Taboot (Story in Punjabi) : Ram Lal
ਤਾਬੂਤ (ਕਹਾਣੀ) : ਰਾਮ ਲਾਲ
ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਦੇ ਹਰੇ ਭਰੇ ਲਾਨ ਵਿਚ ਰੀਤਾ ਖੰਡੇਲਵਾਲ ਤੇ ਬਿੱਜੂ ਚਤੁਰਵੇਦੀ ਬੈਠੇ ਬੜੀ ਦੇਰ ਦੇ ਬੀਆਰ ਪੀ ਰਹੇ ਸਨ। ਇਹ ਉਹਨਾਂ ਦਾ ਰੋਜ਼ ਦਾ ਸ਼ੁਗਲ ਸੀ। ਰੀਤਾ ਟੀ.ਵੀ. ਦੇ ਅੱਤ ਥਕਾਅ ਦੇਣ ਵਾਲੇ ਮਾਹੌਲ ਤੋਂ ਵਿਹਲ ਮਿਲਦਿਆਂ ਹੀ ਚਤੁਰਵੇਦੀ ਨੂੰ ਫ਼ੋਨ ਕਰ ਦੇਂਦੀ ਜਾਂ ਚਤੁਰਵੇਦੀ ਹੀ ਉਸਨੂੰ ਆਪਣੇ ਅਖ਼ਬਾਰ ਦੇ ਦਫ਼ਤਰ ਵਿਚੋਂ ਆਪਣੇ ਪ੍ਰੋਗ੍ਰਾਮ ਬਾਰੇ ਦੱਸ ਦਿੰਦਾ ਸੀ। ਇਹ ਇੱਤਫ਼ਾਕ ਬੜਾ ਹੀ ਘੱਟ ਹੁੰਦਾ ਸੀ ਕਿ ਬਿੱਜੂ ਚਤੁਰਵੇਦੀ ਆਕਾਸ਼ਵਾਣੀ ਸਾਹਮਣੇ ਪਹੁੰਚ ਕੇ ਉਸਨੂੰ ਆਪਣੀ ਗੱਡੀ ਵਿਚ ਪਿੱਕਅੱਪ ਨਾ ਕਰ ਸਕਦਾ। ਜੇ ਕਦੀ ਅਜਿਹੀ ਨੌਬਤ ਆਈ ਵੀ ਸੀ ਤਾਂ ਰੀਤਾ ਖ਼ੁਦ ਰਾਤ ਦੇ ਗਿਆਰਾਂ-ਬਾਰਾਂ ਵਜੇ ਪਿੱਛੋਂ ਵੀ ਉਸਦੇ ਫ਼ਲੈਟ ਵਿਚ ਜਾ ਪਹੁੰਚੀ ਸੀ। ਉਹ ਏਨੀ ਦਲੇਰ ਤਾਂ ਹੈ ਹੀ ਸੀ ਕਿ ਏਨੀ ਰਾਤ ਨੂੰ ਵੀ ਉਸਨੂੰ ਇਕੱਲਿਆਂ, ਕਰਜਨ ਰੋਡ ਤੋਂ ਗਰੇਟਰ ਕੈਲਾਸ਼, ਜਾਂਦਿਆਂ ਕਦੀ ਡਰ ਨਹੀਂ ਸੀ ਲੱਗਿਆ। ਜੇ ਕੋਈ ਘਟਨਾ ਵਾਪਰਨੀ ਹੋਏ ਤਾਂ ਵਾਪਰ ਕੇ ਹੀ ਰਹਿੰਦੀ ਹੈ...ਇਸ ਕਥਨ ਵਿਚ ਉਸਦਾ ਪੱਕਾ ਵਿਸ਼ਵਾਸ ਸੀ। ਇਕ ਵਾਰੀ ਇਕ ਟੈਕਸੀ ਡਰਾਇਵਰ ਨੇ ਇਕ ਸੁੰਨਸਾਨ ਜਗ੍ਹਾ ਗੱਡੀ ਰੋਕ ਲਈ ਸੀ ਤੇ ਛੇੜਖਾਨੀ ਉੱਤੇ ਉਤਰ ਆਇਆ ਸੀ...ਪਰ ਅਜੇ ਧੱਕੇ ਨਾਲ ਚੁੰਮਾਂ-ਚੱਟੀ ਤਕ ਹੀ ਨੌਬਤ ਪਹੁੰਚੀ ਸੀ ਕਿ ਪਿੱਛੋਂ ਅਚਾਨਕ ਦੋ ਹੋਰ ਟੈਕਸੀਆਂ ਆ ਗਈਆਂ ਸਨ ਤੇ ਉਸਦੇ ਚੀਕਣ-ਕੂਕਣ ਦੀ ਆਵਾਜ਼ ਸੁਣ ਕੇ ਉਹ ਲੋਕ ਉਸਦੀ ਮਦਦ ਲਈ ਰੁਕ ਗਏ ਸਨ ਤੇ ਉਹਨਾਂ ਉਸਨੂੰ ਘਰ ਤਕ ਸੁਰੱਖਿਅਤ ਪਹੁੰਚਾ ਦਿੱਤਾ ਸੀ।
ਬਿੱਜੂ ਕੁਲ ਮਿਲਾ ਕੇ ਇਕ ਚੰਗਾ ਆਦਮੀ ਹੀ ਸੀ। ਮੁਸੀਬਤ ਸਮੇਂ ਹਮੇਸ਼ਾ ਉਸਦੇ ਕੰਮ ਆਇਆ ਸੀ। ਪਹਿਲੀ ਵਾਰ ਜਦੋਂ ਉਹ ਆਪਣੇ ਪਤੀ ਨੂੰ ਛੱਡ ਕੇ ਪਟਨੇ ਜਾ ਰਹੀ ਸੀ, ਉਸ ਸਫ਼ਰ ਦੌਰਾਨ ਉਸਨੂੰ ਕੁਝ ਕਲਾਕਾਰ ਮਿਲੇ ਸਨ। ਦੋ ਮੁੰਡੇ ਤੇ ਤਿੰਨ ਕੁੜੀਆਂ। ਉਹਨਾਂ ਉਸਨੂੰ ਦੱਸਿਆ ਕਿ ਉਹ ਰੰਗ-ਮੰਚ ਉਪਰ ਨਾਟਕ ਖੇਡਦੇ ਨੇ। ਉਹ ਲੋਕ ਬੜੇ ਚੰਗੇ ਲੱਗੇ ਸਨ ਉਸਨੂੰ, ਕਿਉਂਕਿ ਉਹ ਵੀ ਕਾਲਜ ਦੇ ਦਿਨਾਂ ਵਿਚ ਨਾਟਕਾਂ ਵਿਚ ਹਿੱਸਾ ਲੈਂਦੀ ਰਹੀ ਸੀ। ਉਸਨੇ ਬੜਾ ਚਾਹਿਆ ਕਿ ਉਹ ਉਹਨਾਂ ਨੂੰ ਆਪਣੇ ਮਾਂ-ਬਾਪ ਦੇ ਘਰ ਪਟਨੇ ਲੈ ਜਾਏ, ਜਿੱਥੇ ਉਹ ਆਪਣੇ ਪਤੀ ਨੂੰ ਛੱਡ ਕੇ ਹਮੇਸ਼ਾ ਲਈ ਜਾ ਰਹੀ ਸੀ, ਪਰ ਉਹ ਲੋਕ ਤਾਂ ਕਲਕੱਤੇ ਜਾ ਰਹੇ ਸਨ, ਜਿੱਥੇ ਉਹਨਾਂ ਅਗਲੇ ਦਿਨ ਪ੍ਰੋਗਰਾਮ ਦੇਣਾ ਸੀ। ਉਹਨਾਂ ਨੇ ਉਸਨੂੰ ਵੀ ਆਪਣੇ ਨਾਲ ਕਲਕੱਤੇ ਚੱਲਣ ਲਈ ਕਿਹਾ ਸੀ ਤੇ ਉਹ ਨਾਂਹ ਨਹੀਂ ਸੀ ਕਰ ਸਕੀ। ਉਸਨੇ ਸੋਚਿਆ ਇਹ ਵੀ ਠੀਕ ਰਹੇਗਾ। ਪਤੀ ਨੂੰ ਛੱਡ ਕੇ ਪੇਕੇ ਜਾਣ ਦਾ ਫ਼ੈਸਲਾ ਉਸਨੇ ਬੜੀ ਔਖੀ ਘੜੀ ਵਿਚ ਤੇ ਤੁਰਤ-ਫੁਰਤ ਕੀਤਾ ਸੀ। ਹੁਣ ਉਹ ਪੇਕੇ ਜਾਣ ਤੋਂ ਪਹਿਲਾਂ ਆਰਾਮ ਨਾਲ ਉਸ ਉਪਰ ਸੋਚ ਵਿਚਾਰ ਵੀ ਕਾਰ ਸਕਦੀ ਸੀ। ਉਸਦੇ ਮਾਤਾ-ਪਿਤਾ ਹੁਣ ਬੁੱਢੇ ਹੋ ਚੁੱਕੇ ਸਨ। ਘਰ ਵਿਚ ਉਸਦੇ ਭਰਾਵਾਂ ਤੇ ਭਰਜਾਈਆਂ ਦੀ ਚੱਲਦੀ ਸੀ। ਉਹ ਸ਼ੁਰੂ ਤੋਂ ਹੀ ਉਸ ਨਾਲ ਨਾਰਾਜ਼ ਸਨ ਕਿ ਉਸਨੇ ਪਰਿਵਾਰਕ ਪਰੰਪਰਾ ਨੂੰ ਤੋੜ ਕੇ ਇਕ ਕ੍ਰਿਸਚਿਨ ਲੈਕਚਰਰ ਨਾਲ ਵਿਆਹੀ ਹੀ ਕਿਉਂ ਕਰਵਾਇਆ ਸੀ। ਉਹ ਲੋਕ ਸ਼ਾਇਦ ਹੁਣ ਵੀ ਉਸਨੂੰ ਮੁਆਫ਼ ਕਰਨ ਲਈ ਤਿਆਰ ਨਾ ਹੋਣ। ਇਹ ਵੀ ਹੋ ਸਕਦਾ ਹੈ ਕਿ ਉਸਦੇ ਗ੍ਰਹਿਸਤ ਜੀਵਨ ਦੀ ਅਸਫ਼ਲਤਾ ਦੀ ਸਾਰੀ ਜ਼ਿੰਮੇਂਵਾਰੀ ਉਸ ਦੇ ਸਿਰ ਮੜ੍ਹ ਦਿੱਤੀ ਜਾਏ। ਹਾਲਾਂਕਿ ਉਸਦੇ ਲਈ ਜਮਾਲ ਮਸੀਹ ਵੀ ਜ਼ਿੰਮੇਂਵਾਰ ਸੀ। ਉਹ ਬੜੇ ਨਿਰਾਸ਼ਾਵਾਦੀ ਵਿਚਾਰਾਂ ਦਾ ਆਦਮੀ ਸੀ। ਹਰ ਰਾਤ ਸੌਣ ਤੋਂ ਪਹਿਲਾਂ ਇਕ ਤਾਬੂਤ ਵਿਚ ਜ਼ਰੂਰ ਲੇਟਦਾ ਸੀ। ਇਹ ਤਾਬੂਤ ਉਸਨੇ ਆਪਣੇ ਲਈ ਖਾਸ ਤੌਰ 'ਤੇ ਬਣਵਾਇਆ ਸੀ। ਉਹ ਤਾਬੂਤ ਵਿਚ ਲੇਟ ਕੇ ਅੱਖਾਂ ਬੰਦ ਕਰ ਲੈਂਦਾ, ਛਾਤੀ ਉਪਰ ਕਰਾਸ ਬਣਾ ਕੇ ਮੂੰਹ ਵਿਚ ਕੋਈ ਦੁਆ ਪੜ੍ਹਦਾ ਰਹਿੰਦਾ ਤੇ ਉਸ ਪਿੱਛੋਂ ਬਿਲਕੁਲ ਸਿੱਥਲ ਹੋ ਜਾਂਦਾ...। ਮੁਰਦੇ ਵਾਂਗ ਉਸਨੂੰ ਇਸ ਹਾਲਤ ਵਿਚ ਪਿਆ ਦੇਖ ਕੇ ਰੀਟਾ ਡਰ ਜਾਂਦੀ। ਭਾਵੇਂ ਉਸ ਪਿੱਛੋਂ ਉਹ ਉਠ ਵੀ ਜਾਂਦਾ ਸੀ ਤੇ ਆਪਣੇ ਤਾਬੂਤ ਵਿਚੋਂ ਬਾਹਰ ਆ ਕੇ ਪਹਿਲਾਂ ਵਾਂਗ ਹੀ 'ਨਾਰਮਲ' ਲੱਗਣ ਲੱਗ ਪੈਂਦਾ ਸੀ, ਪਰ ਉਸਨੂੰ ਉਦੋਂ ਵੀ ਇਵੇਂ ਲੱਗਦਾ ਰਹਿੰਦਾ ਸੀ ਜਿਵੇਂ ਉਹ ਮਰ ਕੇ ਮੁੜ ਜਿਉਂਦਾ ਹੋਇਆ ਹੈ...ਤੇ ਪਤਾ ਨਹੀਂ ਜਿਉਂਦਾ ਵੀ ਹੋਇਆ ਹੈ ਕਿ ਨਹੀਂ ! ਉਹ ਉਹੀ ਜਮਾਲ ਮਸੀਹ ਹੈ ਜਾਂ ਉਸਦਾ ਪ੍ਰੇਤ ! ਉਸ ਤੇ ਉਸਦੇ ਅਜੀਬ ਸੁਭਾਅ ਬਾਰੇ ਆਪਣੇ ਘਰ ਵਾਲਿਆਂ ਨਾਲ ਬਹਿਸ ਵਿਚ ਪੈਣ ਦੇ ਬਜਾਏ ਉਸਨੇ ਰੰਗ-ਮੰਚ ਦੇ ਕਲਾਕਾਰਾਂ ਨਾਲ ਕਲਕੱਤੇ ਚਲੇ ਜਾਣ ਤੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਕੁਝ ਸੰਤੁਲਤ ਕਰ ਲੈਣ ਨੂੰ ਹੀ ਵਧੇਰੇ ਠੀਕ ਸਮਝਿਆ ਸੀ। ਇਸ ਲਈ ਉਹ ਉਹਨਾਂ ਨਾਲ ਚਲੀ ਗਈ ਸੀ। ਉੱਥੇ ਉਹਨਾਂ ਲੋਕਾਂ ਦੇ ਨਾਲ ਹੀ ਇਕ ਸ਼ਾਨਦਾਰ ਹੋਟਲ ਵਿਚ ਰਹੀ ਸੀ।...ਤੇ ਉੱਥੇ ਪਹੁੰਚਦਿਆਂ ਹੀ ਉਸ ਉਤੇ ਇਹ ਭੇਦ ਵੀ ਖੁੱਲ੍ਹ ਗਿਆ ਸੀ ਕਿ ਅਸਲ ਵਿਚ ਉਹ ਕੈਬਰੇ ਕਲਾਕਾਰ ਸਨ। ਕੁੜੀਆਂ ਲਗਭਗ ਸਾਰੇ ਕਪੜੇ ਲਾਹ ਕੇ ਨਾਚ ਕਰਦੀਆਂ ਸਨ ਤੇ ਆਪਣੇ ਸਰੀਰ ਦਾ ਭਰਪੂਰ ਪ੍ਰਦਰਸ਼ਨ ਕਰਦੀਆਂ ਸਨ ; ਏਨੇ ਉਤੇਜਨਾ ਭਰੇ ਢੰਗ ਨਾਲ ਕਿ ਜਿਸਨੂੰ ਦੇਖ ਕੇ ਨਵੇਂ ਅਮੀਰ ਬਣੇ ਨੌਜਵਾਨ ਤੇ ਕਈ ਬੁੱਢੇ ਵੀ ਖੁਸ਼ੀ ਵਿਚ ਪਾਗਲਾਂ ਵਾਂਗ ਚੀਕ-ਕੂਕ ਕੇ ਉਹਨਾਂ ਨੂੰ ਦਾਦ ਦਿੰਦੇ ਸਨ। ਉਹ ਦ੍ਰਿਸ਼ ਉਸਨੂੰ ਅਤਿ ਉਦਾਸ ਕਰ ਦੇਣ ਵਾਲੇ ਸਿੱਧ ਹੁੰਦੇ ਸਨ ਕਿ ਦਰਸ਼ਕ ਆਪਣੀਆਂ ਖਾਣੇ ਵਾਲੀਆਂ ਮੇਜ਼ਾਂ ਉਤੇ ਬੈਠੇ ਮਾਸ ਦੀਆਂ ਬੋਟੀਆਂ ਹੀ ਨਹੀਂ ਚੂੰਡ ਰਹੇ ਹੁੰਦੇ ਸਨ ਬਲਕਿ ਕੁੜੀਆਂ ਦੇ ਥਿਰਕਦੇ ਹੋਏ ਸਰੀਰ ਦੇਖ-ਦੇਖ ਕੇ ਉਤੇਜਨਾ ਵੱਸ ਲਲਕਾਰੇ ਮਾਰਦੇ ਹੋਏ ਇੰਜ ਲੱਗਦੇ ਸਨ ਜਿਵੇਂ ਉਹਨਾਂ ਦੇ ਅੱਧ-ਨੰਗੇ ਸਰੀਰ ਹੀ ਚੂੰਡ-ਚੂੰਡ ਕੇ ਖਾ ਰਹੇ ਹੋਣ। ਉਹ ਉਹਨਾਂ ਨਾਲ ਥੋੜ੍ਹੇ ਦਿਨ ਹੀ ਰਹਿ ਸਕੀ ਸੀ, ਹਾਲਾਂਕਿ ਉਹ ਚਾਹੁੰਦੇ ਸਨ ਕਿ ਉਹ ਉਹਨਾਂ ਨਾਲ ਰਹਿ ਕੇ ਡਾਂਸ ਸਿੱਖ ਲਏ...ਪਰ ਉਹਨੀਂ ਦਿਨੀ ਸਬਬ ਨਾਲ ਉਸਨੂੰ ਚਤੁਰਵੇਦੀ ਮਿਲ ਗਿਆ ਸੀ, ਜਿਹੜਾ ਕਲਕੱਤੇ ਵਿਚ ਸਰਵ ਭਾਰਤੀ ਪੱਤਰਕਾਰ ਸੰਮੇਲਨ ਵਿਚ ਭਾਗ ਲੈਣ ਆਇਆ ਹੋਇਆ ਸੀ। ਇਕ ਰਾਤ ਉਹ ਵੀ ਕੈਬਰੇ ਦੇਖਣ ਆ ਪਹੁੰਚਿਆ ਸੀ। ਦੋਵੇਂ ਇਕੋ ਮੇਜ਼ ਉਤੇ ਬੈਠੇ ਸਨ। ਉਸ ਝੱਲਿਆਂ ਵਾਂਗ ਉਛਲ-ਕੁੱਦ ਭਰੇ, ਉਤੇਜਤ ਕਰ ਦੇਣ ਵਾਲੇ ਨਾਚ ਉਤੇ ਟਿੱਪਣੀ ਕਰਦਿਆਂ ਉਸਨੇ ਕਿਹਾ, 'ਦਿੱਲੀ ਵਾਪਸ ਜਾ ਕੇ ਮੈਂ ਇਸਦੇ ਖ਼ਿਲਾਫ਼ ਇਕ ਆਰਟੀਕਲ ਲਿਖਾਂਗਾ।' ਚਤੁਰਵੇਦੀ ਦੇ ਇਸ ਰਵੱਈਏ ਵਿਚ ਹੀ ਉਸਨੂੰ ਆਪਣੇ ਨਿਕਲ ਭੱਜਣ ਦਾ ਰਸਤਾ ਦਿਸ ਪਿਆ ਸੀ। ਉਸਨੇ ਦੋਸਤੀ ਦਾ ਹੱਥ ਵਧਾਇਆ ਤਾਂ ਰੀਤਾ ਖੰਡੇਲਵਾਲ ਨੇ ਉਸ ਨੂੰ ਠੁਕਰਾਇਆ ਨਹੀਂ, ਬਲਕਿ ਉਸਦੇ ਨਾਲ ਉਸੇ ਦਿੱਲੀ ਵਿਚ ਪਰਤ ਆਈ, ਜਿੱਥੋਂ ਨੱਸ ਕੇ ਗਈ ਸੀ। ਪਰ ਹੁਣ ਉਹ ਇਕ ਮਸ਼ਹੂਰ ਪੱਤਰਕਾਰ ਨਾਲ ਆਈ ਸੀ ਜਿਸ ਨੇ ਆਪਣੇ ਪ੍ਰਭਾਵ ਨਾਲ ਉਸਨੂੰ ਟੀ.ਵੀ. ਵਿਚ ਸਰਵਿਸ ਦੁਆ ਦਿੱਤੀ, ਰਹਿਣ ਲਈ ਇਕ ਹੋਸਟਲ ਵਿਚ ਜਗ੍ਹਾ ਵੀ ਦੁਆਈ ਤੇ ਫੇਰ ਉਸ ਨਾਲ ਰੋਜ਼, ਬਿਨਾ ਰੋਕ-ਟੋਕ ਮਿਲਣ ਵੀ ਲੱਗ ਪਿਆ। ਹੁਣ ਉਹ ਦੋ ਸਾਲ ਤੋਂ ਉਸਦੀ ਰਖੈਲ ਹੀ ਕਹੀ ਜਾ ਸਕਦੀ ਸੀ, ਉਹ ਇਸ ਸੁਤੰਤਰ ਜੀਵਨ ਨੂੰ ਹੀ ਪਸੰਦ ਕਰਨ ਲੱਗ ਪਈ ਸੀ। ਇਸ ਵਿਚ ਵੀ ਕਈ ਕਿਸਮ ਦੀਆਂ ਖ਼ੁਸ਼ੀਆਂ ਸਨ, ਅਨੇਕਾਂ ਕਿਸਮ ਦੀਆਂ ਤਸੱਲੀਆਂ ਸਨ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੂੰ ਕਿਸੇ ਨੇ ਲੱਭਣ ਦੀ ਕੋਸ਼ਿਸ਼ ਨਹੀਂ ਸੀ ਕੀਤੀ...ਨਾ ਉਸਦੇ ਪਤੀ ਨੇ ਤੇ ਨਾ ਹੀ ਉਸਦੇ ਮਾਪਿਆਂ ਨੇ। ਸਾਰੇ ਉਸਨੂੰ ਭੁੱਲ ਗਏ ਜਾਪਦੇ ਸਨ। ਜਿਵੇਂ ਉਹ ਉਹਨਾਂ ਲਈ ਮਰ ਗਈ ਹੋਏ। ਇਹ ਵੀ ਠੀਕ ਹੀ ਸੀ। ਉਹਨਾਂ ਨੂੰ ਇੰਜ ਹੀ ਕਰਨਾ ਚਾਹੀਦਾ ਸੀ। ਉਹ ਬਿਨਾ ਕਿਸੇ ਰੋਕ-ਟੋਕ ਦੇ ਆਪਣੀ ਜ਼ਿੰਦਗੀ ਬਿਤਾ ਰਹੀ ਸੀ, ਜਿਹੜੀ ਉਸਨੂੰ ਕਿਸੇ ਪੱਖੋਂ ਵੀ ਊਣੀ ਨਹੀਂ ਸੀ ਲੱਗਦੀ। ਚਤੁਰਵੇਦੀ ਨੇ ਉਸਨੂੰ ਵਧੀਆ ਮਾਹੌਲ ਦਿੱਤਾ ਸੀ। ਉਸ ਦੇ ਨਾਲ ਨਾਲ ਘੁੰਮ ਫਿਰ ਕੇ ਉਸਨੇ ਜ਼ਿੰਦਗੀ ਦੇ ਕਈ ਰੂਪ, ਕਈ ਦਿਸ਼ਾਵਾਂ ਤੇ ਕਈ ਵਰਤਾਰੇ ਦੇਖ ਲਏ ਸਨ। ਰਾਜ ਕਿੰਜ ਕੀਤਾ ਜਾਂਦਾ ਹੈ, ਪਾਰਟੀਆਂ ਕਿਵੇਂ ਬਣਾਈਆਂ ਜਾਂਦੀਆਂ ਨੇ, ਚੋਣਾ ਕਿਵੇਂ ਲੜੀਆਂ ਜਾਂਦੀਆਂ ਹੈਨ, ਰਾਜਨੀਤੀ ਵਿਚ ਕਿੰਜ ਵੜਿਆ ਜਾਂਦਾ ਹੈ, ਇਸ ਲਈ ਪੈਸਾ ਕਿੱਥੋਂ ਆਉਂਦਾ ਹੈ ਤੇ ਕਿੰਨੇ ਹੱਥਾਂ ਵਿਚੋਂ ਹੁੰਦਾ ਹੋਇਆ ਕਿੱਥੇ ਕਿੱਥੇ ਪਹੁੰਚਦਾ ਹੈ? ਹੁਣ ਤਾਂ ਉਹ ਅਖ਼ਬਾਰ ਵਿਚ ਛਪੀ ਹਰੇਕ ਖ਼ਬਰ ਪਿੱਛੇ ਲੁਕੇ ਅਸਲੀ ਚਿਹਰੇ ਤੇ ਉਸਦੀਆਂ ਗਤੀ ਵਿਧੀਆਂ ਨੂੰ ਫੌਰਨ ਸਮਝ ਲੈਂਦੀ ਸੀ, ਕਿਉਂਕਿ ਉਹ ਅਜਿਹੇ ਲੋਕਾਂ ਨੂੰ ਕਾਫੀ ਨੇੜਿਓਂ ਦੇਖ ਚੁੱਕੀ ਸੀ। ਅਣਗਿਣਤ ਵਾਰੀ ਉਹਨਾਂ ਦੀਆਂ ਗੱਲਾਂ-ਬਾਤਾਂ ਕੰਨੀ ਸੁਣ ਚੁੱਕੀ ਸੀ। ਆਦਮੀ ਸੱਤਾ ਦਾ ਵੀ ਭੁੱਖਾ ਹੁੰਦਾ ਹੈ ਤੇ ਦੌਲਤ ਦਾ ਵੀ। ਜਦੋਂ ਇਹਨਾਂ ਨੂੰ ਪ੍ਰਾਪਤ ਕਰਨ ਵਿਚ ਉਹ ਸਿੱਧੇ ਤਰੀਕੇ ਨਾਲ ਅਸਫਲ ਹੁੰਦਾ ਹੈ, ਰਾਜਨੀਤੀ ਵਿਚ ਆ ਜਾਂਦਾ ਹੈ। ਦੇਸ਼ ਦੇ ਅਰਥਿਕ ਪ੍ਰਬੰਧ, ਰਾਜਨੀਤੀ ਤੇ ਪੱਤਰਕਾਰੀ ਨਾਲ ਉਸਦੇ ਸਬੰਧਤ ਉਸਦਾ ਗਿਆਨ ਬਿੱਜੂ ਚਤੁਰਵੇਦੀ ਦੀ ਹੀ ਦੇਣ ਸੀ। ਉਹ ਉਸਦੀ ਬੜੀ ਧੰਨਵਾਦੀ ਸੀ ਪਰ ਉਸਦੇ ਅੰਦਰ ਕਿਸੇ ਕੋਨੇ ਵਿਚ ਉਸਦੇ ਖ਼ਿਲਾਫ਼ ਨਫ਼ਰਤ ਵੀ ਜਨਮ ਲੈ ਚੁੱਕੀ ਸੀ। ਉਸਨੇ ਉਸਨੂੰ ਆਪਣੇ ਅੰਦਰ ਹੀ ਦਫ਼ਨ ਕੀਤਾ ਹੋਇਆ ਸੀ ਤੇ ਜਾਣ ਬੁੱਝ ਕੇ ਉਸਨੂੰ ਪ੍ਰਤੱਖ ਨਹੀਂ ਸੀ ਕਰਨਾ ਚਾਹੁੰਦੀ।
ਕਈ ਦਿਨ ਪਹਿਲਾਂ ਚਤੁਰਵੇਦੀ ਨੇ ਆਪਣੀ ਪਤਨੀ ਦਾ ਜ਼ਿਕਰ ਛੇੜਿਆ ਸੀ...ਉਹ ਇਕ ਅਰਸੇ ਤੋਂ ਕਿਸੇ ਹੋਰ ਸ਼ਹਿਰ ਵਿਚ ਰਹਿ ਰਹੀ ਸੀ ਤੇ ਬੱਚਿਆਂ ਦਾ ਇਕ ਸਕੂਲ ਚਲਾ ਰਹੀ ਸੀ। ਆਪਣੇ ਬੱਚਿਆਂ ਨੂੰ ਵੀ ਆਪਣੇ ਕੋਲ ਹੀ ਰੱਖ ਕੇ ਪਾਲ-ਪੜ੍ਹਾ ਰਹੀ ਸੀ। ਹੁਣ ਉਹ ਚਾਹੁੰਦੀ ਸੀ ਕਿ ਬਿੱਜੂ ਪੱਤਰਕਾਰੀ ਦਾ ਧੰਦਾ ਛੱਡ ਕੇ ਉਹਨਾਂ ਕੋਲ ਆ ਜਾਏ ਕਿਉਂਕਿ ਉਸਦਾ ਸਕੂਲ ਏਨਾ ਵੱਡਾ ਹੋ ਗਿਆ ਸੀ ਕਿ ਉਸ ਇਕੱਲੀ ਤੋਂ ਸਾਂਭਿਆ ਨਹੀਂ ਸੀ ਜਾਂਦਾ। ਇਸ ਦੇ ਇਲਾਵਾ ਉਹਨਾਂ ਦੇ ਬੱਚੇ ਵੀ ਵੱਡੇ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿਆਹ-ਸ਼ਾਦੀਆਂ ਬਾਰੇ ਸੋਚਣਾ ਵੀ ਜ਼ਰੂਰੀ ਸੀ। ਰੀਤਾ ਖੰਡੇਲਵਾਲ ਸਮਝ ਗਈ ਸੀ ਕਿ ਚਤੁਰਵੇਦੀ ਇਕ ਉਲਝਣ ਵਿਚ ਫਸ ਚੁੱਕਿਆ ਹੈ। ਉਸ ਉਲਝਣ ਵਿਚੋਂ ਉਹ ਉਦੋਂ ਹੀ ਨਿਕਲ ਸਕੇਗਾ ਜਦੋਂ ਪੱਤਰਕਾਰੀ ਦੇ ਪੇਸ਼ੇ ਨੂੰ ਸਲਾਮ ਕਹਿ ਕੇ ਆਪਣੀ ਪਤਨੀ ਕੋਲ ਚਲਾ ਜਾਏਗਾ। ਅੱਜ ਉਸਨੇ ਆਪਣੀ ਪਤਨੀ ਦਾ ਫੇਰ ਜ਼ਿਕਰ ਕੀਤਾ ਸੀ ਤੇ ਰੀਤਾ ਵੱਲ ਇਹੋ ਜਿਹੀਆਂ ਘੋਖਵੀਆਂ ਨਜ਼ਰਾਂ ਨਾਲ ਦੇਖਿਆ ਸੀ, ਜਿਵੇਂ ਜਾਣਨਾ ਚਾਹੁੰਦਾ ਹੋਵੇ ਕਿ ਇਸ ਬਾਰੇ ਉਹ ਕੀ ਕਹਿੰਦੀ ਹੈ।
ਰੀਤਾ ਉਸ ਨੂੰ ਕੋਈ ਜਵਾਬ ਦੇਣ ਦੀ ਬਜਾਏ ਉਸੇ ਦੇ ਸਿਗਰੇਟ ਕੇਸ ਵਿਚੋਂ ਸਿਗਰੇਟ ਕੱਢ ਕੇ ਪੀਣ ਲੱਗ ਪਈ। ਜਾਣ ਬੁਝ ਕੇ ਇਧਰ-ਉਧਰ ਦੇਖਦੀ ਰਹੀ। ਲਾਨ ਵਿਚ ਹੋਰ ਵੀ ਕਈ ਜਣੇ ਵੱਖ ਵੱਖ ਮੇਜ਼ਾਂ ਦੁਆਲੇ ਬੈਠੇ ਬੀਅਰ ਪੀਣ ਤੇ ਗੱਲਾਂ ਮਾਰਨ ਵਿਚ ਮਸਤ ਸਨ। ਉਹਨਾਂ ਵਿਚ ਔਰਤਾਂ ਵੀ ਸਨ ਤੇ ਮਰਦ ਵੀ। ਉਹਨਾਂ ਦੇ ਚਿਹਰੇ ਵੀ ਦਿਲਕਸ਼ ਸਨ ਤੇ ਲਿਬਾਸ ਵੀ। ਪਿੱਛਲੇ ਕਈ ਸਾਲਾਂ ਦਾ ਭਾਰਤ ਵਿਚ ਪੁਸ਼ਾਕਾਂ ਤੇ ਪਹਿਰਾਵਿਆਂ ਦਾ ਇਕ ਹੜ੍ਹ ਜਿਹਾ ਆਇਆ ਹੋਇਆ ਹੈ। ਇਹਨਾਂ ਪਹਿਰਾਵਿਆਂ ਕਰਕੇ ਹੀ ਇਹ ਲੋਕ ਕਿੰਨੇ ਦਿਲਕਸ਼ ਲੱਗ ਰਹੇ ਸਨ। ਉਸਨੇ ਬਿੱਜੂ ਵੱਲ ਦੇਖਿਆ, ਜਿਸ ਨੇ ਗਰਦਨ ਤਕ ਵਾਲ ਵਧਾਏ ਹੋਏ ਸਨ। ਉਸਦੀਆਂ ਵੱਡੀਆਂ-ਵੱਡੀਆਂ ਮੁੱਛਾਂ ਤੇ ਕੰਨਾਂ ਤੋਂ ਹੇਠਾਂ ਤਕ ਵਧਾਈਅ ਕਲਮਾਂ ਕਾਰਣ ਉਸ ਦਾ ਚਿਹਰਾ ਬੜਾ ਘੱਟ ਦਿਸ ਰਿਹਾ ਸੀ, ਜਿਹੜਾ ਬੀਅਰ ਦੀਆਂ ਕਈ ਬੋਤਲਾਂ ਪੀ ਲੈਣ ਪਿੱਛੋਂ ਕਾਫੀ ਚਮਕਣ ਲੱਗ ਪਿਆ ਸੀ। ਉਸਦੀ ਫੁੱਲਾਂ ਵਾਲੀ ਰੰਗ-ਬਿਰੰਗੀ ਸ਼ਰਟ ਦੇ ਖੁੱਲ੍ਹੇ ਗਲਮੇਂ ਵਿਚੋਂ ਛਾਤੀ ਦੇ ਵਾਲ ਝਾਕ ਰਹੇ ਸਨ।
ਰੀਤਾ ਨੇ ਆਪਣੇ ਲਿਬਾਸ ਉਤੇ ਵੀ ਨਿਗਾਹ ਮਾਰੀ...ਅੱਜ ਉਹ ਸਿਰਫ ਬਲਾਊਜ਼ ਤੇ ਮੈਕਸੀ ਪਾ ਕੇ ਆਈ ਸੀ। ਉਸਦੇ ਖੁੱਲ੍ਹੇ ਵਾਲ ਕੁਝ ਤਾਂ ਉਸਦੀ ਪਿੱਠ ਉਤੇ ਖਿੱਲਰੇ ਹੋਏ ਸਨ ਤੇ ਕੁਝ ਉਸਦੀ ਗਰਦਨ ਦੋ ਦੋਵੇਂ ਪਾਸੇ ਝੂਲ ਰਹੇ ਸਨ। ਸੱਚਮੁੱਚ ਉਹ ਵੀ ਬੜੀ ਦਿਲਕਸ਼ ਲੱਗ ਰਹੀ ਹੈ। ਉਸਦੇ ਨੇੜਿਓਂ ਲੰਘਦਿਆਂ ਹੋਇਆਂ ਕਈ ਜਣਿਆਂ ਨੇ ਉਸ ਵੱਲ ਬੜੀਆਂ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਤੱਕਿਆ ਹੈ। ਉਸਦੇ ਕੱਦ ਨਾਲੋਂ ਇਕ-ਦੋ ਇੰਚ ਛੋਟਾ ਇਕ ਅੱਧਖੜ ਉਮਰ ਦਾ ਜਰਨਲਿਸਟ ਜਿਹੜਾ ਉਸਦੇ ਸਰੀਰ ਦੀ ਇਕ ਇਕ ਗੋਲਾਈ ਬਾਰੇ ਜਾਣਦਾ ਹੈ, ਵੀ ਆਪਣੀਆਂ ਅੱਖਾਂ ਵਿਚ ਮਰਦਾਂ ਵਾਲੀ ਆਦਮ-ਭੁੱਖ ਭਰੀ ਉਸ ਵੱਲ ਤੱਕ ਰਿਹਾ ਹੈ, ਪਰ ਉਸਦੀਆਂ ਨਜ਼ਰਾਂ ਵਿਚ ਇਕ ਸੰਤੋਖ ਵੀ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਹ ਜਦੋਂ ਚਾਹੇ ਉਸਨੂੰ ਇਕ ਸ਼ਾਨਦਾਰ ਡਿਨਰ ਖੁਆ ਕੇ ਆਪਣੇ ਫਲੈਟ ਵਿਚ ਲੈ ਜਾਏਗਾ ਤੇ ਰਾਤ ਦੇ ਕਿਸੇ ਪਹਿਰ ਆਪਣੀ ਮੋਟਰ ਵਿਚ ਲੱਦ ਕੇ ਉਸਨੂੰ ਹੋਸਟਲ ਦੇ ਗੇਟ ਅੱਗੇ ਛੱਡ ਆਏਗਾ। ਉਹ ਜਾਣਦਾ ਹੈ, ਉਹ ਇਸ ਹੱਦ ਤਕ ਉਸਦੀ ਸੰਪਤੀ ਬਣ ਚੁੱਕੀ ਹੈ।
ਅਚਾਨਕ ਬਿੱਜੂ ਨੇ ਇਕ ਹੋਰ ਬੋਤਲ ਦਾ ਆਡਰ ਦੇ ਦਿੱਤਾ ਤੇ ਕਿਹਾ, ''ਮੈਨੂੰ ਇੰਜ ਲੱਗਦਾ ਏ, ਤੇਲ ਵਾਲਾ ਅਜੇ ਦੇਰ ਨਾਲ ਆਏਗਾ...ਤੇ ਜਦੋਂ ਤਕ ਉਹ ਨਹੀਂ ਆਉਂਦਾ ਆਪਾਂ ਉਸਦੇ ਖਾਤੇ 'ਚ ਪੀਂਦੇ ਰਹਾਂਗੇ।''
ਇਹ ਕਹਿ ਕੇ ਉਹ ਢੀਠਾਂ ਵਾਂਗ ਹੱÎਸਿਆ। ਜਦੋਂ ਉਹ ਕਿਸੇ ਉਤੇ ਉਕਤਾਅ ਜਾਂਦਾ ਸੀ, ਉਸਨੂੰ ਗਾਲ੍ਹ ਵਗੈਰਾ ਨਹੀਂ ਸੀ ਕੱਢਦਾ...ਉਸਦਾ ਜ਼ਿਕਰ ਕਰਕੇ ਇੰਜ ਹੀ ਹੱਸ ਪੈਂਦਾ ਸੀ।
ਰੀਤਾ ਨੇ ਪੁੱਛਿਆ, ''ਇਹ ਤੇਲ ਵਾਲਾ ਕਿਹੜੀ ਨਸਲ ਦਾ ਜਾਨਵਰ ਏ? ਕੀ ਸੱਚਮੁਚ ਇੱਥੇ ਬੈਠੇ ਅਸੀਂ ਉਸੇ ਨੂੰ ਉਡੀਕ ਰਹੇ ਆਂ?''
''ਹਾਂ। ਉਸ ਨੂੰ ਮੈਂ ਇੱਥੇ ਮਿਲਨ ਲਈ ਹੀ ਕਿਹਾ ਸੀ। ਇਸ ਵੇਲੇ ਉਹ ਜੂਨੀਅਰ ਚੈਂਬਰ ਦੀ ਮੀਟਿੰਗ ਵਿਚ ਪ੍ਰੋਵਿਸ਼ਿਅਲ ਤੇ ਸੈਂਟਰਲ ਮਨਿਸਟਰੀ ਦੇ ਲੋਕਾਂ ਨਾਲ ਮੁੰਗਫਲੀ ਦੇ ਭਾਅ ਤੇ ਟਰਾਂਸਪੋਰਟ ਵਗ਼ੈਰਾ ਦੇ ਮਾਮਲਿਆਂ ਉਤੇ ਗੱਲਬਾਤ ਕਰ ਰਿਹਾ ਹੋਏਗਾ। ਮੇਰੇ ਕੋਲ ਆਇਆ ਤਾਂ ਰਾਜ ਸਭਾ ਦੀ ਮੈਂਬਰੀ ਦੇ ਮਸਲੇ ਉਪਰ ਗੱਲ ਕਰੇਗਾ। ਤੂੰ ਦੇਖੀਂ...।''
ਉਹ ਫੇਰ ਹੱਸ ਪਿਆ ਤੇ ਬੈਰੇ ਦੇ ਹੱਥੋਂ ਬੀਅਰ ਫੜ੍ਹ ਕੇ ਗਿਲਾਸ ਵਿਚ ਭਰਨ ਲੱਗ ਪਿਆ।
''ਪਰ ਰਾਜ ਸਭਾ ਦਾ ਮੈਂਬਰ ਬਣਨ ਲਈ ਉਹ ਤੁਹਾਡੇ ਨਾਲ ਕੀ ਗੱਲ ਕਰਨੀ ਚਾਹੁੰਦਾ ਏ?'' ਰੀਤਾ ਖੰਡੇਲਵਾਲ ਨੇ ਆਪਣੀ ਆਵਾਜ਼ ਵਿਚ ਆਪ ਹੀ ਕੁਝ ਕੁਸੈਲ ਜਿਹੀ ਮਹਿਸੂਸ ਕੀਤੀ...ਤੇ ਫੇਰ ਸੰਭਲ ਕੇ ਮੁਸਕਰਾਉਣ ਲੱਗੀ, ''ਕੀ ਤੁਸੀਂ ਵਾਕਈ ਉਸ ਦੀ ਕੁਝ ਮਦਦ ਕਰ ਸਕਦੇ ਓ?''
''ਕਿਉਂ ਨਹੀਂ?'' ਉਹ ਬੋਲਿਆ, ''ਮੈਂ ਉਸ ਲਈ ਸਭ ਕੁਝ ਕਰ ਸਕਦਾਂ। ਮੇਰੇ ਕੋਲ ਦਿਮਾਗ਼ ਹੈ ਤੇ ਵੱਡੇ-ਵੱਡੇ ਲੋਕਾਂ ਨਾਲ ਮੇਰਾ ਸੰਪਰਕ ਏ। ਉਸਨੂੰ ਤਾਂ ਸਿਰਫ ਆਪਣੀ ਬਲੈਕ ਦੀ ਕਮਾਈ ਦਾ ਪੈਸਾ ਖਰਚ ਕਰਨਾ ਪੈਣਾ ਏਂ।''
ਰੀਤਾ ਨੇ ਉਸ ਨੂੰ ਹੋਰ ਕੁਝ ਨਾ ਪੁੱਛਿਆ। ਉਹ ਮਨ ਹੀ ਮਨ ਫੇਰ ਕੁੜ੍ਹਣ ਲੱਗ ਪਈ ਸੀ। ਸੋ ਚੁੱਪ ਹੀ ਰਹੀ। ਫੇਰ ਇਹ ਸੋਚ ਕੇ ਉਸ ਨੂੰ ਹੈਰਾਨੀ ਵੀ ਹੋਈ ਕਿ ਅੱਜ ਉਹ ਚਤੁਰਵੇਦੀ ਦੀਆਂ ਗੱਲਾ ਉਤੇ ਵਾਰੀ-ਵਾਰੀ ਉਤੇਜਤ ਕਿਉਂ ਹੋ ਉਠਦੀ ਏ...ਇੰਜ ਪਹਿਲਾਂ ਤਾਂ ਕਦੀ ਨਹੀਂ ਹੋਇਆ। ਉਸ ਨੇ ਜਲਦੀ-ਜਲਦੀ ਦੋ-ਤਿੰਨ ਘੁੱਟ ਭਰੇ, ਨਵੀਂ ਸਿਗਰੇਟ ਸੁਲਗਾਈ ਤੇ ਉਸ ਵੱਲ ਇੰਜ ਦੇਖਣ ਲੱਗ ਪਈ ਜਿਵੇਂ ਹੁਣ ਉਹ ਉਸ ਦੀ ਹਰੇਕ ਗੱਲ ਨੂੰ ਬਿਨਾ ਟੋਕਿਆਂ ਸੁਣੇਗੀ ਤੇ ਕੋਈ ਇਤਰਾਜ਼ ਨਹੀਂ ਕਰੇਗੀ; ਭਾਵੇਂ ਉਹ ਕੁਝ ਵੀ ਕਹੇ।
ਚਤੁਰਵੇਦੀ ਉਸ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਬੋਲਿਆ, ''ਅੱਜ ਉਹ ਖੂਬ ਸ਼ਰਾਬ ਪੀਵੇਗਾ। ਫੇਰ ਆਪਾਂ ਨੂੰ ਡਿਨਰ ਕਰਵਾਉਣ ਲੈ ਜਾਏਗਾ ਤੇ ਫੇਰ ਕੈਬਰੇ ਵੀ ਜ਼ਰੂਰ ਦੇਖਣ ਜਾਏਗਾ। ਸਾਲਾ ਕੈਬਰੇ ਉਤੇ ਤਾਂ ਜਾਨ ਦਿੰਦਾ ਏ। ਅਹਿਮਦਾਬਾਦ ਤੋਂ ਵੀ ਟ੍ਰੰਕਾਲ ਉਤੇ ਪੁੱਛ ਰਿਹਾ ਸੀ ਕਿਹੜੇ-ਕਿਹੜੇ ਹੋਟਲ ਵਿਚ ਕੀ-ਕੀ ਚੱਲ ਰਿਹਾ ਏ ?''
''ਤੇ ਤੁਸੀਂ ਉਸ ਨੂੰ ਸਭ ਕੁਝ ਦੱਸ ਦਿੱਤਾ ਹੋਏਗਾ ?'' ਰੀਤਾ ਦੀ ਆਵਾਜ਼ ਵਿਚ ਅਜੇ ਵੀ ਕੁਸੈਲ ਘੁਲੀ ਹੋਈ ਸੀ।
''ਹਾਂ, ਦਸ ਦਿੱਤਾ ਸੀ। ਮੈਥੋਂ ਕੀ ਗੁੱਝਾ ਏ, ਰੋਜ਼ ਹੀ ਤਾਂ ਛਾਪੀਦਾ ਏ...ਇਹਨਾਂ ਪ੍ਰੋਗ੍ਰਾਮਾਂ ਬਾਰੇ।'' ਉਸ ਨੇ ਸਹਿਜ ਨਾਲ ਹੀ ਕਹਿ ਦਿੱਤਾ।
ਰੀਤਾ ਨੇ ਏਸ ਵਾਰੀ ਆਪਣੀਆਂ ਅੱਖਾਂ ਵਿਚਲੇ ਗੁੱਸੇ ਨੂੰ ਛਿਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਸਿੱਧਾ ਉਸ ਦੀਆਂ ਅੱਖਾਂ ਵਿਚ ਤੱਕਿਆ। ਚਤੁਰਵੇਦੀ ਵੀ ਉਸ ਵੱਲ ਦੇਖਦਾ ਤੇ ਮੁਸਕਰਾਉਂਦਾ ਰਿਹਾ। ਫੇਰ ਉਹ ਕੁਝ ਅੱਗੇ ਵੱਲ ਝੁਕ ਕੇ ਜ਼ਰਾ ਧੀਮੀ ਆਵਾਜ਼ ਵਿਚ ਕਹਿਣ ਲੱਗਾ, ''ਮੇਰੇ ਦਿੱਲੀ ਛੱਡਣ ਦੀ ਗੱਲ ਸੁਣ ਕੇ ਤੂੰ ਉਦਾਸ ਹੋ ਗਈ ਸੈਂ। ਮੈਂ ਸਮਝਦਾ ਆਂ, ਜਦੋਂ ਮੈਂ ਚਲਾ ਗਿਆ, ਤੂੰ ਮੈਨੂੰ ਯਾਦ ਕਰ-ਕਰ ਕੇ ਰੋਇਆ ਕਰੇਂਗੀ। ਮੈਂ ਚਾਹੁੰਦਾ ਸਾਂ ਕਿ ਤੂੰ ਕੁਝ ਕਹਿ ਸੁਣ ਕੇ ਆਪਣੇ ਮਨ ਦੀ ਭੜਾਸ ਕੱਢ ਲਏਂ...ਮੈਂ ਤੇਰੀ ਹਰੇਕ ਗੱਲ ਸੁਣਨ ਲਈ ਤਿਆਰ ਸਾਂ, ਪਰ ਤੂੰ ਚੁੱਪ ਰਹੀ ਤੇ ਮੈਂ ਵੀ ਇਹੀ ਠੀਕ ਸਮਝਿਆ ਕਿ ਵਿਸ਼ਾ ਬਦਲ ਕੇ ਤੇਰੀ ਉਦਾਸੀ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂ। ਹਾਂ ਤੇ ਸੁਣ ਇਹ ਉਦਾਸੀ ਠੀਕ ਨਹੀਂ ਹੁੰਦੀ, ਸਾਨੂੰ ਹਰ ਅਸਲੀਅਤ ਨੂੰ 'ਫੇਸ' ਕਰਨਾ ਚਾਹੀਦਾ ਏ। ਸੱਚਵਾਦੀ ਹੋਣਾ ਚਾਹੀਦਾ ਏ। ਅੱਜ ਜੇ ਮੈਂ ਅਚਾਨਕ ਮਰ ਜਾਵਾਂ, ਤਾਂ ਵੀ ਤਾਂ ਤੂੰ ਇਕੱਲੀ ਨਹੀਂ ਰਹਿ ਜਾਏਂਗੀ ਨਾ? ਇੰਜ ਹੀ ਜੇ ਮੈਂ ਕਿਸੇ ਦੂਜੇ ਸ਼ਹਿਰ ਚਲਾ ਜਾਵਾਂਗਾ...। ਦੋਹਾਂ ਹਾਲਤਾਂ ਵਿਚ ਸਬਰ ਕਰਨਾ ਪੈਂਦਾ ਏ ਬਸ।''
ਰੀਤਾ ਸਮਝ ਗਈ ਉਹ ਜਾਣ ਦਾ ਪੱਕਾ ਫੈਸਲਾ ਕਰ ਚੁੱਕਿਆ ਹੈ। ਹੁਣ ਸਿਰਫ ਉਸ ਨੂੰ ਭੌਤਿਕ ਰੂਪ ਵਿਚ ਵਿਛੋੜੇ ਦੀ ਪੀੜ ਸਹਿਣ ਲਈ ਤਿਆਰ ਕਰ ਰਿਹਾ ਹੈ। ਉਸ ਨੇ ਕੋਈ ਜਵਾਬ ਨਾ ਦਿੱਤਾ। ਨੀਵੀਂ ਪਾ ਕੇ ਆਪਣੇ ਗਲਾਸ ਵੱਲ ਦੇਖਦੀ ਰਹੀ, ਜਿਸ ਵਿਚ ਪਈ ਥੋੜ੍ਹੀ ਜਿਹੀ ਬੀਅਰ ਵਿਚ ਪਿਆ ਬਰਫ਼ ਦਾ ਟੁਕੜਾ ਹੌਲੀ-ਹੌਲੀ ਖੁਰ ਰਿਹਾ ਸੀ।
ਚਤੁਰਵੇਦੀ ਨੇ ਕਿਹਾ, ''ਵੈਸੇ ਤੇਰੇ ਭਵਿੱਖ ਬਾਰੇ ਮੈਂ ਇਕ ਹੋਰ ਗੱਲ ਵੀ ਸੋਚੀ ਹੋਈ ਏ। ਮੈਂ ਤੈਨੂੰ ਆਪਣਾ ਇਕ ਹੋਰ ਦੋਸਤ ਦੇ ਜਾਵਾਂਗਾ, ਜਿਹੜਾ ਤੈਨੂੰ ਹਮੇਸ਼ਾ ਖ਼ੁਸ਼ ਰੱਖੇਗਾ। ਮੇਰੇ ਨਾਲੋਂ ਵੀ ਵੱਧ। ਉਸਨੂੰ ਮੈਂ ਚੰਗੀ ਤਰ੍ਹਾਂ ਜਾਣਦਾਂ। ਉਹ ਕਾਫੀ ਦੌਲਤਮੰਦ ਏ...ਤੈਨੂੰ ਹੋਸਟਲ ਵਿਚੋਂ ਕੱਢ ਕੇ ਇਕ ਫਲੈਟ ਲੈ ਦਏਗਾ। ਉਹ ਇਹੋ ਤੇਲ ਵਾਲਾ, ਲੱਖ ਪਤੀ ਏ ਜਿਹੜਾ ਕੁਝ ਚਿਰ ਵਿਚ ਈ ਇੱਥੇ ਪਹੁੰਚਣ ਵਾਲਾ ਏ। ਉਸਨੂੰ ਮਿਲ ਕੇ ਤੂੰ ਯਕੀਨਨ ਖ਼ੁਸ਼ ਹੋਏਂਗੀ।''
ਰੀਤਾ ਇਸ ਤੋਂ ਅੱਗੇ ਨਾ ਸੁਣ ਸਕੀ। ਕੁਰਸੀ ਤੋਂ ਉਠ ਕੇ ਖੜ੍ਹੀ ਹੋ ਗਈ, ''ਤੂੰ ਮੈਨੂੰ ਸਮਝ ਕੀ ਰੱਖਿਆ ਏ? ਮੇਰੇ ਲਈ ਤੇਰੇ ਦਿਲ ਵਿਚ ਬਸ ਏਨੀ ਹੀ ਇੱਜਤ ਸੀ? ਮੈਨੂੰ ਪਤਾ ਨਹੀਂ ਸੀ ਕਿ ਤੂੰ ਏਨਾ ਗਿਰ ਜਾਏਂਗਾ।''
''ਸੁਣ ਤਾਂ ਸਹੀ ਰੀਤਾ...ਰੀਤਾ ਜ਼ਰਾ ਸੁਣ, ਬੈਠ ਜਾ। ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ।'' ਉਸਨੇ ਰੀਤਾ ਦਾ ਹੱਥ ਫੜ੍ਹਨ ਦੀ ਕੋਸ਼ਿਸ਼ ਕੀਤੀ।
''ਮੈਂ ਕੁਛ ਨਹੀਂ ਸੁਣਨਾ ਚਾਹੁੰਦੀ। ਮੈਂ ਜਾ ਰਹੀ ਆਂ।'' ਕਹਿ ਕੇ ਉਹ ਉੱਥੋਂ ਤੁਰ ਪਈ। ਚਤੁਰਵੇਦੀ ਹੈਰਾਨ-ਪ੍ਰੇਸ਼ਾਨ ਜਿਹਾ ਬੈਠਾ ਰਿਹਾ। ਉਸਦੇ ਪਿੱਛੇ ਜਾ ਕੇ ਉਹ ਲੋਕਾਂ ਨੂੰ ਤਮਾਸ਼ਾ ਨਹੀਂ ਸੀ ਦਿਖਾਉਣਾ ਚਾਹੁੰਦਾ।
ਰੀਤਾ ਤੇਜ਼ ਤੇਜ਼ ਤੁਰਦੀ ਹੋਈ ਸੜਕ ਉਤੇ ਆ ਗਈ। ਜਿਹੜੀ ਨਫ਼ਰਤ ਉਸਦੇ ਅੰਦਰ ਨੱਪੀ ਹੋਈ ਸੀ, ਹੁਣ ਪੂਰੀ ਤਰ੍ਹਾਂ ਬਾਹਰ ਆ ਚੁੱਕੀ ਸੀ। ਹਰ ਆਦਮੀ ਇਕ ਵਿਸ਼ੇਸ਼ ਹੱਦ ਤਕ ਹੀ ਚੰਗਾ ਹੁੰਦਾ ਹੈ, ਉਸ ਪਿੱਛੋਂ ਉਹ ਬੇਹੱਦ ਜ਼ਲੀਲ ਤੇ ਕਮੀਨਾ ਹੁੰਦਾ ਹੈ। ਪਰ ਇਹ ਉਸ ਦਾ ਕੈਸਾ ਵਤੀਰਾ ਹੋਇਆ ਕਿ ਉਹ ਉਸ ਨੂੰ ਨਾਲ ਨਹੀਂ ਰੱਖ ਸਕਦਾ ਤਾਂ ਕਿਸੇ ਹੋਰ ਨੂੰ ਸੌਂਪ ਜਾਣ ਲਈ ਤਿਆਰ ਹੋ ਗਿਆ ਹੈ। ਉਸ ਕਿਸੇ ਦੀ ਨਿੱਜੀ ਸੰਪਤੀ ਨਹੀਂ... ਖਰੀਦੀ ਹੋਈ ਗੁਲਾਮ ਨਹੀਂ ਤਾਂ ਕਿਸੇ ਨੂੰ ਕੀ ਹੱਕ ਹੈ ਕਿ ਉਸ ਬਾਰੇ ਇੰਜ ਸੋਚੇ। ਫੈਸਲੇ ਕਰੇ?
ਉਹ ਇੰਜ ਹੀ ਗੁੱਸੇ ਵਿਚ ਸੜਦੀ-ਭੁੱਜਦੀ ਹੋਈ ਤੁਰਦੀ ਰਹੀ ਤੇ ਕਾਫੀ ਦੂਰ ਤਕ ਪੈਦਲ ਹੀ ਨਿਕਲ ਆਈ। ਤੁਰਦੀ-ਤੁਰਦੀ ਥੱਕ ਗਈ, ਫੇਰ ਵੀ ਤੁਰਦੀ ਰਹੀ। ਇਕ ਲੰਮੀ ਸੜਕ ਮੁੱਕ ਗਈ। ਇਕ ਹੋਰ ਸੜਕ ਆ ਗਈ। ਫੇਰ ਇਕ ਹੋਰ...ਫੇਰ ਵੀ ਉਹ ਤੁਰਦੀ ਰਹੀ ਜਿਵੇਂ ਆਪਣੇ ਆਪ ਨੂੰ ਸਜਾ ਦੇ ਰਹੀ ਹੋਏ, ਦੁਖ ਭੋਗਣ ਦੇ ਮੂਡ ਵਿਚ ਹੋਏ। ਉਸਨੇ ਏਨੇ ਲੰਮੇਂ ਅਰਸੇ ਤਕ ਅਜਿਹੇ ਆਦਮੀ ਉਪਰ ਵਿਸ਼ਵਾਸ ਕਿਉਂ ਕੀਤਾ? ਜਦੋਂ ਉਸਦੇ ਪ੍ਰਤੀ ਉਸਦੇ ਅੰਦਰ ਨਫ਼ਰਤ ਪੈਦਾ ਹੋ ਗਈ ਸੀ ਤਾਂ ਉਸ ਨਫ਼ਰਤ ਨੂੰ ਦਿਲ ਵਿਚ ਹੀ ਕਿਉਂ ਰਹਿਣ ਦਿੱਤਾ ਸੀ? ਹੁਣ ਤਾਂ ਉਸਨੂੰ ਆਪਣੇ ਆਪ ਨਾਲ ਵੀ ਨਫ਼ਰਤ ਹੋਣ ਲੱਗ ਪਈ ਸੀ।
ਪਤਾ ਨਹੀਂ ਉਹ ਕਿੰਨੇ ਮੀਲ ਤੁਰ ਚੁੱਕੀ ਸੀ? ਤੁਰਦੀ ਨੂੰ ਘੰਟੇ ਭਰ ਤੋਂ ਉਤੇ ਹੋ ਚੱਲਿਆ ਸੀ ਪਰ ਸ਼ਹਿਰ ਅਜੇ ਤਕ ਖ਼ਤਮ ਨਹੀਂ ਸੀ ਹੋਇਆ। ਉਹ ਅਜੇ ਤਕ ਉਸੇ ਸ਼ਹਿਰ ਵਿਚ ਭਟਕ ਰਹੀ ਸੀ ਜਾਂ ਉਸ ਸ਼ਹਿਰ ਵਿਚ ਵੱਸੇ ਹੋਏ ਇਕ ਦੂਜੇ ਸ਼ਹਿਰ ਵਿਚ ਜਿਹੜਾ ਉਸਨੂੰ ਬਹੁਤ ਵੱਡਾ ਲੱਗਿਆ ਸੀ। ਉਸ ਨੂੰ ਇੰਜ ਵੀ ਲੱਗ ਰਿਹਾ ਸੀ ਕਿ ਉਸ ਸ਼ਹਿਰ ਦੀ ਕੁੱਖ ਵਿਚ ਇਕ ਹੋਰ ਸ਼ਹਿਰ ਵੀ ਵੱਸਿਆ ਹੋਇਆ ਹੈ। ਹੋ ਸਕਦਾ ਹੈ ਹਰ ਸ਼ਹਿਰ ਦੀ ਕੁੱਖ ਇਕ ਨਵੇਂ ਸ਼ਹਿਰ ਦਾ ਭਾਰ ਢੋਅ ਰਹੀ ਹੋਏ, ਜਿਸ ਤੋਂ ਮੁਕਤੀ ਪਾ ਸਕਣਾ ਸੰਭਵ ਹੀ ਨਾ ਹੋਏ।
ਅਚਾਨਕ ਉਹ ਇਕ ਮਕਾਨ ਦੇ ਸਾਹਮਣੇ ਅਟਕ ਗਈ, ਜਿੱਥੇ ਕੁਝ ਲੋਕ ਇਕ ਅਰਥੀ ਨੂੰ ਚੁੱਕ ਕੇ ਬਾਹਰ ਲਿਆ ਰਹੇ ਸਨ। ਚਿੱਟੀ ਚਾਦਰ ਵਿਚ ਲਿਪਟੀ ਉਸ ਲਾਸ਼ ਦੇ ਪਿੱਛੇ-ਪਿੱਛੇ ਇਕ ਔਰਤ ਵਾਲ ਖਿਲਾਰੀ, ਵੈਣ ਪਾਉਂਦੀ ਹੋਈ ਬਾਹਰ ਨਿਕਲੀ। ਉਹ ਸ਼ਵ-ਯਾਤਰਾ ਨੂੰ ਰੋਕ ਲੈਣਾ ਚਾਹੁੰਦੀ ਸੀ। ਕਈ ਔਰਤਾਂ ਉਸ ਨੂੰ ਲਾਸ਼ ਨਾਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਸਨ। ਰੀਤਾ ਖੰਡੇਲਵਾਲ ਇਕ ਪਾਸੇ ਖੜ੍ਹੀ, ਕਿੰਨੀ ਹੀ ਦੇਰ ਤਕ ਇਹ ਸੰਘਰਸ਼ ਦੇਖਦੀ ਰਹੀ। ਉਸਨੂੰ ਗੁੱਸਾ ਵੀ ਆਉਂਦਾ ਰਿਹਾ ਕਿ ਇਹ ਔਰਤ ਆਪਣੇ ਆਦਮੀ ਦੀ ਲਾਸ਼ ਨੂੰ ਠੋਕਰ ਮਾਰ ਕੇ ਪਰਤ ਕਿਉਂ ਨਹੀਂ ਜਾਂਦੀ? ਇਸ ਆਦਮੀ ਨੇ ਇਸ ਨੂੰ ਕਿਹੜਾ ਸੁਖ ਦਿੱਤਾ ਹੋਏਗਾ? ਸ਼ਾਇਦ ਪੂਰੇ ਜੀਵਨ ਵਿਚ ਸੁਖ ਦਾ ਇਕ ਪਲ ਵੀ ਨਹੀਂ। ਫੇਰ ਵੀ ਉਹ ਉਸਨੂੰ ਲਿਜਾਣ ਤੋਂ ਰੋਕ ਰਹੀ ਹੈ। ਹਮੇਸ਼ਾ ਲਈ ਵਿਛੜਨ ਦੇ ਅੰਤਮ ਪਲਾਂ ਵਿਚ ਸਤਯਵਾਨ ਦੀ ਸਾਵਿੱਤਰੀ ਹੋਣ ਦਾ ਨਾਟਕ ਕਰ ਰਹੀ ਹੈ। ਰੀਤਾ ਦੇ ਮਨ ਵਿਚ ਏਨੀ ਨਫ਼ਰਤ ਭਰ ਗਈ ਸੀ ਕਿ ਉਹ ਹੋਰ ਉੱਥੇ ਇਕ ਵੀ ਪਲ ਨਾ ਰੁਕ ਸਕੀ। ਨੇੜਿਓਂ ਲੰਘ ਰਹੀ ਇਕ ਟੈਕਸੀ ਨੂੰ ਰੋਕ ਕੇ ਉਹ ਉਸ ਵਿਚ ਬੈਠ ਗਈ। ਟੈਕਸੀ ਉਸਨੂੰ ਮੌਤ ਦੇ ਉਸ ਨਾਟਕ ਤੋਂ ਤੁਰੰਤ ਦੂਰ ਲੈ ਗਈ।
ਪਿੱਛੋਂ ਉਸਨੂੰ ਪਛਤਾਵਾ ਵੀ ਹੋਇਆ ਕਿ ਉਸ ਨੇ ਏਡੇ ਵੱਡੇ ਦੁਖਾਂਤ ਉਤੇ ਅਜਿਹੀ ਪ੍ਰਤੀਕਿਰਿਆ ਕਿਉਂ ਮਹਿਸੂਸ ਕੀਤੀ ਸੀ। ਹੁਣ ਉਸਦਾ ਦਿਲ ਹੌਲੀ ਹੌਲੀ ਇਕ ਅਜੀਬ ਜਿਹੇ ਦੁੱਖ ਨਾਲ ਭਰਦਾ ਜਾ ਰਿਹਾ ਸੀ। ਇਸ ਅਪਾਰ ਦੁੱਖ ਦੀ ਨਦੀ ਵਿਚ ਆਪਣੇ ਆਪ ਨੂੰ ਡੁੱਬਣ ਤੋਂ ਰੋਕ ਵੀ ਨਹੀਂ ਸੀ ਸਕੀ; ਇੰਜ ਕਰ ਸਕਣਾ ਅਸੰਭਵ ਹੋ ਗਿਆ ਸੀ। ਉਸਨੇ ਅੱਖਾਂ ਬੰਦ ਕਰ ਲਈਆਂ, ਸ਼ਾਇਦ ਇਸੇ ਤਰ੍ਹਾਂ ਦੁਖਾਂਤ ਦੀ ਨਦੀ ਪਾਰ ਕਰ ਲਏ। ਟੈਕਸੀ ਵਾਲਾ ਵੀ ਇੰਨੇ ਨਾਜ਼ੁਕ ਪਲਾਂ ਵਿਚ ਉਸਦਾ ਸਹਾਈ ਬਣ ਗਿਆ ਸੀ। ਪਰ ਉਸਨੂੰ ਪੁੱਛੇ ਬਿਨਾ ਹੀ ਉਸਨੂੰ ਲਈ ਜਾ ਰਿਹਾ ਸੀ। ਪਤਾ ਨਹੀਂ ਕਿੱਥੇ? ਚਲੋ ਠੀਕ ਹੈ। ਜਦੋਂ ਉਹ ਆਪਣੇ ਆਪ ਕਿਤੇ ਰੁਕ ਜਾਏਗਾ ਤਾਂ ਉਹ ਮੀਟਰ ਦੇ ਪੈਸੇ ਪੁੱਛ ਲਏਗੀ ਤੇ ਅੱਖਾਂ ਬੰਦ ਕਰੀ-ਕਰੀ ਹੀ ਉਸਨੂੰ ਅੱਗੇ ਚੱਲਣ ਲਈ ਕਹੇਗੀ। ਉਸਨੂੰ ਪਤਾ ਹੈ ਉਸਦੇ ਪਰਸ ਵਿਚ ਕਿੰਨੇ ਰੁਪਏ ਹਨ। ਉਹਨਾਂ ਦੇ ਬਲ ਉਤੇ ਉਹ ਅੱਗੇ ਵਧਦੀ ਰਹੇਗੀ। ਫੇਰ ਕਿਸੇ ਜਗ੍ਹਾ ਉਤਰ ਜਾਏਗੀ ਤੇ ਉੱਥੋਂ ਫੇਰ ਪੈਦਲ ਤੁਰ ਪਏਗੀ, ਪਰ ਅੱਜ ਉਹ ਵਾਪਸ ਨਹੀਂ ਜਾਏਗੀ। ਅਜਿਹੇ ਹੋਸਟਲ ਵਿਚ ਉਹ ਵਾਪਸ ਕਿਉਂ ਜਾਏ ਜਿਸ ਦੀ ਹਰੇਕ ਕੁੜੀ ਕਿਸੇ ਨਾਲ ਕਿਸੇ ਮਰਦ ਦੇ ਪ੍ਰੇਮ ਜਾਲ ਵਿਚ ਫਸੀ ਹੋਈ ਹੈ।
ਬੰਦ ਅੱਖਾਂ ਨਾਲ ਹੀ ਉਸਨੇ ਮਹਿਸੂਸ ਕੀਤਾ, ਟੈਕਸੀ ਦੀ ਰਫ਼ਤਾਰ ਹੁਣ ਧੀਮੀ ਹੋ ਗਈ ਹੈ...ਤੇ ਫੇਰ, ਉਹ ਰੁਕ ਗਈ ਹੈ। ਇਸ ਲਈ ਰੁਕ ਗਈ ਹੈ ਕਿ ਅੱਗੇ ਜਾਣ ਲਈ ਰਸਤਾ ਨਹੀਂ ਮਿਲ ਰਿਹਾ, ਸਾਰਾ ਟਰੈਫਿਕ ਜਾਮ ਹੋਇਆ ਹੋਇਆ ਹੈ। ਠੀਕ ਹੈ, ਹੁਣੇ ਕੁਝ ਚਿਰ ਵਿਚ ਟਰੈਫਿਕ ਰੂਪੀ ਅਜਗਰ ਫੇਰ ਰੀਂਘਣ ਲੱਗ ਪਏਗਾ। ਉਸਨੂੰ ਕਦੀ ਨਾ ਕਦੀ ਅੱਗੇ ਵਧਣਾ ਹੀ ਪੈਣਾ ਹੈ। ਪਰ ਉਹ ਕਾਫੀ ਦੇਰ ਤਕ ਅੱਗੇ ਨਹੀਂ ਵਧਿਆ। ਅਚਾਨਕ ਉਸਦੇ ਕੰਨਾਂ ਵਿਚ ਹਾਰਨ ਦੀ ਆਵਾਜ਼ ਪਈ ਤੇ ਫੇਰ ਟੈਕਸੀ ਡਰਾਈਵਰ ਦੇ ਹੱਸਣ ਦੀ। ਉਹ ਪੁੱਛ ਰਿਹਾ ਸੀ, ''ਮੇਮ ਸਾਹਬ ! ਮਾਡਲ ਟਾਊਨ ਆ ਗਿਆ...ਤੁਸੀਂ ਕਿਸ ਨੰਬਰ ਵਿਚ ਜਾਣਾ ਏਂ ?''
ਉਸਨੇ ਹੈਰਾਨ ਹੋ ਕੇ ਅੱਖਾਂ ਖੋਲ੍ਹ ਲਈਆਂ। ਉਹ ਸੱਚਮੁੱਚ ਮਾਡਲ ਟਾਊਨ ਦੇ ਗੇਟ ਉਤੇ ਪਹੁੰਚ ਚੁੱਕੀ ਸੀ। ਪਰ ਉਸਨੇ ਡਰਾਈਵਰ ਨੂੰ ਕਿਹਾ ਕਦੋਂ ਸੀ ਕਿ ਉਹ ਉਸਨੂੰ ਇੱਥੇ ਲੈ ਆਏ! ਉਸਨੇ ਦਿਮਾਗ਼ ਉਤੇ ਜ਼ੋਰ ਦੇ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਉਸਨੂੰ ਯਕੀਨ ਸੀ ਉਸਨੇ ਡਰਾਈਵਰ ਨੂੰ ਕਿਤੇ ਵੀ ਲੈ ਚੱਲਣ ਲਈ ਕੁਝ ਨਹੀਂ ਸੀ ਕਿਹਾ। ਉਹ ਆਪਣੇ ਆਪ ਹੀ ਉਸਨੂੰ ਇੱਥੇ ਪਹੁੰਚਾ ਕੇ ਸਾਰੀ ਜ਼ਿੰਮੇਂਵਾਰੀ ਉਸ ਉਤੇ ਸੁੱਟਣਾ ਚਾਹੁੰਦਾ ਸੀ, ਪਰ ਉਸਨੇ ਉਸ ਨਾਲ ਬਹਿਸ ਕਰਨੀ ਠੀਕ ਨਹੀਂ ਸਮਝੀ। ਕਿਰਾਇਆ ਦੇ ਕੇ ਚੁੱਪਚਾਪ ਉਤਰ ਗਈ ਤੇ ਤੁਰ ਪਈ।
ਰਾਤ ਉਤਰ ਆਈ ਸੀ। ਮਕਾਨਾਂ ਤੇ ਸੜਕਾਂ ਦੀਆਂ ਬੱਤੀਆਂ ਜਗ ਪਈਆਂ ਸਨ। ਉਹ ਕਈ ਗਲੀਆਂ ਵਿਚੋਂ ਹੁੰਦੀ ਹੋਈ ਅਚਾਨਕ ਇਕ ਮਕਾਨ ਸਾਹਮਣੇ ਰੁਕ ਗਈ। ਨੇਮ ਪਲੇਟ ਪੜ੍ਹੀ ਤੇ ਅੰਦਰ ਚਲੀ ਗਈ।
ਉਸਦੀ ਖ਼ੁਸ਼ਬੂ ਪਛਾਣ ਕੇ ਇਕ ਛੋਟਾ ਜਿਹਾ ਤਿੱਬਤੀ ਬਰੇਯਰ ਉਸ ਦੇ ਕੋਲ ਆ ਗਿਆ ਤੇ 'ਕੂੰ-ਕੂੰ' ਕਰਦਾ ਹੋਇਆ ਉਸ ਦੀ ਗੋਦੀ ਚੜ੍ਹਨ ਲਈ ਉਛਲਣ ਲੱਗਿਆ। ਉਸਨੇ ਝੁਕ ਕੇ ਉਸਨੂੰ ਚੁੱਕ ਲਿਆ ਤੇ ਉਸਦੀ ਚਿੱਟੀ ਤੇ ਕਾਲੀ, ਨਰਮ ਮੁਲਾਇਮ ਜੱਤ ਉਤੇ ਹੱਥ ਫੇਰਨ ਲੱਗ ਪਈ। ਫੇਰ ਇਕ ਕਮਰੇ ਵਿਚੋਂ ਇਕ ਨੌਕਰ ਬਾਹਰ ਆਇਆ। ਉਹ ਵੀ ਉਸਨੂੰ ਦੇਖ ਕੇ ਹੈਰਾਨੀ ਨਾਲ ਮੁਸਕਰਾਇਆ...ਇਹ ਉਸਨੂੰ ਕੁਝ ਪੁੱਛੇ ਬਿਨਾ ਅੰਦਰ ਚਲੀ ਗਈ। ਡਰਾਇੰਗ ਰੂਮ ਖ਼ਾਲੀ ਪਿਆ ਸੀ, ਪਰ ਇਕ ਪਾਸੇ ਮੇਜ਼ ਉਤੇ ਸ਼ਰਾਬ ਦੀ ਬੋਤਲ ਤੇ ਕਈ ਗਲਾਸ ਬੜੇ ਸੁਚੱਜੇ ਢੰਗ ਨਾਲ ਰੱਖੇ ਹੋਏ ਸਨ। ਉਹ ਉਸਦੇ ਨਾਲ ਲੱਗਵੇਂ ਕਮਰੇ ਵਿਚ ਚਲੀ ਗਈ; ਉੱਥੇ ਵੀ ਕੋਈ ਨਹੀਂ ਸੀ। ਇਹ ਬੈੱਡਰੂਮ ਸੀ। ਉਸ ਦੀ ਨਜ਼ਰ ਕਾਰਨਸ ਉਤੇ ਜਾ ਟਿਕੀ। ਉਸ ਉਤੇ ਇਕ ਔਰਤ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੱਖ ਵੱਖ ਫਰੇਮਾਂ ਵਿਚ ਜੜ ਕੇ ਰੱਖੀਆਂ ਹੋਈਆਂ ਸਨ। ਉਹ ਕਾਫੀ ਦੇਰ ਤਕ ਉਹਨਾਂ ਤਸਵੀਰਾਂ ਵਲ ਦੇਖਦੀ ਰਹੀ। ਉਹ ਸੱਚਮੁੱਚ ਬੜੀ ਸੁੰਦਰ ਸੀ। ਉਸਨੂੰ ਈਰਖਾ ਜਿਹੀ ਹੋਈ, ਹਾਲਾਂਕਿ ਉਹ ਸਾਰੀਆਂ ਤਸਵੀਰਾਂ ਉਸ ਦੀਆਂ ਆਪਣੀਆਂ ਸਨ। ਉਹਨਾਂ ਵਿਚਕਾਰ ਉਸ ਮਰਦ ਦੀ ਵੀ ਇਕ ਤਸਵੀਰ ਪਈ ਸੀ ਜਿਸ ਨੇ ਉਸ ਦੀਆਂ ਏਨੀਆਂ ਤਸਵੀਰਾਂ ਆਪਣੇ ਬੈੱਡਰੂਮ ਵਿਚ ਸਜਾਈਆਂ ਹੋਈਆਂ ਸਨ।
ਅਚਾਨਕ ਉਸਨੂੰ ਨੌਕਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਦਰਵਾਜ਼ੇ ਦਾ ਪਰਦਾ ਹਟਾਅ ਕੇ ਪੁੱਛ ਰਿਹਾ ਸੀ, ''ਚਾਹ ਲਿਆਵਾਂ, ਬੀਬੀ ਜੀ?''
ਉਦੋਂ ਉਹ ਸੱਚਮੁੱਚ ਬੜੀ ਥੱਕੀ ਹੋਈ ਸੀ। ਚਾਹ ਪੀਣ ਲਈ ਤਿਆਰ ਵੀ ਹੋ ਸਕਦੀ ਸੀ, ਪਰ ਉਸਨੇ ਉਸ ਵੱਲ ਦੇਖੇ ਬਿਨਾਂ ਹੀ ਕਿਹਾ, ''ਇਕ ਲਾਰਜ ਪੈੱਗ ਬਣਾ ਲਿਆ।''
ਰਾਘੇ ਵੱਡਾ ਪੈੱਗ ਬਣਾ ਲਿਆਇਆ। ਉਸ ਨੇ ਤਿੱਬਤੀ ਬਰੇਯਰ ਨੂੰ ਫ਼ਰਸ਼ ਉਤੇ ਛੱਡਦਿਆਂ ਪੁੱਛਿਆ, ''ਸਾਹਬ ਕਿੱਥੇਂ ਨੇ?''
''ਜੀ, ਉਹ ਅਜੇ ਯੂਨੀਵਰਸਟੀ ਤੋਂ ਨਹੀਂ ਆਏ। ਦੁਪਹਿਰੇ ਕਹਿ ਰਹੇ ਸਨ, ਸ਼ਾਮੀਂ ਵੀ.ਸੀ. ਸਾਹਿਬ ਨਾਲ ਕੋਈ ਮੀਟਿੰਗ ਏ। ਨੌਂ ਵਜੇ ਤਕ ਆਪਣੇ ਕੁਝ ਦੋਸਤਾਂ ਨਾਲ ਆਉਣਗੇ। ਹੁਣ ਤਾਂ ਆਉਣ ਵਾਲੇ ਈ ਹੋਣਗੇ।''
ਉਹ ਗਲਾਸ ਤਿਪਾਈ ਉਤੇ ਰੱਖ ਕੇ ਚਲਾ ਗਿਆ। ਰੀਤਾ ਡਬਲਬੈੱਡ ਉਤੇ ਬੈਠ ਕੇ ਘੁੱਟ-ਘੁੱਟ ਪੀਣ ਲੱਗ ਪਈ। ਗਲਾਸ ਖ਼ਤਮ ਕਰਕੇ ਉੱਥੇ ਹੀ ਲੇਟ ਗਈ, ਪਰ ਯਕਦਮ ਇਕ ਝਟਕੇ ਨਾਲ ਫੇਰ ਉਠ ਕੇ ਬੈਠ ਗਈ। ਝੁਕ ਕੇ ਪਲੰਘ ਹੇਠ ਕੁਝ ਦੇਖਣ ਲੱਗੀ। ਹੱਥ ਵਧਾਅ ਕੇ ਕਿਸੇ ਚੀਜ਼ ਨੂੰ ਛੂਹਿਆ ਤੇ ਬਾਹਰ ਖਿੱਚ ਲਿਆ। ਉਹ ਉਹੀ ਖ਼ਾਲੀ ਤਾਬੂਤ ਸੀ। ਕਿੰਨੀ ਹੀ ਦੇਰ ਤਕ ਉਹ ਉਸ ਤਾਬੂਤ ਨੂੰ ਘੂਰਦੀ ਰਹੀ। ਬਿਨਾਂ ਢੱਕਣ ਵਾਲਾ ਤਾਬੂਤ ਕਿਸੇ ਖਾਲੀ ਕਬਰ ਵਾਂਗ ਖ਼ਾਮੋਸ਼ ਸੀ। ਉਸ ਵਿਚ ਕੋਈ ਨਹੀਂ ਸੀ। ਫੇਰ ਉਹ ਹੌਲੀ ਹੌਲੀ ਸ਼ੀਸ਼ੇ ਵਲ ਵਧ ਗਈ। ਸ਼ੀਸ਼ੇ ਸਾਹਮਣੇ ਪਹੁੰਚ ਕੇ ਉਸਨੇ ਆਪਣੇ ਵਾਲ ਸੰਵਾਰੇ। ਲਿਪਸਟਿਕ ਲਾਈ। ਗੱਲ੍ਹਾਂ ਉਪਰ ਥੋੜ੍ਹਾ ਜਿਹਾ ਪਫ਼ ਕੀਤਾ ਤੇ ਆਪਣੇ ਕਪੜਿਆਂ ਦੇ ਵੱਟ ਠੀਕ ਕਰਦੀ ਹੋਈ ਤਾਬੂਤ ਵਿਚ ਜਾ ਲੇਟੀ। ਅੱਖਾਂ ਬੰਦ ਕਰ ਕੇ ਛਾਤੀ ਉਤੇ ਕਰਾਸ ਬਣਾਇਆ (ਹਾਲਾਂਕਿ ਈਸਾਈ ਧਰਮ ਵਿਚ ਉਸ ਦੀ ਉੱਕਾ ਹੀ ਸ਼ਰਧਾ ਨਹੀਂ ਸੀ)। ਉਸ ਪਿੱਛੋਂ ਉਸ ਨੇ ਸਾਹ ਰੋਕ ਲਿਆ; ਉਸੇ ਹਾਲਤ ਵਿਚ ਕਈ ਮਿੰਟ ਪਈ ਰਹੀ। ਉਸਨੂੰ ਇਕ ਅਜੀਬ ਜਿਹੀ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਸੀ। ਮਨ ਹੀ ਮਨ ਉਸਨੇ 'ਕਨਫੈਸ਼ਨ' ਵੀ ਕਰ ਲਿਆ...ਉਸਨੂੰ ਲੱਗਿਆ ਉਹ ਫੁੱਲ ਵਰਗੀ ਹੌਲੀ ਹੋ ਗਈ ਹੈ, ਉਸਦੇ ਮਨ ਉਤੇ ਹੁਣ ਕੋਈ ਬੋਝ ਨਹੀਂ ਤੇ ਇਹ ਪਲ ਬੜੇ ਹੀ ਵਚਿੱਤਰ ਨੇ, ਬੜੇ ਆਨੰਦਦਾਈ ਨੇ। ਇਹਨਾਂ ਪਲਾਂ ਦੀ ਤਲਾਸ਼ ਵਿਚ ਹੀ ਉਹ ਇਕ ਮੁੱਦਤ ਤੋਂ ਭਟਕ ਰਹੀ ਸੀ।
ਅਚਾਨਕ ਉਸਦੇ ਕੰਨਾਂ ਵਿਚ ਗੇਟ ਅੰਦਰ ਵੜ ਰਹੀ ਮੋਟਰ ਦੀ ਆਵਾਜ਼ ਪਈ। ਬਹੁਤ ਸਾਰੇ ਲੋਕਾਂ ਦੇ ਗੱਲਾਂ ਕਰਨ ਤੇ ਠਹਾਕੇ ਲਾਉਣ ਦੀ ਵੀ...ਉਹਨਾਂ ਆਵਾਜ਼ਾਂ ਵਿਚ ਯਕੀਨਨ ਇਕ ਆਵਾਜ਼ ਜਮਾਲ ਮਸੀਹ ਦੀ ਵੀ ਸੀ। ਉਹ ਸਾਰੀਆਂ ਆਵਾਜ਼ਾਂ ਪਲ ਪਲ ਉਸਦੇ ਨੇੜੇ ਹੁੰਦੀਆਂ ਗਈਆਂ ਪਰ ਉਹ ਸਾਹ ਰੋਕੀ, ਆਪਣੀ ਛਾਤੀ ਉਤੇ ਨਿਮਰਤਾ ਨਾਲ ਦੋਵੇਂ ਹੱਥ ਬੰਨ੍ਹੀ, ਮੌਨ ਲੇਟੀ ਰਹੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)