ਸਿਰ ਦੇ ਵਾਲ (ਕਹਾਣੀ) : ਬਲੀਜੀਤ

ਦੇਹਰਾਦੂਨ ਤੋਂ ਬੱਸ 'ਚ ਬਹਿਕੇ ਮੋਦੀਪੁਰਮ ਤਾਂ ਅਸੀਂ ਸੌਖੇ ਈ ਪਹੁੰਚ ਗਏ... ਪਰ ਰੁਪਿੰਦਰ ਲਾਂਬਾ ਉਰਫ਼ ਸੰਨੀ ਦੇ ਅੰਕਲ ਗੁਰਸੇਵਕ ਸਿੰਘ ਲਾਂਬਾ ਦੀ ਕੋਠੀ ਬੜੀ ਔਖੀ ਲੱਭੀ । ਜਦੋਂ ਲੱਭੀ ਤਾਂ ਕੋਠੀ ਅੰਦਰ ਸਾਨੂੰ ਕੋਈ ਵੜਨ ਨਾ ਦਏ । ਸਰਦਾਰ ਦੀ ਕੋਠੀ ਦੇ ਬਾਹਰਲੇ ਗੇਟ ਨੂੰ ਸੰਗਲਾਂ ਨਾਲ ਨੂੜ ਕੇ ਜਿੰਦਰੇ ਮਾਰੇ ਹੋਏ ਸਨ । ਗੇਟ ਦੇ ਮੂਹਰੇ ਦੋ ਗੰਨਮੈਨ ਮੋਢਿਆਂ 'ਤੇ ਬੰਦੂਕਾਂ ਲਟਕਾਈ ਮੁਸਤੈਦ ਖੜ੍ਹੇ ਕੋਠੀ ਦੇ ਸਾਹਮਣੇ ਕਿਸੇ ਨੂੰ ਰੁਕ ਕੇ ਇਧਰ ਉੱਧਰ ਝਾਕਣ ਵੀ ਨਹੀਂ ਸਨ ਦੇਂਦੇ । ਕੋਠੀ ਦੇ ਅੰਦਰੋਂ ਤਾਰ ਵਧਾ ਕੇ ਇਕ ਇੰਟਰਕੌਮ ਫੋਨ ਗੇਟ ਦੇ ਮੂਹਰੇ ਸਟੂਲ 'ਤੇ ਪਿਆ ਕਦੇ ਕਦੇ ਵੱਜਦਾ ਤਾਂ ਵੱਡੀ ਉਮਰ ਦਾ ਲੰਮਾ ਗੰਨਮੈਨ ਸੁਣਦਾ । ਸੰਗਲ ਲੱਗੇ ਬਾਹਰਲੇ ਗੇਟ ਅੰਦਰ... ਕੈਂਚੀ ਗੇਟ ਦੇ ਪਿੱਛੇ ਹੁੰਦੜਹੇਲ ਮੁੰਡਾ ਕੁੜੀ ਘੜੀ ਕੁ ਮਗਰੋਂ ਰਾਜੀਵ ਨੂੰ ਪਛਾਣ ਕੇ ਅੰਦਰੋਂ ਗੰਨਮੈਨਾਂ ਨੂੰ ਇਸ਼ਾਰੇ ਕਰਦੇ... ਸਾਨੂੰ ਕੋਠੀ ਅੰਦਰ ਭੇਜਣ ਲਈ ਕਹਿੰਦੇ । ਰਾਜੀਵ ਨੇ ਗੰਨਮੈਨਾਂ ਨਾਲ ਸਾਰੀਆਂ ਗੱਲਾਂ ਕੀਤੀਆਂ…... ਵਕੀਲਾਂ ਵਾਂਗ ਪੂਰੀ ਬਹਿਸ ਕੀਤੀ ਪਰ ਉਹ ਹੁਕਮਾਂ ਦੇ ਪਾਬੰਦ ਸਨ... ਲੰਬੇ ਗੰਨਮੈਨ ਨੇ ਸਾਡੇ ਦੋਵਾਂ ਦੇ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਹੱਥ ਫੇਰ ਕੇ ਜਾਮਾ-ਤਲਾਸ਼ੀ ਲਈ । ਸਾਨੂੰ ਕੋਠੀ ਦੇ ਅੰਦਰ ਜਾਣ ਦੇਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਜਦੋਂ ਤੱਕ ਸੰਨੀ ਦਾ ਅੰਕਲ ਆਪ ਨਾ ਆ ਜਾਂਦਾ । ਵੱਡੇ ਗੰਨਮੈਨ ਨੇ ਰਾਜੀਵ ਨੂੰ ਦੱਸਿਆ ਕਿ ਸਾਡੇ ਇੱਥੇ ਆਉਣ ਬਾਰੇ ਲਾਂਬਾ ਸਾਹਿਬ ਨੂੰ ਸੁਨੇਹਾ ਪਹੁੰਚਾ ਦਿੱਤਾ ਗਿਆ ਐ ਤੇ ਉਹ ਘਰ ਵੱਲ ਵਾਪਸ ਮੁੜ ਪਏ ਹਨ । ਦੋ ਘੰਟੇ ਤੱਕ ਕੋਠੀ ਪਹੁੰਚ ਜਾਣਗੇ । ਮੈਨੂੰ ਕੁਝ ਸੁੱਖ ਦਾ ਸਾਹ ਆਇਆ । ਟਾਇਰਾਂ ਦੀ ਕੰਪਨੀ 'ਚ ਇਹ 'ਕੱਲਾ ਸਰਦਾਰ ਸਿੱਖ ਇੰਜਨੀਅਰ ਸੀ । ਅੱਜ ਬੁੱਧਵਾਰ ਸੀ... ਇੰਦਰਾ ਗਾਂਧੀ ਨੂੰ ਮਰਿਆਂ ਅੱਠ ਦਿਨ ਹੋ ਚੁੱਕੇ ਸਨ । ਬਾਅਦ ਵਿਚ ਹੋਏ ਹਵਾਏ... ਕਰਵਾਏ ਦੰਗਿਆਂ ਵਿਚ ਮੁਰਦਿਆਂ ਦੇ ਦਾਖਲਾ ਰਜਿਸਟਰਾਂ ਦੇ ਵਰਕੇ ਲਿਖ ਹੋਈ ਜਾਂਦੇ... ਟੈਲੀਫੋਨ ਲਾਇਨਾਂ ਤੋੜ ਦਿੱਤੀਆਂ । ਚਿੱਠੀ ਪੱਤਰੀ ਠੱਪ । ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਸੁੱਖ ਸਾਂਦ... ਖ਼ਬਰ-ਸਾਰ ਆਉਣੀ ਜਾਣੀ ਅਜੇ ਵੀ ਬੰਦ ਸੀ ।

ਵੱਡੇ ਗੰਨਮੈਨ ਨੇ ਕੋਠੀ ਅੰਦਰੋਂ ਪਾਣੀ ਦੀ ਇਕ ਬੋਤਲ ਮੰਗਾ ਕੇ ਸਾਨੂੰ ਦੇ ਦਿੱਤੀ । ਕੋਠੀ ਦੇ ਸਾਹਮਣੇ ਛੋਟੇ ਜਹੇ ਪਾਰਕ ਵਿਚ ਸੀਮਿੰਟ ਦੇ ਬੈਂਚ 'ਤੇ ਬੈਠੇ ਅਸੀਂ ਦੋਵੇਂ... ਮੈਂ ਤੇ ਰਾਜੀਵ ਕੁਮਾਰ ਸ਼ਰਮਾ ਘੁੱਟ ਘੁੱਟ ਪਿਆਸ ਬੁਝਾਉਂਦੇ... ਉਡੀਕ ਕਰਦੇ ਰਹੇ... ਫੇਰ ਲੰਬੀ ਉਡੀਕ ਤੋਂ ਬਾਅਦ ਸਾਨੂੰ ਕੋਠੀ ਦੇ ਮੂਹਰੇ ਚਿੱਟੀ ਅੰਬੈਸਡਰ ਕਾਰ ਰੁਕਦੀ ਦਿਸੀ । ਪਿਛਲੇ ਦਰਵਾਜਿਆਂ ਥਾਣੀਂ ਪਹਿਲਾਂ ਪੱਗ ਤੇ ਦਾਹੜੀ ਬੰਨ੍ਹੀ ਸਰਦਾਰ ਉਤਰਿਆ । ਫੇਰ ਸਰਦਾਰਨੀ ਚੁੰਨੀ ਸੁਆਰਦੀ ਉਤਰੀ । ਗੰਨਮੈਨ ਮੀਆਂ-ਬੀਵੀ ਦੇ ਬਰਾਬਰ ਜਾ ਖਲੋਤੇ । ਉਹਨਾਂ ਨੂੰ ਦੇਖ ਮੈਂ ਬਿਲਕੁਲ ਹੌਲਾ ਫੁੱਲ ਹੋ ਗਿਆ । ਰਾਜੀਵ ਦੀ ਪਿੱਠ ਪਿੱਛੇ ਥੋੜ੍ਹੀ ਦੂਰੀ 'ਤੇ ਅਹਿੱਲ ਖੜਿ੍ਹਆ ਮੈਂ ਦੋਵਾਂ ਦੀਆਂ ਅੱਖਾਂ 'ਚ ਭਰੀ ਬੇਚੈਨੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ । ਵੱਡੇ ਗੰਨਮੈਨ ਦੀ ਹਿੰਦੀ 'ਚ ਆਵਾਜ਼ ਸੁਣੀ;

"ਪਟਿਆਲਾ ਸੇ... ਔਰ ਚੰਦੀਗੜ੍ਹ ਸੇ... ਦੇਹਰਾਦੂਨ...", ਤੇ ਮਿੰਟ ਕੁ ਬਾਅਦ ਉਹ ਰਾਜੀਵ ਨੂੰ ਇਸ਼ਾਰੇ ਨਾਲ ਸਰਦਾਰ ਕੋਲ ਲੈ ਗਿਆ । ਸਰਦਾਰ ਰਾਜੀਵ ਦੀ ਸਾਸਰੀਕਾਲ ਦੇ ਜੁਆਬ 'ਚ ਸਿਰ ਹਿਲਾ ਰਿਹਾ ਸੀ । ਰਾਜੀਵ ਅੰਕਲ ਆਂਟੀ ਦੇ ਗੋਡੀਂ ਹੱਥ ਲਾ ਰਿਹਾ ਸੀ । ਮੁੰਡਾ ਕੁੜੀ ਕੈਂਚੀ ਗੇਟ ਵਿਚੀਂ ਅੱਖਾਂ ਅੱਡੀ ਮੈਨੂੰ ਦੇਖ ਰਹੇ ਸਨ । ਸਰਦਾਰ ਵੀ ਇਕ ਟਕ ਮੈਨੂੰ ਦੇਖ ਰਿਹਾ ਸੀ । ਮੈਂ ਕਲੀਨ ਸ਼ੇਵਡ ਮੋਨਾ ਸੀ... ਤੇ ਰੈੱਡ ਐਂਡ ਵ੍ਹਾਈਟ ਦੀਆਂ ਸਿਗਰਟਾਂ ਪੀਂਦਾ ਸੀ । ਰਾਜੀਵ ਦੇਖਣ ਨੂੰ ਪੂਰਾ ਹਿੰਦੂ ਸੀ... ਤੇ ਉਹ ਸੰਨੀ ਦੇ ਅੰਕਲ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕਿਆ ਸੀ । ਦੋਵਾਂ ਹੌਲੀ ਹੌਲੀ ਕੁਝ ਗੱਲਾਂ ਕੀਤੀਆਂ... ਫੇਰ ਅੰਕਲ ਨੇ ਮੈਨੂੰ ਕੋਲ ਆਉਣ ਲਈ ਸੈਨਤ ਮਾਰੀ…... ਮੈਂ ਵੀ ਦੋਵਾਂ, ਅੰਕਲ ਆਂਟੀ ਦੇ ਗੋਡੀਂ ਹੱਥ ਲਾਏ । ਗੇਟ ਦਾ ਸੰਗਲ ਖੁੱਲਣ ਦਾ ਖੜਾਕ ਹੋਇਆ । ਗੰਨਮੈਨ ਪਾਸੇ ਹੋ ਗਏ । ਅਸੀਂ ਚਾਰੋਂ ਕੋਠੀ ਦਾ ਕੈਂਚੀ ਗੇਟ ਟੱਪ ਗਏ... ਮੈਨੂੰ ਬਾਹਰੋਂ ਗੇਟ ਬੰਦ ਹੋਣ, ਸੰਗਲ ਕਸਣ ਤੇ ਤਾਲੇ ਲਾਉਣ ਦਾ ਖੜਾਕ ਸੁਣਿਆ । ਅਸੀਂ ਵੱਡੇ ਸ਼ਿੰਗਾਰੇ ਹੋਏ ਡਰਾਇੰਗ ਰੂਮ ਵਿਚ ਚਲੇ ਗਏ । ਉੱਥੇ ਅੰਦਰ ਇਕ ਖੂੰਜੇ ਵਿਚ ਚਾਰ ਵੱਡੀਆਂ ਨੰਗੀਆਂ ਕਿਰਪਾਨਾਂ ਕੰਧ ਨਾਲ ਖੜ੍ਹਾਈਆਂ ਦੇਖ ਕੇ ਮੈਨੂੰ ਕੁਝ ਵੀ ਸਮਝ ਨਾ ਲੱਗੇ ਕਿ ਯੂਨੀਵਰਸਟੀ ਹੋਸਟਲ ਦੀ ਦੂਸਰੀ ਮੰਜ਼ਲ ਦੇ ਕਮਰਾ ਨੰਬਰ ਤੇਤੀ 'ਚੋਂ ਮੈਂ ਇੱਥੇ ਤੱਕ ਕਿਵੇਂ... ਕਿਉਂ ਪੁੱਜ ਗਿਆ ।

***

ਪਿਛਲੇ ਬੁੱਧਵਾਰ ਸਵੇਰੇ ਮੈਂ ਨੌਜੁਆਨ ਮੁੰਡੇ ਕੁੜੀਆਂ ਨਾਲ ਯੂਨੀਵਰਸਟੀ ਦੇ ਅੰਗਰੇਜ਼ੀ ਵਿਭਾਗ ਦੇ ਇਕ ਕਮਰੇ 'ਚ ਦਾਖ਼ਲ ਹੋਇਆ ਤਾਂ ਮੇਰੀ ਸਿਟੀਜ਼ਨ ਦੀ ਘੜੀ 'ਤੇ ਪੂਰੇ ਗਿਆਰਾਂ ਵੱਜੇ ਸਨ । ਹੁਣ ਅਮੈਰੀਕਨ ਲਿਟਰੇਚਰ ਦਾ ਪੀਰੀਅਡ ਸ਼ੁਰੂ ਹੋਣਾ ਸੀ । ਸਾਡੇ ਪ੍ਰੋਫ਼ੈਸਰ ਮੈਡਮ ਪਹਿਲਾਂ ਹੀ ਕਮਰੇ ਵਿਚ ਵ੍ਹੀਲ-ਚੇਅਰ 'ਤੇ ਬਿਰਾਜਮਾਨ ਸਨ । ਲੈਕਚਰ ਸ਼ੁਰੂ ਹੋਣ ਤੋਂ ਪਹਿਲਾਂ ਦੋ ਸਟੂਡੈਂਟ ਕੁੜੀਆਂ ਨੇ ਮੈਡਮ ਨਾਲ ਕੁਝ ਫੁਸ ਫੁਸ ਕੀਤੀ । ਮੈਨੂੰ ਕੁਝ ਨਹੀਂ ਸੁਣਿਆ... ਨਾ ਕੁਝ ਸਮਝ ਲੱਗਿਆ ਪਰ ਮੈਡਮ ਦਾ ਚਿਹਰਾ ਉਦਾਸ ਹੋ ਕੇ ਲਮਕ ਗਿਆ ਤੇ ਉਸਦੀ ਸਹਿਮੀ ਹੋਈ ਆਵਾਜ਼ ਮਸਾਂ ਬਾਹਰ ਨਿਕਲੀ:

"ਇਟਸ ਏ ਵੈਰੀ ਵੈਰੀ ਬੈਡ ਨਿਊਜ਼ । ਮਿਸਜ਼ ਜੀ ਹੈਜ਼ ਬਿਨ ਸ਼ੌਟ ਐਟ । ਇਨ ਡ੍ਹੈਲੀ । ਸ਼ੀ ਇਜ਼ ਏ ਵੈਰੀ ਟੈਂਡਰ ਲੇਡੀ । ਸ਼ੀ ਮਸਟ ਹੈਵ ਡਾਇਡ ।"

ਸਾਨੂੰ ਪਤਾ ਲੱਗਿਆ ਕਿ ਉਸ ਸਵੇਰ ਹਿੰਦੋਸਤਾਨ ਦੀ ਮੌਜੂਦਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸਦੇ ਦੋ ਸਿੱਖ ਬੌਡੀਗਾਰਡਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ । ਇਹ ਖ਼ਬਰ ਯੂਨੀਵਰਸਟੀ ਦੇ ਡਿਪਾਰਟਮੈਂਟ ਆਫ਼ ਜਰਨਲਿਜ਼ਮ ਐਂਡ ਮਾਸ ਕੌਮਿਊਨੀਕੇਸ਼ਨ ਵਿਚ ਟੈਲੀਪਿ੍ੰਟਰ ਉੱਤੇ ਪ੍ਰਾਪਤ ਹੋਈ ਸੀ । ਪ੍ਰਧਾਨ ਮੰਤਰੀ ਦੀ ਹਾਲਤ ਬਹੁਤ ਹੀ ਨਾਜ਼ੁਕ ਦੱਸੀ ਗਈ । ਇਸ ਤੋਂ ਬਾਅਦ ਕੋਈ ਕਲਾਸ ਨਹੀਂ ਲੱਗੀ । ਕਲਾਸ ਰੂਮਾਂ 'ਚੋਂ ਵਿਦਿਆਰਥੀ ਬਾਹਰ ਨਿਕਲ ਕੇ ਖੁੱਲ੍ਹੇ ਲਾਅਨਾਂ ਵਿਚ ਝੁੰਡਾਂ ਦੇ ਝੁੰਡ ਇਕੱਠੇ ਹੋਣ ਲੱਗੇ । ਸਟੂਡੈਂਟ ਸੈਂਟਰ ਦੀਆਂ ਉਪਰਲੀਆਂ ਪੌੜੀਆਂ 'ਤੋਂ ਮੈਨੂੰ ਮੁੰਡੇ ਕੁੜੀਆਂ ਹੇਠਾਂ ਕੈਂਪਸ ਵਿਚ ਜੰਗਲ ਬਣੇ ਖੜ੍ਹੇ ਦਿਸਦੇ ਸਨ । ਸ਼ਾਮ ਨੂੰ ਮੈਂ ਸਾਇਕਲ ਉੱਤੇ ਨਾਲ ਦੇ ਸੈਕਟਰ ਦੀ ਮਾਰਕੀਟ ਵੱਲ ਚਲਿਆ ਗਿਆ । ਸਾਰੀ ਮਾਰਕੀਟ ਬੰਦ ਸੀ । ਟਰੈਫ਼ਿਕ ਨਾਮਾਤਰ ਸੀ । ਸੜਕਾਂ ਦੇ ਕਿਨਾਰਿਆਂ 'ਤੇ ਪੈਦਲ ਤੁਰੇ ਜਾਂਦੇ ਔਰਤ ਮਰਦਾਂ ਦੇ ਚਿਹਰਿਆਂ ਉੱਪਰ ਏਹੀ ਖ਼ਬਰ ਦੀ ਸੁਰਖ਼ੀ ਲਿਖੀ ਹੋਈ ਸੀ;

"ਆਜ ਕੀ ਤਾਜ਼ਾ ਖ਼ਬਰ ... ਪੱਚੀਸ ਪੈਸੇ ਮੇਂ । ਇੰਦਰਾ ਗਾਂਧੀ ਕੋ ਗੋਲੀਓਂ ਸੇ ਮਾਰਾ...",

ਟਰੈਫ਼ਿਕ ਲਾਈਟਾਂ ਦੇ ਇਕ ਪਾਸੇ ਇਕ ਅਖ਼ਬਾਰ ਵੇਚਣ ਵਾਲੇ ਦੁਆਲੇ ਭੀੜ ਇਕੱਠੀ ਹੋ ਗਈ । 'ਮਿਸਿਜ਼ ਗਾਂਧੀ ਅਸਾਸੀਨੇਟਿਡ', ਮੈਂ ਇਕ ਪੇਜ ਦੇ ਅਖ਼ਬਾਰ ਦੀ ਮੋਟੀ ਸੁਰਖ਼ੀ ਦੂਰੋਂ ਪੜ੍ਹੀ । ਸਾਜਿਸ਼ ਵਰਗਾ ਹਨੇਰਾ ਹੋਰ ਗੂੜਾ ਹੋ ਰਿਹਾ ਸੀ । ਪੱਚੀ ਪੈਸੇ ਦੀ ਇੱਕੋ ਖ਼ਬਰ ਖਰੀਦ ਕੇ ਮੈਂ ਸਾਇਕਲ ਨੂੰ ਦਿੱਤੀ ਲੱਤ... ਆਪਣੇ ਹੋਸਟਲ ਵੱਲ ਨੂੰ ਮੁੜ ਪਿਆ । ਚਾਰੇ ਪਾਸੇ ਸੁੰਨ ਮਸਾਣ ਸੀ । ਹਵਾ ਵਿੱਚੋਂ ਜੀਵਨਧਾਰਾ ਮਨਫ਼ੀ ਹੋ ਗਈ ਲੱਗੀ । ਰਾਤ ਨੂੰ ਰੋਟੀ ਖਾਣ ਮੈੱਸ ਵਿਚ ਗਿਆ ਤਾਂ ਉੱਥੇ ਮਸਾਂ ਅੱਧੇ ਕੁ ਮੁੰਡੇ ਸਨ । ਕਾਮਨ ਰੂਮ ਵਿਚ ਚਲਦੇ ਬਲੈਕ ਐਂਡ ਵ੍ਹਾਈਟ ਟੈਲੀਵੀਯਨ ਉੱਤੇ ਸੋਗੀ ਧੁਨਾਂ ਦਾ ਵਿਰਲਾਪ ਕੰਨੀਂ ਪੈ ਰਿਹਾ ਸੀ । ਜਿਹਨਾਂ ਮੁੰਡਿਆਂ ਕੋਲ ਰੇਡੀਓ ਸਨ ਉਹ ਉਹੀ ਸਟੇਸ਼ਨ ਲਾਉਂਦੇ ਜਿਸ 'ਤੇ ਕੇਵਲ ਇੰਦਰਾ ਗਾਂਧੀ ਦੀ ਤਾਜ਼ਾ ਖ਼ਬਰ ਆ ਰਹੀ ਹੁੰਦੀ । ਮੈਂ ਆਪਣੇ ਕਮਰਾ ਨੰਬਰ ਤੇਤੀ 'ਚ ਵਾਪਸ ਆ ਗਿਆ । ਦਰਵਾਜੇ ਦਾ ਕੁੰਡਾ ਚੰਗੀ ਤਰਾਂ ਬੰਦ ਕੀਤਾ । ਕੁੰਡਾ ਇਕ ਵਾਰ ਫੇਰ ਚੈੱਕ ਕੀਤਾ... ਤੇ ਪੈਂਤੀ ਪੈਸੇ ਦੇ ਹਲਕੇ ਨੀਲੇ ਰੰਗ ਦੇ ਇਨਲੈਂਡ ਲੈਟਰ ਕਾਰਡ ਉੱਤੇ ਰਾਜੀਵ ਨੂੰ ਦੇਹਰਾਦੂਨ ਖ਼ਤ ਲਿਖਣ ਬਹਿ ਗਿਆ । ਮੈਨੂੰ ਪੰਦਰਾਂ ਵੀਹ ਖਾਲੀ ਇਨਲੈਂਡ ਹਰ ਵਕਤ ਆਪਣੇ ਕੋਲ ਰੱਖਣਾ ਚੰਗਾ ਲਗਦਾ । ਜਦੋਂ ਦਿਲ ਕਰਦਾ ਕਿਸੇ ਨੂੰ ਚਿੱਠੀ ਲਿਖ ਕੇ ਭੜਾਸ ਕੱਢ ਲੈਂਦਾ ।

***

ਇੱਕੋ ਸ਼ਹਿਰ ਵਿਚ ਰਹਿਣ ਵਾਲੇ ਅਸੀਂ ਤਿੰਨਾਂ ਸੰਨੀ, ਰਾਜੀਵ ਤੇ ਮੈਂ... ਇਕੱਠਿਆਂ ਗਰੈਜੂਏਸ਼ਨ ਕਰਕੇ ਅਗਾਂਹ ਅਲੱਗ ਅਲੱਗ ਯੂਨੀਵਰਸਟੀਆਂ, ਕਾਲਜਾਂ... ਤੇ ਵੱਖੋ ਵੱਖਰੇ ਵਿਸ਼ਿਆਂ ਵਿਚ ਪੋਸਟ-ਗਰੈਜੂਏਸ਼ਨ ਕਰਨ ਲਈ ਦਾਖਲਾ ਲੈ ਲਿਆ... ਸੰਨੀ ਨੇ ਜਰਨਲਿਜ਼ਮ 'ਚ ਪਟਿਆਲੇ, ਰਾਜੀਵ ਨੇ ਲਾਅ 'ਚ ਦੇਹਰਦੂਨ ਤੇ ਮੈਂ ਇੰਗਲਿਸ਼ ਲਿਟਰੇਚਰ 'ਚ ਚੰਡੀਗੜ੍ਹ । ਛੁੱਟੀਆਂ ਹੁੰਦੀਆਂ ਤਾਂ ਅਸੀਂ ਇਹਨਾਂ ਹੀ ਸ਼ਹਿਰਾਂ ਵਿਚ ਇਕ ਦੂਜੇ ਦੀ ਦੋਸਤੀ ਦਾ ਨਿੱਘ ਮਾਣਦੇ ਘੁੰਮਦੇ ਫਿਰਦੇ । ਲਾਂਬੇ ਦਾ ਨਾਨਕਾ ਪਰਿਵਾਰ ਸੰਤਾਲੀ ਦੇ ਹੱਲਿਆਂ ਤੋਂ ਬਾਅਦ ਪਟਿਆਲੇ ਵਿਚ ਹੀ ਆਬਾਦ ਸੀ... ਉਹਦਾ ਡੈਡੀ ਤੇ ਅੰਕਲ ਦੋਵੇਂ ਇਸ ਘਰ ਵਿਚ ਸਕੀਆਂ ਭੈਣਾਂ ਨੂੰ ਵਿਆਹੇ ਹੋਏ ਸਨ । ਦੋਵੇਂ ਪਰਿਵਾਰ ਪਾਕਿਸਤਾਨ ਤੋਂ ਆਏ ਰੀਫ਼ਿਊਜੀ । ਓਹਦੇ ਮਾਮੇ ਸ਼ੇਰਾਂ ਵਾਲਾ ਗੇਟ ਮਾਰਕੀਟ ਵਿਚ ਕੱਪੜੇ ਦੀ ਵੱਡੀ ਦੁਕਾਨ ਕਰਦੇ ਸਨ... ਤੇ ਨਾਨਾ ਨਾਨੀ ਹਾਲੇ ਹੈਗੇ ਸਨ... ਤਾਂ ਵੀ ਉਹ ਯੂਨੀਵਰਸਟੀ ਦੇ ਹੋਸਟਲ ਵਿਚ ਹੀ ਰਹਿੰਦਾ ਸੀ । ਜਲਦੇ ਬਲਦੇ ਦਿਨਾਂ ਵਿਚ ਯੂਨੀਵਰਸਟੀਆਂ ਬੰਦ ਸਨ । ਸਿੱਖਾਂ ਦੇ ਕਤਲੇਆਮ ਦੀਆਂ ਖ਼ਬਰਾਂ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਸਨ । ਇੰਦਰਾ ਗਾਂਧੀ ਦੇ ਮਰਨ ਤੋਂ ਚੌਥੇ ਦਿਨ ਜਦੋਂ ਉਸ ਦਾ ਦਾਹ ਸੰਸਕਾਰ ਹੋਇਆ ਤਾਂ ਮੈਂ ਸੰਨੀ ਕੋਲ ਪਟਿਆਲੇ ਪੁੱਜਿਆ ਹੋਇਆ ਸੀ । ਸੰਨੀ ਆਪਣੇ ਨਾਨਕਿਆਂ ਨੂੰ ਅੱਖੀਂ ਦੇਖਣ ਮੈਨੂੰ ਨਾਲ ਲੈ ਗਿਆ । ਉਸਦੇ ਮਾਮੇ ਕੱਪੜਾ ਖਰੀਦਣ ਬੰਬੇ ਵੱਲ ਤੁਰੇ ਹੀ ਰਹਿੰਦੇ ਸਨ । ਸ਼ੁਕਰ ਐ ਕਿ ਸਭ ਸੁੱਖ ਸਾਂਦ ਸੀ । ਕੋਈ ਵੀ ਪੰਜਾਬ ਤੋਂ ਬਾਹਰ ਨਹੀਂ ਸੀ ਗਿਆ । ਰਾਤ ਅਸੀਂ ਨਾਨੇ ਦੀ ਕੋਠੀ ਵਿਚ ਹੀ ਕੱਟ ਲੈਣ ਦਾ ਪ੍ਰੋਗਰਾਮ ਬਣਾਇਆ । ਦੋਵੇਂ ਮਾਮੇ ਮਾਮੀਆਂ ਤੇ ਉਹਨਾਂ ਦੇ ਬੱਚੇ ਸਾਨੂੰ ਮਿਲ ਕੇ ਵੱਡੀ ਕੋਠੀ ਦੇ ਆਪੋ ਆਪਣੇ ਹਿੱਸਿਆਂ 'ਚ ਗੁਆਚ ਗਏ । ਨਾਨਾ ਗੁਰਦੁਆਰੇ ਤੋਂ ਹਨੇਰਾ ਹੋਏ ਮੁੜਿਆ । ਰਾਤ ਦੀ ਰੋਟੀ ਖਾਣ ਬੈਠੇ ਤਾਂ ਨਾਨਾ ਸਲ੍ਹਾਭੀ ਜਹੀ ਆਵਾਜ਼ 'ਚ ਪੁੱਛਦਾ;

"ਪੁੱਤਰ ਤੇਰੇ ਅੰਕਲ ਗੁਰਸੇਵ ਦਾ ਮੋਦੀਪੁਰਮ ਤੋਂ ਕੋਈ ਸੁੱਖ ਸਨੇਹਾ ਹੈ?... ਕਿ?"

"ਨਹੀਂ ਨਾਨਾ ਜੀ, ਕੁਸ਼ ਨੀਂ ਪਤਾ ਲਗਦਾ । ਨਾ ਫੋਨ ਮਿਲਦਾ । ਚਿੱਠੀਆਂ ਲਿਖ ਡਾਕੇ ਪਾਈ ਆਉਨੇ ਆਂ । ਜੁਆਬ ਕੋਈ ਨੀਂ ਔਾਦਾ । ਬੀ ਬੀ ਸੀ ਤੋਂ ਖ਼ਬਰਾਂ ਸੁਣਦੇ ਆਂ ਲਗਾਤਾਰ । ਦੰਗੇ ਹੋ ਰਹੇ ਨੇ ਦਿੱਲੀ 'ਚ । ਸਿੱਖਾਂ ਨੂੰ ਲੱਭ ਲੱਭ ਕੇ... ਗਲਾਂ 'ਚ ਬਲਦੇ ਟਾਇਰ ਪਾਉਣ ਦੀਆਂ ਖ਼ਬਰਾਂ ਆ ਰਹੀਆਂ ਨੇ । ਜੇ ਅੰਕਲ ਮੋਦੀਪੁਰਮ ਹੀ ਹੋਏ ਤਾਂ ਕੋਈ ਫਿਕਰ ਨਹੀਂ, ਪਰ ਆਂਟੀ ਹਰ ਦੂਜੇ ਦਿਨ ਦਿੱਲੀ ਘੁੰਮਣ ਤੁਰ ਜਾਂਦੇ ਨੇ । ਸ਼ੇਅਰ ਬਜ਼ਾਰ 'ਚ । ਸ਼ੇਅਰਾਂ ਦੇ ਰੇਟ ਪਤਾ ਕਰਨ ।"

ਰੋਟੀ ਖਾ ਕੇ ਅਸੀਂ ਪਹਿਲੀ ਮੰਜ਼ਲ ਉੱਤੇ ਨਾਨੇ ਨਾਲ ਜਾ ਸੁੱਤੇ... ਅਸੀਂ ਦੋਵੇਂ ਡਬਲ ਬੈੱਡ 'ਤੇ, ਉਹ ਇਕ ਮੰਜੇ 'ਤੇ ਇਕੱਲਾ । ਜਦੋ ਸਵੇਰੇ ਉੱਠੇ ਤਾਂ ਨਾਨੇ ਦੇ ਨੰਗੇ ਸਿਰ ਉੱਤੇ ਵਾਲਾਂ ਵੱਲ ਮੇਰਾ ਧਿਆਨ ਗਿਆ । ਅਜੀਬ ਬੇਨਾਮ ਰੰਗ ਦੇ ਵਾਲ ਸਨ । ਸਿਰ ਦੇ ਖੱਬੇ ਪਾਸੇ ਤੇ ਟੋਟਣੀ ਤੇ ਇਕ ਵੀ ਵਾਲ ਨਹੀਂ... ਉਸਦੇੇ ਗੋਡਿਆਂ ਵਾਂਗ ਸਾਫ਼ । ਕੇਵਲ ਸੱਜੇ ਕੰਨ ਤੋਂ ਉੱਪਰ ਨੂੰ ਥੋੜ੍ਹੇ ਜਹੇ ਵਾਲ ਸਨ ਜਿਹਨਾਂ ਦੀ ਛੋਟੀ... ਨਮੌਲੀ ਵਰਗੀ ਗੱਠ ਉਹ ਸਿਰ ਦੇ ਸੱਜੇ ਪਾਸੇ ਵਾਰ ਵਾਰ ਬਣਾਉਂਦਾ ਜੋ ਫੇਰ ਖੁੱਲ ਜਾਂਦੀ । ਮੈਂ ਇਹ ਸੋਚ ਕੇ ਬੇਚੈਨ ਹੋ ਗਿਆ ਕਿ ਬੁੱਢੇ ਹੋਇਆਂ ਜੇ ਮੇਰੇ ਸਿਰ ਦੇ ਵਾਲ ਜੇ ਕਿਤੇ... ਜੇ ਕਿਤੇ ਮੈਂ ਗੰਜਾ ਹੋ ਗਿਆ...?! ਕਾਣਤ ਕੇ ਨਾਨੇ ਨੇ ਪੀਲਾ ਪਟਕਾ ਸਿਰ 'ਤੇ ਵਲੇਟਦਿਆਂ ਸਾਰਾ ਸਿਰ ਲੁਕੋ ਦਿੱਤਾ ਤੇ ਘੱਗੀ ਆਵਾਜ਼ ਵਿਚ ਪੌੜੀਆਂ ਹੇਠਾਂ ਨੂੰ ਹਾਕ ਮਾਰੀ;

"ਸੰਨੀ, ਦੂਜਾ ਮੁੰਡਾ ਜਾਗ ਪਏ ਨ । ਨ੍ਹਾਵਣ, ਧੋਵਣ... ਭੁਰਜੀ ਬਣਾਇਓ ਪੰਜ ਛੇ ਅੰਡਿਆਂ ਦੀ । ਬਰੇਕਫਸਟ ਵਿਚ ।"

ਫੇਰ ਉਹ ਨ੍ਹਾ ਧੋਅ ਕੇ ਉੱਥੇ ਹੀ ਬੈਠਾ ਗੁਟਕਾ ਫੜੀ ਪਾਠ ਕਰਦਾ ਦਿਸਿਆ । ਬਾਅਦ ਵਿਚ ਹੇਠਾਂ ਬਰੇਕਫਾਸਟ ਕਰਦੇ ਉਸਨੇ ਹਓਕਾ ਭਰਿਆ:

"ਮੇਰੇ ਬੱਚੇ ਠੀਕ ਹੋਸਣ... ਵਾਹਗੁਰੂ ਜੀ..."

ਏਨੀ ਸੁਆਦ ਭੁਰਜੀ... ਤਾਂ ਵੀ ਪਰੌਂਠੀ ਮੇਰੇ ਮੂੰਹ 'ਚ ਫੁੱਲਣ ਲੱਗ ਪਈ ਸੀ ।

***

ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਯੂਨੀਵਰਸਟੀਆਂ ਅਤੇ ਸਿਨੇਮਾ ਹਾਲ ਆਉਂਦੇ ਐਤਵਾਰ ਤੋਂ ਅਗਲੇ ਐਤਵਾਰ ਤੱਕ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ । ਪੂਰੇ ਹਿੰਦੋਸਤਾਨ ਵਿੱਚੋਂ ਥਾਂ ਥਾਂ ਤੋਂ ਸਿੱਖਾਂ 'ਤੇ ਜਾਨਲੇਵਾ ਹਮਲੇ ਹੋਣ, ਤੇ ਮੌਤਾਂ ਦੇ ਅੰਕੜੇ ਚੁੱਕੀ ਖ਼ਬਰਾਂ ਵਿਦੇਸ਼ੀ ਰੇਡੀਓ ਸਟੇਸ਼ਨਾਂ ਤੋਂ ਲਗਾਤਾਰ ਪ੍ਰਸਾਰਿਤ ਹੋ ਰਹੀਆਂ ਸਨ । ਮੈਨੂੰ ਰਾਜੀਵ ਦੀ ਚਿੰਤਾ ਹੋਣ ਲੱਗੀ । ਜਦੋਂ ਦੀ ਇੰਦਰਾ ਗਾਂਧੀ ਮਰੀ ਸੀ ਉਸ ਦੀ ਕੋਈ ਉੱਘ ਸੁੱਘ ਨਹੀਂ ਮਿਲੀ ਸੀ । ਕੋਈ ਚਿੱਠੀ ਨਹੀਂ ਆਈ । ਓਹ ਦੇਹਰਾਦੂਨ ਵਿਚ ਹੀ ਸੀ । ਪੰਜਾਬ ਤੋਂ ਬਾਹਰ ਪੰਜਾਬੀ ਹਿੰਦੂਆਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਬੇਵਕੂਫ਼ੀ ਸੀ । ਪਟਿਆਲੇ ਬੱਸ ਸਟੈਂਡ ਵਿਚ ਅਸੀਂਾ ਓਹੀ ਹਲਕੇ ਨੀਲੇ ਰੰਗ ਦੇ ਇਨਲੈਂਡ ਲਿਫਾਫੇ ਉੱਤੇ ਰਾਜੀਵ ਨੂੰ ਸਾਂਝੀ ਚਿੱਠੀ ਲਿਖਕੇ ਲੈਟਰਬੌਕਸ ਵਿੱਚ ਪਾ ਦਿੱਤੀ ।

ਆਲੇ ਦੁਆਲੇ ਸਭ ਕੁਝ ਠੱਪ ਸੀ । ਕੇਵਲ ਪੁਲੀਸ, ਅਰਧ-ਸੈਨਿਕ ਬਲ ਤੇ ਹੋਮਗਾਰਡੀਏ ਥਾਂ ਥਾਂ ਚੌਕਾਂ 'ਤੇ ਨਾਕੇ ਲਾ ਕੇ ਗੱਡੀਆਂ ਰੋਕ ਕੇ ਚੈੱਕ ਕਰਦੇ । ਅਸੀਂ ਹਾਲ ਦੀ ਘੜੀ ਯੂਨੀਵਰਸਟੀਆਂ ਨੂੰ ਛੱਡ ਕੇ ਆਪਣੇ ਸ਼ਹਿਰ ਨੂੰ ਮੁੜਨ ਦਾ ਮਨ ਬਣਾਇਆ । ਹਾਲਾਤ ਹੁਣ ਸਾਨੂੰ ਕੁਝ ਹੋਰ ਸਲੇਬਸ ਤੋਂ ਬਾਹਰਲਾ ਪੜ੍ਹਾ ਰਹੇ ਸਨ । ਬੱਸ ਵਿਚ ਲਾਂਬੇ ਨੇ ਦੋਵਾਂ ਟਿਕਟਾਂ ਦੇ ਪੈਸੇ ਦਿੱਤੇ ।

"ਯਾਰ ਰਾਜੀਵ ਠੀਕ ਹੋਵੇ । ਤੈਨੂੰ ਓਹਦੇ ਘਰਦੇ ਹਾਲਾਤ ਵੀ ਪਤਾ ਨੇ । ਕਿਸੇ ਨੇ ਉਸ ਵਿਚਾਰੇ ਦੀ ਖ਼ਬਰ ਨੀਂ ਲੈਣੀ । ਕਿਸੇ ਭਰਾ ਨਾਲ ਉਹਦੀ ਬੋਲ ਚਾਲ ਨਹੀਂ । ਬਾਪ ਓਹਦਾ ਉਸਨੂੰ ਦੇਹਰਾਦੂਨ ਪੈਸੇ ਤਾਂ ਭੇਜਦਾ ਖੁੱਲੇ... ਪਰ ਆਪ ਉਹ ਸਾਰਾ ਦਿਨ ਦਾਰੂ ਨਾਲ ਰੱਜਿਆ ਫਿਰਦਾ ਰਹਿੰਦਾ । ਮੰਨ ਲਓ ਰਾਜੀਵ ਨੂੰ ਕੁਝ ਹੋ ਜਾਂਦਾ ਤਾਂ ਉਹਦੇ ਟੱਬਰ 'ਚ ਉਸਦੀ ਡੈੱਡ ਬੌਡੀ ਘਰ ਲਿਆਉਣ ਦੀ ਤੌਫ਼ੀਕ ਵੀ ਨੀਂ ਹੈਗੀ । ਇਹ ਤੂੰ ਸਮਝ ਲੈ ।" ਰਾਜੀਵ ਦੇ ਹਾਲਾਤ ਮੈਨੂੰ ਪਹਿਲਾਂ ਹੀ ਪਤਾ ਸੀ । ਉਹ ਚਾਰ ਚਾਰ ਮਹੀਨੇ ਘਰ ਨਹੀਂ ਸੀ ਆਉਂਦਾ । ਦੇਹਰਾਦੂਨ ਬੈਠਾ ਬਾਪੂ ਦੇ ਮਨੀਆਰਡਰ ਵਸੂਲੀ ਜਾਂਦਾ । ਪਿਤਾ ਨੂੰ , ਸਾਨੂੰ ਖ਼ਤ ਲਿਖੀ ਜਾਂਦਾ ।

"ਸਮਝ ਤਾਂ ਮੈਂ ਗਿਆਂ । ਕੀ ਸਲਾਹ ਐ ਤੇਰੀ ।"

"ਦੇਖ ਫੋਨ ਕੋਈ ਮਿਲਦਾ ਨਹੀਂ । ਲੈਟਰ ਕੋਈ ਆਉਂਦਾ ਨਹੀਂ । ਹੁਣ ਕੋਈ ਬੰਦਾ ਜਾ ਕੇ ਈ ਖ਼ਬਰ ਸਾਰ ਲਿਆ ਸਕਦਾ । ਮਾੜੀ ਭਾਵੇਂ ਚੰਗੀ ।"

"ਸੰਨੀ ਜਾਏਗਾ ਕੌਣ?" ਸੰਨੀ ਚੁੱਪ ਹੋ ਗਿਆ । ਸੋਚ ਕੇ ਦੇਰ ਬਾਅਦ ਹੌਲੀ ਹੌਲੀ ਬੱਸ ਦੀ ਸੀਟ ਉੱਤੇ ਮੇਰੇ ਕੋਲ ਨੂੰ ਖਿਸਕਦਾ ਮੇਰੇ ਕੰਨ ਨਾਲ ਮੂੰਹ ਲਾ ਕੇ ਬੋਲਿਆ ।

"ਮੇਰੇ ਡੈਡੀ ਨੇ ਮੈਨੂੰ ਜਾਣ ਨੀਂ ਦੇਣਾ । ਮੈਂ ਸਿੱਖ ਆਂ । ਦੇਖਣ 'ਚ ਵੀ । ਅਸਲ 'ਚ ਵੀ । ਦਾੜ੍ਹੀ ਕੇਸ ਰੱਖੇ ਐ । ਸਿੱਖਾਂ ਨੂੰ ਤਾਂ ਸਾਰੇ ਇੰਡੀਆ 'ਚ ਮਾਰਿਆ ਜਾ ਰਿਹਾ ।"

"ਨਾਲੇ ਤੂੰ 'ਕੱਲਾ 'ਕੱਲਾ ਮੁੰਡਾ ।"

"ਤੂੰ ਹਿੰਮਤ ਕਰ ਸਕਦੈਂ । ਤੂੰ ਮੋਨਾ ਐਂ । ਨਾਲੇ ਸਿਗਟਾਂ ਪੀਨੈਂ ।" ਪਹਿਲੀ ਵਾਰੀ ਉਸਨੇ ਮੇਰੇ ਵਿਚ ਸਿਗਰਟਾਂ ਪੀਣ ਦਾ ਗੁਣ ਪਹਿਚਾਣਿਆ ਸੀ । ਨਹੀਂ ਤਾਂ ਉਹ ਹਮੇਸ਼ਾ ਮੇਰੀ ਸਮੋਕਿੰਗ ਦਾ ਤਵਾ ਲਾ ਦੇਂਦਾ ਸੀ ।

"ਚਲੋ ਦੇਖਦੇ ਆਂ । ਜਾਣ ਤਾਂ ਮੇਰੇ ਘਰਦਿਆਂ ਨੇ ਵੀ ਨਹੀਂ ਦੇਣਾ । ਕੁਝ ਵੀ ਹੋ ਸਕਦਾ ਪੰਜਾਬ ਤੋਂ ਬਾਹਰ ।"

"ਹੋਰ ਕੋਈ ਚਾਰਾ ਵੀ ਨਹੀਂ ਵੀਰੇ ।"

"ਮੇਰੇ ਨਾਲ ਜਾਣ ਨੂੰ ਕਿਸੇ ਕਾਰ ਡਰਾਈਵਰ ਨੇ ਵੀ ਰਾਜ਼ੀ ਨਹੀਂ ਹੋਣਾ ।"

"ਪੁੱਛ ਕੇ ਵੇਖ ਲੈਨੇ ਆਂ । ਹੈ ਮੁਸ਼ਕਿਲ ।"

ਸੰਨੀ ਨੂੰ ਲਗਭਗ ਭੁੱਲ ਕੇ ਮੈਂ ਹੁਣ ਆਪਣੇ ਨਾਲ ਹੀ ਵਿਚਾਰ ਕਰਨ ਲੱਗ ਪਿਆ ਸਾਂ । ਮੈਂ ਘਰਦਿਆਂ ਨੂੰ ਦੱਸੇ ਬਗੈਰ ਵੀ ਜਾ ਸਕਦਾ ਸਾਂ । ਮੈਨੂੰ ਸਭ ਤੋਂ ਔਖਾ ਲੱਗ ਰਿਹਾ ਸੀ ਆਪਣੇ ਯਾਰ ਦੀ ਲਾਸ਼ ਲੈ ਕੇ…... ਯਾ ਉਸ ਦੇ ਜਹਾਨੋਂ ਕੂਚ ਕਰ ਗਏ ਦੀ ਖ਼ਬਰ ਆਪਣੇ ਇਕੱਲੇ ਮੋਢਿਆਂ 'ਤੇ ਲੱਦੀ ਪੰਜਾਬ ਮੁੜਨਾ ।

ਸੰਨੀ ਮੈਨੂੰ ਜ਼ਿਦ ਕਰਕੇ ਆਪਣੇ ਘਰ ਲੈ ਗਿਆ । ਸੰਨੀ ਦਾ ਸਾਰਾ ਟੱਬਰ ਡਰਿਆ ਇਕੱਠਾ ਹੋਈ ਬੈਠਾ ਸੀ । ਦਾਦਾ ਦਾਦੀ । ਮੰਮੀ ਡੈਡੀ । ਦੋਵੇਂ ਛੋਟੀਆਂ ਭੈਣਾਂ । ਸੰਨੀ ਦੀ ਦਾਦੀ ਡੁਸਕਦੀ ਬੈਠੀ ਟੀਵੀ ਵੇਖ ਰਹੀ ਸੀ । ਸੰਨੀ ਮੈਨੂੰ ਨਾਲ ਦੇ ਛੋਟੇ ਕਮਰੇ 'ਚ ਲੈ ਗਿਆ ।

"ਮੈਂ ਹੁਣੇ ਮੰਮੀ ਡੈਡੀ ਨਾਲ ਵੀ ਗੱਲ ਕੀਤੀ ਐ । ਤੇਰਾ ਆਉਣ ਜਾਣ ਦਾ ਸਾਰਾ ਖਰਚਾ ਅਸੀਂ ਕਰਾਂਗੇ । ਸਭ ਕੁਸ਼ ਤੇਰੇ 'ਤੇ ਡੀਪੈਂਡ ਕਰਦਾ । ਬੱਸਾਂ ਹੁਣ ਚੱਲਣ ਲੱਗ ਪਈਆਂ । ਚੰਡੀਗੜ੍ਹ ਤੋਂ ਦੇਹਰਾਦੂਨ ਦੀ ਸਿੱਧੀ ਬੱਸ ਮਿਲ ਜਾਣੀ ।" ਦੂਸਰੇ ਟੀਵੀ ਵਾਲੇ ਕਮਰੇ 'ਚੋਂ ਸੰਨੀ ਦਾ ਦਾਦਾ ਭੜਕਿਆ,"ਹੋ ਚੁੱਪ ਕਰ ਨੀਂ । 'ਹੇ ਬੱਚੇ ਉਸ ਰੱਬ ਦੇ ਦਿੱਤੇ । ਲੈ ਜਾਵੇ ਓਹ । ਤੂੰ ਕੀ ਲਗਨੀ ਏਾ । ਕਾਈ ਲੋੜ ਨੀਂ ਹਰ ਵਖਤ ਡੁੱਸ ਡੁੱਸ ਕਰਨ ਦੀ । ਬਹਿ ਕੇ ਪਾਠ ਕਰ ।"

"ਮੇਰੇ ਬੱਚੇ ਜਿਉਂਦੇ ਹੋਵਣ ਸਈ ਮਿਹਰਬਾਨ ।" ਦਾਦੀ ਦਾਦੇ ਦੇ ਘੂਰਦਿਆਂ ਵੀ ਆਪਣੀ ਅਰਦਾਸ ਕਰ ਗਈ । ਮੈਂ ਉੱਠ ਕੇ ਟੀਵੀ ਵਾਲੇ ਕਮਰੇ 'ਚ ਗਿਆ ਤਾਂ ਸਾਰੇ ਜੀਅ ਮੇਰੇ ਵੱਲ ਵੇਖ ਰਹੇ ਸਨ । ਉਹਨਾਂ ਦੀਆਂ ਅੱਖਾਂ ਬੋਲ ਰਹੀਆਂ ਸਨ ।

"ਦਾਦੀ ਜੀ, ਤੁਸੀਂ ਆਪਣੀ ਅਰਦਾਸ ਕਰੋ ਸਭ ਠੀਕ ਹੋਵੇ । ਮੈਂ ਜਾਊਂ 'ਕੱਲਾ । ਪਹਿਲਾਂ ਦੇਹਰਾਦੂਨ ਜਾਊਂ । ਫੇਰ ਰਾਜੀਵ ਨੂੰ ਲੈ ਕੇ ਮੋਦੀਪੁਰਮ ਜਾਊਂ ।" ਕਿਸੇ ਸ਼ੈਅ ਨੇ ਮੈਨੂੰ ਅੰਦਰੋਂ ਮਜਬੂਰ ਕਰ ਦਿੱਤਾ ਕਿ ਜਾਣ ਤੋਂ ਪਹਿਲਾਂ ਇਹ ਗੱਲ ਮੈਂ ਬਿਰਧ ਮਾਂ ਨੂੰ ਕਹਿ ਦੇਵਾਂ । ਨਹੀਂ ਤਾਂ ਕੋਈ ਸ਼ਕਤੀ ਮੈਨੂੰ ਉੱਥੋਂ ਉੱਠਣ ਨਹੀਂ ਸੀ ਦੇ ਰਹੀ ।

***

ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ । ਦੂਸਰੇ ਦਿਨ ਮੈਂ ਚੰਡੀਗੜ੍ਹ ਹੋਸਟਲ ਦੇ ਆਪਣੇ ਤੇਤੀ ਨੰਬਰ ਕਮਰੇ 'ਚ ਆ ਗਿਆ । ਸਿਗਰਟਾਂ ਦੀਆਂ ਕਈ ਰੰਗ ਬਰੰਗੀਆਂ ਡੱਬੀਆਂ ਕਈ ਕੰਪਨੀਆਂ ਦੀਆਂ ਖਰੀਦ ਕੇ ਬੈਗ 'ਚ ਪਾਈਆਂ । ਮਾਚਿਸਾਂ ਵੀ । ਕਈ ਦੋਸਤਾਂ ਨੂੰ ਪੈਂਤੀ ਪੈਸੇ ਵਾਲੇ ਇਨਲੈਂਡ ਲਿਖ ਕੇ ਲੈਟਰਬੌਕਸ 'ਚ ਪਾਏ । ਪਹਿਲੀ ਵਾਰ ਆਪਣੇ ਪਿਤਾ ਜੀ ਨੂੰ ਸੁੱਖ ਸਾਂਦ ਦੀ ਚਿੱਠੀ ਲਿਖ ਦਿੱਤੀ । ਸੋਚਿਆ ਚਿੱਠੀ ਤਿੰਨ ਚਾਰ ਦਿਨਾਂ ਬਾਅਦ ਘਰ ਪਹੁੰਚ ਜਾਣੀ ਸੀ । ਸਾਰੇ ਟੱਬਰ ਨੂੰ ਮੇਰੀ ਬੇਫਿਕਰੀ ਹੋ ਜਾਏਗੀ । ਓਹਤੋਂ ਹੋਰ ਦੋ ਦਿਨਾਂ ਨੂੰ ਮੈਂ ਘਰ ਵਾਪਸ ਹੋਣਾ ਸੀ... ਜੇ ਸੁੱਖ ਸਾਂਦ ਰਹੀ । ਪਰਸ ਵਿਚ ਮੈਂ ਆਪਣਾ ਯੂਨੀਵਰਸਟੀ ਦਾ ਆਈ ਕਾਰਡ ਰੱਖਿਆ ਜੋ ਅੰਗਰੇਜ਼ੀ ਵਿਚ ਸੀ । ਐਂਜ ਤਿਆਰੀ ਕਰ ਕੇ ਮੈਂ ਕਬਜ਼ ਦੀ ਫੱਕੀ ਮਾਰੀ ਤੇ ਸਵੇਰੇ ਚਾਰ ਵਜੇ ਦਾ ਅਲਾਰਮ ਲਾ ਕੇ ਸੌਂ ਗਿਆ ।

ਸਵੇਰੇ ਛੇ ਵਜੇ ਮੈਨੂੰ ਦੇਹਰਾਦੂਨ ਦੀ ਹਰਿਆਣੇ ਗੌਰਮਿੰਟ ਦੀ ਸਿੱਧੀ ਬੱਸ ਮਿਲ ਗਈ । ਅੱਧੀਆਂ ਸੀਟਾਂ ਖਾਲੀ ਸਨ । ਸੁਆਰੀਆਂ ਚਲਦੀ ਬੱਸ ਵਿਚ ਬਹਿਕੇ ਅਰਾਮ ਨਾਲ ਬੀੜੀਆਂ ਸਿਗਰਟਾਂ ਪੀਈ ਜਾ ਰਹੀਆਂ ਸਨ । ਇਕ ਨੇ ਲਾ ਲਈ, ਮਗਰੇ ਹੋਰਾਂ ਨੇ ਵੀ ਲਾ ਲਈਆਂ । ਮੈਂ ਵੀ ਆਲੇ ਦੁਆਲੇ ਦੇਖਦਾ ਹੌਲੀ ਹੌਲੀ ਸਿਗਰਟ ਦਾ ਸੁਆਦ ਲੈਣ ਲੱਗਾ । ਬੱਸ ਸਫ਼ਰ ਨੂੰ ਤੇਜੋ ਤੇਜ ਵੱਡਦੀ ਜਾ ਰਹੀ ਸੀ । ਬੱਸ ਬਹੁਤ ਘੱਟ ਕਿਤੇ ਰੁਕੀ । ਵੱਡੇ ਸ਼ਹਿਰਾਂ ਦੇ... ਕੇਵਲ ਬੱਸ ਅੱਡਿਆਂ 'ਚ ਰੁਕੀ । ਵਾਇਆ ਪਾਉਂਟਾ ਸਾਹਿਬ ਜਾਂਦੀ ਬੱਸ ਹਿਮਾਚਲ ਵਿਚ ਨਾਹਣ ਅੱਡੇ 'ਤੇ ਰੁਕੀ । ਡਰਾਈਵਰ ਕਡੰਕਟਰ ਤੇ ਸੁਆਰੀਆਂ ਨੇ ਚਾਹ ਪਾਣੀ ਪੀਣਾ ਹੁੰਦਾ । ਕਿਸੇ ਨੇ ਹਾਜਤ ਜਾਣਾ ਹੁੰਦਾ । ਮੈਂ ਟੁਆਏਲੈੱਟ ਤੋਂ ਵਿਹਲਾ ਹੋ ਕੇ ਟੂਟੀ ਤੋਂ ਰੱਜ ਕੇ ਪਾਣੀ ਪੀਤਾ । ਜੋ ਮੇਰੇ ਨਾਲ ਦੀਆਂ ਮਰਦਾਨਾ ਸੁਆਰੀਆਂ ਕਰਦੀਆਂ ਮੈਂ ਵੀ ਓਹੀ ਕਰੀ ਗਿਆ । ਦੋ ਸੁਆਰੀਆਂ ਦੇ ਨਾਲ ਪਾਨ ਬੀੜੀ ਸਿਗਰਟ ਦੇ ਖੋਖੇ 'ਤੇ ਚਲਾ ਗਿਆ । ਕਿਸੇ ਨੇ ਪਾਨ ਲਿਆ । ਕਿਸੇ ਨੇ ਦਰਮਿਆਨੀ ਜਹੀ ਸਿਗਰਟ । ਮੈਂ ਵੀ ਹੌਲੀ ਦੇ ਕੇ ਮਿੱਠਾ ਪਾਨ ਤੇ ਰੈੱਡ ਐਡ ਵ੍ਹਾਈਟ ਦੀ ਇਕ ਸਿਗਰਟ ਮੰਗ ਲਈ । ਮੈਂ ਮਿੱਠਾ ਪਾਨ ਮੂੰਹ 'ਚ ਪਾਇਆ ਤਾਂ ਮੇਰੀ ਭੁੱਖ ਸ਼ਾਂਤ ਹੋਣ ਲੱਗੀ । ਮੈਂ ਖੋਖੇ 'ਤੇ ਲਟਕਦੀ ਧੁਖਦੀ ਰੱਸੀ ਦੇ ਸਿਰੇ ਨਾਲ ਸਿਗਰਟ ਲਾ ਕੇ ਸੂਟਾ ਖਿੱਚਿਆ ਤਾਂ ਇਕ ਆਵਾਜ਼ ਉੱਭਰੀ:

"ਪਿਛਲੀ ਵਾਰ ਹਮ ਅੰਮਿ੍ਤਸਰ ਸੇ ਨਿਕਲੇ ਦੇਹਰਾਦੂਨ ਕੇ ਲੀਏ ਵਾਇਆ ਸਹਾਰਨਪੁਰ... ਸਾਲੋਂ ਨੇ ਅੰਬਾਲਾ ਤੱਕ ਸਿਗਰਟ ਨਹੀਂ ਪੀਨੇ ਦੀਆ । ਅੰਬਾਲਾ ਮੇਂ ਸਭੀ ਨੇ ਉਨ ਕੇ ਸਾਮਨੇ ਬੀੜੀ ਸਿਗਰਟ ਪੀਆ । ਕੋਈ ਚੂੰ ਤਕ ਨਹੀਂ ਕੀਆ ।"

ਮੈਂ ਚੁੱਪ ਕਰ ਕੇ ਸੁਣਦਾ... ਪਾਨ ਖਾਂਦਾ... ਸਿਗਰਟ ਪੀਂਦਾ ਰਿਹਾ । ਬੱਸ ਫੇਰ ਤੁਰ ਪਈ । ਤੁਰੀ ਨਹੀਂ, ਭੱਜੀ । ਕਿਤੇ ਇਕ ਜਾਂ ਦੋ ਵਾਰ ਫੇਰ ਰੁਕੀ । ਪੰਜ ਸੱਤ ਸੁਆਰੀਆਂ ਚੜ੍ਹ ਜਾਂਦੀਆਂ । ਇੱਕ ਦੋ ਉਤਰ ਜਾਂਦੀਆਂ । ਮੈਂ ਮਸਤ ਰਿਹਾ । ਵਿੱਚੋਂ ਘੜੀ ਭਰ ਸੌਂ ਵੀ ਗਿਆ । ਕਿਸੇ ਦੀ ਪ੍ਰਵਾਹ ਕੀਤੇ ਬਗੈਰ ਮੈਂ ਆਪਣੇ ਬੈਗ 'ਚੋਂ ਸਸਤੀਆਂ ਸਿਗਰਟਾਂ ਕੱਢ ਕੱਢ ਪੀਂਦਾ ਰਿਹਾ... ਤੇ ਜਦੋਂ ਬੱਸ ਦੇਹਰਾਦੂਨ ਅੱਡੇ 'ਤੇ ਪਹੁੰਚੀ ਤਾਂ ਸੁਆਰੀਆਂ ਨਾਲ ਭਰੀ ਭਰੀ ਲੱਗੀ । ਮੈਂ ਮਲ੍ਹਕ ਦੇ ਕੇ ਆਪਣਾ ਸਮਾਨ ਚੁੱਕ ਕੇ ਬੱਸ 'ਚੋਂ ਬਾਹਰ ਆ ਗਿਆ । ਪਹਿਲਾਂ ਦੋ ਵਾਰ ਲਾਂਬੇ ਨਾਲ ਦੇਹਰਾਦੂਨ ਮਸੂਰੀ ਘੁੰਮਣ ਆਇਆ ਮੈਂ ਹਫ਼ਤਾ ਹਫ਼ਤਾ ਇਸ ਸ਼ਹਿਰ 'ਚ ਰਿਹਾ ਸੀ । ਪਰ ਅੱਜ ਦੇਹਰਾਦੂਨ ਦਾ ਬੱਸ ਅੱਡਾ ਬੜਾ ਓਪਰਾ ਲੱਗਿਆ । ਮੈਂ ਆਪ ਅੱਜ 'ਓਹ' ਨਹੀਂ ਸੀਂ । ਕੁਝ ਹੋਰ ਸੀ । ਸੂਟੇ ਮਾਰਦਾ ਮੈਂ ਰਾਜੀਵ ਦੇ ਕਮਰੇ ਵੱਲ ਨੂੰ ਤੁਰ ਪਿਆ । ਰਸਤਾ ਮੈਨੂੰ ਯਾਦ ਸੀ । ਰਾਹ ਵਿਚ ਮੈਨੂੰ ਇਕ ਢਾਬੇ ਦੇ ਬਾਹਰ ਸੜਕ 'ਤੇ ਸਟੀਲ ਦੇ ਫਰੇਮ ਵਿਚ ਕੱਚ ਦਾ ਬੋਰਡ ਖੜ੍ਹਾ ਦਿਸਿਆ ਜਿਸ 'ਤੇ ਕਦੇ ਗੁਰਮੁੱਖੀ 'ਚ 'ਪੰਜਾਬੀ ਢਾਬਾ' ਲਿਖਿਆ ਹੋਵੇਗਾ…... ਪਰ ਐਸ ਵੇਲੇ ਕੱਚ ਦਾ 'ਪੰਜਾਬੀ' ਵਾਲਾ ਹਿੱਸਾ ਝੜ ਚੁੱਕਾ ਸੀ । ਜਦੋਂ ਮੈਂ ਰਾਜੀਵ ਦੇ ਕਮਰੇ 'ਚ ਪੁੱਜਿਆ ਤਾਂ ਉਹ ਮਾਲਕ ਮਕਾਨ ਦੀ ਛੋਟੀ ਬੱਚੀ ਨੂੰ ਟੌਫ਼ੀਆਂ ਦੇ ਰਿਹਾ ਸੀ । ਉਸ ਨੂੰ ਜਿਊਂਦਾ ਦੇਖ ਕੇ ਮੇਰੇ ਅੰਦਰਲਾ ਕਸਾ ਢਿੱਲਾ ਪੈ ਗਿਆ । ਮੈਨੂੰ ਦੇਖ ਕੇ ਉਸਦਾ ਚਿਹਰਾ ਉਮਾਹ ਨਾਲ ਲਾਲ ਹੋ ਗਿਆ । ਜਿਵੇਂ ਕਿਸੇ ਨੂੰ ਸਾਲਾਂ ਪਹਿਲਾਂ ਗੁੰਮਿਆ ਭੈਣ ਭਾਈ ਮੇਲੇ 'ਚ ਅਚਾਨਕ ਲੱਭ ਪਵੇ । ਅਸੀਂ ਘੁੱਟ ਕੇ ਜੱਫੀ ਪਾਈ । ਉਸ ਦੇ 'ਹੋਣ' ਦੇ ਅਹਿਸਾਸ ਨੇ ਮੈਨੂੰ ਕਾਫ਼ੀ ਹੌਲਾ ਕਰ ਦਿੱਤਾ... ਲੱਗਿਆ ਕਿ ਮੈਂ ਜਿਊਂਦਾ, ਰਾਜੀਵ ਜਿਊਂਦਾ... ਤੇ ਹੁਣ ਮੈਂ 'ਕੱਲਾ ਨਹੀਂ ਸੀ । ਇਕ ਔਰ ਇਕ ਅਸੀਂ ਗਿਆਰਾਂ ਹੋ ਗਏ ਸਾਂ ।

"ਕਮਾਲ ਹੋ ਗੀ ਮੇਰੇ ਸਾਹਿਬ । ਅਚਾਨਕ ਕਿਵੇਂ ਆ ਗਿਆ । ਓਹ ਵੀ ਕਿਹੜੇ ਹਲਾਤਾਂ ਵਿਚ ।"

"ਪਟਿਆਲੇ ਮੈਂ ਲਾਂਬੇ ਦੇ ਨਾਨਕੇ ਗਿਆ ਤਾਂ ਉਹ ਸਾਰੇ ਸੰਨੀ ਦੇ ਅੰਕਲ ਦੀ ਚਿੰਤਾ ਕਰਨ । ਓਧਰ ਓਹਦੇ ਘਰੇ ਓਹਦੀ ਦਾਦੀ ਰੋਈ ਜਾਂਦੀ ।", ਮੈਂ ਉਸਨੂੰ ਇਹ ਨਹੀਂ ਦੱਸਿਆ ਕਿ ਮੈਂ ਉਸਨੂੰ ਜੀਊਂਦਾ ਦੇਖਣ ਘਰੋਂ ਨਿਕਲਿਆ ਸਾਂ, "ਹੋਰ ਰਾਜੀਵ... ਤੈਨੂੰ ਤਾਂ ਐਥੇ ਕੋਈ ਦਿੱਕਤ ਔਕੜ ਤਾਂ ਨਹੀਂ ਆਈ ।"

"ਆਏ ਸੀ ਇਕ ਦਿਨ ਨਸ਼ੇੜੀ ਗੁੰਡੇ ਜਹੇ । ਕਹਿੰਦੇ ਵਾਲ ਕਦੋਂ ਕਟਵਾਏ ਐ । ਮੈਂਖਿਆ: ਮੈਂ ਕਦੇ ਰੱਖੇ ਈ ਨਹੀਂ । ਉਹਨਾਂ ਮੇਰੇ ਵਾਲ ਗਰਦਣ ਕੋਲੋਂ ਚੈੱਕ ਕੀਤੇ । ਮੈਨੂੰ ਤਾਂ ਹਜ਼ਾਮਤ ਕਰਾਇਆਂ ਮਹੀਨਾ ਹੋ ਗਿਆ । ਚਲੇ ਗਏ ਫੇਰ ਵਾਪਸ ।"

"ਬਚਾ ਹੋ ਗਿਆ । ਆਪਾਂ ਕੱਲ ਮੋਦੀਪੁਰਮ ਚੱਲਾਂਗੇ ।"

"ਯਾਰ ਕਮਾਲ ਐ । ਮੈਂ ਕੋਲ ਬੈਠਾਂ । ਆਹ ਮੋਦੀਪੁਰਮ ਐ । ਮੈਨੂੰ ਖਿਆਲ ਨੀਂ ਆਇਆ ਕਿ ਅੰਕਲ ਨੂੰ ਜਾ ਕੇ ਮਿਲ ਆਵਾਂ । ਸਵੇਰੇ ਚੱਲਾਂਗੇ ।"

***

ਮੈਂ ਇਸ ਤਰਾਂ ਦੀ ਸਜਾਵਟ ਵਾਲਾ ਘਰ ਕਦੇ ਨਹੀਂ ਸੀ ਦੇਖਿਆ । ਵੱਡਾ ਡਾਈਨਿੰਗ ਟੇਬਲ ਜੋ ਕਰੌਕਰੀ ਨਾਲ ਭਰ ਕੇ ਸਜਾਇਆ ਹੋਇਆ ਸੀ । ਸਜਾਵਟੀ ਲਾਈਟ ਦੇ ਕਈ ਉਪਕਰਨ ਆਪਣਾ ਕੰਮ ਕਰ ਰਹੇ ਸਨ । ਛੋਟੇ ਵੱਡੇ ਸ਼ੈਂਡਲੀਅਰ ਲਟਕਦੇ । ਜਦੋਂ ਮੈਂ ਉਹਨਾਂ ਦੇ ਘਰ ਦੀ ਚਕਾਚੌਂਧ ਵਿਚ ਉਲਝਿਆ ਹੋਇਆ ਸਾਂ ਤਾਂ ਉਹ ਸਾਰੇ ਮੈਨੂੰ ਲੰਕਾ ਵਿਚ ਉਤਰੇ ਹਨੂਮਾਨ ਦੀ ਤਰਾਂ ਅਜੀਬ ਢੰਗ ਨਾਲ ਦੇਖ ਰਹੇ ਸਨ । ਲਗਦਾ ਕਿ ਬੱਚੇ ਕਈ ਦਿਨਾਂ ਦੀ ਉਦਾਸੀ ਭੋਗਦੇ ਮੰਮੀ ਡੈਡੀ ਦੇ ਖੁਸ਼ ਹੁੰਦਿਆਂ ਹੀ ਦੂਹਰੀ ਖੁਸ਼ੀ ਨਾਲ ਫਟਣ ਨੂੰ ਫਿਰਨ । ਮੁੰਡਾ ਰਾਜੀਵ ਨਾਲ ਕੋਈ ਗੱਲ ਕਰ ਕੇ ਹੱਸਣ ਤੋਂ ਹੀ ਨਾ ਹਟੇ ।

ਰਾਜੀਵ ਨੇ ਸਾਰਿਆਂ ਨੂੰ ਨਿਸਚਿੰਤ ਹੋਣ ਲਈ ਕਿਹਾ । ਸੰਨੀ ਦੇ ਡੈਡੀ ਤੇ ਹੋਰ ਘਰ ਦੇ ਜੀਅ ਤਾਂ ਪੰਜਾਬ ਤੋਂ ਬਾਹਰ ਜਾਂਦੇ ਹੀ ਨਹੀਂ । ਨਾ ਕੋਈ ਪਟਿਆਲੇ ਤੋਂ ਬਾਹਰ ਗਿਆ ਹੋਇਆ ਸੀ ।

"ਅੰਕਲ ਜੀ ਚਿੰਤਾ ਤਾਂ ਤੁਹਾਡੀ ਬਣੀ ਹੋਈ ਸੀ ਕਿ ਤੁਸੀਂ ਦਿੱਲੀ ਚਲੇ ਜਾਂਦੇ ਓ ।"

"ਤਾਂ ਵੀ ਬੇਟਾ ਅਸੀਂ ਸਮਝ ਲਿਆ ਕਿ ਹਾਲਾਤ ਦਾ ਕੋਈ ਹਿਸਾਬ ਨਈਂ । ਅੱਜ ਵੀ ਮਰੇ ਤੇ ਕੱਲ ਵੀ ਮਰੇ । ਪਰ ਐਂਜ ਸੌਖੇ ਨਈਂ ਮਰਦੇ । ਤਾਂ ਹੀ ਚਾਰਾਂ ਨੇ ਚਾਰ ਕਿਰਪਾਨਾਂ ਨੰਗੀਆਂ ਸਾਹਮਣੇ ਰੱਖੀਆਂ । ਤਾਂ ਕਿ ਇਹ ਕਿਰਪਾਨਾਂ ਸਾਨੂੰ ਯਾਦ ਕਰਵਾਉਂਦੀਆਂ ਰਹਿਣ ਕਿ ਅਸੀਂ ਮਾਰਨ ਆਇਆਂ ਨੂੰ ਸੁੱਕਾ ਨੀਂ ਜਾਣ ਦੇਂਦੇ । ਚਾਰ ਨੂੰ ਤਾਂ ਅਸੀਂ ਮਾਰ ਹੀ ਦਿਆਂਗੇ ।"

"ਅੰਕਲ ਮੈਂ ਕੱਲ ਘਰ ਵਾਪਸ ਜਾ ਕੇ ਸੰਨੀ ਨੂੰ ਤੁਹਾਡੀ ਸੁੱਖ ਸਾਂਦ ਦੱਸ ਕੇ ਆਵਾਂਗਾ ।" ਅੰਕਲ ਨੂੰ ਥੋੜ੍ਹਾ ਸਾਹ ਚੜ ਗਿਆ ਸੀ ।

"ਇਹ ਮੁਲਕ ਐ ਕੋਈ ।" ਆਂਟੀ ਨੇ ਹਾਲਾਤ ਉੱਤੇ ਨਹੋਰਾ ਮਾਰਿਆ । ਚਾਹ ਦੇ ਕੱਪਾਂ ਦੀ ਟਰੇਅ ਮੇਜ਼ 'ਤੇ ਟਿਕਾ ਰਹੀ ਸੀ । ਦੋਵਾਂ ਹੱਥਾਂ 'ਚੋਂ ਇਕ ਇਕ ਕੱਪ ਮੈਨੂੰ ਤੇ ਰਾਜੀਵ ਨੂੰ ਫੜਾਇਆ । ਆਪ ਵੀ ਚਾਹ ਲੈ ਕੇ ਸਾਡੇ ਸਾਹਮਣੇ ਬੈਠ ਗਈ । ਪਰ ਉਹ ਚਾਹ ਪੀ ਨਹੀਂ ਸੀ ਰਹੀ ।

"ਬਿਸਕੁਟ ਵੀ ਲਵੋ...", ਮੈਨੂੰ ਨੀਝ ਨਾਲ ਦੇਖਦੀ ਨੇ ਪੁੱਛਿਆ,"ਬੇਟਾ ਤੂੰ ਕਦੋਂ ਪੁੱਜਿਆ ਦੇਹਰਾਦੂਨ?"

"ਕੱਲ ਈ ਆਂਟੀ ਜੀ ।"

"ਪਟਿਆਲੇ ਤੂੰ ਕਦੋਂ ਗਿਆ ਸੀ?"

"ਜਿਸ ਦਿਨ ਇੰਦਰਾ ਦਾ ਸਸਕਾਰ ਹੋਇਆ ।" ਆਂਟੀ ਨੇ ਭੋਰਾ ਕੁ ਚਾਹ ਬੁੱਲਾਂ ਨਾਲ ਲਾਈ ।

"ਪਟਿਆਲੇ ਤੂੰ ਸੰਨੀ ਨਾਲ ਹੋਸਟਲ 'ਚ ਰਿਹਾ ਸੀ?"

"ਨਹੀਂ ਆਂਟੀ ਜੀ । ਤੁਹਾਡੇ ਘਰ ।"

"ਨਾਂ ਤੇਰਾ ਰਾਜੀਵ ਸੰਨੀ ਤੋਂ ਕਈ ਕਈ ਵਾਰੀ ਸੁਣਿਐ । ਮਿਲਿਆ ਅੱਜ ਏਾ... ਓਹ ਵੀ ਕਿਹੜੇ ਐਹੋ ਜਹੇ ਭੈੜੇ ਹਾਲਾਤ ਵਿਚ । ਮੈਂ ਤਾਂ ਆਪਣੇ ਛੋਟੇ ਦੋਏਾ ਭਰਾਵਾਂ ਦੀ ਸੁਖ ਮੰਗਦੀ ਰਹੀ । ਡਰਦੀ ਸਾਂ ਕਿ ਦੁਕਾਨ ਕਰਦੇ ਨੇ ਕੱਪੜੇ ਦੀ । ਥੋਕ ਦੀ । ਹਰ ਮਹੀਨੇ ਦੋਵੇਂ ਇਕੱਠੇ ਬੰਬੇ ਤੁਰ ਜਾਂਦੇ ਟਰੇਨ 'ਚ ।"

"ਮੈਂ ਦੁਕਾਨ 'ਤੇ ਵੀ ਗਿਆ ਸਾਂ । ਉਹਨਾਂ ਮੈਨੂੰ ਦੋ ਸ਼ਰਟਾਂ ਦਾ ਕੱਪੜਾ ਵੀ ਦਿੱਤਾ ।"

"ਰਾਤੀ ਤੁਸੀਂ ਕਿੱਥੇ ਸੁੱਤੇ ਸੀ?"

"ਤੁਹਾਡੇ ਘਰ ।"

"ਘਰ 'ਚ ਕਿੱਥੇ ਸੁੱਤੇ ਸੀ?"

"ਨਾਨਾ ਜੀ ਕੋਲ । ਫਸਟ ਫਲੋਰ 'ਤੇ । ਮੈਂ ਤੇ ਸੰਨੀ ਡਬਲ ਬੈੱਡ 'ਤੇ । ਨਾਨਾ ਜੀ ਦੀਵਾਨ 'ਤੇ ।"

" ਪਿਤਾ ਜੀ ਦੀ ਦਾਹੜੀ ਵੇਖੀ । ਬੜੀ ਲੰਬੀ ਏ ।"

" ਹਾਂ ਜੀ ਆਂਟੀ ਜੀ ।"

"ਉਹਨਾਂ ਦੇ ਸਿਰ ਦੇ ਵਾਲ ਵੀ ਬਹੁਤ ਭਾਰੀ ਨੇ ।"

"ਆਂਟੀ ਜੀਅ...ਅ, ਨਾਨੇ ਦਾ ਸਿਰ ਅੱਸੀ ਪਰਸੈਂਟ ਸਾਫ਼ ਏ!! ਸਿਰ ਦਾ ਟੌਪ ਤੇ ਲੈਫਟ ਸਾਈਡ ਜਮਾ ਸਾਫ਼ । ਸੱਜੇ ਕੰਨ ਉੱਤੇ ਥੋੜ੍ਹੇ ਜਹੇ ਵਾਲ ਨੇ ਜਿਹਨਾਂ ਦੀ ਮ੍ਹਾੜੀ ਜਹੀ ਜੂੜੀ ਬਣਦੀ । ਜੂੜੀ ਵੀ ਨੀਂ ਬਣਦੀ । ਬਾਰ ਬਾਰ ਖੁੱਲਦੀ ।"

ਆਂਟੀ ਚਾਹ ਪੀਣ ਤੋਂ ਰੁੱਕੀ ਹੋਈ ਸੀ । ਹੁਣ ਠੰਢੀ ਚਾਹ ਦੇ ਲੰਮੇ ਸੜ੍ਹਾਕੇ ਮਾਰਨ ਲੱਗ ਪਈ । ਫੇਰ ਪਤਾ ਨਹੀਂ ਉਸਨੇ ਸਾਨੂੰ ਆਪਣੀ ਕਿਚਨ ਵਿਚ ਕੀ ਕੀ ਬਣਾ ਕੇ ਖਲਾਇਆ । ਆਖਰੀ ਚੀਜ਼ ਹੀ ਯਾਦ ਰਹਿ ਸਕੀ । ਉਹ ਸੀ ਗਰਮ ਮਿੱਠੇ ਦੁੱਧ ਵਿਚ ਘੋਟੇ ਹੋਏ ਕਾਜੂ ਤੇ ਬਦਾਮ । ਅੰਕਲ ਨੇ ਜੁੱਤੀ ਦੀ ਸ਼ਕਲ ਦੀ ਖਾਲੀ ਐਸ਼ ਟਰੇ ਮੇਰੇ ਮੂਹਰੇ ਰੱਖ ਦਿੱਤੀ । ਮੈਂ ਸ਼ਰਮਾ ਗਿਆ । ਐਸ਼ ਟਰੇ ਮੂਧੀ ਮਾਰ ਦਿੱਤੀ । ਬਾਥਰੂਮ ਵਿੱਚ ਅਗਜ਼ੌਸਟ ਫੈਨ ਚਲਾ ਕੇ ਸਿਗਰਟ ਪੀਤੀ । ਮੈਨੂੰ ਘਰ ਵਿੱਚੋਂ ਜੈਕਾਰੇ ਦੀ ਆਵਾਜ਼ ਆਈ:

"ਬੋਲੇ ਸੋ ਨਿਹਾਲ..."

"ਸਾਸਰੀ...ਅਕਾਲ", ਮੈਂ ਬਾਥਰੂਮ ਵਿੱਚੋਂ ਉੱਚਾ ਹੁੰਘਾਰਾ ਭਰਿਆ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ