Tavian Da Mutbanna (Punjabi Story) : Gulzar Singh Sandhu

ਤਵਿਆਂ ਦਾ ਮੁਤਬੰਨਾ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਮੋਰਾਂਵਾਲੀਆ ਸਤਵੰਤ ਵੀ ਇਸੇ ਤਰ੍ਹਾਂ ਵਲਾਇਤ ਗਿਆ ਸੀ। ਉਸ ਦੇ ਮਾਪਿਆਂ ਨੇ ਕਿਰਾਇਆ ਭਰਨ ਸਮੇਂ ਆਪਣੀ ਸਾਰੀ ਜੱਦੀ ਜ਼ਮੀਨ ਗਹਿਣੇ ਧਰ ਦਿੱਤੀ ਸੀ। ਜ਼ਮੀਨ ਦਾ ਕੀ ਸੀ ਸਤਵੰਤ ਦੀ ਦੋ ਮਹੀਨਿਆਂ ਦੀ ਕਮਾਈ ਨਾਲ ਛੁਡਵਾਈ ਜਾ ਸਕਦੀ ਸੀ।
ਸਤਵੰਤ ਹੈ ਵੀ ਕਿਸਮਤ ਵਾਲਾ ਸੀ। ਉਸ ਨੂੰ ਬਰਮਿੰਘਮ ਦੇ ਵਿਸ਼ਵ ਵਿਦਿਆਲੇ ਵਿਚ ਅਧਿਆਪਕ ਦੀ ਨੌਕਰੀ ਮਿਲ ਗਈ ਸੀ। ਵਿਹਲੇ ਸਮੇਂ ਦੀ ਵਰਤੋਂ ਲਈ ਉਸ ਨੇ ਪੰਜਾਬੀ ਸਕੂਲ ਖੋਲ੍ਹ ਰੱਖਿਆ ਸੀ ਜਿਸ ਦੇ ਕਾਰਨ ਉਸ ਦੀ ਬਰਮਿੰਘਮ ਵਿਚ ਬੜੀ ਇੱਜ਼ਤ ਸੀ। ਉਸ ਦੇ ਪਿਉ ਸੰਤਾ ਸਿੰਘ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸਦਾ ਪੁੱਤਰ ਵਿਦੇਸ਼ ਵਿਚ ਇੱਜ਼ਤ ਬਣਾਈ ਬੈਠਾ ਸੀ। ਪਰ ਉਸ ਨੂੰ ਇਹ ਦੁੱਖ ਸੀ ਕਿ ਉਹ ਲੋਕਾਂ ਜਿੰਨੇ ਪੈਸੇ ਨਹੀਂ ਸੀ ਕਮਾਅ ਸਕਦਾ ਤੇ ਏਧਰ ਓਧਰ ਰੁੱਝਾ ਰਹਿਣ ਕਾਰਨ ਵਿਆਹ ਦਾ ਵੀ ਨਾਂ ਨਹੀਂ ਸੀ ਲੈਂਦਾ। ਜੇ ਸੰਤਾ ਸਿਹੁੰ ਦੇ ਦੂਜਾ ਪੁੱਤਰ ਹੁੰਦਾ ਤਾਂ ਉਸੇ ਨੂੰ ਵਿਆਹ ਲੈਂਦਾ। ਉਸ ਦੀ ਔਲਾਦ ਹੁੰਦੀ, ਕੁੱਲ ਦਾ ਨਾਂ ਜਾਰੀ ਰਹਿੰਦਾ। ਸੰਤਾ ਸਿੰਘ ਦਾ ਜੋਟੀਦਾਰ ਬੂਟਾ ਸਿੰਘ, ਜਿਸ ਨੂੰ ਪਿੰਡ ਵਿਚ ਸਭ ਤੋਂ ਵੱਡਾ ਹੋਣ ਕਾਰਨ ਬਾਬਾ ਕਹਿੰਦੇ ਸਨ, ਇਸ ਸੋਚਣੀ ਨਾਲ ਸਹਿਮਤ ਹੈ ਵੀ ਸੀ ਤੇ ਨਹੀਂ ਵੀ। ਜੱਸ ਤਾਂ ਔਲਾਦ ਦੇ ਝਮੇਲਿਆਂ ਤੋਂ ਬਿਨਾ ਵੀ ਖੱਟਿਆ ਜਾ ਸਕਦਾ ਸੀ। ਉਸ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਸਤਵੰਤ ਪਰਾਏ ਦੇਸ਼ ਵਿਚ ਇੱਜ਼ਤ ਨਾਲ ਰਹਿ ਰਿਹਾ ਸੀ, ਫੇਰ ਵੀ ਉਹ ਆਪਣੀ ਰਾਇ ਸੰਤਾ ਸਿੰਘ ਦੇ ਨਾਲ ਹੀ ਰੱਖਦਾ।
"ਸੰਤਾ ਸਿਹਾਂ ਤੇਰਾ ਮੁੰਡਾ ਨਿਰਾ ਸਾਧੂ ਐ।" ਬਾਬੇ ਨੇ ਪਹਿਲੀ ਵਾਰ ਵਲਾਇਤੋਂ ਆਏ ਸਤਵੰਤ ਨੂੰ ਸੁਣਾਅ ਕੇ ਉਸ ਦੇ ਪਿਉ ਨੂੰ ਕਿਹਾ ਸੀ। "ਗੁਣ ਬਿਨਾ ਬਿਗਾਨੇ ਪੁੱਤਰ ਕਾਹਨੂੰ ਕਿਸੇ ਦੀ ਕਦਰ ਕਦੇ ਹਨ," ਉਸ ਨੇ ਦਲੀਲ ਦਿੱਤੀ ਸੀ। ਫੇਰ ਉਹ ਸਤਵੰਤ ਨਾਲ ਵਲੈਤ ਦੀਆਂ ਗੱਲਾਂ ਕਰਦਾ ਰਿਹਾ- ਪੌਣ ਪਾਣੀ ਦੀਆਂ, ਕਮਾਈ ਦੀਆਂ, ਮੇਮਾਂ ਦੀਆਂ।
ਬਾਬੇ ਬੂਟਾ ਸਿੰਘ ਨੂੰ ਮਿਲ ਕੇ ਸਤਵੰਤ ਨੂੰ ਉਚੇਚੀ ਖੁਸ਼ੀ ਹੁੰਦੀ। ਬਾਬੇ ਦੇ ਪ੍ਰਸ਼ਨਾਂ ਵਿਚ ਬਾਹਰਲੀ ਸਭਿਅਤਾ ਤੇ ਬਾਹਰਲੇ ਲੋਕਾਂ ਬਾਰੇ ਜਾਣਕਾਰੀ ਦੀ ਭੁੱਖ ਤਾਂ ਹੁੰਦੀ, ਪਰ ਈਰਖਾ ਨਹੀਂ। ਇਹ ਗੱਲ ਮੋਰਾਂਵਾਲੀ ਦੇ ਬਾਕੀ ਲੋਕਾਂ ਨਾਲੋਂ ਹੀ ਨਹੀਂ ਸਗੋਂ ਸਤਵੰਤ ਦੇ ਹੋਰ ਰਿਸ਼ਤੇਦਾਰਾਂ ਨਾਲੋਂ ਵੀ ਵੱਖਰੀ ਸੀ। ਨਹੀਂ ਤਾਂ ਸਤਵੰਤ ਜਿੱਥੇ ਵੀ ਜਾਂਦਾ ਉਸ ਦੇ ਚਾਚੇ, ਤਾਏ, ਮਾਮੇ, ਮਾਸੀਆਂ ਉਸ ਦੀ ਆਮਦਨ ਦਾ ਟਾਕਰਾ ਕਿਸੇ ਹੋਰ ਦੀ ਆਮਦਨ ਨਾਲ ਕਰ ਕੇ ਤਰਸ ਈਰਖਾ ਜਤਾਉਣ ਲੱਗ ਜਾਂਦੇ। ਇੱਕ ਬਾਬਾ ਬੂਟਾ ਸਿੰਘ ਸੀ ਜਿਸ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਸੀ। ਉਹ ਕੇਵਲ ਖੁਸ਼ੀ ਦੇਣ ਦਾ ਚਾਹਵਾਨ ਸੀ ਜਾਂ ਖੁਸ਼ੀ ਲੈਣ ਦਾ।
ਇੱਕ ਵਾਰ ਨਹੀਂ, ਹਰ ਵਾਰ ਇਸੇ ਤਰ੍ਹਾਂ ਹੋਇਆ ਸੀ। ਜੇ ਪਹਿਲੀ ਵਾਰੀ ਸਤਵੰਤ ਦੇ ਪਿੰਡ ਆਉਣ ਤੇ ਬਾਬੇ ਨੇ ਸਤਵੰਤ ਦੀ ਬਾਹਰਲੇ ਦੇਸ਼ਾਂ ਵਿਚ ਇੱਜ਼ਤ ਦੀ ਗੱਲ ਕੀਤੀ ਸੀ ਤਾਂ ਦੂਜੀ ਵਾਰੀ ਉਸ ਦੇ ਮੇਮ ਵਿਆਹ ਲਿਆਉਣ ਉੱਤੇ ਮੇਮ ਦੀ ਖੁਸ਼ੀ ਦੀ। ਜਿਵੇਂ ਸਤਵੰਤ ਨੇ ਮੇਮ ਨੂੰ ਵਿਆਹ ਕੇ ਅੰਗਰੇਜ਼ਾਂ ਦੀ ਆਪਣੇ ਉੱਤੇ ਸੌ ਵਰ੍ਹਿਆਂ ਦੀ ਹਕੂਮਤ ਦਾ ਬਦਲਾ ਲੈ ਲਿਆ ਹੋਵੇ। "ਪਿਛਲੇ ਜਨਮ ਵਿਚ ਸੁੱਚੇ ਮੋਤੀ ਪੁੰਨ ਕੀਤੇ ਨੇ ਸਤਵੰਤ ਸਿਹਾਂ ਤੈਂ" ਬਾਬੇ ਨੇ ਮੇਮ ਵਿਆਹ ਲਿਆਉਣ ਦਾ ਤੱਤ ਕੱਢਿਆ ਸੀ।
ਅਗਲੀ ਵਾਰ ਸਤਵੰਤ ਪਿੰਡ ਗਿਆ ਤਾਂ ਉਸ ਨੂੰ ਜ਼ਮੀਨ ਖਰੀਦਣ, ਉਸ ਵਿਚ ਟਿਊਬਵੈੱਲ ਲਾਉਣ ਅਤੇ ਵੱਧ ਉਪਜ ਦੇਣ ਵਾਲੂ ਮਧਰੀ ਕਣਕ ਬੀਜਣ ਦਾ ਏਨਾ ਕੰਮ ਸੀ ਕਿ ਉਹ ਨਾ ਕਿਸੇ ਰਿਸ਼ਤੇਦਾਰ ਨੂੰ ਮਿਲਿਆ ਤੇ ਨਾ ਪਿੰਡ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਉਸ ਨੂੰ ਆਪ ਮਿਲਣ ਨਹੀਂ ਸਨ ਆਏ। ਬਾਬਾ ਬੂਟਾ ਸਿੰਘ ਆਪਣੇ ਬੋਤੇ ਲਈ ਪਿੱਪਲ ਦੇ ਪੱਤੇ ਵੱਢਦਿਆਂ, ਪਿੱਪਲ ਤੋਂ ਡਿੱਗ ਕੇ ਚੂਲਾ ਹਿਲਾਅ ਬੈਠਾ ਸੀ ਜਿਸ ਦੇ ਕਾਰਨ ਉਹ ਤੁਰਨ ਫਿਰਨ ਤੋਂ ਅਸਮਰਥ ਸੀ। "ਸੰਤਾ ਸਿਹੁੰ ਦੇ ਮੁੰਡੇ ਨੇ ਜਿਹੜੀ ਮਧਰੀ ਕਣਕ ਦਾ ਬੀਜ ਬੀਜਿਐ ਉਹ ਕਿੰਨਾ ਕੁ ਝਾੜ ਦੇ ਦਿੰਦੈ?" ਇਹ ਅਤੇ ਏਸ ਤਰ੍ਹਾਂ ਦੇ ਅਨੇਕ ਪ੍ਰਸ਼ਨ ਆਪਣੇ ਮਨ ਵਿਚ ਲੈ ਬਾਬਾ ਬਾਹਰਲੇ ਵਾੜੇ ਵਿਚ ਬੈਠਾ ਰੱਬ ਦੇ ਨਾਂ ਦੀ ਮਾਲਾ ਫੇਰਦਾ ਰਹਿੰਦਾ। ਓਹਨਾਂ ਦਾ ਵਾੜਾ ਵੀ ਪਿੰਡ ਦੇ ਓਸ ਪਾਸੇ ਸੀ ਜਿੱਧਰ ਨਾ ਭੱਠੀ, ਖੂਹ, ਦਰਵਾਜ਼ੇ ਲਈ ਲਾਂਘਾ ਸੀ ਤੇ ਨਾ ਫਿਰਨੀ ਜਾਂ ਸਕੂਲ ਲਈ।
"ਸਤਵੰਤ ਐਤਕੀਂ ਬਹੂ ਨਹੀਂ ਲੈ ਕੇ ਆਇਆ?" ਇੱਕ ਦਿਨ ਉਸ ਨੇ ਸੁਹਾਗਾ ਮੰਗਣ ਆਏ ਸੰਤਾ ਸਿੰਘ ਨੂੰ ਪੁੱਛਿਆ।
"ਕਹਿੰਦਾ ਏ ਉਸ ਨੂੰ ਛੁੱਟੀਆਂ ਨਹੀਂ ਸਨ, ਨਾਲੇ ਵਲਾਇਤੋਂ ਆਉਣ ਜਾਣ ਦਾ ਕਿਰਾਇਆ ਕਿਹੜਾ ਥੋੜ੍ਹਾ ਏ, ਪੂਰੇ ਪੰਜ ਹਜ਼ਾਰ ਲੱਗ ਜਾਂਦੇ ਨੇ।" ਸੰਤਾ ਸਿੰਘ ਨੇ ਉੱਤਰ ਦਿੱਤਾ।
"ਕੋਈ ਨਿਆਣਾ ਨਿੱਕਾ?" ਬਾਬੇ ਨੇ ਅਗਲਾ ਪਰਸ਼ਨ ਕੀਤਾ।
"ਨਿਆਣੇ ਨਿੱਕੇ ਵੱਲੋਂ ਹਾਲੇ ਤਾਈਂ ਤਾਂ ਚੁੱਪ ਈ ਐ, ਅੱਗੋਂ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ।" ਸੰਤਾ ਸਿੰਘ ਸੁਹਾਗਾ ਚੁੱਕ ਕੇ ਇਓਂ ਖਿਸਕ ਗਿਆ ਜਿਵੇਂ ਕੋਈ ਚੋਰ ਖਿਸਕਦਾ ਹੈ।
ਵਲਾਇਤ ਨੂੰ ਮੁੜਨ ਤੋਂ ਇਕ ਦਿਨ ਪਹਿਲਾਂ ਸਤਵੰਤ ਬਾਬੇ ਨੂੰ ਮਿਲਣ ਗਿਆ। ਸਮਾਂ ਏਨਾ ਥੋੜ੍ਹਾ ਸੀ ਕਿ ਨਾ ਬਾਬੇ ਬੂਟਾ ਸਿੰਘ ਦਾ ਹੀ ਚਾਅ ਪੂਰਾ ਹੋਇਆ ਸੀ ਤੇ ਨਾ ਸਤਵੰਤ ਦਾ। ਬਾਬੇ ਦੀ ਜ਼ਿੰਦਗੀ ਦਾ ਕੀ ਭਰੋਸਾ ਸੀ। ਸਤਵੰਤ ਨੇ ਹੁਣ ਪਤਾ ਨਹੀਂ ਕਦੋਂ ਆਉਣਾ ਸੀ।
ਸਤਵੰਤ ਥੋੜ੍ਹੇ ਦਿਨਾਂ ਲਈ ਫੇਰ ਆ ਗਿਆ। ਹੁਣ ਉਸ ਦਾ ਇੰਗਲੈਂਡ ਤੋਂ ਮਨ ਭਰ ਗਿਆ ਸੀ, ਜਿੱਥੇ ਭਾਰਤੀਆਂ ਤੇ ਕਾਲੇ ਲੋਕਾਂ ਲਈ ਨਫ਼ਰਤ ਬਹੁਤ ਵਧ ਗਈ ਸੀ। ਭਾਰਤੀਆਂ ਨੇ ਦਿਨ ਰਾਤ ਕੰਮ ਕਰ ਕੇ ਉੱਥੋਂ ਦੇ ਵਸਨੀਕਾਂ ਲਈ ਮਜ਼ਦੂਰੀ ਦੇ ਰਸਤੇ ਬੰਦ ਕਰ ਦਿੱਤੇ ਸਨ। ਉਹ ਏਨੇ ਪੈਸੇ ਕਮਾਅ ਲੈਂਦੇ ਸਨ ਕਿ ਆਪਣੇ ਨਾਲ ਕੰਮ ਕਰਨ ਵਾਲੇ ਅੰਗ੍ਰੇਜ਼ ਮਜ਼ਦੂਰਾਂ ਨੂੰ ਮੁੱਲ ਲੈ ਸਕਦੇ ਸਨ। ਇਹਨਾਂ ਲਈ ਉਹਨਾਂ ਦੀ ਘਿਰਣਾ ਕੁਦਰਤੀ ਵੀ ਸੀ ਤੇ ਜਾਇਜ਼ ਵੀ। ਸਤਵੰਤ ਨੇ ਸੋਚਿਆ ਕਿ ਹੁਣ ਉਹ ਆਪਣੇ ਦੇਸ਼ ਹੀ ਕਿਸੇ ਕੰਮ ਦਾ ਪ੍ਰਬੰਧ ਕਰੇਗਾ। ਇੰਗਲੈਂਡ ਵਿਚ ਰਹਿੰਦੇ ਪੰਜਾਬੀਆਂ ਬਾਰੇ ਉਸ ਦੀ ਜਲੰਧਰ ਰੇਡੀਓ ਦੇ ਸਟੇਸ਼ਨ ਡਾਇਰੈਕਟਰ ਨਾਲ ਵੀ ਗੱਲ ਹੋਈ ਜਿਸ ਬਾਰੇ ਉਸ ਨੂੰ ਰੇਡੀਓ ਤੇ ਬੋਲਣ ਦਾ ਮੌਕਾ ਮਿਲਿਆ।
ਐਤਕੀਂ ਸਤਵੰਤ ਦਾ ਬਹੁਤਾ ਸਮਾਂ ਦਿੱਲੀ, ਪਟਿਆਲਾ, ਚੰਡੀਗੜ੍ਹ, ਜਲੰਧਰ ਤੇ ਅਮਿੰ੍ਰਤਸਰ ਘੁੰਮਦਿਆਂ ਹੀ ਲੰਘ ਗਿਆ। ਬਾਬੇ ਬੂਟਾ ਸਿੰਘ ਨਾਲ ਖੁੱਲ੍ਹੀ ਮੁਲਾਕਾਤ ਦਾ ਫੇਰ ਕੋਈ ਢੰਗ ਨਾ ਲੱਗਿਆ। "ਕਿਸੇ ਦਿਨ ਜ਼ਰਾ ਵੇਲੇ ਸਿਰ ਘਰ ਪਹੁੰਚ ਕੇ ਆਪਣੇ ਬਾਬੇ ਨੂੰ ਹੀ ਮਿਲ ਆਉਂਦਾ," ਉਸ ਦੇ ਪਿਉ ਨੇ ਇੱਕ ਦਿਨ ਰਾਤ ਦੀ ਰੋਟੀ ਖਾਂਦੇ ਨੂੰ ਕਿਹਾ, "ਕਈ ਵਾਰੀ ਚੇਤੇ ਕਰ ਚੁੱਕਾ ਏ ਵਿਚਾਰਾ?" ਸੰਤ ਸਿੰਘ ਦੇ ਕਹਿਣ ਵਿਚ ਹਿਰਖ ਸੀ। ਇਹ ਹਿਰਖ ਸਿਰਫ਼ ਬਾਬੇ ਵੱਲੋਂ ਹੀ ਨਹੀਂ ਉਸ ਦੇ ਆਪਣੇ ਵੱਲੋਂ ਵੀ ਸੀ। ਜਿਸ ਦਿਨ ਦਾ ਆਇਆ ਸੀ, ਇਕ ਦਿਨ ਵੀ ਮਾਂ ਪਿਉ ਕੋਲ ਚੈਨ ਨਾਲ ਨਹੀਂ ਸੀ ਬੈਠਿਆ।
"ਐਤਕੀਂ ਤਾਂ ਬੜੀ ਹੀ ਰੂਹ ਕਰਦੀ ਸੀ ਤੈਨੂੰ ਮਿਲਣ ਲਈ ਸਤਵੰਤ ਸਿਆਂ," ਬਾਬੇ ਨੇ ਸਤਵੰਤ ਨੂੰ ਮੰਜੀ ਉੱਤੇ ਬਿਠਾਉਂਦਿਆਂ ਕਿਹਾ, "ਹੁਣ ਤਾਂ ਦਮਾਂ ਦਾ ਵੀ ਭਰੋਸਾ ਨਹੀਂ। ਹੋਰ ਸੁਣਾਅ ਬਹੂ ਦਾ ਕੀ ਹਾਲ ਐ, ਕੋਈ ਨਿਆਣਾ ਨਿੱਕਾ?"
"ਬਹੂ ਤਕੜੀ ਐ, ਬਾਬਾ। ਨਿਆਣਾ ਨਿੱਕਾ ਕੋਈ ਹੈ ਈ ਨਹੀਂ। ਸਭ ਠੀਕ ਹੀ ਠੀਕ ਐ। ਤੂੰ ਦੱਸ ਸਰਦੀਆਂ 'ਚ ਚੂਲਾ ਦਰਦ ਤਾਂ ਨਹੀਂ ਕਰਦਾ? ਜੇ ਬਹੁਤੀ ਦਰਦ ਹੁੰਦੀ ਹੋਵੇ ਤਾਂ ਮਲ੍ਹਮ ਲਾਉਣ ਨਾਲ ਰਾਤ ਲੰਘ ਜਾਂਦੀ ਐ, ਮੈਂ ਜਲੰਧਰੋਂ ਫੜ ਲਿਆਵਾਂਗਾ।" ਸਤਵੰਤ ਨੇ ਬਾਬੇ ਦਾ ਦੁੱਖ ਵੰਡਾਉਣਾ ਚਾਹਿਆ। ਬਾਬੇ ਦੀ ਸੁਣ ਕੇ ਤੇ ਆਪਣੀ ਸੁਣਾਅ ਕੇ ਸਤਵੰਤ ਨੂੰ ਸਦਾ ਖੁਸ਼ੀ ਹੁੰਦੀ ਸੀ, ਜਿਹੜੀ ਉਹ ਪਿਛਲੀ ਵਾਰੀ ਵੀ ਨਹੀਂ ਸੀ ਲੈ ਸਕਿਆ।
"ਦਰਦ ਦਾ ਕੀ ਐ, ਇਹ ਤਾਂ ਹੁਣ ਹਟਦੀ ਨਹੀਂ ਦੀਂਹਦੀ। ਮੈਂ ਤਾਂ ਤੇਰੇ ਬਾਰੇ ਸੋਚਦਾ ਰਹਿੰਦੈਂ। ਰੱਬ ਨੇ ਰਿਜ਼ਕ ਵੀ ਦਿੱਤਾ, ਪਰ ਰਿਜ਼ਕ ਨੁੰ ਹੰਢਾਉਣ ਲਈ ਔਲਾਦ ਨਹੀਂ ਦਿੱਤੀ।" ਏਨਾ ਕਹਿ ਕੇ ਬਾਬਾ ਚੁੱਪ ਕਰ ਗਿਆ।
"ਰਿਜ਼ਕ ਦਾ ਕੀ ਐ ਬਾਬਾ ਅਸੀਂ ਆਪਣੀ ਉਮਰ ਵਿਚ ਹੀ ਹੰਢਾਅ ਛੱਡਾਂਗੇ। ਏਨੀ ਗੱਲ ਪਿੱਛੇ ਔਲਾਦ ਦਾ ਕੀ ਅਫ਼ਸੋਸ ਲਾਉਣਾ ਹੋਇਆ- ਤੂੰ ਚਿੰਤਾ ਨਾ ਕਰਿਆ ਕਰ।" ਸਤਵੰਤ ਨੇ ਬਾਬੇ ਨੂੰ ਤਸੱਲੀ ਦੇਣੀ ਚਾਹੀ।
"ਜੇ ਪਹਿਲੀ ਬਹੂ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਵਿਆਹ ਈ ਹੋਰ ਕਰਾਅ ਲੈ, ਰਿਜ਼ਕ ਵਾਲੇ ਤਾਂ ਕਈ ਕਈ ਵਿਆਹ ਕਰਾਅ ਲੈਂਦੇ ਐ। ਸੰਤਾ ਸਿਹੁੰ ਦੇ ਕਾਲਜੇ ਠੰਡ ਪੈ ਜਾਊ।" ਬਾਬੇ ਨੇ ਦਲੀਲ ਦਿੱਤੀ।
ਪਰ ਸਤਵੰਤ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਰਿਜ਼ਕ ਤਾਂ ਕਿਸੇ ਦੇ ਵੀ ਕੰਮ ਆ ਸਕਦਾ ਸੀ। ਔਲਾਦ ਦਾ ਭਾਰਤ ਵਿਚ ਉਂਝ ਹੀ ਘਾਟਾ ਨਹੀਂ ਸੀ। ਇਹ ਮੁਲਾਕਾਤ ਵੀ ਬੇਸੁਆਦੀ ਹੀ ਰਹੀ। ਬਾਬੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਤਵੰਤ ਨੇ ਉਸਦੀ ਸਲਾਹ ਨਹੀਂ ਸੀ ਮੰਨੀ ਤਾਂ ਉਸ ਵਿਚ ਕੋਈ ਨਾ ਕੋਈ ਘਾਟ ਲਾਜ਼ਮੀ ਸੀ। ਸਤਵੰਤ ਨੂੰ ਇਸ ਗੱਲ ਦਾ ਅਫ਼ਸੋਸ ਸੀ ਕਿ ਬਾਬੇ ਨੇ ਅਸੰਭਵ ਜਿਹੀ ਸਲਾਹ ਦੇ ਕੇ ਆਪਣਾ ਵੀ ਚਿੱਤ ਬੁਰਾ ਕੀਤਾ ਸੀ ਤੇ ਸਤਵੰਤ ਦਾ ਵੀ। ਵਿਛੜਨ ਲੱਗਿਆਂ ਉਨ੍ਹਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਈ, ਪਰ ਬੁਝੀ ਬੁਝੀ।
ਉੱਥੇ ਜਾ ਕੇ ਉਸ ਨੇ ਬੱਚਾ ਗੋਦ ਲੈਣ, ਦੂਜਾ ਵਿਆਹ ਕਰਵਾਉਣ, ਯਤੀਮਖ਼ਾਨੇ ਦੇ ਕਿਸੇ ਬੱਚੇ ਨੂੰ ਅਪਨਾਉਣ, ਆਦਿ, ਲਈ ਮਿਲੇ ਸਭ ਸੁਝਾਅ ਆਪਣੀ ਵਹੁਟੀ ਨੂੰ ਸੁਣਾਏ। ਬੇ ਔਲਾਦ ਜੋੜੇ ਲਈ ਇਹ ਸੁਝਾਅ ਨਵੇਂ ਨਹੀਂ ਸਨ। ਪਰ ਰੈੱਡ ਕਰਾੱਸ ਵਿਚ ਸਮਾਜ ਸੁਧਾਰ ਦਾ ਕੰਮ ਕਰਨ ਵਾਲੀ ਉਸ ਦੀ ਮੇਮ ਆਪਣੇ ਕੰਮ ਵਿਚ ਏਨੀ ਮਗਨ ਰਹਿੰਦੀ ਸੀ ਕਿ ਉਸ ਨੂੰ ਬੱਚੇ ਦੀ ਘਾਟ ਏਨੀ ਅਨੁਭਵ ਹੀ ਨਹੀਂ ਸੀ ਹੁੰਦੀ। ਕੁਝ ਏਸੇ ਤਰ੍ਹਾਂ ਦੀ ਅਵਸਥਾ ਸਤਵੰਤ ਦੀ ਸੀ ਜਿਹੜਾ ਆਪਣੇ ਸਮੇਂ ਦਾ ਵਧੇਰੇ ਹਿੱਸਾ ਵਿਸ਼ਵ ਵਿਦਿਆਲੇ ਵਿਚ ਬਿਤਾਉਂਦਾ ਸੀ ਤੇ ਰਹਿੰਦਾ ਸਮਾਂ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਤੋਂ ਜੱਸ ਖੱਟਦਿਆਂ।
ਜਿੰਨੀ ਸੋਚ ਤੇ ਸਮਾਂ ਲਾ ਕੇ ਉਨ੍ਹਾਂ ਨੇ ਬੱਚਾ ਅਪਨਾਉਣ ਜਾਂ ਗੋਦ ਲੈਣ ਦਾ ਖ਼ਿਆਲ ਛੱਡਿਆ ਸੀ ਏਨਾ ਸਮਾਂ ਹਰ ਸ਼ੁਭਚਿੰਤਕ ਨੂੰ ਸਮਝਾਉਣ ਲਈ ਲੱਗਦਾ ਸੀ। ਦੋ ਪੀੜ੍ਹੀਆਂ ਪਹਿਲਾਂ ਦੇ ਬਾਬੇ ਨੂੰ ਅਜਿਹੀ ਗੱਲ ਸਮਝਾਉਣੀ ਅਸੰਭਵ ਨਹੀਂ ਤਾਂ ਕਠਨ ਜ਼ਰੂਰ ਸੀ। ਬਾਬੇ ਦੀ ਗੱਲ ਦਾ ਉਸ ਨੂੰ ਦੁੱਖ ਏਸ ਲਈ ਵੀ ਸੀ ਕਿ ਬਾਬਾ ਸੱਚੇ ਦਿਲੋਂ ਸਤਵੰਤ ਦਾ ਸ਼ੁਭਚਿੰਤਕ ਰਿਹਾ ਸੀ। ਅਗਲੀ ਵਾਰ ਉਹ ਬਾਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੇ ਸੋਚਿਆ।
ਓਧਰ ਬਾਬੇ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ। ਇਕੱਲਤਾ ਵਿਚ ਉਸ ਨੂੰ ਜਿਹੜੀਆਂ ਗੱਲਾਂ ਚੇਤੇ ਆਉਂਦੀਆਂ ਉਹਨਾਂ ਵਿਚੋਂ ਇੱਕ ਸਤਵੰਤ ਦਾ ਉਸ ਨੂੰ ਚਾਅ ਨਾਲ ਮਿਲਣਾ ਤੇ ਚੂਲਾ ਹਿੱਲਣ ਦਾ ਪਤਾ ਲੱਗਣ ਤੇ ਗਰਮ ਪਾਣੀ ਦੀ ਬੋਤਲ ਤੇ ਮਲ੍ਹਮ ਭਿਜਵਾਣਾ ਵੀ ਸੀ। ਇਸ ਬੋਤਲ ਵਿਚ ਗਰਮ ਪਾਣੀ ਭਰ ਕੇ ਉਹ ਹਾਲੀਂ ਵੀ ਸਿਆਲ ਦੀ ਠੰਢ ਦੇ ਦਿਨਾਂ ਵਿਚ ਆਪਣੇ ਚੂਲੇ ਨੂੰ ਸੇਕ ਦੇ ਕੇ ਦੋ ਘੜੀ ਅੱਖ ਲਾ ਲੈਂਦਾ ਸੀ। ਫੇਰ ਵੀ ਜਦੋਂ ਉਸ ਦੀ ਅੱਖ ਖੁੱਲ੍ਹਦੀ ਉਸ ਨੂੰ ਸਤਵੰਤ ਨਾਲ ਹੋਈ ਆਪਣੀ ਮੁਲਾਕਾਤ ਦਾ ਅਫ਼ਸੋਸ ਹੋਣ ਲੱਗਦਾ।
ਇਹਨਾਂ ਦਿਨਾਂ ਵਿਚ ਹੀ ਬਾਬੇ ਨੇ ਸੁਣਿਆ ਕਿ ਇੱਕ ਦਿਨ ਰੇਡੀਓ ਉਤੇ ਸਤਵੰਤ ਇੰਗਲੈਂਡ ਵਿਚ ਰਹਿੰਦੇ ਪੰਜਾਬੀਆਂ ਬਾਰੇ ਬੋਲ ਰਿਹਾ ਸੀ। ਜਿਸ ਵਿਚ ਮੋਰਾਂਵਾਲੀ ਦਾ ਬਾਰ ਬਾਰ ਜ਼ਿਕਰ ਸੀ। ਉਸ ਨੂੰ ਪਿਛਲੀ ਮੁਲਾਕਾਤ ਦਾ ਹੋਰ ਵੀ ਅਫ਼ਸੋਸ ਹੋਇਆ ਕਿ ਏਨੇ ਸਿਆਣੇ ਮੁੰਡੇ ਨੂੰ ਕਿਸੇ ਬਾਬੇ ਵਰਗੇ ਦੀ ਮੱਤ ਦੀ ਕੀ ਲੋੜ ਸੀ? ਅਗਲੀ ਵਾਰ ਸਤਵੰਤ ਦੇ ਆਉਣ ਤੱਕ ਬਾਬੇ ਦੀ ਜ਼ਿੰਦਗੀ ਰਹੀ ਤਾਂ ਉਹ ਏਦਾਂ ਦੀ ਗੱਲ ਨਹੀਂ ਕਰੇਗਾ, ਉਸ ਨੇ ਸੋਚਿਆ।
ਸਤਵੰਤ ਇਸ ਵਾਰ ਆਪਣੀ ਮੇਮ ਨੂੰ ਨਾਲ ਲੈ ਕੇ ਭਾਰਤ ਆਇਆ। ਉਹ ਭਾਰਤੀ ਰੈੱਡਕਰਾੱਸ ਦਾ ਅਧਿਐਨ ਕਰਨਾ ਚਾਹੁੰਦੀ ਸੀ । ਏਸ ਲਈ ਵੀ ਕਿ ਜੇ ਸਤਵੰਤ ਨੇ ਘਮੁੰ-ਘੁੰਮਾਅ ਕੇ ਆਪਣੇ ਦੇਸ਼ ਹੀ ਆ ਕੇ ਟਿਕਣਾ ਸੀ ਤਾਂ ਏਥੇ ਉਸਦੀ ਮੇਮ ਲਈ ਵੀ ਕੋਈ ਨਾ ਕੋਈ ਰੁਝੇਵਾਂ ਲਾਜ਼ਮੀ ਸੀ।
"ਧੰਨ ਭਾਗ, ਸਤਵੰਤ ਸਿਹੁੰ ਦੇ ਦਰਸ਼ਨ ਹੋ ਗਏ, ਕੀ ਪਤੈ ਕਿੰਨੇ ਕੁ ਦਿਨਾਂ ਦੇ ਮਹਿਮਾਨ ਹਾਂ," ਬਾਬਾ ਪਹਿਲੀਆਂ ਮੁਲਾਕਾਤਾਂ ਵਾਲੇ ਨਿੱਘ ਤੇ ਅਪਣੱਤ ਨਾਲ ਮਿਲਿਆ।
"ਬਾਬਾ ਏਦਾਂ ਨਹੀਂ ਸੋਚੀਦਾ।
ਬਜ਼ੁਰਗਾਂ ਦਾ ਤਾਂ ਬੈਠਿਆਂ ਦਾ ਸਹਾਰਾ ਹੀ ਮਾਣ ਨਹੀਂ। ਸਤਵੰਤ ਨੇ ਓਨੇ ਹੀ ਨਿੱਘ ਨਾਲ ਉੱਤਰ ਦਿੱਤਾ।
"ਹੋਰ ਦੱਸ ਬਹੂ ਦਾ ਕੀ ਹਾਲ ਹੈ, ਸੁਣਿਐ ਨਾਲ ਹੀ ਆਈ ਐ ਤੇਰੇ," ਬਾਬੇ ਨੇ ਪੁੱਛਿਆ।
"ਹਾਂ, ਮੈਂ ਕਿਹਾ ਸਹੁਰਿਆਂ ਦੇ ਪਿੰਡ ਨੂੰ ਭੁੱਲ ਹੀ ਨਾ ਜਾਵੇ," ਸਤਵੰਤ ਨੇ ਹੱਸ ਕੇ ਉੱਤਰ ਦਿੱਤਾ ਤੇ ਬਾਬੇ ਦੀ ਹਰ ਵਾਰੀ ਦੀ ਅਪੀਲ ਲਈ ਤਿਆਰ ਹੋ ਗਿਆ।
ਇੱਕ ਦੋ ਗੱਲਾਂ ਹੋਰ, ਤੇ ਫੇਰ ਕੋਈ ਗੱਲ ਹੀ ਨਾ ਰਹੀ ਕਰਨ ਵਾਲੀ। ਦੋਵੇਂ ਚੁੱਪ ਕਰ ਗਏ। ਪਰ ਉਹ ਏਨੀ ਛੋਟੀ ਮੁਲਾਕਾਤ ਲਈ ਤਿਆਰ ਨਹੀਂ ਸਨ। ਉਹ ਇੱਕ ਦੂਜੇ ਦੀ ਦਿਲ ਦੀ ਬੁੱਝਣਾ ਚਾਹੁੰਦੇ ਸਨ ਤੇ ਇੱਕ ਦੂਜੇ ਨੂੰ ਭਰਪੂਰ ਕਰਨਾ ਚਾਹੁੰਦੇ ਸਨ।
"ਇੱਕ ਗੱਲ ਬੜੇ ਚਿਰਾਂ ਦੀ ਮੇਰੇ ਦਿਲ ਵਿਚ ਐ, ਜੇ ਵਕਤ ਹੈ ਤਾਂ ਮੈਂ ਕਰਾਂ," ਬਾਬੇ ਨੇ ਗੱਲ ਅੱਗੇ ਤੋਰਨ ਲਈ ਆਗਿਆ ਮੰਗੀ।
"ਵਕਤ ਹੀ ਵਕਤ ਹੈ ਬਾਬਾ! ਜਿੰਨੀਆਂ ਮਰਜ਼ੀ ਗੱਲਾਂ ਕਰ।" ਸਤਵੰਤ ਨੇ ਆਗਿਆ ਦਿੱਤੀ।
"ਤੇਰੇ ਕੋਲ ਪੈਸੇ ਦਾ ਤਾਂ ਕੋਈ ਘਾਟਾ ਨਹੀਂ।" ਬਾਬਾ ਬੋਲਿਆ।
"ਹਾਂ, ਦੱਸੋ।" ਸਤਵੰਤ ਨੇ ਬੇਸੁਆਦ ਮਿਲਣੀ ਲਈ ਤਿਆਰ ਹੁੰਦਿਆਂ ਕਿਹਾ।
"ਮੋਰਾਂਵਾਲੀ ਦੀ ਗੱਲ ਤੂਹੀਓਂ ਰੇਡੀਓ ਉੱਤੇ ਸੁਣਾਈ ਸੀ?" ਬਾਬੇ ਨੇ ਮੰਜੀ ਉੱਤੇ ਉਠ ਕੇ ਬੈਠਦਿਆਂ ਕਿਹਾ।
"ਤੂੰ ਸੁਣੀ ਸੀ ਬਾਬਾ ਉਹ ਗੱਲ?" ਬਾਬੇ ਕੋਲੋਂ ਰੇਡੀਓ ਦੀ ਗੱਲ ਸੁਣ ਕੇ ਸਤਵੰਤ ਬੜਾ ਖੁਸ਼ ਸੀ।
"ਸੁਣਿਐਂ ਤਵਾ ਭਰਿਆ ਹੋਇਐ ਜਦੋਂ ਮਰਜ਼ੀ ਚਲਾ ਸਕਦੇ ਹਨ ਰੇਡੀਓ ਵਾਲੇ।" ਬਾਬੇ ਨੇ ਸਤਵੰਤ ਦਾ ਉੱਤਰ ਦਿੱਤੇ ਬਿਨਾ ਹੀ ਚਾਅ ਨਾਲ ਕਿਹਾ।
"ਹਾਂ ਬਾਬਾ, ਤਵੇ ਉੱਤੇ ਨਹੀਂ ਉਹ ਫੀਤੇ ਉੱਤੇ ਬੋਲ ਭਰ ਲੈਂਦੇ ਹਨ ਤੇ ਫੇਰ ਜਦੋਂ ਜੀ ਆਵੇ ਸੁਣਾਅ ਸਕਦੇ ਹਨ। ਮੇਰੀ ਗੱਲ ਵਿਚ ਇੰਗਲੈਂਡ ਵਿਚ ਵਸਦੇ ਪਾਕਿਸਤਾਨੀ ਪੰਜਾਬੀ ਰੇਡੀਓ ਵਾਲੇ ਬਾਰ ਬਾਰ ਸੁਣਾਅ ਦਿੰਦੇ ਹਨ, ਪਾਕਿਸਤਾਨ ਨਾਲ ਸਾਂਝ ਪਾਉਣ ਲਈ," ਸਤਵੰਤ ਨੇ ਸਮਝਾਇਆ।
"ਪਰ ਕਾਕਾ ਇਹ ਤਵਾ ਤਾਂ ਉਨ੍ਹਾਂ ਦਾ ਹੋਇਆ। ਥੋੜ੍ਹੇ ਪੈਸੇ ਲਾ ਕੇ ਅੱਠ ਦਸ ਤਵੇ ਭਰਵਾਅ ਦੇ ਆਪਣੇ ਪਿੰਡ ਬਾਰੇ, ਜਿਹੜੇ ਧੁਰ ਵਲੈਤ ਵਿਚ ਸਦੀਆਂ ਤੱਕ ਚੱਲਦੇ ਰਹਿਣ। ਤੇਰਾ ਨਾਂ ਚਲਦਾ ਰਹੂ, ਪੁਸ਼ਤੋ ਪੁਸ਼ਤ। ਬੰਦੇ ਨੇ ਲੈਣਾ ਕੀ ਹੁੰਦੈ?" ਬਾਬਾ ਆਪਣੇ ਫੁਰਨੇ ਤੇ ਆਪਣੇ ਸੁਝਾਅ 'ਤੇ ਬੜਾ ਖੁਸ਼ ਤੇ ਬੜਾ ਸੰਤੁਸ਼ਟ ਸੀ।
"ਕਰਾਂਗਾ ਬਾਬਾ, ਕੁਝ ਨਾ ਕੁਝ। ਤੇਰਾ ਕਿਹਾ ਨਹੀਂ ਮੋੜਦਾ,"ਏਨਾ ਕਹਿ ਕੇ ਸਤਵੰਤ ਕਿੰਨਾ ਹੀ ਚਿਰ ਬਾਬੇ ਕੋਲ ਬੈਠਾ ਰਿਹਾ। ਇਸ ਲਈ ਨਹੀਂ ਕਿ ਬਾਬੇ ਦਾ ਇਹ ਸੁਝਾਅ ਉਸ ਲਈ ਨਵਾਂ ਸੀ, ਸਗੋਂ ਇਸ ਲਈ ਕਿ ਬਾਬੇ ਨੂੰ ਉਸਦਾ ਨਾਂ ਰੋਸ਼ਨ ਕਰਨ ਵਿਚ ਕਿੰਨੀ ਦਿਲਚਸਪੀ ਸੀ, ਜਿਸਦਾ ਸਬੂਤ ਉਸਦੇ ਉਨ੍ਹਾਂ ਸੁਝਾਵਾਂ ਵਿਚੋਂ ਵੀ ਪ੍ਰਤੱਖ ਸੀ ਜਿਹੜੇ ਬੇਸੁਆਦ ਸਨ। ਬਾਬਾ ਚੁੱਪ ਹੋ ਗਿਆ। ਹੋਰ ਕੋਈ ਗੱਲ ਹੀ ਨਹੀਂ ਸੀ ਰਹਿ ਗਈ, ਕਰਨ ਵਾਲੀ।
ਜਦੋਂ ਬਾਬਾ ਤੇ ਸਤਵੰਤ ਵਿਛੜਨ ਸਮੇਂ ਇਕ ਦੂਜੇ ਦੀ ਛਾਤੀ ਨਾਲ ਲੱਗ ਕੇ ਮਿਲੇ ਤਾਂ ਉਹਨਾਂ ਦੀ ਮਿਲਣੀ ਵਿਚ ਪਹਿਲੀਆਂ ਮੁਲਾਕਾਤਾਂ ਵਾਲਾ ਨਿੱਘ ਸੀ। ਦੋਵ੍ਹੇਂ ਖੁਸ਼ ਸਨ। ਹੁਣ ਉਹਨਾਂ ਨੂੰ ਕੋਈ ਚਿੰਤਾ ਨਹੀਂ ਸੀ ਕਿ ਉਹਨਾਂ ਨੂੰ ਮੁੜ ਮਿਲਣ ਦਾ ਮੌਕਾ ਵੀ ਮਿਲਦਾ ਸੀ ਜਾਂ ਨਹੀਂ। ਉਹ ਆਪਣੇ ਆਪ ਨੂੰ ਰੱਜੇ ਹੋਏ ਅਨੁਭਵ ਕਰ ਰਹੇ ਸਨ, ਇਕ ਦੂਜੇ ਦੇ ਨਿੱਘ ਨਾਲ ਭਰਪੂਰ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ