Shardha Di Ghuttir (Punjabi Story) : Kuldeep Sirsa

ਸ਼ਰਧਾ ਦੀ ਘੁੱਟੀ (ਛੋਟੀ ਕਹਾਣੀ) : ਕੁਲਦੀਪ ਸਿਰਸਾ

ਇਹ ਕਹਾਣੀ ਇੱਕ ਅਜਿਹੇ ਦੇਸ਼ ਦੀ ਹੈ ਜਿੱਥੇ ਲੋਕ ਰੋਟੀਆਂ ਬੀਜਦੇ ਅਤੇ ਆਪਸ ਵਿੱਚ ਵੰਡ ਕੇ ਖਾ ਲੈਂਦੇ ਸਨ। ਕਿਉਂਕਿ ਰੋਟੀਆਂ ਵੰਡ ਕੇ ਖਾਂਦੇ ਸਨ ਇਸ ਲਈ ਉਹਨਾਂ ਦੀ ਜ਼ਿੰਦਗੀ ਸਬਰ-ਸੰਤੋਖ ਵਾਲੀ ਸੀ, ਭਾਈਚਾਰੇ ਵਾਲੀ ਸੀ, ਸਮੂਹਿਕਤਾ ਵਾਲੀ ਸੀ, ਮਨੁੱਖ-ਕੇਂਦਰਿਤ ਸੀ।

ਪਰ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਇੱਕ ਵਿਅਕਤੀ ਦੀ ਇੱਛਾ ਪੈਦਾ ਹੋਈ ਕਿ ਉਹ ਬਹੁਤ ਸਾਰੀਆਂ ਰੋਟੀਆਂ ਦਾ ਮਾਲਕ ਹੋਵੇ। ਉਹ ਰੋਟੀਆਂ ਦੀ ਵੱਡੀ ਸਾਰੀ ਢੇਰੀ ਉੱਪਰ ਬੈਠੇ ਤਾਂ ਕਿ ਦੂਸਰਿਆਂ ਨਾਲੋਂ ਉੱਚਾ ਹੋ ਸਕੇ।ਇਸ ਲਈ ਉਸ ਵਿਅਕਤੀ ਨੇ ਦੂਸਰਿਆਂ ਤੋਂ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਉਸ ਨੂੰ 'ਰੋਟੀ-ਚੋਰ' ਕਿਹਾ। ਕੋਈ ਵੀ ਉਸਨੂੰ ਆਪਣੀ ਰੋਟੀ ਦੇਣ ਲਈ ਤਿਆਰ ਨਹੀਂ ਸੀ। ਰੋਟੀ ਖੋਹਣਾ ਬੜਾ ਔਖਾ ਅਤੇ ਬਦਨਾਮੀ ਵਾਲਾ ਕੰਮ ਸੀ।

ਉਸ 'ਰੋਟੀ-ਚੋਰ' ਨੇ ਰੋਟੀ ਖੋਹਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ। ਉਸਨੇ ਇੱਕ 'ਸ਼ਰਧਾ ਦੀ ਘੁੱਟੀ' ਤਿਆਰ ਕੀਤੀ। ਰੋਟੀ-ਚੋਰ ਲੋਕਾਂ ਨੂੰ 'ਸ਼ਰਧਾ ਦੀ ਘੁੱਟੀ' ਪਿਆ ਕੇ ਉਹਨਾ ਤੋਂ ਰੋਟੀ ਖੋਹ ਲੈਂਦਾ। 'ਸ਼ਰਧਾ ਦੀ ਘੁੱਟੀ' ਪੀਣ ਵਾਲੇ ਨੂੰ ਇਹ ਪਤਾ ਹੀ ਨਾ ਲੱਗਦਾ ਕਿ ਉਸ ਦੀ ਰੋਟੀ ਚੋਰੀ ਕਿਸ ਨੇ ਕੀਤੀ ਹੈ, ਉਸ ਦੇ ਹਿੱਸੇ ਦੀ ਰੋਟੀ ਕਿੱਥੇ ਗਈ। ਇਸ ਤਰਾਂ ਰੋਟੀ-ਚੋਰ ਨੇ ਰੋਟੀਆਂ ਦੀ ਇੱਕ ਪਹਾੜੀ ਬਣਾ ਲਈ ਅਤੇ ਉਸ ਉਪਰ ਬੈਠ ਕੇ ਆਪਣੇ-ਆਪ ਨੂੰ ਉੱਚਾ ਅਤੇ ਮਹਾਨ ਸਮਝਣ ਲੱਗਾ। ਪਰ ਹਾਲੇ ਵੀ ਉਹ ਸੰਤੁਸ਼ਟ ਨਹੀਂ ਹੋ ਰਿਹਾ ਸੀ। ਉਹ ਰੋਟੀਆਂ ਦਾ ਪਹਾੜ ਬਣਾਉਣਾ ਚਾਹੁੰਦਾ ਸੀ। ਉਸ ਦੀ ਲਾਲਸਾ ਦਿਨ ਬ-ਦਿਨ ਵੱਧਦੀ ਜਾ ਰਹੀ ਸੀ।ਦੂਸਰੇ ਪਾਸੇ 'ਸ਼ਰਧਾ ਦੀ ਘੁੱਟੀ' ਪੀਣ ਵਾਲੇ ਲੋਕ ਜ਼ਿੰਦਗੀ ਦੀਆਂ ਤੰਗੀਆਂ-ਤੁਰੂਸ਼ੀਆਂ ਤੇ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਸਨ।

ਰੋਟੀ-ਚੋਰ ਨੇ ਰੋਟੀਆਂ ਖੋਹਣ ਦਾ ਇਕ ਹੋਰ ਨਵਾਂ ਤਰੀਕਾ ਇਜ਼ਾਦ ਕੀਤਾ। ਉਸ ਨੇ ਆਪਣੇ ਨਾਲ ਦੋ ਵਿਅਕਤੀਆਂ ਨੂੰ ਹੋਰ ਜੋੜ ਲਿਆ। ਉਨਾਂ ਦੋ ਵਿਅਕਤੀਆਂ ਵਿੱਚੋਂ ਇੱਕ ਲੋਕਾਂ ਨੂੰ 'ਸ਼ਰਧਾ ਦੀ ਘੁੱਟੀ' ਪਿਆਉਂਦਾ ਅਤੇ ਦੂਸਰਾ ਉਹਨਾਂ ਦੀਆਂ ਰੋਟੀਆਂ ਖੋਹ ਕੇ ਰੋਟੀ-ਚੋਰ ਕੋਲ ਜਮਾ ਕਰਵਾਉਣ ਲੱਗਾ। ਇਹ ਸਕੀਮ ਕਾਮਯਾਬ ਹੋਈ। ਇਹ ਸਿਲਸਿਲਾ ਚੱਲ ਨਿਕਲਿਆ। ਹੌਲੀ ਹੌਲੀ ਤਿੰਨੋ ਤਾਕਤਵਰ ਹੁੰਦੇ ਗਏ। ਲੇਕਿਨ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦਾ ਸਨਮਾਨ ਨਹੀਂ ਸੀ।

ਆਖਿਰ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦਾ ਸਨਮਾਨ ਯੋਗ-ਰੁਤਬਾ ਬਣਾਉਣ ਦਾ ਕੰਮ 'ਸ਼ਰਧਾ ਦੀ ਘੁੱਟੀ' ਪਿਆਉਣ ਵਾਲੇ ਨੇ ਆਪਣੇ ਹੱਥ ਲਿਆ। ਉਸਨੇ 'ਸ਼ਰਧਾ ਦੀ ਘੁੱਟੀ' ਵਿਚ 'ਕਿਸਮਤ ਦਾ ਤੜਕਾ' ਮਿਲਾ ਕਿ ਉੱਤੇ 'ਪਿਛਲੇ ਜਨਮਾਂ ਦਾ ਫਲ' ਭੁੱਕ ਦਿੱਤਾ।ਇਸ ਨਵੀਂ 'ਸ਼ਰਧਾ ਦੀ ਘੁੱਟੀ' ਨੇ ਬਾਜੀ ਹੀ ਪਲਟ ਦਿੱਤੀ। ਹੁਣ ਲੋਕ ਰੋਟੀ-ਚੋਰ ਦਾ ਸਨਮਾਨ ਕਰਨ ਲੱਗੇ। ਉਸ ਨੂੰ ਰੋਟੀ-ਚੋਰ ਨਹੀਂ, 'ਰੋਟ-ਪਤੀ' ਕਹਿਣ ਲੱਗੇ। 'ਸ਼ਰਧਾ ਦੀ ਘੁੱਟੀ' ਪਿਆਉਣ ਵਾਲੇ ਨੂੰ 'ਸ਼ਰਧਾ-ਗੁਰੂ' ਕਹਿਣ ਲੱਗੇ। ਲੋਕਾਂ ਤੋਂ ਰੋਟੀਆਂ ਖੋਹ ਕੇ 'ਰੋਟ-ਪਤੀ' ਨੂੰ ਦੇਣ ਵਾਲੇ ਨੂੰ ਲੋਕ ਹੁਣ 'ਰੋਟੀ-ਰਾਜ-ਮਹਾਰਾਜ-ਸ਼ਹਿਨਸ਼ਾਹ-ਏ-ਮੁਲਕ' ਕਹਿੰਦੇ ਸਨ।ਬੇਸ਼ਕ ਬਹੁਤ ਘੱਟ ਲੋਕਾਂ ਨੂੰ ਤਿੰਨ ਟਾਈਮ ਦੀ ਰੋਟੀ ਨਸੀਬ ਹੁੰਦੀ ਸੀ। ਬਹੁਤਿਆਂ ਨੂੰ ਤਾਂ ਦਿਨ ਵਿੱਚ ਇੱਕ ਟਾਈਮ ਦੀ ਰੋਟੀ ਹੀ ਨਸੀਬ ਹੁੰਦੀ ਸੀ।ਬਹੁਤ ਸਾਰੇ ਅਜਿਹੇ ਵੀ ਸਨ ਜਿਨਾਂ ਨੂੰ ਹਫਤੇ ਵਿੱਚ ਇੱਕ ਵਾਰੀ ਹੀ ਰੋਟੀ ਨਸੀਬ ਹੁੰਦੀ ਸੀ।ਇਸਦੇ ਬਾਵਜੂਦ 'ਸ਼ਰਧਾ ਦੀ ਘੁੱਟੀ' ਸਭ ਨੂੰ ਖੁਸ਼ ਰੱਖਦੀ ਸੀ।

  • ਮੁੱਖ ਪੰਨਾ : ਕਹਾਣੀਆਂ, ਕੁਲਦੀਪ ਸਿਰਸਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ