ਤੀਸਰਾ ਟ੍ਰੈਜਡੀ ਕਿੰਗ - ਐੱਚ ਕੇ ਸ਼ਰਮਾ : ਪ੍ਰੋ. ਅਵਤਾਰ ਸਿੰਘ

ਬੇਸ਼ੱਕ ਪਤਾ ਸੀ ਕਿ ਇਹ ਖ਼ਬਰ ਆਉਣੀ ਹੀ ਹੈ। ਫਿਰ ਵੀ ਦਿਲ ਸਦਮੇਂ ‘ਚ ਲਹਿ ਗਿਆ। ਨਾਮੁਰਾਦ ਰੋਗ ਨਾਲ਼ ਜੂਝ ਰਹੇ ਸਨ ਉਹ। ਵਿਸ਼ਵਾਸ ਸੀ ਕਿ ਉਨ੍ਹਾਂ ਦੀ ਮੁਹੱਬਤ ਦਾ ਬੱਲ ਚੰਦਰੇ ਰੋਗ ’ਤੇ ਕਾਬੂ ਪਾ ਲਵੇਗਾ। ਪਰ ਅਜਿਹਾ ਹੋ ਨਹੀਂ ਸਕਿਆ। ਇਸ ਲਈ ਨਹੀਂ ਕਿ ਉਨ੍ਹਾਂ ਦੀ ਮੁਹੱਬਤ ਦੇ ਜੋਸ਼ ਵਿੱਚ ਕੋਈ ਕਮੀ ਸੀ, ਦਰਅਸਲ ਉਨ੍ਹਾਂ ਨੂੰ ਰੋਗ ਹੀ ਅਜਿਹਾ ਚਿੰਬੜਿਆ ਸੀ, ਜੋ ਹਰ ਕਿਸੇ ਨੂੰ ਨਾਲ਼ ਹੀ ਲੈ ਕੇ ਜਾਂਦਾ ਹੈ; ਰਾਉ ਹੋਵੇ, ਰੰਕ ਹੋਵੇ, ਗੋਰਾ ਹੋਵੇ ਜਾਂ ਕਾਲ਼ਾ ਹੋਵੇ।

ਅੰਗਰੇਜ਼ੀ ਦਾ ਅਧਿਆਪਕ ਸੀ ਉਹ। ਹਰਮੇਸ਼ ਕੁਮਾਰ ਸ਼ਰਮਾ ਉਹਦਾ ਨਾਂ ਸੀ, ਪਰ ਸਾਰੇ ਉਹਨੂੰ ਪ੍ਰੋ ਐੱਚ ਕੇ ਸ਼ਰਮਾ ਕਹਿੰਦੇ ਸਨ। ਚਰਨ ਕੰਵਲ ਬੰਗਿਆਂ ਦਾ ਕਾਲਜ ਉਹਦੀ ਕਰਮ-ਗਾਹ ਸੀ, ਜਿਥੇ ਉੁਹਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਅੰਗਰੇਜੀ ਭਾਸ਼ਾ ਅਤੇ ਸਾਹਿਤ ਦੀ ਮਹਾਰਤ ਪ੍ਰਦਾਨ ਕੀਤੀ। ਆਇਅਲਸ (IELTS) ਕਿਸ ਬਲਾ ਦਾ ਨਾਂ ਹੈ, ਉਨ੍ਹਾਂ ਦਿਨਾਂ 'ਚ ਕਿਸੇ ਨੂੰ ਵੀ ਪਤਾ ਨਹੀਂ ਸੀ। ਚਰਨ ਕੰਵਲ ਕਾਲਜ ਵਿਖੇ, ਪ੍ਰਕਾਰ ਦੀ ਸੂਈ ਰੱਖ ਕੇ, ਬਾਰਾਂ ਤੇਰਾਂ ਮੀਲ ਰੇਡੀਅਸ ਵਾਲ਼ਾ ਗੋਲ਼ ਦਾਇਰਾ ਵਾਹਿਆ ਜਾਵੇ ਤਾਂ ਇਸ ਪੱਚੀ ਛੱਬੀ ਮੀਲ ਦੇ ਦਾਇਰੇ ਵਿੱਚ ਵਸਦੇ ਮੁੰਡੇ ਕੁੜੀਆਂ ਵਿਦੇਸ਼ਾਂ ‘ਚ ਬੇਹੱਦ ਸੰਜੀਦਾ ਅਤੇ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੇ ਹਨ। ਇਥੋਂ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ, ਦੂਸਰੇ ਇਲਾਕਿਆਂ ਦੇ “ਇੰਟਰਨੈਸ਼ਨਲ ਵਿਦਿਆਰਥੀਆਂ” ਦੀ ਤਰਾਂ ਬਦਨਾਮ ਨਹੀਂ ਹੋਏ।

ਵਿਦੇਸ਼ਾਂ ‘ਚ ਵੱਸਦੇ, ਇਸ ਇਲਾਕੇ ਦੇ ਵਿਦਿਆਰਥੀਆਂ ਦੀ ਸੰਜੀਦਾ ਅਤੇ ਨੈਤਿਕ ਉਪਲਭਦੀ, ਕਾਮਯਾਬੀ ਜਾਂ ਕਾਰਗੁਜ਼ਾਰੀ ਦਾ ਸਿਹਰਾ ਪ੍ਰੋ ਸ਼ਰਮਾ ਜੀ ਦੇ ਸਿਰ ਜ਼ਰੂਰ ਬੱਝਦਾ ਹੈ। ਉਹ ਆਪਣੇ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਨਾਲ਼ ਨਾਲ਼ ਸੰਜੀਦਾ ਅਤੇ ਖ਼ੁਸ਼ਮਿਜ਼ਾਜ ਜ਼ਿੰਦਗੀ ਬਸਰ ਕਰਨ ਦੀ ਸਧਰ ਜਗਾ ਦਿੰਦੇ ਸਨ।

ਕਿਸੇ ਦੇ ਜੀਵਨ ਨੂੰ ਪ੍ਰੇਰਤ ਅਤੇ ਉਤਸ਼ਾਹਿਤ ਕਰਨ ਵਾਲ਼ੇ ਅਧਿਆਪਕਾਂ ਦੀ ਲੜੀ ਲੰਬੀ ਹੁੰਦੀ ਹੈ। ਇਸੇ ਕਰਕੇ ਵਿਦਿਆਰਥੀ ਦੇ ਤਸੱਵਰ ਵਿੱਚ ਅਨੇਕ ਅਧਿਆਪਕਾਂ ਦੀ ਤਸਵੀਰ ਹੁੰਦੀ ਹੈ। ਅਧਿਆਪਕ ਦਾ ਤਸੱਵਰ ਤਾਂ ਕੋਲਾਜ ਹੀ ਹੁੰਦਾ ਹੈ। ਪਰ ਜਦ ਮੈਂ ਅਧਿਆਪਨ ਦਾ ਤਸੱਵਰ ਕਰਦਾ ਹਾਂ ਤਾਂ ਮੇਰੇ ਮਨ ਵਿੱਚ ਇਕ ਹੀ ਤਸਵੀਰ ਬਣਦੀ ਹੈ; ਪ੍ਰੋ ਹਰਮੇਸ਼ ਕੁਮਾਰ ਸ਼ਰਮਾ ਦੀ ਤਸਵੀਰ। ਉਹ ਇਕ ਜ਼ਿੰਦਾ-ਦਿਲ ਅਧਿਆਪਕ ਤੋਂ ਵਧੇਰੇ, ਅਧਿਆਪਨ ਦੇ ਸੰਕਲਪ ਦੀ ਮੂਰਤ ਸੀ।

ਪਹਿਲੀ ਵਾਰ, ਕਿਸੇ ਸਮਾਗਮ ਵਿੱਚ, ਮੈਂ ਆਪਣੇ ਯੂਨੀਵਰਸਿਟੀ ਅਧਿਆਪਕ ਡਾ. ਸੱਚਰ ਨਾਲ, ਉਨ੍ਹਾਂ ਦਾ ਤੁਆਰਫ ਕਰਾਇਆ ਤਾਂ ਉਨ੍ਹਾਂ ਦੇ ਚਿਹਰੇ ਦੀ ਤਾਜਗੀ ਅਤੇ ਜਿਸਮਾਨੀ ਫਿਟਨੈਸ ਦੇਖ ਕੇ ਡਾ. ਸੱਚਰ ਦੰਗ ਰਹਿ ਗਏ ਸਨ। ਉਨ੍ਹਾਂ ਦੇ ਮਨ ਵਿੱਚ ਬੌਲੀਵੁੱਡ ਦੇ ਸਦਾ-ਬਹਾਰ ਅਭਿਨੇਤਾ ਦੇਵਾਨੰਦ ਦਾ ਬਿੰਬ ਉੱਭਰ ਆਇਆ ਸੀ, ਜਿਹਦਾ ਉਨ੍ਹਾਂ ਨੇ, ਪ੍ਰੋ ਸ਼ਰਮਾ ਲਈ ਕੌਂਪਲੀਮੈਂਟ ਵਜੋਂ ਇਸਤੇਮਾਲ ਵੀ ਕੀਤਾ ਸੀ।

ਕਾਲਜ ਦੇ ਸੱਤ ਨੰਬਰ ਕਮਰੇ ਵਿੱਚ, ਸਭ ਤੋਂ ਮੁਹਰਲੇ ਬੈਂਚ ‘ਤੇ ਬੈਠਾ ਮੈਂ ਉਨ੍ਹਾਂ ਨੂੰ ਸੁਣਨ ਦੇ ਨਾਲ ਨਾਲ ਨਿਹਾਰਦਾ ਵੀ ਰਹਿੰਦਾ ਸੀ। ਹਮੇਸ਼ਾ ਸਵੱਛ ਅਤੇ ਪਰੈੱਸ ਕੀਤੀ ਹੋਈ ਪੈਂਟ, ਕਫ਼ ਬੰਦ ਸ਼ਰਟ, ਕਾਲ਼ੇ ਬੂਟ ਤੇ ਉਪਰ ਵੱਲ੍ਹ ਨੂੰ ਵਾਹੇ ਹੋਏ ਨਰਮ ਜਹੇ ਵਾਲ਼। ਨਿੱਕੇ ਨਿੱਕੇ ਸ਼ਬਦ ਅਤੇ ਖਿਆਲ ਤੋਂ ਵੀ ਬਰੀਕ ਦ੍ਰਿਸ਼ ਸਿਰਜਦੇ ਸੰਖੇਪ ਵਾਕ ਉਨ੍ਹਾਂ ਦੇ ਮੁਖਾਰਬਿੰਦ ‘ਤੇ ਇਸਤਰਾਂ ਸੋਭਦੇ ਜਿਵੇਂ ਦੁਪਹਿਰਖਿੜੀ ਦੇ ਫੁੱਲ ਖਿੜਦੇ ਹੋਣ।

ਕਲਾਸ ਰੂਮ ਵਿੱਚ ਕੁਰਸੀ ਹੋਣ ਦੇ ਬਾਵਜੂਦ ਉਹ ਕਦੀ ਬੈਠ ਕੇ ਨਹੀਂ ਸੀ ਪੜ੍ਹਾਉਂਦੇ। ਉਹ ਕਦੀ ਡਾਇਸ ‘ਤੇ ਪਏ ਲੈਕਚਰ ਸਟੈਂਡ ਦਾ ਇਸਤੇਮਾਲ ਵੀ ਨਹੀਂ ਕਰਦੇ ਸਨ। ਉਹ ਹਮੇਸ਼ਾ ਡਾਇਸ ਤੋਂ ਹੇਠਾਂ ਉਤਰ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਨੇੜੇ ਹੋ ਕੇ ਪੜ੍ਹਾਉਂਦੇ। ਕੋਈ ਉਨ੍ਹਾਂ ਨੂੰ ਦੇਖ ਕੇ ਦੱਸ ਸਕਦਾ ਸੀ ਕਿ ਉਹ ਕੀ ਪੜ੍ਹਾਉਂਦੇ ਹਨ। ਚੌਸਰ, ਵਰਡਜਵਰਥ, ਕੀਟਸ, ਸ਼ੈਲੇ ਜਾਂ ਕੌਲਰਿਜ ਦੀ ਕਵਿਤਾ ਪੜ੍ਹਾ ਰਹੇ ਹੁੰਦੇ ਤਾਂ ਉਹ ਨਿਰੀ ਕਵਿਤਾ ਬਣ ਜਾਂਦੇ। ਉਨ੍ਹਾਂ ਦੇ ਹੱਥ ਵਿੱਚ ਫੜੀ ‘ਵਿਊਲੈੱਸ ਵਿੰਗਸ’ ਇਸ ਤਰਾਂ ਲੱਗਦੀ ਜਿਵੇਂ ਉਨ੍ਹਾਂ ਨੇ ਹੱਥ ਵਿੱਚ, ਉੜਨ ਲਈ ਉਤਾਵਲਾ ਚਿੱਟਾ ਕਬੂਤਰ ਫੜਿਆ ਹੋਵੇ। ਉਸ ਵੇਲੇ, ਸੱਚਮੁਚ ਉਨ੍ਹਾਂ ਦੇ ਮੁਖ ‘ਚੋਂ ਸ਼ਬਦ ਇਸਤਰਾਂ ਨਿਕਲਦੇ ਜਿਵੇਂ ਕਬੂਤਰ ਅਸਮਾਨ ਵੱਲ੍ਹ ਉਡਾਰੀਆਂ ਭਰਦੇ ਹੋਣ।

ਸ਼ੇਕਸਪੀਅਰ ਦਾ ‘ਮਰਚੈਂਟ ਔਫ ਵੀਨਸ’ ਪੜ੍ਹਾਉਂਦੇ ਦੇਖ ਕੇ, ਕੋਈ ਕਹਿ ਨਹੀਂ ਸੀ ਸਕਦਾ ਕਿ ਨਾਟਕ ਖੇਲ੍ਹਿਆ ਜਾ ਰਿਹਾ ਹੈ ਕਿ ਪੜ੍ਹਾਇਆ ਜਾ ਰਿਹਾ ਹੈ। ਉਹ ਨਾਟਕ ਦੇ ਹਰ ਪਾਤਰ ਦੇ ਧੁਰ ਅੰਦਰ ਤੱਕ ਲਹਿ ਜਾਂਦੇ ਤੇ ਟ੍ਰੈਜਡੀ ਦੇ ਸੂਖਮ ਬਿਰਤਾਂਤ ਵਿਦਿਆਰਥੀਆਂ ਦੇ ਜ਼ਿਹਨ ‘ਚ ਉਤਾਰ ਦਿੰਦੇ। ਵਿਦਿਆਰਥੀਆਂ ਦੀਆਂ ਰੂਹਾਂ ਕਾਲਜ ਦੇ ਸੱਤ ਨੰਬਰ ਕਮਰੇ ‘ਚੋਂ ਨਿਕਲ਼ ਕੇ ਇੰਗਲੈਂਡ ਦੇ ਥੀਏਟਰ ‘ਚ ਨਾਟਕ ਦੇ ਨਜ਼ਾਰੇ ਤੱਕਦੀਆਂ।

ਜੌਨਾਥਨ ਸਵਿਫਟ ਦਾ ਲੇਖ ‘ਹਿੰਟਸ ਔਨ ਕਨਵਰਸੇਸ਼ਨ’ ਪੜ੍ਹਾਉਂਦਿਆਂ ਉਹ ਦਾਨਿਸ਼ਵਰੀ ਦੀਆਂ ਸਭ ਹੱਦਾਂ ਪਾਰ ਕਰ ਜਾਂਦੇ ਸਨ। ਸਾਡੇ ਸਮਾਜ ਵਿੱਚ ਲੋਕਾਂ ਨੂੰ ਗੱਲ-ਬਾਤ ਕਰਨ ਦੀ ਤਾਮੀਜ ਬਹੁਤ ਘੱਟ ਹੈ। ਕਿੱਥੇ, ਕਦੋਂ ਅਤੇ ਕਿਤਨਾ ਬੋਲਣਾ ਹੈ, ਇਹਦਾ ਖਿਆਲ ਬਹੁਤ ਘੱਟ ਰੱਖਿਆ ਜਾਂਦਾ ਹੈ। ਹਰ ਕਿਸੇ ਦੀ ਘੁੰਡੀ ਆਪਣੀ ਗੱਲ ’ਤੇ ਅੜੀ ਰਹਿੰਦੀ ਹੈ। ਬੋਲਣ ਦੇ ਉਤਾਵਲੇਪਨ ‘ਚ ਕੋਈ ਕਿਸੇ ਦੂਸਰੇ ਨੂੰ ਸੁਣਦਾ ਹੀ ਨਹੀਂ।

ਉਹ ਲੇਖ ਪੜ੍ਹਾਉਂਦਿਆਂ, ਪ੍ਰੋ ਸ਼ਰਮਾ ਜੀ ਨੇ ਗੱਲ-ਬਾਤ ਜਾਂ ਬੋਲਚਾਲ ਦੀਆ ਉਹ ਬਰੀਕੀਆਂ ਤੇ ਨੁਕਤੇ ਸਮਝਾਏ ਸਨ ਕਿ ਉਸ ਪ੍ਰਭਾਵ ਨੇ ਮੈਨੂੰ ਸਰੋਤਾ ਹੀ ਬਣਾ ਦਿੱਤਾ ਸੀ। ਮੈਂ ਹਮੇਸ਼ਾਂ ਉਡੀਕਦਾ ਰਹਿੰਦਾ ਕਿ ਕਦ ਕੋਈ ਬੋਲਣ ਦਾ ਮੌਕਾ ਦੇਵੇ। ਪਰ ਕਿੱਥੇ! ਮੈਂ ਉਡੀਕਦਾ ਰਹਿੰਦਾ। ਸਰੋਤੇ ਨੇ ਮੇਰੇ ਅੰਦਰਲੇ ਵਕਤਾ ਨੂੰ ਦੱਬ ਹੀ ਲਿਆ ਸੀ। ਜੇ ਮੈਂ ਅਧਿਆਪਕ ਨਾ ਬਣਦਾ ਤਾਂ ਮੇਰੇ ਅੰਦਰਲਾ ਵਕਤਾ ਅੰਦਰ ਹੀ ਘੁੱਟ ਕੇ ਮਰ ਜਾਣਾ ਸੀ।

ਪ੍ਰੋ ਸ਼ਰਮਾ ਜੀ ਅੰਦਰ ਦੋਵੇਂ ਗੁਣ ਠੀਕ ਤਵਾਜ਼ਨ ਵਿੱਚ ਸਨ। ਉਨ੍ਹਾਂ ਅੰਦਰ ਸੁਣਨ ਦਾ ਬੇਮਿਸਾਲ ਸਬਰ ਵੀ ਸੀ ਤੇ ਬੋਲਣ ਦਾ ਲਾਮਿਸਾਲ ਹੁਨਰ ਵੀ। ਕੋਈ ਵਿਦਿਆਰਥੀ ਉਨ੍ਹਾਂ ਦੀ ਕਲਾਸ ਨਹੀਂ ਸੀ ਛੱਡਦਾ। ਚਹੇਤੇ ਵਿਦਿਆਰਥੀ ਕਲਾਸ ਰੂਮ ਦੇ ਬਾਹਰ ਵੀ ਉਨ੍ਹਾਂ ਨੂੰ ਘੇਰੀ ਰੱਖਦੇ ਤੇ ਕਿਤਾਬੀ ਜਾਣਕਾਰੀਆਂ ਦੇ ਇਲਾਵਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਜਾਣਕਾਰੀਆਂ ਵਿੱਚੋਂ ਕੁਝ ਹੋਰ ਟਟੋਲਣ ਦੀ ਕੋਸ਼ਿਸ਼ ਕਰਦੇ।

ਇਹ ਨਹੀਂ ਕਿ ਪ੍ਰੋ ਸ਼ਰਮਾ ਹਮੇਸ਼ਾ ਕਲਾਸ ਰੂਮ ਵਿੱਚ ਹੀ ਰਹਿੰਦੇ ਸਨ। ਦਰਅਸਲ ਕਲਾਸ-ਰੂਮ ਹਮੇਸ਼ਾਂ ਉਨ੍ਹਾਂ ਦੇ ਆਸ ਪਾਸ ਰਹਿੰਦਾ ਸੀ, ਜਿੱਥੇ ਉਹ ਦਲੀਪ ਕੁਮਾਰ ਦੀ ਕਲਾਤਮਿਕਤਾ ਦੀਆਂ ਮਹੀਨ ਗੱਲਾਂ ਦੱਸਦੇ ਸਨ। ਉਹ ਫ਼ਿਲਮੀ ਕਹਾਣੀਆਂ ਨਹੀਂ ਸੁਣਾਉਂਦੇ ਸਨ, ਬਲਕਿ ਦਲੀਪ ਕੁਮਾਰ ਦੀਆਂ ਫਿਲਮਾਂ ਵਿੱਚੋਂ ਸਾਹਿਤ ਨਿਤਾਰ ਨਿਤਾਰ ਕੇ ਪੜ੍ਹਾਉਂਦੇ ਸਨ। ਟ੍ਰੈਜਡੀ ਕਿੰਗ ਦੀਆ ਕਲਾਤਮਿਕ ਪਰਤਾਂ ਖੋਲ੍ਹਦਿਆਂ ਉਨ੍ਹਾਂ ਦੇ ਚਿਹਰੇ ‘ਤੇ ਟ੍ਰੈਜਡੀ ਦੇ ਨਿਸ਼ਾਨ ਨਜ਼ਰ ਆਉਣ ਲੱਗ ਜਾਂਦੇ ਸਨ। ਉਦੋਂ ਉਹ ਖ਼ੁਦ ਸਾਨੂੰ ਦਲੀਪ ਕੁਮਾਰ ਲਗਦੇ।

ਬੰਗੇ ਦੇ ਬੱਸ-ਅੱਡੇ ਨਜ਼ਦੀਕ, ਗਾਂਧੀ ਨਗਰ ਵਿੱਚ ਉਹ ਚੁਬਾਰੇ ‘ਤੇ ਰਹਿੰਦੇ ਸਨ। ਕਾਲਜ ਤੋਂ ਚੁਬਾਰੇ ਵੱਲ੍ਹ ਜਾਂਦਿਆਂ ਵੀ ਵਿਦਿਆਰਥੀ ਉਨ੍ਹਾਂ ਨਾਲ ਤੁਰਦਿਆਂ ਗੱਲਾਂ ਦਾ ਅਨੰਦ ਮਾਣਦੇ। ਮੈਂ ਹਮੇਸ਼ਾ ਕਾਲਜ ਦੇ ਗੇਟ ਅੱਗਿਉਂ ਹੀ ਨਵੇਂਸ਼ਹਿਰ ਦੀ ਬੱਸ ਫੜਦਾ ਸਾਂ। ਪਰ ਕਈ ਵਾਰ ਬੱਸ ਦਾ ਤਿਆਗ ਕਰਕੇ, ਪ੍ਰੋ ਸ਼ਰਮਾ ਜੀ ਨਾਲ ਬੱਸ ਅੱਡੇ ਵੱਲ੍ਹ ਤੁਰ ਪੈਣਾ ਤੇ ਗੱਲਾਂ ਦਾ ਲੁਤਫ ਲੈਣਾ। ਉਨ੍ਹਾਂ ਦੇ ਨਾਲ ਅਕਸਰ ਇਕ ਹੋਰ ਅਧਿਆਪਕ ਪ੍ਰੋ ਹਰਪਾਲ ਸਿੰਘ ਜੀ ਹੁੰਦੇ ਤਾਂ ਗੱਲ-ਬਾਤ ਦਾ ਲੁਤਫ ਦੂਣਾ ਚੌਣਾ ਹੋ ਜਾਂਦਾ।

ਬਹੁਤ ਘੱਟ ਅਧਿਆਪਕ ਹੁੰਦੇ ਹਨ ਜੋ ਆਪਣੇ ਪਾਸਆਊਟ ਵਿਦਿਆਰਥੀਆ ਨਾਲ ਸੰਪਰਕ ਰੱਖਦੇ ਹਨ। ਤੇ ਅਜਿਹੇ ਵਿਦਿਆਰਥੀ ਉਸਤੋਂ ਵੀ ਘੱਟ ਹੁੰਦੇ ਹਨ ਜੋ ਵਿਦਿਆਰਥੀ ਜੀਵਨ ਤੋਂ ਬਾਦ ਵੀ ਆਪਣੇ ਅਧਿਆਪਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇਹ ਸਭ ਦਾਨਿਸ਼ਤਾ ਮੁਹੱਬਤ ਦੇ ਕ੍ਰਿਸ਼ਮੇ ਹਨ। ਮੈਂ ਇਹ ਕ੍ਰਿਸ਼ਮਾਂ ਖੂਬ ਮਾਣਿਆਂ ਹੈ।

ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦਿਆਂ ਮੈਨੂੰ ਉਨ੍ਹਾਂ ਨੇ ਕਈ ਵਾਰ ਆਪਣੇ ਘਰ ਬੁਲਾਇਆ। ਚੰਡੀਗੜ੍ਹ ਰਹਿਣ ਵਾਲੇ ਪ੍ਰੋ ਹਰਪਾਲ ਸਿੰਘ ਦੀ ਸੁਹਬਤ ਵਿੱਚ ਪ੍ਰੋ ਸ਼ਰਮਾ ਜੀ ਦੀ ਸੰਗਤ ਦਾ ਸੰਗਮ ਕਿਸੇ ਕ੍ਰਿਸ਼ਮੇ ‘ਚ ਪਲ਼ਟ ਜਾਂਦਾ ਸੀ। ਉਨ੍ਹਾਂ ਨੇ ਘਰੇ ਵੀ. ਸੀ. ਆਰ. ਰੱਖਿਆ ਹੋਇਆ ਸੀ, ਜਿਸ ਵਿੱਚ ਸਿਰਫ ਦਲੀਪ ਕੁਮਾਰ ਦੀ ਫ਼ਿਲਮ ਚੱਲ ਸਕਦੀ ਸੀ। ਜਾਦੂ ਉਹ ਜੋ ਸਿਰ ਚੜ੍ਹ ਬੋਲੇ। ਦਲੀਪ ਕੁਮਾਰ ਦੀ ਸ਼ਖਸੀਅਤ ਦੇ ਮਹੀਨ ਨਕਸ਼ ਪ੍ਰੋ ਸ਼ਰਮਾਂ ਜੀ ਦੇ ਚਿਹਰੇ ‘ਤੇ ਸਦੀਵੀ ਤੌਰ ‘ਤੇ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ।

ਇਕ ਵਾਰੀ ਉਨ੍ਹਾਂ ਦੇ ਘਰੇ ਦਲੀਪ ਕੁਮਾਰ ਵਾਲੀ ‘ਦੇਵਦਾਸ’ ਦੇਖਣ ਦਾ ਸਬੱਬ ਬਣਿਆਂ। ਕਮਰੇ ਵਿੱਚ ਉਨ੍ਹਾਂ ਪਰਦੇ ਤਾਣ ਦਿੱਤੇ। ਥੀਏਟਰੀ ਹਨੇਰੇ ਵਿੱਚ ਪਾਰੋ, ਚੰਦਰਮੁਖੀ ਤੇ ਦੇਵਦਾਸ ਦੇ ਪ੍ਰੇਮ ਰੋਗ ਜਾਂ ਪ੍ਰੇਮ ਦੁਖਾਂਤ ਨੂੰ ਰੱਜ ਰੱਜ ਕੇ ਨਿਹਾਰਿਆ, ਦਿਲ ਵਿੱਚ ਉਤਾਰਿਆ ਅਤੇ ਅਸੀਂ ਉਨ੍ਹਾਂ ਦੇ ਗ਼ਮ ਵਿੱਚ ਧੁਰ ਅੰਦਰ ਤੱਕ ਗ਼ਮਗੀਨ ਹੋ ਕੇ ਲਹਿ ਗਏ। ਫਿਲਮ ਮੁੱਕੀ ‘ਤੇ ਪ੍ਰੋ ਸ਼ਰਮਾਂ ਜੀ ਨੇ ਬੱਤੀ ਜਗਾਈ ਤਾਂ ਦੇਖਿਆ ਕਿ ਉਹ ਰੋ ਰਹੇ ਸਨ, ਪ੍ਰੋ ਹਰਪਾਲ ਸਿੰਘ ਵੀ ਅੱਖਾਂ ਮਲ਼ ਰਹੇ ਸਨ ਤੇ ਮੇਰੀਆਂ ਗੱਲ੍ਹਾਂ ‘ਤੇ ਉਦਾਸ ਅੱਥਰੂਆਂ ਦਾ ਨਮਕੀਨ ਪਾਣੀ ਜੰਮਿਆ ਹੋਇਆ ਸੀ। ਉਦਾਸ ਮੁਹੱਬਤ ਦੇ ਵੈਰਾਗ ਵਿੱਚ ਅਸੀਂ ਸਾਰੇ ਇੱਕੋ ਜਹੇ ਸਾਂ। ਕਿਸੇ ਤੋਂ ਕੁਝ ਵੀ ਗੁੱਝਾ ਨਹੀਂ ਸੀ।

ਯੂਨੀਵਰਸਿਟੀ ‘ਚ ਪੜ੍ਹ ਪੁੜ੍ਹ ਕੇ, ਮੈਂ ਰਾਮਗੜ੍ਹੀਆ ਕਾਲਜ ਵਿੱਚ ਆਣ ਲੱਗਾ ਤਾਂ ਮੇਰੇ ਜੀ ਵਿੱਚ ਰਹਿੰਦਾ ਸੀ ਕਿ ਪ੍ਰੋ ਸ਼ਰਮਾ ਜੀ ਕਿਤੇ ਮੇਰੇ ਘਰੇ ਆਉਣ। ਰੱਬ ਨੇ ਸਬੱਬ ਬਣਾਇਆ ਤਾਂ ਉਹ ਘਰੇ ਆਏ। ਨਾਲ ਪ੍ਰੋ ਹਰਪਾਲ ਸਿੰਘ ਵੀ; ਸੋਨੇ ‘ਤੇ ਸੁਹਾਗਾ ਜਾਂ ਸੁਹਾਗੇ ‘ਤੇ ਸੋਨਾ। ਉਨ੍ਹਾਂ ਫਗਵਾੜੇ ਤੋਂ ਸ਼ਤਾਬਦੀ ਫੜਨੀ ਸੀ। ਗਈ ਰਾਤ ਤੱਕ ਅਸੀਂ ਚਰਨ ਕੰਵਲ ਕਾਲਜ ਦੀਆਂ ਯਾਦਾਂ ਤਾਜ਼ੀਆਂ ਕਰਦੇ ਰਹੇ। ਬੜੇ ਹੀ ਭੁੱਲੇ ਵਿੱਸਰੇ ਦ੍ਰਿਸ਼ ਅਤੇ ਰੌਚਿਕ ਕਿੱਸੇ ਚਟਖੋਰੇ ਲੈ ਲੈ ਯਾਦ ਆਏ। ਉਨ੍ਹਾਂ ਦੀ ਚੌਕਸ ਚੇਤਨਤਾ ਤੋਂ ਮੈਂ ਹੈਰਾਨ ਹੋਇਆ ਕਿ ਉਨ੍ਹਾਂ ਨੇ ਅਮਰੀਕਣ ਪੰਜਾਬੀ ਅਖ਼ਬਾਰਾਂ ‘ਚ ਲਿਖਣ ਵਾਲੇ ਮੇਰੇ ਵੱਡੇ ਭਾਈ ਤਰਲੋਚਨ ਸਿੰਘ ਦੀ ਵੀ ਰੱਜ ਕੇ ਤਾਰੀਫ ਕੀਤੀ। ਪਹਿਲੀ ਵਾਰ ਪਤਾ ਲੱਗਾ ਕਿ ਅਜਿਹਾ ਹੁੰਦਾ ਹੈ ਸਜੱਗ ਅਤੇ ਨਿੱਘਾ ਅਧਿਆਪਕ।

ਰਿਟਾਇਰ ਹੋਣ ਉਪਰੰਤ ਉਹ ਅਮਰੀਕਾ ਜਾ ਵਸੇ। ਉੱਥੇ ਉਨ੍ਹਾਂ ਨੂੰ ਚੰਦਰਾ ਰੋਗ ਚਿੰਬੜ ਗਿਆ। ਉਹ ਹਰ ਸਾਲ ਚੰਡੀਗੜ੍ਹ ਆਉਂਦੇ ਤੇ ਇਕ ਵਾਰ ਚਰਨ ਕੰਵਲ ਕਾਲਜ ਜ਼ਰੂਰ ਆਉਂਦੇ। ਹਰ ਵਾਰ ਮੇਰੇ ਨਾਲ਼ ਫੋਨ 'ਤੇ ਗੱਲ-ਬਾਤ ਕਰਦੇ, ਬੱਚਿਆਂ ਦੀ ਰਾਜੀ ਖੁਸ਼ੀ ਤੇ ਪੜ੍ਹਾਈ ਬਾਬਤ ਪੁੱਛਦੇ। ਮੈਂ ਦੱਸਿਆ ਕਿ ਮੇਰਾ ਬੇਟਾ ਚੰਡੀਗੜ੍ਹ ਪੜ੍ਹਦਾ ਹੈ ਤਾਂ ਉਨ੍ਹਾਂ ਉਹਨੂੰ ਮਿਲਣ ਦੀ ਤਮੰਨਾ ਜਾਹਿਰ ਕੀਤੀ।

ਉਨ੍ਹਾਂ ਦੀ ਬਿਮਾਰੀ ਮੋੜਾ ਪਾਉਣ ਦਾ ਨਾਂ ਨਹੀਂ ਸੀ ਲੈਂਦੀ। ਡਾਕਟਰਾਂ ਨੂੰ ਕੀਮੋਥਰੈਪੀ ਦੀ ਡੋਜ਼ ਹਰ ਵਾਰ ਵਧਾਉਣੀ ਪੈ ਰਹੀ ਸੀ। ਰਤਾ ਕੁ ਠੀਕ ਮਹਿਸੂਸ ਕਰਦੇ ਤਾਂ ਉਹ ਚੰਡੀਗੜ੍ਹ ਆ ਜਾਂਦੇ। ਇੱਥੇ ਆਉਂਦੇ ਤਾਂ ਬਿਮਾਰੀ ਵਧ ਜਾਂਦੀ। ਫਿਰ ਵਾਪਸ ਪਰਤ ਜਾਂਦੇ। ਪਿੱਛੇ ਜਹੇ ਫਿਰ ਚੰਡੀਗੜ੍ਹ ਆਏ ਤਾਂ ਪ੍ਰੋ ਹਰਪਾਲ ਸਿੰਘ ਨੇ ਫੋਨ 'ਤੇ ਮੇਰੀ ਗੱਲ ਕਰਾਈ। ਉਨ੍ਹਾਂ ਤੋਂ ਦੋ ਤਿੰਨ ਮਿੰਟ ਹੀ ਗੱਲ ਹੋਈ ਤਾਂ ਮੇਰੀਆਂ ਅੱਖਾਂ 'ਚ ਪਰਲ ਪਰਲ ਅੱਥਰੂ ਉਤਰ ਆਏ।

ਮੈਂ ਆਪਣੇ ਬੇਟੇ ਨੂੰ ਉਨ੍ਹਾਂ ਕੋਲ ਮਿਲਣ ਭੇਜਿਆ। ਉਹ ਗਿਆ ਤਾਂ ਉਨ੍ਹਾਂ ਨੇ ਉਹਨੂੰ ਮੇਰੇ ਵਿਦਿਆਰਥੀ ਸਮੇਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਈਆਂ, ਜਿਨ੍ਹਾਂ ਨਾਲ ਬੇਟੇ ਦੇ ਮਨ ਵਿਚ ਮੇਰੇ ਪ੍ਰਤੀ ਇੱਜ਼ਤ ਵਿਚ ਇਜ਼ਾਫਾ ਹੋ ਗਿਆ। ਉਨ੍ਹਾਂ ਨੇ ਉਹਨੂੰ ਕਿਤਾਬ 'ਤੇ ਆਟੋਗ੍ਰਾਫ ਦਿੱਤੇ ਤੇ ਢੇਰ ਸਾਰਾ ਪਿਆਰ ਦਿੱਤਾ। ਫਿਰ ਮੈਨੂੰ ਫੋਨ ਕੀਤਾ ਤੇ ਬੇਟੇ ਦੀ ਬੇਹੱਦ ਤਰੀਫ ਕੀਤੀ।

ਅਚਾਨਕ ਪਤਾ ਲੱਗਾ ਕਿ ਉਨ੍ਹਾਂ ਦੀ ਤਬੀਅਤ ਵਿਗੜ ਗਈ ਹੈ ਤੇ ਡਾਕਟਰ ਕੀਮੋਥਰੈਪੀ ਦੀ ਮਿਕਦਾਰ ਹੋਰ ਵਧਾ ਨਹੀਂ ਸਕਦੇ। ਪਤਾ ਲੱਗਾ ਕਿ ਉਹ ਬੇਹੋਸ਼ੀ ਵਿਚ ਸ਼ੇਕਸਪੀਅਰ, ਦਲੀਪ ਕੁਮਾਰ ਤੇ ਚਰਨ ਕੰਵਲ ਕਾਲਜ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਇਹ ਵੀ ਪਤਾ ਲੱਗਾ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਉਹਨੂ ਇਕ ਵਾਰ ਚੰਡੀਗੜ੍ਹ ਜਾ ਕੇ ਪ੍ਰਾਣ ਤਿਆਗਣ ਜੋਗਾ ਹੀ ਠੀਕ ਕਰ ਦੇਣ; ਓਪਰੀ ਧਰਤੀ 'ਤੇ ਉਹ ਆਪਣੀ ਜ਼ਿੰਦਗੀ ਤੋਂ ਵਿਦਾਈ ਨਹੀਂ ਲੈਣੀ ਚਾਹੁੰਦੇ ਸਨ।

ਪਰ ਵਿਧਾਤਾ ਨੂੰ ਉਨ੍ਹਾਂ ਦੀ ਆਖਰੀ ਇੱਛਾ ਦਾ ਪਾਲਣ ਮਨਜੂਰ ਨਹੀਂ ਸੀ। ਉਨ੍ਹਾਂ ਨੇ ਆਪਣਾ ਆਖਰੀ ਸਾਹ ਅਮਰੀਕਾ 'ਚ ਹੀ ਲਿਆ ਧਰਤੀ 'ਤੇ ਅਜਿਹੇ ਅਧਿਆਪਕ ਵਾਰ ਵਾਰ ਨਹੀਂ ਆਉਂਦੇ। ਮੇਰੇ ਲਈ ਸ਼ੇਕਸਪੀਅਰ ਤੇ ਦਲੀਪ ਕੁਮਾਰ ਦੇ ਨਾਲ਼ ਤੀਜਾ ਨਾਂ ਪ੍ਰੋ. ਹਰਮੇਸ਼ ਸ਼ਰਮਾ ਜੀ ਦਾ ਜੁੜ ਗਿਆ ਹੈ। ਹੁਣ ਮੇਰੇ ਲਈ ਟ੍ਰੈਜਡੀ ਕਿੰਗ ਦੋ ਨਹੀਂ ਤਿੰਨ ਹਨ। ਪ੍ਰੋ ਹਰਮੇਸ਼ ਕੁਮਾਰ ਸ਼ਰਮਾ ਦਾ ਨਾਂ ਉਨ੍ਹਾਂ ਸਿਤਾਰਿਆਂ ‘ਚ ਸ਼ਾਮਲ ਹੋ ਗਿਆ ਹੈ — ਤੀਸਰਾ ਟ੍ਰੈਜਡੀ ਕਿੰਗ।

ਆਉ ਉਨ੍ਹਾਂ ਦੀ ਟ੍ਰੈਜਡੀ ਵਿਚ ਸ਼ਾਮਿਲ ਹੋ ਕੇ ਨੇਤਰਾਂ 'ਚੋਂ ਨੀਰ ਵਹਾ ਲਈਏ ਤੇ ਪੰਜਾਬ ਦੇ ਸੁਘੜ ਪੁੱਤਰ ਦੀ ਯਾਦ ਵਿੱਚ, ਪੰਚਮ ਪਾਤਸ਼ਾਹ ਦੀ ਪਾਵਨ ਪੰਗਤੀ ਦਾ ਪਾਠ ਕਰੀਏ - ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ।।

  • ਮੁੱਖ ਪੰਨਾ : ਪ੍ਰੋ. ਅਵਤਾਰ ਸਿੰਘ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ