Soohe Rang Muhabbtan De (Punjabi Story) : Simran Dhaliwal

ਸੂਹੇ ਰੰਗ ਮੁਹੱਬਤਾਂ ਦੇ (ਕਹਾਣੀ) : ਸਿਮਰਨ ਧਾਲੀਵਾਲ

ਮੀਤ ਅਜੇ ਤੀਕ ਨਹੀਂ ਉਠਿਆ।ਸ਼ਾਮ ਦੇ ਛੇ ਵੱਜਣ ਵਾਲੇ ਨੇ।ਇੱਕ ਪਲ ਲਈ ਸੋਚਿਆ-ਜਾ ਕੇ ਉਠਾਵਾਂ।ਇਹ ਕਿਹੜਾ ਟਾਈਮ ਹੈ ਸੌਂਣ ਦਾ।ਫੇਰ ਅੱਧੀ ਰਾਤ ਤੱਕ ਪਾਸੇ ਮਾਰਦਾ ਰਹੇਗਾ।ਫਿਰ ਅਗਲੇ ਹੀ ਪਲ ਲੱਗਿਆ।ਪਿਆ ਰਹਿਣ ਦਿਆਂ।ਉਠ ਕੇ ਕਿਹੜਾ ਇਹਨੇ…।ਅੱਜ ਕੱਲ ਕੁਝ ਵੀ ਬੁਰਾ ਨਹੀਂ ਲੱਗਦਾ।ਸੋਚਦੀ ਹਾਂ…ਜੋ ਹੈ ਬਸ ਠੀਕ ਹੈ। ਹੁਣ ਜਿਵੇਂ ਥੱਕ ਗਈ ਹੋਵਾਂ।ਕਦੀ ਕਿਸੇ ਪਲ ਤਰਸ ਭਾਵ ਪੈਦਾ ਹੋਣ ਲੱਗਦਾ ਹੈ ਮੀਤ ਲਈ।ਸੋਚਦੀ ਹਾਂ…ਬਸ ਜੀਅ ਲਏ ਉਹ ਆਪਣੀ ਮਰਜ਼ੀ ਨਾਲ।ਮੈਂ ਵੀ ਬਹੁਤੀ ਵਾਰ ਘਰੇ ਲੇਟ ਹੀ ਮੁੜਦੀ ਹਾਂ।ਸਕੂਲ ਤੋਂ ਸਿੱਧਾ ‘ਦਿਸ਼ਾ ਸੈਂਟਰ’ ਚਲੀ ਜਾਂਦੀ ਹਾਂ।ਅੱਜ ਰਾਜਵੀਰ ਨਾਲ ਸ਼ਾਪਿੰਗ ਲਈ ਚਲੀ ਗਈ।ਅਗਲੇ ਹਫ਼ਤੇ ਉਹ ਕੈਨੇਡਾ ਜਾ ਰਿਹਾ ।ਕਿਸੇ ਕਾਨਫਰੰਸ ਲਈ।ਸ਼ਾਪਿੰਗ ਮੁਕਾ ਕੇ ਅਸੀਂ ਕਾਫੀ ਪੀਣ ਲਈ ਰੁਕ ਗਏ।

ਕੰਮ ਵਾਲੀ ਕੁੜੀ ਮੈਨੂੰ ਉਡੀਕ ਰਹੀ ਸੀ।ਪਾਣੀ ਦਾ ਗਿਲਾਸ ਫੜਾਉਂਦਿਆਂ ਹੀ ਬੋਲੀ , “ਦੀਦੀ ਮੈਂ ਜਾਵਾਂ? ਅੱਜ ਮੈਨੂੰ ਵੀ ਜਲਦੀ ਸੀ।”

“ਚਲੀ ਜਾ।ਭਾਅ ਜੀ ਤੇਰੇ ਕਦੋਂ ਕੁ ਦੇ ਸੁੱਤੇ ਨੇ…?” ਉਹਨੂੰ ਤੁਰੀ ਜਾਂਦੀ ਨੂੰ ਮੈਂ ਪੁੱਛ ਲਿਆ।

“ਕੋਈ ਆਇਆ ਸੀ ਦੋ ਕੁ ਵਜੇ।ਉਹਦੇ ਜਾਣ ਤੋਂ ਬਾਅਦ ਦੇ ਹੀ ਪਏ ਨੇ…।” ਮੈਂ ਅੱਗਿਓਂ ਕੁਝ ਨਾ ਪੁਛਿਆ।ਉਹ ਕਾਹਲੀ ਨਾਲ ਬੂਹਿਓਂ ਬਾਹਰ ਹੋ ਗਈ।ਮੈਂ ਉਠ ਕੇ ਮੂੰਹ-ਹੱਥ ਧੋਤਾ।ਕੱਪੜੇ ਬਦਲੇ।ਬੈਡਰੂਮ ਵਿੱਚ ਜਾ ਕੇ ਦੇਖਿਆ।ਕੌਣ ਆਇਆ ਸੀ , ਮੀਤ ਕੋਲ ।ਮੈਂ ਅੰਦਰ ਵੜਦਿਆਂ ਹੀ ਸਮਝ ਗਈ।ਇੱਕ ਪਲ ਲਈ ਕਮਰੇ ਵਿਚ ਰੁਕੀ।ਮੀਤ ਦੇ ਚਿਹਰੇ ਵੱਲ ਦੇਖਿਆ।ਮਨ ਵਿਚ ਉਸਦੇ ਲਈ ਤਰਸ ਪੈਦਾ ਹੋਣ ਲੱਗਾ।ਸੋਚਿਆ…ਇਹਦੇ ਵੀ ਸ਼ਾਇਦ ਵੱਸ ਦੀ ਗੱਲ ਨਹੀਂ।ਨਹੀਂ ਤਾਂ ਖ਼ੁਦ ਨੂੰ ਖੂਹ ਵਿਚ ਕੌਣ ਸੁਟਦਾ…।ਸੋਚ ਨੂੰ ਝਟਕ ਕੇ ਬਾਹਰ ਆ ਗਈ।ਰਸੋਈ ਵਿੱਚ ਆ ਕੇ ਚਾਹ ਬਣਾਈ। ਕੱਪ ਫੜ ਕੇ ਡਰਾਇੰਗ ਰੂਮ ਵਿੱਚ ਆ ਬੈਠੀ ਹਾਂ।ਪੂਰਾ ਘਰ ਕਿੰਨਾ ਸ਼ਾਂਤ ਲੱਗ ਰਿਹਾ ਹੈ।ਇਸੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਹੀ ਮੈਂ ਮੀਤ ਨੂੰ ਨਹੀਂ ਉਠਾਇਆ।ਇਸ ਵੇਲੇ ਮੰਮੀ ਕੋਲ ਹੁੰਦੇ ਤਾਂ ਉਹਨਾਂ ਰਟੀ-ਰਟਾਈ ਉਹੀ ਗੱਲ ਆਖਣੀ ਸੀ-“ਡਿੰਪਲ ਕਿਵੇਂ ਰਹਿੰਦੇ ਤੁਸੀਂ ਇੱਕਲਿਆਂ।ਇੱਕ ਉਥੇ ਬਹਿ ਗਿਆ ਦੂਜਾ ਉਥੇ।ਐਡਾ ਘਰ ਤਾਂ ਊਂਈ ਖਾਣ ਨੂੰ ਆਉਂਦਾ।”

ਕਦੇ ਮੈਂ ਵੀ ਇਹੀ ਸੋਚਦੀ ਸਾਂ।ਪਰ ਹੁਣ…।ਇਸ ਚੁੱਪ ਨੂੰ ਤੋੜਨ ਲਈ ਮੋਬਾਇਲ ਫੜਦੀ ਹਾਂ।ਮੋਬਾਇਲ ਡਾਟਾ ਆਨ ਕਰਦਿਆਂ ਹੀ ਵਟਸਐਪ ਤੇ ਫੇਸਬੁੱਕ ’ਤੇ ਨੋਟੀਫੀਕੇਸ਼ਨ ਦੀ ਟੀਂ-ਟੀਂ ਹੋਣ ਲੱਗਦੀ ਹੈ।ਪਹਿਲਾਂ ਵਟਸਐਪ ਚੈਕ ਕਰਦੀ ਹਾਂ।ਸੱਤਰ ਦੇ ਕਰੀਬ ਮੈਸੇਜ਼ ਸ਼ੋ ਹੋ ਰਹੇ ਨੇ।ਵਾਰੀ-ਵਾਰੀ ਸਾਰੇ ਦੇਖਦੀ ਹਾਂ।ਕੁਝ ਨਾਲ ਦੀ ਨਾਲ ਹੀ ਡਿਲੀਟ ਕਰਦੀ ਜਾਂਦੀ ਹਾਂ।ਵੱਟਸਐਪ ਛੱਡ ਫੇਸਬੁੱਕ ਖੋਲ਼੍ਹਦੀ ਹਾਂ।ਸਭ ਤੋਂ ਪਹਿਲਾਂ ਰਾਜਵੀਰ ਦੀ ਪੋਸਟ ਨਜ਼ਰੀਂ ਪੈਂਦੀ ਹੈ।ਚੈਕ ਇੰਨ ਵਿਚ ੳੇੁਸਨੇ ਲਿਿਖਆ ਹੋਇਆ- “ਕਾਫੀ ਵਿੱਦ….” ਅਗੇ ਥਾਂ ਖਾਲੀ ਛੱਡੀ ਹੋਈ।

“ਡਿੰਪਲ।” ਖ਼ੁਦ ਹੀ ਉਸਦੀ ਛੱਡੀ ਖਾਲੀ ਥਾਂ ਨੂੰ ਭਰ ਦਿੰਦੀ ਹਾਂ।ਚਿਹਰੇ ’ਤੇ ਮੁਸਕਾਣ ਆ ਜਾਂਦੀ ਹੈ।ਇਹ ਵੀ ਤਾਂ ਅਜੀਬ ਜਿਹਾ ਅਹਿਸਾਸ ਹੈ।ਜਾਣਦੀ ਹਾਂ..ਐਸਾ ਤਾਂ ਕੁਝ ਵੀ ਨਹੀਂ ਹੈ।ਫਿਰ ਵੀ ਪਤਾ ਨਹੀਂ ਕਿਉਂ ਬਹੁਤ ਕੁਝ ਨੂੰ ਮਹਿਸੂਸ ਕਰਦੀ ਹਾਂ।ਤੇਜ਼ੀ ਨਾਲ ਫੇਸਬੁੱਕ ਉਪਰ ਨਜ਼ਰ ਮਾਰਦੀ ਹਾਂ।ਉਂਗਲਾਂ ਦੀ ਗਤੀ ਨਾਲੋਂ ਵੀ ਤੇਜ਼ ਮਨ ਦੀ ਗਤੀ ਹੈ।ਫੋਨ ਪਾਸੇ ਰੱਖ ਕੇ ਚਾਹ ਪੀਣ ਲੱਗਦੀ ਹਾਂ।

“ਫੇਸਬੁੱਕ ਨਹੀਂ ਮੈਂ ਤਾਂ ਫੇਸ ਟੂ ਫੇਸ ਗੱਲਾਂ ਕਰਨੀਆਂ।” ਮੀਤ ਦੀ ਢਾਈ ਕੁ ਸਾਲ ਪਹਿਲਾਂ ਕਹੀ ਗੱਲ ਮੈਨੂੰ ਅਜੇ ਤੀਕ ਨਹੀਂ ਭੁੱਲੀ।ਸਾਡੀ ਰਿੰਗ ਸੈਰੇਮਨੀ ਤੋਂ ਬਾਅਦ , ਜਦੋਂ ਅਸੀਂ ਫੋਨ ’ਤੇ ਗੱਲ ਕਰਦੇ ਹੁੰਦੇ ਸਾਂ।ਮੀਤ ਉਦੋਂ ਇਹ ਗੱਲ ਆਖਿਆ ਕਰਦਾ ਸੀ-

“ਡਿੰਪਲ ਚੱਲ ਕਿਤੇ ਘੁੰਮਣ ਚਲੀਏ।” ਉਹ ਹਰੇਕ ਤੀਜੇ ਦਿਨ ਜ਼ਿੱਦ ਕਰਦਾ।

“ਮੀਤ ਮੰਮੀ ਨੂੰ ਕੀ ਕਹਾਂਗੀ?ਮੈਂ ਨਹੀਂ…।” ਮੈਂ ਨਾਂਹ ਕਰਨ ਲੱਗਦੀ।

“ਮੇਰਾ ਤੈਨੂੰ ਦੇਖਣ ਨੂੰ ਜੀ ਕਰਦਾ।” ਉਹ ਬੱਚਿਆਂ ਵਾਂਗ ਕਰਨ ਲੱਗਦਾ।

“ਅੱਛਾ ਚਲੋ ਫੇਸਬੁੱਕ ’ਤੇ ਫੋਟੋ ਪਾ ਦਿੰਦੀ ਹਾਂ।ਸਾਰਾ ਦਿਨ ਦੇਖਦੇ ਰਿਹੋ।” ਮੈਂ ਮਜ਼ਾਕ ਕਰਦੀ।…ਤੇ ਮੀਤ ਫੇਸ ਟੂ ਫੇਸ ਮਿਲਣ ਦੀ ਗੱਲ ਕਰਦਾ।ਗੱਲਾਂ ਕਰਨ ਦੀ ਗੱਲ ਕਰਦਾ।

“ਹੁਣ ਕਰੋ ਫੇਸ ਟੂ ਫੇਸ ਗੱਲਾਂ।ਕੋਲ਼ ਆ ਗਈ ਆਂ ਮੈਂ।” ਵਿਆਹ ਤੋਂ ਬਾਅਦ ਮੀਤ ਦੇ ਗਲ ਵਿੱਚ ਬਾਹਾਂ ਪਾਉਂਦੇ ਹੋਏ ਮੈਂ ਕਿਹਾ ਸੀ।ਮੀਤ ਨੇ ਮੈਨੂੰ ਕਲਾਵੇ ਵਿੱਚ ਭਰ ਲਿਆ।ਇੱਕ ਤਿੱਖੀ ਸਮੈੱਲ ਮੇਰੇ ਸਿਰ ਨੂੰ ਚੜ੍ਹਨ ਲੱਗੀ।

“ਮੀਤ ਤੁਸੀਂ…।” ਪਰ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੀਤ ਨੇ ਮੇਰੀਆਂ ਅੱਖਾਂ ਪੜ ਲਈਆਂ ਸਨ।

“ਨਹੀਂ-ਨਹੀਂ ਤੈਨੂੰ ਪਤਾ ਮੈਂ ਤਾਂ ਡਰਿੰਕ ਕਰਦਾ ਨਹੀਂ।ਇਹ ਤਾਂ ਦੋਸਤਾਂ ਨੇ…।ਕਹਿੰਦੇ ਵਿਆਹ ਹੋਇਆ ਤੇਰਾ।”

“ਪਰ ਮੀਤ…”

ਉਸਨੇ ਮੈਨੂੰ ਬੋਲਣ ਨਾ ਦਿੱਤਾ।ਤੇਜ਼ ਗੰਧ ਨਾਲ ਜਿਵੇਂ ਮੇਰਾ ਅੰਦਰ ਭਰ ਗਿਆ।

“ਮੀਤ ਅੱਜ ਤੋਂ ਬਾਅਦ ਕਦੀ ਡਰਿੰਕ ਨਹੀਂ ਕਰੋਗੇ ਨਾ?” ਅਗਲੇ ਦਿਨ ਮੈਂ ਮੀਤ ਕੋਲੋਂ ਵਾਅਦਾ ਮੰਗਿਆ।

“ਨਾ ਕਦੀ ਨਹੀਂ।” ਮੀਤ ਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਆਖਿਆ।

ਹੱਥ ਵਿੱਚੋਂ ਕੱਪ ਡਿੱਗਦਾ-ਡਿੱਗਦਾ ਮਸਾਂ ਬਚਿਆ।ਮੈਂ ਖਿਆਲਾਂ ਵਿੱਚ ਗੁਆਚ ਗਈ ਸਾਂ।ਇੱਕ ਦਮ ਲੱਗਿਆ ਸੀ ਜਿਵੇਂ ਨੀਂਦ ਵਿੱਚੋਂ ਬਾਹਰ ਆਈ ਹੋਵਾਂ।ਇੱਕ ਵਾਰ ਫੇਰ ਉਠ ਕੇ ਮੀਤ ਨੂੰ ਦੇਖਣ ਜਾਂਦੀ ਹਾਂ।ਮੋਢੇ ਤੋਂ ਫੜ ਕੇ ਹਿਲਾਉਂਦੀ ਹਾਂ।

“ਉਠਦਾਂ।” ਆਖ ਕੇ ਉਹਨੇ ਫੇਰ ਪਾਸਾ ਪਰਤ ਲਿਆ।

ਮੈਂ ਮੁੜ ਡਰਾਇੰਗ ਰੂਮ ਵਿੱਚ ਆ ਬੈਠੀ ਹਾਂ।ਸੂਰਜ ਕਦੋਂ ਦਾ ਢਲ ਚੁਕਿਆ।ਸ਼ਾਮ ਗੂੜ੍ਹੀ ਹੋਣ ਲੱਗੀ।ਕਰਨ ਲਈ ਕੋਈ ਕੰਮ ਨਹੀਂ ਹੈ।ਸਬਜ਼ੀ ਕੰਮ ਵਾਲੀ ਬਣਾ ਗਈ ਸੀ।ਖਾਣ ਲੱਗਿਆਂ ਬੱਸ ਚਾਰ ਫੁਲਕੇ ਹੀ ਬਣਾਉਂਣੇ ਨੇ…।ਫੇਰ ਮੋਬਾਇਲ ਚੁੱਕ ਲੈਂਦੀ ਹਾਂ।ਰਾਜਵੀਰ ਦਾ ਮੈਸੇਜ਼ ਹੈ।ਪੁਛ ਰਿਹਾ-ਕੀ ਲੈ ਕੇ ਆਵਾਂ ਕੈਨੇਡਾ ਤੋਂ?

“ਖ਼ੁਦ ਵਾਪਸ ਆ ਜਾਵੀਂ ਇਹੀ ਬਹੁਤ ਹੈ।” ਲਿਖ ਕੇ ਹੇਠਾਂ ਸਮਾਈਲ ਵਾਲਾ ਆਈਕਾਨ ਭੇਜਦੀ ਹਾਂ।ਮੁੜ ਉਸਦਾ ਕੋਈ ਜਵਾਬ ਨਹੀਂ ਆਉਂਦਾ।ਹੋਰ ਲੋਕਾਂ ਦੇ ਆਏ ਮੈਸੇਜ਼ ਪੜ੍ਹਨ ਲੱਗਦੀ ਹਾਂ।ਹਰ ਮੈਸੇਜ਼ ਨਾਲ ਚਿਹਰੇ ਦਾ ਹਾਵ-ਭਾਵ ਬਦਲ ਰਿਹਾ।ਕਿਸੇ ਚੁੱਟਕਲੇ ’ਤੇ ਹੱਸਣ ਲੱਗਦੀ ਹਾਂ।ਕਦੀ ਚਿਹਰੇ ’ਤੇ ਗੰਭੀਰਤਾ ਫੈਲਣ ਲੱਗਦੀ ਹੈ।ਖ਼ੁਦ ਹੀ ਕਈ ਵਾਰ ਸੋਚਦੀ ਹਾਂ , ਕਿੰਨੀ ਸਪੇਸ ਮੱਲ ਲਈ ਹੈ ਜ਼ਿੰਦਗੀ ਵਿੱਚ ਫੋਨ ਨੇ…ਕਿਸੇ ਪਲ ਇਨਸਾਨ ਇੱਕਲ ਦਾ ਸ਼ਿਕਵਾ ਕਰਦਾ ਹੈ ਤੇ ਕਦੇ ਦੂਜਿਆਂ ਵਿਚ ਬੈਠਾ ਵੀ ਖ਼ੁਦ ਨੂੰ ਇੱਕਲਿਆਂ ਕਰ ਲੈਂਦਾ।

ਮੀਤ ਮੇਰੇ ਸਾਹਮਣੇ ਆ ਬੈਠਾ।

ਫੋਨ ਉਪਰ ਨਜ਼ਰਾਂ ਗੱਡੀ ਬੈਠਾ ਹੀ ਆਖਦਾ- “ਯਾਰ!ਚਾਹ ਤਾਂ ਪਿਆ ਦੇ ਘੁੱਟ।”

ਮੈਂ ਉਠਦੀ ਹਾਂ।ਬਿਨਾਂ ਕੁਝ ਬੋਲੇ ਰਸੋਈ ਵਿੱਚ ਜਾ ਕੇ ਗੈਸ ਉਪਰ ਪਤੀਲਾ ਧਰ ਦਿੰਦੀ ਹਾਂ।ਫੋਨ ਨੂੰ ਅਨਲਾਕ ਕਰਕੇ ਵੇਖਦੀ ਹਾਂ।ਪਰ ਕੋਈ ਮੈਸੇਜ਼ ਨਹੀਂ ਆਇਆ।ਪਤੀਲੇ ਦੇ ਸ਼ੂ-ਸ਼ੂ ਕਰਨ ਦੀ ਅਵਾਜ਼ ਆਈ ਤਾਂ ਧਿਆਨ ਆਇਆ।ਮੈਂ ਖਾਲੀ ਪਤੀਲਾ ਗੈਸ ’ਤੇ ਧਰ ਦਿੱਤਾ ਸੀ।

ਅੱਜ ਕੱਲ ਸੁਰਤੀ ਪਤਾ ਨਹੀਂ ਕਿੱਥੇ ਰਹਿੰਦੀ ਹੈ।

ਮਨ ਵਿੱਚ ਹੀ ਸੋਚਦੀ ਹਾਂ।ਦੁੱਧ ਵਿੱਚ ਹੀ ਪੱਤੀ ਪਾ ਕੇ ਕੱਪ ਫੜ ਕੇ ਡਰਾਇੰਗ ਰੂਮ ਵਿੱਚ ਜਾ ਬੈਠਦੀ ਹਾਂ।ਮੀਤ ਚਾਹ ਪੀ ਰਿਹਾ।

ਅਚਾਨਕ ਤ੍ਰਭਕਦੀ ਹਾਂ।

“ਕਿਹਾ ਕੁਝ?” ਮੀਤ ਨੂੰ ਪੁਛਦੀ ਹਾਂ।

“ਤੂੰ ਸੁਣਿਆ ਕੁਝ? ਕੀ ਹੋਇਆ…ਠੀਕ ਏਂ?” ਮੀਤ ਤਾਂ ਚੁੱਪ ਚਾਪ ਚਾਹ ਪੀ ਰਿਹਾ ਸੀ।ਮੈਂ ਸ਼ਾਇਦ ਖਿਆਲਾਂ ਵਿੱਚ ਹੀ ਗੁਆਚੀ ਹੋਈ ਸਾਂ।

“ਚਾਹ ਤਾਂ ਫਿੱਕੀ ਹੈ ਯਾਰ!ਖੰਡ ਨਹੀਂ ਪਾਈ?” ਮੀਤ ਨੇ ਉਸ ਦਿਨ ਦੋ ਵਾਰ ਦੁਹਰਾਈ ਸੀ ਇਹ ਗੱਲ।ਪਰ ਮੈਨੂੰ ਸੁਣਿਆ ਨਹੀਂ ਸੀ।ਮੀਤ ਨੇ ਠਾਹ ਕਰਦਾ ਕੱਪ ਫਰਸ਼ ’ਤੇ ਮਾਰਿਆ।ਮੈਂ ਡਰ ਗਈ ਸਾਂ।

“ਧਿਆਨ ਟਿਕਾਣੇ ਵੀ ਰੱਖ ਲਿਆ ਕਰ।” ਮੀਤ ਕਈ ਕੁਝ ਬੋਲਦਾ ਬਾਹਰ ਚਲਾ ਗਿਆ ਸੀ।ਜਦੋਂ ਮੁੜਿਆ।ਉਹਦਾ ਚਿਹਰਾ ਭਖ ਰਿਹਾ ਸੀ।ਮੈਨੂੰ ਕਲਾਵੇ ਵਿੱਚ ਲੈ ਲਿਆ।

“ਨਰਾਜ਼ ਏਂ ਮੇਰੇ ਨਾਲ?ਸੌਰੀ ਬਾਬਾ ਗੁੱਸਾ ਵੀ ਤਾਂ ਆ ਈ ਜਾਂਦਾ ਕਈ ਵਾਰ।ਚੱਲ ਕੋਈ ਨਾ।ਪਿਆਰ ਵੀ ਤਾਂ ਬਹੁਤ ਕਰਦਾਂ ਮੈਂ ਤੈਨੂੰ।ਆ ਪਿਆਰ ਕਰਾਂ।” ਉਹ ਮੈਨੂੰ ਚੁੰਮਣ ਲੱਗਾ।

“ਮੀਤ ਪਲੀਜ਼! ਮੇਰਾ ਮਨ ਨਹੀਂ ਠੀਕ।ਹੁਣ ਨਹੀਂ।” ਮੈਂ ਤਰਲਾ ਲਿਆ।

“ਲੈ ਕਮਲੀ ਫੇਰ ਕਹਿੰਦੀ ਹੁਣ ਮੈਂ ਪਿਆਰ ਨਹੀਂ ਕਰਦਾ।” ਮੈਂ ਬੇਜ਼ਾਨ ਪਈ ਰਹੀ।ਮੀਤ ਅਲੱਗ ਹੋ ਕੇ ਕੱਪੜੇ ਪਾਉਣ ਲੱਗਾ।ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ।

“ਬਜ਼ਾਰ ਤੀਕ ਚਲਿਆਂ।ਲਿਆਉਣਾ ਕੁਝ?” ਚਾਹ ਵਾਲਾ ਖਾਲੀ ਕੱਪ ਮੀਤ ਨੇ ਟੇਬਲ ’ਤੇ ਰੱਖਦਿਆਂ ਪੁਛਿਆ।ਮੇਰੀ ਸੁਰਤੀ ਟੁੱਟੀ।ਮੈਂ ਹੇਠਾਂ ਨਜ਼ਰ ਮਾਰੀ।ਫ਼ਰਸ਼ ਤਾਂ ਸਾਫ਼ ਸੀ।ਮੇਰੇ ਜ਼ਹਿਨ ਵਿਚੋਂ ਦੋ ਹਫਤੇ ਪਹਿਲਾਂ ਵਾਲੀ ਇਹ ਘਟਨਾ ਖ਼ਬਰੇ ਕਿਉਂ ਨਹੀਂ ਨਿਕਲਦੀ।

“ਨਹੀਂ ਕੁਝ ਨਹੀਂ।ਜਲਦੀ ਆ ਜਾਇਓ।” ਮੈਂ ਨਾ ਚਾਹੁੰਦੇ ਵੀ ਆਖ ਦਿੱਤਾ।…ਤੇ ਮੈਂ ਜਾਣਦੀ ਹਾਂ।ਮੀਤ ਨੇ ਵੀ ਬੱਸ ਕਹਿਣ ਲਈ ਹੀ ਕਿਹਾ ਹੈ- “ਬੱਸ ਗਿਆ ਤੇ ਆਇਆ।”

ਜਿਵੇਂ ਹੁਣੇ ਰਾਜਵੀਰ ਦਾ ਰਿਪਲਾਈ ਆਇਆ।

“ਮੈਂ ਤਾਂ ਆ ਹੀ ਜਾਣਾ ਵਾਪਸ।ਉਥੇ ਨਹੀਂ ਰਹਿੰਦਾ।ਤੂੰ ਗਿਫਟ ਕੀ ਲੈਣਾ ਇਹ ਦੱਸ?”

“ਕੁਝ ਨਹੀਂ!” ਟਾਈਪ ਕਰਨ ਦੀ ਥਾਂ ਬੋਲਣ ਲੱਗਦੀ ਹਾਂ।ਆਪਣੀ ਹੀ ਅਵਾਜ਼ ਨਾਲ ਡਰ ਜਾਂਦੀ ਹਾਂ।

“ਕੀ ਹੋਈ ਜਾਂਦਾ ਮੈਨੂੰ?” ਸਹਿਮ ਜਿਹਾ ਜਾਂਦੀ ਹਾਂ।

“ਕੁਝ ਨਹੀਂ ਹੋਇਆ ਤੈਨੂੰ।ਵਹਿਮ ਕਰਦੀ ਐਵੇਂ।” ਮੇਰੇ ਬਾਰ-ਬਾਰ ਕਹਿਣ ’ਤੇ ਉਸ ਦਿਨ ਮੀਤ ਖਿੱਝ ਉਠਿਆ ਸੀ।

“ਫੇਰ ਚਿਹਰਾ ਇੰਨਾ ਲਾਲ ਕਿਵੇਂ ਹੈ?ਆਪਣੀਆਂ ਅੱਖਾਂ ਦੇਖੋ।” ਮੈਂ ਆਪਣੀਆਂ ਬਾਹਾਂ ਅੱਗੇ ਕੀਤੀਆਂ।ਗੋਰੀਆਂ ਬਾਹਾਂ ਥਾਂ-ਥਾਂ ਤੋਂ ਲਾਲ ਹੋਈਆਂ ਪਈਆਂ ਸਨ।

“ਕਿਵੇਂ ਖਾ ਜਾਣ ਵਾਲਿਆਂ ਵਾਂਗ ਕੀਤਾ ਤੁਸੀਂ ਅੱਜ।”

ਮੀਤ ਪਾਗਲਾਂ ਵਾਂਗ ਹੱਸਣ ਲੱਗਾ।

“ਐਕਸਾਈਟਮੈਂਟ ਵੀ ਤਾਂ ਕੋਈ ਚੀਜ਼ ਹੁੰਦੀ ਏ ਕਿ ਨਹੀਂ?ਇਹ ਤਾਂ ਮੁਹੱਬਤ ਦਾ ਸਬੂਤ ਹੈ।” ਮੀਤ ਨੇ ਸੌ ਸਹੁੰਆਂ ਖਾਧੀਆਂ ਸਨ।ਪਰ ਜਿਸ ਦਿਨ ਉਪਰਲੇ ਰੂਮ ਵਿੱਚੋਂ ਮਾਚਿਸ ਦੀਆਂ ਤੀਲਾਂ ਤੇ ਸਿਲਵਰ ਪੇਪਰ ਦੇ ਟੁਕੜੇ ਮਿਲੇ।ਉਸ ਦਿਨ ਇਸ ਤੋਂ ਵੱਡੇ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਸੀ ਰਹੀ।

ਮੀਤ ਬੱਚਿਆਂ ਵਾਂਗ ਰੋਣ ਲੱਗਾ।

“ਡਿੰਪਲ ਮੈਂ ਇਹ ਸਭ ਛੱਡਣਾ ਚਾਹੁੰਦਾ।ਬਚਾ ਲੈ ਮੈਨੂੰ।” ਉਸ ਦੀ ਅਵਾਜ਼ ਵਿੱਚ ਤਰਲਾ ਸੀ।ਮੈਂ ਪਿੰਡ ਗੱਲ ਕੀਤੀ।ਬਾਹਰ ਮੀਤ ਦੀ ਮੰਮੀ ਨਾਲ ਗੱਲ ਕੀਤੀ।ਆਪਣੇ ਬ੍ਰਦਰ ਨੂੰ ਬੁਲਾ ਲਿਆ।ਮੀਤ ਨੂੰ ਡੀ ਅਡੀਕਸ਼ਨ ਸੈਂਟਰ ਵਿਚ ਦਾਖਲ ਕਰਵਾ ਦਿੱਤਾ।ਦੋ ਮਹੀਨੇ ਇਸੇ ਤਰ੍ਹਾਂ ਨਿਕਲੇ।ਕਦੇ ਮੰਮੀ ਮੇਰੇ ਕੋਲ ਆ ਜਾਂਦੇ , ਕਦੇ ਬ੍ਰਦਰ।ਮੰਮੀ ਆਉਂਦੇ ਤਾਂ ਹਰ ਵਾਰ ਮੇਰੀ ਹਾਲਾਤ ਤੇ ਝੁਰਨ ਲੱਗਦੇ।

“ਕੀ ਪਤਾ ਸੀ ਧੀਏ ਉਦੋਂ ਤਾਂ ਗੁਣ ਗਾਉਂਦੇ ਨਹੀਂ ਸੀ ਥੱਕਦੇ।ਆਪ ਵੀ ਸੋਚਿਆ , ਹੋਏ ਵਾਲੇ ਨੇ…ਕੋਈ ਮਾੜਾ ਘਰ ਈ ਲੱਭ ਲੈਂਦੇ…।”

ਉਸ ਪਲ ਮੈਨੂੰ ਰਾਜਵੀਰ ਦੀ ਯਾਦ ਆ ਜਾਂਦੀ।

ਅਸੀਂ ਬਹੁਤ ਚੰਗੇ ਦੋਸਤ ਸਾਂ।ਮੈਂ ਮਨ ਹੀ ਮਨ ਰਾਜਵੀਰ ਨੂੰ ਪਸੰਦ ਕਰਦੀ।…ਤੇ ਪਸੰਦ ਤਾਂ ਰਾਜਵੀਰ ਵੀ ਕਰਦਾ ਸੀ ਮੈਨੂੰ। ਮੈਂ ਜਾਣਦੀ ਸਾਂ।ਪਰ ਮੈਂ ਘਰੇ ਗੱਲ ਕਰਨ ਦੀ ਹਿੰਮਤ ਹੀ ਨਾ ਕੀਤੀ।ਕਾਲਜ ਤੋਂ ਬਾਅਦ ਰਾਜਵੀਰ ਕਿੱਧਰੇ ਅਲੋਪ ਹੀ ਹੋ ਗਿਆ।ਸ਼ਾਇਦ ਉਸ ਵੇਲੇ ਹਿੰਮਤ ਕਰ ਲੈਂਦੀ ਤਾਂ…।ਮੀਤ ਬਾਰੇ ਸੋਚਦਿਆਂ ਮੈਨੂੰ ਇੰਜ ਲੱਗਣ ਲੱਗਦਾ।ਮੰਮੀ ਦੀਆਂ ਗੱਲਾਂ ਹੋਰ ਜ਼ਿਆਦਾ ਉਦਾਸ ਕਰ ਦਿੰਦੀਆਂ।ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਸਨ।ਮੈਂ ਮਹੀਨਾ ਭਰ ਘਰ ਰਹੀ।ਮੀਤ ਦਾ ਖਿਆਲ ਰੱਖਦੀ।ਆਖਦੀ , “ਮੀਤ ਗਲਤੀਆਂ ਤਾਂ ਸਭ ਕੋਲੋਂ ਹੋ ਜਾਂਦੀਆਂ।ਜੋ ਹੋ ਗਿਆ , ਉਹਨੂੰ ਭੁੱਲ਼ ਕੇ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ।ਇਹ ਰਸਤਾ ਤਾਂ ਬਰਬਾਦੀ ਵੱਲ ਜਾਂਦਾ।”

ਬਰਬਾਦੀ ਦੇ ਅਗਲੇ ਰਾਹ ’ਤੇ ਤਾਂ ਉਹ ਚੱਲ ਹੀ ਪਿਆ ਸੀ।ਡੀ-ਅਡੀਕਸ਼ਨ ਦੀ ਬਲੱਡ ਰਿਪੋਰਟ ਦੇਖ-ਦੇਖ ਮੇਰਾ ਆਪਾਂ ਖਿੰਡਨ ਲੱਗਦਾ। ਮੀਤ ਨੇ ਵਾਅਦਾ ਤਾਂ ਕੀਤਾ ਪਰ ਉਸਦੇ ਵਾਅਦੇ ਪੂਰੇ ਨਾ ਹੋਏ।

“ਡਿੰਪਲ ਬੱਸ ਦੋ ਪੈਗ।ਘਰੇ ਬੈਠ ਕੇ ਪੀਊਂ।ਹੌਲੀ-ਹੌਲੀ ਇਹ ਵੀ ਛੱਡ ਦਊ।” ਮੇਰੇ ਸਾਹਮਣੇ ਡਰਿੰਕ ਨਾ ਕਰਨ ਵਾਲਾ ਓਹਲਾ ਵੀ ਚੁਕਿਆ ਗਿਆ।

“ਚਲ ਮੈਡੀਕਲ ਨਸ਼ਾ ਤਾਂ ਨਹੀਂ ਕਰਦਾ ਕੋਈ।ਸ਼ਰਾਬ ਦਾ ਕੀ ਏ।ਸਾਰੇ ਈ ਪੀਂਦੇ ਸ਼ਰਾਬ ਤਾਂ।” ਬਾਹਰੋਂ ਮੀਤ ਦੇ ਮੰਮੀ ਮੈਨੂੰ ਸਮਝਾਉਂਦੇ।ਪਰ ਮੈਨੂੰ ਜਿਵੇਂ ਕੁਝ ਸਮਝ ਨਾ ਆਉਂਦਾ।ਉਹ ਗੱਲ ਕਿਸੇ ਹੋਰ ਨੂੰ ਨਾ ਦੱਸਣ ਲਈ ਮੀਤ ਤਰਲੇ ਲੈਂਦਾ। ਮੇਰਾ ਸਿਰ ਭਾਰਾ ਹੋਇਆ ਰਹਿੰਦਾ।ਕਈ ਤਰ੍ਹਾਂ ਦੀਆਂ ਸੋਚਾਂ ਦਿਮਾਗ ਵਿੱਚ ਭੂਚਾਲ ਮਚਾਈ ਰੱਖਦੀਆਂ।…ਤੇ ਘਰ ਵਿੱਚ ਭੂਚਾਲ ਮੀਤ ਪੈਦਾ ਕਰੀ ਰੱਖਦਾ।ਕਦੀ ਰੋਟੀ ਠੰਡੀ ਦੇ ਬਹਾਨੇ।ਕਦੇ ਸਬਜ਼ੀ ਵਿੱਚ ਲੂਣ ਵੱਧ-ਘੱਟ ਹੋਣ ਦੇ ਬਹਾਨੇ।ਮੈਂ ਹੈਰਾਨ ਹੁੰਦੀ।ਹੌਲੀ-ਹੌਲੀ ਇਹ ਹੈਰਾਨੀ ਪ੍ਰੇਸ਼ਾਨੀ ਵਿੱਚ ਵਟ ਗਈ।ਘਰ ਦਾ ਮਾਹੌਲ ਬਦਲਣ ਲੱਗਿਆ।ਛੁੱਟੀਆਂ ਤੋਂ ਮਗਰੋਂ ਮੈਂ ਇੱਕ ਦਿਨ ਸਕੂਲ਼ ਤੋਂ ਮੁੜੀ।ਦੇਖਿਆ ਮੀਤ ਦੇ ਨਾਲ ਦੋ ਜਾਣੇ ਹੋਰ ਡਰਾਇੰਗ ਰੂਮ ਵਿੱਚ ਬੈਠੇ ਸਨ।ਦਰਵਾਜ਼ੇ ਅੱਗਿਓ ਲੰਘੀ ਤਾਂ ਸਿਗਰੇਟ ਦੀ ਤੇਜ਼ ਸਮੈੱਲ ਨੱਕ ਨੂੰ ਚੜਨ ਲੱਗੀ।ਮੈਂ ਅੰਦਰ ਜਾ ਕੇ ਪੈ ਗਈ।ਸਿਰ ਭਾਰਾ ਹੋਣ ਲੱਗਾ।ਪਿਆਂ-ਪਿਆਂ ਕਦ ਨੀਂਦ ਆ ਗਈ, ਪਤਾ ਹੀ ਨਾ ਲੱਗਿਆ।ਜਦ ਅੱਖ ਖੁਲੀ ਮੀਤ ਮੇਰੇ ਸਿਰਹਾਣੇ ਬੈਠਾ ਸੀ।

“ਕੀ ਗੱਲ ਅੱਜ ਉਠਣਾ ਨਹੀਂ ਏ?” ਉਸਦੀਆਂ ਅੱਖਾਂ ਮਿਚਦੀਆਂ ਪਈਆਂ ਸਨ ਤੇ ਚਿਹਰਾ ਲਾਲ ਸੀ।

“ਮੀਤ ਅਜ ਫੇਰ?”

“ਫੇਰ ਕੀ? ਸਾਰੀ ਦੁਨੀਆਂ ਈ ਖਾਂਦੀ ਪੀਂਦੀ।ਐਂਵੇ ਟੈਨਸ਼ਨ ਨਹੀਂ ਲਈਦੀ।ਬੁੜਾ ਬਥੇਰੇ ਪੈਸੇ ਭੇਜਦਾ ਬਾਹਰੋਂ।”

ਮੀਤ ਨੇ ਮੈਨੂੰ ਕੋਲ ਖਿਚ ਲਿਆ।ਮੈਨੂੰ ਜਿਵੇਂ ਕੌਫਤ ਆਉਣ ਲੱਗੀ।

“ਮੀਤ ਪਲੀਜ਼! ਹਰ ਗੱਲ ਦਾ ਕੋਈ ਟਾਈਮ ਹੁੰਦਾ।” ਮੈਂ ਦੂਰ ਹੋਣ ਦੀ ਕੋਸ਼ਿਸ ਕੀਤੀ।ਪਰ ਉਦੋਂ ਮੀਤ ਮੀਤ ਨਹੀਂ ਸੀ।ਨਾ ਹੀ ਉਸਨੂੰ ਚੰਗੇ ਮਾੜੇ ਦੀ ਹੋਸ਼ ਸੀ।ਉਹ ਇਸ ਸਾਰੇ ਕੁਝ ਨੂੰ ਪਿਆਰ ਦਾ ਨਾਮ ਦਿੰਦਾ।ਪਰ ਪਿਆਰ ਸ਼ਬਦ ਦੇ ਅਰਥ ਮੇਰੀ ਡਿਕਸ਼ਨਰੀ ਵਿੱਚ ਕੁਝ ਹੋਰ ਸਨ।

ਮੋਬਾਇਲ ’ਤੇ ਫੇਰ ਟੀਂ-ਟੀਂ ਹੋਈ।

ਰਾਜਵੀਰ ਦਾ ਮੈਸੇਜ਼ ਹੈ।ਕੋਈ ਪਤੀ-ਪਤਨੀ ਦੇ ਸਬੰਧਾਂ ਦਾ ਜੋਕ ਹੈ।ਪੜ੍ਹਕੇ ਹੱਸਦੀ ਹਾਂ।ਕਿੰਨੇ ਹੀ ਸਾਲਾਂ ਬਾਅਦ ਰਾਜਵੀਰ ਫੇਸਬੁੱਕ ’ਤੇ ਮਿਲਿਆ ਸੀ।ਅਚਾਨਕ ਫੇਸਬੁੱਕ ਫੋਲਦਿਆਂ ਮੈਨੂੰ ਰਾਜਵੀਰ ਦੀ ਤਸਵੀਰ ਦਿੱਸੀ।ਪ੍ਰੋਫਾਈਲ ਦੇਖੀ।..ਤੇ ਫ੍ਰੈਡ ਰਿਕੁਐਸਟ ਭੇਜੀ।ਸਾਡੇ ਵਿਚਕਾਰ ਲੰਮੀ ਚੈੱਟ ਹੋਈ ਤੇ ਫਿਰ ਰਾਜਵੀਰ ਦਾ ਨੰਬਰ ਲੈ ਕੇ ਮੈਂ ਸਕੂਲ ਟਾਈਮ ਉਸਨੂੰ ਫੋਨ ਕੀਤਾ।ਪਤਾ ਲੱਗਾ , ਕਾਲਜ ਤੋਂ ਨਿਕਲ ਕੇ ਉਹ ਦਿੱਲੀ ਕਿਸੇ ਕਾਲਜ ਵਿੱਚ ਲੈਕਚਰਾਰ ਜਾ ਲੱਗਿਆ ਸੀ।ਅਜ ਕੱਲ ਇਸੇ ਸ਼ਹਿਰ ਵਿੱਚ ਆ ਗਿਆ ਹੈ।ਛੇ ਕੁ ਮਹੀਨੇ ਪਹਿਲਾਂ।

“ਕਿੱਥੇ ਅਲੋਪ ਹੋ ਗਿਆ ਸੀ ਰਾਜਵੀਰ।ਕਿੰਨੇ ਸਾਲ ਬੀਤ ਗਏ।”

“ਬੱਸ! ਮਕਸਦ ਹੀ ਕੋਈ ਨਹੀਂ ਸੀ ਦਿਸਦਾ ਜ਼ਿੰਦਗੀ ਦਾ।ਤੇਰੇ ਵਿਆਹ ਕਰਵਾਉਣ ਦਾ ਪਤਾ ਲੱਗਾ ਸੀ।ਉਦੋਂ ਤਾਂ ਪੰਜਾਬ ਹੀ ਸੀ ਮੈਂ। ਲੇਟ ਵਾਲ਼ੀ ਮੁਬਾਰਕ ਕਬੂਲ ਕਰ ਲੈ।”

“…ਤੇ ਤੇਰੀ ਮੈਰਿਜ਼?”

“ ਬੱਸ!...ਕੋਈ ਐਸਾ ਮਿਲਿਆ ਨਹੀਂ ਜਿਸ ਨਾਲ ਜ਼ਿੰਦਗੀ ਕੱਟੀ ਜਾ ਸਕਦੀ ਹੋਵੇ।”

ਇਕ ਦੂਜੇ ਦਾ ਬਹੁਤ ਕੁਝ ਅਸੀਂ ਬਿਨ ਕਿਹਾਂ ਵੀ ਸਮਝ ਸਕਦੇ ਸਾਂ।ਦੋ ਚਾਰ ਦਿਨਾਂ ਬਾਅਦ ਰਾਜਵੀਰ ਮੈਨੂੰ ਮਿਲਣ ਆ ਗਿਆ।ਉਸਨੂੰ ਇੰਨੇ ਸਾਲਾਂ ਬਾਅਦ ਦੇਖ ਕੇ ਅਚੇਤ ਵਿੱਚ ਦੱਬਿਆ ਕਿੰਨਾ ਕੁਝ ਮੁੜ ਅੱਖਾਂ ਅੱਗੇ ਸਕਾਰ ਹੋ ਗਿਆ।ਮੈਂ ਸੋਚਦੀ ਰਾਜਵੀਰ ਨਾਲ ਹੁੰਦਾ ਤਾਂ ਸ਼ਾਇਦ ਜ਼ਿੰਦਗੀ ਦੇ ਅਰਥ ਕੁਝ ਹੋਰ ਹੋਣੇ ਸੀ।

“ਕੁਝ ਨਹੀਂ ਹੁੰਦਾ ਤੂੰ ਛੱਡ ਦੇ ਜਾੱਬ।ਖਿਆਲ ਰੱਖ ਉਹਦਾ।ਪੈਸੇ ਮੈਂ ਇੱਥੋਂ ਭੇਜ ਦਿਆ ਕਰੂ।”

ਮੀਤ ਦੇ ਮੰਮੀ ਜਦੋਂ ਵੀ ਫੋਨ ਕਰਦੇ ਹਮੇਸ਼ਾ ਇਹੀ ਆਖਦੇ।ਮੈਂ ਸੁਣ ਲੈਂਦੀ।ਪਰ ਚੁੱਪ ਰਹਿੰਦੀ।ਮਨ ਵਿੱਚ ਸੋਚਦੀ।ਮੈਨੂੰ ਭੁੱਖ ਨਹੀਂ ਤੁਹਾਡੇ ਡਾਲਰਾਂ ਦੀ।

“ਮੁੰਡਾ ਤਾਂ ਧੀਏ ਬਾਹਰਲੇ ਪੈਸਿਆਂ ਈ ਵਿਗਾੜਿਆ।ਤੂੰ ਕਹੇਗੀ ਚਾਚੀ ਕੀ ਕਹਿੰਦੀ।”

ਮੀਤ ਹੁਣਾਂ ਦੇ ਸ਼ਰੀਕੇ ’ਚੋਂ ਲੱਗਦੀ ਚਾਚੀ , ਕਈ ਵਾਰ ਦੁਪਿਹਰੇ ਆ ਕੇ ਗੱਲਾਂ ਲੱਗ ਜਾਂਦੀ- “ਸਭ ਕਸੂਰ ਤੇਰੇ ਸੱਸ ਸਹੁਰੇ ਦਾ।ਜਦੋਂ ਵੱਡਾ ਬਾਹਰ ਸੀ।ਇਹਨੇ ਇੱਥੇ ਕੀ ਕਰਨਾ ਸੀ।ਅਖੇ ਜ਼ਮੀਨ-ਜਾਇਦਾਤ ਨਹੀਂ ਛੱਡ ਕੇ ਜਾਣੀ।ਇਹਨੂੰ ਇੱਥੇ ਸ਼ੋ-ਰੂਮ ਖੋਲ੍ਹ ਦਿੱਤਾ।ਬਸ ਉਥੋਂ ਈ ਮਾੜੀ ਬਹਿਣੀ ਬੈਠਾ।ਪੁਛਣ ਵਾਲਾ ਹੈ ਕੋਈ ਨਹੀਂ ਸੀ।ਗੱਲ ਕੀਤਿਆ ਤਾਂ ਚੁਗਲੀ ਹੁੰਦੀ।ਇਹਨਾਂ ਤਾਂ ਮੁੰਡਾ ਵਿਆਹ ਲਿਆ।ਸੋਚਦੇ ਹੋਣੇ ਬਈ ਚੱਲ ਜਵਾਕ ਜੱਲਾ ਹੋਜੂ।ਪਰ ਤੇਰੀ ਕੀ ਕਸੂਰ ਧੀਏ।ਸ਼ਰਾਬੀ-ਕਬਾਬੀ ਨਾਲ ਕੱਟਣੀ ਸੌਖੀ ਪਈ।ਇਹ ਤਾਂ ਤੂੰ ਜਾਣਦੀ ਏਂ ਜਾਂ ਰੱਬ।”

ਮੈਂ ਤਾਂ ਉਹ ਕੁਝ ਵੀ ਜਾਣਦੀ ਸਾਂ ਜੋ ਮੈਂ ਕਿਸੇ ਨੂੰ ਨਹੀਂ ਦੱਸਿਆ।ਆਪਣੇ ਮੰਮੀ ਨੂੰ ਵੀ ਨਹੀਂ।ਪਰ ਹੁਣ ਇਹ ਗੱਲਾਂ ਸੁਣੀਆਂ ਨਾ ਸੁਣੀਆਂ ਇੱਕ ਬਰਾਬਰ ਸਨ।ਡੀ-ਅਡੀਕਸ਼ਨ ਤੋਂ ਆ ਕੇ ਉਹਨੇ ਮਹੀਨਾ ਕੁ ਈ ਕੰਟਰੋਲ ਕੀਤਾ ਸੀ ਮਸਾਂ।ਮੁੜ ਉਹੀ ਸਿਲਸਿਲਾ ਸ਼ੁਰੂ ਹੋ ਗਿਆ।ਮੈਂ ਕਿੰਨੀ ਕੁ ਰਾਖੀ ਕਰਦੀ।ਮੈਂ ਇੱਕਲੀ ਬੈਠੀ ਉਡੀਕਦੀ ਰਹਿੰਦੀ।ਮੀਤ ਘਰ ਮੁੜਦਾ , ਨਸ਼ੇ ਵਿੱਚ ਹੁੰਦਾ।ਹੌਲੀ-ਹੌਲੀ ਇਹ ਸਾਰਾ ਕੁਝ ਆਮ ਹੋ ਗਿਆ।ਮੇਰੇ ਸਕੂਲੋਂ ਮੁੜਨ ਤੋਂ ਪਹਿਲਾਂ ਮੀਤ ਘਰੋਂ ਨਿਕਲ ਜਾਂਦਾ।ਮੈਂ ਕਦੇ ਟੀ.ਵੀ ਦੇਖਦੀ।ਕਦੀ ਫੇਸਬੁਕ ਖੋਲ ਬੈਠਦੀ।ਘਰ ਖਾਣ ਨੂੰ ਆਉਂਦਾ।ਰਾਜਵੀਰ ਨਾਲ ਗੱਲਾਂ ਕਰਦੀ ਤਾਂ ਮਨ ਨੂੰ ਸਕੂਨ ਮਿਲਦਾ।

“ਮੈਂ ਜਾਣਦਾਂ ਡਿੰਪਲ ਮੈਂ ਤੇਰੇ ਨਾਲ ਗਲਤ ਕੀਤਾ।ਪਰ ਮੇਰੇ ਵਸ ਦੀ ਗੱਲ ਨਹੀਂ।ਮੈਨੂੰ ਮਾਫ ਕਰਦੇ।” ਮੀਤ ਮਾਫੀਆਂ ਮੰਗਦਾ।ਪਰ ਸਾਡੇ ਮਨ ਵਿਚਲੀ ਇਹ ਦੂਰੀ ਵਧਦੀ ਹੀ ਤੁਰੀ ਜਾਂਦੀ।ਘਰ ਜਿਵੇਂ ਘਰ ਨਾ ਰਿਹਾ।ਮੀਤ ਆਪਣੇ ਦੋਸਤਾਂ ਨੂੰ ਬੁਲਾ ਲੈਂਦਾ।ਸ਼ਰਾਬ ਪੀਤੀ ਜਾਂਦੀ।ਸਿਗਰੇਟ ਦੀ ਸਮੈੱਲ ਘਰ ਵਿੱਚ ਫੈਲਣ ਲੱਗਦੀ।ਸਫਾਈਆਂ ਕਰਦੀ ਕੰਮ ਵਾਲੀ ਦਸਦੀ ਕਿ ਕਮਰੇ ਵਿਚੋਂ ਸਰਿੰਜਾਂ ਮਿਲੀਆਂ।ਸਿਲਵਰ ਪੇਪਰ ਉਹ ਨਿੱਤ ਹੂੰਝਦੀ।ਮੀਤ ਪਿਆਰ ਦਿਖਾਉਂਦਾ।ਪਰ ਮੈਨੂੰ ਜਿਵੇਂ ਕੁਝ ਵੀ ਚੰਗਾ ਨਾ ਲੱਗਦਾ।

“ਮੈਨੂੰ ਇਸ ਸਭ ਦੀ ਜ਼ਰੂਰਤ ਨਹੀਂ ਮੀਤ।” ਪਰ ਸੁਣਨਾ ਤੇ ਸਮਝਣਾ ਮੀਤ ਦੇ ਵੱਸ ਦੀ ਗੱਲ ਨਹੀਂ ਸੀ।ਮੇਰਾ ਅੰਦਰ ਕੁੜੱਤਣ ਨਾਲ ਭਰ ਜਾਂਦਾ।

“ਤੁਸੀਂ ਬੱਚਾ ਕਿਉਂ ਨਹੀਂ ਕਰਦੇ।ਘੱਟੋਂ-ਘੱਟ ਬਿਜ਼ੀ ਤਾਂ ਰਹੋਗੇ।” ਮੇਰੇ ਨਾਲ ਵਾਲੀ ਮੈਡਮ ਅਕਸਰ ਆਖਣ ਲੱਗਦੀ।ਪਰ ਹਕੀਕਤ ਤਾਂ ਮੈਂ ਹੀ ਜਾਣਦੀ ਹਾਂ।ਮੈਂ ਆਉਣ ਵਾਲੇ ਕੱਲ ਦੀ ਕਲਪਨਾ ਕਰਦੀ ਹੋਈ ਵੀ ਕੰਬ ਜਾਂਦੀ।ਮੈਨੂੰ ਸਾਡੇ ਸਕੂਲ ਵਾਲੀ ਮਿਡ-ਡੇ ਮੀਲ ਵਰਕਰ ਯਾਦ ਆ ਜਾਂਦੀ।ਉਹਦਾ ਘਰ ਵਾਲਾ ਵੀ ਆਹੀ ਕੁਝ ਕਰਦਾ ਸੀ।ਉਹ ਨਿੱਤ ਆਪਣੇ ਘਰ ਦੀ ਕਥਾ ਛੇੜ ਬੈਠਦੀ।ਹਰ ਰੋਜ਼ ਸਟਾਫ ਤੋਂ ਪੈਸੇ ਮੰਗਦੀ।ਸਕੂਲ ਨਾ ਹੁੰਦਾ ਤਾਂ ਸ਼ਾਇਦ ਉਹਦੇ ਬੱਚੇ ਰੋਟੀ ਨੂੰ ਵੀ ਤਰਸਦੇ।ਸਕੂਲ ਦਾ ਖਾਣਾ ਬਣਾ ਕੇ ਉਹ ਘਰ ਜੋਗਾ ਵੀ ਲੈ ਕੇ ਜਾਂਦੀ।ਆਰਥਿਕ ਤੰਗੀ ਦੀ ਸਤਾਈ ਉਹ ਮੇਰੇ ਕੋਲ ਬੈਠੀ ਹੰਝੂ ਕੇਰਦੀ।ਉਸਦੀ ਤਕਲੀਫ਼ ਮੈਥੋਂ ਵੱਧ ਕੌਣ ਸਮਝਦਾ।ਮੈਂ ਮਨ ਵਿਚ ਆਖਦੀਬਿਮਲਾ ਆਪਾਂ ਤਾਂ ਇੱਕੋ ਜਿਹੀਆਂ ਹਾਂ।

ਮੀਤ ਦੀ ਮੰਮੀ ਨੇ ਬਾਹਰੋਂ ਪੈਸੇ ਭੇਜਣੇ ਬੰਦ ਕਰ ਦਿੱਤੇ।ਤਨਖਾਹ ਨਾਲ਼ ਘਰ ਤਾਂ ਚੱਲਦਾ ਹੀ ਜਾਂਦਾ।ਪਰ ਮੀਤ ਦੇ ਨਸ਼ੇ ਮੈਂ ਕਿਵੇਂ ਪੂਰੇ ਕਰਦੀ।ਪੈਸਿਆਂ ਪਿਛੇ ਸਾਡੇ ਵਿਚ ਕਲੇਸ਼ ਹੁੰਦਾ।…ਤੇ ਮਹਾ ਕਲੇਸ਼ ਘਰ ਵਿਚ ਉਦੋਂ ਛਿੜਿਆ ਸੀ ਜਦੋਂ ਡਾਲੇਕੇ ਜ਼ਿਊਲਰ ਤੋਂ ਮੈਨੂੰ ਪਤਾ ਲੱਗਾ ਸੀ ਕਿ ਮੇਰਾ ਫਸਟ ਮੈਰਿਜ਼ ਐਨਵਰਸਰੀ ’ਤੇ ਬਣਾਇਆ ਨੈਕਲਸ ਮੀਤ ਉਹਨਾਂ ਕੋਲੇ ਵੇਚ ਆਇਆ ਸੀ।ਮੈਂ ਜ਼ਿਊਲਰ ਕੋਲੇ ਫਿੱਕਾ ਜਿਹਾ ਮੁਸਕੁਰਾਈ।ਘਰ ਆ ਕੇ ਸੇਫ ਖੋਲੀ।ਦੇਖਿਆ ਸਚਮੁਚ…।ਮੈਂ ਇੱਕਲੀ ਬੈਠੀ ਰੋਂਦੀ ਰਹੀ।ਨੈਕਲਸ ਦੇ ਪੈਸਿਆਂ ਨਾਲ ਮੀਤ ਦੇ ਕੁਝ ਦਿਨ ਤਾਂ ਸੌਖੇ ਨਿਕਲੇ।ਮੁੜ ਉਹੀ ਕਿਚ-ਕਿਚ ਸ਼ੁਰੂ ਹੋ ਗਈ।ਮੀਤ ਆਪਣੇ ਦੋਸਤਾਂ ਕੋਲੋਂ ਉਧਾਰ ਫੜਨ ਲੱਗਦਾ।ਮੀਤ ਦਾ ਇੱਕ ਦੋਸਤ ਅਕਸਰ ਘਰ ਆਉਂਦਾ।ਗੰਜਾ ਜਿਹਾ।ਗੁੰਡਿਆਂ ਵਰਗਾ ਲੱਗਦਾ।ਮੈਨੂੰ ਘਰ ਵਿੱਚ ਤੁਰੀ ਫਿਰਦੀ ਨੂੰ ਦੇਖਦਾ।ਮੈਂ ਮੀਤ ਨੂੰ ਆਖਦੀ ਤਾਂ ਉਹ ਪਰਵਾਹ ਨਾ ਕਰਦਾ।

“ਖਾ ਤਾਂ ਨਹੀਂ ਚਲਿਆ ਤੈਨੂੰ। ਮੈਂ ਵੀ ਕੋਲ ਈ ਬੈਠਾ।” ਉਹ ਰੁੱਖਾ ਜਿਹਾ ਬੋਲਦਾ।ਮੈਂ ਮੰਮੀ ਕੋਲੇ ਰੋਂਦੀ।ਆਖਦੀ ਮੈਨੂੰ ਇਸ ਨਰਕ ’ਚੋ ਕੱਢ ਲਉ।ਮੰਮੀ ਮਨ ਭਰ ਆਉਂਦੇ।

“ਧੀਏ ਘਰ ਬੰਨਣੇ ਕਿਤੇ ਸੌਖੇ ਪਏ।ਪਿਉ ਤੇਰਾ ਸਿਰ ’ਤੇ ਹੁੰਦਾ ਤਾਂ ਹੋਰ ਗੱਲ ਸੀ।ਮੇਰੀਆਂ ਆਂਦਰਾ ਕਿਤੇ ਘੱਟ ਕਲਪਦੀਆਂ।”

ਉਹਨਾਂ ਦੀ ਆਪਣੀ ਮਜ਼ਬੂਰੀ ਸੀ।ਪਰ ਮੈਂ ਘਰ ਕਿਵੇਂ ਬੰਨਦੀ? ਘਰ ਤਾਂ ਖਿੰਡਦਾ ਜਾ ਰਿਹਾ ਸੀ।ਮੈਂ ਰਸੋਈ ਵਿੱਚ ਖੜੀ ਆਟਾ ਗੁੰਨ ਰਹੀ ਸਾਂ।ਕਿਸੇ ਦੇ ਕਦਮਾਂ ਦੀ ਆਹਟ ਸੁਣੀ।ਪਿਛੇ ਮੁੜੀ ਤਾਂ ਮੀਤ ਦਾ ਉਹੀ ਦੋਸਤ ਦਰਵਾਜ਼ੇ ਵਿੱਚ ਖੜਾ ਸੀ।ਮੈਂ ਘਬਰਾ ਗਈ।ਉਹਨੇ ਅੱਗੇ ਵੱਧ ਕੇ ਮੇਰਾ ਹੱਥ ਫੜਨਾ ਚਾਹਿਆ।ਪਰ ਮੈਂ ਉਹਨੂੰ ਧੱਕਾ ਦੇ ਕੇ ਡਰਾੰਿੲੰਗ ਰੂਮ ਵੱਲ ਦੌੜ ਗਈ।ਮੀਤ ਨਸ਼ੇ ਵਿੱਚ ਪਿਆ ਸੀ।ਮੈਂ ਉਹਨੂੰ ਹਲ਼ੂਣਦੀ ਰਹੀ।ਰੋਂਦੀ ਰਹੀ।ਪਰ ਉਸਨੂੰ ਕੋਈ ਸੁਰਤ ਨਹੀਂ ਸੀ।ਮੇਰੇ ਰੌਲਾ ਪਾ ਦੇਣ ਦੇ ਡਰੋਂ ਉਹ ਬੰਦਾ ਤਾਂ ਚਲਾ ਗਿਆ।ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਈ।ਅਗਲੇ ਦਿਨ ਸਕੂਲ ਵੀ ਨਾ ਗਈ।ਬੁਖਾਰ ਨਾਲ ਪਿੰਡਾ ਤਪਦਾ ਰਿਹਾ।

ਕਮਰੇ ਵਿਚ ਗਰਮੀ ਹੋਈ ਤਾਂ ਅਹਿਸਾਸ ਹੋਇਆ ਕਿ ਲਾਈਟ ਗਈ ਹੋਈ ਏ।ਏ.ਸੀ ਬੰਦ ਹੋ ਗਿਆ ਹੈ।

ਮੀਤ ਨੂੰ ਗਿਆਂ ਘੰਟੇ ਤੋਂ ਉਤੇ ਹੋਣ ਲੱਗੇ।ਮੈਂ ਜਾਣਦੀ ਹੀ ਸਾਂ , ਉਹਨੇ ਰੋਜ਼ ਵਾਂਗ ਹੀ ਮੁੜਨਾ।ਅੱਧੀ ਰਾਤ ਨੂੰ।ਉਠ ਕੇ ਬੇ-ਮਤਲਬ ਹੀ ਗੇਟ ਅੱਗੇ ਆ ਖੜੀ ਹਾਂ।ਗਲੀ ਵਿੱਚ ਹਲਕਾ-ਹਲਕਾ ਹਨੇਰਾ ਹੈ।ਕੋਈ-ਕੋਈ ਬੰਦਾ ਤੁਰਿਆ ਫਿਰਦਾ ਦਿਸਦਾ।ਸਟਰੀਟ ਲਾਈਟ ਦੀ ਪੀਲੀ ਜਿਹੀ ਰੌਸ਼ਨੀ ਵਿੱਚ ਗਲੀ ਦਾ ਆਖਰੀ ਘਰ ਬਹੁਤ ਖ਼ੂਬਸੂਰਤ ਲੱਗ ਰਿਹਾ।ਵਿਆਹ ਹੈ ਉਸ ਘਰ ਵਿੱਚ।ਸੱਜਰਾ ਪੇਂਟ ਕੀਤਾ ਹੋਇਆ।ਮੈਨੂੰ ਯਾਦ ਹੈ ਸਾਡੇ ਵਿਆਹ ਮੌਕੇ ਮੀਤ ਨੇ ਕਲਰ ਸਿਲੈਕਸ਼ਨ ਲਈ ਮੈਨੂੰ ਪੁਛਿਆ ਸੀ।ਅਸੀਂ ਆਪਣੇ ਰੂਮ ਲਈ ਡਾਰਕ ਕਲਰ ਚੁਣਿਆ।

“ਸੂਹੇ ਰੰਗ ਮਹੁੱਬਤਾਂ ਦੇ ਹੁੰਦੇ ਮੀਤ!” ਮੈਂ ਆਖਿਆ ਸੀ।ਸੱਚਮੁਚ ਮੁਹੱਬਤ ਬਿਨਾਂ ਹਰ ਰੰਗ ਫਿੱਕਾ ਹੁੰਦਾ।ਮੈਂ ਹੁਣ ਸੋਚਦੀ।ਕਾਸ਼!ਮੀਤ ਦਾ ਰਾਹ ਇੰਜ ਦੇਖਿਆ ਹੁੰਦਾ।ਗੇਟ ਮੂਹਰੇ ਖੜ ਕੇ।ਕਾਸ਼ ਮੀਤ ਨੇ ਉੇਹ ਰਾਹ ਨਾ ਚੁਣਿਆ ਹੁੰਦਾ ਜਿਸ ਨੇ ਬਸ…!

“ਮੈਂ ਇਸ ਰਾਹ ਚਾਹ ਕੇ ਨਹੀਂ ਸਾਂ ਤੁਰਿਆ ਡਿੰਪਲ!ਬਸ ਹਾਲਾਤ ਈ ਐਸੇ ਬਣਦੇ ਗਏ।ਮੰਮੀ-ਪਾਪਾ ਬਾਹਰ ਚਲੇ ਗਏ ਬ੍ਰਦਰ ਕੋਲ'ਮੈਂ ਕਾਲਜ ਸਾਂ ਉਦੋਂ।ਪਹਿਲਾਂ ਪੜ੍ਹਨ ਦਾ ਬਹਾਨਾ ਬਣ ਗਿਆ।ਫਿਰ ਇੱਥੋਂ ਵਾਲੀ ਜਾਇਦਾਤ ਦਾ।ਮੈਂ ਇੰਡੀਆਂ ਰਿਹਾ।ਕੰਮ ਵਾਲੀ ਖਾਣਾ ਬਣਾ ਜਾਂਦੀ।ਸਫਾਈਆਂ ਵਾਲੀ ਸਫਾਈਆਂ ਕਰ ਜਾਂਦੀ।ਨਾ ਘਰ ਜਲਦੀ ਮੁੜਨ ਦੀ ਕਾਹਲ ।ਨਾ ਲੇਟ ਆਏ ਤੋਂ ਕੋਈ ਡਾਂਟਣ ਵਾਲਾ।ਮੇਰੇ ਦੋਸਤ ਜਾਣਦੇ ਸੀ ਮੈਂ ਇੱਕਲਾ ਰਹਿੰਦਾ।ਉਹ ਮੇਰੇ ਵੱਲ ਬੈਠੇ ਸ਼ਰਾਬ ਪੀਂਦੇ।ਬਸ ਉਹੀ ਸੰਗਤ ਹੌਲੀ-ਹੌਲੀ…।” ਮੀਤ ਦੀ ਆਪਣੀ ਕਹਾਣੀ ਸੀ।

“ਮੈਨੂੰ ਇੱਕਲ ਨੇ ਇੰਜ ਦਾ ਬਣਾ ਦਿੱਤਾ ਡਿੰਪਲ।” ਉਹ ਆਖਦਾ।ਮੈਨੂੰ ਮੇਰੀ ਇੱਕਲ ਖਾਣ ਨੂੰ ਆਉਂਦੀ।ਆਖਿਰ ਮੇਰੀ ਹੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਤੁਸੀਂ।ਮੇਰੀ ਮਾਂ ਮੈਨੂੰ ਸੁਖੀ ਵਸਦਾ ਦੇਖਣਾ ਚਾਹੁੰਦੀ ਸੀ ਬੱਸ।ਮੈਂ ਅਕਸਰ ਮੀਤ ਨੂੰ ਪੁਛਦੀ।ਆਪਣੀ ਮਾਂ ਦਾ ਦੁੱਖ ਦੱਸਦੀ।ਪਰ ਜਵਾਬ ਕੀ ਸੀ ਮੀਤ ਕੋਲ।ਉਹਨੂੰ ਤਾਂ ਬਸ ਇੱਕ ਔਰਤ ਚਾਹੀਦੀ ਸੀ।ਰਾਤ ਗੁਜ਼ਾਰਨ ਲਈ।ਘਰ ਸੰਭਲਣ ਲਈ।ਉਹ ਮੈਂ ਹੁੰਦੀ ਜਾਂ ਕੋਈ ਹੋਰ।ਉਹਨੂੰ ਕੀ ਫਰਕ ਪੈਂਦਾ ਸੀ।

“ਹੁਣ ਕੀ ਫਰਕ ਪੈਂਦਾ ਰਾਜਵੀਰ!...” ਮੈਨੂੰ ਸ਼ਬਦ ਨਾ ਮਿਲਦੇ।ਮੈਂ ਹਰ ਪਲ ਰੱਜ ਕੇ ਜੀਣ ਦੀ ਕੋਸ਼ਿਸ ਕਰਦੀ।ਪਰ ਸਫ਼ਲ ਨਾ ਹੁੰਦੀ।ਅੰਦਰ ਕੁਝ ਖੁਰਦਾ ਰਹਿੰਦਾ।ਜ਼ੁਬਾਨ ’ਤੇ ਕਦੀ ਹੁਣ ਸ਼ਿਕਾਇਤ ਨਹੀਂ ਆਉਂਦੀ।ਮੰਮੀ ਨੂੰ ਵੀ ਹੁਣ ਕਦੀ ਕੁਝ ਨਹੀਂ ਦੱਸਦੀ।ਉਹ ਸ਼ੁਕਰ ਮਨਾਉਂਦੇ ਨੇ।ਸੋਚਦੇ ਨੇ ਸ਼ਾਇਦ ਸਭ ਠੀਕ ਹੋ ਰਿਹਾ।ਕਹਿਦੇ ਨੇ , “ਬਸ ਧੀਏ!ਪ੍ਰਮਾਤਮਾ ਸਭ ਦਾ ਈ ਸੋਚਦਾ।ਆਪੇ ਸਿਆਣਾ ਬਣ ਜਾਣਾ ਉਹਨੇ।” ਮੈਂ ਮੰਮੀ ਨੂੰ ਨਹੀਂ ਦੱਸਦੀ ਕਿ…।ਉਹ ਮੀਤ ਦੇ ਸਿਆਣਾ ਬਣਨ ਦੀ ਉਡੀਕ ਕਰਦੇ ਨੇ ਤੇ ਮੈਂ...।

“ਮੈਂ ਚੱਲਦਾਂ ਤੇਰੇ ਨਾਲ…ਆ ਆਪਾਂ ਮਿਲਦੇ ਹਾਂ ਕਿਸੇ ਡਾਕਟਰ ਨੂੰ।”

ਰਾਜਵੀਰ ਨੇ ਬਹੁਤ ਤਰਲੇ ਲਏ ਸੀ।ਪਰ ਮੇਰਾ ਮਨ ਨਹੀਂ ਮੰਨਿਆ।ਮੈਂ ਸੋਚਦੀ , ਕਿਸ ਲਈ…।ਹੁਣ ਜਿਵੇਂ ਮਕਸਦ ਹੀ ਮੁਕ ਗਿਆ ਹੋਵੇ।ਮਕਸਦ ਲੱਭਣ ਲਈ ਹੀ ਮੈਂ ਦਿਸ਼ਾ ਸੈਂਟਰ ਨਾਲ ਜੁੜੀ ਸਾਂ।ਡੈਮੋ ਲੈਕਚਰ ਵਿਚ ਡਾਕਟਰ ਅਵੀਨਾਸ਼ ਨੇ ਬਹੁਤ ਡੀਟੇਲ ਵਿਚ ਸਮਝਾਇਆ ਸੀ ਸਾਰਾ ਕੁਝ।ਏਡਜ਼।ਇਸਦੇ ਫੈਲਣ ਦੇ ਕਾਰਨ।ਬਚਾਅ ਤੇ ਇਲਾਜ।ਹਫ਼ਤਾ ਕੁ ਸਾਡੀ ਟੇ੍ਰਨਿੰਗ ਚੱਲੀ।ਸੈਂਟਰ ਨਾਲ ਜੁੜ ਕੇ ਪਤਾ ਲੱਗਿਆ , ਏਡਜ਼ ਜਾਂ ਐਚ.ਆਈ.ਵੀ ਦੇ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਹੈ।ਅਸੀਂ ਮਰੀਜ਼ ਨੂੰ ਤੰਦਰੁਸਤ ਤੇ ਆਮ ਵਰਗੀ ਜ਼ਿੰਦਗੀ ਜਿੳਂੂਣ ਲਈ ਉਤਸ਼ਾਹਿਤ ਕਰਦੇ।ਸਮਝਾਉਂਦੇ ਕਿ ਐਸੀਆਂ ਅਣਗਿਣਤ ਉਦਾਹਰਨਾਂ ਨੇ ਜਿੱਥੇ ਐਚ.ਆਈ.ਵੀ ਪਾਜੈਟਿਵ ਲੋਕ ਕਈ-ਕਈ ਸਾਲਾਂ ਤੋਂ ਆਮ ਵਾਂਗ ਹੀ ਜੀ ਰਹੇ ਨੇ।ਮੈਨੂੰ ਇਹ ਸਭ ਚੰਗਾ ਲੱਗਦਾ।ਮਰੀਜ਼ ਦੇ ਚਿਹਰੇ ਦੀ ਖੁਸ਼ੀ ਮੈਨੂੰ ਊਰਜਾ ਦਿੰਦੀ।

ਹੁਣ ਜਦ ਵੀ ਖ਼ੁਦ ਦੀ ਸ਼ਕਲ ਦੇਖਦੀ ਹਾਂ ਸ਼ੀਸ਼ੇ ਵਿੱਚ , ਤਾਂ ਲੱਗਦਾ ਜਿਵੇਂ ਕੋਈ ਹੋਰ ਹੋਵੇ।ਸ਼ਾਇਦ ਮੈਂ ਖ਼ੁਦ ਨੂੰ ਹੀ ਖ਼ੁਦ ਦੇ ਅੰਦਰੋਂ ਮਾਰ ਲਿਆ ਹੈ।

“ਮੈਂ ਕਿੰਨਾ ਕੁ ਜੀ ਸਕਦਾ ਡਾਕਟਰ?” ਮੀਤ ਨੇ ਡਾਕਟਰ ਅਵੀਨਾਸ਼ ਨੂੰ ਪੁਛਿਆ ਸੀ।ਡਾਕਟਰ ਅਵੀਨਾਸ਼ ਨੇ ਇੱਕ ਛਿਣ ਲਈ ਮੇਰੇ ਵੱਲ ਦੇਖਿਆ।

“ਸਭ ਤੋਂ ਪਹਿਲਾਂ ਡਰੱਗਜ਼ ਛੱਡੋਂ।ਇਹ ਬੇਹੱਦ ਜ਼ਰੂਰੀ ਹੈ।” ਉਸਨੇ ਕਈ ਸਾਰੀਆਂ ਦਵਾਈਆਂ ਲਿਖ ਕੇ ਦਿੱਤੀਆਂ।ਮੈਨੂੰ ਵੀ ਬਲੱਡ ਟੈਸਟ ਕਰਵਾਉਣ ਲਈ ਆਖਿਆ।ਪਰ ਮੇਰਾ ਮਨ ਨਾ ਮੰਨਿਆਂ।ਜੋ ਵੀ ਹੋਏਗਾ।ਮੈਨੂੰ ਉਸ ਦਾ ਕੋਈ ਡਰ ਨਹੀਂ।ਮੈਂ ਮਨ ਵਿਚ ਸੋਚ ਲਿਆ।ਮੈਂ ਮੀਤ ਨੂੰ ਹੌਸਲਾਂ ਦਿੰਦੀ।ਤਕੜੇ ਹੋਣ ਲਈ ਪ੍ਰੇਰਦੀ।

“ਮੀਤ ਆਪਾਂ ਦੂਜਿਆਂ ਲਈ ਪ੍ਰੇਰਨਾ ਬਣੀਏ।ਤੂੰ ਬਾਹਰ ਆ ਇਸ ਦਲਦਲ ’ਚੋਂ ਫਿਰ ਆਪਾਂ ਹੋਰਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰਾਂਗੇ।ਆਪਾਂ ਦੋਵੇਂ ਮਿਲ ਕੇ।”

ਮੈਨੂੰ ਮੇਰੇ ਵਰਗੀਆਂ ਸੈਕੜੇਂ ਹਜ਼ਾਰਾਂ ਔਰਤਾਂ ਦੀ ਹੋਣੀ ਦਿਸਣ ਲੱਗਦੀ।ਪਰ ਮੀਤ ਖ਼ੁਦ ਨੂੰ ਬਦਲ ਨਾ ਸਕਿਆ।ਮੈਂ ਯਤਨ ਕਰਨਾ ਛੱਡ ਦਿੱਤਾ।ਦੂਜੀ ਵਾਰ ਮੈਂ ਵੀ ਡਾਕਟਰ ਅਵੀਨਾਸ਼ ਕੋਲ ਦਿਸ਼ਾ ਸੈਂਟਰ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ।ਫਾਰਮ ਭਰਿਆ ਤੇ ਡੈਮੋ ਕਲਾਸ ਲਗਾਈ।ਮੇਰੇ ਵਰਗੇ ਕਈ ਹੋਰ ਵਲੰਟੀਅਰ ਦਿਸ਼ਾ ਸੈਂਟਰ ਲਈ ਕੰਮ ਕਰਦੇ ਨੇ।ਨਿਰਾਸ਼ ਹੋ ਚੁਕੇ ਲੋਕਾਂ ਨੂੰ ਜ਼ਿੰਦਗੀ ਜਿਊਣ ਦੀ ਦਿਸ਼ਾ ਦੇਣਾ ਹੀ ਸਾਡੇ ਐਨ.ਜੀ.ਓ ਦਾ ਮਾਟੋ ਹੈ।ਹੁਣ ਜਲਦੀ ਹੀ ਐਨ.ਜੀ.ਓ ਬੇਆਸਰਿਆਂ ਲਈ ਘਰ ਬਣਾ ਰਿਹਾ।

ਕਿੰਨੀ ਹੀ ਦੇਰ ਦੀ ਘਰ ਤੋਂ ਬਾਹਰ ਖੜੀ ਹਾਂ।ਹਨੇਰਾ ਹੋਰ ਗੂੜਾ ਹੋ ਚੁਕਿਆ।ਗੇਟ ਬੰਦ ਕਰ ਕੇ ਮੁੜ ਡਰਾਇੰਗ ਰੂਮ ਵਿਚ ਆ ਬੈਠੀ ਹਾਂ।ਲਾਈਟ ਵੀ ਆ ਗਈ ਹੈ।ਇਕ ਪਲ ਲਈ ਸੋਚਦੀ ਹਾਂ ਰੋਟੀ ਬਣਾ ਕੇ ਖਾ ਲਵਾਂ।ਫਿਰ ਖ਼ੁਦ ਹੀ ਇਸ ਗੱਲ ਨੂੰ ਖਾਰਿਜ਼ ਕਰਦੀ ਹਾਂ।ਰੋਟੀ ਦੀ ਜ਼ਰੂਰਤ ਨਹੀਂ ਬਹੁਤੀ।ਦੁੱਧ ਦਾ ਗਿਲਾਸ ਪੀ ਲਵਾਂਗੀ ਸੌਂਣ ਲੱਗਿਆਂ।ਮੀਤ ਨੇ ਤਾਂ ਪਤਾ ਨਹੀਂ ਕਦ ਮੁੜਨਾ।ਉਠ ਕੇ ਅਲਮਾਰੀ ਵਿਚੋਂ ਮਰੀਜ਼ਾਂ ਦੀ ਕੇਸ ਸਟੱਡੀ ਵਾਲੀ ਫਾਈਲ ਕੱਢ ਲੈਂਦੀ ਹਾਂ।ਨਵੇਂ ਮਰੀਜ਼ਾਂ ਦੇ ਕੇਸ ਪੜ੍ਹਦੀ ਹਾਂ।ਫਾਈਲ ਦੇ ਅਖੀਰ ਵਿੱਚ ਮੀਤ ਦਾ ਕੇਸ ਵੀ ਪਿਆ ਹੈ।ਇਕ ਵਾਰ ਫੇਰ ਦੁਬਾਰਾ ਫਾਰਮ ’ਤੇ ਨਜ਼ਰ ਮਾਰਦੀ ਹਾਂ।ਕਈ ਵਾਰ ਪੜ੍ਹਿਆ , ਫੇਰ ਪੜ੍ਹਦੀ ਹਾਂ।ਨਾਲ ਉਸਦੀ ਬਲੱਡ ਰਿਪੋਰਟ ਅਟੈਚਡ ਹੈ। ਰਿਪੋਰਟ ਰਿਜ਼ਲਟ: ਐਚ.ਆਈ.ਪਾਜੈਟਿਵ।ਰੂਟਸ: ਇਫੈਕਟਡ ਨੀਡਲ। ਅੱਗੇ ਪਤੀ ਜਾਂ ਪਤਨੀ ਵਾਲਾ ਖਾਨਾ ਖਾਲੀ ਹੈ।ਮੈਂ ਆਪਣਾ ਬਲੱਡ ਟੈਸਟ ਨਹੀਂ ਕਰਵਾਇਆ।ਜਾਣਦੀ ਹਾਂ ਮੀਤ ਹਰ ਪਲ ਮੌਤ ਵੱਲ ਸਰਕਦਾ ਪਿਆ।ਨਸ਼ਿਆਂ ਨੇ ਉਸਦੀ ਦੇਹ ਨੂੰ ਤਬਾਹ ਕਰ ਸੁਟਿਆ।ਉਸਦੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤੀ ਨਹੀਂ ਹੈ।ਉਹਨੇ ਨਸ਼ੇ ਛੱਡਣ ਦੀ ਕੋਸ਼ਿਸ਼ ਮੁੜ ਕੀਤੀ।ਪਰ ਹੁਣ ਨਸ਼ੇ ਉਸਨੂੰ ਨਹੀਂ ਛੱਡਦੇ।ਅੱਜ ਕੱਲ ਮੀਤ ਜਦੋਂ ਪੈਸੇ ਮੰਗਦਾ, ਮੈਂ ਨਾਂਹ ਨਹੀਂ ਕਰਦੀ।ਉਸਦੀ ਕੋਈ ਵੀ ਗੱਲ ਹੁਣ ਮੈਨੂੰ ਬੁਰੀ ਨਹੀਂ ਲੱਗਦੀ।

ਜਾਣਦੀ ਹਾਂ , ਅੱਗੇ ਖੂਹ ਹੈ।ਪਿਛੇ ਖਾਈ।ਮੀਤ ਦੋਨਾਂ ਵਿਚੋਂ , ਕਿਸੇ ਵਿਚ ਵੀ ਡਿੱਗ ਸਕਦਾ।ਪਰ ਹੁਣ ਮੈਂ ਨਾ ਉਸਨੂੰ ਪਿੱਛੇ ਮੁੜਨ ਨੂੰ ਕਹਿੰਦੀ ਹਾਂ , ਨਾ ਅੱਗੇ ਵੱਧਣ ਤੋਂ ਰੋਕਦੀ ਹਾਂ।ਸ਼ਾਇਦ ਹੁਣ ਬਹੁਤ ਦੇਰ ਹੋ ਚੁਕੀ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ