Shankhnad (Story in Punjabi) : Munshi Premchand
ਸ਼ੰਖਨਾਦ (ਕਹਾਣੀ) : ਮੁਨਸ਼ੀ ਪ੍ਰੇਮਚੰਦ
ਭਾਨੂੰ ਚੌਧਰੀ ਪਿੰਡ ਦਾ ਮੁਖੀਆ ਸੀ। ਉਸ ਦਾ ਸਭ ਪਾਸੇ ਬੜਾ ਮਾਣ-ਤਾਣ ਸੀ। ਦਰੋਗਾ ਜੀ ਆਉਂਦੇ ਤਾਂ ਉਸ ਨੂੰ ਬੋਰੀ ਵਿਛਾਏ ਬਿਨਾਂ ਭੁੰਜੇ ਨਾ ਬੈਠਣ ਦਿੰਦੇ। ਉਸ ਦੀ ਚੰਗੀ ਧਾਂਕ ਬਣੀ ਹੋਈ ਸੀ। ਭਾਨੂੰ ਚੌਧਰੀ ਦੀ ਮਰਜ਼ੀ ਤੋਂ ਬਗੈਰ ਪਿੰਡ ਵਿੱਚ ਪੱਤਾ ਵੀ ਨਾ ਹਿੱਲਦਾ। ਕੋਈ ਵੀ ਰੌਲਾ ਭਾਵੇਂ ਸੱਸ-ਨੂੰਹ ਦਾ ਬੋਲ-ਬੁਲਾਰਾ ਹੋਇਆ ਹੁੰਦਾ, ਭਾਵੇਂ ਹੱਦਬੰਦੀ ਜਾਂ ਖੇਤ ਦਾ ਝਗੜਾ ਹੁੰਦਾ, ਚੌਧਰੀ ਘਟਨਾ ਵਾਲੀ ਥਾਂ ’ਤੇ ਝੱਟ ਪਹੁੰਚ ਜਾਂਦਾ ਸੀ। ਪੁੱਛ-ਪੜਤਾਲ ਕੀਤੀ ਜਾਂਦੀ, ਸਬੂਤਾਂ ਤੇ ਗਵਾਹਾਂ ’ਤੇ ਵਿਚਾਰ ਕੀਤੀ ਜਾਂਦੀ ਅਤੇ ਚੌਧਰੀ ਸਾਬ੍ਹ ਦੇ ਦਰਬਾਰ ’ਚ ਫ਼ੈਸਲਾ ਹੋ ਜਾਂਦਾ ਸੀ। ਪਰ ਇਸ ਖੱਜਲ-ਖੁਆਰੀ ਲਈ ਚੌਧਰੀ ਸਾਬ੍ਹ ਫੀਸ ਜ਼ਰੂਰ ਲੈਂਦੇ ਸਨ।
ਚੌਧਰੀ ਦੇ ਤਿੰਨ ਮੁੰਡੇ ਸਨ। ਵੱਡਾ ਬਿਤਾਨ ਪੜ੍ਹਿਆ-ਲਿਖਿਆ, ਤਜਰਬੇਕਾਰ ਤੇ ਨੀਤੀਵਾਨ ਸੀ। ਉਸ ਦੇ ਅਧੀਨ ਕਾਨੂੰਨੀ ਅਤੇ ਅਦਾਲਤੀ ਮਾਮਲੇ ਸਨ। ਵਿਚਕਾਰਲਾ ਮੁੰਡਾ ਸ਼ਾਨ ਖੇਤੀਬਾੜੀ ਵਿਭਾਗ ਵਿੱਚ ਅਫ਼ਸਰ ਸੀ। ਬੁੱਧੀ ਪੱਖੋਂ ਘੱਟ ਅਤੇ ਸਰੀਰ ਪੱਖੋਂ ਮਿਹਨਤੀ। ਤੀਜਾ ਲੜਕਾ ਗੁਮਾਨ ਸੀ। ਉਹ ਦਿਲ ਦਾ ਸਾਫ਼, ਪਰ ਸੁਭਾਅ ਦਾ ਥੋੜ੍ਹਾ ਅੱਖੜ ਸੀ। ਡਫਲੀ ਵਜਾਉਂਦਾ, ਮਿੱਠੇ ਸੁਰ ’ਚ ਐਸਾ ਖਿਆਲ ਗਾਉਂਦਾ ਕਿ ਰੰਗ ਜੰਮਾ ਦਿੰਦਾ ਸੀ। ਉਸ ਨੂੰ ਕੁਸ਼ਤੀ ਦਾ ਸ਼ੌਕ ਵੀ ਸੀ। ਪਰ ਪਿਤਾ ਅਤੇ ਭਰਾਵਾਂ ਨੇ ਉਸ ਨੂੰ ਇੱਕ ਬੰਜਰ ਖੇਤ ਹੀ ਸਮਝਿਆ ਹੋਇਆ ਸੀ। ਉਸ ਉਪਰ ਝਿੜਕਣ ਝੰਬਣ, ਬੇਨਤੀ, ਪਿਆਰ ਅਤੇ ਸਮਝਾਉਣ ਦਾ ਕੋਈ ਅਸਰ ਨਹੀਂ ਹੁੰਦਾ ਸੀ, ਪਰ ਭਾਬੀਆਂ ਉਸ ਤੋਂ ਨਾਰਾਜ਼ ਨਹੀਂ ਸਨ। ਕੋਈ ਹੀ ਦਿਨ ਲੰਘਦਾ ਹੋਣਾ, ਜਦੋਂ ਗੁਮਾਨ ਨੂੰ ਭਾਬੀਆਂ ਦੇ ਕੌੜੇ ਬੋਲ ਨਾ ਸੁਣਨੇ ਪਏ ਹੋਣ। ਕੌੜੇ ਬੋਲ ਤੀਰ ਬਣ ਕੇ ਉਸ ਦੇ ਦਿਲ ਵਿੱਚ ਚੁਭ ਜਾਂਦੇ, ਪਰ ਇਹ ਜ਼ਖ਼ਮ ਰਾਤੋ-ਰਾਤ ਸਹੀ ਹੋ ਜਾਂਦੇ ਸਨ। ਉਸ ਨੂੰ ਰਾਹ ’ਤੇ ਲਿਆਉਣ ਲਈ ਕਿਹੜੇ ਕਿਹੜੇ ਉਪਾਅ ਨਹੀਂ ਕੀਤੇ ਗਏ। ਪਿਤਾ ਸਮਝਾਉਂਦਾ, ‘‘ਪੁੱਤ, ਅਜਿਹੇ ਕੰਮ-ਕਾਰ ਕਰ, ਜਿਸ ਨਾਲ ਤੈਨੂੰ ਦੌਲਤ ਵੀ ਮਿਲੇ ਅਤੇ ਗ੍ਰਹਿਸਥੀ ਦਾ ਗੁਜ਼ਾਰਾ ਵੀ ਚਲੀ ਜਾਵੇ। ਭਾਈਆਂ ਦੇ ਆਸਰੇ ਕਦੋਂ ਤੀਕ ਬੈਠਾ ਰਹੇਂਗਾ? ਮੈਂ ਤਾਂ ਜੀਕੂੰ ਪੱਕਿਆ ਅੰਬ ਹਾਂ, ਅੱਜ ਡਿੱਗ ਪਵਾਂ ਜਾਂ ਭਲਕੇ। ਫਿਰ ਤੇਰਾ ਗੁਜ਼ਾਰਾ ਕਿਵੇਂ ਚੱਲੇਗਾ? ਆਪਣੇ ਜਵਾਨ ਮੁੰਡਿਆਂ ਦਾ ਭਾਰ ਕਿਵੇਂ ਚੁੱਕੇਂਗਾ?’’ ਗੁਮਾਨ ਖੜ੍ਹਾ ਸੁਣਦਾ ਰਿਹਾ। ਪਰ ਪੱਥਰ ’ਤੇ ਬੂੰਦ ਪਈ ਨਾ ਪਈ। ਗੁਮਾਨ ਦੀਆਂ ਆਦਤਾਂ ਦੀ ਸਜ਼ਾ ਉਸ ਦੀ ਪਤਨੀ ਨੂੰ ਭੁਗਤਣੀ ਪੈਂਦੀ ਸੀ। ਘਰ ਦੇ ਸਾਰੇ ਔਖੇ ਭਾਰੇ ਕੰਮ ਉਸ ਨੂੰ ਸੌਂਪ ਦਿੱਤੇ ਜਾਂਦੇ। ਇੱਕ ਵਾਰ ਉਹ ਆਪਣੇ ਪਤੀ ਨਾਲ ਕਈ ਦਿਨ ਰੁੱਸੀ ਰਹੀ ਸੀ ਤਾਂ ਕਿਤੇ ਗੁਮਾਨ ਥੋੜ੍ਹਾ ਢਿੱਲਾ ਪਿਆ। ਆਪਣੇ ਪਿਤਾ ਨੂੰ ਜਾ ਕੇ ਕਹਿਣ ਲੱਗਾ, ‘‘ਮੈਨੂੰ ਕੋਈ ਦੁਕਾਨ ਹੀ ਖੋਲ੍ਹ ਦਿਉ।’’ ਚੌਧਰੀ ਨੇ ਮੋਟੇ ਪੈਸੇ ਲਾ ਕੇ ਕੱਪੜੇ ਦੀ ਦੁਕਾਨ ਖੋਲ੍ਹ ਦਿੱਤੀ। ਗੁਮਾਨ ਦੇ ਭਾਗ ਜਾਗ ਪਏ। ਜੇਬ੍ਹ ਲਾ ਕੇ ਸਿਲਵਟ ਵਾਲੇ ਕੁੜਤੇ ਤਿਆਰ ਕਰਵਾਏ, ਮਲਮਲ ਦਾ ਸਾਫ਼ਾ ਰੰਗਾਇਆ। ਦੁਕਾਨ ਖੁੱਲ੍ਹਦੀ ਤਾਂ ਪੰਜ-ਸੱਤ ਮਿੱਤਰ ਆ ਬੈਠਦੇ। ਚਰਸ ਦੇ ਸੂਟੇ ਲੱਗਦੇ ਅਤੇ ਖਿਆਲਾਂ ਦੀਆਂ ਸੁਰਾਂ ਗੂੰਜਦੀਆਂ: ‘ਚਲ ਝਪਟ ਰੀ, ਜਮੁਨਾ ਤੱਟ ਰੀ, ਖੜੋ ਨਟਖਟ ਰੀ’। ਤਿੰਨ ਮਹੀਨੇ ਸੁਖ-ਸਾਂਦ ਨਾਲ ਲੰਘੇ। ਗੁਮਾਨ ਨੇ ਦਿਲ ਖੋਲ੍ਹ ਕੇ ਇੱਛਾਵਾਂ ਪੂਰੀਆਂ ਕੀਤੀਆਂ। ਬੋਰੀ ਦੇ ਟੁਕੜੇ ਤੋਂ ਇਲਾਵਾ ਦੁਕਾਨ ਵਿੱਚ ਕੱਖ ਨਾ ਬੱਚਿਆ। ਬਜ਼ੁਰਗ ਚੌਧਰੀ ਚਲਿਆ, ਖੂਹ ’ਚ ਛਾਲ ਮਾਰਨ। ਭਾਬੀਆਂ ਨੇ ਵੀ ਅੰਦੋਲਨ ਚਲਾਇਆ, ਪਰ ਗੁਮਾਨ ਦੇ ਵਿਹਾਰ ’ਚ ਭੋਰਾ ਤਬਦੀਲੀ ਨਾ ਆਈ। ਮੁੜ ਪੁਰਾਣੇ ਤੌਰ-ਤਰੀਕਿਆਂ ’ਤੇ ਆ ਗਿਆ। ਕਾਨੂੰਨਦਾਨ ਬਿਤਾਨ ਉਸ ਦੀ ਠਾਠ-ਬਾਠ ਦੇਖ ਕੇ ਸੜ ਬਲ ਜਾਂਦਾ। ਕਹਿੰਦਾ, ‘‘ਮੈਂ ਦਿਨ ਭਰ ਪਸੀਨਾ ਵਹਾਉਂਦਾ ਹਾਂ, ਮੈਨੂੰ ਤਾਂ ਅਜਿਹਾ ਕੁੜਤਾ ਵੀ ਨਸੀਬ ਨਹੀਂ ਹੁੰਦਾ। ਇਹ ਵਿਹਲਾ ਮੰਜੀ ਤੋੜਦਾ ਹੈ ਤਾਂ ਵੀ ਬਣ-ਠਣ ਕੇ ਨਿਕਲਦਾ ਹੈ।’’ ਉਸ ਨੂੰ ਸ਼ਾਨ ਵੀ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ। ਆਖ਼ਿਰ ਅੱਗ ਭੜਕ ਪਈ। ਬਿਤਾਨ ਦੀ ਪਤਨੀ, ਗੁਮਾਨ ਦੇ ਸਾਰੇ ਕੱਪੜੇ ਚੁੱਕ ਲਿਆਈ। ਉਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾਉਣ ਲੱਗੀ। ਗੁਮਾਨ ਰੋਂਦਾ ਰਿਹਾ। ਦੋਵੇਂ ਭਰਾ ਖੜ੍ਹੇ ਤਮਾਸ਼ਾ ਦੇਖੀ ਗਏ। ਬੁੱਢਾ ਚੌਧਰੀ ਇਹ ਦ੍ਰਿਸ਼ ਦੇਖ ਕੇ ਸਿਰ ਪਿੱਟਣ ਲੱਗਾ। ਇਹ ਅੱਗ ਤਾਂ ਥੋੜ੍ਹੀ ਦੇਰ ਪਿੱਛੋਂ ਸ਼ਾਂਤ ਹੋ ਗਈ, ਪਰ ਦਿਲ ਦੀ ਅੱਗ ਜਿਉਂ ਦੀ ਤਿਉਂ ਧੁਖ਼ਦੀ ਰਹੀ। ਆਖ਼ਿਰ ਚੌਧਰੀ ਨੇ ਘਰ ਦੇ ਸਭਨਾਂ ਮੈਂਬਰਾਂ ਨੂੰ ਇਕੱਠਾ ਕੀਤਾ। ਉਹ ਬਿਤਾਨ ਨੂੰ ਕਹਿੰਦਾ, ‘‘ਬੇਟਾ, ਸੈਂਕੜੇ ਰੁਪਈਆਂ ’ਤੇ ਪਾਣੀ ਫਿਰ ਚੁੱਕਾ ਹੈ। ਤੂੰ ਕੋਈ ਐਸਾ ਰਾਹ ਲੱਭ ਤਾਂ ਜੋ ਘਰ ਡੁੱਬਣੋਂ ਬਚ ਜਾਵੇ।’’ ਬਿਤਾਨ ਅਜੇ ਸੋਚ ਹੀ ਰਿਹਾ ਸੀ ਕਿ ਉਸ ਦੀ ਪਤਨੀ ਬੋਲ ਪਈ, ‘‘ਹੁਣ ਸਮਝਾਉਣ-ਬੁਝਾਉਣ ਨਾਲ ਕੰਮ ਨਹੀਂ ਚੱਲਣਾ। ਬਰਦਾਸ਼ਤ ਕਰਦਿਆਂ ਕਰਦਿਆਂ ਅਸੀਂ ਸਾਰੇ ਅੱਕ ਚੁੱਕੇ ਹਾਂ। ਮੈਂ ਸਾਫ਼ ਕਹਿੰਦੀ ਹਾਂ, ਵੰਡ-ਵੰਡਾਰਾ ਕਰ ਕੇ, ਸਾਡਾ ਹਿੱਸਾ ਸਾਨੂੰ ਦੇ ਦਿਓ, ਇਸ ਦਾ ਇਸ ਨੂੰ। ਅਸੀਂ ਆਪਣੀ ਵੱਖਰੀ ਝੌਂਪੜੀ ਬਣਾ ਲਵਾਂਗੇ।’’
ਹੁਣ ਘੱਟ ਬੁੱਧੀ ਵਾਲੇ ਸ਼ਾਨ ਨੇ ਕੀ ਬੋਲਣਾ ਸੀ। ਉਸ ਦੀ ਪਤਨੀ ਜਠਾਣੀ ਪਿੱਛੇ ਲੱਗ ਕੇ ਹੁੰਗਾਰਾ ਭਰਦੀ ਗਈ। ਸ਼ਾਨ ਤਾਂ ਬੱਸ ਚੁੱਪ ਕਰਕੇ ਉਸ ਦੀ ਕਹੀ ਗੱਲ ’ਤੇ ਸਹਿਮਤੀ ਦਿਖਾਉਂਦਾ ਰਿਹਾ। ਹੁਣ ਬਜ਼ੁਰਗ ਚੌਧਰੀ, ਗੁਮਾਨ ਨੂੰ ਕਹਿਣ ਲੱਗਾ, ‘‘ਕਿਉਂ ਪੁੱਤਰਾ, ਤੈਨੂੰ ਇਹ ਮਨਜ਼ੂਰ ਹੈ? ਅਜੇ ਵੀ ਕੁਝ ਨਹੀਂ ਵਿਗੜਿਆ। ਕੰਮ ਪਿਆਰਾ ਹੁੰਦਾ ਹੈ, ਚੰਮ ਨਹੀਂ। ਬੋਲ, ਤੂੰ ਕੀ ਕਹਿੰਦਾ ਹੈਂ?’’ ਗੁਮਾਨ ’ਚ ਹੌਸਲੇ ਦੀ ਘਾਟ ਨਹੀਂ ਸੀ, ਪਰ ਉਸ ਨੂੰ ਭਾਈਆਂ ਦੇ ਵਿਹਾਰ ’ਤੇ ਗੁੱਸਾ ਆ ਗਿਆ। ਬੋਲਿਆ, ‘‘ਜਿਵੇਂ ਮੇਰੇ ਭਰਾ ਚਾਹੁੰਦੇ ਹਨ, ਮੈਨੂੰ ਠੀਕ ਹੈ। ਮੈਂ ਵੀ ਇਸ ਝੰਜਟ ਤੋਂ ਮੁਕਤੀ ਚਾਹੁੰਦਾ ਹਾਂ। ਮੈਂ ਕਿਸੇ ਨੂੰ ਕੰਮ ਕਰਨ ਨੂੰ ਨਹੀਂ ਕਹਿੰਦਾ। ਤੁਸੀਂ ਮੇਰੇ ਕਿਉਂ ਪਿੱਛੇ ਪਏ ਰਹਿੰਦੇ ਹੋ? ਆਪੋ ਆਪਣੀ ਚਿੰਤਾ ਕਰੋ। ਮੈਨੂੰ ਅੱਧਾ ਸੇਰ ਆਟੇ ਦੀ ਘਾਟ ਨਹੀਂ।’’
ਇਸ ਤਰ੍ਹਾਂ ਦੇ ਇਕੱਠ ਬੜੀ ਵਾਰ ਹੋ ਚੁੱਕੇ ਸਨ, ਪਰ ਸਿੱਟਾ ਕੋਈ ਨਹੀਂ ਸੀ ਨਿਕਲਿਆ। ਗੁਮਾਨ ਨੇ ਦੋ ਤਿੰਨ ਦਿਨ ਘਰ ਖਾਣਾ ਨਾ ਖਾਧਾ। ਆਖ਼ਿਰ ਬੁੱਢਾ ਚੌਧਰੀ ਹੀ ਉਸ ਨੂੰ ਮਨਾ ਕੇ ਲਿਆਇਆ ਸੀ। ਚੌਧਰੀ ਦੇ ਘਰ ਦੇ ਜੁਆਕ ਵੀ ਸਿਆਣੇ ਸਨ। ਉਨ੍ਹਾਂ ਲਈ ਘੋੜੇ ਮਿੱਟੀ ਦੇ ਘੋੜੇ ਸਨ ਅਤੇ ਕਿਸ਼ਤੀਆਂ ਕਾਗ਼ਜ਼ ਦੀਆਂ ਕਿਸ਼ਤੀਆਂ। ਫੁੱਲਾਂ ਬਾਰੇ ਉਨ੍ਹਾਂ ਕੋਲ ਅਸੀਮ ਗਿਆਨ ਸੀ। ਪਿੱਪਲ ਦੀਆਂ ਗੋਲਾਂ, ਜੰਗਲੀ ਬੇਰਾਂ ਤੇ ਹੋਰ ਕਿੰਨੇ ਹੀ ਫਲ ਸਨ ਜਿਨ੍ਹਾਂ ਨੂੰ ਉਹ ਰੋਗਾਂ ਦਾ ਘਰ ਮੰਨਦੇ ਸਨ। ਪਰ ਜਦੋਂ ਗੁਰਦੀਨ ਗਲੀ ਵਿੱਚ ਹੋਕਾ ਦਿੰਦਾ ਤਾਂ ਬੱਚੇ ਜਾਗ ਪੈਂਦੇ ਸਨ। ਪਿੰਡ ਵਿੱਚ ਉਹ ਹਫ਼ਤੇ ਪਿੱਛੋਂ ਗੇੜਾ ਮਾਰਦਾ ਸੀ। ਗੁਰਦੀਨ ਦੇਖਣ ਨੂੰ ਬੁੱਢਾ ਅਤੇ ਮੈਲਾ-ਕੁਚੈਲਾ ਦਿਸਦਾ ਸੀ, ਪਰ ਬੱਚਿਆਂ ਲਈ ਉਹ ਕਿਸੇ ਦੈਵੀ ਮੰਤਰ ਨਾਲੋਂ ਘੱਟ ਨਹੀਂ ਸੀ। ਉਹ ਬੱਚਿਆਂ ਨੂੰ ਮਠਿਆਈਆਂ ਵੇਚਦਾ ਅਤੇ ਮਾਵਾਂ ਨੂੰ ਮਿੱਠੀਆਂ ਗੱਲਾਂ। ਬੱਚੇ-ਬੱਚੇ ਦੇ ਹੱਥ ’ਤੇ ਭੋਰਾ ਮਠਿਆਈ ਰੱਖ ਹੀ ਦਿੰਦਾ। ਪੂਰੀ ਅਪਣੱਤ ਨਾਲ ਕਹਿੰਦਾ, ‘‘ਬਹੂ ਜੀ, ਪੈਸੇ ਦੀ ਚਿੰਤਾ ਨਾ ਕਰੋ, ਆ ਜਾਣਗੇ ਫੇਰ, ਭੱਜ ਨ੍ਹੀਂ ਚੱਲੇ।’’
ਮੰਗਲਵਾਰ ਦਾ ਦਿਨ ਸੀ। ਬੱਚੇ ਬੇਸਬਰੀ ਨਾਲ ਬੂਹਿਆਂ ’ਤੇ ਖੜ੍ਹੇ ਗੁਰਦੀਨ ਨੂੰ ਉਡੀਕ ਰਹੇ ਸਨ। ਸੂਰਜ ਪੱਛਮ ਵਿੱਚ ਪਹੁੰਚ ਗਿਆ ਸੀ। ਉਹ ਆਇਆ ਤਾਂ ਬੱਚੇ ਉਸ ਵੱਲ ਦੌੜੇ। ਗੁਰਦੀਨ ਨੇ ਆਪਣੀ ਸੰਦੂਕੜੀ ਉਤਾਰ ਲਈ। ਲੱਗਾ ਭੋਰਾ-ਭੋਰਾ ਮਠਿਆਈ ਵੰਡਣ। ਪਹਿਲਾ ਘਰ ਚੌਧਰੀ ਦਾ ਸੀ। ਬਿਤਾਨ ਦੀ ਪਤਨੀ ਆਪਣੇ ਤਿੰਨੇ ਮੁੰਡਿਆਂ ਨਾਲ ਅਤੇ ਸ਼ਾਨ ਦੀ ਪਤਨੀ ਦੋਵਾਂ ਮੁੰਡਿਆਂ ਨਾਲ ਉਸ ਕੋਲ ਆ ਗਈਆਂ। ਗੁਰਦੀਨ ਮਿੱਠੀਆਂ ਗੱਲਾਂ ਕਰਨ ਲੱਗਿਆ। ਪੈਸੇ ਝੋਲੇ ਵਿੱਚ ਰੱਖ ਕੇ ਧੇਲੇ ਦੀ ਮਠਿਆਈ ਦਿੱਤੀ ਤੇ ਧੇਲੇ ਦੀ ਆਸ਼ੀਰਵਾਦ। ਪਿੰਡ ਵਿੱਚ ਕੋਈ ਅਜਿਹਾ ਬੱਚਾ ਨਹੀਂ ਸੀ ਜਿਸ ਨੇ ਗੁਰਦੀਨ ਦੀ ਦਿਆਲਤਾ ਦਾ ਫ਼ਾਇਦਾ ਨਾ ਉਠਾਇਆ ਹੋਵੇ। ਹਾਂ, ਇੱਕ ਬੱਚਾ ਸੀ ਅਜਿਹਾ। ਉਹ ਸੀ ਗੁਮਾਨ ਦਾ ਮੁੰਡਾ ਧਾਨ।
ਧਾਨ ਆਪਣੇ ਭੈਣਾਂ-ਭਰਾਵਾਂ ਨੂੰ ਮਠਿਆਈਆਂ ਲੈਂਦਿਆਂ ਦੇਖਦਾ ਤਾਂ ਉਸ ਦਾ ਮਨ ਵੀ ਲਲਚਾਉਂਦਾ। ਮਾਂ ਦਾ ਪੱਲਾ ਫੜ੍ਹ ਕੇ ਦਰਵਾਜ਼ੇ ਵੱਲ ਨੂੰ ਖਿੱਚਣ ਲੱਗਦਾ, ਪਰ ਉਹ ਵਿਚਾਰੀ ਔਰਤ ਕੀ ਕਰਦੀ? ਉਹ ਆਪਣੇ ਨਖੱਟੂ ਪਤੀ ’ਤੇ ਬੁੜਬੁੜ ਕਰਦੀ। ਆਦਮੀ ਨਿਕੰਮਾ ਨਾ ਹੁੰਦਾ ਤਾਂ ਉਸ ਨੂੰ ਦੂਜਿਆਂ ਦੇ ਮੂੰਹ ਵੱਲ ਨਾ ਦੇਖਣਾ ਪੈਂਦਾ। ਉਸ ਨੇ ਮੁੰਡੇ ਨੂੰ ਗੋਦੀ ਚੁੱਕ ਲਿਆ ਅਤੇ ਪਿਆਰ ਨਾਲ ਦਿਲਾਸਾ ਦੇਣ ਲੱਗੀ, ‘‘ਰੋ ਨਾ ਪੁੱਤਰ, ਹੁਣ ਜਦੋਂ ਗੁਰਦੀਨ ਆਵੇਗਾ ਤਾਂ ਤੈਨੂੰ ਬਹੁਤ ਸਾਰੀ ਮਠਿਆਈ ਲੈ ਕੇ ਦਿਆਂਗੀ।’’ ਇਹ ਕਹਿੰਦਿਆਂ ਉਸ ਦੀਆਂ ਅੱਖਾਂ ਛਲਕ ਪਈਆਂ। ਉਹ ਮੰਗਲਵਾਰ ਦੇ ਦਿਨ ਨੂੰ ਕੋਸਣ ਲੱਗੀ। ‘ਮੰਗਲਵਾਰ ਦਾ ਮਨਹੂਸ ਦਿਨ ਆਉਂਦਾ ਹੈ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਉਣੇ ਪੈਂਦੇ ਹਨ।’ ਉਹ ਵਿਚਾਰੀ ਫ਼ਿਕਰਾਂ ਵਿੱਚ ਡੁੱਬੀ ਹੋਈ ਸੀ। ਮੁੰਡਾ ਕਿਸੇ ਤਰੀਕੇ ਚੁੱਪ ਹੀ ਨਹੀਂ ਕਰ ਰਿਹਾ ਸੀ। ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਦੋ-ਤਿੰਨ ਚਪੇੜਾਂ ਉਪਰੋਂ ਥਲੀ, ਜੁਆਕ ਦੇ ਜੜ੍ਹ ਦਿੱਤੀਆਂ। ਬੋਲੀ, ‘‘ਨਿਕਰਮਿਆ, ਚੁੱਪ ਕਰ। ਤੇਰਾ ਮੂੰਹ ਹੈ ਮਠਿਆਈ ਖਾਣ ਵਾਲਾ?’’
ਗੁਮਾਨ ਕੋਠੀ ਦੇ ਦਰਵਾਜ਼ੇ ਕੋਲ ਬੈਠਾ, ਇਹ ਸਾਰਾ ਕੁਝ ਗਹੁ ਨਾਲ ਦੇਖ ਰਿਹਾ ਸੀ। ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ। ਬੱਚੇ ਨੂੰ ਪਏ ਥੱਪੜ ਉਸ ਦੀ ਰੂਹ ਨੂੰ ਝੰਜੋੜ ਗਏ। ਗੁਮਾਨ ਦੀਆਂ ਅੱਖਾਂ ਦੇ ਅੱਥਰੂ ਉਸ ਦੇ ਦਿਲ ਦੀ ਮੈਲ ਨੂੰ ਧੋ ਗਏ ਸਨ। ਉਸ ਨੇ ਬੱਚੇ ਨੂੰ ਗੋਦੀ ਚੁੱਕ ਲਿਆ ਅਤੇ ਪਤਨੀ ਨੂੰ ਕਹਿਣ ਲੱਗਿਆ, ‘‘ਬੱਚੇ ਨੂੰ ਐਨਾ ਗੁੱਸੇ ਕਿਉਂ ਹੁੰਦੀ ਹੈਂ? ਤੇਰਾ ਦੋਸ਼ੀ ਮੈਂ ਹਾਂ, ਮੈਨੂੰ ਜੋ ਮਰਜ਼ੀ ਸਜ਼ਾ ਦੇ। ਰੱਬ ਨੇ ਚਾਹਿਆ ਤਾਂ ਇਸ ਘਰ ਵਿੱਚ ਕੱਲ੍ਹ ਤੋਂ ਲੋਕ, ਮੇਰਾ ਤੇ ਮੇਰੇ ਬੱਚਿਆਂ ਦਾ ਆਦਰ ਕਰਿਆ ਕਰਨਗੇ। ਅੱਜ ਤੂੰ ਮੈਨੂੰ ਜਗਾ ਦਿੱਤਾ ਹੈ। ਏਨਾ ਜਗਾ ਦਿੱਤਾ ਹੈ ਕਿ ਮੇਰੇ ਕੰਨਾਂ ਵਿੱਚ ਸੰਖਨਾਦ ਵੱਜ ਪਿਆ ਹੈ ਜੋ ਮੈਨੂੰ ਕਰਮ ਦੇ ਰਾਹ ’ਤੇ ਤੁਰਨ ਦੀ ਪ੍ਰੇਰਨਾ ਦੇ ਗਿਆ ਹੈ।’’
(ਅਨੁਵਾਦ: ਹਰੀ ਕ੍ਰਿਸ਼ਨ ਮਾਇਰ)