Sher Nu Jiunda Karanwale Char Dost : Panchtantra Kahani
ਸ਼ੇਰ ਨੂੰ ਜਿਉਂਦਾ ਕਰਨ ਵਾਲੇ ਚਾਰ ਦੋਸਤ : ਪੰਚਤੰਤਰ ਬਾਲ ਕਹਾਣੀ
ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ । ਉਹ ਹਮੇਸ਼ਾ ਇਕੱਠੇ ਹੀ ਰਹਿੰਦੇ । ਉਨ੍ਹਾਂ ਵਿਚੋਂ ਤਿੰਨ ਬਹੁਤ ਗਿਆਨੀ ਸਨ । ਚੌਥਾ ਦੋਸਤ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਂਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ।
ਇੱਕ ਦਿਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਦੂਰ-ਦੂਰ ਦੇਸ਼ਾਂ ਵਿੱਚ ਘੁੰਮ-ਘੁੰਮਕੇ ਉਹਨਾਂ ਨੂੰ ਵੇਖਿਆ ਜਾਵੇ ਤੇ ਨਾਲ ਹੀ ਦੌਲਤ ਕਮਾਈ ਜਾਵੇ। ਉਹ ਘਰੋਂ ਟੁਰ ਪਏ ਤੇ ਛੇਤੀ ਹੀ ਇੱਕ ਸੰਘਣੇ ਜੰਗਲ ਵਿੱਚ ਪੁੱਜ ਗਏ । ਰਾਹ ਵਿੱਚ ਉਨ੍ਹਾਂ ਨੇ ਕਿਸੇ ਜਾਨਵਰ ਦੀਆਂ ਹੱਡੀਆਂ ਜ਼ਮੀਨ ਉੱਤੇ ਖਿੰਡੀਆਂ ਹੋਈਆਂ ਵੇਖੀਆਂ । ਇੱਕ ਗਿਆਨੀ ਬੋਲਿਆ , ''ਸਾਨੂੰ ਆਪਣਾ ਗਿਆਨ ਪਰਖਣ ਦਾ ਮੌਕਾ ਮਿਲ ਗਿਆ ਹੈ। ਇਹ ਹੱਡੀਆਂ ਕਿਸੇ ਮਰੇ ਹੋਏ ਜਾਨਵਰ ਦੀਆਂ ਹਨ। ਮੈਂ ਉਨ੍ਹਾਂ ਨੂੰ ਦੁਬਾਰਾ ਜੋੜ ਦੇਵਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਹੱਡੀਆਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ।''
ਦੂਜੇ ਦੋਸਤ ਨੇ ਕਿਹਾ, ''ਮੈਂ ਇਸ ਜਾਨਵਰ ਉੱਤੇ ਮਾਸ ਅਤੇ ਖੱਲ ਚੜ੍ਹਾ ਦੇਵਾਂਗਾ ਤੇ ਨਾਲ ਹੀ ਖੂਨ ਪਾ ਦੇਵਾਂਗਾ।''
ਤੀਜੇ ਦੋਸਤ ਨੇ ਕਿਹਾ, ''ਮੈਂ ਆਪਣੇ ਅਮੁੱਲ ਗਿਆਨ ਨਾਲ ਇਸ ਜਾਨਵਰ ਨੂੰ ਜਿੰਦਾ ਕਰ ਦੇਵਾਂਗਾ।''
ਪਹਿਲੇ ਗਿਆਨੀ ਜਵਾਨ ਨੇ ਉਸ ਜਾਨਵਰ ਦੀਆਂ ਹੱਡੀਆਂ ਸਹੀ-ਸਹੀ ਜੋੜ ਦਿੱਤੀਆਂ ਅਤੇ ਦੂਜੇ ਨੇ ਉਸ ਉੱਤੇ ਮਾਸ ਅਤੇ ਖੱਲ ਚੜ੍ਹਾ ਦਿੱਤੀ ਅਤੇ ਖੂਨ ਪਾ ਦਿੱਤਾ।
ਚੌਥਾ ਜਵਾਨ ਜ਼ੋਰ-ਜ਼ੋਰ ਦੀ ਰੌਲਾ ਪਾਉਣ ਲੱਗਾ, ''ਰੁਕ ਜਾਓ ! ਇਸ ਜਾਨਵਰ ਵਿੱਚ ਜਾਨ ਨਾ ਪਾਇਓ, ਇਹ ਤਾਂ ਸ਼ੇਰ ਹੈ ।''
ਪਰ ਗਿਆਨੀ ਦੋਸਤਾਂ ਨੇ ਉਸਦੀ ਗੱਲ ਨਾ ਸੁਣੀ। ਉਨ੍ਹਾਂ ਨੇ ਉਸ ਨੂੰ ਜਿਉਂਦਾ ਕਰਨ ਦੀ ਪੱਕੀ ਧਾਰੀ ਹੋਈ ਸੀ। ਦੁਨੀਆਂਦਾਰੀ ਜਾਣਨ ਵਾਲਾ ਦੋਸਤ ਕਾਹਲੀ ਨਾਲ ਲਾਗਲੇ ਰੁੱਖ ਉੱਤੇ ਚੜ੍ਹ ਗਿਆ ਅਤੇ ਵੇਖਣ ਲਗਾ। ਤੀਜੇ ਦੋਸਤ ਨੇ ਸ਼ੇਰ ਵਿੱਚ ਜਾਨ ਪਾ ਦਿੱਤੀ । ਸ਼ੇਰ ਜਿਉਂਦਾ ਹੁੰਦਿਆਂ ਹੀ ਦਹਾੜਨ ਲੱਗਾ ਅਤੇ ਤਿੰਨੇ ਗਿਆਨੀਆਂ ਉੱਤੇ ਝਪਟਿਆ । ਚੌਥੇ ਦੋਸਤ ਦੇ ਵਿੰਹਦਿਆਂ-ਵਿੰਹਦਿਆਂ ਹੀ ਸ਼ੇਰ ਨੇ ਉਹਨਾਂ ਨੂੰ ਮਾਰ ਦਿੱਤਾ । ਚੌਥੇ ਦੋਸਤ ਨੂੰ ਦੁੱਖ ਤਾਂ ਬੜਾ ਹੋਇਆ ਪਰ ਉਹ ਕੀ ਕਰ ਸਕਦਾ ਸੀ।
ਸਿੱਖਿਆ-ਅਕਲ ਤੋਂ ਬਿਨਾਂ ਗਿਆਨ ਮਾਰੂ ਹੋ ਸਕਦਾ ਹੈ ।