Te Pakistan Ban Gia Si (Punjabi Story) : Maqsood Saqib
ਤੇ ਪਾਕਿਸਤਾਨ ਬਣ ਗਿਆ ਸੀ (ਕਹਾਣੀ) : ਮਕ਼ਸੂਦ ਸਾਕ਼ਿਬ
ਪਾਕਿਸਤਾਨ ਬਣੇ ਨੂੰ ਅਜੇ ਵਰ੍ਹਾ ਖੰਡ
ਈ ਹੋਇਆ ਸੀ। ਪਏ ਉਜਾੜੇ ਤੇ ਵੱਢ ਟੁੱਕ
ਦੇ ਫੱਟਾਂ ਉੱਤੇ ਮਸਾਂ ਅੰਗੂਰ ਈ ਆਇਆ
ਸੀ....ਪੂਰੇ ਮਿਲੇ ਨਹੀਂ ਸਨ। ਕਈਂ ਤਰ੍ਹਾਂ ਦੀ
ਨਵੀਂ ਦੁਨੀਆ ਆ ਗਈ ਸੀ ਇੱਕ ਤਰ੍ਹਾਂ ਦੀ
ਬਹੁਤ ਸਾਰੀ ਦੁਨੀਆ ਦੇ ਟੁਰ ਜਾਣ ਮਗਰੋਂ।
ਉਧਰੋਂ ਆਇਆਂ ਦਾ ਵੀ ਬੜਾ ਕੁਝ ਓਥੇ ਈ
ਰੁੜ੍ਹ ਪੁੜ੍ਹ ਗਿਆ ਸੀ ਤੇ ਏਧਰੋਂ ਗਿਆਂ ਨਾਲ
ਵੀ ਕੋਈ ਘੱਟ ਨਹੀਂ ਸੀ ਹੋਈ....ਲਾਸ਼ਾਂ ਦੇ ਤੇ
ਬੋਹਲ ਲੱਗ ਗਏ ਸਨ। ਢੇਰਾਂ ਦੇ ਢੇਰ ਇਕੱਠੇ
ਕਰ ਕੇ ਮਿੱਟੀ ਦਾ ਤੇਲ ਡਰੰਮਾਂ ਦੇ ਡਰੰਮ ਸੁੱਟ
ਕੇ ਅੱਗ ਲਾ ਦਿੱਤੀ ਗਈ ਸੀ। ਪਰ ਸ਼ਹਿਰ
ਵਿਚੋਂ ਲਾਸ਼ਾਂ ਦੇ ਸੜਨ ਦੀ ਬੋ ਨਹੀਂ ਸੀ ਜਾਂਦੀ।
ਕਈਂ ਸੌ ਪੀਪਾ ਫ਼ਰਨੈਲ ਰੋੜ੍ਹ ਛੱਡੀ ਸਨ ਨੇ।
ਫੇਰ ਡੀ. ਡੀ. ਟੀ. ਦੇ ਛਿੜਕਾਵਾਂ ਦੀ ਅਖ਼ੀਰ
ਹੋ ਗਈ ਸੀ।
ਵੱਢਣ-ਟੁੱਕਣ-ਲੁੱਟਣ ਦੇ ਕਿੱਸੇ ਤੇ
ਵੱਢੇ-ਟੁੱਕੇ ਤੇ ਲੁੱਟੇ ਜਾਣ ਦੀਆਂ ਕਹਾਣੀਆਂ
ਇਕੱਠੀਆਂ ਈ ਚਲਦੀਆਂ ਸਨ। ਰੋਣ ਕੁਰਲਾਣ
ਘੱਟ ਵੱਧ ਸਾਂਝਾ ਈ ਹੁੰਦਾ ਸੀ ਪਰ ਆਹਮਣੇ
ਸਾਹਮਣੇ ਨਹੀਂ। ਉਧਰੋਂ ਆਏ ਸਾਹਮਣੇ
ਕਰ ਲੈਂ ਦੇ। ਏਧਰ ਵਾਲੇ ਕਿੰਨੇ ਈ ਲੋਕ
ਅੰਦਰ ਖ਼ਾਨੇ ਰੋ ਪਿੱਟ ਲੈਂਦੇ ਆਪਣੇ ਵਿਛੜੇ
ਗਵਾਂਢੀਆਂ ਨੂੰ.... ਸਾਰੀ ਗੱਲ ਆਪਣੀ
ਥਾਂ ਪਰ ਟੁੱਟੀ ਭੱਜੀ ਹਯਾਤੀ ਅਪਣਾ ਆਪ
ਸੰਭਾਲਦੀ ਮੁੜ ਕੇ ਲੀਹੇ ਚੜ੍ਹਨੀ ਝੋਈ ਗਈ
ਸੀ। ਪਰ ਜਿੱਕਣ ਓਪਰਾ-ਓਪਰਾ ਈ ਜਾਪਦਾ
ਸੀ ਅਜੇ, ਜਿਵੇਂ ਇਹਦੇ ਟੋਰੇ ਦਾ ਰੁੱਸਿਆ
ਹੋਇਆ ਮੁਹਾੜ ਉੱਕਾ ਈ ਵਰਤੋਂ ਬਾਹਰਾ
ਹੋ ਗਿਆ ਹੋਵੇ। ਸੜਕਾਂ ਖੁੱਲ੍ਹ ਗਈਆਂ ਸਨ।
ਵਿਰਲੀਆਂ ਟਾਵੀਆਂ ਲਾਰੀਆਂ ਮੁਸਾਫ਼ਰ ਵੀ
ਢੋਣੇ ਛੋਹ ਦਿੱਤੇ ਸਨ। ਪਹੀਆਂ ਥੱਲਿਓਂ ਧੂੜ
ਦੀ ਥਾਂ ਅਜੇ ਵੀ ਸੰਘਣੀ ਬੇਵਸਾਹੀ ਦੇ ਬੱਦਲ
ਉੱਠਦੇ ਸਨ ਤੇ ਸਵਾਰੀਆਂ ਦੇ ਅੰਦਰਾਂ ਵਿਚ
ਤੜਫ਼ ਤ੍ਰਿਖੀ ਹੋ ਜਾਂਦੀ ਸੀ।
ਲਾਰੀ ਪਾਂਧੀਆਂ ਨਾਲ ਤੂਸੀ ਪਈ ਸੀ।
ਵਗਣ ਸਵਾਹਰਾ ਨਹੀਂ ਸੀ। ਪਲਕ ਟੁਰਦੀ
ਪਲਕ ਖਲੋ ਜਾਂਦੀ। ਸਵਾਰੀਆਂ ਦੀ ਖਿਝ ਸਿੱਧੀ
ਆਖਣੋਂ ਆਤੁਰ।
"ਕੁਫ਼ਤਿਆਂ ਵੇਲੇ ਈ ਅੱਪੜਾਂਗੇ ਅੱਜ ਤੇ।"
ਕਿਸੇ ਪਾਸਿਓਂ ਲਾਰੀ ਦੀ ਚੂੰ ਚਰਾਂ ਤੇ
ਕਿੜ-ਕਿੜ ਤੁੜ-ਤੁੜ ਵਿਚੋਂ ਕੋਈ ਨਾ ਕੋਈ
ਝੁਰ ਪੈਂਦਾ।
ਹੁੰਗਾਰਾ ਵੀ ਰਲ ਈ ਪੈਂਦਾ, "ਬਹਿ ਜੂ ਗਏ
ਆਂ ਮਾਰੇ ਸ਼ਾਮਤ ਦੇ। ਵੇਖੋ ਕੀ ਭਾ ਪੈਂਦੀ ਏ।
"ਪਤਾ ਹੁੰਦਾ ਤਾਂ ਰਾਤ ਦੀ ਰੋਟੀ ਨਾਲ
ਈ ਬਨ੍ਹ ਲਿਆਉਂਦੇ।" ਇਹ ਕੋਈ ਬੀਬੀ ਸੀ
ਜਿਹਦੇ ਨਾਲ ਦੋ ਜਾਤਕ ਸਨ।
ਇੱਕ ਜਾਤਕੀ ਭੀੜ 'ਚ ਫਸ ਗਈ ਖ਼ਬਰੇ
ਉਹਦਾ ਸਾਹ ਘੁੱਟਿਆ ਗਿਆ। ਉਹ ਉੱਚੀ-ਉੱਚੀ
ਰੋਣ ਲੱਗ ਪਈ, ਪਿਓ ਉਹਦੇ ਨੇ ਉਹਨੂੰ
ਚੁੱਕ ਲਿਆ....
"ਹੌਸਲਾ ਰੱਖੋ ਹੌਸਲਾ। ਆਹ ਸਾਰੀ ਭੀੜ
ਅਗਲੇ ਸਟਾਪ ਤੀਕਰ ਦੀ ਏ, ਬੁਰਜੀ ਵਾਲੇ
ਤੀਕਰ ਦੀ। ਸੀਟਾਂ ਦੀਆਂ ਸਵਾਰੀਆਂ ਈ ਰਹਿ
ਜਾਣੀਆਂ ਨੈਂ। ਜੇ ਕੋਈ ਬਠਾਣੀ ਵੀ ਪਈ ਤਾਂ
ਤੋੜ ਲਾਹੌਰ ਦੀ ਈ ਬਠਾਵਾਂਗੇ।"
ਬੁਰਜੀ ਵਾਲਾ ਆ ਗਿਆ....
"ਆ ਜਾਓ ਵਈ ਸਾਰੇ ਏਥੇ ਲਹਿਣ
ਵਾਲੇ।" ਕਲੀਂਡਰ ਵਾਜ ਦੇ ਕੇ ਬੂਹੇ 'ਚ ਹੋ
ਖਲੋਤਾ।
ਡਰਾਈਵਰ ਲਾਰੀ ਖਲ੍ਹਾਰੀ ਤਾਂ ਉਹ
ਬੂਹਿਓਂ ਥੱਲੇ ਲਹਿ ਗਿਆ....ਜਿੰਨੀਆਂ ਵੀ
ਸਵਾਰੀਆਂ ਜਣੀਆਂ ਜਣੇ ਮਾਈਆਂ-ਬਾਬੇ ਤੇ
ਕੁੜੀਆਂ ਮੁੰਡੇ ਖਲੇ ਸਨ ਯਾ ਕਿਧਰੇ ਕਿਸੇ ਦੇ
ਨਾਲ ਅੜੇ ਬੈਠੇ ਸਨ, ਹੇਠਾਂ ਲਹਿਣ ਲੱਗ ਪਏ।
ਦੋ ਚਾਰ ਸਵਾਰੀਆਂ ਚੜ੍ਹਣਾ ਚਾਹਿਆ ਪਰ ਉਹ
ਅਗਲੇ ਪਿੰਡ ਦੀਆਂ ਸਨ, ਕਲੀਂਡਰ ਨੇ ਨਾ
ਚਾੜ੍ਹੀਆਂ। "ਤੋੜ ਲਾਹੌਰ ਜਾਂਦੀ ਪਈ ਏ। ਰਾਹ
ਦੀ ਸਵਾਰੀ ਨਹੀਂ ਲੈਣੀ-" ਇਹੋ ਗੱਲ ਉਹਨੇ
ਲਾਰੀ ਦੇ ਅੰਦਰ ਮੂੰਹ ਕਰ ਕੇ ਵੀ ਦੁਹਰਾਈ,
"ਰਾਹ ਦੀ ਸਵਾਰੀ ਨਾ ਹੋਵੇ ਜੀ ਅੰਦਰ
ਬੈਠੀ....ਹੈ ਜੇ ਕੋਈ ਤਾਂ ਇਥੇ ਲਹਿ ਜਾਏ,
ਅਸਾਂ ਹੁਣ ਲਾਹੌਰ ਈ ਖਲੋਣਾ ਏ।"
ਕੋਈ ਵੀ ਨਹੀਂ ਸੀ ਰਾਹ ਦੀ। ਕਲੀਂਡਰ ਨੇ
ਲਾਰੀ ਨੂੰ ਧੱਫਾ ਮਾਰਿਆ। ਚੱਲਣ ਲਈ। ਫੇਰ
ਧੱਫਿਆਂ 'ਤੇ ਡਹਿ ਪਿਆ- "ਉਸਤਾਦ ਜੀ ਰੋਕ
ਕੇ! ਸਵਾਰੀ ਏ ਜੀ ਲਾਹੌਰ ਦੀ।"
ਲਾਰੀ ਥੋੜ੍ਹੀ ਜਿਹੀ ਹਿੱਲੀ ਤੇ ਫੇਰ ਖਲੋ
ਗਈ। ਇੱਕ ਬੰਦਾ ਛੇਤੀ ਨਾਲ ਚੜ੍ਹ ਆਇਆ।
ਲੱਕ ਉਹਦੇ ਚਾਦਰ, ਪੈਰੀਂ ਗੁਰਗਾਬੀ ਉੱਤੇ
ਧੁੱਸਾ ਤੇ ਸਿਰ ਉੱਤੇ ਮਫ਼ਲਰ ਵਲਿਆ ਹੋਇਆ।
ਤ੍ਰਿੱਖੀਆਂ ਤ੍ਰਿੱਖੀਆਂ ਮੁੱਛਾਂ...ਅੱਖਾਂ ਦੀ ਤੱਕਣੀ
ਸ਼ਿਕਰੇ ਵਾਲੀ...ਮੂੰਹ ਉੱਤੇ ਬੇਕਿਰਕੀ ਦੀ
ਉੱਲੀ.... ਸੀਟਾਂ ਸਾਰੀਆਂ ਭਰੀਆਂ
ਹੋਈਆਂ ਸਨ। ਡਰਾਈਵਰ ਨੇ ਉਹਨੂੰ ਆਪਣੇ
ਕੋਲ ਇੰਜਨ ਦੇ ਟਾਪੇ ਤੇ ਸੱਦ ਲਿਆ, ਉੱਤੇ
ਗੱਦੀ ਧਰਦਿਆਂ, "ਆ ਜਾਓ ਜੀ ਆ ਜਾਓ
ਇਥੇ।"
ਉਹ ਛੱਤ ਨਾਲ ਲੱਗੇ ਡੰਡੇ ਨੂੰ ਹੱਥ ਪਾ ਕੇ
ਪੂਰੀ ਲਾਰੀ ਲੰਘਦਾ ਡਰਾਈਵਰ ਦੀ ਬਣਾਈ
ਸੀਟ ਤੇ ਜਾ ਬੈਠਾ...ਕਲੀਂਡਰ ਨੇ ਕੋਲ ਜਾ ਕੇ
ਟਿਕਟ ਕੱਟੀ। ਪੈਸੇ ਗੱਲ ਲਮਕਾਏ ਬਸਤੇ ਵਿਚ
ਪਾ ਲਏ। ਤੇ ਆਪ ਅਗਲੇ ਗੇਟ ਦੀਆਂ ਪੌੜੀਆਂ
ਵਿਚ ਡੰਡੇ ਨਾਲ ਢੋਅ ਲਾ ਕੇ ਖਲੋਅ ਗਿਆ....
ਨਵੀਂ ਸਵਾਰੀ ਨੂੰ ਘੱਟ ਵੱਧ ਸਾਰੀ ਲਾਰੀ
ਈ ਪਈ ਵੇਖਦੀ ਸੀ ਚੋਰ ਅੱਖੀਂ। ਨਜ਼ਰਾਂ
ਵਲਾਂਦੀ।
ਉਹਨੇ ਧੁੱਸੇ 'ਚ ਹੱਥ ਮਾਰ ਕੇ ਸਿਗਟਾਂ
ਦੀ ਡੱਬੀ ਤੇ ਮਾਚਿਸ ਕੱਢੀ। ਝੱਟ ਈ ਸਾਰੀ
ਲਾਰੀ ਵਿਚ ਤਮਾਕੂ ਦੀ ਬੋ ਖਿੱਲਰ ਗਈ। ਪਰ
ਬੋਲਿਆ ਕੁਸਕਿਆ ਕੋਈ ਨਾ। ਹੋਰ ਤੇ ਹੋਰ
ਕਿਸੇ ਮਾਈ ਬੀਬੀ ਨੇ ਵੀ ਕੁਝ ਨਾ ਆਖਿਆ।
ਖ਼ਬਰੇ ਕਿਸੇ ਨੂੰ ਵੀ ਕੁਝ ਨਹੀਂ ਸੀ ਹੋਇਆ।
ਜ਼ਮਾਨਾ ਆਮ ਹੁੱਕੇ ਤਮਾਕੂ ਦਾ ਤੇ ਸੀ ਈ। ਤਾਂ
ਵੀ ਲੋਕ-ਥਾਹਰੇ (ਪਬਲਕ ਪਲੇਸ) ਸਿਗਟ
ਤਮਾਕੂ ਧੁਖਾਉਣ ਦੀ ਬਾਣ ਨਹੀਂ ਸੀ। ਸਾਰੀ
ਲਾਰੀ ਨੂੰ ਮਫ਼ਲਰ ਵਾਲੇ ਦਾ ਇਹ ਨਿਸ਼ੰਗ ਪੁਣਾ
ਖਲਿਆ ਵੀ ਤੇ ਤਮਾਕੂ ਦੀ ਬੋਅ ਅੱਤ ਭੈੜੀ
ਵੀ ਲੱਗੀ ਪਰ ਬੋਲਿਆ ਕੋਈ ਨਾ। ਨਾ ਕੋਈ
ਮਾਈ ਤੇ ਨਾ ਕੋਈ ਭਾਈ। ਸਭ ਔਖੇ ਤਾਂ ਹੋਏ
ਤਮਾਕੂ ਦੀ ਬੋ ਤੋਂ, ਨਾਲ ਉਚੇਚੀ ਗੱਲ ਇਹ
ਹੋਈ ਜੋ ਨਿਸ਼ੰਗ ਸਿਗਟ ਲਾਵਣ ਕੋਈ ਬਹੁਤਾ
ਚਿਰ ਨਾ ਦੁਖਿਆ ਕਿਸੇ ਨੂੰ... ਹਰ ਕੋਈ
ਉਹਦੇ ਨਾਲ ਸੌਖਾ ਵੀ ਹੋਵਣ ਲੱਗ ਪਿਆ।
ਇੰਜ ਸੀ ਜਿਵੇਂ ਕੋਈ ਪੁਰਾਣੀ ਬਾਂਧ ਸੀ ਜਿਹਦੇ
ਮੁੱਕਣ ਦਾ ਇੰਜ ਸਿਗਟ ਲਾ ਕੇ ਮਫ਼ਲਰ ਵਾਲੇ
ਨੇ ਹੋਕਾ ਦੇ ਦਿੱਤਾ ਸੀ। ਹਰ ਕੋਈ ਸੁਖਾਲਾ ਹੋ
ਗਿਆ। ਬੀਬੀਆਂ ਮਾਈਆਂ ਘੁੱਟ ਕੇ ਨੱਕ ਮੂੰਹ
ਬੱਨ੍ਹ ਲਏ। "ਚਲੋ ਇਹ ਕਿਹੜੀ ਔਖਿਆਈ
ਏ!" ਕਿਸੇ ਮਾਈ ਬੀਬੀ ਦੀ ਵਾਜ ਲਾਰੀ ਵਿਚ
ਸਭ ਨੂੰ ਸੁਣੀ ਗਈ। ਸਿਗਟ ਵਾਲਾ ਸਾਰੀਆਂ
ਸਵਾਰੀਆਂ ਨੂੰ ਵੇਖਦਾ ਪਿਆ ਸੀ ਇੱਕ-ਇੱਕ
ਕਰ ਕੇ। ਆਪਣੇ ਨਾਲ ਦੀ ਫ਼੍ਰੰਟ ਸੀਟ ਤੋਂ ਲੈ
ਕੇ ਅਖ਼ੀਰ ਤੀਕ...ਪਹਿਲਾਂ ਤਿੰਨ ਸੀਟਾਂ ਵਾਲੀ
ਪਾਲ ਵੇਖੀ ਉਸ ਤੇ ਫੇਰ ਦੋ ਸੀਟਾਂ ਵਾਲੀ
ਪਾਲ। ਵਾਹਵਾ ਤਾੜੀ ਲਾ ਕੇ ਉਹ ਹਰ ਬੰਦੇ
ਜ਼ਨਾਨੀ ਨੂੰ ਵੇਖਦਾ ਪਿਆ ਸੀ। ਨਾਲ ਚੀਚੀ
ਵਿਚ ਫਸਾਏ ਸਿਗਟ ਦਾ ਲੰਮਾ ਸੂਟਾ ਲਾਂਦਾ।
ਪਿਛਲੇ ਬੂਹੇ ਤੋਂ ਅੱਗੇ ਤਿੰਨਾਂ ਸਵਾਰੀਆਂ ਵਾਲੀ
ਪਿਛਲੀ ਤੋਂ ਅਗਲੀ ਸੀਟ 'ਤੇ ਉਹਨੇ ਇੱਕ
ਵਾਰੀ ਫੇਰ ਧਿਆਨ ਮਾਰਿਆ। ਉਹਦੀ ਨਜ਼ਰ
ਨੂੰ ਜਿਵੇਂ ਖੁੰਘੀ ਲੱਗ ਗਈ ਹੋਵੇ ਉਹ ਸਿਗਟ
ਬੁਲਾਂ ਵਲ ਖੜਦਾ ਖੜਦਾ ਅਜਕ ਗਿਆ ਤੇ
ਚੰਗੀ ਚੋਖੀ ਨੀਝ ਲਾ ਕੇ ਤਿੰਨਾਂ ਵਿਚੋਂ ਬਾਰੀ
ਨਾਲ ਬੈਠੀ ਸਵਾਰੀ ਨੂੰ ਵੇਖੀ ਗਿਆ... ਇਹ
ਕੋਈ ਪੰਜਤਾਲ੍ਹੀਆਂ ਪੰਜਾਹਵਾਂ ਦੀ ਉਮਰ ਦਾ
ਬੰਦਾ ਸੀ। ਦਾੜ੍ਹੀ ਮੁੱਛ ਤੋਂ ਬਿਨਾ, ਸਿਰ ਤੇ
ਸਾਫ਼ਾ ਵਲਿਆ ਹੋਇਆ...ਨੈਣ ਨਕਸ਼ ਝਿਲਮਿਲਾਂਦੇ
ਹੋਏ, ਸੋਹਣਾ ਸਾਫ਼ ਰੰਗ, ਮੂੰਹ ਉੱਤੇ
ਭਲਮਾਣਸੀ....ਉਹ ਆਪਣੇ ਧਿਆਨ ਬਾਹਰ
ਸ਼ੀਸ਼ੇ ਥਾਣੀਓਂ ਲੰਘਦੀਆਂ ਪੁਲੀਆਂ, ਪੈਲੀਆਂ
ਤੇ ਫ਼ਸਲਾਂ ਝਾੜੀਆਂ ਨੂੰ ਤ੍ਰਿੱਖਾ ਝੂਣਾ ਖਾ ਕੇ
ਪਿੱਛਾਂਹ ਟੁਰੀਆਂ ਜਾਂਦੀਆਂ ਪਿਆ ਵੇਖਦਾ ਸੀ।
ਸਿਗਟ ਵਾਲੇ ਦੇ ਤਾੜੀ ਲਾਉਣ ਤੋਂ ਘੱਟ ਵੱਧ
ਸਾਰੀਆਂ ਸਵਾਰੀਆਂ ਵੀ ਉਸ ਬਾਹਰ ਤੱਕਦੇ
ਬੰਦੇ ਨੂੰ ਵੇਖਣ ਲੱਗ ਪਈਆਂ ਸਨ। ਉਹਨੂੰ
ਖ਼ਬਰੇ ਅਚਨਚੇਤ ਸਭ ਦੀ ਨਜ਼ਰ ਆਪਣੇ
ਉੱਤੇ ਪੈਂਦੀ ਰੜਕੀ, ਉਹਨੇ ਬੜੇ ਸਾਊ ਸੁਭਾਅ
ਨਾਲ ਸਭ ਨੂੰ ਵੇਖਿਆ...ਹੁਣ ਉਹ ਸਭ ਨਜ਼ਰਾਂ
ਸਿਗਟ ਵਾਲੇ ਤੇ ਚਲੀਆਂ ਗਈਆਂ ਜਿਵੇਂ ਕਹਿ
ਰਹੀਆਂ ਹੋਣ, ਅਸੀਂ ਤੇ ਇਹਦੀ ਪਾਰੋਂ ਤੈਨੂੰ
ਵੇਖਦੇ ਪਏ ਸਾਂ ਇਹਦਾ ਧਿਆਨ ਤੇਰੇ ਉੱਤੇ
ਗੱਡਿਆ ਜੂ ਪਿਆ ਏ।'
ਉਹ ਬੰਦਾ ਥੋੜ੍ਹਾ ਜਿਹਾ ਘਾਬਰ ਗਿਆ।
ਉਹਦੇ ਮੱਥੇ ਤੇ ਮੁੜ੍ਹਕੇ ਦੇ ਚੋਏ ਤਿਲਕ ਪਏ।
ਉਹਨੇ ਆਪਣੀ ਗਰਮ ਵਾਸਕਟ ਦੇ ਬਟਨ
ਮੇਲੇ.... ਨੇੜਲੀਆਂ ਸਵਾਰੀਆਂ ਵੇਖਿਆ
ਉਹਦੇ ਹੱਥ ਪਏ ਕੰਬਦੇ ਸਨ...ਉਹਦੀਆਂ
ਅੱਖਾਂ ਦੀ ਨਰਮੈਸ਼ ਵਿਚ ਸਹਿਮ ਦੇ ਪਰਛਾਵੈਂ
ਲਹਿ ਆਏ। ਸਿਗਟ ਵਾਲੇ ਨੇ ਡਰਾਈਵਰ ਦੇ
ਕੰਨ ਵਿਚ ਕੋਈ ਗੱਲ ਕੀਤੀ... ਡਰਾਈਵਰ
ਕਲੀਂਡਰ ਨੂੰ ਕਹਿਣ ਲੱਗਾ ਪਿਛਲੇ ਬੂਹੇ ਤੇ
ਚਲਾ ਜਾ.... ਕਲੀਂਡਰ ਓਧਰ ਟੁਰ ਪਿਆ।
ਸਿਗਟ ਵਾਲੇ ਨੇ ਸਿਗਟ ਪੈਰ ਥੱਲੇ ਮਿੱਧਿਆ।
ਲਾਰੀ ਨੂੰ ਬਰੇਕਾਂ ਲੱਗੀਆਂ। ਸਾਫ਼ੇ ਵਾਲਾ ਛੇਤੀ
ਨਾਲ ਉਠ ਕੇ ਕਲੀਂਡਰ ਤੋਂ ਪਹਿਲਾਂ ਪਿਛਲੇ
ਬੂਹੇ ਤੇ ਅੱਪੜ ਗਿਆ। ਲਾਰੀ ਖਲੋਅ ਗਈ
ਸੀ। ਉਹਨੇ ਬੂਹਾ ਖੋਲ੍ਹਿਆ ਤੇ ਬੰਨੇ ਛਾਲ ਮਾਰ
ਦਿੱਤੀ। ਸਾਹਮਣੇ ਸਾਰਾ ਕੱਲਰ ਈ ਸੀ ਦੂਰ
ਦੂਰ ਤੀਕ ਚਿੱਟਮ-ਚਿੱਟ ਵਿਖਾਲੀ ਦਿੰਦਾ। ਉਸ
ਬੰਦੇ ਉਹਦੇ ਵਿਚ ਸ਼ੂਟ ਲਾ ਦਿੱਤੀ। ਅਗਲੇ ਬੂਹੇ
ਥਾਣੀਓਂ ਮਫ਼ਲਰ ਵਾਲਾ, ਧੁੱਸਾ ਓਥੇ ਈ ਸੁੱਟ
ਕੇ, ਉਹਦੇ ਪਿੱਛੇ ਭੱਜ ਪਿਆ।
ਨਾਲ ਉਹ ਗਾਲ੍ਹਾਂ ਵੀ ਪਿਆ ਕੱਢਦਾ ਹੋਵੇ।
ਲਾਰੀ ਵਿਚੋਂ ਕੋਈ ਵੀ ਥੱਲੇ ਨਾ ਲੱਥਾ।
ਬਾਰੀਆਂ ਉੱਤੇ ਜੀਕਣ ਮਖੇਰ ਲੱਗ ਗਈ ਹੋਵੇ।
ਕਲੀਂਡਰ ਨੇ ਲਾਰੀ ਦਾ ਪਿਛਲਾ ਅਗਲਾ ਬੂਹਾ
ਦੋਵੈਂ ਬੰਦ ਕਰ ਕੇ ਕੁੰਡੀਆਂ ਮਾਰ ਦਿੱਤੀਆਂ।
ਅੱਗੇ ਜਿਵੈਂ ਕੱਲਰ ਚੋਖਾ ਹੋ ਗਿਆ ਸੀ ਸਾਊ
ਤੱਕਣੀ ਵਾਲੇ ਤੋਂ ਪੈਰ ਪੁੱਟਣੇ ਔਖੇ ਪਏ ਹੁੰਦੇ
ਸਨ। ਮਫ਼ਲਰ ਵਾਲੇ ਨੂੰ ਕੱਲਰ ਕੁਝ ਵੀ ਨਹੀਂ
ਸੀ ਪਿਆ ਆਖਦਾ। ਡੇੜ੍ਹ ਦੋ ਕਿੱਲਿਆਂ ਦੀ ਵਿੱਥ
ਤੇ ਉਹਨੇ ਅੱਗੇ ਭੱਜਦੇ ਨੂੰ ਬੋਚ ਲਿਆ। ਜਿਵੈਂ
ਸ਼ਿਕਾਰੀ ਕੁੱਤਾ ਸਹੱਯੜ (ਸਹੇ) ਨੂੰ ਜਾ ਫੜਦਾ
ਏ। ਲਾਰੀ ਦੀਆਂ ਬਾਰੀਆਂ ਝਾਕਦੀਆਂ ਪਈਆਂ
ਹੋਵਣ... ਮਫ਼ਲਰ ਵਾਲੇ ਨੇ ਉਹਨੂੰ ਢਾਅ ਲਿਆ
ਤੇ ਉਹਦੀ ਹਿੱਕ ਉਤੇ ਚੜ੍ਹ ਬੈਠਾ।
ਲੋਕਾਂ ਦੇ ਸਾਹ ਸੂਤੇ ਗਏ ਸਨ। ਇਹੋ ਈ
ਆਖਣ ਕੋਈ ਦੁਸ਼ਮਣੀ ਦਾ ਮਾਮਲਾ ਲਗਦਾ ਏ।
ਹਿੱਕ ਉਤੇ ਚੜ੍ਹੇ ਮਫ਼ਲਰ ਵਾਲੇ ਨੇ ਡੱਬ
ਵਿਚੋਂ ਕੋਈ ਸ਼ੈਅ ਕੱਢੀ ਤੇ ਉਹਨੂੰ ਦੰਦਾਂ ਨਾਲ
ਖੋਲ੍ਹਿਆ...ਇਹ ਇੱਕ ਚਾਕੂ ਸੀ ਲੰਮੇ ਫਾਲੇ
ਵਾਲਾ ਤੇ ਨਾਲ ਈ ਮਫ਼ਲਰ ਵਾਲੇ ਨੇ ਝੱਟ
ਲਾਏ ਬਿਨਾ ਢੱਠੇ ਬੰਦੇ ਨੂੰ ਬੱਕਰੇ ਵਾਕਣ ਕੋਹ
ਦਿੱਤਾ। ਉਸ ਕੁਝ ਚਿਰ ਲੱਤਾਂ ਬਾਂਹਵਾਂ ਮਾਰੀਆਂ
ਫੇਰ ਫੜਕਦੇ ਅੰਗ ਜਿੱਥੇ ਜਿੱਥੇ ਹੈ ਸਨ ਓਥੇ
ਓਥੇ ਈ ਠੰਡੇ ਹੋ ਗਏ। ਇਹਨੇ ਲਹੂ ਨਾਲ
ਲਿਬੜਿਆ ਚਾਕੂ ਉਹਦੇ ਕੱਪੜਿਆਂ ਨਾਲ ਪੂੰਝ
ਕੇ ਮੁੜ ਡੱਬ ਵਿਚ ਰੱਖ ਲਿਆ ਤੇ ਰੱਤ ਵਰਤੇ
ਕੱਪੜਿਆਂ ਨਾਲ ਲਾਰੀ ਵੱਲ ਮੁੜ ਆਇਆ।
ਹਰ ਕੋਈ ਡਰਦਾ ਮਾਰਾ ਬਾਰੀਆਂ ਤੋਂ ਵੱਖ
ਹੋ ਕੇ ਲਾਰੀ ਵਿੱਚ ਛੁਰ ਹੋ ਬੈਠਾ... ਕਲੀਂਡਰ
ਨੇ ਇਹਨੂੰ ਕੱਪੜਾ ਦਿੱਤਾ, ਜਿਹਦੇ ਨਾਲ ਇਹ
ਲਿੱਬੜੇ ਹੱਥਾਂ ਤੇ ਛਿੱਟਾਂ ਭਰੇ ਮੂੰਹ ਨੂੰ ਪੂੰਝਣ
ਲੱਗ ਪਿਆ.....
ਮਰਨ ਵਾਲਾ ਹੈ ਕੌਣ ਸੀ?...ਲਾਰੀ ਵਿਚੋਂ
ਕਿਸੇ ਪੁੱਛਣ ਦਾ ਜਿਗਰਾ ਕਰ ਲਿਆ। ਉਹਨੇ
ਬੋਝੇ ਵਿਚੋਂ ਸਿਗਟ ਕੱਢ ਕੇ ਫੇਰ ਲਾ ਲਿਆ।
ਲਾਰੀ ਦਾ ਗੇਅਰ ਵੱਡਾ ਕਰਦਿਆਂ ਡਰਾਈਵਰ
ਨੇ ਉੱਚੀ ਸਾਰੀ ਸਭ ਨੂੰ ਦੱਸਿਆ... "ਹਿੰਦੂ
ਸੀ।" ਲਾਰੀ ਵਿਚ ਮਖੇਰ ਛਿੜ ਪਈ....ਕੁਝ
ਬੰਦਿਆਂ ਆਪਣੀਆਂ ਸੀਟਾਂ ਤੋਂ ਆ ਕੇ ਧੁੱਸੇ
ਵਾਲੇ ਦੇ ਮੋਢੇ ਥਾਪੜੇ, ਕੁਝ ਨੇ ਦੂਰੋਂ ਈ ਸ਼ਾਵਾ
ਸ਼ੇ ਦਿੱਤੀ...ਲਾਰੀ ਆਪਣੀ ਚਾਲੇ ਪੈ ਗਈ ਹੋਈ
ਸੀ...
"ਖ਼ਬਰੇ ਅਜੇ ਵੀ ਕਿੰਨੇ ਕੁ ਭੇਸ ਵਟਾਈ
ਬੈਠੇ ਨੇਂ..." ਕਿਸੇ ਹਉਕਾ ਭਰ ਕੇ ਦੋਵੇਂ ਹੱਥ
ਮੇਲਦਿਆਂ ਉੱਚੀ ਸਾਰੀ ਕਿਹਾ-