Kiun Nahin Ditta Janda Schoolan 'Ch Bachian Nu Sikhi Da Gian ? : Dhanjall Zira

ਕਿਉਂ ਨਹੀਂ ਦਿੱਤਾ ਜਾਂਦਾ ਸਕੂਲਾਂ 'ਚ ਬੱਚਿਆਂ ਨੂੰ ਸਿੱਖੀ ਦਾ ਗਿਆਨ ? : ਧੰਜਲ ਜ਼ੀਰਾ

ਬੜੇ ਮਾਣ ਦੀ ਗੱਲ ਆ ਕਿ ਸਾਡੇ ਪੰਜਾਬ 'ਚ ਬਹੁਤ ਵੱਡੇ ਵੱਡੇ ਤੇ ਵਧੀਆ ਸਕੂਲ ਹਨ। ਜਿੱਥੋਂ ਦਾ ਪੜ੍ਹਿਆ ਬੱਚਾ ਬਹੁਤ ਉੱਚੇ ਅਹੁਦੇ 'ਤੇ ਪਹੁੰਚ ਜਾਂਦਾ ਹੈ। ਸਕੂਲ ਦਾ ਨਾਮ ਰੌਸ਼ਨ ਕਰਦਾ ਹੈ, ਪਰ ਸ਼ਰਮ ਵਾਲੀ ਗੱਲ ਇਹ ਹੈ ਕਿ ਇਹਨਾਂ ਵੱਡੇ ਸਕੂਲਾਂ 'ਚ ਇਕੱਲੀ ਅੰਗਰੇਜੀ ਸੱਭਿਅਤਾ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ, ਨਾ ਕਿ ਸਾਡੇ ਸਿੱਖ ਧਰਮ ਨੂੰ।
ਕਿਉਂ ਨਹੀਂ ਦੱਸਿਆ ਜਾਂਦਾ ਬੱਚਿਆਂ ਨੂੰ ਸਾਡੇ ਸਿੱਖ ਧਰਮ ਬਾਰੇ?
ਕਿਉਂ ਨਹੀਂ ਪੜ੍ਹਾਉਂਦੇ ਅਧਿਆਪਕ ਬੱਚਿਆਂ ਨੂੰ ਸਿੱਖੀ ਬਾਰੇ?
ਕੀ ਗੱਲ ਅਧਿਆਪਕਾਂ ਨੂੰ ਗਿਆਨ ਨਹੀਂ ਹੈ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ, ਸਾਡੇ ਗੁਰੂਆਂ ਬਾਰੇ?
ਕੀ ਗੱਲ ਮਾਪੇ ਸਕੂਲਾਂ ਨੂੰ ਫੀਸਾਂ ਪੂਰੀਆਂ ਨਹੀਂ ਦਿੰਦੇ
ਜਾਂ
ਸਿੱਖੀ ਦੀ ਸਿੱਖਿਆ ਲਈ ਅਲੱਗ ਤੋਂ ਫੀਸ ਦੇਣੀ ਪੈਂਦੀ ਹੈ?

ਜੇ ਨਹੀਂ ਪੜ੍ਹਾ ਸਕਦੇ ਸਕੂਲਾਂ 'ਚ ਬੱਚਿਆਂ ਨੂੰ ਸਿੱਖ ਧਰਮ ਬਾਰੇ ਤਾਂ ਜਦੋਂ ਬੱਚੇ ਦਾ ਦਾਖਲਾ ਹੁੰਦਾ ਹੈ, ਉਹਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ ਜਾਗਰੂਕ ਕਰਾਓ, ਕਿ ਅਸੀਂ ਤੁਹਾਡੇ ਬੱਚੇ ਨੂੰ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ ਨਹੀਂ ਪੜ੍ਹਾ ਸਕਦੇ, ਇਹਦੇ ਲਈ ਤੁਹਾਨੂੰ ਬਾਹਰੋਂ ਟਿਊਸ਼ਨ ਲੈਣੀ ਪਵੇਗੀ।

ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕਿਸੇ ਚੈਨਲ ਦੇ ਐਂਕਰ ਵੱਲੋਂ ਮਾਈਕ ਲਿਆਕੇ ਕਿਸੇ ਬੱਚੇ ਦੇ ਅੱਗੇ ਕਰਕੇ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ,
ਹਾਂਜੀ ਦੱਸੋ ਬੱਚਿਓ, ਗੁਰੂ ਨਾਨਕ ਦੇਵ ਜੀ ਕੌਣ ਸਨ?
ਤੇ ਅੱਗੋਂ ਪਹਿਲੇ ਬੱਚੇ ਦਾ ਜਵਾਬ ਆਉਂਦਾ, 'ਮੈਨੂੰ ਨਹੀਂ ਪਤਾ।'
ਦੂਜੇ ਬੱਚੇ ਦਾ ਜਵਾਬ ਆਉਂਦਾ, ‘I don’t know’
ਤੀਜੇ ਬੱਚੇ ਦਾ ਜਵਾਬ ਆਉਂਦਾ, 'ਸਾਨੂੰ ਇਹ ਲੇਖ ਹੀ ਨਹੀਂ ਹੈ।'
ਚੌਥੇ ਬੱਚੇ ਦਾ ਜਵਾਬ ਆਉਂਦਾ, 'ਸਾਨੂੰ ਪੜ੍ਹਾਇਆ ਹੀ ਨਹੀਂ ਜਾਂਦਾ ਇਹਦੇ ਬਾਰੇ।'

ਜਦੋਂ ਬੱਚਿਆਂ ਨੂੰ ਸਕੂਲਾਂ 'ਚ ਗੁਰੂਆਂ ਬਾਰੇ ਪੜ੍ਹਾਇਆ ਹੀ ਨਹੀਂ ਜਾਂਦਾ ਤਾਂ ਉਹ ਵਿਚਾਰੇ ਜਵਾਬ ਵੀ ਕਿੱਥੋਂ ਦੇਣ? ਕਿਹੜੇ ਮਹਿਕਮੇ ਨੇ ਕਨੂੰਨ ਪਾਸ ਕੀਤਾ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇਣਾ? ਉਹਨਾਂ ਨੂੰ ਉਹਨਾਂ ਦੇ ਗੁਰੂਆਂ ਬਾਰੇ ਨਹੀਂ ਦੱਸਣਾ। ਚਲੋ ਮੰਨ ਲੈਨੇ ਆਂ ਕਿ ਸਕੂਲ ਦਾ ਪੱਧਰ ਬਹੁਤ ਉੱਚਾ ਏ, ਉਹ ਪੰਜਾਬੀ ਨਹੀਂ ਪੜ੍ਹਾਉਂਦੇ ਸਾਰਾ ਕੁੱਝ ਅੰਗਰੇਜੀ 'ਚ ਹੀ ਪੜ੍ਹਾਉਂਦੇ ਹਨ ਤੇ ਗੁਰੂਆਂ ਬਾਰੇ ਤਾਂ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਹੈ, ਬੱਚਿਆਂ ਨੂੰ ਅੰਗਰੇਜੀ ਵਿੱਚ ਵੀ ਸਿੱਖੀ ਦਾ ਗਿਆਨ ਦਿੱਤਾ ਜਾ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਕੂਲਾਂ ਵਾਲੇ ਦੂਜੇ ਵਿਸ਼ੇ ਬੰਦ ਕਰ ਦੇਣ, ਨਹੀਂ, ਬਲਕਿ ਉਹਨਾਂ ਦੇ ਨਾਲ ਨਾਲ ਹਰੇਕ ਬੱਚੇ ਨੂੰ ਉਹਨਾਂ ਦੇ ਗੁਰੂਆਂ ਬਾਰੇ ਵੀ ਚਾਨਣਾ ਪਾਉਣ।

ਮੈਂ ਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ, ਸਾਰੇ ਧਰਮਾਂ 'ਚ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਗੁਰੂਆਂ ਦਾ ਗਿਆਨ ਹੋਣਾ ਲਾਜਮੀ ਹੈ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ।

ਇੱਥੇ ਇਕੱਲੇ ਸਕੂਲਾਂ ਵਾਲੇ ਗਲਤ ਨਹੀਂ ਹਨ, ਇੱਥੇ ਕੁੱਝ ਕੁ ਫੀਸਦੀ ਮਾਪੇ ਵੀ ਗਲਤ ਹਨ, ਜਿਹੜੇ ਕਿ ਆਪ ਸਿੱਖ ਹੋਣ ਦੇ ਨਾਤੇ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇ ਸਕਦੇ।

ਮੇਰਾ ਤਾਂ ਕਹਿਣਾ ਸਾਰੇ ਸਕੂਲਾਂ 'ਚ ਦੂਜੇ ਵਿਸ਼ਿਆਂ ਦੇ ਨਾਲ ਨਾਲ ਇੱਕ ਪੀਰੀਅਡ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਵੀ ਹੋਣਾ ਚਾਹੀਦਾ ਹੈ। ਤਾਂ ਕਿ ਕੋਈ ਵੀ ਬੱਚਾ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਵਾਂਝਾ ਨਾ ਰਹਿ ਸਕੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਧੰਜਲ ਜ਼ੀਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ