Taweet (Story in Punjabi) : Hans Christian Andersen
ਤਵੀਤ (ਕਹਾਣੀ) : ਹੈਂਸ ਕ੍ਰਿਸਚੀਅਨ ਐਂਡਰਸਨ
ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਆਪਣੇ ਵਿਆਹ ਤੋਂ ਬਾਅਦ ਹਾਲੇ ਆਪਣਾ ਹਨੀਮੂਨ ਮਨਾ ਰਹੇ ਸਨ। ਉਹ ਬਹੁਤ ਹੀ ਖ਼ੁਸ਼ ਸਨ; ਪਰ ਉਨ੍ਹਾਂ ਨੂੰ ਇੱਕ ਸੋਚ ਬਹੁਤ ਪ੍ਰੇਸ਼ਾਨ ਕਰਨ ਲੱਗੀ। ਇਹ ਸੋਚ ਸੀ ਕਿ ਜਿਵੇਂ ਉਹ ਹੁਣ ਖ਼ੁਸ਼ ਹਨ ,ਅਜਿਹੀ ਖ਼ੁਸ਼ੀ ਨੂੰ ਉਹ ਹਮੇਸ਼ਾਂ ਲਈ ਕਿਵੇਂ ਬਰਕਰਾਰ ਰੱਖ ਸਕਣਗੇ। ਇਸ ਵਾਸਤੇ ਉਹ ਆਪਣੇ ਕੋਲ ਇੱਕ ਅਜਿਹਾ ਤਵੀਤ ਰੱਖਣਾ ਚਾਹੁੰਦੇ ਸਨ ਜਿਸ ਨਾਲ ਉਨ੍ਹਾਂ ਦਾ ਵਿਆਹੁਤਾ ਜੀਵਨ ਕਿਸੇ ਵੀ ਨਿਰਾਸ਼ਾ ਵਾਲੀ ਗੱਲ ਤੋਂ ਹਮੇਸ਼ਾਂ ਬਚਿਆ ਰਹਿ ਸਕੇ।
ਉਨ੍ਹਾਂ ਨੂੰ ਕਾਫ਼ੀ ਲੋਕਾਂ ਨੇ ਇੱਕ ਅਜਿਹੇ ਆਦਮੀ ਦੀ ਦੱਸ ਪਾਈ ਜਿਹੜਾ ਇੱਕ ਜੰਗਲ ’ਚ ਰਹਿੰਦਾ ਸੀ ਅਤੇ ਜ਼ਰੂਰਤ ਪੈਣ ’ਤੇ ਅਤੇ ਮੁਸ਼ਕਿਲ ਸਮੇਂ ’ਚ ਆਪਣੀ ਸੂਝਬੂਝ ਤੇ ਵਧੀਆ ਸਲਾਹ ਨਾਲ ਹਰ ਕਿਸੇ ਦੀ ਮਦਦ ਕਰਦਾ ਸੀ। ਇਸ ਲਈ ਸਾਰੇ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਸਨ। ਇਸ ਲਈ ਸ਼ਹਿਜ਼ਾਦੀ ਤੇ ਸ਼ਹਿਜ਼ਾਦੇ ਨੇ ਉਸ ਨੂੰ ਸੱਦਾ ਭੇਜਿਆ ਤੇ ਆਪਣੇ ਦਿਲ ਦੀ ਖਾਹਿਸ਼ ਬਾਰੇ ਦੱਸਿਆ। ਉਸ ਸਿਆਣੇ ਆਦਮੀ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਕਿਹਾ, ‘‘ਜਾਉ, ਦੁਨੀਆਂ ਦਾ ਹਰੇਕ ਦੇਸ਼ ਘੁੰਮ ਕੇ ਦੇਖੋ ਤੇ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਪੂਰੀ ਤਰ੍ਹਾਂ ਖੁਸ਼ਹਾਲ ਜੋੜਾ ਮਿਲੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਸਰੀਰ ’ਤੇ ਪਹਿਨੇ ਹੋਏ ਕਿਸੇ ਕੱਪੜੇ ਦਾ ਇੱਕ ਛੋਟਾ ਜਿਹਾ ਟੁਕੜਾ ਮੰਗਣਾ। ਤੇ ਜਦੋਂ ਤੁਹਾਨੂੰ ਅਜਿਹਾ ਕੱਪੜੇ ਦਾ ਟੁਕੜਾ ਮਿਲ ਜਾਵੇ ਤਾਂ ਤੁਸੀਂ ਇਸ ਨੂੰ ਹਮੇਸ਼ਾਂ ਆਪਣੇ ਕੋਲ ਹੀ ਰੱਖਣਾ। ਇਹੋ ਹੀ ਇਸ ਚੀਜ਼ ਦਾ ਪੱਕਾ ਇਲਾਜ ਹੈ!’’
ਇਸ ਤੋਂ ਬਾਅਦ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਉਸ ਦੀ ਸਲਾਹ ਮੰਨ ਕੇ ਦੇਸ਼ ਦੇਸ਼ਾਂਤਰ ਘੁੰਮਣ ਤੁਰ ਪਏ। ਛੇਤੀ ਹੀ ਉਨ੍ਹਾਂ ਨੇ ਰਸਤੇ ’ਚ ਇੱਕ ਅਜਿਹੇ ਬਹਾਦਰ ਯੋਧੇ ਅਤੇ ਉਸ ਦੀ ਪਤਨੀ ਬਾਰੇ ਸੁਣਿਆ ਜਿਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤ ਖੁਸ਼ਹਾਲ ਹੈ। ਉਹ ਉਸ ਬਹਾਦਰ ਯੋਧੇ ਦੇ ਕਿਲੇ ’ਚ ਚਲੇ ਗਏ। ਉਨ੍ਹਾਂ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਪੁੱਛਿਆ ਕਿ ਕੀ ਵਾਕਈ ਉਹ ਆਪਣੀ ਵਿਆਹੁਤਾ ਜ਼ਿੰਦਗੀ ਉਨੀ ਹੀ ਖ਼ੁਸ਼ੀ ਨਾਲ ਬਤੀਤ ਕਰ ਰਹੇ ਹਨ ਜਿਵੇਂ ਉਨ੍ਹਾਂ ਨੇ ਸੁਣਿਆ ਹੈ?
ਉਨ੍ਹਾਂ ਦਾ ਜੁਆਬ ਸੀ, ‘‘ਹਾਂ ਹਾਂ, ਬੱਸ ਇੱਕ ਹੀ ਚੀਜ਼ ਦੀ ਘਾਟ ਹੈ ਕਿ ਸਾਡੇ ਘਰ ਕੋਈ ਬੱਚਾ ਨਹੀਂ ਹੈ!’’
ਇਨ੍ਹਾਂ ਕੋਲੋਂ ਹੁਣ ਉਨ੍ਹਾਂ ਨੂੰ ਉਹ ਤਵੀਤ ਨਹੀਂ ਸੀ ਮਿਲ ਸਕਣਾ। ਇਸ ਲਈ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਨੇ ਪੂਰੀ ਤਰ੍ਹਾਂ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਵਿਆਹੇ ਜੋੜੇ ਦੀ ਭਾਲ ਜਾਰੀ ਰੱਖੀ।
ਜਦੋਂ ਉਹ ਜਾ ਰਹੇ ਸਨ ਤਾਂ ਉਹ ਇੱਕ ਅਜਿਹੇ ਦੇਸ਼ ’ਚ ਪੁੱਜੇ ਜਿੱਥੋਂ ਬਾਰੇ ਉਨ੍ਹਾਂ ਨੇ ਸੁਣਿਆ ਸੀ ਕਿ ਉੱਥੋਂ ਦਾ ਇੱਕ ਨਾਗਰਿਕ ਹੈ ਜਿਹੜਾ ਆਪਣੀ ਪਤਨੀ ਨਾਲ ਚੰਗੀ ਤਰ੍ਹਾਂ ਮਿਲਜੁਲ ਕੇ ਖੁਸ਼ਹਾਲ ਜੀਵਨ ਜੀਅ ਰਿਹਾ ਹੈ। ਫਿਰ ਉਹ ਉਸ ਨੂੰ ਮਿਲਣ ਚਲੇ ਗਏ ਤੇ ਉਸ ਨੂੰ ਪੁੱਛਿਆ ਕਿ ਕੀ ਉਹ ਵਾਕਈ ਆਪਣਾ ਵਿਆਹੁਤਾ ਜੀਵਨ ਪੂਰੀ ਤਰ੍ਹਾਂ ਖ਼ੁਸ਼ੀ ਨਾਲ ਬਿਤਾ ਰਿਹਾ ਹੈ ਜਿਵੇਂ ਉਨ੍ਹਾਂ ਨੇ ਲੋਕਾਂ ਤੋਂ ਸੁਣਿਆ ਹੈ। ਉਸ ਆਦਮੀ ਨੇ ਜੁਆਬ ਦਿੱਤਾ, ‘‘ਹਾਂ, ਮੈਂ ਬਿਲਕੁਲ ਖ਼ੁਸ਼ ਹਾਂ। ਮੈਂ ਤੇ ਮੇਰੀ ਪਤਨੀ ਪੂਰੀ ਇਕਜੁਟਤਾ ਨਾਲ ਰਹਿੰਦੇ ਹਾਂ। ਪਰ ਕਾਸ਼! ਸਾਡੇ ਇੰਨੇ ਬੱਚੇ ਨਾ ਹੁੰਦੇ ਕਿਉਂਕਿ ਉਨ੍ਹਾਂ ਕਰਕੇ ਸਾਨੂੰ ਕਈ ਤਰ੍ਹਾਂ ਦੇ ਫ਼ਿਕਰ ਤੇ ਦੁੱਖ ਹਨ!’’
ਸੋ ਇਸ ਆਦਮੀ ਕੋਲੋਂ ਵੀ ਉਨ੍ਹਾਂ ਨੂੰ ਤਵੀਤ ਵਜੋਂ ਰੱਖਿਆ ਜਾਣ ਵਾਲਾ ਕੱਪੜੇ ਦਾ ਟੁਕੜਾ ਨਾ ਮਿਲ ਸਕਿਆ। ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਨੇ ਉਸ ਦੇਸ਼ ’ਚ ਆਪਣੀ ਯਾਤਰਾ ਜਾਰੀ ਰੱਖੀ ਤੇ ਲੋਕਾਂ ਤੋਂ ਵਿਆਹੇ ਹੋਏ, ਖੁਸ਼ਹਾਲ ਜੋੜਿਆਂ ਬਾਰੇ ਪੁੱਛਦੇ ਰਹੇ, ਪਰ ਉਨ੍ਹਾਂ ਨੂੰ ਕੋਈ ਅਜਿਹਾ ਜੋੜਾ ਨਾ ਲੱਭਿਆ।
ਇੱਕ ਦਿਨ ਉਹ ਖੇਤਾਂ ਤੇ ਚਰਾਂਦਾਂ ਦੇ ਨੇੜਿਉਂ ਦੀ ਲੰਘ ਰਹੇ ਸਨ ਤਾਂ ਸੜਕ ਦੇ ਕੋਲ ਇੱਕ ਚਰਵਾਹਾ ਉਨ੍ਹਾਂ ਨੂੰ ਨਜ਼ਰੀਂ ਪਿਆ ਜਿਹੜਾ ਆਪਣੀ ਮੌਜ ’ਚ ਬੰਸਰੀ ਵਜਾ ਰਿਹਾ ਸੀ। ਉਸੇ ਵੇਲੇ ਇੱਕ ਔਰਤ, ਇੱਕ ਬੱਚਾ ਆਪਣੇ ਕੁੱਛੜ ਚੁੱਕੀ ਹੋਈ ਤੇ ਦੂਜੇ ਨੂੰ ਉਂਗਲ ਲਾਈ ਹੋਈ ਉਹਦੇ ਵੱਲ ਆ ਰਹੀ ਦਿਸੀ। ਜਿਉਂ ਹੀ ਚਰਵਾਹੇ ਨੇ ਉਸ ਨੂੰ ਦੇਖਿਆ, ਉਸ ਨੇ ਉਸ ਔਰਤ ਦਾ ਸੁਆਗਤ ਕੀਤਾ। ਛੋਟੇ ਬੱਚੇ ਨੂੰ ਫੜ ਕੇ ਚੁੰਮਣ ਲੱਗ ਪਿਆ ਤੇ ਲਾਡ ਕਰਨ ਲੱਗ ਪਿਆ। ਚਰਵਾਹੇ ਦਾ ਕੁੱਤਾ ਬੱਚੇ ਵੱਲ ਦੌੜਾ ਆਇਆ ਤੇ ਉਸ ਦਾ ਨਿੱਕਾ ਜਿਹਾ ਹੱਥ ਚੱਟਣ ਲੱਗ ਪਿਆ ਅਤੇ ਖ਼ੁਸ਼ੀ ਨਾਲ ਭੌਂਕਣ ਤੇ ਉਛਲਣ ਕੁੱਦਣ ਲੱਗ ਪਿਆ। ਔਰਤ ਜਿਹੜਾ ਭੋਜਨ ਲੈ ਕੇ ਆਈ ਸੀ, ਉਸ ਨੇ ਉਹ ਖਾਣ ਲਈ ਪਰੋਸ ਦਿੱਤਾ ਤੇ ਆਵਾਜ਼ ਦੇ ਕੇ ਆਪਣੇ ਪਤੀ ਨੂੰ ਆ ਕੇ ਭੋਜਨ ਕਰਨ ਲਈ ਕਿਹਾ। ਆਦਮੀ ਨੇ ਬੈਠ ਕੇ ਆਪਣਾ ਭੋਜਨ ਖਾਧਾ। ਇਸ ਵਿੱਚੋਂ ਪਹਿਲੀ ਬੁਰਕੀ ਆਪਣੇ ਛੋਟੇ ਬੱਚੇ ਨੂੰ ਦਿੱਤੀ ਤੇ ਦੂਜੀ ਬੁਰਕੀ ਆਪਣੇ ਦੂਜੇ ਬੇਟੇ ਤੇ ਕੁੱਤੇ ਦੇ ਵਿਚਕਾਰ ਵੰਡ ਦਿੱਤੀ। ਸ਼ਹਿਜ਼ਾਦਾ ਤੇ ਸ਼ਹਿਜ਼ਾਦੀ, ਜੋ ਨੇੜੇ ਹੀ ਤੁਰ ਫਿਰ ਰਹੇ ਸਨ, ਇਹ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੇ ਸਨ। ਇਹ ਸਭ ਦੇਖ ਕੇ ਉਹ ੳਨ੍ਹਾਂ ਨੂੰ ਕਹਿਣ ਲੱਗੇ, ‘‘ਤੁਸੀਂ ਸੱਚਮੁੱਚ ਹੀ ਇੱਕ ਖੁਸ਼ਹਾਲ ਜੋੜਾ ਹੋ।’’
ਚਰਵਾਹਾ ਕਹਿਣ ਲੱਗਾ, ‘‘ਹਾਂ, ਇਹ ਬਿਲਕੁਲ ਸਹੀ ਗੱਲ ਹੈ। ਰੱਬ ਦਾ ਸ਼ੁਕਰ ਹੈ; ਕੋਈ ਸ਼ਹਿਜ਼ਾਦਾ ਜਾਂ ਸ਼ਹਿਜ਼ਾਦੀ ਵੀ ਸਾਡੇ ਤੋਂ ਵੱਧ ਖ਼ੁਸ਼ ਨਹੀਂ ਹੋ ਸਕਦੇ!’’
ਸ਼ਹਿਜ਼ਾਦਾ ਬੋਲਿਆ, ‘‘ਫਿਰ ਮੇਰੀ ਇੱਕ ਗੱਲ ਸੁਣੋ। ਸਾਡੇ ’ਤੇ ਇੱਕ ਮਿਹਰਬਾਨੀ ਕਰੋ ਤੇ ਇਸ ਮਿਹਰਬਨੀ ਲਈ ਤੁਹਾਨੂੰ ਕਦੇ ਵੀ ਪਛਤਾਵਾ ਨਹੀਂ ਹੋਵੇਗਾ। ਤੁਸੀਂ ਆਪਣੇ ਸਰੀਰ ’ਤੇ ਜਿਹੜਾ ਵੀ ਪਹਿਰਾਵਾ ਪਾਉਂਦੇ ਹੋ, ਉਸ ਦਾ ਇੱਕ ਛੋਟਾ ਜਿਹਾ ਟੁਕੜਾ ਸਾਨੂੰ ਦੇ ਦਿਉ!’’
ਇਹ ਸੁਣ ਕੇ ਚਰਵਾਹਾ ਤੇ ਉਸ ਦੀ ਪਤਨੀ ਇੱਕ ਦੂਜੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਅਤੇ ਅਖ਼ੀਰ ’ਚ ਚਰਵਾਹੇ ਨੇ ਕਿਹਾ, ‘‘ਰੱਬ ਜਾਣਦਾ ਹੈ ਕਿ ਜੇ ਸਾਡੇ ਕੋਲ ਕੋਈ ਕੱਪੜਾ ਹੁੰਦਾ ਤਾਂ ਇੱਕ ਛੋਟਾ ਟੁਕੜਾ ਤਾਂ ਕੀ, ਅਸੀਂ ਤੁਹਾਨੂੰ ਪੂਰੀ ਕਮੀਜ਼ ਜਾਂ ਥੱਲੇ ਪਾਉਣ ਵਾਲਾ ਕੋਈ ਵੀ ਕੱਪੜਾ ਦੇ ਦਿੰਦੇ। ਤੇ ਇਸ ਗੱਲ ਲਈ ਅਸੀਂ ਬੜੇ ਖ਼ੁਸ਼ ਹੁੰਦੇ, ਪਰ ਸਾਡੇ ਕੋਲ ਤਾਂ ਕੋਈ ਪਾਟਿਆ ਪੁਰਾਣਾ ਕੱਪੜਾ ਵੀ ਨਹੀਂ!’’
ਇਸ ਤਰ੍ਹਾਂ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਯਾਤਰਾ ਕਰਦੇ ਰਹੇ, ਪਰ ਉਨ੍ਹਾਂ ਦਾ ਮੰਤਵ ਹਾਲੇ ਅਧੂਰਾ ਹੀ ਸੀ। ਅਖ਼ੀਰ ਉਨ੍ਹਾਂ ਦੀ ਅਸਫਲ ਯਾਤਰਾ ਨੇ ਉਨ੍ਹਾਂ ਦੀ ਹਿੰਮਤ ਤੋੜ ਦਿੱਤੀ ਅਤੇ ਉਨ੍ਹਾਂ ਘਰ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ। ਵਾਪਸ ਆਉਂਦਿਆਂ, ਜਦੋਂ ਉਹ ਉਸੇ ਸਿਆਣੇ ਆਦਮੀ ਦੀ ਝੌਂਪੜੀ ਦੇ ਨੇੜਿਉਂ ਲੰਘੇ ਤਾਂ ਉਨ੍ਹਾਂ ਉੱਥੇ ਰੁਕ ਕੇ ਉਸ ਨੂੰ ਆਪਣੀ ਯਾਤਰਾ ਬਾਰੇ ਸਭ ਕੁਝ ਦੱਸਿਆ। ਅਤੇ ਗ਼ਲਤ ਸਲਾਹ ਦੇਣ ਕਰਕੇ ਉਸ ਨੂੰ ਬੁਰਾ ਭਲਾ ਵੀ ਕਿਹਾ।
ਇਸ ਗੱਲ ’ਤੇ ਸਿਆਣੇ ਆਦਮੀ ਨੇ ਮੁਸਕਰਾ ਕੇ ਕਿਹਾ, ‘‘ਕੀ ਸੱਚਮੁੱਚ ਹੀ ਤੁਹਾਡੀ ਇਹ ਯਾਤਰਾ ਵਿਅਰਥ ਹੀ ਰਹੀ? ਕੀ ਤੁਹਾਡੇ ਗਿਆਨ ’ਚ ਕੋਈ ਵਾਧਾ ਨਹੀਂ ਹੋਇਆ?’’
ਸ਼ਹਿਜ਼ਾਦੇ ਨੇ ਜੁਆਬ ਦਿੱਤਾ, ‘‘ਹਾਂ, ਮੈਨੂੰ ਇਹ ਗਿਆਨ ਹੋ ਗਿਆ ਹੈ ਕਿ ਇਸ ਧਰਤੀ ’ਤੇ ਸੰਤੁਸ਼ਟੀ ਹੀ ਦੁਰਲੱਭ ਚੀਜ਼ ਹੈ।’’
ਸ਼ਹਿਜ਼ਾਦੀ ਬੋਲੀ, ‘‘ਮੈਂ ਵੀ ਇਹ ਗੱਲ ਸਿੱਖ ਲਈ ਹੈ ਕਿ ਕਿਸੇ ਨੂੰ ਸੰਤੁਸ਼ਟ ਰਹਿਣ ਲਈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਚਾਹੀਦਾ ਕਿ ਬੱਸ ਹਰ ਹਾਲ ’ਚ ਸੰਤੁਸ਼ਟ ਰਿਹਾ ਜਾਵੇ!’’
ਇਸ ਤੋਂ ਬਾਅਦ ਸ਼ਹਿਜ਼ਾਦੇ ਨੇ ਸ਼ਹਿਜ਼ਾਦੀ ਦਾ ਹੱਥ ਆਪਣੇ ਹੱਥ ’ਚ ਲਿਆ। ਉਨ੍ਹਾਂ ਨੇ ਇੱਕ ਦੂਜੇ ਵੱਲ ਬੜੇ ਡੂੰਘੇ ਪ੍ਰੇਮ ਭਾਵ ਨਾਲ ਦੇਖਿਆ। ਫਿਰ ਸਿਆਣੇ ਆਦਮੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ, ‘‘ਹੁਣ ਤੁਹਾਨੂੰ ਆਪਣੇ ਦਿਲਾਂ ’ਚੋਂ ਹੀ ਸੱਚਾ ਤਵੀਤ ਮਿਲ ਗਿਆ ਹੈ! ਇਸ ਦੀ ਬੜੇ ਧਿਆਨ ਨਾਲ ਹਿਫ਼ਾਜ਼ਤ ਕਰਨੀ ਤੇ ਨਿਰਾਸ਼ਾ ਜਾਂ ਅਸੰਤੁਸ਼ਟੀ ਦੀ ਬਦਰੂਹ ਅਨੰਤ ਕਾਲ ਤਕ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗੀ।’’
(ਅਨੁਵਾਦ: ਬਲਰਾਜ ਧਾਰੀਵਾਲ)