Sulochana (Bangla Story in Punjabi) : Sharat Chandra Chattopadhyay

ਸਲੋਚਨਾ (ਬੰਗਾਲੀ ਕਹਾਣੀ) : ਸ਼ਰਤ ਚੰਦਰ ਚੱਟੋਪਾਧਿਆਏ

੧.
ਜਦ ਕਿਸੇ ਵਿਚਲੇ ਮੇਲ ਦੇ ਟੱਬਰ ਦਾ ਮੁਖੀਆ ਤਪਦਿੱਕ ਨਾਲ ਮਰ ਜਾਂਦਾ ਹੈ ਤਾਂ ਉਹ ਆਪਣੇ ਨਾਲ ਹੀ ਘਰ ਵਾਲਿਆਂ ਨੂੰ ਵੀ ਮਾਰ ਜਾਂਦਾ ਹੈ। ਸਲੋਚਨਾ ਦੇ ਪਤੀ, 'ਪਤਤ ਪਾਵਨ’ ਵੀ ਏਦਾਂ ਹੀ ਕਰ ਗਏ। ਡੇਢ ਸਾਲ ਦੀ ਲੰਮੀ ਬੀਮਾਰੀ ਪਿਛੋਂ ਬਾਰਸ਼ ਦੇ ਦਿਨਾਂ ਵਿਚ ਉਹ ਇਕ ਦਿਨ ਅਚਨਚੇਤ ਹੀ ਮਰ ਗਏ। ਸਲੋਚਣਾ ਪਤੀ ਦਾ ਦੀਵਾ ਬੱਤੀ ਕਰਵਾ ਕੇ ਜਿਓੁਂ ਉਸ ਪਾਸ ਬੈਠੀ, ਮੁੜ ਨਹੀਂ ਉੱਠੀ। ਜਿਦਾਂ ਓਸ ਦੇ ਪਤੀ ਨੇ ਚੁਪ ਚਾਪ ਸੁਆਸ ਤਿਆਗੇ, ਉਸੇ ਤਰ੍ਹਾਂ ਹੀ ਉਹ ਚੁਪ ਚਾਪ ਉਹਦੇ ਸਿਰਹਾਣੇ ਬੈਠੀ ਰਹੀ। ਕਾਵਾਂ ਰੌਲੀ ਪਾਕੇ ਉਹਨੇ ਗਲੀ ਗੁਆਂਢ ਇੱਕਠਾ ਨਹੀਂ ਕੀਤਾ। ਤੇਰਾਂ ਸਾਲ ਦੀ ਕੁਆਰੀ ਲੜਕੀ ਹੇਮ ਨਲਨੀ ਲਾਗੇ ਹੀ ਸਫ ਵਿਛਾਈ ਸੁੁੱਤੀ ਪਈ ਸੀ, ਉਸ ਨੇ ਇਸ ਨੂੰ ਵੀ ਨਹੀਂ ਜਗਾਇਆ ਉਹ ਉਸੇ ਤਰ੍ਹਾਂ ਸੁਤੀ ਰਹੀ ਤੇ ਉਹਨੂੰ ਪਤਾ ਵੀ ਨ ਲਗ ਸਕਿਆ ਕਿ ਪਿਤਾ ਜੀ ਕਦ ਮਰ ਗਏ।
ਘਰ ਵਿਚ ਕੋਈ ਨੌਕਰ ਨਹੀਂ ! ਦੂਰੋਂ ਨੇੜਿਓਂ ਰਿਸ਼ਤੇਦਾਰ ਨਹੀਂ, ਗਲੀ ਗੁਆਂਢ ਵੀ ਹੌਲੀ ੨ ਅੱਕ ਗਏ ਸਨ। ਅਜ ਖਾਸ ਕਰ ਮੀਂਹ ਵਰ੍ਹਦਾ ਹੋਣ ਕਰਕੇ ਜਿਹੜਾ ਕੋਈ ਇਕ ਅੱਧਾ ਸੌਣ ਲਈ ਆ ਜਾਂਦਾ ਸੀ, ਉਹ ਵੀ ਨ ਆਇਆ।
ਬਾਹਰ ਛੱਜੀਂ ਖਾਰੀ ਮੀਂਹ ਪੈ ਰਿਹਾ ਸੀ ਤੇ ਅੰਦਰ ਸਲੋਚਨਾ ਆਪਣੇ ਮਰੇ ਹੋਏ ਪਤੀ ਪਾਸ ਬੈਠੀ ਪੱਥਰ ਦਾ ਬੁੱਤ ਬਣੀ ਹੋਈ ਸੀ। ਦਿਨ ਚੜ੍ਹੇ ਲੋਕ ਆਏ ਤੇ ਮ੍ਰਿਤਕ ਸਰੀਰ ਨੂੰ ਫੱਟੇ ਤੇ ਪਾ ਕੇ, 'ਹਰਿਕਾ ਰਾਮ ਨਾਮ ਸੱਤ ਹੈ, ਸ੍ਰੀ ਰਾਮ ਨਾਮ ਸੱਤ ਹੈ', ਆਖਦੇ ਹੋਏ ਮੜ੍ਹੀਆਂ ਵਿਚ ਲੈ ਗਏ। ਜ਼ਨਾਨੀਆਂ ਰਿਵਾਜ ਅਨੁਸਾਰ ਸਿਆਪੇ ਬਹਿ ਗਈਆਂ।
ਸਲੋਚਨਾ ਦੇ ਕੋਲ ਜਾਇਦਾਦ ਦੀ ਸ਼ਕਲ ਵਿਚ ਇਕ ਬਗੀਚਾ ਹੀ ਸੀ। ਗੁਆਂਢੀਆਂ ਦੀ ਮਦਦ ਨਾਲ ਸੌ ਰੁਪੈ ਤੋਂ ਵੇਚ ਕੇ ਪਤੀ ਦੀ ਯਥਾ ਸ਼ਕਤ ਸਤਾਰ੍ਹਵੀਂ ਕੀਤੀ ਤੇ ਆਪ ਚੁਪ ਕਰਕੇ ਬਹਿ ਗਈ। ਲੜਕੀ ਨੇ ਪੁੱਛਿਆ ਮਾਂ ਹੁਣ ਕੀ ਹੋਵੇਗਾ?
'ਡਰ ਕੀ ਹੈ ਬੱਚੀ ਭਗਵਾਨ ਤਾਂ ਰਾਖਾ ਈ ਹੈ।'
ਸਤਾਰ੍ਹਵੀਂ ਦੇ ਪਿਛੋਂ ਜੋ ਕੁਝ ਬਚਿਆ ਸੀ, ਉਸ ਨਾਲ ਇਕ ਮਹੀਨਾਂ ਤਾਂ ਲੰਘ ਗਿਆ ਉਸ ਦੇ ਪਿਛੋਂ ਇਕ ਦਿਨ ਕੋਈ ਵਾਹ ਨ ਜਾਂਦੀ ਵੇਖ ਕੇ ਸਲੋਚਨਾ ਲੜਕੀ ਨੂੰ ਨਾਲ ਲੈਕੇ ਤੜਕੇ ਹੀ ਬੂਹੇ ਨੂੰ ਜੰਦਰਾ ਮਾਰ ਰਾਹ ਤੇ ਆ ਖਲੋਤੀ।
ਲੜਕੀ ਨੇ ਪੁੱਛਿਆ, ਕਿਥੇ ਜਾਏਂਗੀ ਮਾਂ?
ਮਾਂ ਨੇ ਆਖਿਆ, ਕਲਕੱਤੇ ਤੇਰੇ ਮਾਸੜ ਦੇ ਘਰ?
'ਮੇਰਾ ਮਾਸੜ ਕੌਣ ਹੈ ਮਾਂ?' ਅਗੇ ਤਾਂ ਕਦੇ ਤੂੰ ਉਸਦਾ ਨਾਂ ਨਹੀਂ ਲਿਆ?
ਮਾਂ ਨੇ ਕੁਝ ਰੁਕ ਕੇ ਆਖਿਆ, 'ਅੱਜ ਤਕ ਮੈਂ ਉਸ ਨੂੰ ਭੁਲੀ ਹੋਈ ਸਾਂ ਧੀਏ।'
ਹੇਮ ਬਹੁਤ ਸਿਆਣੀ ਕੁੜੀ ਹੈ, ਉਹ ਉਠ ਕੇ ਖਲੋ ਗਈ। ਕਹਿਣ ਲੱਗੀ, ਨਹੀਂ ਮਾਂ ਦੂਜਿਆਂ ਦੇ ਘਰ ਜਾਣ ਦਾ ਕੋਈ ਲਾਭ ਨਹੀਂ, ਅਸੀਂ ਘਰੇ ਹੀ ਮਿਹਨਤ ਮਜ਼ਦੂਰੀ ਕਰ ਲਿਆ ਕਰਾਂਗੀਆਂ ਪਰ ਘਰ ਛੱਡ ਕੇ ਨਹੀਂ ਜਾਵਾਂਗੀਆਂ। ਮੈਂ ਘਰ ਛੱਡ ਕੇ ਨਹੀ ਜਾਂਵਾਂਗੀ ਮਾਂ।
ਸਲੋਚਨਾ ਨੇ ਕਾਹਲੀ ਪੈ ਕੇ ਆਖਿਆ, ਖਲੋ ਨਾ ਧੀਏ ਧੁੱਪ ਚੜ੍ਹ ਰਹੀ ਹੈ।
ਜਾਂਦਿਆਂ ਹੋਇਆਂ ਕਿਹਾ, ਉਹਨਾਂ ਤੈਨੂੰ ਐਨਾਂ ਪੜਾਇਆ ਲਿਖਾਇਆ, ਉਹਨਾਂ ਦੀ ਕੀਤੀ ਕਤਰੀ ਤੇ ਤੂੰ ਪਾਣੀ ਨ ਫੇਰ। ਇਹ ਤਾਂ ਠੀਕ ਹੈ ਕਿ ਅਸੀਂ ਮਾਵਾਂ ਧੀਆਂ ਘਰ ਬੈਠੀਆਂ ਰੋਟੀ ਟੁੱਕ ਖਾਂਦੀਆਂ ਰਹਾਂਗੀਆਂ, ਪਰ ਮੈਂ ਤੇਰਾ ਵਿਆਹ ਕਿੱਦਾਂ ਕਰਾਂਗੀ?
ਹੇਮ ਨੇ ਆਖਿਆ, 'ਨਹੀਂ ਤਾਂ ਨਾ ਸਹੀ, ਵਿਆਹ ਕੀ ਲੋੜ ਹੈ।'
ਜਾਤ ਬਰਾਦਰੀ ਵਾਲੇ ਕੀ ਆਖਣਗੇ, ਬ੍ਰਾਦਰੀ ਵਿਚੋਂ ਨ ਛੇਕ ਦੇਣਗੇ?
ਹੇਮ ਨੇ ਆਖਿਆ, 'ਜ਼ਾਤ ਦਾ ਕੀ ਕਰਨਾ ਹੈ। ਅਸੀਂ ਦੋਵੇਂ ਮਾਵਾਂ ਧੀਆਂ ਰਹਾਂਗੀਆਂ, ਮਿਹਨਤ ਮਜ਼ਦੂਰੀ ਕਰਕੇ ਢਿਡ ਭਰ ਲਿਆ ਕਰਾਂਗੀਆਂ। ਸਾਡੀ ਜ਼ਾਤ ਦਾ ਕੀ ਹੈ, ਰਹਿ ਗਈ ਤਾਂ ਕੀ ਜੇ ਚਲੀ ਗਈ ਤਾਂ ਕੀ? ਦੁਨੀਆਂ ਵਿਚ ਹੋਰ ਵੀ ਤਾਂ ਕਈ ਜ਼ਾਤਾਂ ਹਨ। ਲੜਕੀ ਦਾ ਵਿਆਹ ਨ ਕਰਨ ਕਰਕੇ ਉਨ੍ਹਾਂ ਦੀਆਂ ਜ਼ਾਤਾ ਤਾਂ ਨਹੀਂ ਵਿਗੜ ਦੀਆਂ ਕੀ ਅਸੀਂ ਉਹਨਾਂ ਵਰਗੇ ਨਹੀਂ?
ਲੜਕੀ ਦੀ ਗੱਲ ਸੁਣਕੈ, ਐਨਾ ਦੁਖੀ ਹੁੰਦਿਆਂ ਹੋਇਆਂ ਵੀ ਸਲੋਚਨਾ ਹੱਸ ਪਈ। ਕਹਿਣ ਲੱਗੀ, ਇਹ ਕੁਝ ਹੁੰਦਿਆਂ ਹੋਇਆਂ ਵੀ ਸਾਨੂੰ ਪਿੰਡ ਛਡਣਾ ਪਏਗਾ। ਜੇ ਅਸੀਂ ਜਾਤੋਂ ਕੁਜਾਤ ਹੋ ਗਏ ਤਾਂ ਕੋਈ ਸਾਨੂੰ ਕੂੜਾ ਹੂੰਝਣ ਲਈ ਵੀ ਨ ਸੱਦੇਗਾ।
ਹੇਮ ਚੁਪ ਹੋ ਗਈ। ਬਹੁਤ ਸਾਰੀਆਂ ਦੁਖ ਭਰੀਆਂ ਯਾਦਾਂ ਇਕੇ ਵੇਰਾ ਹੀ ਫੁੱਟ ਪਈਆਂ। ਕਿਸੇ ਨ ਕਿਸੇ ਤਰ੍ਹਾਂ ਉਹਨਾਂ ਨੂੰ ਨੱਪ ਘੁਟਕੇ ਉਹ ਪੈਂਡੇ ਚਲ ਪਈ।
ਜੋ ਰਾਹ ਕੰਢੇ ੨ ਥਾਣੀ ਹੋਕੇ ਪਿੰਡ ਦੇ ਵਿਚੋਂ ਦੀ ਰਾਮਪੁਰ ਸਟੇਸ਼ਨ ਨੂੰ ਜਾਂਦਾ ਸੀ ਉਹਦੇ ਉਤੇ ਦੋ ਡੇਢ ਮੀਲ ਦਾ ਵਿਥ ਤੇ ਸਿਧੇ ਸਵਰਨ ਦਾ ਮੰਦਰ ਆਇਆ। ਇੱਥੋ ਖਲੋਕੇ ਦੋਹਾਂ ਨੇ ਭਗਤੀ ਤੇ ਸ਼ਰਧਾ ਨਾਲ ਦੇਵੀ ਦੇ ਦਰਸ਼ਨ ਕੀਤੇ। ਮੰਦਰੋਂ ਨਿਕਲਕੇ ਹੇਮ ਨੇ ਆਖਿਆ ਮਾਂ ਦਿਨ ਚੜ੍ਹੇ ਤੁਰਦਿਆ ਹੋਇਆਂ ਮੈਨੂੰ ਸੰਗ ਆਉਂਦੀ ਹੈ। ਸੁਲੋਚਨਾ ਆਪ ਵੀ ਏਸ ਤਰ੍ਹਾਂ ਤੁਰਨ ਗਿੱਝੀ ਹੋਈ ਨਹੀਂ ਸੀ. ਉਹ ਵੀ ਸ਼ਰਮਾਂਦੀ ਸੀ। ਇਕ ਵਿਧਵਾ ਗੰਗਾ ਨਹਾਣ ਜਾ ਰਹੀ ਸੀ; ਉਹਨੂੰ ਪੁਛਿਆ, ਮਾਂ ਜੀ ਸ੍ਰੀ ਰਾਮਪੁਰ ਦੇ ਸਟੇਸ਼ਨ ਨੂੰ ਇਹੋ ਰਾਹ ਜਾਂਦਾ ਹੈ?
ਵਿਧਵਾ ਨੇ ਕੁਝ ਚਿਰ ਉਹਨਾਂ ਵਲ ਧਿਆਨ ਨਾਲ ਵੈਖਕੇ ਆਖਿਆ, 'ਤੂੰ ਕਿਥੇ ਜਾ ਰਹੀਏਂ ਧੀਏ?'
ਸਲੋਚਨਾ ਨੇ ਕੋਈ ਜਵਾਬ ਨ ਦੇਕੇ ਫੇਰ ਪੁਛਿਆ, 'ਸਟੇਸ਼ਣ ਜਾਣ ਦਾ ਕੋਈ ਹੋਰ ਰਾਹ ਨਹੀਂ ਹੈ, ਮਾਂ ਜੀ ?'
ਮੰਦਰ ਦੇ ਪਿਛਲੇ ਪਾਸਿਓਂ ਦੀ ਇਕ ਗਲ ਹੈ ਜੋ ਸਿਧੀ ਸਟੇਸ਼ਨ ਤਕ ਚਲੀ ਜਾਂਦੀ ਹੈ, ਵਿਧਵਾ ਨੇ ਗਲੀ ਵਲ ਸੈਨਤ ਕਰਕੇ ਆਖਿਆ। ਇਹ ਗਲੀ ਬ੍ਰਹਿਮਣਾਂ ਦੇ ਘਰਾਂ ਤੋਂ ਸਿਧੀ ਸਟੇਸ਼ਨ ਤੱਕ ਗਈ ਹੈ। ਇਸੇ ਰਾਹ ਤੁਰੀ ਜਾਹ, ਰੇਲ ਦੀ ਪਟੜੀ ਦੇ ਲਾਗਿਉਂ ੨ ਦੀ ਹੋਕੇ ਖੱਬੇ ਹਥ ਚਲੀ ਜਾਵੀਂ ਸਟੇਸ਼ਨ ਤੇ ਪਹੁੰਚ ਜਾਵੇਂਗੀ। ਜਾਹ ਧੀਏ ਕੋਈ ਡਰ ਨਹੀਂ, ਕੋਈ ਕੁਝ ਨਹੀਂ ਆਖਦਾ।

੨.
'ਅਮਹਰਸਟ' ਸਟਰੀਟ ਤੇ ਗੁਣੇਇੰਦ੍ਰ ਦਾ ਆਲੀਸ਼ਾਨ ਮਕਾਨ ਕਈ ਚਿਰਾਂ ਤੋਂ ਖਾਲੀ ਪਿਆ ਸੀ। ਤੀਜੀ ਛੱਤ ਤੇ ਉਹ ਇਕ ਕਮਰੇ ਵਿਚ ਆਪ ਸੌਂਦਾ ਹੈ। ਇਕ ਕਮਰਾ ਉਸਦੇ ਪੜ੍ਹਨ ਲਿਖਣ ਦਾ ਹੈ। ਬਾਕੀ ਸਾਰੇ ਕਮਰੇ ਖਾਲੀ ਪਏ ਹਨ। ਬਾਕੀ ਦੇ ਇਕ ਕਮਰੇ ਵਿਚ ਹਮੇਸ਼ਾਂ ਤੋਂ ਦੋ ਚੌਕੀ ਦਾਰ ਰਹਿੰਦੇ ਹਨ।
ਗੁਣੇਇੰਦ੍ਰ ਦੇ ਪਿਤਾ ਲੋਹੇ ਦਾ ਕੰਮ ਕਰਦੇ ਸਨ। ਮਰਨ ਲਗਿਆਂ ਉਹ ਐਨੀਆਂ ਨੀਹਾਂ ਪੋਲੀਆਂ ਕਰ ਗਏ ਸਨ ਕਿ ਇਕ ਛੱਡ ਕੇ ਜੇ ਉਹਨਾਂ ਦੇ ਦਸ ਬੱਚੇ ਵੀ ਹੁੰਦੇ ਤਾਂ ਵੀ ਕਿਸੇ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ ਪੈਣੀ। ਪਿਤਾ ਦਾ ਸਾਮਾਨ ਵੇਚ ਕੇ ਜੋ ਰੁਪਇਆ ਆਉਂਦਾ ਸੀ, ਉਸਨੂੰ ਬੈਂਕ ਵਿਚ ਜਮਾ ਕਰਵਾਕੇ ਗੁਣੇਇੰਦ੍ਰ ਮਜ਼ੇ ਨਾਲ ਬੇਫਿਕਰ ਹੋਕੇ ਵਕੀਲੀ ਕਰ ਰਿਹਾ ਸੀ। ਦਿਨ ਦੇ ਦਸ ਵਜੇ ਸਨ ਤੇ ਉਹ ਬੈਠਾ ਹੋਇਆ ਕਿਤਾਬ ਪੜ੍ਹ ਰਿਹਾ ਸੀ। ਨੌਕਰ ਨੇ ਆ ਕੇ ਆਖਿਆ, “ਬਾਬੂ ਜੀ ਨਹਾਉਣ ਦਾ ਵਕਤ ਹੋ ਗਿਆ ਹੈ।'
ਆਉਂਦਾ ਹਾਂ, ਆਖ ਕੇ ਉਹ ਫੇਰ ਕਿਤਾਬ ਪੜ੍ਹਨ ਲੱਗ ਪਿਆ। ਨੌਕਰ ਫੇਰ ਆਇਆ, ਕਹਿਣ ਲੱਗਾ ਦੋ ਇਸਤਰੀਆਂ ਆਈਆਂ ਹਨ ਤੁਹਾਡੇ ਨਾਲ ਗੱਲ ਬਾਤ ਕਰਨਾ ਚਾਹੁੰਦੀਆਂ ਹਨ।
ਗੁਣੇਇੰਦ੍ਰ ਬੜਾ ਹੈਰਾਨ ਹੋਇਆ, ਕਿਤਾਬ ਤੋਂ ਸਿਰ ਚੁੱਕ ਕੇ ਆਖਿਆ, ਮੇਰੇ ਨਾਲ? ਜੀ ਹਾਂ ਬਾਬੂ ਜੀ ਤੁਹਾਡੇ ਨਾਲ ਤੁਹਾਡੀ......'
ਗਲ ਅੱਜੇ ਵਿੱਚ ਸੀ ਕਿ ਸਲੋਚਨਾ ਕਮਰੇ ਵਿੱਚ ਆ ਗਈ। ਗੁਣੇਇੰਦ੍ਰ ਕਿਤਾਬ ਬੰਦ ਕਰਕੇ ਖੜਾ ਹੋਗਿਆ।
ਸਲੋਚਨਾ ਨੇ ਨੌਕਰ ਨੂੰ ਆਖਿਆ, 'ਜਾਹ ਤੂੰ ਆਪਣਾ ਕੰਮ ਕਰ।'
ਨੌਕਰ ਦੇ ਚਲੇ ਜਾਣ ਪਿਛੋਂ ਸਲੋਚਨਾ ਨੇ ਕਿਹਾ, 'ਕਾਕਾ ਤੇਰੇ ਪਿਤਾ ਜੀ ਕਿਥੇ ਹਨ?'
ਗੁਣੇਇੰਦ੍ਰ ਚੁਪ ਚਾਪ ਵੇਖਦਾ ਰਹਿ ਗਿਆ ਕੋਈ ਜੁਵਾਬ ਨ ਦੇ ਸਕਿਆ।
ਸਲੋਚਨਾ ਨੇ ਜ਼ਰਾ ਹੱਸ ਕੇ ਆਖਿਆ, ਬਚਾ ਮੇਰਾ ਮੂੰਹ ਵੇਖ ਕੇ ਤੂੰ ਨਹੀਂ ਪਛਾਣ ਸਕੇਂਗਾ। ਲਗ ਪਗ ਬਾਰਾਂ ਸਾਲ ਪਹਿਲਾਂ ਤੁਹਾਡੇ ਸਾਹਮਣੇ ਵਾਲੇ ਮਕਾਨ ਵਿਚ ਅਸੀਂ ਰਹਿੰਦੇ ਹੁੰਦੇ ਸਾਂ। ਜਿਸ ਸਾਲ ਤੇਰਾ ਜਨੇਊ ਹੋਇਆ ਸੀ ਅਸੀਂ ਦੇਸ ਨੂੰ ਚਲੇ ਗਏ ਸੀ। ਤੇਰੇ ਪਿਤਾ ਜੀ ਹੱਟੀ ਤੇ ਗਏ ਹਨ?
ਗੁਣੇਇੰਦ੍ਰ ਨੇ ਕਿਹਾ, 'ਪਿਤਾ ਜੀ ਨੂੰ ਮਰੇ ਤਾਂ ਤਿੰਨ ਸਾਲ ਹੋ ਗਏ ਹਨ।'
‘ਹੇ ਭਗਵਾਨ! ਉਹ ਸੁਰਗਵਾਸ ਹੋ ਗਏ! ਤੁਹਾਡੀ ਭੂਆ ਜੀ?
'ਉਹ ਵੀ ਨਹੀਂ ਰਹੀ? ਉਹ ਤਾਂ ਉਹਨਾਂ ਨਾਲੋਂ ਵੀ ਪਹਿਲਾਂ ਤੁਰ ਗਈ ਹੈ।'
ਸਲੋਚਨਾ ਨੇ ਹੌਕਾ ਲੈਕੇ ਆਖਿਆ, ਬਸ ਇਕ ਮੈਂ ਹੀ ਰਹਿ ਗਈ, ਬਾਕੀ ਸਭ ਤੁਰ ਗਏ। ਜਦੋਂ ਤੁਹਾਡੀ ਮਾਂ ਮਰੀ ਸੀ, ਓਦੋਂ ਤੁਸੀਂ ਤਿੰਨ ਸਾਲ ਦੇ ਸੀ ਉਸਦੇ ਪਿਛੋਂ ਮੈਂ ਹੀ ਤੁਹਾਨੂੰ ਪਾਲਿਆ ਪੋਸਿਆ ਸੀ। ਕਿਉਂ ਗੁਣੀ ਤੂੰ ਆਪਣੀ ਮਾਸੀ ਨੂੰ ਬਿਲਕੁਲ ਭੁੱਲ ਗਿਆ ਏਂ?
ਗੁਣੇਇੰਦ੍ਰ ਨੇ ਉਸੇ ਵੇਲੇ ਮੱਥਾ ਟੇਕਿਆ ਤੇ ਪੈਰਾਂ ਦੀ ਮਿੱਟੀ ਲੈ ਕੇ ਮੱਥੇ ਨੂੰ ਲਾਈ ਤੇ ਫੇਰ, ਆਖਿਆ ਮਾਸੀ ਜੀ ਤੁਸੀਂ ਹੋ?
ਸਲੋਚਨਾ ਨੇ ਹੱਥ ਲੰਮਾ ਕਰਕੇ ਉਸਦੀ ਠੋਡੀ ਨੂੰ ਛੂਹਿਆ ਅਤੇ ਉਂਗਲੀਆਂ ਨੂੰ ਚੁੰਮ ਕੇ ਆਖਿਆ, 'ਹਾਂ ਬੇਟਾ ਮੈਂ ਤੇਰੀ ਮਾਸੀ ਹਾਂ।'
ਗੁਣੇਇੰਦ੍ਰ ਨੇ ਇਸ਼ਾਰਾ ਕਰਦੇ ਹੋਏ ਨੇ ਕਿਹਾ, ਬਹਿ ਜਾਓ ਮਾਸੀ ਜੀ?
ਸਲੋਚਨਾ ਨੇ ਮੁਸਕਰਾ ਕੇ ਆਖਿਆ, 'ਜਦੋਂ ਤੁਹਾਡੇ ਘਰ ਹੀ ਆ ਗਈ ਹਾਂ ਤਾਂ ਬਹਿਣਾ ਤਾਂ ਪਵੇਗਾ ਹੀ। ਹਾਂ ਬੱਚਾ ਕੀ ਤੂੰ ਹਾਲੇ ਤਕ ਵਿਆਹ ਨਹੀਂ ਕੀਤਾ?'
ਗੁਣੇਇੰਦ੍ਰ ਹੱਸ ਪਿਆ। 'ਕਹਿਣ ਲੱਗਾ, ਅਜੇ ਥੋੜਾ ਵੇਲਾ ਏ ਵਿਆਹ ਕਰਵਾਉਣ ਦਾ?'
ਸਲੋਚਨਾ ਨੇ ਆਖਿਆ, ਹੁਣ ਹੋ ਜਾਇਗਾ। ਘਰ ਵਿਚ ਕੋਈ ਇਸਤ੍ਰੀ ਨਹੀਂ?
'ਨਹੀਂ।'
ਰੋਟੀ ਕੌਣ ਪਕਾਉਂਦਾ ਹੈ?
ਲਾਂਗਰੀ ਰਖਿਆ ਹੋਇਆ ਹੈ।
ਸਲੋਚਨਾ ਨੇ ਕਿਹਾ ਲਾਂਗਰੀ ਦੀ ਕੋਈ ਲੋੜ ਨਹੀ ਮੈਂ ਹੀ ਪਕਾਇਆ ਕਰਾਂਗੀ। ਪਰ ਖੈਰ ਇਹ ਕੁਝ ਸਭ ਹੁੰਦਾ ਈ ਰਹੇਗਾ, ਪਹਿਲਾਂ ਮੈਂ ਹੋਰ ਚਾਰ ਗੱਲਾਂ ਆਖ ਵੇਖ ਲਵਾਂ ਹੋਮ ਦੇ ਬਾਬੂ ਜੀ ਦਾ ਜਦੋਂ ਓਥੋਂ ਕੰਮ ਹਟ ਗਿਆ ਤਾਂ ਅਸੀਂ ਦੇਸ ਚਲੇ ਗਏ ਕੋਲ ਚਾਰ ਪੈਸੇ ਵੀ ਸਨ ਤੇ ਕੁਝ ਜ਼ਮੀਨ ਜਾਇਦਾਦ ਭੀ ਸੀ ਸੇ ਗੁਜ਼ਰ ਚੰਗੀ ਹੁੰਦੀ ਗਈ। ਪਿਛਲੇ ਸਾਲ ਉਹਨਾਂ ਨੂੰ ਤਪਦਿੱਕ ਹੋ ਗਿਆ ਦਵਾਈਆਂ ਤੇ ਪਹਾੜਾਂ ਦੀਆਂ ਸੈਰਾਂ ਕਰੌਣ ਦੇ ਮੂੰਹ ਜੋ ਕੁਝ ਕੋਲ ਸੀ ਸਭ ਮੁਕਾ ਬੈਠੀ ਤੇ ਅਖੀਰ ਨੂੰ ਉਹ ਵੀ ਮਰ ਗਏ। ਉਹਨਾਂ ਨੂੰ ਗੁਜਰਿਆਂ ਇਕ ਮਹੀਨਾ ਹੋਇਆ ਹੈ। ਹੁਣ ਤਾਂ ਤੇਰਾ ਹੀ ਆਸਰਾ ਤਕ ਕੇ ਆ ਗਈ ਹਾਂ। ਢਿੱਡ ਭਰਨ ਨੂੰ ਰੋਟੀ ਦੇਣੀ ਪਏਗੀ ਬੱਚਾ, ਬੱਸ ਇਹੋ ਹੀ ਪ੍ਰਾਰਥਨਾ ਹੈ।
ਉਹਦੀਆਂ ਅੱਖਾਂ ਵਿਚੋਂ ਟੱਪ ਟੱਪ ਅਥਰੂ ਡਿੱਗਣ ਲਗ ਪਏ। ਗੁਣੇਇੰਦ੍ਰ ਦੀਆਂ ਅੱਖਾਂ ਵੀ ਭਰ ਆਈਆਂ, ਉਸਨੇ ਭਰੇ ਹੋਏ ਗਲੇ ਨਾਲ ਆਖਿਆਂ, 'ਲੜਕਾ ਮਾਂ ਨੂੰ ਪਹਿਨਣ ਖਾਣ ਨੂੰ ਵੀ ਨਹੀਂ ਦੇਵੇਗਾ? ਤੂੰ ਇਹ ਕੀ ਸੋਚ ਕੇ ਆਈ ਏਂ ਮਾਂ?
ਸਲੋਚਨਾ ਨੇ ਪੱਲੇ ਨਾਲ ਅੱਖਾਂ ਪੂੰਝਦੀ ਹੋਈ ਨੇ ਕਿਹਾ, 'ਨਹੀਂ ਬੱਚਾ ਇਹ ਖਿਆਲ ਹੁੰਦਾ ਤਾਂ ਐਨੀ ਔਖੀ ਹੋ ਕੇ ਵੀ ਇਥੇ ਨ ਆਉਂਦੀ। ਤੈਨੂੰ ਗਿੱਠ ਕੁ ਜਿੱਨਾਂ ਛਡ ਗਈ ਸਾਂ। ਐਨੇ ਚਿਰ ਪਿਛੋਂ ਵੀ ਤੈਨੂੰ ਨਹੀਂ ਭੁੱਲਾ, ਸਕੀ ਤੇ ਔਖੇ ਦਿਨ ਕੱਟਣ ਲਈ ਏਧਰ ਉਠ ਭੱਜੀ ਹਾਂ। ਇਹਦੇ ਬਿਨਾਂ ਇਕ ਗਲ ਹੋਰ ਵੀ ਹੈ, ਮੇਰੀ ਬੱਚੀ ਹੇਮ ਨਲਨੀ ਤੇਰੀ ਭੈਣ ਹੀ ਸਮਝ, ਮੇਰੇ ਨਾਲੋਂ ਵੀ ਵੱਧ ਨਿਰਾਸਰੀ ਹੈ। ਉਹ ਵਰ ਘਰ ਜੋਗੀ ਤੇ ਹੋ ਗਈ ਹੈ ਪਰ ਮੈਂ ਹਾਲੇ ਤਕ ਉਹਦੇ ਹੱਥ ਪੀਲੇ ਨਹੀਂ ਕਰਵਾ ਸੱਕੀ, ਇਸ ਕੰਮ ਵਾਸਤੇ ਵੀ ਤੈਨੂੰ ਹੀ ਖੇਚਲ ਕਰਨੀ ਪਵੇਗੀ।
ਮਾਂ ਉਹਨੂੰ ਨਾਲ ਕਿਉਂ ਨਹੀਂ ਲੈ ਆਈ?
ਸਲੋਚਨਾ ਨੇ ਆਖਿਆ ਨਾਲ ਤਾਂ ਲੈ ਆਈ ਹਾਂ, ਪਰ ਬਾਹਰ ਖਲ੍ਹਿਆਰ ਆਈ ਹਾਂ। ਉਹ ਕੁਝ ਅਭਮਾਨਣੀ ਹੈ, ਏਸ ਕਰਕੇ ਉਤੇ ਨਹੀਂ ਲਿਆਂਦੀ ਕਿ ਪਹਿਲਾਂ ਤੁਹਾਡੇ ਮੂੰਹ ਦੀ ਸੁੰਘ ਲਵਾਂ!
ਗੁਣੇਇੰਦ੍ਰ ਨੇ ਜ਼ੋਰ ਨਾਲ ਨੌਕਰ ਨੂੰ ਅਵਾਜ਼ ਮਾਰ ਕੇ ਆਖਿਆ, ਇਥੇ ਥੱਲੇ ਹੇਮ ਨਲਨੀ ਬੈਠੀ ਹੈ ਉਹਨੂੰ ਨਾਲ ਲੈ ਆ।
ਸਲੋਚਨਾ ਨੇ ਆਖਿਆ, ਉਹਦੇ ਵਿਆਹ ਤੇ ਜੋ
................
................
ਬਹਿ ਗਈ। ਥੋੜੇ ਚਿਰ ਪਿਛੋਂ ਲੰਮਾ ਸਾਹ ਲੈਕੇ ਬੋਲੀ..ਪਤਾ ਨਹੀਂ ਲੋਕਾਂ ਨੂੰ ਕਿਉਂ ਊਤ ਪਤਾਂਗ ਗੱਲਾਂ ਸੁਝਦੀਆਂ ਰਹਿੰਦੀਆਂ ਹਨ।
ਗੁਣੇਇੰਦ੍ਰ ਨੇ ਮੁਸਕਰਾ ਕੇ ਆਇਆ,ਊਟ-ਪਟਾਂਗ ਗੱਲਾਂ ਦੀ ਬਾਬਤ ਫੇਰ ਸੋਚ ਵਿਚਾਰ ਹੁੰਦੀ ਰਹੇਗੀ। ਹਾਂ ਹੁਣ ਤੁਸੀਂ ਰਸੋਈ ਵਿਚ ਚਲੋ।

੩.
ਜਿੱਦਾਂ ਕੋਈ ਕੱਚੇ ਚੌਲਾਂ ਦੀ ਰਿੰਨ੍ਹੀ ਹੋਈ ਤੌੜੀ ਚੁਰਾਹੇ ਵਿਚ ਸੁਟ ਕੇ ਚਲਿਆ ਜਾਂਦਾ ਹੈ ਤੇ ਮੁੜ ਕੇ ਨਹੀਂ ਵੇਖਦਾ ਕਿ ਤੌੜੀ ਟੁੱਟ ਗਈ ਹੈ ਜਾਂ ਬਚ ਗਈ ਹੈ, ਠੀਕ ਏਸੇ ਤਰ੍ਹਾਂ ਸੌ ਵਿਚੋਂ ਨੜਿੰਨਵੇਂ ਆਦਮੀ ਸੁਰਸਤੀ ਤੋਂ ਆਪਣਾ ਕੰਮ ਲੈਕੇ ਉਹਨੂੰ ਚੁਰਾਹੇ ਵਿਚ ਸੁਟ ਦਿੰਦੇ ਹਨ ਤੇ ਮੁੜਕੇ ਪਤਾ ਨਹੀਂ ਲੈਂਦੇ। ਪਰ ਗੁਣੇਇੰਦ੍ਰ ਉਹਨਾਂ ਨੜਿੰਨਵਿਆਂ ਵਿਚੋਂ ਨਹੀਂ ਸੀ। ਉਹ ਸੌ ਵਿਚੋਂ ਇਕ ਹੀ ਸੀ ਜਿਸਦੇ ਦਿਲ ਅੰਦਰ ਸੁਰੱਸਤੀ ਦੀ ਜੋ ਸ਼ਰਧਾ ਮੁੱਢ ਤੋਂ ਸੀ, ਹੁਣ ਵਕੀਲ ਬਣਨ ਦੇ ਵੀ ਉਹ ਉਸੇ ਤਰ੍ਹਾਂ ਸ਼ਰਧਾ ਨਾਲ ਸੁਰੱਸਤੀ ਦੀ ਪੂਜਾ ਕਰ ਰਿਹਾ ਸੀ। ਇਹੋ ਵਜ੍ਹਾ ਸੀ ਕਿ ਉਹਦਾ ਘਰ ਲਛਮੀ ਨਾਲ ਬੂਥਿਆ ਪਿਆ ਸੀ।
ਉਸਦਾ ਪੁਸਤਕਾਲਯ, 'ਲਾਇਬ੍ਰੇਰੀ' ਰੂਮ ਕਿਤਾਬਾਂ ਨਾਲ ਭਰਿਆ ਪਿਆ ਸੀ। ਇਸੇ ਥਾਂ ਹੀ ਹੇਮ ਨਲਨੀ ਨੂੰ ਆਸਰਾ ਮਿਲਿਆ। ਗੁਣੇਇੰਦ੍ਰ ਆਪਣੀ ਕਸੇ ਵੀ ਚੀਜ਼ ਨੂੰ ਬਣਾ ਸੁਆਰਕੇ ਥਾਂ ਸਿਰ ਰਖਣ ਨਹੀਂ ਸੀ ਗਿੱਝਾ ਹੋਇਆ।ਇਸੇ ਕਰਕੇ ਉਹਨਾਂ ਦੀ , ਜਿਹੜੀ ਕਿਤਾਬ ਇਕ ਵਾਰੀ ਬਾਹਰ ਆ ਜਾਂਦੀ ਸੀ ਉਹ ਮੁੜ ਕੇ ਆਪਣੀ ਥਾਂ ਤੇ ਨਹੀਂ ਸੀ ਜਾ ਸਕਦੀ। ਮੇਜ਼ ਕੁਰਸੀ, ਗਲੀਚੇ ਤੇ ਹੁੰਦਿਆਂ ਹੁੰਦਿਆਂ ਜੇ ਉਹ ਅਲਮਾਰੀ ਵਿਚ ਜਾ ਵੀ ਪੈਂਦੀ ਸੀ ਤਾਂ ਫੇਰ ਲੋੜ ਵੇਲੇ ਉਹਦਾ ਕੋਈ ਥਹੁ ਪਤਾ ਨਹੀਂ ਸੀ ਲਗਦਾ ਕਿ ਉਹ ਕਿਹੜੇ ਖੂਹ ਖਾਤੇ ਵਿਚ ਪੈ ਗਈ ਹੈ। ਉਹਦੇ ਕੋਲ ਕਿਤਾਬਾਂ ਦੀ ਇਕ ਸੂਚੀ ਵੀ ਸੀ, ਪਰ ਇਹਨੂੰ ਵਰਤੋਂ ਵਿਚ ਲਿਆਉਣ ਦਾ ਕਦੇ ਕਿਨੇ ਯਤਨ ਨਹੀਂ ਸੀ ਕੀਤਾ।
ਹੇਮ ਨੇ ਇਸ ਘੜਮੱਸ ਚੌਦੇ ਨੂੰ ਦੋਂਹ ਤਿੰਨਾਂ ਦਿਨਾਂ ਵਿਚ ਹੀ ਠੀਕ ਕਰ ਲਿਆ। ਇਕ ਦਿਨ ਜਦ ਉਹ, ਇਕ ਅਲਮਾਰੀ ਨੂੰ ਖਾਲੀ ਕਰਕੇ ਕਿਤਾਬਾਂ ਰਖ ਰਹੀ ਸੀ, ਗੁਣੇਇੰਦ੍ਰ ਆ ਗਿਆ ਉਹਨੂੰ ਵੇਖਕੇ ਹੇਮ ਕਹਿਣ ਲੱਗੀ, 'ਭਰਾਵਾ ਜੇ ਇਹ ਕਿਤਾਬਾਂ ਮੈਂ ਏਸ ਅਲਮਾਰੀ ਵਿਚ ਤੇ ਔਹ ਉਸ ਅਲਮਾਰੀ ਵਿਚ ਰਖ ਦੇਵਾਂ ਤਾਂ ਬੜਾ ਸੌਖ ਰਹੇਗਾ।
ਗੁਣੇਇੰਦ੍ਰ ਨੇ ਮੁਸਕਰਾਉਂਦੇ ਹੋਏ ਨੇ ਕਿਹਾ, ਕੀ ਸੌਖ ਰਹੇਗਾ?
ਹੇਮ ਨੇ ਆਖਿਆ, ਸੌਖ ਕਿਉਂ ਨਾ ਰਹੇਗਾ, ਦੇਖੋ ਨਾ ਇਹ ਕਿਤਾਬਾਂ ਇਥੇ ਰਖਿਆਂ , ਕਿੰਨੀਆਂ ਸੁਹਣੀਆਂ.........।
ਗੁਣੇਇੰਦ੍ਰ ਵਿਚੋਂ ਹੀ ਬੋਲ ਪਿਆ, ਹਾਂ, ਠੀਕ ਹੈ ਬੜਾ ਸੌਖ ਰਹੇਗਾ, ਮੈਂ ਵੇਖ ਰਿਹਾ ਹਾਂ।
ਹੇਮ ਇਕ ਚੌਂਕੀ ਤੇ ਰੁਸ ਕੇ ਬਹਿ ਗਈ। ਕਹਿਣ ਲੱਗੀ, ਜਾਓ ਮੈਂ ਨਹੀਂ ਰੱਖਦੀ। ਇਨ੍ਹਾਂ ਨੂੰ ਚੰਗੀ ਗਲ ਵੀ ਬੁਰੀ ਲਗਦੀ ਹੈ।
ਗੁਣੇਇੰਦ੍ਰ ਇਕ ਕਿਤਾਬ ਚੁਕ ਕੇ ਮੁਸਕਰਾਉਂਦਾ ਹੋਇਆ ਬਾਹਰ ਚਲਿਆ ਗਿਆ। ਹੇਮ ਦਿਨ ਰਾਤ ਇਸ ਕਮਰੇ ਵਿਚ ਰਹਿੰਦੀ ਸੀ। ਇਸ ਕਰਕੇ ਗੁਣੇਇੰਦ੍ਰ ਆਪਣੇ ਸੌਂਣ ਵਾਲੇ ਕਮਰੇ ਵਿਚ ਹੀ ਬਹਿ ਕੇ ਪੜ੍ਹਿਆ ਲਿਖਿਆ ਕਰਦਾ ਸੀ। ਐਤਵਾਰ ਨੂੰ ਹੇਮ ਨੇ ਬਾਹਰੋਂ ਅਵਾਜ਼ ਦਿੱਤੀ, 'ਭਰਾ ਜੀ ਅੰਦਰ ਆ ਜਾਵਾਂ?'
ਗੁਣੇਇੰਦ੍ਰ ਨੇ ਅੰਦਰੋਂ ਆਖਿਆ ਆ ਜਾਓ।'
ਹੇਮ ਨੇ ਆਖਿਆ! ਤੁਸੀਂ ਹਰ ਵੇਲੇ ਇਸ ਸੌਣ ਵਾਲੇ ਕਮਰੇ ਵਿਚ ਹੀ ਬਹਿਕੇ ਕਿਉਂ ਪੜ੍ਹਦੇ ਹੁੰਦੇ ਹੋ?
'ਇਹਦੇ ਵਿਚ ਕਰ ਹਰਜ ਹੈ?' ਕੀ ਇਸ ਤਰਾਂ ਘਰ ਵਿੱਚ ਵਿਦਿਆ ਘੱਟ ਆਇਗੀ?'
ਲਾਇਬ੍ਰੇਰੀ ਦੇ ਕਮਰੇ ਵਿਚ ਪੜ੍ਹਦਿਆਂ ਕਿਹੜੀ ਘਟ ਗਈ ਸੀ?
ਗੁਣੇਇੰਦ੍ਰ ਨੇ ਕਿਹਾ ਘਟੀ ਤਾਂ ਕੋਈ ਨਹੀਂ ਸੀ ਪਰ ਕੱਚੀ ਜ਼ਰੂਰ ਹੋ ਗਈ ਸੀ। ਏਸ ਕਮਰੇ ਵਿੱਚ ਉਹਨੂੰ ਪੱਕੀ ਕਰ ਰਿਹਾ ਹਾਂ।
ਹੇਮ ਪਹਿਲਾਂ ਤਾਂ ਹੱਸ ਪਈ। ਫੇਰ ਗੱਲ ਸਮਝ ਵਿਚ ਨ ਆਉਣ ਕਰਕੇ ਸਿਆਣੀ ਜੇਹੀ ਹੋਕੇ ਬੋਲੀ, ਤੁਹਾਡੀਆਂ ਸਾਰੀਆਂ ਗੱਲਾਂ ਗੁੰਗਿਆਂ ਵਾਲੀਆਂ ਸੈਨਤਾਂ ਹੀ ਹੁੰਦੀਆਂ ਹਨ। ਕੋਈ ਗਲ ਸਿੱਧੀ ਤਰ੍ਹਾਂ ਵੀ ਕਰਿਆ ਕਰੋ।
ਗੁਣੇਇੰਦ੍ਰ ਮੁਸਕਰਾਉਣ ਲੱਗ ਪਿਆ ਤੇ ਕੋਈ ਜੁਵਾਬ ਨ ਦਿੱਤਾ।
ਹੇਮ ਨੇ ਆਖਿਆ, ਮੈਂ ਸਮਝਦੀ ਹਾਂ, ਇਸ ਕਮਰੇ ਵਿਚ ਮੈਂ ਰਹਿੰਦੀ ਹਾਂ ਇਸ ਕਰਕੇ ਤੁਸੀਂ ਇਥੇ ਨਹੀਂ ਪੜ੍ਹਦੇ। ਤੁਸੀਂ ਮੇਰੇ ਪਾਸੋਂ ਸੰਗਦੇ ਹੋ। ਪਰ ਮੈਂ ਤਾਂ ਤੁਹਾਥੋਂ ਨਹੀਂ ਸੰਗਦੀ।
ਗੁਣੇਇੰਦ੍ਰ ਨੇ ਆਖਿਆ, ਕਿਉਂ ਨਹੀਂ ਸੰਗਦੀ, ਸੰਗਣਾ ਚਾਹੀਦਾ ਹੈ।
ਹੇਮ ਨੇ ਸਾਹਮਣੇ ਲਟਕ ਰਹੀਆਂ ਵਾਲਾਂ ਦੀਆਂ ਬੌਰੀਆਂ ਨੂੰ ਪਿਛਾਂਹ ਹਟਾਉਂਦਿਆਂ ਹੋਇਆਂ ਕਿਹਾ, ਸ਼ਰਮ ਕਿਉਂ ਕਰਾਂ, ਕੀ ਤੁਸੀਂ ਕੋਈ ਓਪਰੇ ਹੋ? ਏਦਾਂ ਨਹੀਂ ਹੋ ਸਕਣਾ ਭਰਾ ਜੀ ਚਲੋ ਤੁਸੀਂ ਕਮਰੇ ਵਿਚ।
ਇਹ ਆਖਕੇ ਉਹ ਕਿਤਾਬਾਂ ਚੁਕ ਕੇ ਤੁਰ ਪਈ।
ਗੁਣੇਇੰਦ੍ਰ ਇਕ ਦਿਨ ਹੇਮ ਦੇ ਪਹਿਨਣ ਲਈ ਚੂੜੀਆਂ, ਹਾਰ, ਕੜੇ ਆਦਿ ਖਰੀਦ ਲਿਆਇਆ ਸੀ, ਸਲੋਚਨਾ ਵੇਖਕੇ ਆਖਣ ਲੱਗੀ, ਕਿਉਂ ਬੱਚਾ ਇਹ ਸਭ ਕਿਉਂ ਲਿਆਇਆ?
ਗੁਣੇਇੰਦ੍ਰ ਨੇ ਆਖਿਆ, ਇਹਦੇ ਨਾਲ ਕੀ ਬਣੇਗਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਲੜਕੀ ਖਾਲੀ ਹੱਥੀਂ ਥੋੜਾ ਤੁਰ ਜਾਇਗੀ।
ਸਲੋਚਨਾ ਅਗੋਂ ਕੁਝ ਨ ਕਹਿ ਸਕੀ, ਉਹਦਾ ਮਨ ਅੰਦਰੋ ਅੰਦਰੀ ਹੀ ਖਿੜ ਉਠਿਆ ਕਿ ਇਹਨਾਂ ਦੋਹਾਂ ਜਣਿਆਂ ਨੇ ਐਡੀ ਛੇਤੀ, ਆਪੋ ਵਿਚ ਦੀ ਇਕ ਦੂਜੇ ਨੂੰ ਕਿੱਦਾਂ ਸਮਝ ਲਿਆ ਹੈ। ਇਸ ਗੱਲ ਨੂੰ ਉਹ ਮੁੜ ਮੁੜ ਸੋਚਣ ਲੱਗੀ। ਇਕ ਦਿਨ ਉਸਨੇ ਗੁਣੇਇੰਦ੍ਰ ਨੂੰ ਬੁਲਾਕੇ ਆਖਿਆ, ਆਉਣ ਵਾਲੇ ਸਾਹੇ ਵਿੱਚ ਲੜਕੀ ਦਾ ਵਿਆਹ ਜਿਦਾਂ ਵੀ ਹੋਵੇ ਕਰ ਦੇਣਾ ਹੈ, ਕਿਉਂਕਿ ਲੜਕੀ ਵੱਡੀ ਹੋ ਗਈ ਹੈ।
ਗੁਣੇਇੰਦ੍ਰ ਨੇ ਆਖਿਆ 'ਤੁਸੀਂ ਇਹਦਾ ਭੋਰਾ ਫਿਕਰ ਨ ਕਰੋ। ਪਹਿਲਾਂ ਕੋਈ ਚੰਗਾ ਜਿਹਾ ਵਰ ਘਰ ਤਾਂ ਵੇਖਣਾ ਹੀ ਪਵੇਗਾ, ਹੱਥ ਪੈਰ ਬੰਨ੍ਹਕੇ ਖੂਹ ਵਿਚ ਤਾਂ ਨਹੀਂ ਸੁੱਟੀ ਜਾ ਸਕਦੀ?'
ਸਲੋਚਨਾ ਨੇ ਲੰਮਾ ਸਾਰਾ ਹੌਕਾਂ ਲੈਕੇ ਆਖਿਆ, ਚੰਗਾ ਮਾੜਾ ਇਹਦੀ ਕਿਸਮਤ। ਜਿਥੋਂ ਤਕ ਹੋ ਸਕਿਆ ਅਸੀਂ ਆਪਣੀ ਵਾਹ ਲਾਵਾਂਗੇ, ਅਗੇ ਰੱਬ ਦੀਆਂ ਰੱਬ ਜਾਣੇ।
ਇਹ ਤਾਂ ਠੀਕ ਹੈ, ਆਖਦਾ ਹੋਇਆ ਉਹ ਉਠ ਕੇ ਚਲਿਆ ਗਿਆ। ਉਸਦੀਆਂ ਅੱਖਾਂ ਅੱਗੇ ਇਕ ਕਾਲਾ ਜਿਹਾ ਪਰਛਾਵਾਂ ਆਕੇ ਲੰਘ ਗਿਆ ਸਲੋਚਨਾ ਨੇ ਉਹਨੂੰ ਵੇਖਕੇ ਇਕ ਠੰਢਾ ਜਿਹਾ ਸਾਹ ਲਿਆ ਤੇ ਆਪਣੇ ਕੰਮ ਜਾ ਲੱਗੀ, ਮਨ ਹੀ ਮਨ ਵਿਚ ਆਖਣ ਲੱਗੀ ਇਹ ਚੰਗਾ ਨਹੀਂ ਹੋ ਰਿਹਾ ਜਿੰਨੀ ਛੇਤੀ ਹੋ ਸੱਕੇ ਇਸਦਾ ਵਿਆਹ ਕਰ ਦੇਣਾ ਠੀਕ ਰਹੇਗਾ।
ਕਈਆਂ ਦਿਨਾਂ ਪਿੱਛੋਂ ਹੇਮ ਨੇ ਕਮਰੇ ਵਿਚ ਵੜਦਿਆਂ ਕਿਹਾ, 'ਅਜੇ ਤਕ ਸੁਤੇ ਪਏ ਹੋ ਕਪੜੇ ਨਹੀਂ ਪਾਏ, ਉਠੋਗੇ ਨਹੀਂ, ਕਿੰਨਾ ਦਿਨ ਚੜ੍ਹ ਆਇਆ ਹੈ?'
ਗੁਣੇਇੰਦ੍ਰ ਚੁਪ ਚਾਪ ਬਿਸਤਰੇ ਤੇ ਪਿਆ ਹੇਮ ਵਲ ਵੇਖਦਾ ਰਿਹਾ। ਹੇਮ ਨੇ ਅਲਮਾਰੀ ਦੇ ਕੋਲ ਜਾਕੇ ਖੱਟ ਕਰਦੀ ਅਲਮਾਰੀ ਖੋਲ੍ਹੀ ਤੇ ਮੁਠ ਸਾਰੇ ਨੋਟ ਤੇ ਰੁਪੈ ਆਪਣੇ ਪਲੇ ਬੰਨ ਲਏ। ਫੇਰ ਚਾਬੀ ਬੰਦ ਕਰਕੇ ਆਖਿਆ ਆਖਿਆ, ਹਥ ਜੁੜਾ ਲਓ ਭਰਾ ਜੀ, ਚਿਰ ਨ ਕਰੋ। ਦੁਕਾਨ ਬੰਦ ਹੋ ਜਾਇਗੀ।
ਗੁਣੇਇੰਦ੍ਰ ਨੇ ਉਹਦੀ ਪੁਸ਼ਾਕ ਵੇਖਕੇ ਅੰਦਾਜ਼ਾ ਤਾਂ ਲਾ ਲਿਆ ਸੀ, ਫੇਰ ਵੀ ਪੁਛਿਆ ਕਿੱਥੇ ਜਾਣਾ ਪਏਗਾ?
ਹੇਮ ਨੇ ਕਾਹਲੀ ਪੈ ਕੇ ਆਖਿਆ, ਵਾਹ ਘੰਟਾ ਪਹਿਲਾਂ ਗੱਡੀ ਤਿਆਰ ਕਰਨ ਲਈ ਆਖਿਆ ਸੀ, ਹੁਣ ਆਖਦੇ ਹੋ ਕਿੱਥੇ ਜਾਣਾ ਹੈ?
ਗੁਣੇਇੰਦ੍ਰ ਨੇ ਆਖਿਆ, 'ਜਾਣ ਦਾ ਪਤਾ ਤਾਂ ਗੱਡੀ ਵਾਲੇ ਨੂੰ ਹੋਵੇਗਾ, ਮੈਂ ਗੱਡੀ ਵਾਲਾ ਨਹੀਂ ਮੈਨੂੰ ਕੀ ਪਤਾ ਹੈ ਕਿੱਥੇ ਜਾਣਾ ਹੈ?'
ਹੇਮ ਨੇ ਹੱਸ ਕੇ ਆਖਿਆ, ਤੁਸੀਂ ਗੱਡੀ ਵਾਲੇ ਨਹੀਂ ਮਾਲਕ ਹੋ, ਬਾਬਾ ਛੇਤੀ ਕਰੋ ਚਿਰ ਹੋ ਗਿਆ ਤਾਂ ਹੱਟੀ ਬੰਦ ਹੋ ਜਾਏਗੀ।
ਕਿਹੜੀ ਹੱਟੀ?
ਕਿਤਾਬਾਂ ਦੀ ਹੱਟੀ? ਤੁਹਾਨੂੰ ਮਾਦਨਾ ਨੇ ਨਹੀਂ ਦਸਿਆ? ਮੇਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਉਹ ਤੁਹਾਨੂੰ ਦੱਸ ਦੇਣ। ਹੁਣੇ ਈ ਬਹੁਤ ਵਧੀਆ ਕਿਤਾਬਾਂ ਛਪ ਕੇ ਆਈਆਂ ਹਨ ਮੈਂ ਉਹਨਾਂ ਦੀ ਇਕ ਫਹਿਰਿਸਤ ਤਿਆਰ ਕਰ ਲਈ ਹੈ।
ਉਹਦੇ ਹੱਥਾਂ ਵਿਚ ਇਕ ਕਾਗਜ਼ ਵੇਖ ਕੇ ਗੁਣੇਇੰਦ੍ਰ ਨੇ ਕਿਹਾ, ਲਿਆਓ ਖਾਂ ਭਈ ਮੈਂ ਫਹਿਰਿਸਤ ਵੇਖਾਂ ਤਾ ਸਹੀ।
'ਨਹੀਂ ਲਿਸਟ ਵੇਖੋਗੇ ਤਾਂ ਸ਼ਾਇਦ ਤੁਸੀਂ ਮੈਨੂੰ ਖਰੀਦਣ ਹੀ ਨ ਦਿਉ।'
ਤੇ ਏਦਾਂ ਮੈਂ ਲੁਕਾ ਕੇ ਖਰੀਦਿਆਂ ਹੋਈਆਂ ਕਿਤਾਬਾਂ ਵੀ ਪੜ੍ਹਨ ਨਹੀਂ ਦੇਣੀਆਂ!
ਹੇਮ ਨੇ ਥੋੜਾ ਚਿਰ ਚੁਪ ਰਹਿਕੇ ਆਖਿਆ, ਚੰਗਾ ਚਲੋ ਰਾਹ ਵਿਚ ਵਿਖਾਵਾਂਗੀ। ਸ਼ਾਮ ਦੇ ਵੇਲੇ ਦੋਵੇਂ ਕਿਤਾਬਾਂ ਖਰੀਦ ਕੇ ਘਰ ਮੁੜੇ। ਸਲੋਚਨਾ ਕਹਿਣ ਲੱਗੀ, ਐਨੀਆਂ ਕਿਤਾਬਾਂ?
ਗੁਣੇਇੰਦ੍ਰ ਨੇ ਕਿਹਾ, ਪਤਾ ਨਹੀਂ ਮਾਂ ਇਹ ਸਾਰੀਆਂ ਹੇਮ ਦੀਆਂ ਕਿਤਾਬਾਂ ਹਨ। ਐਵੇਂ ਵਾਧੂ ਰੁਪੈ ਪੁਟ ਆਈ ਹੈ।
ਸਲੋਚਨਾ ਨੇ ਆਖਿਆ, ਤੁਸਾਂ ਦਿਤੇ ਕਿਉਂ?
ਗੁਣੇਇੰਦ੍ਰ ਨੇ ਕਿਹਾ, ਮੈਂ ਆਪ ਥੋੜੇ ਗਿਣਕੇ ਦਿਤੇ ਹਨ ਚਾਬੀ ਉਸੇ ਕੋਲ ਰਹਿੰਦੀ ਹੈ। ਉਹਨੇ ਆਪਣੇ ਹਥ ਨਾਲ ਰੁਪੈ ਕੱਢ ਲਏ ਹਨ। ਆਪ ਹੀ ਗੱਡੀ ਕਰਾਏ ਤੇ ਲਈ ਤੇ ਜਾਕੇ ਖਰੀਦ ਲਿਆਈ ਮੈਂ ਤਾਂ ਕੇਵਲ ਨਾਲ ਜਾਣ ਦਾ ਚੋਰ ਹਾਂ।
ਹੇਮ ਨੇ ਬਹੁਤ ਸਾਰੀਆਂ ਕਿਤਾਬਾਂ ਨੰਦਾ ਦੇ ਰਾਹੀਂ ਮਾਦਨਾ ਨੂੰ ਭੇਜ ਦਿਤੀਆਂ ਤੇ ਬਾਕੀ ਦੀਆਂ ਉਠਾ ਲੈ ਗਈ। ਸਲੋਚਨਾ ਨੇ ਗੁਣੇਇੰਦ੍ਰ ਨੂੰ ਕਿਹਾ, ਬੱਚਾ ਨਿਆਣੀਆਂ ਨੂੰ ਐਨਾ ਸਿਰੇ ਚਾੜ੍ਹਨਾ ਚੰਗਾ ਨਹੀਂ, ਪਤਾ ਨਹੀਂ ਕਿਹਦੇ ਨਾਲ ਜੋੜ ਜੁੜਨਾ ਹੈ। ਫੇਰ ਔਖੀ ਹੋਵੇਗੀ।
ਗੁਣੇਇੰਦ੍ਰ ਨੇ ਉਤੇ ਲਾਇਬਰੇਰੀ ਦੇ ਕਮਰੇ ਵਿਚ ਜਾ ਕੇ ਵੇਖਿਆ ਕਿ ਹੇਮਾਂ ਬੱਤੀ ਦੇ ਲਾਗੇ ਬੈਠੀ ਪੁਸਤਕਾਂ ਤੇ ਪਿਛੇ ਗੂੰਦ ਨਾਲ ਨੰਬਰਾਂ ਦੀਆਂ ਚਿਟਾਂ ਲਾ ਰਹੀ ਹੈ। ਆਖਣ ਲੱਗਾ ਮਾਂ ਨੇ ਆਖਿਆ ਹੈ ਤੈਨੂੰ ਐਡਾ ਸਿਰੇ ਚਾੜ੍ਹਨਾ ਠੀਕ ਨਹੀਂ, ਪਤਾ ਨਹੀਂ ਕੀਹਦੇ ਨਾਲ ਵਾਹ ਪਏਗਾ ਤੇ ਫੇਰ ਔਖਿਆਈ ਹੋਵੇਗੀ।
ਹੇਮ ਨੇ ਮੂੰਹ ਮੋੜ ਕੇ ਗੁਸੇ ਨਾਲ ਆਖਿਆ, ਕਿਉਂ ਔਖੀ ਹੋਵਾਂਗੀ। ਜੇ ਤੁਸੀਂ ਮੈਨੂੰ ਕਿਸੇ ਗਰੀਬ ਦੇ ਘਰ ਦੇ ਦਓਗੇ ਤਾਂ ਮੈਂ ਦੂਜੇ ਹੀ ਦਿਨ ਭੱਜ ਆਵਾਂਗੀ।
ਗੁਣੇਇੰਦ੍ਰ ਨੇ ਹੱਸ ਕੇ ਆਖਿਆ, 'ਚੰਗੀ ਗਲ ਹੈ।'
ਹੇਮ ਨੇ ਫੇਰ ਕੋਈ ਮੋੜ ਨ ਮੋੜਿਆ, ਉਹ ਆਪਣਾ ਕੰਮ ਕਰਨ ਲੱਗ ਪਈ। ਗੁਣੇਇੰਦ੍ਰ ਕੁਝ ਚਿਰ ਚੁਪ ਚਾਪ ਉਹਦੇ ਵੱਲ ਵੇਖਦਾ ਰਿਹਾ। ਫੇਰ ਮਾੜਾ ਜਿਹਾ ਹੌਕਾ ਲੈਕੇ ਆਪਣੇ ਕਮਰੇ ਵਿਚ ਚਲਿਆ ਗਿਆ।
ਦੁਰਗਾ ਪੂਜਾ ਦਾ ਤਿਉਹਾਰ ਮੁੱਕ ਗਿਆ। ਦੁਸਹਿਰੇ ਵਾਲੇ ਦਿਨ ਹੇਮ ਗੱਡੀ ਤੇ ਚੜ੍ਹਕੇ ਮੂਰਤੀ ਦਾ ਜਲ ਪ੍ਰਵਾਹ ਕਰਨਾ ਵੇਖਣ ਗਈ। ਘਰ ਆਕੇ ਮਾਂ ਨੂੰ ਮੱਥਾ ਟੇਕਕੇ ਉਤੇ ਚਲੀ ਗਈ। ਉਤੇ ਚੰਦ ਦੀ ਚਾਨਣੀ ਰਾਤ ਵਿਚ ਗੁਣੇਇੰਦ੍ਰ ਇਕੱਲਾ ਟਹਿਲ ਰਿਹਾ ਸੀ। ਹੇਮ ਨੇ ਸਾਹਮਣੇ ਜਾਕੇ ਉਹਦੇ ਪੈਰ ਪੂੰਝ ਕੇ ਉਹਨੂੰ ਪ੍ਰਨਾਮ ਕੀਤਾ ਤੇ ਪੈਰਾਂ ਦੀ ਧੂੜ ਸਿਰ ਤੇ ਲਾਕੇ ਸਾਹਮਣੇ ਖਲੋ ਗਈ ਗੁਣੇਇੰਦ੍ਰ ਕੁਝ ਵੀ ਨ ਬੋਲਿਆ, ਇਕੇ ਟੱਕ ਉਹਦੇ ਮੂੰਹ ਵੱਲ ਵੇਖਦਾ ਰਿਹਾ। ਇਸ ਤੋਂ ਹੇਮ ਕੁਝ ਸ਼ਰਮਾ ਗਈ। ਫੇਰ ਵੀ ਕਹਿਣ ਲੱਗੀ, ਮੈਨੂੰ ਅਸੀਸ ਨਹੀਂ ਦਿੱਤੀ ਭਰਾ ਜੀ?
ਗੁਣੇਇੰਦ੍ਰ ਦੀ ਜਾਗ ਖੁਲ ਗਈ, ਛੇਤੀ ਨਾਲ ਕਹਿਣ ਲੱਗਾ, ਦਿੱਤੀ ਤਾਂ ਹੈ।
ਕਦੋਂ?
'ਮਨ ਹੀ ਮਨ ਵਿੱਚ।'
ਹੇਮ ਨੇ ਹਾਸਾ ਰੋਕ ਕੇ ਆਖਿਆ, ਭਲਾ ਕੀ ਅਸੀਸ ਦਿੱਤੀ ਹੈ?
ਗੁਣੇਇੰਦ੍ਰ ਕੁੜਿਕੀ ਵਿਚ ਫਸ ਗਿਆ ਪਰ ਸਿਆਣਾ ਜਿਹਾ ਬਣਕੇ ਆਖਣ ਲੱਗਾ, ਅਸੀਸ ਦੱਸਣੀ ਨਹੀਂ ਚਾਹੀਦੀ ਨਹੀਂ ਤਾਂ ਉਹਦਾ ਫਲ ਮਾਰਿਆ ਜਾਂਦਾ ਹੈ।
ਹੇਮ ਨੇ ਆਖਿਆ, ਚੰਗਾ ਛੱਡੋ ਇਸ ਗਲ ਨੂੰ, ਤੁਸਾਂ ਮਾਂ ਨੂੰ ਮੱਥਾ ਟੇਕਆ ਹੈ?
'ਮੱਥੇ ਦਾ ਕੀ ਹੈ, ਮੱਥਾ ਤਾਂ ਰੋਜ਼ ਹੀ ਟੇਕਦਾ ਹਾਂ।'
ਹੇਮ ਨੇ ਕਾਹਲੀ ਜਹੀ ਪੈ ਕੇ ਆਖਿਆ ਏਦਾਂ ਨਹੀਂ ਹੋਵੇਗਾ। ਅੱਜ ਦੁਸੈਹਿਰਾ ਹੈ ਜੇ ਦੁਸੈਹਿਰੇ ਦਾ ਪ੍ਰਣਾਮ ਨਾ ਕਰੋਗੇ ਤਾਂ ਮਾਂ ਬੁਰਾ ਮਨਾਏਗੀ।
ਗੁਣੇਇੰਦ੍ਰ ਥਲੇ ਚਲਿਆ ਗਿਆ।
ਲਗ ਭਗ ਅੱਧਾ ਕਤਕ ਲੰਘ ਗਿਆ ਹੋਵੇਗਾ, ਇਕ ਦਿਨ ਹੇਮ ਨੇ ਅਚਾਨਕ ਕਮਰੇ ਵਿਚ ਆ ਕੇ ਕਿਹਾ, ਤੁਸੀਂ ਕਿਸੇ ਹੋਰ ਵਿਸ਼ੇ ਤੇ ਗਲ ਬਾਤ ਨਹੀਂ ਕਰ ਸਕਦੇ? ਜਦੋਂ ਵੇਖੋ ਉਹੋ ਗਲਾਂ, ਮੈਂ ਤੁਹਾਡਾ ਕੀ ਵਿਗਾੜਿਆ ਹੈ? ਇਹ ਆਖਕੇ ਉਹ ਰੋਣ ਲੱਗ ਪਈ।
ਗੁਣੇਇੰਦ੍ਰ ਹੱਕਾ ਬੱਕਾ ਰਹਿ ਗਿਆ। ਕਹਿਣ ਲੱਗੇ ਕੀ ਹੋਇਆ ਹੇਮ?
ਹੇਮ ਨੇ ਰੋਂਦਿਆਂ ਹੋਇਆਂ ਕਿਹਾ, 'ਜਿੱਦਾਂ ਤੁਸੀਂ ਕੁਝ ਜਾਣਦੇ ਹੀ ਨਹੀਂ।' ਮਾਂ ਆਖ ਰਹੀ ਸੀ ਸ਼ਾਨਤੀ ਪੁਰ ਜਾਂ ਹੋਰ ਕਿਥੇ, ਪਤਾ ਨਹੀਂ ਸਭ ਠੀਕ ਠਾਕ ਹੋ ਗਿਆ ਹੈ, ਪਰ ਮੈਂ ਜੇ ਵਿਆਹ ਨਾ ਕਰਾਂਗੀ ਤਾਂ ਤੁਸੀਂ ਮੇਰੇ ਹੱਥ ਪੈਰ ਬੰਨ੍ਹ ਕੇ ਡੋਲੇ ਵਿਚ ਥੋੜਾ ਪਾ ਦਿਓਗੇ?
ਗੁਣੇਇੰਦ੍ਰ ਹੁਣ ਸਮਝਿਆ ਤੇ ਹੱਸ ਕੇ ਬੋਲਿਆ, ਐਡੀ ਵੱਡੀ ਹੋ ਗਈਏਂ, ਤੇਰਾ ਵਿਆਹ ਨਾ ਕਰੀਏ?
'ਨਾਂ'।
ਇਹ ਕਿਦਾਂ ਹੋ ਸਕਦਾ ਹੈ ਜੇ ਤੇਰਾਂ ਵਿਆਹ ਨਾ ਕਰਾਂਗੇ ਤਾਂ ਬਰਾਦਰੀ ਵਾਲੇ ਬਰਾਦਰੀ ਵਿਚੋਂ ਛੇਕ ਦੇਣਗੇ।
ਤੁਸਾਂ ਵੀ ਤਾਂ ਵਿਆਹ ਨਹੀਂ ਕਰਵਾਇਆ, ਬਰਾਦਰੀ ਵਾਲੇ ਤੁਹਾਨੂੰ ਕਿਉਂ ਨਹੀਂ ਛੇਕ ਦੇਂਦੇ?
ਗੁਣੇਇੰਦ੍ਰ ਨੇ ਆਖਿਆ, 'ਸਾਡੀ ਮਰਦਾਂ ਦੀ ਗੱਲ ਹੋਰ ਹੈ। ਨਾਲੇ ਅਸੀਂ ਬ੍ਰਹਮ ਸਮਾਜੀ ਹੋਏ। ਪਰ ਤੁਹਾਡੀ ਬਰਾਦਰੀ ਵਿਚ ਤਾਂ ਜੇ ਲੜਕੀ ਦਾ ਠੀਕ ਵੇਲੇ ਸਿਰ ਵਿਆਹ ਨਾ ਕੀਤਾ ਜਾਵੇ ਤਾਂ ਬਰਾਦਰੀ ਵਿਚੋਂ ਛੇਕ ਦਿੰਦੇ ਹਨ। ਇਸ ਵਾਸਤੇ......।'
ਹੇਮ ਨੇ ਅੱਖਾਂ ਪੂੰਝਦੀ ਹੋਈ ਨੇ ਆਖਿਆ, ਤੁਸੀਂ ਬੜੇ ਚੰਗੇ ਲੋਕ ਹੋ। ਤੁਹਾਡੇ ਵਿਚ ਆਦਮੀ ਪੁਣਾ ਹੈ। ਇਸੇ ਕਰਕੇ ਤੁਸੀਂ ਆਦਮੀ ਨੂੰ ਏਦਾਂ ਬੰਨ੍ਹ ਕੇ ਨਾ ਮਾਰਦੇ। ਮੈਂ ਏਸ ਘਰ ਨੂੰ ਛਡਕੇ ਕਦੇ ਨਹੀਂ ਜਾਊਂਗੀ ਭਾਵੇਂ ਜਿੰਨਾ ਮਰਜ਼ੀ ਜੇ ਜੋਰ ਲਾ ਲਿਓ।
ਗੁਣੇਇਦ੍ਰ ਨੇ ਉਹਨੂੰ ਠੰਡਿਆਂ ਕਰਨ ਲਈ ਬੜਾ ਹੀ ਮਿੱਠਾ ਜਿਹਾ ਹੋ ਕੇ ਆਖਿਆ ਇਹ ਕਿਤੇ ਬਹੁਤ ਚੰਗਾ ਘਰ ਹੈ? ਉਹ ਵੇਖਣ ਚਾਖਣ ਨੂੰ ਵੀ ਬੜੇ ਚੰਗੇ ਜਵਾਨ ਹਨ। ਪੜ੍ਹੇ ਲਿਖੇ ਤੇ ਧਨਵਾਨ ਭੀ ਹਨ ਤੈਨੂੰ ਉਥੇ ਕੋਈ ਤਕਲੀਫ ਨਹੀਂ ਹੋਵੇਗੀ।
ਹੇਮ ਨੂੰ ਜ਼ਰਾ ਵੀ ਠੰਢ ਨਾ ਪਈ। ਕਾਹਲੀ ਕਾਹਲੀ ਮੱਥੇ ਉਤੇ ਆਈਆਂ ਹੋਈਆਂ ਬਾਉਰੀਆਂ ਨੂੰ ਹਟਾਉਂਦਿਆਂ ਹੋਇਆਂ ਕਹਿਣ ਲੱਗੀ, ਇਹ ਕਦੇ ਨਹੀਂ ਹੋਵੇਗਾ ਕਿਸੇ ਤਰ੍ਹਾਂ ਨਹੀਂ ਹੋਵੇਗਾ, ਮੈਂ ਸਾਫ ਸਾਫ ਕਹਿ ਰਹੀਂ ਹਾਂ । ਜੇ ਤੁਸੀਂ ਮੇਰਾ ਆਪਣੇ ਤੇ ਭਾਰ ਸਮਝਦੇ ਹੋ ਤਾਂ ਖਾਣ ਪੀਣ ਨੂੰ ਨਾ ਦਿਓ। ਮੈਂ ਬਿਨਾਂ ਖਾਣ ਪੀਣ ਤੋਂ ਹੀ ਕਿਤਾਬਾਂ ਵਾਲੇ ਕਮਰੇ ਵਿਚ ਪਈ ਰਿਹਾ ਕਰਾਂਗੀ। ਕੁਝ ਵੀ ਨਹੀਂ ਮੰਗਦੀ।
ਗੁਣੇਇੰਦ੍ਰ ਨੇ ਹੱਸਣ ਦੀ ਕੋਸ਼ਸ਼ ਕਰਦਿਆਂ ਹੋਇਆਂ ਕਿਹਾ, ਉਥੇ ਵੀ ਤੁਹਾਨੂੰ ਕਿਤਾਬਾਂ ਵਾਲਾ ਕਮਰਾ ਮਿਲ ਜਾਏਗਾ। ਜੇ ਨਾ ਮਿਲੇ ਤਾਂ ਤੁਹਾਡਾ ਇਹ ਕਿਤਾਬਾਂ ਵਾਲਾ ਕਮਰਾ ਮੈਂ ਉਥੇ ਹੀ ਚੁਕ ਕੇ ਛੱਡ ਆਵਾਂਗਾ।
ਹੇਮ ਨੇ ਉਹਦੀ ਇਕ ਨਾ ਸੁਣੀ, ਰੋਂਦਿਆਂ ਹੋਇਆਂ ਕਹਿਣ ਲੱਗੀ ਤੁਹਾਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ। ਸਭ ਸਬੰਧ ਤੋੜ ਦੇਣਾ ਚਾਹੀਦਾ ਹੈ।
ਉਹਨੂੰ ਰੋਂਦੀ ਨੂੰ ਵੇਖ ਗੁਣੇਇੰਦ੍ਰ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਉਹਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਿਹਾ, ਇਹ ਕਿੱਦਾਂ ਹੋਵੇਗਾ, ਹੇਮ ਹੁਣ ਨਹੀਂ ਹੋ ਸਕਦਾ। ਸਭ ਪੱਕੀ ਥਿੱਤੀ ਹੋ ਗਈ ਹੈ।
ਪੱਕੀ ਥਿੱਤ ਕੋਈ ਰੱਬ ਨਹੀਂ ਕਰ ਗਿਆ। ਤੁਸੀਂ ਆਪ ਹੀ ਕਰਨ ਵਾਲੇ ਹੋ ਤੇ ਆਪ ਹੀ ਏਸ ਨੂੰ ਤੋੜ ਸਕਦੇ ਹੋ। ਮੈਂ ਮਿੰਨਤ ਕਰਦੀ ਹਾਂ ਮੇਰੀ ਇਹ ਗੱਲ ਮੰਨ ਲੌ।
ਸਲੋਚਨਾ ਨੂੰ ਕੁਝ ਸ਼ੱਕ ਹੋਗਿਆ ਸੀ, ਸੋ ਮਗਰ ਮਗਰ ਉੱਤੇ ਆ ਗਈ ਤੇ ਆ ਕੇ ਗੁਸੇ ਨਾਲ ਬੋਲੀ ਕੀ ਬਕਵਾਸ ਕਰ ਹੀ ਏਂ ਹੇਮਾ। ਸਾਕ ਪੱਕਾ ਹੋਕੇ ਕਦੇ ਨਹੀਂ ਟੁਟ ਕਦਾ। ਤੇਰੇ ਭਾਗ ਬਹੁਤ ਚੰਗੇ ਹਨ, ਜੋ ਵਰ ਘਰ ਬਹੁਤ ਚੰਗਾ ਮਿਲ ਗਿਆ ਹੈ। ਕਮਲੀ ਧੀ! ਆਖਦੀ ਹੈ ਇਹ ਸਾਕ ਛਡ ਦਿਓ। ਹਿੰਦੂ ਘਰਾਣੇ ਦੀ ਧੀ ਹੋਕੇ ਕੰਮੀਆਂ ਵਾਂਗੂ ਕੁਆਰੀ ਬਣੀ ਰਹੇਂਗੀ? ਚੱਲ ਥੱਲੇ ਚੱਲ।
ਹੇਮ ਚਲੀ ਗਈ। ਸਲੋਚਨਾ ਨੇ ਗੁਣੇਇੰਦ੍ਰ ਵਲ ਵੇਖ ਕੇ ਆਖਿਆ, ਇਹ ਸਭ ਦਿਨ ਰਾਤ ਕਿਤਾਬਾਂ ਪੜ੍ਹਨ ਦਾ ਫਲ ਹੈ। ਚੌਵੀ ਘੰਟੇ ਨਾਟਕ ਨਾਵਲ ਆਦਿ ਪੜ੍ਹਦੇ ਰਹਿਣ ਤੋਂ ਇਹੋ ਜੇਹੀਆਂ ਗੱਲਾਂ ਹੀ ਸੁਝਦੀਆਂ ਹਨ। ਬੱਸ ਜਿੱਦਾਂ ਹੋ ਸਕੇ ਵਿਆਹ ਕਰ ਹੀ ਦਿਤਾ ਜਾਵੇਗਾ।
ਗੁਣੇਇੰਦ੍ਰ ਚੁਪ ਬੈਠਾ ਰਿਹਾ। ਸਲੋਚਨਾ ਕੁਝ ਚਿਰ ਰਹਿਕੇ ਹੌਲੀ ੨ ਥੱਲੇ ਚਲੀ ਗਈ।
ਦੋ ਦਿਨ ਪਿਛੋਂ ਕਚਹਿਰੀਓਂ ਆਕੇ ਉਹ ਕਿਸੇ ਕਿਤਾਬ ਨੂੰ ਲੈਣ ਲਾਇਬਰੇਰੀ ਵਿਚ ਗਿਆ ਕਮਰੇ ਵਿਚ ਵੜਨ ਹੀ ਲੱਗਾ ਸੀ ਕਿ ਹੇਮਾ ਨੇ ਰੋਕਦੀ ਹੋਈ ਨੇ ਕਿਹਾ, 'ਅੰਦਰ ਨਾ ਆਉਣਾ ਭਰਾ ਜੀ ਮੈਂ ਕੁਝ ਖਾ ਰਹੀ ਹਾਂ।'
ਗੁਣੇਇੰਦ੍ਰ ਝੱਕ ਕੇ ਖਲੋ ਗਿਆ, ਬੋਲਿਆ ਖਾਂਦੀ ਏਂ ਤਾਂ ਖਾਂਦੀ ਰਹੋ। ਮੇਰੇ ਅੰਦਰ ਔਣ ਨਾਲ ਤੇਰਾ ਖਾਣਾ ਥੋੜ੍ਹਾ ਭਿੱਟਿਆ ਜਾਣਾ ਹੈ।
ਹੇਮ ਨੇ ਆਖਿਆ, ਤੁਸੀਂ ਥਾਂ ਕੁਥਾਂ ਫਿਰਕੇ ਆਏ ਹੋਵੋਗੇ ਨਾਲੇ ਬ੍ਰਹਮ ਸਮਾਜੀ।
ਗੁਣੇਇੰਦ੍ਰ ਨੇ ਆਖਿਆ, ਤੁਹਾਡੀ ਨੌਕਿਰਆਣੀ ਮਾਨਦਾ ਜਦੋਂ ਆਉਂਦੀ ਹੈ, ਤੁਹਾਡਾ ਖਾਣਾ ਖਰਾਬ ਨਹੀਂ ਹੁੰਦਾ ਕੀ ਮੈ ਓਸ ਨਾਲੋਂ ਵੀ ਮਾੜਾ ਹਾਂ?
ਹੇਮ ਨੂੰ ਕੋਈ ਜਵਾਬ ਨ ਸੁਝਿਆ, ਹਸਕੇ ਕਹਿਣ ਲੱਗੀ ,ਚੰਗਾ ਆ ਜਾਓ ਮੈਂ ਖਾ ਲਿਆ ਹੈ,ਇਹ ਆਖਦੀ ਹੋਈ ਉਸਨੇ ਥਾਲੀ ਸਰਕਾ ਕੇ ਮੇਜ਼ ਥਲੇ ਰਖ ਦਿੱਤੀ।
ਨਹੀਂ ਨਹੀਂ ਤੁਸੀਂ ਖਾਓ ਮੈਂ ਕਪੜੇ ਬਦਲਕੇ ਆਉਂਦਾ ਹਾਂ, ਓਹਦੀ ਛਾਤੀ ਵਿੱਚ ਅੱਗ ਜਹੀ ਲਗ ਗਈ ਤੇ ਉਹ ਚਲਿਆ ਗਿਆ।
ਦੂਜੇ ਦਿਨ ਦਸ ਬਜੇ ਜਦ ਗੁਣੇਇੰਦ੍ਰ ਜਿਸ ਵੇਲੇ ਰੋਟੀ ਖਾਕੇ ਉਠਿਆ, ਪਤਾ ਨਹੀਂ ਹੇਮ ਕਿਥੋਂ ਦੌੜ ਕੇ ਆ ਗਈ ਤੇ ਉਸ ਦੀ ਥਾਲੀ ਵਿੱਚ ਖਾਣ ਬਹਿ ਗਈ। ਲਾਂਗਰੀ ਨੂੰ ਕਹਿਣ ਲੱਗੀ ਮੈਨੂੰ ਇਸੇ ਥਾਲੀ ਵਿੱਚ ਪਰੋਸ ਦੇਹ।
ਲਾਂਗਰੀ ਹੈਰਾਨ ਰਹਿ ਗ਼ਿਆ। ਕਹਿਣ ਲੱਗਾ ਇਹਦੇ ਵਿਚ ਤਾਂ ਬਾਬੂ ਹੋਰੀ ਹੁਣੇ ਖਾ ਕੇ ਗਏ ਹਨ।
ਹੇਮ ਨੇ ਆਖਿਆ, ਹਾਂ ਹਾਂ ਮੈਂ ਜਾਣਦੀ ਹਾਂ ਤੂੰ ਰੋਟੀ ਪਾ ਦਿਹ ਖਾਂ?
ਲਾਗਲੇ ਕਮਰੇ ਵਿੱਚ ਸਲੋਚਨਾ ਬੈਠੀ ਸੀ, ਸੁਣ ਕੇ ਆਈ ਤੇ ਕਹਿਣ ਲੱਗੀ, ਇਹ ਕੀ ਕਰਦੀ ਏਂ ਹੇਮ! ਇਹ ਤਾਂ ਗੁਣੀ ਦੀ ਜੂਠੀ ਥਾਲੀ ਹੈ, ਜਾਹ ਜਾਕੇ ਧੋਤੀ ਬਦਲ ਕੇ ਗੰਗਾ ਜਲ ਛਿੜਕ ਲੈ।
ਹੇਮ ਨੇ ਜੂਠੀ ਥਾਲੀ ਵਿਚੋਂ ਜੂਠੀ ਬੁਰਕੀ ਮੂੰਹ ਵਿਚ ਪਾਉਦਿਆਂ ਹੋਇਆਂ ਕਿਹਾ ਪ੍ਰੋਸਦਾ ਕਿਉਂ ਨਹੀਂ ਲਾਂਗਰੀਆ? ਗੁਣੀ ਦਾ ਜੂਠਾ ਖਾਣਦੀ ਯੋਗਤਾ ਦੁਨੀਆਂ ਵਿਚ ਕਿਨਿਆਂ ਲੋਕਾਂ ਨੂੰ ਹੈ? ਬੜੇ ਚੰਗ ਭਾਗ ਹੋਣ ਤਾਂ ਗੁਣੀ ਦੀ ਜੂਠ ਖਾਣ ਨੂੰ ਮਿਲੇ।
ਸਲੋਚਨਾ ਹੱਕੀ ਬੱਕੀ ਹੋਕੇ ਕੁੜੀ ਦੇ ਮੂੰਹ ਵੱਲ ਵੇਖ ਦੀ ਰਹੀ। ਲਾਂਗਰੀ ਹੋਰ ਵੀ ਦਾਲ ਭਾਜੀ ਰੋਟੀਆਂ ਆਦਿ ਇਸੇ ਜੂਠੀ ਥਾਲੀ ਵਚ ਪਰੋਸ ਗਿਆ।
ਗੁਣੇਇੰਦ੍ਰ ਬਰਾਂਡੇ ਵਿਚ ਇਕ ਪਾਸੇ ਬੈਠਾ ਹੋਇਆ ਸਭ ਕੁਝ ਸੁਣ ਰਿਹਾ ਸੀ। ਸੁਣਨ ਤੋਂ ਪਿਛੋਂ ਉਸ ਨੇ ਅਖਿਆ, 'ਹੁਣ ਹੇਮ ਦੀ ਜ਼ਾਤ ਗਈ।'
ਹੇਮ ਨਵੀਂ ਕਿਤਾਬ ਪੜ੍ਹਨ ਵਿੱਚ ਮਗਨ ਹੋ ਰਹੀ ਸੀ। ਬਿਨਾਂ ਉਤਾਹਾਂ ਵੇਖੇ ਦੇ ਬੋਲ ਪਈ, 'ਕਿੰਨ ਆਖਿਆ ਏ ਤਹਾਨੂੰ?
'ਆਖਣਦਾ ਕੀ ਹੈ, ਕੋਈ ਆਖੇ, ਜ਼ਾਤ ਤਾਂ ਚਲੀ ਗਈ ਨਾਂ?'
ਹੇਮ ਨੇ ਸਿਰ ਉਤਾਹਾਂ ਚੁੱਕ ਕੇ ਆਖਿਆ, ਕਦੇ ਨਹੀਂ ਕਦੇ ਨਹੀਂ ਤੁਹਾਡੀ ਜੂਠਾ ਖਾਧਿਆਂ ਕਿਸੇ ਦੀ ਜ਼ਾਤ ਨਹੀਂ ਜਾ ਸਕਦੀ ਜਿਨ੍ਹਾਂ ਲੋਕਾਂ ਨੇ ਜਾਤ ਬਣਾਈ ਹੈ ਉਨ੍ਹਾਂ ਦੀ ਵੀ ਨਹੀਂ ਜਾ ਸਕਦੀ।
ਗੁਣੇਇੰਦ੍ਰ ਲਾਗਲੀ ਕੁਰਸੀ ਖਿੱਚ ਕੇ ਬਹਿ ਗਿਆ ਕਹਿਣ ਲੱਗਾ? 'ਭਾਵੇਂ ਕੁਝ ਵੀ ਹੋਵੇ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਜਿਸਦੀ ਜੋ ਜ਼ਾਤ ਹੈ ਉਸ ਨੂੰ ਮੰਨ ਕੇ ਚਲਣਾ ਚਾਹੀਦਾ ਹੈ। ਇਸ ਤੋਂ ਬਿਨਾਂ ਜ਼ਾਤ ਪਾਤ ਤੋੜਨ ਨਾਲ ਮਾਂ ਨੂੰ ਦੁਖ ਹੁੰਦਾ ਹੈ।
ਹੇਮ ਕੁਝ ਚਿਰ ਚੁਪ ਰਹਿਕੇ ਇਕ ਵਾਰੀ ਹੀ ਬੋਲ ਪਈ, ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਸਭ ਨੀਚ ਹੋ। ਤੁਸੀ ਇਹ ਸਭ ਕੁਝ ਆਖਦੇ ਤੇ ਸੁਣਦੇ ਹੋ, ਪਰ ਮੈਥੋਂ ਇਹ ਨਹੀਂ ਜੇ ਸਹਾਰਿਆ ਜਾਂਦਾ। ਤੁਹਾਡੀ ਥਾਲੀ ਵਿੱਚ ਖਾਣ ਨਾਲ ਮਾਂ ਨੂੰ ਦੁਖ ਹੁੰਦਾ ਹੈ, ਮੈਂ ਮੰਨਦੀ ਹਾਂ ਪਰ ਤੁਹਾਨੂੰ ਸਾਰਿਆਂ ਨਾਲੋਂ ਨੀਵਾਂ ਤੇ ਅਛੂਤ ਮੰਨਣ ਕਰਕੇ-ਵੱਡੀ ਮਾਸੀ-ਤੁਹਾਡੀ ਮਾਂ ਨੂੰ ਵੀ ਤਾਂ ਦੁਖ ਹੁੰਦਾ ਈ ਹੋਵੇਗਾ ਕਿ? ਚੰਗਾ ਤੁਸੀਂ ਹੁਣ ਜਾਓ ਮੈਂ ਕਿਸ ਦੀ ਨਹੀਂ ਸੁਣਨੀ, ਮੈਂ ਪੜ੍ਹਨਾ ਹੈ।
ਇਹ ਆਖਕੇ ਉਹ ਖੋਲੀ ਹੋਈ ਕਿਤਾਬ ਤੇ ਫੇਰ ਝੁਕ ਗਈ ਤੇ ਪੜ੍ਹਨ ਲੱਗ ਪਈ।
ਗੁਣੇਇੰਦ੍ਰ ਕੁਝ ਚਿਰ ਬੈਠਾ ਰਿਹਾ ਫੇਰ ਚੁਪ ਚਾਪ ਉਠ ਕੇ ਚਲਿਆ ਗਿਆ, ਉਸਦੀਆਂ ਅੱਖਾਂ ਅੱਗੋਂ ਜਾਣੀ ਦਾ ਸਾਰੀ ਉਮਰ ਦਾ ਕਾਲਾ ਪਰਦਾ ਹਟ ਗਿਆ।

੪.
ਅਖੀਰ ਨੂੰ ਨਵਦੀਪ ਦੇ ਇਕ ਰਈਸ ਦੇ ਘਰ ਹੇਮ ਦਾ ਵਿਆਹ ਹੋ ਗਿਆ। ਉਹ ਹੁਣ ਗਣੇਇੰਦ੍ਰ ਨੂੰ ਮੱਥਾ ਟੇਕ ਕੇ ਆਪਣੇ ਪਤੀ ਦੇ ਘਰ ਚਲੀ ਗਈ। ਉਥੇ ਉਸਦਾ ਸੱਸ ਸਹੁਰਾ ਨਣਾਨ ਆਦਿ ਕੋਈ ਨਹੀਂ, ਘਰ ਵਿੱਚ ਇੱਕ ਛੋਟਾ ਕੁਆਰਾ ਦੇਉਰ ਤੇ ਇੱਕ ਬੁੱਢੀ ਦਾਦੀ ਹੈ। ਦੇਉਰ ਕਲਕਤੇ ਦੇ ਕਿਸੇ ਕਾਲਜ ਵਿਚ ਪੜ੍ਹਦਾ ਹੈ।
ਕਿਸ਼ੋਰੀ ਬਾਬੂ ਦੀ ਉਮਰ ਛੱਤੀਆਂ ਸਾਲਾਂ ਦੇ ਲਗ ਪਗ ਹੋਵੇਗੀ। ਪਹਿਲੀ ਘਰ ਵਾਲੀ ਦੇ ਮਰ ਜਾਣ ਤੇ ਇਹ ਵੱਡੀ ਉਮਰ ਦੀ ਲੜਕੀ ਦੀ ਤਲਾਸ਼ ਵਿਚ ਸਨ। ਇਸ ਵਾਸਤੇ ਹੀ ਇਹਨਾਂ ਹੇਮ ਨੂੰ ਪਸੰਦ ਕਰ ਲਿਆ ਹੈ। ਵਿਆਹ ਤੋਂ ਬਿਨਾਂ ਪਿਛੋਂ ਉਹਨਾਂ ਸਲੋਚਨਾ ਨੂੰ ਵੀ ਆਪਣੇ ਕੋਲ ਸੱਦ ਲੈਣ ਬਾਬਤ ਲਿਖਾ ਪੜ੍ਹੀ ਕਰਨੀ ਸ਼ੁਰੂ ਕਰ ਦਿੱਤੀ। ਸਲੋਚਨਾ ਭੀ ਰਾਜੀ ਹੋ ਗਈ। ਉਹਦਾ ਖਿਆਲ ਸੀ ਕਿ ਉਹ ਨਵਦੀਪ ਵਿੱਚ ਰਹਿਕੇ ਆਪਣੇ ਪਾਪਾਂ ਦੀ ਨਵਿਰਤੀ ਤੇ ਪੁੰਨ-ਕਰਨ ਕਰਕੇ ਪੁੰਨਾ ਨੂੰ ਵਧਾਵੇ।
ਪਰ ਹੇਮ ਨੇ ਲਿਖ ਦਿਤਾ, ਤੁਸੀਂ ਜਿਸ ਘਰ ਵਿਚ ਰਹਿੰਦੇ ਹੋ ਇਸਦੀ ਹਵਾ ਲਗਣ ਨਾਲ ਸਾਰੇ ਸ਼ਹਿਰ ਨੂੰ ਸੁਗੰਧੀ ਮਿਲ ਸਕਦੀ ਹੈ। ਜੇ ਤੂੰ ਇਥੇ ਰਹਿਕੇ ਪੁੰਨ ਇਕੱਠੇ ਨ ਕਰ ਸਕੀ ਤਾਂ ਸਵਰਗ ਵਿਚ ਜਾਕੇ ਵੀ ਨਹੀਂ ਨਹੀਂ ਕਰ ਸਕੇਂਗੀ। ਜੋ ਭਰਾ ਨੂੰ ਛੱਡ ਕੇ ਤੂੰ ਇਥੇ ਆ ਜਾਇੰਗੀ ਤਾਂ ਮੈਂ ਖੁਦ ਤੈਨੂੰ ਛਡ ਕੇ ਭਰਾ ਦੇ ਕੋਲ ਜਾ ਰਹਾਂਗੀ।
ਅਪਣੀ ਲੜਕੀ ਨੂੰ ਓਹ ਚੰਗੀ ਤਰ੍ਹਾਂ ਜਾਣਦੀ ਸੀ ਏਸ ਕਰਕੇ ਉਹਦਾ ਜਾਣ ਦਾ ਹੌਸਲਾ ਨ ਪਿਆ ਪਰ ਮਨ ਉਹਦਾ ਨਵਦੀਪ ਦੇ ਲਾਗੇ ਚਾਗੇ ਹੀ ਘੁੰਮ ਦਾ ਰਿਹਾ।
ਏਸ ਤਰ੍ਹਾਂ ਹੋਰ ਵੀ ਛੇ ਮਹੀਨੇ ਲੰਘ ਗਏ। ਏਸ ਤਰ੍ਹਾਂ ਉਸ ਕੋਲੋਂ ਜਦ ਨਾ ਹੀ ਰਿਹਾ ਗਿਆ ਤਾਂ ਇੱਕ ਦਿਨ ਕਿਸੇ ਤਿਉਹਾਰ ਦੇ ਬਹਾਨੇ ਨੰਦਾ ਨੂੰ ਨਾਲ ਲੈਕੇ ਸਟੀਮਰ ਤੇ ਜਾ ਚੜ੍ਹੀ। ਉਥੇ ਜਾਕੇ ਜਦ ਉਸ ਨੇ ਆਪਣੀ ਲੜਕੀ ਨੂੰ ਕਮਜ਼ੋਰ ਜਿਹਾ ਵੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ। ਕਹਿਣ ਲੱਗੀ 'ਏਥੇ ਤੇਰਾ ਹੋਰ ਕੋਈ ਨਹੀਂ ਹੈ ਜਾਂ ਉਹ ਤੇਰਾ ਖਿਆਲ ਨਹੀਂ ਰਖਦਾ?' ਲੜਕੀ ਨੇ ਹਾਂ ਜਾਂ ਨਾਂਹ ਕੋਈ ਨਹੀਂ ਜਵਾਬ ਦਿੱਤਾ।
ਤਿਉਹਾਰ ਹੋ ਗਿਆ ਪਰ ਉਹਦਾ ਜੀ ਕਲਕਤੇ ਜਾਣ ਨੂੰ ਨ ਕੀਤਾ। ਮਾਂ ਦਾ ਰੰਗ ਢੰਗ ਵੇਖ ਕੇ ਹੇਮ ਨੇ ਕਿਹਾ, ਮਾਂ ਜਵਾਈ ਦੇ ਘਰ ਹੋਰ ਕਿੰਨੇ ਦਿਨ ਰਹਿਣ ਦਾ
...............
...............
ਨ ਮੰਨਿਆਂ ਉਹਨੂੰ ਕਲਕੱਤੇ ਜ਼ਰੂਰੀ ਕੰਮ ਸੀ ਸੋ ਜਾ ਨ ਸਕਿਆ।
ਮਧੂਪੁਰ ਜਾ ਕੇ ਸਲੋਚਨਾ ਥੋੜਿਆਂ ਹੀ ਦਿਨਾਂ ਵਿਚ ਨੌਂ ਬਰਨੌਂ ਹੋ ਗਈ। ਨਵਦੀਪ ਤੇ ਕਲਕੱਤੇ ਉਹਨੇ ਚਿੱਠੀਆਂ ਪਾਈਆਂ। ਉਹਨੇ ਲਿਖਿਆ, ਮਾਘ ਦੇ ਅਖੀਰ ਤਕ ਮੈਂ ਕਲਕੱਤੇ ਵਾਪਸ ਆ ਜਾਵਾਂਗੀ।
ਪਿਛਲੇ ਸਾਲ ਫੱਗਣ ਸੁਦੀ ਦਸਵੀਂ ਨੂੰ ਹੇਮ ਦਾ ਵਿਆਹ ਹੋਇਆ ਸੀ, ਸਾਲ ਪਿਛੋਂ ਫੱਗਣ ਸੁਦੀ ਦਸਵੀਂ ਫੇਰ ਆ ਗਈ। ਸਹਿ ਸੁਭਾ ਉਹ ਗਲ ਚੇਤੇ ਆਉਂਦਿਆਂ ਗੁਣੇਇੰਦ੍ਰ ਦਾ ਧਿਆਨ ਕਿਤਾਬ ਵਿਚੋਂ ਉਲਟ ਗਿਆ। ਮੂੰਹ ਚੁਕ ਕੇ ਉਦਾਸ ਜਹੀ ਨਜ਼ਰ ਨਾਲ ਬੂਹੇ ਤੋਂ ਬਾਹਰ ਵੇਖਣ ਲੱਗ ਪਿਆ। ਏਨੇ ਚਿਰ ਨੂੰ ਪਿਛਲੇ ਦਰਵਾਜੇ ਥਾਣੀ ਨਵੇਂ ਚੌਕੀ ਦਾਰ ਨੇ ਆਕੇ ਆਖਿਆ, 'ਬਾਬੂ ਜੀ ਜਰੂਰੀ ਤਾਰ ਆਇਆ ਹੈ'।
ਗੁਣੇਇੰਦ੍ਰ ਨੇ ਵੇਖਿਆ ਚੌਕੀਦਾਰ ਡਾਕੀਏ ਨੂੰ ਨਾਲ ਹੀ ਲੈ ਆਇਆ ਹੈ। ਡਾਕੀਏ ਨੇ ਲਫਾਫਾ ਦੇਕੇ ਬਾਬੂ ਜੀ ਦੇ ਦਸਖਤ ਲਏ ਤੇ ਸਲਾਮ ਕਰਕੇ ਚਲਿਆ ਗਿਆ।
ਗੁਣੇਇੰਦ੍ਰ ਨੂੰ ਤਾਰ ਪੜ੍ਹਕੇ ਬਹੁਤ ਹਰਿਆਨੀ ਹੋਈ। ਹੇਮ ਨੇ ਆਖਿਆ ਸੀ ਕਿ ਉਹ ਆ ਰਹੀ ਹੈ। ਤਿੰਨ ਚਾਰ ਵਜੇ ਹਾਵੜਾ ਸਟੇਸ਼ਨ ਤੇ ਗੱਡੀ ਭੇਜ ਦਿੱਤੀ ਜਾਵੇ। ਕਿਉਂ ਆ ਰਹੀ ਹੈ? ਨਾਲ ਕੌਣ ਹੈ? ਇਕੱਲੀ ਹੈ ਜਾਂ ਕਿਸ਼ੋਰੀ ਬਾਬੂ ਵੀ ਹਨ? ਉਹ ਦੀ ਸਮਝ ਵਿਚ ਕੁਝ ਵੀ ਨ ਆਇਆ। ਘਰ ਵਿਚ ਇਸਤ੍ਰੀ ਕੋਈ ਨਹੀਂ ਹੈ ਕਿਉਂਕਿ ਸਲੋਚਨਾ ਮਧੂ ਪੁਰ ਚਲੀ ਗਈ ਸੀ। ਇਸ ਕਰਕੇ ਗੁਣੇਇੰਦ੍ਰ ਯਕੋਤਕਿਆਂ ਵਿਚ ਪੈਗਏ, ਪੁਰਾਣੇ ਕੋਚਵਾਨ ਨੂੰ ਗਡੀ ਲੈਕੇ ਸਟੇਸ਼ਨ ਤੇ ਜਾਣ ਲਈ ਆਖ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਹੇਮ ਘਰ ਆ ਗਈ। ਨਾਲ ਨੌਕਰ ਨੌਕਰਾਣੀ ਤੇ ਕੁਝ ਜ਼ਰੂਰੀ ਚੀਜ਼ਾਂ ਸਨ। ਹੇਮ ਨੂੰ ਵੇਖਦਿਆਂ ਹੀ ਗੁਣੇਇੰਦ੍ਰ ਸਿਰ ਤੋਂ ਪੈਰਾਂ ਤੱਕ ਕੰਬ ਉਠਿਆ, ਕਹਿਣ ਲਗਾ, ਇਹਕੀ ਪਾਗਲਾਂ ਵਾਲਾ ਵੇਸ ਬਣਾ ਕੇ ਆ ਵੜੀਏਂ?
ਹੇਮ ਨੇ ਜਮੀਨ ਤੇ ਸਿਰ ਰਖ ਕੇ ਮੱਥਾ ਟੇਕਿਆ ਤੇ ਆਖਣ ਲੱਗੀ ਉਤੇ ਚਲੋ ਦਸਦੀ ਹਾਂ। ਉਤੇ ਜਾਕੇ ਟਿਕ ਬਹਿਣ ਪਿਛੋਂ ਉਸਨੇ ਪੁਛਿਆ, ਮਾਂ ਤਾਂ ਮਾਘ ਮਹੀਨੇ ਤੋਂ ਪਹਿਲਾਂ ਆਏਗੀ ਨਹੀਂ।
'ਲਿਖਿਆ ਤਾਂ ਏਦਾਂ ਹੀ ਹੈ?'
ਹਾਂ ਉਹਨਾਂ ਨੂੰ ਤਦੋਂ ਤਕ ਖਬਰ ਦੇਣ ਦੀ ਜ਼ਰੂਰਤ ਨਹੀਂ ਅਰ ਵੇਖੋ ਪਰਮਾਤਮਾਂ ਦੇ ਰੰਗ, ਵੀਰ ਜੀ। ਅਜ ਦੇ ਦਿਨ ਹੀ ਮੈਂ ਇਥੋਂ ਗਈ ਸਾਂ ਤੇ ਠੀਕ ਅੱਜ ਦੇ ਦਿਨ ਮੁੜ ਆਈ ਹਾਂ।
ਗੁਣੇਇੰਦ੍ਰ ਦੀ ਸਮਝ ਵਿਚ ਕੱਖ ਨ ਆਇਆ, ਕਹਿਣ ਲੱਗਾ, ਆ ਕਿਉਂ ਗਈ?
ਹੇਮ ਨੇ ਸਹਿ ਸੁਭਾ ਹੀ ਕਿਹਾ, ਆਉਣਾ ਤਾਂ ਪੈਂਣਾ ਹੀ ਸੀ, ਹੁਣ ਮੈਂ ਉੱਥੇ ਕਿਦਾਂ ਰਹਿ ਸਕਦੀ? ਕੀ ਤੁਸੀ ਮੇਰੀ ਚਿੱਟੀ ਧੋਤੀ ਤੋਂ ਨਹੀਂ ਸਮਝ ਸਕਦੇ? ਪਰਸੋਂ ਸਤਾਰ੍ਹਵੀ ਆਦਿ ਸਭ ਕਿਰਿਆ ਕਰਮ ਕਰਕੇ ਮੈਂ ਆ ਗਈ ਹਾਂ।
ਗੁਣੇਇੰਦ੍ਰ ਸੁੰਨ ਹੋਕੇ ਬਹਿ ਰਿਹਾ। ਕਹਿਣ ਲੱਗਾ, ਉਹਨਾਂ ਨੂੰ ਕੀ ਹੋ ਗਿਆ ਸੀ? ਤੂੰ ਕੋਈ ਖਬਰ ਵੀ ਨ ਭੇਜੀ?
ਹੇਮ ਨੇ ਆਖਿਆ, ਸੁਣਕੇ ਕੀ ਕਰੋਗੇ, ਜੋ ਹੋਣਾ ਸੀ ਸੋ ਹੋ ਗਿਆ। ਤੁਸਾਂ ਸਾਰਿਆਂ, ਆਪਣੀ ਮਰਜ਼ੀ ਨਾਲ ਇਹ ਜੋੜ ਜੋੜਿਆ ਸੀ, ਰੱਬ ਦੀ ਮਰਜ਼ੀ ਉਹਨੇ ਵਿਛੋੜ ਦਿੱਤਾ, ਪਿਛਲੇ ਬੁਧ ਵਾਰ ਉਹਨਾਂ ਨੂੰ ਹੈਜ਼ਾ ਹੋ ਗਿਆ, ਜੋ ਹੋ ਸਕਦਾ ਸੀ ਕੀਤਾ ਗਿਆ, ਪਰ ਕੁਛ ਵੀ ਨ ਹੋ ਸਕਿਆ ਅਗਲੇ ਦਿਨ ਦਸ ਵਜੇ ਉਹ ਪੂਰੇ ਹੋ ਗਏ।
ਗੁਣੇਇੰਦ੍ਰ ਨੇ ਕੁਝ ਚਰ ਪਿਛੋਂ ਲੁਕਾ ਕੇ ਅਥਰੂ ਪੂੰਝ ਸੁਟੇ ਤੇ ਕਹਿਣ ਲਗਾ, ਮਾਂ ਸੁਣ ਕੇ ਕਿਦਾਂ ਬਚੇਗੀ? ਜਿਨੇ ਦਿਨ ਓਹਨੂੰ ਪਤਾ ਨਹੀ ਮਿਲਦਾ ਚੰਗਾ ਹੀ ਹੈ।
'ਕੀ ਕਰੇਗੀ ਵੀਰਾ ਧੀਆਂ ਦੇ ਦੁਖ ਥੋੜੇ ਨਹੀਂ ਹੁੰਦੇ, ਮੈਂ ਪਹਿਲਾਂ ਨਹੀਂ ਸਾਂ ਕਹਿ ਰਹੀ ਕਿ ਵਿਆਹ ਮੈਨੂੰ ਸੌਜਲਦਾ ਨਹੀਂ, ਪਰ ਤੁਸਾਂ ਆਪਣੀ ਹੀ ਪੁਗਾਈ ਤੇ ਮੇਰੀ ਇਕ ਨਾ ਮੰਨੀ। ਹੁਣ ਰੋਣ ਧੋਣ ਦਾ ਕੀ ਰਾਹ, ਰੱਬ ਤੇ ਡੋਰੀ ਸੁਟ ਦਿਉ।
ਹਾਂ ਸੱਚ ਭੁਖ ਲੱਗੀ ਹੋਈ ਤੇ ਥੱਕੀ ਹੋਈ ਵੀ ਹਾਂ ਕੀ ਖਾਵਾਂ? ਰੋਟੀ ਮੈਥੋਂ ਨਹੀਂ ਪਕਾਈ ਜਾਣੀ ਜੇ ਫਲ ਫੁਲ ਮਿਲ ਜਾਣ ਤਾਂ ਅੱਜ ਦਾ ਦਿਨ ਪੂਰਾ ਹੋ ਜਾਏ।
ਗੁਣੇਇੰਦ੍ਰ ਨੇ ਪੁਛਿਆ, ਸਵੇਰੇ ਕੁਝ ਨਹੀਂ ਖਾਧਾ?
ਨਹੀਂ ਕਿਉਂਕਿ ਜਲਦੀ ਹੀ ਸਟੀਮਰ ਤੇ ਚੜ੍ਹਨਾ ਸੀ।
ਮਾਘ ਤੇ ਅਖੀਰ ਤੇ ਸਲੋਚਨਾ ਵੀ ਆਈ, ਪਰ ਰਾਜ਼ੀ ਹੋਕੇ ਨਹੀਂ। ਜਦ ਘਰ ਆਕੇ ਧੀ ਦਾ ਸਿਰੋਂ ਨੰਗੀ ਹੋ ਜਾਣਾ ਸੁਣਿਆਂ ਤਾਂ ਬਿਲਕੁਲ ਮੰਜੀ ਨਾਲ ਮੰਜੀ ਹੋ ਗਈ। ਧੀ ਦੇ ਰੰਡੀ ਹੋ ਜਾਣ ਦਾ ਦੁਖ ਉਹਨੂੰ ਵਿਚੇ ਵਿਚ ਖਾ ਗਿਆ। ਇਲਾਜ ਤੇ ਸੇਵਾ ਵਲੋਂ ਹੱਦ ਮੁਕਾ ਦਿੱਤੀ ਗਈ ਪਰ ਜਰਾ ਵੀ ਫਰਕ ਨਾ ਪਿਆ। ਇਕ ਦਿਨ ਜਦ ਉਸਦੇ ਹੱਥ ਪੈਰ ਸੁੱਜ ਗਏ ਤਾਂ ਗੁਣੇਇੰਦ੍ਰ ਨੂੰ ਬੜੀ ਚਿੰਤਾ ਹੋਈ। ਉਸ ਦਿਨ ਸਲੋਚਨਾ ਨੇ ਵੀ ਗੁਣੇਇੰਦ੍ਰ ਨੂੰ ਇਕੇਲਿਆਂ ਵੇਖ ਕੇ ਆਖਿਆ ਕਿਓਂ ਵਾਧੂ ਕੋਸ਼ਸ਼ ਕਰ ਰਹੇ ਹੋ ਬੇਟਾ, ਘੱਟੀਆਂ ਦੇ ਦਾਰੂ ਕਿੱਥੇ? ਮੈਨੂੰ ਹੁਣ ਸ਼ਾਂਤੀ ਨਾਲ ਤੁਰ ਜਾਣ ਦਿਓ।
ਗੁਣੇਇੰਦ੍ਰ ਨੇ ਅਥਰੂ ਰੋਕ ਦਿਆਂ ਹੋਇਆਂ ਆਖਿਆ, 'ਮਾਂ ਐਨਾ ਦਿਲ ਕਿਉਂ ਛਡ ਦਿਤਾ ਹੈ, ਜਦ ਤਕ ਸਾਸ ਤਦ ਤਕ ਆਸ ਪ੍ਰਮਾਤਮਾ ਦੇ ਘਰ ਕੀ ਘਾਟਾ ਹੈ, 'ਪ੍ਰਭ ਭਾਵੇ ਬਿਨ ਸਾਸ ਦੇ ਰਾਖੇ।'
‘ਮਾਂ’ ਨੇ ਕਿਹਾ, ਬਚਾ ਤੂੰ ਹੀ ਦੱਸ ਹੁਣ ਮੈਂ ਜੀਉਣ ਦੀ ਆਸ ਕਿਸ ਲਈ ਬੰਨ੍ਹਾਂ, ਮੇਰੇ ਪਾਸ ਰਹਿ ਕੀ ਗਿਆ ਹੈ? ਗੁਣੇਇੰਦ੍ਰ ਸਿਰ ਨੀਵਾਂ ਪਾਈ ਚੁਪ ਚਾਪ ਬੈਠਾ ਰਿਹਾ।
ਸਲੋਚਨਾ ਨੇ ਆਖਿਆ, 'ਬੱਚਾ ਮੈਂ ਨਿਆਣੀ ਨਹੀਂ ਮੈਂ ਜਿਹੜਾ ਪਾਪ ਕੀਤਾ ਹੈ ਇਹ ਮੈਨੂੰ ਅੰਦਰ ਹੀ ਅੰਦਰ ਸਾੜ ਰਿਹਾ ਹੈ।'
ਕੁਝ ਚਿਰ ਚੁਪ ਰਹਿਕੇ ਫੇਰ ਬੋਲੀ, ਇਕ ਗਲ ਮੈਨੂੰ ਸੱਚ ਸੱਚ ਦਸਣਾ, ਗੁਣੀ! ਮੈਂ ਸਮਝਦੀ ਹਾਂ ਕਿ ਕਿਸੇ ਦਿਨ ਤੂੰ ਮੇਰੀ ਹੇਮ ਨੂੰ ਪਿਆਰ ਕਰਦਾ ਸੈਂ। ਇਕ ਵਾਰ ਫੇਰ ਕੋਸ਼ਸ਼ ਕਰਕੇ ਉਹਨੂੰ ਫੇਰ ਪਿਆਰ ਨਹੀਂ ਕਰ ਸਕਦਾ?
ਗੁਣੇਇੰਦ੍ਰ ਨੇ ਸਿਰ ਨੀਵਾਂ ਪਾਈ ਕਿਹਾ, ਉਹਨਾਂ ਨੂੰ ਤਾਂ ਮੈਂ ਚਰੋਕਣਾ ਹੀ ਪਿਆਰ ਕਰਦਾ ਸਾਂ। ਹੁਣ ਵੀ ਕਰਦਾ ਹਾਂ ਤੇ ਅਗੇ ਨੂੰ ਵੀ ਕਰਦਾ ਰਹਾਂਗਾ। ਮਾਂ ਤੂੰ ਉਸਦਾ ਫਿਕਰ ਨ ਕਰ, ਮੇਰੇ ਜੀਊਦਿਆਂ ਉਹਨੂੰ ਕੋਈ ਤਕਲੀਫ ਨਹੀਂ ਹੋਵੇਗੀ।
ਸਲੋਚਨਾ ਨੇ ਆਖਿਆ, ਇਹ ਮੈਂ ਜਾਣਦੀ ਹਾਂ। ਚੰਗਾ ਤੁਹਾਡੇ ਦੋਹਾਂ ਵਾਸਤੇ ਮੇਰਾ ਇਕ ਆਖਰੀ ਸੁਨੇਹਾ ਹੈ। ਜੇ ਕਦੇ ਲੋੜ ਪਵੇ ਤਾਂ ਉਸ ਨੂੰ ਇਹ ਆਖ ਦੇਣਾ, ਇਕ ਗੱਲ ਹੋਰ-ਹੇਮ ਨੇ ਮੈਨੂੰ ਸਹੁਰਿਆਂ ਤੋਂ ਲਿਖਿਆ ਸੀ! "ਜਿਸ ਘਰ ਵਿਚ ਤੂੰ ਰਹਿਨੀਏਂ ਉਸਦੀ ਹਵਾ ਲਗਣ ਨਾਲ ਸਾਰੇ ਨਵਦੀਪ ਦਾ ਉਧਾਰ ਹੋ ਸਕਦਾ ਹੈ। ਜੇ ਤੂੰ ਇਥੇ ਰਹਿਕੇ ਵੀ ਪੁੰਨ ਕਰਮ ਇਕੱਠੇ ਨ ਕਰ ਸਕੀਓਂ ਤਾਂ ਸਮਝ ਲੈ ਕਿ ਸਵਰਗ ਵਿਚ ਜਾਕੇ ਵੀ ਨਹੀਂ ਕਰ ਸਕੇਂਗੀ।" ਸੋ ਜਿਸ ਵੇਲੇ ਮੈਂ ਮਰਨ ਲੱਗੀ ਤੂੰ ਮੇਰੇ ਸਿਰ ਤੇ ਹੱਥ ਰੱਖਕੇ ਅਸੀਸ ਦੇਵੀਂ ਤਾਂ ਜੋ ਮੇਰੀ ਗੱਤੀ ਹੋ ਜਾਏ। ਮੈਂ ਜਿਹੜਾ ਦੋ ਮਿਲੇ ਦਿਲਾਂ ਨੂੰ ਜੁੜਨ ਨਹੀਂ ਦਿਤਾ, ਵੱਡਾ ਪਾਪ ਕੀਤਾ ਹੈ; ਇਹ ਮੈਂ ਹੀ ਜਾਣਦੀ ਹਾਂ।
ਗੁਣੇਇੰਦ੍ਰ ਰੋਣ ਲੱਗ ੫ਿਆ। ਉਹ ਠੀਕ ਹੈ ਸਲੋਚਨਾਂ ਨੂੰ ਮਾਵਾਂ ਵਾਂਗੂੰ ਜਾਣਦਾ ਸੀ।
ਸਲੋਚਨਾ ਨੇ ਕਿਹਾ ਹੇਮ ਮੈਂ ਕੋਈ ਗਲ ਵੀ ਕਹਿ ਕੇ ਨਹੀਂ ਜਾ ਸਕਦੀ ਉਹਦੇ ਮੂੰਹ ਵੱਲ ਵੇਖਦਿਆਂ ਹੀ ਮੇਰੇ ਹਿਰਦੇ ਵਿਚ ਛੁਰੀਆਂ ਫਿਰਨ ਲਗ ਜਾਂਦੀਆਂ ਹਨ। ਲੋਕੀ ਮਤੇਈ ਮਾਂ ਦੇ ਵੈਰ ਕਮਾਉਣ ਦੀਆਂ ਕਹਾਣੀਆਂ ਕਿਹਾ ਕਰਦੇ ਹਨ। ਪਰ ਮੈਂ ਮਤੇਈਆਂ ਨਾਲੋਂ ਵੀ ਵਧਕੇ ਉਸ ਨਾਲ ਵੈਰ ਕਮਾਇਆ ਹੈ।
ਦੂਜੇ ਦਿਨ ਹੀ ਰੋਗ ਬਹੁਤ ਵਧ ਗਿਆ। ਜੀਉਣ ਵੱਲੋਂ ਬੇਉਮੈਦੀ ਹੋ ਗਈ। ਜਦ ਸਾਹ ਉਖੜ ਗਿਆ ਤਾਂ ਉਸ ਨੇ ਹੇਮ ਨੂੰ ਕੋਲ ਸਦਿਆ, ਪਰ ਉਹਦੇ ਮੂੰਹ ਨੂੰ ਚੁਮਨ ਲਈ ਉਹਦੀ ਠੋਡੀ ਨੂੰ ਫੜਦਿਆਂ ਹੋਇਆਂ ਉਹ ਰੋ ਪਈ।
'ਹੇਮ ਹੁਣ ਮੈਂ ਹਮੇਸ਼ਾ ਵਾਸਤੇ ਵਿਛੜਨ ਦੀ ਤਿਆਰੀ ਕਰ ਰਹੀ ਹਾਂ।'
ਹੇਮ ਮਾਂ ਦੀ ਛਾਤੀ ਤੇ ਸਿਰ ਰੱਖ ਕੇ ਫੁਟ ਫੁਟ ਕੇ ਰੋਣ ਲੱਗ ਪਈ। ਕੁਝ ਚਿਰ ਪਿਛੋਂ ਇਸ਼ਾਰੇ ਨਾਲ ਉਠਣ ਲਈ ਕਹਿਕੇ ਮਾਂ ਬੋਲੀ, 'ਰੋ ਨਾ ਧੀਏ, ਵਖਤਾਂ ਨਾਲ ਤੈਨੂੰ ਪੰਜਾਂ ਸਾਲਾਂ ਤੱਕ ਬਾਂਦਰੀ ਦੇ ਬੱਚੇ ਵਾਂਗੂ ਤੈਨੂੰ ਗਲ ਨਾਲ ਲਾਈ ਫਿਰੀ ਹਾਂ। ਅਜ ਮੈਂ ਤੇਰੇ ਪਿਤਾ ਜੀ ਪਾਸ ਜਾ ਰਹੀ ਹਾਂ। ਅਜ ਮੇਰੇ ਲਈ ਖੁਸ਼ੀਆਂ ਦਾ ਦਿਨ ਹੈ ਅੱਜ ਮੈਂ ਰੋਂਦੀ ਨਹੀਂ ਹੇਮ-ਅੱਜ ਮੈਂ ਹੋਰ ਵੀ ਖੁਸ਼ ਹੋ ਕੇ ਜਾਂਦੀ ਜੇ ਮੈਂ ਤੇਰੇ ਜੀਵਨ ਦਾ ਨਸ਼ਟ ਨ ਪੁਟਿਆ ਹੁੰਦਾ ਧੀਏ-ਸ਼ਰਮ ਨਾਲ ਮੈਥੋਂ ਤੇਰੇ ਚਿਹਰੇ ਵਲ ਵੇਖਿਆ ਵੀ ਨਹੀਂ ਜਾਂਦਾ।'
ਹੇਮ ਨੇ ਰੋਂਦਿਆਂ ਹੋਇਆਂ ਕਿਹਾ, ਏਦਾਂ ਤੂੰ ਕਿਉਂ ਆਖ ਰਹੀ ਏ ਮਾਂ? ਮੇਰੀ ਜੋ ਕਿਸਮਤ ਸੀ ਸੋ ਉਘੜ ਆਈ ਤੂੰ ਕਿਉਂ ਰੋਨੀ ਏ ਮਾਂ, ਤੇਰੇ ਕੀ ਵੱਸ?
ਸਲੋਚਨਾ ਨੇ ਰੋ ਕੇ ਆਖਿਆ, ਮੈਂ ਆਪਣੇ ਹੱਥ ਤਾਂ ਆਪ ਹੀ ਵੱਢ ਬੈਠੀ ਹਾਂ। ਤੂੰ ਆਖਦੀ ਹੈਂ ਮੇਰੀ ਤਕਦੀਰ! ਪਰ ਧੀਏ ਤੇਰੇ ਵਰਗੀ ਤਕਦੀਰ ਤਾਂ ਦੁਨੀਆਂ ਵਿਚ ਕਿਸੇ ਦੀ ਨਹੀਂ ਸੀ ਬੱਚੀ, ਜੇ ਮੈਂ ਲੱਤ ਮਾਰ ਕੇ ਉਹਨੂੰ ਖਰਾਬ ਨ ਕਰ ਦੇਂਦੀ। ਮੈਂ ਸਭ ਕੁਝ ਜਾਣਦੀ ਹਾਂ ਬੇਟੀ, ਤਾਹੀ ਤਾਂ ਮੈਨੂੰ ਐਨਾ ਕਲੇਸ਼ ਹੋ ਰਿਹਾ ਹੈ, ਅਨਜਾਣਿਆਂ ਜੋ ਪਾਪ ਹੋ ਜਾਏ ਉਸਦਾ ਪ੍ਰਾਸਚਿਤ ਹੋ ਸਕਦਾ ਹੈ, ਪਰ ਜਾਣ ਬੁਝ ਕੇ ਜਿਹੜਾ ਪਾਪ ਹੋ ਜਾਏ ਉਹਨੂੰ ਕੌਣ ਦੂਰ ਕਰ ਸਕਦਾ ਹੈ।
ਉਸਦੀਆਂ ਅੱਖਾਂ ਵਿਚੋਂ ਵੱਡੇ ੨ ਅੱਥਰੂ ਡਿੱਗਣ ਲਗ ਪਏ, ਹੇਮ ਨੇ ਆਪਣੇ ਪੱਲੇ ਨਾਲ ਉਹ ਪੂੰਝ ਦਿਤੇ। ਥੋੜੇ ਚਿਰ ਪਿਛੋਂ ਸਲੋਚਨਾ ਨੇ ਫੇਰ ਆਖਿਆ, ਮਾਂ ਨੂੰ ਮਾਫ਼ ਕਰ ਛੱਡਣਾ ਧੀਏ, ਆਖਣ ਨਾਲ ਸ਼ਾਇਦ ਤੈਨੂੰ ਬੁਰਾ ਨ ਲਗੇ ਜਾਂ ਕੋਈ ਧਜਾ ਨ ਪਹੁੰਚੇ ਇਸੇ ਕਰਕੇ ਨਹੀਂ ਆਖਦੀ......।
ਹੇਮ ਨੇ ਆਪਣੇ ਮੂੰਹ ਤੇ ਹਥ ਰਖ ਕੇ ਰੋਂਦੀ ਹੋਈ ਨੇ ਕਿਹਾ, ਕੀ ਕਰਨ ਨਾਲ ਤੈਨੂੰ ਸ਼ਾਂਤੀ ਮਿਲ ਸਕਦੀ ਹੈ ਮਾਂ, ਮੈਂ ਉਸੇ ਤਰ੍ਹਾਂ ਕਰਾਂਗੀ। ਮੈਂ ਕਦੇ ਵੀ ਤੇਰਾ ਕਿਹਾ ਨਹੀਂ ਮੋੜਿਆ।
ਸਲੋਚਨਾ ਨੇ ਆਪਣਾ ਤਪਦਾ ਹੋਇਆ ਹਥ ਹੇਮ ਦੇ ਸਿਰ
...............
...............
ਮੂੰਹ ਉਤੋ ਮੁਧੀ ਪੈ ਗਈ। ਕਹਿਣ ਲੱਗੀ 'ਕੀ ਆ ਮਾਂ?'
ਸਲੋਚਨਾ ਨੇ ਹੌਲੀ ਜਹੀ ਆਖਿਆ, ਕੁਝ ਨਹੀਂ ਧੀਏ। ਕੀ ਤੂੰ ਇਕੱਲੀ ਏਂ?
"ਗੁਣੀ ਦਾ ਚਿਹਰਾ ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖਿਆਂ ਸੀ, ਪੱਥਰ ਦਿਲ ਵਾਲੇ ਨੂੰ ਵੀ ਉਸ ਤੇ ਤਰਸ ਆ ਜਾਂਦਾ ਪਰ ਮੈਨੂੰ ਨਹੀਂ ਆਇਆ। ਉਹਨੇ ਸਾਡੇ ਵਾਸਤੇ ਕੀ ਨਹੀਂ ਕੀਤਾ? ਪਰ ਹੁਣ ਮੈਂ ਇਹ ਗਲਾਂ ਨਹੀਂ ਛੇੜਾਂਗੀ? ਕਦੇ ਵੀ ਉਸਦੇ ਆਖੇ ਤੋਂ ਬਾਹਰ ਨ ਹੋਣਾ ਤੇ ਨਾ ਹੀ ਉਹਦੀ ਕੋਈ ਗਲ ਮੋੜਨੀ, ਇਹ ਗਲ ਯਾਦ ਰਖਣੀ ਕਿ ਐਹੋ ਜਹੇ ਆਦਮੀ ਦਾ ਦਿਲ ਦੁੱਖਣ ਨਾਲ ਖੁਦ ਭਗਵਾਨ ਨੂੰ ਦੁਖ ਹੁੰਦਾ ਹੈ। ਜੋ ਉਹਨਾਂ ਦਾ ਧਰਮ ਹੈ ਤੇਰਾ ਵੀ ਉਹੋ ਧਰਮ ਹੈ। ਇਹ ਮੇਰੀ ਮਰਜ਼ੀ ਨਹੀਂ ਇਹ ਓਸ ਪ੍ਰਮਾਤਮਾਂ ਦੀ ਮਰਜ਼ੀ ਹੈ ਧੀਏ, ਜਿਹਦੀ ਮਰਜ਼ੀ ਨਾਲ ਤੁਸੀਂ ਪਹਿਲੇ ਦਿਨ ਦੀ ਮੁਲਾਕਾਤ ਨਾਲ ਹੀ ਇਕ ਹੋ ਗਏ ਸੀ। ਧੀਏ ਸ਼ਰਮ ਕਾਹਦੀ ਹੈ। ਜੋ ਸਾਰਿਆਂ ਦੇ ਦਿਲ ਵਿਚ ਬੈਠਾ ਹੋਇਆ ਅੰਤਰਜਾਮੀ ਹੈ ਉਸਦੀ ਆਪਣੀ ਅਵਾਜ਼ ਦੇ ਉਲਟ ਨਾ ਤੁਰੋ। ਉਹਦੀ ਮਰਜ਼ੀ ਨ ਰੱਦੋ। ਉਹਦਾ ਹੁਕਮ ਹੀ ਮੇਰੇ ਮੂੰਹੋ ਬੋਲ ਰਿਹਾ ਹੈ। ਪਹਿਲਾਂ ਵੀ ਮੇਰੇ ਅੰਦਰੋਂ ਇਹ ਅਵਾਜ਼ ਆਉਂਦੀ ਸੀ, ਪਰ ਮੈਂ ਆਪਣੇ ਘੁਮੰਡ ਨਾਲ ਇਸਨੂੰ ਅਨਸੁਣਿਆਂ ਕਰ ਛਡਿਆ ਸੀ। ਇਸੇ ਕਰਕੇ ਅੱਜ ਉਹਦਾ ਫਲ ਪਾ ਰਹੀ ਹਾਂ।”
"ਤੁਹਾਨੂੰ ਦੋਹਾਂ ਨੂੰ ਮੇਰਾ ਅਖੀਰੀ ਕਹਿਣਾ ਹੈ ਕਿ ਮੇਰੇ ਉਸ ਪਾਪ ਨੂੰ ਹਮੇਸ਼ਾ ਵਾਸਤੇ ਪਕਿਆਂ ਕਰਕੇ ਮੇਰੀ ਆਤਮਾਂ ਨੂੰ ਬਹੁਤ ਚਿਰ ਤੇਜ ਨਾ ਕਲਪਾਉਂਦੇ ਰਹਿਣਾ॥"
'ਮਾਂ ਜੀ ਵੈਦ ਜੀ ਆ ਗਏ ਹਨ।'
ਸਲੋਚਨਾ ਨੇ ਹੌਲੀ ਜਹੀ ਆਖਿਆ, ਉਹਨਾਂ ਨੂੰ ਲੈ ਆ ਜਾਹ ਧੀਏ ਤੂੰ ਜਰਾ ਅੰਦਰ ਚਲੀ ਜਾ।
(ਅਨੁਵਾਦਕ : ਸ: ਦਸੌਂਧਾ ਸਿੰਘ 'ਮੁਸ਼ਤਾਕ`)

(ਨੋਟ: ਇਸ ਰਚਨਾ ਦਾ ਕੁਝ ਹਿੱਸਾ ਵਿੱਚੋਂ-ਵਿੱਚੋਂ ਰਹਿ ਗਿਆ ਹੈ)

  • ਮੁੱਖ ਪੰਨਾ : ਸ਼ਰਤ ਚੰਦਰ ਚੱਟੋਪਾਧਿਆਏ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ