Tapu (Story in Punjabi) : Ram Lal

ਟਾਪੂ (ਕਹਾਣੀ) : ਰਾਮ ਲਾਲ

ਏਧਰ ਕੁਝ ਦਿਨਾਂ ਦਾ ਬਾਵਾ ਜੀ ਨੂੰ ਇੰਜ ਮਹਿਸੂਸ ਹੋਣ ਲੱਗਿਆ ਹੈ, ਜਿਵੇਂ ਕੋਈ ਉਹਨਾਂ ਨੂੰ ਬੁਲਾ ਰਿਹਾ ਹੋਵੇ। ਵਾਰੀ ਵਾਰੀ ਦਰਵਾਜ਼ੇ ਤਕ ਆਉਂਦਾ ਹੋਵੇ ਤੇ ਪਰਤ ਜਾਂਦਾ ਹੋਵੇ। ਘਰਵਾਲੇ ਨਾ ਉਸਨੂੰ ਦਰਵਾਜ਼ਾ ਖੋਲ੍ਹਦੇ ਨੇ ਤੇ ਨਾ ਹੀ ਉਹਨਾਂ ਕੋਲ ਲੈ ਕੇ ਆਉਂਦੇ ਨੇ। ਬਾਵਾ ਜੀ ਖ਼ੁਦ ਹਿੱਲਣ-ਜੁਲਣ ਤੋਂ ਆਹਰੀ ਹੋ ਚੁੱਕੇ ਨੇ, ਵਰਨਾ ਉਹਨਾਂ ਦਾ ਜੀਅ ਤਾਂ ਚਾਹੁੰਦਾ ਹੈ ਕਿ ਜ਼ਰਾ ਜਿੰਨੀ ਆਹਟ ਹੋਵੇ ਤਾਂ ਵੀ ਉਹ ਝੱਟ ਝਪਟ ਕੇ ਦਰਵਾਜ਼ੇ ਤਕ ਪਹੁੰਚ ਜਾਣ ਤੇ ਆਉਣ ਵਾਲੇ ਦਾ ਪਹਿਲਾਂ ਵਾਂਗ ਹੀ ਦੋਵੇਂ ਬਾਹਾਂ ਫੈਲਾਅ ਕੇ ਸਵਾਗਤ ਕਰਨ। ਕੁਝ ਅਰਸੇ ਤੋਂ ਉਹਨਾਂ ਬਿਲਕੁਲ ਚੁੱਪ ਸਾਧੀ ਹੋਈ ਹੈ। ਉਹਨਾਂ ਦੇ ਚਿਹਰੇ ਉੱਤੇ ਪਸਰੀ ਹੋਈ ਚੁੱਪ ਵਿਚ ਰਿਸ਼ੀਆਂ ਮੁਨੀਆਂ ਵਰਗਾ ਨੂਰ ਜਾਂ ਸ਼ਾਂਤੀ ਨਹੀਂ, ਜਿਹੜੀ ਉਹਨਾਂ ਦੀ ਵਰ੍ਹਿਆਂ ਦੀ ਉਪਾਸਨਾ ਦਾ ਫਲ ਹੁੰਦੀ ਹੈ। ਉਹ ਮੂੰਹੋ ਜ਼ਰਾ ਜਿੰਨੀ ਆਵਾਜ਼ ਨਹੀਂ ਕੱਢਦੇ। ਬਸ ਇਕ ਬੇਵੱਸੀ ਜਿਹੀ ਨਾਲ ਇੱਧਰ-ਉਧਰ ਦੇਖਦੇ ਰਹਿੰਦੇ ਨੇ ਜਿਸ ਵਿਚੋਂ ਕਦੀ-ਕਦੀ ਹੈਰਾਨੀ ਦੀ ਝਲਕ ਵੀ ਪੈਂਦੀ ਹੈ।
ਉਹਨਾਂ ਦੇ ਪਲੰਘ ਕੋਲ ਰੱਖੀ ਇਕ ਛੋਟੀ ਜਿਹੀ ਮੇਜ਼ ਉੱਤੇ ਇਕ ਚਾਬੀ ਵਾਲੀ ਘੰਟੀ ਰੱਖ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਚੀਜ ਦੀ ਲੋੜ ਹੋਏ ਤਾਂ ਉਸਨੂੰ ਵਜਾ ਕੇ ਕਿਸੇ ਨੂੰ ਬੁਲਾ ਲੈਣ। ਅਕਸਰ ਉਹ ਘੰਟੀ ਨਹੀਂ ਵਜਾਉਂਦੇ। ਆਪਣੇ ਆਪ ਹੀ ਕੋਈ ਨਾ ਕੋਈ ਅੰਦਰ ਆ ਜਾਂਦਾ ਹੈ ਤੇ ਉਹਨਾਂ ਤੋਂ ਉਹਨਾਂ ਦੀ ਜ਼ਰੂਰਤ ਬਾਰੇ ਪੁੱਛ ਜਾਂਦਾ ਹੈ। ਬਲਕਿ ਪੁੱਛਣ ਦੀ ਬਜਾਏ ਖ਼ੁਦ ਹੀ ਸਮਝ ਜਾਂਦਾ ਹੈ ਕਿ ਇਸ ਵੇਲੇ ਬਾਵਾ ਜੀ ਨੂੰ ਕੀ ਚਾਹੀਦਾ ਹੈ। ਖਾਣਾ, ਪਾਣੀ ਜਾਂ ਕੋਈ ਹੋਰ ਸ਼ੈ। ਕਮੋਡ ਤਕ ਉਹਨਾਂ ਦੇ ਪਲੰਘ ਦੇ ਕੋਲ ਰੱਖ ਦਿੱਤਾ ਗਿਆ ਹੈ। ਹੁਣ ਉਹਨਾਂ ਨੂੰ ਚੀਕ-ਚੀਕ ਕੇ ਕਿਸੇ ਨੂੰ ਮਦਦ ਲਈ ਨਹੀਂ ਬੁਲਾਉਣਾ ਪੈਂਦਾ।
ਬਾਵਾ ਪ੍ਰਧਾਨ ਸਿੰਘ ਦੇ ਦੋ ਮੰਜ਼ਿਲਾ ਮਕਾਨ ਵਿਚ ਉਹਨਾਂ ਦੀ ਪਤਨੀ ਦੇ ਇਲਾਵਾ ਇਕ ਬੇਟਾ, ਇਕ ਬੇਟੀ ਤੇ ਉਸਦਾ ਪਤੀ ਤੇ ਉਹਨਾਂ ਦੇ ਤਿੰਨ ਬੱਚੇ ਰਹਿੰਦੇ ਨੇ। ਆਪਣੇ ਖਾਨਦਾਨ ਦੇ ਸਭ ਤੋਂ ਵੱਡੇ ਬਜ਼ੁਰਗ ਨੂੰ ਉਹ ਸਾਰੇ ਇਹ ਤਾਕੀਦ ਕਰਨੀ ਨਹੀਂ ਭੁੱਲਦੇ 'ਦਾਰ-ਜੀ, ਹਰ ਵੇਲੇ ਪਏ ਨਾ ਰਿਹਾ ਕਰੋ, ਥੋੜ੍ਹਾ ਬਹੁਤਾ ਤੁਰ-ਫਿਰ ਵੀ ਲਿਆ ਕਰੋ...ਖੂੰਡੀ ਦੇ ਸਹਾਰੇ ਜਾਂ ਪਲੰਘ ਦੀ ਟੇਕ ਜਾਂ ਕੁਰਸੀ ਨੂੰ ਫੜ੍ਹ ਕੇ ਆਸ-ਪਾਸ ਘੁੰਮ ਲਿਆ ਕਰੋ।'
ਕੋਈ ਨਾ ਕੋਈ ਬਾਵਾ ਜੀ ਨੂੰ ਜਬਰਦਸਤੀ ਉਠਾ ਕੇ ਖੜ੍ਹਾ ਕਰ ਦੇਂਦਾ ਹੈ ਤੇ ਹੁਕਮ ਦੇਂਦਾ ਹੈ, 'ਚਲੋ ਉਠੋ, ਹਰਕਤ ਕਰਦੇ ਰਹਿਣ ਨਾਲ ਈ ਜੋੜ ਖੁੱਲ੍ਹਦੇ ਨੇ, ਨਹੀਂ ਤਾਂ ਇਹ ਇੱਥੇ ਈ ਪੱਕੇ ਜੜੇ ਜਾਣਗੇ ਦਾਰ-ਜੀ। ਕੁਦਰਤ ਦਾ ਕਾਨੂੰਨ ਇਹੀ ਹੈ ਕਿ ਇਨਸਾਨ ਚੱਲਦਾ-ਫਿਰਦਾ ਰਹੇ। ਆਪਣੇ ਸਰੀਰ ਦੀਆਂ ਰਗਾਂ ਵਿਚ ਖ਼ੂਨ ਨੂੰ ਦੌੜਾਂਦਾ ਰਹੇ।'
ਬਾਵਾ ਪ੍ਰਧਾਨ ਸਿੰਘ ਕਦੀ ਲਾਂਗ ਟੈਨਿਸ ਦੇ ਵਧੀਆ ਖਿਡਾਰੀ ਹੁੰਦੇ ਸਨ। ਉਹਨਾਂ ਦੇ ਰੋਮ ਰੋਮ ਵਿਚ ਜਿਵੇਂ ਪਾਰਾ ਭਰਿਆ ਰਹਿੰਦਾ ਸੀ ਜਿਹੜਾ ਉਹਨਾਂ ਨੂੰ ਪਲ ਭਰ ਲਈ ਵੀ ਚੈਨ ਨਾਲ ਨਹੀਂ ਸੀ ਬੈਠਣ ਦੇਂਦਾ। ਜਿਹਨਾਂ ਲੋਕਾਂ ਨੇ ਉਹਨਾਂ ਨੂੰ ਟੈਨਿਸ ਕੋਰਟ ਵਿਚ ਉਛਲ-ਉਛਲ ਕੇ ਖੇਡਦਿਆਂ ਹੋਇਆਂ ਦੇਖਿਆ ਸੀ, ਉਹ ਉਹਨਾਂ ਦੀ ਜਿਸਮਾਨੀ ਫੁਰਤੀ ਦੀ ਹੁਣ ਵੀ ਗਵਾਹੀ ਦੇਂਦੇ ਨੇ। ਉਹਨਾਂ ਦੇ ਇਸ ਕਮਰੇ ਦੀਆਂ ਕੰਧਾਂ ਉੱਤੇ ਕਈ ਪੁਰਾਣੇ, ਧੁੰਦਲਾਏ ਹੋਏ ਰਿਕਾਰਡ ਹੁਣ ਵੀ ਟੰਗੇ ਹੋਏ ਨੇ ਤੇ ਪੀਲਕ ਪਈਆਂ ਅੰਗਰੇਜ਼ੀ ਅਖ਼ਬਾਰਾਂ ਦੀਆਂ ਫਰੇਮ ਵਿਚ ਜੜੀਆਂ ਕਾਤਰਾਂ ਵੀ। ਧੁੰਦਲੇ ਸ਼ੀਸ਼ਿਆਂ ਪਿੱਛੇ ਉਹ ਕਈ ਫ਼ੋਟੋਆਂ ਵਿਚ ਮਹਾਰਾਜ ਪਟਿਆਲਾ ਤੇ ਕਪੂਰਥਲਾ ਦੇ ਸ਼ਹਿਜ਼ਾਦਿਆਂ ਦੇ ਨਾਲ ਮੌਜ਼ੂਦ ਨੇ। ਉਹਨਾਂ ਨਾਲ ਉਹ ਦਿੱਲੀ, ਭੂਪਾਲ ਦੇ ਕਲਕੱਤਾ ਦੇ ਮੁਕਬਾਲਿਆਂ ਵਿਚ ਸ਼ਾਮਿਲ ਹੁੰਦੇ ਰਹੇ ਸਨ। ਇਨਾਮ ਵਿਚ ਮਿਲੀਆਂ ਹੋਈਆਂ ਤਿੰਨ ਜੰਗ ਲੱਗੀਆਂ ਟਰਾਫੀਆਂ ਹਾਲੇ ਤੀਕ ਉਸ ਸ਼ੋਕੇਸ ਵਿਚ ਮੌਜ਼ੂਦ ਨੇ ਜਿਸਦੇ ਸ਼ੀਸ਼ੇ ਹੁਣ ਟੁੱਟ ਚੁੱਕੇ ਨੇ ਤੇ ਟਰਾਫੀਆਂ ਦੇ ਸੱਜੇ-ਖੱਬੇ ਉਹਨਾਂ ਦੀਆਂ ਖ਼ਰੀਦੀਆਂ ਹੋਈਆਂ ਕਈ ਸਿਉਂਕ ਲੱਗੀਆਂ ਕਿਤਾਬਾਂ ਪਈਆਂ ਨੇ। ਤਾਰੀਖ਼ ਫਤਿਹਾਤ ਮਹਾਰਾਜਾ ਰਣਜੀਤ ਸਿੰਘ, ਪੰਜਾਬ ਕੀ ਸਰਕਰਦਾ ਸ਼ਖ਼ਸੀਅਤ, ਹਿਸਟਰੀ ਆਫ ਦੀ ਵਰਡ, (ਪੰਜ ਹਿੱਸੇ) ਹਿੰਦੁਸਤਾਨ ਗਦਰ ਪਾਰਟੀ ਅਜ਼ ਸੋਹਨ ਸਿੰਘ ਜੋਸ਼, ਦ ਗਰੇਟ ਡਿਵਾਈਡ (THE GREAT DIVIDE) ਖ਼ੁਸ਼ਵੰਤ ਸਿੰਘ ਦੀ ਤਾਲਿਫ਼ ਸਿੱਖ ਹਿਸਟਰੀ (ਦੋ ਹਿੱਸੇ) ਵਗ਼ੈਰਾ। ਬਾਵਾ ਜੀ ਆਪਣੀਆਂ ਅੱਖਾਂ ਉਪਰ ਲਟਕਦੇ ਸਫ਼ੈਦ ਭਰਵੱਟਿਆਂ ਦੇ ਗੁੱਛਿਆਂ ਤੇ ਭਾਰੀ ਪਪੋਟਿਆਂ ਦੇ ਗ਼ਿਲਾਫ਼ ਚੁੱਕ ਕੇ ਉਹਨਾਂ ਵੱਲ ਦੇਖਦੇ ਨੇ ਤਾਂ ਉਹਨਾਂ ਦੀਆਂ ਧੁੰਦਲੀਆਂ ਅੱਖਾਂ ਵਿਚ ਕੁਝ ਦੇਰ ਲਈ ਚਮਕ ਪੈਦਾ ਹੋ ਜਾਂਦੀ ਹੈ। ਫੇਰ ਇਹ ਸੋਚ ਕੇ ਉਹਨਾਂ ਨੂੰ ਅਫ਼ਸੋਸ ਹੋਣ ਲੱਗਦਾ ਹੈ ਕਿ ਉਹਨਾਂ ਦੀਆਂ ਖੇਡ ਕੁੱਦ ਦੀਆਂ ਸਲਾਹੀਅਤਾਂ ਦਾ ਨਿਗੂਣਾ ਜਿਹਾ ਅੰਸ਼ ਵੀ ਉਹਨਾਂ ਦੀ ਔਲਾਦ ਵਿਚ ਨਹੀਂ ਸੀ ਆਇਆ। ਉਹਨਾਂ ਦੀ ਔਲਾਦ ਵਿਚ ਕਿਸੇ ਨੇ ਇਸ਼ਕ ਕੀਤਾ ਤੇ ਸਕੈਂਡਲ ਖੜ੍ਹੇ ਕਰ ਲਏ, ਨਸ਼ੀਲੀਆਂ ਦੁਆਈਆਂ ਦੀ ਲਤ ਪਾ ਲਈ ਤੇ ਹਵਾਲਾਤ ਦੀ ਸੈਰ ਕੀਤੀ, ਵਪਾਰ ਤੇ ਸਮੁੰਦਰ ਪਾਰ ਦੀ ਨੌਕਰੀ, ਨਵੇਂ ਢੰਗ ਦੀ ਖੇਤੀ ਵਿਚ ਏਨੀ ਦਿਲਚਸਪੀ ਦਿਖਾਈ ਕਿ ਆਪਣੇ ਮਾਂ ਬਾਪ ਨੂੰ ਹੀ ਭੁੱਲ ਗਏ। ਹਾਂ, ਉਹਨਾਂ ਇਹ ਜ਼ਰੂਰ ਕੀਤਾ ਕਿ ਉਹ ਆਪਣੇ ਤੇ ਆਪਣੇ ਬੀਵੀ ਬੱਚਿਆਂ ਦੇ ਰੰਗੀਨ ਫ਼ੋਟੋ ਜ਼ਰੂਰ ਭੇਜਦੇ ਰਹੇ ਜਿਹਨਾਂ ਵਿਚੋਂ ਕੁਝ ਫ਼ੋਟੋ ਚਮਕਦੇ ਹੋਏ ਨਿੱਕਲ ਪਾਲਿਸ਼ ਫਰੇਮਾਂ ਵਿਚ ਸੰਭੇ ਹੋਏ ਨੇ।
ਸਰਦੂਲ ਸਿੰਘ ਕਨੇਡਾ ਵਿਚ ਬਿਜਲੀ ਮਕੈਨਿਕ ਹੈ। ਉਸਨੇ ਇਕ ਫਰਾਂਸੀਸੀ (ਨਸ਼ਿਅਬ) ਕਨੇਡੀਅਨ ਔਰਤ ਨਾਲ ਸ਼ਾਦੀ ਕਰਨ ਲਈ ਆਪਣੇ ਕੇਸਾਂ ਤੇ ਦਾੜ੍ਹੀ ਮੁੱਛਾਂ ਨੂੰ ਸਲਾਮ ਕਹਿ ਦਿੱਤਾ।
ਬਲਬੀਰ ਸਿੰਘ ਉਰਫ਼ ਬੱਲੀ ਚੰਡੀਗੜ੍ਹ ਦੇ ਨੋਹ ਵਿਚ ਖੇਤੀਵਾੜੀ ਕਰਦਾ ਹੈ।
ਪੰਮੀ ਛੇ ਸਾਲ ਤਕ ਬੰਬਈ ਦੇ ਫ਼ਿਲਮੀ ਨਗਾਰਖਾਨਿਆਂ ਵਿਚ ਸਾਜ ਵਜਾਉਂਦੇ ਰਹਿਣ ਦੇ ਨਾਲ ਨਾਲ ਗਾਂਜਾ ਚਰਸ ਵੀ ਪੀਂਦਾ ਰਿਹਾ। ਉਸਦੀ ਕਾਮਯਾਬੀ ਦੀ ਸਿਰਫ ਇਕ ਨਿਸ਼ਾਨੀ ਹੇਮਾ ਮਾਲਿਨੀ ਨਾਲ ਖਿਚਵਾਈਆਂ ਹੋਈਆਂ ਫ਼ੋਟੋਆਂ ਨੇ। ਹੁਣ ਉਹ ਘਰ ਵਾਪਸ ਆ ਚੁੱਕਿਆ ਹੈ ਪਰ ਕੋਈ ਕੰਮ-ਧੰਦਾ ਨਹੀਂ ਕਰਦਾ। ਬਾਵਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਵੱਡੇ ਗੁਰਦੁਆਰੇ ਦੇ ਰਾਗੀ ਜੱਥੇ ਵਿਚ ਹੀ ਸ਼ਾਮਿਲ ਹੋ ਜਾਵੇ ਪਰ ਉੱਥੇ ਵੀ ਉਹ ਨਹੀਂ ਟਿਕ ਸਕਿਆ।
ਬਾਵਾ ਪ੍ਰਧਾਨ ਸਿੰਘ ਨੇ ਮਿਲਟਰੀ ਵਿਚੋਂ ਰਿਟਾਇਰਡ ਹੋ ਜਾਣ ਤੇ ਪੱਕੀ ਉਮਰ ਵਿਚ ਪੈਰ ਧਰਦਿਆਂ ਹੀ ਖ਼ੁਦ ਨੂੰ ਰੋਟਰੀ ਕਲੱਬ ਤੇ ਵੱਡੇ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ ਇਲਾਵਾ ਕਈ ਸਮਾਜੀ ਤੇ ਵਿਦਿਅਕ ਇਦਾਰਿਆਂ ਨਾਲ ਜੋੜ ਲਿਆ ਸੀ। ਉਹਨਾਂ ਹਰੇਕ ਇਦਾਰੇ ਦੀ ਸੇਵਾ ਇਕ ਹੈਰਾਨ ਕਰ ਦੇਣ ਵਾਲੀ ਲਗਨ ਨਾਲ ਕੀਤੀ ਹੈ। ਜਿਵੇਂ ਇਹ ਵੀ ਉਹਨਾਂ ਲਈ ਖੇਡ ਦੇ ਮੈਦਾਨ ਹੋਣ ਤੇ ਇੱਥੇ ਵੀ ਆਪਣੀਆਂ ਪ੍ਰਮਾਤਮਾ ਦੀਆਂ ਦਿੱਤੀਆਂ ਸਲਾਹੀਅਤਾਂ ਦਿਖਾਉਂਣ ਦੀ ਖੁੱਲ੍ਹੀ ਛੁੱਟੀ ਮਿਲੀ ਗਈ ਹੋਏ ਉਹਨਾਂ ਨੂੰ। ਪਰ ਜਿਵੇਂ ਅਚਾਨਕ ਕੋਈ ਭੱਜਦਾ-ਦੌੜਦਾ ਹੋਇਆ ਟਰੱਕ ਕਿਸੇ ਵੱਡੀ ਅੰਦਰੂਨੀ ਖ਼ਰਾਬੀ ਕਾਰਨ ਸੜਕ ਦੇ ਐਨ ਵਿਚਕਾਰ ਰੁਕ ਜਾਂਦਾ ਹੈ; ਉਸ ਪਿੱਛੋਂ ਹਜ਼ਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਤੁਰਨ ਵਿਚ ਨਹੀਂ ਆਉਂਦਾ। ਤੇ ਕੋਈ ਵਾਹ ਨਾ ਜਾਂਦੀ ਵੇਖ ਕੇ ਉਸਨੂੰ ਧਰੀਕ ਕੇ ਸੜਕ ਤੋਂ ਪਾਸੇ ਕਰ ਦਿੱਤਾ ਜਾਂਦਾ ਹੈ ਜਿੱਥੇ ਉਹ ਅਣਮਿਥੇ ਸਮੇਂ ਲਈ ਖੜ੍ਹਾ ਰਹਿ ਜਾਂਦਾ ਹੈ। ਮੀਂਹ, ਧੁੱਪਾਂ ਤੇ ਤੇਜ਼ ਹਵਾਵਾਂ ਉਸਦਾ ਅਸਲੀ ਸ਼ਾਹੀ ਰੰਗ ਰੂਪ ਉਡਾਅ ਲੈ ਜਾਂਦੇ ਨੇ ਤੇ ਉਸਦੇ ਕਲ ਪੁਰਜਿਆਂ ਨੂੰ ਜੰਗਾਲ ਚਟ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਉਸਦੇ ਨਰੋਏ ਟਾਇਰ ਟਿਊਬ ਵੀ ਗਲਨ ਸੜਨ ਲੱਗਦੇ ਨੇ। ਬਾਵਾ ਜੀ ਦਾ ਸਾਰਾ ਵਜੂਦ ਉਸੇ ਟਰੱਕ ਵਰਗਾ ਹੋ ਗਿਆ ਹੈ।
ਅਚਾਨਕ ਦਰਵਾਜ਼ੇ ਉੱਤੇ ਪਿਆ ਪਰਦਾ ਹਿੱਲਦਾ ਹੈ ਤੇ ਉਹਨਾਂ ਦੀ ਧੀ ਕੁਲਵੰਤ ਅੰਦਰ ਆਉਂਦੀ ਹੈ। ਅੱਜ ਕਲ੍ਹ ਉਹਨਾਂ ਨੂੰ ਕੁਝ ਉੱਚਾ ਸੁਣਨ ਲੱਗਿਅ ਹੈ ਇਸ ਲਈ ਉਹ ਉਹਨਾਂ ਦੇ ਪਲੰਘ ਕੋਲ ਆ ਕੇ ਉੱਚੀ ਸਾਰੀ ਕਹਿੰਦੀ ਹੈ—“ਚੰਡੀਗੜੋਂ ਫ਼ੋਨ ਆਇਆ ਏ, ਬੱਬਲੀ ਨੇ ਕਿਹੈ ਉਸਨੂੰ ਫਲਾਇਟ ਮਿਲ ਗਈ ਤਾਂ ਕੱਲ ਸ਼ਾਮ ਤਕ ਜ਼ਰੂਰ ਆ ਜਾਏਗਾ। ਉਸਨੂੰ ਤੁਹਾਡੀ ਸਿਹਤ ਦੀ ਬੜੀ ਚਿੰਤਾ ਲੱਗੀ ਹੋਈ ਏ, ਪਰ ਉਹ ਪ੍ਰੇਸ਼ਾਨ ਵੀ ਬੜਾ ਹੈ, ਖੇਤ 'ਚ ਕੰਮ ਕਰਨ ਵਾਲੇ ਮਜ਼ਦੂਰ ਨਹੀਂ ਮਿਲ ਰਹੇ। ਬਿਹਾਰੀ ਲੇਬਰ ਨੇ ਹੁਣ ਏਧਰ ਆਉਣਾ ਛੱਡ ਦਿੱਤੈ।”
ਬਾਵਾ ਜੀ ਪਏ ਪਏ ਆਪਣੀ ਧੀ ਵੱਲ ਖ਼ਾਮੌਸ਼ ਨਜ਼ਰਾਂ ਨਾਲ ਤੱਕਦੇ ਰਹਿੰਦੇ ਨੇ ਜਿਸ ਦੇ ਸਿਰ ਉੱਤੇ ਕਟਵਾਏ, ਸੈੱਟ ਕਰਵਾਏ ਤੇ ਮਹਿੰਦੀ ਨਾਲ ਲਾਲ ਕੀਤੇ ਹੋਏ ਖ਼ੂਬਸੂਰਤ ਸੰਘਣੇ ਵਾਲਾਂ ਦਾ ਇਕ ਜੰਗਲ ਜਿਹਾ ਹੈ। ਉਹ ਯੂਨੀਵਰਸਟੀ ਵਿਚ ਐਂਥਰਓਪੋਲੋਜੀ ਦੀ ਰੀਡਰ ਹੈ। ਜਿਸ ਜ਼ਮਾਨੇ ਵਿਚ ਉਹ ਰਿਸਰਚ ਕਰ ਰਹੀ ਸੀ ਉਸਨੇ ਆਪਣੇ ਬ੍ਰਾਹਮਣ ਗਾਈਡ ਨਾਲ ਲਵ ਮੈਰਿਜ਼ ਕਰਵਾ ਲਈ ਸੀ। ਉਹਨਾਂ ਦੇ ਖ਼ਾਨਦਾਨ ਵਿਚ ਇਹ ਪਹਿਲੀ ਬਗ਼ਾਵਤ ਸੀ ਜਿਸਨੂੰ ਉਹ ਰੋਕ ਨਹੀਂ ਸੀ ਸਕੇ।
ਉਹ ਜਾਂਦੀ ਜਾਂਦੀ ਇਹ ਖ਼ਬਰ ਵੀ ਸੁਣਾਅ ਜਾਂਦੀ ਹੈ, “ਪੰਮੀ ਨੂੰ ਪੁਲਿਸ ਨੇ ਫੇਰ ਬੁਲਾਇਆ ਹੈ ਪੁੱਛ-ਗਿੱਛ ਲਈ। ਪਰ ਉਸਦਾ ਤਾਂ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਵਾਲੇ ਕਹਿੰਦੇ ਨੇ, ਉਸਨੇ ਹਾਸਪਿਟਲ ਦੇ ਬੈੱਡ ਤੋਂ ਕਿਸੇ ਦੇ ਹੱਥ ਇਕ ਪੁੜੀ ਵੇਚੀ ਹੈ। ਉਸਦੀ ਜਮਾਨਤ ਦਾ ਪਹਿਲਾਂ ਇੰਤਜ਼ਾਮ ਕਰਨਾ ਪਏਗਾ।”
ਉਸ ਦੇ ਜਾਣ ਪਿੱਛੋਂ ਉਹਨਾਂ ਦਾ ਛੇ ਵਰ੍ਹਿਆਂ ਦਾ ਦੋਹਤਾ ਆਪਣੀ ਤਿੰਨ ਪਹੀਆਂ ਵਾਲੀ ਸਾਈਕਲ ਦੌੜਾਉਂਦਾ ਹੋਇਆ ਉਸੇ ਕਮਰੇ ਵਿਚ ਆ ਜਾਂਦਾ ਹੈ ਤੇ ਫਰਨੀਚਰ ਦੇ ਆਸ-ਪਾਸ ਚੱਕਰ ਲਾਉਣ ਲੱਗ ਪੈਂਦਾ ਹੈ। ਪਈਆਂ ਦੀ ਕੁਰਖ਼ਤ ਚੈਂ-ਚੈਂ ਸਭ ਪਾਸੇ ਗੂੰਜ ਉਠਦੀ ਹੈ। ਉਹ ਉਸਨੂੰ ਹੱਥ ਨਾਲ ਵਾਰੀ-ਵਾਰੀ ਬਾਹਰ ਨਿਕਲ ਜਾਣ ਦਾ ਇਸ਼ਾਰਾ ਕਰਦੇ ਨੇ ਪਰ ਬੱਚਾ ਉਹਨਾਂ ਦੀ ਇਕ ਨਹੀਂ ਸੁਣਦਾ। ਚੱਕਰ ਲਾਉਂਦਾ ਹੋਇਆ ਆਪਣੀ ਸਾਈਕਲ ਕਦੀ ਪਲੰਘ ਨਾਲ ਟਕਰਾਅ ਦਿੰਦਾ ਹੈ, ਕਦੀ ਮੇਜ਼ ਕੁਰਸੀ ਨਾਲ। ਬਾਬਾ ਜੀ ਬਿਲਕੁਲ ਜਿੱਚ ਹੋ ਕੇ ਆਪਣਾ ਹੱਥ ਘੰਟੀ ਉਪਰ ਰੱਖ ਦਿੰਦੇ ਨੇ। ਘੰਟੀ ਪੂਰੇ ਜ਼ੋਰ ਨਾਲ ਵੱਜਣ ਲੱਗਦੀ ਹੈ ਤਾਂ ਬੱਚਾ ਖੁਸ਼ ਹੋ ਘੰਟੀ ਚੁੱਕ ਲੈਂਦਾ ਹੈ ਤੇ ਉਸਨੂੰ ਆਪਣੀ ਸਾਈਕਲ ਉੱਤੇ ਵਜਾਉਂਦਾ ਫਿਰਦਾ ਹੈ।
ਬਾਵਾ ਪ੍ਰਧਾਨ ਸਿੰਘ ਦੇ ਅੰਦਰ ਅਚਾਨਕ ਅਣਗਿਣਤ ਆਵਾਜ਼ਾਂ ਭਰ ਜਾਂਦੀਆਂ ਨੇ।
ਪੰਮੀ ਨੂੰ ਪੁਲਿਸ ਨੇ ਫੇਰ ਬੁਲਾਇਆ ਹੈ।
ਉਸਦੀ ਜਮਾਨਤ ਦਾ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਣਾ ਪਏਗਾ।
ਬੱਬਲੀ ਵਾਰ ਵਾਰ ਫ਼ੋਨ ਕਰਦਾ ਹੈ ਪਰ ਉਹ ਆਉਂਦਾ ਨਹੀਂ ਕਦੀ।
ਘੰਟੀ ਲਗਾਤਾਰ ਵੱਜ ਰਹੀ ਹੈ।
ਬੱਚਾ ਵਾਰੀ ਵਾਰੀ ਉਸ ਵਿਚ ਚਾਬੀ ਭਰ ਰਿਹਾ ਹੈ।
ਸਾਈਕਲ ਹੋਰ ਤੇਜ਼ ਤੇਜ਼ ਦੌੜ ਰਹੀ ਹੈ
ਤੇ ਵਾਰੀ ਵਾਰੀ ਪਲੰਘ ਦੇ ਮੇਜ਼ ਕੁਰਸੀਆਂ ਨਾਲ ਟਕਰਾਅ ਰਹੀ ਹੈ।
ਠੱਕ ਠੱਕ! ਠੱਕ ਠੱਕ!!
ਉਹ ਆਪਣੇ ਦੋਵਾਂ ਕੰਨਾਂ ਉੱਤੇ ਹੱਥ ਰੱਖ ਕੇ ਪੂਰੇ ਜ਼ੋਰ ਨਾਲ ਚੀਕਦੇ ਨੇ, “ਕੋਈ ਹੈ? ਇਸਨੂੰ ਰੋਕੋ, ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗਾ।”
ਉਹਨਾਂ ਦੀ ਬੁੱਢੀ ਘਰਵਾਲੀ ਆਪਣੀ ਕਦਾਵਰ ਭਾਰੀ ਕਾਠੀ ਦਾ ਬੋਝ ਚੁੱਕੀ ਹੌਲੀ-ਹੌਲੀ ਤੁਰਦੀ ਹੋਈ ਅੰਦਰ ਆ ਰਹੀ ਹੈ। ਨਾਨੀ ਨੂੰ ਦੇਖਦਿਆਂ ਹੀ ਬੱਚਾ ਬਾਹਰ ਖਿਸਕ ਜਾਂਦਾ ਹੈ। ਜਾਂਦਾ-ਜਾਂਦਾ ਘੰਟੀ ਸੁੱਟ ਜਾਂਦਾ ਹੈ। ਬੁੱਢੀ ਝੁਕ ਕੇ ਫਰਸ਼ ਤੋਂ ਘੰਟੀ ਚੁੱਕਦੀ ਹੈ ਤੇ ਉਸ ਵਿਚ ਚਾਬੀ ਭਰ ਕੇ ਮੇਜ਼ ਉੱਤੇ ਰੱਖ ਦਿੰਦੀ ਹੈ ਤੇ ਕੁਰਸੀ ਉੱਤੇ ਬੈਠ ਕੇ ਬੇ ਤਰਤੀਬ ਪਏ ਅਖ਼ਬਾਰ ਤੇ ਮੈਗਜ਼ੀਨ ਇਕੱਠੇ ਕਰਨ ਲੱਗ ਪੈਂਦੀ ਹੈ ਜਿੰਨਾ ਵਿਚੋਂ ਕਈਆਂ ਦੇ ਰੇਪਰਜ਼ ਵੀ ਬਾਬਾ ਜੀ ਨੇ ਖੋਲ੍ਹ ਕੇ ਨਹੀਂ ਦੇਖੇ। ਆਪਣੇ ਪਤੀ ਵੱਲ ਉਹ ਅਜੀਬ ਜਿਹੀਆਂ ਤਰਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਦੀ ਹੈ। ਬਾਵਾ ਜੀ ਦੇ ਖਿਲਰੇ-ਪੁਲਰੇ ਅਹਿਸਾਸ ਫੇਰ ਇਕੱਤਰ ਹੋਣ ਲੱਗਦੇ ਨੇ। ਉਹ ਵੀ ਆਪਣੀ ਵਰ੍ਹਿਆਂ ਪੁਰਾਣੀ ਜੀਵਨ ਸਾਥਣ ਵੱਲ ਗੌਰ ਨਾਲ ਦੇਖਣ ਲੱਗਦੇ ਨੇ। ਦੋਵਾਂ ਨੇ ਪਿੱਛਲੇ ਵਰ੍ਹਿਆਂ ਵਿਚ ਅਜਿਹੀਆਂ ਹੀ ਨਜ਼ਰਾਂ ਨਾਲ ਕਈ ਵਾਰੀ ਦੇਖਿਆ ਹੈ ਤੇ ਆਪਣੇ ਆਪਣੇ ਤੌਰ 'ਤੇ ਬੜਾ ਕੁਝ ਸੋਚਿਆ ਹੈ ਬਿਲਕੁਲ ਓਵੇਂ ਹੀ ਜਿਵੇਂ ਦੋ ਬੁੱਢੇ ਪਤੀ ਪਤਨੀ ਸੋਚ ਸਕਦੇ ਨੇ। ਦੋਵਾਂ ਦੀਆਂ ਅੱਖਾਂ ਵਿਚੋਂ ਸ਼ਰਾਰਤ ਤੇ ਜਜ਼ਬਾਤੀ ਗਰਮੀ ਬੜੇ ਅਰਸੇ ਤੋਂ ਯੱਖ ਹੋ ਚੁੱਕੀ ਹੈ। ਬਾਬਾ ਜੀ ਕੁਰਸੀ ਅੰਦਰ ਆਪਣੀ ਪਤਨੀ ਦੇ ਤੁੰਨ-ਤੁੰਨ ਭਰੇ ਬੁੱਢੇ ਸਰੀਰ ਵਿਚੋਂ ਇਕ ਚੜ੍ਹੀ ਕਮਾਨ ਵਰਗੇ ਬਦਨ ਨੂੰ ਨਹੀਂ ਖੋਜ ਸਕੇ ਜਿਹੜਾ ਕਦੀ ਲਹਿਰਾਂਦਾ ਹੋਇਆ ਉਹਨਾਂ ਦੀ ਗੋਦੀ ਵਿਚ ਬੇਅਖ਼ਤਿਆ ਆ ਡਿੱਗਦਾ ਸੀ। ਉਹ ਉਸ ਵੱਲ ਉਸੇ ਤਰ੍ਹਾਂ ਅੱਧ ਮਿਚੀਆਂ ਅੱਖਾਂ ਨਾਲ ਦੇਖਦੇ ਨੇ ਜਿਵੇਂ ਕੋਈ ਚਮਕਦੀ ਹੋਈ ਨਿੱਕੀ ਜਿਹੀ ਸੂਈ ਘਾਹ ਫੂਸ ਦੇ ਵੱਡੇ ਢੇਰ ਵਿਚ ਗਵਾਹ ਗਈ ਹੋਵੇ।
ਬੁੱਢੀ ਉਹਨਾਂ ਤੋਂ ਅਚਾਨਕ ਪ੍ਰੇਸ਼ਾਨ ਹੋ ਕੇ ਚੀਕ ਪੈਣ ਦਾ ਕਾਰਨ ਨਹੀਂ ਪੁੱਛਦੀ। ਉਹ ਹੱਥ ਵਿਚ ਫੜ੍ਹੇ ਅਖ਼ਬਾਰ ਨੂੰ ਮੇਜ਼ ਦੇ ਹੇਠਲੇ ਹਿੱਸੇ ਵਿਚ ਰੱਖਦਿਆਂ ਕਹਿੰਦੀ ਹੈ, “ਸਰਦਾਰ ਜੀ! ਪੰਮੀ ਦੀ ਜਮਾਨਤ ਲਈ ਜਗਤ ਸਿੰਘ ਨੂੰ ਫ਼ੋਨ ਕਰੇ ਬੁਲਾਅ ਲਵਾਂ? ਹੋਰ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਏਨੀ ਹਮਦਰਦੀ ਦਿਖਾਏ।”
ਬਾਵਾ ਜੀ ਜਾਣਦੇ ਨੇ, ਉਹਨਾਂ ਦੀ ਪਤਨੀ ਇੰਡੀਆ ਟਰੈਕਟਰਜ਼ ਜਗਤ ਸਿੰਘ ਦੇ ਮੁੰਡੇ ਦਾ ਨਾਂਅ ਕਿਉਂ ਲਿਆ ਹੈ? ਆਜ਼ਾਦੀ ਤੋਂ ਪਿੱਛੋਂ ਹਿੰਦ ਦੇ ਇਸ ਸ਼ਹਿਰ ਵਿਚ ਆ ਕੇ ਵੱਸਣ ਵਾਲਾ ਪਿੰਡੀ ਦਾ ਪਹਿਲਾ ਰਫ਼ਿਊਜੀ ਸੀ ਜਿਸ ਦੀ ਉਹਨਾਂ ਦੁਬਾਰਾ ਵੱਸਣ ਵਿਚ ਪੂਰੀ ਪੂਰੀ ਮਦਦ ਕੀਤੀ ਸੀ। ਪਿੱਛਲੇ ਚਾਲ੍ਹੀ ਵਰ੍ਹਿਆਂ ਵਿਚ ਉਸਦੇ ਖ਼ਾਨਦਾਨ ਨਾਲ ਉਹਨਾਂ ਦੇ ਸੰਬੰਧ ਬੜੇ ਡੂੰਘੇ ਹੋ ਗਏ ਨੇ। ਬੁਰੀ ਤਰ੍ਹਾਂ ਉਜੜ-ਪੁਜੜ ਕੇ ਆਉਣ ਪਿੱਛੋਂ ਜਗਤ ਸਿੰਘ ਨਾ ਸਿਰਫ ਖ਼ੁਦ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ ਸੀ ਬਲਕਿ ਉਸਦਾ ਖ਼ਾਨਦਾਨ ਵੀ ਵਧਦਾ-ਫੁਲਦਾ ਗਿਆ ਸੀ। ਉਸਦੇ ਬੱਚੇ, ਉਸਦੇ ਭਰਾ ਤੇ ਭਰਾਵਾਂ ਦੇ ਬੱਚੇ। ਟਰੈਕਟਰਾਂ ਦੇ ਇਲਾਵਾ ਉਹਨਾਂ ਗੈਸ, ਕੋਇਲੇ ਤੇ ਟਰੱਕਾਂ ਦਾ ਕਾਰੋਬਾਰ ਵੀ ਵਧਾਅ ਲਿਆ ਸੀ। ਬਾਵਾ ਜੀ ਦੀ ਸਲਾਹ ਉੱਤੇ ਜਗਤ ਸਿੰਘ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਸੀ। ਭਾਵੇਂ ਉਹ ਪਾਰਟੀ ਦੇ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅੱਗੇ ਕਦੀ ਨਹੀਂ ਵਧ ਸਕਿਆ ਤੇ ਮਿਊਨਸਪਾਲ ਕਾਰਪੋਰੇਸ਼ਨ ਦੀ ਸੀਟ ਲਈ ਇਕੋ ਵਾਰੀ ਚੋਣ ਲੜਿਆ ਸੀ ਜਿਸ ਵਿਚ ਉਹ ਜਨਸੰਘ ਦੇ ਉਮੀਦਾਵਾਰ ਤੋਂ ਹਾਰ ਗਿਆ ਸੀ। ਬਾਵਾ ਜੀ ਨੇ ਉਸਨੂੰ ਬੜੇ ਘੱਟ ਵਿਆਜ ਉੱਤੇ ਇੱਕੀ ਹਜ਼ਾਰ ਰੁਪਏ ਦਾ ਜਿਹੜਾ ਕਰਜਾ ਦਿੱਤਾ ਸੀ ਉਹ ਉਸਨੇ ਅਜੇ ਤਕ ਵਾਪਸ ਨਹੀਂ ਕੀਤਾ ਹੈ। ਪਿੱਛਲੇ ਕੁਝ ਸਾਲਾਂ ਦੇ ਸਿਆਸੀ ਹਾਲਾਤਾਂ ਨੇ ਜਗਤ ਸਿੰਘ ਦਾ ਸਾਰਾ ਕਾਰੋਬਾਰ ਚੌਪਟ ਕਰ ਦਿੱਤਾ ਹੈ। ਮਿਸੇਜ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਉਸ ਸ਼ਹਿਰ ਵਿਚ ਜਿਹੜੇ ਦੰਗੇ ਹੋਏ ਸਨ ਉਸ ਵਿਚ ਉਸਦੀ ਦੁਕਾਨ ਨੂੰ ਵੀ ਅੱਗ ਲਾ ਦਿੱਤੀ ਗਈ ਸੀ ਹਾਲਾਂਕਿ ਦੁਕਾਨ ਫੇਰ ਬਣਾ ਲਈ ਗਈ ਹੈ ਪਰ ਉੱਥੇ ਸਾਮਾਨ ਖਰੀਦਨ ਬੜੇ ਘੱਟ ਲੋਕ ਆਉਂਦੇ ਨੇ। ਪੂਰੀ ਮਾਰਕੀਟ ਵਿਚ ਉਹ ਇਕ ਇੱਕਲਾ ਰਹਿ ਗਿਆ ਹੈ ਜਿਵੇਂ ਕਿਸੇ ਟਾਪੂ ਉਪਰ ਜਾਣ ਵਾਲੀਆਂ ਕਿਸ਼ਤੀਆਂ ਨੇ ਅਚਾਨਕ ਆਪਣੇ ਰਾਸਤੇ ਬਦਲ ਲਏ ਹੋਣ। ਪਰ ਉਹ ਬਾਵਾ ਜੀ ਦੀ ਸੇਵਾ ਵਿਚ ਹਾਜ਼ਰ ਹੋ ਕੇ ਅਕਸਰ ਕਹਿੰਦਾ ਰਹਿੰਦਾ ਹੈ ਕਿ ਹਾਲਾਤ ਠੀਕ ਹੁੰਦਿਆਂ ਹੀ ਉਹ ਉਹਨਾਂ ਦੀ ਪਾਈ-ਪਾਈ ਵਾਪਸ ਕਰ ਦਏਗਾ। ਜਗਤ ਸਿੰਘ ਉਹਨਾਂ ਦਾ ਇਸ ਅਹਿਸਾਨ ਮੰਨਦਾ ਹੈ ਉਹਨਾਂ ਨੇ ਉਸਦਾ ਜਮਾਨਤੀ ਬਣ ਕੇ ਬੈਂਕ ਤੋਂ ਇਕ ਵੱਡਾ ਲੋਨ ਦਿਵਾਉਣ ਵਿਚ ਵੀ ਉਹਦੀ ਮਦਦ ਕੀਤੀ ਸੀ।
ਬਾਵਾ ਜੀ ਦੀ ਪਤਨੀ ਨੇ ਕਿਹਾ, “ਬੈਂਕ ਵਾਲਿਆਂ ਨੇ ਇਕ ਕਾਗਜ ਫੇਰ ਭੇਜਿਆ ਹੈ। ਸਾਡੇ ਬੱਚੇ ਆਪ ਜੀ ਨਾਲ ਇਸ ਲਈ ਨਾਰਾਜ਼ ਨੇ ਕਿ ਤਸਾਂ ਨੇ ਜਗਤ ਸਿੰਘ ਦੀ ਜਮਾਨਤ ਲਈ ਆਪਣੀ ਲੱਖਾਂ ਦੀ ਜਾਇਦਾਦ ਇਸਤੇਮਾਲ ਕੀਤੀ। ਜੇ ਉਹ ਬੈਂਕ ਦਾ ਕਰਜਾ ਨਾ ਲਾਹ ਸਕਿਆ ਤਾਂ ਬੈਂਕ ਵਾਲੇ ਤਾਂ ਸਾਡੀ ਜਾਇਦਾਦਾ ਈ ਨੀਲਾਮ ਕਰਵਾਉਣਗੇ ਨਾ!”
ਇਹ ਸੁਣ ਕੇ ਪ੍ਰਧਾਨ ਸਿੰਘ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ। ਦੇਰ ਤਕ ਪਿਆ ਸੋਚਦਾ ਰਹਿੰਦਾ ਹੈ। ਫੇਰ ਉਸੇ ਤਰ੍ਹਾਂ ਅੱਖਾਂ ਬੰਦ ਕਰੀ ਬੁੱਲ੍ਹਾਂ ਵਿਚ ਬੜਬੜਾਉਂਦਾ ਹੈ, “ਠੀਕ ਹੈ ਜਗਤ ਸਿੰਘ ਨੂੰ ਕਹੀਂ ਮੇਰੇ ਬੇਟੇ ਦੀ ਇਕ ਜਮਾਨਤ ਹੋਰ ਕਰਵਾ ਦੇਵੇ, ਉਸਦਾ ਬੜਾ ਅਹਿਸਾਨਮੰਦ ਹੋਵਾਂਗਾ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ