Tall (Punjabi Story) : Kuldeep Sirsa
ਟੱਲ (ਕਹਾਣੀ) : ਕੁਲਦੀਪ ਸਿਰਸਾ
ਇੱਕ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ। ਗਰੀਬੀ, ਬੇਰੁਜ਼ਗਾਰੀ, ਅਨਪੜਤਾ, ਅੰਧ-ਵਿਸ਼ਵਾਸ, ਦੰਗੇ, ਜਾਤ-ਪਾਤ ਵਗੈਰਾ-ਵਗੈਰਾ। ਕੋਈ ਵੀ ਰਾਜਾ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਪਾ ਰਿਹਾ ਸੀ।
ਫਿਰ ਅਚਾਨਕ ਇੱਕ ਅਵਤਾਰ-ਪੁਰਸ਼, ਮਹਾਂ-ਪੁਰਸ਼, ਪਵਿੱਤਰ-ਆਤਮਾ, ਯੁਗ ਪੁਰਸ਼, ਦੇਵ-ਪੁਰਸ਼, ਮਹਾਰਾਜਾ ਰਾਜਾ ਝਾਂਸਾਦਾਸ ਦੋਖੀ ਉਸ ਦੇਸ਼ ਦਾ ਰਾਜਾ ਬਣਿਆ। ਉਸ ਨੇ ਰਾਜਾ ਬਣਦਿਆਂ ਸਾਰ ਹੀ ਐਲਾਨ ਕੀਤਾ ਕਿ ਉਹ 10 ਸਾਲ ਦੇ ਅੰਦਰ-ਅੰਦਰ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਣਗੇ। ਉਸਨੇ ਐਲਾਨ ਕੀਤਾ ਕਿ ਉਹ ਆਪਣੇ ਰਾਜ ਵਿੱਚ ਇੱਕ ਬਹੁਤ ਵੱਡਾ 'ਟੱਲ' ਲਗਵਾਉਣਗੇ। ਉਸ ਟੱਲ ਨੂੰ ਵਜਾਉਣ ਨਾਲ ਰਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਰਾਜੇ ਨੇ ਦੇਖਿਆ ਕਿ ਕੁਝ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਤਾਂ ਰਾਜੇ ਨੇ ਅਗਲਾ ਐਲਾਨ ਕੀਤਾ ਕਿ ਅਗਰ 'ਟੱਲ' ਲਗਵਾਉਣ ਤੋਂ ਬਾਅਦ ਵੀ ਰਾਜ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਤਾਂ ਉਹ ਆਪਣੇ ਆਪ ਨੂੰ ਰਾਜਧਾਨੀ ਦੇ ਚੌਂਕ ਵਿੱਚ ਫਾਂਸੀ ਲਗਾ ਲੈਣਗੇ। ਰਾਜੇ ਦਾ ਇਹ ਐਲਾਨ ਸੁਣ ਕੇ ਹਰ ਕੋਈ ਉਹਨਾਂ ਦੇ ਬਚਨਾਂ ਦਾ ਕਾਇਲ ਹੋ ਗਿਆ। ਤੁਰੰਤ 'ਟੱਲ' ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਰਾਜ ਦਰਬਾਰੀ, ਕਰਮਚਾਰੀ, ਧਰਮ ਦੇ ਪੁਜਾਰੀ ਤੇ ਰਾਜੇ ਨੂੰ ਪਸੰਦ ਕਰਨ ਵਾਲੇ ਲੋਕ ਲਗਾਤਾਰ ਉਸ ਪਵਿੱਤਰ ਦਿਨ ਨੂੰ ਉਡੀਕਣ ਲੱਗੇ। ਰਾਜਾ ਵੀ ਹਫਤੇ-ਦਸ ਦਿਨ ਬਾਅਦ ਲੋਕਾਂ ਦੇ ਰੂਬਰੂ ਹੋ ਕੇ ਟੱਲ ਦੇ ਕੰਮ ਦੀ ਜਾਣਕਾਰੀ ਦਿੰਦਾ ਤਾਂ ਲੋਕ ਖੁਸ਼ੀ ਵਿੱਚ ਝੂਮ ਉੱਠਦੇ। ਪੂਰੇ ਰਾਜ ਵਿੱਚ ਇੱਕ ਹੀ ਚਰਚਾ ਹੁੰਦੀ ਸੀ ਟੱਲ-ਟੱਲ-ਟੱਲ।
ਦਸ ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਆਖਿਰ 'ਟੱਲ' ਦੇ ਉਦਘਾਟਨ ਦਾ ਦਿਨ ਮੁਕਰਰ ਕਰ ਦਿੱਤਾ ਗਿਆ।ਹਰ ਕੋਈ ਹਰ ਕਿਸੇ ਨੂੰ ਵਧਾਈਆਂ ਦੇ ਰਿਹਾ ਸੀ।ਬੇਸ਼ਕ ਹਰ ਕਿਸੇ ਨੂੰ ਉਦਘਾਟਨ-ਦਿਨ ਬਾਰੇ ਜਾਣਕਾਰੀ ਸੀ ਫਿਰ ਵੀ ਲੋਕ ਘਰ-ਘਰ ਜਾਕੇ ਇੱਕ ਦੂਜੇ ਨੂੰ ਨਿਮੰਤਰਨ-ਪੱਤਰ ਦੇ ਰਹੇ ਸਨ।
ਆਖਿਰ ਅਵਤਾਰ-ਪੁਰਸ਼, ਮਹਾਂ-ਪੁਰਸ਼, ਪਵਿੱਤਰ-ਆਤਮਾ, ਯੁਗ ਪੁਰਸ਼, ਦੇਵ-ਪੁਰਸ਼ ਮਹਾਰਾਜਿਆਂ ਦੇ ਰਾਜੇ, ਮਹਾਰਾਜੇ ਝਾਂਸਾਦਾਸ ਦੋਖੀ ਨੇ 'ਟੱਲ' ਦਾ ਉਦਘਾਟਨ ਕੀਤਾ।ਜਦੋਂ ਲੋਕਾਂ ਨੇ 'ਟਣ' ਦੀ ਆਵਾਜ਼ ਸੁਣੀ ਤਾਂ ਲੋਕਾਂ ਨੂੰ ਲੱਗਿਆ ਜਿਵੇਂ ਉਹਨਾਂ ਦੀ ਸਦੀਆਂ ਦੀ ਉਮੀਦ ਪੂਰੀ ਹੋ ਗਈ ਹੋਵੇ, ਇੱਕ ਨਾ ਪੂਰਾ ਹੋਣ ਵਾਲਾ ਖ਼ੁਆਬ ਪੂਰਾ ਹੋ ਗਿਆ ਹੋਵੇ।ਲੋਕ ਖੁਸ਼ੀ ਨਾਲ ਕਲਪਨਾ ਵਿੱਚ ਸਵਰਗਾਂ ਦੀ ਸੈਰ ਕਰਨ ਲੱਗੇ।ਉਹਨਾਂ ਨੂੰ ਆਪਣੀ ਭੁੱਖ-ਪਿਆਸ ਭੁੱਲ ਗਈ।ਸਾਰੇ ਦੁੱਖ ਭੁੱਲ ਗਏ।ਮਹਾਰਾਜਾ 'ਝਾਂਸਾਦਾਸ ਦੋਖੀ ਦੀ ਜੈ' ਦੇ ਨਾਹਰਿਆਂ ਨਾਲ ਅਸਮਾਨ ਗੂੰਜ ਉੱਠਿਆ। ਵਿਰੋਧੀਆਂ ਦੇ ਸੀਨੇ ਫਟ ਗਏ।ਫਿਰ ਮੰਤਰੀਆਂ-ਸੰਤਰੀਆਂ, ਦਰਬਾਰੀਆਂ,ਪੁਜਾਰੀਆਂ ਨੇ 'ਟੱਲ' ਵਜਾ ਕੇ ਆਪਣੀ ਖੁਸ਼ੀ ਜਾਹਰ ਕੀਤੀ।ਉਸਤੋਂ ਬਾਅਦ ਪੂਰਾ ਦੇਸ਼ ਟੱਲ ਵਜਾਉਣ ਦੇ ਆਹਰ ਵਿੱਚ ਲੱਗ ਗਿਆ। ਹੁਣ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ, ਅਨਪੜਤਾ, ਅੰਧ-ਵਿਸ਼ਵਾਸ, ਦੰਗੇ, ਜਾਤ-ਪਾਤ ਵਗੈਰਾ-ਵਗੈਰਾ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ।ਹੁਣ ਹਰ ਪਾਸੇ 'ਟੱਲ' ਦੀ 'ਟਣ-ਟਣ' ਹੀ ਸੁਣਾਈ ਦਿੰਦੀ ਸੀ।