰਦ ਹੋ ਗਏ। ਘਰਾਂ ਵਿਚੋਂ ਨਿਕਲਕੇ ਤੇ ਸਾਰੇ ਧੰਦੇ ਛੱਡ ਕੇ ਲੋਕ ਵਡੇ ਬਜ਼ਾਰਾਂ ਵਿਚ ਇਕੱਠੇ ਹੋ ਗਏ। ਉਹ ਇਕੱਠ ਜਲੂਸਾਂ ਦੀ ਸ਼ਕਲ ਵਿਚ ਹਕੂਮਤ ਦੇ ਵਿਰੁਧ ਨਾਹਰੇ ਲਾਉਂਦੇ ਹੋਏ ਟਾਊਨਹਾਲ ਤੇ ਹਾਲ ਬਾਜ਼ਾਰ ਨੂੰ ਆਏ ਇਕ ਭਾਰੀ ਜਲੂਸ ਲਕੜ ਦੇ ਰੇਲਵੇ ਪੁਲ ਉਤੇ ਪੁੱਜਾ ਤਾਂ ਫੌਜ ਤੇ ਪੁਲੀਸ ਨੇ ਇਕਠ ਨੂੰ ਅਗੇ ਤੁਰਨ ਤੋਂ ਰੋਕ ਦਿੱਤਾ। ਇਕੱਠ ਦੇ ਆਗੂਆਂ ਨੇ ਅਗੇ ਹੋਕੇ ਪੁਲਸ ਤੇ ਮਿਲਟਰੀ ਦੇ ਅਫਸਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਲੋਕ ਡਿਪਟੀ ਕਮਿਸ਼ਨਰ ਦੇ ਬੰਗਲੇ ਜਾ ਕੇ ਉਸ (ਡਿਪਟੀ ਕਮਿਸ਼ਨਰ) ਅਗੇ ਬੇਨਤੀ ਕਰਨਾ ਚਾਹੁੰਦੇ ਨੇ ਕਿ ਉਨ੍ਹਾਂ (ਡੀ. ਸੀ.) ਨੇ ਡਾਕਟਰ ਸਤਿਆ ਪਾਲ ਤੇ ਕਿਚਲੂ ਨੂੰ ਕਿਉਂ ਜਲਾਵਤਨ ਕੀਤਾ ਹੈ? ਸ਼ਹਿਰੋਂ ਬਾਹਰ ਕਿਥੇ ਲੈ ਗਏ ਨੇ? ਕੀ ਆਗੂਆਂ ਦੀ ਜਾਨ ਨੂੰ ਕੋਈ ਖਤਰਾ ਹੈ ਕਿ ਨਹੀਂ? ਪਰ ਫੌਜੀ ਤੇ ਪੁਲਸ ਅਫਸਰ ਨਾ ਮੰਨੇ। ਉਨ੍ਹਾਂ ਨੇ ਇਕੱਠ ਨੂੰ ਰੇਲਵੇ ਲਾਈਨ ਟੱਪ ਕੇ ਸਿਵਲ ਲਾਈਨ ਇਲਾਕੇ ਵਿੱਚ ਨਾ ਜਾਣ ਦਿੱਤਾ। ਏਸੇ ਖਿਚੋਤਾਣ ਵਿੱਚ ਚੋਖਾ ਸਮਾਂ ਵੀ ਲੱਗ ਗਿਆ। ਲੋਕ ਗੁਸੇ ਨਾਲ ਪਾਗ਼ਲ ਹੋਏ ਹੋਏ ਸਨ। ਉਨ੍ਹਾਂ ਨੂੰ ਮੌਤ ਦਾ ਰਤਾ ਭੈ ਨਹੀਂ ਸੀ। ਕੁਝ ਗਭਰੂਆਂ ਨੇ ਫੌਜੀ ਤੇ ਪੁਲਸ ਅਫਸਰਾਂ ਦਾ ਭੈੜਾ ਵਤੀਰਾ ਦੇਖ ਕੇ ਕਰੋਧ ਨਾਲ ਮਿਲਟਰੀ ਤੇ ਪੁਲਸ ਨੂੰ ਪੱਥਰ ਮਾਰਨੇ ਸ਼ੁਰੂ ਕੀਤੇ। ਉਸ ਪਥਰਾਉ ਦੇ ਕਾਰਨ ਪਲਸ ਤੇ ਫੌਜੀ ਅਫਸਰਾਂ ਨੂੰ ਗੋਲੀ ਚਲਾਉਣ ਦਾ ਬਹਾਨਾ ਹੱਥ ਆ ਗਿਆ। ਉਪਰਲੇ ਅਫਸਰਾਂ ਦਾ ਹੁਕਮ ਵੀ ਏਸੇ ਤਰ੍ਹਾਂ ਕਰਨ ਦਾ ਸੀ।...... ਬਸ ਕੜ ਕੜ ਕਰਕੇ ਗੋਲੀ ਚੱਲਣ ਲੱਗੀ। ਵਤਨ ਪ੍ਰੇਮੀ ਧਾਣ ਵਾਂਗ ਭੁਜਣ ਲੱਗੇ। ਕਰੋਧ ਤੇ ਵਤਨ-ਪ੍ਰੇਮ ਦੇ ਜੋਸ਼ ਨਾਲ ਆਪੇ ਤੋਂ ਬਾਹਰ ਹੋਏ ਹੋਏ ਲੋਕ ਗੋਲੀਆਂ ਤੋਂ ਡਰਦੇ ਨਹੀਂ ਸਨ। ਸੀਨੇ ਵਿਚ ਗੋਲੀ ਖਾ ਕੇ ਸੜਕ ਉਤੇ ਡਿਗਦੇ ਰਹੇ। ਮਿੰਟਾਂ ਵਿਚ ਹੀ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦੇ ਲਹੂ ਨਾਲ ਸੜਕ ਰੰਗੀ ਗਈ। ਵੀਹਾਂ ਹਿੰਦੁਸਤਾਨੀਆਂ ਦੀਆਂ ਰੂਹਾਂ ਤਾਂ ਦੂਸਰੀ ਦੁਨੀਆਂ ਤੁਰ ਗਈਆਂ। ਅਨਗਿਣਤ ਫਟੜ ਹੋਏ। ਅੰਮ੍ਰਿਤਸਰ ਦੇ ਵਕੀਲ ਮਿਸਟਰ ਮਕਬੂਲ ਮਹਿਮੂਦ ਤੇ ਸਲਾਰੀਏ ਨੇ ਡਾਕਟਰਾਂ ਨੂੰ ਸਦਕੇ ਜ਼ਖਮੀਆਂ ਦੀ ਮਲ੍ਹਮ-ਪਟੀ ਦਾ ਪ੍ਰਬੰਧ ਕਰਨਾ ਚਾਹਿਆ, ਪਰ ਅੰਮ੍ਰਿਤਸਰ ਦੇ ਹੈਂਕੜੀ ਗੋਰੇ ਡੀ ਐਸ. ਪੀ. ਪਲੋਮਰ ਨੇ ਕਰੋਧ ਨਾਲ ਉੱਤਰ ਦਿੱਤਾ, "...ਨਹੀਂ... ਇਨ ਲੋਗੋਂ ਕੋ ਮਰਨੇ ਦੋ...... ਕੋਈ ਡਾਕਟਰ ਨਹੀਂ ਆਏਗਾ, ਹਮ ਨਹੀਂ ਜਾਣਤੇ..... ਮਰਨੇ ਦੇ.... ਲੋਗੋਂ ਕੋ ਕਹੋ..... ਆਪਣੇ ਘਰ ਚਲੇ ਜਾਏਂ ਅਰ ਪਟੀ ਕਰੇਂ.... ਨਹੀਂ ਤੋ ਗੋਲੀ ਮਾਰ ਦਿੱਤੀ ਜਾਏਗੀ... ਹਮ ਨਹੀਂ ਮਾਨਤਾ।"

ਲਾਸ਼ਾਂ ਨੂੰ ਸਰਕਾਰੀ ਲਾਰੀਆਂ ਵਿਚ ਸੁਟ ਕੇ ਹਸਪਤਾਲ ਲੈ ਗਏ। ਫਟੜ ਜੀ-ਭਿਆਣੇ ਜਿਧਰ ਰਾਹ ਮਿਲਿਆ ਉਧਰ ਨਿਕਲ ਗਏ। ਕੁਝ ਫਟੜ ਡਾਕਟਰ ਕਿਦਾਰ ਨਾਥ ਦੇ ਘਰ ਪਹੁੰਚਾਏ ਗਏ। ਜਦੋਂ ਉਨ੍ਹਾਂ ਦੇ ਫੱਟਾਂ ਉਤੇ ਪੱਟੀਆਂ ਬੱਝ ਰਹੀਆਂ ਸਨ, ਤਦੋਂ ਇਕ ਗੋਰੀ ਮੇਮ ਐਸ ਡੈਨ ਜੋ ਜਨਾਨਾ ਹਸਪਤਾਲ ਦੀ ਨਰਸ ਤੇ ਡਾਕਟਰ ਕਿਦਾਰ ਨਾਥ ਦੇ ਮਕਾਨ ਕੋਲ ਰਹਿੰਦੀ ਸੀ, ਜ਼ਖਮੀਆਂ ਨੂੰ ਦੇਖ ਕੇ ਹੱਸ ਪਈ ਤੇ ਹਸਦਿਆਂ ਹੋਇਆਂ ਬੋਲੀ, "ਹਿੰਦੂ-ਮੁਸਲਮਾਨ ਜੋ ਕੁਝ ਚਾਹੁੰਦੇ ਸਨ ਉਹ ਕੁਝ ਉਨ੍ਹਾਂ ਨੂੰ ਮਿਲ ਗਿਆ।" ਉਸ ਦੇ ਇਹ ਸ਼ਬਦ ਸੁਣ ਕੇ ਕੁਝ ਹਿੰਦੀ ਕ੍ਰੋਧਵਾਨ ਹੋ ਗਏ। ਉਸ ਨੂੰ ਮਾਰਨ ਵਾਸਤੇ ਹਸਪਤਾਲ ਵਿਚ ਦਾਖਲ ਹੋਏ, ਪਰ ਉਹ ਲੁਕ ਗਈ।

'ਹਰ ਅੰਗ੍ਰੇਜ਼ ਨੂੰ ਮਾਰ ਦਿਓ! ਅੰਗ੍ਰੇਜ਼ੀ ਤੇ ਸਰਕਾਰੀ ਜਾਇਦਾਦਾਂ ਲੁਟ ਲਵੋ! ਸਾੜ ਸੁਟੋ! ਬਰਬਾਦ ਕਰ ਦੋ! ਖੂਨ ਦਾ ਬਦਲਾ ਖੂਨ ਹੁੰਦਾ ਹੈ।' ਦੇ ਨਾਹਰੇ ਲਾਉਂਦੇ ਹੋਏ ਲੋਕ ਪੱਥਰ, ਕੁਹਾੜੀ, ਡਾਂਗ ਅਤੇ ਅੱਗ ਚੁੱਕ ਕੇ ਅੰਗਰੇਜ਼ ਮਾਲਕੀ ਵਾਲੀਆਂ ਬੈਂਕਾਂ ਤੇ ਇਮਾਰਤਾਂ ਵਲ ਨਸ ਉਠੇ। 'ਬਦਲਾ-ਬਦਲਾ' 'ਮਾਰੋ...ਸਾੜੋ..' ਦੇ ਬੋਲਾਂ ਨਾਲ ਸਾਰਾ ਵਾਯੂ-ਮੰਡਲ ਗੂੰਜ ਰਿਹਾ ਸੀ। ਲੋਕਾਂ ਦੇ ਬਲ ਨੇ ਫੌਜ ਤੇ ਪੋਲੀਸ ਨੂੰ ਇਕ ਵਾਰ ਕੰਬਾ ਦਿਤਾ ਸੀ, ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ ਸੀ। ਬੈਂਕ ਲੁਟੇ ਤੇ ਸਾੜੇ ਗਏ। ਕਈਆਂ ਅੰਗ੍ਰੇਜ਼ਾਂ ਨੂੰ ਮਾਰਿਆ ਗਿਆ। ਭਗਤਾਂ ਵਾਲਾ ਰੇਲਵੇ ਸਟੇਸ਼ਨ ਵੀ ਅੱਧਾ ਕੁ ਸੜਿਆ। ਸਵੇਰ ਤੋਂ ਸ਼ਾਮ ਦੇ ਪੰਜ ਵਜੇ ਤਕ ਅੰਮ੍ਰਿਤਸਰ ਮੈਦਾਨੇ-ਜੰਗ ਬਣਿਆ ਰਿਹਾ।——ਸ਼ਾਮ ਨੂੰ ਮਾਰਸ਼ਲ ਲਾਅ ਲਾ ਦਿਤਾ ਗਿਆ।

ਅੰਮ੍ਰਿਤਸਰ ਦੀ ਇਹ ਭਿਆਨਕ ਘਟਣਾ ਦੀ ਖਬਰ ਦੂਸਰੇ ਸ਼ਹਿਰਾਂ ਵਿਚ ਵੀ ਪੁਜ ਗਈ। ਉਸੇ ਰਾਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਸ਼ਹਿਰ ਦਾ ਚਾਰਜ ਫੌਜ ਦੇ ਹਵਾਲੇ ਕਰ ਦਿਤਾ। ਗਵਰਨਰ ਕੋਲੋਂ ਮਨਜ਼ੂਰੀ ਹਾਸਲ ਕੀਤੀ ਗਈ। ਜਨਰਲ ਡਾਇਰ ਅੰਮ੍ਰਿਤਸਰ ਪੁਜ ਗਿਆ ਤੇ ਰਾਮ ਬਾਗ ਵਿੱਚ ਉਸ ਨੇ ਆਪਣਾ ਹੈੱਡ ਕੁਆਰਟਰ ਕਾਇਮ ਕਰ ਲਿਆ।

੧੧ ਅਪ੍ਰੈਲ ਨੂੰ ਜਨਤਾ ਨੇ ਸ਼ਹੀਦਾਂ ਦੀਆਂ ਲੋਥਾਂ ਦੀ ਮੰਗ ਕੀਤੀ, ਸਰਕਾਰੀ ਕਰਮਚਾਰੀਆਂ ਨੇ ਕਿਹਾ ਕਿ ਇਕ ਮੰਜੇ ਉਤੇ ਚਾਰ ਲੋਥਾਂ ਰੱਖ ਕੇ ਲੈ ਜਾਓ। ਇਸ ਤਰ੍ਹਾਂ ਨਿਰਾਦਰੀ ਨਾਲ ਲਾਸ਼ਾਂ ਲਿਆਉਣ ਨੂੰ ਲੋਕ ਤਿਆਰ ਨਹੀਂ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਲਾਸ਼ਾਂ ਨੂੰ ਸਤਕਾਰ ਨਾਲ ਚੁਕਿਆ ਜਾਵੇਗਾ। ਉਨ੍ਹਾਂ ਦਾ ਜਲੂਸ ਨਿਕਲੇਗਾ ਤੇ ਚੰਗੇਰੇ ਸਤਕਾਰ ਨਾਲ ਅਗਨ ਭੇਟ ਕੀਤਾ ਜਾਵੇਗਾ, ਲੰਮੇ ਝਗੜੇ ਪਿਛੋਂ ਸਰਕਾਰ ਨੇ ਮਾਤਮੀ ਜਲੂਸ ਕੱਢਣ ਦੀ ਖੁਲ੍ਹ ਦਿਤੀ, ਪਰ ਨਾਲ ਹੀ ਇਹ ਸ਼ਰਤ ਲਾਈ ਕਿ ਸਾਰੀ ਕਾਰਵਾਈ ਦਿਨ ਦੇ ਦੋ ਵਜੇ ਨੂੰ ਖਤਮ ਹੋ ਜਾਵੇ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਲੂਸ ਦੇ ਨਾਲ ਸਨ। ਨਿਰਦੋਸ਼ੇ ਤੇ ਨਿਹੱਥੇ ਲੋਕਾਂ ਤੇ ਗੋਲੀ ਚਲਾਉਣ ਤੇ ਲਾਠੀਆਂ ਦੇ ਨਾਲ ਕੁਟਣ ਤੇ ਹੀ ਗੋਰੇ ਅਫਸਰਾਂ ਬਸ ਨ ਕੀਤੀ ਸਗੋਂ ਉਹ ਵਹਿਸ਼ੀ ਕਰਮ ਕੀਤੇ ਜੋ ਸੰਸਾਰ ਦੀ ਕੋਈ ਵੀ ਸਭਿਅਤਾ ਵਾਲੀ ਕੌਮ ਨਹੀਂ ਕਰ ਸਕਦੀ। ਜਲੂਸ ਕਢਣ ਵਾਲੇ ਜੁਆਨ ਜਾਂ ਵਡੇਰੇ ਮਨੁਖ ਸਨ। ਉਨ੍ਹਾਂ ਵਿਚੋਂ ਕੁਝ ਨੇ ਗੁਸੇ ਦੇ ਅਧੀਨ ਹੋਕੇ ਸਰਕਾਰੀ ਤੇ ਅੰਗਰੇਜ਼ ਮਲਕੀਅਤ ਵਾਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਦਸ ਕੁ ਅੰਗਰੇਜ਼ ਵੀ ਮਾਰੇ, ਪਰ ਉਹ ਵੀ ਪਹਿਲੇ ਵੀਹ ਹਿੰਦੁਸਤਾਨੀ ਨੂੰ ਮਰਵਾਕੇ ਸੈਂਕੜਿਆਂ ਦੇ ਫਟੜ ਹੋਣ ਪਿਛੋਂ। ਪਰ ਸ਼ਹਿਰ ਦੇ ਵਿਚ ਮਾਸੂਮ ਬਚੇ ਤੇ ਇਸਤ੍ਰੀਆਂ ਵੀ ਸਨ। ਉਨ੍ਹਾਂ ਉਤੇ ਵੀ ਤਰਸ ਨਾ ਕੀਤਾ। ਸਾਰੇ ਸ਼ਹਿਰ ਦੇ ਪਾਣੀ ਦੇ ਨਲਕੇ ਬੰਦ ਕਰ ਦਿਤੇ। ਬਿਜਲੀ ਦੀਆਂ ਤਾਰਾਂ ਤੋੜ ਦਿਤੀਆਂ। ਬਿਜਲੀ ਨਾਲ ਤਾਂ ਐਨਾ ਨੁਕਸਾਨ ਨਹੀਂ ਸੀ, ਪਰ ਪਾਣੀ ਨੂੰ ਬੰਦ ਕਰਕੇ ਗੋਰੇ ਅਫਸਰਾਂ ਉਹ ਕਹਿਰ ਕੀਤਾ ਜਿਸ ਨੂੰ ਸੁਣ ਕੇ ਹੀ ਸਾਰੀ ਮਨੁੱਖਤਾ ਕੰਬ ਉੱਠੀ। ਈਸਾਈ ਧਰਮ ਦੇ ਆਗੂ ਮਸੀਹ ਨੇ ਵੀ ਸ਼ਾਇਦ ਅਰਸ਼ਾਂ ਉਤੋਂ ਧਾਹ ਮਾਰੀ ਹੋਵੇਗੀ ਕਿ ਉਸ ਦੇ ਚੇਲੇ ਕਿੰਨੇ ਵੱਡੇ ਬੁਚੜ ਤੇ ਕਸਾਈ ਦਾ ਰੂਪ ਧਾਰਨ ਕਰ ਬੈਠੇ ਨੇ। ਮਾਸੂਮ ਤੇ ਨਿਰਦੋਸ਼ ਮਨੁੱਖਤਾ ਨੂੰ ਪਾਣੀ ਤੋਂ ਵੀ ਤਰਸਾ ਤਰਸਾ ਕੇ ਮਾਰ ਰਹੇ ਨੇ। ਪੂਰੇ ਚਾਰ ਦਿਨ ਸ਼ਹਿਰ ਨੂੰ ਪਾਣੀ ਨਹੀਂ ਦਿੱਤਾ। ਮਾਰਸ਼ਲ ਲਾਅ ਸਾਰੇ ਸ਼ਹਿਰ ਵਿਚ ਲੱਗਾ ਹੋਇਆ ਸੀ ਕੋਈ ਮਨੁੱਖ ਆਪਣੇ ਘਰੋਂ ਬਾਹਰ ਨਹੀਂ ਸੀ ਨਿਕਲ ਸਕਦਾ। ਜੇਹੜੇ ਪੁਰਾਣੇ ਖੂਹ ਹਨ, ਉਹ ਹੋਏ ਬਜ਼ਾਰਾਂ ਜਾਂ ਗਲੀਆਂ ਵਿਚ। ਜੇ ਕੋਈ ਬਜ਼ਾਰ ਜਾਂ ਗਲੀ ਵਿਚ ਆਉਂਦਾ ਸੀ ਤਾਂ ਉਸ ਨੂੰ ਗੋਲੀ ਮਾਰਕੇ ਮਾਰ ਦਿੱਤਾ ਜਾਂਦਾ ਜਾਂ ਬੈਂਤ ਲਗਵਾਏ ਜਾਂਦੇ। ਕਈ ਮਾਸੂਮ ਬੱਚੇ, ਇਸਤ੍ਰੀਆਂ ਅਤੇ ਬੀਮਾਰ ਪਾਣੀ ਦੀ ਥੁੜੋਂ ਕਾਰਨ ਹੀ ਮਰ ਗਏ।

੧੩ ਅਪ੍ਰੈਲ ੧੯੧੯ ਨੂੰ ਵਿਸਾਖੀ ਸੀ। ਉਹ ਵਿਸਾਖੀ ਜੋ ਮੀਰ ਮੰਨੂੰ ਦੇ ਸਮੇਂ ਵੀ ਲਗਦੀ ਰਹੀ। ਓਡਵਾਇਰ ਤੇ ਡਾਇਰ ਦੀ ਕੀ ਹਸਤੀ ਸੀ ਵਿਸਾਖੀ ਨੂੰ ਰੋਕ ਸਕਦਾ। ਸਵੇਰ ਤੋਂ ਲੋਕ ਹੁਮ ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁਜੇ। ਸ੍ਰੀ ਹਰਿਮੰਦਰ ਸਾਹਿਬ ਵਿੱਚ ਰੌਣਕ ਸੀ। ਜਨਰਲ ਡਾਇਰ ਨੇ ਢੋਲ ਵਜਵਾ ਕੇ ਐਲਾਨ ਕਰਵਾਇਆ ਕਿ ਸ਼ਹਿਰ ਵਿਚ ਮਾਰਸ਼ਲ ਲਾਅ ਲੱਗਾ ਹੋਇਆ ਹੈ ਪਰ ਇਹ ਢੋਲ ਸਾਰੇ ਸ਼ਹਿਰ ਵਿਚ ਨਹੀਂ ਵਜਵਾਇਆ, ਸਗੋਂ ਸ਼ਹਿਰ ਦੇ ਕੁਝ ਹਿਸਿਆਂ ਵਿਚ। ਨਾ ਹੀ ਪਿੰਡਾਂ ਵਾਲਿਆਂ ਨੂੰ ਇਹ ਗਿਆਨ ਸੀ ਕਿ ਸ਼ਹਿਰ ਵਿਚ ਫਿਰਨ ਤੁਰਨ ਦੀ ਮਨਾਹੀ ਹੈ। ਕੁਝ ਜੋ ਗੁਰੂ ਦੇ ਸਿੰਘ ਸਨ ਜਿਨ੍ਹਾਂ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰਨੇ ਸੀ, ਉਹ ਨਿਰਭੈ ਸ੍ਰੀ ਹਰਿਮੰਦਰ ਸਾਹਿਬ ਪੁਜ ਗਏ।

ਕਿਸੇ ਨੇ ਪੀਪਾ ਵਜਾ ਕੇ ਐਲਾਨ ਕੀਤਾ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਇਕ ਜਲਸਾ ਹੋਵੇਗਾ, ਸ਼ਹਿਰ ਵਾਸੀ ਹੁਮ ਹੁਮਾ ਕੇ ਪੁੱਜਣ। ਖੁਲ੍ਹੀ ਥਾਂ ਸੀ ੨੦ ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋ ਗਏ। ਇਕ ਵਜੇ ਦੇ ਕਰੀਬ ਜਨਰਲ ਡਾਇਰ ਨੂੰ ਪਤਾ ਲਗ ਗਿਆ ਕਿ ਜਲ੍ਹਿਆਂ ਵਾਲੇ ਬਾਗ ਵਿਚ ਲੋਕ ਇਕੱਠੇ ਹੋ ਰਹੇ ਨੇ। ਪਰ ਉਸ ਨੇ ਲੋਕਾਂ ਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ।

ਚਾਰ ਵਜੇ ਨੂੰ ਬਾਗ਼ ਮਨੁੱਖਾਂ ਨਾਲ ਭਰ ਗਿਆ। ਮਾਸੂਮ ਬੱਚੇ ਤੇ ਬੁਢੇ ਵੀ ਚੇਖੀ ਗਿਣਤੀ ਵਿਚ ਸਨ। ਜਲਸਾ ਹੋਣਾ ਸ਼ੁਰੂ ਹੋਇਆ। ਹੰਸਰਾਜ ਨੇ ਤਕਰੀਰ ਕਰਨੀ ਸ਼ੁਰੂ ਕੀਤੀ। ਹਕੂਮਤ ਦੇ ਭੈੜੇ ਵਤੀਰੇ ਉਤੇ ਨੁਕਤਾ-ਚੀਨੀ ਕੀਤੀ ਗਈ।

ਸਵਾ ਪੰਜ ਵਜੇ ਜਨਰਲ ਡਾਇਰ ਜਲ੍ਹਿਆਂ ਵਾਲੇ ਬਾਗ਼ ਪੁੱਜਾ। ਉਸ ਦੇ ਨਾਲ ੯੦ ਫੌਜੀ ਸਨ, ਦੋ ਤੋਪਾਂ ਸੀ ਆਉਂਦਿਆਂ ਹੀ ਉਸਨੇ ਬਾਗ਼ ਦੇ ਦੋਵੇਂ ਦਰਵਾਜੇ ਰੋਕ ਲਏ। ਫੌਜੀਆਂ ਨੂੰ ਮੋਰਚਿਆਂ ਉਤੇ ਵੰਡ ਦਿੱਤਾ। ਨਾਲ ਹੀ ਹੁਕਮ ਦਿੱਤਾ ਕਿ ਜਿੰਨੇ ਬਾਗ ਵਿਚ ਆਏ ਨੇ ਇਨ੍ਹਾਂ ਵਿਚੋਂ ਕੋਈ ਜੀਉਂਦਾ ਨਾ ਜਾਵੇ। ਗੋਲੀ ਚਲਾਉਣ ਦਾ ਹੁਕਮ ਦਿਤਾ ਗਿਆ। ਇਕ ਦੋ ਛੋਟੇ ਰਾਹਾਂ ਵਲ ਜਿਧਰੋਂ ਗੋਲੀ ਨਹੀਂ ਸੀ ਆਉਂਦੀ ਲੋਕ ਨਠੇ। ਕਈ ਪੈਰਾਂ ਹੇਠ ਹੀ ਦਲੇ ਮਲੇ ਗਏ। ਗੋਲੀ ਚਲਦੀ ਗਈ, ਬੱਚੇ ਤੋਂ ਜੁਆਨ ਗੋਲੀਆਂ ਖਾ ਖਾ ਕੇ ਧਰਤ ਉਤੇ ਡਿਗਦੇ ਰਏ। ਕਈ ਫਟੜ ਹੋਕੇ ਨਸੇ ਫਿਰਦੇ। ਜਿਥੇ ਗੋਲੀ ਲਗਦੀ ਉਥੋਂ ਲਹੂ ਦੀ ਤਤੀਰੀ ਚਲਦੀ। ਲੱਤ, ਛਾਤੀ, ਮੱਥਾ, ਬਾਂਹ.... ਕਈਆਂ ਦੇ ਸਰੀਰ ਦੇ ਸਾਰੇ ਅੰਗ ਹੀ ਜ਼ਖਮੀ ਹੋ ਰਏ। ਹਾਹਾਕਾਰ ਮਚ ਗਈ, ਗੋਲੀਆਂ ਦੇ ਖੜਕੇ ਨਾਲ ਸਾਰਾ ਸ਼ਹਿਰ ਡਹਿਲ ਗਿਆ। ਕੋਈ ਕਿਸੇ ਦਾ ਤਰਲਾ ਜਾਂ ਹੌਕਾ ਨਹੀਂ ਸੀ ਸੁਣਦਾ। ਹਰ ਇਕ ਨੂੰ ਆਪਣੀ ਜਾਨ ਦੀ ਪਈ ਹੋਈ ਸੀ। ਜ਼ਖਮਾਂ ਨਾਲ ਕਈ ਐਨੇ ਨਿਰਬਲ ਹੋ ਗਏ ਕਿ ਉਹ ਜਾਂਦੇ ਗੋਲੀਆਂ ਵਿਚ ਹੀ ਮਰ ਗਏ। ਜਨਰਲ ਡਾਇਰ ਅਗੇ ਹੋਇਆ, ਪਾਪੀ ਨੂੰ ਤਰਸ ਨਾ ਆਇਆ ਜਿਧਰ ਬਹੁਤਾ ਇਕੱਠ ਦੇਖਦਾ ਉਧਰੇ ਹੀ ਗੋਲੀ ਚਲਾਉਣ ਵਾਸਤੇ ਉਂਗਲ ਕਰਦਾ। ੧੬੫੦ ਰੌਂਦ (ਗੋਲੀਆਂ) ਚਲਾਏ ਗਏ। ਜੇ ਨਾ ਮੁਕਦੇ ਤਾਂ ਗੋਲੀ ਚਲਾਉਣੋਂ ਨਹੀਂ ਸੀ ਹੱਟਣਾ। ਬੰਦੂਕਾਂ ਦੀਆਂ ਸੰਗੀਨਾਂ ਨਾਲ ਵੀ ਬਹੁਤ ਸਾਰਿਆਂ ਨੂੰ ਜ਼ਖਮੀ ਕੀਤਾ। ੨੦ ਹਜ਼ਾਰ ਦੀ ਹਾਜ਼ਰੀ ਵਿਚੋਂ ੫੦੦ ਮਨੁੱਖ, ਬੱਚੇ, ਜੁਆਨ ਤੇ ਬੁੱਢੇ ਉਥੇ ਹੀ ਸ਼ਹੀਦ ਹੋ ਗਏ। ਬਾਗ ਦੀ ਸਾਰੀ ਧਰਤੀ ਲਹੂ ਨਾਲ ਲਾਲ ਹੋ ਗਈ। ਜ਼ਾਲਮ ਹਕੂਮਤ ਨੇ ਬੜੀ ਬੇ-ਦਰਦੀ ਨਾਲ ਮਾਰੇ ਪਰ ਮਰਿਆਂ ਨੂੰ ਸਾਂਭਣ ਦਾ ਕੋਈ ਯਤਨ ਨਾ ਕੀਤਾ। ਜ਼ਖਮੀ ਪੀੜ ਤੇ ਡਰ ਦੀ ਘਬਰਹਾਟ ਨਾਲ। ਨੀਮ ਪਾਗ਼ਲ ਜਹੇ ਹੋਏ ਹੋਏ ਏਧਰ ਉਧਰ ਤੁਰੇ ਫਿਰਦੇ ਕੰਧਾਂ ਨਾਲ ਵਜ ਰਹੇ ਸਨ। ਕਈਆਂ ਬੌਂਦਲਿਆਂ ਹੋਇਆ ਨੂੰ ਆਪਣੇ ਘਰ ਦਾ ਰਾਹ ਵੀ ਨਹੀਂ ਸੀ ਲਭਦਾ।.......... ਅੰਮ੍ਰਿਤਸਰ ਨੇ ਅਬਦਲ ਸਮਦ ਖਾਂ ਤੇ ਮੀਰ ਮੰਨੂ ਦੀ ਸੂਬੇਦਾਰੀ ਵਰਗੀ ਖੂਨੀ ਵਿਸਾਖੀ ਸਰ ਮਿਚਲ ਓਡਵਾਇਰ ਦੀ ਸੂਬੇਦਾਰੀ ਵੇਲੇ ਵੀ ਦੇਖ ਲਈ। ਨਿਹੱਥੇ, ਨਿਰਦੋਸ਼ ਤੇ ਮਾਸੂਮ ਸ਼ਹਿਰੀਆਂ ਦੀ ਹਤਿਆ ਕਰਨ ਵਾਲੇ ਜਨਰਲ ਡਾਇਰ ਨੂੰ ਗਵਰਨਰ ਸਰ ਮਿਚਲ ਓਡਵਾਇਰ ਨੇ ਮਾੜਾ ਨਹੀਂ ਆਖਿਆ ਸਗੋਂ ਉਹਦੇ ਮੰਦ ਕਰਮ ਦੀ ਵਡਿਆਈ ਕੀਤੀ।

੧੪ ਅਪ੍ਰੈਲ ਨੂੰ ਸ਼ਹਿਰ ਵਾਸੀਆਂ ਨੂੰ ਜ਼ਖਮੀ ਤੇ ਸ਼ਹੀਦਾਂ ਦੀਆਂ ਲਾਸ਼ਾਂ ਸੰਭਾਲਣ ਦੀ ਖੁਲ੍ਹ ਮਿਲੀ। ਇਸ ਸ਼ਰਤ ਉਤੇ ਕਿ ਉਹ ਕਿਸੇ ਲਾਸ਼ ਦਾ ਨਾ ਜਲੂਸ ਕੱਢਣ ਨਾ ਬਹੁਤੇ ਆਦਮੀ ਇਕੱਠੇ ਹੋਣ। ਬਸ ਚਾਰ ਆਦਮੀਂ ਘਰ ਦੇ ਆਪਣੇ ਆਦਮੀ ਦੀ ਲਾਸ਼ ਸਿਆਣ ਕੇ ਲੈ ਜਾਣ ਤੇ ਸ਼ਮਸ਼ਾਨ ਭੂੰਮੀ ਵਿਚ ਲੈ ਜਾਕੇ ਸਸਕਾਰ ਕਰ ਦੇਣ। ਲੋਕਾਂ ਏਸੇ ਤਰਾਂ ਹੀ ਕੀਤਾ।

ਦੋ ਵਜੇ ਦਿਨੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਪਤਵੰਤੇ, ਮਿਉਂਨਸਿਪਲ ਕਮਿਸ਼ਨਰ, ਵਕੀਲ, ਮੈਜਿਸਟ੍ਰੇਟ ਅਤੇ ਸੁਦਾਗਰ ਕੋਤਵਾਲੀ ਸਦੇ। ਇਕ ਕਮਰੇ ਵਿਚ ਉਨ੍ਹਾਂ ਨੂੰ ਬੈਠਾ ਕੇ ਉਸ ਨੇ ਆਖਿਆ— "......ਕਿਆ ਤੁਮ ਲੋਗ ਲੜਾਈ ਚਾਹਤੇ ਹੋ ਜਾਂ ਅਮਨ....? ਹਮ ਹਰ ਤਰਾਂ ਤਿਆਰ ਹੈਂ!.... ਸਰਕਾਰ ਨੂੰ ਬਹੁਤ ਤਕੜਾ ਹੈ। ਸਰਕਾਰ ਨੇ ਜਰਮਨ ਕੋ ਫਤਹ ਕੀਆ ਕਿਆ ਤੁਮ ਲੋਗੋਂ ਕੋ ਨਹੀਂ ਕੁਚਲ ਸਕੇਗੀ? ਜਰਨੈਲ ਆਜ ਕਾ ਹੁਕਮ ਸੁਣਾਏਗਾ। ਸ਼ਹਿਰ ਉਸ ਦੇ ਹਵਾਲੇ ਹੈ। ਮੈਂ ਕੁਝ ਨਹੀਂ ਕਰ ਸਕਤਾ.... ਤੁਮ ਕੋ ਜਰਨੈਲ ਕਾ ਹੁਕਮ ਮਾਨਣਾ ਹੋਗਾ!" ਇਹ ਆਖ ਕੇ ਡਿਪਟੀ ਕਮਿਸ਼ਨਰ ਮਿਸਟਰ ਕਿਟਚਿਨ ਕਮਰੇ ਵਿਚੋਂ ਬਾਹਰ ਨਿਕਲ ਗਿਆ।

ਡੀ. ਸੀ. ਦੇ ਜਾਣ ਪਿਛੋਂ ਜਨਰਲ ਡਾਇਰ ਕਮਰੇ ਦੇ ਅੰਦਰ ਆਇਆ। ਉਸ ਦੇ ਨਾਲ ਤਿੰਨ ਅੰਗਰੇਜ਼ ਹੋਰ ਸਨ। ਉਹ ਕ੍ਰੋਧ ਨਾਲ ਲਾਲ-ਪੀਲਾ ਹੋਇਆ ਹੋਇਆ ਸੀ। ਆਉਂਦਾ ਹੀ ਗੁਸੇ ਨਾਲ ਬੇ-ਤਰਤੀਬੇ ਤੇ ਟੁਟੇ ਫੁੱਟੇ ਉਰਦੂ ਵਿਚ ਆਖਣ ਲਗਾ, "......ਤੁਮ ਲੋਗ..... ਜਾਣਤੇ ਜੇ..... ਚੰਗੀ ਤਰ੍ਹਾਂ ਜਾਣਤੇ ਹੋ ਮੈਂ ਇਕ ਸਿਪਾਹੀ ਤੇ ਫੌਜੀ ਹੂੰ। ਕਿਆ ਤੁਮ ਅਮਨ ਚਾਹਤੇ ਹੋ ਕਿ ਜੰਗ? ਜੇ ਲੜਾਈ ਚਾਹਤੇ ਹੋ ਤੋ ਸਰਕਾਰ ਲੜਨ ਨੂੰ ਤਿਆਰ ਐ...। ਜੇ ਤੁਮ ਲੋਗ ਅਮਨ ਚਾਹਤੇ ਹੋ... ਤੋ ਦੁਕਾਨਾਂ ਖੋਲ੍ਹੋ। ਹਮਾਰਾ ਹੁਕਮ ਮਾਨੋ! ਨਹੀਂ ਤੋ ਗੋਲੀ ਮਾਰਾਂਗਾ ਸ਼ਹਿਰ ਕੋ ਬਰਦਾਦ ਕਰੂੰਗਾ ਮੇਰੇ ਲੀਏ ਮੈਦਾਨੇ ਜੰਗ ਫ੍ਰਾਂਸ ਔਰ ਅੰਮ੍ਰਿਤਸਰ ਏਕ ਹੈ। ਮੈਂ ਫੌਜੀ ਆਦਮੀ ਹੂੰ। ਸੀਧਾ ਜੀਊਂਗਾ.... ਮੈਂ ਕਬੀ ਦਾਹਨੇ ਬਾਹਨੇ ਨਹੀਂ ਦੇਖੂੰਗਾ ਤੇ ਫਿਰੂੰਗਾਂ। ਬੋਲੋ! ਕਿਆ ਤੁਮ ਲੜਾਈ ਚਾਹਤੋ ਹੋ? ਜੇ ਨਹੀਂ ਤੋ ਦੁਕਾਨਾਂ ਖੋਲ੍ਹੋ। ਜਲਦ ਖੋਲ੍ਹੋ। ਤੁਮ ਲੋਗ ਸਰਕਾਰ ਕੇ ਬਰਖਲਾਫ ਬੋਲਤੇ ਜੇ... ਜਰਮਨ ਤੇ ਬੰਗਾਲ ਵਿਚ ਪੜ੍ਹੇ ਲੋਗ... ਸਰਕਾਰ ਕੋ ਉਲਟਣੇ ਦੀਆਂ ਸਕੀਮਾਂ ਸੋਚਤੇ ਹੈਂ..... ਹਮ ਸਾਰੀ ਰੀਪੋਰਟ ਭੇਜੇਗਾ.. ਜੇ ਦੁਕਾਨਾਂ ਨਾ ਖੋਲ੍ਹੀਆਂ ਤੇ ਸਭ ਕੇ ਤਾਲੇ ਤੋੜ ਦੀਏ ਜਾਏਂਗੇ। ਹਮ ਕੋ ਬਦਮਾਸ਼ਾਂ ਕਾ ਪਤਾ ਦੋ ਹਮ ਉਨ ਕੋ ਗੋਲੀ ਮਾਰੇਗਾ। ਦੁਕਾਨਾਂ ਖੋਲ੍ਹੋ ... ਕੋਈ ਹੜਤਾਲ ਨਾ ਕਰੋ...... ਯੇਹੀ ਮੇਰਾ ਹੁਕਮ ਹੈ।"

ਜਨਰਲ ਡਾਇਰ ਦੇ ਪਿਛੋਂ ਇਕ ਹੋਰ ਅੰਗ੍ਰੇਜ਼ ਬੋਲਿਆ, ".......ਅੰਗ੍ਰੋਜ਼ੋਂ ਕੋ ਮਾਰਕੇ ਤੁਮ ਲੋਗੋਂ ਨੇ ਬਹੁਤ ਬੁਰਾ ਕੀਆ।... ਇਸ ਕਾ ਬਦਲਾ ਤੁਮ ਸੇ ਔਰ ਤੁਮਾਰੇ ਬੱਚੋਂ ਸੇ ਲੀਆ ਜਾਏਗਾ....ਸਮਝ ਲੌ!"

ਮਾਰਸ਼ਲ ਲਾਅ ਦੀ ਤਾਰੀਖ ੯ ਜੂਨ ਤਕ ਮੁਕਰਰ ਕਰ ਦਿਤੀ ਗਈ। ਪੂਰੇ ਦੋ ਮਹੀਨੇ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਅਨੇਕਾਂ ਤਰ੍ਹਾਂ ਦੇ ਅਕਹਿ ਤੇ ਅਸਹਿ ਕਸ਼ਟ ਦੇ ਕੇ ਤੰਗ ਕੀਤਾ ਗਿਆ। ਏਥੋਂ ਤਕ ਕਿ ੧੫੦ ਗਜ਼ ਲੰਮੀ ਗਲੀ ਵਿਚ ਦੀ ਕਈਆਂ ਨੂੰ ਪੇਟ ਦੇ ਭਾਰ ਲੰਮੇਂ ਪੈ ਕੇ- ਲੰਘਣ ਵਾਸਤੇ ਮਜਬੂਰ ਕੀਤਾ ਗਿਆ। ਵਕੀਲਾਂ, ਸੁਦਾਗਰਾਂ ਤੇ ਮਿਊਨਸਿਪਲ ਕਮੇਟੀ ਦੇ ਮੈਂਬਰਾਂ ਨੂੰ ਬਿਨਾਂ ਤਨਖਾਹ ਸਿਪਾਹੀ ਬਣਾ ਕੇ ਗਲੀਆਂ ਬਜ਼ਾਰਾਂ ਵਿਚ ਰਾਖੇ ਰਖਿਆ। ਟਿੱਕ ਟਿੱਕ ਰਖਕੇ ਮਾਮੂਲੀ ਹਰਕਤਾਂ ਤੋਂ ਸੈਂਕੜਿਆਂ ਨੂੰ ਬੈਂਤ ਲਗਾਏ ਗਏ। ਇਉਂ ੧੯੧੯ ਦੀ ਵਿਸਾਖੀ ਸ੍ਰੀ ਅੰਮ੍ਰਿਤਸਰ ਵਾਸੀਆਂ ਨੇ ਮਨਾਈ।

ਸ੍ਰੀ ਅੰਮ੍ਰਿਤਸਰ ਦੀ ਹੱਤਿਆ ਕਾਂਡ ਸੁਣ ਕੇ ਸਾਰੇ ਭਾਰਤ ਵਿਚ ਹਾਹਾਕਾਰ ਮਚ ਗਈ ਸੀ। ਪੰਜਾਬੀ ਚੁੱਪ ਨਾ ਰਹਿ ਸਕੇ। ਜਲਸੇ ਹੋਏ, ਜਲੂਸ ਨਿਕਲੇ, ਗੜਬੜਾਂ ਹੋਈਆਂ ਲਾਹੌਰ, ਗੁਜਰਾਂ ਵਾਲਾ, ਸ਼ੇਖੂਪੁਰਾ, ਮੁਲਤਾਨ, ਲਾਇਲਪੁਰ ਵਿਚ ਵੀ ਮਾਰਸ਼ਲ ਲਾਅ ਠੋਸ ਦਿਤਾ ਗਿਆ। ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਤੋਂ ਬਿਨਾ ਬਾਰਾਂ ਸੌ ਮਨੁਖਾਂ ਦੀਆਂ ਜਾਨਾਂ ਗਈਆਂ, ਛੱਤੀ ਸੌ ਮਨੁਖ ਫਟੜ ਹੋਏ।...... ਬਾਦਸ਼ਾਹ ਵਿਰੁਧ ਬਗਾਵਤ ਕਰਨ ਦੀ ਸਾਜ਼ਸ਼ ਦੇ ਦੋਸ਼ ਠੱਪਕੇ ਕਈਆਂ ਨੂੰ ਉਮਰ ਕੈਦ ਵਰਗੀਆਂ ਲੰਮੀਆਂ ਸਜ਼ਾਵਾਂ ਦੇ ਕੇ ਜੇਹਲਾਂ ਨੂੰ ਤੋਰ ਦਿਤਾ।

ਜਲਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਦੇ ਪਿਛੋਂ ਸਾਰੇ ਭਾਰਤ ਵਿਚ ਬੇਚੈਨੀ ਦੀ ਲਹਿਰ ਦੌੜ ਗਈ, ਅੰਗਰੇਜ਼ੀ ਸਾਮਰਾਜ ਦੇ ਵਿਰੁਧ ਲੋਕਾਂ ਦੇ ਦਿਲਾਂ ਵਿਚ ਜਜ਼ਬਾ ਜਾਗਿਆ। ਸੁਧਾਰਵਾਦੀ ਕਾਂਗ੍ਰਸੀਏ ਵੀ ਜਾਗਰਤ ਵਿਚ ਆਏ। ਮਹਾਤਮਾ ਗਾਂਧੀ ਦੇ ਅਸਰ ਕਰਕੇ ਸ਼ਾਂਤਮਈ ਸਤਿਆਗ੍ਰਹਿ ਕਰਕੇ ਅਤੇ ਨਾ-ਮਿਲਵਰਤਨ ਲਹਿਰਾਂ ਚਲਾ ਕੇ ਅੰਗ੍ਰੇਜ਼ ਨੂੰ ਹੈਰਾਨ ਕਰਨ ਦੇ ਮਤੇ ਪਕਾ ਲਏ। ਅੰਗ੍ਰੇਜ਼ ਐਨਾ ਨਰਮ ਸੁਭਾ ਨਹੀਂ ਸੀ ਜੋ ਸ਼ਾਂਤਮਈ ਸਤਿਆਗ੍ਰਹਿ ਜਾਂ ਨਾ-ਮਿਲਵਰਤਨ ਤੋਂ ਘਬਰਾ ਜਾਂਦਾ। ਉਸ ਨੂੰ ਇਹ ਮਾਣ ਸੀ ਕਿ ਉਸ ਦੇ ਰਾਜ ਵਿਚ ਸੂਰਜ ਨਹੀਂ ਡੁਬਦਾ। ਉਸ ਕੋਲ ਫੌਜ ਤੇ ਧਨ ਹੈ। ਜਰਮਨੀ ਨੂੰ ਫਤਹ ਕੀਤਾ ਹੈ। ਗੁਲਾਮ ਹਿੰਦੁਸਤਾਨ ਨਾਲ ਉਹ ਹਰ ਤਰ੍ਹਾਂ ਦੀ ਟੱਕਰ ਲੈ ਸਕਦਾ ਹੈ। ਸੋ ਜੇਹੜੀ ਵੀ ਲਹਿਰ ਚਲਣੀ ਸ਼ੁਰੂ ਹੋਈ ਹਕੂਮਤ ਨੇ ਡੱਟ ਕੇ ਉਸਦਾ ਮੁਕਾਬਲਾ ਕੀਤਾ। ੧੯੨੦ ਵਿਚ ਖਿਲਾਫਤ ਲਹਿਰ ਚਲ ਪਈ। ਮੁਸਲਮਾਨਾਂ ਦੇ ਨਾਲ ਹਿੰਦੂਆਂ ਕਾਂਗ੍ਰਸੀਆਂ ਨੇ ਵੀ ਹਿੱਸਾ ਲਿਆ। ਸਾਰੇ ਹਿੰਦੁਸਤਾਨ ਵਿਚੋਂ ਸੈਂਕੜੇ ਗ੍ਰਿਫਤਾਰੀਆਂ ਹੋਈਆਂ।

੧੯੨੧ ਵਿਚ ਪ੍ਰਿੰਸ-ਆਫ-ਵੇਲਜ਼ (ਸ਼ਾਹਜ਼ਾਦਾ ਬ੍ਰਤਾਨੀਆਂ) ਨੇ ਹਿੰਦੁਸਤਾਨ ਦੇ ਦੌਰੇ ਉਤੇ ਆਉਣਾ ਸੀ। ਕਾਂਗ੍ਰਸ ਨੇ ਨਾ-ਮਿਲਵਰਤਨ ਲਹਿਰ ਚਲਾਉਣ ਦਾ ਫੈਸਲਾ ਕੀਤਾ। ਜਿਥੇ ਸਕੂਲਾਂ, ਕਾਲਜਾਂ, ਨੌਕਰੀਆਂ, ਬਦੇਸ਼ੀ ਮਾਲ, ਠੇਕੇ ਦੀ ਸ਼ਾਰਾਬ ਦਾ ਬਾਈਕਾਟ ਕਰਨ ਦਾ ਫੈਸਲਾ ਸੀ, ਉਥੇ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਾਸਜ਼ਾਦੇ ਦੇ ਆਉਣ ਤੇ ਕੋਈ ਹਿੰਦੁਸਤਾਨੀ ਸ੍ਵਾਗਤ ਕਰਨ ਵਿਚ ਹਿੱਸਾ ਨਾ ਲਵੇ। ਸਗੋਂ ਕਾਲੀਆ ਝੰਡੀਆਂ ਦਿਖਾ ਕੇ ਵਿਰੋਧੀ ਭਾਵ ਪ੍ਰਗਟ ਕੀਤੇ ਜਾਣ। ਸਰਕਾਰ ਨੂੰ ਮੁਆਮਲਾ ਨਾ ਦਿੱਤਾ ਜਾਵੇ। ਤਾਂਕਿ ਤੰਗ ਹੋਕੇ ਸਰਕਾਰ ਹਿੰਦੁਸਤਾਨੀਆਂ ਦੀਆਂ ਮੰਗਾਂ ਪ੍ਰਵਾਨ ਕਰੇ। ਬਾਰਦੌਲੀ ਜ਼ਿਲ੍ਹਾ ਅਹਿਮਦਾਬਾਦ ਗੁਜਰਾਤ ਤੋਂ ਮਹਾਤਮਾਂ ਗਾਂਧੀ ਨੇ ਨਾ-ਮਿਲਵਰਤਨ ਲਹਿਰ ਸ਼ੁਰੂ ਕੀਤੀ। ਇਹ ਲਹਿਰ ਸਾਰੇ ਦੇਸ਼ ਵਿਚ ਖਿਲਰ ਗਈ। ਕਈਆਂ ਨੇ ਸਰਕਾਰੀ ਨੌਕਰੀਆਂ ਛੱਡ ਦਿਤੀਆਂ, ਸਕੂਲ ਤੇ ਕਾਲਜ ਛੱਡੇ, ਕੌਂਸਲਾਂ ਦੀਆਂ ਮੈਂਬਰੀਆਂ

.......
.......

ਕਾਲਜ" ਸੀ। ਉਸ ਦੀ ਪੜਾਈ ਦਾ ਸਬੰਧ ਪੰਜਾਬ ਯੂਨੀਵਰਸਟੀ ਨਾਲ ਕੋਈ ਨਹੀਂ ਸੀ। ਸਰਦਾਰ ਭਗਤ ਸਿੰਘ ਸਰਕਾਰੀ ਕਾਲਜ ਵਿਚ ਦਾਖਲ ਹੋਣ ਦੀ ਥਾਂ ਏਸੇ ਕਾਲਜ ਵਿਚ ਆ ਦਾਖਲ ਹੋਇਆ ਸੀ। ਏਸੇ ਕਾਲਜ ਵਿਚ ਹੀ ਉਸ ਨੇ ਇਨਕਲਾਬੀ ਵਿਦਿਆ ਹਾਸਲ ਕੀਤੀ ਸੀ। ੧੯੦੧ ਤੋਂ ੧੯੨੩ ਤੱਕ ਅੰਗ੍ਰੇਜ਼ੀ ਹਕੂਮਤ ਦੇ ਵਿਰੁਧ ਜੋ ਵੀ ਲਹਿਰਾਂ ਚਲੀਆਂ ਸਨ ਉਨ੍ਹਾਂ ਸਾਰੀਆਂ ਦੇ ਇਤਿਹਾਸ ਨੂੰ ਪੜ੍ਹਿਆ, ਸੁਣਿਆ ਤੇ ਦੇਖਿਆ ਸੀ। ਇਹ ਵੀ ਫੈਸਲਾ ਉਸ ਨੇ ਕਾਲਜ ਵਿਚ ਹੀ ਕਰ ਲਿਆ ਸੀ ਕਿ ਅਜ਼ਾਦ ਹਿੰਦ ਦੀ ਰਾਜ ਬਣਤਰ ਕਿਸ ਢੰਗ ਦੀ ਬਣਾਈ ਜਾਵੇਗੀ। ਦੇਸ਼ ਦੀ ਸੁਤੰਤਾ ਤੇ ਖੁਸ਼ਹਾਲੀ ਬਦਲੇ ਜੀਵਨ ਕੁਰਬਾਨ ਕਰਨ ਦਾ ਪੱਕਾ ਤੇ ਅਟੱਲ ਫੈਸਲਾ ਕਰ ਲਿਆ ਸੀ।

ਸ਼ਹੀਦ ਭਗਤ ਸਿੰਘ : ੩.

ਸੂਰਮੇ ਜੋ ਪ੍ਰਣ ਕਰਦੇ ਨੇ ਉਸ ਤੋਂ ਕਦੀ ਫਿਰਦੇ ਨਹੀਂ। ਸਰਦਾਰ ਭਗਤ ਸਿੰਘ ਨੇ ਪੰਦਰਾਂ ਸਾਲ ਦੀ ਉਮਰ ਵਿਚ ਆਪਣੇ ਸਾਥੀਆਂ ਕੋਲ ਇਹ ਸੌਂਹ ਖਾਧੀ ਕਿ ਉਹ ਬੀ. ਏ. ਪਾਸ ਕਰਨ ਪਿਛੋਂ ਘਰ ਦੇ ਧੰਦਿਆਂ ਅਤੇ ਦੁਨਿਆਵੀ ਸੁਖਾਂ ਵਿਚ ਨਹੀਂ ਫਸੇਗਾ। ਉਹ ਵਤਨ ਦਾ ਸਿਪਾਹੀ ਹੈ। ਵਤਨ ਦੀ ਆਜ਼ਾਦੀ ਤੇ ਖੁਸ਼ਹਾਲੀ ਬਾਰੇ ਤਨੋਂ, ਮਨੋਂ ਤੇ ਧਨੋਂ - ਜਦੋ-ਜਹਿਦ ਕਰੇਗਾ।

ਇਮਤਿਹਾਨ ਹੋਏ। ਨਤੀਜਾ ਨਿਕਲਿਆ। ਭਗਤ ਸਿੰਘ ਨੇ ਚੰਗੇ ਨੰਬਰ ਲੈ ਕੇ ਬੀ. ਏ. ਪਾਸ ਕਰ ਲਿਆ। ਜਿਵੇਂ। ਉਸ ਨੂੰ ਡਰ ਸੀ ਕਿ ਘਰ ਵਾਲੇ ਗ੍ਰਹਿਸਤ ਮਾਰਗ ਧਾਰਨ ਕਰਨ ਵਾਸਤੇ ਮਜਬੂਰ ਕਰਨਗੇ, ਉਹ ਗਲ ਓਸੇ ਤਰਾਂ ਹੀ ਹੋਈ ਘਰ ਪੁਜਦੇ ਸਾਰ ਹੀ ਵਿਆਹ ਕਰਨ ਦੀਆਂ ਤਿਆਰੀਆਂ ਹੋ ਗਈਆਂ। ਆਪ ਵਿਆਹ ਕਰਾਉਣ ਦੇ ਵਿਰੁਧ ਸਨ ਕਿਉਂਕਿ ਵਤਨ ਵਾਸਤੇ ਕੁਝ ਕਰਨ ਦਾ ਪ੍ਰਣ ਕਰ ਚੁੱਕੇ ਸਨ| ਥੋੜਾ ਸਮਾਂ ਸੋਚਣ ਪਿਛੋਂ ਹੀ ਰਾਤ ਦੇ ਹਨੇਰੇ ਵਿਚ ਹੀ ਘਰੋਂ ਨਿਕਲੇ ਤੇ ਮੁੜ ਘਰ ਨਹੀਂ ਗਏ। ਭਗੌਤੀ ਚਰਨ ਦੇ ਦਸੇ ਅਨੁਸਾਰ ਸਿਧੇ ਕਾਹਨਪੁਰ ਪੁਜੇ। ਕਾਹਨਪੁਰ ਉੱਤਰਾ ਪ੍ਰਾਂਤ (ਯੂ.ਪੀ.) ਦੇ ਮਸ਼ਹੂਰ ਇਨਕਲਾਬੀ ਸ੍ਰੀ ਗਨੇਸ਼ ਜੀ ਵਿਦਿਆਰਥੀ1 ਰਹਿੰਦੇ ਸਨ। ਉਨ੍ਹਾਂ ਨੇ ਛਾਪਾਖਾਨਾ ਲਾਇਆ ਹੋਇਆ ਸੀ ਜਿਸ ਦਾ ਨਾਂ "ਪ੍ਰਤਾਪ ਪ੍ਰੈਸ" ਸੀ, ਉਹ ਇਕ ਅਖਬਾਰ ਵੀ ਕਢਿਆ ਕਰਦੇ ਸਨ। ਸ: ਭਗਤ ਸਿੰਘ ਉਨਾਂ ਨੂੰ ਮਿਲਿਆ | ਆਪਣੇ ਆਪ ਦੀ ਜਾਣ-ਪਛਾਣ ਕਰਵਾਈ। ਆਪਣਾ ਮਨੋਰਥ ਪ੍ਰਗਟ ਕੀਤਾ ਤੇ ਸਹਾਇਤਾ ਦੀ ਮੰਗ ਕੀਤੀ। ਵਿਦਿਆਰਥੀ ਜੀ ਪੰਜਾਬੀ ਗਭਰੂ ਦੇ ਦਿਲੀ ਵਲਵਲੇ ਸੁਣ ਕੇ ਬਹੁਤ ਖੁਸ਼ ਹੋਏ। ਜੀ ਆਇਆਂ ਨੂੰ ਆਖਿਆ। ਆਪਣੇ ਪ੍ਰੈਸ਼ ਦੇ ਕੰਮਾਂ ਵਿਚ ਲਾ ਲਿਆ।

(1 ਸ੍ਰੀ ਗਨੇਸ਼ ਸ਼ੰਕਰ ਜੀ ਵਿਦਿਆਰਥੀ ੧੯੩੧ ਵਿਚ ਕਾਹਨਪੁਰ ਦੇ ਫਿਰਕੂ ਫਸਾਦ ਵਿਚ ਮੁਸਲਮਾਨਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਉਸ ਵੇਲੇ ਆਪ ਯੂ.ਪੀ. ਕਾਂਗਰਸ ਦੇ ਪ੍ਰਧਾਨ ਸਨ।)

ਭਗਤ ਸਿੰਘ ਨੇ ਆਪਣਾ ਨਾਂ ਬਦਲ ਲਿਆ। ਭਗਤ ਸਿੰਘ ਤੋਂ ਨਿਰਾ "ਬਲਵੰਤ" ਬਣ ਗਿਆ।

ਯੂ.ਪੀ. ਜਾ ਕੇ ਨੌਕਰੀ ਕਰਨ ਦੀ ਤਾਂ ਉੱਕੀ ਇੱਛਾ ਨਹੀਂ ਸੀ, ਮਨੋਰਥ ਤਾਂ ਸੀ ਹਿੰਦ ਵਿਚੋਂ ਅੰਗਰੇਜ਼ੀ ਸਾਮਰਾਜ ਦਾ ਕੀਰਤਨ ਸੋਹਲਾ ਪੜ੍ਹਨ ਦਾ। ਆਪ ਨੌਕਰੀ ਵੀ ਕਰਦੇ ਰਹੇ ਤੇ ਸ਼੍ਰੀ ਜਗਦੀਸ਼ ਚੰਦਰ ਚਤ੍ਰ ਜੀ ਦੇ ਕਹਿਣ ਅਨੁਸਾਰ ਰਾਜਸੀ ਕੰਮ ਵੀ ਕਰਦੇ ਰਹੇ। ਆਪ ਸਿਆਣੇ 'ਫੀਲਡ ਵਰਕਰ' ਅਤੇ ਪ੍ਰੇਰੂ ਪ੍ਰਚਾਰਕ ਸਨ। ਈਸ਼ਵਰ ਨੇ ਸੂਝ ਬੂਝ ਬਖਸ਼ਣ ਲਗਿਆਂ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਰਾਤ ਦਿਨ ਇਕ ਕਰਕੇ ਯੂ. ਪੀ. ਤੇ ਪੰਜਾਬ ਦੇ ਉਨ੍ਹਾਂ ਗਭਰੂਆਂ ਨਾਲ ਮਿਲੇ ਜੋ ਅਗੇ-ਵਧੂ ਖਿਆਲਾਂ ਦੇ ਸਨ | ਜੋ ਨੀ ਇਨਕਲਾਬ ਵਿਚ ਵਿਸ਼ਵਾਸ ਰੱਖਦੇ ਸਨ।

ਕਾਂਗਰਸ ਸੁਧਾਰ ਵਾਦੀਆਂ ਦੀ ਸੀ, ਇਹ ਕਦੀ ਕੋਈ ਲਹਿਰ ਚਲਾ ਜੱਦੀ ਤੇ ਕਦੀ ਬੰਦ ਕਰ ਦੇਂਦੀ। ਅੰਗਰੇਜ਼ ਹਾਕਮਾਂ ਨੂੰ ਇਕ ਦਮ ਬਦਲਣ ਦਾ ਹੀਆ ਨਹੀਂ ਸੀ ਕਰਦੀ। ਚਲਾਕ ਅੰਗਰੇਜ਼ ਕਦੀ ਨਰਮ ਤੇ ਕਦੀ ਗਰਮ ਹੋ ਕੇ ਕਾਂਗਰਸੀਆਂ ਨਾਲ ਕਈ ਤਰਾਂ ਦੇ ਦਾਅ-ਪੇਚ ਖੇਡੀ ਜਾਂਦਾ ਸੀ। ਨੌਜਵਾਨ ਇਨਾਂ ਹੇਰਾ-ਫੇਰੀਆਂ ਤੋਂ ਤੰਗ ਆ ਗਏ ਸਨ। ਉਹ ਚਾਹੁੰਦੇ ਸੀ ਰੂਸ ਵਾਂਗ ਖੂਨੀ ਇਨਕਲਾਬ ਕਰਕੇ ਅੰਗਰੇਜ਼ ਸਾਮਰਾਜ ਨੂੰ ਖਤਮ ਕੀਤਾ ਜਾਵੇ।

ਗੁਰਦਵਾਰਾ ਕਾਨੂੰਨ ਦੇ ਬਣ ਜਾਣ ਪਿਛੋਂ ਜਿਹੜੇ ਸਿਖ ਨੌਜਵਾਨ ਤੇ ਵਤਨ ਪ੍ਰੇਮੀ ਅੰਗਰੇਜ਼ ਨਾਲ ਟੱਕਰ ਲਾਈ ਰੱਖਣਾ ਚਾਹੁੰਦੇ ਸੀ, ਉਹ ਵੀ ਇਨਕਲਾਬੀ ਰੁਚੀਆਂ ਵਾਲੇ ਬਣ ਗਏ। ਉਨ੍ਹਾਂ ਵਿਚੋਂ ਵੀ ਬਹੁਤ ਭਗਤ ਸਿੰਘ ਜੀ ਦੇ ਸਾਥੀ ਬਣੇ।

ਸਾਲ ਪਿਛੋਂ ਸਰਦਾਰ ਭਗਤ ਸਿੰਘ ਨੇ 'ਪ੍ਰਤਾਪ ਪ੍ਰੂੈਸ' ਦੀ ਨੌਕਰੀ ਛੱਡ ਦਿਤੀ। ਸਾਰਾ ਸਮਾਂ ਪਾਰਟੀ ਦੇ ਕੰਮਾਂ ਵਿਚ ਹੀ ਗੁਜ਼ਾਰਨ ਲੱਗਾ।ਹਿੰਮਤ ਕਰ ਕੇ ਕੁਝ ਵਰਕਰਾਂ ਨੂੰ ਇਕਠਿਆਂ ਕੀਤਾ ਤੇ 'ਹਿੰਦੁਸਤਾਨ ਰੀਪਬਲਿਕ ਐਸੋਦਾ ਸੀਏਸ਼ਨ' ਨਾਂ ਦੀ ਇਨਕਲਾਬੀ ਜਥੇਬੰਦੀ ਕਾਇਮ ਕੀਤੀ। ਇਨ੍ਹਾਂ ਦਿਨਾਂ ਵਿਚ ਹੀ ਆਪ ਨੇ 'ਕਿਰਤੀ' ਅਖਬਾਰ ਦੀ ਅਡੀਟਰੀ ਕੀਤੀ। ਸਰਦਾਰ ਸੰਤੋਖ ਸਿੰਘ ਅਮਰੀਕਨ ਤੇ ਸੋਹਣ ਸਿੰਘ 'ਜੋਸ਼' ਜਹੇ ਇਨਕਲਾਬੀਆਂ ਨਾਲ ਮਿਲ ਕੇ ਕੰਮ ਕਰਨ ਲੱਗੇ।

ਬੰਗਾਲੀ ਨੌਜੁਆਨ ਬਹੁਤੇ ਹਰਕਤ ਵਿਚ ਆਏ॥ ਅੰਗ੍ਰੇਜ਼ਾਂ ਦੇ ਕਤਲ ਅਤੇ ਅੰਗ੍ਰੇਜ਼ੀ ਤੇ ਸਰਕਾਰੀ ਜਾਇਦਾਦ ਦੀਆਂ ਲਟਾਂ ਤੇ ਸਾੜਾਂ ਦੀਆਂ ਵਾਰਦਾਤਾਂ ਬਹੁਤੀਆਂ ਹੋਣ ਲੱਗ ਪਈਆਂ। ਸਰਕਾਰੀ ਮਸ਼ੀਨਰੀ ਵੀ ਬਹੁਤ ਤੇਜ਼ੀ ਨਾਲ ਕੰਮ ਕਰਨ ਲੱਗੀ। ਸੀ. ਆਈ. ਡੀ. ਮਹਿਕਮੇ ਦੇ ਬੰਦੇ ਪ੍ਰਵਾਨਿਆਂ ਵਾਂਗ ਨੌ-ਜੁਆਨਾਂ ਪਿਛੇ ਫਿਰਨ ਲਗੇ। ਸ਼ਕ ਵਿਚ ਹੀ ਕਈ ਨੌ-ਜੁਆਨਾਂ ਨੂੰ ਫੜ ਫੜ ਕੇ ਜੇਹਲਾਂ ਵਿਚ ਸੁਟਣ ਲਗੇ। ਜੇਹਲ ਲੋਕਾਂ ਵਾਸਤੇ ਡਰੌਣੀ ਥਾਂ ਨਾ ਰਹੀ ਜਿਸ ਨੂੰ ਪੁਲੀਸ ਫੜਦੀ ਓਹੋ ਹੀ ਹੱਸ ਕੇ ਜੇਹਲ ਨੂੰ ਜਾਂਦਾ। ਬਹੁਤ ਸਾਰੇ ਖਦਰ ਪੋਸ਼ ਕਾਂਗ੍ਰਸੀਆਂ ਨੇ ਤਾਂ ਜੇਹਲ ਜਾਣਾ ਇਕ ਫੈਸ਼ਨ ਬਣਾ ਲਿਆ ਸੀ।

ਕੋਈ ਪਾਰਟੀ ਸਰਮਾਏ ਤੋਂ ਬਿਨਾਂ ਨਹੀਂ ਚਲਦੀ। ਇਨਕਲਾਬੀ ਪਾਰਟੀਆਂ ਵਾਸਤੇ ਸਰਮਾਏ ਦੀ ਬਹੁਤ ਲੋੜ ਹੁੰਦੀ ਹੈ। ਉਸ ਵੇਲੇ ਭਾਰਤ ਵਾਸੀਆਂ ਦੀ ਨਿਰਾਲੀ ਦਸ਼ਾਂ ਸੀ! ਗਰੀਬ ਲੋਕ ਇਨਕਲਾਬੀਆਂ ਨਾਲ ਹਮਦਰਦੀ ਰਖਦੇ ਸਨ ਤੇ ਅਮੀਰ ਜਾਂ ਸਰਕਾਰ ਨਾਲ ਸਨ ਜਾਂ ਕਾਂਗ ਨਾਲ ਸਨ, ਕਿਉਂਕਿ ਦੋਹਾਂ ਕੋਲੋਂ ਅਮੀਰਾਂ ਨੂੰ ਲਾਭ ਸਨ। ਕਾਂਗ੍ਰਸ ਉਤੇ ਮਹਾਤਮਾਂ ਗਾਂਧੀ ਦੇ ਖਿਆਲਾਂ ਅਤੇ ਉਸ ਦੀ ਲੀਡਰੀ ਦਾ ਕਬਜ਼ਾ ਸੀ। ਮਹਾਤਮਾਂ ਗਾਂਧੀ ਜਰਕਾਉ ਜਾਂ ਖੂਨੀ ਇਨਕਲਾਬ ਦੇ ਵਿਰੁਧ ਸੀ ਉਸ ਦਾ ਵਿਸ਼ਵਾਸ ਸੀ ਕਿ ਸ਼ਾਂਤ-ਮਈ ਸਤਿਆਗ੍ਰਹਿ ਜਾਂ ਮੰਗਾਂ ਆਸਰੇ ਆਜ਼ਾਦੀ ਦੀਆਂ ਕੁਝ ਕਿਸ਼ਤਾਂ ਹਾਸਲ ਹੋ ਜਾਣ ਤਾਂ ਚੰਗਾ ਹੈ। ਇਸ ਵਾਸਤੇ ਕਾਂਗ੍ਰਸੀ ਇਨਕਲਾਬੀ ਨੌ-ਜੁਆਨਾਂ ਨਾਲ ਹਮਦਰਦੀ ਤਾਂ ਰੱਖਦੇ ਸਨ ਪਰ ਮਾਲੀ ਸਹੈਤਾ ਨਹੀਂ ਸੀ ਦੇਂਦੇ।

ਇਨਕਲਾਬੀਆਂ ਵਾਸਤੇ ਸਰਮਾਇਆ ਇਕੱਠਾ ਕਰਨ ਦਾ ਇਕੋ ਢੰਗ ਸੀ ਕਿ ਉਹ ਡਕੈਤੀ ਕਰਕੇ ਸਰਮਾਏਦਾਰਾਂ ਕੋਲੋਂ ਸਰਮਾਇਆ ਖੋਹਣ ਤੇ ਪਾਰਟੀ ਦੇ ਕੰਮ ਚਲਾਉਣ। ਕਿਉਂਕਿ ਪਾਰਟੀ ਵਾਸਤੇ ਹਥਿਆਰਾਂ ਦੀ ਬਹੁਤ ਲੋੜ ਸੀ।

"ਹਿੰਦੁਸਤਾਨ ਰੀਪਬਲਿਕ ਐਸੋਸੀਏਸ਼ਨ" ਦਾ ਮੋਢੀ ਤੇ ਮੁਖੀ ਸਰਦਾਰ ਭਗਤ ਸਿੰਘ ਸੀ, ਫੁਰਤੀਲਾ ਨੌਜੁਆਨ! ਜਿਸ ਨੂੰ ਨਾ ਹਨੇਰੇ ਕੋਲੋਂ ਭੈ ਸੀ ਤੇ ਨਾ ਗੋਲੀ, ਤੋਪ ਤੇ ਬਰਛੀ ਕੋਲੋਂ। ਆਜ਼ਾਦੀ ਦੀ ਲਗਨ ਵਿਚ ਐਨਾ ਮਗਨ ਹੋਇਆ ਸੀ ਕਿ ਠੰਢ-ਤੱਪ ਤੇ ਭੁਖ- ਤ੍ਰੇਹ ਭੁਲ ਗਿਆ ਸੀ। ਕਾਲੀਆਂ ਰਾਤਾਂ ਵਿਚ ਵੀਹ ਵੀਹ ਕੋਹ ਪੈਂਡਾ ਕਰਕੇ ਵੀ ਨਾ ਥੱਕਦਾ। ਸੁੰਞੇਂ ਟਿਬਿਆਂ, ਮੜੀਆਂ ਤੇ ਕਬਰਾਂ ਵਿਚੋਂ ਕਿਸੇ ਵੇਲੇ ਕੁਵੇਲੇ ਡਰ ਨਾ ਆਉਂਦਾ। ਪਾਰਟੀ ਵਾਸਤੇ ਜੋ ਰੁਪਿਆ ਹਾਸਲ ਕਰਨ ਦੀ ਲੋੜ ਪੈਂਦੀ ਤਾਂ ਅਮੀਰਾਂ ਦੇ ਘਰੀਂ ਤੇ ਸਰਕਾਰੀ ਬੈਂਕਾਂ ਵਿਚ ਡਾਕੇ ਵੀ ਮਾਰੇ ਜਾਂਦੇ। ਉਹਨਾਂ ਡਕੈਤੀਆਂ ਦਾ ਮੋਢੀ ਸਰਦਾਰ ਭਗਤ ਸਿੰਘ ਹੁੰਦਾ।....ਤਿੰਨ ਸਾਲ ਦੀ ਕਠਨ ਮੇਹਨਤ ਕਰਕੇ ਆਪ ਨੇ" ਹਿੰਦੁਸਤਾਨ ਗੋਪਬਲਿਕ ਐਸੋਸੀਏਸ਼ਨ" ਨੂੰ ਇਕ ਤਕੜੀ ਸਰਬ ਹਿੰਦ ਇਨਕਲਾਬੀ ਪਾਰਟੀ ਬਣਾ ਦਿਤਾ।

ਸ਼ਹੀਦ ਭਗਤ ਸਿੰਘ : ੪.

ਕੋਟਲਾ ਫੀਰੋਜ਼ ਸ਼ਾਹ1

(1 ਫੀਰੋਜ਼ ਸ਼ਾਹ ਤੁਗਲਕ ੧੩੫੧-੧੩੮੮ ਈ ਤਕ ਹੋਯਾ। ਬਾਗਾਂ ਤੇ ਇਮਾਰਤਾਂ ਦਾ ਸ਼ੁਕੀਨ...ਉਸਦੇ ਬਾਗ ਦਾ ਹਿੱਸਾ ਹੈ। ਫੀਰੋਜ਼ਾਬਾਦ ਸ਼ਹਿਰ ਇੰਦਰ ਪ੍ਰਸਤ ਕੋਲ ਹੈ, ਜੋ ਜਮਨਾ ਤੋਂ ਰਤਾ ਦੂਰ ਹੈ।)

ਸਤੰਬਰ ਦਾ ਸ਼ੁਰੂ ਸੀ। ਬਾਰਸ਼ਾਂ ਦੇ ਦਿਨ ਸਨ। ਬਿਜਲੀ ਕੜਕ ਰਹੀ ਸੀ, ਅਸਮਾਨ ਉਤੇ ਘਨਘੋਰ ਘਟਾ ਛਾਈ ਹੋਈ ਸੀ। ਹਨੇਰੇ ਵਿਚ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ।...ਇਕ ਟੁੱਟੀ ਜਹੀ ਇਮਾਰਤ ਵਿਚ ਟਾਰਚ ਨਾਲ ਰੋਸ਼ਨੀਆਂ ਕੀਤੀਆਂ ਹੋਈਆਂ ਸਨ।.......ਹਿੰਦੁਸਤਾਨ ਭਰ ਦੇ ਇਨਕਲਾਬੀ ਇਕੱਠੇ ਹੋਏ ਹੋਏ ਸਨ। ਜਿਨ੍ਹਾਂ ਵਿਚੋਂ ਮੁਖੀ ਸੱਜਣ ਇਹ ਸਨ, ਵਿਜੈ ਕੁਮਾਰ ਸਿਨਾਹ, ਕੁੰਦਨ ਲਾਲ, ਸ੍ਰਦਾਰ ਭਗਤ ਸਿੰਘ, ਸੁਖਦੇਵ, ਵਿਜੇ ਕੁਮਾਰ, ਹਮ ਦਤ, ਸੁਰਿੰਦਰ ਪਾਂਡੇ, ਜਤਿੰਦਰ ਨਾਥ ਦਾਸ, ਯਸ਼ਪਾਲ, ਚੰਦਰ ਸ਼ੇਖਰ ਆਜ਼ਾਦ,ਮਹਾਂ ਬੀਰ ਸਿੰਘ, ਭਗੌਤੀ ਚਰਨ, ਵਿਦਿਆਰਥੀ ਰਾਜਗੁਰੂ, ਸਰਦੂਲ ਸਿੰਘ, ਸੋਹਣ ਸਿੰਘ ਆਦਿਕ ਸਾਰੀਆਂ ਦੀ ਗਿਣਤੀ ਸੱਠ ਕੁ ਸੀ। ਇਹ ਉਹ ਪਾਰਟੀ ਮੈਂਬਰ ਸਨ ਜਿਨ੍ਹਾਂ ਉਤੇ ਪਾਰਟੀ ਨੂੰ ਪੂਰਨ ਵਿਸ਼ਵਾਸ ਸੀ। ਇਹ ਸਾਰੇ ਮਰਦ ਹੀ ਨਹੀਂ ਸਨ ਸਗੋਂ ਇਹਨਾਂ ਵਿਚ ਪੰਜ ਦੇਵੀਆਂ ਵੀ ਸਨ ਜੋ ਭਾਰਤ ਮਾਂ ਦੇ ਹਵਨ-ਕੁੰਡ ਵਿਚ ਆਪਣੇ ਆਪ ਦੀ ਅਹੂਤੀ ਦੇਣ ਵਾਸਤੇ ਤਿਆਰ ਸਨ।

ਸਰਦਾਰ ਭਗਤ ਸਿੰਘ ਇਸ ਇਕਤ੍ਰਤਾ ਦੇ ਸਕਤ੍ਰ ਸਨ। ਰਾਤ ਦੇ ਯਾਰਾਂ ਵਜੇ ਇਕਤ੍ਰਤਾ ਸ਼ੁਰੂ ਹੋਈ। ਸਰਦਾਰ ਭਗਤ ਸਿੰਘ ਨੇ ਖਲੋ ਕੇ ਐਸੋਸੀਏਸ਼ਨ ਦੀ ਰੀਪੋਰਟ ਪੜਨੀ ਸ਼ੁਰੂ ਕੀਤੀ ".....ਸਾਥੀਓ! ਪਿੱਛਲੀ ਇਕਤ੍ਰਤਾ ਵਿਚ ਜੇ ਮੈਂਬਰ ਵਧਾਉਣ ਦੇ ਫੈਸਲੇ ਹੋਏ ਸਨ...ਵਰਕਰਾਂ ਤਨੋਂ - ਮੰਨੋਂ ਹੋਕੇ ਹਿੰਮਤ ਕੀਤੀ ( ਪਾਰਟੀ ਕੋਲ ਪੈਸਾ ਵੀ ਹੈ ਤੇ ਮੈਂਬਰਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਉੱਪਰ ਹੋ ਗਈ ਹੈ। ਹੋਰ ਥਾਂ ਨੌਜੁਆਨ ਸਾਡਾ ਸਾਥ ਦੇ ਰਹੇ ਨੇ...ਅਜ ਦਾ ਏਜੰਡਾ ਪਾਰਟੀ ਦਾ ਭਵਿਖਤ ਨਵਾਂ ਪ੍ਰੋਗਰਾਮ ਬਣਾਉਣ ਦਾ ਢੰਗ...।"

ਇਨ੍ਹਾਂ ਦੇ ਪਿਛੋਂ ਚੰਦਰ ਸ਼ੇਖਰ ਆਜ਼ਾਦ ਉਠਿਆ, ਉਸਨੇ ਆਖਣਾ ਸ਼ੁਰੂ ਕੀਤਾ,-"ਦੇਸ਼ ਦੇ ਰਾਜੇਸੀ ਹਾਲਾਤ ਬਹੁਤ ਬਦਲ ਗਏ ਨੇ। ਸਾਰਾ ਦੇਸ਼ ਬੇਦਾਰ ਹੋ ਚੁਕਾ ਹੈ ਇਸ ਵੇਲੇ ਸਾਨੂੰ ਕੁਝ ਕਰਨਾ ਚਾਹੀਦਾ ਹੈ।....ਕਾਂਗ੍ਰਾਸੀਆਂ ਦੀ ਪਾਲਸੀ ਦੇਸ਼ ਨੂੰ ਆਜ਼ਾਦੀ ਨਹੀਂ ਦਿਵਾ ਸਕਦੀ। ਇਹ ਨਿਤ ਸਮਝਾਉਤੇ ਕਰਦੇ ਨੇ। ...ਨੌਜਵਾਨਾਂ ਨੂੰ ਕੁਝ ਕਰਨਾ ਚਾਹੀਦਾ ਹੈ ਮੇਰੀ ਤਜਵੀਜ਼ ਹੈ ਕਿ ਹੁਣ ਇਸ ਐਸੋਸੀਏਸ਼ਨ ਨੂੰ ਜੀ ਤਰਤੀਬ ਵਿਚ ਲਾਇਆ ਜਾਵੇ।

...ਸਭ ਨੇ ਸਲਾਹ ਮੰਨ ਲਈ ਤੇ ਫੈਸਲਾ ਹੋਇਆ ਕਿ ਅਜ ਤੋਂ ਇਸ ਜਥੇਬੰਦੀ ਦਾ ਨਾਂ 'ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ' ਰੱਖ ਲਿਆ। ਉਸ ਦੀ ਆਲ ਇੰਡੀਆ ਵਰਕਿੰਗ ਕਮੇਟੀ ਦੇ ਇਹ ਮੈਂਬਰ ਚੁਣੇ ਗਏ: 'ਸਰਦਾਰ ਭਗਤ ਸਿੰਗ, ਸੁਖਦੇਵ, ਵਿਜੈ ਕੁਮਾਰ ਸੀਨਾਹ, ਸ਼ਰਮਾ, ਜਤਿੰਦਰ ਨਾਥ ਘੋਸ਼, ਕੁੰਦਨ ਲਾਲ, ਚੰਦਰ ਸ਼ੇਖਰ ਆਜ਼ਾਦ।

ਚੰਦਰ ਸੇਖਰ ਆਜ਼ਾਦ ਸੈਨਾਪਤੀ ਅਤੇ ਕੁੰਦਨ ਲਾਲ। ਕੇਂਦਰੀ ਦਫਤਰ ਦੀ ਇਨਚਾਰਜ ਮੁਕਰਰ ਹੋਇਆ। ਕੇਂਦਰੀ ਦਫਤਰ ਝਾਂਸੀ ਵਿਚ ਰੱਖਿਆ।

ਸੂਬੇਦਾਰ ਇੰਨਚਾਰਜ ਇਹ ਸੋਨ, ਯੂ.ਪੀ. ਸੁਖਦੇਵ, ਬਿਹਾਰ ਜਤਿੰਦਰ ਨਾਥ ਘੋਸ਼, ਪੰਜਾਬ ਸ: ਭਗਤ ਸਿੰਘ। ਅਮਲੀ ਕੰਮ ਕਰਨ ਵਾਸਤੇ ਇਹ ਤਹਿ ਕੀਤਾ ਗਿਆ-

(੧) ਕਕੋਰੀ ਕੇਸ ਦੇ ਕੈਦੀ ਜਗਦੀਸ਼ ਚੰਦਰ ਚਤ੍ਰ ਜੀ ਨੂੰ ਜੇਹਲ ਵਿਚੋਂ ਕਢਿਆ ਜਾਵੇ।
(੨) ਸੈਮਨ ਕਮਿਸ਼ਨਰ ਦੀ ਗੱਡੀ ਤੇ ਬੰਬ ਮਾਰਿਆ ਜਾਵੇ
(੩) ਮੈਂਬਰਾਂ ਨੂੰ ਬੰਬ ਬਣਾਉਣੇ ਸਿਖਾਉਣ ਵਾਸਤੇ ਕੋਈ ਸਿਆਣਾ ਕਾਰੀਗਰ ਮੰਗਵਾਇਆ ਜਾਵੇ।
(੪) ਕਾਕੋਰੀ ਕੇਸ' ਦੇ ਮੁਖਬਰਾਂ ਨੂੰ ਗੋਲੀ ਮਾਰ ਕੇ ਮਾਰਿਆ ਜਾਵੇ।
(੫) ਰੁਪਿਆ ਇਕੱਠਾ ਕਰਨ ਵਾਸਤੇ ਡਾਕਿਆਂ ਦੀਆਂ ਵਾਰਦਾਤਾਂ ਨੂੰ ਤੇਜ਼ ਕੀਤਾ ਜਾਵੇ।
(੬) ਸਹਾਰਨ ਪੁਰ, ਕਲਕਤਾ, ਲਾਹੌਰ ਤੇ ਆਗਰੇ ਵਿਚ ਬੰਬ ਫੈਕਟਰੀਆਂ ਖੋਲੀਆਂ ਜਾਣ।

ਦਿਨ ਦੇ ਚੜ੍ਹਾ ਨਾਲ ਇਕਤ੍ਰਤਾ ਦੀ ਸਮਾਪਤੀ ਹੋਈ। ਰਾਤ ਦੇ ਹਨੇਰੇ ਵਿੱਚ ਹੀ ਸਾਰੇ ਮੈਂਬਰ ਖਿਲਰ ਪੁਲਰ ਗਏ।

ਸ਼ਹੀਦ ਭਗਤ ਸਿੰਘ : ੫.

ਆਜ਼ਾਦੀ ਮੰਗ ਰਹੀ ਜਵਾਲਾ ਨੂੰ ਠੰਢਿਆਂ ਕਰਨ ਵਾਸਤੇ ਜਿਥੇ ਸਰਕਾਰ ਕਰੜਾਈ ਤੋਂ ਕੰਮ ਲੈਂਦੀ ਸੀ, ਉਥੇ ਸੁਧਾਰ ਦਾ ਲਾਲਚ ਵੀ ਬਹੁਤ ਦੇਂਦੀ ਸੀ। ਬਾਦਸ਼ਾਹ ਕੋਲੋਂ ਆਗਿਆ ਲੈ ਕੇ ਬ੍ਰਤਾਨੀਆਂ ਵੀ ਵਜ਼ੀਰ ਮੰਡਲੀ ਨੇ ਸਰ ਜੌਹਨ ਸੈਮਨ ਦੀ ਜਥੇਦਾਰੀ ਹੇਠ ਇਕ ਟੋਲਾ ਗੋਰਿਆਂ ਦਾ ਹਿੰਦੁਸਤਾਨ ਭੇਜਿਆ ਕਿ ਉਹ ਹਿੰਦੁਸਤਾਨ ਦਾ ਦੌਰਾ ਕਰਕੇ ਪੜਤਾਲ ਕਰੇ ਕਿ ਹਿੰਦ ਦੇ ਵਸਨੀਕਾਂ ਨੂੰ ਕਿੰਨੀ ਕੁ ਰਾਜਸੀ ਆਜ਼ਾਦੀ ਦਿਤੀ ਜਾਵੇ। ਇਸ ਟੋਲੇ ਦੀ ਰੀਪੋਰਟ, ਪਿਛੋਂ ਪਾਰਲੀਮੈਂਟ ਕੋਈ ਫੈਸਲਾ ਕਰੇਗੀ.....! ਇਸ ਟੋਲੇ ਦਾ ਨਾਂ ਸੈਮਨ ਕਮਿਸ਼ਨ ਸੀ, ਜਿਉਂ ਹੀ ਇਸ ਕਮਿਸ਼ਨ ਦੀ ਹੋਂਦ ਅਤੇ, ਇਸਦੇ ਮੈਬਰਾਂ ਦੇ ਨਾਵਾਂ ਦਾ ਪਤਾ ਇੰਗਲਸਤਾਨ ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਪਤਾ ਲਗਾ ਤਾਂ ਉਨਾਂ ਨੇ ਵਿਰੋਧਤਾ ਕੀਤੀ, ਐਲਾਨ ਕੀਤਾ ਕਿ ਇਹ 'ਸੈਮਨ ਕਮਿਸ਼ਨ, ਇਕ ਧੋਖੇ ਦਾ ਜਾਲ ਹੈ। ਇਸ ਦੇ ਫੰਦੇ ਵਿਚ - ਹਿੰਦੁਸਤਾਨੀ ਦੇਸ਼ ਭਗਤਾਂ ਨੂੰ ਨਹੀਂ ਫਸਣਾ ਚਾਹੀਦਾ ਸਗੋਂ ਡੱਟ ਕੇ ਵਿਰੋਤਾ ਕਰਨੀ ਚਾਹੀਦੀ ਹੈ।

ਸ਼ਰਬ ਹਿੰਦ ਨੈਸ਼ਨਲ ਕਾਂਗ੍ਰਸ ਅਤੇ ਹੋਰ ਜਥੇਬੰਦੀਆਂ ਨੇ ਸੈਮਨ ਕਮਿਸ਼ਨ ਦੀ ਵਿਰੋਧਤਾ ਕਰਨ ਦਾ ਐਲਾਨ ਕਰ ਦਿਤਾ।.......

ਜਿਸ ਦਿਨ ਸੈਮਨ ਤੇ ਉਸਦੇ ਸਾਥੀ ਬੰਬਈ ਦੀ ਬੰਦਰਗਾਹ ਉਤੇ ਜਹਾਜ਼ੋ ਉਤਰੇ ਤਾਂ ਬੰਬਈ ਵਿਚ ਮੁਕੰਮਲ ਹੜਤਾਲ ਹੋ ਗਈ। ਨਿਰੀ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਭਾਰਤ ਦੇ ਵਡੇ ਵਡੇ ਸ਼ਹਿਰਾਂ ਵਿਚ ਹੜਤਾਲ ਹੋਈ। ਹਰ ਸ਼ਹਿਰ ਦੇ ਵੱਡੇ ਬਜ਼ਾਰਾਂ ਦੇ ਚੌਕਾਂ ਵਿਚ 'ਸੈਮਨ ਕਮਿਸ਼ਨ ਗੋ ਬੈਕ ਦੇ ਮੋਟੋ ਟੰਗੇ ਗਏ। ਭਾਰੀ ਜਲੂਸ ਨਿਕਲੇ ਉਨ੍ਹਾਂ ਜਲੂਸਾਂ ਵਿਚ ਹਰ ਮਰਦ-ਇਸਤੀ ਦੇ ਹੱਥ ਵਿਚ ਕਾਲੀਆਂ ਝੰਡੀਆਂ ਅਤੇ ਸੈਮਨ ਗੋ ਬੈਕ ਦੇ ਬੁਲਾਂ ਉਤੇ ਨਾਹਰੇ ਸਨ। ਜਿਸ ਸ਼ਹਿਰ ਵਿਚ ਵੀ ਸੈਮਨ ਗਿਆ, ਉਥੇ ਹੀ ਲੋਕਾਂ ਨੇ ਉਸ ਨਾਲ ਨਾ-ਮਿਲ ਵਰਤਨ ਕੀਤਾ! ਹਿੰਦ ਦੇ ਨੌ ਜੁਆਨਾਂ ਨੇ ਖਾਸ ਕਰਕੇ ਸ: ਭਗਤ ਸਿੰਘ ਦੀਆਂ ਕਾਇਮ ਕੀਤੀਆਂ ਹੋਈਆਂ ਜਥੇਬੰਦੀਆਂ ਨੌਜੁਆਨ ਭਾਰਤ ਸਭਾ' 'ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ' ਅਤੇ 'ਵਿਦਿਆਰਥੀ ਸਭਾ' ਦੇ ਮੈਂਬਰਾਂ ਨੇ ਬੜਾ ਹਿੱਸਾ ਲਿਆ। ਜਿਸ ਸਪੈਸ਼ਲ ਰੇਲ-ਗਡੀ ਉੱਤੇ ਸੈਮਨ ਦੌਰਾ ਕਰ ਰਿਹਾ ਸੀ, ਉਸ ਗੱਡੀ ਨੂੰ ਬੰਬ ਨਾਲ ਤਹਿ ਕਰਨ ਦੇ ਯਤਨ ਹੋਏ, ਪਰ ਉਨ੍ਹਾਂ ਵਿਚ ਸਫਲਤਾ ਹਾਸਲ ਨਾ ਹੋਈ। ਬੰਗਾਲ, ਬਿਹਾਰ, ਬੰਬਈ ਤੇ ਪੰਜਾਬ ਵਿਚ ਕੁਝ ਐਸੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਨੇ ਸੈਮਨ ਕਮਿਸ਼ਨ ਦੇ ਕੰਨ ਖੜੇ ਕਰ ਦਿਤੇ। ਉਸਨੂੰ ਅਨਭਵ ਹੋ ਗਿਆ ਕਿ ਹੁਣ ਹਿੰਦੁਸਤਾਨ ਛੇਤੀ ਹੀ ਆਜ਼ਾਦ ਹੋ ਜਾਵੇਗਾ। ਦੇਸ਼ ਵਿਚ ਜਾਗਰੂਤ ਆ ਗਈ ਹੈ। ਪਰ ਇਸ ਭੇਤ ਨੂੰ ਉਹ ਅੰਗਰੇਜ਼ ਬੱਚਾ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ ਨਾ ਉਸ ਨੇ ਕੀਤਾ। ਉਹ ਤਾਂ ਹਿੰਦ ਨੂੰ ਲਮੇਰੇ ਸਮੇਂ ਤਕ ਗੁਲਾਮ ਰੱਖਣ ਦੇ ਬਾਨਣੂ-ਬੰਨਣ ਵਾਸਤੇ ਹਿੰਦ ਦਾ ਦੌਰਾ ਕਰ ਰਿਹਾ ਸੀ, ਉਹ ਤਾਂ ਕੌੜੀ ਦਵਾਈ ਉਪਰ ਖੰਡ ਲਾਉਣ ਦਾ ਯਤਨ ਕਰ ਕਿਹਾ ਸੀ। ਉਹ ਦੀ ਹਰ ਹਰਕਤ ਵਿੱਚ ਧੋਖਾ ਸੀ ਤੇ ਹਰ ਸ਼ਬਦ ਪਿੱਛੇ "ਝੁਠ ਦੀ ਰੂਹ ਸੀ।"

ਸੈਮਨ ਕਮਿਸ਼ਨ ਪੰਜਾਬ ਵਿਚ ਵੀ ਆ ਗਿਆ। ਲਾਹੌਰ ਪੁੱਜਾ। ਜਿਨ੍ਹਾਂ ਸਰਕਾਰੀ ਇਮਾਰਤਾਂ ਵਿਚ ਉਹ ਠਹਿਰਿਆ ਉਨਾਂ ਬੇ ਚੌਗਿਰਦੇ ਕਰੜੇ ਪਹਿਰੇ ਰੱਖੇ ਗਏ! ਆਇਆ ਤਾਂ ਸੀ ਕਮਿਸ਼ਨ ਜਨਤਾ ਦੇ ਦਿਲੀ ਵਲਵਲੇ ਨੂੰ ਪੜ੍ਹਣ ਪਰ ਜਨਤਾ ਦੇ ਨੇੜੇ ਹੁੰਦਿਆਂ ਉਸਨੂੰ ਡਰ ਆਉਂਦਾ ਸੀ। ਆਪਣੀ ਨਸਲ ਦੇ ਗੋਰਿਆ ਕੋਲ ਹੀ ਰਹਿੰਦਾ ਤੇ ਉਨ੍ਹਾਂ ਦੇ ਨਾਲ ਹੀ ਗੱਲਾਂ ਕਰਦਾ।

ਪੰਜਾਬ ਦੇ ਨਿਧੜਕ ਸ਼ੇਰ ਲਾਲਾ ਲਾਜਪਤ ਰਾਏ ਦੀ। ਹਿੰਮਤ ਨਾਲ ਸਾਰੇ ਲਾਹੌਰ ਵਿਚ ਮੁਕੰਮਲ ਹੜਤਾਲ ਹੋ ਗਈ। ਗਵਰਨਰ ਦੇ ਦਫਤਰ ਅਗੇ ਜਾਕੇ ਹਿੰਦੁਸਤਾਨੀਆਂ ਦੇ ਦਿਲੀ ਵਲਵਲਿਆਂ ਦਾ ਦਿਖਾਵਾ ਕਰਨ ਖਾਤਰ ਤਕੜੇ ਜਲੂਸ ਕਢਣ ਦਾ ਉਪਰਾਲਾ ਕੀਤਾ। ਸ਼ਹਿਰ ਦੇ ਜ਼ਿਲੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਤਿਲ ਮਾਰਿਆਂ ਤੋਂ ਤੇ ਨਹੀਂ ਸੀ ਪੈਂਦਾ। ਨਾਹਰਿਆਂ ਨਾਲ ਸਾਰਾ ਵਾਯੂ ਮੰਡਲ ਗੂੰਜਣ ਲਗਾ। ਵਤਨ-ਪ੍ਰੇਮ ਇਕ ਭਾਨ ਬਣਕੇ ਜਨਤਾ ਦੇ ਲਹੂ ਤੇ ਦਿਲਾਂ ਵਿਚ ਠਾਠਾਂ ਮਾਰ ਰਹੀ ਸੀ। ਜਲੂਸ ਨਿਕਲਿਆ ਤੇ ਜਲੂਸ ਵਿਚ ਏਹੋ ਜਹੇ ਕਈ ਗੀਤ ਗਾਏ ਜਾ ਰਹੇ ਸਨ। 

"ਹਿੰਦੁਸਤਾਨੀ ਹੈਂ ਹਮ, ਹਿੰਦੁਸਤਾਂ ਹਮਾਰਾ।
ਮੁੜ ਜਾਓ ਸੈਮਨ ਯਹਾਂ ਕਿਆ ਹੈ ਤੁਮਾਰਾ।"

... ... ... ... ... ... ... ...

ਚਲਿਆ ਜਾਵੀਂ ਸੈਮਨ, ਚੱਲਿਆ ਜਾਵੀਂ ਸੈਮਨ,
ਕੋਈ ਕਰੀਂ ਨਾ ਕਾਰਾ.....
ਝੂਠਾ ਲਾਵੇਂਗਾ ਲਾਰਾ......
ਧੜਕੇ ਸਾਡੀ ਏ ਛਾਂਤੀ, ਅਸਾਂ ਰਮਲ ਪਛਾਤੀ,
ਤੂੰ ਗੋਰਾ ਦੁਲਾਰਾ.....
ਝੂਠਾ ਲਾਵੇਂਗਾ ਲਾਰਾ.......





ਲਾਹੌਰ ਦਾ ਡਿਪਟੀ ਕਮਿਸ਼ਨਰ, ਸੁਪ੍ਰਿੰਟੈਂਡੈਂਟ, ਡਿਪਟੀ ਸੁਪ੍ਰਿੰਟੈਂਡਟ ਪੁਲੀਸ ਸਭ ਅੰਗ੍ਰੇਜ਼ ਸਨ। ਸੁਪ੍ਰਿੰਟੈਂਡੈਂਟ ਪੋਲੀਸ਼ ਮਿਸਟਰ ਸਕਾਟ ਬਹੁਤ ਕਰੜੇ ਦਿਲ ਵਾਲਾ ਭੈੜਾ ਅੰਗ੍ਰੇਜ਼ ਸੀ। ਉਸਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਜਲੂਸ ਨੂੰ ਤਿੱਤ੍ਰ-ਬਿੱਤ੍ਰ ਕਰਨ ਵਾਸਤੇ ਜਿੰਨੀ ਸਖਤੀ ਵਰਤਨੀ ਪਵੇ ਵਰਤੋ।...ਪੁਲਸ ਨੂੰ ਬਹੁਤ ਖੁਲ੍ਹਾਂ ਮਿਲੀਆਂ ਨੇ। ਮਿਸਟਰ ਸਕਾਟ ਆਪ ਵੀ ਜਲੂਸ ਰੋਕਣ ਵਾਸਤੇ ਗਿਆ।

ਜਲੂਸ ਭਾਟੀ ਦਰਵਾਜੇ ਵਲੋਂ ਨਿਕਲ ਕੇ ਗੋਲ ਬਾਗ਼ ਤੇ ਗਵਰਨਰ ਦੇ ਦਫ਼ਤਰ ਵਲ ਨੂੰ ਵਧਿਆ ਵਡੇ ਵਡੇ ਆਗੂ ਮੋਹਰੇ ਸਨ। ਲਾਲਾ ਲਾਜਪਤ ਰਾਏ ਮੋਹਰਲੀ ਟੋਲੀ ਵਿਚ ਸਨ। "ਹਿੰਦੁਸਤਾਨ ਆਜ਼ਾਦ ਹੋਕੇ ਰਹੇਗਾ"..ਖੂੰਨ ਦਾ ਬਦਲਾ ਖੂੰਨ ਸੇ ਲੇਂਗੇ, "ਸੈਮਨ ਕਮਿਸ਼ਨ ਗੋ ਬੈਕ" ਦੇ ਨਾਹਰੇ ਐਨੀ ਉਚੀ ਤੇ ਜੋਸ਼ ਨਾਲ ਲੱਗ ਰਹੇ ਸਨ ਕਿ ਇੱਕ ਦੁਸਰੇ ਦੀ ਹੋਰ ਕੋਈ ਗੱਲ ਨਹੀਂ ਸੀ ਸੁਣੀ ਜਾਂਦੀ। ਜੋਸ਼ ਨਾਲ ਗਭਰੂਆਂ ਦੀਆਂ ਹਿੱਕਾਂ ਚੌੜੀਆਂ ਹੋ ਰਹੀਆਂ ਸਨ, ਅੱਖਾਂ ਵਿਚ ਲਹੂ ਉੱਤਰਿਆ ਹੋਇਆ ਸੀ। ਬਾਹੀਂ ਉੱਚੀਆਂ ਕਰ ਕਰ ਕੇ ਨਾਹਰੇ ਲਾਈ ਜਾਂਦੇ ਸਨ। ਇਹ ਜਲੂਸ ਇੱਕ ਤੂਫਾਨ ਦੀ ਤਰ੍ਹਾਂ ਅੱਗੇ ਵਧ ਰਿਹਾ ਸੀ।

ਮਿਸਟਰ ਸਕਾਟ ਆਪਣੀ ਪੁਲੀਸ ਨੂੰ ਤਿਆਰ ਕਰਕੇ ਸੜਕ ਰੋਕੀ ਬੈਠਾ ਸੀ। ਜਦੋਂ ਜਲੂਸ ਨੇੜੇ ਹੋਇਆ ਤਾਂ ਉਹ ਉੱਚੀ ਸਾਰੀ ਚਿਲਾਕੇ ਆਖਣ ਲੱਗਾ “ਅੱਗੇ ਨਾ ਵਧੋ, ਖਿਲਰ ਜਾਓ...ਨਹੀਂ ਤੇ ਗੋਲੀ ਮਾਰ ਦਿਤੀ ਜਾਏਗੀ..ਲਾਠੀਓ ਸੇ ਪੀਟਾ ਜਾਏਗਾ, ਖਿਲਰ ਜਾਓ. ਖਿਲਰ ਜਾਓ...। ਮੈਂ ਕਹਿਤਾ ਹੂੰ ਖਿਲਰ ਜਾਓ।"

ਜਲੂਸ ਦੇ ਮੋਹਰੇ ਵਾਲੀ ਟੋਲੀ ਸਿਆਣੇ ਆਗੂਆਂ ਦੀ ਸੀ। ਉਹ ਰੁਕ ਗਈ। ਉਹ ਤਾਂ ਮਿਸਟਰ ਸਕਾਟ ਨੂੰ ਸਮਝਾਉਣ ਦਾ ਯਤਨ ਕਰਨ ਲੱਗੀ ਕਿ ਜਲੂਸ ਨੇ ਲਾਟ ਸਾਹਿਬ ਦੇ ਦਫਤਰ ਅਗੋਂ ਦੀ ਹੋਕੇ ਮੁੜ ਆਉਣਾ ਹੈ। ਖ਼ਤਰੇ ਦੀ ਕੋਈ ਗੱਲ ਨਹੀਂ। ਜਲੂਸ ਪੁਰ ਅਮਨ ਰਹੇਗਾ। ...ਹੰਕਾਰੀ ਅੰਗ੍ਰੇਜ਼ ਬੱਚਾ ਨਾ ਮੰਨਿਆ। ਉਹ ਏਹੋ ਆਖੀ ਗਿਆ। ਇਸ ਸੇ ਆਗੇ ਨਹੀਂ ਜਾ ਸਕਤੇ.. ਖਿਲਰ ਜਾਓ..ਨਹੀਂ ਤੇ ਲਾਠੀ ਚਾਰਜ ਹੋਗਾ।"

ਜਲੂਸ ਨੂੰ ਰੁਕਿਆਂ ਤੋਂ ਪੁਲਸ ਦੀਆਂ ਲਾਲ ਪਗੜੀਆਂ ਤੇ ਅੰਗ੍ਰੇਜ਼ੀ ਟੋਪ ਦੇਖਕੇ ਜਲੂਸ਼ ਦੀ ਜਨਤਾ ਨੂੰ ਜੋਸ਼ ਨਾਲ ਦੂਣੀਆਂ ਲਾਲੀਆਂ ਚੜ੍ਹ ਗਈਆਂ। ਉਹ ਹੋਰ ਉੱਚੀ ਨਾਹਰੇ ਲਾਉਣ ਲੱਗੇ। ਧੱਕੇ ਤੇ ਧੱਕਾ ਪੈਣ ਲੱਗਾ,"ਜਲੂਸ ਨਹੀਂ ਰੁਕੇਗਾ, ਅਗੇ ਚਲੇਗਾ.......ਤੋਪ ਚਲੇ ਜਾਂ ਗੋਲੀ ........ਜਲੂਸ ਨਹੀਂ ਰੁਕੇਗਾ"। ਏਹੋ ਜਹੀਆਂ ਆਵਾਜ਼ਾਂ ਜਲੂਸ ਵਿਚੋਂ ਆ ਰਹੀਆਂ ਸਨ। ਅਗੋਂ ਪੁਲਸ ਰੋਕੀ ਖਲੋਤੀ ਸੀ, ਪਿਛੋਂ ਲੋਕ ਅਗੇ ਨੂੰ ਧੱਕੇ ਮਾਰ ਰਹੇ ਸਨ। ਮੁਖੀ ਤੇ ਅਗਲੀਆਂ ਟੋਲੀਆਂ ਬਹੁਤ ਤੰਗੀ ਵਿਚ ਸਨ। ਲਾਲਾ ਲਾਜਪਤ ਦੇ ਲਖ ਸਮਝਾਉਣ ਤੇ ਵੀ ਗੋਰਾ ਸਕਾਟ ਨਾ ਮੰਨਿਆਂ। ਉਹ ਸਗੋਂ ਕਰੋਧ ਨਾਲ ਮਾੜੇ ਬੋਲ ਬੋਲਣ ਲੱਗਾ।

ਸ: ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਅੱਗੇ ਹੋਏ, ਲਾਲਾ ਲਾਜਪਤ ਜੀ ਨੂੰ ਕਰੋਧ, ਆ ਗਿਆ ਕਿ ਗੋਰਾ ਹਿੰਦੁਸਤਾਨੀਆਂ ਦਾ ਨਿਰਾਦਰ ਕਰ ਰਿਹਾ ਹੈ। “ਹੱਛਾ ਜਲੂਸ ਨਹੀਂ ਰੁਕੇਗਾ"....ਦਾ ਨਾਹਰਾ ਲਾਲਾ ਲਾਜਪਤ ਜੀ ਤੇ ਸ ਭਗਤ ਸਿੰਘ ਨੇ ਲਾ ਦਿਤਾ। "ਅੱਗੇ ਵਧਾਂਗੇ........ ਮਰੀਏ ਜਾਂ ਜੀਵੀਏ.....ਪਰ ਵਧਾਂਗੇ ਅੱਗੇ!"

ਅਣਗਿਣਤ ਲੋਕ, ਅਠੱਲ ਜੋੜ, ਅਮਿਟਤ ਵਤਨ ਪ੍ਰੇਮ ਅਤੇ ਅਸਮਾਨ ਗੂੰਜਾਊ ਨਾਹਰੇ ਦੇਖ ਸੁਣ ਕੇ ਗੋਰਾ ਪੁਲਸ ਕਪਤਾਨ ਘਬਰਾ ਗਿਆ। ਉਠ ਨੇ ਲਾਠੀ ਚਾਰਜ ਕਰਨ ਦਾ ਹੁਕਮ ਦੇ ਦਿੱਤਾ। ਨਿਰਾ ਹੁਕਮ ਹੀ ਨਾ ਦਿੱਤਾ ਸਗੋਂ ਆਪ ਲਾਠੀ ਫੜ ਕੇ ਸਭ ਦੇ ਮੋਹਰੇ ਹੋਇਆ ਤੇ ਬੇ-ਤਰਸੀ ਨਾਲ ਨਿਹੱਥੇ ਤੇ ਨਿਰਦੋਸ਼ ਹਿੰਦੀਆਂ ਨੂੰ ਭੋਹ ਵਾਂਗ ਕੁੱਟਣ ਲੱਗਾ। ਲਾਠੀ ਤੇ ਲਾਠੀ ਪੈਣ ਲੱਗੀ। ਆਗੂਆਂ ਦੇ ਹੁਕਮ ਅਨੁਸਾਰ ਕੋਈ ਹਿੰਦੀ, ਅਗੋਂ ਹੱਥ ਨਹੀਂ ਸੀ ਚੁਕਦਾ ਚੁਪ ਚਾਪ ਮਾਰ ਖਾਈ ਜਾਂਦਾ ਸੀ। ਨੌ-ਜੁਆਨ ਚਾਹੁੰਦੇ ਸਨ ਕਿ ਟੱਕਰ ਲਈ ਜਾਵੇ। ਜੇ ਬੰਦੁਕ ਕੋਲ ਨਹੀਂ, ਤਾਂ ਕੀ ਪੱਥਰ ਤੇ ਲਕੜ-ਸੋਟਾ ਤਾਂ ਹੈ। ਪਰ ਮਹਾਤਮਾ ਗਾਂਧੀ ਦਾ ਹੁਕਮ ਸੀ-"ਸ਼ਾਂਤ ਰਹਿਣਾ।"

ਦੂਰ ਦੂਰ ਤਕ ਕੁੱਟ ਕੁੱਟ ਕੇ ਲੋਕ ਸੜਕ ਉਤੇ ਸੁੱਟ ਦਿਤੇ। ਕਿਸੇ ਦਾ ਸਿਰ ਪਾਟ ਗਿਆ। ਕਿਸੇ ਦੀ ਲਤ-ਬਾਂਹ ਟੁਟ ਗਈ। ਕੋਈ ਬੇਸੁਰਤ ਹੋ ਗਿਆ।...ਜੇਹੜਾ ਹਿਲਦਾ ਜੇਹੜਾ ਉੱਠਣ ਦਾ ਯਤਨ ਕਰਦਾ ਉਸ ਨੂੰ ਹੀ ਕੁਟਣ ਲੱਗ ਪੈਂਦੇ।

ਲਾਠੀ ਚਾਰਜ ਨੂੰ ਦੇਖਕੇ ਬਹੁਤ ਸਾਰੇ ਲੋਕ ਖਿਸਕ ਤੁਰੇ। ਬੱਚੇ, ਜ਼ਨਾਨੀਆਂ ਤੇ ਬੁਢੇ ਪਿਛੇ ਹੋ ਗਏ, ਨੌ-ਜੁਆਨ ਅੱਗੇ ਵਧਕੇ ਮਾਰ ਖਾਂਦੇ ਰਹੇ।...

ਮਿਸਟਰ ਸਕਾਟ ਹੰਕਾਰ ਨਾਲ ਅੰਨ੍ਹਾ ਹੋਇਆ ਹੋਇਆ ਸੀ, ਉਸਨੂੰ ਦਿਸਦਾ ਕੁਝ ਨਹੀਂ ਸੀ, ਉਸ ਪਾਪੀ ਨੇ ਪੰਜਾਬ ਦੇ ਸ਼ੇਰ ਲਾਲਾ ਲਾਜਪਤ ਨੂੰ ਵੀ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਲਾਠੀਆਂ ਦੀ ਮਾਰ ਅੰਨ੍ਹੀ ਸੀ। ਲਾਲਾ ਜੀ ਬੇਸੁਰਤ ਹੋਕੇ ਧਰਤੀ ਉਤੇ ਡਿੱਗ ਪਏ। ਦੇਖਣ ਵਾਲਿਆਂ ਨੇ ਜਾਤਾ ਕਿ ਸ਼ਹੀਦ ਹੋ ਗਏ ਨੇ। ਸ਼ੋਰ ਮਚ ਗਿਆ, ...ਜਲੂਸ ਖਿਲਰ ਪੁਲਰ ਗਿਆ ਤੇ ਸ਼ਹਿਰ ਵਿਚ ਹਾਹਾਕਾਰ ਮਚ ਗਈ!

ਜਿਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਉਨਾਂ ਵਿਚ ਇੱਕ ਲਾਲਾ ਲਾਜਪਤ ਜੀ ਵੀ ਸਨ। ਲਾਠੀਆਂ ਦੀਆਂ ਸੱਟਾਂ ਐਨੀਆਂ ਕਸੂਤੀਆਂ ਤੇ ਭਿਆਨਕ ਸਨ ਕਿ ਡਾਕਟਰ ਕੁਝ ਨਾਂ ਕਰ ਸਕੇ। ਪੰਜਾਬ ਦਾ ਸ਼ੇਰ ਸਦਾ ਦੀ ਨੀਂਦੇ ਸੌਂ ਗਿਆ। ਸਾਰੇ ਹਿੰਦ ਵਿੱਚ ਤਾਰਾਂ ਫਿਰ ਗਈਆਂ ਜਲੂਸ, ਹੜਤਾਲਾਂ ਤੇ ਜਲਸਿਆਂ ਵਿਚ ਹੋਰ ਵਾਧਾ ਹੋ ਗਿਆ। "ਖੂਨ ਦਾ ਬਦਲਾ ਖੂਨ" ਦਾ ਨਾਹਰਾ ਲਾਉਣ ਵਾਲੇ ਨੌ-ਜੁਆਨ ਗੁੱਸੇ ਨਾਲ ਪਾਗਲ ਹੋਕੇ ਤਿਆਰੀਆਂ ਕਰ ਬੈਠੇ। "ਇਕ ਪੰਜਾਬੀ ਆਗੂ ਦੇ ਖੂਨ ਦਾ ਬਦਲਾ ਦਸ ਗੋਰੇ ਅਫਸਰ ਮਾਰ ਕੇ ਲਿਆ ਜਾਵੇਗਾ" ਇਹ ਉੱਨਾਂ ਦਾ ਪੱਕ ਫੈਸਲਾ ਸੀ।

ਸ਼ਹੀਦ ਭਗਤ ਸਿੰਘ : ੬.

ਲੱਗ-ਪੱਗ ਰਾਤ ਦੇ ਤਿੰਨ ਵਜੇ ਦਾ ਸਮਾਂ ਹੋਵੇਗਾ। ਰਾਤ ਹਨੇਰੀ ਸੀ, ਦਸੰਬਰ ਦਾ ਮਹੀਨਾ ਆਪਣੀ ਉਮਰ ਦੇ ਦੂਸਰੇ ਹਫਤੇ (੧੦ ਦਸੰਬਰ ੧੯੨੮) ਵਿਚ ਜਾ ਰਿਹਾ ਸੀ। ਜਿਉਂ ਹੀ ਦਸੰਬਰ ਨੇ ਜਨਮ ਲਿਆ ਸੀ ਤਿਉਂ ਹੀ ਠੰਢ ਆਪਣੇ ਪੂਰੇ ਜੋਬਨ ਵਿਚ ਆ ਗਈ ਸੀ। ਪਹਾੜੀ ਇਲਾਕੇ ਦੀ ਤਰਾਂ ਲਾਹੌਰ ਦੇ ਗਲੀ ਬਜ਼ਾਰਾਂ ਵਿਚ ਹੱਥ ਪੈਰ ਸੁੰਨ ਹੁੰਦੇ ਜਾਂਦੇ ਸਨ। ਰਾਤ ਸਮੇਂ ਘਰ ਦੀ ਚਾਰਦਵਾਰੀ ਤੋਂ ਬਾਹਰ ਓਹੋ ਹੀ ਮਨੁੱਖ ਨਿਕਲਣ ਦੀ ਹਿੰਮਤ ਕਰਦਾ ਸੀ ਜਿਸ ਨੂੰ ਕੋਈ ਬਹੁਤ ਹੀ ਉਚੇਚਾ ਕੰਮ ਹੋਵੇ। ਲਾਹੌਰ ਦੀ ਪੁਰਾਣੀ ਵਸੋਂ ਮੁਜੰਗਾਂ ਦੇ ਇਕ ਮਕਾਨ ਵਿਚ ਉਸ ਵੇਲੇ ਲਾਲਟੈਨ ਜਗ ਰਹੀ ਸੀ। ਫਰਸ਼ ਉਤੇ ਹੀ ਖੁਲੇ ਬਿਸਤਰੇ ਵਿਛਾ ਕੇ ਦੋ ਨੌ-ਜੁਆਨ ਬੈਠੇ ਸਨ। ਇਕ ਸਰਦਾਰ ਭਗਤ ਸਿੰਘ ਜੀ ਤੇ ਦੂਸਰਾ ਮਹਾਂਬੀਰ ਸਿੰਘ। ਦੋਵੇਂ ਲੱਗ-ਪੱਗ ਇਕੇ ਉਮਰ ਦੇ ਸੁੰਦਰ ਗਭਰੂ ਸਨ।

"ਤਿੰਨ ਵਜ ਗਏ ਅਜੇ ਤਕ ਆਏ ਨਹੀਂ!" ਮਹਾਂਬੀਰ ਸਿੰਘ ਨੇ ਪੁਛਿਆ।

"ਆ ਜਾਣਗੇ....ਰਸਤੇ ਵਿਚ ਕੁਤੇ ਬਿਲੇ ਵੀ ਬਹੁਤ ਫਿਰਦੇ ਨੇ। ਸਾਰੀਆਂ ਸਰਕਾਰੀ ਬਿਲਾਂਈਂ ਕੋਲੋਂ ਬਚ ਕੇ ਆਉਣਾ ਹੋਇਆ।" ਭਗਤ ਸਿੰਘ ਦਾ ਉੱਤਰ ਸੀ।

"ਪਿਛਲੇ ਦੋ ਮਹੀਨੇ ਤੋਂ ਪੁਲੀਸ ਬਹੁਤ ਹਰਕਤ ਵਿਚ ਆਈ ਹੈ।"

"ਉਸ ਨੇ ਤਾਂ ਹਰਕਤ ਵਿਚ ਆਉਂਣਾ ਹੀ ਹੈ, ਕਿਉਂਕਿ ਉਹ ਮਾਲਕ ਦੇ ਨਿਮਕ ਹਲਾਲ ਕੁੱਤੇ ਬਣਨਾ ਚਾਹੁੰਦੇ ਨੇ ਕੋਈ ਫਿਕਰ ਨਹੀਂ ਘਬਰਾਉਣ ਦੀ ਲੋੜ ਨਹੀਂ। ਆਪਣਾ ਕੰਮ ਕਰੀ ਚਲੋ।"

"ਕਲਕੱਤੇ ਤੇ ਢਾਕੇ ਵਾਂਗ ਦਸ ਬਾਰਾਂ ਗੋਰੇ ਅਫਸਰ ਬਿਲੇ ਲੱਗ ਜਾਣ ਤਾਂ ਦੇਸ਼ ਵਿਚ ਬੇਦਾਰੀ ਬਹੁਤ ਫੈਲ ਜਾਵੇ। ਨੌ-ਜੁਆਨ ਤੱਪਕਾ ਤਾਂ ਬਹੁਤ ਖੁਸ਼ ਹੋ ਤੇ ਜੋਸ਼ ਵਿਚ ਆ ਰਿਹਾ ਹੈ, ਪਰ ਕਾਂਗ੍ਰਸੀਏ ਬਹੁਤ ਘਬਰਾ ਰਹੇ ਨੇ।'

ਉਨ੍ਹਾਂ ਨੇ ਤਾਂ ਘਬਰਾਣਾ ਈ ਹੋਇਆ। ਉਹ ਹਨ ਪਿਛਾ-ਖਿੱਚ ਸੁਧਾਰ ਵਾਦੀਏ ਬਹੁਤੇ ਉਹ ਕਾਂਗ੍ਰਸੀਏ ਜਿਨਾਂ ਦਾ ਮਨੋਰਥ ਪੈਸਾ ਕਮਾਉਣਾ ਹੈ। ਖਦਰ ਵੇਚ ਕੇ ਬਹੁਤੇ ਸ਼ੇਰ ਬਣ ਗਏ ਨੇ। ਲੀਡਰੀ ਆਸਰੇ ਕਈਆਂ ਦਾ ਬਿਉਪਾਰ ਚਮਕ ਪਿਆ ਹੈ...ਸੂਰਜ ਚੜ੍ਹਨ ਵੇਲੇ ਕੋਈ ਲਹਿਰ ਚਲਾ ਦੇਂਦੇ ਨੇ ਤੇ ਸੂਰਜ ਡੁਬਣ ਵੇਲੇ ਉਸਨੂੰ ਛਡ ਦੇਂਦੇ ਨੇ। ਖਤਰੇ ਦਾ ਸਾਹਮਣਾ ਨਹੀਂ ਕਰਦੇ। ਖਤਰੇ ਦਾ ਸਾਹਮਣਾ ਕੀਤੇ ਬਿਨਾਂ ਪੂਰਨ ਸ੍ਵਤੰਤ੍ਰਤਾ ਹਾਸਲ ਨਹੀਂ ਹੋ ਸਕਦੀ।'

ਇਹ ਤਾਂ ਗਲ ਸੋਲਾਂ ਆਨੇ ਠੀਕ ਹੈ। ਜੇ ਅੰਗਰੇਜ਼ ਮਾੜਾ ਮੋਟਾ ਸਮਝੌਤਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਉਹ ਸੋਲਾਂ ਆਨੇ ਦੀਆਂ ਦਲੇਰੀਆਂ ਤੋਂ ਡਰਕੇ ਹੀ ਕਰ ਰਿਹਾ ਹੈ ਇਕ ਹੋਰ ਵੀ ਗਲ ਹੈ ਕਿ ਇਨਾਂ ਅਮੀਰਾਂ ਵਿਉਪਾਰੀਆਂ ਤੇ ਜਾਗੀਰਦਾਰਾਂ ਦੀ ਕਾਂਗ੍ਰਸ ਕੋਲੋਂ ਦੇਸ਼ ਦੇ ਆਜ਼ਾਦ ਹੋਣ ਪਿਛੋਂ ਵੀ ਜਨਤਾ ਨੂੰ ਕੋਈ ਲਾਭ ਨਹੀਂ ਪਹੁੰਚ ਸਕਦਾ।'

'ਬਿਲਕੁਲ ਠੀਕ,' ਭਗਤ ਸਿੰਘ ਕਹਿਣ ਲਗਾ ਇਨਾਂ ਲੋਕਾਂ ਨੇ ਜਨਤਾ ਨਾਲ ਮਿਲਣਾ ਨਹੀਂ। ਇਨਾਂ ਦੇ ਲਾਭ ਵੱਖਰੇ ਹਨ। ਆਰਥਿਕ ਤੇ ਸਮਾਜਿਕ ਹਾਲਤ ਨੂੰ ਇਕ ਸਾਰਤਾ ਜਾਂ ਪੱਧਰ ਉਤੇ ਨਹੀਂ ਲਿਆਉਣਾ। ਜੋ ਹੁਣ ਅਮੀਰ ਹਨ ਉਹ ਹੋਰ ਅਮੀਰ ਬਨਣ ਦਾ ਯਤਨ ਕਰਨਗੇ ਜਿਵੇਂ ਅਮ੍ਰੀਕਾ, ਫਰਾਂਸ ਤੇ ਇੰਗਲਿਸਤਾਨ ਵਿਚ ਹੈ। ਜੋ ਚਲਦੇ ਪੁਰਜੇ ਗਰੀਬ ਲੀਡਰ ਹਨ, ਉਹ ਖੁਦਗਰਜ਼ੀ ਦਾ ਸ਼ਿਕਾਰ ਹੋਕੇ ਜਨਤਾ ਨੂੰ ਕੋਈ ਨਾ ਕੋਈ ਧੋਖਾ ਦੇ ਕੇ ਅਤੇ ਅਮੀਰਾਂ ਨਾਲ ਗਠ-ਜੋੜ ਕਰਕੇ ਅਮੀਰ ਬਨਣ ਦਾ ਯਤਨ ਕਰਨਗੇ। ਦੇਸ਼ ਦਾ ਰਾਜ ਪ੍ਰਬੰਧ ਅਮੀਰਾਂ ਦੇ ਹਥ ਆ ਜਾਏਗਾ। ਜਨਤਾ ਭੁਖੀ ਮਰੇਗੀ ਤੇ ਅਮੀਰ ਐਸ਼ ਕਰਨਗੇ। ਕਈ ਤਰਾਂ ਦੀਆਂ ਖਰਾਬੀਆਂ ਪੈਦਾ ਹੋ ਜਾਣਗੀਆਂ ... ਸਾਰੀਆਂ ਔਕੜਾਂ ਤੇ ਬੀਮਾਰੀਆਂ ਦਾ ਹਲ ਏਹੋ ਹੈ ਕਿ ਦੇਸ਼ ਦਾ ਪ੍ਰਬੰਧ ਸਮਾਜਵਾਦੀ ਹੋਵੇ। ਦੇਸ਼ ਦੀ ਜ਼ਮੀਨ, ਸਰਮਾਇਆ ਦਸਤਕਾਰੀ ਤੇ ਜੋ ਵੀ ਚੀਜ਼ ਹੈ ਉਹ ਕੌਮੀ ਮਲਕੀਅਤ ਦੀ ਹੈਸੀਅਤ ਰਖੇ। ਮਜ਼ਦੂਰ ਤੇ ਕਿਸਾਨ ਦੇ ਜੀਵਨ ਮਿਆਰ ਨੂੰ ਉੱਚਿਆਂ ਕੀਤਾ ਜਾਵੇ। ਸਮਾਜ ਵਿਚ ਜੋ ਉਚ-ਨੀਚਤਾ ਜਾਤੀ-ਭੇਤ, ਜਗੀਰਦਾਰੀ, ਸਰਮਾਏਦਾਰੀ ਆਦਿਕ ਜੋ ਬੀਮਾਰੀਆਂ ਮਨੁਖਤਾ ਨੂੰ ਚੰਮੜੀਆਂ ਹਨ, ਇਨਾਂ ਨੂੰ ਸਦਾ ਵਾਸਤੇ ਦੂਰ ਕੀਤਾ ਜਾਵੇ। ਲੋਕ-ਰਾਜ ਹੋਵੇ, ਤਾਂ ਹੀ ਲੋਕ ਸੁਖੀ ਹੋ ਸਕਦੇ ਹਨ ਤੇ ਰਾਜ ਪ੍ਰਬੰਧ ਅਮਨ ਤੇ ਸਹੀ ਪੱਧਰ ਤੇ ਚਲ ਸਕਦਾ ਹੈ। ਗੋਰਿਆਂ ਦੀ ਥਾਂ ਕਾਲਿਆਂ ਲਟੇਰਿਆਂ ਨੂੰ। ਗੱਦੀਆਂ ਦੇਣ ਦਾ ਨਾਂ ਆਜ਼ਾਦੀ ਨਹੀਂ। ਕੁਲੀ, ਗੁਲੀ ਤੇ ਜੁਲੀ ਸਭ ਨੂੰ ਮਿਲਣੀ ਚਾਹੀਦੀ ਹੈ। ਸ੍ਵਤੰਤ੍ਰਤਾ ਨਾਲ ਜੀਉਣ ਤੇ ਫਿਰਨ ਦੀ ਖੁਲ ਦਾਂ ਨਾਂ ਹੀ ਸਹੀ ਆਜ਼ਾਦੀ ਹੈ।

ਇਉਂ ਦਿਲ ਦੇ ਵਲਵਲਿਆਂ ਨੂੰ ਭਗਤ ਸਿੰਘ ਪ੍ਰਗਟ ਕਰ ਹੀ ਰਿਹਾ ਸੀ ਕਿ ਮੁਸਲਮਾਨ ਫਕੀਰ ਦੇ ਭੇਸ ਵਿਚ ਇਕ ਉੱਚਾ ਲੰਮਾ ਗਭਰੂ ਆ ਗਿਆ। ਉਸ ਨੂੰ ਦੇਖਕੇ ਦੋਵੇਂ ਸਾਥੀ ਉਠ ਬੈਠੇ ਯੋਗ ਸਤਕਾਰ ਕੀਤਾ ਤੇ ਹੱਥ ਮਿਲਾਏ।

ਉਹ ਫਕੀਰੀ ਲਿਬਾਸ ਵਾਲਾ ਗਭਰੂ ਚੰਦਰ ਸ਼ੇਖਰ ਆਜ਼ਾਦ ਸੀ, ਪੁਲਸ ਦੀ ਨਿਗਾਹ ਨੂੰ ਧੋਖਾ ਦੇਣ ਵਾਸਤੇ ਉਸ ਨੇ ਇਹ ਭੇਸ ਧਾਰਿਆ ਹੋਇਆ ਸੀ।

'ਬਾਕੀ ਦੇ ਸਾਥੀ?' ਭਗਤ ਸਿੰਘ ਨੇ ਆਜ਼ਾਦ ਕੋਲੋਂ ਪੁਛਿਆ।

"ਭਾਬੀ! ਦੀਦੀ ਤੇ ਜੈਗੁਪਾਲ ਤੁਰੇ ਆਉਂਦੇ ਨੇ ਬਾਕੀ ਦੇ ਵੀ ਆ ਜਾਣਗੇ। ਸਾਰੇ ਬਜ਼ਾਰਾਂ ਵਿਚ ਪੁਲਸ ਦਾ ਕਰੜਾ ਪਹਿਰਾ ਹੈ। ਸ਼ੇਖਰ ਚੰਦਰ ਅਜ਼ਾਦ ਨੇ ਅਗੋਂ ਉੱਤਰ ਦਿਤਾ।

'ਲੌ ਆ ਹੀ ਗਏ!' ਕਿਸੇ ਦੇ ਬਾਹਰੋਂ ਆਉਣ ਦੇ ਪੈਰਾਂ ਦਾ ਖੜਕਾਰ ਸੁਣ ਕੇ ਮਹਾਂਬੀਰ ਸਿੰਘ ਨੇ ਆਖਿਆ। ਉਹ ਸਮਾਂ ਉਹ ਸੀ ਜਦੋਂ ਆਜ਼ਾਦ ਜੀ ਆਪਣਾ ਪਿਛਲਾ ਵਾਕ ਅਜੇ ਪੂਰਾ ਵੀ ਨਹੀਂ ਸਨ ਕਰ ਸਕੇ।

ਦੋ ਮਿੰਟ ਪਿਛੋਂ ਦੋ ਇਸਤ੍ਰੀਆਂ ਤੇ ਦੋ ਮਰਦ ਅੰਦਰ ਆ ਗਏ। ਇਸਤ੍ਰੀਆਂ ਕੋਲ ਕਾਲੇ ਬੁਰਕੇ ਸਨ, ਜੋ ਉਨ੍ਹਾਂ ਨੇ ਲਾਹ ਕੇ ਬਾਹੀਂ, ਉਤੇ ਸੁਟੇ ਹੋਏ ਸੀ।

ਉਨ੍ਹਾਂ ਦੇ ਬੈਠਣ ਪਿਛੋਂ ਮਹਾਂਬੀਰ ਨੇ ਆਖਿਆ-"ਹੁਣ ਤਾਂ ਰਾਜ ਗੁਰੁ ਹੀ ਆਉਣ ਵਾਲਾ ਰਹਿ ਗਿਆ!"

"ਨਹੀਂ ਤਿੰਨ ਚਾਰ ਹੋਰ ਸਾਥੀ ਸੱਦੇ ਹਨ ਭਗਤ ਸਿੰਘ ਨੇ ਉੱਤਰ ਦਿੱਤਾ।

"ਉਹ ਨਹੀਂ ਆਉਣਗੇ ਜੋ ਅਮਰ ਗੁਲਜ਼ਾਰ ਤੇ ਦਵਿੰਦਰ ਤੋਂ ਮੁਰਾਦ ਹੈ। (ਭਾਬੀ ਜਿਸਦਾ ਅਸਲ ਨਾਂ ਦੁਰਗਾ ਦੇਵੀ ਸੀ ਤੇ ਭਗਵਤੀ ਚਰਨ ਦੀ ਧਰਮ ਪਤਨੀ ਸੀ, ਸਾਰੇ ਜੁਗ-ਗਰਦ ਉਸ ਨੂੰ 'ਭਾਬੀ' ਆਖਕੇ ਬੁਲਾਉਂਦੇ ਸਨ) ਨੇ ਆਖਿਆਂ।

"ਕਿਉਂ?" ਭਗਤ ਸਿੰਘ ਨੇ ਪੁਛਿਆ।

"ਉਨ੍ਹਾਂ ਨੂੰ ਕਿਤੇ ਹੋਰ ਥੇ ਭੇਜਿਆ ਗਿਆ ਹੈ। ਭਾਬੀ ਨੇ ਅਗੋਂ ਉੱਤਰ ਦਿਤਾ।

"ਚਲੋ ਠੀਕ ਹੈ! ਰਾਜ ਗੁਰੂ ਨੂੰ ਉਡੀਕ ਲਵੋ, ਮੁੜ। ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਭਗਤ ਸਿੰਘ ਬੋਲਿਆ।

ਦਸ ਕੁ ਮਿੰਟ ਏਧਰ ਊਧਰ ਦੀਆਂ ਸਧਾਰਨ ਗਲਾਂ ਹੁੰਦੀਆਂ ਰਹੀਆਂ। ਏਨੇ ਨੂੰ ਰਾਜ ਗੁਰੂ ਵੀ ਅਪੜ ਪਿਆ। ਸਾਥੀ ਚੰਦਰ ਸ਼ੇਖਰ ਆਜ਼ਾਦ ਦੀ ਪ੍ਰਧਾਨਗੀ ਹੇਠ ਕਾਰਵਾਈ ਸ਼ੁਰੂ ਹੋਈ।

"ਸਾਥੀਓ! ਅੰਗ੍ਰੇਜ਼ ਸਾਮਰਾਜ ਦੇ ਨਾਲ ਅਸੀਂ ਆਜ਼ਾਦੀ ਦੀ ਜੰਗ ਲੜ ਰਹੇ ਹਾਂ" ਆਜ਼ਾਦ ਨੇ ਆਖਿਆ।

"ਦੁਸ਼ਮਨ ਦੀ ਸੈਨਾ ਦੁਸ਼ਮਨ ਦੇ ਹਥਿਆਰਾਂ ਅਤੇ ਹੋਰ ਜੰਗੀ ਵਸੀਲਿਆਂ ਦੀ ਕੋਈ ਹੋਂਦ ਨਹੀਂ, ਪਰ ਉਸ ਦੇ ਮੁਕਾਬਲੇ ਉੱਤੇ ਸਾਡੇ ਕੋਲ ਹੈ ਸਿਰਫ ਕੁਰਬਾਨੀ ਕਰਨ ਦਾ ਵਲਵਲਾ ਤੇ ਲੋਕ-ਰਾਏ। ਸਾਡੇ ਵਡੇ ਲੀਡਰ ਸ਼ਾਂਤ-ਮਈ ਦਾ ਰਸਤਾ ਅਖਤਿਆਰ ਕਰਕੇ ਅਤੇ ਮੰਗਤਿਆਂ ਵਾਂਗ ਸੁਧਾਰ ਸੁਧਾਰ ਦੀ ਮੰਗ ਮੰਗ ਕੇ ਹਿੰਦੁਸਤਾਨੀਆਂ ਨੂੰ ਜ਼ਲੀਲ ਕਰ ਰਹੇ ਹੋ। ਬਹਾਦਰੋ! ਆਜ਼ਾਦੀ ਮੰਗਿਆਂ ਨਹੀਂ ਮਿਲਦੀ ਸਗੋਂ ਆਜ਼ਾਦੀ ਲਈ ਜਾਂਦੀ ਹੈ। ਕੁਰਬਾਨੀ ਕਰਨੀ ਪੈਂਦੀ ਹੈ। ਖੂਨ ਦਾ ਬਦਲਾ ਖੂਨ ਹੁੰਦਾ ਹੈ। ਇੱਟ ਚੁਕਦੇ ਦੁਸ਼ਮਨ ਨੂੰ ਜਿੰਨਾ ਚਿਰ ਪੱਥਰ ਨਾ ਮਾਰੀਏ ਉੱਨਾ ਚਿਰ ਉਸ ਨੂੰ ਹੋਸ਼ ਨਹੀਂ ਆਉਂਦੀ। ਉਸ ਦਾ ਪਾਗਲਪਨ ਉੱਨਾ ਚਿਰ ਦੁਰ ਨਹੀਂ ਹੁੰਦਾ। ਹਕੂਮਤ ਦੇ ਨਸ਼ੇ ਵਿਚ ਪਾਗਲ ਹੋਏ ਹੋਏ ਗੋਰਿਆਂ ਨੇ ਹਿੰਦੁਸਤਾਨੀਆਂ ਉਤੇ ਅਤਿਆਚਾਰ ਕੀਤੇ, ਆਮ ਗਭਰੂਆਂ ਤੇ ਵਰਕਰਾਂ ਨੂੰ ਜੇਹਲਾਂ ਵਿਚ ਸੁਟਿਆ, ਫਾਹੇ ਲਟਕਾਇਆ, ਜਲਾਵਤਨ ਕੀਤਾ ਤੇ ਜੁਰਮਾਨੇ ਕਰਕੇ ਉਜਾੜਿਆ। ਅਸਾਂ ਸਭ ਕੁਝ ਦੇਖਿਆ ਪਰ ਜੋ ਭੈੜਾ ਵਤੀਰਾ ਮਿਸਟਰ ਸਕਾਟ ਤੇ ਉਸ ਦੇ ਸਾਥੀਆਂ ਨੇ ਸ਼ੁਰੂ ਕੀਤਾ ਹੈ, ਉਹ ਨਹੀਂ ਜਰਿਆ ਜਾਂਦਾ। ਉਹ ਹੈ ਸਾਡੇ ਚੋਟੀ ਦੇ ਆਗੂਆਂ ਨੂੰ ਲਾਠੀਆਂ ਨਾਲ ਕੁਟ ਕੇ ਮਾਰਨਾ। ਅਜ ਜੇ ਅਸੀਂ ਲਾਲਾ ਲਾਜਪਤ ਰਾਏ ਦੇ ਖੂਨ ਦਾ ਬਦਲਾ ਨਹੀਂ ਲੈਂਦੇ ਉਸ ਗੋਰੇ ਪੁਲਸ ਕਪਤਾਨ ਨੂੰ ਨਰਕ ਵਲ ਨਹੀਂ ਤੋਰਦੇ, ਜਿੰਨਾ ਚਿਰ ਉਹ ਲਾਹੌਰ ਦੀਆਂ ਸੜਕਾਂ ਉਤੇ ਤੁਰਿਆ ਫਿਰਦਾ ਸਾਨੂੰ ਦਿਸਦਾ ਹੈ ਉਨਾਂ ਚਿਰ ਅਸਾਡੀ ਜੁਆਨੀ ਸਾਡੇ ਵਤਨ ਪਿਆਰ ਤੇ ਅਸਾਡੇ ਜਜ਼ਬੇ ਨੂੰ ਧ੍ਰਿਕਾਰ ਹੈ। ਫਾਹੇ ਲੱਗੀਏ ਉਮਰ ਕੈਦ ਕਟੀਏ, ਗੋਲੀ ਦਾ ਨਿਸ਼ਾਨਾ ਬਣੀਏ, ਕੁਝ ਹੋਵੇ...ਪਰ ਸਕਾਟ ਨੂੰ ਮਾਰਨਾ ਹੋਵੇਗਾ। ਉਸ ਦੇ ਮਾਰਨ ਦਾ ਅਜ ਫੈਸਲਾ ਕਰਨਾ ਹੋਵੇਗਾ। ਏਸੇ ਵਾਸਤੇ ਇਹ ਇਕੱਤ੍ਰਤਾ ਰੱਖੀ ਗਈ ਹੈ।"

"ਉਸ ਨੂੰ ਜ਼ਰੂਰ ਮਾਰਨਾ ਹੈ।" ਬਾਕੀ ਦੇ ਸਾਥੀ ਇਕ ਜ਼ਬਾਨ ਬੋਲੇ।

"ਇੱਕ ਸਕਾਟ ਹੀ ਨਹੀਂ, ਹੋਰ ਵੀ ਗੋਰੇ ਅਫਸਰ ਮਾਰਨੇ ਹੋਣਗੇ। ਗਵਰਨਰ ਵੀ ਜੀਉਂਦਾ ਨਹੀਂ ਛੱਡਣਾ ਚਾਹੀਦਾ। ਇਕ ਹਿੰਦੁਸਤਾਨੀ ਦੇ ਖੂਨ ਦਾ ਬਦਲਾ ਦਸ ਦੁਸ਼ਮਨ ਮਾਰਕੇ ਲਿਆ ਜਾਵੇ, ਫਿਰ ਦੁਸ਼ਮਨ ਨੂੰ ਹੋਸ਼ ਆਵੇਗੀ। ਭਗਤ ਸਿੰਘ ਨੇ ਬੜੇ ਜੋਸ਼ ਨਾਲ ਆਖਿਆ ਆਖਣ ਵੇਲੇ ਉਸ ਨੇ ਸਜੇ ਹੱਥ ਦਾ ਮੁਕਾਵਟਿਆ ਹੋਇਆ ਸੀ ਤੇ ਜੋਸ਼ ਨਾਲ ਉਸ ਦਾ ਸਰੀਰ ਲਰਜ ਉਠਿਆ ਸੀ।

'ਠੀਕ ਹੈ!' ਸਾਰਿਆਂ ਦੇ ਬੁਲ੍ਹ ਹਿਲੇ।

'ਬਸ ਵਿਉਂਤ ਸੋਚੋ ਕਿਵੇਂ ਮਾਰਿਆ ਜਾਵੇ?' ਰਾਜ ਗੁਰੂ ਬੋਲਿਆ।

'ਪਹਿਲਾਂ ਉਨ੍ਹਾਂ ਦੀ ਚੋਣ ਹੋਣੀ ਚਾਹੀਦੀ ਹੈ ਜੋ ਮਾਰਨ!' ਭਾਬੀ ਨੇ ਆਖਿਆ।

'ਇਹ ਠੀਕ ਹੈ।' ਅਵਾਜ਼ ਆਈ।

'ਇਕ ਤਾਂ ਮੈਂ ਤਿਆਰ ਹਾਂ! ਭਗਤ ਸਿੰਘ ਨੇ ਆਪਿ ਆ ਤੇ ਹੱਥ ਉੱਚਾ ਕੀਤਾ।

'ਦੂਸਰਾ ਮੈਂ!' ਰਾਜ ਗੁਰੂ ਬੋਲਿਆ।

“ਤੀਸਰਾ ਮੈਂ! ਸੁਖਦੇਵ ਵੀ ਪਿਛੇ ਨਾ ਰਿਹਾ।

"ਚੌਥਾ ਮੈਂ!" ਜੈ ਗੁਪਾਲ ਦੀ ਅਵਾਜ਼ ਸੀ।

"ਮੈਂ ਵੀ ਪੰਜਵੀਂ ਸਮਝੋ!" ਭਾਬੀ ਬੋਲੀ।

"ਸੁਣੋ! ਜਿੰਨੇ ਵਰਕਰ ਬੈਠੇ ਹਾਂ...ਆਪਾਂ ਸਾਰੇ ਹੀ ਸਿਰਲੱਥ ਤੇ ਬਹਾਦਰ ਹਾਂ... ਪਰ ਸਾਰਿਆਂ ਨੇ ਚੜ੍ਹਾਈ ਕਰਨੀ ਨਹੀਂ। ਮੇਰੇ ਵਿਚਾਰ ਵਿਚ ਪੰਜ ਕੁ ਜੁਆਨ ਬਥੇਰੇ ਨੇ। ਚੰਦਰ ਸ਼ੇਖਰ ਨੇ ਸਾਰਿਆਂ ਦੀ ਤਿਆਰੀ ਦਾ ਫੈਸਲਾ ਸੁਣ ਕੇ ਆਪਣਾ ਫੈਸਲਾ ਦੇਣਾ ਚਾਹਿਆ..."ਇਸਤ੍ਰੀਆਂ ਇਹ ਸੇਵਾ ਨਾ ਕਰਨ ਕਿਉਂਕਿ ਕਿਤੇ ਬਜ਼ਾਰ ਵਿਚ ਮਾਰਨਾ ਪਵੇਗਾ.. ਚਿੱਟੇ ਦਿਨ ਨੱਸਕੇ ਬਚਣਾ ਇਕ ਇਸਤ੍ਰੀ ਵਾਸਤੇ ਕੱਠਨ ਹੈ। ਹਾਂ ਭਾਬੀ ਘਰ ਰਹੇ ਜੋ ਲੋੜ ਪਈ ਤਾਂ ਵਰਕਰਾਂ ਨੂੰ ਲਾਹੌਰੋਂ ਬਾਹਰ ਕਢਣ ਵਿਚ ਸਹਾਇਤਾ ਕਰੇ।"

ਇਕ ਗੋਰੇ ਦੀ ਜਾਨ ਲੈਣ ਵਾਸਤੇ ਸਾਰੇ ਗਭਰੂ ਤਿਆਰ ਸਨ। ਬਹੁਤ ਲੰਮੀ ਸੋਚ ਵਿਚਾਰ ਪਿਛੋਂ ਸਕਾਟ ਨੂੰ ਮਾਰਨ ਵਾਸਤੇ ਇਹਨਾਂ ਦੀ ਡਿਊਟੀ ਲਾਈ ਗਈ:-ਭਗਤ ਸਿੰਘ, ਰਾਜਗੁਰੂ, ਸੁਖਦੇਵ ਚੰਦਰ ਸ਼ੇਖਰ ਆਜ਼ਾਦ, ਜੈ ਗੋਪਾਲ। ਜੈ ਗੁਪਾਲ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਹ ਲਗਾਤਾਰ ਦਸ ਦਿਨ ਧਿਆਨ ਰੱਖਣ ਕਿ ਮਿਸਟਰ ਸਕਾਟ ਆਪਣੇ ਦਫ਼ਤਰੋਂ ਕਿਸ ਵੇਲੇ? ਕਿਵੇਂ? ਅਤੇ ਕਿਧਰ ਨੂੰ ਜਾਂਦਾ ਆਉਂਦਾ ਹੈ। ਕੌਣ ਉਸ ਦੇ ਸਾਥ ਹੁੰਦਾ ਹੈ। ਇਹ ਫੈਸਲਾ ਕਰਕੇ ਮੀਟਿੰਗ ਸਮਾਪਤ ਹੋ ਗਈ।

ਸ਼ਹੀਦ ਭਗਤ ਸਿੰਘ : ੭.

ਸਾਂਡਰਸ ਦਾ ਖੂਨ

ਮੁਜੰਗਾਂ ਵਾਲੇ ਉਸੇ ਅਸਥਾਨ ਉਤੇ ੧੫ ਦਸੰਬਰ ਨੂੰ ਦਿਨ ਦੇ ਦੋ ਵਜੇ ਭਗਤ ਸਿੰਘ, ਅਜ਼ਾਦ, ਜੈ ਗੁਪਾਲ, ਸੁਖਦੇਵ ਤੇ ਰਾਜ ਗੁਰੁ ਇਕੱਠੇ ਹੋਏ। ਉਹੋ ਦਿਨ ਪਾਪੀ ਸਕਾਟ ਨੂੰ ਮਾਰਨ ਵਾਸਤੇ ਮਿਥਿਆ ਹੋਇਆ ਸੀ।

ਜੈ ਗੁਪਾਲ- 'ਮੈਂ ਹੱਥ ਦਾ ਹੀ ਇਸ਼ਾਰਾ ਕਰਾਂਗਾ, ਉਸੇ ਵਲੇ ਤੁਸਾਂ 'ਫਾਇਰ' ਕਰ ਦੇਣੇ।'

ਭਗਤ ਸਿੰਘ-ਧਿਆਨ ਨਾਲ ਦੇਖੀ ਕੋਈ ਹੋਰ ਨਾ ਮਾਰਿਆ ਜਾਵੇ। ਇਹ ਸਮਾਂ ਇਕ ਵਾਰ ਹੀ ਹੱਥ ਆਏਗਾ।'

ਇਉਂ ਫੈਸਲੇ ਕਰਕੇ ਪੰਜੇ ਸ਼ੇਰ ਤੁਰ ਪਏ। ਅਜ਼ਾਦ ਤੋਂ ਭਗਤ ਸਿੰਘ ਕੋਲ ਬਾਈਸਿਕਲ ਸਨ ਤੇ ਰਾਜ ਗੁਰੂ ਪੈਦਲ ਸੀ। ਪਸਤੌਲ ਸਾਰਿਆਂ ਕੋਲ ਸਨ।

ਮਿਸਟਰ ਸਕਾਟ ਦਾ ਦਫ਼ਤਰ ਪੰਜਾਬ ਸਿਵਲ ਸੈਕਟਰੀਏਟ (ਲਾਟ ਸਾਹਿਬ ਦੇ ਦਫਤਰ) ਵਿਚ ਸੀ। ਯੂਨੀਵਰਸਟੀ ਗਰਾਉਂਡ ਗੋਲ ਬਾਗ ਅਤੇ ਅਜੈਬ ਘਰ ਵਾਲੀ ਸੜਕ ਰਾਹੀਂ ਖਿਲਰ ਕੇ ਸਾਰੇ ਮਿੱਥੇ ਟਿਕਾਣੇ ਉਪਰ ਪਹੁੰਚ ਗਏ। 'ਖੂਨ ਦਾ ਬਦਲਾ ਖੂਨ' ਲੈਣ ਦੇ ਵਲਵਲੇ ਨੇ ਉਨ੍ਹਾਂ ਦੇ ਲਹੂ ਨੂੰ ਗਰਮਾਇਆ ਹੋਇਆ ਸੀ। ਸਾਰੇ ਫਰਾਂ ਨੂੰ ਉਹ ਭੁੱਲ ਚੁੱਕੇ ਸਨ, ਸ਼ਿਕਾਰ ਦੀ ਤਾੜ ਵਿਚ ਨਿਗਾਹ ਟਕਾ ਕੇ ਸਾਰੇ ਡੱਟ ਗਏ।

ਮੋਟਰ ਸਾਈਕਲ ਉਤੇ ਸਵਾਰ ਹੋਕੇ ਦਫਤਰ ਵਿਚੋਂ ਗੋਰਾ ਨਿਕਲਿਆ, ਉਹ ਛੋਟਾ ਪੁਲਸ ਕਪਤਾਨ ਸੀ, ਉਸਦਾ ਨਾਂ ਸਾਂਡਰਸ ਸੀ। ਉਹਦਾ ਹੁਲੀਆ ਤੇ ਚੇਹਰੇ ਦੇ ਕੁਝ ਨਿਸ਼ਾਨ ਮਿਸਟਰ ਸਕਾਟ ਦੇ ਹੁਲੀਏ ਤੇ ਚੇਹਰੇ ਦੇ ਨਿਸ਼ਾਨਾ ਨਾਲ ਮਿਲਦੇ-ਜੁਲਦੇ ਸਨ। ਰਾਖੇ ਜੈ ਗੁਪਾਲ ਦੀਆਂ ਅੱਖਾਂ ਧੋਖਾ ਖਾ ਗਈਆਂ। ਉਸ ਨੇ ਸਾਂਡਰਸ ਨੂੰ ਹੀ ਸਕਾਟ ਸਮਝ ਲਿਆ, ਜਿਉਂ ਹੀ ਉਹ (ਸਾਂਡਰਸ) ਮਾਰ ਦੇ ਹੇਠ ਆਇਆ ਤਾਂ ਜੋ ਗੁਪਾਲ ਨੇ ਇਸ਼ਾਰਾ ਕਰ ਦਿੱਤਾ।

ਇਸ਼ਾਰਾ ਦੇਖ ਕੇ ਰਾਜਗੁਰੂ ਨੇ ਪਸਤੌਲ ਦੀ ਗੋਲੀ ਦਾਗ ਦਿਤੀ, ਇਕ ਗੋਲੀ ਨਹੀਂ ਸਗੋਂ ਕਈ ਗੋਲੀਆਂ ਚਲਾਈਆਂ। ਇਕ ਗੋਲੀ ਟਕਾਣੇ ਲੱਗ ਗਈ। ਸਾਂਡਰਸ ਦੇ ਹਥੋਂ ਮੋਟਰ ਸਾਇਕਲ ਦਾ ਹੈਂਡਲ ਛੁਟ ਗਿਆ। ਫਿੱਟ ਫਿੱਟ ਕਰਦੇ ਮੋਟਰ ਸਾਇਕਲ ਨੇ ਸਾਂਡਰਸ ਨੂੰ ਹੇਠਾਂ ਨਪ ਲਿਆ। ਇਕ ਮੋਟਰ ਸਾਇਕਲ ਦਾ ਦਬਾਓ ਦੁਸਰਾ ਗੋਲੀ ਦਾ ਠੇਕੇ ਨਿਸ਼ਾਨਾ ਸਾਂਡਰਸ ਨਾ ਉਠ ਸਕਿਆ। ਪਰ ਉਹ ਮਰਿਆ ਨਹੀਂ ਸੀ। ਤੜਪਨ ਲੱਗਾ, ਉਸਨੂੰ ਜਾਨੋਂ ਮਕਾਉਣ ਵਾਸਤੇ ਭਗਤ ਸਿੰਘ ਅਗੇ ਵਧਿਆ। ਉਹਦੇ ਸਿਰ ਉਤੇ ਜਾਕੇ ਤਿੰਨੇ ਚਾਰ ਗੋਲੀਆਂ ਹੋਰ ਮਾਰ ਦਿੱਤੀਆਂ, ਜਿਸ ਵੇਲੇ ਪੂਰੀ ਤਸੱਲੀ ਹੋ ਗਈ ਕਿ ਹੁਣ ਗੋਰਾ ਬੱਚਾ ਮਰ ਗਿਆ ਹੈ ਤਾਂ ਨਸ ਉਠੋ।

ਚੰਨਣ ਸਿੰਘ ਹੈਡਕੰਨਸਟੇਬਲ ਨੇ ਇਹ ਘਟਨਾ ਅਖੀਂ ਦੇਖੀ। ਉਹ ਨੇ ਸੀਟੀ ਮਾਰੀ। ਸਹਾਇਤਾ ਵਾਸਤੇ ਜ਼ੋਰ ਮਚਾਇਆ। ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਅਜ਼ਾਦ ਕੋਰਟ ਸਟਰੀਟ ਨੂੰ ਨੱਠ ਉਠੇ। ਬਾਕੀ ਦਿਆਂ ਨੇ ਦੂਸਰੇ ਰਾਹ ਦਾ ਆਸਰਾ ਲਿਆ।

ਟ੍ਰੈਫ਼ਿਕ ਇੰਨਸਪੈਕਟਰ ਤਾਂ ਦੂਸਰਿਆਂ ਦਾ ਪਿੱਛਾ ਕਰਨ ਲੱਗਾ ਅਤੇ ਚੰਨਣ ਸਿੰਘ ਭਗਤ ਸਿੰਘ ਤੇ ਚੰਦਰ ਸ਼ੇਖਰ ਤੇ ਰਾਜ ਗੁਰੂ ਦੇ ਪਿਛੇ ਹੋ ਪਿਆ।

ਚੰਨਣ ਸਿੰਘ ਆਪ ਤਾਂ ਭਾਵੇਂ ਇਹ ਸੋਚਕੇ ਪਿਛੇ ਲੱਗਿਆ ਹੋਵੇਗਾ ਕਿ ਜੇ ਉਹ ਮਹਾਨ ਜੁਗ ਗਰਦਾਂ ਨੂੰ ਫੜ ਲਵੇਗਾ ਤਾਂ ਚੋਖਾ ਇਨਾਮ ਪ੍ਰਾਪਤ ਕਰੇਗਾ। ਪਰ ਅਸਲ ਵਿਚ ਕਾਲ ਨੇ ਉਸ ਨੂੰ ਖਿਚਿਆ, ਉਹਦੀ ਅਜ਼ਲ ਨੇ ਉਸ ਨੂੰ ਮਜਬੂਰ ਕੀਤਾ। ਜਗੀਰ, ਮੁਰਬੇ ਤੇ ਔਹਦੇ ਹਾਸਲ ਹੋਣ ਦੀ ਥਾਂ ਉਸਨੂੰ ਮੌਤ ਦਾ ਇਨਾਮ ਪ੍ਰਾਪਤ ਹੋ ਗਿਆ। ਹਰਨ ਤੇ ਹੇ ਵਾਂਗ ਝਾਕਆਂ ਦੇਂਦੇ ਹੋਏ ਭਾਰਤ ਮਾਤਾ ਦੇ ਸਪੂਤ ਡੀ. ਏ. ਵੀ. ਕਾਲਜ ਦੇ ਹਾਤੇ ਵਿਚ ਜਾ ਵੜੇ। ਜਿਵੇਂ ਕਿ ਉਨ੍ਹਾਂ ਨੇ ਪਹਿਲੇ ਮਿਥਿਆ ਹੋਇਆ ਸੀ ਤੇ ਏਥੋਂ ਉਨਾਂ ਨੂੰ ਬਚ ਨਿਕਲਣ ਦੀ ਪੂਰੀ ਆਸ ਸੀ, ਚੰਨਣ ਸਿੰਘ ਵੀ ਪਿਛੇ ਗਿਆ ਜਿਉਂ ਹੀ ਹਾਤੇ ਅੰਦਰ ਹੋਇਆ ਚੰਦਰ ਸ਼ੇਖਰ ਆਜ਼ਾਦ ਨੇ ਪਾਸੇ ਹੋਕੇ ਉਹਦੇ ਵਲ ਪਸਤੌਲ ਦਾ ਵਾਰ ਕੀਤਾ। ਦੋ ਗੋਲੀਆਂ ਐਸੀਆਂ ਸਿੱਧੀਆਂ ਲੱਗੀਆਂ ਕਿ ਚੰਨਣ ਸਿੰਘ ਧੜੰਮ ਕਰਕੇ ਧਰਤੀ ਉਤੇ ਡਿਗ ਪਿਆ। ਡਿਗਦੇ ਸਾਰ ਹੀ ਉਸ ਗ਼ਦਾਰ ਦੀ ਰੂਹ ਸਰੀਰ ਛਡਕੇ ਹਵਾ ਹੋ ਗਈ। ਉਹ ਥੋੜਾ ਚਿਰ ਤੜਪ ਕੇ ਸਦਾ ਵਾਸਤੇ ਠੰਡਾ ਹੋ ਗਿਆ। ਉਹਦੇ ਲਹੂ ਨਾਲ ਹੀ ਉਹ ਲੋਥ ਲਾਲ ਹੋ ਗਈ।

ਜਿਸ ਪਾਪੀ ਤੋਂ ਬੁਚੜ ਸਾਮਰਾਜ ਗੋਰੇ ਸਕਾਟ ਨੂੰ ਮਾਰਨਾ ਸੀ ਉਹ ਤਾਂ ਬਚ ਗਿਆ, ਪਰ ਉਹਦੀ ਥਾਂ ਉਹਦੇ ਵਰਗੇ ਹੀ ਦੋ ਦੁਸ਼ਟ ਮਾਰੇ ਗਏ। ਉਸੇ ਵੇਲੇ ਤਾਰਾਂ ਫਿਰ ਗਈਆਂ। ਸੀ.ਆਈ.ਡੀ. ਤੇ ਦੂਸਰੀ ਪੁਲਸ ਦੇ ਦਿਲ ਦਾ ਰੁਗ ਭਰਿਆ ਗਿਆ। ਗਵਰਨਰ ਦੇ ਦਫਤਰ ਅਗੇ ਅੰਗ੍ਰੇਜ਼ ਦਾ ਮਾਰਨਾ ਕੋਈ ਮਾਮੂਲੀ ਘਟਣਾ ਨਹੀਂ ਸੀ, ਬਬਰ ਅਕਾਲੀਆਂ ਤੇ ਬੰਗਾਲੀ ਇਨਕਲਾਬੀਆਂ ਦੇ ਹੌਂਸਲਿਆਂ ਅਤੇ ਕੰਮਾਂ ਨਾਲੋਂ ਵਡਾ ਹੌਂਸਲਾ ਤੇ ਕੰਮ ਹੋਇਆ ਸਮਝਿਆ ਗਿਆ। ਲਾਹੌਰ ਦੇ ਸਾਰੇ ਗੋਰੇ ਅਫਸਰਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗ ਗਈ। ਗਵਰਨਰ ਦੇ ਦਫਤਰ ਅਤੇ ਕੋਠੀ ਦੇ ਪਹਿਰੇ ਦੀ ਹੋਰ ਕਰੜਾਈ ਕੀਤੀ ਗਈ ਨੇੜੇ ਆਏ ਹਰ ਹਿੰਦੁਸਤਾਨੀ ਉਤੇ ਸ਼ੱਕ ਹੋਣ ਲੱਗਾ।

ਲਾਰੀਆਂ, ਕਾਰਾਂ, ਟਾਂਗਿਆਂ ਰਾਹੀਂ ਪੁਲਸ ਜੁਗਗਰਦਾਂ ਦਾ ਪਤਾ ਕਰਨ ਲੱਗੀ, "ਜ਼ਰੂਰ ਗ੍ਰਿਫਤਾਰ ਕੀਤੇ ਜਾਣਗੇ! ਉਹ ਲਾਹੌਰੋਂ ਬਾਹਰ ਨਹੀਂ ਨਿਕਲੇ, ਜੋ ਫੜੇ ਉਹ ਇਨਾਮ ਹਾਸਲ ਕਰੇ। ਖੂਨੀਆਂ ਨੂੰ ਮਾਫ ਨਹੀਂ ਕੀਤਾ ਜਾਵੇਗਾ। ਇਹ ਵਾਕ ਜਾਂ ਬੋਲ ਹਰ ਗੋਰੇ ਅਤੇ ਅੰਗਰੇਜ਼ੀ ਹਕੂਮਤ ਦੇ ਵਫਾਦਾਰ ਹਿੰਦੁਸਤਾਨੀ ਅਫਸਰ ਦੇ ਮੂੰਹੋਂ ਬਹੁਤ ਕ੍ਰੋਧ ਨਾਲ ਨਿਕਲੇ। ਲਾਹੋਰ ਦੇ ਚੌਗਿਰਦੇ ਦੇ ਸਾਰੇ ਰਾਹ ਰੋਕੇ ਗਏ। ਰੇਲਵੇ ਸਟੇਸ਼ਨ, ਦਰਿਆ ਤੇ ਨਹਿਰਾਂ ਦੇ ਪੁਲਾਂ ਚੁੰਗੀਆਂ ਤੇ ਬਾਕੀ ਦੇ ਸ਼ਾਹੀ ਰਾਹਾਂ ਉਤੇ ਪੁਲਸ ਦਾ ਪਹਿਰਾ ਲਾ ਦਿਤਾ ਗਿਆ। ਜਿਨਾਂ ਰਾਹੀਆਂ ਉਤੇ ਸ਼ੱਕ ਪੈਂਦਾ ਉਨ੍ਹਾਂ ਦੀ ਬਹੁਤ ਪੁਛ ਪੜਤਾਲ ਕੀਤੀ ਜਾਣ ਲੱਗੀ। ਲਾਹੌਰ ਦੇ ਹਰ ਗਲੀ ਮਹਲੇ ਤੇ ਸ਼ੱਕੀ ਘਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ। ਚਾਰ ਦਿਨ ਲੰਘ ਗਏ। ਪੰਜ ਰਾਤਾਂ ਚਲੀਆਂ ਗਈਆਂ, ਪੁਲਸ ਥੱਕ ਗਈ। ਅਫ਼ਸਰ ਨੀਂਦਰੇ ਰਹੇ। ਲੋਕਾਂ ਨੂੰ ਤਕਲੀਫਾਂ ਹੋਈਆਂ, ਪਰ ਸਾਂਡਰਸ ਤੇ ਚੰਨਣ ਸਿੰਘ ਦੇ ਕਾਤਲ ਨਾ ਮਿਲੇ। ਸਰਕਾਰੀ ਕਰਮਚਾਰੀ ਹੈਰਾਨ ਸਨ ਕਿ ਆਖਰ ਉਹ ਪਤਾਲ ਚਲੇ ਗਏ ਕਿ ਖੰਭ ਲਾ ਕੇ ਅਸਮਾਨ ਨੂੰ ਚੜ੍ਹ ਗਏ। 'ਕਿਤੇ ਨਹੀਂ ਲਭਦੇ। ਕੋਈ ਹਿੰਦੁਸਤਾਨੀ ਸੂਹ ਨਹੀਂ ਦੇਂਦਾ।' ਇਨ੍ਹਾਂ ਸ਼ਬਦਾਂ ਨੂੰ ਬੋਲਕੇ ਟੁਟੇ ਦਿਲ ਨਿਰਾਸਤਾ ਨਾਲ ਨੀਵੀਆਂ ਪਾ ਕੇ ਕੁਰਸੀਆਂ ਉਤੇ ਬੈਠੇ ਰਹੇ।

ਸ਼ਹੀਦ ਭਗਤ ਸਿੰਘ : ੮.

ਲਾਹੌਰੋਂ ਕਿਵੇਂ ਨਿਕਲੇ?

ਡੀ. ਏ. ਵੀ. ਕਾਲਜ ਦੇ ਹੋਸਟਲ ਵਿਚ ਸਰਦਾਰ ਭਗਤ ਸਿੰਘ ਦੇ ਸਾਥੀ ਸਨ। ਉਹ ਸਾਥੀ ਜਿਨ੍ਹਾਂ ਨਾਲ ਜੀਵਨ-ਮਰਨ ਦੀ ਸਾਂਝ ਸੀ, ਜੋ ਵਤਨ ਦੀ ਖਾਤਰ ਹਰ ਔਕੜ ਦਾ ਸਾਹਮਣਾ ਕਰਨਾ ਚਾਹੁੰਦੇ ਸਨ। ਚੰਨਣ ਸਿੰਘ ਦੀ ਮੌਤ ਦੇ ਪਿਛੋਂ ਪੁਲਸ ਦਾ ਫੌਰੀ ਖਤਰਾ ਟਲ ਗਿਆ | ਭਗਤ ਸਿੰਘ, ਚੰਦਰ ਸੇਖਰ ਤੇ ਰਾਜ ਗੁਰੁ ਹੋਸਟਲ ਵਿਚ ਵਿਦਿਆਰਥੀਆਂ ਕੋਲ ਚਲੇ ਗਏ। ਸਮੇਂ ਦਾ ਇਕ ਮਿੰਟ ਵੀ ਐਵੇਂ ਗਵਾਉਣ ਵਾਲਾ ਨਹੀਂ ਸੀ। ਪਲੋ ਪਲੀ ਨੂੰ ਪੁਲੀਸ ਦੀ ਧਾੜ ਦੇ ਪਜਣ ਦਾ ਭੈ ਸੀ। ਸਮੇਂ ਦੀ ਕਦਰ ਕਰਦਿਆਂ ਹੋਇਆਂ ਉਨ੍ਹਾਂ ਨੇ ਝਟ ਪਟ ਭੇਸ ਬਦਲਨ ਦਾ ਯਤਨ ਕੀਤਾ।

ਸਰਦਾਰ ਭਗਤ ਸਿੰਘ ਨੇ ਕੇਸ ਕਟਵਾ ਦਿਤੇ। ਇਕ ਵਿਦਿਆਰਥੀ ਦਾ ਵਧੀਆ ਗਰਮ ਸੂਟ ਪਾ ਕੇ ਸਿਰ ਉਤੇ ਹੈਟ (ਟੋਪੀ) ਰੱਖ ਲਿਆ। ਨਿਕਟਾਈ ਬੰਨੀ। ਪੁਰਾ ਸਾਹਬ ਬਣ ਗਿਆ, ਪੁਲਸ ਵਾਲਿਆਂ ਕੀ ਪਛਾਣਨਾ ਸੀ, ਉਸ ਵੇਲੇ ਘਰ ਦੇ ਵੀ ਪਛਾਣ ਨਹੀਂ ਸਨ ਸਕਦੇ।

'ਹੁਣ ਕਿਧਰ ਜਾਓਗੇ?'ਭਗਤ ਸਿੰਘ ਦੇ ਉਸ ਮਿਤ੍ਰ ਨੇ ਭਗਤ ਸਿੰਘ ਨੂੰ ਪੁਛਿਆ, ਜਿਸਨੇ ਸੂਟ ਦਿਤਾ ਸੀ।

'ਦੁਰਗਾ ਦੇਵੀ ਦੇ ਘਰ? ਭਗਤ ਸਿੰਘ ਨੇ ਉੱਤਰ ਦਿਤਾ।

'ਫਿਰ!'

'ਉਸ ਨਾਲ ਸਲਾਹ ਕਰਕੇ ਲਾਹੌਰੋਂ ਨਿਕਲਾਂਗਾ!'

'ਅਗੇ?'

'ਜਿਧਰ ਰਾਹ ਮਿਲੀ!'

'ਫਿਰ ਵੀ ਕੋਈ ਟਕਾਣਾ?'

'ਕੀ ਕਹਿ ਸਕਦਾ ਹਾਂ| ਸ਼ਾਇਦ ਕਿਸੇ ਜੰਗਲ ਪਹਾੜ ਵਿਚ ਲੁੱਕਣਾ ਪਵੇ। ਜਿਵੇਂ ਵੀ ਹੋਇਆ ਮੈਂ ਯੂ. ਪੀ. ਨੂੰ ਜਾਵਾਂਗਾ?'

'ਖਰਚ ਵਾਸਤੇ ਰੁਪੈ?'

'ਮੇਰੇ ਪਾਸ ਦੋ ਸੌ ਰੁਪਿਆ ਹੈ।'

'ਹੋਰ ਲੋੜ ਹੈ ਤਾਂ ਸੌ ਕੁ ਲੈ ਜਾਓ ਮੈਂ ਘਰੋਂ ਹੋਰ ਮੰਗਵਾ ਲਵਾਂਗਾ।'

'ਚੰਗਾ ਦੇ ਦਿਓ'

ਭਗਤ ਸਿੰਘ ਦਾ ਇਹ ਉਤਰ ਸੁਣਕੇ ਉਸਦੇ ਮਿਤ੍ਰ ਨੇ ਆਪਣੇ ਟਰੰਕ ਵਿਚੋਂ ਸੌ ਰੁਪਿਆ ਕਢਕੇ ਭਗਤ ਸਿੰਘ ਨੂੰ ਦੇ ਦਿੱਤਾ।

ਭਗਤ ਸਿੰਘ ਆਪਣੇ ਮਿਤ੍ਰ ਨੂੰ ਨਾਲ ਲੈ ਕੇ ਹੋਸਟਲ ਤੋਂ ਬਾਹਰਲੇ ਦਰਵਾਜ਼ੇ ਕੋਲ ਆਇਆ। ਹਾਂ ਉਧਰੇ ਹੀ ਜਿਧਰ ਚੰਨਣ ਸਿੰਘ ਦੀ ਲੋਥ ਪਈ ਸੀ, ਉਹਦੇ ਲਾਗਿਉਂ ਦੀ ਲੰਘਕੇ ਸੜਕ ਤੇ ਆਏ। ਖਤਰਾ ਕਿਤੇ ਪ੍ਰਤੀਤ ਨਾ ਹੋਇਆ।

'ਆਪ ਜਾਈਏ! ਹੁਣ ਮੈਂ ਚਲਾ ਜਾਵਾਂਗਾ।' ਭਗਤ ਸਿੰਘ, ਨੇ ਆਪਣੇ ਮਿਤ੍ਰ ਕੋਲੋਂ ਵਿਦਾ ਮੰਗੀ ਤੇ ਉਸ ਨੂੰ ਹੋਸਟਲ ਵਲ ਮੋੜ ਦੇਣਾ ਚਾਹਿਆ।

'ਚੰਗਾ! ਬੰਦੇ ਮਾਤ੍ਰਮ! ਭਗਵਾਨ ਫਿਰ ਦਰਸ਼ਨ ਕਰਵਾਏ!' ਭਗਤ ਸਿੰਘ ਦੇ ਮਿਤਰ ਨੇ ਇਹ ਆਖ ਕੇ ਭਗਤ ਸਿੰਘ ਨਾਲ ਹਥ ਮਿਲਾਯਾ ਤੇ ਅਖਾਂ ਭਰਕੇ ਵਿਛੜਿਆ।

ਮਿਤ੍ਰ ਨੂੰ ਪਿਛੇ ਛਡਕੇ ਭਗਤ ਸਿੰਘ ਦਬਾ-ਦਬ ਦੁਰਗਾ ਦੇਵੀ ਦੇ ਘਰ ਪਹੁੰਚ ਗਿਆ, ਉਹ ਅਗੇ ਘਰ ਸੀ, ਉਸਦਾ ਪਤੀ ਭਗੌਤੀ ਚਰਨ ਕਿਤੇ ਗਿਆ ਹੋਇਆ ਸੀ, ਉਸ ਨੇ ਭਗਤ ਸਿੰਘ ਨੂੰ ਪਛਾਣਿਆਂ ਨਹੀਂ। ਉਹ ਅਜੇ ਪੁਛਣਾ ਹੀ ਚਾਹੁੰਦੀ ਸੀ ਕਿ ਭਗਤ ਸਿੰਘ ਪਹਿਲਾਂ ਹੀ ਬੋਲ ਪਿਆ।

'ਭਾਬੀ! ਘਬਰਾ ਨਾ ਮੈਂ ਭਗਤ ਸਿੰਘ ਹਾਂ। ਦੋ ਖੂਨ ਹੋ ਗਏ। ਮੈਂ ਆ ਗਿਆ!'

ਬੋਲਣ ਤੇ ਦੁਰਗਾ ਦੇਵੀ ਨੇ ਅਵਾਜ਼ ਪਛਾਣ ਲਈ, ਉਸੇ ਵੇਲੇ ਹੀ ਉਸਨੇ ਕਾਹਲੀ ਨਾਲ ਪੁਛਿਆ, ਕਿਸੇ ਸਾਥੀ ਦਾ ਨੁਕਸਾਨ ਤਾਂ ਨਹੀਂ ਹੋਇਆ? ਉਹ ਕਿਧਰ ਗਏ?'

'ਇਕ ਵਾਰ ਤਾਂ ਸਾਰੇ ਬਚ ਗਏ ਨੇ ਅਗੇ ਦਾ ਪਤਾ ਨਹੀਂ।

"ਕੀ ਪਾਪੀ ਸਕਾਟ ਮਰ ਗਿਆ?"

ਇਕ ਗੋਰਾ ਅਫਸਰ ਜ਼ਰੂਰ ਮਰ ਗਿਆ ਹੈ। ਪਤਾ ਨਹੀਂ ਉਹ ਕੌਣ? ਜੈ ਗੁਪਾਲ ਦੇ ਇਸ਼ਾਰੇ ਉਤੇ ਹੀ ਫਾਇਰ ਕੀਤੇ ਗਏ ਸਨ। ਇਕ ਕੋਈ ਸਿੱਖ ਸਿਪਾਹੀ ਮਰ ਗਿਆ ਹੈ, ਜਿਸ ਨੇ ਪਿੱਛਾ ਕੀਤਾ ਸੀ।"

"ਹੁਣ?" ਦੁਰਗਾ ਦੇਵੀ ਨੇ ਹੌਲੀ ਪੁਛਿਆ।

"ਛੇਤੀ ਤਿਆਰੀ ਕਰ! ਮੇਰੇ ਨਾਲ ਅੰਮ੍ਰਿਤਸਰ ਤਕ ਚਲ! ਮੈਂ ਤੇਰਾ ਬੱਚਾ ਚੁੱਕ ਲਵਾਂਗਾ। ਦੋਵੇਂ ਜੀ ਪ੍ਰਤੀਤ ਹੋਵਾਂਗੇ...ਪੁਲਸ ਦੀਆਂ ਅੱਖਾਂ ਨੂੰ ਧੋਖਾ ਦੇਕੇ ਲਾਹੌਰੋਂ ਬਾਹਰ ਨਿਕਲੀਏ... ਏਥੇ ਖਤਰਾ ਹੈ। ਸ਼ਾਇਦ ਇਸ ਘਰ ਨੂੰ ਘੇਰਾ ਪੈ ਜਾਵੇ।"

"ਹੋ ਸਕਦਾ! ਮੈਂ ਹੁਣੇ ਤਿਆਰ ਹੁੰਦੀ ਹਾਂ!"

ਇਹ ਆਖਕੇ ਦੁਰਗਾ ਦੇਵੀ ਦੂਸਰੇ ਕਮਰੇ ਵਿਚ ਚਲੀ ਗਈ। ਪੰਦਰਾਂ ਕੁ ਮਿੰਟਾਂ ਪਿੱਛੋਂ ਤਿਆਰ ਹੋਕੇ ਆ ਗਈ। ਬਿਸਕੁਟ ਰੰਗੀ ਰੇਸ਼ਮੀ ਸਾਹੜੀ ਬੰਨ੍ਹੀ। ਓਸੇ ਰੰਗ ਦੀ ਗਲ ਬੰਡੀ (ਕੁੜਤੀ) ਪਾਈ। ਸਿਰ ਦੇ ਵਾਲ ਸੁਆਰਕੇ ਵਾਹੇ, ਨਿਰੇ ਵਾਹੇ ਹੀ ਨਾ ਸਗੋਂ ਨਵੇਂ ਫੈਸ਼ਨ ਅਨੁਸਾਰ ਫੁੱਲ ਚਿੜੀਆਂ ਕੱਢੀਆਂ। ਅੱਖੀ ਸੁਰਮਾ ਤੇ ਚੇਹਰੇ ਉਤੇ ਹਲਕਾ ਜਿਹਾ ਪੌਡਰ ਵੀ ਮਲ ਲਿਆ ਸੋਨੇ ਦੀਆਂ ਚੂੜੀਆਂ ਹੱਥੀਂ ਪਾ ਲਈਆਂ ਚਮੜੇ ਦਾ ਸੂਟਕੇਸ ਫੜਕੇ ਜਦੋਂ ਭਗਤ ਸਿੰਘ ਦੇ ਕੋਲ ਖਲੋਤੀ ਤਾਂ ਭਗਤ ਸਿੰਘ ਆਖਿਆ -"ਠੀਕ ਹੇ ਭਾਈ! ਹੁਣ ਕੋਈ ਸ਼ਕ ਨਹੀਂ ਕਰੇਗਾ....ਚਲੋ!

ਦੋਵੇਂ ਮਕਾਨ ਵਿਚੋਂ ਨਿਕਲੇ, ਟਾਂਗਾ ਲਿਆ। ਟਾਂਗੇ ਵਿੱਚ ਬੈਠ ਕੇ ਸਟੇਸ਼ਨ ਨੂੰ ਤੁਰ ਪਏ। ਰਾਹ ਦੇ ਵਿੱਚ ਉਨ੍ਹਾਂ ਨੇ ਦੇਖਿਆ ਪੁਲਸ ਦੀਆਂ ਲਾਰੀਆਂ ਘੂਕਰਾਂ ਪਾਉਂਦੀਆਂ ਫਿਰਦੀਆਂ ਸਨ। ਇੱਕ ਲਾਰੀ ਤਾਂ ਐਨੇ ਜ਼ੋਰ ਨਾਲ ਟਾਂਗੇ | ਲਾਗਿਓਂ ਦੀ ਲੰਘ ਕਿ ਐਕਸੀਡੈਂਟ ਹੋਣ ਤੋਂ ਮਸਾਂ ਬਚਾ ਹੋਇਆ। ਘੋੜਾ ਡਰ ਗਿਆ। ਕੋਚਵਾਨ ਦਾ ਦਿਲ ਧੜਕ ਗਿਆ।

ਖੁਦਾ ਬਚਾਵੇ! ਖ਼ਵਰੇ ਕੀ ਹੋਣਾ ਏ! ਅੱਜ ਗੋਰੇ ਮਾਰੇ ਗਏ ਨੇ। ਟਾਂਗੇ ਵਾਲਾ ਆਪ ਮੁਹਾਰਾ ਬੋਲਿਆ।

ਟਾਂਗੇ ਵਾਲੇ ਦੀ ਇਹ ਗੱਲ ਸੁਣਕੇ ਦੁਰਗਾ ਦੇਵੀ ਨੇ ਪੁਛਿਆ-"ਕਿਸ ਨੇ ਮਾਰੇ ਗੋਰੇ?"

"ਪਤਾ ਨਹੀਂ....ਆਖਦੇ ਨੇ ਇਨਕਲਾਬੀ ਮਾਰ ਗਏ ਪੁਲਸ ਉਨਾਂ ਨੂੰ ਫੜਨ ਵਾਸਤੇ ਨਸੀ ਫਿਰਦੀ ਹੈ। ਇਹ ਵੀ ਲਾਰੀ ਕਿਧਰੇ ਉਨ੍ਹਾਂ ਪਿਛੇ ਹੀ ਗਈ ਹੈ।"

"ਬਹੁਤ ਮਾੜਾ ਹੋਇਆ! ਸਰਕਾਰ ਲੋਕਾਂ ਨੂੰ ਤੰਗ ਕਰੇਗੀ?" ਦੁਰਗਾ ਦੇਵੀ ਨੇ ਆਖਿਆ।

"ਕੋਈ ਮਾੜਾ ਨਹੀਂ ਹੋਇਆ। ਪੁਲਸ ਕਪਤਾਨ ਮਾਰਿਆ ਗਿਆ ਹੈ। ਉਹ ਬਹੁਤ ਭੈੜਾ ਸੀ। ਪ੍ਰਦੇਸੀ ਭੈੜੇ ਨੇ। ਅਸਾਂ ਗਰੀਬਾਂ ਨੂੰ ਗੁਲਾਮ ਰੱਖ ਕੇ ਲੁਟੀ ਜਾਂਦੇ ਨੇ। ਉਨ੍ਹਾਂ ਬਹਾਦਰਾਂ ਨੂੰ ਸ਼ਾਬਾਸ਼ ਜਿਨ੍ਹਾਂ ਮਾਰਿਆ ਹੈ।"

"ਕੋਈ ਫੜਿਆ ਨਹੀਂ ਗਿਆ?"

"ਅਜੇ ਤਕ ਕੋਈ ਨਹੀਂ ਫੜਿਆ ਗਿਆ ਤੇ ਸ਼ਹਿਰ ਦੀ ਨਾਕਾਬੰਦੀ ਹੋ ਗਈ ਹੈ।.....ਉਹ ਫੜੇ ਨਹੀਂ ਜਾਣਗੇ।"

"ਕਿਉਂ?"

"ਜੀ ਹੁਣ ਹਿੰਦੁਸਤਾਨੀਆਂ ਨੂੰ ਹੋਸ਼ ਆ ਗਈ ਹੈ। ਉਹ ਭੈੜੇ-ਚੰਦਰੇ ਟੋਡੀ ਨਹੀਂ ਬਣਦੇ। ਬਹਾਦਰ ਦੇ ਭਗਤਾਂ ਦੀ ਮਦਦ ਕਰਦੇ ਨੇ। ਕੋਈ ਮੁਕਬਰੀ ਨਹੀਂ ਕਰੇਗਾ।

"ਇਹ ਨਾ ਕਹੋ.....ਪੰਜੇ ਉਂਗਲਾਂ ਇਕੋ ਜਹੀਆਂ ਨਹੀਂ। ਅਜੇ ਵੀ ਕਾਲੀਆਂ ਭੇਡਾਂ ਹਨ ਜੋ ਸਰਕਾਰ ਕੋਲੋਂ ਇਨਾਮ ਹਾਸਲ ਕਰਨ ਬਦਲੇ ਆਪਣੇ ਵੀਰਾਂ ਦਾ ਲਹੂ ਨ੍ਹਾਉਣ ਤਕ ਜਾਂਦੀਆਂ ਨੇ।"

"ਇਹ ਵੀ ਠੀਕ ਹੈ ਬੀਬੀ ਜੀ! ਹੱਛਾ ਖੁਦਾ ਉਨ੍ਹਾਂ ਬਹਾਦਰਾਂ ਦੀ ਰਾਖੀ ਕਰੇ! ਮੇਰੀ ਤਾਂ ਆਤਮਾ ਦੇਸ਼ ਭਗਤਾਂ ਵਾਸਤੇ ਦੁਆ ਕਰਦੀ ਹੈ।"

ਭਗਤ ਸਿੰਘ ਨਹੀਂ ਬੋਲਿਆ। ਦੁਰਗਾ ਦੇਵੀ ਇਉਂ ਗੱਲਾਂ ਬਾਤਾਂ ਵਿਚ ਭੇਤ ਕੱਢਣ ਦਾ ਯਤਨ ਕਰਦੀ ਰਹੀ ਕਿ ਲੋਕਾਂ ਦੀ ਕੀ ਰਾਏ ਹੈ? ਕੀ ਕੋਈ ਸਾਥੀ ਫੜਿਆ ਤਾਂ ਨਹੀਂ ਗਿਆ? ਪੁਲਸ ਕਿੰਨੀ ਕੁ ਹਰਕਤ ਵਿੱਚ ਆ ਚੁੱਕੀ ਹੈ।

ਟਾਂਗਾ ਸਟੇਸ਼ਨ ਤੇ ਪੁੱਜਾ। ਚਿਟ-ਕਪੜੀਏ ਤੇ ਵਰਦੀ ਵਾਲੇ ਪੁਲਸੀਆਂ ਨਾਲ ਸਾਰਾ ਸਟੇਸ਼ਨ ਭਰਿਆ ਪਿਆ ਸੀ। ਤੇ ਅਡੋਲ ਤੇ ਅੜਿੱਕ ਭਗਤ ਸਿੰਘ ਨੇ ਫਸਟ ਕਲਾਸ ਦੀਆਂ ਦੋ ਟਿਕਟਾਂ ਲੈਣ ਪਿਛੋਂ ਦੁਰਗਾ ਦੇਵੀ ਦਾ ਬੱਚਾ ਕੁਛੜ ਚੁੱਕ ਕੇ ਬੜੇ ਰੋਹਬ ਨਾਲ ਪਲੇਟ ਫਾਰਮ ਵਲ ਚਲ ਪਏ। ਕਈਆਂ ਪੁਲਸ ਦੀਆਂ ਅੱਖਾਂ ਉਨਾਂ ਦੇ ਚੇਹਰਿਆਂ ਤੇ ਲਿਬਾਸ ਉਤੇ ਜੰਮੀਆਂ, ਪਰ ਕੁਝ ਪੁਛਣ ਦਾ ਕਿਸੇ ਨੂੰ ਹੌਸਲਾ ਨਾ ਪਿਆ।

ਗੱਡੀ ਦੇ ਚਲਣ ਵਿੱਚ ਦਸ ਕੁ ਮਿੰਟ ਦੀ ਦੇਰ ਸੀ, ਉਸ ਸਮੇਂ ਨੂੰ ਐਵੇਂ ਨਾ ਗੁਵਾਇਆ ਚਾਹ ਮੰਗਵਾਈ ਤੇ ਦੋਹਾਂ ਨੇ ਪੀਤੀ ਆਖਰ ਰੇਲ ਨੇ ਚੀਕ ਮਾਰੀ। ਉਹ ਤੁਰ ਪਈ ਤੁਰਦੀ ਹੋਈ ਮੁਗਲ ਪੁਰਾ ਪੁਜ ਗਈ, ਮੁਗਲ ਪੁਰਾ ਵੀ ਛੱਡ ਦਿਤਾ, ਗੱਡੀ ਸੀ ਡਾਕ ਅੰਮ੍ਰਿਤਸਰ ਤੋਂ ਉਰੇ ਉਸਨੇ ਕਿਤੇ ਨਹੀਂ ਸੀ ਖਲੋਣਾ ਮੁਗਲਪੁਰਾ ਟਪਣ ਪਿਛੋਂ ਭਗਤ ਸਿੰਘ ਤੇ ਦੁਰਗਾ ਦੇਵੀ ਬਹੁਤ ਖੁਸ਼ ਹੋਏ। ਹੁਣ ਕੋਈ ਚਿੰਤਾ ਨਹੀਂ।' ਉਨ੍ਹਾਂ ਦੇ ਬੁਲਾਂ ਤੋਂ ਨਿਕਲਿਆ ਵਾਕ ਸੀ।

ਜੈ ਗੁਪਾਲ, ਸੁਖਦੇਵ ਤੇ ਰਾਜ ਗੁਰੂ ਵੀ ਜਿਵੇਂ ਕਿਵੇਂ ਹੋਇਆ ਲਾਹੌਰੋਂ ਬਾਹਰ ਚਲੇ ਗਏ। ਪਰ ਚੰਦਰ ਸ਼ੇਖਰ ਆਜ਼ਾਦ ਦੇ ਲਾਹੌਰ ਛੱਡਣ ਦੀ ਵਾਰਤਾ ਬੜੀ ਮਨੋਰੰਜਕ ਹੈ। ਉਹ ਸਿਆਣੇ ਇਨਕਲਾਬੀ ਸਨ ਗੁਵਾਲੀਅਰ ਰਿਆਸਤ ਦੇ ਰਹਿਣ ਵਾਲੇ ਹੋਣ ਕਰਕੇ ਉਨ੍ਹਾਂ ਦੀ ਬੋਲੀ ਹਿੰਦੀ ਸੀ। ਵੈਸੇ ਵੀ ਸੰਸਕ੍ਰਿਤ ਪੜੇ ਹੋਏ ਹਨ। ਉਨ੍ਹਾਂ ਨੂੰ ਐਸੀ ਦੂਰ ਦੀ ਸੁਝੀ। ਉਨ੍ਹਾਂ ਨੇ ਕੋਟ ਪਤਲੂਨ ਉਤਾਰ ਦਿੱਤਾ ਮਲਮਲ ਦੀ ਧੋਤੀ ਲਈ ਤੇ ਉਸਨੂੰ ਖਟੀ ਰੰਗ ਲਿਆ ਉਹ ਖਟੀ ਧੋਤੀ ਤੇੜ ਬੰਨ ਲਈ, ਪੈਰੀਂ ਖੜਾਵਾਂ ਪਾ ਲਈਆਂ ਮੋਢੇ ਉਤੇ ਕਾਲੀ ਲੋਈ ਸੁਟ ਲਈ, ਡੋਰੀ, ਗੜਵੀ ਤੇ ਗੀਤਾ ਨੂੰ ਹਥ ਵਿਚ ਲੈ ਲਿਆ ਰੁਦਰਾਸ ਦੇ ਮੋਟਿਆਂ ਮਣਕਿਆਂ ਦੀ ਮਾਲਾ ਗਲ ਪਾਕੇ ਮਥੇ ਉਤੇ ਲੰਮੇ ਤਿਲਕ ਲਾ ਬੈਠੇ। ਉਹ ਬਣ ਗਏ ਪੰਡਤ ਦੋਹ ਦਿਨਾਂ ਵਿਚ ਭਜ ਨਸਕੇ ਉਨਾਂ ਨੇ ਦਸ ਸਾਧੂ ਇਕਠੇ ਕਰ ਲਏ। ਉਨ੍ਹਾਂ ਸਾਧੂਆਂ ਨੂੰ ਲਾਲਚ ਦਿਤਾ ਕਿ ਉਹ ਇਕੱਲਾ ਹੀ ਸਾਰੇ, ਸਾਧੂਆਂ ਦਾ ਹਰਦੁਆਰ ਦਾ ਕਰਾਇਆ ਤੇ ਰਾਹ ਦਾ ਖਰਚ ਦੇਵੇਗਾ, ਸਾਧੂ ਹਰਦੁਆਰੇ ਨੂੰ ਚਲਣ। ਅੰਨਾਂ ਕੀ ਭਾਲੇ ਦੋ ਅੱਖਾਂ। ਇਹ ਸੁਣਕੇ ਸਾਧੂਆਂ ਨੂੰ ਖੁਸ਼ੀਆਂ ਚੜ੍ਹ ਗਈਆਂ, ਉਹ, ਗੰਗਾ ਮਾਈ ਦੀ ਜੈ ਬੋਲਣ ਲਗੇ। ਚੰਦਰ ਸ਼ੇਖਰ ਦੇ ਨਾਲ ਹੋ ਤੁਰੇ, ਚੰਦਰ ਸ਼ੇਖਰ ਨੇ ਉਨਾਂ ਨੂੰ ਆਪਣਾ ਨਾਂ ਹਰ ਭਗਤ ਦਸਿਆ ਤੇ ਉਨ੍ਹਾਂ ਦਾ ਆਗੂ ਬਣ ਗਿਆ।

ਇਹ ਸਾਰੀ ਟੋਲੀ ਰੇਲਵੇ ਸਟੇਸ਼ਨ ਉਤੇ ਪੁਜੀ। ਹਰਦੁਵਾਰ ਦੀਆਂ ਟਿਕਟਾਂ ਲਈਆਂ ਗੱਡੀ ਵਿਚ ਬੈਠੀ ਕਿਸੇ ਕਿੰਤੂ ਨਾ ਕੀਤਾ ਹਰਦਵਾਰ ਦੇ ਸਾਧੂ ਯਾਤਰੂ ਸਮਝਕੇ ਕੋਈ ਪ੍ਰਵਾਹ ਨਾਂ ਕੀਤੀ ਇਉਂ ਚੰਦਰ ਸੇਖਰ ਅਜਾਦ ਲਾਹੌਰ ਦੀ ਪੁਲਸ ਕੋਲੋਂ ਆਜ਼ਾਦ ਹੋ ਗਿਆ।

ਸ਼ਹੀਦ ਭਗਤ ਸਿੰਘ : ੯.

ਦਿਲੀ ਤੋਂ ਬੰਬਈ ਜਾਣ ਵਲ ਜੀ. ਈ. ਪੀ. ਰੇਲਵੇ ਲਾਇਨ ਉਤੇ ਝਾਂਸੀ ਸ਼ਹਿਰ ਹੈ। ਝਾਂਸ਼ੀ ਉਤਰਾ ਪ੍ਰਾਂਤ (ਯੂ.ਪੀ.)ਦਾ ਇਕ ਜਿਲ੍ਹਾ ਦਿਲੀ ਤੋਂ ੨੫੬ ਮੀਲ ਦੂਰ ਹੈ।

ਝਾਂਸੀ ਇਤਹਾਸਕ ਸ਼ਹਿਰ ਹੈ, ਇਸ ਦੀ ਮਹਾਨਤਾ ਭਾਵੇਂ ਪੁਰਾਤਨ ਸਮੇਂ ਤੋਂ ਚੰਗੀ ਤੁਰੀ ਆਉਂਦੀ ਹੈ, ਪਰ ਉਨਵੀਂ ਸਦੀ ਦੇ ਮਧ (੧੮੫੭) ਤੋਂ ਤਾਂ ਇਹ ਸ਼ਹਿਰ ਆਜ਼ਾਦੀ ਦੇ ਪ੍ਰਵਾਨਿਆਂ ਵਾਸਤੇ ਇਕ ਪੂਜਨੀਕ ਅਸਥਾਨ ਬਣ ਚੁੱਕਾ ਹੈ ਇਤਹਾਸ ਦਸਦਾ ਹੈ ਕਿ ੧੮੫੭ ਤੋਂ ਪਹਿਲਾਂ ਝਾਂਸ਼ੀ ਇਕ ਰਿਆਸਤ ਸੀ। ਏਥੋਂ ਦਾ ਰਾਜਾ ਮਰ ਗਿਆ, ਰਾਜੇ ਦਾ ਨੱਨਾ ਬੱਚਾ ਰਾਜ-ਅਧਿਕਾਰੀ ਹੋਇਆ ਪਰ ਰਾਜ ਦਾ ਸਾਰਾ ਪ੍ਰਬੰਧ ਉਸ ਰਾਜ ਕੁਮਾਰ ਦੀ ਮਾਤਾ ਲਕਸ਼ਮੀ ਬਾਈ ਨੇ ਆਪਣੇ ਹੱਥ ਲਿਆ। ਉਨੀ ਦਿਨੀ 'ਅੰਗਰੇਜ਼ੀ ਸਾਮਰਾਜ ਸਾਰੇ ਭਾਰਤ ਨੂੰ ਗੁਲਾਮ ਕਰਕੇ,'ਅੰਗਰੇਜ਼ੀ ਰਾਜ ਵੱਡਾ' ਕਰਨ ਦੀ ਧੁਨ ਵਿਚ ਸ਼ੁਦਾਈ ਹੋਯਾ ਫਿਰਦਾ ਸੀ, ਹਿੰਦੁਸਤਾਨੀ ਰਿਆਸਤਾਂ ਨੂੰ ਜਾਂ ਤਾਂ ਗੁਲਾਮੀ ਦੀ ਕਰੜੀ ਨਕੇਲ ਪਾਈ ਜਾਂਦਾ ਸੀ ਤੇ ਜਾਂ ਉਨ੍ਹਾਂ ਦਾ ਕੀਰਤਨ ਸੋਹਿਲਾ ਹੀ ਪੜ੍ਹੀ ਜਾਂਦੀ ਸੀ। ਲਖਸ਼ਮੀ ਬਾਈ ਅਣਖੀਲੀ, ਬਹਾਦਰ ਤੇ ਆਜ਼ਾਦ ਰੂਹ ਵਾਲੀ ਇਸਤ੍ਰੀ ਸੀ, ਉਹ ਅੰਗਰੇਜ਼ ਦੀ ਕੁਟਲ ਨੀਤੀ ਤੋਂ ਭਲੀ ਪ੍ਰਕਾਰ ਜਾਣੂ ਸੀ। ਅੰਗਰੇਜ਼ ਗਵਰਨਰ ਜਨਰਲ ਨੇ ਜਦੋਂ ਰਿਆਸਤ ਝਾਂਸੀ ਦੀ ਆਜ਼ਾਦੀ ਖੋਹਣ ਦਾ ਯਤਨ ਕੀਤਾ ਤਾਂ ਮਹਾਰਾਣੀ ਲਖਸ਼ਮੀ ਬਾਈ ਨੇ ਅੰਗਰੇਜ਼ ਦੀ ਧਕੜਸ਼ਾਹ ਵਿਰੁਧ ਜੰਗ ਦਾ ਐਲਾਨ ਕਰ ਦਿਤਾ। ਇਕ ਤਾਂ ਉਸਨੂੰ ਵਿਸ਼ਵਾਸ ਸੀ ਕਿ ਗਵਾਲੀਅਰ ਦਾ ਰਾਜਾ ਉਸਦੀ ਮੱਦਦ ਕਰੇਗਾ, ਦੂਸਰਾ ਗੁਲਾਮ ਜੀਵਨ ਜੀਉਣ ਨਾਲੋਂ ਉਹ ਸ੍ਵਤੰਤ੍ਰਤਾ ਦੀ ਲੜਾਈ ਵਿਚ ਮਰਨਾ ਚੰਗਾ ਸਮਝਦੀ ਸੀ। ਲੜਾਈ ਸ਼ੁਰੂ ਹੋਈ ਲਖਸ਼ਮੀ ਬਾਈ ਦੀ ਫੌਜ ਜਾਨ ਤੋੜਕੇ ਲੜੀ। ਮਹਾਰਾਣੀ ਖੁਦ ਚਿਟੇ ਘੋੜੇ ਉਤੇ ਸਵਾਰ ਹੋ ਕੇ ਅਤੇ ਮਰਦਾਨਾ ਲਿਬਾਸ ਪਹਿਨਕੇ ਫੌਜ ਦੀ ਕਮਾਂਡ ਕਰਦੀ ਰਹੀ, ਅੰਗਰੇਜ਼ੀ ਸਾਮਰਾਜ ਦੀ ਵਡੀ ਤਾਕਤ ਦਾ ਮੁਕਾਬਲਾ ਨਾ ਕਰ ਸਕੀ। ਮਦਾਨੇ-ਜੰਗ ਵਿਚ ਹੀ ਸ਼ਹੀਦ ਹੋ ਗਈ। ਫਤਹ ਤੋਂ ਪਿਛੋਂ ਅੰਗਰੇਜ਼ ਨੇ ਝਾਂਸੀ ਰਿਆਸਤ ਤੋੜਕੇ ਉਤਰਾ ਪ੍ਰਾਂਤ ਦਾ ਇਕ ਜ਼ਿਲਾ ਬਣਾ ਦਿਤਾ।

ਰਾਜ ਚਲਿਆ ਗਿਆ ਮਹਾਰਾਣੀ ਲਖਸ਼ਮੀ ਬਾਈ ਸ਼ਹੀਦ ਹੋ ਗਈ, ਪਰ ਉਸਦੀ ਆਜ਼ਾਦ ਤੇ ਅਣਖੀਲੀ ਰੂਹ ਅਮਰ ਰਹੀ। ਉਸਨੇ ਝਾਂਸੀ ਦਾ ਵਾਯੂ ਮੰਡਲ ਨਾ ਤਿਆਗਿਆ ਸ੍ਵਤੰਤ੍ਰਤਾ ਦੇ ਘੋਲ ਵਾਲਿਆਂ ਵਾਸਤੇ ਉਸਦਾ ਰੂਹ ਇਕ ਸਹਾਰਾ ਬਣ ਗਈ।

ਸ਼ਹਿਰ ਦੇ ਦਖਨ ਅਤੇ ਸਟੇਸ਼ਨ ਦੇ ਪੂਰਬ ਵਲ ਮਹਾਰਾਣੀ ਲਖਸ਼ਮੀ ਬਾਈ ਦੀਆਂ ਦੋ ਅਮਰ ਯਾਦਗਾਰਾਂ ਹਨ। - ਇਕ ਉੱਚੀ ਢੇਰੀ ਉਤੇ ਪੱਥਰ ਦਾ ਕਿਲਾ ਅਤੇ ਦੂਸਰਾ " ਮਹਾਰਾਣੀ ਦਾ ਘੋੜੇ ਸਵਾਰੀ ਵਾਲਾ ਪੱਥਰ ਦਾ ਬੁੱਤ। ਉਨ੍ਹਾਂ ਦੋਨਾਂ ਯਾਦਾਂ ਨੂੰ ਦੇਖ ਕੇ ਹਰ ਹਿੰਦੁਸਤਾਨੀ ਦਾ ਲਹੂ ਖੋਲਣ 1 ਲੱਗ ਜਾਂਦਾ ਹੈ। ਏਸੇ ਲਖਸ਼ਮੀ ਬਾਈ 'ਦੇ ਨਾਂ ਉਤੇ ਹੀ ਸੀ ਸੁਭਾਸ਼ ਚੰਦ ਬੋਸ ਨੇ ਮਲਾਯਾ ਤੇ ਹੁਮਾ ਵਿੱਚ ਭਾਰਤੀ ਇਸਤੀਆਂ ਦਾ ਆਜ਼ਾਦ ਹਿੰਦ ਫੌਜ ਦਾ ਮਹਾਰਾਣੀ ਝਾਸੀ। ਬਰਗੇਡ ਤਿਆਰ ਕੀਤਾ ਸੀ। ਮਦਰਾਸ ਦੀ ਮੁਟਿਆਰ ਲਖਸ਼ਮੀ ਉਸ ਦੀ ਕਪਤਾਨ ਸੀ। ਉਸ ਲਖਸ਼ਮੀ ਤੇ ਸੈਨਾਂ ਵਿੱਚ ਭਰਤੀ ਹੋਈਆਂ ਹੋਈਆਂ ਇਸਤ੍ਰੀਆਂ ਦੀਆਂ ਰੂਹਾਂ ਨੂੰ: ਅਣਖੀਲੀਆਂ, ਦਲੇਰ ਤੇ ਵਤਨ-ਪਿਆਰ ਦੀਆਂ ਦੀਵਾ- ਨੀਆਂ ਕਰਨ ਵਾਲੀ, ਜੇ ਕੋਈ ਚੀਜ਼ ਸੀ ਤਾਂ ਉਹ ਮਹਾਰਾਣੀ ਲਖਸ਼ਮੀ ਬਾਈ ਝਾਸੀ ਦੀ ਜੀਵਨ ਕਥਾ ਅਤੇ ਉਸ ਦੀ ਰੂਹ ਸੀ। ਉਸ ਅਮਰ ਦੇਵੀ ਦੀ ਅਮਰ ਕਹਾਣੀ ਨੇ ਭਾਰਤ ਦੀ ਨਿਰਬਲ, ਸੰਗਾਉ ਤੇ ਕੋਮਲ ਸੁਭਾ ਵਾਲੀ ਇਸ ਨੂੰ ਐਨਾ ਤਕੜਾ ਕੀਤਾ ਕਿ ਉਹ ਮਲਾਯਾ ਤੇ ਬ੍ਰਹਮਾ ਦੇ ਭਿਆਨਕ ਕਾਲੇ ਜੰਗਲਾਂ ਵਿੱਚ ਢਿੱਡੋਂ ਭੁੱਖੀ ਮਰਦਾਂ ਵਾਂਗ ਦੁਸ਼ਮਨ (ਅੰਗੇਜ਼) ਦੇ ਵਿਰੁਧ ਜੰਗ ਲੜਦੀ ਰਹੀ।

ਹਾਂ......ਓਸੇ ਮਹਾਰਾਣੀ ਲਖਸ਼ਮੀ ਬਾਈ ਦੀ ਰੂਹ ਦਾ ਆਸਰਾ ਲੈ ਕੇ ਹਿੰਦੁਸਤਾਨ ਰੀਪਬਲਿਕਨ ਸੋਸ਼ਲਿਸਟ ਆਰਮੀ ਵਾਲਿਆਂ ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣਾ ਹੈਡਕੁਆਟਰ ਝਾਂਸੀ ਵਿੱਚ ਰਖਿਆ ਸੀ। ਆਰਮੀ - ਚੌਜ) ਦਾ ਸੈਨਾ ਪਤੀ ਚੰਦਰ ਸ਼ੇਖਰ ਆਜ਼ਾਦ ਭਾਵੇਂ ਰਿਆਸਤ ਗੁਵਾਲੀਅਰ ਦਾ ਵਸਨੀਕ ਸੀ, ਪਰ ਉਸ ਦਾ ਪਿਆਰ ਝਾਂਸੀ ਸ਼ਹਿਰ ਨਾਲ ਸੀ। ਦੂਸਰਾ ਝਾਂਸੀ ਦੇ ਚੌਗਿਰਦੇ ਵੈਸ਼ਾਲ ਜੰਗਲ ਸਨ।ਉਹ ਜੰਗਲ ਜੁਗ-ਗਰਦਾਂ ਨੂੰ ਮੋਰਚਿਆਂ ਤੇ ਕਿਲਿਆਂ ਦਾ ਕੰਮ ਦੇਦੇ ਸਨ।

ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਦੇ ਦੋ ਅੱਡੇ ਸਨ। ਇਕ ਜੰਗਲ ਵਿਚ ਤੇ ਦੂਸਰਾ ਸ਼ਹਿਰ ਸੀ ਵਿੱਚ ਜਦੋਂ ਕਦੀ ਵੱਡਾ ਇੱਕਠ ਕਰਨਾ ਹੁੰਦਾ ਜਾਂ ਬੰਬਾਂ ਤੇ ਬੰਦੁਕਾਂ ਦੇ ਚਲਾਉਣ ਦੀ ਮਸ਼ਕ ਕਰਨੀ ਹੁੰਦੀ ਤਦੋਂ ਜੰਗਲ ਵਾਲੇ ਅੱਡੇ ਉੱਤੇ ਪਹੁੰਚ ਜਾਂਦੇ। ਇਕੱੜ ਦੁੱਕੜ ਵਰਕਰਾਂ ਦੇ ਮੇਲ-ਮਿਲਾਪ ਵਾਸਤੇ ਸ਼ਹਿਹ ਵਾਲਾ ਅੱਡਾ ਸੀ।

ਸ਼ਹਿਰ ਵਾਲਾ ਅੱਡਾ (ਹੈਡਕੁਵਾਟਰ) ਝਾਂਸੀ ਦੇ ਇਤਿਹਾਸਕ ਕਿਲ੍ਹੇ ਦੇ ਪੈਰਾਂ ਵਿੱਚ ਸੀ। ਪੱਥਰ ਦਾ ਬਨਿਆ ਹੋਇਆ ਤੇ ਕਈਆਂ ਕਮਰਿਆਂ ਵਾਲਾ ਮਕਾਨ ਸੀ। ਉਸ ਮਕਾਨ ਦੇ ਵਾਰਸ ਕੁਝ ਮਰ ਚੁੱਕੇ ਸਨ ਤੇ ਕੁਝ ਬੰਬਈ ਰਹਿੰਦੇ ਸਨ। ਚੰਦਰ ਸ਼ੇਖਰ ਨੇ ਆਪਣੇ ਅਸਰ-ਰਸੂਖ ਨਾਲ ਉਸ ਨੂੰ ਹਾਸਲ ਕੀਤਾ ਸੀ। ਉਹ ਐਸੀ ਇਮਾਰਤ ਸੀ, ਜਿਸ ਉਤੇ ਪੁਲਸ ਨੂੰ ਕਿਸੇ ਤਰਾਂ ਦਾ ਸ਼ੱਕ ਨਹੀਂ ਸੀ ਹੋ ਸਕਦਾ। ਉਸ ਦਾ ਆਲ-ਦੁਆਲਾ ਐਸੇ ਗ੍ਰਿਹਸਤੀਆਂ ਦਾ ਸੀ ਜਿਨ੍ਹਾਂ ਦਾ ਕਿਸੇ ਰਾਜਸੀ ਲਹਿਰ ਨਾਲ ਕੋਈ ਸਬੰਧ ਨਹੀਂ ਸੀ। ਮਾਲਕ ਮਕਾਨ ਨੇ ਪ੍ਰਤਾਪ ਨੂੰ ਮਕਾਨ ਦੀ ਦੇਖ ਭਾਲ ਵਾਸਤੇ ਛਡਿਆ ਹੋਇਆ ਸੀ। ਉਹ ਇਕ ਕਿਸਮ ਦਾ ਮੁਖਤਾਰੇ ਆਮ ਸੀ। ਉਸ ਨੂੰ ਮੰਨਾ ਕੇ ਚੰਦਰ ਸ਼ੇਖਰ ਨੇ ਮਕਾਨ ਲਿਆ ਸੀ। ਉਸਦੇ ਖਾਣ-ਪੀਣ ਵਾਸਤੇ ਕੁਝ ਨਾ ਕੁਝ ਰੁਪੈ ਦੇ ਛੱਡਦੇ ਸਨ। ਉਹ ਮੁਖਤਾਰ ਅਫੀਮ ਤੇ ਚਰਸੀ ਸੀ। ਉਸ ਨੂੰ ਤਾਂ ਦੇ ਅਮਲ ਵਾਸਤੇ ਪੈਸੇ ਚਾਹੀਦੇ ਸਨ। ਉਹ ਨਿਰਾ ਅਮਲੀ ਹੀ ਨਹੀਂ ਸੀ, ਸਗੋਂ ਭਰੋਸੇ ਵਾਲਾ ਬੰਦਾ ਵੀ ਸੀ। ਜੇ ਕੋਈ ਗੱਲ ਸੁਣਦਾ ਤੇ ਦੇਖਦਾ ਉਸਨੂੰ ਪੇਟ ਤੇ ਅੱਖਾਂ ਵਿਚ ਹਜ਼ਮ ਕਰ ਜਾਂਦਾ। ਚੰਦਰ ਸ਼ੇਖਰ ਨੂੰ ਉਸ ਉਤੇ ਬੜਾ ਵਿਸ਼ਵਾਸ ਸੀ। ਏਸੇ ਕਰਕੇ ਹੀ ਸ਼ੇਖਰ ਨੇ ਇਕ ਸਰਕਾਰੀ ਠੇਕੇ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਦੋ ਸੇਰ ਪੱਕੀ ਅਫੀਮ ਲਿਆ ਦਿੱਤੀ ਸੀ ਤਾਂ ਕਿ ਉਹ ਰਜ ਕੇ ਖਾਵੇ ਤੇ ਸੌਖੇ ਦਿਨ ਕਟੀ ਜਾਵੇ। ਉਸ ਅਫੀਮ ਬਦਲੇ ਵੀ ਅਮਲੀ ਚੰਦਰ ਸ਼ੇਖਰ ਦਾ ਬਹੁਤ ਰਿਣੀ ਸੀ। ਅਮਲੀ ਛੜਾ ਸੀ। ਉਸ ਨੇ ਜਨਮ ਤੋਂ ਹੀ ਸ਼ਾਦੀ ਨਹੀਂ ਸੀ ਕੀਤੀ। ਸ਼ਾਦੀ ਕਿਉਂ ਨਹੀਂ ਕੀਤੀ? ਇਸ ਦਾ ਉੱਤਰ ਉਹ ਕਦੀ ਕਿਸੇ ਨੂੰ ਨਹੀਂ ਸੀ ਦੇਂਦਾ। ਭਾਵੇਂ ਉਸ ਨੂੰ ਲੱਖ ਵਾਰੇ ਪੁਛਿਆ ਜਾਵੇ...... ਪ੍ਰਤਾਪ ਨੂੰ ਇਹ ਵੀ ਪਤਾ ਲੱਗ ਹੋ ਚੁੱਕਾ ਸੀ ਕਿ ਚੰਦਰ ਸ਼ੇਖਰ ਤੇ ਉਸ ਦੇ ਸਾਥੀ ਕਿਸ ਕਰਮ ਵਿਚ ਰੁਝੇ ਹਨ। ਪਰ ਓਹ ਕਿਸੇ ਨੂੰ ਕੁਝ ਨਹੀਂ ਸੀ ਦਸਦਾ।

ਬਸੰਤ ਰੁਤ ਸੀ ਤੇ ਮਸਿਆ ਦੀ ਕਾਲੀ ਬੋਲੀ ਰਾਤ। ਅੱਧੀ ਰਾਤ ਨੂੰ ਝਾਂਸੀ ਸ਼ਹਿਰ ਦੀ ਸਾਰੀ ਜਨਤਾ ਸੀਤਲ ਹਵਾ ਦੇ ਮੱਠੇ ਮਿੱਠੇ ਬੁੱਲਿਆਂ ਨਾਲ ਘੂਕ ਸੌਂ ਚੁੱਕੀ ਸੀ। ਕੋਈ ਟਾਂਵਾਂ ਟਾਂਵਾਂ ਟਾਂਗੇ ਵਾਲਾ ਸਟੇਸ਼ਨ ਤੋਂ ਸਵਾਰੀ ਲਿਆ ਜਾਂ ਲੈ ਜਾ ਰਿਹਾ ਸੀ। ਘੋੜੇ ਦੇ ਸੁੰਬਾਂ ਦੀ ਟੱਪ ਟੱਪ ਰਾਤ ਦੀ ਚੁੱਪ ਨੂੰ ਤੋੜਦੀ ਸੀ। ਬੇ-ਅਰਾਮ ਰੇਲ ਗੱਡੀ ਦਿੱਲੀ ਤੋਂ ਆਈ। ਮਦਰਾਸ ਨੂੰ ਨਿਕਲ ਗਈ ਸੀ। ਉਸ ਦੀ ਚੀਕ (ਸੀਟੀ) ਕਈਆਂ ਕੋਹਾਂ ਤੇ ਜਾ ਕੇ ਖੁੱਲ੍ਹੇ ਗਗਨ ਨਾਲ ਅਭੇਦ ਹੋਈ ਹੋਵੇਗੀ। ਹਾਂ......ਉਸ ਵੇਲੇ ਜੇ ਕਿਸੇ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਤਾਂ ਉਹ ਚੰਦਰ ਸ਼ੇਖਰ ਤੇ ਉਸ ਦੇ ਸਾਥੀ ਸਨ। ਉਹ ਗਲਾਂ ਕਰੀ ਜਾਂਦੇ ਸਨ। ਉਨਾਂ ਦੀਆਂ ਗੱਲਾਂ ਅਮੁਕ ਸਨ। ਪ੍ਰਤਾਪਾਂ ਵਡੇ ਦਰਵਾਜ਼ੇ ਦੀ ਰਾਖੀ ਕਰਦਾ ਕਰਦਾ ਹੀ ਸੌਂ ਗਿਆ ਸੀ। ਪਰ ਮੰਜੇ ਉਤੇ ਲੇਟਣ ਤੋਂ ਪਹਿਲਾਂ ਉਸ ਨੇ ਮਕਾਨ ਦੇ ਵਡੇ ਦਰਵਾਜ਼ੇ ਨੂੰ ਜਿੰਦਰਾ ਮਾਰ ਲਿਆ ਸੀ। ਉਸ ਹਵੇਲੀ ਦੇ ਦਰਵਾਜ਼ੇ ਅਠਾਰਵੀਂ ਸਦੀ ਦੇ ਸਨ। ਮੋਟੇ ਟਾਹਲੀ ਦੇ ਲੋਹੇ ਲੰਮੇ ਕਿਲਾਂ ਵਾਲੇ। ਜਿਨ੍ਹਾਂ ਨੂੰ ਹਾਥੀ ਟਕਰ ਮਾਰੇ ਤਾਂ ਉਹ ਵੀ ਸ਼ਾਇਦ ਤੋੜ ਨਾ ਸਕੇ ਤੇ ਸਿਰ ਪੜਵਾ ਬੈਠੇ। ਜੰਦਰਾ ਵਜਣ ਤੋਂ ਪਿਛੋਂ ਉਸ ਬੂਹੇ ਰਾਹੀਂ ਆਉਣ ਵਾਲੇ ਸਾਰੇ ਖਤਰੇ ਮੁਕ ਜਾਂਦੇ ਸਨ।

ਚੰਦਰ ਸ਼ੇਖਰ, ਭਗਤ ਸਿੰਘ,ਬੀ.ਕੇ.ਦੱਤ,ਰਾਜਗੁਰੂ ਤਾਰਾ ਚੰਦ ਅਤੇ ਕ੍ਰਿਸ਼ਨ ਉਸ ਵਿਸ਼ਾਲ ਹਵੇਲੀ ਦੀ ਉਪਰਲੀ ਛੱਤ ਦੇ ਇਕ ਹਿਸੇ ਉਤੇ ਦਰੀ ਵਛਾ ਕੇ ਬੈਠੇ ਸਨ। ਇਹ ਸਾਰੇ ਹੀ ਉਹ ਸਾਥੀ ਸਨ,ਜਿਨ੍ਹਾਂ ਨੂੰ ਸੂਬਾ ਪੰਜਾਬ,ਉਤਰਾਪ੍ਰਾਂਤ ਤੇ ਕੇਂਦਰ ਦੀ ਪੁਲਸ ਲਭ ਰਹੀ ਸੀ। ਇਹ ਸਾਰੇ ਭਗੌੜੇ ਸਨ। ਸਰਕਾਰ ਦੀ ਨਿਗਾਹ ਵਿਚ ਉਹ ਡਾਕੂ, ਕਾਤਲ ਤੇ ਰਾਜ-ਧ੍ਰੋਹੀ-ਬਾਗ਼ੀ ਸਨ। ਪੁਲਸ ਢੂੰਡ ਢੂੰਡ ਕੇ ਥੱਕ ਚੁੱਕੀ ਸੀ। ਪਰ ਇਹ ਹੱਥ ਨਹੀਂ ਸਨ ਆਏ।

"..........ਪੰਜਾਬ ਵਿਚ ਪੁਲਸ ਧੜਾ-ਧੜ ਗ੍ਰਿਫਤਾਰੀਆਂ ਕਰ ਰਹੀ ਹੈ। ਸੈਂਕੜੇ ਨੌਜੁਆਨ ਜੇਹਲਾਂ ਤੇ ਕਿਲਿਆਂ ਵਿਚ ਡੱਕ ਦਿਤੇ ਨੇ।"

ਤਾਰਾ ਚੰਦ ਨੇ ਪੰਜਾਬ ਦਾ ਹਾਲ ਦਸਦਿਆਂ ਹੋਇਆਂ ਆਖਿਆ, ਉਹ ਉਸੇ ਦਿਨ ਹੀ ਪੰਜਾਬ ਤੋਂ ਗਿਆ ਸੀ।

".....ਉਨ੍ਹਾਂ ਨੌਜੁਆਨਾਂ ਨੂੰ ਤੰਗ ਕਰਕੇ ਅਸੀਂ ਸਾਰਿਆਂ ਦੇ ਪਤੇ, ਬੰਬਾਂ ਦੀਆਂ ਫੈਕਟਰੀਆਂ ਦੇ ਨਿਸ਼ਾਨ ਅਤੇ ਸਕੀਮਾਂ ਬਾਰੇ ਪੁੱਛ ਰਹੀ ਹੈ।...ਪਰ ਮੈਨੂੰ ਪਤਾ ਲੱਗਾ ਹੈ ਕਿ ਬਹੁਤ ਥੋੜੇ ਵਰਕਰ ਹਨ ਜੇਹੜੇ ਪੁਲਸ ਮਾਰ ਨੂੰ ਝਲ ਨਹੀਂ ਸਕੇ। ਉਨ੍ਹਾਂ ਵਿਚੋਂ ਵਹਿਦਾ-ਮੁਆਫ ਗਵਾਹ ਬਣ ਬੈਠੇ ਨੇ। ਪੁਲਸ ਦੇ ਨਾਲ ਹੋ ਕੇ ਗ੍ਰਿਫਤਾਰੀਆਂ ਕਰਵਾ ਰਹੇ ਨੇ। ਲਾਹੌਰ ਦੀ ਬੰਬ ਫੈਕਟਰੀ ਫੜੀ ਗਈ ਹੈ।"

"....ਬਹੁਤ ਹਨੇਰ ਹੋਇਆ ਕਮਜ਼ੋਰ ਵਰਕਰ ਜ਼ਰੂਰ ਕਈਆਂ ਦੇ ਲਹੂ ਨ੍ਹਾਉਣਗੇ। ਕਿਤੇ ਕੋਈ ਐਸੇ ਟਿਕਾਣੇ ਵਲ ਵੀ ਇਸ਼ਾਰਾ ਨਾ ਕਰ ਦੇਵੇ!" ਚੰਦਰ ਸ਼ੇਖਰ ਬੋਲਿਆ।

"ਕੋਈ ਪਤਾ ਨਹੀਂ! ਹੁਸ਼ਿਆਰ ਹੋ ਕੇ ਰਹਿਣਾ ਚਾਹੀਦਾ ਹੈ।" ਭਗਤ ਸਿੰਘ ਦਾ ਕਹਿਣਾ ਸੀ।

ਤਾਰਾ ਚੰਦ-"ਸੋਹਣ ਸਿੰਘ ਜੋਸ਼, ਕਦਾਰ ਨਾਥ ਸਹਿਗਲ ਤੇ ਤਿੰਨ ਚਾਰ ਹੋਰ ਆਦਮੀ ਕੇਂਦਰੀ ਪੁਲਸ ਨੇ ਫੜੇ ਨੇ, ਉਨ੍ਹਾਂ ਨੂੰ ਮੇਰਠ ਜੇਹਲ ਵਿਚ ਡੱਕ ਦਿੱਤਾ ਹੈ। ਆਖਦੇ ਨੇ ਬਾਦਸ਼ਾਹ ਦੇ ਵਿਰੁਧ ਬਗਾਵਤ ਦੇ ਸਾਜ਼ਸ਼ ਕਰਨ ਦੀਆਂ ਤਿਆਰੀਆਂ ਦੇ ਦੋਸ਼ ਵਿਚ ਕੇਸ ਚਲਾਏ ਜਾਣਗੇ। ਪੰਜਾਬ ਦੇ ਮੁਕਦਮਿਆਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ। ਬੰਗਾਲ, ਬਿਹਾਰ ਤੇ ਬੰਬਈ ਵਿਚੋਂ ਵੀ ਗ੍ਰਿਫ਼ਤਾਰੀਆਂ ਹੋਈਆਂ ਹਨ।

ਚੰਦਰ ਸ਼ੇਖਰ-ਮੈਂ ਸਭ ਕੁਝ ਸੁਣ ਚੁਕਾ ਹਾਂ। ਮੇਰੀ ਗ੍ਰਿਫਤਾਰੀ ਦੇ ਵਰੰਟ ਵੀ ਜਾਰੀ ਹੋਏ ਦਸੇ ਜਾਂਦੇ ਨੇ।

ਤਾਰਾ ਚੰਦ-ਕੇਂਦਰੀ ਪੁਲਸ ਵਲੋਂ?

ਚੰਦਰ ਸ਼ੇਖਰ-ਆਹੋ!

ਭਗਤ ਸਿੰਘ-ਸਾਂਡਰਸ ਦੇ ਕਤਲ ਸਬੰਧ ਵਿਚ ਵੀ ਵਰੰਟ ਹਨ!

ਚੰਦਰ ਸ਼ੇਖਰ-ਹਾਂ!

ਕ੍ਰਿਸ਼ਨ-ਕੋਈ ਚਿੰਤਾ ਨਹੀਂ! ਕੋਈ ਮਾਈ ਦਾ ਲਾਲ ਹੀ ਅਸਾਂ ਨੂੰ ਹਥ ਪਾਏਗਾ। ਜੋ ਹਥ ਪਾਏਗਾ, ਉਹ ਮਾਂ ਨੂੰ ਨਹੀਂ ਜੰਮਿਆ। ਫਰੇਸ਼ਤਿਆਂ ਕੋਲੋ ਹੀ ਪਾਣੀ ਮੰਗੇਗਾ। ਇਹ ਬੰਬ ਰੀਵਾਲਵਰ ਸਭ ਕੁਝ ਉਨ੍ਹਾਂ ਦੇ ਸਵਾਗਤ ਵਾਸਤੇ ਹੀ ਹਨ।

ਬੀ.ਕੇ.ਦੱਤ (ਬੰਗਾਲੀ)-ਕੋਈ ਔਰ ਨਈ ਬਾਤ ਬਤਾਓ ਨਾ ਕਾਮਰੇਡ ਤਾਰਾ ਚੰਦ ਜੀ।

ਤਾਰਾ ਚੰਦ-ਨਵੀਆਂ ਗੱਲਾਂ ਤਾਂ ਬਹੁਤ ਹਨ। ਅਖਬਾਰਾਂ ਪੜ੍ਹਨ ਤੇ ਕੇਂਦਰੀ ਪੁਲਸ ਦੇ ਵਡੇ ਅਫਸਰਾਂ ਨਾਲ ਗੱਲਾਂ ਕਰਨ ਤੋਂ ਪਤਾ ਲੱਗਾ ਹੈ ਕਿ ਇੰਮਪੀਰੀਅਲ ਕੌਂਸਲ ਵਿਚ ਇਕ ਬਿਲ ਐਸਾ ਪੇਸ਼ ਹੋਣ ਵਾਲਾ ਹੈ ਜਿਸ ਦੀ ਰੂਹ ਅਨੁਸਾਰ ਰਾਜਸੀਆਂ ਜੁਗ-ਗਰਦਾਂ ਬੰਦਿਆਂ ਉਤੇ ਕੇਸ ਐਸੇ ਢੰਗ ਨਾਲ ਚਲਾਏ ਜਾ ਸਕਣਗੇ, ਜਿਨ੍ਹਾਂ ਦੀ ਨਾ ਅਪੀਲ ਹੋ ਸਕੇ ਨਾ ਕੋਈ ਪੈਰਵੀ। ਮੁਲਜ਼ਮਾਂ ਨੂੰ ਸਫਾਈ ਦਾ ਮੌਕਾ ਨਹੀਂ ਦਿਤਾ ਜਾਵੇਗਾ।

ਭਗਤ ਸਿੰਘ-ਕਦੋਂ ਪੇਸ਼ ਹੋ ਰਿਹਾ ਹੈ?

ਤਾਰਾ ਚੰਦ-ਅਪ੍ਰੈਲ ਦੇ ਪਹਿਲੇ ਹਫਤੇ ਕਿਸੇ ਦਿਨ।

ਭਗਤ ਸਿੰਘ-ਸਹੀ ਦਿਨ ਦਾ ਪਤਾ ਨਹੀਂ?

ਤਾਰਾ ਚੰਦ-ਨਹੀਂ।

ਚੰਦਰ ਸ਼ੇਖਰ-ਅਸਲ ਵਿਚ ਹਕੂਮਤ ਓਸੇ ਰਾਹ ਚਲਣ ਲੱਗੀ ਹੈ,ਜਿਸ ਰਾਹ ੧੯੧੪-੧੫ ਤੇ ਮਾਰਸ਼ਲ-ਲਾਅ ਦੇ ਦਿਨਾਂ ਵਿਚ ਤੁਰੀ ਸੀ। ਲਾਹੋਰ ਦੀ ਪਹਿਲੀ ਤੇ ਦੂਸਰੀ ਸਾਜ਼ਸ਼ ਕੇਸ ਵੇਲੇ ਜਿਵੇਂ ਦੇਸ਼ ਭਗਤਾਂ ਨੂੰ ਸਫਾਈ ਦਾ ਮੋਕਾਂ ਨਹੀਂ ਸੀ ਦਿਤਾ ਗਿਆ। ਇਹ ਭਾਰੀ ਅਨਿਆਇ ਹੈ। ਸਰਕਾਰ ਮਨੁਖਤਾ ਤੋਂ ਵੀ ਗਿਰ ਗਈ ਹੈ।

ਭਗਤ ਸਿੰਘ-"ਅੰਗਰੇਜ਼ ਸਾਮਰਾਜ ਕੋਲ ਨਿਆਏ ਦਾ ਕੀ ਕੰਮ। ਉਨਾਂ ਨੇ ਤਾਂ ਗੁਲਾਮਾਂ ਨੂੰ ਕੁਚਲਣਾ,ਦਬਾਉਣਾ, ਲੁਟਣਾ,ਮਾਰਨਾ ਤੇ ਹਾਏ ਵੀ ਨਾ ਕਰਨ ਦੇਣਾ ਹੈ। ਇਸ ਤੋਂ ਵੀ ਵਧ ਚੜ੍ਹ ਕੇ ਦਬਾਉ ਕਾਨੂੰਨ ਘੜੇ ਜਾਣਗੇ। ਗੁਲਾਮਾਂ ਨੂੰ ਉਫ ਕਰਨ ਉਤੇ ਗੋਲੀ ਮਾਰ ਦਿਤੀ ਜਾਇਆ ਕਰੇਗੀ।"

ਤਾਰਾ ਚੰਦ-“ਇਸ ਦੇ ਰੋਕਣ ਦਾ ਕੋਈ ਵਸੀਲਾ!"

ਭਗਤ ਸਿੰਘ-"ਕੁਰਬਾਨੀ!"

ਦੋ ਮਿੰਟ ਸਾਰੇ ਚੁਪ ਰਹੇ। ਉਸ ਚੁਪ ਦੇ ਤੋੜਨ ਵਿਚ ਮੁੜ ਪਹਿਲ ਸਰਦਾਰ ਭਗਤ ਸਿੰਘ ਨੇ ਕੀਤੀ,"ਸਾਥੀਓ! ਮੇਰਾ ਵਿਚਾਰ ਹੈ!"

“ਕੀ?" ਸਾਰਿਆਂ ਨੇ ਇਕ ਜ਼ਬਾਨ ਕਾਹਲੀ ਨਾਲ ਪੁੱਛਿਆ, ਪਰ ਅਵਾਜ਼ ਨੂੰ ਬਹੁਤ ਮਧਮ ਰਖ ਕੇ। ਭਾਵੇਂ ਨੇੜੇ-ਤੇੜੇ ਕੋਈ ਓਪਰਾ ਮਨੁਖ ਨਹੀਂ ਸੀ ਫਿਰ ਵੀ ਆਖਦੇ ਨੇ ਇਕੱਲਤਾ ਕੋਲੋਂ ਵੀ ਡਰਨਾ ਚਾਹੀਦਾ ਹੈ ਕਿਉਂਕਿ ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਇਸ ਅਸੂਲ ਦੇ ਉਹ ਪੂਰੇ ਪਾਬੰਦ ਸਨ।

ਭਗਤ ਸਿੰਘ-"ਕੌਂਸਲ ਦੇ ਅੰਗ੍ਰੇਜ਼ ਤੇ ਹਿੰਦੁਸਤਾਨੀ, ਮੈਂਬਰਾਂ ਦੀਆਂ ਅਖਾਂ ਖੋਲ੍ਹੀਆਂ ਜਾਣ!"

ਚੰਦਰ ਸ਼ੇਖਰ--"ਉਹ ਕਿਵੇਂ!"

ਭਗਤ ਸਿੰਘ--"ਜਿਸ ਦਿਨ ਪਬਲਿਕ ਸੇਫਟੀ ਬਿਲ ਪੇਸ਼ ਹੋਵੇ..ਜਦੋਂ ਉਸ ਉਤੇ ਰਾਏ ਹਾਸਲ ਕੀਤੀ ਜਾਵੇ, ਉਸ ਵੇਲੇ ਅਸੈਂਬਲੀ ਹਾਲ ਵਿਚ ਬੰਬ ਸੁਟਿਆ ਜਾਵੇ। ਉਸ ਬੰਬ ਦੇ ਨਾਲ 'ਇਨਕਲਾਬ ਜ਼ਿੰਦਾਬਾਦ' ਦੇ ਨਾਹਰੇ ਲਾਏ ਜਾਣ। ਮੈਂਬਰਾਂ ਨੂੰ ਦਸਿਆ ਜਾਏ ਕਿ ਐਸੇ ਕਰੜੇ ਕਾਨੂੰਨ ਪਾਸ ਕਰਨ ਵਾਲਿਓ ਹੋਸ਼ ਕਰੋ। ਹੁਣ ਹਿੰਦੁਸਤਾਨ ਦਾ ਨੌਜਵਾਨ ਜਾਗ ਪਿਆ ਹੈ। ਇਨਕਲਾਬ ਨੇੜੇ ਆ ਰਿਹਾ ਹੈ। ਲੈਣੇ ਦੇ ਦੇਣੇ ਪੈ ਜਾਣਗੇ।"

ਤਾਰਾ, ਚੰਦ-"ਗੱਲ ਤਾਂ ਠੀਕ ਹੈ, ਪਰ ਖਤਰਾ ਬਹੁਤ ਹੈ।"

ਭਗਤ ਸਿੰਘ-"ਕਿਸ ਗੱਲ ਦਾ ਖ਼ਤਰਾ?

ਤਾਰਾ ਚੰਦ--ਗ੍ਰਿਫ਼ਤਾਰੀ ਦਾ!"

ਭਗਤ ਸਿੰਘ--(ਹੱਸ ਕੇ)--ਇਕ ਦਿਨ ਗ੍ਰਿਫ਼ਤਾਰੀ ਤਾਂ ਹੋ ਹੀ ਜਾਣੀ ਹੈ। ਮਹੀਨਾ.....ਛੇ ਮਹੀਨੇ ਜਾਂ ਸਾਲ ਬੱਚੇ ਰਹਾਂਗੇ...ਜਦੋਂ ਗ੍ਰਿਫ਼ਤਾਰ ਹੋ ਗਏ, ਫਿਰ ਮੁਕੱਦਮਾ ਜ਼ਰੂਰ ਚਲੇਗਾਂ। ਇਹ ਵੀ ਭਰੋਸਾ ਹੈ ਕਿ ਫਾਂਸੀ ਦਾ ਹੁਕਮ ਜਾਂ ਘਟ ਤੋਂ ਘਟ ਵੀਹ ਸਾਲ ਤਾਂ ਕੈਦ ਜ਼ਰੂਰ ਹੋਵੇਗੀ! ਇਸ ਵਾਸਤੇ ਕਿਉਂ ਨਾ ਕੋਈ ਮਰਦਾਨਗੀ ਦਾ ਕੰਮ ਕਰਕੇ ਗ੍ਰਿਫ਼ਤਾਰ ਹੋਇਆ ਜਾਏ। ਮੌਤ ਦੀ ਤਾਂ ਪ੍ਰਵਾਹ ਹੀ ਕੋਈ ਨਹੀਂ ਇਸ ਮੌਤ ਦੇ ਪਿੱਛੇ ਚੰਗੇਰੇ ਜੀਵਨ ਦੀ ਝਲਕ ਹੈ। ਇਕ ਦਿਨ ਮਰਨਾ ਤੇ ਇਕ ਦਿਨ ਫੜੇ ਜਾਣਾ ਇਹ ਜ਼ਰੂਰੀ ਹੈ।"

ਬੀ. ਕੇ. ਦੱਤ-"ਵਿਚਾਰ ਤਾਂ ਬਹੁਤ ਹੱਛਾ ਹੈ। ਮੈਂ ਸਾਥ ਦੇਵਾਂਗਾ।"

ਚੰਦਰ ਸ਼ੇਖਰ-"ਪਰ ਕੌਂਸਲ ਹਾਲ ਤਕ ਪਹੁੰਚਣ ਕੌਣ ਦੇਵੇਗਾ?"

ਬੀ. ਕੇ. ਦੱਤ- "ਇਸ ਗਲ ਦੀ ਚਿੰਤਾ ਨਾ ਕਰੋ। ਮੈਂ ਸਭ ਬੰਦੋਬਸਤ ਕਰ ਦੇਵਾਂਗਾ। ਕੌਂਸਲ ਹਾਲ ਤਕ ਮੈਂ। ਲੈ ਚਲਾਂਗਾ।"

ਭਗਤ ਸਿੰਘ-ਖੁਸ਼ੀ ਨਾਲ ਉਛਲਕੇ) “ਫਿਰ ਬੰਬ ਮੈਂ ਮਾਰਾਂਗਾ!"

ਬੀ. ਕੇ. ਦੱਤ-ਮੈਂ ਵੀ ਸਾਥ ਦਿਆਂਗਾ.....ਇਨਕਲਾਬ ਜ਼ਿੰਦਾਬਾਦ ਦਾ ਨਾਹਹਾ ਲਾਵਾਂਗਾ।"

ਚੰਦਰ ਸ਼ੇਖਰ-“ਦਰਵਾਜ਼ੇ ਵੜਦਿਆਂ ਦੀ ਪੁਲਸ ਤਲਾਸ਼ੀ ਲਵੇਗੀ। ਪਹਿਲੇ ਤਾਂ 'ਵਿਜ਼ੀਟਰ ਪਾਸ' ਮਿਲਣਾ ਹੀ ਔਖਾ ਹੈ। ਜੇ ਮਿਲ ਵੀ ਜਾਵੇ ਤਾਂ ਸਾਥ ਹਥਿਆਰਾਂ ਦਾ ਜਾਣਾ ਕਠਨ ਹੈ।"

ਬੀ. ਕੇ. ਦੱਤ-"ਮੈਂ ਆਖਦਾ ਹਾਂ ਰਤਾ ਵਹਿਮ ਨਾ ਕਰੋ। ਸਾਰੀਆਂ ਔਕੜਾਂ ਹਲ ਹੋ ਜਾਣਗੀਆਂ।"

ਚੰਦਰ ਸ਼ੇਖਰ-"ਤੁਹਾਡੀ ਮਰਜ਼ੀ-।"

ਭਗਤ ਸਿੰਘ-“ਫਿਰ ਇਹ ਸਲਾਹ ਪੱਕੀ ਹੋਈ।"

ਬੀ. ਕੇ. ਦੱਤ-ਬਿਲਕੁਲ ਪੱਕੀ! ਮੈਂ ਸਵੇਰੇ ਹੀ ਦਿਲੀ ਜਾਂਦਾ ਹਾਂ। ਕੌਂਸਲ ਦੇ ਮੈਂਬਰਾਂ ਨੂੰ ਮਿਲਕੇ ਪਾਸ ਹਾਸਲ ਕਰਾਂਗਾ। ਪਰ ਸੂਟ ਵਧੀਆ ਹੋਣੇ ਚਾਹੀਦੇ ਨੇ।"

ਚੰਦਰ ਸ਼ੇਖਰ-ਰੁਪਿਆ ਹਜ਼ਾਰ ਮੇਰੇ ਕੋਲ ਹੈ। ਸਾਥ ਲੈ ਜਾਵੋ ਤੇ ਜਿਹੋ ਜਿਹਾ ਮਰਜ਼ੀ ਜੇ ਸੂਟ ਸਵਾ ਲਵੋ। ਪੂਰੇ ਠਾਠ-ਬਾਠ ਵਾਲੇ ਰਾਜ ਕੁਮਾਰ ਬਣ ਜਾਵੋ!"

ਇਹ ਫੈਸਲਾ ਕਰਕੇ ਉਨ੍ਹਾਂ ਦੀ ਇਕੱਤ੍ਰਤਾ ਸਮਾਪਤ ਹੋਈ। ਸਾਰੇ ਉਠ ਬੈਠੇ, ਜਿਥੇ ਜਿਥੇ ਉਨ੍ਹਾਂ ਰਾਤ ਕਟਣ ਬਾ ਪ੍ਰਬੰਧ ਕੀਤਾ ਹੋਇਆ ਸੀ ਉਧਰ ਨੂੰ ਤੁਰ ਗਏ।

ਸ਼ਹੀਦ ਭਗਤ ਸਿੰਘ : ੧੦.

ਕੌਂਸਲ ਵਿਚ ਬੰਬ ਮਾਰਨਾ

੧੯੨੭-੨੮ ਤੇ ੧੯੨੯ ਇਹ ਤਿੰਨੇ ਸਾਲ ਹਿੰਦ ਇਤਿਹਾਸ ਵਿੱਚ ਨਿਰਾਲੇ ਹਨ। ਇਹ ਇਨਕਲਾਬੀ ਸਾਲ ਵੀ ਹਨ ਤੇ ਤਬਾਹੀ ਦੇ ਵੀ। ਭਾਰਤ ਦੀ ਜਨਤਾ ਨੂੰ ਆਜ਼ਾਦੀ ਤੇ ਗੁਲਾਮੀ ਦੇ ਅਡਰੇ-ਪਨ ਦੇ ਭੇਦ ਦਾ ਪਤਾ ਵੀ ਇਨ੍ਹਾਂ ਹੀ ਤਿੰਨਾਂ ਸਾਲਾਂ ਵਿੱਚ ਲੱਗਾ।

ਜਲ੍ਹਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਪਿਛੋਂ ਅੰਗ੍ਰੇਜ਼ੀ ਸਾਮਰਾਜੀ ਸ੍ਰਕਾਰ ਨੇ ਹਿੰਦੀ ਜਨਤਾ ਦੇ ਦਿਲ ਵਿਚ ਉਤਪਨ ਹੋਏ ਅਜ਼ਾਦੀ ਹਾਸਲ ਕਰਨ ਦੇ ਵਲਵਲੇ ਨੂੰ ਦਬਣ ਵਾਸਤੇ ਕਈ ਤਰ੍ਹਾਂ ਦੇ ਢੰਗ ਵਰਤਣੇ ਚਾਹੇ। ਜਿੱਥੇ ਲਾਲਚ ਕੰਮ ਕਰਦਾ ਸੀ ਉਥੇ ਰਜਕੇ ਲਾਲਚ ਦਿੱਤਾ। ਕਈਆਂ ਨੂੰ ਮਰੱਬੇ (ਜ਼ਮੀਨ) ਕਈਆਂ ਨੂੰ ਜਗੀਰਾਂ, ਨੌਕਰੀਆਂ ਤੇ ਸ਼ਾਹੀ ਖਤਾਬ ਬਖਸ਼ੇ। ਜਿੱਥੇ ਕਾਨੂੰਨ ਤੇ ਹਥਿਆਰ ਕੰਮ ਕਰ ਸਕਦਾ ਸੀ, ਉਥੇ ਕਾਨੂੰਨ ਨੂੰ ਵਰਤਿਆ। ਨਵੇਂ ਨਵੇਂ ਕਾਨੂੰਨ ਬਣਾਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਜੇਹਲਾਂ ਵਿਚ ਸੁਟਿਆ। ਲਾਠੀ ਚਾਰਜ ਕੀਤੇ। ਗੋਲੀ ਚਲਾਈ, ਕਈ ਉਮਰ ਕੇੈਦ ਕੀਤੇ ਤੇ ਕਈਆਂ ਨੂੰ ਫਾਹੇ ਟੰਗਿਆ। ਇਸ ਤੋਂ ਵੀ ਬੁਰਾ ਢੰਗ ਜੋ ਵਰਤਿਆ ਉਹ ਸੀ ਹਿੰਦੂ ਤੇ ਮੁਸਲਮਾਨ ਦੀ ਫਿਰਕੂ ਟਕਰ। ਆਪਣੇ ਕੋਲੋਂ ਖਰਚ ਕਰਕੇ ਗੁੰਡਿਆਂ ਨੂੰ ਖਰੀਦ ਕੇ ਮੂਰਖ ਫਿਰਕੂ ਆਗੂਆਂ ਨੂੰ ਲਾਲਚ ਦੇ ਕੇ ਕਾਹਨਪੁਰ, ਬੰਬਈ, ਕਲਕਤੇ, ਦਿਲੀ, ਅੰਮ੍ਰਿਤਸਰ, ਲਾਹੌਰ ਤੇ ਅਲਾਹਬਾਦ ਵਰਗੇ ਵੱਡੇਵੱਡੇ ਸ਼ਹਿਰਾਂ ਵਿਚ ਫਿਰਕੁੂਫਸਾਦ ਕਰਵਾ ਦਿੱਤੇ। ਸੈਂਕੜੇ ਨਿਰਦੋਸ਼ ਤੇ ਮਾਸੂਮ ਇਸਤ੍ਰੀ-ਪੁੁਰਸ਼ ਮੌਤ ਦੇ ਘਾਟ ਡੁਬੇ। ਹਜ਼ਾਰਾਂ ਫਟੜ ਹੋਏ ਅਤੇ ਲੱਖਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। ਇਹ ਫਿਰਕੂ ਫਸਾਦ ਇਸ ਕਰਕੇ ਕਰਾਏ ਗਏ ਕਿ ਇੱਕ ਤਾਂ ਹਿੰਦੂ-ਮੁਸਲਮਾਨ ਰਲਕੇ ਨਾ ਬੈਠਣ। ਜੇ ਇਨ੍ਹਾਂ ਦਾ ਸੰਗਠਣ ਮਜ਼ਬੂਤ ਹੋਗਿਆ ਤਾਂ ਦਬਾਉਣਾ ਔਖਾ ਹੋਵੇਗਾ, ਦੁਸਰਾ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਨਹੀਂ ਲੈਣਗੇ। ਖਿਆਲ ਹੋਰ ਪਾਸੇ ਹੋ ਜਾਵੇਗਾ ਅਤੇ ਤੀਸਰਾ ਇਹ ਕਿ ਜਦੋਂ ਹਿੰਦੀ ਤੇ ਸੰਸਾਰ ਦੇ ਸਿਆਣੇ ਮਨੁੱਖ ਇਹ ਕਹਿਣਗੇ ਕਿ ਹਿੰਦ ਨੂੰ ਸੁਤੰਤ੍ਰ ਕਰੋ ਤਾਂ ਉਨ੍ਹਾਂਨੂੰ ਉੱਤਰ ਦਿੱਤਾ ਜਾਵੇਗਾ-"ਹਿੰਦ ਨੂੰ ਆਜ਼ਾਦੀ ਤਾਂ ਦੇ ਦਈਏ, ਪਰ ਇਸ ਦੇ ਵਸਨੀਕਾਂ-ਹਿੰਦੂ ਮੁਸਲਮਾਨ ਤੇਸਿੱਖਾਂ ਵਿੱਚ ਇਤਫਾਕ ਨਹੀਂ। ਲੀਡਰ ਖੁਦਗਰਜ਼ ਹਨ। ਆਪੋ ਵਿਚ ਦੀ ਲੜਕੇ ਮਰ ਜਾਣਗੇ। ਜੇ ਮੇਲ ਕਰ ਲੈਣ ਤਾਂ ਹਿੰਦ ਨੂੰ ਆਜ਼ਾਦ ਕਰ ਦਈਏ।"

ਇਸ ਫਿਰਕੂ ਫਸਾਦਾਂ ਦੀ ਭਿਆਨਕ ਬੀਮਾਰੀ ਨੂੰ ਰੋਕਣ ਵਾਸਤੇ ਕਾਂਗ੍ਰਸ ਅਤੇ ਹੋਰ ਆਗੂਆਂ ਨੇ ਯਤਨ ਕੀਤੇ। ਮਿਲਾਪ ਕਾਨਫ਼੍ਰੰਸਾਂ ਕੀਤੀਆਂ, ਪਰ ਜੋ ਉਨਾਂ ਮਿਲਾਪ ਕਾਨਫ੍ਰੰਸਾਂ ਵਿੱਚ ਫੈਸਲੇ ਹੋਏ, ਉਹ ਬੀਮਾਰੀ ਦੇ ਕਿਰਮ ਨੂੰ ਮਾਰਨ ਵਾਲੇ ਨਹੀਂ ਸਨ, ਸਗੋਂ ਬੀਮਾਰੀ ਨੂੰ ਹੋਰ ਖਲਾਰਨ ਵਾਲੇ ਸਨ। ਇਕ ਦੂਜੇ ਦੇ ਹਕੁਕਾਂ ਦਾ ਜ਼ਿਕਰ ਕੀਤਾ ਗਿਆ। ਹੱਕਾਂ ਦੀਆਂ ਵੰਡਾਂ ਸੁਣਕੇ ਲੋਕਾਂ ਨੂੰ ਸਗੋਂ ਉਲਟੀ ਸੂਝ ਹੋ ਗਈ ਕਿ ਜੇ ਅਸੀਂ ਬਹੁਤੇ ਤਕੜੇ ਹੋਈਏ, ਬਹੁਤੇ ਲੜੀਏ, ਤਾਂ ਦੁਸਰੀ ਪਾਰਟੀ ਡਰਕੇ ਅਸਾਂ ਨੂੰ ਬਹੁਤੇ ਰਾਜਸੀ ਹਕੂਕ। ਦੇਵੇਗੀ। ਹਿੰਦੁਆਂ ਨਾਲੋਂ ਮੁਸਲਮਾਨ ਬਹੁਤੇ ਅੰਗ੍ਰੇਜ਼ ਕੋਲਵਿਕੇ। ਜਿਉਂ ਜਿਉਂ ਮਰਜ਼ ਦਾ ਇਲਾਜ ਹੁੰਦਾ ਗਿਆਂ। ਤਿਉਂ ਤਿਉਂ ਮਰਜ ਵਧਦੀ ਗਈ। ਆਖਰ ਵੀਹਾਂ ਸਾਲਾਂ (੧੯੨੭ ਤੋਂ ੧੯੪੭) ਤਕ ਐਸੀ ਵਧੀ ਕਿ ਭਿਆਨਕ। ਮਹਾਂ ਮਾਰੀ ਦਾ ਰੂਪ ਧਾਰਨ ਕਰਕੇ ਲੱਖਾਂ ਜੀਆਂ ਦਾ ਘਾਤ ਕਰ ਗਈ। ਅੰਗੇਜ਼ ਚਲਿਆ ਗਿਆ, ਪਰ ਹਿੰਦੀਆਂ ਕੋਲੋਂ ਹੀ ਸੁੰਦਰ ਹਿੰਦ ਨੂੰ ਬਰਬਾਦ ਕਰਾ ਗਿਆ। ਆਜ਼ਾਦੀ ਦੀ ਜੰਗ ਵਿਚ ਕੁਰਬਾਨ ਹੋਣ ਵਾਲਿਆਂ ਨਾਲੋਂ ਕਈ ਗੁਣਾ। ਵਧ ਇਨਸਾਨ ਫਿਰਕੂ-ਫਸਾਦਾਂ ਦੀ ਭੇਟਾ ਹੋ ਗਏ।

ਅੰਗ੍ਰੇਜ ਦੀਆਂ ਵਧੀਕੀਆਂ, ਨੌਕਰਸ਼ਾਹੀ ਦੇ ਜ਼ੁਲਮਾ। ਅਤੇ ਟੋਡੀ ਹਿੰਦੀਆਂ ਦੀਆਂ ਭੈੜੀਆਂ ਕਰਤੂਤਾਂ ਨੇ ਹਿੰਦੀ। ਨੌਜੁਆਨਾਂ ਨੂੰ ਮਜਬੂਰ ਕੀਤਾ ਕਿ ਉਹ ਇੱਟ ਚੁੱਕਦੇ ਨੂੰਪੱਥਰ ਮਾਰਨ। ਸਾਰੇ ਹਿੰਦ ਵਿਚ ਕਈ ਜ਼ਾਲਮ ਤੇ ਮਾੜੇ ਹਾਕਮ ਕਤਲ ਕੀਤੇ ਗਏ। ਡਕੈਤੀਆਂ ਹੋਈਆਂ। ਨਾਮਿਲਵਰਤਨ ਲਹਿਰਾਂ ਚਲੀਆਂ,ਸਰਕਾਰ ਨੂੰ ਮਾਮਲਾ ਦੇਣਾ ਬੰਦ ਕੀਤਾ ਗਿਆ, ਨਸ਼ੇ ਤੇ ਬਦੇਸ਼ੀ ਮਾਲ ਦੇ ਬਾਈਕਾਟ ਦੇ ਜ਼ਜਬੇ ਨੂੰ ਲੋਕਾਂ ਦੇ ਦਿਲਾਂ ਅੰਦਰ ਪੈਦਾ ਕੀਤਾ ਗਿਆ। ਇਹਨਾਂ ਗਲਾਂ ਨੂੰ ਦੇਖਕੇ ਅੰਗ੍ਰੇਜ਼ ਨੇ ਜਾਤਾ ਕਿ ਹਿੰਦ ਵਿਚ ਛੇਤੀ ਹੀ ਖੂਨੀ ਇਨਕਲਾਬ ਹੋ ਜਾਵੇਗਾ|ਇਨਕਲਾਬ ਦੇ ਤੂਫ਼ਾਨ ਨੂੰ ਰੋਕਣ ਵਾਸਤੇ ਹਰ ਯਤਨ ਕੀਤੇ। ਇਹਨਾਂ ਸਾਲਾਂ ਵਿਚ ਕਈ ਵਾਰ ਤਾਂ ਕਾਂਗ੍ਰਸ, ਆਗੂਆਂ ਗਾਂਧੀ ਜੀ, ਮੋਤੀ ਲਾਲ ਨਹਿਰੂ, ਡਾਕਟਰ ਅਨਸਾਰੀ ਆਦਿ-ਨਾਲ ਸਮਝੌਤੇ ਕੀਤੇ। ਉਹ ਸਮਝੌਤੇ ਹੁੰਦੇ ਵੀ ਰਹੇ ਤੇ ਟੁਟਦੇ ਵੀ ਰਹੇ। ਦੂਸਰੇ ਪਾਸੇ ਨੌਜੁਆਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਦੌਰਾ ਵਧ ਗਿਆ|

ਬੰਗਾਲ ਤੇ ਪੰਜਾਬ ਵਿਚ ਕਈ ਉਚੇਚੇ ਸਾਜ਼ਸ਼ ਦੇ ਕੇਸ ਚਲਾ ਕੇ ਕਈਆਂ ਨੌਜੁਆਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ੨੦ ਮਾਰਚ ੧੯੨੬ ਨੂੰ ਕੇਂਦਰੀ ਸਰਕਾਰ ਦੀ ਪੁਲਸ ਨੇ ਸੂਬਿਆਂ ਦੀ ਪੁਲਸ ਦੀ ਸਹਾਇਤਾ ਨਾਲ ਪੰਜਾਬ, ਬੰਬਈ, ਉਤਰਾ-ਪ੍ਰਤ ਅਤੇ ਬੰਗਾਲ ਵਿਚੋਂ ਇੰਡੀਅਨ ਪੈਨਸ ਕੋਡ,(ਤਾਜ਼ੀ ਰਾਤ ਹਿੰਦ) ਦੀ ਦਫਾ ੧੨੧ (ਉ) ਦੇ ਮਾਤਹਿਤ ਸੈਂਕੜੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਤੇ ਕੋਈ ੩੧ ਆਦਮੀ ਗਿਫ਼ਤਾਰ ਕੀਤੇ। ਉਹਨਾਂ ਵਿਚ ਅੱਠ ਸਰਬ ਹਿੰਦ ਕੌਮੀ ਕਾਂਗਰਸ ਦੇ ਵੀ ਮੈਂਬਰ ਸਨ। ਪੰਜਾਬ ਦੇ ਮਸ਼ਹੂਰ ਕਮਿਉਨਿਸਟ ਲੀਡਰ ਸਰਦਾਰ ਸੋਹਣ ਸਿੰਘ ਜੀ 'ਜੋਸ਼' ਵੀ ਉਨ੍ਹਾਂ ਵਿਚੋਂ ਇਕ ਸਨ। ਇੱਕ ਅੰਗ੍ਰੇਜ਼ੀ ਅਖਬਾਰ ਦਾ ਅੰਗ੍ਰੇਜ਼ ਐਡੀਟਰ ਮਿਸਟਰ ਐਚ. ਐਲ. ਹਚੀਸਨ ਵੀ ਗ੍ਰਿਫ-ਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਸਜਣਾਂ ਨੂੰ ਮੇਰਠ ਜੇਹਲ ਵਿਚ ਇਕੱਠਿਆਂ ਕੀਤਾ ਗਿਆ। ਰਾਜ ਉਲਟਣ ਤੇ ਕਮਿਊਨਿਸਟ ਪ੍ਰਚਾਰ ਕਰਨ ਦਾ ਦੋਸ਼ ਠੱਪ ਕੇ ਮੁਕੱਦਮਾ ਚਲਾਉਣ ਦੀ ਤਿਆਰੀ ਕੀਤੀ ਗਈ। ਉਸ ਮਹਾਨ ਮੁਕੱਦਮੇ ਦਾ ਨਾਂ "ਮੇਰਠ ਸਾਜ਼ਸ਼ ਕੇਸ' ਰਖਿਆ ਗਿਆ।।

ਉਪਰੋਕਤ ਗ੍ਰਿਫ਼ਤਾਰੀਆਂ ਨੂੰ ਦੇਖਕੇ ਸਾਰੇ ਦੇਸ਼ ਵਿਚ ਗੁੱਸੇ ਦੀ ਲਹਿਰ ਦੌੜ ਗਈ। ਜਲੂਸ ਨਿਕਲਣ ਲਗੇ, ਜਲਸੇ ਹੋਣ ਲਗੇ। ਇਨਕਲਾਬ ਦੇ ਹੱਕ ਵਿਚ ਤੇ ਅੰਗ੍ਰੇਜ਼ ਹਕੂਮਤ ਦੇ ਵਿਰੁਧ ਬੋਲਕੇ ਤੇ ਲਿਖਕੇ ਜਜ਼ਬਾ ਭੜਕਾਇਆ ਜਾਣ ਲੱਗਾ।

ਮੇਰਠ ਸਾਜ਼ਸ਼ ਕੇਸ ਦੇ ਮੁਲਜ਼ਮਾਂ ਨੂੰ ਛੁਡਾਉਣ ਵਾਸਤੇ ਸਾਰੇ ਸੂਬਿਆਂ ਵਿਚ ਡੀਫੈਂਸ ਕਮੇਟੀਆਂ ਬਣੀਆਂ। ਕਾਂਗਰਸ ਨੇ ੧੫੦੦) ਪੰਦਰਾਂ ਸੌ ਰੁਪੈ ਸਹਾਇਤਾ ਦੇਣ ਦਾ ਮਤਾ ਪਾਸ ਕੀਤਾ। ਨੌਕਰਸ਼ਾਹੀ ਪੁਲਸ ਮਨੁੱਖੀ ਹਕੂਕਾਂ ਦੇ ਸਾਰੇ ਕਾਨੂੰਨ ਛਿੱਕੇ ਉਤੇ ਟੰਗ ਕੇ ਉਨ੍ਹਾਂ ਲੋਕਾਂ ਨੂੰ ਤੰਗ ਕਰਨ ਲਗੀ ਜੋ ਕਿਸੇ ਤਰਾਂ ਵੀ ਦੇਸ਼ ਭਗਤਾਂ ਦੀ ਸਹਾਇਤਾ ਕਰਦੇ ਸਨ। ਠਾਣਿਆਂ, ਕਿਲ੍ਹਿਆਂ, ਜੇਹਲਾਂ ਅਤੇ ਕਚਹਿਰੀਆਂ ਵਿਚ ਅਦਾਲਤੀ ਜਜਾਂ ਤੇ ਮੈਜਿਸਟ੍ਰੇਟਾਂ ਦੀ ਹਾਜ਼ਰੀ ਵਿਚ ਹੀ ਨੌਜੁਆਨਾਂ ਨੂੰ ਬਹੁਤ ਬੁਰੀ ਤਰਾਂ ਕੁਟਿਆ ਜਾਣ ਲੱਗਾ। ਭੁੱਖੇ ਰਖਣਾ, ਮਾਰਨਾ, ਪੁਠਿਆਂ ਟੰਗਣਾ ਤਾਂ ਪੁਲਸ ਦਾ ਮਾਮੂਲੀ ਕਰਮ ਸੀ।

ਸੈਂਕੜੇ ਦਬਾਊ ਕਾਨੂੰਨਾਂ ਦੇ ਹੋਣ ਤੇ ਵੀ ਨੌਕਰਸ਼ਾਹੀ ਸਰਕਾਰ ਨੂੰ ਸਬਰ ਨਾ ਆਇਆ। ਬਰਤਾਨਵੀਂ ਸਰਕਾਰ ਦੇ ਹੁਕਮ ਨਾਲ ਕੇਂਦਰੀ ਸਰਕਾਰ ਦੇ ਘਰੇਲੂ ਸਕੱਤ੍ਰ-ਹੋਮ 'ਸੈਕ੍ਰੇਟਰੀ ਵਲੋਂ "ਪਬਲਿਕ ਸੇਫਟੀ ਬਿਲ" ਇੰਪੀਰੀਅਲ ਕੌਂਸਲ ਵਿਚ ਪੇਸ਼ ਕੀਤਾ ਗਿਆ। ਹਿੰਦੁਸਤਾਨੀ ਲੀਡਰ ਮੈਂਬਰਾਂ ਲਾਜਪਤ ਰਾਏ, ਮੋਤੀ ਲਾਲ ਆਦਿ ਨੇ ਇਸ ਦੀ ਵਿਰੋਧਤਾ ਕੀਤੀ। ਭਾੜੇ ਦੇ ਟੱਟੂ ਸਰਕਾਰੀ ਖਤਾਬਾਂ ਵਾਲੇ ਨਾਮਜਦ ਮੈਂਬਰ ਪਾਸ ਹੋਣ ਦੇ ਹਕ ਵਿਚ ਸਨ। ਕੌਂਸਲ ਦੇ ਪ੍ਰਧਾਨ ਮਿਸਟਰ ਪਟੇਲ ਨੇ ਵੀ ਇਸਦੀ ਵਿਰੋਧਤਾ ਕੀਤੀ। ਉਸ ਨੇ ਦਲੀਲ ਦੇ ਕੇ ਆਖਿਆ ਕਿ ਇਹ ਦਬਾਊ ਕਾਨੂੰਨ ਪਾਸ ਵੀ ਕਰਨਾ ਹੈ ਤਾਂ "ਮੇਰਠ ਸਾਜ਼ਸ਼ ਕੇਸ" ਨੂੰ ਖਤਮ ਹੋ ਲੈਣ ਦਿਓ ਜਾਂ ਬਿਲ ਪਾਸ ਕਰ ਲਵੋ ਤੇ ਉਹ ਕੇਸ ਸ੍ਰਕਾਰ ਵਾਪਸ ਲੈ ਲਵੇ। ਕਿਉਂਕਿ ਮੁਲਜ਼ਮਾਂ ਦੀ ਸਫਾਈ ਵਿਚ ਇਹ ਕਾਨੂੰਨ ਅੜਿੱਕਾ ਬਣੇਗਾ ਤੇ ਉਹਨਾਂ ਨੂੰ ਨਾਜਾਇਜ਼ ਨੁਕਸਾਨ ਪਹੁੰਚਾਏਗਾ ਪਰ ਉਸ ਵੇਲੇ ਹਾਲਾਤ ਐਸੇ ਸਨ ਕਿ ਵਡੇ ਤੋਂ ਵਡੇ ਤੇ ਛੋਟੇ ਤੋਂ ਛੋਟੇ ਹਿੰਦੁਸਤਾਨੀ ਦੀ ਉਹੋ ਹੀ ਗਲ ਸੁਣੀ ਜਾਂਦੀ ਸੀ ਜੋ ਅੰਗਰੇਜ਼ ਤੇ ਅੰਗਰੇਜ਼ੀ ਸਾਮਰਾਜ ਦੇ ਹੱਕ ਵਿਚ ਜਾਂ ਲਾਭਵੰਦ ਹੋਵੇ। ਹਿੰਦੀਆਂ ਦੇ ਲਾਭ ਵਾਲੀ ਗਲ ਨੂੰ ਅਨਸੁਣੀ ਕੀਤਾ ਜਾਂਦਾ ਸੀ। ਪ੍ਰਧਾਨ ਤੇ ਹੋਰ ਮੈਂਬਰਾਂ ਦੀ ਵਿਰੋਧਤਾ ਦੀ ਸਰਕਾਰ ਨੇ ਕੋਈ ਪ੍ਰਵਾਹ ਨ ਕੀਤੀ। ਪਹਿਲਾ ਬਿਲ ੧੯੨੮ ਵਿੱਚ ਪੇਸ਼ ਹੋਇਆ। ਦੋ ਵਾਰ ਵਾਪਸ ਕਰਨ ਤੇ ਸਿਲੈਕਟ ਕਮੇਟੀ ਪਾਸੇ ਜਾਣ ਪਿਛੋਂ ਅਪ੍ਰੈਲ ੧੯੨੯ ਵਿੱਚ ਫਿਰ ਪੇਸ਼ ਹੋਇਆ।

ਗੁਰਦੁਆਰਾ ਰਕਾਬ ਜੰਗ (ਨਵੀਂ ਦਿਲੀ) ਦੇ ਪੂਰਬ ਵਲ ਸਾਹਮਣੇ ਕੌਂਸਲ ਘਰ ਹੈ। ਇਸ ਦੇ ਨਾਲ ਹੀ ਦਖਨ ਵਿਚ ਪ੍ਰਧਾਨ-ਹਿੰਦ ਦੇ ਦਫ਼ਤਰ ਅਤੇ ਅਗੇ ਜਾ ਕੇ ਪ੍ਰਧਾਨ ਸਾਹਿਬ ਦੀ ਕੋਠੀ ਨੂੰ, ਜਿਸਨੂੰ ਪਹਿਲਾਂ 'ਵਾਇਸਰਾਏ ਹਾਊਸ' ਆਖਿਆ ਜਾਂਦਾ ਸੀ।

ਕੌਂਸਲ ਘਰ ਖੂਹ ਵਾਂਗ ਗੋਲ ਹੈ। ਕਈ ਫੁਟ ਉੱਚੀ ਪੱਥਰ ਦੀ ਕੁਰਸੀ ਉਤੋਂ ਸ਼ੁਰੂ ਹੁੰਦਾ ਹੈ ਤੇ ਕਈ ਸੈਂਕੜੇ ਫੁੱਟ ਉੱਚਾ ਹੈ। ਉਸ ਵਿਚ ਦਾਖਲ ਹੋਣ ਵਾਸਤੇ ਛੋਟੇ ਛੋਟੇ ਮਜ਼ਬੂਤ ਦਰਵਾਜ਼ੇ ਹਨ। ਜਿਨ੍ਹਾਂ ਦਰਵਾਜ਼ਿਆਂ ਦੇ ਅਗੇ ਕਰੜਾ ਪੁਲਸ ਦਾ ਪਹਿਰਾ ਰਹਿੰਦਾ ਹੈ। ਉਹਨਾਂ ਦਰਵਾਜ਼ਿਆਂ ਤੋਂ ਬਿਨਾਂ ਹੋਰ ਕੋਈ ਵਸੀਲਾ ਕੌਂਸਲ ਘਰ ਵਿਚ ਜਾਣ ਦਾ ਨਹੀਂ ਅੰਦਰ ਬਾਹਰ ਪੁਲਸ ਦਾ ਰਾਜ ਹੁੰਦਾ ਹੈ। ਜਿਵੇਂ ਸਿਆਣੇ ਆਖਦੇ ਨੇ ਜਿੰਦਰੇ ਸਾਧਾਂ ਵਾਸਤੇ ਹੁੰਦੇ ਹਨ, ਚੋਰਾਂ ਵਾਸਤੇ ਨਹੀਂ। ਤਿਵੇਂ ਉੱਚੀਆਂ ਕੰਧਾਂ, ਮਜ਼ਬੂਤ ਦਰਵਾਜੇ,

ਬੰਦੂਕਾਂ ਸਮੇਤ ਪਹਿਰੇ ਇਹ ਸਭ ਭਲੇਮਾਨਸਾਂ ਪੁਲਸ ਦੇ ਵਾਸਤੇ ਡਰਾਵੇ ਹਨ। ਜਿਨ੍ਹਾਂ ਕੁਝ ਕਰਨਾ ਹੈ, ਉਹਨਾਂ ਵਾਸਤੇ ਇਹ ਕੁਝ ਵੀ ਨਹੀਂ। ਜਿੱਥੇ ਚਾਹ ਉਥੇ ਰਾਹ ਹੁੰਦਾ ਹੈ। ਹੋਣੀ ਅਟਲ ਹੈ। ਕਈ ਵਾਰ ਉਹ ਅਨੇਕਾਂ ਅਸੰਭਵ ਘਟਨਾਵਾਂ ਨੂੰ ਕਰ ਦੇਂਦੀ ਹੈ।

ਭਗਤ ਸਿੰਘ ਤੇ ਬੀ. ਕੇ. ਦਤ ਸਰਕਾਰ ਦੀ ਨਿਗਾਹ ਵਿਚ ਦੋਸ਼ੀ ਤੇ ਭਗੌੜੇ ਸਨ। ਉਹਨਾਂ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਹੋ ਚੁੱਕੇ ਸਨ। ਨਿਰੇ ਵਰੰਟ ਹੀ ਨਹੀਂ ਸਗੋਂ ਇਸ਼ਤਿਹਾਰ ਕੱਢਕੇ ਉਹਨਾਂ ਦੀ ਗ੍ਰਿਫ਼ਤਾਰੀ ਦਾ ਇਨਾਮ ਵੀ ਰਖਿਆ ਗਿਆ ਸੀ। ਪੁਲਸ, ਸਫੈਦਪੋਸ਼ਾਂ, ਨੰਬਰਦਾਰਾਂ ਤੇ ਜ਼ੈਲਦਾਰਾਂ ਕੋਲੋਂ ਉਨਾਂ ਨੂੰ ਡਰ ਸੀ, ਪਰ ਸ਼ੇਰਾਂ ਦਾ ਹੌਸਲਾ ਦੇਖੋ ਆਪ ਹੀ ਪੂਰੀ ਤਿਆਰੀ ਕਰਕੇ ਪੁਲਸ ਕੋਲ ਚਲੇ ਗਏ।

ਹਿੰਦੁਸਤਾਨੀ ਮੈਂਬਰਾਂ ਦੀ ਰਾਹੀਂ 'ਵਿਜ਼ਟਰਜ਼ ਪਾਸ' ਹਾਸਲ ਕੀਤੇ ਗਏ। ਪੂਰੀ ਸ਼ਾਨ ਨਾਲ ਦੋਵੇਂ ਗਭਰੂ ਬੜੀ ਨਿਰਭੈਤਾ ਨਾਲ ਅਸੈਂਬਲੀ ਚੈਂਬਰ ਦੇ ਕੋਲ ਪੁੱਜੇ। ਸ੍ਰਕਾਰ ਦੀ ਸੀ. ਆਈ. ਡੀ. ਤੇ ਬਰਦੀ ਵਾਲੀ ਪੁਲਸ ਦਾ ਕੋਈ ਅਫਸਰ ਜਾਂ ਸਿਪਾਹੀ ਉਨ੍ਹਾਂ ਨੂੰ ਪਛਾਣ ਨਾ ਸਕਿਆ। ਉਸ ਦਿਨ ਪਬਲਿਕ ਸੇਫ਼ਟੀ ਬਿਲ ਅੰਤਮ ਵਾਰ ਪੇਸ਼ ਕੀਤਾ ਜਾਣਾ ਸੀ। ਨਿਰਾ ਪੇਸ਼ ਹੀ ਨਹੀਂ ਸਗੋਂ ਬਿਲ ਨੂੰ ਪਾਸ ਕਰਕੇ ਕਾਨੂੰਨ ਬਣਾ ਦੇਣ ਵਾਸਤੇ ਗਵਰਨਰ ਜਨਨਲ ਨੇ ਸਰਕਾਰੀ ਤੇ ਗੈਰ ਸਰਕਾਰੀ ਮੈਂਬਰਾਂ ਉਤੇ ਦਬਾਉ ਪਾਇਆ ਸੀ, ਗੁਲਾਮ ਤੇ ਨਿਰਦੋਸ਼ੇ ਹਿੰਦੀਆਂ ਦੇ ਸਿਰ ਉਤੇ ਉਹ ਭਾਰੀ ਪੱਥਰ ਰਖਿਆ ਜਾਣਾ ਸੀ। ਉਹ ਇਸ ਵਾਸਤੇ ਕਿ ਹਿੰਦੀ ਗਭਰੂ ਆਜ਼ਾਦੀ ਦੇ ਵਲਵਲੇ ਤੇ ਆਸਰੇ ਉਪਰ ਉੱਠਣ ਦਾ ਯਤਨ ਕਿਉਂ ਕਰ ਰਹੇ ਨੇ। ਸਾਰੇ ਮੈਂਬਰਾਂ ਨੂੰ ਜ਼ਰੂਰੀ ਹਾਜ਼ਰ ਹੋਣ ਦਾ ਹੁਕਮ ਸੀ। ਕਿਸੇ ਮੈਂਬਰ ਨੇ ਹੁਕਮ ਦੀ ਉਲੰਘਣਾ ਨਾ ਕੀਤੀ। ਸਾਰੇ ਹਾਜ਼ਰ ਹੋਏ ਹਰ ਮੈਂਬਰ ਨੇ ਆਪਣੇ ਜਾਣੂਆਂ ਨੂੰ ਦੋ ਦੋ ਜਾਂ ਤਿੰਨ ਤਿੰਨ 'ਦਰਸ਼ਕ-ਰਾਹ ਪੱਤ੍ਰ' ਵੰਡੇ ਸਨ। ਉਸ ਦਿਨ ਦਰਸ਼ਕਾਂ ਦੀ ਵੀ ਚੋਖੀ ਭੀੜ ਸੀ। ਸਰਕਾਰੀ ਤੇ ਸਰਕਾਰ ਪਿੱਠੂ ਅਖਬਾਰਾਂ ਦੇ ਪ੍ਰਤੀਨਿਧ ਵੀ ਹੱਥ ਵਿਚ ਨੋਟ ਬੁੱਕਾਂ ਲਈ ਅਤੇ ਗਲੀਂ ਕੈਮਰੇ ਲਮਕਾਈ ਆਏ ਹੋਏ ਸਨ। ਸਰਕਾਰ ਨੇ ਉਨ੍ਹਾਂ ਨੂੰ ਉਚੇਚਾ ਸੱਦਾ-ਪੱਤ੍ਰ ਭੇਜਕੇ ਸੱਦਿਆ ਸੀ।

ਵਿਜ਼ਟ੍ਰਜ਼ ਗੈਲਰੀ ਦਾ ਦਰਵਾਜ਼ਾ ਖੁਲ੍ਹਿਆ। ਦੋ ਸੀ. ਆਈ. ਡੀ. ਦੇ ਸਬ-ਇਨਸਟਰ ਅਤੇ ਇਕ ਬਰਦੀ ਵਾਲੀ ਪੁਲਸ ਦਾ ਇਨਸਪੈਕਟਰ ਅੰਦਰ ਜਾਣ ਵਾਲਿਆਂ ਨੂੰ ਦੇਖਕੇ, ਉਹਨਾਂ ਬਾਰੇ ਕੁਝ ਸਵਾਲ ਪੁਛਦੇ ਹੋਏ ਆਪਣੇ ਸ਼ੱਕਾਂ ਨੂੰ ਦੂਰ ਕਰਦੇ ਹੋਏ ਵਿਜ਼ਟਾਂ (ਦਰਸ਼ਕਾਂ) ਨੂੰ ਅੰਦਰ ਲੰਘਾਈ ਗਏ। ਜਦੋਂ ਪੰਦਰਾਂ ਕੁ ਦਰਸ਼ਕ ਅੰਦਰ ਲੰਘ ਗਏ ਤਾਂ ਭਗਤ ਸਿੰਘ ਤੇ ਬੀ. ਕੇ ਦੱਤ ਦੀ ਵਾਰੀ ਆਈ। ਇਨ੍ਹਾਂ ਨੇ ਆਪਣੇ ਨਾਂ ਤੇ ਹੁਲੀਏ ਬਦਲੇ ਹੋਏ ਸੀ। ਪਾਸ਼ਾਂ ਉਤੇ ਸਫਾਰਸ਼ ਕਰਨ ਵਾਲਾ ਮੈਂਬਰ ਸਰਕਾਰੀ ਨਾਮਜ਼ਦ ਸੀ। ਉਸ ਸਰਕਾਰੀ ਮੈਂਬਰ ਦਾ ਨਾਂ ਪੜ੍ਹਕੇ ਤੇ ਉਸ ਦੇ ਦਸਖਤ ਦੇਖ ਕੇ ਪੁਲਸ ਵਾਲਿਆਂ ਨੂੰ ਕੋਈ ਸ਼ੱਕ ਨਾ ਪਿਆ। ਸਰਸਰੀ ਸਵਾਲ ਪੁੱਛ ਕੇ ਅੰਦਰ ਜਾਣ ਦੀ ਆਗਿਆ ਦੇ ਦਿੱਤੀ।

ਦੋਨੋਂ ਇਨਕਲਾਬੀ ਸਾਥੀ ਉਸ ਸ਼ਾਹੀ ਇਮਾਰਤ ਵਿੱਚ ਚਲੇ ਗਏ, ਜਿਸ ਨੂੰ ਬਣਾਉਣ ਉਤੇ ਕਈ ਲੱਖ ਰੁਪੈ। ਖਰਚ ਕੀਤੇ ਗਏ ਸਨ। ਬਾਹਰ ਗਰਮੀ ਸੀ, ਪਰ ਅੰਦਰ। ਠੰਡ ਗਦੇਲੇਦਾਰ ਕੁਰਸੀਆਂ ਉਤੇ ਮੈਂਬਰ ਬੈਠੇ ਸੁਖ ਦਾ ਸਾਹ ਲੈ ਰਹੇ ਸਨ। ਉਹ ਸਾਰੇ ਬਰਤਾਨਵੀ ਸਰਕਾਰ ਦੇ ਪ੍ਰਾਹੁਣੇ ਸਨ। ਹਿੰਦੀ ਜਨਤਾ ਦੇ ਪ੍ਰਧੀਨਿਧ ਨਹੀਂ ਸਨ। ਉਹ ਅੰਗ੍ਰੇਜ਼ੀ ਸਾਮਰਾਜ ਦੇ ਚਾਟੜੇ ਆਪਣਾ ਤੇ ਅੰਗਰੇਜ਼ ਦਾ ਹੀ ਭਲਾ ਸੋਚਦੇ ਰਹਿੰਦੇ ਸਨ।

ਪਬਲਿਕ ਸੇਫਟੀ ਬਿਲ ਪੇਸ਼ ਹੋ ਗਿਆ। ਸਾਰੇ ਹਾਊਸ ਵਿਚ ਮੌਤ ਵਰਗੀ ਚੁੱਪ ਸੀ, ਤਿੰਨ ਕੁ ਮੈਂਬਰਾਂ ਨੇ ਉਠ ਕੇ ਬਿਲ ਦੇ ਹੱਕ ਵਿਚ ਤਕਰੀਰਾਂ ਕੀਤੀਆਂ।ਉਨ੍ਹਾਂ ਆਖਿਆ, ਇਹ ਬਿਲ ਪਾਸ ਕਰਨਾ ਅਤੀ ਜ਼ਰੂਰੀ ਹੈ। ਕਿਉਂਕਿ ਅਨਪੜ ਹਿੰਦ ਦੇ ਗਭਰੂ ਰੂਸ ਦੇ ਆਖੇ ਲਗ ਕੇ ਇਕ ਤਾਂ ਕਮਿਊਨਿਸਟ ਹੋ ਰਹੇ ਨੇ, ਦੂਸਰਾ ਸੁਖ ਵਾਲੇ ਰਾਜ (ਅੰਗ੍ਰੇਜ਼ ਦੇ ਰਾਜ) ਦੇ ਵਿਰੁਧ ਬਗਾਵਤ ਕਰਨ ਦੀਆਂ ਸਲਾਹੀਂ ਕਰ ਰਹੇ ਨੇ। ਕਰੜੇ ਕਾਨੂੰਨਾਂ ਨਾਲ ਹੀ ਉਹ ਰੁਕ ਸਕਦੇ ਹਨ। ਆਮ ਲੋਕਾਂ ਦੇ ਕਤਲ ਕੀਤੇ ਜਾ ਰਹੇ ਨੇ। ਡਕੈਤੀਆਂ ਹੋ ਰਹੀਆਂ ਨੇ। ਪਬਲਿਕ ਦੇ ਸਿਆਣੇ ਲੋਕਾਂ ਦੀਆਂ ਜਾਨਾਂ ਖ਼ਤਰੇ ਤੋਂ ਬਾਹਰ ਨਹੀਂ। ਬਿਲ ਨੂੰ ਪਾਸ ਕਰਕੇ.....ਇੱਕ ਦਮ ਚਾਲੂ ਕਰ ਦੇਣਾ ਚਾਹੀਦਾ ਹੈ।"

"ਠੀਕ ਹੈ! ਠੀਕ ਹੈ!" ਸਰਕਾਰੀ ਨਾਮਜ਼ਦ ਮੈਂਬਰਾਂ ਵਲੋਂ ਅਵਾਜ਼ਾਂ ਉਠੀਆਂ ਸਨ। "ਪਬਲਿਕ ਦੇ ਮਾਲ-ਜਾਨ ਨੂੰ ਬਚਾਉਣ ਵਾਸਤੇ ਹਰ ਯੋਗ ਕਦਮ ਚੁੱਕਣਾ ਚਾਹੀਦਾ ਹੈ। ਕਿਸੇ ਕੋਲੋਂ ਡਰਕੇ ਰਾਜ ਨਹੀਂ ਹੁੰਦੇ!"

ਭਗਤ ਸਿੰਘ ਤੇ ਦਤ ਉਹਨਾਂ ਦੀ ਮੂਰਖਤਾ ਉਤੇ ਮੁਸਕਰਾ ਰਹੇ ਸਨ|

ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਇੱਕ ਦੋ ਸਜਣਾਂ ਤੋਂ ਬਿਨਾਂ ਕਿਸੇ ਨੂੰ ਬੋਲਣ ਦਾ ਹੌਸਲਾ ਨਾ ਪਿਆ ਕਿਉਂਕਿ ਉਹ ਮੈਂਬਰ ਵੀ ਡਰਦੇ ਸਨ ਕਿ ਕਿਤੇ ਉਹਨਾਂ ਦੀਆਂ ਜਗੀਰਾਂ ਨਾ ਜ਼ਬਤ ਹੋ ਜਾਣ, ਜਾਂ ਬਾਗੀ ਕਰਾਰ ਦੇ ਕੇ ਸਰਕਾਰ ਕਿਤੇ ੧੮੧੮ ਦੇ ਰੈਗੂਲੇਟਿੰਗ ਕਾਨੂੰਨ ਹੇਠ ਨਜ਼ਰਬੰਦ ਹੀ ਨਾ ਕਰ ਦੇਵੇ। ਐਸ਼ ਲੈਂਦਿਆਂ ਨੂੰ ਕਿਤੇ ਜੇਹਲ ਦੀ ਹਵਾ ਨਾ ਖਾਣੀ ਪਵੇ! ਉਹ ਸਾਰੇ ਅਮੀਰਾਂ ਦੇ ਜਾਏ, ਜਗੀਰਾਂ ਦੇ ਮਾਲਕ, ਕਾਰਖਾਨਿਆਂ ਦੇ ਹਿੱਸੇਦਾਰ ਅਤੇ ਵਕੀਲ ਸਨ। ਉਹਨਾਂ ਨੂੰ ਸਦਾ ਸਰਕਾਰ ਨਾਲ ਵਾਹ ਪੈਂਦਾ ਸੀ। ਅਮੀਰ ਆਦਮੀ ਸਦਾ ਹਵਾ ਦਾ ਰੁਖ ਦੇਖਕੇ ਤੁਰਦਾ ਹੈ। ਉਹ ਪੱਕੇ ਮੌਕਾ-ਤਾੜੂ ਸਨ।

ਹਾਊਸ ਵਿਚ ਬਿਲ ਦੇ ਪਾਸ ਕਰਨ ਵਾਲਿਆਂ ਦੀ ਭਾਰੀ ਬਹੁ-ਗਿਣਤੀ ਸੀ। ਕੌਂਸਲ ਕਾਨੂੰਨ ਅਨੁਸਾਰ ਭਾਵੇਂ ਇੱਕ ਮੈਂਬਰ ਵੀ ਵਿਰੁਧ ਹੋਵੇ ਤਾਂ ਵੀ ਰਾਏ ਹਾਸਲ ਕਰਨੀ ਪੈਂਦੀ ਹੈ। ਪ੍ਰਧਾਨ ਨੇ ਵੋਟਾਂ ( ਰਾਇਆਂ) ਵਾਸਤੇ ਹੁਕਮ ਕੀਤਾ।

"ਵੋਟਾਂ ਲਈਆਂ ਜਾਣ!" ਪ੍ਰਧਾਨ ਦਾ ਹੁਕਮ ਸੀ।

"ਜਾਣ" ਸ਼ਬਦ ਅਜੇ ਬੁਲ੍ਹਾਂ ਉਤੇ ਹੀ ਸੀ ਕਿ ਬੀ. ਕੇ. ਦੱਤ ਨੇ ਭਗਤ ਸਿੰਘ ਨੂੰ ਅਰਕ ਮਾਰ ਕੇ ਸੰਬੋਧਨ। ਕੀਤਾ ਤੇ ਅੱਖ ਦੇ ਇਸ਼ਾਰੇ ਨਾਲ ਦੱਸਿਆ ਕਿ ਹੁਣ ਵੇਲਾ ਹੈ। ....."ਇਹ ਬਿਲ ਪਾਸ ਨਾ ਹੋ ਸਕੇ।"

ਕੌਂਸਲ ਕਾਰਵਾਈ ਵਿਚ ਸਮੇਂ ਦੀ ਬੜੀ ਕਦਰ ਕੀਤੀ ਜਾਂਦੀ ਹੈ। ਜਿਉਂ ਹੀ ਪ੍ਰਧਾਨ ਦੀ ਜ਼ਬਾਨੋਂ ਵੋਟਾਂ ਦਾ ਹੁਕਮ ਨਿਕਲਿਆ ਤਿਉਂ ਹੀ ਹੱਕ ਵਾਲੇ ਮੈਂਬਰ ਆਪੋ ਆਪਣੀਆਂ ਸੀਟਾਂ ਉਤੋਂ ਉਠਕੇ ਖਲੋ ਗਏ। ਅਜੇ ਕੋਈ ਮੈਂਬਰ ਅੱਗੇ ਨਹੀਂ ਸੀ ਵਧਿਆ ਕਿ ਪ੍ਰਧਾਨ ਦੀ ਕੁਰਸੀ ਦੇ ਵਲ ਰਤਾ ਦੂਰ ਉਪਰੋਂ ਇੱਕ ਗੋਲਾ ਡਿੱਗਾ ਉਸ ਗੋਲੇ ਦੇ ਡਿੱਗਣ ਉਤੇ ਐਨਾ ਖੜਾਕ ਹੋਇਆ ਕਿ ਪੱਥਰ ਦਾ ' ਬਣਿਆ ਹਾਲ ਗੂੰਜਿਆ ਤੇ ਲਰਜਿਆ ਧੂੰਏਂ ਨਾਲ ਸਾਰਾ ਹਾਲ ਭਰ ਗਿਆ। 'ਬੰਬ’...'ਬੰਬ...ਆਖ ਕੇ ਮੈਂਬਰ ਕੁਰਸੀਆਂ ਦੇ ਹੇਠਾਂ ਵੜਨ ਲੱਗੇ ।ਪ੍ਰਧਾਨ ਕੁਰਸੀ ਛੱਡਕੇ ਜੀ ਭਿਆਣਾ ਆਪਣੇ ਕਮਰੇ ਵਿਚ ਜਾ ਵੜਿਆ। ਦਰਸ਼ਕਾਂ ਦੇ ਦਿਲ ਦਹਿਲ ਗਏ। ਪ੍ਰੈਸ਼-ਪ੍ਰਤੀਨਿਧਾਂ ਨੂੰ ਨੋਟ ਕਰਨਾ ਭੁਲ ਦੇ ਗਿਆ ।ਕਈਆਂ ਦੇ ਹੱਥੋਂ ਕਾਗਜ਼ਾਂ ਦੀਆਂ ਕਾਪੀਆਂ ਡਿੱਗ ਪਈਆਂ। ਬੰਬ ਦੇ ਕੌੜੇ ਧੂੰਏ ਨੇ ਸਭ ਦੀਆਂ ਅੱਖਾਂ ਝੁੰਜਲਾ ਦਿੱਤੀਆਂ ਤੇ ਦਿਲ ਧੜਕਾ ਦਿਤੇ। ਮਦਰਾਸ ਦਾ ਇਕ ਲੱਖਾਂ ਪਤੀ ਤਾਂ ਧਮਾਕਾ ਸੁਣ ਕੇ ਬੇ ਸੁਰਤ ਹੀ ਹੋ ਗਿਆ। ਜੇ ਛੇਤੀ ਪਤਾ ਨਾ ਲੱਗਦਾ ਤਾਂ ਸ਼ਾਇਦ ਉਹ ਅਗਲੀ ਦੁਨੀਆਂ ਦਾ ਪ੍ਰਤੀਨਿਧ ਹੋ ਜਾਂਦਾ।

ਹਾਲ ਦੇ ਅੰਦਰ ਬੰਬ ਦੇ ਧਮਾਕੇ ਦਾ ਖੜਾਕ ਸੁਣ ਕੇ ਹਾਲੋਂ ਬਾਹਰ ਦੀ ਦੁਨੀਆਂ ਕੰਬ ਗਈ। ਬਾਹਰਲੇ ਰਾਖੇ ਪੁਲਸ ਅਫਸਰ ਅੰਦਰ ਨੂੰ ਭਜੇ। "ਹਾਲ ਵਿਚ ਬੰਬ ਫਟਗਿਆ।.....ਕਈ ਮੈਂਬਰ ਫਟੜ ਹੋ ਗਏ ਨੇ। ਪ੍ਰਧਾਨ ਮੁਸ਼ਕਲ ਨਾਲ ਬਾਲ ਬਾਲ ਬਚ ਗਿਆ।" ਇਹ ਝੂਠੀ ਅਫਵਾਹ ਜ਼ਬਾਨੋਂ ਜ਼ਬਾਨੀ ਹਾਲ ਦੇ ਬੂਹੇ ਅਗੋਂ ਤੁਰ ਕੇ ਦਿਲੀ ਸ਼ਹਿਰ ਨੂੰ ਹਵਾ ਬਣ ਦੌੜ ਗਈ।

ਹਾਲ ਦੇ ਚਾਰ-ਚੌਫੇਰੇ ਪੁਲਸ ਨੇ ਘੇਰਾ ਪਾ ਲਿਆ। ਕੋਈ ਵਿਜ਼ਟਰਜ਼ (ਦਰਸ਼ਕ) ਬਾਹਰ ਨਾ ਜਾਵੇ। "ਸਭ ਦੀ ਪੁੱਛ ਪੜਤਾਲ ਹੋਵੇਗੀ।" ਪੁਲਸ ਅਫਸਰ ਨੇ ਸਿਪਾਹੀਆਂ ਤੇ ਥਾਨੇਦਾਰਾਂ ਨੂੰ ਹੁਕਮ ਦਿੱਤਾ। ਤਾਰਾਂ ਖੜਕ ਗਈਆਂ ਵਾਇਸਰਾਏ ਨੂੰ ਪਤਾ ਦਿੱਤਾ ਗਿਆ ।ਕੇਂਦਰੀ ਸਿਵਲ ਸੈਕਟੇਰੀਏਟ ਵਿਚ ਰੌਲਾ ਮਚ ਗਿਆ। ਜੋ ਆਹਲਾ ਅਫਸਰ ਸੀ। ਉਹ ਕੰਮ ਛੱਡ ਕੇ ਬਾਹਰ ਆ ਗਿਆ ।ਜਿਸ ਕਿਸੇ ਦਾ ਕਿਸੇ ਕੌਂਸਲ ਦੇ ਮੈਂਬਰ ਨਾਲ ਕੋਈ ਰਿਸ਼ਤਾ ਜਾਂ ਮਿਤ੍ਰਤਾ ਸੀ। ਉਹ ਕਾਹਲੀ ਨਾਲ ਕੌਂਸਲ ਹਾਲ ਵਲ ਭੱਜਿਆ ਤਾਂ ਕਿ ਪਤਾ ਕਰੋ ਕਿ ਉਸ ਦੇ ਮਿਤ੍ਰ ਨਾਲ ਕੀ ਬੀਤੀ ਹੈ।

ਹੌਲੀ ਹੌਲੀ ਹਾਲ ਵਿਚੋਂ ਧੂੰਆਂ ਅਲੋਪ ਹੋ ਗਿਆ! ਮੈਂਬਰਾਂ ਦੇ ਦਿਲਾਂ ਦੀ ਧੜਕਣ ਮੱਠੀ ਹੋਈ। ਮੈਂਬਰਾਂ ਦੀ ਗਿਣਤੀ ਨਾਲੋਂ ਦੁਗਣੀ ਪੁਲਸ ਅੰਦਰ ਆ ਗਈ। ਵਿਜ਼ਟਰਜ਼ (ਦਰਸ਼ਕ) ਅਜੇ ਗੈਲਰੀ ਵਿਚ ਹੀ ਡੱਕੇ ਹੋਏ ਸਨ। ਗੈਲਰੀ ਦਾ ਬੂਹਾ ਖੋਲ੍ਹਿਆ ਗਿਆ। ਪੁਲਸ ਅੰਦਰ ਗਈ। ਪੁਲਸ ਦੀ ਧਾੜ ਨੂੰ ਦੇਖ ਕੇ ਸਰਦਾਰ ਭਗਤ ਸਿੰਘ ਨੇ “ਇਨਕਲਾਬ ਜ਼ਿੰਦਾਬਾਦ1" ਦਾ ਨਾਹਰਾ ਲਾਇਆ। ਉਸ ਦੇ ਮਗਰੇ ਹੀ ਦੱਤ ਬੋਲਿਆ। ਇਕ ਦੋ ਵਾਰ ਨਹੀਂ ਸਗੋਂ ਕਈ ਵਾਰ "ਇਨਕਲਾਬ" ਜ਼ਿੰਦਾਬਾਦ ਦੇ ਨਾਹਰੇ ਲੱਗੇ! ਉਹਨਾਂ ਨਾਹਰਿਆਂ ਦੇ ਵਿਚ-

(1"ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਹਿੰਦੁਸਤਾਨ ਵਿੱਚ ਉਸ ਦਿਨ ਸ: ਭਗਤ ਸਿੰਘ ਨੇ ਹੀ ਪਹਿਲੀ ਵਾਰੇ ਲਾਇਆ ਉਸੇ ਦਿਨ ਤੋਂ ਸਾਰੀਆਂ ਅਗੇ ਵਧੂ ਤੇ ਖਬੇ ਧੜੇ ਦੀਆਂ ਰਾਜ-ਨੀਤਕ ਪਾਰਟੀਆਂ ਨੇ ਇਸ ਨਾਹਰੇ ਨੂੰ ਅਪਨਾ ਲਿਆ ਹੈ। ਪਹਿਲਾਂ ਬੰਦੇ-ਮਾਤਰਮ ਦਾ ਨਾਹਰਾ ਸੀ।)

"ਅੰਗ੍ਰੇਜ਼ੀ ਸਾਮਰਾਜ ਦਾ ਬੇੜਾ ਗਰਕ।"

"ਡੌਨ ਡੌਨ ਦੀ ਯੂਨੀਅਨ ਜੈਕ।"

(ਅੰਗ੍ਰੇਜ਼ੀ ਝੰਡਾ ਹੇਠਾਂ ਲਹਿ)।

"ਹਿੰਦੁਸਤਾਨ ਹਿੰਦੁਸਤਾਨੀਆਂ ਦਾ।"

ਇਹ ਨਾਹਰੇ ਵੀ ਬਲੰਦ ਹੋਏ। ਸਾਰਾ ਹਾਲ ਨਾਹਰਿਆਂ ਨਾਲ ਗੂੰਜ ਉਠਿਆ। ਕੌਂਸਲ ਦੇ ਮੈਂਬਰ ਪ੍ਰਧਾਨ ਦੀ ਕੁਰਸੀ ਵਲ ਖੜੇ ਹੋ ਕੇ ਉੱਪਰ ਦੇਖਣ ਲੱਗੇ। ਉਨ੍ਹਾਂ ਦੇ ਡਰੇ ਹੋਏ ਦਿਲਾਂ ਨੂੰ 'ਇਨਕਲਾਬ ਜ਼ਿੰਦਾਬਾਦ' ਦੇ ਨਾਹਰੇ ਨੇ ਹੋਰ ਭੈ ਭੀਤ ਕੀਤਾ। ਪਲ ਪਲ ਉਨ੍ਹਾਂ ਨੂੰ ਖਤਰਾ ਸੀ ਕਿ ਕਿਤੇ ਹੋਰ ਬੰਬ ਉਪਰੋਂ ਨਾ ਆ ਡਿੱਗੇ। ਕੀ ਪਤਾ ਕਿੰਨੇ ਕੁ ਜੁਗ-ਗਰਦ ਹਾਲ ਵਿੱਚ ਆ ਵੜੇ ਹਨ। ਪਰ ਜਦੋਂ ਲਾਲ ਪਗੜੀਏ ਤੇ ਖਾਕੀ ਬਰਦੀ ਵਾਲਿਆਂ ਦੀ ਹਾਲ ਵਿੱਚ ਭਾਰੀ ਗਿਣਤੀ ਦਾ ਖਿਆਲ ਕਰਦੇ ਤਾਂ ਉਨ੍ਹਾਂ ਨੂੰ ਰਤਾ ਧੀਰਜ ਹੁੰਦੀ ਕਿ ਹੁਣ ਕੋਈ ਖ਼ਤਰਾ ਨਹੀਂ। ਜ਼ਾਰ-ਬਲ ਮਦਦ ਤੇ ਜਾਨ ਦੀ ਰਾਖੀ ਵਾਸਤੇ ਬਹੁਤ ਪੁੱਜ ਗਿਆ ਹੈ।

ਸ: ਭਗਤ ਸਿੰਘ ਤੇ ਬੀ. ਕੇ. ਦੱਤ ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਲਾਈ ਗਏ। ਪੁਲਸ ਅਫਸਰ ਅੱਗੇ ਵਧੇ। ਅਫਸਰਾਂ ਦੇ ਹੱਥਾਂ ਵਿੱਚ ਪਸਤੌਲ ਤਣੇ ਸਨ। ਰਤਾ ਹਰਕਤ ਕਰਨ ਤੇ ਵੀ ਉਨਾਂ ਗੋਲੀ ਚਲੌਣੋਂ ਨਹੀਂ ਸੀ ਝਿਜਕਣਾ। ਇਕ ਅਫਸਰ ਨੇ ਨੇੜੇ ਹੋਕੇ ਪੁਛਿਆ:-

"ਬੰਬ ਤੁਸੀਂ ਸੁਟਿਆ ਹੈ?"

"ਹਾਂ, ਅਸਾਂ ਨੇ ਸੁਣਿਆ ਹੈ!"

ਭਗਤ ਸਿੰਘ ਤੇ ਦੱਤ ਨੇ ਇਕ ਜ਼ਬਾਨ ਉੱਤਰ ਦਿੱਤਾ।

"ਮੈਂ ਤੁਹਾਨੂੰ ਗ੍ਰਿਫਤਾਰ ਕਰਦਾ ਹਾਂ!"

ਅਫਸਰ ਬੋਲਿਆ।

"ਜਿਵੇਂ ਜੀ ਕਰੇ ਕਰੋ!"

ਭਗਤ ਸਿੰਘ ਤੇ ਦੱਤ ਨੇ ਨਿਰਭੈਤਾ ਨਾਲ ਆਖਿਆ।

ਅਫਸਰ ਅੱਗੇ ਵਧੇ ਦੋਹਾਂ ਜੁਆਨਾਂ ਨੂੰ ਡੌਲਿਆਂ ਤੋਂ ਫੜ ਲਿਆ। ਕੁਝ ਅਫਸਰਾਂ ਨੇ ਕਾਹਲੀ ਨਾਲ ਤਲਾਸ਼ੀ ਲਈ 'ਤਲਾਸ਼ੀ ਵਿੱਚ ਦੋ ਰੀਵਾਲਵਰ ਭਗਤ ਸਿੰਘ ਤੇ ਦੱਤ ਕੋਲੋਂ ਨਿਕਲੇ। ਉਨ੍ਹਾਂ ਵਿਚ ਗੋਲੀਆਂ ਭਰੀਆਂ ਹੋਈਆਂ ਸਨ। ਉਹ ਕਿਸੇ ਦੀ ਜਾਨ ਲੈਣ ਦੇ ਕਾਬਲ ਸਨ। ਪਰ ਪਤਾ ਨਹੀਂ ਭਗਤ ਸਿੰਘ ਤੇ ਦੱਤ ਨੇ ਮਨ ਹੀ ਮਨ ਕੀ ਤਹਿ ਕਰ ਰਖਿਆ ਸੀ ਉਨ੍ਹਾਂ ਕਿਸੇ ਅਫਸਰ ਉਤੇ ਗੋਲੀ ਦਾ ਵਾਰ ਕਰਨ ਦਾ ਯਤਨ ਨਹੀਂ ਕੀਤਾ।

ਪੁਲਸ ਅਫਸਰਾਂ ਨੇ ਗ੍ਰਿਫ਼ਤਾਰ ਕੀਤਾ, ਉਹ ਤਲਾਸ਼ੀ ਲੈਂਦੇ ਰਹੇ। ਭਗਤ ਸਿੰਘ ਤੇ ਬੀ. ਕੇ. ਦੱਤ ਮੁਸਕਰਾਉਂਦੇ ਰਹੇ। ਦੋਹਾਂ ਦੇਸ਼ ਭਗਤਾਂ ਦੇ ਚੇਹਰਿਆਂ ਉਤੇ ਰਤਾ-ਮਾਸਾ ਵੀ ਘਬਰਾਹਟ ਦੇ ਨਿਸ਼ਾਨ ਪ੍ਰਗਟ ਨਹੀਂ ਹੋਏ। ਮੱਥਿਆਂ ਉਤੇ ਤ੍ਰੇਲੀਆਂ ਨਹੀਂ ਆਈਆਂ। ਸਰੀਰ ਨਹੀਂ ਕੰਬੇ। ਅੱਖਾਂ ਹੱਸਦੀਆਂ ਰਹੀਆਂ, ਮੱਥਾ ਖਿੜਿਆ ਰਿਹਾ, ਮਨ ਸ਼ਾਂਤ ਤੇ ਸਰੀਰ ਅਡੋਲ ਸੀ। ਜ਼ਬਾਨੋਂ ਆਪ ਮੁਹਾਰਾਂ ਨਿਕਲਦਾ ਜਾ ਰਿਹਾ ਸੀ, 'ਇਨਕਲਾਬ ਜ਼ਿੰਦਾਬਾਦ।' "ਨਾਹਰੇ ਨਾ ਲਾਓ!"

ਇਕ ਅਫਸਰ ਨੇ ਘੂਰਿਆ ਸੀ।

'ਜਿੰਨਾ ਚਿਰ ਇਸ ਤਨ ਵਿਚ ਜਾਨ ਹੈ। ਅੱਖਾਂ ਦੇਖ ਸਕਦੀਆਂ, ਬੁੱਲ ਫਰਕਦੇ ਨੇ, ਜੀਭ ਚਲਦੀ ਹੈ। ਓਨਾ ਚਿਰ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਲੱਗਦਾ ਰਹੇਗਾ। ਅੰਗ੍ਰੇਜ਼ੀ ਸਾਮਰਾਜ ਦੀ ਕੋਈ ਤਾਕਤ ਇਸ ਨਾਹਰੇ ਨੂੰ ਨਹੀਂ ਰੋਕ ਸਕਦੀ। ਰੋਕਣ ਦਾ ਇਕੋ ਸੌਖਾ ਢੰਗ ਹੈ ਕਿ ਅਸਾਂ ਨੂੰ ਗੋਲੀ ਮਾਰ ਦਿਓ, ਅਸੀਂ ਮਰਨ ਵਾਸਤੇ ਤਿਆਰ ਹਾਂ।'

ਸਰਦਾਰ ਭਗਤ ਸਿੰਘ ਨੇ ਉੱਤਰ ਦਿੱਤਾ।

ਹੱਥ-ਕੜੀਆਂ ਲਾਕੇ ਦੋਹਾਂ ਨੂੰ ਗੈਲਰੀ ਵਿਚੋਂ ਬਾਹਰ ਕੱਢ ਦਿਆ, ਕੌਂਸਲ ਦਾ ਇਜਲਾਸ ਮੁਲਤਵੀ ਕੀਤਾ ਗਿਆ। ਭਗਤ ਸਿੰਘ ਤੇ ਬੀ. ਕੇ. ਦੱਤ ਨੇ ਸ਼ਾਹੀ ਕੌਂਸਲ ਵਿਚ ਬੰਬ ਮਾਰਿਆ।'

'ਭਗਤ ਸਿੰਘ ਤੇ ਬੀ. ਕੇ. ਦੱਤ ਫੜੇ ਗਏ।' ਇਹ ਦੋਵੇਂ ਖ਼ਬਰਾਂ ਸਾਰੇ ਹਿੰਦ ਦੇ ਵਸਨੀਕਾਂ ਕੋਲ ਥੋੜੇ ਦਿਨਾਂ ਵਿਚ ਹੀ ਇੰਝ ਪੁੱਜ ਗਈਆਂ, ਜਿਵੇਂ ਰੋਜ਼ ਹਵਾ ਪੁੱਜਦੀ ਹੈ।

ਸ਼ਹੀਦ ਭਗਤ ਸਿੰਘ : ੧੧.

ਭਾਰਤ ਦੇ ਧਾਰਮਿਕ ਗ੍ਰੰਥਾਂ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ 'ਨਰਕ ਤੇ ਸ੍ਵਰਗ' ਦੋ ਅਨਡਿੱਠ ਥਾਵਾਂ ਕਿਸੇ ਅਗਲੀ ਦੁਨੀਆਂ ਵਿਚ ਹਨ। ਮਨੁੱਖ ਦੇ ਮਰਨ ਪਿਛੋਂ ਮਨੁੱਖ ਦੀ ਰੂਹ ਕਿਸੇ ਅਗੰਮੀ ਤੇ ਡਾਢੀ ਤਾਕਤ ਦੀ ਗੁਲਾਮ ਹੋ ਕੇ ਉਸ 'ਨਰਕ-ਸਵਰਗ' ਵਲ ਜਾਂਦੀ ਹੈ। ਇਸ ਦਿਸਦੇ ਜਗਤ ਵਿਚ ਜੋ ਮਨੁਖ ਨੇ ਮਾੜੇ ਕਰਮ (ਪਾਪ) ਕੀਤੇ ਹੋਣ ਤਾਂ ਅਗੰਮੀ ਤਾਕਤ (ਵਾਹਿਗੁਰੂ, ਈਸ਼੍ਵਰ-ਖੁਦਾ) ਉਸ ਨੂੰ ਨਰਕ ਵਲ ਤੋਰਦੀ ਹੈ ਜੇ ਚੰਗੇ ਕੰਮ ਤੇ ਈਸ਼ਵਰ ਭਗਤੀ ਰਬੀ ਸਰਕਾਰ ਦਾ ਵਫਾਦਾਰ ਰਿਹਾ ਹੋਵੇ ਤਾਂ ਅਗੰਮੀ ਤਾਕਤ ਉਸ ਨੂੰ ਸ੍ਵਰਗ ਵਲ ਬੜੇ ਸਤਿਕਾਰ ਨਾਲ ਲੈ ਕੇ ਜਾਂਦੀ ਹੈ। ਉਹਦਾ ਸ਼ਾਹੀ ਸਵਾਗਤ ਹੁੰਦਾ ਹੈ।

ਲਿਖਾਰੀਆਂ ਤੇ ਕਵੀਆਂ ਨੇ ਮਨ ਦੀ ਕਲਪਤ ਸ਼ਕਤੀ ਨਾਲ ਉਸ ਨਰਕ-ਸ੍ਵਰਗ ਦੇ ਚਿੱਤ੍ਰ ਚਿੱਤ੍ਰਕੇ ਕੁਝ ਦਸਣ ਦਾ ਯਤਨ ਕੀਤਾ ਹੈ, ਨਰਕ ਦਾ ਚਿੱਤ੍ਰ ਬਹੁਤ ਭਿਆਂਨਕ ਤੇ ਮਨੁੱਖੀ ਰੂਹ ਵਾਸਤੇ ਦੁਖਦਾਈ ਦਸਿਆ ਗਿਆ ਹੈ। ਫਰੀਦ ਜੀ ਤਾਂ ਆਖਦੇ ਨੇ ਨਰਕ ਦਾ ਰਾਹ ਹੀ ਵਾਲ ਨਾਲੋਂ ਨਿਕਾ ਹੈ, ਜਿਸ ਦੇ ਵਿਚ ਦੀ ਜਮ ਰੂਹ ਨੂੰ ਲੰਘਾਉਂਦੇ ਹਨ। ਅੱਗ ਦੇ ਭਾਂਬੜ ਬਲਦੇ ਰਹਿੰਦੇ ਨੇ ਹਜ਼ਾਰਾਂ ਸਾਲ ਰੂਹਾਂ ਉਸ ਭਾਂਬੜ ਵਿਚ ਅਧਮੋਈਆਂ ਸੜਦੀਆਂ ਰਹਿੰਦੀਆ ਨੇ।

ਉਸ ਕਲਪਤ ਨਰਕ ਵਲ ਜੋ ਜਾਂਦਾ ਹੈ, ਉਹ ਮੁੜਕ ਨਹੀਂ ਆਉਂਦਾ ਤੇ ਨਾ ਉਸਦੇ ਹਾਲ ਦਸਦਾ ਹੈ। ਇਸ ਵਾਸਤੇ ਬਹੁਤਿਆਂ ਨੂੰ ਸ਼ੱਕ ਹੈ ਕਿ ਅਨਡਿੱਠ ਜਗਤ ਦਾ ਨਰਕ-ਸ੍ਵਰਗ ਖਵਰੇ ਹੈ ਵੀ ਕਿ ਨਹੀਂ ਧਾਰਮਿਕ ਆਗੂਆਂ। ਨੇ ਮਨੁੱਖ-ਮਨ ਨੂੰ ਡਰਾਉਣ ਵਾਸਤੇ ਹੀ ਇਹ ਇਕ ਕਹਾਵਤ ਬਣਾ ਛੱਡੀ ਹੈ। ਪਰ,ਅੰਗ੍ਰੇਜ਼ੀਰਾਜ ਸਮੇਂ ਦੀਆਂ ਜੇਹਲਾਂ ਧਰਤੀ ਉਤੇ ਜੀਉਂਦਾ ਨਰਕ ਸਨ,ਅੰਗ੍ਰੇਜ਼ ਕੌਮ ਸਭਿਅਤਾ ਵਾਲੀ ਕੌਮ ਲੋਕ ਮੰਨਦੇ ਹਨ ਪਰ ਜੋ ਇਖਲਾਕੀ ਗਿਰਾਵਟ ਦਾ ਸਬੂਤ ਅੰਗੇਜ਼ ਕੌਮ ਨੇ ਹਿੰਦੁਸਤਾਨ ਵਿਚ ਦਿੱਤਾ ਹੈ,ਉਹ ਸਾਬਤ ਕਰਦਾ ਹੈ ਕਿ ਅੰਗ੍ਰੇਜ਼ਾਂ ਵਰਗਾ ਵਹਿਸ਼ੀ, ਲਾਲਚੀ ਅਤੇ ਬੇਈਮਾਨ ਇਨਸਾਨ ਸੰਸਾਰ ਦੀ ਕਿਸੇ ਵੀ ਹੁਕਮ ਸ਼ੁੇਣੀ ਵਿੱਚ ਨਹੀਂ। ਹਿੰਦੁਸਤਾਨ ਅਜ਼ਾਦ ਹੋ ਚੁੱਕਾ ਹੈ। ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਮਨੁੱਖਤਾ ਦੇ ਦਰਦੀ ਸਜਣ ਕਾਨਫਰੰਸਾਂ ਤੇ ਲਿਖਤਾਂ ਵਿਚ ਕਹਿ ਚੁੱਕੇ ਹਨ ਕਿ ਭਾਰਤ ਦੀਆਂ ਜੇਹਲਾਂ ਦੇ ਕਾਨੂੰਨ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਹਕੂਕਾਂ ਦੇ ਵਿਰੁਧ ਹੈ। ਕੁਝ ਸੁਧਾਰ ਹੋਏ ਹਨ ਪਰ ਫਿਰ ਵੀ ਅੰਗਰੇਜ਼ ਦੇ ਚੇਲੇ ਹਾਕਮ ਅਜੇ ਵੀ ਜੇਹਲ ਨੂੰ ਨਰਕ ਹੀ ਬਣਾਈ ਬੈਠੇ ਹਨ। ਹੁਣ ਰਾਜਸੀ ਕੈਦੀਆਂ ਨੂੰ ਰਤਾ ਸਹੂਲਤਾਂ ਹਨ, ਪਰ ੧੯੦੧ ਤੋਂ ੧੯੪੫ ਦੇ ਵਿਚਕਾਰਲੇ ਸਮੇਂ ਵਿਚ ਅੰਗ੍ਰੇਜ਼ ਸਮੇਂ ਦੀਆਂ ਜੇਹਲਾਂ ਰਾਜਸੀ ਤੇ ਇਖਲਾਕੀ ਕੈਦੀਆਂ ਵਾਸਤੇ ਇੱਕੋ ਜਿਹੀਆਂ ਦੁਖਦਾਈ ਸਨ। ਖੁਰਾਕ ਮਾੜੀ ਸੀ, ਆਟੇ ਵਿਚ ਮਿਟੀ। ਦਾਲ ਵਿਚ ਰੋੜੇ ਤੇ ਸੂਹੜਾ, ਕਪੜੇ ਮਾੜੇ, ਮੁਲਾਕਾਤ ਤਿੰਨਾਂ ਮਹੀਨਿਆਂ ਪਿਛੋਂ। ਮੁਲਾਕਾਤ ਉਤੇ ਕਿਸੇ ਮਿਤ੍ਰ ਜਾਂ ਰਿਸ਼ਤੇਦਾਰ ਨੂੰ ਮੁਲਾਕਾਤ ਸਮੇਂ ਕੋਈ ਚੀਜ਼ ਫੜਾਉਣ ਦੀ ਖੁਲ੍ਹ ਨਹੀਂ ਸੀ। ਪਸ਼ੂਆਂ ਵਾਂਗ ਮਾਰਿਆ-ਕੁਟਿਆ ਜਾਂਦਾ, ਮੰਦੇ ਬੋਲ ਬੋਲੇ ਜਾਂਦੇ, ਗਰਮੀਆਂ ਨੂੰ ਛੋਟੀਆਂ ਛੋਟੀਆਂ ਕੋਠੜੀਆਂ ਵਿਚ ਬੰਦ ਰਖਿਆ ਜਾਂਦਾ। ਬੇੜੀਆਂ, ਤੇ ਏੜੀ-ਡੰਡੇ ਅਤੇ ਬੈਂਤਾਂ ਦੀਆਂ ਸਜ਼ਾਵਾਂ ਮਾਮੂਲੀ ਗਲਤੀਆਂ ਤੇ ਭੁਲਾਂ ਬਦਲੇ ਦਿੱਤੀਆਂ ਜਾਂਦੀਆਂ। ਹਾਕਮ ਖੂਨੀ ਦਰਿੰਦੇ ਸਨ।

ਉਸ ਵੇਲੇ ਜੋ ਮਸ਼ੱਕਤਾਂ ਲਈਆਂ ਜਾਂਦੀਆਂ ਸਨ, ਉਹ ਓਹੋ ਸਨ ਜੋ ਪੰਜਾਬ ਪਸ਼ੂਆਂ ਕੋਲੋਂ ਲੈਂਦਾ ਹੈ। ਖਰਾਸ, ਕੋਹਲੂ, ਚੱਕੀ, ਪੰਪ, ਕਾਗਜ਼-ਘੁਟਾਈ ਅਤੇ ਮੁੰਝ ਕਾਹੀ ਸਨ। ਕਿਸੇ ਰਾਜਸੀ ਕੈਦੀ ਨੂੰ ਅਖਬਾਰ ਪੜ੍ਹਨ ਦੀ ਖੁਲ ਨਹੀਂ ਸੀ। ਵੀਹ ਸਾਲੇ ਕੈਦੀ ਜਦੋਂ ਵੀ ਰਿਹਾ ਹੁੰਦੇ ਸਨ ਤਾਂ ਉਹ ਨਿਕਾਰੇ ਤੇ ਤਪਦਿਕ ਦੇ ਬੀਮਾਰ ਹੁੰਦੇ ਸਨ। ਕਿਉਂਕਿ ਕੰਮ ਪਸ਼ੂਆਂ ਵਾਂਗ ਲੈਂਦੇ ਤੇ ਖੁਰਾਕ ਡੰਗਰਾਂ ਨਾਲੋਂ ਮਾੜੀ। ਡਾਕਟਰੀ ਇਲਾਜ ਬਿਲਕੁਲ ਨਹੀਂ ਸੀ ਕੀਤਾ ਜਾਂਦਾ। ਜੁਲਾਈ (੧੯੨੯) ਦਾ ਮਹੀਨਾ ਸੀ। ਬਾਰਸ਼ਾਂ ਅਜੇ ਸ਼ੁਰੂ ਨਹੀਂ ਸਨ ਹੋਈਆਂ। ਸਾਰਾ ਲਾਹੌਰ ਗਰਮੀ ਨਾਲ ਸੜ ਰਿਹਾ ਸੀ। ਮਨੁੱਖ ਤੇ ਪੰਛੀ ਤਾਂ ਇਕ ਪਾਸੇ ਰਹੋ ਤਤੀ ਲੂ ਦਰਖਤਾਂ ਦੇ ਪੱਤੂ ਵੀ ਸਾੜੀ ਜਾਂਦੀ ਸੀ। ਨਾ ਕਿਸੇ ਨੂੰ ਦਿਨੇ ਆਰਾਮ ਸੀ ਤੇ ਨਾ ਰਾਤ ਨੂੰ ਚੈਨ।

ਹਾਂ, ਉਸ ਭਿਆਨਕ ਗਰਮੀ ਦੇ ਸਮੇਂ ਲਾਹੌਰ ਜੇਲ੍ਹ ਵਿੱਚ ਜੋ ਕੈਦੀਆਂ ਦਾ ਹਾਲ ਸੀ, ਉਹ ਵਰਨਣ ਕਰਨਾ ਕਠਨ ਹੈ। ਦਿਨੇ ਉਹ ਸਾਰਾ ਦਿਨ ਕਰੜੀ ਮੁਸ਼ੱਕਤ ਕਰਦੇ ਅਤੇ ਰਾਤ ਨੂੰ ਗਰਮੀ ਤੇ ਮਛਰ ਉਨ੍ਹਾਂ ਨੂੰ ਸੌਂਣ ਨਾ ਦੇਂਦਾ।ਬਹੁਤ ਸਾਰੇ ਕੈਦੀ ਬੀਮਾਰ ਹੋ ਗਏ। ਹਸਪਤਾਲ ਵਿਚ ਉਨ੍ਹਾਂ ਦੀ ਕੋਈ ਵਾਤ ਨਾ ਪੁਛਦਾ। ਪਾਣੀ ਮਿਲੀ ਦਵਾਈ ਦੋ ਤਿੰਨ ਦਿਨ ਪਿਲਾਕੇ ਮੁੜ ਡਾਕਟਰ ਬੀਮਾਰ ਨੂੰ ਅਰੋਗਤਾ ਰਾਸਲ ਹੋਣ ਤੋਂ ਪਹਿਲਾਂ ਹੀ ਹਸਪਤਾਲੋਂ ਕੱਢ ਦੇਂਦਾ ਜੇ ਬੀਮਾਰ ਸਵਾਲ ਕਰਦਾ "ਸਰਕਾਰ ਮੈਂ ਅਜੇ ਰਾਜ਼ੀ ਨਹੀਂ ਹੋਇਆ, ਮੁਸ਼ੱਕਤ ਨਹੀਂ ਕਰ ਸਕਦਾ।" ਤਾਂ ਡਾਕਟਰ ਲੋਹਾ ਲਾਖਾ ਹੋ ਕੇ ਝਿੜਕਦਾ, "ਸੁਰ ਦੇ ਬੱਚੇ ਚੁੱਪ ਰਹੋ! ਤੁਮ ਬਹਾਨੇ ਕਰਤਾ ਹੈ। ਤੁਮ ਰਾਜ਼ੀ ਹੋ। ਕਲ ਮੁਸ਼ੱਕਤ ਕਰੋ! ਸਰਕਾਰ ਰੋਟੀ ਦੇਤਾ ਹੈ ਜਾਓ। ਹਰਾਮਜ਼ਾਦੇ ਕੈਦੀ. . .ਕਿਤਨੇ ਖਰਾਬ ਹੋਤੇ ਹੈ। ਇਹ ਜੇਹਲ ਹੈ, ਤੁਮਾਰੇ ਬਾਪ ਕਾ ਘਰ ਨਹੀਂ ਹੈ। ਏਥੇ ਹੀ ਬਸ ਨਹੀਂ ਲਾਗੇ ਖਲੋਤੇ ਵਾਡਰ ਜਾਂ ਕੈਦੀ ਲੰਬਰਦਾਰ ਨੂੰ ਉਹੋ ਡਾਕਟਰ ਹੁਕਮ ਦੇਦਾ, "ਲੈ ਜਾਓ ਬਖ਼ਤ ਨੂੰ ਜੁਤੇ ਲਗਾਓ...ਬਹਾਨਾ ਕਰਤਾ ਹੈ। ਪੂਰੀ ਮੁਸ਼ੱਕਤ ਦੇਣਾ...ਮੁੰਝ....ਚੱਕੀ....ਖ਼ਰਾਸ...ਕੋਹਲੂ - 'ਗੁਡ ਗਾਰਡ' (ਅਰੋਗ) ਹੈ।

ਫਰੰਟੀਅਰ ਦਾ ਪਠਾਨ ਨੰਬਰਦਾਰ ਡਾਕਟਰ ਦਾ ਹੁਕਮ ਸੁਣਕੇ ਜ਼ੋਰ ਨਾਲ ਕੈਦੀ ਦੀ ਧੌਣ ਵਿਚ ਮੁਕੀ ਮਾਰਦਾ ਗਾਲਾਂ ਕਢਦਾ ਹੋਇਆ ਅੱਗੇ ਲਾ ਤੁਰਦਾ। ਏਹੋ ਜ਼ੁਲਮਾਂ ਨੂੰ ਦੇਖਕੇ ਜੋ ਸਿਆਣੇ ਤੇ ਇਨਸਾਨ ਕੈਦੀ ਸਨ ਨਾਂ ਦੀਆਂ ਰੂਹਾਂ ਤੜਪ ਉਠਦੀਆਂ, ਅਣਖ ਤੇ ਹਮਦਰਦੀ ਦੇ ਉਛਾਲ ਨਾਲ ਆਪੇ ਤੋਂ ਬਾਹਰ ਹੋ ਜਾਂਦੇ....ਪਰ ਉਹ ਕੈਦੀ ਸਨ। ਉਹਨਾਂ ਦੀ ਪੇਸ਼ ਕੋਈ ਨਹੀਂ ਸੀ ਜਾਂਦੀ, ਉਨ੍ਹਾਂ ਦੇ ਦਬਾਉਣ ਵਾਸਤੇ ਸਰਕਾਰ ਨੇ ਅਨੇਕਾਂ ਕਰੜੇ ਕਾਨੂੰਨ ਘੜੇ ਹੋਏ ਤੇ ਸਿਪਾਹੀ ਰੱਖੇ ਹੋਏ ਸਨ। ਮਾਰਿਆ ਵੀ ਜਾਂਦਾ ਤੇ ਰੋਣ ਵੀ ਨਾ ਦਿੱਤਾ ਜਾਂਦਾ। ਵਾਡਰ, ਨੰਬਰਦਾਰ, ਦਰੋਗਾ ਤੇ ਸੁਪ੍ਰਟੈਂਡੈਂਟ ਸਭ ਜਮਦੂਤ ਸਨ। ...ਕਾਬਲ ਦੇ ਬੁੱਚੜ ਸਨ।

ਉਸ ਸਾਲ ਇਖਲਾਕੀ ਕੈਦੀਆਂ ਨਾਲੋਂ ਰਾਜਸੀ ਕੈਦੀ ਬਹੁਤੇ ਸਨ। ਰਾਜਸੀ ਕੈਦੀਆਂ ਵਿਚ ਕਾਂਗ੍ਰਸੀਆਂ ਨਾਲੋਂ ਜੁਗ-ਗਰਦਾਂ ਦੀ ਗਿਣਤੀ ਬਹੁਤੀ ਸੀ। ਉਨ੍ਹਾਂ ਉਤੇ ਕਤਲ, ਡਕੈਤੀਆਂ ਤੇ ਹਕੂਮਤ ਬ੍ਰਤਾਨੀਆਂ ਤੇ ਬਾਦਸ਼ਾਹ ਵਿਰੁਧ ਬਗਾਵਤ ਕਰਨ ਦੇ ਦੋਸ਼ ਸਨ। ਉਨ੍ਹਾਂ ਵਿਚ ਅਸਾਡੇ ਹੀਰੋ ਸ: ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੁਖਦੇਵ, ਕਸ਼ੋਰੀ ਲਾਲ, ਸ਼ਿਵ ਵਰਮਾ, ਗਇਆ ਪ੍ਰਸ਼ਾਦ, ਜੈਦੇਵ ਕੁਮਾਰ, ਜਾਤਿੰਦਰ ਨਾਥ ਦਾਸ, ਹੈਨਾ ਪਾਲ, ਡਾਕਟਰ ਆਗਿਆ ਰਾਮ, ਦੇਸ ਰਾਜ ਪ੍ਰੇਮ ਦਤ, ਸੁਰਿੰਦਰ ਪਾਂਡੇ, ਮਹਾਂਬੀਰ ਸਿੰਘ, ਅਜੇ ਕੁਮਾਰ ਘੋਸ਼ ਵੀ ਜੇਹਲ ਵਿਚ ਸਨ। ਨਿਰਬਲ ਆਤਮਾ ਵਾਲੇ ਉਹ ਸਾਥੀ ਵਰਕਰ ਵੀ ਸਨ ਜੋ ਸਰਕਾਰ ਦੇ ਜ਼ੁਲਮਾਂ ਨੂੰ ਨਾ ਸਹਿ ਸਕੇ, ਲੰਮੀਆਂ ਸਜ਼ਾਵਾਂ ਤੋਂ ਡਰਕੇ ਸੁਲਤਾਨੀ ਗਵਾਹ ਬਣ ਚੁਕੇ ਸਨ। ਭਾਰਤ ਮਾਤਾ ਦੀ ਅਜ਼ਾਦੀ ਅਤੇ ਵਰਕਰਾਂ ਦੀ ਰਾਖੀ ਦੀ ਸੌਂਹ ਖਾਧੀ ਹੋਈ ਸੀ। ਦਸ਼ਮਨ ਦੇ ਹੱਥੀਂ, ਚੜ੍ਹਕੇ ਗ਼ਦਾਰ ਬਣ ਗਏ। ਸਾਥੀਆਂ ਤੇ ਦੇਸ਼ ਭਗਤਾਂ ਨੂੰ ਸਜ਼ਾਵਾਂ ਦਿਖਾਉਣ ਵਾਸਤੇ ਤਿਆਰ ਹੋ ਗਏ ਸਨ। ਉਨ੍ਹਾਂ ਕਮਜ਼ੋਰ ਵਰਕਰਾਂ ਵਿਚੋਂ ਕੁਝ ਇਹ ਸਨ:-ਗੁਪਾਲ, ਹੰਸਰਾਜ ਵੋਹਰਾ, ਰਾਮ ਸਰਨ ਦਾਸ, ਲਲਿਤ ਕੁਮਾਰ ਮੁਕਰ ਜੀ ਬ੍ਰਹਮ ਦੱਤ ਜਤਿੰਦਰ ਘੋਸ਼ ਅਤੇ ਮਨ ਮੋਹਨ ਮੁਕਰ ਜੀ।

ਕੌਂਸਲ ਵਿਚ ਬੰਬ ਮਾਰਨ ਦੇ ਦੋਸ਼ ਵਿਚ ਸ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਸਰਕਾਰ ਨੇ ਉਮਰ ਕੈਦ ਦੀ ਸਜ਼ਾ ਦੇ ਦਿੱਤੀ। ਅਣਖੀਲਾ ਜਰਨੈਲ, ਭਾਰਤ ਮਾਤਾ ਦਾ ਸੱਚਾ ਸਪੂਤ, ਮਹਾਨ ਇਨਕਲਾਬੀ ਤੇ ਗਰੀਬ ਜਨਤਾ ਦਾ ਹਮਦਰਦ ਸਰਦਾਰ ਭਗਤ ਸਿੰਘ ਹਕੂਮਤ ਕੋਲੋਂ ਡਰਿਆ ਨਹੀਂ ਰਹਿਮ ਵਾਸਤੇ ਅਪੀਲ ਨਹੀਂ ਕੀਤੀ। ਬਿਆਨ ਦੇਣ ਵੇਲੇ ਹੇਰਾ ਫੇਰੀ ਨਹੀਂ ਕੀਤੀ। ਰਤਾ ਝੂਠ ਨਹੀਂ ਬੋਲਿਆ। ਅਦਾਲਤ ਵਿਚ ਮਜਿਸਟ੍ਰੇਟ ਸਾਹਮਣੇ ਬੜੀ ਨਿਰਭੈਤਾ ਨਾਲ ਗਰਜ ਕੇ ਸਚਾਈ ਨੂੰ ਪ੍ਰਗਟ ਕੀਤਾ।

'....ਮੈਂ ਅਤੇ ਮੇਰੇ ਸਾਥੀ ਨੇ ਬੰਬ ਸੁਟਿਆ ਹੈ!'

ਭਗਤ ਸਿੰਘ ਨੇ ਬਿਆਨ ਦੇਦਿਆਂ ਹੋਇਆਂ ਆਖਿਆ ਸੀ?

......ਇਹ ਬੰਬ ਕਿਸੇ ਦੀ ਜਾਨ ਲੈਣ ਵਾਸਤੇ ਨਹੀਂ ਸੀ, ਸਗੋਂ ਇਹ ਦਸਣ ਵਾਸਤੇ ਸੀ, ਕਿ ਜੋ ਆਜ਼ਾਦੀ ਤੇ ਸ੍ਵੈ-ਸਤਿਕਾਰ ਦੀ ਲਹਿਰ ਚਲੀ ਹੈ, ਇਹ ਦਬਾਉ ਕਾਨੂੰਨਾਂ ਨਾਲ ਨਹੀਂ ਰੋਕੀ ਜਾ ਸਕਦੀ। ਕਿਨੇ ਕਾਨੂੰਨ ਬਣਾਓ ਤੋਪਾਂ, ਬੰਦੂਕਾਂ ਤੇ ਬੰਬ ਰਖੋ...ਆਜ਼ਾਦੀ ਦੇ ਪ੍ਰਵਾਨੇ ਨੂੰ ਸ਼ਮਾਂ ਵਲ ਜਾਣੋ ਨਹੀਂ ਰੋਕ ਸਕਦੇ। ਭਾਰਤ ਦਾ ਨੌ-ਜਵਾਨ ਬੇਦਾਰ ਹੋ ਚੁਕਾ ਹੈ। ਗੁਲਾਮੀ ਦੇ ਸੰਗਲਾ ਨੂੰ ਤੋੜੇਗਾ। ਅੰਗਰੇਜ਼ੀ ਸਾਮਰਾਜ ਦਾ ਖਾਤਮਾ ਕਰਕੇ ਆਜ਼ਾਦ ਭਾਰਤ ਵਿਚ ਇਕ ਚੰਗੇਰਾ ਤੇ ਸਭ ਨੂੰ ਸੁਖ ਦੇਣ ਵਾਲਾ ਸਮਾਜਵਾਦੀ (ਸੋਸ਼ਲਿਸਟ) ਰਾਜ ਕਾਇਮ ਕਰੇਗਾ ..ਇਹ ਧੋਖੇ, ਇਹ ਲੁਟ-ਕਸੁਟ, ਇਹ ਜ਼ੁਲਮ, ਇਹ ਦਬਾਉ ਕਾਨੂੰਨ ਨਹੀਂ ਰਹਿਣ ਦਿੱਤੇ ਜਾਣਗੇ। ਇਕ ਭਗਤ ਸਿੰਘ ਨੂੰ ਜੇ ਫਾਹੇ ਟੰਗ ਦੇਵੋਗੇ ਤਾਂ ਹਜ਼ਾਰਾਂ ਨਹੀਂ ਲੱਖਾਂ ਭਗਤ ਸਿੰਘ ਹੋਰ ਮੈਦਾਨ ਵਿਚ ਆ ਜਾਣਗੇ।'

ਜੇਲ੍ਹ ਵਿੱਚ ਹੀ ਮੁਕੱਦਮਾ ਚਲਿਆ। ਸਫਾਈ ਪੇਸ਼ ਕਰਨ ਦਾ ਮੌਕਾ ਨਾ ਦਿੱਤਾ ਗਿਆ। ਭਾਵੇਂ ਦੋਸ਼ ਦਾ ਇਕਬਾਲ ਸੀ। ਪਰ ਦੋਸ਼ ਕੀਤਾ ਜਿਸ ਵਲਵਲੇ ਵਿਚ ਸੀ, ਉਹ ਦੋਸ਼ ਨਹੀਂ ਗਿਣਿਆ ਜਾਂਦਾ। ਬੰਬ ਮਾਰਨ ਜਾਂ ਬੰਬ ਰਖਣ ਵਾਲੇ ਨੂੰ ਹਥਿਆਰਾਂ ਦੇ ਕਾਨੂੰਨ ਅਨੁਸਾਰ ਵਧ ਤੋਂ ਵਧ ਪੰਜ-ਚਾਰ ਸਾਲ ਸਜ਼ਾ ਹੋ ਸਕਦੀ ਹੈ। ਹਕੂਮਤ ਨੇ ਹਨੇਰ ਮਾਰਿਆ। ਵੀਹ ਸਾਲ ਸਜ਼ਾ ਦੇ ਦਿਤੀ। ਅਜੇ ਫੈਸਲੇ ਵਿੱਚ ਲਿਖਿਆ ਕਿ ਇਹ ਕਰਮ ਦਿਖਾਵੇ ਤੇ ਸਮਝਾਉਣ ਵਾਸਤੇ ਕੀਤਾ ਗਿਆ ਸੀ। ਜੇ ਕਿਤੇ ਸਾਬਤ ਹੁੰਦਾ ਕਿ ਕਿਸੇ ਦੀ ਜਾਨ ਲੈਣ ਵਾਸਤੇ ਸੀ। ਤਾਂ ਜ਼ਰੂਰੀ ਫਾਂਸੀ ਦਾ ਹੁਕਮ ਸੁਣਾਇਆ ਜਾਂਦਾ।

ਮਿਸਟਰ ਸਾਂਡਰਸ ਤੇ ਚੰਨਣ ਸਿੰਘ ਦੇ ਕਤਲ ਸਬੰਧੀ ਜਿਨ੍ਹਾਂ ਨੌ-ਜੁਆਨਾਂ ਦੇ ਵਰੰਟ ਗ੍ਰਿਫ਼ਤਾਰੀ ਜਾਰੀ ਕੀਤੇ ਗਏ ਸਨ,ਉਨ੍ਹਾਂ ਵਿਚ ਭਗਤ ਸਿੰਘ ਵੀ ਸੀ। ਜੋ ਪਸਤੌਲ ਗ੍ਰਿਫ਼ਤਾਰੀ ਵੇਲੇ ਭਗਤ ਸਿੰਘ ਦੇ ਕੋਲੋਂ ਪੁਲਸ ਨੂੰ ਹਥ ਲੱਗਾ, ਪੁਲਸ ਨੇ ਉਸ ਨੂੰ ਦੇਖਕੇ ਇਹ ਸਾਬਤ ਕੀਤਾ ਕਿ ਸਾਂਡਰਸ ਨੂੰ ਜੋ ਗੋਲੀ ਲਗੀ ਹੈ, ਉਹ ਏਸੇ ਪਸਤੌਲ ਦੀ ਹੈ ....ਖੂਨੀ ਭਗਤ ਸਿੰਘ ਹੈ। ਬੰਬ ਕੇਸ ਦੀ ਸਜ਼ਾ ਮਿਲਣ ਪਿਛੋਂ ਸਾਂਡਰਸ ਦੇ ਕਤਲ ਦੇ ਮੁਕੱਦਮੇਂ ਵਾਸਤੇ ਭਗਤ ਸਿੰਘ ਨੂੰ ਲਾਹੌਰ ਲਿਆਂਦਾ ਗਿਆ ਸੀ। 'ਲਾਹੌਰ ਸਾਜ਼ਸ਼ ਕੇਸ' ਦੇ ਨਾਂ ਹੇਠ ਇਹ ਮੁਕੱਦਮਾਂ ਚਲਣਾ ਸੀ! ਜਿੰਨ੍ਹਾਂ ਨੌ-ਜੁਆਨਾਂ ਦੇ ਉਪਰ ਨਾਂ ਲਿਖੇ ਹਨ, ਇਨ੍ਹਾਂ ਸਾਰਿਆਂ ਦਾ ਸਬੰਧ ਏਸੇ ਕੇਸ ਨਾਲ ਸੀ। ਇਨ੍ਹਾਂ ਵਿਚੋਂ ਨੌਂ ਅਜੇ ਪੁਲਸ ਦੇ ਹੱਥ ਨਹੀਂ ਸਨ ਆਏ।

ਉਸੇ ਵੇਲੇ ਲਾਹੌਰ ਸੈਂਟਰਲ ਜੇਲ੍ਹ ਵਿਚ ੧੯੧੪-੧੫ ਬਬਰ ਅਕਾਲੀ ਤੇ ਮਾਰਸ਼ਲ ਲਾਅ ਵੇਲੇ ਦੇ ਰਾਜਸੀ ਕੈਦੀ ਵੀ ਸਨ, ਜੋ ਲੰਮੀਆਂ ਕੈਦਾਂ ਭੁਗਤ ਰਹੇ ਸਨ। ਨੌ-ਜੁਆਨਾਂ ਨੇ ਜਦੋਂ ਜੇਹਲ ਕਰਮਚਾਰੀਆਂ ਦੇ ਜ਼ੁਲਮਾਂ ਨੂੰ ਅੱਖੀ ਦੇਖਿਆ ਤੇ ਲੰਮੇ ਕੈਦੀਆਂ ਕੋਲੋਂ ਸੁਣਿਆਂ ਤਾਂ ਉਨ੍ਹਾਂ ਦਾ ਲਹੂ ਖੌਲ ਉਠਿਆ। ਜੇਹਲ ਸੁਧਾਰ ਵਾਸਤੇ ਇੱਕ ਟਕਰ ਲੈਣ ਦੀ ਸਲਾਹ ਕੀਤੀ। ਇਸ ਸਲਾਹ ਜਾਂ ਖਿਆਲ ਦਾ ਮੁਖੀ ਸਰਦਾਰ ਭਗਤ ਸਿੰਘ ਸੀ।

ਸਬਬ ਇਉਂ ਬਣਿਆਂ ਕਿ ਇਕ ਪੁਰਾਣੇ ਕੈਦੀ ਨੂੰ ਚੀਫ਼ ਹੈਡ ਵਾਡਰ ਨੇ ਕੋਲ ਖਲੋਕੇ ਕੁਟਵਾਇਆ। ਕੈਦੀ ਨੂੰ ਇੰਞ ਕੁਟਿਆ ਗਿਆ ਜਿਵੇਂ ਸੋਟਿਆਂ ਨਾਲ ਨਾੜ ਸਮੇਤ ਕਣਕ ਦੀ ਭਰੀ ਕੁਟੀਦੀ ਹੈ। ਕੈਦੀ ਬੇਸੁਰਤ ਹੋ ਗਿਆ। ਬੇਸੁਰਤ ਹੋਏ ਹੋਏ ਨੂੰ ਹਸਪਤਾਲ ਲਿਜਾਣ ਦੀ ਥਾਂ ਚੱਕੀ (ਕੋਠੜੀ) ਵਿਚ ਸੁਟ ਦਿੱਤਾ ਗਿਆ। ਨਾਲ ਹੀ ਆਡਰ ਕੀਤਾ ਕਿ ਮਹੀਨਾ ਭਰ ਕਿਸੇ ਨਾਲ ਇਹ ਗਲ ਬਾਤ ਨਾ ਕਰੇ। ਇਸ ਘਟਣਾ ਨੂੰ ਭਗਤ ਸਿੰਘ ਨੇ ਅੱਖੀਂ ਦੇਖਿਆਂ। ਇਕ ਵੀਹ ਸਾਲੇ ਕੈਦੀ ਨਾਲ ਹਮਦਰਦੀ ਵਜੋਂ ਗਲ ਕੀਤੀ। ਉਸ ਕੈਦੀ ਨੇ ਕਿਹਾ-"ਜੇਹਲ ਦੇ ਇਨ੍ਹਾਂ ਜ਼ੁਲਮਾਂ ਤੇ ਧੱਕੇਸ਼ਾਹੀਆਂ ਨੂੰ ਖਤਮ ਕਰਨ ਵਾਸਤੇ ਕੁਰਬਾਨੀ ਦੀ ਲੋੜ ਹੈ।"

ਕਿਹੋ ਜਹੀ ਕੁਰਬਾਨੀ ਬਾਬਾ ਜੀ? ਭਗਤ ਸਿੰਘ ਨੇ ਪੁਛਿਆ।

"ਜਾਨ ਦੀ-ਸੁਖਾਂ ਦੀ।"

"ਇਹ ਤਾਂ ਮਾਮੂਲੀ ਗਲ ਹੈ!"

"ਮਾਮੂਲੀ ਨਹੀਂ ਮਹਾਨ ਕਠਨ!"

"ਨਹੀਂ ਬਾਬਾ ਜੀ! ਮੇਰੀ ਨਿਗਾਹ ਵਿੱਚ ਕਿਸੇ ਲੋਕ ਸੁਧਾਰ ਤਾਂ ਜਨਤਿਕ ਲਾਭ ਵਾਸਤੇ ਜਾਨ ਵਾਰ ਦੇਣੀ ਸੁਖਾਂ ਨੂੰ ਤਿਆਗਣਾ ਮਾਮੂਲੀ ਗਲ ਹੈ। ਵੀਹ ਸਾਲ ਅਗੇ ਕੈਦ ਹੋਈ ਹੈ, ਜਿਸ ਦੀ ਅਪੀਲ ਕਿਸੇ ਨਹੀਂ ਸੁਣਨੀ। ਕਤਲ ਤੇ ਬਗਾਵਤ ਦਾ ਦੂਸਰਾ ਮੁਕਦਮਾ ਸਿਰ ਤੇ ਹੈ। ਉਸ ਵਿਚ ਜ਼ਰੂਰ ਕੋਠੀ ਲਾਉਣਗੇ....ਇਸ ਵਾਸਤੇ।"

ਭਗਤ ਸਿੰਘ ਨੇ ਇਹ ਸ਼ਬਦ ਇਕ ਨਿਰਾਲੀ ਮੁਸ਼ਕਰਾਹਟ ਤੇ ਖੁਸ਼ੀ ਦੇ ਲਹਿਜੇ ਵਿਚ ਆਖੇ। ਜਿਵੇਂ ਮੌਤ ਦਾ ਮਖੌਲ ਉਡਾਈਦਾ ਹੈ।

ਉਹ ਬਜ਼ੁਰਗ ਕੈਦੀ ਭਗਤ ਸਿੰਘ ਦੇ ਮੱਥੇ ਦਾ ਖਿੜਾ ਤੇ ਅੱਖਾਂ ਦਾ ਹਾਸਾ ਦੇਖਕੇ ਬਹੁਤ ਖੁਸ਼ ਹੋਇਆ। ਉਸ ਨੇ ਸਮਝਿਆ ਇਹ ਨੌਜੁਆਨ ਜੋ ਚਾਹੇ ਕਰ ਸਕਦਾ ਹੈ। ਪਹਾੜ ਨਾਲ ਟਕਰ ਲਾ ਸਕਦਾ ਹੈ। ਵਤਨ ਦੀ ਅਜ਼ਾਦੀ ਬਦਲੇ ਕੁਝ ਕਰਨ ਦੀ ਇੱਛਾ ਬਹੁਤ ਤੀਬਰ ਹੈ।

"ਜੁਆਨ ਮੈਂ ਤੇਰੇ ਹੌਸਲੇ ਦੀ ਦਾਦ ਦੇਂਦਾ ਹਾਂ।"

ਉਹ ਕੈਦੀ ਬੋਲਿਆ।

"ਆਪਣੇ ਸਾਥੀਆਂ ਨੂੰ ਪ੍ਰੇਰ ਤੇ ਭੁੱਖ ਹੜਤਾਲ ਕਰੋ। ਜੇਹਲ ਸੁਧਾਰਨ ਵਾਸਤੇ ਕੈਦੀ ਕੋਲ ਵੱਡਾ ਹਥਿਆਰ ਭੁਖ ਹੜਤਾਲ ਹੈ। ਜੇਹਲ ਅਫਸਰ ਤੇ ਸਰਕਾਰ ਭੁੱਖ-ਹੜਤਾਲ ਤੋਂ ਬਹੁਤ ਚਲਦੇ ਨੇ।"

ਭਗਤ ਸਿੰਘ ਨੇ ਅਗੋਂ ਉਤਰ ਦਿੱਤਾ-ਇਉਂ ਹੀ ਕਰ ਤੇ ਕਰਾ ਦੇਂਦੇ ਹਾਂ।"

ਕੈਦੀ-"ਪਰ ਇੱਕ ਗਲ ਚੇਤੇ ਰੱਖੋ ਭੁਖ ਹੜਤਾਲ ਤੁੜਾਉਣ ਵਾਸਤੇ ਅਫਸਰ ਕਈ ਹੇਰਾ-ਫੇਰੀਆਂ ਕਰਨਗੇ। ਟਿਕਟਿਕੀ ਰੱਖਕੇ ਬੈਂਤਾਂ ਦਾ ਡਰ ਦੇਣਗੇ। ਕਮਜ਼ੋਰ ਮਨ ਵਾਲੇ ਕੈਦੀਆਂ ਨੂੰ ਲਾਲਚ ਦੇ ਕੇ ਗੇਰਨਗੇ। ਭੁੱਖ ਹੜਤਾਲੀਆਂ ਵਿਚ ਫੁੱਟ ਪਾਉਣਗੇ। ਜੋ ਭੁਖ ਹੜਤਾਲ ਕਰਨ ਉਹ ਬੜੇ ਦ੍ਰਿੜ ਵਿਸ਼ਵਾਸ਼ ਵਾਲੇ ਹੋਣੇ ਚਾਹੀਦੇ ਨੇ।'

"ਹੱਛਾ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਫਿਰ ਆਪ ਨੂੰ ਦਸਦਾ ਹਾਂ। ਭਗਤ ਸਿੰਘ ਨੇ ਜਵਾਬ ਦਿਤਾ।

"ਅਸੀਂ ਪੁਰਾਣੇ ਕੈਦੀ ਤੁਸਾਂ ਦੇ ਨਾਲ ਹੋਵਾਂਗੇ। ਅਗੇ ਅਸੀਂ ਕਈ ਲੰਮੀਆਂ ਭੁਖ ਹੜਤਾਲਾਂ ਕਰ ਚੁਕੇ ਹਾਂ।' ਕੈਦੀ ਨੇ ਉੱਤਰ ਦਿੱਤਾ।

ਉਸ ਕੈਦੀ ਕੋਲੋਂ ਤੁਰਕੇ ਭਗਤ ਸਿੰਘ ਆਪਣੇ ਸਾਥੀਆਂ ਕੋਲ ਆਇਆ, ਉਨ੍ਹਾਂ ਅਗੇ ਭੁੱਖ ਹੜਤਾਲ ਦੀ ਵਿਉਂਤ ਰੱਖੀ। ਉਨ੍ਹਾਂ ਨੇ ਪ੍ਰਵਾਨ ਕਰ ਲਈ ਤੇ ਸ਼ਰਤਾਂ ਮਨਵਾਏ ਬਿਨਾ ਭੁਖ ਹੜਤਾਲ ਨਾ ਛੱਡਣ ਦੇ ਪ੍ਰਣ ਕੀਤੇ। ਜੀਵਨ-ਮੌਤ ਦੇ ਇਮਤਿਹਾਨ ਵਿਚ ਆਪਣੇ ਆਪ ਨੂੰ ਪਾਇਆ।

ਬਸ ਭੁਖ ਹੜਤਾਲ ਹੋ ਗਈ। ਹੌਲੀ ਹੌਲੀ ਭੁੱਖ ਹੜਤਾਲੀਆਂ ਦੀ ਗਿਣਤੀ ਸੈਂਕੜਿਆਂ ਤਕ ਪੁੱਜ ਗਈ।

ਪਹਿਲਾਂ ਤਾਂ ਚੀਫ ਹੈਡਵਾਡਰ ਤੇ ਡਿਪਟੀਆਂ ਨੇ ਭੁੱਖ ਹੜਤਾਲੀਆਂ ਨੂੰ ਡਰਾਇਆ ਧਮਕਾਇਆਂ। ਵੱਖੋ ਵੱਖ ਕੋਠੀਆਂ ਤੇ ਬਾਰਕਾਂ ਵਿਚ ਬੰਦ ਕੀਤਾ। ਕਰੜਾ ਪਹਿਰਾ ਲਾ ਕੇ ਤੰਗ ਕਰਨਾ ਸ਼ੁਰੂ ਕੀਤਾ। ਕਿਸੇ ਨੂੰ ਮਿਲਣ ਜਾਂ ਕੋਈ ਚੀਜ਼ ਦੇਣ ਦੀ ਕੋਈ ਖੁਲ੍ਹ ਨਹੀਂ ਸੀ। ਤਿੰਨ-ਚਾਰ ਦਿਨ ਬੀਤਨ ਪਿੱਛੋਂ ਦਰੋਗਾ ਤੇ ਸੁਪ੍ਰਿੰਟੈਂਡੈਂਟ ਸਾਰੇ ਭੁੱਖ ਹੜਤਾਲੀਆਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਉਨ੍ਹਾਂ ਦੀ ਜ਼ਬਾਨੋ ਸੁਣਿਆਂ। ਜਦੋਂ ਮੰਗਾਂ ਦੇ ਮੰਨਣ ਦਾ ਸੁਆਲ ਪੈਦਾ ਹੋਇਆ ਤਾਂ ਬੋਲੇ-

"ਤੁਹਾਡੀਆਂ ਮੰਗਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ। ਤੁਸੀਂ ਭੁੱਖ ਹੜਤਾਲ ਛੱਡ ਦਿਓ। ਜਿੰਨਾ ਚਿਰ ਭੁਖ ਹੜਤਾਲ ਨਾ ਟੁੱਟੇ ਉੱਨਾ ਚਿਰ ਕੋਈ ਗਲ-ਬਾਤ ਨਹੀਂ ਹੋ ਸਕਦੀ।"

ਜਤਿੰਦਰ ਨਾਥ ਦਾਸ ਤੇ ਭਗਤ ਸਿੰਘ ਨੇ ਦਲੇਰੀ ਨਾਲ ਉਤਰ ਦਿੱਤਾ-"ਜਿੰਨਾਂ ਚਿਰ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਨਾ ਚਿਰ ਭੁੱਖ-ਹੜਤਾਲ ਨਹੀਂ ਟੁੱਟਦੀ।"

"ਪਤਾ ਹੈ!"ਸੁਪ੍ਰਿੰਟੈਂਡੈਂਟ ਰਤਾ ਕ੍ਰੋਧ ਨਾਲ ਬੋਲਿਆ "ਭੁਖ-ਹੜਤਾਲ ਕਰਨਾ ਜੇਹਲ ਕਾਨੂੰਨ ਦੀ ਉਲੰਘਣਾ ਕਰਨਾ ਹੈ! ਇਸ ਦੀ ਸਜ਼ਾ ਮਿਲ ਸਕਦੀ ਹੈ। ਖੁਲ੍ਹੀ ਅਦਾਲਤ ਵਿਚ ਮੁਕਦਮਾ ਚਲ ਸਕਦਾ ਹੈ।"

"ਇਨ੍ਹਾਂ ਸਾਰੀਆਂ ਗੱਲਾਂ ਨੂੰ ਅਸੀਂ ਭਲੀ ਪ੍ਰਕਾਰ ਜਾਣਦੇ ਹਾਂ।" ਸ: ਭਗਤ ਸਿੰਘ ਨੇ ਉੱਤਰ ਦਿੱਤਾ-ਪੜ੍ਹੇ ਲਿਖੇ ਹਾਂ। ਇਕ ਜੇਹਲ-ਮੈਨਿਉਲ (ਜੇਹਲ ਕਾਨੂੰਨ ਦੀ ਉਲੰਘਣਾ ਕਰਨਾ ਤਾਂ ਗਲ ਹੀ ਮਾਮੂਲੀ ਹੈ, ਅਸੀਂ ਤਾਂ ਸਾਰੇ ਅੰਗ੍ਰਜ਼ੀ ਸਾਮਰਾਜ ਦੇ ਕਿਸੇ ਕਾਨੂੰਨ, ਕਿਸੇ ਅਸਲ ਜਾਂ ਰੂਲ (ਰੂਲਜ਼) ਨੂੰ ਮੰਨਣ ਤੋਂ ਇਨਕਾਰੀ ਹਾਂ! ਬਾਗੀ ਹਾਂ। ਬਗਾਵਤ ਕਰਨਾ ਪਰਮ-ਧਰਮ ਹੈ। ਆਪ ਸਜ਼ਾ ਦੇਵੋ ਜਾਂ ਮੁਕਦਮਾ ਬਾਹਰ ਭੇਜੋ ਭੁਖ-ਹੜਤਾਲ ਉਨਾਂ ਚਿਰ ਨਹੀਂ ਟੁੱਟੇਗੀ ਜਿੰਨਾ ਚਿਰ ਮੰਗਾਂ ਪ੍ਰਵਾਨ ਨਾ ਹੋਣ।

"....ਦੇਖ ਜੁਆਨ! ਜੁਆਨੀ ਦੇ ਜੋਸ਼ ਵਿਚ ਘਬਰਾ ਨਾ। ਸਪ੍ਰੀਟੈਂਡੈਂਟ ਬੋਲਿਆ, ਤੇਰੀ ਵੀਹ ਸਾਲ ਸਜ਼ਾ ਹੈ। ਬਾਦਸ਼ਾਹ ਵਿਰੁੱਧ ਬਗਾਵਤ ਕਰਨ ਤੇ ਕਤਲ ਦੀ ਸਾਜ਼ਸ਼ ਦਾ ਮੁਕੱਦਮਾ ਅਜੇ ਚਲਣਾ ਹੈ, ਉਸ ਵਿਚ ਪਤਾ ਨਹੀਂ ਕੀ ਸਜ਼ਾ ਹੋਵੇ? ਜਗਤ ਦਾ ਅਜੇ ਤੂੰ ਕੁਝ ਦੇਖਿਆ ਨਹੀਂ। ਜੀਵਨ ਦੇ ਸੁਨਹਰੀ ਦਿਨ ਤੂੰ ਜੇਹਲ ਵਿੱਚ ਕਟਣੇ ਨੇ। ਇਸ ਵਾਸਤੇ ਸ਼ੁਰੂ ਵਿਚ ਹੀ ਆਪਣੇ ਜੇਹਲ-ਜੀਵਨ ਨੂੰ ਖ਼ਰਾਬ ਨਾ ਕਰ।

ਭਗਤ ਸਿੰਘ ਨੇ ਮੁਸਕਰਾਕੇ ਉਤਰ ਦਿਤਾ-'ਸਾਹਬ ਬਹਾਦਰ! ਮੇਰੇ ਜੀਵਨ ਦੀ ਚਿੰਤਾ ਨਾ ਕਰੀਏ! ਮੈਨੂੰ ਦਿਸਦਾ ਹੈ, ਨਵੇਂ ਮੁਕਦਮੇਂ ਵਿੱਚ ਮੈਨੂੰ ਸਜ਼ਾਏ-ਮੌਤ ਮਿਲਣੀ ਹੈ। ਕਿਸੇ ਨੇ ਅਪੀਲ ਨਹੀਂ ਸੁਣਨੀ ਤੇ ਨਾ ਸਜ਼ਾਏ-ਮੌਤ ਦੀ ਮੁਆਫੀ ਹੋਣੀ ਹੈ। ਮੈਨੂੰ ਨਾ ਜਾਨ ਦੀ ਪ੍ਰਵਾਹ ਹੈ ਨਾ ਜੇਹਲ ਜੀਵਨ ਦੇ ਖਰਾਬ ਹੋਣ ਦਾ ਕੋਈ ਭੈ ਹੈ। ਮੈਂ ਤਾਂ ਇਸ ਧਰਤੀ ਉਤੇ ਚਾਰ ਦਿਨ ਦਾ ਪ੍ਰਾਹੁਣਾ ਹਾਂ।

'ਜੇ ਜੀਵਨ ਪੜਾਅ ਨੂੰ ਐਨਾ ਛੋਟਾ ਸਮਝਦੇ ਜੇ ਤਾਂ ਫਿਰ ਇਸ ਭਖ-ਹੜਤਾਲ ਦਾ ਕੀ ਮਤਲਬ...ਜੇਹਲ ਸੁਧਰੇ ਜਾਂ ਨਾਂ।'

ਮੈਂ ਹਰ ਕੰਮ ਆਪਣੇ ਵਾਸਤੇ ਨਹੀਂ ਕਰਦਾ। ਮੈਂ ਜੋ ਕੁਝ ਕਰਦਾ ਹਾਂ ਉਹ ਜਨਤਾ ਜਾਂ ਦੇਸ਼ ਭਲੇ ਵਾਸਤੇ ਕਰਦਾ ਹਾਂ। ਮੈਂ ਆਪਣੇ ਆਪ ਦੀ ਕੁਰਬਾਨੀ ਦੇ ਕੇ ਜੇਹਲ ਦੇ ਭਵਿਖਤ ਨੂੰ ਚੰਗੇਰਾ ਬਣਾਉਣਾ ਚਾਹੁੰਦਾ ਹਾਂ ਤਾਂ ਕਿ ਮੇਰੇ ਪਿੱਛੋਂ ਮੇਰੇ ਕੈਦੀ ਭਰਾ ਦੁੱਖ ਨਾ ਪਾਉਣ!'

ਇਹ ਸੁਣਕੇ ਸੁਪ੍ਰੰਟੈਂਡੰਟ ਹੱਸ ਪਿਆ। ਉਸ ਨੇ ਆਪਣੇ ਹਾਸੇ ਦਾ ਭਾਵ ਪ੍ਰਗਟ ਨਾ ਕੀਤਾ। ਤੁਰਨ ਲਗਾ ਬੋਲਿਆ ਪਰ ਚੇਹਰੇ ਉਤੋਂ ਖੁਸ਼ੀ ਦੇ ਨਿਸ਼ਾਨ ਮਿਟਾ ਕੇ 'ਜੁਆਨ ਭਗਤ ਸਿੰਘ ਸੁਣ ਲੈ। ਸੌ ਗਜ਼ ਰਸਾ ਸਰੇ ਤੇ ਗੰਢ। ਕਿਸੇ ਕੋਈ ਮੰਗ ਪ੍ਰਵਾਨ ਨਹੀਂਉਂ ਕਰਨੀ। ਜੇ ਕਲ ਤਕ ਭੁੱਖ ਹੜਤਾਲ ਨਾ ਟੁਟੀ ਤਾਂ ਸਖਤੀ ਹੋਵੇਗੀ, ਮੈਂ ਭਲੇ ਮਾਨਸਾਂ ਵਾਂਗ ਪਹਿਲਾਂ ਸਮਝਾਇਆ ਕਰਦਾ ਹਾਂ ਪਿੱਛੋਂ ਪੁਰਾਣੇ ਕੈਦੀ ਮੇਰੇ ਵਤੀਰੇ ਨੂੰ ਚੰਗੀ ਤਰਾਂ ਜਾਣਦੇ ਹਨ। ਸੋਚ ਲਵੋ! ਚਵੀ ਘੰਟੇ ਦੀ ਮੋਹਲਤ ਦਿਤੀ ਜਾਂਦੀ ਹੈ।"

ਇਹ ਸਮਝੌਤੀ ਦੇ ਕੇ ਸੁਪ੍ਰੰਟੈਂਡੰਟ ਭਗਤ ਸਿੰਘ ਕੋਲੋਂ ਅਗੇ ਤੁਰ ਗਿਆ। ਉਸ ਦੇ ਪਿੱਛੇ ਉਸ ਦੇ ਵਫਾਦਾਰ ਨੌਕਰਾਂ ਤੇ ਕੈਦੀ ਨੰਬਰਦਾਰਾਂ ਦੀ ਧਾੜ ਸੀ।

ਭਗਤ ਸਿੰਘ ਖਲੋਤਾ ਹੋਇਆ ਮੁਸਕਰਾਉਂਦਾ ਰਿਹਾ।

ਸ਼ਹੀਦ ਭਗਤ ਸਿੰਘ : ੧੨. ਭੁੱਖ ਹੜਤਾਲ

ਭੁੱਖ ਹੜਤਾਲ ਹੋਈ ਨੂੰ ਇਕ ਹਫਤਾ ਹੋ ਗਿਆ ਸੀ।

ਜੇਹਲ ਦੇ ਸਾਰੇ ਅਫਸਰ ਉਦਾਸ, ਕ੍ਰੋਧਵਾਨ ਤੇ ਦੋ ਚਿਤੇ ਜਹੇ ਹੋਏ ਏਧਰ ਉਧਰ ਤੁਰਦੇ ਫਿਰਦੇ ਸਨ ਡਾਕਟਰ ਨੂੰ ਹੁਕਮ ਹੋਇਆ ਸੀ ਕਿ ਸਾਰੇ ਭੁੱਖ ਹੜਤਾਲੀਆਂ ਦਾ ਭਾਰ ਤੋਲੇ। ਉਹ ਕੈਦੀ ਨੂੰ ਕੰਡਾ ਚੁਕਵਾ ਕੇ ਕੰਪੌਡਰ ਸਮੇਤ ਭਾਰ ਤੋਲਨ ਦੀ ਤਿਆਰੀ ਕਰੀ ਬੈਠਾ ਸੀ, ਅਗੋਂ ਪਿਛੋਂ ਜੇਹਲ ਦੇ ਡਾਕਟਰ ਕੈਦੀ ਬੀਮਾਰਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਜੇਹਲ ਹਸਪਤਾਲਾਂ ਵਿਚ ਕੰਪੌਡਰਾਂ ਦਾ ਹੀ ਰਾਜ ਹੁੰਦਾ ਹੈ ਪਰ ਭੁਖ ਹੜਾਲ ਵੇਲੇ ਡਾਕਟਰ ਨੂੰ ਕੰਮ ਕਰਨਾ ਪੈਂਦਾ ਹੈ, ਉਹ ਆਪਣਾ ਕੰਮ ਜਾਂ ਫਰਜ਼ ਨਹੀਂ ਸਮਝਦਾ ਸਗੋਂ ਇਕ ਭਾਰੀ ਭਾਰ ਅਨੁਭਵ ਕਰਦਾ ਹੈ।

ਭਗਤ ਸਿੰਘ ਤੇ ਉਸਦੇ ਕੁਝ ਸਾਥੀਆਂ ਨੂੰ ਵੱਖਰੀ ਬਾਰਕ ਵਿਚ ਬੰਦ ਕੀਤਾ ਹੋਇਆ ਸੀ। ਕੁਝ ਕੁ ਜੁਆਨ ਕਸੂਰੀ ਕੋਠੀਆਂ ਤੇ ਚੱਕੀਆਂ ਵਿਚ ਡਕੇ ਹੋਏ ਸਨ। ਉਨ੍ਹਾਂ ਤੇ ਕਰੜਾ ਪਹਿਰਾ ਸੀ, ਛਿਆਂ ਦਿਨਾਂ ਵਿਚ ਦੀ ਦਸਾਂ ਲੰਬਰ ਦਾਰਾਂ (ਕੈਦੀ ਵਾਡਰਾਂ) ਅਤੇ ਪੰਜਾਂ ਸਿਪਾਹੀ ਵਾਡਰਾਂ ਨੂੰ ਸਜ਼ਾਵਾਂ ਮਿਲ ਚੁਕੀਆਂ ਸਨ ਕਿਉਂਕਿ ਉਨ੍ਹਾਂ ਨੇ ਕਿਸੇ ਨਾ ਕਿਸੇ ਲਾਲਚ ਮਿਤ੍ਰਤਾ ਜਾਂ ਮਨੁਖੀ ਹਮਦਰਦੀ ਦੇ ਵਲਵਲੇ ਵਿਚ ਆ ਕੇ ਭੁੱਖ ਹੜਤਾਲੀਆਂ ਨਾਲ ਕਿਸੇ ਨਾਂ ਕਿਸੇ ਕਿਸਮ ਦੀ ਹਮਦਰਦ ਪ੍ਰਗਟ ਕੀਤੀ ਸੀ।

ਨਵੇਂ ਜੁਆਨ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੁੰਦੇ ਜਾਂਦੇ ਸਨ।

ਉਨ੍ਹਾਂ ਨਵਿਆਂ ਨੂੰ ਰੋਕਣ ਵਾਸਤੇ ਜੇਹਲ ਦੇ ਚੱਕਰ ਵਿਚ ਟਿੱਕ ਟਿੱਕੀ ਖੜੀ ਕੀਤੀ ਹੋਈ ਸੀ। ਦੋ ਜੁਆਨ ਜਿਨ੍ਹਾਂ ਦੇ ਰੰਗ ਕਾਲੇ ਸਨ ਤੇ ਡੀਲ-ਡੌਲ ਪਹਿਲਵਾਨਾਂ ਵਰਗੀ ਸੀ ਬੈਂਤਾਂ ਨੂੰ ਹੱਥ ਵਿਚ ਫੜੀ ਖਲੋਤੇ ਸਨ। ਬੈਂਤ ਵੀ ਉਹ ਜਿਨ੍ਹਾਂ ਨੂੰ ਕਈਆਂ ਦਿਨਾਂ ਤੋਂ ਪਾਣੀ ਵਿਚ ਭਿਉਂ ਭਿਉਂ ਕੇ, ਰਖਿਆ ਹੋਇਆ ਤੇ ਕਚ (ਗਲਾਸ) ਪੀਹ ਕੇ ਲਿਆ ਹੋਇਆ ਸੀ। ਜੋ ਮਨੁੱਖ ਦੇ ਨੰਗੇ ਪਿੰਡੇ ਵਿੱਚ ਵੜ ਕੇ ਉਪਰਲੇ ਮਾਸ ਨੂੰ ਉਡਾਅ ਸਕੇ ਤੇ ਚਰਬੀ ਦੀਆਂ ਬੋਰੀਆਂ ਬਾਹਰ ਕੱਢ ਸਕੇ। ਜਿਵੇਂ ਬੈਂਤਾਂ ਨੂੰ ਕਮਾਇਆ ਗਿਆ ਸੀ ਤਿਵੇਂ ਬੈਂਤ ਮਾਰਨ ਵਾਲੇ ਜੁਆਨਾਂ ਨੂੰ ਵੀ ਖੁਰਾਕਾਂ ਖੁਵਾ ਖੁਵਾ ਕੇ ਕੋਤਲ ਘੋੜੇ ਵਾਂਗ ਪਾਲਿਆ ਗਿਆ ਸੀ।

ਸੁਪ੍ਰੰਟੈਂਡੰਟ ਨੇ ਨੌਂ ਵਜੇ ਦਫ਼ਤਰ ਆਉਣਾ ਸੀ।

ਦਰੋਗਾ, ਦੋ ਛੋਟੇ ਡਿਪਟੀ ਤੇ ਚੀਫ ਹੈਡਵਾਡਰ ਸਾਢੇ! ਕੁ ਸਤ ਵਜੇ ਅੰਦਰ ਆ ਗਏ। ਉਨ੍ਹਾਂ ਦੇ ਨਾਲ ਦਸ ਲੰਬਰ ਦਾਰ (ਕੈਦੀ) ਜ਼ਿਲਾ ਮੀਆਂਵਾਲੀ ਦੇ ਚੰਗੇ ਲੰਮੇ ਉੱਚ ਜੁਆਨ ਸਨ। ਜੇਹੜੇ ਉਹਨਾਂ ਅਫਸਰਾਂ ਦੇ ਬਾਡੀਗਾਰਡ ਸਨ। ਉਹ ਸਾਰੀ ਧਾੜ ਬਾਰਕਾਂ ਦਾ ਚੱਕਰ ਲਾ ਕੇ (ਜੇਹਲ ਦਾ ਅੰਦਰਲਾ ਦਫ਼ਤਰ) ਵਿੱਚ ਅੱਪੜ ਪਏ ਸਨ। ਚੱਕਰ ਮੁਨਸ਼ੀ, ਚੱਕਰ ਇਨਚਾਰਜ ਅਤੇ ਦੋਹਾਂ ਬੈਂਤਾਂ ਲਾਉਣ ਵਾਲੇ ਜੁਆਨਾਂ ਨੇ ਉਠ ਕੇ ਸਤਕਾਰ ਕੀਤਾ।

'ਕਿਓਂ ਪ੍ਰਤਾਪੂ ਅਜ ਕਿਵੇਂ ਗੱਲ ਹੈ?"

ਦਰੋਗੇ ਨੇ ਬੈਂਤਾਂ ਵਾਲਿਆਂ ਵਿਚੋਂ ਇਕ ਦਾ ਨਾ ਲੈ ਕੇ ਪੁਛਿਆ।

'ਸਰਕਾਰ ਅਜ ਮੇਰੇ ਰੱਥ ਦੇਖਣੇ ਕੋਈ ਮਾਈ ਦਾ ਲਾਲ ਪ੍ਰਤਾਪੇ ਦੇ ਪੰਜ ਬੈਂਤ ਝਲੇਗਾ। ਪਹਿਲੇ ਬੈਂਤ ਨਾਲ ਹੀ ਬਾਂ ਬਾਂ ਕਰਾ ਦਿਆਂਗਾ। ਐਵੇਂ ਭੜਾਕੂ ਛੋਕਰੇ ਭੂਤਰੇ ਫਿਰਦੇ ਨੇ ਨਾਨੀ ਯਾਦ ਆ ਜਾਵੇਗੀ। ਰਤਾ ਲਿਆਓ ਨੇ ਵੇਖਣਾ ਕਿਵੇਂ ਰੋਟੀ ਖਾਂਦੇ ਨੇ।"

ਪ੍ਰਤਾਪੂ ਦਾ ਪੂਰਾ ਨਾਂ ਤਾਂ ਪ੍ਰਤਾਪ ਸਿੰਘ ਵਲਦ ਨਿਹਾਲ ਸਿੰਘ ਸੀ ਪਰ ਸਿਰ ਦੇ ਵਾਲ ਕਟੇ ਹੋਏ ਹੋਣ ਕਰਕੇ ਸਾਰੇ ਉਹਦਾ ਅੱਧਾ ਨਾਂ ਪ੍ਰਤਾਪੂ ਹੀ ਸਦਦੇ ਸਨ। ਪ੍ਰਤਾਪੂ ਨੇ ਬੈਂਤ ਨੂੰ ਹੱਥਾਂ ਵਿੱਚ ਮਰੋੜਦਿਆਂ ਹੋਇਆਂ ਦਰੋਗੇ ਨੂੰ ਉਤਰ ਦਿੱਤਾ।

"ਕਾਲੂ ਨੂੰ ਵੀ ਸਮਝਾ ਦੇਵੀਂ!'

ਦਰੋਗਾ ਫਿਰ ਬੋਲਿਆ।

ਕਾਲੂ ਦੂਸਰਾ ਬੈਂਤਾਂ ਵਾਲਾ ਸੀ ਤੇ ਨਵਾਂ ਕੈਦੀ ਸੀ।

ਇਹ ਹੁਸ਼ਿਆਰ ਹੈ। ਮੁਲਤਾਨੋਂ ਆਇਆ ਏ। ਸੈਂਟਰ ਵਿਚ ਕਈ ਵਾਰ ਬਹੁਤ ਸਾਰੇ ਆਕੜਖ਼ਾਨਾ ਨੂੰ ਬੈਂਤ ਲਾਉਣ ਦਾ ਮੌਕਾ ਮਿਲਿਆ ਸੂ।

ਕਾਲੂ ਚੁੱਪ ਨਾ ਰਹਿ ਸਕਿਆ, ਉਹ ਤਿੜ ਵਿਚ ਆ ਕੇ ਬੋਲਿਆ, ....'ਹੁਣੇ ਹੀ ਪਤਾ ਲਗ ਜਾਵੇਗਾ... ਆਪਣੀ ਜ਼ਬਾਨੋਂ ਮੈਂ ਆਪ ਆਪਣੀ ਵਡਿਆਈ ਕੀ ਕਰਾਂ...? ਨਬੀ ਖਾਂ ਬਦਮਾਸ਼ ਨੇ ਛੇ ਵਾਰ ਤੀਹ ਤੀਹ ਬੈਂਤ ਖਾਧੇ ਹੋਏ ਸੀ, ਉਹ ਭੂਤਰਿਆ ਫਿਰਦਾ ਸੀ ਤੇ ਆਖਦਾ ਸੀ, 'ਬੈਂਤਾਂ ਨਾਲ ਕੀ ਹੁੰਦਾ ਏ।' ਡਿਪਟੀ ਕਰਮ ਸਿੰਘ ਦੇ ਗਲ ਪਿਆ ਸੀ। ਸੱਠਾਂ ਬੈਂਤਾਂ ਦਾ ਹੁਕਮ ਹੋਇਆ, ਬੈਠਕਾਂ ਕੱਢਦਾ ਹੋਇਆ ਟਿੱਕ ਟਿੱਕੀ ਵਲ ਆਇਆ। ਜਦੋਂ ਮੈਂ ਬੈਂਤ ਮਾਰਨ ਲੱਗਾ ਤਾਂ ਮੈਨੂੰ ਉਸਨੇ ਲਲਕਾਰਿਆ, "ਕਾਲੂ ਤਕੜਾ ਹੋ ਕੇ ਆ ਮੈਂ ਨਬੀ ਖਾਂ ਕਾਲਰ ਵਾਲਾ ਹਾਂ!...ਬਸ ਦਸ ਬੈਂਤ ਨਾ ਝਲ ਸਕਿਆ ਤੇ ਮੂੰਹੋਂ ਝਗ ਜਾਣ ਲਗ ਪਈ। ਬੇ-ਸੁਰਤ ਹੋ ਗਿਆ...।

ਕਾਲੂ ਆਪਣੀ ਬਹਾਦਰੀ ਦਾ ਕੋਈ ਹੋਰ ਵੀ ਕਿੱਸਾ ਸ਼ਾਇਦ ਸੁਣਾਉਂਦਾ ਜੇ ਲੰਬਰਦਾਰ ਵਰਿਆਮ ਸਿੰਘ ਵਿੱਚ ਨਾ ਬੋਲ ਪੈਂਦਾ। ਵਰਿਆਮ ਸਿੰਘ ਨੇ ਆਖਿਆ, 'ਹੱਥ ਦਾ ਚੰਗਾ ਕਰੜਾ ਹੈ....ਮੁਲਤਾਨ ਵਿਚ ਮੈਂ ਦੇਖਦਾ ਰਿਹਾ ਹਾਂ। ਨਾਲੇ ਦੁਬਾਰਾ ਹੈ। ਦਸ ਸਾਲ ਕੈਦ ਕੱਟੀ ਸੂ।'

ਦਰੋਗੇ ਨੇ ਵਰਿਆਮ ਸਿੰਘ ਦੀ ਪ੍ਰੋੜਤਾ ਵਲ ਤਾਂ ਕੋਈ ਧਿਆਨ ਨਾ ਦਿੱਤਾ ਪਰ ਲੰਗਰ ਇਨਚਾਰਜ ਡਿਪਟੀ ਨੂੰ ਹੁਕਮ ਕੀਤਾ ਲਾਂਗਰੀਆਂ ਨੂੰ ਆਖੋ ਰੋਟੀਆਂ ਦੀ ਥਾਂਬੜ ਲਿਆ ਕੇ ਏਥੇ ਰਖਣ। ਸਾਹਿਬ ਬਹਾਦਰ ਆ ਰਹੇ ਨੇ। ਜਿਨ੍ਹਾਂ ਕੱਲ ਤੇ ਅੱਜ ਭੁਖ ਹੜਤਾਲ ਕੀਤੀ ਹੈ। ਉਹਨਾਂ ਨੂੰ ਬੈਂਤ ਲਾਣਗੇ...ਜਾਂ ਉਹ ਰੋਟੀ ਖਾ ਲੈਣ।

'ਬਹੁਤ ਹੱਛਾ!'

ਡਿਪਟੀ ਨੇ ਉੱਤਰ ਦਿੱਤਾ।

ਉਸੇ ਡਿਪਟੀ ਨੇ ਆਪਣੇ ਅਰਦਲੀ ਲੰਬਰਦਾਰ ਨੂੰ ਅੱਗੇ ਅੱਗੇ ਹੁਕਮ ਕੀਤਾ, 'ਜਾਹ ਲਾਂਗਰੀਆਂ ਨੂੰ ਆਖ ਦਸ ਨੰਬਰੀਆ ਲਿਆਉਣ।

'ਬਹੁਤ ਹੱਛਾ ਸਰਕਾਰ।'

ਇਹ ਆਖਕੇ ਅਰਦਲੀ ਉਸੇ ਪੈਰ ਤੋਂ ਸਨਤੋੜ ਨੱਸ ਉੱਠਿਆ। ਦਰੋਗਾ ਫਿਰ ਡਿਪਟੀਆਂ ਨੂੰ ਕਹਿਣ ਲੱਗਾ:-

'ਰਤਾ ਨਰਮੀ ਨਾ ਵਰਤੋ ਜੇਹਲ ਖਰਾਬ ਹੋ ਰਹੀ ਹੈ। ਸਾਹਿਬ ਬਹਾਦਰ ਬਹੁਤ ਖਫ਼ਾ ਹੋ ਰਹੇ ਨੇ। ਆਈ. ਜੀ. ਸਾਹਿਬ ਬਹਾਦਰ ਵੀ ਕ੍ਰੋਧ ਭਰੀਆਂ ਚਿੱਠੀਆਂ ਲਿਖ ਰਹੇ ਨੇ। ਸੂਰ ਦੇ ਬੱਚਿਆਂ ਨੂੰ ਕੁਟ ਕੁਟ ਕੇ ਉਡਾ ਦਿਓ...ਸਖਤੀ ਕੀਤੇ ਬਗੈਰ ਕਦੀ ਹੜਤਾਲ ਨਹੀਂ ਟੁਟਣੀ।....ਜੇ ਕੋਈ ਬਹੁਤਾ ਆਕੜੇ ਤਾਂ ਅਲਾਰਮ ਕਰੋ। ਸੀਟੀ ਕਰੋ ਮੈਂ ਨਜਿੱਠ ਲਵਾਂਗਾ,ਇਨ੍ਹਾਂ ਕਾਂਗ੍ਰਸੀਆਂ ਨੇ ਬਹੁਤ ਤੰਗ ਕੀਤਾ ਹੈ।

'ਸਰਕਾਰ ਨੇ ਇੱਕ ਵਾਰ ਅਲਾਰਮ ਹੋ ਜਾਵੇ ਤਾਂ ਸਭ ਮਾਮਲੇ ਤੈਹ ਹੋ ਜਾਣ। ਇੱਕ ਲੰਬਰਦਾਰ (ਕੈਦੀ) ਬੋਲਿਆ।

'....ਉਸ ਦਿਨ ਪੰਜਾਂ ਨੂੰ ਕਸੂਰੀ ਕੋਠੀਆਂ ਵਿਚ ਕੁਟਿਆ ਸੀ ਤਾਂ ਦਸਾਂ ਡਰਦਿਆਂ ਨੇ ਭੁੱਖ ਹੜਤਾਲ ਛੱਡ ਦਿੱਤੀ ਸੀ। ਛਿਤਰਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।

ਜੇਹਲ ਅਫਸਰਾਂ ਦਾ ਇਕ ਬਹੁਤਾ ਵਫਾਦਾਰ ਚਾਟੜਾ ਬੋਲ ਪਿਆ। ਉਹ ਕੈਦੀ ਹੁੰਦਿਆਂ ਹੋਇਆਂ ਕੈਦੀ ਵੀਰਾਂ ਦਾ ਦੁਸ਼ਮਣ ਸੀ। ਦੁਸ਼ਮਨੀ ਇਸ ਕਰਕੇ ਕਰਦਾ ਸੀ ਕਿ ਜੇਹਲ ਵਾਲੇ ਉਹਨੂੰ ਮੁਆਫ਼ੀ ਬਹੁਤੀ ਦੇਣ। ਦੋ ਵਾਰ ਕੈਦੀਆਂ ਕੋਲੋਂ ਮਾਰ ਵੀ ਖਾ ਬੈਠਾ ਸੀ।

'ਸਾਹਿਬ ਬਹਾਦਰ ਨੂੰ ਆ ਲੈਣ ਦਿਓ! ਅੱਜ ਕੋਈ ਫੈਸਲਾ ਕੀਤਾ ਜਾਏਗਾ....ਇਸ ਤਰ੍ਹਾਂ ਤਾਂ ਸਾਡੀਆਂ ਨੌਕਰੀਆਂ ਵੀ ਖਤਰੇ ਵਿਚ ਹਨ। ਅੰਗ੍ਰੇਜ਼ ਅਫਸਰ ਅਸਾਨੂੰ ਵੀ ਬੇਈਮਾਨ ਸਮਝ ਰਹੇ ਨੇ।'

ਕੁਰਸੀ ਉਤੇ ਬੈਠਿਆਂ ਹੋਇਆਂ ਦਰੋਗੇ ਨੇ ਉਤਰ ਦਿੱਤਾ, ਕੋਧ ਨਾਲ ਉਹ ਕੰਬ ਰਿਹਾ ਸੀ, ਉਸਦੀਆਂ ਅੱਖਾਂ ਲਾਲ ਸੁਰਖ ਸਨ। ਮੱਥੇ ਦੀਆਂ ਤਿਊੜੀਆਂ ਦੇਖਕੇ ਲਾਗੇ ਖਲੋਤੇ ਕੈਦੀ ਭੈ ਭੀਤ ਹੋ ਰਹੇ ਸਨ। ਕਿਉਂਕਿ ਇਸ ਦਰੋਗੇ ਦੇ ਗੁੱਸੇ ਦੇ ਨਤੀਜੇ ਨੂੰ ਆਮ ਕੈਦੀ ਚੰਗੀ ਤਰਾਂ ਜਾਣਦੇ ਸਨ। ਉਹ ਬੜੀ ਬੇਸਬਰੀ ਨਾਲ ਸੁਪ੍ਰੰਟੈਂਡੈਂਟ ਦੀ ਉਡੀਕ ਕਰ ਰਿਹਾ ਸੀ। ਘੜੀ ਮੁੜੀ ਹੱਥ-ਘੜੀ ਵਲ ਦੇਖੀ ਜਾਂਦਾ ਸੀ ਕਿ ਉਹ ਕਦੋਂ ਨੌਂ ਵਜਾਉਂਦੀ ਹੈ।

ਛੇ ਦਿਨ ਤਾਂ ਭੁੱਖ-ਹੜਤਾਲ ਦੀ ਖਬਰ ਜੇਹਲ ਦੀਆਂ ਕੰਧਾਂ ਤੋਂ ਬਾਹਰ ਨਾ ਗਈ। ਪਰ ਸਤਵੇਂ ਦਿਨ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਨੇ ਮੋਟੇ ਸਿਰਲੇਖ ਛਾਪ ਕੇ ਖਬਰ ਦਿੱਤੀ ਕਿ "ਲਾਹੌਰ ਸੰਟਰਲ ਜੇਹਲ ਵਿੱਚ ਰਾਜਸੀ ਤੇ ਇਖਲਾਕੀ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ। ਕਈਆਂ ਕੈਦੀਆਂ ਨੂੰ ਬੈਂਤਾਂ ਦੀ ਸਜ਼ਾ ਦਿੱਤੀ ਗਈ .....ਦੇ ਰਾਜਸੀ ਕੈਦੀਆਂ ਨੂੰ ਬਹੁਤ ਬੁਰੀ ਤਰਾਂ ਕੁਟਿਆ ਗਿਆ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ਕ ਹੋ ਗਈ ਹੈ।'

ਅਖਬਾਰਾਂ ਵਿਚ ਭੁੱਖ-ਹੜਤਾਲ ਦੀ ਖਬਰ ਪੜਕੇ ਦੇਸ਼ ਦੇ ਰਾਜਸੀ ਆਗੂ, ਕੈਦੀਆਂ ਦੇ ਮਿਤ੍ਰ ਤੇ ਰਿਸ਼ਤੇਦਾਰ ਕੁਝ ਘਬਰਾਏ ਤੇ ਏਧਰ ਉਧਰ ਨਸ ਕੇ ਪੂਰੇ ਹਾਲਾਂ ਦੀ ਪੜਤਾਲ ਕਰਨ ਲੱਗੇ। ਪਰ ਜੇਹਲ ਅਫਸਰ ਕਿਸੇ ਦੇ ਪਿੜ ਪਲੇ ਕੁਝ ਨਹੀਂ ਸਨ ਪਾਉਂਦੇ। ਨਾ ਕਿਸੇ ਦੀ ਮੁਲਾਕਾਤ ਹੋਣ ਦੇਂਦੇ ਸਨ। ਹਾਕਮਾਂ ਦੀ ਸਖਤੀ ਦਾ ਅਸਰ ਲੋਕਾਂ ਉੱਤੇ ਬਹੁਤ ਬੁਰਾ ਪਿਆ। ਜਲੂਸ ਨਿਕਲਣੇ ਸ਼ੁਰੂ ਹੋਏ ਤੇ ਜਲਸਿਆਂ ਵਿਚ ਭੁੱਖ-ਹੜਤਾਲੀਆਂ ਦੀਆਂ ਕੁਰਬਾਨੀਆਂ ਤੇ ਬਹਾਦਰੀਆਂ ਦੀਆਂ ਕਹਾਣੀਆਂ ਸੁਣਾਈਆਂ ਜਾਣ ਲਗੀਆਂ। ਜਨਤਾ ਦੀ ਹਮਦਰਦੀ ਜਿਤੀ ਜਾਣ ਲੱਗੀ। ਇਸ ਪ੍ਰਚਾਰ ਨੇ ਵੀ ਜੇਹਲ ਵਾਲਿਆਂ ਦੇ ਦਿਮਾਗ ਨੂੰ ਖਰਾਬ ਕਰ ਦਿੱਤਾ।

ਡਿਉੜੀ ਦਾ ਬੂਹਿਆ ਖੁਲ੍ਹਿਆ ਸੁਪ੍ਰੰਟੈਂਡੰਟ ਸਾਹਿਬ ਅੰਦਰ ਆ ਗਏ। ਉਹ ਆਪਣੇ ਦਫਤਰ ਵਿਚ ਨਹੀਂ ਬੈਠੇ ਸਗੋਂ ਸਿਧੇ ਚੱਕਰ ਨੂੰ ਹੀ ਏ। ਜਦੋਂ ਚੱਕਰ ਵਿਚ ਪੁੱਜੇ ਤਾਂ ਦਰੋਗੇ ਸਮੇਤ ਸਾਰਿਆਂ ਨੂੰ ਉਠ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਭੁਖ ਹੜਤਾਲੀ ਦਸ ਕੇ ਇਕ ਪਾਸੇ ਬਿਠਾਏ ਹੋਏ ਸਨ, ਉਹ ਨਹੀਂ ਉਠੇ ਉਹ ਚੁੱਪ ਚਾਪ ਬੈਠੇ ਰਹੇ।

'ਕੌਣ ਨੇ ਭੁੱਖ ਹੜਤਾਲੀ?'

ਸੁਪ੍ਰੰਟੈਂਡੰਟ ਨੇ ਪੁਛਿਆ।

'ਇਹ ਦਸ!'

ਦਰੋਗੇ ਨੇ ਬੈਠਿਆਂ ਵਲ ਹੱਥ ਦੀ ਸੋਟੀ ਨਾਲ ਇਸ਼ਾਰਾ ਕਰਕੇ ਦਸਿਆ।

ਉਨ੍ਹਾਂ ਦਸਾਂ ਕੈਦੀਆਂ ਵਲ ਦੇਖਕੇ ਸੁਪ੍ਰੰਟੈਂਡੈਟ ਉਨ੍ਹਾਂ ਨੂੰ ਆਖਣ ਲੱਗਾ, "ਕਿਉਂ ਜੁਆਨ! ਸਚ ਦਸੋ ਤੁਹਾਨੂੰ ਕਿਨ ਭੁਖ ਹੜਤਾਲ ਕਰਨ ਵਾਸਤੇ ਪ੍ਰੇਰਿਆ ਹੈ?'

ਉਨ੍ਹਾਂ ਕੈਦੀਆਂ ਵਿਚੋਂ ਇਕ ਨੇ ਉਤਰ ਦਿੱਤਾ, ਜਿਸ ਦਾ

ਨਾਂ ਲੱਖਾ ਸਿੰਘ ਸੀ, 'ਕਿਸੇ ਨਹੀਂ?'

'ਫਿਰ ਤੁਸੀਂ ਭੁੱਖ ਹੜਤਾਲ ਕਿਉਂ ਕੀਤੀ?'

'ਆਪਣੇ ਭਰਾਵਾਂ ਨਾਲ ਹਮਦਰਦੀ ਕਰਨ ਵਾਸਤੇ।'

'ਪਤਾ ਇਸ ਦੀ ਸਜ਼ਾ ਕੀ ਹੈ?'

'ਕੁਝ ਵੀ ਹੋਵੇ।'

'ਹੁਣ ਰੋਟੀ ਖਾਣੀ ਹੈ ਕਿ ਨਹੀਂ?'

'ਜਿੰਨਾ ਚਿਰ ਰਾਜਸੀ ਕੈਦੀਆਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਜਾਣ ਉਨਾ ਚਿਰ ਨਹੀਂ ਖਾਣੀ।'

'ਜੇ ਰੋਟੀ ਨਹੀਂ ਖਾਣੀ ਤਾਂ ਬੈਂਤ ਖਾਣ ਵਾਸਤੇ ਤਿਆਰ ਹੋ?

'ਜਿਵੇਂ ਹੁਕਮ!'

'ਕੀ ਹੁਕਮ ਰੋਟੀ ਦਾ?'

'ਨਹੀਂ ਬੈਂਤਾਂ ਦਾ!'

'ਮੂਰਖ ਰੋਟੀ ਖਾ ਲੈ ਐਵੇਂ ਬੈਂਤ ਨਾ ਖਾਹ! ਜਾਨ ਨੂੰ ਜੋਖੋਂ ਵਿੱਚ ਨਾ ਪਾ।

'ਇਸ ਹਮਦਰਦੀ ਦੀ ਲੋੜ ਨਹੀਂ। ਇਹ ਸਰੀਰ ਦੁਖ ਉਠਾਉਣ ਵਾਸਤੇ ਹੀ ਬਣਿਆ ਹੈ। ਸੁਖਾਂ ਦੀ ਇਸ ਨੂੰ ਲੋੜ ਨਹੀਂ...ਬੈਂਤ ਮਾਰੀਏ...ਦਸ...ਵੀਹ...ਤੀਹ? ਜਿੰਨੇ ਜੀ ਕਰੇ। ਤੁਹਾਡਾ ਕੰਮ ਹੈ ਜ਼ੁਲਮ ਕਰਨਾ ਤੇ ਅਸਾਡਾ ਜ਼ੁਲਮ ਨੂੰ ਸਹਿਣਾ।

'ਮੈਂ ਪੁਛਦਾ ਹਾਂ ਰੋਟੀ ਖਾਣੀ ਹੈ ਜਾਂ ਨਹੀਂ?'

ਸੁਪ੍ਰੰਟੈਂਡੈਂਟ ਕੁਝ ਕਹਿਰਵਾਨ ਹੋ ਕੇ ਬੋਲਿਆ।

'ਨਹੀਂ!'

ਲੱਖੂ ਨੇ ਦਲੇਰੀ ਨਾਲ ਹਿੱਕ ਚੌੜੀ ਕਰਕੇ ਉਤਰ ਦਿੱਤਾ।

'ਲੀੜੇ ਲਾਹ ਤੇ ਚਲ ਟਿਕ ਟਿੱਕੀ ਤੇ ਤੀਹ ਬੈਂਤ!'

ਸਪ੍ਰੰਟੈਂਡੰਟ ਦਾ ਹੁਕਮ ਸੀ।

ਲੱਖੂ ਛੱਬੀ ਕੁ ਸਾਲ ਦਾ ਸੌਖਾ ਗਭਰੂ ਸੀ। ਕਤਲ ਦੇ ਕੇਸ ਵਿਚ ਦਸ ਸਾਲ ਕੈਦ ਹੋਈ ਹੋਈ ਸੀ। ਸਪ੍ਰੰਟੈਂਡੰਟ ਦਾ ਹੁਕਮ ਸੁਣਕੇ ਉਹ ਉਠਿਆ। ਗਲੋਂ ਕੁੜਤਾ ਤੇ ਤੇੜੋ ਪਜਾਮਾ ਲਾਹ ਦਿੱਤਾ। ਮਲਮਲ ਦਾ ਪਰਨਾ ਤੇੜ ਵਲ ਕੇ ਟਿੱਕਟਿਕੀ ਦੇ ਕੋਲ ਚਲਿਆ ਗਿਆ। ਰਵਾਜ ਅਨੁਸਾਰ ਬੈਂਤ ਮਾਰਨ ਵਾਲਾ ਕਾਲੂ ਉਸ ਨੂੰ ਟਿੱਕਟਿੱਕੀ ਨਾਲ ਬੰਨਣ ਲਗਾ ਤਾਂ ਲੱਖੂ ਨੇ ਅਗੋਂ ਹਸ ਕੇ ਉਤਰ ਦਿਤਾ ਕਾਲੂ ਬੰਨ੍ਹਣ ਦੀ ਲੋੜ ਨਹੀਂ ਖੁਲ੍ਹੇ ਨੂੰ ਹੀ ਰੀਝ ਨਾਲ ਬੈਂਤ ਮਾਰ! ਜਿੰਨਾਂ ਮਾਂ ਦਾ ਦੁੱਧ ਪੀਤਾ ਈ ਉਨੇ ਜ਼ੋਰ ਨਾਲ ਬੈਂਤ ਮਾਰੀਂ। ਅਜ ਮੈਂ ਪਹਿਲੀ ਵਾਰ ਚਾਅ ਨਾਲ ਬੈਂਤ ਖਾਣ ਲੱਗਾ ਹਾਂ।'

ਕਾਲੂ ਨੇ ਇੱਕ ਨਾ ਸੁਣੀ। ਲੱਖੂ ਦੇ ਹੱਥ ਤੇ ਪੈਰ ਟਿੱਕ ਟਿੱਕੀ ਵਿਚ ਅੜਾ ਕੇ ਕਸ ਦਿਤੇ। ਲਕ ਨੂੰ ਚਮੜੇ ਦੀ ਪੇਟੀ ਨਾਲ ਬੰਨ੍ਹ ਦਿੱਤਾ। ਆਪਣੇ ਸਰੀਰ ਨੂੰ ਕਾਇਮ ਕਰਨ ਵਾਸਤੇ ਲੱਖੂ ਨੇ ਮਨ ਨੂੰ ਕ੍ਰੋਧ ਦੀ ਪਾਣ ਚੜ੍ਹੀ। ਬਦਲ ਵਾਂਗ ਗਰਜਕੇ ਬੋਲਿਆ,-'ਕਾਲੁ, ਤੂੰ ਮੇਰਾ ਕੈਦੀ ਭਰਾ ਏ, ਇਹਨਾਂ ਦੇ ਹੁਕਮ ਨਾਲ ਬੈਂਤ ਮਾਰਦਾ ਏ। ਤੇਰਾ ਦੋਸ਼ ਕੋਈ ਨਹੀਂ, ਪਰ ਮੈਂ ਇਹਨਾਂ ਜ਼ਾਲਮਾਂ ਨੂੰ ਪੁੱਛਦਾ ਹਾਂ ਕਿ (ਸੁਪ੍ਰੰਟੈਂਡੰਟ ਵਲ ਦੇਖਕੇ) ਕੀ ਗੋਰੇ ਦਾ ਰਾਜ ਸਦਾ ਰਹਿਣਾ ਹੈ .?ਬੇਈਮਾਨੋ......ਕੁੱਤਿਓ...ਚੰਡਾਲੋ...ਤੁਹਾਡੀ ਮਾਂ....ਲਹੂ ਨਾਲ ਹੱਥ ਨਾ ਰੰਗੋ...ਜਦੋਂ ਤੁਹਾਡਾ ਬਾਪੂ ਗੋਰਾ ਚਲਿਆ ਗਿਆ - ਫਿਰ ਤਾਂ ਕਾਲਿਆਂ ਦੇ ਵਸ ਪੈਣਾ ਜੇ। ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਜਾਤਿੰਦਰ ਨਾਥ...ਮਹਾਂ ਬੀਰ...ਕਿੰਨੇ ਸੋਹਣੇ ਤੇ ਸਿਅਣੇ ਗਭਰੂ ਨੇ ਉਨ੍ਹਾਂ ਨੂੰ ਦੁਖ ਦੇਂਦਿਆਂ ਹੋਇਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ?'

ਲੱਖੂ ਦੀ ਜ਼ਬਾਨੋ ਖਰੀਆਂ ਸੁਣਕੇ ਦਰੋਗਾ ਤੜਪ ਉਠਿਆ। ਹੱਥ ਵਾਲੀ ਸੋਟੀ ਨੂੰ ਭੋਂ ਉਤੇ ਮਾਰਦਾ ਹੋਇਆ ਉਹ ਕ੍ਰੋਧ ਤੇ ਸ਼ਰਮ ਨਾਲ ਲਾਲ ਪੀਲਾ ਹੋ ਕੇ ਕੜਕਿਆ..... ਚੁੱਪ ਰਹੋ! ਬਕਵਾਸ ਨਾ ਕਰ...ਮੈਂ ਜ਼ਬਾਨ ਖਿਚ ਲਵਾਂਗਾ?'

ਲੱਖੂ ਨੇ ਉਹਦੇ ਨਾਲੋਂ ਵੀ ਕਈ ਗੁਣਾਂ ਵਧ ਗੁਰਮ ਹੋ ਕੇ ਉਤਰ ਦਿੱਤਾ, ...ਧੀ ਦਿਆ ਯਾ.....ਤੇਰੀ ਮੌਤ ਨੇੜੇ ਆਈ ਹੈ। ਤੇਰੇ ਵਰਗੀਆਂ ਝੂਠਾਂ ਲੱਖੂ ਨੂੰ ਚੁੱਪ ਨਹੀਂ ਕਰਾ ਸਕਦੀਆਂ। ਲੱਖੂ ਨੇ ਅਜੇ ਆਪਣੇ ਮਨੋ-ਭਾਵਾਂ ਨੂੰ ਪੂਰਾ ਪ੍ਰਗਟ ਨਹੀਂ ਸੀ ਕੀਤਾ ਕਿ ਸੁਪ੍ਰੰਟੈਂਡੈਂਟ ਬੋਲ ਪਿਆ, ਬੈਂਤ ਲਾਓ ਬੈਂਤ!'

ਦਸ-ਬਾਰਾਂ ਕਦਮਾਂ ਦੂਰੋ ਨਸ ਕੇ ਆਕੇ ਤੇ ਬੈਂਤ ਨੂੰ ਘਮਾਉਂਦਾ ਹੋਇਆ ਕਾਲੂ ਤਾਂ ਬੈਂਤ ਮਾਰਨ ਲੱਗਾ। ਜਿਉਂ ਹੀ ਉਸ ਨੇ ਪਹਿਲਾ ਬੈਂਤ ਮਾਰਿਆ ਤੇ ਮਾਸ ਦੇ ਨਾਲ ਨੱਪ ਘਰੋੜ ਕੇ ਖਿਚਿਆ ਤਾਂ ਲੱਖੂ ਨੇ 'ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਲਾਇਆ।

ਦੂਸਰੇ ਬੈਂਤ ਨਾਲ ਚਿਤੜਾਂ ਦੇ ਮਾਸ ਦੀਆਂ ਬੋਟੀਆਂ ਉਡੀਆਂ। ਲਹੂ ਦੀ ਧਤੀਰੀ ਚਲ ਪਈ। ਪਰ ਜੁਆਨ ਨੇ ਸੀ ਨਹੀਂ ਕੀਤਾ। ਦੰਦਾਂ ਦੀ ਕਸੀਸ ਨਹੀਂ ਵਟੀ ਹਰ ਬੈਂਤ ਦੇ ਨਾਲ "ਇੰਕਲਾਬ ਜ਼ਿੰਦਾਬਾਦ!" ਬੋਲਦਾ ਰਿਹਾ।

ਇਹ ਦੋ....ਤਿੰਨ ਕਰਕੇ ਪੰਦਰਾਂ ਬੈਂਤ ਲਗ ਗਏ। ਲੱਖੂ ਨਾ ਘਬਰਾਇਆ। ਦਰੋਗਾ ਤੇ ਸੁਪ੍ਰੰਟੈਂਡੰਟ ਘਬਰਾ ਗਏ। ਉਨ੍ਹਾਂ ਨੂੰ ਪਤਾ ਸੀ ਕਿ ਜੇ ਕੈਦੀ ਦਸ ਬੈਂਤ ਖਾ ਜਾਵੇ ਤਾਂ ਮੁੜ ਉਹ ਨਹੀਂ ਘਾਬਰਦਾ। ਫਿਰ ਭਾਵੇਂ ਉਸ ਨੂੰ ਤੀਹ ਲਾ ਦਿਓ ਜਾਂ ਨੱਬੇ ਇਕੋ ਗਲ,ਹੈ।

"ਬਸ...।"

ਸੁਪ੍ਰੰਟੈਂਡੰਟ ਨੇ ਹੁਕਮ ਦਿੱਤਾ।

ਕਾਲੂ ਬੈਂਤ ਮਾਰਨੇ ਰੁਕ ਗਿਆ।

ਲੱਖੂ ਨੇ ਉਨ੍ਹਾਂ ਕੋਲੋਂ ਪੁਛਿਆ।

"ਬਸ ਕਿਉਂ ਕੀਤੀ ਜੇ? ਜੇ ਨੱਬੇ ਨਹੀਂ ਤਾਂ ਤੀਹ ਤਾਂ ਪੂਰੇ ਕਰੋ ਕਿਉਂ ਥੁਕ ਕੇ ਚਟਦੇ ਜੇ?"

ਪੰਦਰਾਂ ਬੈਂਤਾਂ ਨਾਲ ਲੱਖੂ ਦੇ ਚਿਤੜਾਂ ਦਾ ਮਾਸ ਸਾਰਾ। ਉਡ ਗਿਆ ਸੀ। ਚੂਲੇ ਦੇ ਹੱਡ ਉਤੇ ਵੀ ਬੈਂਤ ਲਗੇ ਸਨ, ਜਿਸ ਕਰਕੇ ਹੱਡ ਨੰਗਾ ਹੋ ਗਿਆ ਸੀ। ਸਾਰੇ ਦੇਖਣ ਵਾਲੇ ਲੱਖੂ ਦੇ ਹੌਸਲੇ ਦੀ ਦਾਦ ਦੇਂਦੇ ਸਨ।

"ਦਰੋਗਾ ਜੀ!" (ਸੁਪ੍ਰੰਟੈਂਡੰਟ ਨੇ ਦਰੋਗੇ ਨੂੰ ਸੰਬੋਧਨ ਕਰਕੇ ਆਖਿਆ) "ਇਨ੍ਹਾਂ ਸਾਰਿਆਂ ਨੂੰ ਬਾਰਕਾਂ ਵਿੱਚ ਡੱਕ ਦਿਓ। ਮਰਨ ਭੁਖੇ। ਬੈਂਤਾਂ ਦੀ ਸਜ਼ਾ ਦੇਣ ਦਾ ਕੁਝ ਲਾਭ ਨਹੀਂ! ਲੱਖੂ ਨੂੰ ਖੋਲ੍ਹ ਦਿਓ...ਲੈ ਚਲੋ ਟਿੱਕਟਿੱਕੀ...ਮੈਂ ਉਪਰ ਰੀਪੋਰਟ ਕਰ ਦੇਦਾ ਹਾਂ।"

ਇਹ ਆਖ ਕੇ ਸੁਪ੍ਰੰਟੈਂਡੰਟ ਕਾਹਲੀ ਪੈਰ ਪੁਟਦਾ ਹੋਇਆ ਡਿਉੜੀ ਨੂੰ ਚਲਿਆ ਗਿਆ।

ਲੱਖੂ ਨੂੰ ਟਿੱਕਟਿੱਕੀ ਨਾਲੋਂ ਖੋਲ੍ਹਿਆ ਗਿਆ। ਬੈਂਤਾਂ ਦੀ ਪੀੜਾ ਦੀ ਕੋਈ ਪ੍ਰਵਾਹ ਨਹੀਂ ਕੀਤੀ।

ਕੁੜਤਾ ਗਲ ਪਾ ਕੇ ਉਹ ਆਪਣੀ ਬਾਰਕ ਵਲ ਤੁਰ ਪਿਆ। ਡਾਕਟਰ ਕੋਲੋਂ ਪਟੀ ਕਰਾਉਣੀ ਵੀ ਚੰਗੀ ਨਾ ਸਮਝੀ। ਕਿਉਂਕਿ ਜੇਹਲ ਦੇ ਸਾਰੇ ਅਫਸਰਾਂ ਨੂੰ ਉਹ ਇਕੋ ਜਹੇ ਚੱਠੇ-ਵਟੇ ਸਮਝਦਾ ਸੀ।

ਸ਼ਹੀਦ ਭਗਤ ਸਿੰਘ : ੧੩.

ਭੁਖ ਹੜਤਾਲ ਨਾ ਟੁੱਟੀ।

ਪੂਰੇ ਦੋ ਮਹੀਨੇ ਹੋ ਗਏ।

ਭੁਖ-ਹੜਤਾਲੀ ਨੌਜੁਆਨ ਦੇਸ਼ ਭਗਤਾਂ ਦੇ ਸਰੀਰ ਕਮਜ਼ੋਰ ਹੋ ਗਏ। ਅੱਧਾ ਵਜ਼ਨ ਘੱਟ ਗਿਆ, ਉੱਠਣ, ਬੈਠਣ ਤੇ ਚਲਣ ਤੋਂ ਅਸਮਰਥ ਹੋ ਗਏ। ਮੰਜੇ ਉਤੇ ਹੀ ਲੇਟੇ ਰਹਿੰਦੇ, ਦਿਖਾਵੇ ਵਜੋਂ ਜੇਹਲ ਦਾ ਡਾਕਟਰ ਭਖ-ਹੜਤਾਲੀਆਂ ਨੂੰ ਨਾਲੀਆਂ ਰਾਹੀਂ ਦੁਧ ਪਾਉਂਦਾ। ਬਿਲ ਦੇਣ ਵੇਲੇ ਤਾਂ ਦਸਿਆ ਜਾਂਦਾ, ਫਲਾਂ ਦੀ ਖੰਡ, ਫਲਾਂ ਦੇ ਸਤ, ਆਂਡੇ ਤੇ ਕਰੀਮ ਦੁਧ ਵਿਚ ਰਲਾਕੇ ਦਿੱਤੀ ਜਾਂਦੀ ਹੈ, ਪਰ ਨਾਸਾਂ ਵਿਚ ਰਬੜ ਦੀਆਂ ਨਾਲੀਆਂ ਲਾ ਕੇ ਕੈਦੀਆਂ ਦੇ ਅੰਦਰੀਂ ਪਾਣੀ ਵਾਲਾ ਪਤਲਾ ਦੁਧ ਹੀ ਸੁਟਿਆ ਜਾਂਦਾ, ਉਸ ਪਾਣੀ ਪਤਲੇ ਦੁਧ ਨਾਲ ਕੋਈ ਆਸਰਾ ਨਾ ਹੁੰਦਾ। ਸਰੀਰਕ ਕਮਜ਼ੋਰੀ ਦਿਨੋਂ ਦਿਨ ਵਧਦੀ ਗਈ।

ਇਸ ਭੁਖ ਹੜਤਾਲ ਦੇ ਸਬੰਧ ਵਿਚ ਬਹੁਤ ਪ੍ਰਚਾਰ ਹੋਇਆ। ਸੈਂਕੜੇ ਜਲਸੇ ਹੋਏ। ਜਲੂਸ ਕਢੇ ਗਏ, ਪਰ ਸਰਕਾਰ ਦੇ ਕੰਨੀ ਜੂੰ ਨਾ ਸਰਕੀ, ਉਹ ਸਭ ਦੀਆਂ ਅਨ ਸੁਣੀਆਂ ਕਰਦ ਰਹੀ। ਭੁਖ ਹੜਤਾਲੀਆਂ ਦੀਆਂ ਮੰਗਾਂ ਵਲ ਕੋਈ ਖਿਆਲ ਨਾ ਕੀਤਾ,ਕਈਆਂ ਜੁਆਨਾਂ ਦੀਆਂ ਜਿੰਦੜੀਆਂ ਖਤਰੇ ਵਿੱਚ ਪੈ ਗਈਆਂ।

ਹੋਣੀ ਹੋਕੇ ਰਹਿੰਦੀ ਹੈ। ੧੩ ਸਤੰਬਰ ੧੯੨੯ ਦਾ ਚੰਦਰਾ ਦਿਹਾੜਾ ਆ ਗਿਆ, ਭੁੱਖ ਹੜਤਾਲ ਦਾ ਉਹ ੬੪ਵਾਂ ਦਿਨ ਸੀ, ਉਸ ਦਿਨ ਸਿਵਲ ਸਰਜਨ ਤੇ ਦੋ ਹੋਰ ਡਾਕਟਰ ਜੇਹਲ ਵਿਚ ਆਏ ਸਨ। ਕੰਪੋਡਰ, ਜੇਹਲ ਦੇ ਵਾਡਰ ਅਤੇ ਅਫਸਰ ਦੇ ਅੜਦਲੀ ਬੜੀ ਘਬਰਾਹਟ ਵਿਚ ਏਧਰ ਓਧਰ ਭਜੇ ਫਿਰਦੇ ਸਨ, ਜੋ ਉਨ੍ਹਾਂ ਦੀ ਭੱਜ-ਦੌੜ ਤੇ ਘਬਰਾਹਟ ਦੇਖਕੇ ਕੋਈ ਸਵਾਲ ਕਰਦਾ, ਕੀ ਮਾਮਲਾ ਹੈ ਅੱਜ?'

'ਕੁਝ ਭੁਖ ਹੜਤਾਲੀ ਬਹੁਤ ਤੰਗ ਨੇ ਉਨ੍ਹਾਂ ਦੇ ਜੀਉਂਦੇ ਰਹਿਣ ਦੀ ਕੋਈ ਆਸ ਨਹੀਂ, ਸਿਵਲ ਸਰਜਨ ਆਇਆ ਹੋਇਆ ਹੈ।'

'ਸਫਾਈ ਉਤੇ ਬਹੁਤ ਜ਼ੋਰ ਹੈ।'

'ਖਿਆਲ ਹੈ ਗਵਰਨਰ ਤੇ ਡਿਪਟੀ ਕਮਿਸ਼ਨਰ ਨਾ ਅੰਦਰ ਆਂ ਜਾਣ। ਆਈ. ਜੀ. ਨੂੰ ਵੀ ਟੈਲੀਫੋਨ ਕੀਤਾ ਗਿਆ ਹੈ।'

'ਕਿੰਨੇ ਜੁਆਂਨ ਤੰਗ ਹਨ?'

'ਦਸਾਂ ਦੀ ਹਾਲਤ ਤਾਂ ਬਹੁਤ ਨਾਜ਼ਕ ਹੈ, ਉਹ ਨਹੀਂ ਬਚਣਗੇ, ਜਤਿੰਦਰ ਨਾਥ ਦਾਸ ਨੂੰ ਤਾਂ ਗਸ਼ ਤੇ ਗਸ਼ ਪੈ ਰਹੀ ਹੈ।'

'ਦੇਖਣਾ ਪਈ,ਉਸ ਬੰਗਾਲੀ ਸ਼ੇਰ ਨੂੰ ਕੁਝ ਨਾ ਹੋਵੇ ਜੇ ਕੋਈ ਅਬੀ ਨਬੀ ਹੋ ਗਈ ਤਾਂ ਪੰਜਾਬ ਬਦਨਾਮ ਹੋ ਜਾਵੇਗਾ।'

'ਆਪਣੇ ਵਸ ਦੀ ਗਲ ਨਹੀਂ ਕੀ ਕਰੀਏ, ਲੰਮੀ ਕੈਦ ਮੁੱਕਣ ਵਾਲੀ ਹੈ, ਛੇ ਸਾਲ ਜੇਹਲ ਮੁਆਫੀ ਕੋਲ ਹੈ। ਪਿਛੇ ਬਾਲ ਬੱਚੇ ਤੰਗ ਹਨ। ਭੁਖ ਹੜਤਾਲੀਆਂ ਨਾਲ ਹਮਦਰਦੀ ਤਾਂ ਬਹੁਤ ਹੈ, ਬਸ ਮਰਦੇ ਨਾਲ “ਮਰਿਆ ਨਹੀਂ ਜਾਂਦਾ ਹਾਲਾਤ ਐਸੇ ਹਨ।'

ਇਹ ਜੁਆਬ ਪੀਲੀ ਵਾਲੇ ਨੰਬਰਦਾਰ ਨੇ ਦਿੱਤਾ ਸੀ। ਜੋ ਵੀਹ ਸਾਲਾ ਕੈਦੀ ਸੀ ਤੇ ਰਿਹਾ ਹੋਣ ਵਿਚ ਮਸਾਂ ਦੋ ਮਹੀਨੇ ਰਹਿੰਦੇ ਸਨ। ਉਸਦਾ ਨਕਸ਼ਾ ਹੋਮ ਸੈਕੇਟਰੀ ਦੇ ਦਫਤਰ ਗਿਆ ਹੋਇਆ ਸੀ।

ਜੇਹਲ ਦੇ ਚਾਰ ਚੌਫੇਰੇ ਲੋਕਾਂ ਦਾ ਭਾਰੀ ਇਕੱਠ ਸੀ, ਇਨਕਲਾਬ ਜ਼ਿੰਦਾਬਾਦ, ਭੁਖ ਹੜਤਾਲੀਆਂ ਦੀਆਂ ਮੰਗਾਂ ਪ੍ਰਵਾਨ ਕਰੋ। ਨੌਕਰਸ਼ਾਹੀ ਹਕੂਮਤ ਦਾ ਬੇੜਾ ਗਰਕ, ਦੇਸ਼ ਭਗਤ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਵਾਯੂ-ਮੰਡਲ ਗੂੰਜ ਰਿਹਾ ਸੀ, ਕੈਦੀ ਇਹ ਅਨਭਵ ਕਰ ਰਹੇ ਸਨ ਕਿ ਸ਼ਾਇਦ ਲੋਕਾਂ ਦਾ ਭਾਰੀ ਇਕੱਠ ਇੱਕ ਤੁਫਾਨ ਤੇ ਭੁਚਾਲ ਦਾ ਰੂਪ ਧਾਰ ਕੇ ਜੇਹਲ ਦੇ ਕੋਟ ਮੌਕੇ (ਬਾਹਰਲੀ ਕੰਧ) ਨੂੰ ਢਾਹ ਢੇਰੀ ਕਰ ਦੇਵੇਗਾ। ਲੰਮੇਰੀ ਉਮਰ ਦੇ ਕੈਦੀ ਰਿਹਾ ਹੋ ਜਾਣਗੇ। ਇਨਕਲਾਬ ਆ ਜਾਵੇਗਾ, ਕੋਈ ਸੋਚਦਾ ਸੀ ਕਿ ਜੇ ਕੋਟ ਮੌਕਾ ਡਿੱਗ ਪਿਆ ਤਾਂ ਨਸਣ ਤੋਂ ਪਹਿਲਾਂ ਉਹ ਉਸ ਚੰਦਰੇ ਵਾਡਰ ਨੂੰ ਜ਼ਰੂਰ ਮਾਰ ਜਾਵੇਗਾ। ਜਿਸ ਨੇ ਉਸ ਦੀਆਂ ਪੇਸ਼ੀਆਂ ਕਰਵਾਕੇ ਮੁਆਫੀ ਕਟਾਈ ਹੋਈ ਹੈ।...ਪਰ ਉਹ ਸਾਰੇ ਕੈਦੀਆਂ ਦੇ ਸੁਪਨੇ ਸਨ।

ਜੇਹਲ ਦੀ ਡਿਉੜੀ ਅੱਗੇ ਭਾਰੀ ਇਕੱਠ ਸੀ। ਇਕੱਠ ਦਾ ਜੋਸ਼ ਦੇਖਕੇ ਜੇਹਲ ਸੁਪ੍ਰੰਟੈਂਡੰਟ ਡਹਿਲ ਗਿਆ ਸੀ। ਉਸ ਨੇ ਵਾਧੂ ਪੁਲਸ ਮੰਗਵਾ ਕੇ ਕੋਟ ਮੌਕੇ ਦੇ ਬਾਹਰਲੇ ਪਾਸੇ ਡਬਲ ਪਾਹਰਾ ਲਾ ਦਿੱਤਾ ਸੀ। ਡਿਉੜੀ ਦੇ ਅੱਗੇ ਲੰਮੀ ਕਤਾਰ ਸਿਪਾਹੀਆਂ ਦੀ ਖਲੋਤੀ ਸੀ, ਜਿੰਨਾਂ ਦੇ ਹੱਥਾਂ ਵਿਚ ਡਾਂਗਾਂ ਤੇ ਬੰਦੂਕਾਂ ਸਨ।

ਸ: ਭਗਤ ਸਿੰਘ ਤੇ ਜਤਿੰਦਰ ਨਾਥ ਦਾਸ ਦੀਆਂ ਮੰਜੀਆਂ ਕੋਲੋ-ਕੋਲ ਸਨ। ਉਨ੍ਹਾਂ ਨੂੰ ਹਸਪਤਾਲ ਵਿਚ ਰਖਿਆ ਗਿਆ ਸੀ। ਉਨ੍ਹਾਂ ਤੋਂ ਦਸ ਕੁ ਫੁਟ ਦੂਰ ਤੇ ਦਸ ਬਾਰਾਂ ਹੋਰ ਭੁੱਖ-ਹੜਤਾਲੀਆਂ ਦੇ ਮੰਜੇ ਸੀ। ਜੋ ਕਮਜ਼ੋਰੀ ਦੇ ਕਾਰਨ ਨਾ ਬੋਲ ਸਕਦੇ ਸਨ ਤੇ ਨਾ ਉਠ ਕੇ ਮੰਜੇ ਉਤੇ ਬੈਠ ਸਕਦੇ ਸਨ। ਚਵੀ ਘੰਟੇ ਲੇਟੇ ਹੀ ਰਹਿੰਦੇ ਸਨ।

ਸ: ਭਗਤ ਸਿੰਘ ਵੀ ਨਿਰਬਲ ਹੋ ਚੁਕਾ ਸੀ, ਪਰ ਆਤਮਾ ਬਲਵਾਨ ਹੋਣ ਕਰਕੇ ਅਜੇ ਤੁਰ ਫਿਰ ਸਕਦਾ ਸੀ। ਗਲ-ਬਾਤ ਕਰਦਾ, ਪਰ ਬਹੁਤ ਹੌਲੀ। ਡਾਕਟਰ ਤੇ ਕੰਪੌਂਡਰ ਉਸ ਨੂੰ ਤੁਰਨੋਂ ਤੇ ਬੋਲਣੋ ਰੋਕਦੇ ਸਨ। ਉਨ੍ਹਾਂ ਦੇ ਰੋਕਣ ਤੇ ਵੀ ਉਹ ਮਲੋ ਮਲੀ ਤੁਰਕੇ ਆਪਣੇ ਸਾਥੀਆਂ ਨੂੰ ਮਿਲ ਆਉਂਦਾ। ਓਨਾਂ ਨੂੰ ਹਲਾ-ਸ਼ੇਰੀ ਦੇਂਦਾ।

੧੩ ਸਤੰਬਰ ਨੂੰ ਤੜਕੇ ਹੀ ਜਤਿੰਦ ਨਾਥ ਨੂੰ ਗਸ਼ਾਂ ਪੈਣ ਲੱਗ ਪਈਆਂ। ਆਪਣੇ ਸਰੀਰ ਦੀ ਕਮਜ਼ੋਰੀ ਦਾ ਕੋਈ ਖਿਆਲ ਨਾ ਕਰਕੇ ਸ: ਭਗਤ ਸਿੰਘ ਜਤਿੰਦ੍ਰ ਨਾਥ ਦੇ ਸਰਹਾਣੇ ਰਿਹਾ। ਕੋਈ ਪੰਜ ਵਜੇ ਦੇ ਲੱਗ-ਪੱਗ ਗਸ਼ਾਂ ਦਾ ਦੌਰਾ ਕਾਹਲਾ ਹੋ ਗਿਆ। ਚਾਰ-ਚਾਰ ਤੇ ਪੰਜ-ਪੰਜ ਮਿੰਟ ਪਿਛੋਂ ਗਸ਼ ਦਾ ਦੌਰਾ ਪੈਣ ਲੱਗਾ, ਜਦੋਂ ਹੋਸ਼ ਆਉਂਦੀ ਤਦੋਂ ਜਤਿੰਦਰ ਨਾਥ ਸ: ਭਗਤ ਸਿੰਘ ਵਲ ਦੇਖਦਾ, ਉਹ ਕੁਝ ਬੋਲਣਾ ਚਾਹੁੰਦਾ ਪਰ ਉਸ ਦੀ ਜ਼ਬਾਨ ਨਾ ਹਿਲਦੀ। ਉਹ ਪੱਥਰਾ ਚੁਕੀ ਸੀ। ਗੁੰਗਾ ਹੋ ਗਿਆ ਸੀ।

"ਕੋਈ ਚਿੰਤਾ ਨਾ ਕਰ ਵੀਰਾ! ਮੈਂ ਵੀ ਤੇਰੇ ਪਿੱਛੇ ਆਉਂਦਾ ਹਾਂ। ਜੀਵਨ ਦਾ ਇਹ ਚੋਲਾ ਛੱਡਕੇ ਨਵਾਂ ਜਨਮ ਫਿਰ ਭਾਰਤ ਵਿਚ ਧਾਰਨ ਕਰਾਂਗੇ। ਜੁਆਨ ਹੋ ਕੇ ਇਸ ਅੰਗ੍ਰੇਜ਼ ਸਾਮਰਾਜ ਨਾਲ ਇਕ ਟੱਕਰ ਹੋਰ ਲਵਾਂਗਾ.....ਮੈਂ ਪਿਛੇ ਨਹੀਂ ਰਹਿੰਦਾ ਤੇਰਾ ਸਾਥ ਦੇਵਾਂਗਾ।"

ਸ: ਭਗਤ ਸਿੰਘ ਨੇ ਜਤਿੰਦ੍ਰ ਨਾਥ ਦਾ ਸਿਰ ਘੁਟਦਿਆਂ ਹੋਇਆ ਆਖਿਆ ਸੀ।

"ਇਸ ਵੇਲੇ ਅਸਾਂ ਨੂੰ ਮਰਨਾ ਹੀ ਚਾਹੀਦਾ ਹੈ। ਇਹ ਮੌਤ ਬਹਾਦਰਾਂ ਵਾਲੀ ਮੌਤ ਹੈ। ਖੂਨ ਪਾਏ ਬਿਨਾਂ ਸੁਤੰਤ੍ਰਤਾ ਦਾ ਬੂਟਾ ਫਲਦਾ ਫੁਲਦਾ ਨਹੀਂ।'

ਚੰਦਰੇ ਅਫਸਰਾਂ ਨੇ ਭਗਤ ਸਿੰਘ ਨੂੰ ਗਲਾਂ ਕਰਨ ਤੋਂ ਰੋਕ ਦਿੱਤਾ। ਉਸ ਨੂੰ ਫੜਕੇ ਉਹਦੇ ਮੰਜੇ ਉਥੇ ਬੈਠਾ ਦਿੱਤਾ। ਮੰਜਾ ਚੁਕ ਕੇ ਵੀਹ ਗਜ਼ ਦੂਰ ਕੀਤਾ ਤੇ ਛੇ ਜੁਆਨਾਂ ਨੂੰ ਸਿਰ ਉਤੇ ਖੜਾ ਕੀਤਾ ਤਾਂਕਿ ਭਗਤ ਸਿੰਘ ਮੰਜੇ ਤੋਂ ਉਠ ਕੇ ਜਤਿੰਦਰ ਨਾਥ ਦੇ ਕੋਲ ਨਾ ਜਾਵੇ।

ਜਦੋਂ ਬਾਕੀ ਦੇ ਕੈਦੀਆਂ ਨੂੰ ਪਤਾ ਲਗਾ ਕਿ ਜਤਿੰਦਰ ਨਾਥ ਅੰਤਲੇ ਦਮਾਂ ਉਤੇ ਹੈ। ਉਹ ਘੜੀ ਪਲ ਦਾ ਪਰਾਹੁਣਾ ਹੈ ਤਾਂ ਉਨ੍ਹਾਂ ਦੇ ਦਿਲ ਤੜਪੇ। ਵਤਨ-ਸੇਵਕ-ਭਾਈ ਹੋਣ ਕਰਕੇ ਉਸ ਦੇ ਸਦੀਵੀ ਵਿਛੋੜੇ ਦੇ ਭੈ ਨੇ ਉਨ੍ਹਾਂ ਨੂੰ ਘੇਰਾਂ ਪਾਈਆਂ। ਉਹ ਜਾਂਦੀ ਵਾਰ ਵੀਰ ਦਾ ਦਰਸ਼ਨ ਕਰਨਾ ਚਾਹੁੰਦੇ ਸਨ। ਸ਼ਹੀਦ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਨੂੰ ਲੋਚਦੇ ਸਨ। ਉਨ੍ਹਾਂ ਦਰੋਗੇ, ਸੁਪ੍ਰੰਟੈਂਡੰਟ, ਡਿਪਟੀਆਂ ਦੇ ਵਾਡਰਾਂ ਅਗੇ ਸਵਾਲ ਕੀਤੇ ਕਿ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਆਗਿਆ ਦਿੱਤੀ ਜਾਵੇ। ਪਰ ਕੋਈ ਨਾ ਮੰਨਿਆਂ ਚੰਦਰੇ ਅਫਸਰਾਂ ਉਨ੍ਹਾਂ ਨੂੰ ਏਹੋ ਉਤਰ ਦੇਂਦੇ ਰਹੇ-ਜਤਿੰਦਰ ਨਾਥ ਦੀ ਹਾਲਤ ਹੁਣ ਚੰਗੀ ਹੋ ਗਈ ਹੈ। ਉਹ ਨਹੀਂ ਮਰੇਗਾ। ਜੇ ਉਸ ਦੀ ਜਾਨ ਬਚਾਉਣੀ ਜੇ ਤਾਂ ਭੁੱਖ ਹੜਤਾਲ ਛੱਡ ਦਿਓ। ਨਹੀਂ ਤੇ....."

ਇਹ ਉਤਰ ਸੁਣਕੇ ਭੁਖਹੜਤਾਲੀਆਂ ਦੇ ਸੀਨੇ ਛਾਨਣੀ ਹੋ ਜਾਂਦੇ। ਉਹ ਚਾਹੁੰਦੇ ਸਨ ਇਹ ਉੱਤਰ ਦੇਣ ਵਾਲੇ ਦੀਆਂ ਹੱਡੀਆਂ ਚੱਬ ਜਾਣ। ਨਰ ਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ਼ ਦੀ ਤਰ੍ਹਾਂ ਅਫਸ਼ਰਾਂ ਦਾ ਢਿੱਡ ਪਾੜਕੇ ਆਂਦਰਾਂ ਬਾਹਰ ਕੱਢ ਦੇਣ ਪਰ ਉਹ ਮਜਬੂਰ ਸਨ। ਸਮਾਂ ਓਨਾਂ ਨੂੰ ਆਗਿਆ ਨਹੀਂ ਸੀ ਦੇਦਾ। ਉਹ ਕੈਦੀ ਤੇ ਕਮਜ਼ੋਰ ਭੁਖ ਹੜਤਾਲੀ ਸਨ। ਉਹ ਮਨ ਹੀ ਮਨ ਫੈਸਲੇ ਕਰਦੇ ਸੀ, ਜਦੋਂ ਦੇਸ਼ ਆਜ਼ਾਦ ਹੋ ਜਾਵੇਗਾ, ਦੇਸ਼ ਵਿੱਚ ਸੁਤੰਤ੍ਰ ਲੋਕ ਰਾਜ ਕਾਇਮ ਕੀਤਾ ਜਾਵੇਗਾ ਤਾਂ ਇਨ੍ਹਾਂ ਜਨਤਾ ਦੇ ਦੁਸ਼ਮਨ ਅਫਸਰਾਂ ਨੂੰ ਕਰੜੀਆਂ ਸਜ਼ਾਵਾਂ ਦਿਤੀਆਂ ਜਾਣਗੀਆਂ ਜੋ ਦੇਸ਼ ਭਗਤਾਂ ਨੂੰ ਨਿਰਦੋਸ਼ ਹੀ ਕੋਹ ਕੋਹ ਕੇ ਮਾਰ ਰਹੇ ਨੇ। ਇਨ੍ਹਾਂ ਜ਼ਾਲਮਾਂ ਨੂੰ ਚੁਰਾਹੇ ਵਿਚ ਗੱਡ ਕੇ ਨੰਗੇ ਬਦਨਾਂ ਉਤੇ ਦਹੀਂ ਪਾ ਪਾਕੇ ਕੁਤਿਆਂ ਕੋਲੋਂ ਪੜਵਾਇਆ ਜਾਵੇਗਾ। ਇਹ ਦੇਸ਼ ਦੇ ਦੁਸ਼ਮਨ ਗ਼ਦਾਰ ਲੋਕ ਧ੍ਰੋਹੀ ਹਨ। ਲੋਕ ਰਾਜ ਵਿਚ ਐਸੇ ਚੰਦਰੇ ਅਫਸਰ ਵਾਸਤੇ ਕੋਈ ਥਾਂ ਨਹੀਂ ਹੋਵੇਗੀ।"

ਚੌਠ ਦਿਨਾਂ ਦੀ ਭੁੱਖ-ਹੜਤਾਲ ਦੇ ਕਾਰਨ ਆਖਰ ਜਤਿੰਦਰ ਨਾਥ ਦਾਸ ਸ਼ਹੀਦ ਹੋ ਗਿਆ। ਉਸ ਦਾ ਸਰੀਰ ਹਸਪਤਾਲ ਦੀ ਮੰਜੀ ਉਤੇ ਪਿਆ ਆਕੜ ਗਿਆ ਪਰ ਰੂਹ ਉਡਕੇ ਕਿਸੇ ਅਨਡਿੱਠ ਥਾਂ ਨੂੰ ਚਲੀ ਗਈ। ਤਨ ਕੈਦੀ ਸੀ ਮਨ ਅਜ਼ਾਦ ਹੋ ਗਿਆ। ਸਿਵਲ ਸਰਜਨ ਤੇ ਜੇਹਲ ਡਾਕਟਰ ਨੇ ਰੀਪੋਰਟ ਕਰ ਦਿੱਤੀ- 'ਜਤਿੰਦਰ ਨਾਥ ਦਾਸ ਮਰ ਗਿਆ।'

ਸੁਪ੍ਰੰਟੈਂਡੈਟ ਨੇ ਕਾਂਗ੍ਰਸ ਦੇ ਦਫਤਰ ਟੈਲੀਫੂਨ ਕੀਤਾ ਸ: ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜੀ, ਡਾਕਟਰ ਕਿਚਲੂ ਤੇ ਹੋਰ ਕਾਂਗ੍ਰਸੀ ਨੇਤਾ ਕਾਰਾਂ ਲੈਕੇ ਜੇਹਲ ਵਲ ਨਸ਼ੇ। ਉਹ ਸ਼ਹੀਦ ਦੇ ਸਰੀਰ ਦਾ ਯੋਗ ਸਤਕਾਰ ਕਰਨਾ ਚਾਹੁੰਦੇ ਹਨ। ਜਦੋਂ ਉਨਾਂ ਦੀਆਂ ਕਾਰਾਂ ਦੇ ਜੇਹਲ ਦੇ ਬੂਹੇ ਅਗੇ ਪੁਜੀਆਂ ਤਾਂ ਬਾਹਰਲੇ ਇਕੱਠ ਨੂੰ ਪਤਾ ਲਗ ਗਿਆ ਕਿ ਜਤਿੰਦਰ ਨਾਥ ਨੇ ਪ੍ਰਾਨ ਤਿਆਗ ਦਿਤੇ ਹਨ। ਉਸੇ ਵੇਲੇ-"ਸ਼ਹੀਦ ਜਤਿੰਦਰ ਨਾਥ ਦਾਸ ਜ਼ਿੰਦਾਬਾਦ! ਇਨਕਲਾਬ ਜ਼ਿੰਦਾਬਾਦ!...ਨੌਕਰ ਸ਼ਾਹੀ ਸਰਕਾਰ ਦੀ ਬੇੜਾ ਗਰਕ!" ਆਦਿਕ ਨਾਹਰੇ ਲਗਣੇ ਸ਼ੁਰੂ ਹੋ ਗਏ। ਲੋਕਾਂ ਦੇ ਦਿਲ ਜੋਸ਼ ਨਾਲ ਪਟਣ ਲੱਗੇ। ਮਾਤਮ ਦੀ ਸਫਾ ਵਿਛ ਗਈ, ਲਾਹੌਰੋਂ ਤਾਰਾਂ, ਟੈਲੀਫੋਨ, ਚਿੱਠੀਆਂ, ਤੇ ਹਲਕਾਰੇ ਬਾਹਰ ਨੂੰ ਭੇਜੇ ਗਏ, ਦਸਾਂ ਘੰਟਿਆਂ ਦੇ ਅੰਦਰ ਅੰਦਰ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਜਤਿੰਦਰ ਨਾਥ ਦੀ ਸ਼ਹੀਦੀ ਦੀ ਖਬਰ ਜੰਗਲ ਦੀ ਅੱਗ ਵਾਂਗ ਖਿਲਰ ਗਈ, ਉਸੇ ਵੇਲੇ ਬਾਜ਼ਾਰ ਬੰਦ ਹੋ ਗਏ। ਹੜਤਾਲ ਪੂਰਨ ਹੜਤਾਲ ਹੋਈ, ਕਾਲੀਆਂ ਮਾਤਮੀ ਝੰਡੀਆਂ ਹੱਥਾਂ ਵਿਚ ਲੈਕੇ ਲੋਕ ਘਰਾਂ ਨੂੰ ਛੱਡ ਤੁਰੇ, ਭਾਰਤ ਦੇ ਸਾਰੇ ਵਾਯੂ ਮੰਡਲ ਵਿੱਚ:-

'ਜਤਿੰਦਰ ਨਾਥ ਦਾਸ ਜ਼ਿੰਦਾ ਬਾਦ!'
'ਨੌਕਰ ਸ਼ਾਹੀ ਸਰਕਾਰ ਦਾ ਬੇੜਾ ਗਰਕ।'
'ਇੰਨਕਲਾਬ ਜ਼ਿੰਦਾਬਾਦ।'
'ਡੌਨ ਡੌਨ ਦੀ ਯੂਨੀਅਨ ਜੈਕ।'
ਦੇ ਨਾਹਰੇ ਗੂੰਜਣ ਲੱਗ ਪਏ ਸਨ।
'ਸ਼ਹੀਦ ਦੀ ਲਾਸ਼ ਨੂੰ ਕੋਲਕਤੇ ਲਿਜਾਯਾ ਜਾਵੇਗਾ।'
ਇਹ ਵੀ ਖਬਰ ਪੱਕੀ ਲੋਕਾਂ ਦੇ ਕੰਨੀ ਪਈ ਸੀ।

ਲਾਹੌਰ ਤੋਂ ਕਲਕਤੇ ਤੱਕ ਰੇਲਵੇ ਲਾਈਨ ਦੇ ਸਾਰੇ ਸਟੇਸ਼ਨਾਂ ਵਲ ਲੋਕ ਨਸਣ ਲੱਗੇ ਕਿ ਸ਼ਹੀਦ ਦੇ ਅੰਤਮ ਦਰਸ਼ਨ ਕੀਤੇ ਜਾਣ। ਸਟੇਸ਼ਨਾਂ ਉਤੇ ਭਾਰੀ ਇਕੱਠ ਜਮਾਂ ਹੋ ਗਏ।

ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਸ਼ਹੀਦ ਦੀ ਅਰਥੀ ਜੇਹਲੋਂ ਬਾਹਰ ਆਈ, ਨਾਹਰੇ ਲਾਉਂਦੇ ਹੋਏ ਲੋਕ ਅਰਥੀ ਉਤੇ ਫੁੱਲ ਚੜ੍ਹਾਉਣ ਲੱਗੇ, ਕਈ ਮੀਲ ਲੰਮਾ ਜਲੂਸ ਆਪਣੇ ਆਪ ਬਣ ਗਿਆ, ਕੋਈ ਕਿਸੇ ਨੂੰ ਸੱਦਣ ਨਹੀਂ ਗਿਆ। ਜੇਹਲ ਤੇ ਰੇਲਵੇ ਸਟੇਸ਼ਨ ਦੇ ਵਿਚਾਲੇ ਤਿਲ ਮਾਰਿਆ ਤੋਂ ਉਤੇ ਨਹੀਂ ਸੀ ਪੈਂਦਾ। ਅੰਗਰੇਜ਼ੀ ਸਾਮਰਾਜ ਦੇ ਵਿਰੁਧ ਵਲਵਲੇ ਦਾ ਇਕ ਭਿਆਨਕ ਤੁਫਾਨ ਸੀ। ਲੋਥ ਦੇਣ ਤੋਂ ਪਹਿਲਾਂ ਸਰਕਾਰ ਨੇ ਪੁਲਸ ਤੇ ਫੌਜ ਦਾ ਤਕ ਪ੍ਰਬੰਧ ਕੀਤਾ ਹੋਇਆ ਸੀ, ਕਿਉਂਕਿ ਜਨਤਾ ਦੇ ਭੜਕੀ ਜਜ਼ਬੇ ਕੋਲੋਂ ਸਰਕਾਰ ਨੂੰ ਭੌ ਸੀ।

ਪੰਜਾਬ ਮੇਲ ਦੇ ਪਹਿਲੇ ਦਰਜੇ ਦੇ ਡਬੇ ਨੂੰ ਰੀਜ਼ਰਵ ਕਰਵਾ ਕੇ ਜਤਿੰਦਰ ਨਾਥ ਦਾਸ ਦੀ ਆਖਰੀ ਨਿਸ਼ਾਨੀ ਨੂੰ ਬਰਫ ਨਾਲ ਸਾਂਭ ਕੇ ਰੱਖਿਆ ਗਿਆ, ਕਿਉਂਕਿ ਲਾਸ਼ ਦੇ 'ਸਸਕਾਰ ਕਰਨ ਦਾ ਫ਼ੈਸਲਾ ਕਲਕਤੇ ਹੋਇਆ ਸੀ, ਬੰਗਾਲੀ ਆਪਣੇ ਬਹਾਦਰ ਦੇਸ਼ ਭਗਤ ਦੇ ਅੰਤਮ ਦਰਸ਼ਨ ਕਰਨ ਬਦਲੇ ਤੜਪਦੇ ਸਨ।

ਜਿੰਨਾ ਚਿਰ ਕਲਕਤੇ ਪੁਜਕੇ ਲਾਸ਼ ਦਾ ਸਸਕਾਰ ਨਹੀਂ ਹੋ ਗਿਆ, ਉਨਾਂ ਚਿਰ ਸਾਰੇ ਕਲਕਤੇ ਵਿਚ ਹੜਤਾਲ ਰਹੀ ਆਖਦੇ ਨੇ ਸ਼ਹੀਦ ਜਤਿੰਦਰ ਨਾਥ ਦੀ ਅਰਥੀ ਨਾਲ ਜਿੰਨੇ ਕਲਕਤੇ ਵਾਸੀ ਤੇ ਬੰਗਾਲੀ ਇਕੱਠੇ ਹੋ ਕੇ ਸ਼ਾਮਲ ਹੋਏ, ਉਨੇ ਕਦੀ ਕਿਸੇ ਹੋਰ ਮਾਤਮੀ ਜਲੂਸ ਵਿਚ ਸ਼ਾਮਲ ਨਹੀਂ ਹੋਏ।

....................

ਜਤਿੰਦਰ ਨਾਥ ਦੇ ਵਿਛੋੜੇ ਦਾ ਸਲ ਅਜੇ ਜਨਤਾ ਦੇ ਦਿਲਾਂ ਤੋਂ ਮਿਟਿਆ ਨਹੀਂ ਸੀ ਕਿ ਮਹਾਤਮਾ ਬੁਧ ਦੇ ਚੇਲੇ ਭਿਖਸ਼ੂ ਪੌਗੀ ਵਜੀਆ ੧੬੪ ਦਿਨਾਂ ਦੀ ਭੁੱਖ ਹੜਤਾਲ ਦੇ ਕਾਰਨ ਰੰਗੂਨ ਜੇਹਲ ਵਿਚ ਸ਼ਹੀਦ ਹੋ ਗਏ। ਅਪਰ ਮਾਂਡਲ ਤੋਂ ਲਗਕੇ ਪਸ਼ਾਵਰ ਤੱਕ ਸੋਗ ਦੀ ਸਫਾ ਵਿਛ ਗਈ। ਵਜੀਆ ਜੀ ਭੜਕੀਲੀਆਂ ਤਕਰੀਰਾਂ ਕਰਨ ਦੇ ਦੋਸ਼ ਵਿੱਚ ਕਈ ਵਾਰ ਜੇਹਲ ਗਏ ਸਨ। ਬਰਮਾਂ ਦੀ ਜਨਤਾ ਵਿਚ ਆਪ ਦਾ ਬੜਾ ਸਤਕਾਰ ਸੀ।

ਇਉਂ ਦੋ ਜਨ ਸੇਵਕ ਹਫਤੇ ਹਫਤੇ ਦੀ ਵਿੱਥ ਤੇ ਬ੍ਰਤਾਨਵੀ ਸਾਮਰਾਜ ਦੇ ਜ਼ੁਲਮਾਂ ਦੇ ਸ਼ਿਕਾਰ ਹੋ ਗਏ।

ਸ਼ਹੀਦ ਭਗਤ ਸਿੰਘ : ੧੪.

ਸ: ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿਰੁਧ ਜੋ ਪੁਲਸ ਨੇ ਮਕੱਦਮਾ ਤਿਆਰ ਕੀਤਾ ਉਸ ਮੁਕੱਦਮੇਂ ਦਾ ਨਾਂ 'ਲਾਹੌਰ ਸਾਜ਼ਸ਼ ਕੇਸ ੧੯੨੯' ਰਖਿਆ ਸੀ। ਇਸ ਕੇਸ ਵਿੱਚ ੩੨ ਮੁਲਜ਼ਮ ਸਨ, ਜਿਨ੍ਹਾਂ ਵਿਚੋਂ ੯ ਅਜੇ ਹੱਥ ਨਹੀਂ ਸਨ ਆਏ। ਉਹ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਲੁਕੇ ਫਿਰਦੇ ਸਨ। ਪੁਲਸ ਦੀਆਂ ਅੱਖਾਂ ਨੂੰ ਧੋਖਾ ਦੇਣ ਵਿੱਚ ਹੁਸ਼ਿਆਰ ਸਨ। ਸੱਤਾਂ ਆਦਮੀਆਂ ਨੂੰ ਪੁਲਸ ਨੇ ਡਰ ਤੋਂ ਲਾਲਚ ਦੇਕੇ ਸੁਲਤਾਨੀ ਗਵਾਹ ਬਣਾ ਲਿਆ ਸੀ। ਸੁਲਤਾਨੀ ਗਵਾਹ ਕੀ ਬਣੇ? ਉਹ ਜੁਆਨ ਵਤਨ-ਧਰੋਹੀ ਜਾਂ 'ਗ਼ਦਾਰ' ਹੋ ਗਏ। ਮੌਤ ਤੇ ਸਰੀਰਕ ਕਸ਼ਟਾਂ ਤੋਂ ਡਰ ਗਏ। ਜਿੰਨਾ ਸਾਥੀਆਂ ਨਾਲ ਪਿਆਰ ਦੀ ਸਾਂਝ ਪਾਈ ਸੀ, ਜਿੰਨਾ ਨਾਲ ਸਾਂਝੇ ਜੀਵਨ ਮਰਨ ਦੇ ਕੌਲ ਕੀਤੇ ਸਨ, ਅਤੇ ਜਿੰਨਾਂ ਮਿੱਤ੍ਰਾਂ ਦੇ ਨਾਲ ਬੈਠਕੇ ਰੋਟੀਆਂ ਖਾਧੀਆਂ ਸਨ, ਓਨਾਂ ਦੇ ਮਿੱਤ੍ਰਾਂ ਵਿਰੁਧ ਗਵਾਹੀ ਦੇ ਕੇ ਉਨਾਂ ਨੂੰ ਕੈਦ ਕਰਾਉਣ ਤੇ ਫਾਹੇ ਲਵਾਉਣ ਨੂੰ ਤਿਆਰ ਹੋ ਪਏ ਬਣ ਗਏ ਮਿੱਤ੍ਰ-ਮਾਰ, ਮਿੱਤ੍ਰ ਮਾਰ ਨਰਕ ਦਾ ਭਾਗੀ ਹੁੰਦਾ ਹੈ। ਉਸ ਨੂੰ ਏਥੇ ਫਿੱਟਕਾਂ ਪੈਂਦੀਆਂ ਹਨ ਅਤੇ ਅਗਲੀ ਦੁਨੀਆਂ ਵਿੱਚ ਉਹ ਭਿਆਨਕ ਅੱਗ ਵਿੱਚ ਲੰਮੇਰੇ ਸਮੇਂ ਤਕ ਸੜਦਾ ਰਹਿੰਦਾ ਹੈ। ਲਾਲਚ ਤੇ ਡਰ ਦੇ ਕਾਰਨ ਉਹ ਲੋਕ ਜੀਵਨ ਪੈਂਤੜੇ ਤੋਂ ਥਿੜਕਦੇ ਨੇ ਅਜੇ ਕੱਚੇ ਹੁੰਦੇ ਨੇ। ਜਾਂ ਕਿਸੇ ਦਾ ਜੀਵਨ ਮਨੋਰਥ ਦੇਖ ਦੇਖੋ ਦੇਖੀ ਆਪਣੇ ਜੀਵਨ ਦਾ ਮਨੋਰਥ ਵੀ ਓਹੋ ਹੀ ਮਿੱਥ ਲੈਦੇਂ ਨੇ, ਪਰ ਹਾਣ ਲਾਭ ਨਹੀਂ ਸੋਚਦੇ। ਸੋਨਾ ਕੁਠਾਲ ਵਿੱਚ ਪਰਖਿਆ ਜਾਂਦਾ ਹੈ। ਦੇਸ਼ ਜਾਂ ਲੋਕ ਭਗਤ ਦੇ ਪਰਖਣ ਵਾਸਤੇ ਫਾਂਸੀ ਦਾ ਤਖਤਾ, ਜੇਹਲ ਦੀ ਕਾਲ ਕੋਠੜੀ, ਘਰ ਦੀ ਬਰਬਾਦੀ ਅਤੇ ਪੁਲਸ ਦੀ ਮਾਰ ਹੈ ਜੋ ਇਨ੍ਹਾਂ ਸਾਰੀਆਂ ਅਸਹਿ ਤਕਲੀਫਾਂ ਦਾ ਮੁਕਾਬਲਾ ਕਰ ਲੈਂਦਾ ਹੈ, ਉਹ ਸਚਾ ਦੇਸ਼ ਭਗਤ ਹੈ। ਉਹ ਮਰ ਕੇ ਵੀ ਸੰਸਾਰ ਵਿਚ ਅਮਰ ਰਹਿੰਦਾ ਹੈ। ਡੋਲ ਜਾਂਦਾ ਹੈ ਉਸ ਨੂੰ ਲੋਕ ਘਿਰਨਾ ਨਾਲ ਚੇਤੇ ਕਰਦੇ ਹਨ। ਉਹ ਸਿਰ ਉੱਚਾ ਕਰਕੇ ਤੇ ਛਾਤੀ ਤੱਣਕੇ ਨਹੀਂ ਤੁਰ ਫਿਰ ਸਕਦਾ। ਉਸ ਦੀ ਆਪਣੀ ਆਤਮਾ ਹੀ ਉਸ ਨੂੰ ਲਾਹਨਤਾਂ ਪਾਉਂਦੀ ਰਹਿੰਦੀ ਹੈ।

'ਫਕੀਰਾ ਫਕੀਰੀ ਦੂਰ ਹੈ ਜਿਉਂ ਉੱਚੀ ਲੰਮੀ ਖਜੂਰ। ਚੜ੍ਹ ਜਾਏ ਤਾਂ ਪੀਵੇਂ ਪ੍ਰੇਮਰਸ ਡਿੱਗ ਪਏ ਤਾਂ ਚਕਨਾਚੂਰ।'

ਜੋ ਵੀਰਾਂ ਦੇ ਦੁਸ਼ਮਣ ਬਣੇ ਉਹ ਇਹ ਸਜਨ ਸਨ:- ਗੋਪਾਲ, ਹੰਸ ਰਾਜ ਵੋਹਰਾ, ਰਾਮ ਸਰਨ ਦਾਸ, ਲਲਤ ਕੁਮਾਰ ਮੁਕਰ ਜੀ, ਬ੍ਰਹਮ ਦੱਤ, ਜਤਿੰਦਰ ਘੋਸ਼ ਅਤੇ ਮਨਮੋਹਨ ਮੁਕਰ ਜੀ। ਇਹ ਮੌਤ ਤੋਂ ਡਰੇ ਸਨ, ਪਰ ਇਨ੍ਹਾਂ ਵਿਚੋਂ ਈ ਮਰ ਗਏ ਹਨ ਤੇ ਰਹਿੰਦਿਆਂ ਨੂੰ ਥੋੜੇ ਦਿਨਾਂ ਨੂੰ ਮਰ ਜਾਣਾ ਹੈ। ਪਰ ਕਲੰਕ ਦਾ ਟਿੱਕਾ ਮੱਥੇ ਲਵਾ ਗਏ ਜੋ ਅਮਿਟ ਹੈ।

ਇਹ ਸਾਰੇ ਹੀ ਜੇਹਲ ਵਿਚ ਡਕੇ ਹੋਏ ਸਨ ਇ੍ਹਨਾਂ ਨੂ੍ੰ ਕਿਸੇ ਦੇ ਮਥੇ ਨਹੀਂ ਸੀ ਲਗਣ ਦਿੱਤਾ ਜਾਂਦਾ ਕਿ ਕਿਸੇ ਦੇ ਸਿਖੇ ਸਿਖਾਏ ਬਿਆਨਾਂ ਤੋਂ ਨਾ ਥਿੜਕ ਜਾਣ। ਪੁਲਸ ਇਨ੍ਹਾਂ ਨਾਲ ਲਾਡ ਪਿਆਰ ਚੋਖਾ ਕਰਦੀ ਸੀ। ਚੰਗਾ ਖਾਣ ਨੂੰ ਦੇਂਦੀ। ਕਿਤਾਬਾਂ ਤੇ ਅਖਬਾਰਾਂ ਪੜ੍ਹਨ ਨੂੰ। ਜੇਹਲ ਦੇ ਅਫਸਰ ਵੀ ਬੜਾ ਸਤਿਕਾਰ ਕਰਦੇ ਸਨ ਪਰ ਬਾਕੀ ਦੇ ਕੈਦੀ ਕੀ ਰਾਜਸੀ ਤੇ ਕੀ ਇਖਲਾਕੀ ਉਹ ਬੁਰਾ ਸਮਝਦੇ ਸਨ। ਜਿਸ ਨੰਬਰਦਾਰ ਜਾਂ ਵਾਡਰ ਦੀ ਨੌਕਰੀ ਉਨ੍ਹਾਂ ਉਪਰ ਹੁੰਦੀ ਉਹ ਵੀ ਕਈ ਵਾਰ ਆਖ ਦੇਂਦੇ..'ਮਾੜਾ ਕਰ ਰਹੇ ਜੇ ਆਪਣੇ ਮਿਤ੍ਰਾਂ ਨੂੰ ਫਾਂਸੀ ਟੰਗਾਵੋਗੇ... ਵਤਨ-ਧ੍ਰੋਹੀ ਬਣਨਾ ਚੰਗਾ ਨਹੀਂ, ਸਰਕਾਰ ਪ੍ਰਦੇਸੀ ਤੇ ਨਿਰਦਈ ਹੈ, ਦੇਸ਼-ਭਗਤਾਂ ਦੇ ਵਿਰੁਧ ਗਵਾਹੀ ਦੇਣਾ ਵਤਨ ਨਾਲ ਗਦਾਰੀ ਤੇ ਅੰਗ੍ਰੇਜ਼ੀ ਸਾਮਰਾਜ ਨਾਲ ਹਮਦਰਦੀ ਪ੍ਰਗਟ ਕਰਨਾ ਹੈ।'

ਇਹ ਸੁਣਕੇ ਉਹ ਸ਼ਰਮਿੰਦੇ ਹੋ ਜਾਂਦੇ, ਢੀਠਪੁਣੇ ਨਾਲ ਏਧਰ ਓਧਰ ਦੀਆਂ ਗਲਾਂ ਕਰਕੇ ਟਾਲ ਦੇਂਦੇ ਪਰ ਸਹੀ ਉੱਤਰ ਕੋਈ ਨਾ ਦੇਂਦੇ।

ਇਸ 'ਲਾਹੌਰ ਸ਼ਾਜਸ਼ ਕੇਸ' ਨੂੰ ਨੇਪਰੇ ਚਾੜ੍ਹਨ ਵਾਸਤੇ ਸਰਕਾਰ ਨੇ ਸਪੈਸ਼ਲ ਟ੍ਰਿਬਨਲ ਨਲ (ਉਚੇਚੀ ਅਦਾਲਤ) ਮੁਕਰਰ ਕੀਤਾ। ਸੰਟਰਲ ਜੇਹਲ ਦੀ ਇਕ ਬਾਰਕ ਨੂੰ ਹੀ ਅਦਾਲਤ ਦਾ ਕਮਰਾ ਮਿੱਥ ਲਿਆ ਗਿਆ। ੧੦ ਜੁਲਾਈ ੧੯੨੯ ਨੂੰ ਕੇਸ ਸ਼ੁਰੂ ਹੋਇਆ, ਉਸ ਵੇਲੇ ਹੋਰ ਕੈਦੀਆਂ ਦੇ ਨਾਲ ਸਾਰੇ ਮੁਲਜ਼ਮ ਭੁਖ ਹੜਤਾਲ ਉਤੇ ਸਨ। ਨਾਲ ਹੀ ਸ: ਭਗਤ ਸਿੰਘ ਜੀ ਦੀ ਅਗਵਾਈ ਹੇਠ ਸਾਰੇ ਮੁਲਜ਼ਮਾਂ ਨੇ ਫੈਸਲਾ ਕਰ ਲਿਆ ਕਿ ਜਿੰਨਾ ਚਿਰ ਭੁਖ ਹੜਤਾਲ ਦਾ ਫੈਸਲਾਂ ਨਾਂ ਹੋ ਜਾਵੇ ਉਨਾਂ ਚਿਰ ਅਦਾਲਤ ਵਿੱਚ ਮੁਕਦਮੇ ਵਾਸਤੇ ਪੇਸ਼ ਨਹੀਂ ਹੋਣਾ ਤੇ ਨਾ ਕਿਸੇ ਕਾਗਜ਼ ਉਤੇ ਦਸਖਤ ਕਰਨੇ ਜਾਂ ਨਿਸ਼ਾਨ ਅੰਗੂਠਾ ਲਾਉਣਾ ਹੈ।

ਮੁਕਦਮੇ ਦੇ ਸ਼ੁਰੂ ਵੇਲੇ ਜਦੋਂ ਮੁਲਜ਼ਮਾਂ ਨੂੰ ਅਦਾਲਤ ਸਪੈਸ਼ਲ ਟ੍ਰਬਿਉਨਲ ਦੇ ਸਾਹਮਣੇ ਪੇਸ਼ ਹੋਣ ਵਾਸਤੇ ਆਖਿਆ ਗਿਆ ਤਾਂ ਉਨ੍ਹਾਂ ਸਾਰਿਆਂ ਇੱਕ ਜ਼ਬਾਨ ਹੋ ਕੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ, ਉਸ ਵੇਲੇ ਹਾਜ਼ਰ ਦੋਸ਼ੀ ਇਹ ਸੋਲਾਂ ਸਨ:ਸਰਦਾਰ ਭਗਤ ਸਿੰਘ, ਸੁਖਦੇਵ, ਕਸ਼ੋਰੀ ਲਾਲ,ਸ਼ਿਵ ਵਰਮਾ, ਗਇਆ ਪ੍ਰਜ਼ਾਦ, ਜੈਦੇਵ ਕਪੂਰ, ਜਤਿੰਦਰ ਨਾਥ ਦਾਸ, ਕੰਵਲ ਨਾਥ ਤਿਵਾੜੀ, ਬੀ. ਕੇ. ਦਤ, ਜਾਤਿੰਦਰ ਨਾਥ ਸਾਨੀਆਲ, ਡਾਕਟਰ ਆਗਿਆ ਰਾਮ, ਦੇਸ ਰਾਜ, ਪ੍ਰੇਮ ਦਤ, ਸੁਰਿੰਦਰ ਪਾਂਡੇ, ਮਹਾਂਬੀਰ ਸਿੰਘ ਅਤੇ ਅਜੈ ਕੁਮਾਰ ਘੋਸ਼।

ਜੋ ਭਗੌੜੇ ਕਰਾਰ ਦਿਤੇ ਹੋਏ ਸਨ ਉਹ ਇਹ ਸਨ:-

੧. ਭਗੌਤੀ ਚਰਨ ਇਹ ਪੁਲਸ ਦੇ ਹੱਥ ਨਹੀਂ ਆਏ, ਪਰ ਦਰਿਆ ਰਾਵੀ ਦੇ ਕਿਨਾਰੇ ਬੰਬ ਬਣਾਉਂਦੇ ਹੋਏ, ਬੰਬ ਫਟਨ ਨਾਲ ਸ਼ਹੀਦ ਹੋ ਗਏ। ਫਾਂਸੀ ਲਗਣ ਵਾਲੇ ਸਾਥੀਆਂ ਨਾਲੋਂ ਇਹ ਪਹਿਲਾਂ ਉਨ੍ਹਾਂ ਦੀ ਰੂਹ ਨਵੇਂ ਜਨਮ ਨੂੰ ਧਾਰਨ ਕਰ ਬੈਠੀ ਸੀ।
੨. ਯਸ਼ ਪਾਲ।
੩. ਵਿਜੈ ਕੁਮਾਰ ਸਿਨਾਹ।
੪. ਚੰਦਰ ਸ਼ੇਖਰ ਆਜ਼ਾਦ।
੫. ਕਲਾਸ਼ ਪਤੀ।
੬. ਰਾਜ ਗੁਰੂ।
੭. ਪਾਲ।
੮. ਕੁੰਦਨ ਲਾਲ।
੯. ਸਤੰਗੋ।

ਇਨ੍ਹਾਂ ਵਿਚੋਂ ਕੁਝ ਨੂੰ ਪੂਨਾ ਤੇ ਹੋਰ ਅਸਥਾਨਾਂ ਤੋਂ ਗਿਫਤਾਰ ਕਰਕੇ ਮੁਕੱਦਮਾਂ ਚਲਣ ਵਿਚਾਲੇ ਲਾਹੌਰ ਸੈਂਟਰਲ ਜੇਹਲ ਵਿੱਚ ਲਿਆਂਦਾ ਗਿਆ। ਇਨ੍ਹਾਂ ਵਿਚੋਂ ਨੰਬਰ ੪. ਸੈਨਾਪਤੀ ਚੰਦਰ ਸ਼ੇਖਰ ਆਜ਼ਾਦ ਨੂੰ ਗੁਵਾਲੀਅਰ ਵਿੱਚ ਫਾਂਸੀ ਦਿੱਤਾ ਗਿਆ ਜਿਥੋਂ ਦਾ ਉਹ ਵਸਨੀਕ ਸੀ। ਉਸ ਸ਼ਹੀਦ ਦੀ ਵਿਧਵਾ ਮਾਤਾ ਅਜੇ ਗੁਵਾਲੀਅਰ ਵਿੱਚ ਜੀਵਨ ਦੇ ਦਿਨ ਕੱਟ ਰਹੀ ਹੈ।

ਦੋਸ਼ੀਆਂ ਦੇ ਅਦਾਲਤ ਵਿੱਚ ਪੇਸ਼ ਹੋਣ ਤੋਂ ਨਾਂਹ ਕਰਨਾ ਸਪੈਸ਼ਲ ਟ੍ਰਬਿਊਨਲ ਦੇ ਸਾਹਮਣੇ ਇਕ ਵੱਡਾ ਕਾਨੂੰਨੀ ਅੜਿਕਾ ਸੀ, ਕਿਉਂਕਿ ਪਹਿਲੇ ਫੌਜਦਾਰੀ ਕਾਨੂੰਨ ਦੀ ਰੂਹ ਅਨੁਸਾਰ ਕਿਸੇ ਦੋਸ਼ੀ ਦੀ ਗੈਰ ਹਾਜ਼ਰੀ ਵਿਚ ਕੋਈ ਮੁਕੱਦਮਾ ਨਹੀਂ ਸੀ ਚਲ ਸਕਦਾ। ਜੱਜਾਂ ਨੇ ਮੁਕੱਦਮੇਂ ਦੀ ਤਾਰੀਖ ਪੇਸ਼ੀ ਲੰਮੀ ਪਾਕੇ ਪੰਜਾਬ ਸਰਕਾਰ ਨੂੰ ਲਿਖ ਦਿਤਾ ਕਿ ਮੁਕੱਦਮਾ ਕਿਵੇਂ ਅਗੇ ਤੁਰੇ। ਪੁਲਸ ਧਕੇ ਨਾਲ ਦੋਸ਼ੀਆਂ ਨੂੰ ਅਦਾਲਤ ਵਿਚ ਹਾਜ਼ਰ ਕਰਨ ਤੋਂ ਅਸਮਰਥ ਹੈ ਕਿਉਂਕਿ ਸਾਰੇ ਦੇ ਸਾਰੇ ਮੁਲਜ਼ਮ ਭੁੱਖ-ਹੜਤਾਲ ਕਰੀ ਪਏ, ਨੇ। ਲੰਮੇਰੀ ਭੁੱਖ-ਹੜਤਾਲ ਦੇ ਕਾਰਨ ਉਨ੍ਹਾਂ ਦੀ ਸਰੀਰਕ ਦਸ਼ੀ ਮਾੜੀ ਹੈ। ਉਹ ਸਖਤੀ ਨ ਸਹਿ ਸਕਦੇ।

ਪੰਜਾਬ ਸਰਕਾਰ ਨੇ ਕੇਂਦਰੀ ਸਰਕਾਰ ਨਾਲ ਸਲਾਹ ਮਸ਼ਵਰਾ ਕਰਨ ਦੇ ਪਿਛੋਂ ਗਵਰਨਰ ਕੋਲੋਂ ਇਕ ਆਰਡੀਨੈਂਸ ਜਾਰੀ ਕਰਵਾਇਆ। ਉਸ ਆਰਡੀਨੈਂਸ ਵਿਚ ਇਹ ਲਿਖ ਦਿਤਾ ਗਿਆ ਕਿ ਦੋਸ਼ੀਆਂ ਦੀ ਗੈਰ-ਹਾਜ਼ਰੀ ਵਿਚ ਵੀ ਅਦਲਤ ਮੁਕੱਦਮਾ ਚਾਲੂ ਰੱਖ ਸਕਦੀ ਹੈ। ਇਸਤਗਾਸੇ ਵਲੋਂ ਗਵਾਹੀਆਂ ਪੇਸ਼ ਹੋ ਸਕਦੀਆਂ ਹਨ। ਜਦ ਫੈਸਲਾ ਦੇ ਸਕਦੇ ਹਨ ਤੇ ਉਹ ਫੈਸਲਾ ਦੋਸ਼ੀਆਂ ਬਾਰੇ ਜਾਇਜ਼ ਤੇ ਕਾਨੂੰਨੀ ਫੈਸਲਾ ਹੋਵੇਗਾ। ਗਵਰਨਰ ਨੇ ਆਪਣੇ ਉਚੇਚੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਆਰਡਨੈਂਸ ਜਾਰੀ ਕੀਤਾ ਪਰ ਉਸ ਨੇ ਇਹ ਧੱਕਾ ਕੀਤਾ। ਕਿਸੇ ਆਜ਼ਾਦ ਦੇਸ਼ ਦੀਆਂ ਅਦਾਲਤਾਂ ਦੇ ਇਤਹਾਸ ਵਿਚੋਂ ਇਹ ਮਿਸਾਲ ਨਹੀਂ ਮਿਲਦੀ।

ਉਸ ਉਚੇਚੇ ਆਰਡੀਨੈਂਸ ਦਾ ਆਸਰਾ ਲੈਕੇ ਸਪੈਸ਼ਲ ਟ੍ਰਿਬੂਨਲ ਨੇ ਮੁਕਦਮਾ ਸ਼ੁਰੂ ਕਰ ਦਿੱਤਾ। ਕੋਈ ਦੋਸ਼ੀ ਹਾਜ਼ਰ ਨਾ ਹੋਇਆ ਤੇ ਨਾ ਦੋਸ਼ੀਆਂ ਵਲੋਂ ਕੋਈ ਵਕੀਲ ਸਫ਼ਾਈ ਪੇਸ਼ ਹੋ ਸਕਿਆ। ਪੁਲਸ ਨੇ ਗੁਵਾਹੀਆਂ ਪੇਸ਼ ਕੀਤੀਆਂ। ਸੁਲਤਾਨੀ ਗੁਵਾਹਾਂ ਦੇ ਬਿਆਨ ਕਰਵਾਏ ਗਏ। ਕਿਸੇ ਗਵਾਹ ਉਤੇ ਕਿਸੇ ਮੁਲਜ਼ਮ ਵਲੋਂ ਕੋਈ ਜਿਰਹ ਨਾ ਹੋਈ। ਜੋ ਪੁਲਸ ਦਾ ਜੀ ਕੀਤਾ ਸੋ ਕੁਝ ਜਜਾਂ ਨੂੰ ਲਿਖਵਾਕੇ ਸੈਂਕੜੇ ਸਫੇ ਕਾਲੇ ਕੀਤੇ ਗਏ। ਮਹਾਂ ਭਾਰਤ ਪੁਸਤਕ ਦੀ ਤਰ੍ਹਾਂ ਮਿਸਾਲਾਂ ਦੇ ਗ੍ਰੰਥ ਬਣਾਏ ਗਏ। ਮੁਕਦਮੇ ਚਲਦੇ ਵਿਚ ਹੀ ਜਤਿੰਦਰ ਨਾਥ ਦਾਸ ਸ਼ਹੀਦ ਹੋ ਗਿਆ। ਉਸ ਸ਼ਹੀਦ ਦੇ ਵਿਰੋਧ ਵੀ ਗੁਵਾਹੀਆਂ ਹੁੰਦੀਆਂ ਰਹੀਆਂ। ਆਪਣੇ ਵਿਰੁਧ ਝੂਠੀਆਂ ਗੁਵਾਹੀਆਂ ਸੁਣਕੇ ਜਤਿੰਦਰ ਨਾਥ ਦੀ ਰੂਹ ਖਿੜ ਖੜਾ ਕੇ ਹੱਸਦੀ ਸੀ। "ਪਾਗਲੋ......ਇਸ ਅਨਿਆਏ, ਝੂਠ ਤੇ ਫਰੇਬ ਨੇ ਸਾਰੇ ਅੰਗ੍ਰੇਜ਼ ਸਾਮਰਾਜ ਨੂੰ ਥੋੜੇ ਦਿਨਾਂ ਵਿਚ ਬਰਬਾਦ ਕਰ ਦੇਣਾ ਹੈ। ਹਿੰਦ ਆਜ਼ਾਦ ਹੋਵੇਗਾ। ਬਹੁਤ ਛੇਤੀ ਆਜ਼ਾਦ ਹੋਵੇਗਾ) ੧੯੨੯ ਦਾ ਸਾਲ ਲੰਘ ਗਿਆ ਤੇ ੧੯੩੦ ਆ ਗਿਆ, ਪਰ ਮੁਕਦਮਾ ਨਾ ਮੁਕਿਆ।

ਪਹਿਲੀ ਜਨਵਰੀ ੧੯੩੦ ਨੂੰ ਪੰਡਤ ਜਵਾਹਰ ਲਾਲ ਦੀ ਪ੍ਰਧਾਨਗੀ ਹੇਠਾਂ ਇਕੱਠਿਆਂ ਹੋ ਕੇ ਪੂਰਨ ਸੁਤੰਤ੍ਰਤਾਂ ਹਾਸਲ ਕਰਨ ਦੀ ਸੌਂਹ ਖਾਧੀ। ਆਪਣਾ ਝੰਡਾ ਬਣਾ ਕੇ ਲਹਿਰਾਇਆ, ਲਖਾਂ ਦੀ ਗਿਣਤੀ ਵਿੱਚ ਹਿੰਦੀ ਇਕੱਠੇ ਹੋਏ। ਉਹ ਇਕੱਠ ਉਸ ਥਾਂ ਉਤੇ ਸੀ ਜਿਥੇ ਦੇਸ਼ ਭਗਤ ਭਗੌਤੀ ਚਰਨ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਨੌਜੁਆਨਾਂ ਦੀਆਂ ਧੜਕਦੀਆਂ ਛਾਤੀਆਂ ਪ੍ਰਗਟ ਕਰਦੀਆਂ ਸਨ ਕਿ ਆਜ਼ਾਦੀ ਹਾਸਲ ਕਰਨ ਵਾਸਤੇ ਇਹ ਜੁਆਨ ਕੁਝ ਕਰਨਗੇ ਜੇਹਲਾਂ ਵਿਚ ਡਕ ਤੇ ਦੁਖੜੇ ਸਹਿ ਰਹੇ ਜੁਆਨਾਂ ਨੂੰ ਜ਼ਰੂਰ ਆਜ਼ਾਦ ਕਰਾਉਣਗੇ।

ਪੂਰਨ ਸੁਤੰਤ੍ਰਤਾ ਦੇ ਐਲਾਨ ਨੂੰ ਸੁਣਕੇ ਹਕੂਮਤ ਦੇ ਕੁਝ ਪੈਰ ਥਿੜਕੇ। ਨਾਲ ਹੀ ਇਹ ਫੈਸਲਾ ਵੀ ਸੁਣਿਆਂ ਗਿਆ ਕਿ ੨੬ ਜਨਵਰੀ ਨੂੰ ਹਰ ਸਾਲ ਆਜ਼ਾਦੀ ਦਾ ਦਿਹਾੜਾ ਮੰਨਿਆ ਜਾਇਆ ਕਰੇਗਾ। ਸਿਆਣੇ ਤੇ ਚਲਾਕ ਅੰਗਰੇਜ਼ ਨੇ ਸਮੇਂ ਦੀ ਕਦਰ ਕਰਦਿਆਂ ਹੋਇਆਂ ਝਟ ਕਾਂਗਰਸ ਨਾਲ ਸਮਝੌਤਾ ਕਰਨ ਦੀ ਕੋਸ਼ਸ਼ ਕਰ ਲਈ, ਉਸੇ ਕੋਸ਼ਸ਼ ਦਾ ਇੱਕ ਫਲ ਇਹ ਹੋਇਆ ਕਿ ਲਾਹੌਰ ਸੈਂਟਰਲ ਜੇਹਲ ਦੇ ਕੈਦੀਆਂ ਦੀ ਭੁੱਖ ਹੜਤਾਲ ਟੁਟ ਗਈ। ਦੋ ਮਹੀਨੇ ਪਿਛੋਂ ਕੈਦੀ ਤਾਂ ਅਰੋਗ ਹੋ ਗਏ। ਪਰ ਜੋ ਜੇਹਲ ਸੁਧਾਰ ਕਰਨ ਦਾ ਫੈਸਲਾ ਕੀਤਾ ਤੇ ਜੋ ਜੇਹਲ ਸੁਧਾਰ ਕਮੇਟੀ ਮੁਕੱਰਰ ਕਰਨ ਦਾ ਬਚਨ ਦਿੱਤਾ; ਉਹ ਅਮਲ ਵਿਚ ਨਾ ਆਇਆ। ਇਕਰਾਰ ਇਕਰਾਰ ਹੀ ਰਿਹਾ। ਗਵਰਨਰ ਜਨਰਲ ਨੇ ਗਾਂਧੀ ਜੀ ਤੇ ਹੋਰ ਕਾਂਗਰਸੀ ਲੀਡਰਾਂ ਨਾਲ ਗਲਾਂ ਬਾਤਾਂ ਕਰਕੇ ਇਹ ਜਾਚ ਲਿਆ ਕਿ ਜੇ ਸਰਕਾਰ ਬਾਗੀਆਂ ਇਨਕਲਾਬੀ ਨੌਜੁਆਨਾਂ ਨੂੰ ਮੁਕਦਮਿਆਂ ਦੇ ਆਸਰੇ ਲੰਮੀਆਂ ਸਜ਼ਾਵਾਂ ਦੇ ਵੀ ਦਿੱਤੀਆਂ ਤਾਂ ਕਾਂਗ੍ਰਸੀਏ ਕੋਈ ਗੜਬੜ ਨਹੀਂ ਕਰਨਗੇ, ਕਿਉਂਕਿ ਕਾਂਗਰਸੀ ਲੀਡਰਾਂ ਨੇ ਸਾਫ ਆਖ ਦਿੱਤਾ ਸੀ ਕਿ ਨੌਜੁਆਨਾਂ ਦੀ ਢਾਹੂ ਤੇ ਗੜਬੜ ਕਰੂ ਤੇ ਇਨਕਲਾਬੀ ਪਾਲਸੀ ਨਾਲ ਕੋਈ ਹਮਦਰਦੀ ਨਹੀਂ! ਕਾਂਗ੍ਰਸੀਏ ਦਸਤੂਰ ਤੇ ਸੁਧਾਰ ਵਾਦੀ ਹਨ। ਸ਼ਾਂਤ-ਮਈ ਦਾ ਤਿਆਗ ਕਰਕੇ ਕੁਝ ਕਾਨੂੰਨੀ ਸੁਧਾਰ ਕਰਨ ਦੇ ਹਾਮੀ ਹਨ। ਉਨ੍ਹਾਂ ਦਾ ਕੰਮ ਹੈ ਅੰਗਰੇਜ਼ ਦਾਤੇ ਕੋਲੋਂ ਅਜ਼ਾਦੀ ਦਾ ਖੈਰ ਮੰਗਣਾ। ਲੜ ਕੇ ਆਜ਼ਾਦੀ ਹਾਸਲ ਕਰਨ ਦਾ ਉੱਕਾ ਹੀ ਖਿਆਲ ਨਹੀਂ। ਜੋ ਨੌ-ਜੁਆਨ ਖੂਨੀ ਇਨਕਲਾਬ ਦੇ ਚਾਹਵਾਨ ਹਨ, ਉਹ ਰੂਸ ਦੀ ਪਾਲਸੀ ਅਨੁਸਾਰ ਚਲਦੇ ਹਨ।

ਮੁਕੱਦਮਾ ਮੁਕ ਗਿਆ, ਪਰ ਜੱਜਾਂ ਨੇ ਓਨਾ ਚਿਰ ਫੈਸਲਾ ਨਾਂ ਸਣਾਇਆ ਜਿੰਨਾ ਚਿਰ ਗਵਰਨਰ ਜਨਰਲ ਹਿੰਦ ਵਲੋਂ ਹੁਕਮ ਨਹੀਂ ਆਇਆ। ਆਖਰ ਹੁਕਮ ਆਉਣ ਉਤੇ ਜੱਜਾਂ ਨੇ ਲਾਹੌਰ ਸਾਜ਼ਸ਼ ਕੇਸ' ਦਾ ਫੈਸਲਾ ਸੁਣਾ ਹੀ ਦਿੱਤਾ। ਫੈਸਲਾ ਸੁਣਨ ਵਾਸਤੇ ਵੀ ਦੋਸ਼ੀ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਉਨ੍ਹਾਂ ਦੀਆਂ ਬਾਰਕਾਂ ਵਿਚ ਹੀ ਉਨ੍ਹਾਂ ਨੂੰ ਫੈਸਲਾ ਸੁਣਾਇਆ ਗਿਆ ਜੋ ਇਸਤਰ੍ਹਾਂ ਸੀ:-

੧. ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ।
੨. ਕਸ਼ੋਰੀ ਲਾਲ, ਮਹਾਂਬੀਰ ਸਿੰਘ, ਵਿਜੈ ਕੁਮਾਰ ਸ਼ਿਨਾਹ, ਸ਼ਿਵ ਵਰਮਾ, ਗਿਆ ਪ੍ਰਸ਼ਾਦਿ, ਜੈ ਦੇਵ ਤੇ ਕਮਲ ਨਾਥ ਤਿਵਾੜੀ ਨੂੰ ਉਮਰ ਕੈਦ ਦੀ ਸਜ਼ਾ।
੩. ਕੁੰਦਨ ਲਾਲ ਨੂੰ ਸੱਤ ਸਾਲ ਦੀ ਸਖਤ ਸਜ਼ਾ।
੪. ਪ੍ਰੇਮ ਦੱਤ ਨੂੰ ਪੰਜ ਸਾਲ ਦੀ ਸਖਤ ਸਜ਼ਾ। ਬਾਕੀ ਦਿਆਂ ਨੂੰ ਬਰੀ ਕਰ ਦਿੱਤਾ ਗਿਆ।

ਸ: ਮਹਾਂਬੀਰ ਸਿੰਘ ਜੀ ਨੂੰ ਸਜ਼ਾ ਦੇਣ ਪਿਛੋਂ ਕਾਲੇ ਪਾਣੀ ਭੇਜਿਆ ਗਿਆ। ਕਾਲੇ ਪਾਣੀ ਦੀ ਜੇਹਲ ਵਿੱਚ ਬਹੁਤ ਸਖਤੀਆਂ ਸਨ। ਜੇਹਲ ਸੁਧਾਰ ਵਾਸਤੇ ਹੋਰ ਕੈਦੀਆਂ ਦੇ ਨਾਲ ਸਰਦਾਰ ਮਹਾਂਬੀਰ ਸਿੰਘ ਨੇ ਵੀ ਭੁਖ ਹੜਤਾਲ ਕਰ ਦਿੱਤੀ। ਉਸ ਭੁੱਖ-ਹੜ੍ਹਤਾਲ ਦੇ ਕਾਰਨ ਉਹ ਸ਼ਹੀਦ ਹੋ ਗਏ। ਸ਼ਹੀਦੀ ਪ੍ਰਾਪਤ ਕਰਕੇ ਉਸ ਦੀ ਰੂਹ ਵੀ ਬਾਕੀ ਸ਼ਹੀਦ ਮਿਤ੍ਰਾਂ ਦੀਆਂ ਰੂਹਾਂ ਨਾਲ ਜਾ ਮਿਲੀ।

ਸੁਪ੍ਰੰਟੈਂਡੈਂਟ, ਦੇ ਨਾਲ ਸਰਕਾਰੀ ਵਕੀਲ ਓਨਾਂ ਬਾਰਕਾਂ ਵਿਚ ਗਿਆ ਜਿਥੇ ਸਰਦਾਰ ਭਗਤ ਸਿੰਘ ਤੇ ਉਸ ਦੇ ਦੂਸਰੇ ਸਾਥੀ ਬੰਦ ਸਨ।

ਵਕੀਲ ਅਦਾਲਤ ਦਾ ਫੈਸਲਾ ਸੁਣਾਉਣ ਵਾਸਤੇ ਗਿਆ ਸੀ। ਉਸ ਨੇ ਸਭ ਤੋਂ ਪਹਿਲਾਂ ਭਗਤ ਸਿੰਘ ਨੂੰ ਕੋਲ ਸੱਦ ਕੇ ਬੜੀ ਗੰਭੀਰਤਾ ਨਾਲ ਆਖਿਆ, 'ਸਰਦਾਰ ਭਗਤ ਸਿੰਘ ਬਹੁਤ ਅਫਸੋਸ ਹੈ ਕਿ ਆਪ ਨੂੰ ਅਦਾਲਤ ਨੇ ਸਜ਼ਾਏ ਮੌਤ ਦਾ ਹੁਕਮ ਦਿੱਤਾ ਹੈ।'

'ਅਫਸੋਸ ਕਰਨ ਵਾਲੀ ਕੋਈ ਗੱਲ ਨਹੀਂ ਮੈਂ ਸੁਣ ਚੁਕਾ ਹਾਂ' ਸ: ਭਗਤ ਸਿੰਘ ਨੇ ਅਗੋਂ ਉੱਤਰ ਦਿੱਤਾ, ਅਜ ਤੋਂ ਸਾਲ ਪਹਿਲਾਂ ਸਾਨੂੰ ਪਤਾ ਸੀ ਕਿ ਏਹੋ ਹੀ ਸਜ਼ਾ ਮਿਲਣੀ ਹੈ।

ਆਪ ਬਹਾਦਰ ਜੇ ਆਪ ਦੀ ਦਲੇਰੀ ਦੀ ਦਾਦ ਦੇਂਦੇ ਹਾ, ਪਰ ਇਹ ਜੁਆਨੀ ਇਸ ਸਜ਼ਾ ਦੇ ਯੋਗ ਨਹੀਂ ਸੀ।'

ਵਕੀਲ ਚੁਪ ਨਾ ਰਹਿ ਸਕਿਆ।

'ਸਾਹਬ ਬਹਾਦਰ! ਜੁਆਨੀ ਵਿਚ ਹੀ ਐਸੀ ਸਜ਼ਾ ਮਿਲੇ ਤਾਂ ਚੰਗਾ ਹੈ, ਮੇਰੇ ਬਜ਼ੁਰਗ ਦਸਿਆ ਕਰਦੇ ਸੀ:-

'ਜਿਸ ਮਰਨੇ ਤੇ ਜਗੁ ਡਰੇ, ਮੇਰੇ ਮਨ ਆਨੰਦ।,
ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ।'

ਦੇਸ਼ ਦੀ ਆਜ਼ਾਦੀ ਤੇ ਹਿੰਦ ਵਿਚ ਸਮਾਜਵਾਦੀ ਲੋਕ ਰਾਜ ਕਾਇਮ ਕਰਨ ਦੇ ਘੋਲ ਬਦਲੇ ਮੈਂ ਫਾਂਸੀ ਲਗਣਾ ਹੈ ਇਹ ਕਈ ਮਾੜਾ ਕਰਮ ਨਹੀਂ ਜਿਸ ਦਾ ਅਫਸੋਸ ਕੀਤਾ ਜਾਵੇ। ਮੈਂ ਚੋਰੀ, ਬਦ-ਇਖਲਾਕੀ ਜਾਂ ਕਿਸੇ ਜ਼ਮੀਨ ਬਦਲੇ ਕਿਸੇ ਵੀਰ ਨੂੰ ਕਤਲ ਕਰਕੇ ਫਾਂਸੀ ਨਹੀਂ ਲਗਣਾ, ਮੈਨੂੰ ਬਹੁਤ ਖੁਸ਼ੀ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਫਾਂਸੀ ਦੇ ਤਖਤੇ ਉਤੇ ਖਲਿਹਾਰਨ ਦੀ ਥਾਂ ਛੇਤੀ ਤੋਂ ਛੇਤੀ ਮੈਨੂੰ ਰਾਇਫਲ ਨਾਲ ਸ਼ੂਟ ਕੀਤਾ ਜਾਵੇ। ਤਾਂ ਕਿ ਮੈਂ ਕਿਸੇ ਦਲੇਰ ਤੇ ਦੇਸ਼ ਭਗਤ ਮਾਂ ਬਾਪ ਦੇ ਘਰ ਫਿਰ ਜਨਮ ਲਵਾਂ ਤੇ ਅੰਗ੍ਰੇਜ਼ੀ ਸਾਮਰਾਜ ਨੂੰ ਹਿੰਦ ਵਿਚੋਂ ਖਤਮ ਕਰਨ ਵਾਸਤੇ ਮੁੜ ਘੋਲ ਕਰਾਂ। ਜੇ ਲੋੜ ਪਵੇਗੀ ਤਾਂ ਬੰਦੂਕ ਤੇ ਤੋਪ ਨਾਲ ਮੈਦਾਨੇ ਜੰਗ ਵਿਚ ਵੀ ਟੱਕਰ ਲਵਾਂਗਾ।'

"ਆਪ ਦੇ ਸਾਥੀ ਰਾਜ ਗੁਰੂ ਤੇ ਸੁਖਦੇਵ ਨੂੰ ਵੀ ਏ ਹੋ ਹੀ ਸਜ਼ਾ ਹੈ।" "ਚਿੰਤਾ ਦੀ ਕੋਈ ਗੱਲ ਨਹੀਂ।"

ਵਕੀਲ ਨਾਲ ਅਜੇ ਸ਼ਇਦ ਹੋਰ ਗਲ ਬਾਤ ਹੁੰਦੀ ਪਰ ਸੁਪ੍ਰੰਟੈਂਡੰਟ ਵਿਚੋਂ ਹੀ ਬੋਲ ਪਿਆ। ਉਸ ਨੇ ਸਰਦਾਰ ਭਗਤ ਸਿੰਘ ਨੂੰ ਆਖਿਆ, 'ਆਪ ਆਪਣਾ ਬਿਸਤਰਾ ਉਠਵਾ ਲਈਏ! ਮੁਸ਼ਕਤੀ ਹੈ ਅੱਜ ਤੋਂ ਆਪ ਨੂੰ ਕੋਠੀਆਂ ਵਿਚ ਰਹਿਣਾ ਪਵੇਗਾ। ਮੈਨੂੰ ਬਹੁਤ ਦੁੱਖ ਹੈ ਕਿ ਆਪ ਜਿਹੇ ਨੌਜੁਆਨ ਨੂੰ ਚੌਦਾਂ ਨੰਬਰ1 ਵਿਚ ਬੰਦ ਕਰਾਂ!....ਸੁਖਦੇਵ ਤੇ ਰਾਜਗੁਰੂ ਨੂੰ ਵੀ ਸਾਥ ਲੈ ਲਵੋ।"

ਸ੍ਰ: ਭਗਤ ਸਿੰਘ ਦੇ ਕੋਈ ਉੱਤਰ ਦੇਣ ਤੋਂ ਪਹਿਲਾਂ ਸੁਪ੍ਰੰਟੈਂਡੈਂਟ ਨੇ ਆਪਣੇ ਅਰਦਲੀ ਨੰਬਰਦਾਰ ਨੂੰ ਆਖਿਆ,"ਇਨਾਂ ਤਿੰਨਾਂ ਦੇ ਬਿਸਤ੍ਰੇ ਤੇ ਸਾਮਾਨ ਚੁਕਵਾਕੇ ਚੌਦਾਂ ਨੰਬਰ ਵਿਚ ਜੋ ਤਿੰਨ ਕੋਠੀਆਂ ਖਾਲੀ ਹਨ ਉਨ੍ਹਾਂ ਵਿਚ ਲੈ ਜਾਓ। ਬੜੇ ਸਤਿਕਾਰ ਨਾਲ ਸਰਦਾਰ ਸਾਹਿਬ ਨੂੰ ਕੋਈ ਤਕਲੀਫ ਨਾ ਹੋਵੇ।" (ਸਰਦਾਰ ਭਗਤ ਸਿੰਘ ਨੂੰ ਸੰਬੋਧਨ ਕਰਕੇ) ਨਰਾਜ਼ ਨਾ ਹੋਣਾ ਸਰਦਾਰ ਸਾਹਿਬ ਸਰਕਾਰੀ ਹੁਕਮ ਹੈ। ਅਸਾਂ ਦਾ ਕੋਈ ਘਰ ਦਾ ਮਾਮਲਾ ਨਹੀਂ, ਕਿਸੇ ਤਰਾਂ ਦੀ ਤਕਲੀਫ ਹੋਵੇ ਤਾਂ ਦੱਸਣ।"

(1ਸੰਟਰਲ ਜੇਹਲ ਵਿਚ ਚੌਦਾਂ ਨੰਬਰ ਕੋਠੜੀਆਂ ਉਹ ਸਨ ਜਿੱਥੇ ਸਜ਼ਾਏ ਮੌਤ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ।)

"ਆਪ ਦੀ ਕ੍ਰਿਪਾ ਜਿੱਥੇ ਬਿਸਤ੍ਰਾ ਲੈ ਚਲੋ ਉਥੇ ਹੀ ਦਿਨ ਕਟ ਲਵਾਂਗੇ।"

ਭਗਤ ਸਿੰਘ ਨੇ ਸੁਪ੍ਰੰਟੈਂਡੰਟ ਨੂੰ ਉੱਤਰ ਦਿੱਤਾ।

ਸਰਕਾਰੀ ਵਕੀਲ ਨੇ ਭਗਤ ਸਿੰਘ ਨੂੰ ਆਖਿਆ,

"ਸਰਦਾਰ ਜੀ ਆਪ ਨੂੰ ਰਹਿਮ ਦੀ ਅਪੀਲ ਕਰਨੀ ਚਾਹੀਦੀ ਹੈ।

"ਕੋਈ ਲੋੜ ਨਹੀਂ!"

ਭਗਤ ਸਿੰਘ ਨੇ ਉਤਰ ਦਿੱਤਾ।

'ਕਿਉਂ?'

'ਕੁਝ ਲਾਭ ਨਹੀਂ। ਇਨ੍ਹਾਂ ਸਾਮਰਾਜੀ ਅਦਾਲਤਾਂ ਕੋਲੋਂ ਨਿਆਏਂ ਦੀ ਸਾਨੂੰ ਆਸ ਨਹੀਂ। ਅੰਗ੍ਰੇਜ਼ ਹਾਕਮ ਇਸ ਵੇਲੇ ਉਨ੍ਹਾਂ ਹਿੰਦੀ ਨੌਜੁਆਨਾਂ ਨੂੰ ਕੁਚਲਣ ਉਤੇ ਤੁਲਿਆ ਹੋਇਆ ਹੈ, ਰਹਿਮ ਨਹੀਂ ਹੋਵੇਗਾ, ਏਹੋ ਸਜ਼ਾ ਰਹੇਗੀ। ਦੁਸ਼ਮਣ ਅਗੇ ਤਰਲੇ ਲੈਣ ਨਾਲੋਂ ਦਲੇਰੀ ਨਾਲ ਮਰਣਾ ਚੰਗਾ ਹੈ।"

'ਆਪ ਦੀ ਮਰਜ਼ੀ ਪਰ ਮੇਰੀ ਤਾਂ ਸਲਾਹ ਹੈ ਕਿ ਆਪ ਹਾਈਕੋਰਟ ਵਿਚ ਰਹਿਮ ਦੀ ਅਪੀਲ ਕਰੋ ਸ਼ਾਇਦ ਸਜ਼ਾਇ ਮੌਤ ਟੁਟ ਜਾਵੇਗੀ।'

ਵਕੀਲ ਨੇ ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨਾਲ ਹੱਥ ਮਿਲਾਇਆ ਤੇ ਮੁਸਕਰਾਉਂਦਾ ਹੋਇਆ ਉਨ੍ਹਾਂ ਕੋਲੋਂ ਤੁਰ ਪਿਆ।

ਸ੍ਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਸਾਰੇ ਮਿਤ੍ਰਾਂ ਨੂੰ ਆਖਰੀ ਵਾਰ ਇਹ ਕਹਿ ਕੇ ਮਿਲੇ:

"ਲੌ ਮਿਤਰੋ! ਇਹ ਮੇਲ ਤੇ ਇਹ ਵਿਛੋੜਾ ਸਦੀਵੀ ਹੈ। ਮੁੜ ਸ਼ਾਇਦ ਆਪਾਂ ਨਾ ਮਿਲੀਏ। ਜਦੋਂ ਕੈਦਾਂ ਪੂਰੀਆਂ ਹੋ ਜਾਣ ਤਾਂ ਘਰ ਜਾਕੇ ਦੁਨਿਆਵੀ ਧੰਦਿਆਂ ਵਿਚ ਨਾ ਖਚਤ ਹੋ ਜਾਣਾ। ਜਿੰਨਾ ਚਿਰ ਅੰਗਰੇਜ਼ ਨੂੰ ਭਾਰਤ ਵਿਚੋ ਨਾ ਕਢ ਲਵੋ ਤੇ ਸਮਾਜਵਾਦੀ ਲੋਕ ਰਾਜ ਕਾਇਮ ਨਾ ਕਰੋ ਉਤਨਾਂ ਚਿਰ ਅਰਾਮ ਨਾਲ ਨਾ ਬੈਠਣਾ। ਏਹੋ ਮੇਰਾ ਅੰਤਮ ਕਹਿਣਾ ਹੈ। ਅੱਜ ਤੋਂ ਪਿੱਛੋਂ ਸ਼ਾਇਦ ਚੌਦਾਂ ਨੰਬਰ ਵਲ ਤੁਸਾਂ ਨੂੰ ਕੋਈ ਆਉਣ ਨਾ ਦੇਵੇ।

ਸਰਦਾਰ ਭਗਤ ਸਿੰਘ ਨੇ ਆਪਣੇ ਉਨ੍ਹਾਂ ਸਾਥੀਆਂ ਨੂੰ ਆਖਿਆ ਸੀ, ਜਿਨ੍ਹਾਂ ਨੂੰ ਉਮਰ, ਸਤ ਸਾਲ ਜਾਂ ਪੰਜ ਸਾਲ ਦੀ ਸਜ਼ਾ ਹੋਈ ਸੀ। ਮਹਾਂਬੀਰ ਸਿੰਘ ਨੇ ਘੁਟਕੇ ਜਫੀ ਪਾਈ ਤੇ ਪਿਆਰ ਦੇ ਗਲੇਡੂ ਭਰ ਕੇ ਆਖਿਆ, "ਵੀਰਾ ਅਫਸੋਸ ਹੈ ਪ੍ਰਣ ਤਾਂ ਇਹ ਸੀ ਕਿ ਇਕੱਠੇ ਮਰਾਂ ਜੀਵਾਂਗੇ। ਮੈਨੂੰ ਉਮਰ ਕੈਦ ਦੀ ਥਾਂ ਸਜ਼ਾਏ ਮੌਤ ਮਿਲਦੀ ਤਾਂ ਚੰਗਾ ਸੀ। ਜਾਂ ਤੈਨੂੰ ਉਮਰ ਕੈਦ ਹੁੰਦੀ।" ਦਿਲਾਂ ਵਿਚ ਯਾਦਾਂ ਅਮਰ ਰਹਿਣੀਆਂ ਚਾਹੀਦੀਆਂ ਹਨ। ਇਸ ਦੁਨੀਆਂ ਦੇ ਛੱਡਣ ਦਾ ਕੀ ਹੈ? ਕੋਈ ਅੱਜ ਤੁਰਦਾ ਹੈ ਕੋਈ ਕੱਲ।' ਭਗਤ ਸਿੰਘ ਨੇ ਉਤਰ ਦਿਤਾ।

'ਵਿਛੜਣ ਨੂੰ ਚਿੱਤ ਨਹੀਂ ਕਰਦਾ!'

'ਵਿਛੜਨਾ ਪੈਂਦਾ ਹੈ।'

ਸੁਪ੍ਰੰਟੈਂਡੰਟ ਦਾ ਹੁਕਮ ਜੇਹਲ ਵਿਚ ਰੱਬੀ ਹੁਕਮ ਹੁੰਦਾ ਹੈ। ਡਿਪਟੀ, ਲੰਬਰਦਾਰਾਂ ਤੇ ਚੀਫ਼ ਹੈਡਵਾਡਰ ਨੇ ਸ੍ਰ: ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੇ ਬਿਸਤਰੇ ਤੇ ਉਹਨਾਂ ਦੇ ਸਾਮਾਨ ਚੁਕਵਾਕੇ ਤਿੰਨਾਂ ਨੂੰ ਹੀ ਚੌਦਾਂ ਨੰਬਰ ਕੋਠੀਆਂ ਵਲ ਲੈ ਤੁਰੇ। ਉਹਨਾਂ ਕੋਠੀਆਂ ਵਲ ਜਿਨ੍ਹਾਂ ਵਿਚ ਜੀਉਂਦਾ ਕੋਈ ਭਾਗਾਂ ਵਾਲਾ ਹੀ ਬਾਹਰ ਆਉਂਦਾ ਹੈ। ਹਾਈਕੋਰਟ ਦੇ ਫੈਸਲੇ ਤੋਂ ਪਹਿਲਾਂ ਕੋਈ ਉਹਨਾਂ ਕੋਠੀਆ ਵਿਚੋਂ ਬਾਹਰ ਨਹੀਂ ਨਿਕਲਦਾ। ਉਹਨਾਂ ਕੋਠੀਆਂ ਦਾ ਨਾ ਬਣ ਕੇ ਹੀ ਮਾੜੇ ਆਦਮੀ ਨੂੰ ਡਰ ਆਉਣ ਲੱਗ ਪੈਂਦਾ ਹੈ। ਫਾਂਸੀ ਵਾਲੀਆਂ ਕੋਠੀਆਂ।

ਸ਼ਹੀਦ ਭਗਤ ਸਿੰਘ : ੧੫.

ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਕੋਠੀ ਲੱਗਿਆਂ ਥੋੜੇ ਦਿਨ ਹੀ ਹੋਏ ਸਨ ਸਿਆਸਤਖਾਨੇ (ਰਾਜਸੀ ਕੈਦੀਆਂ ਦੀਆਂ ਬਾਰਕਾਂ) ਨੂੰ ਛਡਕੇ ਚੌਦਾਂ ਨੰਬਰ ਕੋਠੀਆਂ ਵਿਚ ਜਾ ਚੌਕੜੇ ਮਾਰੇ ਸੀ, ਸਾਰੇ ਮਿਤ੍ਰਾਂ ਨੂੰ ਛੱਡਣਾ ਪਿਆ। ਮਿਤ੍ਰਾ ਦੇ ਦਰਸ਼ਨ ਹੋਣੇ ਤਾਂ ਇਕ ਪਾਸੇ ਰਿਹਾ, ਚਿਠੀ ਪੱਤ੍ਰ ਰਾਹੀਂ ਵੀ ਜ਼ਬਾਨ ਸਾਂਝੀ ਨਹੀਂ ਸਨ ਕਰ ਸਕਦੇ। ਉਨ੍ਹਾਂ ਮਿੱਤ੍ਰਾਂ ਵਿਚੋਂ ਸਿਰਫ ਬਾਬਾ ਚੂਹੜ ਸਿੰਘ ਸੀ, ਜੋ ਰੋਜ਼ ਭਗਤ ਸਿੰਘ ਨੂੰ ਮਿਲਿਆ ਕਰਦਾ ਸੀ, ਬਾਬਾ ਚੂਹੜ ਸਿੰਘ ਪਿੰਡ ਲੀਲਾਂ ਜ਼ਿਲਾ ਲੁਧਿਆਨਾ ਦੇ ਕਹਿਣ ਵਾਲੇ ਤੇ ੧੯੧੭ ਦੇ ਵੀਹ ਸਾਲੀ ਦੇ ਰਾਜਸੀ ਕੈਦੀ ਸਨ। ਉਹ ਦੁਧ ਵਰਤਾਉਣ ਤੇ ਲਗੇ ਹੋਏ ਸਨ। ਬੜੇ ਨੇਕ ਮਿਠੇ ਸੁਭਾ ਤੇ ਉਚੇ ਚਾਲ ਚਲਣ ਦੇ ਬਜ਼ੁਰਗ ਸਨ। ਜੇਹਲ ਦੇ ਸਾਰੇ ਅਫਸਰ ਉਸਦਾ ਬੜਾ ਸਤਕਾਰ ਕਰਦੇ ਸਨ।

ਇਕ ਦਿਨ ਬਾਬਾ ਚੂਹੜ ਸਿੰਘ ਨੂੰ ਭਗਤ ਸਿੰਘ ਕਹਿਣ ਲੱਗਾ, 'ਬਾਬਾ ਜੀ! ਸੁਣਿਆਂ ਏ, ਇਸ ਜੇਹਲ ਵਿਚ ਭਾਈ ਰਣਧੀਰ ਸਿੰਘ ਨੌਰੰਗ ਵਾਲੀਏ ਆਏ ਨੇ।'

'ਹਾਂ ਆਏ ਨੇ!

'ਬੜੇ ਗੁਰਮੁਖ ਦਸੀਦੇ ਨੇ।'

ਪੂਰੇ ਨਿਹੰਗ ਸਿੰਘ ਤੇ ਭਗਤੀ ਭਾਵ ਵਾਲੇ ਹਨ। ਨੀਲਾ ਬਾਣਾ ਨਹੀਂ ਉਤਾਰਿਆ ਦੇਖਲਾ ਬਾਰਾਂ ਤੇਰਾਂ ਸਾਲ ਤਰੀਕੀ ਜੇਹਲ ਕਟ ਲਈ ਹੈ।'

'ਏਸੇ ਤਰਾਂ ਹੀ ਆਖਦੇ ਹਨ।'

'ਮੁਹੰਮਦ ਅਕਬਰ ਖਾਂ (ਦਰਗਾ) ਤਾਂ ਉਨ੍ਹਾਂ ਦੇ ਸਿਰੜ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਭਾਈ ਸਾਹਿਬ ਦੀ ਮਨਮਰਜ਼ੀ ਵਿਚ ਕੋਈ ਅੜਿਕਾ ਨਹੀਂ ਪਾਉਂਦਾ।'

'ਮੇਰਾ ਜੀ ਕਰਦਾ ਹੈ, ਉਨ੍ਹਾਂ ਦਾ ਦਰਸ਼ਨ ਕਰਨ ਨੂੰ।'

'ਸ਼ਾਇਦ ਦਰਸ਼ਨ ਹੋ ਜਾਣ, ਅਜ ਕੋਲ ਰਤਾ ਸਖਤੀ ਹੈ, ਕਿਉਂਕਿ ਤੇਰਾ ਕੋਠੀ ਲਗਣਾ ਸੁਣਕੇ ਦੇਸ਼ ਵਿਚ ਐਜ਼ੀਟੇਸ਼ਨ ਹੈ। ਸਰਕਾਰ ਐਜੀਟੇਸ਼ਨ ਕਰਨ ਵਾਲਿਆਂ ਨੂੰ ਫੜ ਕੇ ਜੇਹਲਾਂ ਵਿਚ ਲਈ ਆ ਰਹੀ ਹੈ। ਕਲ ਇੱਕ ਟੋਲੀ ਆਈ ਹੈ, ਲਾਹੌਰੀਏ ਤੇ ਅੰਮ੍ਰਿਤਸਰੀਏ ਪੜ੍ਹਾਕੂ ਮੁੰਡੇ ਸਨ। ਓਹ ਦਸਦੇ ਨੇ ਰੌਲਾ ਬਹੁਤ ਹੈ। ਨਾ-ਮਿਲਵਰਤਣ ਲਹਿਰ ਵੀ ਚਲਦੀ ਹੋਈ, ਲੂਣ ਦਾ ਮੋਰਚਾ ਵੀ ਗਰਮ ਹੋਇਆ। ਇਸੇ ਵਾਸਤੇ ਤੇਰੇ ਨਾਲ ਕਿਸੇ ਦੀ ਮੁਲਾਕਾਤ ਨਹੀਂ ਹੋਣ ਦੇਂਦੇ ਸਰਕਾਰ ਕਾਕਾ ਤੈਨੂੰ ਖਤਰਨਾਕ ਬੰਦਾ ਸਮਝਦੀ ਹੈ।'

ਫਿਰ ਕੋਈ ਰਾਹ ਕੱਢਣਾ, ਮੈਂ ਤਾਂ ਸੁਪ੍ਰੰਟੈਂਡੰਟ ਅਗੇ ਸਵਾਲ ਵੀ ਕੀਤਾ ਹੈ।

ਭਾਈ ਸਾਹਿਬ ਹੁਰਾਂ ਅਗੇ ਬੇਨਤੀ ਕਰਾਂਗਾ, ਜੇ ਉਹ ਮੁਲਾਕਾਤ ਕਰਨ ਵਾਸਤੇ ਤਿਆਰ ਹੋ ਗਏ ਤਾਂ ਉਹ ਆਪੇ ਹੀ ਕੋਈ ਰਾਹ ਕੱਢ ਲੈਣਗੇ। ਉਨ੍ਹਾਂ ਦੀ ਰਿਹਾਈ ਦੇ ਵੀ ਦਿਨ ਨੇੜੇ ਆਏ ਹਨ। ਉਪਰੋਂ ਹੁਕਮ ਆਉਣ ਹੀ ਵਾਲਾ ਹੈ। ਉਨ੍ਹਾਂ ਦੇ ਪੁਰਾਣੇ ਬੇਲੀ ਆਏ ਸੀ ਉਹ ਦਸ ਗਏ ਹਨ।'

'ਮੇਰੇ ਨਾਲ ਉਹ ਮੁਲਾਕਾਤ ਕਿਉਂ ਨਹੀਂ ਕਰਨਗੇ।'

'ਉਹ ਧਰਮੀ ਬੰਦੇ ਹਨ, ਤੇਰੇ ਕੇਸ ਕਟਾਉਣੇ, ਤੇਰਾ ਮੁੜਕੇ ਅੰਮ੍ਰਿਤ ਨਾ ਛਕਣਾ ਕੁਝ ਉਨ੍ਹਾਂ ਨੂੰ ਬੁਰਾ ਪ੍ਰਤੀਤ ਹੁੰਦਾ ਹੈ।'

'ਪਰ ਬਾਬਾ ਜੀ! ਆਪ ਸਿਆਣੇ ਜੇ, ਦੁਸ਼ਮਨ ਦਾ ਅਖੀਂ ਘਟਾ ਪਾਉਣ ਵਾਸਤੇ ਮੈਨੂੰ ਕੇਸ ਕਟਾਉਣੇ ਪਏ, ਪਹਿਲਾਂ ਤਾਂ ਮੈਂ ਰਖੇ ਹੋਏ ਸੀ। ਦੇਸ਼ ਤੇ ਲੋਕ ਭਲੇ ਲਈ, ਇਹ ਕੁਝ ਕਰਨਾ ਹੀ ਪੈਂਦਾ ਹੈ। ਹੁਣ ਵੇਖਾਂ ਦਾਹੜੀ ਵਾਹਵਾ ਹੋ ਗਈ ਹੈ ਕੇਸ ਵੀ ਜੂੜਾ ਕਰਨ ਜੋਗੇ ਹੋ ਰਹੇ ਹਨ।'

'ਖੈਰ ਸਮਾਂ ਬਹੁਤਾ ਨਹੀਂ, ਮੈਂ ਭਾਈ ਸਾਹਿਬ ਹੁਰਾਂ ਨੂੰ ਮਿਲਣ ਵਾਸਤੇ ਤਿਆਰ ਕਰਾਂਗਾ।'

'ਜ਼ਰੂਰ!'

'ਜ਼ਰੂਰ!'

ਦੁਧ ਦੀ ਬਾਲਟੀ ਚੁਕਵਾਕੇ ਬਾਬਾ ਚੂਹੜ ਸਿੰਘ ਤੁਰ ਗਿਆ ਤੇ ਭਗਤ ਸਿੰਘ ਆਪਣੀ ਕੋਠੀ ਵਿਚ ਟਹਿਲਣ ਲੱਗਾ।

ਫਾਂਸੀ ਵਾਲੀ ਕੋਠੀ ਵਿਚ ਕੈਦੀ ਨੂੰ ਚਵੀ ਘੰਟੇ ਬੰਦ ਰਹਿਣਾ ਪੈਂਦਾ ਹੈ। ਕੋਠੀ ਦੇ ਅੱਗੇ ਸੌ ਕੁ ਮੁਰੱਬਾ ਫੁਟ ਵੇਹੜਾ ਹੁੰਦਾ ਹੈ। ਉਸ ਵੇਹੜੇ ਵਿਚ ਇਕ ਘੰਟਾ ਫਿਰਨ ਦੀ ਖੁਲ੍ਹ ਹੁੰਦੀ ਏ। ਉਹ ਵੀ ਜਦੋਂ ਭੰਗੀ ਨੇ ਕੋਠੀ ਸਾਫ ਕਰਨੀ ਹੋਵੇ। ਉਸ ਵੇਹੜੇ ਨੂੰ ਵੀ ਜਿੰਦਰਾ ਤੇ ਕੋਠੀ ਨੂੰ ਵੀ ਜਿੰਦਰਾ ਵੱਜਾ ਰਹਿੰਦਾ ਹੈ। ਧਿਆਨ ਰਖਣ ਵਾਸਤੇ ਕਈ ਵਾਰ ਡਿਉਟੀ ਉਤੇ ਹੁੰਦੇ ਹਨ। ਮਸ਼ਕਤੀ ਤੇ ਨੰਬਰਦਾਰ ਵੀ ਉਨ੍ਹਾਂ ਨਾਲ ਰਹਿੰਦੇ ਹਨ। ਫਿਰ ਕੇ, ਸੌਂ ਕੇ ਅਤੇ ਨਾਲ ਦੀਆਂ ਕੋਠੀਆਂ ਵਿਚ ਬੰਦ ਕੈਦੀਆਂ ਨਾਲ ਉੱਚੀ ਉੱਚੀ ਗੱਲਾਂ ਕਰਕੇ ਸਮਾਂ ਬਤੀਤ ਕਰਦੇ ਹਨ। ਸਮਾਂ ਵੀ ਉਹ ਜੋ ਜੀਵਨ ਦੀਆਂ ਗਿਣੀਆਂ ਮਿੱਥਆਂ ਘੜੀਆਂ ਹੁੰਦੀਆਂ ਹਨ। ਅਠਵੇਂ ਦਸਵੇਂ ਦਿਨ ਕੋਈ ਨਾ ਕੋਈ ਸਾਥੀ ਫਾਂਸੀ ਦਾ ਰੱਸਾ ਗਲ ਪਵਾ ਕੇ ਆਪਣੇ ਜੀਵਨ ਦਾ ਅੰਤ ਕਰ ਜਾਂਦਾ ਹੈ। ਤੇ ਉਹਦੀ ਖਾਲੀ ਕੋਠੜੀ ਵਿਚ ਹੋਰ ਆ ਜਾਂਦਾ ਹੈ। ਭਗਤ ਸਿੰਘ ਦੇ ਸਮੇਂ ਰਾਜਸੀ ਹਿਲਜੁਲ ਦੇ ਸਬੰਧ ਵਿਚ ਮੌਤ ਨੂੰ ਉਡੀਕਣ ਵਾਲੇ ਭਗਤ ਸਿੰਘ ਤੇ ਇਸਦੇ ਸਾਥੀ, ਤਿੰਨ ਜਣੇ ਸਨ, ਅਤੇ ਡਾਕੇ ਤੇ ਖੂਨ ਮਾਮਲਿਆਂ ਵਿਚ ਕੋਠੀ ਲੱਗੇ ਹੋਏ ਬਹੁਤ ਸਾਰੇ ਜੁਆਨ ਸੀ। ਹਰ ਸ਼ਾਮ ਨੂੰ ਕੋਠੀਆਂ ਬਦਲਨੀਆਂ ਪੈਂਦੀਆਂ, ਬਿਸਤ੍ਰਾ ਤੇ ਪਾਣੀ ਦੀ ਝੱਜਰ ਚੁਕ ਕੇ ਦੁਸਰੀ ਕੋਠੀ ਵਿਚ ਖੜਨੀ ਪੈਂਦੀ ਜਿਥੇ ਹਕਮ ਹੁੰਦਾ। ਸਜ਼ਾ ਮੌਤ ਵਾਲੇ ਨੂੰ ਇਕ ਕੋਠੀ ਵਿਚ ਨਹੀਂ ਰਖਦੇ।

ਕਾਲ-ਕੋਠੜੀ ਵਿਚ ਹਰ ਸਜ਼ਾ ਮੌਤ ਵਾਲੇ ਨੂੰ ਸਾਲ ਡੇਢ ਸਾਲ ਜ਼ਰੂਰ ਗੁਜ਼ਾਰਨਾ ਪੈਂਦਾ ਹੈ। ਉਪਰਲੀਆਂ ਅਦਾਲਤਾਂ ਦੇ ਫ਼ੈਸਲਿਆਂ ਨੂੰ ਏਨਾਂ ਚਿਰ ਲੱਗ ਹੀ ਜਾਂਦਾ ਹੈ। ਜੀਵਨ ਜਾਂ ਮੌਤ ਦੀ ਉਡੀਕ ਵਿਚ ਐਨੇ ਦਿਨ ਕੱਟਣੇ ਬਹੁਤ ਕਠਨ ਹੁੰਦੇ ਹਨ। ਭਗਤ ਸਿੰਘ ਗੱਪਾਂ ਵਿਚ ਬਹੁਤ ਘੱਟ ਸਮਾਂ ਗਵਾਉਂਦਾ, ਉਹ ਅਖਬਾਰਾਂ ਤੇ ਕਤਾਬਾਂ ਪੜ੍ਹਦਾ ਰਹਿੰਦਾ ਪੜ੍ਹਦਾ ਹੋਇਆ ਨਾ ਅੱਕਦਾ ਸੀ ਤੇ ਨਾ ਥੱਕਦਾ।

ਇਕ ਦਿਨ ਸ਼ਾਮ ਦਾ ਵੇਲਾ ਸੀ ਰੋਟੀ ਖਾ ਕੇ ਭਗਤ ਸਿੰਘ ਆਪਣੀ ਕੋਠੀ ਵਿਚ ਟਹਲ ਰਿਹਾ ਸੀ ਕਿ ਅਚਾਨਕ ਕੈਦੀ ਨੰਬਰਦਾਰ ਦੇ ਨਾਲ ਨੀਲੇ ਬਾਣੇ ਵਾਲੇ ਉਚੇ ਲੰਮੇ ਸੰਤ ਉਨ੍ਹਾਂ ਕੋਲ ਪੁਜ ਗਏ। ਉਹ ਜਾਚ ਗਿਆ ਕਿ ਏਹੋ ਭਾਈ ਰਣਧੀਰ ਸਿੰਘ ਜੀ ਹਨ। ਜਿਨ੍ਹਾਂ ਨੇ ਜੇਹਲ ਸੁਧਾਰ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਹਨ। ਕੈਦੀ ਨੂੰ ਆਦਮੀ ਦੀ ਸ਼ਕਲ ਵਿਚ ਰਖਿਆ ਹੈ। ਭਾਈ ਸਾਹਿਬ ਨੂੰ ਵੇਹੜੇ ਵਿਚ ਆਉਂਦਿਆਂ ਦੇਖ, ਬੂਹੇ ਦੀਆਂ ਸੀਖਾਂ ਕੋਲ ਹੋ ਗਿਆ ਤੇ ਦੋਵੇਂ ਹੱਥ ਜੋੜ ਕੇ ਫਤਹ ਬੁਲਾਈ।

'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ'।

ਅੱਗੋਂ ਭਾਈ ਸਾਹਿਬ ਨੇ ਉਤਰ ਦਿੱਤਾ।

'ਸੁਣਾ ਕਾਕਾ! ਰਾਜ਼ੀ ਖੁਸ਼ੀ ਏ?'

ਭਾਈ ਸਾਹਿਬ ਨੇ ਸ: ਭਗਤ ਸਿੰਘ ਨੂੰ ਪੁਛਿਆ।

'ਕ੍ਰਿਪਾ ਦਇਆ ਇਸ ਵੇਲੇ ਤਾਂ ਰਾਜ਼ੀ ਖੁਸ਼ੀ ਹਾਂ।'

ਖਿੜੇ ਮੱਥੇ ਮੁਸਕਰਦਿਆਂ ਹੋਇਆਂ ਭਗਤ ਸਿੰਘ ਨੇ ਉਤਰ ਦਿੱਤਾ। ਉਹਦਾ ਲੂੰ ਲੂੰ ਖੇੜੇ ਵਿਚ ਸੀ।

'ਵਾਹਿਗੁਰੂ ਦੇ ਹੱਥ ਡੋਰ ਏ, ਡੋਲੀ ਨਾ, ਭਾਵੇਂ ਭੁਲ ਕਰ ਬਠਾ ਏਂ, ਫਿਰ ਵੀ ਗੁਰੂ ਦਾ ਸਿੱਖ ਏਂ। ਮਾਂ ਬਾਪ ਤੇਰਾ ਸਿੱਖ ਹੈ। ਵਤਨ ਦੀ ਖਾਤਰ ਓਨ੍ਹਾਂ ਬਹੁਤ ਘਾਲਣਾ ਘਾਲੀਆਂ ਨੇ। ਇਸ ਪੰਜ ਭੂਤ ਦੇਹ ਨੂੰ ਕਸ਼ਟਾਂ ਕੋਲੋਂ ਬਚਾਉਣ ਦੀ ਖਾਤਰ, ਨੇਕੀ ਅਸੂਲ ਤੇ ਧਰਮ ਨਹੀਂ ਛੱਡੀਦਾ। ਹੋਣਾ ਓਹੋ ਕੁਝ ਹੈ, ਜੋ ਕੁਝ ਅਕਾਲ ਪੁਰਖ ਨੂੰ ਭੌਂਦਾ ਏ।

'ਅਕਾਲ ਪੁਰਖ ਤੇ ਭਰੋਸਾ ਕਰਨ ਦਾ ਯਤਨ ਕਰ ਰਿਹਾ ਆਂ। ਅਜ਼ਾਦ ਸਾਥੀਆਂ ਦੇ ਸੰਗ ਕਾਰ ਕੁਝ ਨਾਸਤਕ ਹੋ ਗਿਆ ਸਾਂ, ਪਰ ਉਸ ਭੂਲ ਨੂੰ ਹੁਣ, ਮਹਿਸੂਸ ਕਰ ਰਿਹਾ ਹਾਂ।'

'ਬਹੁਤ ਖੁਸ਼ੀ ਦੀ ਗੱਲ ਏ। ਸਤਿਗੁਰੂ ਤੇ ਸਹੈਤਾ ਕਰੂ ਮਰਨੋ ਨਹੀਂ ਡਰਨਾ, ਅਕਾਲ ਪੁਰਖ ਖਵਰੇ ਕੋਈ ਭਾਣਾ ਵਰਤਾ ਦੇਵੇ ਤਾਂ ਹੱਸਦੇ ਹੋਏ ਜੇਹਲ ਤੋਂ ਬਾਹਰ ਆਓ।'

'ਸੰਤ ਜੀ! ਰੂਹ ਹੱਸਦੀ ਨਿਕਲੇਗੀ, ਤਨ ਭਾਵੇਂ ਮੁਰਦਾ, ਨਿਕਲੇ ਜਾਂ ਜੀਊਂਦਾ। ਰੂਹ ਚੜ੍ਹਦੀਆਂ ਕਲਾਂ ਵਿਚ ਰਹੇਗੀ।'

'ਬਹੁਤ ਖੁਸ਼ੀ ਦੀ ਬਾਤ ਹੈ। ਅਸੀਂ ਤਾਂ ਹੁਣ ਚਲੇ ਆਂ। ਰਿਹਾਈ ਆ ਗਈ, ਬਾਹਰ ਸੰਗਤਾਂ ਦਾ ਇਕੱਠ ਦੇਖਕੇ ਜੇਹਲ ਵਾਲੇ ਆਖਦੇ ਨੇ ਕੁਵੇਲੇ ਡਿਉੜੀ ਦਾ ਬੂਹਾ ਖੋਲ੍ਹਾਂਗੇ। ਚੋਪੜਾ ਸਾਹਿਬ ਸੁਪ੍ਰੰਟੈਂਡੰਟ ਤੇਰੀ ਮੁਲਾਕਾਤ ਕਰਨਾ ਮੰਨ ਗਏ!'

'ਬਹੁਤ ਹੱਛਾ ਹੋਇਆਂ ਦਰਸ਼ਨ ਹੋ ਗਏ, ਕੀ ਪਤਾ ਅਗੇ ਨੂੰ ਕੀ ਹੋਵੇ। ਸ਼ਾਇਦ ਮੁੜ ਦਰਸ਼ਨ ਨਾ ਹੋ ਸਕਣ। ਰੂਹ ਰੂਹਾਂ ਨੂੰ ਤਾਂ ਮਿਲ ਪੈਂਦੇ ਹਨ ਪਰ ਅੱਖਾਂ ਤਰਸਦੀਆਂ ਰਹਿੰਦੀਆਂ ਹਨ।'

'ਗੁਰੂ ਦੀ ਸਿੱਖੀ ਨਾਲ ਪਿਆਰ ਰੱਖ।'

'ਦਿਲੋਂ ਪਿਆਰ ਹੈ ਹੁਣ ਕੇਸ ਰੱਖ ਰਿਹਾ ਹਾਂ। ਦੇਖੋ ਕਿੰਨੇ ਵਡੇ ਹੋ ਗਏ ਹਨ।

'ਬਹੁਤ ਖੁਸ਼ੀ ਹੈ, ਸਤਿਗੁਰੁ ਅੰਗ ਸੰਗ ਸਹਾਈ ਹੋਵੇ।'

ਭਗਤ ਸਿੰਘ ਤੇ ਭਾਈ ਸਾਹਿਬ ਚੋਖਾ ਚਿਰ ਖੁਲ੍ਹੇ ਬਚਨ ਬਿਲਾਸ ਕਰਦੇ ਰਹੇ। ਬਚਨਾਂ ਦਾ ਵਿਸ਼ਾ ਧਾਰਮਿਕ ਤੇ ਜੇਲ੍ਹ ਦੇ ਬੀਤੇ ਜੀਵਨ ਤੇ ਝਾਤ ਮਾਰਨ ਦਾ ਸੀ, ਦੋਵੇਂ ਦੇਸ਼ ਭਗਤ ਮਿਲ ਕੇ ਖੁਸ਼ ਸਨ। ਉਨ੍ਹਾਂ ਦਾ ਮਿਲਾਪ ਜੀਵਨ ਪੰਧ ਦੇ ਉਸ ਪੜਾਅ ਉਤੇ ਹੋ ਰਿਹਾ ਸੀ, ਜਿਸ ਉਤੇ ਉਨ੍ਹਾਂ ਮੁੜ ਨਹੀਂ ਸੀ ਮਿਲਣਾ। ਇਕ ਪਿਛੇ ਨੂੰ ਮੁੜ ਰਿਹਾ ਸੀ ਤੇ ਦੂਸਰਾ ਅਗੇ ਨੂੰ ਜਾ ਰਿਹਾ ਸੀ। ਇਕ ਦੇ ਜੇਹਲ ਜੀਵਨ ਦੇ ਪੰਧ ਮੁਕ ਚੁਕਾ ਸੀ ਦੁਸਰੇ ਦਾ ਸ਼ੁਰੂ ਸੀ, ਵਿਚਾਲੇ ਮੋਟੀਆਂ ਲੋਹੇ ਦੀਆਂ ਸੀਖਾਂ ਸਨ। ਘੁਟਕੇ ਜਫੀਆਂ ਪਾ ਕੇ ਤਨ ਨਹੀਂ ਸਨ ਮਿਲ ਸਕਦੇ, ਖੁਸ਼ੀ ਵਿਚ ਹੱਥ ਘੁਟੀ ਜਾਂਦੇ ਸਨ ਹੱਥਾਂ ਦੀ ਘੁਟ ਜੀਵਨ ਸਾਂਝ, ਸਿਖੀ ਪਿਆਰ ਤੇ ਭ੍ਰਾਤ੍ਰੀ-ਪ੍ਰੇਮ ਨੂੰ ਵਧਾ ਰਹੀ ਸੀ, ਉਸ ਮਿਲਾਪ ਵਿੱਚ ਇਕ ਮਸਤੀ ਦਾ ਹੁਲਾਰਾ ਆ ਰਿਹਾ ਸੀ।

'ਭਾਈ ਸਹਿਬ ਜੀ ਚਲੋ! ਦਰੋਗਾ ਸਾਹਿਬ ਜੀ ਬੁਲਾਉਂਦੇ ਹਨ। ਪਿਛੋਂ ਕਿਸੇ ਨੇ ਆਂ ਆਖਿਆ।

'ਹੱਛਾ ਕਾਕਾ! ਗੁਰੂ ਤੈਨੂੰ ਅਡੋਲ ਤੇ ਚੜ੍ਹਦੀਆਂ ਕਲਾਂ ਵਿੱਚ ਰਖੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।'

'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ'

ਇਉਂ ਭਾਈ ਰਣਧੀਰ ਸਿੰਘ ਜੀ ਤੇ ਭਗਤ ਸਿੰਘ ਇੱਕ ਵਾਰ ਮਿਲੇ ਤੇ ਮਿਲਕੇ ਵਿਛੜ ਗਏ, ਮੁੜ ਨਹੀਂ ਮਿਲੇ।

ਸ਼ਹੀਦ ਭਗਤ ਸਿੰਘ : ੧੬. ਮਾਰਚ ੧੯੩੧

ਮਾਰਚ ਦਾ ਪਹਿਲਾ ਹਫਤਾ ਬੀਤਿਆ ਤੇ ਦੂਸਰਾ ਚੜ੍ਹਿਆ। ਬਾਬਾ ਚੂਹੜ ਸਿੰਘ ਨੇ ਅੱਠ ਵਜੇ ਹੀ ਭਗਤ ਸਿੰਘ ਨੂੰ ਆ ਸੁਨੇਹਾ ਦਿੱਤਾ, "ਕਾਕਾ ਜੀ! ਅੱਜ ਤੇਰੀ ਮੁਲਾਕਾਤ ਹੈ।

'ਕੌਣ ਮੁਲਾਕਾਤ ਕਰਨ ਆਇਆ ਹੈ ਬਾਬਾ ਜੀ?'

ਭਗਤ ਸਿੰਘ ਨੇ ਅਗੋਂ ਪੁਛਿਆ।

'ਅੱਜ ਤਾਂ ਤੇਰੇ ਪਿਤਾ ਜੀ ਤੇ ਬਾਕੀ ਦਾ ਸਾਰਾ ਪ੍ਰਵਾਰ ਆਯਾ ਏ। ਡਿਉੜੀ ਦੇ ਬਾਹਰ ਬੈਠੇ ਨੇ, ਮੈਂ ਡਿਉੜੀ ਗਿਆ ਸਾਂ ਦੇਖੇ ਸੀ।'

'ਚੰਗਾ ਹੋ ਗਿਆ। ਗੰਭੀਰਤਾ ਦੇ ਲਹਿਜੇ ਵਿਚ ਭਗਤ ਸਿੰਘ ਉਤਰ ਦੇਣਾ ਲੱਗਾ, 'ਹੋਰ ਥੋੜੇ ਦਿਨ ਮੁਲਾਕਾਤਾਂ ਕਰਕੇ ਚਿੱਤ ਪਰਚਾ ਲੈਣ। ਓੜਕ ਇਹ ਮੁਲਾਕਾਤਾਂ ਸਦਾ ਵਾਸਤੇ ਬੰਦ ਹੋ ਜਾਣੀਆਂ ਹਨ। ਉਨ੍ਹਾਂ ਦੇ ਚਿਤ ਦੀ ਭੜਕਣਾ ਮਿਟ ਜਾਏਗੀ,ਪਿਆਰ ਦੇ ਖਿਚੇ ਖੱਜਲ-ਖਵਾਰ ਹੁੰਦੇ ਫਿਰਦੇ ਹਨ।'

'ਪੁਤ੍ਰ ਜੂ ਹੋਇਓ, ਮੇਰੇ ਮਾਤਾ ਜੀ! ਜਿੰਨਾ ਚਿਰ ਜੀਉਂਦੇ ਰਹੇ ਹਨ ਉਨ੍ਹਾਂ ਚਿਰ ਤੜਪਦੇ, ਭੜਕਦੇ ਤੇ ਰੋਂਦੇ ਰਹੇ। ਜਦੋਂ ਮੁਲਾਕਾਤ ਕਰਨ ਆਉਣਾ; ਤਦੋਂ ਹੀ ਭੁਬੀਂ ਭੁਬੀਂ ਰੋ ਪੈਣਾ। ਜੇ ਸਮਝਾਉਣਾ ਤਾਂ ਉਨ੍ਹਾਂ ਅਗੋਂ ਉਤਰ ਦੇਣਾ। ‘ਬੇਟਾ ਚੂਹੜ! ਮੇਰੇ ਵਸਦੀ ਗਲ ਨਹੀਂ ਊਂ। ਮੈਂ ਘਰੋਂ ਤੁਰਦੀ ਹੋਈ ਆਖਦੀ ਆਂ, ਮਨ ਨੂੰ ਵਰਜਦੀ ਆਂ ਕਿ ਹੁਣ ਪੁਤ੍ਰ ਕੋਲ ਜਾ ਕੇ ਨਹੀਂ ਰੋਵਾਂ, ਫਿਰ ਵੀ ਮੇਰਾ ਰੋਣਾ ਮਲੋ ਮੱਲੀ ਨਿਕਲ ਜਾਂਦਾ ਹੈ।

ਆਪਣੀ ਮਾਂ ਦੀ ਪੁਤ੍ਰ ਵਿਛੋੜੇ ਦੇ ਸਲ ਦੀ ਹਾਲਤ ਬਿਆਨ ਕਰਦਿਆਂ ਹੋਇਆਂ ਬਾਬਾ ਚੂਹੜ ਸਿੰਘ ਦੀਆਂ ਅੱਖਾਂ ਅੱਗੇ ਛੇ ਫੁੱਟ ਉਚੀ ਮਲਵੈਣ ਦੀ ਤਸਵੀਰ ਆਈ।

ਜਿਸ ਦੇ ਤੇੜ ਬੀੜੇ ਕੁੰਦਿਆਂ ਵਾਲੀ ਸੂਸੀ ਦੀ ਸਲਵਾਰ, ਗਲ ਖੱਦਰ ਦਾ ਕੁੜਤਾ ਤੇ ਸਿਰ ਉਤੇ ਲਾਲ ਫੁਲਕਾਰੀ। ਗਲ ਅਤੇ ਕੰਨਾਂ ਵਿਚ ਸੋਨੇ ਦੀਆਂ ਟੂੰਮਾ ਕੋਈ ਨਾ। ਕੰਨ ਬੁਚੇ ਦੇਖਕੇ ਚੂਹੜ ਸਿੰਘ ਨੂੰ ਬੀਤੀ ਤੇ ਭੁਲੀ ਕਹਾਣੀ ਚੇਤੇ ਆ ਗਈ। ਉਸਨੂੰ ਇੰਝ ਪ੍ਰਤੀਤ ਹੋਇਆ ਕਿ ਉਹ ਫਾਂਸੀ ਕੋਠੀਆਂ ਵਿਚ ਖਲੋਤਾ ਹੋਇਆ ਭਗਤ ਸਿੰਘ ਨਾਲ ਮੁਲਾਕਾਤ ਨਹੀਂ ਕਰ ਰਿਹਾ ਸਗੋਂ ਮਮਤਾ ਦੇ ਪਿਆਰ ਨਾਲ ਬੇਹਬਲ ਹੋਈ ਹੋਈ ਮਾਤਾ ਕੋਲ ਖਲੋਤੇ ਆਪਣੇ ਛੋਟੇ ਵੀਰ ਨਾਲ ਗਲਾਂ ਕਰ ਰਿਹਾ ਹੈ। ਉਸਨੇ ਮੇਰੇ ਬਦਲੇ ਬਾਬਾ ਚੂਹੜ ਸਿੰਘ ਭਗਤ ਸਿੰਘ ਨੂੰ ਦਸੀ ਗਿਆ, ਨਗਦੀ ਪੂੰਜੀ ਖਰਚ ਕਰ ਦਿੱਤੀ, ਆਪਣੇ ਉਦਾਲੇ ਦੀਆਂ ਸਾਰੀਆਂ ਸੋਨੇ ਦੀਆਂ ਟੂੰਮਾਂ ਵੀ ਵੇਚਕੇ ਮੇਰੇ ਮੁਕਦਮੇ ਮੇਰੀਆਂ ਮੁਲਾਕਾਤਾਂ ਉਤੇ ਲਾ ਦਿੱਤੀਆਂ। ਆਖਰ ਉਹ ਮਰ ਗਈ, ਮਰੀ ਵੀ ਮੇਰੀ ਮੁਲਾਕਾਤ ਕਰਨ ਆਈ ਨਮੂਨੀਏ ਦੀ ਬੀਮਾਰੀ ਨਾਲ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ, ਮੈਨੂੰ ਵੀ ਨਹੀਂ ਭੁਲਦੀ।'

'ਮੈਂ ਭੁਲਦੀ ਨਹੀਂ, ਮਾਂ ਦੀ ਪ੍ਰੀਤ ਅਭੁਲ ਤੇ ਅਟੁੱਟ ਹੈ। ਭਗਵਾਨ ਨੇ ਆਖਿਆ, ਉਸ ਦੀਆਂ ਅੱਖਾਂ ਅਗੇ ਵੀ ਉਸ ਦੀ ਮਾਤਾ ਦੀ ਤਸਵੀਰ ਸੀ, ਮੇਰੀ ਮਾਂ ਦਾ ਹੌਸਲਾ ਬੜਾ ਹੈ। ਮੇਰੇ ਕੋਲ ਆ ਕੇ ਉਸ ਨੇ ਕਦੀ ਹੰਝੂ ਨਹੀਂ ਕੇਰੇ, ਮੁਸਕਰਾਂਦੀ ਹੋਈ ਮੈਨੂੰ ਹਲਾ ਸ਼ੇਰੀ ਦੇਂਦੀ ਹੈ। ਕਿਉਂਕਿ ਚੇਹਰੇ ਵਲ ਦੇਖਦਿਆਂ ਉਨ੍ਹਾਂ ਦੀ ਸਰੀਰਕ ਨਿਰਬਲਤਾ ਸਾਫ ਪ੍ਰਗਟ ਹੁੰਦੀ ਹੈ।'

'ਨਾਲੇ ਤੇ ਮਾਂ ਨੂੰ ਅਜੇ ਆਸ ਵੀ ਬੜੀ ਹੈ ਕਿ ਸ਼ਾਇਦ ਕੋਠੀ ਟੁਟਕੇ ਸਜ਼ਾ ਵੀਹ ਸਾਲ ਹੋ ਜਾਵੇ, ਕਿਉਂਕਿ ਦੇਸ਼ ਵਿਚ ਐਜੀਟੇਸ਼ਨ ਬਹੁਤ ਹੋ ਰਹੀ ਹੈ।'

'ਬਾਬਾ ਜੀ! ਇਹ ਸਾਮਰਾਜੀ ਅੰਗਰੇਜ਼ ਲੋਕਾਂ ਦੇ ਰੌਲੇ ਦੀ ਕੋਈ ਪ੍ਰਵਾਹ ਨਹੀਂ ਕਰਦਾਂ ਗਾਂਧੀ-ਵਾਇਸਰਾਏ ਮੁਲਾਕਾਤਾਂ ਹੋ ਰਹੀਆਂ ਹਨ। ਇਹਨਾਂ ਮੁਲਕਾਤਾਂ ਦੇ ਨਤੀਜੇ ਅਸਾਂ ਵਾਸਤੇ ਤਾਂ ਚੰਗੇ ਨਹੀਂ ਅਸਾਨੂੰ ਤਿੰਨਾਂ ਨੂੰ ਸਰਕਾਰ ਨੇ ਨਹੀਂ ਛੱਡਣਾ ਜ਼ਰੂਰ ਫਾਹੇ ਟੰਗੀ ਕਾਂਗਰਸ ਦੇ ਪਾਲਸੀ, ਕਮਜ਼ੋਰ, ਸੁਧਾਰੂ ਤੇ ਦਸਤੂਰ ਵਾਦੀ ਹੈ। ਦਸਤੂਰ ਵਾਦੀਏ ਸਦਾ ਦੇਸ਼ ਦੇ ਇਨਕਲਾਬੀ ਲਾਭਾਂ ਵਾਸਤੇ ਨਿਕੰਮੇ ਹੁੰਦੇ ਹਨ। ਦੁਸ਼ਮਨ ਦੇ ਹੱਥ ਮਜ਼ਬੂਤ ਕਰਦੇ ਨੇ। ਮੌਕਾ ਤਾੜੂ ਦੁਸ਼ਮਣ ਆਪਣੇ ਆਪ ਨੂੰ ਬਚਾਉਣ ਵਾਸਤੇ ਕੁਝ ਦੇ ਦਿਵਾ ਕੇ ਸਮਝੌਤਾ ਕਰ ਲੈਂਦਾ ਹੈ, ਜਦੋਂ ਜ਼ੋਰ ਪੈਂਦਾ ਏ, ਤਦੋਂ ਸਮਝੌਤੇ ਦੇ ਕਾਗਜ਼ ਨੂੰ ਰਦੀ ਦੀ ਟੋਕਰੀ ਵਿਚ ਸੁਟ ਦੇਂਦਾ ਹੈ। ਅੱਗੇ ਕਿੰਨੇ ਸਮਝੌਤੇ ਹੋਏ ਕੋਈ ਨੇਪਰੇ ਵੀ ਚੜ੍ਹਿਆ ਹੈ?'

'ਇਹ ਤਾਂ ਗਲ ਤੇਰੀ ਠੀਕ ਹੈ। ਖੈਰ ਮੇਰੀ ਤਾਂ ਐਨੀ ਬੁੱਧੀ ਨਹੀਂ। ਅਨਪੜ੍ਹ ਬੰਦਾ ਹਾਂ। ਮੈਂ ਹੁਣ ਚਲਿਆ ਹਾਂ, ਦਰੋਗਾ ਤੇ ਮਿਸਟਰ ਚੋਪੜੇ ਦੇ ਆਉਣ ਦਾ ਵੇਲਾ ਹੈ। ਐਵੇਂ ਸ਼ੱਕ ਕਰਨਗੇ।

ਇਹ ਆਖਕੇ ਬਾਬਾ ਭਗਤ ਸਿੰਘ ਕੋਲੋਂ ਚਲਿਆ ਗਿਆ ਸੀ! ਭਗਤ ਸਿੰਘ ਤੇ ਬਾਬੇ ਦੀ ਬੜੀ ਪ੍ਰੀਤੀ ਸੀ। ਦੇਸ਼ ਭਗਤੀ ਦਾ ਵਲਵਲਾ ਦੋਹਾਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਕਰੀ ਜਾਂਦਾ ਸੀ।

ਦਸ ਵਜੇ ਸੁਪ੍ਰੰਟੈਂਡੰਟ ਤੇ ਦਰੋਗਾ ਦਫ਼ਤਰ ਆਏ ਛੋਟੇ ਡਿਪਟੀ ਵੀ ਦੇਖ ਭਾਲ ਵਿਚ ਕੈਦੀਆਂ ਦੀਆਂ ਮੁਲਾਕਾਤਾਂ ਡਿਉੜੀ ਦੇ ਕਮਰੇ ਵਿਚ ਸ਼ੁਰੂ ਹੋਈਆਂ। ਫਾਂਸੀ ਵਾਲਿਆਂ ਦੀਆਂ ਮੁਲਾਕਾਤਾਂ ਫਾਂਸੀ ਕੋਠੜੀਆਂ ਵਿਚ ਹੀ ਹੋਣੀਆਂ ਸਨ। ਸਾਢੇ ਕੁ ਯਾਰਾਂ ਵਜੇ ਉਨ੍ਹਾਂ ਨੂੰ ਵੀ ਆਵਾਜ਼ਾਂ ਪਈਆਂ! ਉਸ ਦਿਨ ਕੋਠੀਆਂ ਵਾਲੇ ਤਿੰਨਾਂ ਬੰਦਿਆਂ ਦੀਆਂ ਮੁਲਾਕਾਤਾਂ ਸਨ। ਜਿਨਾਂ ਵਿਚੋਂ ਇਕ ਭਗਤ ਸਿੰਘ ਸੀ। ਸ: ਕਿਸ਼ਨ ਸਿੰਘ (ਭਗਤ ਸਿੰਘ ਜੀ ਦਾ ਪਿਤਾ) ਆਪਣੇ ਸਾਰੇ ਪ੍ਰਵਾਰ ਨੂੰ ਨਾਲ ਲੈਕੇ ਬੇਟੇ ਦੀ ਮੁਲਾਕਾਤ ਕਰਨ ਵਾਸਤੇ ਆਇਆ ਸੀ। ਬੇਟੇ ਵੀ ਉਸ ਦੀ ਜਿਸ ਦਾ ਜੀਵਨ ਚੰਦ ਦਿਹਾੜੇ ਬਾਕੀ ਸੀ।

ਚੱਕ੍ਰ ਇਨਚਾਰਜ ਸ੍ਰ: ਕਿਸ਼ਨ ਸਿੰਘ ਤੇ ਉਹਨਾਂ ਦੇ ਪ੍ਰਵਾਰ ਨੂੰ ਨਾਲ ਲੈਕੇ ਸ: ਭਗਤ ਸਿੰਘ ਦੀ ਕੋਠੀ ਵਲ ਚਲਿਆ ਗਿਆ। ਨਾਲ ਸੀ. ਆਈ. ਡੀ. ਦਾ ਬੰਦਾ ਸੀ। ਜਿਸਦੇ ਦਿਲ ਦਾ ਤਾਂ ਪਤਾ ਨਹੀਂ ਪਰ ਜ਼ਬਾਨ ਮਿੱਠੀ ਅਤੇ ਵਰਤਾਓ ਸਾਊਆਂ ਤੇ ਭਲੇਮਾਣਸਾਂ ਵਰਗਾ ਸੀ। ਮੁਲਾਕਾਤ ਦੇ ਵਿਚ ਉਹ ਰੋੜਾ ਨਹੀਂ ਬਣਦੇ ਸਨ।

ਕੋਠੀ ਦੇ ਵਿਹੜੇ ਦਾ ਬੂਹਾ ਖੁੱਲ੍ਹਾ ਤੇ ਕੋਠੀ ਦਾ ਵੱਜਾ ਹੋਇਆ ਸੀ। ਭਗਤ ਸਿੰਘ ਟਹਿਲ ਰਿਹਾ ਸੀ। ਆਪਣੇ ਪਿਤਾ ਨੂੰ ਕੋਠੀ ਦੇ ਵੇਹੜੇ ਵਿਚ ਪੈਰ ਰਖਦਿਆਂ ਦੇਖਕੇ ਉਹ ਝਟ ਦਰਵਾਜ਼ੇ ਦੀਆਂ ਸੀਖਾਂ ਨਾਲ ਆ ਲੱਗਿਆ। ਮਸਕਰਾਉਂਦਿਆਂ ਹੋਇਆਂ ਦੋਵੇਂ ਹੱਬ ਬਾਹਰ ਕਢੇ ਤਾਂਕਿ ਉਹਦਾ ਪਿਤਾ ਹਥਾਂ ਨੂੰ ਘੁਟ ਲਵੇ। ਕਿਸ਼ਨ ਸਿੰਘ ਨੇ ਨੇੜੇ ਹੋਕੇ ਸੀਖਾਂ ਵਿਚ ਦੀ ਪੁੱਤਰ ਨੂੰ ਪਿਆਰ ਦਿੱਤਾ। ਵਡੀ ਭੈਣ ਬੀਬੀ ਅਮਰ ਕੌਰ ਅੱਗੇ ਹੋਈ। ਵੀਰ ਨੂੰ ਰੱਜਕੇ ਦੇਖਿਆ ਸਿਰ ਤੇ ਪਿਆਰ ਦਿੱਤਾ। ਦਿਲ ਐਨਾ ਉਛਲਿਆ ਕਿ ਬੋਲ ਨਾ ਸਕੀ। ਨੈਨਾਂ ਵਿਚ ਹੰਝੂ ਆ ਗਏ। ਪਾਸੇ ਹੋ ਕੇ ਬੈਠ ਗਈ ਕੁਲਵੰਤ ਤੇ ਕੁਲਬੀਰ ਵੀ ਹੱਸਦੇ ਹੋਏ ਮਿਲੇ। ਮਾਂ ਅੱਗੇ ਹੋਈ। ਉਹ ਮਾਂ ਜੋ ਸਦਾ ਭਗਤ ਸਿੰਘ ਨੂੰ 'ਭਾਗਾਂ ਵਾਲਾ' ਸਮਝਦੀ ਰਹੀ ਸੀ। ਜਿਸ ਦਾ ਪੁੱਤਰ ਸੁੰਦਰ ਜੁਆਨ ਉਹਦੇ ਸਾਹਮਣੇ ਖਲੋਤਾ। ਮੁਸਕਰਾ ਰਿਹਾ ਸੀ। ਲਾਡਾਂ ਤੇ ਪਿਆਰਾਂ ਨਾਲ ਪਾਲਿਆ ਹੋਇਆ ਪੁੱਤਰ ਅੱਜ ਉਸਨੂੰ ਕਮਾਈ ਕਰਕੇ ਖਵਾਉਣ ਦੀ ਥਾਂ ਜੇਹਲ ਦੀ ਕਾਲ ਕੋਠੜੀ ਵਿਚ ਡਕਿਆ ਹੋਇਆ ਸੀ। ਦੋ ਸਜ਼ਾਵਾਂ ਸਨ ਵੀਹ ਸਾਲ ਤੇ ਫਾਂਸੀ। ਜੋ ਫਾਂਸੀ ਟੁਟ ਜਾਵੇ ਤਾਂ ਵੀਹ ਸਾਲ ਦੀ ਕੈਦ ਭੁਗਤਣੀ ਹੀ ਪੈਣੀ ਸੀ। ਫਿਰ ਕੋਈ ਸ਼ਰੀਕ ਨਹੀਂ ਮਾਰਿਆ ਨਾ ਹੀ ਮਾਯਾ ਦੇ ਲਾਲਚ ਪਿਛੇ ਕੋਈ ਡਕੈਤੀ ਕੀਤੀ ਸੀ। ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਪਿਆਰੇ ਦੇਸ਼ ਵਿਚ ਲੋਕ ਰਾਜ ਕਾਇਮ ਕਰਨ ਵਾਸਤੇ ਵੱਡੇ ਦੁਸ਼ਮਣ ਨਾਲ ਟਕਰ ਲਈ ਸੀ। ਕੌਮੀ ਮੁਫਾਦ ਸੀ, ਜਾਤੀ ਲਾਭ ਉੱਕਾ ਹੀ ਕੋਈ ਨਹੀਂ ਸੀ। ਭਗਤ ਸਿੰਘ ਦੀ ਮਾਤਾ ਇਕ ਨਿਰਾਲੀ ਇਸਤ੍ਰੀ ਸੀ। ਜਿਸ ਨੇ ਕਦੇ ਪਤੀ ਅਤੇ ਕਦੀ ਦਿਉਰਾਂ ਨੂੰ ਜੁਆਨੀ ਵੇਲੇ ਵਤਨ ਦੀ ਖਾਤਰ ਜੇਹਲ ਨੂੰ ਤੋਰਿਆ ਸੀ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਸੀ ਉਸ ਦਿਨ ਉਹ ਜੇਹਲਾਂ ਵਿਚੋਂ ਰਿਹਾ ਹੋ ਰਹੇ ਸਨ। ਇਕ ਦਿਉਰ ਸ: ਅਜੀਤ ਸਿੰਘ ਅਜੇ ਜਲਾਵਤਨ ਸੀ। ਯੂਰਪ ਦੇ ਕਿਸੇ ਦੇਸ਼ ਵਿਚ ਉਹਨਾਂ ਦਿਨਾਂ ਦੀ ਉਡੀਕ ਕਰ ਰਿਹਾ ਸੀ ਜੇਹੜੇ ਦਿਨ ਉਸਨੂੰ ਹਿੰਦੁਸਤਾਨ ਔਣ ਵਾਸਤੇ ਜੀ-ਆਇਆਂ ਆਖਣ। ਜੁਆਨੀ ਤੋਂ ਬੁਢੇਪਾ ਆ ਗਿਆ। ਉਹ ਜੇਹਲਾਂ ਦੀਆਂ ਡਿਉੜੀਆਂ ਵਲ ਮੁਲਾਕਾਤਾਂ ਕਰਨ ਆਉਂਦੀ ਰਹੀ। ਥੋੜੇ ਸਾਲ ਨਹੀਂ ੨੫ ਸਾਲਾਂ ਵਿਚ ਕੋਈ ਹੀ ਐਸਾ ਸ਼ਾਲ ਹੋਵੇਗਾ ਜਦੋਂ ਉਹ ਘਰ ਦੇ ਕਿਸੇ ਨਾ ਕਿਸੇ ਜੀਅ ਦੀ ਮੁਲਾਕਾਤ ਕਰਨ ਵਾਸਤੇ ਜੇਹਲ ਵਲ ਨਾ ਆਈ ਹੋਵੇ। ਉਹ ਵਤਨ ਬਦਲੇ ਪ੍ਰਵਾਰ ਤੇ ਆਪਾ ਵਾਰਨ ਵਿਚ ਖੁਸ਼ੀ ਮਹਿਸੂਸ ਕਰਦੀ ਸੀ।

"ਬੇਟਾ ਹੱਠ ਨਾ ਛੱਡੀ। ਇਕ ਦਿਨ ਜ਼ਰੂਰ ਮਰਨਾ ਹੈ ਪਰ ਮਰਨਾ ਉਹ ਚੰਗਾ ਹੈ, ਜਦੋਂ ਸਾਰਾ ਸੰਸਾਰ ਯਾਦ ਕਰਕੇ ਰੋਵੇ?" ਮਾਂ! ਨੇ ਪੁੱਤਰ ਭਗਤ ਸਿੰਘ ਨੂੰ ਪਿਆਰ ਦੇਣ ਪਿੱਛੋਂ ਆਖਿਆ ਸੀ। "......ਤੈਨੂੰ ਦੇਖਕੇ ਮੇਰੇ ਥਣੀ ਦੁੱਧ ਆ ਜਾਂਦਾ ਏ। ਮੈਂ ਬਹੁਤ ਖੁਸ਼ ਹਾਂ। ਖੁਸ਼ ਇਸ ਕਰਕੇ ਕਿ ਮੇਰਾ ਪੁੱਤਰ ਮੇਰੀ ਕੁੱਖ ਨੂੰ, ਮੇਰੇ ਦੁੱਧ ਨੂੰ ਸਫਲ ਕਰ ਰਿਹਾ ਹੈ। ਨੇਕ ਤੇ ਚੰਗੇ ਕਰਮ ਬਦਲੇ ਆਪਾ ਵਾਰ ਰਿਹਾ ਹੈ..... ਮੇਰੀ ਸੱਧਰ ਏਹੋ ਹੀ ਹੈ ਕਿ ਫਾਂਸੀ ਦੇ ਤਖਤੇ ਉਤੇ ਖਲੋਤਾ ਹੋਇਆ ਮੇਰਾ ਪੁੱਤ੍ਰ "ਇਨਕਲਾਬ ਜ਼ਿੰਦਾਬਾਦ" ਦੇ ਨਾਹਰੇ ਲਾਵੇ। ਪੁੱਤ੍ਰ ਦਾ ਵਜ਼ਨ ਘਟੇ ਨਾ ਵੱਧੇ।"

"ਮਾਤਾ ਜੀ! ਏਸੇ ਤਰ੍ਹਾਂ ਹੀ ਹੋਵੇਗਾ। ਤੁਸਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ।"ਪਿਆਰੀ ਮਾਂ ਦੇ ਦੋਵੇਂ ਹੱਥ ਚੁੰਮ ਕੇ ਸਿਰ ਨਿਵਾ ਕੇ ਪੈਰਾਂ ਦੀ ਖਾਕ ਲੈਕੇ ਅੱਖਾਂ ਨੂੰ ਲਾਉਂਦਿਆਂ ਹੋਇਆਂ, ਗਭਰੂ ਭਗਤ ਸਿੰਘ ਨੇ ਉੱਤਰ ਦਿੱਤਾ ਸੀ।

ਮਾਂ ਨੇ ਪੁੱਤ੍ਰ ਦਾ ਮੱਥਾ ਚੁੰਮ ਕੇ ਅਸੀਸ ਦਿੱਤੀ ਸੀ।

ਬਿਜਲੀ ਵਰਗੇ ਪਵਿੱਤ੍ਰ ਵਲਵਲੇ ਦੇ ਅਸਰ ਨਾਲ ਦੋਹਾਂ ਦੇ ਸਰੀਰ ਥਰਥਰਾਂਦੇ ਸਨ। ਨੈਨਾਂ ਵਿੱਚ ਖੁਸ਼ੀ ਦੇ ਹੰਝੂ ਸਨ। ਡਰ ਸਹਿਮ ਤੇ ਬੁਜ਼ਦਿਲੀ ਦੇ ਚੰਦਰੇ ਅਥਰੂ ਨਹੀਂ ਸਨ। ਨਾ ਵਿਛੋੜੇ ਤੇ ਖੁਦਗਰਜ਼ੀ ਦੇ ਹੌਕੇ ਸੀ। ਭਗਤ ਸਿੰਘ ਦੀ ਮਾਂ ਸਚ ਮੁਚ ਉਸ ਵੇਲੇ ਇਕ ਨੇਕ ਤੇ ਅਮਰ ਮਾਂ ਸੀ

'ਪੁੱਤ੍ਰ ਇੱਕ ਮੁਲਾਕਾਤ ਸ਼ਾਇਦ ਹੋ ਸਕੇ।'

ਸਰਦਾਰ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਆਖਿਆ

'ਕਿਉਂ ਕੁਝ ਪਤਾ ਲੱਗਾ?"

ਭਗਤ ਸਿੰਘ ਨੇ ਪੁਛਿਆ।

'ਹਾਂ!'

'ਕੀ?'

'ਤੇਰੀ, ਰਾਜ ਗੁਰੂ ਤੇ ਸੁਖਵੇਦ ਦੀ ਫਾਂਸੀ ਮਨਸੂਖ ਕਰਨੀ ਨਹੀਂ ਮੰਨਿਆਂ, ਜੋ ਗਾਂਧੀ ਵਾਇਸਰਾਏ ਸਮਝੌਤਾ ਹੋਇਆ ਹੈ, ਉਸ ਅਨੁਸਾਰ ਕਾਂਗਰਸੀ ਕੈਦੀ ਰਿਹਾ ਕੀਤੇ ਜਾਣਗੇ, ਪਰ ਕੋਈ ਜੁਗ-ਗਰਦ ਕੈਦੀ ਰਿਹਾ ਨਹੀਂ ਹੋਵੇਗਾ, ਵਾਇਸਰਾਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਕੋਠੀ ਤੋੜ ਸਕਦਾ ਹੈ, ਪਰ ਉਹ ਨਹੀਂ ਮੰਨਦਾ।'

'ਮੈਂ ਤਾਂ ਸ਼ੁਰੂ ਤੋਂ ਹੀ ਆਖ ਰਿਹਾ ਹਾਂ ਕਿ ਅਸਾਂ ਦੀ ਕੋਠੀ ਕਿਸੇ ਨਹੀਂ ਤੋੜਨੀ, ਫਾਂਸੀ ਦੀ ਰੱਸੀ ਗਲ ਪਵਾਉਣੀ ਹੀ ਪਵੇਗੀ, ਇਹ ਕੇਹੜੀ ਨਵੀਂ ਗਲ ਹੈ।'

'ਇਹ ਵੀ ਪਤਾ ਲਗਾ ਹੈ।'

'ਕਿਸ ਗਲ ਦਾ?'

'ਮਹਾਤਮਾ ਗਾਂਧੀ ਨੇ ਆਖ ਦਿਤਾ ਹੈ ਕਿ ਜੇ ਉਨ੍ਹਾਂ ਤਿੰਨਾਂ ਨੌਜੁਆਨਾਂ ਨੂੰ ਫਾਹੇ ਟੰਗਣਾਂ ਹੀ ਹੈ ਤਾਂ ਸਰਬ ਹਿੰਦ ਕੌਮੀ ਕਾਂਗ੍ਰਸ ਦੇ ਸਾਲਾਨਾ ਕਰਾਚੀ ਜਲਸੇ ਤੋਂ ਪਹਿਲਾਂ ਪਹਿਲਾਂ ਹੀ ਫਾਹੇ ਲਾ ਦਿਓ।'

ਕਰਾਚੀ ਵਾਲਾ ਜਲਸਾ ਕਦੋਂ ਹੋ ਰਿਹਾ ਹੈ?'

'ਏਸੇ ਮਹੀਨੇ ਦੇ ਅੰਤ ਵਿਚ।'

'ਫਿਰ ਤਾਂ ਪਿਤਾ ਜੀ! ਬਹੁਤ ਖੁਸ਼ੀ ਦੀ ਗਲ ਹੈ, ਅਗੋਂ ਗਰਮੀ ਆ ਰਹੀ ਹੈ। ਜੇਹਲ ਦੀਆਂ ਕਾਲ ਕੋਠੜੀਆਂ ਵਿਚ ਸਰੀਰ ਸਾੜਨ ਤੇ ਜਿੰਦ ਅਜ਼ਾਬਾਂ ਵਿਚ ਪਾਉਣ ਨਾਲੋਂ ਫਾਂਸੀ ਲਗਕੇ ਸਦਾ ਵਾਸਤੇ ਸੁਤੰਤ੍ਰਤਾ ਹਾਸਲ ਕਰਨੀ ਹਛੀ ਹੈ। ਕਹਿੰਦੇ ਨੇ ਮਰਨ ਤੋਂ ਪਿਛੋਂ ਆਖਦੇ ਨੇ ਹੱਛਾ ਜੀਵਨ ਨਸੀਬ ਹੁੰਦਾ ਹੈ। ਮੈਂ ਫਿਰ ਭਾਰਤ ਵਿਚ ਜਨਮ ਲਵਾਂਗਾ, ਸ਼ਾਇਦ ਗੋਰੇ ਨਾਲ ਇਕ ਵਾਰ ਹੋਰ ਟਕਰ ਲੈਣੀ ਪਵੇ। ਮੇਰਾ ਦੇਸ਼ ਸੁਤੰਤ੍ਰਤਾ ਹਾਸਲ ਕਰੇ।'

'ਜਨਤਾ ਨੇ ਤਾਂ ਹਮਦਰਦੀ ਜਤਾਉਣ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ, ਸੈਂਕੜੇ ਨੌਜੁਆਨ ਐਜੀਟੇਸ਼ਨ ਕਰਦੇ ਹੋਏ ਜੇਹਲਾਂ ਵਿਚ ਆ ਗਏ ਹਨ। ਤੁਸਾਂ ਦੀ ਰਿਹਾਈ ਬਦਲੇ ਸਾਰੇ ਭਾਰਤ ਦੀਆਂ ਅਖਬਾਰਾਂ ਨੇ ਸਫਿਆਂ ਦੇ ਸਫੇ ਕਾਲੇ ਕੀਤੇ ਹਨ। ਪ੍ਰਦੇਸ਼ਾਂ ਵਿਚ ਚਰਚਾ ਹੋਈ ਹੈ। ਕਈ ਲਖਾਂ ਤਾਰ ਹਿੰਦੁਸਤਾਨ ਦੇ ਲੋਕਾਂ ਵਲੋਂ ਵਾਇਸਰਾਏ ਤੇ ਬ੍ਰਤਾਨੀਆਂ ਦੇ ਵਜ਼ੀਰਾਂ ਨੂੰ ਭੇਜੇ ਗਏ ਹਨ। ਜਿਨ੍ਹਾਂ ਵਿਚ ਲਿਖਿਆ ਗਿਆ ਹੈ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਫਾਂਸੀ ਮਨਸੂਖ ਕਰੋ। ਪਰ ਜਨਤਾ ਦੀ ਆਵਾਜ਼ ਦਾ ਅੰਗਰੇਜ਼ ਨੇ ਕੌਡੀ ਮੁਲ ਨਹੀਂ ਪਾਇਆ।'

'ਕੋਈ ਚਿੰਤਾ ਨਹੀਂ, ਜੋ ਕੁਝ ਹੋ ਰਿਹਾ ਹੈ, ਉਹ ਕੁਝ ਚੰਗਾ ਹੈ। ਕੋਈ ਹਕੂਮਤ ਜੋ ਜਨਤਾ ਦੇ ਬੋਲਾਂ ਨੂੰ ਅਨ ਸੁਣਿਆ ਕਰਦੀ ਹੈ, ਉਹ ਹਕੂਮਤ ਆਪਣੇ ਪੈਰ ਆਪ ਕੁਹਾੜਾ ਮਾਰਦੀ ਹੈ। ਸਰਕਾਰ ਦੀ ਅਨ-ਗਹਿਲੀ ਲਾ-ਪ੍ਰਵਾਹੀ ਤੇ ਹੱਠ ਧਰਮੀ ਸੁਤੀ ਜਨਤਾ ਨੂੰ ਹੁਸ਼ਿਆਰ ਕਰਕੇ ਇਨਕਲਾਬ ਵਲ ਪ੍ਰੇਰਦੀ ਹੈ।

'ਸ਼ਾਇਦ ਦੂਸਰੀ ਮੁਲਾਕਾਤ ਨਾ ਕਰਨ ਦੇਣ, ਕਿਉਂਕਿ ਪੂਰੇ ਬੰਦੋਬਸਤ ਕਰਕੇ ਸਰਕਾਰ ਤੁਹਾਨੂੰ ਫਾਂਸੀ ਲਾਏਗੀ, ਤੁਹਾਡੇ ਸਰੀਰ ਵੀ ਅਸਾਨੂੰ ਨਹੀਂ ਦਿੱਤੇ ਜਾਣਗੇ। ਹੁਕਮ ਆਉਣ ਵਾਲਾ ਹੀ ਹੈ। ਅਣਦਸ ਕਿਸੇ ਵੇਲੇ ਕੁਵੇਲੇ ਇਹ ਸਾਰਾਂ ਕੰਮ ਕੀਤਾ ਜਾਵੇਗਾ, ਜਨਤਾ ਦੇ ਜਜ਼ਬੇ ਕੋਲੋਂ ਹਕੂਮਤ ਬਹੁਤ ਤ੍ਰਬਕ ਰਹੀ ਹੈ।

'ਜਦੋਂ ਜਾਨ ਨਿਕਲ ਗਈ ਤਦੋਂ ਸਰੀਰ ਨੇ ਮਿਟੀ ਹੋ ਜਾਣਾ ਹੈ, ਉਸ ਮਿਟੀ ਨੂੰ ਹਕੂਮਤ ਜਿਥੇ ਮਰਜ਼ੀ ਖੜ ਕੇ ਖਤਮ ਕਰ ਦੇਵੇ, ਉਸ ਨਾਲ ਕੀ ਫਰਕ ਪੈਣ ਲੱਗਾ ਹੈ। ਚਲੋ ਜੇ ਹੋਰ ਮੁਲਾਕਾਤ ਦਾ ਸਮਾਂ ਹੱਥ ਨਹੀਂ ਆਉਣਾ ਤਾਂ ਨਾ ਸਹੀ। ਤੁਸੀਂ ਸਾਰਿਆਂ ਦੇ ਚੰਗੇਰੀ ਯਾਦ ਤੇ ਅੰਤ ਮੈਂ ਨਾਲ ਲੈ ਜਾਣੀ ਹੈ। ਤੁਸੀਂ ਮੈਨੂੰ ਨਹੀਂ ਭੁਲਣਾ, ਦਿਲ ਦਿਲਾਂ ਨੂੰ ਮਿਲਦੇ ਰਹਿਣ, ਅੱਖਾਂ ਨਾ ਤਕਿਆ ਤਾਂ ਕੀ।'

'ਉਸ ਸਮੇਂ ਘਾਬਰੀਂ ਨਾ! ਚੜ੍ਹਦੀਆਂ ਕਲਾਂ ਵਿਚ ਰਹੀਂ।' ਘਾਬਰਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਮੇਰਾ ਵਜ਼ਨ ਚਾਰ ਪੌਂਡ ਵਧ ਗਿਆ ਜੇ।'

'ਹੱਛਾ! ਬਸ ਠੀਕ ਹੈ!'

'ਤੁਸੀਂ ਨਾ ਘਾਬਰਿਓ!'

'ਨਹੀਂ!'

'ਵੀਰੋ!' ਭਰਾਵਾਂ ਨੂੰ ਸੰਬੋਧਨ ਕਰਕੇ ਭਗਤ ਸਿੰਘ ਨੇ ਆਖਿਆ, ਮੇਰੇ ਪਿਛੋਂ ਵਤਨ ਤੇ ਲੋਕ ਸੇਵਾ ਨਾ ਛੱਡਿਓ! ਲੋਕ-ਲਾਭਾਂ ਵਾਸਤੇ ਆਪਾ ਵਾਰਿਓ!'

'ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਪਹਿਲੀ ਕਤਾਰ ਵਿਚ ਹੋ ਕੇ ਲੜਾਂਗੇ। ਕੁਲਬੀਰ ਸਿੰਘ ਨੇ ਉੱਤਰ ਦਿੱਤਾ ਸੀ।

'ਠੀਕ ਹੈ!'

ਏਨੇ ਨੂੰ ਡਿਪਟੀ ਨੇ ਕਿਹਾ,'ਸਰਦਾਰ ਜੀ! ਵਕਤ ਹੋ ਗਿਆ ਹੈ।'

ਸਾਰਾ ਪ੍ਰਵਾਰ ਵਾਰੀ ਵਾਰੀ ਮੁੜ ਮਿਲਿਆ। ਬ੍ਰਿਹੋਂ ਦਾ ਮਿੱਠਾ ਸਲ ਹਰ ਹਿਰਦੇ ਵਿੱਚ ਸੀ। ਅੱਖੀਂ ਹੰਝੂ ਸਨ ਪਰ ਅਨਡੁਲ੍ਹੇ।

'ਪੁੱਤਰ ਅਮਰ ਹੋਵੇ!' ਮਾਂ ਨੇ ਕਿਹਾ।

'ਵੀਰਾ ਕਦੀ ਨਾ ਭੁਲੇਂ!' ਭੈਣ ਨੇ ਆਖਿਆ।

ਕਾਨੂੰਨ ਦੇ ਧੱਕੇ ਨਾਲ ਸਾਰੇ ਕੋਠੜੀ ਦੇ ਵੇਹੜੇ ਵਿਚੋਂ ਬਾਹਰ ਆ ਗਏ। ਦੂਰ ਖਲੋਤੇ ਕੈਦੀ ਦੇਖਦੇ ਹੋਏ ਇਕ-ਦੂਜੇ ਨੂੰ ਆਖ ਰਹੇ ਸਨ।

ਇਹ ਭਗਤ ਸਿੰਘ ਦਾ ਪਿਤਾ ਜਾਂਦਾ ਹੈ। ਔਹ ਭਾਈ! ਇਹ ਭੈਣ, ਉਹ ਮਾਂ, ਸ਼ਹੀਦੀ ਦਾ ਦਿਨ ਨੇੜੇ ਆਇਆ ਪ੍ਰਤੀਤ ਹੁੰਦਾ ਹੈ। ਇਹ ਸ਼ਾਇਦ ਅੰਤਮ ਮੁਲਾਕਾਤ ਹੈ।

ਸ਼ਹੀਦ ਭਗਤ ਸਿੰਘ : ੧੭. ੨੩ ਮਾਰਚ ੧੯੩੧

'ਹੱਛਾ ਕਾਕਾ! ਅੱਜ ਤੇਰੇ ਅਸਾਡੇ ਦਰਸ਼ਨਾਂ ਦਾ ਅੰਤਲਾ ਦਿਨ ਹੈ। ਮੈਂ ਰਾਜ ਗੁਰੂ ਤੇ ਸੁਖਦੇਵ ਨੂੰ ਮਿਲ ਆਇਆ ਹਾਂ। ਬਾਰਾਂ ਵਜੇ ਪਿਛੋਂ ਏਧਰ ਕੋਈ ਕੈਦੀ ਨਹੀਂ ਆ ਸਕਦਾ (ਤੁਸਾਂ ਨੂੰ ਅੱਜ ਫਾਂਸੀ ਦਿੱਤਾ ਜਾਵੇਗਾ।'

ਬਾਬਾ ਚੂਹੜ ਸਿੰਘ ਨੇ ਭਗਤ ਸਿੰਘ ਨੂੰ ਜਾ ਦਸਿਆ।

'ਬਾਬਾ ਜੀ! ਖੁਸ਼ੀ ਦੀ ਗੱਲ ਹੈ, ਅਜ ਮੈਂ ਮਰਨ ਵਾਸਤੇ ਤਿਆਰ ਹਾਂ। ਤੁਸਾਂ ਦੀ ਤਸਵੀਰ ਵੀ ਅੱਖਾਂ ਰਾਹੀਂ ਮੇਰੇ ਹਿਰਦੇ ਉਤੇ ਉਕਰੀ ਗਈ ਹੈ। ਮੈਂ ਨਹੀਂ ਭੁਲਦਾ।'

'ਕੋਈ ਇਛਾ?'

'ਕੋਈ ਹੋਰ ਇੱਛਾ ਨਹੀਂ। ਸਿਆਸਤ ਖਾਨੇ ਦੇ ਸਾਰੇ ਰਾਜਸੀ ਕੈਦੀਆਂ ਨੂੰ ਮੇਰੇ ਵਲੋਂ 'ਬੰਦੇ-ਮਾਤ੍ਰਮ' ਕਹਿਣਾ। ਜਦੋਂ ਕੰਮ ਸਮਾਪਤ ਕਰਨਗੇ?'

'ਲੋਕ ਕਲ੍ਹ ਦੇ ਜੇਹਲ ਦਾ ਚੌਗਿਰਦਾ ਮਲ ਕੇ ਬੈਠੇ ਹਨ। ਸਰਕਾਰੀ ਫੈਸਲਾ ਹੈ ਕਿ ਨਾ ਤੁਸਾਂ ਦੀਆਂ ਲੋਥਾਂ ਵਾਰਸਾਂ ਨੂੰ ਦਿੱਤੀਆਂ ਜਾਣੀਆਂ ਹਨ ਤੇ ਨਾ ਕਿਸੇ ਨੂੰ ਇਹ ਪਤਾ ਦੇਣਾ ਹੈ ਕਿ ਕਿਸ ਵੇਲੇ ਫਾਂਸੀ ਲਾਉਣਾ ਹੈ। ਸਸਕਾਰ ਕਰਨ ਦਾ ਵੀ ਪ੍ਰਬੰਧ ਕਿਤੇ ਲਾਹੌਰੋਂ ਦੂਰ ਹੋ ਰਿਹਾ ਹੈ।'

'ਲੋਕ ਕਿੰਨੇ ਕੁ ਜਮ੍ਹਾਂ ਨੇ?'

'ਵਾਰਡਰ ਦਸਦੇ ਨੇ ਹਜ਼ਾਰਾਂ ਦੀ ਗਿਣਤੀ ਹੈ। ਹਰ ਰਾਹ ਤੇ ਥਾਂ ਮਲੀ ਬੈਠੇ ਨੇ! ਹੱਛਾ 'ਬੰਦੇ ਮਾਤ੍ਰਮ' ਮੈਂ ਜਾਂਦਾ ਹਾਂ!'

'ਮੁੜਕੇ ਨਹੀਂ ਆਉਗੇ?'

'ਮੁਸ਼ਕਲ ਹੈ।'

'ਕਿਉਂ?'

'ਦਰੋਗੇ ਨੇ ਸਖਤ ਹੁਕਮ ਦਿੱਤਾ ਹੈ।'

'ਇਸ਼ਨਾਨ ਨਹੀਂ ਕਰਾਉਗੇ?'

'ਨਹੀਂ! ਸਰਕਾਰੀ ਵਾਰਡਰ, ਸੀ. ਆਈ. ਡੀ. ਦੀ ਨਿਗਰਾਨੀ ਹੇਠਾਂ ਇਸ਼ਨਾਨ ਕਰਾਉਣਗੇ। ਕੋਈ ਕੈਦੀ ਲਾਗੇ ਨਹੀਂ ਆਵੇਗਾ। ਗਿਣਤੀ ਪੰਜ ਵਜੇ ਬੰਦ ਹੋ ਜਾਵੇਗੀ।'

'ਕੀ ਸ਼ਾਮ ਨੂੰ ਫਾਂਸੀ ਲਾਉਣਗੇ?'

'ਏਹੋ ਪ੍ਰਤੀਤ ਹੁੰਦਾ ਹੈ?'

'ਹੱਛਾ! ਮੈਂ ਫਿਰ ਆਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੁਲਾਉਂਦਾ ਹਾਂ। ਕੋਈ ਭੁਲ ਹੋ ਗਈ ਹੋਵੇ ਤਾਂ ਮੁਆਫ ਕਰਨੀ।'

ਬਾਬਾ ਚੂਹੜ ਸਿੰਘ ਚਲਿਆ ਗਿਆ। ਭਗਤ ਸਿੰਘ ਕੋਠੀ ਵਿਚ ਟਹਿਲਦਾ ਹੋਇਆ ਮਨ ਨੂੰ ਚੰਡਣ ਲੱਗਾ। ਚੂਹੜ ਸਿੰਘ ਦੀਆਂ ਗੱਲਾਂ ਤੋਂ ਉਸਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਉਸ ਨੂੰ ਸ਼ਾਮ ਵੇਲੇ ਜਾਂ ਤੜਕੇ ਜ਼ਰੂਰ ਫਾਂਸੀ ਲਾਇਆ ਜਾਵੇਗਾ। ਅੱਖਾਂ ਜੋ ਕੁਝ ਦੇਖਦੀਆਂ ਸਨ, ਉਹ ਚੀਜ਼ਾਂ ਅੱਖਾਂ ਨੂੰ ਓਹੋ ਦਿਨ ਦਿਸਣੀਆਂ ਸਨ। ਜੋ ਮਿੱਤ੍ਰ ਤੇ ਵਾਰਡਰ ਨਜ਼ਰ ਆਉਂਦੇ ਜਾਂ ਮਿਲ ਜਾਂਦੇ ਸਨ, ਉਨ੍ਹਾਂ ਨੇ ਨਹੀਂ ਸੀ ਮਿਲਣਾ। ਫਿਲਮ ਦੀ ਤਰ੍ਹਾਂ ਬੀਤੇ ਜੀਵਨ ਉਤੇ ਝਾਤ ਮਾਰੀ। ਮਨ ਦੀ ਅਨਭਵਤਾ ਨਾਲ ਸਾਰੇ ਮਿੱਤ੍ਰਾਂ ਤੇ ਰਿਸ਼ਤੇਦਾਰਾਂ ਦੇ ਇਕ ਵਾਰ ਚੇਹਰੇ ਤਕੇ। ਹਿੰਦੁਸਤਾਨ ਦੀ ਗਰੀਬ ਜਨਤਾ ਵਲ ਧਿਆਨ ਮਾਰਿਆ। ਉਸ ਜਨਤਾ ਦੇ ਦੁਖੜੇ ਘੱਟ ਕਰਨ ਖਾਤਰ ਹੀ ਉਸ ਨੂੰ ਸਜ਼ਾਏ ਮੌਤ ਹਾਸਲ ਹੋ ਰਹੀ ਸੀ। ਹਿੰਦ ਦੀ ਗੁਲਾਮ, ਨੰਗ, ਭੁਖ, ਬੇਘਰਿਆਂ ਤੇ ਨਿਆਸਰਿਆਂ ਦੀਆਂ ਚੀਕਾਂ, ਅੰਗ੍ਰੇਜ਼ੀ ਸਾਮਰਾਜ ਦੇ ਜ਼ੁਲਮ ਉਸ ਨੂੰ ਯਾਦ ਆ ਰਹੀਆਂ ਸਨ। 'ਹੱਛਾ ਇਕ ਦਿਨ ਆਏਗਾ। ਜਦੋਂ ਹਿੰਦੁਸਤਾਨ ਸਚ ਮੁਚ ਸੋਨੇ ਦੀ ਚਿੜੀਆ ਬਣੇਗਾ' ਉਹਦੇ ਦਿਲ ਦੀ ਸੱਧਰ ਸੀ।

ਪੰਜ ਵਜੇ ਨੂੰ ਸਾਰੀ ਜੇਹਲ ਦੀ ਗਿਣਤੀ ਬੰਦ ਕੀਤੀ ਗਈ, ਵਾਧੂ ਲੰਬਰਦਾਰ ਵੀ ਸੀਖਾਂ ਦੇ ਪਿਛੇ ਡੱਕ ਦਿੱਤੇ ਗਏ, ਜੇਹਲ ਦੇ ਸਿਪਾਹੀਆਂ ਦੀ ਭਾਰੀ ਗਿਣਤੀ ਬਾਹਰੋਂ ਅੰਦਰ ਸੱਦੀ ਗਈ (ਚੱਕਰ ਤੋਂ ਲੱਗਕੇ ਡਿਉੜੀ ਤਕ ਸਿਆਸਤਖਾਨੇ ਦੇ ਚੌਗਿਰਦੇ, ਚੌਦਾਂ ਨੰਬਰ ਕੋਠੀਆਂ ਦੇ ਕੋਲ ਅਤੇ ਫਾਂਸੀ ਦੇਣ ਵਾਲੇ ਅਡੇ ਉਤੇ ਕਰੜਾ ਪਹਿਰਾ ਲਾ ਦਿੱਤਾ ਗਿਆ। ਕੈਦੀਆਂ ਨੂੰ ਪਤਾ ਲੱਗ ਗਿਆ ਕਿ ਸਦਨੇ ਕਸਈ ਵਾਂਗ ਅੰਗਰੇਜ਼ ਹਾਕਮ ਵਖਰੀ ਗਲ ਕਰਨ ਲਗੇ ਹਨ। ਸਜ਼ਾਏ ਮੌਤ ਵਾਲੇ ਨੂੰ ਸਵੇਰੇ ਸਤ ਵਜੇ ਫਾਂਸੀ ਦਿਤਾ ਜਾਂਦਾ ਹੈ। ਪਰ ਉਸ ਦਿਨ ਫਾਂਸੀ ਦੇਣ ਦਾ ਸਮਾਂ ਸਾਢੇ ਸੱਤ ਵਜੇ ਰਾਤ ਨੂੰ ਮਿਥਿਆ ਗਿਆ। ਸਾਢੇ ਸਤ ਵਜੇ ਨੂੰ ਚੋਖਾ ਹਨੇਰਾ ਹੋ ਜਾਂਦਾ ਹੈ।

ਸਵਾ ਪੰਜ ਵਜੇ ਇਸ਼ਨਾਨ ਕਰਨ ਦਾ ਸਾਮਾਨ ਫਾਂਸੀ ਕੋਠੀਆਂ ਵਿਚ ਪਹੁੰਚਾਇਆ ਗਿਆ। ਤਿੰਨਾਂ ਸਾਥੀਆਂ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਇਸ਼ਨਾਨ ਕਰਨ ਵਾਸਤੇ ਆਖਿਆ ਗਿਆ। ਕਾਲੀਆਂ ਬਰਦੀਆਂ ਪਾਉਣ ਨੂੰ ਦਿੱਤੀ ਆ ਗਈਆਂ। ਭਗਤ ਸਿੰਘ ਨੇ ਇਤਰਾਜ਼ ਕੀਤਾ ਕਿ ਅਸਾਂ ਕਾਲੀਆਂ ਬਰਦੀਆਂ ਨਹੀਂ ਪਾਉਣੀਆਂ, ਚੋਰ ਡਾਕੂ ਨਹੀਂ, ਰਾਜ ਨਾਲ ਟਕਰ ਹੈ। ਬਾਗੀ ਹਾਂ। ਬੰਦੂਕ ਨਾਲ ਸ਼ੂਟ ਕੀਤਾ ਜਾਵੇ।'

ਛੋਟੇ ਡਿਪਟੀ ਤੇ ਚੀਫ ਹੈਡ ਵਾਰਡਰ ਨੇ ਇਹ ਸਾਰਾ ਮਾਮਲਾ ਦਰੋਗਾ ਅਤੇ ਸੁਪ੍ਰੰਟੈਂਡੰਟ ਦੇ ਸਾਹਮਣੇ ਜਾ ਰਖਿਆ। ਦਰੋਗਾ ਅਕਬਰ ਖਾਨ ਚੌਦਾਂ ਨੰਬਰ ਵਲ ਨੱਸਾ ਹੋਇਆ ਆਇਆ। ਉਸ ਨੇ ਸਰਦਾਰ ਭਗਤ ਸਿੰਘ ਨੂੰ ਸਮਝਾਇਆ। 'ਜੋ ਜੋਹਲ ਦਾ ਰਵਾਜ ਹੈ, ਉਸਨੂੰ ਪੂਰਿਆਂ ਕਰੋ, ਅੰਤ ਵਿਚ ਅਸ਼ਾਂਤੀ ਫੈਲਾਉਣ ਦਾ ਕੀ ਲਾਭ, ਬਰਦੀਆਂ ਪਾ ਲਵੋ, ਇਹ ਕੁਝ ਕਰਨਾ ਹੀ ਪੈਣਾ ਹੈ।' ਬਹੁਤ ਸਾਰੇ ਝਗੜੇ ਪਿਛੋਂ ਨੌਜੁਆਨ ਕਾਲੀਆਂ ਬਰਦੀਆਂ ਪਾਉਣੀਆਂ ਮੰਨ ਗਏ।

ਪੌਣੇ ਸਤ ਵਜੇ ਜੇਹਲੇ ਸੁਪ੍ਰੰਟੈਂਡੰਟ ਚੋਪੜਾ, ਦਰੋਗਾ ਅਕਬਰ ਖਾਨ,ਲਾਹੌਰ ਦਾ ਡਿਪਟੀ ਕਮਿਸ਼ਨਰ ਅੰਗਰੇਜ਼ ਆਈ. ਜੀ. ਪੁਲੀਸ, ਸਿਵਲ ਸਰਜਨ ਅਤੇ ਜੇਹਲ ਡਾਕਟਰ ਇਕਠੇ ਹੋ ਕੇ ਜੇਹਲ ਡਿਉੜੀ ਵਿਚੋਂ ਨਿਕਲੇ। ਡਿਉੜੀਓਂ ਉਹ ਸਿੱਧੇ ਚੌਦਾਂ ਨੰਬਰ ਵਿਚ ਪੁਜੇ। ਦਰੋਗੇ ਅਕਬਰਖਾਨ ਨੇ ਪੁਠੀਆਂ ਹੱਥਕੜੀਆਂ ਮਰਵਾਕੇ ਤਿੰਨਾਂ ਹੀ ਦੋਸ਼ੀਆਂ ਨੂੰ ਕੋਠੜੀਆਂ ਵਿਚੋਂ ਬਾਹਰ ਕਢਵਾਇਆ ਅੱਡੋ ਅੱਡ ਕੋਠੀਆਂ ਵਿਚੋਂ ਨਿਕਲਕੇ ਜਦੋਂ ਉਹ ਤਿੰਨੇ ਇਕੱਠੇ ਹੋਏ ਤਾਂ ਉਹਨਾਂ ਨੇ 'ਇਨਕਲਾਬ ਜ਼ਿੰਦਾਬਾਦ! ਡੋਨ ਡੌਨ ਦੀ ਯੂਨੀਅਨ ਜਕ! ਸਰਮਾਇਆਦਾਰੀ ਦਾ ਬੇੜਾ ਗਰਕ! ਬਰਤਾਨਵੀ ਸਾਮਰਾਜ ਮੁਰਦਾਦਬਾਦ।' ਦੇ ਨਾਹਰੇ ਲਾਉਣੇ ਸ਼ੁਰੂ ਕੀਤੇ। ਉਨ੍ਹਾਂ ਤਿੰਨਾਂ ਦੇ ਨਾਹਰਿਆਂ ਨਾਲ ਅਸਮਾਨ ਗੂੰਜ ਪਿਆ। ਚੁੱਪ ਤੇ ਰਾਤ ਦਾ ਵੇਲਾ ਸੀ, ਕੋਟ ਮੌਕੇ ਤੋਂ ਬਾਹਰ ਬੈਠੀ ਜਨਤਾ ਨ ਜਦੋਂ ਅੰਦਰਲੇ ਨਾਹਰੇ ਸੁਣੇ ਤਾਂ ਉਹਨਾਂ ਨੇ ਬਾਹਰੋਂ ਨਾਹਰੇ ਬੁਲੰਦ ਕੀਤੇ। ਉਨਾਂ ਨਾਹਰਿਆਂ ਨੇ ਜਿੱਥੇ ਸਾਰਾ ਵਾਯੂ-ਮੰਡਲ ਗੂੰਜ ਇਆ, ਉਥੇ ਅੰਗੇ੍ਜ਼ ਅਫਸਰਾਂ ਦੇ ਕਲੇਜੇ ਵੀ ਪਾੜੇ। ਸਾਰੇ ਪੰਜਾਬ ਵਿਚ ਨਹੀਂ ਸਗੋਂ ਹਿੰਦ ਵਿਚ ਪੁਲੀਸ ਵਲੋਂ ਕਰੜਾ ਪ੍ਰਬੰਧ ਸੀ। ਉਹਨਾਂ ਅਫਸਰਾਂ ਨੂੰ ਫੌਜੀ ਤੇ ਪੁਲੀਸ ਬਲ ਦਾ ਮਾਣ ਸੀ

ਆਈ. ਜੀ. ਪੁਲੀਸ ਤੋਂ ਡਿਪਟੀ ਕਮਿਸ਼ਨਰ ਗੋਰੇ ਨਾਹਰੇ ਸੁਣ ਕੇ ਤਪੜ ਉਠੇ। ਉਨ੍ਹਾਂ ਗੋਰਿਆਂ ਨੇ ਬੜੇ ਕਰੋਧ ਨਾਲ ਤਿੰਨ ਬਹਾਦਰਾਂ ਨੂੰ ਅੰਗ੍ਰੇਜ਼ੀ ਬੋਲੀ ਵਿਚ ਡਾਂਟਿਆ, ਚੁਪ ਰਹੋ।'

ਓਨ੍ਹਾਂ ਨੇ ਸਗੋਂ ਹੋਰ ਉੱਚੀ ਕਿਹਾ।

'ਇਨਕਲਾਬ ਜ਼ਿੰਦਾਬਾਦ।'

'ਡੌਨ ਡੌਨ ਦੀ ਯੂਨੀਅਨ ਜੈਕ! ਅੱਪ ਅੱਪ ਦੀ ਨੈਸ਼ਨਲ ਫਲੈਗ।' ਅੰਗ੍ਰੇਜ਼ੀ, ਝੰਡਾ ਨੀਵਾਂ ਹੋਵੇ, ਕੌਮੀ ਝੰਡਾ ਉੱਚਾ ਹੋਵੇ।

ਫਾਂਸੀ ਦੇਣ ਵਾਲੇ ਗਿਣੇ ਮਿਥੇ ਵਕਤ ਦੇ ਲੰਘਣ ਦੇ ਭੈ ਕਰਕੇ ਉਹ ਗੋਰੇ ਭਰੇ ਪੀਤੇ ਨਾਲ ਤੁਰੇ ਗਏ। ਫਾਂਸੀ ਦੇ ਅੱਡੇ ਤਕ ਦੇਸ਼ ਭਗਤ ਨਾਹਰੇ ਲਾਉਂਦੇ ਗਏ।

ਚੌਦਾਂ ਨੰਬਰ ਕੋਠੀਆਂ ਦੇ ਨਾਲ ਹੀ ਪਛਮ ਵਲ, ਨਵੇਕਲੀ ਤੇ ਉਜੜੀ ਥਾਂ ਤੇ ਫਾਂਸੀ ਦਾ ਅੱਡਾ ਸੀ, ਤਿਨ ਆਦਮੀਂ ਇਕੇ ਵਾਰ ਫਾਂਸੀ ਦਿੱਤੇ ਜਾ ਸਕਦੇ ਸਨ। ਦੋਸ਼ੀਆਂ ਦੇ ਭਾਰ ਜਿੰਨੀ ਮਿਟੀ ਤੋਲ ਕੇ ਫਾਂਸੀ ਦੇਣ ਵਾਲੇ ਚੂਹੜੇ ਨੇ ਰਸਿਆਂ ਦੀ ਪ੍ਰੀਖਿਆ ਕੀਤੀ ਹੋਈ ਸੀ, ਰਸਿਆਂ ਨਾਲ ਮਿਟੀ ਦੀਆਂ ਬੋਰੀਆਂ ਬੰਨ੍ਹਕੇ ਅਤੇ ਸੁਟਕੇ ਦੇਖੀਆਂ ਸਨ ਕਿ ਰਸੇ ਤਾਂ ਨਹੀਂ ਟੁਟ ਦੇ। ਰਸੇ ਨਾ ਟੁਟੇ, ਉਹ ਮਜ਼ਬੂਤ ਸਨ।

'ਸਭ ਕੰਮ ਠੀਕ ਹੈ?' ਦਰੋਗੇ ਨੇ ਫਾਂਸੀ ਦੇਣ ਵਾਲੇ ਕੱਥੂ ਕੋਲੋਂ ਪੁਛਿਆ।

'ਹਾਂ ਸਰਕਾਰ, ਸਭ ਹੱਛਾ ਹੈ।'

ਉਸ ਨੇ ਅਗੋਂ ਉੱਤਰ ਦਿਤਾ।

ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਚਗਾਠ ਦੇ ਹੇਠਾਂ ਤੇ ਫੱਟੇ ਦੇ ਉਤੇ ਖੜਿਆਂ ਕੀਤਾ ਗਿਆ। ਉਨ੍ਹਾਂ ਤਿੰਨਾਂ ਨੇ ਨਾਹਰੇ ਲਾਏ। 'ਇਨਕਲਾਬ ਜ਼ਿੰਦਾਬਾਦ' ਕੱਥੂ ਨੇ ਤਿੰਨ ਹੀ ਦੇਸ਼ ਭਗਤਾਂ ਦੇ ਗਲਾਂ ਵਿਚ ਰੱਸੇ ਪਾ ਦਿਤੇ, ਦਰੋਗੇ ਤੇ ਹੈਡ ਚੀਫ ਵਾਰਡਰ ਨੇ ਰੱਸਿਆਂ ਨੂੰ ਟੋਹਕੇ ਦੇਖਿਆ। ਚੰਗੀ ਤਰਾਂ ਦੇਖਕੇ ਦੋਹਾਂ ਨੇ ਸਭ ਹੱਛਾ ਕਹਿ ਦਿੱਤਾ।

ਅਫਸਰ ਸਾਰੇ ਖਲੋਤੇ ਸੀ। ਕੋਟ ਮੌਕੇ ਦੀ ਬਿਜਲੀ ਦਾ ਚਾਨਣ ਪੈਂਦਾ ਸੀ। ਉਹਨਾਂ ਕਸਾਈਆਂ ਦੀਆਂ ਅੱਖਾਂ ਨੌ-ਜੁਆਨਾਂ ਉਤੇ ਗੱਡੀਆਂ ਹੋਈਆਂ ਸਨ।

ਧਰਮਰਾਜ ਦੇ ਦੂਤਾਂ ਵਾਂਗ ਪਲੇਟ ਫਾਰਮ ਦੇ ਫੱਟਿਆਂ ਦਾ ਹੱਥਾ ਫੜਕੇ ਕੱਥੂ ਮੁਲਾਜ਼ਮ ਖਲੋਤਾ ਸੀ। ਉਹਦਾ ਰੰਗ ਨੀਲਾ ਤੇ ਸਰੀਰ ਭਾਰੀ ਡੀਲ ਡੌਲ ਵਾਲਾ ਸੀ। ਹਨੇਰੇ ਵਿਚ ਕੱਥੂ ਦੀਆਂ ਸ਼ਰਾਬੀ ਤੋਂ ਕ੍ਰੋਧੀ ਅੱਖਾਂ ਚਮਕ ਰਹੀਆਂ ਸਨ। ਉਸਨੇ ਸੈਂਕੜਿਆਂ ਨੂੰ ਫਾਂਸੀ ਦਿੱਤੀ ਸੀ। ਨਾ ਕਦੀ ਉਸ ਦਾ ਦਿਲ ਧੜਕਿਆ ਸੀ ਤੇ ਨਾ ਕਦੀ ਉਸ ਦੀਆਂ ਲਾਲ ਅੱਖਾਂ ਵਿਚੋਂ ਕੋਈ ਅੱਥਰੂ ਡਿਗਾ ਸੀ। ਉਹਦਾ ਦਿਲ ਪੱਥਰ ਸੀ। ਉਸਨੂੰ ਉੱਕਾ ਹੀ ਗਿਆਨ ਨਹੀਂ ਸੀ ਕਿ ਦਇਆ ਵੀ ਕੋਈ ਚੀਜ਼ ਹੈ। ਜਿਸ ਦਿਨ ਕਿਸੇ ਨੂੰ ਫਾਂਸੀ ਦੇਣਾ ਹੁੰਦਾ, ਚਵੀ ਘੰਟੇ ਪਹਿਲਾਂ ਕੱਥੂ ਨੂੰ ਇਤਲਾਹ ਮਿਲ ਜਾਂਦੀ। ਉਹ ਮਿਟੀ ਦੀਆਂ ਬੋਰੀਆਂ ਭਰ ਭਰ ਕੇ ਰੱਸਿਆਂ ਨੂੰ ਦੇਖਦਾ ਰਹਿੰਦਾ ਕਿ ਉਸਨੂੰ ਧੋਖਾ ਨਾ ਦੇ ਜਾਣ। ਚਾਰ ਘੰਟੇ ਪਹਿਲਾਂ ਰਜਕੇ-ਸ਼ਰਾਬ ਪੀਂਦਾ। ਪਹਿਲਾਂ ਤਾਂ ਪਾ ਸਵਾ ਪਾ ਪੀਆ ਕਰਦਾ। ਸੀ, ਪਰ ਉਸ ਵੇਲੇ ਉਹ ਅੱਧੀ ਬੋਤਲ ਤੋਂ ਟੱਪ ਤੁਰਿਆ ਸੀ। ਉਸ ਦਿਨ ਸ਼ਾਮ ਨੂੰ ਫਾਂਸੀ ਦਿੱਤੀ ਜਾਣੀ ਸੀ। ਉਹ ਪੂਰੀ ਬੋਤਲ ਹੀ ਚਾੜ੍ਹ ਆਇਆ। ਉਹ ਨਸ਼ੇ ਨਾਲ ਅੰਨ੍ਹਾ ਹੋਇਆ ਹੋਇਆ ਸੀ। ਉਸ ਵਿਚ ਇਕ ਘੋੜੇ ਦੀ ਤਾਕਤ ਆ ਗਈ ਸੀ। ਭਾਰੀ ਤੋਂ ਭਰੀ ਲੋਥ ਨੂੰ ਉਹ ਚੁਕਣ ਜਾਂ ਉਲਟਾਉਣ ਪਲਟਾਉਣ ਦੇ ਸਮਰੱਥ ਸੀ।

"ਕੱਥੂ ਚਲ" ਸੁਪ੍ਰੰਟੈਂਡੰਟ ਨੇ ਕੱਥੂ ਨੂੰ ਇਨ੍ਹਾਂ ਦੋਂਹ ਸ਼ਬਦਾਂ ਦੇ ਨਾਲ ਹੁਕਮ ਦਿੱਤਾ।

ਕੱਥੂ ਨੂੰ ਰੋਜ਼ ਦਾ ਅਭਿਆਸ ਸੀ। ਉਹ ਸਮਝ ਗਿਆ ਕਿ ਹੁਕਮ ਹੋਇਆ ਹੈ ਕਿ ਹੈਂਡਲ ਨੂੰ ਖਿੱਚ ਫਟਿਆਂ ਨੂੰ ਹੇਠਾਂ ਸੁਟਕੇ।

ਉਸਨੇ ਹੱਥੇ ਨੂੰ ਜ਼ੋਰ ਨਾਲ ਇੱਕ ਪਾਸੇ ਨੂੰ ਖਿਚਿਆ ਉਹਦੇ ਖਿਚਣ ਦੀ ਢਿਲ ਸੀ ਕਿ ਪਲੇਟ ਫਾਰਮ ਦੇ ਫੱਟੇ ਹੇਠਾਂ ਨੂੰ ਡਿੱਗ ਪਏ। ਫਟਿਆਂ ਦੇ ਡਿਗਣ ਤੇ ਤਿੰਨਾਂ ਦੇ ਭਗਤਾਂ ਦੇ ਪੈਰਾਂ ਹੇਠੋਂ ਆਸਰਾ ਨਿਕਲ ਗਿਆ। ਆਪੋ ਆਪਣੇ ਭਾਰ ਨਾਲ ਉਹ ਇਕ ਦਮ ਹੇਠਾਂ ਨੂੰ ਡਿੱਗੇ। ਰੱਸਿ ਦੀਆਂ ਖਿਸਕਾਵੀਆਂ ਗੱਠਾਂ ਪੀਚੀਆਂ ਗਈਆਂ। ਐਨੀ ਪੀਚੀਆਂ ਗਈਆਂ ਕਿ, ਗਲ ਘੱਟੇ ਗਏ, ਘੁੰਡੀਆਂ ਗਈਆਂ, ਭਾਰ ਨਾਲ ਨਾੜਾਂ ਖਿਚੀਆਂ ਗਈਆਂ। ਤੇ ਚਪਾ ਧੌਣਾਂ ਲੰਮੀਆਂ ਹੋ ਗਈਆਂ। ਸਾਹ ਰੁਕ ਗਿਆ ਰੱਸਿਆਂ ਆਸਰੇ ਚੁਗਾਠ ਨਾਲ ਤਿੰਨੇ ਦੇਸ਼ ਭਗਤ ਲੰ ਹੋਏ ਤੜਪੇ। ਸਰੀਰਾਂ ਵਿਚੋਂ ਨਿਕਲ ਰਹੀਆਂ ਜਾਨਾਂ ਨੇ ਉਹਨਾ ਦੇ ਸਰੀਰਾਂ ਨੂੰ ਕੰਬਾਇਆ।

ਕੱਥੂ ਦਾ ਕੰਮ ਸਮਾਪਤ ਨਹੀਂ ਸੀ ਹੋਇਆ। ਉਸਨੇ ਹੱਥੇ ਨੂੰ ਛੱਡ ਦਿੱਤਾ। ਦੌੜ ਕੇ ਪਲੇਟ ਫਾਰਮ ਦੇ ਚਲਿਆ ਗਿਆ। ਤੜਪ ਰਹੇ ਨੌ-ਜੁਆਨਾਂ ਦੀਆਂ ਲੱਤਾਂ ਫੜ ਫੜ ਕੇ ਉਸ ਨੇ ਸਾਰੇ ਜ਼ੋਰ ਨਾਲ ਖਿਚਿਆ। ਖਿਆਲ ਨਾਲ ਕਿ ਜੇ ਕਿਸੇ ਦੇ ਸਰੀਰ ਵਿਚ ਜਾਨ ਅੰਗ ਅੜਿਆ ਹੈ ਤਾਂ ਉਹ ਨਿਕਲ ਜਾਵੇ। ਪੰਜਾਂ ਕੁ ਮਿੰਟਾਂ ਵਿਚਦੀ ਸਰੀਰ ਠੰਡੇ ਹੋ ਗਏ। ਸਿਵਲ ਸਰਜਨ ਅੱਗੇ ਹੋਇਆ ਜੋ ਨਾਲ ਲੰਮਕਿਆਂ ਗਭਰੂਆਂ ਦੀਆਂ ਛਾਤੀਆਂ ਟੋਹ ਕੇ ਜਾਨ ਨੂੰ ਲਭਣ ਲੱਗਾ।

"ਹੁਣ ਮਰ ਗਏ ਨੇ। ਹੇਠਾਂ ਸੁਟ ਦਿਓ!" ਸਿਵਲ ਜਨ ਨੇ ਦੇਖ ਭਾਲ ਕਰਨ ਪਿੱਛੋਂ ਆਖਿਆ।

ਕੱਥੂ ਨੇ ਰਸੇ ਖੋਹਲੇ। ਤਿੰਨੇ ਲੋਥਾਂ ਹੇਠਾਂ ਖੂਹ ਵਿਚ ਪਈਆਂ। ਉਨ੍ਹਾਂ ਦੇ ਗਲੋਂ ਰੱਸੇ ਲਾਹਕੇ ਸਿਰਾਂ ਉਤੋਂ ਲੀਆਂ ਟੋਪੀਆਂ ਉਤਾਰਕੇ ਕੱਥੂ ਨੇ ਪੈਰਾਂ ਤੋਂ ਫੜ ਫੜ ਕੇ ਤਾਂ ਬਾਹਰ ਧ੍ਰੂ੍ਹ ਕੱਢੀਆਂ। ਸਿਵਲ ਸਰਜਨ ਨੇ ਫਿਰ ਤੋਂ ਭਾਲ ਕੀਤੀ।

"ਠੀਕ ਮਰ ਗਏ ਹਨ।" ਉਸ ਨੇ ਤਸੱਲੀ ਨਾਲ ਆਖਿਆ:-"ਬਸ ਠੀਕ ਹੈ, ਰੀਪੋਰਟ ਲਿਖੋ!" ਡਿਪਟੀ ਕਮਿਸ਼ਨਰ ਦਾ ਹੁਕਮ ਸੀ।

'ਲਾਰੀ ਅੰਦਰ ਲਿਆਓ! ਇਹਨਾਂ ਲੋਥਾਂ ਨੂੰ ਲਾਰੀ’ ਤੇ ਸੁਟਕੇ ਸਤਲੁਜ ਕੰਢੇ ਖੜਨਾ ਹੈ। ਉਥੇ ਸਾੜਨ ਦਾ ਪ੍ਰਬੰਧ ਹੈ। ਡਿਪਟੀ ਕਮਿਸ਼ਨਰ ਦਾ ਦੂਸਰਾ ਹੁਕਮ ਸੀ।

'ਜੇਹਲ ਦੇ ਚੌਗਿਰਦੇ ਤਾਂ ਲੋਕ ਬੈਠੇ ਹਨ। ਡਿਉੜੀ ਰਾਹੀਂ ਤਾਂ ਲੋਥਾਂ ਨੂੰ ਬਾਹਰ ਨਹੀਂ ਨਿਕਲਣ ਦੇਣਗੇ। ਹੋ ਸਕਦਾ ਹੈ ਲਾਰੀ ਅੱਗੇ ਲੱਮੇ ਪੈ ਕੇ ਲਾਰੀ ਨੂੰ ਰੋਕ ਲੈਣ! ਲੋਕਾਂ ਦੀ ਗਿਣਤੀ ਬਹੁਤ ਹੈ।' ਆਈ. ਜੀ. ਪੁਲੀਸ ਨੇ ਆਖਿਆ।

'ਇੱਕ ਨੁਕਰੋਂ ਕੋਟ ਮੌਕਾ ਪਾੜੋ। ਲਾਰੀ ਬਾਹਰ ਖੜੀ ਹੋਵੇ, ਪਾੜ ਵਿੱਚ ਦੀ ਲੋਥਾਂ ਬਾਹਰ ਕੱਢਕੇ ਲਾਰੀ ਵਿਚ ਸੁਟੀਆਂ ਜਾਣ। ਲਾਰੀ ਦੇ ਨੇੜੇ ਕਿਸੇ ਨੂੰ ਨਾ ਆਉਣ ਦਿਓ। ਗੋਲੀ ਮਾਰੋ! ਲਾਠੀਚਾਰਜ ਕਰੋ। ਸਭ ਖੁਲ੍ਹ ਹੈ। ਲੋਕਾਂ ਦੇ ਹੱਥ ਲੋਥਾਂ ਕਿਸੇ ਤਰਾਂ ਵੀ ਨਹੀਂ ਆਉਣੀਆਂ ਚਾਹੀਦੀਆਂ। ਡਿਪਟੀ ਕਮਿਸ਼ਨਰ ਦਾ ਹੁਕਮ ਸੀ।

'ਬਹੁਤ ਹੱਛਾ ਏਸੇ ਤਰਾਂ ਹੀ ਕੀਤਾ ਜਾਵੇਗਾ।' ਜੇਹਲ ਅਫਸਰਾਂ ਨੇ ਆਖਿਆ।

ਸ਼ਹੀਦ ਭਗਤ ਸਿੰਘ : ੧੮.

ਦੇਸ਼ ਦੀਆਂ ਵੰਡਾਂ ਪੈ ਗਈਆਂ ਹਨ। ਖੁਦਗਰਜ਼ ਮੁਖੀਆਂ ਨੇ ਅੰਗਰੇਜ਼ ਦੇ ਆਖੇ ਲਗਕੇ, ਭਾਰਤ ਦਾ ਸੀਨਾ ਚੀਰ ਦਿੱਤਾ। ਹਿੰਦੁਸਤਾਨ ਦੇ ਵਿਚੋਂ ਪਾਕਸਤਾਨ ਕੱਢ ਦਿੱਤਾ। ਉਸ ਟੁਕੜੇ ਪਾਕਿਸਤਾਨ ਵਿਚ ਸੈਂਕੜੇ ਪੂਰਨ ਤੇ ਅਧੂਰੀਆਂ ਕੌਮੀ ਯਾਦਗਾਰਾਂ ਰਹਿ ਗਈਆਂ ਹਨ ਜਿਨ੍ਹਾਂ ਨੂੰ ਮੁੜ ਦੇਖਣਾਂ ਅਸੰਭਵ ਤੇ ਕੱਠਨ ਹੈ! ਉਹ ਯਾਦਾਂ ਹੈਨ ਵੀ ਅਭੁਲ।

ਉਨ੍ਹਾਂ ਚੰਗੇਰੀਆਂ ਯਾਦਾਂ ਵਿਚੋਂ ਇੱਕ ਸਤਲੁਜ ਦਰਿਆ ਦਾ ਪੱਛਮੀ ਕਿਨਾਰਾ ਹੈ। ਜਿਸਨੂੰ ਅੱਜ ਹਿੰਦੁਸਤਾਨੀ ਦੂਰੋ ਖਲੋ ਕੇ ਹੀ ਦੇਖ ਛੱਡਦੇ ਹਨ। ਕਸੂਰ, ਫੀਰੋਜ਼ਪੁਰ ਸੜਕ ਵਾਲਾ ਜੋ ਦਰਿਆ ਸਤਲੁਜ ਦਾ ਬੰਨ੍ਹ ਹੈ, ਉਸ ਤੋਂ ਥੋੜੀ ਦੂਰ ਪੁਰਾਣੀ ਰੇਲਵੇ ਲਾਈਨ ਤੇ ਢੱਠੇ ਹੋਏ ਪੁਰਾਣੇ ਪੁਲ ਦੀਆਂ ਨਿਸ਼ਾਨੀਆਂ। ਦੋ ਬੁਰਜ ਪੱਛਮੀ ਕਿਨਾਰੇ ਨਜ਼ਰ ਆਉਂਦੇ ਹਨ। ਲਾਈਨ ਦੇ ਉਸ ਹਿੱਸੇ ਤੇ ਬੁਰਜਾਂ ਵਲ ਮਨੁੱਖ ਘਟ ਵੱਧ ਹੀ ਜਾਂਦੇ ਹਨ। ਅਗਲੇ ਪਾਸੇ ਦਰਿਆ,ਕਾਹੀ, ਕਾਨਿਆਂ ਦਾ ਛੰਬ ਹੈ। ਕੁਝ ਪੁਰਾਣੇ ਬੰਨ੍ਹ ਦੀਆਂ ਨਿਸ਼ਾਨੀਆਂ ਵੀ ਹਨ। ਉਹ ਥਾਂ ਦਿਨੇ ਹੀ ਡਰਾਉਣੀ ਹੈ।

੨੬ ਮਾਰਚ ੧੯੩੧ ਦੀ ਹਨੇਰੀ ਰਾਤ ਸੀ। ਅਸਮਾਨ ਵਿਚ ਹੱਸਦਿਆਂ ਤਾਰਿਆਂ ਦੀ ਲੋਅ ਹਨੇਰੇ ਫਿਰਨ ਵਾਲੇ ਨੂੰ ਰਾਹ ਲੱਭਣ ਵਿੱਚ ਸਹੈਤਾ ਦੇ ਰਹੀ ਸੀ। ਰਾਤ ਸੌਂ ਚੁਕੀ ਸੀ। ਟਿੱਡੀਆਂ ਸੱਪ ਅਤੇ ਕੀੜੇ ਮਕੌੜੇ ਰਾਤ ਦੀ ਇਕਾਂਤ ਵਿੱਚ ਗਾ ਰਹੇ ਸਨ। ਓਨ੍ਹਾਂ ਦੀਆਂ ਅਟੁਟ ਅਵਾਜ਼ਾਂ ਇਕ ਬਰੀਕ ਲੈ ਦਾ ਰੂਪ ਧਾਰਨ ਕਰ ਚੁੱਕੀਆਂ ਸਨ। ਉਜਾੜ ਬੀਆਬਾਨ ਦੀ ਸੂੰਞੀਂ ਹਨੇਰੀ ਰਾਤ ਡਰੌਣੀ ਸੀ।

ਚੋਰਾਂ ਵਾਂਗ, ਲੁਕ ਲੁਕ, ਹੌਲੀ ਹੌਲੀ, ਬਿਨਾਂ ਕਿਸੇ ਖੜਕੇ ਦੇ ਪੰਜ ਫੌਜੀ ਗੋਰੇ ਤੇ ਦੋ ਹਿੰਦੁਸਤਾਨੀ-ਸਿੱਖ-ਸੜਕ ਉਤੇ ਖਲੋਤੇ ਟਰੱਕ ਵਿਚੋਂ ਲੱਕੜਾਂ ਚੁਕ ਚੁਕ ਕੇ ਉਸ ਸੁੰਞਾਂ ਥਾਂ ਵੱਲ ਲਈ ਜਾਂਦੇ ਸਨ। ਓਨ੍ਹਾਂ ਨੇ ਪੰਦਰਾਂ ਵੀਹ ਮਣ ਦੇ ਕਰੀਬ ਸੁਕੀਆਂ ਲੱਕੜਾਂ ਉਸ ਥਾਂ ਸੁਟਿਆ, ਇਕ ਓਨ੍ਹਾਂ ਕੋਲ ਲਾਲਟੈਨ ਸੀ। ਰਾਤ ਦਾ ਸਮਾਂ ਅਤੇ ਉਚੀ ਥਾਂ ਹੋਣ ਕਰਕੇ ਉਸ ਦੀ ਚਮਕ, ਬਹੁਤ ਦੂਰ ਤਕ ਜਾਂਦੀ ਸੀ। ਦੇਖਣ ਵਾਲੇ ਸ਼ਇਦ ਇਹ ਖਿਆਲ ਕਰ ਰਹੇ ਹੋਣੇ ਨੇ ਕਿ ਕੋਈ ਭੂਤ ਪ੍ਰੇਤ ਫ਼ਿਰ ਰਿਹਾ ਹੈ।

ਟਰੱਕ ਖਾਲੀ ਕਰਕੇ ਅੱਧੇ ਤਾਂ ਟਰੱਕ ਕੋਲ ਬੈਠ ਗਏ ਤੇ ਅੱਧੇ ਲੱਕੜਾਂ ਦੇ ਰਾਖੇ ਜਾ ਬੈਠੇ। ਸੜਕ ਉਤੇ ਬੈਠਿਆਂ ਵਿੱਚ ਇਕ ਹਿੰਦੁਸਤਾਨੀ ਸੀ। ਸੜਕ,ਸੁੰਞੀਂ ਸੀ,ਕਿਉਂਕਿ ਰੇਲਵੇ ਫਾਟਕ ਕਸੂਰ ਤੋਂ ਲੱਗ ਕੇ ਦਰਿਆ ਸਤਲੁਜ ਦੇ ਪੂਰਬੀ ਕਿਨਾਰੇ ਤਕ ਸੜਕ ਬੰਦ ਸੀ। ਇਕ ਰਾਤ ਦਾ ਮੌਕਾ, ਦੂਸਰਾ ਜੰਗਲ ਦਾ ਹਿੱਸਾ ਅਤੇ ਤੀਸਰਾ ਸਰਕਾਰੀ ਟਰੱਕ, ਉਸ ਸੜਕ ਉਤੇ ਕੋਈ ਮਨੁੱਖ ਕਿਵੇਂ ਲੱਭ ਸਕਦਾ ਸੀ?

ਫੌਜੀ ਟਰੱਕ ਨਾਲ ਜੋ ਗੋਰੇ ਸਨ, ਉਹ ਨਵੇਂ ਹੀ ਇੰਗਲਸਤਾਨੋਂ ਆਏ ਸੀ ਤੇ ਓਨ੍ਹਾਂ ਦੀ ਪਲਟਨ ਬੰਬਈ ਤੋਂ ਜਹਾਜ਼ੋਂ ਉੱਤਰ ਕੇ ਥੋੜੇ ਦਿਨ ਹੋਏ ਨੇ ਲਾਹੌਰ ਆਈ ਸੀ। ਉਹ ਹਿੰਦ ਦੀ ਸਭਿਅਤਾ ਜਾਂ ਰਸਮੋ-ਰਵਾਜਾਂ ਦੇ ਜ਼ਾਣੂ ਨਹੀਂ ਸਨ, ਨਾ ਓਨ੍ਹਾਂ ਨੂੰ ਹਿੰਦੁਸਤਾਨੀ ਬੋਲੀ ਹੀ ਬੋਲਣੀ ਆਉਂਦੀ ਸੀ। ਓਨ੍ਹਾਂ ਦੇ ਅਫਸਰਾਂ ਨੂੰ ਹੁਕਮ ਸੀ ਲੱਕੜਾਂ ਦਾ ਟਰੱਕ ਲੈ ਜਾਓ ਤੇ ਦਸੀ ਥਾਂ ਉਤੇ ਉਤਾਰੋ, ਓਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਲੱਕੜਾਂ ਕਿਸ ਵਾਸਤੇ ਜਾ ਰਹੀਆਂ ਹਨ। ਸਿਖ ਫੌਜੀ ਨੂੰ ਉਨ੍ਹਾਂ ਗੋਰਿਆਂ ਵਿਚੋਂ ਇਕ ਨੇ ਅੰਗ੍ਰੇਜ਼ੀ ਵਿਚ ਪੁਛਿਆ,'ਇਹ ਲੱਕੜਾਂ ਕੀ ਕਰਨੀਆਂ ਹਨ? ਅਸੀਂ ਬਹੁਤ ਹੈਰਾਨ ਹਾਂ, ਸਾਨੂੰ ਸਮਝਾ ਤਾਂ ਸਹੀ।'

'ਠੀਕ ਪਤਾ ਤਾਂ ਮੈਨੂੰ ਨਹੀਂ',ਸਿਖ ਨੇ ਟੁੱਟੀ ਫੁੱਟੀ ਅੰਗ੍ਰੇਜ਼ੀ ਵਿਚ ਉਤਰ ਦਿੱਤਾ,'ਪਰ ਜਾਪਦਾ ਇਹ ਹੈ ਕਿ ਕਿਸੇ ਦੀ ਚਿੱਖਾ ਬਣਾਈ ਜਾਏਗੀ। ਕਿਸੇ ਨੂੰ ਸਾੜਿਆ ਜਾਵੇਗਾ।'

'ਓਹ ਕੌਣ?' ਓਨ੍ਹਾਂ ਪੁਛਿਆ।

'ਹੋ ਸਕਦਾ ਹੈ ਕਿਸੇ ਇਨਕਲਾਬੀ ਜਾਂ ਕਾਂਗ੍ਰਸੀ ਨੂੰ ਫਾਂਸੀ ਲਾਇਆ ਹੋਵੇ ਤੇ ਬਗਾਵਤ ਦੇ ਡਰ ਕਰਕੇ ਉਸ ਦੀ ਲੋਥ ਵਾਰਸਾਂ ਨੂੰ ਨਾ ਦਿੱਤੀ ਹੋਵੇ, ਉਸ ਨੂੰ ਏਥੇ ਸਾੜਿਆ ਜਾਵੇਗਾ।'

'ਓਹ ਕੌਣ ਹੋ ਸਕਦਾ ਹੈ?'

'ਪੂਰਾ ਤਾਂ ਪਤਾ ਨਹੀਂ, ਕਿੰਨੇ ਚਿਰ ਤੋਂ ਸੁਣਦੇ ਸਾਂ ਭਗਤ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ, ਨੂੰ ਫਾਂਸੀ ਲਟਕਾਇਆ ਜਾਣਾ ਸੀ। ਸ਼ਾਇਦ ਓਹੋ ਹੀ ਹੋਣ ਓਨ੍ਹਾਂ ਬਾਰੇ ਸ਼ਹਿਰਾਂ ਵਿਚ ਰੌਲਾ ਬਹੁਤ ਹੈ।

'ਓਨ੍ਹਾਂ ਕੀ ਕੀਤਾ ਸੀ?'

'ਕਹਿੰਦੇ ਨੇ ਕਿਤੇ ਬੰਬ ਮਾਰੇ ਸੀ।'

'ਬੰਬ ਮਾਰੇ ਸੀ' ਅਜੇ ਸ਼ਬਦ ਫੌਜੀ ਸਿੱਖ ਦੇ ਬੁਲ੍ਹਾਂ ਤੋਂ ਹੇਠਾਂ ਨਹੀਂ ਸਨ ਡਿਗੇ ਕਿ ਕਾਰਾਂ ਦੀ ਘੁੰ ਘੂੰ ਦੀ ਆਵਾਜ਼ ਸੁਣਾਈ ਦਿੱਤੀ ਤੇ ਰੋਸ਼ਨੀ ਵੀ ਚਮਕੀ।

'ਕੋਈ ਆਇਆ!' ਆਖਕੇ ਉਹ ਫੌਜੀ ਸਵਾਧਾਨ ਹੋ ਗਏ।

ਪਲੋ ਪਲੀ ਵਿਚ ਦੀ ਰੋਸ਼ਨੀ ਨੇੜੇ ਆ ਗਈ। ਝਕਾ ਝੱਕ ਬਰੇਕਾਂ ਖਿਚਆਂ ਗਈਆਂ ਤੇ ਓਨ੍ਹਾਂ ਦੇ ਬਰੋਬਰ ਤੇ ਆਕੇ ਦੋ ਕਾਰਾਂ ਤੇ ਦੋ ਲਾਰੀਆਂ ਖਲੋ ਗਈਆਂ। ਕਾਰਾਂ ਵਿਚ ਗੋਰੇ ਅਫਸਰ ਸਨ ਤੇ ਲਾਰੀਆਂ ਵਿਚ ਹਥਿਆਰਾਂ ਵਾਲੀ ਪੁਲਿਸ।

ਕਾਰਾਂ ਵਿਚੋਂ ਅਫਸਰ ਬਾਹਰ ਨਿਕਲੇ। ਗਾਰਦ ਲਾਰੀਆਂ ਵਿਚੋਂ ਬਾਹਰ ਨਿਕਲ ਕੇ ਇਕ ਕਤਾਰ ਵਿਚ ਸਾਵਧਾਨ ਹੋ ਗਈ। ਓਨ੍ਹਾਂ ਦੀਆਂ ਬੰਦੂਕਾਂ ਤੇ ਬੱਟਾਂ ਦਾ ਥੱਲਾ ਸੜਕ ਦੀ ਪੱਕੀ ਜ਼ਮੀਨ ਨਾਲ ਵਜਣ ਤੇ ਚੋਖਾ ਖੜਕਾ ਹੋਇਆ।

'ਲੋਥਾਂ ਚੁਕੋ ਸੁਪ੍ਰੰਟੈਂਡੰਟ ਪੁਲਿਸ ਨੇ ਹੁਕਮ ਦਿੱਤਾ। ਹਸਪਤਾਲ ਵਾਲੀਆਂ ਕਪੜੇ ਦੀਆਂ ਮੰਜੀਆਂ ਨੂੰ ਖਿਲਾਰ ਕੇ ਸੜਕ ਉਤੇ ਰਖਿਆ ਲਾਰੀ ਵਿਚੋਂ ਲੋਥਾਂ ਕੱਢ ਕੇ ਓਨ੍ਹਾਂ ਉਤੇ ਰਖ ਦਿੱਤੀਆਂ।

'ਚੁਕੋ ਤੇ ਚਲੋ!' ਓਸੇ ਅਫਸਰ ਦੀ ਹੀ ਦੂਸਰੀ ਆਗਿਆ ਸੀ।

'ਓਸੇ ਵੇਲੇ ਆਗਿਆ ਦਾ ਪਾਲਣ ਹੋ ਗਿਆ। ਕੁਝ ਬੰਦੂਕਾਂ ਵਾਲੇ ਸਿਪਾਹੀ ਅੱਗੇ ਅੱਗੇ ਤੁਰੇ ਓਨ੍ਹਾਂ ਪਿਛੇ ਦੋ ਦੋ ਆਦਮੀ ਮੰਜੀਆਂ ਚੁਕ ਕੇ ਤੁਰ ਪਏ। ਮੰਜੀਆਂ ਦੇ ਪਿਛੇ ਅਫਸਰ ਤੇ ਅਵਸਰਾਂ ਪਿਛੇ ਗਾਰਦ ਸੀ। ਟਾਰਚੀਆਂ ਦੀ ਰੋਸ਼ਨੀ ਆਸਰੇ ਉਹ ਅੱਗੇ ਤੁਰੇ ਗਏ ਤੇ ਉਸ ਟਿਕਾਣੇ ਪੁਜੇ ਜਿਥੇ ਲਕੜਾਂ ਸੁਟੀਆਂ ਸਨ।

'ਲੋਥਾਂ ਨੂੰ ਭੋਂ ਉਤੇ ਸੁਟੋ। ਇਨ੍ਹਾਂ ਦੇ ਨਿਕੇ ਨਿਕੇ ਹਿਸੇ ਬਣਾਓ ਤਾਂ ਕਿ ਛੇਤੀ ਸੜ ਜਾਣ। ਅੱਧੇ ਚਿੱਖਾ ਚਿਣੋ, ਰਖੋ ਤਰਤੀਬ ਵਾਰ ਲੱਕੜਾਂ ਟੋਟੇ ਵਿਚ ਸੁਟਣੇ ਹਨ।' ਪੁਲਸ ਸੁਪ੍ਰੰਟੈਂਡੰਟ ਗੋਰੇ ਦਾ ਹੁਕਮ ਸੀ।

ਜਿਸ ਤਰ੍ਹਾਂ ਗੋਰੇ ਦੀ ਮਰਜੀ ਸੀ ਓਸੇ ਤਰ੍ਹਾਂ ਗੋਰੇ ਤੇ ਹਿੰਦੁਸਤਾਨੀ ਸਿਪਾਹੀ ਕਰਨ ਲੱਗੇ।

ਦੇਖੋ ਸਮੇਂ ਦੇ ਰੰਗ, ਦੁਸ਼ਮਨੀ ਦੀ ਹੱਦ, ਘਿਰਨਾ ਦਾ ਅੰਤ ਅਤੇ ਵੈਸ਼ੀਪੁਣੇ ਦਾ ਅਮਰ ਦਿਖਾਵਾ। ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਦੀਆਂ ਉਹ ਤਿੰਨੇ ਲੋਥਾਂ ਸਨ। ਸ਼ਹੀਦਾਂ ਦੀਆਂ ਰੂਹਾਂ ਉਡ ਗਈਆਂ। ਦੁਸ਼ਮਨ ਪੰਜਾਂ ਤੱਤਾਂ ਦੇ ਬਣੇ ਸਰੀਰ ਦਾ ਨਿਰਾਦਰ ਕਰਨ ਵਿਚ ਸ਼ਰਮ ਮਹਿਸੂਸ ਨਹੀਂ ਸਨ ਕਰਦੇ। ਬਦਲੇ ਦੀ ਰੂਹ ਨੇ ਉਨ੍ਹਾਂ ਦੇ ਵਿਚਾਰ ਨੀਵੇਂ ਕਰ ਦਿਤੇ ਸੀ। ਪਸ਼ੂਆਂ ਨਾਲੋਂ ਵੀ ਨੀਵੇਂ ਆਖਦੇ ਨੇ ਦੁਸ਼ਮਨ ਦੀ ਅਰਥੀ ਜਾਂਦੀ ਹੋਵੇ ਤਾਂ ਵੀ ਸੀਸ ਨਿਵਾ ਕੇ ਯੋਗ ਸਤਕਾਰ ਕਰਨਾ ਚਾਹੀਦਾ ਹੈ ਪਰ ਏਥੇ ਸ਼ਹੀਦ ਈਸਾ ਦੇ ਚੇਲੇ ਅਮਰ ਸ਼ਹੀਦਾਂ ਦਾ ਨਿਰਾਦਰ ਕਰਨ ਵਿਚ ਮਾਣ ਵਡਿਆਈ ਸਮਝਦੇ ਸਨ। ਹਿੰਦੂ ਤੇ ਸਿਖ ਧਰਮ ਦੀ ਕਿਸੇ ਮਰਯਾਦਾ ਦੀ ਕੋਈ ਪ੍ਰਵਾਹ ਨਾ ਕੀਤੀ ਗਈ। ਸ਼ਹੀਦਾਂ ਦੀਆਂ ਦੇਹਾਂ ਦੇ ਇਸ਼ਨਾਨ ਨਹੀਂ ਕਰਵਾਏ, ਖੱਫਣ ਨਹੀਂ ਦਿੱਤਾ, ਨਾਰੀਅਲ ਤੇ ਘਿਓ ਦਾ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਸੀ। ਜੇਹਲ ਦੇ ਲੀੜੇ ਜੇਹਲ ਵਾਲਿਆਂ ਨੇ ਲਾਹ ਲਏ ਸਨ। ਦੇਹਾਂ ਅਲਫ ਨੰਗੀਆਂ ਸਨ। ਉਨ੍ਹਾਂ ਨੰਗੀਆਂ ਦੇਹਾਂ ਨੂੰ ਸਾਬਤ ਸੂਰਤ ਵੀ ਚਿਖਾ ਵਿਚ ਰਖਣਾ ਚੰਗਾ ਨਾ ਸਮਝਿਆ,ਕਸਾਈਆਂ ਵਾਲੀਆਂ ਤੇਜ਼ ਤੇ ਵਡੀਆਂ ਛੁਰੀਆਂ ਸਿਪਾਹੀਆਂ ਕੋਲ ਸਨ। ਟੋਕਿਆਂ ਵਰਗੀਆਂ ਇਕੇ ਟੱਪ ਨਾਲ ਬਾਂਹ ਤੇ ਲੱਤ ਦੇ ਟੁਕੜੇ ਕਰ ਸਕਦੇ ਸਨ। ਗੋਰੇ ਅਫਸਰਾਂ ਨੇ ਪਹਿਲਾਂ ਲੋਥਾਂ ਨੂੰ ਬੂਟਾਂ ਦੇ ਠੁਡੇ ਮਾਰੇ ਟਾਰਚਾਂ ਦੀਆਂ ਟੋਸ਼ਨੀਆਂ ਵਿਚ ਬੂਟਾਂ ਦੇ ਪੱਬਾਂ ਨਾਲ ਇਸ਼ਾਰੇ ਕਰ ਕਰਕੇ ਸਿਪਾਹੀਆਂ ਨੂੰ ਦਸਦੇ ਰਹੇ,'ਇਧਰ ਸੇ ਕਾਟੋ! ਬਹੁਤ ਛੋਟਾ ਕਾਟੋ! ਇਸ ਸੇ ਭੀ ਛੋਟਾ! ਇਨ ਲੋਗੋਂ ਨੇ ਹਮੇਂ ਬਹੁਤ ਤੰਗ ਤੇ ਹੈਰਾਨ ਕੀਆ! ਛੋਟਾ ਛੋਟਾ ਕਟ ਕਰ ਅੱਗ ਮੇਂ ਫੈਂਕੋ। ਜਲਦੀ ਜਲ ਜਾਏਗਾ, ਯੇਹ ਬਾਗ਼ੀ.....ਬਾਦਸ਼ਾਹ ਦੇ ਦੁਸ਼ਮਨ....ਇਨ ਕੋ ਮਾਲੂਮ ਨਹੀਂ, ਬਰਤਾਨੀਆਂ ਕਿੰਨਾ ਬਲਵਾਨ ਹੈ।' ਅੰਗ ਅੰਗ ਕੱਟਿਆ ਗਿਆ। ਬਕਰੇ ਦੇ ਮਾਸ ਵਾਂਗ ਨਿੱਕਾ ਨਿੱਕਾ ਕੀਤਾ ਗਿਆ, ਜਿਵੇਂ ਰਿੰਨਣਾ ਹੁੰਦਾ ਏ। ਉਹ ਟੁਕੜੇ ਲਕੜਾਂ ਦੇ ਵਿਚਾਲੇ ਰਖਕੇ ਅੱਗ ਲਾ ਦਿਤੀ। ਸ਼ਾਇਦ ਪਾਪੀਆਂ ਨੂੰ ਇਹ ਵੀ ਡਰ ਸੀ ਕਿ ਕਿਤੇ ਜਨਤਾ ਨੂੰ ਹੱਲਾ ਬੋਲਕੇ ਚਿਖਾ ਵਿਚੋਂ ਲੋਥਾਂ ਹੀ ਨਾ ਕਢ ਲਵੇ। ਤਿੰਨਾਂ ਮਿਤ੍ਰਾਂ ਦੇ ਅੰਗਾਂ ਨੂੰ ਇਕ ਜਾਨ ਕੀਤਾ ਗਿਆ। ਇਹ ਪਛਾਨਣਾ ਔਖਾ ਸੀ ਕਿ ਭਗਤ ਸਿੰਘ ਦੀ ਦੇਹ ਦਾ ਕਿਹੜਾ ਹਿੱਸਾ ਹੈ। ਤੇ ਰਾਜ ਗੁਰੁ ਦੀ ਦੇਹ ਦਾ ਕਿਹੜਾ। ਇਕ ਮਨੋਰਥ ਵਾਸਤੇ, ਇਕ ਚਿਖਾ ਤੇ ਇਕ ਜਾਨ ਹੋਕੇ ਇਕ ਅੱਗ ਵਿਚ ਸੜੇ, ਪਿਆਰ ਪਏ ਤੇ ਸੋਹਣੇ ਨਿਭੇ। ਉਹ ਸ਼ਹੀਦ ਅਮਰ ਹੋ ਗਏ। ਇਤਿਹਾਸ ਉਹਨਾਂ ਨੂੰ ਕਦੀ ਨਹੀਂ ਭੁਲੇਗਾ।

ਚਿਖਾ ਨੂੰ ਅੱਗ ਲਾਈ ਗਈ। ਖੁਲ੍ਹੀ ਹਵਾ ਵਿਚ ਸੁਕੀਆਂ ਲਕੜਾਂ ਇਕ ਦਮ ਬਲਣ ਲਗ ਪਈਆਂ। ਉਨ੍ਹਾਂ ਦਾ ਬਲਦਾ ਭਾਂਬੜ ਬਹੁਤ ਦੂਰ ਤਕ ਰੋਸ਼ਨੀ ਕਰਨ ਲੱਗਾ। ਅੱਗ ਦਾ ਚਾਨਣ ਦੇਖ ਦੇਖ ਕੇ ਕਈ ਜੀਵ-ਜੰਤੂ ਘਬਰਾ ਕੇ,ਉਠ ਨੱਠੇ।

'.... ਅਬ ਠੀਕ ਹੈ! ਅਬ ਸਾਰੇ ਖਤਰੇ ਦੂਰ ਹੋ ਗਏ।' ਇਕ ਗੋਰੇ ਅਫਸਰ ਨੇ ਚਿਖਾ ਨੂੰ ਪੂਰੇ ਜੋਬਨ ਵਿਚ ਬਲਦਿਆਂ ਦੇਖਕੇ ਆਖਿਆ।

'ਅੱਛਾ! ਹਮ ਲੋਕ ਜਾਤੇ ਹੈਂ, ਜਬ ਜਲ ਜਾਏਂ ਤੋਂ ਪਾਣੀ ਡਾਲ ਦੇਣਾ। ਆਗ ਠੰਡੀ ਹੋਣ ਤੇ ਸਭ ਕੁਛ ਦਰਿਆ ਮੇਂ ਫੈਂਕ ਦੇਣਾ। ਯਹਾਂ ਕੁਝ ਨਾ ਰਹੇ। ਹੋਸ਼ ਸੇ ਕਾਮ ਹੋ।' ਪਹਿਲੇ ਅਫਸਰ ਨੇ ਪੁਲਸ ਇੰਸਪੈਕਟਰ ਨੂੰ ਆਖਿਆ,'ਗਾਰਦ ਕੇ ਆਧੇ ਆਦਮੀ ਆਪਣੇ ਕੋਲ ਰੱਖ ਲੌ ਆਧੇ ਹਮ ਲੇ ਜਾਤੇ ਹੈਂ।'

'ਬਹੁਤ ਹਛਾ ਜਨਾਬ!' ਇੰਸਪੈਕਟਰ ਨੇ ਸਲੂਟ ਮਾਰ ਕੇ ਆਗਿਆ ਪਾਲਣ ਕਰਨ ਦਾ ਬਚਨ ਦਿੱਤਾ।

ਸਤ ਕੁ ਸਿਪਾਹੀ ਇਕ ਥਾਨੇਦਾਰ ਤੇ ਇਕ ਇੰਨਸਪੈਕਟਰ ਚਿਖਾ ਦੇ ਕੋਲ ਰਹਿ ਗਿਆ। ਬਾਕੀ ਸਾਰੇ ਖਿਸਕ ਗਏ। ਜਾਂਦੇ ਹੋਏ ਉਹ ਮੁੜ ਮੁੜ ਕੇ ਬਲਦੀ ਚਿਖਾ ਵਲ ਦੇਖ ਰਹੇ ਹਨ। ਉਹ ਖੁਸ਼ ਸਨ। ਨਿਰਾਦਰੀ ਦੇ ਸ਼ਬਦਾਂ ਵਿਚ ਸ਼ਹੀਦਾਂ ਦੇ ਬੀਤੇ ਜੀਵਨ ਉਤੇ ਟੀਕਾ ਟਿਪਣੀ ਕਰਦੇ ਜਾਂਦੇ ਸੀ।

ਜਦੋਂ ਕਾਰਾਂ ਚਲੀਆਂ ਗਈਆਂ। ਬਹੁਤ ਦੂਰ! ਉਨ੍ਹਾਂ ਦੀ ਰੋਸ਼ਨੀ ਦਿਸਣੋ ਹਟ ਗਈ ਤਾਂ

ਇੰਸਪੈਕਟਰ ਨੇ ਸਿਪਾਹੀਆਂ ਨੂੰ ਆਖਿਆ,'ਪਾਣੀ ਦੀਆਂ ਬਾਲਟੀਆਂ ਲਿਆਵੋ ਤੇ ਅੱਗ ਨੂੰ ਠੰਡੀ ਕਰੋ। ਨਹੀਂ ਸੜੇ ਤਾਂ ਨਾ ਸਹੀ। ਸਭ ਕੁਝ ਦਰਿਆ ਵਿਚ ਸੁਟੀਏ। ਛੇਤੀ ਕੰਮ ਮੁਕ ਜਾਵੇਗਾ।'

'ਬਹੁਤ ਹੱਛਾ ਜਨਾਬ' ਆਖਕੇ ਚਾਰ ਸਿਪਾਹੀ ਪਾਣੀ ਲੈਣ ਚਲੇ ਗਏ। ਪਾਣੀ ਨੇੜੇ ਸੀ। ਕਾਹਲੀ ਕਾਹਲੀ ਬਾਲਟੀਆਂ ਲਿਆਈ ਗਏ ਤੇ ਅੱਗ ਉਤੇ ਸੁਟੀ ਗਏ। ਉਨਾਂ ਅੱਗ ਠੰਡੀ ਕਰ ਦਿਤੀ। ਐਨੀ ਠੰਡੀ ਕਿ ਅੱਗ ਦੀ ਲਾਲੀ ਅਲੋਪ ਹੋ ਗਈ। ਹਨੇਰੇ ਦੀ ਕਾਲੀ ਚਾਦਰ ਉਸੇ ਤਰਾਂ ਤਣ ਗਈ। ਜਿਵੇਂ ਪਹਿਲਾਂ ਸੀ।

ਟਾਰਚਾਂ ਤੇ ਇਕ ਲਾਲਟੈਨ ਦੀ ਮੱਧਮ ਜਿਹੀ ਰੋਸ਼ਨੀ ਵਿਚ ਸਿਪਾਹੀ ਅਨਸੜੀਆਂ ਲਕੜਾਂ ਚੁੱਕ ਚੁੱਕ ਕੇ ਦਰਿਆ ਵਿਚ ਸੁਟਣ ਲਗੇ। ਜੋ ਨਿਕੀ ਰਾਖ ਤੇ ਅਨਸੜੇ ਮਾਸ ਦੇ ਟੁਕੜੇ ਸਨ ਉਹ ਬਾਲਟੀਆਂ ਵਿਚ ਪਾਕੇ ਰੋਹੜੀ ਜਾਂਦੇ ਰਹੇ। ਤਰਦਾ ਤਰਦਾ ਸਾਰਾ ਸਾਮਾਨ ਉਨ੍ਹਾਂ ਦਰਿਆ ਵਿਚ ਰੋਹੜ ਦਿੱਤਾ। ਥੱਲੇ ਦੀ ਰਾਖ ਦੇਖਕੇ ਇੰਸਪੈਕਟਰ ਨੇ ਕਿਹਾ,'ਚਲੋ! ਅਸਾਡਾ ਕੰਮ ਖਤਮ ਹੋਇਆ, ਚੁਕੋ ਸਾਮਾਨ ਅੱਜ ਸਾਰੀ ਰਾਤ ਬੇ-ਅਰਾਮੀ ਵਿਚ ਕਟਣੀ ਪਈ।'

.... .... .... .... ....

ਸੂਰਜ ਚੜ੍ਹਿਆ,੨੪ ਮਾਰਚ ਦਾ ਸੂਰਜ, ਹਿੰਦੁਸਤਾਨ ਦੀ ਸਾਰੀ ਜ਼ਮੀਨ ਉਤੇ ਉਸਦੀਆਂ ਲਾਲ ਕਿਰਨਾਂ ਪਈਆਂ। ਉਨ੍ਹਾਂ ਕਿਰਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ ਸੁਨੇਹਾ ਦਿੱਤਾ, ਸੋਗ ਦਾ ਸੰਦੇਸ਼ ਸ: ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਫਾਂਸੀ ਲਟਕਾ ਦਿਤਾ ਗਿਆ।' ਸਾਰੀ ਰਾਤ ਟੈਲੀਫੋਨ ਤੇ ਤਾਰਾਂ ਖੜਕਦੀਆਂ ਰਹੀਆਂ। ਅਖਬਾਰਾਂ ਦੇ ਪਹਿਲਿਆਂ ਸਫਿਆਂ ਉਤੇ ਮੋਟਾ ਲਿਖਿਆ ਹੋਇਆ ਸੀ, 'ਸ: ਭਗਤ ਸਿੰਘ ਸੁਖਦੇਵ, ਰਾਜ ਗੁਰੂ ਨੂੰ ਫਾਂਸੀ ਲਟਕਾ ਦਿਤਾ ਗਿਆ।' ਜੋ ਸੁਤਾ ਉਠਿਆ, ਉਸੇ ਨੇ ਇਹ ਖਬਰ ਸੁਣੀ, ਘਰ ਦੇ ਧੰਦੇ ਭੁਲ ਗਏ, ਖਾਣ, ਪੀਣ ਤੇ ਹਥ ਮੂੰਹ ਧੋਣ ਦਾ ਚੇਤਾ ਨਾ ਰਿਹਾ, ਘਰ ਛਡਕੇ ਨਸੇ। ਸ਼ਹਿਰ ਦੇ ਵਡੇ ਮੈਦਾਨਾਂ, ਚੌਂਕਾਂ ਤੇ ਚੌੜੇ ਬਾਜ਼ਾਰ ਵਿਚ ਇਕਠੇ ਹੋਏ, ਮਾਤਮੀ (ਸੋਗੀ) ਜਲੂਸਾਂ ਤੇ ਜਲਸਿਆਂ ਦੀਆਂ ਤਿਆਰੀਆਂ ਹੋਈਆਂ, ਸਾਰੇ ਭਾਰਤ ਨੇ 'ਆਹ ਦਾ ਨਾਹਰਾ ਮਾਰਿਆ।'

'ਸ: ਭਗਤ ਸਿੰਘ ਜੀ ਜ਼ਿੰਦਾ ਬਾਦ।'
'ਰਾਜ ਗੁਰੁ ਜੀ ਜ਼ਿੰਦਾ ਬਾਦ।'
'ਸੁਖਦੇਵ ਜੀ ਜ਼ਿੰਦਾਬਾਦ।'
'ਇਨਕਲਾਬ ਜ਼ਿੰਦਾ ਬਾਦ।'
'ਡੌਨ ਡੌਨ ਦੀ ਯੂਨੀਅਨ ਜੈਕ।'
'ਨੌਕਰ ਸ਼ਾਹੀ ਦਾ ਬੇੜਾ ਗਰਕ।'

ਇਨ੍ਹਾਂ ਨਾਹਰਿਆਂ ਨਾਲ ਸਾਰੇ ਭਾਰਤ ਦਾ ਵਾਯੂ ਮੰਡਲ ਗੂੰਜ ਉਠਿਆ। ਅੰਗਰੇਜ਼ ਨੂੰ ਫਿਕਰ ਪੈ ਗਿਆ। ਕਾਂਗ੍ਰਸ਼ੀ ਮੁਖੀਆਂ..ਦਾ ਸੰਘਾਸਨ ਡੋਲ ਗਿਆ, ਨੌਜੁਆਨ ਆਖ ਰਹੇ ਸਨ,'ਕਾਂਗ੍ਰਸ ਨੇ ਤਿੰਨਾਂ ਨੌਜੁਆਨਾਂ ਨੂੰ ਫਾਹੇ ਲਿਵਾਇਆ ਹੈ। ਜੇ ਗਾਂਧੀ ਵਾਇਸਰਾਏ ਨਾਲ ਸਮਝੌਤਾ ਨਾ ਕਰਦਾ ਤਾਂ ਅੰਗਰੇਜ਼ ਨੂੰ ਇਹ ਹਰਕਤ ਕਰਨ ਦੀ ਹਿੰਮਤ ਕਦੀ ਵੀ ਨਹੀਂ ਸੀ ਪੈਣੀ।'

ਹਾਂ, ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਸਤਲੁਜ ਦੇ ਕਿਨਾਰੇ ਹਜ਼ਾਰਾਂ ਇਸਤ੍ਰੀ ਮਰਦਾਂ ਦੀ ਭੀੜ ਸੀ, ਕੁਝ ਨੌਜੁਆਨ ਤਾਂ ਰਾਤ ਦੇ ਹਨੇਰੇ ਵਿਚ ਹੀ ਉਥੇ ਪੁਜ ਗਏ ਸਨ। ਚਿਖਾ ਵਾਲੀ ਥਾਂ ਤੋਂ ਕਿਸੇ ਨੇ ਰਾਖ ਚੁਕਕੇ ਸਿਰ ਮਥੇ ਤੇ ਲਾਈ ਤੇ ਕੰਨੀ ਬਨ ਲਈ ਸੀ, ਕਿਸੇ ਨੂੰ ਕੋਈ ਫੁਲ (ਹਡੀ) ਮਿਲ ਗਿਆ, ਉਸਨੂੰ ਸਤਕਾਰ ਨਾਲ ਚੁਕ ਲਿਆ। ਅਖਾਂ ਤੇ ਧੜਕਦੀ ਹਿਕ ਨਾਲ ਲਾਇਆ, ਕਿਸੇ ਨੂੰ ਕਚੇ ਮਾਸ ਦੇ ਟੁਕੜੇ ਮਿਲੇ। ਉਨ੍ਹਾਂ ਟੁਕੜਿਆਂ ਨੂੰ ਕੀੜੀਆਂ ਖਿਚ ਫਿਰਦੀਆਂ ਸਨ। ਨਿਰੀ ਰਾਖ ਤੇ ਨਿਸ਼ਾਨੀਆਂ ਹੀ ਨਹੀਂ ਸਗੋਂ ਗਿਠ ਗਿਠ ਮਿਟੀ ਪਟਕੇ 'ਸ਼ਹੀਦਾਂ ਦੀ ਅਮਰ ਨਿਸ਼ਾਨੀਂ' ਸਮਝਕੇ ਲੋਕਾਂ ਨੇ ਪਲੇ ਬੰਨ ਲਈ। ਜੋ ਉਸ ਅਸਥਾਨ ਉਤੇ ਯਾਤਰਾ ਕਰਨ ਗਿਆ, ਓਹੋ ਹੀ ਅੰਗਰੇਜ਼ੀ ਸਾਮਰਾਜ ਦੇ ਵਿਰੁਧ ਗੁਸੇ ਤੇ ਗਮ ਦੀ ਰੂਹ ਨਾਲ ਤੜਪਦਾ ਤੇ ਕ੍ਰੋਧ ਵਾਨ ਹੋਕੇ ਵਾਪਸ ਮੁੜਿਆ।

'ਸ਼ਹੀਦੋਂ ਕੀ ਚਿਤਾਓਂ ਪਰ, ਲਗੇਂਗੇ ਹਰ ਬਰਸ ਮੇਲੇ।'
ਵਤਨ ਪੈ ਮਰਨੇ ਵਾਲੋਂ ਕਾ, ਯਹੀ ਬਕੀ ਨਿਸ਼ਾਂ ਹੋਗਾ।'

ਇਹ ਵਾਕ ਅਮਰ ਹੈ, ਪਰ ਅਫਸੋਸ, ਇਹ ਤਿੰਨੇ ਸ਼ਹੀਦ ਐਸੇ ਨੇ ਜਿਨ੍ਹਾਂ ਦੀ ਚਿਖਾ ਉਪਰ ਪਿਛਲੇ ਵੀਹਾਂ ਸਾਲਾਂ ਵਿਚ ਕੋਈ ਮੇਲਾ ਨਹੀਂ ਲਗਾ ਤੇ ਅਗੇ ਨੂੰ ਲਗਣ ਦੀ ਕੋਈ ਆਸ ਨਹੀਂ। ਕਿਉਂਕਿ ਉਹ ਅਸਥਾਨ ਪਾਕਸਤਾਨ ਵਿਚ ਹੈ ਪਾਕਸਤਾਨ ਦੇ ਮੁਸਲਮਾਨਾਂ ਨੇ ਫਿਰਕਾ ਪ੍ਰਸਤੀ ਦੀ ਕਾਲੀ ਪਟੀ ਅਖਾਂ ਉਤੇ ਬੰਨੀ ਹੋਈ ਹੈ। ਉਨ੍ਹਾਂ ਨੂੰ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਵਾਲਾ ਇਹ ਪੂਜਨੀਕ ਅਸਥਾਨ ਨਜ਼ਰ ਹੀ ਨਹੀਂ ਆਉਂਦਾ। ਉਨ੍ਹਾਂ ਦੀ ਕੋਈ ਯਾਦਗਾਰ ਕਾਇਮ ਨਹੀਂ ਕੀਤੀ।

----

ਕਾਂਗ੍ਰਸ ਦੇ ਸਾਲਾਨਾ ਕਰਾਚੀ ਇਕਠ ਵਿਚ ਮਗਰਮਛ ਵਾਂਗ ਦਿਖਾਵੇ ਦੇ ਅਥਰੂ ਕੇਰਦਿਆਂ ਹੋਇਆਂ ਕਾਂਗ੍ਰਸੀ ਮੁਖੀਆਂ ਨੇ ਹਮਦਰਦੀ ਤੇ ਅਫਸੋਸ ਦਾ ਸੋਗੀ ਮਤਾ ਪਾਸ ਕੀਤਾ।

ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਕਾਹਨਪੁਰ ਜਲੂਸ ਨਿਕਲਿਆ, ਹੜਤਾਲ ਹੋਈ। ਅੰਗਰੇਜ਼ ਪਰਸਤ ਮੁਸਲਮਾਨਾਂ ਨੇ ਨਾ ਹੜਤਾਲ ਕੀਤੀ ਨਾ ਜਲੂਸ ਵਿਚ ਹਿੱਸਾ ਲਿਆ। ਸਰਕਾਰ ਦੇ ਦਲਾਲਾਂ ਨੇ ਸ਼ਹਿਰ ਵਿਚ ਫਿਰਕੂ ਫਸਾਦ ਕਰਵਾ ਦਿਤਾ। ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ। ਸੋਟਿਆਂ, ਤਲਵਾਰਾਂ ਤੇ ਪੱਥਰਾਂ ਨਾਲ ਡੱਟ ਕੇ ਲੜਾਈਆਂ ਕੀਤੀਆਂ ਗਈਆਂ। ਚੀਕਾਂ, ਲਹੂ, ਅੱਗ ਦੇ ਭਾਂਬੜਾਂ ਤੇ ਮੌਤਾਂ ਨਾਲ ਸ਼ਹਿਰ ਨਰਕ ਦਾ ਛੋਟਾ ਭਰਾ ਬਣ ਗਿਆ। ਪੰਜ ਸੌ ਟੱਬਰ ਸ਼ਹਿਰ ਛਡ ਕੇ ਨਸ ਗਏ। ੧੬੬ ਮੌਤਾਂ ਹੋਈਆਂ, ੪੮੦ ਦੇ ਨੇੜੇ ਜ਼ਖਮੀ ਹੋਏ। ਜੋ ਵਡੀ ਘਟਣਾ ਹੋਈ ਉਹ ਇਹ ਕਿ ਸਰਦਾਰ ਭਗਤ ਸਿੰਘ ਦੇ ਪਹਿਲੇ ਰਾਜਸੀ ਮਾਸਟਰ ਸ੍ਰੀ ਗਨੇਸ਼ ਸ਼ੰਕਰ ਵਿਦਿਆਰਥੀ ਇਸ ਫਸਾਦ ਵਿਚ ਮਾਰੇ ਗਏ। ਉਹਨਾਂ ਦੀ ਰੂਹ ਵੀ ਭਗਤ ਸਿੰਘ ਦੀ ਰੂਹ ਕੋਲ ਚਲੀ ਗਈ।

ਇਹ ਹੈ ਤਿੰਨਾਂ ਸ਼ਹੀਦਾਂ ਦੀ ਅਮਰ ਕਥਾ।

-------

ਸੰ: ਈ: ੧੯੫੬

  • ਮੁੱਖ ਪੰਨਾ : ਪੰਜਾਬੀ ਨਾਵਲ, ਗਿਆਨੀ ਤ੍ਰਿਲੋਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ