Tatta (Punjabi Story) : Dr. Tarlochan Singh Aujla

ਤੱਤਾ (ਕਹਾਣੀ) : ਡਾ. ਤਰਲੋਚਨ ਸਿੰਘ ਔਜਲਾ

(1947 ਦੀਆਂ ਦੁਖਦਾਈ ਯਾਦਾਂ)

ਜਦੋਂ ਮੈਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) ਆਇਆ ਸਾਂ, ਉਦੋਂ ਮੇਰੀ ਉਮਰ ਮਸਾਂ 7 ਕੁ ਸਾਲ ਦੀ ਸੀ। ਦਿਲ ਵਿਚ ਉਸ ਵੇਲੇ ਤੋਂ ਹੀ ਇੱਕ ਤਮੰਨਾ ਸੀ, ਤਾਂਘ ਸੀ ਕਿ ਉਹ ਦਿਨ ਕਦੋਂ ਆਵੇਗਾ ਜਦੋਂ ਮੈਂਨੂੰ ਆਪਣੀ ਜਨਮ ਭੂਮੀ ਦੀ ਖੁਸ਼ਬੂ ਨਸੀਬ ਹੋਵੇਗੀ? ਸਿੱਖ ਪਰਿਵਾਰ ਵਿਚ ਜਨਮ ਲੈਣ ਕਰਕੇ ਦਿਲ ਵਿਚ ਇਹ ਵੀ ਇੱਕ ਹਸਰਤ ਸੀ ਕਿ ਜੇ ਪਰਮਾਤਮਾ ਦੀ ਕਿਰਪਾ ਹੋ ਜਾਏ ਤਾਂ ਬਾਬੇ ਨਾਨਕ ਦੀ ਜਨਮ ਭੂਮੀ ਦੇ ਵੀ ਦਰਸ਼ਨ ਕਰ ਲਈਏ। ਬਚਪਨ ਦੁੱਖਾਂ ਤਕਲੀਫਾਂ ਵਿਚ ਲੰਘ ਗਿਆ, ਜਵਾਨੀ ਬੱਚੇ ਪਾਲਣ ਅਤੇ ਘਰੇਲੂ ਕੰਮਾਂ ਵਿਚ ਬੀਤ ਗਈ ਅਤੇ ਹੁਣ ਜਦੋਂ ਬੁਢਾਪੇ ਨੇ ਪੂਰੇ ਪੈਰ ਪਸਾਰ ਲਏ ਤਾਂ ਭਾਵੇਂ ਉਮੀਦ ਘੱਟ ਸੀ, ਪਰ ਦਿਲ ਦੇ ਕਿਸੇ ਕੋਨੇ ਵਿਚ ਆਸ ਦੀ ਕਿਰਨ ਜਰੂਰ ਨਜ਼ਰ ਅਉਂਦੀ ਸੀ ਕਿ ਅਸੀਂ ਕਿਹੜੇ ਰੱਬ ਦੇ ਮਾਂਹ ਮਾਰੇ ਨੇ, ਰੱਬ ਸਾਡੀ ਆਸ ਵੀ ਕਿਤੇ ਪੂਰੀ ਕਰੇਗਾ।

ਜਿੰਨਾ ਚਿਰ ਭਾਰਤ ਵਿਚ ਰਿਹਾ, ਦੋਹਾਂ ਦੇਸਾਂ ਦੇ ਆਪਸੀ ਸਬੰਧਾਂ ਦੀ ਕੁੜੱਤਣ ਨੇ ਇਹ ਆਸ ਪੂਰੀ ਨਾ ਹੋਣ ਦਿੱਤੀ। ਹੁਣ ਜਦੋਂ ਕੈਨੇਡਾ ਆਏ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਘਰਾਂ ਦੇ ਕਰਜੇ ਤੋਂ ਵਿਹਲੇ ਹੋਏ, ਤਾਂ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਆਪਾਂ ਵੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਜਥੇ ਵਿਚ ਸ਼ਾਮਲ ਹੋ ਜਾਈਏ। ਅਰਜ਼ੀ ਦਿੱਤੀ ਤੇ ਬਾਕੀਆਂ ਦੇ ਨਾਲ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਵੀਜ਼ਾ ਮਿਲ ਗਿਆ। ਮੈਂ ਆਪਣੇ ਵੀਜ਼ੇ ਵਾਲੀ ਅਰਜ਼ੀ ਵਿਚ ਵੀ ਲਿਖਿਆ ਸੀ ਅਤੇ ਆਪਣੇ ਟਰੈਵਲ ਏਜੰਟ ਨੂੰ ਵੀ ਦੱਸਿਆ ਸੀ ਕਿ ਜੇ ਆਗਿਆ ਮਿਲ ਜਾਵੇ ਤਾਂ ਇਸ ਯਾਤਰਾ ਦੁਰਾਨ ਮੈਂ ਆਪਣੇ ਜੱਦੀ ਪਿੰਡ (ਉਕਾੜਾ ਦੇ ਕੋਲ, ਚੱਕ ਨੰਬਰ 25) ਵੀ ਜਾਣਾ ਚਾਹੁੰਦਾ ਹਾਂ। ਏਜੰਟ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਗੁਰਦਵਾਰੇ ਦੇ ਅਧਿਕਾਰੀ ਇਸ ਮਸਲੇ ਵਿਚ ਸਾਡੀ ਮਦਦ ਕਰ ਸਕਦੇ ਹਨ। ਆਪਣੇ ਪਿੰਡ ਜਾਣ ਲਈ ਇੰਨਾ ਉਤਾਵਲਾ ਸਾਂ ਕਿ ਮੈਂ ਆਪਣੇ ਤੌਰ ’ਤੇ ਗੁਰਦਵਾਰੇ ਦੇ ਪਰਧਾਨ ਜੀ ਨੂੰ ਇਸ ਬਾਰੇ ਚਿੱਠੀ ਵੀ ਲਿਖ ਦਿੱਤੀ।

ਅਖੀਰ, ਉਹ ਭਾਗਾਂ ਵਾਲਾ ਦਿਨ ਆ ਗਿਆ ਜਿਸ ਦੀ ਮੈਨੂੰ ਕਈ ਦਹਾਕਿਆਂ ਤੋਂ ਉਡੀਕ ਸੀ। ਜਹਾਜ਼ ਵਿਚ ਬੈਠੇ ਤੇ ਪਾਕਿਸਤਾਨ ਪਹੁੰਚ ਗਏ, ਫਿਰ ਬੱਸ ਰਾਹੀਂ ਗੁਰਦਵਾਰਾ ਨਨਕਾਣਾ ਸਾਹਿਬ ਪਹੁੰਚ ਗਏ। ਮੱਥਾ ਟੇਕਿਆ, ਕੀਰਤਨ ਸਰਵਣ ਕੀਤਾ, ਪ੍ਰਕਰਮਾ ਕੀਤੀ, ਕੰਧਾਂ ਉੱਤੇ ਲਿਖਿਆ ਇਤਿਹਾਸ ਪੜ੍ਹਿਆ, ਲੰਗਰ ਛੱਕਿਆ ਤੇ ਸੌਣ ਤੋਂ ਪਹਿਲਾਂ ਗੁਰਦਵਾਰੇ ਦੇ ਕਲਰਕ ਨਾਲ ਲੋੜੀਂਦੀ ਗੱਲ ਕੀਤੀ। ਉਸਨੇ ਦੱਸਿਆ ਕਿ ਮੇਰੀ ਭੇਜੀ ਹੋਈ ਚਿੱਠੀ ਉਹਨਾਂ ਨੂੰ ਮਿਲ ਗਈ ਸੀ ਅਤੇ ਪਰਧਾਨ ਜੀ ਨੇ ਸਾਡੇ ਅਤੇ ਦੋ ਹੋਰ ਪਰਿਵਾਰਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਲਈ ਸੀ। ਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸੌਣ ਲੱਗਿਆਂ ਦਿਲ ਦੀ ਸੋਚ ਬੱਸ ਇੱਕੋ ਹੀ ਗੱਲ ’ਤੇ ਟਿਕੀ ਰਹੀ ਕਿ ਜਦੋਂ ਪਿੰਡ ਜਾਵਾਂਗਾ, ਕੌਣ ਕੌਣ ਮਿਲੇਗਾ, ਮੈਂ ਕਿਸੇ ਨੂੰ ਪਛਾਣਾਂਗਾ ਕਿ ਨਹੀਂ, ਬਚਪਨ ਵਾਲੀਆਂ ਗਲੀਆਂ ਹੁਣ ਪਛਾਣ ਸਕਾਂਗਾ ਕਿ ਨਹੀਂ ਅਤੇ ਜੇ ਕਿਤੇ ਮੇਰਾ ਮਨ ਭਰ ਆਇਆ ਤਾਂ ਕੌਣ ਦਿਲਾਸਾ ਦੇਵੇਗਾ? ਫਿਰ ਇਹ ਪਤਾ ਹੀ ਨਾ ਲੱਗਾ ਕਿ ਕਦੋਂ ਅੱਖ ਲੱਗ ਗਈ। ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਮੱਥਾ ਟੇਕਿਆ ਤੇ ਫਿਰ ਦਫਤਰ ਜਾ ਬੈਠਾ। ਪਰਧਾਨ ਜੀ ਨੇ ਮੈਨੂੰ ਕਿਹਾ, “ਅੱਜ ਤਾਂ ਇੱਥੋਂ ਦੇ ਲਾਗਲੇ ਗੁਰਦਵਾਰਿਆਂ ਦੀ ਯਾਤਰਾ ਦਾ ਪ੍ਰੋਗਰਾਮ ਹੈ। ਕੱਲ੍ਹ ਸਵੇਰੇ ਇੱਕ ਸਰਕਾਰੀ ਨੁਮਾਇੰਦਾ ਅਤੇ ਉਕਾੜਾ ਸ਼ਹਿਰ ਦੇ ਕੋਲ ਚੱਕ ਨੰਬਰ 25 ਦੇ ਦੋ ਆਦਮੀ ਐਥੇ ਆਉਣਗੇ ਤੇ ਤੁਹਾਨੂੰ ਤੁਹਾਡਾ ਪਿੰਡ ਦਿਖਾਲ ਦੇਣਗੇ।”
ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਵੱਖ ਵੱਖ ਗੁਰਦਵਾਰਿਆਂ ਦੇ ਦਰਸ਼ਨ ਕਰ ਰਿਹਾ ਸਾਂ, ਪਰ ਮੇਰਾ ਮਨ ਕੱਲ੍ਹ ਦੇਖਣ ਵਾਲੇ ਆਪਣੇ ਪਿੰਡ ਵਿਚ ਹੀ ਘੁੰਮਦਾ ਰਿਹਾ। ਅਗਲੇ ਸਵੇਰੇ ਮੱਥਾ ਟੇਕਣ ਪਿੱਛੋਂ ਲੰਗਰ ਹਾਲ ਵਿਚ ਅਜੇ ਚਾਹ ਪੀਣ ਹੀ ਲੱਗੇ ਸਾਂ ਕਿ ਇੱਕ ਸੇਵਾਦਾਰ ਨੇ ਮੇਰਾ ਨਾਮ ਲੈ ਕੇ ਅਵਾਜ਼ ਮਾਰੀ। ਮੈਂ ਉਸਦੇ ਕੋਲ ਗਿਆ ਤਾਂ ਉਹ ਮੈਨੂੰ ਦਫਤਰ ਵਿਚ ਲੈ ਗਿਆ, ਜਿੱਥੇ ਪਰਧਾਨ ਜੀ ਕੁਝ ਆਦਮੀਆਂ ਸਮੇਤ ਸਾਡੀ ਉਡੀਕ ਕਰ ਰਹੇ ਸਨ। ਪਰਧਾਨ ਜੀ ਨੇ ਜਦੋਂ ਉਹਨਾਂ ਆਦਮੀਆਂ ਨਾਲ ਮੇਰੀ ਜਾਣ ਪਹਿਚਾਣ ਕਰਵਾਈ ਤਾਂ ਫੌਜੀ ਵਰਦੀ ਵਾਲੇ ਆਦਮੀ ਨੇ ਜਾਂਚ ਕਰਨ ਲਈ ਸਾਡਾ ਪਾਸਪੋਰਟ ਮੰਗ ਲਿਆ। ਜਾਂਚ ਕਰਨ ਪਿੱਛੋਂ ਉਸਨੇ ਹਾਂ ਦਾ ਇਸ਼ਾਰਾ ਕੀਤਾ ਤੇ ਸਾਨੂੰ ਆਪਣਾ ਲੋੜੀਂਦਾ ਸਮਾਨ ਲਿਆਉਣ ਲਈ ਕਿਹਾ। ਅਜੇ ਮੈਂ ਪਰਧਾਨ ਜੀ ਨੂੰ ਕਰਾਏ ਲਈ ਟੈਕਸੀ ਵਾਸਤੇ ਕਹਿਣ ਹੀ ਲੱਗਾ ਸਾਂ ਕਿ ਉਹਨਾਂ ਮੈਨੂੰ ਕਿਹਾ ਕਿ ਪਿੰਡ ਵਾਲਿਆਂ ਨੇ ਸਾਡੀ ਆਉਭਗਤ ਲਈ ਕਾਰ ਭੇਜ ਦਿੱਤੀ ਹੈ। ਜਦੋਂ ਕਾਰ ਵਿਚ ਬੈਠਣ ਲੱਗੇ ਤਾਂ ਮਨ ਵਿਚ ਆਇਆ ਕਿ ਅਸੀਂ ਤਾਂ ਇਹਨਾਂ ਵਿੱਚੋਂ ਕਿਸੇ ਨੂੰ ਜਾਣਦੇ ਨਹੀਂ, ਜੇ ਕੋਈ ਅਭੀ ਨਭੀ ਹੋ ਗਈ ਤਾਂ ਕੌਣ ਜਿੰਮੇਦਾਰ ਹੋਵੇਗਾ? ਮੈਂ ਪਰਧਾਨ ਜੀ ਨੂੰ ਆਪਣਾ ਸ਼ੰਕਾ ਪ੍ਰਗਟਾਉਂਦੇ ਹੋਏ ਬੇਨਤੀ ਕੀਤੀ ਕਿ ਸਾਡੇ ਨਾਲ ਕੋਈ ਸੇਵਾਦਾਰ ਭੇਜ ਦਿੱਤਾ ਜਾਵੇ। ਪਰ ਉਹਨਾਂ ਨੇ ਯਕੀਨ ਦੁਆਇਆ ਕਿ ਫਿਕਰ ਵਾਲੀ ਕੋਈ ਗੱਲ ਨਹੀਂ।

ਮੇਰੀ ਜਨਮ ਭੂਮੀ ਵੱਲ ਨੂੰ ਕਾਰ ਚੱਲ ਪਈ। ਦਿਲ ਕਿੰਨਾ ਖੁਸ਼ ਸੀ, ਆਪਣਾ ਘਰ ਵੇਖਣ ਨੂੰ ਮੈਂ ਕਿੰਨਾ ਉਤਾਵਲਾ ਸਾਂ, ਲਫ਼ਜਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਪੱਕੀ ਸੜਕ ਤਾਂ ਸਿਰਫ ਥੋੜ੍ਹੇ ਹੀ ਮੀਲ ਸੀ, ਬਹੁਤਾ ਹਿੱਸਾ ਤਾਂ ਕੱਚਾ ਸੀ। ਕਾਰ ਦੀ ਰਫਤਾਰ ਵੀ ਘੱਟ ਅਤੇ ਉੱਤੋਂ ਮਿੱਟੀ ਘੱਟਾ ਮਣਾਂ ਮੂੰਹੀ। ਜਿੱਥੇ ਸੜਕ ਉੱਚੀ ਨੀਂਵੀ ਹੁੰਦੀ, ਉੱਥੇ ਹਿਚਕੋਲੇ ਵੀ ਵੱਜਦੇ। ਜਦੋਂ ਕੁਝ ਥਕਾਵਟ ਮਹਿਸੂਸ ਹੋਈ ਤਾਂ ਚਾਹ ਪੀਣ ਲਈ ਇੱਕ ਢਾਬੇ ’ਤੇ ਕਾਰ ਰੁਕੀ। ਮੈਂ ਬੇਨਤੀ ਕੀਤੀ ਕਿ ਸਾਡੇ ਵਾਸਤੇ ਚਾਹ ਵਿਚ ਖੰਡ ਕੁਝ ਘੱਟ ਹੀ ਰੱਖਣੀ, ਤਾਂ ਕਾਰ ਚਲਾਉਣ ਵਾਲੇ ਨੇ ਕਿਹਾ, “ਅਸੀਂ ਤਾਂ ਚਾਹ ਵਿਚ ਖੰਡ ਠੋਕ ਕੇ ਪੀਂਦੇ ਆਂ।” ਮੈਂ ਮਨ ਵਿਚ ਕੁਝ ਹੱਸਿਆ ਤੇ ਕਿਹਾ, “ਪੰਜਾਬ ਵਿਚ ਰਹਿਣ ਵੇਲੇ ਅਸੀਂ ਵੀ ਖੰਡ, ਗੁੜ ਤੇ ਘਿਉ ਠੋਕ ਕੇ ਖਾਂਦੇ ਸਾਂ, ਪਰ ਕੈਨੇਡਾ ਵਿਚ ਰਹਿੰਦਿਆਂ ਇਹ ਮਹਿਸੂਸ ਕੀਤਾ ਕਿ ਜੇ ਕੁਝ ਸਾਲ ਹੋਰ ਜੀਉਣਾ ਹੈ ਤਾਂ ਖਾਣ ਪੀਣ ਲੱਗਿਆਂ ਕੁਝ ਸੰਜਮ ਰੱਖਣਾ ਹੀ ਬੇਹਤਰ ਹੈ।

ਚਾਹ ਪੀਣ ਵੇਲੇ ਮੈਂ ਪੁੱਛਿਆ ਕਿ ਅਜੇ ਕਿੰਨਾ ਕੁ ਸਮਾਂ ਹੋਰ ਲੱਗੇਗਾ, ਤਾਂ ਜਵਾਬ ਮਿਲਿਆ ਕਿ ਤਕਰੀਬਨ 2-3 ਘੰਟੇ ਹੋਰ। ਫਿਰ ਕੁਝ ਸਮੇਂ ਪਿੱਛੋਂ ਮੇਰੇ ਨਾਲ ਬੈਠੇ ਲੜਕੇ ਨੇ ਹੱਥ ਵਾਲੇ ਫੋਨ ਰਾਹੀਂ ਸੁਨੇਹ ਦਿੱਤਾ ਕਿ ਉਹ ਡਾਕਟਰ ਸਾਹਿਬ ਨੂੰ ਲੈਕੇ ਜਲਦੀ ਹੀ ਘਰ ਪਹੁੰਚ ਰਹੇ ਹਨ। ਮੈਂ ਹੈਰਾਨ ਸਾਂ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਡਾਕਟਰ ਹਾਂ? ਫਿਰ ਇੱਕ ਦਮ ਮੇਰੇ ਮਨ ਵਿਚ ਖਿਆਲ ਆਇਆ ਕਿ ਜਿਹੜਾ ਪੱਤਰ ਮੈਂ ਗੁਰਦਵਾਰੇ ਦੇ ਪਰਧਾਨ ਜੀ ਨੂੰ ਲਿੱਖਿਆ ਸੀ, ਉਸ ਵਿੱਚ ਮੈਂ ਆਪਣੇ ਨਾਮ ਨਾਲ ਡਾਕਟਰ ਲਿਖਿਆ ਸੀ, ਉਹਨਾਂ ਨੇ ਇਹ ਦੱਸ ਦਿੱਤਾ ਹੋਵੇਗਾ।

ਘਰ ਦੇ ਕੋਲ ਪਹੁੰਚੇ ਤਾਂ ਬਾਹਰਲੇ ਦਰਵਾਜੇ ਕੋਲ ਕਾਫੀ ਭੀੜ ਇਕੱਠੀ ਹੋਈ ਵੇਖੀ। ਕਾਰ ਵਿੱਚੋਂ ਉੱਤਰ ਕੇ ਚਾਰੇ ਪਾਸੇ ਨਿਗਾਹ ਘੁਮਾਈ ਤੇ ਜਨਮ ਭੂਮੀ ਨੂੰ ਸਤਿਕਾਰ ਦੇਣ ਲਈ ਨੀਵਾਂ ਹੋਕੇ ਮੱਥਾ ਟੇਕਿਆ। ਐਨਾ ਭਾਵਕ ਹੋਇਆ ਕਿ ਡਾਡਾਂ ਮਾਰ ਕੇ ਰੋਣ ਲੱਗ ਪਿਆ। ਦਿਲ ਕਰਦਾ ਸੀ ਕਿ ਬਚਪਨ ਤੋਂ ਲੈਕੇ ਹੁਣ ਤੱਕ ਜਨਮ ਭੂਮੀ ਤੋਂ ਦੂਰ ਰਹਿ ਕੇ ਜਿਹੜਾ ਸੰਤਾਪ ਕੱਟਿਆ ਏ, ਉਸ ਨੂੰ ਅੱਥਰੂਆਂ ਨਾਲ ਧੋ ਛੱਡਾਂ। ਘਰ ਦੇ ਮਾਲਕ ਨੇ ਮੈਨੂੰ ਉਠਾਇਆ, ਗਲ਼ ਨਾਲ ਲਾਇਆ ਅਤੇ ਧੀਰਜ ਰੱਖਣ ਲਈ ਕਿਹਾ। ਉਸਨੇ ਮੇਰੇ ਅਤੇ ਮੇਰੀ ਪਤਨੀ ਦੇ ਗਲ਼ ਵਿਚ ਫੁੱਲਾਂ ਦੇ ਹਾਰ ਪਾਏ ਅਤੇ ਨਾਲ ਖੜ੍ਹੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਆਪਣੇ ਬਾਰੇ ਉਸਨੇ ਕਿਹਾ, “ਮੇਰਾ ਨਾਮ ਤਨਵੀਰ ਸਿੱਧੂ ਤੇ ਇਹ ਮੇਰਾ ਭਰਾ ਵਰਗਾ ਦੋਸਤ ਬਰਕਤ ਚੀਮਾ ਹੈ।” ਇਸ ਆਉ ਭਗਤ ਦੇ ਅਹਿਸਾਨ ਹੇਠਾਂ ਮੈਂ ਆਪਣੇ ਆਪ ਨੂੰ ਐਨਾਂ ਦੱਬਿਆ ਹੋਇਆ ਮਹਿਸੂਸ ਕੀਤਾ ਕਿ ਗਲ਼ਾ ਭਰ ਆਇਆ ਤੇ ਮੂੰਹੋਂ ਕੋਈ ਲਫਜ਼ ਹੀ ਨਾ ਨਿੱਕਲਿਆ।

ਘਰ ਦੇ ਅੰਦਰ ਗਏ ਤਾਂ ਚਾਹ ਪਾਣੀ ਅਤੇ ਮਠਿਆਈ ਦਾ ਇੰਨਾ ਇੰਤਜ਼ਾਮ ਸੀ, ਜਿਵੇਂ ਘਰ ਵਿਚ ਕੋਈ ਵਿਆਹ ਰਚਿਆ ਹੋਵੇ। ਪਤਾ ਨਾ ਲੱਗੇ ਕਿ ਕਿਹੜੀ ਚੀਜ਼ ਖਾਵਾਂ ਤੇ ਕਿਹੜੀ ਛੱਡਾਂ? ਚਾਹ ਤੋਂ ਵਿਹਲੇ ਹੋਏ ਤਾਂ ਸਿੱਧੂ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਲੜਕੀ ਸਾਨੂੰ ਆਪਣੇ ਕਮਰੇ ਵਿਚ ਲਿਜਾਣਾ ਚਾਹੁੰਦੀ ਹੈ। ਮੈਂ ਇੱਕ ਦਮ ਦੰਗ ਜਿਹਾ ਰਹਿ ਗਿਆ ਕਿ ਮੁਸਲਮਾਨ ਲੋਕ ਤਾਂ ਆਪਣੀ ਲੜਕੀ ’ਤੇ ਕਿਸੇ ਪਰਾਏ ਮਰਦ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੰਦੇ, ਤੇ ਇਹ ਸਾਨੂੰ ਉਸਦੇ ਕਮਰੇ ਵਿਚ ਭੇਜ ਰਹੇ ਹਨ।

ਜਦੋਂ ਉਸ ਲੜਕੀ ਦੇ ਨਾਲ ਅਸੀਂ ਕਮਰੇ ਅੰਦਰ ਗਏ ਤਾਂ ਇੱਕ ਦਮ ਹੈਰਾਨ ਵੀ ਹੋਏ ਤੇ ਬੇਹੱਦ ਖੁਸ਼ ਵੀ। ਲੱਕੜ ਦੇ ਇੱਕ ਬੋਰਡ ਦੇ ਚਾਰੇ ਪਾਸੇ ਨਿੱਕੇ ਨਿੱਕੇ ਬਲਬ ਟਿੰਮ ਟਿੰਮਾ ਰਹੇ ਸਨ ਅਤੇ ਉਸ ਉੱਤੇ ਪੰਜਾਬੀ ਵਿਚ ਲਿਖਿਆ ਸੀ, “ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫੁਰਮਾਨ” ਅਤੇ ਹੇਠਾਂ ਪੂਰਾ ਸ਼ਬਦ ਲਿਖਿਆ ਸੀ। ਜਦੋਂ ਉਸ ਲੜਕੀ ਨੇ ਅਲਮਾਰੀ ਦਾ ਦਰਵਾਜਾ ਖੋਲ੍ਹਿਆ ਤਾਂ ਉੱਪਰਲੇ ਖਾਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਬਿਰਾਜਮਾਨ ਸਨ, ਹੇਠਾਂ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਗੁੱਟਕੇ ਅਤੇ ਕੁਝ ਸ਼ਬਦਾਂ ਦੀਆਂ ਕੈਸਟਾਂ, ਅਤੇ ਸਭ ਤੋਂ ਹੇਠਲੇ ਖਾਨੇ ਵਿਚ ਹਰਮੋਨੀਅਮ ਤੇ ਤਬਲਾ। ਸਭ ਤੋਂ ਬਹੁਤੀ ਹੈਰਾਨੀ ਉਦੋਂ ਹੋਈ ਜਦੋਂ ਸਿੱਧੂ ਸਾਹਿਬ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਲੜਕੀ ਆਪ ਕੀਰਤਨ ਕਰਦੀ ਹੈ।

ਉਹਨਾਂ ਹੋਰ ਕਿਹਾ, “ਸਾਡੇ ਵਰਗੇ ਐਥੇ ਪੰਜ ਪਰਿਵਾਰ ਹਨ। ਅਸੀਂ ਹਰ ਮਹੀਨੇ ਦੇ ਪਹਿਲੇ ਐਤਵਾਰ ਕਿਸੇ ਇੱਕ ਘਰ ਵਿਚ ਇਕੱਠੇ ਹੁੰਦੇ ਹਾਂ। ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੱਚੇ ਕੀਰਤਨ ਕਰਦੇ ਹਨ ਤੇ ਫਿਰ ਲੰਗਰ ਵਰਤਦਾ ਹੈ।” ਮੈਂ ਪੁੱਛਿਆ, “ਇਸ ਦੁਰਾਨ ਮੁਸਲਮਾਨ ਵਰਗ ਨੇ ਤੁਹਾਡੇ ਨਾਲ ਵਿਰੋਧਤਾ ਤਾਂ ਨਹੀਂ ਕੀਤੀ?” ਉਹਨਾਂ ਕਿਹਾ, “ਪਹਿਲੇ ਪਹਿਲ ਕੁਝ ਮਹਿਸੂਸ ਹੋਇਆ ਸੀ, ਪਰ ਹੁਣ ਨਹੀਂ, ਕਿਉਂਕਿ ਇੱਥੇ ਬਹੁਤੇ ਲੋਕ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਅਤੇ ਪੂਰੀ ਇੱਜ਼ਤ ਦਿੰਦੇ ਹਨ।” ਮੇਰੇ ਮੂੰਹ ਵਿੱਚੋਂ ਬੇਮੁਹਾਰੇ ਨਿੱਕਲ ਗਿਆ, “ਹੇ ਬਾਬਾ ਨਾਨਕ! ਧੰਨ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ।”

ਇਸ ਤੋਂ ਪਹਿਲੋਂ ਕਿ ਮੈਂ ਸਿੱਧੂ ਸਾਹਿਬ ਨੂੰ ਇਸ ਬਾਰੇ ਕੋਈ ਸਵਾਲ ਪੁੱਛਦਾ, ਉਹਨਾਂ ਆਪ ਹੀ ਦੱਸਣਾ ਸ਼ੁਰੂ ਕਰ ਦਿੱਤਾ, “ਅਸਲ ਵਿਚ ਸਾਡਾ ਸ਼ੇਖੂਪੁਰ ਦੇ ਨੇੜੇ ਇੱਕ ਪਿੰਡ ਦੇ ਸਿੱਧੂ ਸਿੱਖ ਪਰਿਵਾਰ ਨਾਲ ਸਬੰਧ ਸੀ। ਦੇਸ ਦੀ ਵੰਡ ਵੇਲੇ ਅਸੀਂ ਤਿੰਨ ਸਿੱਖ ਪਰਿਵਾਰ ਲੁਟੇਰਿਆਂ ਅਤੇ ਕਾਤਲਾਂ ਦੇ ਘੇਰੇ ਵਿਚ ਫਸ ਗਏ। ਸਾਡੇ ਅੱਧੇ ਕੁ ਆਦਮੀ ਤੇ ਜਨਾਨੀਆਂ ਸਾਡੇ ਸਾਹਮਣੇ ਕਤਲ ਕਰ ਦਿੱਤੇ ਗਏ। ਉਸ ਭੀੜ ਵਿੱਚੋਂ ਕਿਸੇ ਭਲੇ ਬੰਦੇ ਨੇ ਕਿਹਾ ਕਿ ਜੇ ਇਹ ਇਸਲਾਮ ਕਬੂਲ ਕਰ ਲੈਣ, ਤਾਂ ਆਪਾਂ ਇਹਨਾਂ ਨੂੰ ਛੱਡ ਦਿਆਂਗੇ। ਸਾਡੇ ਵਿੱਚੋਂ ਮੌਤ ਨਾਲ ਸਹਿਮੇ ਦੋ ਆਦਮੀਆਂ ਨੇ ਹਾਂ ਕਰ ਦਿੱਤੀ ਤੇ ਇਸ ਤਰ੍ਹਾਂ ਅਸੀਂ ਬਚ ਗਏ। ਭਾਵੇਂ ਕਹਿਣ ਨੂੰ ਅਸੀਂ ਮੁਸਲਮਾਨ ਹਾਂ, ਪਰ ਗੁਰੂ ਨਾਨਕ ਦਾ ਉਪਦੇਸ਼, ਗੁਰੂ ਅਰਜਨ ਦੇਵ ਦੀ ਤੱਤੀ ਤਵੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਸਾਡੇ ਦਿਲ ਦੇ ਕਿਸੇ ਕੋਨੇ ਵਿਚ ਅਜੇ ਵੀ ਕਾਇਮ ਹੈ। ਮੇਰਾ ਅਸਲੀ ਨਾਮ ਤਰਲੋਕ ਸਿੰਘ ਸੀ, ਮਜ੍ਹਬ ਬਦਲ ਲਿਆ, ਨਾਮ ਬਦਲ ਲਿਆ, ਪਰ ਗੁਰੂ ਦਾ ਬਖਸ਼ਿਆ ਪਹਿਲਾ ਅੱਖਰ ‘ਤ’ ਨਹੀਂ ਬਦਲਿਆ।” ਮੈਂ ਹੋਰ ਪੁੱਛਿਆ, “ਫਿਰ ਤੁਸੀਂ ਐਸ ਪਿੰਡ ਕਿਵੇਂ ਆਏ”?

ਉਸਨੇ ਦੱਸਿਆ, “ਉਹਨਾਂ ਦਿਨਾਂ ਵਿਚ ਸਰਕਾਰ ਦੀ ਇੱਕ ਸਕੀਮ ਸੀ ਕਿ ਜਿਹੜੇ ਵਿਦਿਆਰਥੀ ਖੇਤੀਬਾੜੀ ਦੀ ਡਿਗਰੀ ਤੋਂ ਪਿੱਛੋਂ ਖੇਤੀ ਕਰਨ ਦਾ ਕਿੱਤਾ ਅਪਨਾਉਣਗੇ, ਸਰਕਾਰ ਉਹਨਾਂ ਨੂੰ ਜ਼ਮੀਨ ਦਾ ਇੱਕ ਮੁਰੱਬਾ ਦੇਵੇਗੀ। ਮੈਂ ਤੇ ਚੀਮਾ ਸਾਹਿਬ ਦੋਵੇਂ ਜਮਾਤੀ ਸਾਂ, ਅਸਾਂ ਦੋਹਾਂ ਨੇ ਅਰਜੀਆਂ ਦੇ ਦਿੱਤੀਆਂ ਤੇ ਸਾਨੂੰ ਇਸ ਪਿੰਡ ਵਿਚ ਜਮੀਨ ਅਲਾਟ ਹੋ ਗਈ। ਫਿਰ ਜਿਵੇਂ ਜਿਵੇਂ ਸਾਨੂੰ ਇੱਥੇ ਹੋਰ ਜਮੀਨ ਮਿਲਦੀ ਗਈ, ਅਸਾਂ ਆਪਣੇ ਪਿੰਡ ਦੀ ਜਮੀਨ ਵੇਚ ਕੇ ਐਥੈ ਖਰੀਦ ਲਈ।”

ਜਦੋਂ ਅਸੀਂ ਉਸ ਕਮਰੇ ਵਿੱਚੋਂ ਬਾਹਰ ਆਏ ਤਾਂ ਸਿੱਧੂ ਸਾਹਿਬ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਪਿੰਡ ਦਾ ਚੱਕਰ ਮਾਰਨ ਲਈ ਕਾਹਲੇ ਹੋ, ਪਰ ਸਾਡੇ ਪਿੰਡ ਦੇ ਆਹ ਬੰਦੇ ਕੈਨੇਡਾ ਬਾਰੇ ਗੱਲਾਂ ਸੁਣਨ ਨੂੰ ਬੜੇ ਉਤਾਵਲੇ ਹਨ। ਮੈਂ ਕੈਨੇਡਾ ਦੇ ਅੱਛੇ ਅਤੇ ਮਾੜੇ, ਦੋਵੇਂ ਪੱਖਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਪੁੱਛੇ ਗਏ ਆਰਥਕ, ਸਮਾਜਿਕ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਫਿਰ ਮੈਂ ਉੱਤਰੀ ਅਮਰੀਕਾ ਤੇ ਯੂਰਪ ਦੇ ਦੇਸਾਂ ਦੀ ਮਨੁੱਖਤਾ ਬਾਰੇ ਦੱਸਿਆ, “ਅਸੀਂ ਇਮਾਰਤਾਂ ਤਾਂ ਬਹੁਤ ਉੱਚੀਆਂ ਬਣਾ ਲਈਆਂ ਪਰ ਸਾਡੀ ਮਾਨਸਿਕਤਾ ਬੌਣੀ ਹੋ ਗਈ। ਕਮਾਈ ਜਿਆਦਾ ਕਰਦੇ ਹਾਂ ਪਰ ਸੰਤੁਸ਼ਟੀ ਕਿਤੇ ਵੀ ਨਹੀਂ ਮਿਲਦੀ। ਅਸਾਂ ਘਰ ਵੱਡੇ ਲੈ ਲਏ ਪਰ ਪਰਿਵਾਰ ਛੋਟੇ ਹੋ ਗਏ। ਰਾਜ ਮਾਰਗ ਅਤੇ ਸੜਕਾਂ ਵੱਡੀਆਂ ਤੇ ਚੌੜੀਆਂ ਬਣਾ ਲਈਆਂ ਪਰ ਸਾਡਾ ਦ੍ਰਿਸ਼ਟੀਕੋਨ ਛੋਟਾ ਹੋ ਗਿਆ। ਘਰ ਵਿਚ ਦਵਾਈਆਂ ਨਾਲ ਅਲਮਾਰੀਆਂ ਭਰੀਆਂ ਹਨ ਪਰ ਤੰਦਰੁਸਤੀ ਦੀ ਡੱਬੀ ਖਾਲੀ ਹੈ। ਅਸੀਂ ਜਿੰਦਗੀ ਬਿਤਾਉਣੀ ਤਾਂ ਸਿੱਖ ਲਈ ਪਰ ਜਿਉਣਾ ਨਹੀਂ ਸਿੱਖਿਆ। ਅਸੀਂ ਚੰਦ ਉੱਪਰ ਜਾਣ ਨੂੰ ਤਾਂ ਲੋਚਦੇ ਹਾਂ ਪਰ ਆਪਣੇ ਘਰ ਸਾਹਮਣੇ ਆਏ ਨਵੇਂ ਗੁਆਂਢੀ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਸਕਦੇ। ਹਵਾ ਨੂੰ ਪ੍ਰਦੂਸ਼ਨ ਰਹਿਤ ਕਰਨਾ ਚਾਹੁੰਦੇ ਹਾਂ ਪਰ ਆਤਮਾ ਨੂੰ ਮੈਲੀ ਕਰ ਰਹੇ ਹਾਂ।” ਇਹਨਾਂ ਸਾਰੀਆਂ ਗੱਲਾਂ ਵਿਚ ਸਿੱਧੂ ਸਾਹਿਬ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ, “ਡਾਕਟਰ ਸਾਹਿਬ, ਹੁਣ ਤਾਂ ਚਾਰੇ ਪਾਸੇ ਹੀ ਇਹੋ ਹਾਲ ਹੈ।” ਬਾਹਰ ਜਾਣ ਲੱਗਿਆਂ ਉਹਨਾਂ ਨੇ ਹਮੀਦੇ ਮਰਾਸੀ ਅਤੇ ਅਸਲਮ ਹਲਵਾਈ ਨੂੰ ਸ਼ਾਮ ਵਾਸਤੇ ਕੁੱਕੜ ਅਤੇ ਬਟੇਰੇ ਬਣਾਉਣ ਲਈ ਹਦਾਇਤ ਕਰ ਦਿੱਤੀ।

ਘਰ ਤੋਂ ਬਾਹਰ ਨਿਕਲਣ ਲੱਗੇ ਤਾਂ ਸਿੱਧੂ ਸਾਹਿਬ ਨੇ ਕਿਹਾ, “ਮੇਰਾ ਚਿੱਤ ਕਰਦੈ ਤੁਹਾਨੂੰ ਦੋਹਾਂ ਨੂੰ ਘੋੜੀ ਉਪਰ ਚੜ੍ਹਾ ਕੇ ਪਿੰਡ ਦਾ ਚੱਕਰ ਲਗਾਵਾਂ।” ਪਰ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਫਿਰ ਮੈਨੂੰ ਮੇਰੇ ਪਿੰਡ ਦੀਆਂ ਗਲੀਆਂ ਦੀ ਮਿੱਟੀ ਦੀ ਖੁਸ਼ਬੂ ਕਿਵੇਂ ਨਸੀਬ ਹੋਵੇਗੀ ਤੇ ਉਹ ਤੁਰਤ ਲਈ ਹੀ ਮੰਨ ਗਏ। ਬਾਹਰ ਨਿੱਕਲ ਕੇ ਵੇਖਿਆ ਕਿ ਸਭ ਕੁੱਝ ਬਦਲਿਆ ਪਿਆ ਸੀ। ਮੈਂ ਸਹਿਜੇ ਸਹਿਜੇ ਦਿਲ ਵਿਚ ਸਮਾਈਆਂ ਯਾਦਾਂ ਦੀਆਂ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਨ ਲੱਗਾ। ਰਾਹ ਵਿਚ ਮੈਂ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰੀ ਗਿਆ ਅਤੇ ਸਿੱਧੂ ਸਾਹਿਬ ਹੁੰਗਾਰਾ ਭਰੀ ਗਏ।

ਮੈਂ ਕਿਹਾ, “ਸਭ ਤੋਂ ਪਹਿਲਾਂ ਮੈਨੂੰ ਛੱਪੜ ਕੰਢੇ ਆਪਣੇ ਘਰ ਵੱਲ ਲੈਕੇ ਜਾਉ।” ਉੱਥੇ ਘੁਮਿਆਰਾਂ ਦਾ ਇੱਕ ਟੱਬਰ ਰਹਿੰਦਾ ਸੀ। ਸਾਡੇ ਵੇਲੇ ਦੇ ਪੰਜਾਂ ਕਮਰਿਆਂ ਵਿੱਚੋਂ ਹੁਣ ਸਿਰਫ ਦੋ ਕੁ ਕਮਰੇ ਹੀ ਸਾਬਤ ਸਨ। ਮੈਂ ਦੋਹਾਂ ਕਮਰਿਆਂ ਦੇ ਅੰਦਰ ਗਿਆ। ਬਹੁਤਾ ਸਮਾਂ ਮੈਂ ਉਸ ਕਮਰੇ ਵਿਚ ਖੜ੍ਹਿਆ, ਜਿਸ ਕਮਰੇ ਵਿਚ ਮੇਰੀ ਮਾਤਾ ਦੇ ਦੱਸਣ ਮੁਤਾਬਕ ਮੇਰਾ ਜਨਮ ਹੋਇਆ ਸੀ। ਮੈਨੂੰ ਯਾਦ ਆਇਆ, ਮੇਰੇ ਦਾਦਾ ਜੀ ਪਿੰਡ ਦੇ ਸਿਰ ਕੱਢਵੇਂ ਜਿਮੀਦਾਰ ਸਨ ਤੇ ਸ਼ਾਹੂਕਾਰ ਵੀ। ਉਕਾੜੇ ਸ਼ਹਿਰ ਵਿਚ ਉਹਨਾਂ ਦੀਆਂ 10 ਦੁਕਾਨਾਂ ਕਰਾਏ `ਤੇ ਸਨ। ਜਦੋਂ ਮਹੀਨੇ ਬਾਅਦ ਉਹਨਾਂ ਕਰਾਇਆ ਲੈ ਕੇ ਘਰ ਅਉਣਾ, ਤਾਂ ਚਾਂਦੀ ਦੇ ਰੁਪਈਆਂ ਦੀ ਛਣ ਛਣ ਸਾਰੇ ਕਮਰਿਆਂ ਵਿਚ ਸੁਣਾਈ ਦਿੰਦੀ ਸੀ। ਜਦੋਂ ਸਾਡੇ ਵਿਹੜੇ ਵਿਚ ਮਕਈ ਦੀਆਂ ਛੱਲੀਆਂ ਅਤੇ ਕਪਾਹ ਦੇ ਢੇਰ ਲੱਗਦੇ, ਤਾਂ ਖੁਸ਼ੀ ਨਾਲ ਦਿਲ ਫੁੱਲਾ ਨਹੀਂ ਸੀ ਸਮਾਉਂਦਾ। ਜਦੋਂ ਬੀਬੀ ਨਾਲ ਕਾਮਿਆਂ ਦੀ ਰੋਟੀ ਲੈਕੇ ਖੇਤਾਂ ਨੂੰ ਜਾਂਦਾ ਅਤੇ ਚਾਰੇ ਪਾਸੇ ਖਿੜੀ ਚਿੱਟੀ ਕਪਾਹ ਵੇਖਦਾ ਜਾਂ ਖਿੜੀ ਹੋਈ ਸਰ੍ਹੋਂ ਦੇ ਖੇਤ ਵੇਖਦਾ ਤਾਂ ਮਨ ਖੁਸ਼ੀ ਨਾਲ ਪਾਗਲ ਜਿਹਾ ਹੋ ਜਾਂਦਾ ਸੀ।

ਸਾਡੇ ਘਰ ਦੇ ਪਿਛਲੇ ਪਾਸੇ ਗੁਰਦਵਾਰਾ ਅਤੇ ਮਸੀਤ ਸਨ। ਮੇਰੇ ਬਚਪਨ ਦੀਆਂ ਬਹੁਤੀਆਂ ਯਾਦਾਂ ਇਹਨਾਂ ਨਾਲ ਹੀ ਜੁੜੀਆਂ ਹੋਈਆਂ ਹਨ। ਮੈਂ, ਮੇਰੀ ਨਿੱਕੀ ਭੈਣ ਤੰਨੀ ਤੇ ਹੋਰ ਬੱਚੇ ਇੱਥੇ ਹੀ ਖੇਡਦੇ ਵੱਡੇ ਹੋਏ। ਕਦੀ ਲੁਕਣ ਮਿੱਚੀ, ਕੋਟਲਾ ਛਪਾਕੀ, ਅੱਡੀ ਛੜੱਪਾ, ਬਾਂਟੇ, ਸੱਕਰ ਪਿੱਦੀ ਤੇ ਕਈ ਹੋਰ ਖੇਡਾਂ। ਜਦੋਂ ਕਣਕ ਦੀ ਗਹਾਈ ਪਿੱਛੋਂ ਬੋਹਲ ਲੱਗਦੇ, ਸਾਰੇ ਬੱਚੇ ਕਣਕ ਦਾ ਫੱਕਾ ਲੈਕੇ ਕੁਲਫੀਆਂ ਅਤੇ ਬਰਫ ਦੇ ਮਿੱਠੇ ਗੋਲੇ ਖਾਂਦੇ।

ਇਹਨਾਂ ਬੱਚਿਆਂ ਵਿੱਚ ਇੱਕ ਲੜਕੀ ਜੁਬੈਦਾਂ ਸੀ, ਮੇਰੇ ਤੋਂ ਦੋ ਕੁ ਸਾਲ ਵੱਡੀ, ਉੱਚੀ ਲੰਮੀ, ਬਹੁਤ ਸੋਹਣੀ। ਉਸਦੇ ਗਿੱਟਿਆਂ ਤੱਕ ਲਮਕਦੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਤੇ ਕਈ ਵਾਰ ਮੈਂ ਕਿੰਨਾ ਕਿੰਨਾ ਚਿਰ ਉਸਦੇ ਵਾਲਾਂ ਵੱਲ ਹੀ ਵੇਖਦਾ ਰਹਿੰਦਾ। ਇਕ ਦਿਨ ਉਸਨੇ ਮੈਨੂੰ ਪੁੱਛਿਆ,”ਵੇ ਤੋਚੀ, ਕੀ ਵੇਂਹਨਾਂ ਏਂ?” ਮੈਂ ਕਿਹਾ, “ਤੇਰੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਨੇ।” ਉਸਨੇ ਆਪਣੀ ਗੁੱਤ ਮੇਰੇ ਹੱਥ ਵਿਚ ਫੜਾ ਦਿੱਤੀ। ਮੈਂ ਘੁੱਟ ਕੇ ਫੜ ਲਈ। ਮੈਨੂੰ ਜਾਪਿਆ ਜਿਵੇਂ ਕਿਸੇ ਨੇ ਕੋਈ ਬੜੀ ਵੱਡੀ ਜਗੀਰ ਮੇਰੇ ਹੱਥ ਵਿਚ ਫੜਾ ਦਿੱਤੀ ਹੋਵੇ। ਉਹ ਗੁੱਤ ਛੁਡਾਵੇ, ਮੈਂ ਛੱਡਾਂ ਨਾ। ਉਸਨੇ ਗੁੱਤ ਛਡਾਉਣ ਲਈ ਮੈਨੂੰ ਧੱਕਾ ਦਿੱਤਾ, ਮੈਂ ਡਿੱਗ ਪਿਆ ਤੇ ਮੇਰੀ ਅਰਕ (ਕੂਹਣੀ) ਵਿੱਚੋਂ ਲਹੂ ਵਗਣ ਲੱਗ ਪਿਆ। ਉਹ ਡਰ ਗਈ। ਉਸਨੇ ਮਿੱਟੀ ਦਾ ਬੁੱਕ ਭਰਕੇ ਮੇਰੀ ਅਰਕ ਉੱਤੇ ਰੱਖਿਆ, ਪਰ ਲਹੂ ਬੰਦ ਨਾ ਹੋਇਆ। ਫਿਰ ਉਸਨੇ ਆਪਣੀ ਚੁੰਨੀ ਪਾੜ ਕੇ ਮੇਰੀ ਅਰਕ ਤੇ ਬੰਨ੍ਹ ਦਿੱਤੀ ਅਤੇ ਮੇਰੀ ਉਂਗਲੀ ਫੜ ਕੇ ਮੈਨੂੰ ਘਰ ਲੈ ਗਈ।

ਜਦੋਂ ਮੈਂ ਛੱਪੜ ਵਿਚ ਮਹੀਆਂ ਦੀਆਂ ਪੂਛਾਂ ਫੜ੍ਹ ਕੇ ਤਰਦਾ, ਉਹ ਕੰਢੇ ’ਤੇ ਬੈਠੀ ਮੈਨੂੰ ਵੇਖਦੀ ਰਹਿੰਦੀ। ਜਦੋਂ ਉਹ ਨਾਜਮਾਂ ਮਹਿਰੀ ਦੀ ਭੱਠੀ ਤੇ ਦਾਣੇ ਭੁਨਾਉਣ ਜਾਂਦੀ, ਮੈਨੂੰ ਤੇ ਤੰਨੀ ਨੂੰ ਵੀ ਨਾਲ ਲੈ ਜਾਂਦੀ ਅਤੇ ਕੜਾਹੀ ਵਿੱਚੋਂ ਬਾਹਰ ਡਿੱਗੇ ਦਾਣੇ ਚੁੱਗ ਕੇ ਆਪ ਵੀ ਖਾਂਦੀ ਤੇ ਮੈਨੂੰ ਵੀ ਦਿੰਦੀ। ਜੇਠ ਹਾੜ ਦੇ ਦਿਨਾਂ ਵਿਚ ਰਾਤ ਸੌਣ ਵੇਲੇ ਜਦੋਂ ਕਿਤੇ ਬਹੁਤੀ ਗਰਮੀ ਲਗਦੀ ਤਾਂ ਉਹ ਸਾਡੇ ਘਰ ਆ ਜਾਂਦੀ ਅਤੇ ਮੇਰੀ ਬੀਬੀ ਨੂੰ ਕਹਿੰਦੀ, “ਮਾਸੀ, ਆਪਾਂ ਸਾਰੇ ਜਣੇ ਮਿਲ ਕੇ ਪੁਰੇ (ਉਹਨਾਂ ਪਿੰਡਾਂ ਦੇ ਨਾਮ ਜਿਹਨਾਂ ਦੇ ਪਿੱਛੇ ਪੁਰ ਲਗਦਾ ਹੈ ਜਿਵੇਂ ਗਿਆਸਪੁਰ ਜਾਂ ਘਸੀਟਪੁਰ) ਗਿਣੀਏਂ, ਸ਼ਾਇਦ ਹਵਾ ਚੱਲ ਪਵੇ। ਪੁਰੇ ਗਿਣਦਿਆਂ ਹਵਾ ਤਾਂ ਪਤਾ ਨਹੀਂ ਚਲਦੀ ਕਿ ਨਾ, ਪਰ ਜੁਬੈਦਾਂ ਨੂੰ ਨੀਂਦ ਆ ਜਾਂਦੀ ਅਤੇ ਉਹ ਸਾਡੇ ਘਰ ਹੀ ਸੌਂ ਜਾਂਦੀ। ਇਕ ਦਿਨ ਖੇਡਣ ਵੇਲੇ ਇੱਕ ਪਾਸੇ ਕਰਕੇ ਉਸਨੇ ਮੈਨੂੰ ਕਿਹਾ, “ਵੇ ਤੋਚੀ ਅੜਿਆ, ਤੂੰ ਮੈਨੂੰ ਬਹੁਤ ਸੋਹਣਾ ਲਗਦੈਂ, ਆਪਾਂ ਨਿਕਾਹ ਕਰ ਲਈਏ।” ਉਸ ਵੇਲੇ ਮੈਂ ਅਜੇ ਨਿਆਣਾ ਸਾਂ। ਨਿਕਾਹ ਦਾ ਲਫਜ਼ ਤਾਂ ਮੈਂ ਸੁਣਿਆ ਸੀ ਪਰ ਇਸ ਬਾਰੇ ਅਜੇ ਬਹੁਤੀ ਜਾਣਕਾਰੀ ਨਹੀਂ ਸੀ। ਮੈਂ ਉਸ ਨੂੰ ਕਿਹਾ ਪਈ ਮੈਂ ਬੀਬੀ ਕੋਲੋਂ ਪੁੱਛ ਆਵਾਂ। ਉਸਨੇ ਮੇਰੇ ਮੋਢੇ ’ਤੇ ਧੱਫਾ ਜਿਹਾ ਮਾਰਿਆ ਤੇ ਕਿਹਾ, “ਹੈਂ ਬੁੱਧੂ, ਇਸ ਵਿਚ ਭਲਾ ਬੀਬੀ ਨੂੰ ਪੁੱਛਣ ਦੀ ਕੀ ਲੋੜ ਆ?” ਘਰ ਜਾਕੇ ਜਦੋਂ ਮੈਂ ਬੀਬੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਹੱਸ ਪਈ ਤੇ ਗੱਲ ਟਾਲਦੀ ਹੋਈ ਨੇ ਕਿਹਾ, “ਤੂੰ ਅਜੇ ਨਿਆਣਾ ਏਂ, ਤੇ ਨਾਲੇ ਇਹ ਗੱਲ ਨਹੀਂ ਬਣਨੀ ਕਿਉਂਕਿ ਆਪਣਾ ਮਜ੍ਹਬ ਹੋਰ ਏ ਤੇ ਉਹਨਾਂ ਦਾ ਹੋਰ।”

ਜਦੋਂ ਮੈਂ ਇਹ ਗੱਲ ਜੁਬੈਦਾਂ ਨਾਲ ਕੀਤੀ ਤਾਂ ਉਹ ਉਦਾਸ ਹੋ ਗਈ। ਉਸਨੇ ਇੱਕ ਪਲ ਮੇਰੇ ਵੱਲ ਬਹੁਤ ਗਹੁ ਨਾਲ ਤੱਕਿਆ। ਦੋ ਮੋਟੇ ਮੋਟੇ ਗਲੇਡੂ ਉਸ ਦੀਆਂ ਅੱਖਾਂ ਵਿੱਚੋਂ ਡਿਗੇ। ਕੁਝ ਸੰਭਲ ਕੇ ਉਹ ਮੈਨੂੰ ਨਹੋਰਾ ਜਿਹਾ ਮਾਰਦਿਆਂ ਬੋਲੀ, “ਜਾਹ, ਮੈਂ ਤੇਰੇ ਨਾਲ ਨਹੀਂ ਬੋਲਦੀ, ਤੇਰੀ ਮੇਰੀ ਕੱਟੀ।” ਉਹ ਮੇਰੇ ਨਾਲ ਦੋ ਦਿਨ ਨਾ ਬੋਲੀ। ਮੇਰਾ ਦਿਲ ਵੀ ਉਦਾਸ ਹੋ ਗਿਆ। ਇਹ ਮੈਨੂੰ ਹੀ ਪਤਾ ਹੈ ਕਿ ਮੈਂ ਉਹ ਦੋ ਦਿਨ ਕਿਵੇਂ ਕੱਟੇ। ਤੀਜੇ ਦਿਨ ਮੈਂ ਕੰਨ ਫੜ ਕੇ ਅਤੇ 10 ਬੈਠਕਾਂ ਕੱਢ ਕੇ ਉਸ ਕੋਲੋਂ ਮੁਆਫੀ ਮੰਗੀ।

ਮੈਂ ਵਿਆਹਿਆ ਗਿਆ, ਮੇਰੇ ਬੱਚੇ ਹੋ ਗਏ, ਪੋਤੇ ਪੋਤੀਆਂ ਵਾਲਾ ਹੋ ਗਿਆ, ਬੁਢੇਪਾ ਆ ਗਿਆ, ਪਰ ਜੁਬੈਦਾਂ ਦਾ ਉਹ ਅੱਲ੍ਹੜ ਤੇ ਸੱਚਾ ਪਿਆਰ ਅਜੇ ਵੀ ਮੈਂ ਦਿਲ ਦੇ ਕਿਸੇ ਕੋਨੇ ਵਿੱਚ ਉਸੇ ਤਰ੍ਹਾਂ ਲਕੋਈ ਬੈਠਾ ਹਾਂ। ਹੁਣ ਜਦੋਂ ਕਿਤੇ ਉਸਦੀ ਯਾਦ ਅਉਂਦੀ ਏ, ਦਿਲ ਵਿੱਚੋਂ ਇੱਕ ਹੂਕ ਜਿਹੀ ਉੱਠਦੀ ਏ, ਕਦੀ ਕਦੀ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਨੇ। ਕੁਝ ਨਹੀਂ ਕਰ ਸਕਦਾ। ਬੱਸ, ਦਿਲ ਨੂੰ ਐਵੇਂ ਝੂਠਾ ਜਿਹਾ ਦਿਲਾਸਾ ਦੇ ਕੇ ਚੁੱਪ ਕਰਾ ਦਿੰਦਾ ਹਾਂ। ਇਹ ਗੱਲ ਮੈਂ ਆਪਣੀ ਘਰ ਵਾਲੀ ਨਾਲ ਵੀ ਕਈ ਵਾਰ ਸਾਂਝੀ ਕੀਤੀ ਏ। ਕਈ ਵਾਰ ਜਦੋਂ ਉਦਾਸੀ ਵਿਚ ਮੈਂ ਮੂੰਹ ਲਟਕਾਈ ਸੋਫੇ ’ਤੇ ਬੈਠਾ ਹੁੰਦਾ ਹਾਂ, ਤਾਂ ਮੇਰੀ ਘਰ ਵਾਲੀ ਸਮਝ ਜਾਂਦੀ ਏ ਕਿ ਮਾਜਰਾ ਕੀ ਹੈ। ਉਹ ਹੱਸਕੇ ਮੈਨੂੰ ਕਹਿੰਦੀ ਏ,”ਔਜਲਾ ਸਾਹਬ, ਜੇ ਕਹੋ ਤਾਂ ਅਧਰਕ ਅਤੇ ਸ਼ਹਿਤ ਵਾਲੀ ਚਾਹ ਬਣਾ ਕੇ ਦੇਵਾਂ?” ਮੈਂ ਇੱਕ ਦਮ ਆਪਣੀ ਉਦਾਸੀ ਉੱਤੇ ਮੁਸਕਰਾਹਟ ਦਾ ਗਲਾਫ ਚੜ੍ਹਾ ਕੇ ‘ਹਾਂ’ ਦਾ ਇਸ਼ਾਰਾ ਕਰ ਦਿੰਦਾ ਹਾਂ। ਤੁਰਦੇ ਤੁਰਦੇ ਮੈਂ ਵੇਖਿਆ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਕੱਚੀਆਂ ਸਨ। ਕਈ ਥਾਵਾਂ ’ਤੇ ਚਿੱਕੜ ਅਤੇ ਗੰਦਗੀ ਦੇ ਢੇਰ ਸਨ। ਸਾਰੇ ਪਿੰਡ ਵਿਚ ਮਸਾਂ 5-6 ਘਰ ਹੀ ਪੱਕੇ ਸਨ। ਪਿੰਡ ਨੂੰ ਕਿਸੇ ਪਾਸਿਉਂ ਵੀ ਪੱਕੀ ਸੜਕ ਨਹੀਂ ਲਗਦੀ ਸੀ। ਇਹਨਾਂ ਪਿੰਡਾਂ ਦੇ ਮੁਕਾਬਲੇ ਸਾਡੇ ਪੰਜਾਬ ਦੇ ਪਿੰਡਾਂ ਦੀ ਹਾਲਤ ਬਹੁਤ ਅੱਛੀ ਹੈ।

ਜਦੋਂ ਅਸੀਂ ਸਕੂਲ ਦੇ ਕੋਲ ਗਏ ਤਾਂ ਮੈਂ ਸਿੱਧੂ ਸਾਹਿਬ ਨੂੰ ਪੁੱਛਿਆ, “ਐਥੈ ਜੁਲਾਹਿਆਂ ਦੀ ਰੱਖੀ ਚਾਚੀ ਦਾ ਘਰ ਹੁੰਦਾ ਸੀ।” ਉਹ ਮੈਂਨੂੰ ਲਾਗੇ ਇੱਕ ਘਰ ਵਿਚ ਲੈ ਗਏ ਤੇ ਮੰਜੇ ਉੱਪਰ ਬੈਠੀ ਇੱਕ ਬਿਰਧ ਮਾਤਾ ਵੱਲ ਇਸ਼ਾਰਾ ਕਰਦੇ ਹੋਏ ਬੋਲੇ, “ਇਹ ਰੱਖੀ ਚਾਚੀ ਆ।” ਉਹਨਾਂ ਨੇ ਉੱਚੀ ਅਵਾਜ਼ ਵਿਚ ਕਿਹਾ, “ਚਾਚੀ ਜੀ, ਇਹ ਪਰ੍ਹੌਣੇ ਤੈਨੂੰ ਕਨੇਡਾ ਤੋਂ ਮਿਲਣ ਆਏ ਨੇ।” ਮੈਂ ਤੇ ਮੇਰੀ ਪਤਨੀ ਨੇ ਉਸਦੇ ਪੈਰੀਂ ਹੱਥ ਲਾਇਆ। ਮੈਂ ਉਸਨੂੰ ਦੱਸਿਆ ਕਿ ਮੈਂ ਗੁਰਪਾਲ ਕੌਰ ਸ਼ਾਹਣੀ ਦਾ ਪੁੱਤਰ ਤਰਲੋਚਨ ਹਾਂ। ਪਤਾ ਨਹੀਂ ਬਿਰਧ ਹੋਣ ਕਰਕੇ ਉਹਨੇ ਮੇਰੀ ਗੱਲ ਸੁਣੀ ਜਾਂ ਨਾ, ਮੈਨੂੰ ਅੱਛੀ ਤਰ੍ਹਾਂ ਵੇਖ ਸਕੀ ਹੋਵੇ ਕਿ ਨਾ, ਪਰ ਉਸਨੇ ਮੇਰੇ ਸਿਰ ’ਤੇ ਪਿਆਰ ਦਿੰਦਿਆਂ ਜੁੱਗ ਜੁੱਗ ਜੀਉਣ ਦੀ ਅਸੀਸ ਦਿੱਤੀ ਅਤੇ ਮੇਰੀ ਮਾਤਾ ਦੀਆਂ ਸਿਫਤਾਂ ਕਰਨ ਲੱਗੀ। ਮੈਂ ਉਸਦੇ ਹੱਥ ਵਿਚ ਇੱਕ ਸੌ ਡਾਲਰ ਦਾ ਨੋਟ ਫੜਾਇਆ ਅਤੇ ਬਾਅਦ ਵਿੱਚ ਕੈਨੇਡਾ ਤੋਂ ਹੋਰ ਪੈਸੇ ਭੇਜਣ ਦਾ ਵਾਅਦਾ ਕਰਕੇ ਘਰੋਂ ਬਾਹਰ ਨਿੱਕਲਣ ਤੱਕ ਉਸ ਵੱਲ ਵੇਖਦਾ ਰਿਹਾ। ਜਦੋਂ ਸਿੱਧੂ ਸਾਹਿਬ ਨੇ ਮੈਨੂੰ ਭਾਵਕ ਹੁੰਦੇ ਵੇਖਿਆ ਤਾਂ ਮੈਂ ਦੱਸਿਆ, “ਜਦੋਂ ਅਜੇ ਮੈਂ ਮਸਾਂ ਦੋ ਕੁ ਸਾਲ ਦਾ ਸਾਂ, ਇੱਕ ਵਾਰੀ ਮੈਂ ਆਪਣੇ ਵੱਡੇ ਭਰਾ ਨਾਲ ਇਸਦੇ ਘਰ ਆਇਆ ਸਾਂ। ਇਹ ਆਪਣੀ ਲੜਕੀ ਨੂੰ ਦੁੱਧ ਪਿਆ ਰਹੀ ਸੀ। ਮੈਂ ਇਸਦੇ ਕੋਲ ਖਲੋ ਗਿਆ ਤਾਂ ਇਹ ਪਿਆਰ ਨਾਲ ਮੈਨੂੰ ਆਪਣੇ ਦੂਜੇ ਪੱਟ ਤੇ ਬਿਠਾ ਕੇ ਆਪਣਾ ਦੁੱਧ ਪਿਆਉਣ ਲੱਗ ਪਈ। ਜਦੋਂ ਮੇਰੇ ਭਰਾ ਨੇ ਘਰ ਜਾਕੇ ਬੀਬੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਗਦ ਗਦ ਹੋ ਗਈ। ਉਸਨੇ ਉਸੇ ਵੇਲੇ ਮੇਰੇ ਭਰਾ ਹੱਥ ਰੱਖੀ ਵਾਸਤੇ ਦੁੱਧ, ਖੋਏ ਦੀਆਂ ਪਿੰਨੀਆਂ ਅਤੇ ਆਟਾ ਭੇਜ ਦਿੱਤਾ ਤੇ ਹੱਸਕੇ ਮੈਨੂੰ ਕਹਿਣ ਲੱਗੀ, “ਵੇ ਤਰਲੋਚਨਾ, ਵੇ ਸੁੱਖ ਨਾਲ ਹੁਣ ਤਾਂ ਤੇਰੀਆਂ ਦੋ ਮਾਵਾਂ ਹੋ ਗਈਆਂ।” ਖੁਸ਼ ਹੋ ਕੇ ਰੱਖੀ ਚਾਚੀ ਨੇ ਮੈਨੂੰ ਕਈ ਵਾਰ ਆਪਣਾ ਦੁੱਧ ਪਿਆਇਆ। ਮੈਨੂੰ ਯਾਦ ਹੈ ਇਕ ਵਾਰੀ ਮੇਰੀ ਬੀਬੀ ਨਿੱਕੀ ਭੈਣ ਤੰਨੀ ਤੇ ਜੁਬੈਦਾਂ ਦੇ ਨਿੱਕੇ ਭਰਾ ਨੂੰ ਇਕੱਠਿਆਂ ਦੁੱਧ ਪਿਆ ਰਹੀ ਸੀ। ਮੈਂ ਕਦੀ ਕਦੀ ਸੋਚਦਾ ਵਾਂ ਕਿ ਮਾਂ ਦੇ ਦੁੱਧ ਦਾ ਤਾਂ ਕੋਈ ਮਜ੍ਹਬ ਨਹੀਂ ਹੁੰਦਾ।

ਅਸਮਾਨ ਵਿਚ ਇੱਕ ਕਾਲੀ ਬੱਦਲ਼ੀ ਉੱਠੀ ਤੇ ਦਿਨਾਂ ਵਿਚ ਹੀ ਉਹ ਚਾਰੇ ਪਾਸੇ ਛਾ ਗਈ। ਲੋਕ ਇੱਕ ਦੂਜੇ ਦੇ ਕੰਨਾਂ ਵਿਚ ਘੁਸਰ ਮੁਸਰ ਕਰਨ ਲੱਗੇ। ਲੋਕਾਂ ਦੇ ਮੂੰਹਾਂ ਵਿੱਚੋਂ ਇੱਕ ਨਵਾਂ ਲਫ਼ਜ ਸੁਣ ਲਿਆ - ਪਾਕਿਸਤਾਨ। ਜਦੋਂ ਪਿੰਡ ਦੇ ਲੋਕ ਉਕਾੜਾ ਸ਼ਹਿਰ ਜਾਂਦੇ, ਜਾਣ ਲੱਗਿਆਂ ਉਹਨਾਂ ਦੇ ਮੂੰਹ ਹੋਰ ਅਤੇ ਆਉਣ ਲੱਗਿਆਂ ਹੋਰ ਹੁੰਦੇ। ਸਿੱਖਾਂ ਦੇ ਮੂੰਹ ’ਤੇ ਉਦਾਸੀ ਅਤੇ ਮੁਸਲਮਾਨਾਂ ਦੇ ਮੂੰਹ ’ਤੇ ਚਹਿਲ ਪਹਿਲ ਛਾ ਗਈ। ਘਰਾਂ ਵਿਚ ਮੀਟਿੰਗਾਂ ਹੋਣ ਲੱਗੀਆਂ। ਦੋਹਾਂ ਵਰਗਾਂ ਦੀ ਆਪਸੀ ਗੱਲਬਾਤ ਦਾ ਵਿਸ਼ਾ ਵੱਖ ਵੱਖ ਸੀ। ਸਿੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਕੁਝ ਅਨਹੋਣੀ ਹੋਣ ਵਾਲੀ ਹੈ। ਅੰਗਰੇਜ਼ ਸਰਕਾਰ ਨੇ ਦੇਸ਼ ਦੇ ਦੋ ਟੋਟੇ ਕਰਨ ਦਾ ਹੁਕਮ ਦੇ ਦਿੱਤਾ। ਭਾਵੇਂ ਬਹੁਤੇ ਮੁਸਲਮਾਨ ਸਿੱਖਾਂ ਨੂੰ ਯਕੀਨ ਦਿਵਾਉਂਦੇ ਸਨ ਕਿ ਉਹ ਸਾਡੇ ਨਾਲ ਕੰਧ ਬਣਕੇ ਖੜ੍ਹਨਗੇ, ਪਰ ਕੁਝ ਐਸੇ ਵੀ ਸਿਰ ਫਿਰੇ ਸਨ ਜੋ ਗਹਿਰੀਆਂ ਅੱਖਾਂ ਨਾਲ ਸਿੱਖਾਂ ਵੱਲ ਤੱਕਦੇ ਸਨ।

ਫਿਰ ਇੱਕ ਦਿਨ ਉਹ ਵੀ ਆ ਗਿਆ ਜਦੋਂ ਪਤਾ ਲੱਗਾ ਕਿ ਉਕਾੜੇ ਸ਼ਹਿਰ ਤੋਂ ਸਿੱਖਾਂ ਅਤੇ ਹਿੰਦੂਆਂ ਦਾ ਇੱਕ ਕਾਫਲਾ ਫਿਰੋਜਪੁਰ ਰਾਹੀਂ ਚੜ੍ਹਦੇ ਪੰਜਾਬ ਚਲੇ ਗਿਆ ਹੈ। ਰਾਤ ਦੀ ਮੀਟਿੰਗ ਵਿਚ ਫੈਸਲਾ ਹੋਇਆ ਕਿ ਪਰਸੋਂ ਸਾਡਾ ਕਾਫਲਾ ਵੀ ਜਾਣ ਲਈ ਤਿਆਰ ਹੋਵੇਗਾ। ਘਰਾਂ ਵਿੱਚ ਹਿੱਲ ਜੁੱਲ ਸ਼ੁਰੂ ਹੋ ਗਈ। ਸਾਰੇ ਸਿੱਖ ਪਰਿਵਾਰਾਂ ਨੇ ਲੋੜੀਂਦਾ ਸਮਾਨ ਬੰਨ੍ਹਿਆ ਅਤੇ ਚੱਲਣ ਦੀ ਤਿਆਰੀ ਕਰ ਲਈ। ਗੁਰਦਵਾਰੇ ਕੋਲ ਸਾਰੇ ਇਕੱਠੇ ਹੋ ਗਏ ਤੇ ਕਾਫਲਾ ਚੱਲਣ ਲਈ ਤਿਆਰ ਹੋ ਗਿਆ। ਕਈ ਮੁਸਲਮਾਨ ਸਿਆਣੇ ਆਦਮੀ ਅਤੇ ਜਨਾਨੀਆਂ ਨੇ ਹੱਥ ਜੋੜੇ, ਰੁਕਣ ਲਈ ਹਾੜ੍ਹੇ ਪਾਏ, ਪਰ ਸਿੰਘਾਂ ਨੇ ਚੱਲਣ ਲਈ ਜੈਕਾਰਾ ਬੋਲ ਦਿੱਤਾ। ਸਾਰੇ ਬਜੁਰਗ ਅਤੇ ਜਨਾਨੀਆਂ ਗੱਡਿਆਂ ਉੱਪਰ ਬੈਠ ਗਏ ਤੇ ਬਾਕੀ ਆਦਮੀ ਘੋੜੀਆਂ ਉੱਪਰ। ਇੱਕ ਦਮ ਮੇਰੀ ਬੀਬੀ ਨੇ ਮੇਰੇ ਭਰਾ ਨੂੰ ਪੁੱਛਿਆ, “ਤੰਨੀ ਨਹੀਂ ਆਈ, ਉਹ ਕਿੱਥੇ ਆ?”

ਮੇਰੇ ਪਿਤਾ ਜੀ ਨੇ ਮੇਰੇ ਭਰਾ ਨੂੰ ਕਿਹਾ, “ਅਸੀਂ ਹੌਲੀ ਹੌਲੀ ਚੱਲਦੇ ਆਂ, ਤੂੰ ਆਹ ਸਾਈਕਲ ਲੈ ਤੇ ਤੰਨੀ ਨੂੰ ਲੈਕੇ ਜਲਦੀ ਸਾਡੇ ਕੋਲ ਪਹੁੰਚ।” ਕਾਫਲਾ ਅੱਗੇ ਨੂੰ ਜਾ ਰਿਹਾ ਸੀ ਪਰ ਸਾਡਾ ਸਾਰਿਆਂ ਦਾ ਧਿਆਨ ਪਿੱਛੇ ਵੱਲ ਸੀ। ਕੁਝ ਚਿਰ ਪਿੱਛੋਂ ਪਿੰਡ ਦਿਸਣਾ ਬੰਦ ਹੋ ਗਿਆ ਪਰ ਵੀਰਾ ਤੇ ਤੰਨੀ ਨਾ ਆਏ। ਅਸੀਂ ਦਿਲ ’ਤੇ ਪੱਥਰ ਰੱਖਕੇ ਅੱਗੇ ਚੱਲਦੇ ਗਏ।

ਅਜੇ ਪਿੰਡ ਤੋਂ 5-6 ਮੀਲ ਦੂਰ ਹੀ ਗਏ ਹੋਵਾਂਗੇ ਕਿ 25-30 ਮੁਸਲਮਾਨ ਜ਼ਾਲਮਾਂ ਦੇ ਟੋਲੇ ਨੇ ਸਾਡੇ ਉੱਪਰ ਹਮਲਾ ਬੋਲ ਦਿੱਤਾ। ਉਹਨਾਂ ਵਹਿਸ਼ੀ ਬਣਕੇ ਅਤੇ ਆਪਣੀਆਂ ਅੱਖਾਂ ਉੱਤੇ ਕੱਟੜਪੁਣੇ ਦੀ ਪੱਟੀ ਬੰਨ੍ਹਕੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ। ਮੈਂਨੂੰ ਅੱਜ ਵੀ ਯਾਦ ਹੈ ਕਿ ਲਹਿੰਦੇ ਪਾਸੇ ਵਾਲੇ ਕਸ਼ਮੀਰਾ ਸਿੰਘ ਤੋਂ ਇਹ ਬੇਇਜ਼ਤੀ ਸਹਾਰੀ ਨਾ ਗਈ ਤੇ ਉਸਨੇ ਆਪਣੀ ਘਰ ਵਾਲੀ ਅਤੇ ਜਵਾਨ ਭੈਣ ਨੂੰ ਸਾਡੇ ਸਾਹਮਣੇ ਕਿਰਪਾਨ ਨਾਲ ਵੱਢ ਦਿੱਤਾ। ਜਿਹਨਾਂ ਗੋਦਾਂ ਵਿਚ ਬਹਿਕੇ ਇਹ ਹਮਲਾਵਰ ਜਵਾਨ ਹੋਏ, ਉਹਨਾਂ ਗੋਦਾਂ ਵਿਚ ਬਰਛੇ ਮਾਰੇ। ਜਿਹਨਾਂ ਭੈਣਾਂ ਕੋਲੋਂ ਰੱਖੜੀਆਂ ਬੰਨ੍ਹਵਾਈਆਂ, ਉਹਨਾਂ ਰੱਖੜੀਆਂ ਦੀਆਂ ਫਾਹੀਆਂ ਬਣਾਕੇ ਗਰਦਨਾਂ ਵਿਚ ਪਾਈਆਂ। ਜਿਹਨਾਂ ਛਾਤੀਆਂ ਵਿੱਚੋਂ ਦੁੱਧ ਪੀਤਾ, ਉਹਨਾਂ ਛਾਤੀਆਂ ਨੂੰ ਹੀ ਕਿਰਪਾਨਾਂ ਨਾਲ ਵੱਢ ਦਿੱਤਾ। ਮਾਵਾਂ ਨੇ ਜਿਸ ਖੂਹ ਵਿੱਚੋਂ ਪਾਣੀ ਕੱਢਕੇ ਬੱਚਿਆਂ ਨੂੰ ਨੁਹਾਇਆ ਸੀ, ਉਹਨਾਂ ਬਾਲਾਂ ਨੇ ਉਹਨਾਂ ਮਾਵਾਂ ਦੇ ਹੀ ਲਹੂ ਨਾਲ ਉਹਨਾਂ ਖੂਹਾਂ ਨੂੰ ਭਰ ਦਿੱਤਾ। ਮੇਰੇ ਸਾਹਮਣੇ ਮੇਰੀ ਮਾਂ ਨੂੰ ਬਰਛਿਆਂ ਨਾਲ ਵਿੰਨ੍ਹ ਦਿੱਤਾ ਅਤੇ ਕਿਰਪਾਨਾਂ ਨਾਲ ਮੇਰੇ ਪਿਤਾ ਜੀ ਦੇ ਟੋਟੇ ਕਰ ਦਿੱਤੇ ਗਏ।

ਸਾਡੇ ਇੱਕ ਗਵਾਂਢੀ ਮੁੰਡੇ ਨੇ ਮੇਰੀ ਬਾਂਹ ਫੜੀ ਤੇ ਅੱਖ ਬਚਾ ਕੇ ਲਾਗੇ ਦੇ ਕਪਾਹ ਦੇ ਖੇਤ ਵਿਚ ਲੈ ਗਿਆ। ਫਿਰ ਸਾਹੋ ਸਾਹੀ ਹੋਏ ਕਾਠੇ ਕਮਾਦ ਵਿੱਚੋਂ ਲੰਘ ਕੇ ਲਾਗੇ ਤੂੜੀ ਦੇ ਇੱਕ ਮੂਸਲ ਵਿਚ ਲੁਕ ਗਏ। ਰੋ ਰੋ ਕੇ ਸਾਡਾ ਬੁਰਾ ਹਾਲ ਸੀ। ਕਦੀ ਉਹ ਮੈਨੂੰ ਚੁੱਪ ਕਰਾਏ ਤੇ ਕਦੀ ਮੈਂ ਉਸਨੂੰ। ਰਾਤ ਪੈ ਗਈ। ਮੈਨੂੰ ਭੁੱਖ ਲੱਗ ਗਈ। ਹੋਰ ਤਾਂ ਕੁਝ ਨਾ ਮਿਲਿਆ, ਮੂਸਲ ਉੱਤੇ ਕੱਦੂਆਂ ਦੀ ਵੇਲ ਨਾਲ ਇੱਕ ਕੱਦੂ ਦਿਸ ਪਿਆ। ਅਸਾਂ ਉਹ ਖਾ ਕੇ ਗੁਜਾਰਾ ਕੀਤਾ। ਪਿਆਸ ਲੱਗੀ ਤਾਂ ਨੇੜੇ ਇੱਕ ਆਡ ਵਿੱਚੋਂ ਗੰਦਾ ਪਾਣੀ ਪੀ ਲਿਆ। ਕੱਚੇ ਕਮਾਦ ਦਾ ਗੰਨਾ ਵੀ ਚੂਪਿਆ ਪਰ ਫਿਰ ਭੁੱਖ ਲੱਗ ਗਈ। ਢਿੱਡ ਨੇ ਸਾਡੇ ਅੱਗੇ ਹਾੜ੍ਹੇ ਪਾਏ, ਵਾਸਤੇ ਪਾਏ, “ਉਏ ਮੈਂ ਖਾਲੀ ਆਂ, ਮੇਰੇ ਵਿਚ ਕੁਝ ਪਾਉ।” ਅਸੀਂ ਕਿਹਾ, “ਅਸੀਂ ਮਜਬੂਰ ਆਂ।” ਜਦੋਂ ਉਹ ਬੋਲਣੋਂ ਨਾ ਹਟਿਆ ਤਾਂ ਅਸਾਂ ਖਿੱਝ ਕੇ ਕਿਹਾ, “ਜਾਹ ਖੂਹ ਵਿਚ ਪੈ ਫਿਰ।” ਉਹ ਚੁੱਪ ਕਰ ਗਿਆ, ਫਿਰ ਨਾ ਬੋਲਿਆ।

ਅਗਲਾ ਦਿਨ ਵੀ ਅਸੀਂ ਉੱਥੇ ਹੀ ਕੱਟਿਆ। ਰਾਤ ਪਈ ਤਾਂ ਅਸੀਂ ਅਗਾਂਹ ਨੂੰ ਤੁਰ ਪਏ। ਅਜੇ ਦੋ ਕੁ ਮੀਲ ਹੀ ਗਏ ਹੋਵਾਂਗੇ ਕਿ ਸਾਨੂੰ ਪਿੱਛੋਂ ਆਉਂਦਾ ਇੱਕ ਕਾਫਲਾ ਦਿਸ ਪਿਆ। ਅਸੀਂ ਡਰਦੇ ਡਰਦੇ ਉਸ ਵਿਚ ਸ਼ਾਮਲ ਹੋ ਗਏ। ਰਾਹ ਵਿੱਚ ਅਸਾਂ ਥਾਂ ਥਾਂ ਉੱਤੇ ਲਹੂ ਦੇ ਛੱਪੜ ਅਤੇ ਲਾਸ਼ਾਂ ਦੇ ਢੇਰ ਵੇਖੇ। ਅਗਲੇ ਦਿਨ ਅਸੀਂ ਫਿਰੋਜਪੁਰ ਪਹੁੰਚ ਗਏ ਤੇ ਕੁੱਝ ਸੁੱਖ ਦਾ ਸਾਹ ਲਿਆ। ਉਸ ਵੇਲੇ ਮੈਨੂੰ ਸਿਰਫ ਦੋ ਥਾਵਾਂ ਦੇ ਨਾਵਾਂ ਦਾ ਪਤਾ ਸੀ, ਇੱਕ ਬਾਬਾ ਬਕਾਲਾ ਤੇ ਦੂਜਾ ਘੁਮਾਣ (ਜਿਲ੍ਹਾ ਗੁਰਦਾਸਪੁਰ) ਦੇ ਕੋਲ ਮੇਰਾ ਨਾਨਕਾ ਪਿੰਡ ਚੀਮਾਂ ਖੁੱਡੀ। ਫੌਜੀਆਂ ਅਤੇ ਪੁਲੀਸ ਵਾਲਿਆਂ ਦੀ ਮਦਦ ਨਾਲ ਮੈਂ ਆਪਣੇ ਨਾਨਕੇ ਪਿੰਡ ਪਹੁੰਚ ਗਿਆ। ਜਦੋਂ ਮਾਤਾ ਜੀ ਅਤੇ ਪਿਤਾ ਜੀ ਦੇ ਕਤਲ ਬਾਰੇ ਦੱਸਿਆ ਤਾਂ ਮਾਮਾ ਜੀ ਡਾਡਾਂ ਮਾਰ ਕੇ ਰੋਏ। ਫਿਰ ਹੌਲੀ ਹੌਲੀ ਇੱਥੋਂ ਦੇ ਹਾਲਾਤ ਬਾਰੇ ਗੱਲਾਂ ਸੁਣ ਕੇ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ ਜਦੋਂ ਪਤਾ ਲੱਗਿਆ ਕਿ ਕਈ ਸਿੱਖਾਂ ਅਤੇ ਹਿੰਦੂਆਂ ਦੇ ਜ਼ਾਲਮ ਟੋਲਿਆਂ ਨੇ ਵੀ ਮੁਸਲਮਾਨ ਆਦਮੀ ਅਤੇ ਜਨਾਨੀਆਂ ਨਾਲ ਘੱਟ ਵਹਿਸ਼ੀਆਨਾ ਹਰਕਤਾਂ ਨਹੀਂ ਕੀਤੀਆਂ। ਉਹ ਕੱਟ ਵੱਢ ਵਾਲਾ ਭਿਆਨਕ ਨਜ਼ਾਰਾ, ਮਾਵਾਂ ਭੈਣਾਂ ਨਾਲ ਬਦਫੈਲੀ, ਮੇਰੀ ਮਾਂ ਦੇ ਤਰਲੇ ਤੇ ਲੇਲ੍ਹਣੀਆਂ ਕੱਢਣੀਆਂ ਅਤੇ ਲਹੂ ਦਾ ਛੱਪੜ, ਦਿਨੇ ਰਾਤ ਮੇਰੀਆਂ ਅੱਖਾਂ ਸਾਹਮਣੇ ਘੁੰਮਦੇ ਰਹਿੰਦੇ। ਰਾਤ ਸੁੱਤੇ ਪਏ ਨੂੰ ਜਦੋਂ ਕੋਈ ਭਿਆਨਕ ਸੁਪਨਾ ਆਉਂਦਾ, ਤਾਂ ਮੈਂ ਤ੍ਰਭਕ ਕੇ ਉੱਠਦਾ ਅਤੇ ਮੇਰੇ ਮਾਮੀ ਜੀ ਮੈਨੂੰ ਛਾਤੀ ਨਾਲ ਲਾ ਕੇ ਥਾਪੜ ਕੇ ਸੁਆ ਦਿੰਦੇ। ਮੈਂ ਮਾਮਾ ਜੀ ਅਤੇ ਮਾਮੀ ਜੀ ਵਿੱਚੋਂ ਆਪਣੇ ਮਾਤਾ ਪਿਤਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਗਲੀ ਦੇ ਬੱਚਿਆਂ ਨਾਲ ਖੇਡਣ ਵੇਲੇ ਮੈਂ ਉਹਨਾਂ ਵਿੱਚੋਂ ਤੰਨੀ ਤੇ ਜੁਬੈਦਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਉਹ ਤਾਂ ਮੈਨੂੰ ਤਦ ਮਿਲਦੇ, ਜੇ ਉੱਥੇ ਹੁੰਦੇ। ਇਹਨਾਂ ਹਾਲਾਤ ਵਿਚ ਤਕਰੀਬਨ 5-6 ਮਹੀਨੇ ਮੈਂ ਆਪਣੇ ਨਾਨਕੇ ਕੱਟੇ।

ਵਾਹਿਗੁਰੂ ਦੀ ਕਿਰਪਾ ਅਤੇ ਮਾਮਾ ਜੀ ਦੀ ਮਦਦ ਨਾਲ ਮੇਰੇ ਨਾਮ ਤੇ ਡੇਹਰੀ ਵਾਲਾ (ਜ਼ਿਲ੍ਹਾ ਅੰਮ੍ਰਿਤਸਰ) ਵਿਚ 30 ਏਕੜ ਦੀ ਬਜਾਏ 12 ਏਕੜ ਪੈਲੀ ਅਲਾਟ ਹੋ ਗਈ ਅਤੇ ਮਹਿਰਿਆਂ ਦਾ ਇੱਕ ਪੁਰਾਣਾ ਜਿਹਾ ਮਕਾਨ ਮਿਲ ਗਿਆ। ਮਾਮਾ ਜੀ ਨੇ ਆਪਣਾ ਵੱਡੇ ਪੁੱਤਰ ਨੂੰ ਇੱਥੇ ਵਾਹੀ ਕਰਨ ਲਈ ਭੇਜ ਦਿੱਤਾ। ਮੈਨੂੰ ਪੱਕੀ ਪਕਾਈ ਰੋਟੀ ਨਸੀਬ ਹੋ ਗਈ। ਪਿੰਡ ਵਾਲਿਆਂ ਨੇ ਮੈਨੂੰ ‘ਪਨਾਹਗੀਰ’ ਦਾ ਖਤਾਬ ਦੇ ਦਿੱਤਾ। ਅਸੀਂ ਸ਼ਾਹਾਂ ਤੋਂ ਪਨਾਹਗੀਰ ਹੋ ਗਏ। ਜਦੋਂ ਮੈਨੂੰ ਕੋਈ ਪਨਾਹਗੀਰ ਕਹਿੰਦਾ, ਸੱਚ ਜਾਣਿਉਂ, ਮੇਰੇ ਦਿਲ ਉੱਤੇ ਤੀਰ ਵੱਜਦੇ। ਇਸ ਲਫ਼ਜ ਨੇ ਅੱਜ ਤੱਕ ਸਾਡਾ ਪਿੱਛਾ ਨਹੀਂ ਛੱਡਿਆ। ਅੱਜ ਰੱਬ ਦੀ ਕਿਰਪਾ ਨਾਲ ਕੈਨੇਡਾ ਵਿਚ ਬਾਦਸ਼ਾਹੀ ਭੋਗਦੇ ਆਂ, ਪਰ ਜਦੋਂ ਕਿਤੇ 2-3 ਸਾਲ ਪਿੱਛੋਂ ਆਪਣੇ ਪਿੰਡ ਜਾਂਦਾ ਹਾਂ ਤਾਂ ਮੇਰੀ ਉਮਰ ਦੇ ਲੋਕ ਇਹ ਕਹਿਕੇ ਮੇਰਾ ਦਿਲ ਸਾੜ ਦਿੰਦੇ ਨੇ ਕਿ ਪਨਾਹਗੀਰਾਂ ਦਾ ਤਰਲੋਚਨ ਕਨੇਡਾ ਤੋਂ ਆਇਆ ਹੈ। ਪਰ ਕੀ ਕਰਾਂ, ਆਪਣਾ ਪਿੰਡ ਜੂ ਹੋਇਆ, ਛੱਡਿਆ ਥੋੜ੍ਹਾ ਜਾਂਦੈ?

ਮੇਰੇ ਮਾਮੇ ਜੀ ਦੇ ਲੜਕੇ ਨੇ ਮੈਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ। ਰੱਬ ਦੀ ਕਿਰਪਾ ਨਾਲ ਪੜ੍ਹਾਈ ਵਿਚ ਹੁਸਿ਼ਆਰ ਸਾਂ। ਵੱਡਾ ਹੋਇਆ ਤਾਂ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕਰ ਲਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵਿਚ ਨੌਕਰੀ ਮਿਲ ਗਈ। ਇੱਕ ਦੋ ਥਾਵਾਂ ’ਤੇ ਮੇਰੇ ਰਿਸ਼ਤੇ ਦੀ ਗੱਲ ਚੱਲੀ। ਉੱਚਾ ਲੰਬਾ ਜਵਾਨ ਸਾਂ, ਪੜ੍ਹਿਆ ਲਿਖਿਆ ਸਾਂ, ਅੱਛੀ ਨੌਕਰੀ ’ਤੇ ਲੱਗਾ ਸਾਂ ਪਰ ‘ਪਨਾਹਗੀਰ’ ਲਫ਼ਜ਼ ਨੇ ਫਿਰ ਮੇਰਾ ਪਿੱਛਾ ਨਾ ਛੱਡਿਆ ਤੇ ਨਾਂਹ ਹੋ ਗਈ। ਫਿਰ ਮਾਮਾ ਜੀ ਨੇ ਆਪਣੇ ਕਿਸੇ ਰਿਸ਼ਤੇ ਵਿੱਚੋਂ ਰਿਸ਼ਤਾ ਕਰਵਾ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ ਦੋ ਲੜਕੀਆਂ ਅਤੇ ਇੱਕ ਲੜਕੇ ਨੇ ਜਨਮ ਲਿਆ। ਜਦੋਂ ਮੇਰੇ ਲੜਕੇ ਨੇ ਬੀ ਐੱਸ ਸੀ ਦੀ ਡਿਗਰੀ ਕਰ ਲਈ ਤਾਂ ਇੱਕ ਦਿਨ ਉਸਨੇ ਕਿਹਾ, “ਡੈਡੀ, ਬਹੁਤ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਅੱਛੇ ਭਵਿੱਖ ਲਈ ਕੈਨੇਡਾ ਜਾ ਰਹੇ ਨੇ, ਤੁਸੀਂ ਵੀ ਅਰਜ਼ੀ ਦੇ ਦਿਉ।” ਆਪਣੀ ਕੋਠੀ ਸੀ, ਅੱਛੀ ਜਮੀਨ ਸੀ, ਬਹੁਤ ਅੱਛੀ ਨੌਕਰੀ ਸੀ, ਬਾਹਰ ਜਾਣ ਬਾਰੇ ਕਦੀ ਸੋਚਿਆ ਵੀ ਨਹੀਂ ਸੀ। ਪਰ ਨਾ ਚਾਹੁੰਦੇ ਹੋਏ ਵੀ ਮੈਂ ਉਸਦਾ ਕਹਿਣਾ ਨਾ ਮੋੜ ਸਕਿਆ। ਅਰਜ਼ੀ ਭੇਜ ਦਿੱਤੀ, ਮਨਜ਼ੂਰ ਹੋ ਗਈ ਅਤੇ ਅਸੀਂ ਕੈਨੇਡਾ ਪਹੁੰਚ ਗਏ।

ਬੜੀ ਸਖਤ ਮਿਹਨਤ ਕੀਤੀ। ਲੜਕੇ ਨੂੰ ਵੀ ਇੱਥੋਂ ਦੀ ਪੜ੍ਹਾਈ ਕਰਨ ਪਿੱਛੋਂ ਅੱਛੀ ਨੌਕਰੀ ਮਿਲ ਗਈ। ਔਖੇ ਵੇਲੇ ਸਾਡੀ ਮਦਦ ਕਰਨ ਦੇ ਇਵਜ਼ ਵਿਚ ਅਤੇ ਬੇਟੇ ਦੇ ਕਹਿਣ ’ਤੇ ਮੈਂ ਸਾਰੀ ਜ਼ਮੀਨ ਆਪਣੇ ਮਾਮੇ ਦੇ ਬੇਟੇ ਦੇ ਨਾਂ ਕਰਵਾ ਦਿੱਤੀ ਅਤੇ ਉਸਦੀ ਇੱਕ ਲੜਕੀ ਦਾ ਰਿਸ਼ਤਾ ਕੈਨੇਡਾ ਕਰਵਾ ਦਿੱਤਾ।

ਪਿੰਡ ਦਾ ਚੱਕਰ ਮਾਰਨ ਪਿੱਛੋਂ ਜਦੋਂ ਘਰ ਵਾਪਸ ਆਏ ਤਾਂ ਵੇਖਿਆ ਕਿ ਘਰ ਵਿਚ ਹੋਰ ਕਈ ਲੋਕ ਆਏ ਹੋਏ ਸਨ। ਬੈਠਕ ਨੱਕੋ ਨੱਕ ਭਰੀ ਪਈ ਸੀ। ਚਾਹ ਪੀਣ ਲੱਗਿਆਂ ਸਿੱਧੂ ਸਾਹਿਬ ਨੇ ਮੈਨੂੰ ਪੁੱਛਿਆ, “ਬਚਪਨ ਦਾ ਕੋਈ ਐਸਾ ਹੋਰ ਵਾਕਿਆ, ਜਿਸਦੀ ਯਾਦ ਬਾਰ ਬਾਰ ਅਉਂਦੀ ਹੋਵੇ?”

ਮੈਂ ਕਿਹਾ, “ਐਸੀਆਂ ਦੋ ਗੱਲਾਂ ਹਨ। ਪੰਜਾਬ ਦੀ ਵੰਡ ਤੋਂ ਸਾਲ ਕੁ ਪਹਿਲਾਂ ਜਦੋਂ ਮੇਰੇ ਮਾਮਾ ਜੀ ਦੇ ਨਿੱਕੇ ਪੁੱਤਰ ਦੇ ਸ਼ਗਨ ਬਾਰੇ ਸਾਨੂੰ ਸੁਨੇਹਾ ਮਿਲਿਆ ਤਾਂ ਪਿਤਾ ਜੀ ਤੇ ਮਾਤਾ ਜੀ ਮੈਨੂੰ ਤੇ ਤੰਨੀ ਨੂੰ ਵੀ ਆਪਣੇ ਨਾਲ ਲੈ ਗਏ। ਸ਼ਗਨ ਦੀ ਰਸਮ ਪਿੱਛੋਂ ਮਾਤਾ ਜੀ ਦਾ ਰੱਖੜ ਪੁੰਨਿਆਂ ਦੇ ਮੌਕੇ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਵਿਖੇ ਗੁਰਦਵਾਰੇ ਵਿਚ ਮੱਥਾ ਟੇਕਣ ਦਾ ਜੀਅ ਕੀਤਾ। ਉਨ੍ਹਾਂ ਉੱਥੇ ਪਹੁੰਚ ਕੇ ਮੱਥਾ ਟੇਕਿਆ ਅਤੇ ਤੰਨੀ ਵਾਸਤੇ ਚੂੜੀਆਂ ਲੈਣ ਚਲੇ ਗਏ। ਮੇਰੇ ਕਹਿਣ ’ਤੇ ਮਾਤਾ ਜੀ ਨੇ ਜੁਬੈਦਾਂ ਵਾਸਤੇ ਵੀ ਹਰੇ ਰੰਗ ਦੀਆਂ ਚੂੜੀਆਂ ਲੈ ਲਈਆਂ। ਇੱਥੇ ਆਕੇ ਜਦੋਂ ਉਸਨੇ ਚੂੜੀਆਂ ਪਾਈਆਂ ਤਾਂ ਉਹ ਕੁਝ ਖੁੱਲ੍ਹੀਆਂ ਸਨ। ਜੁਬੈਦਾਂ ਨੇ ਮੈਨੂੰ ਕਿਹਾ ਕਿ ਅਗਲੇ ਸਾਲ ਜਦੋਂ ਪੂਰੀਆਂ ਮੇਚ ਹੋਣਗੀਆਂ, ਆਪਣੇ ਹੱਥ ਨਾਲ ਮੈਨੂੰ ਪਾ ਦੇਵੀਂ। ਫਿਰ ਉਹ ‘ਅਗਲਾ ਸਾਲ’ ਕਦੇ ਨਾ ਆਇਆ।” ਇਹ ਕਹਿ ਕੇ ਮੈਂ ਚੁੱਪ ਕਰ ਗਿਆ।

“ਤੇ ਦੂਜੀ ਗੱਲ?” ਸਿੱਧੂ ਸਾਹਿਬ ਨੇ ਉਤਸੁਕਤਾ ਨਾਲ ਪੁੱਛਿਆ।

ਮੈਂ ਕਿਹਾ, “ਚੂੜੀਆਂ ਵੇਚਣ ਵਾਲੇ ਦੇ ਨਾਲ ਹੀ ਇੱਕ ਆਦਮੀ ਲੋਕਾਂ ਦੇ ਬਾਹਾਂ ਅਤੇ ਪੱਟਾਂ ਉੱਤੇ ਮਸ਼ੀਨ ਨਾਲ ਮੋਰ ਮੋਰਨੀਆਂ ਉੱਕਰ ਰਿਹਾ ਸੀ। ਜਦੋਂ ਮੈਂ ਵੀ ਜਿੱਦ ਕੀਤੀ ਤਾਂ ਪਿਤਾ ਜੀ ਨੇ ਮੇਰੇ (ਤਰਲੋਚਨ) ਅਤੇ ਤੰਨੀ (ਤਰਨਜੀਤ) ਦੀ ਸੱਜੀ ਬਾਂਹ ਉੱਪਰ ਸਾਡੇ ਨਾਮ ਦਾ ਪਹਿਲਾ ਅੱਖਰ ‘ਤੱਤਾ’ ਖੁਦਵਾ ਦਿੱਤਾ।” ਮੈਂ ਸਿੱਧੂ ਸਾਹਿਬ ਵੱਲ ਆਪਣੀ ਸੱਜੀ ਬਾਂਹ ਕੱਢ ਕੇ ਦਿਖਾਈ।

ਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ ਜਿਸ ਉੱਪਰ ‘ਤੱਤਾ’ ਉੱਕਰਿਆ ਸੀ।
ਮੈਂ ਪਿੱਛੇ ਮੁੜਕੇ ਦੇਖਿਆ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, “ਤੂੰ ਤੰਨੀ?”
ਉਸਨੇ ਕਿਹਾ, “ਹਾਂ, ਮੈਂ ਤਰੱਨਮ ਤੰਨੀ।”

ਮੇਰੀ ਭੁੱਬ ਨਿੱਕਲ ਗਈ ਤੇ ਮੈਂ ਉਸਨੂੰ ਜੱਫੀ ਵਿਚ ਲੈ ਲਿਆ। ਹੁਣ ਦੋਵੇਂ ਰਾਵੀ ਅਤੇ ਬਿਆਸ ਦਰਿਆ ਆਪਣੇ ਪੂਰੇ ਜੋਬਨ ਤੇ ਠਾਠਾਂ ਮਾਰ ਰਹੇ ਸਨ। ਇਸੇ ਦੁਰਾਨ ਉਸਨੇ ਭਰਾ ਬਾਰੇ ਅਤੇ ਮੈਂ ਪਿਤਾ ਜੀ ਤੇ ਬੀਬੀ ਜੀ ਦੇ ਕਤਲ ਬਾਰੇ ਗੱਲ ਸਾਂਝੀ ਕੀਤੀ। ਸਾਰੇ ਕਮਰੇ ਵਿਚ ਚੁੱਪ ਛਾ ਗਈ।

ਕੁਝ ਚਿਰ ਪਿੱਛੋਂ ਤੰਨੀ ਬੋਲੀ, “ਅਸੀਂ ਤਾਂ ਐਥੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਏ ਸਾਂ, ਸਾਨੂੰ ਕਿਸੇ ਨੇ ਦੱਸਿਆ ਪਈ ਚੜ੍ਹਦੇ ਪੰਜਾਬ ਵਿੱਚੋਂ ਕੋਈ ਆਪਣਾ ਪਿੰਡ ਵੇਖਣ ਆਇਆ ਏ। ਬੱਸ, ਉਸ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਲੈਣ ਲਈ ਅਸੀਂ ਵੀ ਐਥੇ ਆ ਗਈਆਂ।”

ਮੈਂ ਆਪਣੀ ਪਤਨੀ ਵੱਲ ਇਸ਼ਾਰਾ ਕਰਕੇ ਤੰਨੀ ਨੂੰ ਕਿਹਾ, “ਇਹ ਤੇਰੀ ਭਰਜਾਈ ਏ।” ਉਹਨਾਂ ਦੋਹਾਂ ਨੇ ਐਸੀ ਗਲਵੱਕੜੀ ਪਾਈ ਕਿ ਅੱਡ ਹੋਣ ਦਾ ਨਾਂ ਹੀ ਨਾ ਲੈਣ।

ਫਿਰ ਤੰਨੀ ਨੇ ਦੱਸਿਆ, “ਵੀਰੇ, ਉਸ ਦਿਨ ਜੁਬੈਦਾਂ ਮੈਨੂੰ ਤੇ ਆਪਣੇ ਭਰਾ ਨੂੰ ਖੂਹ ਤੇ ਲੈ ਗਈ ਸੀ। ਵਾਪਸ ਆਏ ਤਾਂ ਪਤਾ ਲੱਗਾ ਕਿ ਕਾਫਲਾ ਚਲੇ ਗਿਆ ਸੀ। ਮੈਂ ਬਹੁਤ ਰੋਈ। ਬੁਰੇ ਹਾਲਾਤ ਵੇਖਦਿਆਂ ਜੁਬੈਦਾਂ ਦੇ ਪਿਤਾ ਨੇ ਮੈਨੂੰ ਆਪਣੇ ਘਰ ਵਿਚ ਲੁਕੋ ਲਿਆ ਤੇ ਇੱਕ ਮਹੀਨਾ ਘਰੋਂ ਬਾਹਰ ਨਾ ਕੱਢਿਆ। ਇਹਨਾਂ ਨੇ ਮੇਰਾ ਨਾਮ ਬਦਲ ਕੇ ਤਰਨਜੀਤ ਤੋਂ ਤਰੱਨਮ ਰੱਖ ਦਿੱਤਾ। ਜਦੋਂ ਵੀ ਤੁਹਾਡੀ ਸਭ ਦੀ ਯਾਦ ਆਉਂਦੀ, ਹੰਝੂਆਂ ਨੂੰ ਬੁਲਾ ਲੈਂਦੀ। ਹੁਣ ਤਾਂ ਰੋ ਰੋ ਕੇ ਮੇਰੇ ਹੰਝੂ ਵੀ ਸੁੱਕ ਗਏ ਨੇ। ਹਰ ਸਾਲ ਵੀਰਾਂ ਨੂੰ ਯਾਦ ਕਰਕੇ ਇੱਕ ਰੱਖੜੀ ਖਰੀਦ ਲੈਂਦੀ ਆਂ। ਆਪਣੇ ਹੀ ਗੁੱਟ ਤੇ ਬੰਨ੍ਹ ਕੇ ਟਰੰਕ ਵਿੱਚ ਸੰਭਾਲ ਲੈਂਦੀ ਹਾਂ। ਹੁਣ ਤਾਂ ਐਨੀਆਂ ਰੱਖੜੀਆਂ ਇਕੱਠੀਆਂ ਹੋ ਗਈਆਂ ਨੇ ਕਿ ਤੇਰੀਆਂ ਦੋਹਾਂ ਬਾਹਾਂ ਦੀ ਲੰਬਾਈ ਖਤਮ ਹੋ ਜਾਵੇਗੀ ਪਰ ਮੇਰੀਆਂ ਰੱਖੜੀਆਂ ਖਤਮ ਨਹੀਂ ਹੋਣਗੀਆਂ।”
ਫਿਰ ਤੰਨੀ ਨੇ ਇੱਕ ਜਨਾਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਪਤਾ ਇਹ ਕੌਣ ਏਂ?”

ਫਿਰ ਆਪ ਹੀ ਦੱਸਣ ਲੱਗ ਪਈ, “ਇਹ ਮੇਰੀ ਭੈਣ, ਮੇਰੀ ਸਹੇਲੀ, ਮੇਰੀ ਨਣਾਨ, ਮੇਰੇ ਸਾਹਾਂ ਅਤੇ ਮੇਰੇ ਦੁੱਖ ਸੁੱਖ ਦੀ ਭਾਈਵਾਲ - ਜੁਬੈਦਾਂ ਏ। ਤੇਰੀ ਯਾਦ ਵਿਚ ਇਸਨੇ ਆਪਣੇ ਵਾਲ ਨਾ ਹੀ ਕਟਾਏ ਤੇ ਨਾ ਹੀ ਰੰਗੇ। ਕਹਿੰਦੀ ਏ, ਇਹ ਵਾਲ ਮੇਰੇ ਤੋਚੀ ਦੀ ਅਮਾਨਤ ਨੇ। ਇਸਨੇ ਉਹ ਹਰੇ ਰੰਗ ਦੀਆਂ ਚੂੜੀਆਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਕਹਿੰਦੀ ਏ, ਮੇਰੇ ਮਰਨ ਪਿੱਛੋਂ, ਦਫਨਾਉਣ ਤੋਂ ਪਹਿਲਾਂ, ਮੇਰੇ ਦਿਲ ਕੋਲ ਰੱਖ ਦੇਣੀਆਂ।”

ਮੈਂ ਜੁਬੈਦਾਂ ਕੋਲ ਗਿਆ। ਉਹ ਸੰਗਮਰਮਰ ਦੇ ਬੁੱਤ ਵਾਂਗੂੰ ਅਡੋਲ ਖੜ੍ਹੀ ਸੀ, ਕੁਝ ਨਾ ਬੋਲੀ। ਮੈਂ ਚੁੱਪ ਤੋੜਦੇ ਹੋਏ ਬੋਲਿਆ,
“ਨੀ ਜੁਬੈਦਾਂ, ਅੜੀਏ ਤੂੰ ਮੈਨੂੰ ਬਹੁਤ ਸੋਹਣੀ ਲਗਦੀ ਐਂ, ਆ ਆਪਾਂ ਨਿਕਾਹ ਕਰ ਲਈਏ।” ਉਸਨੇ ਅੱਜ 65 ਕੁ ਸਾਲਾਂ ਪਿੱਛੋਂ ਫਿਰ ਮੇਰੇ ਮੋਢੇ ’ਤੇ ਧੱਫਾ ਜਿਹਾ ਮਾਰਿਆ ਤੇ ਮੁਸਕਰਾ ਕੇ ਬੋਲੀ, “ਜਾਹ ਝੂਠਾ ਕਿਸੇ ਥਾਂ ਦਾ, ਜਾਹ ਪਹਿਲੋਂ ਆਪਣੀ ਮਾਂ ਨੂੰ ਪੁੱਛ ਕੇ ਆ। ਉਹ ਫਿਰ ਕਿਤੇ ਮਜ੍ਹਬ ਦਾ ਝਗੜਾ ਨਾ ਪਾ ਦੇਵੇ।”

  • ਮੁੱਖ ਪੰਨਾ : ਕਹਾਣੀਆਂ, ਤਰਲੋਚਨ ਸਿੰਘ ਔਜਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ