Taarian Di Goonj (Punjabi Story): Amrit Kaur

ਤਾੜੀਆਂ ਦੀ ਗੂੰਜ (ਕਹਾਣੀ) : ਅੰਮ੍ਰਿਤ ਕੌਰ

ਗਗਨ ਅਤੇ ਹਰਮਨ ਇੱਕੋ ਜਮਾਤ ਵਿੱਚ ਪੜ੍ਹਦੇ ਸਨ। ਉਹਨਾਂ ਦੇ ਘਰ ਵੀ ਨੇੜੇ ਨੇੜੇ ਸਨ। ਪਰ ਗਗਨ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਹਰਮਨ ਕਮਜ਼ੋਰ। ਹਰ ਰੋਜ਼ ਹੀ ਹਰਮਨ ਨੂੰ ਅਧਿਆਪਕਾਂ ਕੋਲੋਂ ਝਿੜਕਾਂ ਪੈਂਦੀਆਂ, ਪਰ ਹਰਮਨ ਤੇ ਜਿਵੇਂ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਉਹ ਰੋਜ਼ਾਨਾ ਝਿੜਕਾਂ ਖਾ ਖਾ ਕੇ ਇੱਕ ਢੀਠ ਜਿਹਾ ਬੱਚਾ ਬਣ ਚੁੱਕਿਆ ਸੀ। ਕਈ ਵਾਰ ਗਗਨ ਨੂੰ ਉਸ 'ਤੇ ਬੜਾ ਤਰਸ ਆਉਂਦਾ। ਸ਼ਾਮ ਨੂੰ ਸਾਰੀ ਗਲੀ ਦੇ ਬੱਚੇ ਇਕੱਠੇ ਖੇਡਦੇ ਸਨ। ਹਰਮਨ ਰੋਜ਼ ਗਗਨ ਦੇ ਘਰ ਦੇ ਬਾਹਰ ਨਿੰਮ੍ਹ ਦੇ ਰੁੱਖ ਹੇਠ ਬਣੇ ਥੜ੍ਹੇ 'ਤੇ ਬੈਠ ਕੇ ਗਗਨ ਨੂੰ ਉਡੀਕਦਾ ਰਹਿੰਦਾ।

ਇੱਕ ਦਿਨ ਵਿਗਿਆਨ ਵਾਲੇ ਅਧਿਆਪਕ ਨੇ ਇੱਕ ਕਮਜ਼ੋਰ ਬੱਚੇ ਨਾਲ ਇੱਕ ਹੁਸ਼ਿਆਰ ਬੱਚੇ ਦੀ ਡਿਊਟੀ ਲਾ ਦਿੱਤੀ ਕਿ ਕਮਜ਼ੋਰ ਬੱਚਾ ਹੁਸ਼ਿਆਰ ਬੱਚੇ ਤੋਂ ਸਮਝ ਕੇ ਆਪਣੇ ਸਵਾਲਾਂ ਦੇ ਜਵਾਬ ਲਿਖ ਲਵੇ। ਗਗਨ ਨੇ ਦੇਖਿਆ ਹਰਮਨ ਕਿਸੇ ਵੀ ਸਵਾਲ ਨੂੰ ਬਹੁਤ ਛੇਤੀ ਸਮਝ ਲੈਂਦਾ ਸੀ। ਗਗਨ ਨੂੰ ਵੀ ਉਸ ਨੂੰ ਪੜ੍ਹਾ ਕੇ ਖੁਸ਼ੀ ਮਹਿਸੂਸ ਹੋ ਰਹੀ ਸੀ।

ਗਗਨ ਨੇ ਘਰ ਜਾ ਕੇ ਆਪਣੀ ਮਾਂ ਨੂੰ ਦੱਸਿਆ। ਉਸ ਦੀ ਮਾਂ ਇੱਕ ਸਮਝਦਾਰ ਔਰਤ ਸੀ । ਅੱਜ ਜਦੋਂ ਹਰਮਨ ਬਾਹਰ ਥੜ੍ਹੇ 'ਤੇ ਬੈਠਾ ਸੀ ਤਾਂ ਉਸ ਨੇ ਹਰਮਨ ਨੂੰ ਆਪਣਾ ਸਕੂਲ ਵਾਲਾ ਬਸਤਾ ਲਿਆਉਣ ਲਈ ਕਿਹਾ। ਹਰਮਨ ਦੇ ਮਨ ਵਿੱਚ ਸਵਾਲ ਤਾਂ ਸਨ ਪਰ ਉਹ ਬਿਨਾਂ ਬੋਲੇ ਹੀ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਆਪਣਾ ਬਸਤਾ ਲਿਆ ਕੇ ਗਗਨ ਦੀ ਮਾਂ ਕੋਲ ਰੱਖ ਦਿੱਤਾ।

ਗਗਨ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਆਪਣੇ ਬੇਟੇ ਦੇ ਕੋਲ ਹੀ ਬੈਠਣ ਲਈ ਕਿਹਾ । ਉਹ ਸਕੂਲ ਦਾ ਕੰਮ ਕਰ ਰਿਹਾ ਸੀ। ਹਰਮਨ ਸਵਾਲੀਆ ਨਜ਼ਰਾਂ ਨਾਲ ਉਸ ਦੇ ਮੂੰਹ ਵੱਲ ਦੇਖ ਰਿਹਾ ਸੀ।

" ਬੇਟਾ! ਜਿੰਨੀ ਦੇਰ ਤੁਸੀਂ ਬਾਹਰ ਬੈਠਦੇ ਓ, ਉਨੀ ਦੇਰ ਤੁਸੀਂ ਵੀ ਆਪਣਾ ਸਕੂਲ ਦਾ ਕੰਮ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਖੇਡਣ ਚਲੇ ਜਾਣਾ। " ਗਗਨ ਦੀ ਮਾਂ ਗੁਰਮੀਤ ਨੇ ਬੜੇ ਪਿਆਰ ਨਾਲ ਕਿਹਾ।
" ਮੇਰਾ ਪੜ੍ਹਨ ਨੂੰ ਬਿਲਕੁੱਲ ਵੀ ਜੀਅ ਨਹੀਂ ਕਰਦਾ , ਬੱਸ ਮੇਰੀ ਮਾਂ ਧੱਕੇ ਨਾਲ ਸਕੂਲ ਭੇਜ ਦਿੰਦੀ ਐ ਜੀ। " ਹਰਮਨ ਉਦਾਸ ਜਿਹਾ ਹੋ ਕੇ ਬੋਲਿਆ।
"ਕਿਉਂ ਨਹੀਂ ਕਰਦਾ ਪੜ੍ਹਨ ਨੂੰ ਜੀਅ ਤੇਰਾ।"
"ਅਸੀਂ ਗਰੀਬ ਹਾਂ ਜੀ, ਮੇਰਾ ਬਾਪੂ ਜੋ ਕਮਾਉਂਦੈ ਉਹੀ ਸ਼ਰਾਬ ਪੀ ਜਾਂਦੈ, ਨਾਲੇ ਨਸ਼ੇ ਦੀਆਂ ਗੋਲੀਆਂ ਖਾ ਲੈਂਦੈ ਜੀ। "
"ਫੇਰ ਤਾਂ ਤੈਨੂੰ ਹੋਰ ਵੀ ਦੱਬ ਕੇ ਮਿਹਨਤ ਕਰਨੀ ਚਾਹੀਦੀ ਐ ਕਿਉਂਕਿ ਜੇ ਤੂੰ ਪੜ੍ਹ ਕੇ ਸਿਆਣਾ ਬਣੇਂਗਾ ਤਾਂ ਹੀ ਗਰੀਬੀ ਦੂਰ ਕਰ ਸਕੇਂਗਾ। "
" ਪਰ ਸਾਰੇ ਕਹਿੰਦੇ ਨੇ ਕਿ ਪੜ੍ਹ ਕੇ ਕਿਹੜਾ ਨੌਕਰੀ ਮਿਲਦੀ ਐ।"
" ਸਾਰਿਆਂ ਨੂੰ ਨਾ ਸਹੀ, ਪਰ ਮਿਲਦੀ ਤਾਂ ਹੈ ਨਾ। ਅਨਪੜ੍ਹ ਰਹਿ ਕੇ ਤਾਂ ਬਿਲਕੁੱਲ ਵੀ ਨਹੀਂ ਮਿਲਣੀ।" ਹਰਮਨ ਚੁੱਪ ਕਰ ਕੇ ਸੁਣ ਰਿਹਾ ਸੀ।
" ਦੇਖੋ ਬੇਟਾ ਤੁਹਾਡੇ ਅਧਿਆਪਕ ਜੇ ਪੜ੍ਹੇ ਲਿਖੇ ਹਨ ਤਾਂ ਹੀ ਨੌਕਰੀਆਂ ਮਿਲੀਆਂ ਨੇ। ਜੇ ਅਨਪੜ੍ਹ ਹੁੰਦੇ ਫੇਰ ਥੋੜ੍ਹੀ ਮਿਲਣੀਆਂ ਸੀ।"
"ਜੀ ਮੈਂ ਪੜ੍ਹਾਈ ਵਿੱਚ ਕਮਜੋਰ ਹਾਂ.... ਮੇਰੀ ਮਾਂ ਆਖਦੀ ਸੀ ਸਾਡੇ ਕੋਲ ਟਿਊਸ਼ਨ ਰੱਖਣ ਜੋਗੇ ਪੈਸੇ ਨਹੀਂ।" ਹਰਮਨ ਖਹਿੜਾ ਛੁਡਾਉਣਾ ਚਾਹੁੰਦਾ ਸੀ।

"ਪਰ ਬੇਟਾ ਤੈਨੂੰ ਟਿਊਸ਼ਨ ਰੱਖਣ ਦੀ ਜਰੂਰਤ ਹੀ ਨਹੀਂ.... ਦੇਖ ਗਗਨ ਨੇ ਕਿਹੜਾ ਟਿਊਸ਼ਨ ਰੱਖੀ ਐ?... ਜੋ ਅਧਿਆਪਕ ਪੜ੍ਹਾਉਂਦੇ ਨੇ ਧਿਆਨ ਨਾਲ ਸੁਣਦਾ ਤੇ ਸਮਝਦਾ ਏ... ਸਕੂਲੋਂ ਮਿਲਿਆ ਕੰਮ ਘਰ ਆ ਕੇ ਕਰ ਲੈਂਦਾ ਏ... ਬਸ ਤੂੰ ਵੀ ਹਰ ਰੋਜ਼ ਏਥੇ ਆ ਕੇ ਪੜ੍ਹ ਲਿਆ ਕਰ।"
" ਮੈਂ ਮੇਰੀ ਮਾਂ ਦੇ ਨਾਲ ਕੰਮ ਕਰਾਉਣੇ ਹੁੰਦੇ ਨੇ ਜੀ। ਨਹੀਂ ਤਾਂ ਮੈਨੂੰ ਕੁੱਟ ਪੈਂਦੀ ਐ..... ਮਾਂ ਕੋਲੋਂ ਵੀ ਤੇ ਭਾਪੇ ਕੋਲੋਂ ਵੀ...।" ਉਸ ਦਾ ਗਲਾ ਭਰ ਆਇਆ ਅੱਗੇ ਕੁੱਝ ਵੀ ਨਾ ਬੋਲ ਸਕਿਆ।
"ਤੇਰੀ ਮਾਂ ਨੂੰ ਮੈਂ ਆਪੇ ਕਹਿ ਦਿਆਂਗੀ। ਕੰਮ ਵੀ ਕਰਵਾ ਦਿਆ ਕਰ, ਜਿੰਨੀ ਦੇਰ ਬਾਹਰ ਬੈਠਦਾ ਏਂ, ਓਨੀ ਦੇਰ ਪੜ੍ਹ ਲਿਆ ਕਰ।" ਗਗਨ ਦੀ ਮਾਂ ਦਿਲੋਂ ਚਾਹੁੰਦੀ ਸੀ ਕਿ ਇਹ ਬੱਚਾ ਪੜ੍ਹੇ।

ਹਰਮਨ ਕੁੱਝ ਵੀ ਨਾ ਬੋਲਿਆ ਪਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਫਸ ਗਿਆ ਹੋਵੇ। ਉਹ ਅਣਮੰਨੇ ਜਿਹੇ ਮਨ ਨਾਲ ਗਗਨ ਦੀ ਮਦਦ ਨਾਲ ਸਕੂਲੋਂ ਮਿਲਿਆ ਕੰਮ ਕਰ ਰਿਹਾ ਸੀ।

ਅਚਾਨਕ ਬੂਹੇ ਅੱਗੇ ਇੱਕ ਗੱਡੀ ਆ ਖਲੋਤੀ। ਗਗਨ ਦੇ ਪਾਪਾ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਨ। ਉਹਨਾਂ ਦੇ ਨਾਲ ਉਹਨਾਂ ਦਾ ਕੋਈ ਵੱਡਾ ਅਫਸਰ ਸੀ। ਸੋਹਣੇ ਕੱਪੜੇ, ਹਸੂੰ ਹਸੂੰ ਕਰਦਾ ਚਿਹਰਾ। ਗਗਨ ਨੇ ਖੜ੍ਹੇ ਹੋ ਕੇ ਸਤਿ ਸ੍ਰੀ ਅਕਾਲ ਕਿਹਾ। ਇਸੇ ਤਰ੍ਹਾਂ ਹਰਮਨ ਨੇ ਕੀਤਾ। ਉਹਨਾਂ ਦੋਵਾਂ ਬੱਚਿਆਂ ਦੀ ਗੱਲ੍ਹ ਤੇ ਪੋਲੀ ਜਿਹੀ ਥਾਪੜੀ ਦਿੱਤੀ। ਉਹਨਾਂ ਦੇ ਕੱਪੜਿਆਂ ਵਿੱਚੋਂ ਆਉਂਦੀ ਖੁਸ਼ਬੂ ਹਰਮਨ ਦੇ ਧੁਰ ਅੰਦਰ ਤੱਕ ਬਹਿ ਗਈ। ਉਸ ਨੇ ਆਪਣੀ ਗੱਲ੍ਹ 'ਤੇ ਹੱਥ ਲਾ ਕੇ ਦੇਖਿਆ। ਉਸ ਨੂੰ ਉਹਨਾਂ ਦੀ ਛੋਹ ਮਹਿਸੂਸ ਹੋ ਰਹੀ ਸੀ। ਉਹ ਮੁਸਕਰਾ ਰਿਹਾ ਸੀ। ਕੁੱਝ ਕਾਗਜ਼ ਲੈ ਕੇ ਉਹ ਛੇਤੀ ਹੀ ਵਾਪਸ ਚਲੇ ਗਏ। ਜਾਂਦਿਆਂ ਫਿਰ ਉਹਨਾਂ ਬੱਚਿਆਂ ਦੇ ਸਿਰ ਤੇ ਪੋਲਾ ਪੋਲਾ ਹੱਥ ਰੱਖਿਆ। ਹਰਮਨ ਨੂੰ ਇਹ ਸਾਰਾ ਕੁੱਝ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ। ਗੱਡੀ ਚਲੀ ਗਈ, ਉਹ ਫਿਰ ਵੀ ਖੜ੍ਹਾ ਉਧਰ ਹੀ ਦੇਖ ਰਿਹਾ ਸੀ ਤੇ ਹਲਕੀ ਜਿਹੀ ਮੁਸਕਰਾਹਟ ਉਸ ਦੇ ਚਿਹਰੇ 'ਤੇ ਸੀ। ਗਗਨ ਦੀ ਮਾਂ ਨੇ ਉਸ ਕੋਲ ਆ ਕੇ ਉਸ ਦੇ ਸਿਰ 'ਤੇ ਹੱਥ ਫੇਰਿਆ ਤੇ ਕਿਹਾ,

"ਇਹ ਅੰਕਲ ਪੜ੍ਹ ਲਿਖ ਕੇ ਹੀ ਅਫਸਰ ਬਣੇ ਨੇ.... ਤੇਰਾ ਵੀ ਜੀਅ ਕਰਦਾ ਏ ਨਾ... ਕਿ ਤੂੰ ਵੀ ਇਹਨਾਂ ਵਾਂਗ ਬਣੇ।"
ਹਰਮਨ ਨੇ ਹਾਂ ਵਿੱਚ ਸਿਰ ਹਿਲਾਇਆ।
" ਚਲ ਠੀਕ ਐ ਫਿਰ ਅੱਜ ਤੋਂ ਹੀ ਤਿਆਰੀ ਸ਼ੁਰੂ.... ਅੰਕਲ ਵਰਗੇ ਬਣਨ ਦੀ। ਆਪਣਾ ਰਹਿੰਦਾ ਕੰਮ ਪੂਰਾ ਕਰੋ ਤੇ ਖੇਡਣ ਜਾਓ।"
ਕੰਮ ਨਿਪਟਾ ਕੇ ਉਹ ਖੇਡਣ ਚਲੇ ਗਏ। ਅੱਜ ਪਹਿਲੀ ਵਾਰ ਹਰਮਨ ਨੇ ਸਕੂਲੋਂ ਮਿਲਿਆ ਕੰਮ ਪੂਰਾ ਕੀਤਾ ਸੀ। ਦੂਜੇ ਦਿਨ ਹਰਮਨ ਨੂੰ ਅਧਿਆਪਕਾਂ ਤੋਂ ਝਿੜਕਾਂ ਵੀ ਨਾ ਪਈਆਂ।

ਦੋ ਕੁ ਦਿਨਾਂ ਬਾਅਦ ਹਰਮਨ ਖੁਦ ਬਸਤਾ ਲੈ ਕੇ ਆਉਂਦਾ ਸਕੂਲ ਦਾ ਕੰਮ ਕਰ ਕੇ ਫਿਰ ਖੇਡਣ ਚਲੇ ਜਾਂਦੇ। ਭਾਵੇਂ ਸ਼ੁਰੂ ਸ਼ੁਰੂ ਵਿੱਚ ਗਗਨ ਦੇ ਪਾਪਾ ਇਸ ਗੱਲ ਪਿੱਛੇ ਗੁਰਮੀਤ ਨੂੰ ਥੋੜ੍ਹਾ ਗੁੱਸੇ ਵੀ ਹੋਏ, ਪਰ ਗੁਰਮੀਤ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਜੇ ਉਹਨਾਂ ਦੀ ਥੋੜ੍ਹੀ ਜਿਹੀ ਮਿਹਨਤ ਨਾਲ ਕਿਸੇ ਬੱਚੇ ਦੀ ਜ਼ਿੰਦਗੀ ਸੰਵਰ ਸਕਦੀ ਹੈ ਤਾਂ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਐ। ਗਗਨ ਦੇ ਪਾਪਾ ਨੇ ਬੱਸ ਐਨਾ ਹੀ ਕਿਹਾ,

"ਮੈਨੂੰ ਇਸ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ, ਪਰ ਡਰ ਹੈ ਕਿ ਇਸ ਦੀ ਸੰਗਤ ਨਾਲ ਕਿਤੇ ਗਗਨ ਨਾ ਵਿਗੜ ਜਾਏ। "
"ਇਹ ਨਹੀਂ ਹੋਵੇਗਾ ਕਿਉਂਕਿ ਮੈਂ ਖੁਦ ਕੋਲ ਬੈਠਦੀ ਆਂ ਜਦੋਂ ਇਹ ਪੜ੍ਹਦੇ ਨੇ।" ਗੁਰਮੀਤ ਨੇ ਬੜੀ ਦ੍ਰਿੜ੍ਹਤਾ ਨਾਲ ਇਹ ਗੱਲ ਆਖੀ ਅਤੇ ਗਗਨ ਦੇ ਪਾਪਾ ਚੁੱਪ ਕਰ ਗਏ।

ਜਦੋਂ ਦੋਵੇਂ ਬੱਚੇ ਪੜ੍ਹਦੇ ਹੁੰਦੇ ਗੁਰਮੀਤ ਉਹਨਾਂ ਦੇ ਖਾਣ ਪੀਣ ਲਈ ਕੁੱਝ ਨਾ ਕੁੱਝ ਜ਼ਰੂਰ ਬਣਾ ਕੇ ਦਿੰਦੀ। ਪਹਿਲਾਂ ਤਾਂ ਹਰਮਨ ਇਨਕਾਰ ਕਰ ਦਿੰਦਾ ਸੀ, ਪਰ ਗੁਰਮੀਤ ਉਸ ਨੂੰ ਜਰੂਰ ਖਵਾ ਦਿੰਦੀ। ਹੁਣ ਹਰਮਨ ਹੋਰ ਵੀ ਵਧੇਰੇ ਮਨ ਲਾ ਕੇ ਪੜ੍ਹਾਈ ਕਰਨ ਲੱਗਾ। ਹੁਣ ਜਮਾਤ ਵਿੱਚ ਵੀ ਉਹ ਗਗਨ ਕੋਲ ਹੀ ਬੈਠਦਾ ਅਤੇ ਗਗਨ ਵੀ ਉਸ ਦੀ ਮਦਦ ਕਰ ਕੇ ਬਹੁਤ ਖੁਸ਼ ਹੁੰਦਾ। ਜਦੋਂ ਵੀ ਜਮਾਤ ਵਿੱਚ ਕੋਈ ਟੈਸਟ ਲਿਆ ਜਾਂਦਾ ਹਰਮਨ ਦੇ ਵੀ ਵਧੀਆ ਨੰਬਰ ਹੁੰਦੇ। ਅਧਿਆਪਕ ਵੀ ਖੁਸ਼ ਸਨ। ਉਹਨਾਂ ਕੋਲੋਂ ਵੀ ਹਰਮਨ ਨੂੰ ਪਿਆਰ ਮਿਲਣ ਲੱਗਾ। ਹੁਣ ਉਸ ਨੂੰ ਸਕੂਲ ਜਾਣਾ ਚੰਗਾ ਲੱਗਦਾ ਸੀ ।

ਜਦੋਂ ਸਲਾਨਾ ਨਤੀਜਾ ਆਇਆ ਤਾਂ ਅੱਧੇ ਵਿਸ਼ਿਆਂ ਵਿੱਚੋਂ ਫੇਲ੍ਹ ਹੋਣ ਵਾਲਾ ਬੱਚਾ ਪਹਿਲੇ ਤਿੰਨ ਬੱਚਿਆਂ ਵਿੱਚ ਸ਼ਾਮਲ ਸੀ। ਮੁੱਖ ਅਧਿਆਪਕ ਜੀ ਨੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਟੇਜ ਤੇ ਬੁਲਾਇਆ ਅਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਗਈ ਕਿ ਉਨ੍ਹਾਂ ਨੇ ਘਰ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ। ਜਦੋਂ ਹਰਮਨ ਦੀ ਮਾਂ ਨੂੰ ਬੁਲਾਇਆ ਗਿਆ ਤਾਂ ਉਸ ਨੇ ਸਟੇਜ 'ਤੇ ਆਉਣ ਸਾਰ ਆਖ ਦਿੱਤਾ ਕਿ ਹਰਮਨ ਨੂੰ ਐਨਾ ਲਾਇਕ ਬਣਾਉਣ ਲਈ ਇੱਕ ਹੋਰ ਮਾਂ ਦਾ ਹੱਥ ਹੈ। ਉਸ ਨੂੰ ਵੀ ਸਟੇਜ ਤੇ ਬੁਲਾਇਆ ਜਾਵੇ। ਉਸ ਨੇ ਗੁਰਮੀਤ ਵੱਲ ਇਸ਼ਾਰਾ ਕੀਤਾ। ਸਾਰੇ ਪਾਸਿਓਂ ਤਾੜੀਆਂ ਦੀ ਆਵਾਜ਼ ਆਈ।

ਗੁਰਮੀਤ ਨੇ ਹਰਮਨ ਨੂੰ ਘੁੱਟ ਕੇ ਪਿਆਰ ਕੀਤਾ। ਉਸ ਦੀਆਂ ਅੱਖਾਂ ਭਰ ਆਈਆਂ।
"ਤੂੰ ਮੇਰੀ ਲਾਜ ਰੱਖੀ ਐ ਬੇਟਾ। ਮੇਰਾ ਭਰੋਸਾ ਨਹੀਂ ਟੁੱਟਣ ਦਿੱਤਾ। ਇਹ ਸਭ ਤੇਰੀ ਮਿਹਨਤ ਦਾ ਫਲ ਹੈ।"

ਇਸ ਤੋਂ ਬਾਅਦ ਕਿੰਨਾ ਚਿਰ ਤਾੜੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ। ਇਹ ਗੂੰਜ ਹਰਮਨ ਦੇ ਕੰਨਾਂ ਨੂੰ ਹਮੇਸ਼ਾ ਸੁਣਾਈ ਦਿੰਦੀ ਰਹੀ ਅਤੇ ਉਸ ਅੰਦਰ ਜੋਸ਼ ਭਰਦੀ ਰਹੀ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ