Simran (Punjabi Article) : Principal Ganga Singh

ਸਿਮਰਨ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਮਨੁੱਖ ਦੀਆਂ ਸ਼ਕਤੀਆਂ ਵਿਚੋਂ ਯਾਦ (ਸਿਮਰਤੀ) ਇਕ ਮੁਖ ਸ਼ਕਤੀ ਹੈ, ਜਿਸ ਦੇ ਬਲ ਕਰਕੇ ਮਨੁੱਖ ਆਪਣੀ ਦੁਨੀਆਂ ਤਿਆਰ ਕਰਦਾ ਹੈ। ਬੀਤੀ ਦੇ ਤਜਰਬਿਆਂ ਤੋਂ ਸਬਕ ਲੈ ਭਵਿੱਖਤ ਬਣਾਣਾ ਹੀ ਇਨਸਾਨ ਨੂੰ ਦੂਸਰੀ ਮਖ਼ਲੂਕ ਤੋਂ ਉੱਚਾ ਬਣਾ ਗਿਆ ਹੈ। ਨਹੀਂ ਤਾਂ ਖਾਣ, ਪਹਿਨਣ ਤੇ ਸਰੀਰਕ ਬਲ ਵਿਚ ਮਨੁੱਖ ਕੋਈ ਦੂਸਰੀਆਂ ਜਿਨਸਾਂ ਨਾਲੋਂ ਵਿਸ਼ੇਸ਼ ਨਹੀਂ ਸੀ। ਮਨੁੱਖ ਤੋਂ ਚੰਗੇ ਫਲ, ਮੇਵੇ, ਤੋਤੇ ਤੇ ਗਾਲ੍ਹੜ ਖਾਂਦੇ ਹਨ। ਇਸ ਤੋਂ ਤਾਜ਼ਾ ਦੁਧ ਵੱਛੇ-ਕੱਟੇ ਪੀਂਦੇ ਹਨ। ਖ਼ੂਬਸੂਰਤ ਪੁਸ਼ਾਕ ਜੋ ਮੋਰ ਤੇ ਕਬੂਤਰ ਦੇ ਹਿਸੇ ਆਈ ਹੈ, ਮਨੁਖ ਨੂੰ ਨਹੀਂ ਲੱਭ ਸਕੀ। ਜੇ ਇਸ ਨੇ ਟਿੱਲ ਲਾ ਕੇ ਬਣਾਈ ਭੀ ਤਾਂ ਉਹ ਦੂਜੇ ਦਿਨ ਮੈਲੀ ਹੋ ਗਈ। ਗੱਲ ਕੀ, ਮਨੁੱਖ ਕਿਸੇ ਹੋਰ ਗੱਲੋਂ ਭੀ ਦੂਸਰੀਆਂ ਸ਼੍ਰੇਣੀਆਂ ਨਾਲੋਂ ਉੱਚਾ ਨਹੀਂ ਸੀ, ਜੇ ਇਸ ਕੋਲ ਯਾਦ-ਸ਼ਕਤੀ ਨਾ ਹੁੰਦੀ। ਯਾਦ ਨੇ ਹੀ ਇਸ ਨੂੰ ਵਡਿਆਈ ਦਿਤੀ ਹੈ ਤੇ ਇਹ ਗੁਜ਼ਰ ਚੁਕੀ ਉਮਰ ਦੇ ਤਜਰਬਿਆਂ ਨੂੰ ਯਾਦ ਕਰ, ਉਸ ਵਾਕਫ਼ੀਅਤ ਦੇ ਬਲ ਨਾਲ ਹੀ ਦਿਨ-ਬਦਿਨ ਅਗਾਂਹ ਵਧਦਾ ਜਾਂਦਾ, ਤੇ ਸਭ ਮਖ਼ਲੂਕ ਦਾ ਸਰਦਾਰ ਅਖਵਾਂਦਾ ਹੈ। ਇਸ ਯਾਦ-ਸ਼ਕਤੀ ਦੀ ਵਰਤੋਂ ਹੀ ਸਿਮਰਨ ਹੈ। ਇਸ ਦੇ ਰਾਹੀਂ ਹੀ ਅਸੀਂ ਹਰ ਬੀਤੀ ਜਾਂ ਆਉਣ ਵਾਲੀ ਚੀਜ਼ ਨੂੰ ਚੇਤੇ ਕਰਦੇ ਹਾਂ।

ਮਨੁੱਖ ਜਿਸ ਤਰ੍ਹਾਂ ਆਪਣੀ ਹਰ ਇਕ ਚੀਜ਼ ਵਰਤਣ ਵਿਚ ਸੁਤੰਤਰ ਹੈ, ਉਸੇ ਤਰ੍ਹਾਂ ਹੀ ਯਾਦ ਦੀ ਵਰਤੋਂ ਵੀ ਆਪਣੀ ਮਰਜ਼ੀ ਦੇ ਮੁਤਾਬਕ ਕਰ ਸਕਦਾ ਹੈ। ਜਿਸ ਤਰ੍ਹਾਂ ਪ੍ਰਜ੍ਵਲਤ ਅਗਨੀ ਤੋਂ ਰੋਟੀ ਪਕਾਉਣ ਦਾ ਕੰਮ ਭੀ ਲਿਆ ਜਾ ਸਕਦਾ ਹੈ ਤੇ ਮਕਾਨ ਨੂੰ ਫੂਕਣ ਦਾ ਭੀ, ਉਸੇ ਤਰ੍ਹਾਂ ਹੀ ਯਾਦ ਤੋਂ ਮਨੁੱਖੀ ਮਨ ਲਈ ਸ਼ਾਂਤੀ ਦੇ ਸਾਧਨ ਪੈਦਾ ਕਰਨ ਦਾ ਵੀ ਕੰਮ ਲਿਆ ਜਾ ਸਕਦਾ ਹੈ ਤੇ ਜੀਵਨ ਨੂੰ ਦੁਖਦਾਈ ਕਰਨ ਦਾ ਵੀ। ਅਜਿਹੀ ਯਾਦ ਜਿਸ ਦੇ ਨਾਲ ਮਨ ਵਿਚ ਨੇਕੀ, ਪਵਿਤ੍ਰਤਾ, ਮੈਤਰੀ, ਉਪਕਾਰ, ਸੱਚਾਈ ਤੇ ਮੁਹੱਬਤ ਪੈਦਾ ਹੋਵੇ, ਜੀਵਨ ਨੂੰ ਉਚੇਰਿਆਂ ਕਰਦੀ ਹੈ, ਪਰ ਜਿਸ ਯਾਦ ਨਾਲ ਮਨ ਵਿਚ ਗਿਲਾਨੀ, ਨਫ਼ਰਤ, ਦਵੈਸ਼, ਈਰਖ਼ਾ, ਨਿੰਦਾ ਤੇ ਵਾਦ ਪੈਦਾ ਹੋਵੇ ਉਹ ਜੀਵਨ ਨੂੰ ਥੱਲੇ ਲੈ ਜਾਂਦੀ ਹੈ। ਫ਼ਰੀਦ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੰਮਾਂ ਵਿਚ ਕੋਈ ਗੁਣ ਨਹੀਂ ਉਹਨਾਂ ਨੂੰ ਭੁਲਾ ਦੇ, ਕਿਉਂ ਜੋ ਉਹਨਾਂ ਦੇ ਯਾਦ ਕਰਨ ਕਰਕੇ ਅਜਿਹਾ ਨਾ ਹੋਵੇ ਕਿ ਤੈਨੂੰ ਸਾਹਿਬ ਦੇ ਦਰਵਾਜ਼ੇ ਤੇ ਜਾ ਕੇ ਸ਼ਰਮਿੰਦਾ ਹੋਣਾ ਪਵੇ:

ਫਰੀਦਾ ਜਿਨੀ ਕੰਮੀ ਨਾਹਿ ਗੁਣ ਤ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥
(ਸਲੋਕ ਫਰੀਦ, ਪੰਨਾ ੧੩੮੧)

ਯਾਦ ਤਾਂ ਇਕ ਸਤਹ ਹੈ ਪਰ ਵਰਤੋਂ ਚੰਗੀ ਅਰ ਮੰਦੀ ਦੋਹਾਂ ਕਿਸਮਾਂ ਦੀ ਹੋ ਸਕਦੀ ਹੈ। ਗੁਰਬਾਣੀ ਵਿਚ ਯਾਦ ਦੀਆਂ ਇਹਨਾਂ ਦੋਹਾਂ ਵਿਵਸਥਾਵਾਂ ਨੂੰ ਦੋ ਨਾਮ ਦਿਤੇ ਗਏ ਹਨ। ਜਿਸ ਯਾਦ ਵਿਚ ਮਨ ਨੂੰ ਭਰਮਾਣ ਵਾਲੇ ਵਿਕਾਰਾਂ ਨੂੰ ਤੇਜ਼ ਕਰਨ ਵਾਲੇ ਅਸਥਿਰ ਪਦਾਰਥਾਂ ਵੱਲ ਰੁਚੀ ਹੋਵੇ, ਉਸ ਯਾਦ ਦਾ ਨਾਮ ਤ੍ਰਿਸ਼ਨਾ ਹੈ ਤੇ ਜਿਸ ਯਾਦ ਕਰਕੇ ਮਨ ਵਿਚ ਸ਼ਾਂਤ ਰਸ, ਸੁਖ ਤੇ ਸੁਆਦ ਪੈਦਾ ਹੋਵੇ, ਉਹ ਲਿਵ ਹੈ। ਇਸ ਕਰਕੇ ਯਾਦ ਦਾ ਅੰਗ ਜੋ ਤ੍ਰਿਸ਼ਨਾ ਦਾ ਰੂਪ ਲਵੇ, ਤਿਆਗ ਯੋਗ ਹੈ ਤੇ ਸੁਖਦਾਈ ਅੰਗ ਲਿਵ ਹੀ ਲੋੜੀਂਦਾ ਹੈ। ਸਤਿਗੁਰਾਂ ਨੇ ਇਹ ਖ਼ਿਆਲ ਦਿਤਾ ਹੈ ਕਿ ਇਹ ਯਾਦ ਦੀਆਂ ਦੋਨੋਂ ਧਾਰਾਂ ਮਨੁੱਖੀ ਜੀਵਨ ਦੇ ਨਾਲ ਨਾਲ ਚਲੀਆਂ ਆਉਂਦੀਆਂ ਹਨ ਪਰ ਸੰਸਾਰ ਦੀ ਬਾਜ਼ੀ ਬਣਾਣ ਲਈ ਵਿਧਾਤਾ ਨੇ ਕੁਝ ਐਸੀ ਰਚਨਾ ਰਚੀ ਹੈ ਕਿ ਮਨੁੱਖ ਜਨਮ ਤੋਂ ਲਿਵ ਨੂੰ ਛੱਡ ਤ੍ਰਿਸ਼ਨਾ ਵੱਲ ਵਧੇਰੇ ਰੁਚੀ ਕਰਦਾ ਹੈ ਤੇ ਇਹ ਹੈ ਭੀ ਸਾਧਾਰਨ ਹੀ ਗੱਲ। ਯਤਨ ਤਾਂ ਉਤਾਂਹ ਉੱਠਣ ਲਈ ਹੀ ਲਗਾਣਾ ਪੈਂਦਾ ਹੈ, ਡਿਗ ਪੈਣਾ ਤਾਂ ਨਿਰਯਤਨ ਸੁਭਾਵਕ ਹੀ ਹੈ। ਸਤਿਗੁਰੂ ਫ਼ੁਰਮਾਂਦੇ ਹਨ ਕਿ ਜਿਸ ਵੇਲੇ 'ਮਾਇਆ' ਦਾ ਹੁਕਮ ਵਰਤਦਾ ਹੈ ਤਾਂ ਮਨੁੱਖ ਲਿਵ ਨੂੰ ਛੱਡ ਤ੍ਰਿਸ਼ਨਾ ਵੱਲ ਰੁਚੀ ਕਰਦਾ ਹੈ:

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥
(ਰਾਮਕਲੀ ਮ: ੩, ਪੰਨਾ ੯੨੧)

ਜਿਉਂ ਜਿਉਂ ਉਹ ਤ੍ਰਿਸ਼ਨਾ ਵੱਲ ਜਾਂਦਾ ਹੈ ਤਿਉਂ ਤਿਉਂ ਉਹ ਥੱਲੇ ਥੱਲੇ ਡਿਗਦਾ ਹੈ। ਲਿਵ ਤੋਂ ਬਿਨਾਂ ਜੀਵਨ ਨਿਤਾਣਾ ਹੋ ਜਾਂਦਾ ਹੈ ਤੇ ਜਿਉਂ ਜਿਉਂ ਉਹ ਤ੍ਰਿਸ਼ਨਾ ਵੱਲ ਰੁਖ਼ ਕਰਦਾ ਹੈ, ਉਸ ਦਾ ਤਾਣ ਹੋਰ ਘਟਦਾ ਚਲਾ ਜਾਂਦਾ ਹੈ। ਸਤਿਗੁਰਾਂ ਨੇ ਇਸ ਵਿਵਸਥਾ ਦਾ ਜ਼ਿਕਰ ਕਰਦਿਆਂ ਫ਼ਰਮਾਇਆ ਹੈ ਕਿ ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ ਤੇ ਕੁਛ ਕਰ ਨਹੀਂ ਸਕਦੀ:

ਸਾਚੀ ਲਿਵੈ ਬਿਨੁ ਦੇਹ ਨਿਮਾਣੀ॥
ਦੇਹਿ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ॥
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ॥
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ॥
(ਰਾਮਕਲੀ ਮ: ੩, ਪੰਨਾ ੯੧੭)

ਹਾਂ, ਜੇ ਸਮਰਥ ਪ੍ਰਭੂ ਹੀ ਇਸ 'ਤੇ ਕ੍ਰਿਪਾ ਕਰਨ ਅਤੇ ਇਸ ਦੀ ਬੇਵਸੀ 'ਤੇ ਤਰਸ ਖਾਣ, ਗਿਆਨ ਦੇ ਲੜ ਲਾ ਸੰਵਾਰ ਦੇਣ ਤਾਂ ਇਸ ਦਾ ਕੁਛ ਬਣ ਸਕਦਾ ਹੈ। ਇਹ ਲਿਵ ਜਿਸ ਕਰਕੇ ਇਨਸਾਨ ਉੱਚਾ ਹੁੰਦਾ ਤੇ ਜਿਸ ਤੋਂ ਬਾਝ ਨਿਤਾਣਾ ਹੁੰਦਾ ਹੈ, ਅਸਲ ਵਿਚ ਯਾਦ ਦੇ ਉਸ ਅੰਗ ਦਾ ਨਾਂ ਹੈ, ਜੋ ਮਨੁੱਖੀ ਜੀਵਨ ਦੇ ਸਭ ਤੋਂ ਉਚੇਰੇ ਰੂਪ ਦੀ ਲਖਾਇਕ ਹੈ। ਇਹ ਇਕ ਹਕੀਕਤ ਹੈ ਕਿ ਜਿਸ ਮਨੁੱਖ ਨੂੰ ਉਚੇਰੀਆਂ ਗੱਲਾਂ ਭੁੱਲ ਜਾਣ, ਉਸਦਾ ਜੀਵਨ ਨਿਵਾਣ ਵੱਲ ਚਲਾ ਜਾਂਦਾ ਹੈ ਤੇ ਉਹ ਸਖ਼ਤ ਪੈਂਡਾ ਕਰਦਾ ਹੋਇਆ ਵੀ ਦੋਰਾਹੇ ਤੋਂ ਘੁੱਸੇ ਹੋਏ ਪਾਂਧੀ ਵਾਂਗ ਆਪਣੀ ਮੰਜ਼ਿਲ ਤੋਂ ਦੂਰ ਚਲਾ ਜਾਂਦਾ ਹੈ। ਨਿਸ਼ਾਨੇ ਤੋਂ ਉੱਕਿਆ ਹੋਇਆ ਮਨੁੱਖ ਸੁਖ ਦਾ ਯਤਨ ਕਰਦਾ ਹੋਇਆ ਭੀ ਦੁੱਖਾਂ ਵਿਚ ਪਰਿਵਰਤਿਤ ਹੁੰਦਾ ਹੈ। ਭਗਤ ਰਵਿਦਾਸ ਜੀ ਨੇ ਮਨੁੱਖ ਦੀ ਇਸ ਮੰਦ-ਭਾਗੀ ਅਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਸ ਤਰ੍ਹਾਂ ਕੋਈ ਰਾਜਾ ਸੌਂ ਜਾਵੇ ਅਤੇ ਸੁਪਨੇ ਵਿਚ ਭਿਖਾਰੀ ਬਣ ਦਰਵਾਜ਼ੇ ਦਰਵਾਜ਼ੇ'ਤੇ ਭਿਖਿਆ ਮੰਗਦਾ ਹੋਇਆ ਦੁਖੀ ਹੁੰਦਾ ਹੈ, ਉਹੋ ਹੀ ਹਾਲਤ ਅਸਾਡੀ ਹੈ ਜੋ ਜੀਵਨ ਦੇ ਨਿਸ਼ਾਨੇ ਤੋਂ ਉੱਕ ਗਏ ਹਾਂ:

ਨਰਪਤਿ ਏਕੁ ਸਿੰਘਾਸਨਿ ਸੋਇਆ, ਸੁਪਨੇ ਭਇਆ ਭਿਖਾਰੀ॥
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥
(ਸੋਰਠਿ ਰਵਿਦਾਸ, ਪੰਨਾ ੬੫੭)

ਆਤਮਵਾਦੀ ਇਸ ਗੱਲ 'ਤੇ ਸਹਿਮਤ ਹਨ ਕਿ ਮਨੁੱਖ ਜੀਵਨ ਮਹਾਨ ਜੀਵਨ ਦਾ ਇਕ ਅੰਸ਼ ਹੈ। ਸਰਬ-ਵਿਆਪਕ ਜੀਵਨ ਇਕ ਸਾਗਰ ਹੈ, ਜਿਸਦਾ ਮਨੁੱਖ-ਜੀਵਨ ਇਕ ਕਤਰਾ ਹੈ। ਉਹ ਇਕ ਸੂਰਜ ਹੈ, ਜਿਸਦੀ ਮਨੁੱਖ ਇਕ ਕਿਰਨ ਹੈ। ਸੁਜਾਤੀ ਹੋਣ ਕਰਕੇ ਮਨੁੱਖ-ਮਨ ਵਿਚ ਆਪਣੇ ਕੁਲ ਨਾਲ ਮਿਲਣ ਦੀ ਤੜਪ ਉਠਦੀ ਹੈ ਜਿਸਨੂੰ ਤ੍ਰਿਸ਼ਨਾ ਰੋਕਦੀ ਹੈ। ਜਿਸ ਤਰ੍ਹਾਂ ਕਿਸੇ ਬਾਲਕ ਨੂੰ ਸੁੰਦਰ ਤਸਵੀਰਾਂ, ਮਠਿਆਈਆਂ ਜਾਂ ਖਿਡੌਣੇ ਦੇ ਕੇ ਉਸਦੀ ਆਪਣੀ ਮਨੋ ਰੁਚੀ ਤੋਂ ਹਟਾ ਕੇ ਦੂਜੇ ਪਾਸੇ ਪਾਇਆ ਜਾਂਦਾ ਹੈ, ਉਸੇ ਤਰ੍ਹਾਂ ਹੀ ਤ੍ਰਿਸ਼ਨਾ ਮਨੁੱਖ-ਮਨ ਨੂੰ ਭੋਗ ਪਦਾਰਥਾਂ ਵਿਚ ਲਗਾ ਉਸਦੀ ਲਿਵ ਤੋੜਦੀ ਹੈ। ਪਰ ਤੋਟੇ ਵਿਚ ਦੁਖ ਹੈ। ਦੂਰੀ ਦੁੱਖਾਂ ਦੀ ਖਾਣ ਹੈ। ਦੂਰੀ ਤੋਂ ਖ਼ਰਾਬੀਆਂ ਪੈਦਾ ਹੁੰਦੀਆਂ ਹਨ ਤੇ ਮਨੁੱਖ ਹਾਰ ਕੇ ਫਿਰ ਹਜ਼ੂਰੀ ਦੀ ਤਲਬ ਕਰਦਾ ਹੈ। ਤੇ ਕਰੇ ਵੀ ਕਿਉਂ ਨਾ, ਹਜ਼ੂਰੀ ਤੋਂ ਬਿਨਾ ਭਾਵੇਂ ਕਿਤਨਾ ਭੀ ਪਦਾਰਥਾਂ ਵਿਚ ਰਚ ਜਾਏ, ਓੜਕ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ:

ਯਕੇ ਲਾਜ਼ਾ ਅਜ਼ੋ ਦੂਰੀ ਨਾ ਬਾਇਦ।
ਕਿ ਅਜ਼ ਦੂਰੀ ਖ਼ਰਾਬੀ ਜਾਂ ਫ਼ਜ਼ਾਇਦ।

ਬੜੇ ਬੜੇ ਭੋਗ-ਲੰਪਟ ਮਨੁੱਖਾਂ ਦਾ ਅੰਤ ਭੀ ਬੜਾ ਹਸਰਤ-ਭਰਿਆ ਹੋਇਆ ਹੈ। ਏਸ ਆਈ ਸ਼ਾਨੋ-ਸ਼ੌਕਤ ਦੇ ਅਨੁਸਾਰ ਜਿਨ੍ਹਾਂ ਦੇ ਦਰਵਾਜ਼ਿਆਂ'ਤੇ ਮਸਤ ਹਾਥੀ ਸੋਨੇ ਦੀਆਂ ਖੂਬਸੂਰਤ ਰੰਗੀਨ ਅੰਬਾਰੀਆਂ ਵਾਲੇ ਤੇ ਹਵਾ ਦੇ ਵੇਗ ਤੋਂ ਤਿਖੇ ਬੇਅੰਤ ਘੋੜੇ ਹਾਜ਼ਰ ਰਹਿੰਦੇ ਸਨ, ਉਹ ਭੀ ਇਸ ਜਹਾਨ ਤੋਂ ਆਖ਼ਰ ਨੰਗੇ ਪੈਰੀਂ ਹੀ ਤੁਰ ਗਏ:

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ॥
ਕੋਟਿ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੌ ਜਾਤ ਨਿਵਾਰੇ॥
ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ॥
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੌ ਨਾਂਗੇ ਹੀ ਪਾਂਇ ਪਧਾਰੇ॥
(ਸੁਧਾ ਸਵਈਏ ਪਾ: ੧੦)

ਰਵਾਇਤ ਹੈ ਕਿ ਸਿਕੰਦਰੇ ਆਜ਼ਮ ਨੇ ਆਪਣੇ ਮਰਨ ਸਮੇਂ ਇਹ ਵਸੀਅਤ ਕੀਤੀ "ਕਿ ਮੇਰੀ ਲਾਸ਼ ਦੇ ਹੱਥ ਤੇ ਪੈਰ ਕਫ਼ਨ ਤੋਂ ਬਾਹਰ ਰਖਣੇ" ਤਾਂਕਿ ਲੋਕਾਂ ਨੂੰ ਪਤਾ ਲਗ ਜਾਵੇ ਕਿ ਸਰਬ ਜਗਤ-ਵਿਜਈ ਹੁੰਦਿਆਂ ਹੋਇਆਂ ਵੀ ਮੈਂ ਆਖ਼ਰੀ ਵਕਤ ਖ਼ਾਲੀ ਹੱਥ ਦੁਨੀਆ ਤੋਂ ਖ਼ਾਲੀ ਹੱਥ ਜਾ ਰਿਹਾ ਹਾਂ:

ਵਕਤੇ ਰਹਲਤ ਜਬ ਜਹਾਂ ਸੇ ਚਲਾ, ਹਾਥ ਖ਼ਾਲੀ ਕਫ਼ਨ ਸੇ ਬਾਹਿਰ ਥਾ।

ਜਦ ਪਦਾਰਥਾਂ ਨੇ ਪੂਰੀ ਪਾਉਣੀ ਨਹੀਂ, ਤਾਂ ਫਿਰ ਇਹਨਾਂ ਵਿਚ ਦਿਲ ਲਾ ਆਪੇ ਨੂੰ ਕਿਉਂ ਭੁਲਾਇਆ ਜਾਵੇ। ਹਾਂ, ਜਿਸ ਥੋੜ੍ਹੇ ਜਿਹੇ ਸਮੇਂ ਲਈ ਇਹਨਾਂ ਦੀ ਲੋੜ ਪੈਣੀ ਹੈ ਓਨੀ ਕੁ ਰੁਚੀ ਉਹਨਾਂ ਵੱਲ ਦਿੱਤੀ ਜਾਵੇ, ਪਰ ਲਿਵ ਦੀ ਡੋਰ ਆਪੇ ਨਾਲ ਹੀ ਬੰਨ੍ਹੀ ਰਹਿਣੀ ਚਾਹੀਦੀ ਹੈ।

ਮਨੁੱਖ-ਜੀਵਨ ਦਾ ਜਗਤ ਜੀਵਨ ਵੱਲ ਰਜੂਹ ਕਤਰੇ ਦੇ ਸਾਗਰ ਵੱਲ ਜਾਣ ਵਾਂਗ ਹੀ ਹੈ, ਪਰ ਜਿੱਥੇ ਕਤਰੇ ਤੇ ਸਾਗਰ ਦੇ ਦਰਮਿਆਨ ਦੇਸ਼ ਦਾ ਭੇਦ ਹੈ, ਓਥੇ ਮਨੁੱਖ ਤੇ ਮਾਲਕ ਦੇ ਦਰਮਿਆਨ ਕੇਵਲ ਸੰਕਲਪਾਂ ਦੀ ਦੀਵਾਰ ਖਲੋਤੀ ਹੈ, ਜਿਸ ਨੂੰ ਸਿਮਰਨ ਦੇ ਬਲ ਕਰਕੇ ਹੀ ਤੋੜ ਸਕੀਦਾ ਹੈ। ਇਹੀ ਕਾਰਨ ਹੈ ਕਿ ਮਨੁੱਖ-ਇਤਿਹਾਸ ਦੇ ਆਰੰਭ ਤੋਂ ਹੀ ਮਹਾਂਪੁਰਸ਼ ਸਿਮਰਨ 'ਤੇ ਜ਼ੋਰ ਦੇਂਦੇ ਆਏ ਹਨ। ਸਤਿਗੁਰਾਂ ਨੇ ਤਾਕੀਦ ਕੀਤੀ ਹੈ ਕਿ ਹੇ ਮਨੁੱਖ! ਜੇ ਤੂੰ ਤਨ ਵਿਚੋਂ ਕਲਹ ਕਲੇਸ਼ ਮਿਟਾ ਕੇ ਸੁਖ ਪਾਉਣਾ ਚਾਹੁਨਾ ਏਂ ਤਾਂ ਸਿਮਰਨ ਕਰ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥
ਕਲਿ ਕਲੇਸ ਤਨ ਮਾਹਿ ਮਿਟਾਵਉ॥
(ਸੁਖਮਨੀ ਸਾਹਿਬ, ਪੰਨਾ ੨੬੨)

ਇਸ ਜਗਤ-ਜੀਵਨ-ਦਾਤੇ ਨੂੰ ਜਿਸ ਦੇ ਸਿਮਰਨ ਕਰਨ ਨਾਲ ਸੁਖ ਮਿਲਦਾ ਹੈ, ਮੁਖ਼ਤਲਿਫ਼ ਸ਼ਰੇਣੀਆਂ ਦੇ ਮਹਾਂਪੁਰਖਾਂ ਨੇ ਅੱਡੋ ਅੱਡ ਨਾਵਾਂ ਨਾਲ ਯਾਦ ਕੀਤਾ ਹੈ। ਪਰ ਨਾਮ ਕੋਈ ਭੀ ਕਿਉਂ ਨਾ ਲਿਆ ਜਾਏ, ਯਾਦ ਇਕੋ ਦੀ ਹੀ ਆਉਂਦੀ ਹੈ। ਜਿਸ ਤਰ੍ਹਾਂ ਇਕ ਮਨੁੱਖ ਨੂੰ ਬੇਟਾ ਬਾਪ ਕਰ ਕੇ, ਬਾਪ ਪੁੱਤਰ ਜਾਣ, ਭੈਣ ਭਰਾ ਸਮਝ ਤੇ ਇਸਤਰੀ ਪਤੀ ਜਾਣ ਚੇਤੇ ਕਰਦੀ ਹੈ ਪਰ ਸਾਰਿਆਂ ਦੇ ਤਸੱਵਰ ਵਿਚ ਤਸਵੀਰ ਇਕ ਦੀ ਹੀ ਵਸਦੀ ਹੈ, ਏਸੇ ਤਰ੍ਹਾਂ ਜਗਤ-ਜੀਵਨ-ਦਾਤੇ ਨੂੰ ਕੋਈ ਕਿਸੇ ਨਾਮ ਨਾਲ ਕਿਉਂ ਨਾ ਯਾਦ ਕਰੇ, ਸੁਆਦ ਇਕੋ ਜਿਹਾ ਆਉਂਦਾ ਹੈ।

ਇਕ ਪੁਰਾਣਕ ਕਥਾ ਵਿਚ ਆਇਆ ਹੈ ਕਿ ਕਿਸੇ ਭਗਤਣੀ ਮਾਈ ਨੇ ਕਿਸੇ ਸਾਧ ਦੀ ਸੇਵਾ ਕਰ ਉਸ ਕੋਲੋਂ ਭਜਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਮਾਤਾ! 'ਗੋਬਿੰਦ ਗੋਬਿੰਦ' ਸਿਮਰਿਆ ਕਰ। ਗੋਬਿੰਦ ਉਸਦੇ ਪਤੀ ਦਾ ਨਾਮ ਸੀ, ਜਿਸਦਾ ਉਚਾਰਣ ਹਿੰਦੂ ਸੱਭਿਅਤਾ ਅਨੁਸਾਰ ਕਰ ਨਹੀਂ ਸੀ ਸਕਦੀ। ਇਸ ਲਈ ਉਸਨੇ ਉਸਨੂੰ 'ਮੁੱਨੀ ਦਾ ਲਾਲਾ', 'ਮੁੱਨੀ ਦਾ ਲਾਲਾ', 'ਮੁੱਨੀ ਦਾ ਲਾਲਾ' ਕਹਿਣਾ ਸ਼ੁਰੂ ਕਰ ਦਿੱਤਾ। ਉਸ ਦੇ ਸਿਦਕ ਤੇ ਪ੍ਰੇਮ ਨੇ ਸਿਮਰਨ ਵਿਚ ਇਤਨਾ ਬਲ ਪੈਦਾ ਕੀਤਾ ਕਿ ਪ੍ਰਭੂ ਆਪ ਲੱਛਮੀ ਸਮੇਤ ਉਸਦੇ ਦਰਸ਼ਨਾਂ ਨੂੰ ਗਏ।

ਸਿਮਰਨ ਦੀ ਦੁਨੀਆ ਵਿਚ ਭਾਵੇਂ ਕਿਸੇ ਖ਼ਾਸ ਨਾਮ ਦੀ ਕੋਈ ਵਿਸ਼ੇਸ਼ਤਾ ਨਹੀਂ, ਪਰ ਫਿਰ ਭੀ ਇਤਨਾ ਕੁ ਖ਼ਿਆਲ ਰੱਖਣਾ ਪੈਂਦਾ ਹੈ ਕਿ ਜਿਸ ਸ਼ਬਦ ਦੇ ਅਭਿਆਸ ਵਿਚ ਸੁਰਤ ਟਿਕਾਈ ਜਾਏ ਉਸ ਦੇ ਇਕ ਤੋਂ ਜ਼ਿਆਦਾ ਅਰਥ ਮਨ ਵਿਚ ਨਾ ਹੋਣ, ਕਿਉਂ ਜੋ ਅਜਿਹਾ ਹੋਣ ਨਾਲ ਮਨੋਬਿਰਤੀ ਦੇ ਖਿੰਡ ਜਾਣ ਦੀ ਸੰਭਾਵਨਾ ਹੈ। ਇਸ ਖ਼ਿਆਲ ਨੂੰ ਪ੍ਰੇਮਾ-ਭਗਤੀ ਦੀ ਕਥਾ ਵਿਚ ਬੜੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ।

ਲਿਖਿਆ ਹੈ ਕਿ ਇਕ ਦਿਨ ਬਰਖਾ ਸਮੇਂ ਸ੍ਰੀ 'ਕ੍ਰਿਸ਼ਨ' ਜੀ ਮਹਾਰਾਜ 'ਰਾਧਕੇ' ਦੇ ਘਰ ਗਏ। ਰਾਧਾ ਜੀ ਨੇ ਦਰਵਾਜ਼ਾ ਬੰਦ ਕਰ ਕੇ ਕੁੰਡਾ ਮਾਰਿਆ ਹੋਇਆ ਸੀ। ਮਹਾਰਾਜ ਨੇ ਦਰਵਾਜ਼ਾ ਖੜਕਾ ਕੇ ਕਿਹਾ, "ਦਰਵਾਜ਼ਾ ਖੋਲ੍ਹੋ।" ਰਾਧਕੇ ਨੇ ਪੁਛਿਆ, "ਇਸ ਸਮੇਂ ਤੁਸੀਂ ਕੋਣ ਹੋ?" ਮਹਾਰਾਜ ਨੇ ਉੱਤਰ ਦਿਤਾ, "ਮੈਂ 'ਹਰ' ਹਾਂ।" ਰਾਧੇ ਜੀ ਨੇ ਬਿਲਾਸ ਨਾਲ ਕਿਹਾ, "ਜੇ ਹਰ (ਬੰਦਰ)ਹੈਂ ਤਾਂ ਕਿਸੇ ਪਹਾੜ ਤੇ ਕੰਦਰ ਵਿਚ ਫਿਰੋ।" ਉਹ ਸੁਣ ਕੇ ਕਹਿਣ ਲੱਗੇ, "ਛਬੀਲੀ! ਮੈਂ 'ਮੋਹਨ' ਹਾਂ।" ਉੱਤਰ ਮਿਲਿਆ, "ਮੋਹਨ (ਠੱਗ)ਹੋ ਤਾਂ ਕਿਸੇ ਮੰਦਰ ਬਜ਼ਾਰ ਵਿਚ ਘੁੰਮੋ।" ਮਹਾਰਾਜ ਨੇ ਕਿਹਾ, "ਨਾਂਗਰੀ! ਮੈਂ 'ਨਾਇਕ' ਹਾਂ।" ਰਾਧੇ ਜੀ ਬੋਲੀ, "ਜੇ 'ਨਾਇਕ' (ਸੁਦਾਗਰ)ਹੋ ਤਾਂ ਟਾਂਡਾ ਲੱਦਿਆ ਹੋਇਆ ਕਿੱਥੇ ਜੇ?" ਕਹਿਣ ਲੱਗੇ, "ਮੈਂ ਘਨਸ਼ਾਮ ਹਾਂ।" ਉੱਤਰ ਮਿਲਿਆ, "ਜੇ ਕਾਲੇ ਬੱਦਲ ਹੋ ਤਾਂ ਖੇਤਾਂ ਵਿਚ ਬਰਸੋ।" ਹਾਰ ਕੇ ਕਹਿਣ ਲਗੇ, "ਮੈਂ 'ਕ੍ਰਿਸ਼ਨ' ਹਾਂ।" "ਪਹਿਲਾਂ ਹੀ ਸਾਫ਼ ਕਿਉਂ ਨਾ ਕਹਿ ਦਿਤਾ," ਰਾਧੇ ਜੀ ਨੇ ਕਿਹਾ, "ਮੈਂ ਕਿਵਾੜ ਖੋਲ੍ਹ ਕੇ ਤੁਹਾਡੀ ਪੂਜਾ ਕਰਦੀ।"

ਖੋਲੇਰੀ ਕਿਵਾਰ ਤੁਮ ਕੌਣ ਹੋ ਇਹੋ ਬਾਰ,
ਹਰ ਨਾਮ ਹੈ ਹਮਾਰ ਫਿਰੋ ਕੰਦਰਾ ਪਹਾੜ ਮੇਂ।
ਮੈਂ ਹੂੰ ਸਖੀ ਮਾਧੋ ਤਾਂ ਕੰਵਲ ਹੂੰ ਕੇ ਮਾਥੋ ਭਾਗ,
ਮੋਹਣ ਛਬੀਲੀ ਫਿਰੋ ਮੰਦਰਾਂ ਬਜ਼ਾਰ ਮੇਂ।
ਨਾਇਕ ਹੂੰ ਮੈਂ ਨਾਗਰੀ ਹੀ ਟਾਂਡੋ ਕਿਉਂ ਨਾ ਲਾਦਿਓ ਜਾਇ,
ਮੈਂ ਹੂੰ ਘਨ ਸ਼ਾਮ ਬਰਸੋ ਖੇਤੀ ਬਾੜ ਮੇਂ
ਕ੍ਰਿਸ਼ਨ ਹੂੰ ਮੈਂ ਬਾਵਰੀ ਹੀ ਸੂਧਉ ਕਿਉਂ ਨਾ ਕਹਿਓ ਪਹਿਲੇ,
ਖੋਲ੍ਹ ਪਟ ਦੇਤੀ ਤੇਰੇ ਜਾਤੀ ਬਲਿਹਾਰ ਮੇਂ।

ਨਾਮ ਭੇਦ ਦੇ ਇਸ ਛੋਟੇ ਜਿਹੇ ਵਿਚਾਰ ਵੱਲ ਵੀ ਸਤਿਗੁਰਾਂ ਖ਼ਿਆਲ ਦਿੱਤਾ ਹੈ ਤੇ ਫ਼ਰਮਾਇਆ ਹੈ ਕਿ ਭਾਵੇਂ ਜਿਹਬਾ ਤੇਰੇ ਕਿਤਨੇ ਹੀ ਕਿਰਤਮ ਨਾਮ ਕਥਦੀ ਹੈ ਪਰ 'ਸਤਿ' ਤੇਰਾ ਪਰਾ ਪੂਰਬਲਾ ਨਾਮ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿਨਾਮੁ ਤੇਰਾ ਪਰਾ ਪੂਰਬਲਾ॥
(ਮਾਰੂ ਮ: ੫, ਪੰਨਾ ੧੦੮੩)

ਸੱਚ ਦਾ ਪ੍ਰਕਾਸ਼ ਸੁੰਦਰਤਾ ਦੇ ਖੇੜੇ ਦੀ ਰਾਹੀਂ ਹੋ ਰਿਹਾ ਹੈ, ਜਿਸ ਨੂੰ ਤੱਕ ਰਸਕ ਮਨ ਦੇ ਮੂੰਹੋਂ ਬਦੋ-ਬਦੀ ਵਾਹ ਵਾਹ ਨਿਕਲਦੀ ਹੈ:

ਸਤਿ ਸੁਹਾਣੁ ਸਦਾ ਮਨਿ ਚਾਉ॥
(ਜਪੁ ਜੀ ਸਾਹਿਬ, ਪੰਨਾ ੪)

ਇਸ ਵਾਸਤੇ 'ਵਾਹੁ ਵਾਹੁ' ਦੇ ਜਾਪ ਦੀ ਖ਼ਾਸ ਸਿਫ਼ਾਰਸ਼ ਕੀਤੀ ਗਈ ਹੈ, ਪਰ ਖ਼ੈਰ, ਸਿਮਰਨ ਦੀ ਦੁਨੀਆ ਵਿਚ ਥੋੜ੍ਹੀ ਹੀ ਮਿਹਨਤ ਦੇ ਬਾਅਦ ਸਰੂਰ ਦੀ ਅਵਸਥਾ ਆ ਜਾਂਦੀ ਹੈ, ਜਿਸ ਕਰਕੇ ਮਸਤ ਲੋਕ ਇਹਨਾਂ ਛੋਟੀਆਂ ਵਿਚਾਰਾਂ ਵੱਲ ਖ਼ਾਸ ਧਿਆਨ ਨਹੀਂ ਦੇਂਦੇ:

ਦਿਲੋਂ ਆਸ਼ਕ ਬਾ ਅੰਦਕ ਫੁਰਸਤੇ ਮਾਸ਼ੂਕ ਮੇ ਗਰਦਦ।
ਸਰਾ ਪਾ ਜਾ ਸ਼ਵਦ ਹਰ ਕਸ ਕਿ ਬਾ ਜਾਨਾਨ ਸੀ ਸ਼ਾਜ਼ਦ।
(ਭਾਈ ਨੰਦ ਲਾਲ)

ਉਹ ਸਿਮਰਨ ਸ਼ੁਰੂ ਕਰਨ ਦੀ ਹੀ ਕਰਦੇ ਹਨ। ਕਿਸੇ ਸੂਫ਼ੀ ਦਾ ਕੌਲ ਹੈ, "ਮੈਂ ਤੈਨੂੰ ਨਹੀਂ ਕਹਿੰਦਾ ਕਿ ਐਦਾਂ ਹੋ ਜਾਂ ਔਦਾਂ ਹੈ, ਭਾਵੇਂ ਕਿਸੇ ਹਾਲ ਵਿਚ ਵੀ ਰਹੁ, ਪਰ ਪ੍ਰਭੂ ਨਾਲ ਜੁੜ।"

ਨਮੀਂ ਗੋਇਮ ਚੁਨੀ ਬਾਜ਼ੀ ਚੁਨਾ ਬਾਸ਼।
ਬਾ ਹਰ ਜਾਇ ਕਿ ਬਾਸ਼ੀ ਬਾ ਖੁਦਾ ਬਾਸ਼ਮ।

ਸਿਮਰਨ ਕਰਨ ਵਾਲਿਆਂ ਨੇ ਕੋਈ ਸਮਾਂ ਹੱਥੋਂ ਗਵਾਉਣਾ ਕਿਸੇ ਗੱਲੋਂ ਭੀ ਸਸਤਾ ਨਹੀਂ ਜਾਣਿਆ, ਉਹ ਦਮ-ਬ-ਦਮ ਯਾਦ ਵਿਚ ਰਹਿਣਾ ਚਾਹੁੰਦੇ ਹਨ। ਸੰਤ ਕਬੀਰ ਜੀ ਦੀ ਨਿਸਬਤ ਇਹ ਲਿਖਿਆ ਹੈ ਕਿ ਉਹਨਾਂ ਨੂੰ ਤਾਣੀ ਤਣਨੀ ਇਸ ਕਰਕੇ ਮੁਸ਼ਕਲ ਹੋ ਗਈ ਸੀ ਕਿ ਉਹਨਾਂ ਨੂੰ ਨਾਲ ਵਿਚੋਂ ਸੁਵਾਸ ਖਿੱਚ ਕੇ ਧਾਗਾ ਕੱਢਣ ਸਮੇਂ ਰਾਮ ਕਹਿਣਾ ਮੁਸ਼ਕਲ ਹੋ ਜਾਂਦਾ ਸੀ।

ਜਬ ਲਗੁ ਤਾਗਾ ਬਾਹਉ ਬੇਹੀ॥ ਤਬ ਲਗੁ ਬਿਸਰੈ ਰਾਮੁ ਸਨੇਹੀ॥

(ਗੂਜਰੀ ਕਬੀਰ, ਪੰਨਾ ੫੨੫)

ਇਹ ਬਹੁਤ ਉੱਚੀ ਅਵਸਥਾ ਵਾਲੇ ਸੰਤ ਦੀ ਬਿਹਬਲਤਾ ਦਾ ਦ੍ਰਿਸ਼ ਹੈ। ਇਸ ਦੇ ਇਹ ਅਰਥ ਨਹੀਂ ਕਿ ਸਿਮਰਨ ਵਾਲੇ ਮਨੁੱਖ ਕਿਰਤ ਕਰਨ ਤੋਂ ਕੰਨੀ ਕਤਰਾਣ।

ਇਸ ਗੱਲ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਹੋਈ ਤ੍ਰਿਲੋਚਨ ਤੇ ਨਾਮਦੇਵ ਦੀ ਚਰਚਾ ਵਿਚ ਕੀਤਾ ਗਿਆ ਹੈ। ਲਿਖਿਆ ਹੈ ਕਿ ਨਾਮਦੇਵ ਜੀ ਨੂੰ ਕਪੜੇ ਛਾਪਣ ਦੀ ਕਿਰਤ ਕਰਦਿਆਂ ਹੋਇਆਂ ਤੱਕ, ਤ੍ਰਿਲੋਚਨ ਨੇ ਕਿਹਾ, "ਮਾਇਆ ਵਿਚ ਕਿਉਂ ਮੋਹਿਆ ਗਿਆ ਏਂ, ਰਾਮ ਨਾਲ ਕਿਉਂ ਨਹੀਂ ਚਿਤ ਲਗਾਂਦਾ! ਮਿੱਤਰਾ, ਮੂੰਹ ਤੋਂ ਰਾਮ ਕਹੋ।"

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨਾ ਲਾਵਹੁ ਚੀਤ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥

(ਸਲੋਕ ਕਬੀਰ, ਪੰਨਾ ੧੩੭੫)

ਨਾਮਦੇਵ ਨੇ ਕਿਹਾ, "ਹੱਥਾਂ ਪੈਰਾਂ ਨਾਲ ਬੇਸ਼ਕ ਕਿਰਤ ਕਰੀ ਜਾਈਏ, ਪਰ ਚਿੱਤ ਨੂੰ ਨਿਰੰਜਨ ਨਾਲ ਜੋੜਨਾ ਚਾਹੀਦਾ ਹੈ।" ਸਿਮਰਨ ਕਰਨ ਵਾਲਿਆਂ ਦੀ ਸ਼ਰੇਣੀ ਨੇ ਤਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਮਨੁੱਖ ਨੂੰ ਤ੍ਰਿਸ਼ਨਾਤਰ ਹੋ ਕਪਟ ਨਹੀਂ ਕਰਨਾ ਚਾਹੀਦਾ ਕਿਉਂਕਿ ਓੜਕ ਉਸ ਨੂੰ ਹਿਸਾਬ ਦੇਣਾ ਪਵੇਗਾ।

ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥
(ਸੋਰਠਿ ਕਬੀਰ, ਪੰਨਾ ੬੫੬)

ਪਰ ਉੱਦਮ ਕਰ ਕੇ ਕਮਾਏ ਹੋਏ ਪਦਾਰਥ ਨੂੰ ਖਾ ਸੁਖੀ ਹੋਣਾ ਅਤੇ ਨਾਮ ਨੂੰ ਧਿਆ ਪ੍ਰਭੂ ਨੂੰ ਮਿਲਣਾ ਹੀ ਜੀਵਨ-ਚਿੰਤਾ ਨੂੰ ਮੁਕਾਂਦਾ ਹੈ।

ਸਿਮਰਨ ਦੇ ਸੰਬੰਧ ਵਿਚ ਕਈ ਤਰ੍ਹਾਂ ਦੇ ਤਰੀਕੇ ਦੱਸੇ ਜਾਂਦੇ ਹਨ, ਪਰ ਸਭ ਤੋਂ ਮੁੱਖ ਹਠ-ਯੋਗ ਤੇ ਸਹਿਜ-ਯੋਗ ਹਨ। ਭਾਵੇਂ ਕਈ ਸਿਆਣੇ ਹਠ-ਯੋਗ ਵਿਚ ਸਿਮਰਨ ਦੀ ਕੋਈ ਜਗ੍ਹਾ ਨਹੀਂ ਮੰਨਦੇ ਪਰ ਹਕੀਕਤ ਇਹ ਹੈ ਕਿ ਜੇ ਸਿਮਰਨ ਦੇ ਆਰੰਭ ਤੋਂ, ਜੋ ਕਿਸੇ ਇਕ ਸ਼ਬਦ ਦੇ ਬਾਰ ਬਾਰ ਜਪਣ ਤੋਂ ਹੁੰਦਾ ਹੈ, ਉਤਾਂਹ ਉਠ ਇਸ ਦੇ ਅੰਤ ਵੱਲ ਨਿਗਾਹ ਮਾਰਾਂਗੇ, ਜੋ ਫੁਰਨੇ-ਰਹਿਤ ਹੋ ਨਿਰਵਿਕਲਪ ਹੋਣ ਦੀ ਅਵਸਥਾ ਹੈ—ਤਾਂ ਹਨ-ਯੋਗੀ ਭੀ ਇਕ ਤਰ੍ਹਾਂ ਦਾ ਸਿਮਰਨ ਹੀ ਕਰਦਾ ਦਿਸੇਗਾ। ਸੁਖ, ਚਾਹੇ ਹਠ-ਯੋਗ ਧਾਰਨ ਕੀਤਾ ਜਾਏ, ਚਾਹੇ ਸਹਿਜ-ਯੋਗ, ਮਕਸਦ ਸੰਕਲਪ-ਵਿਕਲਪ ਦੀ ਦੀਵਾਰ ਨੂੰ ਤੋੜ ਕੇ ਸਹਿਜ ਦੀ ਅਵਸਥਾ ਨੂੰ ਪ੍ਰਾਪਤ ਹੋਣਾ ਹੈ।

ਸਤਿਗੁਰਾਂ ਨੇ ਸਹਿਯੋਗ ਨੂੰ ਹੀ ਮੁਖ ਰਖਿਆ ਹੈ। ਸੰਤ ਮਤ ਆਦਿ ਤੋਂ ਹੀ ਸਹਿਜ ਯੋਗੀ ਹੈ। ਹਾਂ, ਕਈ ਵੇਰ ਟਪਲਾ ਲੱਗ ਕੇ ਬਾਜ਼ੇ ਅਭਿਆਸੀ ਹਠ-ਯੋਗ ਨੂੰ ਵੀ ਸਹਿਜ ਯੋਗ ਕਹਿਣ ਲਗ ਪੈਂਦੇ ਹਨ। ਇਹਨਾਂ ਦੋਹਾਂ ਦਾ ਸਾਧਾਰਨ ਵੇਰਵਾ ਇਹ ਹੈ ਕਿ ਹਠ-ਯੋਗ ਰਾਹੀਂ ਸਰੀਰ ਨੂੰ ਥਕਾਵਟ ਤੇ ਮਨ ਵਿਚ ਖਿਝ ਤੇ ਤੇਜ਼ੀ ਉਪਜਦੀ ਹੈ, ਪਰ ਸਹਿਜ-ਯੋਗ ਵਿਚ ਤਨ ਦੀ ਅਸਾਧਾਰਨ ਸਮਾਧੀ ਲਗਾਉਣ ਕਰਕੇ ਕੋਈ ਖ਼ਾਸ ਤਕਲੀਫ਼ ਨਹੀਂ ਹੁੰਦੀ ਅਤੇ ਮਨ ਵਿਚ ਖਿੜਾਉ ਤੇ ਸ਼ਾਂਤੀ ਪੈਦਾ ਹੁੰਦੀ ਹੈ। ਹਠ-ਯੋਗੀ ਸਰੀਰ ਨੂੰ ਨਿਰਬਲ ਕਰਨ ਦੇ ਸਾਧਨ ਕਰਦੇ ਹਨ। ਬਰਤ ਰੋਜ਼ੇ ਰਖ ਰਖ ਖ਼ੁਰਾਕ ਨੂੰ ਘਟਾਣਾ, ਤਨ ਨੂੰ ਸੁਕਾ ਚਿਹਰੇ 'ਤੇ ਪਿਲੱਤਣ ਲੈ ਆਉਣੀ, ਇਹ ਉਹਨਾਂ ਦਾ ਆਮ ਰਵੱਈਆ ਹੈ, ਭਾਵੇਂ ਇਸ ਤਰੀਕੇ ਵਿਚੋਂ ਕੋਈ ਵੱਡੀ ਸਫਲਤਾ ਨਹੀਂ ਹੁੰਦੀ। ਇਸ ਗੱਲ ਦੀ ਗਵਾਹੀ ਸਾਕੀ ਮੁਨੀ ਗੌਤਮ 'ਬੁਧ' ਅਤੇ ਬਾਬਾ 'ਫਰੀਦ' ਜੀ ਨੇ ਦਿੱਤੀ ਹੈ। ਪ੍ਰਭੂ-ਭਗਤੀ ਦਾ ਸ਼ੈਦਾਈ ਕਪਲ ਵਸਤੂ ਦੇ ਮਹਾਰਾਜ ਦਾ ਇਕਲੌਤਾ ਬੇਟਾ, ਸਿਮਰਨ ਦੇ ਸ਼ੌਕ ਵਿਚ ਰਾਜ ਸੁਖ, ਸੁੰਦਰ ਗੋਪਾ ਤੇ ਬਾਲਕ ਰਾਹੁਲ ਨੂੰ ਤਿਆਗ ਫ਼ਕੀਰ ਬਣ ਨਿਕਲਿਆ। ਤਕਦੀਰ ਨਾਲ ਪੈ ਗਿਆ ਹਠ-ਯੋਗ ਵੱਲ, ਉਹ ਤਪ ਕੀਤਾ ਕਿ ਮੌਤ ਦੇ ਮੂੰਹ ਵਿੱਚੋਂ ਹੋ ਮੁੜਿਆ ਪਰ ਰਸ ਕੁਛ ਨਾ ਆਇਆ ਤੇ ਓੜਕ ਇਸ ਪਾਸਿਓਂ ਅਜਿਹਾ ਉਪਰਾਮ ਹੋਇਆ ਕਿ ਮਨੁੱਖ-ਜੀਵਨ ਦੀ ਸਫਲਤਾ ਪ੍ਰਭੂ ਨਾਮ ਤੋਂ ਬਿਨਾ ਕੇਵਲ ਬੁੱਧੀ, ਮਰਯਾਦਾ ਤੇ ਸੰਗਤ ਵਿਚੋਂ ਹੀ ਲੱਭਣ ਦਾ ਪ੍ਰਚਾਰ ਕਰ ਗਿਆ। ਬਾਬਾ ਫ਼ਰੀਦ ਜੀ ਭੀ ਆਪਣੇ ਤਜਰਬੇ ਨੂੰ ਹਠ-ਯੋਗ ਦੇ ਵਿਰੁੱਧ ਦਸਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਦਾ ਤਨ ਰੋਜ਼ੇ ਰਖ ਰਖ ਕੇ ਇਤਨਾ ਸੁਕ ਗਿਆ ਕਿ ਕਾਂਵਾਂ ਨੇ ਕਰੰਗ ਜਾਣ ਠੂੰਗੇ ਆਣ ਮਾਰੇ। ਦੇਖੋ, ਕਿਸਮਤ ਦੀ ਬਾਤ ਰੱਬ ਉਹਨਾਂ ਨੂੰ ਵੀ ਨਾ ਲੱਭਾ।

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥
(ਸਲੋਕ ਫਰੀਦ, ਪੰਨਾ ੧੩੮੨)

ਗੁਰਮਤ ਵਿਚ ਜਗਤ ਨੂੰ ਪ੍ਰਮੇਸ਼੍ਵਰ ਦਾ ਰੂਪ ਕਰ ਜਾਣਿਆ ਗਿਆ ਹੈ, ਇਸ ਲਈ ਇਸ ਦੀ ਰੌਣਕ ਨੂੰ ਵਧਾਉਣਾ ਮਨੁੱਖ ਲਈ ਜ਼ਰੂਰੀ ਬਣ ਆਇਆ ਹੈ:

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਰੂਪੁ ਨਦਰੀ ਆਇਆ।
(ਰਾਮਕਲੀ ਮ: ੩, ਪੰਨਾ ੯੨੨)

ਰੌਣਕਾਂ ਵਧਾਉਣ ਲਈ ਖਿੜੇ ਹੋਏ ਚਿਹਰੇ ਅਤੇ ਉਤਸ਼ਾਹ-ਭਰੇ ਮਨ ਜ਼ਰੂਰੀ ਹਨ, ਪਰ ਜਿੱਥੇ ਇਹ ਨਹੀਂ ਚਾਹੀਦਾ ਕਿ ਵਿਕਾਰਾਂ ਦੀ ਬਣਾਉਟੀ ਸੁਰਖੀ ਤੇ ਕਪਟ ਦੇ ਝੂਠੇ ਜੋਸ਼ ਨੂੰ ਵਧਾਇਆ ਜਾਏ, ਉਥੇ ਸੱਚ ਦੀ ਸੁਰਖੀ ਤੇ ਉੱਦਮ ਦੇ ਉਤਸ਼ਾਹ ਵੱਧ ਤੋਂ ਵੱਧ ਪ੍ਰਚਾਰਨਾ ਜ਼ਰੂਰੀ ਹੈ। ਇਸ ਕਰਕੇ ਸਤਿਗੁਰਾਂ ਸਹਿਜ-ਯੋਗ ਦਾ ਹੀ ਪਰਚਾ ਪਾਇਆ।ਸਿੱਖੀ ਦੀ ਜੀਵਨ ਮਰਯਾਦਾ ਅਨੁਸਾਰ ਸਿੱਖ ਦੀ ਹਰ ਵਰਤੋਂ ਇਸ ਖ਼ਿਆਲ ਨੂੰ ਹੀ ਰਖ ਕੇ ਹੋਣੀ ਚਾਹੀਦੀ ਹੈ ਕਿ ਉਸ ਤੋਂ ਸਿਮਰਨ ਵਿਚ ਸਹਾਇਤਾ ਮਿਲੇ।

ਇਹ ਇਕ ਸਰਬ ਸਾਧਾਰਨ ਗੱਲ ਹੈ ਕਿ ਸਾਨੂੰ ਕਿਸੇ ਭੁਲੀ ਹੋਈ ਚੀਜ਼ ਯਾਦ ਕਰਨ ਲਈ ਚੁੱਪ ਤੇ ਸ਼ਾਂਤ ਆਲੇ-ਦੁਆਲੇ ਦੀ ਲੋੜ ਪੈਂਦੀ ਹੈ। ਜੇ ਕੋਈ ਸਾਨੂੰ ਕੱਲ੍ਹ ਬੀਤੀ ਹੋਈ ਗੱਲ ਅੱਜ ਪੁਛਣਾ ਚਾਹੇ ਤਾਂ ਉਸ ਦੇ ਦੱਸਣ ਲਈ ਵੀ ਸਾਨੂੰ ਕੁਝ ਸੋਚਣਾ ਪਵੇਗਾ, ਇਸ ਸੋਚ ਵਾਸਤੇ ਸ਼ਾਂਤ-ਸਮਾਂ ਬੜਾ ਸਹਾਇਕ ਹੁੰਦਾ ਹੈ। ਦੁਨੀਆ ਦੇ ਮੁਖੀ ਲਿਖਾਰੀ ਤੇ ਵਡੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਵਾਨ ਅਮੂਮਨ ਪਿਛਲੀ ਰਾਤ ਹੀ ਉਠ ਕੇ ਲਿਖਦੇ ਤੇ ਪੜ੍ਹਦੇ ਹਨ। ਨਾਮ ਸਿਮਰਨ ਜੋ ਸਭ ਤੋਂ ਵਡੀ ਯਾਦ ਹੈ; ਖ਼ਬਰੇ ਕਦੋਂ ਤੋਂ ਮਨੁੱਖ ਜੀਵਨ ਸ਼ੁਰੂ ਹੋਇਆ, ਜੋ ਜਗਤ-ਜੀਵਨ ਤੋਂ ਵਿੱਛੜ ਫਿਰ ਉਸਦੇ ਮਿਲਣ ਦਾ ਖ਼ਾਹਸ਼ਮੰਦ ਹੈ। ਇਸ ਲਈ ਉਸਨੂੰ ਤਾਂ ਆਪਣੇ ਅਭਿਆਸ ਲਈ ਬਹੁਤ ਹੀ ਸ਼ਾਂਤ ਸਮਾਂ ਚਾਹੀਦਾ ਹੈ।

ਸਤਿਗੁਰਾਂ ਨੇ ਇਸ ਵਾਸਤੇ ਹੀ ਸਿੱਖ ਨੂੰ ਪ੍ਰਭਾਤੇ ਉਠਣ ਦੀ ਤਾਕੀਦ ਕੀਤੀ ਹੈ। ਭਾਵੇਂ ਸਤਿਗੁਰੂ ਦੀ ਸਿਫ਼ਤ-ਸਾਲਾਹ ਤੇ ਆਰਾਧਨਾ ਦਿਨ ਰਾਤ ਹੀ ਹੋ ਸਕਦੀ ਹੈ, ਪਰ ਉਸਦਾ ਆਰੰਭ ਪ੍ਰਭਾਤ ਤੋਂ ਹੀ ਕਰਨਾ ਚਾਹੀਦਾ ਹੈ:

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥
(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੫)

ਇਹ ਪ੍ਰਭਾਤ ਕਿਸ ਸਮੇਂ ਤੋਂ ਮੰਨੀ ਜਾਵੇ, ਇਸਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਰਾਤ ਤ੍ਰੇਲ ਨਾਲ ਭਿਜ ਜਾਵੇ ਤੇ ਤਾਰਿਆਂ ਦੀਆਂ ਅੱਖਾਂ ਡੁਲ੍ਹ ਡੁਲ੍ਹ ਕਰ ਉਠਣ, ਉਸ ਵੇਲੇ ਰਾਮ ਦੇ ਪਿਆਰੇ ਸੰਤਾਂ ਨੂੰ ਜਾਗਣਾ ਚਾਹੀਦਾ ਹੈ:

ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥
(ਆਸਾ ਮ: ੫, ਪੰਨਾ ੪੫੯)

ਭਾਈ ਨੰਦ ਲਾਲ ਜੀ ਤਾਂ ਇਥੋਂ ਤਕ ਕਹਿ ਗਏ ਹਨ ਕਿ ਸੁਬ੍ਹਾ ਦਾ ਜਾਗਣਾ ਹੀ ਆਰਫ਼ ਦੀ ਜ਼ਿੰਦਗੀ ਹੈ ਤੇ ਮੈਂ ਅਗਾਂਹ ਲਈ ਸਵੇਰ ਦਾ ਸੌਣਾ ਹੀ ਹਰਾਮ ਕਰ ਦਿਤਾ ਹੈ:

ਬਿਦਾਰੀ ਅਸ਼ਤ ਜ਼ਿੰਦਗੀਏ ਆਰੇਫਾਨੇ ਸ਼ੌਕ,
ਗੋਇਆ ਹਰਾਮ ਕਰ ਦਮ ਜਿਆਇੰਦਾ ਖਾਬੇ ਸੁਬਹੋ।
(ਭਾਈ ਨੰਦ ਲਾਲ ਜੀ)

ਇਸ ਸ਼ਾਂਤ ਸਮੇਂ ਜਾਗ ਕੇ ਨਾਮ ਸਿਮਰਨ ਕਰਨਾ ਮਨੁੱਖ ਨੂੰ ਜੀਵਨ ਦੀਆਂ

ਉਚਾਈਆਂ ਵੱਲ ਲੈ ਜਾਂਦਾ ਹੈ। ਉਸ ਵਕਤ ਕੁਦਰਤ ਸਾਰੀ ਦੀ ਸਾਰੀ ਇਕ-ਰਸ ਵਿਚ ਜੁੜੀ ਦਿਸਦੀ ਹੈ। ਅਭਿਆਸੀ ਕੁਦਰਤ ਦੇ ਅਨਾਹਦ ਨਾਦ ਨਾਲ ਜੁਟ ਜਾਂਦਾ ਹੈ, ਉਸ ਸਮੇਂ ਹੀ ਬਿਰਖਾਂ 'ਤੇ ਬੈਠੇ ਪੰਛੀ ਮਧੁਰ ਗਾਇਨ ਆਰੰਭ ਕਰਦੇ ਹਨ, ਬੁਲਬੁਲਾਂ ਦੇ ਮਸਤ ਰਾਗ ਨੂੰ ਸੁਣ ਕੇ ਕਲੀਆਂ ਆਪਣੇ ਸੀਨੇ ਪਾੜ ਦੇਂਦੀਆਂ ਹਨ ਤੇ ਸੁਬ੍ਹਾ ਦੀ ਪੌਣ ਖ਼ੁਸ਼ਬੂਆਂ ਦੇ ਬੁਕ ਭਰ-ਭਰ ਚੌਤਰਫੀਂ ਲੁਟਾ ਦੇਂਦੀ ਹੈ, ਇਸ ਦੀਆਂ ਮਹਿਕਾਂ ਤੋਂ ਮਸਤ ਹੋਇਆ ਜ਼ੱਰਰਾ ਜ਼ੱਰਰਾ ਸਿਮਰਨ ਕਰਦਾ ਪ੍ਰਤੀਤ ਹੁੰਦਾ ਹੈ:

ਉਸ਼ੇਰ ਦਾ ਤਾਰਾ ਚੜ੍ਹਿਆ ਜਾਂ ਅੰਬਰ ਤੇ ਲਾਲੀ ਫੁਟੀ ਏ।
ਜਾਂ ਨੀਂਦਰ ਆਲਸ ਸੁਸਤੀ ਦੀ, ਜਗ ਛਾਈ ਜਾਲੀ ਟੁੱਟੀ ਏ।
ਕੋਇਲ ਨੇ ਕੂ ਕੂ ਲਾਈ ਏ, ਬੁਲਬੁਲ ਮਿਚ ਬੈਨੀ ਜੁਟੀ ਏ।
ਬਸ ਨਗ਼ਮਾ ਇਹੀ ਅਲਾਵਣ ਨੂੰ, ਚਿੜੀਆਂ ਕਾਂਵਾਂ ਚੁੰਜ ਪੁਟੀ ਏ।
ਕਰਤਾਰ ਤੂੰਹੀ, ਕਰਤਾਰ ਤੂੰਹੀ, ਸ੍ਰਿਸ਼ਟੀ ਦਾ ਸਿਰਜਣਹਾਰ ਤੂੰਹੀ।
ਬੁਲਬੁਲ ਨੇ ਮਸਤੀ ਵਿਚ ਆ ਕੇ, ਕੋਈ ਗੀਤ ਅਜਿਹਾ ਗਾਇਆ ਏ।
ਗੁੰਚੇ ਨੇ ਸੁਣਦੇ ਸਾਰ ਜਿਹਦੇ, ਸੀਨਾ ਹੀ ਚੁਕ ਪੜਾਇਆ ਏ।
ਬੁੱਲਿਆਂ ਨੇ ਭਰ ਭਰ ਬੁਕ ਜਿਥੋਂ, ਖ਼ੁਸ਼ਬੂ ਦਾ ਧਨ ਲੁਟਵਾਇਆ ਏ।
ਮਹਿਕਾਂ ਦੇ ਸੰਗ ਮਸਤਾਨੇ ਹੋ, ਵਣ ਤ੍ਰਿਣ ਨੇ ਆਪ ਸੁਣਾਇਆ ਏ।
ਕਰਤਾਰ ਤੂੰਹੀ, ਕਰਤਾਰ ਤੂੰਹੀ, ਸ੍ਰਿਸ਼ਟੀ ਦਾ ਸਿਰਜਣਹਾਰ ਤੂੰਹੀ।
(ਕਰਤਾ)

ਇਸ ਸੁਭਾਗ ਸਮੇਂ ਸਤਿਗੁਰਾਂ ਨੇ ਸਿਮਰਨ ਵਿਚ ਜੁੜ ਜਾਣ ਲਈ ਜਗਿਆਸੂਆਂ ਨੂੰ ਪ੍ਰੇਰਿਆ ਹੈ। ਉਹਨਾਂ ਦਾ ਖ਼ਿਆਲ ਹੈ ਕਿ ਸੁਬ੍ਹਾ ਦੇ ਪਹਿਲੇ ਪਹਿਰ ਵਿਚ ਸੁਰਤਿਆਂ ਵਿਚ ਚਾਉ ਪੈਦਾ ਹੁੰਦਾ ਹੈ, ਔਰ ਹੈ ਭੀ ਸੱਚ। ਪ੍ਰਭਾਤ ਸਮੇਂ ਸੂਰਜ ਦੇ ਉਦੈ ਹੋਣ ਦੇ ਨਾਲ ਨਾਲ ਹੀ ਸਮਸਤ ਜਗਤ-ਜੀਵਨ ਉਤਸ਼ਾਹ ਨਾਲ ਜਾਗ ਉਠਦਾ ਹੈ, ਕਲੀਆਂ ਵਿਚ ਖੇੜੇ, ਫਲਾਂ ਵਿਚ ਰਸ, ਹਵਾ ਵਿਚ ਹਰਕਤ, ਪੰਛੀਆਂ ਦੀਆਂ ਰਾਗਣੀਆਂ ਛਿੜ ਪੈਂਦੀਆਂ ਹਨ:

ਚਉਥੈ ਪਹਿਰ ਸਬਾਹ ਕੇ ਸੁਰਤਿਆ ਉਪਜੇਆ ਚਾਉ॥
(ਵਾਰ ਮਾਝ ਮ: ੨, ਪੰਨਾ ੧੪੬)

ਅਜੇਹੇ ਸੁਹਾਵਣੇ ਸਮੇਂ ਸੁਤਰਾਵਨ ਸ੍ਰੇਸ਼ਟ ਮਨੁੱਖਾਂ ਦਾ ਚਾਉ ਵਿਚ ਆਉਣਾ ਇਕ ਸੁਭਾਵਕ ਗੱਲ ਹੈ। ਉਹ ਭਾਗਹੀਣ ਹੀ ਸੁਸਤੀ ਦੇ ਸ਼ਿਕਾਰ ਰਹਿੰਦੇ ਹਨ, ਜਿਨ੍ਹਾਂ ਦੀ ਅਵਸਥਾ ਪਸ਼ੂ-ਪੰਛੀ ਤੋਂ ਭੀ ਥੱਲੇ ਗਿਰੀ ਹੋਈ ਹੋਵੇ। ਗੁਰਬਾਣੀ ਵਿਚ ਆਇਆ ਹੈ ਕਿ ਜੋ ਅਜਿਹੇ ਸਮੇਂ ਵੀ ਵਣ ਤ੍ਰਿਣ ਦੀ ਜ਼ਬਾਨੀ ਜੋ ਨੇਤਿ ਨੇਤਿ ਕਰ ਕੇ ਗਾ ਰਹੇ ਹਨ; ਪਰਮਾਨੰਦ ਦਾ ਜਸ ਨਹੀਂ ਸੁਣਦੇ, ਉਹ ਪਸ਼ੂ-ਪੰਛੀ ਤੇ ਤ੍ਰਿਗਦ ਜੋਨ ਤੋਂ ਵੀ ਮੰਦੇ ਹਨ:

ਜੋ ਨ ਸੁਨਹਿ ਜਸੁ ਪਰਮਾਨੰਦਾ॥
ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥
(ਗਉੜੀ ਮ: ੨, ਪੰਨਾ ੧੪੬)

ਸਾਅਦੀ ਸ਼ਿਰਾਜ਼ੀ ਦਾ ਕੌਲ ਹੈ ਕਿ ਜਦ ਫੁੱਲਾਂ ਦੇ ਖੇੜੇ ਸਮੇਂ ਬੁਲਬੁਲਾਂ ਭੀ ਗੀਤ ਗਾਉਣ ਲਗ ਪੈਂਦੀਆਂ ਹਨ ਤਾਂ ਤੂੰ ਭੀ ਸਭ ਮਖ਼ਲੂਕ ਤੋਂ ਹੁਸ਼ਿਆਰ ਮਨੁੱਖ ਗੀਤ ਗਾਉਣ ਵਿਚ ਜੁਟ ਜਾ:

ਬੁਲਬੁਲਾਂ ਵਕਤੇ ਗੁਲਾਮਦ ਕਿ ਬਿਲਾਨੰਦ ਅਜ਼ ਸ਼ੌਕ।
ਨਾ ਕਮ ਅਜ਼ ਬੁਲਬੁਲੇ ਮਸਤ ਅਸਤੀ ਬਨਾਲੇ ਹੁਸ਼ਿਆਰ।

ਇਸ ਸੁਹਾਵਣੇ ਸਮੇਂ ਸਿਮਰਨ ਵਿਚ ਜੁੜਨ ਦੀ ਸਿਫ਼ਾਰਸ਼ ਅਧਿਆਤਮਕ ਵਿੱਦਿਆ ਦੇ ਇਤਿਹਾਸ ਵਿਚ ਸਭ ਮਹਾਂਪੁਰਖ ਕਰਦੇ ਆਏ ਹਨ ਤੇ ਇਸ ਸਰਬੋਤਮ ਸਮੇਂ ਨੂੰ ਸੰਭਾਲਣ ਦੀ ਹੀ ਗੁਰਸਿੱਖੀ ਵਿਚ ਤਾਕੀਦ ਕੀਤੀ ਗਈ ਹੈ।

ਸੰਸਾਰ ਦੇ ਹਰ ਅਦ੍ਰਿਸ਼ਟ ਦੀ ਪ੍ਰਾਪਤੀ ਤੋਂ ਪਹਿਲੋਂ ਕਿਸੇ ਇਕ ਮੁਕਾਮ ਤੋਂ ਆਰੰਭ ਕਰਨਾ ਪੈਂਦਾ ਹੈ। ਕੋਈ ਪਾਂਧੀ ਅਜਿਹਾ ਨਹੀਂ, ਜੋ ਪਹਾੜ ਦੀ ਸਿਖ਼ਰ 'ਤੇ ਪਹੁੰਚਿਆ ਹੋਵੇ ਅਤੇ ਉਸ ਨੇ ਚੱਲਣਾ ਦਾਮਨ ਤੋਂ ਸ਼ੁਰੂ ਨਾ ਕੀਤਾ ਹੋਵੇ। ਸੰਸਾਰ ਦਾ ਕੋਈ ਵਿਦਵਾਨ ਵੀ ਅਜਿਹਾ ਨਹੀਂ ਹੋਇਆ, ਜਿਸ ਨੇ ਪੜ੍ਹਾਈ ਦਾ ਆਰੰਭ ਬਾਲ-ਬੁਧ ਤੋਂ ਨਹੀਂ ਕੀਤਾ।

ਇਹੋ ਹੀ ਹਾਲਤ ਸਿਮਰਨ ਦੀ ਅਵਸਥਾ ਵਿਚ ਵਾਪਰਦੀ ਹੈ, ਇਸ ਦਾ ਆਰੰਭ ਸਹਿਜ-ਯੋਗ ਵਿਚ ਮਹਿਬੂਬ ਦੇ ਕਿਸੇ ਮਨ-ਭਾਉਂਦੇ ਨਾਮ ਦੇ ਵਾਚਕ ਸ਼ਬਦ ਦੇ ਬਾਰ ਬਾਰ ਰਟਨ ਤੋਂ ਹੁੰਦਾ ਹੈ, ਪਰ ਜਿਸ ਤਰ੍ਹਾਂ ਬਾਈਸਿਕਲ ਦੀ ਸਵਾਰੀ ਸਿੱਖਣ ਵਾਲੇ ਨੂੰ ਪਹਿਲੇ ਪਹਿਲ ਪੂਰੀ ਤਵੱਜੋ ਹੈਂਡਲ ਵਿਚ ਰਖਣੀ ਪੈਂਦੀ ਹੈ, ਏਸੇ ਤਰ੍ਹਾਂ ਸਿਮਰਨ-ਅਭਿਆਸੀ ਨੂੰ ਮਨ ਦੀ ਇਕਾਗਰਤਾ ਲਈ ਭਾਰੀ ਯਜਨ ਕਰਨਾ ਪੈਂਦਾ ਹੈ। ਜੇਠ ਹਾੜ ਦੀਆਂ ਸਖ਼ਤ ਧੁੱਪਾਂ ਨਾਲ ਤਪੀ ਹੋਈ ਧਰਤੀ ਜਿਸ ਤਰ੍ਹਾਂ ਮੀਂਹ ਦਾ ਪਹਿਲਾ ਛਲਾ ਪੈਣ ’ਤੇ ਹਵਾੜ ਛਡਦੀ ਤੇ ਹੁੰਮਸ ਪੈਦਾ ਕਰਦੀ ਹੈ, ਉਸੇ ਤਰ੍ਹਾਂ ਸਿਮਰਨ ਦੇ ਆਰੰਭ ਵਿਚ ਮਾਨਸਕ ਧਰਤੀ, ਪ੍ਰਭੂ ਨਾਮ ਸਿਮਰਨ ਦੀਆਂ ਪਹਿਲੀਆਂ ਬੂੰਦਾਂ ਪੈਣ ਕਰਕੇ ਜਨਮ-ਜਨਮਾਂਤਰਾਂ ਦੇ ਭੁੱਲੇ ਪਏ ਨੀਵੇਂ ਖ਼ਿਆਲਾਂ ਦੀ ਯਾਦ ਨੂੰ ਸੁਰਜੀਤ ਕਰ ਖਿੰਡਾਓ ਪੈਦਾ ਕਰਦੀ ਹੈ। ਬਹੁਤ ਸਾਰੇ ਜਗਿਆਸੂ ਇਸ ਮੁਕਾਮ 'ਤੇ ਹੀ ਰਹਿ ਜਾਂਦੇ ਹਨ। ਇਸ ਬੇਲੁਤਫ਼ੀ ਤੋਂ ਘਬਰਾ ਕੇ ਕਈ ਸਿਮਰਨ ਦਾ ਖ਼ਿਆਲ ਹੀ ਛਡ ਬਹਿੰਦੇ ਹਨ, ਪਰ ਇਹ ਉਹਨਾਂ ਦੀ ਕਮਜ਼ੋਰੀ ਹੈ। ਸੰਸਾਰ ਦੀ ਕਿਹੜੀ ਸਿਧੀ ਹੈ ਜੋ ਕਠਨ ਤਪੱਸਿਆ ਤੋਂ ਬਗ਼ੈਰ ਪ੍ਰਾਪਤ ਹੋ ਸਕਦੀ ਹੈ, ਕਿਹੜੀ ਉੱਚ ਵਿੱਦਿਆ ਹੈ ਜੋ ਢੇਰ ਚਿਰ ਦੇ ਅਭਿਆਸ ਤੋਂ ਪਹਿਲਾਂ ਸਿੱਖੀ ਜਾ ਸਕੇ? ਕੀ ਵਿਗਿਆਨ ਦੇ ਪੰਡਿਤ, ਤਜਰਬਾਗਾਹਾਂ ਵਿਚ ਬਹਿ ਉਮਰਾਂ ਨਹੀਂ ਗਾਲ ਦੇਂਦੇ? ਕੀ ਫਲਸਫੀ, ਦਰਸ਼ਨ ਸ਼ਾਸਤਰ ਪੜ੍ਹਨ ਲਈ ਸਾਲਾਂ ਬੱਧੀ ਮਿਹਨਤ ਨਹੀਂ ਕਰਦੇ? ਕੀ ਗਵੱਈਏ ਸੁਰ-ਅਭਿਆਸ ਕਰਨ ਲਈ ਸਾਲਾਂ ਬੱਧੀ ਜਤਨ ਨਹੀਂ ਕਰਦੇ? ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਭ ਤੋਂ ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਲਈ ਖੋਜੀ ਨੂੰ ਸਬਰ ਨਾਲ ਕੁਝ ਚਿਰ ਅਭਿਆਸ ਨਾ ਕਰਨਾ ਪਵੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਜੋ ਨਾਮ ਅਭਿਆਸੀਆਂ ਦੀ ਸ਼੍ਰੇਣੀ ਦੇ ਸਿਰਤਾਜ ਹਨ, ਇਸ ਸਰਬ ਸਾਹਿਤ ਅਭਿਆਸ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ― “ਮੇਰੇ ਦਿਲ ਵਿਚ ਪ੍ਰਭੂ ਦਰਸ਼ਨ ਦਾ ਚਾਅ ਹੈ, ਪਰ ਪੂਰਾ ਤਾਂ ਹੋ ਸਕਦਾ ਹੈ, ਜੇ ਕਰਤਾਰ ਆਪਣੀ ਕਿਰਪਾ ਨਾਲ ਮੁਰਸ਼ਦ ਕਾਮਲ ਨਾਲ ਮਿਲਾਣ, ਜੋ ਨਾਮ ਅਭਿਆਸ ਕਰਾਵੇ। ਮੈਂ ਇਸ ਬਖ਼ਸ਼ਸ਼ ਦਾ ਪਾਤਰ ਬਣਨ ਲਈ ਆਪਣੇ ਦਿਲ ਵਿਚ ਇਹ ਧਾਰੀ ਬੈਠਾ ਹਾਂ ਕਿ ਇਸ ਰਾਹ ਤੁਰਦਿਆਂ ਜੇ ਮੈਨੂੰ ਭੁੱਖ ਮਿਲੇਗੀ ਤਾਂ ਮੈਂ ਉਸ ਦੇ ਨਾਲ ਹੀ ਰੱਜਾਂਗਾ, ਦੁੱਖ ਨੂੰ ਸੁਖ ਕਰ ਜਾਣਾਂਗਾ।

ਅਭਿਆਸ ਕਰਾਣ ਵਾਲਿਆਂ ਦੀ ਖ਼ੁਸ਼ੀ ਲੈਣ ਲਈ ਉਹਨਾਂ ਦੇ ਦਰ 'ਤੇ ਪਾਣੀ ਭਰਨ, ਪੱਖਾ ਫੇਰਨ ਤੇ ਪੀਸਣਾ ਪੀਸਣ ਦੀ ਸੇਵਾ ਕਰਾਂਗਾ ਤੇ ਮਹਿਬੂਬ ਦੀ ਖ਼ੁਸ਼ੀ ਲਈ ਆਪਣੇ ਤਨ ਦੇ ਟੁਕੜੇ ਟੁਕੜੇ ਕਰਾ ਮਹਿਬੂਬ ਦੇ ਹਵਾਲੇ ਕਰਾਂਗਾ ਤੇ ਅੱਗ ਵਿਚ ਆਪਣੇ ਆਪ ਨੂੰ ਜਲਾ ਦਿਆਂਗਾ। ਪਰ ਮੈਂ ਆਪਣੇ ਮਹਿਬੂਬ ਦੇ ਦਰਸ਼ਨਾਂ ਦੀ ਇਹ ਕੁਛ ਭੀ ਕੀਮਤ ਨਹੀਂ ਸਮਝਦਾ ਬਲਕਿ ਦਰਵਾਜ਼ੇ 'ਤੇ ਢਹਿ ਕੇ ਕਹਾਂਗਾ ਕਿ ਜੇ ਉਹ ਮੈਂ ਆਜਿਜ਼ ਨੂੰ ਆਪਣੇ ਆਪ ਨਾਲ ਮਿਲਾ ਲੈਣ ਤਾਂ ਇਹ ਉਹਨਾਂ ਦੀ ਵਡਿਆਈ ਹੋਵੇਗੀ।"

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ॥੧॥
ਦਰਸਨੁ ਹਰਿ ਦੇਖਣ ਕੈ ਤਾਈ॥
ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ॥੧॥ਰਹਾਉ॥
ਜੇ ਸੁਖੁ ਦੇਹਿ ਤਾ ਤੁਝਹਿ ਅਰਾਧੀ ਦੁਖ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਈ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥੪॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ॥੫॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥
(ਸੂਹੀ ਮ: ੫, ਪੰਨਾ ੭੫੭)

ਸਿਮਰਨ ਦੇ ਸ਼ੈਦਾਈਆਂ ਨੇ ਵਕਤ ਦੀ, ਇਸ ਅਮੋਲ ਰਤਨ ਦੇ ਮੁਕਾਬਲੇ ਕਦੀ ਕੋਈ ਕੀਮਤ ਨਹੀਂ ਜਾਣੀ। ਉਹਨਾਂ ਦਾ ਖ਼ਿਆਲ ਤਾਂ ਇਹ ਹੈ ਕਿ ਜ਼ਿੰਦਗੀ ਦਾ ਉਹੀ ਪਲ ਸਫਲ ਹੈ ਜੋ ਸਿਮਰਨ ਵਿਚ ਲਗ ਜਾਏ। ਉਹ ਕਹਿੰਦੇ ਹਨ ਕਿ ਉਹੋ ਹੀ ਉਮਰ ਚੰਗੀ ਹੈ ਜੋ ਉਸਦੀ ਯਾਦ ਵਿਚ ਲੰਘੇ, ਨਹੀਂ ਤਾਂ ਅਸਮਾਨ ਦੇ ਇਸ ਨੀਲੇ ਗੁੰਬਦ ਦੇ ਥੱਲੇ ਰਹਿਣ ਤੋਂ ਲਾਭ ਹੀ ਕੀ?

ਖ਼ੁਸ਼ ਬਵਦ ਉਮਰ ਕਿ ਦਰਯਾਦ ਬਿਗੁਜ਼ਰਦ।
ਵਰਨਾ ਚ ਹਾਸਲਸਤ ਅਜ਼ੀ ਗੁੰਬਦੇ ਕਬੂਦ ਮਰਾ।

ਬਲਕਿ ਉਹ ਤਾਂ ਏਥੋਂ ਤਕ ਕਹਿ ਗਏ ਹਨ ਕਿ ਜਿਸ ਦਮ ਵਿਚ ਤੂੰ ਯਾਦ ਆਵੇਂ, ਜੇ ਸਾਰੀ ਉਮਰ ਸੁੰਗੜ ਕੇ ਉਸਦੇ ਵਿਚ ਹੀ ਗੁਜ਼ਰ ਜਾਏ ਤਾਂ ਚੰਗੀ ਹੈ:

ਦਰਾ ਯਕ ਦਮ ਕਿ ਯਾਦ ਆਈ ਤਮਾਮ ਉਮਰੇ ਬਸਰ ਬੁਰਦਨ।
ਅਗਰ ਯਾਬਦ ਕਸੇ ਯਕ ਦਮ ਜ਼ਿ ਸ਼ੋਕਿ ਫਰਾਰ ਇਜ਼ਾ।

ਖ਼ਾਕਾਨੀ ਨੇ ਕਿਹਾ ਹੈ ਕਿ ਮੈਂ ਤੀਹ ਸਾਲ ਮੁਰਸ਼ਦ ਦੀ ਖ਼ਿਦਮਤ ਕਰਨ ਦੇ ਬਾਅਦ ਇਕੋ ਗੱਲ ਜਾਣੀ ਹੈ ਕਿ ਦਮ ਭਰ ਪ੍ਰਮੇਸ਼ਵਰ ਪ੍ਰਾਇਣ ਹੋਣਾ ਸੁਲੇਮਾਨ ਦੇ ਰਾਜ ਤੋਂ ਚੰਗਾ ਹੈ:

ਪਸ ਅਜ਼ ਸੀ ਸਾਲ ਬਾ ਮੁਰਸ਼ਦ ਮਹਕੱਕ ਸ਼ੁਦ ਬਖਾ ਕਾਨੀ।
ਕਿ ਯਕ ਦਮ ਬਾ ਖੁਦਾ ਬੂਦਨ ਬੇ ਅਜ਼ ਤਖਤੇ ਸੁਲੇਮਾਨੀ।

ਹੋਵੇ ਵੀ ਕਿਉਂ ਨਾ, ਰਾਜ ਮਦ ਜਿਊਂਦਿਆਂ ਕਿਸੇ ਸੈਨਾਪਤੀ ਕੋਲੋਂ ਹਾਰ ਖਾ ਖੁਹਾਣਾ ਜਾਂ ਮਰਨ ਸਮੇਂ ਹਉਕੇ ਲੈਂਦਿਆਂ ਛੱਡ ਜਾਣਾ ਪੈਂਦਾ ਹੈ, ਪਰ ਸਿਮਰਨ ਦੀ ਸ਼ਕਤੀ ਕਰਕੇ ਪ੍ਰਭ ਕਿਰਪਾ ਸਹਿਤ ਅਬਿਨਾਸੀ ਰਾਜ ਮਿਲਦਾ ਹੈ:

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥
ਦਾਸੁ ਕਮੀਰੁ ਚੜਿਓ ਗੜ੍ ਊਪਰਿ ਰਾਜੁ ਲੀਓ ਅਬਿਨਾਸੀ॥
(ਭੈਰਉ ਕਬੀਰ, ਪੰਨਾ ੧੧੬੨)

ਇਸੇ ਕਰਕੇ ਸਿਮਰਨ ਅਭਿਆਸ ਕਰਨ ਵਾਲਿਆਂ ਨੇ ਸਮੇਂ ਦੀ ਕਦੀ ਗਿਣਤੀ ਨਹੀਂ ਕੀਤੀ। ਉਹ ਇਕ ਉਮਰ ਤਾਂ ਕੀ, ਕਈ ਜਨਮ ਵੀ ਇਸਦੀ ਸਫਲਤਾ ਲਈ ਲਗਾਉਣ ਨੂੰ ਤਿਆਰ ਰਹਿੰਦੇ ਹਨ। ਭਗਤ ਰਵਿਦਾਸ ਜੀ ਨੇ ਕਿਹਾ ਕਿ ਹੇ ਪ੍ਰਭੂ! ਭਾਵੇਂ ਮੈਂ ਮਨੁੱਖਾ ਜਨਮ ਤੇਰੇ ਸਿਮਰਨ ਦੇ ਲੇਖੇ ਲਗਾ ਰਿਹਾ ਹਾਂ, ਪਰ ਮੇਰਾ ਸ਼ੌਕ ਇਤਨਾ ਹੀ ਨਹੀਂ, ਮੈਂ ਪਿਛਲੇ ਕਈ ਜਨਮ ਭੀ ਵਿਛੋੜੇ ਨੂੰ ਅਨੁਭਵ ਕਰ, ਮਿਲਣ ਦੀ ਆਸ ਵਿਚ ਗੁਜ਼ਾਰਦਾ ਚਲਾ ਆਇਆ ਹਾਂ।

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥
(ਧਨਾਸਰੀ ਰਵਿਦਾਸ, ਪੰਨਾ ੬੯੪)

ਸਿਮਰਨ ਵਿਚ ਸਮੇਂ ਦੀ ਸੋਚ ਤੋਂ ਲੰਘ, ਜਗਿਆਸੂ ਨੂੰ ਜਿਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਉਹ ਹੈ ਮਹਿਬੂਬ ਦੇ ਦੀਦਾਰ ਦਾ ਤਸੱਵਰ। ਕਿਉਂਕਿ ਜਦ ਤਕ ਯਾਦ ਕਰਨ ਵਾਲੇ ਨੂੰ ਇਹ ਨਿਸਚਾ ਨਾ ਹੋਵੇ ਕਿ ਉਹ ਜਿਸ ਨੂੰ ਯਾਦ ਕਰ ਰਿਹਾ ਉਹ ਹੈ ਤੇ ਇਹੋ ਜਿਹਾ ਹੈ, ਉਤਨਾ ਚਿਰ ਯਾਦ ਵਿਚ ਬਿਰਹੋਂ ਤੇ ਰਸ ਪੈਦਾ ਨਹੀਂ ਹੋ ਸਕਦਾ। ਸਤਿਗੁਰਾਂ ਨੇ ਫੁਰਮਾਇਆ ਹੈ ਕਿ ਮਨ ਅੰਦਰ ਮਹਿਬੂਬ ਦੀ ਅਰਾਧਨਾ ਕਰ ਤੇ ਨਾਲ ਹੀ ਜਿਹਬਾ ਤੋਂ ਉਸਦਾ ਨਾਮ ਜਪ:

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥
(ਵਾਰ ਗੂਜਰੀ ਮ: ੫, ਪੰਨਾ ੫੧੭)

ਸੂਫੀਆਂ ਨੇ ਇਸ ਗੱਲ 'ਤੇ ਬਹੁਤ ਜ਼ੋਰ ਦਿਤਾ ਹੈ, ਇਕ ਨੇ ਕਿਹਾ ਹੈ, “ਮੇਰੇ ਦਿਲ ਦੇ ਆਈਨੇ ਵਿਚ ਹੀ ਯਾਰ ਦੀ ਤਸਵੀਰ ਹੈ, ਜਦੋਂ ਜ਼ਰਾ ਗਰਦਨ ਝੁਕਾਨਾ ਹਾਂ, ਲੈਂਦਾ ਹਾਂ।”

ਦਿਲ ਕੇ ਆਈਨੇ ਮੇਂ ਹੈ ਤਸਵੀਰੇ ਯਾਰ॥
ਜਬ ਜ਼ਰਾ ਗਰਦਨ ਝੁਕਾਈ ਦੇਖ ਲੀ॥

ਮਨ ਅੰਦਰ ਮਹਿਬੂਬ ਦੇ ਤਸੱਵਰ ਨੂੰ ਟਿਕਾਣ ਦੇ ਖ਼ਿਆਲ ਨੇ ਕਈ ਵੇਰਾਂ ਟਪਲਾ ਵੀ ਲਗਾਇਆ ਹੈ ਤੇ ਇਸ ਟਪਲੇ ਤੋਂ ਹੀ ਮੂਰਤੀ ਦੀ ਉਪਾਸ਼ਨਾ ਤੇ ਪੱਥਰ ਦੀ ਸ਼ੁਰੂ ਹੋਈ ਹੈ। ਮਨੁੱਖੀ ਦੇਹਾਂ ਦੀ ਉਪਾਸ਼ਨਾ ਭੀ ਇਸ ਟਪਲੇ ਦਾ ਹੀ ਫਲ ਹੈ। ਸੂਫੀ ਤਾਂ ਹਕੀਕਤ ਤੋਂ ਪਹਿਲਾਂ ਮਜਾਜ਼ ਨੂੰ ਲਾਜ਼ਮੀ ਕਰਾਰ ਦੇ ਬੈਠੇ, ਤੇ ਮਜਾਜ਼ ਸੀ ਪਿਆਰ ਕਿਸੇ ਮਨ-ਭਾਵਨੀ ਮਨੁੱਖੀ ਦੇਹ ਦਾ। ਪਰ ਇਹ ਇਕ ਹਕੀਕਤ ਹੈ ਕਿ ਚਾਹੇ ਮਨੁੱਖੀ ਦੇਹ ਹੋਵੇ ਤੇ ਚਾਹੇ ਕੋਈ ਮੂਰਤੀ, ਦੋਹਾਂ 'ਤੇ ਮਨ ਦੀ ਕੀਤੀ ਹੋਈ ਇਕਾਗਰਤਾ ਮਨੁੱਖਤਾ ਨੂੰ ਉਚੇਰਿਆਂ ਨਹੀਂ ਚੁਕ ਸਕਦੀ। ਨਾਮ ਅਭਿਆਸੀ ਨੇ ਤਾਂ ਯਾਦ ਵਿਚ ਸੁਰਤ ਜੋੜ ਆਪਣੀ ਦੇਹ ਨੂੰ ਵੀ ਭੁਲ ਜਾਣਾ ਸੀ। ਇਸ ਟਪਲੇ ਨਾਲ ਸਗੋਂ ਇਕ ਹੋਰ ਦੂਸਰੀ ਦੇਹ ਦੀ ਦੀਵਾਰ ਆਪਣੇ ਤੇ ਨਾਮੀ ਦੇ ਦਰਮਿਆਨ ਖੜੀ ਕਰ ਬੈਠਾ। ਸਤਿਗੁਰਾਂ ਨੇ ਅਭਿਆਸੀ ਨੂੰ ਪ੍ਰਭੂ ਸਿਫ਼ਤਾਂ ਦਾ ਧਿਆਨ ਧਰਨ ਲਈ ਕਿਹਾ ਹੈ। ਜਦ ਸਿੱਖ ਮੁਖ ਤੋਂ ‘ਵਾਹਿਗੁਰੂ, ਵਾਹਿਗੁਰੂ’ ਦਾ ਜਾਪ ਕਰੇ ਤਾਂ ਉਸਦੇ ਮਨ ਵਿਚ ਇਹ ਤਸੱਵਰ ਰਹੇ ਕਿ ਮੇਰੇ ਮਹਿਬੂਬ ਵਾਹਿਗੁਰੂ, ਸਭ ਸੰਸਾਰ ਦਾ ਪਸਾਰਾ ਤੇਰੇ ਸਦਕੇ ਹੈ। ਹੇ ਸਦਾ ਸਲਾਮਤ ਨਿਰੰਕਾਰ! ਨਹੀਂ ਕਿਹਾ ਜਾ ਸਕਦਾ, ਤੂੰ ਕਦੋਂ ਦਾ ਹੈਂ। ਕਈ ਬ੍ਰਹਮਾ ਅਤੇ ਵਿਸ਼ਨੂੰ ਤੂੰ ਬਣਾਏ, ਜਿਨ੍ਹਾਂ ਨੂੰ ‘ਮਾਇਆ’ ਦਾ ਮਦ ਲਗ ਗਿਆ, ਤੂੰ ਹੀ ਮਖ਼ਲੂਕ ਦਾ ਪਾਲਣਹਾਰ ਹੈਂ। ਸੇਵਕ ਤਾਂ ਏਹੀ ਕਹੇਗਾ ਕਿ ਸਭ ਦ੍ਰਿਸ਼ਟਮਾਨ ਤੇਰਾ ਹੀ ਸਦਕਾ ਹੈ:

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭਹੂ ਕਉ ਤਦ ਕਾ॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
(ਸਵਈਏ ਮ: ੪, ਪੰਨਾ ੧੪੦੩)

ਇਸ ਤਰ੍ਹਾਂ ਕੀਤੀ ਹੋਈ ਮਾਨਸਿਕ ਸਿਫ਼ਤ ਸਾਲਾਹ ਅਭਿਆਸੀ ਨੂੰ ਨਾਮੀ ਦੀਆਂ ਸਿਫ਼ਤਾਂ ਵਲ ਚੁਕਾਂਦੀ ਹੈ, ਤੇ ਜਦੋਂ ਉਹ ਵਿਸਮਾਦ ਵਿਚ ਜਾਂ ਰਸ ਵਿਚ ਸਮਾਂਦਾ ਹੈ ਤਾਂ ਨਾਮ ਨਾਮੀ ਇਕ ਰੂਪ ਹੋ ਜਾਣ ਕਰਕੇ, ਅਭਿਆਸੀ ਨੂੰ ਜੀਵਨ ਮਨੋਰਥ ਪ੍ਰਾਪਤ ਹੋ ਜਾਂਦਾ ਹੈ।

ਆਰੰਭ ਵਿਚ ਅਭਿਆਸੀਆਂ ਦੀਆਂ ਕਈ ਸ਼ਰੇਣੀਆਂ ਨੇ ਤਸਬੀ, ਮਾਲਾ ਜਾਂ ਸਿਮਰਨਾ ਫੇਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਉਹਨਾਂ ਦਾ ਖ਼ਿਆਲ ਹੈ ਕਿ ਹਰ ਮਾਲਾ ਦਾ ਮਣਕਾ ਫੇਰਨ ਨਾਲ ਮਹਿਬੂਬ ਦਾ ਨਾਮ ਲਿਆ ਜਾਏ, ਪਰ ਇਸ ਸਾਧਨ ਨੂੰ, ਪੁੱਗਿਆਂ ਹੋਇਆਂ ਨੇ ਕੋਈ ਬਹੁਤੀ ਪ੍ਰਭੁਤਾ ਨਹੀਂ ਦਿਤੀ। ਉਹਨਾਂ ਦਾ ਖ਼ਿਆਲ ਹੈ ਕਿ ਇਹ ਤਰੀਕਾ ਇਕ ਤਾਂ ਲੋਕਾਂ ਵਿਚ ਭਜਨ ਦੀ ਨੁਮਾਇਸ਼ ਕਰਦਾ ਹੈ, ਜਿਸ ਤੋਂ ਜਨਤਾ ਵਿਚ ਪਰਤਿਸ਼ਟਾ ਵਧ ਜਾਣ ਕਰਕੇ ਅਭਿਆਸੀ ਨੂੰ ਨੁਕਸਾਨ ਪੁਜਦਾ ਹੈ ਤੇ ਦੂਜੇ ਥੋੜ੍ਹੇ ਸਮੇਂ ਦੇ ਬਾਅਦ ਹੀ ਹਥ ਮਣਕੇ ਫਿਰਾਂਦੇ ਰਹਿੰਦੇ ਹਨ ਤੇ ਮਨ ਗ਼ੈਰ-ਹਾਜ਼ਰ ਹੋ ਜਾਂਦਾ ਹੈ। ਸ਼ੇਖ਼ ਸਾਅਦੀ ਨੇ ਤੇ ਏਥੋਂ ਤਕ ਲਿਖਿਆ ਹੈ ਕਿ ਜ਼ਾਹਦ ਦਾ ਹੱਥ ਤਸਬੀ ’ਤੇ, ਅਤੇ ਅੱਖ ਲੋਕਾਂ ਦੇ ਮਾਲ ’ਤੇ ਰਹਿੰਦਾ ਹੈ। ਕਾਫ਼ਰ ਤਾਂ ਕਾਫ਼ਰ ਸਨ ਹੀ, ਪਰ ਇਹ ਮੋਮਨ ਦੇ ਰੂਪ ਵਿਚ ਕਾਫ਼ਰ ਦੇਖਿਆ ਗਿਆ ਹੈ:

ਤਸਬੀ ਬਦਸਤੇ ਜ਼ਾਹਦ ਚਸ਼ਮ ਬ ਮਾਲੇ ਮਰਦਮ।
ਈ ਕਾਫ਼ਰੇ ਮੁਸਲਮਾਂ ਦੀਦਮ ਨਾ ਦੀਦਾ ਬੂਦਮ।
ਭਗਤ ਕਬੀਰ ਜੀ ਨੇ ਭੀ ਮਾਲਾ ਦੀ ਥਾਂ ਜਿਹਬਾ ਫਿਰਾਣ ਦੀ ਹੀ ਰੀਤ ਧਾਰਨ ਕੀਤੀ ਸੀ:
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥

(ਸਲੋਕ ਕਬੀਰ, ਪੰਨਾ ੧੩੬੪)

ਮਾਲਾ ਤਾਂ ਕੋਈ ਅਰਥ ਨਹੀਂ ਰਖਦੀ ਪਰ ਨਾਮ ਸਿਮਰਨ ਦੇ ਅਭਿਆਸੀ ਨੂੰ ਸੰਸਾਰ ਦੀ ਹਰ ਇਕ ਦਾਤ ਦੇ ਪਿਛੇ ਦਾਤਾ ਦਾ ਰੂਪ ਦੇਖ, ਦਮ-ਬ-ਦਮ ਉਸ ਦਾ ਸ਼ੁਕਰਾਨਾ ਕਰਨਾ ਆਤਮ ਚੜ੍ਹਾਈ ਵਿਚ ਮਦਦ ਦੇਂਦਾ ਹੈ। ਸਤਿਗੁਰਾਂ ਫ਼ੁਰਮਾਇਆ ਹੈ:


ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥
ਤਿਸੁ ਠਾਕੁਰ ਕਉ ਰਖੁ ਮਨ ਮਾਹਿ॥
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ॥
ਤਿਸ ਕਉ ਸਿਮਰਤ ਪਰਮਗਤਿ ਪਾਵਹਿ॥
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ॥
ਤਿਸਹਿ ਧਿਆਇ ਸਦਾ ਮਨੁ ਅੰਦਰਿ॥
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ॥
ਆਠ ਪਹਰ ਸਿਮਰਹੁ ਤਿਸੁ ਰਸਨਾ॥
ਜਿਹ ਪ੍ਰਸਾਦਿ ਰੰਗ ਰਸ ਭੋਗ॥
ਨਾਨਕ ਸਦਾ ਧਿਆਈਐ ਧਿਆਵਨ ਜੋਗ॥੧॥
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ॥
ਤਿਸਹਿ ਤਿਆਗਿ ਕਤ ਅਵਰ ਲੁਭਾਵਹਿ॥
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ॥
ਮਨ ਆਠ ਪਹਰ ਤਾਕਾ ਜਸੁ ਗਾਵੀਜੈ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ॥
ਮੁਖਿ ਤਾ ਕੋ ਜਸੁ ਰਸਨ ਬਖਾਨੈ॥
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ॥
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ॥
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ॥
ਨਾਨਕ ਪਤਿ ਸੇਤੀ ਘਰਿ ਜਾਵਹਿ॥੨॥
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ॥
ਲਿਵ ਲਾਵਹੁ ਤਿਸੁ ਰਾਮ ਸਨੇਹੀ॥
ਜਿਹ ਪ੍ਰਸਾਦਿ ਤੇਰਾ ਓਲਾ ਰਹਤ॥
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ॥
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ॥
ਮਨ ਸਰਨੀ ਪਰੁ ਠਾਕੁਰ ਪ੍ਰਭ ਤਾਕੈ॥
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ॥
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ॥
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ॥
ਨਾਨਕ ਤਾਕੀ ਭਗਤਿ ਕਰੇਹਿ॥੩॥
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ॥
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ॥
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ॥
ਜਿਹ ਪ੍ਰਸਾਦਿ ਬਾਗ ਮਿਲਖ ਧਨਾ॥
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ॥
ਜਿਨਿ ਤੇਰੀ ਮਨ ਬਨਤ ਬਨਾਈ॥
ਊਠਤ ਬੈਠਤ ਸਦਾ ਤਿਸਹਿ ਧਿਆਈ॥
ਤਿਸਹਿ ਧਿਆਇ ਜੋ ਏਕ ਅਲਖੈ॥
ਈਹਾ ਊਹਾ ਨਾਨਕ ਤੇਰੀ ਰਖੈ॥੪॥
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ॥
ਮਨ ਆਠ ਪਹਰ ਕਰਿ ਤਿਸ ਕਾ ਧਿਆਨ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ॥
ਤਿਸੁ ਪ੍ਰਭੁ ਕਉ ਸਾਸਿ ਸਾਸਿ ਚਿਤਾਰੀ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ॥
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ॥
ਜਿਹ ਪ੍ਰਸਾਦਿ ਤੇਰੀ ਪਤਿ ਰਹੈ॥
ਗੁਰਪ੍ਰਸਾਦਿ ਨਾਨਕ ਜਸੁ ਕਹੈ॥੫॥
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ॥
ਜਿਹ ਪ੍ਰਸਾਦਿ ਪੇਖਹਿ ਬਿਸਮਾਦ॥
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ॥
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ॥
ਜਿਹ ਪ੍ਰਸਾਦਿ ਹਸਤ ਕਰ ਚਲਹਿ॥
ਜਿਹ ਪ੍ਰਸਾਦਿ ਸੰਪੂਰਨ ਫਲਹਿ॥
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ॥
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ॥
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ॥
ਗੁਰਪ੍ਰਸਾਦਿ ਨਾਨਕ ਮਨਿ ਜਾਗਹੁ॥੬॥
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ॥
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ॥
ਜਿਹ ਪ੍ਰਸਾਦਿ ਤੇਰਾ ਪ੍ਰਤਾਪੁ॥
ਰੇ ਮਨ ਮੂੜ ਤੂ ਤਾ ਕਿਉ ਜਾਪੁ॥
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥
ਤਿਸਹਿ ਜਾਨੁ ਮਨ ਸਦਾ ਹਜੂਰੋ॥
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ॥
ਰੇ ਮਨ ਮੇਰੇ ਤੂੰ ਤਾ ਸਿਉ ਰਾਚ॥
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ॥
ਨਾਨਕ ਜਾਪੁ ਜਪੈ ਜਪੁ ਸੋਇ॥੭॥
ਆਪਿ ਜਪਾਏ ਜਪੈ ਸੋ ਨਾਉ॥
ਆਪਿ ਗਾਵਾਏ ਸੁ ਹਰਿ ਗੁਨ ਗਾਉ॥
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ॥
ਪ੍ਰਭੂ ਦਇਆ ਤੇ ਕਮਲ ਬਿਗਾਸੁ॥
ਪ੍ਰਭੁ ਸੁ ਪ੍ਰਸੰਨ ਬਸੈ ਮਨਿ ਸੋਇ॥
ਪ੍ਰਭ ਦਇਆ ਤੇ ਮਤਿ ਊਤਮ ਹੋਇ॥
ਸਰਬ ਨਿਧਾਨ ਪ੍ਰਭ ਤੇਰੀ ਮਇਆ॥
ਆਪਹੁ ਕਛੂ ਨ ਕਿਨਹੂ ਲਇਆ॥
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ॥
ਨਾਨਕ ਇਨ ਕੈ ਕਛੂ ਨ ਹਾਥ॥੮॥੬॥

(ਸੁਖਮਨੀ ਸਾਹਿਬ, ਪੰਨਾ ੨੬੯)

ਪ੍ਰਸ਼ਾਦ ਛਕਣ ਸਮੇਂ, ਛੱਤੀ ਅੰਮ੍ਰਿਤ ਦਾਤਾ ਠਾਕੁਰ ਨੂੰ ਮਨ ਵਿਚ ਰਖ, ਸਰੀਰ ਨੂੰ ਸੁਗੰਧ ਲਾਉਣ ਵਾਲੇ ਗੰਧ-ਦਾਤਾ ਨੂੰ ਸਿਮਰ। ਮੰਦਰ ਵਿਚ ਬੈਠਣ ਸਮੇਂ ਸੰਗੀਆਂ ਦੇ ਸੁਖ ਵਿਚ ਬਿਸਰਾਮ ਕਰਦੇ ਹੋਏ, ਰਸ ਰੰਗ ਭੋਗਦੇ ਤੇ ਰੇਸ਼ਮੀ ਕਪੜੇ ਹੰਢਾਂਦੇ ਮਨੁੱਖ! ਦਾਤਾਂ ਦੇ ਦੇਣ ਵਾਲੇ ਨੂੰ ਯਾਦ ਰਖ। ਸੇਜਾ ਦੇ ਸੁਖ, ਲੋਕ-ਮਾਣ, ਪ੍ਰੇਮ ਤੇ ਦਰਗਾਹ ਦੀ ਪੱਤ ਬਖ਼ਸ਼ਣਹਾਰ ਨੂੰ ਯਾਦ ਕਰ। ਕੰਚਨ ਵਰਗੀ ਦੇਹ ਦੇਣ ਵਾਲੇ ਰਾਮ ਸਨੇਹੀ ਨਾ ਭੁਲ। ਐਬਾਂ ਨੂੰ ਛੁਪਾ ਲੈਣ ਵਾਲੇ ਠਾਕੁਰ ਦੀ ਸ਼ਰਨ ਪਉ, ਜਿਸ ਨੇ ਦੁਰਲਭ ਦੇਹ ਦੇ ਕੇ ਤੈਨੂੰ ਭਗਤੀ ਵੱਲ ਲਾਇਆ। ਜ਼ੇਵਰ ਪਹਿਨਣ ਤੇ ਹਸਤੀ ਘੋੜੇ ਚੜ੍ਹਨ ਦਿਤੇ ਅਤੇ ਮਾਲ-ਧਨ ਬਖ਼ਸ਼ੇ। ਸਦਾ ਆਚਾਰ ਤੇ ਬਿਉਹਾਰ ਸਿਖਾਇਆ, ਉਸਨੂੰ ਸੁਆਸ ਸੁਆਸ ਸਿਮਰ। ਮਨ ਵਿਚ ਵਸਾ ਜਿਸਦੇ ਹੱਥ ਵਿਚ ਸਭ ਕੁਛ ਹੈ।

ਪਹਾੜ ਦੇ ਪਾਂਧੀ ਨੂੰ ਜਿਉਂ ਜਿਉਂ ਠੰਢੀ ਹਵਾ ਦੇ ਬੁਲ੍ਹੇ ਲਗਦੇ ਹਨ, ਉਹ ਜਾਣ ਲੈਂਦਾ ਹੈ ਕਿ ਪਰਬਤ ਦੀਆਂ ਉਚੀਆਂ ਚੋਟੀਆਂ ਕਰੀਬ ਆ ਰਹੀਆਂ ਹਨ। ਬਰਫ਼ ਦੇ ਨੇੜੇ ਗਿਆਂ ਠੰਢ, ਫੁੱਲਾਂ ਦੇ ਲਾਗੇ ਲਗਿਆਂ ਸੁਗੰਧੀ, ਜਿਸ ਤਰ੍ਹਾਂ ਕਦਮ ਕਦਮ ਤੇ ਵਧਦੀ ਜਾਂਦੀ ਹੈ, ਉਸੇ ਤਰ੍ਹਾਂ ਹੀ ਸਿਮਰਨ ਅਭਿਆਸੀ ਵਿਚ ਉਤਸ਼ਾਹ, ਖੇੜਾ-ਚਾਓ, ਨਿਡਰਤਾ ਤੇ ਬੇਪ੍ਰਵਾਹੀ ਵਧਦੀ ਜਾਂਦੀ ਹੈ। ਸਤਿਗੁਰਾਂ ਨੇ ਫ਼ਰਮਾਇਆ ਹੈ ਕਿ ਜਿਸ ਮਨੁੱਖ ਨੂੰ ਅਤਿ ਮੁਸ਼ਕਲ ਬਣੇ, ਦੁਸ਼ਮਣਾਂ ਦੇ ਭੈ ਕਾਰਨ ਸਾਕ ਭੀ ਭੱਜ ਜਾਣ, ਕੋਈ ਆਸਰਾ-ਪਰਨਾ ਨਾ ਰਹੇ, ਪਾਰਬ੍ਰਹਮ ਦੇ ਚਿਤ ਆਉਣ ਨਾਲ ਉਸਨੂੰ ਤੱਤੀ ਵਾਉ ਨਹੀਂ ਲਗ ਸਕਦੀ:

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇਇ॥
ਸਭੋ ਭਜੈ ਆਸਰਾ ਚੂਕੈ ਸਭੁ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥
(ਸਿਰੀਰਾਗੁ ਮ: ੫, ਪੰਨਾ ੭੦)

ਇਤਿਹਾਸ ਵਿਚ ਇਸ ਸਚਾਈ ਦੀਆਂ ਕਈ ਗਵਾਹੀਆਂ ਮਿਲਦੀਆਂ ਹਨ। ਜਦ ਮਾਇਆ-ਮਦ-ਮਤਾ ਬਾਪ ਹਰਨਾਕਸ਼ ਆਪਣੇ ਹੀ ਪੁੱਤਰ ਪ੍ਰਹਿਲਾਦ ਦੇ ਵਿਰੁੱਧ ਹੋ ਗਿਆ, ਤਦ ਉਸਦਾ ਹੋਰ ਸਹਾਈ ਕੌਣ ਹੋ ਸਕਦਾ ਸੀ। ਉਸਦੇ ਵਿੱਦਿਆ ਗੁਰੂ ਸੰਡੇ ਮਰਕੇ ਨੇ ਸਹਾਇਤਾ ਦੇਣ ਦੀ ਥਾਂ ਰਾਮ ਨਾਮ ਨੂੰ ਛਡ ਦੇਣ ਦੀ ਸਿਖਿਆ ਦੇਣੀ ਸ਼ੁਰੂ ਕਰ ਦਿਤੀ। ਸੰਬੰਧੀਆਂ ਦੀ ਇਹ ਅਵਸਥਾ ਸੀ ਕਿ ਕੋਈ ਡਰਦਾ ਪਿਆਰ ਦਾ ਇਕ ਸ਼ਬਦ ਭੀ ਨਹੀਂ ਸੀ ਕਹਿ ਸਕਦਾ। ਕਸ਼ਟਾਂ ਦੀ ਔਸ਼ਧੀ ਕਰਨ ਲਈ ਜਦ ਤਪਾਏ ਹੋਏ ਥੰਮ੍ਹ ਨੂੰ ਜੱਫੀ ਪੁਆਈ ਗਈ, ਤਾਂ ਉਸਨੂੰ ਤੱਤੀ ਵਾਉ ਨਾ ਲੱਗੀ ਤੇ ਨਾ ਹੀ ਉਹ ਡੋਲਿਆ। ਇਸ ਅਵਸਥਾ ਨੂੰ ਕਾਵਿ ਰੰਗ ਦੇ ਕੇ ਕਿਸੇ ਨੇ ਇਉਂ ਲਿਖਿਆ ਹੈ ਕਿ ਇਕ ਸ਼ਿਕਾਰੀ ਨੇ ਦਰੱਖ਼ਤ 'ਤੇ ਬੈਠੇ ਕਬੂਤਰ ਨੂੰ ਤੱਕ, ਤੀਰ ਟਿਲੇ 'ਤੇ ਚੜ੍ਹਾਅ ਨਿਸ਼ਾਨਾ ਕਰਨਾ ਚਾਹਿਆ, ਪ੍ਰਾਣ-ਰੱਖਿਆ ਹਿਤ ਉਡੇ ਹੋਏ ਕਬੂਤਰ ਪਰ ਇਕ ਬਾਜ ਨੇ ਝਪਟ ਮਾਰੀ, ਥੱਲੇ ਸ਼ਿਕਾਰੀ ਅਤੇ ਉਪਰ ਬਾਜ ਦੇਖ, ਮਾਸੂਮ ਜਾਨਵਰ ਨੇ ਪ੍ਰਭੂ ਸਿਮਰਨ ਕੀਤਾ ਤਾਂ ਸ਼ਿਕਾਰੀ ਦੇ ਪੈਰ 'ਤੇ ਸੱਪ ਲੜ ਗਿਆ ਤੇ ਤੀਰ ਕਮਾਨੋਂ ਨਿਕਲ ਬਾਜ ਨੂੰ ਜਾ ਵੱਜਾ। ਪੰਛੀ ਦੇ ਪ੍ਰਾਣ ਬਚ ਗਏ।

ਉਡ ਜਾਨ ਕੀ ਬਾਤ ਸੁਜਾਨ ਕਹੂੰ
ਨਰ ਕਾਢ ਕਮਾਨ ਕੀਆ ਸਰ ਰੇ।
ਤੇਰੇ ਊਪਰ ਊਪਰ ਬਾਜ ਫਿਰੇ
ਤੇਰਾ ਕੌਣ ਸਹਾਈ ਬਿਨਾ ਹਰ ਰੇ।
ਬਧਕ ਕੇ ਪਾਉਂ ਭੁਜੰਗ ਡਸਿਓ
ਛੁਟਿਓ ਬਾਜ ਕੋ ਬਾਣ ਲਗਾ ਫਰ ਰੇ।
ਸਮਝਾਇ ਰਹੀ ਕਪਟੀ ਮਨ ਕੋ,
ਜਿਨ ਨਾਮ ਜਪਿਓ ਤਿਨ ਕਿਆ ਡਰ ਰੇ।

ਨਾਮ-ਅਭਿਆਸ ਦੀਆਂ ਬੇਪਰਵਾਹੀਆਂ ਦਾ ਜ਼ਿਕਰ ਕਰਦਿਆਂ ਹੋਇਆਂ ਅਗੇ ਦਸਿਆ ਹੈ ਕਿ ਜੇ ਕੋਈ ਮਨੁੱਖ ਨੰਗ ਭੁਖ ਦੀ ਪੀੜਾ ਕਰਕੇ ਦੁਬਲਾ ਹੋ ਜਾਵੇ, ਨਾ ਪੱਲੇ ਪੈਸਾ ਹੀ ਹੋਵੇ, ਨਾ ਕੋਈ ਧੀਰਜ ਹੀ ਦੇਵੇ ਅਤੇ ਨਾ ਹੀ ਲੋੜ ਸਮੇਂ ਕੋਈ ਸੁਆਰਥ ਜਾਂ ਕਾਜ ਕਰਨ ਵਿਚ ਮਦਦ ਦੇਵੇ, ਪਰ ਜੇ ਉਸਨੂੰ ਪਾਰਬ੍ਰਹਮ ਚਿਤ ਆਵੇ ਤਾਂ ਉਸ ਦਾ ਨਿਹਚਲ ਰਾਜ ਹੁੰਦਾ ਹੈ:

ਜੋ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ॥
ਦਮੜਾ ਪਲੇ ਨਾ ਪਵੈ ਨਾ ਕੋ ਦੇਵੈ ਧੀਰ॥
ਸੁਆਰਥੁ ਸੁਆਉ ਨ ਕੋ ਕਰੈ ਨਾ ਕਿਛੁ ਹੋਵੈ ਕਾਜੁ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੇ ਰਾਜੁ॥
(ਸਿਰੀਰਾਗੁ ਮ: ੫, ਪੰਨਾ ੭੦)

ਇਸ ਅਵਸਥਾ ਦਾ ਸਹੀ ਪਰਮਾਣ ਭਗਤ ਕਬੀਰ ਜੀ ਦਾ ਜੀਵਨ ਸੀ। ਕਪਟ ਤਾਂ ਸੰਤਾਂ ਨੇ ਕੀ ਕਰਨਾ ਹੋਇਆ, ਉਹ ਕਿਰਤ ਵੀ ਕੁਝ ਵਾਜਬ ਹੀ ਕਰਦੇ ਸਨ, ਜਿਸ ਕਰਕੇ ਘਰ ਸਾਮੱਗਰੀ ਦੀ ਕਮੀ ਰਹਿੰਦੀ ਸੀ। ਸੰਤ ਸੇਵਕ ਹੋਣ ਕਰਕੇ ਉਹਨਾਂ ਦੇ ਘਰ ਆਏ ਗਏ ਸਾਧੂ, ਅਭਿਆਗਤਿ, ਅਤਿਥੀਆਂ ਦੇ ਡੇਰੇ ਲਗੇ ਹੀ ਰਹਿੰਦੇ ਸਨ। ਉਹਨਾਂ ਦੀ ਮਾਂ ਦੀ ਜ਼ਬਾਨ 'ਤੇ ਇਹ ਸ਼ਿਕਾਇਤ ਸਦਾ ਰਹਿੰਦੀ ਸੀ ਕਿ ਇਕ ਦੋ ਸਾਧੂ ਘਰ ਆ ਵੜਦੇ ਹਨ ਤੇ ਇਕ ਦੋ ਰਾਹ ਤੁਰੇ ਆਉਂਦੇ ਹੁੰਦੇ ਹਨ:

ਇਕ ਦੁਇ ਮੰਦਰਿ ਇਕ ਦੁਇ ਬਾਟ॥
ਹਮ ਕਉ ਸਾਥਰੁ ਉਨ ਕਉ ਖਾਟ॥
ਮੂਡ ਪਲੋਸਿ ਕਮਰ ਬਧਿ ਪੋਥੀ॥
ਹਮ ਕਉ ਚਾਬਨੁ ਉਨ ਕਉ ਰੋਟੀ।
(ਗੋਂਡ ਕਬੀਰ, ਪੰਨਾ ੮੭੧)

ਅਸੀਂ ਪਰਵਾਰ ਦੇ ਜੀਅ ਧਰਤੀ 'ਤੇ ਸੌਂਦੇ ਹਾਂ, ਮੰਜੀ ਉਹਨਾਂ ਨੂੰ ਮਿਲ ਜਾਂਦੀ ਹੈ। ਅਸੀਂ ਛੋਲੇ ਹੀ ਚੱਬ ਕੇ ਗੁਜ਼ਾਰਾ ਕਰਦੇ ਹਾਂ। ਘਰ ਦੀਆਂ ਪੱਕੀਆਂ ਰੋਟੀਆਂ, ਪੁੱਤਰ ਉਹਨਾਂ ਸਾਧੂਆਂ ਨੂੰ ਖੁਆ ਦੇਂਦਾ ਹੈ। ਤੰਗ ਆ ਕੇ, ਮਹਿਰਮ ਮਾਂ ਇਥੋਂ ਤਕ ਕਹਿ ਉਠਦੀ ਕਿ ਇਹਨਾਂ ਭੁੱਖਾਂ ਦੁੱਖਾਂ ਨਾਲੋਂ, ਇਹ ਮੁੰਡਾ ਹੀ ਕਿਉਂ ਨਾ ਮਰ ਗਿਆ:

ਮਾਤ ਸੂਤ ਇਨਿ ਮੁੰਡੀਏ ਖੋਏ ਇਹੁ ਮੁੰਡੀਆ ਕਿਉਂ ਨਾ ਮੁਇਓ॥
(ਬਿਲਾਵਲੁ ਕਬੀਰ, ਪੰਨਾ ੮੫੬)

ਪਰ ਇਹ ਤਮਾਮ ਆਰਥਕ ਤੰਗੀ ਤੇ ਗ਼ਰੀਬੀ ਦੇ ਹੁੰਦਿਆਂ ਕੌਣ ਨਹੀਂ ਜਾਣਦਾ ਕਿ ਕਬੀਰ ਨੂੰ ਨਿਹਚਲ ਰਾਜ ਪ੍ਰਾਪਤ ਹੋਇਆ। ਜਿਸ ਦਾ ਜ਼ਿਕਰ ਉਹਨਾਂ ਨੇ ਆਪ ਹੀ ਕੀਤਾ ਹੈ।

ਸਿਮਰਨ ਅਭਿਆਸ ਦੀ ਆਖ਼ਰੀ ਮੰਜ਼ਲ ਤਾਲਬ ਮਤਲੂਬ ਦਾ ਇਕ ਹੋ ਜਾਣਾ ਹੈ। ਸਤਿਗੁਰਾਂ ਫੁਰਮਾਇਆ ਹੈ ਕਿ ਜਿਸ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹ ਉਹੋ ਜਿਹਾ ਹੀ ਹੋ ਜਾਂਦਾ ਹੈ:

ਜੈਸਾ ਸੇਵੈ ਤੈਸੋ ਹੋਇ॥
(ਗਉੜੀ ਮ: ੧, ਪੰਨਾ ੨੨੩)

ਭਗਤ ਕਬੀਰ ਜੀ ਕਹਿੰਦੇ ਹਨ ਕਿ ਸਿਮਰਨ ਦਾ ਫਲ ਰੂਪ ਮਨੁੱਖ-ਜੋਤ, ਪਰਮ ਜੋਤ ਵਿਚ ਇਸ ਤਰ੍ਹਾਂ ਮਿਲ ਜਾਂਦੀ ਹੈ ਕਿ ਕਿਸੇ ਨੂੰ ਉਹਨਾਂ ਦੇ ਕਦੀ ਅੱਡੋ ਅੱਡ ਹੋਣ ਖ਼ਿਆਲ ਹੀ ਨਹੀਂ ਹੁੰਦਾ:

ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ॥
(ਗਉੜੀ ਕਬੀਰ, ਪੰਨਾ ੩੩੫)

ਪਰ ਇਹ ਵਿਚਾਰ ਮਹਿਜ਼ ਲਿਖਣ ਔਰ ਪੜ੍ਹਨ ਨਾਲ ਬਹੁਤਾ ਕੰਮ ਨਹੀਂ ਦੇ ਸਕਦੇ। ਇਹ ਕਰਨ ਨਾਲ ਤਅੱਲਕ ਰਖਦਾ ਹੈ। ਮਿੱਠਾ ਖਾਣ ਤੋਂ ਬਿਨਾ ਖੰਡ 'ਤੇ ਲਿਖੇ ਹੋਏ ਭਾਰੇ ਸਾਹਿਤ ਦੇ ਪੜ੍ਹਨ ਨਾਲ ਵੀ ਜਿਹਬਾ ਮਿੱਠੀ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚੰਦ ਚੜ੍ਹਨ ਤੋਂ ਬਗ਼ੈਰ ਚਾਂਦਨੀ ਦਾ ਆਨੰਦ ਤੇ ਫੁੱਲ ਸੁੰਘੇ ਬਿਨਾ ਖ਼ੁਸ਼ਬੂ ਨਹੀਂ ਲਈ ਜਾ ਸਕਦੀ, ਇਸੇ ਤਰ੍ਹਾਂ ਹੀ ਨਾਮ ਸਿਮਰਨ ਦੀ, ਆਪ ਕੀਤੇ ਤੋਂ ਬਿਨਾ ਕਿਸੇ ਨੂੰ ਪੜ੍ਹਨ ਸੁਣਨ ਦੁਆਰਾ ਸਹੀ ਸਮਝ ਨਹੀਂ ਆ ਸਕਦੀ। ਇਹ ਇਕ-ਰਸ ਦੀ ਅਵਸਥਾ ਹੈ ਤੇ ਰਸ ਮਾਣਿਆਂ ਹੀ ਆ ਸਕਦਾ ਹੈ। ਭਗਤ ਕਬੀਰ ਜੀ ਨੇ ਕਿਹਾ ਹੈ ਕਿ ਪ੍ਰਭੂ ਸਿਮਰਨ ਚਰਨ ਕਮਲ ਵਿਚ ਸਮਾਣ ਦੀ ਮੌਜ ਹੈ, ਇਸ ਨੂੰ ਕਿਸੇ ਅਨੁਮਾਨ ਦੁਆਰਾ ਦੱਸਿਆ ਨਹੀਂ ਜਾ ਸਕਦਾ। ਦੇਖਿਆਂ ਹੀ ਸੁਆਦ ਆਉਂਦਾ ਹੈ, ਕਹਿਣ ਦੀ ਕੁਝ ਸ਼ੋਭਾ ਨਹੀਂ:

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥
(ਸਲੋਕ ਕਬੀਰ, ਪੰਨਾ ੧੩੭੦)

ਹਾਫ਼ਜ਼ ਕਹਿੰਦਾ ਹੈ:

ਤਪੀਦਨ ਹਾ ਚਿ ਮੇ ਦਾਨਦ ਦਿਲੇ ਅਫਸ਼ੁਰਦਾ ਏ ਜ਼ਾਹਿਦ॥
ਅਦਾਏ ਕਾਬਜ਼ੇ ਨਸ਼ਤਰ, ਰਗੇ ਬੇ ਖ਼ੂਨ ਚਿ ਮੀ ਦਾਨਦ॥

"ਸਿਮਰਨ ਦਾ ਸ਼ੌਕ ਇਕ ਨਸ਼ਤਰ ਹੈ, ਜਿਸ ਦੀ ਚੋਭ ਦਾ ਰਸ ਬਿਰਹੋਂ ਵਿਜੋਗੀ ਮਨ ਮਾਣਦਾ ਹੈ। ਕਰਮ-ਕਾਂਡੀ ਦੀਆਂ ਮੋਈਆਂ ਹੋਈਆਂ ਰਗਾਂ ਨੂੰ ਉਸ ਦਾ ਸੁਆਦ ਕੀ।” ਸੋ, ਸਿਮਰਨ ਦਾ ਸਮਝਣ ਨਾਲੋਂ ਕਰਨ ਨਾਲ ਹੀ ਸਹੀ ਸਰੂਪ ਦੇਖਿਆ ਜਾ ਸਕਦਾ ਹੈ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ