Punjabi Stories/Kahanian
ਰਘੁਬੀਰ ਢੰਡ
Raghubir Dhand
Punjabi Kavita
  

Shan-e-Punjab Raghubir Dhand

ਸ਼ਾਨੇ-ਪੰਜਾਬ ਰਘੁਬੀਰ ਢੰਡ

ਫਿਰ ਸ਼ਾਨੇ-ਪੰਜਾਬ ਅੰਮ੍ਰਿਤਸਰ ਸਟੇਸ਼ਨ ਤੋਂ ਤੁਰ ਪਈ। ਹੋਰਾਂ ਵਾਂਗ ਮੈਂ ਵੀ ਮੁਸਾਫ਼ਰ ਸਾਂ। ਉਹ ਦਿਸਣ ਤੀਕ ਹੱਥ ਹਿਲਾਉਂਦਾ ਰਿਹਾ, ਮੈਂ ਵੀ। ਫਿਰ ਹੱਥ ਹਿਲਣੋਂ ਹਟ ਗਏ, ਪਰ ਉਹ ਬਹੁਤ ਸਮਾਂ ਦਿਖਾਈ ਦਿੰਦਾ ਰਿਹਾ, ਮੈਂ ਨਹੀਂ; ਹਾਲਾਂਕਿ ਉਹ ਛੱਤੇ ਹੋਏ ਪਲੇਟਫਾਰਮ ‘ਤੇ ਖਲੋਤਾ ਸੀ ਤੇ ਸ਼ਾਨੇ-ਪੰਜਾਬ ਖੁੱਲ੍ਹੇ ਆਕਾਸ਼ ਹੇਠਾਂ ਨੱਸ ਰਹੀ ਸੀ। ਜਿਥੇ ਉਹ ਖਲੋਤਾ ਸੀ, ਰੋਸ਼ਨੀ ਹੀ ਰੋਸ਼ਨੀ ਸੀ।
ਮੈਂ ਸ਼ੀਸ਼ਾ ਹੇਠਾਂ ਸੁੱਟ, ਨੋਟਾਂ ਦੀ ਦੱਥੀ ਬੈਗ ਵਿਚ ਪਾ ਲਈ।
ਬਾਹਰ ਗੋਡੇ-ਗੋਡੇ ਹੋਈਆਂ ਕਣਕਾਂ ਜੰਮੀਆਂ ਤਾਂ ਚੰਗੀਆਂ ਸਨ, ਪਰ ਸੂਰਜ ਬੱਦਲਾਂ ‘ਚ ਲਿਪਟ ਗਿਆ ਸੀ। ਇਸ ਲਈ ਕਣਕਾਂ ਉਦਾਸ ਸਨ, ਜਿਵੇਂ ਕੋਈ ਅਜਿਹੇ ਘਰ ਵਿਚ ਰਹਿ ਰਿਹਾ ਹੋਵੇ ਜਿਹੜਾ ਉਹਦਾ ਆਪਣਾ ਨਾ ਹੋਵੇ।
ਜੀਅ ਕੀਤਾ ਬੱਦਲਾਂ ਲਿਪਟੇ ਸੂਰਜ ਦੀ ਮੱਧਮ ਰੌਸ਼ਨੀ ਵਿਚ ਉਦਾਸ ਕਣਕਾਂ ਵੱਲ ਵੇਖਾਂ, ਵੇਖਦਾ ਜਾਵਾਂ ਤੇ ਕਵਿਤਾ ਵਰਗੀ ਕਿਸੇ ਚੀਜ਼ ਬਾਰੇ ਸੋਚਾਂ, ਪਰ ਉਹ ਮੇਰੇ ਦਿਮਾਗ ‘ਚੋਂ ਨਹੀਂ ਸੀ ਨਿਕਲ ਰਿਹਾ। ਉਹ ਜਿਹੜਾ ਮੈਨੂੰ ਹੁਣੇ ਵਿਦਾ ਕਰ ਹੱਥ ਹਿਲਾ ਰਿਹਾ ਸੀ। ਉਹ ਜਿਹੜਾ ਜਿਥੇ ਖਲੋਤਾ ਸੀ, ਉਥੇ ਰੌਸ਼ਨੀ ਹੀ ਰੌਸ਼ਨੀ ਸੀ। ਪਲੇਟਫਾਰਮ ਤਾਂ ਭਾਵੇਂ ਛੱਤਿਆ ਹੋਇਆ ਸੀ।
ਕਲ੍ਹ ਆਥਣੇ ਮੈਂ ਉਹਦੇ ਕੋਲ ਆਇਆ ਸਾਂ ਅਤੇ ਰਾਤ ਰਿਹਾ ਸਾਂ, ਮਰਜ਼ੀ ਨਾਲ ਨਹੀਂ ਮਜਬੂਰੀ ਨਾਲ। ਅਸੀਂ ਵਲਾਇਤੀ ਇੰਡੀਅਨ, ਮਰਜ਼ੀ ਨਾਲ ਤਾਂ ਉਥੇ ਹੀ ਰਾਤ ਰਹਿੰਦੇ ਹਾਂ ਜਿਥੇ ਦਾਰੂ ਵਲਾਇਤੀ ਮਿਲੇ ਤੇ ਮੁਰਗਾ ਇੰਡੀਅਨ ਹੋਵੇ ਤੇ ਗੁਦਗੁਦਾ ਬੈਡ ਜਿਸ ‘ਤੇ ਢੋ ਲਾ ਅਸੀਂ ਵਲਾਇਤ ਦੀਆਂ ਨਿਅਮਤਾਂ ਅਤੇ ਰਹਿਮਤਾਂ ਦੇ ਕਿੱਸੇ ਤੁਰਸ਼ ਮਿਰਚ-ਮਸਾਲਿਆਂ ਨਾਲ ਸੁਣਾ ਸਕੀਏ...ਅੰਮ੍ਰਿਤਸਰ ਵਿਚ ਅਜਿਹਾ ਟਿਕਾਣਾ ਨਾ ਹੋਣ ਕਰ ਕੇ ਮੈਨੂੰ ਉਹਦੇ ਕੋਲ ਹੀ ਜਾਣਾ ਤੇ ਰਹਿਣਾ ਪਿਆ ਸੀ। ਇਹੋ ਜਿਹੇ ਗਲੀ ਮੁਹੱਲੇ ਵਿਚੋਂ ਰਿਕਸ਼ਾ ਲੰਘ ਰਿਹਾ ਸੀ ਅਤੇ ਰਿਕਸ਼ੇ ਵਾਲਾ ਬੱਸ ਪੁੱਜੇ ਹੀ ਸਮਝੋ ਆਖ ਰਿਹਾ ਸੀ, ਉਥੇ ਇਹ ਹਿਸਾਬ ਲਾਉਣਾ ਕੋਈ ਔਖਾ ਨਹੀਂ ਸੀ ਕਿ ਦਾਰੂ, ਮੁਰਗਾ ਤੇ ਨਰਮ ਬੈਡ ਮਿਲਣ ਦੀ ਕੋਈ ਸੰਭਾਵਨਾ ਨਹੀਂ।
ਸੀ ਤਾਂ ਉਹ ਮੇਰੇ ਸਕੇ ਚਾਚੇ ਦਾ ਮੁੰਡਾ, ਪਰ ਮੇਰੇ ਲਈ ਉਹ ਅਜਨਬੀ ਹੀ ਸੀ ਕਿਉਂØਕਿ ਵੀਹ ਸਾਲ ਪਹਿਲਾਂ ਜਦੋਂ ਮੈਂ ਇੰਗਲੈਂਡ ਆਇਆ ਸਾਂ, ਉਹ ਨੌਂ-ਦਸ ਸਾਲਾਂ ਦਾ ਸੀ। ਵਿਚੋਂ ਦੀ ਜਦੋਂ ਇਕ ਵਾਰ ਮੈਂ ਮੁਲਕ ਗਿਆ ਸਾਂ, ਉਹ ਕੈਦ ਵਿਚ ਸੀ। ਜ਼ਮੀਨ ਖ਼ਰੀਦਣ ਦੇ ਗਧੀ-ਗੇੜ ਵਿਚ ਮੁਲਾਕਾਤ ਲਈ ਸਮਾਂ ਨਹੀਂ ਸੀ ਮਿਲ ਸਕਿਆ। ਨਾਲੇ ਮੁਲਾਕਾਤ ਹੁੰਦੀ ਵੀ ਕਿਵੇਂ? ਮੈਨੂੰ ਨਾ ਤਾਂ ਉਹਦੇ ਗੋਚਰਾ ਕੋਈ ਕੰਮ ਸੀ ਅਤੇ ਨਾ ਹੀ ਕੋਈ ਦਿਲਾਂ ਦੇ ਮਾਮਲੇ ਸਨ। ਬਸ ਬਾਪੂ ਜੀ ਐਵੇਂ ਸਰਸਰੀ ਲਿਖ ਦਿੰਦੇ ਸਨ: ਤੇਰੇ ਚਾਚੇ ਨਾਲ ਬੋਲਚਾਲ ਤਕਰੀਬਨ ਬੰਦ ਹੀ ਸਮਝੋ...ਸੜਦਾ-ਕੁੜ੍ਹਦਾ ਬਹੁਤ ਏ। ਲੋਕਾਂ ਨੂੰ ਕਹਿੰਦਾ ਫਿਰਦਾ ਹੈ-ਆਪਣਾ ਮੁੰਡਾ ਤਾਂ ਵਲਾਇਤ ਭੇਜ ਦਿੱਤਾ, ਮੇਰਿਆਂ ਵਾਰੀ ਜਮਾਂ ਹੀ ਸੌਂ ਗਿਆ। ਮੈਥੋਂ ਹਲ ਵਹਾਈ ਗਿਆ ਤੇ ਆਪ ਵੱਡਾ ਸੋਢੀ ਸਰਦਾਰ ਬੈਠਕ ਮੂਹਰੇ ਛਿੜਕਾ ਕਰਵਾ, ਆਰਾਮ ਕੁਰਸੀ ‘ਤੇ ਲੰਮਾ ਪੈ, ਰੂਪ-ਬਸੰਤ ਦਾ ਕਿੱਸਾ ਪੜ੍ਹਦਾ ਰਿਹਾ...ਤੇ ਜਦੋਂ ਇੰਗਲੈਂਡੋਂ ਪੈਸੇ ਆਉਣ ਲੱਗੇ ਤਾਂ ਚਾਰ ਸਿਆੜ ਦੇ ਕੇ ਅੱਡ ਕਰ ਦਿੱਤਾ ਮੈਨੂੰ।...ਮੁੰਡਿਆਂ ਦਾ ਜ਼ਿਕਰ ਕਰਨ ਲੱਗਿਆਂ ਬਾਪੂ ਜੀ ਦਾ ਇਕ ਖਾਸ ਅੰਦਾਜ਼ ਹੁੰਦਾ ਸੀ ਜਿਸ ਵਿਚ ਕੁਝ ਓਪਰੀ ਹਮਦਰਦੀ ਤੇ ਕੁਝ ਵੱਡੇ ਹੋਣ ਦਾ ਗੁਮਾਨ ਅਤੇ ਸੁਆਦ ਸ਼ਾਮਲ ਹੁੰਦਾ ਸੀ। ਲਿਖਦੇ...ਤੇਰੇ ਚਾਚੇ ਦੇ ਮੁੰਡੇ ਤਾਂ ਸਹੁਰੇ ਨਲਾਇਕ ਹੀ ਨਿਕਲ ਗਏ। ਵੱਡਾ ਭਜਨ ਤਾਂ ਦਸਮੀ ਤੋਂ ਨ੍ਹੀਂ ਟੱਪਿਆ। ਵਾਹੀ ਕਰਦਾ ਹੈ ਪਿੰਡ। ਛੋਟੇ ਦੇ ਉਂਜ ਲੱਛਣ ਨਹੀਂ ਚੰਗੇ। ਨੜੇ-ਨਕਸਲੀਆਂ ਨਾਲ ਧੱਕੇ ਖਾਂਦਾ ਰਿਹਾ। ਫਿਰ ਸਜ਼ਾ ਖਾ ਗਿਆ। ਹੁਣ ਤਾਂ ਖ਼ੈਰ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ: ਕੈਦਣ ਸੁਨਿਆਰੀ ਨਾਲ ਵਿਆਹ ਕਰਵਾ ਕੇ ਸੋਢੀ ਵੰਸ਼ ਹੀ ਦਾਗ਼ੀ ਕਰ ਦਿੱਤਾ ਮਾਂ ਦੇ ਖਸਮ ਨੇ...।
ਬਾਪੂ ਜੀ ਬੜੇ ਪੰਚਾਇਤੀ ਆਦਮੀ ਸਨ। ਉਹ ਇਕ ਰੋੜੇ ਨਾਲ ਦੋ ਜਾਨਵਰ ਮਾਰਨਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਪਿਛਲਾ ਫਿਕਰਾ ਬੜਾ ਘੋਟ ਕੇ ਖ਼ੁਸ਼ਖਤ ਲਿਖਿਆ ਸੀ, ਤਾਂ ਕਿ ਮੈਨੂੰ ਵੀ ਕੰਨ ਹੋ ਜਾਣ ਕਿ ਤੇਰੇ ਚਾਚੇ ਦੇ ਮੁੰਡੇ ਨੇ ਤਾਂ ਜਿਹੜਾ ਚੰਦ ਚੜ੍ਹਾਉਣਾ ਸੀ, ਉਹ ਚੜ੍ਹਾ ਦਿੱਤਾ ਸੀ...ਤੂੰ ਸ਼ਾਦੀ-ਵਿਆਹ ਦੇ ਮਾਮਲੇ ਵਿਚ ਆਪਣੀ ਉਚੀ ਕੁੱਲ ਦਾ ਧਿਆਨ ਰੱਖੀਂ...ਉਦੋਂ ਹਾਲੀ ਮੇਰਾ ਵਿਆਹ ਨਹੀਂ ਸੀ ਹੋਇਆ।
ਬਸ ਬਾਊ ਜੀ, ਇਸ ਤੋਂ ਅਗਾਂਹ ਰਿਕਸ਼ਾ ਨਹੀਂ ਜਾਂਦਾ। ਇਕ ਭੀੜੀ ਜਿਹੀ ਗਲੀ ਅਤੇ ਚੌੜੀ ਜਿਹੀ ਗੰਦੀ ਨਾਲੀ ਕੋਲ ਰਿਕਸ਼ਾ ਰੋਕ, ਰਿਕਸ਼ੇ ਵਾਲਾ ਬੋਲਿਆ।
ਪੈਸੇ ਦੇ ਮੈਂ ਗਲੀ ਵਿਚ ਆ ਗਿਆ। ਭੀੜੀ ਤੇ ਇੱਟਾਂ ਵਾਲੀ ਗਲੀ। ਨਾਲੀ ਵਿਚ ਇੰਨਾ ਗੰਦ ਕਿ ਨਾਲੀਆਂ ਉਛਲ ਕੇ ਗਲੀ ਵਿਚ ਆ ਰਹੀਆਂ ਸਨ-ਚਿੱਕੜ ਤੇ ਗੰਦ!
“ਭੈਣ ਜੀ, ਮੈਂ ਜਸਵੰਤ ਸਿੰਘ ਸੋਢੀ ਦੇ ਘਰ ਜਾਣੈ”, ਮੈਂ ਲੰਘਦੀ ਜਾਂਦੀ ਅਧਖੜ ਉਮਰ ਦੀ ਸੁਆਣੀ ਤੋਂ ਪੁੱਛਿਆ।
“ਅਹੁ ਏ! ਥੜ੍ਹੇ ‘ਤੇ ਮਾਸਟਰ ਹੋਰਾਂ ਦੀ ਲੜਕੀ ਖੇਡਦੀ ਪਈ ਏ।”
ਮੈਂ ਥੜ੍ਹੇ ਅੱਗੇ ਜਾ ਕੇ ਖਲੋ ਗਿਆ। ਸੱਤ ਕੁ ਸਾਲਾਂ ਦੀ ਬੱਚੀ ਫ਼ਰਸ਼ ‘ਤੇ ਚਾਕ ਨਾਲ ਲਿਖਦੀ-ਲਿਖਦੀ ਰੁਕ ਗਈ। ਮਿਉਂਸਪੈਲਿਟੀ ਦੇ ਖੰਭੇ ਦੀ ਰੌਸ਼ਨੀ ਰਿਵਾਜ ਅਨੁਸਾਰ ਬੁਝੀ ਹੋਈ ਸੀ। ਥੜ੍ਹੇ ਦੇ ਨਾਲ ਵਾਲੇ ਕਮਰੇ ਦੇ ਸ਼ੀਸ਼ਿਆਂ ਵਿਚੋਂ ਰੌਸ਼ਨੀ ਬੱਚੀ ਅਤੇ ਉਹਦੇ ਵਾਹੇ ਅੱਖਰਾਂ ‘ਤੇ ਪੈ ਰਹੀ ਸੀ ਜਿਸ ਕਰ ਕੇ ਚਾਕ ਨਾਲ ਲਿਖੇ ਅੱਖਰ ਹੋਰ ਵੀ ਚਮਕ ਰਹੇ ਸਨ। ਮੈਨੂੰ ਵੇਖਦਿਆਂ ਹੀ ਬੱਚੀ ਖਲੋ ਗਈ ਅਤੇ ਕਾਫ਼ੀ ਧਿਆਨ ਨਾਲ ਤੱਕਣ ਲੱਗੀ। ਮੇਰੇ ਕੁਝ ਪੁੱਛਣ-ਕਹਿਣ ਤੋਂ ਪਹਿਲਾਂ ਹੀ ਬੋਲ ਪਈ, “ਅੰਕਲ! ਤੁਸੀਂ ਮੇਰੇ ਪਾਪਾ ਨੂੰ ਮਿਲਣੈ?”
“ਹਾਂ, ਕੀ ਨਾਂ ਏ ਤੇਰੇ ਪਾਪਾ ਦਾ?”
“ਮਿਸਟਰ ਜਸਵੰਤ ਸਿੰਘ ਸੋਢੀ-ਪਾਪਾ ਦਾ!...ਮੰਮੀ ਦਾ ਵੀ ਦੱਸਾਂ?”
“ਦੱਸ ਦੇ।”
“ਮਿਸਿਜ਼ ਸੀਮਾ ਸੋਢੀ!...ਆਪਣਾ ਵੀ ਦੱਸਾਂ?”
“ਜ਼ਰੂਰ।”
“ਮਿਸ ਰਾਮੋਨਾ ਸੋਢੀ, ਪਾਪਾ ਦੀ ਸਿੱਕੇਬੰਦ ਵੋਟ!”
ਮੈਂ ਥਾਏਂ ਜੰਮ ਗਿਆ। ਹੈਰਾਨੀ ਕਾਰਨ ਮੈਥੋਂ ਕੁਝ ਵੀ ਬੋਲਿਆ ਨਾ ਗਿਆ। ਅਜਿਹੇ ਮਾਹੌਲ ‘ਚ ਏਡੇ ਪਿਆਰੇ, ਜ਼ਹੀਨ ਅਤੇ ਸੁਭਾਵਕ ਬੱਚੇ ਵੀ ਜੰਮ ਪਲ ਸਕਦੇ ਨੇ, ‘ਚਿੱਕੜ ਵਿਚ ਕੰਵਲ!’ ਮੈਂ ਸੋਚਿਆ।
ਮੈਂ ਥੜ੍ਹੇ ‘ਤੇ ਚੜ੍ਹ ਉਹਦੇ ਮੋਢੇ-ਮੋਢੇ ਤੱਕ ਕੱਟੇ ਕੂਲੇ ਭੂਰੇ ਵਾਲਾਂ ‘ਤੇ ਹੱਥ ਫੇਰ ਉਹਦਾ ਮੱਥਾ ਚੁੰਮ ਲਿਆ ਅਤੇ ਚੁੰਮਦੇ ਸਮੇਂ ਮੈਂ ਵੇਖਿਆ ਉਹਦਾ ਚਿਹਰਾ ਕਾਫ਼ੀ ਪੀਲਾ ਸੀ। ਜਦੋਂ ਮੈਂ ਖੜ੍ਹਾ ਹੋਇਆ ਤਾਂ ਵੇਖਿਆ ਕਿ ਮੇਰੇ ਸਾਹਵੇਂ ਅਠਾਈ ਉਨੱਤੀ ਸਾਲ ਦਾ ਲੰਮਾ ਨੌਜਵਾਨ ਖਲੋਤਾ ਸੀ। ਉਸ ਨੇ ਮੇਰੇ ਵੱਲ ਘੋਖਵੀਂ ਨਜ਼ਰ ਸੁੱਟੀ।
“ਜਸਵੰਤ!” ਮੈਂ ਆਖਿਆ।
ਉਸ ਨੇ ਇਕਦਮ ਮੇਰੇ ਗੋਡੀਂ ਹੱਥ ਲਾ ਮੈਨੂੰ ਗਲਵਕੜੀ ਪਾ ਲਈ। ਫਿਰ ਮੇਰਾ ਬੈਗ ਫੜਦਿਆਂ ਬੋਲਿਆ, “ਬਾਈ ਤੁਸੀਂ? ਖ਼ਤ ਲਿਖ ਦਿੰਦੇ, ਮੈਂ ਸਟੇਸ਼ਨ ‘ਤੇ ਆ ਜਾਂਦਾ। ਤੁਹਾਨੂੰ ਖੇਚਲ ਨਾ ਹੁੰਦੀ।”
ਬੱਚੀ ਸਣੇ ਅਸੀਂ ਅੰਦਰ ਲੰਘ ਗਏ। ਛੱਤੀ ਹੋਈ ਡਿਓਢੀ ਤੋਂ ਅਗਾਂਹ ਲੰਮਾ ਚੌੜੀ ਬੀਹੀ ਵਰਗਾ ਵਿਹੜਾ ਸੀ ਜਿਸ ਦੇ ਇਕ ਪਾਸੇ ਕਾਫ਼ੀ ਸਾਰੇ ਕਮਰੇ ਸਨ ਜਿਵੇਂ ਰੇਲਵੇ ਦੇ ਚੌਥਾ ਦਰਜਾ ਕੁਆਰਟਰ ਹੋਣ ਜਿਨ੍ਹਾਂ ਵਿਚ ਕਾਫ਼ੀ ਟੱਬਰ ਰਹਿੰਦੇ ਸਨ। ਨਿੱਕੀ ਜਿਹੀ ਰਸੋਈ ਅੱਗਿਓਂ ਲੰਘਦਿਆਂ ਜਸਵੰਤ ਸਿੰਘ ਨੇ ਆਵਾਜ਼ ਮਾਰੀ, “ਸੀਮਾ! ਵੇਖ ਕੌਣ ਆਏ ਨੇ।”
ਅਸੀਂ ਅੰਦਰ ਲੰਘ ਗਏ। ਦੋ ਛੋਟੇ ਵੱਡੇ ਕਮਰੇ ਸਨ। ਜਾਂ ਇੰਜ ਆਖ ਲਵੋ ਕਿ ਕਮਰਾ ਤਾਂ ਇਕੋ ਸੀ ਜਿਸ ਨੂੰ ਮਕਾਨ ਮਾਲਕ ਨੇ ਦੋ ਕਮਰਿਆਂ ਦਾ ਸੈਟ ਬਣਾਉਣ ਲਈ ਦੋ ਭਾਗਾਂ ‘ਚ ਵੰਡ ਦਿੱਤਾ ਸੀ। ਮੈਂ ਓਵਰਕੋਟ ਲਾਹ ਕੇ ਕਿੱਲੀ ਨਾਲ ਟੰਗ ਦਿੱਤਾ। ਇੰਨੇ ਨੂੰ ਸੀਮਾ ਅੰਦਰ ਆਈ ਤੇ ਹੱਥ ਜੋੜ ਕੇ ਮੁਸਕਾਈ। ਉਹ ਸੀਮਾ, ਜਿਸ ਨੇ ਸੋਢੀ ਕੁਲ ਨੂੰ ਕਲੰਕਿਤ ਕਰ ਕੇ ਜਸਵੰਤ ਨੂੰ ਬੇਦਾਵਾ ਕਰਵਾ ਦਿਤਾ ਸੀ। ਕੇਡਾ ਇਤਿਹਾਸ ਸਮੇਟੀ ਖਲੋਤੀ ਸੀ ਸੀਮਾ ਮੇਰੇ ਸਾਹਵੇਂ, ਫਿਰ ਵੀ ਮੁਸਕਾ ਰਹੀ ਸੀ।
“ਸੀਮਾ, ਇਹ ਇੰਗਲੈਂਡ ਵਾਲੇ ਬਾਈ ਨੇ।” ਉਹ ਦੋ ਕਦਮ ਮੇਰੇ ਵੱਲ ਵਧੀ ਅਤੇ ਮੇਰੇ ਪੈਰਾਂ ਨੂੰ ਹੱਥ ਲਾਉਣ ਲਈ ਝੁਕੀ। ਮੈਂ ਉਸ ਨੂੰ ਰੋਕ ਦਿਤਾ ਅਤੇ ਸਿਰ ਪਲੋਸ ਕੇ ਆਖਿਆ, “ਜੀਂਦੀ ਰਹਿ ਭਾਈ! ਕੁੜੀਆਂ ਤਾਂ ਦੇਵੀਆਂ ਹੁੰਦੀਆਂ ਨੇ...ਨਾਲੇ ਤੂੰ ਤਾਂ ਸੱਚਮੁਚ ਦੇਵੀ ਐਂ।”
“ਕਿਉਂ ਸ਼ਰਮਿੰਦਾ ਕਰਦੇ ਹੋ, ਭਾਪਾ ਜੀ!” ਉਸ ਨੇ ਨੀਵੀਂ ਪਾ ਲਈ। ਇਸ ਨਾਲ ਉਸ ਦੇ ਸਾਦੇ ਬਿਸਕੁਟੀ ਸ਼ਾਲ ਦੀ ਬੁੱਕਲ ਖੁੱਲ੍ਹ ਗਈ ਤੇ ਮੋਟੀ ਲੰਮੀ ਗੁੱਤ ਉਹਦੀ ਗੋਦੀ ‘ਚ ਡਿੱਗ ਪਈ।
“ਨਹੀਂ ਸੀਮਾ, ਤੂੰ ਇਹ ਨਿੱਕਾ ਜਿਹਾ ਘਰ ਏਡੇ ਕਰੀਨੇ ਨਾਲ ਸਜਾਇਆ ਹੋਇਐ। ਏਡੀ ਪਿਆਰੀ ਤੇ ਏਡੀਆਂ ਮੋਹ ਲੈਣ ਵਾਲੀਆਂ ਗੱਲਾਂ ਕਰਨ ਵਾਲੀ ਤੁਹਾਡੀ ਬੱਚੀ, ਇਹ ਸਭ ਤੇਰੀ ਚੰਗਿਆਈ ਦਾ ਹੀ ਸਬੂਤ ਐ।”
“ਬਹੁਤ ਗੱਲਾਂ ਕਰਦੀ ਏ, ਬਿਨਾਂ ਫੁਲ ਸਟਾਪ ਲਾਇਆਂ ਬੋਲੀ ਜਾਂਦੀ ਏ। ਜੇ ਮੈਂ ਇਨ੍ਹਾਂ ਨੂੰ ਨਾ ਭੇਜਦੀ ਤਾਂ ਪਤਾ ਨਹੀਂ ਤੁਹਾਨੂੰ ਕਿੰਨੀ ਦੇਰ ਉਥੇ ਰੋਕੀ ਰੱਖਦੀ।”
ਰਾਮੋਨਾ ਬੁੱਲ੍ਹ ਟੇਰ ਜਸਵੰਤ ਦੀ ਗੋਦੀ ਵਿਚ ਜਾ ਵੜੀ। ਜਸਵੰਤ ਦੂਜੇ ਕਮਰੇ ‘ਚ ਚਲਿਆ ਗਿਆ। ਸੀਮਾ ਮੇਰੇ ਸਾਹਮਣੇ ਬੈਠੀ ਮੇਰੇ ਪਰਿਵਾਰ ਦਾ ਹਾਲ-ਚਾਲ ਪੁੱਛਣ ਲੱਗੀ। ਉਹ ਆਪਣੀ ਉਮਰ ਨਾਲੋਂ ਕੋਈ ਪੰਜ ਸਾਲ ਛੋਟੀ ਜਾਪ ਰਹੀ ਸੀ। ਸੋਹਣੀ ਵੀ ਕਾਫ਼ੀ ਸੀ, ਸਮੇਂ ਦੀਆਂ ਗਰਮ-ਸਰਦ ਰੁੱਤਾਂ ਨੇ ਹੁਣ ਚਿਹਰਾ ਗੰਭੀਰ ਬਣਾ ਦਿਤਾ ਸੀ, ਪਰ ਗੰਭੀਰਤਾ ‘ਚ ਉਦਾਸੀ ਨਹੀਂ, ਸਵੈ-ਵਿਸ਼ਵਾਸ ਸੀ ਜਿਹੜਾ ਆਪਣੀਆਂ ਲੜਾਈਆਂ ਆਪ ਲੜ ਕੇ ਪੈਦਾ ਹੁੰਦਾ ਹੈ। ਹਾਂ, ਮੈਨੂੰ ਉਹਦੀਆਂ ਐਨਕਾਂ ਚਿਹਰੇ ਦੀ ਨਿਸਬਤ ਬਹੁਤ ਵੱਡੀਆਂ ਜਾਪੀਆਂ ਜਿਹਦੇ ਘਟੀਆ ਫਰੇਮ ਨੇ ਉਹਦੇ ਨੱਕ ‘ਤੇ ਨਿਸ਼ਾਨ ਪਾ ਦਿੱਤਾ ਸੀ। ਕੱਲ੍ਹ ਹੀ ਸੀਮਾ ਲਈ ਵਧੀਆ ਫਰੇਮ ਖਰੀਦ ਕੇ ਦੇਵਾਂਗੇ, ਜਿੰਨੇ ਮਰਜ਼ੀ ਪੈਸੇ ਲੱਗ ਜਾਣ। ਕੁੜੀਆਂ ਨੂੰ ਜਿੰਨਾ ਵੀ ਦਿੱਤਾ ਜਾਵੇ, ਥੋੜ੍ਹਾ ਹੁੰਦਾ ਹੈ, ਜਿਹਦੇ ਨਾਲ ਘਰ ਦੀ ਸ਼ਾਨ ਵਧਦੀ ਹੈ-ਬਾਬਾ ਜੀ ਆਖਿਆ ਕਰਦੇ ਸਨ।
ਸੀਮਾ ਰੋਟੀ-ਟੁੱਕ ਦਾ ਆਹਰ ਕਰਨ ਰਸੋਈ ਵਿਚ ਚਲੀ ਗਈ।
ਜਸਵੰਤ ਚਮਚੇ ਨਾਲ ਬੱਚੀ ਨੂੰ ਕੋਈ ਦਵਾਈ ਪਿਆ ਰਿਹਾ ਸੀ।
“ਕਾਹਦੀ ਦਵਾਈ ਐ ਇਹ?” ਮੈਂ ਪੁੱਛਿਆ।
“ਸਾਹ ਤੇ ਖੰਘ ਦੀ।” ਜਸਵੰਤ ਨੇ ਜਵਾਬ ਦਿੱਤਾ।
ਖੰਘ ਤਾਂ ਚਲੋ ਠੀਕ ਹੈ, ਪਰ ਸਾਹ ਵਾਲੀ ਗੱਲ ਨਾਲ ਮੈਂ ਫਿਕਰਮੰਦ ਹੋ ਗਿਆ। ਉਡੀਕਦਾ ਰਿਹਾ ਕੁਝ ਮਿੰਟ ਕਿ ਉਹ ਕੁਝ ਖੋਲ੍ਹ ਕੇ ਦੱਸੇਗਾ, ਪਰ ਉਹ ਚੁੱਪ-ਚਾਪ ਰਿਹਾ। ਮੈਨੂੰ ਇਹ ਪਰਿਵਾਰ ਇੰਜ ਆਪਣਾ ਲੱਗਣ ਲੱਗ ਪਿਆ ਜਿਵੇਂ ਮੈਂ ਸਾਲਾਂ ਤੋਂ ਇਨ੍ਹਾਂ ਦੇ ਕੋਲ ਰਹਿੰਦਾ ਰਿਹਾ ਹੋਵਾਂ। ਮੈਂ ਇਨ੍ਹਾਂ ਤੋਂ ਨਿਸ਼ੰਗ ਹਰ ਗੱਲ ਪੁੱਛ ਸਕਦਾ ਸਾਂ।
ਮੈਂ ਮੁੜ ਪੁੱਛਿਆ ਤਾਂ ਜਸਵੰਤ ਨੇ ਦੱਸਿਆ ਕਿ ਜਨਮ ਸਮੇਂ ਰਾਮੋਨਾ ਬੜੀ ਤੰਦਰੁਸਤ ਤੇ ਸਿਹਤਮੰਦ ਬੱਚੀ ਸੀ। ਫਿਰ ਸਰਦੀਆਂ ਵਿਚ ਇਹਨੂੰ ਨਮੂਨੀਆ ਹੋ ਗਿਆ। ਮੈਂ ਤੇ ਸੀਮਾ ਦੋਵੇਂ ਬੇਕਾਰ ਸਾਂ। ਚੰਗੇ ਡਾਕਟਰ ਨੂੰ ਵਿਖਾ ਨਾ ਸਕੇ। ਜ਼ਿੰਦਗੀ ਮੌਤ ਵਿਚਕਾਰ ਲਟਕਦੀ ਠੀਕ ਤਾਂ ਹੋ ਗਈ ਪਰ ਦਮਾ ਹੋ ਗਿਆ। ਕਹਿੰਦਿਆਂ-ਕਹਿੰਦਿਆਂ ਉਹਦਾ ਚਿਹਰਾ ਕੁਝ ਉਦਾਸ ਹੋ ਗਿਆ। ਉਸ ਨੇ ਬੱਚੀ ਨੂੰ ਆਪਣੇ ਨਾਲ ਘੁੱਟ ਲਿਆ। ਉਹ ਤਾਂ ਮੁਸਕਾ ਰਹੀ ਸੀ।
“ਚਾਚੇ ਕੋਲ ਜਾਂਦਾ ਤਾਂ ਪਿੰਡ!” ਮੈਂ ਜਿਵੇਂ ਉਸ ਨੂੰ ਲਾਹਨਤ ਪਾਈ।
“ਗਿਆ ਸਾਂ, ਪਰ ਬਾਪੂ ਬਹੁਤ ਚੜ੍ਹਿਆ ਹੋਇਆ ਸੀ। ਕੁੱਤੇ ਕਮੀਨੇ, ਹਰਾਮੀ ਤੋਂ ਬਿਨਾਂ ਨਹੀਂ ਸੀ ਬੋਲਦਾ-ਤੂੰ ਕੰਜਰਾ, ਸੁਨਿਆਰੀ ਨਾਲ ਵਿਆਹ ਕਰਵਾ ਕੇ ਸੋਢੀ ਵੰਸ਼ ਨੂੰ ਲਾਜ ਲਾ ਦਿੱਤੀ। ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਨਹੀਂ ਤਾਂ ਕਸੀਆ ਮਾਰ ਕੇ ਸਿਰ ਪਾੜ ਦਿਆਂਗਾ-ਮੈਂ ਤਾਂ ਤੈਨੂੰ ਕਦੋਂ ਦਾ ਬੇਦਾਵਾ ਲਿਖਵਾ ਚੁਕਿਆ-ਏਥੇ ਬਕਲੀਆਂ ਲੈਣ ਆਇਐਂ? ਮੇਰਾ ਫਿਰ ਗੱਲ ਕਰਨ ਨੂੰ ਹੌਂਸਲਾ ਹੀ ਨਾ ਪਿਆ।
“ਪਰ ਜਸਵੰਤ ਤੂੰ ਚਾਚੇ ਨੂੰ ਸਮਝਾਉਂਦਾ ਧੀਰਜ ਨਾਲ।”
ਉਹ ਹੱਸਿਆ। ਮੇਰੇ ਖਿਆਲ ਵਿਚ ਮੇਰੀ ਅਕਲ ‘ਤੇ ਹੀ ਹੱਸਿਆ ਸੀ, ਮੈਂ ਜਿਹੜਾ ਵਲਾਇਤੋਂ ਆ ਕੇ ਸਾਧ ਬਾਣੀ ਘੋਟਣ ਲੱਗਿਆ ਹੋਇਆ ਸਾਂ।
“ਬਾਈ, ਕਦੇ ਪੁੱਤਾਂ ਤੋਂ ਵੀ ਪਿਉ ਸਮਝੇ ਨੇ-ਖਾਸ ਕਰ ਅਨਪੜ੍ਹ ਅਤੇ ਉਹ ਜਿਨ੍ਹਾਂ ਦੇ ਸਿਰ ‘ਚ ਸੋਢੀ ਸਰਦਾਰਾਂ ਤੇ ਉਤਮ ਕੁੱਲ ਦਾ ਕੁੱਲਾ ਫਸਿਆ ਹੋਇਆ ਹੋਵੇ! ਉਂਜ ਮੈਂ ਬਾਪੂ ਨੂੰ ਠੰਢਾ ਕਰਨ ਲਈ ਦਸਮੇ ਪਾਤਸ਼ਾਹ ਦਾ ਵਾਸਤਾ ਪਾ ਕੇ ਆਖਿਆ ਸੀ ਕਿ ਆਪਾਂ ਦਸਮੇ ਪਾਤਸ਼ਾਹ ਦੀ ਅੰਸ਼ ਵਿਚੋਂ ਹਾਂ ਜਿਨ੍ਹਾਂ ਨੇ ਜਾਤ-ਪਾਤ ਦਾ ਭੇਦ ਮਿਟਾਉਣ ਦਾ ਉਪਦੇਸ਼ ਦਿੱਤਾ ਹੈ ਪਰ ਬਾਪੂ ਅਭਿੱਜ ਰਿਹਾ। ਬੋਲਿਆ, ਤਾਂ ਦੱਸ ਦੇ ਫੇਰ ਮੈਨੂੰ ਜੇ ਦਸਮੇ ਪਾਤਸ਼ਾਹ ਦਾ ਕੋਈ ਵਿਆਹ ਕਿਸੇ ਹੋਰ ਜਾਤ ‘ਚ ਹੋਇਆ ਹੋਵੇ।”
“ਮੇਰੇ ਬਾਪੂ ਜੀ ਕੋਲ ਜਾਂਦਾ ਫੇਰ, ਤਾਇਆ ਵੀ ਤਾਂ ਬੜਾ ਬਾਪ ਹੀ ਹੁੰਦੈ।”
“ਤਾਇਆ ਜੀ ਨੂੰ ਮੈਂ ਸਿਰਫ਼ ਪ੍ਰਣਾਮ ਕਰਨ ਗਿਆ ਸਾਂ। ਖ਼ੈਰ ਛੱਡੋ ਇਨ੍ਹਾਂ ਗੱਲਾਂ ਨੂੰ, ਗਈਆਂ ਗੁਜ਼ਰੀਆਂ ਗੱਲਾਂ ‘ਤੇ ਕੀ ਵਕਤ ਜਾਇਆ ਕਰਨਾ ਹੈ। ਤੁਸੀਂ ਸੁਣਾਓ, ਭਾਬੀ ਜੀ ਕਿਵੇਂ ਨੇ? ਮੇਰੇ ਭਤੀਜੇ-ਭਤੀਜੀਆਂ ਕਿੱਡੇ ਕੁ ਹੋ ਗਏ? ਉਨ੍ਹਾਂ ਨੂੰ ਕਿਉਂ ਨਹੀਂ ਲਿਆਂਦਾ ਨਾਲ?”
ਮੈਂ ਉਹਦੇ ਵੱਲ ਕਾਫ਼ੀ ਧਿਆਨ ਨਾਲ ਤੱਕਿਆ। ਉਹਦੀਆਂ ਮੋਟੀਆਂ ਗੰਭੀਰ ਅੱਖਾਂ ਉਂਜ ਦੀਆਂ ਉਂਜ ਧਰਤੀ ‘ਤੇ ਟਿਕੀਆਂ ਹੋਈਆਂ ਸਨ। ਮੇਰੇ ਬਾਪੂ ਜੀ ਨੂੰ ਪ੍ਰਣਾਮ ਕਰਨ ਜਾਣ ਵਾਲੀ ਗੱਲ ਨੇ ਮੈਨੂੰ ਉਹਦੇ ਸਾਹਵੇਂ ਬਹੁਤ ਛੋਟਾ ਕਰ ਦਿੱਤਾ ਸੀ। ਕਾਸ਼, ਮੈਨੂੰ ਪਤਾ ਲੱਗ ਜਾਂਦਾ ਕਾਸ਼! ਕੀ ਅੰਦਾਜ਼ ਸੀ ਉਹਦਾ ਗੱਲ ਕਰਨ ਦਾ ਵੀ, ਜਿਵੇਂ ਉਹਦੇ ਧੁਰ ਅੰਦਰੋਂ ਫੁੱਟ ਰਹੀ ਸੀ-ਨਾ ਕੋਈ ਮੁਲੰਮਾ, ਨਾ ਭੂਮਿਕਾ ਤੇ ਨਾ ਤੋੜ ਮਰੋੜ! ਮੈਨੂੰ ਆਪਣੇ ਬਾਰੇ ਗੱਲ ਕਰਨੀ ਬਿਲਕੁਲ ਫਜ਼ੂਲ ਜਾਪੀ। ਸਿਰਫ਼ ਇੰਨਾ ਹੀ ਆਖਿਆ, “ਤੇਰੀ ਭਾਬੀ ਤੇ ਬੱਚੇ ਬਿਲਕੁਲ ਠੀਕ ਠਾਕ ਨੇ, ਤੇਰੀ ਭਾਬੀ ਮੋਟੀ ਹੋਣ ਦੇ ਡਰੋਂ ਡਾਈਟਿੰਗ ਕਰ ਰਹੀ ਐ।”
ਜਸਵੰਤ ਨੇ ਰਸੋਈ ਵੱਲ ਝਾਤ ਮਾਰੀ ਤੇ ਆਖਿਆ, “ਸੀਮਾ, ਬਾਜ਼ਾਰੋਂ ਕੁਸ਼ ਲਿਆਉਣਾ ਤਾਂ ਨ੍ਹੀਂ?”
ਰਸੋਈ ਵਿਚੋਂ ਹੀ ਆਵਾਜ਼ ਆਈ, “ਨਹੀਂ ਜੀ। ਤੁਸੀਂ ਭਾਪਾ ਜੀ ਦਾ ਦਿਲ ਲਵਾਉ।”
“ਏਸ ਘਟਨਾ ਤੋਂ ਪਿਛੋਂ ਵੀ ਪਿੰਡ ਗਿਐਂ?”
“ਬੜੀ ਵਾਰ! ਮੈਂ ਤਕਰੀਬਨ ਮਹੀਨੇ ਪਿਛੋਂ ਪਿੰਡ ਜਾਨਾਂ।”
“ਚਾਚੇ ਦਾ ਵਤੀਰਾ ਕਿਵੇਂ ਹੁਣ?”
“ਪਹਿਲਾਂ ਮੈਂ ਉਥੇ ਹੀ ਜਾਨਾਂ ਜਿਥੇ ਬਾਪੂ ਹੁੰਦੈ। ਉਹ ਬਹੁਤਾ ਖੇਤ ‘ਚ ਹੀ ਹੁੰਦੈ, ਮਿੱਟੀ ਨਾਲ ਮਿੱਟੀ ਹੋਇਆ। ਪਹਿਲਾਂ ਪਹਿਲਾਂ ਤਾਂ ਕਲਾਮ ਵੀ ਨਹੀਂ ਸੀ ਕਰਦਾ। ਮੈਂ ਗੋਡੀਂ ਹੱਥ ਲਾਉਂਦਾ ਤਾਂ ਪਿਛਾਂਹ ਹਟ ਜਾਂਦਾ ਸੀ, ਪਰ ਜਦੋਂ ਦੀ ਬੇਬੇ ਮਰੀ ਐ, ਲਾਹ-ਲਾਹ ਨਹੀਂ ਸੁੱਟਦਾ, ਗੱਲਾਂ ਗਿਣਵੀਆਂ ਹੀ ਕਰਦੈ। ਰਾਤ ਨੂੰ ਮੈਂ ਕੋਲ ਹੀ ਬੈਠਕ ‘ਚ ਸੌਂ ਜਾਨਾਂ। ਚਾਰ ਵਜੇ ਨੇ, ਮੈਂ ਆਖਾਂਗਾ, ਫੇਰ ਆਖੇਗਾ-ਐਸ ਵੇਲੇ ਤੇਰੀ ਬੇਬੇ ਚਾਹ ਕਰਦੀ ਹੁੰਦੀ ਸੀ। ਮੈਂ ਚਾਹ ਬਣਾ ਕੇ ਦੇ ਦਿੰਨਾਂ। ਜਦੋਂ ਮੈਂ ਆਉਣ ਲਗਦਾਂ ਤਾਂ ਆਖਦਾਂ, ਚੰਗਾ ਬਾਪੂ ਮੈਂ ਚਲਦਾਂ ਹੁਣ! ‘ਚੰਗਾ!’ ਬਸ, ਇੰਨਾ ਕੁ ਹੀ ਜਵਾਬ ਦਿੰਦੈ, ਪਰ ਪਿਛਲੀ ਵਾਰ ਜਦੋਂ ਮੈਂ ਆਉਣ ਲੱਗਿਆ ਤਾਂ ਬਾਪੂ ਅੰਬ ਹੇਠ ਖਲੋਤਾ ਸੀ। ‘ਚੰਗਾ’ ਆਖ ਕਹਿਣ ਲੱਗਿਆ, ‘ਕੁੜੀ ਨੂੰ ਵੀ ਲੈ ਆਇਆ ਕਰ ਨਾਲ।’ ਮੈਂ ‘ਚੰਗਾ’ ਆਖ ਅਜੇ ਦਸ ਕਦਮ ਹੀ ਗਿਆ ਹੋਵਾਂਗਾ, ਬੋਲਿਆ, ‘ਕੁੜੀ ਦਾ ਮਤਲਬ ਕਿਤੇ ਸੁਨਿਆਰੀ ਨਾ ਸਮਝ ਲਈਂ।’ ਮੇਰੇ ਐਨ ਸੱਜੇ ਪਾਸੇ ਮੋਟਾ ਸਾਰਾ ਤੂਤ ਖਲੋਤਾ ਸੀ। ਜੀਅ ਕੀਤਾ ਕਿ ਬਾਪੂ ਨੂੰ ਤਾਂ ਕੁਝ ਕਹਿ ਨੀ ਸਕਦਾ, ਆਪਣਾ ਹੀ ਮੱਥਾ ਭੰਨ ਸੁੱਟਾਂ ਤੂਤ ਨਾਲ ਟੱਕਰ ਮਾਰ ਕੇ; ਪਰ ਬਾਈ, ਸਭ ਕੁਝ ਪੀ ਲਿਆ ਤੇ ਆਖਿਆ, ‘ਨਹੀਂ ਬਾਪੂ!’ ਫੇਰ ਉਹ ਚੁੱਪ-ਚਾਪ ਮੇਰੇ ਕੋਲ ਆਇਆ ਤੇ ਖੀਸੇ ‘ਚੋਂ ਪੰਜ ਨੋਟ ਸੌ-ਸੌ ਦੇ ਕੱਢ ਮੇਰੇ ਵੱਲ ਵਧਾਏ, ‘ਸਿਆਲ ਆ ਰਿਹੈ, ਕੁੜੀ ਨੂੰ ਕੱਪੜੇ ਸਮਾ ਦੇਈਂ।’ ਮੈਂ ਬਿਨਾਂ ਪੈਸੇ ਫੜਿਆਂ ਉਥੋਂ ਤੁਰ ਪਿਆ। ਕੁਝ ਪੈਰ ਅਗਾਂਹ ਜਾ ਮੈਂ ਜ਼ਰਾ ਕੁ ਪਿਛਾਂਹ ਵੇਖਿਆ। ਪੈਸੇ ਖੀਸੇ ‘ਚ ਪਾਉਂਦਿਆਂ ਬਾਪੂ ਬੋਲਿਆ ਸੀ, ਸਾਲੇ ‘ਚ ਵਿਹੁ ਅਜੇ ਓਨੀ ਈ ਐ।”
ਜਸਵੰਤ ਚੁੱਪ ਹੋ ਗਿਆ। ਮੈਂ ਉਹਦੇ ਚਿਹਰੇ ਵੱਲ ਤੱਕਿਆ ਤੇ ਮੈਨੂੰ ਕਾਫ਼ੀ ਹੈਰਾਨੀ ਹੋਈ ਕਿ ਇੰਨੀਆਂ ਤੈਸ਼-ਭਰੀਆਂ ਚੁਭਵੀਆਂ ਅਤੇ ਪੀੜਾਂ ਲੱਦੀਆਂ ਗੱਲਾਂ, ਜਿਨ੍ਹਾਂ ਦਾ ਸਾਰੇ ਦਾ ਸਾਰਾ ਸਬੰਧ ਉਹਦੇ ਆਪਣੇ ਨਿੱਜ ਨਾਲ ਸੀ, ਨੇ ਨਾ ਤਾਂ ਉਹਦੇ ਚਿਹਰੇ ‘ਤੇ ਕੁੜੱਤਣ ਲਿਆਂਦੀ ਸੀ ਅਤੇ ਨਾ ਹੀ ਉਮੀਦੀ ਤੇ ਸਵੈ ਤਰਸ। ਉਹਦੇ ਚਿਹਰੇ ‘ਤੇ ਤਾਂ ਬਸ ਇਹੀ ਲਿਖਿਆ ਹੋਇਆ ਸੀ ਕਿ ਮੁਸਾਫ਼ਰ ਅਜੇ ਥੱਕੇ ਨਹੀਂ!
“ਚਾਚੀ ਦਾ ਕੀ ਵਤੀਰਾ ਸੀ?”
“ਵਿਆਹ ਤੋਂ ਤਾਂ ਬੇਬੇ ਵੀ ਬਹੁਤ ਨਾਰਾਜ਼ ਸੀ, ਪਰ ਬਾਪੂ ਵਾਂਗ ਗਾਲਾਂ ਨਹੀਂ ਸੀ ਕੱਢਦੀ। ਸੀਮਾ ਨਾਲ ਵਿੱਥ ਰੱਖਦੀ ਸੀ ਤੇ ਮੈਂ ਅਤੇ ਸੀਮਾ ਦੋਵੇਂ ਹੀ ਬੇਬੇ ਦੀਆਂ ਕਦਰਾਂ-ਕੀਮਤਾਂ ਨੂੰ ਸਮਝਦੇ ਸਾਂ, ਪਰ ਬੇਬੇ ਦੀ ਚੁੱਪ ਸਾਨੂੰ ਬੜਾ ਦੁਖੀ ਕਰਦੀ ਸੀ। ਫਿਰ ਵੀ ਬੇਬੇ ਮਾਂ ਸੀ। ਇਸ ਲਈ ਜਦੋਂ ਬਾਪੂ ਨੇ ਮੈਨੂੰ ਬੇਦਾਵਾ ਲਿਖਵਾਇਆ ਤਾਂ ਬੇਬੇ ਬਹੁਤ ਤੜਫੀ ਸੀ। ਮਾਮਾ ਵੀ ਸੱਦਿਆ ਸੀ, ਪਰ ਬਾਪੂ ਮੁੜਿਆ ਨਹੀਂ ਸੀ। ਇਸ ਤੋਂ ਮਗਰੋਂ ਬੇਬੇ ਟੁੱਟ ਗਈ ਸੀ। ਰਾਮੋਨਾ ਦੇ ਜਨਮ ਵੇਲੇ ਆਪਣੀ ਪੰਡਤਾਣੀ ਨੂੰ ਨਾਲ ਲੈ ਕੇ ਆਈ। ਬੜਾ ਕੁਸ਼ ਲੈ ਕੇ ਆਈ। ਪੰਜ਼ੀਰੀ ਦਾ ਪੀਪਾ, ਰਾਮੋਨਾ ਲਈ ਸੋਨੇ ਦੀ ਚੇਨੀ ਤੇ ਸੀਮਾ ਵਾਸਤੇ ਦਸਾਂ-ਬਾਰਾਂ ਤੋਲਿਆਂ ਦਾ ਰਾਣੀ ਹਾਰ। ਤਿੰਨ ਦਿਨ ਰਹੀ। ਇਕ ਖਾਸ ਕਿਸਮ ਦੀ ਗਤੀ ਛਾਈ ਰਹਿੰਦੀ ਸੀ ਘਰ ‘ਚ। ਮੇਰੇ ਨਾਲ ਘਟ-ਵਧ ਹੀ ਬੋਲਦੀ ਸੀ, ਪਰ ਅਖੀਰਲੇ ਦਿਨ ਆਖਣ ਲੱਗੀ, ‘ਕੰਮ ਧੰਦਾ ਤਾਂ ਕੋਈ ਹੈ ਨੀ, ਟਿਊਸ਼ਨਾਂ ‘ਤੇ ਮਗਜ਼ ਖਪਾਈ ਕਰੀ ਜਾਨੇ ਓਂ। ਪਿੰਡ ਆ ਕੇ ਮੁਰਗੀਖਾਨਾ ਖੋਲ੍ਹ ਲੈ ਜਾਂ ਮੰਡੀ ਆ ਕੇ ਆਪਣਾ ਸਕੂਲ ਖੋਲ੍ਹ ਲੈ। ਇਸ ਘਚੋਰ ‘ਚ ਨਰਕ ਕੱਟੀ ਜਾਨੈਂ ਤੇ ਪਿੰਡ ਤਿਹਾਸਮੀਆਂ ਹਵੇਲੀਆਂ ‘ਚ ਕਬੂਤਰਖ਼ਾਨੇ ਬਣੇ ਹੋਏ ਨੇ। ਕੁਸ਼ ਅਕਲ ਕਰ ਨਿਕਰਮਿਆਂ।’
ਮੈਂ ਖਿਝ ਗਿਆ, ‘ਉਨ੍ਹਾਂ ਤਿਹਾਸਮੀਆਂ ‘ਚ ਮੇਰੇ ਲਈ ਤਾਂ ਇਕ ਖਣ ਵੀ ਨ੍ਹੀਂ। ਰੱਖੋ ਆਪਣੀਆਂ ਤਿਹਾਸਮੀਆਂ ਤੇ ਮੁਰੱਬੇ! ਮੈਂ ਤਪ ਗਿਆ ਤੇ ਬਿਨਾਂ ਰੋਟੀ ਖਾਧਿਆਂ ਸੌਂ ਗਿਆ। ਬੇਬੇ ਵੀ ਗਾਲਾਂ ਦਿੰਦੀ ਸੌਂ ਗਈ, ਪਰ ਅੱਧੀ ਰਾਤੀਂ ਬੇਬੇ ਮੇਰੇ ਸਿਰ ‘ਤੇ ਹੱਥ ਫੇਰਨ ਲੱਗ ਪਈ। ਮੈਂ ਤ੍ਰਭਕ ਕੇ ਉਠਿਆ। ਬੇਬੇ ਦੀਆਂ ਅੱਖਾਂ ਇੰਨੀਆਂ ਲਾਲ ਸਨ ਜਿਵੇਂ ਸਾਰੀ ਰਾਤ ਹੀ ਰੋਂਦੀ ਰਹੀ ਹੋਵੇ। ਜਦੋਂ ਮੈਂ ਕਾਰਨ ਪੁੱਛਿਆ ਤਾਂ ਮੈਨੂੰ ਆਪਣੇ ਨਾਲ ਘੁਟਦੀ ਭੁੱਬੀਂ ਰੋ ਪਈ-‘ਚੰਦਰਿਆ ਭੁੱਖਾ ਹੀ ਸੌਂ ਗਿਆ।’ ਫਿਰ ਮੇਰੇ ਵਾਸਤੇ ਦੁੱਧ ਤੱਤਾ ਕਰ ਲਿਆਈ, ਨਾਲੇ ਪੰਜ਼ੀਰੀ ਮੇਰੇ ਮੂੰਹ ‘ਚ ਪਾਉਂਦੀ ਰਹੀ। ਤੇ ਕਹਿੰਦੀ ਰਹੀ, ‘ਪਿੰਡ ਆ ਜਾ, ਤੈਨੂੰ ਮੇਰੀ ਸਹੁੰ ਲੱਗੇ...ਮੇਰਾ ਮਰੀ ਦਾ ਮੂੰਹ ਵੇਖੇਂ ਜੇ ਨਾ ਆਇਆ ਤਾਂ।’
‘ਪਰ ਸੀਮਾ ਨੂੰ ਕਿਥੇ ਧੱਕਾ ਦੇ ਦਿਆਂ।’ ਮੈਂ ਮੁੜ ਖਿਝ ਗਿਆ।
ਬੇਬੇ ਮੇਰੇ ਸਿਰ ਤੇ ਮੂੰਹ ‘ਤੇ ਹੱਥ ਫੇਰਦੀ ਬੋਲੀ, ‘ਮੈਂ ਰੱਖਾਂਗੀ ਸੀਮਾ ਨੂੰ, ਬਾਪੂ ਤੇਰਾ ਬੇਸ਼ਕ ਰਹੇ ਬੜੇ ਨਾਲ। ਉਹਦੇ ਆਖੇ ਹੁਣ ਪੁੱਤ ਗੁਆ ਲਵਾਂ। ਭੋਰਾ ਸੰਸਾ ਨਾ ਕਰ ਤੂੰ!’ ਫਿਰ ਬੇਬੇ ਮੇਰੇ ਨਾਲ ਹੀ ਸੌਂ ਗਈ।”
ਸੀਮਾ ਅੰਦਰ ਆਈ ਤੇ ਕਹਿਣ ਲੱਗੀ, ਭਾਪਾ ਜੀ ਲਈ ਬਾਥਰੂਮ ‘ਚ ਗਰਮ ਪਾਣੀ ਰੱਖ ਦੇਣਾ ਜ਼ਰਾ, ਮੂੰਹ ਹੱਥ ਧੋ ਲੈਣ। ਖਾਣਾ ਤਕਰੀਬਨ ਤਿਆਰ ਜੇ।
ਜਦੋਂ ਉਹ ਮੁੜਨ ਲੱਗੀ ਤਾਂ ਰਾਮੋਨਾ ਨੇ ਉਹਦੀ ਗੁੱਤ ਫੜ ਲਈ। ਸੀਮਾ ਨੇ ਗੁੱਸੇ ਵਿਚ ਚਪੇੜ ਵਿਖਾਈ, ਪਰ ਰਾਮੋਨਾ ਨੇ ਪੰਜਾ ਘੁਮਾ ਕੇ ਆਖਿਆ, “ਜ਼ਰਾ ਮੁਸਕਰਾਓ ਸ੍ਰੀਮਤੀ ਜੀ।” ਸੀਮਾ ਨੇ ਗੁੱਸੇ-ਹਾਸੇ-ਸੰਗ ਵਾਲੀ ਮੁਸਕਾਣ ਖਿਲਾਰ ਦਿੱਤੀ। ਮੈਨੂੰ ਬਹੁਤ ਖੁਸ਼ੀ ਹੋਈ। ਕੇਡਾ ਖੁਸ਼ ਪਰਿਵਾਰ ਹੈ, ਮੈਂ ਸੋਚਿਆ। ਆਇਆ ਤਾਂ ਮੈਂ ਇਸ ਲਈ ਸਾਂ ਕਿ ਕਿਤੇ ਰਾਤ ਕੱਟਣ ਨੂੰ ਥਾਂ ਨਹੀਂ ਸੀ, ਪਰ ਇਥੇ ਆ ਮੈਨੂੰ ਆਪਣੀ ਹੋਂਦ ਭੁੱਲ ਗਈ ਅਤੇ ਇਹ ਪਰਿਵਾਰ ਮੈਨੂੰ ਬਹੁਤ ਆਪਣਾ ਲੱਗਣ ਲੱਗ ਪਿਆ।
ਜਦੋਂ ਮੈਂ ਗੁਸਲਖਾਨੇ ਵਿਚ ਮੂੰਹ ਹੱਥ ਧੋ ਰਿਹਾ ਸਾਂ ਤਾਂ ਮੈਨੂੰ ਉਚੀ-ਉਚੀ ਖੰਘਣ ਦੀ ਆਵਾਜ਼ ਸੁਣਾਈ ਦਿੱਤੀ।
ਅੰਦਰ ਆਇਆ ਤਾਂ ਰਾਮੋਨਾ ਦੀ ਬੁਰੀ ਹਾਲਤ ਸੀ। ਉਹ ਸਾਹੋ-ਸਾਹ ਹੋਈ ਤੜਫ਼ ਰਹੀ ਸੀ। ਅੱਖਾਂ ਅਤੇ ਨੱਕ ‘ਚੋਂ ਪਾਣੀ ਵਹਿ ਰਿਹਾ ਸੀ। ਸੀਮਾ ਉਸ ਦੀ ਛਾਤੀ, ਹੱਥ ਅਤੇ ਪੈਰ ਮਲ ਰਹੀ ਸੀ। ਬੱਚੀ ਤੜਫ਼ਦੀ ਰਹੀ। ਛਾਤੀ ਤੇ ਗਲੇ ‘ਚੋਂ ਸੀਟੀਆਂ ਵਜਦੀਆਂ ਰਹੀਆਂ, ਪਰ ਨਾ ਉਹ ਰੋਈ, ਨਾ ਚੀਕੀ ਤੇ ਨਾ ਹੀ ਵਾਸਤੇ ਪਾਏ। ਬਸ ਉਹਨੇ ਆਪਣੇ ਪਾਪਾ ਦਾ ਹੱਥ ਫੜ ਲਿਆ। ਹਮਲਾ ਲੰਘ ਗਿਆ। ਜਸਵੰਤ ਨੇ ਉਹਦੇ ਮੂੰਹ ‘ਚ ਸ਼ਹਿਦ ਦਾ ਚਮਚਾ ਪਾਇਆ ਤੇ ਰਾਮੋਨਾ ਮੁਸਕਰਾ ਪਈ। ਫਿਰ ਉਹਨੇ ਆਪਣੀ ਮੁੱਕੀ ਹਵਾ ਵਿਚ ਲਹਿਰਾਈ ਤੇ ਬੋਲੀ, “ਪਾਪਾ, ਕਿਹੋ ਜਿਹੀ ਲੜੀ ਮੈਂ?”
“ਰਾਣੀ ਝਾਂਸੀ ਵਾਂਗ।” ਜਸਵੰਤ ਦੀ ਥਾਂ ਮੈਂ ਬੋਲਿਆ ਅਤੇ ਉਸ ਨੂੰ ਵਾਰ-ਵਾਰ ਚੁੰਮ ਆਪਣੇ ਨਾਲ ਘੁੱਟ ਲਿਆ। ਫਿਰ ਮੈਂ ਜਸਵੰਤ ਅਤੇ ਸੀਮਾ ਨੂੰ ਸੰਬੋਧਨ ਕੀਤਾ, “ਬੜੀ ਬਹਾਦਰ ਬੱਚੀ ਐ। ਇੰਨੀ ਭਿਆਨਕ ਬਿਮਾਰੀ ਵੀ ਇਸ ਨੂੰ ਹਰਾ ਨਹੀਂ ਸਕੀ। ਬਾਰ੍ਹਾਂ ਸਾਲ ਦੀ ਉਮਰ ਵਿਚ ਇਹ ਠੀਕ ਹੋ ਜਾਵੇਗੀ। ਇਹ ਬਹੁਤ ਜ਼ਹੀਨ ਹੋਵੇਗੀ। ਦਮਾ ਜ਼ਹੀਨ ਲੋਕਾਂ ਨੂੰ ਹੀ ਹੁੰਦੈ।”
ਜਸਵੰਤ ਅਤੇ ਸੀਮਾ ਕੁਝ ਨਹੀਂ ਬੋਲੇ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਬੱਚੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ।
“ਸੀਮਾ, ਲਿਆਓ ਰੋਟੀ। ਬਾਈ ਭੁੱਖੇ ਹੋਣਗੇ।”
ਰੋਟੀ ਆ ਗਈ। ਆਲੂ-ਗੋਭੀ, ਦਾਲ ਤੇ ਪੁਦੀਨੇ ਦੀ ਚਟਣੀ। ਮੈਂ ਉਡੀਕਦਾ ਰਿਹਾ ਕਿ ਜਸਵੰਤ ਕਿਸੇ ਅਲਮਾਰੀ ‘ਚੋਂ ਬੋਤਲ ਕੱਢ ਕੇ ਲਿਆਵੇਗਾ, ਪਰ ਮੇਰੀ ਉਡੀਕ ਨੂੰ ਫ਼ਲ ਨਾ ਲੱਗਿਆ। ਉਂਜ ਵੀ ਮੁਰਗੇ ਦੀ ਥਾਂ ਆਲੂ-ਗੋਭੀ! ਮੈਂ ਕੋਲੇ ਹੋ ਗਿਆ। ਹਾਰ ਕੇ ਮੈਂ ਹੀ ਆਖਿਆ, “ਜਸਵੰਤ, ਮੇਰੇ ਬੈਗ ‘ਚੋਂ ਬਰਾਂਡੀ ਦੀ ਬੋਤਲ ਕੱਢ ਲਿਆ ਜ਼ਰਾ।” ਮੇਜ਼ ‘ਤੇ ਖਾਣਾ ਲਾਉਂਦੀ ਸੀਮਾ ਦੇ ਹੱਥ ਆਪਣੇ ਆਪ ਰੁਕ ਗਏ। ਜਸਵੰਤ ਨੇ ਮੈਨੂੰ ਦੂਜੇ ਕਮਰੇ ਵਿਚ ਸੱਦਿਆ ਅਤੇ ਪੂਰੀ ਨਿਮਰਤਾ, ਪਰ ਦ੍ਰਿੜ੍ਹਤਾ ਨਾਲ ਆਖਿਆ, “ਬਾਈ, ਤੁਸੀਂ ਮਹਿਸੂਸ ਨਾ ਕਰਨਾ। ਸੀਮਾ ਨੇ ਵਿਆਹ ਵੇਲੇ ਮੈਥੋਂ ਇਕੋ ਮੰਗ ਮੰਗੀ ਸੀ ਕਿ ਨਾ ਤੁਸੀਂ ਸ਼ਰਾਬ ਪੀਣਾ ਤੇ ਨਾ ਕਿਸੇ ਨੂੰ ਪਿਆਣਾ। ਹੁਣ ਇਹ ਘਰ ਦੀ ਮਰਿਆਦਾ ਹੀ ਬਣ ਚੁੱਕੀ ਐ। ਤੁਸੀਂ ਮਹਿਸੂਸ ਨਾ ਕਰਨਾ।”
“ਨੋ, ਨੌਟ ਐਟ ਆਲ!” ਮੈਂ ਅੰਗਰੇਜ਼ੀ ਵਿਚ ਉਤਰ ਦਿੱਤਾ ਤਾਂ ਕਿ ਆਪਣੀ ਹੀਣਤਾ ‘ਤੇ ਵੀ ਕਾਬੂ ਪਾ ਸਕਾਂ ਅਤੇ ਜ਼ਾਹਿਰ ਵੀ ਕਰ ਸਕਾਂ ਕਿ ਖ਼ੈਰ ਮਹਿਸੂਸ ਤਾਂ ਮੈਂ ਕੀਤਾ ਹੈ। ਫਿਰ ਬੇ-ਦਿਲੀ ਨਾਲ ਬੁਰਕੀ ਤੋੜੀ। ਇਕ-ਦੋ ਬੁਰਕੀਆਂ ਤੋਂ ਪਿਛੋਂ ਰੋਟੀ ਮੈਨੂੰ ਸੁਆਦੋ-ਸੁਆਦ ਲਗਦੀ ਗਈ। ਪਲੇਟ ‘ਚੋਂ ਫੁਲਕਾ ਚੁੱਕਣ ਲਗਿਆ, ਤਾਂ ਸੀਮਾ ਨੇ ਕਿਚਨ ‘ਚੋਂ ਆ ਗਰਮ-ਗਰਮ ਫੁਲਕਾ ਰੱਖ ਦਿੱਤਾ। ਇੱਕ ਤੋਂ ਬਾਅਦ ਦੂਜਾ ਤੇ ਫਿਰ ਮੈਂ ਇੰਨੀਆਂ ਰੋਟੀਆਂ ਖਾਧੀਆਂ ਜਿਵੇਂ ਵਲਾਇਤ ‘ਚ ਮੈਂ ਭੁੱਖਾ ਹੀ ਮਰਦਾ ਰਿਹਾ ਹੋਵਾਂ।
“ਸੀਮਾ ਤੂੰ ਤਾਂ ਭਾਈ, ਕੁਕਿੰਗ ਦੀ ਡਾਕਟਰੇਟ ਕੀਤੀ ਲਗਦੀ ਐ। ਜੇ ਮੈਂ ਹਫਤਾ ਕੁ ਤੇਰਾ ਬਣਾਇਆ ਖਾਣਾ ਖਾ ਲਿਆ, ਮੇਰੀਆਂ ਤਾਂ ਆਦਤਾਂ ਈ ਵਿਗੜ ਜਾਣਗੀਆਂ।” ਮੈਂ ਆਖਿਆ।
“ਸ਼ਰਮਿੰਦਾ ਨਾ ਕਰੋ ਭਾਪਾ ਜੀ! ਇੰਗਲੈਂਡ ‘ਚ ਤਾਂ ਤੁਸੀਂ ਬਹੁਤ ਸੋਹਣੇ-ਸੋਹਣੇ ਪਕਵਾਨ ਖਾਂਦੇ ਹੋਵੋਗੇ।” ਉਹ ਬੋਲੀ।
“ਉਥੇ ਕੀਹਨੂੰ ਵਿਹਲ ਐ ਖਾਣਾ ਖਾਣ ਦੀ। ਅਸੀਂ ਤਾਂ ਪੌਂਡਾਂ ਦੀਆਂ ਬਿਨਾਂ ਸਾਫ਼ ਕੀਤੀਆ ਹੱਡੀਆਂ ਚੂਸਦੇ ਆਂ।”
“ਸੁਆਦ ਹੁੰਦੀਆਂ ਨੇ ਤਾਇਆ ਜੀ?” ਰਾਮੋਨਾ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
ਮੈਂ ਰਾਮੋਨਾ ਦੀ ਗੱਲ੍ਹ ‘ਤੇ ਪੋਲੀ ਜਿਹੀ ਚੂੰਢੀ ਵੱਢ ਕੇ ਆਖਿਆ, “ਇਸ ਤੋਂ ਸੁਆਦ ਨਹੀਂ ਹੁੰਦੀਆਂ। ਸੁਆਦ ਪੈ ਜਾਂਦੈ।”
ਫਿਰ ਮੇਰੀ ਛਾਤੀ ‘ਚ ਇੱਕ ਸਮੁੰਦਰ ਛਲਕਿਆ-ਮੋਹ ਦਾ ਸਮੁੰਦਰ! ਪਹਿਲੀ ਵਾਰ ‘ਤਾਇਆ ਜੀ’ ਸ਼ਬਦ ਸੁਣਿਆ ਸੀ। ਮੇਰਾ ਭਰਾ, ਮੇਰੀਆਂ ਨਿੱਕੀਆਂ ਭੈਣਾਂ ਵਰਗੀ ਭਰਜਾਈ, ਮੇਰੀ ਭਤੀਜੀ-ਮੇਰੀ ਬੱਚੀ...ਮੇਰੀ ਖ਼ੂਨ! ਜੀਅ ਕੀਤਾ ਤਿੰਨਾਂ ਨੂੰ ਹੀ ਗਲਵਕੜੀ ‘ਚ ਪੀਚ ਲਵਾਂ ਅਤੇ ਉਦੋਂ ਤੀਕ ਪੀਚੀ ਰੱਖਾਂ ਜਦੋਂ ਤੀਕ ਰੋਮ-ਰੋਮ ‘ਚ ਰਚੀ ਵਲਾਇਤੀ ਠੰਢ ਨਾ ਖੁਰ ਜਾਵੇ।
ਮੈਂ ਚਾਹੁੰਦਾ ਸਾਂ ਕਿ ਨਾਈਟ ਸੂਟ ਪਾ, ਰਜ਼ਾਈ ਦੀ ਬੁੱਕਲ ਮਾਰ ਬੈਠ ਜਾਵਾਂ ਅਤੇ ਬਹੁਤ ਸਾਰੀਆਂ ਗੱਲਾਂ ਕਰਾਂ ਕਿਉਂਕਿ ਕੱਲ੍ਹ ਨੂੰ ਤਾਂ ਮੈਂ ਚਲਿਆ ਜਾਣਾ ਸੀ, ਪਰ ਜਸਵੰਤ ਦੀ ਜ਼ਿੰਦਗੀ ‘ਚ ਪਤਾ ਨਹੀਂ ਕੀ ਸੀ ਕਿ ਮੈਂ ਗੱਲਾਂ ਕਰਨ ਦੀ ਥਾਂ ਸੁਣਨਾ ਚਾਹੁੰਦਾ ਸਾਂ। ਮੈਂ ਦੂਜੇ ਕਮਰੇ ‘ਚ ਕੱਪੜੇ ਬਦਲਣ ਚਲਿਆ ਗਿਆ। ਗਲੀ ਦੀ ਬੱਤੀ ਹਾਲੀਂ ਵੀ ਬੁਝੀ ਹੋਈ ਸੀ। ਅਜੇ ਅੱਠ ਹੀ ਵਜੇ ਸਨ, ਪਰ ਗਲੀ ਵਿਚ ਆਵਾਜਾਈ ਨਾਂਹ ਵਰਗੀ ਸੀ।
ਦੂਜੇ ਕਮਰੇ ਵਿਚ ਜਸਵੰਤ ਰਾਮੋਨਾ ਨੂੰ ਕਹਾਣੀ ਸੁਣਾ ਰਿਹਾ ਸੀ।
“ਦੁਸ਼ਮਣਾਂ ਨੇ ਸ਼ੇਰੂ ਤੇ ਬਸੰਤੀ ਨੂੰ ਕਿਲੇ ਵਿਚ ਕੈਦ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਜਾਂ ਤਾਂ ਸਾਡੇ ਰਾਜੇ ਦੀ ਚਾਕਰੀ ਕਰਨੀ ਮੰਨ ਲਵੋ, ਨਹੀਂ ਤਾਂ ਨਾ ਤੁਹਾਨੂੰ ਰੋਟੀ ਮਿਲੇਗੀ ਨਾ ਪਾਣੀ-ਕੈਦਖ਼ਾਨੇ ਵਿਚ ਹੀ ਭੁੱਖੇ ਤਿਹਾਏ ਤੜਫ਼ ਤੜਫ਼ ਕੇ ਮਰ ਜਾਵੋਗੇ। ਕੈਦਖਾਨੇ ਦੇ ਸੌ ਦਰਵਾਜ਼ੇ ਸਨ-ਵੱਡੇ-ਵੱਡੇ ਜਿੰਦਰੇ ਮਾਰ ਕੇ ਬੰਦ ਕੀਤੇ ਹੋਏ ਦਰਵਾਜ਼ੇ। ਸਾਰਿਆਂ ਮੂਹਰੇ ਬੰਦੂਕਾਂ ਲਈ ਪਹਿਰੇਦਾਰ ਖਲੋਤੇ ਸਨ। ਬਸੰਤੀ ਬਹੁਤ ਘਬਰਾ ਗਈ, ਪਰ ਸ਼ੇਰੂ ਸੀ ਤਾਂ ਮਾੜਕੂ ਜਿਹਾ ਪਰ ਹੱਸਦਾ ਰਿਹਾ। ਬਸੰਤੀ ਨੂੰ ਬੜੀ ਖਿਝ ਚੜ੍ਹੀ, “ਮੌਤ ਸਿਰ ‘ਤੇ ਖਲੋਤੀ ਐ, ਤੈਨੂੰ ਹਾਸੇ ਸੁਝਦੇ ਨੇ! ਸ਼ੇਰੂ ਕਹਿਣ ਲੱਗਿਆ, ਵੇਖ ਬਸੰਤੀਏ! ਰਾਤ ਪਿਛੋਂ ਸੂਰਜ ਜ਼ਰੂਰ ਚੜ੍ਹਦਾ ਹੈ ਤੇ ਆਪਾਂ ਬਾਹਰ ਹੋਵਾਂਗੇ। ਇੰਜ ਆਖ ਸ਼ੇਰੂ ਨੇ ਬਸੰਤੀ ਨੂੰ ਨਾਲ ਲਿਆ ਤੇ ਪਹਿਲਾ ਦਰਵਾਜ਼ਾ ਧੱਕਣ ਲੱਗਿਆ, ਪਰ ਦਰਵਾਜ਼ਾ ਨਾ ਖੁੱਲ੍ਹਿਆ। ਫਿਰ ਦੂਜਾ, ਪਰ ਉਹ ਵੀ ਨਾ ਖੁਲ੍ਹਿਆ। ਇਸੇ ਤਰ੍ਹਾਂ ਕਰਦਾ ਗਿਆ। ਵੀਹਾਂ-ਪੱਚੀਆਂ ਪਿਛੋਂ ਬਸੰਤੀ ਦਾ ਪਾਰਾ ਫਿਰ ਚੜ੍ਹ ਗਿਆ। ਬੋਲੀ, ਤੇਰਾ ਤਾਂ ਦਿਮਾਗ ਫਿਰ ਗਿਐ। ਲੈ ਮੈਂ ਤਾਂ ਆਹ ਬੈਠੀ ਆਂ, ਤੂੰ ਮਾਰੀ ਜਾ ਟੱਕਰਾਂ, ਪਰ ਸ਼ੇਰੂ ਉਸੇ ਦਲੇਰੀ ਤੇ ਲਗਨ ਨਾਲ ਦਰਵਾਜ਼ੇ ਤੇ ਦਰਵਾਜ਼ਾ ਧੱਕਦਾ ਗਿਆ। ਨੜ੍ਹਿਨਵੇਂ ਦਰਵਾਜ਼ੇ ਧੱਕੇ ਪਰ ਖੁੱਲ੍ਹਿਆ ਇੱਕ ਵੀ ਨਾ। ਕੈਦਖਾਨੇ ਅੰਦਰ ਹਨ੍ਹੇਰਾ ਸੀ ਅਤੇ ਸ਼ੇਰੂ ਸੌਵੇਂ ਦਰਵਾਜ਼ੇ ਅੱਗੇ ਖਲੋਤਾ ਸੀ। ਡਰ ਦੇ ਮਾਰੇ ਮੁੜ੍ਹਕੋ-ਮੁੜ੍ਹਕੀ ਹੋਈ ਬਸੰਤੀ ਨੂੰ ਕਹਿਣ ਲਗਿਆ, ਵੇਖ ਬਸੰਤੀਏ ਪਹੁ ਫੁੱਟ ਰਹੀ ਐ। ਇੰਜ ਆਖ ਉਹਨੇ ਧੱਕਾ ਮਾਰਿਆ ਤੇ ਦਰਵਾਜ਼ਾ ਚੁਪੱਟ ਖੁੱਲ੍ਹ ਗਿਆ।
“ਉਹ ਕਿਵੇਂ ਖੁੱਲ੍ਹ ਗਿਆ, ਪਾਪਾ?” ਰਾਮੋਨਾ ਅੱਧ-ਮੀਟੀਆਂ ਅੱਖਾਂ ਖੋਲ੍ਹ ਕੇ ਬੋਲੀ।
“ਜ਼ਿੰਦਗੀ ‘ਚ ਕਦੀ ਸਾਰੇ ਦਰਵਾਜ਼ੇ ਬੰਦ ਨਹੀਂ ਹੋਇਆ ਕਰਦੇ-ਹੌਂਸਲਾ ਨਹੀਂ ਹਾਰਨਾ ਚਾਹੀਦਾ।” ਜਸਵੰਤ ਨੇ ਰਾਮੋਨਾ ਦਾ ਮੱਥਾ ਚੁੰਮਿਆ ਅਤੇ ਰਾਮੋਨਾ ਸੌਂ ਗਈ।
ਸੀਮਾ ਰਸੋਈ ਸੰਭਾਲ ਕੇ ਚਾਹ ਦੇ ਤਿੰਨ ਕੱਪ ਲੈ ਆਈ। ਅਸੀਂ ਰਜਾਈ ਦੀਆਂ ਬੁੱਕਲਾਂ ਮਾਰ ਬੈਠ ਗਏ। ਸੀਮਾ ਜਸਵੰਤ ਦੇ ਖੱਬੇ ਪਾਸੇ ਬੈਠੀ ਸੀ। ਮੈਂ ਸੀਮਾ ਦੇ ਚਿਹਰੇ ਵੱਲ ਤੱਕਿਆ, ਸ਼ਾਇਦ ਇਹ ਪਤਾ ਕਰਨ ਲਈ ਕਿ ਉਹਦੇ ਵਿਚ ਸਾਡੀ ਜਾਤ-ਬਰਾਦਰੀ ਨਾਲੋਂ ਕਿਹੜੀ ਚੀਜ਼ ਵੱਖਰੀ ਹੈ ਜਿਸ ਨੂੰ ਲੈ ਕੇ ਉਹਨੂੰ ‘ਸੁਨਿਆਰੀ, ਸੁਨਿਆਰੀ’ ਧੁਮਾ ਏਡਾ ਬਖੇੜਾ ਖੜ੍ਹਾ ਕਰ ਦਿਤੈ ਕਿ ਪਿੰਡ ਦੇ ਜੱਦੀ-ਪੁਸ਼ਤੀ ਘਰ ਵਿਚ ਉਹਦੇ ਨਾਲ ਲਾਗੀਆਂ-ਤੱਥੀਆਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ। ਮੈਨੂੰ ਕੁਝ ਵੀ ਵੱਖਰਾ ਨਾ ਜਾਪਿਆ। ਹਾਂ, ਦੋ ਵਖਰੇਵੇਂ ਜ਼ਰੂਰ ਸਨ: ਇੱਕ ਤਾਂ ਉਹਦੇ ਨੱਕ ਵਿਚ ਪਿਆ ਕੋਕਾ ਬਹੁਤ ਸਜਦਾ ਸੀ। ਦੂਜਾ ਇਹ ਕਿ ਉਹਦੇ ਨਾਲ ਬੈਠਾ ਮੇਰਾ ਭਰਾ ਪੂਰਾ ਆਦਮੀ ਲਗਦਾ ਸੀ।
“ਸੀਮਾ, ਘਰਦੇ ਹੀ ਬੈਠੇ ਆਂ। ਹੁਣ ਕੁਝ ਆਪ-ਬੀਤੀਆਂ ਸੁਣੀਏ। ਤੂੰ ਜਸਵੰਤ ਨੂੰ ਕਿੱਥੇ ਮਿਲੀ? ਜੇਲ੍ਹ ‘ਚ ਮਿਲੇ ਸੀ?”
ਸੀਮਾ ਕੁਝ ਸੰਗ ਗਈ ਅਤੇ ਉਹਨੇ ਜਸਵੰਤ ਵੱਲ ਤੱਕਿਆ। ਜਸਵੰਤ ਨੇ ਸਾਰੀ ਗੱਲ ਦੱਸ ਦਿੱਤੀ। ਉਹਨੇ ਆਪਣੀ ਸੱਚਾਈ ਦਾ ਕੋਈ ਸਰਟੀਫ਼ਿਕੇਟ ਨਹੀਂ ਵਿਖਾਇਆ, ਪਰ ਪਤਾ ਨਹੀਂ ਕਈ ਲੋਕ ਜਦੋਂ ਗੱਲ ਕਰਦੇ ਹਨ ਤਾਂ ਸ਼ਬਦ ਉਨ੍ਹਾਂ ਦੇ ਦਿਲ ‘ਚੋਂ ਇਜਾਜ਼ਤ ਨਾਲ ਨਹੀਂ, ਆਪ-ਮੁਹਾਰੇ ਹੀ ਨਿਕਲਦੇ ਹਨ, ਜਿਵੇਂ ਉਨ੍ਹਾਂ ਦੀ ਆਤਮਾ ਪਿਘਲ ਰਹੀ ਹੋਵੇ।
ਨਕਸਲਬਾੜੀ ਦੌਰ ਵਿਚ ਉਹ ਇੱਕ ਸਕੂਲ ਵਿਚ ਪੜ੍ਹਾਉਂਦੇ ਸਨ। ਉਦੋਂ ਪਿਆਰ ਵਾਲੀ ਗੱਲ ਕੋਈ ਨਹੀਂ ਸੀ। ਜਦੋਂ ਜਸਵੰਤ ਦੇ ਵਾਰੰਟ ਜਾਰੀ ਹੋਏ, ਉਹ ਇੱਕ ਰਾਤ ਸੀਮਾ ਕੋਲ ਠਹਿਰਿਆ ਸੀ। ਪੁਲਿਸ ਸੀਮਾ ਨੂੰ ਫੜ ਕੇ ਲੈ ਗਈ ਅਤੇ ਤਿੰਨ ਦਿਨ, ਤਿੰਨ ਰਾਤਾਂ ਉਸ ਤੋਂ ਪੁੱਛ-ਗਿੱਛ ਕਰਦੀ ਰਹੀ।
“ਕੀ ਪੁੱਛਦੇ ਸਨ ਤੈਥੋਂ?” ਮੈਂ ਸੀਮਾ ਤੋਂ ਪੁੱਛਿਆ।
“ਬਸ ਉਹੀ ਰਿਵਾਜੀ ਜਿਹੀਆਂ ਗੱਲਾਂ, ਜਸਵੰਤ ਨਾਲ ਤੇਰਾ ਕੀ ਰਿਸ਼ਤਾ ਏ? ਕਿੱਥੋਂ ਆਇਆ ਸੀ? ਕਿੱਥੇ ਗਿਆ? ਨਾਲ ਕੌਣ ਸੀ? ਕਿਉਂ ਠਹਿਰਾਇਆ ਸੀ ਤੂੰ ਆਪਣੇ ਕੋਲ?”
“ਤੈਨੂੰ ਮਾਰ-ਕੁੱਟ ਵੀ ਕੀਤੀ ਜਾਂ ਤੇਰੀ ਕੋਈ ਬੇਇਜ਼ਤੀ ਕਰਨ ਦੀ ਵੀ ਕੋਸ਼ਿਸ਼ ਕੀਤੀ?”
“ਨਹੀਂ ਭਾਪਾ ਜੀ, ਡਰਾਵੇ ਬਹੁਤ ਦਿੰਦੇ ਸਨ। ਬਦਕਲਾਮ ਤੇ ਬਦਤਮੀਜ਼ ਬਹੁਤ ਸਨ, ਬਹੁਤ ਅਸ਼ਲੀਲ ਬੋਲੀ ਬੋਲਦੇ ਸਨ, ਪਰ ਮਾਰ-ਪਿਟਾਈ ਤੇ ਬੇਇਜ਼ਤੀ ਤੋਂ ਮੈਂ ਬਚ ਗਈ। ਨਹੀਂ ‘ਤੇ ਇਹ ਚੀਜ਼ਾਂ ਤਾਂ ਆਮ ਨੇ, ਸ਼ਾਇਦ ਇਸ ਲਈ ਕਿ ਮੇਰੇ ਚਾਚਾ ਜੀ ਡੀ.ਐਸ.ਪੀ. ਨੇ।”
ਸੀਮਾ ਚੁੱਪ ਹੋ ਗਈ। ਮੇਰੀਆਂ ਅੱਖਾਂ ਸਾਹਵੇਂ ਉਨ੍ਹਾਂ ਸੀਮਾਵਾਂ ਦੀਆਂ ਅਣਵੇਖੀਆਂ, ਪਰ ਅਸਲੀ ਸ਼ਕਲਾਂ ਉਭਰ ਆਈਆਂ ਜਿਹੜੀਆਂ ਪੁਲਿਸ ਹਿਰਾਸਤ ਵਿਚ ਸਨ, ਪਰ ਉਨ੍ਹਾਂ ਦੇ ਚਾਚੇ ਡੀ.ਐਸ.ਪੀ. ਨਹੀਂ ਸਨ। ਪਾਟੇ ਕੱਪੜੇ, ਖੁੱਲ੍ਹੇ-ਪੁੱਟੇ ਉਲਝੇ ਵਾਲ, ਨੀਲਾਂ-ਲੱਦੇ ਚਿਹਰੇ, ਵਲੂੰਧਰੀਆਂ ਕੰਜਕਾਂ...।
ਫਿਰ ਜਸਵੰਤ ਦੱਸਦਾ ਰਿਹਾ ਕਿ ਉਹ ਫੜਿਆ ਗਿਆ। ਕੁੱਟਮਾਰ ਵੀ ਕੀਤੀ। ਸੰਭਵ ਸੀ ਕਿ ਪੁਲਿਸ ਹਿਰਾਸਤ ‘ਚੋਂ ਭੱਜਣ ਦਾ ਇਲਜ਼ਾਮ ਲਾ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ, ਪਰ ਉਹਦੇ ਤਾਇਆ ਜੀ, ਯਾਨਿ ਮੇਰੇ ਬਾਪੂ ਜੀ ਨੇ ਵਿਚ ਪੈ ਕੇ ਸਿਫ਼ਾਰਸ਼ ਅਤੇ ਰਿਸ਼ਵਤ ਚੜ੍ਹਾ ਦਿੱਤੀ। ਉਨ੍ਹਾਂ ਦੀ ਨੇਕ ਸਲਾਹ ਨਾਲ ਹੀ ਚਾਚੇ ਨੇ ਜਸਵੰਤ ਨੂੰ ਬੇਦਾਵਾ ਲਿਖਵਾ ਦਿੱਤਾ। ਹਾਈਕੋਰਟ ‘ਚੋਂ ਬਰੀ ਹੋ ਗਿਆ। ਸਕੂਲ ਪ੍ਰਾਈਵੇਟ ਸੀ। ਨੌਕਰੀ ਦੋਹਾਂ ਦੀ ਜਾਂਦੀ ਰਹੀ। ਨਕਸਲਬਾੜੀ ਲਹਿਰ ਦੀ ਫੁੱਲਝੜੀ ਠੁੱਸ ਹੋ ਗਈ।
“ਇਹ ਲਹਿਰ ਫੇਲ੍ਹ ਕਿਉਂ ਹੋ ਗਈ?” ਮੈਂ ਸਵਾਲ ਕੀਤਾ।
“ਇਹ ਲੋਕਾਂ ਦੀ ਲਹਿਰ ਨਹੀਂ ਸੀ। ਗਰਮੀ ਤੇ ਨਿਖੇਧ ਦੀਆਂ ਗੱਲਾਂ ਪੈਟੀ-ਬੁਰਜਵਾ ਨੂੰ ਕੀਲ ਲੈਂਦੀਆਂ ਨੇ। ਸੋ ਇਹ ਪੈਟੀ-ਬੁਰਜਵਾ ਤੀਕ ਹੀ ਸੀਮਿਤ ਰਹੀ। ਲੋਕਾਂ ਦੀ ਸਰਗਰਮ ਭਾਈਵਾਲੀ ਤੋਂ ਬਿਨਾਂ ਹਾਕਮ ਜਮਾਤ ਦੀ ਸਰਦਾਰੀ ਖੋਹਣੀ ਸੰਭਵ ਨਹੀਂ। ਉਂਜ ਵੀ ਇਸ ਲਹਿਰ ਦੇ ਸੰਚਾਲਕਾਂ ਦੇ ਧੜ ਹਿੰਦੁਸਤਾਨੀ ਸਨ, ਸਿਰ ਚੀਨੀ।”
“ਪਤਾ ਨਹੀਂ। ਬਸ ਵਹਾਓ ‘ਚ ਵਹਿ ਗਿਆ। ਜਵਾਨ ਖ਼ੂਨ, ਗ਼ਰੀਬੀ, ਹਨ੍ਹੇਰਗਰਦੀ ਤੇ ਰਿਸ਼ਵਤ-ਭ੍ਰਿਸ਼ਟਾਚਾਰ, ਦੋਵੇਂ ਕਮਿਊਨਿਸਟ ਪਾਰਟੀਆਂ ਵੱਲੋਂ ਵਾਰ-ਵਾਰ ਚੋਣਾਂ ਦਾ ਉਹੀ ਚੱਕਰ-ਬਸ ਅੱਗ ਠੰਢੀ ਕਰਨ ਦਾ ਇਹੀ ਰਾਹ ਸੀ ਪਰ ਪਛਤਾਵਾ ਕੋਈ ਨਹੀਂ, ਚਲੋ ਪਤਾ ਤਾਂ ਲੱਗ ਗਿਆ ਕਿ ਇਨਕਲਾਬ ਜਰਨੈਲੀ ਸੜਕ ਵਾਂਗ ਸਿੱਧਾ-ਪੱਧਰਾ ਰਾਹ ਨਹੀਂ ਹੁੰਦਾ।
“ਤੁਹਾਡੀ ਵਿਦਿਆ ਕਿੰਨੀ ਐ ਤੇ ਹੁਣ ਕੀ ਕੰਮ ਕਰਦੇ ਹੋ?”
ਸੀਮਾ ਨੇ ਜਸਵੰਤ ਵੱਲ ਤੱਕਿਆ। ਜਸਵੰਤ ਦੱਸਣ ਲੱਗਿਆ, ਮੈਂ ਪੰਜਾਬੀ ਦੀ ਹਾਈ ਸੈਕਿੰਡ ਕਲਾਸ ਐਮ.ਏ. ਆਂ ਤੇ ਸੀਮਾ ਹਿੰਦੀ ਦੀ ਫ਼ਸਟ ਕਲਾ ਐਮ.ਏ., ਪਰ ਨਾ ਤਾਂ ਸਾਨੂੰ ਕੋਈ ਸਰਕਾਰੀ ਸਕੂਲ ਰੱਖਦੈ, ਨਾ ਹੀ ਕੋਈ ਚੰਗਾ ਪ੍ਰਾਈਵੇਟ ਸਕੂਲ! ਹੁਣ ਮੈਂ ਇੱਕ ਦੁਕਾਨਨੁਮਾ ਪ੍ਰਾਈਵੇਟ ਸਕੂਲ ਵਿਚ ਪੰਜ ਸੌ ਰੁਪਏ ਮਹੀਨੇ ‘ਤੇ ਪੜ੍ਹਾਉਨਾਂ ਤੇ ਸੀਮਾ ਢਾਈ ਕੁ ਸੌ ਰੁਪਏ ਦੀਆਂ ਟਿਊਸ਼ਨਾਂ ਕਰ ਲੈਂਦੀ ਐ।”
“ਇੰਨੇ ਪੈਸਿਆਂ ਨਾਲ ਤਾਂ ਰੋਟੀ ਨਹੀਂ ਚਲਦੀ ਹੋਣੀ।”
“ਇਥੋਂ ਸੱਤ-ਅੱਠ ਮੀਲ ‘ਤੇ ਫ਼ਤਿਹਗੜ੍ਹ ਸ਼ੁਕਰਚੱਕ ਮੇਰਾ ਇੱਕ ਦੋਸਤ ਰਹਿੰਦੈ। ਉਹ ਸਾਲ ਭਰ ਦੀ ਕਣਕ ਅਤੇ ਚੌਲ ਦੇ ਜਾਂਦੈ। ਉਹਦੀ ਘਰ ਦੀ ਵਾਹੀ ਐ।”
“ਮੁਫ਼ਤ?”
“ਬਿਲਕੁਲ ਮੁਫ਼ਤ।”
ਅਜੀਬ ਗੱਲ ਸੀ। ਮੇਰੇ ਸਾਹਵੇਂ ਬੈਠਾ ਮੇਰਾ ਭਰਾ ਜਸਵੰਤ ਇੰਜ ਗੱਲਾਂ ਕਰ ਰਿਹਾ ਸੀ, ਜਿਵੇਂ ਜੇਠ-ਹਾੜ੍ਹ ਦੇ ਮਹੀਨੇ ਸਾਡੀ ਪਿੰਡ ਵਾਲੀ ਨਹਿਰ ਇਕਸੁਰ ਵਗੀ ਜਾ ਰਹੀ ਹੋਵੇ। ਅਡੋਲ। ਕੰਢਿਆਂ ਤੀਕ ਭਰਪੂਰ! ਨਾ ਪਾਣੀ ਗੰਧਲਾ। ਨਾ ਉਤਾਰ, ਨਾ ਚੜ੍ਹਾਅ। ਕੀ ਇਹ ਉਹੀ ਜੱਸੀ ਸੀ ਜਿਹੜਾ ਨੌਂ ਕੁ ਸਾਲਾਂ ਦਾ ਹੋਵੇਗਾ ਜਦੋਂ ਮੈਂ ਇੰਗਲੈਂਡ ਗਿਆ ਸਾਂ। ਉਦੋਂ ਅਸੀਂ ਨਹਿਰ ਕੰਢੇ ਬਾਬਾ ਚੇਤ ਰਾਮ ਦੀ ਬਗ਼ੀਚੀ ‘ਚ ਤਾਸ਼ ਖੇਡਦੇ ਹੁੰਦੇ ਸਾਂ ਅਤੇ ਜੱਸੀ ਭਗਤ ਸੁਨਿਆਰ ਦੇ ਖੋਖੇ ਤੋਂ ਸਾਡੇ ਲਈ ਚਾਹ ਤੇ ਸਿਗਰਟਾਂ ਲਿਆ ਕੇ ਦਿੰਦਾ ਹੁੰਦਾ ਸੀ। ਕੀ ਉਦੋਂ ਵੀ ਇਹਦੇ ‘ਚ ਅਜਿਹਾ ਗੰਭੀਰ, ਅਡੋਲ ਤੇ ਦਲੇਰ ਬਣਨ ਦੇ ਬੀਅ ਸਨ? ਇਸ ਨਜ਼ਰ ਨਾਲ ਕਦੀ ਵੇਖਿਆ ਹੀ ਨਹੀਂ ਸੀ। ਹਾਂ, ਇੰਨਾ ਕੁ ਜ਼ਰੂਰ ਚੇਤੇ ਆਇਆ ਕਿ ਜਿਸ ਦਿਨ ਉਹਨੂੰ ਅੰਬਾਂ ਦੀ ਰਾਖੀ ਬਿਠਾ ਦਿੰਦੇ ਸਨ, ਉਸ ਦਿਨ ਚਮਿਆਰਾਂ ਵਿਹੜੇ ਬਹੁਤੇ ਘਰਾਂ ਵਿਚ ਅੰਬੀਆਂ ਦੀ ਚਟਣੀ ਬਣਦੀ ਹੁੰਦੀ ਸੀ।
ਪਰ ਇਸ ਸਮੇਂ ਮੇਰੇ ਸਾਹਵੇਂ ਜੱਸੀ ਨਹੀਂ, ਜਸਵੰਤ ਬੈਠਾ ਸੀ ਜਿਸ ਨੂੰ ਚਾਚੇ ਨੇ ਪੁਲਿਸ ਤੋਂ ਡਰਦਿਆਂ ਤੇ ਸੁਨਿਆਰੀ ਨਾਲ ਵਿਆਹ ਕਰਵਾਉਣ ਕਰ ਕੇ ਅਤੇ ਸੋਢੀ ਵੰਸ਼ ਨੂੰ ਕਲੰਕਤ ਕਰ ਦੇਣ ਕਰ ਕੇ ਬੇਦਾਵਾ ਲਿਖ ਦਿੱਤਾ ਸੀ; ਜਿਸ ਦੀ ਬੱਚੀ ਦਮੇ ਦੀ ਮਰੀਜ਼ ਸੀ; ਜਿਹੜਾ ਇੰਜ ਰਹਿ ਰਿਹਾ ਸੀ ਜਿਵੇਂ ਕੋਈ ਕੈਂਪ ਵਿਚ ਰਹਿ ਰਿਹਾ ਹੋਵੇ, ਜਿਸ ਦੀ ਸੀਮਾ ਸਮੇਤ ਇੰਨੀ ਕੁ ਆਮਦਨੀ ਸੀ ਜਿੰਨੇ ਦਾ ਮੈਂ ਆਪਣੀ ਕਾਰ ‘ਚ ਪਟਰੋਲ ਪਵਾ ਲੈਂਦਾ ਹਾਂ। ਜਿਸ ਦੀ ਉਹ ਲਹਿਰ ਵੀ ਫ਼ੇਲ੍ਹ ਹੋ ਗਈ ਸੀ ਜਿਹੜੀ ਉਹਦਾ ਸੁਪਨਾ ਤੇ ਇਸ਼ਟ ਬਣ ਉਹਨੂੰ ਸਾਬਤ-ਕਦਮੀਂ ਨਾਲ ਤੋਰੀ ਜਾ ਰਹੀ ਸੀ ਅਤੇ ਜਿਹੜੀ ਲਹਿਰ ਦੇ ਸਰਗਰਮ ਮੈਂਬਰਾਂ ‘ਚੋਂ ਕਾਫ਼ੀ ਸੂਰਮੇ ਇੰਗਲੈਂਡ ਅਤੇ ਕੈਨੇਡਾ ਨੱਸ ਗਏ ਸਨ, ਜਾਂ ਸਮੇਂ ਦੀ ਸਰਕਾਰੀ ਮਸ਼ੀਨਰੀ ਦੇ ਰੈਲੇ ਪੁਰਜ਼ੇ ਬਣ ਬੈਠੇ ਸਨ ਜਾਂ ਨਿਰਾਸ਼ਾ ਦੇ ਖ਼ੂਹ ਵਿਚ ਨਿੱਘਰ, ਨਸ਼ੇ ਖਾਣ-ਪੀਣ ਲੱਗੇ ਸਨ ਪਰ ਜਸਵੰਤ ਸਭ ਕਾਸੇ ਤੋਂ ਚੇਤਨ ਹੁੰਦਾ ਹੋਇਆ ਵੀ ਕਿਵੇਂ ਜੀਂਦਾ ਹੈ? ਤੇ ਬੁਰਾ ਨਹੀਂ ਜੀ ਰਿਹਾ ਤੇ ਜਿਸ ਨੂੰ ਦਰਖ਼ਤਾਂ ਦੀਆਂ ਜੜ੍ਹਾਂ ਵਰਗਾ ਵਿਸ਼ਵਾਸ ਹੈ ਕਿ ਜੇ ਹੋਰ ਨਹੀਂ ਤਾਂ ਸੌਂਵਾਂ ਦਰਵਾਜ਼ਾ ਤਾਂ ਜ਼ਰੂਰ ਖੁੱਲ੍ਹੇਗਾ।
“ਤੂੰ ਵੀ ਹੋਰਨਾਂ ਵਾਂਗ ਇੰਗਲੈਂਡ, ਕੈਨੇਡਾ ਨਿਕਲ ਜਾਂਦਾ।” ਮੈਂ ਬੜੀ ਅਪਣੱਤ ਨਾਲ ਆਖਿਆ।
ਜਸਵੰਤ ਨੇ ਕੋਈ ਤਣਾਓ ਤਾਂ ਪ੍ਰਗਟ ਨਾ ਕੀਤਾ, ਪਰ ਉਹਦੇ ਬੁੱਲ੍ਹਾਂ ‘ਤੇ ਅਜਿਹੀ ਮੁਸਕਾਣ ਆਈ ਜਿਹੜੀ ਉਹਦੇ ਸਾਹਵੇਂ ਮੈਨੂੰ ਬਹੁਤ ਛੋਟਾ ਬਣਾ ਰਹੀ ਸੀ।
“ਮੈਂ ਬਾਈ ਇੰਜ ਕਰਨ ਲਈ ਕਦੇ ਸੋਚਿਆ ਨਹੀਂ। ਪਤਾ ਨਹੀਂ ਸਿਰਫ਼ ਪੈਸੇ ਲਈ ਆਪਣਾ ਮੁਲਕ ਛੱਡ ਜਾਣਾ ਮੈਨੂੰ...(ਉਸ ਨੇ ‘ਕਲ’ ਆਖਿਆ ਤੇ ਮੇਰੇ ਵੱਲ ਵੇਖ ਰੁਕ ਗਿਆ। ਉਹ ਸ਼ਾਇਦ ‘ਕਲੰਕ’ ਵਰਤਣਾ ਚਾਹੁੰਦਾ ਸੀ)...ਗ਼ਲਤ ਕਿਉਂ ਲੱਗਦੈ। ਜਦੋਂ ਵੀ ਕਦੀ ਮੇਰੇ ਮਨ ‘ਚ ਹੋਰਾਂ ਨੂੰ ਵੇਖ ਇਹ ਵਿਚਾਰ ਪੈਦਾ ਹੋਇਐ, ਮੈਨੂੰ ਆਪਣੀ ਆਤਮਾ ਮਰਦੀ ਨਜ਼ਰ ਆਈ ਐ।
“ਨਿਰਾਸ਼ਾ ਨਹੀਂ ਆਈ ਕਦੀ?”
“ਆਉਂਦੀ ਤਾਂ ਹੈ ਕਦੀ-ਕਦੀ, ਪਰ ਇਸ ਨੂੰ ਕਦੀ ਭਾਰੂ ਨਹੀਂ ਹੋਣ ਦਿੱਤਾ।”
“ਕਿਵੇਂ?”
“ਤਾਰੀਖ਼ ਮੈਨੂੰ ਬੜਾ ਹੌਂਸਲਾ ਦਿੰਦੀ ਐ। ਮੈਨੂੰ ਅਟੱਲ ਵਿਸ਼ਵਾਸ ਐ ਕਿ ਨੇਕੀ ਦੀਆਂ ਤਾਕਤਾਂ, ਬਦੀ ਦੀਆਂ ਤਾਕਤਾਂ ਨੂੰ ਪਛਾੜ ਦੇਣਗੀਆਂ।”
“ਇਹ ਮਸਲਾ ਏਡਾ ਸਿੱਧਾ ਤਾਂ ਨੀ। ਤੇਰੇ ਹੀ ਸ਼ਬਦਾਂ ‘ਚ ਜਰਨੈਲੀ ਸੜਕ ਤਾਂ ਨਹੀਂ।”
“ਮੈਂ ਸਿੱਧਾ ਤਾਂ ਨਹੀਂ ਆਖਿਆ, ਅਟੱਲ ਆਖਿਐ। ਜੰਗ ਐ, ਕੋਈ ਖੇਡ ਤਾਂ ਹੈ ਨਹੀਂ, ਹਾਰਾਂ ਵੀ ਹੋਣਗੀਆਂ ਪਰ ਅੰਤ ਨੇਕੀ ਨੇ ਹੀ ਜਿੱਤਣਾ ਹੈ।”
ਮੈਂ ਸੀਮਾ ਵੱਲ ਤੱਕਿਆ। ਉਹ ਮੁਸਕਾ ਪਈ। ਉਹ ਰਿਸ਼ਤੇ ਵਜੋਂ ਮੇਰੀ ਛੋਟੀ ਭਰਜਾਈ ਤੇ ਮੈਂ ਉਹਦਾ ਜੇਠ ਸਾਂ ਪਰ ਇੰਨੇ ਥੋੜ੍ਹੇ ਸਮੇਂ ‘ਚ ਉਹ ਬਿਲਕੁਲ ਮੈਨੂੰ ਛੋਟੀ ਭੈਣ ਹੀ ਜਾਪਣ ਲੱਗ ਪਈ ਸੀ ਜਿਸ ਨਾਲ ਰਿਵਾਜੀ ਕਿਸਮ ਦਾ ਸੰਗ-ਸੰਗਾ ਨਹੀਂ ਸੀ ਰਿਹਾ। ਜਦੋਂ ਜਸਵੰਤ ਚਾਹ ਬਣਾਉਣ ਚਲਿਆ ਗਿਆ, ਮੈਂ ਸੀਮਾ ਨੂੰ ਪੁੱਛਿਆ, “ਜਿਸ ਰਾਤ ਜਸਵੰਤ ਪੁਲਿਸ ਤੋਂ ਲੁਕਦਾ ਤੇਰੇ ਘਰ ਆਇਆ, ਉਦੋਂ ਤੀਕ ਤੁਸੀਂ ਵਿਆਹ ਕਰਵਾਉਣ ਦਾ ਮਨ ਬਣਾ ਚੁੱਕੇ ਸੀ?”
“ਨਹੀਂ ਭਾਪਾ ਜੀ, ਨੇਕ ਤੇ ਲਾਇਕ ਇਨਸਾਨ ਦੇ ਨਾਤੇ ਮੈਂ ਇਨ੍ਹਾਂ ਦੀ ਇੱਜ਼ਤ ਕਰਦੀ ਸਾਂ। ਇਹ ਵੀ ਮੈਨੂੰ ਚੰਗੀ ਕੁੜੀ ਸਮਝਦੇ ਸਨ। ਉਸ ਰਾਤ ਤੋਂ ਬਾਅਦ ਮੈਨੂੰ ਇਨ੍ਹਾਂ ਨਾਲ ਪ੍ਰੇਮ ਹੋ ਗਿਆ।”
“ਏਸ ‘ਤੇ ਤਰਸ ਖਾ ਕੇ?”
“ਨਹੀਂ ਭਾਪਾ ਜੀ, ਸਾਡੇ ਘਰ ਵਿਚ ਤਰਸ ਸ਼ਬਦ ਨਾਲ ਹੀ ਬਹੁਤ ਨਫ਼ਰਤ ਕੀਤੀ ਜਾਂਦੀ ਏ। ਜਦੋਂ ਇਨ੍ਹਾਂ ਮੇਰੇ ਚੁਬਾਰੇ ਦਾ ਬੂਹਾ ਖੜਕਾਇਆ, ਰਾਤ ਦੇ ਗਿਆਰਾਂ ਵੱਜੇ ਸਨ। ਦਸੰਬਰ ਦਾ ਮਹੀਨਾ ਸੀ। ਇਨ੍ਹਾਂ ਚਾਹ ਦਾ ਕੱਪ ਮੰਗਿਆ। ਪੀਤਾ ਤੇ ਮੇਰਾ ਕੰਬਲ ਚੁੱਕ ਬੋਲੇ, ‘ਬੂਹਾ ਅੰਦਰੋਂ ਬੰਦ ਕਰ ਲੈ, ਮੈਂ ਵਰਾਂਡੇ ਵਿਚ ਪੈ ਜਾਵਾਂਗਾ...ਸਾਰੀ ਰਾਤ ਵਰਾਂਡੇ ‘ਚ ਬੈਠੇ ਰਹੇ ਹੋਣਗੇ...ਮੇਰੇ ਉਠਣ ਤੋਂ ਪਹਿਲਾਂ ਜਾ ਚੁੱਕੇ ਸਨ। ਉਸ ਦਿਨ ਮੈਂ ਉਠੀ ਵੀ ਕਾਫ਼ੀ ਸਵੱਖਤੇ ਸਾਂ।”
ਜਸਵੰਤ ਚਾਹ ਲੈ ਕੇ ਆ ਗਿਆ। ਅਸੀਂ ਚਾਹ ਪੀਣ ਲੱਗੇ। ਜਿਥੇ ਜਸਵੰਤ ਬੈਠਾ ਸੀ, ਉਸ ਦੇ ਐਨ ਸਿਰ ‘ਤੇ ਰੌਸ਼ਨਦਾਨ ਸੀ। ਚੰਨ ਰੌਸ਼ਨਦਾਨ ਵਿਚੋਂ ਦੀ ਉਤਰ ਉਹਦੇ ਚਿਹਰੇ ‘ਤੇ ਆ ਟਿਕਿਆ ਸੀ। ਜਿੱਥੇ ਉਹ ਬੈਠਾ ਸੀ ਉਥੇ ਰੌਸ਼ਨੀ ਬਹੁਤ ਸੀ।
ਇੰਨੇ ਨੂੰ ਬੱਚੀ ਰਾਮੋਨਾ ਨੇ ਪਾਸਾ ਪਰਤਿਆ। ਸੀਮਾ ਨੇ ਰਜਾਈ ਜ਼ਰਾ ਪਾਸੇ ਹਟਾ ਉਹਦਾ ਮੂੰਹ ਨੰਗਾ ਕਰ ਦਿੱਤਾ। ਉਹਦਾ ਚਿਹਰਾ ਕਾਫ਼ੀ ਪੀਲਾ ਸੀ। ਨੀਂਦ ਵਿਚ ਉਹ ਮੁਸਕਾ ਤਾਂ ਨਹੀਂ ਰਹੀ ਸੀ, ਪਰ ਕੂਲੀ ਨਿੰਮੀ ਮੁਸਕਾਣ ਉਹਦੇ ਚਿਹਰੇ ‘ਤੇ ਖਿਲਰੀ ਪਈ ਸੀ।
ਮੈਂ ਪੁੱਛਿਆ, “ਤੁਹਾਡੇ ਬੱਸ ਇਕੋ ਹੀ ਬੱਚੈ?”
ਲਗਭਗ ਮੈਨੂੰ ਪਤਾ ਸੀ ਕਿ ਉਨ੍ਹਾਂ ਦੇ ਇਹੀ ਇੱਕ ਬੱਚੀ ਹੈ। ਦਰਅਸਲ ਪੁੱਛਣਾ ਜਾਂ ਕਹਿਣਾ ਤਾਂ ਮੈਂ ਇਹੀ ਚਾਹੁੰਦਾ ਸਾਂ ਕਿ ਤੁਹਾਡੇ ਹੋਰ ਬੱਚਾ ਕਿਉਂ ਨਹੀਂ ਹੋਇਆ? ਹੋਣਾ ਚਾਹੀਦਾ ਸੀ ਜਾਂ ਛੇਤੀ ਹੋਣਾ ਚਾਹੀਦਾ ਹੈ।
ਜਸਵੰਤ ਚੁੱਪ ਹੋ ਗਿਆ-ਬੱਸ ਬਹੁਤ ਖ਼ਾਮੋਸ਼! ਸੀਮਾ ਦੇ ਚਿਹਰੇ ‘ਤੇ ਇੱਕ ਦਮ ਉਦਾਸੀ ਛਾ ਗਈ। ਮੈਂ ਮੁੜ ਪੁੱਛਿਆ ਤਾਂ ਜਸਵੰਤ ਨੇ ਸਭ ਕੁਝ ਇਸ ਤਰ੍ਹਾਂ ਦੱਸ ਦਿਤਾ,
“ਐਮਰਜੈਂਸੀ ਦੇ ਦਿਨ ਸਨ। ਮੈਂ ਸਾਈਕਲ ‘ਤੇ ਸਕੂਲ ਜਾ ਰਿਹਾ ਸਾਂ। ਪੁਲਿਸ ਦੀ ਜੀਪ ਮੇਰੇ ਕੋਲ ਰੁਕੀ। ਪਿੱਛੇ ਐਂਬੂਲੈਂਸ ਸੀ। ਮੈਨੂੰ ਸਾਈਕਲ ਤੋਂ ਉਤਾਰ ਲਿਆ, ‘ਬੈਠ ਐਂਬੂਲੈਂਸ ‘ਚ ਤੇਰਾ ਆਪ੍ਰੇਸ਼ਨ ਕਰਨਾ ਹੈ, ਨਿਆਣੇ ‘ਤੇ ਨਿਆਣਾ ਬਣਾਉਣ ਡ੍ਹਿਆ ਹੋਇਆ ਏਂ,’ ਠਾਣੇਦਾਰ ਠਾਣੇਦਾਰਾਂ ਵਾਲੀ ਭਾਸ਼ਾ ਬੋਲਿਆ।
‘ਮੇਰੇ ਕੋਲ ਇਕੋ ਬੱਚੀ ਐ ਤੇ ਉਹ ਵੀ ਬਿਮਾਰ। ਮੈਂ ਅਪ੍ਰੇਸ਼ਨ ਨਹੀਂ ਕਰਾਉਣਾ। ਠਾਣੇਦਾਰ ਨੂੰ ਮੇਰਾ ਜਵਾਬ ਬੜਾ ਗੁਸਤਾਖ ਲੱਗਿਆ। ਬੋਲਿਆ, ਅਪ੍ਰੇਸ਼ਨ ਤਾਂ ਤੇਰਾ ਪਿਉ ਵੀ ਕਰਵਾਏਗਾ, ਭੈਣ ਦਿਆ ਯਾਰਾ-ਮਾਂ ਦਿਆ ਖਸਮਾਂ!
-ਵੇਖੋ, ਮੈਂ ਆਦਮੀ ਆਂ, ਕੋਈ ਜਾਨਵਰ ਨਹੀਂ। ਮੈਂ ਅਪ੍ਰੇਸ਼ਨ ਨ੍ਹੀਂ ਕਰਵਾਉਣਾ। ਮੇਰੀ ਮਾਂ-ਭੈਣ ਬਾਰੇ ਜ਼ਰਾ ਸੋਚ ਕੇ ਬੋਲਣਾ।
-ਬੱਸ ਲਾਅ ਐਂਡ ਆਰਡਰ ਖ਼ਤਰੇ ‘ਚ ਪੈ ਗਿਆ। ਠਾਣੇਦਾਰ ਬੈਂਤ ਤੇ ਬੈਂਤ ਮਾਰਨ ਲੱਗਿਆ। ਮੈਂ ਵੀ ਚੁੱਪ ਕਰ ਕੇ ਬੈਂਤਾਂ ਨਹੀਂ ਖਾਧੀਆਂ। ਟੁੱਟ ਕੇ ਪੈ ਗਿਆ ਤੇ ਠਾਣੇਦਾਰ ਹੇਠਾਂ ਸੁੱਟ ਲਿਆ, ਪਰ ਉਪਰੋਂ ਦੂਜੇ ਠਾਣੇਦਾਰ ਤੇ ਸਿਪਾਹੀਆਂ ਨੇ ਕੁੱਟ-ਕੁੱਟ ਮੈਨੂੰ ਅੱਧਮੋਇਆ ਕਰ ਦਿੱਤਾ। ਐਂਬੂਲੈਂਸ ਵਿਚ ਪਾ ਹਸਪਤਾਲ ਲੈ ਗਏ ਤੇ ਉਥੇ ਮੇਰਾ ਅਪ੍ਰੇਸ਼ਨ ਕਰ ਦਿੱਤਾ।” ਇਸ ਤੋਂ ਪਿੱਛੋਂ ਲੰਮੀ ਚੁੱਪ ਵਰਤ ਗਈ। ਇੰਨੀ ਭਿਆਨਕ ਕਿ ਜਸਵੰਤ ਦੇ ਚਿਹਰੇ ‘ਤੇ ਝਰ ਰਹੀ ਚੰਨ ਚਾਨਣੀ ‘ਚੋਂ ਮੈਨੂੰ ਸੇਕ ਆਉਣ ਲਗਿਆ, ਪਰ ਜਸਵੰਤ ਦਾ ਚਿਹਰਾ ਉਂਜ ਦਾ ਉਂਜ ਸੀ, ਸਾਬਤ ਅਤੇ ਅਡੋਲ। ਸ਼ਾਇਦ ਕੋਈ ਹੱਸਾਸ ਆਦਮੀ ਉਹਦੇ ਚਿਹਰੇ ‘ਤੇ ਉਦਾਸੀ ਗੁੱਸੇ ਤੇ ਨਿਰਾਸ਼ਾ ਦੀਆਂ ਲਕੀਰਾਂ ਪੜ੍ਹ ਸਕਦਾ ਹੋਵੇ, ਪਰ ਰਾਣੀ ਦੀ ਮੂਰਤ ਵਾਲੇ ਪੌਂਡਾਂ ਨੇ ਮੇਰੇ ਅੰਦਰੋਂ ਅਹਿਸਾਸ ਮਾਰ ਦਿੱਤਾ ਸੀ। ਹਾਂ, ਸੀਮਾ ਦੇ ਚਿਹਰੇ ‘ਤੇ ਖਾਹਿਸ਼ਾਂ ਤੇ ਉਮੀਦਾਂ ਦਾ ਘਾਣ ਹੋਇਆ ਪਿਆ ਸੀ। ਉਹ ਆਪਣੀ ਸੌਂ ਰਹੀ ਬੱਚੀ ਨੂੰ ਨਿਹਾਰ ਰਹੀ ਸੀ। ਔਰਤ ਇੰਨੀ ਕਮਜ਼ੋਰ ਤਾਂ ਨਹੀਂ ਹੁੰਦੀ, ਪਰ ਉਹ ਮਾਂ ਹੁੰਦੀ ਹੈ...ਸੀਮਾ ਦੀਆਂ ਅੱਖਾਂ ਭਰ ਆਈਆਂ ਸਨ।
ਪਤਾ ਨਹੀਂ ਕਿਉਂ, ਮੈਂ ਵੀ ਹੁਣ ਕੋਈ ਹੋਰ ਗੱਲ ਨਾ ਛੋਹ ਸਕਿਆ। ਜਸਵੰਤ ਨੇ ਵੀ ਸ਼ਾਇਦ ਮੈਨੂੰ ਖੋਇਆ-ਖੋਇਆ, ਉਲਝਿਆ-ਉਲਝਿਆ ਵੇਖ ਲਿਆ ਸੀ। ਬੋਲਿਆ, “ਬਾਈ! ਤੁਸੀਂ ਹੁਣ ਆਰਾਮ ਕਰੋ-ਬਹੁਤ ਥਕਾਇਆ ਹੈ ਅਸੀਂ ਤੁਹਾਨੂੰ!” ਮੈਂ ਦੂਜੇ ਕਮਰੇ ਵਿਚ ਸੌਣ ਚਲਿਆ ਗਿਆ। ਅੱਧੀ ਰਾਤ ਟੁੱਟ ਰਹੀ ਸੀ-ਗਲੀ ਦੀ ਬੱਤੀ ਇੰਜ ਬੁਝੀ ਪਈ ਸੀ ਜਿਵੇਂ ਬੁਝਾ ਕੇ ਹੀ ਲਾਈ ਹੁੰਦੀ ਹੈ-ਗਲੀ ਦੀ ਚੁੱਪ ਵਿਚੋਂ ਹਵਾੜ੍ਹ ਆ ਰਹੀ ਸੀ-ਜਿਹੋ ਜਿਹੀ ਅੰਗਰੇਜ਼ਾਂ ਦੀ ਚੁੱਪ ‘ਚੋਂ ਆਇਆ ਕਰਦੀ ਹੈ। ਦੂਜੇ ਕਮਰੇ ‘ਚ ਰਾਮੋਨਾ ਸੌਂ ਰਹੀ ਸੀ ਤੇ ਉਹਦੀ ਛਾਤੀ ‘ਚੋਂ ਆਉਂਦੀ ਆਵਾਜ਼ ਮੈਨੂੰ ਵੀ ਸੁਣ ਰਹੀ ਸੀ। ਸੀਮਾ ਨੂੰ ਵੀ ਅੱਜ ਵਧੀਆ ਨੀਂਦ ਨਹੀਂ ਆਵੇਗੀ। ਅੱਜ ਉਹਦਾ ਅਚੇਤ ਮਨ ਜਾਗਦਾ ਰਹੇਗਾ-ਉਹ ਮਾਂ ਹੈ। ਤੇ ਜਸਵੰਤ! ਉਹਦੇ ਬਾਰੇ ਸੋਚਦਿਆਂ ਪਤਾ ਨਹੀਂ ਮੈਨੂੰ ਆਪਣੇ ਪਿੰਡ ਵਿਚ ਵਾਪਰਦੇ ਉਹ ਦੋ ਕੰਮ ਵਾਰ-ਵਾਰ ਕਿਉਂ ਯਾਦ ਆ ਰਹੇ ਸਨ ਜਿਹੜੇ ਮੈਨੂੰ ਬਹੁਤ ਬੁਰੇ ਲਗਦੇ ਸਨ-ਇਕ, ਬਲਦਾਂ ਦੇ ਖੁਰੀਆਂ ਲਾਉਣੀਆਂ। ਬਲਦ ਨੂੰ ਰੱਸਾ ਪਾ ਹੇਠਾਂ ਸੁੱਟਣਾ, ਖੁਰੀਆਂ ਲਾਉਣ ਵਾਲੇ ਨੇ ਮਾਸ ਵਿਚ ਕਿੱਲ ਗੱਡਣੇ ਅਤੇ ਬਲਦ ਦਾ ਤੜਫਣਾ। ਦੂਜਾ, ਘਰਦੇ ਪਾਲੇ ਵੱਛੇ ਨੂੰ ਖੱਸੀ ਕਰਵਾਉਣ ਲਈ ਸਲੋਤਰਖਾਨੇ ਲੈ ਕੇ ਜਾਣਾ। ਮੈਂ ਕਿੰਨਾ ਚਿਰ ਸੋਚਦਾ ਰਿਹਾ ਕਿ ਜਸਵੰਤ ਨੂੰ ਕਿੰਜ ਮਾਰਿਆ ਹੋਵੇਗਾ ਤੇ ਫਿਰ ਹਸਪਤਾਲ ਲਿਜਾ ਕੇ ਉਹਦਾ ਆਪ੍ਰੇਸ਼ਨ ਕਰ ਦਿੱਤਾ ਹੋਵੇਗਾ। ਫਿਰ ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਖੱਸੀ ਕਰਨ ਤੋਂ ਪਹਿਲਾਂ ਵੱਛੇ ਨੂੰ ਵੀ ਕੁੱਟਿਆ-ਮਾਰਿਆ ਜਾਂਦਾ ਹੈ? ਨਹੀਂ, ਇੰਜ ਤਾਂ ਨਹੀਂ ਕੀਤਾ ਜਾਂਦਾ। ਖੈਰ, ਮੈਂ ਇਹ ਸੋਚਦਾ ਸੋਚਦਾ ਸੌਂ ਗਿਆ ਕਿ ਮੇਰੇ ਮੁਲਕ ਵਿਚ ਪਸ਼ੂ ਤੇ ਮਨੁੱਖ ਕਿੰਨੇ ਕੁ ਫ਼ਰਕ ਨਾਲ ਰਹਿ ਰਹੇ ਹਨ!
ਸਵੇਰੇ ਜਦੋਂ ਮੈਨੂੰ ਰਾਮੋਨਾ ਨੇ ਜਗਾਇਆ, ਦਿਨ ਚੜ੍ਹ ਆਇਆ ਸੀ। ਗਲੀ ਵਿਚ ਕਾਫ਼ੀ ਰੌਣਕ ਸੀ। ਫੇਰੀ ਵਾਲੇ ਹੋਕੇ ਦੇ ਰਹੇ ਸਨ।
“ਤਾਇਆ ਜੀ, ਮੰਮੀ ਚਾਹ ਲੈ ਆਵੇ?” ਮੇਰੇ ਵੱਲੋਂ ‘ਹਾਂ’ ਹੁੰਦਿਆਂ ਹੀ ਰਾਮੋਨਾ ਨੇ ਆਪਣੀ ਮੰਮੀ ਨੂੰ ਆਵਾਜ਼ ਦੇ ਦਿੱਤੀ। ਮੈਂ ਉਸ ਨੂੰ ਗੋਦੀ ਵਿਚ ਬੈਠਾ ਲਿਆ। ਉਹਦੇ ਪੀਲੇ ਚਿਹਰੇ ‘ਤੇ ਕੱਲ੍ਹ ਵਾਲੇ ਦਮੇ ਦੇ ਹਮਲੇ ਦੀ ਕੋਈ ਲਕੀਰ ਤੀਕ ਨਹੀਂ ਸੀ। ਜੇ ਬਿਮਾਰੀ ਨੂੰ ਬੱਚਿਆਂ ਵਾਂਗ ਲਿਆ ਜਾਵੇ ਤਾਂ ਬਹੁਤ ਕੁਝ ਸੌਖਿਆਂ ਹੀ ਜਰਿਆ ਜਾ ਸਕਦਾ ਹੈ, ਮੈਂ ਸੋਚਿਆ। ਸੀਮਾ ਚਾਹ ਲੈ ਕੇ ਆ ਗਈ। ਉਹ ਮੁਸਕਰਾਈ ਤਾਂ ਉਹਦੀਆਂ ਗੱਲ੍ਹਾਂ ‘ਚ ਟੋਏ ਪੈ ਗਏ। ਮੈਨੂੰ ਉਸ ਨੇ ਠਹਿਰਨ ਲਈ ਆਖਿਆ, ਰਾਮੋਨਾ ਵੀ ਖਹਿੜੇ ਪੈ ਗਈ।
ਪਰ ਅੱਜ ਮੈਂ ਲੁਧਿਆਣੇ ਪੁੱਜ ਕੇ ਲੱਖ ਰੁਪਏ ਦੀ ਐਫ਼.ਡੀ. ਕਰਵਾਉਣੀ ਸੀ ਅਤੇ ਚੰਡੀਗੜ੍ਹ ਪਲਾਟ ਖਰੀਦਣ ਲਈ ਕਿਸੇ ਸਿਫਾਰਸ਼ੀਏ ਨੂੰ ਮਿਲਣਾ ਸੀ। ਮੈਂ ਰੁਕ ਨਹੀ ਸਾਂ ਸਕਦਾ। ਜਸਵੰਤ ਰਿਕਸ਼ਾ ਲੈ ਆਇਆ। ਸਟੇਸ਼ਨ ਦੇ ਰਾਹ ਵਿਚ ਜਸਵੰਤ ਦੇ ਚਿਹਰੇ ਵੱਲ ਤੱਕ ਮੈਂ ਆਖਿਆ।
“ਜੱਸੀ! ਤੂੰ ਇੰਨੀਆਂ ਤਕਲੀਫ਼ਾਂ ਝੱਲੀਆਂ ਤੇ ਮੈਨੂੰ ਪਤਾ ਵੀ ਨਾ ਲੱਗਿਆ?”
“ਨਹੀਂ ਬਾਈ, ਮੇਰੀਆਂ ਤਕਲੀਫ਼ਾਂ ਕੋਈ ਅਲੋਕਾਰ ਤਾਂ ਨਹੀਂ। ਮੈਨੂੰ ਨਾ ਤਾਂ ਕਿਸੇ ਚੀਜ਼ ਦਾ ਅਫ਼ਸੋਸ ਐ, ਨਾ ਹੀ ਪਛਤਾਵਾ।” ਉਹ ਪੂਰੇ ਆਦਮੀ ਵਾਂਗ ਮੁਸਕਰਾਇਆ।
“ਹੁਣ ਇੰਗਲੈਂਡ ‘ਚ ਪਾਬੰਦੀਆਂ ਬਹੁਤ ਨੇ। ਨਹੀਂ ਤਾਂ ਮੈਂ ਤੈਨੂੰ ਉਥੇ ਸੱਦ ਲੈਂਦਾ। ਸੀਮਾ ਤੇ ਰਾਮੋਨਾ ਪਿੱਛੋਂ ਆ ਜਾਂਦੀਆਂ।”
“ਨਹੀਂ ਬਾਈ ਜੀ, ਮੈਂ ਇਥੇ ਬੜਾ ਠੀਕ ਆਂ। ਮੈਂ ਪੰਜਾਬੋਂ ਬਾਹਰ ਕਿਤੇ ਰਹਿ ਹੀ ਨਹੀਂ ਸਕਦਾ। ਦੋ ਮਹੀਨੇ ਪਿੰਡ ਨਾ ਜਾਵਾਂ ਤਾਂ ਮਰਨ ਵਰਗਾ ਹੋ ਜਾਨਾਂ।”
“ਭਵਿੱਖ ਬਾਰੇ ਕੀ ਵਿਚਾਰ ਐ?”
“ਬਹੁਤ ਰੌਸ਼ਨ ਹੋਵੇਗਾ। ਇਤਿਹਾਸ ਅੱਗੇ ਤੁਰੇਗਾ। ਨੇਕੀ ਦੀਆਂ ਤਾਕਤਾਂ ਤਕੜੀਆਂ ਹੋ ਕੇ ਲੜਨਗੀਆਂ। ਮੈਂ ਇਸ ਵਿਚ ਸਰਗਰਮੀ ਨਾਲ ਭਾਗ ਲਵਾਂਗਾ। ਸੀਮਾ ਪੀਐਚ.ਡੀ. ਕਰੇਗੀ-ਮੇਰੇ ਖ਼ਿਆਲ ‘ਚ ਮੈਂ ਵੀ। ਰਾਮੋਨਾ ਨੂੰ ਹਰ ਪੱਖੋਂ ਬਹੁਤ ਵਧੀਆ ਕੁੜੀ ਬਣਾਵਾਂਗੇ।”
ਸਟੇਸ਼ਨ ਆ ਗਿਆ। ਟਿਕਟ ਖ਼ਰੀਦੇ ਅਤੇ ਸ਼ਾਨੇ-ਪੰਜਾਬ ਵਿਚ ਆ ਬੈਠੇ। ਜਦੋਂ ਗੱਡੀ ਨੇ ਪਹਿਲੀ ਚੀਕ ਮਾਰੀ, ਮੈਂ ਸੌ-ਸੌ ਦੇ ਦਸ ਨੋਟ ਜਸਵੰਤ ਨੂੰ ਫੜਾਉਂਦਿਆਂ ਆਖਿਆ, “ਆਹ ਥੋੜ੍ਹੇ ਜਿਹੇ ਪੈਸੇ ਰੱਖ ਲੈ, ਕੋਈ ਲੋੜ ਪੂਰੀ ਹੋ ਜਾਵੇਗੀ।”
ਉਸ ਨੇ ਦੋਹਾਂ ਹੱਥਾਂ ਨਾਲ ਮੇਰਾ ਨੋਟਾਂ ਵਾਲਾ ਹੱਥ ਮੇਰੇ ਵੱਲ ਧੱਕ ਦਿੱਤਾ। ਬੜੀ ਜਾਨ ਸੀ ਉਹਦੇ ਹੱਥਾਂ ‘ਚ। ਮੈਂ ਮੁੜ ਜ਼ੋਰ ਦਿੱਤਾ। ਮੈਨੂੰ ਸੀਮਾ ਦੀ ਸ਼ਾਲ ਤੇ ਰਾਮੋਨਾ ਦੀ ਸਵੈਟਰ ਬਹੁਤ ਘਸੀਆਂ ਹੋਈਆਂ ਲੱਗੀਆਂ ਸਨ। ਜਸਵੰਤ ਦਾ ਕੋਟ ਰੈਗਜ਼ ਵਾਲਿਆਂ ਤੋਂ ਖ਼ਰੀਦਿਆ ਹੋਇਆ ਸੀ। ਮੈਨੂੰ ਬੜਾ ਤਰਸ ਆਇਆ ਸੀ।
“ਨਹੀਂ ਬਾਈ ਜੀ, ਸ਼ੁਕਰੀਆ। ਸਾਡੀਆਂ ਲੋੜਾਂ ਬਹੁਤ ਥੋੜ੍ਹੀਆਂ ਨੇ ਤੇ ਉਹ ਠੀਕ ਪੂਰੀਆਂ ਹੋ ਰਹੀਆਂ ਨੇ। ਆਏਂ ਫਿਰ ਆਦਤ ਪੈ ਜਾਂਦੀ ਐ, ਨਾਲੇ ਮੈਂ ਸਵੈ-ਤਰਸ ਨਾਲ ਮਰ ਜਾਵਾਂਗਾ...ਗੁਸਤਾਖੀ ਮਾਫ਼ ਕਰਨਾ।”
ਮੇਰਾ ਨੋਟਾਂ ਵਾਲਾ ਹੱਥ ਥਾਏਂ ਜੰਮ ਗਿਆ ਸੀ। ਮੈਂ ਉਹਦੇ ਚਿਹਰੇ ਵੱਲ ਤੱਕਿਆ, ਉਸ ‘ਤੇ ਇੰਨੀ ਦ੍ਰਿੜਤਾ ਸੀ ਕਿ ਮੈਂ ਹੱਥ ਅਗਾਂਹ ਕਰਨਾ ਦਾ ਹੌਸਲਾ ਹੀ ਨਾ ਕਰ ਸਕਿਆ।
ਸ਼ਾਨੇ-ਪੰਜਾਬ ਚੱਲ ਪਈ ਸੀ ਅਤੇ ਜਸਵੰਤ ਦਿਸਣ ਤੀਕ ਹੱਥ ਹਿਲਾਉਂਦਾ ਰਿਹਾ। ਮੈਂ ਨੋਟਾਂ ਦੀ ਦੱਥੀ ਬੈਗ ਵਿਚ ਪਾ ਲਈ। ਸ਼ਾਨੇ-ਪੰਜਾਬ ਨੇ ਜਦੋਂ ਨਹਿਰ ਦਾ ਪੁਲ ਪਾਰ ਕਰਦਿਆਂ ਖੜਕਾ ਕੀਤਾ, ਉਦੋਂ ਮੈਨੂੰ ਪਤਾ ਲੱਗਿਆ, ਇਹ ਤਾਂ ਗੱਡੀ ਹੈ, ਸ਼ਾਨੇ-ਪੰਜਾਬ ਨੂੰ ਤਾਂ ਮੈਂ ਪਲੇਟਫ਼ਾਰਮ ‘ਤੇ ਹੀ ਛੱਡ ਆਇਆ ਸਾਂ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)