Punjabi Stories/Kahanian
ਰਾਮ ਲਾਲ
Ram Lal
Punjabi Kavita
  

Sil Ram Lal

ਸਿਲ ਰਾਮ ਲਾਲ

ਮਾਨ ਸਿੰਘ ਆਪਣੀ ਪਤਨੀ ਨਾਲ ਸਾਰੇ ਦੇਸ਼ ਦੀ ਸੈਰ ਕਰਨ ਨਿਕਲਆ ਹੋਇਆ ਸੀ, ਵੇਰਾਵਾਲ ਵਿਚ ਅਚਾਨਕ ਪਤਨੀ ਦੀ ਮੌਤ ਹੋ ਗਈ। ਬਿਮਾਰ ਤਾਂ ਉਹ ਇਕ ਅਰਸੇ ਤੋਂ ਰਹਿੰਦੀ ਸੀ ਪਰ ਪਤੀ ਨਾਲ ਘੁੰਮਣ-ਫਿਰਨ ਤੋਂ ਕਦੀ ਇਨਕਾਰ ਨਹੀਂ ਸੀ ਕੀਤਾ ਉਸਨੇ। ਜਦੋਂ ਦਾ ਉਹ ਰਿਟਾਇਰ ਹੋਇਆ ਸੀ ਸਾਲ ਵਿਚ ਇਕ ਦੋ ਵਾਰੀ ਕਿਤੇ ਨਾ ਕਿਤੇ ਜ਼ਰੂਰ ਹੋ ਆਉਂਦਾ ਸੀ...ਬੰਬਈ, ਮਦਰਾਸ, ਮੈਸੂਰ, ਹੈਦਰਾਬਾਦ, ਕਲਕੱਤਾ ਅਤੇ ਦਾਰਜੀਲਿੰਗ—ਉਹ ਉਸ ਨਾਲ ਘੁੰਮ ਚੁੱਕੀ ਸੀ। ਉਹਨਾਂ ਦਾ ਇਹ ਸ਼ੌਕ ਦੇਖ ਕੇ ਲੋਕ ਸਿਰਫ ਹੱਸਦੇ ਹੀ ਨਹੀਂ ਸਨ ਹੁੰਦੇ, ਸਗੋਂ ਉਹਨਾਂ ਦੀ ਕਿਸਮਤ ਉੱਤੇ ਅਸ਼-ਅਸ਼ ਵੀ ਕਰਦੇ ਹੁੰਦੇ ਸਨ ਕਿ ਪਤੀ-ਪਤਨੀ ਹੋਣ ਤਾਂ ਇਹੋ-ਜਿਹੇ ਜਿਹੜੇ ਬੁਢੇਪੇ ਵਿਚ ਵੀ ਇਵੇਂ ਹੀ ਨਾਲ-ਨਾਲ ਰਹਿਣ।
ਮਾਨ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ ਤੇ ਧੀ ਨੂੰ ਤਾਰ ਦੁਆਰਾ ਉਹਨਾਂ ਦੀ ਮਾਂ ਦੀ ਮੌਤ ਦੀ ਖਬਰ ਭਿਜਵਾ ਦਿੱਤੀ...'ਮੈਂ ਸਤ ਨਵੰਬਰ ਤੀਕ ਹਰਦੁਆਰ ਪਹੁੰਚ ਜਾਵਾਂਗਾ। ਅਸਥੀਆਂ ਗੰਗਾ ਵਿਚ ਹੀ ਪ੍ਰਵਾਹੀਆਂ ਜਾਣਗੀਆਂ। ਤੁਸੀਂ ਸਾਰੇ ਉੱਥੇ ਹੀ ਆ ਜਾਇਓ।'
ਇਹ ਗੱਲ ਠੀਕ ਵੀ ਸੀ...ਸਾਰੇ ਦੂਰ ਦੂਰ ਤੇ ਵੱਖਰੇ-ਵੱਖਰੇ ਸ਼ਹਿਰਾਂ ਵਿਚ ਰਹਿੰਦੇ ਸਨ। ਵੇਰਾਵਾਲ ਪਹੁੰਚਣ ਲਈ ਉਹਨਾਂ ਨੂੰ ਕਾਫੀ ਮੁਸੀਬਤਾਂ ਝੱਲਣੀਆਂ ਪੈਣੀਆਂ ਸਨ। ਨਰਿੰਦਰ ਸਿੰਘ ਪਟਿਆਲੇ ਵਿਚ ਰਹਿੰਦਾ ਸੀ ਤੇ ਸੁਰਿੰਦਰ ਸਿੰਘ ਲਖ਼ਨਊ ਵਿਚ...ਤੇ ਪਰਮਜੀਤ ਕੌਰ ਅੱਜ ਕਲ੍ਹ ਆਪਣੇ ਪਤੀ ਤੇ ਦੋਏ ਬੱਚਿਆਂ ਨਾਲ ਪਟਨੇ ਵਿਚ ਰਹਿ ਰਹੀ ਸੀ।
ਪਤਨੀ ਦੇ ਅਚਾਨਕ ਵਿਛੋੜੇ ਸਦਕਾ ਮਾਨ ਸਿੰਘ ਉਦਾਸ ਜਿਹਾ ਹੋ ਗਿਆ ਸੀ। ਦੋਹਾਂ ਨੇ ਲਗਭਗ ਚਾਲ੍ਹੀ ਸਾਲ ਇਕੱਠਿਆਂ ਬਿਤਾਏ ਸਨ। ਇਹੋ ਜਿਹਾ ਮੌਕਾ ਘੱਟ ਹੀ ਆਇਆ ਸੀ ਜਦੋਂ ਕਦੀ ਉਹਨਾਂ ਵਿਚਕਾਰ ਕੋਈ ਵੱਡੀ ਤਕਰਾਰ ਹੋਈ ਹੋਵੇ। ਬਸ ਮੁੰਡਿਆਂ ਤੇ ਕੁੜੀ ਦੇ ਰਿਸ਼ਤੇ ਨਾਤੇ ਦੀ ਚੋਣ ਸਮੇਂ ਮਾਮੂਲੀ ਜਿਹੇ ਮਤਭੇਦ ਹੋਏ ਸਨ, ਪਰ ਫੇਰ ਦੋਵਾਂ ਦੀ ਸਿਆਣਪ ਸਦਕਾ ਸਭ ਕੁਝ ਠੀਕ ਠਾਕ ਹੋ ਗਿਆ ਸੀ। ਹੁਣ ਤਾਂ ਸੁਖ ਨਾਲ ਉਹ ਸਾਰੇ ਹੀ ਬਾਲ ਬੱਚੇਦਾਰ ਹੋਏ ਹੋਏ ਸਨ। ਕਦੀ ਉਹ ਸਾਰੇ ਉਹਨਾਂ ਦੇ ਦਿੱਲੀ ਵਾਲੇ ਨਿੱਕੇ ਜਿਹੇ ਮਕਾਨ ਵਿਚ ਆ ਜਾਂਦੇ, ਤੇ ਕਦੀ ਉਹ ਦੋਏ ਆਪ ਜਾ ਕੇ ਵਾਰੀ ਵਾਰੀ ਉਹਨਾਂ ਨੂੰ ਮਿਲ ਆਉਂਦੇ। ਰੇਲਵੇ ਦੀ ਨੌਕਰੀ ਤੋਂ ਰਿਟਾਇਰ ਹੋਣ ਪਿਛੋਂ ਮਾਨ ਸਿੰਘ ਨੂੰ ਦੋ ਵਿਸ਼ੇਸ਼ ਸਹੂਲਤਾਂ ਮਿਲੀਆਂ ਸਨ—ਇਕ ਵਾਜਬ ਪੈਨਸ਼ਨ ਤੇ ਦੂਜੀ ਰੇਲ ਦਾ ਫਰੀ ਯਾਤਰਾ ਪਾਸ। ਇੰਜ ਉਹ ਆਪਣੀ ਪਤਨੀ ਨਾਲ ਸਾਲ ਵਿਚ ਦੋ ਵਾਰੀ ਕਿਤੇ ਨਾ ਕਿਤੇ ਹੋ ਆਉਂਦਾ ਹੁੰਦਾ ਸੀ।
ਤੇ ਹੁਣ ਪਤਨੀ ਆਪਣੀ ਅੰਤਿਮ ਯਾਤਰਾ ਉਪਰ ਰਵਾਨਾਂ ਹੋ ਗਈ ਸੀ...ਉਸ ਦੀਆਂ ਅਸਥੀਆਂ ਨੂੰ ਕਲਸ਼ ਵਿਚ ਪਾ ਕੇ ਉਹ ਹਰਦੁਆਰ ਵੱਲ ਲੈ ਤੁਰਿਆ। ਹਰਦੁਆਰ ਜਾਣ ਵਾਲੀ ਜਿਸ ਪੈਸਿੰਜਰ ਟ੍ਰੇਨ ਵਿਚ ਉਹ ਸਹਾਰਨਪੁਰ ਤੋਂ ਟਰੇਨ ਬਦਲ ਕੇ ਬੈਠਾ ਸੀ ਉਸ ਵਿਚ ਹੋਰ ਵੀ ਕਈ ਲੋਕ, ਉਸ ਵਾਂਗ ਹੀ ਆਪਣੇ ਕਿਸੇ ਨਾ ਕਿਸੇ ਸਕੇ-ਸਬੰਧੀ ਦੀਆਂ ਅਸਥੀਆਂ ਲੈ ਜਾ ਰਹੇ ਸਨ। ਉਹ ਇਕ ਦੂਜੇ ਨੂੰ ਉਹਨਾਂ ਬਾਰੇ ਦਸਦੇ ਰਹੇ ਸਨ, ਪਰ ਮਾਨ ਸਿੰਘ ਪੂਰੇ ਸਫ਼ਰ ਦੌਰਾਨ ਚੁੱਪ ਬੈਠਾ ਆਪਣੀ ਪਤਨੀ ਦੇ ਖ਼ਿਆਲਾਂ ਵਿਚ ਡੁੱਬਿਆ ਰਿਹਾ ਸੀ, ਜਿਸ ਦੀਆਂ ਯਾਦਾਂ ਅਜੇ ਰਤਾ ਵੀ ਧੁੰਦਲੀਆਂ ਨਹੀਂ ਸਨ ਹੋਈਆਂ।
ਉਹਨਾਂ ਦਾ ਵਿਆਹ ਇਕ ਪਰਿਵਾਰਿਕ ਝਗੜੇ ਦਾ ਨਤੀਜਾ ਸੀ। ਬਲਬੀਰ ਕੌਰ ਦੇ ਪਿਤਾ ਯਾਨੀ ਉਸਦੇ ਸਕੇ ਮਾਮੇ ਨੇ ਜ਼ਮੀਨ ਦੇ ਝਗੜੇ ਤੋਂ ਅੱਕ ਕੇ ਉਸਦੇ ਹੋਣ ਵਾਲੇ ਪਤੀ ਤੇ ਉਸਦੇ ਪਿਉ ਨੂੰ ਕ੍ਰਿਪਾਨ ਨਾਲ ਵੱਢ ਸੁੱਟਿਆ ਸੀ। ਸੋ ਬਲਬੀਰ ਕੌਰ ਨਾਲ ਸ਼ਾਦੀ ਕਰਵਾਉਣ ਨੂੰ ਕੋਈ ਵੀ ਤਿਆਰ ਨਹੀਂ ਸੀ।...ਤਿਆਰ ਹੁੰਦਾ ਵੀ ਕਿਵੇਂ! ਜਿਸ ਕੁੜੀ ਦੇ ਕਾਤਲ ਪਿਓ ਦਾ ਮੁਕੱਦਮਾ ਸੈਸ਼ਨ ਦੇ ਚੱਲ ਰਿਹਾ ਹੋਵੇ, ਮੌਕੇ ਦੇ ਗਵਾਹਾਂ ਦੀ ਲੰਮੀ ਕਤਾਰ ਹੋਵੇ, ਤੇ ਉਸ ਦਾ ਫਾਹੇ ਲੱਗ ਜਾਣਾ ਲਾਜ਼ਮੀ ਲੱਗਦਾ ਪਿਆ ਹੋਵੇ...ਭਲਾ ਉਹ ਕੁੜੀ ਆਪ ਕਿਹੋ-ਜਿਹੇ ਸੁਭਾਅ ਦੀ ਹੋਵੇਗੀ! ਪਰ ਉਸ ਪਰਵਾਰ ਵਿਚ ਕੁਝ ਬਜ਼ੁਰਗ ਅਜਿਹੇ ਦਿਆਲੂ ਤੇ ਹਮਦਰਦ ਵੀ ਸਨ, ਜਿਹਨਾਂ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿੱਤੀ । ਉਹਨਾਂ ਮਾਨ ਸਿੰਘ ਦੇ ਮਾਂ-ਪਿਓ ਉਪਰ ਜ਼ੋਰ ਪਾ ਕੇ, ਉਸ ਦਾ ਵਿਆਹ ਮਾਨ ਸਿੰਘ ਨਾਲ ਕਰਵਾ ਦਿੱਤਾ। ਇਹ ਸਭ ਕੁਝ ਬਿਲਕੁਲ ਹੀ ਅਚਾਨਕ ਵਾਪਰ ਗਿਆ ਸੀ। ਮਾਨ ਸਿੰਘ ਨੇ ਕਦੀ ਇਸ ਬਾਰੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਇੰਜ ਉਸਦੇ ਮਾਮੇ ਦੀ ਧੀ ਨਾਲ ਹੀ ਕਰ ਦਿੱਤਾ ਜਾਵੇਗਾ। ਉਹਨੀਂ ਦਿਨੀ ਉਹ ਕੁਝ ਦਿਨਾਂ ਦੀ ਛੱਟੀ ਕੱਟਣ ਪਿੰਡ ਆਇਆ ਹੋਇਆ ਸੀ ਤੇ ਜਦ ਉੱਥੋਂ ਵਾਪਸ ਆਇਆ ਤਾਂ ਉਸ ਦੀ ਨਵੀਂ ਵਿਆਹੀ ਲਾੜੀ ਦੇ ਪਿਤਾ ਨੂੰ ਫਾਂਸੀ ਦਾ ਹੁਕਮ ਵੀ ਸੁਣਾਅ ਦਿੱਤਾ ਗਿਆ ਸੀ। ਇੰਜ ਮੱਲੋ-ਮੱਲੀ ਵਿਆਹ ਦੇ ਵਿਆਹ ਦੇ ਬੰਨ੍ਹਣ ਵਿਚ ਜਕੜ ਦਿੱਤਾ ਜਾਣ ਕਰਕੇ ਉਹ ਆਪਣੇ ਪੂਰੇ ਪਰਿਵਾਰ ਨਾਲ ਹੀ ਨਾਰਾਜ਼ ਹੋ ਗਿਆ ਸੀ ਤੇ ਫੇਰ ਕਦੀ ਪਿੰਡ ਵਾਪਸ ਨਹੀਂ ਸੀ ਗਿਆ । ਬਲਬੀਰ ਕੌਰ ਵੀ ਅੰਤ ਸਮੇਂ ਤਕ ਆਪਣੇ ਪਤੀ ਦੇ ਨਾਲ ਰਹੀ...ਉਸ ਪਿੰਡ ਵਿਚ ਵਾਪਸ ਜਾਣਾ ਉਸ ਨੂੰ ਵੀ ਕਦੀ ਚੰਗਾ ਨਹੀਂ ਸੀ ਲੱਗਿਆ, ਜਿੱਥੇ ਉਸ ਦੇ ਕਾਤਲ ਬਾਪ ਦੇ ਕਿੱਸੇ ਹਰੇਕ ਦੀ ਜ਼ੁਬਾਨ ਉੱਤੇ ਰਹਿੰਦੇ ਸਨ।
ਜੇ ਇਹ ਦੁਰਘਟਨਾ ਨਾ ਵਾਪਰੀ ਹੁੰਦੀ ਤਾਂ ਯਕੀਨਨ ਮਾਨ ਸਿੰਘ ਦੀ ਪਤਨੀ ਵੀ ਕੋਈ ਹੋਰ ਹੀ ਹੁੰਦੀ। ਇਕ ਦਿਨ ਮਾਨ ਸਿੰਘ ਨੇ ਆਪਣੀ ਪਤਨੀ ਨੂੰ ਦੱਸਿਆ ਵੀ ਸੀ ਕਿ ਉਸ ਦੀ ਸ਼ਾਦੀ ਨੂਰਪੁਰ ਦੇ ਇਕ ਕਿਸਾਨ ਦੀ ਧੀ ਨਾਲ ਹੋਣੀ ਤੈਅ ਹੋਈ ਸੀ। ਸਾਰੀ ਗੱਲਬਾਤ ਹੋ ਚੁੱਕੀ ਸੀ ਪਰ ਹੁੰਦਾ ਉਹੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ।
ਕਈ ਸਾਲ ਪਹਿਲਾਂ—ਸ਼ਾਇਦ ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਸੀ। ਉਦੋਂ ਉਹ ਰਿਟਾਇਰ ਨਹੀਂ ਸੀ ਹੋਇਆ ਤੇ ਆਪਣੀ ਪਤਨੀ ਨਾਲ ਅੰਮ੍ਰਿਤਸਰ ਗਿਆ ਸੀ। ਉਹਨਾਂ ਦੀ ਧੀ ਪਰਮਜੀਤ ਕੌਰ ਵੀ ਨਾਲ ਹੀ ਸੀ। ਉਹ ਸਾਰੇ ਦਰਬਾਰ ਸਾਹਬ ਇਸ਼ਨਾਨ ਕਰਨ ਗਏ ਸਨ। ਉੱਥੇ ਦੁੱਖਭੰਜਨੀ ਬੇਰੀ ਦੇ ਸਾਹਮਣੇ ਇਕ ਅੱਧਖੜ ਜਿਹੀ ਔਰਤ ਸਿਰ ਝੁਕਾਈ ਬੈਠੀ ਨਜ਼ਰ ਆਈ। ਉਦੋਂ ਉਹ ਆਪਣੀ ਪਤਨੀ ਤੇ ਧੀ ਨੂੰ ਸਰੋਵਰ ਦੀ ਪੌੜੀ ਉਪਰ ਲਗਵਾਈ ਗਈ ਆਪਣੇ ਪਿਤਾ ਦੇ ਨਾਂ ਦੀ ਸਿਲ ਦਿਖਾਅ ਰਿਹਾ ਸੀ...ਜਿਸ ਉੱਤੇ ਉਕੇਰੇ ਅੱਖਰ ਹੁਣ ਕਾਫੀ ਹੱਦ ਤੱਕ ਮਿਟ ਚੁੱਕੇ ਸਨ। ਅਨੇਕਾਂ ਪੈਰਾਂ ਹੇਠ ਆ-ਆ ਕੇ ਸਿਲ ਨੂੰ ਵੀ ਘਾਸਾ ਪੈ ਗਿਆ ਸੀ।...ਤੇ ਉਹ ਉਹਨਾਂ ਨੂੰ ਆਪਣੇ ਪਿਤਾ ਬਾਰੇ ਦੱਸਦਾ-ਦੱਸਦਾ ਅਚਾਨਕ ਚੁੱਪ ਹੋ ਗਿਆ ਤੇ ਉਸ ਜ਼ਨਾਨੀ ਵੱਲ ਸਿਲ-ਪੱਥਰ ਜਿਹਾ ਹੋ ਕੇ ਦੇਖਣ ਲੱਗ ਪਿਆ ਸੀ। ਹੈਰਾਨ ਤੇ ਚੁੱਪਚਾਪ! ਉਹਨੇ ਵੀ ਬੇਰੀ ਨੂੰ ਮੱਥਾ ਟੇਕ ਕੇ ਸਿਰ ਉਪਰ ਚੁੱਕਿਆ ਤੇ ਉਸ ਵੱਲ ਵਿੰਹਦੀ ਹੀ ਰਹਿ ਗਈ! ਪਰ ਫੇਰ ਝੱਟ ਹੀ ਉਹਦੇ ਚਿਹਰੇ ਉਪਰ ਉਹੀ—ਸ਼ਰਧਾ, ਮੋਹ, ਸ਼ਾਂਤੀ ਤੇ ਆਤਮ-ਵਿਸ਼ਵਾਸ ਦੇ ਰਲੇ-ਮਿਲੇ ਭਾਵ ਪਰਤ ਆਏ ਸਨ। ਉਹ ਸਿਰ, ਕੰਨ ਤੇ ਸਾਰੇ ਸਰੀਰ ਨੂੰ ਆਪਣੇ ਉਪਰ ਲਈ ਹੋਈ ਲੋਈ ਵਿਚ ਲਪੇਟਦਿਆਂ ਉੱਥੋਂ ਤੁਰ ਗਈ ਸੀ। ਉਸ ਨੇ ਬੁੱਲ੍ਹਾਂ ਵਿਚ ਜਪੁਜੀ ਦਾ ਪਾਠ ਕਰਦਿਆਂ ਪਰਿਕਰਮਾਂ ਪੂਰੀ ਕੀਤੀ, ਪਰ ਪਰਤ ਕੇ ਮਾਨ ਸਿੰਘ ਵੱਲ ਇਕ ਵਾਰੀ ਵੀ ਨਾ ਦੇਖਿਆ!
ਮਾਨ ਸਿੰਘ ਆਪਣੀ ਪਤਨੀ ਨੂੰ ਇਹ ਦੱਸਣ ਦਾ ਹੌਸਲਾ ਨਹੀਂ ਸੀ ਕਰ ਸਕਿਆ ਕਿ ਇਹ ਉਹੀ ਔਰਤ ਸੀ ਜਿਸ ਨਾਲ ਉਸਦਾ ਰਿਸ਼ਤਾ ਤੈਅ ਹੋਇਆ ਸੀ।
ਅੰਮ੍ਰਿਤਸਰ ਵਿਚ ਦੋ ਤਿੰਨ ਦਿਨ ਰਹਿ ਕੇ ਉਸਨੇ ਇਸ ਗੱਲ ਦਾ ਪਤਾ ਵੀ ਲਾ ਲਿਆ ਸੀ ਕਿ ਉਹ ਹਾਲ ਬਾਜ਼ਾਰ ਦੇ ਇਕ ਹਰਮੋਨੀਅਮ ਮੇਕਰ ਦੀ ਪਤਨੀ ਬਣ ਚੁੱਕੀ ਹੈ। ਹਰਮੋਨੀਅਮ ਮੇਕਰ ਨੂੰ ਵੀ ਉਸਨੇ ਦੂਰੋਂ ਹੀ ਦੇਖ ਲਿਆ ਸੀ। ਆਦਮੀ ਕਦੀ ਕਦੀ ਆਪਣੇ ਪ੍ਰਤੀਦਵੰਦੀ ਵੱਲ ਅਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਦਾ ਹੈ ਜਿਹਨਾਂ ਵਿਚ ਕੋਹੀ ਈਰਖਾ ਨਹੀਂ ਹੁੰਦੀ ਤੇ ਨਾ ਹੀ ਹਿਰਖ ਜਾਂ ਉਲਾਂਭੇ ਦੇ ਭਾਵ ਹੀ ਹੁੰਦੇ ਨੇ। ਉਸਨੂੰ ਦੇਖਦਿਆਂ ਹੀ ਅਜੀਬ ਅਜੀਬ ਖ਼ਿਆਲਾਂ ਵਿਚ ਉਲਝ ਜਾਂਦਾ ਹੈ, ਅਜੀਬ ਜਿਹੀ ਸਥਿਤੀ ਜਾਪਦੀ ਹੈ ਆਪਣੀ...ਉਸ ਸਥਿਤੀ ਵਿਚ ਕੁਝ ਮਜ਼ਬੂਰੀਆਂ ਤੇ ਕੁਝ ਸੰਤੋਖ ਰਲਗਡ ਹੋਇਆ ਹੁੰਦਾ ਹੈ।
ਮਾਨ ਸਿੰਘ ਦੀ ਪਤਨੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਗਈ ਸੀ। ਪਚਵੰਜਾ ਸਾਲ ਦੀ ਉਮਰ ਤਕ ਪਹੁੰਚਦਿਆਂ ਪਹੁੰਚਦਿਆਂ ਉਸ ਦਾ ਭਾਰ ਵੀ ਖਾਸਾ ਵਧ ਗਿਆ ਸੀ। ਕਦੀ ਕਦੀ ਤਾਂ ਹਸਪਤਾਲ ਵਿਚ ਵੀ ਰੱਖਣਾ ਪੈਂਦਾ ਸੀ। ਉਹ ਉਸਦੀ ਸਿਹਤ ਵੱਲੋਂ ਕਾਫ਼ੀ ਸਾਵਧਾਨ ਰਹਿੰਦਾ, ਹਰ ਸੰਭਵ ਇਲਾਜ ਕਰਵਾਉਂਦਾ। ਜੇ ਉਸ ਦਾ ਇਲਾਜ ਪਤੀ ਦਾ ਸੱਚਾ ਪਿਆਰ ਸੀ ਤਾਂ ਉਹ ਵੀ ਉਸਨੇ ਉਸਨੂੰ ਪੂਰਾ ਪੂਰਾ ਦਿੱਤਾ। ਜਿਸ ਦਿਨ ਉਸਦੀ ਮੌਤ ਹੋਈ ਸੀ, ਉਸ ਦਿਨ ਵੀ ਉਹ ਬੜੀ ਦੇਰ ਤਕ ਸਮੁੰਦਰ ਦੇ ਕਿਨਾਰੇ ਬੈਠੇ, ਬੀਤੇ ਹੋਏ ਦਿਨਾਂ ਨੂੰ ਯਾਦ ਕਰਦੇ ਰਹੇ ਸਨ! ਬਲਬੀਰ ਕੌਰ ਨੇ ਕਿਹਾ ਸੀ, “ਸਰਦਾਰ ਜੀ! ਹੁਣ ਏਡੇ ਲੰਮੇ ਲੰਮੇ ਸਫਰ ਕਰਨੇ ਛੱਡ ਦਿਓ। ਸਾਨੂੰ ਹੁਣ ਘਰੇ ਈ ਰਹਿਣਾ ਚਾਹੀਦਾ ਏ ਜਾਂ ਫੇਰ ਕਿਸੇ ਬੱਚੇ ਕੋਲ। ਕੀ ਪਤੈ, ਕਦੋਂ ਇਹ ਸਵਾਸ ਪੂਰੇ ਹੋ ਜਾਣ!”
ਇਹ ਗੱਲ ਉਸਨੇ ਸਮੁੰਦਰ ਤੇ ਆਕਾਸ਼ ਦੇ ਦੁਮੇਲ ਵੱਲ ਦੇਖਦਿਆਂ ਕਹੀ ਸੀ, ਜਿਸ ਦਾ ਕੋਈ ਕਿਨਾਰਾ ਜਾਂ ਕੋਈ ਸਿਰਾ ਨਹੀਂ ਹੁੰਦਾ! ਉਸਨੇ ਦਾਰਸ਼ਨਿਕਾਂ ਵਾਂਗ ਹੀ ਉਸਨੂੰ ਤੱਸਲੀ ਦਿੱਤੀ ਸੀ, “ਆਦਮੀ ਦੀ ਯਾਤਰਾ ਉੱਥੇ ਹੀ ਸਮਾਪਤ ਨਹੀਂ ਹੋ ਜਾਂਦੀ, ਜਿੱਥੋਂ ਅੱਗੇ ਉਸਨੂੰ ਕੁਝ ਦਿਖਾਈ ਨਾ ਦਿੰਦਾ ਹੋਵੇ ਜਾਂ ਕੰਨਾਂ ਵਿਚ ਕਿਸੇ ਦੀ ਆਵਾਜ਼ ਨਾ ਪਹੁੰਚ ਰਹੀ ਹੋਵੇ। ਅਸੀਂ ਵਾਪਸ ਵੀ ਚਲੇ ਚਲਦੇ ਹਾਂ, ਪਰ ਇਸ ਗੱਲ ਦਾ ਕੋਈ ਭਰੋਸਾ ਏ ਬਈ ਕਿ ਅੰਤਿਮ ਸਮੇਂ ਵਿਚ ਬੱਚੇ ਵੀ ਕੋਲ ਹੀ ਹੋਣਗੇ?”
ਤੇ ਅਚਾਨਕ ਉਸੇ ਦਿਨ ਬਲਬੀਰ ਕੌਰ ਨੇ ਇਕ ਧਰਮਸ਼ਾਲਾ ਵਿਚ ਪ੍ਰਾਣ ਤਿਆਗ ਦਿੱਤੇ ਸਨ।
ਆਪਣੀ ਪਤਨੀ ਦੀ ਆਖ਼ਰੀ ਗੱਲ ਚੇਤੇ ਕਰਕੇ ਮਾਨ ਸਿੰਘ ਦੀਆਂ ਅੱਖਾਂ ਸਿੱਜਲ ਹੋ ਗਈਆਂ। ਪੱਗ ਦੇ ਲੜ ਨਾਲ ਉਸਨੇ ਅੱਖਾਂ ਦੇ ਕੋਏ ਪੂੰਝੇ। ਉਸੇ ਪਲ ਗੱਡੀ ਹਰਦੁਆਰ ਦੇ ਪਲੇਟਫਾਰਮ ਉੱਤੇ ਜਾ ਖੜੀ ਹੋਈ। ਉਹ ਆਪਣਾ ਥੋੜ੍ਹਾ ਜਿਹਾ ਸਾਮਾਨ ਤੇ ਕਾਂਸੇ ਦਾ ਕਲਸ਼, ਜਿਸ ਵਿਚ ਉਸਦੇ ਗ੍ਰਹਿਸਤ ਜੀਵਨ ਦੀ ਕੁੱਲ ਪੂੰਜੀ ਸੀ, ਹਿੱਕ ਨਾਲ ਲਾਈ ਗੱਡੀ ਤੋਂ ਉਤਰਿਆ ।
ਹਰਦੁਆਰ ਉਹ ਇਕ ਦਿਨ ਪਹਿਲਾਂ ਹੀ ਪਹੁੰਚ ਗਿਆ ਸੀ...ਆਪਣੇ ਬੱਚਿਆਂ ਨੂੰ ਇੱਥੇ ਸਤ ਨਵੰਬਰ ਨੂੰ ਪਹੁੰਚਣ ਲਈ ਤਾਰ ਕੀਤੀ ਸੀ ਉਸਨੇ। ਦੂਜੇ ਦਿਨ ਉਹ ਉਹਨਾਂ ਸਾਰੀਆਂ ਗੱਡੀਆਂ ਨੂੰ ਦੇਖਣ ਗਿਆ, ਜਿਹਨਾਂ ਰਾਹੀਂ ਉਹਨਾਂ ਦੇ ਇੱਥੇ ਪਹੁੰਚਣ ਦੀ ਆਸ ਸੀ। ਉਹ ਸਾਰੇ ਆ ਵੀ ਗਏ। ਨਰਿੰਦਰ ਤੇ ਸਤਿੰਦਰ ਆਪਣੀਆਂ ਘਰਵਾਲੀਆਂ ਤੇ ਬੱਚਿਆਂ ਨੂੰ ਵੀ ਨਾਲ ਲਿਆਏ ਸਨ, ਪਰਮਜੀਤ ਸਿਰਫ ਬੱਚਿਆਂ ਨੂੰ ਹੀ ਲਿਆ ਸਕੀ ਸੀ। ਉਸਦਾ ਪਤੀ ਮੋਟਰ ਪਾਰਟਸ ਵੇਚਣ ਕਲਕੱਤੇ ਗਿਆ ਹੋਇਆ ਸੀ...ਉਸ ਨੂੰ ਤਾਂ ਅਜੇ ਤਕ ਸੱਸ ਦੀ ਮੌਤ ਦੀ ਖਬਰ ਵੀ ਨਹੀਂ ਮਿਲੀ ਹੋਣੀ।
ਕੁਝ ਦਿਨ ਉਹ ਸਾਰੇ ਮਾਨ ਸਿੰਘ ਦੇ ਨਾਲ ਰਹੇ। ਮਾਂ ਦੇ ਸਵਰਗਵਾਸ ਹੋ ਜਾਣ ਪਿੱਛੋਂ ਸਾਰਿਆਂ ਦੀ ਇਹੀ ਇੱਛਾ ਸੀ ਕਿ ਪਿਤਾ ਜੀ ਉਹਨਾਂ ਵਿਚੋਂ ਕਿਸੇ ਇਕ ਦੇ ਨਾਲ ਰਹਿਣ, ਪਰ ਮਾਨ ਸਿੰਘ ਇਹ ਨਹੀਂ ਸੀ ਮੰਨਿਆਂ। ਬੋਲਿਆ ਸੀ, “ਮੈਨੂੰ ਅਜੇ ਏਨਾ ਬੁੱਢਾ ਨਾ ਸਮਝੋ। ਮੈਂ ਹੁਣ ਵੀ ਪਹਿਲਾਂ ਵਾਂਗ ਯਾਤਰਾਵਾਂ ਕਰਾਂਗਾ। ਦੂਰ ਦੂਰ ਤਕ ਜਾਵਾਂਗਾ...ਉੱਥੇ ਵੀ ਜਿੱਥੇ ਅੱਜ ਤਕ ਨਹੀਂ ਜਾ ਸਕਿਆ।”
ਲੱਗਿਆ ਕਿ ਉਹ ਆਪਣੀ ਬਿਰਧ ਅਵਸਥਾ ਤੇ ਆਪਣੀ ਪਤਨੀ ਦਾ ਵਿਛੋੜਾ ਬਿਲਕੁਲ ਹੀ ਭੁੱਲ ਚੁੱਕਿਆ ਹੈ। ਬੱਚਿਆਂ ਨਾਲ ਜਿੰਨੇ ਦਿਨ ਵੀ ਉਸ ਨੇ ਗੁਜਾਰੇ, ਉਹ ਓਨਿਆਂ ਉਪਰ ਹੀ ਸੰਤੁਸ਼ਟ ਸੀ। ਤੇ ਹੋਰ ਨਾਲ ਰਹਿਣਾ ਉਸ ਲਈ ਔਖਾ ਸੀ। ਉਹਨਾਂ ਨੂੰ ਆਪੋ ਆਪਣੇ ਘਰੀਂ ਭੇਜ ਕੇ ਉਸ ਨੂੰ ਬੜਾ ਸੰਤੋਖ ਹੋਇਆ। ਹੁਣ ਫੇਰ ਉਹ ਆਜ਼ਾਦ ਸੀ, ਜਿਵੇਂ ਚਾਲ੍ਹੀ ਸਾਲ ਬਾਅਦ ਇੰਜ ਪਹਿਲੀ ਵਾਰੀ ਮਹਿਸੂਸ ਹੋਇਆ ਹੋਵੇ। ਜਿਸ ਗੱਡੀ ਵਿਚ ਉਸਨੇ ਬਿਸਤਰਾ ਲਗਾਇਆ, ਉਹ ਅੰਮ੍ਰਿਤਸਰ ਜਾ ਰਹੀ ਸੀ। ਕੰਪਾਰਟਮੈਂਟ ਵਿਚ ਉਸਨੇ ਕਿਸੇ ਨਾਲ ਵੀ ਬਹੁਤੀ ਗੱਲ ਬਾਤ ਨਹੀਂ ਕੀਤੀ...। ਭਾਵੇਂ ਉਹ ਖੁਸ਼ ਖੁਸ਼ ਲੱਗ ਰਿਹਾ ਸੀ, ਪਰ ਜਦੋਂ ਉਹ ਤਾਕੀ ਰਾਹੀਂ ਕਿਸੇ ਤੋਂ ਚਾਹ ਮੰਗਵਾਉਂਦਾ ਜਾਂ ਅਖਬਾਰ ਵਾਲੇ ਨੂੰ ਆਵਾਜ਼ ਮਾਰਦਾ ਜਾਂ ਫੇਰ ਅਚਾਨਕ ਮਨ ਅੰਦਰ ਹੋ ਰਹੀ ਉਥਲ-ਪੁਥਲ ਤੋਂ ਘਬਰਾ ਕੇ ਕਿਸੇ ਯਾਤਰੀ ਤੋਂ ਗੱਡੀ ਦੇ ਅੰਮ੍ਰਿਤਸਰ ਪਹੁੰਚਣ ਦਾ ਸਹੀ ਵਕਤ ਪੁੱਛ ਬੈਠਦਾ ਤਾਂ ਬੜਾ ਹੀ ਡੋਲਿਆ ਜਿਹਾ ਲੱਗਦਾ। ਇਹ ਅਸਥਿਰਤਾ ਉਸ ਅੰਦਰ ਚਾਲੀ ਸਾਲ ਬਾਅਦ ਅਚਾਨਕ ਹੀ ਦਿਖਾਈ ਦਿੱਤੀ ਸੀ। ਭਾਵੇਂ ਉਹ ਆਪਣੇ ਧੂੰਦਲੇ ਸ਼ੀਸ਼ਿਆਂ ਵਾਲੀ ਐਨਕ ਅੱਗੇ ਅਖ਼ਬਾਰ ਕਰੀ ਬੈਠਾ ਸੀ, ਪਰ ਉਸਦਾ ਧਿਆਨ ਤਾਜ਼ੇ ਸਮਾਚਾਰਾਂ ਦੀਆਂ ਮੋਟੀਆਂ ਮੋਟੀਆਂ ਸੁਰਖੀਆਂ ਵੱਲ ਨਹੀਂ ਸੀ। ਉਹ ਖ਼ਾਲੀ ਅੱਖਾਂ ਨਾਲ ਇਕ ਸੁਪਨਾ ਜਿਹਾ ਦੇਖ ਰਿਹਾ ਸੀ—।
ਉਹ ਨੂਰਪੁਰ ਰੇਲਵੇ ਸਟੇਸ਼ਨ ਉਪਰ ਨਵਾਂ ਨਵਾਂ ਬੁਕਿੰਗ ਕਲਰਕ ਪੋਸਟ ਹੋ ਕੇ ਗਿਆ ਸੀ...ਉਮਰ ਕੋਈ ਉਨੀ ਕੁ ਸਾਲ ਦੀ ਹੋਏਗੀ। ਮੂੰਹ ਉਪਰ ਅਜੇ ਮੁੱਛਾਂ ਵੀ ਨਹੀਂ ਸਨ ਫੁੱਟੀਆਂ, ਪਰ ਉਸਦਾ ਅਕਰਖਣ ਉਸਦੇ ਲੰਮੇਂ ਕੱਦ-ਕਾਠ ਤੇ ਸੁਡੌਲ ਜੁੱਸੇ ਵਿਚ ਸਥਿਰ ਸੀ। ਜਦੋਂ ਕਦੀ ਉਹ ਹੱਥ ਵਧਾਅ ਕੇ ਖਾਸੀ ਉਚਾਈ ਉੱਤੇ ਰੱਖੇ ਕਿਸੇ ਰਜਿਸਟਰ ਜਾਂ ਟਿਕਟਾਂ ਵਾਲੀ ਗੁੱਟੀ ਨੂੰ ਸਹਿਜੇ ਹੀ ਲਾਹ ਲੈਂਦਾ ਤਾਂ ਟਿਕਟ ਖਿੜਕੀ ਵਿਚੋਂ ਝਾਕ ਰਹੀਆਂ ਮੁਸਾਫਿਰ ਔਰਤਾਂ ਵਿਚੋਂ ਕਈਆਂ ਦੇ ਦਿਲ ਆਪ ਮੁਹਾਰੇ ਹੀ ਜ਼ੋਰ ਜ਼ੋਰ ਨਾਲ ਧੜਕਣ ਲੱਗ ਪੈਂਦਾ ਸੀ। ਸ਼ਾਨੋ ਨੇ ਵੀ ਪਹਿਲੀ ਵਾਰੀ ਉਸਨੂੰ ਉਸੇ ਖਿੜਕੀ ਵਿਚੋਂ ਹੀ ਦੇਖਿਆ ਸੀ...ਤੇ ਉਸ ਦੀਆਂ ਲੰਮੀਆਂ-ਲੰਮੀਆਂ ਬਾਹਾਂ, ਨਰੋਏ ਸਰੀਰ ਤੇ ਅਸਾਧਾਰਨ ਤੌਰ ਤੇ ਚਮਕਦੀਆਂ ਅੱਖਾਂ ਸਾਹਮਣੇ ਪਹਿਲੇ ਪਲ ਹੀ ਆਪਣਾ ਸਭ ਕੁਝ ਹਾਰ ਬੈਠੀ ਸੀ।
ਪਹਿਲੇ ਦਿਨ ਹੀ ਇਕ ਗੰਨਾ ਮੰਗਣ ਉੱਤੇ ਉਹ ਮਾਨ ਸਿੰਘ ਨੂੰ, ਮਜ਼ਾਕ ਮਜ਼ਾਕ ਵਿਚ ਹੀ, ਆਪਣੇ ਸਿਰ ਉਤੇ ਚੁੱਕੀ ਗੰਨਿਆਂ ਦੀ ਭਰੀ ਹੀ ਸੁਗਾਤ ਵਜੋਂ ਦੇ ਗਈ ਸੀ। ਦੂਜੇ ਦਿਨ ਉਹ ਉਸ ਲਈ ਮੱਖਣ ਦਾ ਪੇੜਾ ਪਾ ਕੇ ਲੱਸੀ ਦਾ ਕੁੱਜਾ ਭਰ ਲਿਆਈ ਸੀ...ਤੇ ਫੇਰ ਜਿਵੇਂ ਸਟੇਸ਼ਨ ਕੋਲੋਂ ਲੰਘਣ ਲਈ ਇਹ ਸਾਰੀਆਂ ਚੀਜ਼ਾਂ ਲੈ ਕੇ ਆਉਣੀਆਂ ਜ਼ਰੂਰੀ ਹੋ ਗਈਆਂ ਸਨ...ਖ਼ੁਦ ਆਪਣੇ ਉਪਰ ਲਾਏ ਕਿਸੇ ਟੈਕਸ ਵਾਂਗਰ!
ਮਾਨ ਸਿੰਘ ਉਸ ਸਟੇਸ਼ਨ ਉੱਤੇ ਛੇ ਮਹੀਨੇ ਰਿਹਾ ਸੀ, ਪਰ ਉੱਥੋਂ ਉਹ ਛੇ ਸਦੀਆਂ ਜਿੰਨਾ ਪਿਆਰ ਹੰਢਾਅ ਕੇ ਬਦਲਿਆ ਸੀ। ਉੱਥੋਂ ਦੇ ਲੋਕਾਂ ਨੇ ਵੀ ਉਹਨਾਂ ਦੇ ਪ੍ਰੇਮ ਦੀ ਸੁਗੰਧ ਮਹਿਸੂਸ ਕਰ ਲਈ ਸੀ। ਮੁੱਕਦੀ ਗੱਲ ਇਹ ਕਿ ਉਹਨਾਂ ਲਈ ਵੱਖਰੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਘਰ ਆ ਕੇ ਉਸਨੇ ਆਪਣੇ ਮਾਤਾ ਪਿਤਾ ਨੂੰ ਸ਼ਾਨੋ ਕੇ ਘਰ ਭੇਜਿਆ। ਉਹ ਬੜੇ ਯਥਾਰਥਵਾਦੀ ਲੋਕ ਸਨ, ਇਸ ਰਿਸ਼ਤੇ ਨੂੰ ਖੁੱਲ੍ਹੇ ਦਿਲ ਨਾਲ ਸਵਿਕਾਰ ਕਰ ਲਿਆ ਸੀ...ਪਰ ਫੇਰ ਅਚਾਨਕ ਉਸਦੇ ਮਾਮੇ ਨੇ ਜਿਹੜੇ ਦੋ ਕਤਲ ਕਰ ਦਿੱਤੇ ਸਨ, ਉਹਨਾਂ ਕਾਰਨ ਪੂਰੀ ਸਥਿੱਤੀ ਹੀ ਬਦਲ ਗਈ ਸੀ। ਮਾਮਾ ਆਪ ਤਾਂ ਫਾਸੀ ਦੇ ਤਖ਼ਤੇ 'ਤੇ ਜਾ ਚੜ੍ਹਿਆ, ਪਰ ਆਪਣੇ ਪਿੱਛੇ ਕਈਆਂ ਨੂੰ ਜ਼ਿੰਦਗੀ ਭਰ ਲਈ ਅਸਮਰਥਤਾ ਅਤੇ ਅਨਿਸਚਿਤਤਾ ਦੀ ਸੂਲੀ 'ਤੇ ਚਾੜ੍ਹ ਗਿਆ।
ਮਾਨ ਸਿੰਘ ਅਮ੍ਰਿਤਸਰ ਦੇ ਸਟੇਸ਼ਨ ਉਪਰ ਉਤਰਿਆ ਤਾਂ ਬੜਾ ਸੰਤੁਸ਼ਟ ਦਿਸ ਰਿਹਾ ਸੀ। ਪਤਨੀ ਦੇ ਵਿਛੋੜੇ ਦਾ ਗ਼ਮ ਵੀ ਹੁਣ ਉਸਦੇ ਚਿਹਰੇ ਉਪਰ ਨਹੀਂ ਸੀ ਚਿਪਕਿਆ ਹੋਇਆ। ਪਤਾ ਨਹੀਂ ਉਸਨੇ ਆਪਣੇ ਮਨ ਵਿਚ ਕੀ ਸੋਚ ਲਿਆ ਸੀ। ਅੰਮ੍ਰਿਤਸਰ ਉਹ ਕਈ ਦਿਨ ਰਹਿਣ ਦਾ ਫੈਸਲਾ ਕਰਕੇ ਆਇਆ ਸੀ। ਉੱਥੇ ਪਹੁੰਚ ਕੇ ਉਸਦੀ ਪਹਿਲੀ ਮੰਜ਼ਿਲ ਦਰਬਾਰ ਸਾਹਿਬ ਸੀ।
ਦਰਬਾਰ ਸਾਹਿਬ ਜਾ ਕੇ ਪਹਿਲਾਂ ਉਸਨੇ ਇਸ਼ਨਾਨ ਕੀਤਾ, ਦੁਖ ਭੰਜਨੀ ਬੇਰੀ ਨੂੰ ਮੱਥਾ ਟੇਕਿਆ ਤੇ ਕਿੰਨੀ ਹੀ ਦੇਰ ਤਕ ਉੱਥੇ ਖਲੋਦਾ ਰੋਂਦਾ ਰਿਹਾ! ਫੇਰ ਅੱਖਾਂ ਮੀਚ ਕੇ ਚਬੂਤਰੇ ਉੱਤੇ ਬੈਠ ਗਿਆ ਤੇ ਕਈ ਘੰਟੇ ਪਾਠ ਕਰਦਾ ਰਿਹਾ।...ਤੇ ਫੇਰ ਹਰ ਰੋਜ ਇੱਥੇ ਆ ਕੇ ਇਵੇਂ ਕਰਨ ਦਾ ਨਿਯਮ ਬਣਾਅ ਲਿਆ ਸੀ ਉਸਨੇ। ਪਰ ਜੋ ਸ਼ਾਂਤੀ ਉਸਨੂੰ ਸ਼ੁਰੂ ਸ਼ੁਰੂ ਵਿਚ ਮਿਲੀ ਸੀ, ਉਹ ਹੌਲੀ ਹੌਲੀ ਫਿੱਕੀ ਪੈਣ ਲੱਗੀ। ਫੇਰ ਉਸਦੀ ਥਾਂ ਇਕ ਅਜੀਬ ਜਿਹੀ ਬੇਚੈਨੀ ਨੇ ਲੈ ਲਈ। ਉਸਦੇ ਚਿਹਰੇ ਉੱਤੇ ਵੀ ਉਸ ਬੇਚੈਨੀ ਦੇ ਆਸਾਰ ਸਾਫ ਨਜ਼ਰ ਆਉਂਣ ਲੱਗ ਪਏ ਸਨ। ਉਹ ਕੁਝ ਲੱਭਦੀਆਂ ਜਿਹੀਆਂ ਨਜ਼ਰਾਂ ਨਾਲ ਇਧਰ ਉਧਰ ਵਿੰਹਦਾ ਰਹਿੰਦਾ। ਪਤਨੀ ਦੀ ਮੌਤ ਪਿੱਛੋਂ ਉਸਨੇ ਆਪਣੇ ਆਪ ਨੂੰ ਏਨਾ ਇਕੱਲਾ ਤਾਂ ਕਦੀ ਮਹਿਸੂਸ ਨਹੀਂ ਸੀ ਕੀਤਾ। ਤੁਰਦੇ ਦੀ ਤੋਰ ਵਿਚ ਵੀ ਇਕ ਖਾਸ ਕਿਸਮ ਦੀ ਲੜਖੜਾਹਟ ਪੈਦਾ ਹੋ ਗਈ ਸੀ, ਜਿਵੇਂ ਚਿਰਾਂ ਤੋਂ ਸੁੱਤਾ ਹੋਇਆ ਜੋੜਾਂ ਦਾ ਦਰਦ ਮੁੜ ਜਾਗ ਪਿਆ ਹੋਵੇ! ਉਹ ਕੋਟ ਦੀਆਂ ਜੇਬਾਂ ਵਿਚ ਦੋਏ ਹੱਥ ਪਾ ਕੇ ਹੌਲੀ ਹੌਲੀ ਪਰ ਤਣ ਕੇ ਤੁਰਨ ਦੀ ਕੋਸ਼ਿਸ਼ ਕਰਦਾ...ਫੇਰ ਵੀ ਉਸਦੇ ਅੰਦਰਲੀ ਕਮਜ਼ੋਰੀ ਛਿਪੀ ਨਹੀਂ ਸੀ ਰਹਿੰਦੀ। ਲੱਗਦਾ ਸੀ, ਜਿਵੇਂ ਕੋਈ ਘੁਣ ਖਾਧਾ ਉੱਚਾ ਲੰਮਾ ਰੁੱਖ ਸੰਭਲ ਸੰਭਲ ਕੇ ਹਿੱਲ ਰਿਹਾ ਹੈ ਤੇ ਕਿਸੇ ਵੀ ਪਲ ਇਕੋ ਦਮ ਭੌਇੰ 'ਤੇ ਡਿੱਗ ਪਏਗਾ।
ਹਾਲ ਬਾਜ਼ਾਰ ਵਿਚੋਂ ਲੰਘਦਿਆ ਉਹ ਓਂਕਾਰ ਟਾਇਰਜ਼ ਦੇ ਸਾਈਨ ਬੋਰਡ ਵਾਲੀ ਵੱਡੀ ਦੁਕਾਨ ਵੱਲ ਦੇਖਣਾ ਕਦੀ ਨਹੀਂ ਸੀ ਭੁੱਲਦਾ। ਪੰਦਰਾਂ ਸਾਲ ਪਹਿਲਾਂ ਉੱਥੇ ਕੋਈ ਹੋਰ ਹੀ ਸਾਇਨ ਬੋਰਡ ਲੱਗਿਆ ਹੁੰਦਾ ਸੀ। ਚੰਗੀ ਤਰ੍ਹਾਂ ਪੜ੍ਹਿਆ ਵੀ ਨਹੀਂ ਜਾਂਦਾ ਸੀ ਉਹ। ਸ਼ਬਦ ਮਿਟ ਚੁੱਕੇ ਸਨ, ਪਰ ਉਸ ਉੱਤੇ ਬਣਿਆਂ ਹੋਇਆ ਇਕ ਹਰਮੋਨੀਅਮ ਦਾ ਚਿੱਤਰ ਪੂਰੀ ਤਰ੍ਹਾਂ ਨਹੀਂ ਸੀ ਮਿਟਿਆ। ਉੱਥੇ ਇਕ ਬੁੱਢਾ ਕੱਛਾ ਬਨੈਨ ਪਾਈ ਬੈਠਾ ਹੁੰਦਾ ਸੀ ਤੇ ਹਰਮੋਨੀਅਮ ਦੀਆਂ ਸੁਰਾਂ ਠੀਕ ਕਰ ਰਿਹਾ ਹੁੰਦਾ ਸੀ। ਇਹ ਟਾਇਲਾਂ ਵਾਲੀ ਦੁਕਾਨ ਤਾਂ ਯਕੀਨਨ ਉਹੀ ਸੀ, ਪਰ ਪਤਾ ਨਹੀਂ ਉਹ ਕਿੱਥੇ ਚਲਾ ਗਿਆ ਸੀ! ਜਿਊਂਦਾ ਵੀ ਸੀ ਜਾਂ...! ਕੌਣ ਦੱਸਦਾ? ਕਿਸਨੂੰ ਪੁੱਛੇ ਉਹ? ਉਸਦੇ ਕੰਨਾਂ ਵਿਚ ਅੱਜ ਵੀ ਪੰਦਰਾਂ ਸਾਲ ਪੁਰਾਣੇ ਹਰਮੋਨੀਅਮ ਦੇ ਸੁਰ ਸੰਜੀਵ ਸਨ...ਤੇ ਕੰਨਾਂ ਦੇ ਬਿਲਕੁਲ ਨੇੜੇ ਗੂੰਜ ਰਹੇ ਸਨ।
ਕਈ ਦਿਨਾਂ ਤੋਂ ਉਹ ਆਪ ਵੀ ਆਪਣੇ ਆਪ ਨੂੰ ਟੁੱਟਿਆ ਜਿਹਾ ਮਹਿਸੂਸ ਕਰ ਰਿਹਾ ਸੀ । ਲੱਗਦਾ, ਤੁਰਿਆ ਜਾਂਦਾ ਕਿਸੇ ਦਿਨ ਕਿਸੇ ਬਾਜ਼ਾਰ ਜਾਂ ਗਲੀ ਵਿਚ ਡਿੱਗ ਪਏਗਾ। ਉਹ ਬਾਜ਼ਾਰ ਦੀ ਭੀੜ ਤੋਂ ਬਚ ਬਚ ਕੇ ਤੁਰਨ ਲੱਗਦਾ। ਜੇ ਕਿਸੇ ਦੇ ਮੋਢੇ ਨਾਲ ਮੋਢਾ ਵੀ ਭਿੜ ਗਿਆ ਤਾਂ ਸੰਭਲ ਨਹੀਂ ਸਕੇਗਾ ਉਹ। ਫੁੱਟਪਾਥ ਉਤੇ ਅੱਗੋਂ-ਪਿੱਛੋਂ ਆਉਂਣ ਜਾਣ ਵਾਲੇ ਹਰ ਆਦਮੀ ਦੇ ਲੰਘ ਜਾਣ ਪਿੱਛੋਂ ਹੀ ਕਦਮ ਪੁੱਟਦਾ। ਢਿੱਲੀ ਢਾਲੀ ਪਤਲੂਨ ਉਪਰਲੇ ਲੰਮੇ ਸਾਰੇ ਕੋਟ ਦੀਆਂ ਜੇਬਾਂ ਵਿਚ ਹੱਥ ਪਈ ਉਹ ਕਿੰਨੀ ਕਿੰਨੀ ਦੇਰ ਤੱਕ ਸਹਿਮੀਆਂ ਜਿਹੀਆਂ ਨਿਗਾਹਾਂ ਨਾਲ ਇਧਰ ਉਧਰ ਤਕਦਾ ਰਹਿੰਦਾ! ਪਿਛਲੇ ਕੁਝ ਸਾਲਾਂ ਤੋਂ ਉਸਨੇ ਦਾੜ੍ਹੀ ਬੰਨ੍ਹਣੀ ਵੀ ਛੱਡ ਦਿੱਤੀ ਸੀ। ਖੁੱਲ੍ਹੀ ਖੁੱਲੀ, ਭਰਵੀਂ ਖਿੱਲਰਵੀਂ ਚਿੱਟੀ ਦਾੜ੍ਹੀ ਸਦਕਾ ਉਸਦੀ ਅੱਧੀ ਛਾਤੀ ਢਕੀ ਜਾਂਦੀ, ਜਿਸ ਕਾਰਨ ਉਸਦੀ ਸਖ਼ਸੀਅਤ ਦਾ ਪ੍ਰਭਾਵ ਕੁਝ ਵਧੇਰੇ ਹੋ ਜਾਂਦਾ। ਪਰ ਹੁਣ ਤਾਂ ਉਸਦੀ ਪੂਰੀ ਦਿੱਖ, ਕਿਸੇ ਨਿਰਾਸ਼, ਬੌਂਦਲੇ ਤੇ ਘਬਰਾਏ ਜਿਹੇ ਆਦਮੀ ਦੀ ਦਿੱਖ ਬਣ ਕੇ ਰਹਿ ਗਈ ਸੀ ਜਿਹੜਾ ਆਪਣੇ ਅੰਦਰ ਪੈਂਠ ਸਾਲ ਤੋਂ ਅਨੇਕਾਂ ਅਨੁਭਵ, ਅਨੇਕਾਂ ਅਹਿਸਾਸ ਛਿਪਾਈ ਫਿਰਦਾ ਹੁੰਦਾ ਹੈ। ਉਸਦੀ ਉਮਰ ਦਾ ਇਕ ਇਕ ਪਲ, ਉਸਦੇ ਚਿਹਰੇ ਦੀਆਂ ਅਣ-ਗਿਣਤ ਝੁਰੜੀਆਂ ਵਿਚ ਰੂਪਮਾਨ ਸੀ।
ਇਕ ਦਿਨ ਉਸ ਟਾਇਲਾਂ ਵਾਲੀ ਦੁਕਾਨ ਅੱਗੋਂ ਲੰਘਦਿਆਂ, ਅਚਾਨਕ ਉਸਨੂੰ ਅਥਾਹ ਥਕਾਵਟ ਜਿਹੀ ਮਹਿਸੂਸ ਹੋਈ। ਦੋ ਕਦਮ ਹੋਰ ਤੁਰਨਾ ਵੀ ਅਸੰਭਵ ਹੋ ਗਿਆ ਤੇ ਉਹ ਉਸ ਦੁਕਾਨ ਅੱਗੇ ਪਈਆਂ ਵੱਡੀਆਂ ਵੱਡੀਆਂ ਸਫੈਦ ਤੇ ਲਾਲ ਸਿਲਾਂ ਨੂੰ ਹੱਥ ਪਾ ਕੇ ਖੜ੍ਹਾ ਹੋ ਗਿਆ। ਕਿੰਨਾ ਹੀ ਚਿਰ ਸਿਰ ਝੁਕਾਅ ਕੇ ਖੜ੍ਹਾ ਰਿਹਾ। ਉਸਦੇ ਚਿਹਰੇ ਉੱਤੇ ਇਕ ਰੰਗ ਆਉਂਦਾ ਇਕ ਲੱਥ ਜਾਂਦਾ! ਮੱਥੇ ਉੱਤੇ ਪਸੀਨੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਚਮਕਣ ਲੱਗ ਪਈਆਂ। ਉਹ ਅੱਖਾਂ ਬੰਦ ਕਰੀ ਖੜ੍ਹਾ ਆਪਣੇ ਅੰਦਰੇ ਅੰਦਰ ਡੁੱਬਦਾ ਗਿਆ! ਜਦੋਂ ਅੱਖਾਂ ਖੋਹਲਦਾ; ਵੇਲ ਬੁਟੀਆਂ ਵਾਲੀਆਂ ਤੇ ਨਾਂ ਲਿਖੀਆਂ ਸਿਲਾਂ ਉਸਦੇ ਸਾਹਮਣੇ ਥਿਰਕਣ ਡੋਲਣ ਲੱਗਦੀਆਂ! ਉਸਦੇ ਨੇੜੇ ਹੀ ਫੁਟਪਾਥ ਉੱਤੇ ਬੈਠੇ ਹੋਏ ਕਈ ਕਾਰੀਗਰ ਛੈਣੀਆਂ ਅਤੇ ਹਥੌੜੀਆਂ ਨਾਲ ਸਿਲਾਂ ਦੇ ਖਰਦਰੇ ਕਿਨਾਰਿਆਂ ਨੂੰ ਤਰਾਸ਼ੀ ਜਾ ਰਹੇ ਸਨ।
ਅਚਾਨਕ ਦੁਕਾਨ ਅੰਦਰੋ ਇਕ ਗੋਰਾ ਚਿੱਟ ਸਿੱਖ ਨੌਜਵਾਨ ਬਾਹਰ ਆਇਆ। ਉਸਨੇ ਉਸ ਬੁੱਢੇ ਆਦਮੀ ਨੂੰ ਇੰਜ ਸਹਾਰਾ ਲਾਈ ਖਲੋਤਿਆਂ ਦੇਖ ਕੇ ਪੁੱਛਿਆ, “ਕਿਉਂ ਬਾਬਾ ਜੀ ਕੀ ਗੱਲ ਏ? ਮੈਂ ਕੁਝ ਮਦਦ ਕਰਾਂ?”
ਮਾਨ ਸਿੰਘ ਨੇ ਉਸਨੂੰ ਕੋਈ ਉਤਰ ਨਾ ਦਿੱਤਾ। ਬੜੇ ਯਤਨ ਨਾਲ ਅੱਖਾਂ ਖੋਹਲ ਕੇ ਉਸ ਵੱਲ ਤੱਕਿਆ। ਨੌਜਵਾਨ ਨੇ ਦੁਬਾਰਾ ਪੁੱਛਿਆ ਤਾਂ ਸਿਰ ਹਿਲਾਅ ਕੇ ਕਿਹਾ, “ਹਾਂ ਬਈ ਕਰ ਸਕਦੇ ਓ ਤਾਂ ਜਰੂਰ ਕਰੋ।” ਹੁਣ ਤੱਕ ਉਸਦਾ ਸਾਰਾ ਜਿਸਮ ਠੰਡੇ ਪਸੀਨੇ ਨਾਲ ਭਿੱਜ ਚੁੱਕਿਆ ਸੀ।
ਨੋਜਵਾਨ ਉਸਨੂੰ ਸਹਾਰਾ ਦੇ ਕੇ ਅੰਦਰ ਲੈ ਗਿਆ ਤੇ ਇਕ ਕੁਰਸੀ ਉੱਤੇ ਬਿਠਾਅ ਦਿੱਤਾ...ਪਹਿਲਾਂ ਪਾਣੀ ਪਿਆਇਆ, ਫੇਰ ਚਾਹ। ਤਦ ਉਸਦੇ ਸਰੀਰ ਵਿਚ ਕੁਝ ਗਰਮੀ ਆਈ। ਉਸਨੇ ਉਸ ਨੌਜਵਾਨ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ...ਪਤਾ ਨਹੀਂ ਕੌਣ ਹੈ? ਸ਼ਾਨੋ ਦੀ ਕੋਈ ਵੀ ਸਪਸ਼ਟ ਝਲਕ ਉਸ ਵਿਚ ਨਹੀਂ ਸੀ। ਬਸ, ਦੋ ਇਕ ਵਾਰੀ ਉਸ ਵਾਂਗ ਮੁਸਕੁਰਾਇਆ ਜ਼ਰੂਰ ਸੀ ਉਹ! ਪਰ ਮਾਨ ਸਿੰਘ ਨੇ ਉਸਨੂੰ ਕੁਝ ਵੀ ਨਾ ਪੁੱਛਿਆ! ਬਸ, ਮਨ ਹੀ ਮਨ ਉਸਦੀ ਤੇ ਸ਼ਾਨੋ ਦੀ ਮੁਸਕਾਨ ਦੀ ਤੁਲਣਾ ਕਰਦਾ ਰਿਹਾ।
ਉਹ ਖਾਸੀ ਦੇਰ ਤੱਕ ਬੈਠਾ ਰਿਹਾ। ਉੱਥੋਂ ਉਸ ਨੇ ਸੰਗਮਰਮਰ ਦੀ ਇਕ ਵੱਡੀ ਸਿਲ ਖਰੀਦੀ। ਕਾਰੀਗਰ ਤੋਂ ਉਸ ਉੱਤੇ ਆਪਣੀ ਪਤਨੀ ਦਾ ਨਾਂ ਖੁਦਵਾਇਆ। ਖੋਦੇ ਹੋਏ ਅੱਖਰਾਂ ਵਿਚ ਰੰਗ ਭਰਵਾਏ। ਬਲਬੀਰ ਕੌਰ ਦਾ ਨਾਂ ਦੇਖ ਕੇ ਛਲ ਛਲ ਕਰਦੀਆਂ ਅੱਖਾਂ ਸਾਹਵੇਂ ਦੋ ਸ਼ਕਲਾਂ ਥਿਰਕਣ ਲੱਗੀਆਂ—ਇਕੋ ਜਿਹੀਆਂ ਹੁਸੀਨ ਤੇ ਇਕੋ ਜਿੰਨੀਆਂ ਪਵਿੱਤਰ!
ਸਿਲ ਕਾਫੀ ਭਾਰੀ ਸੀ। ਉਸਨੇ ਇਕ ਰਿਕਸ਼ੇ ਵਿਚ ਰਖਵਾ ਲਈ ਤੇ ਦਰਬਾਰ ਸਾਹਿਬ ਵਲ ਰਵਾਨਾ ਹੋ ਪਿਆ। ਉਹ ਰਿਕਸ਼ੇ ਦੀ ਛੱਤ ਦੀਆਂ ਦੋਹਾਂ ਕਮਾਨੀਆਂ ਨੂੰ ਮਜਬੂਤੀ ਨਾਲ ਫੜੀ ਬੈਠਾ ਸੀ...ਅੱਖਾਂ ਬੰਦ ਸਨ ਤੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ ਤੇ ਮਨ ਹੀ ਮਨ ਵਿਚ ਵਾਹਿਗੁਰੂ ਨੂੰ ਯਾਦ ਕਰੀ ਜਾ ਰਿਹਾ ਸੀ ਉਹ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)