Taapu Da Aadmi (Dogri Story in Punjabi) : Chhatrapal

ਟਾਪੂ ਦਾ ਆਦਮੀ (ਡੋਗਰੀ ਕਹਾਣੀ) : ਛਤਰਪਾਲ

.............

"... ਰਿਹਾ ਏ ... ...ਮਾਨੇ ਦਾ ਪਿਉ" ਬਰਫ਼ਾਨੀ ਦਾੜ੍ਹੀ ਪਿਛੋਂ ਉਨ੍ਹਾਂ ਦੇ ਚਿਹਰੇ ਦੀ ਖੁਸ਼ੀ ਸਾਫ਼ ਝਲਕ ਰਹੀ ਸੀ। ਉਨ੍ਹਾਂ ਦੇ ਹੋਂਠ ਫੜਕ ਰਹੇ ਸਨ। ਉਹ ਪਹਿਲਾਂ ਵੀ ਕੰਬਦੇ ਸਨ, ਜਦੋਂ ਕੋਈ ਅਫ਼ਸੋਸ ਕਰਨ ਆਉਂਦਾ ਸੀ ਤਾਂ ਉਨ੍ਹਾਂ ਦੇ ਹੋਂਠ ਫੜਕ ਉਠਦੇ । ਅੱਖਾਂ ਅੱਥਰੂ ਪੀ ਪੀ ਕੇ ਥੱਕ ਜਾਂਦੀਆਂ ਤਾਂ ਉਨ੍ਹਾਂ ਥੱਲੇ ਪਿਲਪਿਲੀਆਂ ਥੈਲੀਆਂ ਜਿਹੀਆਂ ਉੱਭਰ ਆਉਂਦੀਆਂ।

ਚਿੱਠੀ ਉਨ੍ਹਾਂ ਬੋਝੇ ਵਿਚ ਪਾ ਆਪ ਬਾਹਰ ਟੁਰ ਗਏ । ਬੂਹਾ ਬੰਦ ਕਰਦੇ ਉਸ ਦੇਖਿਆ ਕਿ ਹਵਾ ਨਾਲ ਬਾਹਰ ਸੁਟੇ ਵਾਲ ਫੇਰ ਅੰਦਰ ਆ ਗਏ ਸਨ। ਉਹ ਆਪਣੇ ਕਮਰੇ 'ਚ ਆ ਗਿਆ।ਕੰਧ ਉੱਤੇ ਫ਼ਰੇਮ ਹੋਇਆ ਇਕ ਗਰੁੱਪ ਫ਼ੋਟੋ ਟੰਗਿਆ ਹੋਇਆ ਸੀ। ਕੋਲ ਆ ਕੇ ਉਸ ਨੇ ਤੀਜੀ ਪੰਗਤੀ ਦੇ ਤੀਜੇ ਆਦਮੀ ਉੱਤੇ ਨਜ਼ਰਾਂ ਜਮਾ ਲਈਆਂ। ‘ਸੁਜਾਨ ਸਿੰਘ' ਗੱਤੇ ਉੱਤੇ ਉਸ ਦਾ ਨਾਂ ਲਿਖਿਆ ਹੋਇਆ ਸੀ।

- - -

ਪੰਚਾਇਤ ਘਰ ਦਾ ਵਿਹੜਾ ਠਸਾਠਸ ਭਰਿਆ ਹੋਇਆ ਸੀ। ਵੋਟ ਪੈ ਗਏ ਸਨ ਤੇ ਹੁਣ ਗਿਣਤੀ ਹੁੰਦੀ ਪਈ ਸੀ । ਬਾਬੂ ਤੇ ਉਹ ਬੇਸਬਰੀ ਨਾਲ ਉਸ ਘੜੀ ਦਾ ਇੰਤਜ਼ਾਰ ਕਰ ਰਹੇ ਸਨ। ਜਦੋਂ ਬਾਬੂ ਦੀ ਕਾਮਯਾਬੀ ਦਾ ਇਲਾਨ ਹੋਣਾ ਸੀ, 'ਵਿਚਾਰਾ ਸੁਜਾਨ ਰਹਿ ਗਿਆ !' ਦੋ ਆਦਮੀ ਘੁਸਰ ਮੁਸਰ ਕਰਦੇ ਲੰਘੇ ਤਾਂ ਜਿਵੇਂ ਬਾਬੂ ਦੇ ਮੂੰਹ ਦਾ ਰੰਗ ਵੀ ਨਾਲ ਹੀ ਲੈ ਗਏ । ਅੱਖਾਂ ਅੱਗੇ ਇਕ ਤੋਂ ਬਾਦ ਇਕ ਕਾਲੇ ਪਰਦੇ ਆਉਣ ਲਗੇ । ਉਸ ਨੇ ਬਾਬੂ ਨੂੰ ਸਹਾਰਾ ਦਿਤਾ, ਕਿਸੇ ਨੂੰ ਆਖ ਪਾਣੀ ਦਾ ਗਿਲਾਸ ਮੰਗਵਾਇਆ । ਪਾਣੀ ਪੀ ਕੇ ਬਾਬੂ ਜਿਵੇਂ ਨੀਂਦਰ ਵਿਚ ਟੁਰਦੇ ਟੁਰਦੇ ਹਾਲ ਕਮਰੇ ਵਲ ਵੱਧੇ। ਲੋਕ ਉਨ੍ਹਾਂ ਨੂੰ ਦੇਖ ਆਪ ਹੀ ਰਸਤਾ ਛਡਣ ਲਗ ਪਏ । ਉਨ੍ਹਾਂ ਦੇ ਪੱਖ ਵਾਲਿਆਂ ਦੀਆਂ ਅੱਖਾਂ ਨੀਵੀਂਆਂ ਹੋ ਗਈਆਂ। ਇਕ ਜਣੇਂ ਨੇ ਉਨ੍ਹਾਂ ਦਾ ਮੋਢਾ ਵੀ ਥਪਕਿਆ ਫਿਰ ਵੀ ਉਨ੍ਹਾਂ ਦੀ ਨੀਂਦਰ ਜਿਵੇਂ ਨਾ ਟੁੱਟੀ। ਸੰਭਲ ਸੰਭਲ ਉਹ ਕੰਧ ਤੀਕ ਪੁੱਜੇ ਤੇ ਹਾਰਾਂ ਨਾਲ ਲੱਦੇ ਹੋਏ ਆਦਮੀ ਨੂੰ ਕਹਿਣ ਲਗੇ “ਸ਼ਾਹੂ ਸਰਪੰਚੀ ਦੀ ਮੁਬਾਰਿਕ" ।

ਵਿਰੋਧੀ ਪੱਖ ਵੀ ਚੋਣ ਕਰਾਉਣਾ ਨਾ ਭੁਲਿਆ ਤੇ ਨਾਹਰੇ ਲਗਾਉਣ ਲਗੇ-

"ਸ਼ਾਹੂ ਸਰਪੰਚ ... ..."

ਇਹ ਅਵਾਜ਼ਾਂ ਲਖਾਂ ਸੂਈਆਂ ਵਾਂਗਰ ਉਨ੍ਹਾਂ ਨੂੰ ਚੁੱਭਦੀਆਂ ਰਹੀਆਂ ਤੇ ਉਹ ਤੜਫਦੇ ਰਹੇ । ਭੀੜ ਜਲੂਸ ਬਣ, ਨਾਹਰੇ ਲਗਾਂਦੀ, ਅਗੇ ਟੁਰ ਗਈ। ਕੁਝ ਆਪਣੇ ਪੱਖ ਦੇ ਲੋਕ ਵੀ ਉਸੀ ਭੀੜ ਦਾ ਅੰਗ ਬਣ ਗਏ ਤੇ ਉਹ ਕਈਆਂ ਆਰਕਾਂ ਦੇ ਧੱਕਿਆਂ ਨਾਲ ਇਕ ਕੋਨੇ 'ਚ ਧਸ ਗਏ ।

ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਉਹ ਹਾਰ ਗਏ ਨੇ, ਪਹਿਲੇ ਨਿਸ਼ਾਨੇ ਤੇ ਹੀ ਹਾਰ ਗਏ ਨੇ । ਨਿਸ਼ਾਨੇ ਨੂੰ ਉਚਾਈ ਉੱਤੇ ਦੇਖ ਉਨ੍ਹਾਂ ਆਪ ਹੀ ਮੰਨ ਲਿਆ ਜੇ ਸੱਚ ਹੀ ਉਹ ... ਡਿਗ ਪਏ ਨੇ ... .... ਤੀਰ ਲਗੇ ਬਾਜ਼ ਵਾਂਗ ਜ਼ਮੀਨ ਉੱਤੇ ਲੋਟ ਪੋਟ ਹੋ ਗਏ ਨੇ । ਅੰਬਰ ਆਕੜ ਕੇ ਜਿਵੇਂ ਹੋਰ ਉੱਚਾ ਹੋ ਗਿਆ ਹੋਏ ਤੇ ਜ਼ਮੀਨ ਹੋਰ ਹੇਠਾਂ ਜਾ ਖੁੱਭੀ ਹੋਈ। ਸ਼ਾਮ ਤੋਂ ਬਾਦ ਜਦ ਉਹ ਤੇ ਬਾਊ ਜੀ ਉਨ੍ਹਾਂ ਨੂੰ ਲਭਣ ਆਏ ਤਾਂ ਉਹ ਖੇਤ ਵਿਚ ਕਿੱਕਰ ਦੇ ਮੁੱਢ ਕੋਲ ਗੁੱਛਾ ਮੁੱਛਾ ਬਣੇ ਬੈਠੇ ਸਨ। ਕਣਕ ਦੇ ਸਿੱਟੇ ਹਵਾ ਵਿਚ ਲਹਿਰਾ ਰਹੇ ਸਨ । ਉਸ ਨੇ ਉਨ੍ਹਾਂ ਦਾ ਮੋਢਾ ਹਿਲਾਇਆ ਤਾਂ ਉਹ ਬਿਲਕੁਲ ਨਾ ਤ੍ਰੱਭਕੇ ਤੇ ਉੱਠ ਕੇ ਉਨ੍ਹਾਂ ਨਾਲ ਖੇਤ ਦੀ ਪਤਲੀ ਬੰਨ੍ਹੀ ਉੱਤੇ ਚਲਣ ਲਗ ਪਏ । ਹਨੇਰਾ ਹੋ ਗਿਆ ਸੀ। "ਚੰਗੇ ਲੋਕਾਂ ਨੂੰ ਦੁਨੀਆਂ ਜੀਉਣ ਨਹੀਂ ਦੇਂਦੀ ਪੁੱਤਰਾ ..... ਹਮੇਸ਼ਾਂ ਚੰਗਿਆਂ ਨੂੰ ਹੀ ਜਰਨਾ ਪੈਂਦਾ ਏ।” ਬਾਊ ਜੀ ਉਨ੍ਹਾਂ ਨੂੰ ਸਮਝਾ ਰਹੇ ਸੀ । ਘਰ ਕੋਲ ਪੁੱਜ ਕੇ ਉਹ ਦੌੜਦਾ ਗਿਆ ਤੇ ਬੈਠਕ ਦਾ ਗਲੀ ਵਾਲਾ ਦਰਵਾਜ਼ਾ ਖੋਹਲ ਦਿਤਾ। ਘਰ ਇਕੱਠੇ ਹੋਏ ਸਾਕਾਂ ਸਰਬੰਧੀਆਂ ਦੋਸਤਾਂ ਮਿਤ੍ਰਾਂ ਨੂੰ ਬਾਬੂ ਜੀ ਦੇਖ ਕਿਵੇਂ ਬਰਦਾਸ਼ਤ ਕਰਨਗੇ ? ਪਰ ਉਹ ਤਖ਼ਤਪੋਸ਼ ਉੱਤੇ ਲੇਟ ਗਏ।

ਕੁਝ ਦੇਰ ਬਾਦ ਮਾਂ ਆਈ।

"ਬਸ ਇਨ੍ਹਾਂ 'ਚ ਹੀ ਘਾਬਰ ਗਏ ਹੋ ?'' ਕੋਲ ਜਾ ਕੇ ਉਨ੍ਹਾਂ ਦੇ ਵਾਲਾਂ ਵਿਚ ਉਂਗਲੀਆਂ ਫੇਰਦੇ ਬੋਲੀ। ਮਾਂ ਦੀਆਂ ਨਜ਼ਰਾਂ ਉਸ ਵਲ ਜਦੋਂ ਉਠੀਆਂ ਤਾਂ ਉਹ ਉੱਠ ਕੇ ਬਾਹਰ ਆ ਗਿਆ। ਕਾਫ਼ੀ ਦੇਰ ਮਗਰੋਂ ਮਾਂ ਬਾਹਰ ਆਈ ਤੇ ਥਾਲ 'ਚ ਰੋਟੀ ਲੈ ਫੇਰ ਅੰਦਰ ਚਲੀ ਗਈ।

ਬਾਬੂ ਨੇ ਆਪਣੇ ਅੰਦਰ ਜਿਵੇਂ ਇਕ ਟਾਪੂ ਬਣਾ ਲਿਆ ਤੇ ਉਥੇ ਹੀ ਵਸਣ ਲਗੇ ! ਨਾ ਫਜੂਲ ਬੋਲਣਾ ਨਾ ਸੁਣਨਾ। ਮਸ਼ੀਨ ਤੋਂ ਘਰ ਤੇ ਘਰ ਤੋਂ ਮਸ਼ੀਨ। ਆਟਾ ਹੇਠ ਰਖੇ ਹੋਏ ਪੀਪੇ ਤੋਂ ਕਿਰ ਕਿਰ ਬਾਹਰ ਡਿਗਣ ਲਗਦਾ, ਪਰ ਉਨ੍ਹਾਂ ਨੂੰ ਜਿਵੇਂ ਹੋਸ਼ ਹੀ ਨਾ ਹੁੰਦੀ। ਚੱਕੀ ਦੀ ਗੜਗੱਜ ਤੇ ਪਟਿਆਂ ਦੀ "ਪਟੱਰ ਪਟੱਰ" ਦਿਮਾਗ਼ ਵਿਚ ਘਰ ਕਰ ਜਾਂਦੀ ।

"ਦੁਨੀਆਂ 'ਚ ਹਾਰ ਜਿੱਤ ਤਾਂ ਲਗੀ ਹੀ ਰਹਿੰਦੀ ਏ ... ... ....ਲੋਕ ਤੇਰੇ ਵਾਂਗਰ ਸਿਲ ਪੱਥਰ ਤਾਂ ਨਹੀਂ ਹੋ ਜਾਂਦੇ ।” ਬਾਊ ਜੀ ਉਨ੍ਹਾਂ ਨੂੰ ਸਮਝਾਉਂਦੇ ਪਰ ਟਾਪੂ ਦੇ ਆਦਮੀ ਦੇ ਕੰਨਾਂ ਵਿਚ ਜੂੰ ਵੀ ਨਾ ਸਰਕਦੀ । ਬਾਊ ਜੀ ਸੋਚਦੇ ਉਸ ਤਾਂ ਦੁਨੀਆਂ ਦੇਖੀ ਹੋਈ ਏ, ਇੰਨੀ ਛੋਟੀ ਗੱਲ ਦਾ ਉਸ ਦੇ ਦਿਲ ਉੱਤੇ ਇਡਾ ਡੂੰਘਾ ਦਾਗ ਕਿੰਝ ਲਗ ਸਕਦੈ ? ਹੋਵੇ ਨਾ, ਇਸ ਦੀ ਤਹਿ ਵਿਚ ਕੁਝ ਹੋਰ ਹੀ ਗੱਲ ਏ । ਵਿਸ਼ਵਾਸ਼ ਦੀ ਹਾਰ ਏ, ਉਸ ਦੇ ਮਨ ਦੀ ਹਾਰ ਏ। ਬਾਬੂ ਨੂੰ ਨਿਸ਼ਚਾ ਹੋ ਗਿਆ ਕਿ ਇਹ ਦੁਨੀਆਂ ਉਹਦੇ ਲਈ ਨਹੀਂ ... ... ਜਾਂ ਫਿਰ ਉਹੀ ਇਸ ਦੁਨੀਆਂ ਵਿਚ ਫ਼ਿਟ ਨਹੀਂ ਹੋ ਸਕਦਾ ਇਹ ਉਸ ਨੂੰ ਰਾਸ ਨਹੀਂ ਆ ਰਹੀ।

ਬਾਬੂ ਆਪਣੇ 'ਚ ਹੀ ਘੁਲਦੇ ਗਏ ਪਹਿਲੇ ਤੋਂ ਅੱਧੇ ਵੀ ਨਾ ਰਹੇ ।ਮਾਂ ਦੇਖ ਦੇਖ ਥਕ ਗਈ ਕਿ ਉਹ ਆਪੇ ਹੀ ਠੀਕ ਹੋ ਜਾਣਗੇ ਪਰ ਉਨ੍ਹਾਂ ਤਾਂ ਆਪਣੇ ਆਪ ਨੂੰ ਇਕ ਮੋਮੀ ਲਿਫ਼ਾਫ਼ੇ ਵਿਚ ਬੰਦ ਕਰ ਲਿਤਾ ਸੀ, ਜਿਹੜਾ ਉਨ੍ਹਾਂ ਨੂੰ ਬਾਹਰ ਦੀ ਹਵਾ ਦੇ ਅਸਰ ਤੋਂ ਵੀ ਵਾਂਝਿਆਂ ਕਰ ਦਿਤਾ। ਮੋਮੀ ਲਿਫ਼ਾਫ਼ੇ ਉੱਤੇ ਪਾਣੀ ਦੀਆਂ ਬੂੰਦਾਂ ਪੈਂਦੀਆਂ ਵੀ ਤੇ ਉੱਥੇ ਜਕੜ ਜਾਂਦੀਆਂ ਪਰ ਕਿਸੇ ਵਿਚ ਈ ਇੰਨਾ ਦਮ ਨਹੀਂ ਕਿ ਲਿਫ਼ਾਫ਼ੇ ਨੂੰ ਮੋਰੀ ਕਰ ਅੰਦਰ ਤੀਕ ਪੁੱਜ ਸਕਣ।

ਕੋਲ ਬੈਠ ਉਹ ਉਨ੍ਹਾਂ ਦੇ ਪੈਰ ਦਬਾਉਂਦਾ।

"ਮਾਨਿਆਂ, ਸਕੂਲੋਂ ਛੁੱਟੀ ਹੁੰਦੀ ਏ ਤਾਂ ਮਸ਼ੀਨ ਤੇ ਆਇਆ ਕਰ” । “ਮਾਨਿਆਂ ਮਾਂ ਦੀ ਹਰ ਗੱਲ ਮੰਨਿਆਂ ਕਰ" ਉਨ੍ਹਾਂ ਦੀ ਅਵਾਜ਼ ਦੂਰੋਂ ਆਉਂਦੀ ਲਗਦੀ । ਸੁਣਦਾ ਸੁਣਦਾ ਉਹ ਖਿਝਦਾ ਤਾਂ ਨਾ ਪਰ ਖਿਝਣ ਜਿਹਾ ਹੀ ਹੋ ਜਾਂਦਾ "ਤੁਹਾਨੂੰ ਕੀ ਹੁੰਦਾ ਜਾਂਦੈ ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ" ਤੇ ਛਿੱਥਾ ਪੈ ਜਾਂਦਾ।

"ਤੁਸੀਂ ਆਪਣੇ ਨੂੰ ਅਪਰਾਧੀ ਕਿਉਂ ਸਮਝਦੇ ਹੋ ? ਤੁਸੀਂ ਮੇਰਾ ਇਕ ਇਕ ਗਹਿਣਾ ਚੋਣਾ ਵਿਚ ਲਗਾ ਦਿਤੈ ... ... ਮੈਂ ਕਦੇ ਵੀ ਤੁਹਾਨੂੰ ਕੁਝ ਕਿਹੈ ? ਕਦੇ ਵੀ ਸ਼ਕਾਇਤ ਕੀਤੀ ਏ ? ਫੇਰ ਤੁਸੀਂ ਮੈਨੂੰ ਕਿਉਂ ਸਤਾ ਰਹੇ ਹੋ ? ਉਹ ਕਦੇ ਕਦੇ ਰਾਤੀਂ ਉੱਠ ਕੇ ਬਾਹਰ ਆਉਂਦਾ ਤਾਂ ਸਿਸਕੀਆਂ 'ਚੋਂ ਮਾਂ ਦੀ ਅਵਾਜ਼ ਸੁਣੀਂਦੀ। "ਮੈਂ ਸਤਾ ਰਿਹਾ ..... .....?'' ਚਿਰ ਪਿਛੋਂ ਇਕ ਠਹਿਰੀ ਅਵਾਜ਼ ਆਉਂਦੀ । ਬਾਬੂ ਜੀ ਨੂੰ ਸੋਚ ਕੇ ਬੋਲਣ ਦੀ ਆਦਤ ਸੀ।

"ਗਲੀਆਂ ਪੱਕੀਆਂ ਕਰਾਵਾਂਗਾ ... ਟਿਊਬਵੈੱਲ ਲਗਵਾਵਾਂਗਾ ... " ਕੱਚੀ ਨੀਂਦਰ ਵਿਚ ਬਾਬੂ ਬੁੜ ਬੁੜਾਉਂਦੇ ਕਦੇ ਕਦੇ ਤਰੱਭਕ ਕੇ ਉੱਠ ਪੈਂਦੇ ਤੇ ਕੰਬਣ ਲਗਦੇ । ਰੰਗ ਫ਼ਕ ਹੋ ਜਾਂਦਾ ਤੇ ਤ੍ਰੇਲੀਓ ਤ੍ਰੇਲੀ ਹੋ ਜਾਂਦੇ।

“ਸੁਜਾਨ, ਆਖਿਰ ਹੋਇਆ ਈ ਕੀ ਏ ?'' ਬਾਊ ਜੀ ਕਿਸੀ ਵੇਲੇ ਖਿੱਝ ਜਾਂਦੇ “ਸਾਰਿਆਂ ਨੂੰ ਤੰਗ ਕਰ ਰਿਹਾ ਏਂ।”

"ਮੈਂ ਤੰਗ ਕਰ ਰਿਹਾ ?" ਬਾਬੂ ਸੋਚ ਕੇ ਹੌਲੀ ਜਿਹੀ ਬੋਲਦੇ । ਪਰ ਛੱਡ ਕੇ ਜਾਂਦੇ ਵੇਲੇ ਉਨ੍ਹਾਂ ਸੋਚਿਆ ਨਹੀਂ, ਅਡੋਲ ਹੀ ਚਲੇ ਗਏ । ਗਰਾਂ ਕੋਲੋਂ ਦੂਰ ... ... ਜਾਂ ... .... ...ਫਿਰ ?

ਉਹ ਸਕੂਲ ਜਾਂਦਾ ਤਾਂ ਮੁੰਡੇ ਉਸ ਵਲ ਸੈਨਤਾਂ ਕਰ ਕਰ ਫੁਸ ਫੁਸ ਕਰਦੇ। ਮਾਸਟਰਾਂ ਨੂੰ ਉਸ ਉੱਤੇ ਤਰਸ ਆਉਂਦਾ ।

“ਬਾਬੂ ਦਾ ਕੁਝ ਪਤਾ ਲਗਿਆ, ਮਨਸਿਆ ?" "ਨਹੀਂ ਜੀ" ਉਹ ਸਿਰ ਹਿਲਾ ਦੇਂਦਾ। “ਮਨਸੇ ਦੇ ਬਾਬੂ ਸਾਧੂ ਬਣ ਗਏ ਨੇ" ਸੁਣ ਉਸ ਦੇ ਕਲੇਜੇ ਤੀਕ ਚੁੱਭਦੇ । ਉਸ ਨੇ ਗੱਲ ਕਹਿੰਦੇ ਮੁੰਡੇ ਦੀ ਨੁਹਾਰ ਵੀ ਨਾ ਦੇਖੀ ਤੇ ‘ਤੜਾਕ' 'ਤੜਾਕ' ਉਸ ਨੂੰ ਮਾਰਦਾ ਗਿਆ ..... ... ...ਮਾਰਦਾ ਗਿਆ, ਇਥੋਂ ਤੀਕ ਕਿ ਉਹ ਆਪ ਹਫ਼ਨ ਲਗ ਪਿਆ ਤੇ ਗੁੱਸਾ ਫੇਰ ਵੀ ਠੰਡਾ ਨਾ ਹੋਇਆ । ਮਨ ਭਰ ਆਉਂਦਾ ਤਾਂ ਉੱਚੀ ਉੱਚੀ ਰੋਣ ਲਗ ਪੈਂਦਾ, “ਬਾਬੂ ਤੂੰ ਮੈਨੂੰ ਕਿਥੇ ਸੁੱਟ ਗਿਆ ਏਂ ?''

ਸਕੂਲ ਤੋਂ ਸਿੱਧਾ ਘਰ ਪਰਤਦਾ । ਘਰ ਹਰ ਵੇਲੇ ਜ਼ਨਾਨੀਆ .... ... ਜ਼ਨਾਨੀਆਂ ਦੀ ਭੀੜ ਲਗੀ ਰਹਿੰਦੀ। "ਕੀ ਇਥੇ ਕੋਈ ਮਰ .... ..... ?"

ਮਾਂ ਫੂੜੀ ਉੱਤੇ ਬੈਠੀ ਰਹਿੰਦੀ । ਉਸ ਦੀ ਸ਼ਕਲ ਕਿੰਨੀ ਕਮਜ਼ੋਰ ਲਗ ਪਈ ਸੀ। ਜਿਵੇਂ ਕਿਸੇ ਗ਼ੈਬੀ ਮੋਰੀ 'ਚੋਂ ਫਲੂਸ ਦੀ ਹਵਾ ਨਿਕਲਦੀ ਪਈ ਹੋਏ ਜ਼ਨਾਨੀਆਂ ਉਸ ਨੂੰ ਦੇਖ ਮੂੰਹ 'ਚ ਉਂਗਲਾਂ ਪਾ "ਚ...ਚ" ਕਰਨ ਲਗ ਪੈਂਦੀਆਂ "ਵਿਚਾਰੇ ਉਪਰ ਇਸੇ ਉਮਰ 'ਚ ਕਿੰਨਾਂ ਭਾਰ ਪੈ ਗਿਐ?"

ਉਸ ਨੂੰ ਲਗਦਾ ਜਿਵੇਂ ਉਹ ਇਕੋ ਦਿਨ ਵਿਚ ਬੱਚੇ ਤੋਂ ਮਰਦ ਬਣ ਗਿਆ ਹੋਏ ਤੇ ਫੇਰ ਆਪਣੇ ਉੱਤੇ ਪਈਆਂ ਜਿੰਮੇਵਾਰੀਆਂ ਦੀ ਪੰਡ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੋਏ ਤੇ ਉਸ ਦੇ ਕਮਜ਼ੋਰ ਮੋਢੇ ਭਾਰ ਦੇਖ ਝੁਕ ਜਾਂਦੇ । ਬਾਊ ਜੀ ਧੀਰਜ ਦੇਂਦੇ "ਕਿੱਥੇ ਤੇਰੇ ਖੇਡਣ ਦੇ ਦਿਨ, ਤੇ ਕਿੱਥੇ ਇਹ ਪੀਹ ਕੇ ਰੱਖ ਦੇਣ ਵਾਲੀਆਂ ਜ਼ਿੰਮੇਦਾਰੀਆਂ ! ਪਰ ਪੁੱਤਰਾ, ਹੁਣ ਤੂੰ ਹੀ ਸਭ ਦੇਖਣਾ ਸੁਣਨਾ ਏ । ਕਾਸ਼ ! ਮੇਰੇ 'ਚ ਏਹਡਾ ਬਲ ਹੁੰਦਾ।"

ਉਹ ਮਸ਼ੀਨ ਉੱਤੇ ਜਾਣ ਲਗਾ । “ਮਾਨਿਆ ਸਕੂਲ ਬਾਦ ਮਸ਼ੀਨ ਉੱਤੇ ਜਾਇਆ ਕਰ" ਉਸ ਨੂੰ ਬਾਬੂ ਦੀ ਗੱਲ ਚੇਤਾ ਆਉਂਦੀ । ਉਸ ਨੇ ਚੱਕੀ ਦਾ ਕੰਮ ਸਿੱਖ ਕੇ ਚੰਗਾ ਹੀ ਕੀਤਾ। ਗੱਦੀ ਉੱਤੇ ਬੈਠੇ ਬੈਠੇ ਉਹ ਸੋਚਦਾ ਰਹਿੰਦਾ। ਇਕ ਦਮ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ। ਧੜਧੜਾਂਦੇ ਪਹੀਆਂ ਉੱਤੇ ਦੌੜਦਾ ਪੱਟਾ, ਆਪਣੀ ਥਾਂ ਤੋਂ ਤਿਲਕ, ਉਸ ਦੇ ਮੋਢੇ ਦਾ ਮਾਸ ਉਤਾਰ ਦੇ ਕੰਧ ਨਾਲ ਜਾ ਵਜਾ ... ... ‘ਪਟਾਕ’। ਮਸ਼ੀਨ ਦੀ ਗੜਗੜਾਹਟ ਹੌਲੀ ਹੌਲੀ ਘੱਟ ਹੋਈ ਤੇ ਫੇਰ ਮਸ਼ੀਨ ਚੁੱਪ ਹੋ ਗਈ ।

ਚੱਕੀ ਤਾਂ ਰੁੱਕ ਗਈ ਪਰ ਉਸ ਦੇ ਮੋਢੇ ਤੋਂ ਖੂਨ ਵਗਦਾ ਵਗਦਾ ਉਸ ਦੇ ਤਲੀ ਤੀਕ ਆਣ ਪੁੱਜਾ ।

ਉਸ ਦੇ ਇਮਤਿਹਾਨ ਹੋਏ। ਜਿਵੇਂ ਕਿਵੇਂ ਉਹ ਪਾਸ ਹੋ ਗਿਆ । ਬਾਊ ਜੀ ਨੇ ਉਸ ਨੂੰ ਕਾਲਜ ਦਾਖ਼ਲ ਹੋਣ ਲਈ ਤਾਂ ਆਖਿਆ ਪਰ ਉਸ ਨੂੰ ਪਤਾ ਸੀ ਬੰਦ ਪਈ ਮਸ਼ੀਨ ਨੇ ਥੋੜੀ ਕਮਾਈ ਕਰਨੀ ਏ । ਉਂਝ ਬਾਊ ਜੀ ਵੀ ਕਿਹੜਾ ਦਿਲ ਨਾਲ ਆਖਦੇ ਪਏ ਸੀ। ਉਸ ਸੋਚਿਆ ਉਸ ਨੂੰ ਕੋਈ ਨੌਕਰੀ ਕਰਨੀ ਚਾਹੀਦੀ ਏ ਤੇ ਉਸ ਕਿੰਨੀਆਂ ਹੀ ਥਾਵਾਂ ਉੱਤੇ ਦਰਖਾਸਤਾਂ ਦਿਤੀਆਂ ਇੰਟਰਵਿਯੂ ਵੀ ਹੋਏ ਪਰ ਕੰਮ ਕਿਥੇ ਵੀ ਨਾ ਬਣਿਆ । ਕੋਸ਼ਿਸ਼ ਕਰਦਾ ਕਰਦਾ ਉਹ ਹਾਰ ਗਿਆ । ਨਿਰਾਸ਼ਾ ਤੇ ਇਕੱਲਾਪਣ ਉਸ ਨੂੰ ਦੋ-ਧਾਰੀ ਤਲਵਾਰ ਵਾਂਗ ਕਪਣ ਲਗੇ । ਨਾ ਕਿਧਰੇ ਆਉਣਾ ਨਾ ਜਾਣਾ, ਬਸ ਉਹ ਇਕੋ ਕਮਰਾ । ਉਸ ਕਮਰੇ 'ਚ ਬੈਠੇ ਬੈਠੇ ਉਸ ਨੂੰ ਲਗਦਾ ਕਿ ਚੌਹਾਂ ਕੰਧਾਂ 'ਚ ਘਿਰਿਆ ਉਹ ਇਕੱਲਾ ਹੀ ਹਵਾ ਵਿਚ ਉੱਡਦਾ ਉੱਡਦਾ, ਕੰਧਾਂ ਸਮੇਤ ਕਿਸੀ ਉਜਾੜ ਟਾਪੂ ਵਿਚ ਜਾ ਉਤਰਿਆ ਹੈ। ਟਾਪੂ ਦੇ ਕੱਟੇ ਵਢੇ ਕੰਡਿਆਂ ਉੱਤੇ ਸਮੁੰਦਰ ਦੀਆਂ ਉੱਚੀਆਂ ਤੇ ਡਰਾਉਣੀਆਂ ਲਹਿਰਾਂ ਟਕਰਾਂ ਮਾਰ ਮਾਰ ਆਪਣਾ ਸਿਰ ਭੰਨ ਰਹੀਆਂ ਨੇ। ਉਛਾਲੇ ਮਾਰ ਮਾਰ ਉਸ ਨੂੰ ਨਿਘਲਣ ਆਉਂਦੀਆਂ ਪਈਆਂ ਨੇ । ਫਿਰ ਉਸ ਨੂੰ ਲਗਦਾ ਇਹ ਟਾਪੂ ਉਸ ਦੇ ਅੰਦਰ ਹੀ ਬਣ ਗਿਐ। ਉਸ ਨੇ ਆਸੇ ਪਾਸੇ ਦੇ ਪਾਣੀਆਂ ਵਿਚ ਤਰ ਕੇ ਦੇਖ ਲਿਐ, ਕਿਧਰੇ ਕੋਈ ਕੰਢਾ ਕਿਨਾਰਾ ਨਹੀਂ ਲੱਭਾ ਤੇ ਅਖ਼ੀਰ ਉਸੀ ਟਾਪੂ ਉੱਤੇ ਸਭ ਤੋਂ ਦੂਰ, ਆਪਣੇ ਤੋਂ ਵੀ ਦੂਰ ਆਉਣਾ ਪਿਆ ਏ।

ਬਾਊ ਜੀ ਉਸਦੀ ਇਹ ਹਾਲਤ ਦੇਖ ਅੰਦਰ ਹੀ ਅੰਦਰ ਕੰਬਣ ਲਗ ਪੈਂਦੇ । ਉਸ ਨੂੰ ਪਰਚਾਉਣ ਲਈ ਗਲਾਂ ਗਪਾਂ ਮਾਰਨ ਲਗਦੇ। ਉਨ੍ਹਾਂ ਦੀ ਖੁਸ਼ੀ ਲਈ ਉਹ ਹੱਸ ਵੀ ਪੈਂਦਾ। ਉਹ ਜ਼ਰਾ ਨਿਸਚਿੰਤ ਹੋ ਕੇ ਚਲੇ ਜਾਂਦੇ ਤਾਂ ਉਹ ਫੇਰ ਉਸੇ ਟਾਪੂ 'ਚ ਪਰਤ ਆਉਂਦਾ ।

ਰਾਤ ਤੇ ਦਿਨ ਇਕ ਦੂਜੇ ਨਾਲ ਘੁੱਲ ਮਿਲ ਕੇ ਲੰਘਦੇ ਰਹੇ ਤੇ ਉਹ ਦਿਨੋਂ ਦਿਨ ਆਪਣੇ ਆਪ ਨੂੰ ਉਸ ਟਾਪੂ 'ਚ ਹੋਰ ਘਿਰਿਆ ਘਿਰਿਆ ਦੇਖਦਾ । ਕਿਧਰੇ ਕੋਈ ਹੱਦ ਸੀਮਾ ਨਹੀਂ, ਸਿਰਫ਼ ਇਕ ਮਜਬੂਰ ਆਤਮ ਸਮਰਪਣ । ਸਮੇਂ ਦੀ ਚਾਲ ਠੀਕ ਕਰਨ ਲਈ ਉਹ ਕਈ ਯੋਜਨਾ ਬਣਾਉਂਦਾ ਪਰ ਉਹ ਰਸਤੇ ਵਿਚ ਹੀ ਟੁੱਟ ਫੁੱਟ ਜਾਂਦੀਆਂ । ਆਰਥਕ ਥੋੜ ਤੇ ਹੀਨਤਾ ਉਸ ਦਾ ਕੋਈ ਵੀ ਕੰਮ ਸਿਰੇ ਨਾ ਚੜ੍ਹਨ ਦੇਂਦੇ। ਅੱਜ ਕੱਲ ਉਤੇ ਪੈ ਜਾਂਦਾ ਤੇ ਕਲ ਅਗਲੇ ਕਲ ਉੱਤੇ ।

“ਬਾਬੂ ਤੂੰ ਕਿਹੜਾ ਬਦਲਾ ਲਿਤਾ ਏ ਮੇਰੇ ਕੋਲੋਂ ?" ਉਹ ਬੁੜ ਬੁੜਾਉਂਦਾ, ਪਰ ਵੀਰਾਨ ਟਾਪੂ ਦੀ ਠੋਸ ਧਰਤੀ ਸਟਾਂ ਖਾ ਕੇ ਵੀ ਪਾਣੀ ਨਾ ਉੱਗਲਦੀ ।

"ਸ਼ਾਬਾ ਪੁੱਤਰਾ ! ਹੌਂਸਲਾ ਰੱਖ, ਸਬ ਠੀਕ ਹੋ ਜਾਏਗਾ ।"

"ਖੌਰੇ ! ਸੁਜਾਨ ਨੂੰ ਐਸਾ ਵੀ ਕੀ ਹੋ ਗਿਆ ਸੀ !" ਲੋਕ ਆਖਦੇ ।

“ਮੈਨੂੰ ਤਾਂ ਸ਼ਕ ਏ, ਉਸ ਆਪਣੇ ਨਾਲ ਕੁਝ ਕਰ ਹੀ ਨਾ ਲਿਤਾ ਹੋਏ।"

“ਨਹੀਂ..ਨਹੀਂ” ਬਾਊ ਜੀ ਫਿਸ ਪੈਂਦੇ "ਉਹ ਇਹ ਕਦੇ ਨਹੀਂ ਕਰੇਗਾ ...ਕਦੇ ਨਹੀਂ।"

ਉਹ ਬਾਬੂ ਦੇ ਬਾਰੇ ਲੋਕਾਂ ਦੀਆਂ ਗੱਲਾਂ ਸੁਣਦਾ । ਕੋਈ ਵੀ ਸਾਫ਼ ਸਾਫ਼ ਨਾ ਕਹਿੰਦਾ, ਪਰ ਮਨ ਵਿਚ ਸਭ ਨੇ ਮੰਨ ਲਿਆ ਸੀ। ਅੱਦੇ ਪਚੱਧੇ ਦਿਲ ਨਾਲ ਤਾਂ ਉਸ ਨੇ ਵੀ ਮੰਨ ਲਿਆ ਸੀ, ਮਾਂ ਨੇ ਵੀ ... ਬਾਊ ਜੀ ਨੇ ਵੀ । ਤੇ ਅੱਧੇ ਮਨ ਨਾਲ ਉਹ ਉਸ ਦਾ ਇੰਤਜ਼ਾਰ ਕਰਦੇ ਸਨ।

ਭੂਆ ਜੀ ਦੀ ਛੋਟੀ ਕੁੜੀ ਕਹਾਣੀ ਸੁਣਨ ਦੀ ਜ਼ਿਦ ਕਰਦੀ।

"ਮੁੰਨੀ, ਦਿਨੇ ਕਹਾਣੀਆਂ ਨਹੀਂ ਸੁਣਾਂਦੇ, ਰਾਹਗੀਰ ਰਸਤਾ ਭੁੱਲ ਜਾਂਦੇ ਨੇ ! ਬਾਬੂ ਖੌਰੇ ! ਕਿਹੜੇ ਸਟੇਸ਼ਨ ਉੱਤੇ ਖੱਜਲ ਹੁੰਦੇ ਹੋਏ ਨੇ ? ਉਨ੍ਹਾਂ ਆਪਣੀ ਫੋਟੋ ਵਾਲੀ ਅਖ਼ਬਾਰ ਦੇਖੀ ਹੋਈ ਏ ?''

"ਧੀਏ, ਉਹ ਕਿਧਰੇ ਨਹੀਂ ਗਿਆ, ਸਿਰਫ਼ ਆਪਣੇ ਆਪ ਕੋਲੋਂ ਭੱਟਕ ਗਿਆ ਏ, ਜਦੋਂ ਆਪਣੇ ਆਪੇ ਵਿਚ ਆਏਗਾ ਉਸੇ ਦਿਨ ਘਰ ਪਰਤ ਆਏਗਾ। ਅਖ਼ਬਾਰ ਵਿਚ ਗੁਮਸ਼ੁਦਾ ਕਾਲਮ ਵਿਚ ਬਾਬੂ ਦਾ ਫ਼ੋਟੋ ਛਪਾਉਣ ਲਗਿਆਂ ਵੀ ਬਾਊ ਜੀ ਨੇ ਆਖਿਆ ਸੀ। ਉਨ੍ਹਾਂ ਦੀ ਗੱਲ ਠੀਕ ਹੀ ਸੀ ਪਰ ਉਸ ਵੇਲੇ ਭੂਆ ਜੀ ਨਹੀਂ ਸੀ ਮੰਨੇ । ਅਖ਼ਬਾਰ ਛੱਪ ਕੇ ਆਈ ਤਾਂ ਉਹ ਫੋਟੋ ਦੇਖ ਬੜਾ ਰੋਏ "ਹਾਏ ! ਇਹ ਦਿਨ ਵੀ ਦੇਖਣਾ ਸੀ ?''

ਭੂਆ ਜੀ ਤਿੰਨ ਮਹੀਨਿਆਂ ਤੋਂ ਉੱਥੇ ਹੀ ਸੀ। ਮਾਂ ਤਾਂ ਮੰਜੀ ਮਲ ਲਈ ਸੀ। ਘਰ ਦਾ ਸਾਰਾ ਕੰਮ ਕਾਜ ਭੂਆ ਹੀ ਕਰਦੇ । ਉਸ ਨੂੰ ਬੜੀ ਸ਼ਰਮ ਆਉਂਦੀ । ਭੂਆ ਜਦੋਂ ਰੋਟੀ ਵਰਤਾਂਦੇ ਤਾਂ ਉਹ ਉਨ੍ਹਾਂ ਦੀ ਬਾਂਹ ਦੇ ਗਜਰੇ ਗਿਣਦਾ, ਜਿੰਨਾਂ ਦੀ ਗਿਣਤੀ ਹੌਲੀ ਹੌਲੀ ਘਟਦੀ ਜਾ ਰਹੀ ਸੀ । ਥੋੜ ਹਮੇਸ਼ਾ ਦੁਖਦਾਈ ਹੁੰਦੀ ਏ ਸੋਨਾ ਹੋਏ ਜਾਂ ਮਨੁਖ—ਉਸ ਨੇ ਗੱਲਾਂ ਗੱਲਾਂ ਨਾਲ ਬਾਊ ਜੀ ਨੂੰ ਸਮਝਾਇਆ ਸੀ ।

“ਧੀਏ, ਤੂੰ ਕਿਉਂ ਸਾਡੇ ਨਾਲ ਆਪਣੇ ਆਪ ਨੂੰ ਗਾਲ ਰਹੀ ਏਂ ? ਤੂੰ ਆਪਣਾ ਘਰ ਵੀ ਤਾਂ ਸਾਂਭਣਾ ਏਂ, ਤੇ ਫੇਰ ਇਹ ਕੋਈ ਦੋ ਚਾਰ ਮਹੀਨਿਆਂ ਦੀ ਗੱਲ ਤਾਂ ਲਗਦੀ ਨਹੀਂ । ਸਾਨੂੰ ਆਪੇ ਹੀ ਸਹਿਣ ਦੀ ਆਦਤ ਪੈਣ ਦੇ ।" ਅੰਦਰ ਲੇਟੀ ਮਾਂ ਦੀ ਠੰਡੀ ਆਹ ਸੁਣੀਂਦੀ “ਕੀ ਹਮੇਸ਼ਾ ਲਈ...?"

ਮਾਂ ਦੇ ਰਾਜ਼ੀ ਹੋਣ ਬਾਦ ਹੀ ਭੂਆ ਜੀ ਜਾ ਸਕੇ ਤੇ ਘਰ ਵਿਚ ਫਿਰ ਤਿੰਨੇ ਜਣੇ ਰਹਿ ਗਏ।ਉਹ ਬਾਹਰੋਂ ਆਉਂਦਾ ਤਾਂ ਘਰ ਖਾਣ ਨੂੰ ਪੈਂਦਾ, ਬਾਬੂ ਦੀ ਕਮੀ ਲਗਦੀ। ਇਕੋ ਆਦਮੀ ਨਾਲ ਉਹ ਸਾਰੇ ਕਿੰਝ ਬੱਧੇ ਹੋਏ ਸਨ ਤੇ ਉਸ ਇਕੋ ਦੇ ਜਾਣ ਨਾਲ ਉਨ੍ਹਾਂ ਤਿੰਨਾਂ ਦੀ ਜ਼ਿੰਦਗੀ ਹੀ ਰੁਕ ਗਈ ਹੋਏ।ਬਾਊ ਜੀ ਸਾਰਾ ਦਿਨ ਜੋਤਸ਼ੀਆਂ, ਪੀਰਾਂ, ਫ਼ਕੀਰਾਂ ਕੋਲ ਬੈਠੇ ਰਹਿੰਦੇ। ਉਹ ਆਪੇ ਬਾਗ਼ਾਂ 'ਚ ਜਾਂ ਖੇਤਾਂ ਵਿਚ ਦਿਨ ਕੱਟ ਛਡਦਾ ਤੇ ਮਾਂ ਸਾਰਾ ਦਿਨ ਜ਼ਨਾਨੀਆਂ ਵਿਚ ਘਿਰੀ ਰੋਂਦੀ ਰਹਿੰਦੀ । ਪਰ ਜ਼ਨਾਨੀਆਂ ਵੀ ਕਦੋਂ ਤੀਕ ਆਉਂਦੀਆਂ ਰਹਿੰਦੀਆਂ, ਉਨ੍ਹਾਂ ਨੂੰ ਕੋਈ ਹੋਰ ਘਰ ਲੱਭ ਗਿਆ । ਪਹਿਲਾਂ ਪੂਰੇ ਗਰਾਂ ਦੀਆਂ ਜ਼ਨਾਨੀਆਂ ਆਉਂਦੀਆਂ ਸਨ, ਫਿਰ ਮਹਲੇ ਦੀਆਂ ਰਹਿ ਗਈਆਂ ਤੇ ਫੇਰ ਸਿਰਫ਼ ਬਰਾਦਰੀ ਦੀਆਂ ਤੇ ਫੇਰ ਮਾਂ ਸਿਰਫ਼ ਇਕੱਲੀ ਰਹਿ ਗਈ । ਆਪੇ ਰੋਂਦੀ ਤੇ ਆਪੇ ਹੀ ਆਪਣੇ ਆਪ ਨੂੰ ਸਹਾਰਾ ਦੇਂਦੀ ।

ਉਸ ਦਾ ਨਾ ਕਿਸੇ ਕੰਮ ਵਿਚ ਮਨ ਲਗਦਾ ਤੇ ਨਾ ਹੀ ਕੋਈ ਉਦਮ ਆਉਂਦਾ । ਰਾਤੀਂ ਸੌਣ ਤੋਂ ਪਹਿਲਾਂ ਹੱਥ ਮੂੰਹ ਧੋ ਲੈਂਦਾ ਤਾਂ ਕਿ ਘੁਟਣ ਜਿਹੀ ਉਤਰ ਜਾਏ ਪਰ ਮਨ ਦੀ ਘੁਟਣ ਤਾਂ ਕੋਹੜ ਕਿਰਲੀ ਵਾਂਗ ਪੱਕੇ ਪੰਜਿਆਂ ਨਾਲ ਚਮੜੀ ਰਹਿੰਦੀ । ਉਸ ਨੂੰ ਲਗਦਾ ਉਸ ਦੇ ਸਰੀਰ ਤੋਂ ਜ਼ਿਆਦਾ ਤਾਂ ਉਸ ਦਾ ਮਨ ਥੱਕ ਗਿਆ ਹੈ । ਬੇਕਾਰੀ, ਉਸ ਨੂੰ ਰਾਤੀਂ ਸੌਣ ਵੀ ਨਾ ਦੇਂਦੀ । ਪਾਸੇ ਪਰਤ ਪਰਤ ਤੇ ਨੀਂਦਰ ਦਾ ਇੰਤਜ਼ਾਰ ਕਰ ਉਹ ਕਿਸੇ ਤੀਜੇ ਪਾਸੇ ਜਾ ਪੁੱਜਦਾ । ਦਿਮਾਗ ਸੁੰਨ ਹੋ ਜਾਂਦਾ, ਟਾਪੂ ਫੈਲਦਾ ਜਾਂਦਾ । ਕੰਢਿਆਂ ਤੋਂ ਆਉਂਦੀਆਂ ਅਵਾਜ਼ਾਂ ਦੂਰ ਹੁੰਦੀਆਂ ਜਾਂਦੀਆਂ । ਰੀੜ ਦੀ ਹਡੀ ਨਾਲ ਵਗਦੀ ਪਸੀਨੇ ਦੀ ਧਾਰ ਨਾਲ ਉਸ ਦੇ ਲੂੰ ਕੰਡੇ ਖਲੋ ਜਾਂਦੇ।

ਬਾਬੂ ਦਾ ਖ਼ਤ ਪੜ ਟਾਪੂ ਟੋਟੇ ਟੋਟੇ ਹੋ ਕੇ ਸਮੁੰਦਰ ਵਿਚ ਨਹੀਂ ਡੁਬਾ। ਆਪਣੀ ਹੀ ਥਾਂ ਅਟਲ ਰਿਹਾ ਜਿਵੇਂ ਉਹ ਪਾਣੀ ਦੀ ਤਹਿ ਹੇਠਾਂ ਆਪਣਾ ਨਾਤਾ ਜੋੜ ਚੁੱਕਾ ਸੀ ਤੇ ਟਾਪੂ ਦੀ ਕੈਦ ਤੋਂ ਉਹ ਕਦੇ ਰਿਹਾ ਨਹੀਂ ਹੋ ਸਕਦਾ। ਖੌਰੇ ਅੰਦਰੋਂ ਕੀ ਮਰ ਗਿਐ ? ਜਿਸ ਦਾ ਹੁਣ ਪੂਰਾ ਹੋਣਾ ਮੁਸ਼ਕਿਲ ਸੀ।

ਬਾਬੂ ਕਲ ਆ ਰਹੇ ਨੇ । ਪਰ ਬਾਬੂ ਤਾਂ ਹੁਣ ਇਸ ਥੋੜ ਨੂੰ ਪੂਰਾ ਨਹੀਂ ਕਰ ਸਕਦੇ । ਹਾਂ ਪਹਿਲਾਂ ਉਹੀ ਸਨ ਜਿਨ੍ਹਾਂ ਦੀ ਉਸ ਨੂੰ ਥੋੜ ਸੀ । ਉਸ ਨੂੰ ਲਗਿਆ ਕਿਧਰੇ ਅੰਤ੍ਰੀਵ ਵਿਚ ਕੋਈ ਐਸੇ ਪ੍ਰਮਾਣੂ ਇਕੱਠੇ ਹੋ ਰਹੇ ਨੇ ਫੇਰ ਉਨ੍ਹਾਂ ਪਰਮਾਣੂਆਂ ਕੋਈ ਠੋਸ ਸ਼ਕਲ ਅਖ਼ਤਿਆਰ ਕਰ ਲਈ ਏ।

"ਕੁਝ ਕਿਧਰੇ...ਹੋਣ ਵਾਲਾ ਏ।"

ਬਾਬੂ ਜਿਵੇਂ ਸੈਰ ਕਰ ਕੇ ਆਏ ਹੋਣ ! ਕੋਈ ਸਮਾਨ ਨਹੀਂ । ਸਿਰਫ਼ ਧੂੜ ਹੀ ਧੂੜ ਏ, ਕਪੜਿਆਂ ਤੇ, ਮੂੰਹ ਉਤੇ ਤੇ ਸਿਰ ਉੱਤੇ। ਜਿਵੇਂ ਉਸ ਟਾਪੂ ਦੀ ਰਹੀ ਸਹੀ ਮਿਟੀ ਏ, ਜਿਥੋਂ ਬਾਬੂ ਵਾਪਸ ਆ ਗਏ ਨੇ । ਘਰ ਵਿਚ ਮੇਲਾ ਲਗ ਗਿਆ। ਬਾਊ ਜੀ ਉੱਤੇ ਜਿਵੇਂ ਵਧਾਈਆਂ ਦੀ ਵਰਸ਼ਾ ਹੋਣ ਲਗ ਪਈ। ਉਸ ਨੂੰ ਲਗਿਆ ਅਚੇਤਨ ਸ਼ਕਤੀਆਂ ਅਚਾਨਕ ਹੀ ਚੇਤੰਨ ਹੋ ਗਈਆਂ ਨੇ । ਉਸ ਝਟ ਫੈਸਲਾ ਕਰ ਲਿਆ ।

ਉਸ ਪਿਛਵਾੜੇ ਵਾਲਾ ਬੂਹਾ ਖੋਹਲਿਆ । ਉੱਥੇ ਕੋਈ ਨਹੀਂ ਸੀ । ਬਾਹਰ ਆ ਕੇ ਉਹ ਘੜੀ ਭਰ ਰੁਕਿਆ ਤੇ ਫੇਰ ਤੇਜ਼ ਤੇਜ਼ ਕਦਮ ਪੁੱਟਦਾ ਸਟੇਸ਼ਨ ਵਲ ਟੁਰ ਪਿਆ। ਘਰ ਤੋਂ, ਧੂੰਏਂ ਵਾਂਗ ਉਠਦੀਆਂ। ਅਸਪਸ਼ਟ ਅਵਾਜ਼ਾਂ ਮੱਖੀਆਂ ਦੀ 'ਭਿੰਨ ਭਿੰਨ' ਵਾਂਗ ਉਸ ਦੇ ਕੰਨਾਂ ਦੇ ਆਲੇ ਦੁਆਲੇ ਉਡਣ ਲਗੀਆਂ। ਉਸ ਚਾਲ ਹੋਰ ਤੇਜ਼ ਕਰ ਲਈ। ਕਿਧਰੇ ਵੀ ਕੁਝ ਨਹੀਂ ਇਕ ਟਾਪੂ ਏ ਤੇ ਇਕ ਉਹ !

(ਅਨੁਵਾਦ : ਚੰਦਨ ਨੇਗੀ)

  • ਮੁੱਖ ਪੰਨਾ : ਛਤਰਪਾਲ ਦੀਆਂ ਡੋਗਰੀ ਕਹਾਣੀਆਂ ਅਤੇ ਵਿਅੰਗ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ