Suhag (One-act Play) : Ishwar Chander Nanda
ਸੁਹਾਗ (ਇਕਾਂਗੀ ਨਾਟਕ) : ਈਸ਼ਵਰ ਚੰਦਰ ਨੰਦਾ
ਪਾਤਰ:-
ਲਾਜੋ- ਛਿਆਂ ਸੱਤਾਂ ਸਾਲਾਂ ਦੀ ਕੁੜੀ
ਮੇਲੋ- ਇਹਦੀ ਵੱਡੀ ਭੈਣ, ਸਤਾਰਾਂ ਅਠਾਰਾਂ ਸਾਲਾਂ ਦੀ
ਹੁਸ਼ਿਆਰ ਚੰਦ- ਇਨ੍ਹਾਂ ਦਾ ਪਿਉ
ਕੌਰਾਂ- ਇਨ੍ਹਾਂ ਦੀ ਮਾਂ
ਬਸੰਤੋ- ਮੇਲੋ ਦੀ ਸਹੇਲੀ
ਇਕ ਬੁੱਢੀ ਜਨਾਨੀ
ਇਕ ਨੈਣ
ਇਕ ਨਿੱਕਾ ਜਿਹਾ ਮੁੰਡਾ
ਇਕ ਪਾਂਧਾ
ਸਥਾਨ-ਪੰਜਾਬ ਦਾ ਇਕ ਪਿੰਡ
ਵੇਲਾ-ਢਲਿਆ ਦਿਨ, ਤਰਕਾਲਾਂ ਹੋਣ ਵਾਲੀਆਂ
ਝਾਕੀ-ਪਰਦਾ ਉੱਠਣ ਉੱਤੇ ਇੱਕ ਵੱਡਾ ਸਾਰਾ ਦਾਲਾਨ ਦਿਸਦਾ ਹੈ । ਇਹਦੇ
ਪਿੱਛੇ ਇੱਕ ਨਿੱਕੀ ਜਿਹੀ ਕੋਠੜੀ ਦਾ ਬੂਹਾ ਭੀੜਿਆ ਹੋਇਆ ਹੈ ।
ਦਾਲਾਨ ਦੀ ਸਾਮ੍ਹਣੀ ਕੰਧ ਨਾਲ ਇੱਕ ਸੰਦੂਕ ਪਿਆ ਹੋਇਆ ਹੈ ।
ਲਾਗੇ ਹੀ ਇੱਕ ਟੰਗਣੇ ਉੱਤੇ ਕੁਝ ਕਪੜੇ ਲੱਤੇ ਲਮਕਦੇ ਹਨ । ਦਲਾਨ
ਦੇ ਇਕ ਖੂੰਜੇ ਵਲ ਚੁਲ੍ਹਾ ਚੌਂਕਾ ਦਿਸਦਾ ਹੈ । ਇਹਦੇ ਲਾਗੇ ਹੀ
ਇਕ ਨਿੱਕੀ ਜਿਹੀ ਮੰਜੀ ਡੱਠੀ ਪਈ ਹੈ ।ਕੌਰਾਂ ਜਿਹਦੀ ਉਮਰ
ਕੋਈ ਪੈਂਤੀ ਚਾਲੀ ਸਾਲ ਦੀ ਲਗਦੀ ਹੈ ਇੱਕ ਪੀੜ੍ਹੀ ਉੱਤੇ ਬੈਠੀ
ਚਰਖਾ ਕੱਤ ਰਹੀ ਹੈ । ਉਹਦੇ ਨਾਲ ਇਕ ਬੁੱਢੀ ਜਨਾਨੀ ਬੈਠੀ ਗੱਲਾਂ
ਪਈ ਕਰਦੀ ਹੈ । ਮੇਲੋ ਪਰੇ ਇੱਕ ਪੀੜ੍ਹੀ ਉੱਤੇ ਬੈਠੀ ਫੁਲਕਾਰੀ ਕਢ
ਰਹੀ ਹੈ ਤੇ ਲਾਜੋ ਮੰਜੀ ਉੱਤੇ ਬੈਠੀ ਗੁੱਡੀਆਂ ਨਾਲ ਖੇਡ ਰਹੀ ਹੈ ।
ਕੌਰਾਂ-ਬੇਬੇ, ਸੱਚ ਇਹ ਕੀ ਭੈੜਾ ਰਵਾਜ ਪੈਂਦਾ ਜਾਂਦਾ ਏ, ਲੋਕੀਂ ਹੁਣ
ਕੁੜੀਆਂ ਨੂੰ ਵੱਡਾ ਵੱਡਾ ਕਰ ਕੇ ਵਿਆਹੁੰਦੇ ਨੇ । ਏਹ ਵੇਖਾਂ ਹੁਣ,
ਕਰਮੋਂ ਨੇ ਧੀ ਵਿਆਹੀ ਤਾਂ ਅਠਾਰਾਂ ਵਰ੍ਹਿਆਂ ਦੀ ਕਰਕੇ ਤੇ ਜੇ ਹੁਣ
ਭਾਗਾਂ ਨੇ ਆਪਣੀ ਕੁੜੀ ਦੀ ਕੁੜਮਾਈ ਕੀਤੀ ਏ ਤਾਂ ਕੋਠੇ ਜੇਡੀ
ਕਰਕੇ ।
ਬੁੱਢੀ-ਬੁੱਢੀਆਂ ਦਾ ਕੋਈ ਦੋਸ਼ ਨਹੀਂ, ਇਹ ਸਾਰ ਕੀੜਾ ਤਾਂ ਮਰਦਾਂ ਦੇ
ਸਿਰ ਵਿੱਚ ਏ ।
ਕੌਰਾਂ-ਪਿਛਲਿਆਂ ਜਮਾਨਿਆਂ ਵਿੱਚ ਕੁੜੀ ਪੰਜਵਾਂ ਟੱਪਦੀ ਨਹੀਂ ਸੀ ਤੇ
ਉਹਦਾ ਵਿਆਹ ਕਰ ਦਿੰਦੇ ਸਨ । ਲੈ ਮੈਨੂੰ ਆਪਣੇ ਵਿਆਹ ਦੀ
ਕੋਈ ਸਾਰ ਨਹੀ ਕਦੋਂ ਹੋਇਆ ।
ਬੁੱਢੀ-ਭੈਣ, ਸਮੇਂ ਹੋਰ ਦੇ ਹੋਰ ਹੋ ਗਏ ਨੇ । ਕਲਜੁਗ ਆ ਗਿਆ ਏ,
ਕਲਜੁਗ ! ਤੀਵੀਆਂ ਦੀ ਤਾਂ ਸੁਣਦਾ ਈ ਕੋਈ ਨਹੀਂ, ਮਰਦਾਂ ਦੇ ਜੋ
ਮਨ ਆਉਂਦਾ ਏ ਕਰਦੇ ਨੇ । ਮੇਰੀ ਤਾਂ ਉਮਰ ਬੀਤ ਗਈ ਸਿਰ
ਖਪਾਉਂਦਿਆਂ ਮਰਦਾਂ ਨਲ । ਮੇਰੀ ਪੋਤਰੀ ਦੁਰਗੋ ਨੇ ਦੋ ਮਹੀਨਿਆਂ
ਨੂੰ ਪੂਰੇ ਪੰਜਾਂ ਵਰ੍ਹਿਆਂ ਦੀ ਹੋ ਜਾਣਾ ਏਂ ਤੇ ਮੈਂ ਆਪਣੇ ਵੱਲੋਂ
ਉਹਦੀ ਲਈ ਮੁੰਡਾ ਵੀ ਲੱਭ ਰੱਖਿਆ ਏ, ਪਰ ਕੁੜੀ ਦਾ ਪਿਉ ਨਹੀਂ ਮੰਨਦਾ।
ਕੌਰਾਂ-ਹੋਰ ਤਾਂ ਹੋਰ, ਸਾਡੀ ਮੇਲੋ ਨੂੰ ਸੁੱਖ ਨਾਲ ਹੁਣ ਅਠਾਰਵਾਂ ਚੜ੍ਹਣ
ਵਾਲਾ ਏ ਤੇ ਪਿਉ ਉਹਦਾ ਅਜੇ ਤੀਕ ਘੇਸ ਮਾਰੀ ਬੈਠਾ ਏ ।
ਬੁੱਢੀ-ਸੱਚੀ ਪੁੱਛੇਂ ਤਾਂ ਘੇਸ ਤੂੰ ਆਪ ਮਾਰੀ ਬੈਠੀ ਏਂ । ਜੇ ਉੱਠਦੇ
ਬੈਠਦੇ ਨੂੰ ਆਖਦੀ ਰਹਵੇਂ ਤਾਂ ਉਹ ਕਿਉਂ ਨਾ ਖਿਆਲ ਰੱਖੇ ।
ਕੌਰਾਂ-ਮੈਂ ਆਖ ਆਖ ਕੇ ਖਪ ਗਈ ਆਂ, ਬੇਬੇ, ਪਰ ਉਹਦਾ ਇੱਕੋ ਜਵਾਬ
ਏ, "ਅੱਜ ਕਰਨੇ ਆਂ, ਕਲ੍ਹ ਕਰਨੇ ਆਂ ।" ਬਸ 'ਅੱਜ ਕੱਲ੍ਹ'
ਕਹਿੰਦਿਆਂ ਮੁੱਦਤਾਂ ਲੰਘਾ ਛਡੀਆਂ ਸੂ ।
ਬੁੱਢੀ-ਭੈਣੇ, ਜਮਾਨਾ ਬੁਰਾ ਜਾਂਦਾ ਏ। ਮੇਲੋ ਦਾ ਪਿਉ ਆਉਂਦਾ ਏ ਤਾਂ
ਉਹਨੂੰ ਜੋਰ ਦੇ । ਏਡੀਆਂ ਵੱਸਣ ਰੱਸਣ ਜੋਗੀਆਂ ਕੁੜੀਆਂ ਨੂੰ ਘਰ
ਕੌਣ ਬਠਾਲ ਛਡਦਾ ਏ ? ਸਿਆਣਿਆਂ ਕਿਹਾ ਏ, ਧੀਆਂ ਆਪਣੇ
ਸੌਹਰੀਂ ਹੀ ਸੋਹੰਦੀਆਂ ਨੇ ।
ਕੌਰਾਂ-ਬੇਬੇ, ਮੇਰੀ ਤਾਂ ਜਾਨ ਸੁੱਕ ਗਈ ਏ ਫਿਕਰ ਨਾਲ । ਰਾਤ ਦਿਨ ਇਹੋ
ਈ ਚਿੰਤਾ ਲੱਗੀ ਰਹਿੰਦੀ ਏ ।
ਬੁੱਢੀ-ਪਰ ਹਾਲ ਦੀ ਘੜੀ ਤਾਂ ਤੁਸੀਂ ਡੱਕੇ ਗਏ । ਪੰਡਤਾਣੀ ਗੱਲ ਕਰਦੀ
ਸੀ ਪਈ ਕੱਲ੍ਹ ਤੋਂ ਸਿੰਘਤ ਪੈ ਜਾਣੀ ਏਂ ।
ਕੌਰਾਂ-ਮੈਨੂੰ ਤਾਂ ਕੁਝ ਔੜ੍ਹਦਾ ਨਹੀ ਪਈ ਕੀ ਕਰਾਂ । ਉਹਨੂੰ ਮੈਂ ਕਈ
ਵਾਰ ਕਹਿ ਚੁੱਕੀ ਆਂ । ਸੁਣ ਕੇ 'ਹੂੰ ਹਾਂ' ਕਰ ਛੱਡਦਾ ਏ । ਗੱਲਾਂ
ਬਥੇਰੀਆਂ ਕਰਦਾ ਏ ਪਰ ਬਣਾਉਂਦਾ ਕੁਝ ਨਹੀਂ ।
ਬੁੱਢੀ-ਚੰਗਾ ਫੇਰ, ਜਦੋਂ ਮੈਨੂੰ ਮਿਲੇਗਾ ਤੇ ਮੈਂ ਉਹਦੇ ਕੰਨ ਚੰਗੀ ਤਰ੍ਹਾਂ
ਖੋਲ੍ਹਾਂਗੀ।
(ਬਾਹਰੋਂ ਪੈਰਾਂ ਦਾ ਖੜਕਾਰ ਸੁਣਾਈ ਦਿੰਦਾ ਹੈ)
ਕੌਰਾਂ-ਲੈ ਭਾਵੇਂ ਉਹੋ ਈ ਆਇਆ ਈ । ਹੁਣੇ ਈ ਤੂੰ ਉਹਨੂੰ ਕਹੁ ਤਾਂ
ਮੈਂ ਵੀ ਨਾਲ ਲਗਨੀ ਆਂ ।
ਬੁੱਢੀ-ਨਾ, ਨਾ ਭੈਣ, ਇਹ ਵੇਲਾ ਠੀਕ ਨਹੀਂ । ਕਿਸੇ ਹੋਰ ਦਿਨ ਸਹੀ ।
ਹੁਣ ਮੈਨੂੰ ਜਾਣ ਦੀ ਕਾਹਲੀ ਏ, ਕਾਕਾ ਉਡੀਕਦਾ ਹੋਵੇਗਾ ।
(ਹੁਸ਼ਿਆਰ ਚੰਦ ਆਉਂਦਾ ਹੈ)
ਬੁੱਢੀ-(ਉੱਠ ਕੇ ਤੇ ਚਾਦਰ ਦਾ ਪੱਲਾ ਮੂੰਹ ਉੱਤੇ ਨੀਵਾਂ ਕਰਕੇ) ਲੈ ਭਾਈ,
ਪੀੜ੍ਹੀ ।
ਹੁਸ਼ਿਆਰ ਚੰਦ-ਬਹਿ ਜਾ, ਬੇਬੇ, ਬਹਿ ਜਾ, ਏਡੀ ਕਾਹਲੀ ਕਾਹਦੀ
ਏ ?
(ਇੱਕ ਨਿੱਕਾ ਜਿਹਾ ਮੁੰਡਾ ਆਉਂਦਾ ਹੈ)
ਮੁੰਡਾ-ਦਾਦੀ, ਦਾਦੀ, ਭਾਈਆ ਸਦਦਾ ਏ । ਕਹਿੰਦਾ ਏ, ਛੇਤੀ ਆ, ਮੈਂ
ਕੰਮ ਜਾਣਾ ਏਂ ।
ਬੁੱਢੀ-ਚੱਲ ਪੁੱਤਰ, ਮੈਂ ਆਵੇ ਕਰਨੀ ਆਂ । ਮੈਂ ਅੱਗੇ ਈ ਆਖਿਆ ਸੀ
ਪਈ ਉਡੀਕਦਾ ਹੋਵੇਗਾ ।
(ਬੁੱਢੀ ਤੇ ਮੁੰਡਾ ਚਲੇ ਜਾਂਦੇ ਹਨ)
ਕੌਰਾਂ-ਮੇਲੋ ਦਾ ਭਾਈਆ, ਮੈਂ ਤੈਨੂੰ ਹਜਾਰ ਵਾਰੀ ਕੁੜੀ ਵੱਲੋਂ ਆਖਿਆ
ਏ ਤੂੰ ਸੁਣ ਸੁਣ ਕੇ ਕੰਨਾਂ ਕੋਲੋਂ ਦੀ ਲੰਘਾ ਛਡਣਾ ਏਂ । ਮੇਲੋ ਨੂੰ ਸੁਖ
ਨਾਲ ਅਠਾਰਵਾਂ ਲੱਗਣ ਨੂੰ ਫਿਰਦਾ ਏ ਤੇ ਤੈਨੂੰ ਉਹਦੇ ਮੰਗਣ ਦਾ
ਕੋਈ ਖਿਆਲ ਨਹੀਂ ।
ਹੁਸ਼ਿਆਰ ਚੰਦ-(ਪੀੜ੍ਹੀ ਨੂੰ ਪੈਰ ਨਾਲ ਅੱਗੇ ਕਰਕੇ ਉਹਦੇ ਉੱਤੇ ਬੈਠਦਾ ਹੈ
ਤੇ ਕੁਰਤੇ ਦੇ ਅੱਗੇ ਨਾਲ ਆਪਣੇ ਆਪ ਨੂੰ ਝਲ ਮਾਰਦਾ ਹੈ ।) ਤੂੰ
ਤਾਂ ਐਵੇਂ ਬੜ ਬੜ ਲਾਈ ਹੋਈ ਏ । ਨਾ, ਤੇਰੀ ਧੀ ਬਹੁਤੀ ਏ
ਤੇ ਮੇਰੀ ਘੱਟ ਏ ? ਮੈਂ ਨਹੀਂ ਜਾਣਦਾ ਪਈ ਵੱਡੀ ਹੋ ਗਈ ਏ ?
ਤੈਨੂੰ ਕੀ ਪਤਾ ਏ ਪਈ ਮੈ ਕਦੋਂ ਦਾ ਢੂੰਡ ਤਲਾਸ਼ ਵਿੱਚ ਲਗਾ
ਹੋਇਆ ਆਂ । ਪਰ ਕੋਈ ਕੰਮ ਦਾ ਵਰ ਘਰ ਲੱਭੇ ਤਾਂ ਈ ਕਰੀਏ
ਨਾ ।
ਕੌਰਾਂ-ਮੈਨੂੰ ਦੁੱਖ ਤਾਂ ਇਸ ਗੱਲ ਦਾ ਏ ਪਈ ਦੁਨੀਆਂ ਕੀ ਕਹਿੰਦੀ
ਹੋਵੇਗੀ ? ਐਹ ਹੁਣੇ ਬੇਬੇ ਗੱਲਾਂ ਕਰਦੀ ਗਈ ਏ ।
ਹੁਸ਼ਿਆਰ ਚੰਦ-ਬਸ, ਬੇਬੇ ਗੱਲਾਂ ਈ ਕਰਨ ਜੋਗੀ ਏ ਨਾ, ਕੁਝ ਕੰਮ ਤਾਂ
ਨਹੀਂ ਕਰਨ ਵਾਲੀ । ਇਹ ਤਾਂ ਬੁੱਢੀਆਂ ਦਾ ਕੈਦਾ ਏ, ਜਿੱਥੇ
ਬੈਠਣਗੀਆਂ, ਏਧਰ ਉਧਰ ਦੀਆਂ ਗੱਲਾਂ ਮਾਰਨਗੀਆਂ । ਹੋਰ ਇਨ੍ਹਾਂ
ਨੂੰ ਕੰਮ ਕੀ ਹੋਇਆ ?
ਕੌਰਾਂ-ਲੈਂ ਖਾਂ ਭਲਾ, ਮੁਖਤ ਦੇ ਨਹੋਰੇ ਦੇਣ ਦਾ ਕੀ ਰਾਹ ਹੋਇਆ ?
ਉੜਕ ਮਰਦ ਮਿਲ ਕੇ ਬੈਠਦੇ ਨੇ ਤਾਂ ਗੱਲਾਂ ਨਹੀ ਕਰਦੇ ? ਪਰ
ਦਸ ਉਹਦੇ ਵੱਲੋਂ.....ਖਸਮਾਂ ਖਾਣੀ ਦਾ ਨਾਂ ਕੁਲ ਗਿਆ ਈ ਤੇ
ਮੇਰੇ ਮੂੰਹ ਅੱਗੇ ਫ਼ਿਰਦਾ ਈ......ਹਾਂ, ਹਾਂ ਜੰਡਪੁਰਾ ਜਿਥੇ ਰਾਜੇ ਨੂੰ
ਭੇਜਿਆ ਸੀ, ਉੱਥੋਂ ਕੀ ਪਤਾ ਆਇਆ ਏ ?
ਹੁਸ਼ਿਆਰ ਚੰਦ-ਮੈਂ ਇਹੋ ਤਾਂ ਤੈਨੂੰ ਦੱਸਣ ਲੱਗਾ ਸੀ ਪਰ ਤੂੰ ਬੇਬੇ ਦੀਆਂ
ਗੱਲਾਂ ਵਿਚ ਲੱਗ ਪਈ ।
ਕੌਰਾਂ-ਚੰਗਾ, ਚੰਗਾ, ਦੱਸ ਫੇਰ ।
ਹੁਸ਼ਿਆਰ ਚੰਦ-ਮੈਂ ਹੁਣੇ ਈ ਰਾਜੇ ਨੂੰ ਮਿਲ ਕੇ ਆਇਆ ਆਂ । ਉਹ
ਏਧਰ ਈ ਪਿਆ ਆਉਂਦਾ ਸੀ ਤੇ ਮੈਨੂੰ ਰਾਹ ਵਿਚ ਮਿਲ ਪਿਆ ।
ਕੌਰਾਂ-ਤੂੰ ਉਹਨੂੰ ਆਉਣ ਕਿਉਂ ਨਾ ਦਿੱਤਾ । ਸਾਰੀ ਗੱਲ ਮੈਂ ਉਹਦੇ
ਮੂੰਹੋਂ ਸੁਣ ਲੈਂਦੀ ।
ਹੁਸ਼ਿਆਰ ਚੰਦ-ਉਹ ਏਧਰ ਆ ਰਿਹਾ ਸੀ ਤੇ ਮੈਂ ਅੱਗੇ ਕੰਮ ਜਾ ਰਿਹਾ
ਸੀ, ਸੋਈ ਮੈਂ ਉਹਨੂੰ ਨਾਲ ਈ ਲੈ ਗਿਆ । ਗੱਲ ਸਾਰੀ ਤੂੰ ਮੇਰੇ ਕੋਲੋਂ
ਸੁਣ ਲੈ । ਕਹਿੰਦਾ ਏ ਪਈ ਕੋਈ ਚੰਗੇ ਭਾਗ ਹੋਣ ਤਾਂ ਇਹੋ ਸਿਹਾ
ਘਰ ਲਭਦਾ ਏ । ਬੜੇ ਭਾਗਵਾਨ ਨੇ, ਰਿਜ਼ਕ ਤਾਂ ਰੱਬ ਨੇ ਰਜ ਕੇ
ਦਿੱਤਾ ਹੋਇਆ ਏ । ਬੜਾ ਵੱਡਾ ਖਲਜਗਣ ਏਂ, ਪਰਾਕਮੀ ਖਾਨਦਾਨ
ਏ, ਆਹਰੇ ਬਾਹਰੇ ਵਿਚ ਮੰਨੇ ਤੰਨੇ ਹੋਏ । ਹਰ ਥਾਂ ਬੁਕ ਬੁਕ
ਕੇਸਰ ਪੈਂਦਾ ਏ ।
ਕੌਰਾਂ-ਸ਼ੁਕਰ ਏ ਰੱਬ ਦਾ, ਇਹ ਵੀ ਰਾਤ ਦਿਨ ਦਾ ਸਹਿਸਾ ਲੱਥਾ ।
ਮੇਰੀ ਤਾਂ ਫਿਕਰ ਨਾਲ ਜਾਨ ਸੁੱਕਦੀ ਜਾਂਦੀ ਸੀ ।
ਹੁਸ਼ਿਆਰ ਚੰਦ-ਵੇਖ ਰੱਬ ਨੇ ਕਿਹਾ ਚੰਗਾ ਢੋ ਮਿਲਾਇਆ ਏ । ਸਹਿਜ
ਪੱਕੇ ਸੋ ਮਿਠਾ ਹੋ । ਤੂੰ ਬੜੀ ਕਾਹਲੀ ਪਈ ਹੋਈ ਸੈਂ, ਕਾਹਲੀ
ਨਾਲ ਕੁਝ ਨਹੀਂ ਬਣਦਾ । ਮੇਲੋ ਬੜੀ ਨਸੀਬਾਂ ਵਾਲੀ ਏ ਤੇ ਉਹਦੇ
ਨਸੀਬਾਂ ਨੂੰ ਸਾਰੇ ਕੰਮ ਆਪਣੇ ਅਪ ਰਾਸ ਹੁੰਦੇ ਜਾਂਦੇ ਨੇ ।
ਕੌਰਾਂ-ਸੁਖ ਨਾਲ ਮੁੰਡਾ ਕੇਡੀ ਕੁ ਉਮਰ ਦਾ ਏ ? ਕਵਾਰਾ ਏ ਕਿ
ਦੁਹਾਜੂ ?
ਹੁਸ਼ਿਆਰ ਚੰਦ-(ਹੱਥ ਦੀ ਸੈਨਤ ਨਾਲ ਕੌਰਾਂ ਨੂੰ ਚੁਪ ਕਰਾਉਂਦਾ ਹੈ ਤੇ
ਫੇਰ ਮੇਲੋ ਨੂੰ) ਕਾਕੋ, ਤੂੰ ਜਾ, ਇਕ ਕੰਮ ਕਰ ਆ ।
ਮੇਲੋ-ਮੈਂ ਫੁਲਕਾਰੀ ਕੱਢਣੀ ਪਈ ਆਂ, ਠਹਿਰ ਕੇ ਜਾਉਂ ।
ਕੌਰਾਂ-ਫੁਲਕਾਰੀ ਫੇਰ ਨਾ ਕੱਢੀ ਜਾਊ? ਜਾ ਮੇਰੀ ਬੀਬੀ ਧੀ!
ਮੇਲੋ-ਕੀ ਕੰਮ ਏ ?
ਹੁਸ਼ਿਆਰ ਚੰਦ-ਪੰਡਤਾਣੀ ਵਲ ਜਾ । ਉਹਨੂੰ ਕਹੁ ਪਈ ਪਾਂਧਾ ਜਦੋ
ਬਾਹਰੋਂ ਆਵੇ ਤਾਂ ਉਹਨੂੰ ਝਟ ਪਟ ਏਧਰ ਭੇਜੇ ।
ਮੇਲੋ-ਕਿਹੜੀ ਪੰਡਤਾਣੀ ?
ਕੌਰਾਂ-ਏਥੇ ਕੋਈ ਦਸ ਵੀਹ ਪੰਡਤਾਣੀਆਂ ਹੈਨ ! ਉਹੋ ਬੁਢੇ ਪਾਂਧੇ ਦੀ
ਵਹੁਟੀ, ਹੋਰ ਕਿਹੜੀ ?
ਮੇਲੋ-ਮੈਨੂੰ ਠੀਕ ਪਤਾ ਨਹੀਂ ਉਹਦਾ ਘਰ ਕਿੱਥੇ ਏ ?
ਕੌਰਾਂ-ਜਾ, ਪਰਿਓਂ ਬਸੰਤੋ ਨੂੰ ਨਾਲ ਲੈ ਜਾ, ਉਹਨੂੰ ਪਤਾ ਏ ।
(ਮੇਲੋ ਚਲੀ ਜਾਂਦੀ ਹੈ)
ਹੁਸ਼ਿਆਰ ਚੰਦ-ਮੈਂ ਕਹਿਣ ਲਗਾ ਸੀ ਪਈ......,
(ਲਾਜੋ ਮੰਜੀ ਤੋਂ ਉਤਰ ਕੇ ਫੁਲਕਾਰੀ ਚੁਕ ਲੈਂਦੀ ਹੈ ਤੇ ਮਾਂ ਕੋਲ ਆ ਕੇ)
ਲਾਜੋ-ਮਾਂ, ਮੈਂ ਫੁਲਕਾਰੀ ਕੱਢਾਂ ? ਮੇਰਾ ਜੀ ਕਰਦਾ ਏ ।
ਕੌਰਾਂ-ਨਾ, ਨਾ, ਤੂੰ ਖਰਾਬ ਕਰ ਦਏਂਗੀ । ਪਹਿਲੋਂ ਭੈਣ ਕੋਲੋਂ ਸਿਖੀਂ, ਫੇਰ
ਕੱਢੀਂ।
ਲਾਜੋ-ਮੈਂ ਪਿੱਛੋਂ ਸਿਖ ਲਵਾਂਗੀ, ਹੁਣ ਮੈਨੂੰ ਕੱਢਣ ਦੇ, ਮੇਰਾ ਜੀ ਕਰਦਾ
ਏ।
ਹੁਸ਼ਿਆਰ ਚੰਦ-ਹੇ ਸਿਰਮੁੰਨੀ, ਰੌਲਾ ਨਾ ਪਾ; ਸਾਨੂੰ ਗੱਲ ਕਰਨ ਦੇ ।
ਲਾਜੋ-(ਰੋਣ ਵਾਲਾ ਮੂੰਹ ਬਣਾ ਕੇ) ਫੇਰ ਫੁਲਕਾਰੀ ਕੱਢਣ ਦਿਓ ਨਾ ।
ਕੌਰਾਂ-ਚਲ, ਝਿੜਕ ਨਾ, ਅੰਞਾਣੀ ਜੂ ਹੋਈ (ਲਾਜੋ ਨੂੰ ਫੁਲਕਾਰੀ ਦੇ ਕੇ)
ਲੈ, ਮਰ ਖਸਮੜਾ ਖਾਣੀ, ਖਰਾਬ ਨਾ ਕਰੀਂ ।
ਲਾਜੋ-(ਫੁਲਕਾਰੀ ਨੂੰ ਸਿਰ ਉੱਤੇ ਲੈ ਕੈ ਤੇ ਏਧਰ ਉਧਰ ਆਪਣੇ ਵਲ
ਫੇਖ ਕੇ ਖੁਸ਼ੀ ਨਾਲ ਟਪਦੀ ਹੋਈ) ਆਹਾ ਜੀ, ਬੜੀ ਚੰਗੀ ਲਗਦੀ
ਏ ।
ਕੌਰਾਂ-ਹੈਂ ! ਕੀ ਕਰਨੀ ਏਂ ? ਖਰਾਬ ਨਾ ਕਰ ।
ਲਾਜੋ-ਇਹ ਤਾਂ ਮੈਂ ਲੈ ਲੈਣੀ ਏਂ, ਮੈਨੂੰ ਬੜੀ ਚੰਗੀ ਲਗਦੀ ਏ ।
(ਪੀੜ੍ਹੀ ਉੱਤੇ ਬੈਠ ਜਾਂਦੀ ਏ ਤੇ ਫੁਲਕਾਰੀ ਦਾ ਇੱਕ ਖੂੰਜਾ ਕੱਢਣ ਲਗ
ਪੈਂਦੀ ਏ)
ਹੁਸ਼ਿਆਰ ਚੰਦ-ਮੈਂ ਮੇਲੋ ਨੂੰ ਭੇਜਿਆ ਸੀ ਪਈ ਕੁਝ ਗਲ ਬਾਤ ਕਰ
ਲਈਏ, ਸੋਈ ਏਸ ਛੋਕਰੀ ਨੇ ਵਿੱਚ ਰੌਲਾ ਪਾ ਦਿੱਤਾ ਏ ।
ਕੌਰਾਂ-ਚਲ ਛੱਡ ਇਹਨੂੰ ਹੁਣ, ਆਪੇ ਚੁਪ ਬੈਠੀ ਰਹੇਗੀ । ਹਾਂ, ਫੇਰ ਦੱਸ
ਨਾ ਪਈ ਕਵਾਰਾ ਏ ਕਿ ਦੁਹਾਜੂ ?
ਹੁਸ਼ਿਆਰ ਚੰਦ-ਤੂੰ ਤਾਂ ਅੰਞਾਣਿਆਂ ਵਾਲੀਆਂ ਗੱਲਾਂ ਕਰਨੀ ਏਂ । ਭਲਾ
ਚੰਗੇ ਘਰਾਂ ਦੇ ਮੁੰਡੇ ਕਵਾਰੇ ਬੈਠੇ ਰਹਿੰਦੇ ਨੇ ?
ਕੌਰਾਂ-ਤਾਂ ਫੇਰ ਦੁਹਾਜੂ ਹੋਇਆ ਨਾ! ਕੋਈ ਬਾਲ ਬੱਚਾ ਵੀ ਹੈ ?
ਹੁਸ਼ਿਆਰ ਚੰਦ-ਦੋ ਮੁੰਡੇ ਤੇ ਇਕ ਕੁੜੀ ।
ਕੌਰਾਂ-ਇਹ ਤਾਂ ਕੁਝ ਨਾ ਹੋਇਆ । ਲੋਕੀਂ ਕੀ ਕਹਿਣਗੇ ਪਈ ਸਾਨੂੰ
ਕੋਈ ਕਵਾਰਾ ਨਹੀਂ ਸੀ ਮਿਲਦਾ ਜੇ ਦੁਹਾਜੂ ਦੇ ਲੜ ਲਾਈ ?
ਹੁਸ਼ਿਆਰ ਚੰਦ-ਲੋਕਾਂ ਨੂੰ ਕਹਿਣ ਦੇ ਜੋ ਕਹਿੰਦੇ ਨੇ । ਉਨ੍ਹਾਂ ਤਾਂ ਕਹਿਣਾ
ਈ ਏ। ਕਦੀਂ ਸਾਰੀ ਦੁਨੀਆਂ ਨੂੰ ਵੀ ਕਿਸੇ ਨੇ ਖੁਸ਼ ਕੀਤਾ ਏ?
ਕੌਰਾਂ-ਮੈਂ ਇਹ ਕਹਿਣੀ ਆਂ ਸਾਡੇ ਸਾਕ ਅੰਗ ਕੀ ਕਹਿਣਗੇ ? ਸਾਰੇ
ਮੈਨੂੰ ਛਿੱਬੀਆਂ ਦੇਣਗੇ । ਅਸੀਂ ਕਿਸੇ ਦੀ ਜਬਾਨ ਤਾਂ ਨਹੀਂ ਫੜ
ਲੈਣੀ । ਘਰ ਘਰ ਗੱਲਾਂ ਹੋਣਗੀਆਂ ।
ਹੁਸ਼ਿਆਰ ਚੰਦ-ਤੂੰ ਇਨ੍ਹਾਂ ਭਰਮਾਂ ਵਿਚ ਪਈ ਰਹਿਣਾ ਏਂ ਤੇ ਸਾਕ
ਹਥੋਂ ਨਿਕਲ ਜਾਣ ਏਂ । ਇਕ ਵੱਡੇ ਖਾਨਦਾਨ ਨਾਲ ਮਥਾ ਲੱਗਣ
ਲੱਗਾ ਏ, ਸਗੋਂ ਸ਼ੁਕਰ ਕਰ । ਉਹਨੂੰ ਤਾਂ ਏਸ ਵੇਲੇ ਵੀਹ ਆਉਂਦੀਆਂ ਨੇ ।
ਕੌਰਾਂ-ਆਮਦਣ ਕਿੰਨੀ ਕੁ ਸੂ ?
ਹੁਸ਼ਿਆਰ ਚੰਦ-ਤੈਨੂੰ ਆਖਿਆ ਜੂ ਏ ਬੜੇ ਰੱਜੇ ਹੋਏ ਨੇ । ਆਪ ਜਿਲ੍ਹਾ
ਕਚਹਿਰੀ ਵਿਚ ਨਾਜਰ ਸੀ। ਹੋਰ ਘਰ ਦੀਆਂ ਜ਼ਮੀਨਾਂ, ਖੂਹ, ਬਾਗ,
ਜਾਇਦਾਤਾਂ । ਹੋਰ ਨਹੀਂ ਤਾਂ ਕੁੜੀ ਕਿਸੇ ਗੱਲੋਂ ਥੁੜੀ ਤਾਂ ਨਾ
ਰਹੂ । ਗਊ ਉੱਥੇ ਛਡੀਏ ਜਿਥੇ ਘਾਹ ਹੋਵੇ । (ਉੱਠ ਖੜਾ ਹੁੰਦਾ ਹੈ)
ਕੌਰਾਂ-ਹਾਂ, ਇਹ ਤਾਂ ਨੀਕ ਏ ਪਰ ਲੋਕਾਂ ਦਾ ਮੂੰਹ ਰੱਖਣਾ ਵੀ ਔਖਾ
ਏ । ਹੱਛਾ, ਸਾਡੇ ਕੀ ਵਸ ਏ ? ਸਭ ਸੰਜੋਗਾਂ ਦੇ ਹੱਥ ਏ ।
ਹੁਸ਼ਿਆਰ ਚੰਦ-ਕੁੜੀ ਸਾਡੀ ਬੜੇ ਭਾਗਾਂ ਵਾਲੀ ਏ । ਇਹਨੇ ਬੜਾ ਸੁਖ
ਪਾਉਣਾ ਏਂ ।
ਕੌਰਾਂ-ਪਰ ਤੂੰ ਜਾਤ ਵੱਲੋਂ ਤਾਂ ਕੁਝ ਦਸਿਆ ਈ ਨਹੀਂ ।
ਹੁਸ਼ਿਆਰ ਚੰਦ-ਤੈਨੂੰ ਜੂ ਦਸਿਆ ਏ ਸਬ ਕੁਝ ਠੀਕ ਏ । ਜਾਤਾਂ ਸਾਡੀਆਂ
ਰਲਦੀਆਂ ਮਿਲਦੀਆਂ ਨੇ, ਤੂੰ ਕੋਈ ਤੌਂਖਲਾ ਨਾ ਕਰ । ਬਾਕੀ ਤੈਨੂੰ
ਮੈਂ ਫੇਰ ਦੱਸਾਂਗਾ। ਹੁਣ ਜਰਾ ਬਾਵੇ ਵੱਲੋਂ ਹੋ ਆਵਾਂ ।
(ਹੁਸ਼ਿਆਰ ਚੰਦ ਚਲਿਆ ਜਾਂਦਾ ਹੈ)
ਕੌਰਾਂ-(ਆਪਣੇ ਆਪ ਨਾਲ) ਸ਼ੁਕਰ ਏ, ਇਹ ਵੀ ਮੇਰਾ ਫਿਕਰ ਲੱਥਾ,
ਕੁੜੀ ਆਪਣੇ ਘਰ ਵੱਸੂ ਰੱਸੂ । ਐਵੇਂ ਕਹਿੰਦੇ ਨੇ, ਰੱਬ ਥੱਮ੍ਹਾਂ ਚੋਂ
ਬੌਹੜਦਾ ਏ । ਜੇ ਦਿਨ ਆਵਣ ਚੰਗੜੇ, ਭੁੱਜੇ ਉੱਗਣ ਮੋਠ । ਰਾਤ ਦਿਨ
ਚਿੰਤਾ ਵਿਚ ਲੰਘਦਾ ਸੀ ਤੇ ਲਭ ਲਭ ਥੱਕ ਗਏ ਸਾਂ ਪਰ ਜਦੋਂ ਰਬ
ਦੀ ਨਜਰ ਸਵੱਲੀ ਹੋਈ ਤਾਂ ਸਬ ਕੁਝ ਆਪੇ ਈ ਹੋ ਜਾਇਗਾ ।
(ਖ਼ੁਸ਼ੀ ਨਾਲ ਗਾਉਂਦੀ ਹੈ ਤੇ ਫੇਰ ਕੱਤਣਾ ਬੰਦ ਕਰਕੇ ਚਰਖੇ ਨੂੰ ਚੁੱਕ ਕੇ
ਕੰਧ ਨਾਲ ਖੜਾ ਕਰ ਦਿੰਦੀ ਹੈ)
ਲਾਜੋ-(ਉੱਠ ਕੇ ਫੁਲਕਾਰੀ ਨੂੰ ਘਸੀਟਦੀ ਘਸੀਟਦੀ ਮਾਂ ਕੋਲ ਲੈ ਜਾਂਦੀ ਹੈ
ਤੇ ਆਪਣਾ ਕਢਿਆ ਹੋਇਆ ਵਖਾ ਕੇ) ਵੇਖ ਮਾਂ, ਮੈਂ ਮੇਲੋ ਕੋਲੋਂ ਵੀ
ਚੰਗਾ ਕਢਿਆ ਏ (ਉਂਗਲ ਨਾਲ ਵਖਾ ਕੇ) ਹੈ ਨਾ ਬੜਾ ਸੋਹਣਾ ।
ਕੌਰਾਂ-(ਵੇਖ ਕੇ ਤੇ ਖਿਜ ਕੇ) ਕੀ ਕਢਿਆ ਈ, ਸਿਰ ਖਸਮ ਦਾ ?
ਆਖਿਆ ਸੀ ਪਈ ਨਾ ਕਢ, ਸਾਰਾ ਖਰਾਬ ਕਰ ਦਿੱਤਾ ਈ ।
ਲਾਜੋ-ਤੈਨੂੰ ਤਾਂ ਵੇਖਣ ਦੀ ਜਾਚ ਨਹੀ' ਮਾਂ । ਮੈਨੂੰ ਤਾਂ ਬੜਾ ਈ ਚੰਗਾ
ਲਗਦਾ ਏ । ਮੈਂ ਆਪਣੀਆਂ ਗੁੱਡੀਆਂ ਲਈ ਸਾਰੇ ਪਟੋਲੇ ਕਢ ਲੈਣੇ
ਨੇ । ਜਦੋਂ ਉਨ੍ਹਾਂ ਦਾ ਵਿਆਹ ਕਰੂੰ ਤਾਂ ਦਾਜ ਵਿਚ ਦਊਂ ।
ਕੌਰਾਂ-ਕਮਲੀ ਜਹੀ । ਗੁੱਡੀਆਂ ਦੇ ਸਿਰ ਮੁੰਨ ਛਡ ਪਰੇ । (ਬੈਠ ਕੇ ਲਾਜੋ
ਨੂੰ ਗੋਦੀ ਵਿਚ ਲੈ ਲੈਂਦੀ ਹੈ)
ਲਾਜੋ-ਮੇਰੀਆਂ ਗੁੱਡੀਆਂ ਨੂੰ ਗਾਲਾਂ ਨਾ ਕੱਢ ਭਲਾ ।
(ਬਾਹਰੋਂ ਦਰਵਾਜਾ ਖੜਕਣ ਦੀ ਆਵਾਜ਼ ਆਉਂਦੀ ਹੈ)
ਆਵਾਜ-(ਸਟੇਜ ਤੋਂ ਪਰੇ) ਬੇਬੇ ਜੀ, ਭਾਜੀ !
ਕੌਰਾਂ-ਲਾਜੋ ਵੇਖ ਖਾਂ, ਕੌਣ ਏਂ ? ਨੈਣ ਜਾਪਦੀ ਏ ।
(ਲਾਜੋ ਦਰਵਾਜੇ ਕੋਲ ਜਾਂਦੀ ਹੈ ਤੇ ਨੈਣ ਨੂੰ ਚਾਦਰ ਤੋਂ
ਫੜੀ ਲਈ ਆਉਂਦੀ ਹੈ)
ਲਾਜੋ-ਮਾਂ, ਇਹ ਉਹੋ ਈ ਊ ਜਿਹੜੀ ਅੱਗੇ ਵੀ ਇੱਕ ਵਾਰੀ ਆਈ
ਸੀ ।
ਕੌਰਾਂ-ਆ, ਰਾਣੀ ਬੜੇ ਚਿਰਾਂ ਪਿਛੋਂ ਆਈ ਏਂ, ਕੀ ਗੱਲ ਏ ?
ਨੈਣ-ਭਲਾ ਬੇਬੇ ਜਿਨ੍ਹਾਂ ਦਾ ਰੋਜ ਦਿੱਤਾ ਖਾਣਾ ਹੋਇਆ ਉਨ੍ਹਾਂ ਦੇ ਨਹੀਂ
ਆਉਣਾ ਤਾਂ ਫੇਰ ਜਾਣਾ ਕਿਨ੍ਹਾਂ ਦੇ ਹੋਇਆ ? ਇਹ ਪਿੱਛੇ ਜਿਹੇ
ਮੈਂ ਭਗਤਾਂ ਦੇ ਸੌਹਰੇ ਗਈ ਹੋਈ ਸਾਂ ।
(ਜ਼ਮੀਨ ਉਤੇ ਬੈਠ ਜਾਂਦੀ ਹੈ
ਤੇ ਭਾਜੀ ਦਿੰਦੀ ਹੈ)
ਕੌਰਾਂ-ਹੈਂ, ਭੁੰਜੇ ਕਿਉਂ ਬੈਹਣਾ ਸੀ ? ਪੀੜ੍ਹੀ ਦਾ ਸਿਰ ਤੇ ਨਹੀਂ ਦੁਖਦਾ,
ਇਹਦੇ ਉੱਤੇ ਬਹੋ (ਭਾਜੀ ਵਲ ਇਸ਼ਾਰਾ ਕਰਕੇ) ਕਿਨ੍ਹਾਂ ਦਿਉਂ ਆਈ
ਏ ?
ਨੈਣ-ਬੇਬੇ, ਮੁੰਡਾ ਹੋਇਆ ਏ ਨਾ ਭਗਤਾਂ ਦੇ, ਇਹ ਪਿੱਛੇ ਜਿਹੇ ਰੀਤਾਂ
ਚੜ੍ਹੀਆਂ ਸੀ ਨਾ । ਉਹਦੀ ਮਾਂ ਨੇ ਏਸ ਗੱਲ ਦੀ ਬੜੀ ਖੁਸ਼ੀ ਕੀਤੀ
ਏ । ਭਾਜੀ ਵੰਡੀ ਏ ਤੇ ਗਾਉਣ ਬਹਾਇਆ ਏ, ਤੁਹਾਨੂੰ ਵੀ ਨਾਲੇ
ਸੱਦਾ ਜੈ ।
ਕੌਰਾਂ-ਕਿਉਂ ਨਾ ਖੁਸ਼ੀਆਂ ਕਰੇ, ਪਲੇਠੀ ਦਾ ਦੋਹਤਰਾ ਹੋਇਆ ਏ । ਬੜੇ
ਭਾਗਾਂ ਵਾਲੀ ਏ । ਸੋ ਹੁਣ ਭਗਤਾਂ ਵੀ ਮੁੰਡੇ ਦੀ ਮਾਂ ਬਣ ਗਈ
ਏ । (ਇਕ ਨਿੱਕਾ ਜਿਹਾ ਬੇ-ਮਲੂਮਾ ਹੌਕਾ ਲੈ ਕੇ) ਵੇਖਾ ! ਸਾਡੀ ਮੇਲੋ
ਦੀ ਹਵਾਨਣ ਏਂ!
ਨੈਣ-ਤੇ ਬੇਬੇ ਤੁਸੀਂ ਮੇਲੋ ਦਾ ਵਿਆਹ ਕਿਉਂ ਨਹੀਂ ਕਰਦੇ ? ਸੁਖ ਨਾਲ
ਉਹਦੇ ਨਾ ਅਜ ਨੂੰ ਅੰਞਾਣਾ ਹੁੰਦਾ ।
ਕੌਰਾਂ-ਅਸੀਂ ਤਾਂ ਬੜੀਆਂ ਮੁੱਦਤਾਂ, ਦੇ ਢੂੰਡ ਤਲਾਸ਼ ਵਿਚ ਲੱਗੇ ਹੋਏ ਸਾਂ
ਪਰ ਕੰਮ ਦਾ ਮੁੰਡਾ ਮਿਲਦਾ ਨਹੀਂ ਸੀ । ਹੁਣ ਮੇਲੋ ਦੇ ਭਾਈਏ ਨੇ
ਬੜਾ ਸੋਧ ਸੋਧ ਕੇ ਮੁੰਡਾ ਲਭ ਲਿਆ ਏ, ਜੰਡ ਪੁਰੇ ।
ਨੈਣ-ਇਹ ਉਹੋ ਜੰਡ ਪੁਰਾ ਤਾਂ ਨਹੀ ਜਿਹੜਾ ਮੇਰੇ ਪੇਕੇ ਪਿੰਡ ਦੇ ਕੋਲ
ਏ ?
ਕੌਰਾਂ-ਇਹ ਤਾਂ ਮੈਨੂੰ ਪਤਾ ਨਹੀਂ, ਪਰ ਸੁਣਿਆ ਏ ਪਈ ਏਧਰ ਕਰਕੇ
ਉੱਨੀ ਵੀਹ ਕੋਹਾਂ ਤੇ ਏ ।
ਨੈਣ-ਹਾਂ, ਹਾਂ, ਠੀਕ ਏ ਆ ਗਿਆ ਏ ਮੈਨੂੰ ਯਾਦ । ਹੈ ਓਥੇ ਇਕ ਚੰਗਾ
ਘਰ ।
ਕੌਰਾਂ-ਦਸ ਫੇਰ ਉਥੋਂ ਦੀ ਕੁਝ ਗਲ ਬਾਤ ।
ਨੈਣ-ਮੈਨੂੰ ਪੱਕੀ ਤਾਂ ਕੁਝ ਯਾਦ ਨਹੀਂ ਕਿਉਂ ਜੁ ਮੈਨੂੰ ਓਥੇ ਗਿਆਂ
ਬੜਾ ਚਿਰ ਹੋ ਗਿਆ ਏ । ਪਰ ਸੁਣਨ ਵਿਚ ਬਥੇਰੀਆਂ ਆਈਆਂ
ਨੇ। ਕਹਿੰਦੇ-ਨੇ ਬੜੇ ਰੱਜੇ ਹੋਏ ਨੇ । ਆਪੂੰ ਉਹ ਪਿਨਸ਼ਨ ਪਾਉਂਦਾ
ਏ।
ਕੌਰਾਂ-ਪਿਨਸ਼ਨ ਪਾਉਂਦਾ ਏ ! ਪਰ ਉਹਦੀ ਉਮਰ ਕੇਡੀ ਕੁ ਏ ?
ਨੈਣ-ਠੀਕ ਤਾਂ ਪਤਾ ਨਹੀਂ । ਕਹਿੰਦੇ ਨੇ ਪੁਤਰਾਂ ਧੀਆਂ ਵਾਲਾ ਏ ।
ਕੌਰਾਂ-ਮੇਲੋ ਦੇ ਭਾਈਏ ਵੀ ਇਹ ਗਲ ਤਾਂ ਮੈਨੂੰ ਦੱਸੀ ਸੀ । ਡਰਨੇ ਆਂ
ਪਈ ਲੋਕੀਂ ਕੀ ਕਹਿਣਗੇ । ਰਾਣੀ, ਤਦ ਵੀ ਉਮਰ ਵੱਲੋਂ ਕੁਝ ਤਾਂ
ਦੱਸ ।
ਨੈਣ-ਉਮਰ ਤਾਂ ਸੁਖ ਨਾਲ ਚੋਖੀ ਹੋਣੀ ਏਂ । ਦੋ ਮੁੰਡੇ ਨੌਕਰ ਨੇ ਤੇ
ਪਿਛਲੇ ਵਰ੍ਹੇ ਧੀ ਦਾ ਵਿਆਹ ਵੀ ਕੀੜਾ ਸੂ ।
ਕੌਰਾਂ-ਹੈਂ ! ਹੈਂ! ਸ਼ੁਕਰ ਏ ਕਿਤੇ ਸ਼ਗਨ ਨਹੀ ਘਲ ਬੈਠੇ । ਮੇਲੋ ਦੇ
ਭਾਈਏ ਤਾਂ ਮੈਨੂੰ ਇਹ ਕੁਝ ਨਹੀਂ ਦੱਸਿਆ ।
ਨੈਣ-ਪਰ ਉਂਜ ਜਾਇਦਾਤ ਵਾਲਾ ਬੜਾ ਏ ।
ਕੌਰਾਂ-ਅੱਗ ਲਾ ਇਹੋ ਜਿਹੀ ਜਾਇਦਾਤ ਨੂੰ ! ਪਰ ਮੈਨੂੰ ਇਹ ਸਮਝ
ਨਹੀਂ ਆਉਂਦਾ ਪਈ ਏਡੀ ਵਡੇਰੀ ਉਮਰ ਉੱਤੋਂ ਹੁਣ ਉਹ ਵਿਆਹ
ਕਿਉਂ ਕਰਦਾ ਏ ? ਉਹ ਤਾਂ ਅੱਗੇ ਈ ਪੁੱਤਰਾਂ ਧੀਆਂ ਵਾਲਾ ਏ ।
ਨੈਣ-ਬੇਬੇ, ਗੱਲ ਹੋਰ ਏ। ਹੁਣ ਤੇਰੇ ਕੋਲ ਕੀ ਲੁਕਾ ਏ ? ਜਦੋ
ਪਿਛਲੀ ਵਾਰੀ ਮੈਂ ਪੇਕੇ ਗਈ ਸਾਂ ਤਾਂ ਆਪਣੇ ਲਾਲੇ ਦੀ ਜਬਾਨੀ
ਸੁਣਿਆ ਸੀ । ਉਹ ਉੱਥੇ ਆਉਂਦਾ ਜਾਂਦਾ ਰਹਿੰਦਾ ਏ । ਪਿੰਡ ਲਾਗੇ
ਜੁ ਹੋਇਆ । ਆਖਦੇ ਨੇ ਕਿਤੇ ਪਿਉ ਪੁਤਰਾਂ ਵਿਚ ਬੋਲ ਬੁਲਾਰਾ
ਦੋ ਗਿਆ ਤੇ ਵਡੇ ਪੁਤਰ ਨੇ ਬੋਲੀ ਮਾਰੀ ਪਈ ਚੰਗਾ ਹੁਨ ਹੋਰ
ਕਿਹੜਾ ਜਾਇਜਾਤ ਵੰਡਾਉਣ ਵਾਲਾ ਜੰਮ ਪੈਣਾ ਏਂ। ਪਿਉ ਨੂੰ ਏਸ
ਗੱਲੋਂ ਗੱਚ ਚੜ੍ਹਿਆ ਤੇ ਉਹ ਹੁਣ ਜਿਦੇ ਚੜ੍ਹ ਕੇ ਵਿਆਹ ਕਰਾਉਣ
ਲੱਗਾ ਏ ਪਈ ਛੇਤੀ ਨਾਲ ਸਾਰੀ ਤੇ ਨਾ ਸਾਂਭ ਲੈਣਗੇ । ਇਹ ਤਾਂ
ਸਾਰੀ ਗਲ ਜਿਦ ਦੀ ਏ।
ਕੌਰਾਂ-(ਉਂਗਲ ਮੂੰਹ ਵਿਚ ਪਾਕੇ ਤੇ ਸਿਰ ਹਲਾ ਕੇ) ਹਾਏ ! ਹਾਏ !
ਬੁੱਢੇ ਵਾਰੇ ਮਤ ਮਾਰੀ ਗਈ ! ਧੌਲਾ ਝਾਟਾ ਤੇ ਆਟਾ ਖਰਾਬ ! ਪਰ
ਰਾਣੀ, ਇਹ ਗਲ ਹੈ ਸੱਚੀ ?
ਨੈਣ-ਬੇਬੇ, ਕੀ ਕਹਿਵਾਂ, ਸਚ ਏ ਕਿ ਝੂਠ ? ਸੁਨਣੇ ਵਿਚ ਏਸੇ ਤਰ੍ਹਾਂ
ਆਈ ਏ।
ਕੌਰਾਂ-ਠੀਕ ਹੌਣਾ ਏਂ, ਠੀਕ ਹੌਣਾ ਏਂ। ਖਲਕਤ ਏਵੇਂ ਨਹੀਂ ਲੈ
ਉੱਠਦੀ ।
ਨੈਣ-ਬੇਬੇ, ਸਭ ਕੁਝ ਸੰਜੋਗਾਂ ਦੇ ਵੱਸ ਏ। ਬੰਦਾ ਕੀ ਕਰ ਸਕਦਾ ਏ ?
ਹੱਛਾ, ਮੈਂ ਹੁਣ ਚਲਨੀ ਆਂ, ਅਜੇ ਮੈਂ ਬਹੁਤੀਂ ਘਰੀ ਜਾਣਾ ਏਂ ।
ਕੌਰਾਂ-ਹਾਏ, ਜਾਨ ਬੜੀ ਦੁਖ ਦੇ ਮੂੰਹ ਆਈ ਏ !
ਨੈਣ-ਨਹੀਂ ਬੇਬੇ, ਏਡੀ ਘਾਬਰਨ ਦੀ ਕੀ ਲੋੜ ਏ ? ਵਰ ਹੋਰ ਬਥੇਰੇ ।
ਕੁੜੀਆਂ ਵੀ ਕਦੀ ਕਵਾਰੀਆਂ ਰਹੀਆਂ ਨੇ ?
(ਤੁਰਨ ਲਈ ਉੱਠਦੀ ਹੈ)
ਕੌਰਾਂ-(ਉੱਠ ਕੇ ਤੇ ਨੈਣ ਦੇ ਕੋਲ ਜਾ ਕੇ) ਵੇਖੇਂ ਨਾ ਰਾਣੀ, ਸਾਡੇ ਤੁਹਾਡੇ
ਲੋਕਾਂ ਦੇ ਪੜਦੇ ਇਕ ਹੁੰਦੇ ਨੇ । ਵੇਖੀਂ, ਅੱਗੇ ਨਾ ਗੱਲ ਕਰੀਂ
ਕਿਤੇ, ਨਹੀਂ ਤਾਂ ਸਾਰੇ ਉਡ ਜਾਇਗੀ । ਤੇ ਇੱਜਤ ਲੱਖੀਂ ਤੇ
ਹਜ਼ਾਰੀਂ ਹੱਥ ਨਹੀ ਆਉਂਦੀ ।
ਨੈਣ-ਨਹੀਂ ਬੇਬੇ, ਤੂੰ ਤਸੱਲੀ ਰੱਖ । ਅਸੀਂ ਇਹੋ ਜਿਹੇ ਲੋਕੀ ਨਹੀਂ ।
ਸਾਨੂੰ ਸਾਰਿਆਂ ਦੀਆਂ ਗੱਲਾਂ ਦਾ ਪਤਾ ਏ । ਜੇ ਏਦਾਂ ਅਸੀਂ ਦਸਦੇ
ਫਿਰੀਏ ਤਾਂ ਗੁਜ਼ਾਰਾ ਕਿੱਦਾਂ ਚੱਲੇ ?
ਕੌਰਾਂ-ਹੱਛਾ ਰਾਣੀ, ਚੇਤਾ ਰੱਖੀਂ, ਭੁੱਲੀਂ ਨਾ ।
ਨੈਣ-ਤੂੰ ਜਰਾ ਵੀ ਤੌਂਖਲਾ ਨਾ ਕਰ ।
(ਨੈਣ ਚਲੀ ਜਾਂਦੀ ਹੈ)
ਕੌਰਾਂ-ਵੇਖੋ, ਕੋਈ ਕਰਮਾਂ ਦੀ ਗਲ ਜੇ ! ਜਿਹੜਾ ਢੋ ਬਣਾਉਣੇ ਆਂ ਉਹਦੇ
ਵਿਚ ਈ ਕੋਈ ਵਿਘਨ ਪੈ ਜਾਂਦਾ ਏ। ਬੜੇ ਵਖਤਾਂ ਨਾਲ ਕੁਝ
ਸਬਬ ਬਣਿਆ ਸੀ, ਸੋ ਇਹਦੇ ਤੋਂ ਵੀ ਜੀ ਖੱਟਾ ਹੋ ਗਿਆ ।
ਸਗੋਂ ਉਲਟੀ ਚਿੰਤਾ ਚੰਬੜ ਗਈ ਏ ਪਈ ਜੇ ਨੈਣ ਨੇ ਕਿਤੇ ਅੱਗੇ
ਗੱਲ ਕਰ ਦਿੱਤੀ ਤਾਂ ਸਾਰੇ ਉੱਡ ਜਾਊ । ਘਰੋਂ ਖਾਲੀ ਨਹੀਂ ਸੀ
ਜਾਣ ਦੇਣਾ ਚਾਹੀਦਾ।ਹੱਛਾ, ਹੁਣ ਜਾ ਕੇ ਕੁਝ ਦੇ ਆਉਨੀ ਆਂ ।
(ਸੰਦੂਕ ਖੋਲ੍ਹ ਕੇ ਉਹਦੇ ਵਿਚੋਂ ਇਕ ਚੁੰਨੀ ਕੱਢਦੀ ਏ ਤੇ ਥੋੜ੍ਹੇ ਜਿਹੇ
ਚੌਲ ਉਹਦੇ ਲੜ ਬੰਨ੍ਹ ਲੈਂਦੀ ਹੈ) ਲਾਜੋ, ਤੂੰ ਇਥੇ ਰਹੋ । ਜਦੋਂ ਤੇਰਾ
ਭਾਈਆ ਆਵੇ ਤਾਂ ਉਹਨੂੰ ਕਹੀਂ ਪਈ ਮੈਂ ਹੁਣੇ ਈ ਆਉਨੀ ਆਂ ।
ਲਾਜੋ-ਨਾ, ਨਾ, ਮੈਂ ਵੀ ਨਾਲ ਚੱਲੂੰ, ਮੈਂ ਕੱਲੀ ਨਹੀਂ ਬੈਹਣਾ ਏਥੇ ।
ਕੌਰਾਂ-ਮੈਂ ਆਈ ਕਿ ਆਈ, ਤੂੰ ਬੈਠ ਇਥੇ । ਚਲ ਉੱਥੋਂ ਚੀਜੀ ਲੈ
ਲੈ ਤੇ ਨਾਲੇ ਗੁੱਡੀਆਂ ਨਾਲ ਖੇਡ ।
ਲਾਜੋ-(ਚੀਜੀ ਵਲੋਂ ਖੁਸ਼ ਹੋ ਕੇ) ਹੱਛਾ, ਹੱਛਾ, ਛੇਤੀ ਆਵੀਂ
(ਆਪਣੀਆਂ ਗੁੱਡੀਆਂ ਵੱਲ ਦੌੜ ਜਾਂਦੀ ਹੈ)
(ਕੌਰਾਂ ਚਲੀ ਜਾਂਦੀ ਹੈ)
ਲਾਜੋ-ਆਹਾ ਜੀ, ਅਸੀਂ ਗੁਡੀਆਂ ਨੂੰ ਨਵੇ ਕਪੜੇ ਪਾਵਾਂਗੇ (ਗੁਡੀਆਂ ਨੂੰ
ਪੱਛੀ ਵਿਚੋਂ ਕਢਦੀ ਹੈ) ਬੈਹ ਜਾ (ਗੁੱਡੀ ਡਿੱਗ ਪੈਂਦੀ ਹੈ) ਕਿਉਂ
ਨੀ, ਰੁਸ ਗਈ ਏ ? (ਉਹਨੂੰ ਫੇਰ ਚੁੱਕ ਕੇ ਬਿਠਾਲਦੀ ਹੈ) ਬੈਹ
ਜਾ, ਬੈਹ ਜਾ, ਮੈਂ ਤੈਨੂੰ ਚੀਜੀ ਦਵਾਂਗੀ । (ਗੁੱਡੀ ਫੇਰ ਡਿੱਗ ਪੈਂਦੀ
ਹੈ) ਨੀ ਅਜੇ ਵੀ ਰੁੱਸੀ ਪਈ ਏਂ? ਜਾਂ ਫੇਰ ਸਿੱਧਾ ਕਹੁ ਪਈ
ਨੀਂਦਰ ਆਈ ਏ। (ਗੁੱਡੀ ਨੂੰ ਜ਼ਮੀਨ ਉਤੇ ਲਿਟਾ ਕੇ ਦੋਹਾਂ ਹਥਾਂ
ਨਾਲ ਥਾਪੜਦੀ ਹੈ) ਚੰਗਾ, ਸੌਂ ਜਾ ਭਲਾ। (ਇਕ ਹੋਰ ਗੁੱਡੀ ਨੂੰ
ਕੱਢ ਕੇ ਬਿਠਾਲਦੀ ਹੈ । ਉਹ ਵੀ ਡਿੱਗ ਪੈਂਦੀ ਹੈ) ਨੀ ਤੂੰ ਵੀ ਰੁੱਸ
ਗਈ ? ਚੰਗਾ, ਮੈਂ ਤੇਰਾ ਵਿਆਹ ਕਰ ਦੇਨੀ ਆਂ । (ਦੋ ਹੋਰ ਗੁੱਡੀਆਂ
ਕਢ ਕੇ, ਇਕ ਵੱਡੀ ਹੈ ਤੇ ਇੱਕ ਛੋਟੀ, ਦੋਹਾਂ ਨੂੰ ਚੰਗੀ ਤਰ੍ਹਾਂ ਵੇਖ ਕੇ)
ਇਹਦੇ ਨਾਲ ਕਿ ਇਹਦੇ ਨਾਲ ? ਇਹਦੇ ਨਾਲ । (ਦੋਹਾਂ ਨੂੰ ਜ਼ਮੀਨ
ਤੇ ਬਿਠਾਲ ਕੇ) ਉਂ ਹੂੰ, ਇਹ ਨਿੱਕੀ ਏ, ਉਹਦੇ ਨਾਲ ਸਹੀ, ਉਹ
ਵੱਡੀ ਏ । (ਗੁੱਡੀਆਂ ਨੂੰ ਬਦਲ ਦੇਂਦੀ ਹੈ)
(ਹੁਸ਼ਿਆਰ ਚੰਦ ਆਉਂਦਾ ਹੈ)
ਹੁਸ਼ਿਆਰ ਚੰਦ-ਮੁੰਨੀ, ਮਾਂ ਕਿੱਥੇ ਈ ?
ਲਾਜੋ-(ਹੈਰਾਨ ਹੋ ਕੇ ਸਿਰ ਚੁੱਕ ਕੇ ਪਿਓ ਵਲ ਵੇਖਦੀ ਹੈ) ਕਹਿੰਦੀ
ਸੀ, ਹੁਣੇ ਆਉਨੀ ਆਂ ।
ਹੁਸ਼ਿਆਰ ਚੰਦ-ਮੈ' ਪੁੱਛਨਾ ਆਂ ਉਹ ਹੈ ਕਿੱਥੇ ?
ਲਾਜੋ-ਉਹ ਕਹਿੰਦੀ ਸੀ ਮੈਂੱ ਛੇਤੀ ਆਵਾਂਗੀ। ਭਾਈਆ ਆਵੇ ਤੇ ਉਹਨੂੰ
ਕਹਿ ਦਈਂ ਮੈਂ ਛੇਤੀ ਆਵਾਂਗੀ ।
ਹੁਸ਼ਿਆਰ ਚੰਦ-ਕੇਡੀ ਕਮਲੀ ਏ । ਜਾ, ਸਦ ਲਿਆ, ਉਹਨੂੰ ਕਹੁ ਛੇਤੀ
ਆਵੇ ।
ਲਾਜੋ-ਠਹਿਰ ਜਾ, ਮੈਂ ਗੁਡੀਆਂ ਨੂੰ ਰੱਖ ਕੇ ਜਾਊਂ ।
ਹੁਸ਼ਿਆਰ ਚੰਦ-ਭੱਜ ਕੇ ਜਾ, ਛੇਤੀ ।
ਲਾਜੋ-(ਦੌੜੀ ਜਾਂਦੀ ਹੈ) ਬੇਬੇ !
ਹੁਸ਼ਿਆਰ ਚੰਦ-ਜਦੋਂ ਵੇਖੋ ਓਦੋਂ ਬਾਹਰ, ਪਤਾ ਨਹੀਂ ਬੁੱਢੀਆਂ ਦੇ ਘਰ
ਪੈਰ ਕਿਉਂ ਨਹੀਂ ਲਗਦੇ ।
(ਲਾਜੋ ਤੇ ਕੌਰਾਂ ਆਉਂਦੀਆਂ ਹਨ)
ਲਾਜੋ-(ਮਾਂ ਨੂੰ ਦੁਪੱਟੇ ਤੋਂ ਫੜੀ ਆਉਂਦੀ ਹੈ) ਲੈ, ਭਾਈਆ, ਆ ਗਈ
ਊ। ਇਹ ਅੱਗੇ ਈ ਹੌਲੀ ਹੌਲੀ ਆਉਂਦੀ ਸੀ ਪਈ । (ਆਪਣੀਆਂ
ਗੁੱਡੀਆਂ ਵੱਲ ਚਲੀ ਜਾਂਦੀ ਹੈ)
ਹੁਸ਼ਿਆਰ ਚੰਦ-ਤੂੰ ਕਿੱਥੇ ਜਾ ਕੇ ਬੈਹ ਗਈ ਸੈਂ ?
ਕੌਰਾਂ-ਤੇਰੇ ਕਾਰੇ ਮੈਨੂੰ ਜਹਿਰ ਲਗਦੇ ਨੇ । ਤੂੰ ਮੈਨੂੰ ਕੋਈ ਗੱਲ ਠੀਕ
ਨਹੀਂ ਦਸਦਾ, ਜਦੋਂ ਦਸਨਾ ਏਂ, ਝੂਠ ਦਸਨਾ ਏਂ । ਮੈਂ ਤੇਰੇ ਹੱਥੋਂ
ਸਤ ਗਈ ਆਂ ।
ਹੁਸ਼ਿਆਰ ਚੰਦ-ਕੀ ਹੋ ਗਿਆ ਏ ਤੈਨੂੰ ? ਭੰਗ ਪੀਤੀ ਊ ਕਿ ਕੁਝ
ਚੰਬੜ ਗਿਆ ਈ ਕਿਤੇ ? ਕਿਉਂ ਏਡਾ ਰੌਲਾ ਪਾਉਣ ਡਈ ਹੋਈ ਏਂ ਐਂਵੇਂ ?
ਕੌਰਾਂ-ਜੇ ਉਹ ਮੈਨੂੰ ਨਾ ਦਸਦੀ ਤਾਂ ਖਬਰ ਏ ਕੀ ਹੋ ਜਾਣਾ ਸੀ ? ਤੂੰ
ਮੇਰਾ ਜੀ ਸਾੜ ਸੁੱਟਿਆ ਏ।
ਹੁਸ਼ਿਆਰ ਚੰਦ-ਪਰ ਤੂੰ ਗੱਲ ਤਾਂ ਦੱਸ ਹੋਇਆ ਕੀ ਏ ?
ਕੌਰਾਂ-ਸੁਣ ਲੈ ਮੇਰੀ ਇੱਕੋਂ ਗੱਲ, ਏਧਰ ਦਾ ਸੂਰਜ ਓਧਰ ਹੋ ਜਾਏ
ਪਰ ਮੈਂ ਤੈਨੂੰ ਆਪਣੀ ਮੋਰਨੀ ਵਰਗੀ ਧੀ ਦਾ ਗਲ ਨਹੀਂ ਵੱਢਣ
ਦੇਣਾ । ਅਸੀਂ ਜੰਡਪੁਰੇ ਵਾਲਾ ਸਾਕ ਨਹੀਂ ਕਰਨਾ । ਮੈ ਸਬੇ ਕੁਝ
ਸੁਣ ਬੈਠੀ ਆਂ ।
ਹੁਸ਼ਿਆਰ ਚੰਦ-ਕਿਹੜੀ ਖਸਮਖਾਣੀ ਤੇਰੇ ਕੰਨ ਭਰ ਗਈ ਏ ? ਦਸ
ਖਾਂ ਮੈਂ ਉਹਨੂੰ ਗੁੱਤੋਂ ਫੜਾਂ ।
ਕੌਰਾਂ-ਬਸ, ਮੈਂ ਤੈਨੂੰ ਕਹਿ ਦਿੱਤਾ ਈ । ਮੈਂ ਬੁੱਢੇ ਦੇ ਲੜ ਧੀ ਨਹੀਂ
ਲਾਉਣੀ ।ਮੈਂ ਲੋਕਾਂ ਨੂੰ ਕੀ ਮੂੰਹ ਵਖਾਵਾਂਗੀ ।
ਹੁਸ਼ਿਆਰ ਚੰਦ-ਹੈਂ ਵੇਖੋ, ਬਕਰੀ ਜਾਨੋ ਗਈ ਤੇ ਖਾਣ ਵਾਲਿਆਂ ਸਵਾਦ
ਨਾ ਪਾਇਆਂ । ਰੋਜ ਕਹਿੰਦੀ ਸੀ ਤੇ ਮੈਂ ਢੂੰਡ ਤਲਾਸ਼ ਵਿਚ ਖਪ
ਗਿਆ ਆਂ, ਤੇ ਜੇ ਹੁਣ ਮਰ ਮਰ ਕੇ ਸਾਕ ਲੱਭਿਆ ਏ ਤਾਂ ਉਲਟਾ
ਮੇਰੇ ਸਿਰ ਹੋਣ ਡਈ ਏ ।
ਕੌਰਾਂ-ਮੈਥੋਂ ਇਹ ਨਮੋਸ਼ੀ ਨਹੀਂ ਜਰੀ ਜਾਂਦੀ । ਕਿੱਦਾਂ ਮੂੰਹ ਵਖਾਵਾਂਗੇ
ਅਸੀਂ ਕਿਤੇ ? ਤੂੰ ਮੈਨੂੰ ਪਹਿਲੋਂ ਈ ਕਿਉਂ ਨਹੀਂ ਠੀਕ ਦਸਿਆ ?
ਮੈਂ ਇਹ ਸਾਕ ਕਦੀ ਨਹੀਂ ਮੰਨਣਾ ।
ਹੁਸ਼ਿਆਰ ਚੰਦ-ਚੰਗਾ, ਨਹੀਂ ਮੰਨਣਾ ਤਾਂ ਨਾਂ ਮੰਨ । ਗੱਲ ਤੇਰੇ ਉੱੱਤੇ ਨਹੀਂ
ਅੜੀ ਬੈਠੀ । ਮੈਂ ਆਪਣਾ ਫਾਇਦਾ ਵੇਖਾਂ ਕਿ ਤੈਨੂੰ ਮਨਾਉਂਦਾ
ਫਿਰਾਂ । ਮੈਨੂੰ ਪਤਾ ਸੀ ਤੂੰ ਇਵੇਂ ਕਰਨਾ ਏਂ ਤੇ ਇਹਦਾ ਬੰਦੋਬਸਤ
ਮੈਂ ਪਹਿਲੇ ਈ ਕਰ ਲਿਆ ਹੋਇਆ ਏ । ਹੁਣ ਮੰਨ ਭਾਵੇ ਨਾ ਮੰਨ,
ਮੈਂ ਸ਼ਗਨ ਅੱਗੇ ਈ ਭੇਜ ਛਡਿਆ ਹੋਇਆ ਏ ਤੇ ਵਿਆਹ ਦੀਆਂ
ਤਿਆਰੀਆਂ ਵੀ ਸਾਰੀਆਂ ਠੀਕ ਠਾਕ ਨੇ । ਮਰਦ ਜਨਾਨੀਆਂ ਦੀਆਂ
ਸਲਾਹਾਂ ਲੈਣ ਲੱਗਣ ਤਾਂ ਢੇਰ ਪੂਰੀਆਂ ਪਾਉਣ ।
ਕੌਰਾਂ-ਵਿਆਹ ਦੇ ਫੇਰ ਜਿਹੜੀ ਮਾਂ ਨੂੰ ਵਿਆਹੁਣਾ ਈ। ਮੈਂ ਮੇਲੋ ਨੂੰ
ਲੈ ਕੇ ਕੱਲ੍ਹ ਪੇਕੇ ਚਲੀ ਜਾਵਾਂਗੀ । ਤੇ ਮੁੜ ਤੇਰਾ ਕਦੀ ਮੂੰਹ ਨਾ
ਵੇਖਾਂਗੀ ।
ਹੁਸ਼ਿਆਰ ਚੰਦ-ਵਾਹ, ਵਾਹ ! ਕੱਲ੍ਹ ਜਾਂਦੀ ਤੂੰ ਮੇਰੀ ਵੱਲੋਂ ਅਜ ਈ ਚਲੀ
ਜਾ, ਸਗੋਂ ਚੰਗਾ । ਜੰਜ ਆਉਣ ਵਾਲੀ ਏ ਤੇ ਲਾਵਾਂ ਅਜ ਰਾਤ
ਈ ਹੋ ਜਾਣੀਆਂ ਨੇਂ । ਜਾ, ਸੌ ਵਾਰੀ ਜਾ, ਹੁਣ ਤੈਨੂੰ ਜੰਣਦਿਆਂ
ਦੀ ਸੁਗੰਦ ਈ ਜੇ ਅਟਕੇਂ ਤਾਂ । ਜਾ, ਜਾ, ਹੁਣ ਪਾਂਧਾ ਨਾ ਪੁਛ !
ਕੌਰਾਂ-ਹਾਏ ਵੇ, ਮੈਂ ਤਾਂ ਜੀਊਂਦੀ ਮਰ ਗਈ ! ਨਿਜ ਤੇਰੇ ਲੜ ਲਗਦੀ !
ਮੈਂ ਫਾਹ ਲੈ ਲਊਂ, ਤੇਰੇ ਸਿਰ ਚੜ੍ਹ ਕੇ ਮਰ ਜਾਊਂ (ਏਸ ਵੇਲੇ
ਮੇਲੋ ਆਉਂਦੀ ਹੈ ਤੇ ਦਰਵਾਜ਼ੇ ਪਿੱਛੇ ਲੁਕ ਕੇ ਇਹ ਗੱਲਾਂ ਸੁਣਦੀ
ਹੈ) ਤੂੰ ਵੀ ਆਪਣੀ ਆਈ ਕਰ ਲੈ ! ਹਾਏ ਵੇ, ਹਨੇਰ ਜੇ !
ਹੁਸ਼ਿਆਰ ਚੰਦ-ਵੇਖੋ ਜੀ, ਨਿਹਕ ਛਾੜਾ ਪਾਇਆ ਹੋਇਆ ਜੇ । ਕਿੱਥੋਂ
ਜਾਨਵਰਾਂ ਨਾਲ ਵਾਹ ਪੈ ਗਿਆ ਏ !
ਕੌਰਾਂ-ਬਸ, ਇਕ ਤੂੰ ਈ ਚਤਰਾ ਰਹਿ ਗਿਆ ਏਂ । ਖ਼ਬਰ ਏ ਤੇਰੀਆਂ
ਚਤਰਾਈਆਂ ਕੀ ਚੰਦ ਚਾੜ੍ਹਣਾ ਏਂ ? ਲੋਕ ਲਜ ਤੈਨੂੰ ਨਾ, ਸ਼ਰਮ
ਹਯਾ ਤੈਨੂੰ ਨਾ । ਤੈਨੂੰ ਤਾਂ ਆਪਣੇ ਸਾਕਾਂ ਅੰਗਾਂ ਦੀ ਵੀ ਸ਼ਰਮ ਨਹੀਂ ।
ਹੁਸ਼ਿਆਰ ਚੰਦ-ਐਵੇਂ ਬਕੜਵਾਹ ਨਾ ਕਰੀ ਜਾ, ਸੁਣ ਧਿਆਨ ਨਾਲ
ਮੇਰੀ ਗੱਲ ਸੁਣ । ਮੈਂ ਜੋ ਕੁਝ ਕੀਤਾ ਏ ਆਪਣੇ ਫਾਇਦੇ ਲਈ
ਕੀਤਾ ਏ ।
ਕੌਰਾਂ-ਸਵਾਹ ਤੇ ਮਿੱਟੀ !
ਹੁਸ਼ਿਆਰ ਚੰਦ-ਪਾਗਲ ਹੋ ਗਈ ਏਂ ਤੂੰ ? ਸਿਰ ਫਿਰ ਗਿਆ ਈ
ਤੇਰਾ ? ਸੁਣ, ਸੁਖ ਨਾਲ ਦੋ ਕੁੜੀਆਂ ਵਿਆਹੁਣ ਵਾਲੀਆਂ ਬੂਹੇ
ਬੈਠੀਆਂ ਨੀਂ ।
ਕੌਰਾਂ-ਫੇਰ ?
ਹੁਸ਼ਿਆਰ ਚੰਦ-ਤੇ ਸਾਰੀ ਉਮਰ ਖਾਣ ਲਈ ਪਈ ਊ।
ਕੌਰਾਂ-ਫੇਰ ?
ਹੁਸ਼ਿਆਰ ਚੰਦ- ਤੇ ਕਰਜੇ ਵਾਲਿਆਂ ਨੇ ਗਲ ਗੂਠਾ ਦਿੱਤਾ ਹੋਇਆ ਈ ।
ਕੌਰਾਂ-ਫੇਰ ?
ਹੁਸ਼ਿਆਰ ਚੰਦ-ਰਹਿੰਦੀ ਖੂੰਹਦੀ ਰਿਣੀ ਚੁਣੀ ਵੀ ਕੁਰਕ ਕਰਾ ਲੈਣਗੇ ।
ਕੌਰਾਂ-ਫੇਰ ?
ਹੁਸ਼ਿਆਰ ਚੰਦ-ਤੇ ਤੇਰੇ ਘਰ ਤਾਂ ਰਾਤ ਦੇ ਖਾਣ ਜੋਗਾ ਵੀ ਨਹੀਂ ਹੈਗਾ ।
ਕੌਰਾਂ-ਫੇਰ ?
ਹੁਸ਼ਿਆਰ ਚੰਦ-ਫੇਰ ਕੀ, ਮੈ ਤਾਂ ਉਹ ਹੀਲਾ ਸੋਚਿਆ ਸੀ ਜੀਹਦੇ ਨਾਲ
ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ।
ਕੌਰਾਂ-ਮੈਂ ਤੇਰੀ ਗੱਲ ਨਹੀਂ ਸਮਝੀ ।
ਹੁਸ਼ਿਆਰ ਚੰਦ-ਤੱਦੇ ਤਾਂ ਮੈਂ ਕਹਿਨਾਂ ਆਂ ਪਈ ਤੂੰ ਬੇਵਕੂਫ ਏਂ ਹੋਰ
ਬੇਵਕੂਫਾਂ ਦੇ ਸਿਰ ਕੋਈ ਸਿੰਗ ਹੁੰਦੇ ਨੇ ?
ਕੌਰਾਂ-ਫੇਰ ਵਲ ਕਿਉਂ ਪਾਉਂਨਾ ਏਂ, ਸਿੱਧੀ ਗੱਲ ਕਿਉਂ ਨਹੀਂ ਕਰਦਾ ?
ਹੁਸ਼ਿਆਰ ਚੰਦ-ਮੈਂ ਪੁੱਛਨਾ ਆਂ ਇਹ ਸਾਰਾ ਖਰਚ ਕਿਥੋਂ ਕਰਨਾ ਈਂ ?
ਕੌਰਾਂ-ਮੈਂ ਕੀ ਜਾਣਾ, ਕਿੱਥੋਂ ?
ਹੁਸ਼ਿਆਰ ਚੰਦ-ਤੱਦੇ ਐਡਾ ਰੌਲਾ ਪਾਉਣ ਡਈ ਹੋਈ ਏਂ। ਠਹਿਰ
(ਕੋਠੜੀ ਦੇ ਅੰਦਰ ਜਾਂਦਾ ਹੈ ਤੇ ਰੁਪਇਆਂ ਦੀ ਥੈਲੀ ਲਿਆ ਕੇ
ਉਹਦੇ ਪੈਰਾਂ ਕੋਲ ਸੁਟਦਾ ਹੈ) ਵੇਖ, ਫਾਹ ਨਾ ਲੈ, ਇਹ ਲੈ ।
ਕੌਰਾਂ-(ਥੈਲੀ ਨੂੰ ਟਿਕਟਿਕੀ ਬੰਨ੍ਹੀ ਵੇਖਦੀ ਹੈ) ਰੁਪੈਈਏ !
ਹੁਸ਼ਿਆਰ ਚੰਦ-ਹਾਂ, ਰੁਪੈਈਏ ।
ਕੌਰਾਂ-ਕਿੱਥੋਂ ?
ਹੁਸ਼ਿਆਰ ਚੰਦ-ਜੰਡਪੁਰਿਓਂ !
ਕੌਰਾਂ-(ਚੌਂਕ ਕੇ) ਜੰਡਪੁਰਿਓਂ !
ਹੁਸ਼ਿਆਰ ਚੰਦ-(ਥੈਲੀ ਨੂੰ ਚੁਕ ਕੇ) ਲੈ, ਫੜ ਇਹਨੂੰ, ਟੋਹ ਕੇ ਵੇਖ ।
ਕੌਰਾਂ-(ਹੌਲੀ ਹੌਲੀ ਹਥ ਕੱਢਦੀ ਹੈ ਤੇ ਹੁਸ਼ਿਆਰ ਚੰਦ ਰੁਪੈਇਆਂ ਦੀ ਥੈਲੀ
ਉਹਦੇ ਹਥਾਂ ਤੇ ਰੱਖ ਦਿੰਦਾ ਹੈ) ਹੈਂ, ਹੈਂ ! ਏਨਾਂ ! (ਜ਼ਮੀਨ ਤੇ ਬੈਠ
ਜਾਂਦੀ ਹੈ ਤੇ ਥੈਲੀ ਖੋਲ੍ਹ ਕੇ ਦੋਵੇਂ ਮੁੱਠਾਂ ਰੁਪੈਇਆਂ ਦੀਆਂ ਭਰ ਭਰ ਕੱਢਦੀ
ਹੈ) ਆਹਾ ! ਆਹਾ !! ਪਰ, ਪਰ ਲੋਕੀਂ ਕੀ ਕਹਿਣਗੇ ! ਸਾਡੇ ਸਾਕ
ਅੰਗ ਕੀ ਆਖਣਗੇ ! (ਮੇਲੋ ਇਸ ਵੇਲੇ ਫੇਰ ਦਰਵਾਜੇ ਵਿਚ ਖੜੀ
ਸੁਣਦੀ ਦਿਖਾਈ ਦੇਂਦੀ ਹੈ)
ਹੁਸ਼ਿਆਰ ਚੰਦ-ਗੋਲੀ ਮਾਰ ਸਾਕਾਂ ਅੰਗਾਂ ਨੂੰ, ਖਾਣ ਨੂੰ ਦੇ ਜਾਂਦੇ ਨੇ
ਸਾਨੂੰ ਕੋਈ ? (ਫੇਰ ਰੁਪੈਇਆਂ ਵਲ ਇਸ਼ਾਰਾ ਕਰਕੇ) ਅਸੀਂ ਕੋਈ
ਏਡੀ ਅਨੋਖੀ ਗਲ ਕੀਤੀ ਏ ? ਲੱਭੂ ਸ਼ਾਹ ਨੇ ਵਹੁਟੀ ਲਿਆਂਦੀ ਸੀ
ਤੇ ਰੁਪੈਈਆ ਤੋਲ ਕੇ ਦੇ ਕੇ ਆਇਆ ਸੀ।
ਕੌਰਾਂ-(ਸਿਰ ਹਿਲਾ ਕੇ) ਹਾਂ, ਇਹ ਤਾਂ ਠੀਕ ਏ ਤੇ ਨਾਲੇ ਲੋਕਾਂ ਤਾਂ
ਗੱਲਾਂ ਕਰਨੀਆਂ ਈ ਹੋਈਆਂ । ਪਰ ਤੂੰ ਤਾਂ ਕਿਹਾ ਸੀ ਪਈ ਸ਼ਾਦੀ
ਅਜ ਰਾਤੀਂ ਕਰ ਦੇਣੀ ਏਂ ਤੇ ਅਸਾਂ ਤਾਂ ਤਿਆਰੀ ਕੋਈ ਨਹੀਂ
ਕੀਤੀ ।
ਹੁਸ਼ਿਆਰ ਚੰਦ-ਤਸੱਲੀ ਰੱਖ, ਮੈਂ ਰਾਜੇ ਦੀ ਰਾਹੀਂ ਸਬ ਤਿਆਰੀਆਂ
ਕੀਤੀਆਂ ਹੋਈਆਂ ਨੇ ਦੂਜੇ ਘਰ । ਬਸ ਹੁਣ ਫੇਰਿਆਂ ਦੀ ਡੇਰ ਏ।
ਪਾਂਧਾ ਦਸਦਾ ਸੀ ਪਈ ਅੱਜ ਰਾਤ ਈ ਸ਼ੁਭ ਲਗਣ ਏ, ਕੱਲ੍ਹ ਤੋਂ
ਸਿੰਘਤ ਪੈ ਜਾਣੀ ਏਂ । (ਰੁਪੈਆਂ ਵੱਲ ਇਸ਼ਾਰਾ ਕਰਕੇ) ਇਨ੍ਹਾਂ ਨੂੰ
ਸਾਂਭ ਕੇ ਰੱਖ ਲੈ। ਮੈਂ ਜਰਾ ਜੰਜ ਵਲੋਂ ਹੋ ਆਵਾਂ। ਘਰ ਛੱਡ ਕੇ
ਨਾ ਜਾਈਂ।
(ਹੁਸ਼ਿਆਰ ਚੰਦ ਚਲਿਆ ਜਾਂਦਾ ਹੈ)
ਕੌਰਾਂ-(ਹੱਥ ਰੁਪੈਇਆਂ ਵਾਲੀ ਥੈਲੀ ਵਿੱਚ ਪਾਈ) ਚੰਗਾ ਹੋਇਆ, ਸ਼ੁਕਰ
ਏ ਰਬ ਦਾ । ਕੁੜੀ ਸਾਡੇ ਘਰੋਂ ਨਿਕਲੂ ਤੇ ਸਾਡੀ ਚਿੰਤਾ ਮੁੱਕੂ ।
ਰਬ ਕੁੜੀਆਂ ਕਿਸੇ ਨੂੰ ਨਾ ਦਏ, ਧੀਆਂ ਬਿਗਾਨਾ ਮਾਲ, ਇਨ੍ਹਾਂ
ਦੇ ਬੜੇ ਫਿਕਰ ਹੁੰਦੇ ਨੇ । ਇੱਜਤ ਨਾਲ ਆਪਣੇ ਘਰ ਜਾਣ ਤਾਂ
ਲਖ ਵੱਟੀ ਦਾ । ਹੁਣ ਮੈਂ ਰਾਣੀ ਨੂੰ ਮਿਲ ਆਵਾਂ, ਪਲ ਪਲਾਂ ਵਿੱਚ
ਸੌ ਕੰਮ ਪੈ ਜਾਣੇ ਨੇ ! (ਲਾਜੋ ਨੂੰ) ਤੂੰ ਮੇਰੇ ਨਾਲ ਚੱਲੇਂਗੀ ਜਾਂ ਇੱਥੇ
ਬੈਠਣਾ ਈ ?
ਲਾਜੋ-ਮੈਂ ਤਾਂ ਨਾਲ ਈ ਚੱਲਾਂਗੀ ।
( ਕੌਰਾਂ ਤੇ ਲਾਜੋ ਚਲੀਆਂ ਜਾਂਦੀਆਂ ਹਨ)
(ਉਸੇ ਵੇਲੇ ਮੇਲੋ ਅੱਖ ਬਚਾ ਕੇ ਅੰਦਰ ਆਉਂਦੀ ਹੈ)
ਮੇਲੋ-ਸਮਝ ਨਹੀਂ ਕੁਝ ਆਉਦੀ। ਅਜ ਰਾਤੀਂ ਸ਼ਾਦੀ ? ਕੀਹਦੀ ਸ਼ਾਦੀ ?
ਜੰਝ ਢੁਕਣ ਵਾਲੀ ਏ ? ਕੀਹਦੀਆਂ ਗੱਲਾਂ ਕਰਦੇ ਸਨ ? ਆਪਣੀਆਂ?
ਨਹੀਂ, ਨਹੀਂ । ਰੁਪੈਈਏ ? ਕਿੱਥੋਂ ? ਭਾਈਆ ਏਡਾ ਗੁੱਸੇ ਕਿਉਂ
ਹੁੰਦਾ ਸੀ ? ਹੱਛਾ, ਬੇਬੇ ਨੂੰ ਆ ਲੈਣ ਦਿਓ, ਆਪੇ ਸਾਰਾ ਪਤਾ
ਲੱਗ ਜਾਊ । ਬੜੀ ਹੈਰਾਨੀ ਵਾਲੀ ਗੱਲ ਏ, ਹੱਛਾ ।
ਇਕ ਆਵਾਜ਼-(ਬਾਹਰੋਂ ਈ) ਨੀ ਮੇਲੋ, ਨੀ ਮੇਲੋ !
ਮੇਲੋ-(ਆਵਾਜ਼ ਪਛਾਣ ਕੇ) ਬਸੰਤੋਂ ਏਂ? ਨੀ ਬਾਹਰੋਂ ਕਿਉਂ ਟਾਹਰਾਂ ਮਾਰਨੀ
ਏਂ, ਅੰਦਰ ਕਿਉ ਨਹੀਂ ਆਉਂਦੀ ?
(ਬਸੰਤੋ ਆਉਂਦੀ ਹੈ)
ਬਸੰਤੋ-(ਮਸ਼ਕਰੀ ਨਾਲ) ਨੀ ਕੁੜੇ ਵਧਾਈਆਂ ।
ਮੇਲੋ-ਕਿਉਂ ਨੀ, ਹਰ ਵੇਲੇ ਨਾ ਛੇੜਦੀ ਰਿਹਾ ਕਰ ।
ਬਸੰਤੋ-ਹਛਾ, ਤੂੰ ਸਮਝਨੀ ਏਂ ਪਈ ਮੈਂ ਤੈਨੂੰ ਛੇੜਨੀ ਆਂ । ਜਿੱਦਾਂ
ਮੈਨੂੰ ਪਤਾ ਨਹੀਂ ਪਈ ਤੇਰਾ ਵਿਆਹ ਹੋਣ ਵਾਲਾ ਏ। ਕੁੜੇ ਸੌਹਰੇ
ਜਾ ਕੇ ਤਾਂ ਉੱਕਾ ਈ ਵਸਾਰ ਦਏਂਗੀ ।
ਮੇਲੋ-ਵਿਆਹ ਕਿਸੇ ਦਾ ਭਾਵੇਂ ਹੋਣਾ ਹੋਵੇ ਭਾਵੇਂ ਨਾ, ਤੂੰ ਛੇੜਨਾ ਜੁ
ਹੋਇਆ ।
ਬਸੰਤੋ-ਭਲਾ ਇਹੋ ਜਹੀਆਂ ਗੱਲਾਂ ਵੀ ਕਦੀ ਲੁਕੀਆਂ ਰਹਿੰਦੀਆਂ ਨੇ ?
ਤੂੰ ਮੈਨੂੰ ਦਸ ਨਾ ਦਸ, ਮੈਨੂੰ ਅੱਗੇ ਈ ਪਤਾ ਏ ।
ਮੇਲੋ-ਹੈਂ ! ਤੂੰ ਕੀ ਪਈ ਗੱਲਾਂ ਕਰਨੀ ਏਂ ?
ਬਸੰਤੋ-ਜਿਕੂੰ ਤੈਨੂੰ ਪਤਾ ਨਹੀਂ ਹੁੰਦਾ, ਹੇਖਾਂ ! ਭੁੱਲੀ ਨੈਣ ਹੁਣੇ ਈ
ਤੁਹਾਡੇ ਘਰੋਂ ਗਈ ਏ । ਮੈਂ ਉਹਦੇ ਮੂੰਹੋਂ ਸਬ ਕੁਝ ਸੁਣ ਲਿਆ
ਏ। ਕਹਿੰਦੀ ਏ ਤੇਰੇ ਸੌਹਰੇ ਉਹਦੇ ਪੇਕਿਆਂ ਦੇ ਲਾਗੇ ਈ ਹਨ ।
ਮੇਲੋ-ਮੈਨੂੰ ਭੁਚਲਾਣ ਲਈ ਸਾਰੀਆਂ ਗੱਲਾਂ ਤੂੰ ਆਪਣੇ ਮਣੋਂ ਪਈ
ਬਨਾਉਨੀ ਏਂ ।
ਬਸੰਤੋ-ਨਹੀਂ ਨੀ, ਸਚ ਕਹਿਨੀ ਆਂ, ਸੌਹਰੇ ਤੇਰੇ ਬੜੇ ਅਮੀਰ ਨੇ ।
ਤੂੰ ਬੜੀ ਭਾਗਾਂ ਵਾਲੀ ਏਂ, ਤੇਰੀ ਸੱਸ ਵੀ ਨਹੀਂ, ਸਗੋ ਚੰਗਾ,
ਲੜਿਆ ਨਾ ਕਰੂ ।
ਮੇਲੋ-ਤੂੰ ਛੇੜਨਾ ਜੁ ਹੋਇਆ । ਜਦੋਂ ਵੇਖੋ ਓਦੋਂ ਈ ਠੱਠਾ ਮਸ਼ਕਰੀ,
ਆਹੋ ਜੀ ਵਿਆਹੀ ਹੋਈ ਜੁ ਹੋਈ, ਦੂਜਿਆਂ ਨੂੰ ਛੇੜਨਾ ਤਾਂ
ਹੋਇਆ ਫੇਰ ਆਪੇ ।
ਬਸੰਤੋ-ਘਾਬਰ ਨਾ ਨੀ, ਤੂੰ ਵੀ ਹੁਣੇ ਛੇਤੀ ਈ ਵਿਆਹੀ ਜਾਏਂਗੀ ।
ਤੇਰਾ ਘਰ ਵਾਲਾ ਸੁਖ ਨਾਲ ਬਾਬਿਆਂ ਵਰਗਾ ਏ । ਤੇਰੇ ਭਾਈਏ
ਕੋਲੋਂ ਵੀ ਦਸ ਵਰ੍ਹੇ ਵੱਡਾ ਦਸਦੇ ਨੇ ।
ਮੇਲੋ-ਚੁਪ ਨੀ, ਬਹੁਤਾ ਨਾ ਬੋਲ । ਰਬ ਕਰੇ, ਤੈਨੂੰ ਇਹੋ ਜਿਹਾ ਜਵਾਈ
ਜੁੜੇ !
ਬਸੰਤੋ-ਪਰ ਮੈਂ ਤਾਂ ਮੇਲੋ, ਸਚ ਕਹਿ ਰਹੀ ਆਂ, ਮਖੌਲ ਨਹੀਂ ਕਰਦੀ ।
ਪੁੱਤਾਂ ਪੋਤਰਿਆਂ ਵਾਲਾ ਏ ਤੇ ਨਾਲੇ ਨੈਣ ਪਈ ਕਹਿੰਦੀ ਸੀ ਪਈ
ਅਜੇ ਪਿਛਲੇ ਵਰ੍ਹੇ ਉਹਨੇ ਤੇਰੀ ਜੇਡੀ ਧੀ ਵਿਆਹੀ ਏ ।
ਮੇਲੋ-ਬਸ, ਬਹੁਤਾ ਠੱਠਾ ਨਾ ਕਰ ।
ਬਸੰਤੋ-ਠੱਠਾ ਨਹੀਂ ਅੜੀਏ, ਮੈ ਸੱਚ ਕਹਿਨੀ ਆਂ ਪਈ ।
ਮੇਲੋ-ਮੈਨੂੰ ਤੇਰਾ ਯਕੀਨ ਨਹੀਂ ।
ਬਸੰਤੋ-(ਗੰਭੀਰ ਹੋ ਕੇ) ਦੇਵੀ ਦੀ ਸੌਂਹ, ਮੈਂ ਮਖੌਲ ਨਹੀ ਕਰਦੀ ।
ਮੈਂ ਝੂਠ ਆਖ ਕੇ ਕੀ ਲੈਣਾ ਏਂ ? ਮੈਨੂੰ ਸਗੋਂ ਸੁਣ ਕੇ ਬੜਾ
ਅਮਸੋਸ ਲੱਗਾ ।
ਮੇਲੋ-ਹੈਂ ! ਹੈਂ ! (ਵੱਡਾ ਸਾਰਾ ਹੌਕਾ ਲੈ ਕੇ ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ
ਚੁੱਨੀ ਦੇ ਪੱਲੂ ਨਾਲ ਮੂੰਹ ਢੱਕਕੇ) ਹਾਏ, ਹੁਣ ਸਾਰੀ ਸਮਝ ਆ ਗਈ
ਏ! (ਸਿਰ ਨੂੰ ਫੜ ਕੇ ਦੁਖ ਨਾਲ ਅੱਗੇ ਪਿੱਛੇ ਝੂਲਦੀ ਹੈ ਤੇ ਉਭੇ
ਸਾਹ ਲੈ ਲੈ ਕੇ) ਮੇਰੀ ਕਿਸਮਤ ਸੜ ਗਈ ! ਮੇਰੇ ਨਸੀਬ ਫੁਟ
ਗਏ ! ਮੈ ਕੀ ਕਰਾਂ ?
ਬਸੰਤੋ-(ਹਮਦਰਦੀ ਨਾਲ ਮੇਲੋ ਨੂੰ ਬਾਂਹ ਪਾ ਕੇ) ਨਾ, ਨਾ, ਮੇਰੀ ਭੈਣ,
ਏਦਾਂ ਨਹੀ ਰੋਈਦਾ ! ਚੁੱਪ ।
ਮੇਲੋ-(ਰੋਂਦੀ ਰੋਂਦੀ) ਮੈਨੂੰ ਛੱਡ ਦੇ, ਮੈਨੂੰ ਕੱਲ੍ਹੀ ਰਹਣ ਦੇ । ਹਾਏ ! ਮੈੱ
ਨਿਜ ਜੰਮਦੀ, ਮੈਂ ਕੀ ਕਰਾਂ ! ਮਾਪੇ ਈ ਮੇਰੇ ਵੈਰੀ ਹੋ ਗਏ । ਮੈਂ
ਮਰ ਜਾਵਾਂਗੀ, ਮੈਂ ਜੀਊਂ ਕੇ ਕੀ ਬਨਾਉਣਾ ਏਂ ?
ਬਸੰਤੋ-ਕਿਉਂ, ਕਿਉਂ, ਮਰਨ ਤੇਰੇ ਵੈਰੀ, ਸੁੱਖੀ ਸਾਂਦੀ ਤੂੰ ਕਿਉਂ ਮਰੇਂ !
ਮੇਲੋ-ਮੈਂ ਫੀਮ ਖਾ ਲਵਾਂਗੀ, ਫਾਹ ਲੈ ਲਵਾਂਗੀ, ਖੂਹ ਵਿਚ ਛਾਲ ਮਾਰ
ਦਵਾਂਗੀ । ਉਮਰ ਦੇ ਦੁੱਖ ਨਾਲੋ ਘੜੀ ਦਾ ਦੁੱਖ ਚੰਗਾ । ਤੂੰ ਜਾ, ਮੈਨੂੰ
ਕੱਲ੍ਹੀ ਰਹਿਣ ਦੇ ।
ਬਸੰਤੋ-ਧੀਰਜ ਕਰ ਮੇਲੋ, ਤੈਨੂੰ ਮੈਂ ਦੱਸਾਂ ?
ਮੇਲੋ-ਤੂੰ ਕੀ ਦੱਸਣਾ ਏਂ ਭੈਣ । ਜੋ ਲੇਖੀਂ ਲਿਖਿਆ ਏ, ਹੋ ਕੇ
ਰਹਿਣਾ ਏਂ । ਘੜੀਓ ਘੜੀ ਨੂੰ ਮੇਰੇ ਨਸੀਬ ਸੜ ਜਾਣੇ ਨੇ ।
ਬਸੰਤੋ-ਸੁਣ ਮੇਰੀ ਗੱਲ ਮੇਲੋ, ਉੱਠ ਤੂੰ ਨਸ ਜਾ ਆਪਣੀ ਮਾਸੀ ਦੇ
ਪਿੰਡ ਨੂੰ। ਚੁੰਨੀ ਮੂੰਹ ਤੇ ਕਰ ਲੈ, ਕੋਈ ਨਹੀਂ ਜਾਣੇਗਾ । ਏਸ
ਵੇਲੇ ਚਲੀ ਜਾ, ਪਿੱਛੋਂ ਸਭ ਵੇਖੀ ਜਾਏਗੀ । ਚਲੀ ਜਾ, ਨਸ ਜਾ,
ਛੇਤੀ ।
ਮੇਲੋ-ਨਹੀਂ,, ਨਹੀਂ, ਇਹ ਨਹੀਂ ਹੋ ਸਕਦਾ । ਮੈਨੂੰ ਮਰਨ ਈ ਦੇ, ਤੱਦੇ
ਮੇਰੀ ਖਲਾਸੀ ਹੋਊ ।
ਬਸੰਤੋ-(ਮੇਲੋ ਦੀ ਬਾਂਹ ਫੜ ਕੇ) ਮੇਲੋ, ਉੱਠ (ਉਹਨੂੰ ਜੋਰ ਨਾਲ
ਉਠਾਲਦੀ ਹੈ)
ਮੇਲੋ-ਛੱਡ ਦੇ, ਮੈਨੂੰ ਮਰਨ ਈ ਦੇ ।
ਇਕ ਆਵਾਜ਼-(ਬਾਹਰ ਸਟੇਜ ਤੋਂ ਪਰੇ) ਮੇਲੋ ਦੀ ਮਾਂ !
ਬਸੰਤੋ-ਮੇਲੋ, ਮੇਲੋ, ਉੱਠ ਛੇਤੀ ਹੋ, ਵੇਲਾ ਨਾ ਗਵਾ । (ਉਹਨੂੰ ਖਿੱਚਦੀ
ਹੈ)।
ਮੇਲੋ-(ਹੌਕੇ ਲੈ ਲੈ ਕੇ) ਮੈਂ ਖੂਹ ਵਿੱਚ ਛਾਲ ਮਾਰ ਦਊਂ, ਮੈ ਖੂਹ ਵਿੱਚ
ਛਾਲ ਮਾਰ ਦਊਂ, ਮੈਂ ਨਹੀਂ, ਮੈਂ ਨਹੀਂ.......
(ਬਸੰਤੋ ਉਹਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀ ਹੈ)
ਮੇਲੋ-(ਬਾਹਰੋਂ ਮੇਲੋ ਦੀ ਆਵਾਜ਼ ਆਉਂਦੀ ਹੈ) ਮੈਂ ਮਰ ਜਾਵਾਂਗੀ, ਮੈ
ਮਰ ਜਾਵਾਂਗੀ ।
ਆਵਾਜ਼-(ਬਾਹਰੋਂ ਸਟੇਜ ਦੇ ਕੋਲੋਂ) ਮੇਲੋ ਦੀ ਮਾਂ, ਮੇਲੋ ਦੀ ਮਾਂ ।
(ਹੁਸ਼ਿਆਰ ਚੰਦ ਆਉਂਦਾ ਹੈ)
ਹੁਸ਼ਿਆਰ ਚੰਦ-ਮੇਲੋ ਦੀ ਮਾਂ, (ਕੋਠੜੀ ਦੇ ਅੰਦਰ ਝਾਕਦਾ ਹੈ) ਮੇਲੋ ਦੀ
ਮਾਂ, ਬਾਹਰ ਚਲੀ ਗਈ ਹੋਣੀ ਏ । ਸਿਆਣਿਆਂ ਠੀਕ ਕਿਹਾ
ਏ ਬੁਢੀਆਂ ਦੀ ਮਤ ਖੁਰੀ ਪਿੱਛੇ ਹੁੰਦੀ ਏ । ਸੌ ਕੰਮ ਕਰਨ
ਵਾਲੇ ਪਏ ਜੇ, ਉਹਨੂੰ ਘਰ ਛੱਡ ਕੇ ਜਾਣਾ ਨਹੀਂ ਚਾਹੀਦਾ ਸੀ ।
ਪਰ ਬੁੱਢੀਆਂ ਕੋਲੋਂ ਘਰ ਬੈਠ ਨਹੀਂ ਹੁੰਦਾ । ਜਦ ਤੀਕ ਸੱਤ ਘਰ
ਬਿੱਲੀ ਵਾਂਗ ਫਿਰ ਨਾ ਲੈਣ, ਇਨ੍ਹਾਂ ਨੂੰ ਚੌ ਨਹੀਂ ਆਉਂਦੀ ।
(ਕੌਰਾਂ ਤੇ ਲਾਜੋ ਆਉਂਦੀਆਂ ਹਨ)
(ਲਾਜੋ ਨਚਦੀ ਟੱਪਦੀ ਗੁਡੀਆਂ ਕੋਲ ਜਾ ਬੈਠਦੀ ਹੈ )
ਹੁਸ਼ਿਆਰ ਚੰਦ-ਬਾਹਰ ਕਿਉਂ ਚਲੀ ਗਈ ਸੈਂ ? ਤੂੰ ਕਦੀ ਮੇਰੇ ਆਖੇ ਵੀ
ਲਗੇਂਗੀ ਕਿ ਨਾ ?
ਕੌਰਾਂ-ਜਰਾ ਨੈਣ ਵੱਲ ਚੱਲੀ ਸਾਂ । ਰਾਹ ਵਿਚ ਕਰਮੋ ਦੀ ਮਾਂ ਮਿਲ
ਪਈ, ਗੱਲਾਂ ਕਰਦਿਆਂ ਕਰਦਿਆਂ ਜਰਾ ਡੇਰ ਹੋ ਗਈ ।
ਹੁਸ਼ਿਆਰ ਚੰਦ-ਬੁੱਢੀਆਂ ਗੱਲਾਂ ਨੂੰ ਨਹੀਂ ਛਡਦੀਆਂ ਤੇ ਨਾਂ ਗੱਲਾਂ
ਬੁੱਢੀਆਂ ਨੂੰ ਛਡਦੀਆਂ ਨੇ । ਬੇ-ਵਕੂਫਾਂ ਨਾਲ ਵਾਹ ਪੈਣਾ ਵੀ
ਪਚਾਨਵਿਆਂ ਦਾ ਘਾਟਾ ਏ ।
ਕੌਰਾਂ-ਬਸ, ਤੂੰ ਤਾਂ ਸਦਾ ਏਸੇ ਤਰ੍ਹਾਂ ਈ ਕਰਦਾ ਰਹਿਨਾ ਏਂ । ਹੱਛਾ,
ਹੁਣ ਮੈਨੂੰ ਜੰਜ ਵਲੋਂ ਦਸ ਕੁਝ ।
ਹੁਸ਼ਿਆਰ ਚੰਦ-ਜੰਜ ਆ ਗਈ ਹੋਈ ਏ ਤੇ ਸਾਰਾ ਇੰਤਜ਼ਾਮ ਠੀਕ ਏ।
ਬਸ ਉਹ ਦੂਜੇ ਘਰ ਢੁਕਣ ਈ ਵਾਲੇ ਨੇ (ਇਸ ਵੇਲੇ ਦੂਰੋਂ ਢੋਲ
ਵਾਜਿਆਂ ਦੀ ਆਵਾਜ਼ ਆਉਂਦੀ ਹੈ) ਲੈ, ਆ ਗਏ ਨੀ, ਹੁਣ ਬਸ
ਸਾਨੂੰ ਸੱਦਾ ਆਇਆ ਕਿ ਆਇਆ ।
ਕੌਰਾਂ-ਫੇਰ ਮੈਂ ਲਾਲ ਸਾਲੂ ਲੈ ਲਵਾਂ (ਸੰਦੂਕ ਚੋਂ ਲਾਲ ਸਾਲੂ ਕੱਢ ਕੇ
ਉੱਤੇ ਲੈਂਦੀ ਹੈ)
ਪਾਂਧਾ-(ਬਾਹਰੋਂ ਈ) ਏ ਮਹਾਰਾਜ ਛੇਤੀ ਕਰੋ, ਡੇਰੀ ਕਿਉਂ ਕਰਦੇ ਓ ?
ਹੁਸ਼ਿਆਰ ਚੰਦ-ਡੇਰੀ ਕੋਈ ਨਹੀਂ, ਪਾਂਧਾ ਜੀ। ਤੁਸੀਂ ਚਲੋ, ਅਸੀਂ ਆਏ
ਤੁਹਾਡੇ ਮਗਰੇ ਮਗਰ । (ਕੌਰਾਂ ਨੂੰ) ਕੁੜੀ ਨੂੰ ਸਦ, ਉਹਨੂੰ ਨਵੇਂ
ਕਪੜੇ ਪਾ ਤੇ ਛੇਤੀ ਕਰ ।
ਕੌਰਾਂ-ਕੁੜੀ ਤਾਂ ਇਥੇ ਹੈ ਨਹੀਂ, ਅੰਦਰ ਹੋਣੀ ਏਂ (ਕੋਠੜੀ ਵਲ ਜਾ ਕੇ)
ਨੀ ਮੇਲ, ਨੀ ਮੇਲੋ, ਕੁੜੀਏ ਲੁਕਦੀ ਕਿਉਂ ਫਿਰਨੀ ਏਂ ? ਛੇਤੀ ਕਰ,
ਇਹ ਵੇਲਾ ਸ਼ਰਮਾਉਣ ਦਾ ਨਹੀਂ । ਛੇਤੀ ਕਰ, ਮੇਰੀ ਬੀਬੀ ਧੀ ।
ਹੁਸ਼ਿਆਰ ਚੰਦ-ਕੁੜੀਏ, ਤੂੰ ਕਿੱਥੇ ਪਈ ਹੋਈ ਏਂ ? ਆਉਂਦੀ ਕਿਉਂ
ਨਹੀਂ ? ਛੇਤੀ ਕਰ ।
ਪਾਂਧਾ-(ਬਾਹਰੋਂ ਈ) ਏ ਮਹਾਰਾਜ, ਵੇਲਾ ਲੰਘਦਾ ਜਾਂਦਾ ਏ, ਤੁਹਾਨੂੰ
ਸਦਦੇ ਨੇ ।
ਹੁਸ਼ਿਆਰ ਚੰਦ-ਚਲੋ ਪਾਂਧਾ ਜੀ, ਅਸੀਂ ਆਏ ਹੁਣੇ ਈ। ਕੁੜੀ ਨੂੰ ਕਪੜੇ
ਪਏ ਪਾਉਣੇ ਆਂ । (ਕੌਰਾਂ ਨੂੰ) ਬੋਲਦੀ ਨਹੀਂ, ਜਾ ਅੰਦਰ ਵੇਖ ਤੇ
ਉਹਨੂੰ ਬਾਹਰ ਲਿਆ । ਭਲਾ ਇਹ ਕਿਹੜਾ ਵੇਲਾ ਹੋਇਆ
ਸ਼ਰਮਾਉਣ ਦਾ ?
ਕੌਰਾਂ-(ਕੋਠੜੀ ਦੇ ਅੰਦਰ ਜਾਂਦੀ ਹੈ) ਨੀ ਮੇਲੋ, ਆ ਜਾ ਬਾਹਰ ਮੇਰੀ
ਬੀਬੀ ਧੀ । ਡਰਨੀ ਕਾਹਨੂੰ ਫਿਰਣੀ ਏਂ ? ਆ ਜਾ, ਮੇਲੋ, ਨੀ
ਮੇਲੋ । (ਹੱਥ ਮਲਦੀ ਮਲਦੀ ਬਾਹਰ ਆਉਂਦੀ ਹੈ) ਕੁੜੀ ਤਾਂ ਏਥੇ
ਹੈ ਨਹੀ । ਹੁਣ ਕੀ ਕਰਾਂਗੇ, ਹਾਏ ਹੁਣ ਕੀ ਕਰਾਂਗੇ !
ਹੁਸ਼ਿਆਰ ਚੰਦ-ਨਹੀਂ, ਨਹੀਂ, ਏਥੇ ਈ ਹੋਣੀ ਏ, ਵਾਜ ਮਾਰ ਉਹਨੂੰ,
ਵਾਜ ਮਾਰ ।
ਕੌਰਾਂ-ਮੇਲੋ, ਨੀ ਮੇਲੋ ! ਵੇਲੇ ਸਿਰ ਕਿੱਥੇ ਮਰ ਗਈਓਂ ?
(ਹੁਸ਼ਿਆਰ ਚੰਦ ਵੀ ਏਧਰ ਉਧਰ ਵੇਖਦਾ ਏ ਤੇ ਨਾਲੇ ਵਾਜਾਂ
ਮਾਰਦਾ ਏ) ਹਾਏ, ਅਸੀਂ ਭੰਡੇ ਗਏ, ਕੁੜੀ ਤਾਂ ਇੱਥੇ ਹੈ ਨਹੀਂ,
ਹੁਣ ਕੀ ਕਰਾਂਗੇ ? ਭਾਵੇਂ ਕਿਤੇ ਨੱਠ ਗਈ ਏ, ਹਾਏ, ਸਿਰ ਸਵਾਹ
ਪੈ ਗਈ ਸਾਡੇ !
ਹੁਸ਼ਿਆਰ ਚੰਦ-ਮੈਂ ਤੈਨੂੰ ਆਖਿਆ ਸੀ ਪਈ ਘਰ ਛਡ ਕੇ ਨਾ ਜਾਈਂ ।
ਹੁਣ ਰੋ ਬੈਠ ਕੇ ਜੰਣਦਿਆਂ ਨੂੰ ।
ਕੌਰਾਂ-ਨੀ ਕੁੜੀਏ, ਨੀ ਕੁੜੀਏ ! ਹਾਏ, ਲੋਕਾਂ ਵਿਚ ਬੜੀ ਭੰਡੀ ਹੋਊ
ਸਾਡੀ ! ਹੁਣ ਲਾਵਾਂ ਤੇ ਕਿਨੂੰ ਬਠਾਵਾਂਗੇ । ਹਾਏ, ਮੈਂ ਮਰ ਜਾਵਾਂ,
ਕੀ ਕਰਾਂ !
ਪਾਂਧਾ-(ਬਾਹਰੋਂ) ਏ ਮਹਾਰਾਜ, ਮਹਾਰਾਜ, ਮੈਂ ਤਿੰਨ ਵਾਰੀ ਆਇਆ
ਆਂ, ਤੁਸੀ ਆਉਂਦੇ ਕਿਉਂ ਨਹੀਂ ? ਸ਼ੁਭ ਲਗਨ ਦੀਆਂ ਘੜੀਆਂ
ਤਾਂ ਬੀਤਦੀਆਂ ਜਾਂਦੀਆਂ ਨੇ । ਦੂਜੇ ਬੰਨ੍ਹੇ ਦਾ ਪਰੋਹਤ ਨਰਾਜ ਹੁੰਦਾ
ਪਿਆ ਏ ।
ਹੁਸ਼ਿਆਰ ਚੰਦ-(ਟੁੱਟੀ ਹੋਈ ਆਵਾਜ਼ ਵਿਚ) ਚਲੋ, ਚਲੋ, ਪਾਂਧਾ ਜੀ,
ਅਸੀਂ ਆਵੇ ਕਰਨੇ ਆਂ । (ਕੌਰਾਂ ਨੂੰ) ਹੁਣ ਦਸ ਕੀ ਕਰਣਾ ਏਂ ?
ਹੁਣ ਵੇਲਾ ਕਿੱਦਾਂ ਪੂਰਨਾ ਈਂ?
ਕੌਰਾਂ-ਹਾਏ ਕੁੜੀ ਨਿੱਜ ਜੰਮਦੀ, ਮੈਂ ਕੀ ਦੱਸਾਂ ? ਮੈਨੂੰ ਕੁਝ ਨਹੀ
ਔੜ੍ਹਦੀ ।
ਹੁਸ਼ਿਆਰ ਚੰਦ-ਛੇਤੀ ਕਰ, ਲਾਵਾਂ ਵਾਲੀ ਚੁੰਨੀ ਪਾ ਲਾਜ ਤੇ, ਨਹੀਂ
ਤਾਂ ਰਹਿ ਨਹੀਓਂ ਆਉਂਦੀ ।
ਕੌਰਾਂ-(ਤਰੱਬਕ ਕੇ ਹੁਸ਼ਿਆਰ ਚੰਦ ਕੋਲੋਂ ਪਰੇ ਹਟ ਜਾਂਦੀ ਹੈ ਤੇ ਚੁੰਨੀ
ਨੂੰ ਘੁੱਟ ਕੇ ਫੜ ਲੈਂਦੀ ਹੈ) ਹਾਏ, ਨਹੀਂ, ਨਹੀਂ, ਹਾਏ ਜ਼ੁਲਮ,
ਜ਼ੁਲਮ !
ਹੁਸ਼ਿਆਰ ਚੰਦ-ਜ਼ੁਲਮ ਦੀ ਲਗਦੀ ਨਾ ਹੋਵੇ (ਚੁੰਨੀ ਖੋਹ ਕੇ ਲਾਜੋ ਉੱਤੇ
ਪਾਉਂਦਾ ਹੈ ਤੋਂ ਉਹਨੂੰ ਗੁੱਡੀਆਂ ਨਾਲ ਖੇਡਦੀ ਨੂੰ ਚੁੱਕ ਕੇ ਲੈ
ਜਾਂਦਾ ਹੈ)।
ਕੌਰਾਂ-(ਪਿੱਛੇ ਪਿੱਛੇ ਕੁਰਲਾਂਦੀ ਤੇ ਦੁਹੱਥੜਾਂ ਮਾਰਦੀ ਏ) ਹਾਏ ਵੇ ਜ਼ੁਲਮ
ਹੋ ਗਿਆ, ਜੁਲਮ ਹੋ ਗਿਆ !
ਲਾਜੋ-(ਪਿਉ ਦੇ ਕੁਛੜੋਂ ਉਤਰਨ ਲਈ ਲੱਤਾਂ ਬਾਹੀਆਂ ਮਾਰਦੀ ਹੈ)
ਮੇਰੀਆਂ ਗੁਡੀਆਂ, ਹਾਏ ਮੇਰੀਆਂ ਗੁੱਡੀਆਂ । ਮੈਨੂੰ ਗੁੱਡੀਆਂ ਨਾਲ
ਖੇਡਣ ਦਿਉ ।
ਪਰਦਾ